Punjabi Bhasha Lipi Ate Viakaran : Boota Singh Brar

ਪੰਜਾਬੀ ਭਾਸ਼ਾ ਲਿਪੀ ਅਤੇ ਵਿਆਕਰਨ : ਬੂਟਾ ਸਿੰਘ ਬਰਾੜ (ਪੰਜਾਬੀ ਕਵਿਤਾ)

ਸਵਾਗਤੀ ਸ਼ਬਦ

ਪੰਜਾਬੀ ਭਾਸ਼ਾ, ਲਿਪੀ ਅਤੇ ਵਿਆਕਰਨ ਪ੍ਰੋਫੈਸਰ. ਬੂਟਾ ਸਿੰਘ ਬਰਾੜ ਦੁਆਰਾ ਤਿਆਰ ਕੀਤੀ ਗਈ ਇਕ ਬਹੁਤ ਹੀ ਮਹੱਤਵਪੂਰਨ ਪਾਠ ਪੁਸਤਕ ਹੈ। ਪੁਸਤਕ ਦੇ ਸਿਰਲੇਖ ਦੇ ਐਨ ਅਨੁਕੂਲ ਇਥੇ ਪੰਜਾਬੀ ਭਾਸ਼ਾ, ਲਿਪੀ ਅਤੇ ਵਿਆਕਰਨ ਉਪਰ ਬਹੁਤ ਹੀ ਸੰਕਲਪਸ਼ੀਲ ਟਿੱਪਣੀਆਂ ਕੀਤੀਆ ਗਈਆਂ ਹਨ। ਸੰਬੰਧਿਤ ਵਿਸ਼ਿਆਂ ਉਪਰ ਨਿਠ ਕੇ ਚਰਚਾ ਕੀਤੀ ਗਈ ਹੈ ਅਤੇ ਸੰਬੰਧਿਤ ਸਮੱਸਿਆਕਾਰ (Problematics) ਸੰਬੰਧੀ ਕੁੱਝ ਨਵੀਆਂ ਅੰਤਰ-ਦ੍ਰਿਸ਼ਟੀਆਂ ਵੀ ਪੇਸ਼ ਕੀਤੀ ਗਈਆਂ ਹਨ। ਇਹ ਸਾਰੀ ਸਮਗਰੀ ਭਾਸ਼ਾ, ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ ਅਤੇ ਵਿਆਕਰਨ ਨਾਲ ਜੁੜੇ ਹੋਏ ਬੁਨਿਆਦੀ ਮਸਲਿਆਂ ਨੂੰ ਸਮਝਣ–ਸਮਝਾਉਣ ਵਿਚ ਕਾਫੀ ਮਦਦਗਾਰ ਹੁੰਦੀ ਹੈ। ਖ਼ਾਸ ਕਰ ਕੇ ਅੰਡਰ- ਗਰੈਜੂਏਸ਼ਨ ਪੱਧਰ ਦੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਇਹ ਪਾਠ ਪੁਸਤਕ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ।ਇਸ ਸੰਬੰਧੀ ਸਾਨੂੰ ਆਸ ਹੀ ਨਹੀਂ, ਸਗੋਂ ਪੱਕਾ ਭਰੋਸਾ ਤੇ ਵਿਸਵਾਸ ਵੀ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਇਸ ਪਾਠ ਪੁਸਤਕ ਦੇ ਰਚੈਤਾ ਡਾ. ਬੂਟਾ ਸਿੰਘ ਬਰਾੜ ਪੰਜਾਬੀ ਦੇ ਉਘੇ ਭਾਸ਼ਾ ਵਿਗਿਆਨੀ ਵੀ ਹਨ ਅਤੇ ਪ੍ਰਸਿੱਧ ਵਿਆਕਰਨ ਸ਼ਾਸਤਰੀ ਵੀ।

ਭਾਰਤ ਦੀ ਮੌਜੂਦਾ ਕੇਂਦਰ ਸਰਕਾਰ ਵਲੋਂ ਅਪਣਾਈ ਜਾ ਰਹੀ ਨਵੀਂ ਸਿੱਖਿਆ ਨੀਤੀ ਦੇ ਤਹਿਤ ਜਦੋਂ ਚੋਆਇਸ ਬੇਸਡ ਕ੍ਰੈਡਿਟ ਸਿਸਟਮ ਦੇ ਅੰਤਰਗਤ ਹੋਰਨਾਂ ਵਿਸ਼ਿਆਂ ਦੇ ਨਾਲ ਨਾਲ ਪੰਜਾਬੀ ਦੇ ਨਵੇਂ ਪਾਠ-ਕ੍ਰਮ ਤਿਆਰ ਕਰਨ ਦਾ ਮਸਲਾ ਸਾਹਮਣੇ ਆਇਆ ਤਾਂ ਸੋਚ ਸਮਝ ਕੇ ਸੰਬੰਧਿਤ ਕਮੇਟੀ ਵਲੋਂ ਇਹ ਫੈਸਲਾ ਲਿਆ ਗਿਆ ਕਿ ਲਾਜ਼ਮੀ ਤੌਰ ਤੇ ਉਚੇਰੀ ਪੱਧਰ ਦੀ ਪੰਜਾਬੀ ਦੀ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਰੂ-ਬ-ਰੂ ਕੀਤਾ ਜਾਵੇ।ਇਸ ਦੀ ਅਣਹੋਂਦ ਵਿਚ ਉਨ੍ਹਾਂ ਦੁਆਰਾ ਪ੍ਰਾਪਤ ਕੀਤਾ ਜਾਣ ਵਾਲਾ ਸੰਭਾਵੀ ਗਿਆਨ ਅਧੂਰਾ ਪ੍ਰਤੀਤ ਹੋਵੇਗਾ।ਇਸੇ ਲਈ ਇਸ ਪਾਠ ਪੁਤਸਕ ਨੂੰ ਉਚੇਚੇ ਤੌਰ ਤੇ ਤਿਆਰ ਕਰਨ ਦਾ ਨਿਰਣਾ ਲਿਆ ਗਿਆ। ਕਮੇਟੀ ਵਲੋਂ ਇਸ ਪਾਠ ਪੁਸਤਕ ਦੀ ਤਿਆਰੀ ਸੰਬੰਧੀ ਜੁੰਮੇਵਾਰੀ ਪ੍ਰੋ. ਬਰਾੜ ਨੂੰ ਸੌਂਪੀ ਗਈ।ਪ੍ਰੋ. ਬਰਾੜ ਨੇ ਬਹੁਤ ਹੀ ਥੋੜੇ ਸਮੇਂ ਵਿਚ ਇਸ ਪਾਠ ਪੁਸਤਕ ਨੂੰ ਤਿਆਰ ਕਰ ਕੇ ਆਪਣੀ ਅਨੋਖੀ ਪ੍ਰਤਿਭਾ ਤੇ ਵਿਦਵਤਾ ਦਾ ਪ੍ਰਮਾਣ ਦਿੱਤਾ ਹੈ। ਸਾਨੂੰ ਪੂਰੀ ਆਸ ਹੈ ਕਿ ਸੰਬੰਧਿਤ ਵਿਦਿਆਰਥੀ ਇਸ ਪਾਠ ਪੁਸਤਕ ਤੋਂ ਪੂਰੀ ਤਰ੍ਹਾਂ ਲਾਹੇਵੰਦ ਸਾਬਿਤ ਹੋਣਗੇ ਇਨ੍ਹਾਂ ਸ਼ਬਦਾਂ ਨਾਲ ਅਸੀਂ ਇਸ ਪਾਠ ਪੁਸਤਕ ਦੀ ਆਮਦ ਦਾ ਦਿਲੋਂ ਸਵਾਗਤ ਕਰਦੇ ਹਾਂ।


ਡਾ. ਰਵੇਲ ਸਿੰਘ             ਡਾ. ਮਨਜੀਤ ਸਿੰਘ

ਪ੍ਰੋਫੈਸਰ ਤੇ ਮੁਖੀ ਪ੍ਰੋਫੈਸਰ ਤੇ ਸਾਬਕਾ ਮੁਖੀ
ਪੰਜਾਬੀ ਵਿਭਾਗ ਪੰਜਾਬੀ ਵਿਭਾਗ
ਦਿੱਲੀ ਯੂਨੀਵਰਸਿਟੀ। ਦਿੱਲੀ ਯੂਨੀਵਰਸਿਟੀ

੧. ਭਾਸ਼ਾ ਦਾ ਮਹੱਤਵ

ਭਾਸ਼ਾ ਮਨੁੱਖੀ ਆਤਮਾ ਦਾ ਚਿਤਰ ਹੈ। ਇਹ ਮਾਨਵੀ ਅੰਤਰੀਵ ਦਾ ਪ੍ਰਗਟਾਵਾ ਹੈ। ਜੀਭ ਦੀ ਤਾਰ ਨੂੰ ਭਾਵਾਂ ਦੀ ਉਂਗਲ ਛੋਹ ਕੇ, ਟੁਣਕਾਰ ਜਾਂਦੀ ਹੈ। ਆਦਮੀ ਨੂੰ ਸਰਵੋਤਮ ਜੀਵ ਇਸ ਦੀ ਬੋਲਣ-ਸ਼ਕਤੀ ਸਦਕਾ ਹੀ ਕਿਹਾ ਜਾਂਦਾ ਹੈ। ਉਂਜ ਭਾਵੇਂ ਹਰ ਬ੍ਰਹਿਮੰਡੀ ਸ਼ੈਅ ਬੋਲਦੀ ਹੈ। ਰੁੱਖਾਂ ਦੀ ਭਾਸ਼ਾ, ਬੱਦਲਾਂ ਦੀ ਭਾਸ਼ਾ, ਸੂਰਜ ਦੀ, ਚੰਦ ਦੀ, ਤਾਰਿਆਂ ਦੀ, ਜੰਗਲਾਂ ਦੀ ਅਤੇ ਪਾਣੀਆਂ ਦੀ ਵੀ ਭਾਸ਼ਾ ਹੁੰਦੀ ਹੈ। ਅਸਲ ਵਿਚ ਭਾਸ਼ਾ ਸੰਚਾਰ ਦਾ ਮਾਧਿਅਮ ਹੈ।ਜੇ ਅਸੀਂ ਭਾਸ਼ਾ ਦਾ ਅਰਥ ਕਿਸੇ ਸੂਚਨਾ ਤੋਂ ਲਈਏ ਤਾਂ ਫਿਰ ਕੁਦਰਤ ਵੀ ਬੋਲਦੀ ਪ੍ਰਤੀਤ ਹੁੰਦੀ ਹੈ। ਹਿਲਦੀਆਂ ਟਾਹਣੀਆਂ, ਚਲਦੀ ਹਵਾ ਦੀ ਸੂਚਨਾ ਦਿੰਦੀਆਂ ਹਨ। ਕਾਲੀਆਂ ਘਟਾਵਾਂ ਤੋਂ ਕਿਸੇ ਆਉਣ ਵਾਲੇ ਤੂਫ਼ਾਨ ਦਾ ਸੰਕੇਤ ਮਿਲਦਾ ਹੈ। ਪ੍ਰਾਚੀਨ ਮਨੁੱਖ ਤਾਂ ਇਹੋ ਸੋਚਦਾ ਸੀ ਕਿ ਕੁਦਰਤ ਉਸ ਨੂੰ ਚੇਤਾਵਨੀ ਦੇਣ, ਧਮਕਾਉਣ, ਡਰਾਉਣ ਅਤੇ ਉਤਸ਼ਾਹ ਦੇਣ ਆਦਿ ਰੂਪਾਂ ਵਿਚ, ਉਸ ਨਾਲ ਗਲਬਾਤ ਕਰਦੀ ਹੈ। ਪਰ ਹੁਣ ਇਹ ਮੁਢਲੇ ਵਿਸ਼ਵਾਸ ਖ਼ਤਮ ਹੋ ਗਏ ਹਨ। ਕੁਦਰਤ ਜਾਣਕਾਰੀ ਦਿੰਦੀ ਹੈ ਪਰ ਗੱਲਬਾਤ ਨਹੀਂ ਕਰਦੀ।ਇਸ ਲਈ ਭਾਸ਼ਾ ਦੀ ਵਰਤੋਂ ਸਿਰਫ਼ ਮਾਨਵ ਜਾਤੀ ਹੀ ਕਰਦੀ ਹੈ।

ਮਨੁੱਖ ਕੋਲ ਬਾਕੀ ਜੀਵ-ਜੰਤੂਆਂ ਨਾਲੋਂ ਅਕਲ ਤੇ ਭਾਸ਼ਾ-ਸ਼ਕਤੀ ਦੀ ਵਾਧੂ ਦਾਤ ਹੈ। ਇਨ੍ਹਾਂ ਦੋ ਸ਼ਕਤੀਆਂ ਆਸਰੇ ਹੀ ਬੰਦਾ ਸਰਵੋਤਮ ਜੀਵ ਹੈ। ਇਨ੍ਹਾਂ ਦੋ ਸ਼ਕਤੀਆਂ ਰਾਹੀਂ ਹੀ ਮਨੁੱਖ ਨੇ ਕੁਦਰਤੀ ਦੁਨੀਆਂ ਨੂੰ ਸਭਿਆਚਾਰਿਕ ਦੁਨੀਆਂ ਵਿਚ ਬਦਲ ਦਿੱਤਾ ਹੈ। ਪਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੋ ਸ਼ਕਤੀਆਂ ਵਿਚ ਤਾਲਮੇਲ ਪੈਦਾ ਕਰੇ। ਉਹ ਅਕਲ ਦੀ ਅਗਵਾਈ ਹੇਠ ਹੀ ਭਾਸ਼ਾ ਦੀ ਵਰਤੋਂ ਕਰੇ।ਮਨੁੱਖ ਦਾ ਇਹ ਇਖ਼ਲਾਕੀ ਫ਼ਰਜ਼ ਹੈ ਕਿ ਉਹ ਆਪਣੀ ਭਾਸ਼ਾ ਦੇ ਘੋੜੇ ਨੂੰ ਬੇਲਗ਼ਾਮ ਨਾ ਹੋਣ ਦੇਵੇ ਸਗੋਂ ਇਸ ਉਪਰ ਕਾਬੂ ਰੱਖੇ। ਮਿਠ-ਬੋਲੜੇ ਬੰਦਿਆਂ ਅੰਦਰ ਚੰਗੇ ਗੁਣਾਂ ਦਾ ਵਾਸਾ ਆਪਣੇ ਆਪ ਹੋ ਜਾਂਦਾ ਹੈ। ਮਿੱਠਤ ਦੇ ਲਿਹਾਜ ਨਾਲ ਤਾਂ ਭਾਸ਼ਾ ਹਜ਼ਾਰ ਦਾਸਤਾਨ ਬੁਲਬੁਲ ਹੈ, ਜਿਸ ਦੀਆਂ ਕਹਾਣੀਆਂ ਕੰਨਾਂ ਰਾਹੀਂ ਦਿਲ ਵਿਚ ਖ਼ੁਸ਼ੀ ਅਤੇ ਠੰਢਕ ਪਾਉਂਦੀਆਂ ਹਨ। ਭਾਸ਼ਾ ਤਾਂ ਟੁੱਟੇ ਦਿਲਾਂ ਨੂੰ ਜੋੜਨ ਦਾ ਇਕ ਵਸੀਲਾ ਹੈ। ਇਹ ਮਨੁੱਖ ਦੇ ਦਿਲੀ ਭਾਵਾਂ, ਜਜ਼ਬਿਆਂ, ਖ਼ਿਆਲਾਂ ਅਤੇ ਵਿਚਾਰਾਂ ਦਾ ਦੂਤ ਹੈ। ਇਕ ਵਕੀਲ ਹੈ, ਇਕ ਪ੍ਰਤੀਨਿਧ ਹੈ ਜਿਹੜਾ ਮੁਖ਼ਾਤਬ ਨੂੰ ਦਿਲੀ ਸੁਨੇਹੇ ਪਹੁੰਚਾਉਂਦਾ ਹੈ। ਮਨੁੱਖ ਆਪਣੇ ਜੰਮਣ-ਮਰਨ ਵਿਚ, ਜਿੱਤਣ ਹਾਰਨ ਵਿਚ ਜਾਂ ਹੋਰ ਅਨੇਕਾਂ ਸਭਿਆਚਾਰਕ ਪ੍ਰਸੰਗਾਂ ਵਿਚ ਭਾਸ਼ਾ ਦੀ ਵਰਤੋਂ ਕਰਦਾ ਹੈ। ਗੱਲ ਕੀ ਮਨੁੱਖ ਭਾਸ਼ਾ ਵਿਚ ਹੀ ਜੰਮਦਾ ਅਤੇ ਭਾਸ਼ਾ ਵਿਚ ਹੀ ਮਰਦਾ ਹੈ। ਭਾਸ਼ਾ ਦੇ ਮਾਧਿਅਮ ਨਾਲ ਹੀ ਉਹ ਰੱਬ ਦੇ ਦਰਸ਼ਨ ਕਰਦਾ ਹੈ।

ਭਾਸ਼ਾ ਤਾਂ ਇਕ ਸੁੱਚੇ ਗੁਲਾਬ ਦਾ ਫੁੱਲ ਹੈ ਜਿਹੜਾ ਆਪਣੀ ਮਹਿਕ ਨਾਲ ਸਾਰੀ ਦੁਨੀਆਂ ਨੂੰ ਮਹਿਕਾਉਂਦਾ ਹੈ। ਭਾਸ਼ਾ ਮਨੁੱਖ ਦੇ ਦਿਲ, ਦਿਮਾਗ ਦਾ ਇਕ ਫ਼ਲਦਾਰ ਪੌਦਾ ਹੈ ਜਿਸ ਦੇ ਹਰ ਫੁੱਲ ਅਤੇ ਫ਼ਲ ਵਿਚ ਇਕ ਲੁਤਫ਼ ਹੈ, ਇਕ ਮਜ਼ਾ ਹੈ। ਭਾਸ਼ਾ ਐਸਾ ਜਾਦੂਗਰ ਹੈਸ ਜਿਹੜਾ ਜ਼ਾਲਿਮ ਤੋਂ ਜ਼ਾਲਿਮ ਆਦਮੀ ਦੇ ਦਿਲ ਉੱਤੇ ਜਾਦੂਈ ਅਸਰ ਕਰਕੇ, ਉਸ ਨੂੰ ਨਾਜ਼ਕ, ਨਰਮ ਤੇ ਦਿਆਲੂ ਬਣਾ ਦਿੰਦਾ ਹੈ।

ਬੇਸ਼ੱਕ ਭਾਸ਼ਾ ਬਾਰੀਂ-ਕੋਹੀ ਬਦਲ ਜਾਂਦੀ ਹੈ, ਇਸ ਦਾ ਉਚਾਰਨ ਬਦਲ ਜਾਂਦਾ ਹੈ, ਇਸ ਦੇ ਭੋਸ਼ਣ ਬਦਲ ਜਾਂਦੇ ਹਨ ਪਰ ਭਾਵਾਂ ਦੀ ਭਾਸ਼ਾ ਇਕ ਹੁੰਦੀ ਹੈ। ਇਸ ਲਈ ਮਾਨਵ ਦਾ ਹਿਰਦਾ ਇਸ ਨੂੰ ਸਮਝ ਸਕਦਾ ਹੈ। ਹਰ ਆਦਮੀ ਅੰਦਰ ਅਨੇਕਾਂ ਭਾਵ ਉਮਡਦੇ ਰਹਿੰਦੇ ਹਨ। ਹਰ ਭਾਵ ਦੀ ਭਾਸ਼ਾ ਅੱਡਰੀ ਹੈ, ਉਸ ਦਾ ਪ੍ਰਗਟਾਵਾ ਨਿਆਰਾ ਹੈ, ਉਸ ਦੇ ਮੁਖੜੇ ਦਾ ਰੰਗ ਵੱਖਰਾ ਹੈ, ਹੋਠਾਂ ਦੀ ਫਰਕਣ ਵੱਖਰੀ ਹੈ, ਅੱਖਾਂ ਦੀ ਤੱਕਣੀ ਨਿਆਰੀ ਹੈ। ਹਾਸਰਸ ਅਤੇ ਸ਼ਿੰਗਾਰ ਰਸ ਵਿਚ ਸਾਰੇ ਹੋਠ ਸਾਂਝੇ ਹੱਸਦੇ ਤੇ ਰਸ ਮਾਣਦੇ ਦਿੱਸਣਗੇ ਪਰ ਸੋਗਮਈ ਭਾਵਾਂ ਦੀ ਭਾਸ਼ਾ ਦੀਆਂ ਅੱਖਾਂ ਹਮੇਸ਼ਾ ਸੇਜ਼ਲ ਹੀ ਵੇਖੀਆਂ ਗਈਆਂ ਹਨ। ਬਿਰਹਾ ਦੀ ਭਾਸ਼ਾ ਸੁਣ ਕੇ, ਵਗਦੇ ਪਾਣੀ ਖਲੋ ਜਾਂਦੇ ਹਨ, ਚੰਨ ਰੋ ਉੱਠਦਾ ਹੈ। ਬੀਰ ਭਾਵਾਂ ਦੀ ਭਾਸ਼ਾ ਕੜਕਵੀ ਤੇ ਗੱਜਵੀਂ ਹੁੰਦੀ ਹੈ।

ਭਾਸ਼ਾ ਕਈ ਵਾਰ ਜ਼ਹਿਰੀਲਾ ਸੱਪ ਵੀ ਬਣ ਜਾਂਦੀ ਹੈ ਜਿਸ ਦੇ ਕੱਟੇ ਦਾ ਨਾ ਕੋਈ ਦਾਰੂ ਹੈ ਅਤੇ ਨਾ ਹੀ ਕੋਈ ਮੰਤਰ। ਕਦੇ-ਕਦੇ ਤਾਂ ਇਹ ਏਨੀ ਕੌੜੀ ਹੋ ਜਾਂਦੀ ਹੈ ਕਿ ਆਪਣੀ ਕੁੜੱਤਣ ਨਾਲ ਦਿਲਾਂ ਨੂੰ ਖੱਟਾ ਕਰ ਦਿੰਦੀ ਹੈ। ਜੋਬਨ ਉਮਰੇ ਜਵਾਨੀ ਦੀ ਮਸਤੀ ਵਿਚ ਭਾਸ਼ਾ ਮਸਤ ਹੋ ਕੇ, ਦਿਲਾਂ ਦਾ ਸ਼ਿਕਾਰ ਵੀ ਖੇਡਣ ਲੱਗ ਪੈਂਦੀ ਹੈ। ਕਦੀ-ਕਦੀ ਇਹ ਆਪਣੀਆਂ ਸ਼ੋਖ਼ੀਆਂ ਅਤੇ ਤੇਜ਼ੀਆਂ ਨਾਲ ਸਰੋਤਿਆਂ ਦੇ ਦਿਲਾਂ ਨੂੰ ਵਿੰਨ੍ਹ ਸੁੱਟਦੀ ਹੈ, ਦਿਲਾਂ ਵਿਚ ਛੇਕ ਕਰ ਦਿੰਦੀ ਹੈ। ਗੱਲ ਕੀ ਭਾਸ਼ਾ ਤਾਂ ਉਹ ਵਸੀਲਾ ਹੈ ਜਿਹੜਾ ਦੋਸਤ ਨੂੰ ਦੁਸ਼ਮਣ ਅਤੇ ਦੁਸ਼ਮਣ ਨੂੰ ਦੋਸਤ ਬਣਾ ਦਿੰਦਾ ਹੈ। ਰੋਂਦਿਆਂ ਨੂੰ ਹਸਾਉਣਾ, ਹੱਸਦਿਆਂ ਨੂੰ ਰੁਆਉਣਾ ਤੇ ਰੁੱਸਿਆਂ ਨੂੰ ਮਨਾਉਣਾ, ਇਸ ਦੇ ਖੱਬੇ ਹੱਥ ਦੀ ਖੇਡ ਹੈ। ਕਦੇ ਇਹ ਸ਼ਹਿਦ ਹੈ, ਕਦੇ ਜ਼ਹਰ ਅਤੇ ਕਦੇ-ਕਦੇ ਇਹ ਜ਼ਹਰ ਉਤਾਰਨ ਦੀ ਦਵਾ ਵੀ ਬਣ ਜਾਂਦੀ ਹੈ। ਮਨੁੱਖ ਦੀ ਇੱਜ਼ਤ, ਅਪਮਾਨ ਤੇ ਸਤਿਕਾਰ ਸਦਾ ਭਾਸ਼ਾ ਉਪਰ ਅਧਾਰਿਤ ਰਹਿੰਦੇ ਹਨ। ਨੇਕਨਾਮੀ, ਕੀਰਤੀ, ਜੱਸ, ਬਦਨਾਮੀ ਆਦਿ ਭਾਸ਼ਾ ਦੇ ਹੀ ਪ੍ਰਭਾਵ ਹਨ। ਭਾਸ਼ਾ ਤਾਂ ਇਕ ਸਾਗਰ ਹੈ ਜਿਸ ਵਿਚ ਮੋਤੀ ਵੀ ਹਨ ਤੇ ਕੰਕਰ ਵੀ। ਪਰ ਸਾਨੂੰ ਮੋਤੀ ਛੱਡ ਕੇ ਕੰਕਰ ਨਹੀਂ ਚੁਗਣੇ ਚਾਹੀਦੇ।

ਅੱਜ-ਕੱਲ੍ਹ ਕਈ ਥਾਵਾਂ ’ਤੇ ਬੋ-ਮਾਰੀ ਭਾਸ਼ਾ ਦੀ ਦੁਰਗੰਧ ਵੀ ਆਉਂਦੀ ਹੈ। ਇਹ ਭਾਸ਼ਾ ਦੀ ਹੱਤਕ ਹੈ। ਦੁਨੀਆਂ ਵਿਚ ਦੁਰਗੰਧ ਤਾਂ ਪਹਿਲਾਂ ਹੀ ਬਹੁਤ ਹੈ। ਭਾਸ਼ਾ ਰਾਹੀਂ ਅਸੀਂ ਉਸ ਵਿਚ ਹੋਰ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਥਾਂ ਸਾਨੂੰ ਭਾਸ਼ਾ ਦਾ ਸਿਮਰਨ ਕਰਨਾ ਚਾਹੀਦਾ ਹੈ। ਸ਼ਬਦ ਤਾਂ ਮਾਲਾ ਤੇ ਮਣਕਿਆਂ ਦੀ ਤਰ੍ਹਾਂ ਹਨ। ਭਾਸ਼ਾ ਨੂੰ ਫੁੱਟ, ਝਗੜਾ, ਨਫ਼ਰਤ ਤੇ ਕ੍ਰੋਧ ਆਦਿ ਲਈ ਇਸਤੇਮਾਲ ਕਰਨਾ ਵੀ ਇਸ ਦੀ ਬੇਇੱਜ਼ਤੀ ਹੈ। ਭਾਸ਼ਾ ਤਾਂ ਮਨੁੱਖੀ ਆਜ਼ਾਦੀ ਦਾ ਭੋਸ਼ਣ ਹੈ। ਜੇ ਇਸ ਜ਼ੇਵਰ ਨੂੰ ਜੰਗ ਲੱਗ ਜਾਵੇਗੀ ਤਾਂ ਇਹੋ ਭਾਸ਼ਾ ਫ਼ਸਾਦਾਂ ਤੇ ਝਗੜਿਆਂ ਦਾ ਕਾਰਨ ਬਣ ਕੇ, ਆਦਮੀ ਨੂੰ ਗ਼ੁਲਾਮੀ ਦੀਆਂ ਬੇੜੀਆਂ ਵਿਚ ਕੈਦ ਕਰਵਾ ਦੇਵੇਗੀ।

ਭਾਸ਼ਾ ਮਨੁੱਖ ਦੀ ਅਜੀਬ ਸਿਰਜਣਾ ਹੈ। ਐਮਰਸਨ ਨੇ ਭਾਸ਼ਾ ਨੂੰ ਇਕ ਨਗਰੀ ਨਾਲ ਤੁਲਨਾਇਆ ਹੈ ਜਿਸ ਦੀ ਉਸਾਰੀ ਵਿਚ ਹਰ ਨਗਰ ਵਾਸੀ ਨੇ ਕੁੱਝ ਇੱਟਾਂ ਚਿਣੀਆਂ ਹੁੰਦੀਆਂ ਹਨ। ਮਾਨਵ ਵਿਗਿਆਨੀ ਕਹਿੰਦੇ ਹਨ : ‘ਬਿਨ ਬੰਦੇ ਭਾਸ਼ਾ ਨਹੀਂ’ ਅਤੇ ‘ਬਿਨ ਭਾਸ਼ਾ ਬੰਦਾ ਨਹੀਂ’। ਮਨੁੱਖ ਇਕ ਚਿੰਤਨਸ਼ੀਲ ਪ੍ਰਾਣੀ ਹੈ। ਗਿਆਨ ਅਤੇ ਤਰਕ ਮਨੁੱਖ ਦੀਆਂ ਵਿਸ਼ੇਸ਼ਤਾਵਾਂ ਹਨ। ਪਰ ਮਾਨਵੀ ਚਿੰਤਨ-ਮਨਨ ਦੀ ਮੰਥਨ ਪ੍ਰਕਿਰਿਆ ਭਾਸ਼ਾ ਦਾ ਜਾਮਾ ਪਹਿਨ ਕੇ ਹੀ ਅਵਤਾਰ ਧਾਰਦੀ ਹੈ। ਜਦ ਭਾਸ਼ਾ ਵਿਗਸਦੀ ਹੈ ਤਾਂ ਫਿਰ ਇਹ ਮਾਨਵੀ ਬੁੱਲਾਂ ਤੱਕ ਮਹਿਦੂਦ ਨਹੀਂ ਰਹਿੰਦੀ ਸਗੋਂ ਲਿਪੀ ਦਾ ਜਾਮਾ ਵੀ ਪਹਿਨਦੀ ਹੈ। ਲਿਪੀ ਦਾ ਜਾਮਾ ਪਹਿਨ ਕੇ, ਭਾਸ਼ਾ ਸਾਹਿਤ ਦੇ ਰੂਪ ਵਿਚ ਰੂਪਮਾਨ ਹੋ ਜਾਂਦੀ ਹੈ। ਰਿਸ਼ੀਆਂ, ਮੁਨੀਆਂ, ਗੁਰੂਆਂ, ਪੈਗ਼ੰਬਰਾਂ ਤੇ ਸੂਫ਼ੀਆਂ ਦੀ ਬਾਣੀ ਸਾਹਿਤ ਦੀ ਸ਼ਕਲ ਵਿਚ ਹੀ ਰਹਿੰਦੀ ਦੁਨੀਆਂ ਤੱਕ ਅਮਰ ਹੈ ਤੇ ਮਨੁੱਖ ਦੀ ਅਗਵਾਈ ਕਰਦੀ ਹੈ। ਹਰੇਕ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਭਾਸ਼ਾ ਨੂੰ ਮਾਨਵਤਾ ਦੇ ਭਲੇ ਲਈ ਵਰਤੇ। ਮਨੁੱਖੀ ਜੀਵਨ ਵਿਚ ਭਾਸ਼ਾ ਦਾ ਰੁਤਬਾ ਬਹੁਤ ਹੀ ਉੱਚਾ ਤੇ ਸੁੱਚਾ ਹੈ। ਇਸ ਦਾ ਕਾਰਜ ਖੇਤਰ ਬਹੁਤ ਹੀ ਵਿਸ਼ਾਲ ਤੇ ਵਿਰਾਟ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਇਸ ਖ਼ਜਾਨੇ ਨੂੰ ਬੇਸਮਝੀ ਵਿਚ ਨਾ ਲੁਟਾਏ ਬਲਕਿ ਇਸ ਖ਼ਜਾਨੇ ਦੀ ਦੌਲਤ ਨੂੰ ਇਨਸਾਨੀਅਤ ਅਤੇ ਸਿੱਖਿਆ ਦੇ ਗੁਣਾਂ ਦੀ ਪ੍ਰਾਪਤੀ ਲਈ ਵਰਤੇ, ਲੋਕਾਂ ਵਿਚ ਵੰਡੇ ਕਿਉਂਕਿ ਭਾਸ਼ਾ ਦੀ ਅਗਵਾਈ ਵਿਚ ਹੀ ਮਨੁੱਖ ਨੇ ਜੀਵਨ ਬਤੀਤ ਕਰਨਾ ਹੈ। ਭਾਸ਼ਾ ਨਾਲ ਹੀ ਮਨੁੱਖ ਦਾ ਜਿੰਦ-ਜਹਾਨ ਵਸਦਾ ਰਸਦਾ ਹੈ। ਇਸ ਲਈ ਸਾਨੂੰ ਭਾਸ਼ਾ ਦੀ ਮਾਤਭੂਮੀ ਦੀ ਤਰ੍ਹਾਂ ਹੀ ਰਾਖੀ ਕਰਨੀ ਚਾਹੀਦੀ ਹੈ। ਮਾਤ ਭਾਸ਼ਾ ਬਾਰੇ ਜਰਮਨ-ਖੋਜੀਆਂ ਦੀ ਖੋਜ ਨੇ ਇਹ ਸਿੱਧ ਕੀਤਾ ਹੈ ਕਿ ਜਨਮ ਵੇਲੇ ਬਾਲ ਦਾ ਰੋਣਾ, ਉਹਦੀ ਮਾਤ-ਭਾਸ਼ਾ ਉਪਰ ਅਧਾਰਤ ਹੁੰਦਾ ਹੈ।ਜਨਮ ਤੋਂ ਪਿੱਛੋਂ ਬੱਚੇ ਦਾ ਰੋਣਾ ਸੁਣਕੇ, ਉਹਦੀ ਜੱਦ ਪਛਾਣੀ ਜਾ ਸਕਦੀ ਹੈ।ਜਰਮਨ ਖੋਜੀ ਦੱਸਦੇ ਹਨ ਕਿ ਬੱਚੇ ਉਤੇ ਮਾਤ-ਭਾਸ਼ਾ ਦਾ ਇਹ ਪ੍ਰਭਾਵ ਮਾਂ ਦੀ ਕੁੱਖ ਵਿਚ ਹੀ ਪੈਣ ਲੱਗ ਜਾਂਦਾ ਹੈ। ਕੁੱਖ ਵਿਚ ਆਪਣੇ ਵਾਸ ਦੇ ਆਖਰੀ ਤਿੰਨ ਮਹੀਨਿਆਂ ਵਿਚ ਬੱਚਾ ਬਾਹਰਲੀ ਦੁਨੀਆਂ ਤੋਂ ਸੁਣਦੀਆਂ ਆਵਾਜਾਂ ਚੇਤੇ ਕਰਨ ਲੱਗ ਪੈਂਦਾ ਹੈ। ਸੁਭਾਵਿਕ ਹੈ ਕਿ ਕੁੱਖ ਵਿਚ ਸਭ ਤੋਂ ਪਹਿਲਾਂ ਮਾਂ ਦੀ ਆਵਾਜ਼ ਹੀ ਪੁੱਜਦੀ ਹੈ। ਇਉਂ ਸਪੱਸ਼ਟ ਹੈ ਕਿ ਜਿਸ ਸਹਿਜ ਨਾਲ ਗੁਲਾਬ ਦੀ ਪੱਤੀ ਉਪਰ ਤ੍ਰੇਲ ਉਤਰਦੀ ਹੈ, ਉਵੇਂ ਬਾਲ ਆਤਮਾ ਵਿਚ ਮਾਤ-ਭਾਸ਼ਾ ਦਾ ਪ੍ਰਵੇਸ਼ ਹੁੰਦਾ ਹੈ।ਬੱਚਾ, ਮਾਤ-ਭਾਸ਼ਾ ਦੇ ਸੁੱਚੇ ਗੁਲਾਬ ਦੀ ਮਹਿਕ ਦੇ ਵਾਤਾਵਰਨ ਵਿਚ ਵੱਡਾ ਹੁੰਦਾ ਹੈ। ਹੌਲੀ-ਹੌਲੀ ਮਾਤ-ਭਾਸ਼ਾ ਬੱਚੇ ਦੇ ਦਿਲ-ਦਿਮਾਗ ਦਾ ਐਸਾ ਫਲਦਾਰ ਪੌਦਾ ਬਣ ਜਾਂਦੀ ਹੈ ਜਿਸ ਦੇ ਹਰ ਫੁਲ, ਹਰ ਫਲ ਵਿਚ ਰੂਹਾਨੀ ਲੁਤਫ ਹੁੰਦਾ ਹੈ; ਇਕ ਅਕਹਿ ਅਨੰਦ ਹੁੰਦਾ ਹੈ ਅਤੇ ਇਸ ਤਰ੍ਹਾਂ ਮਾਤ-ਭਾਸ਼ਾ ਮਾਨਵੀ ਆਤਮਾ ਦਾ ਚਿਤਰ ਬਣ ਜਾਂਦੀ ਹੈ।ਮਾਤ-ਭਾਸ਼ਾ ਬੱਚੇ ਲਈ ਉਹ ਬਿੰਬ ਸਿਰਜਦੀ ਹੈ ਜੋ ਜ਼ਿੰਦਗੀ ਦੇ ਸੁਪਨਸਾਜ਼ ਹੁੰਦੇ ਹਨ; ਕਲਪਨਾ ਦੇ ਸਰੋਤ ਹੁੰਦੇ ਹਨ; ਜੋ ਬੱਚੇ ਦੀ ਸੋਚ ਦਾ ਤਾਣਪੇਟਾ ਉਣਦੇ ਹਨ ਤੇ ਫਿਰ ਸਮਾਜੀ ਤੇ ਸਿਆਸੀ ਚੇਤਨਾ ਬਖਸ਼ਦੇ ਹਨ।ਮਾਤ-ਭਾਸ਼ਾ ਇਨ੍ਹਾਂ ਬਿੰਬਾਂ ਦਾ ਮੂਲ ਸਰੋਤ ਹੁੰਦੀ ਹੈ। ਇਸ ਲਈ ਜੇ ਮਨੁੱਖ ਦੀ ਸੋਚ ਮਾਤ-ਭਾਸ਼ਾ ਵਿਚ ਵਗੇ ਤਾਂ ਨਿਰਮਲ ਪਾਣੀ ਵਾਂਗ ਹੋ ਜਾਂਦੀ ਹੈ। ਬੰਦਾ ਉਹ ਨਹੀਂ ਜੋ ਦਿਖਾਈ ਦਿੰਦਾ ਹੈ, ਬੰਦਾ ਅਸਲ ਵਿਚ ਉਹ ਹੈ ਜੋ ਉਹਦੀ ਸੋਚਣੀ ਵਿਚ ਹੈ,ਉਹਦੇ ਵਿਚਾਰਾਂ ਵਿਚ ਹੈ, ਉਹਦੇ ਮਨ ਵਿਚ ਹੈ। ਮਾਤ-ਭਾਸ਼ਾ ਮਨੁੱਖੀ ਮਨ ਦਾ ਪ੍ਰਗਟਾਵਾ ਹੈ।ਇਸ ਲਈ ਜਿਨ੍ਹਾਂ ਚਿਰ ਅਸੀਂ ਮਨੋਂ ਪੰਜਾਬੀ ਨਹੀਂ ਹੁੰਦੇ ਸਾਡੇ ਮਖਾਰਬਿੰਦਾਂ ਵਿਚੋਂ ਪੰਜਾਬੀ ਨਹੀਂ ਨਿਕਲੇਗੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਮਹਿਜ਼ ਲਫ਼ਜ਼ ਨਹੀਂ ਹਨ। ਇਹ ਤਾਂ ਪੂਰੀ ਸੋਚ ਹੈ, ਮਾਨਸਿਕਤਾ ਹੈ। ਦੁਨੀਆਂ ਭਰ ਦੀ ਖੋਜ, ਦੁਨੀਆਂ ਭਰ ਦੀ ਸੋਚ, ਦੁਨੀਆਂ ਭਰ ਦੇ ਭਾਸ਼ਾਈ ਤਜ਼ਰਬੇ ਇਹ ਦਸਦੇ ਹਨ ਕਿ ਬੱਚੇ ਦੀ ਸ਼ਖਸੀਅਤ ਦਾ ਸੰਪੂਰਨ ਵਿਕਾਸ, ਉਹਦੀ ਮਾਤ-ਭਾਸ਼ਾ ਵਿਚ ਸਿੱਖਿਆ ਦੇਣ ਨਾਲ ਹੀ ਹੁੰਦਾ ਹੈ। ਦੁਨੀਆਂ ਭਰ ਦੀ ਖੋਜ ਦੇ ਇਹ ਸਿੱਟੇ ਹਨ ਕਿ ਵਿਦੇਸ਼ੀ ਭਾਸ਼ਾ ਉਪਰ ਮੁਹਾਰਤ ਹਾਸਲ ਕਰਨ ਦੀ ਸਰਬੋਤਮ ਵਿਧੀ ਇਹੋ ਹੈ ਕਿ ਪਹਿਲਾਂ ਮਾਤ-ਭਾਸ਼ਾ ਉਤੇ ਆਬੂਰ ਹਾਸਲ ਕੀਤੀ ਜਾਵੇ। ਗਿਆਨ ਦੇ ਕਿਸੇ ਵੀ ਖੇਤਰ ਨੂੰ ਗ੍ਰਹਿਣ ਕਰਨ ਲਈ ਜ਼ਰੂਰੀ ਹੈ ਕਿ ਸਿੱਖਿਆ ਮਾਤ-ਭਾਸ਼ਾ ਵਿਚ ਹੋਵੇ; ਦੂਜੀ ਭਾਸ਼ਾ ਰਾਹੀਂ ਸਿੱਖਿਆ ਦੇਣੀ ਗਿਆਨ ਪ੍ਰਾਪਤੀ ਦੇ ਰਾਹ ’ਚ ਰੁਕਾਵਟ ਹੈ। ਪਰ ਪਤਾ ਨਹੀਂ ਕਿਉਂ ਅਸੀਂ ਜਾਣੇ-ਅਣਜਾਣੇ ਆਪਣੀ ਦੇਸੀ ਫਿਜਾ ਵਿਚ ਵਿਦੇਸ਼ੀ ਸੋਚ ਦੇ ਪਰਿੰਦੇ ਬਣ ਉਡਾਰੀ ਭਰਦੇ ਹਾਂ।

ਭਾਸ਼ਾ ਦਾ ਸੰਬੰਧ ਬੰਦੇ ਨਾਲ ਵੀ ਹੈ ਅਤੇ ਧਰਤੀ ਨਾਲ ਵੀ। ਇਸੇ ਲਈ ਹਰ ਦੇਸ਼ ਦੇ ਲੋਕਾਂ ਦੀ ਆਪੋ-ਆਪਣੀ ਭਾਸ਼ਾ ਹੁੰਦੀ ਹੈ। ਭਾਸ਼ਾ ਦੀਆਂ ਅਨੇਕ ਵੰਨਗੀਆਂ ਹੁੰਦੀਆਂ ਹਨ। ਹਰ ਜੀਵ ਦੀ, ਹਰ ਕੌਮ ਦੀ, ਹਰ ਦੇਸ਼ ਦੀ ਅਤੇ ਦੇਸ਼ ਦੇ ਜੁੱਟਾਂ ਦੀ ਆਪੋ ਆਪਣੀ ਭਾਸ਼ਾ ਹੁੰਦੀ ਹੈ। ਇਕੋ ਕੌਮ ਦੀਆਂ ਕਈ ਭਾਸ਼ਾਵਾਂ ਵੀ ਹੋ ਸਕਦੀਆਂ ਹਨ। ਭਾਸ਼ਾਵਾਂ ਦੀ ਇਹ ਅਨੇਕਤਾ ਆਕਾਸ਼ ਵਿਚਲੇ ਤਾਰਿਆਂ ਦੀ ਤਰ੍ਹਾਂ ਹੈ। ਆਕਾਸ਼ ਵਿਚਲੇ ਤਾਰਿਆਂ ਦੀ ਆਪਣੀ ਆਪਣੀ ਹੋਂਦ ਹੈ, ਆਪਣਾ ਆਪਣਾ ਮਹੱਤਵ ਹੈ ਅਤੇ ਆਪਣਾ ਆਪਣਾ ਸੁਹਜ ਹੈ। ਜੇ ਸਾਰੇ ਤਾਰੇ ਇਕ ਵੱਡੇ ਸਾਰੇ ਤਾਰੇ ਵਿਚ ਮਿਲ ਕੇ, ਇਕ ਹੋ ਜਾਣ ਤਾਂ ਇਸ ਨਾਲ ਅੱਧਾ ਆਕਾਸ਼ ਘੇਰਿਆ ਜਾਵੇ ਪਰ ਆਕਾਸ਼ ਘੇਰਨਾ ਤਾਰਿਆਂ ਦਾ ਕੰਮ ਨਹੀਂ। ਇਸ ਕੰਮ ਲਈ ਸੂਰਜ ਹੈ। ਆਕਾਸ਼ ਵਿਚ ਤਾਂ ਤਾਰੇ ਹੀ ਚਮਕਣੇ ਚਾਹੀਦੇ ਹਨ। ਹਰੇਕ ਭਾਸ਼ਾ ਆਪਣੀ ਕੌਮ ਦਾ ਤਾਰਾ ਹੁੰਦੀ ਹੈ। ਹਰ ਕੌਮ ਦਾ ਤਾਰਾ ਚਮਕਣਾ ਚਾਹੀਦਾ ਹੈ। ਜਿਵੇਂ ਜੈਵਿਕ ਵੰਨ-ਸੁਵੰਨਤਾ ਬਿਨਾਂ ਜੈਵਿਕ ਵਿਕਾਸ ਸੰਭਵ ਨਹੀਂ, ਉਵੇਂ ਭਾਸ਼ਾਈ ਵੰਨ-ਸਵੰਨਤਾ ਬਿਨਾਂ ਮਾਨਵਤਾ ਦੀ ਹੋਂਦ ਅਤੇ ਪਛਾਣ ਖਤਰੇ ਵਿਚ ਪੈ ਜਾਂਦੀ ਹੈ। ਮਾਨਵਤਾ ਦਾ ਵਿਕਾਸ ਰੁਕ ਜਾਂਦਾ ਹੈ। ਅੱਜ ਸਾਰੇ ਲੋਕ ਇਕੋ ਜਿਹੇ ਕੋਟ, ਇਕੋ ਜਿਹੀ ਪੈਂਟ, ਇਕੋ ਜਿਹੇ ਬੂਟ ਪਾਉਂਦੇ ਹਨ। ਜੇ ਕੋਈ ਅਜਿਹੀ ਚੀਜ ਰਹਿ ਗਈ ਹੈ ਜਿਹੜੀ ਕਿਸੇ ਨਸਲ ਦਾ ਖ਼ਾਸ ਲੱਛਣ ਪੇਸ਼ ਕਰਦੀ ਹੈ ਤਾਂ ਉਹ ਮਾਤਭਾਸ਼ਾ ਹੈ। ਦੁਨੀਆਂ ਭਰ ਦੇ ਲੋਕਾਂ ਦੇ ਬਾਹਰੀ ਭੋਸ਼ਣ ਇਕੋ ਜਿਹੇ ਹੋ ਸਕਦੇ ਹਨ ਪਰ ਅੰਦਰਲਾ ਭੋਸ਼ਣ (ਚਿਤਰ) ਭਾਵ ਭਾਸ਼ਾ ਇਕੋ ਜਿਹੀ ਨਹੀਂ ਹੋ ਸਕਦੀ। ਮਾਤਭਾਸ਼ਾ ਤਾਂ ਬੰਦੇ ਦੇ ਨੈਣ ਨਕਸ਼ਾਂ ਵਰਗਾ ਪਛਾਣ ਚਿੰਨ੍ਹ ਹੈ।

੧.੧ ਪਰਿਭਾਸ਼ਾ ਤੇ ਵਿਸ਼ੇਸ਼ਤਾਵਾਂ

ਪਰਿਭਾਸ਼ਾ

ਭਾਸ਼ਾ ਲੋਕ ਜੀਵਨ ਦਾ ਮੁੱਖ ਆਧਾਰ ਹੈ। ਲੋਕ ਜੀਵਨ ਵਿੱਚ ਹਰੇਕ ਬੰਦੇ ਦਾ ਵਾਸਤਾ ਭਾਸ਼ਾ ਨਾਲ ਪੈਂਦਾ ਹੈ। ਭਾਵੇਂ ਇਹ ਜ਼ਰੂਰੀ ਨਹੀਂ ਕਿ ਹਰੇਕ ਬੰਦਾ ਭਾਸ਼ਾ ਬਾਰੇ ਸੋਚਦਾ ਹੋਵੇ ਪਰ ਆਮ ਆਦਮੀ ਦੇ ਦਿਮਾਗ ਵਿੱਚ ਭਾਸ਼ਾ ਬਾਰੇ ਇੱਕ ਵੱਖਰਾ ਬਿੰਬ ਜ਼ਰੂਰੀ ਬਣਿਆ ਰਹਿੰਦਾ ਹੈ। ਜੇ ਅਸੀਂ ਸੁਭਾਵਕ ਹੀ ਕਿਸੇ ਤੋਂ ਪੁੱਛੀਏ ਕਿ ਭਾਸ਼ਾ ਕੀ ਹੈ? ਉੱਤਰ ਇਹੀ ਹੋਵੇਗਾ ਕਿ ਭਾਸ਼ਾ ਉਹ ਹੈ ਜਿਸ ਨੂੰ ਉਹ ਆਪਣੇ ਪਰਿਵਾਰ ਜਾਂ ਹੋਰ ਸਾਕ-ਸੰਬੰਧੀਆਂ, ਦੋਸਤਾਂ-ਮਿੱਤਰਾਂ ਨਾਲ ਗੱਲਬਾਤ ਕਰਨ ਵੇਲੇ ਵਰਤਦਾ ਹੈ। ਪਰ ਅਕਾਦਮਿਕ ਪੱਧਰ ਉੱਤੇ ਸਿਰਫ਼ ਏਨਾ ਕਹਿਣ ਨਾਲ ਹੀ ਨਹੀਂ ਸਰਦਾ। ਭਾਸ਼ਾ ਚਿੰਤਕ ਤਾਂ ਕਿਸੇ ਨਾ ਕਿਸੇ ਤਰਕ ਦੇ ਆਧਾਰ ਉੱਤੇ ਹੀ ਭਾਸ਼ਾ ਬਾਰੇ ਕੁੱਝ ਕਹਿਣਗੇ। ਹਰੇਕ ਭਾਸ਼ਾ ਮਾਹਰ ਭਾਸ਼ਾ ਦੇ ਕਿਸੇ ਇੱਕ ਗੁਣ-ਲੱਛਣ ਨੂੰ ਪ੍ਰਮੁੱਖਤਾ ਦੇ ਕੇ ਹੀ ਭਾਸ਼ਾ ਬਾਰੇ ਕੋਈ ਪਰਿਭਾਸ਼ਕ ਟਿੱਪਣੀ ਦੇਣ ਦੀ ਕੋਸ਼ਿਸ਼ ਕਰਦਾ ਹੈ।ਕਿਸੇ ਵੀ ਵਿਸ਼ੇ ਬਾਰੇ ਪਰਿਭਾਸ਼ਿਕ ਅਨੇਕਤਾ ਦਾ ਇਹੋ ਰਾਜ਼ ਹੁੰਦਾ ਹੈ। ਨਾਲੇ ਭਾਸ਼ਾ ਦਾ ਸੁਭਾਅ ਏਨਾ ਬਹੁਪਰਤੀ ਹੈ ਕਿ ਇਸ ਨੂੰ ਕਿਸੇ ਇਕ ਪਰਿਭਾਸ਼ਾ ਵਿਚ ਸਮੇਟਣਾ ਔਖਾ ਕੰਮ ਹੈ। ਵਿਭਿੰਨ ਵਿਕਾਸ ਪੜਾਵਾਂ ਉੱਤੇ ਭਾਸ਼ਾ ਦਾ ਅਧਿਐਨ ਕਈ ਦ੍ਰਿਸ਼ਟੀਆਂ ਤੋਂ ਹੁੰਦਾ ਆਇਆ ਹੈ। ਇਸ ਲਈ ਭਾਸ਼ਾ ਦਾ ਪਰਿਭਾਸ਼ਿਕ ਵਿਸ਼ਲੇਸ਼ਣ, ਭਾਸ਼ਾ ਦੇ ਕਈ ਪੱਖਾਂ ਅਤੇ ਕਾਰਜਾਂ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਹੈ।ਜਿਵੇਂ ਨਿਰੁਕਤੀ ਦੇ ਪੱਖ ਤੋਂ ‘ਜੀਭ ਰਾਹੀਂ ਉਤਪੰਨ ਬੋਲਾਂ ਦਾ ਸਮੂਹ ਭਾਸ਼ਾ ਹੈ’। ਇਵੇਂ ਜੇ ਅਸੀਂ ਵਿਆਕਰਨ ਦੇ ਪੱਖ ਤੋਂ ਵੇਖੀਏ ਤਾਂ ਕਹਾਂਗੇ ਕਿ ‘ਭਾਸ਼ਾ ਵਿਆਕਰਨਿਕ ਰੂਪਾਂ, ਧਾਤੂਆਂ ਅਤੇ ਪਿਛੇਤਰਾਂ ਦੀ ਲੜੀ ਹੈ। ਇੱਕ ਮਨੋਵਿਗਿਆਨੀ ਲਈ ‘ਭਾਸ਼ਾ ਮਾਨਸਿਕ ਭਾਵਾਂ ਦੀ ਪੁਸ਼ਾਕ ਹੋਵੇਗੀ।’ ਸਮਾਜ ਵਿਗਿਆਨੀ ਅਨੁਸਾਰ ‘ਭਾਸ਼ਾ ਸਮਾਜ ਦੀਆਂ ਮਨੋਵ੍ਰਿਤੀਆਂ ਅਤੇ ਸਮਾਜਿਕ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ। ਸਾਰ ਰੂਪ ਵਿਚ ਭਾਸ਼ਾ ਸਵੈ ਇੱਛਾ ਨਾਲ ਪੈਦਾ ਕੀਤੇ ਚਿੰਨ੍ਹਾਂ ਰਾਹੀਂ ਵਿਚਾਰਾਂ, ਭਾਵਾਂ ਅਤੇ ਇੱਛਾਵਾਂ ਦੇ ਸੰਚਾਰ ਦਾ ਸ਼ੁੱਧ ਮਾਨਵੀ ਅਤੇ ਗੈਰ-ਜਮਾਂਦਰੂ ਢੰਗ ਹੈ। ਸਰਲ ਸ਼ਬਦਾਂ ਵਿਚ ਭਾਸ਼ਾ ਸੰਚਾਰ ਦਾ ਮਾਧਿਅਮ ਹੈ।

ਵਿਸ਼ੇਸ਼ਤਾਵਾਂ

ਵਿਸ਼ੇਸ਼ਤਾਵਾਂ ਉਨ੍ਹਾਂ ਗੁਣਾਂ-ਲੱਛਣਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਵਸਤੂਗਤ ਹੋਂਦ ਨੂੰ ਹੋਰ ਵਸਤੂਆਂ ਨਾਲੋਂ ਨਿਖੇੜ ਕੇ, ਉਸ ਨੂੰ ਵਿਲੱਖਣ, ਨਵੇਕਲੀ ਅਤੇ ਮੌਲਿਕ ਹੋਂਦ ਬਖ਼ਸ਼ਦੇ ਹਨ। ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਭਾਸ਼ਾ ਦੇ ਨਿੱਜੀ ਨਵੇਕਲੇ ਗੁਣਾਂ-ਲੱਛਣਾਂ ਵਿਚੋਂ ਹੀ ਉਜਾਗਰ ਹੋਣਗੀਆਂ। ਭਾਸ਼ਾ ਦੀ ਪਰਿਭਾਸ਼ਾ ਬਾਰੇ ਚਰਚਾ ਕਰਨ ਤੋਂ ਬਾਅਦ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਉਜਾਗਰ ਕਰਨਾ ਬੜਾ ਸੌਖਾ ਕਾਰਜ ਹੈ। ਭਾਸ਼ਾ ਇੱਕ ਸੰਚਾਰ ਪ੍ਰਬੰਧ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਉਹੀ ਹੋਣਗੀਆਂ ਜਿਹੜੀਆਂ ਇਸ ਨੂੰ ਹੋਰ ਸੰਚਾਰ- ਪ੍ਰਣਾਲੀਆਂ ਤੋਂ ਵੱਖਰਾ ਕਰਕੇ, ਵੱਖਰੀ ਪਛਾਣ ਪ੍ਰਦਾਨ ਕਰਦੀਆਂ ਹਨ।ਇਸ ਪੱਖੋਂ ਭਾਸ਼ਾ ਦੀਆਂ ਹੇਠ ਲਿਖੀਆਂ ਸੱਤ ਵਿਸ਼ੇਸ਼ਤਾਵਾਂ ਬਣਦੀਆਂ ਹਨ:

੧) ਦੁਪੱਖਤਾ (duality)
੨) ਸਿਰਜਣਾਤਮਿਕਤਾ (productivity)
੩) ਆਪਹੁਦਰਾਪਣ (arbitrariness)
੪) ਅੰਤਰਵਟਾਂਦਰਾ (inter-changeability)
੫) ਵਿਸਥਾਪਨ (displacement)
੬) ਵਿਸ਼ੇਸ਼ੱਗਤਾ (specialization)
੭) ਸੱਭਿਆਚਾਰਿਕ ਸੰਚਾਰਨ (cultural transmission)

੧. ਦੁਪੱਖਤਾ

ਦੁਪੱਖਤਾ ਦਾ ਸੰਬੰਧ ਭਾਸ਼ਾ ਦੀ ਬਣਤਰ ਨਾਲ ਹੈ।ਸਾਰੀਆਂ ਮਨੁੱਖੀ ਭਾਸ਼ਾਵਾਂ ਦੇ ਦੋ ਬੁਨਿਆਦੀ ਪੱਧਰ ਹੁੰਦੇ ਹਨ: ਇੱਕ ਵਿਆਕਰਨਿਕ ਅਤੇ ਦੂਜਾ ਧੁਨੀਆਤਮਿਕ। ਵਿਆਕਰਨਿਕ ਜਾਂ ਵਾਕਾਤਮਿਕ ਪੱਧਰ ਨੂੰ ਭਾਸ਼ਾ ਦਾ ਪਹਿਲਾ ਪੱਧਰ ਕਿਹਾ ਜਾਂਦਾ ਹੈ। ਭਾਸ਼ਾ ਦਾ ਇਹ ਪੱਧਰ ਹੀ ਅਰਥਾਂ ਦਾ ਸੰਚਾਰ ਕਰਦਾ ਹੈ। ਭਾਸ਼ਾ ਦਾ ਦੁਜੈਲਾ ਪੱਧਰ ਭਾਵੇਂ ਆਪਣੇ ਆਪ ਵਿਚ ਸਾਰਥਿਕ ਨਹੀਂ ਹੁੰਦਾ ਪਰ ਇਹ ਪ੍ਰਾਥਮਿਕ ਪੱਧਰ ਦੀਆਂ ਇਕਾਈਆਂ ਦਾ ਨਿਰਮਾਣ ਕਰਦਾ ਹੈ। ਭਾਸ਼ਾ ਦੇ ਇਹ ਦੋਵੇਂ ਪੱਧਰ ਨਾਲੋ-ਨਾਲ ਸਥਾਪਿਤ ਹੁੰਦੇ ਹਨ। ਇਸ ਤਰ੍ਹਾਂ ਦੀ ਭਾਸ਼ਾਈ ਦੁਪੱਖਤਾ ਹੋਰ ਕਿਸੇ ਗ਼ੈਰ ਮਨੁੱਖੀ ਸੰਚਾਰ ਪ੍ਰਕਿਰਿਆ ਵਿੱਚ ਹਾਸਲ ਨਹੀਂ ਹੁੰਦੀ। ਪਸ਼ੂ-ਭਾਸ਼ਾ, ਮਨੁੱਖ-ਭਾਸ਼ਾ ਤੋਂ ਉਲਟ ਦਿਸ਼ਾ ਵਿੱਚ ਅਰਥਾਂ ਦਾ ਸਫ਼ਰ ਤੈਅ ਕਰਦੀ ਹੈ। ਦਰਅਸਲ ਪਸ਼ੂ ਭਾਸ਼ਾ ਤਾਂ ਧੁਨੀਆਤਮਿਕ ਪੱਧਰ ਤੱਕ ਹੀ ਸੀਮਤ ਰਹਿੰਦੀ ਹੈ। ਉਹ ਮਨੁੱਖੀ ਭਾਸ਼ਾ ਵਾਂਗ ਧੁਨੀਆਂ ਤੋਂ ਵਾਕਾਂ ਦੀ ਸਿਰਜਣਾ ਕਰਨ ਦੇ ਸਮਰੱਥ ਨਹੀਂ ਹੁੰਦੀ। ਭਾਵ ਪਸ਼ੂ ਭਾਸ਼ਾ ਇਕਹਿਰੇ ਪੱਖ ਵਾਲੀ ਹੁੰਦੀ ਹੈ ਅਤੇ ਮਨੁੱਖੀ ਭਾਸ਼ਾ ਦੂਹਰੇ ਪੱਖ ਵਾਲੀ ਹੁੰਦੀ ਹੈ।

੨. ਸਿਰਜਣਾਤਮਿਕਤਾ

ਭਾਸ਼ਾ ਇੱਕ ਸਿਰਜਣਾਤਮਿਕ ਪ੍ਰਕਿਰਿਆ ਹੈ।ਸਿਰਜਣਸ਼ੀਲਤਾ ਮਨੁੱਖੀ ਭਾਸ਼ਾ ਦੀ ਅਹਿਮ ਵਿਸ਼ੇਸ਼ਤਾ ਹੈ। ਮਨੁੱਖੀ ਦਿਮਾਗ਼ ਵਿਚ ਭਾਸ਼ਾਈ ਯੋਗਤਾ ਇੱਕ ਜੈਵਿਕ ਗੁਣ ਹੈ ਜੋ ਪਸ਼ੂ-ਭਾਸ਼ਾ ਵਿਚ ਨਹੀਂ ਹੈ। ਸਮਾਜਕ-ਸੱਭਿਆਚਾਰਿਕ ਵਾਤਾਵਰਨ ਵਿਚ ਮਨੁੱਖ ਦੀ ਇਹ ਭਾਸ਼ਾਈ ਵਿਸ਼ੇਸ਼ਤਾ ਪ੍ਰਫੁੱਲਿਤ ਹੁੰਦੀ ਹੈ। ਮਨੁੱਖ ਜਦ ਇੱਕ ਵਾਰੀ ਭਾਸ਼ਾ ਬੋਲਣਾ ਸਿੱਖ ਜਾਂਦਾ ਹੈ, ਉਸ ਤੋਂ ਬਾਅਦ ਉਹ ਅਨੇਕਾਂ ਅਜਿਹੇ ਵਾਕ ਬੋਲਦਾ ਰਹਿੰਦਾ ਹੈ ਜੋ ਉਸ ਨੇ ਪਹਿਲਾਂ ਕਦੇ ਪੜ੍ਹੇ-ਸੁਣੇ ਵੀ ਨਹੀਂ ਹੁੰਦੇ। ਮਨੁੱਖ ਦੀ ਭਾਸ਼ਾਈ ਯੋਗਤਾ ਸੀਮਤ ਪੈਟਰਨਾਂ ਦੇ ਰੂਪ ਵਿੱਚ ਉਸ ਦੇ ਦਿਮਾਗ਼ ਵਿਚ ਸਥਿਤ ਹੁੰਦੀ ਹੈ। ਮਨੁੱਖ ਸੀਮਤ ਪੈਟਰਨਾਂ ਦੇ ਆਧਾਰ ਉੱਤੇ ਹੀ ਅਸੀਮਤ ਵਾਕਾਂ ਦੀ ਸਿਰਜਣਾ ਕਰਨ ਦੇ ਸਮਰੱਥ ਹੁੰਦਾ ਹੈ। ਬਿਲਕੁਲ ਉਵੇਂ-ਜਿਵੇਂ ਗਣਿਤ ਵਿਚ ਅਸੀਂ ੦ ਤੋਂ ਲੈ ਕੇ ੯ ਤੱਕ ਦੀਆਂ ੧੦ ਸੰਖਿਆਵਾਂ ਤੋਂ ਅਨੇਕਾਂ ਸੰਖਿਆਵਾਂ ਦੀ ਸਿਰਜਣਾ ਕਰ ਸਕਦੇ ਹਾਂ।

੩. ਆਪਹੁਦਰਾਪਣ

ਭਾਸ਼ਾ ਵਿਚਲੇ ਸ਼ਬਦਾਂ ਦਾ ਵਸਤੂਆਂ ਜਾਂ ਸ਼ਬਦਾਂ ਦੁਆਰਾ ਸੰਕੇਤਿਕ ਘਟਨਾਵਾਂ ਨਾਲ ਕੋਈ ਕੁਦਰਤੀ ਜਾਂ ਜਮਾਂਦਰੂ ਸੰਬੰਧ ਨਹੀਂ ਹੁੰਦਾ ਬਲਕਿ ਇਹ ਸੰਬੰਧ ਤਾਂ ਸੰਬੰਧਿਤ ਸਮਾਜ ਦੁਆਰਾ ਹੀ ਆਪਣੀ ਮਨਮਰਜ਼ੀ ਨਾਲ ਸਥਾਪਿਤ ਕੀਤਾ ਗਿਆ ਹੁੰਦਾ ਹੈ। ਮਸਲਨ ਘੋੜਾ ਸ਼ਬਦ ਦਾ ਘੋੜਾ ਜਾਨਵਰ ਨਾਲ ਕੋਈ ਜਮਾਂਦਰੂ ਸੰਬੰਧ ਨਹੀਂ ਹੈ। ਇਹ ਤਾਂ ਪੰਜਾਬੀ ਸਮਾਜ ਦੁਆਰਾ ਇਸ ਜਾਨਵਰ ਲਈ ਵਰਤਿਆ ਜਾਣ ਵਾਲਾ ਇਕ ਚਿੰਨ੍ਹ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸੇ ਜਾਨਵਰ ਲਈ  Horse ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਸਰਬ- ਵਿਆਪਕ ਕੁਦਰਤੀ ਹੋਦਾਂ ਲਈ ਵੀ ਵਿਭਿੰਨ ਭਾਸ਼ਾਵਾਂ ਵਿਚ ਵਿਭਿੰਨ ਚਿੰਨ੍ਹ ਹਾਸਿਲ ਹਨ। ਜਿਵੇਂ ਚੰਦ ਤੇ ਸੂਰਜ ਲਈ ਅੰਗਰੇਜ਼ੀ ਵਿਚ Moon ਅਤੇ Sun ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਸ਼ਬਦਾਂ ਅਤੇ ਵਸਤਾਂ ਵਿਚਕਾਰ ਕੁਦਰਤੀ ਸੰਬੰਧ ਹੁੰਦਾ ਤਾਂ ਦੁਨੀਆਂ ਵਿੱਚ ਇੱਕੋ ਭਾਸ਼ਾ ਹੋਣੀ ਸੀ।

੪. ਅੰਤਰ-ਵਟਾਂਦਰਾ

ਭਾਸ਼ਾਈ ਕਾਰਜ ਬਿਜਲੀ ਦੇ ਸਰਕਟ ਵਾਂਗ ਚਲਦਾ ਹੈ। ਭਾਸ਼ਾ ਦਾ ਇਹ ਸਰਕਟ ਭਾਸ਼ਾਈ ਬੁਲਾਰੇ ਅਤੇ ਭਾਸ਼ਾਈ ਸ੍ਰੋਤਾ ਦਰਮਿਆਨ ਚਲਦਾ ਹੈ। ਭਾਸ਼ਾ ਦਾ ਹਰੇਕ ਬੁਲਾਰਾ ਸ੍ਰੋਤਾ ਵੀ ਹੈ ਅਤੇ ਹਰੇਕ ਸ੍ਰੋਤਾ ਬੁਲਾਰਾ ਵੀ ਹੈ। ਇੱਕੋ ਭਾਸ਼ਾਈ ਮਦ ਦੋ ਧਿਰਾਂ ਵਿਚ ਵਟਾਈ ਜਾ ਸਕਦੀ ਹੈ। ਮਨੁੱਖੀ ਭਾਸ਼ਾ ਸੁਣ ਕੇ ਗ੍ਰਹਿਣ ਕੀਤੀ ਜਾਂਦੀ ਹੈ। ਜੋ ਸੁਣ ਨਹੀਂ ਸਕਦਾ, ਉਹ ਬੋਲ ਵੀ ਨਹੀਂ ਸਕਦਾ। ਬਹਿਰੇ ਦਾ ਗੁੰਗਾ ਹੋਣਾ ਲਾਜ਼ਮੀ ਹੈ। ਇਸ ਲਈ ਭਾਸ਼ਾਈ ਬੁਲਾਰੇ ਦਾ ਭਾਸ਼ਾਈ ਸ੍ਰੋਤਾ ਹੋਣਾ ਲਾਜ਼ਮੀ ਹੈ। ਮਨੁੱਖ ਪਾਸ ਭਾਸ਼ਾ ਯੋਗਤਾ ਤਾਂ ਜਮਾਂਦਰੂ ਹੈ ਪਰ ਭਾਸ਼ਾ ਜਮਾਂਦਰੂ ਨਹੀਂ। ਭਾਸ਼ਾ ਤਾਂ ਸਮਾਜ ਤੋਂ ਗ੍ਰਹਿਣ ਕੀਤੀ ਜਾਂਦੀ ਹੈ। ਇਸ ਦੇ ਉਲਟ ਪਸ਼ੂ ਭਾਸ਼ਾ ਵਿੱਚ ਅਜਿਹੀ ਵਿਸ਼ੇਸ਼ਤਾ ਨਹੀਂ ਹੁੰਦੀ। ਪਸ਼ੂਆਂ ਕੋਲ ਭਾਸ਼ਾ ਯੋਗਤਾ ਨਹੀਂ ਹੁੰਦੀ। ਪਸ਼ੂਆਂ ਉਪਰ ਵਕਤੇ-ਸ੍ਰੋਤੇ ਵਾਲੀ ਸ਼ਰਤ ਵੀ ਲਾਗੂ ਨਹੀਂ ਹੁੰਦੀ। ਪਸ਼ੂ ਭਾਸ਼ਾਈ ਅੰਤਰ- ਵਟਾਂਦਰਾ ਨਹੀਂ ਕਰਦੇ ਕੇਵਲ ਮਨੁੱਖ ਹੀ ਕਰ ਸਕਦੇ ਹਨ।

੫. ਵਿਸਥਾਪਨ

ਮਨੁੱਖੀ ਭਾਸ਼ਾ ਸਮੇਂ, ਸਥਾਨ ਅਤੇ ਸੰਦਰਭਾਂ ਤੋਂ ਪਾਰ ਜਾਣ ਦੀ ਵਿਸ਼ੇਸ਼ਤਾ ਰੱਖਦੀ ਹੈ। ਮਨੁੱਖ ਆਪਣੇ ਭਾਵਾਂ-ਵਿਚਾਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਸਕਦਾ ਹੈ। ਲੰਮੇ ਸਮੇਂ ਤੱਕ ਸਾਂਭ ਸਕਦਾ ਹੈ। ਸਮਕਾਲੀ ਸੰਦਰਭਾਂ ਤੋਂ ਵੱਖ ਕਰ ਸਕਦਾ ਹੈ। ਲਿਪੀ ਦੀ ਕਾਢ ਨੇ ਤਾਂ ਭਾਸ਼ਾ ਨੂੰ ਸਰਬਕਾਲੀ ਸਦੀਵਤਾ ਬਖ਼ਸ਼ ਦਿੱਤੀ ਹੈ। ਅਜੋਕੇ ਸਮੇਂ ਵਿਚ ਤਾਂ ਹੋਰ ਵੀ ਬਹੁਤ ਸਾਰੀਆਂ ਮਸ਼ੀਨਾਂ ਦੀ ਕਾਢ ਨੇ ਮਨੁੱਖੀ ਭਾਸ਼ਾ ਦੀ ਇਸ ਵਿਸ਼ੇਸ਼ਤਾ ਨੂੰ ਪਰਿਪੱਕ ਕਰ ਦਿੱਤਾ ਹੈ। ਟੈਲੀਫ਼ੋਨ, ਰੇਡੀਓ, ਟੇਪ ਰਿਕਾਰਡ, ਟੀ.ਵੀ. ਅਤੇ ਕੰਪਿਊਟਰ ਆਦਿ ਯੰਤਰਾਂ ਨੇ ਤਾਂ ਮਨੁੱਖੀ ਦੀ ਇਸ ਭਾਸ਼ਾਈ ਵਿਸ਼ੇਸ਼ਤਾ ਨੂੰ ਹੋਰ ਵੀ ਪ੍ਰਫੁਲਿਤ ਕੀਤਾ ਹੈ। ਪਰ ਇਸ ਦੇ ਮੁਕਾਬਲੇ ਉੱਤੇ ਗ਼ੈਰ-ਮਨੁੱਖੀ ਭਾਸ਼ਾ ਜਾਂ ਪਸ਼ੂ ਭਾਸ਼ਾ ਨੂੰ ਸਮੇਂ, ਸਥਾਨ ਅਤੇ ਸੰਦਰਭ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਧੁਨੀਆਂ, ਇਸ਼ਾਰੇ, ਸੈਨਤਾਂ ਜਾਂ ਆਵਾਜ਼ਾਂ ਸਮਕਾਲੀ ਸੰਦਰਭ ਤੋਂ ਨਿਰਾਰਥਕ ਹੋ ਜਾਂਦੇ ਹਨ।

੬. ਵਿਸ਼ੇਸ਼ੱਗਤਾ

ਭਾਸ਼ਾਈ ਪ੍ਰਕਿਰਿਆ ਸਹਿਜ-ਸੁਭਾਵਿਕ ਰੂਪ ਵਿਚ ਨਿਰੰਤਰ, ਨਿਰਵਿਘਨ ਜਾਰੀ ਰਹਿੰਦੀ ਹੈ। ਮਨੁੱਖੀ ਕਿਰਿਆ ਅਤੇ ਭਾਸ਼ਾਈ ਪ੍ਰਕਿਰਿਆ ਵਿਚ ਕੋਈ ਉਲਝਣ ਨਹੀਂ ਹੈ। ਮਨੁੱਖ ਆਪਣੀ ਭਾਸ਼ਾਈ ਪ੍ਰਕਿਰਿਆ ਦੌਰਾਨ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਹੋਰ ਕੰਮ ਧੰਦੇ ਵੀ ਕਰਦਾ ਰਹਿੰਦਾ ਹੈ। ਇਹ ਜ਼ਰੂਰੀ ਨਹੀਂ ਕਿ ਜਦੋਂ ਮਨੁੱਖ ਨੇ ਭਾਸ਼ਾ ਬੋਲਣੀ ਜਾਂ ਸੁਣਨੀ ਹੈ ਤਾਂ ਉਹ ਆਪਣੇ ਹੱਥ ਵਿੱਚ ਲਏ ਕੰਮ ਨੂੰ ਵਿਚਕਾਰ ਹੀ ਛੱਡ ਦੇਵੇ।ਸੋ ਭਾਸ਼ਾਈ ਵਿਸ਼ੇਸ਼ੱਗਤਾ ਭਾਸ਼ਾਈ ਸੁਭਾਵਿਕਤਾ ਹੈ, ਜੋ ਸਾਡੇ ਤੁਰਨ-ਫਿਰਨ, ਖਾਣ-ਪੀਣ, ਸੌਣ ਵਾਂਗ ਸਹਿਜ ਰੂਪ ਵਿਚ ਕਿਰਿਆਸ਼ੀਲ ਰਹਿੰਦੀ ਹੈ। ਪਰ ਧਿਆਨ ਰਹੇ ਭਾਸ਼ਾ ਸਹਿਜ-ਸੁਭਾਵਿਕ ਤਾਂ ਹੈ ਪਰ ਜਮਾਂਦਰੂ ਨਹੀਂ।

੭. ਸੱਭਿਆਚਾਰਿਕ ਸੰਚਾਰਨ

ਭਾਸ਼ਾਈ ਪਰੰਪਰਾਵਾਂ ਪੀੜ੍ਹੀ ਦਰ ਪੀੜ੍ਹੀ ਸੱਭਿਆਚਾਰਿਕ ਤੌਰ 'ਤੇ ਸੰਚਾਰਿਤ ਹੁੰਦੀਆਂ ਰਹਿੰਦੀਆਂ ਹਨ। ਪਰ ਇਥੇ ਧਿਆਨਯੋਗ ਨੁਕਤਾ ਇਹ ਹੈ ਕਿ ਭਾਸ਼ਾ ਦੇ ਇਕ ਕਾਲ ਬਿੰਦੂ ਉੱਪਰ ਕਈ ਪੀੜ੍ਹੀਆਂ ਦਾ ਪਰਸਪਰ ਮੇਲ ਹੁੰਦਾ ਹੈ। ਦਾਦਾ- ਪਿਤਾ-ਪੁੱਤਰ ਤਿੰਨੇ ਇਕੋ ਵੇਲੇ ਇਕ ਭਾਸ਼ਾ ਨਾਲ ਕੰਮ ਸਾਰ ਰਹੇ ਹੁੰਦੇ ਹਨ। ਇਉਂ ਭਾਸ਼ਾ ਉਪਰ ਕਿਸੇ ਇਕ ਪੀੜ੍ਹੀ ਦੀ ਮਾਲਕੀ ਨਹੀਂ ਹੁੰਦੀ। ਭਾਸ਼ਾ ਵਿਚ ਜੇ ਕੋਈ ਤਬਦੀਲੀ ਹੁੰਦੀ ਹੈ ਤਾਂ ਉਸ ਵਿਚ ਇੱਕੋ ਸਮੇਂ ਇਕ ਤੋਂ ਵਧੀਕ ਪੀੜ੍ਹੀਆਂ ਦਾ ਹੱਥ ਹੁੰਦਾ ਹੈ। ਤਬਦੀਲੀ, ਪੀੜ੍ਹੀ-ਦਰ-ਪੀੜ੍ਹੀ ਨਹੀਂ, ਪੀੜ੍ਹੀ-ਸਹਿ- ਪੀੜ੍ਹੀ ਹੁੰਦੀ ਹੈ। ਹਰੇਕ ਭਾਸ਼ਾ ਸੰਬੰਧਿਤ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਹੈ। ਭਾਸ਼ਾ ਰਾਹੀਂ ਸੱਭਿਆਚਾਰਿਕ ਕੀਮਤਾਂ, ਰੀਤੀ-ਰਿਵਾਜਾਂ ਅਤੇ ਸਾਕਾਚਾਰੀ ਸੰਬੰਧਾਂ ਦਾ ਸੰਚਾਰਨ ਹੁੰਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਭਾਸ਼ਾਈ ਸੰਚਾਰ ਹਮੇਸ਼ਾ ਸੱਭਿਆਚਾਰ ਅਨੁਸਾਰੀ ਹੁੰਦਾ ਹੈ। ਭਾਸ਼ਾ ਸੰਬੰਧਿਤ ਸੱਭਿਆਚਾਰ ਦੀ ਜਿਊਂਦੀ ਜਾਗਦੀ ਤਸਵੀਰ ਪੇਸ਼ ਕਰਦੀ ਹੈ। ਮਿਸਾਲ ਵਜੋਂ ਭਾਬੀ, ਨਣਾਨ, ਸਾਲੀ, ਤਾਇਆ, ਚਾਚਾ, ਮਾਮਾ, ਨਾਨਾ, ਨਾਨੀ, ਮਾਸੀ ਆਦਿ ਸਾਕਾਚਾਰੀ ਸ਼ਬਦਾਵਲੀ ਅਤੇ ਘੁੰਡ-ਚੁਕਾਈ, ਮੂੰਹ-ਦਿਖਾਈ, ਨ੍ਹਾਈ ਧੋਈ, ਗਾਨਾ ਬੰਨ੍ਹਣਾ ਅਤੇ ਮਾਈਏਂ ਪੈਣਾ ਆਦਿ ਅਨੇਕਾਂ ਸ਼ਬਦ-ਚਿੰਨ੍ਹ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਹੋਰ ਵੀ ਅਨੇਕਾਂ ਲੋਕਧਾਰਾਈ ਵਰਤਾਰਿਆਂ ਦਾ ਸੰਚਾਰਨ ਸੰਬੰਧਿਤ ਭਾਸ਼ਾ ਰਾਹੀਂ ਹੀ ਹੋ ਸਕਦਾ ਹੈ। ਗੱਲ ਕੀ ਭਾਸ਼ਾ ਸੱਭਿਆਚਾਰ ਨਾਲ ਓਤਪੋਤ ਹੁੰਦੀ ਹੈ। ਇਸ ਲਈ ਸੱਭਿਆਚਾਰਿਕ ਸੰਚਾਰਨ ਭਾਸ਼ਾ ਰਾਹੀਂ ਹੀ ਸੰਭਵ ਹੈ। ਇਹ ਵੀ ਮਾਨਵੀ ਭਾਸ਼ਾ ਦੀ ਹੀ ਇਕ ਅਹਿਮ ਵਿਸ਼ੇਸ਼ਤਾ ਹੈ, ਪਸ਼ੂ ਭਾਸ਼ਾ ਦੀ ਨਹੀਂ। ਇਸ ਤੋਂ ਇਲਾਵਾ ਭਾਸ਼ਾ ਦੀਆਂ ਕੁੱਝ ਹੋਰ ਵਿਸ਼ੇਸ਼ਤਾਵਾਂ ਵੀ ਉਜਾਗਰ ਹੁੰਦੀਆਂ ਹਨ। ਜਿਵੇਂ: ਭਾਸ਼ਾ ਸਿਸਟਮੀ ਹੈ, ਭਾਸ਼ਾ ਮਾਨਵ ਕੇਂਦਰਿਤ ਹੈ, ਭਾਸ਼ਾ ਪ੍ਰਤੀਕਾਤਮਿਕ ਹੈ, ਭਾਸ਼ਾ ਮੁਕਤਾਂਤਿਕ ਹੈ, ਭਾਸ਼ਾ ਸਮਾਜਿਕ ਵਰਤਾਰਾ ਹੈ, ਭਾਸ਼ਾ ਇੱਕ ਸੰਚਾਰ ਪ੍ਰਣਾਲੀ ਹੈ ਅਤੇ ਭਾਸ਼ਾ ਇਕ ਜਟਿਲ ਸੰਰਚਨਾ ਹੈ ਆਦਿ। ਪਰ ਇਹ ਸਾਰੀਆਂ ਵਿਸ਼ੇਸ਼ਤਾਵਾਂ ਉਪਰੋਕਤ ਵਿਸ਼ੇਸ਼ਤਾਵਾਂ ਦੀਆਂ ਸਹਾਇਕ ਹੀ ਹਨ, ਵੱਖਰੀਆਂ ਨਹੀਂ।

੨. ਪੰਜਾਬੀ ਭਾਸ਼ਾ

੨.੧ ਨਿਕਾਸ

ਪੰਜਾਬੀ ਦਾ ਬਾਕਾਇਦਾ ਦਸਤਾਵੇਜ਼ੀ ਇਤਿਹਾਸ ਤਾਂ ਲਗਪਗ ਨੌਵੀਂ-ਦਸਵੀਂ ਸਦੀ ਤੋਂ ਮਿਲਣਾ ਸ਼ੁਰੂ ਹੁੰਦਾ ਹੈ ਪਰ ਪੰਜਾਬੀ ਦੀ ਹੋਂਦ-ਹਸਤੀ ਬਹੁਤ ਪੁਰਾਤਨ ਤੇ ਸਨਾਤਨ ਹੈ। ਇਤਿਹਾਸਿਕ ਭਾਸ਼ਾ ਵਿਗਿਆਨ ਦੀਆਂ ਵਿਧੀਆਂ ਰਾਹੀਂ ਇਹ ਤੱਥ ਤਸਦੀਕਸ਼ੁਦਾ ਹੈ ਕਿ ਪੰਜਾਬੀ ਦੇ ਬੀਜ ਸੰਸਕ੍ਰਿਤ ਵਿਚ ਝਲਕਦੇ ਹਨ। ਵੇਦਿਕ ਸੰਸਕ੍ਰਿਤ ਪੰਜਾਬੀ ਦਾ ਸੋਮਾ ਹੈ। ਇਉਂ ਪੰਜਾਬੀ ਹੋਰਨਾਂ ਆਧੁਨਿਕ ਆਰੀਆ ਭਾਸ਼ਾਵਾਂ ਵਾਂਗ ਪ੍ਰਾਕ੍ਰਿਤਾਂ-ਅਪਭ੍ਰੰਸ਼ਾਂ ਦੇ ਪੜਾਵਾਂ ਵਿਚੋਂ ਲੰਘਦਿਆਂ ਆਪਣੇ ਹੁਣਵੇਂ ਸਰੂਪ ਵਿਚ ਪੇਸ਼ ਹੁੰਦੀ ਹੈ। ਸਪੱਸ਼ਟ ਹੈ ਕਿ ਪੰਜਾਬੀ ਆਧੁਨਿਕ ਭਾਰਤੀ ਆਰੀਆ ਭਾਸ਼ਾ ਹੈ।

ਪੰਜਾਬੀ ਦੀ ਆਖ਼ਰੀ ਕੜੀ ਅਪਭ੍ਰੰਸ਼ ਹੈ। ਪਹਿਲਾਂ ਕੁੱਝ ਭਾਸ਼ਾ ਚਿੰਤਕਾਂ ਨੇ ਇਹ ਖ਼ਿਆਲ ਵੀ ਪੇਸ਼ ਕੀਤਾ ਕਿ ਸਮੁੱਚੇ ਉਤਰੀ ਭਾਰਤ ਵਿਚ ਇਕੋ ਹੀ ਅਪਭ੍ਰੰਸ਼ ਪ੍ਰਚਲਿੱਤ ਸੀ ਪਰ ਇਹ ਤੱਥ ਦਰੁਸਤ ਨਹੀਂ ਸੀ ਕਿਉਂਕਿ ਬੋਲੀ ਤਾਂ ਬਾਰਾਂ ਕੋਹਾਂ ਤੇ ਬਦਲ ਜਾਂਦੀ ਹੈ। ਅੱਜ ਆਵਾਜਾਈ ਤੇ ਹੋਰ ਸਾਧਨਾਂ ਦੇ ਵਿਕਾਸ ਨਾਲ ਸਥਾਨਾਂ ਦੀਆਂ ਦੂਰੀਆਂ ਸਿਮਟ ਗਈਆਂ ਹਨ ਪਰ ਫੇਰ ਵੀ ਬੋਲੀ-ਭੇਦ ਬਾਰਾਂ ਕੋਹਾਂ ਉਤੇ ਅਜੇ ਵੀ ਮਿਲਦੇ ਹਨ। ਪ੍ਰਾਚੀਨ ਭਾਰਤ ਵਿਚ ਜਦੋਂ ਵਸੋਂ ਬੜੀ ਵਿਰਲੀ ਸੀ। ਆਵਾਜਾਈ ਦੇ ਸਾਧਨ ਵੀ ਨਹੀਂ ਸਨ ਉਦੋਂ ਵੱਖ-ਵੱਖ ਸੂਬਿਆਂ ਜਾਂ ਖੇਤਰਾਂ ਦੀਆਂ ਅਪਭ੍ਰੰਸ਼ਾਂ ਵਿਚ ਸਥਾਨਿਕ ਰੰਗਣ ਜ਼ਰੂਰੀ ਹੋਵੇਗੀ। ਭਾਸ਼ਾ ਸ਼ਾਸਤਰੀਆਂ ਦੀ ਖੋਜ ਵੀ ਕਈ ਅਪਭ੍ਰੰਸ਼ਾਂ ਦੀ ਦੱਸ ਪਾਉਂਦੀ ਹੈ। ਗ੍ਰੀਅਰਸਨ ਨੇ ਆਪਣੇ ਭਾਸ਼ਾ-ਸਰਵੇਖਣ ਵਿਚ ੧੨ ਅਪਭ੍ਰੰਸ਼ਾਂ ਦੱਸੀਆਂ ਹਨ। ਇਨ੍ਹਾਂ ਵਿਚੋਂ ੫ ਅਪਭ੍ਰੰਸ਼ਾਂ ਬਾਰੇ ਬਹੁਤੇ ਵਿਦਵਾਨਾਂ ਨੇ ਸਹਿਮਤੀ ਪ੍ਰਗਟਾਈ ਹੈ : ਸ਼ੋਰਸ਼ੇਨੀ, ਮਹਾਂਰਾਸ਼ਟਰੀ, ਮਾਗਧੀ, ਅਰਧ ਮਾਗਧੀ, ਅਤੇ ਪੈਸ਼ਾਚੀ। ਇਨ੍ਹਾਂ ਤੋਂ ਹੀ ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ, ਉੜੀਆ, ਬਿਹਾਰੀ, ਬੰਗਲਾ ਅਤੇ ਅਸਾਮੀ ਆਦਿ ਦਾ ਨਿਕਾਸ ਹੋਇਆ ਹੈ।

ਸਾਰੀਆਂ ਆਧੁਨਿਕ ਆਰੀਆ ਭਾਸ਼ਾਵਾਂ ਦਾ ਨਿਕਾਸ-ਬਿੰਦੂ ੧੦੦੦ ਈ: ਸਦੀ ਦੇ ਕਰੀਬ ਹੈ। ਪੰਜਾਬੀ ਦਾ ਆਰੰਭ ਬਿੰਦੂ ਵੀ ੧੦੦੦ ਈ: ਸਦੀ ਹੈ। ਇਸ ਤੋਂ ਬਾਅਦ ੩-੪ ਸਦੀਆਂ ਪੰਜਾਬੀ ਨੂੰ ਆਪਣੇ ਨਿੱਖੜਵੇਂ ਰੂਪ ਵਿਚ ਆਉਣ ਵਿਚ ਲੱਗ ਗਈਆਂ ਹੋਣਗੀਆਂ। ਇਸ ਲਈ ਇਹ ਸਦੀਆਂ ਸੰਕ੍ਰਾਂਤੀ ਕਾਲ ਦੀਆਂ ਹਨ। ਪੰਜਾਬੀ ਭਾਸ਼ਾ ਦੇ ਅਗਲੇ ਵਿਕਾਸ ਨੂੰ ਇਉਂ ਉਲੀਕਿਆ ਜਾ ਸਕਦਾ ਹੈ :

੨.੨ ਵਿਕਾਸ

ਪਹਿਲਾ ਵਿਕਾਸ ਪੜਾਅ (੧੦੦੦-੧੫੦੦)
ਦੂਜਾ ਵਿਕਾਸ ਪੜਾਅ (੧੫੦੦-੧੭੦੦)
ਤੀਜਾ ਵਿਕਾਸ ਪੜਾਅ (੧੭੦੦-੧੯੦੦)
ਚੌਥਾ ਵਿਕਾਸ ਪੜਾਅ (੧੯੦੦ ਤੋਂ ਹੁਣ ਤੱਕ)

ਦਸਵੀਂ ਗਿਆਰਵੀਂ ਸਦੀ ਵਿਚ ਪ੍ਰਚਲਿੱਤ ਲੋਕ- ਬੋਲੀਆਂ (ਅਪਭ੍ਰੰਸ਼ਾਂ) ਵਿਚੋਂ ਪੰਜਾਬੀ ਦਾ ਵਿਕਾਸ ਹੋਇਆ। ਇਸ ਸਮੇਂ ਦੀ ਭਾਸ਼ਾ ਨੂੰ ਅਵਹੱਟ ਦਾ ਨਾਂ ਵੀ ਦਿੱਤਾ ਗਿਆ। ਉਸ ਵੇਲੇ ਦੀ ਭਾਸ਼ਾ-ਵੰਨਗੀ ਅਦਹਮਾਨ ਦੀ ਰਚਨਾ ਸੰਦੇਹ-ਰਾਸੋ ਮਿਲਦੀ ਹੈ। ਇਸ ਦੀ ਭਾਸ਼ਾ ਅਪਭ੍ਰੰਸ਼ ਪ੍ਰਧਾਨ ਹੈ। ਇਸੇ ਤਰ੍ਹਾਂ ਦਾ ਭਾਸ਼ਾਈ ਸਰੂਪ ਨਾਥ ਜੋਗੀਆਂ ਦੀ ਭਾਸ਼ਾ ਦਾ ਹੈ ਜਿਸ ਨੂੰ ਸਾਧ-ਭਾਸ਼ਾ ਦਾ ਨਾਂ ਦਿੱਤਾ ਗਿਆ ਹੈ। ਬਾਰਵੀਂ ਸਦੀ ਵਿਚ ਫਰੀਦ ਬਾਣੀ ਦੀ ਭਾਸ਼ਾ ਅਪਭ੍ਰੰਸ਼ੀ ਰੂਪ ਵਿਚ ਹੀ ਪ੍ਰਾਪਤ ਹੁੰਦੀ ਹੈ ਪਰ ਇਹ ਸਪੱਸ਼ਟ ਤੋਂ ਸਪਸ਼ਟਤਰ ਹੈ। ਇਸ ਵਿਚ ਪੰਜਾਬੀ ਮੁਹਾਂਦਰਾ ਨਿਖੱਰਵਾਂ ਹੈ। ਇਹ ਭਾਸ਼ਾ ਲਹਿੰਦੀ (ਮੁਲਤਾਨੀ) ਹੈ। ਸੰਧੂਕੜੀ ਦੇ ਅੰਸ਼ ਵੀ ਇਸ ਭਾਸ਼ਾ ਵਿਚ ਹਨ ਅਤੇ ਅਰਬੀ ਫ਼ਾਰਸੀ ਦੇ ਵੀ। ਜਿਵੇਂ ਮਲਕ, ਪੁਰਸਲਾਤ, ਸ਼ੈਤਾਨ, ਅਲਹ, ਰੱਬ, ਆਦਿ। ਧੁਨੀ ਵਿਉਂਤ ਦੇ ਪੱਖ ਤੋਂ ਇਸ ਵਿਚ ਮੂਰਧਨੀ ਧੁਨੀਆਂ ਦੀ ਬਹੁਲਤਾ ਹੈ। ਵਿਆਕਰਨ ਦੇ ਪੱਖ ਤੋਂ ਕਿਰਿਆ ਰੂਪ : ਭਇਓਮ, ਥੀਓਮ ਆਦਿ ਲਹਿੰਦੀ-ਮੁਲਤਾਨੀ ਵਾਲੇ ਹਨ। ਸੰਸਕ੍ਰਿਤ ਵਾਂਗ /-ਸ/ ਪਿਛੇਤਰ ਵੀ ਹੈ: ਜਾਸੀ, ਕਰਸੀ ਆਦਿ। ਲਹਿੰਦੀ ਦੇ ਮੈਂਡਾ, ਤੈਂਡਾ ਪੜਨਾਂਵ ਹਨ। ਇਸ ਦੇ ਨਾਲ ਹੀ ਅਪਭ੍ਰੰਸ਼ੀ ਪੜਨਾਂਵ ਤੇ ਕਿਰਿਆ ਰੂਪ ਵੀ ਹਨ : ਮਾਹਿ, ਸੇਤੀ, ਹਉ, ਕਵਣ, ਬੁਝੈ, ਸੁਝੈ ਆਦਿ।

ਸੋਲਵੀਂ ਸਦੀ ਸਮੂਹ ਭਾਰਤੀ ਭਾਸ਼ਾਵਾਂ ਦਾ ਸੁਨਹਿਰੀ ਕਾਲ ਹੈ। ਇਸ ਵੇਲੇ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਬਹੁਪੱਖੀ ਵਿਕਾਸ ਹੋਇਆ। ਪੰਜਾਬੀ ਸਾਹਿਤ ਵਿਚ ਗੁਰਮਤਿ, ਕਿੱਸਾ, ਸੂਫ਼ੀ, ਵਾਰ, ਅਤੇ ਸਾਖੀ- ਸਾਹਿਤ ਰਚਿਆ ਗਿਆ। ਭਾਸ਼ਾਈ ਪੱਖ ਤੋਂ ਇਸ ਵੇਲੇ ਫ਼ਾਰਸੀ ਨੇ ਦੇਸੀ ਬੋਲੀਆਂ ਉਤੇ ਪ੍ਰਭਾਵ ਪਾਇਆ ਹੋਇਆ ਸੀ ਪਰ ਗੁਰੂ ਨਾਨਕ ਨੇ ਭਾਸ਼ਾ-ਜਾਗ੍ਰਿਤੀ ਦਾ ਸਨੇਹਾ ਦਿੱਤਾ :

ਆਦਿ ਪੁਰਖ ਕੋ ਅਲਹੁ ਕਹੀਐ, ਸੇਖਾ ਆਈ ਵਾਰੀ॥
ਘਰਿ ਘਰਿ ਮੀਆ ਸਭਨਾ ਜੀਆ, ਬੋਲੀ ਅਵਰ ਤੁਮਾਰੀ॥

ਇਕ ਪਾਸੇ ਵਿਦੇਸੀ ਹਾਕਮਾਂ ਦੀ ਫ਼ਾਰਸੀ ਬੋਲੀ ਲੋਕ- ਬੋਲੀਆਂ ਨੂੰ ਹਾਸ਼ੀਏ ’ਤੇ ਧੱਕ ਰਹੀ ਸੀ। ਦੂਜੇ ਪਾਸੇ ਪੰਡਿਤ ਵਰਗ ਲੋਕ-ਬੋਲੀਆਂ ਨੂੰ ਗੰਵਾਰੂ ਆਖ ਕੇ ਰੱਦ ਕਰ ਰਿਹਾ ਸੀ। ਇਸ ਸਥਿਤੀ ਵਿਚ ਗੁਰੂਆਂ ਨੇ ਲੋਕ-ਬੋਲੀਆਂ ਨੂੰ ਅਪਣਾਇਆ। ਭਾਸ਼ਾਈ ਪੱਖ ਤੋਂ ‘ਆਦਿ ਗ੍ਰੰਥ’ ਦੀ ਭਾਸ਼ਾ ਉਤਰੀ ਭਾਰਤ ਦੀਆਂ ਭਾਸ਼ਾਵਾਂ : ਲਹਿੰਦੀ, ਖੜੀ ਬੋਲੀ, ਸਧੂਕੜੀ, ਪਹਾੜੀ, ਮਾਝੀ, ਬਾਗੜੀ, ਬਾਂਗਰੂ, ਰਾਜਸਥਾਨੀ, ਸਿੰਧੀ, ਬ੍ਰਿਜੀ, ਅਵਧੀ, ਬਿਹਾਰੀ, ਆਦਿ ਦਾ ਖ਼ਜ਼ਾਨਾ ਹੈ। ਭਾਈ ਗੁਰਦਾਸ ਦੀਆ ਵਾਰਾਂ ਪੰਜਾਬੀ ਦੇ ਬਹੁ-ਭਾਂਤੇ ਸ਼ਬਦ-ਭੰਡਾਰ ਦਾ ਮਹਾਂਕੋਸ਼ ਹੈ। ਇਸ ਤੋਂ ਇਲਾਵਾ ਦਮੋਦਰ ਦੀ ਹੀਰ ਠੇਠ ਝਾਂਗੀ (ਮੁਲਤਾਨੀ) ਦਾ ਨਮੂਨਾ ਹੈ। ਪੀਲੂ ਨੇ ਪੇਂਡੂ ਮਾਝੀ ਵਿਚ ਮਿਰਜਾ ਲਿਖਿਆ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਟਕਸਾਲੀ ਪੰਜਾਬੀ ਵਿਚ ਹਨ। ਸ਼ਾਹ ਸ਼ਰਫ ਲਾਹੌਰੀ ਨੂੰ ਅਪਣਾਉਂਦਾ ਹੈ। ਪਰ ਸਮੁੱਚੇ ਤੌਰ ’ਤੇ ਇਸ ਵੇਲੇ ਦੀ ਭਾਸ਼ਾ ਵਿਚ ਤਦਭਵੀਕਰਨ ਦੀ ਪ੍ਰਵਿਰਤੀ ਭਾਰੂ ਹੈ। ਇਸੇ ਸਮੇਂ ਜੇ ਸੰਸਕ੍ਰਿਤ ਸੋਮੇ ਤੋਂ ਹਸਤ, ਸਤਯ, ਦੁਗਧ ਆਦਿ ਸ਼ਬਦ ਆਏ ਤਾਂ ਉਹ ਪੰਜਾਬੀ ਵਿਚ ਹੱਥ, ਸੱਚ, ਦੁੱਧ ਹੋ ਗਏ। ਜੇ ਫ਼ਾਰਸੀ ਤੋਂ ਕਾਗਜ਼, ਨਜ਼ਰ ਆਏ ਤਾਂ ਉਹ ਕਾਗਦ, ਨਦਰ ਬਣ ਗਏ। ਇਉਂ ਇਥੇ ਅਪਭ੍ਰੰਸ਼ੀ ਪ੍ਰਭਾਵ ਘਟ ਗਿਆ ਤੇ ਪੰਜਾਬੀਅਤ ਦਾ ਰੰਗ ਵੱਧ ਗਿਆ। ਸਭ ਤੋਂ ਅਹਿਮ ਗੱਲ ਇਸ ਕਾਲਖੰਡ ਵਿਚ ਪੰਜਾਬੀ ਦੀ ਮੌਲਿਕ ਲਿਪੀ, ਗੁਰਮੁਖੀ ਦਾ ਵਿਕਾਸ ਹੋਇਆ।

ਅਠਾਰਵੀਂ ਸਦੀ ਦੀ ਚੜ੍ਹਤ ਨਾਲ ਪੰਜਾਬੀ ਦਾ ਨਵੇਕਲਾ ਦੌਰ ਸ਼ੁਰੂ ਹੁੰਦਾ ਹੈ। ਅਰਬੀ, ਫ਼ਾਰਸੀ ਤੇ ਤੁਰਕੀ ਪ੍ਰਭਾਵ ਤਾਂ ਰਾਜਸੀ ਕਾਰਨਾਂ ਕਰਕੇ ਪਹਿਲਾਂ ਤੋਂ ਹੀ ਆਰੰਭ ਹੋ ਗਏ ਸਨ ਪਰ ਇਸ ਕਾਲ ਵਿਚ ਇਹ ਬਹੁਤ ਵਧ ਜਾਂਦੇ ਹਨ। ਖ਼ਾਸ ਕਰਕੇ ਪੰਜਾਬੀ ਕਿੱਸਾ ਕਾਵਿ ਦੀ ਭਾਸ਼ਾ ਫ਼ਾਰਸੀ ਪ੍ਰਧਾਨ ਹੈ। ਜੇ ਹੀਰ ਵਾਰਿਸ ਨੂੰ ਪ੍ਰਤੀਨਿਧ ਰੂਪ ਮੰਨ ਲਈਏ ਤਾਂ ਸਭ ਤੋਂ ਵੱਧ ਫ਼ਾਰਸੀ-ਅਰਬੀ ਪ੍ਰਭਾਵ ਇਸ ਵਿਚ ਝਲਕਦਾ ਹੈ । ਕਿੱਸੇ ਦਾ ਆਰੰਭਲਾ ਬੰਦ ‘ਅਵਲ ਹਮਦ ਖੁਦਾਇ ਦਾ ਬਿਰਦ ਕੀਚੈ’ ਪੂਰੇ ਦਾ ਪੂਰਾ ਅਰਬੀ-ਫ਼ਾਰਸੀ ਹੈ। ਇਸ ਤੋਂ ਇਲਾਵਾ ਹਾਸ਼ਮ, ਮੁਕਬਲ ਅਤੇ ਬੁਲ੍ਹੇ ਸ਼ਾਹ, ਅਲੀ ਹੈਦਰ ਆਦਿ ਸੂਫ਼ੀਆਂ ਦੀ ਭਾਸ਼ਾ ਵੀ ਇਸੇ ਰੰਗ ’ਚ ਰੰਗੀ ਹੈ। ਫ਼ਾਰਸੀ ਦੀ ਸ਼ਬਦਾਵਲੀ ਤਤਸਮ ਰੂਪ ਵਿਚ ਅਪਣਾਈ ਗਈ। ਸਿੱਟੇ ਵਜੋਂ /ਖ਼, ਗ਼, ਜ਼, ਫ਼/ ਆਦਿ ਧੁਨੀਆਂ ਪੰਜਾਬੀ ਵਿਚ ਪ੍ਰਵੇਸ਼ ਕਰ ਗਈਆਂ। ਵਿਆਕਰਨ ਦੇ ਪੱਖ ਤੋਂ ਫ਼ਾਰਸੀ ਅਗੇਤਰ/ ਪਿਛੇਤਰ ਵੀ ਪੰਜਾਬੀ ਵਿਚ ਦਾਖ਼ਲ ਹੋਏ। ਬੇਵਕਤ, ਬੇਕਦਰ, ਬਦਮਾਸ਼, ਖਾਨਦਾਨ, ਮਿਹਰਬਾਨ ਆਦਿ ਸ਼ਬਦਾਂ ਵਿਚ /ਬੇ-/, /ਬਦ-/ ਅਗੇਤਰ ਅਤੇ /-ਦਾਨ/, /-ਬਾਨ/ ਪਿਛੇਤਰ ਫ਼ਾਰਸੀ ਹਨ। ਇੱਕ ਅੰਦਾਜ਼ੇ ਮੁਤਾਬਕ ੩੦ ਫੀਸਦੀ ਤਤਸਮ ਅਤੇ ੨੦ ਫ਼ੀਸਦੀ ਤਦਭਵ ਸ਼ਬਦ ਸ਼ਾਮਲ ਹੋਏ। ਇਹ ਪ੍ਰਭਾਵ ਅੰਗਰੇਜ਼ਾਂ ਦੇ ਆੳਣ ਤੋਂ ਬਾਅਦ ਵੀ ਰਿਹਾ।

੧੮੫੦ ਤੋਂ ਬਾਅਦ ਪੰਜਾਬ ਅੰਗਰੇਜ਼ੀ ਰਾਜ ਅਧੀਨ ਆ ਗਿਆ। ਅੰਗਰੇਜ਼ਾਂ ਨੇ ਪੰਜਾਬ ਤੇ ਸੌ ਕੁ ਸਾਲ ਰਾਜ ਕੀਤਾ ਜੋ ਇਸਲਾਮੀ ਹਕੂਮਤ ਦੇ ਸਮੇਂ ਨਾਲੋਂ ਬਹੁਤ ਘੱਟ ਹੈ ਪਰ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਫ਼ਾਰਸੀ ਨਾਲੋਂ ਵੱਧ ਪਿਆ। ਪੰਜਾਬੀ ਦੀਆਂ ਭਾਸ਼ਾਈ ਸਥਿਤੀਆਂ ਬਦਲ ਗਈਆਂ। ਪੰਜਾਬ ਦੀ ਜੀਵਨ ਜਾਚ ਅੰਗਰੇਜ਼ੀ ਰੰਗ ਵਿਚ ਰੰਗੀ ਗਈ । ਪੰਜਾਬੀ ਸਾਹਿਤ ’ਤੇ ਅੰਗਰੇਜ਼ੀ ਸਾਹਿਤ ਦਾ ਪ੍ਰਭਾਵ ਪਿਆ। ਨਵੇਂ ਸਾਹਿਤ ਰੂਪ: ਕਵਿਤਾ, ਨਾਵਲ, ਨਾਟਕ ਤੇ ਵਿਭਿੰਨ ਵਾਰਤਕ ਰੂਪ ਹੋਂਦ ਵਿਚ ਆ ਗਏ। ਇਸ ਨਾਲ ਹੀ ਪੰਜਾਬੀ ਦੀ ਵਾਕ ਬਣਤਰ ਅੰਗਰੇਜ਼ੀ ਪ੍ਰਭਾਵੀ ਹੋ ਗਈ। ਸਾਰੇ ਵਿਰਾਮ ਚਿੰਨ੍ਹ ਅੰਗਰੇਜ਼ੀ ਵਾਲੇ ਪੰਜਾਬੀ ਵਿਚ ਸ਼ਾਮਲ ਹੋ ਗਏ। ਸਭ ਤੋਂ ਵੱਡੀ ਗੱਲ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੇ ਪੰਜਾਬੀ ਭਾਸ਼ਾ ਨੂੰ ਸਿੱਖਾਂ ਦੀ ਭਾਸ਼ਾ ਬਣਾ ਦਿੱਤਾ। ਇਸ ਦੇ ਨਾਲ ਹੀ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ। ਦੇਸ ਆਜ਼ਾਦ ਵੀ ਹੋਇਆ ਤੇ ਦੇਸ ਦੀ ਵੰਡ ਵੀ ਹੋਈ । ਆਜ਼ਾਦ ਭਾਰਤ ਵਿਚ ਪੰਜਾਬੀ ਦੇ ਵਿਕਾਸ ਦਾ ਫਿਰ ਨਵਾਂ ਦੌਰ ਸ਼ੁਰੂ ਹੋਇਆ। ਨਵੇਂ ਆਜ਼ਾਦ ਭਾਰਤ ਵਿਚ ਵੀ ਪੰਜਾਬੀ ਰਾਜਸੀ ਮਾਰ ਹੇਠ ਆਈ। ਪਰ ਪੰਜਾਬੀ ਨੂੰ ਰਾਜਸੀ ਰੁਤਬਾ ਵੀ ਮਿਲਿਆ। ਇਹ ਰਾਜ ਭਾਸ਼ਾ ਬਣੀ। ਇਉਂ ਪੰਜਾਬੀ ਨੂੰ ਵਿਕਸਿਤ ਕਰਨ ਦੇ ਅਨੇਕਾਂ ਉਪਰਾਲੇ ਕੀਤੇ ਗਏ। ਭਾਸ਼ਾ ਵਿਭਾਗ ਸਥਾਪਿਤ ਹੋਇਆ। ਪੰਜਾਬੀ ਉਚੇਰੀ ਸਿੱਖਿਆ ਦਾ ਮਾਧਿਅਮ ਬਣੀ । ਪੰਜਾਬੀ ਦੀ ਉਚੇਰੀ ਪੜ੍ਹਾਈ- ਲਿਖਾਈ ਆਰੰਭ ਹੋਈ। ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਪੰਜਾਬੀ ਦੇ ਵਿਕਾਸ ਲਈ ਯਤਨਸੀਲ ਹੋਈਆਂ। ਤਕਨੀਕੀ ਪੱਧਰ ਉਤੇ ਪੰਜਾਬੀ ਦਾ ਟਕਸਾਲੀਕਰਨ ਹੋਇਆ। ਅਨੇਕਾਂ ਕੋਸ਼ ਤਿਆਰ ਕੀਤੇ ਗਏ। ਹੁਣ ਪੰਜਾਬੀ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡਾ ਪ੍ਰਭਾਵ ਅੰਗਰੇਜ਼ੀ ਦੀ ਤਤਸਮ ਸ਼ਬਦਾਵਲੀ ਦਾ ਹੈ। ਅੰਗਰੇਜ਼ੀ ਦੇ ਅਨੇਕਾਂ ਸ਼ਬਦ ਤਤਸਮ ਰੂਪ ਵਿਚ ਪੰਜਾਬੀ ਵਿਚ ਅਪਣਾਏ ਜਾ ਰਹੇ ਹਨ। ਪੰਜਾਬੀ ਵੱਡੇ ਪੱਧਰ ਉਤੇ ਵਿਦੇਸ਼ਾਂ ਵਿਚ ਜਾ ਵਸੇ ਹਨ। ਇਉਂ ਅੱਜ ਇੱਕ ਪਾਸੇ ਤਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਬੋਲਬਾਲਾ ਹੋ ਰਿਹਾ ਹੈ ਪਰ ਇਸ ਦੇ ਨਾਲ ਹੀ ਪੰਜਾਬੀ ਲਈ ਕੁੱਝ ਨਵੀਆਂ ਚੁਣੌਤੀਆਂ ਵੀ ਦਰਪੇਸ਼ ਹਨ। ਮੌਜੂਦਾ ਦੌਰ ਵਿਸ਼ਵੀਕਰਨ ਦਾ ਹੈ। ਗਿਆਨ, ਵਿਗਿਆਨ, ਤਕਨਾਲੋਜੀ ਦਾ ਪਾਸਾਰ ਹੋਇਆ ਤੇ ਹੋ ਰਿਹਾ ਹੈ। ਇਹ ਸਾਰੀਆਂ ਖੇਤਰੀ ਭਾਸ਼ਾਵਾਂ ਲਈ ਚੁਣੌਤੀ ਹੈ। ਹੁਣ ਉਹੀ ਭਾਸ਼ਾ ਵਜੂਦ ਕਾਇਮ ਰੱਖ ਸਕੇਗੀ ਜਿਸ ਵਿਚ ਗਿਆਨ, ਵਿਗਿਆਨ ਅਤੇ ਤਕਨਾਲੋਜੀ ਵਰਗੇ ਵਿਸ਼ਿਆਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਹੋਵੇਗੀ। ਪੰਜਾਬੀ ਦੀ ਹੋਂਦ-ਹਸਤੀ ਨੂੰ ਕਾਇਮ ਰੱਖਣ ਲਈ ਇਸ ਨੂੰ ਗਿਆਨ- ਵਿਗਿਆਨ ਤੇ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਜ਼ਰੂਰੀ ਹੈ। ਇਹ ਤਦ ਹੀ ਸੰਭਵ ਹੋ ਸਕੇਗਾ ਜੇ ਪੰਜਾਬੀ ਵਿਚ ਮੈਡੀਕਲ ਸਾਇੰਸ ਅਤੇ ਇੰਜਨੀਅਰਿੰਗ ਆਦਿ ਵਿਸ਼ਿਆਂ ਦੀ ਉਚੇਰੀ ਪੜ੍ਹਾਈ ਸੁਲੱਭ ਕਰਵਾਈ ਜਾਵੇਗੀ। ਇਸ ਲਈ ਹੁਣ ਪੰਜਾਬੀ ਦਾ ਯੋਜਨਾਬੱਧ ਵਿਕਾਸ ਕਰਨ ਦੀ ਜ਼ਰੂਰਤ ਹੈ।

੨.੩ ਵਿਸ਼ੇਸ਼ਤਾਵਾਂ

ਕੁਦਰਤ ਦੀ ਰੰਗੀਨੀ ਨੇ ਪੰਜਾਬ ਨੂੰ ਦੇਵ ਭੂਮੀ, ਬੀਰ ਭੂਮੀ ਅਤੇ ਕਲਾ ਭੂਮੀ ਹੋਣ ਦਾ ਮਾਣ ਬਖ਼ਸ਼ਿਆ ਹੈ। ਇਸੇ ਲਈ ਇਥੋਂ ਦੇ ਵਾਸੀਆਂ ਵਿਚ ਵਿਸਮਾਦੀ ਰੰਗ ਹੈ। ਇਨ੍ਹਾਂ ਦੇ ਬੋਲਾਂ ਵਿਚ ਕਰਾਰ, ਲਿਖਣ ਵਿਚ ਸੁਹਜ ਤੇ ਸੋਚਣ ਵਿਚ ਕਲਪਨਾ ਹੈ। ਇਥੇ ਪੈਦਾ ਹੋਇਆ ਸਾਹਿਤ, ਸੰਸਾਰ-ਸਾਹਿਤ ਦਾ ਪ੍ਰਚੀਨ ਨਮੂਨਾ ਹੈ। ਇਸ ਵਿਚ ਊਸ਼ਾ ਦੀ ਲਾਲੀ ਹੈ, ਤ੍ਰੇਲ ਦੀ ਡਲਕ ਹੈ, ਹਰਿਆਲੀ ਹੈ ਅਤੇ ਪੰਛੀਆਂ ਦੀ ਮਿੱਠੀ ਚਹਿਕ ਹੈ। ਇਹੋ ਸਾਹਿਤ ਵੇਦਿਕ ਸੰਸਕ੍ਰਿਤ ਤੋਂ ਪ੍ਰਾਕ੍ਰਿਤ, ਪਾਲੀ ਤੇ ਅਪਭ੍ਰੰਸ਼ ਦਾ ਰੂਪ ਧਾਰਦਾ ਹੋਇਆ, ਰਿਸ਼ੀਆਂ, ਮੁਨੀਆਂ, ਭਿਖਸ਼ੂਆਂ, ਸਿੱਧਾਂ, ਜੋਗੀਆਂ ਦੇ ਕੰਠਾਂ ਤੋਂ ਅੰਮ੍ਰਿਤਧਾਰਾ ਵਹਾਉਂਦਾ, ਫ਼ਰੀਦ ਦੇ ਗੁਰੂ ਨਾਨਕ ਦੇ ਬੋਲਾਂ ਦੁਆਰਾ ਆਧੁਨਿਕਤਾ ਦੇ ਸਰੂਪ ਵੱਲ ਵਧਿਆ। ਜਿਵੇਂ ਪੰਜਾਬੀ ਲੋਕ ਅਦਭੁੱਤ ਇਨਸਾਨ ਹਨ, ਉਵੇਂ ਇਨ੍ਹਾਂ ਦਾ ਸਾਹਿਤ ਅਤੇ ਇਨ੍ਹਾਂ ਦੀ ਭਾਸ਼ਾ ਵੀ ਵਚਿੱਤਰ ਹੈ। ਇਸਦੀ ਸ਼ਬਦਾਵਲੀ ਵਿਚ ਆਕਾਸ਼ ਦੀ ਸੱਤਰੰਗੀ ਪੀਂਘ ਦੇ ਨਜ਼ਾਰੇ ਵਿਦਮਾਨ ਹਨ। ਇਸ ਵਿਚ ਵੇਦਿਕ ਸੰਸਕ੍ਰਿਤ ਦਾ ਸੰਜਮ ਹੈ, ਪ੍ਰਾਕ੍ਰਿਤ ਦੀ ਸੁਭਾਵਿਕਤਾ ਹੈ, ਅਪਭ੍ਰੰਸ਼ ਦਾ ਕੜਾਕਾ ਹੈ, ਅਰਬੀ-ਫ਼ਾਰਸੀ ਦੀ ਗੁੰਜਾਰ ਹੈ ਅਤੇ ਯੂਰਪੀ ਬੋਲੀਆਂ ਦੀ ਡਿੰਗ-ਡਾਂਗ ਹੈ। ਕਿਸੇ ਹੋਰ ਇਕੱਲੀ ਭਾਸ਼ਾ ਵਿਚ ਏਨੀ ਵੰਨ-ਸੁਵੰਨਤਾ ਨਹੀਂ ਹੈ। ਪੰਜਾਬੀ ਅਤੇ ਹਿੰਦੀ ਆਦਿ ਹੋਰ ਭਾਸ਼ਾਵਾਂ ਬੋਲਣ ਵਾਲੇ ਭਾਸ਼ਾ-ਭਾਈਚਾਰਿਆਂ ਵਿਚਕਾਰ ਦਰਿਆਵਾਂ ਦੇ ਕੁਦਰਤੀ ਵਹਿਣ ਲੀਕ ਵਾਹੁੰਦੇ ਹਨ। ਇਹ ਸਬੱਬ ਦੀ ਗੱਲ ਹੈ ਕਿ ਸਮੇਂ ਦੇ ਅਟਿਕਵੇਂ ਵੇਗ ਨੇ ਦਰਿਆ ਸਰਸਵਤੀ ਨੂੰ ਲੋਪ ਕਰ ਦਿੱਤਾ ਅਤੇ ਇਉਂ ਬੜੀ ਸਪੱਸ਼ਟ ਤੇ ਮੋਟੀ ਭਾਸ਼ਾਈ ਰੇਖਾ ਅਣਪਛਾਤੀ ਹੋ ਗਈ। ਪੰਜਾਬੀ ਭੂਗੋਲਿਕ ਰੇਖਾ ਅਤੇ ਭਾਸ਼ਾਈ ਵਿਸ਼ੇਸ਼ਤਾਵਾਂ ਨੂੰ ਨੀਝ ਲਾ ਕੇ ਵੇਖਣ ਦੀ ਲੋੜ ਹੈ। ਜਦੋਂ ਕੋਈ ਨਿਰਪੱਖ ਖੋਜੀ ਇਕ ਟਿੱਕ ਹੋ ਕੇ ਬਰੀਕ ਬੀਨੀ ਨਾਲ ਵੇਖਣ ਦਾ ਤਰੱਦਦ ਕਰੇਗਾ ਤਾਂ ਅਸਮਾਨੀ ਤਾਰਾਮੰਡਲ ਵਿਚੋਂ ਛੜਿਆਂ ਦੇ ਰਾਹ ਵਾਂਗ ਪੰਜਾਬੀ ਦਾ ਵਿਲੱਖਣ ਮੁਖੜਾ ਤੇ ਨਵੇਕਲਾ ਵਜੂਦ ਉੱਭਰ ਕੇ ਨਜ਼ਰੀਂ ਆ ਜਾਵੇਗਾ।

ਪੰਜਾਬੀ ਭਾਸ਼ਾ ਦਾ ਪੁਰਾਣਾ ਰੂਪ ਸੰਯੋਗਾਤਮਿਕ ਸੀ। ਪਰ ਅੱਜ-ਕਲ੍ਹ ਦੀ ਪੰਜਾਬੀ ਵਧੇਰੇ ਵਿਯੋਗਾਤਮਿਕ ਰੂਪ ਵਾਲੀ ਹੈ। ਮਸਲਨ ਜੇ ਅਸੀਂ ਕਹਿੰਦੇ ਹਾਂ ਕਿ ਉਹ ਘਰੋਂ ਆਇਆ ਤਾਂ ਇਸ ਵਾਕ ਦੇ ਸ਼ਬਦ ਘਰੋਂ ਦਾ ਰੂਪ ਸੰਯੋਗਾਤਮਿਕ ਹੈ। ਪਰ ਜੇ ਅਸੀਂ ਕਹੀਏ ਉਹ ਘਰ ਤੋਂ ਆਇਆ ਤਾਂ ਇਥੇ ਘਰ ਤੋਂ ਪੰਜਾਬੀ ਦਾ ਵਿਯੋਗਾਤਮਿਕ ਰੂਪ ਹੈ। ਹਿੰਦੀ ਭਾਸ਼ਾ ਵਿਯੋਗਾਤਮਿਕ ਹੈ। ਹਿੰਦੀ ਵਿਚ ਕਿਹਾ ਜਾਵੇਗਾ ਵਹ ਘਰ ਸੇ ਆਇਆ। ਪੰਜਾਬੀ ਨੇ ਦੋਵੇਂ ਰੂਪ ਸਾਂਭੇ ਹੋਏ ਹਨ। ਬੋਲਚਾਲ ਦੀ ਪੰਜਾਬੀ ਵਿਚ ਸੰਯੋਗਾਤਮਿਕ ਰੂਪ ਪ੍ਰਧਾਨ ਹੈ ਅਤੇ ਲਿਖਤੀ ਪੰਜਾਬੀ ਵਿਚ ਵਿਯੋਗਾਤਮਿਕ ਰੂਪ ਪ੍ਰਧਾਨ ਹੈ।

ਪੰਜਾਬੀ ਭਾਸ਼ਾ ਦੀ ਦੂਜੀ ਭਾਸ਼ਾਈ ਵਿਸ਼ੇਸ਼ਤਾ ਇਹ ਹੈ ਕਿ ਇਹ ਸੁਰਾਤਮਕ (Tonal) ਭਾਸ਼ਾ ਹੈ। ਭਾਰਤ ਦੀਆਂ ਸਾਰੀਆਂ ਆਰੀਆਂ-ਭਾਸ਼ਾਵਾਂ ਵਿਚੋਂ ਪੰਜਾਬੀ ਹੀ ਇਕ ਅਜਿਹੀ ਭਾਸ਼ਾ ਹੈ ਜਿਸ ਵਿਚ ਸੁਰਾਂ ਦੀ ਸਾਰਥਿਕ ਵਰਤੋਂ ਹੁੰਦੀ ਹੈ। ਸੁਰ ਪੰਜਾਬੀ ਦਾ ਇਕ ਪ੍ਰਮੁੱਖ ਪਛਾਣ ਚਿੰਨ੍ਹ ਹੈ। ਮਸਲਨ ਜਦੋਂ ਅਸੀਂ ਚਾਹ, ਰਾਹ, ਪੀਹ ਆਦਿ ਸ਼ਬਦਾਂ ਦਾ ਉਚਾਰਨ ਕਰਦੇ ਹਾਂ ਤਾਂ ਇਨ੍ਹਾਂ ਸ਼ਬਦਾਂ ਦੇ ਅੰਤਲੀ ਧੁਨੀ ਦਾ ਉਚਾਰਨ ਨਹੀਂ ਕਰਦੇ ਸਗੋਂ ਸਾਹ ਦਾ ਇਕ ਧੱਕਾ ਜਿਹਾ ਹੀ ਮਾਰਦੇ ਹਾਂ। ਸਾਹ ਦੇ ਇਸ ਧੱਕੇ ਨੂੰ ਹੀ ਸੁਰ ਕਿਹਾ ਜਾਂਦਾ ਹੈ। ਇਉਂ ਅਸੀਂ ਆਪਣੀ ਆਵਾਜ਼ ਨੂੰ ਉੱਚਾ ਜਾਂ ਨੀਵਾਂ ਕਰਕੇ ਬੋਲਦੇ ਹਾਂ ਜਿਸ ਨਾਲ ਸ਼ਬਦਾਂ ਦੇ ਅਰਥਾਂ ਵਿਚ ਵੀ ਫ਼ਰਕ ਪੈ ਜਾਂਦਾ ਹੈ। ਜਿਵੇਂ /ਚਾਹ/ ਤੇ /ਝਾ/ ਦੇ ਅਰਥਾਂ ਵਿਚ ਫ਼ਰਕ ਹੈ।

ਪੰਜਾਬੀ ਵਿਚ ਸੁਰ ਦਾ ਵਿਕਾਸ, ਇਸ ਦੀਆਂ ਨਾਦੀ (ਸਘੋਸ਼), ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਦੇ ਲੋਪ ਹੋਣ ਨਾਲ ਅਤੇ /ਹ/ ਧੁਨੀ ਦੇ ਆਪਣੇ ਨੇੜਲੇ ਸਵਰ ਦੇ ਪ੍ਰਭਾਵ ਹੇਠਾਂ ਆ ਜਾਣ ਨਾਲ ਹੋਇਆ ਹੈ। ਮਸਲਨ ਜਦੋਂ ਅਸੀਂ ਕੰਘਾ, ਮੱਝ, ਕੱਢ, ਕੰਧ ਅਤੇ ਲਾਭ ਆਦਿ ਸ਼ਬਦਾਂ ਦਾ ਉਚਾਰਨ ਕਰਦੇ ਹਾਂ ਤਾਂ ਇਨ੍ਹਾਂ ਸ਼ਬਦਾਂ ਦੇ ਅੰਤਲੀਆਂ ਧੁਨੀਆਂ ਦਾ ਉਚਾਰਨ ਕ੍ਰਮਵਾਰ ਗ, ਜ, ਡ, ਦ ਅਤੇ ਬ ਕਰਦੇ ਹਾਂ। ਭਾਵੇਂ ਲਿਖਤ ਵਿਚ ਹਿੰਦੀ ਉਚਾਰਨ ਵਾਲੀਆਂ ਧੁਨੀਆਂ ਹੀ ਲਿਖਦੇ ਹਾਂ ਪਰ ਪੰਜਾਬੀ ਵਿਚ ਇਨ੍ਹਾਂ ਧੁਨੀਆਂ ਦਾ ਉਚਾਰਨ ਬਾਕੀ ਭਾਰਤੀ ਭਾਸ਼ਾਵਾਂ ਨਾਲੋਂ ਬਿਲਕੁਲ ਵੱਖਰਾ ਹੈ।

ਪੰਜਾਬੀ ਭਾਸ਼ਾ ਦੀ ਤੀਜੀ ਭਾਸ਼ਾਈ ਵਿਸ਼ੇਸ਼ਤਾ ਇਹ ਹੈ ਕਿ ਪੰਜਾਬੀ ਦੇ ਹਰ ਨਾਂਵ ਸ਼ਬਦ ਦਾ ਕੋਈ ਨਾ ਕੋਈ ਲਿੰਗ ਜ਼ਰੂਰ ਹੁੰਦਾ ਹੈ। ਭਾਵ ਹਰੇਕ ਨਾਂਵ ਸ਼ਬਦ ਪੁਲਿੰਗ ਹੋਵੇਗਾ ਜਾਂ ਇਲਿੰਗ। ਇਸ ਤੋਂ ਬਿਨਾਂ ਕੋਈ ਨਾਂਵ ਨਹੀ ਹੁੰਦਾ, ਭਾਵੇਂ ਉਹ ਬੇਜਾਨ ਵਸਤੂ ਹੀ ਕਿਉਂ ਨਾ ਹੋਵੇ। ਲਿੰਗ ਪੰਜਾਬੀ ਨਾਂਵ ਸ਼ਬਦਾਂ ਦਾ ਕੋਸ਼ਗਤ ਲੱਛਣ ਹੈ ਅਰਥਾਤ ਲਿੰਗ ਦਾ ਲੱਛਣ ਪੰਜਾਬੀ ਨਾਂਵ ਸ਼ਬਦਾਂ ਦੀ ਅੰਦਰੂਨੀ ਬਣਤਰ ਵਿਚ ਹੀ ਸਮੋਇਆ ਹੁੰਦਾ ਹੈ। ਪੰਜਾਬੀ ਦੇ ਨਾਂਵ ਸ਼ਬਦਾਂ ਦੀ ਪੜਚੋਲ ਕਰਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ ਭਾਸ਼ਾ ਵਿਚ ਪੁਲਿੰਗ ਨਾਂਵਾਂ ਦੀ ਗਿਣਤੀ, ਇਲਿੰਗ ਨਾਵਾਂ ਨਾਲੋਂ ਵਧੇਰੇ ਹੈ। ਮਸਲਨ ਜੇ ਅਸੀਂ ਆਪਣੇ ਸਰੀਰ ਦੇ ਅੰਗਾਂ ਦੇ ਆਮ ਵਰਤੋਂ ਵਿਚ ਆਉਂਦੇ ਨਾਂਵ ਸ਼ਬਦਾਂ ਦੀ ਸੂਚੀ ਬਣਾਈਏ ਤਾਂ ਇਸ ਤੱਥ ਦੀ ਪ੍ਰੋੜਤਾ ਸਹਿਵਨ ਹੀ ਹੋ ਜਾਂਦੀ ਹੈ: ਸਿਰ, ਮੱਥਾ, ਨੱਕ, ਡੇਲਾ, ਤਾਲੂ, ਕੰਨ, ਮੂੰਹ, ਬੁੱਲ੍ਹ, ਮਸੂੜਾ, ਸੰਘ ਜਾਂ ਦੰਦ, ਜਬਾੜਾ, ਮੋਢਾ, ਗੁੱਟ, ਹੱਥ, ਅੰਗੂਠਾ, ਨਹੁੰ, ਪੋਟਾ, ਲੱਕ, ਢਿੱਡ, ਪਿੰਡਾ, ਪੱਟ, ਗੋਡਾ, ਗਿੱਟਾ, ਪੱਬ, ਵਾਲ ਆਦਿ ਸਾਰੇ ਨਾਂਵ ਪੁਲਿੰਗ ਸ਼੍ਰੇਣੀ ਦੇ ਹਨ। ਪਰ ਇਸ ਦੇ ਮੁਕਾਬਲੇ ਤੇ ਇਲਿੰਗ ਸ਼੍ਰੇਣੀ ਦੇ ਨਾਂਵ ਘਟ ਹਨ। ਇਸੇ ਲਈ ਪੰਜਾਬੀ ਭਾਸ਼ਾ ਦਾ ਇਕ ਸੁਭਾਵਿਕ ਗੁਣ ਮਰਦਾਊਪੁਣਾ ਵੀ ਗਿਣਿਆ ਜਾਂਦਾ ਹੈ।

ਇਸ ਤੋ ਇਲਾਵਾ ਸਰਲਤਾ, ਸਪੱਸ਼ਟਤਾ ਅਤੇ ਸਾਦਗੀ ਪੰਜਾਬੀ ਦਾ ਵਿਰਸਾ ਹੈ। ਪੰਜਾਬੀਆਂ ਨੂੰ ਵਲ ਫੇਰ ਪਾ ਕੇ, ਕੁੱਝ ਕਹਿਣ ਦੀ ਆਦਤ ਨਹੀਂ। ਭਾਵ ਪੰਜਾਬੀ ਵਿਚ ਹਿੰਦੀ-ਉਰਦੂ ਵਾਂਗ ਚੋਚਲੀ ਸ਼ਬਦਾਵਲੀ ਦੀ ਅਣਹੋਂਦ ਹੈ। ਚੁਨਰੀਆਂ, ਗਗਰੀਆਂ, ਪਨੀਆਂ, ਸਈਆਂ, ਛਲੀਆਂ, ਰਸੀਆ ਆਦਿ ਨਖ਼ਰੀਲੇ ਸ਼ਬਦ ਪੰਜਾਬੀ ਵਿਚ ਨਹੀਂ ਵਰਤੇ ਜਾਂਦੇ। ਨਾ ਹੀ ਪੰਜਾਬੀ ਵਿਚ ਚਾਪਲੂਸੀ ਵਾਲੇ ਸ਼ਬਦ ਦੌਲਤਖ਼ਾਨਾ, ਗਰੀਬਖ਼ਾਨਾ ਆਦਿ ਵਰਤੇ ਜਾਂਦੇ ਹਨ। ਦਰਅਸਲ ਪੰਜਾਬੀਆਂ ਨੂੰ ਵਲ ਫੇਰ ਪਾ ਕੇ ਕੁੱਝ ਕਹਿਣ ਦੀ ਆਦਤ ਨਹੀਂ। ਰਾਏ ਸਾਹਿਬ ਕੇ ਦੁਸ਼ਮਣੋਂ ਕੀ ਤਬੀਅਤ ਨਾਸਾਜ ਹੈ ਕਹਿਣ ਬਜਾਏ, ਪੰਜਾਬੀ ਲੋਕ ਆਖਦੇ ਹਨ ਸਰਦਾਰ ਜੀ ਅੱਜ ਕੁੱਝ ਢਿੱਲੇ ਜਾਂ ਬੀਮਾਰ ਨੇ ਭਾਵ ਇਹ ਹੈ ਕਿ ਪੰਜਾਬੀ ਲੋਕ ਆਮ ਬੋਲਚਾਲ ਵਿਚ ਸਰਲ-ਸਧਾਰਨ ਅਤੇ ਸਪੱਸ਼ਟ ਜਿਹੇ ਵਾਕ ਹੀ ਬੋਲਣ ਦੇ ਆਦੀ ਹਨ। ਅਸਲ ਵਿਚ ਪੰਜਾਬੀ ਭਾਸ਼ਾ ਸਰਲ ਵਾਕਾਂ ਦੀ ਧਾਰਨੀ ਹੈ। ਪੰਜਾਬੀ ਦਾ ਆਪਣਾ ਮੌਲਿਕ ਵਿਰਾਮ ਚਿੰਨ੍ਹ ਤਾਂ ਇਕੋ ਡੰਡੀ (।) ਹੈ। ਬਾਕੀ ਸਾਰੇ ਵਿਰਾਮ ਚਿੰਨ੍ਹ ਤਾਂ ਅੰਗਰੇਜ਼ੀ ਪ੍ਰਭਾਵ ਦਾ ਸਿੱਟਾ ਹਨ। ਪੰਜਾਬੀ ਦੀ ਵਾਕ ਸਰਲਤਾ, ਪੰਜਾਬੀਆਂ ਦੇ ਸੁਭਾਅ ਦੀ ਸਹਿਜਤਾ ਤੇ ਸਰਲਤਾ ਵਿਚੋਂ ਆਈ ਹੈ।

ਇਸੇ ਤਰ੍ਹਾਂ ਪੰਜਾਬੀ ਸਾਹਿਤ, ਖਾਸ ਤੌਰ ਉੱਤੇ ਪੰਜਾਬੀ ਲੋਕ ਗੀਤਾਂ ਦਾ ਆਪਣਾ ਆਦਰਸ਼ ਹੈ। ਪੰਜਾਬੀ ਲੋਕ-ਕਾਵਿ ਫ਼ਾਰਸੀ ਦੀ ਇਸ਼ਕੀਆ ਸ਼ਾਇਰੀ ਅਤੇ ਅੰਗਰੇਜ਼ੀ ਦੇ ਖੁੱਲ੍ਹੇ ਪਿਆਰ ਵਾਲੀ ਕਵਿਤਾ ਤੋਂ ਬਿਲਕੁਲ ਵੱਖਰੇ ਢੰਗ ਦਾ ਹੈ। ਇਸ ਵਿਚ ਸੁੱਚੇ ਅਤੇ ਪਵਿੱਤਰ ਪਿਆਰ ਦਾ ਵਰਣਨ ਹੈ। ਪਰ ਪੰਜਾਬੀ ਦੀ ਨਵੀਨ ਕਵਿਤਾ/ਗੀਤ ਈਰਾਨੀ ਅਤੇ ਪੱਛਮੀ ਪ੍ਰਭਾਵ ਤੋਂ ਬਚ ਨਹੀਂ ਸਕੀ।

ਅਖ਼ੀਰ ਵਿਚ ਇਕ-ਦੋ ਨੁਕਤੇ ਪੰਜਾਬੀ ਦੇ ਆਮ ਮੁਹਾਵਰੇ ਬਾਰੇ ਵੀ ਦੱਸਣਯੋਗ ਹਨ ਕਿਉਂਕਿ ਅੱਜ-ਕਲ੍ਹ ਅਖ਼ਬਾਰਾਂ, ਰੇਡੀਉ ਅਤੇ ਦੂਰਦਰਸ਼ਨ ਉੱਤੇ ਪੇਸ਼ ਹੋ ਰਹੀ ਪੰਜਾਬੀ ਵਿਚ ਪੰਜਾਬੀ ਦੇ ਆਮ ਮੁਹਾਵਰੇ ਬਾਰੇ ਬੜੀ ਅਣਗਹਿਲੀ ਵਰਤੀ ਜਾਂਦੀ ਹੈ। ਮਸਲਨ ਇਨ੍ਹਾਂ ਤਿੰਨਾਂ ਸੰਚਾਰ ਮਾਧਿਅਮਾਂ ਰਾਹੀਂ ਅੱਗੇ ਲਿਖੇ ਵਾਕਾਂ ਵਰਗੇ ਵਾਕ ਆਮ ਬੋਲੇ/ ਲਿਖੇ ਜਾਂਦੇ ਹਨ:

ਪਿਛਲੇ ਹਫ਼ਤੇ ਪੰਜਾਬ ਦੀਆਂ ਮੰਡੀਆਂ ਵਿਚ ੧੦ ਹਜ਼ਾਰ ਟਨ ਚਾਵਲ ਆਇਆ ਇਹ ਵਾਕ ਪੰਜਾਬੀ ਮੁਹਾਵਰੇ ਅਤੇ ਵਿਆਕਰਨ ਦੀ ਦ੍ਰਿਸ਼ਟੀ ਤੋਂ ਅਸ਼ੁੱਧ ਹੈ। ਪਹਿਲੀ ਗੱਲ ਤਾਂ ਇਹ ਕਿ ਪੰਜਾਬੀ ਉਚਾਰਨ ਚੌਲ ਹੈ ਚਾਵਲ ਨਹੀਂ। ਦੂਜੀ ਗੱਲ, ਮੰਡੀਆਂ ਵਿਚ ਚੌਲ ਨਹੀਂ ਝੋਨਾ ਆਉਂਦਾ ਹੈ। ਇਸ ਵਾਕ ਦੀ ਕਿਰਿਆ ਵੀ ਵਿਚਾਰਨਯੋਗ ਹੈ। ਪੰਜਾਬੀ ਲੋਕ ਚੌਲ ਆਏ ਤਾਂ ਕਹਿ ਸਕਦੇ ਹਨ ਚੌਲ ਜਾਂ ਚਾਵਲ ਆਇਆ ਕਦੇ ਨਹੀਂ ਬੋਲਣਗੇ। ਪੰਜਾਬੀ ਮੁਹਾਵਰੇ ਮੁਤਾਬਕ ਝੋਨਾ ਆਇਆ ਜਾਂ ਚੌਲ ਆਏ ਸ਼ੁੱਧ ਰੂਪ ਹਨ। ਸਾਡੇ ਸੰਚਾਰ ਮਾਧਿਅਮਾਂ ਉਪਰ ਹਿੰਦੀ ਦਾ ਪ੍ਰਭਾਵ ਹੈ। ਹੋਰ ਤਾਂ ਹੋਰ ਆਮ ਹਸਪਤਾਲਾਂ ਵਿਚ ਲਿਖਿਆ ਹੁੰਦਾ ਹੈ: ਬੱਚੇ ਨੂੰ ਉਬਾਲ ਕੇ ਦੁੱਧ ਪਿਆਉ। ਇਸ ਵਾਕ ਵਿਚ ਅਰਥਾਂ ਦਾ ਅਨਰਥ ਹੋ ਗਿਆ ਹੈ। ਉਬਾਲਣਾ ਦੁੱਧ ਨੂੰ ਹੈ ਬੱਚੇ ਨੂੰ ਨਹੀਂ। ਇਵੇਂ ਕਈ ਸਕੂਲਾਂ ਅੱਗੇ ਲਿਖਿਆ ਹੁੰਦਾ ਹੈ ਸਰਕਾਰੀ ਕੁੜੀਆਂ ਦਾ ਸਕੂਲ। ਇਹ ਵੀ ਅਸ਼ੁੱਧ ਵਾਕ ਹੈ। ਸਰਕਾਰੀ ਕੁੜੀਆਂ ਨਹੀਂ ਸਕੂਲ ਹੈ। ਇਨ੍ਹਾਂ ਦੋਹਾਂ ਵਾਕਾਂ ਦੇ ਸ਼ੁੱਧ ਰੂਪ ਹੇਠ ਲਿਖੇ ਅਨੁਸਾਰ ਹੋਣੇ ਚਾਹੀਦੇ ਹਨ:

੧. ਬੱਚੇ ਨੂੰ ਦੁੱਧ ਉਬਾਲ ਕੇ ਪਿਆਉ।
੨. ਕੁੜੀਆਂ ਦਾ ਸਰਕਾਰੀ ਸਕੂਲ।

ਸਾਨੂੰ ਪੰਜਾਬੀ ਦੇ ਸੁਭਾਵਿਕ ਰੂਪ ਨੂੰ ਕਾਇਮ ਰੱਖਣਾ ਚਾਹੀਦਾ ਹੈ। ਪੰਜਾਬੀ ਬੋਲੀ ਵਿਚ ਅੰਤਾਂ ਦੀ ਸੁਭਾਵਿਕਤਾ ਹੈ। ਉੱਚੀ ਤੇ ਸੁੱਚੀ ਬੋਲੀ ਦੀ ਪਰਖ ਕਸੌਟੀ ਮੋਟੇ ਤੌਰ ਤੇ ਤਿੰਨ ਗੁਣਾਂ ਵਾਲੀ ਹੁੰਦੀ ਹੈ: ਪਹਿਲਾ ਬੋਲੀ ਸਰਲ ਹੋਵੇ, ਦੂਜਾ ਬੋਲੀ ਸਪੱਸ਼ਟ ਹੋਵੇ ਅਤੇ ਤੀਜਾ ਬੋਲੀ ਸਰਸ ਹੋਵੇ। ਜੇ ਇਹ ਤਿੰਨੇ ਗੁਣ ਉਘੜਵੇਂ ਹੋਣ ਤਾਂ ਬੋਲਣ ਵਾਲਾ, ਸੁਣਨ ਵਾਲਾ ਅਤੇ ਪੜ੍ਹਨ ਵਾਲਾ ਤਿੰਨੇ ਹੀ ਹੌਲੇ ਫੁੱਲ ਰਹਿ ਕੇ ਸਮੇਂ ਦੇ ਹਾਣੀ ਬਣੇ ਰਹਿਣਗੇ।

੨.੪ ਉਪਭਾਸ਼ਾਵਾਂ

ਭਾਸ਼ਾ  ਦੇ ਅਨੇਕ ਰੂਪ ਹੋ ਸਕਦੇ ਹਨ। ਇਸਦਾ ਕਾਰਨ ਇਹ ਹੈ ਕਿ ਭਾਸ਼ਾ ਸਮੇਂ, ਸਥਾਨ ਅਤੇ ਸਥਿਤੀਆਂ ਮੁਤਾਬਿਕ ਬਦਲਦੀ ਰਹਿੰਦੀ ਹੈ। ਕਿਸੇ ਵੀ ਕਾਰਨ ਜਦੋਂ ਕੋਈ ਇਕ ਭਾਸ਼ਾ-ਰੂਪ ਲੋਕ-ਪ੍ਰਿਯਤਾ ਹਾਸਿਲ ਕਰ ਲਏ ਤਾਂ ਉਹ ਵਿਸ਼ੇਸ਼ ਰੁਤਬੇ ਦਾ ਅਧਿਕਾਰੀ ਹੋ ਜਾਂਦਾ ਹੈ। ਉਪਭਾਸ਼ਾ ਦੇ ਸੰਕਲਪ ਦਾ ਮੂਲ ਆਧਾਰ ਭੂਗੋਲ ਹੈ ਅਤੇ ਭਾਸ਼ਾ ਦੇ ਸੰਕਲਪ ਦਾ ਆਧਾਰ ਮਿਆਰੀਕਰਨ ਹੈ। ਵਿਅਕਤੀ ਭਾਸ਼ਾ ਸਭ ਤੋਂ ਛੋਟੀ (ਲਘੂਤਮ) ਭਾਸ਼ਾ-ਵੰਨਗੀ ਜਾਂ ਇਕਾਈ ਮਿਥ ਲਈ ਜਾਂਦੀ ਹੈ।ਇਉਂ ਵੀ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰੀਆਂ ਵਿਅਕਤੀ-ਭਾਸ਼ਾਵਾਂ ਮਿਲ ਕੇ ਉਪਭਾਸ਼ਾ ਬਣਾਉਂਦੀਆਂ ਹਨ ਅਤੇ ਫਿਰ ਕਈ ਉਪਭਾਸ਼ਾਵਾਂ ਮਿਲ ਕੇ ਭਾਸ਼ਾ ਦੀ ਉਸਾਰੀ ਕਰਦੀਆਂ ਹਨ।

ਪਹਿਲਾਂ ਉਪਭਾਸ਼ਾ ਦਾ ਸੰਕਲਪ ਭੂਗੋਲਿਕ ਖੇਤਰ ਨਾਲ ਹੀ ਜੋੜਿਆ ਜਾਂਦਾ ਸੀ ਪਰ ਹੁਣ ਉਪਭਾਸ਼ਾ ਦੀ ਸਥਾਪਨਾ ਸਮਾਜਿਕ ਸ਼੍ਰੇਣੀਆਂ 'ਤੇ ਆਧਾਰਿਤ ਵੀ ਕੀਤੀ ਜਾਂਦੀ ਹੈ। ਇਸ ਲਈ ਖੇਤਰੀ ਉਪਭਾਸ਼ਾ ਅਤੇ ਸਮਾਜ-ਉਪਭਾਸ਼ਾ ਦੇ ਰੂਪ-ਭੇਦ ਵੀ ਪ੍ਰਚੱਲਿਤ ਹਨ। ਵੈਸੇ ਉਪਭਾਸ਼ਾ ਦੇ ਸੰਕਲਪ ਦੀ ਚੇਤਨਾ ਬਹੁਤ ਪੁਰਾਣੀ ਹੈ। ਸਾਡੀ ਲੋਕਧਾਰਾ ਵੀ ਇਹੋ ਦੱਸ ਪਾਉਂਦੀ ਹੈ:

ਚਾਰ ਕੋਸ ਪਰ ਪਾਨੀ ਬਦਲੇ, ਆਠ ਕੋਸ ਪਰ ਬਾਨੀ
ਬੀਸ ਕੋਸ ਪਰ ਪਗੜੀ ਬਦਲੇ, ਤੀਸ ਕੋਸ ਪਰ ਛਾਨੀ

ਅੱਜ ਆਵਾਜਾਈ ਅਤੇ ਹੋਰ ਸੰਚਾਰ ਸਾਧਨਾ ਸਦਕਾ ਸਥਾਨਿਕ ਦੂਰੀਆਂ ਤਾਂ ਭਾਵੇਂ ਮਿਟ ਗਈਆਂ ਹਨ ਪਰ ਸਥਾਨਿਕ ਬੋਲੀ-ਭੇਦ ਨਹੀਂ ਮਿਟੇ। ਇਹ ਜਿਉਂ ਦੇ ਤਿਉਂ ਬਰਕਰਾਰ ਹਨ। ਸਹੀ ਗੱਲ ਤਾਂ ਇਹ ਹੈ ਕਿ ਅਸੀਂ ਬੋਲਦੇ ਉਪਭਾਸ਼ਾ ਹੀ ਹਾਂ। ਮਾਤਭਾਸ਼ਾ ਵੀ ਅਸਲ ਵਿਚ ਉਪਭਾਸ਼ਾ ਹੀ ਹੁੰਦੀ ਹੈ ਜੋ ਬੱਚੇ ਨੂੰ ਮਾਂ ਤੋਂ ਨਹੀਂ ਬਲਕਿ ਆਲੇ-ਦੁਆਲੇ ਤੋਂ ਸੁਤੇ-ਸਿਧ ਹੀ ਹਾਸਿਲ ਹੋ ਜਾਂਦੀ ਹੈ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਫਿਰ ਭਾਸ਼ਾ ਕੀ ਹੈ। ਭਾਸ਼ਾ, ਉਪਭਾਸ਼ਾਵਾਂ ਦੇ ਸਰੂਪ ਵਿਚੋਂ ਹੀ ਘੜਿਆ-ਤਰਾਸ਼ਿਆ ਇਕ ਆਦਰਸ਼ ਰੂਪ ਹੁੰਦਾ ਹੈ। ਦਰਅਸਲ ਸੱਭਿਅਤਾ ਦੇ ਵਿਕਾਸ ਨਾਲ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਈ ਉਪਭਾਸ਼ਾਵਾਂ ਵਾਲੇ ਖੇਤਰ ਵਿਚੋਂ ਇਕ ਅਜਿਹਾ ਭਾਸ਼ਾ-ਰੂਪ ਬਣਾ ਲਿਆ ਜਾਵੇ ਜੋ ਉਸ ਸਮੁੱਚੇ ਖੇਤਰ ਦੇ ਵਿੱਦਿਅਕ, ਰਾਜਸੀ ਅਤੇ ਹੋਰ ਕਾਰ-ਵਿਹਾਰ ਦਾ ਮਾਧਿਅਮ ਬਣੇ ਅਤੇ ਉਹ ਉਸ ਸਮੁੱਚੇ ਖੇਤਰ ਦੀ ਪ੍ਰਤੀਨਿਧਤਾ ਕਰੇ। ਇਸ ਨੂੰ ਟਕਸਾਲੀ ਜਾਂ ਮਿਆਰੀ ਭਾਸ਼ਾ ਕਿਹਾ ਜਾਂਦਾ ਹੈ। ਆਮ ਤੌਰ ਤੇ ਰਾਜਸੀ, ਭੂਗੋਲਿਕ ਅਤੇ ਸੱਭਿਆਚਾਰਿਕ ਪੱਖੋਂ ਕੇਂਦਰੀ ਉਪਭਾਸ਼ਾ ਨੂੰ ਹੀ ਮਿਆਰੀ ਭਾਸ਼ਾ ਮੰਨ ਲਿਆ ਜਾਂਦਾ ਰਿਹਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਭਾਸ਼ਾ, ਇਕ ਉਪਭਾਸ਼ਾ ਦੇ ਆਧਾਰ 'ਤੇ ਬਣਦੀ ਹੈ। ਸਗੋਂ ਕਿਸੇ ਭਾਸ਼ਾ ਦੀਆਂ ਸਮੂਹ ਉਪਭਾਸ਼ਾਵਾਂ ਹੀ ਉਸਦੇ ਵਜੂਦ ਦੀਆਂ ਗਵਾਹ ਹੁੰਦੀਆਂ ਹਨ। ਹਰ ਭਾਸ਼ਾ ਆਪਣੀਆਂ ਸਾਰੀਆਂ ਉਪਭਾਸ਼ਾਵਾਂ ਦੀ ਬੁਨਿਆਦ ਉਤੇ ਹੀ ਖੜੋਤੀ ਹੁੰਦੀ ਹੈ। ਉਪਭਾਸ਼ਾਵਾਂ ਆਪਣੇ ਵਿਸ਼ੇਸ਼ ਸ਼ਬਦ-ਭੰਡਾਰ, ਵਿਆਕਰਨ, ਆਖਾਣ, ਮੁਹਾਵਰੇ ਅਤੇ ਸਾਹਿਤ ਰਚਨਾ ਦੁਆਰਾ ਭਾਸ਼ਾ ਨੂੰ ਯੋਗਦਾਨ ਦਿੰਦੀਆਂ ਰਹਿੰਦੀਆਂ ਹਨ। ਜਿਵੇਂ ਤਾਰੇ ਆਕਾਸ਼ ਦਾ ਸੁਹਜ ਹਨ। ਜਿਵੇਂ ਫੁੱਲ-ਪੱਤੀਆਂ ਰੁੱਖ ਦਾ ਸੁਹਜ ਹੁੰਦੀਆਂ ਹਨ; ਉਵੇਂ ਉਪਭਾਸ਼ਾਵਾਂ ਭਾਸ਼ਾ ਦਾ ਸੁਹਜ ਹੁੰਦੀਆਂ ਹਨ। ਪਰ ਜਿਵੇਂ ਰੁੱਖ ਜਿਸ ਧਰਤੀ ਵਿਚ ਉਗਦੇ ਹਨ, ਉਸ ਧਰਤੀ ਵਿਚੋਂ ਹੀ ਜੀਵਨ ਸ਼ਕਤੀ ਹਾਸਿਲ ਕਰਦੇ ਹਨ; ਉਵੇਂ ਹਰੇਕ ਉਪਭਾਸ਼ਾ ਆਪਣੇ ਖਿੱਤੇ ਦੇ ਭੂਗੋਲਿਕ ਸਮਾਜਿਕ ਸੱਭਿਆਚਾਰਿਕ ਤੇ ਧਾਰਮਿਕ ਆਦਿ ਪ੍ਰਭਾਵਾਂ ਨਾਲ ਲਬਰੇਜ਼ ਹੁੰਦੀ ਹੈ।ਇਹ ਪ੍ਰਭਾਵ ਸੰਬੰਧਿਤ ਉਪਭਾਸ਼ਾ ਦੇ ਭਾਸ਼ਾਈ ਸਰੂਪ ਵਿਚੋਂ ਝਲਕਦੇ ਹਨ।

ਵਰਤਮਾਨ ਪੰਜਾਬ ਵਿਚ
(੧) ਮਾਝੀ: ਮਾਝਾ ਦਾ ਮੂਲ ਅਰਥ ਮੱਧ ਜਾਂ ਵਿਚਕਾਰਲਾ ਹੈ। ਇਹ ਰਾਵੀ ਅਤੇ ਬਿਆਸ ਦੇ ਦਰਿਆਵਾਂ ਦੇ ਦਰਮਿਆਨ ਸਥਿਤ ਹੈ। ਇਹ ਪੁਰਾਣੇ ਪੰਜਾਬ ਦਾ ਕੇਂਦਰੀ ਇਲਾਕਾ ਸੀ। ਇਥੇ ਬੋਲੀ ਜਾਂਦੀ ਬੋਲੀ ਨੂੰ ਮਾਝੀ ਕਿਹਾ ਗਿਆ। ਹੁਣ ਮਾਝੀ ਉਪਭਾਸ਼ਾ ਜਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਅਤੇ ਫਿਰੋਜ਼ਪੁਰ ਦੇ ਕੁੱਝ ਸੀਮਤ ਖੇਤਰ ਵਿਚ ਬੋਲੀ ਜਾਂਦੀ ਹੈ। ਮਾਝੀ ਨੂੰ ਟਕਸਾਲੀ ਪੰਜਾਬੀ ਦੀ ਆਧਾਰ-ਉਪਭਾਸ਼ਾ ਮੰਨਿਆ ਗਿਆ ਹੈ। ਮਾਝੀ ਵਿਚ ੧੦ ਸਵਰ, ੨੯ ਵਿਅੰਜਨ ਅਤੇ ੨ ਅਰਧ ਸਵਰ ਹਨ ਪਰ ਇਨ੍ਹਾਂ ਦੀ ਵਰਤੋਂ-ਵਿਉਂਤ ਵਿਚ ਬਾਕੀ ਉਪਭਾਸ਼ਾਵਾਂ ਨਾਲੋਂ ਕੁੱਝ ਫਰਕ ਹੈ। ਜਿਵੇਂ ਮਾਝੀ ਵਿਚ ਅਜੇ ਵੀ ਪੰਜੇ ਨਾਸਕੀ ਵਿਅੰਜਨ / ਙ,ਞ,ਣ,ਨ,ਮ / ਮੌਜੂਦ ਹਨ ਪਰ ਬਾਕੀ ਉਪਭਾਸ਼ਾਵਾਂ ਵਿਚ /ਙ ਤੇ ਞ/ ਨਹੀਂ ਉਚਾਰੇ ਜਾਂਦੇ। ਮਾਝੀ ਵਿਚ ਤਿੰਨੇ ਸੁਰਾਂ ਦੀ ਵਰਤੋਂ ਬਹੁਤ ਜ਼ਿਆਦਾ ਹੈ। ਖ਼ਾਸ ਕਰਕੇ /ਹ/ ਸ਼ਬਦ ਦੀਆਂ ਤਿੰਨੇ ਸਥਿਤੀਆਂ ਵਿਚ ਸੁਰੀ-ਸੰਕੇਤ ਦਿੰਦਾ ਹੈ। ਜਿਵੇਂ ਹੋਰ ਤੇ ਹੀਰ ਆਦਿ ਸ਼ਬਦਾਂ ਦਾ ਮਾਝੀ ਉਚਾਰਨ ਓ੍ਹਰ ਤੇ ੲ੍ਹੀਰ ਹੈ। ਦਰਅਸਲ ਮਾਝੀ ਵਿਚ ਸੁਰ ਦੀ ਵਰਤੋਂ ਦਿਨੋ-ਦਿਨ ਵਧ ਰਹੀ ਹੈ। ਕਈ ਥਾਈਂ ਅਕਾਰਨ ਹੀ ਸੁਰ ਦੀ ਵਰਤੋ ਨਜ਼ਰੀਂ ਪੈਂਦੀ ਹੈ। ਜਿਵੇਂ ਦੇਣਾ /ਲੈਣਾ ਸ਼ਬਦਾਂ ਦਾ ਮਾਝੀ ਉਚਾਰਨ ਦੇਹਣਾ/ਲੈਹਣਾ ਹੈ। ਇਥੇ ਫਾਲਤੂ /ਹ/ ਧੁਨੀ ਉਤੇ ਵੱਧ ਬਲ ਦਿੱਤਾ ਜਾਂਦਾ ਹੈ। ਇਵੇਂ ਕਈ ਥਾਵਾਂ ਤੇ /ਸ/,/ਹ/ ਵਿਚ ਬਦਲ ਜਾਂਦਾ ਹੈ। ਜਿਵੇਂ: ਪਸ਼ੂ/ਪੈਸਾ ਦਾ ਉਚਾਰਨ ਪਹੂ/ਪੈਹਾ ਹੈ।

ਵਿਆਕਰਨ ਦੇ ਪੱਖ ਤੋਂ ਮਾਝੀ ਵਿਚ ਤੁਹਾਡਾ, ਤੁਹਾਨੂੰ ਆਦਿ ਪੜਨਾਵਾਂ ਨੂੰ ਧਿਹਾਡਾ/ਤਿਆਨੂੰ ਉਚਾਰਿਆ ਜਾਂਦਾ ਹੈ। ਇਸ ਪੱਖ ਤੋਂ ਮਾਝੀ ਦੀ ਸਭ ਤੋਂ ਅਹਿਮ ਵਿਲੱਖਣਤਾ ਇਹ ਹੈ ਕਿ ਮਾਝੀ, ਮਲਵਈ ਦੇ ਮੁਕਾਬਲੇ ਸੰਯੋਗਾਤਮਿਕ ਰੁਚੀਆਂ ਦੀ ਧਾਰਨੀ ਹੈ। ਮਾਝੀ ਵਿਚ (ਨੇ) ਸੰਬੰਧਕ ਬਹੁਤ ਘੱਟ ਵਰਤਿਆ ਜਾਂਦਾ ਹੈ। ਮਾਝੀ ਵਿਚ ਉਸ ਕਿਹਾ, ਹੱਥੀਂ ਕੀਤਾ, ਆਦਿ ਸੰਜੋਗਾਤਮਿਕ ਬਣਤਰਾਂ ਬੋਲਣ ਦੀ ਰੁਚੀ ਵੱਧ ਹੈ। ਮਾਝੀ ਵਿਚ ਦੂਜੀਆਂ ਉਪਭਾਸ਼ਾਵਾਂ ਦੇ ਮੁਕਾਬਲੇ ਕਿਰਿਆਵਾਂ ਦੇ ਭੂਤਕਾਲੀ ਰੂਪ ਵਧੇਰੇ ਬੋਲੇ ਜਾਂਦੇ ਹਨ। ਜਿਵੇਂ: ਰਿੱਧਾ, ਗੁੱਧਾ, ਕੀਤਾ, ਸੀਤਾ, ਧੋਤਾ ਆਦਿ। ਕੁੱਝ ਖਾਸ ਤੱਤ ਕਿਰਿਆ ਦੇ ਅੰਤ 'ਤੇ ਬੋਲੇ ਜਾਂਦੇ ਹਨ। ਜਿਵੇਂ ਆਖਿਆ ਸੂ, ਕੀਤਾ ਸੂ ਆਦਿ। ਮਾਝੀ ਦੇ ਕੁੱਝ ਸ਼ਬਦ ਤਾਂ ਬਿਲਕੁਲ ਨਵੇਕਲੇ ਹਨ। ਜਿਵੇ: ਵਾਂਢੇ, ਸਲੂਣਾ, ਰੁਮਾਨ, ਖੜਨਾ, ਭਾਊ, ਗਾੜੀ, ਕੂਣਾ ਆਦਿ। ਇਹ ਸ਼ਬਦ ਪ੍ਰਮਾਣਿਕ ਪੰਜਾਬੀ ਜਾਂ ਹੋਰ ਉਪਭਾਸ਼ਾਵਾਂ ਵਿਚ ਨਹੀਂ ਵਰਤੇ ਜਾਂਦੇ।

(੨) ਮਲਵਈ: ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ ਜੋ ਕਿ ਆਰੀਆ ਲੋਕਾਂ ਦੀ ਇਕ ਜਾਤੀ ਸੀ। ਮਹਾਂਭਾਰਤ ਵਿਚ ਮਾਲਵ ਗਣਰਾਜ ਦਾ ਜ਼ਿਕਰ ਮਿਲਦਾ ਹੈ। ਪਾਣਿਨੀ (ਅਸ਼ਟਾਧਿਆਈ) ਨੇ ਮਾਲਵਾਤ ਸ਼ਬਦ ਵੀ ਵਰਤਿਆ ਹੈ। ਇਉਂ ਇਹ ਨਾਮ ਭੂਗੋਲਿਕ ਨਹੀਂ ਜਾਪਦਾ।ਮਲਵਈ ਉਪਭਾਸ਼ਾ ਵਿਚ ਵੇਦਿਕ ਭਾਸ਼ਾ ਦੇ ਕੁੱਝ ਸ਼ਬਦ ਅਜੇ ਵੀ ਮਿਲਦੇ ਹਨ। ਜਿਵੇਂ ਬੂਹੇ (ਦਰਵਾਜਾ) ਦੇ ਅਰਥਾਂ ਵਿਚ ਬਾਰ ਅਤੇ ਸਮੇਂ ਦੇ ਅਰਥਾਂ ਵਿਚ ਪਰਾਰ। ਇਨ੍ਹਾਂ ਅਰਥਾਂ ਵਿਚ ਹੀ ਇਹ ਸ਼ਬਦ ਰਿਗਵੇਦ 'ਚ ਮਿਲਦੇ ਹਨ। ਮਲਵਈ ਦਾ ਖੇਤਰ ਕਾਫੀ ਲੰਮਾ ਚੌੜਾ ਹੈ। ਇਹ ਬਠਿੰਡਾ, ਸੰਗਰੂਰ, ਫਰੀਦਕੋਟ, ਲੁਧਿਆਣਾ ਦੇ ਜ਼ਿਲ੍ਹਿਆਂ ਵਿਚ ਬੋਲੀ ਜਾਂਦੀ ਹੈ। ਪਟਿਆਲੇ ਅਤੇ ਫਿਰੋਜ਼ਪੁਰ ਜਿਲ੍ਹੇ ਦੇ ਕੁੱਝ ਹਿੱਸੇ ਵੀ ਮਲਵਈ ਦੇ ਖੇਤਰ ਵਿਚ ਸ਼ਾਮਲ ਹਨ। ਵੱਡਾ ਖੇਤਰ ਹੋਣ ਕਾਰਨ ਇਸ ਦੀਆਂ ਕਈ ਸਬ-ਡਾਇਲੈਕਟ (ਲਘੂ ਬੋਲੀਆਂ) ਵੀ ਹਨ।

ਮਲਵਈ ਧੁਨੀ ਵਿਉਂਤ ਵਿਚ ੧੦ ਸਵਰ ਅਤੇ ੨੮ ਵਿਅੰਜਨ ਮਿਲਦੇ ਹਨ। ਨਾਸਕੀ ਵਿਅੰਜਨ /ਙ/ ਅਤੇ /ਞ/ ਮਲਵਈ ਵਿਚ ਬਿਲਕੁਲ ਹੀ ਨਹੀਂ ਬੋਲੇ ਜਾਂਦੇ। ਮਾਝੀ ਦੇ ਮੁਕਾਬਲੇ ਮਲਵਈ ਦਾ ਮੂਰਧਨੀ ਧੁਨੀਆਂ (ਉਲਟਜੀਭੀ) ਵੱਲ ਵੱਧ ਝੁਕਾਅ ਹੈ। ਜਿਵੇਂ ਦੇਰ ਨੂੰ ਡੇਰ, ਤੋਰ ਨੂੰ ਟੋਰ ਬੋਲਿਆ ਜਾਂਦਾ ਹੈ। ਮਲਵਈ ਵਿਚ ਸ਼ਬਦ ਮੁੱਢਲਾ ਸਵਰ ਲੋਪਣ ਦੀ ਰੁਚੀ ਵੀ ਵੱਧ ਹੈ। ਜਿਵੇਂ ਨਾਜ (ਅਨਾਜ), ਖੰਡ (ਅਖੰਡ), ਨੰਦ (ਅਨੰਦ) ਆਦਿ। ਮਲਵਈ ਵਿਚ ਸ਼ਬਦਾਂ ਦੇ ਮੁੱਢ ਵਿਚ /ਵ/ ਨੂੰ /ਬ/ ਬੋਲਿਆ ਜਾਂਦਾ ਹੈ। ਜਿਵੇਂ: ਬੱਟਾ, ਬੈੜ੍ਹਕਾ, ਬੀਰ ਆਦਿ ਅਤੇ ਅਖੀਰ ਵਿਚ /ਵ/ ਨੂੰ /ਮ/ ਜਿਵੇਂ : ਤੀਮੀ, ਕਿਮੇ, ਜਾਮਾਗਾ ਆਦਿ। ਇਸ ਤੋਂ ਇਲਾਵਾ ਮਲਵਈ ਵਿਚ ਅਕਾਰਨ ਨਾਸਿਕਤਾ ਬਹੁਤ ਹੈ। ਸੁਰਾਂ ਤਿੰਨੇ ਬੋਲੀਆਂ ਜਾਂਦੀਆਂ ਹਨ। ਪਰ ਉਚੀ ਸੁਰ ਦੀ ਵਰਤੋਂ ਘੱਟ ਹੁੰਦੀ ਹੈ। ਮਲਵਈ/ਦੁਆਬੀ ਦੋਵਾਂ ਵਿਚ ਹੀ /ਹ/ ਆਪਣੇ ਵਿਅੰਜਨੀ ਸਰੂਪ ਵਿਚ ਕਾਇਮ ਰਹਿੰਦਾ ਹੈ। ਖ਼ਾਸ ਕਰਕੇ ਇਹ ਰੁਚੀ ਬਠਿੰਡੇ ਦੇ ਖੇਤਰ ਵਿਚ ਵੱਧ ਹੈ।

ਵਿਆਕਰਨ ਦੇ ਪੱਖ ਤੋਂ ਮਲਵਈ ਦਾ ਸਭ ਤੋਂ ਵੱਖਰਾਪਣ ਇਸਦੇ ਨਿਰਾਲੇ ਪੜਨਾਂਵ ਹਨ। ਜਿਵੇਂ: ਤੈਂ, ਥੋਡਾ, ਠੋਡਾ, ਸੋਡਾ, ਥੋਨੂੰ ਆਦਿ। ਸੰਬੰਧਕ ਕਾ-ਕੇ-ਕੀ ਵੀ ਸਿਰਫ਼ ਮਲਵਈ ਵਿਚ ਹੀ ਬੋਲਿਆ ਜਾਂਦਾ ਹੈ। ਮਲਵਈ, ਮਾਝੀ ਨਾਲੋਂ ਵਧੇਰੇ ਵਿਯੋਗਾਤਮਿਕ ਹੈ। ਮਲਵਈ ਦੀ ਨਵੇਕਲੀ ਸ਼ਬਦਾਵਲੀ ਵਿਚ ਹਾਜਰੀ-ਰੋਟੀ, ਤਿੱਖੜ ਦੁਪੈਹਰ, ਆਥਣ-ਉਗਣ, ਬਲਾਂਈ, ਜਮਾ-ਈ, ਖਬਣੀ, ਕੇਰਾਂ, ਤੋਕੀ, ਬਗ ਗਿਆ, ਡੱਕਰਤਾ ਆਦਿ ਅਨੇਕਾਂ ਸ਼ਬਦ ਸ਼ਾਮਲ ਹਨ।

(੩) ਦੁਆਬੀ: ਦੋਆਬਾ ਸ਼ਬਦ ਦੋ+ਆਬ ਦੀ ਸੰਧੀ ਹੈ ਭਾਵ ਦੋ ਦਰਿਆਵਾਂ (ਸਤਲੁਜ-ਬਿਆਸ) ਦੇ ਦਰਮਿਆਨ ਦਾ ਇਲਾਕਾ। ਦੁਆਬਾ ਇਲਾਕੇ ਦੇ ਖੇਤਰ ਵਿਚ ਜਿਲ੍ਹਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਸ਼ਾਮਲ ਹਨ। ਇਸ ਖੇਤਰ ਵਿਚ ਬੋਲੀ ਜਾਂਦੀ ਬੋਲੀ ਨੂੰ ਦੁਆਬੀ ਉਪਭਾਸ਼ਾ ਕਿਹਾ ਜਾਂਦਾ ਹੈ। ਦੁਆਬੀ ਵਿਚ ੧੦ ਸਵਰ ਅਤੇ ੨੫ ਵਿਅੰਜਨ ਹਨ। ਇਥੇ ਵੀ ਮਲਵਈ ਵਾਂਗ /ਙ/ ਤੇ /ਞ/ ਨਾਸਕੀ ਧੁਨੀਆਂ ਦਾ ਉਚਾਰਨ ਨਹੀਂ ਹੁੰਦਾ। ਦੁਆਬੀ ਦੇ ਬਹੁਤ ਸਾਰੇ ਭਾਸ਼ਾਈ ਲੱਛਣ ਇਕ ਪਾਸੇ ਮਾਝੀ ਨਾਲ ਅਤੇ ਦੂਜੇ ਪਾਸੇ ਮਲਵਈ ਨਾਲ ਰਲਦੇ ਹਨ। ਪਰ ਫਿਰ ਵੀ ਇਸ ਦੀਆਂ ਕੁੱਝ ਵੱਖਰੀਆਂ ਸਿਫ਼ਤਾਂ ਹਨ। ਦੁਆਬੀ ਵਿਚ ਮਲਵਈ ਵਾਂਗ /ਵ/, /ਬ/ ਵਿਚ ਬਦਲ ਜਾਂਦਾ ਹੈ। ਪਰ ਸ਼ਬਦਾਂ ਦੇ ਅੰਤ ਤੇ ਜਾਂ ਵਿਚਕਾਰ ਜਿੱਥੇ ਮਲਵਈ ਵਿਚ /ਵ/, /ਮ/ ਵਿਚ ਬਦਲਦਾ ਹੈ, ਅਜਿਹਾ ਦੁਆਬੀ ਵਿਚ ਨਹੀਂ ਹੁੰਦਾ। ਮਾਝੀ/ਮਲਵਈ ਤੋਂ ਉਲਟ ਦੁਆਬੀ ਵਿਚ ਕੁੱਝ /ਓ/ ਅੰਤਕ ਸ਼ਬਦਾਂ ਦੇ ਵੱਖਰੇ ਉਚਾਰਨ ਹਨ। ਜਿਵੇਂ ਘੇ, ਪੇ (ਘਿਓ-ਪਿਓ)ਆਦਿ। ਮਾਝੀ ਦੇ ਉਲਟ ਪਰ ਮਲਵਈ ਵਾਂਗ ਦੁਆਬੀ ਵਿਚ ਵੀ /ਰ/ ਲੋਪਣ ਦੀ ਪ੍ਰਵਿਰਤੀ ਹੈ। ਜਿਵੇਂ ਪੋਤਾ, ਪੁੱਤ, ਸੂਤ, ਦਾਤੀ ਆਦਿ। ਦੁਆਬੀ ਵਿਆਕਰਨ ਮਲਵਈ ਨਾਲ ਕਾਫੀ ਮਿਲਦੀ ਹੈ। ਭੂਤਕਾਲੀ ਕਿਰਿਆ ਸੂਚਕ /ਸੀ/ ਨੂੰ ਮਲਵਈ ਵਾਂਗ ਦੁਆਬੀ ਵਿਚ ਵੀ ਸੀਗਾ, ਸੀਗੇ, ਸੀਗੀ, ਬੋਲਿਆ ਜਾਂਦਾ ਹੈ। ਪਰ ਕਰਮਣੀ ਬਣਤਰਾਂ ਦੁਆਬੀ ਦੀਆਂ ਵੱਖਰੀਆਂ ਹਨ। ਜਿਵੇਂ: ਮੈਥੋਂ ਕੰਮ ਕਰ ਨਹੀਂ ਹੁੰਦਾ, ਖਾ ਨਹੀਂ ਹੁੰਦਾ, ਜਾ ਨਹੀਂ ਹੁੰਦਾ ਆਦਿ। ਹਰੇਕ ਉਪਭਾਸ਼ਾ ਵਾਂਗ ਦੁਆਬੀ ਦੀ ਨਵੇਕਲੀ ਸ਼ਬਦਾਵਲੀ ਵੀ ਹੈ। ਜਿਵੇਂ: ਗੱਭੇ (ਦਰਮਿਆਨ), ਜਨੇਤ (ਜੰਨ), ਬੀਬੀ (ਮਾਂ) ਭਾਪਾ (ਪਿਤਾ), ਭਾਜੀ (ਭਰਾ) ਆਦਿ। ਕਿਸੇ ਹੱਦ ਤੱਕ ਇਹ ਸ਼ਬਦ ਮਾਝੀ ਨਾਲ ਰਲਦੇ-ਮਿਲਦੇ ਹਨ।

(੪) ਪੁਆਧੀ: ਪੁਆਧ ਸ਼ਬਦ ਪੂਰਵਾਰਧ (ਪੂਰਬੀ ਭਾਗ) ਤੋਂ ਬਣਿਆ ਹੈ। ਇਹ ਖਿੱਤਾ ਪੰਜਾਬ ਦੇ ਪੂਰਬੀ ਸਿਰੇ ਤੇ ਸਥਿਤ ਹੈ। ਰੋਪੜ ਤੋਂ ਲੈ ਕੇ, ਬਿਆਸ ਦਰਿਆ ਦੇ ਕੰਢਿਆਂ ਤੱਕ ਪੁਆਧੀ ਦਾ ਖੇਤਰ ਹੈ। ਪੁਆਧੀ ਦੇ ਖੇਤਰ ਵਿਚ ਜਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਸੰਗਰੂਰ ਅਤੇ ਲੁਧਿਆਣੇ ਦਾ ਕੁੱਝ ਹਿੱਸਾ ਅਤੇ ਅੰਬਾਲੇ ਦਾ ਇਕ ਸਿਰਾ ਪੁਆਧ ਨਾਲ ਲਗਦਾ ਹੈ।

ਪੁਆਧੀ ਵਿਚ ੧੦ ਸਵਰ ਅਤੇ ੨੪ ਵਿਅੰਜਨ ਹਨ। ਪੁਆਧੀ ਵਿਚ /ਙ, ਞ ਅਤੇ ਸ਼/ ਧੁਨੀਆਂ ਨਹੀਂ ਹਨ। ਪਰ ਸੁਰ ਬਾਕੀ ਉਪਭਾਸ਼ਾਵਾਂ ਵਾਂਗ ਮਿਲਦੀ ਹੈ। ਪੁਆਧੀ ਵਿਚ ਨੀਵੀਂ ਸੁਰ ਤਾਂ ਮਾਝੀ ਵਾਂਗ ਹੈ ਪਰ ਉਚੀ ਸੁਰ ਮਲਵਈ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਕੁੱਝ ਸਥਿਤੀਆਂ ਵਿਚ ਪੁਆਧੀ ਵਿਚ, ਮਲਵਈ ਵਾਂਗ /ਹ/ ਵਿਅੰਜਨੀ ਸਰੂਪ ਵਿਚ ਕਾਇਮ ਰਹਿੰਦਾ ਹੈ। ਜਿਵੇਂ: ਕਹੀ, ਪਹਾੜ, ਮਹੀਨਾ, ਖੂਹ, ਚਾਹ, ਰਾਹ ਆਦਿ ਸ਼ਬਦਾਂ ਵਿਚ। ਪੁਆਧੀ ਵਿਚ /ਵ/ ਦਾ /ਬ ਤੇ ਮ/ ਵਿਚ ਰੂਪਾਂਤਰਨ ਮਲਵਈ ਨਾਲੋਂ ਵੀ ਜ਼ਿਆਦਾ ਹੈ।

ਵਿਆਕਰਨ ਦੇ ਪੱਖ ਤੋਂ ਪੁਆਧੀ ਦੀਆਂ ਕਈ ਬਣਤਰਾਂ ਬਾਕੀ ਉਪਭਾਸ਼ਾਵਾਂ ਨਾਲੋਂ ਵੱਖਰੀਆਂ ਹਨ। ਦਰਅਸਲ ਪੁਆਧੀ ਸਰਹੱਦੀ ਇਲਾਕੇ ਉੱਤੇ ਸਥਿਤ ਹੈ। ਇਸ ਲਈ ਗੁਆਂਢੀ ਬੋਲੀਆਂ ਦਾ ਪ੍ਰਭਾਵ ਹੈ। ਜਿਵੇਂ ਪੁਆਧੀ ਵਿਚ ਹਮਾਨੂੰ/ਮਾਨੂੰ ਪੜਨਾਂਵ ਬਾਂਗਰੂ-ਹਿੰਦੀ ਦਾ ਅੰਸ਼ ਹੈ। ਇਵੇਂ ਬਿੱਚਮਾ ਸੰਬੰਧਕ ਮਲਵਈ+ਹਿੰਦੀ ਦਾ ਰਲਵਾਂ ਅੰਸ਼ ਹੈ। ਪੁਆਧੀ ਦੇ ਕੁੱਝ ਹੋਰ ਪੜਨਾਂਵ ਹਮੇ, ਥਮ੍ਹੇ, ਮਾਰ੍ਹੇ, ਥਾਨੂੰ ਆਦਿ ਹਨ। ਪੁਆਧੀ ਦੇ ਕੁੱਝ ਨਵੇਕਲੇ ਸੰਬੰਧਕ ਵੀ ਹਨ।ਜਿਵੇਂ: ਗੈਲ, ਲਵੇ, ਓੜੀ, ਕੰਨੀਓ ਆਦਿ। ਕੁੱਝ ਕਿਰਿਆ ਵਿਸ਼ੇਸ਼ਣ ਵੀ ਵੱਖਰੇ ਹਨ: ਇਬ, ਇਕਣ, ਜਿਕਣ, ਕੋਗਲ, ਆਦਿ। ਇਵੇਂ ਪੁਆਧੀ ਭੂਤਕਾਲੀ ਕਿਰਿਆਵਾਂ-ਗਿਆ ਤੀ-ਤੇ-ਤੀਆਂ ਵੀ ਵੱਖਰੀਆਂ ਹਨ। ਭਵਿੱਖਕਾਲ ਲਈ ਪਿਛੇਤਰ /-ਗ/ ਅਤੇ /-ਐ/ ਆਦਿ ਹਨ। ਜਿਵੇਂ ਜੈਲਾ ਖੇਤ ਬਾਹੈ (ਜੈਲਾ ਖੇਤ ਬਾਹੇਗਾ)।

ਅਭਿਆਸੀ ਪ੍ਰਸ਼ਨ

੧. ਭਾਸ਼ਾ ਦੀ ਪਰਿਭਾਸ਼ਾ ਦਿਓ।
੨. ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਦੱਸੋ।
੩. ਪੰਜਾਬੀ ਭਾਸ਼ਾ ਦੇ ਨਿਕਾਸ ਦਰਸਾਓ।
੪. ਪੰਜਾਬੀ ਭਾਸ਼ਾ ਦੇ ਵਿਕਾਸ ਪੜਾਵਾਂ ਬਾਰੇ ਜਾਣਕਾਰੀ ਦਿਓ।
੫. ਪੰਜਾਬੀ ਭਾਸ਼ਾ ਦੀਆਂ ਅਹਿਮ ਵਿਸ਼ੇਸ਼ਤਾਵਾਂ ਕਿਹੜੀਆਂ ਹਨ?
੬. ਉਪਭਾਸ਼ਾ ਤੋਂ ਕੀ ਭਾਵ ਹੈ?
੭. ਪੂਰਬੀ ਪੰਜਾਬ ਵਿਚ ਕਿੰਨੀਆਂ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ?
੮. ਮਲਵਈ ਉਪਭਾਸ਼ਾ ਕਿਸ ਇਲਾਕੇ ਵਿਚ ਬੋਲੀ ਜਾਂਦੀ ਹੈ।

੩. ਗੁਰਮੁਖੀ ਲਿਪੀ

੩.੧ ਨਿਕਾਸ

ਲਿਪੀ ਮਾਨਵੀ ਸੱਭਿਆਚਾਰ ਦੇ ਬਾਕੀ ਪੱਖਾਂ ਵਾਂਗ ਮਨੁੱਖ ਸਿਰਜਿਤ ਵਰਤਾਰਾ ਹੈ। ਹਰੇਕ ਲਿਪੀ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਲੋੜਾਂ ਅਨੁਸਾਰ ਹੀ ਆਪਣੀ ਹੋਂਦ ਬਣਾਉਂਦੀ ਹੈ ਪਰ ਇਹ ਬਹੁਤ ਹੀ ਸਹਿਜ ਵਰਤਾਰਾ ਹੈ। ਕਿਸੇ ਵੀ ਲਿਪੀ ਦੇ ਆਰੰਭ ਦਾ ਕੇਵਲ ਇੱਕ ਸ੍ਰੋਤ- ਬਿੰਦੂ ਨਿਸ਼ਚਿਤ ਕਰਨਾ ਉਨਾਂ ਹੀ ਕਠਿਨ ਹੈ ਜਿੰਨਾਂ ਇਹ ਕਹਿਣਾ ਕਿ ਕਿਸੇ ਸੱਭਿਅਤਾ ਦਾ ਮੂਲ ਸ੍ਰੋਤ ਇੱਕ ਹੀ ਵਿਅਕਤੀ ਹੈ। ਲਿਪੀ ਬਾਰੇ ਨਿਸ਼ਚਿਤ ਰੂਪ ਵਿਚ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸੇ ਵਿਸ਼ੇਸ਼ ਸਮੇਂ ਜਾਂ ਸਥਾਨ ’ਤੇ ਬਣੀ ਹੈ। ਪਰ ਲਿਪੀ ਭਾਸ਼ਾ ਵਿਸ਼ੇਸ਼ ਦੀ ਪੁਸ਼ਾਕ ਹੁੰਦੀ ਹੈ। ਹਰੇਕ ਲਿਪੀ ਕਿਸੇ ਭਾਸ਼ਾ ਵਿਸ਼ੇਸ਼ ਨੂੰ ਧਿਆਨ ਵਿਚ ਰੱਖ ਕੇ ਹੀ ਵਿਕਸਿਤ ਹੁੰਦੀ ਹੈ। ਲੰਮੇ ਸਮੇਂ ਦੀ ਸਾਂਝ ਪਿੱਛੋਂ ਭਾਸ਼ਾ ਤੇ ਲਿਪੀ ਇੱਕਸਾਰ ਹੋ ਜਾਂਦੀਆਂ ਹਨ। ਫਿਰ ਦੋਹਾਂ ਦਾ ਨਾਤਾ ਅਟੁੱਟ ਹੋ ਜਾਂਦਾ ਹੈ। ਹੁਣ ਤੱਕ ਲਿਪੀ ਬਾਰੇ ਜੋ ਜਾਣਕਾਰੀ ਮਿਲਦੀ ਹੈ, ਉਸ ਮੁਤਾਬਿਕ ਕੋਈ ੧੦,੦੦੦ ਬੀ.ਸੀ. ਦੌਰਾਨ ਲਿਪੀ ਦਾ ਵਿਕਾਸ ਹੋਇਆ। ਵਿਦਵਾਨਾਂ ਨੇ ਲਿਪੀ ਦੇ ਵਿਕਾਸ ਨੂੰ ਛੇ ਪੜਾਵਾਂ ਵਿਚ ਵੰਡਿਆ ਹੈ:

(੧) ਸੂਤਰ ਲਿਪੀ
(੨) ਚਿੱਤਰ ਲਿਪੀ
(੩) ਚਿੰਨ੍ਹ ਲਿਪੀ
(੪) ਭਾਵ ਲਿਪੀ
(੫) ਭਾਵ-ਧੁਨੀ ਲਿਪੀ
(੬) ਧੁਨੀ ਲਿਪੀ

ਭਾਰਤੀ ਲਿਪੀਆਂ ਦੇ ਸਭ ਤੋਂ ਪੁਰਾਣੇ ਨਮੂਨੇ ਸਿੰਧੂ ਘਾਟੀ ਵਿਚ ਮਿਲਦੇ ਹਨ। ਵੂਲਰ ਦਾ ਮਤ ਹੈ ਕਿ ਭਾਰਤੀਆਂ ਨੇ ਪੰਜਵੀਂ ਸਦੀ ਈ. ਪੂਰਵ ਸੈਮਟਿਕ ਲਿਪੀ ਦੇ ਆਧਾਰ ’ਤੇ ਬ੍ਰਹਮੀ ਲਿਪੀ ਬਣਾਈ। ਇਸ ਤੋਂ ਇਲਾਵਾ ਈਰਾਨੀ ਹਮਲਿਆਂ ਸਮੇਂ ਇਥੇ ਖ਼ਰੋਸ਼ਟੀ ਲਿਪੀ ਵੀ ਪ੍ਰਚਲਿੱਤ ਹੋਈ। ਪਰ ਬ੍ਰਹਮੀ ਹੀ ਭਾਰਤ ਦੀ ਮੌਲਿਕ ਲਿਪੀ ਹੈ। ਇਸ ਤੋਂ ਹੀ ਸਮੂਹ ਭਾਰਤੀ ਲਿਪੀਆਂ ਦਾ ਵਿਕਾਸ ਹੋਇਆ।

ਗੁਰਮੁਖੀ ਦੀ ਖੋਜ ਬਾਰੇ ਮੂਲ ਰੂਪ ਵਿਚ ਦੋ ਪੁਸਤਕਾਂ ਕਾਬਲੇਗੌਰ ਹਨ : ਇੱਕ ਤਾਂ ਸਰਦਾਰ ਜੀ.ਬੀ. ਸਿੰਘ ਦੁਆਰਾ ਰਚਿਤ ‘ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ’ (੧੯੫੦) ਅਤੇ ਦੂਜੀ ਡਾ. ਤਰਲੋਚਨ ਸਿੰਘ ਬੇਦੀ ਦੀ ਪੁਸਤਕ ‘ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ’ (੧੯੯੯)। ਜੀ.ਬੀ. ਸਿੰਘ ਨੇ ਤਾਂ ਸਾਰਾ ਬਲ ਇਹ ਸਥਾਪਿਤ ਕਰਨ ਤੇ ਲਗਾਇਆ ਹੈ ਕਿ ਗੁਰਮੁਖੀ ਦਾ ਗੁਰੂ ਸਾਹਿਬਾਨ ਨਾਲ ਕੋਈ ਸੰਬੰਧ ਨਹੀਂ। ਉਨ੍ਹਾਂ ਅਨੁਸਾਰ ‘ਇਸ ਦੇ ਨਾਮ ‘ਗੁਰਮੁਖੀ’ ਤੋਂ ਸਿਵਾ ਸਿੱਖਾਂ ਦਾ ਇਨ੍ਹਾਂ ਅੱਖਰਾਂ ਨਾਲ ਕੋਈ ਵਾਸਤਾ ਨਹੀਂ। ਗੁਰਮੁਖੀ ਦਾ ਇੱਕ ਵੀ ਅੱਖਰ ਗੁਰੂ ਅੰਗਦ ਦੇਵ ਜਾਂ ਹੋਰ ਕਿਸੇ ਇੱਕ ਦਾ ਬਣਾਇਆ ਹੋਇਆ ਨਹੀਂ।’ ਤਰਲੋਚਨ ਸਿੰਘ ਬੇਦੀ ਨੇ ਲਿਖਿਆ ਹੈ ‘ਅਸਲੀਅਤ ਇਹ ਵੀ ਹੈ ਕਿ ਗੁਰੂ ਅੰਗਦ ਦੇਵ ਦੇ ਸਮੇਂਤੋਂ ਬਹੁਤ ਪਹਿਲਾਂ ਦਸਵੀਂ ਸਦੀ ਤੋਂ ਗੁਰਮੁਖੀ ਆਪਣੇ ਪ੍ਰਥਮ ਰੂਪ ਵਿਚ ਵਰਤੀਦੀਂ ਆ ਰਹੀ ਸੀ।’

ਗੁਰਮੁਖੀ ਬਾਰੇ ਦੂਜਾ ਮੱਤ ਵੀ ਵਿਚਾਰਨ ਯੋਗ ਹੈ। ਪ੍ਰੋ. ਪ੍ਰੀਤਮ ਸਿੰਘ ਅਨੁਸਾਰ ਸਿੱਖ ਸਾਹਿਤ ਵਿਚ ਸਭ ਤੋਂ ਪਹਿਲਾ ਹਵਾਲਾ ਬਾਬਾ ਮੋਹਨ ਸਿੰਘ ਦੇ ਨਾਂ ਹੇਠ ਮਿਲਦੀ ਇੱਕ ਪੋਥੀ ਵਿਚ ਮਿਲਦਾ ਹੈ ‘ਗੁਰੂ ਅੰਗਦ ਗੁਰਮੁਖੀ ਅੱਖਰ ਬਨਾਏ’ ਪ੍ਰੀਤਮ ਸਿੰਘ ਨੇ ਇੱਕ ਹੋਰ ਮੱਤ ਵੀ ਦਿੱਤਾ ਹੈ ਕਿ ਕਿਸੇ ਕੰਕਨ ਕਵੀ ਦੀ ਅਣਛਪੀ ਰਚਨਾ ਵਿਚ ਲਿਖਿਆ ਹੈ ‘ਗੁਰਮੁਖੀ ਅੱਖਰ ਗੁਰੂ ਨਾਨਕ ਜੀ ਨੇ ਬਣਾਏ’ ਇੱਕ ਹੋਰ ਮੱਤ ਭਾਈ ਕੇਸਰ ਸਿੰਘ ਛਿੱਬਰ ਦੇ ਗ੍ਰੰਥ ‘ਬੰਸਾਵਲੀਨਾਮਾ ਦਸ ਪਾਤਸ਼ਾਹੀਆਂ ਕਾ’ ਵਿਚ ਮਿਲਦਾ ਹੈ। ਇਸ ਗ੍ਰੰਥ ਵਿਚ ਗੁਰਮੁਖੀ ਦਾ ਸੰਬੰਧ ਬਾਬਾ ਸ੍ਰੀ ਚੰਦ ਉਦਾਸੀ ਨਾਲ ਜੋੜਿਆ ਗਿਆ ਹੈ।

ਗੁਰਮੁਖੀ ਲਿਪੀ ਬਾਰੇ ਕੁੱਝ ਵਿਦੇਸ਼ੀ ਵਿਦਵਾਨਾਂ ਨੇ ਵੀ ਲਿਖਿਆ ਹੈ। ਗ੍ਰੀਅਰਸਨ ਨੇ ਲਿਖਿਆ ਹੈ ‘ਸਿੱਖਾਂ ਦੇ ਦੂਜੇ ਗੁਰੂ ਸਮੇਂ ਪੰਜਾਬ ਵਿਚ ਲੰਡੇ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਗੁਰੂ ਅੰਗਦ ਦੇਵ ਨੇ ਦੇਖਿਆ ਕਿ ਲੰਡਿਆਂ ਵਿਚ ਲਿਖੀ ਹੋਈ ਬਾਣੀ ਗ਼ਲ਼ਤ ਪੜ੍ਹੀ ਜਾ ਰਹੀ ਹੈ। ਸੋ ਉਨ੍ਹਾਂ ਨੇ ਦੇਵਨਾਗਰੀ ਤੋਂ ਚਿੰਨ੍ਹ ਲੈ ਕੇ ਇਨ੍ਹਾਂ ਨੂੰ ਸੁਧਾਰਿਆ ਤੇ ਬਾਣੀ ਲਿਖਣਯੋਗ ਬਣਾ ਦਿੱਤਾ।’ ਇਸੇ ਤਰ੍ਹਾਂ ਮੈਕਾਲਫ ਨੇ ਲਿਖਿਆ ਹੈ ‘ਗੁਰੂ ਅੰਗਦ ਤੋਂ ਪਹਿਲਾਂ ਸੰਤਾਂ- ਸੁਧਾਰਕਾਂ ਦੀਆਂ ਰਚਨਾਵਾਂ ਸੰਸਕ੍ਰਿਤ ਅੱਖਰਾਂ ਵਿਚ ਲਿਖੀਆਂ ਜਾਂਦੀਆਂ ਸਨ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਗੁਰੂ ਨਾਨਕ ਦੇਵ ਦੀਆਂ ਰਚਨਾਵਾਂ ਨੂੰ ਲਿਖਤੀ ਰੂਪ ਦੇਣ ਲਈ ਵਿਸ਼ੇਸ਼ ਅੱਖਰਾਂ ਦੀ ਲੋੜ ਹੈ ਇਸ ਲਈ ਉਨ੍ਹਾਂ ਸੰਸਕ੍ਰਿਤ ਅੱਖਰ ਸੁਧਾਰ ਕੇ, ਇਕ ਨਵੇਕਲੀ ਲਿਪੀ ਨੂੰ ਪ੍ਰਯੋਗ ਵਿਚ ਲਿਆਂਦਾ।’

ਉਪਰੋਕਤ ਵਿਚਾਰਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਗੁਰਮੁਖੀ ਬਾਰੇ ਅਜੇ ਵੀ ਵਿਗਿਆਨਕ ਖੋਜ ਦੀ ਲੋੜ ਹੈ। ਜਿਵੇਂ ਅਸੀਂ ਪਹਿਲਾਂ ਵੀ ਲਿਖਿਆ ਹੈ ਕਿ ਭਾਸ਼ਾ ਜਾਂ ਲਿਪੀ ਅਜਿਹੇ ਮਨੁੱਖ ਸਿਰਜਿਤ ਵਰਤਾਰੇ ਹਨ ਜਿਨ੍ਹਾਂ ਦਾ ਜਨਮ ਨਹੀਂ ਬਲਕਿ ਵਿਕਾਸ ਹੁੰਦਾ ਹੈ। ਇਸ ਗੱਲ ਵਿਚ ਵੀ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਕਿ ਗੁਰੂਆਂ ਦੀ ਸਭ ਤੋ ਵੱਡੀ ਦੇਣ ਇਹ ਹੈ ਕਿ ਜਿਵੇਂ ਉਨ੍ਹਾਂ ਆਪਣੀ ਬਾਣੀ ਦਾ ਮੂਲ ਆਧਾਰ ਲੋਕਾਂ ਦੀ ਬੋਲੀ ਨੂੰ ਬਣਾਇਆ, ਉਵੇਂ ਉਨ੍ਹਾਂ ਪੰਜਾਬ ਦੀ ਲਿਪੀ ਨੂੰ ਅਪਣਾਇਆ। ਇਸ ਕਾਰਜ ਲਈ ਉਨ੍ਹਾਂ ਨਾ ਕੇਵਲ ਆਪਣੀ ਬਾਣੀ ਹੀ ਇਨ੍ਹਾਂ ਅੱਖਰਾਂ ਵਿਚ ਲਿਖੀ ਸਗੋਂ ਤੇਰਵੀਂ ਤੋਂ ਸਤਾਰਵੀਂ ਸਦੀ ਤੱਕ ਦੇ ਬਹੁਤ ਸਾਰੇ ਸੰਤਾਂ, ਭਗਤਾਂ, ਸੂਫ਼ੀਆਂ ਦੀ ਚੋਣਵੀਂ ਬਾਣੀ ਨੂੰ ਵੀ ਇਸ ਲਿਪੀ ਵਿਚ ਲਿਖ ਕੇ ਲੋਕਪ੍ਰਿਯ ਬਣਾਇਆ। ਗੁਰੂਆਂ ਤੋਂ ਪਿੱਛੋਂ ਸਾਖੀ ਸਾਹਿਤ ਅਤੇ ਹੋਰ ਸਿੱਖ ਸਾਹਿਤ ਵੀ ਇਸੇ ਲਿਪੀ ਵਿਚ ਲਿਖਿਆ ਗਿਆ। ਇਸੇ ਲਈ ਇਸ ਲਿਪੀ ਦਾ ਨਾਮ ਗੁਰਮੁਖੀ ਪ੍ਰਚਲਿੱਤ ਹੋ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਖੇਤਰ ਜਾਂ ਆਲੇ ਦੁਆਲੇ ਵਿਚ ਜੋ ਲਿਪੀਆਂ ਪ੍ਰਚਲਿੱਤ ਸਨ। ਉਨ੍ਹਾਂ ਦੇ ਨਾਮ ਟਾਕਰੀ, ਲੰਡੇ, ਭੱਟਅਛਰੀ, ਸਿੱਧ ਮਾਤ੍ਰਿਕਾ ਆਦਿ ਸਨ।

੩.੨ ਵਿਕਾਸ

ਪਹਿਲਾ ਵਿਕਾਸ ਪੜਾਅ: ੧੬-੧੭ ਸਦੀ

ਜਦੋਂ ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਨੂੰ ਇਸ ਖੇਤਰ ਵਿਚ ਇੱਕ ਸਥਾਨਿਕ ਲਿਪੀ ਵਜੋਂ ਅਪਣਾ ਕੇ ਵਰਤਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਵੱਡੀ ਮਾਤਰਾ ਵਿਚ ਇਸ ਵੇਲੇ ਜੋ ਸਾਹਿਤ ਰਚਿਆ ਗਿਆ, ਉਹ ਵੀ ਗੁਰਮੁਖੀ ਵਿਚ ਹੀ ਲਿਖਿਆ ਗਿਆ। ਇਉਂ ਗੁਰਮੁਖੀ ਲਿਪੀ ਦਾ ਵਿਕਾਸ ਸ਼ੁਰੂ ਹੋਇਆ। ਉਪਰੋਕਤ ਵਿਦਵਾਨਾਂ (ਜੀ.ਬੀ. ਸਿੰਘ ਤੇ ਤਰਲੋਚਨ ਸਿੰਘ ਬੇਦੀ) ਦਾ ਵੀ ਇਹੋ ਮੱਤ ਹੈ ਕਿ ਉਨੀਵੀਂ ਸਦੀ ਤੱਕ ਗੁਰਮੁਖੀ ਦਾ ਇੱਕ ਪ੍ਰਮਾਣਿਕ ਸਰੂਪ ਨਿਸ਼ਚਿਤ ਹੋ ਜਾਂਦਾ ਹੈ। ਇਸ ਵਿਕਾਸ ਪੜਾਅ ਉਤੇ ਗੁਰਮੁਖੀ ਲਿਪੀ ਵਿਚ ਹੇਠ ਲਿਖੇ ਸੁਧਾਰ ਕੀਤੇ ਗਏ :

(੧) ਗੁਰਮੁਖੀ ਅੱਖਰਾਂ ਉਪਰ ਪੂਰਨ ਰੇਖਾਵਾਂ ਵਿਕਸਿਤ ਹੋ ਜਾਂਦੀਆਂ ਹਨ।
(੨) ।ਅ॥ ਅੱਖਰ ਦੀ ਉਪਰਲੀ ਰੇਖਾ ਖ਼ਤਮ ਹੋ ਜਾਂਦੀ ਹੈ।
(੩) ਗੁਰਮੁਖੀ ਲਗਾਂ-ਮਾਤਰਾਂ ਦਾ ਵਿਕਾਸ ਹੁੰਦਾ ਹੈ ।
(੪) ਪਹਿਲਾ ।ਵ॥ ਅਤੇ ।ਬ॥ ਲਈ ਇੱਕ ਹੀ ਚਿੰਨ੍ਹ ਵਰਤਿਆ ਜਾਂਦਾ ਸੀ ਪਰ ਸੋਲਵੀਂ ਸਦੀ ਵਿਚ ।ਬ॥ ਚਿੰਨ੍ਹ ਵਿਕਸਿਤ ਹੁੰਦਾ ਹੈ।
(੫) ਪਹਿਲਾਂ ।ੜ॥ ਅੱਖਰ ਨਹੀਂ ਸੀ ਇਸ ਨੂੰ ।ਡ॥ ਤੋਂ ਵਿਕਸਿਤ ਕੀਤਾ ਗਿਆ।
(੬) ਪਹਿਲਾਂ ।ਸ॥ ਸਿਰੋਂ ਨੰਗਾ ਸੀ ਪਰ ਇਸ ਸਮੇਂ ਦੌਰਾਨ ਹੀ ।ਸ॥ ਦੇ ਸਿਰ ਰੇਖਾ ਵਿਕਸਤ ਹੋਈ।
(੭) ਸੰਜੁਕਤ ਅੱਖਰ ਲਿਖਣ ਦੀ ਪ੍ਰਥਾ ਘਟ ਗਈ ਸੀ।
(੮) ਪਹਿਲਾਂ ਸਿਰਫ਼ ਬਿੰਦੀ ਹੀ ਵਰਤੀ ਜਾਂਦੀ ਸੀ। ਇਸ ਸਮੇਂ ਦੌਰਾਨ ਟਿੱਪੀ ਵਿਕਸਿਤ ਹੋਈ।

ਦੂਜਾ ਵਿਕਾਸ ਪੜਾਅ : ੧੯-੨੦ ਸਦੀ

ਉਨੀਵੀਂ ਸਦੀ ਦੇ ਸ਼ੁਰੂ ਵਿਚ ਜਦੋਂ ਗੁਰਮੁਖੀ ਛਾਪੇਖਾਨੇ ਦਾ ਆਰੰਭ ਹੋ ਗਿਆ ਤਾਂ ਫਿਰ ਗੁਰਮੁਖੀ ਅੱਖਰਾਂ ਦਾ ਰੂਪ ਸਥਿਰ ਹੋ ਗਿਆ। ਅੱਖਰਾਂ ਵਿਚ ਗੋਲਾਈ ਆ ਗਈ ਸੀ। ਫ਼ਾਰਸੀ ਲੰਮਾ ਸਮਾਂ ਪੰਜਾਬ ਦੀ ਰਾਜ ਭਾਸ਼ਾ ਰਹੀ। ਇਸ ਸਮੇਂ ਦੌਰਾਨ ਬਹੁਤ ਸਾਰੇ ਫ਼ਾਰਸੀ ਸ਼ਬਦ ਪੰਜਾਬੀ ਵਿਚ ਘੁਲਮਿਲ ਗਏ। ਸਿੱਟੇ ਵਜੋਂ ਕੁੱਝ ਫ਼ਾਰਸੀ ਧੁਨੀਆਂ ਪੰਜਾਬੀ ਵਿਚ ਪ੍ਰਵੇਸ਼ ਕਰ ਗਈਆਂ। ਇਨ੍ਹਾਂ ਨੂੰ ਲਿਖਤ ਰੂਪ ਦੇਣ ਲਈ ਗੁਰਮੁਖੀ ਦੇ ਪੈਂਤੀ ਅੱਖਰਾਂ ਵਿਚ ਹੀ ਕੁੱਝ ਅੱਖਰਾਂ ਦੇ ਪੈਰੀਂ ਬਿੰਦੀ ਪਾ ਕੇ, ਇਨ੍ਹਾਂ ਨੂੰ ਫ਼ਾਰਸੀ ਧੁਨੀਆਂ ਲਈ ਨਿਸ਼ਚਿਤ ਕੀਤਾ ਗਿਆ। ਉਨੀਵੀਂ ਸਦੀ ਵਿਚ ਦੁੱਤ ਅੱਖਰਾਂ ਲਈ ਅੱਧਕ ਦਾ ਚਿੰਨ੍ਹ ਵਿਕਸਿਤ ਕੀਤਾ ਗਿਆ। ਇਸੇ ਤਰ੍ਹਾਂ ਪੁਰਾਣੀ ਗੁਰਮੁਖੀ ਵਿਚ ਇੱਕੋ ਵਿਰਾਮ ਚਿੰਨ੍ਹ ਸੀ ਪਰ ਉਨੀਵੀਂ ਸਦੀ ਵਿਚ ਅੰਗਰੇਜ਼ੀ ਪ੍ਰਭਾਵ ਅਧੀਨ ਅੰਗਰੇਜੀ ਵਾਲੇ ਸਾਰੇ ਵਿਰਾਮ ਚਿੰਨ੍ਹ ਅਪਣਾ ਲਏ ਗਏ।

ਸਾਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਲਿਪੀ ਦਸਵੀਂ ਸਦੀ ਤੋਂ ਅਪਣਾ ਪ੍ਰਥਮ ਸਰੂਪ ਧਾਰਨ ਕਰਨ ਲੱਗ ਪਈ ਸੀ। ਦਸਵੀਂ ਸਦੀ ਤੋਂ ਸੋਲਵੀਂ ਸਦੀ ਦੇ ਅੰਤ ਤਕ ਦਾ ਸਮਾਂ ਇਸ ਦੀ ਨਿਕਾਸ ਅਵਸਥਾ ਦਾ ਸਮਾਂ ਹੈ। ਗੁਰਮੁਖੀ ਦਾ ਪਹਿਲਾ ਵਿਕਾਸ-ਪੜਾਅ ਸੋਲਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ ਤੇ ਉਨੀਵੀਂ ਸਦੀ ਦੇ ਪਹਿਲੇ ਅੱਧ ਤੱਕ ਜਾਂਦਾ ਹੈ। ਛਾਪੇਖਾਨੇ ਦੇ ਆਰੰਭ ਹੋਣ ਨਾਲ ਇਸ ਦਾ ਸੰਪੂਰਨ ਵਿਕਾਸ ਹੁੰਦਾ ਹੈ।

ਅੱਜ ਗੁਰਮੁਖੀ ਲਿਪੀ ਸੰਪੂਰਨ ਰੂਪ ਵਿਚ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਉਤੇ ਉਸਰਿਆ ਇਕ ਪ੍ਰਬੰਧ ਹੈ। ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬੀ ਭਾਸ਼ਾ ਲਈ ਕਿਸੇ ਕੌਮਾਂਤਰੀ ਲਿਪੀ ਦੀ ਗੱਲ ਵੀ ਚੱਲੀ ਹੈ ਜਾਂ ਫਿਰ ਕਈ ਵਾਰ ਦੇਵਨਾਗਰੀ ਲਿਪੀ ਵਿਚ ਪੰਜਾਬੀ ਨੂੰ ਲਿਖਣ ਦੀ ਸ਼ਿਫਾਰਸ਼ ਜਾਂ ਮੰਗ ਕੀਤੀ ਜਾਂਦੀ ਹੈ। ਦਰਅਸਲ ਕੁੱਝ ਲੋਕ/ਵਿਦਵਾਨ ਫੈਸ਼ਨ ਵਜੋਂ ਤੱਥ ਰਹਿਤ ਦਲੀਲਾਂ ਦੇ ਕੇ ਭੁਲੇਖਾ ਖੜਾ ਕਰ ਦਿੰਦੇ ਹਨ। ਲਿਪੀ ਅਤੇ ਭਾਸ਼ਾ ਦੇ ਸੰਬੰਧਾਂ ਨੂੰ ਸਮਝਣ ਲਈ ਇਤਿਹਾਸ ਨੂੰ ਵੇਖਣਾ ਜ਼ਰੂਰੀ ਹੈ। ਲਿਪੀ ਕੇਵਲ ਆਵਾਜ਼ਾਂ ਦੀ ਪੇਸ਼ਕਾਰੀ ਦਾ ਹੀ ਸਾਧਨ ਨਹੀਂ ਹੁੰਦੀ। ਇਸ ਵਿਚ ਸਮੇਂ ਦਾ ਦਰਸ਼ਨ ਅਤੇ ਸੱਭਿਆਚਾਰ ਪਿਆ ਹੁੰਦਾ ਹੈ। ਹਰੇਕ ਲਿਪੀ ਪ੍ਰਾਪਤ ਸਮਾਜਿਕ ਗਿਆਨ ਦੀ ਤਸਵੀਰ ਪੇਸ਼ ਕਰਦੀ ਹੈ । ਕਿਸੇ ਲਿਪੀ ਦਾ ਖ਼ਾਤਮਾ ਉਸ ਲਿਪੀ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਵੀ ਖ਼ਾਤਮਾ ਹੈ। ਮਸਲਨ ਜੇ ਅੱਜ ਉਤਰੀ ਭਾਰਤ ਦੀਆਂ ਸਾਰੀਆਂ ਹੀ ਭਾਸ਼ਾਵਾਂ ਹਿੰਦੀ ਭਾਸ਼ਾ ਨੇ ਦਬਾ ਲਈਆਂ ਹਨ ਤਾਂ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਨ੍ਹਾਂ ਭਾਸ਼ਾਵਾਂ ਦੀ ਆਪਣੀ ਕੋਈ ਵਿਸ਼ੇਸ਼ ਲਿਪੀ ਨਹੀਂ ਹੈ। ਕਈ ਵਾਰੀ ਤਕਨਾਲੌਜੀ ਨੂੰ ਲਿਪੀ ਲਈ ਚੁਣੌਤੀ ਸਮਝ ਲਿਆ ਜਾਂਦਾ ਹੈ। ਦਰਅਸਲ ਤਕਨਾਲੌਜੀ ਲਈ ਲਿਪੀ ਚੁਣੌਤੀ ਨਹੀਂ, ਤਕਨਾਲੌਜੀ ਸਿਰਫ਼ ਮਾਧਿਅਮ ਹੈ। ਇਸ ਲਈ ਇਹ ਚੁਣੌਤੀ ਤਕਨਾਲੋਜੀ ਦੀ ਹੈ ਲਿਪੀ ਦੀ ਨਹੀਂ। ਮਸਲਨ ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ । ਇਸ ਲਈ ਪੰਜਾਬੀ ਦਾ ਸਪੈਲ-ਚੈਕਰ, ਗਰਾਮਰ ਚੈਕਰ ਵਰਗੇ ਸਿਸਟਮ ਉਸਾਰੇ ਗਏ ਹਨ। ਸ਼ੁ਼ਰੂ ਵਿਚ ਸਪੈਲ-ਚੈਕਰ ਦੀ ਸਮੱਸਿਆ ਨੂੰ ਗੁਰਮੁਖੀ ਲਿਪੀ ਦੀ ਸਮੱਸਿਆ ਨਾਲ ਜੋੜਿਆ ਗਿਆ ਅਤੇ ਕਿਹਾ ਗਿਆ ਕਿ ਕੰਪਿਊਟਰ ਦੀ ਸਵਿਧਾ ਮੁਤਾਬਿਕ ਗੁਰਮੁਖੀ ਲਿਪੀ ਵਿਚ ਸੁਧਾਰਾਂ ਦੀ ਲੋੜ ਹੈ। ਪਰ ਹੌਲੀ- ਹੌਲੀ ਕੰਪਿਊਟਰ ਨੂੰ ਹੀ ਪੰਜਾਬੀ ਸ਼ਬਦ-ਜੋੜਾਂ ਮੁਤਾਬਿਕ ਢਾਲ ਲਿਆ ਗਿਆ। ਭਾਵ ਜੇ ਕਿਸੇ ਸ਼ਬਦ ਦੇ ਇਕ ਤੋਂ ਵੱਧ ਰੂਪ ਮਿਲਦੇ ਸਨ ਤਾਂ ਉਨ੍ਹਾਂ ਸਾਰਿਆਂ ਦਾ ਡਾਟਾ ਕੰਪਿਊਟਰ ਵਿਚ ਫੀਡ ਕਰ ਦਿੱਤਾ ਗਿਆ। ਸੋ ਇਹ ਤਕਨਾਲੋਜੀ ਦੀ ਚੁਣੌਤੀ ਸੀ, ਉਸ ਨੇ ਹੱਲ ਕਰ ਲਿਆ। ਇਸ ਤਰ੍ਹਾਂ ਦੀਆਂ ਕੁੱਝ ਹੋਰ ਸਮੱਸਿਆਵਾਂ ਹਨ ਜੋ ਤਕਨਾਲੋਜੀ ਨੇ ਹੱਲ ਕਰ ਲੈਣੀਆਂ ਹਨ। ਸਾਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਲਿਪੀ ਦੇ ਸਰੂਪ ਨੂੰ ਬਣਾਈ ਰੱਖਣ ਅਤੇ ਇਸਦੇ ਵਿਕਾਸ ਲਈ ਚੇਤਨ ਤੌਰ ਤੇ ਯਤਨ ਕਰਨ ਦੀ ਜ਼ਰੂਰਤ ਹੈ।

੩.੩ ਪ੍ਰਾਸੰਗਿਕਤਾ

ਗੁਰਮੁਖੀ ਲਿਪੀ ਦੀ ਪੰਜਾਬੀ ਭਾਸ਼ਾ ਲਈ ਪ੍ਰਸੰਗਤਾ ਦਾ ਸਭ ਤੋਂ ਪਹਿਲਾ ਭਾਸ਼ਾ ਵਿਗਿਆਨਕ ਆਧਾਰ ਤਾਂ ਇਹ ਹੈ ਕਿ ਇਹ ਲਿਪੀ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਉਤੇ ਉਸਾਰਿਆ ਇੱਕ ਚਿੰਨ੍ਹ ਪ੍ਰਬੰਧ ਹੈ । ਇਸ ਲਿਪੀ ਦੀ ਸੰਰਚਨਾ ਧੁਨੀ ਵਿਗਿਆਨਕ ਨਿਯਮਾਂ ਆਧਾਰਿਤ ਹੈ। ਇਸ ਲਿਪੀ ਦੀ ਸੰਰਚਨਾ, ਉਚਾਰਨ-ਸਥਾਨ ਆਧਾਰਿਤ ਹੈ ਅਤੇ ਇਹ ਆਧਾਰ ਭਾਸ਼ਾ ਵਿਗਿਆਨਕ ਹੈ। ਇਸ ਦਾ ਤਰਕਸੰਗਤ ਪ੍ਰਮਾਣ ਹੇਠ ਲਿਖੇ ਅਨੁਸਾਰ ਹੈ :

ਕੰਠੀ --- ਕ, ਖ, ਗ, ਘ, ਙ
ਤਾਲਵੀ --- ਚ, ਛ, ਜ, ਝ, ਞ
ਮੂਰਧਨੀ --- ਟ, ਠ, ਡ, ਢ, ਣ
ਦੰਤੀ --- ਤ, ਥ, ਦਸ, ਧ, ਨ
ਹੋਠੀ --- ਪ, ਫ, ਬ, ਭ, ਮ

ਭਾਸ਼ਾ ਵਿਗਿਆਨ ਵਿਚ ਧੁਨੀਆਂ ਦੇ ਵਰਗੀਕਰਨ ਲਈ ਇਹੋ ਆਧਾਰ ਪ੍ਰਮੁੱਖ ਹੈ। ਲਗਪਗ ਇਹੋ ਤਰਤੀਬ ਅਤੇ ਆਧਾਰ ਅੰਤਰ-ਰਾਸ਼ਟਰੀ ਧੁਨੀ ਲਿਪੀ (I.P.A.) ਵਿਚ ਵੀ ਮਿਲਦਾ ਹੈ।

ਗੁਰਮੁਖੀ ਲਿਪੀ ਦੇ ਆਰੰਭ ਵਿਚ ਤਿੰਨ ਸਵਰ- ਵਾਹਕ ੳ,ਅ,ੲ ਹਨ। ਤਕਰੀਬਨ ਸਾਰੀਆਂ ਹੀ ਲਿਪੀਆਂ ਸਵਰ- ਵਾਹਕਾਂ ਨਾਲ ਸ਼ੁਰੂ ਹੁੰਦੀਆਂ ਹਨ। ਉਂਜ ਵੀ ਸਵਰ, ਉਚਾਰਖੰਡ ਦਾ ਧੁਰਾ ਹੁੰਦਾ ਹੈ। ਪਰ ਦਿਲਚਸਪ ਤੱਥ ਇਹ ਹੈ ਕਿ ਅ ਤੇ ੲ ਦੀ ਤਰਤੀਬ ਫਿਰ ਉਚਾਰਨ ਸਥਾਨ ਆਧਾਰਿਤ ਹੈ ਅਰਥਾਤ ਪਿੱਛੋਂ ਤੋਂ ਅੱਗੇ ਵੱਲ ਨੂੰ ਹੈ। ੳ, ਅ ਤੇ ੲ ਤੋਂ ਪਿੱਛੋਂ (ਸ,ਹ) ਅੱਖਰ ਹਨ। ।ਸ॥ ਅਤੇ ।ਹ॥ ਦਾ ਬਿਬਤ ਪ੍ਰਯਤਨ ੳ, ਅ ਤੇ ੲ ਨਾਲ ਸਾਂਝਾ ਹੈ। ਇਸ ਲਈ ਇਹ ਪਹਿਲੀ ਪੰਗਤੀ ਵਿਚ ਹਨ। ।ਯ॥ ਵਾਲੀ ਪੰਗਤੀ ਵਿਚ ਵੀ ਵਿਅੰਜਨ ਚਿੰਨ੍ਹਾਂ ਦੀ ਤਰਤੀਬ ਉੁਚਾਰਨ ਸਥਾਨ ਦੇ ਕ੍ਰਮ ਅਨੁਸਾਰ ਦਿੱਤੀ ਗਈ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰਮੁਖੀ ਲਿਪੀ ਦੀ ਸੰਰਚਨਾ ਭਾਸ਼ਾ ਵਿਗਿਅਨਕ ਆਧਾਰਾਂ ਉਪਰ ਉਸਾਰੀ ਗਈ ਹੈ।

ਭਾਸ਼ਾ ਵਿਗਿਅਨਕ ਨਜ਼ਰੀਏ ਤੋਂ ਅਗਲਾ ਅਹਿਮ ਨੁਕਤਾ ਇਹ ਹੈ ਕਿ ਗੁਰਮੁਖੀ ਲਿਪੀ ਵਿਚ ਪੰਜਾਬੀ ਦੀ ਹਰੇਕ ਧੁਨੀ ਲਈ ਇੱਕ ਵੱਖਰਾ ਚਿੰਨ੍ਹ ਹੈ। ਇਸ ਲਈ ਲਿਖਣ ਪੜ੍ਹਨ ਵਿਚ ਕੋਈ ਔਕੜ ਨਹੀਂ ਆਉਂਦੀ। ਅਸਲ ਵਿਚ ਗੁਰਮੁਖੀ ਨਾਲ ਪੰਜਾਬੀ ਭਾਸ਼ਾ ਦਾ ਸਹਿਜ- ਸੁਭਾਵਿਕ ਨਾਤਾ ਹੈ। ਇਹ ਲਿਪੀ ਵਿਸ਼ੇਸ਼ ਕਰਕੇ ਪੰਜਾਬੀ ਲਿਖਣ ਲਈ ਹੀ ਬਣਾਈ ਗਈ ਹੈ। ਇਸ ਲਈ ਹੋਰ ਕੋਈ ਵੀ ਅਜਿਹੀ ਲਿਪੀ ਨਹੀਂ ਹੋ ਸਕਦੀ ਜਿਸ ਵਿਚ ਪੰਜਾਬੀ ਦੀਆ ਸਾਰੀਆਂ ਧੁਨੀਆਂ ਲਈ ਨਵੇਕਲੇ ਚਿੰਨ੍ਹ ਹੋਣ। ਮਸਲਨ ਰੋਮਨ ਲਿਪੀ ਵਿਚ ਪੰਜਾਬੀ ਦੀਆਂ / ਟ, ਡ, ਣ, ਅਤੇ ਞ/ ਆਦਿ ਧੁਨੀਆਂ ਲਈ ਕੋਈ ਅੱਖਰ ਨਹੀਂ। ਨਾਸਿਕਤਾ ਨੂੰ ਪ੍ਰਗਟ ਕਰਨ ਲਈ ਟਿੱਪੀ/ ਬਿੰਦੀ ਵਰਗਾ ਕੋਈ ਚਿੰਨ੍ਹ ਨਹੀਂ। ਰੋਮਨ ਵਿਚ ਲਿਖੇ ੰੳਨ ਨੂੰ ਮਨ, ਮਣ, ਮਾਨ ਜਾਂ ਮੈਨ ਕੁੱਝ ਵੀ ਪੜ੍ਹਿਆ ਜਾ ਸਕਦਾ ਹੈ। ਇਸੇ ਤਰ੍ਹਾਂ / ਖ, ਘ, ਫ, ੜ, ਢ, ਧ ਅਤੇ ਭ/ ਆਦਿ ਧੁਨੀਆਂ ਨੂੰ ਅੰਕਿਤ ਕਰਨ ਲਈ ਦੋ-ਦੋ ਅੱਖਰ ਵਰਤਣੇ ਪੈਂਦੇ ਹਨ। ਦੇਵਨਾਗਰੀ ਲਿਪੀ ਭਾਵੇਂ ਗੁਰਮੁਖੀ ਨਾਲ ਮਿਲਦੀ-ਜੁਲਦੀ ਹੈ ਪਰ ਫਿਰ ਵੀ ਉਸ ਵਿਚ ਪੰਜਾਬੀ ਦੀਆਂ ਸਾਰੀਆਂ ਧੁਨੀਆਂ ਅੰਕਿਤ ਨਹੀਂ ਕੀਤੀਆਂ ਜਾ ਸਕਦੀਆਂ। ਮਸਲਨ /ਘ, ਝ, ਢ, ਧ, ਅਤੇ ਭ/ ਪੰਜਾਬੀ ਵਿਚ ਸੁਰ-ਸੂਚਕ ਚਿੰਨ੍ਹ ਹਨ ਜਦੋਂ ਕਿ ਦੇਵਨਾਗਰੀ ਵਿਚ ਨਾਦੀ-ਮਹਾਂਪ੍ਰਾਣ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਚਿੰਨ੍ਹ ਹਨ। ਇਸੇ ਤਰ੍ਹਾਂ ਦੇਵਨਾਗਰੀ ਵਿਚ ਦੁੱਤ ਧੁਨੀ ਨੂੰ ਅੰਕਿਤ ਕਰਨ ਲਈ ਅੱਖਰਾਂ ਨੂੰ ਡਿਉਡਾ ਜਾਂ ਦੋਹਰਾ ਲਿਖਿਆ ਜਾਂਦਾ ਹੈ ਪਰ ਗੁਰਮੁਖੀ ਵਿਚ ਅੱਧਕ ਨਾਲ ਹੀ ਕੰਮ ਸਾਰ ਲਿਆ ਜਾਂਦਾ ਹੈ। ਗੁਰਮੁਖੀ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਹਰ ਅੱਖਰ ਦਾ ਕੇਵਲ ਇਕੋ ਰੂਪ ਪ੍ਰਚਲਿੱਤ ਹੈ ਪਰ ਇਸ ਦੇ ਉਲਟ ਦੇਵਨਾਗਰੀ ਵਿਚ /ਅ, ਝ, ਣ/ ਲਈ ਅੱਖਰਾਂ ਦੀਆਂ ਵੱਖ-ਵੱਖ ਇੱੱਕ ਤੋਂ ਵਧੇਰੇ ਧੁਨੀਆਂ ਪ੍ਰਚਲਿੱਤ ਹਨ। /ੜ/ ਅੱਖਰ ਦੀ ਵੀ ਪੰਜਾਬੀ ਵਿਚ ਇੱਕ ਖ਼ਾਸ ਧੁਨੀ ਹੈ ਜਿਸ ਨੂੰ ਕੇਵਲ ਗੁਰਮੁਖੀ ਵਾਲਾ ।ੜ॥ ਹੀ ਪ੍ਰਗਟ ਕਰ ਸਕਦਾ ਹੈ। ਇਸ ਧੁਨੀ ਨੂੰ ਪ੍ਰਗਟ ਕਰਨ ਵਾਲਾ ਉਚਿਤ ਅੱਖਰ ਨਾ ਤਾਂ ਦੇਵਨਾਗਰੀ ਵਿਚ ਹੈ ਨਾਂ ਹੀ ਰੋਮਨ ਵਿਚ। ਪੰਜਾਬੀ ਉਚਾਰਨ ਵਿਚ ਬਲ ਵਾਲੇ ਸ਼ਬਦ ਬਹੁਤ ਹਨ। ਗੁਰਮੁਖੀ ਵਿਚ ਬਲ ਜਾਂ ਦਬਾਅ ਨੂੰ ਅੰਕਿਤ ਕਰਨ ਲਈ ਅੱਧਕ ਦਾ ਚਿੰਨ੍ਹ ਵਰਤਿਆ ਜਾਂਦਾ ਹੈ। ਹੋਰ ਕਿਸੇ ਲਿਪੀ ਵਿਚ ਅਜਿਹਾ ਚਿੰਨ੍ਹ ਮੌਜੂਦ ਨਹੀਂ। ਰੋਮਨ, ਫ਼ਾਰਸੀ, ਦੇਵਨਾਗਰੀ ਆਦਿ ਲਿਪੀਆਂ ਵਿਚ ਦੂਹਰੇ ਅੱਖਰ ਵਰਤ ਕੇ ਇਸ ਬਲ ਦੀ ਹੋਂਦ ਪ੍ਰਗਟਾਈ ਜਾਂਦੀ ਹੈ। ਇਕ ਧੁਨੀ ਲਈ ਦੋ ਅੱਖਰ ਵਰਤਣੇ ਅਵਿਗਿਆਨਕ ਵਿਧੀ ਹੈ।

ਦਰਅਸਲ ਗੁਰਮੁਖੀ ਹੀ ਪੰਜਾਬੀ ਦੀ ਮੌਲਿਕ ਲਿਪੀ ਹੈ। ਇਹ ਪੰਜਾਬੀ ਲਿਖਣ ਲਈ ਹੀ ਬਣਾਈ ਗਈ ਹੈ। ਚਾਰ-ਪੰਜ ਸਦੀਆਂ ਤੋਂ ਪੰਜਾਬੀ ਨੂੰ ਗੁਰਮੁਖੀ ਲਿਪੀ ਵਿਚ ਲਿਖਿਆ ਜਾ ਰਿਹਾ ਹੈ। ਇਸ ਲਈ ਹੁਣ ਪੰਜਾਬੀ ਤੇ ਗੁਰਮੁਖੀ ਦਾ ਰਿਸ਼ਤਾ ਬਹੁਤ ਪੱਕਾ ਹੋ ਗਿਆ ਹੈ। ਇਸ ਲੰਮੇ ਸਮੇਂਦੌਰਾਨ ਪੰਜਾਬੀ ਭਾਸ਼ਾ ਦਾ ਵਿਕਾਸ ਵੀ ਹੋਇਆ ਹੈ ਅਤੇ ਪੰਜਾਬੀ ਭਾਸ਼ਾ ਦੀਆਂ ਬਦਲਦੀਆਂ ਲੋੜਾਂ ਪੂਰਾ ਕਰਨ ਲਈ ਗੁਰਮੁਖੀ ਲਿਪੀ ਵੀ ਵਿਕਾਸ ਕਰਦੀ ਆਈ ਹੈ। ਮਸਲਨ ਫ਼ਾਰਸੀ ਦੇ ਪ੍ਰਭਾਵ ਅਧੀਨ ਪੰਜਾਬੀ ਵਿਚ ਕੁੱਝ ਫ਼ਾਰਸੀ ਧੁਨੀਆਂ ਪ੍ਰਵੇਸ਼ ਕਰ ਗਈਆਂ ਸਨ। ਇਨ੍ਹਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਵਿਚ ਨਵੇਂ ਚਿੰਨ੍ਹ ਬਣਾ ਲਏ ਹਨ। / ਸ਼,ਖ਼,ਜ਼,ਗ਼,ਫ਼/ ਆਦਿ ਪੈਰ ਬਿੰਦੀ ਵਾਲੇ ਚਿੰਨ੍ਹ ਫ਼ਾਰਸੀ ਧੁਨੀਆਂ ਨੂੰ ਅੰਕਿਤ ਕਰਨ ਲਈ ਘੜੇ ਗਏ ਹਨ। ਇਸ ਤੋਂ ਇਲਾਵਾ ਮੱਧਕਾਲੀ ਪੰਜਾਬੀ, ਖ਼ਾਸ ਕਰਕੇ ਗੁਰਬਾਣੀ ਨੂੰ ਗੁਰਮੁਖੀ ਲਿਪੀ ਤੋਂ ਬਿਨਾਂ ਕਿਸੇ ਵੀ ਹੋਰ ਲਿਪੀ ਵਿਚ ਲਿਖਣਾ ਬਹੁਤ ਹੀ ਬਿਖਮ ਕਾਰਜ ਹੈ। ਪਰ ਗੁਰਮੁਖੀ ਲਿਪੀ ਰਾਹੀਂ ਗੁਰਬਾਣੀ ਬੜੀ ਸਹਿਜ ਰੂਪ ਵਿਚ ਲਿਖੀ ਜਾਂਦੀ ਹੈ।

ਉਪਰੋਕਤ ਤੱਥਾਂ ਤੋਂ ਇਲਾਵਾ ਹੋਰ ਵੀ ਕਈ ਪੱਖਾਂ ਤੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਮਸਲਾ ਸਿਰਫ਼ ਅੱਖਰਾਂ ਤੇ ਲਗਾਂ ਦਾ ਹੀ ਨਹੀਂ ਹੁੰਦਾ। ਬਲਕਿ ਲਿਖਣ ਦੀ ਵਿਧੀ ਦਾ ਵੀ ਹੁੰਦਾ ਹੈ। ਗੁਰਮੁਖੀ ਲਿਪੀ ਜਿੱਥੇ ਇਕ ਪਾਸੇ ਬੜੀ ਸਰਲ, ਸਾਦੀ, ਸਪਸ਼ਟ ਅਤੇ ਗੁੰਝਲ ਰਹਿਤ ਹੈ, ਉਥੇ ਇਸ ਲਿਪੀ ਦਾ ਆਪਣਾ ਸੁਹਜ ਵੀ ਹੈ ਅਤੇ ਪਛਾਣ ਵੀ। ਜਿਵੇਂ ਮਨੁੱਖੀ ਪਹਿਰਾਵਾ ਮਨੁੱਖ ਦੇ ਸੱਭਿਆਚਾਰ ਦੀ ਪਛਾਣ ਹੈ, ਜਿਵੇਂ ਮਨੁੱਖੀ ਭਾਵਾਂ ਦੀ ਪੁਸ਼ਾਕ ਬੋਲੀ ਹੈ ਉਵੇਂ ਲਿਪੀ ਭਾਸ਼ਾ ਦੀ ਪਸ਼ਾਕ ਵੀ ਹੈ ਅਤੇ ਪਛਾਣ ਵੀ। ਅੱਜ ਉਤਰੀ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਜੇ ਹਿੰਦੀ ਹੇਠ ਦੱਬ ਗਈਆਂ ਹਨ ਤਾਂ ਇਸ ਦਾ ਇਕ ਕਾਰਨ ਇਨ੍ਹਾਂ ਪਾਸ ਆਪਣੀ ਮੌਲਿਕ ਲਿਪੀ ਦਾ ਨਾ ਹੋਣਾ ਹੈ। ਇਸ ਲਈ ਲਿਪੀ ਦਾ ਪਹਿਰਾਵਾ ਹੀ ਭਾਸ਼ਾ ਨੂੰ ਸਦੀਵਤਾ ਬਖ਼ਸ਼ਦਾ ਹੈ। ਜਿਵੇਂ ਮਾਨਵ ਵਿਗਿਆਨੀ ਕਹਿੰਦੇ ਹਨ : ਮਾਨਵ ਬਿਨਾਂ ਭਾਸ਼ਾ ਨਹੀਂ ਅਤੇ ਭਾਸ਼ਾ ਬਿਨਾਂ ਮਾਨਵ ਦੀ ਹੈਸੀਅਤ ਨਹੀਂ ਉਵੇਂ ਕਿਹਾ ਜਾ ਸਕਦਾ ਹੈ ਕਿ ਮੌਲਿਕ ਲਿਪੀ ਬਿਨਾਂ ਭਾਸ਼ਾ ਦਾ ਕੋਈ ਵਜੂਦ।

ਅਭਿਆਸੀ ਪ੍ਰਸ਼ਨ

੧. ਗੁਰਮੁਖੀ ਦੇ ਵਿਕਾਸ ਪੜਾਅ ਬਾਰੇ ਜਾਣਕਾਰੀ ਦਿਓ।
੨. ਗੁਰਮੁਖੀ ਲਿਪੀ ਵਿਚ ਬਲ ਨੂੰ ਪੇਸ਼ ਕਰਨ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?
੩. ਕਿਸ ਭਾਸ਼ਾ ਦੀਆਂ ਧੁਨੀਆਂ ਨੂੰ ਪੇਸ਼ ਕਰਨ ਲਈ ਗੁਰਮੁਖੀ ਲਿਪੀ ਵਿਚ ਨਵੇਂ ਚਿੰਨ੍ਹ ਘੜੇ ਗਏ ਹਨ?
੪. ਗੁਰਮੁਖੀ ਲਿਪੀ ਵਿਚ ਸਵਰ ਵਾਹਕ ਚਿੰਨ੍ਹ ਕਿਹੜੇ ਹਨ।
੫. ਗੁਰਮੁਖੀ ਬਾਰੇ ਗ੍ਰੀਅਰਸਨ ਦੇ ਕੀ ਵਿਚਾਰ ਹਨ?
੬. ਕਿਸ ਕਾਲ ਵਿਚ ਲਿਪੀ ਦਾ ਵਿਕਾਸ ਹੋਇਆ?

੪. ਪੰਜਾਬੀ ਭਾਸ਼ਾ ਦੀ ਸੰਰਚਨਾ

੪.੧ ਧੁਨੀ ਸੰਰਚਨਾ

ਹਰੇਕ ਬੋਲੀ ਦੇ ਬੁਲਾਰਿਆਂ ਅਤੇ ਸੁਣਨਹਾਰਿਆਂ ਨੂੰ ਅਚੇਤ ਰੂਪ ਵਿਚ ਹੀ ਆਪਣੀ ਬੋਲੀ ਦੀਆਂ ਧੁਨੀਆਂ ਦਾ ਗਿਆਨ ਸਹਿਜ ਰੂਪ ਵਿਚ ਹੀ ਹਾਸਲ ਹੁੰਦਾ ਹੈ।ਇਸ ਨੂੰ ਉਹ ਆਪਣੇ ਭਾਸ਼ਾਈ ਭਾਈਚਾਰੇ ਵਿਚੋਂ ਪ੍ਰਾਪਤ ਕਰਦੇ ਹਨ। ਕਿਸੇ ਭਾਸ਼ਾ ਦੀਆਂ ਧੁਨੀਆਂ ਜਦੋਂ ਇਹਦੀ ਧੁਨੀ-ਸੰਰਚਨਾ ਵਿਚ ਵਿਚਰਦੇ ਤੱਤਾਂ ਵਜੋਂ ਕਾਰਜ ਕਰਦੀਆਂ ਹਨ ਤਾਂ ਉਹ ਇੱਕ ਵਿਸ਼ੇਸ਼ ਸੰਗਮ ਵਿਚ ਜੁੜੀਆਂ ਹੁੰਦੀਆਂ ਹਨ। ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ ਤਾਂ ਇਹਦੀ ਧੁਨੀ-ਸੰਰਚਨਾ ਬਾਰੇ ਧੁਨੀ-ਵਿਉਂਤ ਦੇ ਪੱਧਰ ਉਤੇ ਹੀ ਸਿੱਖਦੇ ਹਾਂ। ਦਰਅਸਲ ਧੁਨੀ-ਵਿਉਂਤ ਵਿਚ ਅਜਿਹੀਆਂ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਜੋ ਕਿਸੇ ਭਾਸ਼ਾ-ਵਿਸ਼ੇਸ਼ ਦੀ ਧੁਨੀ-ਸੰਰਚਨਾ ਦਾ ਨਿਰਮਾਣ ਕਰਦੀਆਂ ਹਨ।ਧੁਨੀ-ਵਿਉਂਤ ਸੰਬੰਧੀ ਗਿਆਨ, ਬੁਲਾਰੇ ਅਤੇ ਸ੍ਰੋਤੇ ਨੂੰ ਭਾਸ਼ਾ-ਧੁਨੀਆਂ ਨੂੰ ਉਤਪੰਨ ਕਰਨ, ਉਨ੍ਹਾਂ ਵਿਚਲੇ ਸੁਨੇਹੇ ਨੂੰ ਸੁਣ ਕੇ ਸਮਝਣ, ਬੋਲਾਂ ਨੂੰ ਧੁਨੀ ਰੂਪ ਦੇਣ, ਭਾਸ਼ਾ ਦੀ ਸੁਰ ਨੂੰ ਪਛਾਣਨ ਅਤੇ ਨਵੇਂ ਸ਼ਬਦ ਰਚਣ ਵਿਚ ਕਿਸੇ ਵਿਸ਼ੇਸ਼ ਧੁਨੀ ਨੂੰ ਕਿਸੇ ਵਿਸ਼ੇਸ਼ ਪ੍ਰਸੰਗ ਵਿਚ ਵਿਚਰਨ ਜਾਂ ਨਾ-ਵਿਚਰਨ ਬਾਰੇ ਆਦੇਸ਼ ਦਿੰਦਾ ਹੈ।

ਭਾਸ਼ਾ ਧੁਨੀਆਂ ਦੀ ਵਰਗ-ਵੰਡ

ਭਾਸ਼ਾ ਵਿਚ ਵਿਚਰਨ ਸਮਰੱਥਾ ਦੇ ਅਧਾਰ ’ਤੇ ਭਾਸ਼ਾਈ ਧੁਨੀਆਂ ਨੂੰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾਂਦਾ ਹੈ :

(ੳ) ਖੰਡੀ ਧੁਨੀਆਂ 
(ਅ) ਅਖੰਡੀ ਧੁਨੀਆਂ

(ੳ) ਖੰਡੀ ਧੁਨੀਆਂ

ਖੰਡੀ ਧੁਨੀਆਂ ਉਨ੍ਹਾਂ ਭਾਸ਼ਾ- ਧੁਨੀਆਂ ਨੂੰ ਕਿਹਾ ਜਾਂਦਾ ਹੈ, ਜਿਹੜੀਆਂ ਸ਼ਬਦਾਂ ਵਿਚ ਸੁਤੰਤਰ ਤੌਰ ’ਤੇ ਵਿਚਰਨ ਦੇ ਸਮਰੱਥ ਹੁੰਦੀਆਂ ਹਨ। ਇਨ੍ਹਾਂ ਨੂੰ ਭਾਸ਼ਾਈ ਬੋਲਾਂ ਵਿਚੋਂ ਵੱਖਰਾ ਕਰ ਕੇ ਨਿਖੇੜਿਆ ਜਾ ਸਕਦਾ ਹੈ ਭਾਵ ਇਨ੍ਹਾਂ ਨੂੰ ਖੰਡਾਂ ਜਾਂ ਇਕਾਈਆਂ ਦੇ ਤੌਰ ਤੇ ਉਚਾਰਾਂ ਵਿਚੋਂ ਅਲੱਗ ਕਰ ਕੇ ਵਿਚਾਰਿਆ ਜਾ ਸਕਦਾ ਹੈ। ਇਨ੍ਹਾਂ ਦਾ ਖੰਡ-ਖੰਡ ਕਰ ਕੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

ਅਖੰਡੀ ਧੁਨੀਆਂ

ਅਖੰਡੀ ਧੁਨੀਆਂ ਸ਼ਬਦ-ਬੋਲਾਂ ਵਿਚ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਨਹੀਂ ਰੱਖਦੀਆਂ। ਇਹ ਹਮੇਸ਼ਾਂ ਖੰਡੀ ਧੁਨੀਆਂ ਨਾਲ ਮਿਲ ਕੇ ਹੀ ਆਪਣਾ ਭਾਸ਼ਾਈ ਕਾਰਜ ਸਾਕਾਰ ਕਰਦੀਆਂ ਹਨ। ਇਸ ਲਈ ਅਖੰਡੀ ਧੁਨੀਆਂ ਉਹ ਹਨ ਜਿਨ੍ਹਾਂ ਦਾ ਖੰਡ-ਖੰਡ ਕਰ ਕੇ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਇਹ ਅਖੰਡ ਸੁਭਾਅ ਦੀਆਂ ਧਾਰਨੀ ਹਨ।

(ੳ) ਪੰਜਾਬੀ ਭਾਸ਼ਾ ਦੀਆਂ ਖੰਡੀ ਧੁਨੀਆਂ

ਸਵਰ ਧੁਨੀਆਂ :

ਸਵਰ ਧੁਨੀਆਂ ਉਨ੍ਹਾਂ ਖੰਡੀ ਧੁਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਬੋਲਣ ਸਮੇਂ ਸਾਡੇ ਫੇਫੜਿਆਂ ਵਿਚੋਂ ਬਾਹਰ ਨੂੰ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਮੂੰਹ ਵਿਚੋਂ ਬਾਹਰ ਨਿਕਲ ਜਾਂਦੀ ਹੈ। ਮੂੰਹ ਵਿਚਲੇ ਬੋਲ-ਅੰਗਾਂ ਵਿਚ ਨਾ ਤਾਂ ਕੋਈ ਰੁਕਾਵਟ ਅਤੇ ਨਾ ਹੀ ਕੋਈ ਤੰਗੀ, ਰਗੜ ਜਾਂ ਛੋਹ ਪੈਦਾ ਹੁੰਦੀ ਹੈ। ਪਰ ਸਵਰ ਧੁਨੀਆਂ ਦੇ ਉਚਾਰਨ ਸਮੇਂ ਜੀਭ ਤੇ ਬੁੱਲ੍ਹ ਅਹਿਮ ਭੂਮਿਕਾ ਜ਼ਰੂਰ ਨਿਭਾਉਂਦੇ ਹਨ।

ਵਿਅੰਜਨ ਧੁਨੀਆਂ :

ਵਿਅੰਜਨ ਧੁਨੀਆਂ ਉਨ੍ਹਾਂ ਖੰਡੀ ਧੁਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਜਾਂ ਬੋਲਣ ਸਮੇਂ ਸਾਡੇ ਫੇਫੜਿਆਂ ਵਿਚੋਂ ਬਾਹਰ ਨੂੰ ਨਿਕਲਦੀ ਸਾਹ ਦੀ ਹਵਾ ਨੂੰ ਮੂੰਹ-ਪੋਲ ਦੇ ਕਿਸੇ ਨਾ ਕਿਸੇ ਸਥਾਨ ਜਾਂ ਹਿੱਸੇ ’ਤੇ ਰੋਕਿਆ ਜਾਂਦਾ ਹੈ।

ਪੰਜਾਬੀ ਦੀਆਂ ਸਵਰ ਧੁਨੀਆਂ ਦਾ ਵਰਗੀਕਰਨ

ਸਵਰ ਧੁਨੀਆਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਨੂੰ ਕੋਈ ਰੋਕ ਤਾਂ ਨਹੀਂ ਪੈਂਦੀ ਪਰ ਬੋਲ ਅੰਗਾਂ ਵਿਚ ਹਰਕਤ ਜ਼ਰੂਰ ਪੈਦਾ ਹੁੰਦੀ ਹੈ। ਸਵਰਾਂ ਦੇ ਉਚਾਰਨ ਸਮੇਂ ਜੀਭ ਅਤੇ ਬੁੱਲ੍ਹ ਅਹਿਮ ਕਾਰਜ ਕਰਦੇ ਹਨ। ਇਸ ਲਈ ਸਵਰ ਧੁਨੀਆਂ ਦਾ ਵਰਗੀਕਰਨ ਜੀਭ ਅਤੇ ਬੁੱਲ੍ਹਾਂ ਦੀ ਸਥਿਤੀ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਪਰ ਸਵਰ ਧੁਨੀਆਂ ਦੀ ਇਕ ਵਰਗਵੰਡ ਪਰੰਪਰਾਵਾਦੀ ਵਿਧੀ ਨਾਲ ਵੀ ਕੀਤੀ ਗਈ ਹੈ। ਇਸ ਦਾ ਆਧਾਰ ਮਾਤਰਾ ਹੈ। ਕਿਸੇ ਸਵਰ ਧੁਨੀ ਨੂੰ ਉਚਾਰਨ ਵਿਚ ਲਗਦੇ ਸਮੇਂ ਨੂੰ ਮਾਤਰਾ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਸਵਰ ਧੁਨੀਆਂ ਦੇ ਵਰਗੀਕਰਨ ਦੇ ਤਿੰਨ ਅਧਾਰ ਹਨ : ਮਾਤਰਾ, ਜੀਭ ਦੀ ਸਥਿਤੀ ਅਤੇ ਬੁਲ੍ਹਾਂ ਦੀ ਸਥਿਤੀ।

ਮਾਤਰਾ ਦੇ ਅਧਾਰ ਤੇ ਪੰਜਾਬੀ ਸਵਰ ਨੂੰ ਲਘੂ (Short) ਅਤੇ ਦੀਰਘ (Long) ਆਦਿ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਘੱਟ ਸਮੇਂ ਵਿਚ ਉਚਾਰੇ ਜਾਣ ਵਾਲੇ ਸਵਰਾਂ ਨੂੰ ਲਘੂ ਜਾਂ ਹ੍ਰਸਵ ਸਵਰ ਅਤੇ ਵੱਧ ਸਮੇਂ ਵਿਚ ਉਚਾਰੇ ਜਾਣ ਵਾਲੇ ਸਵਰਾਂ ਨੂੰ ਦੀਰਘ ਸਵਰ ਕਿਹਾ ਜਾਂਦਾ ਹੈ। ਪੰਜਾਬੀ ਸਵਰਾਂ ਵਿਚੋਂ ੩ ਸਵਰ /ਅ/, /ਇ/ ਅਤੇ /ਉ/ ਲਘੂ ਸਵਰ ਹਨ ਅਤੇ ਬਾਕੀ ਦੇ ੭ ਸਵਰ /ਆ, ਐ ਔ, ਈ, ਏ, ਓ ਅਤੇ ਊ/ ਦੀਰਘ ਸਵਰ ਹਨ।

ਉਚਾਰਨ ਸਥਾਨ ਦੇ ਪੱਖ ਤੋਂ /ਈ, ਏ, ਐ/ ਅਗਲੇ ਸਵਰ ਹਨ ਕਿਉਂਕਿ ਇਨ੍ਹਾਂ ਦੇ ਉਚਾਰਨ ਵੇਲੇ ਜੀਭ ਦਾ ਮੂਹਰਲਾ ਹਿੱਸਾ ਉਚਾ ਉਠਦਾ ਹੈ। /ਊ, ਓ ਤੇ ਔ/ ਪਿਛਲੇ ਸਵਰ ਹਨ ਕਿਉਂਕਿ ਇਨ੍ਹਾਂ ਦੇ ਬੋਲਣ ਵੇਲੇ ਜੀਭ ਦਾ ਪਿਛਲਾ ਹਿੱਸਾ ਉੱਚਾ ਉੱਠਦਾ ਹੈ।/ਇ,ਉ,ਅਤੇ ਆ/ ਵਿਚਕਾਰਲੇ ਸਵਰ ਹਨ ਕਿਉਂਕਿ ਇਨ੍ਹਾਂ ਦੇ ਉਚਾਰਨ ਵੇਲੇ ਜੀਭ ਦਾ ਵਿਚਲਾ ਭਾਗ ਕਾਰਜਸ਼ੀਲ ਹੁੰਦਾ ਹੈ।

ਉਚਾਰਨ ਵਿਧੀ ਦੇ ਪੱਖ ਤੋਂ /ਈ/ ਅਤੇ /ਊ/ ਉੱਚੇ ਸਵਰ ਮੰਨੇ ਜਾਂਦੇ ਹਨ। ਇਨ੍ਹਾਂ ਸਵਰਾਂ ਦੇ ਬੋਲਣ ਵੇਲੇ ਜੀਭ ਵੱਧ ਤੋਂ ਵੱਧ ਉਪਰ ਉਠਦੀ ਹੈ।/ਇ/ ਅਤੇ /ਉ/ ਸਵਰਾਂ ਨੂੰ ਅੱਧ-ਉਚੇ ਸਵਰ ਕਿਹਾ ਜਾਂਦਾ ਹੈ। ਕਾਰਨ ਇਸ ਦਾ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੇਲੇ ਜੀਭ /ਈ/ ਤੇ /ਊ/ ਦੇ ਉਚਾਰਨ ਨਾਲੋਂ ਥੋੜੀ ਘੱਟ ਉਚੀ ਰਹਿੰਦੀ ਹੈ। ਇਸੇ ਤਰ੍ਹਾਂ /ਐ, ਆ, ਤੇ ਔ/ ਨੀਵੇਂ ਸਵਰ ਮੰਨੇ ਗਏ ਹਨ ਕਿਉਂਕਿ ਇਨ੍ਹਾਂ ਦੇ ੳਚਾਰਨ ਸਮੇਂ ਜੀਭ ਦੀ ਸਥਿਤੀ ਬਿਲਕੁਲ ਨੀਵੀਂ ਹੁੰਦੀ ਹੈ ਅਤੇ /ਏ, ਅ, ਅਤੇ ਓ/ ਨੂੰ ਅੱਧ ਨੀਵੇਂ ਸਵਰ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਉਚਾਰਨ ਵੇਲੇ ਜੀਭ ਦੀ ਸਥਿਤੀ ਪਹਿਲਾਂ ਨਾਲੋਂ ਘੱਟ ਨੀਵੀਂ ਹੁੰਦੀ ਹੈ। ਉਚੇ ਅਤੇ ਨੀਵੇਂ ਸਵਰਾਂ ਨੂੰ ਕ੍ਰਮਵਾਰ ਬੰਦ ਜਾਂ ਖੁਲ੍ਹੇ ਸਵਰ ਵੀ ਕਹਿ ਲਿਆ ਜਾਂਦਾ ਹੈ। ਕਾਰਨ ਇਸ ਦਾ ਇਹ ਹੈ ਕਿ ਜਦੋਂ ਜੀਭ ਉਚੀ ਸਥਿਤੀ ਵਿਚ ਹੁੰਦੀ ਹੈ ਤਾਂ ਮੂੰਹ- ਪੋਲ ਦਾ ਰਾਹ ਸੌੜਾ ਜਾਂ ਤੰਗ ਹੋ ਜਾਂਦਾ ਹੈ ਅਤੇ ਜਦੋਂ ਜੀਭ ਵੱਧ ਤੋਂ ਵੱਧ ਹੇਠਲੇ ਪਾਸੇ ਵਲ ਦਬੀ ਹੁੰਦੀ ਹੈ ਤਾਂ ਮੂੰਹ-ਪੋਲ ਦਾ ਰਾਹ ਖੁੱਲ੍ਹਾ ਹੋ ਜਾਂਦਾ ਹੈ। ਇਸ ਲਈ ਉਚੇ ਅਤੇ ਅੱਧ ਉਚੇ ਸਵਰਾਂ ਨੂੰ ਬੰਦ ਅਤੇ ਅੱਧ-ਬੰਦ ਸਵਰ ਕਿਹਾ ਜਾਂਦਾ ਹੈ ਅਤੇ ਨੀਵੇਂ ਅਤੇ ਅੱਧ-ਨੀਵੇਂ ਸਵਰਾਂ ਨੂੰ ਕ੍ਰਮਵਾਰ ਖੁੱਲ੍ਹੇ ਅਤੇ ਅੱਧ-ਖੁੱਲ੍ਹੇ ਸਵਰ ਕਿਹਾ ਜਾਂਦਾ ਹੈ।

ਉਚਾਰਨ ਵਿਧੀ ਦੇ ਪੱਖ ਤੋਂ ਸਵਰਾਂ ਦਾ ਇਕ ਹੋਰ ਵਰਗ ਵੀ ਬਣਦਾ ਹੈ। ਇਸ ਵਰਗ ਵੰਡ ਦਾ ਆਧਾਰ ਬੁੱਲ੍ਹਾਂ ਦਾ ਆਕਾਰ ਹੈ। ਕੁੱਝ ਸਵਰਾਂ ਦੇ ਉਚਾਰਨ ਵੇਲੇ ਬੁੱਲ੍ਹ ਗੋਲ ਨਹੀਂ ਹੁੰਦੇ, ਇਸ ਲਈ ਜਿਨ੍ਹਾਂ ਸਵਰਾਂ ਦੇ ਉਚਾਰਨ ਵੇਲੇ ਬੁੱਲ੍ਹ ਗੋਲਾਈਦਾਰ ਹੋ ਜਾਂਦੇ ਹਨ, ਉਨ੍ਹਾਂ ਨੂੰ ਗੋਲ ਸਵਰ ਕਿਹਾ ਜਾਂਦਾ ਹੈ। ਪੰਜਾਬੀ ਦੇ /ਉ, ਊ, ਓ, ਤੇ ਔ/ ਆਦਿ ੪ ਸਵਰ ਗੋਲ ਹਨ ਅਤੇ /ਈ, ਏ, ਇ, ਐ, ਆ ਤੇ ਅ/ ਆਦਿ ੬ ਸਵਰ ਅਗੋਲ ਜਾਂ ਗੋਲਾਈ ਰਹਿਤ ਹਨ।

ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਪੰਜਾਬੀ ਦੇ ਸਾਰੇ ਸਵਰ ਨਾਦੀ (Voiced) ਹਨ ਅਤੇ ਹਰੇਕ ਸਵਰ ਦਾ ਨਾਸਕੀ ਰੂਪ ਵੀ ਮਿਲਦਾ ਹੈ। ਇਸੇ ਤਰ੍ਹਾਂ ਹਰੇਕ ਸਵਰ ਉਤੇ ਸੁਰ (Tone) ਵੀ ਆ ਸਕਦੀ ਹੈ।

ਪੰਜਾਬੀ ਸਵਰ ਧੁਨੀਆਂ ਦੀ ਵਰਤੋਂ ਵਿਉਂਤ :

ਪੰਜਾਬੀ ਦੇ ਦਸਾਂ ਸਵਰਾਂ ਵਿਚੋਂ ਲਘੂ ਸਵਰ /ਇ, ਉ ਅਤੇ ਅ/ ਸ਼ਬਦ ਦੀ ਅਖੀਰਲੀ ਸਥਿਤੀ ਵਿਚ ਨਹੀਂ ਉਚਾਰੇ ਜਾਂਦੇ। ਬਾਕੀ ਦੇ ਸਾਰੇ ਸਵਰ /ਈ, ਏ, ਐ, ਆ, ਔ, ਓ ਅਤੇ ਊ/ ਸ਼ਬਦ ਦੀਆਂ ਤਿੰਨਾਂ ਹੀ ਸਥਿਤੀਆਂ ਭਾਵ ਆਦਿ, ਮੱਧ ਅਤੇ ਅੰਤ ਵਿਚ ਵਿਚਰ ਸਕਦੇ ਹਨ ।

ਦੋ ਸੰਧੀ ਸਵਰ (Dipthongs) : :

ਜਦੋਂ ਦੋ ਸਵਰਾਂ ਦਾ ਉਚਾਰ ਆਪਸ ਵਿਚ ਇਉਂ ਖੁੱਭਿਆ ਹੋਵੇ ਕਿ ਉਹ ਇਕ ਹੀ ਜਾਪਣ, ਤਾਂ ਸਵਰਾਂ ਦੇ ਅਜਿਹੇ ਸੰਯੋਗ ਨੂੰ ਦੋ-ਸੰਧੀ ਸਵਰ (ਧਪਿਹਟਹੋਨਗਸ) ਕਿਹਾ ਜਾਂਦਾ ਹੈ। ਮਿਸਾਲ ਵਜੋਂ ਪੰਜਾਬੀ ਦੇ ਸ਼ਬਦਾਂ ਪਿਊ, ਗਈ, ਗਏ, ਗਊ ਅਤੇ ਗਿਆ ਵਿਚ ਦੋ-ਸੰਧੀ ਸਵਰਾਂ ਦੀ ਵਰਤੋਂ ਹੋਈ ਹੈ। ਇਸ ਲਈ ਹੇਠ ਲਿਖੇ ਅਨੁਸਾਰ ਸਮਝਾਇਆ ਜਾ ਸਕਦਾ ਹੈ :

ਪਿਉ - ਇ+ਉ,
ਗਈ - ਅ+ਇ,
ਗਏ - ਅ+ਏ,
ਗਊ - ਅ+ਉ

ਅਰਧ ਸਵਰ (Semi-Vowels) :

ਪੰਜਾਬੀ ਭਾਸ਼ਾ ਵਿਚ /ਯ/ ਤੇ /ਵ/ ਦੋ ਅਰਧ ਸਵਰ ਹਨ। ਇਨ੍ਹਾਂ ਦਾ ਉਚਾਰਨ ਸਰਕਵਾਂ ਹੈ। ਕਿਤੇ ਇਹ ਪੂਰੇ ਵਿਅੰਜਨ ਵਿਚ ਬਦਲ ਜਾਂਦੇ ਹਨ ਅਤੇ ਕਿਤੇ ਸ਼ੁੱਧ ਸਵਰ ਹੋ ਜਾਂਦੇ ਹਨ। ਪਰੰਪਰਾਈ ਵਿਆਕਰਨ ਵਿਚ ਇਨ੍ਹਾਂ ਨੂੰ ਵਿਅੰਜਨ ਹੀ ਮੰਨਿਆ ਜਾਂਦਾ ਸੀ ਅਤੇ ਇਨ੍ਹਾਂ ਨੂੰ ਸੰਘਰਸ਼ੀ ਧੁਨੀਆਂ ਵਾਲੇ ਵਰਗ ਵਿਚ ਰੱਖਿਆ ਜਾਂਦਾ ਸੀ। ਸਹੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਦਾ ਉਚਾਰਨ ਸਰਕਵਾਂ (Gliding) ਹੈ। /ਯ/ ਦੇ ਉਚਾਰਨ ਵੇਲੇ ਜੀਭ ਤਾਲੂ ਦੇ ਨੇੜੇ ਆ ਜਾਂਦੀ ਹੈ ਪਰ ਜੀਭ ਅਤੇ ਤਾਲੂ ਦੇ ਵਿਚਕਾਰਲੀ ਵਿਥ ਸੰਘਰਸ਼ੀ, ਵਿਅੰਜਨਾਂ ਨਾਲੋਂ ਕੁੱਝ ਜ਼ਿਆਦਾ ਹੁੰਦੀ ਹੈ। ਇਵੇਂ ਹੀ /ਵ/ ਦੇ ਉਚਾਰਨ ਵੇਲੇ ਹੇਠਲੇ ਦੰਦ ਉਤਲੇ ਬੁੱਲ ਨੇੜੇ ਚਲੇ ਜਾਂਦੇ ਹਨ। ਵਿਚਲੀ ਵਿਥ ਸਪਰਸ਼ੀ (Fricative) ਧੁਨੀਆਂ ਨਾਲੋਂ ਵੱਧ ਹੁੰਦੀ ਹੈ। ਇਨ੍ਹਾਂ ਦੋਹਾਂ ਦੇ ਉਚਾਰਨ ਵੇਲੇ ਜੇ ਵਿਚਲੀ ਵਿਥ ਕੁੱਝ ਵਧੇਰੇ ਹੋ ਜਾਵੇ ਤਾਂ ਸਵਰ ਦਾ ਉਚਾਰਨ ਹੋ ਜਾਂਦਾ ਹੈ। ਜਿਵੇਂ: ਸੰਸਕ੍ਰਿਤ ਸ਼ਬਦ, ਗਾਯਾਨੀ, ਸੰਨਯਾਸੀ ਅਤੇ ਫ਼ਾਰਸੀ ਸ਼ਬਦ ਸਯਾਹੀ ਦਾ ਪੰਜਾਬੀ ਰੂਪ ਗਿਆਨੀ, ਸੰਨਿਆਸੀ ਅਤੇ ਸਿਆਹੀ ਬਣ ਗਿਆ ਹੈ ਭਾਵ /ਯ/ ਸਵਰ ਵਿਚ ਬਦਲ ਗਿਆ ਹੈ। ਪਰ ਜੇ ਉਚਾਰਨ ਵੇਲੇ ਦੋ ਅੰਗ ਆਪਸ ਵਿਚ ਛੋਹ ਜਾਣ ਤਾਂ ਪੂਰਾ ਵਿਅੰਜਨ ਉਚਾਰਿਆ ਜਾਂਦਾ ਹੈ। ਜਿਵੇਂ: ਸੰਸਕ੍ਰਿਤ ਭਾਸ਼ਾ ਦੇ ਸ਼ਬਦ ਯੋਧਾ, ਯੋਗੀ ਅਤੇ ਯੁੱਧ ਦਾ ਪੰਜਾਬੀ ਰੂਪ ਜੋਧਾ ਅਤੇ ਜੁੱਧ ਹੋ ਗਿਆ ਹੈ। ਇਸੇ ਤਰ੍ਹਾਂ ਵਰਸ਼ਾ ਅਤੇ ਆਦਿ ਵਿਚ /ਵ/ ਦਾ /ਬ/ ਬਣ ਗਿਆ ਹੈ।

ਪੰਜਾਬੀ ਵਿਅੰਜਨ ਧੁਨੀਆਂ ਦਾ ਵਰਗੀਕਰਨ :

ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ ਅੰਗ ਸਾਹ-ਵੈਹਣ ਵਿਚ ਰੁਕਾਵਟ ਪਾਉਂਦੇ ਹਨ ਭਾਵ ਸਾਹ ਦੀ ਹਵਾ ਕਿਸੇ ਨਾ ਕਿਸੇ ਸਥਾਨ ਤੇ ਅੰਸ਼ਕ ਰੂਪ ਜਾਂ ਪੂਰਨ ਰੂਪ ਵਿਚ ਰੋਕ ਕੇ ਛੱਡੀ ਜਾਂਦੀ ਹੈ। ਸਾਹ ਦੀ ਹਵਾ ਨੂੰ ਦੋ ਉਚਾਰਨ-ਅੰਗ ਰੋਕਦੇ ਹਨ। ਜਿਨ੍ਹਾਂ ਉਚਾਰਨ ਅੰਗਾਂ ਉਤੇ ਸਾਹ ਦੀ ਹਵਾ ਨੂੰ ਰੋਕਿਆ ਜਾਂਦਾ ਹੈ, ਉਨ੍ਹਾਂ ਨੂੰ ਸੁਸਤ/ਅਕਿਰਿਆਸ਼ੀਲ ਉਚਾਰਨ ਅੰਗ ਕਿਹਾ ਜਾਂਦਾ ਹੈ ਅਤੇ ਜਿਹੜੇ ਉਚਾਰਨ ਅੰਗ ਕਿਰਿਆਸ਼ੀਲ ਹੋ ਕੇ ਸੁਸਤ ਉਚਾਰਨ ਅੰਗਾਂ ਨਾਲ ਲੱਗ ਕੇ ਜਾਂ ਖਹਿ ਕੇ ਸਾਹ ਦੀ ਹਵਾ ਵਿਚ ਰੋਕ ਪਾਉਂਦੇ ਹਨ, ਉਨ੍ਹਾਂ ਨੂੰ ਚੁਸਤ ਜਾਂ ਕਿਰਿਆਸ਼ੀਲ ਉਚਾਰਨ ਅੰਗ ਕਿਹਾ ਜਾਂਦਾ ਹੈ। ਜੀਭ, ਹੇਠਲਾ ਬੁੱਲ, ਹੇਠਲੇ ਦੰਦ, ਚੁਸਤ ਉਚਾਰਨ ਅੰਗ ਹਨ ਅਤੇ ਤਾਲੂ, ਉਪਰਲੇ ਦੰਦ ਅਤੇ ਬੁੱਟ ਸੁਸਤ ਉਚਾਰਕ ਹਨ।

ਵਰਗੀਕਰਨ ਦੇ ਆਧਾਰ :

ਵਿਅੰਜਨ ਧੁਨੀਆਂ ਦੇ ਵਰਗੀਕਰਨ ਲਈ ਦੋ ਆਧਾਰ ਹਨ : ਉਚਾਰਨ ਸਥਾਨ ਅਤੇ ਉਚਾਰਨ ਢੰਗ। ਉਚਾਰਨ ਸਥਾਨ ਦੁਆਰਾ ਦੇਖਿਆ ਜਾਂਦਾ ਹੈ ਕਿ ਕਿਹੜੀ ਧੁਨੀ ਮੂੰਹ ਵਿਚਲੇ ਕਿਹੜੇ ਅੰਗ ਦੀ ਸਹਾਇਤਾ ਨਾਲ ਕਿਹੜੀ ਥਾਂ ਦੀ ਛੋਹ ਨਾਲ ਪੈਦਾ ਹੁੰਦੀ ਹੈ। ਮਸਲਨ ਸਾਡੇ ਮੂੰਹ ਵਿਚਲੇ ਅੰਗ, ਬੁੱਲ੍ਹ, ਦੰਦ, ਸੰਘ, ਤਾਲੂ, ਕਾਂ, ਨਾਸਾਂ, ਸੁਰ ਤੰਦਾਂ ਆਦਿ ਧੁਨੀ ਉਚਾਰਨ ਵਿਚ ਮਦਦ ਕਰਦੇ ਹਨ। ਇਨ੍ਹਾਂ ਅੰਗਾਂ ਨੂੰ ਆਧਾਰ ਬਣਾ ਕੇ ਹੀ ਵਿਅੰਜਨਾਂ ਦੀ ਵਰਗ-ਵੰਡ ਕੀਤੀ ਜਾਂਦੀ ਹੈ। ਜਿਵੇਂ ਕੰਠੀ, ਤਾਲਵੀ, ਉਲਟ ਜੀਭੀ, ਦੰਤੀ, ਹੋਠੀ ਅਤੇ ਸੁਰ ਯੰਤਰੀ ਵਿਅੰਜਨ ਆਦਿ।

ਵਿਅੰਜਨਾਂ ਦੀ ਵਰਗਵੰਡ ਦਾ ਦੂਜਾ ਆਧਾਰ ਉਚਾਰਨ ਢੰਗ ਹੈ। ਇਥੇ ਇਹ ਵੇਖਿਆ ਜਾਂਦਾ ਹੈ ਕਿ ਧੁਨੀ ਉਚਾਰਨ ਵੇਲੇ ਸਾਹ ਦੀ ਹਵਾ ਬਾਹਰ ਕਿਵੇਂ ਨਿਕਲਦੀ ਹੈ। ਮਿਸਾਲ ਵਜੋਂ: ਕੁੱਝ ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਕਿਸੇ ਸਥਾਨ ਤੇ ਛਿਣਮਾਤਰ ਰੁਕ ਕੇ ਬਾਹਰ ਨਿਕਲਦੀ ਹੈ। ਇਨ੍ਹਾਂ ਵਿਅੰਜਨਾਂ ਨੂੰ ਡੱਕਵੇਂ ਵਿਅੰਜਨ ਕਿਹਾ ਜਾਂਦਾ ਹੈ। ਕਈਆਂ ਦੇ ਉਚਾਰਨ ਵੇਲੇ ਸਾਹ ਦੀ ਧਾਰਾ ਵਿਚ ਗੂੰਜ ਜਾਂ ਨਾਦ ਪੈਦਾ ਹੁੰਦਾ ਹੈ ਜਾਂ ਸਾਹ ਧੱਕੇ ਨਾਲ ਵੱਧ ਮਾਤਰਾ ਵਿਚ ਬਾਹਰ ਨਿਕਲਦਾ ਹੈ। ਅਜਿਹੇ ਵਿਅੰਜਨਾਂ ਨੂੰ ਕ੍ਰਮਵਾਰ ਨਾਦੀ ਅਤੇ ਮਹਾਂਪ੍ਰਾਣ ਵਿਅੰਜਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੇ ਸਾਹ ਦੀ ਹਵਾ ਨੱਕ ਰਾਹੀਂ ਬਾਹਰ ਨਿਕਲੇ ਸੰਘਰਸ਼ੀ ਜਾਂ ਖਹਿਵੇਂ ਵਿਅੰਜਨਾਂ ਦਾ ਉਚਾਰਨ ਹੁੰਦਾ ਹੈ। ਸਾਹ ਦੀ ਹਵਾ ਜੀਭ ਦੇ ਦੋਹਾਂ ਪਾਸਿਆਂ ਵਿਚੋਂ ਬਾਹਰ ਨਿਕਲੇ ਤਾਂ ਅਜਿਹੇ ਵਿਅੰਜਨਾਂ ਨੂੰ ਪਾਸੇਦਾਰ ਵਿਅੰਜਨ ਕਿਹਾ ਜਾਂਦਾ ਹੈ। ਜੇ ਜੀਭ ਵਿਚ ਕਾਂਬਾ ਪੈਦਾ ਹੋਵੇ ਤਾਂ ਕੰਬਵੀਂ ਧੁਨੀ ਉਚਾਰੀ ਜਾਂਦੀ ਹੈ।

ਉਚਾਰਨ ਸਥਾਨ ਦੇ ਆਧਾਰ ਉਤੇ ਪੰਜਾਬੀ ਵਿਅੰਜਨ ਧੁਨੀਆਂ ਨੂੰ ਛੇ ਵਰਗਾਂ ਵਿਚ ਵੰਡਿਆ ਗਿਆ ਹੈ:

(੧) ਕੰਠੀ (Velar) - ਪੰਜਾਬੀ ਵਿਚ /ਕ, ਖ, ਗ, ਤੇ ਙ/ ਕੰਠੀ ਧੁਨੀਆਂ ਹਨ। ਇਨ੍ਹਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨਾਲ ਸਪੱਰਸ਼ ਕਰਕੇ, ਸਾਹ ਦੀ ਹਵਾ ਨੂੰ ਰੋਕ ਪਾਉਂਦਾ ਹੈ।

(੨) ਤਾਲਵੀ (Palatal) - /ਚ, ਛ, ਜ, ਞ, ਸ/ ਤਾਲਵੀ ਧੁਨੀਆਂ ਹਨ। ਇਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਨੂੰ ਦੰਦ-ਪਠਾਰ ਤੋਂ ਸਖ਼ਤ ਤਾਲੂ ਦੇ ਦਰਮਿਆਨ ਜੀਭ ਦੇ ਬਲੇਡ ਰਾਹੀਂ ਰੋਕਿਆ ਜਾਂਦਾ ਹੈ।

(੩) ਉਲਟਜੀਭੀ (Retroflex) - /ਟ, ਡ, ਣ, ੜ, ਲ਼/ ਉਲਟ ਜੀਭੀ ਧੁਨੀਆਂ ਹਨ। ਇਨ੍ਹਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਭ ਦੀ ਨੋਕ ਪੁੱਠੇ ਪਾਸਿਓ ਸਖ਼ਤ ਤਾਲੂ ਨਾਲ ਜੁੜ ਕੇ ਰੋਕਦੀ ਹੈ।

(੪) ਦੰਤੀ (Dental) - /ਤ, ਥ, ਦ, ਨ, ਲ, ਰ, ਸ/ ਦੰਤੀ ਧੁਨੀਆਂ ਹਨ। ਇਨ੍ਹਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਭ ਦੀ ਨੋਕ ਦੁਆਰਾ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਤੋਂ ਰੋਕਿਆ ਜਾਂਦਾ ਹੈ। ਇਨ੍ਹਾਂ ਵਿਚੋਂ /ਤ, ਥ, ਦ/ ਸ਼ੁੱਧ ਦੰਤੀ ਹਨ ਅਤੇ ਬਾਕੀਆਂ ਦਾ ਉਚਾਰਨ ਦੰਤ-ਪਠਾਰੀ ਹੈ।

(੫) ਹੋਠੀ (Labial) - /ਪ, ਫ, ਬ, ਮ/ ਹੋਠੀ ਧੁਨੀਆਂ ਹਨ ਕਿਉਂਕਿ ਇਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਨੂੰ ਬੁੱਲ੍ਹਾਂ ਦੁਆਰਾ ਰੋਕ ਕੇ ਛੱਡਿਆ ਜਾਂਦਾ ਹੈ।

(੬) ਸੁਰਯੰਤਰੀ (Glottal) - /ਹ/ ਵਿਅੰਜਨ ਧੁਨੀ ਦਾ ਉਚਾਰਨ ਸਥਾਨ ਘੰਡੀ ਜਾਂ ਕੰਠ ਦੁਆਰ ਹੈ। ਇਸ ਧੁਨੀ ਦੇ ਉਚਾਰਨ ਸਮੇਂ ਸਾਹ ਦੀ ਹਵਾ ਰੁਕਦੀ ਨਹੀਂ ਕਿਉਂਕਿ ਗਲੇ ਵਿਚਲੀ ਥਾਂ ਸਿਰਫ਼ ਤੰਗ ਹੀ ਹੁੰਦੀ ਹੈ।

ਉਚਾਰਨ ਵਿਧੀ ਜਾਂ ਢੰਗ ਅਨੁਸਾਰ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਨੂੰ ੭ ਭਾਗਾਂ ਵਿਚ ਵੰਡਿਆ ਗਿਆ ਹੈ :

(੧) ਡੱਕਵੇਂ ਵਿਅੰਜਨ (Stops) - ਪੰਜਾਬੀ ਵਿਅੰਜਨਾਂ ਵਿਚੋਂ ਸਭ ਤੋਂ ਵੱਡੀ ਸ਼੍ਰੇਣੀ ਡੱਕਵੇਂ ਵਿਅੰਜਨਾਂ ਦੀ ਹੈ। ਪੰਜਾਬੀ ਵਿਚ /ਕ, ਖ, ਗ, ਚ, ਛ, ਜ, ਟ, ਫ, ਡ, ਤ, ਥ, ਦ, ਪ, ਫ, ਬ/ ਆਦਿ ਡੱਕਵੇਂ ਵਿਅੰਜਨ ਹਨ। ਇਨ੍ਹਾਂ ਦਾ ਉਚਾਰਨ ਕਰਦਿਆਂ, ਸਾਹ ਦੀ ਹਵਾ ਨੂੰ ਪੂਰੀ ਤਰ੍ਹਾਂ ਰੋਕ ਕੇ ਫਿਰ ਇਕ ਦਮ ਛੱਡਿਆ ਜਾਂਦਾ ਹੈ। ਡੱਕਵੇਂ ਵਿਅੰਜਨਾਂ ਨੂੰ ਨਾਦ (ਆਵਾਜ਼) ਅਤੇ ਪਰਾਣਤਾ (ਸਾਹ ਦੀ ਮਿਕਦਾਰ) ਦੇ ਆਧਾਰ ’ਤੇ ਕ੍ਰਮਵਾਰ ਨਾਦੀ, ਅਨਾਦੀ ਮਹਾਂਪ੍ਰਾਣ/ਅਲਪਪ੍ਰਾਣ ਆਦਿ ਵਰਗਾਂ ਵਿਚ ਵੰਡਿਆ ਗਿਆ ਹੈ। ਕਈ ਪੁਸਤਕਾਂ ਵਿਚ ਇਸ ਲਈ ਘੋਸ਼/ਅਘੋਸ਼ ਸ਼ਬਦ ਵੀ ਵਰਤਿਆ ਗਿਆ ਹੈ। ਨਾਦ ਦਾ ਸੰਬੰਧ ਸੁਰ- ਤੰਦਾਂ ਦੀ ਕੰਬਾਹਟ ਨਾਲ ਹੈ। ਕੁੱਝ ਧੁਨੀਆਂ ਦੇ ਉਚਾਰਨ ਵੇਲੇ ਸੁਰਤੰਦਾਂ ਵਿਚ ਕੰਬਣੀ ਪੈਦਾ ਹੁੰਦੀ ਹੈ। ਇਨ੍ਹਾਂ ਨੂੰ ਨਾਦੀ ਵਿਅੰਜਨ ਕਿਹਾ ਜਾਂਦਾ ਹੈ। ਇਸ ਦੇ ਉਲਟ ਅਨਾਦੀ ਜਾਂ ਅਘੋਸ਼ ਵਿਅੰਜਨ ਹਨ। ਪ੍ਰਾਣਤਾ (Aspiration) ਦਾ ਸੰਬੰਧ ਸਾਹ ਦੀ ਮਿਕਦਾਰ ਨਾਲ ਹੈ। ਕੁੱਝ ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਸਧਾਰਨ ਨਾਲੋਂ ਵੱਧ ਮਾਤਰਾ ਵਿਚ ਵਰਤਣੀ ਪੈਂਦੀ ਹੈ। ਅਜਿਹੀਆਂ ਧੁਨੀਆਂ ਨੂੰ ਮਹਾਂਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਧੁਨੀਆਂ ਦਾ ਉਚਾਰਨ ਸਾਹ ਦੀ ਸਧਾਰਨ ਮਾਤਰਾ ਨਾਲ ਹੋ ਸਕਦਾ ਹੈ, ਉਨ੍ਹਾਂ ਨੂੰ ਅਲਪਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ /ਗ, ਜ, ਡ, ਦ, ਬ/ ਵਿਅੰਜਨ ਨਾਦੀ ਹਨ ਅਤੇ ਬਾਕੀ ਅਨਾਦੀ।

੨. ਨਾਸਕੀ ਵਿਅੰਜਨ (Nasal) - ਨਾਸਕੀ ਧੁਨੀਆਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਨੱਕ ਰਸਤੇ ਬਾਹਰ ਨਿਕਲਦੀ ਹੈ। ਪੰਜਾਬੀ ਵਿਚ /ਮ, ਨ, ਣ (ਙ) ਅਤੇ (ਞ)। ਪੰਜ ਨਾਸਕੀ ਵਿਅੰਜਨ ਹਨ ਅਤੇ ਬਾਕੀ ਸਾਰੇ ਮੌਖਿਕ ਵਿਅੰਜਨ ਹਨ।

੩. ਪਾਸੇਦਾਰ ਵਿਅੰਜਨ (Lateral) - ਪੰਜਾਬੀ ਵਿਚ /ਲ/ ਅਤੇ /ਲ਼/ ਦੋ ਪਾਸੇਦਾਰ ਵਿਅੰਜਨ ਹਨ। ਇਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦੀ ਨੋਕ ਦੰਦ ਪਠਾਰ ਨਾਲ ਸਪੱਰਸ਼ ਕਰ ਕੇ ਹਵਾ ਨੂੰ ਰੋਕਦੀ ਹੈ ਪਰ ਸਾਹ ਦੀ ਹਵਾ ਜੀਭ ਦੇ ਦੋਹਾਂ ਪਾਸਿਆਂ ਵਾਲੇ ਖੱਪਿਆਂ ਵਿਚੋਂ ਬਾਹਰ ਨਿਕਲ ਜਾਂਦੀ ਹੈ।

੪. ਕੰਬਵਾਂ ਵਿਅੰਜਨ (Trill) - /ਰ/ ਕੰਬਵੀਂ ਧੁਨੀ ਹੈ ਕਿਉਂਕਿ ਇਸ ਦੇ ਉਚਾਰਨ ਵੇਲੇ ਜੀਭ ਵਿਚ ਕਾਂਬਾ ਜਿਹਾ ਪੈਦਾ ਹੁੰਦਾ ਹੈ ਤੇ ਜੀਭ ਵਾਰ-ਵਾਰ ਬੁਟ ਨੂੰ ਛੂੰਹਦੀ ਹੈ।

੫. ਫਟਕਵਾਂ (Flap) - /ੜ/ ਫਟਕਵਾਂ ਵਿਅੰਜਨ ਹੈ। ਇਸ ਦੇ ਉਚਾਰਨ ਵੇਲੇ ਜੀਭ ਤਾਲੂ ਨੂੰ ਛੂਹਕੇ ਫਟਕੇ ਨਾਲ ਹੇਠਾਂ ਆਉਂਦੀ ਹੈ।

੬. ਖੈਹਵੇਂ ਵਿਅੰਜਨ (Fricative) - ਪੰਜਾਬੀ ਵਿਚ /ਸ/, /ਸ਼/ ਤੇ /ਹ/ ਤਿੰਨ ਖੈਹਵੇਂ ਵਿਅੰਜਨ ਹਨ। ਇਨ੍ਹਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਉਚਾਰਨ ਅੰਗ ਨਾਲ ਖੈਂਹਦੀ ਹੋਈ ਬਾਹਰ ਨਿਕਲ ਜਾਂਦੀ ਹੈ।

੭. ਸਰਕਵੇਂ ਵਿਅੰਜਨ (Gliding) - ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ /ਯ/ ਤੇ /ਵ/ ਦੋਵੇਂ ਸਰਕਵੀਆਂ ਧੁਨੀਆਂ ਹਨ। ਕਿਤੇ ਇਹ ਵਿਅੰਜਨ ਵਿਚ ਬਦਲ ਜਾਂਦੀਆਂ ਹਨ ਅਤੇ ਕਿਤੇ ਸਵਰਾਂ ਵਿਚ। /ਯ/ ਦੇ ਉਚਾਰਨ ਸਮੇਂ ਜੀਭ ਪਹਿਲਾਂ /ਇ/ ਵਾਲੀ ਸਥਿਤੀ ਵਿਚ ਹੁੰਦੀ ਹੈ ਪਰ ਉਚਾਰਨ ਸ਼ੁਰੂ ਹੁੰਦਿਆਂ ਹੀ ਅਗਲੀ ਸਥਿਤੀ ਅਖਤਿਆਰ ਕਰ ਜਾਂਦੀ ਹੈ। ਇਵੇਂ /ਵ/ ਦਾ ਉਚਾਰਨ /ਉ/ ਵਾਲੀ ਸਥਿਤੀ ਤੋਂ ਆਰੰਭ ਹੁੰਦਾ ਹੈ ਪਰ ਝੱਟ ਹੀ ਜੀਭ ਇਸ ਸਥਿਤੀ ਤੋਂ ਸਰਕ ਜਾਂਦੀ ਹੈ।

ਉਪਰੋਕਤ ਵਿਸ਼ਲੇਸ਼ਣ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਵਿਚ ਕੁੱਲ ੨੯ ਵਿਅੰਜਨ ਹਨ। ਇਨ੍ਹਾਂ ਵਿਚੋਂ /ਯ/ ਤੇ /ਵ/ ਤਾਂ ਸਵਰ ਅਤੇ ਵਿਅੰਜਨ ਧੁਨੀਆਂ ਦੇ ਗੁਣਾਂ ਦੇ ਧਾਰਨੀ ਹਨ। /ਙ/ ਤੇ /ਞ/ ਦੀ ਵਰਤੋਂ ਅਜੋਕੇ ਪੰਜਾਬੀ ਉਚਾਰਨ ਵਿਚ ਨਾ-ਮਾਤਰ ਹੈ। ਇਸੇ ਤਰ੍ਹਾਂ /ਫ਼, ਖ਼ ਤੇ ਗ਼/ ਵੀ ਧੁਨੀ ਵਿਗਿਆਨ ਦੇ ਪੱਖੋਂ ਨਿਖੜਵੇਂ ਲੱਛਣ ਨਹੀਂ ਰੱਖਦੀਆਂ ਅਤੇ ਨਾ ਹੀ ਅਜੋਕੀ ਪੀੜ੍ਹੀ ਇਨ੍ਹਾਂ ਧੁਨੀਆਂ ਦਾ ਉਚਾਰਨ ਕਰਦੀ ਹੈ। ਵਿਅੰਜਨ ਧੁਨੀਆਂ ਦੇ ਵਿਸ਼ਲੇਸ਼ਣ ਵਿਚ ਅਸੀਂ /ਘ, ਝ, ਢ, ਧ, ਭ/ ਆਦਿ ਨਾਦੀ, ਮਹਾਂਪ੍ਰਾਣ ਧੁਨੀਆਂ ਦਾ ਜ਼ਿਕਰ ਵੀ ਨਹੀਂ ਕੀਤਾ। ਕਿਉਂਕਿ ਇਨ੍ਹਾਂ ਧੁਨੀਆਂ ਦੀ ਥਾਂ ਵੀ ਹੁਣ ਸੁਰ (ਠੋਨੲ) ਨੇ ਲੈ ਲਈ ਹੈ। ਇਸ ਲਈ ਇਨ੍ਹਾਂ ਬਾਰੇ ਗੱਲਬਾਤ ਅੱਗੇ ਸੁਰ ਸਿਰਲੇਖ ਤਹਿਤ ਕੀਤੀ ਗਈ ਹੈ।

ਪੰਜਾਬੀ ਵਿਅੰਜਨ ਧੁਨੀਆਂ ਦੀ ਵਰਤੋਂ ਵਿਉਂਤ :

ਪੰਜਾਬੀ ਭਾਸ਼ਾ ਵਿਚ /ਣ, ਞ, ਙ, ੜ, ਲ਼/ ਤੋਂ ਇਲਾਵਾ ਬਾਕੀ ਸਾਰੇ ਵਿਅੰਜਨ ਸ਼ਬਦ ਦੀਆਂ ਤਿੰਨਾਂ ਹੀ ਸਥਿਤੀਆਂ ਵਿਚ ਉਚਾਰੇ ਜਾ ਸਕਦੇ ਹਨ ਪਰ ਇਹ ਵਿਅੰਜਨ ਸ਼ਬਦ ਦੀ ਮੁਢਲੀ ਸਥਿਤੀ ਵਿਚ ਨਹੀਂ ਆਉਂਦੇ। /ਯ/ ਦੀ ਵਰਤੋਂ ਵੀ ਬਤੌਰ ਵਿਅੰਜਨ ਸ਼ਬਦ ਦੀ ਅੰਤਲੀ ਸਥਿਤੀ ਵਿਚ ਨਹੀਂ ਹੁੰਦੀ। ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ ਵੀ ਇਹ ਬਹੁਤ ਘੱਟ ਉਚਾਰਿਆ ਜਾਂਦਾ ਹੈ। ਇਵੇਂ /ਹ/ ਦੀ ਵਰਤੋਂ ਵੀ ਸ਼ਬਦ ਦੀ ਮੁਢਲੀ ਸਥਿਤੀ ਵਿਚ ਹੁੰਦੀ ਹੈ, ਸ਼ਬਦ ਦੇ ਵਿਚਕਾਰ ਅਤੇ ਅੰਤ ਵਿਚ ਇਸ ਦੀ ਜਗ੍ਹਾ ਸੁਰ ਉਚਾਰੀ ਜਾਂਦੀ ਹੈ। ਪਰ /ਹ/ ਦੀ ਉਪਭਾਸ਼ਾਈ ਸਥਿਤੀ ਵੱਖਰੀ ਹੈ।

ਪੰਜਾਬੀ ਵਿਚ ਵਿਅੰਜਨ ਨੇੜਤਾ

ਜਦੋਂ ਕਿਸੇ ਸ਼ਬਦ ਵਿਚ ਜਾਂ ਉਚਾਰਖੰਡ ਵਿਚ ਦੋ ਜਾਂ ਦੋ ਤੋਂ ਵੱਧ ਵਿਅੰਜਨ ਜੁੜਵੇਂ ਰੂਪ ਵਿਚ ਆਉਣ ਅਰਥਾਤ ਉਨ੍ਹਾਂ ਵਿਚਕਾਰ ਕੋਈ ਸਵਰ ਨਾ ਆਵੇ ਤਾਂ ਵਿਅੰਜਨਾਂ ਦੀ ਅਜਿਹੀ ਵਰਤੋਂ ਨੂੰ ਵਿਅੰਜਨ ਨੇੜਤਾ ਕਿਹਾ ਜਾਂਦਾ ਹੈ। ਪੰਜਾਬੀ ਵਿਚ ਵਿਅੰਜਨ ਨੇੜਤਾ ਦੁੱਤ ਵਿਅੰਜਨ ਦੇ ਤੌਰ ਤੇ, ਵਿਅੰਜਨ ਗੁੱਛਿਆਂ ਦੇ ਰੂਪ ਵਿਚ ਅਤੇ ਵਿਅੰਜਨ ਸੰਯੋਗ ਦੇ ਰੂਪ ਵਿਚ ਸਾਕਾਰ ਹੁੰਦੀ ਹੈ।

ਦੋ ਵਿਅੰਜਨਾਂ ਦਾ ਦੁਹਰਾਉ ਜਾਂ ਸੰਧੀ ਹੀ ਦੁੱਤ (ਘੲਮਨਿੳਟੋਿਨ) ਹੈ। ਇਸ ਨੂੰ ਇੱਕ ਵਿਅੰਜਨ ਦਾ ਦੋ ਵਾਰ ਉਚਾਰਨ ਵੀ ਕਹਿ ਸਕਦੇ ਹਾਂ। ਦੁੱਤੀਕਰਨ ਦਾ ਸੰਕਲਪ ਇੱਕ ਤਰ੍ਹਾਂ ਦੀ ਦੁਸੰਧੀ ਦਾ ਨਾਂ ਹੈ। ਜਿਵੇਂ ਪੰਜਾਬੀ ਸ਼ਬਦਾਂ ਅੱਗ(ਅ+ਗ+ਗ), ਗੱਡ(ਗ+ਅ+ਡ+ਡ) ਅਤੇ ਕੱਦ (ਕ+ਅ+ਦ+ਦ) ਆਦਿ ਵਿਚ /ਗ,ਡ/ ਅਤੇ /ਦ/ ਦਾ ਦੁੱਤੀਕਰਨ ਹੋਇਆ ਹੈ। ਵਿਅੰਜਨ ਗੁੱਛਿਆਂ ਵਿਚ ਦੋ ਜਾਂ ਦੋ ਤੋਂ ਵੱਧ ਵਿਅੰਜਨ ਬਿਨਾਂ ਸਵਰ ਦੀ ਸਹਾਇਤਾ ਤੋਂ ਉਚਾਰੇ ਜਾਂਦੇ ਹਨ। ਜਿਵੇਂ ਪ੍ਰੀਤ (ਪ+ਰ+ਈ+ਤ) ਅਤੇ ਹਲਟ (ਹ+ਅ+ਲ+ਟ) ਆਦਿ ਸ਼ਬਦਾਂ ਵਿਚ /ਪ+ਰ/ ਅਤੇ /ਲ+ਟ/ ਵਿਅੰਜਨ ਗੁੱਛਿਆਂ ਦੇ ਰੂਪ ਵਿਚ ਕਾਰਜਸ਼ੀਲ ਹਨ। ਵਿਅੰਜਨ ਸੰਯੋਗ ਉਥੇ ਹੁੰਦਾ ਹੈ ਜਿਥੇ ਵਿਅੰਜਨ ਨੇੜਤਾ ਰੂਪੀਮੀ/ਭਾਵੰਸ਼ੀ ਹੱਦਾਂ ਉਤੇ ਸਾਕਾਰ ਹੋਵੇ। ਜਿਵੇਂ ਪੜ੍ਹਦਾ ਸ਼ਬਦ ਵਿਚ ਪੜ੍ਹ ਅਤੇ ਦਾ ਦੋ ਰੂਪੀਮ (ਭਾਵੰਸ਼) ਹਨ। ਇਉਂ ਪੜ੍ਹਦਾ ਸ਼ਬਦ ਵਿਚ /ਪ+ਅ+ੜ+ਦ+ਅ/ (ੜ+ਦ) ਦਾ ਵਿਅੰਜਨ ਸੰਯੋਗ ਹੋਇਆ ਹੈ।

ਪੰਜਾਬੀ ਦੀਆਂ ਅਖੰਡੀ ਧੁਨੀਆਂ

ਸਿਧਾਂਤਿਕ ਤੌਰ ਤੇ ਆਮ ਭਾਸ਼ਾਵਾਂ ਵਿਚ ਸੁਰ, ਬਲ ਅਤੇ ਨਾਸਿਕਤਾ, ਆਦਿ ਤਿੰਨ ਪਾਰਖੰਡੀ ਧੁਨੀਆਂ ਵਿਚਾਰੀਆਂ ਜਾਂਦੀਆਂ ਹਨ। ਇਥੇ ਸਿਰਫ਼ ਸੁਰ ਨੂੰ ਹੀ ਵਿਚਾਰਿਆ ਗਿਆ ਹੈ:

ਸੁਰ (Tone)

ਸੰਸਾਰ ਦੀਆਂ ਕਈ ਭਾਸ਼ਾਵਾਂ ਵਿਚ ਸੁਰ ਦੀ ਹੋਂਦ ਮਿਲਦੀ ਹੈ ਪਰ ਭਾਰਤੀ ਭਾਸ਼ਾ-ਪਰਿਵਾਰ ਵਿਚ ਪੰਜਾਬੀ ਹੀ ਇੱਕੋ-ਇੱਕ ਸੁਰਾਤਮਿਕ ਭਾਸ਼ਾ ਹੈ। ਸੁਰ ਪੰਜਾਬੀ ਭਾਸ਼ਾ ਦਾ ਪਛਾਣ-ਚਿੰਨ੍ਹ ਹੈ। ਪੰਜਾਬੀ ਵਿਚ ਸੁਰਾਂ ਦਾ ਵਿਕਾਸ ਨਾਦੀ (ਘੋਸ਼) ਮਹਾਂਪ੍ਰਾਣ ਧੁਨੀਆਂ ਦੇ ਲੋਪ ਹੋਣ ਨਾਲ ਅਤੇ /ਹ/ ਦੇ ਆਪਣੇ ਨੇੜੇ ਦੀਆਂ ਸਵਰ ਧੁਨੀਆਂ ਦੇ ਪ੍ਰਭਾਵ ਤੋਂ ਮੰਨਿਆ ਜਾਂਦਾ ਹੈ। ਅਸਲ ਵਿਚ ਸੁਰ ਦਾ ਕੇਂਦਰ /ਹ/ ਧੁਨੀ ਹੈ। ਪ੍ਰਾਚੀਨ ਪੰਜਾਬੀ ਜਾਂ ਸੰਸਕ੍ਰਿਤ ਵਿਚ /ਹ/ ਧੁਨੀ ਦੇ ਦੋ ਰੂਪ ਮਿਲਦੇ ਹਨ : ਇੱਕ ਸੁਤੰਤਰ ਦੂਜਾ ਸੰਯੁਕਤ। ਜਿਵੇਂ ਹੱਥ ਅਤੇ ਹੁਕਮ ਵਿਚ /ਹ/ ਸੁਤੰਤਰ ਹੈ ਪਰ ਧੀ ਅਤੇ ਭੈਣ ਸਬਦਾਂ ਵਿਚ ਸੰਯੁਕਤ ਹੈ। ਇਸ ਨੂੰ ਇਉਂ ਸਮਝਿਆ ਜਾ ਸਕਦਾ ਹੈ:

/ਦ/ +/ਹ/ )=ਧ,/ਗ/ + /ਹ/ )=ਘ।ਇਉਂ-/ਘ,ਝ,ਢ,ਧ,ਭ/ ਸਾਰੇ ਡਬਲ ਅੱਖਰ ਹਨ । ਇਸੇ ਲਈ ਰੋਮਨ ਲਿਪੀ ਵਿਚ ਇਨ੍ਹਾਂ ਨੂੰ ਕ੍ਰਮਵਾਰ / ਗਹ,ਜਹ,ਦਹ,ਪਹ/ ਲਿਖਿਆ ਜਾਂਦਾ ਹੈ ਭਾਵ ਇਨ੍ਹਾਂ ਵਿਚ /ਹ/ ਧੁਨੀ ਹੈ। ਪ੍ਰਾਕ੍ਰਿਤਾਂ ਤੋਂ ਪਿੱਛੋਂ /ਹ/ ਧੁਨੀ ਬਦਲਣੀ ਸ਼ੁਰੂ ਹੋ ਗਈ ਤੇ ਹੌਲੀ- ਹੌਲੀ ਸੁਰ ਵਿਚ ਬਦਲ ਗਈ। ਇਉਂ /ਹ/ ਧੁਨੀ ਦੀ ਬਹੁਰੂਪੀ ਚਾਲ ਹੀ ਸੁਰ ਦੇ ਵਿਕਾਸ ਦਾ ਕਾਰਨ ਹੈ।

ਆਧੁਨਿਕ ਪੰਜਾਬੀ ਉਚਾਰਨ ਵਿਚ ਘੋਸ਼- ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਦੀ ਵਰਤੋਂ ਨਹੀਂ ਹੁੰਦੀ। ਇਨ੍ਹਾਂ ਦੀ ਥਾਂ ਸੁਰ ਹੀ ਉਚਾਰੀ ਜਾਂਦੀ ਹੈ। ਸੁਰ ਦਾ ਆਧਾਰ ਤਾਨ (Pitch) ਹੈ। ਜਦੋਂ ਅਸੀਂ ਭਾਸ਼ਾ ਧੁਨੀਆਂ ਉਚਾਰਦੇ ਹਾਂ ਤਾਂ ਸਾਡੇ ਸਾਹ ਦੀ ਹਵਾ ਕੰਠ ਵਿਚੋਂ ਨਾਦ-ਤੰਤੂਆਂ ਨੂੰ ਕੰਪਨ ਦੀ ਸਥਿਤੀ ਵਿਚ ਲਿਆ ਕੇ ਬਾਹਰ ਨਿਕਲਦੀ ਹੈ। ਇਹ ਕੰਪਨ ਦੀ ਗਤੀ ਵਧਦੀ ਘੱਟਦੀ ਰਹਿੰਦੀ ਹੈ। ਇਨ੍ਹਾਂ ਦੇ ਵਧਣ-ਘਟਣ ਨਾਲ ਕਈ ਵਾਰ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਪੈ ਜਾਂਦਾ ਹੈ। ਮਿਸਾਲ ਵਜੋਂ ਪੰਜਾਬੀ ਦੇ ਦੋ ਸ਼ਬਦਾਂ ਕੜ੍ਹ (ਕੜ੍ਹਨਾ) ਅਤੇ ਘੜ (ਘੜਨਾ) ਸ਼ਬਦਾਂ ਵਿਚ ਸਵਰਾਂ ਤੇ ਵਿਅੰਜਨਾਂ ਦੀ ਤਰਤੀਬ ਤੇ ਗਿਣਤੀ ਸਮਾਨ ਹੈ। ਪਰ ਅਰਥਾਂ ਵਿਚ ਫ਼ਰਕ ਹੈ। ਦੋ ਹੋਰ ਸ਼ਬਦ ਪੜਾ (ਮੰਜ਼ਲ) ਅਤੇ ਪੜ੍ਹਾ (ਪੜ੍ਹਾਉਣਾ) ਵਿਚ ਵੀ ਅਰਥਾਂ ਦੇ ਫ਼ਰਕ ਦਾ ਕਾਰਨ ਸੁਰ ਦੀ ਹੋਂਦ ਹੈ। ਇਉਂ ਜਦੋਂ ਪਿਛੋਂ ਇਸ ਤਰ੍ਹਾਂ ਸ਼ਬਦ ਦੇ ਪੱਧਰ ਉਤੇ ਸਾਰਥਿਕ ਹੋਵੇ ਤਾਂ ਉਸ ਨੂੰ ਸੁਰ ਕਿਹਾ ਜਾਂਦਾ ਹੈ। ਮੂਲ ਰੂਪ ਵਿਚ ਸੁਰ ਦਾ ਪ੍ਰਭਾਵ ਸਵਰਾਂ ਉਤੇ ਹੀ ਪੈਂਦਾ ਹੈ। ਪੰਜਾਬੀ ਵਿਚ ਹੇਠ ਲਿਖੀਆਂ ਤਿੰਨ ਸੁਰਾਂ ਦੀ ਹੋਂਦ ਸਾਕਾਰ ਹੁੰਦੀ ਹੈ:

ਨੀਵੀਂ ਸੁਰ - ਪੱਧਰੀ ਸੁਰ = ਉਚੀ ਸੁਰ
ਭਾ/ ਪ ਆ/ - ਪਾ/ਪ ਆ/ = ਪਾਹ/ਪ ਆ/
ਝਾ/ਚ ਆ/ - ਚਾ/ਚ ਆ/ = ਚਾਹ/ਚ ਆ/

ਨੋਟ: (੧) ਸੁਰਾਂ ਨੂੰ ਅਕਿੰਤ ਕਰਨ ਲਈ ਸੰਬੰਧਿਤ ਸਵਰ ਉਤੇ ਕ੍ਰਮਵਾਰ ( ) ਤਿਰਛੀਆਂ ਲਕੀਰਾਂ ਦੇ ਚਿੰਨ੍ਹ ਲਗਾਏ ਜਾਂਦੇ ਹਨ।

(੨) ਪੱਧਰੀ ਸੁਰ ਅਸਲ ਵਿਚ ਪੰਜਾਬੀ ਦੀ ਸਧਾਰਨ ਸੁਰ ਹੈ।

੪.੨ ਲਿਪੀ ਸੰਰਚਨਾ

ਬੋਲਾਂ ਨੂੰ ਲਿਖਤ ਵਿਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ (Script) ਕਿਹਾ ਜਾਂਦਾ ਹੈ। ਹਰ ਭਾਸ਼ਾ ਦੇ ਲਿਖਤੀ ਰੂਪ ਵਿਚ ਕਿਸੇ ਵਿਸ਼ੇਸ਼ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਿੰਦੀ ਭਾਸ਼ਾ ਲਈ ਦੇਵਨਾਗਰੀ ਲਿਪੀ ਦੀ, ਉਰਦੂ ਭਾਸ਼ਾ ਲਈ ਫ਼ਾਰਸੀ ਲਿਪੀ ਦੀ, ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਅਤੇ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।

ਲਿਪੀ ਦੀਆਂ ਮੁੱਖ ਰੂਪ ਵਿਚ ਤਿੰਨ ਕਿਸਮਾਂ ਮੰਨੀਆਂ ਗਈਆਂ ਹਨ :

੧. ਭਾਵੰਸ਼ੀ ਜਾਂ ਭਾਵ-ਲਿਪੀ (Idographic Script)
੨. ਉੁਚਾਰਖੰਡੀ ਜਾਂ ਅੱਖਰ-ਲਿਪੀ (Syllabic Scrip)
੩. ਧੁਨੀਆਤਮਕ ਜਾਂ ਧੁਨੀ-ਲਿਪੀ (Phonemic Script)

ਲਿਪੀ ਦੇ ਵਿਕਾਸ ਵਿਚ ਚਿਤਰ ਲਿਪੀ ਦਾ ਅਹਿਮ ਸਥਾਨ ਹੈ। ਭਾਵ-ਲਿਪੀ ਦਾ ਚਿਤਰ-ਲਿਪੀ ਨਾਲ ਨੇੜਲਾ ਸੰਬੰਧ ਹੈ।ਅੱਖਰ-ਲਿਪੀ ਅਤੇ ਧੁਨੀ-ਲਿਪੀ, ਲਿਪੀ ਦੇ ਪਿਛਲੇਰੇ ਵਿਕਾਸ ਦੀਆਂ ਸੂਚਕ ਹਨ। ਭਾਵੰਸ਼ੀ ਲਿਪੀ ਦਾ ਇਕ ਚਿੰਨ੍ਹ, ਭਾਵੰਸ਼ ਜਾਂ ਕਿਸੇ ਭਾਵ ਨੂੰ ਪ੍ਰਗਟਾਉਂਦਾ ਹੈ। ਚੀਨੀ ਲਿਪੀ ਭਾਵੰਸ਼ੀ ਹੈ। ਉਚਾਰਖੰਡੀ ਲਿਪੀ ਉਸ ਨੂੰ ਕਿਹਾ ਜਾਂਦਾ ਹੈ ਜਿਸ ਲਿਪੀ ਵਿਚ ਧੁਨੀਆਂ ਦੇ ਸਮੂਹ ਲਈ ਲਿਪੀ ਦਾ ਇਕ ਚਿੰਨ੍ਹ ਵਰਤਿਆ ਜਾਵੇ। ਦੇਵ ਨਾਗਰੀ ਉਚਾਰ ਖੰਡੀ ਲਿਪੀ ਹੈ। ਧੁਨੀ-ਲਿਪੀ ਵਿਚ ਹਰ ਧੁਨੀ ਲਈ ਲਿਪੀ ਦਾ ਵੱਖਰਾ ਚਿੰਨ੍ਹ ਹੁੰਦਾ ਹੈ। ਰੋਮਨ ਲਿਪੀ, ਧੁਨੀ ਲਿਪੀ ਦੀ ਵਧੀਆ ਮਿਸਾਲ ਹੈ। ਇਸ ਪੱਖ ਤੋਂ ਗੁਰਮੁਖੀ ਲਿਪੀ ਵਿਚ ਉਚਾਰਖੰਡੀ ਅਤੇ ਧੁਨੀਆਤਮਕ ਦੋਹਾਂ ਸ਼੍ਰੇਣੀਆਂ ਦੇ ਗੁਣ ਲੱਛਣ ਰਲੇ ਮਿਲੇ ਹਨ। ਮਸਲਨ ਜਦ ਅਸੀਂ ਚੱਲ ਸ਼ਬਦ ਲਿਖਦੇ ਹਾਂ ਤਾਂ ਇਸ ਦਾ ਪਹਿਲਾ ਚੱਚਾ/ਚ+ਅ/ ਦੋ ਧੁਨੀਆਂ (ਵਿਅੰਜਨ+ਸਵਰ) ਲਈ ਵਰਤਿਆ ਜਾਂਦਾ ਹੈ ਅਤੇ ਪਿਛਲਾ ਅੱਖਰ <ਲ> ਸਿਰਫ਼ ਵਿਅੰਜਨ ਧੁਨੀ ਲਈ ਆਇਆ ਹੈ।

ਗੁਰਮੁਖੀ ਲਿਪੀ-ਚਿੰਨ੍ਹਾਂ ਦੀ ਤਰਤੀਬ ਤੇ ਸੰਰਚਨਾ

ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼

ਗੁਰਮੁਖੀ ਲਿਪੀ ਦੇ ਇਨ੍ਹਾਂ ਚਿੰਨ੍ਹਾਂ ਦੀ ਤਰਤੀਬ ਵਿਚ ਭਾਸ਼ਾ ਵਿਗਿਆਨਕ ਨੇਮਾਂ ਨੂੰ ਅਪਣਾਇਆ ਗਿਆ ਹੈ। ਸੰਰਚਨਾ ਵਿਚ ਸਭ ਤੋਂ ਪਹਿਲਾਂ ਤਿੰਨੇ ਲਿਪੀ-ਚਿੰਨ੍ਹ ਸਵਰ ਵਾਹਕ ਹਨ। ਸਵਰ ਉਚਾਰਖੰਡ ਵਿਚ ਕੇਂਦਰੀ ਮਹੱਤਵ ਦਾ ਧਾਰਨੀ ਹੈ ਜਦੋਂ ਕਿ ਵਿਅੰਜਨ ਦੁਜੈਲੇ ਮਹੱਤਵ ਵਾਲਾ ਤੱਤ ਹੈ। ਇਸ ਲਈ ਕੇਂਦਰੀ ਤੱਤ ਦਾ ਪਹਿਲਾਂ ਆਉਣੀ ਜ਼ਰੂਰੀ ਹੈ। <ੳ ਅ ੲ> ਸਵਰ ਵਾਹਕਾਂ ਦੀ ਆਪਣੀ ਤਰਤੀਬ ਵੀ ਧੁਨੀ ਵਿਗਿਆਨਕ ਨੁਕਤੇ ਤੋਂ ਤਰਕ ਸੰਗਤ ਹੈ। ਇਹ ਤਰਤੀਬ ਉਚਾਰਨ ਸਥਾਨ ਦੀ ਵਿਉਂਤ ਅਨੁਸਾਰ ਹੈ। <ੳ> ਮੂੰਹ ਦੇ ਪਿਛਲੇ ਹਿੱਸੇ ਤੋਂ ਉਚਾਰੇ ਜਾਣ ਵਾਲੇ ਸਵਰਾਂ ਦਾ ਵਾਹਨ ਬਣਦਾ ਹੈ।<ਅ> ਵਿਚਕਾਰਲੇ ਤੇ ਪਿਛਲੇ ਦਾ ਅਤੇ <ੲ> ਅਗਲੇ ਸਵਰਾਂ ਦਾ ਵਾਹਨ ਬਣਦੀ ਹੈ। ਇਸੇ ਤਰ੍ਹਾਂ ਦੀ ਕਵਰਗ, ਚਵਰਗ, ਟਵਰਗ, ਤਵਰਗ ਤੇ ਪਵਰਗ ਆਦਿ ਵਿਅੰਜਨ ਚਿੰਨ੍ਹਾਂ ਦੀ ਤਰਤੀਬ ਵੀ ਉਚਾਰਨ ਸਥਾਨ ਅਤੇ ਉਚਾਰਨ ਵਿਧੀ ਅਨੁਸਾਰ ਹੈ। ਅੰਤਲਾ ਤੇ ਨਵ ਵਰਗ ਮਿਲਵੇਂ-ਜੁਲਵੇਂ ਲਿਪੀ-ਚਿੰਨ੍ਹਾਂ ਦਾ ਹੈ।

ਵਰਗੀਕਰਨ

ਗੁਰਮੁਖੀ ਦੀ ਮੂਲ ਲਿਪੀ ਵਿਚ ਚਿੰਨ੍ਹਾਂ ਦੀ ਗਿਣਤੀ ਪੈਂਤੀ ਸੀ ਪਰ ਬਾਅਦ ਵਿਚ ਇਨ੍ਹਾਂ ਮੂਲ ਚਿੰਨ੍ਹਾਂ ਵਿਚੋਂ ਹੀ ਕੁੱਝ ਦੇ ਪੈਰੀਂ ਬਿੰਦੀ ਲਾ ਕੇ, ਉਨ੍ਹਾਂ ਧੁਨੀਆਂ ਲਈ ਗੁਰਮੁਖੀ ਲਿਪੀ-ਚਿੰਨ੍ਹਾਂ ਘੜ ਲਏ ਗਏ ਹਨ, ਜਿਨ੍ਹਾਂ ਦਾ ਪ੍ਰਚਲਣ ਭਾਸ਼ਾ ਦੇ ਪ੍ਰਭਾਵ ਨਾਲ ਹੋਇਆ। ਇਸੇ ਤਰ੍ਹਾਂ ਪੰਜਾਬੀ ਉਚਾਰਨ ਵਿਚ ਦੰਤੀ ਪਾਸੇਦਾਰ /ਲ/ ਅਤੇ ਉਲਟਜੀਭੀ ਪਾਸੇਦਾਰ /ਲ਼/ ਧੁਨੀ ਦੇ ਵਖਰੇਵੇਂ ਲਿਖਤੀ ਰੂਪ ਵਿਚ ਕਾਇਮ ਰੱਖਣ ਲਈ ਗੁਰਮੁਖੀ ਦੇ ਮੂਲ ਅੱਖਰ <ਲ> ਤੇ ਪੈਰੀਂ ਬਿੰਦੀ ਪਾਉਣ ਦਾ ਸੁਝਾਅ ਪੇਸ਼ ਕੀਤਾ ਗਿਆ। ਸਮੁੱਚੇ ਲਿਪੀ- ਚਿੰਨ੍ਹ ਦੀ ਵਰਤੋਂ ਜਾਂ ਤਾਂ ਮੁਕਤ ਰੂਪ ਵਿਚ ਹੁੰਦੀ ਹੈ ਜਾਂ ਯੁਕਤ ਰੂਪ ਵਿਚ। ਇਸ ਲਈ ਇਥੇ ਇਨ੍ਹਾਂ ਨੂੰ ਦੋ ਮੁੱਖ ਵਰਗਾਂ : ਮੁਕਤ ਲਿਪੀ ਚਿੰਨ੍ਹ ਤੇ ਜੁੜਵੇਂ ਲਿਪੀ ਚਿੰਨ੍ਹ ਵਿਚ ਵੰਡਿਆ ਗਿਆ ਹੈ।

ਮੁਕਤ ਚਿੰਨ੍ਹ (Free Grapheme)

ਮੁਕਤ ਲਿਪੀ-ਚਿੰਨ੍ਹ ਉਹ ਹਨ, ਜਿਨ੍ਹਾਂ ਦੀ ਵਰਤੋਂ ਮੁਕਤ ਰੂਪ ਵਿਚ ਹੋ ਸਕਦੀ ਹੈ। ਕਾਰਜ ਦੀ ਦ੍ਰਿਸ਼ਟੀ ਤੋਂ ਇਹ ਦੋ ਪ੍ਰਕਾਰ ਦੇ ਹਨ ਸਵਰ ਤੇ ਵਿਅੰਜਨ ਲਿਪੀ- ਚਿੰਨ੍ਹ।

ਜੁੜਵੇਂ ਲਿਪੀ-ਚਿੰਨ੍ਹ

ਜੁੜਵੇਂ ਲਿਪੀ-ਚਿੰਨ੍ਹ ਉਹ ਹਨ, ਜਿਨ੍ਹਾਂ ਦੀ ਵਰਤੋਂ ਮੁਕਤ ਰੂਪ ਵਿਚ ਨਹੀਂ ਹੋ ਸਕਦੀ। ਜੁੜਵੇਂ ਲਿਪੀ-ਚਿੰਨ੍ਹ, ਮੁਕਤ-ਚਿੰਨ੍ਹਾਂ ਦੇ ਨਾਲ ਜੁੜ ਕੇ ਹੀ ਵਿਚਰਦੇ ਹਨ। ਜੁੜਵੇਂ ਚਿੰਨ੍ਹ ਨੂੰ ਅੱਗੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ :

(ੳ) ਲਗ ਚਿੰਨ੍ਹ (ਅ) ਲਗਾਖਰ (ੲ) ਪੈਰ ਲਿਪੀ-ਚਿੰਨ੍ਹ

ਲਗ ਚਿੰਨ੍ਹ (ਲਗਾਂ)

ਇਹ ਉਹ ਲਿਪੀ ਚਿੰਨ੍ਹ ਹਨ ਜੋ ਪੰਜਾਬੀ ਦੇ ਸਵਰਾਂ ਨੂੰ ਅੰਕਤ ਕਰਨ ਲਈ ਵਰਤੇ ਜਾਂਦੇ ਹਨ। ਪੰਜਾਬੀ ਭਾਸ਼ਾ ਦੀਆਂ ਰਵਾਇਤੀ ਵਿਆਕਰਨਾਂ ਵਿਚ ਇਨ੍ਹਾਂ ਨੂੰ ਲਗਾਂ ਜਾਂ ਲਗਾਂ-ਮਾਤਰਾ ਕਿਹਾ ਗਿਆ ਹੈ। ਲਗਾਂ ਦੇ ਅਰਥ ਹਨ : ਨਾਲ ਲੱਗਣ ਵਾਲੇ ਲਿਪੀ-ਚਿੰਨ੍ਹ। ਲਗਾਂ ਹਮੇਸ਼ਾ ਕਿਸੇ ਮੁਕਤ ਲਿਪੀ-ਚਿੰਨ੍ਹ ਨਾਲ ਲਗਾ ਕੇ ਹੀ ਵਰਤੀਆਂ ਜਾਂਦੀਆਂ ਹਨ। ਮਾਤਰਾ ਦਾ ਅਰਥ ਸਵਰ ਚਿੰਨ੍ਹ ਵੀ ਹੈ ਅਤੇ ਇਸ ਦਾ ਦੂਸਰਾ ਅਰਥ ਮਾਪ ਦੀ ਇਕਾਈ ਹੈ ਅਰਥਾਤ ਕਿਸੇ ਵਰਨ/ਅਰਥ ਦੇ ਉਚਾਰਨ ਵਿਚ ਜਿੰਨਾਂ ਸਮਾਂ ਲੱਗਦਾ ਹੈ, ਉਸ ਨੂੰ ਮਾਤਰਾ (ਮਾਤ੍ਰਾ) ਆਖਦੇ ਹਨ। ਮਾਤਰਾ ਦੇ ਆਧਾਰ ਉਤੇ ਪੰਜਾਬੀ ਦੇ ਸਵਰਾਂ ਨੂੰ ਲਘੂ ਅਤੇ ਦੀਰਘ ਵਿਚ ਵੰਡਿਆ ਜਾਂਦਾ ਹੈ।

ਲਗਾਂ ਦੀ ਗਿਣਤੀ ਨੌਂ ਹੈ। /ਅ/ ਸਵਰ ਨੂੰ ਅੰਕਤ ਕਰਨ ਲਈ ਕੋਈ ਲਗ ਨਹੀਂ ਹੈ। ਇਸ ਨੂੰ ਜਾਂ ਤਾਂ ਮੁਕਤ ਰੂਪ ਵਿਚ ਲਿਖਿਆ ਜਾਂਦਾ ਹੈ ਜਾਂ ਇਹ ਵਿਅੰਜਨ ਚਿੰਨ੍ਹਾਂ ਵਿਚ ਸੰਮਿਲਤ ਹੀ ਹੁੰਦਾ ਹੈ। ਲਗਾਂ ਦੇ ਨਾਮ ਤੇ ਬਣਤਰ ਇਸ ਤਰ੍ਹਾਂ ਹੈ :

ਕੰਨਾ (ਾ), ਸਿਹਾਰੀ (ਿ), ਬਿਹਾਰੀ (ੀ), ਔਕੜ ( ੁ), ਦੁਲੈਂਕੜ ( ੂ), ਹੋੜਾ ( ੋ), ਕਨੌੜਾ ( ੌ) ਲਾਂ ( ੇ), ਦੁਲਾਵਾਂ ( ੈ)।

ਲਗਾਂ ਸਵਰ ਚਿੰਨ੍ਹਾਂ ਤੇ ਵਿਅੰਜਨ ਚਿੰਨ੍ਹਾਂ ਦੇ ਉਪਰ/ਹੇਠਾਂ, ਖੱਬੇ/ਸੱਜੇ ਹੇਠ ਲਿਖੇ ਅਨੁਸਾਰ ਅੰਕਤ ਕੀਤੀਆਂ ਜਾਂਦੀਆਂ ਹਨ :

ਲਗਾਖਰ

ਲਗਾਂ ਵਾਂਗ ਰਵਾਇਤੀ ਵਿਆਕਰਨਾਂ ਵਿਚ ਬਿੰਦੀ, ਟਿੱਪੀ ਅਤੇ ਅੱਧਕ, ਨੂੰ ਲਗਾਖਰ ਕਿਹਾ ਗਿਆ ਹੈ।

ਲਗਾਖਰ, ਲਗ+ਚਿੰਨ੍ਹ (ਅੱਖਰ) ਦਾ ਸੰਧੀਛੇਦ ਹੈ। ਅਜਿਹੇ ਸਹਾਇਕ ਲਿਪੀ ਚਿੰਨ੍ਹ, ਜਿਨ੍ਹਾਂ ਦੀ ਵਰਤੋਂ ਲਗ ਲੱਗੇ ਚਿੰਨ੍ਹ ਨਾਲ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਲਗਾਖਰ ਕਿਹਾ ਜਾਂਦਾ ਹੈ। ਜਿਵੇਂ ਲਗਾਂ ਚਿੰਨ੍ਹਾਂ (ਅੱਖਰ) ਨਾਲ ਲਗਦੀਆਂ ਹਨ, ਉਵੇਂ ਲਗਾਖਰ, ਲਗਾਂ ਨਾਲ ਮਿਲ ਕੇ ਸ਼ਬਦਾਂ ਦੇ ਉਚਾਰਨ ਵਿਚ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਵਰਤੋਂ ਦੇ ਪੱਖ ਤੋਂ ਇਨ੍ਹਾਂ ਦਾ ਸਥਾਨ ਤੀਜਾ ਹੈ :ਚਿੰਨ੍ਹ(ਅੱਖਰ)+ਲਗਾਂ+ਲਗਾਖਰ। ਕਿਸੇ ਵੀ ਸ਼ਬਦ ਵਿਚ ਲਗ ਤੋਂ ਬਿਨਾਂ ਇਨ੍ਹਾਂ ਦੀ ਸਿੱਧੀ ਵਰਤੋਂ ਨਹੀਂ ਹੁੰਦੀ।

ਪੈਰ ਲਿਪੀ-ਚਿੰਨ੍ਹ

ਗੁਰਮੁਖੀ ਲਿਪੀ ਵਿਚ <ਹ, ਰ ਅਤੇ ਵ > ਦੀ ਵਰਤੋਂ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ: ਇਕ ਸੁਤੰਤਰ ਰੂਪ ਵਿਚ ਅਤੇ ਦੂਜੀ ਪੈਰ ਲਿਪੀ-ਚਿੰਨ੍ਹ ਦੇ ਰੂਪ ਵਿਚ। ਭਾਵ ਇਨ੍ਹਾਂ ਦੀ ਵਰਤੋਂ ਸੁਤੰਤਰ ਲਿਪੀ-ਚਿੰਨ੍ਹਾਂ ਦੇ ਪੈਰ ਹੇਠਾਂ ਕੀਤੀ ਜਾਂਦੀ ਹੈ। ਇਸ ਕਰ ਕੇ ਇਨ੍ਹਾਂ ਨੂੰ ਪੈਰ ਲਿਪੀ-ਚਿੰਨ੍ਹ ਕਿਹਾ ਜਾਂਦਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਤੇ ਕਾਰਜ ਵੱਖ-ਵੱਖ ਹਨ।<ਹ> ਪੈਰ ਲਿਪੀ-ਚਿੰਨ੍ਹ ਅਖੰਡੀ ਧੁਨੀ ਸੁਰ ਦਾ ਸੂਚਕ ਬਣਦਾ ਹੈ ਅਤੇ ਬਾਕੀ ਦੋਵੇਂ <ਰ,ਵ> ਵਿਅੰਜਨ ਨੇੜਤਾ ਦੇ ਸੂਚਕ ਹਨ।

ਪੈਰ ਬਿੰਦੀ ਵਾਲੇ ਲਿਪੀ-ਚਿੰਨ੍ਹ

ਗੁਰਮੁਖੀ ਲਿਪੀ ਵਿਚ <ਸ਼, ਖ਼, ਗ਼, ਜ਼ ਫ਼, ਲ਼> ਆਦਿ ੬ ਪੈਰ ਬਿੰਦੀ ਵਾਲੇ ਲਿਪੀ-ਚਿਨ੍ਹ ਹਨ। <ਲ਼> ਨੂੰ ਛੱਡ ਕੇ ਬਾਕੀ ਚਿੰਨ੍ਹ ਉਨ੍ਹਾਂ ਵਿਅੰਜਨ ਧੁਨੀਆਂ ਲਈ ਮਿਥੇ ਗਏ ਹਨ ਜਿਹੜੀ ਫ਼ਾਰਸੀ ਭਾਸ਼ਾ ਦੇ ਪ੍ਰਭਾਵ ਨਾਲ ਪੰਜਾਬੀ ਵਿਚ ਆਈਆਂ, ਅਰਥਾਤ ਇਸ ਵਾਧੇ ਦੀ ਪ੍ਰੇਰਨਾ ਉਰਦੂ-ਫ਼ਾਰਸੀ ਧੁਨੀਆਂ ਨੂੰ ਤਤਸਮ ਰੂਪ ਵਿਚ ਪ੍ਰਗਟਾਉਣ ਦੀ ਰੁਚੀ ਵਿਚੋਂ ਮਿਲੀ ਕਹੀ ਜਾ ਸਕਦੀ ਹੈ।ਇਹ ਢੰਗ ਸਭ ਤੋਂ ਪਹਿਲਾਂ ਅੰਗਰੇਜ਼ ਪਾਦਰੀਆਂ ਨੇ ਵਰਤਿਆ। ਅੰਗਰੇਜ਼ੀ ਕਾਲ ਤੋਂ ਪਹਿਲਾਂ ਮੂਲ ਗੁਰਮੁਖੀ ਲਿਪੀ ਵਿਚ ਇਹ ਚਿੰਨ੍ਹ ਮੌਜੂਦ ਨਹੀਂ ਸਨ। ਅਜੋਕੇ ਪੰਜਾਬੀ ਉਚਾਰਨ ਵਿਚ /ਸ਼/ ਧੁਨੀ ਤਾਂ ਸੁਤੰਤਰ ਧੁਨੀ ਦਾ ਦਰਜਾ ਰੱਖਦੀ ਹੈ, ਕਿਉਂਕਿ ਇਸ ਦਾ /ਸ/ ਧੁਨੀ ਨਾਲ ਸਪੱਸ਼ਟ ਵਿਰੋਧ ਹੈ। ਜਿਵੇਂ ਸਾਹ : ਸ਼ਾਹ, ਸੀਰ : ਸ਼ੀਰ ਆਦਿ ਵਿਚ। ਸੋ ਇਹ ਉਚਾਰਨ ਤੇ ਅਰਥ ਦੋਹਾਂ ਪੱਧਰਾਂ ਤੇ ਸੁਤੰਤਰ ਹੋਂਦ ਦੀ ਧਾਰਨੀ ਹੈ। /ਲ਼/ ਧੁਨੀ ਦਾ ਵੀ /ਲ/ ਧੁਨੀ ਨਾਲ ਕੁੱਝ ਕੁ ਸ਼ਬਦਾਂ ਵਿਚ ਵਿਰੋਧ ਮਿਲਦਾ ਹੈ। ਜਿਵੇਂ : ਪੋਲੀ : ਪੋਹਲ਼ੀ, ਡੋਲੀ : ਡੋਲ਼ੀ, ਗੋਲੀ : ਗੋਲ਼ੀ, ਬੋਲੀ : ਬੋਲ਼ੀ ਆਦਿ ਵਿਚ। ਪਰ ਅਜੋਕੀ ਪੀੜ੍ਹੀ ਵਿਚ ਇਸ ਦਾ ਉਚਾਰਨ ਭੇਦ ਮਿਟਦਾ ਜਾ ਰਿਹਾ ਹੈ। ਬਾਕੀ /ਖ਼ ਗ਼ ਜ਼ ਤੇ ਫ਼/ ਧੁਨੀਆਂ ਤਰਤੀਬਵਾਰ /ਖ ਗ ਜ ਤੇ ਫ/ ਧੁਨੀਆਂ ਦੀਆਂ ਸਹਿ ਧੁਨੀਆਂ ਵਜੋਂ ਹੀ ਕਾਰਜਸ਼ੀਲ ਹੁੰਦੀਆਂ ਹਨ। ਇਨ੍ਹਾਂ ਦਾ ਉਚਾਰਨ ਸਥਾਨ ਵੀ ਇਕੋ ਹੈ ਤੇ ਇਨ੍ਹਾਂ ਦਾ ਆਪਸੀ ਵਿਰੋਧ ਵੀ ਨਹੀਂ ਹੈ। ਅਜੋਕੀ ਪੀੜ੍ਹੀ ਵਿਚ ਇਨ੍ਹਾਂ ਦਾ ਉਚਾਰਨ ਭੇਦ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਅਜੋਕੀ ਲਿਖਤ ਵਿਚ /ਸ਼/ ਤੇ /ਛ/ ਨੂੰ ਵੀ ਰਲਗਡ ਕੀਤਾ ਜਾ ਰਿਹਾ ਹੈ। ਮਿਸਾਲ ਲਈ, ਛੜਯੰਤਰ : ਸ਼ੜਯੰਤਰ, ਛਕੰਜਾ : ਸ਼ਕੰਜਾ, ਛੱਕਰ : ਸ਼ੱਕਰ, ਛਤਾਨ : ਸ਼ਤਾਨ, ਛੱਕ : ਸ਼ੱਕ ਆਦਿ ਸ਼ਬਦਾਂ ਲਈ ਅੱਜ-ਕੱਲ੍ਹ ਦੋਵੇਂ ਹੀ ਚਿੰਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਂਝ ਹਰ ਪੰਜਾਬੀ ਬੁਲਾਰਾ ਸਥਿਤੀ ਅਨੁਸਾਰ ਸ਼ਬਦਾਂ ਨੂੰ ਸਹੀ ਸਮਝਦਾ ਹੈ।

ਵਿਰਾਮ/ ਵਿਸਰਾਮ ਚਿੰਨ੍ਹ

(ੳ) ਪੂਰਨ ਡੰਡੀ (।),
ਪ੍ਰਸ਼ਨਸੂਚਕ (?) ਅਤੇ
ਵਿਸਮਈ (!)
ਅਰਧ : ਕਾਮਾ (,)
ਬਿੰਦੀ ਕਾਮਾ (;)

(ਅ) ਡੈਸ਼ (-),
ਦੁਬਿੰਦੀ ਡੈਸ਼ (:-),
ਬਿੰਦੀ (.)
ਦੁਬਿੰਦੀ (:)
ਜੋੜਨੀ (-),
ਪੁੱਠੇ ਕਾਮ (‘‘’’),
ਛੁੱਟਮਰੋੜੀ (’) ਅਤੇ
ਬਰੈਕਟਾਂ : [ ] {} ( ) < > //

ਵਾਕ ਰਚਨਾ ਵਿਚ ਵਿਰਾਮ/ਵਿਸਰਾਮ ਚਿੰਨ੍ਹ ਦਾ ਵੀ ਅਹਿਮ ਮਹੱਤਵ ਹੈ ਹੁੰਦਾ ਹੈ। ਜੇਕਰ ਕਿਸੇ ਵਾਕ ਵਿਚ ਉਚਿਤ ਵਿਰਾਮ ਚਿੰਨ੍ਹ ਨਾ ਲੱਗਾ ਹੋਵੇ ਤਾਂ ਵਾਕ ਦੇ ਅਰਥ ਬਦਲ ਜਾਂਦੇ ਹਨ। ਮਿਸਾਲ ਵਜੋਂ:

੧. ਰੋਕੋ, ਮਤ ਜਾਣ ਦਿਓ।
੨. ਰੋਕੋ ਮਤ, ਜਾਣ ਦਿਓ।
੩. ਇਹ ਮੰਜੇ ਹੇਠਾਂ ਰੱਖ ਦਿਓ।
੪. ਇਹ, ਮੰਜੇ ਹੇਠਾਂ ਰੱਖ ਦਿਓ।

ਉਪਰੋਕਤ ਵਾਕ ਵਿਚ ਇਹ ਸਿਰਫ਼ ਇਕ ਵਿਰਾਮ ਚਿੰਨ੍ਹ ਕਾਮਾ ਨੇ ਪੂਰੇ ਵਾਕ ਦੀ ਭਾਵਨਾ ਬਦਲ ਦਿੱਤੀ। ਇਸ ਲਈ ਵਾਕ ਰਚਨਾ ਵੇਲੇ ਵਿਰਾਮ ਦੀ ਠੀਕ ਵਰਤੋਂ ਦਾ ਧਿਆਨ ਹੋਣਾ ਜ਼ਰੂਰੀ ਹੈ। ਇਸ ਸੰਬੰਧੀ ਇਥੇ ਕੁੱਝ ਆਮ ਨਿਯਮ ਦੱਸੇ ਗਏ ਹਨ:

(੧) ਪ੍ਰਸ਼ਨਵਾਚਕ ਵਾਕਾਂ ਵਿਚ ਕਿਰਿਆ ਵਿਸ਼ੇਸ਼ਣ ਨੂੰ ਵਾਕ ਦੇ ਸ਼ੁਰੂ ਵਿਚ ਰੱਖਿਆ ਜਾਂਦਾ ਹੈ ਅਤੇ ਵਾਕ ਦੇ ਅੰਤ ’ਤੇ ਪ੍ਰਸ਼ਨ ਚਿੰਨ੍ਹ (?) ਲੱਗਦਾ ਹੈ।

ਕੀ ਤੁਸੀਂ ਦਿੱਲੀ ਜਾ ਰਹੇ ਹੋ?
ਤੁਹਾਡਾ ਕੀ ਨਾਮ ਹੈ?

ਪਰ ਕੁੱਝ ਸਥਿਤੀਆਂ ਵਿਚ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਭੁਲੇਖੇ ਵੀ ਪੈਦਾ ਕਰਦੀ ਹੈ:

ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪ੍ਰਦੂਸ਼ਨ ਦਾ ਕੀ ਹੱਲ ਲੱਭਿਆ ਜਾਵੇ।

ਵੇਖਣ ਨੂੰ ਇਹ ਵਾਕ ਪ੍ਰਸ਼ਨਵਾਚੀ ਪ੍ਰਤੀਤ ਹੁੰਦਾ ਹੈ ਪਰ ਇਸ ਵਿਚ ਪ੍ਰਸ਼ਨ ਦਾ ਉਤਰ ਨਹੀਂ ਮੰਗਿਆ ਗਿਆ, ਜਿਸ ਕਰਕੇ ਇਥੇ ਪ੍ਰਸ਼ਨ ਚਿੰਨ੍ਹ ਨਹੀਂ ਲੱਗੇਗਾ।

(੨) ਪੂਰਨ ਵਿਰਾਮ ਦੀ ਡੰਡੀ (।) ਕਿਸੇ ਵੀ ਸਧਾਰਨ, ਸੰਜੁਗਤ ਜਾਂ ਮਿਸ਼ਰਿਤ ਵਾਕ ਦੇ ਅੰਤ ਉਤੇ ਲਾਈ ਜਾਂਦੀ ਹੈ।

ਮੈਂ ਕਨਾਟ ਪੈਲੇਸ ਗਿਆ ਪਰ ਉਥੇ ਕੋਈ ਵੀ ਆਦਮੀ ਨਹੀਂ ਸੀ।

(੩) ਵਿਸਮਿਕ ਚਿੰਨ੍ਹ ਦੀ ਵਰਤੋਂ ਹੈਰਾਨੀ, ਦੁੱਖ, ਖੁਸ਼ੀ, ਡਰ ਆਦਿ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ।

ਜਿਉਂਦਾ ਰਹਿ! ਰੱਬ ਤੇਰੀ ਵੱਡੀ ਉਮਰ ਕਰੇ। ਹੈਂ! ਉਹ ਮਰ ਵੀ ਗਿਆ?

(੪) ਵਾਕ ਵਿਚ ਕਾਮੇ (,) ਦੀ ਠੀਕ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ:

(ੳ) ਜਦੋਂ ਕਿਸੇ ਇਕ ਵਰਗ ਦੇ ਦੋ ਜਾਂ ਦੋ ਤੋਂ ਵੱਧ ਸ਼ਬਦ ਜਾਂ ਵਾਕ ਅੰਸ਼ ਇਕੱਠੇ ਆਉਣ।

(ਅ) ਜਿਥੇ ਸੰਬੋਧਨੀ ਸ਼ਬਦਾਂ ਦੀ ਵਰਤੋਂ ਹੋਵੇ।

(ੲ) ਹਾਂ, ਨਾ, ਅੱਛਾ ਵਰਗੇ ਸ਼ਬਦਾਂ ਲਈ ਵਾਕ ਤੋਂ ਵੱਖਰੇ ਆਉਣ।

(ਸ) ਪੁੱਠੇ ਕਾਮਿਆਂ ਵਿਚ ਲਿਖੇ ਗਏ ਸ਼ਬਦਾਂ ਤੋਂ ਪਹਿਲਾਂ ਆਏ ਵਾਕ-ਅੰਸ਼ ਤੋਂ ਬਾਅਦ।

(ਹ) ਉਪਵਾਕਾਂ ਨੂੰ ਜੋੜਨ ਲਈ।

(੫) ਬਿੰਦੀ-ਕਾਮੇ (ਸੈਮੀਕੋਲਨ) (;) ਦੀ ਵਰਤੋਂ ਉਥੇ ਕੀਤੀ ਜਾਂਦੀ ਹੈ ਜਿਥੇ ਪੂਰਨ ਵਿਰਾਮ ਨਾਲੋਂ ਠਹਿਰਓ ਘੱਟ ਹੋਵੇ ਪਰ ਕਾਮੇ ਨਾਲੋਂ ਵੱਧ ਹੋਵੇ।ਜਿਵੇਂ:

ਹੌਲੀ ਬੋਲੋ ; ਨਾਲ ਦੇ ਕਮਰੇ ਵਿਚ ਬਾਬਾ ਜੀ ਪਾਠ ਪੜ੍ਹ ਰਹੇ ਹਨ।

(੬) ਪੁੱਠੇ ਕਾਮਿਆਂ ਦੀ ਵਰਤੋਂ ਕਿਸੇ ਦੇ ਆਖੇ ਸ਼ਬਦਾਂ ਨੂੰ ਜਾਂ ਕਿਸੇ ਟੂਕ ਨੂੰ ਜਿਉਂ ਦਾ ਤਿਉਂ ਵਰਤਣ ਲਈ ਕੀਤੀ ਜਾਂਦੀ ਹੈ।

(੭) ਜਦ ਕਿਸੇ ਸ਼ਬਦ, ਵਾਕੰਸ਼ ਜਾਂ ਉਪਵਾਕ ਦੀ ਵਿਆਖਿਆ ਕਰਦਿਆਂ, ਉਹਦਾ ਵੇਰਵਾ ਦੇਣਾ ਹੋਵੇ ਤਾਂ ਦੋ ਬਿੰਦੀਆਂ ਜਾਂ ਕੋਲਨ (:) ਦੀ ਵਰਤੋਂ ਹੁੰਦੀ ਹੈ।

(੮) ਦੋ ਬਿੰਦੀ ਡੈਸ(:-) ਦੀ ਵਰਤੋਂ ਵਾਕ ਦੇ ਅੰਤ ’ਉਤੇ ਵੇਰਵਾ ਦੇਣ ਵਾਸਤੇ ਕੀਤੀ ਜਾਂਦੀ ਹੈ।ਜਿਵੇਂ:

ਸਾਡੇ ਕਾਲਜ ਵਿਚ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂ ਹਨ:-
ਗੁਰਪ੍ਰੀਤ,ਰਾਮ ਸਿੰਘ, ਸਰਦੂਲ

ਉਪਰੋਕਤ ਵਿਰਾਮ ਚਿੰਨ੍ਹ ਤੋਂ ਇਲਾਵਾ ਕੁੱਝ ਹੋਰ ਸੰਕੇਤਾਂ ਚਿੰਨ੍ਹ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਿਵੇਂ ਪ੍ਰਾਸੰਗਕ ਅਰਥਾਂ ਵਾਲੇ ਉਚਾਰਾਂ ਵਿਚ ਛੱਡੇ ਗਏ ਸ਼ਬਦਾਂ ਦੀ ਖ਼ਾਲੀ ਥਾਂ ਪੂਰਨ ਲਈ (......) ਬਿੰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਸ਼ਬਦ ਦਾ ਵਿਕਾਸ ਦੱਸਣ ਲਈ / ਇਹ ਚਿੰਨ੍ਹ ਲਗਾਇਆ ਜਾਂਦਾ ਹੈ।

ਹੋਰਨਾਂ ਭਾਰਤੀ ਲਿਪੀਆਂ ਵਾਂਗ ਗੁਰਮੁਖੀ ਚਿੰਨ੍ਹ ਵੀ ਲਕੀਰ ਤੋਂ ਹੇਠਾਂ, ਖੱਬੇ ਤੋਂ ਸੱਜੇ ਨੂੰ ਲਿਖੇ ਜਾਂਦੇ ਹਨ। ਗੁਰਮੁਖੀ ਲਿਪੀ ਵਿਚ ਮੁਕਤ ਲਿਪੀ-ਚਿੰਨ੍ਹ ਦੀ ਪ੍ਰਧਾਨਤਾ ਹੈ। ਊੜੇ ਤੋਂ ਬਿਨਾਂ ਗੁਰਮੁਖੀ ਦੇ ਸਾਰੇ ਲਿਪ-ਚਿੰਨ੍ਹ ਬਰਾਬਰ ਉਚਾਈ ਦੇ ਹਨ ਅਰਥਾਤ ਦੋ ਸਮਾਨੰਤਰ ਰੇਖਾਵਾਂ ਦੇ ਵਿਚਾਲੇ ਲਿਖੇ ਜਾਂਦੇ ਹਨ। ਸਿਰਫ਼ ਊੜੇ ਦੀ ਉਪਰਲੀ ਘੁੰਡੀ ਲਕੀਰ ਤੋਂ ਉਤਾਂਹ ਨਿਕਲ ਜਾਂਦੀ ਹੈ। ਸਾਰੇ ਲਿਪੀ-ਚਿੰਨ੍ਹਾਂ ਦਾ ਘੇਰਾ ਸਮਾਨ ਹੈ। ਸਿਰਫ਼ ਆੜੇ ਦੀ ਲੰਬਾਈ ਮਮੂਲੀ ਜੇਹੀ ਵੱਧ ਹੈ। ਗੁਰਮੁਖੀ ਦੇ ਵਧੇਰੇ ਚਿੰਨ੍ਹਾਂ ਦੇ ਉਤਲੇ ਪਾਸੇ ਲਕੀਰ ਹੈ ਪਰ <ਅ ਘ, ਪ ਤੇ ਮ> ਉਤੋਂ ਨੰਗੇ ਹਨ। ਗੁਰਮੁਖੀ ਦੇ ਸਾਰੇ ਚਿੰਨ੍ਹ ਲਿਖਣ ਲੱਗਿਆਂ ਖੱਬੇ ਪਾਸੇ ਦੀ ਉਪਰਲੀ ਨੁੱਕਰ ਤੋਂ ਅਰੰਭ ਕੀਤੇ ਜਾਂਦੇ ਹਨ। ਵਧੇਰੇ ਚਿੰਨ੍ਹ ਬਿਨਾਂ ਕਲਮ ਚੁੱਕਿਆਂ ਲਿਖੇ ਜਾਂਦੇ ਹਨ।

ਜਿਥੇ ਮੁਕਤ ਲਿਪੀ-ਚਿੰਨ੍ਹਾਂ ਵਿਚ ਇਕਸਾਰਤਾ ਹੈ ਉਥੇ ਯੁਕਤ ਲਿਪੀ-ਚਿੰਨ੍ਹਾਂ ਵਿਚੋਂ ਲਗਾਂ ਵਿਚ ਸਮਾਨਤਾ ਨਹੀਂ ਦਿਸਦੀ। ਸਿਹਾਰੀ ਤੇ ਬਿਹਾਰੀ ਦੀ ਲੰਬਾਈ ਮੁਕਤ ਚਿਨ੍ਹਾਂ ਦੇ ਬਰਾਬਰ ਹੁੰਦੀ ਹੈ, ਪਰ ਕੰਨੇ ਦੀ ਲੰਬਾਈ, ਮੁਕਤ ਚਿੰਨ੍ਹਾਂ ਤੋਂ ਅੱਧੀ ਹੁੰਦੀ ਹੈ। ਲਗਾਂ ਵਿਚੋਂ ਕਨੌੜਾ, ਹੋੜਾ, ਲਾਂ ਤੇ ਦੁਲਾਮ ਮੁਕਤ ਚਿੰਨ੍ਹ ਦੇ ਉਪਰ, ਔਂਕੜ ਤੇ ਦੁਲੈਂਕੜ ਹੇਠਾਂ, ਸਿਹਾਰੀ ਖੱਬੇ ਤੇ ਬਿਹਾਰੀ ਸੱਜੇ ਲਿਖੀ ਜਾਂਦੀ ਹੈ। ਲਗਾਖਰ ਮੁਕਤ ਲਿਪੀ-ਚਿੰਨ੍ਹਾਂ ਦੇ ਉਪਰ ਤੇ ਪੈਰ ਚਿੰਨ੍ਹ ਮੁਕਤ ਲਿਪੀ-ਚਿੰਨ੍ਹ ਦੇ ਹੇਠਾਂ ਅੰਕਤ ਕੀਤੇ ਜਾਂਦੇ ਹਨ। ਗੁਰਮੁਖੀ ਲਿਖਤ ਵਿਚ ਹਰ ਸ਼ਬਦ, ਆਸ ਪਾਸ ਦੇ ਸ਼ਬਦਾਂ ਨਾਲੋਂ ਕੁੱਝ ਅੰਤਰ ਉਤੇ ਲਿਖਿਆ ਜਾਂਦਾ ਹੈ ਤੇ ਹਰ ਸ਼ਬਦ ਦੇ ਚਿੰਨ੍ਹ ਇਕ ਲਕੀਰ ਹੇਠਾਂ ਜੁੜ ਕੇ ਇਕ ਇਕਾਈ ਬਣਾਉਂਦੇ ਹਨ।

੪.੩ ਸ਼ਬਦ ਸੰਰਚਨਾ

ਸ਼ਬਦ ਬਹੁਪਾਸਾਰੀ ਸੰਕਲਪ ਹੈ। ਆਮ ਬੋਲ ਵੀ ਸ਼ਬਦ ਹੈ ਅਤੇ ਗੰਭੀਰ ਬੋਲ ਵੀ ਸ਼ਬਦ ਹੈ। ਸ਼ਬਦ ਵਸਤੂ ਜਗਤ ਦਾ ਵਜੂਦ ਵੀ ਹੈ ਅਤੇ ਮਨੋਜਗਤ ਨੂੰ ਸਾਕਾਰ ਕਰਨ ਦਾ ਮਾਧਿਅਮ ਵੀ ਹੈ। ਮਨੁੱਖ ਆਪਣੇ ਆਲੇ- ਦੁਆਲੇ ਦੀ ਦੁਨੀਆਂ ਨੂੰ ਸ਼ਬਦਾਂ ਰਾਹੀਂ ਹੀ ਮਨ ਵਿਚ ਵਸਾਉਂਦਾ ਹੈ। ਇਉਂ ਵਸਤੂ ਜਗਤ ਮਨੁੱਖ ਦੇ ਮਨੋਜਗਤ ਦੀ ਸਿਮਰਤੀ ਵਿਚ ਵਸ ਜਾਂਦਾ ਹੈ। ਦੁਨੀਆਂ ਵਿਚ ਵਿਚਰਦਾ ਹੋਇਆ ਬੰਦਾ ਆਪਣੇ ਮਨੋਜਗਤ ਵਿਚ ਜਮਾ ਹੋਈ ਸ਼ਬਦਾਵਲੀ ਰਾਹੀਂ ਹੀ ਵਿਚਾਰ ਸਾਂਝੇ ਕਰਦਾ ਹੈ। ਸ਼ਬਦਾਂ ਨੂੰ ਜੋੜ-ਜੋੜ ਕੇ ਵਾਕ ਬਣਾਉਂਦਾ ਹੈ।

ਆਮ ਤੌਰ ਤੇ ਹਰ ਭਾਸ਼ਾ ਵਿਚ ਮੂਲ ਸ਼ਬਦ- ਭੰਡਾਰ ਉਸ ਭਾਸ਼ਾ-ਭਾਈਚਾਰੇ ਦੀ ਵਿਲੱਖਣ ਜੀਵਨ ਜਾਚ ਵਿਚੋਂ ਪੈਦਾ ਹੁੰਦਾ ਹੈ। ਸ਼ਬਦ-ਸਿਰਜਣ, ਜੀਵਨ ਦੀਆਂ ਲੋੜਾਂ ਵਿਚੋਂ ਉਪਜੀ ਲੋੜ ਕਾਢ ਦੀ ਮਾਂ ਦਾ ਅਮਲ ਹੈ। ਜਿਵੇਂ ਕਿਸੇ ਭਾਸ਼ਾ ਭਾਈਚਾਰੇ ਦੇ ਜੀਵਨ ਅਨੁਭਵ ਵਿਚ ਨਵਾਂ ਗਿਆਨ-ਵਿਗਿਆਨ, ਸੰਕਲਪ, ਤਕਨਾਲੋਜੀ, ਨਵੇਂ ਵਰਤਾਰੇ ਆਦਿ ਆਉਂਦੇ ਰਹਿੰਦੇ ਹਨ, ਉਸ ਦੇ ਸਮਵਿੱਥ ਹੀ ਨਵੇਂ ਸ਼ਬਦਾਂ ਦੀ ਸਿਰਜਣਾ ਹੁੰਦੀ ਰਹਿੰਦੀ ਹੈ। ਇਉਂ ਸ਼ਬਦ ਸਿਰਜਣਾ ਸਮਾਜ ਅੰਦਰ ਵਾਪਰ ਰਹੀਆਂ ਤਬਦੀਲੀਆਂ ਦਾ ਅਮਲ ਹੈ। ਜਿਵੇਂ ਨਵੀਂ ਤਕਨਾਲੋਜੀ ਬੜੀ ਤੇਜ਼ੀ ਨਾਲ ਸਾਡੇ ਜੀਵਨ ਵਿਚ ਦਾਖ਼ਲ ਹੋ ਰਹੀ ਹੈ। ਇਸ ਬਦਲ ਰਹੇ ਆਲੇ-ਦੁਆਲੇ ਦੀ ਜਾਣਕਾਰੀ ਸਾਡੇ ਜੀਵਨ ਦੀ ਅਹਿਮ ਲੋੜ ਬਣ ਗਈ ਹੈ। ਸਿੱਟੇ ਵਜੋਂ ਨਵੀਂ ਤਕਨਾਲੋਜੀ ਨਾਲ ਸੰਬੰਧਿਤ ਸ਼ਬਦ ਸਾਡੀ ਬੋਲਚਾਲ ਦਾ ਹਿੱਸਾ ਬਣਦੇ ਜਾ ਰਹੇ ਹਨ। ਤਰੱਕੀ ਦੇ ਇਸ ਦੌਰ ਵਿਚ ਅਸੀਂ ਅਨੇਕਾਂ ਸ਼ਬਦ ਅਪਣਾ ਲਏ ਹਨ। ਬਿਜਲੀ, ਖੇਤੀਬਾੜੀ, ਵਪਾਰ, ਦੁਕਾਨਦਾਰੀ, ਮੰਡੀ-ਬਾਜ਼ਾਰ ਅਤੇ ਮੈਡੀਕਲ ਆਦਿ ਖੇਤਰਾਂ ਨਾਲ ਸੰਬੰਧਿਤ ਬਹੁਤ ਸਾਰੇ ਨਵੇਂ ਸ਼ਬਦ ਸਾਡੀ ਗੱਲਬਾਤ ਦਾ ਹਿੱਸਾ ਬਣ ਗਏ ਹਨ। ਕਿਸੇ ਵੀ ਆਮ ਆਦਮੀ ਪਾਸੋਂ ਅਜਿਹੀ ਸ਼ਬਦ-ਸਮਗਰੀ ਦਾ ਸ਼ਬਦ- ਭੰਡਾਰ ਸਹਿਜੇ ਹੀ ਇਕੱਠਾ ਕੀਤਾ ਜਾ ਸਕਦਾ ਹੈ। ਕਈ ਸ਼ਬਦ ਪੰਜਾਬੀ ਉਚਾਰਨ ਲਈ ਓਪਰੇ ਸਨ ਪਰ ਉਨ੍ਹਾਂ ਨੂੰ ਵੀ ਥੋੜ੍ਹੀ ਬਹੁਤੀ ਤਬਦੀਲੀ ਨਾਲ ਅਪਣਾ ਲਿਆ ਗਿਆ ਹੈ।

ਕਿਸੇ ਭਾਸ਼ਾ ਵਿਚ ਸ਼ਬਦਾਂ ਦੇ ਸ਼ਾਮਲ ਹੋਣ ਪਿੱਛੇ ਇੱਕ ਸਿਧਾਂਤ ਕੰਮ ਕਰਦਾ ਹੈ। ਪਹਿਲਾ ਤਾਂ ਇਹ ਕਿ ਸ਼ਬਦ ਦੋ ਤਰ੍ਹਾਂ ਦੀਆਂ ਵਸਤੂਆਂ ਜਾਂ ਕਿਰਿਆਵਾਂ ਨਾਲ ਸੰਬੰਧਿਤ ਹਨ : ਇੱਕ ਉਹ ਵਸਤੂਆਂ ਜਾਂ ਕਿਰਿਆਵਾਂ ਜੋ ਜ਼ਿੰਦਗੀ ਦੇ ਅਮਲ ਵਿਚ ਖੁੱਲ੍ਹਮ- ਖੁੱਲ੍ਹਾ ਵਾਪਰਦੀਆਂ ਹਨ। ਇਸ ਅਮਲ ਨਾਲ ਸੰਬੰਧਿਤ ਸ਼ਬਦ ਦੂਜੀ ਭਾਸ਼ਾ ਵਿਚੋਂ ਤਤਸਮ ਰੂਪ ਵਿਚ ਹੀ ਆਪਣਾ ਲਏ ਗਏ। ਜਿਵੇਂ ਟਰੈਕਟਰ, ਟਰਾਲੀ, ਟੈਲੀਵਿਯਨ, ਟੇਪ-ਰਿਕਾਰਡ, ਟੇਬਲ, ਬੱਸ, ਗੇਟ, ਟਰੱਕ, ਬੈਲਡਿੰਗ, ਕੰਪਿਊਟਰ, ਰੇਡੀਓ ਆਦਿ ਸ਼ਬਦ ਆਮ ਜੀਵਨ ਵਿਚ ਅਪਣਾ ਲਏ ਗਏ ਕਿਉਂਕਿ ਇਨ੍ਹਾਂ ਦੇ ਪੰਜਾਬੀ ਸਮਰੂਪ ਵਿਚ ਬਹੁਤ ਅੰਤਰ ਸੀ। ਦੂਸਰਾ ਸ਼ਬਦ ਜੋ ਸਿੱਧੇ ਤੌਰ ਤੇ ਪੰਜਾਬੀਆਂ ਦੇ ਸੰਪਰਕ ਵਿਚ ਨਹੀਂ ਆਏ। ਅਜਿਹੇ ਸ਼ਬਦਾਂ ਦਾ ਤਦਭਵੀਕਰਨ (ਪੰਜਾਬੀਕਰਨ) ਕਰ ਲਿਆ ਗਿਆ। ਤਦਭਵੀਕਰਨ ਉਨ੍ਹਾਂ ਸ਼ਬਦਾਂ ਦਾ ਕੀਤਾ ਗਿਆ ਜਿਹੜੇ ਪੰਜਾਬੀ ਧੁਨੀ-ਵਿਉਂਤ ਜਾਂ ਜ਼ੁਬਾਨ ਦੀ ਸਾਣ ਤੇ ਨਹੀਂ ਚੜ੍ਹਦੇ ਸਨ। ਜਿਵੇਂ ਸੁਪਰਿਨਟੈਂਡੈਂਟ ਨੂੰ ਸੁਪਰਡੈਂਟ, ਕਅਨਲ ਨੂੰ ਕਰਨੈਲ ਜਾਂ ਕਰਨਲ, ਗੈਰਾਜ਼ ਨੂੰ ਗੈਰਜ, ਸਿੰਨਟੈਗਮੈਟਿਕ ਨੂੰ ਸਿਨਟਾਈਮ, ਪੈਰੇਡਿਗਮੈਟਿਕ ਨੂੰ ਪੈਰਾਡਾਈਮ ਆਦਿ। ਕੁੱਝ ਸ਼ਬਦਾਂ ਦੀ ਕਾਰਜਸ਼ੈਲੀ ਨੂੰ ਅਨੁਭਵ ਕਰਦਿਆਂ, ਉਨ੍ਹਾਂ ਦਾ ਨਵਾਂ ਪੰਜਾਬੀ ਰੂਪ ਘੜ ਲਿਆ ਗਿਆ। ਜਿਵੇਂ ਮੱਛੀ-ਮੋਟਰ ਅੰਗਰੇਜ਼ੀ ਦੇ ਸਬਮਰਸੀਬਲ ਪੰਪ ਵਾਸਤੇ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਮਸ਼ੀਨ (ਪੰਪ) ਧਰਤੀ ਹੇਠਲੇ ਪਾਣੀ ਨਾਲ ਭਰੀ ਹੋਈ ਪਾਈਪ ਵਿਚ ਬਿਜਲੀ ਨਾਲ ਚੱਲਦੀ ਹੈ। ਇਸ ਮੋਟਰ ਦੀ ਕਾਰਜਸ਼ੈਲੀ ਦਾ ਪਾਣੀ ਨਾਲ ਗੂੜ੍ਹਾ ਸੰਬੰਧ ਹੈ। ਪਾਣੀ ਤੋਂ ਬਿਨਾਂ ਇਹ ਮੋਟਰ ਜਾਂ ਮਸ਼ੀਨ ਚੱਲ ਹੀ ਨਹੀਂ ਸਕਦੀ। ਇਉਂ ਇਸ ਮਸ਼ੀਨ ਦੀ ਕਾਰਜਸ਼ੈਲੀ ਮੱਛੀ ਦੀ ਜਾਪਦੀ ਹੈ।ਉਂਜ ਵੀ ਇਸ ਮਸ਼ੀਨ ਦਾ ਆਕਾਰ ਵੀ ਮੱਛੀ ਦੇ ਸਮਰੂਪ ਹੈ। ਇਸ ਲਈ ਇਹ ਸ਼ਬਦ ਪੰਜਾਬੀਆਂ ਨੇ ਨਵੇਂ ਸੰਦਰਭ ਵਿਚ ਸਿਰਜ ਲਿਆ ਹੈ। ਮੱਛੀ ਮੋਟਰ ਦੀ ਕਾਰਜ-ਸ਼ੈਲੀ ਪਹਿਲੇ ਪੰਪਾਂ ਨਾਲੋਂ ਬਿਲਕੁਲ ਭਿੰਨ ਹੈ ਅਤੇ ਇਹ ਕਾਰਜ ਸਾਡੇ ਸਾਹਮਣੇ ਨਹੀਂ ਵਾਪਰਦਾ। ਇਸ ਲਈ ਇਸ ਨੂੰ ਮੱਛੀ ਦੇ ਤੁਲਨਾਤਮਿਕ ਪਰਿਪੇਖ ਵਿਚ ਸਮਝਿਆ ਜਾ ਸਕਦਾ ਸੀ। ਇਉਂ ਜੋ ਵਸਤੂਆਂ ਸਾਡੇ ਸਿੱਧੇ ਸੰਪਰਕ ਤੋਂ ਓਹਲੇ ਰਹਿ ਜਾਂਦੀਆਂ ਹਨ, ਉਨ੍ਹਾਂ ਵਾਸਤੇ ਭਾਸ਼ਾ ਦੇ ਮੌਲਿਕ ਸ਼ਬਦ ਹੀ ਘੜ ਲਏ ਜਾਂਦੇ ਨੇ। ਇਕ ਹੋਰ ਸ਼ਬਦ ਤਵਾ ਵੀ ਪੁਰਾਣੇ ਸਮੇਂ ਵਿਚ ਗਰਾਮੋਫੋਨ ਦੇ ਰਿਕਾਰਡ ਵਾਸਤੇ ਵਰਤਿਆ ਜਾਂਦਾ ਸੀ। ਗਰਾਮੋਫ਼ੋਨ ਉਦੋਂ ਆਮ ਪੰਜਾਬੀ ਜੀਵਨ ਦਾ ਹਿੱਸਾ ਨਹੀਂ ਬਣਿਆ ਸੀ। ਇਸ ਲਈ ਇਸ ਵਸਤ ਦੇ ਸਮਰੂਪ ਵਸਤੂ ਨਾਲ ਸੰਬੰਧਿਤ ਸ਼ਬਦ ਵਰਤਿਆ ਜਾਣ ਲੱਗਿਆ। ਅੱਜ-ਕੱਲ੍ਹ ਮੋਬਾਈਲ ਫ਼ੋਨ ਲਈ ਵੀ ਕਈ ਲੋਕ ਜੇਬੀ-ਫੋਨ ਸ਼ਬਦ ਵਰਤਦੇ ਹਨ। ਇਸ ਤਰ੍ਹਾਂ ਅਜਿਹੇ ਸ਼ਬਦ ਭਾਸ਼ਾ ਦੇ ਮੌਲਿਕ ਸ਼ਬਦਾਂ ਦੇ ਮੂਲ ਅਰਥਾਂ ਵਿਚ ਥੋੜ੍ਹੀ ਬਹੁਤੀ ਤਬਦੀਲੀ ਕਰ ਕੇ, ਨਵੇਂ ਰੂਪ ਸਿਰਜ ਲਏ ਜਾਂਦੇ ਹਨ। ਰੇਲ-ਗੱਡੀ ਸ਼ਬਦ ਬਲਦਾਂ ਨੂੰ ਗੱਡਿਆਂ ਨਾਲ ਜੋੜ ਕੇ, ਚਲਾਉਣ ਦੀ ਵਿਧੀ ਦੀ ਉਪਜ ਹੋਵੇਗਾ। ਇਉਂ ਹਰ ਭਾਸ਼ਾ ਭਾਈਚਾਰੇ ਨੂੰ ਨਵੇਂ ਲੋੜੀਂਦੇ ਸ਼ਬਦਾਂ ਦੀ ਪ੍ਰਾਪਤੀ ਲਈ ਕਈ ਵਿਧੀਆਂ ਦੀ ਵਰਤੋਂ ਕਰਨੀ ਪੈਂਦੀ ਹੈ। ਕਿਸੇ ਭਾਸ਼ਾ ਦੇ ਸ਼ਬਦ ਜਿੱਥੇ ਅਨੇਕਾਂ ਅਰਥ ਰੰਗਤਾਂ ਦੇ ਧਾਰਨੀ ਹੁੰਦੇ ਹਨ, ਉਥੇ ਉਨ੍ਹਾਂ ਦੀ ਸੰਰਚਨਾ ਦੇ ਵੀ ਭਾਸ਼ਾ ਵਿਗਿਆਨਕ ਨਿਯਮ ਹੁੰਦੇ ਹਨ।

ਸ਼ਬਦ

ਪਰੰਪਰਾਈ ਵਿਆਕਰਨ ਵਿਚ ਸ਼ਬਦ ਇੱਕ ਬੁਨਿਆਦੀ ਇਕਾਈ ਮੰਨਿਆ ਜਾਂਦਾ ਹੈ ਕਿਉਂਕਿ ਪਰੰਪਰਾਈ ਧਾਰਨਾ ਅਨੁਸਾਰ ਵਾਕ-ਵਿਉਂਤ ਵਿਚ ਤਿੰਨ ਇਕਾਈਆਂ ਹਨ : ਸ਼ਬਦ, ਉਪਵਾਕ ਅਤੇ ਵਾਕ। ਇਨ੍ਹਾਂ ਵਿਚੋਂ ਸ਼ਬਦ ਹੀ ਮੂਲ ਇਕਾਈ ਹੈ ਜਿਸ ਤੋਂ ਵਾਕੰਸ਼ਾਂ, ਉਪਵਾਕਾਂ ਅਤੇ ਵਾਕਾਂ ਦੀ ਰਚਨਾ ਹੁੰਦੀ ਹੈ। ਇਉਂ ਪ੍ਰਚਲਿੱਤ ਧਾਰਨਾ ਅਨੁਸਾਰ ਸ਼ਬਦ ਵਿਆਕਰਨਿਕ ਇਕਾਈਆਂ ਵਿਚ ਸਭ ਤੋ ਛੋਟੀ ਤੇ ਬੁਨਿਆਦੀ ਸਾਰਥਿਕ ਇਕਾਈ ਮੰਨੀ ਗਈ ਹੈ।

ਭਾਵੰਸ਼

ਆਧੁਨਿਕ ਭਾਸ਼ਾ ਵਿਗਿਆਨ ਵਿਚ ਸ਼ਬਦ ਤੋਂ ਅੱਗੇ ਇੱਕ ਹੋਰ ਇਕਾਈ ਭਾਵੰਸ਼ (Morpheme) ਦੀ ਪਛਾਣ ਵੀ ਕੀਤੀ ਗਈ ਹੈ ਜੋ ਸਭ ਤੋਂ ਛੋਟੀ, ਸਾਰਥਿਕ ਅਤੇ ਵਿਆਕਰਨਿਕ ਹੈ ਅਤੇ ਸ਼ਬਦ ਇੱਕ ਲਘੂਤਮ ਸੁਤੰਤਰ ਇਕਾਈ ਹੈ। ਇਹ ਪਰਿਭਾਸ਼ਾ ਹੁਣ ਤੱਕ ਮਿਲਦੀਆਂ ਸਾਰੀਆਂ ਪਰਿਭਾਸ਼ਾਵਾਂ ਨਾਲੋਂ ਮੁਕਾਬਲਤਨ ਵਧੇਰੇ ਮਕਬੂਲ ਹੈ ਪਰ ਇਸ ਪਰਿਭਾਸ਼ਾ ਨੂੰ ਸਮਝਣ ਲਈ ਭਾਵੰਸ਼ (Morpheme) ਦਾ ਸੰਕਲਪ ਸਮਝਣਾ ਜ਼ਰੂਰੀ ਹੈ।

ਜਿੱਥੇ ਸ਼ਬਦ ਭਾਸ਼ਾ ਦੀ ਸਭ ਤੋਂ ਛੋਟੀ ਸੁਤੰਤਰ ਇਕਾਈ ਹੈ ਉਥੇ ਭਾਵੰਸ਼ ਛੋਟੀ ਤੋਂ ਛੋਟੀ ਸਾਰਥਿਕ ਵਿਆਕਰਨਕ ਇਕਾਈ ਹੈ।ਆਮ ਹਾਲਤਾਂ ਵਿਚ ਵਾਕ ਵਿਚ ਇਕੱਲੇ ਵਿਚਰਨ ਵਾਲੇ ਸ਼ਬਦ ਰੂਪ ਨੂੰ ਸੁਤੰਤਰ ਕਿਹਾ ਜਾਂਦਾ ਹੈ ਜੋ ਪ੍ਰਯੋਗ ਅਤੇ ਅਰਥ ਸੰਚਾਰ ਲਈ ਕਿਸੇ ਹੋਰ ਤੱਤ ਉਤੇ ਨਿਰਭਰ ਨਾ ਹੋਵੇ।ਇਨ੍ਹਾਂ ਅਰਥਾਂ ਵਿਚ ਸ਼ਬਦ ਆਤਮ ਨਿਰਭਰ ਹੈ ਪਰ ਇਸ ਦੇ ਉਲਟ ਭਾਵੰਸ਼ ਵਾਕ ਵਿਚ ਕੱਲਮ ਕੱਲਾ ਨਹੀਂ ਵਿਚਰ ਸਕਦਾ। ਉਹ ਹਮੇਸ਼ਾ ਕਿਸੇ ਹੋਰ, ਸੁਤੰਤਰ ਸ਼ਬਦ ਰੂਪ ਨਾਲ ਜੁੜ ਕੇ ਹੀ ਵਿਚਰ ਸਕਦਾ ਹੈ। ਮਿਸਾਲ ਵਜੋਂ ‘ਅਣਪੜ੍ਹ’ ਇੱਕ ਸੁਤੰਤਰ ਸ਼ਬਦ ਹੈ ਪਰ ਇਸ ਦਾ ਪਹਿਲਾ ਹਿੱਸਾ /ਅਣ/ਸ਼ਬਦ ਨਹੀਂ ਕਿਉਂਕਿ ਇਹ ਸੁਤੰਤਰ ਤੌਰ ਤੇ ਵਾਕ ਵਿਚ ਨਹੀਂ ਆ ਸਕਦਾ। ਇਸੇ ਤਰ੍ਹਾਂ ਪੰਜਾਬੀ ਸ਼ਬਦ /ਨਿਡਰਤਾ/ ਇੱਕ ਸੁਤੰਤਰ ਸ਼ਬਦ ਹੈ ਪਰ ਇਸ ਦੇ ਦੋ-ਦੋ ਯੂਨਿਟ /ਨਿ-/ ਅਤੇ /-ਤਾ/ ਸ਼ਬਦ ਨਹੀਂ ਹਨ ਕਿਉਂਕਿ ਇਹ ਸੁਤੰਤਰ ਰੂਪ ਵਿਚ ਵਾਕ ਵਿਚ ਵਿਚਰ ਨਹੀਂ ਸਕਦੇ।ਇੱਥੇ ਇੱਕ ਹੋਰ ਧਿਆਨਯੋਗ ਨੁਕਤਾ ਇਹ ਹੈ ਕਿ ਭਾਵੰਸ਼ ਸਭ ਤੋਂ ਛੋਟੇ ਸਾਰਥਿਕ ਅੰਸ਼ ਹੁੰਦੇ ਹਨ। ਇਹ ਆਪਣੀ ਸਾਰਥਿਕਤਾ ਸ਼ਬਦ ਨਾਲ ਜੁੜ ਕੇ, ਜ਼ਾਹਰ ਕਰਦੇ ਹਨ।ਇਉਂ ਭਾਵੰਸ਼ ਭਾਸ਼ਾ ਦੀ ਲਘੂਤਮ ਸਾਰਥਿਕ ਇਕਾਈ ਹੈ। ਜਿਵੇਂ ਉਪਰੋਕਤ ਨਿਡਰਤਾ ਵਿਚ /ਡਰ/ ਲਘੂਤਮ ਹੈ। ਕੁਲ ਮਿਲਾ ਕੇ ਭਾਸ਼ਾ ਦੀਆਂ ਵਿਆਕਰਨਿਕ ਇਕਾਈਆਂ ਵਿਚ ਸ਼ਬਦ ਨੂੰ ਕੇਂਦਰੀ ਇਕਾਈ ਮੰਨਿਆ ਜਾ ਸਕਦਾ ਹੈ ਕਿਉਂਕਿ ਬਾਕੀ ਦੀਆਂ ਸਭ ਵਿਆਕਰਨਿਕ ਇਕਾਈਆਂ ਦੀ ਪਛਾਣ ਅਤੇ ਸਥਾਪਤੀ ਦਾ ਆਧਾਰ ਇਹੋ ਇਕਾਈ ਬਣਦੀ ਹੈ। ਭਾਵੰਸ਼ ਦੇ ਵੀ ਅੱਗੋਂ ਕਈ ਵਰਗ ਬਣ ਜਾਂਦੇ ਹਨ।ਜਿਵੇਂ: ਸੁਤੰਤਰ ਭਾਵੰਸ਼ ਜਾਂ ਮੁਕਤ ਭਾਵੰਸ਼, ਬੰਧੇਜੀ ਭਾਵੰਸ਼, ਬੰਦ ਭਾਵੰਸ਼, ਖੁੱਲੇ ਭਾਵੰਸ਼, ਸਮਧੁਨੀ ਭਾਵੰਸ਼ ਅਤੇ ਸਹਿ ਰੂਪ ਆਦਿ। ਭਾਰਤੀ ਵਿਆਕਰਨ ਪਰੰਪਰਾ ਵਿਚ ਧਾਤੂ ਅਤੇ ਵਧੇਤਰ ਆਦਿ ਸੰਕਲਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਥੇ ਇਨ੍ਹਾਂ ਸੰਕਲਪਾਂ ਦੀ ਜਾਣਕਾਰੀ ਜ਼ਰੂਰੀ ਹੈ।

ਧਾਤੂ

ਸ਼ਬਦ ਬਣਤਰ ਵਿਚ ਲਘੂਤਮ ਮੁਕਤ ਅੰਗਾਂ ਨੂੰ ਧਾਤੂ ਕਿਹਾ ਜਾਂਦਾ ਹੈ ਭਾਵ ਜਿਸ ਤੱਤ ਉਤੇ ਸ਼ਬਦ ਬਣਤਰ ਦੇ ਨੇਮ ਲਾਗੂ ਕੀਤੇ ਜਾਂਦੇ ਹਨ, ਉਸ ਨੂੰ ਧਾਤੂ ਕਿਹਾ ਜਾਂਦਾ ਹੈ। ਧਾਤੂ ਮੂਲ ਅਰਥਾਂ ਦੇ ਧਾਰਨੀ ਹੁੰਦੇ ਹਨ। ਇਨ੍ਹਾਂ ਨਾਲ ਕੋਈ ਵੇਧਤਰ ਨਹੀਂ ਜੁੜਿਆ ਹੁੰਦਾ। ਜਿਵੇਂ: ਪੜ੍ਹ ਧਾਤੂ ਹੈ ਇਸਦੇ ਅੱਗੇ ਰੂਪ ਪੜ੍ਹਦਾ, ਪੜ੍ਹਦੇ, ਪੜ੍ਹਦੀ, ਪੜ੍ਹਦੀਆਂ, ਪੜ੍ਹਦਿਆਂ ਆਦਿ ਬਣਦੇ ਹਨ।

ਵਧੇਤਰ

ਵਧੇਤਰ ਬੰਧੇਜੀ ਭਾਵੰਸ਼ ਹੀ ਹੁੰਦੇ ਹਨ। ਇਹ ਹਮੇਸ਼ਾਂ ਧਾਤੂ ਰੂਪਾਂ ਨਾਲ ਜੁੜ ਕੇ ਹੀ ਸ਼ਬਦਾਂ ਦੀ ਸਿਰਜਨਾ ਕਰਦੇ ਹਨ। ਧਾਤੂ ਨਾਲ ਜੁੜਨ ਦੀ ਪ੍ਰਕਿਰਿਆ ਦੇ ਆਧਾਰ ਉਤੇ ਇਸ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਜਿਵੇਂ: ਅਗੇਤਰ ਤੇ ਪਿਛੇਤਰ।

ਧਾਤੂ ਦੇ ਆਰੰਭ ਵਿਚ ਜੁੜਨ ਵਾਲੇ ਵਧੇਤਰਾਂ ਨੂੰ ਅਗੇਤਰ ਕਿਹਾ ਜਾਂਦਾ ਹੈ ਅਤੇ ਧਾਤੂ ਦੇ ਪਿੱਛੇ ਜੁੜਨ ਵਾਲੇ ਵਧੇਤਰਾਂ ਨੂੰ ਪਿਛੇਤਰ ਕਿਹਾ ਜਾਂਦਾ ਹੈ।

ਦੂਜੇ ਪਾਸੇ ਸ਼ਬਦ ਦੀ ਇਕਾਈ ਦੀ ਪਛਾਣ ਅਤੇ ਸਥਾਪਤੀ ਦਾ ਆਧਾਰ ਭਾਵੰਸ਼ ਨੂੰ ਮੰਨਿਆ ਜਾ ਸਕਦਾ ਹੈ।ਵਾਸਤਵ ਵਿਚ ਸ਼ਬਦ ਦੀ ਸਹੀ ਪਰਿਭਾਸ਼ਾ ਭਾਵੰਸ਼ ਦੇ ਸੰਕਲਪ ਦੇ ਸੰਦਰਭ ਵਿਚ ਦਿੱਤੀ ਜਾ ਸਕਦੀ ਹੈ। ਇਸ ਨਜ਼ਰੀਏ ਤੋਂ ਸ਼ਬਦ ਭਾਸ਼ਾ ਵਿਚ ਵਿਆਕਰਨ ਦੇ ਪੱਧਰ ਉਤੇ ਸਭ ਤੋਂ ਛੋਟੀ ਸੁਤੰਤਰ ਇਕਾਈ ਹੈ। ਇਸਦਾ ਭਾਵ ਇਹ ਹੈ ਕਿ ਸ਼ਬਦ ਅਜਿਹੀ ਇਕਾਈ ਹੈ, ਜਿਸ ਨੂੰ ਭਾਵ ਪ੍ਰਗਟਾਵੇ ਲਈ ਕਿਸੇ ਹੋਰ ਇਕਾਈ ਦੀ ਮੁਥਾਜੀ ਨਾ ਹੋਵੇ ਅਤੇ ਉਹ ਸੁਤੰਤਰ ਰੂਪ ਵਿਚ ਵਿਚਰਨ ਦੇ ਯੋਗ ਹੋਵੇ। ਇਸ ਆਧਾਰ ਉਤੇ ਹੀ ਸ਼ਬਦਾਂ ਦੀ ਅੱਗੋਂ ਹੋਰ ਵਰਗ ਵੰਡ ਕੀਤੀ ਜਾਂਦੀ ਹੈ।

ਸ਼ਬਦ-ਵਰਗ

ਮਾਨਵੀ ਭਾਸ਼ਾ ਦੇ ਸ਼ਬਦ ਕੋਸ਼ ਵਿਚ ਤਿੰਨ ਤਰ੍ਹਾਂ ਦੇ ਸ਼ਬਦ ਹੁੰਦੇ ਹਨ :

੧. ਸਧਾਰਨ ਸ਼ਬਦ (Simple)
੨. ਮਿਸ਼ਰਿਤ ਸ਼ਬਦ (Complex)
੩. ਸੰਜੁਗਤ ਜਾਂ ਸਮਾਸੀ ਸ਼ਬਦ (Compound)

ਸਧਾਰਨ ਸ਼ਬਦ

ਸਧਾਰਨ ਸ਼ਬਦਾਂ ਦੀ ਰਚਨਾ ਇਕਹਿਰੇ ਧਾਤੂ ਰੂਪਾਂ ਨਾਲ ਹੁੰਦੀ ਹੈ।ਸਧਾਰਨ ਸ਼ਬਦ ਇਕਹਿਰੀ ਬਣਤਰ ਵਾਲੇ ਹੋਣ ਕਾਰਨ ਇਕ-ਰੂਪਗ੍ਰਾਮੀ (Mono-Morphemic) ਹੁੰਦੇ ਹਨ।ਇਨ੍ਹਾਂ ਨੂੰ ਤੋੜ ਕੇ, ਨਿੱਕੇ-ਨਿੱਕੇ ਸਾਰਥਿਕ ਯੂਨਿਟਾਂ ਵਿਚ ਵੰਡਿਆ ਨਹੀਂ ਜਾ ਸਕਦਾ।ਸਧਾਰਨ ਸ਼ਬਦ ਅੱਗੋਂ ਦੋ ਪ੍ਰਕਾਰ ਦੇ ਹੁੰਦੇ ਹਨ।

(ੳ) ਕੋਸ਼ੀ ਸ਼ਬਦ +(ਅ) ਵਿਆਕਰਨਕ ਸ਼ਬਦ

ਜਿਨ੍ਹਾਂ ਸ਼ਬਦ-ਰੂਪਾਂ ਨੂੰ ਕੋਸ਼ ਵਿਚ ਦਰਜ ਕਰਨ ਲਈ ਮੁੱਢਲੀ ਇਕਾਈ ਵਜੋਂ ਲਿਆ ਜਾਂਦਾ ਹੈ, ਉਨ੍ਹਾਂ ਨੂੰ ਕੋਸ਼ੀ ਜਾਂ ਕੋਸ਼ਕੀ ਸ਼ਬਦ ਕਿਹਾ ਜਾਂਦਾ ਹੈ। ਪੰਜਾਬੀ ਵਿਚ ਸੁਤੰਤਰ ਧਾਤੂ ਕੋਸ਼ਕੀ ਸ਼ਬਦਾਂ ਦਾ ਨਿਰਮਾਣ ਕਰਦੇ ਹਨ। ਜਿਵੇਂ ਪੀ, ਕਰ, ਲੈ, ਜਾ, ਬੈਠ, ਤੁਰ, ਤੇਲ, ਊਠ, ਬੱਚਾ, ਮਨੁੱਖ, ਘਰ, ਲਾਲ, ਪੜ੍ਹ, ਤੇਜ਼, ਬੜਾ ਆਦਿ ਸਭ ਕੋਸ਼ਕੀ ਸ਼ਬਦ ਹਨ। ਦੂਜੇ ਪਾਸੇ ਵਿਆਕਰਨਿਕ ਪ੍ਰਸੰਗ ਅਧੀਨ ਵਿਚਰਨ ਵਾਲੇ ਸ਼ਬਦ-ਰੂਪਾਂ ਨੂੰ ਵਿਆਕਰਨਿਕ ਸ਼ਬਦ ਕਿਹਾ ਜਾਂਦਾ ਹੈ। ਕੋਸ਼ਕੀ ਸ਼ਬਦਾਂ ਵਿਚ ਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਸ਼ਬਦ ਸ਼ਾਮਲ ਹੁੰਦੇ ਹਨ ਜੋ ਕਿ ਕਿਸੇ ਭਾਸ਼ਾ ਦੀ ਸ਼ਬਦਾਵਲੀ ਦੇ ਬਹੁਤ ਵੱਡੇ ਭਾਗ ਦਾ ਨਿਰਮਾਣ ਕਰਦੇ ਹਨ ਭਾਵ ਇਹ ਖੁੱਲ੍ਹੇ ਜਾਂ ਅਸੀਮਤ ਸ਼ਬਦ ਪ੍ਰਬੰਧ ਦੇ ਮੈਂਬਰ ਹੁੰਦੇ ਹਨ। ਵਿਸ਼ੇਸ਼ ਕਰ ਕੇ ਦੂਜੀਆਂ ਭਾਸ਼ਾਵਾਂ ਵਿਚੋਂ ਲਏ ਜਾਂਦੇ ਸ਼ਬਦਾਂ ਨਾਲ ਇਨ੍ਹਾਂ ਦੀ ਸੂਚੀ ਵਿਚ ਵਾਧਾ ਹੁੰਦਾ ਰਹਿੰਦਾ ਹੈ।ਦੂਜੇ ਪਾਸੇ ਵਿਆਕਰਨਕ ਸ਼ਬਦ ਬੰਦ ਜਾਂ ਸੀਮਿਤ ਸ਼ਬਦ ਪ੍ਰਬੰਧ ਨਾਲ ਸੰਬੰਧਿਤ ਹੁੰਦੇ ਹਨ ਅਰਥਾਤ ਇਨ੍ਹਾਂ ਦੀ ਸੂਚੀ ਸੀਮਿਤ ਹੁੰਦੀ ਹੈ। ਇਨ੍ਹਾਂ ਵਿਚ ਪੜਨਾਂਵ, ਸੰਬੰਧਕ, ਯੋਜਕ ਅਤੇ ਨਿਪਾਤ ਆਦਿ ਸ਼੍ਰੇਣੀਆਂ ਦੇ ਸ਼ਬਦ ਸ਼ਾਮਲ ਕੀਤੇ ਜਾਂਦੇ ਹਨ। ਪੰਜਾਬੀ ਭਾਸ਼ਾ ਵਿਚ ਇਨ੍ਹਾਂ ਦੀ ਗਿਣਤੀ ੨੦੦ ਕੁ ਸੌ ਦੇ ਕਰੀਬ ਹੈ।

ਮਿਸ਼ਰਿਤ ਸ਼ਬਦ

ਮਿਸ਼ਰਿਤ ਸ਼ਬਦਾਂ ਦੀ ਰਚਨਾ ਧਾਤੂ+ਵਧੇਤਰਾਂ ਦੇ ਸੰਯੋਗ ਨਾਲ ਹੁੰਦੀ ਹੈ ਜਿਵੇਂ ਮਨੁੱਖ ਤੋਂ ਮਨੁੱਖਤਾ, ਘਰ ਤੋਂ ਘਰੇਲੂ, ਦੁਕਾਨ ਤੋਂ ਦੁਕਾਨਦਾਰ, ਘਰ ਤੋਂ ਬੇਘਰ ਆਦਿ ਸਭ ਮਿਸ਼ਰਿਤ ਸ਼ਬਦ ਹਨ। ਇਸੇ ਤਰ੍ਹਾਂ ਸਾਂਝੀਵਾਲਤਾ, ਅਣਸੁਖਾਵਾਂਪਣ, ਅਪਰਿਵਤਰਨਸ਼ੀਲਤਾ ਵਰਗੇ ਮਿਸ਼ਰਿਤ ਸ਼ਬਦਾਂ ਦੀ ਰਚਨਾ ਇਕਹਿਰੇ ਧਾਤੂ + ਇੱਕ ਤੋਂ ਵੱਧ ਵਧੇਤਰਾਂ ਦੇ ਸੰਯੋਗ ਨਾਲ ਹੋਈ ਹੈ। ਸ਼ਬਦ ਜੁਗਤ ਵਿਚ ਵਿਚਰਦੇ ਮਿਸ਼ਰਿਤ ਸ਼ਬਦਾਂ ਵਿਚਲੇ ਧਾਤੂਆਂ ਅਤੇ ਵਧੇਤਰਾਂ ਵਿਚ ਅੰਦਰੂਨੀ ਸੰਯੋਗਸ਼ੀਲਤਾ ਹੁੰਦੀ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਕੋਸ਼ਕੀ ਸ਼ਬਦ-ਸੰਰਚਨਾ ਵਿਚ ਵਿਚਰਦੇ ਸਾਰਥਿਕ ਸੰਗਠਨਾਂ ਵਿਚ ਪਰਸਪਰ ਏਕਤਾ ਹੁੰਦੀ ਹੈ। ਮਿਸ਼ਰਿਤ ਸ਼ਬਦਾਂ ਦੀ ਸੰਰਚਨਾ ਨੂੰ ਸਮਝਣ ਲਈ ਅਧਿਆਤਮਿਕਤਾ ਸ਼ਬਦ ਦੀ ਅੰਦਰੂਨੀ ਸੰਰਚਨਾ ਵੇਖੋ :

ਅਧਿਆਤਮਿਕਤਾ ਵਿਚ ਚਾਰ ਇਕਾਈਆਂ ਹਨ /ਅਧਿ, ਆਤਮ, ਇਕ, ਤਾ/

ਇਨ੍ਹਾਂ ਵਿਚੋਂ /-ਆਤਮ-/ ਇਕ ਸੁਤੰਤਰ ਮੂਲਾਂਸ਼ (Stem) ਰੂਪਗ੍ਰਾਮ ਇਕਾਈ ਹੈ ਅਤੇ ਬਾਕੀ ਤਿੰਨ ਬੰਧੇਜੀ (Bound) ਇਕਾਈਆਂ ਹਨ। /ਅਧਿ/ ਬੰਧੇਜੀ ਅਗੇਤਰ ਹੈ ਅਤੇ /ਇਕ, ਤਾ/ ਦੋਵੇਂ ਬੰਧੇਜੀ ਪਿਛੇਤਰ ਹਨ।

ਇੱਥੇ ਇਹ ਤੱਥ ਧਿਆਨਯੋਗ ਹੈ ਕਿ ਇਨ੍ਹਾਂ ਚਾਰ ਇਕਾਈਆਂ ਜਾਂ ਖੰਡਾਂ ਦੇ ਸੂਚੀਬੱਧ ਕਰਨ ਤੋਂ ਅਤੇ ਇਹ ਦੱਸਣ ਤੋਂ ਕਿ ਕਿਹੜੀ ਇਕਾਈ ਸੁਤੰਤਰ ਭਾਵੰਸ਼ ਹੈ ਅਤੇ ਕਿਹੜੀ ਬੰਧੇਜੀ ਭਾਵੰਸ਼ ਹੈ।ਸ਼ਬਦ ਦੀ ਸਮੁੱਚੀ ਅੰਦਰੂਨੀ ਸੰਰਚਨਾ ਦਾ ਪੂਰਾ ਗਿਆਨ ਨਹੀਂ ਹੁੰਦਾ।ਜ਼ਰੂਰੀ ਗੱਲ ਇਹ ਹੈ ਕਿ ਸ਼ਬਦ ਵਿਚਲੀਆਂ ਇਨ੍ਹਾਂ ਅੰਦਰੂਨੀ ਇਕਾਈਆਂ ਨੂੰ ਇੱਕ ਖ਼ਾਸ ਤਰੀਕੇ ਨਾਲ, ਇੱਕ ਖਾਸ ਪ੍ਰਬੰਧ ਵਿਚ ਅਤੇ ਇੱਕ ਖ਼ਾਸ ਕ੍ਰਮ ਵਿਚ ਰੱਖਣਾ ਪੈਂਦਾ ਹੈ ਤਾਂ ਹੀ ਇਹ ਅਧਿਆਤਮਿਕਤਾ ਸ਼ਬਦ ਪੰਜਾਬੀ ਭਾਸ਼ਾ ਦੇ ਰੂਪਾਂਤਮਕ ਪੈਟਰਨ ਦਾ ਧਾਰਨੀ ਹੋ ਸਕਦਾ ਹੈ ਅਤੇ ਲੋੜੀਂਦਾ ਸੰਚਾਰ ਕਰ ਸਕਦਾ ਹੈ।

ਇਸੇ ਤਰ੍ਹਾਂ ਅਣਵਿਆਹੀਆਂ ਸ਼ਬਦ ਵਿਚ /ਅਣ+ਵਿਆਹ+ਈ+ਆਂ/ ਚਾਰ ਇਕਾਈਆਂ ਹਾਸਲ ਹਨ। ਇਹ ਇਕਾਈਆਂ ਇੱਕ ਨਿਸ਼ਚਿਤ ਕ੍ਰਮ ਵਿਚ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਦੀ ਸਥਿਤੀ ਵੀ ਇਕ ਖ਼ਾਸ ਪ੍ਰਬੰਧ ਵਿਚ ਵਾਪਰਦੀ ਹੈ। ਇਸ ਸ਼ਬਦ ਵਿਚ ਇਕਾਈਆਂ ਦੀ ਸਥਿਤੀ ਧਾਤੂ/ਮੂਲਾਂਸ਼ ਤੋਂ ਸ਼ੁਰੂ ਹੁੰਦੀ ਹੈ। ਧਾਤੂ ਤੋਂ ਬਾਅਦ ਪਿਛੇਤਰ ਜੁੜਦੇ ਹਨ ਅਤੇ ਫਿਰ ਸਭ ਤੋਂ ਬਾਅਦ ਅਗੇਤਰ ਜੁੜਦਾ ਹੈ।ਇਹ ਇੱਕ ਉਲੇਖਯੋਗ ਤੱਥ ਹੈ ਕਿ ਪੰਜਾਬੀ ਸ਼ਬਦਾਂ ਦੀ ਅੰਦਰੂਨੀ ਸੰਰਚਨਾ ਵਿਚੋਂ ਧਾਤੂ ਜਾਂ ਮੂਲਾਂਸ਼ ਹੀ ਕੇਂਦਰੀ ਸਥਿਤੀ ਵਿਚ ਮੌਜੂਦ ਰਹਿੰਦੇ ਹਨ ਅਤੇ ਅਗੇਤਰ ਤੇ ਪਿਛੇਤਰ ਧਾਤੂ/ਮੂਲਾਂਸ਼ ਦੇ ਸਹਾਇਕ ਅੰਗ ਹੁੰਦੇ ਹਨ।

ਸ਼ਬਦ ਸੰਰਚਨਾ ਦੇ ਸੰਦਰਭ ਵਿਚ ਉਪਰੋਕਤ ਮਿਸਾਲਾਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਉਜਾਗਰ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਦੇ ਮਿਸ਼ਰਿਤ ਸ਼ਬਦ- ਕੋਸ਼ ਦੀਆਂ ਅੰਦਰੂਨੀ ਬਣਤਰਾਂ ਦਾ ਪੈਟਰਨ ਧਾਤੂ/ਮੂਲਾਸ਼ਾਂ ਨਾਲ ਵਧੇਤਰਾਂ (ਅਗੇਤਰ/ਪਿਛੇਤਰ) ਦੇ ਸੰਯੋਗ ਉਤੇ ਨਿਰਭਰ ਕਰਦਾ ਹੈ ਅਰਥਾਤ ਪੰਜਾਬੀ ਸ਼ਬਦਾਂ ਦੇ ਨਿਰਮਾਣ ਦੀ ਪ੍ਰਕਿਰਿਆ ਵਿਚ ਧਾਤੂ ਜਾਂ ਮੂਲਾਂਸ਼ ਤਾਂ ਕੇਂਦਰ ਵਿਚ ਸਥਿਰ ਰਹਿੰਦਾ ਹੈ ਜਿਸ ਨਾਲ ਅਗੇਤਰ/ਪਿਛੇਤਰ ਜੁੜਦੇ ਚਲੇ ਜਾਂਦੇ ਹਨ।ਆਮ ਤੌਰ ਤੇ ਪੰਜਾਬੀ ਸ਼ਬਦ-ਸੰਰਚਨਾ ਦਾ ਇਹ ਪ੍ਰਮੁੱਖ ਪੈਟਰਨ ਉਭਰਦਾ ਹੈ।

ਸੰਜੁਗਤ ਸ਼ਬਦ (ਸਮਾਸ)

ਪੰਜਾਬੀ ਵਿਚ ਸੰਜੁਗਤ ਸ਼ਬਦ ਰਚਨਾ ਤਿੰਨ ਤਰ੍ਹਾਂ ਸਾਕਾਰ ਹੁੰਦੀ ਹੈ:

(ੳ) ਸਮਾਸਾਂ ਰਾਹੀਂ
(ਅ) ਦੁਜਾਤੀ ਸ਼ਬਦਾਂ ਰਾਹੀਂ
(ੲ) ਦੁਹਰੁਕਤੀ ਰਾਹੀਂ।

(ੳ) ਸਮਾਸੀ ਸ਼ਬਦ ਸੰਰਚਨਾ

ਦੋ ਮੁਕਤ ਜਾਂ ਬੰਧੇਜੀ ਸ਼ਬਦ ਰੂਪਾਂ ਜਾਂ ਧਾਤੂਆਂ ਦੇ ਜੋੜ ਤੋਂ ਬਣੇ ਨਵੇਂ ਸ਼ਬਦ ਰੂਪਾਂ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਸਮਾਸੀ ਸ਼ਬਦ ਸੰਰਚਨਾ ਵਿਚ ਸ਼ਬਦ ਰੂਪਾਂ ਦੀ ਤਰਤੀਬ ਨਿਮਨ ਅਨੁਸਾਰ ਹੋ ਸਕਦੀ ਹੈ:

(੧) ਮੁਕਤ + ਮੁਕਤ
ਭੇਡ+ਚਾਲ ਭੇਡਚਾਲ
ਲੋਕ+ਸਭਾ ਲੋਕਸਭਾ
ਸਿਰ+ਪੀੜ ਸਿਰਪੀੜ

(੨) ਬੰਧੇਜੀ + ਮੁਕਤ
ਘੋੜ+ਮੱਤ ਘੋੜਮੱਤ
ਘੋੜ+ਸਵਾਰ ਘੋੜਸਵਾਰ
ਮੂੜ੍ਹ+ਮੱਤ ਮੂੜ੍ਹਮੱਤ

(੩) ਬੰਧੇਜੀ + ਬੰਧੇਜੀ
ਰਿਸ਼ਟ+ਪੁਸ਼ਟ ਰਿਸ਼ਟਪੁਸ਼ਟ
ਨਿੱਕੜ+ਸੁੱਕੜ ਨਿੱਕੜਸੁੱਕੜ
ਉਥਲ+ਪੁਥਲ ਉਥਲਪੁਥਲ

(ਅ) ਦੂਜਾਤੀ ਸ਼ਬਦ-ਸੰਰਚਨਾ (Hybridization) ਦੂਜਾਤੀ ਸ਼ਬਦ ਸੰਰਚਨਾ ਵਿਚ ਵੱਖ-ਵੱਖ ਸ੍ਰੋਤਾਂ ਤੋਂ ਆਏ ਸ਼ਬਦਾਂ ਦਾ ਸੁਮੇਲ ਹੁੰਦਾ ਹੈ। ਪੰਜਾਬੀ ਵਿਚ ਦੂਜਾਤੀ ਸ਼ਬਦ ਸੰਰਚਨਾ ਦੋ ਤਰ੍ਹਾਂ ਸਾਕਾਰ ਹੁੰਦੀ ਹੈ :

(੧) ਅਰਬੀ-ਫ਼ਾਰਸੀ ਸ਼ਬਦਾਂ ਰਾਹੀਂ: ਚਿੱਟਾ-ਸਫ਼ੈਦ, ਲਾਲ- ਸੁਰਖ਼, ਕਾਲਾ-ਸਿਆਹ
(੨) ਅੰਗਰੇਜ਼ੀ ਸ਼ਬਦਾਂ ਰਾਹੀਂ : ਬੱਸ-ਅੱਡਾ, ਨਾਰ-ਜੂਸ, ਰੇੜੀ-ਸਟੈਂਡ, ਰਿਕਸ਼ਾ-ਸਟੈਂਡ

(ੲ) ਦੁਹਰੁਕਤੀ (Reduplication) ਦੁਹਰੁਕਤੀ ਤੋਂ ਭਾਵ ਹੈ ਉਕਤੀ ਜਾਂ ਉਚਾਰਨ ਦਾ ਦੁਹਰਾਉ।ਇੱਕ ਸ਼ਬਦ ਦੇ ਦੋਹਰੇ ਉਚਾਰਨ ਨਾਲ ਬਣੇ ਸ਼ਬਦ ਨੂੰ ਦੁਹਰੁਕਤ-ਸ਼ਬਦ ਕਿਹਾ ਜਾਂਦਾ ਹੈ। ਜਿੱਥੇ ਸਮਾਸੀ ਸ਼ਬਦ ਦੇ ਦੋ ਅੰਗ, ਰੂਪ ਪੱਖੋਂ ਵੱਖ-ਵੱਖ ਹੁੰਦੇ ਹਨ ਉਥੇ ਦੁਹਰੁਕਤ ਸ਼ਬਦ, ਰੂਪ ਪੱਖੋਂ ਇਕਸਾਰ ਹੁੰਦੇ ਹਨ। ਜਿਵੇਂ ਅੱਗ-ਉਗ, ਰੋਟੀ-ਰਾਟੀ, ਮਾਰ-ਮੂਰ, ਰੋਣਾ-ਰਾਣਾ, ਆਦਿ ਦੁਹਰੁਕਤ ਸ਼ਬਦ ਹਨ। ਦੁਹਰੁਕਤੀ ਸ਼ਬਦ ਸੰਰਚਨਾ ਵਿਚ ਸ਼ਬਦ ਵਿਚਰਨ ਤਰਤੀਬ ਹਮੇਸ਼ਾਂ ਮੁਕਤ + ਬੰਧੇਜੀ ਰਹਿੰਦੀ ਹੈ। ਪਹਿਲੇ ਰੂਪ ਦਾ ਆਖ਼ਰੀ ਹਿੱਸਾ, ਦੂਜੇ ਰੂਪ ਵਿਚ ਬਿਨਾਂ ਕਿਸੇ ਛੋਟ ਦੇ ਦੁਹਰਾਇਆ ਜਾਂਦਾ ਹੈ। ਦੁਹਰੁਕਤ ਸ਼ਬਦ ਸਮਾਸਾਂ ਵਰਗੇ ਹੀ ਹੁੰਦੇ ਹਨ। ਸਮਾਸੀ ਸ਼ਬਦਾਂ ਵਾਂਗ ਇਨ੍ਹਾਂ ਦੇ ਵੀ ਦੋ ਅੰਗ ਹੁੰਦੇ ਹਨ ਪਰ ਇਨ੍ਹਾਂ ਦਾ ਸਰੂਪ ਭਿੰਨ ਹੁੰਦਾ ਹੈ ਜਿਵੇਂ ਘਰ-ਘਾਟ ਤਾਂ ਸਮਾਸ ਹੈ ਪਰ ਘਰ-ਘਰ ਜਾਂ ਘਾਟ ਦੁਹਰੁਕਤ ਸ਼ਬਦ ਹਨ ।ਪੰਜਾਬੀ ਵਿਚ ਦੁਹਰੁਕਤੀ ਦੀ ਰੂਪ-ਰਚਨਾ ਦੋ ਤਰ੍ਹਾਂ ਨਾਲ ਹੁੰਦੀ ਹੈ:

(੧) ਰੂਪ- ਦੁਹਰੁਕਤੀ
(੨) ਅਰਥ-ਦੁਹਰੁਕਤੀ

ਰੂਪ ਦੁਹਰੁਕਤੀ ਵਿਚ ਸ਼ਬਦਾਂ ਦੇ ਸਰੂਪ ਜਾਂ ਧੁਨੀ ਬਣਤਰ ਦਾ ਦੁਹਰਾਓ ਹੁੰਦਾ ਹੈ:

੧. ਸਵੇਰੇ-ਸਵੇਰੇ ਸੈਰ ਤੇਜ-ਤੇਜ ਕਰਨੀ ਚਾਹੀਦੀ ਹੈ।
੨. ਵਿਆਹ ਵਾਲਾ ਸੂਟ ਪਾ ਕੇ ਕੁੜੀ ’ਤੇ ਮਣ-ਮਣ ਰੂਪ ਚੜ੍ਹ ਗਿਆ।
੩. ਅੱਜ ਤਾਂ ਸਵੇਰ ਦਾ ਨਿਕੀ-ਨਿਕੀ ਕਣੀ ਦਾ ਮੀਂਹ ਪੈ ਰਿਹਾ ਹੈ।

ਉਪਰੋਕਤ ਵਾਕਾਂ ਵਿਚ ਗੂੜੇ ਸ਼ਬਦ ਦੁਹਰੁਕਤੀ ਹਨ ਜਿਹੜੇ ਕਿ ਵੱਖ-ਵੱਖ ਸ਼ਬਦ ਸ਼੍ਰੇਣੀਆਂ ਨਾਲ ਸੰਬੰਧ ਰੱਖਦੇ ਹਨ ।ਇਸ ਤੋਂ ਸਪੱਸ਼ਟ ਹੈ ਕਿ ਪੰਜਾਬੀ ਵਿਚ ਸਮੂਹ ਸ਼ਬਦ-ਸ਼੍ਰੇਣੀਆਂ ਦੇ ਸ਼ਬਦ ਦੁਹਰੁਕਤੀ ਬਣ ਸਕਦੇ ਹਨ। ਇਨ੍ਹਾਂ ਦੁਹਰੁਕਤੀ ਸ਼ਬਦਾਂ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਦੁਹਰੁਕਤੀ ਪੂਰਨ ਵੀ ਹੋ ਸਕਦੀ ਹੈ ਅਤੇ ਅਪੂਰਨ ਵੀ। ਚਾਹ-ਚੂਹ ਅਪੂਰਨ ਦੁਹਰੁਕਤੀ ਦੀ ਮਿਸਾਲ ਹੈ । ਅਰਥ ਦੁਹਰੁਕਤੀ ਵਿਚ ਸ਼ਬਦਾਂ ਦੇ ਦੋਵੇਂ ਅੰਗ ਸਮਾਨਾਰਥੀ ਹੁੰਦੇ ਹਨ। ਆਮ ਤੌਰ ਤੇ ਅਜਿਹੇ ਸ਼ਬਦ ਦੋ ਵੱਖ ਭਾਸ਼ਾਵਾਂ ਦੇ ਹੁੰਦੇ ਹਨ। ਜਿਵੇਂ: ਲਾਲ-ਸੁਰਖ਼, ਕਾਲਾ-ਸਿਆਹ, ਦੋਸਤ-ਮਿੱਤਰ, ਕੰਮ-ਕਾਜ ਆਦਿ।

ਸੌਗਾਤੀ ਸ਼ਬਦ (Gift Word)

ਇਹ ਸ਼ਬਦ-ਰਚਨਾ ਦੀ ਕੋਈ ਵਿਧੀ ਨਹੀਂ ਪਰ ਕਿਸੇ ਭਾਸ਼ਾ ਦੇ ਸ਼ਬਦ ਭੰਡਾਰ ਵਿਚ ਵਾਧਾ ਕਰਨ ਦੀ ਪ੍ਰਕਿਰਿਆ ਹੈ। ਇਤਿਹਾਸਿਕ ਭਾਸ਼ਾ ਵਿਗਿਆਨ ਵਿਚ ਇਸ ਲਈ ਮਾਂਗਵੇਂ ਸ਼ਬਦ (Loan Word) ਅਤੇ ਉਧਾਰੇ ਸ਼ਬਦ (Borrowing) ਆਦਿ ਤਕਨੀਕੀ ਸ਼ਬਦ ਵਰਤੇ ਗਏ ਹਨ। ਇਹ ਤਾਂ ਠੀਕ ਹੈ ਕਿ ਭਾਸ਼ਾਵਾਂ ਵਿਚ ਸ਼ਬਦਾਂ ਦਾ ਲੈਣ- ਦੇਣ ਚੱਲਦਾ ਰਹਿੰਦਾ ਹੈ। ਇਹ ਇੱਕ ਸਹਿਜ ਪ੍ਰਕਿਰਿਆ ਹੈ। ਸਮਾਜ-ਭਾਸ਼ਾ ਵਿਗਿਅਨਕ ਸਥਿਤੀਆਂ ਕਾਰਨ ਭਾਸ਼ਾਵਾਂ ਸ਼ਬਦਾਂ ਦਾ ਲੈਣ-ਦੇਣ ਕਰਦੀਆਂ ਰਹਿੰਦੀਆਂ ਹਨ ਪਰ ਕਾਬਲੇਗ਼ੌਰ ਨੁਕਤਾ ਇਹ ਹੈ ਕਿ ਜਦੋਂ ਕੋਈ ਭਾਸ਼ਾ ਕਿਸੇ ਦੂਜੀ ਭਾਸ਼ਾ ਤੋਂ ਕੋਈ ਸ਼ਬਦ ਇੱਕ ਵਾਰੀ ਲੈ ਲੈਂਦੀ ਹੈ ਤਾਂ ਫਿਰ ਉਹ ਸ਼ਬਦ, ਉਸਦੇ ਆਪਣੇ ਸ਼ਬਦ-ਭੰਡਾਰ ਦਾ ਹਿੱਸਾ ਬਣ ਜਾਂਦੇ ਹਨ। ਪਰ ਉਧਾਰ (ਹੁਦਾਰ) ਲਈ ਗਈ ਵਸਤੂ ਤਾਂ ਵਾਪਸ ਕਰਨੀ ਪੈਂਦੀ ਹੈ। ਭਾਸ਼ਾਵਾਂ ਸ਼ਬਦਾਂ ਨੂੰ ਵਾਪਸ ਨਹੀਂ ਕਰਦੀਆਂ ਬਲਕਿ ਸੌਗਾਤ (ਘਡਿਟ) ਵਾਂਗ ਸਾਂਭ ਲੈਂਦੀਆਂ ਹਨ। ਇਸ ਲਈ ਅਜਿਹੇ ਸ਼ਬਦਾਂ ਨੂੰ ਸੌਗਾਤੀ ਸ਼ਬਦ ਕਿਹਾ ਗਿਆ ਹੈ।

ਪੰਜਾਬੀ ਭਾਸ਼ਾ ਵਿਚ ਪ੍ਰਾਚੀਨ ਕਾਲ ਤੋਂ ਹੀ ਸੌਗਾਤੀ ਸ਼ਬਦਾਂ ਦਾ ਸ਼ਬਦ ਭੰਡਾਰ ਦੇਖਣ ਨੂੰ ਮਿਲਦਾ ਹੈ। ਕਿਸੇ ਭਾਸ਼ਾ ਵਿਚ ਸੌਗਾਤੀ ਸ਼ਬਦ ਦੋ ਵਿਧੀਆਂ ਰਾਹੀਂ ਆਉਂਦੇ ਹਨ : ਤਤਸਮ ਅਤੇ ਤਦਭਵ

ਤਤਸਮ: ਜਦੋਂ ਕਿਸੇ ਭਾਸ਼ਾ ਦੇ ਸ਼ਬਦ ਦੂਜੀ ਭਾਸ਼ਾ ਵਿਚ ਧੁਨੀ-ਵਿਉਂਤ ਦੇ ਪੱਖ ਤੋਂ ਆਪਣੇ ਮੌਲਿਕ ਸਰੂਪ ਵਿਚ ਅਪਣਾ ਲਏ ਜਾਣ ਤਾਂ ਇਸ ਵਿਧੀ ਰਾਹੀਂ ਅਪਣਾਏ ਗਏ ਸ਼ਬਦਾਂ ਨੂੰ ਤਤਸਮ ਸ਼ਬਦ ਕਿਹਾ ਜਾਂਦਾ ਹੈ। ਮਿਸਾਲ ਵਜੋਂ ਪੰਜਾਬੀ ਭਾਸ਼ਾ ਨੇ ਪਹਿਲਾਂ ਫ਼ਾਰਸੀ ਭਾਸ਼ਾ ਤੋਂ ਅਤੇ ਹੁਣ ਅੰਗਰੇਜ਼ੀ ਭਾਸ਼ਾ ਤੋਂ ਬਹੁਤ ਸਾਰੇ ਸ਼ਬਦ ਤਤਸਮ ਰੂਪ ਵਿਚ ਗ੍ਰਹਿਣ ਕੀਤੇ ਹਨ। ਜਿਵੇਂ:

ਫ਼ਾਰਸੀ ਤੋਂ : ਉਸਤਾਦ, ਅਦਾਲਤ, ਅਮੀਰ, ਅਰਜ਼ੀ, ਸਲਵਾਰ, ਕਮੀਜ਼, ਇਨਸਾਫ਼, ਇਮਤਿਹਾਨ, ਸਾਹਿਬ, ਸੜਕ, ਸੂਬਾ, ਸਜ਼ਾ, ਕੁਰਸੀ, ਕਿੱਸਾ, ਸਬਜ਼ੀ, ਗ਼ਜ਼ਲ, ਤਰੱਕੀ, ਤਲਾਕ, ਦੁਨੀਆ, ਰੱਬ, ਦਰਬਾਰ, ਫ਼ਾਸਲਾ, ਮੇਜ਼ ਅਤੇ ਗ਼ੁਲਦਸਤਾ ਆਦਿ।

ਅੰਗਰੇਜ਼ੀ ਤੋਂ : ਅਪੀਲ, ਪੈੱਨ, ਪੈਨਸਿਲ, ਬੱਸ, ਕਾਰ, ਰੇਲ, ਇੰਜਣ, ਪੈਂਟ, ਸ਼ਰਟ, ਟਾਈ, ਕਾਪੀ, ਸਕੂਲ, ਕਮੇਟੀ, ਕਲਰਕ, ਕਲੰਡਰ, ਸਲੰਡਰ, ਗੈਸ, ਟਿਕਟ, ਟੈਕਸ, ਪਾਸ, ਫੇਲ, ਫੋਟੋ, ਮਿੰਟ, ਨਾਵਲ, ਮੋਬਾਈਲ, ਰੇਡੀਓ, ਟੈਲੀਵਿਯਨ ਆਦਿ।

ਤਦਭਵ:

ਜੋ ਸ਼ਬਦ ਉਸ ਭਾਸ਼ਾ ਦੀ ਧੁਨੀ ਵਿਉਂਤ ਅਨੁਸਾਰ ਗ੍ਰਹਿਣ ਕੀਤੇ ਜਾਣ, ਜਿਸ ਨੇ ਸ਼ਬਦ ਲਿਆ ਹੈ ਤਾਂ ਉਸ ਨੂੰ ਤਦਭਵੀਕਰਨ (Nativization) ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਅਨੇਕਾਂ ਸ਼ਬਦ ਸੰਸਕ੍ਰਿਤ, ਫ਼ਾਰਸੀ ਅਤੇ ਅੰਗਰੇਜ਼ੀ ਵਿਚੋਂ ਤਦਭਵ ਰੂਪ ਵਿਚ ਲਏ ਗਏ ਹਨ। ਜਿਵੇਂ:

ਸੰਸਕ੍ਰਿਤ ਤੋਂ :

ਮੰਜਾ, ਦੰਦ, ਸੋਗ, ਕੀੜਾ, ਮੂੰਹ, ਕ੍ਰਿਪਾ ਅਤੇ ਸ਼ਰਧਾ ਆਦਿ।

ਫ਼ਾਰਸੀ ਤੋਂ:

ਅਰਦਲੀ, ਕਾਗਦ, ਨਦਰ, ਕਮੀਚ, ਮੋਚਨਾ, ਦਿਲਗੀਰ, ਜਾਮਾ ਅਤੇ ਗੈਰਸਾਲੀ ਆਦਿ।

ਅੰਗਰੇਜ਼ੀ ਤੋਂ:

ਸਕੱਤਰ, ਹਸਪਤਾਲ, ਕਰਨੈਲ, ਤੌਲੀਆ, ਰਜ਼ਮੈਟ, ਲਾਟ, ਪਲਟਣ ਆਦਿ।

੪.੪ ਵਾਕ ਸੰਰਚਨਾ

ਭਾਸ਼ਾ ਦੀ ਇਕ ਪਰਿਭਾਸ਼ਾ ਇਹ ਵੀ ਦਿੱਤੀ ਜਾਂਦੀ ਹੈ ਕਿ ਭਾਸ਼ਾ ਵਾਕਾਂ ਦਾ ਸਮੁੱਚ ਹੈ। ਵਾਸਤਵ ਵਿਚ ਮਨੁੱਖ ਭਾਸ਼ਾ ਦੀ ਵਰਤੋਂ ਵਾਕਾਂ ਦੇ ਰੂਪ ਵਿਚ ਹੀ ਕਰਦਾ ਹੈ। ਮਨੁੱਖ ਵਾਕਾਂ ਵਿਚ ਹੀ ਸੋਚਦਾ ਹੈ। ਵਾਕਾਂ ਵਿਚ ਹੀ ਬੋਲਦਾ ਹੈ ਅਤੇ ਵਾਕਾਂ ਵਿਚ ਹੀ ਲਿਖਦਾ ਹੈ। ਇਸ ਲਈ ਆਮ ਤੌਰ ’ਤੇ ਜਿਸ ਨੂੰ ਅਸੀਂ ਭਾਸ਼ਾ ਕਹਿੰਦੇ ਹਾਂ, ਉਹ ਦਰਅਸਲ ਵਾਕਾਂ ਦਾ ਹੀ ਸਮੂਹ ਹੀ ਹੈ। ਵਾਕ ਭਾਸ਼ਾ ਦਾ ਪ੍ਰਗਟ ਰੂਪ ਹੈ। ਵਿਆਕਰਨ ਵਿਚ ਵਾਕ ਨੂੰ ਸਭ ਤੋਂ ਵੱਡੀ ਇਕਾਈ ਕਹਿ ਕੇ, ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸ ਦਾ ਭਾਵ ਇਹ ਹੈ ਕਿ ਇਸ ਤੋਂ ਛੋਟੀਆਂ ਇਕਾਈਆਂ ਵੀ ਹੁੰਦੀਆਂ ਹਨ।ਵਿਆਕਰਨ ਵਿਚ ਉਪਵਾਕ ਅਤੇ ਵਾਕੰਸ਼ ਕ੍ਰਮਵਾਰ ਵਾਕ ਤੋਂ ਛੋਟੀਆਂ ਇਕਾਈਆਂ ਹਨ। ਇਸ ਤਰ੍ਹਾਂ ਇਨ੍ਹਾਂ ਤਿੰਨ੍ਹਾਂ ਇਕਾਈਆਂ ਦੀ ਦਰਜੇਵਾਰ ਜੁਗਤ ਹੇਠ ਲਿਖੇ ਅਨੁਸਾਰ ਬਣਦੀ ਹੈ:

ਵਾਕ
ਉਪਵਾਕ
ਵਾਕੰਸ਼

ਇਹ ਤਿੰਨੇ ਇਕਾਈਆਂ ਪਰਸਪਰ ਸੰਬੰਧਿਤ ਹਨ। ਭਾਸ਼ਾ ਵਿਚ ਹਰੇਕ ਵੱਡੀ ਇਕਾਈ ਆਪਣੇ ਤੋਂ ਛੋਟੀਆਂ ਇਕਾਈਆਂ ਦਾ ਰਚਨਾਤਮਿਕ ਪ੍ਰਬੰਧ ਹੁੰਦੀ ਹੈ।ਇਸ ਤਰ੍ਹਾਂ ਵਾਕ,ਉਪਵਾਕ ਅਤੇ ਵਾਕੰਸ਼ਾਂ ਦਾ ਰਚਨਾਤਮਿਕ ਪ੍ਰਬੰਧ ਹੈ। ਉਪਵਾਕ ਅਤੇ ਵਾਕੰਸ਼, ਵਾਕ ਦਾ ਰਚਨਾਤਮਿਕ ਅੰਗ ਹੁੰਦੇ ਹਨ। ਇਕ ਸਧਾਰਨ ਵਾਕ ਵਿਚ ਇਕ ਉਪਵਾਕ ਅਤੇ ਘੱਟ ਤੋਂ ਘੱਟ ਦੋ ਵਾਕੰਸ਼ (ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼) ਜ਼ਰੂਰ ਹੁੰਦੇ ਹਨ। ਮਿਸਾਲ ਵਜੋਂ:

(੧) ਵਿਦਿਆਰਥੀ ਪੜ੍ਹ ਰਹੇ ਹਨ।
(੨) ਕੁੱਤੇ ਭੌਕ ਰਹੇ ਹਨ।
(੩) ਘੌੜੇ ਦੌੜ ਰਹੇ ਹਨ।

ਉਪਰੋਕਤ ਤਿੰਨੇ ਵਾਕਾਂ ਵਿਚ ਇਕ-ਇਕ ਉਪਵਾਕ ਹੈ ਪਰ ਵਾਕੰਸ਼ ਦੋ-ਦੋ ਹਨ। ਪਹਿਲੇ ਵਾਕ ਵਿਚ ਵਿਦਿਆਰਥੀ, ਦੂਜੇ ਵਿਚ ਕੁੱਤੇ ਅਤੇ ਤੀਜੇ ਵਿਚ ਘੋੜੇ ਕ੍ਰਮਵਾਰ ਨਾਂਵ ਵਾਕੰਸ਼ ਅਤੇ ਪੜ੍ਹ ਰਹੇ ਹਨ, ਭੌਂਕ ਰਹੇ ਹਨ ਅਤੇ ਦੌੜ ਰਹੇ ਹਨ ਆਦਿ ਕਿਰਿਆ ਵਾਕੰਸ਼ ਹਨ। ਪਰੰਪਰਾਈ ਵਿਆਕਰਨ ਵਿਚ ਵਾਕ ਦੇ ਦੋ ਹਿੱਸੇ ਮੰਨੇ ਗਏ ਹਨ: ਉਦੇਸ਼ ਅਤੇ ਵਿਧੇਅ। ਉਪਰੋਕਤ ਵਾਕਾਂ ਵਿਚਲੇ ਵਿਦਿਆਰਥੀ ,ਕੁੱਤੇ ਅਤੇ ਘੋੜੇ ਉਦੇਸ਼ ਹਨ ਅਤੇ ਬਾਕੀ ਦੇ ਹਿੱਸੇ ਵਿਧੇਅ। ਇੰਜ ਪਰੰਪਰਾਈ ਵਿਆਕਰਨ ਅਨੁਸਾਰ ਵਾਕ ਉਦੇਸ਼ ਅਤੇ ਵਿਧੇਅ ਦੇ ਅੰਗਾਂ ਵਾਲਾ ਸਾਰਥਿਕ ਪ੍ਰਬੰਧ ਹੈ। ਵਿਧੇਅ ਨਾਲ ਉਦੇਸ਼ ਦਾ ਕਾਰਜ ਕਾਲ ਵਿਚ ਪ੍ਰਗਟ ਹੁੰਦਾ ਹੈ। ਅਸਲ ਵਿਚ ਵਾਕ ਬਣਦਾ ਹੀ ਉਦੋਂ ਹੈ ਜਦੋਂ ਉਹ ਕਿਸੇ ਨਾਂਵ ਦੀ ਕਿਰਿਆ ਨੂੰ ਕਾਲ ਵਿਚ ਪ੍ਰਗਟ ਕਰੇ। ਇਸ ਲਈ ਵਾਕ ਨੂੰ ਭਾਸ਼ਾ ਦੇ ਕਿਰਿਆਤਮਿਕ ਪੱਖ ਦੀ ਇਕਾਈ ਕਿਹਾ ਜਾ ਸਕਦਾ ਹੈ। ਇਹ ਭਾਸ਼ਾ ਦੇ ਬੋਲਚਾਲ ਦਾ ਰੂਪ ਹੈ। ਲਿਖੇ ਵਾਕ ਵੀ ਪੜ੍ਹਨ ਵੇਲੇ ਬੋਲਚਾਲੀ ਰੂਪ ਧਾਰ ਲੈਂਦੇ ਹਨ। ਵਾਕ ਵਿਚ ਜਿਸ ਬਾਰੇ ਕੁੱਝ ਕਿਹਾ ਜਾਵੇ, ਉਹ ਉਦੇਸ਼ ਹੁੰਦਾ ਹੈ ਅਤੇ ਜੋ ਕੁੱਝ ਉਦੇਸ਼ ਬਾਰੇ ਕਿਹਾ ਜਾਵੇ, ਉਹ ਵਿਧੇਅ ਹੁੰਦਾ ਹੈ। ਅਜੋਕੀ ਵਿਆਕਰਨ ਵਿਚ ਉਦੇਸ਼ ਅਤੇ ਵਿਧੇਅ ਦੀ ਥਾਂ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਹੇਠ ਲਿਖੇ ਅਨੁਸਾਰ ਵੀ ਸਮਝਿਆ ਜਾ ਸਕਦਾ ਹੈ:

ਨਾਂਵ ਵਾਕੰਸ਼ + ਕਿਰਿਆ ਵਾਕੰਸ਼ = ਵਾਕ (ਅਜੋਕੀ ਵਿਆਕਰਨ)
ਉਦੇਸ਼ + ਵਿਧੇਅ = ਵਾਕ (ਪਰੰਪਰਾਈ ਵਿਆਕਰਨ)

ਉਪਵਾਕ : ਵਾਕ ਬਣਤਰ ਵਿਚ ਉਪਵਾਕ ਅਧੀਨ ਵਿਆਕਰਨਕ ਇਕਾਈ ਹੈ। ਭਾਵ ਉਪਵਾਕ ਸੁਤੰਤਰ ਵਾਕ ਨਹੀਂ ਹੁੰਦੇ। ਅਸਲ ਵਿਚ ਉਪਵਾਕ ਸੰਜੁਗਤ ਜਾਂ ਮਿਸ਼ਰਿਤ ਵਾਕਾਂ ਦਾ ਰਚਨਾਤਮਿਕ ਅੰਗ ਹੁੰਦੇ ਹਨ। ਪਰ ਇਨ੍ਹਾਂ ਦੀ ਪਛਾਣ ਇਕ ਸਧਾਰਨ ਵਾਕ ਵਜੋਂ ਵੀ ਹੋ ਜਾਂਦੀ ਹੈ।ਮਿਸਾਲ ਵਜੋਂ:

ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ੍ਹ ਰਹੀਆਂ ਹਨ।

ਇਹ ਸੰਜੁਗਤ ਵਾਕ ਹੈ। ਇਸ ਵਿਚ ਦੋ ਉਪਵਾਕ ਹਨ : (੧) ਮੁੰਡੇ ਖੇਡ ਰਹੇ ਹਨ (੨) ਕੁੜੀਆਂ ਪੜ੍ਹ ਰਹੀਆਂ ਹਨ। ਇਨ੍ਹਾਂ ਦੋਵਾਂ ਉਪਵਾਕਾਂ ਨੂੰ ਅਤੇ ਯੋਜਕ ਨਾਲ ਜੋੜਿਆ ਗਿਆ ਹੈ। ਜੇ ਵੱਖ-ਵੱਖ ਕਰ ਕੇ ਲਿਖ ਦਿੱਤਾ ਜਾਵੇ ਤਾਂ ਇਨ੍ਹਾਂ ਦੀ ਪਛਾਣ ਸਧਾਰਨ ਵਾਕ ਵਜੋਂ ਹੋ ਜਾਂਦੀ ਹੈ। ਇਸੇ ਲਈ ਕਿਹਾ ਜਾ ਸਕਦਾ ਹੈ ਕਿ ਸਧਾਰਨ ਵਾਕ ਵਿਚ ਇਕ ਉਪਵਾਕ ਹੁੰਦਾ ਹੈ। ਸੰਜੁਗਤ ਅਤੇ ਮਿਸ਼ਰਿਤ ਵਾਕਾਂ ਵਿਚ ਜਦੋਂ ਇਨ੍ਹਾਂ ਦਾ ਰੂਪਾਂਤਰਨ ਹੁੰਦਾ ਹੈ ਤਾਂ ਇਨ੍ਹਾਂ ਦਾ ਰੁਤਬਾ ਮੁੱਖ ਉਪਵਾਕ ਜਾਂ ਸਮਾਨ ਉਪਵਾਕ ਅਤੇ ਅਧੀਨ ਉਪਵਾਕ ਵਾਲਾ ਹੋ ਜਾਂਦਾ ਹੈ। ਦਰਅਸਲ ਸੰਜੁਗਤ ਵਾਕਾਂ ਦੀ ਰਚਨਾ ਦੋ ਜਾਂ ਦੋ ਤੋਂ ਵੱਧ ਸਮਾਨ ਉਪਵਾਕਾਂ ਨਾਲ ਹੁੰਦੀ ਹੈ ਅਤੇ ਮਿਸ਼ਰਿਤ ਵਾਕਾਂ ਦੀ ਬਣਤਰ ਵਿਚ ਘੱਟੋ-ਘੱਟ ਇਕ ਮੁੱਖ ਉਪਵਾਕ ਹੁੰਦਾ ਹੈ ਅਤੇ ਬਾਕੀ ਦੇ ਉਪਵਾਕ ਅਧੀਨ ਵੰਨਗੀ ਦੇ ਹੁੰਦੇ ਹਨ। ਮਿਸਾਲ ਵਜੋਂ:

੧. ਕੇਵਲ ਬੀਮਾਰ ਹੀ ਜਾਣਦਾ ਹੈ ਕਿ ਰਾਤ ਕਿੰਨੀ ਲੰਮੀ ਹੁੰਦੀ ਹੈ

ਮੁੱਖ ਉਪਵਾਕ ਅਧੀਨ ਉਪਵਾਕ

੨. ਚੋਰੀ ਉਨ੍ਹਾਂ ਚੀਜਾਂ ਦੀ ਹੁੰਦੀ ਹੈ ਜਿਹੜੀਆਂ ਵਾਧੂ ਹੁੰਦੀਆਂ ਹਨ। ਮੁੱਖ ਉਪਵਾਕ ਅਧੀਨ ਉਪਵਾਕ ਇਸ ਤਰ੍ਹਾਂ ਸਪੱਸ਼ਟ ਹੈ ਕਿ ਉਪਵਾਕ ਕਿਸੇ ਮਿਸ਼ਰਤ ਜਾਂ ਸੰਜੁਗਤ ਵਾਕਾਂ ਦਾ ਰਚਨਾਤਮਿਕ ਅੰਗ ਹੁੰਦਾ ਹੈ। ਇਥੇ ਅਸੀਂ ਉਪਵਾਕਾਂ ਦੀਆਂ ਸਿਰਫ਼ ਦੋ ਕਿਸਮਾਂ ਦਾ ਬਿਆਨ ਹੀ ਕੀਤਾ ਹੈ। ਪਰ ਅੱਗੋਂ ਬਣਤਰ ਦੇ ਆਧਾਰ ਉਤੇ ਉਪਵਾਕਾਂ ਦੀਆਂ ਹੋਰ ਵੀ ਵੰਨਗੀਆਂ ਸੰਭਵ ਹਨ।

ਵਾਕੰਸ਼: ਵਾਕੰਸ਼, ਵਾਕਾਂ/ਉਪਵਾਕਾਂ ਦੇ ਰਚਨਾਤਮਿਕ ਅੰਗਾਂ ਨੂੰ ਕਿਹਾ ਜਾਂਦਾ ਹੈ। ਇਹ ਕਾਰਜੀ ਵਿਆਕਰਨਿਕ ਇਕਾਈ ਹੈ। ਦੂਜੇ ਸ਼ਬਦਾਂ ਵਿਚ ਇਉਂ ਕਿਹਾ ਜਾ ਸਕਦਾ ਹੈ ਕਿ ਵਾਕੰਸ਼ ਇਕ ਜਾਂ ਇਕ ਤੋਂ ਵਧੇਰੇ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਸਦਾ ਵਾਕ ਵਿਚ ਰਚਨਾਤਮਿਕ ਕਾਰਜ ਹੋਵੇ। ਧਿਆਨ ਰਹੇ ਵਾਕੰਸ਼ ਦਾ ਆਪਣਾ ਉਦੇਸ਼ ਅਤੇ ਵਿਧੇਅ ਨਹੀਂ ਹੁੰਦਾ ਸਗੋਂ ਇਹ ਤਾਂ ਆਪ ਉਦੇਸ਼ ਜਾਂ ਵਿਧੇਅ ਹੁੰਦਾ ਹੈ। ਵਿਧੇਅ ਵਿਚ ਇਕ ਤੋਂ ਵਧੇਰੇ ਵਾਕੰਸ਼ ਵੀ ਹੋ ਸਕਦੇ ਹਨ। ਇਸੇ ਆਧਾਰ ਉਤੇ ਵਾਕੰਸ਼ ਨੂੰ ਉਪਵਾਕ ਨਾਲੋਂ ਨਿਖੇੜਿਆ ਜਾਂਦਾ ਹੈ। ਮਿਸਾਲ ਵਜੋਂ:


(੧) ਫੁੱਲ ਬੜਾ ਸੁੰਦਰ ਹੈ।
ਨਾਂਵ ਵਾਕੰਸ਼ ਵਿਸ਼ੇਸ਼ਣ ਵਾਕੰਸ਼ ਕਿਰਿਆ ਵਾਕੰਸ਼

(੨) ਹਾਥੀ ਜਾ ਰਹੇ ਹਨ।
ਨਾਂਵ ਵਾਕੰਸ਼ ਕਿਰਿਆ ਵਾਕੰਸ਼

ਵਾਕੰਸ਼ਾਂ ਦੀਆਂ ਕਿਸਮਾਂ

ਭਾਸ਼ਾ ਦੀਆਂ ਮੁੱਖ ਸ਼ਬਦ-ਸ਼੍ਰੇਣੀਆਂ ਮੁਤਾਬਕ ਬਣਦੀਆਂ ਹਨ ਕਿਉਂਕਿ ਵਾਕੰਸ਼ਾਂ ਦੀ ਰਚਨਾ ਮੁੱਖ ਸ਼ਬਦ ਸ਼੍ਰੇਣੀਆਂ ਨਾਲ ਹੀ ਹੁੰਦੀ ਹੈ। ਆਮ ਤੌਰ ਤੇ ਨਾਂਵ, ਕਿਰਿਆ, ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ ਨੂੰ ਹੀ ਮੁੱਖ ਸ਼ਬਦ ਸ਼੍ਰੇਣੀਆਂ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਦੇ ਹੇਠ ਲਿਖੇ ਵਰਗ ਬਣਦੇ ਹਨ:

(੧) ਨਾਂਵ ਵਾਕੰਸ਼
(੨) ਕਿਰਿਆ ਵਾਕੰਸ਼
(੩) ਕਿਰਿਆ ਵਿਸ਼ੇਸ਼ਣ ਵਾਕੰਸ਼
(੪) ਵਿਸ਼ੇਸ਼ਣ ਵਾਕੰਸ਼

ਪਰ ਭਾਸ਼ਾ ਦੀ ਗਹਿਨ ਸੰਰਚਨਾ ਦੇ ਪੱਧਰ ਉਤੇ ਕੁੱਝ ਹੋਰ ਵਾਕੰਸ਼ ਵੀ ਸੰਭਵ ਹਨ।

ਵਾਕ ਵਰਗੀਕਰਨ

ਵਾਕ ਵਰਗੀਕਰਨ ਦੇ ਦੋ ਆਧਾਰ ਹਨ: ਬਣਤਰ ਅਤੇ ਕਾਰਜ। ਬਣਤਰ ਦੇ ਆਧਾਰ ਉਤੇ ਵਾਕ ਵਰਗੀਕਰਨ ਵਾਕਾਂ ਦੀ ਅੰਦਰਲੀ ਬਣਤਰ ਅਨੁਸਾਰ ਕੀਤਾ ਜਾਂਦਾ ਹੈ। ਕਿਰਿਆ ਨੂੰ ਵਾਕ ਦਾ ਕੇਂਦਰੀ ਧੁਰਾ ਮੰਨ ਕੇ ਵਾਕ ਬਣਤਰ ਨਿਰਧਾਰਿਤ ਕੀਤੀ ਜਾਂਦੀ ਹੈ। ਇਉਂ ਪੰਜਾਬੀ ਵਾਕਾਂ ਦੇ ਤਿੰਨ ਵਰਗ ਬਣਦੇ ਹਨ:

(੧) ਸਧਾਰਨ ਵਾਕ (੨) ਸੰਜੁਗਤ ਵਾਕ (੩) ਮਿਸ਼ਰਿਤ ਵਾਕ

ਸਧਾਰਨ ਵਾਕ ਇਕੈਹਰੀ ਬਣਤਰ ਵਾਲਾ ਹੁੰਦਾ ਹੈ। ਇਸ ਵਿਚ ਕਾਲਕੀ ਕਿਰਿਆ ਵਾਕੰਸ਼ ਵਿਚਰਦਾ ਹੈ। ਸੰਜੁਗਤ ਵਾਕਾਂ ਦੀ ਬਣਤਰ ਵਿਚ ਦੋ ਜਾਂ ਦੋ ਤੋਂ ਵੱਧ ਕਾਲਕੀ ਕਿਰਿਆ ਵਾਕੰਸ਼ ਕਾਰਜਸ਼ੀਲ ਹੁੰਦੇ ਹਨ। ਇਸ ਤਰ੍ਹਾਂ ਸੰਜੁਗਤ ਵਾਕਾਂ ਦੀ ਬਣਤਰ ਵਿਚ ਉਪਵਾਕ ਰਚਨਾਤਮਿਕ ਅੰਗ ਬਣ ਜਾਂਦੇ ਹਨ। ਇਹ ਸਾਰੇ ਉਪਵਾਕ ਸਾਵੀਂ ਵੰਨਗੀ ਦੇ ਹੁੰਦੇ ਹਨ। ਮਿਸ਼ਤਿਰ ਵਾਕ ਦੀ ਬਣਤਰ ਵਿਚ ਵੀ ਦੋ ਜਾਂ ਦੋ ਤੋਂ ਵੱਧ ਕਿਰਿਆ ਵਾਕੰਸ਼ ਹੁੰਦੇ ਹਨ ਪਰ ਇਨ੍ਹਾਂ ਵਿਚੋਂ ਘੱਟੋ-ਘੱਟ ਇਕ ਕਾਲਕੀ ਹੁੰਦਾ ਹੈ ਅਤੇ ਬਾਕੀ ਅਕਾਲਕੀ ਵੀ ਹੋ ਸਕਦੇ ਹਨ। ਇਸ ਤਰ੍ਹਾਂ ਮਿਸ਼ਰਿਤ ਵਾਕ ਵਿਚਲੇ ੳਪਵਾਕਾਂ ਦੀ ਬਣਤਰ ਸਾਵੀਂ ਅਤੇ ਅਧੀਨ ਵੰਨਗੀ ਦੀ ਹੁੰਦੀ ਹੈ। ਸੰਜੁਗਤ ਅਤੇ ਮਿਸ਼ਰਿਤ ਵਾਕਾਂ ਵਿਚਲੇ ਉਪਵਾਕਾਂ ਨੂੰ ਯੋਜਕਾਂ ਜਾਂ ਕਾਮਿਆਂ ਨਾਲ ਜੋੜਿਆ ਜਾਂਦਾ ਹੈ। ਸੁਤੰਤਰ ਜਾਂ ਸਾਵੀਂ ਕਿਸਮ ਦੇ ਉਪਵਾਕਾਂ ਨੂੰ ਸਮਾਨ ਯੋਜਕ ਜਾਂ, ਅਤੇ, ਪਰ, ਸਗੋਂ, ਆਦਿ ਜੋੜਦੇ ਹਨ ਜਦਕਿ ਅਧੀਨ ਵੰਨਗੀ ਦੇ ਉਪਵਾਕਾਂ ਤੋਂ ਪਹਿਲਾਂ ਅਧੀਨ ਯੋਜਕ ਜੇ, ਕਿ, ਕਿਉਂਕਿ, ਜੋ, ਜਿਹੜਾ ਆਦਿ ਆਉਂਦੇ ਹਨ। ਕਈ ਵਾਰੀ ਦੋ ਉਪਵਾਕਾਂ ਨੂੰ ਸਹਿ-ਸੰਬੰਧਕੀ ਯੋਜਕ ਜੇ-ਤਾਂ, ਭਾਵੇਂ-ਪਰ ਆਦਿ ਵੀ ਜੋੜਦੇ ਹਨ। ਹੇਠਾਂ ਇਨ੍ਹਾਂ ਤਿੰਨਾਂ ਵੰਨਗੀਆਂ ਦੇ ਵਾਕਾਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ:

(੧) ਸਧਾਰਨ ਵਾਕ

੧. ਸਾਡੇ ਦੇਸ਼ ਦੀ ਜਨ-ਸਿੰਖਿਆ ਲਗਾਤਾਰ ਵੱਧ ਰਹੀ ਹੈ।
੨. ਧਰਤੀ ਦੇ ਤਾਪਮਾਨ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ।
੩. ਗੱਪਾਂ ਗੱਲਾਂ ਦਾ ਵਿਗੜਿਆ ਰੂਪ ਹੁੰਦੀਆਂ ਹਨ।
੪. ਸਾਦਗੀ ਮਨੁੱਖੀ ਜ਼ਿੰਦਗੀ ਦਾ ਇਕ ਗਹਿਨਾ ਹੈ।

(੨) ਸੰਜੁਗਤ ਵਾਕ

੧. ਉਹ ਜੁਗਾੜੀ ਹੀ ਨਹੀਂ ਬਲਕਿ ਬੜਾ ਰਿਹਾੜੀ ਲੇਖਕ ਹੈ।
੨. ਭੁੱਖ ਮਿਟ ਜਾਂਦੀ ਹੈ ਪਰ ਸਆਦ ਨਹੀਂ ਮਿਟਦੇ।
੩. ਉਚੀ ਬੋਲਣ ਨਾਲ ਮਸਲਾ ਹੱਲ ਹੋਣ ਦੀ ਥਾਂ ਸਗੋਂ ਵਿਗੜ ਜਾਂਦਾ ਹੈ।
੪. ਉਹ ਸਵੇਰੇ ਸੈਰ ਵੀ ਕਰਦਾ ਹੈ ਅਤੇ ਨਾਲੇ ਯੋਗਾ ਵੀ ਕਰਦਾ ਹੈ।

(੩) ਮਿਸ਼ਰਿਤ ਵਾਕ

੧. ਸੁੰਦਰਤਾ ਉਹ ਹੈ ਜਿਸਦੀ ਸੌਂਕਣ ਵੀ ਸਿਫ਼ਤ ਕਰੇ।
੨. ਪੱਕੇ ਦਸ਼ਮਣ ਬਣ ਹੀ ਉਹ ਸਕਦੇ ਹਨ ਜਿਹੜੇ ਕਿਸੇ ਸਮੇਂ ਪੱਕੇ ਦੋਸਤ ਰਹੇ ਹੋਣ।
੩. ਰੱਸੀ ਟੱਪਦਿਆਂ, ਮੇਰੇ ਪੈਰ ਨੂੰ ਮੋਚ ਆ ਗਈ।
੪. ਉਹ ਬੋਲਦਾ-ਬੋਲਦਾ ਇਕ ਦਮ ਹੀ ਚੁੱਪ ਹੋ ਗਿਆ।

ਕਾਰਜ ਦੇ ਪੱਖ ਤੋਂ ਪੰਜਾਬੀ ਵਾਕਾਂ ਨੂੰ ਹੇਠ ਲਿਖੇ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:

੧. ਪ੍ਰਸ਼ਨਵਾਚੀ ਵਾਕ
੨. ਆਗਿਆਵਾਚੀ ਵਾਕ
੩. ਪ੍ਰੇਰਨਾਰਥਕ ਵਾਕ
੪. ਬਿਆਨਿਆ ਵਾਕ

ਪੰਜਾਬੀ ਵਿਚ ਪ੍ਰਸ਼ਨਵਾਚੀ ਵਾਕਾਂ ਦੇ ਅੰਤ ਉਤੇ ਪ੍ਰਸ਼ਨ ਸੂਚਕ ਚਿੰਨ੍ਹ (?) ਲਗਾਇਆ ਜਾਂਦਾ ਹੈ। ਇਨ੍ਹਾਂ ਵਾਕਾਂ ਦਾ ਮੁੱਖ ਮਨੋਰਥ ਕਿਸੇ ਗੱਲ ਦੀ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਹੈ। ਆਗਿਆਵਾਚੀ ਵਾਕ ਉਹ ਹੁੰਦੇ ਹਨ ਜਿਨ੍ਹਾਂ ਦਾ ਪ੍ਰਤਿਕਰਮ ਕਿਸੇ ਕਾਰਜ ਵਿਚ ਹੁੰਦਾ ਹੈ। ਇਨ੍ਹਾਂ ਵਿਚ ਆਗਿਆਬੋਧਕ/ਇੱਛਾਬੋਧਕ ਕਿਰਿਆਵਾਂ ਆਉਂਦੀਆਂ ਹਨ। ਪ੍ਰੇਰਨਾਰਥਕ ਵਾਕਾਂ ਵਿਚ ਦੋ ਕਰਤਾ ਹੁੰਦੇ ਹਨ। ਪਹਿਲਾ ਕਰਤਾ ਕਾਰਜ ਕਰਵਾਉਣ ਵਾਲਾ ਹੁੰਦਾ ਹੈ ਅਤੇ ਦੂਜਾ ਅਸਲੀ ਕਾਰਜ ਕਰਤਾ ਹੁੰਦਾ ਹੈ। ਬਿਆਨੀਆ ਵਾਕਾਂ ਵਿਚ ਕਿਸੇ ਪ੍ਰਕਾਰ ਦੀ ਸੂਚਨਾ ਦਿੱਤੀ ਜਾਂਦੀ ਹੈ।ਇਨ੍ਹਾਂ ਦੀ ਸੂਚਨਾ ਵਰਣਨਮੁੱਖ ਹੁੰਦੀ ਹੈ। ਇਨ੍ਹਾਂ ਵਾਕਾਂ ਵਿਚ ਕਿਸੇ ਤੱਥ ਜਾਂ ਸਚਾਈ ਨੂੰ ਪੇਸ਼ ਕੀਤਾ ਜਾਂਦਾ ਹੈ। ਹੇਠਾਂ ਇਨ੍ਹਾਂ ਵਾਕਾਂ ਦੇ ਨਮੂਨੇ ਪੇਸ਼ ਹਨ:

(੧) ਪ੍ਰਸ਼ਨਵਾਚੀ ਵਾਕ

੧. ਕੀ ਮੈਂ ਹੁਣ ਘਰ ਜਾ ਸਕਦਾ ਹਾਂ?
੨. ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ?
੩. ਇਸ ਘਰ ਦਾ ਕਿੰਨਾਂ ਕਿਰਾਇਆ ਹੈ?

(੨) ਆਗਿਆਵਾਚੀ ਵਾਕ

੧. ਆਓ ਸੈਰ ਨੂੰ ਚੱਲੀਏ।
੨. ਕੁੜੀਏ! ਚਾਹ ਲੈ ਆ।
੩. ਕਿਰਪਾ ਕਰ ਕੇ ਤੁਸੀਂ ਹੁਣ ਚਲੇ ਜਾਓ।

(੩) ਪ੍ਰੇਰਨਾਰਥਕ ਵਾਕ

੧. ਪ੍ਰਿੰਸੀਪਲ ਮਾਲੀ ਤੋਂ ਬੂਟਿਆਂ ਨੂੰ ਪਾਣੀ ਦਿਲਵਾ ਰਿਹਾ ਹੈ।
੨. ਡਾਕਟਰ ਨਰਸ ਤੋਂ ਰੋਗੀ ਨੂੰ ਦਵਾਈ ਪਿਲਵਾ ਰਿਹਾ ਹੈ।
੩. ਬੁਢਾਪੇ ਵਿਚ ਬੁਜਰਗ ਆਪਣੀ ਸੇਵਾ ਕਰਵਾ ਰਿਹਾ ਹੈ।

(੪) ਬਿਆਨੀਆ ਵਾਕ

੧. ਮੁੰਡਾ ਸਕੂਲ ਜਾ ਰਿਹਾ ਹੈ।
੨. ਬਹੁਤ ਤੇਜ ਮੀਂਹ ਪੈ ਰਿਹਾ ਹੈ।
੩. ਗਰਮੀਆਂ ਵਿਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

ਸਧਾਰਨ ਵਾਕਾਂ ਦੀ ਬਣਤਰ ਦੇ ਪੈਟਰਨ

ਸਧਾਰਨ ਵਾਕਾਂ ਦੀ ਬਣਤਰ ਵਿਚ ਇਕ ਕਾਲਕੀ ਕਿਰਿਆ ਵਾਲਾ ਉਪਵਾਕ ਵਿਚਰਦਾ ਹੈ।ਇਸ ਉਪਵਾਕ ਵਿਚ ਕਾਲਕੀ ਕਿਰਿਆ ਵਾਕੰਸ਼ ਨਾਲ ਨਾਂਵ ਵਾਕੰਸ਼ ਇਕ ਜਾਂ ਇਕ ਤੋਂ ਵੱਧ ਵੀ ਆ ਸਕਦੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ਣ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼ ਆਦਿ ਜੁੜ ਕੇ ਵਾਕ ਦਾ ਵਿਸਤਾਰ ਕਰਦੇ ਹਨ। ਪੰਜਾਬੀ ਦੇ ਸਧਾਰਨ ਵਾਕਾਂ ਦੀ ਬਣਤਰ ਦੇ ਪੈਟਰਨ, ਇਨ੍ਹਾਂ ਅੰਦਰ ਕਾਰਜਸ਼ੀਲ ਵਾਕੰਸ਼ਾਂ ਦੀ ਆਪਸੀ ਜੁੜਨ-ਪ੍ਰਕਿਰਿਆ ਦੇ ਆਧਾਰ ਉਤੇ ਹੀ ਨਿਰਧਾਰਿਤ ਕੀਤੇ ਜਾ ਸਕਦੇ ਹਨ।ਹੇਠਾਂ ਇਨ੍ਹਾਂ ਦਾ ਵੇਰਵਾ ਪੇਸ਼ ਹੈ:

ਪੈਟਰਨ (੧): ਕਰਤਾ ਨਾਂਵ ਵਾਕੰਸ਼ + ਕਿਰਿਆ ਵਾਕੰਸ਼

੧. ਬੱਚਾ ਖੇਡ ਰਿਹਾ ਹੈ।
੨. ਕੁੱਤਾ ਭੌਂਕਦਾ ਹੈ।
੩. ਘੋੜਾ ਦੌੜ ਰਿਹਾ ਹੈ।

ਪੈਟਰਨ (੨): ਕਰਤਾ ਨਾਂਵ ਵਾਕੰਸ਼ + ਪੂਰਕ ਨਾਂਵ
ਵਾਕੰਸ਼ + ਕਿਰਿਆ ਵਾਕੰਸ਼

੧. ਸਫਲਤਾ ਦੀ ਕੁੰਜੀ ਮਿਹਨਤ ਵਿਚ ਛੁਪੀ ਹੁੰਦੀ ਹੈ।
੨. ਕਿਰਤੀ ਕਿਸਾਨ ਦਾ ਜੀਵਨ ਹੀ ਅਸਲੀ ਜੀਵਨ ਹੈ।
੩. ਨੈਣ ਨਕਸ਼ ਸਾਡੀ ਸ਼ਖ਼ਸੀਅਤ ਦੇ ਦਸਤਖ਼ਤ ਹੁੰਦੇ ਹਨ।

ਪੈਟਰਨ(੩): ਕਰਤਾ ਨਾਂਵ ਵਾਕੰਸ਼ + ਕਰਮ ਨਾਂਵ
ਵਾਕੰਸ਼ + ਕਿਰਿਆ ਵਾਕੰਸ਼

੧. ਦਿੱਲੀ ਵਿਚ ਮੈਟਰੋ ਦਾ ਜਾਲ ਵਿਛ ਗਿਆ ਹੈ।
੨. ਜ਼ਿੰਦਗੀ, ਖੁਰਾਕ, ਪੁਸ਼ਾਕ ਸਭ ਕੁੱਝ ਸਾਦਾ ਹੋਣਾ ਚਾਹੀਦਾ ਹੈ।
੩. ਵਿਦਿਆਰਥੀ ਕਿਤਾਬਾਂ ਪੜ੍ਹ ਰਹੇ ਹਨ।

ਪੈਟਰਨ(੪):ਕਰਤਾ ਨਾਂਵ ਵਾਕੰਸ਼ + ਅਪ੍ਰਧਾਨ ਕਰਮ
ਨਾਂਵ ਵਾਕੰਸ਼+ ਕਰਮ ਨਾਂਵ ਵਾਕੰਸ਼ + ਕਿਰਿਆ ਵਾਕੰਸ਼

੧. ਉਸ ਨੇ ਮੈਨੂੰ ਆਪਣੀ ਫੋਟੋ ਘੱਲੀ।
੨. ਮਾਂ ਨੇ ਪੁੱਤਰ ਨੂੰ ਚੂਰੀ ਖੁਆਈ।
੩. ਕੰਪਿਊਟਰ ਨੇ ਬੰਦੇ ਨੂੰ ਆਪਣੇ ਕਾਬੂ ਵਿਚ ਕਰ ਲਿਆ ਹੈ।

ਪੈਟਰਨ(੫):ਕਰਤਾ ਨਾਂਵ ਵਾਕੰਸ਼ + ਵਿਸ਼ੇਸ਼ਣ ਵਾਕੰਸ਼ +ਕਿਰਿਆ ਵਾਕੰਸ਼

੧. ਸਾਡੇ ਪਿੰਡ ਵਿਚ ਭਾਈ ਕੀ ਗਲੀ ਬੜੀ ਸੁੰਨੀ ਹੈ
੨. ਮੇਰੇ ਦਾਦੀ ਜੀ ਬਹੁਤ ਬੁੱਢੇ ਹਨ।
੩. ਗੁਲਾਬ ਦਾ ਫੁੱਲ ਬੜਾ ਸੁੰਦਰ ਹੁੰਦਾ ਹੈ।

ਪੈਟਰਨ(੬):ਕਰਤਾ ਨਾਂਵ ਵਾਕੰਸ਼ + ਕਿਰਿਆ ਵਿਸ਼ੇਸ਼ਣ ਵਾਕੰਸ਼ + ਕਿਰਿਆ ਵਾਕੰਸ਼

੧. ਚੋਰ ਕੋਠੇ ਉਤੇ ਚੜ੍ਹ ਗਿਆ।
੨. ਸਾਡਾ ਘਰ ਬਾਹਰਵਾਰ ਹੈ।
੩. ਉਹ ਤੇਜ-ਤੇਜ ਤੁਰ ਰਿਹਾ ਸੀ।

ਪੈਟਰਨ (੭):ਕਰਤਾ ਨਾਂਵ ਵਾਕੰਸ਼ + ਕਰਮ ਨਾਂਵ
ਵਾਕੰਸ਼ +ਸਾਧਨ ਨਾਂਵ ਵਾਕੰਸ਼ + ਕਿਰਿਆ ਵਾਕੰਸ਼

੧. ਮੈਂ ਸੱਪ ਨੂੰ ਡੰਡੇ ਨਾਲ ਮਾਰਿਆ।
੨. ਰਾਤੀਂ ਮੈਂ ਸਾਗ ਨਾਲ ਰੋਟੀ ਖਾਧੀ।
੩. ਮੇਰੇ ਦਾਦੀ ਜੀ ਗੁੜ ਨਾਲ ਰੋਟੀ ਖਾਂਦੇ ਹਨ।

੪.੫ ਅਰਥ ਸੰਰਚਨਾ

ਅਰਥ ਸੰਰਚਨਾ

ਮੂਲ ਰੂਪ ਵਿਚ ਭਾਸ਼ਾ ਅਰਥਾਂ ਦੇ ਸੰਚਾਰ ਕਰਨ ਦਾ ਮਾਧਿਅਮ ਹੈ। ਅਰਥ ਭਾਸ਼ਾ ਦੀ ਰੂਹ ਹੈ। ਅਰਥ ਤੋਂ ਬਿਨਾਂ ਭਾਸ਼ਾ ਦੀ ਕੋਈ ਹੋਂਦ ਨਹੀਂ ਹੈ। ਭਾਸ਼ਾ ਦਾ ਹਰੇਕ ਸ਼ਬਦ ਕਿਸੇ ਨਾ ਕਿਸੇ ਅਰਥ ਨੂੰ ਪੇਸ਼ ਕਰਦਾ ਹੈ। ਪਰ ਇਹ ਅਰਥ ਕੀ ਹੈ? ਕਿਸੇ ਵੀ ਭਾਸ਼ਾਈ ਇਕਾਈ ਨੂੰ ਪੜ੍ਹ ਕੇ ਜਾਂ ਸੁਣ ਕੇ ਮਾਨਵੀ ਮਨ ਜੋ ਸਮਝਦਾ ਹੈ, ਉਹੀ ਉਸਦਾ ਅਰਥ ਹੈ। ਜੇ ਭਾਸ਼ਾਈ ਇਕਾਈ ਦੁਆਰਾ ਪ੍ਰਗਟਾਈ ਵਸਤੂ ਸਥੂਲ (ਜਿਵੇਂ ਹਾਥੀ, ਘਰ, ਮੰਦਰ, ਬੱਸ ਆਦਿ) ਹੈ ਤਾਂ ਮਾਨਵੀ ਮਸਤਕ ਉਸਦਾ ਸਥੂਲ ਬਿੰਬ ਗ੍ਰਹਿਣ ਕਰਦਾ ਹੈ ਅਤੇ ਜੇਕਰ ਭਾਸ਼ਾ ਜਾਂ ਸ਼ਬਦ ਦੁਆਰਾ ਪ੍ਰਗਟਾਈ ਵਸਤੂ ਸੂਖਮ ਜਾਂ ਅਮੂਰਤ ( ਜਿਵੇਂ ਸੁੱਖ, ਦੁੱਖ, ਖੁਸ਼ੀ ਆਦਿ) ਹੈ ਤਾਂ ਉਸਦਾ ਮਾਨਵੀ ਮਨ ਮਸਤਕ ਅੰਦਰ ਬਿੰਬ ਵੀ ਅਮੂਰਤ ਹੀ ਬਣਦਾ ਹੈ। ਮਨੁੱਖ ਨੂੰ ਉਸ ਭਾਵ ਦਾ ਸੂਖਮ ਜਿਹਾ ਅਹਿਸਾਸ ਹੁੰਦਾ ਹੈ।

ਭਾਸ਼ਾ ਦਾ ਅਰਥ ਪੱਖ ਬੜਾ ਤਰਲ ਅਤੇ ਤਿਲਕਣਾ ਜਿਹਾ ਹੁੰਦਾ ਹੈ। ਅਰਥ ਹਮੇਸ਼ਾ ਗਤੀਮਾਨ ਰਹਿੰਦਾ ਹੈ। ਅਸਲ ਵਿਚ ਅਰਥ ਦਾ ਸੰਬੰਧ ਮਨੁੱਖ ਦੇ ਮਨ ਨਾਲ ਹੁੰਦਾ ਹੈ ਅਤੇ ਮਨੁੱਖੀ ਮਨ ਵੀ ਬੜਾ ਤਿਲਕਣਾ ਹੈ। ਇਸ ਲਈ ਭਾਸ਼ਾ ਜਾਂ ਸ਼ਬਦ ਦੇ ਅਰਥ ਬਦਲਦੇ ਰਹਿੰਦੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਜਿਵੇਂ- ਜਿਵੇਂ ਮਨੁੱਖ ਦਾ ਅਨੁਭਵ ਵਿਸ਼ਾਲ ਹੁੰਦਾ ਜਾਂਦਾ ਹੈ, ਤਿਵੇਂ-ਤਿਵੇਂ ਭਾਸ਼ਾ ਦਾ ਅਰਥ ਪੱਖ ਵੀ ਵਿਸ਼ਾਲ ਹੁੰਦਾ ਜਾਂਦਾ ਹੈ। ਨਵੀਂਆਂ ਚੀਜਾਂ, ਨਵੇਂ ਵਿਚਾਰ, ਨਵੇਂ ਵਰਤਾਰੇ ਆਪਣੇ ਨਾਲ ਨਵੇਂ-ਨਵੇਂ ਸ਼ਬਦ ਲੈ ਕੇ ਆਉਂਦੇ ਹਨ ਪਰ ਨਾਲ ਹੀ ਪੁਰਾਣੇ ਸ਼ਬਦਾਂ ਵਿਚ ਨਵੇਂ ਅਰਥ ਵੀ ਭਰਦੇ ਰਹਿੰਦੇ ਹਨ। ਮਸਲਨ ਪਹਿਲਾਂ ਫੁੱਲ ਸ਼ਬਦ ਕੁਦਰਤੀ ਦੁਨੀਆਂ ਦੀ ਵਸਤ ਲਈ ਵਰਤਿਆ ਗਿਆ ਹੋਵੇਗਾ ਪਰ ਹੌਲੀ-ਹੌਲੀ ਇਹੋ ਫੁੱਲ ਸ਼ਬਦ ਖੁਸ਼ੀਆਂ, ਖੇੜੇ ਤੇ ਰੰਗੀਨੀ ਦੇ ਭਾਵ ਪ੍ਰਗਟ ਕਰਨ ਲਗ ਪਿਆ। ਇਵੇਂ ਆਰੰਭ ਵਿਚ ਕੁੱਤਾ ਸ਼ਬਦ ਇਕ ਜਾਨਵਰ ਲਈ ਘੜਿਆ ਹੋਵੇਗਾ ਪਰ ਜਦ ਕੁੱਤਿਆਂ ਦੀਆਂ ਅਨੇਕਾਂ ਵੰਨਗੀਆਂ ਅਤੇ ਰੰਗ-ਰੂਪ ਸਾਹਮਣੇ ਆਏ ਤਾਂ ਇਸ ਸ਼ਬਦ ਦੇ ਅੱਗੇ-ਪਿੱਛੇ ਕੁੱਝ ਹੋਰ ਸ਼ਬਦ ਲਗਾ ਕੇ ਇਸ ਸ਼ਬਦ ਦੇ ਅਰਥ-ਭਾਵ ਦਾ ਘੇਰਾ ਵਿਸ਼ਾਲ ਕੀਤਾ ਹੋਵੇਗਾ। ਹੌਲੀ-ਹੌਲੀ ਕੁੱਤਾ ਇਕ ਵਿਚਾਰ ਲਈ ਵਰਤੇ ਜਾਣ ਵਾਲਾ ਸ਼ਬਦ ਬਣ ਗਿਆ। ਇਸ ਤਰ੍ਹਾਂ ਹਰੇਕ ਭਾਸ਼ਾ ਬਰੀਕ ਬੀਨੀ ਵੱਲ ਵੱਧਦੀ ਰਹਿੰਦੀ ਹੈ। ਸ਼ਬਦਾਂ ਦੀਆਂ ਅਰਥ-ਰੰਗਤਾਂ ਵਿਚ ਵਿਸਤਾਰ ਹੁੰਦਾ ਰਹਿੰਦਾ ਹੈ। ਇਸ ਲਈ ਕਿਸੇ ਭਾਸ਼ਾ ਦੀ ਅਰਥ ਸੰਰਚਨਾ ਨੂੰ ਪੇਸ਼ ਕਰਨ ਲਈ ਉਸ ਭਾਸ਼ਾ ਦੇ ਸ਼ਬਦਾਂ ਦਾ ਅਧਿਐਨ ਪੱਖਾਂ ਤੋਂ ਕਰਨਾ ਪੈਂਦਾ ਹੈ। ਇਸੇ ਲਈ ਅਰਥਾਂ ਦੇ ਆਧਾਰ ਉਤੇ ਸ਼ਬਦਾਂ ਦੇ ਵਰਗੀਕਰਨ ਦੀ ਲੋੜ ਪੈਂਦੀ ਹੈ। ਅਰਥ ਵਿਹਾਰ ਦੇ ਆਧਾਰ ਉਤੇ ਸ਼ਬਦਾਂ ਨੂੰ ਕਈ ਵਿਧੀਆਂ ਰਾਹੀਂ ਵਰਗੀਕ੍ਰਿਤ ਕੀਤਾ ਜਾਂਦਾ ਹੈ। ਜਿਵੇਂ : ਸਮਾਨਾਰਥਕ ਸ਼ਬਦ, ਵਿਰੋਧਾਰਥਕ ਸ਼ਬਦ, ਸਮੂਹਅਰਥਕ ਸ਼ਬਦ ਅਤੇ ਬਹੁਅਰਥਕ ਸ਼ਬਦ।

ਸਮਾਨਾਰਥਕ ਸ਼ਬਦ ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ ਬਹੁਤ ਸਾਰੇ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਇਕੋ ਜਿਹਾ ਅਰਥ ਹੁੰਦਾ ਹੈ। ਇਨ੍ਹਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਅਰਥਾਤ ਇਕੋ ਅਰਥ ਭਾਵ ਵਾਲੇ ਵਿਭਿੰਨ ਸ਼ਬਦਾਂ ਨੂੰ ਸਮਾਨਾਰਥੀ ਸ਼ਬਦ ਕਿਹਾ ਜਾਂਦਾ ਹੈ। ਮਿਸਾਲ ਵਜੋਂ ਕਠਨ, ਔਖਾ ਅਤੇ ਮੁਸ਼ਕਿਲ ਆਦਿ ਤਿੰਨੇ ਸ਼ਬਦ ਸਮਾਨਾਰਥੀ ਹਨ। ਇਕੋ ਭਾਸ਼ਾ ਵਿਚ ਸਮਾਨਾਰਥੀ ਸ਼ਬਦਾਂ ਦੇ ਹੋਣ ਦੋ ਕਾਰਨ ਹਨ: ਇਕ ਤਾਂ ਦੂਜੀਆਂ ਭਾਸ਼ਾਵਾਂ ਤੋਂ ਲਏ ਗਏ ਸ਼ਬਦ ਸਮਅਰਥੀ ਸ਼ਬਦ ਸਮੂਹ ਸਿਰਜ ਲੈਂਦੇ ਹਨ। ਦੂਜਾ ਕਾਰਨ ਵਿਵਰਜਿਤ ਸ਼ਬਦਾਂ ਨੂੰ ਵਰਤਣ ਤੋਂ ਟਲਣ ਦਾ ਹੁੰਦਾ ਹੈ। ਕੁੱਝ ਸ਼ਬਦ ਵੱਖਰੀਆਂ-ਵੱਖਰੀਆਂ ਉਪਭਾਸ਼ਾਵਾਂ ਨਾਲ ਸੰਬੰਧਿਤ ਹੋਣ ਕਾਰਨ ਵੀ ਸਮਾਨਾਰਥੀ ਹੋ ਸਕਦੇ ਹਨ। ਇਨ੍ਹਾਂ ਦੀਆਂ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ:

ਉਸਤਤ-ਸ਼ਲਾਘਾ, ਤਾਰੀਫ, ਪ੍ਰਸੰਸਾ
ਅਮਨ – ਸਾਂਤੀ, ਚੈਨ, ਟਿਕਾਅ
ਸਰੀਰ – ਜਿਸਮ, ਕਾਇਆ, ਵਜੂਦ
ਇਸਤਰੀ- ਤੀਵੀਂ, ਔਰਤ, ਜ਼ਨਾਨੀ
ਗ਼ਰੀਬੀ- ਕੰਗਾਲੀ, ਥੁੜ
ਜ਼ਿੰਦਗੀ- ਜਿੰਦ, ਜੀਵਨ
ਧਰਤੀ - ਅਕਾਸ਼, ਅਸਮਾਨ, ਅੰਬਰ,
ਬੰਦਾ - ਮਨੁੱਖ, ਆਦਮੀ ਤੇ ਇਨਸਾਨ

ਵਿਰੋਧਾਰਥਕ ਸ਼ਬਦ

ਅਰਥਾਂ ਦੇ ਪੱਖ ਤੋਂ ਵਿਰੋਧੀ ਭਾਵ ਰੱਖਣ ਵਾਲੇ ਸ਼ਬਦਾਂ ਨੂੰ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ। ਵਿਰੋਧ-ਅਰਥਤਾ, ਸਮਾਨਾਰਥਤਾ ਦੀ ਵਿਰੋਧੀ ਦਿਸ਼ਾ ਵਿਚ ਕਾਰਜਸ਼ੀਲ ਹੁੰਦੀ ਹੈ ਅਤੇ ਇਹ ਇਹ ਵਿਰੋਧ ਕਈ ਕਿਸਮਾਂ ਦਾ ਹੁੰਦਾ ਹੈ। ਅਸਲ ਵਿਚ ਵਿਰੋਧਅਰਥਤਾ ਕਈ ਪੱਧਰਾਂ ਉਪਰ ਕਾਰਜਸ਼ੀਲ ਹੁੰਦੀ ਹੈ। ਪੰਜਾਬੀ ਭਾਸ਼ਾ ਵਿਚ ਇਸ ਵਰਤਾਰੇ ਦੀ ਵੰਡ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ:

ਨਾਂਵ ਆਧਾਰਿਤ : ਰਾਮ-ਰਾਵਣ, ਆਦਮੀ-ਜਾਨਵਰ
ਵਿਸ਼ੇਸ਼ਣ : ਚੰਗਾ-ਮਾੜਾ, ਕਾਲਾ-ਗੋਰਾ, ਵੱਡਾ- ਛੋਟਾ, ਮੋਟਾ-ਪਤਲਾ, ਉਚਾ-ਨੀਵਾਂ, ਗਰਮ- ਠੰਡਾ, ਠੀਕ-ਗਲਤ।
ਕਿਰਿਆ : ਆਉਣਾ-ਜਾਣਾ, ਉਠਣਾ-ਬੈਠਣਾ,ਲੈਣਾ- ਦੇਣਾ, ਖਾਣਾ-ਪੀਣਾ, ਸੋਣਾ-ਜਾਗਣਾ ਆਦਿ।
ਕਿਰਿਆ ਵਿਸ਼ੇਸ਼ਣ : ਉਪਰ-ਥੱਲੇ, ਸੱਜੇ-ਖੱਬੇ, ਸੁਭਾ- ਸ਼ਾਮ, ਹੌਲੀ-ਤੇਜ ਆਦਿ।
ਲਿੰਗ ਆਧਾਰਿਤ : ਔਰਤ-ਮਰਦ, ਮੁੰਡਾ-ਕੁੜੀ, ਬੱਕਰਾ- ਬੱਕਰੀ
ਰਿਸ਼ਤੇ ਆਧਾਰਿਤ : ਪਤੀ-ਪਤਨੀ, ਜੀਜਾ-ਸਾਲੀ, ਨੂੰਹ-ਸੱਸ, ਨਣਦ-ਭਰਜਾਈ ਆਦਿ।

ਸਮੂਹਅਰਥਕ ਸ਼ਬਦ

ਜਦੋਂ ਬਹੁਤੇ ਸ਼ਬਦ ਮਿਲ ਕੇ ਇਕ ਅਰਥ ਦੇਣ ਤਾਂ ਉਨ੍ਹਾਂ ਨੂੰ ਸਮੂਹਅਰਥਕ ਸ਼ਬਦ ਕਿਹਾ ਜਾਂਦਾ ਹੈ। ਆਮ ਤੌਰ ’ਤੇ ਸਮੂਹਅਰਥਕ ਸ਼ਬਦਾਂ ਵਿਚ ਮੁਹਾਵਰੇ ਆ ਜਾਂਦੇ ਹਨ।ੇ ਸਮੂਹਅਰਥਕ ਸ਼ਬਦ ਦੋ ਕਿਸਮਾਂ ਦੇ ਹੁੰਦੇ ਹਨ: ਪਾਰਦਰਸੀ ਸ਼ਬਦ ਅਤੇ ਧੁੰਦਲੇ ਸ਼ਬਦ। ਪਾਰਦਰਸ਼ੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਅਰਥ ਸ਼ਬਦਾਂ ਦੇ ਹਿੱਸਿਆਂ ਉਤੇ ਆਧਾਰਿਤ ਹੁੰਦਾ ਹੈ। ਮਸਲਨ ਪੰਜਾਬੀ ਸ਼ਬਦ ਭਾਸ਼ਾ ਵਿਗਿਆਨ ਪਾਰਦਰਸ਼ਕ ਸ਼ਬਦ ਹੈ ਕਿਉਂਕਿ ਇਸ ਦਾ ਅਰਥ ਭਾਸ਼ਾ ਅਤੇ ਵਿਗਿਆਨ ਦੇ ਅਰਥਾਂ ਉਤੇ ਆਧਾਰਿਤ ਹੈ। ਧੁੰਦਲੇ ਸ਼ਬਦ ਉਹ ਹੁੰਦੇ ਹਨ, ਜਿਨ੍ਹਾਂ ਦੇ ਅਰਥਾਂ ਨੂੰ ਸ਼ਬਦਾਂ ਦੇ ਭਾਗਾਂ ਦੇ ਅਰਥ ਨਿਰਧਾਰਿਤ ਨਹੀਂ ਕਰ ਸਕਦੇ। ਮੁਹਾਵਰੇ ਧੁੰਦਲੇ ਸ਼ਬਦਾਂ ਵਰਗੇ ਹੀ ਹੁੰਦੇ ਹਨ। ਜਿਵੇਂ: ਨੱਕ ਤੇ ਮੱਖੀ ਨਾ ਬੈਠਣ ਦੇਣਾ ਦਾ ਅਰਥ ਨੱਕ ਅਤੇ ਮੱਖੀ ਸ਼ਬਦਾਂ ਦੇ ਅਰਥਾਂ ਦੇ ਜੋੜ ਦੇ ਬਿਲਕੁਲ ਆਧਾਰਿਤ ਨਹੀਂ ਹੈ। ਦਰਅਸਲ ਮੁਹਾਵਰਾ ਇਕ ਸ਼ਬਦ ਵਾਂਗ ਹੁੰਦਾ ਹੋਇਆ ਵੀ ਕਾਰਜਾਤਮਕ ਤੌਰ ਤੇ ਸ਼ਬਦ ਤੋਂ ਵੱਖ ਹੁੰਦਾ ਹੈ। ਮੁਹਾਵਰਿਆਂ ਵਿਚਲੇ ਸ਼ਬਦ ਜੋਟੇ ਆਪਣੀ ਸੰਗਤ ਵਿਚ ਹੀ ਰਹਿੰਦੇ ਹਨ। ਮਸਲਨ ਅਸੀਂ ਨੱਕ-ਮੱਖੀ ਦੀ ਥਾਂ ਨੱਕ- ਮੱਛਰ ਦਾ ਜੁੱਟ ਨਹੀਂ ਵਰਤ ਸਕਦੇ। ਇਵੇਂ ਪੈਰਾਂ ਤੇ ਪਾਣੀ ਨਾ ਪੈਣ ਦੇਣਾ ਦੀ ਥਾਂ ਅਸੀਂ ਪੈਰਾਂ ਉਤੇ ਦੁੱਧ ਜਾਂ ਚਾਹ ਨਹੀਂ ਵਰਤ ਸਕਦੇ ਦਰਅਸਲ ਇਹ ਸ਼ਬਦ ਜੁੱਟ ਆਪਸ ਵਿਚ ਸਹਿਚਾਰੀ ਸੰਬੰਧਾਂ ਵਿਚ ਬੱਝੇ ਹੁੰਦੇ ਹਨ।

ਬਹੁਅਰਥਕ ਸ਼ਬਦ

ਹਰੇਕ ਭਾਸ਼ਾ ਵਿਚ ਅਜਿਹੇ ਸ਼ਬਦ ਵੀ ਹੁੰਦੇ ਹਨ ਜਿਨ੍ਹਾਂ ਦੇ ਇਕ ਤੋਂ ਵਧੇਰੇ ਅਰਥ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਇਕ ਤੋਂ ਵਧੇਰੇ ਅਰਥਾਂ ਵਿਚ ਵਰਤਿਆ ਜਾਂਦਾ ਹੈ।ਮਿਸਾਲ ਵਜੋਂ: ਵੱਟ ਸ਼ਬਦ ਖੇਤਾਂ ਵਿਚ ਪਾਣੀ ਨੂੰ ਰੋਕਣ ਲਈ ਉਚੇ ਥਾਂ ਨੂੰ ਵੀ ਕਿਹਾ ਜਾਂਦਾ ਹੈ ਪਰ ਵੱਟ ਦਾ ਇਕ ਅਰਥ ਗਰਮੀ ਵੀ ਹੁੰਦਾ ਹੈ। ਇਸੇ ਤਰ੍ਹਾਂ ਵੱਟ ਨੂੰ ਵਲ ਦੇ ਅਰਥਾਂ ਵਿਚ ਵੀ ਅਤੇ ਢਿੱਡ/ਪੇਟ ਵਿਚ ਦਰਦ ਲਈ ਵਰਤ ਲਿਆ ਜਾਂਦਾ ਹੈ। ਇਸੇ ਤਰ੍ਹਾਂ ਧਾਰ ਸ਼ਬਦ ਨੂੰ ਗਾਂ ਜਾਂ ਮੱਝ ਦੇ ਦੁੱਧ ਚੋਣ ਦੀ ਕਿਰਿਆ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ ਪਰ ਤਲਵਾਰ ਦੀ ਧਾਰ, ਖੰਡੇ ਦੀ ਧਾਰ, ਪਾਣੀ ਦੀ ਧਾਰ, ਆਦਿ ਅਰਥਾਂ ਲਈ ਵੀ ਵਰਤੋਂ ਹੁੰਦੀ ਹੈ।ਇਸੇ ਤਰ੍ਹਾਂ ਪੰਜਾਬੀ ਭਾਸ਼ਾ ਵਿਚ ਹੋਰ ਬਹੁਤ ਸਾਰੇ ਬਹੁਅਰਥਕ ਸ਼ਬਦ ਮਿਲਦੇ ਹਨ: ਹੇਠਾਂ ਕੁੱਝ ਹੋਰ ਉਦਾਹਰਨਾਂ ਪੇਸ਼ ਹਨ-

ਅੱਕ = ਰੇਤਲੇ ਇਲਾਕੇ ਵਿਚ ਮਿਲਣ ਵਾਲਾ ਪੌਦਾ
= ਕਿਸੇ ਗੱਲ ਤੋਂ ਤੰਗ ਹੋਣਾ

ਅੰਬ = ਇਕ ਫਲ ਦਾ ਨਾਂ
= ਸਰੀਰ ਦਾ ਅੰਬ (ਥੱਕ) ਜਾਣਾ

ਆਕੜ = ਸਰੀਰ ਦਾ ਆਕੜਨਾ
=ਅਮੀਰੀ ਦੀ ਆਕੜ (ਹੰਕਾਰ)

ਅੱਗਾ = ਅਗਲਾ ਹਿੱਸਾ
= ਭਵਿੱਖ
= ਮੌਤ ਦਾ ਦਿਨ

ਸਿੱਟਾ = ਕਣਕ ਜਾਂ ਬਾਜਰੇ ਦਾ ਸਿੱਟਾ
= ਕਿਸੇ ਗੱਲ ਦਾ ਸਿੱਟੇ ਤੇ ਪੁੱਜਣਾ

ਸੰਗ = ਛੋਟੇ ਬੱਚੇ ਦਾ ਸੰਗਣਾ(ਸ਼ਰਮ)
= ਮੈਂ ਤੇਰੇ ਸੰਗ(ਸਾਥ) ਜਾਵਾਂਗਾ

ਸੂਆ = ਮੱਝ ਕਿਹੜੇ ਸੂਅੇ ਹੈ
= ਬੋਰੀਆਂ ਸਿਉਣ ਵਾਲਾ ਸੰਦ
= ਦੰਦ ਦੇ

ਅਭਿਆਸੀ ਪ੍ਰਸ਼ਨ

੧. ਪੰਜਾਬੀ ਧੁਨੀਆਂ ਨੂੰ ਕਿੰਨ੍ਹਾਂ ਭਾਗਾਂ ਵਿਚ ਵੰਡਿਆ ਜਾਂਦਾ ਹੈ?
੨. ਪੰਜਾਬੀ ਵਿਚ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ?
੩. ਉਚਾਰਨ ਸਥਾਨ ਦੇ ਆਧਾਰ ਉਤੇ ਪੰਜਾਬੀ ਵਿਅੰਜਨਾਂ ਦੇ ਕਿਹੜੇ ਵਰਗ ਬਣਦੇ ਹਨ?
੪. ਵਿਅੰਜਨ ਨੇੜਤਾ ਤੋਂ ਕੀ ਭਾਵ ਹੈ?
੫. ਪੰਜਾਬੀ ਵਿਚ ਸੁਰ ਤੋਂ ਕੀ ਭਾਵ ਹੈ?
੬. ਲਿਪੀ ਤੋਂ ਕੀ ਭਾਵ ਹੈ?
੭. ਗੁਰਮੁਖੀ ਲਿਪੀ-ਚਿੰਨ੍ਹਾਂ ਦੀ ਤਰਤੀਬ ਪੇਸ਼ ਕਰੋ।
੮. ਗੁਰਮੁਖੀ ਲਿਪੀ-ਚਿੰਨ੍ਹਾਂ ਦਾ ਵਰਗੀਕਰਨ ਪੇਸ਼ ਕਰੋ।
੯. ਪੈਰ ਬਿੰਦੀ ਪੈਣ ਵਾਲੇ ਲਿਪੀ-ਚਿੰਨ੍ਹ ਕਿਹੜੇ ਹਨ?
੧੦. ਲਗਾਖਰ ਤੋਂ ਕੀ ਭਾਵ ਹੈ?
੧੧. ਵਾਕ ਰਚਨਾ ਵਿਚ ਵਿਸ਼ਰਾਮ ਚਿੰਨ੍ਹ ਦਾ ਕੀ ਸਥਾਨ ਹੈ?
੧੨. ਵਿਸਮਿਕ ਚਿੰਨ੍ਹਾਂ ਦੀ ਵਰਤੋਂ ਦੇ ਵਾਕ ਵਿਚ ਕੀ ਆਧਾਰ ਹਨ?
੧੩. ਤਕਨਾਲੌਜੀ ਦੇ ਪ੍ਰਭਾਵ ਕਾਰਨ ਕਿਹੜੇ ਨਵੇਂ ਸ਼ਬਦ ਪੰਜਾਬੀ ਵਿਚ ਆਏ ਹਨ।
੧੪. ਸ਼ਬਦ ਦੀਆਂ ਬਣਤਰ ਦੇ ਆਧਾਰ ਉਤੇ ਕਿੰਨੀਆਂ ਕਿਸਮਾਂ ਹਨ?
੧੫. ਸਮਾਸੀ ਸ਼ਬਦਾਂ ਤੋਂ ਕੀ ਭਾਵ ਹੈ?
੧੬. ਸ਼ਬਦ ਦੀ ਪਰਿਭਾਸ਼ਾ ਦਿਓ।
੧੭. ਭਾਵੰਸ਼ ਤੋਂ ਕੀ ਭਾਵ ਹੈ?
੧੮. ਤਤਸਮ ਤੇ ਤਦਭਵ ਤੋਂ ਕੀ ਭਾਵ ਹੈ?
੧੯. ਵਾਕ ਦੀ ਪਰਿਭਾਸ਼ਾ ਦਿਓ।
੨੦. ਉਪਵਾਕ ਤੋਂ ਕੀ ਭਾਵ ਹੈ?
੨੧. ਵਾਕੰਸ਼ ਨੂੰ ਪਰਿਭਾਸ਼ਤ ਕਰੋ।
੨੨. ਸਧਾਰਨ ਵਾਕ ਦੀਆਂ ਕੋਈ ਪੰਜ ਉਦਾਹਰਨਾਂ ਦਿਓ।
੨੩. ਕਾਰਜ ਦੇ ਆਧਾਰ ਉਤੇ ਵਾਕ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।

੫. ਵਿਆਕਰਨ

੫.੧ ਵਿਆਕਰਨਿਕ ਸ਼੍ਰੇਣੀਆਂ

ਵਿਆਕਰਨ ਸ਼੍ਰੇਣੀਆਂ ਦਾ ਸੰਬੰਧ ਭਾਸ਼ਾ ਦੀਆਂ ਸ਼ਬਦ ਸ਼੍ਰੇਣੀਆਂ (ਨਾਂਵ, ਕਿਰਿਆ ਆਦਿ) ਅਤੇ ਵਿਆਕਰਨਕ ਇਕਾਈਆਂ ਦੇ ਵਿਆਕਰਨਕ ਰੂਪਾਂ ਅਤੇ ਅਰਥਾਂ ਨਾਲ ਹੁੰਦਾ ਹੈ।ਸਰਲ ਸ਼ਬਦਾਂ ਵਿਚ ਸ਼ਬਦਾਂ ਅਤੇ ਵਾਕਾਂ ਦੀ ਰੂਪ-ਰਚਨਾ ਦਾ ਆਧਾਰ ਵਿਆਕਰਨਕ ਸ਼੍ਰੇਣੀਆਂ ਹੁੰਦੀਆਂ ਹਨ।ਮਿਸਾਲ ਵਜੋਂ:ਕਿਤਾਬ,ਕਾਰ,ਮੇਜ਼ ਅਤੇ ਘੋੜਾ ਆਦਿ ਨਾਂਵ ਸ਼ਬਦ ਵਿਸ਼ੇਸ਼ ਵਸਤਾਂ ਵੱਲ ਸੰਕੇਤ ਕਰਦੇ ਹਨ ਪਰ ਇਸ ਦੇ ਨਾਲ ਹੀ ਪੰਜਾਬੀ ਬੁਲਾਰੇ ਦੇ ਦਿਮਾਗ ਵਿਚ ਇਨ੍ਹਾਂ ਸ਼ਬਦਾਂ ਦਾ ਇਕ ਹੋਰ ਅਰਥ ਵੀ ਮੌਜੂਦ ਰਹਿੰਦਾ ਹੈ।ਸੁਭਾਵਕ ਹੀ ਪੰਜਾਬੀ ਬੁਲਾਰਾ ਕਿਤਾਬ ਅਤੇ ਕਾਰ ਸ਼ਬਦਾਂ ਨੂੰ ਇਕ ਵਚਨ/ਇਲਿੰਗ ਸ਼ਬਦ ਮੰਨ ਲੈਂਦਾ ਹੈ ਅਤੇ ਮੇਜ਼/ਘੋੜਾ ਨੂੰ ਇਕ ਵਚਨ/ਪੁਲਿੰਗ ਸਮਝ ਲੈਂਦਾ ਹੈ।ਇਸੇ ਤਰ੍ਹਾਂ ਕਿਤਾਬਾਂ/ਕਾਰਾਂ ਨੂੰ ਬਹੁਵਚਨ ਕਹੇਗਾ।ਵਾਕ ਦੇ ਪੱਧਰ ’ਤੇ ਬੱਚਾ ਸਕੂਲ ਜਾ ਰਿਹਾ ਹੈ ਨੂੰ ਵਰਤਮਾਨ ਕਾਲ ਦਾ ਵਾਕ ਅਤੇ ਬੱਚਾ ਸਕੂਲ ਜਾ ਰਿਹਾ ਸੀ ਨੂੰ ਭੂਤ ਕਾਲ ਦਾ ਵਾਕ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦੋਹਾਂ ਵਾਕਾਂ ਵਾਕਾਂ ਵਿਚਲੇ ਉਦੇਸ਼ ਬੱਚਾ ਦੇ ਕਾਰਜ ਦਾ ਅਰਥ ਕਾਲ ਵਿਚ ਪ੍ਰਗਟ ਹੋ ਰਿਹਾ ਹੈ।ਇਸ ਤਰ੍ਹਾਂ ਲਿੰਗ, ਵਚਨ ਅਤੇ ਕਾਲ ਐਸੀਆਂ ਵਿਆਕਰਨਕ ਸ਼੍ਰੇਣੀਆਂ ਹਨ ਜੋ ਸ਼ਬਦਾਂ/ਵਾਕਾਂ ਨੂੰ ਅਜਿਹੇ ਵਿਆਕਰਨਕ ਅਰਥ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਨੂੰ ਭਾਸ਼ਾ ਦੀਆਂ ਵਿਕਾਰੀ ਸ਼੍ਰੇਣੀਆਂ ਕਿਹਾ ਜਾਂਦਾ ਹੈ। ਹਰੇਕ ਭਾਸ਼ਾ ਵਿਚ ਇਨ੍ਹਾਂ ਦੀ ਭੂਮਿਕਾ ਵੱਖ-ਵੱਖ ਹੁੰਦੀ ਹੈ। ਸਮੇਂ ਦੇ ਬੀਤਣ ਨਾਲ ਇਕੋ ਹੀ ਭਾਸ਼ਾ ਵਿਚ ਵੀ ਇਨ੍ਹਾਂ ਦੀ ਕਾਰਜਸ਼ੀਲਤਾ ਬਦਲਦੀ ਰਹਿੰਦੀ ਹੈ।

ਲਿੰਗ (Gender)

ਮੂਲ ਰੂਪ ਵਿਚ ਲਿੰਗ ਨਾਂਵ ਸ਼੍ਰੇਣੀ ਦੇ ਸ਼ਬਦਾਂ ਦੀ ਵਿਆਕਰਨਕ ਸ਼੍ਰੇਣੀ ਹੈ। ਪਰੰਪਰਾਈ ਵਿਆਕਰਨਾਂ ਵਿਚ ਲਿੰਗ ਦਾ ਸੰਬੰਧ ਭਾਸ਼ਾ ਵਿਚ ਨਰ ਅਤੇ ਮਾਦਾ ਭੇਦ ਦੇ ਲਖਾਇਕ ਸ਼ਬਦ-ਵਰਗਾਂ ਨਾਲ ਮੰਨਿਆ ਗਿਆ ਹੈ।ਜਦਕਿ ਭਾਸ਼ਾਈ ਲਿੰਗ ਹਮੇਸ਼ਾ ਅਜਿਹੀ ਸੂਚਨਾ ਨਹੀਂ ਦਿੰਦਾ।ਮਿਸਾਲ ਵਜੋਂ ਮੁਸਾਫਰ ਸ਼ਬਦ ਪੁਲਿੰਗ ਹੈ ਅਤੇ ਸਵਾਰੀ ਸ਼ਬਦ ਇਲਿੰਗ ਹੈ। ਪਰ ਮੁਸਾਫਰ/ਸਵਾਰੀ; ਔਰਤ/ਮਰਦ ਦੋਵੋਂ ਹੀ ਹੋ ਸਕਦੇ ਹਨ। ਇਸੇ ਤਰ੍ਹਾਂ ਇੱਜੜ ਅਤੇ ਡਾਰ ਸ਼ਬਦਾਂ ਵਿਚੋਂ ਇੱਜੜ ਪੁਲਿੰਗ ਹੈ ਅਤੇ ਡਾਰ ਇਲਿੰਗ,ਪਰ ਇੱਜੜ ਤੇ ਡਾਰ ਵਿਚ ਵੀ ਨਰ ਅਤੇ ਮਾਦਾ ਦੋਵਾਂ ਵਰਗਾਂ ਦੇ ਜੀਵ ਸ਼ਾਮਿਲ ਹੁੰਦੇ ਹਨ।ਅਸਲ ਵਿਚ ਸਜੀਵ ਕੁਦਰਤ ਵਿਚ ਤਾਂ ਨਰ ਅਤੇ ਮਾਦਾ ਦੇ ਜੋੜੇ ਹੁੰਦੇ ਹਨ ਪਰ ਭਾਸ਼ਾ ਵਿਚ ਅਜਿਹਾ ਹੋਣਾ ਲਾਜ਼ਮੀ ਨਹੀਂ ਹੁੰਦਾ।ਨਾਲੇ ਭਾਸ਼ਾ ਤਾਂ ਨਿਰਜੀਵ ਵਸਤਾਂ ਨੂੰ ਵੀ ਪੁਲਿੰਗ/ਇਲਿੰਗ ਵਰਗਾਂ ਵਿਚ ਵੰਡ ਕੇ ਦੇਖਦੀ ਹੈ।ਇਸ ਲਈ ਆਧੁਨਿਕ ਵਿਆਕਰਨ ਵਿਚ ਲਿੰਗ ਦੇ ਸੰਕਲਪ ਨੂੰ ਨਰ/ਮਾਦਾ ਭੇਦਾਂ ਤੋਂ ਨਿਖੇੜ ਕੇ ਨਿਰੋਲ ਵਿਆਕਰਨਕ ਪੱਧਰ ਉਪਰ ਵੇਖਿਆ ਗਿਆ ਹੈ। ਇਸ ਨਜ਼ਰੀਏ ਤੋਂ ਲਿੰਗ ਭਾਸ਼ਾ ਦੀ ਵਿਕਾਰੀ ਸ਼੍ਰੇਣੀ ਹੈ।ਇਸ ਦਾ ਬੁਨਿਆਦੀ ਸੰਬੰਧ ਨਾਂਵ ਸ਼ਬਦ- ਸ਼੍ਰੇਣੀ ਨਾਲ ਹੁੰਦਾ ਹੈ, ਜਿਸ ਭਾਸ਼ਾ ਵਿਚ ਇਸਦਾ ਪ੍ਰਗਟਾਵਾ ਵਾਕਾਤਮਿਕ ਪੱਧਰ ਤੇ ਹੋਵੇ, ਉਸ ਵਿਚ ਨਾਵਾਂ ਦੇ ਲਿੰਗ ਭੇਦ ਕਾਰਨ ਵਿਸ਼ੇਸ਼ਣ ਅਤੇ ਕਿਰਿਆਵਾਂ ਵਿਚ ਵੀ ਲਿੰਗ ਦੇ ਪੱਖ ਤੋਂ ਵਿਕਾਰ ਆਉਂਦਾ ਹੈ। ਪੰਜਾਬੀ ਭਾਸ਼ਾ ਵਿਚ ਲਿੰਗ ਦੀ ਹੋਂਦ ਵਿਆਕਰਨਕ ਹੈ। ਪਰ ਸ਼ਬਦਿਕ ਪੱਧਰ ਉਪਰ ਲਿੰਗ ਪੰਜਾਬੀ ਸ਼ਬਦਾਂ ਦਾ ਕੋਸ਼ਗਤ ਲੱਛਣ ਵੀ ਹੈ। ਅਰਥਾਤ ਪੰਜਾਬੀ ਭਾਸ਼ਾ ਦੇ ਨਾਂਵ ਪੁਲਿੰਗ ਜਾਂ ਇਲਿੰਗ ਵਰਗਾਂ ਵਿਚ ਰੱਖੇ ਜਾਂਦੇ ਹਨ। ਇਸ ਪੱਖੋਂ ਪੰਜਾਬੀ ਭਾਸ਼ਾ ਦੇ ਨਾਂਵ ਸ਼ਬਦ ਹੇਠ ਲਿਖੇ ਵਰਗਾਂ ਵਿਚ ਵੰਡੇ ਜਾਂਦੇ ਹਨ।

੧. ਸਵਰ-ਅੰਤਿਕ ਪੁਲਿੰਗ ਨਾਵਾਂ ਤੋਂ ਇਲਿੰਗ ਬਣਾਉਣ ਲਈ ਧਾਤੂ ਨਾਲ ਇਲਿੰਗ ਬੋਧਕ ਪਿਛੇਤਰ ਲਗਦੇ ਹਨ:

(ੳ) -/ਆ/ ਅੰਤਕ ਪੁਲਿੰਗ ਨਾਵਾਂ ਤੋਂ /ਈ/ ਅੰਤਕ

ਇਲਿੰਗ ਨਾਂਵ: ਪੁਲਿੰਗ ਨਾਂਵ

ਘੋੜਾ ਘੋੜੀ
ਕੁੱਤਾ ਕੁੱਤੀ
ਤੋਤਾ ਤੋਤੀ
ਦਾਦਾ ਦਾਦੀ
ਨਾਨਾ ਨਾਨੀ
ਪੱਖਾ ਪੱਖੀ
ਕੋਠਾ ਕੋਠੀ
ਰੰਬਾ ਰੰਬੀ
ਖੁਰਪਾ ਖੁਰਪੀ
ਸੋਟਾ ਸੋਟੀ

ਇਨ੍ਹਾਂ ਨਾਂਵ ਸ਼ਬਦਾਂ ਵਿਚ ਮੁੱਖ ਤੌਰ ’ਤੇ ਉਹ ਸ਼ਬਦ ਆਉਂਦੇ ਹਨ ਜਿਹੜੇ ਜਾਂ ਤਾਂ ਜੋੜਿਆਂ ਦੇ ਬੋਧਕ ਹਨ ਜਾਂ ਫਿਰ ਕੁੱਝ ਸ਼ਬਦਾਵਲੀ ਸਾਕਾਚਾਰੀ ਨਾਲ ਸੰਬੰਧਤ ਹੈ।ਇਸ ਤੋਂ ਇਲਾਵਾ ਇਸ ਵਰਗ ਵਿਚ ਵੱਡੀਆਂ ਅਤੇ ਛੋਟੀਆਂ ਵਸਤਾਂ ਵੀ ਆ ਜਾਂਦੀਆਂ ਹਨ। ਇਸ ਵਰਗ ਵਿਚ /-ਆ/ ਅੰਤਕ ਸ਼ਬਦ ਪੁਲਿੰਗ ਅਤੇ/-ਈ/ ਅੰਤਕ ਸ਼ਬਦ ਇਲਿੰਗ ਹਨ।

(ਅ) /-ਈ/ ਅੰਤਕ ਪੁਲਿੰਗ ਨਾਵਾਂ ਤੋਂ/-ਅਣ/,/-ਅਨ/ ਅੰਤਿਕ ਇਲਿੰਗ ਨਾਂਵ:

ਪੁਲਿੰਗ ਇਲਿੰਗ

ਤੇਲੀ ਤੇਲਣ
ਜੋਗੀ ਜੋਗਣ
ਮੋਚੀ ਮੋਚਣ
ਮਾਲੀ ਮਾਲਣ
ਪੰਜਾਬੀ ਪੰਜਾਬਣ
ਧੋਬੀ ਧੋਬਣ
ਗੁਜਰਾਤੀ ਗੁਜਰਾਤਣ

(ੲ) /-ਈਆ/ ਅੰਤਕ ਪੁਲਿੰਗ ਨਾਵਾਂ ਤੋਂ /-ਅਣ ਜਾਂ ਅਨ/ ਅੰਤਿਕ ਇਲਿੰਗ ਨਾਂਵ :

ਲਾਹੌਰੀਆ ਲਾਹੌਰਨ
ਪਹਾੜੀਆ ਪਹਾੜਨ
ਪੋਠੋਹਾਰੀਆ ਪੋਠੋਹਾਰਨ
ਫ਼ਰੀਦਕੋਟੀਆ ਫ਼ਰੀਦਕੋਟਣ

(ਸ) /-ਈ/ ਅੰਤਕ ਪੁਲਿੰਗ ਨਾਂਵਾਂ ਤੋਂ/-ਇਣ/ ਅੰਤਿਕ ਇਲਿੰਗ ਨਾਂਵ:

ਨਾਈ ਨਾਇਣ
ਕਸਾਈ ਕਸਾਇਣ
ਸ਼ੁਦਾਈ ਸ਼ੁਦਾਇਣ
ਹਲਵਾਈ ਹਲਵਾਇਣ

(੨) ਵਿਅੰਜਨ-ਅੰਤਕ ਪੁਲਿੰਗ ਨਾਂਵਾਂ ਤੋਂ ਇਲਿੰਗ ਬਣਾਉਣ ਲਈ ਹੇਠ ਲਿਖੇ ਅਨੁਸਾਰ ਵਿਉਤਪਤ ਪਿਛੇਤਰ ਜੋੜੇ ਜਾਂਦੇ ਹਨ:

(ੳ) ਵਿਅੰਜਨ-ਅੰਤਿਕ ਪੁਲਿੰਗ+/-ਈ/ ਪਿਛੇਤਰ

ਦਾਸ ਦਾਸੀ
ਹਿਰਨ ਹਿਰਨੀ
ਕਬੂਤਰ ਕਬੂਤਰੀ
ਜੱਟ ਜੱਟੀ
ਪਹਾੜ ਪਹਾੜੀ
ਪੁੱਤਰ ਪੁੱਤਰੀ

(ੲ) ਵਿਅੰਜਨ-ਅੰਤਕ ਪੁਲਿੰਗ +(/-ਣੀ/,/-ਨੀ/) ਪਿਛੇਤਰ

ਸ਼ੇਰ ਸ਼ੇਰਨੀ
ਮੋਰ ਮੋਰਨੀ
ਹੰਸ ਹੰਸਣੀ
ਭਗਤ ਭਗਤਣੀ
ਕੁੜਮ ਕੁੜਮਣੀ
ਸੱਪ ਸੱਪਣੀ
ਚੋਰ ਚੋਰਨੀ

ਨੋਟ: ਪੰਜਾਬੀ ਧੁਨੀ ਵਿਉਂਤ ਦੇ ਨੇਮਾਂ ਮੁਤਾਬਕ /ਰ,ੜ ਤੇ ਣ/ ਅੰਤਕ ਸ਼ਬਦਾਂ ਨਾਲ /-ਨੀ/ਪਿਛੇਤਰ ਲਗਦਾ ਹੈ।

(ੲ) ਜਾਤ, ਪੇਸ਼ੇ ਅਤੇ ਰਿਸ਼ਤਾ ਸੂਚਕ ਕੁੱਝ ਵਿਅੰਜਨ ਅੰਕਿਤ ਸ਼ਬਦਾਂ ਨਾਲ /-ਆਣੀ/ ਪਿਛੇਤਰ ਲੱਗਦਾ ਹੈ:

ਨੌਕਰ ਨੌਕਰਾਣੀ
ਪੰਡਤ ਪੰਡਤਾਣੀ
ਜੇਠ ਜੇਠਾਣੀ
ਦਿਉਰ ਦਰਾਣੀ
ਮਾਸਟਰ ਮਾਸਟਰਾਨੀ
ਸੇਠ ਸੇਠਾਣੀ

ਇਸ ਵਰਗ ਦੇ ਕੁੱਝ /-ਈ/ ਅੰਤਕ ਪੁਲਿੰਗ ਨਾਂਵਾਂ ਨਾਲ ਵੀ /-ਆਣੀ/ ਜਾਂ /-ਅਣ/ ਪਿਛੇਤਰ ਲਗਦਾ ਹੈ:

ਖਤਰੀ ਖਤਰਾਣੀ
ਸਾਂਸੀ ਸਾਂਸਣ

(ਸ) ਕੁੱਝ ਸ਼ਬਦਾਂ ਦੇ ਇਲਿੰਗ ਬਣਾਉਣ ਲਈ/-ੜੀ/ ਪਿਛੇਤਰ ਲੱਗਦਾ ਹੈ:

ਬਾਲ ਬਾਲੜੀ
ਸੂੰਦਕ ਸੂੰਦਕੜੀ

(੩) ਤੀਜਾ ਵਰਗ ਉਨ੍ਹਾਂ ਨਾਂਵ ਸ਼ਬਦਾਂ ਦਾ ਹੈ ਜਿਨ੍ਹਾਂ ਵਿਚ ਕੋਈ ਸਾਂਝੀ ਧਾਤੂ ਨਹੀਂ ਹੁੰਦੀ:

ਸੱਸ ਸਹੁਰਾ
ਪਿਤਾ ਮਾਤਾ
ਭੂਆ ਫੁੱਫੜ
ਧੀ ਜਵਾਈ
ਮੁੰਡਾ ਕੁੜੀ
ਨਰ ਮਾਦਾ
ਮਰਦ ਤੀਵੀਂ

ਪੰਜਾਬੀ ਵਿਚ ਸਾਰੇ ਨਾਂਵ ਸ਼ਬਦ ਪੁਲਿੰਗ/ਇਲਿੰਗ ਵਰਗਾਂ ਵਿਚ ਵੰਡੇ ਜਾਂਦੇ ਹਨ, ਪਰ ਇਹ ਜ਼ਰੂਰੀ ਨਹੀਂ ਕਿ ਹਰ ਪੁਲਿੰਗ ਜਾਂ ਇਲਿੰਗ ਦਾ ਵਿਰੋਧੀ ਜੁੱਟ ਹੋਵੇ। ਇਨ੍ਹਾਂ ਸਾਰੇ ਵਰਗਾਂ ਦਾ ਸੰਬੰਧ ਜਾਤ, ਪੇਸ਼ਾ,ਰਿਸ਼ਤਾ ਜਾਂ ਆਕਾਰ ਆਦਿ ਪੱਖਾਂ ਨਾਲ ਹੈ। ਪੰਜਾਬੀ ਭਾਸ਼ਾ ਵਿਚ ਕੁੱਝ ਅਜਿਹੀਆਂ ਨਿਰਜੀਵ ਵਸਤੂਆਂ ਵੀ ਮਿਲਦੀਆਂ ਜਿਨ੍ਹਾਂ ਦਾ ਕੋਈ ਵਿਰੋਧੀ ਲਿੰਗ ਰੂਪ ਨਹੀਂ ਹੁੰਦਾ। ਮਿਸਾਲ ਵਜੋਂ: ਕੰਪਿਊਟਰ, ਲੈਪਟਾਪ, ਫੋਨ, ਮੋਬਾਇਲ, ਟੀ.ਵੀ, ਸੂਰਜ, ਚੰਨ, ਸਮੁੰਦਰ, ਪਾਣੀ, ਕਾਗ਼ਜ਼, ਆਦਿ। ਇਸੇ ਤਰ੍ਹਾਂ ਧਰਤੀ, ਹਵਾ, ਚਾਂਦੀ, ਕਲਮ, ਸਿਆਹੀ, ਨੇਕੀ, ਕਣਕ ਆਦਿ ਇਲਿੰਗ ਸ਼ਬਦ ਹਨ। ਇਨ੍ਹਾਂ ਦਾ ਪੁਲਿੰਗ ਰੂਪ ਨਹੀਂ ਹੁੰਦਾ। ਕੁੱਝ ਨਾਂਵ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਨੂੰ ਕੁੱਝ ਭਾਸ਼ਾਈ ਬੁਲਾਰੇ ਪੁਲਿੰਗ ਸ਼੍ਰੇਣੀ ਵਿਚ ਰੱਖਦੇ ਹਨ ਤੇ ਕੁੱਝ ਅਜਿਹੇ ਨਾਂਵ ਸ਼ਬਦਾਂ ਨੂੰ ਇਲਿੰਗ ਸ਼੍ਰੇਣੀ ਵਿਚ ਵਰਤਦੇ ਹਨ। ਜਿਵੇਂ:

ਨਿੰਮ : ਸਾਡੇ ਵਿਹੜੇ ਵਿਚ ਬੜਾ ਵੱਡਾ ਨਿੰਮ ਖੜਾ ਹੈ? (ਪੁਲਿੰਗ)
ਸਾਡੇ ਵਿਹੜੇ ਵਿਚ ਬੜੀ ਵੱਡੀ ਨਿੰਮ ਦੀ ਖੜੀ ਹੈ? (ਇਲਿੰਗ)

ਦਹੀਂ : ਅੱਜ ਦਹੀਂ ਬੜੀ ਸੁਆਦ ਹੈ। (ਪੁਲਿੰਗ)
ਅੱਜ ਦਹੀਂ ਬੜਾ ਸੁਆਦ ਹੈ। (ਇਲਿੰਗ)

ਪੰਜਾਬੀ ਭਾਸ਼ਾ ਵਿਚ ਪੁਲਿੰਗ/ਇਲਿੰਗ ਦੇ ਧਾਰਨੀ ਇਨ੍ਹਾਂ ਸ਼ਬਦ ਵਰਗਾਂ ਤੋਂ ਪਤਾ ਲਗਦਾ ਹੈ ਕਿ ਪੰਜਾਬੀ ਵਿਚ ਪੁਲਿੰਗ ਤੋਂ ਇਲਿੰਗ ਬਣਾਉਣ ਦੇ ਕੁੱਝ ਨਿਯਮਕ ਸੂਤਰ ਹਨ। ਪੁਲਿੰਗ-ਇਲਿੰਗ ਦੀ ਇਹ ਸਾਰੀ ਤਬਦੀਲੀ ਸ਼ਬਦ-ਰਚਨਾ ਦੇ ਘੇਰੇ ਵਿਚ ਆਉਂਦੀ ਹੈ। ਇਸ ਦਾ ਸੰਬੰਧ ਵਿਉਤਪਤੀ ਨਾਲ ਹੈ।ਪਰ ਸ਼ਬਦਾਂ ਦਾ ਆਪ-ਹੁਦਰਾ ਲਿੰਗ ਭੇਦ ਹੀ ਵਿਆਕਰਨਿਕ ਲਿੰਗ ਦਾ ਸ੍ਰੋਤ ਬਿੰਦੂ ਹੈ। ਵਿਆਕਰਨਿਕ ਲਿੰਗ ਵਾਕਾਤਮਿਕ ਪੱਧਰ ’ਤੇ ਸਾਕਾਰ ਹੁੰਦਾ ਹੈ। ਇਸੇ ਲਈ ਲਿੰਗ ਨੂੰ ਵਿਕਾਰੀ ਸ਼੍ਰੇਣੀ ਕਿਹਾ ਜਾਂਦਾ ਹੈ। ਵਿਕਾਰ ਦਾ ਸੰਬੰਧ ਵਿਆਕਰਨਿਕ/ਵਾਕਾਤਮਿਕ ਕਾਰਜਾਂ ਨਾਲ ਹੁੰਦਾ ਹੈ। ਵਿਆਕਰਨਕ ਜਾਂ ਵਾਕਾਤਮਕ ਪੱਧਰ ਉਤੇ ਲਿੰਗ ਦੀ ਹੋਂਦ ਵਿਸ਼ੇਸ਼ਣਾਂ ਅਤੇ ਕਿਰਿਆਵਾਂ ਨੂੰ ਪ੍ਰਭਾਵਿਤ ਕਰਦੀ ਹੈ। ਪੰਜਾਬੀ ਵਾਕ ਰਚਨਾ ਵਿਚ ਕਰਤਾ ਨਾਂਵ ਦੀ ਵਿਸ਼ੇਸ਼ਣ ਅਤੇ ਕਿਰਿਆ ਨਾਲ ਲਿੰਗ ਪੱਖੋਂ ਵਿਆਕਰਨਕ ਸਮਤਾ (ਮੇਲ) ਹੁੰਦੀ ਹੈ। ਵਿਕਾਰੀ ਵਰਗ ਦੇ ਵਿਸ਼ੇਸ਼ਣਾਂ ਦੇ ਰੂਪ ਨਾਂਵ ਦੇ ਲਿੰਗ ਅਨੁਸਾਰ ਬਣਦੇ ਹਨ। ਇਸੇ ਤਰ੍ਹਾਂ ਕਿਰਿਆਵਾਂ ਵੀ ਸਧਾਰਨ ਨਾਂਵਾਂ ਦੇ ਅਨੁਸਾਰੀ ਹੁੰਦੀਆਂ ਹਨ।ਮਿਸਾਲ ਵਜੋਂ:

੧. ਚੰਗਾ ਬੱਚਾ ਪੜ੍ਹਦਾ ਹੈ।
੨. ਚੰਗੀ ਕੁੜੀ ਪੜ੍ਹਦੀ ਹੈ।
੩. ਕਾਲਾ ਕੁੱਤਾ ਵੱਢਦਾ ਹੈ।
੪. ਕਾਲੀ ਕੁੱਤੀ ਵੱਢਦੀ ਹੈ।

ਵਿਸ਼ੇਸ਼ਣ ਵਾਂਗ ਹੀ ਪੜਨਾਂਵ ਦੇ ਰੂਪ ਵੀ ਲਿੰਗ ਅਨੁਸਾਰੀ ਹੁੰਦੇ ਹਨ। ਜਿਵੇਂ:

ਮੇਰਾ ਘਰ, ਮੇਰੀ ਕੋਠੀ, ਸਾਡਾ ਘਰ, ਸਾਡੀ ਕੋਠੀ ਇਸ ਵਿਸ਼ਲੇਸ਼ਣ ਤੋਂ ਸਪੱਸਟ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਵਿਚ ਲਿੰਗ ਭੇਦ ਕੇਵਲ ਸ਼ਬਦਾਵਲੀ ਦੇ ਪੱਧਰ ਉਤੇ ਹੀ ਕਾਰਜਸ਼ੀਲ ਨਹੀਂ ਹੁੰਦਾ ਸਗੋਂ ਇਸ ਦਾ ਕਾਰਜ ਵਿਆਕਰਨਕ ਵੀ ਹੈ।

ਦਰਅਸਲ ਹਰ ਭਾਸ਼ਾ ਵਿਚ ਸੰਬੰਧਿਤ ਸਮਾਜਿਕ/ਪ੍ਰਕਿਰਤਕ ਵਰਤਾਰੇ ਦੀ ਵਿਆਖਿਆ ਕਰਨ ਦਾ ਆਪਣਾ ਨਿੱਜੀ ਸੰਜਮ ਹੁੰਦਾ ਹੈ।ਇਸੇ ਤਰ੍ਹਾਂ ਲਿੰਗ- ਸੰਜਮ ਵੀ ਹਰ ਭਾਸ਼ਾ ਦਾ ਆਪਣਾ ਵੱਖਰਾ ਤੇ ਵਿਲੱਖਣ ਹੁੰਦਾ ਹੈ।ਜਿਸ ਤਰ੍ਹਾਂ ਸਾਡਾ ਸਮਾਜ ਮਨੁੱਖੀ ਸਮਾਜ ਲੰਮੇ ਸਮੇਂ ਤੱਕ ਪੁਰਖ-ਪ੍ਰਧਾਨ ਰਿਹਾ ਹੈ। ਇਸ ਲਈ ਬਹੁਤੇ ਮਹੱਤਵਪੂਰਨ ਅਹੁਦਿਆਂ ਨੂੰ ਪੁਰਖ ਹੀ ਸੰਭਾਲ਼ਦਾ ਰਿਹਾ ਹੈ। ਨਤੀਜੇ ਵਜੋਂ ਇਹਨਾਂ ਅਹੁਦਿਆਂ ਦੇ ਨਾਂਵਾਂ ਲਈ ਵਰਤੇ ਜਾਂਦੇ ਸ਼ਬਦ ਪੁਲਿੰਗ ਹਨ। ਜਿਵੇਂ: ਪ੍ਰਧਾਨ ਮੰਤਰੀ, ਜੱਜ, ਕਰਨਲ, ਮੇਜਰ, ਵੈਦ, ਡਾਕਟਰ, ਨੇਤਾ, ਕਲਰਕ ਅਤੇ ਕੰਾਨਗੋ ਆਦਿ। ਪਰ ਸਮਾਜ ਵਿਚ ਕੁੱਝ ਕਿੱਤੇ ਅਜਿਹੇ ਵੀ ਹਨ ਜਿਨ੍ਹਾਂ ਵਿਚ ਔਰਤਾਂ ਦੀ ਭਾਗੇਦਾਰੀ ਜਿਆਦਾ ਰਹੀ ਹੈ। ਜਿਵੇਂ: ਨਰਸ ਤੇ ਦਾਈ। ਬਹੁਤ ਲੰਮਾ ਸਮਾਂ ਇਹ ਕੰਮ ਸਿਰਫ਼ ਔਰਤਾਂ ਹੀ ਕਰਦੀਆਂ ਰਹੀਆਂ ਹਨ ਪਰ ਅੱਜ-ਕੱਲ੍ਹ ਆਦਮੀ ਵੀ ਇਹ ਕੰਮ ਕਰਨ ਲੱਗ ਪਏ ਹਨ ਪਰ ਇਸ ਲਈ ਉਹਨਾਂ ਦੇ ਨਾਂ ਅੱਗੇ ਵੱਧ ਤੋਂ ਵੱਧ ਪੁਰਖ ਜੋੜ ਕੇ ਉਹਨਾਂ ਨੂੰ ਮੇਲ-ਨਰਸ ਕਹਿ ਕੇ ਸੱਦਿਆ ਜਾਂਦਾ ਹੈ। ਇਸ ਤੋਂ ਬਿਨਾਂ ਜਿਨ੍ਹਾਂ ਜੀਵਾਂ, ਪੰਛੀਆਂ ਤੇ ਜਾਨਵਰਾਂ ਦੇ ਲਿੰਗ (ਨਰ ਜਾਂ ਮਾਦਾ) ਦੀ ਪਛਾਣ ਕਰਨ ਵਿਚ ਮੁਸ਼ਕਿਲ ਆਉਂਦੀ ਹੈ, ਉਹਨਾਂ ਲਈ ਪੁਲਿੰਗ ਜਾਂ ਇਲਿੰਗ ਰੂਪ ਵਿਚੋਂ ਕੇਵਲ ਇਕ ਹੀ ਵਰਤਿਆ ਜਾਂਦਾ ਹੈ।ਮਿਸਾਲ ਵਜੋਂ:

ਪੁਲਿੰਗ : ਭਮੱਕੜ, ਡੱਡੂ, ਮੱਛਰ, ਬਗਲਾ, ਬਾਜ਼, ਮਗਰਮੱਛ

ਇਲਿੰਗ : ਇੱਲ, ਘੁੱਗੀ, ਸੁਸਰੀ, ਜੂੰ, ਜੋਕ,

ਵਚਨ

ਲਿੰਗ ਦੀ ਤਰ੍ਹਾਂ ਵਚਨ ਵੀ ਬੁਨਿਆਦੀ ਤੌਰ ’ਤੇ ਨਾਂਵ-ਸ਼੍ਰੇਣੀ ਦੇ ਸ਼ਬਦਾਂ ਦੀ ਇਕ ਵਿਆਕਰਨਕ ਸ਼੍ਰੇਣੀ ਹੈ।ਪਰੰਪਰਾਈ ਵਿਆਕਰਨਾਂ ਵਿਚ ਵਚਨ ਨੂੰ ਗਿਣਤੀ ਪੱਖ ਨਾਲ ਸੰਬੰਧਤ ਕਰਕੇ ਵਿਚਾਰਿਆ ਗਿਆ ਹੈ ਭਾਵ ਹਰੇਕ ਨਾਂਵ ਤੋਂ ਲਿੰਗ ਬੋਧ ਦੇ ਨਾਲ-ਨਾਲ ਉਸਦੇ ਇਕ ਜਾਂ ਇਕ ਤੋਂ ਵਧੇਰੇ ਹੋਣ ਦੀ ਸੂਚਨਾ ਵਚਨ ਦੀ ਸ਼੍ਰੇਣੀ ਰਾਹੀਂ ਮਿਲਦੀ ਹੈ।ਇਸ ਸਮਝ ਅਨੁਸਾਰ ਹੀ ਵਿਆਕਰਨਾਂ ਵਿਚ ਨਾਂਵਾਂ ਦੇ ਰੂਪਾਂ ਦੀ ਵੰਡ ਇਕਵਚਨ ਅਤੇ ਬਹੁਵਚਨ ਦੇ ਵਰਗਾਂ ਵਿਚ ਕੀਤੀ ਗਈ ਹੈ। ਪਰ ਭਾਸ਼ਾਵਾਂ ਵਿਚ ਕੇਵਲ ਗਿਣਤੀ ਦੱਸਣ ਲਈ ਹੀ ਵਚਨ ਦੇ ਸੰਕਲਪ ਨੂੰ ਨਹੀਂ ਵਰਤਿਆ ਜਾਂਦਾ ਕਿਉਂਕਿ ਭਾਸ਼ਾਈ ਵਚਨ ਹਮੇਸ਼ਾ ਗਿਣਤੀ ਆਧਾਰਿਤ ਨਹੀਂ ਹੁੰਦਾ।ਮਿਸਾਲ ਵਜੋਂ: ਭੀੜ, ਟੱਬਰ, ਡਾਰ ਆਦਿ ਸ਼ਬਦ ਇਕ ਵਚਨੀ ਹਨ ਪਰ ਭਾਵ ਪੱਖੋਂ ਇਹ ਬਹੁਵਚਨੀ ਹਨ।ਭੀੜ ਵਿਚ ਬਹੁਤੇ ਲੋਕ ਹੁੰਦੇ ਹਨ। ਟੱਬਰਵਿਚ ਵੀ ਇਕ ਤੋਂ ਵਧੇਰੇ ਮੈਂਬਰ ਹੁੰਦੇ ਹਨ।ਇਸੇ ਤਰ੍ਹਾਂ ਡਾਰ ਵਿਚ ਇਕ ਤੋਂ ਵਧੇਰੇ ਪਸ਼ੂ ਹੁੰਦੇ ਹਨ।ਇਸ ਤੋਂ ਇਲਾਵਾ ਕਈ ਪੰਜਾਬੀ ਨਾਂਵ ਸ਼ਬਦ ਹਮੇਸ਼ਾ ਬਹੁਵਚਨੀ ਹੀ ਰਹਿੰਦੇ ਹਨ। ਜਿਵੇਂ: ਲੋਕ ਅਤੇ ਕਰਮ ਆਦਿ।ਕੁੱਝ ਸ਼ਬਦ ਅਜਿਹੇ ਵੀ ਹਨ ਜੋ ਗਿਣਨ ਵਾਲੀਆਂ ਵਸਤਾਂ ਦੇ ਸੂਚਕ ਹੀ ਨਹੀਂ ਹੁੰਦੇ ਪਰ ਉਹ ਵਚਨ ਦੇ ਸੂਚਕ ਹੁੰਦੇ ਹਨ। ਜਿਵੇਂ: ਧੁਪ ਅਤੇ ਹਵਾ ਗਿਣਤੀਵਾਚਕ ਨਹੀਂ ਹੋ ਸਕਦੇ ਪਰ ਅਕਸਰ ਅਸੀਂ ਆਖ ਦਿੰਦੇ ਹਾਂ : ਧੁਪਾਂ ਚੜ੍ਹ ਆਈਆਂ ਜਾਂ ਤੇਜ ਹਵਾਵਾਂ ਵਗ ਰਹੀਆਂ ਹਨ। ਇਥੇ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਬਹੁਵਚਨੀ ਅਰਥਾਂ ਵਿਚ ਵਰਤਿਆ ਗਿਆ ਹੈ। ਇਵੇਂ ਕਣਕ, ਛੋਲੇ, ਚੌਲ ਆਦਿ ਸ਼ਬਦਾਂ ਵਿਚਲਾ ਵਚਨ ਸੰਕਲਪ ਗਿਣਤੀ ਆਧਰਿਤ ਨਹੀਂ ਹੈ। ਇਸ ਤਰ੍ਹਾਂ ਸਪੱਸ਼ਟ ਹੁੰਦਾ ਹੈ ਕਿ ਵਚਨ ਇਕ ਵਿਕਾਰੀ ਸ਼੍ਰੇਣੀ ਹੈ। ਭਾਸ਼ਾ ਦਾ ਹਰੇਕ ਨਾਂਵ ਸ਼ਬਦ ਜਿਥੇ ਗਿਣਤੀ ਦਾ ਬੋਧ ਕਰਵਾ ਰਿਹਾ ਹੁੰਦਾ ਹੈ, ਉਥੇ ਵਿਕਾਰੀ ਸ਼੍ਰੇਣੀ ਹੋਣ ਸਦਕਾ ਵਾਕ ਦੇ ਪੱਧਰ ਉਤੇ ਵਿਆਕਰਨਕ ਕਾਰਜ ਵੀ ਕਰ ਰਿਹਾ ਹੁੰਦਾ ਹੈ।

ਪੰਜਾਬੀ ਭਾਸ਼ਾ ਵਿਚ ਕਈ ਨਾਂਵ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਵਚਨ ਦੀ ਸੂਚਨਾ, ਉਨ੍ਹਾਂ ਦੇ ਧੁਨੀਆਤਮਕ ਸਰੂਪ ਤੋਂ ਮਿਲ ਜਾਂਦਾ ਹੈ।ਜਿਵੇਂ:

੧. ਆ-ਅੰਤਕ ਪੁਲਿੰਗ ਨਾਂਵ ਇਕ ਵਚਨੀ ਹੁੰਦੇ ਹਨ।
ਮੁੰਡਾ, ਘੋੜਾ, ਸੋਟਾ, ਮੋਟਾ ਆਦਿ।

੨. ਈ-ਅੰਤਕ ਇਲਿੰਗ ਨਾਂਵ ਵੀ ਇਕ ਵਚਨੀ ਹੁੰਦੇ ਹਨ।
ਘੋੜੀ, ਸੋਟੀ, ਚਿੜੀ ਆਦਿ।

੩. ਆਂ-ਅੰਤਕ ਇਲਿੰਗ ਨਾਂਵ ਹਮੇਸ਼ਾ ਬਹੁਵਚਨੀ ਹੁੰਦੇ ਹਨ।
ਕਿਤਾਬਾਂ, ਕੁੜੀਆਂ, ਸੋਟੀਆਂ ਅਤੇ ਰੋਟੀਆਂ ਆਦਿ।

੪. ਇਕ ਉਚਾਰਖੰਡੀ ਇਲਿੰਗ ਨਾਂਵ ਹਮੇਸ਼ਾ ਇਕਵਚਨੀ ਹੁੰਦੇ ਹਨ।
ਹੱਥ, ਲੱਤ, ਅੱਖ ਅਤੇ ਬਾਂਹ ਆਦਿ।

ਉਪਰੋਕਤ ਧੁਨੀ ਸਰੂਪ ਤੋਂ ਇਲਾਵਾ ਬਾਕੀ ਸਾਰੇ ਪੰਜਾਬੀ ਨਾਂਵ ਸ਼ਬਦਾਂ ਦੇ ਵਚਨ ਦੀ ਜਾਣਕਾਰੀ ਵਾਕ ਵਿਚ ਵਰਤੋਂ ਬਿਨਾਂ ਨਹੀਂ ਮਿਲਦੀ। ਮਿਸਾਲ ਵਜੋਂ:

ਸੇਬ ਅਤੇ ਹਾਥੀ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਵੇਖਣਯੋਗ ਹੈ:

੧. ਉਸ ਨੇ ਸੇਬ ਖਾਧਾ।(ਇਕਵਚਨ)
੨. ਉਸ ਨੇ ਸੇਬ ਖਾਧੇ। (ਬਹੁਵਚਨ)
੩. ਹਾਥੀ ਦੌੜ ਰਿਹਾ ਹੈ।(ਇਕਵਚਨ)
੪. ਹਾਥੀ ਦੌੜ ਰਹੇ ਹਨ।(ਬਹੁਵਚਨ)

ਅਜਿਹੇ ਸ਼ਬਦਾਂ ਦਾ ਸੰਬੰਧਕੀ ਰੂਪ ਵਿਚ ਬਹੁਵਚਨੀ ਸਰੂਪ ਬਦਲ ਜਾਂਦਾ ਹੈ।

੧. ਹਾਥੀ ਨੇ ਪਾਣੀ ਪੀਤਾ। (ਇਕਵਚਨ)
੨. ਹਾਥੀਆਂ ਨੇ ਪਾਣੀ ਪੀਤਾ।(ਬਹੁਵਚਨ)
੩. ਘੋੜੇ ਨੇ ਪਾਣੀ ਪੀਤਾ। (ਇਕਵਚਨ)
੪. ਘੋੜਿਆਂ ਨੇ ਪਾਣੀ ਪੀਤਾ।(ਬਹੁਵਚਨ)

ਇਥੇ ਸੰਬੰਧਕ /ਨੇ/ ਆਉਣ ਕਾਰਨ ਹਾਥੀ ਦਾ ਬਹੁਵਚਨੀ ਸਰੂਪ ਹਾਥੀਆਂ ਅਤੇ ਘੋੜੇ ਦਾ ਬਹੁਵਚਨੀ ਸਰੂਪ ਘੋੜਿਆਂ ਹੋ ਗਿਆ ਹੈ। ਸਪੱਸ਼ਟ ਹੈ ਕਿ ਵਾਕ ਵਿਚ ਕਿਸੇ ਨਾਂਵ ਦੀ ਵਰਤੋਂ ਸਥਿਤੀ (ਸਧਾਰਨ/ਸੰਬੰਧਕੀ) ਉਸਦੇ ਵਚਨ ਦੇ ਸਰੂਪ ਨੂੰ ਸਾਕਾਰ ਕਰਦੀ ਹੈ।

ਅਸਲ ਵਿਚ ਜਿਵੇਂ ਅਸੀਂ ਪਹਿਲਾਂ ਵੀ ਲਿਖਿਆ ਹੈ ਕਿ ਵਚਨ ਦਾ ਸੰਬੰਧ ਸ਼ਬਦਾਂ ਦੇ ਸਮੁੱਚੇ ਵਿਕਾਰੀ ਰੂਪਾਂ ਨਾਲ ਹੈ। ਪੰਜਾਬੀ ਵਿਚ ਨਾਂਵ ਸ਼ਬਦ-ਸ਼੍ਰੇਣੀ ਦੇ ਸ਼ਬਦਾਂ ਵਿਚ ਵਚਨ ਤੇ ਕਾਰਕ ਦੇ ਪੱਖੋਂ ਵਿਕਾਰ ਆਉਂਦਾ ਹੈ। ਨਾਂਵ ਸ਼ਬਦਾਂ-ਮੂਲਾਂ ਨਾਲ ਵਚਨ ਅਤੇ ਕਾਰਕ ਦੇ ਸਾਂਝੇ ਰੂਪਾਂਤਰੀ ਪਿਛੇਤਰ ਵੀ ਲਗਦੇ ਹਨ। ਕਈ ਸਥਿਤੀਆਂ ਵਿਚ ਤਾਂ ਇਹ ਪਿਛੇਤਰ ਲਿੰਗ ਸੂਚਕ ਵੀ ਹੁੰਦੇ ਹਨ।ਮਸਲਨ ਘੋੜਾ, ਸੋਟਾ, ਆਦਿ ਸ਼ਬਦਾਂ ਦਾ ਅੰਤਮ /ਆ/ ਇਕਵਚਨ ਦਾ ਸੂਚਕ ਵੀ ਹੈ ਅਤੇ ਇਸਦੇ ਨਾਲ ਹੀ ਪੁਲਿੰਗ ਦਾ ਸੂਚਕ ਵੀ ਹੈ ਅਤੇ ਅੱਗੋਂ ਘੋੜਾ ਸ਼ਬਦ ਦੇ ਇਕਵਚਨੀ/ਬਹੁਵਚਨੀ ਰੂਪ ਵੱਖ-ਵੱਖ ਕਾਰਕਾਂ ਮੁਤਾਬਕ ਬਣਦੇ ਹਨ।ਮਿਸਾਲ ਵਜੋਂ:

੧. ਘੋੜਾ ਦੌੜਦਾ ਹੈ।
੨. ਘੋੜੇ ਦੌੜਦੇ ਹਨ।
੩. ਘੋੜੇ ਨੇ ਦੌੜ ਲਗਾਈ।
੪. ਘੋੜਿਆਂ ਨੇ ਦੌੜ ਲਗਾਈ।

ਪਹਿਲੇ ਵਾਕ ਵਿਚ ਘੋੜਾ ਇਕ ਵਚਨ ਹੈ।ਦੂਜੇ ਵਾਕ ਵਿਚ ਘੋੜੇ ਬਹੁਵਚਨ ਹੈ ਪਰ ਤੀਜੇ ਵਾਕ ਵਿਚ ਘੋੜੇ ਫਿਰ ਇਕ ਵਚਨ ਹੈ।ਇਥੇ ਘੋੜੇ ਸੰਬੰਧਕੀ ਰੂਪ ਹੈ।/-ਆ/ ਅੰਤਿਕ ਨਾਂਵ ਤੋਂ ਪਿਛੋਂ ਸੰਬੰਧਕ ਨੇ ਆਉਣ ਕਾਰਨ ਸ਼ਬਦ ਦਾ ਰੂਪ ਤਾਂ ਬਦਲ ਗਿਆ ਹੈ ਪਰ ਉਸਦਾ ਵਚਨ ਉਹੋ ਹੀ ਰਿਹਾ ਹੈ।ਚੌਥੇ ਵਾਕ ਵਿਚ /ਘੋੜਿਆਂ/ਬਹੁਵਚਨ ਹੈ ਇਥੇ ਇਹ ਸੰਬੰਧਕੀ ਰੂਪ ਹੈ।ਇਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਘੋੜਾ-ਘੋੜੇ ਵਿਚਲਾ ਇਕਵਚਨ-ਬਹੁਵਚਨ ਕਰਤਾ ਕਾਰਕ ਦੇ ਸਧਾਰਨ ਰੂਪ ਨਾਲ ਸੰਬੰਧਿਤ ਹੈ।ਪਰ ਕਰਤਾ ਦੇ ਸੰਬੰਧਕੀ ਰੂਪ ਵਿਚ ਇਕਵਚਨ ਅਤੇ ਬਹੁਵਚਨੀ ਰੂਪ ਘੋੜੇ-ਘੋੜਿਆਂ ਹੋ ਜਾਂਦਾ ਹੈ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਵਚਨ ਦਾ ਸੰਬੰਧ ਨਾਂਵ ਸ਼ਬਦਾਂ ਦੇ ਸਮੁੱਚੇ ਵਿਕਾਰੀ ਰੂਪ ਨਾਲ ਹੀ ਹੁੰਦਾ ਹੈ ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਵਚਨ ਨਾਂਵ ਸ਼ਬਦਾਂ ਦੀ ਵਿਕਾਰੀ ਵਿਆਕਰਨਕ ਸ਼੍ਰੇਣੀ ਹੈ।ਪੰਜਾਬੀ ਦੇ ਨਾਂਵ ਸ਼ਬਦਾਂ ਵਿਚ ਵਚਨ ਅਤੇ ਕਾਰਕ ਦੇ ਪੱਖ ਤੋਂ ਵਿਕਾਰ ਆਉਂਦਾ ਹੈ ਅਤੇ ਨਾਂਵਾਂ ਨਾਲ ਵਚਨ ਅਤੇ ਕਾਰਕ ਦੇ ਸਾਂਝੇ ਰੂਪਾਂਤਰੀ ਪਿਛੇਤਰ ਲਗਦੇ ਹਨ।ਪੰਜਾਬੀ ਦੇ ਨਾਂਵ ਸ਼ਬਦਾਂ ਵਿਚ ਵਚਨ-ਕਾਰਕ ਦੀ ਤਬਦੀਲੀ ਤਿੰਨ ਢੰਗਾਂ ਨਾਲ ਹੁੰਦੀ ਹੈ:

੧. /-ਆ/ ਅੰਤਕ ਪੁਲਿੰਗ ਨਾਂਵ: ਮੁੰਡਾ, ਸੋਟਾ, ਲੋਟਾ, ਘੋੜਾ, ਬੱਚਾ ਅਤੇ ਕੋਠਾ ਆਦਿ
੨. /-ਆ/ ਅੰਤਕ ਤੋਂ ਬਿਨਾਂ ਬਾਕੀ ਪੁਲਿੰਗ ਨਾਂਵ:ਮਾਲੀ, ਸ਼ੇਰ, ਤੇਲੀ, ਹਾਥੀ,ਰੁੱਖ ਅਤੇ ਪਸ਼ੂ ਆਦਿ।
੩. ਸਾਰੇ ਇਲਿੰਗ ਨਾਂਵ: ਕੁੜੀ, ਘੋੜੀ, ਚਿੜੀ, ਵਸਤ, ਅੱਖ, ਲੱਤ, ਸੜਕ, ਮੂਰਤ ਅਤੇ ਤੇਲਣ ਆਦਿ।

(੧) ਇਕਵਚਨ ਬਹੁਵਚਨ
ਮੁੰਡਾ ਮੁੰਡੇ
ਸੋਟਾ ਸੋਟੇ
ਲੋਟਾ ਲੋਟੇ
ਘੋੜਾ ਘੋੜੇ
ਬੱਚਾ ਬੱਚੇ
ਕੋਠਾ ਕੋਠੇ

(੨) ਮਾਲੀ ਮਾਲੀਆਂ
ਘਰ ਘਰਾਂ
ਸ਼ੇਰ ਸ਼ੇਰਾਂ
ਤੇਲੀ ਤੇਲੀਆਂ
ਹਾਥੀ ਹਾਥੀਆਂ
ਰੁੱਖ ਰੁੱਖਾਂ
ਪਸ਼ੂ ਪਸ਼ੂਆਂ

(੩) ਕੁੜੀ ਕੁੜੀਆਂ
ਘੋੜੀ ਘੋੜੀਆਂ
ਚਿੜੀ ਚਿੜੀਆਂ
ਵੜ੍ਹੀ ਵੜ੍ਹੀਆਂ
ਵਸਤ ਵਸਤਾਂ
ਅੱਖ ਅੱਖਾਂ
ਲੱਤ ਲੱਤਾਂ
ਸੜਕ ਸੜਕਾਂ

ਨਾਂਵ ਸ਼ਬਦਾਂ ਵਾਂਗ ਪੰਜਾਬੀ ਦੇ ਪੜਨਾਂਵ ਸ਼ਬਦ-ਰੂਪ ਵੀ ਵਚਨ ਅਤੇ ਕਾਰਕ ਦੇ ਅਨੁਸਾਰ ਰੂਪਾਂਤਰ ਹੁੰਦੇ ਹਨ।ਇਥੇ ਧਿਆਨਯੋਗ ਨੁਕਤਾ ਇਹ ਹੈ ਕਿ ਉਤਮ ਪੁਰਖ ਪੜਨਾਂਵ ਦਾ ਇਕਵਚਨੀ ਰੂਪ /ਮੈਂ/ ਹੈ ਅਤੇ ਇਸਦੇ ਬਹੁਵਚਨ ਲਈ ਵੱਖਰਾ ਸ਼ਬਦ /ਅਸੀਂ/ ਹੈ ਪਰ ਇਹ ਮੈਂ ਦਾ ਰੂਪਾਂਤਰ ਨਹੀਂ ਹੈ।ਬਾਕੀ ਪੜਨਾਂਵਾਂ ਵਿਚ ਰੂਪਾਂਤਰ ਮੂਲ ਸ਼ਬਦਾਂ ਤੋਂ ਹੀ ਹੁੰਦਾ ਹੈ।ਮਿਸਾਲ ਵਜੋਂ:

ਇਕਵਚਨ ਬਹੁਵਚਨ
ਤੂੰ ਤੁਸੀਂ
ਕੋਈ ਕਈ
ਇਹ ਇਹ, ਉਹ

ਜਿਵੇਂ ਕਿ ਉਪਰ ਦੱਸਿਆ ਹੈ ਕਿ ਵਚਨ ਵਾਕਾਤਮਕ ਕਾਰਜ ਲਈ ਵਿਕਾਰੀ ਸ਼੍ਰੇਣੀ ਹੈ ਪੰਜਾਬੀ ਵਿਚ ਵਚਨ ਦਾ ਵਜੂਦ ਵਿਆਕਰਨਕ ਹੈ।ਇਸ ਲਈ ਨਾਂਵਾਂ ਦੇ ਰੂਪਾਂ ਵਿਚ ਵਚਨ ਦੀ ਤਬਦੀਲੀ ਵਿਸ਼ੇਸ਼ਣਾਂ, ਕਿਰਿਆਵਾਂ ਅਤੇ ਸੰਬੰਧ ਕਾਰਕ ਦੇ ਸੰਬੰਧਕਾਂ (ਦਾ,ਦੇ,ਦੀ ਅਤੇ ਦੀਆਂ) ਦੇ ਰੂਪਾਂ ਵਿਚ ਤਬਦੀਲੀ ਲਿਆਉਂਦੀ ਹੈ।ਅਜਿਹਾ ਵਿਆਕਰਨਕ ਮੇਲ ਲਿਆਉਣ ਲਈ ਹੁੰਦਾ ਹੈ।ਇਕ ਵਿਆਕਰਨਕ ਸ਼੍ਰੇਣੀ ਹੋਣ ਦੇ ਨਾਤੇ ਇਹ ਇਸ ਦਾ ਵਾਕਾਤਮਿਕ ਕਾਰਜ ਹੈ।ਨਾਂਵ ਦੇ ਲਿੰਗ ਵਚਨ ਨਾਲ ਵਿਕਾਰੀ ਵਿਸ਼ੇਸ਼ਣਾਂ ਦੇ ਲਿੰਗ-ਵਚਨ ਦਾ ਮੇਲ ਹੁੰਦਾ ਹੈ।ਮਿਸਾਲ ਵਜੋਂ:

ਕਾਲਾ ਘੋੜਾ, ਕਾਲੇ ਘੋੜੇ, ਕਾਲਿਆਂ ਘੋੜਿਆਂ
ਕਾਲੀ ਘੋੜੀ, ਕਾਲੀਆਂ ਘੋੜੀਆਂ

ਇਸੇ ਤਰ੍ਹਾਂ ਕਿਰਿਆਵਾਂ ਦੇ ਰੂਪ ਵੀ ਬਦਲਦੇ ਹਨ:

੧. ਬੱਚਾ ਰੋਟੀ ਖਾਂਦਾ ਹੈ।
੨. ਬੱਚੇ ਰੋਟੀ ਖਾਂਦੇ ਹਨ।
੩. ਕੁੜੀ ਰੋਟੀ ਖਾਂਦੀ ਹੈ।
੪. ਕੁੜੀਆਂ ਰੋਟੀਆਂ ਖਾਂਦੀਆਂ ਹਨ।

ਕਿਰਿਆ ਦੇ ਰੂਪ ਕਰਤਾ (ਨਾਂਵ) ਦੇ ਲਿੰਗ-ਵਚਨ ਮੁਤਾਬਕ ਹੀ ਬਦਲਦੇ ਹਨ।ਇਹੋ ਨਾਂਵ ਦੇ ਵਚਨ ਦਾ ਵਾਕਾਤਮਿਕ ਕਾਰਜ ਹੈ।ਇਸ ਤਰ੍ਹਾਂ ਨਾਂਵ ਦਾ ਬਾਕੀ ਸ਼ਬਦਾਂ ਨਾਲ ਵਿਆਕਰਨਕ ਸੰਬੰਧ ਸਥਾਪਿਤ ਹੁੰਦਾ ਹੈ।ਇਉਂ ਪੰਜਾਬੀ ਵਿਚ ਵਚਨ ਦੀ ਵਿਆਕਰਨਕ ਸ਼੍ਰੇਣੀ ਨਾਂਵ ਸ਼ਬਦ ਰੂਪਾਂ ਨੂੰ ਰੂਪ ਵਿਗਿਆਨਕ ਪੱਖ ਤੋਂ ਪ੍ਰਭਾਵਿਤ ਕਰਦੀ ਹੈ।ਪੰਜਾਬੀ ਦੇ ਸਮੂਹ ਨਾਂਵ ਸ਼ਬਦ (ਸਜੀਵ/ਅਜੀਵ) ਕਿਸੇ ਨਾ ਕਿਸੇ ਵਚਨ ਦੇ ਧਾਰਨੀ ਹਨ।

ਕਾਰਕ

ਕਾਰਕ ਦੀ ਵਿਆਕਰਨਕ ਸ਼੍ਰੇਣੀ ਦਾ ਸੰਬੰਧ ਭਾਸ਼ਾ ਦੀ ਵਾਕ ਜੁਗਤ ਨਾਲ ਹੈ। ਵਾਕ ਸੰਰਚਨਾ ਵਿਚ ਕਿਸੇ ਨਾਂਵਪਦ ਦੇ ਕਿਰਿਆਪਦ ਨਾਲ ਸੰਬੰਧ ਨੂੰ ਕਾਰਕ ਕਿਹਾ ਜਾਂਦਾ ਹੈ।ਇਉਂ ਕਾਰਕ ਇਕ ਸੰਬੰਧਵਾਚੀ ਸੰਕਲਪ ਹੈ।ਸਰਲ ਸ਼ਬਦਾਂ ਵਿਚ ਵਾਕ ਬਣਤਰ ਵਿਚ ਵਿਚਰਦੇ ਨਾਂਵਪਦਾਂ ਦਾ ਕਿਰਿਆਪਦਾਂ ਨਾਲ ਜੋ ਵਿਆਕਰਨਿਕ ਰਿਸ਼ਤਾ ਬਣਦਾ ਹੈ। ਉਸ ਨੂੰ ਵਿਆਕਰਨ ਦੀ ਤਕਨੀਕੀ ਭਾਸ਼ਾ ਵਿਚ ਕਾਰਕ ਦਾ ਨਾਂ ਦਿੱਤਾ ਗਿਆ ਹੈ। ਇਸ ਤੱਥ ਨੂੰ ਇਕ ਉਦਾਹਰਨ ਰਾਹੀਂ ਸਮਝਦੇ ਹਾਂ:

੧.ਬੱਚਾ ਕਿਤਾਬ ਪੜ੍ਹਦਾ ਹੈ।

ਹੁਣ ਇਸ ਵਾਕ ਵਿਚ ਬੱਚਾ ਅਤੇ ਕਿਤਾਬ ਦੋ ਨਾਂਵਪਦ ਹਨ। ਇਨ੍ਹਾਂ ਦੋਵਾਂ ਦਾ ਕਿਰਿਆ ਪਦ ਪੜ੍ਹਦਾ ਹੈ ਨਾਲ ਵਿਆਕਰਨਕ ਰਿਸ਼ਤਾ ਕ੍ਰਮਵਾਰ ਕਰਤਾ ਅਤੇ ਕਰਮ ਦਾ ਬਣਦਾ ਹੈ। ਭਾਵ ਬੱਚਾ, ਪੜ੍ਹਦਾ ਹੈ ਕਿਰਿਆ ਦਾ ਕਰਤਾ ਹੈ ਅਤੇ ਕਿਤਾਬ ਕਰਮ ਹੈ।ਇਸ ਤਰ੍ਹਾਂ ਇਸ ਵਾਕ ਵਿਚ ਬੱਚਾ ਕਰਤਾ ਕਾਰਕ ਦਾ ਨਾਂਵ ਹੈ ਅਤੇ ਕਿਤਾਬ ਕਰਮ ਕਾਰਕੀ ਸਥਿਤੀ ਦਾ ਨਾਂਵ ਹੈ। ਹੋਰ ਵੀ ਸਰਲ ਸ਼ਬਦਾਂ ਅਸੀਂ ਕਹਿ ਸਕਦੇ ਹਾਂ ਕਿ ਕਾਰਕ ਵਾਕ ਵਿਚ ਨਾਂਵਪਦ ਦਾ ਕਾਰਜ (Function) ਸਪੱਸ਼ਟ ਕਰਦਾ ਹੈ।ਪਰਿਭਾਸ਼ਕ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਵਾਕ ਵਿਚ ਕਿਸੇ ਨਾਂਵ ਦੇ ਕਾਰਜ ਜਾਂ ਸਥਿਤੀ ਨੂੰ ਉਸ ਨਾਂਵ ਦਾ ਕਾਰਕ ਕਿਹਾ ਜਾਂਦਾ ਹੈ।ਇਸ ਤਰ੍ਹਾਂ ਵਾਕ ਬਣਤਰ ਵਿਚ ਜਿਨ੍ਹੇ ਵੀ ਨਾਂਵਪਦ ਹੋਣਗੇ, ਉਨ੍ਹਾਂ ਦਾ ਕਿਰਿਆਪਦ ਨਾਲ ਵਿਆਕਰਨਿਕ ਸੰਬੰਧ ਵੱਖਰੇ ਕਾਰਕ ਵਾਲਾ ਹੋਵੇਗਾ। ਇਸ ਤੱਥ ਨੂੰ ਸਮਝਣ ਲਈ ਹੇਠਲਾ ਵਾਕ ਵੇਖੋ:

੧. ਪਾਰਕ ਵਿਚ ਇਕ ਬੱਚਾ ਆਪਣੀ ਭੈਣ ਲਈ ਹੱਥ ਨਾਲ ਵੇਲ ਤੋਂ ਫੁੱਲ਼ ਤੋੜ ਰਿਹਾ ਹੈ।

ਨੋਟ: ਇਥੇ ਪਦ ਟਰਮ ਵਾਕੰਸ਼ ਲਈ ਵਰਤੀ ਗਈ ਹੈ। ਇਸ ਵਾਕ ਵਿਚ ਤੋੜ ਰਿਹਾ ਹੈ ਕਿਰਿਆ ਪਦ ਦਾ ਨਾਂਵ ਪਦਾਂ ਨਾਲ ਸੰਬੰਧ ਵੇਖੋ:

ਕਾਰਜ ਕਰਤਾ ਕੌਣ ਹੈ = ਬੱਚਾ (ਕਰਤਾ)
ਕੀ ਤੋੜ ਰਿਹਾ ਹੈ = ਫੁੱਲ (ਕਰਮ)
ਕਿਵੇਂ ਤੋੜ ਰਿਹਾ ਹੈ = ਹੱਥ ਨਾਲ (ਕਰਨ)
ਕੀਹਦੇ ਲਈ ਤੋੜ ਰਿਹਾ ਹੈ = ਭੈਣ ਲਈ (ਸੰਪਰਦਾਨ)
ਕਿਥੋਂ ਤੋੜ ਰਿਹਾ ਹੈ = ਵੇਲ ਤੋਂ (ਅਪਾਦਾਨ)
ਕਿਥੇ ਤੋੜ ਰਿਹਾ ਹੈ = ਪਾਰਕ ਵਿਚ (ਅਧਿਕਰਨ)

ਇਸ ਵਾਕ ਵਿਚ ਕਿਰਿਆਪਦ ਦੇ ਵਾਕ ਵਿਚਲੇ ਵੱਖ-ਵੱਖ ਨਾਂਵਾਂ ਨਾਲ ਛੇ ਤਰ੍ਹਾਂ ਦੇ ਸੰਬੰਧ ਬਣਦੇ ਹਨ। ਇਸ ਤਰ੍ਹਾਂ ਕਰਤਾ, ਕਰਮ, ਕਰਣ, ਸੰਪਰਦਾਨ, ਅਪਾਦਾਨ ਅਤੇ ਅਧਿਕਰਨ ਆਦਿ ਛੇ ਕਾਰਕੀ ਸੰਬੰਧ ਇਸ ਵਾਕ ਵਿਚੋਂ ਉਜਾਗਰ ਹੁੰਦੇ ਹਨ। ਪੰਜਾਬੀ ਭਾਸ਼ਾ ਦੇ ਮੁੱਖ ਰੂਪ ਵਿਚ ਇਹ ਛੇ ਹੀ ਕਾਰਕ ਬਣਦੇ ਹਨ।

ਨੋਟ: ਪੰਜਾਬੀ ਭਾਸ਼ਾ ਦੀਆਂ ਵਿਆਕਰਨਾਂ ਵਿਚ ਕਿਰਿਆ ਤੋਂ ਇਲਾਵਾ ਨਾਂਵ ਦਾ ਨਾਂਵ ਨਾਲ ਜੋ ਸੰਬੰਧ ਹੁੰਦਾ ਹੈ, ਉਸਨੂੰ ਸੰਬੰਧ ਕਾਰਕ ਕਿਹਾ ਗਿਆ ਹੈ ਅਤੇ ਇਸੇ ਤਰ੍ਹਾਂ ਨਾਂਵ ਦੇ ਸੰਬੋਧਕੀ ਰੂਪ ਨੂੰ ਸੰਬੋਧਨ ਕਾਰਕ ਦਾ ਨਾਮ ਦਿੱਤਾ ਗਿਆ ਹੈ। ਪਰ ਇਹ ਅਣਕਾਰਕੀ ਸੰਬੰਧ ਹਨ। ਇਸ ਲਈ ਇਥੇ ਛੇ ਕਾਰਕਾਂ ਦਾ ਵੇਰਵਾ ਹੀ ਦਿੱਤਾ ਗਿਆ ਹੈ।

(੧) ਕਰਤਾ ਕਾਰਕ

ਪੰਜਾਬੀ ਵਾਕ ਬਣਤਰ ਵਿਚ ਕਰਤਾ ਕਾਰਕ ਅਜਿਹਾ ਵਿਆਕਰਨਕ ਸੰਬੰਧ ਹੈ ਅਤੇ ਇਹ ਕਿਰਿਆ ਨੂੰ ਕਰਨ ਵਾਲੇ ਦਾ ਅਰਥ-ਭਾਵ ਪ੍ਰਗਟ ਕਰਦਾ ਹੈ ਜੋ ਨਾਂਵ/ਪੜਨਾਂਵ ਦੇ ਮੌਲਿਕ/ਸਧਾਰਨ ਰੂਪ ਦੁਆਰਾ ਪ੍ਰਗਟ ਹੁੰਦਾ ਹੈ। ਕਰਤਾ ਕਾਰਕ ਦੀ ਸਥਿਤੀ ਦਾ ਕ੍ਰਮ ਵਾਕ ਦੇ ਸ਼ੁਰੂ ਵਿਚ ਹੁੰਦਾ ਹੈ ਅਤੇ ਕਰਤਾ ਦੇ ਸਧਾਰਨ ਰੂਪ ਦੀ ਅਕਰਮਕ ਜਾਂ ਸਕਰਮਕ ਕਿਰਿਆ ਨਾਲ ਵਿਆਕਰਨਕ ਸਮਤਾ ਸਹੁੰਦੀ ਹੈ। ਪਰ ਭੂਤਕਾਲੀ ਸਕਰਮਕ ਕਿਰਿਆ ਦੇ ਕਰਤਾ ਨਾਲ ਜਦੋਂ/ਨੇ/ ਸੰਬੰਧਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿਰਿਆ ਦਾ ਮੇਲ ਕਰਮ ਨਾਲ ਹੁੰਦਾ ਹੈ:

੧. ਬੱਚੇ ਖੇਡਦੇ ਹਨ।
੨. ਕੁੜੀ ਰੋਟੀ ਖਾ ਰਹੀ ਹੈ।
੩. ਮੁੰਡੇ ਨੇ ਸਾਰੀ ਕਿਤਾਬ ਪੜ੍ਹ ਦਿੱਤੀ।
੪. ਕੁੜੀ ਨੇ ਸੜਕ ਉਤੇ ਬਹੁਤ ਕਾਰ ਭਜਾਈ।

(੨) ਕਰਮ ਕਾਰਕ

ਕਰਮ ਕਾਰਕ ਕਿਰਿਆ ਦਾ ਮੰਤਵ ਜਾਂ ਪ੍ਰਯੋਜਨ ਉਜਾਗਰ ਕਰਦਾ ਹੈ। ਪੰਜਾਬੀ ਵਾਕ ਦੇ ਸਧਾਰਨ ਕ੍ਰਮ ਵਿਚ ਕਰਮ ਕਾਰਕ ਦੀ ਸਥਿਤੀ/ਸਥਾਨ ਕਰਤਾ ਤੋਂ ਬਾਅਦ ਹੁੰਦਾ ਹੈ। ਪਰ ਜੇ ਵਾਕ ਵਿਚ ਦੋ ਕਰਮ (ਪ੍ਰਧਾਨ ਅਤੇ ਅਪ੍ਰਧਾਨ) ਹੋਣ ਤਾਂ ਪ੍ਰਧਾਨ ਕਰਮ ਕਿਰਿਆ ਤੋਂ ਤੁਰੰਤ ਪਹਿਲਾਂ ਅਤੇ ਅਪ੍ਰਧਾਨ ਕਰਮ ਤੋਂ ਪਿੱਛੋਂ ਆਉਂਦਾ ਹੈ। ਜੇ ਕਰਤਾ ਨਾਲ ਸੰਬੰਧਕ ਹੋਵੇ ਤਾਂ ਕਿਰਿਆ ਦਾ ਮੇਲ ਪ੍ਰਧਾਨ ਕਰਮ ਨਾਲ ਹੀ ਹੁੰਦਾ ਹੈ:

੧. ਦੁਕਾਨਦਾਰ ਨੇ ਬਹੁਤ ਸਾਰੀਆਂ ਕਿਤਾਬਾਂ ਵੇਚੀਆਂ।
੨. ਹੀਰ ਨੇ ਰਾਂਝੇ ਨੂੰ ਬਹੁਤ ਚੂਰੀ ਖੁਆਈ।
੩. ਕੁੜੀਆਂ ਨੇ ੧੦ਵੀਂ ਤੇ ੧੨ਵੀਂ ਦੇ ਇਮਤਿਹਾਨ ਵਿਚ ਬਾਜੀ ਮਾਰੀ।

(੩) ਕਰਨ ਕਾਰਕ

ਵਾਕ ਬਣਤਰ ਵਿਚ ਕਰਨ ਕਾਰਕ ਕਿਸੇ ਕਾਰਜ ਦੇ ਹੋਣ ਦਾ ਸਾਧਨ ਜਾਂ ਢੰਗ ਪ੍ਰਗਟ ਕਰਦਾ ਹੈ। ਪੰਜਾਬੀ ਵਿਚ ਇਸ ਕਾਰਕ ਨੂੰ /-ਈ/ ਵਿਭਕਤੀ ਰੂਪ ਰਾਹੀਂ ਜਾਂ /ਨਾਲ, ਰਾਹੀਂ ਅਤੇ ਦੁਆਰਾ/ ਆਦਿ ਸੰਬੰਧਕਾਂ ਰਾਹੀਂ ਸਾਕਾਰ ਕੀਤਾ ਜਾਂਦਾ ਹੈ:

੧. ਅਜ-ਕਲ੍ਹ ਹਰ ਕੰਮ ਕੰਪਿਊਟਰ ਰਾਹੀਂ ਕੀਤਾ ਜਾਂਦਾ ਹੈ।
੨. ਉਸਨੇ ਆਪਣੇ ਹੱਥੀਂ ਲੋੜਵੰਦਾਂ ਨੂੰ ਚੈੱਕ ਵੰਡੇ।
੩. ਉਸਨੇ ਛੁਰੀ ਨਾਲ ਕੇਕ ਕੱਟਿਆ।
੪. ਅੱਜ-ਕਲ੍ਹ ਲੋਕ ਜਿਆਦਾਤਰ ਨੈੱਟ ਬੈਂਕ ਦੁਆਰਾ ਪੈਸੇ ਦਾ ਲੈਣ-ਦੇਣ ਕਰਦੇ ਹਨ।

(੪) ਸੰਪਰਦਾਨ ਕਾਰਕ

ਇਹ ਕਾਰਕੀ ਸੰਬੰਧ ਕਰਤਾ-ਕਿਰਿਆ ਦੇ ਵਿਚਕਾਰ ਮਿਲਣ ਦੇ ਭਾਵ ਨੂੰ ਪੇਸ਼ ਕਰਦਾ ਹੈ।ਇਸ ਕਾਰਕ ਦਾ ਕਾਰਜ /-ਏ/, /-ਈ/ ਵਿਭਕਤੀਆਂ ਜਾਂ / ਨੂੰ, ਲਈ ਅਤੇ ਵਾਸਤੇ / ਸੰਬੰਧਕਾਂ ਦੁਆਰਾ ਸਾਕਾਰ ਕੀਤਾ ਜਾਂਦਾ ਹੈ।

੧. ਮੁੰਡਾ ਸਹੁਰੀਂ ਚੱਲਿਆ ਹੈ।
੨. ਕਿਸਾਨ ਖੇਤਾਂ ਨੂੰ ਪਾਣੀ ਲਾ ਰਿਹਾ ਹੈ।
੩. ਗੁਰੂ ਤੇਗ ਬਹਾਦਰ ਨੇ ਸਰਬਤ ਦੇ ਭਲੇ ਲਈ ਕੁਰਬਾਨੀ ਦਿੱਤੀ।

(੫) ਅਪਾਦਾਨ ਕਾਰਕ

ਅਪਾਦਾਨ ਕਾਰਕ ਕਿਸੇ ਸਥਾਨ, ਵਿਚਾਰ ਜਾਂ ਕਾਰਜ ਤੋਂ ਵਿਛੜਣ ਜਾਂ ਵੱਖ ਹੋਣ ਦੇ ਭਾਵ ਨੂੰ ਉਜਾਗਰ ਕਰਦਾ ਹੈ।ਇਸ ਕਾਰਕ ਦਾ ਭਾਸ਼ਾਈ ਪ੍ਰਗਟਾਵਾ/- ਓਂ/,/-ਇਓਂ / ਆਦਿ ਵਿਭਕਤੀਆਂ ਰਾਹੀਂ ਜਾਂ /ਤੋਂ/ ਸੰਬੰਧਕ ਰਾਹੀਂ ਕੀਤਾ ਜਾਂਦਾ ਹੈ:

੧. ਉਹ ਘਰੋਂ ਚਲਾ ਗਿਆ।
੨. ਨਵੀਂ ਦਿੱਲੀ ਰੇਲਵੇ ਸਟੇਸ਼ਨ ਸਾਡੇ ਘਰ ਤੋਂ ਕਾਫੀ ਦੂਰ ਹੈ।
੩. ਉਹ ਚਲਦੀ ਗੱਡੀ ਵਿਚੋਂ ਡਿੱਗ ਪਿਆ।

(੬) ਅਧਿਕਰਨ ਕਾਰਕ

ਇਹ ਕਾਰਕ ਕਿਸੇ ਸਥਾਨ ਜਾਂ ਕਾਰਜ ਦੀ ਸਥਿਤੀ ਨੂੰ ਉਜਾਗਰ ਕਰਦਾ ਹੈ।ਅਧਿਕਰਨ ਕਾਰਕ ਸੰਬੰਧਾਂ ਨੂੰ ਜਾਂ ਤਾਂ /-ਏ/ ਅਤੇ /-ਈਂ/ ਵਿਭਕਤੀਆਂ ਰਾਹੀਂ ਅਤੇ ਜਾਂ ਫਿਰ /-ਅੰਦਰ, ਵਿਚ, ਉਤੇ / ਸੰਬੰਧਕਾਂ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ:

੧. ਦੀਵੇ ਥੱਲੇ ਨ੍ਹੇਰਾ।
੨. ਵੋਟਾਂ ਵੇਲੇ ਨੇਤਾ ਲੋਕਾਂ ਦੇ ਪੈਰੀਂ ਪੈ ਜਾਂਦੇ ਹਨ।
੩. ਉਹ ਪਾਰਕ ਵਿਚ ਬੈਠ ਗਿਆ।
੪. ਜਪਾਨ ਵਿਚ ਸੁਨਾਮੀ ਦਾ ਪਾਣੀ ਕੋਠਿਆਂ ਉਤੇ ਚੜ੍ਹ ਗਿਆ।

ਕਾਲ

ਵਿਆਕਰਨਿਕ ਸ਼੍ਰੇਣੀ ਕਾਲ ਨੂੰ ਸਮਝਣ ਲਈ ਇਸ ਨੂੰ ਸਧਾਰਨ ਸਮੇਂ (Time) ਨਾਲੋਂ ਨਿਖੜੇ ਕੇ ਸਮਝਣ ਦੀ ਲੋੜ ਹੈ। ਕਾਲ ਤੇ ਸਮਾਂ ਵੱਖ-ਵੱਖ ਸੰਕਲਪ ਹਨ।ਸਮਾਂ ਤਾਂ ਇਕ ਅਨੰਤ ਆਪਣੀ ਭਾਸ਼ਾਈ ਸੂਝ ਸਦਕਾ ਸਮੇਂ ਦਾ ਨਿਰਪੇਖ ਪ੍ਰਵਾਹ ਨੂੰ ਕੈਲੰਡਰੀ ਇਕਾਈਆਂ ਦੀ ਸਾਪੇਖ ਵੰਡ ਦੇ ਅੰਤਰਗਤ ਪਛਾਣਿਆਂ ਹੈ। ਸੌਰ ਮੰਡਲ ਵਿਚ ਧਰਤੀ ਦੀ ਭੂਗੋਲਿਕ ਸਥਿਤੀ ਨੇ ਮਨੁੱਖ ਨੂੰ ਭਾਸ਼ਾਈ ਕਾਲ-ਵੰਡ ਕਰਨ ਦੀ ਸੋਝੀ ਪ੍ਰਦਾਨ ਕੀਤੀ ਹੈ।ਦਿਨ-ਰਾਤ ਦੀ ਚੱੱਕਰਗਤੀ ਅਤੇ ਰੁਤ-ਬਦਲੀ ਦੀ ਬਾਕਾਇਦਗੀ ਅਜਿਹੀ ਵੰਡ ਦਾ ਪ੍ਰੇਰਨਾ- ਸ੍ਰੋਤ ਹੈ।ਇਸਦੇ ਸਿੱਟੇ ਵਜੋਂ ਮਨੁੱਖ ਸਮੇਂ ਨੂੰ ਘੜੀਆਂ, ਪਹਿਰਾਂ, ਮਹੀਨਿਆਂ ਅਤੇ ਸਾਲਾਂ ਦੇ ਪ੍ਰਬੰਧ ਵਿਚ ਰੱਖ ਕੇ ਵੇਖ ਲੈਂਦਾ ਹੈ।ਇਸੇ ਤਰ੍ਹਾਂ ਸਮਾਂ ਇਕ ਗੈਰ-ਭਾਸ਼ਾਈ ਜਾਂ ਅਵਿਆਕਰਨਕ ਵਰਤਾਰਾ ਹੈ ਜਿਸਦਾ ਸੰਬੰਧ ਕਲ੍ਹ, ਅੱਜ ਤੇ ਭਲਕ ਨਾਲ ਹੀ ਹੁੰਦਾ ਹੈ ਜਦਕਿ ਕਾਲ ਇਕ ਭਾਸ਼ਾਈ ਜਾਂ ਵਿਆਕਰਨਕ ਸ਼੍ਰੇਣੀ ਹੈ। ਵਿਆਕਰਨਿਕ ਸ਼੍ਰੇਣੀ ਦੇ ਤੌਰ ’ਤੇ ਕਾਲ ਦਾ ਸੰਬੰਧ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਨਾਲ ਹੁੰਦਾ ਹੈ।ਇਸ ਪ੍ਰਕਾਰ ਕਾਲ ਕਿਰਿਆਵੀ ਸ਼ਬਦਾਂ ਦੀ ਵਿਆਕਰਨਕ ਸ਼੍ਰੇਣੀ ਹੈ। ਕਾਲ ਦੀ ਸ਼੍ਰੇਣੀ ਵਾਕ ਵਿਚਲੇ ਕਾਰਜ ਜਾਂ ਦਸ਼ਾ ਦੇ ਸਮੇਂ ਨੂੰ ਉਚਾਰ ਜਾਂ ਬੋਲਣ ਦੇ ਸਮੇਂ ਨਾਲ ਜੋੜਦੀ ਹੈ।ਮਿਸਾਲ ਵਜੋਂ ਹੇਠ ਲਿਖੇ ਵਾਕ ਵੇਖੋ:

੧.ਬੱਚਾ ਪੜ੍ਹ ਰਿਹਾ ਹੈ
੨.ਬੱਚਾ ਪੜ੍ਹ ਰਿਹਾ ਸੀ
੩.ਬੱਚਾ ਕਲ੍ਹ ਨੂੰ ਪੜ੍ਹੇਗਾ

ਵਾਕ ਪਹਿਲੇ ਵਿਚ ਪੜ੍ਹਨ ਦਾ ਕਾਰਜ ਵਾਕ ਨੂੰ ਬੋਲਣ ਵੇਲੇ ਹੀ ਹੋ ਰਿਹਾ ਹੈ। ਪਰ ਵਾਕ ਦੂਜੇ ਵਿਚ ਪੜ੍ਹਨ ਦਾ ਕਾਰਜ ਬੋਲਣ ਦੇ ਵੇਲੇ ਤੋਂ ਪਹਿਲਾਂ ਹੋਇਆ ਹੈ।ਤੀਜੇ ਵਾਕ ਵਿਚ ਪੜ੍ਹਨ ਦਾ ਕਾਰਜ ਵਾਕ ਨੂੰ ਬੋਲਣ ਤੋਂ ਬਾਅਦ ਵਿਚ ਹੋਣ ਵਾਲਾ ਹੈ।ਵਿਆਕਰਨ ਦੀ ਤਕਨੀਕੀ ਭਾਸ਼ਾ ਵਿਚ ਪਹਿਲੇ ਵਾਕ ਵਿਚਲੇ ਸਮੇਂ ਦੇ ਪ੍ਰਗਟਾਵੇ ਨੂੰ ਵਰਤਮਾਨ ਕਾਲ, ਦੂਜੇ ਵਾਕ ਵਿਚਲੇ ਸਮੇਂ ਦੇ ਪ੍ਰਗਟਾਵੇ ਨੂੰ ਭੂਤਕਾਲ ਅਤੇ ਤੀਜੇ ਵਾਕ ਵਿਚਲੇ ਸਮੇਂ ਦੇ ਪ੍ਰਗਟਾਵੇ ਨੂੰ ਭਵਿੱਖ ਕਾਲ ਦਾ ਨਾਂ ਦਿੱਤਾ ਜਾਂਦਾ ਹੈ।

ਇਹ ਤਿੰਨ ਉਦਾਹਰਨਾਂ ਬੜੀਆਂ ਸਰਲ ਜਿਹੀਆਂ ਹਨ ਪਰ ਹਰ ਭਾਸ਼ਾ ਵਿਚ ਸਮੇਂ ਨੂੰ ਪ੍ਰਗਟ ਕਰਨ ਦੀਆਂ ਕਈ ਵਿਧੀਆਂ ਹੁੰਦੀਆਂ ਹਨ। ਜਿਵੇਂ ਉਪਰੋਕਤ ਵਾਕਾਂ ਵਿਚ ਪਹਿਲੇ ਦੋ ਵਾਕਾਂ ਵਿਚ ਕਾਲ ਦਾ ਪ੍ਰਗਟਾਵਾ ਸਹਾਇਕ ਕਿਰਿਆਵਾਂ ਹੈ ਅਤੇ ਸੀ ਰਾਹੀਂ ਹੋਇਆ ਹੈ ਪਰ ਤੀਜੇ ਵਾਕ ਵਿਚ ਕਾਲ ਦਾ ਪ੍ਰਗਟਾਵਾ ਮੁੱਖ ਕਿਰਿਆ ਦੇ ਭਵਿੱਖ-ਰੂਪ ਰਾਹੀਂ ਹੋਇਆ ਹੈ। ਕਈ ਵਾਰ ਕਾਲ ਦਾ ਪ੍ਰਗਟਾਵਾ ਕਿਰਿਆ ਵਿਸ਼ੇਸ਼ਣਾਂ ਰਾਹੀਂ ਵੀ ਹੋ ਜਾਂਦਾ ਹੈ। ਜਿਵੇਂ:

ਸੁਰਜੀਤ ਸਿੰਘ ਕਲ੍ਹ ਨੂੰ ਦਿੱਲੀ ਜਾ ਰਿਹਾ ਹੈ।

ਇਸ ਵਾਕ ਵਿਚ ਕਾਲ ਦਾ ਪ੍ਰਗਟਾਵਾ ਕਿਰਿਆ ਵਿਸ਼ੇਸ਼ਣ ਕੱਲ੍ਹ ਰਾਹੀਂ ਹੋਇਆ ਹੈ। ਪਰ ਆਮ ਤੌਰ ’ਤੇ ਕਾਲ ਦਾ ਪ੍ਰਗਟਾਵਾ ਕਿਰਿਆ-ਰੂਪਾਂ ਰਾਹੀਂ ਹੀ ਹੁੰਦਾ ਹੈ ਅਤੇ ਕਾਲ ਅਨੁਸਾਰ ਹੀ ਕਿਰਿਆ-ਰੂਪਾਂ ਵਿਚ ਵਿਕਾਰ ਆਉਂਦਾ ਹੈ। ਵੱਖ-ਵੱਖ ਭਾਸ਼ਾਵਾਂ ਵਿਚ ਕਾਲ ਨੂੰ ਪ੍ਰਗਟ ਦੀਆਂ ਜੁਗਤਾਂ ਵੀ ਵੱਖ-ਵੱਖ ਹੁੰਦੀਆਂ ਹਨ।ਮਸਲਨ ਅੰਗਰੇਜ਼ੀ ਕਿਰਿਆਵਾਂ ਦੇ ਦੋ ਹੀ ਕਾਲ ਮੰਨੇ ਗਏ ਹਨ। ਵਾਸਤਵ ਵਿਚ ਸਾਰੀਆਂ ਭਾਸ਼ਾਵਾਂ ਵਿਚ ਭੂਤ, ਵਰਤਮਾਨ ਅਤੇ ਭਵਿੱਖ ਕਾਲ ਨੂੰ ਪ੍ਰਗਟ ਕਰਨ ਦੀਆਂ ਵੱਖ-ਵੱਖ ਜੁਗਤਾਂ ਹਨ। ਇਸ ਲਈ ਜਦੋਂ ਅਸੀਂ ਕਿਰਿਆ ਦੇ ਕਾਲ ਦੀ ਗੱਲ ਕਰਦੇ ਹਾਂ ਤਾਂ ਭਾਸ਼ਾਵਾਂ ਇਸ ਪੱਖੋਂ ਵਿਚ ਵਖਰੇਵੇਂ ਪਾਏ ਜਾਂਦੇ ਹਨ। ਪੰਜਾਬੀ ਭਾਸ਼ਾ ਵਿਚ ਭੂਤ, ਵਰਤਮਾਨ ਅਤੇ ਭਵਿੱਖ ਕਾਲ ਦਾ ਪ੍ਰਗਟਾਵਾ ਤਾਂ ਹੁੰਦਾ ਹੈ ਪਰ ਪੰਜਾਬੀ ਕਿਰਿਆ ਇਨ੍ਹਾਂ ਤਿੰਨਾਂ ਕਾਲਾਂ ਨੂੰ ਸਿੱਧੇ ਰੂਪ ਵਿਚ ਪ੍ਰਗਟ ਨਹੀਂ ਕਰਦੀ। ਕਾਲ ਦੇ ਨਜ਼ਰੀਏ ਤੋਂ ਪੰਜਾਬੀ ਕਿਰਿਆਵਾਂ ਦੇ ਦੋ ਹੀ ਰੂਪ ਮਿਲਦੇ ਹਨ: ਭੂਤ ਅਤੇ ਭਵਿੱਖ। ਮਿਸਾਲ ਲਈ ਪੜ੍ਹਿਆ ਅਤੇ ਪੜ੍ਹੇਗਾ ਕਿਰਿਆ ਰੂਪ ਕ੍ਰਮਵਾਰ ਭੂਤਕਾਲ ਅਤੇ ਭਵਿੱਖਕਾਲ ਨੂੰ ਪ੍ਰਗਟ ਕਰਦੇ ਹਨ। ਪੰਜਾਬੀ ਵਿਆਕਰਨਾਂ ਵਿਚ ਪੜ੍ਹਦਾ, ਕਰਦਾ ਅਤੇ ਲਿਖਦਾ ਆਦਿ ਕਿਰਿਆ ਰੂਪਾਂ ਨੂੰ ਵਰਤਮਾਨ ਕਾਲ ਦੀਆਂ ਕਿਰਿਆਵਾਂ ਲਿਖਿਆ ਗਿਆ ਹੈ ਪਰ ਇਹ ਗਲਤ ਹੈ।ਅਸਲ ਵਿਚ ਇਹ ਕਾਲ ਰੂਪ ਨਹੀਂ ਇਹ ਪੱਖ ਰੂਪ ਹੈ।ਕਾਲ ਦਾ ਸੰਬੰਧ ਕਿਰਿਆ ਦੇ ਵਿਕਾਰੀ ਰੂਪਾਂ ਨਾਲ ਹੁੰਦਾ ਹੈ ਅਤੇ ਇਥੇ ਕਿਰਿਆ ਦੇ ਰੂਪ ਅਤੇ ਸਮੇਂ ਦੇ ਸੰਕਲਪ ਵਿਚਕਾਰ ਤਾਲਮੇਲ ਕੀਤਾ ਜਾਂਦਾ ਹੈ। ਇਸ ਪੱਖੋਂ ਪੰਜਾਬੀ ਭਾਸ਼ਾ ਦੀਆਂ ਕਿਰਿਆਵਾਂ ਦੇ ਰੂਪ ਹੇਠ ਲਿਖੇ ਵਰਗਾਂ ਵਿਚ ਵੰਡੇ ਜਾ ਸਕਦੇ ਹਨ:

੧. ਮੁੱਖ ਕਿਰਿਆਵਾਂ ਦੇ ਕਾਲਕੀ ਰੂਪ:ਭੂਤ ਅਤੇ ਭਵਿੱਖ ਕਾਲ
੨. ਸਹਾਇਕ ਕਿਰਿਆਵਾਂ ਦੇ ਕਾਲਕੀ ਰੂਪ: ਵਰਤਮਾਨ ਅਤੇ ਭੂਤ ਕਾਲ
੩. ਆਗਿਆਰਥਕ ਕਿਰਿਆਵਾਂ ਦਾ ਕਾਲ: ਹੁਕਮੀ ਅਤੇ ਸੰਭਾਵੀ

(੧) ਮੁੱਖ ਕਿਰਿਆਵਾਂ ਦੇ ਕਾਲਕੀ ਰੂਪ:- ਪੰਜਾਬੀ ਦੀਆਂ ਮੁੱਖ ਕਿਰਿਆਵਾਂ ਵਿਚ ਭੂਤ ਅਤੇ ਭਵਿੱਖ ਕਾਲ ਦੇ ਪੱਖ ਤੋਂ ਵਿਕਾਰ ਆਉਂਦਾ ਹੈ। ਇਨ੍ਹਾਂ ਕਾਲਾਂ ਮੁਤਾਬਿਕ ਪੰਜਾਬੀ ਭਾਸ਼ਾ ਦੀਆਂ ਕਿਰਿਆਵਾਂ ਦੇ ਰੂਪ ਇਸ ਤਰ੍ਹਾਂ ਬਣਦੇ ਹਨ:

(ੳ) ਭੂਤ ਕਾਲ :- ਪੰਜਾਬੀ ਭਾਸ਼ਾ ਦੀਆਂ ਮੁੱਖ ਕਿਰਿਆਵਾਂ ਦੇ ਭੂਤਕਾਲੀ ਰੂਪ /-ਇਆ/,/-ਏ/,/- ਈ/,/-ਈਆਂ/ ਆਦਿ ਪਿਛੇਤਰ ਲਗਾ ਕੇ ਬਣਦੇ ਹਨ। ਜਿਵੇਂ:

ਆ + ਈਆ = ਆਇਆ (ਪੁਲਿੰਗ + ਇਕਵਚਨ)
ਆ + ਏ = ਆਏ (ਪੁਲਿੰਗ + ਬਹੁਵਚਨ)
ਆ + ਈ = ਆਈ (ਇਲਿੰਗ+ ਇਕਵਚਨ)
ਆ + ਈਆਂ = ਆਈਆਂ (ਇਲਿੰਗ+ ਬਹੁਵਚਨ)

ਨੋਟ: ਧਾਤੂ ਦੀ ਥਾਂ ਇਸ ਵਰਗ ਦੀ ਕੋਈ ਵੀ ਧਾਤੂ ਲਈ ਜਾ ਸਕਦੀ ਹੈ। ਸਾਰੀਆਂ ਦੇ ਰੂਪ ਇਸੇ ਤਰ੍ਹਾਂ ਬਣਨਗੇ।ਪਰ ਜਾ ਧਾਤੂ ਤੋਂ ਗਿਆ, ਗਏ, ਗਈ, ਗਈਆਂ ਦਾ ਅਪਵਾਦ ਹੈ। ਭੂਤਕਾਲੀ ਕਿਰਦੰਤਾਂ ਦਾ ਇਕ ਹੋਰ ਵਰਗ ਕੀਤਾ, ਸੀਤਾ ਅਤੇ ਪੀਤਾ ਬਣਦਾ ਹੈ।

(ਅ) ਭਵਿੱਖਕਾਲ: ਪੰਜਾਬੀ ਕਿਰਿਆਵੀ ਸ਼ਬਦਾਂ ਦਾ ਦੂਜਾ ਵਿਕਾਰੀ ਰੂਪ ਭਵਿੱਖਕਾਲ ਬੋਧਕ ਹੈ।

ਭਵਿੱਖਕਾਲੀ ਰੂਪ /-ਆਂਗਾ/, /-ਆਂਗੇ/, /-ਏਂਗਾ/, /-ਓਗੇ/, /-ਏਗਾ/ ਅਤੇ /-ਨਗੇ/ ਆਦਿ ਪਿਛੇਤਰ ਲਾਇਆਂ ਬਣਦੇ ਹਨ। ਜਿਵੇਂ:

ਕਰ + ਆਂਗਾ/ਆਂਗੀ = ਕਰਾਂਗਾ, ਕਰਾਂਗੀ
ਕਰ + ਆਂਗੇ/ਆਂਗੀਆਂ = ਕਰਾਂਗੇ, ਕਰਾਂਗੀਆਂ
ਕਰ + ਏਂਗਾ/ਏਂਗੀ = ਕਰੇਂਗਾ, ਕਰੇਂਗੀ
ਕਰ + ਓਗੇ/ਓਗੀਆਂ = ਕਰੋਗੇ, ਕਰੋਗੀਆਂ
ਕਰ + ਏਗਾ/ਏਗੀ = ਕਰੇਗਾ, ਕਰੇਗੀ
ਕਰ + ਨਗੇ/ਨਗੀਆਂ = ਕਰਨਗੇ, ਕਰਨਗੀਆਂ

(੨) ਸਹਾਇਕ ਕਿਰਿਆਵਾਂ ਦੇ ਕਾਲਕੀ ਰੂਪ: ਪੰਜਾਬੀ ਦੀਆਂ ਸਹਾਇਕ ਕਿਰਿਆਂ ਸਿਰਫ਼ ਦੋ ਕਾਲਾਂ ਵਰਤਮਾਨ ਅਤੇ ਭੂਤ ਕਾਲ ਦੀਆਂ ਸੂਚਕ ਹਨ।ਇਹ ਦੋਵੇਂ ਕਿਰਿਆਵਾਂ ਹ ਅਤੇ ਸ ਧਾਤੂ ਤੋਂ ਬਣਦੀਆਂ ਹਨ। ਇਨ੍ਹਾਂ ਦੇ ਵੱਖ-ਵੱਖ ਰੂਪ ਹੇਠ ਲਿਖੇ ਅਨੁਸਾਰ ਹਨ:

ਵਰਤਮਾਨ ਕਾਲ : ਹੈ, ਹੈਂ, ਹਾਂ, ਹੋ, ਹਨ।
ਭੂਤਕਾਲ: ਸਾਂ, ਸੀ, ਸੈਂ, ਸੋ, ਸਨ।

ਪੰਜਾਬੀ ਦੀਆਂ ਸਹਾਇਕ ਕਿਰਿਆਵਾਂ ਮੁੱਖ ਕਿਰਿਆ ਦੇ ਕਾਲ ਨੂੰ ਆਪਣੇ ਅਨੁਸਾਰ ਕਰ ਲੈਂਦੀਆਂ ਹਨ। ਜਿਵੇਂ:

੧. ਮੁੰਡਾ ਪੜ੍ਹਦਾ ਹੈ
੨. ਮੁੰਡਾ ਪੜ੍ਹਦਾ ਸੀ
੩. ਬੱਚੇ ਨੇ ਸ਼ੇਰ ਵੇਖਿਆ ਹੈ
੪. ਬੱਚੇ ਨੇ ਸ਼ੇਰ ਵੇਖਿਆ ਸੀ

(੩) ਅਗਿਆਰਥਕ ਕਿਰਿਆਵਾਂ ਦਾ ਕਾਲ: ਇਨ੍ਹਾਂ ਕਿਰਿਆਵਾਂ ਦਾ ਕਾਲ ਹੁਕਮੀ ਜਾਂ ਸੰਭਾਵੀ ਭਵਿੱਖ ਹੁੰਦਾ। ਇਸ ਦੇ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ:

੧. ਤੂੰ ਜਾਹ / ਤੁਸੀਂ ਜਾਓ।
੨. ਉਹ ਜਾਵੇ/ ਉਹ ਜਾਣ।
੩. ਮੈਂ ਜਾਵਾਂ/ ਅਸੀਂ ਜਾਈਏ।

ਪੰਜਾਬੀ ਭਾਸ਼ਾ ਦੀਆਂ ਕਿਰਿਆਵਾਂ ਦੇ ਰੂਪ ਇਸ ਤਰ੍ਹਾਂ ਤਿੰਨ ਕਾਲਾਂ ਦੇ ਮੁਤਾਬਕ ਬਣਦੇ ਹਨ। ਸੰਖੇਪ ਵਿਚ ਕਾਲ ਕਿਰਿਆ ਦੀ ਵਿਕਾਰੀ ਸ਼੍ਰੇਣੀ ਹੈ ਅਤੇ ਇਸਦਾ ਸੰਬੰਧ ਕਿਰਿਆਵੀ ਸ਼ਬਦਾਂ ਵਿਚ ਆਉਂਦੇ ਵਿਕਾਰ ਨਾਲ ਹੈ।

੫.੨ ਸ਼ਬਦ ਸ਼੍ਰੇਣੀਆਂ

ਨਾਂਵ

ਭਾਸ਼ਾ ਦਾ ਜਿਹੜਾ ਸ਼ਬਦ ਕਿਸੇ ਵਿਅਕਤੀ, ਪ੍ਰਾਣੀ, ਵਸਤ, ਗੁਣ, ਵਿਚਾਰ, ਸੰਕਲਪ, ਸਥਿਤੀ ਆਦਿ ਦਾ ਬੋਧ ਕਰਾਏ, ਉਸ ਨੂੰ ਵਿਆਕਰਨ ਵਿਚ ਨਾਂਵ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।ਜਿਵੇਂ: ਗੁਰੂ ਨਾਨਕ ਦੇਵ, ਕ੍ਰਿਸ਼ਨ, ਆਦਮੀ, ਪਹਾੜ, ਸੂਰਜ, ਸੱਚ, ਧਰਮ, ਭਾਰਤ, ਦਿੱਲੀ, ਪੰਜਾਬ, ਮੈਟਰੋ, ਫੌਜ, ਲੋਕ ਸਭਾ, ਕੰਪਨੀ, ਸਕੂਲ, ਆਦਿ ਸਭ ਨਾਂਵ ਸ਼ਬਦ ਹਨ।

ਸਥਾਪਤੀ

ਅਰਥਾਂ ਦੇ ਆਧਾਰ ’ਤੇ ਨਾਂਵ ਸ਼ਬਦਾਂ ਦੀਆਂ ਦੋ ਮੁੱਖ ਸ਼੍ਰੇਣੀਆਂ ਬਣਦੀਆਂ ਹਨ : ਨਿੱਜੀ ਜਾਂ ਖਾਸ ਨਾਂਵ ਅਤੇ ਆਮ ਜਾਂ ਸਧਾਰਨ ਨਾਂਵ। ਸਧਾਰਨ ਨਾਂਵ ਦੀਆਂ ਅੱਗੇ ਚਾਰ ਉਪ ਸ਼੍ਰੇਣੀਆਂ ਹਨ :

ਜਾਤੀਵਾਚਕ, ਇਕੱਠਵਾਚਕ, ਪਦਾਰਥਬੋਧਕ ਤੇ ਭਾਵਵਾਚੀ।

(ੳ) ਨਿੱਜਵਾਚਕ ਨਾਂਵ

ਜਿਨ੍ਹਾਂ ਸ਼ਬਦਾਂ ਰਾਹੀਂ ਸਾਨੂੰ ਕਿਸੇ ਵੀ ਖਾਸ ਚੀਜ ਜਿਵੇਂ ਵਿਅਕਤੀ, ਜੀਵ, ਥਾਂ, ਵਸਤੂ ਦਾ ਬੋਧ ਹੁੰਦਾ ਹੈ, ਉਸ ਨੂੰ ਅਸੀਂ ਨਿੱਜ-ਵਾਚਕ ਨਾਂਵ ਆਖਦੇ ਹਾਂ। ਜਿਵੇਂ: ਸੁਰਿੰਦਰ ਸਿੰਘ, ਰਾਸ਼ਟਰਪਤੀ, ਅੰਮ੍ਰਿਤਸਰ, ਯਮਨਾ, ਚੰਡੀਗੜ੍ਹ, ਜਲੰਧਰ, ਚਾਂਦਨੀ ਚੌਂਕ, ਲਾਲ ਕਿਲਾ, ਆਦਿ। ਇਸ ਸ਼੍ਰੇਣੀ ਦੇ ਸ਼ਬਦਾਂ ਦਾ ਬਹੁਵਚਨ ਨਹੀਂ ਬਣਦਾ।

(ਅ) ਜਾਤੀਵਾਚਕ ਨਾਂਵ

ਜੋ ਸ਼ਬਦ ਸਮੁੱਚੀ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਨ ,ਉਸ ਨੂੰ ਜਾਤੀ-ਵਾਚਕ ਨਾਂਵ ਆਖਦੇ ਹਨ। ਜਿਵੇਂ: ਪੁੱਤ, ਧੀ, ਕੁੜੀ, ਮਾਂ, ਬਾਪ, ਕੁੱਤਾ, ਕਬੂਤਰ, ਚਾਚਾ, ਭੂਆ, ਸ਼ਹਿਰ, ਦੁਕਾਨ, ਕਿਤਾਬ, ਸਬਜੀ, ਕਲੌਨੀ, ਪਾਰਕ, ਖੇਤ ਆਦਿ। ਇਸ ਸ਼੍ਰੇਣੀ ਦੇ ਸ਼ਬਦਾਂ ਦਾ ਬਹੁਵਚਨ ਵੀ ਬਣਦਾ ਹੈ।

(ੲ) ਇੱਕਠਵਾਚਕ ਨਾਂਵ

ਜਿਨ੍ਹਾਂ ਸ਼ਬਦ ਰਾਹੀਂ ਸਾਨੂੰ ਵਿਅਕਤੀਆਂ, ਜੀਵਾਂ ਦੇ ਸਮੂਹ ਦੀ ਜਾਣਕਾਰੀ ਮਿਲੇ ਜਾਂ ਗਿਣਨ ਯੋਗ ਵਸਤਾਂ ਦੇ ਇਕੱਠ ਬਾਰੇ ਪਤਾ ਲੱਗੇ ,ਉਸ ਨੂੰ ਇੱਕਠਵਾਚਕ ਨਾਂਵ ਕਿਹਾ ਜਾਂਦਾ ਹੈ।ਜਿਵੇਂ: ਪੁਲਿਸ, ਕਲਾਸ, ਭੀੜ, ਜਥਾ, ਪੰਕਤੀ, ਟੀਮ, ਜਥਾ, ਬਰਾਤ, ਡਾਰ, ਢੇਰ, ਇੱਜੜ ਆਦਿ ਨੂੰ ਇਕੱਠਵਾਚਕ ਨਾਂਵ/ ਸਮੂਹ ਵਾਚਕ ਨਾਂਵ ਆਖਦੇ ਹਨ।

(ਸ) ਪਦਾਰਥਵਾਚਕ ਨਾਂਵ

ਜਿਨ੍ਹਾਂ ਸ਼ਬਦਾਂ ਤੋਂ ਕਿਸੇ ਤੋਲੇ, ਮਿਣੇ, ਗਿਣੇ ਜਾ ਸਕਣ ਵਾਲ਼ੇ ਪਦਾਰਥ ਬਾਰੇ ਪਤਾ ਲੱਗੇ,ਉਸ ਨੂੰ ਪਦਾਰਥਵਾਚਕ ਨਾਂਵ ਆਖਦੇ ਹਨ। ਜਿਵੇਂ: ਮਿੱਟੀ, ਇੱਟਾਂ, ਬਜਰੀ, ਚੀਨੀ, ਸੱਕਰ, ਦੁੱਧ, ਪਾਣੀ, ਤੇਲ, ਚਾਂਦੀ, ਲੋਹਾ, ਸੀਮਿੰਟ, ਕਣਕ ਅਤੇ ਦਾਲ ਆਦਿ ਨੂੰ ਪਦਾਰਥਵਾਚਕ ਨਾਂਵ ਜਾਂ ਵਸਤੂਵਾਚਕ ਨਾਂਵ ਵੀ ਕਿਹਾ ਜਾਂਦਾ ਹੈ।

(ਹ) ਭਾਵਵਾਚਕ ਨਾਂਵ

ਜੋ ਨਾਂਵ ਸ਼ਬਦ ਕਿਸੇ ਭਾਵ, ਗੁਣ,ਹਾਲਤ, ਵਿਚਾਰ, ਸੰਕਲਪ ਆਦਿ ਬਾਰੇ ਜਾਣਕਾਰੀ ਦੇਣ,ਉਨ੍ਹਾਂ ਸ਼ਬਦਾਂ ਨੂੰ ਭਾਵਵਾਚਕ ਨਾਂਵ ਸ਼੍ਰੇਣੀ ਅਧੀਨ ਰੱਖਿਆ ਜਾਂਦਾ ਹੈ। ਜਿਵੇਂ: ਖੁਸ਼ਬੂ, ਪਿਆਰ, ਪ੍ਰੇਮ, ਸੁੰਦਰਤਾ, ਅਮੀਰੀ, ਸਿਹਤ, ਕੁਰਬਾਨੀ, ਬਿਮਾਰੀ, ਖੁਸ਼ੀ, ਦੁੱਖ, ਸੁੱਖ, ਗੁੱਸਾ, ਸ਼ਹੀਦੀ, ਬੁਢਾਪਾ ਅਤੇ ਬਚਪਨ ਆਦਿ।

੨. ਨਾਂਵ ਸ਼ਬਦਾਂ ਦੀ ਸਥਾਪਤੀ ਦਾ ਦੂਜਾ ਆਧਾਰ ਵਾਕ ਜੁਗਤ ਵਿਚ ਇਨ੍ਹਾਂ ਸ਼ਬਦਾਂ ਦਾ ਵਿਚਰਨ ਸਥਾਨ ਤੇ ਵਾਕਾਤਮਕ ਕਾਰਜ ਹੈ। ਪੰਜਾਬੀ ਵਾਕ ਜੁਗਤ ਵਿਚ ਨਾਂਵ ਸ਼੍ਰੇਣੀ ਨਾਲ ਸੰਬੰਧਿਤ ਸ਼ਬਦ ਆਮ ਤੌਰ ਤੇ ਕਿਰਿਆ ਦੇ ਕਰਤਾ ਤੇ ਕਰਮ (ਅਪਰਧਾਨ ਕਰਮ ਤੇ ਪਰਧਾਨ ਕਰਮ) ਵਜੋਂ ਕਾਰਜ ਕਰਦੇ ਹਨ ਅਤੇ ਇਨ੍ਹਾਂ ਦਾ ਵਾਕ ਵਿਚ ਵਿਚਰਨ ਸਥਾਨ ਤਰਤੀਬਵਾਰ ਪਹਿਲਾ,ਦੂਜਾ ਤੇ ਤੀਜਾ ਹੁੰਦਾ ਹੈ। ਮਿਸਾਲ ਵਜੋਂ:

(ੳ) ਵਿਦਿਆਰਥੀ ਕਿਤਾਬਾਂ ਪੜ੍ਹਦੇ ਹਨ
੧ ੨ ਕਿ.ਵ.

(ਅ) ਮਾਂ ਨੇ ਪੁੱਤਰ ਨੂੰ ਰੋਟੀ ਖੁਆਈ।
੧ ੨ ੩ ਕਿ.ਵ.

ਪੰਜਾਬੀ ਨਾਂਵ ਸ਼ਬਦਾਂ ਦਾ ਰੂਪ : ਪੰਜਾਬੀ ਭਾਸ਼ਾ ਦੇ ਨਾਂਵ ਸ਼ਬਦ ਵਿਕਾਰੀ ਗੁਣਾਂ ਦੇ ਧਾਰਨੀ ਹਨ ਅਰਥਾਤ ਨਾਂਵ ਵਿਕਾਰੀ ਸ਼ਬਦ ਸ਼੍ਰੇਣੀ ਹੈ। ਵਿਕਾਰੀ ਤੋਂ ਭਾਵ ਇਸ ਦੇ ਰੂਪਾਂ ਵਿਚ ਤਬਦੀਲੀ ਆਉਂਦੀ ਹੈ। ਜਿਵੇਂ: ਮੁੰਡਾ ਤੋਂ ਮੁੰਡੇ ਆਦਿ। ਲਿੰਗ (Gender) ਪੰਜਾਬੀ ਨਾਂਵ ਸ਼ਬਦਾਂ ਦੇ ਅੰਦਰੂਨੀ ਸਰੂਪ ਵਿਚ ਹੀ ਅੰਤਰ ਨਿਹਿਤ ਹੁੰਦਾ ਹੈ। ਇਸ ਲਈ ਪੰਜਾਬੀ ਨਾਂਵ ਸ਼ਬਦਾਂ ਦਾ ਵਿਆਕਰਨਿਕ ਵਿਸ਼ਲੇਸ਼ਣ ਕਰਦਿਆਂ, ਇਨ੍ਹਾਂ ਨੂੰ ਪੁਲਿੰਗ ਅਤੇ ਇਲਿੰਗ ਨਾਵਾਂ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।

(ੳ) ਪੁਲਿੰਗ ਨਾਂਵ

ਇਨ੍ਹਾਂ ਦੀਆਂ ਦੋ ਸ਼੍ਰੇਣੀਆਂ ਹਨ। ਪਹਿਲੀ ਸ਼੍ਰੇਣੀ ਵਿਚ ਉਹ ਨਾਂਵ ਆਉਂਦੇ ਹਨ, ਜਿਨ੍ਹਾਂ ਦੇ ਰੂਪ ਤੋਂ ਉਨ੍ਹਾਂ ਦੇ ਪੁਲਿੰਗ ਦਾ ਸੰਕੇਤ ਮਿਲ ਜਾਂਦਾ ਹੈ। ਮੁੰਡਾ, ਘੋੜਾ, ਗੱਡਾ, ਬੋਤਾ, ਕੋਠਾ ਆਦਿ ਦਾ ਅੰਤਿਮ /-ਆ/ ਇਸ ਗੱਲ ਦਾ ਸੰਕੇਤ ਹੈ ਕਿ ਇਹ ਸਾਰੇ ਨਾਂਵ ਪੁਲਿੰਗ ਹਨ। ਦੂਜੀ ਸ਼੍ਰੇਣੀ ਵਿਚ ਉਹ ਪੁਲਿੰਗ ਨਾਂਵ ਆਉਂਦੇ ਹਨ ਜਿਨ੍ਹਾਂ ਦੇ ਰੂਪ ਤੋਂ ਉਨ੍ਹਾਂ ਦੇ ਲਿੰਗ ਬਾਰੇ ਕੋਈ ਸੰਕੇਤ ਨਹੀਂ ਮਿਲਦਾ। ਹੱਥ, ਕੰਨ, ਪਹਾੜ, ਊਠ, ਧਰਮ ਆਦਿ ਪੁਲਿੰਗ ਨਾਂਵ ਹਨ ਪਰ ਇਨ੍ਹਾਂ ਦੇ ਰੂਪ ਤੋਂ ਲਿੰਗ ਬਾਰੇ ਕੋਈ ਸੰਕੇਤ ਨਹੀਂ ਮਿਲਦਾ। ਇਸ ਸ਼੍ਰੇਣੀ ਦੇ ਨਾਂਵ ਸ਼ਬਦਾਂ ਵਿਚ ਕੁੱਝ ਅਪਵਾਦ ਹੈ। ਜਿਵੇਂ ਕੁੱਝ ਨਾਂਵ ਅਜਿਹੇ ਵੀ ਹਨ, ਜਿਹੜੇ /-/ਅੰਕਿਤ ਹਨ ਪਰ ਪੁਲਿੰਗ ਨਹੀਂ ਇਲਿੰਗ ਹਨ। ਜਿਵੇਂ: ਭਾਸ਼ਾ, ਆਸ਼ਾ, ਹਵਾ ਆਦਿ।

(ਅ) ਇਲਿੰਗ ਨਾਂਵ

ਇਨ੍ਹਾਂ ਦੀਆਂ ਵੀ ਦੋ ਸ਼੍ਰੇਣੀਆਂ ਹਨ। ਪਹਿਲੀ ਸ਼੍ਰੇਣੀ ਵਿਚ ਉਹ ਇਲਿੰਗ ਨਾਂਵ ਆਉਂਦੇ ਹਨ ਜਿਨ੍ਹਾਂ ਦੇ ਰੂਪ ਤੋਂ ਉਨ੍ਹਾਂ ਦੇ ਇਲਿੰਗ ਹੋਣ ਦਾ ਪਤਾ ਲਗ ਜਾਂਦਾ ਹੈ। ਘੋੜੀ, ਕੁੜੀ, ਗੱਡੀ, ਲੱਸੀ, ਨੇਕੀ ਆਦਿ ਸ਼ਬਦਾਂ ਦੀ ਅੰਤਿਮ /-ਈ/ ਇਨ੍ਹਾਂ ਦੇ ਇਲਿੰਗ ਹੋਣ ਦਾ ਸੰਕੇਤ ਦਿੰਦੀ ਹੈ। ਦੂਜੀ ਸ਼੍ਰੇਣੀ ਵਿਚ ਉਹ ਇਲਿੰਗ ਨਾਂਵ ਆਉਂਦੇ ਹਨ ਜਿਨ੍ਹਾਂ ਦੇ ਰੂਪ ਤੋਂ ਉਨ੍ਹਾਂ ਦੇ ਲਿੰਗ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਜਿਵੇਂ: ਛੱਤ, ਖੰਡ, ਪੀੜ, ਵਾੜ, ਮਿਹਨਤ, ਠੰਢ ਆਦਿ ਸ਼ਬਦ ਇਲਿੰਗ ਨਾਂਵ ਹਨ ਪਰ ਇਨ੍ਹਾਂ ਦੇ ਰੂਪ ਤੋਂ ਕੋਈ ਸੰਕੇਤ ਨਹੀਂ ਮਿਲਦਾ। ਕੁੱਝ ਪੰਜਾਬੀ ਨਾਂਵ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਤ ਵਿਚ /-ਈ/ ਆਉਂਦੀ ਹੈ ਪਰ ਉਹ ਇਲਿੰਗ ਨਹੀਂ ਹਨ। ਹਾਥੀ, ਪਾਣੀ, ਆਦਮੀ, ਮਿਸਤਰੀ ਆਦਿ ਇਸ ਦੀਆਂ ਮਿਸਾਲਾਂ ਹਨ।

ਨਾਂਵ ਸ਼ਬਦਾਂ ਦੀ ਵਿਉਤਪਤੀ (Derivation)

ਸ਼ਬਦਾਂ ਦੇ ਰੂਪਾਂਤਰਨ ਦਾ ਸੰਬੰਧ ਸ਼ਬਦਾਂ ਦੀ ਅੰਦਰੂਨੀ ਬਣਤਰ ਨਾਲ ਹੁੰਦਾ ਹੈ ਅਤੇ ਵਿਉਤਪਤੀ ਦਾ ਸੰਬੰਧ ਸ਼ਬਦਾਂ ਦੇ ਨਿਰਮਾਣ ਨਾਲ ਹੁੰਦਾ ਹੈ।ਅਸੀਂ ਪਿੱਛੇ ਵੇਖ ਚੁੱਕੇ ਹਾਂ ਕਿ ਵਧੇਤਰਾਂ ਦੇ ਜੁੜਨ ਨਾਲ ਸ਼ਬਦਾਂ ਦੇ ਰੂਪ ਬਦਲਦੇ ਹਨ। ਰੂਪਾਂਤਰੀ ਵਧੇਤਰ ਸ਼ਬਦ ਰੂਪਾਂ ਵਿਚ ਸ਼ਬਦਾਂ ਦੇ ਵਿਆਕਰਨਿਕ ਕਾਰਜ ਅਨੁਸਾਰ ਪਰਿਵਰਤਨ ਲਿਆਉਂਦੇ ਹਨ। ਵਿਉਤਪਤ ਵਧੇਤਰ ਨਾਂਵ ਸ਼ਬਦਾਂ ਦੇ ਰੂਪ ਤਬਦੀਲ ਕਰਨ ਦੇ ਨਾਲ-ਨਾਲ ਕਈ ਵਾਰੀ ਸ਼ਬਦ ਦੀ ਸ਼੍ਰੇਣੀ ਵੀ ਬਦਲ ਦਿੰਦੇ ਹਨ। ਇਸ ਤਰ੍ਹਾਂ ਪੰਜਾਬੀ ਨਾਂਵ ਸ਼ਬਦਾਂ ਦਾ ਨਿਰਮਾਣ ਤਿੰਨ ਤਰ੍ਹਾਂ ਨਾਲ ਹੁੰਦਾ ਹੈ।

(ੳ) ਨਾਂਵਾਂ ਤੋਂ ਨਾਂਵਾਂ ਦਾ ਨਿਰਮਾਣ
(ਅ) ਕਿਰਿਆ ਤੋਂ ਨਾਂਵਾਂ ਦਾ ਨਿਰਮਾਣ
(ੲ) ਵਿਸ਼ੇਸ਼ਣ ਤੋਂ ਨਾਂਵਾਂ ਦਾ ਨਿਰਮਾਣ

ਨਾਂਵਾਂ ਤੋਂ ਨਾਂਵਾਂ ਦਾ ਨਿਰਮਾਣ ਸਰੋਤ ਸ਼ਬਦਾਂ ਨਾਲ /-ਈ/, /-ਣੀ/, /-ਨੀ/, /-ੜ/, /-ਆਲਾ/, /- ਆਵਲੀ/, /-ਵਲੀ/, /-ਸਤਾਨ/, /-ਸ਼ਾਲਾ/, /-ਕਾਰ/, /-ਹੀਣ/, /- ਖਾਨਾ/, /-ਖੋਰ/, /-ਗਾਰ/, /-ਦਾਨ/, /-ਦਾਨੀ/, /-ਦਾਰ/, /- ਨਾਕ/, /-ਪਾਲ/, /-ਬਾਜ਼/, /-ਮੰਦ/, /-ਵੰਤ/, /-ਵਾਲ/, /- ਸਾਜ/, /-ਸਾਰ/, /-ਆਣਾ/, /-ਏਖਾ/, /-ਚੀ/ ਤੇ /-ਚੂ/ ਆਦਿ ਵਧੇਤਰਾਂ ਦੇ ਲੱਗਣ ਨਾਲ ਹੁੰਦਾ ਹੈ। ਜਿਵੇਂ ਗ੍ਰੰਥ ਤੋਂ ਗ੍ਰੰਥੀ, ਸੰਤ ਤੋਂ ਸੰਤਣੀ, ਚੋਰ ਤੋਂ ਚੋਰਨੀ, ਬਾਲ ਤੋਂ ਬਾਲੜੀ, ਪੁਸਤਕ ਤੋਂ ਪੁਸਤਕਾਲਾ, ਪੁਸਤਕ ਤੋਂ ਪੁਸਤਕਾਵਲੀ, ਰਚਨਾ ਤੋਂ ਰਚਨਾਵਲੀ, ਪਾਕਿ ਤੋਂ ਪਾਕਿਸਤਾਨ, ਧਰਮ ਤੋਂ ਧਰਮਸ਼ਾਲਾ, ਨਾਟਕ ਤੋਂ ਨਾਟਕਕਾਰ, ਅੰਗ ਤੋਂ ਅੰਗਹੀਣ, ਡਾਕ ਤੋਂ ਡਾਕਖਾਨਾ, ਚੁਗਲ ਤੋਂ ਚੁਗਲਖੋਰ, ਸਾਜ ਤੋਂ ਸਾਜਗਾਰ, ਰੋਸ਼ਨ ਤੋਂ ਰੋਸ਼ਨਦਾਨ, ਸਾਬਨ ਤੋਂ ਸਾਬਨਦਾਨੀ, ਸਮਝ ਤੋਂ ਸਮਝਦਾਰ, ਸ਼ਰਮ ਤੋਂ ਸ਼ਰਮਨਾਕ, ਨਿਆਂ ਤੋਂ ਨਿਆਂਪਾਲ, ਤੀਵੀਂ ਤੋਂ ਤੀਵੀਂਬਾਜ, ਬਾਗ ਤੋਂ ਬਾਗਬਾਨ, ਦਰਦ ਤੋਂ ਦਰਦਮੰਦ, ਧਨ ਤੋਂ ਧਨਵੰਤ, ਸਾਂਝੀ ਤੋਂ ਸਾਂਝੀਵਾਲ, ਘੜੀ ਤੋਂ ਘੜੀਸਾਜ, ਮਿਲਣ ਤੋਂ ਮਿਲਣਸਾਰ, ਘਰ ਤੋਂ ਘਰਾਣਾ, ਭੁੱਲ ਤੋਂ ਭੁਲੇਖਾ, ਤੋਪ ਤੋਂ ਤੋਪਚੀ, ਤੇ ਸੁਰਮਾ ਤੋਂ ਸੁਰਮਚੂ ਆਦਿ।

ਕਿਰਿਆ ਤੋਂ ਨਾਂਵਾਂ ਦਾ ਨਿਰਮਾਣ ਸਰੋਤ ਸ਼ਬਦਾਂ ਨਾਲ /-ਆਣਾ/, /-ਆਹਟ/, /-ਆਵਾ/, /-ਆਵਟ/, /-ਏਰਨ/, /-ਏਪਾ/, /-ਇਆਂਦ/, /-ਆਰਾ/, /-ਆਰੀ/, /- ਓਂ/, /-ਤੀ/ ਤੇ /-ਈ/ ਆਦਿ ਪਿਛੇਤਰ ਲਗਣ ਨਾਲ ਹੁੰਦਾ ਹੈ। ਜਿਵੇਂ: ਚਲ ਤੋਂ ਚਲਾਣਾ, ਕੁਰਲਾ ਤੋਂ ਕਰਲਾਹਟ, ਚੜ੍ਹ ਤੋਂ ਚੜ੍ਹਾਵਾ, ਗਿਰ ਤੋਂ ਗਿਰਾਵਟ, ਪਥ ਤੋਂ ਪਥੇਰਨ, ਜਣ ਤੋਂ ਜਣੇਪਾ, ਸੜ ਤੋਂ ਸੜਿਆਂਦ, ਚਮਕ ਤੋਂ ਚਮਕਾਰਾ, ਲਿਖ ਤੋਂ ਲਿਖਾਰੀ, ਵਸ ਤੋਂ ਵਸੋਂ, ਮਿਣ ਤੋਂ ਮਿਣਤੀ, ਲੜ ਤੋਂ ਲੜਾਈ ਆਦਿ।

ਵਿਸ਼ੇਸ਼ਣਾਂ ਤੋਂ ਨਾਂਵਾਂ ਦਾ ਨਿਰਮਾਣ ਸਰੋਤ ਸ਼ਬਦਾਂ ਨਾਲ /-ਈ/, /-ਈਅਤ/, /-ਇਆਈ/, /-ਤਾ/, /-ਪਣ/, /-ਪੁਣਾ/, /-ਅੱਤਣ/, /-ਗੀ/ ਤੇ /-ਣ/ ਆਦਿ ਵਧੇਤਰ ਜੁੜਨ ਨਾਲ ਹੁੰਦਾ ਹੈ। ਜਿਵੇਂ: ਅਮੀਰ ਤੋਂ ਅਮੀਰੀ, ਅਸਲ ਤੋਂ ਅਸਲੀਅਤ, ਸੌਖਾ ਤੋਂ ਸੁਖਿਆਈ, ਮੂਰਖ ਤੋਂ ਮੂਰਖਤਾ, ਘਟੀਆ ਤੋਂ ਘਟੀਆਪਣ, ਸੂਮ ਤੋਂ ਸੂਮਪੁਣਾ, ਪੀਲਾ ਤੋਂ ਪਿਲੱਤਣ, ਅਵਾਰਾ ਤੋਂ ਅਵਾਰਗੀ ਤੇ ਨੀਵਾਂ ਤੋਂ ਨੀਵਾਨ/ਨੀਵਾਂਪਣ ਆਦਿ।

ਪੜਨਾਂਵ

ਪੜਨਾਂਵ ਅਜਿਹੇ ਵਿਕਾਰੀ ਵਿਆਕਰਨਿਕ ਸ਼ਬਦ ਸ਼੍ਰੇਣੀ ਹੈ ਜੋ ਵਾਕ ਬਣਤਰ ਵਿਚ ਨਾਂਵ ਦੇ ਪ੍ਰਸੰਗ ਵਿਚ ਵਰਤੀ ਜਾਂਦੀ ਹੈ। ਵਾਰਤਾਲਾਪ ਵਿਚ ਬੁਲਾਰੇ-ਸਰੋਤੇ ਦੇ ਨਾਮ ਦੇ ਸੰਦਰਭ ਵਿਚ ਪੜਨਾਂਵ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਬੁਲਾਰੇ ਨੂੰ ਯਕੀਨ ਹੋ ਜਾਂਦਾ ਹੈ ਕਿ ਪੜਨਾਂਵ ਜਿਸ ਦੀ ਥਾਂ ਪੂਰ ਰਿਹਾ ਹੈ, ਉਹ ਸਰੋਤੇ ਦੀ ਚੇਤਨਾ ਵਿਚ ਜ਼ਰੂਰ ਵਿਚਰ ਰਿਹਾ ਹੈ। ਭਾਸ਼ਾ-ਸੰਜਮ ਦੇ ਪੱਖ ਤੋਂ ਵੀ ਵਾਕਾਂ ਵਿਚ ਨਾਂਵਾਂ ਦੀ ਦੁਹਰਾਵੀਂ ਵਰਤੋਂ ਅਸਹਿਜ ਲੱਗਦੀ ਹੈ। ਇਉਂ ਪੜਨਾਂਵਾਂ ਵਿਚ ਨਾਂਵਾਂ ਦੀ ਥਾਂ ਪੂਰਕੇ ਉਨ੍ਹਾਂ ਦਾ ਵਾਕਾਤਮਕ ਕਾਰਜ ਕਰਨ ਦੀ ਸਮਰੱਥਾ ਹੁੰਦੀ ਹੈ। ਅਜੋਕੀ ਪੰਜਾਬੀ ਵਿਚ ਪੜਨਾਂਵ ਸ਼ਬਦਾਂ ਦਾ ਕੋਈ ਲਿੰਗ ਭੇਦ ਨਹੀਂ ਰਿਹਾ।

ਅਰਥ ਅਧਾਰਿਤ ਵਰਗੀਕਰਨ

ਅਰਥਾਂ ਦੇ ਪੱਖ ਤੋਂ ਸਾਰੇ ਪੜਨਾਂਵ ਸ਼ਬਦ ਇਕੋ ਪੱਧਰ ਦੇ ਨਹੀਂ ਹੁੰਦੇ। ਇਸ ਲਈ ਪਰੰਪਰਾਈ ਵਿਆਕਰਨ ਵਿਚ ਪੜਨਾਂਵਾਂ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਸਥਾਪਤ ਕੀਤੀਆਂ ਗਈਆਂ ਹਨ।

੧. ਪੁਰਖਵਾਚੀ ਪੜਨਾਂਵ: ਮੈਂ, ਅਸੀਂ, ਆਪਾਂ, ਤੂੰ, ਤੁਸੀਂ, ਇਹ, ਉਹ।
੨. ਨਿਸ਼ਚੇਵਾਚਕ ਪੜਨਾਂਵ: ਇਹ, ਉਹ, ਔਹ।
੩. ਅਨਿਸ਼ਚੇਵਾਚਕ ਪੜਨਾਂਵ: ਕੋਈ, ਕਈ, ਕੁੱਝ, ਸਭ, ਸਾਰੇ, ਵਿਰਲਾ, ਅਨੇਕ, ਬਹੁਤ ਅਤੇ ਥੋੜ੍ਹੇ।
੪. ਸੰਬੰਧਵਾਚਕ ਪੜਨਾਂਵ : ਜੋ, ਜਿਹੜਾ।
੫. ਪ੍ਰਸ਼ਨਵਾਚਕ ਪੜਨਾਂਵ : ਕੌਣ, ਕੀ, ਕਿਹੜਾ।
੬. ਨਿਜਵਾਚਕ ਪੜਨਾਂਵ : ਆਪ, ਖ਼ੁਦ।

ਕਾਰਜੀ ਪੱਖੋਂ ਪੜਨਾਂਵ ਵਾਕ ਜੁਗਤ ਵਿਚ ਵਿਚਰਦੇ ਨਾਂਵ ਜਾਂ ਨਾਂਵ ਵਾਕੰਸ਼ਾਂ ਦੇ ਵਾਕਾਤਮਿਕ ਕਾਰਜ ਨੂੰ ਪੂਰਦੇ ਹਨ। ਜਿਵੇਂ :

੧. ਉਸ ਨੇ ਕੁੜੀ ਨੂੰ ਕਿਤਾਬ ਦਿੱਤੀ।
੨. ਕੁੜੀ ਨੇ ਉਸ ਨੂੰ ਕਿਤਾਬ ਦਿੱਤੀ।

ਇਨ੍ਹਾਂ ਵਾਕਾਂ ਵਿਚ ਪੜਨਾਂਵੀ ਸ਼ਬਦ ‘ਉਸ’ ਕਰਤਾ/ਕਰਮ ਦੇ ਸਥਾਨ ਤੇ ਵਿਚਰ ਕੇ, ਕਰਤਾ ਤੇ ਕਰਮ ਦਾ ਕਾਰਜ ਕਰਦਾ ਹੈ। ਇਸ ਤੋਂ ਇਲਾਵਾ ਕੁੱਝ ਸਥਿਤੀਆਂ ਵਿਚ ਇਹ ਸ਼ਬਦ ਵਿਸ਼ੇਸ਼ਣ ਦਾ ਵੀ ਕਾਰਜ ਕਰਦੇ ਹਨ :

੧. ਇਹ ਲੜਕਾ ਪਹਿਲੇ ਨੰਬਰ ਤੇ ਆਇਆ ਹੈ।
੨. ਉਹ ਮੁੰਡਾ ਫੇਲ੍ਹ ਹੋ ਗਿਆ।

ਇਨ੍ਹਾਂ ਵਾਕਾਂ ਵਿਚ ‘ਇਹ’ ਤੇ ‘ਉਹ’ ਪੜਨਾਂਵ ਸ਼ਬਦ ਨਿਸ਼ਚੇਵਾਚਕ ਵਿਸ਼ੇਸ਼ਣਾਂ ਦੇ ਤੌਰ ’ਤੇ ਵਿਚਰੇ ਹਨ।

ਬਣਤਰ ਦੇ ਪੱਖ ਤੋਂ ਪੰਜਾਬੀ ਪੜਨਾਂਵ ਸ਼ਬਦਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ :

੧. ਮੂਲ ਪੜਨਾਂਵੀ ਸ਼ਬਦ
੨. ਮਿਸ਼ਰਤ ਪੜਨਾਂਵੀ ਸ਼ਬਦ
੩. ਸਮਾਸੀ ਪੜਨਾਂਵੀ ਸ਼ਬਦ

੧. ਮੂਲ ਪੜਨਾਂਵੀਂ ਸ਼ਬਦ

ਮੂਲ ਪੜਨਾਂਵ ਸ਼ਬਦਾਂ ਦੀ ਰਚਨਾ ਕੇਵਲ ਇਕਹਿਰੇ ਧਾਤੂ ਰੂਪਾਂ ਨਾਲ ਹੁੰਦੀ ਹੈ। ਹਰ ਮੂਲ ਪੜਨਾਂਵ ਸ਼ਬਦ ਆਪਣੇ ਵਿਆਕਰਨਿਕ ਅਰਥਾਂ ਵਾਲੀ ਮੂਲ ਭਾਵਵਾਚਕ ਮਦ ਦਾ ਸੂਚਕ ਹੁੰਦਾ ਹੈ ਅਤੇ ਇਸ ਵਿਚ ਪੁਰਖਵਾਚਕਤਾ ਦਾ ਗੁਣ ਵਿਚਰਦਾ ਹੈ ਜੋ ਉਸ ਦੀ ਰਚਨਾ ਦਾ ਮੂਲ ਆਧਾਰ ਹੁੰਦਾ ਹੋਇਆ, ਉਸ ਦੇ ਸਾਰੇ ਸ਼ਬਦ-ਰੂਪਾਂ ਵਿਚ ਸਾਂਝੇ ਵਿਆਕਰਨਿਕ ਗੁਣ ਵਜੋਂ ਵਿਚਰਦਾ ਹੈ। ਪੁਰਖਵਾਚਕਤਾ ਵਿਚ ਵਿਚਰਦੀ ਤਿੰਨ ਪੱਖੀ ਭਿੰਨਤਾ ਦੇ ਆਧਾਰ ਤੇ ਮੂਲ ਪੜਨਾਂਵ ਸ਼ਬਦਾਂ ਨੂੰ ਤਿੰਨ ਉਪ-ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ :

(ੳ) ਪਹਿਲਾ ਪੁਰਖ: ਮੈਂ (ਇਕ ਵਚਨ) ਤੇ ਅਸੀਂ/ਅਸਾਂ (ਬਹੁਵਚਨ) ਹਨ।

(ਅ) ਦੂਜਾ ਪੁਰਖ:ਤੂੰ(ਇਕ ਵਚਨ) ਤੇ ਤੁਸੀਂ/ਤੁਸਾਂ (ਬਹੁਵਚਨ) ਹਨ।

(ੲ) ਤੀਜਾ ਪੁਰਖ : ਇਹ ਅਤੇ ਉਹ ਹਨ।

ਨੋਟ : ਪੁਰਖਵਾਚੀ ਪੜਨਾਂਵ ਸ਼ਬਦਾਂ ਵਿਚੋਂ ਪਹਿਲੇ ਤੇ ਦੂਜੇ ਪੁਰਖ ਸਿਰਫ਼ (ਵਕਤੇ/ਸਰੋਤੇ ਲਈ) ਮਨੁੱਖੀ ਨਾਂਵਾਂ ਲਈ ਵਰਤੇ ਜਾਂਦੇ ਹਨ। ਜਦੋਂ ਕਿ ਤੀਜੇ ਪੁਰਖ ਦੀ ਵਰਤੋਂ ਬੁਲਾਰੇ ਤੇ ਸਰੋਤੇ ਨੂੰ ਛੱਡ ਕੇ, ਹੋਰ ਵਿਅਕਤੀਆਂ, ਜੀਵਾਂ, ਵਸਤੂਆਂ ਦੇ ਲਈ ਵੀ ਕੀਤੀ ਜਾਂਦੀ ਹੈ। ਵਾਰਤਾਲਾਪ ਦੇ ਪ੍ਰਸੰਗ ਵਿਚ ਵਿਚਰਦੇ ਬੁਲਾਰਾ ਤੇ ਸਰੋਤਾ ਤਾਂ ਉਪਸਥਿਤ ਹੁੰਦੇ ਹਨ ਪਰ ਜਿਨ੍ਹਾਂ ਹੋਰ ਵਸਤੂਆਂ/ਵਿਅਕਤੀਆਂ ਦਾ ਹਵਾਲਾ ਆਉਂਦਾ ਹੈ, ਉਹ ਸਥਿਤੀ ਤੋਂ ਕੇਵਲ ਗੈਰ ਹਾਜ਼ਰ ਹੀ ਨਹੀਂ ਹੁੰਦੇ ਸਗੋਂ ਉਨ੍ਹਾਂ ਦੀ ਪਛਾਣ ਕਰਨ ਦੀ ਲੋੜ ਹੀ ਅਨੁਭਵ ਨਹੀਂ ਕੀਤੀ ਜਾਂਦੀ। ਇਸ ਦਾ ਭਾਵ ਹੈ ਕਿ ਤੀਜੇ ਪੁਰਖ ਨਾਲ ਸੰਬੰਧਿਤ ਪੜਨਾਂਵ ਆਪਣਾ ਨਿਸ਼ਚਿਤ/ਅਨਿਸ਼ਚਿਤ ਅਤੇ ਦੂਰ/ਨੇੜੇ ਦੀ ਸਥਾਨਿਕ ਸਥਿਤੀ ਦਾ ਫੈਸਲਾ ਵੀ ਵਾਰਤਾਲਾਪ ਵਿਚ ਸ਼ਾਮਿਲ ਭਾਈਵਾਲਾਂ ਦੇ ਪ੍ਰਸੰਗ ਵਿਚ ਹੀ ਕਰਦੇ ਹਨ।

੨. ਆਪਾਂ ਇਕ ਅਜਿਹਾ ਪੜਨਾਂਵ ਹੈ, ਜੋ ਇਕ ਪਾਸੇ ਤਾਂ ਪਹਿਲੇ ਪੁਰਖ ਅਤੇ ਦੂਜੇ ਪੁਰਖ ਦੇ ਪ੍ਰਸੰਗ ਵਿਚ ਵਿਚਰਦੇ ਵਿਅਕਤੀਆਂ ਅਤੇ ਦੂਜੇ ਪਾਸੇ ਪਹਿਲੇ, ਦੂਜੇ ਤੇ ਤੀਜੇ ਪੁਰਖ ਦੇ ਪ੍ਰਸੰਗ ਵਿਚ ਵਿਚਰਦੇ ਵਿਅਕਤੀਆਂ ਦਾ ਸੂਚਕ ਹੈ।

ਨਿਸ਼ਚੇਵਾਚਕ ਪੜਨਾਂਵ

ਇਨ੍ਹਾਂ ਪੜਨਾਂਵਾਂ ਵਿਚ ਤੀਜੇ ਪੁਰਖ ਦੇ ਪੜਨਾਂਵ ਆਉਂਦੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬੁਲਾਰੇ ਵੱਲੋਂ ਸੰਕੇਤਕ ਭਾਸ਼ਾਈ ਸਥਿਤੀ ਦੇ ਵਿਥਨੁਮਾ ਸੰਬੰਧਾਂ ਨੂੰ ਵੀ ਉਜਾਗਰ ਕਰਦੇ ਹਨ। ਇਹ ਭਾਸ਼ਾਈ ਪ੍ਰਸੰਗ ਦੀ ਨੇੜਤਾ (Proximity) ਅਤੇ ਉਹ ਭਾਸ਼ਾਈ ਪ੍ਰਸੰਗ ਦੀ ਦੂਰਤਾ (Remoteness) ਨੂੰ ਉਜਾਗਰ ਕਰਦੇ ਹਨ।

ਨਿਜਵਾਚਕ ਪੜਨਾਂਵਾਂ ਦੀ ਰੂਪਵਾਲੀ

ਨਿਜਵਾਚਕ ਪੜਨਾਂਵ ਸ਼ਬਦ ਅਸਲ ਵਿਚ ਆਪਣੇ ਪੁਰਖਵਾਚਕ ਪੜਨਾਂਵਾਂ ਦਾ ਬੋਧ ਕਰਦੇ ਹਨ। ਪੰਜਾਬੀ ਵਿਚ ਕੇਵਲ ਤਿੰਨ ਸਧਾਰਨ ਨਿੱਜੀ ਪੜਨਾਂਵ/ਆਪ, ਆਪੇ, ਆਪਣਾ/ ਅਤੇ ਦੋ ਸੁੰਜਗਤ ਪੜਨਾਂਵ /ਆਪਣੇ-ਆਪ/ ਅਤੇ /ਆਪੋ-ਆਪਣਾ/ ਮਿਲਦੇ ਹਨ। ਇਨ੍ਹਾਂ ਵਿਚੋਂ /ਆਪ/, /ਆਪੇ/ ਅਤੇ /ਆਪਣੇ-ਆਪ/ ਕੇਵਲ ਆਪਣੇ ਮੂਲ ਰੂਪ ਵਿਚ ਵਿਚਰ ਸਕਦੇ ਹਨ। /ਆਪਣਾ/ ਤੇ /ਆਪੋ- ਆਪਣਾ/ ਦੇ ਸ਼ਬਦ ਰੂਪ ਲਿੰਗ, ਵਚਨ ਤੇ ਕਾਰਕ ਅਨੁਸਾਰ ਬਣਦੇ ਹਨ। ਉਰਦੂ ਰਾਹੀਂ ਆਇਆ ਫ਼ਾਰਸੀ /ਖੁਦ/ ਵੀ ਪੰਜਾਬੀ ਵਿਚ ਨਿਜਵਾਚੀ ਪੜਨਾਂਵ ਵਜੋਂ ਵਰਤਿਆ ਜਾਂਦਾ ਹੈ।

ਨੋਟ: /ਆਪ/ ਜੇਕਰ ਦੂਜੇ ਪੁਰਖ ਲਈ ਵਰਤਿਆ ਜਾਵੇ ਤਾਂ ਇਹ ਪੁਰਖਵਾਚੀ ਪੜਨਾਂਵ ਹੁੰਦਾ ਹੈ। ਇਸ ਤੋਂ ਬਿਨਾਂ ਇਹ ਆਦਰਸੂਚਕ ਲਈ ਵੀ ਵਰਤਿਆ ਜਾਂਦਾ ਹੈ।

ਸੰਬੰਧਵਾਚੀ ਪੜਨਾਂਵ

ਸੰਬੰਧਵਾਚਕ ਪੜਨਾਂਵ ਸ਼ਬਦਾਂ ਵਿਚ ਕੁੱਝ ਤਾਂ ਮੂਲ ਰੂਪ ਵਿਚ ਤੇ ਕੁੱਝ ਦੇ ਸ਼ਬਦ ਰੂਪ ਲਿੰਗ, ਵਚਨ ਤੇ ਕਾਰਕ ਅਨੁਸਾਰ ਰੂਪਾਂਤਰ ਹੁੰਦੇ ਹਨ। ਅੱਗੇ ਸਾਰਨੀ ਵਿਚ ਇਸ ਦਾ ਵੇਰਵਾ ਦਿੱਤਾ ਗਿਆ ਹੈ : ਜਿਹੜਾ-ਜਿਹੜੇ,ਜਿਹੜੇ-ਜਿਹੜਿਆਂ,ਜਿਹੜੀ-ਜਿਹੜੀਆਂ ਜੋ, ਸੋ , ਜਿਸ, ਜਿਹ, ਜਿਨ੍ਹ, ਜਿਹਨੂੰ ਅਤੇ ਤਿਸ ਆਦਿ।

ਪ੍ਰਸ਼ਨਵਾਚਕ ਪੜਨਾਂਵ

ਪ੍ਰਸ਼ਨਵਾਚਕ ਪੜਨਾਂਵ ਲਈ ਕੌਣ, ਕੀ ਤੇ ਕਿਹੜਾ ਆਦਿ ਸ਼ਬਦ ਵਰਤੇ ਜਾਂਦੇ ਹਨ। ਸਧਾਰਨ ਹਾਲਤਾਂ ਵਿਚ ਕੌਣ ਮਨੁੱਖਾਂ ਲਈ ਤੇ ਕੀ ਪਸ਼ੂਆਂ ਜਾਂ ਬੇਜਾਨ ਵਸਤਾਂ, ਸੰਕਲਪਾਂ ਲਈ ਵਰਤਿਆ ਜਾਂਦਾ ਹੈ। ਕਿਹੜਾ ਦੀ ਵਰਤੋਂ ਉਕਤ ਦੋਹਾਂ ਸ਼੍ਰੇਣੀਆਂ ਦੇ ਪੜਨਾਂਵਾਂ ਲਈ ਉਦੋਂ ਕੀਤੀ ਜਾਂਦੀ ਹੈ, ਜਦੋਂ ਇਕ ਤੋਂ ਵਧੇਰੇ ਨਾਂਵਾਂ ਵਿਚੋਂ ਇਕ ਦੀ ਚੋਣ ਕਰਨੀ ਹੋਵੇ। ਇਨ੍ਹਾਂ ਵਿਚੋਂ ਕੌਣ ਨਿਜਵਾਚਕ ਦਾ ਸੰਕੇਤਕ ਵੀ ਹੈ ਤੇ ਕੀ ਅਨਿਜਵਾਚਕ ਦਾ ਸੰਕੇਤਕ ਹੈ।

੨. ਮਿਸ਼ਰਿਤ ਪੜਨਾਂਵ ਸ਼ਬਦ

ਮਿਸ਼ਰਿਤ ਪੜਨਾਂਵਾਂ ਦੀ ਰਚਨਾ ਵਿਉਤਪਾਦਕ ਪ੍ਰਕਿਰਿਆਵਾਂ ਨਾਲ ਹੁੰਦੀ ਹੈ। ਮੂਲ ਪੜਨਾਂਵ ਸ਼ਬਦਾਂ ਤੋਂ ਪਿਛੋਂ ਵਿਆਕਰਨਕ ਗੁਣਧਾਰੀ ਰਚੇਤਰ ਜੋੜ ਕੇ ਮਿਸ਼ਰਿਤ ਪੜਨਾਂਵ ਸ਼ਬਦਾਂ ਦੀ ਰਚਨਾ ਹੁੰਦੀ ਹੈ ਜਿਸਦੇ ਸਿੱਟੇ ਵਜੋਂ ਮਿਸ਼ਰਿਤ ਪੜਨਾਂਵ ਸ਼ਬਦਾਂ ਦੇ ਵਿਆਕਰਨਿਕ ਗੁਣਾਂ ਵਿਚ ਵਾਧਾ ਹੋ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਪੁਰਖਵਾਚੀ ਪੜਨਾਂਵ ਸ਼ਬਦਾਂ ਦੀ ਰਚਨਾ ਪੁਰਖਵਾਚਕ ਪੜਨਾਂਵ ਸ਼ਬਦਾਂ ਪਿਛੋਂ ਸੰਬੰਧਵਾਚਕ ਪਿਛੇਤਰ /ਰਾ/ ਦੇ ਵੱਖ-ਵੱਖ ਸਹਿਰੂਪਾਂ /ਰਾ-ਡਾ-ਦਾ/ ਦੇ ਜੋੜਨ ਨਾਲ ਹੁੰਦੀ ਹੈ। ਜਿਵੇਂ :

ਮੈਂ+ਰਾ /= ਮੇਰਾ, ਤੂੰ+ਰਾ = ਤੇਰਾ, ਅਸਾਂ+ਦਾ = ਅਸਾਡਾ-ਸਾਡਾ
ਤੁਸੀਂ+ਡਾ = ਤੁਹਾਡਾ, ਓਹ+ਦਾ = ਉਹਦਾ, ਇਹ+ਦਾ = ਇਹਦਾ
ਪਰ ਸਾਨੂੰ ਦੀ ਨਿਰੁਕਤੀ ਵੱਖਰੀ ਤਰ੍ਹਾਂ ਹੋਈ ਹੈ:ਅਸਾਂ+ਨੂੰ = ਅਸਾਨੂੰ-ਸਾਨੂੰ

੩. ਸਮਾਸੀ ਪੜਨਾਂਵ ਸ਼ਬਦ

ਸਮਾਸੀ ਪੜਨਾਂਵ ਸ਼ਬਦਾਂ ਦੀ ਰਚਨਾ ਸਮਾਸ ਪ੍ਰਕਿਰਿਆਵਾਂ ਨਾਲ ਹੁੰਦੀ ਹੈ ਜਿਨ੍ਹਾਂ ਅਨੁਸਾਰ ਦੋ ਪੜਨਾਂਵਾਂ ਦਾ ਪਰਸਪਰ ਸੰਜੋਗ ਕੀਤਾ ਜਾਂਦਾ ਹੈ। ਦੋ ਸੰਬੰਧਵਾਚਕ ਪੜਨਾਂਵਾਂ ਵਿਚ ਨੇੜਤਾ ਵਾਲਾ ਸੰਜੋਗ ਹੀ ਇਨ੍ਹਾਂ ਨੂੰ ਸਮਾਸ ਦਾ ਦਰਜਾ ਪ੍ਰਦਾਨ ਕਰਦਾ ਹੈ। ਸਮਾਸੀ ਪੜਨਾਂਵਾਂ ਦੇ ਅਰਥ ਉਨ੍ਹਾਂ ਦੇ ਸੰਜੋਗੀ ਸ਼ਬਦਾਂ ਦੇ ਅਰਥਾਂ ਦੇ ਜੋੜਫ਼ਲ ਦੇ ਸਮਾਨ ਹੀ ਨਹੀਂ ਹੁੰਦੇ ਸਗੋਂ ਕੁੱਝ ਵੱਖਰੇ ਵੀ ਹੁੰਦੇ ਹਨ। ਪੰਜਾਬੀ ਵਿਚ ਸਮਾਸੀ ਪੜਨਾਂਵਾਂ ਦੀ ਰਚਨਾ ਹੇਠ ਲਿਖੇ ਅਨੁਸਾਰ ਹੁੰਦੀ ਹੈ :

ਮੇਰਾ+ਤੇਰਾ = ਮੇਰ ਤੇਰ ਜਾਂ ਤੇਰ ਮੇਰ
ਮੇਰਾ ਤੇਰਾ

ਮੇਰੇ+ਤੇਰੇ = ਮੇਰੇ ਤੇਰੇ ਜਾਂ ਤੇਰੇ ਮੇਰੇ
ਸਭ+ਕੋਈ = ਸਭ ਕੋਈ
ਹਰ+ਕੋਈ = ਹਰ ਕੋਈ
ਜੋ+ਜੋ = ਜੋ ਜੋ

ਵਿਸ਼ੇਸ਼ਣ

ਵਿਸ਼ੇਸ਼ਣ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜੋ ਭਾਸ਼ਾ ਵਿਚਲੇ ਨਾਂਵ ਸ਼ਬਦਾਂ ਜਾਂ ਪੜਨਾਂਵ ਸ਼ਬਦਾਂ ਦੇ ਵਿਸ਼ੇਸ਼ਕ ਦੇ ਤੌਰ ’ਤੇ ਵਿਚਰ ਕੇ, ਉਨ੍ਹਾਂ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਦੇ ਹਨ। ਇਹ ਵਿਸ਼ੇਸ਼ਤਾ ਨਾਂਵ/ਪੜਨਾਂਵ ਸ਼ਬਦਾਂ ਦੇ ਗੁਣ, ਔਗੁਣ, ਗਿਣਤੀ, ਮਿਣਤੀ, ਲੱਛਣ, ਰੰਗ ਅਤੇ ਅਵਸਥਾ ਆਦਿ ਦਾ ਬੋਧ ਕਰਾ ਕੇ, ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਉਂਦੀ ਹੈ। ਵਿਸ਼ੇਸ਼ਣ ਆਪਣੇ ‘ਵਿਸ਼ੇਸ਼ਾਂ’ (ਜਿਨ੍ਹਾਂ ਦੀ ਵਿਸ਼ੇਸ਼ਤਾ ਵਲ ਸੰਕੇਤ ਕਰਦੇ ਹਨ) ਦੇ ਅਰਥਾਂ ਦਾ ਘੇਰਾ ਸੀਮਤ ਕਰਦੇ ਹਨ। ਜਿਵੇਂ ‘ਪਾਗਲ ਆਦਮੀ’ ਸਿਰਫ਼ ਉਸੇ ਨੂੰ ਕਿਹਾ ਜਾਵੇਗਾ ਜਿਸ ਵਿਚ ਪਾਗਲਾਂ ਵਾਲੇ ਲੱਛਣ ਹੋਣਗੇ, ਦੂਸਰੇ ਨੂੰ ਨਹੀਂ।

ਅਰਥ ਆਧਾਰਿਤ ਵਰਗੀਕਰਨ

ਅਰਥਾਂ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਣ ਸ਼ਬਦਾਂ ਦੀਆਂ ਪੰਜ ਸ਼੍ਰੇਣੀਆਂ ਸਥਾਪਤ ਕੀਤੀਆਂ ਗਈਆਂ ਹਨ : ੧. ਗੁਣਵਾਚਕ, ੨. ਸੰਖਿਆ/ਗਿਣਤੀਵਾਚਕ,੩. ਪਰਮਾਣ/ਮਿਣਤੀਵਾਚਕ, ੪. ਨਿਸ਼ਚੇਵਾਚਕ, ੫. ਪੜਨਾਂਵੀਂ ਵਿਸ਼ੇਸ਼ਣ।

੧. ਗੁਣਵਾਚਕ ਵਿਸ਼ੇਸ਼ਣ

ਕਾਲਾ, ਗੋਰਾ, ਚੰਗਾ, ਮਾੜਾ, ਮੋਟਾ, ਪਤਲਾ, ਲਾਇਕ, ਨੇਕ, ਹੁਸਿਆਰ, ਨਲਾਇਕ, ਬਦਮਾਸ਼, ਸਾਊ, ਚਲਾਕ, ਸੋਹਣਾ, ਪਵਿੱਤਰ, ਸੱਚਾ, ਝੂਠਾ ਆਦਿ।

੨. ਸੰਖਿਆ/ਗਿਣਤੀ ਵਾਚਕ ਵਿਸ਼ੇਸ਼ਣ

ਇਕ, ਦੋ, ਤਿੰਨ, ਚਾਰ, ਪੰਜ, ਅੱਠ, ਦਸ, ਇਕ, ਦੋਵਾਂ/ਦੋਹਾਂ, ਤਿੰਨਾ, ਚਾਰਾਂ/ਚੌਹਾਂ, ਪੰਜਾਂ, ਅੱਠਾਂ, ਦਸਾਂ, ਦੋਵੀਂ/ਦੋਹੀਂ, ਤਿੰਨੀਂ, ਚੌਹੀਂ, ਪੰਜੀਂ, ਅੱਠੀਂ, ਦਸੀਂ, ਪਾ ੧ / ੪ , ਅੱਧਾ ੧ / ੨ , ਪੌਣਾ ੩ / ੪ , ਥੋੜ੍ਹੇ, ਬਹੁਤ, ਕਈ, ਪੰਜ ਕੁ, ਵੀਹ ਕੁ, ਪੱਚੀ ਤੀਹ, ਸੱਠ ਸੱਤਰ, ਇਕ ਅੱਧ, ਲੱਖਾਂ ਕਰੋੜਾਂ ਆਦਿ।

੩. ਪਰਮਾਣ/ਮਿਣਤੀਵਾਚਕ

ਦੋ ਕਿਲੋ ਆਟਾ, ਚਾਰ ਗਲਾਸ ਪਾਣੀ, ਦੋ ਹੱਥ ਲੰਮਾ ਸੱਪ, ਜ਼ਰਾ ਕੁ, ਕੁੱਝ, ਵੱਧ, ਚੋਖਾ, ਕਾਫੀ, ਥੋੜ੍ਹਾ, ਸਾਰਾ, ਢੇਰ ਸਾਰਾ, ਬਹੁਤ ਸਾਰਾ, ਬਥੇਰਾ ਆਦਿ।

੪. ਨਿਸ਼ਚੇਵਾਚਕ

ਇਹ ਕੁਰਸੀ, ਐਹ ਪੁਸਤਕ, ਆਹ ਕਿਤਾਬ, ਹਾਅ ਗਮਲਾ, ਉਹ, ਔਹ ਆਦਿ।

੫. ਪੜਨਾਂਵੀਂ ਵਿਸ਼ੇਸ਼ਣ

ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ ਪੜਨਾਂਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ : ਕੀ ਚੀਜ਼, ਕੌਣ ਆਦਮੀ, ਸਾਡੀ ਦੁਕਾਨ, ਮੇਰਾ ਮਿੱਤਰ, ਉਹ ਰਾਤ ਆਦਿ।

ਵਰਤੋਂ ਦੇ ਪੱਖ ਤੋਂ ਵਿਸ਼ੇਸ਼ਣਾਂ ਦੀਆਂ ਦੋ ਸ਼੍ਰੇਣੀਆਂ ਬਣਦੀਆਂ ਹਨ :

੧. ਵਿਸ਼ੇਸ਼ ਵਿਸ਼ੇਸ਼ਣ - ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ (ਨਾਂਵ) ਤੋਂ ਪਹਿਲਾਂ ਵਿਚਰਕੇ, ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਵਿਸ਼ੇਸ਼ਣ ਕਿਹਾ ਜਾਂਦਾ ਹੈ। ਵਿਸ਼ੇਸ਼ਣ ਦੀ ਇਸ ਪ੍ਰਕਾਰ ਦੀ ਵਰਤੋਂ ਨੂੰ ‘ਵਿਸ਼ੇਸ਼ਕੀ’ (Attributive) ਵਰਤੋਂ ਕਿਹਾ ਜਾਂਦਾ ਹੈ। ਜਿਵੇਂ :

੧. ਇਹ ਲਾਲ ਪੈੱਨ ਕਿਸਦਾ ਹੈ।
੨. ਸਿਆਣੇ ਬੱਚੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ।
੩. ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।

੨. ਵਿਧੇ ਵਿਸ਼ੇਸ਼ਣ - ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ (ਨਾਂਵਾਂ) ਤੋਂ ਬਾਅਦ ਵਿਚ ਆ ਕੇ ਉਨ੍ਹਾਂ ਦੀ ਵਿਸ਼ੇਸ਼ਤਾ ਵਲ ਸੰਕੇਤ ਕਰਦੇ ਹਨ, ਉਨ੍ਹਾਂ ਨੂੰ ‘ਵਿਧੇ ਵਿਸ਼ੇਸ਼ਣ’ ਕਿਹਾ ਜਾਂਦਾ ਹੈ। ਅਜਿਹੀ ਵਰਤੋਂ ਨੂੰ ‘ਵਿਧੇਅਕੀ’ (Predicative) ਵਰਤੋਂ ਆਖਦੇ ਹਨ। ਜਿਵੇਂ :

੧. ਸੰਤ ਸਿੰਘ ਮਸਕੀਨ ਬੜੇ ਹੀ ਸੱਜਣ ਆਦਮੀ ਸਨ।
੨. ਚੰਡੀਗੜ੍ਹ ਸ਼ਹਿਰ ਬੜਾ ਖੁਬਸੂਰਤ ਹੈ।
੩. ਦਿਲੀ ਦੀਆਂ ਸੜਕਾਂ ਉਤੇ ਬਹੁਤ ਜਿਆਦਾ ਭੀੜ ਰਹਿੰਦੀ ਹੈ।

ਵਿਸ਼ੇਸ਼ਣਾਂ ਦੀ ਪਹਿਲੀ ਵਰਤੋਂ ਨੂੰ ਵਿਸ਼ੇਸ਼ਕੀ ਵਰਤੋਂ ਅਤੇ ਦੂਸਰੀ ਨੂੰ ਪੂਰਕੀ ਜਾਂ ਵਿਧੇਅਕੀ ਵਰਤੋਂ ਕਿਹਾ ਜਾਂਦਾ ਹੈ।

ਰੂਪ ਦੇ ਪੱਖ ਤੋਂ ਪੰਜਾਬੀ ਵਿਸ਼ੇਸ਼ਣਾਂ ਦੀਆਂ ਦੋ ਸ਼੍ਰੇਣੀਆਂ ਹਨ :
੧. ਵਿਕਾਰੀ ਵਿਸ਼ੇਸ਼ਣ, ੨. ਅਵਿਕਾਰੀ ਵਿਸ਼ੇਸ਼ਣ

੧. ਵਿਕਾਰੀ ਵਿਸ਼ੇਸ਼ਣ - ਜਿਨ੍ਹਾਂ ਵਿਸ਼ੇਸ਼ਣਾਂ ਦੇ ਰੂਪ ਵਿਚ ਨਾਂਵ ਦੇ ਲਿੰਗ, ਵਚਨ ਅਤੇ ਕਾਰਕ ਅਨੁਸਾਰ ਰੂਪਾਂਤਰਨ ਜਾਂ ਵਿਕਾਰ ਆਉਂਦਾ ਹੈ, ਉਨ੍ਹਾਂ ਨੂੰ ਵਿਕਾਰੀ ਵਿਸ਼ੇਸ਼ਣਾਂ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਇਹ ਵਿਸ਼ੇਸ਼ਣ /-ਆ/ ਅੰਤਕ ਹੁੰਦੇ ਹਨ। ਮਿਸਾਲ ਵਜੋਂ ਚਿੱਟਾ ਘੋੜਾ, ਚਿੱਟੇ ਘੋੜੇ, ਚਿੱਟੀ ਘੋੜੀ, ਚਿੱਟੀਆਂ ਘੋੜੀਆਂ, ਚਿੱਟੀਓ ਘੋੜੀਓ, ਚਿੱਟਿਓਂ ਘੋੜਿਓਂ ਆਦਿ ਵਾਕੰਸ਼ਾਂ ਵਿਚ ਚਿੱਟਾ ਵਿਸ਼ੇਸ਼ਣ ਸ਼ਬਦ ਦੇ ਰੂਪ ਵਿਚ ਇਸ ਦੇ ਵਿਸ਼ੇਸ਼ ਨਾਂਵ ਸ਼ਬਦ ਘੋੜਾ ਦੇ ਲਿੰਗ, ਵਚਨ ਤੇ ਕਾਰਕ ਅਨੁਸਾਰ ਰੂਪਾਂਤਰ ਆਇਆ ਹੈ। ਇਸ ਲਈ ਇਹ ਵਿਕਾਰੀ ਸ਼੍ਰੇਣੀ ਦਾ ਵਿਸ਼ੇਸ਼ਣ ਹੈ। ਇਸੇ ਤਰ੍ਹਾਂ ਕਾਲਾ, ਸੋਹਣਾ, ਪੀਲਾ, ਮੋਟਾ, ਛੋਟਾ, ਵੱਡਾ ਆਦਿ ਵੀ ਵਿਕਾਰੀ ਸ਼੍ਰੇਣੀ ਦੇ ਵਿਸ਼ੇਸ਼ਣ ਹਨ।

੨. ਅਵਿਕਾਰੀ ਵਿਸ਼ੇਸ਼ਣ - ਵਿਕਾਰੀ ਵਿਸ਼ੇਸ਼ਣਾਂ ਤੋਂ ਉਲਟ ਜਿਨ੍ਹਾਂ ਵਿਸ਼ੇਸ਼ਣਾਂ ਦੇ ਰੂਪ ਵਿਚ ਨਾਂਵ ਸ਼ਬਦਾਂ ਦੇ ਰੂਪ ਅਨੁਸਾਰ ਲਿੰਗ, ਵਚਨ ਤੇ ਕਾਰਕ ਆਦਿ ਪੱਖੋਂ ਕੋਈ ਵੀ ਰੂਪਾਂਤਰ ਨਾ ਹੁੰਦਾ ਹੋਵੇ, ਉਨ੍ਹਾਂ ਨੂੰ ਅਵਿਕਾਰੀ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਲਾਲ ਪੱਤਾ, ਲਾਲ ਪੱਤੀ, ਲਾਲ ਪੱਤੀਆਂ, ਲਾਲ ਪੱਤਿਆਂ ਆਦਿ ਨਾਂਵ ਵਾਕੰਸ਼ਾਂ ਵਿਚ ਵਿਸ਼ੇਸ਼ਣ ਲਾਲ ਦੇ ਰੂਪ ਵਿਚ ਕੋਈ ਤਬਦੀਲੀ ਨਹੀਂ ਆਈ।ਸੋ ਲਾਲ ਇਥੇ ਅਵਿਕਾਰੀ ਵਿਸ਼ੇਸ਼ਣ ਹੈ। ਇਸੇ ਤਰ੍ਹਾਂ ਸੁੰਦਰ, ਸਫ਼ੈਦ, ਬਜ਼ੁਰਗ, ਗਰਮ ਆਦਿ ਕੁੱਝ ਹੋਰ ਸ਼ਬਦ ਅਵਿਕਾਰੀ ਵਿਸ਼ੇਸ਼ਣਾਂ ਦੀ ਸ਼੍ਰੇਣੀ ਦੇ ਹਨ।

ਬਣਤਰ ਦੇ ਪੱਖ ਤੋਂ ਪੰਜਾਬੀ ਵਿਸ਼ੇਸ਼ਣਾਂ ਦੀਆਂ ਦੋ ਸ਼੍ਰੇਣੀਆਂ ਹਨ :

(੧) ਇਕਹਿਰੇ ਵਿਸ਼ੇਸ਼ਣ
(੨) ਸੰਜੁਗਤ ਵਿਸ਼ੇਸ਼ਣ

੧. ਇਕਹਿਰੇ ਵਿਸ਼ੇਸ਼ਣ : ਇਕਹਿਰੇ ਵਿਸ਼ੇਸ਼ਣ ਸਿਰਫ਼ ਇਕ ਸ਼ਬਦ ਨਾਲ ਬਣਦੇ ਹਨ। ਹੁਣ ਤੱਕ ਅਸੀਂ ਜਿਨ੍ਹਾਂ ਵਿਸ਼ੇਸ਼ਣਾਂ ਦਾ ਵੇਰਵਾ ਦਿੱਤਾ ਹੈ, ਉਹ ਸਾਰੇ ਇਕਹਿਰੇ ਵਿਸ਼ੇਸ਼ਣ ਹੀ ਹਨ। ਸ਼ਬਦ-ਸ਼੍ਰੇਣੀਆਂ ਦੇ ਪੱਖ ਤੋਂ ਮੂਲ ਰੂਪ ਵਿਚ ਵਿਸ਼ੇਸ਼ਣ ਇਹੋ ਹੀ ਹਨ। ਪਰ ਭਾਸ਼ਾਵਾਂ ਵਿਚ ਵਿਸ਼ੇਸ਼ਣਾਂ ਦੀ ਸਿਰਜਣਾ ਇਕ ਤੋਂ ਵੱਧ ਸ਼ਬਦ-ਰੂਪਾਂ ਨੂੰ ਮਿਲਾ ਕੇ ਵੀ ਹੁੰਦੀ ਹੈ। ਅਜਿਹੇ ਵਿਸ਼ੇਸ਼ਣਾਂ ਨੂੰ ਵੱਖਰੀ ਸ਼੍ਰੇਣੀ ਵਿਚ ਰੱਖਣਾ ਜ਼ਰੂਰੀ ਹੈ।

੨. ਸੰਜੁਗਤ ਵਿਸ਼ੇਸ਼ਣ : ਸੰਜੁਗਤ ਵਿਸ਼ੇਸ਼ਣ ਦੋ ਜਾਂ ਦੋ ਵੱਧ ਸ਼ਬਦਾਂ ਦੇ ਸੰਜੋਗ ਨਾਲ ਬਣਦੇ ਹਨ। ਕਈ ਵਾਰੀ ਇਕੋ ਸ਼ਬਦ ਦੇ ਦੁਹਰਾ ਨਾਲ ਵੀ ਵਿਸ਼ੇਸ਼ਣ ਦੀ ਸਿਰਜਣਾ ਹੁੰਦੀ ਹੈ;ਜਿਵੇਂ: ਨਿੱਕੇ-ਨਿੱਕੇ ਬੇਰ, ਛੋਟੋ-ਛੋਟੇ ਬੱਚੇ, ਕੌੜੀ-ਜ਼ਹਿਰ ਦੁਆਈ, ਨਿੱਕੇ ਮੋਟੇ ਕੰਮ, ਥੋੜ੍ਹਾ- ਬਹੁਤਾ ਤੇ ਖੱਟਾ-ਮਿੱਠਾ ਆਦਿ।

ਵਿਸ਼ੇਸ਼ਣ ਸ਼ਬਦਾਂ ਦੀ ਵਿਉਤਪਤੀ (Derivation)

ਪੰਜਾਬੀ ਵਿਸ਼ੇਸ਼ਣਾਂ ਦਾ ਨਿਰਮਾਣ ਚਾਰ ਤਰ੍ਹਾਂ ਨਾਲ ਹੁੰਦਾ ਹੈ :

੧. ਨਾਵਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ
੨. ਕਿਰਿਆ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ
੩. ਵਿਸ਼ੇਸ਼ਣਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ
੪. ਪੜਨਾਂਵਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ

੧. ਨਾਂਵਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ

ਨਾਂਵ ਸ਼ਬਦਾਂ ਤੋਂ ਵਿਸ਼ੇਸ਼ਣਾਂ ਦੇ ਨਿਰਮਾਣ ਸਮੇਂ ਸਰੋਤ ਸ਼ਬਦ ਨਾਲ /-ਆ/, /-ਈ/, /-ਊ/, /-ਈਲਾ/, /-ਅਲ/, /-ਲਾ/, /-ਆਲੂ/, /-ਅਕ/, /-ਜਨਕ/, /-ਮਈ/, /ਵਾਨ/, /-ਦਾਈ/, /-ਦਾਇਕ/, /-ਵੰਤ/, /-ਆਨਾ/ ਆਦਿ ਪਿਛੇਤਰ ਜੁੜਦੇ ਹਨ। ਮਿਸਾਲ ਵਜੋਂ ਸੱਚ ਤੋਂ ਸੱਚਾ, ਗੁਲਾਬ ਤੋਂ ਗੁਲਾਬੀ, ਸਿਆਲ ਤੋਂ ਸਿਆਲੂ, ਅਣਖ ਤੋਂ ਅਣਖੀਲਾ, ਹੱਥ ਤੋਂ ਹੱਥਲ, ਅੰਤ ਤੋਂ ਅੰਤਲਾ, ਸ਼ਰਧਾ ਤੋਂ ਸ਼ਰਧਾਲੂ, ਸਥਾਨ ਤੋਂ ਸਥਾਨਕ, ਸੰਤੋਖ ਤੋਂ ਸੰਤੋਜਨਕ, ਸ਼ਾਂਤ ਤੋਂ ਸ਼ਾਂਤਮਈ, ਗੁਣ ਤੋਂ ਗੁਣਵਾਨ, ਸੁਖ ਤੋਂ ਸੁਖਦਾਈ, ਰਸ ਤੋਂ ਰਸਦਾਇਕ, ਗੁਣ ਤੋਂ ਗੁਣਵੰਤ, ਯਾਰ ਤੋਂ ਯਰਾਨਾ ਆਦਿ ਸ਼ਬਦ ਵੇਖੇ ਜਾ ਸਕਦੇ ਹਨ।

੨. ਕਿਰਿਆ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ

ਕਿਰਿਆ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਸਰੋਤ ਸ਼ਬਦਾਂ ਨਾਲ /-ਸਾਰ/, /-ਆਰ/, /-ਆਕਾ/, /-ਆਕੂ/, /- ਊ/, /-ੜ/, /-ੜ/, /-ਵਾਂ/ ਆਦਿ ਪਿਛੇਤਰ ਜੁੜ ਕੇ ਹੁੰਦਾ ਹੈ। ਜਿਵੇਂ ਮਿਲਣ ਤੋਂ ਮਿਲਣਸਾਰ, ਪੜ੍ਹ ਤੋਂ ਪੜ੍ਹਨਹਾਰ, ਲੜ ਤੋਂ ਲੜਾਕਾ, ਪੜ੍ਹ ਤੋਂ ਪੜ੍ਹਾਕੂ, ਮਾਰ ਤੋਂ ਮਾਰੂ, ਸੁੱਕ ਤੋਂ ਸੁੱਕੜ ਅਤੇ ਜਚ ਤੋਂ ਜਚਵਾਂ ਆਦਿ।

੩. ਵਿਸ਼ੇਸ਼ਣਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ

ਵਿਸ਼ੇਸ਼ਣਾਂ ਤੋਂ ਵਿਸ਼ੇਸ਼ਣਾਂ ਦੇ ਨਿਰਮਾਣ ਸਮੇਂ ਸਰੋਤ ਵਿਸ਼ੇਸ਼ਣ ਸ਼ਬਦਾਂ ਨਾਲ /-ਏਰਾ/, /-ਲਾ/, /- ਈਆ/ ਆਦਿ ਪਿਛੇਤਰ ਲਗਦੇ ਹਨ। ਜਿਵੇਂ ਬਹੁਤ ਤੋਂ ਬਹੁਤੇਰਾ, ਇਕ ਤੋਂ ਇਕੱਲਾ।

੪. ਪੜਨਾਂਵ ਤੋਂ ਵਿਸ਼ੇਸ਼ਣ ਦਾ ਨਿਰਮਾਣ

ਜੋ (ਪੜਨਾਂਵ) ਤੋਂ ਜਿਹਾ (ਵਿਸ਼ੇਸ਼ਣ)
ਕੌਣ (ਪੜਨਾਂਵ) ਤੋਂ ਕੇਹਾ (ਵਿਸ਼ੇਸ਼ਣ)

ਕਿਰਿਆ (Verb)

ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਕਿਰਿਆ ਸ਼੍ਰੇਣੀ ਵਿਚ ਉਹ ਸ਼ਬਦ ਜਾਂ ਸ਼ਬਦ ਰੂਪ ਰੱਖੇ ਜਾਂਦੇ ਹਨ, ਜਿਨ੍ਹਾਂ ਤੋਂ ਕਿਸੇ ਕਾਰਜੀ ਸਥਿਤੀ ਦੀ ਸੂਚਨਾ ਮਿਲਦੀ ਹੈ। ਕਾਰਜ ਦੇ ਪੱਖੋਂ ਕਿਰਿਆਵੀਂ ਸ਼ਬਦ ਵਿਧੇ ਦੇ ਅਹਿਮ ਹਿੱਸੇ ਵਜੋਂ ਵਿਚਰ ਕੇ ਆਪਣਾ ਵਾਕਾਤਮਕ ਕਾਰਜ ਸਾਕਾਰ ਕਰਦੇ ਹਨ। ਪੰਜਾਬੀ ਭਾਸ਼ਾ ਦੇ ਕਿਰਿਆਵੀ ਸ਼ਬਦ ਜਾਂ ਸ਼ਬਦ ਰੂਪ ਹੇਠ ਲਿਖੇ ਅਨੁਸਾਰ ਆਪਣੀ ਕਾਰਜੀ ਸਾਰਥਿਕਤਾ ਨੂੰ ਸਾਕਾਰ ਕਰਦੇ ਹਨ :

ਧਾਤੂ (ਕਿਰਿਆ ਮੂਲ) (Root)

ਕਿਰਿਆ ਰੂਪਾਂ ਦਾ ਮੂਲ ਆਧਾਰ ‘ਧਾਤੂ’ ਹੈ। ਧਾਤੂ ਕਿਰਿਆ ਦੇ ਉਸ ਅੰਸ਼ ਨੂੰ ਕਿਹਾ ਜਾਂਦਾ ਹੈ ਜਿਹੜਾ ਧਾਤੂ ਤੋਂ ਬਣੇ ਹਰੇਕ ਰੂਪ ਵਿਚ ਹਾਜ਼ਰ ਰਹਿੰਦਾ ਹੈ। ਹਰ ਕਿਰਿਆ ਜਾਂ ਕਿਰਿਆ ਰੂਪ ਦਾ ਮੂਲ ਆਧਾਰ ਕੋਈ ਨਾਂ ਕੋਈ ਧਾਤੂ ਮੰਨਿਆ ਗਿਆ ਹੈ। ਅਜੋਕੀਆਂ ਕਈ ਵਿਆਕਰਨਾਂ ਵਿਚ ਧਾਤੂ ਨੂੰ ‘ਕਿਰਿਆ ਮੂਲ’ ਵੀ ਲਿਖਿਆ ਗਿਆ ਹੈ। ਦਅਰਸਲ ‘ਧਾਤੂ’ ਸੰਸਕ੍ਰਿਤ ਦੇ ਕਿਰਿਆ ਮੂਲ ਨੂੰ ਹੀ ਕਿਹਾ ਜਾਂਦਾ ਹੈ।

ਪੰਜਾਬੀ ਵਿਚ ਆ, ਜਾ, ਕਰ, ਪੜ੍ਹ, ਲਿਖ ਆਦਿ ਸਭ ਕਿਰਿਆ ਮੂਲ (ਧਾਤੂ) ਹਨ। ਇਨ੍ਹਾਂ ਨਾਲ ਹੋਰ ਪਿਛੇਤਰ ਜੋੜ ਕੇ ਕਿਰਿਆ-ਰੂਪ ਬਣਦੇ ਹਨ। ਜਿਵੇਂ ਪੜ੍ਹ ਤੋਂ ਪੜ੍ਹਨਾ, ਪੜ੍ਹਾ, ਪੜ੍ਹਾਂਗੇ, ਪੜ੍ਹਾਈ, ਪੜ੍ਹਦਾ, ਪੜ੍ਹਦੇ, ਪੜ੍ਹਦੀਆਂ, ਪੜ੍ਹੋ, ਪੜ੍ਹ ਕੇ ਆਦਿ ਅਨੇਕਾਂ ਕਿਰਿਆ ਰੂਪ ਬਣ ਸਕਦੇ ਹਨ।

੧. ਮੁੱਖ ਕਿਰਿਆ (Main Verb)

ਵਾਕ ਬਣਤਰ ਵਿਚ ਕਿਰਿਆਵੀ ਸ਼ਬਦ ਆਮ ਤੌਰ ’ਤੇ ਸ਼ਬਦ ਸਮੂਹਾਂ ਵਜੋਂ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਕਿਰਿਆਵੀ ਰੂਪ ਹੋਣ ਵਾਲੇ ਕਾਰਜ ਵਲ ਸੰਕੇਤ ਕਰਦਾ ਹੈ। ਅਰਥਾਤ ਕਿਰਿਆਵੀ ਸ਼ਬਦ ਸਮੂਹ ਵਿਚ ਇਸ ਦੀ ਭੂਮਿਕਾ ਮੁੱਖ ਹੁੰਦੀ ਹੈ। ਮਿਸਾਲ ਵਜੋਂ :

੧. ਇਹ ਸੜਕ ਮੇਰੇ ਪਿੰਡ ਵਲ ਨੂੰ ਜਾ ਰਹੀ ਹੈ।
੨. ਬੱਚੇ ਪਾਰਕ ਵਿਚ ਖੇਡ ਰਹੇ ਸਨ।
੩. ਸਾਡੇ ਦੇਸ ਦੀ ਆਬਾਦੀ ਬਹੁਤ ਤੇਜੀ ਨਾਲ ਵਧ ਰਹੀ ਹੈ।

ਉਕਤ ਵਾਕਾਂ ਵਿਚ ਜਾ, ਖੇਡ ਅਤੇ ਵਧ ਸ਼ਬਦ ਰੂਪ ਮੁੱਖ ਕਿਰਿਆ ਵਜੋਂ ਕਾਰਜਸ਼ੀਲ ਹਨ।

੨. ਸਹਾਇਕ ਕਿਰਿਆ (Auxiliary Verb)

ਸਹਾਇਕ ਕਿਰਿਆ, ਮੁੱਖ ਕਿਰਿਆ ਦੇ ਸਹਾਇਕ ਰੂਪ ਵਜੋਂ ਵਿਚਰਦੀ ਹੈ। ਇਸੇ ਲਈ ਇਸ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ। ਇਹ ਮੁੱਖ ਕਿਰਿਆ ਦਾ ਕਾਲਬੋਧਕ ਅੰਸ਼ ਹੁੰਦੀ ਹੈ। ਪੰਜਾਬੀ ਵਿਚ ਦੋ ਸਹਾਇਕ ਕਿਰਿਆਵਾਂ ਹਨ : ਹੈ ਤੇ ਸੀ। ‘ਹੈ’ ਮੂਲ ਰੂਪ ਵਿਚ ਵਰਤਮਾਨ ਕਾਲ ਦੀ ਸੂਚਕ ਹੈ ਅਤੇ ‘ਸੀ’ ਭੂਤਕਾਲ ਦੀ । ਇਹ ਦੋਵੇਂ ਵਚਨ ਤੇ ਪੁਰਖ ਲਈ ਹੇਠ ਲਿਖੇ ਅਨੁਸਾਰ ਰੂਪਾਂਤਰਿਤ ਹੁੰਦੀਆਂ ਹਨ :

ਵਚਨ ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ

(ਮੈਂ, ਅਸੀਂ-ਪਹਿਲਾ ਪੁਰਖ) (ਤੂੰ, ਤੁਸੀਂ-ਦੂਜਾ ਪੁਰਖ) (ਇਹ, ਉਹ-ਤੀਜਾ ਪੁਰਖ)

ਇਕਵਚਨ ਸੀ, ਸਾਂ, ਹਾਂ ਸੈਂ, ਸੀ, ਹੈ ਸੀ, ਹੈ

ਬਹੁਵਚਨ ਸਾਂ, ਸੀ, ਹਾਂ ਸੋ, ਸੀ, ਹੋ ਸਨ,ਸੀ, ਹਨ

੩. ਸੰਚਾਲਕ ਕਿਰਿਆ (Operator)

ਜਿਵੇਂ ਸਹਾਇਕ ਕਿਰਿਆ, ਕਿਰਿਆ ਦਾ ਕਾਲਬੋਧਕ ਅੰਸ਼ ਹੈ ਇਸੇ ਤਰ੍ਹਾਂ ਇਕ ਹੋਰ ਅੰਸ਼ ਹੈ, ਜਿਹੜਾ ਮੁੱਖ ਕਿਰਿਆ ਦੇ ਨਾਲ ਆਉਂਦਾ। ਇਸ ਅੰਸ਼ ਨੂੰ ਸੰਚਾਲਕ ਕਿਰਿਆ ਕਿਹਾ ਜਾਂਦਾ ਹੈ। ਇਸ ਨੂੰ ਪਰੇਰਕ ਵੀ ਕਿਹਾ ਗਿਆ ਹੈ। ਅੰਗਰੇਜ਼ੀ ਵਿਚ ਇਸ ਲਈ ੌਪੲਰੳਟੋਰ ਮਦ ਵਰਤੀ ਜਾਂਦੀ ਹੈ।ਸੰਚਾਲਕ ਕਿਰਿਆਵਾਂ ਨੂੰ ਅੱਗੋਂ ਚਾਰ ਉਪ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ :

ਮੁੱਢਲੀ ਸੰਚਾਲਕ ਕਿਰਿਆ, ਕਰਮਵਾਚੀ ਸੰਚਾਲਕ ਕਿਰਿਆ, ਗਤੀਵਾਚਕ ਸੰਚਾਲਕ ਕਿਰਿਆ ਤੇ ਸੰਭਾਵਕ ਸੰਚਾਲਕ ਕਿਰਿਆ।

੪. ਅਕਰਮਕ ਕਿਰਿਆ (Intransitive Verb)

ਜਿਹੜੀਆਂ ਕਿਰਿਆਵਾਂ ਨਾਲ ਕਰਮ ਦੀ ਲੋੜ ਨਾ ਪਵੇ, ਅਰਥਾਤ ਕਰਮ ਤੋਂ ਬਿਨਾਂ ਹੀ ਵਾਕ ਮੁਕੰਮਲ ਹੋਵੇ, ਉਨ੍ਹਾਂ ਨੂੰ ਅਕਰਮਕ ਕਿਰਿਆਵਾਂ ਕਿਹਾ ਜਾਂਦਾ ਹੈ। ਜਿਵੇਂ: ਬੱਚੇ ਪੜ੍ਹ ਰਹੇ ਹਨ ਵਾਕ ਵਿਚ ਬੱਚੇ ਕਰਤਾ ਹੈ ਅਤੇ ਪੜ੍ਹ ਰਹੇ ਹਨ ਕਿਰਿਆ ਹੈ। ਸੋ ਪੜ੍ਹ ਅਕਰਮਕ ਕਿਰਿਆ ਹੈ। ਇਸੇ ਤਰ੍ਹਾਂ ਦੌੜ, ਰੋ, ਜਾ ਆ, ਖਾ, ਹਸ ਆਦਿ ਵੀ ਅਕਰਮਕ ਕਿਰਿਆਵਾਂ ਹਨ।

੫. ਸਕਰਮਕ ਕਿਰਿਆ (Transitive Verb)

ਜਿਸ ਕਿਰਿਆ ਨਾਲ ਕਰਮ ਦਾ ਆਉਣਾ ਲਾਜ਼ਮੀ ਹੋਵੇ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਮਿਸਾਲ ਵਜੋਂ ‘ਲਕੜਹਾਰਾ ਲਕੜ ਚੀਰਦਾ ਸੀ’ ਵਿਚ ਚੀਰਦਾ ਨੂੰ ਕਰਮ ਦੀ ਲੋੜ ਹੈ। ਜੇ ਕਰਮ ਲਕੜ ਨਾ ਹੋਵੇ ਤਾਂ ਵਾਕ ਪੂਰਾ ਨਹੀਂ ਹੁੰਦਾ। ਸੋ ਚੀਰਨਾ ਸਕਰਮਕ ਕਿਰਿਆ ਹੈ, ਜਿਸ ਤੋਂ ਬਣਿਆ ਰੂਪ ਚੀਰਦਾ ਏਥੇ ਵਰਤਿਆ ਗਿਆ ਹੈ।ਸਕਰਮਕ ਕਿਰਿਆ ਦੋ ਨਾਂਵੀਂ ਤੇ ਤਿੰਨ ਨਾਂਵੀਂ ਹੋ ਸਕਦੀ ਹੈ।

੬. ਪ੍ਰੇਰਨਾਰਥਕ ਕਿਰਿਆ (Causative Verb)

ਜਿਸ ਕਿਰਿਆ ਦਾ ਕਰਤਾ ਕੰਮ ਨੂੰ ਆਪ ਨਾ ਕਰੇ ਸਗੋਂ ਕਿਸੇ ਦੂਜੇ ਕੋਲੋਂ ਕਰਵਾਏ ਜਾਂ ਕਰਾਉਣ ਦੀ ਪ੍ਰੇਰਨਾ ਦੇਵੇ, ਉਸ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ : ‘ਇਹ ਕੰਮ ਤੁਸੀਂ ਬੱਚਿਆਂ ਤੋਂ ਕਰਾਉਣਾ/ਕਰਵਾਉਣਾ ਹੈ’ ਵਾਕ ਵਿਚ ‘ਕਰਾਉਣਾ/ਕਰਵਾਉਣਾ’ ਪ੍ਰੇਰਨਾਰਥਕ ਕਿਰਿਆਵਾਂ ਹਨ। ਇਸੇ ਤਰ੍ਹਾਂ ਤੁੜਵਾਉਣਾ, ਸਿਖਾਉਣਾ ਆਦਿ ਵੀ ਪ੍ਰੇਰਨਾਰਥਕ ਕਿਰਿਆਵਾਂ ਹਨ। ਕਈ ਵਾਰੀ ਕਿਰਿਆ ਦਾ ਕਰਤਾ ਕਿਸੇ ਹੋਰ ਨੂੰ ਪ੍ਰੇਰਨਾ ਦੇ ਕੇ ਕਿਸੇ ਤੀਜੇ ਵਿਅਕਤੀ ਤੋਂ ਕਾਰਜ ਕਰਵਾਉਂਦਾ ਹੈ। ਅਜਿਹੇ ਵਾਕ ਵਿਚਲੀ ਕਿਰਿਆ ਨੂੰ ਦੂਹਰੀ ਪ੍ਰੇਰਨਾਰਥਕ (Double Causative) ਕਿਰਿਆ ਕਿਹਾ ਜਾਂਦਾ ਹੈ।

੭. ਜੋੜੂ ਜਾਂ ਸੰਜੋਗੀ ਕਿਰਿਆ (linking Verb)

ਜਿਹੜੀ ਕਿਰਿਆ ਨਾਂਵ ਜਾਂ ਵਿਸ਼ੇਸ਼ਣ ਅਤੇ ਉਦੇਸ਼ ਨੂੰ ਜੋੜਦੀ ਜਾਂ ਉਨ੍ਹਾਂ ਵਿਚਕਾਰ ਸੰਜੋਗ ਪੈਦਾ ਕਰਦੀ ਹੈ, ਉਸ ਨੂੰ ਸੰਬੰਧਜੋੜ ਜਾਂ ਸੰਜੋਗੀ ਕਿਰਿਆ ਕਿਹਾ ਜਾਂਦਾ ਹੈ। ਜਿਵੇਂ :

(ੳ) ਇਹ ਮੁੰਡਾ ਬਹੁਤ ਚੰਗਾ ਹੈ/ਸੀ।
(ਅ) ਇਹ ਘਰ ਬਹੁਤ ਸੋਹਣਾ ਹੈ/ਸੀ।

ਰੂਪ ਦੇ ਆਧਾਰ ਤੇ ਪੰਜਾਬੀ ਦੇ ਕਿਰਿਆਵੀ ਸ਼ਬਦਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ :
ਕਾਲਕੀ ਕਿਰਿਆ ਤੇ ਅਕਾਲਕੀ ਕਿਰਿਆ।

ਪੰਜਾਬੀ ਕਿਰਿਆ ਦਾ ਰੂਪਾਂਤਰਨ

ਅਕਾਲਕੀ ਕਿਰਿਆ ਰੂਪ ਕਿਸੇ ਵੀ ਵਿਆਕਰਨਕ ਸ਼੍ਰੇਣੀ ਲਈ ਰੂਪਾਂਤਰਿਤ ਨਹੀਂ ਹੁੰਦੇ। ਪਰ ਕਾਲਕੀ ਕਿਰਿਆ-ਰੂਪ ਲਿੰਗ, ਵਚਨ, ਪੁਰਖ, ਕਾਲ, ਪੱਖ ਅਤੇ ਮਨੋਦਸ਼ਾ ਆਦਿ ਵਿਆਕਰਨਕ ਸ਼੍ਰੇਣੀਆਂ ਲਈ ਰੂਪਾਂਤਰਤ ਹੁੰਦੇ ਹਨ।

ਹੇਠਾਂ ਕਾਲਕੀ ਅਤੇ ਅਕਾਲਕੀ ਕਿਰਿਆ-ਰੂਪਾਂ ਦੀਆਂ ਉਦਹਾਰਨਾਂ ਦਿੱਤੀਆਂ ਗਈਆਂ ਹਨ :

ਅਕਾਲਕੀ ਕਿਰਿਆ ਰੂਪ

ਪੜ੍ਹ ਤੋਂ ਪੜ੍ਹਦਿਆਂ, ਪੜ੍ਹਿਆਂ, ਪੜ੍ਹ ਕੇ, ਪੜਨੋਂ, ਪੜ੍ਹਨ ਅਤੇ ਖਾ ਤੋਂ ਖਾਂਦਿਆਂ, ਖਾਧਿਆਂ, ਖਾ ਕੇ, ਖਾਣੋ, ਖਾਣ ਆਦਿ ਅਕਾਲਕੀ ਕਿਰਿਆ ਰੂਪ ਬਣਦੇ ਹਨ।

ਕਾਲਕੀ ਕਿਰਿਆ ਰੂਪ

ਪੜ੍ਹ ਤੋਂ ਪੜ੍ਹਨਾ, ਪੜ੍ਹਨੀਂ, ਪੜ੍ਹਨੀਆਂ, ਪੜ੍ਹਦਾ, ਪੜ੍ਹਦੀ, ਪੜ੍ਹਦੇ, ਪੜ੍ਹਦੀਆਂ, ਪੜ੍ਹਿਆ, ਪੜ੍ਹੀ, ਪੜ੍ਹੇ, ਪੜ੍ਹੀਆਂ, ਪੜ੍ਹਦੀ, ਪੜ੍ਹਦੀਆਂ, ਪੜ੍ਹਾਂ, ਪੜ੍ਹੇਂ, ਪੜ੍ਹੀਏ ਆਦਿ ਕਾਲਕੀ ਕਿਰਿਆ ਰੂਪ ਬਣਦੇ ਹਨ।

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜੋ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰਦੇ ਹਨ।ਇਨ੍ਹਾਂ ਦੀ ਵਰਤੋਂ ਸਮੁੱਚੇ ਵਾਕ ਉਪਰ ਵੀ ਖਾਸ ਪ੍ਰਭਾਵ ਛੱਡਦੀ ਹੈ। ਇਸੇ ਕਰ ਕੇ ਇਸ ਸ਼ਬਦ ਸ਼੍ਰੇਣੀ ਵਿਚ ਸ਼ਾਮਲ ਸ਼ਬਦਾਂ ਨੂੰ ਵਿਵਿਧ ਗੁਣਾ ਤੇ ਕਾਰਜਾਂ ਦੇ ਧਾਰਨੀ ਮੰਨਿਆ ਗਿਆ ਹੈ।ਦਰਅਸਲ ਇਸ ਸ਼੍ਰੇਣੀ ਵਿਚ ਬਾਕੀ ਸਾਰੀਆਂ ਸ਼੍ਰੇਣੀ ਦੇ ਸ਼ਬਦ ਕਿਸੇ ਨਾ ਕਿਸੇ ਰੂਪ ਵਿਚ ਕਾਰਜਸ਼ੀਲ ਹੁੰਦੇ ਹਨ।ਸ਼ਾਇਦ ਇਸੇ ਲਈ ਇਸ ਨੂੰ ਮਿਸ਼ਰਿਤ ਸ਼ਬਦ ਸ਼੍ਰੇਣੀ ਵੀ ਕਹਿ ਦਿੱਤਾ ਜਾਂਦਾ ਹੈ।

ਅਰਥਾਂ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਕਿਰਿਆ ਵਿਸ਼ੇਸ਼ਣਾਂ ਦੀਆਂ ਹੇਠ ਲਿਖੀਆਂ ਕਿਸਮਾਂ ਸਥਾਪਿਤ ਕੀਤੀਆਂ ਗਈਆਂ ਹਨ :

੧. ਸਮਾਂ ਸੂਚਕ : ਅੱਜ, ਅਜੇ, ਕਲ੍ਹ, ਭਲਕ, ਪਰਸੋਂ, ਸਵੇਰੇ, ਦੁਪਹਿਰੇ, ਤਕਾਲੀਂ, ਦਿਨੇ, ਰਾਤੀਂ, ਪਹਿਲਾਂ, ਪਿਛੋਂ, ਮਗਰੋਂ, ਹੁਣ, ਉਦੋਂ, ਜਦੋਂ, ਕਦੇ, ਕਦ, ਸਦਾ, ਨਿਤ, ਅਕਸਰ, ਫੇਰ ਤੁਰੰਤ, ਅੱਜ ਸ਼ਾਮ ਨੂੰ ਸੱਤ ਵਜੇ, ਜਨਵਰੀ ਦੇ ਪਹਿਲੇ ਹਫ਼ਤੇ ਆਦਿ।

੨. ਸਥਾਨਸੂਚਕ : ਇਥੇ, ਉਥੇ, ਪਾਸ, ਕੋਲ, ਅੰਦਰ, ਬਾਹਰ, ਦੂਰ, ਉਰੇ, ਪਰੇ, ਘਰੇ, ਸ਼ਹਿਰ, ਪਿੰਡ, ਨੇੜੇ, ਉਤੇ, ਸਾਡੇ ਪਿੰਡ, ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਆਦਿ।

੩. ਦਿਸ਼ਾਸੂਚਕ : ਏਧਰ, ਓਧਰ, ਜਿਧਰ, ਕਿਧਰ, ਅੱਗੇ, ਪਿੱਛੇ, ਸਾਹਮਣੇ, ਸੱਜੇ, ਖੱਬੇ, ਸ਼ਹਿਰ ਵੱਲ, ਪਿੰਡ ਵੱਲ, ਚੁਪਾਸੇ ਆਦਿ।

੪. ਵਿਧੀਵਾਚਕ : ਇੰਜ, ਏਂਦਾ, ਜਿਦਾਂ, ਓਦਾਂ, ਛੇਤੀ, ਹੌਲੀ, ਕਾਹਲਾ, ਤੇਜ਼, ਮੱਠਾ, ਇਕੁਰ, ਇਸ ਤਰ੍ਹਾਂ, ਹਰ ਤਰ੍ਹਾਂ, ਸਹਿਜੇ, ਜਲਦੀ, ਝਟਪਟ, ਅਚਨਚੇਤ, ਧੜਾਧੜ, ਕਿਹੜੇ ਮੂੰਹ ਨਾਲ, ਸਰਬਸੰਮਤੀ ਨਾਲ ਆਦਿ।

੫. ਗਿਣਤੀ ਵਾਚਕ : ਇਕ ਵਾਰ, ਦੋ ਵਾਰ, ਬਹੁਤ ਵਾਰ, ਅਨੇਕ ਵਾਰ, ਸੌ ਵਾਰ, ਕਈ ਵਾਰ ਆਦਿ।

੬. ਮਾਤਰਾ ਬੋਧਕ : ਥੋੜ੍ਹਾ, ਬਹੁਤਾ, ਘੱਟ, ਏਨਾ, ਵੱਧ, ਕਿੰਨਾ, ਥੋੜ੍ਹਾ-ਥੋੜ੍ਹਾ ਆਦਿ।

੭. ਕ੍ਰਮਬੋਧਕ : ਪਹਿਲਾ ਗੇੜ, ਅੰਤਲਾ, ਦੂਜਾ, ਛੇਵਾਂ, ਪਹਿਲਾਂ, ਪਿਛੋਂ, ਓੜਕ, ਛੇਕੜਲਾ ਆਦਿ।

੮. ਕਾਰਨ ਬੋਧਕ : ਇਸ ਲਈ, ਇਸ ਕਰਕੇ, ਇਸ ਵਾਸਤੇ, ਕਿਉਂ, ਕਿਸ ਲਈ, ਕਿਸ ਕਰਕੇ, ਧੁਪ ਨਾਲ, ਭੁੱਖ ਨਾਲ ਆਦਿ।

੯. ਨਿਸ਼ਚੇ ਬੋਧਕ : ਜ਼ਰੂਰ, ਬਿਲਕੁਲ, ਅਵੱਸ਼, ਜ਼ਰੂਰ ਹੀ, ਠੀਕ, ਸਚਮੁੱਚ, ਬੇਸ਼ਕ ਆਦਿ।

ਬਣਤਰ ਦੇ ਆਧਾਰ ਤੇ ਪੰਜਾਬੀ ਕਿਰਿਆ ਵਿਸ਼ੇਸ਼ਣਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ :

ਸਧਾਰਨ, ਸੰਜੁਗਤ ਤੇ ਮਿਸ਼ਰਤ।

੧. ਸਧਾਰਨ (ਮੂਲ) ਕਿਰਿਆ ਵਿਸ਼ੇਸ਼ਣ

ਜਿਹੜੇ ਕਿਰਿਆ ਵਿਸ਼ੇਸ਼ਣ ਇਕਹਿਰੇ ਸ਼ਬਦ ਰੂਪਾਂ ਦੁਆਰਾ ਸਾਕਾਰ ਹੁੰਦੇ ਹਨ, ਉਨ੍ਹਾਂ ਨੂੰ ਸਧਾਰਨ (ਮੂਲ) ਕਿਰਿਆ ਵਿਸ਼ੇਸ਼ਣ ਕਿਹਾ ਗਿਆ ਹੈ। ਜਿਵੇਂ ਤੇਜ, ਹੁਣ, ਝਟਪਟ, ਹੌਲੀ, ਅੱਜ, ਕੱਲ੍ਹ ਆਦਿ।

੨. ਸੰਜੁਗਤ ਕਿਰਿਆ ਵਿਸ਼ੇਸ਼ਣ

ਜਿਹੜੇ ਕਿਰਿਆ ਵਿਸ਼ੇਸ਼ਣ ਦੋ ਦਾਂ ਦੋ ਤੋਂ ਵੱਧ ਸ਼ਬਦ ਰੂਪਾਂ ਦੁਆਰਾ ਆਪਣੇ ਕਾਰਜੀ ਸਰੂਪ ਨੂੰ ਸਾਕਾਰ ਕਰਦੇ ਹਨ, ਉਨ੍ਹਾਂ ਨੂੰ ਸੰਜੁਗਤ ਕਿਰਿਆ ਵਿਸ਼ੇਸ਼ਣ ਕਿਹਾ ਗਿਆ ਹੈ। ਜਿਵੇਂ ਹੌਲੀ-ਹੌਲੀ, ਦੂਰੋਂ ਨੇੜਿਓਂ, ਹੇਠ-ਉਤੇ, ਕੋਲੋ-ਕੋਲੀ, ਕੋਲ-ਕੋਲ, ਘੜੀ- ਮੁੜੀ, ਆਹਮੋ-ਸਾਹਮਣੇ, ਛੇਤੀ-ਛੇਤੀ, ਹੁਣੇ ਹੀ, ਏਧਰ-ਓਦਰ, ਆਦਿ।

੩. ਮਿਸ਼ਰਤ ਕਿਰਿਆ ਵਿਸ਼ੇਸ਼ਣ

ਜਿਹੜੇ ਕਿਰਿਆ ਵਿਸ਼ੇਸ਼ਣ ਮੁਕਤ ਸ਼ਬਦ ਰੂਪ ਤੇ ਬੰਧੇਜੀ ਸ਼ਬਦ ਰੂਪ ਦੇ ਸੁਮੇਲ ਨਾਲ ਆਪਣਾ ਕਾਰਜੀ ਸਰੂਪ ਸਾਕਾਰ ਕਰਦੇ ਹਨ, ਉਨ੍ਹਾਂ ਨੂੰ ਸੰਜੁਗਤ ਕਿਰਿਆ ਵਿਸ਼ੇਸ਼ਣ ਕਿਹਾ ਗਿਆ ਹੈ;ਜਿਵੇਂ:

ਅੰਦਰ+ਤੋਂ = ਅੰਦਰੋਂ
ਬਾਹਰ+ਤੋਂ = ਬਾਹਰੋਂ
ਪਿਛੇ+ਤੋਂ = ਪਿਛੋਂ
ਉਤੇ+ਤੋਂ = ਉਤੋਂ

ਸੰਬੰਧਕ

ਪ੍ਰਾਚੀਨ ਭਾਸ਼ਾਵਾਂ ਸੰਸਕ੍ਰਿਤ, ਪਾਲੀ ਜਾਂ ਪ੍ਰਾਕ੍ਰਿਤਾਂ ਵਿਚ ਸੰਬੰਧਕਾਂ ਦੀ ਹੋਂਦ ਨਹੀਂ ਸੀ। ਇਹਨਾਂ ਦੀ ਥਾਂ ਨਾਵਾਂ, ਪੜਨਾਂਵਾਂ ਅਤੇ ਵਿਸ਼ੇਸ਼ਣਾਂ ਨਾਲ ਪਿਛੇਤਰ ਜੋੜ ਕੇ ਹੀ ਕੰਮ ਸਾਰ ਲਿਆ ਜਾਂਦਾ ਸੀ। ਪਰ ਅਜੋਕੀ ਪੰਜਾਬੀ ਵਿਚ ਪਿਛੇਤਰ ਅਤੇ ਸੰਬੰਧਕ ਦੋਵੇਂ ਹੀ ਵਰਤੇ ਜਾਂਦੇ ਹਨ। ਪੰਜਾਬੀ ਵਿਚ ਸੰਬੰਧਕ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਤੋਂ ਪਿਛੋਂ ਆਉਂਦੇ ਹਨ। ਇਸ ਲਈ ਵਧੇਰੇ ਸਪੱਸ਼ਟਤਾ ਲਈ ਇਹਨਾਂ ਨੂੰ ਪਿਛੇਤਰੀ ਸੰਬੰਧਕ (Postposition) ਕਿਹਾ ਜਾ ਸਕਦਾ ਹੈ। ਇਸ ਦੇ ਮੁਕਾਬਲੇ ਉਤੇ ਅੰਗਰੇਜ਼ੀ ਭਾਸ਼ਾ ਵਿਚ ਅਗੇਤਰੀ ਸੰਬੰਧਕ (Preposition) ਦੀ ਵਰਤੋਂ ਹੁੰਦੀ ਹੈ।

ਸੰਬੰਧਕ ਸ਼ਬਦ-ਸ਼੍ਰੇਣੀ ਵਿਚ, ਉਹ ਸ਼ਬਦ ਸ਼ਾਮਿਲ ਕੀਤੇ ਜਾਂਦੇ ਹਨ, ਜਿਹੜੇ ਭਾਸ਼ਾ ਦੀ ਵਿਆਕਰਨਿਕ ਬਣਤਰ ਵਿਚ ਵਾਕਾਤਮਿਕ ਸੰਬੰਧਾਂ ਨੂੰ ਸਾਕਾਰ ਕਰਨ ਦਾ ਕਾਰਜ ਕਰਦੇ ਹਨ। ਪੰਜਾਬੀ ਵਿਚ ਸੰਬੰਧਕ ਸ਼ਬਦ ਸ਼੍ਰੇਣੀ ਦੇ ਸ਼ਬਦ ਨਾਂਵ ਜਾਂ ਪੜਨਾਂਵ ਤੋਂ ਪਿਛੋਂ ਵਿਚਰ ਕੇ ਬਾਦ ਵਿਚ ਆਉਣ ਵਾਲੇ ਨਾਂਵ, ਕਿਰਿਆ ਜਾਂ ਕਿਰਿਆ ਵਿਸ਼ੇਸ਼ਣਾਂ ਦਾ ਆਪਣੇ ਤੋਂ ਪਹਿਲੇ ਨਾਂਵ ਨਾਲ ਵਾਕਾਤਮਿਕ ਸੰਬੰਧ ਸਥਾਪਿਤ ਕਰਦੇ ਹਨ। ਪੰਜਾਬੀ ਭਾਸ਼ਾ ਦੀ ਵਾਕ ਜੁਗਤ ਵਿਚ ਵੱਖ-ਵੱਖ ਵਾਕਾਤਮਿਕ ਸੰਬੰਧਾਂ ਨੂੰ ਪ੍ਰਗਟਾਉਣ ਲਈ ਵੱਖ-ਵੱਖ ਸੰਬੰਧਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰੂਪ ਦੇ ਪੱਖ ਤੋਂ ਪੰਜਾਬੀ ਭਾਸ਼ਾ ਦੇ ਬਹੁਤੇ ਸੰਬੰਧਕ ਅਵਿਕਾਰੀ ਹਨ। ਜਿਵੇਂ ਨੇ, ਨੂੰ, ਤੋਂ, ਲਈ, ਰਾਹੀਂ, ਦੁਆਰਾ ਅਤੇ ਵਾਸਤੇ ਆਦਿ ਅਵਿਕਾਰੀ ਸੰਬੰਧਕ ਹਨ। ਪਰ ਕੁੱਝ ਸੰਬੰਧਕ ਵਿਕਾਰੀ ਵੀ ਹਨ। ਜਿਵੇਂ ਦਾ, ਕੋਲ, ਨਾਲ, ਵਿਚ, ਪਾਸ, ਨੇੜੇ, ਅੰਦਰ, ਬਾਹਰ, ਪਿਛੇ, ਉਤੇ ਆਦਿ ।

ਪੰਜਾਬੀ ਭਾਸ਼ਾ ਦੀ ਵਿਆਕਰਨਿਕ ਬਣਤਰ ਵਿਚ ਵਿਚਰਦੇ ਸੰਬੰਧਕਾਂ ਨੂੰ ਬਣਤਰ ਤੇ ਕਾਰਜ ਦੇ ਆਧਾਰ ਤੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ : ਮੂਲ ਸੰਬੰਧਕ, ਸੰਧੀ ਸੰਬੰਧਕ ਤੇ ਸੰਜੁਗਤ ਸੰਬੰਧਕ।

੧. ਮੂਲ ਸੰਬੰਧਕ

ਜਿਹੜੇ ਸੰਬੰਧਕ ਮੁਕਤ ਭਾਵੰਸ਼ ਦੇ ਰੂਪ ਵਿਚ ਸੁਤੰਤਰ ਤੌਰ ਤੇ ਕਾਰਜ ਕਰਦੇ ਹਨ ਉਹਨਾਂ ਨੂੰ ਮੂਲ ਸੰਬੰਧਕ ਕਿਹਾ ਗਿਆ ਹੈ। ਨੇ, ਨੂੰ, ਤੋਂ, ਵਿਚ, ਉਪਰ ਥੱਲੇ, ਹੇਠਾਂ, ਪਾਸ, ਨੇੜੇ, ਕੋਲ, ਪਿਛੇ, ਅੱਗੇ, ਅੰਦਰ, ਵੱਲ, ਉਤੇ ਨਾਲ, ਦੁਆਰਾ, ਰਾਹੀਂ, ਕਰਕੇ, ਲਈ, ਵਾਸਤੇ, ਖ਼ਾਤਰ ਆਦਿ ਸਾਰੇ ਮੂਲ ਸੰਬੰਧਕ ਹਨ।

ਸੰਬੰਧਕ/ਦਾ/ ਪੰਜਾਬੀ ਦੇ ਵਿਕਾਰੀ ਸੰਬੰਧਕਾ ਵਿਚੋਂ ਪ੍ਰਮੁੱਖ ਸੰਬੰਧਕ ਹੈ। ਇਸ ਦੇ ਸਭ ਤੋਂ ਵੱਧ ਰੂਪ ਬਣਦੇ ਹਨ। ਇਸ ਸੰਬੰਧਕ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਆਪਣੇ ਤੋਂ ਪਹਿਲਾਂ ਆਉਣ ਵਾਲੇ ਨਾਂਵ ਨੂੰ ਸੰਬੰਧਕੀ ਰੂਪ ਵਿਚ ਪੇਸ਼ ਕਰਕੇ ਪਿਛੋਂ ਆਉਣ ਵਾਲੇ ਨਾਂਵ ਨਾਲ ਲਿੰਗ ਤੇ ਵਚਨ ਤੇ ਕਾਰਕ ਅਨੁਸਾਰ ਮੇਲ ਖਾਂਦਾ ਹੈ। ਇਸ ਦੀ ਇਹ ਵਿਸ਼ੇਸ਼ਤਾ ਇਸ ਨੂੰ ਦੂਜੇ ਸੰਬੰਧਕਾਂ ਨਾਲੋਂ ਨਿਖੇੜਦੀ ਹੈ। /ਦਾ/ ਸੰਬੰਧਕ ਦੇ ਵੱਖ-ਵੱਖ ਵਿਕਾਰੀ ਰੂਪਾਂ ਦਾ ਵੇਰਵਾ ਹੇਠਾਂ ਉਲੀਕਿਆ ਗਿਆ ਹੈ :

ਦਾ, ਦੇ, ਦੀ, ਦੀਆਂ

੨. ਸੰਧੀ ਸੰਬੰਧਕ

ਸੰਧੀ ਸੰਬੰਧਕਾਂ ਦੀ ਰਚਨਾ ਮੁਕਤ ਰੂਪ ਅਤੇ ਯੁਕਤ ਰੂਪ ਦੇ ਸੁਮੇਲ ਤੋਂ ਹੁੰਦੀ ਹੈ ਅਤੇ ਇਹ ਦੋਵੇਂ ਇਕੱਠੇ ਵਿਚਰ ਕੇ ਸਾਂਝੇ ਅਰਥਾਂ ਵਾਲੇ ਵਾਕਾਤਮਕ ਕਾਰਜਾਂ ਨੂੰ ਪ੍ਰਗਟ ਕਰਦੇ ਹਨ। ਜਿਵੇਂ :

ਕੋਲ+ਤੋਂ = ਕੋਲੋਂ, ਵਿਚ+ਤੋਂ = ਵਿਚੋਂ, ਨੇੜੇ+ਇਓਂ = ਨੇੜਿਓਂ, ਦੇ+ਓ = ਦੇਓ, ਦੀ+ਓ = ਦੀਓ, ਦੇ+ਓ = ਦਿਓ, ਦੀ+ਏ = ਦੀਏ, ਦੀ+ਓ = ਦੀਓ।

੩. ਸੰਜੁਗਤ ਸੰਬੰਧਕ

ਦੋ ਜਾਂ ਦੋ ਤੋਂ ਵਧੇਰੇ ਮੁਕਤ ਸੰਬੰਧਕਾਂ ਦੇ ਸੁਮੇਲ ਨਾਲ ਰਚਿਤ ਸੰਬੰਧਕਾਂ ਨੂੰ ਸੰਜੁਗਤ ਸੰਬੰਧਕ ਕਿਹਾ ਗਿਆ ਹੈ। ਸੰਜੁਗਤ ਸੰਬੰਧਕ ਦੋ ਜਾਂ ਦੋ ਤੋਂ ਵਧੇਰੇ ਮੁਕਤ ਰੂਪਾਂ ਦੇ ਸਾਂਝੇ ਅਰਥਾਂ ਵਿਚੋਂ ਉਪਜੇ ਵਾਕਾਤਮਕ ਕਾਰਜ ਨੂੰ ਪ੍ਰਗਟ ਕਰਦੇ ਹਨ। ਜਿਵੇਂ :

੧. ਚੋਰ ਪੁਲਸ ਦੇ ਕੋਲ ਦੀ ਲੰਘ ਗਿਆ।
੨. ਚੋਰ ਪਿਛਲੀ ਬਾਰੀ ਦੇ ਵਿਚ ਦੀ ਕਮਰੇ ਵਿਚ ਦਾਖ਼ਲ ਹੋਇਆ।
੩. ਅਸੀਂ ਗੁਰਦੁਆਰੇ ਦੇ ਅੱਗੇ ਦੀ ਲੰਘ ਗਏ।

ਯੋਜਕ (ਜੋੜਕ)

ਯੋਜਕ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਸ਼ਬਦਾਂ, ਵਾਕੰਸ਼ਾਂ, ਉਪਵਾਕਾਂ ਜਾਂ ਵਾਕਾਂ ਨੂੰ ਇਕ ਦੂਜੇ ਨਾਲ ਜੋੜਦੇ ਹਨ। ਇਹ ਅਜਿਹੀ ਸ਼੍ਰੇਣੀ ਹੈ ਜੋ ਵਿਆਕਰਨਕ ਇਕਾਈਆਂ ਨੂੰ ਇਕ ਨਵੀਂ ਇਕਾਈ ਵਿਚ ਗੁੰਦਣ ਦਾ ਕਾਰਜ ਕਰਦੀ ਹੈ ਭਾਸ਼ਾ ਦੀ ਖਿਲਰਵੀਂ ਵਿਉਂਤ ਨੂੰ ਇਕ ਜੁੜਵੀਂ ਵਿਉਂਤ ਵਿਚ ਇਕੱਠਾ ਕਰਦੀ ਹੈ।

ਯੋਜਕ ਬੰਦ ਸ਼ਬਦ ਪ੍ਰਬੰਧ ਨਾਲ ਸੰਬੰਧਿਤ ਹੁੰਦੇ ਹਨ ਭਾਵ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਨਹੀਂ ਹੋ ਸਕਦਾ। ਪੰਜਾਬੀ ਭਾਸ਼ਾ ਦੇ ਯੋਜਕ ਅਵਿਕਾਰੀ ਹਨ। ਪੰਜਾਬੀ ਭਾਸ਼ਾ ਦੀ ਵਿਆਕਰਨਿਕ ਬਣਤਰ ਵਿਚ ਯੋਜਕ ਦੋ ਭਾਂਤ ਦੀਆਂ ਵਾਕਾਤਮਿਕ ਬਣਤਰਾਂ ਵਿਚ ਕਾਰਜਸ਼ੀਲ ਹੁੰਦੇ ਹਨ:

ਸਮਾਨ ਯੋਜਕ ਅਤੇ ਅਧੀਨ ਯੋਜਕ ਸਮਾਨ ਯੋਜਕ ਸਾਵੀਆਂ (ਸੰਯੁਕਤ) ਵਾਕ- ਬਣਤਰਾਂ ਨੂੰ ਜੋੜਦੇ ਹਨ ਅਤੇ ਇਹ ਸ਼ਬਦਾਂ, ਵਾਕੰਸ਼ਾਂ ਤੇ ਉਪਵਾਕਾਂ ਦੇ ਪੱਧਰ ਤੇ ਵਿਚਰਦੇ ਹਨ। ਮਿਸਾਲ ਵਜੋਂ:

੧. ਦੋਸਤ ਅਤੇ ਦੁਸ਼ਮਨ ਦੋਵੇਂ ਦੁਖ ਦਿੰਦੇ ਹਨ ਪਰ ਦੋਸਤ ਵਿਛੜ ਕੇ ਦੁਖ ਦਿੰਦੇ ਹਨ ਅਤੇ ਦੁਸ਼ਮਣ ਮਿਲ ਕੇ ਦੁਖ ਦਿੰਦੇ ਹਨ।
੨. ਮੈਂ ਉਸ ਨੂੰ ਬਥੇਰੀ ਸਿੱਖਿਆ ਦਿੱਤੀ ਫਿਰ ਵੀ ਉਸ ਨੇ ਬੁਰੀ ਸੰਗਤ ਨਾ ਛੱਡੀ।
੩. ਰਾਹ ਪਿਆ ਜਾਣਾ ਜਾਂ ਵਾਹ ਪਿਆ ਜਾਣੇ।
੪. ਉਹ ਫਸਟ ਹੀ ਨਹੀਂ ਆਇਆ ਸਗੋਂ ਉਸ ਨੇ ਇਨਾਮ ਵੀ ਪ੍ਰਾਪਤ ਕੀਤਾ ਹੈ।

ਉਪਰੋਕਤ ਵਾਕਾਂ ਵਿਚ/ ਅਤੇ, ਪਰ, ਫਿਰ ਵੀ, ਜਾਂ ਅਤੇ ਸਗੋਂ/ ਆਦਿ ਸਮਾਨ ਯੋਜਕਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ/ਪ੍ਰੰਤੂ, ਇਸ ਕਰਕੇ-ਵਾਸਤੇ, ਫਿਰ, ਚਾਹੇ, ਨਾਲੇ/ਆਦਿ ਹੋਰ ਸਮਾਨ ਯੋਜਕਾਂ ਦੀ ਵਰਤੋਂ ਪੰਜਾਬੀ ਭਾਸ਼ਾ ਵਿਚ ਕੀਤੀ ਜਾਂਦੀ ਹੈ।

ਅਧੀਨ ਯੋਜਕਾਂ ਅਸਾਵੀਆਂ ਵਾਕ-ਬਣਤਰਾਂ ਨੂੰ ਜੋੜਦੇ ਹਨ ਅਤੇ ਇਹ ਸਿਰਫ਼ ਉਪਵਾਕਾਂ ਦੇ ਪੱਧਰ ’ਤੇ ਹੀ ਵਿਚਰ ਸਕਦੇ ਹਨ। ਅਧੀਨ ਯੋਜਕਾਂ ਵਿਚ/ ਕਿ, ਜੋ, ਜਿਹੜਾ, ਜਿਵੇਂ, ਜਦੋਂ, ਜੇ/ ਆਦਿ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ। ਅੱਗੇ ਅਧੀਨ ਯੋਜਕਾਂ ਦੀ ਵਰਤੋਂ ਦੇ ਉਦਾਹਰਨ ਦਿੱਤੇ ਗਏ ਹਨ :

੧. ਉਸ ਨੇ ਕਿਹਾ ਕਿ ਕੱਲ੍ਹ ਮੈਂ ਨਹੀਂ ਆਵਾਂਗਾ।
੨. ਮੇਰੇ ਕੋਲ ਉਹ ਪਾਣੀ ਹੈ ਜੋ ਸਦਾ ਹੀ ਪਿਆਸ ਬੁਝਾਂਦਾ ਹੈ।
੩. ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਉਗੇ।
੪. ਉਹ ਅੱਜ ਕਾਲਜ ਨਹੀਂ ਆਵੇਗਾ ਕਿਉਂਕਿ ਉਹ ਬਿਮਾਰ ਹੈ।

ਬਣਤਰ ਦੇ ਪੱਧਰ ਤੇ ਯੋਜਕਾਂ ਦੀਆਂ ਤਿੰਨ ਸ਼੍ਰੇਣੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਕਹਿਰੇ ਯੋਜਕ ਤੇ ਸੰਜੁਗਤ ਯੋਜਕ ਅਤੇ ਸਹਿ-ਸੰਬੰਧਕੀ।

(ੳ) ਇਕਹਿਰੇ ਜਾਂ ਸਧਾਰਨ ਯੋਜਕ

ਜਿਹੜੇ ਯੋਜਕ ਇਕੱਲੇ-ਇਕੱਲੇ ਵਰਤੇ ਜਾਂਦੇ ਹਨ, ਉਹਨਾਂ ਨੂੰ ਇਕਹਿਰੇ ਯੋਜਕ ਕਿਹਾ ਗਿਆ ਹੈ। ਜਿਵੇਂ ਤੇ, ਅਤੇ, ਪਰ, ਕਿ, ਜਾਂ, ਭਾਵੇਂ ਆਦਿ।

(ਅ) ਸੰਜੁਗਤ ਯੋਜਕ

ਸੰਜੁਗਤ ਯੋਜਕ ਜੁੜਵੇਂ ਰੂਪ ਵਿਚ ਵਰਤੇ ਜਾਂਦੇ ਹਨ, ਜਿਵੇਂ :

੧. ਥੋੜ੍ਹਾ ਖਾਓ ਤਾਂ ਜੋ ਬਦਹਜ਼ਮੀ ਨਾ ਹੋ ਜਾਵੇ।
੨. ਇਸ ਇਲਾਕੇ ਵਿਚ ਏਨੀਂ ਗਰੀਬੀ ਹੈ ਜਿਸ ਦਾ ਕਿ ਅਨੁਮਾਨ ਹੀ ਨਹੀਂ ਲਾਇਆ ਜਾ ਸਕਦਾ।

(ੲ) ਸਹਿ-ਸੰਬੰਧਕੀ

ਸਹਿ-ਸੰਬੰਧਕੀ ਯੋਜਕ ਟੁਟਵੇਂ ਰੂਪ ਵਿਚ ਵਰਤੇ ਜਾਦੇ ਹਨ। ਜਿਵੇਂ :

੧. ਭਾਵੇਂ ਉਹ ਬੀਮਾਰ ਸੀ ਫਿਰ ਵੀ ਕੰਮ ਕਰਦਾ ਰਿਹਾ।
੨. ਜੇ ਰਾਂਝਾ ਤ੍ਰਿਪਤ ਹੁੰਦਾ ਤਾਂ ਉਹ ਕਦੀ ਮੱਝਾਂ ਨਾ ਚਾਰਦਾ।

ਇਹਨਾਂ ਤੋਂ ਇਲਾਵਾ, ਇਸ ਲਈ, ਇਸ ਲਈ ਕਿ, ਜਾਂ-ਜਾਂ, ਚਾਹੇ-ਚਾਹੇ ਆਦਿ ਕਈ ਹੋਰ ਯੋਜਕਾਂ ਦੀ ਵਰਤੋਂ ਵੀ ਪੰਜਾਬੀ ਭਾਸ਼ਾ ਵਿਚ ਕੀਤੀ ਜਾਂਦੀ ਹੈ।

ਨਿਪਾਤ

ਨਿਪਾਤ, ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਸ਼ਬਦ ਦੀ ਵਿਉਤਪਤੀ ‘ਪਤ’ ਧਾਤੂ ਨਾਲ /ਨਿ-/ ਅਗੇਤਰ ਲਾ ਕੇ ਹੋਈ ਹੈ। ਇਸ ਦੇ ਸ਼ਬਦੀ ਅਰਥ ‘ਆਪ ਮੁਹਾਰੇ ਪ੍ਰਗਟ ਹੋਣ ਵਾਲਾ ਬਣਦੇ ਹਨ। ਸੰਸਕ੍ਰਿਤ ਵਿਆਕਰਨੀ ਸਮਝਦੇ ਸਨ ਕਿ ਭਾਸ਼ਾ ਵਿਚ ਕੁੱਝ ਸ਼ਬਦ-ਰੂਪ ਜਾਂ ਤੱਤ ਅਜਿਹੇ ਹੁੰਦੇ ਹਨ ਜਿਹਨਾਂ ਦੇ ਵਿਆਕਰਨ- ਸਰੂਪ ਬਾਰੇ ਕੋਈ ਜਾਣਕਾਰੀ ਹਾਸਿਲ ਨਹੀਂ ਹੁੰਦੀ ਅਤੇ ਨਾ ਹੀ ਇਹਨਾਂ ਦੇ ਭਾਸ਼ਾਈ ਵਰਤਾਰੇ ਵਿਚ ਪ੍ਰਵੇਸ਼ ਬਾਰੇ ਕੁੱਝ ਪਤਾ ਲੱਗਦਾ ਹੈ। ਇਉਂ ਨਿਪਾਤ ਉਹ ਸ਼ਬਦ ਹਨ ਜੋ ਵਾਕ ਬਣਤਰ ਵਿਚ ਕਿਸੇ ਵਿਆਕਰਨਕ ਪ੍ਰਕਾਰਜ ਦੇ ਸਮਰੱਥ ਨਾ ਹੁੰਦੇ ਹੋਏ ਵੀ, ਅਰਥ ਪੱਖ ਤੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰਭਾਵ ਪਾਉਂਦੇ ਹਨ। ਕਈ ਨਿਪਾਤ ਵਾਕ ਬਣਤਰ ਵਿਚ ਕਿਸੇ ਇਕ ਨੁਕਤੇ ਉਪਰ ਧਿਆਨ ਕੇਂਦਰਿਤ ਕਰਨ ਲਈ ਵਰਤੇ ਜਾਂਦੇ ਹਨ। ਅੰਗਰੇਜ਼ੀ ਵਿਚ ਇਸ ਤਰ੍ਹਾਂ ਦੀ ਸ਼ਬਦਾਵਲੀ ਲਈ ਪਾਰਟੀਕਲ ਸ਼ਬਦ ਵਰਤਿਆ ਜਾਂਦਾ ਹੈ। ਪੰਜਾਬੀ ਦੀਆਂ ਕਈ ਵਿਆਕਰਨਾਂ ਵਿਚ ਇਸ ਨੂੰ ਤਤਸਮ ਰੂਪ ਵਿਚ ਹੀ ਅਪਣਾ ਲਿਆ ਗਿਆ ਹੈ। ਅੰਗਰੇਜ਼ੀ ਭਾਸ਼ਾ ਵਿਚ ਆਰਟੀਕਲ ਆਦਿ-ਨਿਪਾਤ ਵੀ ਵਰਤੇ ਜਾਂਦੇ ਹਨ। ਪੰਜਾਬੀ ਵਿਚ ਇਸ ਤਰ੍ਹਾਂ ਦੀ ਕਾਫੀ ਸ਼ਬਦਾਵਲੀ ਹੈ। ਪੰਜਾਬੀ ਭਾਸ਼ਾ ਦੇ ਵਿਆਕਰਨਾਂ ਵਿਚ ਅਜਿਹੀ ਸ਼ਬਦਾਵਲੀ ਲਈ ਤੀਬਰਤਾਵਾਚੀ, ਤਾਕੀਦੀ, ਬਲਵਾਚਕ ਸ਼ਬਦ, ਵਿਸਮਕ ਅਤੇ ਨਾਂਹ ਵਾਚਕ ਆਦਿ ਕਈ ਤਰ੍ਹਾਂ ਦੀ ਤਕਨੀਕੀ ਪਦਾਵਲੀ ਦੀ ਵਰਤੋਂ ਕੀਤੀ ਮਿਲਦੀ ਹੈ। ਸਾਡੀ ਜਾਚੇ ਇਹ ਸਮੂਹ ਸ਼ਬਦਾਵਲੀ ਨੂੰ ‘ਨਿਪਾਤ’ ਨਾਮ ਦੀ ਸ਼ਬਦ- ਸ਼੍ਰੇਣੀ ਤਹਿਤ ਰੱਖ ਲੈਣਾ ਚਾਹੀਦਾ ਹੈ। ਇਥੇ ਅਸੀਂ ਇਸੇ ਪ੍ਰਸੰਗ ਵਿਚ ਇਸ ਸ਼ਬਦਾਵਲੀ ਦਾ ਵਰਗੀਕਰਨ ਅਤੇ ਵਿਸ਼ਲੇਸ਼ਣ ਪੇਸ਼ ਕੀਤਾ ਹੈ।

ਵਰਤੋਂ ਦੇ ਪੱਖ ਤੋਂ ਪੰਜਾਬੀ ਭਾਸ਼ਾ ਦੇ ਨਿਪਾਤਾਂ ਦੀਆਂ ਤਿੰਨ ਮੁੱਖ ਸ਼੍ਰੇਣੀਆਂ ਬਣਦੀਆਂ ਹਨ :

(੧) ਮੁਕਤ ਨਿਪਾਤ : ਜਿਹਨਾਂ ਨਿਪਾਤਾਂ ਦੀ ਵਰਤੋਂ ਸੁਤੰਤਰ ਰੂਪ ਵਿਚ ਹੁੰਦੀ ਹੈ, ਉਹਨਾਂ ਨੂੰ ਮੁਕਤ ਨਿਪਾਤ ਕਿਹਾ ਗਿਆ ਹੈ। ਜਿਵੇਂ : ਹਾਂ, ਨਾਂ, ਨਹੀਂ, ਨੀ, ਤਾਂ, ਵੀ, ਹੀ ਤੇ, ਵਾਹਵਾ, ਬੱਲੇ, ਵੇਖੀਂ, ਹਾਏ, ਉਫ਼ ਆਦਿ।

(੨) ਬੰਧੇਜੀ ਨਿਪਾਤ : ਬੰਧੇਜੀ ਨਿਪਾਤਾਂ ਦੀ ਵਰਤੋਂ ਯੁਕਤ ਰੂਪ ਵਿਚ ਹੁੰਦੀ ਹੈ। ਇਹ ਹਮੇਸ਼ਾਂ ਕਿਸੇ ਹੋਰ ਸ਼ਬਦ ਦੇ ਪਿੱਛੇ ਲਗਦੇ ਹਨ। ਜਿਵੇਂ ਸੇਰ ਭਰ, ਮੁੱਠ ਭਰ, ਘੜੀ ਕੁ, ਵੇਖੋ ਨਾ, ਦੱਸੋ ਨਾ, ਵਿਖਾਓ ਨਾ, ਤੜਕਸਾਰ, ਸਵੇਰ ਸਾਰ ਆਦਿ।

(੩) ਸੰਜੁਗਤ ਨਿਪਾਤ : ਇਨ੍ਹਾਂ ਨਿਪਾਤਾਂ ਦੀ ਵਰਤੋਂ ਜੁੜਵੇਂ ਰੂਪ ਵਿਚ ਹੁੰਦੀ ਹੈ। ਜਿਵੇਂ : ਹੀ ਨਹੀਂ, ਹੈ ਤਾਂ, ਤਾਂ ਹੈ, ਖਾਂ ਜਰਾ, ਖਾਂ ਭਲਾ ਆਦਿ।

ਅਰਥਾਂ ਦੇ ਪੱਖ ਤੋਂ ਪੰਜਾਬੀ ਭਾਸ਼ਾ ਦੇ ਨਿਪਾਤਾਂ ਨੂੰ ਹੇਠ ਲਿਖੇ ਵਰਗਾਂ ਵਿਚ ਵੰਡਿਆ ਗਿਆ ਹੈ :

(੧) ਵਿਸਮਿਕ ਨਿਪਾਤ
(੨) ਵਿਸ਼ੇਸ਼ਣੀ ਨਿਪਾਤ
(੩) ਬਲਵਾਚੀ ਨਿਪਾਤ
(੪) ਨਾਹਵਾਚੀ ਨਿਪਾਤ
(੫) ਪ੍ਰਸ਼ਨਵਾਚੀ ਨਿਪਾਤ

(੧) ਵਿਸਮਿਕ ਨਿਪਾਤ

ਵਿਸਮਕ ਨਿਪਾਤ ਵਕਤੇ ਦੀ ਭਾਵਨਾਤਮਕ ਮਨੋਸਥਿਤੀ ਨੂੰ ਭਾਸ਼ਾਈ ਪੱਧਰ ’ਤੇ ਸਾਕਾਰ ਕਰਦੇ ਹਨ। ਇਹ ਬੰਦ ਸ਼ਬਦ ਸ਼੍ਰੇਣੀ ਹੈ ਭਾਵ ਭਾਸ਼ਾ ਵਿਸ਼ੇਸ਼ ਵਿਚ ਵਿਸਮਕ ਸ਼ਬਦ ਸੀਮਤ ਹੁੰਦੇ ਹਨ ਅਤੇ ਇਨ੍ਹਾਂ ਵਿਚ ਵਾਧਾ ਹੋਣ ਦਾ ਕੋਈ ਸੰਭਾਵਨਾ ਨਹੀਂ ਹੁੰਦੀ। ਪੰਜਾਬੀ ਦੇ ਬਹੁਤੇ ਵਿਸਮਕ ਸ਼ਬਦ ਅਵਿਕਾਰੀ ਹਨ ਪਰ ਇਕ ਦੋ ਵਿਸਮਕ ਸ਼ਬਦਾਂ ਵਿਚ ਵਿਕਾਰ ਵੀ ਆਉਂਦਾ ਹੈ। ਜਿਵੇਂ ਅੜੀਏ-ਅੜਿਆ, ਬਚੀਂ-ਬਚਿਓ, ਵੇਖੀਂ-ਵੇਖਿਓ, ਜੁਆਨੀ ਮਾਣ-ਜੁਆਨੀਆਂ ਮਾਣੋ ਆਦਿ ਵਿਸਮਕ ਸ਼ਬਦ ਵਿਕਾਰੀ ਹਨ।

ਪੰਜਾਬੀ ਵਿਚ ਵਿਸਮਕਤਾ ਸ਼ਬਦ, ਵਾਕੰਸ਼ ਤੇ ਉਪਵਾਕ ਦੇ ਪੱਧਰ ’ਤੇ ਸਾਕਾਰ ਹੁੰਦੀ ਹੈ। ਪਰ ਵਿਸਮਕ ਸ਼ਬਦ ਵਾਕ ਜਾਂ ਉਪਵਾਕ ਦਾ ਅਟੁੱਟ ਅੰਗ ਨਹੀਂ ਹੁੰਦੇ ਸਗੋਂ ਇਨ੍ਹਾਂ ਤੋਂ ਬਿਨਾਂ ਵੀ ਉਪਵਾਕ/ਵਾਕ ਵਿਆਕਰਨਿਕ ਪੱਖੋਂ ਪੂਰਨ ਹੁੰਦਾ ਹੈ। ਜਿਵੇਂ:

੧. ਸ਼ਾਬਾਸ਼ ! ਤੂੰ ਬਹੁਤ ਬਹਾਦਰੀ ਵਿਖਾਈ ਹੈ।
੨. ਹਾਏ ! ਇਹ ਕੀ ਗ਼ਜ਼ਬ ਹੋ ਗਿਆ।
੩. ਵਾਹ ! ਤੁਸੀਂ ਤਾਂ ਕਮਾਲ ਕਰ ਦਿੱਤਾ।
੪. ਹੈਂ ! ਉਹ ਫੇਲ੍ਹ ਹੋ ਗਿਆ।

ਇਹਨਾਂ ਵਾਕਾਂ ਵਿਚ ਸ਼ਾਬਾਸ਼, ਹਾਏ, ਵਾਹ, ਹੈਂ ਆਦਿ ਵਿਸਮਕ ਸ਼ਬਦ ਹਨ ਜੇ ਇਹਨਾਂ ਨੂੰ ਵਾਕਾਂ ਦੀ ਬਣਤਰ ਵਿਚੋਂ ਖਾਰਜ ਕਰ ਦਿੱਤਾ ਜਾਵੇ ਤਾਂ ਵਾਕ ਫਿਰ ਵੀ ਵਿਆਕਰਨਿਕ ਪੱਖੋਂ ਪੂਰਨ ਹੀ ਰਹਿਣਗੇ।

ਆਮ ਤੌਰ ’ਤੇ ਪੰਜਾਬੀ ਵਾਕ ਜੁਗਤ ਵਿਚ ਵਿਸਮਕਾਂ ਦਾ ਸਥਾਨ ਵਾਕ ਦੇ ਮੁੱਢ ਵਿਚ ਹੀ ਹੁੰਦਾ ਹੈ ਪਰ ਕਈ ਵਾਰੀ ਵਕਤਾ ਲੋੜ ਅਨੁਸਾਰ ਇਸ ਦੀ ਵਰਤੋਂ ਵਾਕ ਦੇ ਅਖੀਰ ਵਿਚ ਵੀ ਕਰ ਲੈਂਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਪੂਰੇ ਵਾਕ ਦੀ ਥਾਂ ਇਕੱਲਾ ਵਿਸਮਕ ਸ਼ਬਦ ਬੋਲ ਕੇ ਹੀ ਭਾਵ ਸਪੱਸ਼ਟ ਕਰ ਲਿਆ ਜਾਂਦਾ ਹੈ।

ਬਣਤਰ ਦੇ ਪੱਖ ਤੋਂ ਪੰਜਾਬੀ ਵਿਚ ਇਕ ਸ਼ਬਦ ਤੋਂ ਲੈ ਕੇ ਤਿੰਨ ਸ਼ਬਦੀ ਵਿਸਮਕਾਂ ਤੱਕ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਬੱਲੇ-ਬੱਲੇ, ਤੋਬਾ-ਤੋਬਾ, ਹਾਏ, ਹਾਏ, ਹਾਏ ਰੱਬਾ, ਲੱਖ ਲਾਹਨਤ, ਫਿੱਟੇ ਮੂੰਹ, ਕੱਖ ਨਾ ਰਹੇ ਆਦਿ। ਤਿੰਨ ਜਾਂ ਤਿੰਨ ਤੋਂ ਵੱਧ ਵਿਸਮਕ ਸ਼ਬਦਾਂ ਦੇ ਸਮੂਹ ਨੂੰ ਵਿਸਮਕੀ ਵਾਕੰਸ਼ ਕਿਹਾ ਜਾਂਦਾ ਹੈ।

ਅਰਥ ਦੀ ਦ੍ਰਿਸ਼ਟੀ ਤੋਂ ਵਿਸਮਕ ਸ਼ਬਦ ਸ਼੍ਰੇਣੀ ਦੇ ਅੱਗੇ ਲਿਖੇ ਵਰਗ ਬਣਦੇ ਹਨ :

੧. ਪ੍ਰਸੰਸਾਵਾਚਕ : ਆਹ, ਵਾਹਵਾ, ਬੱਲੇ, ਧੰਨ, ਅਸ਼ਕੇ, ਸ਼ਾਬਾਸ਼, ਬੱਲੇ, ਬੱਲੇ, ਬਲਿਹਾਰੇ ਤੇ ਸਦਕੇ ਆਦਿ।

੨. ਸੂਚਨਾਵਾਚਕ : ਖ਼ਬਰਦਾਰ, ਬਚੀਂ, ਵੇਖੀਂ, ਵੇਖਿਓ, ਜਾਗਦੇ ਰਹੋ, ਹੁਸ਼ਿਆਰ ਆਦਿ।

੩. ਸੰਬੋਧਕੀ : ਵੇ, ਨੀ, ਓ, ਬੀਬਾ, ਓਏ, ਏ, ਅੜਿਆ, ਹੇ, ਕੁੜੇ ਆਦਿ।

੪. ਸ਼ੋਕਵਾਚਕ : ਉਫ਼, ਹਾਏ, ਆਹ, ਊਈ, ਅਫ਼ਸੋਸ ਆਦਿ।

੫. ਫਿਟਕਾਰਵਾਚਕ : ਲੱਖ ਲਾਹਨਤ, ਦੁਰ ਫਿਟੇ ਮੂੰਹ, ਫਿੱਟੇ ਮੂੰਹ, ਬੇਹਯਾ, ਧਿਰਕਾਰ, ਮਰ ਪਰੇ ਆਦਿ।

੬. ਸਤਿਕਾਰਵਾਚਕ : ਆਈਏ ਜੀ, ਆਓ ਜੀ, ਜੀ ਆਇਆਂ ਨੂੰ, ਧੰਨ ਭਾਗ ਆਦਿ।

੭. ਅਸੀਸਵਾਚਕ : ਜਿਉ਼ਦਾ ਰਹਿ, ਸਾਈਂ ਜੀਵੇ, ਖੁਸ਼ ਰਹੁ,ਜੁਆਨੀ ਮਾਣੋ, ਜੁਗ ਜੁਗ ਜੀਵੇ, ਵਧੇ ਫੁੱਲੋ, ਬੁੱਢ ਸੁਹਾਗਣ ਆਦਿ।

੮. ਇੱਛਾਵਾਚਕ : ਜੇ ਕਦੇ, ਜੇ ਕਿਤੇ, ਹਾਏ ਜੇ, ਹੇ ਰੱਬਾ, ਹੇ ਕਰਤਾਰ, ਬਖਸ਼ ਲੈ, ਕਾਸ਼ ਆਦਿ।

੯. ਹੈਰਾਨੀਵਾਚਕ : ਹੈਂ, ਹੈਂ-ਹੈਂ, ਹਲਾ, ਵਈ ਵਾਹ, ਵਾਹ ਬਈ ਵਾਹ।

(੨) ਵਿਸ਼ੇਸ਼ਣੀ ਨਿਪਾਤ

ਵਿਸ਼ੇਸ਼ਣੀ ਨਿਪਾਤ ਦੀ ਵਰਤੋਂ ਵਾਕ ਬਣਤਰ ਵਿਚ ਵਿਸ਼ੇਸ਼ਣੀ ਅਰਥ ਭਰਦੀ ਹੈ। ਜਿਵੇਂ ਭਰ ਕੁ, ਨਿੱਕਾ ਜਿਹਾ, ਜਰਾ ਕੁ ਆਦਿ।

(੩) ਬਲਵਾਚੀ ਨਿਪਾਤ

ਹੀ, ਈ, ਤੇ ਭੀ, ਖਾਂ, ਤਾਂ, ਜੁ, ਹੈ, ਵੀ, ਖਾਂ ਜਰਾ ਤੇ, ਖਾਂ ਭਲਾ ਆਦਿ ਸਭ ਬਲਵਾਚੀ ਨਿਪਾਤ ਹਨ।

(੪) ਨਾਂਹਵਾਚੀ ਨਿਪਾਤ

ਪੰਜਾਬੀ ਵਿਚ ਨਾਂਹਵਾਚੀ ਸੂਚਨਾ ਵਾਸਤੇ, ਨਾ, ਨਹੀਂ ਅਤੇ ਨਹੀਓਂ ਆਦਿ ਤਿੰਨ ਨਿਪਾਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਅੰਸ਼ਾਂ ਦੀ ਵਰਤੋਂ ਉਸ ਸ਼ਬਦ ਜਾਂ ਵਾਕੰਸ਼ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਿਸ ਨੂੰ ਨਾਕਾਰਤਮਕ ਅਰਥਾਂ ਵਿਚ ਪੇਸ਼ ਕਰਨਾ ਹੁੰਦਾ ਹੈ। ਮਿਸਾਲ ਵਜੋਂ :

੧. ਤੂੰ ਇਹ ਕਿਤਾਬ ਨਾ ਪੜ੍ਹ।
੨. ਉਥੇ ਨਾ ਜਾ ਕੇ ਮੈਂ ਗਲਤੀ ਕੀਤੀ।
੩. ਨਾ ਉਹ ਦਫ਼ਤਰ ਗਿਆ ਅਤੇ ਨਾ ਹੀ ਘਰ ਰਿਹਾ।

ਇਸ ਤਰ੍ਹਾਂ ਸਪੱਸ਼ਟ ਹੈ ਕਿ ਪੰਜਾਬੀ ਵਿਚ ਨਿਪਾਤ ਸ਼ਬਦਾਵਲੀ (ਸ਼ਬਦ-ਸ਼੍ਰੇਣੀ) ਦਾ ਵਰਤੋਂ ਵਰਤਾਰਾ ਬੜਾ ਗੁੰਝਲਦਾਰ ਵੀ ਹੈ ਅਤੇ ਬਹੁਭਾਂਤੀ ਵੀ ਹੈ।

੫.੩ ਸ਼ਬਦ ਜੋੜ

ਗੁਰਮੁਖੀ ਲਿਖਤ ਵਿਚ ਮੁਕਤ ਤੇ ਯੁਕਤ ਲਿਪੀ- ਚਿੰਨ੍ਹ ਇਕ ਲਕੀਰ ਹੇਠ ਵਿਉਂਤਬੱਧ ਵਿਧੀ ਰਾਹੀਂ ਜੁੜ ਕੇ ਪੰਜਾਬੀ ਭਾਸ਼ਾ ਦੀ ਕਾਰਜਸ਼ੀਲ ਇਕਾਈ ਸ਼ਬਦ ਦੀ ਸਿਰਜਨਾ ਕਰਦੇ ਹਨ। ਜਿਵੇਂ ਉਚਰਿਤ ਪੰਜਾਬੀ ਦਾ ਹਰ ਉਚਾਰ ਵਿਅੰਜਨ ਧੁਨੀਆਂ ਤੇ ਸਵਰ ਧੁਨੀਆਂ ਦੇ ਸੁਗੱਠਤ ਸੁਮੇਲ ਤੋਂ ਬਣਦਾ ਹੈ, ਤਿਵੇਂ ਲਿਖਤ ਵਿਚ ਸ਼ਬਦ, ਸਵਰ ਅਤੇ ਵਿਅੰਜਨ ਲਿਪੀ-ਚਿੰਨ੍ਹਾਂ ਦੇ ਸਾਰਥਿਕ ਸੰਜੋਗ ਤੋਂ ਬਣਦਾ ਹੈ। ਇਸ ਨੂੰ ਸ਼ਬਦ ਜੋੜ ਕਿਹਾ ਜਾਂਦਾ ਹੈ। ਇੰਜ ਸ਼ਬਦ ਜੋੜ ਭਾਸ਼ਾਈ ਬੋਲਾਂ ਦਾ ਲਿਖਤੀ ਰੂਪ ਹੈ। ਲਿਖਤ ਦਾ ਆਧਾਰ ਉਚਰਿਤ ਭਾਸ਼ਾ ਹੁੰਦੀ ਹੈ। ਇਸ ਲਈ ਲਿਖਤ ਦਾ ਉਚਾਰਨ ਮੁਤਾਬਕ ਹੋਣਾ ਜ਼ਰੂਰੀ ਵੀ ਹੁੰਦਾ ਹੈ ਤੇ ਵਿਗਿਆਨਕ ਵੀ, ਪਰ ਸਮੇਂ ਦੀ ਤੋਰ ਨਾਲ ਭਾਸ਼ਾ ਦੇ ਉਚਰਤ ਰੂਪ ਵਿਚ ਪਰਿਵਰਤਨ ਆਉਂਦਾ ਰਹਿੰਦਾ ਹੈ, ਜਿਸ ਕਰਕੇ ਭਾਸ਼ਾ ਵਿਸ਼ੇਸ਼ ਦੀ ਧੁਨੀ ਜੁਗਤ ਵਿਚ ਵੀ ਤਬਦੀਲੀ ਆ ਜਾਂਦੀ ਹੈ। ਇਸ ਲਈ ਭਾਸ਼ਾ ਵਿਸ਼ੇਸ਼ ਦੀ ਲਿਖਣ-ਜੁਗਤ ਵਿਚ ਵੀ ਲੋੜੀਂਦੀ ਸੋਧ ਕਰਨੀ ਪੈਂਦੀ ਹੈ। ਜੇ ਅਜਿਹਾ ਨਾ ਕੀਤਾ ਜਾਵੇ ਤਾਂ ਭਾਸ਼ਾ ਦੇ ਲਿਖਤੀ ਰੂਪ ਅਤੇ ਉਚਰਤ ਰੂਪ ਵਿਚ ਕਾਫ਼ੀ ਅੰਤਰ ਪੈਦਾ ਹੋ ਜਾਂਦਾ ਹੈ।

ਪੰਜਾਬੀ ਸ਼ਬਦ ਜੋੜਾਂ ਦੀ ਸਥਿਤੀ ਵੀ ਅਜਿਹੀ ਹੀ ਹੈ। ਗੁਰਮੁਖੀ ਲਿਪੀ ਕਈ ਸਦੀਆਂ ਤੋਂ ਪੰਜਾਬੀ ਲਿਖਣ ਲਈ ਵਰਤੀ ਜਾ ਰਹੀ ਹੈ। ਸਮੇਂ ਦੇ ਪ੍ਰਵਾਹ ਨਾਲ ਪੰਜਾਬੀ ਧੁਨੀਵਿਉਂਤ ਵਿਚ ਕੁੱਝ ਨਵੀਆਂ ਧੁਨੀਆਂ ਪ੍ਰਵੇਸ਼ ਕਰ ਗਈਆਂ ਹਨ ਅਤੇ ਕੁੱਝ ਪੁਰਾਣੀਆਂ ਧੁਨੀਆਂ ਪੰਜਾਬੀ ਉਚਾਰਨ ਵਿਚੋਂ ਖਾਰਜ ਹੋ ਗਈਆਂ ਹਨ ਜਿਸ ਕਰਕੇ ਅਜੋਕੇ ਪੰਜਾਬੀ ਉਚਾਰਨ ਤੇ ਲਿਖਤ ਵਿਚ ਕਾਫ਼ੀ ਪਾੜਾ ਪੈ ਗਿਆ ਹੈ। ਪੰਜਾਬੀ ਸ਼ਬਦਜੋੜਾਂ ਦੇ ਮਿਆਰੀਕਰਨ ਦੀ ਪ੍ਰਕਿਰਿਆ ਪਿਛਲੇ ੧੦੦ ਸਾਲਾਂ ਤੋਂ ਚੱਲੀ ਆ ਰਹੀ ਹੈ। ਸਭ ਤੋਂ ਪਹਿਲਾਂ ੧੯੨੯ ਵਿਚ ਸਿੱਖ ਸਿੱਖਿਆ ਕਮੇਟੀ ਵੱਲੋਂ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ, ਉਸ ਵੇਲੇ ਦੇ ਪੰਜਾਬੀ ਵਿਦਵਾਨਾਂ-ਲੇਖਕਾਂ ਦੀ ਸਭਾ ਬੁਲਾਈ ਗਈ। ਇਸ ਤੋਂ ਪਿੱਛੋਂ ੧੯੪੯ ਵਿਚ ਪ੍ਰਿੰ. ਤੇਜਾ ਸਿੰਘ ਨੇ ਪੰਜਾਬੀ ਸ਼ਬਦਜੋੜ ਨਾਮੀ ਇਕ ਪੈਂਫ਼ਲਿਟ ਪ੍ਰਕਾਸ਼ਿਤ ਕੀਤਾ ਅਤੇ ਫਿਰ ਗਿਆਨੀ ਲਾਲ ਸਿੰਘ ਇਸ ਪਾਸੇ ਸਰਗਰਮ ਰਹੇ। ਪੰਜਾਬੀ ਯੂਨੀਵਰਸਿਟੀ ਦੀ ਸਥਪਨਾ (੧੯੬੨) ਨਾਲ ਇਹ ਕੰਮ ਇਸ ਯੂਨੀਵਰਸਿਟੀ ਨੇ ਸੰਭਾਲ ਲਿਆ। ਇਉਂ ਇਸ ਮਸਲੇ ਦੇ ਹੱਲ ਲਈ ਸੰਸਥਾਗਤ ਯਤਨ ਆਰੰਭ ਹੋਏ। ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀ ਭਾਸ਼ਾ ਅਕਾਦਮੀ ਨੇ ਇਸ ਵਿਸ਼ੇ ਬਾਰੇ ਕਈ ਸੈਮੀਨਾਰ ਕਰਵਾਏ। ਹੁਣ ਤੱਕ ਪੰਜਾਬੀ ਸ਼ਬਦਜੋੜਾਂ ਦੀ ਇਕਸਾਰਤਾ ਅਤੇ ਨੇਮਾਂ ਬਾਰੇ ਕਈ ਲੇਖ, ਖੋਜ ਪੱਤਰ ਅਤੇ ਪੈਂਫ਼ਲਿਟ ਪ੍ਰਕਾਸ਼ਿਤ ਹੋ ਚੁੱਕੇ ਹਨ। ਤਿੰਨ ਸ਼ਬਦਜੋੜ-ਕੋਸ਼ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਤਿੰਨਾਂ ਕੋਸ਼ਾਂ ਦੇ ਸੰਪਾਦਕ ਕ੍ਰਮਵਾਰ ਪਿਆਰਾ ਸਿੰਘ, ਡਾ ਹਰਕੀਰਤ ਸਿੰਘ ਡਾ. ਐਸ.ਐਸ. ਜੋਸ਼ੀ ਹਨ। ਪੰਜਾਬੀ ਜਗਤ ਵਲੋਂ ਸਭ ਤੋਂ ਵੱਧ ਹੁੰਗਾਰਾ ਡਾ. ਹਰਕੀਰਤ ਸਿੰਘ ਵਾਲੇ ਕੋਸ਼ ਨੂੰ ਮਿਲਿਆ ਹੈ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੰਨ ੧੯੮੮ ਵਿਚ ‘ਪੰਜਾਬੀ ਸ਼ਬਦ ਰੂਪ ਤੇ ਸ਼ਬਦਜੋੜ ਕੋਸ਼’ ਸਿਰਲੇਖ ਤਹਿਤ ਪ੍ਰਕਾਸ਼ਿਤ ਕੀਤਾ ਗਿਆ ਹੈ।

ਪੰਜਾਬੀ ਸ਼ਬਦ ਜੋੜਾਂ ਨੂੰ ਭਾਸ਼ਾ ਵਿਗਿਆਨਕ ਨੇਮਾਂ ਅਨੁਸਾਰ ਨਿਸ਼ਚਿਤ ਕਰਨ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ :

੧. ਹੋਰਨਾਂ ਭਾਸ਼ਾਵਾਂ ਵਾਂਗ ਪੰਜਾਬੀ ਭਾਸ਼ਾ ਦੀ ਵੀ ਆਪਣੀ ਨਿਵੇਕਲੀ ਧੁਨੀਜੁਗਤ ਹੈ।

੨. ਪੰਜਾਬੀ ਭਾਸ਼ਾ ਨੇ ਅੱਜ ਤੱਕ ਜਿਹੜੇ ਸ਼ਬਦ ਹੋਰਨਾਂ ਭਾਸ਼ਾਵਾਂ ਤੋਂ ਲਏ ਹਨ, ਉਹ ਹੁਣ ਸਾਰੇ ਹੀ ਪੰਜਾਬੀ ਦਾ ਆਪਣਾ ਸ਼ਬਦ ਭੰਡਾਰ ਹਨ।

੩. ਨਵੀਆਂ ਲੋੜਾਂ ਮੁਤਾਬਕ ਜਿਹੜੇ ਤਕਨੀਕੀ ਜਾਂ ਹੋਰ ਸ਼ਬਦ ਅਸੀਂ ਦੂਜੀਆਂ ਭਾਸ਼ਾਵਾਂ ਤੋਂ ਲੈਣੇ ਹਨ, ਉਨ੍ਹਾਂ ਨੂੰ ਪੰਜਾਬੀ ਦੇ ਸਮੁੱਚੇ ਗਠਨ ਤੇ ਕੁਦਰਤੀ ਸੁਭਾ ਅਨੁਸਾਰ ਢਾਲਣਾ ਜ਼ਰੂਰੀ ਹੈ।

੪. ਸ਼ਬਦਜੋੜ ਨਿਸ਼ਚਿਤ ਕਰਨ ਸਮੇਂ ਪੰਜਾਬੀ ਧੁਨੀ ਵਿਉਂਤ ਤੇ ਗੁਰਮੁਖੀ ਲਿਪੀ ਦੇ ਸੰਜਮ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

੫. ਕੁੱਝ ਵਿਸ਼ੇਸ਼ ਹਾਲਤਾਂ ਵਿਚ ਵਿਆਕਰਨ, ਵਿਉਤਪਤੀ, ਪਰੰਪਰਾ ਅਤੇ ਅਰਥ ਆਦਿ ਨੁਕਤਿਆਂ ਨੂੰ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਜਿਵੇਂ :

ਵਿਆਕਰਨ ਕਰਕੇ ਹੀ ਅਸੀਂ ਆਂਈਆਂ ਸ਼ਬਦ ਨੂੰ ਆਈਆਂ ਲਿਖਦੇ ਹਾਂ ਕਿਉਂਕਿ ਕਿਰਿਆ ਤੋਂ ਆਈ ਇਕਵਚਨ, ਇਲਿੰਗ ਰੂਪ ਬਣਿਆ ਹੈ ਤੇ ਇਸ ਨਾਲ ਬਹੁਵਚਨ ਦਾ ਪਿਛੇਤਰ ਆਂ ਲਾਇਆ ਤਾਂ ਆਈਆਂ ਬਣ ਗਿਆ। ਏਹੋ ਇਸ ਸ਼ਬਦ ਦੇ ਸਹੀ ਜੋੜ ਹਨ ਭਾਵੇਂ ਉਚਾਰਨ ‘ਆਂਈਂਆਂ’ ਹੈ।

ਵਿਉਤਪਤੀ ਦੇ ਕਾਰਨ ਪਰਮਾਤਮਾ ਨੂੰ ਪ੍ਰਮਾਤਮਾ ਲਿਖਣਾ ਠੀਕ ਨਹੀਂ ਕਿਉਂਕਿ ਇਹ ਸ਼ਬਦ ਪਰਮ ਅਤੇ ਆਤਮਾ ਦੀ ਸੰਧੀ ਤੋਂ ਬਣਿਆ ਹੈ।

ਪਰੰਪਰਾ ਕਰਕੇ ਅਸੀਂ ਸਤਿ ਸ੍ਰੀ ਅਕਾਲ ਨੂੰ ਇਸ ਦੇ ਉਚਾਰਨ ਮੁਤਾਬਕ ਸਾਸਰੀ ਕਾਲ ਨਹੀਂ ਲਿਖਦੇ।

ਕੁੱਝ ਹਾਲਤਾਂ ਵਿਚ ਅਰਥ ਵੀ ਸ਼ਬਦ ਜੋੜਾਂ ਨੂੰ ਨਿਰਧਾਰਿਤ ਕਰਨ ਵਿਚ ਸਹਾਈ ਹੁੰਦੇ ਹਨ। ਜਿਵੇਂ : ਜੱਗ, ਸੱਤ ਆਦਿ ਸ਼ਬਦਾਂ ਵਿਚ ਅੱਧਕ ਜ਼ਰੂਰੀ ਹੈ ਕਿਉਂਕਿ ਜਗ ਤੇ ਸਤ ਲਿਖਣ ਨਾਲ ਅਰਥਾਂ ਵਿਚ ਫ਼ਰਕ ਪੈ ਜਾਂਦਾ ਹੈ ਪਰ ਇਕ, ਉਤੇ ਆਦਿ ਸ਼ਬਦ ਲਿਖਣ ਵੇਲੇ ਅੱਧਕ ਦੀ ਵਰਤੋਂ ਜ਼ਰੂਰੀ ਨਹੀਂ ਕਿਉਂਕਿ ਇਨ੍ਹਾਂ ਸ਼ਬਦਾਂ ਦੇ ਇਨ੍ਹਾਂ ਤੋਂ ਭਿੰਨ ਅਰਥਾਂ ਵਾਲੇ ਜੋੜੇ ਨਹੀਂ ਮਿਲਦੇ।

ਇਸੇ ਤਰ੍ਹਾਂ ਉਚਾਰਨ ਮੁਤਾਬਕ, ਸਮਾਜਕ, ਧਾਰਮਕ, ਰਾਜਨੀਤਕ ਸੰਪਾਦਕ ਆਦਿ ਸ਼ਬਦਾਂ ਦੇ ਜੋੜ ਸਿਹਾਰੀ ਤੋਂ ਬਿਨਾਂ ਸਹੀ ਹਨ।

ਉਪਰੋਕਤ ਤੱਥਾਂ ਅਨੁਸਾਰ ਪੰਜਾਬੀ ਸ਼ਬਦ ਜੋੜਾਂ ਸੰਬੰਧੀ ਹੇਠ ਲਿਖੇ ਛੇ ਨੁਕਤੇ ਧਿਆਨਯੋਗ ਹਨ:

੧. ਸੁਰ ਦਾ ਵਰਤਾਰਾ
੨. <ਹ> ਦੀ ਸਥਿਤੀ
੩. ਅੰਤਮ ਸਥਿਤੀ <ੳ, ਅ, ੲ> ਵਿਚ ਦੀ ਵਰਤੋਂ
੪. <ਨ> ਤੇ <ਣ> ਦੀ ਵਰਤੋਂ
੫. <ਯ> ਤੇ <ਰ> ਦੀ ਵਰਤੋਂ
੬. ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ
੭. ਪੈਰ ਚਿੰਨ੍ਹਾਂ ਦੀ ਵਰਤੋਂ

ਪੰਜਾਬੀ ਧੁਨੀ ਵਿਉਂਤ ਅਨੁਸਾਰ ਪੰਜਾਬੀ ਵਿਚ ਹਰੇਕ ਉਚਾਰਨ ਸਥਾਨ ਤੋਂ ਸਿਰਫ਼ ਤਿੰਨ ਹੀ ਡੱਕਵੇਂ/ਮੌਖਕ ਵਿਅੰਜਨ ਉਚਾਰੇ ਜਾਂਦੇ ਹਨ। ਜਿਵੇਂ /ਕ, ਖ, ਗ, ਚ, ਛ, ਜ, ਟ, ਠ, ਡ, ਤ, ਥ, ਦ, ਪ, ਫ, ਬ/, ਪਰ ਗੁਰਮੁਖੀ ਲਿਪੀ ਵਿਚ ਹਰ ਵਰਗ ਨਾਲ ਤਰਤੀਬਵਾਰ ਇਕ ਚੌਥਾ ਲਿਪੀ-ਚਿੰਨ੍ਹ <ਘ,ਝ, ਢ, ਧ, ਭ> ਵੀ ਅੰਕਿਤ ਕੀਤਾ ਜਾਂਦਾ ਹੈ। ਇਨ੍ਹਾਂ ਪੰਜੇ ਚਿੰਨ੍ਹਾਂ ਦੀਆਂ ਧੁਨੀਆਂ ਪੰਜਾਬੀ ਉਚਾਰਨ ਵਿਚੋਂ ਲੋਪ ਹੋ ਚੁੱਕੀਆਂ ਹਨ।ਇਨ੍ਹਾਂ ਦੀ ਥਾਂ ‘ਸੁਰ’ ਨੇ ਲੈ ਲਈ ਹੈ। ਇਸੇ ਤਰ੍ਹਾਂ /ਹ/ ਧੁਨੀ ਦਾ ਉਚਾਰਨ ਸ਼ਬਦ ਦੇ ਮੁੱਢ ਵਿਚ ਤਾਂ ਵਿਅੰਜਨ ਦੇ ਤੌਰ ’ਤੇ ਹੁੰਦਾ ਹੈ, ਪਰ ਸ਼ਬਦ ਦੇ ਵਿਚਕਾਰ ਤੇ ਅਖ਼ੀਰ ਵਿਚ /ਹ/ ਧੁਨੀ ਦੀ ਜਗ੍ਹਾ ਸੁਰ ਉਚਾਰੀ ਜਾਂਦੀ ਹੈ। ਗੁਰਮੁਖੀ ਲਿਪੀ ਵਿਚ ਸੁਰ ਨੂੰ ਅੰਕਿਤ ਕਰਨ ਦੀ ਅਜੇ ਤੱਕ ਕੋਈ ਵਿਵਸਥਾ ਨਹੀਂ ਕੀਤੀ ਗਈ। ਭਾਵੇਂ ਅਕਾਦਮਿਕ ਪੱਧਰ ’ਤੇ ਸੁਰ ਲਈ ਤਿਰਛੀਆਂ ਲਕੀਰਾਂ <ਞ--- /> ਦਾ ਸੁਝਾ ਪੇਸ਼ ਕੀਤਾ ਗਿਆ ਹੈ ਪਰ ਇਸ ਨੂੰ ਅਜੇ ਆਮ ਲਿਖਤ ਵਿਚ ਨਹੀਂ ਲਿਆਂਦਾ ਗਿਆ। ਉਚਾਰਨ ਵਿਚੋਂ ਖ਼ਤਮ ਹੋ ਚੁੱਕੀਆਂ ਧੁਨੀਆਂ ਦੇ ਚਿੰਨ੍ਹਾਂ ਨੂੰ ਗੁਰਮੁਖੀ ਲਿਪੀ ਵਿਚ ਅਜੇ ਵੀ ਜਿਉਂ ਦਾ ਤਿਉਂ ਅੰਕਤ ਕੀਤਾ ਜਾਂਦਾ ਹੈ।

<ਹ> ਅੱਖਰ ਜਦੋਂ ਕਿਸੇ ਸ਼ਬਦ ਦੇ ਵਿਚਾਲੇ ਆਉਂਦਾ ਹੈ ਤੇ ਇਸ ਤੋਂ ਪਹਿਲਾਂ ਆਉਂਦੇ ਚਿੰਨ੍ਹ ਨੂੰ ਜੇ ਸਿਹਾਰੀ ਲੱਗੀ ਹੁੰਦੀ ਤਾਂ ਇਸ ਦਾ ਉਚਾਰਨ /ਏ/ ਵਿਚ ਹੁੰਦਾ ਹੈ। ਜੇ ਇਸੇ ਹੀ ਸਥਿਤੀ ਵਿਚ ਸਿਹਾਰੀ ਹਾਹੇ ਨੂੰ ਲੱਗੀ ਹੋਵੇ ਤਾਂ ਏਸ ਦਾ ਉਚਾਰਨ /ਐ/ ਵਿਚ ਹੁੰਦਾ ਹੈ। ਇਸ ਤਰ੍ਹਾਂ ਹੀ ਜੇ ਹਾਹੇ ਤੋਂ ਪਹਿਲੇ ਚਿੰਨ੍ਹ ਨੂੰ ਔਂਕੜ ਲੱਗਾ ਹੋਵੇ ਤਾਂ ਇਸ ਦਾ ਉਚਾਰਨ /ਔ/ ਵਿਚ ਹੁੰਦਾ ਹੈ। ਮਿਸਾਲ ਵਜੋਂ : ਸ਼ੈਹਰ, ਨੈਹਰ, ਪੈਹਰ, ਮੇਹਰ, ਕੇਹਰ, ਕੋਹਜ, ਥੋਹਰ, ਬੋਹੜ, ਸੌਹਰਾ, ਮੌਹਰਾ, ਵੌਹਟੀ ਆਦਿ ਸ਼ਬਦ ਦੇਖੇ ਜਾ ਸਕਦੇ ਹਨ। ਪੰਜਾਬੀ ਸ਼ਬਦ ਜੋੜਾਂ ਵਿਚਲੇ ਉਚਾਰਨ ਤੇ ਲਿਖਤ ਦੇ ਇਸ ਪਾੜੇ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।

ਪੰਜਾਬੀ ਲਿਖਣ ਦੀ ਰਵਾਇਤ ਅਨੁਸਾਰ ਤਿੰਨ ਚਿੰਨ੍ਹਾਂ <ਹ, ਰ ਤੇ ਵ> ਨੂੰ ਦੂਜੇ ਲਿਪੀ-ਚਿੰਨ੍ਹਾਂ ਦੇ ਪੈਰੀਂ ਅੰਕਿਤ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ <ਹ> ਦਾ ਪੈਰ ਰੂਪ ਤਾਂ ਸੁਰ ਦਾ ਸੂਚਕ ਬਣਦਾ ਹੈ। ਸੋ <ਹ> ਦੇ ਸੰਬੰਧ ਵਿਚ ਲਿਖਣ ਢੰਗ ਤੇ ਉਚਾਰਨ ਵਿਧੀ ਵਿਚ ਕੋਈ ਟਕਰਾ ਨਹੀਂ ਹੈ। ਪਰ <ਰ,ਵ> ਚਿੰਨ੍ਹਾਂ ਨੂੰ ਪੈਰੀਂ ਅੰਕਤ ਕਰਨ ਨਾਲ ਉਚਾਰਨ ਦੇ ਪੱਧਰ ਤੇ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਦੀ ਪੈਰੀਂ ਵਰਤੋਂ ਵਿਅੰਜਨ ਗੁੱਛਿਆਂ ਨੂੰ ਸਾਕਾਰ ਕਰਦੀ ਹੈ। ਪੰਜਾਬੀ ਭਾਸ਼ਾ ਵਿਚ /ਰ, ਵ/ ਤੋਂ ਇਲਾਵਾ ਕਈ ਹੋਰ ਵਿਅੰਜਨ ਗੁੱਛੇ ਵੀ ਹਨ ਜੋ ਸ਼ਬਦ ਦੀਆਂ ਵਿਭਿੰਨ ਸਥਿਤੀਆਂ ਵਿਚ ਉਚਾਰੇ ਜਾਂਦੇ ਹਨ ਪਰ ਉਨ੍ਹਾਂ ਨੂੰ ਅੰਕਿਤ ਕਰਨ ਲਈ ਪੈਰੀਂ ਵਰਤੋਂ ਨਹੀਂ ਕੀਤੀ ਜਾਂਦੀ। ਜਿਵੇਂ :

ਕਲਪ/ਕ ਅ ਲ ਪ/
ਮਿਲਣ/ਮ ਇ ਲ ਣ/
ਪੁਲਸ/ਪ ਉ ਲ ਸ/
ਸ਼ਰਤ/ਸ਼ ਅ ਰ ਤ/

ਦਰਅਸਲ ਪੰਜਾਬੀ ਵਿਚ <ਰ,ਵ> ਨੂੰ ਪੈਰੀਂ ਪਾਉਣ ਦੀ ਇਹ ਰਵਾਇਤ ਸ਼ਬਦਾਂ ਦੇ ਸਰੋਤ ਕਰਕੇ ਹੈ। ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਵਿਚ ਕੁੱਝ ਸ਼ਬਦ ਸੰਸਕ੍ਰਿਤ ਭਾਸ਼ਾ ਵਿਚੋਂ ਤਤਸਮ ਰੂਪ ਵਿਚੋਂ ਲਏ ਗਏ ਹਨ। ਇਨ੍ਹਾਂ ਦਾ ਤਤਸਮੀ ਉਚਾਰਨ ਸਿਰਫ਼ ਸੰਸਕ੍ਰਿਤ ਤੋਂ ਜਾਣੂ ਵਿਦਵਾਨਾਂ ਦੇ ਉਚਾਰਨ ਵਿਚ ਹੀ ਮਿਲਦਾ ਹੈ। ਪਰ ਆਮ ਪੰਜਾਬੀ ਜਾਂ ਅਜੋਕੀ ਪੀੜ੍ਹੀ ਇਨ੍ਹਾਂ ਨੂੰ ਵਿਅੰਜਨ ਗੁੱਛਿਆਂ ਦੇ ਤੌਰ ’ਤੇ ਨਹੀਂ ਉਚਾਰਦੀ ਹੈ। ਇਸ ਕਰਕੇ <ਰ,ਵ> ਨੂੰ ਪੈਰਾਂ ਵਿਚ ਅੰਕਤ ਕਰਨਾ ਠੀਕ ਨਹੀਂ ਹੈ। ਇਸ ਲਈ ਹੇਠ ਲਿਖੇ ਸ਼ਬਦਾਂ ਦਾ ਪੰਜਾਬੀ ਰੂਪ ਸਰੋਤ ਭਾਸ਼ਾ ਦੇ ਉਚਾਰਨ ਵਾਂਗ ਨਹੀਂ ਸਗੋਂ ਪੰਜਾਬੀ ਭਾਸ਼ਾ ਦੇ ਧੁਨੀਆਤਮਕ ਸਰੂਪ ਮੁਤਾਬਕ ਇੰਜ ਹੋਵੇਗਾ :

ਸਰੋਤ ਰੂਪ ਪੰਜਾਬੀ ਉਚਾਰਨ ਪੰਜਾਬੀ ਰੂਪ
ਪ੍ਰਕਿਰਤੀ /ਪ ਅ ਰ ਕ ਇ ਰਤ ਤ ਈ/ ਪਰਕਿਰਤੀ
ਪ੍ਰਮਾਤਮਾ /ਪ ਅ ਰ ਮ ਆ ਤ ਮਾ/ ਪਰਮਾਤਮਾ
ਕ੍ਰਿਪਾ /ਕ ਇ ਰ ਪ ਆ/ ਕਿਰਪਾ
ਸ੍ਵਰ /ਸ ਵ ਅ ਰ/ ਸਵਰ
ਸ੍ਵੈ /ਸ ਵ ਐ/ ਸਵੈ

ਇਸੇ ਤਰ੍ਹਾਂ ਪਰਵਿਰਤੀ, ਪਰਤੀਤ, ਪਰੀਖਿਆ, ਪਰਬੰਧ, ਕਿਰਪਾਲ, ਕਿਰਤ, ਪਰਮਾਣ, ਪਰਦਾਨ, ਪਰਚਾਰ, ਪਰਚੱਲਤ, ਪਰਸੰਗ, ਪਰਗਟ ਆਦਿ ਸ਼ਬਦ ਪੂਰੇ ਰਾਰੇ ਨਾਲ ਹੀ ਬੋਲੇ ਜਾਂਦੇ ਹਨ ਅਤੇ ਸਵਾਧੀਨ, ਸਵੀਕਾਰ, ਹਰਸਵ, ਸਵੀਕਿਰਤੀ ਆਦਿ ਸ਼ਬਦ ਪੂਰੇ ਵਾਵੇ ਨਾਲ ਹੀ ਬੋਲੇ ਜਾਂਦੇ ਹਨ।

ਪੰਜਾਬੀ ਵਿਚ ਵਿਚਕਾਰਲੇ ਸਵਰ /ੳ, ਅ ਤੇ ਇ/ ਸ਼ਬਦ ਦੇ ਅਖ਼ੀਰ ਵਿਚ ਨਹੀਂ ਉਚਾਰੇ ਜਾਂਦੇ ਪਰ ਆਮ ਤੌਰ ’ਤੇ ਇਨ੍ਹਾਂ ਨੂੰ ਸ਼ਬਦਾਂ ਦੇ ਅਖ਼ੀਰ ’ਤੇ ਅੰਕਤ ਕੀਤਾ ਜਾਂਦਾ ਹੈ। ਜਿਵੇਂ ਪੜਾਅ, ਸਜਾਅ, ਸੁਭਾਅ, ਅਤਿ, ਆਦਿ ਬਜਾਇ, ਪਿਉ, ਘਿਉ, ਦਬਾਉ, ਚਲਾਉ ਆਦਿ ਸ਼ਬਦਾਂ ਦੇ ਅੰਤ ਵਿਚ ਇਨ੍ਹਾਂ ਸਵਰਾਂ ਨੂੰ ਅੰਕਤ ਕਰਨ ਦੀ ਪਰੰਪਰਾ ਹੈ। ਪਰ ਇਹ ਪੰਜਾਬੀ ਉਚਾਰਨ ਰੀਤੀ ਦੇ ਵਿਰੁੱਧ ਹੈ। ਇਨ੍ਹਾਂ ਤਿੰਨਾ ਸਵਰਾਂ ਦਾ ਉਚਾਰਨ ਸ਼ਬਦ ਦੀ ਮੁੱਢਲੀ ਸਥਿਤੀ ਤੇ ਵਿਚਕਾਰਲੀ ਸਥਿਤੀ ਵਿਚ ਹੀ ਹੁੰਦਾ ਹੈ। ਪੰਜਾਬੀ ਧੁਨੀ-ਵਿਉਂਤ ਅਨੁਸਾਰ ਉਕਤ ਸ਼ਬਦਾਂ ਦਾ ਲਿਖਤੀ ਰੂਪ ਇਸ ਤਰ੍ਹਾਂ ਹੋਵੇਗਾ : ਪੜਾ, ਸਜਾ, ਸੁਭਾ, ਅਤ, ਆਦ, ਬਜਾਏ, ਪਿਓ, ਘਿਓ, ਦਬਾਓ ਤੇ ਚਲਾਓ ਆਦਿ।

ਪੰਜਾਬੀ ਲਿਖਤ ਵਿਚ < ਨ, ਣ> ਦੀ ਵਰਤੋਂ ਦਾ ਵੀ ਅੰਤਰ ਮਿਲਦਾ ਹੈ। ਪੰਜਾਬੀ ਉਚਾਰਨ ਅਨੁਸਾਰ ਇਨ੍ਹਾਂ ਦੀ ਵਰਤੋਂ ਏਸ ਤਰ੍ਹਾਂ ਹੈ :

੧. ਅੱਪਵਾਦਾਂ ਨੂੰ ਛੱਡ ਕੇ ਕਿਸੇ ਵੀ ਪੰਜਾਬੀ ਵਿਚ < ਰ, ੜ, ਣ> ਚਿੰਨ੍ਹਾਂ ਤੋਂ ਬਾਅਦ /ਣ/ ਦੀ ਧੁਨੀ ਨਹੀਂ ਉਚਾਰੀ ਜਾਂਦੀ। ਇਸ ਥਾਂ ਦੀ /ਨ/ ਦੀ ਧੁਨੀ ਉਚਾਰੀ ਜਾਂਦੀ ਹੈ। ਇਸ ਲਈ ਪੰਜਾਬੀ ਉਚਾਰਨ ਮੁਤਾਬਕ ਅੱਗੇ ਲਿਖੇ ਸ਼ਬਦ ਜੋੜ ਠੀਕ ਹਨ : ਵਿਆਕਰਨ, ਸਧਾਰਨ, ਪੜ੍ਹਨਾ, ਚੜ੍ਹਨਾ ਤੇ ਜਾਣਨਾ ਆਦਿ।

੨.ਪੰਜਾਬੀ ਦੀਆਂ ਅਮਿਤ ਕਿਰਿਆਵਾਂ ਵਿਚ /ਣ/ ਉਚਾਰਿਆ ਜਾਂਦਾ ਹੈ। ਜਿਵੇਂ ਜਾਣਾ, ਖਾਣਾ, ਪੀਣਾ, ਸੌਣਾ, ਚੁੱਕਣਾ ਤੇ ਜਾਗਣਾ ਆਦਿ।

ਪੰਜਾਬੀ ਦੇ ਅਜੋਕੇ ਉਚਾਰਨ ਵਿਚ /ਯ/ ਦੀ ਧੁਨੀ ਬਹੁਤ ਘੱਟ ਉਚਾਰੀ ਜਾਂਦੀ ਹੈ। /ਯ/ ਦਾ ਉਚਾਰਨ ਕਈ ਥਾਵਾਂ ’ਤੇ /ਜ/ ਵਿਚ ਬਦਲ ਗਿਆ ਹੈ। ਇਸ ਲਈ ਅੱਗੇ ਲਿਖੇ ਸ਼ਬਦਾਂ ਵਿਚ<ਜ> ਚਿੰਨ੍ਹ ਦੀ ਵਰਤੋਂ ਸਹੀ ਹੈ : ਜੋਗੀ, ਜੁੱਗ, ਜੱਗ, ਜੰਤਰ, ਸੰਜਮ, ਸੰਜੋਗ, ਵਿਜੋਗ ਆਦਿ।

ਇਸੇ ਤਰ੍ਹਾਂ /ਵ/ ਦੀ ਧੁਨੀ ਦਾ ਉਚਾਰਨ ਕੁੱਝ ਥਾਵਾਂ ’ਤੇ /ਆ/ ਸਵਰ ਵਿਚ ਬਦਲ ਗਿਆ ਹੈ। ਜਿਵੇਂ ਸੁਆਲ, ਸੁਆਗਤ, ਸੁਆਮੀ, ਗੁਆਚਾ, ਗੁਆਂਢ, ਜੁਆਈ, ਜੁਆਕ, ਦੁਆਰਾ, ਪੁਆੜਾ ਆਦਿ।

ਬਿੰਦੀ ਤੇ ਟਿੱਪੀ ਦੋ ਅਜਿਹੇ ਚਿੰਨ੍ਹ ਹਨ ਜਿਹੜੇ ਨਾਸਿਕਤਾ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ। ਇਨ੍ਹਾਂ ਦੀ ਵਰਤੋਂ ਸਵਰ ਚਿੰਨ੍ਹਾਂ ਨਾਲ ਹੀ ਹੁੰਦੀ ਹੈ। ਟਿੱਪੀ ਦੀ ਵਰਤੋਂ < ਇ ਅ, ਉ > ਨਾਲ ਹੁੰਦੀ ਹੈ ਤੇ < ਈ, ਏ, ਐ, ਆ, ਔ, ਓ > ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ।< ਊ > ਜਦੋਂ ਸ਼ਬਦ ਦੇ ਸ਼ੁਰੂ ਵਿਚ ਆਉਂਦਾ ਹੈ ਤਾਂ ਇਸ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ਤੇ ਦੀ ਜਦੋਂ ਸ਼ਬਦ ਦੇ ਅਖ਼ੀਰ ਵਿਚ ਆਉਂਦਾ ਹੈ ਤਾਂ ਇਸ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ। ਪਰ ਸ਼ਬਦ ਦੇ ਅਖ਼ੀਰ ਵਿਚ < ਊ> ਜੇ ਮੁਕਤ ਰੂਪ ਵਿਚ ਹੋਵੇ ਤਾਂ ਉਸ ਨਾਲ ਬਿੰਦੀ ਹੀ ਲਗਦੀ ਹੈ। ਬਿੰਦੀ ਤੇ ਟਿੱਪੀ ਦੀ ਵਰਤੋਂ ਦੀਆਂ ਸ਼ਬਦੀ ਮਿਸਾਲਾਂ ਅੱਗੇ ਦਿੱਤੀਆਂ ਗਈਆਂ ਹਨ : ਇੰਦਰ, ਅੰਦਰ, ਕੁੰਜੀ, ਮੀਂਹ, ਜਾਏਂ, ਬੈਂਤ, ਸਾਂਗ, ਲੌਂਗ, ਊਂਘ, ਹਮਾਯੂੰ, ਜਾਊਂ।

ਪੰਜਾਬੀ ਸ਼ਬਦ ਜੋੜਾਂ ਸੰਬੰਧੀ ਉਪਰੋਕਤ ਤੱਥ ਪੰਜਾਬੀ ਬੋਲੀ ਦੇ ਸਮੁੱਚੇ ਸੰਜਮ ਵਿਚ ਉਜਾਗਰ ਹੁੰਦੇ ਹਨ। ਸ਼ਬਦ ਜੋੜਾਂ ਦਾ ਇਹ ਮਸਲਾ ਪੰਜਾਬੀ ਦੀ ਵਿਲੱਖਣ ਤੇ ਸੁਤੰਤਰ ਹੋਂਦ ਨਾਲ ਵੀ ਜਾ ਜੁੜਦਾ ਹੈ।

ਪੰਜਾਬੀ ਸ਼ਬਦ ਜੋੜਾਂ ਦੇ ਸੁਧਾਰ ਦੀ ਚਰਚਾ ‘ਜਿਵੇਂ ਬੋਲੋ ਤਿਵੇਂ ਲਿਖੋ’ ਦੀ ਸੋਚ ਦੁਆਲੇ ਘੁੰਮਦੀ ਹੈ। ਸਾਡੀ ਸਮਝ ਅਨੁਸਾਰ ਹੁਣ ਇਸ ਸੋਚ ਨੂੰ ਬਦਲ ਕੇ, ਇਉਂ ਕਹਿਣਾ ਚਾਹੀਦਾ ਹੈ ‘ਜਿਵੇਂ ਬੋਲ ਨਹੀਂ ਸਕਦੇ, ਤਿਵੇਂ ਨਾ ਲਿਖੋ’ ਸਹੀ ਗੱਲ ਤਾਂ ਇਹ ਹੈ ਕਿ ਸ਼ਬਦ ਜੋੜਾਂ ਨੂੰ ਨਿਸ਼ਚਿਤ ਕਰਨ ਲਈ ਇਕੋ ਵੇਲੇ ਸੰਬੰਧਿਤ ਭਾਸ਼ਾ ਦੀ ਧੁਨੀ-ਵਿਉਂਤ, ਲਿਪੀ ਸੰਜਮ ਅਤੇ ਵਿਆਕਰਨ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇ ਸ਼ਬਦ ਦੂਜੀ ਭਾਸ਼ਾ ਦਾ ਹੈ ਤਾਂ ਉਸ ਦੀ ਨਿਰੁਕਤੀ ਵੀ ਧਿਆਨ ਦੀ ਮੰਗ ਕਰਦੀ ਹੈ। ਇਸੇ ਤਰ੍ਹਾਂ ਪਰੰਪਰਾ ਜਾਂ ਲੋਕਧਾਰਾਈ ਪ੍ਰਸੰਗਾਂ ਦੀ ਭਾਵ ਜੁਗਤ ਨੂੰ ਸਮਝੇ ਬਗੈਰ ਅਸੀਂ ਸ਼ਬਦ ਜੋੜਾ ਨੂੰ ਸਥਿਰ ਨਹੀਂ ਕਰ ਸਕਦੇ। ਅਸੀਂ ਇਸ ਮਸਲੇ ਨੂੰ ਹੱਲ ਕਰਨ ਲਈ ਤਤਪਰ ਹਾਂ ਪਰ ਇਕਮੱਤ ਨਹੀਂ ਹਾਂ। ਇਸ ਲਈ ਸੁਹਿਰਦ ਹੋਣਾ ਸਮੇਂ ਦੀ ਲੋੜ ਹੈ।

ਅਭਿਆਸ਼ੀ ਪ੍ਰਸ਼ਨ

੧. ਪੰਜਾਬੀ ਭਾਸ਼ਾ ਦੇ ਲਿੰਗ ਪ੍ਰਬੰਧ ਉਤੇ ਨੋਟ ਲਿਖੋ।
੩. ਵਚਨ ਕੀ ਹੁੰਦਾ ਹੈ? ਇਸਦੇ ਵਿਆਕਰਨਕ ਕਾਰਜ ਨੂੰ ਸਪੱਸ਼ਟ ਕਰੋ।
੪. ਵਚਨ ਅਨੁਸਾਰ ਕੋਈ ਪੰਜ ਸ਼ਬਦਾਂ ਦੇ ਰੂਪ ਬਦਲ ਕੇ ਲਿਖੋ।
੫. ਕਾਰਕ ਦੀ ਪਰਿਭਾਸ਼ਾ ਦਿਓ।
੬. ਅਧਿਕਰਨ ਕਾਰਕ ਨੂੰ ਉਦਾਹਰਨਾਂ ਸਹਿਤ ਲਿਖੋ।
੭. ਕਾਲ ਦੀ ਪਰਿਭਾਸ਼ਾ ਦਿਓ।
੮. ਪੰਜਾਬੀ ਵਿਚ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ।
੯. ਕਾਲ ਮੁਤਾਬਿਕ ਪੰਜਾਬੀ ਕਿਰਿਆਵਾਂ ਦੇ ਕਿਹੜੇ ਰੂਪ ਤਬਦੀਲ ਹੁੰਦੇ ਹਨ।
੧੦. ਅਰਥ ਦੇ ਆਧਾਰ ਉਤੇ ਪੰਜਾਬੀ ਨਾਂਵ ਸ਼ਬਦਾਂ ਦੇ ਕਿੰਨੇ ਵਰਗ ਬਣਦੇ ਹਨ?
੧੧. ਭਾਵਵਾਚੀ ਨਾਂਵ ਤੋਂ ਕੀ ਭਾਵ ਹੈ?
੧੨. ਬਣਤਰ ਦੇ ਆਧਾਰ ਉਤੇ ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
੧੩. ਰੂਪ ਦੇ ਆਧਾਰ ਤੇ ਵਿਸ਼ੇਸ਼ਣ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ?
੧੪. ਸਕਰਮਕ ਕਿਰਿਆ ਤੋਂ ਕੀ ਭਾਵ ਹੈ?
੧੫. ਕਿਰਿਆ ਵਿਸ਼ੇਸ਼ਣ ਤੋਂ ਕੀ ਭਾਵ ਹੈ?
੧੬. ਅਰਥ ਦੇ ਆਧਾਰ ਉਤੇ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?
੧੭. ਯੋਜਕ ਦੀਆਂ ਕਿਸਮਾਂ ਦੱਸੋ।
੧੮. ਨਿਪਾਤ ਤੋਂ ਕੀ ਭਾਵ ਹੈ?
੧੯. ਵਿਸਮਕ ਨਿਪਾਤ ਦੀਆਂ ਕਿਸਮਾਂ ਦੱਸੋ।
੨੦. ਬਲਵਾਚੀ ਨਿਪਾਤ ਦੀਆਂ ਕੋਈ ਪੰਜ ਉਦਾਹਰਨਾਂ ਦਿਓ।
੨੨. ਪੰਜਾਬੀ ਸ਼ਬਦਜੋੜਾਂ ਤੇ ਨੋਟ ਲਿਖੋ।
੨੩. ਬਿੰਦੀ ਅਤੇ ਟਿੱਪੀ ਦੀ ਵਰਤੋਂ ਦੇ ਨਿਯਮ ਬਿਆਨ ਕਰੋ।

ਸ੍ਰੋਤ ਪੁਸਤਕਾਵਲੀ

ਦੁਨੀ ਚੰਦ੍ਰ, ਪੰਜਾਬੀ ਭਾਸ਼ਾ ਦਾ ਵਿਆਕਰਨ,
ਪੰਜਾਬ ਯੂਨੀਵਰਸਿਟੀਸ ਚੰਡੀਗੜ੍ਹ, ੧੯੬੪

ਬੂਟਾ ਸਿੰਘ ਬਰਾੜ, ਪੰਜਾਬੀ ਵਿਆਕਰਨ,
ਸੋਹੀ ਪਬਲੀਕੇਸ਼ਨਜ਼ ੧੯੯੫

----- ਪੰਜਾਬੀ ਭਾਸ਼ਾ ਸਰੋਤ ਅਤੇ ਸਰੂਪ,
ਵਾਰਿਸ ਸ਼ਾਹ ਫਾਉਂਡੇਸ਼ਨ ੨੦੦੪

----- ਪੰਜਾਬੀ ਵਿਆਕਰਨ ਸਿਧਾਂਤ: ਸਿਧਾਂਤ ਤੇ ਵਿਹਾਰ,
ਚੇਤਨਾ ਪ੍ਰਕਾਸ਼ਨ ਲੁਧਿਆਣਾ ੨੦੦੮

----- ਭਾਸ਼ਾ ਵਿਗਿਆਨ : ਸਿਧਾਂਤ ਤੇ ਵਿਹਾਰ
ਲਾਹੌਰ ਬੁੱਕਸ ਲੁਧਿਆਣਾ ੨੦੧੪

ਟੀ.ਕੇ ਭਾਟੀਆ, ਪੰਜਾਬੀ : ਏ ਕੌਗਨੀਟਿਵ ਡਿਸਕ੍ਰਿਪਟਿਵ ਗ੍ਰਮਾਰ,
ਰੁਤਲੇਜ ੧੯੯੩

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਬੂਟਾ ਸਿੰਘ ਬਰਾੜ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ