Punjabi Kavita
  

ਜਾਣਕਾਰੀ: ਪੰਜਾਬੀ ਅਖਾਣ

ਪੰਜਾਬੀ ਅਖਾਣ: ਕਿਰਪਾਲ ਕਜ਼ਾਕ

ਅਖਾਣ: ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ । ਅਖਾਣਾਂ ਦੇ ਸ਼ਬਦਾਂ ਵਿੱਚ ਸਦੀਵੀ ਸੱਚ ਹੁੰਦਾ ਹੈ ਜਿਸ ਨੂੰ ਥੋੜ੍ਹੀ ਕੀਤੇ ਝੁਠਲਾਇਆ ਨਹੀਂ ਜਾ ਸਕਦਾ । ਇਸ ਲਈ ਅਖਾਣ ਕਾਫ਼ੀ ਹੱਦ ਤੱਕ ਸਰਬ ਪ੍ਰਵਾਨਿਤ ਹੁੰਦੇ ਹਨ । ਵਿਦਵਾਨਾਂ ਵੱਲੋਂ ਇਹ ਗੱਲ ਮੰਨੀ ਗਈ ਹੈ ਕਿ ਕਿਸੇ ਵੀ ਭਾਸ਼ਾ ਨੂੰ ਚੁਸਤ ਅਤੇ ਟਕਸਾਲੀ (ਸਿੱਕੇ ਬੰਦ) ਬਣਾਉਣ ਵਿੱਚ ਮੁਹਾਵਰੇ ਅਤੇ ਅਖਾਣਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ । ਕਿਉਂਕਿ ਅਖਾਣ ਰੂਪਕ ਪੱਖ ਤੋਂ (ਆਕਾਰ ਵਿੱਚ) ਛੋਟੇ, ਭਾਵ ਵਿੱਚ ਤਿੱਖੇ ਅਤੇ ਸ਼ੈਲੀ ਪੱਖੋਂ ਗੁੰਦਵੀਂ ਵਿਧੀ ਵਾਲੇ ਹੁੰਦੇ ਹਨ । ਇਹਨਾਂ ਦੀ ਘਾੜਤ ਬੜੀ ਜੋਖਵੀਂ (ਸੰਤੁਲਿਤ) ਅਤੇ ਚਾਲ ਲੈਅ ਭਰਪੂਰ ਹੁੰਦੀ ਹੈ । ਇਸੇ ਲਈ ਇਹਨਾਂ ਦਾ ਰੂਪ ਕਾਵਿਕ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਗੁਣਾਂ ਵਾਲਾ ਹੁੰਦਾ ਹੈ । ਇਹੋ ਕਾਰਨ ਹੈ ਕਿ ਸਦੀਆਂ ਬੀਤ ਜਾਣ ਤੇ ਵੀ ਅਖਾਣਾਂ ਦੀ ਨੁਹਾਰ ਵਿੱਚ ਕੋਈ ਫ਼ਰਕ ਨਹੀਂ ਪੈਂਦਾ ।

ਅਖਾਣ ਅਜਿਹੇ ਗਿਆਨ ਦਾ ਸੋਮਾ ਸਮਝੇ ਜਾਂਦੇ ਹਨ ਜੋ ਸਾਡੇ ਜੀਵਨ ਦੇ ਕਈ ਪੱਖਾਂ ਦੀ ਅਗਵਾਈ ਕਰਦੇ ਹਨ ਕਿਉਂਕਿ ਕਈ ਅਖਾਣਾਂ ਦਾ ਸੁਭਾਅ ਵਿਅੰਗ ਦੀ ਵਿਧੀ ਰਾਹੀਂ ਸਹੀ ਪੱਖ ਦਾ ਬੋਧ ਕਰਵਾਉਣਾ ਹੁੰਦਾ ਹੈ । ਅਖਾਣ ਏਨਾ ਸਰਲ, ਕਾਵਿਕ ਅਤੇ ਛੋਟਾ ਹੁੰਦਾ ਹੈ ਕਿ ਛੇਤੀ ਹੀ ਯਾਦ ਹੋ ਜਾਂਦਾ ਹੈ । ਇਸ ਦੇ ਅਰਥਾਂ ਵਿੱਚ ਸੁਆਦੀ ਚਟਖਾਰਾ ਵੀ ਹੁੰਦਾ ਹੈ, ਤਦ ਹੀ ਲੋਕ ਆਪਣੀ ਆਮ ਬੋਲ-ਚਾਲ ਵਿੱਚ ਇਸ ਦੀ ਸੁਭਾਵਿਕ ਵਰਤੋਂ ਕਰਦੇ ਹਨ ।

ਅਖਾਣ ਕਿਵੇਂ ਹੋਂਦ ਵਿੱਚ ਆਉਂਦੇ ਹਨ ਅਤੇ ਇਹਨਾਂ ਦੀ ਸਿਰਜਣਾ ਕਿਵੇਂ ਹੁੰਦੀ ਹੈ ? ਇਸ ਬਾਰੇ ਕੋਈ ਇੱਕ ਨਿਰਨਾ ਦੇਣਾ ਸੰਭਵ ਨਹੀਂ ਹੈ ਕਿਉਂਕਿ ਅਖਾਣਾਂ ਦੀ ਉਤਪਤੀ ਦੇ ਕਈ ਸੋਮੇ ਹਨ । ਕਈ ਵੇਰ ਵਿਸ਼ਿਸ਼ਟ (ਮਿਆਰੀ) ਸਾਹਿਤ ਵਿੱਚ ਪ੍ਰਬੁੱਧ ਅਤੇ ਗਿਆਨਵਾਨ ਲੇਖਕਾਂ ਨੇ ਆਪਣੀ ਕਿਸੇ ਰਚਨਾ ਵਿੱਚ ਕੋਈ ਅਜਿਹਾ ਕਾਵਿਕ ਵਾਕ ਲਿਖਿਆ ਹੁੰਦਾ ਹੈ ਜਿਸ ਵਿਚਲੇ ਸੱਚ ਨੂੰ ਲੋਕ ਮੂੰਹੋਂ-ਮੂੰਹ ਅਪਣਾ ਲੈਂਦੇ ਹਨ ਅਤੇ ਸਮਾਂ ਪਾ ਕੇ ਉਹ ਮੁਹਾਵਰਾ ਬਣ ਜਾਂਦਾ ਹੈ । ਜਿਵੇਂ ਵਾਰਿਸ ਦੀ ਹੀਰ ਵਿਚਲਾ ਇਹ ਵਾਕ ਕਿ :

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ।

ਕਈ ਵਾਰ ਕੋਈ ਸੰਤ ਮਹਾਤਮਾ ਆਪਣੇ ਬਚਨਾਂ ਵਿੱਚ ਅਟੱਲ ਸਚਾਈ ਵਾਲਾ ਕੋਈ ਅਜਿਹਾ ਵਾਕ, ਸ਼ਬਦ ਜਾਂ ਕਾਵਿ-ਬੰਦ ਕਹਿ ਜਾਂ ਲਿਖ ਦਿੰਦੇ ਹਨ, ਜਿਸਨੂੰ ਲੋਕ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ ਅਤੇ ਵਾਰ-ਵਾਰ ਵਰਤੋਂ ਕਰ ਕੇ ਉਸਨੂੰ ਅਖਾਣ ਦੀ ਕੋਟੀ ਵਿੱਚ ਸ਼ਾਮਲ ਕਰ ਲੈਂਦੇ ਹਨ । ਜਿਵੇਂ ਗੁਰਬਾਣੀ ਦਾ ਇਹ ਵਾਕ ਕਿ :

ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ॥
ਜਾਂ ਭਾਈ ਗੁਰਦਾਸ ਦੀ ਇਹ ਪੰਕਤੀ ਕਿ :
ਕੁਤਾ ਰਾਜ ਬਹਾਲੀਏ ਫਿਰ ਚਕੀ ਚਟੈ
ਵੀ ਲੋਕ-ਮਨ ਨੇ ਇੱਕ ਅਖਾਣ ਵਜੋਂ ਪ੍ਰਵਾਨ ਕਰ ਲਿਆ ਹੋਇਆ ਹੈ ।

ਮੁਹਾਵਰਿਆਂ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ । ਫ਼ਰੀਦ ਦੀ ਬਾਣੀ ਇਸ ਦਾ ਵੱਡਾ ਸਬੂਤ ਹੈ ਕਿਉਂਕਿ ਫ਼ਰੀਦ ਦੀ ਬਾਣੀ ਵਿੱਚ ਮੁਹਾਵਰਿਆਂ ਦੀ ਬਹੁਤਾਤ ਹੈ । ਅਖਾਣਾਂ ਦੀ ਬਣਤਰ ਦਾ ਸੰਬੰਧ ਭਾਸ਼ਾ ਨਾਲ ਹੈ ਅਤੇ ਵਰਤੋਂ ਦਾ ਸੰਬੰਧ ਮਨੁੱਖੀ ਰਹਿਤਲ ਨਾਲ ਹੈ । ਵਿਦਵਾਨਾਂ ਦੇ ਬਹੁਮਤ ਅਨੁਸਾਰ, ਜਿਤਨੀ ਕਿਸੇ ਕੌਮ ਦੀ ਉਮਰ ਵਧਦੀ ਜਾਂਦੀ ਹੈ, ਉਤਨੀ ਉਸ ਦੀ ਸੱਭਿਅਤਾ ਅਤੇ ਬੋਲੀ ਵੀ ਵਿਕਾਸ ਕਰਦੀ ਹੈ । ਬੋਲੀ ਦੇ ਵਿਕਾਸ ਨਾਲ ਵੀ ਅਖਾਣਾਂ ਦੀ ਗਿਣਤੀ ਜੁੜੀ ਹੋਈ ਹੈ ਕਿਉਂਕਿ ਜਿਵੇਂ-ਜਿਵੇਂ ਕਿਸੇ ਕੌਮ ਦਾ ਤਜਰਬਾ ਵਧਦਾ ਜਾਂਦਾ ਹੈ ਤਿਵੇਂ ਅਖਾਣ ਵੀ ਵਧਦੇ ਜਾਂਦੇ ਹਨ । ਅਖਾਣਾਂ ਦੀ ਸਿਰਜਣ ਪ੍ਰਕਿਰਿਆ ਮਨੁੱਖ ਦੇ ਤਜਰਬਿਆਂ ਨਾਲ ਵੀ ਜੁੜੀ ਹੋਈ ਹੈ । ਅਨੇਕਾਂ ਅਖਾਣ ਤਜਰਬੇ ਤੋਂ ਨਿਕਲਣ ਵਾਲੇ ਸਿੱਟਿਆਂ ਤੇ ਆਧਾਰਿਤ ਵੀ ਵੇਖੇ ਜਾ ਸਕਦੇ ਹਨ । ਜਿਵੇਂ :
-ਸਰਫਾ ਕਰ ਕੇ ਸੁੱਤੀ, ਆਟਾ ਖਾ ਗਈ ਕੁੱਤੀ ।
-ਸਖੀ ਨਾਲੋਂ ਸ਼ੂਮ ਚੰਗਾ, ਜਿਹੜਾ ਤੁਰਤ ਦੇ ਜਵਾਬ ।
-ਸੋਗ ਦਿਲ ਦਾ ਰੋਗ ।
- ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ ।
-ਝੂਠ ਦੇ ਪੈਰ ਨਹੀਂ ਹੁੰਦੇ ।
-ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ।

ਅਜਿਹੇ ਅਨੇਕਾਂ ਅਖਾਣ ਹਨ ਜੋ ਮਨੁੱਖੀ ਤਜਰਬਿਆਂ ਵਿੱਚੋਂ ਜਨਮੇ ਹਨ । ਅਖਾਣਾਂ ਦੇ ਜਨਮ ਲੈਣ ਦਾ ਸੋਮਾ ਲੋਕ-ਸਿਆਣਪ ਵੀ ਹੈ । ਕਈ ਵੇਰ ਕੋਈ ਅਕਲਮੰਦ ਅਤੇ ਸਿਆਣਾ ਪੁਰਸ਼, ਕਿਸੇ ਦੂਜੇ ਮਨੁੱਖ ਦਾ ਵਿਵਹਾਰ ਦੇਖਦਾ ਹੈ, ਉਸ ਦੇ ਮਨ ਵਿਚਲੀ ਭਾਵਨਾ ਨੂੰ ਪੜ੍ਹਦਾ ਹੈ ਜਾਂ ਉਸ ਦੀਆਂ ਹਰਕਤਾਂ ਨੂੰ ਵੇਖ ਕੇ ਜੋ ਸਿੱਟਾ ਕੱਢ ਕੇ ਲਿਖਦਾ ਜਾਂ ਬੋਲਦਾ ਹੈ, ਜੇਕਰ ਉਹਨਾਂ ਬੋਲਾਂ ਵਿੱਚ ਅਖਾਣ ਬਣਨ ਦੇ ਗੁਣ ਹੋਣ ਅਤੇ ਲੋਕ ਉਹਨਾਂ ਨੂੰ ਅਪਣਾ ਲੈਣ ਤਾਂ ਸਮਾਂ ਪਾ ਕੇ ਉਹਨਾਂ ਬੋਲਾਂ ਦੇ ਦੁਹਰਾਓ, ਅਖਾਣ ਬਣ ਜਾਂਦੇ ਹਨ । ਅਸਲ ਵਿੱਚ ਮਨੁੱਖੀ ਸੁਭਾਅ ਅਤੇ ਆਲੇ-ਦੁਆਲੇ ਦੀ ਸਮਝ ਹੀ ਮਨੁੱਖੀ ਸੱਭਿਅਤਾ ਦਾ ਵਿਕਾਸ ਮੰਨਿਆ ਜਾਂਦਾ ਹੈ । ਅਜਿਹੀ ਸਿਆਣਪ ਵਿੱਚੋਂ ਵੀ ਅਨੇਕਾਂ ਅਖਾਣ ਘੜੇ ਮਿਲਦੇ ਹਨ, ਜਿਵੇਂ :

-ਹੱਥ ਨਾ ਅੱਪੜੇ, ਥੂਹ ਕੌੜੀ ।
-ਅੰਨ੍ਹਾ ਵੰਡੇ ਸ਼ੀਰਨੀਆਂ, ਮੁੜ ਮੁੜ ਆਪਣਿਆਂ ਨੂੰ ।
-ਉਠ ਸਕੇ ਨਾ ਫਿੱਟੇ ਮੂੰਹ ਗੋਡਿਆਂ ਦਾ ।
-ਆਪਣਾ ਮਾਰੇਗਾ, ਤਾਂ ਛਾਵੇਂ ਸਿਟੇਗਾ ।
-ਆਪਣੀ ਲੱਸੀ ਨੂੰ ਕੋਈ ਖੱਟੀ ਨਹੀਂ ਕਹਿੰਦਾ ।

ਹਰ ਅਖਾਣ ਵਿੱਚ ਇੱਕ ਖ਼ਾਸ ਕਿਸਮ ਦੀ ਵਿਰੋਧਤਾਈ ਹੁੰਦੀ ਹੈ, ਜਿਹੜੀ ਸੋਚਣ ਲਈ ਮਨੁੱਖ ਨੂੰ ਟੁੰਬਦੀ ਹੈ । ਜਿਵੇਂ :

-ਨਾਲੇ ਚੋਰ, ਨਾਲੇ ਚਤਰ ।
-ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ ।
-ਮੂੰਹ ਵਿੱਚ ਰਾਮ ਰਾਮ, ਬਗਲ ਵਿੱਚ ਛੁਰੀ ।

ਅਖਾਣ ਬੋਲ-ਚਾਲ ਵਿੱਚ ਆਮ ਵਰਤੇ ਜਾਂਦੇ ਹਨ ਕਿਉਂਕਿ ਇਹਨਾਂ ਦਾ ਉਚਾਰਨ ਸਹਿਜ-ਸੁਭਾਅ ਹੀ ਹੋ ਜਾਂਦਾ ਹੈ । ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਵੀ ਅਖਾਣ ਨੂੰ ਲੋਕਾਂ ਦੀ ਜ਼ਬਾਨ ਤੇ ਚੜ੍ਹਦਿਆਂ ਅਨੇਕਾਂ ਵਰ੍ਹੇ ਲੱਗ ਜਾਂਦੇ ਹਨ । ਇਉਂ ਸਮੇਂ ਦੇ ਬੀਤਣ ਨਾਲ ਇਹਨਾਂ ਵਿੱਚ ਬਹੁਤ ਪਕਿਆਈ ਆ ਜਾਂਦੀ ਹੈ । ਜਿਵੇਂ ਕਈ ਪੱਥਰ ਪਾਣੀ ਦੇ ਵਹਾਅ ਨਾਲ ਦਰਿਆਵਾਂ ਵਿੱਚ ਰਿੜ੍ਹਦੇ-ਰਿੜ੍ਹਦੇ ਗੋਲ ਅਤੇ ਮੁਲਾਇਮ ਹੋ ਜਾਂਦੇ ਹਨ, ਇਵੇਂ ਹੀ ਸਦੀਆਂ ਦੀ ਵਰਤੋਂ ਨਾਲ ਅਖਾਣ ਵੀ ਭਾਸ਼ਾ ਅਤੇ ਅਰਥਾਂ ਦੇ ਪੱਖੋਂ ਚਮਕਣ ਲੱਗਦੇ ਹਨ ਅਤੇ ਇੱਕ ਦਿਲ-ਖਿਚਵਾਂ ਰੂਪ ਇਖ਼ਤਿਆਰ ਕਰ ਲੈਂਦੇ ਹਨ । ਅਖਾਣਾਂ ਦੇ ਚਾਰ ਮੁੱਖ ਲੱਛਣ ਮੰਨੇ ਗਏ ਹਨ :

1. ਮਨੁੱਖੀ ਜੀਵਨ ਅਨੁਭਵ ਦਾ ਤਿੱਖਾ ਸੂਤਰ ਹੋਵੇ
2. ਸੰਖੇਪ ਹੋਵੇ
3. ਸਰਲ ਅਤੇ ਢੁੱਕਵੀਂ ਸ਼ੈਲੀ ਹੋਵੇ
4. ਸਰਬ ਪ੍ਰਵਾਨਗੀ ਵਾਲਾ ਹੋਵੇ

ਅਖਾਣ ਦਾ ਜੀਵਨ ਵਿੱਚ ਬੜਾ ਮਹੱਤਵਪੂਰਨ ਸਥਾਨ ਮੰਨਿਆ ਗਿਆ ਹੈ, ਕਿਉਂਕਿ ਇਹ ਗੱਲ-ਬਾਤ ਕਰਦੇ ਸਮੇਂ ਥੋੜ੍ਹੇ ਸ਼ਬਦਾਂ ਵਿੱਚ ਵੱਡੀ ਗੱਲ ਕਹਿ ਜਾਂਦੇ ਹਨ । ਅਖਾਣ ਮੂਰਖ ਅਤੇ ਝੂਠੇ ਵਿਅਕਤੀ ਦੀ ਖਿੱਲੀ ਵੀ ਉਡਾਉਂਦੇ ਹਨ । ਅਖਾਣ ਅਨੇਕਾਂ ਕਿਸਮਾਂ ਦੇ ਹੁੰਦੇ ਹਨ, ਜਿਵੇਂ :

ਇਤਿਹਾਸ ਸੰਬੰਧੀ :
- ਖਾਧਾ ਪੀਤਾ ਲਾਹੇ ਦਾ,
ਰਹਿੰਦਾ ਅਹਿਮਦ ਸ਼ਾਹੇ ਦਾ ।

ਪਸ਼ੂ-ਪੰਛੀਆਂ ਸੰਬੰਧੀ :
ਸੱਪ ਕੁੰਜ ਛਡਦੈ,
ਜ਼ਹਿਰ ਨਹੀਂ ਛੱਡਦਾ ।

ਜਾਤਾਂ ਗੋਤਾਂ ਸੰਬੰਧੀ :
- ਚਿੱਟਾ ਕੱਪੜਾ ਕੁੱਕੜ ਖਾਣਾ,
ਉਸ ਜੱਟ ਦਾ ਨਹੀਂ ਟਿਕਾਣਾ ।
-ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ 'ਤੇ ।

ਇਹ ਵੀ ਕਿਹਾ ਜਾਂਦਾ ਹੈ ਕਿ ਅਖਾਣ ਹਵਾ ਦੀ ਤੋਰੇ ਤੁਰਦੇ ਹਨ ਅਤੇ ਇੱਕ ਪ੍ਰਾਂਤ ਤੋਂ ਦੂਜੇ ਪ੍ਰਾਂਤ ਅਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਪੁੱਜ ਜਾਂਦੇ ਹਨ । ਕਈ ਵਿਦਵਾਨਾਂ ਦਾ ਮੱਤ ਹੈ ਕਿ ਪੇਂਡੂ ਸੱਭਿਆਚਾਰ ਵਿੱਚ ਇਸਤਰੀਆਂ ਅਖਾਣਾਂ ਦਾ ਵਧੇਰੇ ਪ੍ਰਯੋਗ ਕਰਦੀਆਂ ਹਨ ਕਿਉਂਕਿ ਉਹਨਾਂ ਦੀ ਬੋਲੀ ਵਧੇਰੇ ਸਾਦੀ ਅਤੇ ਵਿਅੰਗ ਵਾਲੀ ਹੁੰਦੀ ਹੈ ।

ਇਉਂ ਅਖਾਣਾਂ ਰਾਹੀਂ ਪੁਰਖਿਆਂ ਦਾ ਜੀਵਨ ਅਨੁਭਵ ਮੂੰਹੋਂ-ਮੂੰਹ ਅੱਗੇ-ਅੱਗੇ ਤੁਰਦਾ ਯੁੱਗਾਂ ਦਾ ਪੈਂਡਾ ਤਹਿ ਕਰ ਲੈਂਦਾ ਹੈ । ਕਈ ਅਖਾਣ ਜੋ ਅੱਜ ਸਾਡੀ ਬੋਲ-ਚਾਲ ਦਾ ਹਿੱਸਾ ਹਨ, ਉਹ ਆਰੀਆ ਜਾਤੀ ਦੇ ਮੁਢਲੇ ਅਨੁਭਵ ਸਨ । ਇੱਕ ਧਾਰਨਾ ਅਨੁਸਾਰ ਜਦੋਂ ਪੰਜਾਬ ਦੇ ਦਰਿਆਵਾਂ ਕੰਢੇ ਰਿਗਵੇਦਾਂ ਦੇ ਮੁਢਲੇ ਸ਼ਲੋਕ ਰਚੇ ਗਏ ਤਾਂ ਲੋਕੀਂ ਉਦੋਂ ਦੀ ਭਾਸ਼ਾ ਵਿੱਚ ਵੀ ਆਮ ਮੁਹਾਵਰੇ ਬੋਲਿਆ ਕਰਦੇ ਸਨ ਜੋ ਰਿਗਵੇਦਾਂ ਦੀਆਂ ਰਿਚਾਂ (ਸ਼ਲੋਕਾਂ) ਵਿੱਚ ਮਿਲਦੇ ਹਨ । ਜਿਵੇਂ,

ਅੱਗ ਬਿਨਾਂ ਧੂੰ ਨਹੀਂ,
ਨਦੀ ਨਾਵ ਸੰਜੋਗੀ ਮੇਲੇ
ਜਾਂ ਪਿਆਸਾ ਖੂਹ ਕੋਲ ਜਾਂਦਾ ਹੈ ਖੂਹ ਪਿਆਸੇ ਕੋਲ ਨਹੀਂ ਆਉਂਦਾ, ਇਤਿਆਦਿ ।
ਅਸੀਂ ਅੱਜ ਵੀ ਉਹ ਸਦੀਆਂ ਪਹਿਲਾਂ ਦੇ ਅਖਾਣ ਉਸੇ ਭਾਵਨਾ ਨਾਲ ਬੋਲਦੇ ਹਾਂ ।

ਅਖਾਣ ਸਾਡੇ ਜੀਵਨ ਵਿੱਚ ਲਹੂ ਮਾਸ ਵਾਂਗ ਰਚੇ ਹੋਏ ਹਨ । ਨਿਤ ਜੀਵਨ ਵਿਹਾਰ ਵਿੱਚ ਅਜੋਕੇ ਸਮੇਂ ਵੀ ਪੇਂਡੂ ਲੋਕ, ਅਖਾਣਾਂ ਤੋਂ ਅਗਵਾਈ ਲੈਂਦੇ ਹੋਏ ਉਹਨਾਂ ਦੀ ਆਮ ਵਰਤੋਂ ਕਰਦੇ ਹਨ । ਜਿਵੇਂ :

-ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ ।
- ਖੁਆਜੇ ਦਾ ਗੁਆਹ ਡੱਡੂ ।
- ਬਹੁਤੀ ਘਰੀਂ ਪ੍ਰਾਹੁਣਾ ਰਹਿੰਦਾ ਭੁੱਖਾ ।
- ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ ।

ਇਉਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਅਖਾਣਾਂ ਵਿੱਚ ਜੀਵਨ ਦੀ ਸਾਰੀ ਸ਼ੋਖ਼ੀ ਅਤੇ ਰੰਗਤ ਭਰੀ ਹੋਈ ਹੈ । ਇਹਨਾਂ ਅਖਾਣਾਂ ਨਾਲ ਮਨੁੱਖ ਦੀ ਸਾਂਝ ਸਦੀਵੀ ਹੈ । ਅਖਾਣ ਪਥ ਪ੍ਰਦਰਸ਼ਕ ਦੀ ਭੂਮਿਕਾ ਨਿਭਾਉਂਦੇ ਹਨ । ਅਖਾਣ ਆਪਣੀ ਵਿਅੰਗ ਵਿਧੀ ਰਾਹੀਂ ਕਈ ਕੁਝ ਸੁਝਾਅ ਦਿੰਦੇ ਹਨ ਪਰ ਉਹ ਬੁਰੇ ਨਹੀਂ ਲੱਗਦੇ, ਕਿਉਂਕਿ ਉਹਨਾਂ ਦੇ ਅਰਥਾਂ ਵਿੱਚ ਜੀਵਨ ਦੀ ਮਿਠਾਸ ਭਰੀ ਹੋਈ ਹੁੰਦੀ ਹੈ ।

ਪੰਜਾਬੀ ਅਖਾਣ: ਡਾ. ਰਤਨ ਸਿੰਘ ਜੱਗੀ

ਅਖਾਣ : ਅਖਾਣ ਜਾਂ ਅਖਾਉਤ ਕਿਸੇ ਭਾਸ਼ਾ ਦੇ ਬੜੇ ਬਲਵਾਨ ਅੰਗ ਹਨ । ਇਹ ਵੀ ਮੁਹਾਵਰਿਆਂ ਵਾਂਗ ਲੋਕ ਭਾਸ਼ਾ ਤੋਂ ਸਾਹਿੱਤ ਵਲ ਆਪਣੀ ਯਾਤਰਾ ਕਰਦੇ ਹਨ । ਪਰੰਤੂ ਮੁਹਾਵਰੇ ਸ਼ਬਦਾਂ ਅਤੇ ਕ੍ਰਿਆ-ਪ੍ਰਯੋਗਾਂ ਦੇ ਮੇਲ ਨਾਲ ਇਕ ਵਿਸ਼ੇਸ਼ ਵਾਕਾਂਸ਼ ਦਾ ਰੂਪ ਧਾਰਣ ਕਰਦੇ ਹਨ । ਇਨ੍ਹਾਂ ਵਿਚ ਪੂਰੀ ਗੱਲ ਸਮਾਈ ਨਹੀਂ ਹੁੰਦੀ, ਵਾਕਾਂ ਵਿਚ ਵਰਤੇ ਜਾਣ ਤੇ ਹੀ ਇਨ੍ਹਾਂ ਵਿਚ ਲੁਕੇ ਭਾਵਾਂ ਦਾ ਬੋਧ ਹੁੰਦਾ ਹੈ । ਇਸ ਦੇ ਮੁਕਾਬਲੇ ਅਖਾਣ ਇਕ ਅਟਲ ਸਚਾਈ ਜਾਂ ਵਿਚਾਰ ਜਾਂ ਭਾਵ ਆਦਿ ਦੀ ਪੂਰੀ ਅਭਿਵਿਅਕਤੀ ਕਰਦਾ ਹੈ । ਹਰ ਅਖਾਣ ਪਿੱਛੇ ਕੋਈ ਘਟਨਾ ਜਾਂ ਕਥਾ-ਪ੍ਰਸੰਗ ਆਦਿ ਹੁੰਦਾ ਹੈ । ਇਹ ਘਟਨਾ ਜਾਂ ਕਥਾ-ਪ੍ਰਸੰਗ ਸਮਾਜ ਵਿਚ ਘਟਿਤ ਹੋ ਕੇ ਸਮੇਂ ਦੇ ਪਰਦੇ ਪਿੱਛੇ ਲੁਕ ਛਿਪ ਜਾਂਦੇ ਹਨ ਪਰੰਤੂ ਉਨ੍ਹਾਂ ਦਾ ਸਾਰ ਰੂਪ ਅਖਾਣ ਦੇ ਰੂਪ ਵਿਚ ਪੀੜ੍ਹੀਓਂ ਪੀੜ੍ਹੀ ਜਨ-ਜੀਵਨ ਵਿਚ ਵਰਤੀਂਦਾ ਚਲਿਆ ਆਉਂਦਾ ਹੈ । ਅਖਾਣ ਨੂੰ ਅਖਾਉਤ, ਲੋਕੋਕਤੀ, ਕਹਾਵਤ ਅਤੇ ਜ਼ਰਬ-ਉਲ-ਮਿਸਲ ਦੀ ਆਖਦੇ ਹਨ ।

ਮੁਹਾਵਰਿਆਂ ਵਾਂਗ ਪੰਜਾਬੀ ਵਿਚ ਅਖਾਣਾਂ ਦੀ ਵੀ ਭਰਮਾਰ ਹੈ । ਮੁਹਾਵਰਿਆਂ ਦੀ ਸਿਰਜਣਾ ਦਾ ਆਧਾਰ ਠੁਕ ਨਾਲ ਗੱਲ ਕਰਨ ਹੈ, ਪਰ ਅਖਾਣ ਦਾ ਆਧਾਰ ਕੋਈ ਘਟਨਾ, ਪ੍ਰਸੰਗ, ਸਾਕਾ ਜਾਂ ਤਜਰਬਾ ਹੈ । ਪੰਜਾਬੀ ਭਾਸ਼ਾ ਬੋਲਣ ਵਾਲੇ ਜ਼ਿਆਦਾ ਉਦਯੋਗਸ਼ੀਲ ਪਰਾਕ੍ਰਮੀ, ਉਤਸਾਹੀ, ਮਿਹਨਤੀ ਹੁੰਦੇ ਹਨ, ਇਸ ਲਈ ਇਨ੍ਹਾਂ ਦੇ ਜੀਵਨ ਨਾਲ ਅਨੇਕ ਘਟਨਾ-ਪ੍ਰਸੰਗਾਂ ਜਾਂ ਅਨੁਭਵਾਂ ਦਾ ਸੰਬੰਧਿਤ ਹੋਣਾ ਸੁਭਾਵਿਕ ਹੈ । ਅਖਾਣ ਮਨੁੱਖਾਂ ਦੇ ਸਦੀਆਂ ਤੇ ਅਨੁਭਵਾਂ ਦਾ ਨਿਚੋੜ ਹਨ । ਇਨ੍ਹਾਂ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਲੰਬਾ ਹੁੰਦਾ ਹੈ । ਇਹ ਕੋਈ ਝਟਪਟ ਸੁਝੀ ਗੱਲ ਨਹੀਂ । ਇਸ ਵਿਚ ਮਨੁੱਖੀ ਜੀਵਨ ਦੇ ਕਿਸੇ ਵੀ ਪੱਖ ਦੇ ਗਿਆਨ ਦੇ ਸੰਘਣੇ ਨਿਚੋੜ ਨੂੰ ਸੰਖਿਪਤ ਅਤੇ ਸੰਜਮ-ਭਰੀ ਢੁੱਕਵੀਂ ਸ਼ੈਲੀ ਵਿਚ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਜਨ-ਸਾਧਾਰਣ ਵਿਚ ਉਸ ਨੂੰ ਪ੍ਰਵਾਨਗੀ ਪ੍ਰਾਪਤ ਹੋ ਸਕੇ ।

ਵਣਜਾਰਾ ਬੇਦੀ ਅਨੁਸਾਰ: 'ਸੰਜਮ ਤੇ ਲੈਅ ਭਰਪੂਰ ਚੁਸਤ ਵਾਕ, ਜਿਨ੍ਹਾਂ ਵਿਚ ਜੀਵਨ ਬਾਰੇ ਕੋਈ ਤੱਥ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੋਵੇ, 'ਅਖਾਣ' ਹਨ ।'

ਅਖਾਣ ਲੋਕ ਸਾਹਿੱਤ ਦਾ ਮਹੱਤਵਪੂਰਣ ਅੰਗ ਹਨ । ਅਸਲ ਵਿਚ ਇਹ ਆਦਿ ਸਾਹਿੱਤ ਹਨ । ਇਨ੍ਹਾਂ ਰਾਹੀਂ ਹੀ ਮਨੁੱਖ ਨੇ ਸਭ ਤੋਂ ਪਹਿਲਾਂ ਆਪਣੇ ਅਨੁਭਵ ਦੇ ਆਧਾਰਿਤ ਤੱਥ ਜਾਂ ਪ੍ਰਤਿਕਰਮ ਪੇਸ਼ ਕੀਤੇ । ਇਨ੍ਹਾਂ ਰਾਹੀਂ ਹੀ ਉਪਮਾਵਾਂ ਅਤੇ ਰੂਪਕਾਂ ਨੇ ਜਨਮ ਲਿਆ । ਇਸ ਲਈ ਜਿਉਂ ਜਿਉਂ ਕਿਸੇ ਕੌਮ ਦਾ ਵਿਕਾਸ ਹੁੰਦਾ ਗਿਆ, ਤਜਰਬਾ ਵਧਦਾ ਗਿਆ, ਉਸ ਵਿਚ ਅਖਾਣ ਵੀ ਵਧਦੇ ਗਏ । ਇਨ੍ਹਾਂ ਵਿਚ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ । ਕਈ ਵਾਰ ਕੁਝ ਅਖਾਣ ਸਮੇਂ ਦੇ ਵਿਕਾਸ-ਕ੍ਰਮ ਨਾਲ ਕਦਮ ਨਾ ਮੇਚ ਸਕਣ ਕਾਰਣ ਕਾਲ-ਚੱਕਰ ਵਿਚ ਸਮਾ ਜਾਂਦੇ ਹਨ । ਲੋਕ ਸਾਹਿੱਤ ਦਾ ਅੰਗ ਹੋਣ ਕਾਰਣ ਇਨ੍ਹਾਂ ਦਾ ਅਧਿਕ ਵਿਕਾਸ ਸਾਧਾਰਣ ਜਨ-ਜੀਵਨ ਅਤੇ ਪੇਂਡੂ ਜੀਵਨ ਵਿਚ ਅਧਿਕ ਹੈ । ਭਾਵੇਂ ਪੰਜਾਬੀ ਅਖਾਣਾਂ ਵਿਚ ਨਿਰਵਿਘਨ ਰੂਪ ਵਿਚ ਵਿਕਾਸ ਹੁੰਦਾ ਰਿਹਾ ਹੈ, ਪਰ ਨਾਗਰਿਕਤਾ ਦੇ ਵਿਕਾਸ ਕਾਰਣ ਇਨ੍ਹਾਂ ਦੀ ਸਿਰਜਨ-ਪ੍ਰਕ੍ਰਿਆ ਦੇ ਮੱਠੇ ਪੈਣ ਦੀ ਸੰਭਾਵਨਾ ਵਧ ਰਹੀ ਹੈ ।

ਅਖਾਣਾਂ ਦੀਆਂ ਮੌਟੇ ਤੌਰ ਤੇ ਦੋ ਕਿਸਮਾਂ ਹਨ । ਇਕ ਉਹ ਅਖਾਣ ਜੋ ਸੁਤੇ ਸਿਧ ਹੋਂਦ ਵਿਚ ਆਉਂਦੇ ਹਨ । ਇਹ ਜਨਤਾ ਦੁਆਰਾ ਆਪਣੇ ਆਪ ਸਿਰਜੇ ਜਾਂਦੇ ਹਨ । ਕਿਸੇ ਖ਼ਾਸ ਪਰਿਸਥਿਤੀ ਜਾਂ ਪ੍ਰਸੰਗ ਵਿਚ ਕਿਸੇ ਸਿਆਣੇ ਸੁਲਝੇ ਹੋਏ ਵਿਅਕਤੀ ਦੇ ਮੁਖ ਤੋਂ ਆਪ-ਮੁਹਾਰੇ ਕੋਈ ਵਾਰ ਨਿਕਲ ਜਾਂਦਾ ਹੈ ਜੋ ਆਪਣੀ ਠੁਕ ਅਤੇ ਅਨੁਰੂਪਤਾ ਕਾਰਣ ਲੋਕ ਸੂਝ ਉਤੇ ਛਾ ਜਾਂਦਾ ਹੈ । ਇਹੀ ਲੋਕ ਮੁੱਖ ਦੀ ਟਕਸਾਲ ਦਾ ਸਿੱਕਾ ਸੁਤੇ ਸਿਧ ਹੋਂਦ ਵਿਚ ਆਉਣ ਵਾਲਾ 'ਅਖਾਣ' ਹੈ ।

ਇਸ ਦੇ ਵਿਕਾਸ ਦੀਆਂ ਤਿੰਨ ਅਵਸਥਾਵਾਂ ਹਨ-
ਪਹਿਲੀ ਬੀਜ ਰੂਪ ਵਾਲੀ ਜਦੋਂ ਕਿਸ ਸਿਆਣੇ ਵਿਅਕਤੀ ਦੇ ਮੂੰਹ ਵਿਚੋਂ ਅਖਾਣ ਬਣਨ ਵਾਲਾ ਵਾਕ ਨਿਕਲਦਾ ਹੈ,
ਦੂਜੀ ਜਦੋਂ ਉਹ ਵਾਂਕ ਜਾਂ ਕਥਨ ਉਸੇ ਵਰਗੀਆਂ ਪਰਿਸਥਿਤੀਆਂ ਵਿਚ ਵਰਤਿਆ ਜਾਣ ਲਗਦਾ ਹੈ ਅਤੇ
ਤੀਜੀ ਉਸ ਵਿਚੋਂ ਕੋਈ ਵਾਧੂ ਸ਼ਬਦ ਮੁਖ ਸੁਖ ਸਿਧਾਂਤ ਦੇ ਸੰਦ ਦੁਆਰਾ ਛਿਲੇ ਤਰਾਸ਼ੇ ਜਾ ਕੇ ਆਪਣਾ ਸਿੱਕੇ-ਬੰਦ ਰੂਪ ਧਾਰਣ ਕਰਦਾ ਹੈ । ਇਸ ਕਿਸਮ ਦੇ ਅਖਾਣਾਂ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ-

'ਸੌ ਸਿਆਣੇ ਇਕੋ ਮਤ, ਮੂਰਖ ਆਪੋ ਆਪਣੀ;
ਸੌ ਸੁਨਿਆਰ ਦੀ ਇਕ ਲੁਹਾਰ ਦੀ;
ਸੌ ਚਾਚਾ ਇਕ ਪਿਉ, ਸੌ ਦਾਰੂ ਇਕ ਘਿਉ;
ਸੌ ਦਿਨ ਚੋਰ ਦੇ, ਇਕ ਦਿਨ ਸਾਧ ਦਾ;
ਹੱਛਾ ਸਭ ਦਾ ਵੱਛਾ;
ਹੱਥ ਕਾਰ ਵਲ, ਚਿਤ ਯਾਰ ਵਲ;
ਹੱਥ ਪੁਰਾਣੇ ਖੌਸੜੇ ਬਸੰਤੇ ਹੋਰੀਂ ਆਏ;
ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਏ, ਹਮਸਾਏ ਮਾਂ ਪਿਉ ਜਾਏ;
ਲਾਈਏ ਤਾਂ ਤੋੜ ਨਿਭਾਈਏ;
ਲਾਡ ਆਇਆ ਮਲਿਆਰੀ ਨੂੰ, ਠੁੱਡੇ ਮਾਰੇ ਖਾਰੀ ਨੂੰ;
ਲਲੂ ਕਰੇ ਵਲਲੀਆਂ ਰੱਬ ਸਿਧੀਆਂ ਪਾਏ ।'

ਇਸ ਪ੍ਰਕਾਰ ਦੇ ਅਖਾਣਾਂ ਪਿਛੇ ਕੋਈ ਨਾ ਕੋਈ ਘਟਨਾ ਪ੍ਰਸੰਗ ਮੌਜੂਦ ਹੈ । ਉਹ ਭਾਵੇਂ ਹੁਣ ਸਮੇਂ ਦੀ ਕੁਖ ਵਿਚ ਲੁਕ ਗਿਆ ਹੋਵੇ ਪਰ ਉਸ ਦਾ ਅਨੁਮਾਨ ਸਹਿਜ ਹੀ ਲਗਾਇਆ ਜਾ ਸਕਦਾ ਹੈ ।

ਦੂਜੀ ਕਿਸਮ ਦੇ ਅਖਾਣ ਚੇਤਨ ਤੌਰ ਤੇ ਹੋਂਦ ਵਿਚ ਆਉਂਦੇ ਹਨ । ਇਨ੍ਹਾਂ ਦੀ ਸਿਰਜਣਾ ਸ੍ਰੇਸ਼ਠ ਸਾਹਿੱਤਕਾਰਾਂ ਦੁਆਰਾ ਹੁੰਦੀ ਹੈ । ਜਦੋਂ ਕੋਈ ਸਾਹਿੱਤਕਾਰ ਮਨੁੱਖੀ ਸੁਭਾਅ 'ਤੇ ਆਧਆਰਿਤ ਜਾਂ ਜੀਵਨ ਦੇ ਕਿਸੇ ਵੀ ਪੱਖ ਬਾਰੇ ਸਾਲਾਂ ਬੱਧੀ ਅਨੁਭਵ ਦੇ ਨਿਚੋੜ ਵਜੋਂ ਹਾਸਲ ਕੀਤੇ ਸਚ ਨੂੰ, ਸੁੰਦਰ ਸ਼ਬਦ ਯੋਜਨਾ ਨਾਲ ਵਾਕ ਵਿਚ ਬੀੜ ਦਿੰਦਾ ਹੈ ਤਾਂ ਉਹ ਸੀਤ ਕਥਨ ਬਾਰ ਬਾਰ ਲੋਕਾਂ ਵਿਚ ਵਰਤੇ ਜਾਣ ਨਾਲ ਅਖਾਣ ਬਣਨ ਦਾ ਅਧਿਕਾਰੀ ਹੋ ਜਾਂਦਾ ਹੈ । ਧਰਮ ਅਤੇ ਸਦਾਚਾਰ ਨਾਲ ਸੰਬੰਧਿਤ ਨੀਤੀ ਕਥਨ ਵੀ ਇਸੇ ਵਰਗ ਅਧੀਨ ਰੱਖੇ ਜਾ ਸਕਦੇ ਹਨ । ਲੌਕਿਕ ਅਖਾਣਾਂ ਨਾਲੋਂ ਇਨ੍ਹਾਂ ਅਖਾਣਾਂ ਦਾ ਉੱਨਾ ਹੀ ਫਰਕ ਹੈ ਜਿਤਨਾ ਜੰਗਲੀ ਫੁੱਲ ਦਾ ਬਗੀਚੇ ਦੇ ਫੁੱਲ ਨਾਲੋਂ ਹੁੰਦਾ ਹੈ । ਪਹਿਲੇ ਦਾ ਸੋਹਜ ਕੁਦਰਤੀ ਹੈ ਅਤੇ ਦੂਜੇ ਦਾ ਕਲਾਤਮਕ । ਪਹਿਲੇ ਉਤੇ ਲੋਕ ਸੂਝ ਦੀ ਮੋਹਰ ਲਗੀ ਹੁੰਦੀ ਹੈ ਅਤੇ ਦੂਜੇ ਉਤੇ ਸਾਹਿੱਤਕਾਰ ਦੀ ਪ੍ਰਤਿਭਾ ਦੀ । ਪਰ ਪ੍ਰਯੋਗ ਵਿਚ ਇਹ ਦੋਵੇਂ ਕਿਸੇ ਅੰਤਰ ਦੇ ਲਖਾਇਕ ਨਹੀਂ । ਪੰਜਾਬੀ ਸਾਹਿੱਤ ਵਿਚ ਸ਼ੁਰੂ ਤੋਂ ਹੀ ਅਜਿਹੇ ਕਥਨ ਉਪਲਬਧ ਹਨ, ਜਿਵੇਂ ਫਰੀਦ ਬਾਣੀ ਵਿਚ ਲਿਖਿਆ ਹੈ-

'ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁਖ' ਜਾਂ
'ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ' ।
ਗੁਰਬਾਣੀ ਦੀਆਂ ਸੈਂਕੜੇ ਤੁਕਾਂ ਸੁਚੱਜੇ ਅਖਾਣਾਂ ਦਾ ਰੂਪ ਧਾਰਣ ਕਰਦੀਆਂ ਹਨ ਜਿਵੇਂ

'ਰੋਟੀਆਂ ਕਾਰੀਣ ਪੂਰਹਿ ਤਾਲ',
'ਦੁਖ ਦਾਰੂ ਸੁਖ ਰੋਗੁ ਭਇਆ',
'ਮਿਠਤੂ ਨੀਵੀ ਨਾਨਕਾ ਗੁਣ ਚੰਗੀਆਈਆ ਤਤੁ',
'ਆਪਿ ਬੀਜਿ ਆਪੇ ਹੀ ਖਾਇ' ।
ਭਾਈ ਗੁਰਦਾਸ ਦੀਆਂ ਵਾਰਾਂ ਅਖਾਣਾਂ ਨਾਲ ਭਰਪੂਰ ਹਨ । ਹਰ ਪਉੜੀ ਵਿਚ ਇਕ ਜਾਂ ਦੋ ਅਖਾਣ ਮਿਲ ਜਾਂਦੇ ਹਨ । ਉਨ੍ਹਾਂ ਨੇ ਕੁਝ ਕਥਾ-ਪ੍ਰਸੰਗਾਂ ਦੇ ਆਧਾਰ ਤੇ ਵੀ ਅਖਾਣਾਂ ਦੀ ਨਿਰਮਾਣ ਕੀਤਾ ਹੈ । ਉਦਾਹਰਣ ਵਜੋਂ 'ਕਾਵਾਂ ਰੌਲੀ ਮੂਰਖ ਸੰਗੇ' ਅਖਾਣ ਨੂੰ ਚਿਤਰਨ ਵੇਲੇ ਉਨ੍ਹਾਂ ਨੇ ਪੂਰੀ ਪਉੜੀ ਲਿਖੀ ਹੈ :

ਠੰਢੇ ਖੂਹਹੁੰ ਨ੍ਹਾਇਕੈ ਪਗੁ ਵਿਸਾਰ ਆਯਾ ਸਿਰ ਨੰਗੈ ।
ਘਰ ਵਿਚ ਰੰਨਾ ਕਮਲੀਆਂ ਧੁਸੀ ਲੀਤੀ ਦੇਖ ਕੁਢੰਗੈ ।
ਰੰਨਾਂ ਦੇਖ ਪਿਟੰਦੀਆਂ ਢਾਹਾਂ ਮਾਰੈ ਹੋਇ ਨਿਸੰਗੈ ।
ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੈ ।
ਨਾਇਣ ਪੁਛਦੀ ਪਿਟਦੀਆਂ ਕਿਤ ਦੇ ਨਾਇ ਅਲਾਹਨੀ ਅੰਗੈ ।
ਸਹੁਰੇ ਪੁਛਹੁ ਜਾਇ ਕੈ ਕਉਣ ਮੁਆ ਨੂੰਹ ਉਤਰ ਮੰਗੈ ।
ਕਾਵਾਂ ਰੌਲੀ ਮੂਰਖ ਸੰਗੈ ।

ਪੰਜਾਬੀ ਕਿੱਸਿਆ ਵਿਚ ਵੀ ਅਨੇਕ ਸਤਿ ਕਥਨ ਅਖਾਣ ਵਜੋਂ ਉਪਲਬਧ ਹਨ । ਵਾਰਸ ਅਤੇ ਹਾਸ਼ਮ ਦੀਆਂ ਅਨੇਕ ਤੁਕਾਂ ਸੁੰਦਰ ਅਖਾਣਾਂ ਦੀ ਭੂਮਿਕਾ ਨਿਭਾਉਂਦੀਆਂ ਹਨ-

'ਵਾਰਸ ਸ਼ਾਹ' ਨਾ ਆਦਤਾਂ ਜਾਂਦੀਆਂ ਨੀ ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ';
'ਹਾਸ਼ਮ ਹੋਣ ਜਿਨ੍ਹਾਂ ਦਿਨ ਉਲਟੇ, ਸਭ ਉਲਟੀ ਬਣ ਜਾਵੇ ।'
ਇਹ ਗੱਲ ਆਧੁਨਿਕ ਕਵੀਆਂ ਅਤੇ ਕਈ ਹੋਰ ਸਾਹਿੱਤ ਵੰਨਗੀਆਂ ਵਿਚ ਵੀ ਵੇਖੀ ਜਾ ਸਕਦੀ ਹੈ ।

ਪੰਜਾਬੀ ਅਖਾਣਾਂ ਵਿਚ ਪੰਜਾਬੀਆਂ ਦੇ ਸਮੁੱਚੇ ਜੀਵਨ ਦਾ ਬਿੰਬ ਮਿਲਦਾ ਹੈ । ਜੀਵਨ ਦਾ ਕੋਈ ਵੀ ਪਹਿਲੂ ਅਖਾਣਾਂ ਤੋਂ ਅਛੂਤਾ ਨਹੀਂ । ਇਤਨੀ ਵੰਨ-ਸੁਵੰਨਤਾ ਹੋਰਨਾਂ ਭਾਸ਼ਾਵਾਂ ਦੀ ਅਖਾਣ-ਸਾਮਗ੍ਰੀ ਵਿਚ ਘਟ ਹੀ ਮਿਲਦੀ ਹੈ । ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੀ ਵਿਚਾਰਧਾਰਾ ਦਾ ਬੋਧ ਹੁੰਦਾ ਹੈ । ਰੱਬ ਦੀ ਪ੍ਰਾਪਤੀ ਲਈ ਸੰਸਾਰਿਕ ਪ੍ਰਪੰਚ ਤੋਂ ਮਨ ਹਟ ਕੇ ਅਧਿਆਤਮਿਕਤਾ ਚਿਵ ਲਗਾਉਣ ਦਾ ਕਿਤਨਾ ਸਰਲ ਉਪਾਅ ਬੁਲ੍ਹੇ ਸ਼ਾਹ ਨੂੰ ਆਪਣੇ ਮੁਰਸ਼ਿਦ ਸ਼ਾਹ ਅਨਾਇਤ ਦੁਆਰਾ ਸਮਝਾਇਆ ਗਿਆ ਹੈ-'ਰੱਬ ਦਾ ਕੀ ਪਾਉਣਾ, ਇਧਰੋਂ ਪੁਟਣਾ ਤੇ ਉਧਰ ਲਾਉਣਾ ।' ਪਿੰਡਾਂ ਦੀ ਪ੍ਰਧਾਨਤਾ ਹੋਣ ਕਾਰਣ ਪੰਜਾਬ ਦੇ ਬਹੁਤੇ ਅਖਾਣਾਂ ਦਾ ਸੰਬੰਧ ਪੇਂਡੂ ਜੀਵਨ ਅਤੇ ਖੇਤੀ ਬਾੜੀ ਨਾਲ ਹੈ ਜਿਵੇਂ,

'ਜਿਹਾ ਡੋਡਾ ਪਿਆ ਤਿਹਾ ਚਿੜੀਆਂ ਚੁਗ ਲਿਆ,
ਖੇਤੀ ਖਸਮਾਂ ਸੇਤੀ,
ਦਬ ਕੇ ਵਾਹ ਤੇ ਰਜ ਕੇ ਖਾਹ, ਕਰ ਮਜੂਰੀ ਤੇ ਖਾਹ ਚੂਰੀ,
ਉਦਮ ਅਗੇ ਲਛਮੀ ਪੱਖੇ ਅੱਗੇ ਪਉਣ,
ਉਜੜੇ ਖੇਤਾਂ ਦੇ ਗਾਲੜ ਪਟਵਾਰੀ ।'
ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੇ ਮਨ ਦੀਆਂ ਅਵਸਥਾਵਾਂ ਦਾ ਵੀ ਬੋਧ ਹੁੰਦਾ ਹੈ ।

ਪੰਜਾਬੀ ਅਖਾਣਾਂ ਵਿਚੋਂ ਕੁਝ ਦਾ ਸੰਬੰਧ ਭੂਗੋਲ ਅਤੇ ਇਤਿਹਾਸ ਨਾਲ ਵੀ ਹੈ, ਜਿਵੇਂ,

'ਪੰਜਾਬ ਦੇ ਜੰਮਿਆ ਨੂੰ ਨਿਤ ਮੁਹਿੰਮਾਂ,

ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ,
ਕਾਬਲ ਦਾ ਸਰਦਾ ਫਿਰੋਜ਼ਪੁਰ ਦਾ ਗਰਦਾ,
ਆਏ ਨੀ ਨਿਹੰਗ ਬੂਹੇ ਖੋਲ੍ਹ ਦੇ ਨਿਸੰਗ' ਆਦਿ
ਅਖਾਣ ਪੰਜਾਬ ਦੀ ਭੂਗੋਲਿਕ ਅਤੇ ਇਤਿਹਾਸਕ ਗਤੀ-ਵਿਧੀ ਦੀ ਸਾਖ ਭਰਦੇ ਹਨ ।

ਅਧਿਕਤਰ ਅਖਾਣ ਗੱਦਾਤਮਕ ਵਾਕਾਂ ਦੇ ਰੂਪ ਵਿਚ ਉਪਲਬਧ ਹੁੰਦੇ ਹਨ, ਪਰ ਕੁਝ ਵਿਚ ਕਾਵਿਕ ਲੈਅ ਵੀ ਹੁੰਦੀ ਹੈ ਜਿਵੇਂ,
'ਜਿਹਾ ਦੇਸ ਤਿਹਾ ਵੇਸ, ਅਗਾ ਦੌੜ ਤੇ ਪਿਛਾ ਚੌੜ ।'
ਕੁਝ ਅਖਾਣ ਛੰਦ-ਬੱਧ ਵੀ ਹੁੰਦੇ ਹਨ, ਜਿਵੇਂ :

ਤਿਤਰ ਖੰਭੀ ਬਦਲੀ ਰੰਨ ਮੁਲਾਈ ਖਾ ।
ਉਹ ਵਸੇ ਉਹ ਉਧਲੇ ਖਾਲੀ ਮੂਲ ਨਾ ਜਾ ।

ਅਖਾਣਾਂ ਦੀ ਬੋਲੀ ਸਰਲ ਅਤੇ ਲੋਕ-ਜੀਵਨ ਦੇ ਬਹੁਤ ਨੇੜੇ ਹੁੰਦੀ ਹੈ । ਔਖੇ ਅਖਾਣ ਜਨ-ਸੂਝ ਤੇ ਖਰੇ ਨਾ ਉਤਰਨ ਕਾਰਣ ਆਪਣਾ ਗੌਰਵ ਖ਼ਤਮ ਕਰ ਲੈਂਦੇ ਹਨ ।

ਪੰਜਾਬੀ ਕਹਾਵਤਾਂ: ਪੰਜਾਬੀ ਵਿਕੀਪੀਡੀਆ

ਕਹਾਵਤਾਂ (ਅਖਾਣ/ਅਹਾਣ/ਅਖੌਤਾਂ/ਅਖਾਉਤ/ਕਹੌਤਾਂ/ਲਕੋਕਤੀ/ਜ਼ਰਬ-ਅਲ-ਮਿਸਾਲ/ਇਮਸਾਲ) ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਗੱਲਾਂ ਜੋ ਸਹਿਜੇ ਹੀ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਵਰਤੀਆਂ ਜਾਂਦੀਆਂ ਹਨ। ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼): ਲੋਕਾਂ ਦੀ ਉਕਤਿ(ਕਹਾਵਤ), ਇੱਕ ਅਰਥਾਲੰਕਾਰ, ਲੋਕਾਂ ਦੇ ਮੂੰਹ ਚੜ੍ਹੀ ਅਖਾਉਤ ਨੂੰ ਕਿਸੇ ਮੁਨਾਸਿਬ ਮੌਕੇ ਪੁਰ ਕਹਿਣਾ ਅਖਾਣ ਜਾਂ ਲੋਕੋਕਤੀ (ਲੋਕਉਕਤੀ) ਹੈ।
'ਚੀਨੀ ਕਹਾਵਤ ਵਿੱਚ ਕਿਹਾ ਗਿਆ ਹੈ:' "ਬੁੱਢੇ ਹੋਣ ਤੱਕ ਸਿੱਖੋ, ਵੱਡੀ ਉਮਰ ਭੋਗੋ, ਫਿਰ ਵੀ ਇੱਕ ਤਿਹਾਈ ਸਿੱਖਣਾ ਅਜੇ ਬਾਕੀ ਹੁੰਦਾ ਹੈ।"

ਕਹਾਵਤਾਂ ਲੋਕ ਸਾਹਿਤ ਜਾਂ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਵਿੱਚੋਂ ਆਪਣੀ ਵਿਕੋਲਿਤ੍ਰੀ ਪ੍ਰਕਿਰਤੀ, ਪ੍ਰਗਟਾਓ ਪ੍ਰਸੰਗ ਅਤੇ ਰੂਪ ਸਦਕਾ ਇੱਕ ਸੁਤੰਤਰ ਵਿਧਾ ਹੈ, ਜੋ ਲੋਕ ਸਿਆਣਪ ਅਤੇ ਅਨੁਭਵ ਦਾ ਨਿਚੋੜ ਹੁੰਦੀਆਂ ਹਨ। ਪ੍ਰਕਿਰਤੀ ਦੀ ਹਰੇਕ ਵਸਤੂ, ਕ਼ੁਦਰਤ ਦੇ ਨਿਯਮਾਂ, ਮਨੁੱਖਾਂ ਤੇ ਪਸ਼ੂ ਜਾਤੀ ਦੀਆਂ ਆਦਤਾਂ ਤੇ ਸੁਭਾਅ ਬਾਰੇ ਲੋਕਾਂ ਦੇ ਕੀ ਤਜਰਬੇ ਹਨ, ਉਹ ਅਖਾਣਾਂ/ਕਹਾਵਤਾਂ ਵਿੱਚ ਸੰਗਠਿਤ ਹੋਏ ਮਿਲਦੇ ਹਨ।

ਬਿਕਰਮ ਸਿੰਘ ਘੁੰਮਣ: ਪੰਜਾਬੀ ਅਖਾਣ ਪੰਜਾਬੀ ਲੋਕਾਂ ਦੇ ਸਮੁੱਚੇ ਸੱਭਿਆਚਾਰ ਦੀ ਮੂਰਤ ਸਾਕਾਰ ਕਰਨ ਦੇ ਸਮਰੱਥ ਹਨ। ਇਹਨਾਂ ਵਿੱਚ ਮਾਨਵੀ ਜੀਵਨ ਦੇ ਅਤੀਤ-ਮੁਖੀ, ਵਰਤਮਾਨ-ਮੁਖੀ ਤੇ ਭਵਿੱਖ-ਮੁਖੀ ਤਿੰਨਾਂ ਦ੍ਰਿਸ਼ਟੀਆਂ ਤੋਂ ਹੀ ਉਸ ਦੀ ਅਭਿਲਾਸ਼ਾ, ਆਦਰਸ਼ਕਤਾ ਤੇ ਯਥਾਰਥਕਤਾ ਦਾ ਸਮਾਨਵੈ ਗੁੰਦਵੇਂ ਰੂਪ 'ਚ ਨਿਹਿਤ ਹੁੰਦਾ ਹੈ।

ਬਿਕਰਮ ਸਿੰਘ ਘੁੰਮਣ: ਪੰਜਾਬੀ ਰਿਸ਼ਤਾ-ਪ੍ਰਣਾਲੀ ਵਿਚਲੀ ਦੁਅੰਦਾਤਮਕਤਾ, ਜਿਸ ਦੀ ਹੋਂਦ/ਸਥਿਤੀ ਰਿਸ਼ਤਿਆਂ ਵਿੱਚੋਂ ਉਦੈਮਾਨ ਹੁੰਦੀ ਹੈ, ਦੀਆਂ ਵਿਭਿੰਨ ਪਰਤਾਂ ਨੂੰ ਅਖਾਣਾਂ ਵਿੱਚੋਂ ਭਲੀ-ਭਾਂਤ ਪਛਾਣਿਆ ਜਾ ਸਕਦਾ ਹੈ। ਅਖਾਣਾਂ ਹੀ ਪੰਜਾਬ ਦੀਆਂ ਭੁਗੋਲਿਕ ,ਪ੍ਰਕਿਰਤਕ ਤੇ ਸਮਾਜਿਕ ਨੁਹਾਰ ਨੂੰ ਹਜ਼ਮ ਕਰੀ ਬੈਠੀਆਂ ਹਨ।
ਇਸੇ ਕਰਕੇ 'ਰਾਬਰਟ ਕਾਫ਼ਮੈਨ (Robert P. Tristrain Coffman)' ਅਖਾਣਾਂ ਨੂੰ ਹੀ ਸਾਹਿਤ ਦਾ ਮੁੱਢ ਦੱਸਦਾ ਹੈ। ਉਸਦੇ ਖ਼ਿਆਲ ਅਨੁਸਾਰ ਦੁਨੀਆਂ ਦੀ ਪਹਿਲੀ ਕਵਿਤਾ ਅਖਾਣ ਸਨ।

ਯੂਨਾਨੀ ਚਿੰਤਕਾਂ-ਅਫ਼ਲਾਤੂਨ (ਪਲੈਟੋ), ਅਰਸਤੂ ਨੇ ਵੀ ਆਪਣੇ ਜ਼ਮਾਨੇ ਦੇ ਬਹੁਤ ਸਾਰੇ ਅਖਾਣ ਇਕੱਤ੍ਰ ਕੀਤੇ। ਯਹੂਦੀਆਂ ਦੀ ਧਾਰਮਿਕ ਪੁਸਤਕ "ਸੁਲੇਮਾਨ ਦਾ ਗ੍ਰੰਥ"' ਅਤੇ ਈਸਾਈਆਂ ਦੀ ਧਾਰਮਿਕ ਪੁਸਤਕ 'ਬਾਈਬਲ' 'ਚ ਵੀ ਅਨੇਕਾਂ ਅਖਾਣ ਮਿਲਦੇ ਹਨ।

ਪਰਿਭਾਸ਼ਾ

ਡਾ.ਜਸਵਿੰਦਰ ਸਿੰਘ: 'ਕਹਾਵਤ' ਲਈ ਪੰਜਾਬੀ ਵਿੱਚ 'ਅਖਾਉਤ' ਅਤੇ 'ਕਹਾਉਤ' ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਇੱਕ ਅਜਿਹੀ ਸੁਤ੍ਰਿਕ ਲੋਕ ਉਕਤੀ ਦਾ ਰੂਪ ਹੈ। ਜਿਸ ਵਿੱਚ ਜ਼ਿੰਦਗੀ ਦੇ ਅਨੁਭਵ ਸੱਚ ਨੂੰ ਬਿਆਨ ਕੀਤਾ ਜਾਂਦਾ ਹੈ। ਇਹਨਾਂ ਰਾਹੀਂ ਕਿਸੇ ਸਭਿਆਚਾਰਕ, ਸਾਹਿਤਕ ਅਤੇ ਭਾਸ਼ਾਈ ਵਿਸ਼ੇਸਤਾ ਦਾ ਪਤਾ ਸਹਿਜੇ ਹੀ ਲੱਗ ਜਾਂਦਾ ਹੈ। ਇਹਨਾਂ ਦਾ ਅਕਾਰ ਨਿੱਕਾ, ਚੁਸਤ ਪ੍ਰਗਟਾਵਾ, ਅਮੂਰਤ ਭਾਵ, ਸੋਚ ਦੇ ਸਮੂਰਤ ਰੂਪਕੀ ਸੰਚਾਰ, ਪ੍ਰਸੰਗਕ ਉਚਾਰ ਆਦਿ ਲੋਕ ਸੂਝ ਦਾ ਪ੍ਰਮਾਣਿਕ ਸਰੂਪ ਅਖਾਣਾਂ ਤੋਂ ਪਤਾ ਲੱਗ ਜਾਂਦਾ ਹੈ, ਲਗਭਗ ਹਰ ਸਭਿਆਚਾਰ ਵਿੱਚ 'ਅਖਾਣ' ਮੌਜੂਦ ਹੁੰਦੇ ਹਨ। ਪੰਜਾਬੀ ਵਿੱਚ ਕਈ ਅਖਾਣ ਫ਼ਾਰਸੀ ਅਤੇ ਅੰਗਰੇਜ਼ੀ ਤੋਂ ਪ੍ਰਭਾਵਿਤ ਹੋ ਕੇ ਸਿਰਜੇ ਗਏ । ਲੋਕ ਸਾਹਿਤ ਵਾਂਗ ਇਹਨਾ ਦਾ ਸਿਰਜਿਕ ਵੀ ਲੋਕ ਸਮੂਹ ਹੁੰਦਾ ਹੈ।
ਵੱਖ ਵੱਖ ਵਿਦਵਾਨਾਂ ਵੱਲੋਂ ਦਿੱਤੀਆਂ ਪਰਿਭਾਸ਼ਾਵਾਂ-

1. Webster New Twentieth Century Dictionary: ਅੰਗਰੇਜ਼ੀ ਵਿੱਚ 'Proverb', ਫਰਾਂਸੀਸੀ ਵਿੱਚ 'Proverbe' ਅਤੇ ਲਾਤੀਨੀ ਵਿੱਚ 'Proverbium ਸ਼ਬਦ ਅਖਾਣ ਦੇ ਪਰਿਆਇਵਾਚੀ ਹਨ। ਇਹਨਾਂ ਸੰਖਿਪਤ ਬਚਨਾਂ ਵਿੱਚ ਜੀਵਨ ਦੀ ਅਟੱਲ ਤੇ ਵਿਆਪਕ ਸਚਾਈ ਅੰਕਿਤ ਹੁੰਦੀ ਹੈ।
2. Raymond Firth: A Proverb is a saying concise in form but pregnant in meaning, often witty and figurative nature,embodying some piece of wisdom employed in common use.
3. ਸੋਹਿੰਦਰ ਸਿੰਘ ਵਣਜਾਰਾ ਬੇਦੀ: ਅਖਾਣ ਸੰਜਮ ਤੇ ਲੈਅ ਭਰਪੂਰ ਉਹ ਵਾਕ ਹਨ, ਜਿਹਨਾਂ ਵਿੱਚ ਜੀਵਨ ਬਾਰੇ ਕੋਈ ਤੱਥ, ਵਿਹਾਰ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ਼ ਸਮੋਇਆ ਹੋਵੇ। ਅਖਾਣ ਵੈਦਿਕ ਭਾਸ਼ਾ ਦੇ ਸ਼ਬਦ 'ਆਖਿਆਨ' ਦਾ ਹੀ ਪੰਜਾਬੀ ਰੂਪ ਹੈ।
4. ਪੰਜਾਬੀ ਸਾਹਿੱਤ ਕੋਸ਼-ਭਾਗ-1: ਜੀਵਨ ਸੱਚ ਅਤੇ ਲੋਕ ਬੁੱਧੀ ਦੇ ਭਰਪੂਰ ਅਤੇ ਸ਼ੁੱਧ ਰੂਪ ਦੇ ਪ੍ਰਗਟਾਓ ਕਾਰਨ ਹੀ ਇਹਨਾਂ ਨੂੰ ਜਨਤਾ ਦਾ 'ਨੀਤੀ ਸ਼ਾਸਤ੍ਰ' ਕਿਹਾ ਜਾਂਦਾ ਹੈ ਅਤੇ ਸੰਸਾਰ ਦੇ 'ਨੀਤੀ ਸਾਹਿੱਤ' ਦਾ ਪ੍ਰਮੁੱਖ ਅੰਗ ਵੀ ਮੰਨਿਆ ਜਾਂਦਾ ਹੈ।
5. 'ਰਸਲ' ਨੇ ਇਸ ਨੂੰ "ਇੱਕ ਦੀ ਕਾਟ (wit) ਤੇ ਕਈਆਂ ਦੀ ਸਿਆਣਪ", 'ਸਰਵੈਨਟੇਜ਼' ਨੇ "ਲੰਮੇ ਤਜਰਬੇ 'ਚੋ ਨਿਕਲੇ ਵਾਕ" ਅਤੇ ਡੀ .ਵਲੇਰਾ ਨੇ "ਆਮ ਰਜ਼ਾਮੰਦੀ ਨਾਲ਼ ਚਿਰਾਂ ਤੋਂ ਮੰਨੇ ਹੋਏ ਛੋਟੇ-ਛੋਟੇ ਵਾਕਾਂ ਵਿੱਚ 'ਸੱਚ ਭਰੇ ਬਚਨ' ਕਿਹਾ ਹੈ।"
6. ਚੈਂਬਰਜ਼ ਵਿਸ਼ਵਕੋਸ਼ ਅਨੁਸਾਰ, 'ਜੋ ਕੁਝ ਮਨੁੱਖ ਸੋਚਦਾ ਹੈ, ਉਹੀ ਅਖਾਣ ਹੈ। ਸਭਨਾਂ ਭਾਸ਼ਾਵਾਂ ਵਿੱਚ ਉਪਲੱਬਧ ਇਹ ਸੰਖੇਪ ਤੇ ਬੀਜਕ ਬਚਨ ਮਨੁੱਖ ਦੇ ਬੁਨਿਆਦੀ ਦੇ ਸਰਵ-ਵਿਆਪਕ ਤਜਰਬੇ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਹਰੇਕ ਅਖਾਣ ਦੀ ਮੂਲ ਜੜ੍ਹ ਸਹਿਜੇ ਹੀ ਲੱਭੀ ਜਾ ਸਕਦੀ ਹੈ, ਪਰ ਅਸੂਲਨ ਅਖਾਣ ਪਿਤਾ-ਹੀਣ ਕਾਟ ਜਾਂ ਬੁੱਧੀ ਦਾ ਇੱਕ ਟੋਟਾ ਹੁੰਦਾ ਹੈ। ਜਿਹੜਾ ਮਨੁੱਖੀ ਨਸਲ ਨਾਲ਼ ਨਿਰਵਿਘਨ ਵਧ ਰਿਹਾ ਹੁੰਦਾ ਹੈ।

ਕਰਨੈਲ ਸਿੰਘ ਥਿੰਦ: ਅਖਾਣ ਲੋਕ ਸਾਹਿਤ ਦਾ ਅਜਿਹਾ ਰੂਪ ਹਨ, ਜਿਨਾਂ ਵਿਚ ਲੋਕ ਜੀਵਨ ਦੇ ਲੰਮੇ ਤਜ਼ਰਬਿਆਂ ਅਤੇ ਅਨੁਭਵਾਂ ਨੂੰ ਲੋਕ ਬੋਲੀ ਦੁਆਰਾ ਬਹੁਤ ਹੀ ਸੰਖੇਪ ਪਰੰਤੂ ਢੁਕਵੀਂ ਸ਼ੈਲੀ ਰਾਹੀਂ ਵਾਕਾਂ, ਤੁਕਾਂ ਦੇ ਰੂਪ ਵਿਚ ਪ੍ਗਟਾਇਆ ਗਿਆ ਹੁੰਦਾ ਹੈ। ਲੋਕ ਸਮੂਹ ਇਨਾਂ ਨੂੰ ਪਰਵਾਨਗੀ ਦੇ ਕੇ,ਪਰੰਪਰਾਗਤ ਰੂਪ ਵਿਚ ਲੋਕ ਕੰਠ ਦੁਆਰਾ ਅੱਗੇ ਤੋਰਦਾ ਆਇਆ ਹੈ।

ਲੱਛਣ

ਆਤਮ ਹਮਰਾਹੀ: ਸਭ ਪ੍ਰਕਾਰ ਦੀਆਂ ਅਖਾਣਾਂ ਦੇ ਚਾਰ ਮੁੱਖ ਲੱਛਣ ਹਨ। ਜਿਵੇਂ,

ਸੰਖੇਪਤਾ, ਸੰਜਮ ਤੇ ਭਾਵ-ਪੂਰਨਤਾ।
ਢੁੱਕਵੀਂ ਤੇ ਢੁੱਕਵੀਂ ਸ਼ੈਲੀ।
ਲੋਕਪ੍ਰਿਯਤਾ ਤੇ ਲੋਕ ਪ੍ਰਵਾਨਗੀ।
ਮਨੁੱਖ ਜੀਵਨ ਨਾਲ਼ ਸੰਬੰਧਿਤ ਕੋਈ ਅਨੁਭਵ।

ਅਖਾਣ ਵਰ੍ਹਿਆਂ ਦਾ ਨਿਚੋੜ ਹੁੰਦੀਆਂ ਹਨ, ਇਹ ਘੜੀ ਦੀ ਘੜੀ ਸੁੱਝੀ ਕੋਈ ਅਚਾਨਕ ਗੱਲ ਨਹੀਂ। ਇਹ ਤਾਂ ਅਨੁਭਵ ਦੇ ਸਾਗਰ ਵਿੱਚੋਂ ਉੱਠੀਆਂ ਅਨੇਕ ਲਹਿਰਾਂ ਵਿੱਚੋਂ ਕੋਈ ਇੱਕ 'ਅਮੋਲਕ ਕਣੀ' ਹੈ, ਜੋ ਸ਼ਬਦਾਂ ਦੀ ਸਿੱਪੀ ਵਿੱਚ ਢਲ਼ ਕੇ ਸੁੱਚਾ ਮੋਤੀ ਬਣ ਜਾਂਦੀ ਹੈ।

ਕਿਸਮਾਂ

ਕਈ ਅਖਾਣ/ਕਹਾਵਤਾਂ ਆਪਣੇ ਅਰਥ ਸਿੱਧ-ਪੱਧਰੇ ਬਿਆਨ ਕਰ ਜਾਂਦੇ ਹਨ ਪਰ ਕਈਆਂ ਵਿੱਚ ਡੂੰਘੀਆਂ ਰਮਜ਼ਾਂ ਅਤੇ ਵਿਅੰਗ ਲੁਪਤ ਹੁੰਦਾ ਹੈ। ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਚੇਤੰਨਤਾ ਨਾਲ਼ ਲਬਰੇਜ਼ ਹੁੰਦਾ ਹੈ। ਇਸ ਲਈ ਉਹ ਹਰ ਕੰਮ ਨਵੇਂ ਸਿਰਿਓ ਕਰਨ ਨਾਲੋਂ ਆਪਣੇ ਪੁਰਖਿਆਂ ਦੇ ਅਨੁਭਵਾਂ ਦਾ ਲਾਹਾ ਲੈਣਾ ਵਧੇਰੇ ਉਚਿਤ ਸਮਝਦਾ ਹੈ। ਪੰਜਾਬੀ ਅਖਾਣ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹੋਣ ਕਰਕੇ ਸਮੇਂ ਦੇ ਸੱਚ ਨੂੰ ਬਗ਼ੈਰ ਕਿਸੇ ਮੁਲੰਮੇ ਦੇ ਪੇਸ਼ ਕਰਦੇ ਹਨ। ਇਨ੍ਹਾਂ ਦੁਆਰਾ ਕਿਸੇ ਸੰਦੇਸ਼ ਦਾ ਸੰਜਮਮਈ ਅਤੇ ਸੁਹਜਮਈ ਢੰਗ ਨਾਲ ਸੰਚਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਅਖਾਣਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਗਿਆਨ 'ਕੁੱਜੇ ਵਿੱਚ ਸਮੁੰਦਰ ਬੰਦ ਕਰਨਾ' ਦੇ ਬਰਾਬਰ ਹੈ। ਹਰੇਕ ਪੜ੍ਹਿਆਂ, ਅੱਧ-ਪੜ੍ਹਿਆ ਅਤੇ ਅਨਪੜ੍ਹਿਆ ਮਨੁੱਖ ਆਪਣੀ ਰੋਜ਼ਮੱਰਾ ਦੀ ਬੋਲਬਾਣੀ ਵਿੱਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਕਰਦਾ ਮਿਲ ਜਾਂਦਾ ਹੈ।
ਡਾ. ਵਣਜਾਰਾ ਬੇਦੀ ਨੇ ਪੰਜਾਬੀ ਅਖਾਣਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ। ਜਿਵੇਂ-

ਪ੍ਰਤੱਖਵਾਚੀ ਅਖਾਣ- ਪ੍ਰਤੱਖਵਾਚੀ ਅਖਾਣਾਂ ਦਾ ਅੰਤਰੀਵ ਭਾਵ ਕੋਈ ਨਹੀਂ ਹੁੰਦਾ, ਸਗੋਂ ਇਸ ਵਿਚਲੇ ਸ਼ਬਦ ਆਪਣੇ ਆਪ ਵਿਚ ਸਪੱਸ਼ਟ ਹੁੰਦੇ ਹਨ। ਜਿਵੇਂ:
ਸੌਂਕਣ ਕੋਈ ਸਹੇਲੀ ਨਹੀਂ, ਦੁਸ਼ਮਣ ਕੋਈ ਬੇਲੀ ਨਹੀਂ।
ਆਉਣ ਪਰਾਈਆਂ ਜਾਈਆਂ, ਨਿਖੇੜਨ ਸਕਿਆਂ ਭਾਈਆਂ।

ਪ੍ਰਮਾਣਵਾਚੀ ਅਖਾਣ- ਪ੍ਰਮਾਣਵਾਚੀ ਅਖਾਣਾਂ ਵਿਚ ਭਾਵਾਂ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਜਿਵੇਂ ਲੋਕ ਆਖਦੇ ਹਨ ਪੁਸਤਕ 'ਚ ਹਵਾਲਾ ਹੈ ਕਿ
ਜ਼ਾਤ ਦੀ ਕਿਰਲੀ, ਸ਼ਤੀਰਾਂ ਨੂੰ ਜੱਫੇ।
ਛਾਣਣੀ ਕੀ ਆਖਸੀ ਛੱਜੇਆਂ, ਜਿਸ ਦੇ ਨੌ ਸੌ ਵੇਧ।
ਦਾਖੇ ਹੱਥ ਨਾ ਅਪੜੇ ਆਖੇ ਥੂਹ ਕੋੜੀ।

ਪ੍ਰਤੱਖ ਪ੍ਰਮਾਣਵਾਚੀ ਅਖਾਣ- ਇਸ ਵਿਚ ਉਪਰ ਵਾਲੀਆਂ ਦੋਨੋਂ ਕਿਸਮਾਂ ਦੇ ਗੁਣ ਮਿਲਦੇ ਹਨ। ਜਿਵੇ:
ਜਿਨਾਂ ਗੁੜ ਪਾਈਏ ਉਨਾਂ ਹੀ ਮਿੱਠਾ ਹੁੰਦਾ ਹੈ।
ਭਿੜਨ ਸਾਨ੍ਹ, ਪਟੀਜਣ ਬੂਟੇ।

"ਡਾ. ਸਹਿਬਾਜ਼ ਮਲਿਕ" ਨੇ ਅਖਾਣਾ ਦੀਆਂ ਦੋ ਕਿਸਮਾਂ ਦਾ ਜ਼ਿਕਰ ਕੀਤਾ ਹੈ।ਜਿਵੇਂ-
ਤਾਲੀਮੀ- ਤਾਲੀਮੀ ਤੋਂ ਉਨਾਂ ਦਾ ਭਾਵ ਪ੍ਰਤੱਖਵਾਚੀ ਤੋਂ ਹੈ।
ਤਮਸੀਲੀ-ਇਸ ਤੋਂ ਭਾਵ ਪ੍ਰਮਾਣਵਾਚੀ ਤੋਂ ਹੈ।
'ਇਸ ਤੋਂ ਇਲਾਵਾ ਅਖਾਣਾ ਨੂੰ ਜੀਵਨ ਦੇ ਭਿੰਨ ਭਿੰਨ ਪੱਖਾਂ ਅਨੁਸਾਰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ।'
1) ਅਖਾਣਾ ਦਾ ਵਡੇਰਾ ਭਾਗ ਖੇਤੀਬਾੜੀ ਤੇ ਕਿਸਾਨੀ ਜੀਵਨ ਨਾਲ ਸਬੰਧਿਤ ਹੈ। ਜਿਵੇਂ-
ਖੇਤੀ ਖਸਮਾਂ ਸੇਤੀ।
ਜੱਟ ਦੀ ਜੂਨ ਬੁਰੀ, ਹਲ਼ ਵਾਹ ਪੱਠਿਆਂ ਨੂੰ ਜਾਣ।
2) ਲੋਕ ਗੀਤਾਂ ਦੀਆਂ ਤੁਕਾਂ, ਲੋਕ ਕਹਾਣੀਆਂ ਦੇ ਅੰਤ ਵਿਚ ਪ੍ਰਗਟ ਕੀਤੀਆਂ ਗਈਆਂ ਨੀਤਿਆਂ ਅਤੇ ਬੁਝਾਰਤਾਂ ਨੇ ਵੀ ਅਖਾਣਾਂ ਦੀ ਸਿਰਜਣਾ ਵਿਚ ਯੋਗਦਾਨ ਪਾਇਆ ਹੈ।
3) ਜਿੱਥੇ ਪੰਜਾਬੀ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿਚ ਅਖਾਣਾਂ ਦੀ ਖੁੱਲ ਕੇ ਵਰਤੋਂ ਕੀਤੀ ਹੈ, ਉੱਥੇ ਗੁਰੂ ਸਾਹਿਬਾਨ, ਸੂਫ਼ੀ ਕਵੀਆਂ ਦੀਆਂ ਤੁਕਾਂ ਨੇ ਅਖਾਣਾਂ ਦਾ ਰੂਪ ਧਾਰਨ ਕਰ ਲਿਆ ਹੈ। ਜਿਵੇਂ-
ਫ਼ਰੀਦਾ ਅਮਲ ਜੋ ਕੀਤੇ ਦੁਨੀ ਵਿਚ ਦਰਗਾਹਿ ਆਇ ਕੰਮ।
ਮਨ ਜੀਤੇ ਜਗ ਜੀਤ।
4) 18ਵੀਂ ਸਦੀ ਪੰਜਾਬ ਦੇ ਇਤਿਹਾਸ ਵਿਚ ਯੁੱਗ ਗਰਦੀ ਦੀ ਸਦੀ ਸੀ। ਇਸ ਇਤਿਹਾਸਕ ਸਥਿਤੀ ਨੂੰ ਪ੍ਰਗਟਾਉਂਦੇ ਕੁਝ ਅਖਾਣ। ਜਿਵੇ-
ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।
5) ਕੁਝ ਅਖਾਣ ਸਾਡੇ ਲੋਕ ਜੀਵਨ ਵਿਚ ਪ੍ਰਚਲਿਤ ਵਹਿਮਾਂ-ਭਰਮਾਂ ਬਾਰੇ ਵੀ ਹਨ। ਇਹ ਪਸ਼ੂ ਪੰਛੀਆ, ਦਿਨ ਦਿਹਾਰਾਂ, ਟੂਣ ਟੋਟਕਿਆਂ ਆਦਿ ਨਾਲ ਜੁੜੇ ਹੋਏ ਹਨ। ਜਿਵੇਂ-
ਬੁੱਧ ਕੰਮ ਸ਼ੁੱਧ।
6) ਪੰਜਾਬ ਵਿਚ ਵੱਖ ਵੱਖ ਬਰਾਦਰੀਆਂ ਬਾਰੇ ਵੀ ਕਾਫ਼ੀ ਅਖਾਣਾਂ ਮਿਲਦੀਆਂ ਹਨ। ਜਿਵੇਂ-
ਜੱਟ ਦਾ ਹਾਸਾ ਭੰਨ ਸੁੱਟੇ ਪਾਸਾ।
ਵਣਜ ਕਰੇਂਦੇ ਬਾਣੀਏ, ਹੋਰ ਕਰੇਂਦੇ ਰੀਸ।

ਨਵੇਂ ਤਰੀਕੇ ਨਾਲ਼ ਤਕਸੀਮ

ਪੰਜਾਬੀ ਵਿੱਚ ਇਸ ਤੋਂ ਬਿਨਾਂ ਇਸ ਪ੍ਰਕਾਰ ਵੀ ਅਖਾਣਾਂ ਦੀ ਤਕ਼ਸੀਮ ਕੀਤੀ ਜਾਂਦੀ ਹੈ, ਜਿਵੇਂ-ਪੰਜਾਬ ਤੇ ਪੰਜਾਬੀ ਬਾਰੇ ਅਖਾਣਾਂ,
ਪੰਜਾਬ ਵਿੱਚ ਜੰਮਣਾ ਸੁਆਬ
ਪੰਜਾਬ ਦੀ ਭੋਇੰ ਤੇ ਬੋਲੀ ਬਾਰੇ
ਦੇਸ਼ ਪ੍ਰਦੇਸ ਬਾਰੇ

ਭੂਗੋਲਿਕ ਅਖਾਣਾਂ
ਇਲਾਕਿਆਂ ਬਾਰੇ
ਵਸਨੀਕਾਂ ਬਾਰੇ

ਇਤਿਹਾਸਕ ਆਖਾਣਾਂ
1. ਮੁਗ਼ਲ-ਰਾਜ ਨਾਲ਼ ਸੰਬੰਧਿਤ।
2. ਸਿੱਖ-ਰਾਜ ਨਾਲ਼ ਸੰਬੰਧਿਤ ।
3. ਦੇਸ਼-ਵੰਡ ਨਾਲ਼ ਸੰਬੰਧਿਤ।
4. ਹੋਰ ਇਤਿਹਾਸਪੱਖੀ ਅਖਾਣ।

ਅਖਾਣ ਤੇ ਮੁਹਾਵਰੇ 'ਚ ਅੰਤਰ

ਅਖਾਣ ਤੇ ਮੁਹਾਵਰੇ 'ਚ ਹੇਠ ਲਿਖਿਆ ਅੰਤਰ ਹੈ। ਜਿਵੇਂ-

1. ਅਖਾਣ-ਮੁਹਾਵਰੇ ਸ਼ਬਦ ਭਾਵੇਂ ਇਕੱਠਾ ਪ੍ਰਯੋਗ ਕੀਤਾ ਜਾਂਦਾ ਹੈ, ਪਰ ਦੋਵਾਂ ਵਿੱਚ ਬੁਨਿਆਦੀ ਅੰਤਰ ਹੁੰਦਾ ਹੈ। ਅਖਾਣ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਅਜਿਹਾ ਛੋਟਾ ਪੂਰਾ ਵਾਕ ਹੁੰਦਾ ਹੈ, ਜਿਸ ਵਿੱਚ ਕੋਈ ਸਾਬਤ ਹੋ ਚੁੱਕੀ ਸੱਚਾਈ ਪੇਸ਼ ਹੁੰਦੀ ਹੈ। ਜਦੋਂ ਕਿ ਮੁਹਾਵਰਾ ਲਫ਼ਜਾਂ ਦਾ ਅਜਿਹਾ ਜੋੜ ਹੁੰਦਾ ਹੈ, ਜਿਸ ਦੇ ਅਰਥ ਕਿਸੇ ਵਿਸ਼ੇਸ਼ ਕਿਸਮ ਦੇ ਸਮਾਜਕ ਵਰਤਰਾਰੇ ਵੱਲ ਸੰਕੇਤ ਕਰਦੇ ਹਨ।
2. ਅਖਾਣ ਨੂੰ ਵਾਕ ਵਿੱਚ ਪ੍ਰਯੋਗ ਕਰਨ ਸਮੇਂ ਉਸ ਦਾ ਕਾਲ, ਪੁਰਖ ਜਾਂ ਵਚਨ ਬਦਲਿਆ ਜਾ ਸਕਦਾ, ਜਿਵੇਂ '‘ਬੁੱਢੀ ਘੋੜੀ ਲਾਲ ਲਗਾਮ’' ਅਖਾਣ ਜਿਸ ਅਰਥ ਲਈ ਸਿਰਜਿਆ ਗਿਆ ਅਖਾਣ ਹੈ, ਉਸੇ ਹੀ ਅਰਥ ਵਿੱਚ ਪ੍ਰਯੋਗ ਹੋਵੇਗਾ। ਇਹ ਗੱਲ ਹੈ ਕਿ ਭਾਵ ਅਰਥ ਦੇ ਪੱਧਰ ਤੇ ਇਸ ਨੂੰ ਔਰਤ-ਮਰਦ ਵਿਚੋਂ ਕਿਸੇ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ਪਰ ਮੁਹਾਵਰੇ ਦੇ ਸੰਬੰਧ ਵਿੱਚ ਅਜਿਹੀ ਕੋਈ ਤਬਦੀਲੀ ਦੀ ਪਾਬੰਦੀ ਨਹੀਂ ਹੈ। ਜਿਵੇਂ ਮੁਹਾਵਰੇ ‘ਪਾਪੜ ਵੇਲਣਾ’ ਹੈ। ਉਹ ਬਥੇਰੇ ਪਾਪੜ ਵੇਲਦਾ ਰਿਹਾ, ਉਸ ਨੂੰ ਹਾਲੇ ਖਬਰ ਕਿੰਨੇ ਕੁ ਪਾਪੜ ਵੇਲਣੇ ਪੈਣਗੇ, ਆਦਿ ਹਾਲਤਾਂ ਵਿੱਚ ਉਸ ਦੇ ਲਿੰਗ, ਵਚਨ ਜਾਂ ਪੁਰਖ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਜਦੋਂ ਕਿ ਅਖਾਣ ਲਈ ਅਜਿਹੀ ਤਬਦੀਲੀ ਸੰਭਵ ਨਹੀਂ ਹੈ।”
ਡਾ. ਜੀਤ ਸਿੰਘ ਜੋਸ਼ੀ: ਮੁਹਾਵਰੇ ਦੀ ਉਤਪੱਤੀ ਅਖਾਣ ਨਾਲੋਂ ਵਧੇਰੇ ਸਹਿਜਤਾ ਨਾਲ ਹੋ ਜਾਂਦੀ ਹੈ। ਮੁਹਾਵਰੇ ਨੂੰ ਅਖਾਣ ਵਾਂਗ ਲੰਬੀ-ਚੌੜੀ ਪਰੰਪਰਾ ਦੀ ਕਸਵੱਟੀ ਵਿੱਚ ਨਹੀਂ ਲੰਘਦਾ ਪੈਂਦਾ।

ਡਾ. ਜੀਤ ਸਿੰਘ ਜੋਸ਼ੀ: ਮੁਹਾਵਰੇ ਦੇ ਵਿਪਰੀਤ ਅਖਾਣ ਦਾ ਅਰਥ ਖੇਤਰ ਵਧੇਰੇ ਵਿਸ਼ਾਲ ਹੁੰਦਾ ਹੈ। ਅਖਾਣ ਕਿਸੇ ਨਿਸ਼ਚਿਤ ਵਰਤਾਰੇ ਅੰਦਰਲੀ ਪ੍ਰਮੁੱਖ ਤੇ ਠੋਸ ਸੱਚਾਈ ਨੂੰ ਪੇਸ਼ ਕਰਦੇ ਹਨ। ਇਹ ਸੱਚ ਲੰਬੇ ਤਜ਼ਰਬੇ ਵਿੱਚੋਂ ਲੰਘਿਆ ਤੇ ਲੋਕਾਂ ਦੁਆਰਾ ਪ੍ਰਵਾਨਿਤ ਸੱਚ ਹੁੰਦਾ ਹੈ।

ਬਣਤਰ

ਪੰਜਾਬੀ ਵਿਚ ਹਜ਼ਾਰਾਂ ਦੀ ਸੰਖਿਆਂ ਵਿਚ ਅਖਾਣ ਮਿਲਦੇ ਹਨ, ਪਰ ਬਣਤਰ ਦੀ ਦਿਸ਼ਟੀ ਤੋਂ ਕੋਈ ਵੀ ਇਕ ਵਿਸ਼ੇਸ਼ ਰੂਪ ਨਿਸ਼ਚਿਤ ਨਹੀਂ ਹੈ। ਦੋ ਸ਼ਬਦੇ, ਤਿੰਨ ਸ਼ਬਦੇ, ਚਾਰ ਸ਼ਬਦੇ ਅਖਾਣਾਂ ਤੋਂ ਲੈ ਕੇ ਇਕ ਤੁਕੇ, ਦੋ ਤੁਕੇ, ਅੱਠ ਜਾਂ ਦਸ ਤੁਕੇ ਅਖਾਣ ਵੀ ਮਿਲਦੇ ਹਨ।

1. ਦੋ ਸ਼ਬਦੇ ਅਖਾਣ ਜਿਵੇਂ: ਵਾਹੀ ਪਾਤਸ਼ਾਹੀ,
2. ਤਿੰਨ ਸ਼ਬਦੇ ਅਖਾਣ ਜਿਵੇਂ: ਮਾਵਾਂ ਠੰਢੀਆਂ ਛਾਵਾਂ,
3. ਦੋ ਤੁਕੇ ਅਖਾਣ ਜਿਵੇਂ: ਜੋ ਸੁੱਖ ਛੱਜੂ ਦੇ ਚੁਬਾਰੇ,ਉਹ ਬਲਖ ਨਾ ਬਖਾਰੇ।

ਸਿੱਟਾ

ਸ: ਮਹਿਤਾਬ ਸਿੰਘ: ਠੇਠ ਪੰਜਾਬੀ ਬੋਲੀ ਪਿੰਡਾਂ ਵਿੱਚ ਬੋਲੀ ਜਾਂਦੀ ਹੈ ਤੇ ਅਖਾਉਤਾਂ ਦੀ ਵਰਤੋਂ ਇਹਨਾਂ ਪੇਂਡੂ ਲੋਕਾਂ ਦੀ ਇੱਕ ਮੂੰਹ-ਚੜੀ ਗੱਲ ਹੈ। ਉਹ ਗੱਲਾਂ ਕਰਨ ਵਿੱਚ ਆਪਣਾ ਭਾਵ ਅਖਾਉਤਾਂ ਰਾਹੀਂ ਅਜਿਹੇ ਸੁਆਦਲੇ ਢੰਗ ਨਾਲ਼ ਪੇਸ਼ ਕਰਦੇ ਹਨ ਕਿ ਸ਼ਹਿਰਾਂ ਵਿੱਚ ਰਹਿਣ ਵਾਲ਼ੇ ਲੋਕ ਉਸ ਰਸ ਨੂੰ ਅਨੁਭਵ ਨਹੀਂ ਕਰ ਸਕਦੇ।

ਵਣਜਾਰਾ ਬੇਦੀ: ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ, 'ਅਖਾਣ ਨਿੱਤ ਬੋਲਚਾਲ ਵਿੱਚ ਵਰਤੀਂਦੇ ਪ੍ਰਵਾਨ ਹੁੰਦੇ ਉਹ ਕਥਨ ਹਨ, ਜਿਹਨਾਂ ਵਿੱਚ ਮਨੁੱਖੀ ਜੀਵਨ ਨਾਲ਼ ਸੰਬੰਧਿਤ ਕੋਈ ਅਨੁਭਵ ਸੂਤ੍ਰ-ਬੱਧ ਕਰਕੇ ਦਿੱਲ-ਖਿੱਚਵੀਂ ਜਾਂ ਅਲੰਕ੍ਰਿਤ ਬੋਲੀ 'ਚ ਪੇਸ਼ ਹੁੰਦਾ ਹੈ।