Punjabi Kavita
  




ਪੰਜਾਬੀ ਅਖਾਣ

ਤਕਦੀਰ ਅੱਗੇ ਕਿਸੇ ਦੀ ਨਹੀਂ ਚਲਦੀ: ਕੋਈ ਵੀ ਬੰਦਾ ਹੋਣੀ ਨੂੰ ਟਾਲ ਨਹੀਂ ਸਕਦਾ।

ਤਕਦੀਰ ਅੱਗੇ ਕਿ ਤਦਬੀਰ ?: ਜਦ ਕਿਸਮਤ ਵੱਲ ਨਾ ਹੋਵੇ, ਤਾਂ ਸਿਆਣਪ ਕੁਝ ਨਹੀਂ ਸੁਆਰ ਸਕਦੀ।

ਤਗੜੇ ਤੇ ਡਿੱਗਾਂ ਨਾ, ਮਾੜੇ ਤੇ ਘੜੰਮ: ਤਕੜੇ ਤੋਂ ਡਰਨਾ ਪਰੰਤੂ ਮਾੜੇ ਨੂੰ ਡਰਾਉੁਣਾ।

ਤਨ ਸੁਖੀ ਤਾਂ ਮਨ ਸੁਖੀ: ਮਾਨਸਿਕ ਸੁੱਖ ਹੀ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹੈ।

ਤਲਵਾਰ ਦਾ ਫੱਟ ਮਿਲ ਜਾਂਦਾ ਏ, ਜ਼ੁਬਾਨ ਦਾ ਨਹੀ ਮਿਲਦਾ: ਮੂੰਹੋ ਕਿਸੇ ਦੀ ਕਹੀ ਬੁਰੀ ਗੱਲ ਹਮੇਸ਼ਾ ਦੁਖੀ ਕਰਦੀ ਹੈ।

ਤੰਦ ਨਾ ਤਾਣੀ, ਜੁਲਾਹਿਆਂ ਨਾਲ ਡਾਂਗੋ-ਡਾਂਗੀ: ਖ਼ਿਆਲੀ ਪਲਾਅ ਪਕਾਉਣੇ।

ਤਾਏ ਦੀ ਧੀ ਚੱਲੀ, ਮੈ ਕਿਉਂ ਰਹਾਂ ਕੱਲੀ: ਜਦੋਂ ਕੋਈ ਕਿਸੇ ਦੀ ਰੀਸ ਨਾਲ ਕੰਮ ਕਰੇ ਤਾਂ ਉਸ ਸੰਬੰਧੀ ਇਹ ਅਖਾਣ ਵਰਤਦੇ ਹਨ।

ਤਾੜੀ ਇਕ ਹੱਥ ਨਾਲ ਨਹੀਂ ਵਜਦੀ: ਲੜਾਈ ਝਗੜਾ ਹਮੇਸ਼ਾਂ ਦੋਹਾਂ ਧਿਰਾਂ ਦੀ ਆਪਸੀ ਖਿੱਚੋਤਾਣ ਨਾਲ ਹੁੰਦਾ ਹੈ।

ਤਿੰਨਾਂ 'ਚ ਨਾ ਤੇਰਾਂ 'ਚ: ਜਦੋਂ ਕਿਸੇ ਦੀ ਕਿਸੇ ਪਾਸੇ ਪੁੱਛ ਗਿਛ ਨਾ ਹੋਵੇ।

ਤੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ: ਵੱਡੇ ਆਰ ਪਰਿਵਾਰ ਹੋਣ ਤੇ ਵੀ ਬਜੁਰਗ ਦਾ ਬੁਰੀ ਹਾਲਤ ਵਿਚ ਦਿਨ ਗੁਜਾਰਨਾ।

ਤੀਜਾ ਰਲਿਆ ਤਾ ਕੰਮ ਗਲਿਆ: ਇਹ ਵਹਿਮ ਹੈ ਕਿ ਜੇ ਤਿੰਨ ਜਣੇ ਰਲ ਕੇ ਕਿਸੇ ਕੰਮ ਜਾਣ ਤਾਂ ਉਹ ਕੰਮ ਸਿਰੇ ਨਹੀਂ ਚੜ੍ਹਦਾ ਜਾਂ ਪੂਰਾ ਨਹੀਂ ਹੁੰਦਾ।

ਤੀਰ ਕਮਾਨੋਂ ਤੇ ਗੱਲ ਜ਼ਬਾਨੋ ਨਿਕਲੇ ਵਾਪਿਸ ਨਹੀਂ ਆਉਂਦੇ: ਹਮੇਸ਼ਾਂ ਸੋਚ ਵਿਚਾਰ ਕੇ ਗੱਲ ਕਰਨੀ ਜਾਂ ਬੋਲਣਾ ਚਾਹੀਦਾ ਹੈ।

ਤੁਰਤ ਦਾਨ ਮਹਾਂ ਪੁੰਨ; ਤੁਰਤ ਦਾਨ ਮਹਾਂ ਕਲਿਆਣ: ਇਹ ਗੱਲ ਸਮਝਾਉਣ ਲਈ ਕਿ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਹ ਅਖਾਣ ਵਰਤਦੇ ਹਨ।

ਤੇਹ (ਤ੍ਰੇਹ) ਲੱਗਣ ਤੇ ਖੂਹ ਨਹੀਂ ਪੁੱਟੀਦਾ: ਹਰ ਸ਼ੈ ਲਈ ਪਹਿਲਾਂ ਵੇਲੇ ਸਿਰ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ।

ਤੇਰੀ ਛਾਹ ਛੱਡੀ, ਸਾਨੂੰ ਕੁੱਤਿਆਂ ਤੋਂ ਛੁਡਾ: ਜਦੋਂ ਕਿਸੇ ਕੁਪੱਤੇ ਬੰਦੇ ਕੋਲੋਂ ਫ਼ਾਇਦਾ ਉਠਾਉਣ ਦੀ ਥਾਂ ਉਸ ਦੇ ਭੈੜੇ ਵਰਤਾਉ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਵੇ ।

ਤੇਰੇ ਪੀਠੇ ਦਾ ਕੀ ਛਾਣਨਾ ਹੈ: ਜਦ ਕਿਸੇ ਦੇ ਕੰਮ ਵਿਚ ਨੁਕਸ ਨਾ ਜਾਪੇ ਤੇ ਹੋਰ ਯਤਨ ਉਸ ਲਈ ਕਰਨ ਦੀ ਲੋੜ ਨਾ ਹੋਵੇ ।

ਤੇਲ ਵੇਖੋ ਤੇਲ ਦੀ ਧਾਰ ਵੇਖੋ: ਕਾਹਲੇ ਨਾ ਪਵੋ, ਹੌਂਸਲਾ ਨਾ ਹਾਰੋ, ਵੇਖੋ ਤਾਂ ਸਹੀ ਹਾਲਾਤ ਕੀ ਪਲਟਾ ਖਾਂਦੇ ਹਨ।

ਤੇਲੀ ਵੀ ਕੀਤਾ ਤੇ ਰੁੱਖ ਵੀ ਖਾਧਾ: ਜਦ ਕੋਈ ਜਣਾ ਕਿਸੇ ਘਟੀਆ ਪਾਏ ਦੇ ਬੰਦੇ ਨਾਲ ਕਿਸੇ ਖਾਸ ਲਾਲਚ ਕਰਕੇ ਦੋਸਤੀ ਗੰਢੇ, ਪਰ ਉਹ ਲਾਲਚ ਪੂਰਾ ਨਾ ਹੋਵੇ, ਤਾਂ ਕਹਿੰਦੇ ਹਨ।

ਤੂੰ ਕੌਣ ? ਮੈਂ ਖਾਹ-ਮਖ਼ਾਹ: ਜਦੋਂ ਕੋਈ ਕਿਸੇ ਦੇ ਮਸਲੇ 'ਚ ਬਿਨਾ ਇਜ਼ਾਜ਼ਤ ਬੋਲੇ ਤਾਂ ਵਰਤਿਆ ਜਾਂਦਾ ਹੈ।

ਤੂੰ ਪਾਈ ਤੇ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ: ਜਦ ਕੋਈ ਚਲਾਕੀ ਭਰੀਆਂ ਗੱਲਾਂ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀ ਚਲਾਕੀ ਸਮਝ ਗਏ ਹਾਂ, ਤਾਂ ਵਰਤਦੇ ਹਨ।

ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਣੀ ਆਂ: ਜਦੋਂ ਕੋਈ ਕਿਸੇ ਕੋਲਂੋ ਕੰਮ ਲੈ ਕੇ ਚਲਾਕੀ ਨਾਲ ਉਸ ਦਾ ਨੁਕਸਾਨ ਕਰੇ ਉਦੋਂ ਵਰਤਦੇ ਹਨ।

ਥੁੱਕੀਂ ਵੜੇ ਨਹੀਂ ਪਕਦੇ: ਖਰਚ, ਖੇਚਲ ਬਿਨਾਂ ਕੋਈ ਕੰਮ ਨਹੀਂ ਹੁੰਦਾ।

ਥੋੜ੍ਹਾ ਖਾਣਾ ਸੁੱਖੀ ਰਹਿਣਾ: ਲੋੜ ਤੋਂ ਵੱਧ ਖਾਣ ਨਾਲ ਸਰੀਰ ਨੂੰ ਕਈ ਰੋਗ ਲਗ ਜਾਂਦੇ ਹਨ, ਸੰਜਮ ਨਾਲ ਕੀਤੀ ਹੋਈ ਕਮਾਈ ਸ਼ਾਂਤੀ ਦਿੰਦੀ ਹੈ ।

ਥੋੜ੍ਹਾ ਜੁੱਸਾ, ਕਰੋਧ ਵਧੀਕ: ਮਾੜੇ ਆਦਮੀ ਨੂੰ ਗੁੱਸਾ ਬਹੁਤ ਆਉਂਦਾ ਹੈ।

ਥੋੜ੍ਹੀ ਛੱਡ ਬਹੁਤੀ ਨੂੰ ਧਾਵੇ, ਅਗਲੀ ਵੀ ਉਸ ਹੱਥੋਂ ਜਾਵੇ: ਅੱਗੋਂ ਮਿਲੀ ਨਹੀਂ ਪਿੱਛੋਂ ਕੁੱਤਾ ਲੈ ਗਿਆ।

ਥੋੜ੍ਹੀ ਪੂੰਜੀ, ਖਸਮਾਂ ਖਾਏ: ਲੋੜ ਤੋਂ ਘੱਟ ਸਰਮਾਇਆ ਲਾਇਆਂ, ਕਾਰੋਬਾਰ ਵਿੱਚ ਘਾਟਾ ਹੀ ਪੈਂਦਾ ਹੈ।

ਦਰਜ਼ੀਆਂ ਦੇ ਕਪੜੇ ਉਧੜੇ ਰਹਿੰਦੇ: ਕਾਰੀਗਰ ਆਪਣੇ ਘਰ ਦੇ ਕੰਮਾਂ ਲਈ ਹਮੇਸ਼ਾਂ ਆਲਸ ਵਰਤਦੇ ਹਨ।

ਦਾਖੇ ਹੱਥ ਨਾ ਅਪੜੇ ਆਖੇ ਥੂਹ ਕੌੜੀ: ਕਿਸੇ ਚੀਜ ਨੂੰ ਪ੍ਰਾਪਤ ਕਰਨ ਵਿਚ ਅਸਫਲ ਰਹਿਣ ਪਿੱਛੋਂ ਉਸ ਦੀ ਖਾਹ ਮੁਖਾਹ ਨਿੰਦਾ ਕਰਨਾ।

ਦਾਣੇ ਦਾਣੇ ਤੇ ਮੋਹਰ ਹੁੰਦੀ ਹੈ: ਜੋ ਕਰਮਾ ਵਿਚ ਹੁੰਦਾ ਹੈ ਉਹ ਜ਼ਰੂਰ ਮਿਲਦਾ ਹੈ।

ਦਾਤ ਪਿਆਰੀ, ਵਿਸਰਿਆ ਦਾਤਰਾ: ਜਦੋਂ ਕੋਈ ਚੀਜ਼ ਲੈ ਕੇ ਦੇਣ ਵਾਲੇ ਨੂੰ ਭੁੱਲ ਜਾਏ ।

ਦਾਤਾ ਦਾਨ ਕਰੇ, ਭੰਡਾਰੀ ਦਾ ਪੇਟ ਫਟੇ: ਜਦੋਂ ਕੋਈ ਲੋੜਵੰਦਾਂ ਦੀ ਮੱਦਦ ਕਰੇ, ਪਰ ਜਿਸਨੂੰ ਉਹਨੇ ਮੱਦਦ ਕਰਨ ਤੇ ਲਾਇਆ ਹੋਵੇ ਅੰਦਰੋਂ ਸੜੇ।

ਦਾਨ, ਵਿਤ ਸਮਾਨ: ਪੁੰਨ ਦਾਨ ਆਪਣੀ ਪਾਇਆਂ ਮੁਤਾਬਕ ਕਰਨਾ ਚਾਹੀਦਾ ਹੈ।

ਦਾਨਾ ਦੁਸ਼ਮਣ, ਮੂਰਖ ਸੱਜਣ ਨਾਲੋ ਚੰਗਾ: ਮੂਰਖ ਮਿੱਤਰ ਨਾਲੋ ਸਿਆਣਾ ਦੁਸ਼ਮਣ ਹੀ ਚੰਗਾ ਹੁੰਦਾ ਹੈ।

ਦਾਲ਼ ਅਲੂਣੀ, ਕੱਪੜੇ ਸਬੂਣੀ: ਜਿਹੜਾ ਬੰਦਾ ਵਿਤੋਂ ਵਧ ਡਾਟ ਫਾਟ ਲਾਵੇ, ਉਸ ਬਾਰੇ ਕਹਿੰਦੇ ਹਨ।

ਦਾਲ਼ ਵਿਚ ਕੁਝ ਕਾਲ਼ਾ-ਕਾਲ਼ਾ ਹੈ: ਇਸ ਗੱਲ ਵਿਚ ਕੁਝ ਲੁਕਾ ਜਾਂ ਧੋਖਾ ਜਾਪਦਾ ਹੈ।

ਦਿਲ ਹਰਾਮੀ ਹੁੱਜਤਾਂ ਢੇਰ: ਕੰਮ ਤੋਂ ਜੀ ਚੁਰਾਨ ਵਾਲੇ ਬੰਦੇ, ਬਹਾਨੇ ਬਣਾਨ ਵਾਲੇ ਬੰਦੇ ਲਈ ਵਰਤਿਆ ਜਾਂਦਾ ਹੈ।

ਦਿਲ ਹੋਵੇ ਚੰਗਾ, ਕਟੋਰੇ ਵਿਚ ਗੰਗਾ: ਜਿਸਦਾ ਹਿਰਦਾ ਸਾਫ, ਸ਼ੁੱਧ ਹੋਵੇ, ਉਹਨੂੰ ਤੀਰਥਾਂ ਤੇ ਭਟਕਣ ਦੀ ਲੋੜ ਨਹੀਂ।

ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀ ਜਾਣੇ: ਕਿਸੇ ਦੇ ਦਿਲ ਦੀ ਥਾਹ ਪਾਉਣਾ ਔਖਾ ਹੁੰਦਾ ਹੈ।

ਦੀਵੇ ਥੱਲੇ ਹਨੇਰਾ: ਜਦ ਕਿਸੇ ਅਫਸਰ ਦੇ ਸਾਹਮਣੇ ਹੀ ਕੋਈ ਬੇ-ਈਮਾਨੀ ਕਰੇ ਤੇ ਅਫਸਰ ਨੂੰ ਪਤਾ ਨਾ ਲੱਗੇ, ਤਾਂ ਕਹਿੰਦੇ ਹਨ।

ਦੁੱਧ ਤੇ ਬੁੱਧ ਫਿਟਦਿਆਂ ਦੇਰ ਨਹੀਂ ਲੱਗਦੀ: ਦਿਮਾਗ਼ ਦੇ ਬੁਰੇ ਪਾਸੇ ਲੱਗਦੇ ਦਾ ਪਤਾ ਨਹੀ ਲੱਗਦਾ।

ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ ਹੈ: ਇਕ ਵਾਰੀ ਨੁਕਸਾਨ ਕਰਵਾਉਣ ਪਿੱਛੋ ਬੰਦਾ ਹਰ ਚੀਜ ਅਪਣਾਉਣ ਸਮੇਂ ਝਿਜਕ ਦਿਖਾਉਂਦਾ ਹੈ।

ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ: ਕਿਸੇ ਮਾਮਲੇ ਵਿਚ ਜਦੋਂ ਇਨਸਾਫ਼ ਹੋਇਆ ਹੋਵੇ ਜਾਂ ਇਨਸਾਫ਼ ਕਰਨਾ ਹੋਵੇ ਤਾਂ ਇਹ ਅਖਾਣ ਵਰਤਦੇ ਹਨ।

ਦੁੱਧ ਵਾਲੀ ਗਾਂ ਦੀ ਲੱਤ ਵੀ ਸਹਿਣੀ ਪੈਂਦੀ ਹੈ: ਕਮਾਈ ਕਰਨ ਵਾਲੇ ਦੀਆਂ ਚੰਗੀਆਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ।

ਦੂਰ ਦੇ ਢੋਲ ਸੁਹਾਵਣੇ: ਜਦ ਕੋਈ ਚੀਜ਼ ਦੂਰੋਂ ਚੰਗੀ ਲੱਗੇ, ਪਰ ਨੇੜੇ ਆਉਣ ਤੇ ਤੰਗ ਕਰੇ ਤੇ ਬੁਰੀ ਲੱਗੇ ਤਾਂ ਕਹਿੰਦੇ ਹਨ।

ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ: ਵਿਦੇਸੀਆਂ ਦੀ ਨਕਲ ਕਰਨਾ, ਜੋ ਅਢੁੱਕਵੀ ਪ੍ਰਤੀਤ ਹੋਵੇ।

ਦੇਖਾ-ਦੇਖੀ ਸਾਧਿਆ ਜੋਗ, ਛਿੱਜੀ ਕਾਇਆਂ ਵਧਿਆ ਰੋਗ: ਜਦ ਕੋਈ ਜਣਾ ਹੋਰਨਾਂ ਦੀ ਰੀਸੇ ਕੋਈ ਔਖਾ ਕੰਮ ਅਰੰਭ ਲਵੇ ਤੇ ਮਗਰੋਂ ਉਹਨੂੰ ਨਿਬਾਹ ਨਾ ਸਕੇ, ਸਗੋਂ ਨੁਕਸਾਨ ਉਠਾਵੇ, ਤਾਂ ਕਹਿੰਦੇ ਹਨ।

ਦੇਣਾ ਭਲਾ ਨਾ ਬਾਪ ਦਾ, ਬੇਟੀ ਭਲੀ ਨਾ ਇੱਕ: ਕਰਜ਼ਾ ਪਿਓ ਪਾਸੋਂ ਲਿਆ ਵੀ ਮਾੜਾ ਹੁੰਦਾ ਹੈ। ਧੀ ਇਕ ਵੀ ਮਾਪਿਆਂ ਲਈ ਚਿੰਤਾ ਦੁੱਖ ਦਾ ਕਾਰਨ ਹੁੰਦੀ ਹੈ।

ਦੋਂਹ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ ਹੈ: ਦੋਂਹ ਬੇੜੀਆਂ ਵਿਚ ਲੱਤਾਂ ਰੱਖਣ ਵਾਲਾ ਪਾਰ ਨਹੀਂ ਪੁੱਜਦਾ।

ਧਾਗਾ ਲੰਮਾ, ਕਾਹਦਾ ਗੰਮਾ: ਜਿਸ ਪਾਸ ਧਨ-ਦੌਲਤ ਕਾਫੀ ਹੋਵੇ, ਉਹਨੂੰ ਕਾਹਦਾ ਫਿਕਰ? ਜਾਂ ਵਧੀ ਨੂੰ ਕੋਈ ਡਰ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ।

ਧੀਆਂ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ: ਧੀ ਦੇ ਸਹੁਰੇ ਜਾਣ ਤੋਂ ਬਾਅਦ ਮਾਂ ਉਸ ਦਿੱਤੇ ਸੁੱਖਾਂ ਨੂੰ ਯਾਦ ਕਰਕੇ ਆਉਣ ਵਾਲੀ ਉਮਰ (ਬੁਢੇਪੇ) ਬਾਰੇ ਸੋਚਦੀ ਹੈ ਤਾਂ ਵਰਤਦੇ ਹਨ, ਜਦੋਂ ਧੀ ਦੇ ਸਹੁਰੇ ਜਾਣ ਬਾਅਦ ਮਾਂ ਨੂੰ ਘਰ ਦਾ ਸਾਰਾ ਕੰਮ-ਕਾਜ ਆਪ ਕਰਨਾ ਪੈਂਦਾ ਹੈ ਤਾਂ ਵਰਤਦੇ ਹਨ।

ਧੀਆਂ ਧੰਨ ਪਰਾਇਆ: ਧੀਆਂ ਪਰਾਈਆਂ ਹੁੰਦੀਆਂ ਹਨ। ਇਨ੍ਹਾਂ ਨੂੰ ਵਿਆਹ ਕੇ ਕਿਸੇ ਦੂਜੇ ਘਰ ਭੇਜ ਦਿੱਤਾ ਜਾਂਦਾ ਹੈ।

ਧੀਏ ਨੀ ਤੂੰ ਕੰਮ ਕਰ, ਨੂੰਹੇਂ ਨੀ ਤੂੰ ਕੰਨ ਕਰ: ਜਦ ਕੋਈ ਗੱਲ ਕਿਸੇ ਹੋਰ ਨੂੰ ਕਹੀਏ, ਪਰ ਇਸ ਰਾਹੀਂ ਸਮਝਾਉਣੀ ਕਿਸੇ ਪਾਸ ਬੈਠੇ ਹੋਰ ਨੂੰ ਚਾਹੀਏ, ਤਾਂ ਕਹਿੰਦੇ ਹਨ।

ਧੇਲਾ ਨਾ ਦੇਵੇ, ਪੌਲੀ ਦੇਵੇ: ਜਦ ਕੋਈ ਮੰਗਿਆਂ ਥੋੜ੍ਹੀ ਜਿਹੀ ਵਸਤੂ ਵੀ ਨਾ ਦੇਵੇ, ਪਰ ਮਗਰੋਂ ਅੜਿੱਕੇ ਵਿਚ ਫਸ ਕੇ ਬਹੁਤ ਸਾਰੀ ਦੇਣ ਲਈ ਮਜ਼ਬੂਰ ਹੋ ਜਾਵੇ, ਤਾਂ ਵਰਤਦੇ ਹਨ।

ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ (ਗੁੰਦਾਈ): ਜਦੋਂ ਕਿਸੇ ਨਿਕੰਮੀ ਚੀਜ਼ ਨੂੰ ਸ਼ਿੰਗਾਰਨ ਸੁਆਰਨ ਲਈ ਬਹੁਤਾ ਖਰਚ ਕਰਨਾ ਪਵੇ ।

ਧੋਤੇ ਮੂੰਹ ਚਪੇੜ ਪਈ: ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ ਪਵੇ, ਤਾਂ ਕਹਿੰਦੇ ਹਨ।

ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ: ਜਦ ਕੋਈ ਜਣਾ ਕਦੇ ਇਸ ਪਾਸੇ ਹੋਵੇ ਤੇ ਕਦੇ ਉਸ ਪਾਸੇ, ਕਦੇ ਇਕ ਥਾਂ ਜਾਵੇ ਤੇ ਕਦੀ ਦੂਜੇ ਥਾਂ, ਪਰ ਟਿਕੇ ਕਿਤੇ ਵੀ ਨਾ, ਤਾਂ ਉਹ ਦੋਹਾਂ ਪਾਸਿਆਂ ਤੋਂ ਰਹਿ ਜਾਂਦਾ ਹੈ ।

ਧੌਲਾ ਝਾਟਾ ਆਟਾ ਖਰਾਬ: ਜਦ ਕੋਈ ਵਡੇਰੀ ਉਮਰ ਦਾ ਬੰਦਾ ਕੋਈ ਨੀਚ ਕੰਮ ਕਰੇ ਤੇ ਉਸ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।

ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ: ਭਰਾ-ਭਰਾ ਲੜ ਕੇ ਵੀ ਸਦਾ ਲਈ ਇਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ।

ਨਜ਼ਰ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ; ਕਿਹਾ ਜਾਂਦਾ ਹੈ ਕਿ ਕਿਸੇ ਦੀ ਬੁਰੀ ਨਜ਼ਰ ਕੁਝ ਵੀ ਅਨਰੱਥ ਕਰ ਸਕਦੀ ਹੈ।

ਨਦੀ ਨਾਵ ਸੰਜੋਗੀ ਮੇਲੇ: ਵਿਛੜਨ ਸਮੇਂ ਮੁੜ ਕੇ ਮਿਲਣ ਨੂੰ ਸੰਜੋਗ ਤੇ ਛਡ ਦਿੱਤਾ ਜਾਵੇ ਤਾਂ ਵਰਤਦੇ ਹਨ।

ਨੱਚਣ ਲੱਗੀ ਤਾਂ ਘੁੰਗਟ (ਘੁੰਡ) ਕਾਹਦਾ ?: ਜੇ ਕੋਈ ਕੰਮ ਤਾਂ ਮਾੜਾ ਕਰੇ ਪਰ ਲੋਕਾਂ ਤੋਂ ਛੁਪਉਣਾ ਵੀ ਚਾਹੇ।

ਨਾ ਆਏ ਦੀ ਖੁਸ਼ੀ ਨ ਗਏ ਦਾ ਗ਼ਮ: ਜਿਸ ਨੂੰ ਕਿਸੇ ਦੇ ਆਉਣ ਜਾਂ ਜਾਣ ਨਾਲ ਕੋਈ ਫ਼ਰਕ ਨਾ ਪਵੇ। ਮਸਤੀ ਵਿਚ ਰਹਿਣ ਵਾਲਾ ਮਨੁੱਖ, ਰੁਖਾ ਮਨੁੱਖ।

ਨਾ ਹਾੜ੍ਹ ਸੁੱਕੇ ਨਾ ਸਾਉਣ ਹਰੇ: ਸਦਾ ਇਕੋ ਜਿਹੀ ਹਾਲਤ ਰਹਿਣੀ।

ਨਾ ਹਿੰਗ ਲਗੇ ਨਾ ਫਟਕੜੀ ਰੰਗ ਚੋਖਾ: ਬਿਨਾ ਕਿਸੇ ਮਿਹਨਤ ਦੇ ਜਾਂ ਕੁਝ ਖਰਚਣ ਦੇ ਚੀਜ਼ ਪ੍ਰਾਪਤ ਹੋ ਜਾਵੇ, ਤਾਂ ਵਰਤਦੇ ਹਨ।

ਨਾ ਕੰਮ ਦਾ ਨਾ ਕਾਜ ਦਾ ਦੁਸ਼ਮਨ ਅਨਾਜ ਦਾ: ਵਿਹਲੇ ਮਨੁੱਖ ਲਈ ਵਰਤਿਆ ਜਾਂਦਾ ਹੈ।

ਨਾ ਘਰ ਦਾ ਨਾ ਬਾਹਰ ਦਾ: ਜਿਹੜਾ ਬੰਦਾ ਬਹੁਤੀਆਂ ਚਲਾਕੀਆਂ ਕਾਰਨ ਕਿਸੇ ਪਾਸੇ ਦਾ ਨਹੀਂ ਰਹਿੰਦਾ ਉਸ ਲਈ ਵਰਤਦੇ ਹਨ।

ਨਾ ਜੀਂਦਿਆਂ ਵਿਚ ਨਾ ਮੋਇਆਂ ਵਿਚ: ਜਿਸ ਤੋਂ ਕੋਈ ਸਲਾਹ ਨਾ ਲਈ ਜਾਵੇ, ਜਿਸ ਦੀ ਕੋਈ ਪੁਛ ਪ੍ਰਤੀਤ ਨਾ ਕੀਤੀ ਜਾਵੇ।

ਨਾ ਦੇਸ ਢੋਈ ਨਾ ਪਰਦੇਸ ਢੋਈ: ਜਦੋਂ ਦੇਸ ਪਰਦੇਸ ਵਿੱਚ ਧੱਕੇ ਮਿਲਣ।

ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ: ਅਜਿਹੀ ਸ਼ਰਤ ਰੱਖਣੀ ਜੋ ਪੂਰੀ ਨਾ ਹੋਵੇ।

ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ: ਕਿਸੇ ਤੰਗ ਕਰਨ ਵਾਲੀ ਚੀਜ਼ ਨੂੰ ਮੁੱਢੋਂ ਹੀ ਖ਼ਤਮ ਕਰ ਦੇਣਾ।

ਨਾ ਰੂਹ ਨਾ ਰਹਿਮਤ: ਜਿਸਦੀ ਨਾ ਸ਼ਕਲ ਸੂਰਤ ਚੰਗੀ ਹੋਵੇ ਤੇ ਨਾ ਹੀ ਸੁਭਾਅ।

ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ: ਧੋਤੇ ਮੂੰਹ ਤੇ ਚਪੇੜ ਪਈ।

ਨਮਾਜ਼ ਬਖ਼ਸਾਉਣ ਗਏ ਗਲ਼ ਰੋਜ਼ੇ ਪਾਏ: ਜਦੋਂ ਇਕ ਔਕੜ ਵਿੱਚੋ ਨਿਕਲਣ ਲਈ ਯਤਨ ਕਰਨ ਤੇ ਉਲਟੀ ਹੋਰ ਬਿਪਤਾ ਗਲ ਪੈ ਜਾਵੇ।

ਨਵਾਂ ਨੌ ਦਿਨ ਪੁਰਾਣਾ ਸੌ ਦਿਨ: ਨਵੀਂ ਚੀਜ਼ ਥੋੜ੍ਹੇ ਦਿਨ ਲਈ ਹੀ ਨਵੀਂ ਰਹਿੰਦੀ ਹੈ ਤੇ ਫਿਰ ਲੰਮਾ ਸਮਾਂ ਪੁਰਾਣੀ।

ਨਾਈ ਆਪਣੇ ਵਾਲ ਆਪ ਨਹੀਂ ਮੁੰਨ ਸਕਦਾ: ਕਈ ਵੀ ਆਪਣੇ ਸਾਰੇ ਕੰਮ ਆਪ ਨਹੀਂ ਕਰ ਸਕੀਦ, ਦੂਜਿਆਂ ਦੀ ਲੋੜ ਪੈਂਦੀ ਹੈ।

ਨਾਈਆ ਵਾਲ ਕਿੰਨੇ ਨੀ, ਆਪੇ ਸਾਹਮਣੇ ਆ ਜਾਣਗੇ: ਕਿਸੇ ਮਿਹਨਤ ਜਾਂ ਕੰਮ ਦਾ ਪਤਾ ਉਸਦੇ ਨਿਕਲੇ ਨਤੀਜੇ ਤੋਂ ਹੀ ਪਤਾ ਲਗ ਸਕਦਾ ਹੈ।

ਨਾਈਆਂ ਸੁਣਿਆ ਗਰਾਈਆਂ ਸੁਣਿਆ: ਨਾਈ ਦੇ ਰਾਹੀਂ ਕੋਈ ਵੀ ਚੰਗੀ-ਮਾੜੀ ਗੱਲ ਬੜੀ ਜਲਦੀ ਫੈਲ ਜਾਂਦੀ ਹੈ।

ਨਾਈਆਂ ਦੀ ਜੰਞ ਸੱਭੇ ਰਾਜੇ: ਜਦੋਂ ਕਿਸੇ ਟੋਲੀ ਵਿਚ ਸਾਰੇ ਬੰਦੇ ਜਿਹੇ ਹੋਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

ਨਾਨੀ ਖਸਮ ਕਰੇ, ਤੇ ਦੋਹਤਾ ਚੱਟੀ ਭਰੇ: ਜਦ ਕਸੂਰ ਕੋਈ ਕਰੇ, ਤੇ ਉਹਦਾ ਡੰਨ ਕਿਸੇ ਹੋਰ ਨੂੰ ਭਰਨਾ ਪਵੇ, ਤਾਂ ਕਹਿੰਦੇ ਹਨ।

ਨਾਲੇ ਗੰਗਾ ਦਾ ਇਸ਼ਨਾਨ, ਨਾਲੇ ਵੰਞਾਂ ਦਾ ਵਪਾਰ: ਨਾਲੇ ਪੁੰਨ ਨਾਲੇ ਫਲੀਆਂ; ਕਿਸੇ ਇਕ ਕੰਮ ਨਾਲ ਦੂਜਾ ਕੋਈ ਹੋਰ ਕੰਮ ਮੁਫ਼ਤੋ-ਮੁਫ਼ਤੀ ਹੋ ਜਾਣਾ।

ਨਾਲੇ ਚੋਪੜੀਆਂ ਨਾਲੇ ਦੋ ਦੋ: ਜਿਹੜਾ ਆਦਮੀ ਹਰ ਪਾਸਿਓਂ ਹੀ ਲਾਭ ਦੀ ਇੱਛਾ ਆਸ ਕਰੇ ਉਸ ਸਬੰਧੀ ਵਰਤਦੇ ਹਨ।

ਨਾਲੇ ਚੋਰ ਨਾਲੇ ਚਤਰ: ਕਸੂਰਵਾਰ ਹੋ ਕੇ ਚਤੁਰਾਈਆਂ ਕਰਨੀਆਂ, ਸਾਊ ਬਣ ਬਣ ਬਹਿਣਾ, ਤੇ ਹੋਰਨਾਂ ਨੂੰ ਕੋਸਣਾ।

ਨਾਲੇ ਮੰਗਣਾ, ਨਾਲੇ ਟਿੰਡ ਛਪਾਉਣੀ: ਜੇ ਕੋਈ ਕੰਮ ਤਾਂ ਮਾੜਾ ਕਰੇ ਪਰ ਲੋਕਾਂ ਤੋਂ ਛੁਪਉਣਾ ਵੀ ਚਾਹੇ।

ਨਾਲੇ ਮਾਸੀ ਨਾਲੇ ਚੂੰਢੀਆਂ: ਜਦ ਕੋਈ ਜਾਣਾ ਉੱਤੋਂ ਉੱਤੋਂ ਤਾਂ ਪਿਆਰ ਕਰੇ ਤੇ ਹੇਤੂ ਬਣ-ਬਣ ਵਿਖਾਵੇ, ਪਰ ਅੰਦਰੋਂ ਨੁਕਸਾਨ ਕਰੇ ਤੇ ਔਖਿਆਈ ਦੇਈ ਜਾਵੇ, ਤਾਂ ਕਹਿੰਦੇ ਹਨ।

ਨਾਲੇ ਰਾਹ ਵਿਚ ਹੱਗੇ, ਨਾਲੇ ਆਨੇ ਪਿਆ ਟੱਡੇ: ਜਦ ਕੋਈ ਜਣਾ ਕਸੂਰ ਕਰ ਕੇ ਅੱਗੋਂ ਆਕੜੇ ਤਾਂ ਕਹਿੰਦੇ ਹਨ।

ਨੀਮ ਹਕੀਮ ਖ਼ਤਰਾ-ਏ-ਜਾਨ: ਨਾ ਤਜ਼ਰਬੇਕਾਰ ਜਾਂ ਬੇਇਲਮ ਬੰਦੇ ਪਾਸੋਂ ਕੁਝ ਵੀ ਲੈਣਾ/ ਹਾਸਿਲ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਨੈਂ ਲੰਘੀ, ਖ਼ੁਆਜਾ ਵਿੱਸਰਿਆ: ਕੋਠਾ ਉੱਸਰਿਆ ਤਰਖਾਣ ਵਿੱਸਰਿਆ।

ਨੌਕਰ ਕੀ ਤੇ ਨਖਰਾ ਕੀ ?: ਨੌਕਰ ਨੂੰ ਆਕੜ ਕਰਨੀ ਨਹੀਂ ਬਣਦੀ।ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ: ਜਦ ਕੋਈ ਬੰਦਾ ਸਾਰੀ ਉਮਰ ਮਾੜੇ ਕੰਮ ਕਰਦਾ ਤੇ ਪਾਪ ਕਮਾਉਂਦਾ ਰਿਹਾ ਹੋਵੇ, ਤੇ ਮਗਰੋਂ ਬੜਾ ਭਗਤ ਲੋਕ ਤੇ ਨੇਕ ਪੁਰਸ਼ ਬਣ-ਬਣ ਵਿਖਾਵੇ, ਤਾਂ ਕਹਿੰਦੇ ਹਨ।

ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ: ਜਿਹੜਾ ਪਹਿਲਾਂ ਢੇਰਾਂ ਮਾੜੇ ਕੰਮ ਕਰੇ, ਪਰ ਅਖ਼ੀਰ ਉੱਤੇ ਸੰਤ ਬਣਨ ਦਾ ਵਿਖਾਵਾ ਕਰੇ।

ਨੌਂ ਕੋਹ ਦਰਿਆ, ਸੁੱਥਣ ਮੋਢੇ ਤੇ, ਨੌਂ ਕੋਹ ਦਰਿਆ, ਤੰਬਾ ਕੱਛ ਵਿਚ: ਕਿਸੇ ਕੰਮ ਦੇ ਕਰਨ ਦਾ ਸਮਾਂ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੋ ਬਹਿਣਾ।

ਨੌਕਰ ਬਣ ਕਮਾਓ, ਰਾਜਾ ਬਣਕੇ ਖਾਓ: ਮਿਹਨਤ ਨਾਲ ਕਮਾਉਗੇ ਤਾਂ ਐਸ਼ ਕਰੋਗੇ।

ਨੌਕਰਾਂ ਦੇ ਵੀ ਚਾਕਰ: ਜਦੋਂ ਕੋਈ ਬੰਦਾ ਆਪਣੇ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਲਈ ਆਖੇ ਤੇ ਉਹ ਅੱਗੋਂ ਕਿਸੇ ਹੋਰ ਨੂੰ ਇਹ ਕੰਮ ਕਰਨ ਲਈ ਕਹਿ ਦੇਵੇ ਤਾਂ ਵਰਤਦੇ ਹਨ।

ਨੌਂ ਨਕਦ ਨਾ ਤੇਰਾਂ ਉਧਾਰ: ਉਧਾਰ ਮਹਿੰਗੀ ਚੀਜ਼ ਵੇਚੀ ਨਾਲੋਂ ਨਕਦ ਕੁਝ ਸਸਤੀ ਵੇਚੀ ਚੰਗੀ ਕਿਉਂਕਿ ਉਧਾਰ ਸਾਰਾ ਵੀ ਮਰ ਸਕਦਾ ਹੈ ।

ਨੌਂਵੀਂ ਰੂੰ ਤੇ ਤੇਰ੍ਹੀਂ ਕਪਾਹ: ਘਟੀਆ ਚੀਜ਼ ਮਹਿੰਗੀ ਤੇ ਵਧੀਆ ਸ਼ੈ ਸਸਤੀ।

ਪਏ ਭੈੜਿਆਂ ਦੇ ਪੈਰ ਉਜੜ ਗਏ ਸ਼ਹਿਰ: ਜਦੋਂ ਕਿਸੇ ਮਨੁੱਖ ਕਾਰਨ ਕੋਈ ਬਣਦਾ ਕੰਮ ਬਿਗੜ ਜਾਏ ਤਾਂ ਵਰਤਿਆਂ ਜਾਂਦਾ ਹੈ।

ਪਹਾੜ ਨਾਲ ਟੱਕਰ ਲਾਇਆਂ ਸਿਰ ਹੀ ਪਾਟਦਾ ਹੈ: ਅਪਣੇ ਨਾਲੋਂ ਤਕੜੇ ਨਾਲ ਮੱਥਾ ਡਾਹਿਆਂ ਆਪਣਾ ਹੀ ਨੁਕਸਾਨ ਹੁੰਦਾ ਹੈ।

ਪਰ-ਹੱਥੀਂ ਵਣਜ ਸੁਨੇਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ: ਕਾਰ ਵਿਹਾਰ ਵਿਚ ਸਫਲਤਾ ਤਾਂ ਹੀ ਹੋ ਸਕਦੀ ਹੈ ਜੇ ਬੰਦਾ ਆਪ ਸਿਰ ਹੋ ਕੇ ਕੰਮ ਕਰਾਵੇ।

ਪਰਾਇਆ ਗਹਿਣਾ ਪਾਇਆ ਅਪਣਾ ਰੂਪ ਗਵਾਇਆ: ਪਰਾਈ ਚੀਜ ਵਰਤਣ ਨਾਲ ਮਨੁੱਖ ਦਾ ਆਦਰ ਘਟਦਾ ਹੈ।

ਪਰਾਈ ਜੰਝ ਤੇ ਅਹਿਮਕ ਨੱਚੇ: ਮਾਮੇ ਕੰਨੀ ਬੀਰਬਲੀਆਂ ਤੇ ਭਣੇਵਾਂ ਫਿਰੇ ਆਕੜਿਆ; ਕਿਸੇ ਹੋਰ ਦੀ ਵਡਿਆਈ ਦੇ ਕਾਰਨ ਫੁੱਲੇ ਤੇ ਆਕੜੇ ਫਿਰਨ ਵਾਲੇ ਤੇ ਘਟਾਉਂਦੇ ਹਨ।

ਪਰਾਏ ਮੰਡੇ, ਅੰਮਾਂ ਦਾਤੀ: ਜਦੋਂ ਚੀਜ਼ ਕਿਸੇ ਹੋਰ ਦੀ ਹੋਵੇ, ਪਰ ਉਹਨੂੰ ਵੰਡਣ ਵਾਲਾ ਆਕੜਿਆ ਫਿਰੇ।

ਪੜ੍ਹੇ ਨਾ ਲਿਖੇ, ਨਾਂ ਵਿਦਿਆ ਸਾਗਰ: ਜਦ ਕੋਈ ਅਸਲ ਵਿਚ ਮਾੜਾ ਤੇ ਗੁਣਹੀਣ ਹੋਵੇ, ਪਰ ਚੰਗਾ ਤੇ ਗੁਣਵਾਨ ਬਣ-ਬਣ ਬਹੇ ਤੇ ਫੜ੍ਹਾਂ ਮਾਰੇ, ਤਾਂ ਕਹਿੰਦੇ ਹਨ।

ਪੱਗ ਵੇਚ ਕੇ ਘਿਓ ਨਹੀ ਖਾਈਦਾ: ਆਪਣਾ ਵਿੱਤ ਦੇਖ ਕੇ ਖ਼ਰਚ ਕਰਨਾ ਚਾਹੀਦਾ ਹੈ।

ਪੱਤਣ ਮਲਾਹ ਨਾ ਛੇੜੀਏ ਹੱਟੀ ਤੇ ਕਰਾੜ: ਬੰਨੇ ਜੱਟ ਨਾ ਛੇੜੀਏ ਭੰਨ ਛੱਡੇ ਬੁਥਾੜ: ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲੜਨਾ ਨਹੀਂ ਚਾਹੀਦਾ।

ਪੱਲੇ ਨਹੀਂ ਸੇਰ ਆਟਾ, ਹੀਂਗਦੀ ਦਾ ਸੰਘ ਪਾਟਾ: ਜਦੋ ਕੋਈ ਆਰਥਿਕ ਪੱਖੋਂ ਮਾੜਾ ਬੰਦਾ ਵੱਡੀਆਂ ਵੱਡੀਆਂ ਸਕੀਮਾਂ ਬਣਾਵੇ ਤਾਂ ਵਰਤਦੇ ਹਨ।

ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ: ਜਦੋ ਕੋਈ ਆਰਥਿਕ ਪੱਖੋਂ ਮਾੜਾ ਬੰਦਾ ਵੱਡੇ-ਵੱਡੇ ਸੁਪਨੇ ਵੇਖਣ ਲਗ ਜਾਵੇ ਤਾਂ ਵਰਤਦੇ ਹਨ।

ਪੰਜਾਂ ਵਿਚ ਨਾ ਪੰਜਾਹ ਵਿਚ: ਜਦੋਂ ਕੋਈ ਬੰਦਾ ਕਿਸੇ ਗਿਣਤੀ ਵਿਚ ਨਾ ਗਿਣਿਆ ਜਾਵੇ ਜਾਂ ਉਸ ਦੀ ਕੋਈ ਮਹੱਤਤਾ ਨਾ ਹੋਵੇ।

ਪੰਜੇ ਉਂਗਲਾਂ ਇਕੋ ਜਿਹੀਆਂ (ਬਰਾਬਰ) ਨਹੀਂ ਹੁੰਦੀਆਂ: ਸਾਰੇ ਮਨੁੱਖ ਇਕੋ ਜਿਹੇ ਨਹੀਂ ਹੁੰਦੇ।

ਪੰਜੇ ਉਂਗਲਾਂ ਘਿਉ ਵਿਚ: ਜਦੋਂ ਕਿਸੇ ਮਨੁੱਖ ਨੂੰ ਪੂਰਾ ਲਾਭ ਲੈਣ ਦਾ ਮੌਕਾ ਮਿਲੇ ਓਦੋਂ ਵਰਤਦੇ ਹਨ।

ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦਾ: ਜਦ ਕਿਸੇ ਟੱਬਰ ਜਾਂ ਕੌਮ ਵਿਚ ਪੂਰਨ ਏਕਤਾ ਹੋਵੇ, ਤਾਂ ਹੋਰਨਾਂ ਦੇ ਜਤਨ ਕਰਨ ਤੇ ਵੀ ਓਥੇ ਫੁੱਟ ਨਹੀਂ ਪੈਂਦੀ ।

ਪਾਪ ਦਾ ਬੇੜਾ ਭਰ ਕੇ ਡੁੱਬਦਾ ਹੈ: ਬੁਰੇ ਕੰਮ ਕਰਨ ਵਾਲੇ ਦੀ ਅੱਤ ਉਸ ਨੂੰ ਤਬਾਹ ਕਰ ਦਿੰਦੀ ਹੈ।

ਪਿਉ ਨਾ ਮਾਰੀ ਪਿੱਦੀ ਪੁੱਤਰ ਤੀਰ ਅੰਦਾਜ਼: ਜਦੋਂ ਕੋਈ ਬੰਦਾ ਆਪਣੇ ਪਿਛੋਕੜ ਨੂੰ ਭੁੱਲ ਕੇ ਸ਼ੇਖੀਆਂ ਮਾਰੇ ਤਾਂ ਇਹ ਅਖਾਣ ਵਰਤਦੇ ਹਨ।

ਪਿੰਡ ਨੂੰ ਅੱਗ ਲੱਗੀ ਕੁੱਤਾ ਰੂੜੀ ਤੇ: ਜਿਹੜਾ ਬੰਦਾ ਔਖੇ ਵੇਲੇ ਕੰਮ ਨਾ ਆਵੇ ਤੇ ਪਰ੍ਹਾਂ ਹੋ ਬੈਠੇ, ਉਸ ਤੇ ਘਟਾਉਂਦੇ ਹਨ।

ਪਿੰਡ ਬੱਝਾ ਨਹੀਂ, ਉੱਚਕੇ ਅੱਗੋਂ ਹੀ ਤਿਆਰ: ਜਦ ਕੋਈ ਚੀਜ਼ ਬਣ ਕੇ ਅਜੇ ਤਿਆਰ ਨਾ ਹੋਈ ਹੋਵੇ, ਪਰ ਉਹਨੂੰ ਆਪਣੇ ਢੰਗ ਨਾਲ ਵਰਤਣ ਵਾਲੇ ਪਹਿਲਾਂ ਹੀ ਕੱਛਾਂ ਮਾਰਨ ਲੱਗ ਪੈਣ ।

ਪਿੰਡਾ ਵੇ ਅਗਾਂਹ, ਪੁੱਤਾ ਵੇ ਪਿਛਾਂਹ: ਜਦ ਕੋਈ ਔਖਿਆਈ ਸਮੇਂ ਹੋਰਨਾਂ ਨੂੰ ਵੰਗਾਰ-ਵੰਗਾਰ ਕੇ ਅੱਗੇ ਕਰੇ ਤੇ ਖਤਰੇ ਵਿਚ ਪਾਉਣ ਦਾ ਯਤਨ ਕਰੇ, ਪਰ ਆਪਣਿਆਂ ਨੂੰ ਪਿਛਾਂਹ ਬਚਾ-ਬਚਾ ਕੇ ਰੱਖੇ, ਤਾਂ ਕਹਿੰਦੇ ਹਨ।

ਪੁੱਟਿਆ ਪਹਾੜ ਤੇ ਨਿੱਕਲਿਆ ਚੂਹਾ: ਸਾਰੀ ਰਾਤ ਭੰਨੀ ਤੇ ਕੁੜੀ ਜੰਮ ਪਈ ਅੰਨ੍ਹੀ, ਮਿਹਨਤ ਬਹੁਤ ਸਾਰੀ ਤੇ ਫਲ ਕੁਝ ਵੀ ਨਾ।

ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ: ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।

ਪੇਕੇ ਮਾਵਾਂ ਨਾਲ, ਮਾਣ ਭਰਾਵਾਂ ਨਾਲ: ਮਾਂ ਅਤੇ ਭਰਾ ਦੀ ਮਹੱਤਤਾ ਦਾ ਸੰਕੇਤ ਹੈ।

ਪੇਟ ਨਰਮ ਸਿਰ ਗਰਮ: ਚੰਗੀ ਸਿਹਤ ਦੀ ਨਿਸ਼ਾਨੀ ਦਾ ਸੰਕੇਤ।

ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ: ਢਿੱਡੋਂ ਭੁੱਖੀ ਨੂੰ ਮੇਲਾ ਦੱਖ ਨਾ ਦੇਵੇ: ਜਦ ਬੰਦਾ ਭੁੱਖਾ ਹੋਵੇ ਤਾਂ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ।

ਪੈਸਾ ਸੋ ਜੋ ਹੋਵੇ ਗੰਠ, ਵਿੱਦਿਆ ਸੋ ਜੋ ਹੋਵੇ ਕੰਠ: ਪੈਸਾ ਬੋਝੇ ਵਿਚ ਤੇ ਵਿਦਿਆ ਯਾਦ ਹੋਵੇ ਤਾਂ ਹੀ ਚੰਗੇ ਹਨ।

ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼ ?: ਜਦ ਆਪਣਾ ਹੀ ਬੰਦਾ ਭੈੜਾ ਹੋਵੇ, ਤੇ ਉਸ ਕਾਰਨ ਆਪਣਾ ਕਾਰਜ ਨਾ ਸਰ ਸਕੇ, ਤਾਂ ਕੰਮ ਨਾ ਸਾਰਨ ਵਾਲਿਆਂ ਨੂੰ ਬੁਰਾ ਕਹਿਣਾ ਠੀਕ ਨਹੀਂ ਹੁੰਦਾ।

ਪੈਂਚਾਂ ਦਾ ਆਖਿਆ ਸਿਰ ਮੱਥੇ, ਪਰਨਾਲਾ ਓਥੇ ਦਾ ਓਥੇ: ਜਦ ਕੋਈ ਆਦਮੀ ਜਿੱਦ ਨਾ ਛੱਡੇ ਅਤੇ ਹੋਰਨਾਂ ਦੇ ਸਮਝਾਉਣ ਤੇ ਉੱਤੋਂ-ਉੱਤੋਂ ਤਾਂ ਚੰਗਾ ਜੀ ਕਹਿ ਛੱਡੇ, ਪਰ ਰਹੇ ਆਪਣੇ ਹਠ ਉੱਤੇ ਅੜਿਆ, ਤਾਂ ਕਹਿੰਦੇ ਹਨ।

ਪੋਤੜਿਆਂ ਦੇ ਵਿਗੜੇ ਕਦੇ ਨਹੀਂ ਸੁਧਰਦੇ: ਬਚਪਨ ਵਿਚ ਪਈਆਂ ਮਾੜੀਆਂ ਆਦਤਾਂ ਕਦੀ ਵੀ ਨਹੀਂ ਸੁਧਰਦੀਆਂ।

ਫਸੀ ਤਾਂ ਫਟਕਣ ਕੀ ?: ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ।

ਫਟਣਾ ਚੰਗਾ ਹਟਣਾ ਨੀ ਚੰਗਾ ਪੇਟੂ: ਮਨੁੱਖ ਲਈ ਵਰਤਿਆ ਜਾਂਦਾ ਹੈ।

ਫੱਫੇ ਕੁੱਟਣ ਲੱਗੀ ਲੁੱਟਣ: ਕਿਸੇ ਫਰੇਬੀ ਧੋਖੇਬਾਜ ਨੂੰ ਧੋਖਾ ਠੱਗੀ ਕਰਨ ਦਾ ਯਤਨ ਕਰਦਿਆਂ ਵੇਖ ਕੇ ਕਹਿੰਦੇ ਹਨ।

ਫਾਥੀਆਂ ਨੂੰ ਛੱਡ ਕੇ, ਉੱਡਦੀਆਂ ਮਗਰ ਨਹੀਂ ਪਈਦਾ: ਜਿਹੜੀ ਸ਼ੈ ਹੱਥ ਵਿਚ ਆਈ ਹੋਵੇ, ਉਹਨੂੰ ਛੱਡ ਕੇ ਅਜੇਹੀ ਸ਼ੈ ਦੇ ਮਗਰ ਪੈਣਾ ਜਿਸ ਦੀ ਪਰਾਪਤੀ ਸੌਖੀ ਜਾਂ ਯਕੀਨੀ ਨਾ ਹੋਵੇ, ਮੂਰਖਾਂ ਦਾ ਕੰਮ ਹੈ।

ਫੂਹੀ-ਫੂਹੀ ਤਲਾ ਭਰ ਜਾਂਦਾ ਹੈ: ਜੇ ਥੋੜ੍ਹੀ ਥੋੜ੍ਹੀ ਸ਼ੈ ਲਗਾਤਾਰ ਜੋੜੀ ਜਾਈਏ, ਤਾਂ ਉਹ ਚੋਖੀ ਬਣ ਜਾਂਦੀ ਹੈ।

ਫੋਲਿਆ ਪਹਾੜ ਤੇ ਨਿਕਲਿਆ ਚੂਹਾ: ਪੁੱਟਿਆ ਪਹਾੜ ਤੇ ਨਿਕਲਿਆ ਚੂਹਾ।

ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ, ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ: ਬਹੁਤਾ ਬੋਲਣਾ, ਬਹੁਤੀ ਚੁੱਪ, ਬਹੁਤਾ ਮੀਂਹ, ਬਹੁਤੀ ਧੁੱਪ, ਇਹ ਸਭ ਠੀਕ ਨਹੀਂ ਹਨ।

ਬਹੁਤੀ ਗਈ ਥੋੜ੍ਹੀ ਰਹੀ: ਜਦੋਂ ਕੋਈ ਕੰਮ ਸ਼ੁਰੂ ਕੀਤਾ ਹੋਵੇ ਤਾਂ ਉਸ ਕੰਮ ਦੇ ਖ਼ਤਮ ਹੋਣ ਦਾ ਵਕਤ ਨਜ਼ਦੀਕ ਹੋਵੇ ਜਾਂ ਬੁਢਾਪਾ ਨਜ਼ਦੀਕ ਆਉਣ ਸਮੇਂ ਇਹ ਅਖ਼ਾਣ ਵਰਤਿਆ ਜਾਂਦਾ ਹੈ।

ਬਦ ਨਾਲੋਂ ਬਦਨਾਮ ਬੁਰਾ: ਬੁਰਾ ਕੰਮ ਕਰਨ ਨਾਲੋ ਝੂਠੀ ਊਜ ਲਗਣੀ ਜਿਆਦਾ ਬੁਰੀ ਹੁੰਦੀ ਹੈ।

ਬਲਦਾਂ ਦੇ ਚੋਰੀ ਹੋਣ ਪਿੱਛੋਂ ਜੰਦਰਾ ਲਾਉਣ ਦਾ ਕੀ ਲਾਭ: ਘਟਨਾ ਪਿੱਛੋਂ ਤਾਂ ਸਾਰੇ ਹੀ ਸਿਆਣੇ ਹੋ ਜਾਂਦੇ ਹਨ।

ਬੱਕਰੀ ਆਪਣੀ ਜਾਨੋਂ ਵੀ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ: ਜਦੋਂ ਇਕ ਜਣਾ ਤਾਂ ਬੜਾ ਔਖਾ ਹੋ ਕੇ, ਕੁਰਬਾਨੀ ਕਰ ਕੇ, ਦੂਜੇ ਦਾ ਕੰਮ ਸੁਆਰਨ ਦਾ ਯਤਨ ਕਰੇ, ਪਰ ਉਹ ਅੱਗੋਂ ਕੀਤੇ ਦੀ ਕਦਰ ਨਾ ਪਾਵੇ, ਤਾਂ ਕਹਿੰਦੇ ਹਨ।

ਬੱਕਰੀ ਨੇ ਦੁੱਧ ਦਿੱਤਾ, ਪਰ ਮੀਂਗਣਾਂ ਪਾ ਕੇ: ਜਦ ਕੋਈ ਜਣਾ ਕੰਮ ਕਰੇ ਤਾਂ ਸਹੀ, ਪਰ ਕਾਫੀ ਅੜੀ ਤੇ ਨਾਂਹ ਨੁੱਕਰ ਕਰ ਕੇ, ਤਾਂ ਕਹਿੰਦੇ ਹਨ।

ਬੱਦਲ ਵੀ ਨੀਵਾਂ ਹੋ ਕੇ ਵਰ੍ਹਦਾ ਹੈ: ਕਿਸੇ ਦਾ ਹੰਕਾਰ ਵੇਖ ਕੇ ਉਹਨੂੰ ਨਿਮਰਤਾ ਧਾਰਨ ਲਈ ਉਪਦੇਸ਼ ਹਿਤ ਇਹ ਅਖਾਣ ਵਰਤਦੇ ਹਨ।

ਬਾਹਰੋਂ ਆਇਆ ਕੱਤਣਾ ਤੇ ਘਰੋਂ ਪਿਆ ਘੱਤਣਾ: ਨਾਲੇ ਤਾਂ ਕਿਸੇ ਦਾ ਕੰਮ ਕਰਨਾ ਤੇ ਨਾਲੇ ਕੁਝ ਪੱਲਿਓਂ ਦੇਣਾ।

ਬਾਬਾਣੀਆ ਕਹਾਣੀਆ ਪੁੱਤ ਸਪੁੱਤ ਕਰੇਨ: ਨੇਕ ਪੁੱਤਰ ਵੱਡੇ ਵਡੇਰਿਆ ਦੀਆ ਪ੍ਰਪਤੀਆ ਨੂੰ ਯਾਦ ਕਰਦੇ ਹਨ।

ਬਾਂਦਰ ਕੀ ਜਾਣੇ ਅਦਰਕ ਦਾ ਸੁਆਦ: ਜਦ ਕੋਈ ਘਟੀਆ ਦਰਜੇ ਦਾ ਬੰਦਾ ਵਧੀਆ ਸ਼ੈ ਦੀ ਚਾਹ ਕਰੇ ਜਾਂ ਜਦ ਅਜਿਹੇ ਬੰਦੇ ਨੂੰ ਅਜੇਹੀ ਸ਼ੈ ਮਿਲ ਜਾਵੇ ਤੇ ਉਹ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।

ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ: ਜਦ ਕੋਈ ਵਧੀਆ ਸ਼ੈ ਅਜਿਹੇ ਬੰਦੇ ਨੂੰ ਦਿੱਤੀ ਜਾਵੇ ਜਿਹੜਾ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।

ਬਾਲ ਦਾ ਪੱਜ, ਤੇ ਮਾਂ ਦਾ ਰੱਜ: ਜਦ ਕੋਈ ਜਣਾ ਕਿਸੇ ਹੋਰ ਦਾ ਬਹਾਨਾ ਲਾ ਕੇ ਕੋਈ ਸ਼ੈ ਆਪਣੇ ਲਈ ਪਰਾਪਤ ਕਰੇ ।

ਬਾਲ ਦੀ ਨਾ ਮਰੇ ਮਾਂ, ਬੁੱਢੇ ਦੀ ਜੋਰੂ: ਮਾਂ-ਮਹਿੱਟਰ ਬਾਲ ਤੇ ਰੰਡਾ ਬੁੱਢੜਾ ਦੋਵੇਂ ਔਖੇ ਤੇ ਦੁਖੀ ਹੁੰਦੇ ਹਨ।

ਬਿਗ਼ਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾੜ ਲਈਦੀ: ਕਿਸੇ ਹੋਰ ਪਾਸ ਚੰਗੀ ਵਧੀਆ ਸ਼ੈ ਵੇਖ ਕੇ ਆਪਣੀਆਂ ਸ਼ੈਆਂ ਬੇਪਸਿੰਦ ਕਰ ਦੇਣੀਆਂ ਠੀਕ ਨਹੀਂ।

ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ: ਕਿਸੇ ਤੋਂ ਲਾਭ ਪਰਾਪਤ ਕਰਨ ਦੀ ਆਸ ਵਿਚ ਆਪਣਾ ਨੁਕਸਾਨ ਨਹੀਂ ਕਰ ਲੈਣਾ ਚਾਹੀਦਾ।

ਬਿਗਾਨੀ ਦੰਮੀਂ ਸ਼ਾਹੂਕਾਰ: ਜਦ ਕੋਈ ਜਣਾ ਕਿਸੇ ਪਾਸੋਂ ਮੰਗ ਕੇ ਲਈ ਸ਼ੈ ਉਪਰ ਮਾਣ ਕਰੇ ਤੇ ਆਕੜ ਵਿਖਾਵੇ ।

ਬਿਨ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ: ਜਦ ਕੁਝ ਬੰਦੇ ਆਪੋ ਵਿਚ ਗੱਲਾਂ ਕਰ ਰਹੇ ਹੋਣ, ਤੇ ਲਾਗੋਂ ਇਕ ਜਣਾ ਆਪਣੇ ਆਪ ਹੀ ਆਪਣੀ ਰਾਏ ਜਾਂ ਸਲਾਹ ਦੇਣ ਲੱਗ ਪਵੇ ।

ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ: ਜਿੰਨਾ ਚਿਰ ਉੱਦਮ ਨਾ ਕਰੀਏ, ਕਿਸੇ ਨੂੰ ਆਪਣੀ ਲੋੜ ਨਾ ਦੱਸੀਏ, ਕੋਈ ਲੋੜ ਪੂਰੀ ਨਹੀਂ ਹੋ ਸਕਦੀ।

ਬਿੱਲੀ ਦੁੱਧ ਦੀ ਰਾਖੀ: ਜਦ ਕਿਸੇ ਨੂੰ ਕਿਸੇ ਸ਼ੈ ਦੀ ਸੌਂਪਨਾ ਕੀਤੀ ਜਾਂ ਰਾਖੀ ਦਿੱਤੀ ਜਾਵੇ ਜਿਸ ਦਾ ਉਹ ਆਪ ਹੀ ਬਹੁਤ ਸ਼ੌਕੀਨ ਤੇ ਲਾਲਚੀ ਹੋਵੇ ਤੇ, ਖਾ-ਪੀ ਛੱਡੇ, ਤਾਂ ਆਖਦੇ ਹਨ।

ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀ ਜੰਮਦਾ: ਜਿੱਥੇ ਲੁੱਟ ਪੁੱਟ ਕਰਨ ਵਾਲੇ ਹੋਣ, ਉੱਥੇ ਬਰਕਤ ਨਹੀਂ ਪੈਂਦੀ।

ਬਿੱਲੀ ਨੂੰ ਚੂਹਿਆਂ ਦੇ ਸੁਫ਼ਨੇ: ਜਦ ਕਿਸੇ ਨੂੰ ਆਪਣੇ ਹੀ ਮਤਲਬ ਦੀ ਗੱਲ ਸੁੱਝੇ, ਤਾਂ ਕਹਿੰਦੇ ਹਨ।

ਬਿੱਲੀ ਨੇ ਸ਼ੀਂਹ ਪੜ੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ: ਸਾਡੀ ਬਿੱਲੀ ਸਾਨੂੰ ਹੀ ਮਿਆਉਂ: ਜਦ ਕਿਸੇ ਆਦਮੀ ਨੂੰ ਪਾਲ ਪੋਸ ਕੇ, ਸਿਖਾ-ਪੜ੍ਹਾ ਕੇ ਵੱਡਾ ਕਰੀਏ, ਅਤੇ ਅੱਗੋਂ ਆਪਣਾ ਜ਼ੋਰ ਸਿਆਣਪ ਸਾਡੇ ਵਿਰੁਧ ਹੀ ਵਰਤਣ ਲੱਗ ਪਵੇ, ਤਾਂ ਇਹ ਅਖਾਣ ਵਰਤੀਦਾ ਹੈ।

ਬਿੱਲੀ ਭਾਣੇ ਛਿੱਕਾ ਟੁੱਟਾ ਮੈ ਜਾਣਾ ਪਰਮੇਸਵਰ ਤੁੱਠਾ: ਕਿਸੇ ਦਾ ਨੁਕਕਸਾਨ ਹੋਣ ਤੇ ਅਚਾਨਕ ਹੀ ਕਿਸੇ ਨੂੰ ਲਾਭ ਲੈਣ ਦਾ ਮੌਕਾ ਮਿਲ ਜਾਣਾ।

ਬੀਜਿਆ ਨਾ ਵਾਹਿਆ, ਘੜੰਮ ਪੱਲਾ ਡਾਹਿਆ: ਜਦ ਕੋਈ ਜਣਾ ਕਿਸੇ ਦੇ ਕੰਮ ਵਿਚ ਤਾਂ ਹਿੱਸਾ ਨਾ ਲਵੇ, ਪਰ ਇਸ ਕੰਮ ਦੇ ਫਲ ਵਿਚੋਂ ਧੱਕੇ ਨਾਲ ਹਿੱਸਾ ਮੰਗੇ, ਤਾਂ ਕਹਿੰਦੇ ਹਨ।

ਬੁੱਢਾ ਚੋਰ ਮਸੀਤੇ ਡੇਰਾ: ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।

ਬੂਹੇ ਬੈਠੀ ਜੰਨ, ਤੇ ਵਿੰਨ੍ਹੋ ਕੁੜੀ ਦੇ ਕੰਨ: ਘਰ ਨੂੰ ਲੱਗੀ ਅੱਗ, ਤਾਂ ਖੂਹ ਪੁੱਟਣ ਜਾਓ: ਜਦ ਕੋਈ ਜਣਾ ਆਉਣ ਵਾਲੀ ਲੋੜ ਲਈ ਪਹਿਲਾਂ ਵੇਲੇ ਸਿਰ ਤਿਆਰੀ ਨਾ ਕਰੇ, ਤੇ ਲੋੜ ਸਿਰ ਤੇ ਪੈਣ ਤੇ ਨੱਸਣ-ਭੱਜਣ ਲੱਗ ਪਵੇ ਤਾਂ ਕਹਿੰਦੇ ਹਨ।

ਬੇਕਾਰ ਨਾਲੋਂ ਵਗਾਰ ਚੰਗੀ: ਬਹਿ ਕੇ ਮੱਖੀਆਂ ਮਾਰਨ ਨਾਲੋਂ ਕਿਸੇ ਹੋਰ ਦਾ ਸਖਤ ਕੰਮ ਕਰ ਦੇਣਾ ਚੰਗਾ ਹੈ।

ਬੁਰਾ ਹਾਲ ਤੇ ਬਾਂਕੇ ਦਿਹਾੜੇ: ਜਦੋਂ ਕਿਸੇ ਬੰਦੇ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋਵੇ ਤਾਂ ਉਦੋਂ ਵਰਤਦੇ ਹਨ।

ਬੂਰ ਦੇ ਲੱਡੂ ਖਾਏ ਉਹ ਪਛਤਾਵੇ ਨਾ ਖਾਵੇ ਉਹ ਵੀ ਪਛਤਾਵੇ: ਕੋਈ ਅਜਿਹੀ ਚੀਜ ਜੋ ਖਾਧੀ ਨਾ ਜਾ ਸਕੇ ਤੇ ਨਾ ਛੱਡੀ ਜਾ ਸਕੇ।

ਭਜਦਿਆਂ ਨੂੰ ਵਾਹਣ ਇਕੋ ਜਿਹਾ: ਜਦ ਕੋਈ ਕੰਮ ਮੁਕਾਬਲੇ ਤੇ ਕਰਨਾ ਹੋਵੇ, ਤੇ ਸਾਰਿਆਂ ਵਾਕੁਰ ਹੀ ਕਰਨਾ ਹੋਵੇ ਤਾਂ ਕਹਿੰਦੇ ਹਨ।

ਭਰਾ ਭਰਾਵਾਂ ਦੇ, ਚਿੱਚੜ ਕਾਵਾਂ ਦੇ: ਅਖੀਰ ਨੂੰ ਭਰਾ ਭਰਾਵਾਂ ਦੀ ਜ਼ਰੂਰ ਹੀ ਸਹਾਇਤਾ ਕਰਦੇ ਹਨ।

ਭਰਾਵਾਂ ਨਾਲ ਬਾਹਵਾਂ: ਇਸ ਅਖ਼ਾਣ ਵਿਚ ਭਰਾਵਾਂ ਦੇ ਏਕੇ ਦਾ ਮਹੱਤਵ ਦਸਿਆ ਗਿਆ ਹੈ।

ਭਰਿਆ ਭਾਂਡਾ ਕਦੇ ਨਹੀਂ ਛਲਕਦਾ: ਭਰਿਆ ਸਰਿਆ ਜਾਂ ਗੁਣਵਾਨ ਵਿਅਕਤੀ ਹਮੇਸ਼ਾਂ ਸਥਿਰ ਰਹਿੰਦਾ ਹੈ ਜਾਂ ਦਿਖਾਵਾ ਨਹੀਂ ਕਰਦਾ।

ਭਰਾ ਭਰਾਵਾਂ ਦੇ ਥੁੱਕ ਦਾਹੜੀ ਪੰਚਾਂ ਦੀ: ਭਰਾ ਤਾਂ ਭਰਾ ਹੀ ਹਨ, ਲੜ ਝਗੜ ਕੇ ਉਹ ਇਕ ਹੋ ਜਾਂਦੇ ਹਨ, ਪਰ ਫੁੱਟ ਪਾਉਣ ਵਾਲੇ ਸ਼ਰਮਿੰਦਾ ਹੁੰਦੇ ਹਨ।

ਭਰੇ ਘਰਾਂ ਦਾ ਕੁੱਤਾ ਭੁੱਖਾ: ਜਦੋਂ ਕੋਈ ਅਮੀਰ ਘਰ ਦਾ ਵਿਅਕਤੀ ਕੋਈ ਘਟੀਆ ਕੰਮ ਕਰੇ ਤਾਂ ਵਰਤਦੇ ਹਨ।

ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਅਜ਼ਾਬੋ ਛੁੱਟੀ: ਜਦੋਂ ਕਿਸੇ ਦਾ ਨੁਕਸਾਨ ਹੋ ਜਾਵੇ ਪਰ ਉਹ ਫਿਰ ਵੀ ਖ਼ੁਸ਼ੀ ਮਨਾਵੇ।

ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ: ਜਦ ਕਿਸੇ ਨੂੰ ਦੁਖ, ਭੀੜ ਆ ਪਵੇ, ਤਾਂ ਉਹ ਆਪਣੇ ਭਰਾਵਾਂ ਜਾਂ ਸੱਜਣਾਂ ਮਿੱਤਰਾਂ ਵੱਲ ਹੀ ਆਸਰੇ ਮਹਾਇਤਾ ਲਈ ਦੌੜਦਾ ਹੈ,ਪਹਿਲਾਂ ਭਾਵੇਂ ਉਹ ਉਨ੍ਹਾਂ ਨਾਲ ਰੁੱਸਿਆ ਹੀ ਰਿਹਾ ਹੋਵੇ।

ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ: ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ ?

ਭੱਠ ਪਿਆ ਦਿੱਤਾ ਜਿਹੜਾ ਸਾੜੇ ਪਿੱਤਾ: ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ, ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।

ਭੰਡਾ ਭੰਡਾਰੀਆ ਕਿਤਨਾ ਕੁ ਭਾਰ ?: ਇਕ ਮੁੱਠੀ ਚੁੱਕ ਲੈ ਦੂਜੀ ਤਿਆਰ: ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬੜਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।

ਭਾਰਾ ਬੂਟਾ ਹਮੇਸ਼ਾਂ ਨੀਵਾਂ ਹੁੰਦਾ ਹੈ: ਗੁਣਵਾਨ ਬੰਦਾ ਸਦਾ ਨਿਵਿਆਂ ਰਹਿੰਦਾ ਹੈ, ਕਦੀ ਹੰਕਾਰ ਨਹੀਂ ਕਰਦਾ।

ਭੁੱਖ ਲੱਗੇ ਤਾਂ ਤੰਦੂਰ ਦੀ, ਢਿੱਡ ਭਰੇ ਤਾਂ ਦੂਰ ਕੀ: ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ: ਭੁੱਖੇ ਆਦਮੀ ਨੂੰ ਜਦ ਤੀਕ ਰੋਟੀ ਨਾ ਮਿਲੇ, ਉਹ ਕਿਸੇ ਕੰਮ ਨੂੰ ਜਾਣਾ ਨਹੀਂ ਚਾਹੁੰਦਾ, ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ।

ਭੁੱਖਾਂ ਭੜਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੌਂ: ਭੁੱਖਾ ਤਾਂ ਸੌਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ?

ਭੁੱਖੇ ਅੱਗੇ ਬਾਤ ਪਾਈ, ਉਹ ਆਖੇ ਟੁੱਕ: ਜਦ ਕੋਈ ਕਿਸੇ ਸ਼ੈ ਲਈ ਅਜੇਹਾ ਬੇਤਾਵਲਾ ਹੋਵੇ ਕਿ ਉਹਦੇ ਨਾਲ ਭਾਵੇਂ ਕੋਈ ਗੱਲ ਕਰੀਏ, ਉਹ ਮੁੜ ਘਿੜ ਉਸੇ ਸ਼ੈ ਦਾ ਝੋਣਾ ਝੋ ਬਹੇ, ਤਾਂ ਕਹਿੰਦੇ ਹਨ।

ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫਰਿਆ: ਜਦ ਕਿਸੇ ਗਰੀਬ, ਥੁੜ੍ਹੇ ਹੋਏ ਬੰਦੇ ਨੂੰ ਕੋਈ ਛੋਟੀ ਮੋਟੀ ਚੀਜ਼ ਮਿਲ ਜਾਵੇ, ਤੇ ਉਹ ਘੜੀ ਮੁੜੀ ਉਹਨੂੰ ਵਰਤੇ ਤੇ ਵਿਖਾਵੇ ਤਾਂ ਕਹਿੰਦੇ ਹਨ।

ਭੁੱਖੇ ਦੀ ਧੀ ਰੱਜੀ, ਤੇ ਖੇਹ ਉਡਾਉਣ ਲੱਗੀ: ਜਦ ਕੋਈ ਗਰੀਬ ਬੰਦਾ ਧਨ ਵਾਲਾ ਬਣ ਜਾਵੇ ਅਤੇ ਉਹ ਘੁਮੰਡ ਵਿਚ ਆ ਕੇ ਫੁਕਾਰੇ ਮਾਰਦਾ ਫਿਰੇ, ਤਾਂ ਕਹਿੰਦੇ ਹਨ ।

ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜੱਕੜੀਆਂ, ਤਿੰਨੇ ਗੱਲਾਂ ਯਾਦ ਰਹੀਆਂ, ਲੂਣ, ਤੇਲ, ਲੱਕੜੀਆਂ: ਜਦ ਤਕ ਕਿਸੇ ਦੇ ਸਿਰ ਟੱਬਰ ਦੀ ਜੁੰਮੇਵਾਰੀ ਦਾ ਭਾਰ ਨਾ ਪਵੇ, ਉਹ ਮੌਜਾਂ ਬਹਾਰਾਂ ਕਰ ਸਕਦਾ ਹੈ, ਪਰ ਜਦੋਂ ਟੱਬਰ ਗਲ ਪੈ ਜਾਵੇ ਤਾਂ ਉਹਨੂੰ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਹੀ ਰੁੱਝੇ ਰਹਿਣਾ ਪੈਂਦਾ ਹੈ।

ਭੁੱਲਾ ਨਾ ਉਹ ਜਾਣੀਏਂ, ਜੇ ਮੁੜ ਘਰ ਆਵੇ: ਜਿਹੜਾ ਆਦਮੀ ਕੋਈ ਭੁੱਲ ਕਰ ਤਾਂ ਬਹੇ, ਪਰ ਮਗਰੋਂ ਉਹਨੂੰ ਸੋਧ ਲਵੇ, ਉਸ ਸਬੰਧੀ ਵਰਤਦੇ ਹਨ।

ਭੇਡ ਦੇ ਖੂਨ ਪਿੰਡ ਨਹੀਂ ਮਾਰੀਦਾ: ਜਦ ਕੋਈ ਜਣਾ ਨਿੱਕੀ ਜਿਹੀ ਗੱਲੋਂ ਗੁੱਸੇ ਹੋ ਕੇ ਅਗਲੇ ਦਾ ਬਹੁਤ ਵਧੇਰੇ ਨੁਕਸਾਨ ਕਰਨ ਤੇ ਤੁਲ ਪਵੇ, ਤਾਂ ਕਹਿੰਦੇ ਹਨ।

ਭੈੜੇ ਭੈੜੇ ਯਾਰ ਮੇਰੀ ਫੱਤੋ ਦੇ: ਜਦੋਂ ਕਿਸੇ ਬੰਦੇ ਦੇ ਯਾਰ ਬੇਲੀ ਮਾੜੇ ਚਾਲ ਚਲਣ ਵਾਲੇ ਹੋਣ ਤਾਂ ਵਰਤਦੇ ਹਨ।

ਭੈੜੀ ਗਾਂ ਦੇ ਭੈੜੇ ਵੱਛੇ: ਭੈੜੇ ਮਾਪਿਆਂ ਦੇ ਧੀਆਂ ਪੁੱਤਰ ਵੀ ਭੈੜੇ ਹੀ ਹੁੰਦੇ ਹਨ ।

ਮਣਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀਂ ਚੰਗੀ: ਵਿਹਲੜ ਤੇ ਘਰ-ਉਜਾੜੂ ਪੁੱਤ ਤੋਂ ਅੱਕ ਸੜ ਕੇ ਉਹਨੂੰ ਸਮਝਾਉਣ ਲਈ ਇਹ ਅਖਾਣ ਵਰਤਦੇ ਹਨ।

ਮਨ ਹਰਾਮੀ ਤੇ ਹੁੱਜਤਾਂ ਢੇਰ: ਜਦ ਕੋਈ ਜਣਾ ਕੋਈ ਕੰਮ ਕਰਨਾ ਨਾ ਚਾਹੇ, ਤਾਂ ਉਹ ਕਈ ਬਹਾਨੇ ਘੜ ਲੈਂਦਾ ਹੈ।

ਮਨ ਜੀਤੇ ਜਗ ਜੀਤ: ਜਿਹੜਾ ਆਪਣੇ ਦਿਲ ਨੂੰ, ਦਿਲ ਦੀਆਂ ਖਾਹਿਸ਼ਾਂ ਵਲਵਲਿਆਂ ਨੂੰ, ਆਪਣੇ ਵੱਸ ਵਿਚ ਕਰ ਲਵੇ, ਉਹਦੀ ਹਰ ਮੈਦਾਨੇ ਜੈ ਹੁੰਦੀ ਹੈ।

ਮਰਦਾ ਕੀ ਨਾ ਕਰਦਾ ?: ਮਜਬੂਰੀ ਵਿਚ ਫਸਿਆ ਆਦਮੀ ਅਣਭਾਉਂਦੇ ਤੇ ਅਣਸੋਭਦੇ ਕੰਮ ਵੀ ਕਰਨ ਨੂੰ ਤਿਆਰ ਹੋ ਪੈਂਦਾ ਹੈ।

ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ: ਜਦ ਕਿਸੇ ਜਣੇ ਨੂੰ ਕੋਈ ਔਖਾ ਕੰਮ ਅਚਨਚੇਤ ਆ ਪਵੇ, ਤਾਂ ਉਹਨੂੰ ਹੱਲਾਸ਼ੇਰੀ ਦੇਣ ਲਈ ਵਰਤਦੇ ਹਨ।

ਮਰਦੀ ਮਰ ਗਈ ਪਰ ਨਖ਼ਰਾ ਨਹੀਂ ਛੱਡਿਆ: ਜਦੋਂ ਕੋਈ ਬੰਦਾ ਆਰਥਿਕਤਾ ਤੇ ਸਰੀਰ ਪੱਖੋਂ ਬਹੁਤ ਕਮਜ਼ੋਰ ਹੋ ਜਾਵੇ ਪ੍ਰੰਤੂ ਆਪਣੀ ਬਾਹਰੀ ਸ਼ਾਨੋ-ਸ਼ੋਕਤ/ਸ਼ਕਤੀ ਕਾਇਮ ਰਖੇ ਉਦੋਂ ਇਹ ਅਖ਼ਾਣ ਵਰਤਦੇ ਹਨ।

ਮਰੇ ਨੂੰ ਕੀ ਮਾਰਨਾ: ਕਿਸੇ ਗ਼ਰੀਬ/ਕਮਜ਼ੋਰ ਮਨੁੱਖ ਨੂੰ ਕਸ਼ਟ ਨਾ ਦੇਣ ਜਾਂ ਤੰਗ ਨਾ ਕਰਨ ਦਾ ਸੰਕੇਤ ਹੈ।

ਮੱਝ ਫਿਰੇ ਠੱਕੇ ਦੀ ਮਾਰੀ, ਮਾਹੀ ਕਰੇ ਚੁੰਘਣ ਦੀ ਤਿਆਰੀ: ਜਦ ਕੋਈ ਅਗਲੇ ਦੇ ਦੁਖ, ਪੀੜ ਦੀ ਪਰਵਾਹ ਨਾ ਕਰਦਾ ਹੋਇਆ ਉਹਨੂੰ ਆਪਣੀ ਗਰਜ਼ ਲਈ ਵਰਤਣਾ ਚਾਹੇ, ਤਾਂ ਕਹਿੰਦੇ ਹਨ।

ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ: ਜਦ ਕੋਈ ਆਪਣੇ ਵਲੋਂ ਤਾਂ ਚੰਗਾ ਸੌਦਾ ਕਰੇ, ਪਰ ਉਹ ਨਿੱਕਲੇ ਘਾਟੇ-ਵੰਦਾ, ਤਾਂ ਕਹਿੰਦੇ ਹਨ।

ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਨੂੰ: ਜਦ ਜਤਨ ਤਾਂ ਕਰੀਏ ਕੋਈ ਵਰਤਣਯੋਗ ਸ਼ੈ ਲਈ, ਤੇ ਅੱਗੋਂ ਮਿਲ ਜਾਵੇ ਉਹ ਜਿਸ ਦਾ ਉਲਟਾ ਭਾਰ ਚੁੱਕਣਾ ਪਵੇ ਤੇ ਖੇਚਲ ਝੱਲਣੀ ਪਵੇ, ਤਾਂ ਕਹਿੰਦੇ ਹਨ।

ਮੰਤਰ ਨਾ ਜਾਣੇ ਠੂੰਹਿਆਂ, ਹੱਥ ਸੱਪੀਂ ਪਾਵੇ: ਜਦ ਕੋਈ ਆਪਣੀ ਵਿਤੋਂ ਬਾਹਰੇ ਕਿਸੇ ਔਖੇ ਕੰਮ ਨੂੰ ਹੱਥ ਪਾਉਣ ਨੂੰ ਤਿਆਰ ਹੋ ਪਵੇ, ਤੇ ਫੜ੍ਹਾਂ ਮਾਰੇ ਤਾਂ ਕਹਿੰਦੇ ਹਨ।

ਮਾਸ ਦੀ ਰਾਖੀ ਬਿੱਲਾ: ਜਦੋਂ ਉਸ ਮਨੁੱਖ ਨੂੰ ਕੋਈ ਚੀਜ਼ ਦਿੱਤੀ ਜਾਵੇ ਜਿਸ ਪਾਸੋਂ ਵਾਪਸ ਮੁੜਨ ਦੀ ਉਮੀਦ ਨ ਹੋਵੇ, ਤਾਂ ਵਰਤਦੇ ਹਨ।

ਮਾਨ ਨਾ ਮਾਨ ਮੈਂ ਤੇਰਾ ਮਹਿਮਾਨ: ਬਦੋ-ਬਦੀ ਦਾ ਪਰਾਹੁਣਾ ਬਨਣ ਤੇ ਪਿਆਰ, ਅਪੱਣਤ ਜਤਾਉਣ ਵਾਲੇ ਸਬੰਧੀ ਵਰਤਦੇ ਹਨ।

ਮਾਂ ਕੁਚੱਜੀ ਪੁੱਤਰਾਂ ਕੱਜੀ: ਜਦੋਂ ਕਿਸੇ ਨਲਾਇਕ ਜਾਂ ਬੇਚੱਜੀ ਮਾਂ ਦੇ ਪੁੱਤਰ ਸਿਆਣੇ ਨਿਕਲ ਜਾਂਦੇ ਹਨ ਤੇ ਮਾਂ ਦਾ ਸਾਰਾ ਧੋਣ ਧੋ ਦੇਂਦੇ ਹਨ ਤਾਂ ਵਰਤਦੇ ਹਨ।

ਮਾਂ ਦੀ ਸੌਕਣ ਧੀ ਦੀ ਸਹੇਲੀ: ਜਦ ਕੋਈ ਘਰ ਦਾ ਬੰਦਾ ਕਿਸੇ ਘਰ ਦੇ ਵੈਰੀ ਨਾਲ ਸਾਂਝ ਰਖੇ ਤਾਂ ਵਰਤਿਆ ਜਾਂਦਾ ਹੈ।

ਮਾਂ ਨਾਲੋਂ ਹੇਜਲੀ, ਉਹ ਫੱਫੇ ਕੁੱਟਣ: ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ ਪ੍ਰਗਟ ਕਰੇ ਤਾਂ ਉਹ ਧੋਖੇਬਾਜ਼ ਹੁੰਦਾ ਹੈ। ਕਿਸੇ ਨੂੰ ਅਜੇਹਾ ਵਰਤਾਉ ਕਰਦਿਆਂ ਵੇਖ ਕੇ ਕਹਿੰਦੇ ਹਨ।

ਮਾਂ ਨੂੰ ਆਪਣੇ ਭਾਂਡੇ ਦਾ ਪਤਾ ਹੁੰਦਾ ਹੈ: ਹਰ ਮਾਂ ਨੂੰ ਆਪਣੇ ਬੱਚਿਆਂ ਦੇ ਚੰਗੇ ਮੰਦੇ ਗੁਣਾਂ ਦਾ ਪਤਾ ਹੁੰਦਾ ਹੈ।

ਮਾਂ ਨੂੰ ਛੁਪਾਉ ਤੇ ਧੀ ਨੂੰ ਕੱਢੋ: ਜਦੋਂ ਮਾਂ ਤੇ ਧੀ ਦੀ ਸ਼ਕਲ ਤੇ ਸੁਭਾਅ ਮਿਲਦੇ ਹੋਣ।

ਮਾਂ-ਪਿਉ ਦੀਆਂ ਗਾਲ੍ਹਾਂ, ਦੁੱਧ ਘਿਉੁ ਦੀਆਂ ਨਾਲ਼ਾਂ: ਇਸ ਅਖ਼ਾਣ ਵਿਚ ਮਾਂ-ਪਿਉ ਦੀਆਂ ਝਿੜਕਾਂ ਨੂੰ ਖਿੜੇ ਮੱਥੇ ਸਹਿਣ ਲਈ ਬੱਚਿਆਂ ਨੂੰ ਉਪਦੇਸ਼ ਦਿੱਤਾ ਗਿਆ ਹੈ।

ਮਾਂ-ਪੁਰ ਧੀ ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾ ਥੋੜ੍ਹਾ ਥੋੜ੍ਹਾ: ਧੀ ਦਾ ਸੁਭਾ ਮਾਂ ਦੇ ਸੁਭਾ ਉਪਰ ਤੇ ਪੁੱਤ ਦਾ ਸੁਭਾ ਪਿਉ ਦੇ ਸੁਭਾ ਵਰਗਾ ਹੁੰਦਾ ਹੈ।

ਮਾਂ ਫਿਰੇ ਫੋਸੀ ਫੋਸੀ ਨੂੰ, ਤੇ ਪੁੱਤ ਗੁਹਾਰੇ ਬਖਸ਼ੇ: ਜਦ ਕੋਈ ਗ਼ਰੀਬ ਆਦਮੀ ਵਿਤੋਂ ਵਧ ਕੇ ਦਾਨ ਜਾਂ ਖਰਚ ਕਰਨ ਲੱਗ ਪਵੇ, ਤਾਂ ਕਹਿੰਦੇ ਹਨ।

ਮਾਂ ਮੋਈ ਪਿਉ ਪਤਰਿਆ: ਮਾਂ ਦੇ ਮਰਨ ਤੋਂ ਬਾਅਦ ਜਦੋਂ ਪਿਉ ਦਾ ਬੱਚਿਆਂ ਵਲ ਲਗਾਉ ਜਾਂ ਵਤੀਰਾ ਬਦਲ ਜਾਏ ਤਾਂ ਵਰਤਦੇ ਹਨ।

ਮਾੜਾ ਢੱਗਾ ਛੱਤੀ ਰੋਗ: ਜਦ ਕਿਸੇ ਮਾੜੇ, ਗ਼ਰੀਬ ਦੇ ਸਿਰ ਕੋਈ ਨਾ ਕੋਈ ਦੁੱਖ, ਮੁਸੀਬਤ ਆਈ ਰਹੇ, ਤਾਂ ਵਰਤਦੇ ਹਨ।

ਮਾੜੇ ਦਿਨ ਹੋਣ ਤਾ ਊਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਖਾਂਦਾ ਹੈ: ਮਾੜੀ ਕਿਸਮਤ ਹੋਵੇ ਤਾ ਚੰਗੇ ਭਲੇ ਦਾ ਵੀ ਨੁਕਸਾਨ ਹੋ ਜਾਂਦਾ ਹੈ।

ਮਿਲਦਿਆਂ ਦੇ ਸਾਕ ਤੇ ਵਾਹੁੰਦਿਆਂ ਦੀਆਂ ਭੋਆਂ: ਸਾਕਾਗੀਰੀ ਤਾਂ ਹੀ ਕਾਇਮ ਰਹਿ ਸਕਦੀ ਹੈ, ਜੇ ਸਾਕਾਂ ਨੂੰ ਮਿਲਦੇ-ਗਿਲਦੇ ਰਹੀਏ, ਅਤੇ ਜ਼ਮੀਨ ਤਾਂ ਹੀ ਕੰਮ ਦੀ ਤੇ ਆਪਣੀ ਰਹਿ ਸਕਦੀ ਹੈ, ਜੇ ਉਹਨੂੰ ਵਾਹੁੰਦੇ, ਬੀਜਦੇ ਰਹੀਏ।

ਮੀਆਂ ਜੋੜੇ ਫੱਕਾ ਫੱਕਾ, ਬੀਬੀ ਮਾਰੇ ਇੱਕੋ ਧੱਕਾ: ਮਰਦ ਕਿਰਸ ਕਰਕੇ ਜੋੜਨ ਵਾਲਾ ਪਰ ਵਹੁਟੀ ਫਜ਼ੂਲ ਖ਼ਰਚ ਕਰਨ ਵਾਲੀ ਹੋਵੇ।

ਮੀਆਂ ਬੀਵੀ ਰਾਜ਼ੀ, ਤਾਂ ਕੀ ਕਰੂਗਾ ਕਾਜ਼ੀ ?: ਜਦ ਦੋ ਧਿਰਾਂ ਆਪੋ ਵਿਚ ਘਿਉ-ਖਿਚੜੀ ਹੋਣ, ਤਾਂ ਤੀਜੇ ਸੁਲ੍ਹਾ-ਕਰਾਊ ਦੀ ਲੋੜ ਨਹੀਂ ਹੁੰਦੀ, ਤੇ ਨਾ ਹੀ ਕੋਈ ਤੀਜਾ ਵਿਚ ਲੱਤ ਡਾਹ ਸਕਦਾ ਹੈ।

ਮੁਰਦਾ ਬੋਲੂ ਖੱਫਣ ਪਾੜੂ: ਜਦੋਂ ਕੋਈ ਬੰਦਾ ਕਿਸੇ ਨੂੰ ਚੁਭਵੀਂ ਗੱਲ ਆਖ ਕੇ ਅਗਲੇ ਦਾ ਸੀਨਾ ਸਾੜ ਦੇਵੇ, ਉਦੋਂ ਇਹ ਅਖ਼ਾਣ ਵਰਤਦੇ ਹਨ।

ਮੁੱਦਈ ਸੁਸਤ, ਗਵਾਹ ਚੁਸਤ: ਜਿਸ ਦਾ ਕੰਮ ਹੋਵੇ, ਜਿਸ ਨੂੰ ਗੌਂ ਹੋਵੇ, ਉਹ ਤਾਂ ਢਿੱਲਾ-ਮੱਠਾ ਹੋਵੇ, ਤੇ ਉਹਦੀ ਸਹਾਇਤਾ ਕਰਨ ਵਾਲੇ ਨੱਸਦੇ, ਭੱਜਦੇ ਫਿਰਨ, ਤਾਂ ਕਹਿੰਦੇ ਹਨ।

ਮੂੰਹ ਚੂਹੀ ਢਿੱਡ ਖੂਹੀ: ਜਦੋਂ ਕੋਈ ਸਰੀਰਕ ਪੱਖੋਂ ਕਮਜ਼ੋਰ ਦਿਸਣ ਵਾਲਾ ਬੰਦਾ ਬਹੁਤੀ ਰੋਟੀ ਖਾਵੇ ਤਾਂ ਵਰਤਿਆ ਜਾਂਦਾ ਹੈ।

ਮੂੰਹੋਂ ਨਿਕਲੀ ਤੁਰਤ ਪਰਾਈ: ਭੇਤ ਜਾਂ ਲੁਕਵੀਂ ਗੱਲ, ਉਨਾਂ ਚਿਰ ਹੀ ਲੁਕੀ ਰਹਿ ਸਕਦੀ ਹੈ, ਜਿਚਰ ਉਹ ਕਿਸੇ ਨੂੰ ਦੱਸੀ ਨਾ ਜਾਵੇ।

ਮੂੰਹੋਂ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ: ਇਨਸਾਨ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਰੂਪ 'ਚ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ।

ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ: ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।

ਮੈਂ ਵੀ ਰਾਣੀ, ਤੂੰ ਵੀ ਰਾਣੀ, ਤੇ ਕੌਣ ਭਰੇ ਪਾਣੀ ?: ਜਦ ਸੱਭੇ ਆਕੜ ਖਾਂ ਹੋਣ, ਤੇ ਸਾਰਿਆਂ ਲਈ ਜ਼ਰੂਰੀ ਕੰਮ ਕਰਨ ਨੂੰ ਕੋਈ ਵੀ ਤਿਆਰ ਨਾ ਹੋਵੇ, ਤਾਂ ਕਹਿੰਦੇ ਹਨ।

ਮੋਏ ਬਾਬੇ ਦੀਆਂ ਵੱਡੀਆਂ ਅੱਖਾਂ: ਜਦ ਕੋਈ ਕਿਸੇ ਦੀ ਸਲਾਹੁਤ ਉਹਦੇ ਮਰਨ ਪਿੱਛੋਂ ਕਰੇ, ਜੀਉਂਦੇ ਨੂੰ ਭਾਵੇਂ ਭੰਡਦਾ ਹੀ ਰਿਹਾ ਹੋਵੇ, ਤਾਂ ਕਹਿੰਦੇ ਹਨ।

ਯਰਾਨੇ ਲਾਉਣੇ ਊਠਾਂ ਵਾਲਿਆਂ ਨਾਲ, ਤੇ ਬੂਹੇ ਰੱਖਣੇ ਭੀੜੇ: ਜੇ ਕੋਈ ਸਧਾਰਨ ਹੈਸੀਅਤ ਦਾ ਆਦਮੀ ਵੱਡੇ ਲੋਕਾਂ ਨਾਲ ਯਰਾਨੇ ਗੰਢ ਲਵੇ, ਪਰ ਉਹਨਾਂ ਦੀ ਸੇਵਾ ਲਈ ਖਰਚ ਖੇਚਲ ਕਰਨੋਂ ਘੇਸ ਵੱਟੇ, ਉਸ ਬਾਰੇ ਕਹਿੰਦੇ ਹਨ।

ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ: ਜਦ ਕੋਈ ਪਹਿਲਾਂ ਤੇ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ, ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿੱਟਰ ਬਹੇ ਤਾਂ ਕਹਿੰਦੇ ਹਨ।

ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਾ ਜਾਈਏ: ਮਿੱਤਰਤਾ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਮਿੱਤਰ ਦੇ ਐਬਾਂ ਦਾ ਖਿਆਲ ਨਾ ਕਰੀਏ। ਚੰਗੇ ਮਿੱਤਰ ਆਪਣੇ ਮਿੱਤਰਾਂ ਦੇ ਐਬਾਂ ਨੂੰ ਅਣਡਿੱਠਾ ਕਰ ਕੇ ਮਿੱਤਰਤਾ ਨਿਬਾਹੁੰਦੇ ਹਨ।

ਯਾਰਾਂ ਨਾਲ ਬਹਾਰਾਂ: ਜ਼ਿੰਦਗੀ ਜੀਉਣ ਦਾ ਸੁਆਦ ਜਾਂ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਸੱਜਣ-ਮਿੱਤਰ ਨਾਲ ਹੋਣ।

ਰੱਸੀ ਸੜ ਗਈ ਪਰ ਵਲ ਨਾ ਗਿਆ: ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕੜ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕੜ ਨਾ ਛੱਡੇ, ਤਾਂ ਕਹਿੰਦੇ ਹਨ।

ਰੱਖ ਪਤ, ਰਖਾ ਪਤ: ਜੀ ਆਖ ਤੇ ਜੀ ਅਖਵਾ, ਜੇ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ, ਤਾਂ ਤੁਸੀਂ ਲੋਕਾਂ ਦੀ ਇੱਜ਼ਤ ਕਰੋ।

ਰੱਖੇ ਰੱਬ ਤਾਂ ਮਾਰੇ ਕੌਣ: ਜਿਸ ਬੰਦੇ ਨੂੰ ਰੱਬ ਦਾ ਆਸਰਾ ਹੋਵੇ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।

ਰੱਜ ਨੂੰ ਚੱਜ: ਪੱਲੇ ਪੈਸੇ ਹੋਣ ਨਾਲ ਹਰ ਕਿਸੇ ਨੂੰ ਵਿਆਹ ਢੰਗਾਂ ਤੇ ਸੁਆਰਥਾਂ ਆਦਿ ਤੇ ਖਰਚ ਕਰਨ ਦੀ ਜਾਚ ਆ ਜਾਂਦੀ ਹੈ।

ਰੱਬ ਨੇੜੇ ਕਿ ਘਸੁੰਨ ?: ਜੋਰਾਵਰ ਦਾ ਸੱਤੀਂ ਵੀਹੀਂ ਸੌ; ਜੋਰਾਵਰ ਬੰਦਾ ਮਾੜੇ ਨੂੰ ਮਨ-ਆਈ ਮਨਾ ਲੈਂਦਾ ਹੈ, ਰੱਬ ਦੇ ਵਾਸਤੇ ਪਾਉਣ ਤੇ ਤਰਲੇ ਮਿੰਨਤਾਂ ਕਰਨ ਨਾਲੋਂ ਡਾਢੇ ਦਾ ਡਰਾਵਾ ਵਧੇਰੇ ਸਫਲ ਹੁੰਦਾ ਹੈ।

ਰੱਬ ਬਣਾਈ ਜੋੜੀ ਇਕ ਅੰਨਾਂ ਇਕ ਕੋਹੜੀ: ਜਦੋਂ ਦੋ ਨਿਕੰਮੇ ਬੰਦਿਆਂ ਦਾ ਆਪਸ 'ਚ ਮੇਲ ਹੋ ਜਾਵੇ ਤਾਂ ਵਰਤਦੇ ਹਨ।

ਰੰਡਾ ਗਿਆ ਕਰਾਉਣ ਕੁੜਮਾਈ, ਆਪਣੀ ਕਰੇ ਕਿ ਪਰਾਈ ?: ਜਦ ਕਿਸੇ ਨੂੰ ਆਪਨੂੰ ਹੀ ਕਿਸੇ ਸ਼ੈ ਦੀ ਲੋੜ ਹੋਵੇ, ਅਤੇ ਉਹ ਸ਼ੈ ਉਹਦੇ ਹੱਥ ਲੱਗ ਜਾਵੇ, ਤਾਂ ਉਹ ਹੋਰਨਾਂ ਨੂੰ ਕੀਕੁਰ ਦੇ ਸਕਦਾ ਹੈ ? ਉਹ ਤਾਂ ਆਪਣੇ ਪਾਸ ਹੀ ਰੱਖੇਗਾ, ਉਹ ਸ਼ੈ।

ਰੰਨਾਂ ਵਿਚ ਧੰਨਾ: ਬਹੁਤ ਸਾਰਿਆਂ ਔਰਤਾਂ ਵਿਚ ਇਕ ਮਰਦ ਹੋਵੇ ਤਾਂ ਵਰਤਦੇ ਹਨ।

ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ: ਕੋਈ ਕੰਮ ਕਿੰਨਾ ਕੁ ਔਖਾ ਜਾਂ ਸੌਖਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹ ਕਰਨਾ ਪਵੇ, ਕੋਈ ਬੰਦਾ ਕਿੰਨਾ ਕੁ ਚੰਗਾ ਜਾਂ ਮੰਦਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹਦੇ ਨਾਲ ਵਾਹ ਪਵੇ।

'ਰਾਕੀ (ਇਰਾਕੀ) ਨੂੰ ਸੈਨਤ, ਗਧੇ ਨੂੰ ਸੋਟਾ: ਸਿਆਣਾ ਬੰਦਾ ਇਸ਼ਾਰਾ ਹੀ ਸਮਝ ਜਾਂਦਾ ਹੈ ਪਰ ਮੂਰਖ ਨੂੰ ਦੋ ਠੁਕਣ, ਤਾਂ ਹੀ ਸਮਝਦਾ ਹੈ।

ਰਾਜ ਪਿਆਰਾ ਰਾਜਿਆਂ, ਵੀਰ ਦੁਪਿਆਰੇ: ਧਨ ਦੌਲਤ ਦੇ ਲਾਲਚ ਵਿਚ ਲੋਕ ਸਕੇ ਭਰਾਵਾਂ ਨੂ ਵੀ ਛੱਡ ਜਾਂਦੇ ਹਨ।

ਰਾਜੇ ਦੇ ਘਰ ਮੋਤੀਆਂ ਦਾ ਕਾਲ ਹੈ ?: ਜਦ ਇਹ ਦੱਸਣਾ ਹੋਵੇ ਕਿ ਏਥੇ ਕਿਸੇ ਸ਼ੈ ਦੀ ਥੁੜ੍ਹ, ਪਰਵਾਹ ਨਹੀਂ, ਸਭ ਕੁਝ ਮਿਲ ਜਾਵੇਗਾ, ਤਾਂ ਕਹਿੰਦੇ ਹਨ।

ਰਾਮ ਰਲਾਈ ਜੋੜੀ, ਇੱਕ ਅੰਨ੍ਹਾਂ ਇਕ ਕੋਹੜੀ: ਜਦ ਦੋ ਇਕੋ ਜਿਹੇ ਭੈੜੇ ਆਦਮੀਆਂ ਦਾ ਮੇਲ ਹੋ ਜਾਵੇ, ਜਾਂ ਜੋੜ ਬਣ ਜਾਵੇ, ਤਾਂ ਕਹਿੰਦੇ ਹਨ।

ਰਾਮ ਰਾਮ ਜਪਣਾ, ਪਰਾਇਆ ਮਾਲ ਅਪਣਾ: ਮੂੰਹ ਵਿਚ ਰਾਮ ਰਾਮ, ਤੇ ਕੱਛ ਵਿਚ ਛੁਰੀ, ਬਗਲਾ ਭਗਤ ਬਣ ਕੇ ਹੋਰਨਾਂ ਨੂੰ ਠੱਗਣ ਵਾਲੇ ਬਾਬਤ ਕਹਿੰਦੇ ਹਨ।

ਰੀਸੀਂ ਪੁੱਤ ਨਾਂ ਜੰਮਦੇ ਹੋਰ ਸੱਭੇ ਗੱਲਾਂ: ਜਿਹੜਾ ਕਿਸੇ ਦੀ ਰੀਸ ਕਰ ਕੇ ਕੁਝ ਕਰਨਾ ਚਾਹੇ, ਪਰ ਸਫਲ ਨਾ ਹੋ ਸਕੇ, ਉਸ ਤੇ ਘਟਾਉਂਦੇ ਹਨ।

ਰੁਪਏ ਦੀ ਵਡਿਆਈ, ਆ ਬਹੁ ਭਾਈ: ਧਨ ਵਾਲੇ ਦਾ ਹਰ ਕੋਈ ਆਦਰ ਕਰਦਾ ਹੈ।

ਰੁੜ੍ਹਦਾ ਖ਼ਰਬੂਜਾ, ਪਿੱਤਰਾਂ ਦੇ ਨਮਿੱਤ: ਖ਼ਰਾਬ ਹੋਈ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਕਰਨਾ।

ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ: ਹੀਲਾ, ਉੱਦਮ ਕੀਤੇ ਬਿਨਾਂ ਕੁਝ ਪਰਾਪਤ ਨਹੀਂ ਹੁੰਦਾ, ਆਖਣ ਵੇਖਣ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ।

ਰੋਗ ਦਾ ਘਰ ਖਾਂਸੀ, ਲੜਾਈ ਦਾ ਘਰ ਹਾਂਸੀ: ਖੰਘ ਤੋਂ ਕਈ ਰੋਗ ਪੈਦਾ ਹੋ ਜਾਂਦੇ ਹਨ, ਤੇ ਹਾਸੇ ਮਖੌਲ ਤੋਂ ਲੜਾਈ।

ਲੜਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ: ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬੜਾ ਡਰਾਕਲ ਹੈ, ਖਤਰੇ ਦੇ ਨੇੜੇ ਨਹੀਂ ਜਾਂਦਾ, ਤਾਂ ਕਹਿੰਦੇ ਹਨ।

ਲੜੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ: ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ: ਕੋਠੇ ਤੋਂ ਡਿੱਗ ਪਈ ਤੇ ਵਿਹੜੇ ਨਾਲ ਰੁੱਸ ਪਈ।

ਲੜਨ ਫ਼ੌਜਾਂ ਨਾਂ ਸਰਦਾਰਾਂ ਦਾ: ਜਦੋਂ ਕੰਮ ਕੋਈ ਹੋਰ ਕਰੇ ਤੇ ਨਾਂ ਕਿਸੇ ਹੋਰ ਦਾ ਹੋਵੇ, ਓਦੋਂ ਵਰਤਿਆ ਜਾਂਦਾ ਹੈ।

ਲੰਮੀ ਜੀਭ ਤੇ ਛੇਤੀ ਮੌਤ: ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।

ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ: ਜਿਸ ਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣੀ ਮਜੂਰੀ ਲੈ ਹੀ ਲੈਣੀ ਹੈ, ਉਹ ਚੀਜ਼ ਮਾਲਕ ਦੇ ਭਾਵੇਂ ਕੰਮ ਆਵੇ ਤੇ ਭਾਵੇਂ ਨਾ ਆਵੇ।

ਲਾਜ ਮਰੇਂਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ: ਜਦ ਕੋਈ ਕੁਪੱਤਾ ਮੂਰਖ ਆਦਮੀ ਕਿਸੇ ਸਾਊ ਬੰਦੇ ਨੂੰ ਸਤਾਵੇ, ਅਤੇ ਉਹ ਅੱਗੋਂ ਆਪਣੀ ਇੱਜ਼ਤ ਦਾ ਖਿਆਲ ਕਰਕੇ ਚੁੱਪ ਰਹੇ, ਤੇ ਇਹ ਵੇਖ ਕੇ ਮੂਰਖ ਹੋਰ ਵੀ ਮੱਛਰ ਜਾਵੇ, ਤਾਂ ਕਹਿੰਦੇ ਹਨ।

ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ: ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ ।

ਲਾਲ ਗੋਦੜੀਆ ਵਿਚ ਨਹੀਂ ਲੁਕੇ ਰਹਿੰਦੇ: ਗ਼ਰੀਬੀ ਹੋਣਹਾਰ ਬੱਚਿਆ ਦੀ ਰਾਹ ਨਹੀਂ ਰੋਕ ਸਕਦੀ।

ਲਿਖੇ ਮੂਸਾ ਪੜ੍ਹੇ ਖੁਦਾ: ਜਦ ਕਿਸੇ ਦੀ ਲਿਖਤ ਭੈੜੀ ਹੋਵੇ ਤੇ ਕਿਸੇ ਤੋਂ ਪੜ੍ਹੀ ਨਾ ਜਾ ਸਕੇ ।

ਲੁੱਚਾ ਆਖੇ ਮੈਂ ਸਭ ਤੋਂ ਉੱਚਾ: ਜਦੋਂ ਬਦਮਾਸ਼ ਤੇ ਲੜਾਕੇ ਬੰਦੇ ਸਮਾਜ ਵਿਚ ਚੌਧਰੀ ਅਖਵਾਣ, ਓਦੋਂ ਵਰਤਦੇ ਹਨ।

ਲੇਖਾ ਮਾਵਾਂ ਧੀਆਂ ਦਾ, ਟਕਾ ਲੇਖ ਬਖਸ਼ੀਸ਼: ਲੇਖਾ ਕਰਨ ਲੱਗੀਏ ਤਾਂ ਪੂਰਾ ਪੂਰਾ ਕਰੀਏ, ਲੇਖੇ ਵਿਚ ਲਿਹਾਜ਼ ਨਹੀ ਕੀਤਾ ਜਾ ਸਕਦਾ, ਉਂਜ ਦਾਨ ਜਾਂ ਛੱਡ ਜਿੰਨੀ ਦਿਲ ਆਵੇ ਕਰ ਦੇਈਏ।

ਲੈਣ ਦਾ ਸ਼ਾਹ, ਦੇਣ ਦਾ ਦਿਵਾਲੀਆ: ਜਦ ਕੋਈ ਹੋਰਨਾਂ ਪਾਸੋਂ ਸ਼ੈਆਂ ਜਾਂ ਪੈਸੇ ਲੈਣ ਵਿਚ ਤਾ ਬੜਾ ਤੁਰਤ ਫੁਰਤ ਤੇ ਦਲੇਰ ਹੋਵੇ, ਪਰ ਲੈ ਕੇ ਵਾਪਸ ਨਾ ਦੇਵੇ, ਜਾਂ ਕਿਸੇ ਨੂੰ ਕੁਝ ਮੰਗਵਾਂ ਨਾ ਦੇਵੇ, ਤਾਂ ਕਹਿੰਦੇ ਹਨ।

ਲੈਣ ਵਿਆਜੀ ਦੇਣ ਹੁਦਾਰੇ, ਉਹਨਾਂ ਦੇ ਕਿਉਂ ਨਾਂ ਰਹਿਣ ਕੁਆਰੇ ?: ਜਿਹੜਾ ਆਪ ਕਰਜ ਲੈ ਕੇ ਹੋਰਨਾਂ ਨੂੰ ਹੁਦਾਰ ਦੇ ਛੱਡੇ, ਉਹ ਗ਼ਰੀਬ ਹੀ ਰਹਿੰਦਾ ਹੈ।

ਲੈਣਾ ਇਕ ਨਾ ਦੇਣੇ ਦੋ: ਸਾਡਾ ਇਸ ਮਾਮਲੇ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ।

ਲੋਹੇ ਨੂੰ ਲੋਹਾ ਕੱਟਦਾ ਹੈ: ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।

ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ: ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ: ਜਿਸ ਸ਼ੈ ਦੀ ਕਿਸੇ ਨੂੰ ਗਰਜ਼ ਲੋੜ ਹੁੰਦੀ ਹੈ, ਉਹਨੂੰ ਉਹਦਾ ਹੀ ਖਿਆਲ ਫਿਕਰ ਹੁੰਦਾ ਹੈ।

ਲੋੜ ਵੇਲੇ ਤਾਂ ਖੋਤੇ ਨੂੰ ਵੀ ਪਿਓ ਆਖ ਲਈਦਾ ਹੈ: ਕਈ ਵੇਰ ਆਪਣਾ ਬੁੱਤਾ ਸਾਰਨ (ਮਤਲਬ ਕੱਢਣ) ਲਈ ਭੈੜਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ।

ਵਧੀ ਨੂੰ ਕੋਈ ਖਤਰਾ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ: ਜਦ ਕੋਈ ਬਿਮਾਰ ਹੋਵੇ, ਤਾਂ ਇਹ ਦੱਸਣ ਲਈ ਕਿ ਜੇ ਇਸ ਦੇ ਭਾਗਾਂ ਵਿਚ ਅਜੇ ਕੁਝ ਹੋਰ ਸਮਾਂ ਜੀਉਣਾ ਲਿਖਿਆ ਹੈ, ਤਾਂ ਇਸ ਨੂੰ ਕੋਈ ਖ਼ਤਰਾ ਨਹੀਂ, ਪਰ ਜੇ ਇਸ ਦੀ ਉਮਰ ਪੁੱਗ ਚੁੱਕੀ ਹੈ, ਤਾਂ ਇਹਨੂੰ ਕੋਈ ਵੀ ਦਵਾਈ ਬਚਾ ਨਹੀਂ ਸਕਦੀ, ਤਾਂ ਇਹ ਅਖਾਣ ਵਰਤਦੇ ਹਨ।

ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਹਨ: ਤਕੜੇ ਤੇ ਧਨਾਢ ਆਦਮੀ ਮਾੜੇ ਤੇ ਗ਼ਰੀਬ ਆਦਮੀਆਂ ਨੂੰ ਲੁੱਟ ਕੇ ਖਾ ਜਾਂਦੇ ਹਨ।

ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਹੈ: ਜਦ ਕੋਈ ਆਦਮੀ ਕਿਸੇ ਔਖੇ ਕੰਮ ਬਾਰੇ ਆਖੇ ਕਿ ਇਹ ਬੜਾ ਸੌਖਾ ਹੈ, ਉਹਨੂੰ ਮਖੌਲ ਵਜੋਂ ਕਹਿੰਦੇ ਹਨ।

ਵੰਡ ਖਾਵੇ ਖੰਡ ਖਾਵੇ: ਇਸ ਅਖ਼ਾਣ ਵਿਚ ਵੰਡ ਖਾਣ ਦੀ ਮਹੱਤਤਾ ਨੂੰ ਦਰਸਾਇਆ ਹੈ।

ਵਾਹ ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ: ਜਦ ਕੋਈ ਜਤਨ ਚੰਗੇ ਫਲ ਲਈ ਕਰੇ, ਪਰ ਮਿਲੇ ਉਹਨੂੰ ਘਟੀਆ, ਤਾਂ ਕਹਿੰਦੇ ਹਨ।

ਵਾਹ ਪਿਆ ਜਾਣੀਏਂ ਜਾਂ ਰਾਹ ਪਿਆ ਜਾਣੀਏਂ: ਰਾਹ ਪਿਆ ਜਾਣੀਏਂ ਜਾਂ ਵਾਹ ਪਿਆ ਜਾਣੀਏਂ: ਕਿਸੇ ਨਾਲ ਵਰਤ ਕੇ ਹੀ ਉਸ ਦੇ ਚੰਗੇ ਮਾੜੇ ਸੁਭਾਅ ਦਾ ਪਤਾ ਲੱਗ ਸਕਦਾ ਹੈ।

ਵਾਹੁੰਦਿਆ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ: ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲੜ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ: ਖਾਰੇ ਖੂਹ ਨਾ ਹੁੰਦੇ ਮਿੱਠੇ, ਭਾਵੇਂ ਸੌ ਮਣ ਗੁੜ ਘੱਤੀਏ: ਨਿੰਮ ਨਾ ਮਿੱਠੀ ਹੋਂਵਦੀ ਸ਼ੱਕਰ ਘੀ ਨਾਲ: ਪੱਕੇ ਹੋਏ ਸੁਭਾ ਵਟਾਏ ਬਦਲਾਏ ਨਹੀਂ ਜਾ ਸਕਦੇ।

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ: ਪੱਕੇ ਹੋਏ ਸੁਭਾ ਵਟਾਏ ਬਦਲਾਏ ਨਹੀਂ ਜਾ ਸਕਦੇ।

ਵਿਆਹ ਵਿਚ ਬੀ ਦਾ ਲੇਖਾ: ਜਦ ਕੋਈ ਵੱਡੀ ਜ਼ਰੂਰੀ ਗੱਲ ਹੋ ਰਹੀ ਹੋਵੇ, ਤੇ ਲਾਗੋਂ ਕੋਈ ਜਣਾ ਨਿਕੰਮੀ ਤੇ ਗ਼ੈਰ-ਜ਼ਰੂਰੀ ਜਿਹੀ ਗੱਲ ਛੇੜ ਬੈਠੇ, ਤਾਂ ਕਹਿੰਦੇ ਹਨ।

ਵਿਆਹ ਹੋਇਆ ਮਾਨੇ ਦਾ, ਲੂਣ ਲਗਿਆ ਆਨੇ ਦਾ: ਜਦੋਂ ਕੋਈ ਗ਼ਰੀਬੀ ਕਾਰਨ ਵਿਆਹ ਤੇ ਬਹੁਤਾ ਖ਼ਰਚ ਨਾ ਸਕੇ ਤਾਹਨੇ ਵਜੋਂ ਇਹ ਅਖਾਣ ਵਰਤਦੇ ਹਨ।

ਵਿਹਲੀ ਜੱਟੀ ਉੱਨ ਵੇਲੇ: ਵਿਹਲੀ ਰੰਨ ਪਰਾਹੁਣਿਆਂ ਜੋਗੀ: ਜਦ ਕੋਈ ਜਣਾ ਵਿਹਲਾ ਹੋਣ ਕਰਕੇ ਐਵੇਂ ਫਜ਼ੂਲ ਜਿਹੇ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ।

ਵੇਲਾ ਨਿਕਲ ਜਾਂਦਾ ਹੈ, ਗੱਲ਼ ਚੇਤੇ ਰਹਿ ਜਾਂਦੀ ਹੈ: ਜਦੋਂ ਕਿਸੇ ਗੋਚਰਾ ਕੋਈ ਕੰਮ ਹੋਵੇ ਤੇ ਉਹ ਅੱਗੋਂ ਨਾਂਹ ਕਰ ਦੇਵੇ, ਤਾਂ ਇਹ ਅਖਾਣ ਵਰਤਦੇ ਹਨ। ਇਹ ਗੱਲ ਸਮਝਾਉਣ ਲਈ ਕਿ ਭਾਈ ਵੇਲਾ ਤਾਂ ਔਖੇ ਸੌਖੇ ਟੱਪ ਹੀ ਜਾਵੇਗਾ, ਪਰ ਤੁਹਾਡੀ ਇਹ ਨਾਂਹ ਜ਼ਰੂਰ ਚੇਤੇ ਰਹੇਗੀ।

ਵੇਲਾ ਵਖ਼ਤ ਵਿਹਾਇਆ, ਹੁਣ ਕੀ ਬਣੇ ਪਛਤਾਇਆਂ ?: ਹੁਣ ਪਛਤਾਇਆਂ ਕੀ ਬਣੇ, ਜਦ ਚਿੜੀਆਂ ਚੁਗਿਆ ਖੇਤ ?

ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ: ਕੰਮ ਵੇਲੇ ਸਿਰ ਕੀਤਾ ਜਾਵੇ, ਤਾਂ ਹੀ ਠੀਕ ਰਹਿੰਦਾ ਹੈ, ਜਦ ਕੰਮ ਦਾ ਅਸਲੀ ਵੇਲਾ ਲੰਘ ਜਾਵੇ, ਤਾਂ ਮਗਰੋਂ ਵਾਧੂ ਖਪਾ ਹੀ ਹੁੰਦਾ ਹੈ, ਲਾਭ ਨਹੀਂ ਹੁੰਦਾ।

ਪੰਜਾਬੀ ਅਖਾਣ: ੳ ਤੋਂ ਹ
ਪੰਜਾਬੀ ਅਖਾਣ: ਕ ਤੋਂ ਢ
 
 
aa