Punjabi Ghazals Professor Ashiq Raheel
ਪੰਜਾਬੀ ਗ਼ਜ਼ਲਾਂ ਪ੍ਰੋਫ਼ੈਸਰ ਆਸ਼ਿਕ ਰਹੀਲ
੧. ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ
ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ ।
ਉਹ ਲੋਕ ਨਸੀਬਾਂ ਵਾਲੇ ਨੇ ।
ਉਹ ਨਿੱਘੀਆਂ ਯਾਰੀਆਂ ਕੀ ਹੋਈਆਂ ?
ਜਦ ਪੈਣ ਲੱਗੇ ਵਿੱਚ ਪਾਲ਼ੇ ਨੇ ।
ਸਾਨੂੰ ਲੋਰੀਆਂ ਨਾਲ ਸੁਲਾ ਦਿੱਤਾ,
ਅਸਾਂ ਜਦ ਵੀ ਹੋਸ਼ ਸੰਭਾਲੇ ਨੇ ।
ਕੀ ਹਾਲ ਮੈਂ ਦੱਸਾਂ ਲੋਕਾਂ ਦਾ ?
ਮੂੰਹ ਚਿੱਟੇ, ਅੰਦਰੋਂ ਕਾਲੇ ਨੇ ।
ਹੁਣ ਇੱਜ਼ਤਾਂ ਦੇ ਉਹ ਚੋਰ ਹੋਏ,
ਜਿਹੜੇ ਇੱਜ਼ਤਾਂ ਦੇ ਰਖਵਾਲੇ ਨੇ ।
ਮੰਜ਼ਲ ਦੀ 'ਰਹੀਲ' ਉਡੀਕ ਰਹੀ,
ਭਾਵੇਂ ਪੈਰੀਂ ਪੈ ਗਏ ਛਾਲੇ ਨੇ ।
੨. ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ
ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ ।
ਹੁੰਦੇ ਨਹੀਂ ਸ਼ੈਦਾਈ ਝੂਠੀਆਂ ਸ਼ਾਨਾਂ ਦੇ ।
ਸੋਚ ਸਮਝ ਕੇ ਆਖੀਂ, ਜੋ ਕੁਝ ਕਹਿਣਾ ਏਂ,
ਮੁੜ ਵਾਪਸ ਨਹੀਂ ਆਉਂਦੇ ਤੀਰ ਕਮਾਨਾਂ ਦੇ ।
ਕੋਈ ਨਾ ਪੁੱਛੇ ਹਾਲ ਗ਼ਰੀਬ ਨਿਮਾਣੇ ਦਾ,
ਖ਼ਾਨ ਪਰਾਹੁਣੇ ਹੁੰਦੇ ਏਥੇ ਖ਼ਾਨਾਂ ਦੇ ।
ਸ਼ਮਲਾ ਉੱਚਾ ਹੁੰਦਾ ਅਣਖਾਂ ਵਾਲਿਆਂ ਦਾ,
ਸ਼ੀਸ਼ ਕਦੀ ਨਹੀਂ ਝੁਕਦੇ ਸ਼ੇਰ-ਜਵਾਨਾਂ ਦੇ ।
ਬਸਤੀ-ਬਸਤੀ ਖ਼ੂਨ ਦੇ ਛੱਪੜ ਲੱਗੇ ਨੇ,
ਰੰਗ ਬਦਲਦੇ ਕਿਉਂ ਨਾ ਅੱਜ ਅਸਮਾਨਾਂ ਦੇ ?
ਦੁੱਖ 'ਰਹੀਲ' ਕਿਸੇ ਦਾ ਕੋਈ ਵੰਡਦਾ ਨਾ,
ਦਿਲ ਕਿਉਂ ਪੱਥਰ ਹੋ ਗਏ ਨੇ ਇਨਸਾਨਾਂ ਦੇ ?
੩. ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ
ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ ।
ਚਾਰ-ਚੁਫੇਰੇ ਜਾਲ ਵਿਛਾਏ ਲੋਕਾਂ ਨੇ ।
ਇੱਕ-ਦੂਜੇ ਤੋਂ ਅਪਣੇ ਐਬ ਛੁਪਾਉਣ ਲਈ,
ਵੰਨ-ਸੁਵੰਨੇ ਭੇਸ ਵਟਾਏ ਲੋਕਾਂ ਨੇ ।
ਲੁੱਟ ਕੇ ਸੋਹਣੇ, ਹਰਿਆਂ ਭਰਿਆਂ ਬਾਗ਼ਾਂ ਨੂੰ,
ਸੇਜਾਂ ਉੱਤੇ ਫੁੱਲ ਸਜਾਏ ਲੋਕਾਂ ਨੇ ।
ਚੜ੍ਹਦੇ-ਸੂਰਜ ਨੂੰ ਤੇ ਪੂਜੇ ਹਰ ਕੋਈ,
ਡੁੱਬਿਆ ਸੂਰਜ, ਨੈਣ ਚੁਰਾਏ ਲੋਕਾਂ ਨੇ ।
ਨਾਲ ਬੇਦਰਦੀ ਦਿਲ-ਮੰਦਰ ਨੂੰ ਢਾਹ ਕੇ ਤੇ,
ਉੱਚੇ-ਉੱਚੇ ਮਹਿਲ ਬਣਾਏ ਲੋਕਾਂ ਨੇ ।
ਜ਼ਾਲਮਾਂ ਅੱਗੇ ਜੋੜ ਕੇ ਹੱਥ ਖਲੋਂਦੇ ਨੇ,
ਮਾੜਿਆਂ ਉੱਤੇ ਜ਼ੁਲਮ ਕਮਾਏ ਲੋਕਾਂ ਨੇ ।
ਹੀਰੇ ਲੱਭਣ ਤੁਰਿਆ ਪੱਥਰ ਮਿਲੇ 'ਰਹੀਲ'
ਪੁੱਠੇ-ਸਿੱਧੇ ਰਾਹ ਦਿਖਾਏ ਲੋਕਾਂ ਨੇ ।
੪. ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ
ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ ।
ਅਪਣੇ ਦਿਲ ਦੇ ਭਾਂਬੜ ਅੰਦਰ ਬਲਦੇ ਰਹਿੰਦੇ ਆਂ ।
ਮਾਲੀ ਕੋਈ ਨਹੀਂ ਬਾਗ਼ ਦਾ ਇੱਥੇ, ਅਸੀਂ ਲੁਟੇਰੇ ਆਂ,
ਅਪਣਾ ਅਪਣਾ ਹਿੱਸਾ ਲੈ ਕੇ ਟਲਦੇ ਰਹਿੰਦੇ ਆਂ ।
ਚੋਰਾਂ ਦੇ ਸੰਗ ਚੋਰੀ ਕਰਕੇ ਤੇ ਫਿਰ ਲੁਕਣ ਲਈ,
ਚੁੱਪ-ਚੁੱਪੀਤੇ ਸਾਧਾਂ ਦੇ ਸੰਗ ਰਲਦੇ ਰਹਿੰਦੇ ਆਂ ।
ਉੱਚੇ-ਮਹਿਲੀਂ ਵੱਸਣ ਵਾਲੇ ਵੀ ਖ਼ੁਸ਼ ਨਹੀਂ ਰਹਿੰਦੇ,
ਅਸੀਂ ਨਿਮਾਣੇ ਰੂੜੀਆਂ 'ਤੇ ਵੀ ਪਲਦੇ ਰਹਿੰਦੇ ਆਂ ।
ਯਾਰ-ਸੱਜਣ ਦਾ ਕੋਈ ਸੁੱਖ-ਸੁਨੇਹਾ ਆਉਂਦਾ ਨਹੀਂ,
ਆਪਣੇ ਦਿਲ ਦੀ ਹਾਲਤ ਲਿਖ-ਲਿਖ ਘੱਲਦੇ ਰਹਿੰਦੇ ਆਂ ।
ਚੜ੍ਹ ਅਸਮਾਨੀਂ ਭੁੱਲ ਜਾਨੇ ਆਂ ਅਪਣਾ ਆਪ 'ਰਹੀਲ',
ਸ਼ਾਮ ਦੇ ਸੂਰਜ ਵਾਂਗੂੰ ਲੇਕਿਨ ਢਲਦੇ ਰਹਿੰਦੇ ਆਂ ।
੫. ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ
ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ ।
ਅਪਣੇ ਸ਼ੌਕ ਦਾ ਇਹ ਸਾਮਾਨ ਦੇਖਾਂ ।
ਦੂਜੇ ਘਰਾਂ ਨੂੰ ਜੇ ਕਰ ਦੇਖਣੇ ਤੋਂ-
ਮਿਲੇ ਵਿਹਲ, ਤੇ ਅਪਣਾ ਮਕਾਨ ਦੇਖਾਂ ।
ਕਿੱਥੇ ਪੁੱਜਿਆ ਏ ਸੂਰਜ ਸੱਧਰਾਂ ਦਾ ?
ਬੱਦਲ ਹਟਣ, ਤੇ ਫੇਰ ਅਸਮਾਨ ਦੇਖਾਂ ।
ਮਾਲੀ ਲੱਗੇ ਨੇ ਖੌਰੇ ਕੰਮ ਕਿਹੜੇ ?
ਉਜੜੇ ਬਾਗਾਂ ਨੂੰ, ਹੋ ਹੈਰਾਨ, ਦੇਖਾਂ ।
ਜਿਹੜੇ ਮੰਜ਼ਲਾਂ 'ਤੇ ਸਾਨੂੰ ਲੈ ਜਾਵਣ,
ਕਿੱਥੇ ਕਦਮਾਂ ਦੇ ਉਹੋ ਨਿਸ਼ਾਨ ਦੇਖਾਂ ?
ਕਰੇ ਐਸ਼ ਕੋਈ, ਕੋਈ ਮਰੇ ਭੁੱਖਾ,
ਸੋਹਣੇ ਰੱਬ ਦੀ ਮੈਂ ਇਹ ਸ਼ਾਨ ਦੇਖਾਂ ।
ਖੋਟੇ ਕਿਉਂ 'ਰਹੀਲ' ਨੇ ਬਣੇ ਨੇਤਾ,
ਹੱਥ ਜਿਨ੍ਹਾਂ ਦੇ ਵਿੱਚ ਕੁਰਆਨ ਦੇਖਾਂ ।
੬. ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ
ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ ।
ਦੇਖਿਆ ਚੱਕਰ ਲਾ ਲਾ ਸਾਰੀਆਂ ਥਾਵਾਂ ਦਾ ।
ਕਰ ਲਉ ਜੋ ਕੁਝ ਕਰਨਾ ਹੈ, ਹੁਣ ਵੇਲਾ ਜੇ,
ਕੁਝ ਵਿਸਾਹ ਨਹੀਂ ਆਉਂਦੇ-ਜਾਂਦੇ ਸਾਹਵਾਂ ਦਾ ।
ਅਪਣੇ ਹੱਥੀਂ ਪਾਣੀ ਦਿਉ ਦਰਖਤਾਂ ਨੂੰ,
ਮਜ਼ਾ ਜੇ ਲੈਣਾ ਹੋਵੇ ਠੰਢੀਆਂ-ਛਾਵਾਂ ਦਾ ।
ਸਿੱਧੀ ਰਾਹੇ ਤੁਰਦੇ ਜਾਉ ਮੰਜ਼ਿਲ ਲਈ,
ਰਾਹੀ ਕਦੇ ਨਹੀਂ ਭੁੱਲਦਾ ਸਿੱਧੀਆਂ-ਰਾਹਵਾਂ ਦਾ ।
ਝੁੰਮਰ ਪਾਵਣ ਖ਼ੁਸ਼ੀਆਂ ਮੇਰੇ ਦੇਸ਼ ਦੀਆਂ,
ਸ਼ਾਲਾ ! ਆਵੇ ਦਿਨ ਉਹ ਸਾਡਿਆਂ ਚਾਵਾਂ ਦਾ ।
ਭੈੜੀ ਫ਼ਿਤਰਤ ਲੋਕ ਨਾ ਆਉਂਦੇ ਬਾਜ਼ 'ਰਹੀਲ',
ਰੰਗ ਕਦੀ ਨ੍ਹੀਂ ਚਿੱਟਾ ਹੁੰਦਾ ਕਾਵਾਂ ਦਾ ।