Professor Sharib
ਪ੍ਰੋਫ਼ੈਸਰ ਸ਼ਾਰਿਬ

ਨਾਂ-ਖ਼ੁਸ਼ੀ ਮੁਹੰਮਦ, ਕਲਮੀ ਨਾਂ-ਸ਼ਾਰਿਬ,
ਪਿਤਾ ਦਾ ਨਾਂ-ਫ਼ਜ਼ਲ ਦੀਨ,
ਜਨਮ ਤਾਰੀਖ਼-20 ਮਈ 1937, ਜਨਮ ਸਥਾਨ-ਪਿੰਡ ਰੂਪੋਵਾਲੀ, ਜ਼ਿਲਾ ਅਮ੍ਰਿਤਸਰ,
ਵਿਦਿਆ-ਐਮ. ਏ. ਉਰਦੂ, ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਬਾਲ ਹੱਡਾਂ ਦੀ ਅੱਗ (ਪੰਜਾਬੀ ਸ਼ਾਇਰੀ), ਪੰਜੇ ਮਹਿਲ ਪੰਜਾਂ ਵਿਚ ਚਾਨਣ (ਸ਼ਾਇਰੀ), ਦਾਦਾ ਗੋਦ ਖਿਡਾਇਆ (ਸ਼ਾਇਰੀ), ਤਖ਼ਤ ਨਾ ਮਿਲਦੇ ਮੰਗੇ (ਸ਼ਾਇਰੀ), ਕੋਈ ਅੰਦਰੋਂ ਦਰ ਖੜਕਾਵੇ (ਸ਼ਾਇਰੀ), ਇਕ ਤਾਰਾ ਵੱਜਦਾ (ਸ਼ਾਇਰੀ), ਵੈਣ ਵੰਝਲੀ ਦਾ (ਸ਼ਾਇਰੀ), ਇਕ ਸੂਰਜ ਸੇਕੋਂ ਸੱਖਣਾ (ਕਹਾਣੀਆਂ),
ਪਤਾ-ਐਮ / 93 ਮਿਰਗਜ਼ਾਰ, ਮੁਲਤਾਨ ਰੋਡ, ਲਾਹੌਰ ।

ਪੰਜਾਬੀ ਗ਼ਜ਼ਲਾਂ (ਪੰਜੇ ਮਹਿਲ ਪੰਜਾਂ ਵਿਚ ਚਾਨਣ 1987 ਵਿੱਚੋਂ) : ਪ੍ਰੋਫ਼ੈਸਰ ਸ਼ਾਰਿਬ

Punjabi Ghazlan (Panje Mehal Panjan Vich Chanan 1987) : Professor Sharibਪੁੱਛ ਉਨ੍ਹਾਂ ਤੋਂ ਕਿਹੜੇ ਦਿਲ ਨਾਲ

ਪੁੱਛ ਉਨ੍ਹਾਂ ਤੋਂ ਕਿਹੜੇ ਦਿਲ ਨਾਲ ਸਬਰ ਪਿਆਲੇ ਪੀਤੇ । ਜੀਹਨਾਂ ਆਪ ਸਰਹਾਣੇ ਬਹਿ ਕੇ ਸਾਥੀ ਰੁਖ਼ਸਤ ਕੀਤੇ । ਜਦ ਤੋਂ ਮਹਿਰਮ ਰਾਜ਼ ਦਿਲੇ ਦੇ ਅੱਖੋਂ ਹੋਏ ਪਰੋਖੇ, ਦਿਨ ਵੀ ਔਖ ਗੁਜ਼ਾਰਿਆ ਜਾਵੇ, ਰਾਤ ਵੀ ਮੁਸ਼ਕਿਲ ਬੀਤੇ । ਬਾਜ਼ੀ ਬਸ ਵਿੱਚ ਮਿਲੀ ਸਵਾਰੀ, ਸਾਰੀ ਉਮਰ ਨਈਂ ਭੁੱਲਦੀ, ਉਹ ਫਿਰ ਕਿਵੇਂ ਵਿਸਾਰੇ ਜਾਵਣ ਉਮਰ ਜਿਨ੍ਹਾਂ ਨਾਲ ਬੀਤੇ । ਹਾਏ ਜਿਨ੍ਹਾਂ ਨੂੰ ਘਰ ਤੇ ਮਾਨ ਕਰਨ ਦਾ ਹੁਕਮ ਨਾ ਹੋਇਆ, ਗਲ ਵਿੱਚ ਬਾਹਵਾਂ ਪਾ ਵਿਚਾਰੇ ਟੁਰ ਗਏ ਚੁੱਪ ਚੁਪੀਤੇ । ਕਿਸ ਨੇ ਦੇਖੀ ਨਾਲ ਖ਼ੁਸ਼ੀ ਦੇ ਬੁਲਬੁਲ ਬਾਗ਼ ਛਡੇਂਦੀ, ਮਹਿਲਾਂ ਵਾਲੇ ਕਦੇ ਨਾਂ ਸੌਂਦੇ ਸੁਖ ਦੀ ਨੀਂਦ ਮਸੀਤੇ । 'ਸ਼ਾਰਬ' ਇਨ੍ਹਾਂ ਕਰੁਖੇ ਲੰਗਾਰਾਂ ਦਾ ਕੀ ਚਾਰਾ ਕਰੀਏ, ਸਾਥੋਂ ਪਹਿਲੇ ਫੱਟ ਗਮਾਂ ਦੇ ਅਜ ਤੱਕ ਗਏ ਨਾ ਸੀਤੇ ।

ਫਿਰ ਇਕ ਯਾਦ ਦਾ ਕੰਡਾ ਚੁਭਿਆ

ਫਿਰ ਇਕ ਯਾਦ ਦਾ ਕੰਡਾ ਚੁਭਿਆ ਫਿਰ ਇਕ ਛਾਲਾ ਹੋਇਆ । ਹੌਕੇ ਮੁੱਕ ਗਏ ਹੰਝੂ ਸੁੱਕ ਗਏ ਪਿਆਰ ਦਾ ਅੰਤ ਨਾ ਹੋਇਆ । ਜਾਵਣ ਵਾਲਿਆ ਤੇਰੇ ਗ਼ਮ ਦੀਆਂ ਔੜਾਂ ਜ਼ਿੰਦ ਸੁਕਾਈ ਏਸੇ ਕਰਕੇ ਪਿਛਲੀ ਰਾਤੀਂ ਖੂਹ ਹੰਝੂਆਂ ਦਾ ਜੋਇਆ । ਖ਼ਵਰੇ ਕਿਹੜੀ ਗੱਲ ਤੋਂ ਰੁੱਸਿਆ ਅੱਜ ਤੱਕ ਗੱਲ ਨਹੀਂ ਕੀਤੀ, ਮੋਹ ਜਿਸ ਵੈਰੀ ਦੀਆਂ ਗੱਲਾਂ ਦਾ ਨਸ ਨਸ ਵਿਚ ਸਮੋਇਆ । ਮੈਂ ਸ਼ਾਮਾਂ ਤੋਂ ਸਰਘੀ ਤਾਈਂ ਧਾਹੀਂ ਮਾਰੇ ਰੋਨਾਂ, ਅਜੇ ਨਾ ਸਾੜ ਜਿਗਰ ਦਾ ਨਿਕਲਿਆ, ਨਾਹੀ ਦਰਦ ਖਲੋਇਆ । ਮੇਰੀਆਂ ਚੀਕਾਂ ਸੁਣਦੇ ਸੁਣਦੇ ਸੋ ਗਏ ਲੋਕ ਬੇਖ਼ਬਰੇ, ਫ਼ਜਰੇ ਨਬਜ਼ਾਂ ਫੜ ਫੜ ਆਖਣ ਇਹ ਕਿਸ ਵੇਲੇ ਹੋਇਆ । ਮੈਂ ਇਕ ਸੱਧਰ ਦਾ ਗਲ ਘੁੱਟਿਆ ਚੀਕ ਨਾ ਨਿਕਲਣ ਦਿੱਤੀ, ਸਾਰੀ ਕੰਧ ਡਿਗੀ ਪਰਛਾਵਾਂ ਥੱਲੇ ਦਬ ਕੇ ਮੋਇਆ । ਜਿਸ ਨੇ ਪਿੱਛੇ ਮੁੜ ਕੇ ਤੱਕਿਆ ਉਹ ਪੱਥਰ ਹੋ ਜਾਸੀ, ਇਹ ਵੀ ਡੈਨ ਦੀਆਂ ਵਾਜ਼ਾਂ ਨੇ ਜੋ ਕੋਇਆ ਸੋ ਮੋਇਆ ।

ਸੀਨੇ ਦੇ ਵਿਚ ਗੁੰਗੀਆਂ, ਬੋਲੀਆਂ

ਸੀਨੇ ਦੇ ਵਿਚ ਗੁੰਗੀਆਂ, ਬੋਲੀਆਂ ਪੀੜਾਂ ਦਾ ਝਰਨਾਟ । ਜਿਉਂ ਛੱਪੜੀ ਦੇ ਸੁਕਦੇ ਜਲ ਵਿਚ ਪੂੰਗੇ ਦੀ ਕੁਰਲਾਟ । ਜੀਵਨ ਸੁੰਨੀ ਕਬਰ ਤੇ ਦੀਵਾ ਮੁੱਕਿਆ ਮੁੱਕਿਆ ਤੇਲ, ਜਿਉਂ ਜਿੳਂੁ ਚੜ੍ਹੇ ਸਵੇਰਾ ਨਿੰਮੀਂ ਹੁੰਦੀ ਜਾਵੇ ਲਾਟ । ਮੈਂ ਇਕ ਗੁੱਝੀ ਪੀੜ ਦੇ ਦੁੱਖੋਂ ਦੂਹਰਾ ਹੋ-ਹੋ ਚੀਕਾਂ, ਜੇ ਕੋਈ ਪੁੱਛੇ ਦੱਸ ਨਾ ਸੱਕਾਂ, ਕਿੱਥੇ ਪਵੇ ਤਰਾਟ । ਹੀਰਾਂ ਕੋਲੋਂ ਚੂਰੀਆਂ ਮੁੱਕੀਆਂ, ਵੰਝਲੀ ਦੇ ਸੰਘ ਬਹਿ ਗਏ, ਅੱਜ ਨੇ ਬੇਲੇ ਉਜੜੇ ਉਜੜੇ, ਵਿਹਲੇ ਵਿਹਲੇ ਘਾਟ । ਉਹ ਹੀ ਮਿਲਿਆ ਜੋ ਮਿਲਣਾਂ ਸੀ, ਪਿਆਰ ਕਰਨ ਦਾ ਫਲ, ਮੇਰਾ ਦਿਲ ਬੁਝਿਆ ਬੁਝਿਆ ਤੇ ਤੇਰਾ ਜ਼ਹਿਣ ਉਚਾਟ । ਪਲਕਾਂ ਦੀ ਜੁੰਬਸ ਨਾਲ ਮੈਨੂੰ ਕੂਹਣਾ ਮਕਸਦ ਨਹੀਂ ਸੀ, ਉਹ ਤੇ ਜ਼ਰਾ ਕੁ ਦੇਖਣ ਲੱਗੇ ਸਨ ਖੰਜਰ ਦੀ ਕਾਟ । ਨਜ਼ਰਾਂ ਸੁਟੀਆਂ, ਦਿਲ ਵਿਚ ਖੁਭਿਆ, ਕੈਦੀ ਲਿਆ ਬਣਾ, ਅੱਖ ਝਪਕਣ ਨਾਲ ਤਹਿ ਕਰ ਲਈ ਤੂੰ ਕਿੰਨੀ ਲੰਮੀ ਵਾਟ । ਪਾਣੀ ਸੁੱਕ ਗਿਆ ਤਾਂ ਜ਼ਾਲਮ ਰੀਤਾਂ ਅੱਖੀਆਂ ਝਮਕੇ, ਲਗਦੀ ਵਾਹੇ ਦੋ ਕੰਢਿਆਂ ਨੂੰ ਮਿਲਣ ਨਾ ਦਿੰਦਾ ਪਾਟ ।

ਮੈਂ ਦਿਨ ਰਾਤੀਂ ਜਿਸ ਬਸਤੀ ਲਈ

ਮੈਂ ਦਿਨ ਰਾਤੀਂ ਜਿਸ ਬਸਤੀ ਲਈ ਕੁਰਲਾਵਾਂ ਤੇ ਚੀਕਾਂ । ਮੈਨੂੰ ਹੀ ਪੱਥਰ ਮਾਰੇ ਉਸ ਬਸਤੀ ਦੇ ਵਸਨੀਕਾਂ । ਸੱਚ ਆਖਣ ਤੇ ਜਿਸ ਦਿਨ ਮੈਨੂੰ ਸ਼ਹਿਰ ਚੋਂ ਕੱਢਣ ਲੱਗੇ, ਦੂਜਿਆਂ ਨਾਲੋਂ ਆਪਣਿਆਂ ਨੇ ਦੂਣੀਆਂ ਲਾਈਆਂ ਲੀਕਾਂ । ਕਿਰਨਾਂ ਸ਼ੀਸ਼ੇ ਦੀ ਬਾਰੀ ਚੋਂ ਲੰਘ ਕੇ ਚੰੁਮ ਲਿਆ ਮੁੱਖੜਾ, ਮੈਂ ਜਗਰਾਤੇ ਮਾਰਿਆ ਰਾਤ ਦਾ ਬਾਹਰ ਖੜਾ ਉਡੀਕਾਂ । ਹੁਣ ਤੇ ਸਾਈਆਂ, ਕਾਫ਼ੀ ਹੋ ਗਈ ਪਰਦਾ ਦਏਂ ਤੇ ਚੰਗਾ, ਕਦ ਤੱਕ ਮੈਂ ਇਸ ਜ਼ਿੰਦਾ ਲਾਸ਼ ਨੂੰ ਗਲੀਆਂ ਵਿੱਚ ਧਰੀਕਾਂ । ਜਿਹੜੇ ਆ ਕੇ ਖੜੇ੍ਹ ਵੀ ਨਾ ਸਨ ਪਾ ਗਏ ਤੁਰਤ ਮੁਰਾਦਾਂ, ਮੈਂ ਕੁੜਮੇਂ ਨੂੰ ਕਿਉਂ ਦਰਬਾਰੋ ਲੰਮੀਆਂ ਪਈਆਂ ਤਰੀਕਾਂ ।

ਬੁੱਲਾਂ ਉੱਤੇ ਚੁੱਪ ਦਾ ਜਿੰਦਰਾ

ਬੁੱਲਾਂ ਉੱਤੇ ਚੁੱਪ ਦਾ ਜਿੰਦਰਾ ਲਾਇਆ ਏ । ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਏ । ਕੱਲ ਸ਼ਰੀਕਾਂ ਖ਼ਵਰੇ ਕਿਹੜੀ ਕਰਨੀ ਏ, ਹਾਲੇ ਤਾਂ ਮੈਂ ਆਪਣਾ ਆਪ ਬਚਾਇਆ ਏ । ਮਜ਼ਲੂਮਾਂ ਤੇ ਜ਼ੁਲਮ ਦੇ ਫ਼ਤਵੇ ਲਾ ਲਾ ਕੇ, ਕਾਜ਼ੀ ਨੇ ਇਨਸਾਫ਼ ਦਾ ਢੋਂਗ ਰਚਾਇਆ ਏ । ਬੇਦੋਸਾਂ ਦੇ ਖ਼ੂਨ ਤੇ ਪਰਦਾ ਪਾਵਣ ਨੂੰ, ਅਜ ਕਾਤਿਲ ਨੇ ਗ਼ਾਜ਼ੀ ਨਾਮ ਰਖਾਇਆ ਏ । ਤੈਨੂੰ ਛੱਡ ਕੇ ਨਵਾਂ ਸਹਾਰਾ ਲੱਭ ਲਿਆ, ਕੈਂਠਾ ਲਾਹ ਕੇ ਫਾਹਾ ਗਲ ਵਿੱਚ ਪਾਇਆ ਏ । ਇੱਕ ਆਉਂਦਾ ਇੱਕ ਜਾਂਦਾ ਪੰਛੀ ਪਿੰਜਰੇ ਵਿੱਚ, ਸੱਯਾਦਾਂ ਜਿਉਂ ਗੁਲਸ਼ਨ ਨਾ ਕਰਵਾਇਆ ਏ । ਡੰਡੇ ਵਾਲੇ ਦੇ ਅੱਜ ਕਸੀਦੇ-ਖ਼ੁਆਨਾਂ ਨੇ, ਦਾਨਸ਼ਵਰੀ ਨੂੰ ਚਮਚਾ ਗਿਰੀ ਬਣਾਇਆ ਏ ।

ਹੂੰਝੀਂ ਰੱਖ ਇਹ ਗੰਦੀ-ਗਰਦ

ਹੂੰਝੀਂ ਰੱਖ ਇਹ ਗੰਦੀ-ਗਰਦ ਗੁਨਾਹਵਾਂ ਦੀ । ਜਦ ਤੱਕ ਬੋਕ੍ਹਰ ਸਹੀ ਸਲਾਮਤ ਸਾਹਵਾਂ ਦੀ । ਅੱਖਾਂ ਦੇ ਵਿਚ ਪਾ ਕੇ ਨਿੱਤ ਟਿਮਕਾਈ ਰੱਖ, ਸੁਰਮਾ ਸਮਝ ਕੇ ਮਿੱਟੀ ਉਸ ਦੇ ਰਾਹਵਾਂ ਦੀ । ਹਾਸਿਲ ਬਣ ਕੇ ਹਸ਼ਰ ਦਿਹਾੜਾ ਏਥੇ ਈ ਜਾਣ, ਕਿਸ ਨੇ ਦਿੱਤੀ ਖ਼ਬਰ ਅਗੇਰੀਆਂ ਥਾਵਾਂ ਦੀ । ਪਿਉ ਨੂੰ ਲੋਕੀ ਧੀ ਦੇ ਨਾਂ ਤੋਂ ਜਾਣਦੇ ਨੇ, ਭੈਣਾਂ ਨਾਲ ਏ ਅੱਜ ਪਛਾਣ ਭਰਾਵਾਂ ਦੀ । ਪੁੱਤਰ ਪਾਲਣੇਂ ਪੈ ਗਏ ਦੂਜਿਆਂ ਦੁੱਧਾਂ ਨਾਲ, ਭੁੱਖੇ ਮਰਦਿਆਂ ਸੁਕ ਗਈ ਛਾਤੀ ਮਾਵਾਂ ਦੀ । ਰੋਜ਼ ਰਾਤ ਨੂੰ ਨਵੀਆਂ ਖੇਡਾਂ ਵਿਹੰਦੀ ਏ, ਪਿੰਡੋਂ ਬਾਹਰ ਚਿੱਟੀ ਕੋਠੀ ਸ਼ਾਹਵਾਂ ਦੀ ।

ਉਸ ਮੁੱਖੜੇ ਤੇ ਗੁੱਸਾ ਏ ਜ਼ਰਾ

ਉਸ ਮੁੱਖੜੇ ਤੇ ਗੁੱਸਾ ਏ ਜ਼ਰਾ ਰਵਾਲ ਜਿਹਾ । ਅੱਜ ਸ਼ੀਸ਼ੇ ਵਿੱਚ ਦਿਸਦਾ ਏ, ਕੁੱਝ ਵਾਲ ਜਿਹਾ । ਆਪਣਾ ਇਕ ਸਵਾਦ ਏ ਸੁਹਣਿਆਂ ਹੱਥਾਂ ਦਾ, ਕੁੱਕੜ ਵੀ ਨਹੀਂ ਉਸ ਦੇ ਘਰ ਦੀ ਦਾਲ ਜਿਹਾ । ਕਿਧਰੇ ਸੱਚ ਕਹਿ ਕੇ ਮਾਰੇ ਈ ਨਾ ਜਾਈਏ, ਬਹੁਤ ਈ ਏ ਕੁੱਝ ਸੀਨੇ ਵਿੱਚ ਉਬਾਲ ਜਿਹਾ । ਦੁੱਧ ਅਸਲੀ ਗੁੱਜਰ ਜਾਂ ਕੱਟੇ ਪੀਂਦੇ ਨੇ, ਬਾਕੀ ਦੁਨੀਆਂ ਪੀਂਦੀ ਏ ਹੰਗਾਲ ਜਿਹਾ । ਉਹ ਲੋਕੀ ਵੀ ਸ਼ਾਇਦ ਲੱਦ ਕੇ ਤੁਰ ਗਏ ਨੇ, ਦੂਰੋਂ ਵੱਜਦਾ ਸੁਣਦਾ ਏ ਘੜਿਆਲ ਜਿਹਾ । ਸ਼ਾਇਦ ਉਸ ਦੀ ਯਾਦ ਉਬਾਲਾ ਖਾਧਾ ਏ, ਅੰਦਰੋ ਅੰਦਰੀ ਆਇਆ ਇੱਕ ਭੁਚਾਲ ਜਿਹਾ । ਆ 'ਸ਼ਾਰਿਬ' ਫਿਰ ਗ਼ਜ਼ਲਾਂ ਛੁਹੀਏ ਨਵੇਂ ਸਿਰੇ, ਆ ਸੀਨੇ ਦਾ ਲਾਹੀਏ ਫੇਰ ਜੰਗਾਲ ਜਿਹਾ ।

ਕਿਸ ਜ਼ਾਲਮ ਨੇ ਬੰਨ੍ਹੇ ਪੈਰ ਅਸੀਰਾਂ ਦੇ

ਕਿਸ ਜ਼ਾਲਮ ਨੇ ਬੰਨ੍ਹੇ ਪੈਰ ਅਸੀਰਾਂ ਦੇ । ਹਲਕੇ ਪੈ ਗਏ ਸੰਗਲਾਂ ਅਤੇ ਜ਼ੰਜੀਰਾਂ ਦੇ । ਹੱਕ ਸੱਚ ਨੂੰ ਇਹ ਤੋੜ ਨਾ ਚੜ੍ਹਨੇ ਦਿੰਦੇ ਨੇ, ਕੈਦੋਂ ਖ਼ੂਨ ਤਿਹਾਏ ਅੱਜ ਵੀ ਹੀਰਾਂ ਦੇ । ਖ਼ਾਕ ਏ ਉੱਡਦੀ ਅੱਜ ਕੱਲ ਰਾਜ ਮਹੱਲਾਂ ਵਿੱਚ, ਰੌਣਕ ਉਹੀ ਡੇਰੇ ਪੀਰ ਫ਼ਕੀਰਾਂ ਦੇ । ਏਨਾਂ ਨੰਗ ਨਮੋਸ਼ ਜੋ ਵੇਚਣ ਨਿਕਲੇ ਨੇ, ਰੱਬਾ ਬਸ ਨਾ ਪਾਵੀਂ ਬਾਂਝ ਜ਼ਮੀਰਾਂ ਦੇ । ਚੰਗੇ ਲੋਕ ਤੇ ਲੈ ਜਾਣੇ ਨੇ ਮੌਤਾਂ ਨੇ, ਪਿੱਛੇ ਰਹਿ ਜਾਣੇ ਨੇ ਖਿੱਦੋ ਲੀਰਾਂ ਦੇ । ਦੌਲਤ ਦਾ ਪਰਛਾਵਾਂ ਢਲਦਾ ਰਹਿੰਦਾ ਏ, ਭਾਗ ਨਾ ਦੇਵਣ ਸਾਥ ਸਦਾ ਅਮੀਰਾਂ ਦੇ । ਆਪਣਾ ਆਪਣਾ ਕਿਬਲਾ ਆਪਣਾ ਕਾਅਬਾ ਏ, ਵੱਖੋ ਵੱਖਰੇ ਢੌਂਗ ਰਚਾਏ 'ਪੀਰਾਂ' ਦੇ । ਸਾਇਆ ਪਾ ਦਿੰਦੇ ਨੇ ਸ਼ਾਹ ਹੁਮਾਵਾਂ ਦਾ, ਬੋਲੋ 'ਸ਼ਾਰਿਬ' ਮਿਠੜਾ ਨਾਲ ਵਜ਼ੀਰਾਂ ਦੇ ।

ਕੁਝ ਹੋਰ ਰਚਨਾਵਾਂ : ਪ੍ਰੋਫ਼ੈਸਰ ਸ਼ਾਰਬ

ਖੁੱਲ੍ਹੀਆਂ ਜ਼ੁਲਫ਼ਾਂ ਮੁੱਖੜਾ ਲਾਲ-ਗੁਲਾਲ ਜਿਹਾ

ਖੁੱਲ੍ਹੀਆਂ ਜ਼ੁਲਫ਼ਾਂ ਮੁੱਖੜਾ ਲਾਲ-ਗੁਲਾਲ ਜਿਹਾ ।
ਅੱਜ ਉਸ ਵੱਲ ਤੱਕਣਾ ਏ ਜ਼ਰਾ ਮੁਹਾਲ ਜਿਹਾ ।

ਨਰਮ ਬੋਸਕੀ ਵਰਗਾ ਕੂਲਾ ਸੁਹਲ ਸਰੀਰ ।
ਮੁੱਖ 'ਤੇ ਚੁੰਨੀ ਖੀਰ 'ਤੇ ਸੁਰਖ਼ ਰੁਮਾਲ ਜਿਹਾ ।

ਨਸ਼ਾ ਤੇ ਉਸਦੇ ਜਾਵਣ ਬਾਅਦ ਵੀ ਕਾਇਮ ਏ,
ਮੌਸਮ ਵੀ ਏ ਓਸ ਕੁੜੀ ਦੀ ਚਾਲ ਜਿਹਾ ।

ਉਹ ਉਲਾਹਮਾਂ ਦੇ ਕੇ, ਜਾਂਦੀ ਹੱਸੀ ਕਿਉਂ ?
ਦਿਲ ਵਿੱਚ ਉਠਦਾ ਇਹ ਵੀ ਇਕ ਖ਼ਿਆਲ ਜਿਹਾ ।

ਟਾਂਵੇਂ ਟਾਂਵੇਂ ਫੁੱਲ ਤੇ ਨਜ਼ਰੀਂ ਆਉਂਦੇ ਨੇ,
ਪਰ ਉਹ ਕਿੱਥੇ ਮੌਸਮ ਪਿਛਲੇ-ਸਾਲ ਜਿਹਾ ?

ਇਹ 'ਸ਼ਾਰਬ' ਬਚਪਨ ਤੋਂ ਅਪਣਾ ਸਾਥੀ ਏ,
ਦਰਦ ਅਸਾਂ ਲਈ ਘਰ ਦੇ ਜੰਮੇ 'ਬਾਲ' ਜਿਹਾ ।

ਫਿਸਦਾ ਰਿਸਦਾ ਰਹਿੰਦਾ ਹਾਂ

ਫਿਸਦਾ ਰਿਸਦਾ ਰਹਿੰਦਾ ਹਾਂ ।
ਨੰਗੇ ਪੈਰ ਦਾ ਛਾਲਾ ਹਾਂ ।

ਸ਼ਾਮ ਪਈ ਆ ਘਰ ਚੱਲੀਏ,
ਝੋਰੇ ਜਿਹੇ ਨੂੰ ਕਹਿੰਦਾ ਹਾਂ ।

ਕੁਝ ਮੋਏ, ਕੁਝ ਵਿਛੜੇ ਲੋਕ,
ਯਾਦ ਆਉਂਦੇ ਨੇ ਰੋਂਦਾ ਹਾਂ ।

ਗੰਦਲਾਂ ਨੂੰ ਫੁੱਲ ਪੈ ਗਏ ਨੇ,
ਖ਼ੌਰੇ ਕਿਸ ਨੂੰ ਲੱਭਦਾ ਹਾਂ ।

ਵਿਹੜਾ ਖਾਣ ਨੂੰ ਆਉਂਦਾ ਏ,
ਜਦ ਵੀ ਘਰ ਵਿੱਚ ਵੜਦਾ ਹਾਂ ।

ਕੌਣ ਉਹਨੂੰ ਜਾ ਕੇ ਆਖੇ,
ਤੇਰੀਆਂ ਨਜ਼ਮਾਂ ਲਿਖਦਾ ਹਾਂ ।

ਮੋਏ ਮਾਰ ਗਏ 'ਸ਼ਾਰਬ',
ਉਂਜ ਆਖਣ ਨੂੰ ਜਿਉਂਦਾ ਹਾਂ ।