Punjabi Ghazlan Professor Karam Haideri
ਪੰਜਾਬੀ ਗ਼ਜ਼ਲਾਂ ਪ੍ਰੋਫ਼ੈਸਰ ਕਰਮ ਹੈਦਰੀ
1. ਫ਼ਰਕ ਦਿਲਾਂ ਵਿੱਚ, ਐਸੇ ਪਾਏ
ਫ਼ਰਕ ਦਿਲਾਂ ਵਿੱਚ, ਐਸੇ ਪਾਏ, ਕੂੜਿਆਂ ਸੱਜਣਾਂ, ਝੂਠੀਆਂ ਰੀਤਾਂ ।
ਹੌਲੀ ਹੌਲੀ ਅੱਖੀਉਂ ਉਹਲੇ, ਹੋਈਆਂ ਪਿਆਰ ਦੀਆਂ ਸਭ ਰੀਤਾਂ ।
ਰਾਹ ਨਾ ਮੱਲ ਖਲੋਂਦਾ ਕੋਈ, ਵੈਰੀ ਹੋਰ ਨਾ ਹੁੰਦਾ ਕੋਈ,
ਹਰ ਰਾਹੀ ਦੇ, ਅੱਗੇ ਆਵਣ, ਅਪਣੀਆਂ ਸੋਚਾਂ, ਅਪਣੀਆਂ ਰੀਤਾਂ ।
ਸੋਹਣੇ ਮੁੱਖੜੇ ਪਾਉਣ ਭੁਲੇਖੇ, ਇਹਨਾਂ ਨਾਲ ਨਾ ਕਰੀਏ ਲੇਖੇ,
ਮੈਂ ਇਹ ਗੱਲ ਸਮਝਾਵਾਂ ਦਿਲ ਨੂੰ, ਦਿਲ ਭੈੜਾ ਪਰ ਮੰਨੇ ਵੀ ਤਾਂ ।
ਕੱਚੇ ਮਿੱਤਰ, ਬਣ ਕੇ ਸੱਕੇ, ਧੋਖੇ ਦੇਣ ਹਮੇਸ਼ਾ ਪੱਕੇ,
ਕਾਂਗਾਂ ਦੇ ਵਿਚਕਾਰ ਡੁਬੋਵਣ, ਕਦੀ ਨਾ ਲਾਵਣ ਤੋੜ ਪ੍ਰੀਤਾਂ ।
ਜਿਹੜੇ ਬਾਗ਼ ਬਗ਼ੀਚਿਆਂ ਵਾਲੇ, ਉਹਨਾਂ ਦੇ ਵੀ ਰੰਗ ਨਿਰਾਲੇ,
ਫੁੱਲਾਂ ਨੂੰ ਗਲ ਲਾ-ਲਾ ਚੁੰਮਣ, ਮਾਲੀਆਂ ਕੋਲੇ ਕਰਨ ਕੁਰੀਤਾਂ ।
ਮੈਂ ਪਿਆ ਤੱਕਾਂ, ਸਮਝ ਨਾ ਸੱਕਾਂ, ਹੱਸਾਂ ਯਾ ਦੁੱਖਾਂ ਨੂੰ ਰੋਵਾਂ,
ਜਿਹੜੇ ਆਪ ਨੇ ਭਟਕੇ ਹੋਏ, ਹੋਰਾਂ ਨੂੰ ਪਏ ਕਰਨ ਨਸੀਹਤਾਂ ।
ਬਹੁਤੀਆਂ ਵਾਅਜ਼ਾਂ, ਕਰਨੇ ਵਾਲੇ, ਇੱਕੋ ਗੱਲ ਸਮਝਾਉਣ 'ਕਰਮ' ਨੂੰ,
ਦਿਲ ਜੇ ਉਜੜੇ ਰਹੇ ਤਾਂ ਕੀਵੇਂ, ਹੋਣਗੀਆਂ ਆਬਾਦ ਪ੍ਰੀਤਾਂ ।
(ਕਾਂਗ=ਹੜ੍ਹ, ਵਾਅਜ਼=ਧਾਰਮਿਕ ਤਕਰੀਰ)
2. ਸੁਣ ਸੁਣ ਵੈਰ-ਹਸਦ ਦੀਆਂ ਗੱਲਾਂ
ਸੁਣ ਸੁਣ ਵੈਰ-ਹਸਦ ਦੀਆਂ ਗੱਲਾਂ, ਪਿਆਰ ਤੋਂ ਦਿਲ ਪ੍ਰਤਾਣਾ ਕੀ ?
ਦੀਵਾ ਬਣ ਕੇ ਬਲਣਾ ਏਂ ਤਾਂ, ਫੂਕਾਂ ਤੋਂ ਘਬਰਾਣਾ ਕੀ ।
ਦਿਲ ਭੈੜਾ ਏ ਅਜਲੀ ਪਾਗਲ, ਪਾਗਲ ਨੂੰ ਸਮਝਾਣਾ ਕੀ ?
ਇਕ ਖੇੜੇ ਤੋਂ ਪੁੱਗਣ ਖ਼ਾਤਰ, ਰੋਜ਼ ਦਾ ਖੇੜਾ ਪਾਉਣਾ ਕੀ ?
ਦੁੱਖ ਸਭ ਜਰੀਏ 'ਸੀ' ਨਾ ਕਰੀਏ, ਹਸ ਹਸ ਜੀਵੀਏ ਹਸ ਹਸ ਮਰੀਏ,
ਪਿਆਰ ਵਿਹਾਰ ਬਣਾ ਕੇ ਅਪਣਾ, ਰੋਣਾ ਕੀ ਕੁਰਲਾਣਾ ਕੀ ।
ਸਰਘੀ ਵੇਲੇ, ਵਾ ਜੋ ਝੁੱਲੀ, ਲੈ ਗਈ ਇਸ ਦੀ, ਖ਼ਾਕ ਉਡਾ ਕੇ,
ਜਾਨ ਦੀ ਬਾਜ਼ੀ ਲਾ ਕੇ ਅਪਣੀ, ਖੱਟ ਕੇ ਗਿਆ ਪ੍ਰਵਾਨਾ ਕੀ ।
ਤਨ ਦੀਆਂ ਤਣੀਆਂ, ਅੱਖਰ ਬਣੀਆਂ, ਮਨ ਦੀਆਂ ਸੱਧਰਾਂ ਰਮਜ਼ਾਂ,
ਹੁਣ ਅਸੀਂ ਆਪ ਕਹਾਣੀ ਹੋਏ, ਲਿਖੀਏ ਹੋਰ ਅਫ਼ਸਾਨਾ ਕੀ ।
ਦਿਲਬਰ ਨਾਲ ਵਿਛੋੜੇ ਪਾ ਕੇ, ਬੈਠੇ ਹਾਂ ਹੈਰਾਨ 'ਕਰਮ'
ਟੁੱਟੇ ਦਿਲ ਨਾ, ਜੁੜਦੇ ਮੁੜਕੇ, ਕਰੀਏ ਆਣ ਬਹਾਨਾ ਕੀ ।
(ਹਸਦ=ਜਲਣ,ਈਰਖਾ, ਅਜਲੀ=ਮੁੱਢ ਤੋਂ)
3. ਕਿਸੇ ਨਾ ਬੂਹਾ ਆ ਖੜਕਾਉਣਾ
ਕਿਸੇ ਨਾ ਬੂਹਾ ਆ ਖੜਕਾਉਣਾ, ਕਿਹੜਾ ਮੇਰਾ ਦਰਦੀ ।
ਐਵੇਂ ਬਹਿ ਕਨਸੂਆਂ ਲੈਨਾਂ, ਕੁੰਡੀ ਲਾਕੇ ਘਰ ਦੀ ।
ਇਕ ਇਕ ਕਰ ਕੇ ਡੁਬਦੇ ਜਾਂਦੇ, ਆਸਾਂ ਵਾਲੇ ਤਾਰੇ,
ਦੇਖਾਂ ਖ਼ੌਰੇ ਥੱਮਦੀ ਹੋਵੇ, ਲੰਮੀ ਰਾਤ ਹਿਜਰ ਦੀ ।
ਉਸ ਬਸਤੀ ਵਿੱਚ ਡੇਰੇ ਲਾ ਲਏ, ਦੁੱਖਾਂ ਦਰਦਾਂ ਪੀੜਾਂ,
ਜਿੱਥੇ ਅੱਗੇ ਗੌਲਦੀ ਪਈ ਸੀ, ਯਾਦ ਕਿਸੇ ਦਿਲਬਰ ਦੀ ।
ਜੀਹਦੇ ਅੱਗੇ ਲੱਪ ਬਹਾਈਏ, ਉਹੋ ਬੁਕ ਬੁਕ ਰੋਵੇ,
ਸਾਵਣ ਦੀ ਘਟ ਇਹ ਅੱਖ ਮੇਰੀ, ਕਿੱਥੇ ਜਾ ਕੇ ਵਰ੍ਹਦੀ ।
ਚੰਗੀ ਰਹਿ ਗਈ ਛਾਲਾਂ ਲਾ ਕੇ ਸੋਚਾਂ ਵਿੱਚ ਨਾ ਡੁੱਬੀ,
ਇਸ਼ਕ ਝਨਾਂ ਦੀਆਂ ਛੱਲਾਂ ਉੱਤੇ, ਸੋਹਣੀ ਲਗਦੀ ਤਰਦੀ ।
ਕੁੱਝ ਅਪਣੇ ਕੁੱਝ ਉਹਨੇ ਦਿੱਤੇ, 'ਤੇ ਕੁੱਝ ਦੁਨੀਆਂ ਦਿੰਦੀ,
ਜਾਨ ਨਿਮਾਣੀ 'ਹੈਦਰ' ਜੀ ਦੀ ਦੁਖੜੇ ਜਾਂਦੀ ਜਰਦੀ ।