Professor Ashiq Raheel
ਪ੍ਰੋਫ਼ੈਸਰ ਆਸ਼ਿਕ 'ਰਹੀਲ'

ਨਾਂ-ਮੁਹੰਮਦ ਆਸ਼ਿਕ, ਕਲਮੀ ਨਾਂ-ਆਸ਼ਿਕ 'ਰਹੀਲ',
ਜਨਮ ਤਾਰੀਖ਼-11 ਸਤੰਬਰ 1935,
ਪਿਤਾ ਦਾ ਨਾਂ-ਚੌਧਰੀ ਬਰਕਤ ਅਲੀ,
ਜਨਮ ਸਥਾਨ-ਲ਼ਾਹੌਰ,
ਵਿਦਿਆ-ਐਮ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਨਜ਼ਰਾਂ ਪਿਆਰ ਦੀਆਂ (ਪੰਜਾਬੀ ਸ਼ਾਇਰੀ),
ਪਤਾ-6 ਖ਼ੈਬਰ ਪਾਰਕ, ਆਉਟ ਫ਼ਾਲ ਰੋੜ, ਸੰਤ ਨਗਰ, ਲਾਹੌਰ ।

ਪੰਜਾਬੀ ਗ਼ਜ਼ਲਾਂ (ਨਜ਼ਰਾਂ ਪਿਆਰ ਦੀਆਂ 2002 ਵਿੱਚੋਂ) : ਆਸ਼ਿਕ 'ਰਹੀਲ'

Punjabi Ghazlan (Nazran Piar Dian 2002) : Professor Ashiq Raheel



ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਮੈਂ ਤੇ ਤੂੰ

ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਮੈਂ ਤੇ ਤੂੰ । ਨੀਂਹ ਪਿਆਰ ਦੀ ਰਲ ਮਿਲ ਧਰੀਏ ਮੈਂ ਤੇ ਤੂੰ । ਸਾਰੇ ਜੱਗ ਦੀ ਝੋਲੀ ਭਰੀਏ ਖ਼ੁਸ਼ੀਆਂ ਨਾਲ, ਵੇਲੇ ਦੇ ਦੁੱਖਾਂ ਨੂੰ ਜਰੀਏ ਮੈਂ ਤੇ ਤੂੰ । ਰਾਹਵਾਂ ਵਿੱਚ ਹਨੇਰੇ ਨੇ ਤੇ ਕੀ ਹੋਇਆ, ਚੰਨ ਸੂਰਜ ਦੀਆਂ ਬਾਗਾਂ ਫੜੀਏ ਮੈਂ ਤੇ ਤੂੰ । ਹੱਥਾਂ ਵਿਚ ਹੱਥ ਪਾ ਕੇ ਵੇਲਾ ਕੱਟ ਲਈਏ, ਅੱਗ ਦੇ ਇਸ ਦਰਿਆ ਵਿਚ ਤਰੀਏ ਮੈਂ ਤੇ ਤੂੰ । ਜਿਸ ਮਿੱਟੀ ਵਿਚ ਤੇਰੇ ਮੇਰੇ ਪਿਆਰੇ ਗਏ, ਉਸ ਮਿੱਟੀ ਨੂੰ ਅੰਬਰ ਕਰੀਏ ਮੈਂ ਤੇ ਤੂੰ । ਦਾਮਨ ਏ ਜੇ ਤੇਰਾ ਮੇਰਾ ਪਾਕ 'ਰਹੀਲ', ਫੇਰ ਦੁਨੀਆਂ ਤੋਂ ਕਾਹਨੂੰ ਡਰੀਏ ਮੈਂ ਤੇ ਤੂੰ ।

ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ

ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ । ਚਾਰ-ਚੁਫ਼ੇਰੇ ਜਾਲ ਵਿਛਾਏ ਲੋਕਾਂ ਨੇ । ਇਕ ਦੂਜੇ ਤੋਂ ਆਪਣੇ ਐਬ ਲੁਕਾਵਣ ਲਈ, ਵੰਨ-ਸਵੰਨੇ ਭੇਸ ਵਟਾਏ ਲੋਕਾਂ ਨੇ । ਲੁੱਟ ਕੇ ਸੋਹਣੇ ਹਰਿਆਂ ਭਰਿਆਂ ਬਾਗ਼ਾਂ ਨੂੰ, ਸੇਜਾਂ ਉੱਤੇ ਫੁੱਲ ਸਜਾਏ ਲੋਕਾਂ ਨੇ । ਜ਼ਾਲਮ ਅੱਗੇ ਜੋੜ ਕੇ ਹੱਥ ਖਲੋਂਦੇ ਨੇ, ਮਾੜਿਆਂ ਉੱਤੇ ਜ਼ੁਲਮ ਕਮਾਏ ਲੋਕਾਂ ਨੇ । ਚੜ੍ਹਦੇ ਸੂਰਜ ਨੂੰ ਤੇ ਪੂਜੇ ਹਰ ਕੋਈ, ਡੁੱਬਿਆ ਸੂਰਜ ਨੈਣ ਚੁਰਾਏ ਲੋਕਾਂ ਨੇ । ਨਾਲ ਬੇਦਰਦੀ ਦਿਲ ਮੰਦਰ ਨੂੰ ਢਾਅ ਕੇ ਤੇ, ਉੱਚੇ-ਉੱਚੇ ਮਹਿਲ ਬਣਾਏ ਲੋਕਾਂ ਨੇ । ਹੀਰੇ ਲੱਭਣ ਤੁਰਿਆ ਪੱਥਰ ਮਿਲੇ 'ਰਹੀਲ', ਪੁੱਠੇ ਸਿੱਧੇ ਰਾਹ ਦਿਖਾਏ ਲੋਕਾਂ ਨੇ ।

ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ

ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ । ਸਾਡੇ ਲੇਖੇ ਲਿਖੀਆਂ ਕਾਲੀਆਂ ਰਾਤਾਂ ਨੇ । ਕੁੱਝ ਹੌਕੇ, ਕੁਝ ਹਾਵਾਂ ਤੇ ਕੁੱਝ ਰੋਗ ਨਵੇਂ, ਸੱਭੇ ਤੇਰੇ ਪਿਆਰ ਦੀਆਂ ਸੌਗ਼ਾਤਾਂ ਨੇ । ਸੱਜੇ ਤੂੰ ਏਂ ਖੱਬੇ ਤੂੰ ਹਰ ਪਾਸੇ ਤੂੰ, ਚਾਰ-ਚੁਫ਼ੇਰੇ ਹੁੰਦੀਆਂ ਤੇਰੀਆਂ ਬਾਤਾਂ ਨੇ । ਲੈਣ ਕੀ ਜਾਈਏ ਦੁਨੀਆ ਦੀ ਇਸ ਮੰਡੀ ਤੋਂ, ਘਟ ਗਏ ਬੰਦੇ ਰੰਗ ਬਰੰਗੀਆਂ ਜ਼ਾਤਾਂ ਨੇ । ਉਹ ਹੀ ਸਾਡੇ ਰਾਹਬਰ ਹੁੰਦੇ ਹਰ ਵਾਰੀ, ਪੜ੍ਹੀਆਂ ਹੋਈਆਂ ਜਿਨਹਾਂ ਚਾਰ ਜਮਾਤਾਂ ਨੇ । ਕੀ 'ਰਹੀਲ' ਏ ਪੱਲੇ ਆਪਣੇ ਬਖ਼ਸ਼ਿਸ਼ ਲਈ, ਕੁਝ ਹਮਦਾਂ ਨੇ ਕੋਲ ਮੇਰੇ ਕੁਝ ਨਾਅਤਾਂ ਨੇ ।

ਕੀ ਕੀ ਸਿਫ਼ਤਾਂ ਕਰੀਏ ਸੋਹਣੇ ਯਾਰ ਦੀਆਂ

ਕੀ ਕੀ ਸਿਫ਼ਤਾਂ ਕਰੀਏ ਸੋਹਣੇ ਯਾਰ ਦੀਆਂ । ਚਾਰ-ਚੁਫ਼ੇਰੇ ਧੁੰਮਾਂ ਉਹਦੇ ਪਿਆਰ ਦੀਆਂ । ਸ਼ੌਕ ਜਿਨ੍ਹਾਂ ਨੂੰ ਹੁੰਦਾ ਏ ਫੁੱਲ ਸੁੰਘਣ ਦਾ, ਚੋਭਾਂ ਸਹਿੰਦੇ ਰਹਿੰਦੇ ਨੇ ਉਹ ਖ਼ਾਰ ਦੀਆਂ । ਰਾਹਤ ਕਦੀ ਵੀ ਦਿਲ ਨੂੰ ਉਨ੍ਹਾਂ ਬਖ਼ਸ਼ੀ ਨਈਂ, ਕੀ ਬਾਤਾਂ ਨੇ ਉਸ ਸੋਹਣੀ ਸਰਕਾਰ ਦੀਆਂ । ਹੁਣ ਤੇ ਸੋਚਾਂ ਤੇ ਵੀ ਪਹਿਰੇ ਲੱਗ ਗਏ ਨੇ, ਖ਼ਬਰਾਂ ਕੀਵੇਂ ਆਵਣ ਪਰਲੇ ਪਾਰ ਦੀਆਂ । ਹਿਜਰ ਦੀ ਅੱਗ ਦੇ ਅੰਦਰ ਸੜਦੇ ਰਹਿੰਦੇ ਆਂ, ਤੇਰੀਆਂ ਯਾਦਾਂ ਸਾਡਾ ਸੀਨਾ ਠਾਰਦੀਆਂ । ਨੀਵੀਂ ਪਾ ਕੇ ਜਿਹੜੇ ਕੋਲੋਂ ਲੰਘ ਜਾਂਦੇ, ਉਹ ਹੀ ਸ਼ਰਮਾਂ ਰੱਖਦੇ ਨੇ ਦਸਤਾਰ ਦੀਆਂ । ਦਿਲ ਤਾਂ ਆਪ ਈ ਲਾ ਬੈਠੇ ਆਂ ਤੇਰੇ ਨਾਲ, 'ਰਹੀਲ' ਨੇ ਲੋੜਾਂ ਹੁਣ ਤੇਰੇ ਅਸਰਾਰ ਦੀਆਂ ।

ਰਾਹਵਾਂ ਦੇ ਵਿਚ ਰੁਲਦੇ

ਰਾਹਵਾਂ ਦੇ ਵਿਚ ਰੁਲਦੇ ਉਮਰਾਂ ਬੀਤ ਗਈਆਂ । ਮੋੜ ਤੇ ਆ ਕੇ ਭੁਲਦੇ ਉਮਰਾਂ ਬੀਤ ਗਈਆਂ । ਖ਼ੁਸ਼ੀਆਂ ਦੀ ਬਰਸਾਤ ਨੂੰ ਤਰਸੇ ਨੈਣ ਮੇਰੇ, ਗ਼ਮ ਦੇ ਝੱਖੜ ਝੁੱਲਦੇ ਉਮਰਾਂ ਬੀਤ ਗਈਆਂ । ਬੰਦਾ ਜੋ ਕੁਝ ਸੋਚੇ ਉਹ ਕੁਝ ਹੁੰਦਾ ਨਈਂ, ਸੱਧਰਾਂ ਦੇ ਨਾਲ ਘੁਲਦੇ ਉਮਰਾਂ ਬੀਤ ਗਈਆਂ । ਸਾਨੂੰ ਤੇ ਕੋਈ ਸੰਗੀ ਸਾਥੀ ਨਹੀਂ ਲੱਭਿਆ, ਦੁੱਖ ਵੰਡਾਉਂਦੇ ਕੁੱਲ ਦੇ ਉਮਰਾਂ ਬੀਤ ਗਈਆਂ । ਯਾਦ 'ਰਹੀਲ' ਨਾ ਹੋਇਆ ਸਬਕ ਮੁਹੱਬਤ ਦਾ, ਫ਼ਿਕਰ ਦੇ ਵਰਕੇ ਥਲਦੇ ਉਮਰਾਂ ਬੀਤ ਗਈਆਂ ।

ਪਲਕਾਂ ਹੇਠ ਸਮੁੰਦਰ ਹੋਂਠ ਪਿਆਸੇ ਨੇ

ਪਲਕਾਂ ਹੇਠ ਸਮੁੰਦਰ ਹੋਂਠ ਪਿਆਸੇ ਨੇ । ਦਿਲ ਵਿਚ ਸੱਧਰਾਂ ਹੱਥ ਵਿਚ ਖ਼ਾਲੀ ਕਾਸੇ ਨੇ । ਉਧਰ ਖ਼ੁਸ਼ੀਆਂ ਅਮਨ ਅਮਾਨ ਤੇ ਚੈਨ ਈ ਚੈਨ, ਦੁੱਖ-ਦਲਿੱਦਰ ਸਾਰੇ ਸਾਡੇ ਪਾਸੇ ਨੇ । ਜ਼ਾਹਰ ਬਾਤਨ ਵਰਗਾ ਨਹੀਂ ਏ ਲੋਕਾਂ ਦਾ, ਦਿਲ ਵਿਚ ਨਫ਼ਰਤ ਬੁੱਲ੍ਹਾਂ ਉੱਤੇ ਹਾਸੇ ਨੇ । ਵਸਲ ਦਾ ਵਾਅਦਾ ਕਰਕੇ ਚੁਪ ਕਿਉਂ ਵੱਟ ਲਈ, ਸੋਹਣਿਆ ਕਿੰਨੇ ਸੋਹਣੇ ਤੇਰੇ ਦਿਲਾਸੇ ਨੇ । ਸੇਰ ਮਨਾਂ ਦੀ ਹੁਣ ਨਹੀਂ ਕੋਈ ਗੱਲ 'ਰਹੀਲ', ਹੁਣ ਤੇ ਰਹਿ ਗਏ ਬਾਕੀ ਤੋਲੇ ਮਾਸੇ ਨੇ ।

ਕੌਣ ਗਲੇ ਨਾਲ ਲਾਵੇ ਓਸ ਵਿਚਾਰੇ ਨੂੰ

ਕੌਣ ਗਲੇ ਨਾਲ ਲਾਵੇ ਓਸ ਵਿਚਾਰੇ ਨੂੰ । ਜਿਸ ਨੇ ਸਿਰ ਤੇ ਚਾਇਆ ਮਿੱਟੀ ਗਾਰੇ ਨੂੰ । ਜੀਹਦੀਆਂ ਨੀਹਾਂ ਵਿਚ ਏ ਲਹੂ ਮਜ਼ਲੂਮਾਂ ਦਾ, ਭਾਗ ਕਦੀ ਨਈਂ ਲਗਦੇ ਓਸ ਚੁਬਾਰੇ ਨੂੰ । ਜੇ ਨਾ ਚੂਰੀਆਂ ਹੀਰ ਲਿਆਉਂਦੀ ਬੇਲੇ ਵਿਚ, ਰਾਂਝਾ ਵੀ ਮੁੜ ਜਾਂਦਾ ਤਖ਼ਤ ਹਜ਼ਾਰੇ ਨੂੰ । ਦੁੱਖਾਂ ਤੇ ਅਫ਼ਸੋਸ ਤੇ ਸਾਰੇ ਕਰਦੇ ਨੇ, ਪਰ ਨਈਂ ਪੁਛਦਾ ਕੋਈ ਕਿਸੇ ਦੁਖਿਆਰੇ ਨੂੰ । ਪੁੱਛੇ ਨਾ ਕੋਈ ਹਾਲ 'ਰਹੀਲ' ਦੀਆਂ ਪੀੜਾਂ ਦਾ, ਛੇੜੇ ਨਾ ਕੋਈ ਦੁੱਖਾਂ ਦੇ ਇਸ ਮਾਰੇ ਨੂੰ ।

ਰੋਗ ਅਵੱਲੇ ਦਿਲ ਨੂੰ ਹੋਣ ਤੇ ਕੀ ਕਰੀਏ

ਰੋਗ ਅਵੱਲੇ ਦਿਲ ਨੂੰ ਹੋਣ ਤੇ ਕੀ ਕਰੀਏ । ਚੁੱਪ-ਚੁਪੀਤੇ ਅੱਖੀਆਂ ਰੋਣ ਤੇ ਕੀ ਕਰੀਏ । ਜਿਹੜੇ ਬਾਹਰੋਂ ਆਉਣ ਲੁਟੇਰੇ ਡੱਕ ਲਈਏ, ਜੇ ਕਰ ਆਪਣੇ ਉੱਠ ਖਲੋਣ ਤੇ ਕੀ ਕਰੀਏ । ਕੱਜ ਅਦਾਵਾਂ ਸਾਡੇ ਸੋਹਣੇ ਯਾਰ ਦੀਆਂ, ਜੁੱਸਾ ਨੇਜੇ ਵਿਚ ਪਰੋਣ ਤੇ ਕੀ ਕਰੀਏ । ਸਾਡਾ ਦਿਲ ਵੀ ਕਰਦਾ ਹੱਸਣ ਖੇਡਣ ਨੂੰ, ਦੁਖ ਦੁਨੀਆਂ ਦੇ ਰੂਹ ਨੂੰ ਕੋਹਣ ਤੇ ਕੀ ਕਰੀਏ । ਰਹਿੰਦੀ ਏ ਸੱਜਣਾ ਨੂੰ ਮਿਲਣ ਦੀ ਤਾਂਘ'ਰਹੀਲ', ਵੈਰੀ ਅੱਗੇ ਪਿੱਛੇ ਹੋਣ ਤੇ ਕੀ ਕਰੀਏ ।

ਆਉਂਦੇ ਨਹੀਂ ਪਰ ਆਵਣ ਦਾ ਕਹਿ ਜਾਂਦੇ ਨੇ

ਆਉਂਦੇ ਨਹੀਂ ਪਰ ਆਵਣ ਦਾ ਕਹਿ ਜਾਂਦੇ ਨੇ । ਜਿਹੜੇ ਮਹਿਲ ਬਣਾਏ ਉਹ ਢੈ ਜਾਂਦੇ ਨੇ । ਉਹ ਮਹਿਰਮ ਹੁੰਦੇ ਨੇ ਉਚੀਆਂ ਸ਼ਾਨਾਂ ਦੇ, ਦੁਖ ਪਿਸਤੀ ਦੇ ਜਿਹੜੇ ਵੀ ਸਹਿ ਜਾਂਦੇ ਨੇ । ਖ਼ਵਰੇ ਕੀ ਕੁਝ ਮਿਲਦੈ ਉਹਦੇ ਬੂਹੇ ਤੋਂ, ਉਠਦੇ ਨਹੀਂ ਜੋ ਇਕ ਵਾਰੀ ਬਹਿ ਜਾਂਦੇ ਨੇ । ਰਾਖਾ ਇਕ ਫੁੱਲ ਤੋੜੇ ਤੇ ਇਹ ਜਾਣ ਲਵੇ, ਲੋਕੀ ਸਾਰਾ ਬਾਗ਼ ਹੀ ਪੁਟ ਲੈ ਜਾਂਦੇ ਨੇ । ਉਹੋ ਬਣਦੇ ਓੜਕ ਆਗੂ ਦੁਨੀਆਂ ਦੇ, ਨਾਲ ਤੂਫ਼ਾਨਾਂ ਦੇ ਜਿਹੜੇ ਖਹਿ ਜਾਂਦੇ ਨੇ । ਉਮਰਾਂ ਉਹੋ ਢੋਲ ਵਜਾਉਣੇ ਪੈਂਦੇ ਨੇ, ਜਿਹੜੇ ਨਾ ਚਾਹਿਆਂ ਵੀ ਗਲ ਪੈ ਜਾਂਦੇ ਨੇ । ਲੋਕੀ ਤਸਬੀ ਉਦੋਂ ਫੜਨ 'ਰਹੀਲ' ਏਥੇ, ਨੋਟ ਗਿਣਨ ਤੋਂ ਹੱਥ ਜਦੋਂ ਰਹਿ ਜਾਂਦੇ ਨੇ ।

ਰੁੱਸਿਆ ਯਾਰ ਮਨਾਉਂਦੇ ਰਹੇ

ਰੁੱਸਿਆ ਯਾਰ ਮਨਾਉਂਦੇ ਰਹੇ ਆਂ ਸਾਰੀ ਉਮਰ । ਆਪਣਾ ਆਪ ਗਵਾਉਂਦੇ ਰਹੇ ਆਂ ਸਾਰੀ ਉਮਰ । ਅੰਨ੍ਹੇ, ਬੋਲੇ, ਬੇਪਰਵਾਹ ਜਿਹੇ ਲੋਕਾਂ ਨੂੰ, ਦਿਲ ਦਾ ਹਾਲ ਸੁਣਾਉਂਦੇ ਰਹੇ ਆਂ ਸਾਰੀ ਉਮਰ । ਅੱਖ ਚੁੱਕ ਕੇ ਨਾ ਜੀਹਨੇ ਤੱਕਿਆ ਸਾਡੇ ਵੱਲ, ਉਹਦੇ ਗੀਤ ਈ ਗਾਉਂਦੇ ਰਹੇ ਆਂ ਸਾਰੀ ਉਮਰ । ਅੱਖਾਂ ਵਿੱਚੋਂ ਅੱਥਰੂ ਡੁੱਲਣ ਨਹੀਂ ਦਿੱਤੇ, ਦਿਲ ਦਾ ਦਰਦ ਲੁਕਾਉਂਦੇ ਰਹੇ ਆਂ ਸਾਰੀ ਉਮਰ । ਰਾਤਾਂ ਕੱਟੀਆਂ ਜਾਗ-ਜਾਗ ਕੇ ਅੱਖਾਂ ਵਿਚ, ਸੁੱਤੇ ਲੇਖ ਜਗਾਉਂਦੇ ਰਹੇ ਆਂ ਸਾਰੀ ਉਮਰ । ਜ਼ਿੰਦਾ ਰਹਿਣ ਲਈ ਦੁਨੀਆ ਦੇ ਵਿੱਚ ਰਹੀਲ, ਕਿੰਨੇ ਭੇਸ ਵਟਾਉਂਦੇ ਰਹੇ ਆਂ ਸਾਰੀ ਉਮਰ ।

ਕੁਦਰਤ ਦਾ ਮੈਂ ਖੇਡ ਤਮਾਸ਼ਾ

ਕੁਦਰਤ ਦਾ ਮੈਂ ਖੇਡ ਤਮਾਸ਼ਾ ਦੇਖ ਰਿਹਾਂ । ਅੱਲ੍ਹਾ ਦੀ ਇਹ ਸਾਜ਼ੀ ਦੁਨੀਆ ਦੇਖ ਰਿਹਾਂ । ਕੋਈ ਤੇ ਫਿਰਦਾ ਰਹਵੇ ਹਵਾਈ ਜਹਾਜ਼ਾਂ ਤੇ, ਮੁਫ਼ਲਸ ਦਾ ਤੇ ਹਾਲ ਮੈਂ ਪਤਲਾ ਦੇਖ ਰਿਹਾਂ । ਮਹਿੰਗੀ ਹੋ ਗਈ ਹਰ ਇਕ ਸ਼ੈ ਇਸ ਦੁਨੀਆ ਦੀ, ਬਸ ਇਨਸਾਨ ਨੂੰ ਸਸਤਾ ਵਿਕਦਾ ਦੇਖ ਰਿਹਾਂ । ਜੀਹਦਾ ਘਰ ਤਸਵੀਰ ਲੱਗੀ ਸਹਿਰਾਵਾਂ ਦੀ, ਉਹਦੀ ਅੱਖ ਵਿਚ ਗੰਗਾ ਜਮਨਾ ਦੇਖ ਰਿਹਾਂ । ਹਰ ਚਿਹਰਾ ਇਕ ਨਵੀਂ ਕਹਾਣੀ ਕਹਿੰਦਾ ਏ, ਹਰ ਕੋਈ ਕਰਦਾ ਨਵਾਂ ਡਰਾਮਾ ਦੇਖ ਰਿਹਾਂ । ਚਾਰ ਚੁਫ਼ੇਰੇ ਅੱਗ ਦੇ ਭਾਂਬੜ ਬਲਦੇ ਨੇ, ਹਰ ਪਾਸੇ ਦੁਨੀਆ ਨੂੰ ਸੜਦਾ ਦੇਖ ਰਿਹਾਂ । ਬੇਵਸ ਨੂੰ ਤੂੰ ਜਿਉਂਦਾ ਜੀਅ ਨਾ ਆਖ 'ਰਹੀਲ', ਰੋਜ਼ ਈ ਜਿਉਂਦਾ ਰੋਜ਼ ਈ ਮਰਦਾ ਦੇਖ ਰਿਹਾਂ ।

ਕਿਉਂ ਖੋਈਆਂ ਨੇ ਸੱਜਣਾ ਰਾਹਵਾਂ

ਕਿਉਂ ਖੋਈਆਂ ਨੇ ਸੱਜਣਾ ਰਾਹਵਾਂ ਪਿਆਰ ਦੀਆਂ । ਕਿੱਧਰ ਗਈਆਂ ਗੂੜ੍ਹੀਆਂ ਛਾਵਾਂ ਪਿਆਰ ਦੀਆਂ । ਸੱਜਣ ਬਣ ਕੇ ਲਾਏ ਨੇ ਫੱਟ ਲੋਕਾਂ ਨੂੰ, ਰਹਿ ਗਈਆਂ ਅੱਜ ਖੁੱਲ੍ਹੀਆਂ ਬਾਹਵਾਂ ਪਿਆਰ ਦੀਆਂ । ਦਿਲ ਵਿਚ ਨਫ਼ਰਤ ਬੁੱਲ੍ਹੀਆਂ ਉੱਤੇ ਹਾਸੇ ਨੇ, ਚੰਗੀਆਂ ਲੱਗਣ ਕਿੰਜ ਅਦਾਵਾਂ ਪਿਆਰ ਦੀਆਂ । ਦੌਲਤ ਦੀ ਛਣਕਾਰ ਕੰਨਾਂ ਵਿਚ ਵਸਦੀ ਏ, ਗੱਲਾਂ ਕੀਹਨੂੰ ਜਾ ਸੁਣਾਵਾਂ ਪਿਆਰ ਦੀਆਂ । ਸ਼ਹਿਰਾਂ ਵਿਚ ਬਘਿਆੜ ਤੇ ਚੀਤੇ ਵਸਦੇ ਨੇ, ਕਿੱਥੋਂ ਯਾਰੋ ਆਉਣ ਸਦਾਵਾਂ ਪਿਆਰ ਦੀਆਂ । ਧਰਤੀ ਖ਼ੁਸ਼ਕ ਤੇ ਬੱਦਲ ਨੇ ਅਸਮਾਨਾਂ ਤੇ, ਰਲ-ਮਿਲ ਮੰਗੋ ਸਭ ਦੁਆਵਾਂ ਪਿਆਰ ਦੀਆਂ । ਕਿੱਧਰ ਗਏ ਉਹ ਦੌਰ 'ਰਹੀਲ' ਜਵਾਨੀ ਦੇ, ਹੁੰਦੀਆਂ ਸਨ ਮਹਿਬੂਬ ਖ਼ਤਾਵਾਂ ਪਿਆਰ ਦੀਆਂ ।

ਕੁਝ ਹੋਰ ਰਚਨਾਵਾਂ : ਆਸ਼ਿਕ 'ਰਹੀਲ'



ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ

ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ । ਉਹ ਲੋਕ ਨਸੀਬਾਂ ਵਾਲੇ ਨੇ । ਉਹ ਨਿੱਘੀਆਂ ਯਾਰੀਆਂ ਕੀ ਹੋਈਆਂ ? ਜਦ ਪੈਣ ਲੱਗੇ ਵਿੱਚ ਪਾਲ਼ੇ ਨੇ । ਸਾਨੂੰ ਲੋਰੀਆਂ ਨਾਲ ਸੁਲਾ ਦਿੱਤਾ, ਅਸਾਂ ਜਦ ਵੀ ਹੋਸ਼ ਸੰਭਾਲੇ ਨੇ । ਕੀ ਹਾਲ ਮੈਂ ਦੱਸਾਂ ਲੋਕਾਂ ਦਾ ? ਮੂੰਹ ਚਿੱਟੇ, ਅੰਦਰੋਂ ਕਾਲੇ ਨੇ । ਹੁਣ ਇੱਜ਼ਤਾਂ ਦੇ ਉਹ ਚੋਰ ਹੋਏ, ਜਿਹੜੇ ਇੱਜ਼ਤਾਂ ਦੇ ਰਖਵਾਲੇ ਨੇ । ਮੰਜ਼ਲ ਦੀ 'ਰਹੀਲ' ਉਡੀਕ ਰਹੀ, ਭਾਵੇਂ ਪੈਰੀਂ ਪੈ ਗਏ ਛਾਲੇ ਨੇ ।

ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ

ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ । ਹੁੰਦੇ ਨਹੀਂ ਸ਼ੈਦਾਈ ਝੂਠੀਆਂ ਸ਼ਾਨਾਂ ਦੇ । ਸੋਚ ਸਮਝ ਕੇ ਆਖੀਂ, ਜੋ ਕੁਝ ਕਹਿਣਾ ਏਂ, ਮੁੜ ਵਾਪਸ ਨਹੀਂ ਆਉਂਦੇ ਤੀਰ ਕਮਾਨਾਂ ਦੇ । ਕੋਈ ਨਾ ਪੁੱਛੇ ਹਾਲ ਗ਼ਰੀਬ ਨਿਮਾਣੇ ਦਾ, ਖ਼ਾਨ ਪਰਾਹੁਣੇ ਹੁੰਦੇ ਏਥੇ ਖ਼ਾਨਾਂ ਦੇ । ਸ਼ਮਲਾ ਉੱਚਾ ਹੁੰਦਾ ਅਣਖਾਂ ਵਾਲਿਆਂ ਦਾ, ਸ਼ੀਸ਼ ਕਦੀ ਨਹੀਂ ਝੁਕਦੇ ਸ਼ੇਰ-ਜਵਾਨਾਂ ਦੇ । ਬਸਤੀ-ਬਸਤੀ ਖ਼ੂਨ ਦੇ ਛੱਪੜ ਲੱਗੇ ਨੇ, ਰੰਗ ਬਦਲਦੇ ਕਿਉਂ ਨਾ ਅੱਜ ਅਸਮਾਨਾਂ ਦੇ ? ਦੁੱਖ 'ਰਹੀਲ' ਕਿਸੇ ਦਾ ਕੋਈ ਵੰਡਦਾ ਨਾ, ਦਿਲ ਕਿਉਂ ਪੱਥਰ ਹੋ ਗਏ ਨੇ ਇਨਸਾਨਾਂ ਦੇ ?

ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ

ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ । ਚਾਰ-ਚੁਫੇਰੇ ਜਾਲ ਵਿਛਾਏ ਲੋਕਾਂ ਨੇ । ਇੱਕ-ਦੂਜੇ ਤੋਂ ਅਪਣੇ ਐਬ ਛੁਪਾਉਣ ਲਈ, ਵੰਨ-ਸੁਵੰਨੇ ਭੇਸ ਵਟਾਏ ਲੋਕਾਂ ਨੇ । ਲੁੱਟ ਕੇ ਸੋਹਣੇ, ਹਰਿਆਂ ਭਰਿਆਂ ਬਾਗ਼ਾਂ ਨੂੰ, ਸੇਜਾਂ ਉੱਤੇ ਫੁੱਲ ਸਜਾਏ ਲੋਕਾਂ ਨੇ । ਚੜ੍ਹਦੇ-ਸੂਰਜ ਨੂੰ ਤੇ ਪੂਜੇ ਹਰ ਕੋਈ, ਡੁੱਬਿਆ ਸੂਰਜ, ਨੈਣ ਚੁਰਾਏ ਲੋਕਾਂ ਨੇ । ਨਾਲ ਬੇਦਰਦੀ ਦਿਲ-ਮੰਦਰ ਨੂੰ ਢਾਹ ਕੇ ਤੇ, ਉੱਚੇ-ਉੱਚੇ ਮਹਿਲ ਬਣਾਏ ਲੋਕਾਂ ਨੇ । ਜ਼ਾਲਮਾਂ ਅੱਗੇ ਜੋੜ ਕੇ ਹੱਥ ਖਲੋਂਦੇ ਨੇ, ਮਾੜਿਆਂ ਉੱਤੇ ਜ਼ੁਲਮ ਕਮਾਏ ਲੋਕਾਂ ਨੇ । ਹੀਰੇ ਲੱਭਣ ਤੁਰਿਆ ਪੱਥਰ ਮਿਲੇ 'ਰਹੀਲ' ਪੁੱਠੇ-ਸਿੱਧੇ ਰਾਹ ਦਿਖਾਏ ਲੋਕਾਂ ਨੇ ।

ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ

ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ । ਅਪਣੇ ਦਿਲ ਦੇ ਭਾਂਬੜ ਅੰਦਰ ਬਲਦੇ ਰਹਿੰਦੇ ਆਂ । ਮਾਲੀ ਕੋਈ ਨਹੀਂ ਬਾਗ਼ ਦਾ ਇੱਥੇ, ਅਸੀਂ ਲੁਟੇਰੇ ਆਂ, ਅਪਣਾ ਅਪਣਾ ਹਿੱਸਾ ਲੈ ਕੇ ਟਲਦੇ ਰਹਿੰਦੇ ਆਂ । ਚੋਰਾਂ ਦੇ ਸੰਗ ਚੋਰੀ ਕਰਕੇ ਤੇ ਫਿਰ ਲੁਕਣ ਲਈ, ਚੁੱਪ-ਚੁੱਪੀਤੇ ਸਾਧਾਂ ਦੇ ਸੰਗ ਰਲਦੇ ਰਹਿੰਦੇ ਆਂ । ਉੱਚੇ-ਮਹਿਲੀਂ ਵੱਸਣ ਵਾਲੇ ਵੀ ਖ਼ੁਸ਼ ਨਹੀਂ ਰਹਿੰਦੇ, ਅਸੀਂ ਨਿਮਾਣੇ ਰੂੜੀਆਂ 'ਤੇ ਵੀ ਪਲਦੇ ਰਹਿੰਦੇ ਆਂ । ਯਾਰ-ਸੱਜਣ ਦਾ ਕੋਈ ਸੁੱਖ-ਸੁਨੇਹਾ ਆਉਂਦਾ ਨਹੀਂ, ਆਪਣੇ ਦਿਲ ਦੀ ਹਾਲਤ ਲਿਖ-ਲਿਖ ਘੱਲਦੇ ਰਹਿੰਦੇ ਆਂ । ਚੜ੍ਹ ਅਸਮਾਨੀਂ ਭੁੱਲ ਜਾਨੇ ਆਂ ਅਪਣਾ ਆਪ 'ਰਹੀਲ', ਸ਼ਾਮ ਦੇ ਸੂਰਜ ਵਾਂਗੂੰ ਲੇਕਿਨ ਢਲਦੇ ਰਹਿੰਦੇ ਆਂ ।

ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ

ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ । ਅਪਣੇ ਸ਼ੌਕ ਦਾ ਇਹ ਸਾਮਾਨ ਦੇਖਾਂ । ਦੂਜੇ ਘਰਾਂ ਨੂੰ ਜੇ ਕਰ ਦੇਖਣੇ ਤੋਂ- ਮਿਲੇ ਵਿਹਲ, ਤੇ ਅਪਣਾ ਮਕਾਨ ਦੇਖਾਂ । ਕਿੱਥੇ ਪੁੱਜਿਆ ਏ ਸੂਰਜ ਸੱਧਰਾਂ ਦਾ ? ਬੱਦਲ ਹਟਣ, ਤੇ ਫੇਰ ਅਸਮਾਨ ਦੇਖਾਂ । ਮਾਲੀ ਲੱਗੇ ਨੇ ਖੌਰੇ ਕੰਮ ਕਿਹੜੇ ? ਉਜੜੇ ਬਾਗਾਂ ਨੂੰ, ਹੋ ਹੈਰਾਨ, ਦੇਖਾਂ । ਜਿਹੜੇ ਮੰਜ਼ਲਾਂ 'ਤੇ ਸਾਨੂੰ ਲੈ ਜਾਵਣ, ਕਿੱਥੇ ਕਦਮਾਂ ਦੇ ਉਹੋ ਨਿਸ਼ਾਨ ਦੇਖਾਂ ? ਕਰੇ ਐਸ਼ ਕੋਈ, ਕੋਈ ਮਰੇ ਭੁੱਖਾ, ਸੋਹਣੇ ਰੱਬ ਦੀ ਮੈਂ ਇਹ ਸ਼ਾਨ ਦੇਖਾਂ । ਖੋਟੇ ਕਿਉਂ 'ਰਹੀਲ' ਨੇ ਬਣੇ ਨੇਤਾ, ਹੱਥ ਜਿਨ੍ਹਾਂ ਦੇ ਵਿੱਚ ਕੁਰਆਨ ਦੇਖਾਂ ।

ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ

ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ । ਦੇਖਿਆ ਚੱਕਰ ਲਾ ਲਾ ਸਾਰੀਆਂ ਥਾਵਾਂ ਦਾ । ਕਰ ਲਉ ਜੋ ਕੁਝ ਕਰਨਾ ਹੈ, ਹੁਣ ਵੇਲਾ ਜੇ, ਕੁਝ ਵਿਸਾਹ ਨਹੀਂ ਆਉਂਦੇ-ਜਾਂਦੇ ਸਾਹਵਾਂ ਦਾ । ਅਪਣੇ ਹੱਥੀਂ ਪਾਣੀ ਦਿਉ ਦਰਖਤਾਂ ਨੂੰ, ਮਜ਼ਾ ਜੇ ਲੈਣਾ ਹੋਵੇ ਠੰਢੀਆਂ-ਛਾਵਾਂ ਦਾ । ਸਿੱਧੀ ਰਾਹੇ ਤੁਰਦੇ ਜਾਉ ਮੰਜ਼ਿਲ ਲਈ, ਰਾਹੀ ਕਦੇ ਨਹੀਂ ਭੁੱਲਦਾ ਸਿੱਧੀਆਂ-ਰਾਹਵਾਂ ਦਾ । ਝੁੰਮਰ ਪਾਵਣ ਖ਼ੁਸ਼ੀਆਂ ਮੇਰੇ ਦੇਸ਼ ਦੀਆਂ, ਸ਼ਾਲਾ ! ਆਵੇ ਦਿਨ ਉਹ ਸਾਡਿਆਂ ਚਾਵਾਂ ਦਾ । ਭੈੜੀ ਫ਼ਿਤਰਤ ਲੋਕ ਨਾ ਆਉਂਦੇ ਬਾਜ਼ 'ਰਹੀਲ', ਰੰਗ ਕਦੀ ਨ੍ਹੀਂ ਚਿੱਟਾ ਹੁੰਦਾ ਕਾਵਾਂ ਦਾ ।