Priyatama : Paramjit Sohal

ਪ੍ਰਿਯਤਮਾ : ਪਰਮਜੀਤ ਸੋਹਲ

If you must be mad, let it not be with the things of the world, but be mad with the love of the Lord.
-Sri Ramakrishna

Love comes to us in many ways; it may come as an awakening to the beauty of the Lover, by the sight of an ideal face and image of him, by mysterious hints to us of himself behind the thousand faces of things in the worlds, by a slow or sudden need of the heart, by a vague thrist in the soul, by the sense of someone near us drawing us or pursuing us with love or of someone blissful and beautiful whom we must discover.
-Sri Aurobindo

Love is the only thing that is causeless, that is free; it is beauty, it is skill, it is art. Without love there is no art. When the artist is playing beautifully there is no “me”, there is love and beauty, and this is art. This is skill in action. Skill in action is the absence of the “me”. Art is the absence of the “me”.
-J Krishnamurti

ਆਪਣੀ ਜੀਵਨ-ਸਾਥਣ
ਸਤਿੰਦਰ ਨੂੰ
ਮੇਰੇ ਲਈ ਕੁਝ ਵੀ ਬਾਹਰ ਨਹੀਂ
ਜਿਸ ਦੇ ਨਾਂ ਤੋਂ
ਜਿਸ ਤੋਂ ਸ਼ੁਰੂ ਤੇ ਖ਼ਤਮ
ਹੁੰਦੀ ਹੈ ਕਾਇਨਾਤ...

ਇਸ਼ਕ ਸਲਾਮਤ ਕੋਈ...
ਸੁਲਤਾਨ ਬਾਹੂ ਦੇ ਕਥਨ ਅਨੁਸਾਰ :
''ਅਲਫ਼ ਈਮਾਨ ਸਲਾਮਤ ਹਰ ਕੋਈ ਮੰਗੇ,
ਇਸ਼ਕ ਸਲਾਮਤ ਕੋਈ ਹੂ।
ਮੰਗਣ ਈਮਾਨ ਸ਼ਰਮਾਵਨ ਇਸ਼ਕੋਂ,
ਦਿਲ ਨੂੰ ਗ਼ੈਰਤ ਹੋਈ ਹੂ।
ਜਿਸ ਮੰਜ਼ਲ ਨੂੰ ਇਸ਼ਕ ਪਹੁੰਚਾਏ,
ਈਮਾਨੇ ਖ਼ਬਰ ਨਾ ਕੋਈ ਹੂ
ਮੇਰਾ ਇਸ਼ਕ ਸਲਾਮਤ ਰਖੀਂ,
ਬਾਹੂ, ਈਮਾਨੋਂ ਦਿਆਂ ਧਰੋਈ ਹੂ।''

'ਪ੍ਰਿਯਤਮਾ' ਨਾਲ ਇਸ਼ਕ ਦੀ ਸਲਾਮਤੀ ਮੰਗਦਾ ਹੋਇਆ ਮੈਂ ਇਹ ਹਰਫ਼ ਲਿਖ ਰਿਹਾ ਹਾਂ... 'ਪ੍ਰਿਯਤਮਾ' ਦੇ ਰੂਪ ਵਿਚ ਮੈਥੋਂ ਆਦਿ-ਸ਼ਕਤੀ ਨੂੰ 'ਏਕਾ ਨਾਰੀ' ਕਹਿ ਹੋ ਗਿਆ ਹੈ। ਇਸ ਨੂੰ ਮੇਰੀ ਗੁਸਤਾਖ਼ੀ ਸਮਝ ਲਵੋ; ਬੁੱਧੀ ਦਾ ਦਖ਼ਲ ਮੰਨ ਲਵੋ ਜਾਂ ਪਿਆਰ ਹੋਣ ਦੀ ਭੁੱਲ...। ਖ਼ੈਰ ਇਨ੍ਹਾਂ ਸ਼ਬਦਾਂ ਤੋਂ ਪਾਰ ਜਾਂਦੀ ਭਾਵਨਾ ਨੂੰ ਆਪਣੇ ਦਿਲਾਂ ਦੇ ਨੇੜੇ-ਨੇੜੇ ਮਹਿਸੂਸ ਕਰਕੇ 'ਪ੍ਰਿਯਤਮਾ' ਦੇ ਰੂਪ ਨੂੰ ਨਿਹਾਰੋ। ਜ਼ਰੂਰ ਤੁਹਾਨੂੰ ਆਪਣੇ ਅੰਦਰ ਇਕ ਸਿਹਰਨ ਜਿਹੀ ਗੁਜ਼ਰਦੀ ਮਹਿਸੂਸ ਹੋਵੇਗੀ। ਸ਼ਾਇਦ ਇਹੋ 'ਪ੍ਰਿਯਤਮਾ' ਨਾਲ ਤੁਹਾਡੀ ਅਸਲ ਮੁਲਾਕਾਤ ਹੋਵੇਗੀ।
ਜ਼ਰਾ ਏਸ 'ਸ਼ਕਤੀ' ਦੇ ਸਾਰੀ ਕਾਇਨਾਤ ਅੰਦਰ ਵਿਆਪਤ ਹੋਣ ਦੀ ਕਲਪਨਾ ਕਰੋ। ਕੀ ਇਸ ਸ਼ਕਤੀ ਦੀ ਦੈਵੀ ਛੋਹ ਤੁਹਾਨੂੰ ਆਪਣੇ ਅੰਦਰ ਮਹਿਸੂਸ ਨਹੀਂ ਹੋ ਰਹੀ? ਤੁਹਾਡੇ ਹਿਰਦੇ ਅੰਦਰ ਕਾਰਜਸ਼ੀਲ ਹੋ ਰਹੀ ਇਹ ਆਦਿ-ਸ਼ਕਤੀ ਹੀ ਮੇਰੀ ਪ੍ਰਿਯਤਮਾ ਹੈ।
ਭਾਰਤੀ ਦਰਸ਼ਨ ਅੰਦਰ ਪ੍ਰਣਵ ਵਿਚਲੇ 'ਅਕਾਰ', 'ਓਕਾਰ' ਤੇ 'ਮਕਾਰ' ਦੀ ਏਕਾਤਮਿਕਤਾ ਦਾ ਹੀ ਸ਼ਾਇਦ ਗੁਰਮੁਖੀ ਲਿਪੀ ਦੇ ਸ੍ਵਰਾਂ ਦੀ ਲਗਾਤਾਰਤਾ ਵਿਚੋਂ ਆਭਾਸ ਹੁੰਦਾ ਹੈ। 'ਪ੍ਰਿਯਤਮਾ' ਦੇ ਪਹਿਲੇ ਸ੍ਵਰ ਵਿਚ ਆਦਿ-ਸ਼ਕਤੀ ਦਾ ਵਿਰਦ, ਦੂਜੇ ਸ੍ਵਰ ਵਿਚ ਪ੍ਰਕ੍ਰਿਤੀ ਰਾਹੀਂ ਵਸਲ ਅਤੇ ਵਿਛੋੜੇ ਦੇ ਰਲੇ-ਮਿਲੇ ਅਨੁਭਵ ਦਾ ਨਿਰੂਪਣ ਅਤੇ ਤੀਜੇ ਸ੍ਵਰ ਵਿਚ 'ਪ੍ਰਿਯਤਮਾ' ਨਾਲ਼ ਪੁਨਰ-ਮਿਲਨ ਬਾਰੇ ਹੁਲਾਸਮਈ ਸ਼ੁਕਰਾਨੇ ਦਾ ਪ੍ਰਗਟਾ ਹੋਇਆ ਹੈ।
'ਪ੍ਰਿਯਤਮਾ' ਨਾਲ਼ ਇਸ਼ਕ ਦੀ ਸਲਾਮਤੀ ਮੰਗਣਾ ਮੇਰਾ ਧਰਮ ਹੈ। ਇਨ੍ਹਾਂ ਅੱਖਰਾਂ ਥਾਣੀਂ ਵੀ ਇਹ ਧਰਮ ਨਿਭ ਜਾਵੇ, ਇਹ ਮੇਰੀ ਆਸ ਹੈ ਅਤੇ ਆਜਜ਼ੀ ਵੀ...

ਯਾ ਦੇਵੀ ਸਰਵਭੂਤੇਸ਼ੂ ਸ਼ਕਤੀ ਰੂਪੇਨ ਸਂਸਿਥਿਤਾ।
ਨਮਸਤਸਯੈ ਨਮਸਤਸਯੈ ਨਮਸਤਸਯੈ ਨਮੋ ਨਮਹ।



ੳ: ਪਹਿਲਾ ਸ੍ਵਰ: ਆਕਾਰ

ਆਦਿ ਵਿਚ ਤੂੰ ਸੀ ਤੂੰ ਸਿਰਜਿਆ ਸੁਨਹਿਰੀ ਬੀਜ ਬੀਜ ਪੁੰਗਰਿਆ ਤੇਰੀ ਗਰਮਾਹਟ ਨਾਲ਼ ਪ੍ਰਵਰਿਸ਼ ਨਾਲ਼ ਸਾਧਨਾ ਨਾਲ਼ ਤੇਰੇ 'ਚੋਂ ਧਰਤੀ ਤੇ ਆਕਾਸ਼ ਬਣੇ ਤੇਰੇ 'ਚੋਂ ਬਣੇ ਜੀਅ-ਜੰਤ ਸਾਰੇ ਤੇਰੇ 'ਚੋਂ ਪੱਸਰਿਆ ਸਾਰਾ ਪਾਸਾਰ ਤੂੰ ਆਦਿ ਰਚਨਾਕਾਰ ਤੂੰ ਸਿਰਜੀ ਸ੍ਰਿਸ਼ਟੀ ਤੂੰ ਕੀਤਾ ਵਿਸਤਾਰ ਤੇਰੇ 'ਚੋਂ ਉਪਜਿਆ ਮੈਂ ਤੇਰੀ ਪਸਲੀ ਤੋਂ ਬਣਿਆ ਪੁਰਸ਼ ਤੇਰੀ ਵਿਰਾਟ ਕਾਇਆ 'ਚੋਂ ਪੈਦਾ ਹੋਇਆ ਬਿੰਦ ਤੇਰਾ ਆਕਾਰ ਤੇਰੀ ਯੋਗ ਮਾਇਆ ਦਾ ਤੇਰੀ ਅਦਭੁਤ ਲੀਲ੍ਹਾ ਦਾ ਮੈਂ ਇਕ ਅੰਗ ਹਾਂ ਤੇਰਾ ਅਲੌਕਿਕ ਰੰਗ ਹਾਂ ਮੈਂ ਤੇਰੀ ਅਮਰ ਕਲਾ ਕੈਲਾਸ਼ੀ ਰਮਣੀਕਤਾ 'ਚ ਤੇਰੀ ਝਨਕਾਰ ਦਾ ਵਿਸਤਾਰ ਮੈਂ ਤੇਰਾ ਸਹਿਜ ਪਿਆਰ ਮੈਂ ਤੇਰੇ ਨ੍ਰਿਤ ਦੀ ਮੁਦ੍ਰਾ ਮੈਂ ਤੇਰੇ ਕਦਮਾਂ ਦੀ ਤਾਲ਼ ਮੈਂ ਤੇਰਾ ਮਧੁਰ ਜਿਹਾ ਗੀਤ ਮੈਂ ਤੇਰਾ ਸਦੀਵੀ ਸਾਜ਼ ਮੈਂ ਤੇਰਾ ਆਦਿ-ਜੁਗਾਦੀ ਨਾਦ ਮੈਂ ਤੇਰੀ ਅਮਿਟ ਯਾਦ ਤੇਰੀ ਰਾਸ ਲੀਲ੍ਹਾ ਦਾ ਮਨਮੋਹਕ ਦ੍ਰਿਸ਼ ਤੇਰੇ ਰੋਮ ਰੋਮ 'ਚੋਂ ਝਰ ਰਿਹਾ ਅਨੰਤ ਵਿਸਮਾਦ ਤੇਰੀ ਅਸੀਮ ਨਿਰਛਲਤਾ ਦਾ ਪ੍ਰੇਮ ਗੀਤ ਤੇਰੀ ਦੈਵੀ ਕਰੁਣਾ ਦਾ ਭਾਵ ਤੇਰੇ ਉਜਲੇ ਨੇਤਰਾਂ ਦਾ ਆਕਰਸ਼ਣ ਤੇਰੀ ਅਲਖ ਨਿਰੰਜਨੀ ਜੋਤਿ ਦਾ ਚਾਨਣ ਤੇਰੇ ਮਧੂ-ਭਰੇ ਹਿਰਦੇ ਦੀ ਸਰੋਦੀ ਆਹ ਤੇਰੀਆਂ ਨਦੀਆਂ ਵਰਗੀਆਂ ਬਾਹਾਂ 'ਚ ਸਿਮਟਿਆ ਮੈਦਾਨ ਤੇਰੀਆਂ ਪਵਿੱਤਰ ਛਾਤੀਆਂ 'ਚੋਂ ਵਗਿਆ ਹੋਇਆ ਸੀਰ ਤੂੰ ਧਰਤੀ ਦੀ ਕੁੱਖ ਏਂ ਜਿਸ ਦੀਆਂ ਲਗਰਾਂ 'ਤੇ ਵਸੀ ਹੋਈ ਹੈ ਸ੍ਰਿਸ਼ਟੀ ਸਾਰੀ ਤੂੰ ਉਹ ਗਿਆਨ ਦਾ ਰੁੱਖ ਏਂ ਤੂੰ ਸ਼ਕਤੀ ਮੇਰੀ ਤੇਰੀ ਮਧੁਰਤਾ ਦੇ ਅੰਮ੍ਰਿਤ ਨਾਲ਼ ਫੈਲ ਰਿਹੈ ਆਨੰਦ ਸਾਰੇ ਤੇਰੇ ਕੇਸ ਮੈਦਾਨਾਂ ਦੇ ਵਣ-ਉਪਬਨ ਤੇਰਾ ਸ਼ਿੰਗਾਰ ਬਨਸਪਤੀ ਸਾਰੀ ਸੂਰਜ ਤੇਰੇ ਮੱਥੇ 'ਤੇ ਚੰਨ ਤੇਰੇ ਨੱਕ 'ਤੇ ਤਾਰੇ ਤੇਰੇ ਬਦਨ 'ਤੇ ਸਾਰੇ ਤੇਰੇ ਅਲੌਕਿਕ ਓਜ ਨਾਲ਼ ਪਰਿਪੂਰਣ ਹੈ ਕੁਦਰਤ ਤੇਰੇ ਵਿਰਾਟ ਰੂਪ ਨੂੰ ਦੇਖ ਰਿਹਾਂ ਕਣ ਕਣ 'ਚੋਂ ਤੇਰੇ ਲਾਸਿਯਾ ਨ੍ਰਿਤ ਅੰਦਰ ਬਰਫ਼ਾਨੀ ਢਲਾਣਾਂ ਵਿਹੜਾ ਬਣਨ ਸਾਰਾ ਅੰਬਰ ਚੌਗਿਰਦਾ ਪਾਜੇਬ ਦੇ ਘੁੰਗਰੂ ਬਣਨ ਪੱਥਰ ਚੱਟਾਨਾਂ ਨ੍ਰਿਤ ਤੇਰਾ ਭਰ ਰਿਹਾ ਤਿੰਨਾਂ ਲੋਕਾਂ 'ਚ ਵਿਸਮਾਦ ਤੇਰੀ ਕਲਾ ਆਦਿ-ਜੁਗਾਦਿ ਤੂੰ ਪ੍ਰਾਣ ਮੇਰੇ ਮੇਰੇ ਅੰਦਰ ਜਗ ਰੀ ਦਿਵਯ-ਜੋਤੀ ਨਿਰਵਿਕਲਪ ਸਮਾਧੀ ਅੰਦਰ ਲਿਵਲੀਨਤਾ ਮੇਰੀ ਨਿਸ਼ਕਾਮ ਭਗਤੀ ਮੇਰੀ ਸ਼ਕਤੀ ਮੇਰੀ ਤੇਰੇ ਸਦ-ਜਾਗਤ ਨੈਣਾਂ 'ਚੋਂ ਦਿਨ ਚੜ੍ਹਦੇ ਨੇ ਤੇਰੀ ਸੁਹਿਰਦਤਾ 'ਚੋਂ ਖਿੜਦੀ ਬਨਸਪਤੀ ਸਾਰੀ ਰੁੱਤਾਂ ਚੜ੍ਹਨ ਤੇਰੀ ਨਾਭੀ 'ਚੋਂ ਤੇ ਸੁੱਖ ਵੰਡਣ ਧਰਤੀ ਦੇ ਚੱਪੇ ਚੱਪੇ 'ਤੇ ਤੂੰ ਏਂ ਤਾਂ ਸਭ ਕੁਝ ਦਿਲਕਸ਼ ਹੈ ਤੂੰ ਏਂ ਤਾਂ ਪ੍ਰਾਣਵਾਨ ਹੈ ਸ੍ਰਿਸ਼ਟੀ ਤੇਰੇ ਨਾਲ਼ ਹੈ ਸਭ ਕੁਝ ਤੇਰੇ ਬਿਨ ਕੁਝ ਨਹੀਂ ਮੈਂ ਵੀ ... ... ... ਤੂੰ ਕਿਹਾ ਮਿੱਟੀ ਨੂੰ ਆਕਾਰ ਧਾਰਨ ਲਈ ਹਵਾ ਨੂੰ ਵਗਣ ਲਈ ਪਾਣੀ ਨੂੰ ਵਹਿਣ ਲਈ ਅਗਨ ਨੂੰ ਜਲਣ ਲਈ ਸਭ ਤੋਂ ਪ੍ਰਥਮ ਤੂੰ ਆਪਣੇ ਤੇਜ 'ਚੋਂ ਪ੍ਰੇਮ ਰਚਿਆ ਤੇਰੇ ਕਰਮ ਨਾਲ਼ ਆਲੋਕਿਤ ਹੋ ਜਾਂਦੀ ਹਰ ਦਿਸ਼ਾ ਮਹਿਕਣ ਲਗ ਜਾਂਦੀ ਵਸੁੰਧਰਾ ਤੇ ਪੱਸਰ ਜਾਂਦੀ ਪਰਮ ਸ਼ਾਂਤੀ ਤੇਰੀ ਵਾਤਸਲੀ ਸਨੇਹ ਭਰੀ ਦ੍ਰਿਸ਼ਟੀ ਨਾਲ਼ ਖਿੜ ਉੱਠਦੀਆਂ ਅਸੰਖ ਰੂਹਾਂ ਤੇ ਧੜਕਣ ਲਗ ਪੈਂਦੀ ਨਿਰਜੀਵਾਂ ਅੰਦਰ ਵੀ ਜ਼ਿੰਦਗੀ ਤੂੰ ਮਹਾਂ ਕਰੁਣਾ 'ਚੋਂ ਪ੍ਰੇਮ ਦੀ ਸਦ-ਬਿਰਤੀ ਨਾਲ਼ ਸਤੋਗੁਣੀ ਜੀਵਾਂ ਦੀ ਨਵ-ਸਿਰਜਣਾ ਕਰਦੀ ਤੂੰ ਨੇਕੀ, ਸੱਚ, ਦਇਆ, ਸੰਤੋਖ ਤੇ ਪਰਉਪਕਾਰ ਨਾਲ਼ ਸੁਸੱਜਿਤ ਕਰਦੀ ਸੰਸਾਰੀ ਜੀਵਾਂ ਨੂੰ ਤੂੰ ਪ੍ਰਕ੍ਰਿਤੀ ਨੂੰ ਮਧੁਰ ਮੁਸਕਾਨ ਨਾਲ਼ ਅਲੰਕਾਰਦੀ ਤੂੰ ਆਪਣੇ ਸੁੰਦਰ ਕਰ-ਕਮਲਾਂ ਨਾਲ਼ ਕਾਰਜਸ਼ੀਲ ਰੱਖਦੀ ਜੱਗ ਦੀ ਕਾਰ ਤੂੰ ਸੱਚਦਾਨੰਦ ਪ੍ਰਦਾਨਦੀ ਤੂੰ ਸਰਵ ਪਾਲਣਹਾਰੀ ਆਵਾਜ਼ ਏਂ ਹਰ ਯੁੱਗ ਦੀ ਤੂੰ ਹੀ ਵਿਚਰ ਰਹੀ ਹਰ ਕਿਤੇ ਤੂੰ ਆਦਿ-ਜਣਨੀ ਇਸ ਬ੍ਰਹਿਮੰਡੀ ਕਾਇਆ ਅੰਦਰ ਸਾਮਰਤੱਖ ਹੈ ਤੇਰੀ ਸ਼ਕਤੀ ਤੇਰੀ ਅਸਗਾਹ ਸੁੰਦਰਤਾ ਨੂੰ ਨਹੀਂ ਪਹੁੰਚ ਸਕਦੀ ਕੋਈ ਵੀ ਬੁੱਧੀ ਨਹੀਂ ਮੇਚ ਸਕਦੀ ਤੇਰੀ ਆਨੰਦ-ਵਰਖਾ ਵਰਸਾਉਂਦੀ ਘਟਾ ਨੂੰ ਕੋਈ ਵੀ ਜਰੀਬ ਤੂੰ ਘੜੇ ਫ਼ਲਸਫ਼ੇ ਸਾਰੇ ਤੂੰ ਦਿੱਤਾ ਸਭ ਕਾਸੇ ਨੂੰ ਆਕਾਰ ਤੂੰ ਕਰੇਂਗੀ ਸਭ ਕਾਸੇ ਨੂੰ ਆਖ਼ਰ ਆਪਣੇ ਅੰਦਰ ਲੀਨ ਤੇਰੇ ਕੋਲ਼ ਹੈ ਸ਼ਕਤੀ ਆਪਣੀ ਰਚੀ ਸ੍ਰਿਸ਼ਟੀ ਨੂੰ ਸਦਗਤੀ ਵੱਲ ਲੈ ਜਾਣ ਦੀ ਤੇ ਅੰਧਕਾਰ ਦੀ ਗਹਿਰੀ ਤੰਦਰਾ 'ਚ ਸੁਆ ਦੇਣ ਦੀ ਵੀ ਤੇਰੇ ਕੋਲ਼ ਹੈ ਸ਼ਕਤੀ ਕਦੇ ਨਹੀਂ ਪਾ ਸਕਦਾ ਕੋਈ ਤੇਰਾ ਅੰਤ ਇਹ ਸਾਰੇ ਜੀਅ-ਜੰਤ ਤੇਰੇ ਬੱਚੇ-ਬੱਚੀਆਂ ਤੇਰਾ ਆਰ-ਪਰਿਵਾਰ ਤੂੰ ਆਦਿ-ਸਿਰਜਣਹਾਰ ... ... ... ਕਿੰਨੇ ਰਾਗ ਤੇ ਕਿੰਨੀਆਂ ਪਰੀਆਂ ਤੇਰੇ ਇਕ ਇਸ਼ਾਰੇ 'ਤੇ ਵਹਿ ਤੁਰਨ ਖੰਡਾਂ, ਬ੍ਰਹਿਮੰਡਾਂ ਦੇ ਅਨਹਦੀ ਸੰਗੀਤ ਦੀਆਂ ਧੁਨਾਂ ਸਮੇਤ ਤੂੰ ਗਾ ਰਹੀ ਅਨੰਤ ਰਾਗ ਨਦੀਆਂ ਦੀ ਲੈਅ ਸੁਰਾਂ ਪੌਣਾਂ ਦੀਆਂ ਧੁੱਪਾਂ ਛਾਵਾਂ ਤੇ ਘਟਾਵਾਂ ਨਾਲ ਤੇਰੇ ਗਾਉਂਦੀਆਂ ਤੇ ਦਿਸ਼ਾਵਾਂ ਅਨਹਦ ਨਾਦ ਵਜਾਉਂਦੀਆਂ ਤੂੰ ਮੇਰੇ ਅੰਦਰ ਆਪਣੀ ਅਲੌਕਿਕ ਵੀਣਾ ਦੇ ਸ੍ਵਰ ਗੂੰਜਣ ਦੇ ਤੇ ਮੈਨੂੰ ਸਦੀਵੀ ਆਨੰਦ ਦੀ ਅਨੁਭੂਤੀ ਅੰਦਰ ਵਿਗਸਣ ਦੇ ਤੂੰ ਆਪਣੇ ਨਾਮ ਦੀ ਖੁਮਾਰੀ ਅੰਦਰ ਮਿਟ ਜਾਣ ਦੇ ਮੈਨੂੰ ਕਿ ਏਦਾਂ ਮਿਟ ਜਾਣ 'ਚ ਹੀ ਸਦੀਵੀ ਜ਼ਿੰਦਗੀ ਹੈ ਮੇਰੀ ਤੂੰ ਮੈਨੂੰ ਹਵਾ 'ਚ ਮਿਲਾ ਦੇ ਅੱਗ 'ਚ ਜਲਾ ਦੇ ਪਾਣੀ 'ਚ ਘੋਲ਼ ਦੇ ਮਿੱਟੀ 'ਚ ਰੋਲ਼ ਦੇ ਉਧੇੜ ਦੇ ਮੇਰੀ ਹਉਂ ਦਾ ਤਾਣਾ-ਬਾਣਾ ਧਾਗਾ ਧਾਗਾ ਕਰ ਦੇ ਮੇਰੇ ਨਾਂ ਦਾ ਪਾੜ ਦੇ ਮੇਰੇ ਲਿਖੇ ਸਾਰੇ ਸਫ਼ੇ ਤੇ ਲਿਖ ਦੇ ਅਮਿਟ ਨਾਂ ਆਪਣਾ ਮੇਰੇ ਦਿਲ 'ਤੇ ਜ਼ੁਬਾਨ 'ਤੇ ਰੋਮ ਰੋਮ 'ਤੇ ਜਿਸਮ ਤੋਂ ਲੈ ਕੇ ਰੂਹ ਦੀ ਨਿਰਾਕਾਰਤਾ ਤੀਕ ਸਭ ਕੁਝ ਤੇਰਾ ਹੈ ਰਚ ਦੇ ਅਨਹਦ ਸ਼ਬਦ ਤੂੰ ਮੇਰੀ ਹੋਂਦ 'ਚ ਆਕਾਸ਼ ਵਾਂਗ ਵਿਸ਼ਾਲ ਹਵਾ ਵਾਂਗ ਪਾਰਦਰਸ਼ੀ ਪਾਣੀ ਵਾਂਗ ਨਿਰਮਲ ਅਗਨ ਵਾਂਗ ਉਜਵਲ ਤੇ ਮਿੱਟੀ ਵਾਂਗ ਜ਼ਰਖ਼ੇਜ਼ ਏਂ ਰਮ ਜਾ ਧੁਰ ਰੂਹ ਤੀਕ ਕਿ ਮਹਿਸੂਸ ਕਰ ਸਕਾਂ ਹਰ ਕਿਤੇ ਤੈਨੂੰ ਪੂਰੀ ਤਰ੍ਹਾਂ ਤੂੰ ਮੇਰੇ ਦਿਲ ਦੇ ਸਫ਼ੇ 'ਤੇ ਲਿਖ ਦੇ ਕੁਝ ਅਨੰਤ ਜਿਹਾ ਤੇ ਮੇਰਾ ਨਾਂ ਮੇਟ ਦੇ ਤੂੰ ਮੇਰੀ ਕਾਮਨਾ ਨੂੰ ਆਪਣੇ ਚਰਨ ਕਮਲਾਂ 'ਚ ਸ਼ਰਣ ਦੇ ਤੂੰ ਮੈਨੂੰ ਪਿਆਰ ਦਾ ਸੂਹਾ ਰੰਗ ਦੇ ਤੂੰ ਮੇਰੀ ਜਗਿਆਸਾ ਦੇ ਹੱਥਾਂ 'ਤੇ ਰਮਣੀਕ ਪਿਆਰ ਦੇ ਫੁੱਲ ਧਰ ਦੇ ਮੇਰੇ ਦਿਲ ਦੇ ਵਿਹੜੇ ਨੂੰ ਆਪਣੇ ਅਦੁੱਤੀ ਸੁਹਜ ਨਾਲ਼ ਮਹਿਕ ਮਹਿਕ ਕਰ ਦੇ ਤੇ ਫਿਰ ਇਸ ਮਹਿਕ ਨੂੰ ਫ਼ਿਜ਼ਾਵਾਂ 'ਚ ਰਲ਼ ਜਾਣ ਦੇ ... ... ... ਚੁੰਮ ਲੈਣ ਦੇ ਮੈਨੂੰ ਆਪਣੇ ਚਰਨ ਕਮਲਾਂ ਦੀ ਪਾਵਨਤਾ ਧੋ ਲੈਣ ਦੇ ਮਨ ਦੀਆਂ ਪਲੀਤ ਕਾਮਨਾਵਾਂ ਅੰਮ੍ਰਿਤ ਨਾਲ਼ ਜੋ ਨਿਰੰਤਰ ਵਹਿ ਰਿਹੈ ਤੇਰੇ ਚਰਨਾਰਬਿੰਦ 'ਚੋਂ ਤੂੰ ਮੈਨੂੰ ਯੋਗ ਦੇ ਅਗੰਮ ਦਾ ਵਿਸਮਾਦ ਦੇ ਅਨਹਦ ਦਾ ਰੰਗ ਦੇ ਪ੍ਰੇਮ ਦਾ ਸਪਰਸ਼ ਦੇ ਜਗਮਗਾਉਂਦੇ ਚਰਨ ਕਮਲਾਂ ਦਾ ਤੂੰ ਰੂਹ ਨੂੰ ਘੁੱਟ ਲੈ ਪਾਕੀਜ਼ ਪਿਆਰ ਦੀਆਂ ਵਿਰਾਟ ਬਾਹਾਂ ਅੰਦਰ ਚੁੰਮ ਲੈ ਮਸਤਕ ਨੂੰ ਅੰਗ ਅੰਗ ਨੂੰ ਰੋਮ ਰੋਮ ਨੂੰ ਆਪਣੇ ਸੁਕੋਮਲ ਚਰਨਾਂ ਦੇ ਅੰਗੂਠਿਆਂ ਦੀਆਂ ਪੋਰਾਂ ਨਾਲ਼ ਤੂੰ ਮੇਰੇ ਕੰਬਦੇ ਸਾਹਾਂ ਦੇ ਸਿਰ 'ਤੇ ਆਪਣੀ ਨਦਰਿ ਦੀ ਸਦੀਵੀ ਛਾਂ ਕਰ ਦੇ ਤੇ ਬਿਹਬਲ ਕਾਇਆ ਨੂੰ ਸੱਚੇ ਪ੍ਰੇਮ ਦੀ ਮਹਿਕ ਨਾਲ਼ ਭਰ ਦੇ ਦਿਵਯ ਚਰਨ ਕਮਲਾਂ ਦੇ ਮਧੁਰ ਸਪਰਸ਼ ਨਾਲ਼ ਆਲੋਕਿਤ ਕਰ ਦੇ ਆਤਮਾ ਮੈਂ ਇੱਕ ਫ਼ਕੀਰ ਵਾਂਗ ਤੇਰੇ ਚਰਨ ਕਮਲਾਂ ਦੀ ਸੁੰਦਰਤਾ ਨੂੰ ਅਪਲਕ ਅੱਖਾਂ ਥਾਣੀਂ ਪੀਣ ਦੀ ਖ਼ੈਰ ਮੰਗਦਾ ਹਾਂ ਤੇਰੇ ਨੂਰੀ ਚਰਨ ਕਮਲਾਂ 'ਚ ਨਤਮਸਤਕ ਨੇ ਮੇਰੀਆਂ ਸਗਲ ਸਿਆਣਪਾਂ ਮੇਰਾ-ਪਣ ਪੂਰੀ ਤਰ੍ਹਾਂ ਵਿਛ ਗਿਆ ਹੈ ਤੇਰੇ ਚਰਨਾਰਬਿੰਦ 'ਚੋਂ ਝਰਦੇ ਅਮਿਓਂ ਰਸ ਨੂੰ ਪੀਣ ਲਈ ਇੱਥੇ ਚਾਨਣ ਦੀ ਨਦੀ ਵਹਿੰਦੀ ਹੈ ਤੇ ਰੂਹਾਂ 'ਚ ਅਸੀਮ ਰੌਸ਼ਨੀ ਉਤਰਦੀ ਹੈ ਇੱਥੇ ਖ਼ੁਦ ਨਹੀਂ ਕਰਨਾ ਪੈਂਦਾ ਕੁਝ ਆਪਣੇ ਆਪ ਹੋ ਜਾਂਦਾ ਹੈ ਸ਼ਾਂਤ ਸਭ ਤੇਰੇ ਪੁਨੀਤ ਚਰਨਾਂ ਦੀ ਧੂੜ ਅੰਦਰ ਪਰਮ ਸੁੰਦਰਤਾ ਹੈ ਮੋਹਕਤਾ ਹੈ ਰਮਣੀਕਤਾ ਹੈ ਅਗੰਮੀ ਪ੍ਰੇਮ ਦੀ ਮਹਿਕ ਦਾ ਮਧੂਬਨ ਹੈ ਅੰਮ੍ਰਿਤ ਕੁੰਡ ਹੈ - ਨੂਰੀ ਮਿਹਰ ਦਾ ਤੂੰ ਮੇਰੇ ਮੱਥੇ ਨੂੰ ਝੁਕ ਜਾਣ ਦੇ ਪੂਰਨ ਸਮਰਪਣ ਅੰਦਰ ਮਿਟਣ ਦੇ ਮੈਨੂੰ ਧੁਰ ਅਹੰ ਤੀਕ ਤੇ ਬਚਿਆ ਰਹਿਣ ਦੇ ਵੈਰਾਗ ਜੋ ਤੇਰੇ ਪ੍ਰੇਮ ਲਈ ਬਿਹਬਲ ਕਰੀ ਰੱਖੇ ... ... ... ਚੁੰਮਦਾ ਹਾਂ ਤੈਨੂੰ ਸਮੁੱਚੀਆਂ ਭਾਵਨਾਵਾਂ ਦੀ ਪਵਿੱਤਰਤਾ ਨਾਲ਼ ਡੋਲ੍ਹ ਕੇ ਹਿਰਦੇ ਦੀਆਂ ਵੈਰਾਗੀ ਨਦੀਆਂ ਤੇਰੇ ਚਰਨ ਕਮਲਾਂ 'ਚ ਸ਼ਾਂਤ ਹੁੰਦਾ ਹਾਂ ਤੂੰ ਮੇਰੇ ਚੰਚਲ ਮਨ ਨੂੰ ਵਰਚਾ ਦੇ ਬਿਖੇਰ ਦੇ ਅਹੰਕਾਰ ਦੇ ਪਰਬਤ ਨੂੰ ਧੁਰ ਪਾਤਾਲਾਂ ਦੇ ਪੈਰਾਂ 'ਚ ਰੋਲ਼ ਦੇ ਕਿਧਰੇ ਮਿਟਾ ਦੇ ਹਸਤੀ ਮੇਰੀ ਕਿ ਮੈਂ ਕੁਝ ਨਹੀਂ ਹਾਂ ਨੂੜ ਕੇ ਚੰਚਲ ਮਨ ਨੂੰ ਆਪਣੇ ਪ੍ਰਸਾਦਿ ਦੇ ਮੁਕਤ-ਪਾਸ਼ ਨਾਲ਼ ਆਜ਼ਾਦ ਕਰ ਦੇ ਰੂਹ ਸ਼ਾਂਤ ਕਰਕੇ ਘੋਰ ਤ੍ਰਿਸ਼ਨਾ ਦੀ ਅਗਨ ਚਾਨਣਮਈ ਕਰ ਦੇ ਸਗਲ ਭਾਵਨਾਵਾਂ ਨੂੰ ਤੂੰ ਮੇਰੀ ਅਗਵਾਈ ਕਰ ਇੰਦਰੀਆਂ ਨੂੰ ਆਤਮਾ ਦੀ ਸੇਧ 'ਚ ਤੋਰਨ ਲਈ ਮੇਰੀ ਚੇਤਨਾ ਨੂੰ ਪ੍ਰੇਮ ਅੰਦਰ ਲਿਵਲੀਨ ਕਰ ਮੇਰੇ ਇਸ ਪੰਜ-ਭੂਤਕੀ ਸਰੀਰ ਅੰਦਰ ਖਿੜ ਪਵੇ ਜੀਉਂਦੇ-ਜੀਅ ਤੇਰੀ ਅੰਸ਼ ਦੀ ਚੰਪਾ ਕਲੀ ਮੈਂ ਪ੍ਰੇਮ ਦੇ ਰਸਤੇ 'ਤੇ ਤੁਰਦਾ ਰਹਾਂ ਸਦਾ ਸਦਾ ਦੇ ਲਈ ਮੈਂ ਸਿਰਫ਼ ਇਹੋ ਚਾਹੁੰਦਾ ਹਾਂ ਲੈ ਲਵਾਂ ਪਿਆਰ ਲੈ ਲਵਾਂ ਅਮਰਤਵ ਲੈ ਲਵਾਂ ਸਦੀਵੀ ਵਿਗਾਸ ਲੈ ਲਵਾਂ ਤੇਰੇ ਕੋਲ਼ੋਂ ਤੈਨੂੰ ਮੈਂ ਸਿਰਫ਼ ਇਹੋ ਚਾਹੁੰਦਾ ਹਾਂ

ਅ: ਦੂਜਾ ਸ੍ਵਰ : ਓਕਾਰ

ਮੈਂ ਤੇਰੇ 'ਚ ਸ਼ਾਮਿਲ ਤੂੰ ਮੇਰੇ 'ਚ ਸ਼ਾਮਿਲ ਇੱਕ ਸਾਂ ਆਪਾਂ ਤੇ ਫੇਰ ਕੀ ਹੋਇਆ ਕਿ ਵੇਦਨਾ ਜਾਗੀ ਵਿਯੋਗ ਹੋਇਆ ਦ੍ਵੈਤ ਉਪਜੀ ਵਿਛੁੜ ਗਏ ਆਪਾਂ ਮੈਂ ਉੱਠ ਗਿਆ ਬਹੁਤ ਉੱਪਰ ਤੂੰ ਲਹਿ ਗਈ ਬਹੁਤ ਹੇਠਾਂ ਧਰਤ ਆਕਾਸ਼ ਇੱਕ ਦੂਜੇ ਤੋਂ ...ਦੂਰ ਹੋ ਗਏ... ਹੁਣ ਜਦ ਵੀ ਬਿਹਬਲ ਹੁੰਦੇ ਆਪਾਂ ਤੇ ਸਮਾਉਣ ਲਗਦੇ ਇੱਕ ਦੂਜੇ ਦੀਆਂ ਬਾਹਾਂ 'ਚ ਤਾਂ ਕੀ ਹੁੰਦਾ ਕਿ ਵਿੱਥ ਰਹਿ ਜਾਂਦੀ ਆਪਣੇ ਸਦੀਵੀ ਮੇਲ ਅੰਦਰ ਕਿਉਂ ਨਹੀਂ ਹੋ ਸਕਦੇ ਆਪਾਂ ਫਿਰ ਤੋਂ ਇੱਕ ਕਿਉਂ ਵਾਪਰਦਾ ਇੰਜ ਕਿ ਡੋਲ ਜਾਂਦੇ ਸ਼ਾਹਰਗ ਦੇ ਪਾਣੀ ਕੰਬ ਜਾਂਦੀ ਪਰਮ ਮੇਲ ਜਿਹੀ ਸਾਡੀ ਰੌਸ਼ਨੀ ਸਾਡੇ ਮਹਾਂ ਪ੍ਰਾਣਾਂ ਵਿਚਕਾਰ ਕੌਣ ਹੁੰਦਾ ਇੱਕ ਦੂਜੇ 'ਚ ਮਿਟ ਚੁੱਕੀ ਇੱਕ ਦੂਜੇ ਦੀ ਪਛਾਣ ਤੋਂ ਬਿਨਾਂ? ... ... ... ਜਿਵੇਂ ਬਸੰਤ ਦੀ ਹਵਾ ਪਿੱਪਲ ਦੇ ਹਰੇ ਕਚੂਰ ਪੱਤਿਆਂ ਵਿਚੋਂ ਦੀ ਗੁਜ਼ਰ ਕੇ ਇਕ ਰਮਣੀਕ ਜਿਹਾ ਸੰਗੀਤ ਬਣਦੀ ਹੈ ਮੈਂ ਤੇਰੇ ਸੌਂਫ਼ੀਏ ਸਾਹਾਂ 'ਚ ਮਿਲ ਕੇ ਤੇਰੇ ਸੀਨੇ ਦਾ ਨਾਦ ਹੋ ਜਾਣਾ ਹੈ ਮੈਂ ਤੇਰੀ ਰੂਹ ਦੀਆਂ ਕੋਂਪਲਾਂ 'ਚੋਂ ਆਉਂਦੀ ਭਿੰਨੀ ਜਿਹੀ ਮਹਿਕ ਦਾ ਅਨੁਵਾਦ ਹੋ ਜਾਣਾ ਹੈ ਮੈਂ ਤੇਰੀ ਧੜਕਣ ਦਾ ਨਿਰੰਤਰ ਸੰਵਾਦ ਹੋ ਜਾਣਾ ਹੈ ਪਹਿਲੀ ਮੁਹੱਬਤ ਦੀ ਛੁਹ ਵਾਂਗ ਮੈਂ ਤੇਰੇ ਅੰਗ ਅੰਗ 'ਚੋਂ ਵਿਗਸਣਾ ਹੈ ਮੈਂ ਤੇਰਾ ਆਤਮਿਕ ਪਿਆਰ ਹੋ ਜਾਣਾ ਹੈ ... ... ... ਪ੍ਰੇਮ ਅੰਦਰ ਮੈਂ ਸਹਿਜ ਸੁਰਤਿ ਦੀ ਸਿਖਰ 'ਤੇ ਜਗਣਾ ਹੈ ਧਰੂ ਬਣਕੇ ਤੇ ਮਹਾਂ ਸੁੰਨ ਦੀ ਧਿਆਨੀ ਚੁੱਪ 'ਚ ਟਿਕਣਾ ਹੈ ਭਰਨੇ ਹਨ ਮੈਂ ਪਿਆਰ ਦੇ ਬੈਕੁੰਠ 'ਚੋਂ ਰਿਮਝਿਮ ਵਰਸਦੇ ਅੰਮ੍ਰਿਤ ਦੇ ਵਿਸਮਾਦੀ ਘੁੱਟ ਤੇ ਅਲੌਕਿਕ ਆਨੰਦ ਦੀ ਅਨਭੂਤੀ 'ਚ ਭਿਉਂ ਦੇਣੀ ਕੁਆਰੀ ਕਾਇਆ ਇਸ ਬ੍ਰਹਿਮੰਡੀ ਪਾਸਾਰ ਦੇ ਮਹਾਸਾਗਰ 'ਚ ਬੱਸ ਇੱਕ ਲਹਿਰ ਹਾਂ ਮੈਂ ... ... ... ਤੈਥੋਂ ਵਰਦਾਨ ਮਿਲੀ ਮੇਰੀ ਨਿਮਾਣੀ ਨਜ਼ਰ 'ਚ ਤੇਰੀ ਮੁਸਕਾਨ ਤੇ ਫੁੱਲਾਂ ਦੇ ਖਿੜਨ 'ਚ ਤੇਰੇ ਤੁਰਨ ਤੇ ਹਵਾਵਾਂ ਦੇ ਰੁਮਕਣ 'ਚ ਤੇਰੇ ਗਾਉਣ ਤੇ ਨਦੀਆਂ ਦੇ ਕਲ ਕਲ ਕਰਨ 'ਚ ਤੇਰੇ ਤੇ ਧਰਤੀ ਦੇ ਅਪਾਰ ਸੁਹੱਪਣ ੦ਚ ਕੋਈ ਫ਼ਰਕ ਨਹੀਂ ਹੁੰਦਾ ਤੂੰ ਮੈਨੂੰ ਆਪਣੇ ਪ੍ਰਾਣਾਂ ਦੇ ਸਫ਼ੇ 'ਤੇ ਇਸ ਤਰ੍ਹਾਂ ਅੱਖਰ ਅੱਖਰ ਵਿਛ ਜਾਣ ਦੇ ਜਿਸ ਤਰ੍ਹਾਂ ਨਦੀ ਦੇ ਪਾਣੀਆਂ 'ਤੇ ਰਾਤ ਦਾ ਸੱਨਾਟਾ ਵਿਛ ਜਾਂਦਾ ਹੈ ਜਿਸ ਤਰ੍ਹਾਂ ਆਕਾਸ਼ ਦੀ ਨੀਲੱਤਣ 'ਚ ਨੈਣਾਂ ਦੀ ਨੀਝ ਵਿਛ ਜਾਂਦੀ ਹੈ ਜਿਸ ਤਰ੍ਹਾਂ ਰੁੱਖਾਂ ਦੀਆਂ ਟਹਿਣੀਆਂ 'ਤੇ ਪੰਛੀਆਂ ਦੇ ਗੀਤ ਵਿਛ ਜਾਂਦੇ ਹਨ ਤੂੰ ਮੈਨੂੰ ਆਪਣੀਆਂ ਰਮਣੀਕ ਘਾਟੀਆਂ 'ਚ ਨਮੀ ਬਣ ਕੇ ਉਤਰ ਜਾਣ ਦੇ ਆਪਣੇ ਸਾਹਾਂ ਦੀ ਲੈਅ ਅੰਦਰ ਘੁਲ਼ ਜਾਣ ਦੇ ਮੇਰੇ ਪ੍ਰਾਣ ਜਿਸਮ ਤੋਂ ਰੂਹ ਤੀਕ ਮੈਂ ਤੇਰੀ ਆਦਿ-ਕਵਿਤਾ ਹਾਂ ਤੂੰ ਮੈਨੂੰ ਆਪਣੀ ਮਰਜ਼ੀ ਨਾਲ ਰਚ ... ... ... ਤੂੰ ਅਕਾਲ ਦੀ ਗੋਰੀ ਨਦੀ ਆਪਣੇ ਪਾਣੀ ਨੂੰ ਵਹਿਣਾ ਸਿਖਾਉਂਦੀ ਇਸ ਵਿਚ ਮੇਰੀ ਕਾਹਦੀ ਕਲਾ ਨਾ ਮੇਰੀ ਭਾਸ਼ਾ ਨਾ ਕਲਮ ਨਾ ਕਾਗਜ਼ ਨਾ ਮੈਂ ਲਿਖਣਹਾਰ ਇਹ ਸਾਰੇ ਭਾਵਾਂ ਦੀ ਲੜੀ ਤੇਰੀ ਲਿਖਤਕਾਰ ਤੂੰ ਕਲਮ ਦੀ ਨੋਕ 'ਤੇ ਬਿਰਾਜਮਾਨ ਹੋ ਕੋਰੇ ਕਾਗਜ਼ਨ 'ਤੇ ਆਪਣਾ ਆਪ ਲਿਖਦੀ ਮੈਂ ਤੇਰੇ ਵਹਿਣ ਨੂੰ ਕਲਮਬੰਦ ਕਰਦਾ ਤੇਰੇ ਕੋਲ਼ੋਂ ਲੈ ਕੇ ਤੇਰਾ ਤੈਨੂੰ ਹੀ ਦਿੰਦਾ ... ... ... ਅਕਹਿ ਆਨੰਦ 'ਚ ਲੀਨ ਹੋਣਾ ਤੇ ਭੁੱਲ ਜਾਣਾ ਆਪਣਾ ਆਪ ਪੱਥਰ ਵਾਂਗ ਮੂਕ ਹੋਣਾ ਤੇ ਦਿਲ ਵਾਂਗ ਧੜਕ ਪੈਣਾ ਕਲੀ ਵਾਂਗ ਖਿੜਨਾ ਤੇ ਚਾਨਣ ਵਾਂਗ ਪੱਸਰ ਜਾਣਾ ਪਿਆਰ ਦਾ ਇਹੋ ਸਲੀਕਾ ਹੈ ਪਿਆਰ ਸਾਡੇ ਅੰਦਰ ਤੇ ਬਾਹਰ ਨੂੰ ਇਕ ਸਹਿਜ ਤਰਤੀਬ ਦੇਂਦਾ ਹੈ ਪਿਆਰ ਨਾਕਾਰਾਤਮਕ ਸੋਚਾਂ ਦੀ ਭੀੜ ਤੋਂ ਮੁਕਤ ਕਰਕੇ ਸਾਨੂੰ ਆਪਣੇ ਆਪ ਨਾਲ਼ ਮਿਲਾਉਂਦਾ ਹੈ ਪਿਆਰ ਪਰਮ ਸੁੰਦਰਤਾ ਹੈ ਤੇ ਜ਼ਿੰਦਗੀ ਦਾ ਮਰਕਜ਼ ਵੀ ਸਭ ਕਾਸੇ ਨੂੰ ਆਪਣਾ ਹੀ ਰੂਪ ਦੇ ਦੇਣਾ ਪਿਆਰ ਦਾ ਇਹੋ ਸਲੀਕਾ ਹੈ ਪਿਆਰ ਅਵਤਰਿਤ ਹੁੰਦਾ ਅੰਤਹਾਕਰਣ ਦੀ ਅਸੀਮ ਚੁੱਪ ਅੰਦਰ ਜਿਸਮ ਮਨ ਰੂਹ ਰੱਬ ਸਭ ਕੁਝ ਘੁਲ਼-ਮਿਲ ਜਾਂਦਾ ਪਿਆਰ ਅੰਦਰ ਪਿਆਰ ਅੰਦਰ ਕਾਇਆ 'ਚੋਂ ਗੁਜ਼ਰ ਜਾਂਦੀ ਝਰਨਾਹਟ ਅਕਹਿ ਸਕੂਨ ਨਾਲ਼ ਲਬਰੇਜ਼ ਹੁੰਦਾ ਮਨ ਤੇ ਤਾਜ਼ਗੀ ਨਾਲ਼ ਭਰ ਜਾਂਦੀ ਆਤਮਾ ਪਿਆਰ ਹਵਾ ਦਾ ਹੱਸ ਹੱਸ ਕੇ ਦਰਿਆ ਦੇ ਪਾਣੀਆਂ ਨੂੰ ਮਿਲਣਾ ਹੈ ਚੜ੍ਹਦੇ ਸਿਆਲ਼ੀਂ ਅੱਕਾਂ ਦੇ ਜ਼ਾਮਨੀ ਫੁੱਲਾਂ ਦਾ ਖਿੜਨਾ ਹੈ ਰੁੱਖਾਂ ਦੇ ਪੱਤਿਆਂ ਸੰਗ ਪੰਛੀਆਂ ਦੇ ਪਰਾਂ ਦਾ ਛੋਹਣਾ ਹੈ ਪਿਆਰ ਅੰਦਰ ਕੋਈ ਵੀ ਰੰਗ ਵੱਖਰਾ ਨਹੀਂ ਹੁੰਦਾ ਪਿਆਰ ਅੰਦਰ ਸਾਰੀ ਕਾਇਨਾਤ ਅਸੀਮ ਸ਼ਾਂਤੀ ਨਾਲ ਭਰ ਜਾਂਦੀ ਪਿਆਰ ਰਿਮਝਿਮ ਬਰਸਾਤ ਪਰਮ ਆਨੰਦ ਸਮਾਧੀ ਮੋਕਸ਼ -ਮੇਰੀ ਜ਼ਿੰਦਗੀ ਦਾ ਆਦਿ-ਬਿੰਦੂ ਪਿਆਰ ਅੰਦਰ ਸਭ ਕੁਝ ਸਮਰਪਣ ਹੁੰਦਾ ਪਿਆਰ ਕਾਇਆ 'ਚ ਜਲਤਰੰਗ ਛੇੜਦਾ ਤੇਰਾ ਮੈਂ ਮੇਰੀ ਤੂੰ ਇਨ੍ਹਾਂ ਛਿਣਾਂ 'ਚ ਮਨਫ਼ੀ ਹੋ ਜਾਂਦੇ ਸਮਾਂ ਤੇ ਸਥਾਨ ਖ਼ੁਦ-ਬ-ਖ਼ੁਦ ਲਿਖੀ ਜਾਂਦੀ ਚੁੰਮਣਾਂ ਤੇ ਛੋਹਾਂ ਦੀ ਭਾਸ਼ਾ 'ਚ ਇੱਕ ਦੂਜੇ 'ਤੇ ਮੌਨ ਕਵਿਤਾ ਤੇਰੇ ਲਈ ਸਿਰ ਤੋਂ ਪੈਰਾਂ ਤੀਕ ਪਿਆਰ ਪਿਆਰ ਹੋ ਗਿਆਂ ਜਿੱਥੋਂ ਮਰਜ਼ੀ ਵੇਖ ਲੈ ਮੈਂ ਤੇਰਾ ਅਕਸ ਹਾਂ ਜਿਸਮ ਤੋਂ ਰੂਹ ਤੀਕ ਤੇਰੇ ਅੰਦਰ ਸਮਾਅ ਗਿਆ ਮੈਂ ਮੈਂ ਨਹੀਂ ਹਾਂ ਕਿਤੇ ਵੀ ਮੇਰੇ ਅੰਦਰ ਤੇ ਬਾਹਰ ਤੂੰ ਏਂ ਹਰ ਥਾਂ ਸਾਰੀ ਕਾਇਨਾਤ ਪਿਆਰ 'ਚ ਭਿੱਜਦੀ ਫੁੱਲਾਂ ਜਿਹੇ ਖ਼ਿਆਲ ਆਉਂਦੇ ਕੁਝ ਅਸੀਮ ਅਨੰਤ ਅਦਿੱਖ ਜਿਹਾ ਸਾਹਾਂ 'ਚ ਨਿਰੰਤਰ ਘੁਲ਼ਦਾ ਤੇ ਹੋਠਾਂ ਦੀ ਤ੍ਰਿਪਤੀ ਬਣਦਾ ਤੂੰ ਨਿਰੀ ਚੁੱਪ ਦੀ ਨਦੀ ਮੈਂ ਤੇਰਾ ਗਾ ਰਿਹਾ ਨੀਰ ਤੇਰੇ ਕੋਲੋਂ ਮੈਨੂੰ ਪਿਆਰ ਦੀਆਂ ਕੋਮਲ ਪੱਤੀਆਂ ਬਣਕੇ ਪੁੰਗਰਨ ਦੀ ਕਲਾ ਮਿਲੀ ਰੁੱਖਾਂ, ਪਰਿੰਦਿਆਂ, ਪਸ਼ੂਆਂ, ਬੰਦਿਆਂ, ਖੇਤਾਂ, ਨਦੀਆਂ, ਮੈਦਾਨਾਂ, ਪਹਾੜਾਂ, ਧੁੱਪਾਂ, ਛਾਵਾਂ ਤੇ ਹਵਾਵਾਂ ਨਾਲ਼ ਮੈਂ ਤੇਰੇ ਰਾਹੀਂ ਜੁੜਿਆ ... ... ... ਤੇਰੇ ਨਾਲ਼ ਪਿਆਰ 'ਚ ਏਕਾਕਾਰ ਹੋਇਆ ਹਾਂ ਭਰਿਆ ਹਾਂ ਇਨਸਾਨੀ ਭਾਵਾਂ ਨਾਲ਼ ਤੇ ਜ਼ਿੰਦਗੀ ਨੂੰ ਜੀਣ ਲੱਗਾ ਹਾਂ ਭਰਪੂਰਤਾ ਨਾਲ਼ ਬਿਰਖਾਂ, ਬੱਚਿਆਂ, ਪਰਿੰਦਿਆਂ, ਪੌਣਾਂ ਨਾਲ਼ ਪੂਰੇ ਦਿਲ 'ਚੋਂ ਇਸ਼ਕ ਕਰਨ ਲੱਗਾ ਹਾਂ ਮਹਿਕ ਬਣਕੇ ਹਰ ਇਕ ਦੇ ਦਿਲ 'ਚ ਭਰਨ ਲੱਗਾ ਹਾਂ ਤੇ ਸਭ ਨੂੰ ਮੁਹੱਬਤ ਕਰਨ ਲੱਗਾ ਹਾਂ ਮੁਕਤ ਹੋਇਆ ਹਾਂ ਹਿਸਾਬਾਂ ਕਿਤਾਬਾਂ ਤੋਂ ਧੰਦਿਆਂ ਤੋਂ ਫੰਧਿਆਂ ਤੋਂ ਗਾਉਣ ਲੱਗਾ ਹਾਂ ਕੁਦਰਤ ਨਾਲ਼ ਰਲ਼ ਕੇ ਜੀਵਨ ਦਾ ਅਮਰ ਗੀਤ ਤੂੰ ਸਿਖਾਇਆ ਮੈਨੂੰ ਪਿਆਰ ਕਰਨਾ ਤੇ ਅਮਰ ਹੋ ਜਾਦਾ ਤੇਰੀ ਰਜ਼ਾ 'ਚ ਮੈਂ ਇਕਸਾਰ ਹੋਇਆ ਹਾਂ ਤੇ ਮੈਨੂੰ ਆਪਣੇ ਅੰਦਰ ਦੀਆਂ ਪੌੜੀਆਂ ਚੜ੍ਹਨ-ਉਤਰਨ ਦੀ ਜਾਚ ਆਈ ਹੈ ਮੈਨੂੰ ਤੇਰੀ ਧੁੱਪ 'ਚ ਖਿੜਨਾ ਮਿਲਿਆ ਪਾਣੀਆਂ 'ਚ ਨਹਾਉਣਾ ਮਿਲਿਆ ਤੇ ਹਵਾਵਾਂ 'ਚ ਜੀਊਣਾ ਮਿਲਿਆ ਹੈ ... ... ... ਤੇਰੇ ਕੋਲ਼ੋਂ ਸਿੱਖਿਆ ਮੈਂ ਤਮੋਗੁਣੀ ਤਿਮਰ ਤੋਂ ਮੁਕਤ ਹੋਣ ਲਈ ਉਸ਼ਾ-ਕਾਲ 'ਚ ਜਾਣਾ ਬ੍ਰਹਿਮੰਡ ਤੋਂ ਬਿੰਦੂ 'ਚ ਬਦਲਣ ਲਈ ਸੋਚਾਂ ਦੀ ਭੀੜ ਤੋਂ ਆਪਣਾ ਆਪ ਖ਼ਾਲੀ ਕਰਨਾ ਤੇ ਪਰਬਤਾਂ ਜਿਹੀ ਸਹਿਜ ਸਮਾਧੀ 'ਚ ਟਿਕਣਾ ਸੱਚ ਨੂੰ ਪ੍ਰਾਪਤ ਹੋਣ ਲਈ ਇੰਦਰੀਆਂ ਦੇ ਘੋੜਿਆਂ ਨੂੰ ਅੰਦਰਲੀਆਂ ਵਾਦੀਆਂ ਵੱਲ ਮੋੜਨਾ ਤੇ ਮਸਤਕ ਦੀ ਬਾਰੀ ਨੂੰ ਬੈਕੁੰਠ ਧਾਮ ਵੱਲ ਖੋਲ੍ਹਣਾ ... ... ... ਜਦ ਘਾਹ, ਬਿਰਖਾਂ-ਬੂਟਿਆਂ 'ਤੇ ਮੀਂਹ ਦੀਆਂ ਪਹਿਲੀਆਂ ਕਣੀਆਂ ਪੈਂਦੀਆਂ ਨੇ ਤੇ ਫਿਰ ਮੂਸਲਾਧਾਰ ਵਰਖਾ 'ਚ ਵਸੁਧਾ ਨਹਾਉਂਦੀ ਹੈ ਹਵਾ ਤੇਰੇ ਜਲ-ਕਣਾਂ ਨੂੰ ਛਰ੍ਹਾਟਿਆਂ 'ਚ ਬਦਲ ਦਿੰਦੀ ਹੈ ਫ਼ਿਜ਼ਾ 'ਚ ਮਹੀਨ ਕਣੀਆਂ ਦਾ ਆਕਾਸ਼ ਤੋਂ ਲੈ ਕੇ ਧਰਤੀ ਤੀਕ ਲੰਮੇਰਾ ਇਕ ਨਿਰੰਤਰ ਜਾਲ਼ ਜਿਹਾ ਵਿਛ ਜਾਂਦਾ ਹੈ ਫਿਰ ਮੈਨੂੰ ਤੇਰੀ ਕਰੁਣਾ ਦਾ ਅਹਿਸਾਸ ਹੁੰਦਾ ਹੈ ਇਹ ਤੇਰਾ ਪਰਮ ਆਨੰਦ ਰੂਪ ਹੈ ਪੱਤੇ ਪੱਤੇ 'ਚ ਤੂੰ ਫੁੱਲਾਂ 'ਚ ਮਹਿਕ ਤੇਰੀ ਫ਼ਲਾਂ 'ਚ ਰਸ ਤੇਰਾ ਹਵਾ, ਧੁੱਪ, ਨਦੀ, ਪਰਬਤ -ਤੇਰਾ ਬਦਨ ਪੰਛੀਆਂ ਦੀ ਪਰਵਾਜ਼ - ਤੇਰੇ ਚੁੰਮਣ! ਪਿਆਰ ਮੇਰੇ ਹਿਰਦੇ ਦਾ ਸਪਰਸ਼ ਕਰਦਾ ਖ਼ੁਸ਼ੀ ਮੇਰੇ ਅੰਦਰ ਖਿੜਦੀ ਰਚਦੀ ਰੂਹ 'ਚ ਤੇਰੀ ਅਨੁਪਮਤਾ ਕਾਲਾਤੀਤ ਮੈਂ ਤੇਰੇ ਨਾਲ਼ ਅਸੀਮ ਆਨੰਦ 'ਚ ਭਿੱਜਦਾ ਰੂਹ ਤੀਕ ਪਵਿੱਤਰ ਪੁਨੀਤ ਹੁੰਦਾ ਮੇਰੇ ਧੁਰ ਅੰਦਰ ਤੇਰੀ ਰਹਿਮਤ ਦੀ ਝਰਨਾਹਟ ਛਿੜਦੀ ਲਰਜ਼ਦਾ ਰੋਮ ਰੋਮ ਅਕਹਿ ਆਨੰਦ 'ਚ ਲੀਨ ਹੁੰਦਾ ਮੇਰੇ ਹਿਰਦੇ ਦੇ ਭਾਵਾਂ ਨੂੰ ਤੂੰ ਹੀ ਸਿੰਜਦੀ ਮੇਰੀ ਚੇਤਨਾ 'ਚ ਤੇਰੀ ਅਪਾਰ ਸੁਹੱਪਣ ਰਚਦੀ ਮੇਰੀਆਂ ਅੰਦਰਲੀਆਂ ਕੰਦਰਾਂ ਨੂੰ ਤੇਰੇ ਰੂਪ ਦੀ ਜੋਤੀ ਆਲੋਕਿਤ ਕਰਦੀ ਮੈਂ ਪਿਆਰ ਦੀ ਬਰਸਾਤ 'ਚ ਭਿੱਜਦਾ ਤੇਰੇ ਨਾਲ਼ ਆਨੰਦਿਤ ਹੁੰਦਾ ਹਾਂ ਪ੍ਰਕ੍ਰਿਤੀ ਰਾਹੀਂ ਤੂੰ ਜਿਸ ਨੂੰ ਕਹਿ ਰਹੀ ਏਂ ਚੁੱਪ-ਚਾਪ ਮੈਂ ਉਸੇ ਨੂੰ ਸੁਣ ਰਿਹਾ ਹਾਂ ਕਿ ਇਹ ਇੱਕ ਅਕੱਥ ਕਹਾਣੀ ਹੈ ਪਰਮਲੀਨਤਾ ਇੱਕ ਦੂਜੇ 'ਚ ਆਪਣੀ ਇਹ ਕੁਝ ਕਹਿਣ ਤੋਂ ਪਾਰ ਜਿਹਾ ਹੈ ਇਹ ਕੁਝ ਹੋਣ ਜਿਹਾ ਹੈ ਇਹ ਕੁਝ ਹੈ ਜਿਸਨੂੰ ਮਹਿਸੂਸ ਰਹੇ ਹਾਂ ਆਪਾਂ ... ... ... ਉਸ਼ਾ ਦੀ ਤੱਕਣੀ ਬੱਦਲਾਂ ਦੇ ਪਿੰਡੇ ਸੰਧੂਰੀ ਕਰ ਦਿੰਦੀ ਹੈ ਸੰਧੂਰੀ ਪਿੰਡਿਆਂ ਵਾਲ਼ੇ ਬੱਦਲਾਂ ਦੀ ਆਭਾ ਨਦੀ ਦੇ ਪਾਣੀਆਂ 'ਚ ਘੁਲ਼ ਜਾਦੀ ਹੈ ਨਦੀ ਫਿਰ ਸੁਹਾਗਣ ਹੋ ਜਾਂਦੀ ਹੈ ਤੇ ਸੁਹਾਗਣ ਹੋਈ ਨਦੀ ਰੂਹ ਤੀਕ ਵਿਛ ਕੇ ਸਮੁੰਦਰ 'ਚ ਮਿਲਦੀ ਹੈ ਮੈਂ ਆਪਣੇ ਧੁਰ ਵਜੂਦ ਤੀਕ ਮਿਟ ਕੇ ਤੇਰੇ ਅੰਦਰ ਲੀਨ ਹੁੰਦਾ ਹਾਂ ਤੇਰੇ ਨਾਲ਼ ਹੁੰਦਾ ਹਾਂ ਪਿਆਰ 'ਚ ਸਭ ਥਾਂ ਰਮਿਆ ਸਭ ਕਾਸੇ ਨਾਲ਼ ਸੰਬੰਧਿਤ ਹੋਇਆ ਪੂਰੀ ਤਰ੍ਹਾਂ ਫੈਲਦਾ ਹਵਾਵਾਂ ਦੇ ਘੁੱਟ ਭਰਦਾ ਧੁੱਪਾਂ-ਛਾਵਾਂ ਵਾਂਗ ਪੱਸਰਦਾ ਬੱਦਲਾਂ, ਪਰਿੰਦਿਆਂ ਵਾਂਗ ਉੱਡਦਾ ਮਨੁੱਖਾਂ, ਰੁੱਖਾਂ, ਜੀਵਾਂ, ਨਿਰਜੀਵਾਂ ਅੰਦਰ ਹਰ ਕਿਤੇ ਹੁੰਦਾ ਹਾਂ ਤੇਰੇ ਨਾਲ਼ ਹਰ ਕਿਤੇ ਪਿਆਰ ਦੀ ਜੋਤ ਜਗਦੀ ਹੈ ਇਹ ਕਾਇਨਾਤ ਸ਼ੁੱਧ ਰੂਪ 'ਚ ਤੇਰੀ ਪਵਿੱਤਰ ਛੁਹ ਹੈ ਕਣ ਕਣ ਨਸ਼ਿਆ ਜਾਂਦਾ ਤੇਰੀ ਛੁਹ ਪਾ ਕੇ ਖਿੜ ਉੱਠਦੀ ਪ੍ਰਕ੍ਰਿਤੀ ਸਾਰੀ ਨ੍ਰਿਤ ਕਰਨ ਲਗ ਜਾਂਦੀਆਂ ਪੌਣਾਂ ਡੁੱਲ੍ਹ-ਡੁੱਲ੍ਹ ਜਾਂਦੀਆਂ ਨਦੀਆਂ ਧੁੱਪਾਂ ਹੋਰ ਜ਼ਿਆਦਾ ਚਮਕਦੀਆਂ ਤੇ ਛਾਵਾਂ ਹੋਰ ਗੂੜ੍ਹੀਆਂ ਹੋ ਜਾਂਦੀਆਂ ਤੂੰ ਹੀ ਧੜਕਦੀ ਧਰਤੀ ਦੇ ਸੀਨੇ 'ਚ ... ... ... ਤੇਰੇ 'ਚੋਂ ਉਪਜਿਆ ਮੈਂ ਮੈਂ ਨਹੀਂ ਤੇਰੀ ਅਬਿਚਲੀ ਜੋਤ ਦਾ ਚਾਨਣ ਹੈ ਤੂੰ ਅਸੀਮ ਪ੍ਰਕਾਸ਼ ਬਣ ਕੇ ਪ੍ਰਾਣਾਂ 'ਚ ਘੁਲ਼ਦੀ ਅੰਗ ਅੰਗ 'ਚ ਤੇਰੀ ਮਹਿਕ ਰਚਦੀ ਤੂੰ ਚਾਨਣ ਦੀ ਗੰਗਾ ਏਂ ਤੇਰੇ ਨਾਲ਼ ਮੈਂ ਨੂਰੋ-ਨੂਰ ਹੁੰਦਾ ਹਾਂ ਤੇਰੇ ਬਿਨ ਕਿਤੇ ਨਹੀਂ ਹੁੰਦਾ ਮੈਂ ਤੇਰੇ ਬਿਨ ਕੁਝ ਨਹੀਂ ਹੁੰਦਾ ਮੈਂ ਤੇਰੇ ਬਿਨ ਕਦੇ ਨਹੀਂ ਹੁੰਦਾ ਮੈਂ ... ... ... ਤੂੰ ਹਰਿਆਵਲ ਪੱਤਿਆਂ ਦੀ ਪੌਣਾਂ ਦੀ ਰੁਮਕਣ ਤੂੰ ਸਰਵਰ ਤੂੰ ਨੀਰ ਤੂੰ ਲਹਿਰਾਂ ਦਾ ਗਾਵਣ ਤੂੰ ਘਨਘੋਰ ਘਟਾ ਏਂ ਰਿਮਝਿਮ ਰਿਮਝਿਮ ਸਾਵਣ ਤੂੰ ਕੋਇਲਦੀ ਕੂਕ ਤੂੰ ਮੋਰਾਂ ਦੀ ਰੁਣਝੁਣ ਤੂੰ ਦਾਮਿਨ ਤੂੰ ਕਾਮਿਨ ਤੂੰ ਏ ਸਦਾ ਸੁਹਾਗਣ ਤੂੰ ਅਨੁਰਾਗ, ਅਮਿਤੋਜ ਅਲੱਖ, ਅਪਾਰ ਸੁਹੱਪਣ ਤੂੰ ਗੰਧਰਵੀ ਨ੍ਰਿਤ ਛਨਣ ਛਣ ਛਣ ਛਣ ਛਣ ਛਣ ਤੂੰ ਕੁਦਰਤ ਦਾ ਸਾਜ਼ ਤੁਣਕ ਤੁਣ ਤੁਣ ਤੁਣ ਤੁਣ ਤੁਣ ਤੂੰ ਭਾਵਾਂ ਦੀ ਥਿਰਕਣ ਤੂੰ ਸਾਹਾਂ ਦੀ ਧੜਕਣ ਤੂੰ ਏਂ ਰੂਹ ਦਾ ਨਾਦ ਤੂੰ ਸ਼ਾਹਰਗ ਦੀ ਲਰਜ਼ਣ ਤੂੰ ਏਂ ਜੋਤ ਅਗੰਮ ਦੀ ਤੂੰ ਏਂ ਦੈਵੀ ਚਾਨਣ ਤੂੰ ਏਂ ਬਾਰਿਸ਼ ਨੂਰ ਦੀ ਤੂੰ ਕਿਣਮਿਣ ਕਿਣਮਿਣ ... ... ... ਤੂੰ ਫੁੱਲਾਂ 'ਚ ਮਹਿਕ ਏਂ ਤੇ ਫ਼ਲਾਂ 'ਚ ਮਿਠਾਸ ਤੂੰ ਆਕਾਸ਼ 'ਚ ਹਵਾ ਏਂ ਤੇ ਹਵਾ 'ਚ ਚੰਚਲਤਾ ਤੂੰ ਅਗਨ 'ਚ ਤੇਜ ਏਂ ਤੇ ਜਲ 'ਚ ਸੀਤਲਤਾ ਤੂੰ ਮਿੱਟੀ 'ਚ ਉਤਪਾਦਕਤਾ ਤੂੰ ਕਰੁਣਾ ਦੀ ਮੂਰਤ ਦਿਲਾਂ 'ਚ ਮੁਹੱਬਤ ਦੀ ਵਿਸ਼ਾਲਤਾ ਤੂੰ ਅਪਾਰ ਸੁੰਦਰਤਾ ਦੀ ਸਦਾ ਕਾਇਮ ਰਹਿਣ ਵਾਲੀ ਦੈਵੀ ਕਲਾ ਤੂੰ ਸਦੀਵੀ ਆਨੰਦ ਦੇਣ ਵਾਲੀ ਮਦਿਰਾ ਮਹਾਂ ਕੁੰਡਲ਼ਨੀ ਕੌਲੇਸ਼ਵਰੀ ਮਹੇਸ਼ਵਰੀ ਹਲਾਦਨੀ ਸ਼ਕਤੀ ਤੂੰ ਕ੍ਰਿਸ਼ਨ ਦੀ ਬੰਸਰੀ ਤੂੰ ਰਾਸ ਰਾਧਾ ਦੀ ਤੂੰ ਲੱਛਮੀ ਦੀ ਸੁੰਦਰਤਾ ਤੂੰ ਸ਼ਿਵ ਸ਼ਕਤੀ ਤੂੰ ਅਕਾਲ ਉਸਤਤਿ ਲਲਿਤਾ ਦੀ ਪਰਾ ਬਾਣੀ ਦੀ ਅਪਰਮਪਾਰਤਾ ਤੂੰ ਗਿਆਨ, ਇੱਛਾ ਤੇ ਕਿਰਿਆ ਦੀ ਸੰਜੁਗਤ ਸਲਿਲਾ ਤੂੰ ਬ੍ਰਹਮ ਦੀ ਨਿਸ਼ਕਲਾ ਸਕਲਾ ਤੂੰ ਵਿਅਕਤ ਅਵਿਕਅਤ ਨਿਰਾਕਾਰਤਾ ਸਾਕਾਰਤਾ ਤੂੰ ਖ਼ਾਕ ਜਲ ਅਗਨੀ ਹਵਾ ਤੇ ਆਕਾਸ਼ -ਪੰਚਮੁਖੀ ਰੁਦ੍ਰਾਖਸ਼ ਦੀ ਮਾਲ਼ਾ ਸਹੰਸਰਾਰ ਤੀਕ ਜਗੀ ਹੋਈ ਮੂ ਲਾ ਧਾ ਰੀ ਕੁੰਡਲ਼ਨੀ ਮੇਰੀ ਜਗਿਆਸਾ ਦੀ ਸੁਮੇਰ ਚੋਟੀ 'ਤੇ ਖਿੜਿਆ ਬ੍ਰਹਮ ਕਮਲ ਤੂੰ ਸਦਾਸ਼ਿਵ ਨਾਲ਼ ਪਰਮਲੀਨਤਾ ਦੀ ਮਹਾਂ-ਮੁਦ੍ਰਾ ਤ੍ਰੈਗੁਣੀ ਮਾਇਆ ਤੋਂ ਨਿਰਲੇਪਤਾ ਪ੍ਰੇਮ ਦੀ ਸਹਿਜ ਸਮਾਧੀ ਸ਼ੇਸ਼-ਸੁੰਨਤਾ ਅਪਰਾ ਤੂੰ ਤ੍ਰਿਪੁਰ ਸੁੰਦਰੀ ਬਿੰਦੂ 'ਚ ਸਿਮਟੀ ਕਾਮ-ਕਲਾ ਬੂੰਦ 'ਚ ਸਮੁੰਦਰ ਪਰਮ-ਆਨੰਦ-ਰੂਪਣੀ ਕਾਮਾਲਾ ਕੌਲੇਸ਼ਨੀ ਅੰਬਿਕਾ ਤੇਰੀ ਕਾਇਆ ਬੈਕੁੰਠ ਦਾ ਸੰਦਲੀ ਬੂਹਾ ਨਿਰਾਕਾਰੀ ਸੱਚ ਦਾ ਜੋਤੀ ਸਤੂਪ ਨਾਦ-ਬਿੰਦੂ-ਬੀਜ ਦਾ ਤ੍ਰਿਬੈਣੀ ਸੰਗਮ ਬੋਧ ਬਿਰਖ ਦੀ ਧਿਆਨੀ ਨਿਰਵਾਣਤਾ ਤੇਰੇ ਨਾਲ਼ ਪੂਰਨ ਹੁੰਦਾ ਯੋਗ ਤੂੰ ਅਕਾਲ ਜੋਤ ਸਿਰਜਣਹਾਰ ਅੰਮ੍ਰਿਤ ਰਸ ਦੀ ਰਿਮਝਿਮ ਧਾਰ ਯੋਗ ਮਾਇਆ ਬਿੰਦ ਵਿਸਤਾਰ ਮਨ ਬਾਣੀ ਚਿੱਤ ਅਹੰਕਾਰ ਸਰਵ ਰੂਪਾਂ ਰੰਗਾਂ ਨਾਵਾਂ ਥਾਵਾਂ ਅੰਦਰ ਤੇਰਾ ਪਾਸਾਰ ਧਿਆਨੀਆਂ ਦੇ ਧਿਆਨ ਅੰਦਰ ਗਿਆਨੀਆਂ ਦੇ ਗਿਆਨ ਅੰਦਰ ਭੋਗੀਆਂ ਦੇ ਭੋਗ ਅੰਦਰ ਯੋਗੀਆਂ ਦੇ ਯੋਗ ਅੰਦਰ ਤੇਰਾ ਹੀ ਹੋਵੇ ਦੀਦਾਰ ਤੂੰ ਨਿਰਾ ਦੈਵੀ ਪਿਆਰ ... ... ... ਤੂੰ ਮੇਰੇ ਹਿਰਦੇ 'ਚ ਖਿੜੀ ਕਮਲ਼ਨੀ ਤੂੰ ਮੇਰੇ ਲਹੂ ਦੀ ਗਤੀ ਤੂੰ ਮੇਰੇ ਮਸਤਕ ਵਿਚਲੀ ਰੌਸ਼ਨੀ ਤੂੰ ਮੇਰੇ ਸਾਹਾਂ ਦੀ ਨਦੀ ... ... ... ਤੇਰੇ ਕੋਲ਼ ਹੋਣਾ ਇਸ ਤਰ੍ਹਾਂ ਹੈ ਜਿਵੇਂ ਫੁੱਲਾਂ ਦਾ ਖਿੜਨਾ ਪੌਣਾਂ ਦਾ ਰੁਮਕਣਾ ਨਦੀਆਂ ਦਾ ਵਹਿਣਾ ਧਰਤੀ ਦੀ ਕੁੱਖ 'ਚੋਂ ਅੰਕੁਰ ਦਾ ਪੁੰਗਰਨਾ ਪ੍ਰਾਣ ਦਾ ਆਕਾਸ਼ 'ਚ ਸਮਾਹਿਤ ਹੋਣਾ ਅਗਨ ਤੇ ਸੋਮ ਦਾ ਮਿਲਨ ਸਦੀਵਤਾ ਦੇ ਕਲਪ ਬਿਰਖ ਦਾ ਉੱਗਣਾ ਭਾਵ-ਮੰਥਨ 'ਚੋਂ ਕਾਮਧੇਨੁ, ਮੋਹਿਨੀ ਤੇ ਅੰਮ੍ਰਿਤ ਦਾ ਪ੍ਰਾਪਤ ਹੋਣਾ ਤੇਰੇ ਕੋਲ਼ ਹੋਣਾ ਇੰਦਰੀਆਂ ਦਾ ਹਵਨ ਕਰਨਾ ਕਾਮ ਦਾ ਅਸੀਮ ਸੁੰਦਰਤਾ 'ਚ ਬਦਲ ਕੇ ਕ੍ਰੀੜਾ ਵਿਨੋਦ ਤੇ ਆਨੰਦ ਦੀ ਤ੍ਰਿਬੈਣੀ ਦੀਆਂ ਲਗਰਾਂ ਦਾ ਅਸੀਮ, ਅਨੰਤ, ਅਕਾਲ ਤੀਕ ਫੈਲ ਜਾਣਾ ਹੈ ਤੇਰੇ ਕੋਲ਼ ਹੋਣਾ ਹੈ ਆਪਣੇ ਆਪ ਨੂੰ ਮਿਲਣਾ ਬ੍ਰਹਿਮੰਡੀ ਏਕਤਾ 'ਚ ਆਉਣਾ ਤੇ ਮਹਾ ਨਿਰਵਾਣ ਦੀ ਚਰਮਸੀਮਾ ਨੂੰ ਛੋਹਣਾ ਤੈਥੋਂ ਵੱਖ ਹੋ ਕੇ ਮੈਂ ਇੰਦਰੀਆਂ ਦੀ ਵਿਲਾਸਤਾ ਅੰਦਰ ਘੋਰ ਦੁਖੀ ਹੁੰਦਾ ਹਾਂ ਤੈਥੋਂ ਵੱਖ ਹੋ ਕੇ ਮੈਂ ਬੱਜਰ ਗੁਨਾਹ ਕਰਦਾ ਹਾਂ ਫ਼ਨਾਹ ਕਰਦਾ ਹਾਂ ਸਭ ਕਾਸੇ ਨੂੰ ਜਬਰ ਕਰਦਾ ਹਾਂ ਆਪਣੇ ਨਾਲ਼ ਵੀ ਪਰ ਤੇਰੇ ਨਾਲ਼ ਮੈਂ ਮਹਾ ਨ੍ਰਿਤ 'ਚ ਸ਼ਾਮਿਲ ਹੁੰਦਾ ਹਾਂ ਤੇਰੇ ਨਾਲ਼ ਮੈਂ ਪਾਵਨ ਧਾਮ ਹੋ ਜਾਂਦਾ ਹਾਂ ਤੇ ਅੰਮ੍ਰਿਤ-ਗੰਗਾ 'ਚ ਇਸ਼ਨਾਨ ਕਰਦਾ ਹਾਂ ... ... ... ਮੇਰੇ ਕੋਲ਼ ਪਿਆਰ ਹੁੰਦਾ ਸਭ ਲਈ ਹਵਾ ਵਰਗਾ ਧੁੱਪ ਵਰਗਾ ਬਾਰਿਸ਼ ਵਰਗਾ ਅੰਨ ਵਰਗਾ ਮਿੱਟੀ ਦੀ ਮਹਿਕ ਵਰਗਾ ਦਿਲਾਂ 'ਚ ਰਹਿਣ ਵਾਲੇ ਰੱਬ ਵਰਗਾ ਤੇਰੀ ਦੈਵੀ ਛੁਹ ਨਾਲ਼ ਮੇਰਾ ਰੋਮ ਰੋਮ ਸਿਹਰ ਉੱਠਦਾ ਹੈ ਤੇਰੀ ਮੁਹੱਬਤ ਮੇਰੀ ਕਾਇਆ ਨੂੰ ਅਸੀਮ ਕਰ ਦਿੰਦੀ ਹੈ ਤੂੰ ਆਪਣੀਆਂ ਮਧੁਰ ਛੁਹਾਂ ਨਾਲ਼ ਆਤਮਾ ਦਾ ਬ੍ਰਹਮ ਕਮਲ ਖਿੜਾ ਦੇ ਤੂੰ ਮੈਨੂੰ ਆਪਣੇ ਜਿਹਾ ਬਣਾ ਲੈ ਤੇ ਆਪਣੇ 'ਚ ਮਿਲਾ ਲੈ

ੲ ਤੀਜਾ ਸ੍ਵਰ: ਮਕਾਰ

ਆ ਮੈਂ ਤੈਨੂੰ ਆਪਣੇ ਦਿਲ ਦੇ ਕਲਾਵੇ 'ਚ ਲੈ ਲਵਾਂ ਮੈਨੂੰ ਪਿਆਰ ਚਾਹੀਦਾ ਜੋ ਅਸੀਮ ਕਰਦਾ ਹੈ ਪਵਿੱਤਰ ਕਰਨ ਵਾਲ਼ੀ ਤੇਰੀ ਰਜ਼ਾ ਮੇਰੇ ਅੰਦਰ ਅੰਮ੍ਰਿਤ ਬਣ ਕੇ ਰਚੇ ਨਤਮਸਤਕ ਹਾਂ ਤੇਰੇ ਅੱਗੇ ਆ ਮੈਂ ਤੈਨੂੰ ਆਪਣੀ ਰੂਹ ਦੀ ਗਲ਼ਵੱਕੜੀ 'ਚ ਲੈ ਲਵਾਂ ਮੈਂ ਚਾਹਾਂ ਨਿਰੰਤਰ ਹੁੰਦੀ ਰਹੇ ਪ੍ਰੇਮ ਸਾਧਨਾ ਹਵਾ ਵਾਂਗ ਚਲਦੀ ਰਹੇ ਸੰਵੇਦਨਾ ਆਉਣ ਭਾਵਨਾਵਾਂ ਜੀਕਣ ਦਰਿਆਵਾਂ 'ਚ ਪਾਣੀ ਕੋਸੀ ਕੋਸੀ ਧੁੱਪ ਵਾਂਗ ਆਉਣ ਖ਼ਿਆਲ ਸਾਰੇ ਮੀਂਹ ਮਗਰੋਂ ਲਿਸ਼ਕਦੇ ਪਹਾੜੀ ਪੱਥਰਾਂ ਵਾਂਗ ਹੋ ਜਾਵੇ ਚੇਤਨਾ ... ... ... ਤੂੰ ਮੈਨੂੰ ਉਤਰ ਜਾਣ ਦੇ ਮਨ ਦੀਆਂ ਪੌੜੀਆਂ ਕਾਇਆ ਦੀ ਗਹਿਰੀ ਗੁਫ਼ਾ 'ਚ ਲਾਉਣ ਦੇ ਸਹਿਜ ਸਮਾਧੀ ਤੈਥੋਂ ਸਿਖ ਰਿਹਾਂ ਪਰਮ-ਆਨੰਦ ਦੀ ਸਿਖਰ 'ਤੇ ਟਿਕਣਾ ਤੇਰੇ ਨਾਲ਼ ਕਮਾ ਰਿਹਾਂ ਸਹਿਜ ਯੋਗ ਕਰਨ ਦੇ ਪ੍ਰੇਮਾ-ਭਗਤੀ ਤੇ ਬਣ ਜਾ ਮੇਰੀ ਆਤਮਾ ਦੀ ਸ਼ਕਤੀ ਤੂੰ ਮੇਰੇ ਨਾਲ਼ ਜੁੜ ਤੇ ਮੈਨੂੰ ਰੂਹ ਤੀਕ ਅਸੀਮ ਪ੍ਰਕਾਸ਼ ਵਾਂਗ ਫੈਲਾਅ ਦੇ ਐਸੇ ਰੰਗ ਹੋਣ ਕਿ ਮੁਕਤ ਹਵਾ 'ਚ ਲੰਮੇ-ਲੰਮੇ ਸਾਹ ਭਰਾਂ ਖ਼ੁਸ਼ੀਆਂ ਉਡਾ ਦੇਵਾਂ ਫ਼ਿਜ਼ਾ 'ਚ ਸਭਨਾਂ ਦੇ ਦਿਲਾਂ 'ਚ ਭਰ ਦੇਵਾਂ ਵਿਗਾਸ ਇਹ ਯੋਗ ਆਨੰਦ ਦੀ ਚਰਮਸੀਮਾ ਮੋਖ-ਦੁਆਰ ਪਰਮ ਲਕਸ਼ ਮੇਰਾ ਕਰਮ ਕਰਾਂ ਕਿ ਬੰਦਗੀ ਹੋ ਜਾਵੇ ਤੇਰੀ ਸਤੋਗੁਣੀ ਜੋਤ ਨੂੰ ਹਰ ਦਿਲ 'ਚ ਕਰਾਂ ਉੱਚੀ ਤੇ ਪਰਮ ਆਨੰਦ ਨਾਲ਼ ਭਰ ਜਾਵਾਂ ਧੁਰ ਤੀਕ ਇਸ ਤਰ੍ਹਾਂ ਕਰਾਂ ਕਿ ਭਲਾ ਹੋਵੇ ਸਭ ਦਾ ਆਪਣੇ ਮਨ 'ਤੇ ਪਏ ਸਾਰੇ ਦੇ ਸਾਰੇ ਪਰਦੇ ਚੁੱਕ ਦੇਵਾਂ ਤੇ ਨੂਰੋ-ਨੂਰ ਹੋ ਜਾਵਾਂ ਕੁਝ ਇਸ ਤਰ੍ਹਾਂ ਕਰਾਂ ਕਰਮ ਕਿ ਤੇਰੀ ਅਨੁਕੰਪਾ ਦੇ ਯੋਗ ਹੋ ਸਕਾਂ ... ... ... ਇਹ ਅਮਰ ਪ੍ਰੇਮ ਹੈ ਕਿ ਟਿਕ ਰਿਹਾਂ ਆਤਮਾ ਦੀ ਸ਼ਾਂਤੀ ਬਣ ਕੇ ਪ੍ਰੇਮ ਅੰਦਰ ਮੇਰੀ ਸ਼ਰਧਾ ਬਣੀ ਰਹਿਣ ਦੇਣਾ ਨਿਸਤੇਜ ਨਾ ਕਰਨਾ ਸਤੋਗੁਣੀ ਜੋਤ ਨੂੰ ਰੋਕਣਾ ਨਾ ਕਰੁਣਾਮਈ ਦ੍ਰਿਸ਼ਟੀ ਦੀਆਂ ਰੁਪਹਿਲੀਆਂ ਕਿਰਨਾਂ ਨੂੰ ਮੇਰੇ ਹਿਰਦੇ ਦੀ ਧਰਤੀ 'ਤੇ ਪੈਣ ਤੋਂ ਨਾ ਕਰਨਾ ਇੰਜ ਕਿ ਅਣਭਿੱਜ ਰਹਿ ਜਾਵਾਂ ਨਿਰੰਜਨੀ ਤੇਜ ਦੀ ਰਹਿਮਤ ਦੀਆਂ ਕਿਣਮਿਣ ਕਣੀਆਂ ਤੋਂ ਮੈਨੂੰ ਇੱਕ ਪਲ ਲਈ ਵੀ ਵੱਖ ਨਾ ਕਰਨਾ ਆਪਣੇ ਖ਼ਿਆਲ ਤੋਂ ਮੇਰੇ ਉੱਪਰ ਪ੍ਰਸਾਦਿ ਦੀ ਅੰਮ੍ਰਿਤ ਧਾਰ ਨੂੰ ਨਿਰੰਤਰ ਪੈਣ ਦੇਣਾ ਮੈਨੂੰ ਪ੍ਰੇਮ ਦੇ ਪਰਮ ਆਨੰਦ ਅੰਦਰ ਲਿਵਲੀਨ ਰਹਿਣ ਦੇਣਾ ਪ੍ਰੇਮ 'ਚ ਲੀਨ ਹੋ ਕੇ ਮੈਨੂੰ ਸਭ ਕੁਝ ਚੰਗਾ ਲਗਦਾ ਹੈ ਤੇ ਕੁਦਰਤ ਦੀਆਂ ਵਿਸ਼ਾਲ ਬਾਹਾਂ 'ਚ ਮੇਰੀ ਰੂਹ ਕਿਸੇ ਬਾਲ ਵਾਂਗ ਖ਼ੁਸ਼ ਹੁੰਦੀ ਹੈ ਪ੍ਰੇਮ ਮੇਰੇ ਅੰਦਰ ਬ੍ਰਹਮ ਕਮਲ ਵਾਂਗ ਖਿੜਦਾ ਹੈ ਤੇ ਰਸ-ਭਿੰਨੀ ਮਹਿਕ ਬਣ ਕੇ ਫ਼ਿਜ਼ਾਵਾਂ 'ਚ ਨਿਰੰਤਰ ਫੈਲਦਾ ਹੈ ... ... ... ਤੂੰ ਮੈਨੂੰ ਬੁਲਾਉਂਦੀ ਏਂ ਸਦਾ ਆਪਣੀ ਨਿੱਘੀ ਆਗੋਸ਼ 'ਚ ਆ ਜਾਣ ਲਈ ਮੇਰੀਆਂ ਪਲਕਾਂ 'ਤੇ ਆਪਣੇ ਮਧੂ-ਭਰੇ ਬੁੱਲ੍ਹ ਧਰ ਕੇ ਮੈਨੂੰ ਅੰਧਕਾਰਾਂ 'ਚੋਂ ਜਗਾਉਂਦੀ ਏਂ ਮੇਰੇ ਸੰਗਦਿਲ ਹੱਥਾਂ ਨੂੰ ਧਰ ਲੈਂਦੀ ਬੁੱਕਲ 'ਚ ਇਸ ਤਰ੍ਹਾਂ ਜਿਵੇਂ ਕੋਈ ਬਾਲ ਆਪਣੀਆਂ ਚੀਜ਼ਾਂ ਲੁਕੋ ਲੈਂਦੈ ਮੇਰੇ ਬੋਲਾਂ ਨੂੰ ਪਵਿੱਤਰ ਪਾਠ ਵਾਂਗ ਸੁਣਦੀ ਤੇ ਪਿਆਰ ਦਾ ਮੋਨ ਹੁੰਗਾਰਾ ਬਣਦੀ ਏਂ ਇਹ ਵਿਸ਼ਾਲ ਹਿਰਦੇ ਦੀ ਕਰੁਣਾ ਹੈ ਕਿ ਮੈਂ ਪਿਆਰ ਦੇ ਕਾਬਿਲ ਹੋ ਜਾਂਦਾ ਹਾਂ ਪਿਆਰ ਦੇ ਗਹਿਨ ਭਾਵਾਂ 'ਚ ਚੁੰਮ ਚੁੰਮ ਕੇ ਤੂੰ ਮੈਨੂੰ ਮਾਨਸਰੋਵਰ ਕਰ ਦਿੰਦੀ ਏਂ ਪਿਆਰ ਸਦਕਾ ਹੀ ਮੈਂ ਤੇਰੀ ਚੁੱਪ 'ਚ ਟਿਕਦਾ ਤੂੰ ਮੇਰੇ ਭਾਵਾਂ 'ਚ ਵਿਗਸਦੀ ... ... ... ਅਸੀਮ ਮੁਹੱਬਤ ਨਾਲ਼ ਭਰੀ ਹੋਈ ਤੂੰ ਮੇਰੇ ਕੋਲ਼ ਆਉਂਦੀ ਨਜ਼ਰਾਂ ਨਾਲ ਸਪਰਸ਼ ਕਰਦੀ ਆਤਮਾ ਦੀ ਕਲੀ ਨੂੰ ਪ੍ਰੇਮ-ਭਾਵ ਨਾਲ਼ ਭਰਦੀ ਹਿਰਦੇ ਦੇ ਆਕਾਸ਼ ਨੂੰ ਰਿਮਝਿਮ ਰਿਮਝਿਮ ਵਰ੍ਹਦੀ ਮੇਰੀਆਂ ਸੋਚਾਂ 'ਤੇ ਲਗਾਤਾਰ ਪਿਆਰ ਨਾਲ਼ ਤੂੰ ਮੈਨੂੰ ਫ਼ਿਕਰਾਂ ਤੋਂ ਖ਼ਾਲੀ ਕਰਦੀ ਤੇਰੇ ਨੂਰਾਨੀ ਜਿਸਮ 'ਤੇ ਕੁਦਰਤੀ ਨੰਗੇਜ਼ ਦੀ ਚਾਦਰ ਲਿਪਟਦੀ ਤੇਰੇ 'ਚੋਂ ਰੌਸ਼ਨੀ ਦੀਆਂ ਬੂੰਦਾਂ ਡੁੱਲ੍ਹ-ਡੁੱਲ੍ਹ ਮੇਰਾ ਅੰਦਰ ਭਰਦੀਆਂ ... ... ... ਸਪਰਸ਼ ਕਰਦਾ ਹਾਂ ਧਰਤੀ ਦਾ ਤੇਰੀ ਕਾਇਆ ਦੀ ਹਰ ਹਰਕਤ ਮਹਿਸੂਸ ਹੁੰਦੀ ਸਾਹ ਭਰਦਾ ਹਾਂ ਆਕਾਸ਼ ਦਾ ਤੇਰੇ ਪ੍ਰਾਣਾਂ ਦੀ ਸਹਿਜ ਲੈਅ ਸੁਣਾਈ ਦਿੰਦੀ ਪੀਂਦਾ ਹਾਂ ਪਾਣੀ ਪ੍ਰੇਮ ਦਾ ਅਕਹਿ ਸਵਾਦ ਮਿਲਦਾ ਬਿਰਖਾਂ 'ਤੇ ਗਾਉਂਦੇ ਪ੍ਰਿੰਦਿਆਂ ਨਾਲ਼ ਤੇਰੀਆਂ ਗੱਲਾਂ ਕਰਦਾ ਹਾਂ ਨਦੀਆਂ ਦੀਆਂ ਲਹਿਰਾਂ 'ਤੇ ਤੈਰਨ ਦਿੰਦਾ ਹਾਂ ਨੀਝ ਕਿ ਇੰਜ ਕਰਦੇ ਹੋਏ ਮੈਂ ਤੈਨੂੰ ਮਿਲਦਾ ਹਾਂ ਤੇਰੇ ਨੇੜੇ ਜਾਂ ਦੂਰ ਹੋਣ ਦੇ ਹਰ ਵਿਚਾਰ ਤੋਂ ਮੁਕਤ ਤੈਨੂੰ ਆਪਣੇ ਹੀ ਦਿਲ ਅੰਦਰ ਮਹਿਸੂਸ ਕਰਦਾ ਹਾਂ ਤੂੰ ਮੇਰੀ ਆਤਮਾ 'ਚ ਇਸ ਤਰ੍ਹਾਂ ਆਉਂਦੀ ਜਿਸ ਤਰ੍ਹਾਂ ਕਿਸੇ ਬ੍ਰਾਹਮਣ ਦੀ ਸਾਧਨਾ 'ਚ 'ਤਤ ਤਵੰ ਅਸਿ' ਦਾ ਪੜਾਅ ਆਉਂਦਾ ਜਿਸ ਤਰ੍ਹਾਂ ਕਿਸੇ ਸੂਫ਼ੀ ਦੀ ਬੰਦਗੀ 'ਚ 'ਫ਼ਨਾ-ਫ਼ੀ-ਅੱਲਾ' ਦਾ ਮੁਕਾਮ ਆਉਂਦਾ ਜਿਸ ਤਰ੍ਹਾਂ ਕਿਸੇ ਗੁਰਮੁਖ ਦੇ ਜੀਵਨ 'ਚ 'ਸੱਚਖੰਡ' ਆਉਂਦਾ ਤੂੰ ਮੇਰੇ ਅੰਦਰ ਇਵੇਂ ਆਉਂਦੀ ਜਿਵੇਂ ਅਛੋਪਲ਼ੇ ਜਿਹੇ ਰੁੱਖਾਂ 'ਤੇ ਬਹਾਰ ਆ ਜਾਂਦੀ ਜਿਵੇਂ ਫ਼ਲਾਂ 'ਚ ਸ਼ੀਰੀਂ ਭਰਦੀ ਜਿਵੇਂ ਤੜਕਸਾਰ ਵਿਹੜੇ 'ਚ ਧੁੱਪ ਆਪਣਾ ਪਹਿਲਾ ਕਦਮ ਧਰਦੀ ਜਿਵੇਂ ਅਸਮਾਨ 'ਤੇ ਰਾਤ ਨੂੰ ਚੰਨ-ਤਾਰੇ ਆਉਂਦੇ ਦਿਲ 'ਚ ਆਈ ਭਾਵਨਾ ਵਾਂਗ ਚਿਹਰੇ 'ਤੇ ਆਈ ਖ਼ੁਸ਼ੀ ਵਾਂਗ ਚੁਤਰਫ਼ ਪੱਸਰੀ ਹਵਾ ਵਾਂਗ ਮਹਿਫ਼ਲ ਦੀ ਚੁੱਪ ਵਾਂਗ ਪ੍ਰਗਟ ਹੈ ਪ੍ਰੇਮ ਪ੍ਰੇਮ ਕਰਦੇ ਹੋਏ ਪੁੱਛਣਾ ਬੇਕਾਰ ਹੈ ਕਿ ਪ੍ਰੇਮ ਕੀ ਹੈ ਆਨੰਦ ਦੇ ਨਿਰਮਲ ਸਰੋਵਰ 'ਚ ਇਸ਼ਨਾਨ ਕਰਦੇ ਹੋਏ ਕਿ ਇਸ਼ਨਾਨ ਕੀ ਹੈ ਪਵਿੱਤਰ ਛਾਤੀਆਂ 'ਚੋਂ ਅੰਮ੍ਰਿਤ ਰਸ ਦਾ ਪਾਨ ਕਰਦੇ ਹੋਏ ਕਿ ਪਿਆਸ ਕੀ ਹੈ ਤੇਰੇ ਨਾਲ਼ ਹੁੰਦੇ ਹੋਏ ਕਿ ਮੇਲ ਕੀ ਹੈ ਪੁੱਛਣਾ ਬੇਕਾਰ ਹੈ ਜੀਵਨ ਤੇ ਮੌਤ ਬਾਰੇ ਜਦ ਕਿ ਪ੍ਰੇਮ ਦੀ ਗਹਿਰੀ ਚੁੱਪ 'ਚ ਟਿਕ ਕੇ ਮਿਲ ਰਿਹੈ ਸਭ ਕੁਝ ... ... ... ਪ੍ਰੇਮ ਭਰਦਾ ਮਹਾਂ ਅਨੰਦ ਨਾਲ਼ ਸਿੰਜਦਾ ਕਾਇਆ ਦੇ ਹਰ ਹਿੱਸੇ ਨੂੰ ਪ੍ਰੇਮ ਮੈਨੂੰ ਵਿਚਾਰਾਂ ਦੇ ਪਾਣੀਆਂ 'ਤੇ ਟਿਕਾ ਦਿੰਦਾ ਕਮਲ ਦੇ ਫੁੱਲ ਵਾਂਗ ਪ੍ਰੇਮ ਲੈ ਜਾਂਦਾ ਜ਼ਿੰਦਗੀ ਦੇ ਮਹਾ ਦੁਆਰ ਵੱਲ ਅਨੰਤਤਾ ਦੇ ਪਾਸਾਰ ਵੱਲ ਪ੍ਰੇਮ ਮਹਿਕਾਉਂਦਾ ਮੇਰੇ ਇਰਦ-ਗਿਰਦ ਨੂੰ ਆਪਣੇ ਅਦੁੱਤੀ ਸੰਗੀਤ ਨਾਲ਼ ਕਣ ਕਣ 'ਚ ਭਰਦਾ ਵਿਸਮਾਦ ਪ੍ਰੇਮ ਧੋ ਦਿੰਦਾ ਮਨ ਦੀ ਮਲੀਨਤਾ ਤੇ ਕਰ ਲੈਂਦਾ ਆਪਣੇ ਜਿਹਾ ਉਜਵਲ ਪ੍ਰੇਮ ਅੰਗ ਅੰਗ 'ਚ ਸਰਕਣ ਲਾ ਦਿੰਦਾ ਅਣਗਿਣਤ ਤਾਰੇ ਜਗਣ ਲਾ ਦਿੰਦਾ ਚੰਨ-ਸੂਰਜ ਬਦਨ 'ਚ ਸਾਰੇ ਪ੍ਰੇਮ ਸਿਖਾ ਦਿੰਦਾ ਪ੍ਰੇਮ ਕਰਨਾ ਸਭ ਨੂੰ ਪ੍ਰੇਮ ਲੈ ਜਾਂਦਾ ਆਪਣੀਆਂ ਰਮਣੀਕ ਵਾਦੀਆਂ 'ਚ ਤੇ ਮਿਲਾਉਂਦਾ ਕੁਦਰਤ ਦੀ ਅਪਾਰ ਸੁਹੱਪਣ ਨੂੰ ਪ੍ਰੇਮ ਮੁਕਤ ਕਰ ਦਿੰਦਾ ਤੇ ਦੇ ਦਿੰਦਾ ਆਪਣਾ ਰੂਪ ਮਿਲਾ ਲੈਂਦਾ ਆਪਣੇ ਅੰਦਰ ਤੇ ਭਰ ਦਿੰਦਾ ਆਤਮਾ ਨੂੰ ਪ੍ਰੇਮ ਹਰ ਵਾਰ ਅਕਹਿ ਤਾਜ਼ਗੀ ਦਿੰਦਾ ਪ੍ਰੇਮ ਅੰਦਰ ਜਿੱਥੇ ਵੀ ਕਿਤੇ ਹੁੰਦਾ ਹਾਂ ਤੇਰੇ ਹੀ ਨਾਲ਼ ਹੁੰਦਾ ਹਾਂ ਤੂੰ ਮੇਰੇ ਨਾਲ਼ ਹੁੰਦੀ ਏਂ ਮਹਿਕ ਵਾਂਗ ਮੇਰੇ ਅੰਦਰ ਰਚੀ ਹੋਈ ਮੇਰੇ ਅੰਦਰ ਉਗਮ ਰਹੇ ਕਮਲ ਖਿੜ ਕੇ ਭਰ ਰਹੇ ਕਾਇਆ ਨੂੰ ਅਸੀਮ ਓਜ ਨਾਲ਼ ਪ੍ਰੇਮ ਦੇ ਸਹਿਜ ਯੋਗ ਵਿਚ ਫਿਰ ਤੋਂ ਮੁਕਤ ਹੋ ਰਿਹਾਂ ਭੁੱਲ ਰਿਹਾਂ ਆਪਣੀ ਥਾਂ ਨਾਂ-ਪਤਾ ਮਾਣ-ਇੱਜ਼ਤ ਸਭ ਕੁਝ ਦੀ ਆਹੂਤੀ ਦੇ ਰਿਹਾਂ ਆਪ ਹੀ ਸਿਖਾਉਂਦੀ ਤੂੰ ਪਿਆਰ ਕਰਨਾ ਆਪ ਹੀ ਭਰ ਦਿੰਦੀ ਝੋਲ਼ ਸ਼ਵੇਤ ਕਮਲਾਂ ਨਾਲ਼ ਤੇਰਾ ਸਲੀਕਾ ਮੇਰੇ ਕੋਲ਼ ਹੁੰਦਾ ਹੈ ਤੂੰ ਮੇਰੇ ਅੰਦਰ ਧੜਕ ਰਹੀ ਹੁੰਦੀ ਏਂ ਫਿਰ ਮੈਂ ਤੇਰੇ ਸਾਹੀਂ ਜੀਊਂਦਾ ਹਾਂ ਤੇਰੇ ਸਾਹ ਨਾਲ਼ ਰਲ਼ ਕੇ ਮੇਰੇ ਸਾਹ ਦੀ ਲੈਅ ਮਹਾਂ ਪ੍ਰਾਣ ਹੋ ਜਾਂਦੀ ਹੈ ਪ੍ਰੇਮ ਨਾਲ਼ ਭਰੇ ਹੋਏ ਆਪਾਂ ਇਸ ਤਰ੍ਹਾਂ ਮਿਲਦੇ ਜਿਵੇਂ ਆਪਸ 'ਚ ਬੁੱਲ੍ਹ ਮਿਲਦੇ ਜਿਵੇਂ ਰੂਹਾਂ ਦਾ ਪੁਨਰ-ਮਿਲਨ ਹੁੰਦਾ ਜਿਵੇਂ ਰੱਬ ਮਿਲਦਾ ਤੇ 'ਸੋਹੰ' ਜਿਹਾ ਕੁਝ ਵਾਪਰਦਾ ਪ੍ਰੇਮ ਅੰਦਰ ਤੂੰ ਜਦ ਛੋਂਹਦੀ ਜਿਸਮ ਨੂੰ ਮੇਰੇ ਅੰਦਰ ਹਜ਼ਾਰਾਂ ਸੁਹੱਪਣ ਭਰੀਆਂ ਕਿਰਨਾਂ ਗੁਜ਼ਰ ਜਾਂਦੀਆਂ ਤੇਰੀ ਦੈਵੀ ਛੁਹ ਨਾਲ਼ ਪੁਲਕਿਤ ਹੋ ਕੇ ਲੂੰ-ਲੂੰ ਅੰਦਰ ਖਿੜਨ ਲਗ ਪੈਂਦੀਆਂ ਗ਼ੁਲਾਬ-ਪੱਤੀਆਂ ਅਸੀਮ ਪਿਆਰ ਭਰੇ ਚੁੰਮਣ ਨਾਲ਼ ਮਸਤਕ ਬ੍ਰਹਿਮੰਡ ਦਾ ਕੇਂਦਰ ਹੋ ਜਾਂਦਾ ਵਾਲ਼ ਸੁਨਹਿਰੀ ਕਿਰਨਾ 'ਚ ਬਦਲ ਜਾਂਦੇ ਤੇ ਜਿਸਮ ਦੀਆਂ ਸਭ ਨਾੜਾਂ ਹੋ ਜਾਂਦੀਆਂ ਵੇਗ-ਮੱਤੀਆਂ ਯਾਦ ਕਰਦਾ ਹਾਂ ਚੁੰਮਣਾਂ ਤੋਂ ਲੈ ਕੇ ਗ਼ੁਲਾਬ ਦੀਆਂ ਕੋਮਲ ਪੱਤੀਆਂ ਦੀ ਛੋਹ ਤੀਕ ਸਾਰਾ ਕੁਝ ਤੇ ਪੂਰੀ ਤਰ੍ਹਾਂ ਆਨੰਦਿਤ ਹੁੰਦਾ ਹਾਂ ਯਾਦ ਕਰਦਾ ਹਾਂ ਪਰਬਤੀ ਸੋਨ-ਸਿਖਰਾਂ 'ਤੇ ਜੰਮੀ ਹੋਈ ਬਰਫ਼ ਦਾ ਸਪਰਸ਼ ਤੇ ਉਤਰ ਜਾਣਾ ਸਹਿਜੇ ਹੀ ਮਨ ਦੇ ਪੋਟਿਆਂ ਦਾ ਹਰੀਆਂ ਭਰੀਆਂ ਵਾਦੀਆਂ 'ਚ ਤੇ ਫਿਰ ਬਹੁਤ ਹੇਠਾਂ ਜਿੱਥੇ ਦੁਮੇਲ ਤੋਂ ਤਿਲ੍ਹਕ ਜਾਂਦਾ ਪਿਆਰ ਦੇ ਪਾਣੀਆਂ 'ਚ ਕੋਸਾ ਸੂਰਜ ਰਾਤ ਦੀ ਗਲ਼ਵੱਕੜੀ 'ਚ ਸਮਾਅ ਜਾਣ ਲਈ ਸੰਧੀ-ਵੇਲ਼ੇ ਦੇ ਪ੍ਰਕਾਸ਼ ਦੀਆਂ ਆਖ਼ਰੀ ਕਿਰਨਾਂ ਸਮੇਟਦਾ ਬੁੱਲ੍ਹਾਂ ਦੀ ਦੈਵੀ ਛੁਹ ਨਾਲ਼ ਰੂਹ ਤੀਕ ਨੱਚ ਉੱਠਦੀ ਗਾਉਣ ਲਗਦੀ ਨਸ ਨਸ ਅਗੰਮੀ ਨਾਦ ਨਾਲ਼ ਮਿਲ ਕੇ ਫਿਰ ਮੈਨੂੰ ਲਗਦਾ ਕਿ ਧਰਤੀ ਤੇ ਆਕਾਸ਼ ਦਾ ਪੁਨਰ-ਮਿਲਨ ਹੋ ਰਿਹਾ ਹੈ ਤੇਰੀ ਅਨੁਰਾਗਮਈ ਛੁਹ ਨਾਲ਼ ਮੇਰੇ ਚਾਵਾਂ ਦੇ ਰੁੱਖਾਂ ਦੀਆਂ ਲਗਰਾਂ 'ਤੇ ਸਦੀਵੀ ਖ਼ੁਸ਼ੀ ਦੀਆਂ ਕੋਂਪਲਾਂ ਫੁੱਟ ਆਉਂਦੀਆਂ ਤੇ ਹਵਾਵਾਂ 'ਚ ਰੂਹ ਦੀ ਸੁਗੰਧ ਫ਼ੈਲ ਜਾਂਦੀ ਪੋਲ਼ੇ-ਪੋਲ਼ੇ ਤੇਰੀਆਂ ਸੁਰਾਂ ਜਿਹੀਆਂ ਉਂਗਲਾਂ ਦਾ ਮੇਰੇ ਧੁਰ ਅੰਦਰ ਤੀਕ ਸਪਰਸ਼ ਕਰਨਾ ਲਰਜ਼ਣ ਲਾ ਦਿੰਦਾ ਮੈਨੂੰ ਵਗਣ ਲਾ ਦਿੰਦਾ ਗਲੇਸ਼ੀਅਰਾਂ ਨੂੰ ਮਨ ਦੇ ਹਿਮਾਲਿਆ ਤੋਂ ਪਿਘਲ਼-ਪਿਘਲ਼ ਕੇ ਮੈਦਾਨਾਂ-ਹਾਰ ਕਰ ਦਿੰਦਾ ਸਾਰੀ ਚੇਤਨਾ ਤੇ ਭਰ ਦਿੰਦਾ ਕਾਇਆ ਦੇ ਰੋਮ ਰੋਮ ਨੂੰ ਅਸੀਮ ਆਨੰਦਮਈ ਛਿਣਾਂ ਦੇ ਦੈਵੀ ਸੰਗੀਤ ਨਾਲ਼ ਫਿਰ ਮੇਰੇ ਅੰਦਰ 'ਕੁਝ ਕੁਝ' ਹੁੰਦਾ ਜਿਸਨੂੰ ਪਿਆਰ ਅੰਦਰ ਮੈਂ ਕਹਿ ਨਹੀਂ ਸਕਦਾ ਮਾਣਦਾ ਹਾਂ ਇਸਦੀ ਗਹਿਰਾਈ ਉਤਰਦਾਂ ਇਸ ਦੇ ਅੰਦਰ ਤੇ ਸ਼ਾਂਤ ਪਾਣੀ ਹੋ ਜਾਂਦਾ ਹਾਂ ਤੇਰੀ ਛੁਹ ਮੈਨੂੰ ਕਾਇਨਾਤ 'ਚ ਬਦਲ ਦਿੰਦੀ ਫਿਰ ਸਾਰੇ ਦੇ ਸਾਰੇ ਨਖ਼ਸ਼ੱਤਰ ਮੇਰੇ ਅੰਦਰ ਘੁੰਮਦੇ ਤੇ ਮੈਂ ਅਕਾਸ਼-ਗੰਗਾਵਾਂ ਦਾ ਸਮਿਸ਼ਰਣ ਹੋ ਜਾਂਦਾ ਹਾਂ ਇਉਂ ਮੈਨੂੰ ਸਭ ਕਾਸੇ ਨਾਲ਼ ਜੋੜ ਦਿੰਦੀ ਤੇਰੀ ਛੁਹ ਤੇਰੀ ਛੁਹ ਨਾਲ਼ ਸਹੰਸਰਾਰ ਤੀਕ ਚੇਤਨਾ ਜਾਗ ਪੈਂਦੀ ਪ੍ਰਾਣ ਟਿਕ ਜਾਂਦੇ ਨਿਰਵਿਕਲਪ ਸਮਾਧੀ ਅੰਦਰ ਤੇ ਮੈਂ ਬੋਧੀ ਸਤੂਪ ਹੋ ਜਾਂਦਾ ਹਾਂ ਤੇਰੀ ਛੁਹ 'ਚ ਅਮਰਤਵ ਅਨੂਪਮ ਸ਼ਕਤੀ ਦੈਵੀਅਤਾ ਮਧੁਰਤਾ ... ... ... ਤੂੰ ਮੇਰੇ ਅੰਦਰਲਾ ਅਸੀਮ ਚਾਨਣ ਜਿਸ 'ਚ ਨਗਨ ਹੋ ਕੇ ਇਸ਼ਨਾਨ ਕਰਦੀ ਪ੍ਰਕ੍ਰਿਤੀ ਸ੍ਰਿਸ਼ਟੀ ਦੀ ਸੰਧਿਆ ਵੇਲ਼ੇ ਜਦ ਜਲਮਗਨ ਹੋ ਜਾਂਦੇ ਬ੍ਰਹਿਮੰਡ ਦੇ ਕਿਨਾਰੇ ਤੇ ਸ਼ੇਸ਼ ਬਚਦਾ ਹਿਰਣਾਗਰਭਯ ਫਿਰ ਉਸ 'ਚੋਂ ਸ਼ਕਤੀਪਾਤ ਹੁੰਦਾ 'ਸੈਭੰ' ਦਾ ਚਾਨਣ ਜੋ ਨਹੀਂ ਰਹਿ ਸਕਦਾ ਲੁਕਿਆ-ਛਿਪਿਆ ਤੇ ਪ੍ਰਗਟ ਹੋ ਕੇ ਵਹਿ ਤੁਰਦਾ ਆਪ-ਮੁਹਾਰੇ ਅਨੰਤ ਦਿਸ਼ਾਵਾਂ ਵੱਲ ਲਗਾਤਾਰ ਫੈਲਦਾ ਤੂੰ ਇਸ ਚਾਨਣ ਦਾ ਵਿਸਤਾਰ ਏਂ ... ... ... ਤੂੰ ਜਿਸਮ ਵੀ ਏਂ ਤੇ ਜਿਸਮ ਤੋਂ ਪਾਰ ਵੀ ਤੂੰ ਆਕਾਰ ਵੀ ਏਂ ਤੇ ਨਿਰਾਕਾਰ ਵੀ ਤੂੰ ਦ੍ਰਿਸ਼ ਵੀ ਏਂ ਤੇ ਅਦ੍ਰਿਸ਼ ਵੀ ਤੂੰ ਦਿਨ ਵੀ ਏਂ ਤੇ ਰਾਤ ਵੀ ਤੂੰ ਗਿਆਤ ਵੀ ਅਗਿਆਤ ਵੀ ਬਾਣੀ ਮਨ ਵਿਚਾਰ ਵੀ ਸਥੂਲ ਵੀ ਸੂਖਮ ਵੀ ਇਤਿ ਵੀ ਨ-ਇਤਿ ਵੀ ਕੀ ਏ ਤੂੰ? ਕੌਣ ਜਾਣ ਸਕਦਾ ਤੈਨੂੰ ਤੈਥੋਂ ਬਿਨਾਂ ... ... ... ਤੂੰ ਆਦਿ ਸ਼ਕਤੀ ਨਾਨਾ ਰੂਪ ਪ੍ਰਕ੍ਰਿਤੀ ਜਗਤੇਸ਼ਵਰੀ ਭੁਵਨੇਸ਼ਵਰੀ ਪਰਮੇਸ਼ਵਰੀ ਤੂੰ ਹੁੰਦੀ ਬ੍ਰਹਮਤਵ ਮਹਾਂ ਨਿਰਵਾਣ ਤੂੰ ਹੁੰਦੀ ਸੈਭੰ ਸ਼ਕਤੀ ਤੂੰ ਹੁੰਦੀ ਕੁਨ ਮਹਾਂ ਸੁੰਨ ਤੂੰ ਸ਼ੇਸ਼ਧਾਰੀ ਅਫੁਰ ਅਵਸਥਾ ਨਿਰਾਕਾਰੀ ਈਸ਼ਵਰੀਅਤਾ ਤੂੰ ਪ੍ਰਕਾਸ਼ਮਾਨ ਕਰਦੀ ਆਪਣਾ ਆਪ ਖੰਡਾਂ, ਬ੍ਰਹਿਮੰਡਾਂ ਵਰਭੰਡਾਂ 'ਚ ਅਨੁਰਾਗ ਹੋ ਕੇ ਫੈਲੀ ਅਸੀਮ ਰੌਸ਼ਨੀ ਸਦੀਵੀ ਏਕਤਾ ਕਾਦੰਬਰੀ ਲਲਿਤਾ ਤੂੰ ਮਸਤਕ 'ਚ ਉਗਾਉਂਦੀ ਸੂਖਮ ਅੰਕੁਰ ਭਾਵਾਂ ਦੇ ਸਿੰਜਦੀ ਜਿਸਮ ਦਾ ਰੋਮ ਰੋਮ ਕਰੁਣਾ ਜਲ ਨਾਲ਼ ਤੂੰ ਵਿਨਾਸ਼ ਕਰਦੀ ਮੇਰੇ ਅੰਦਰੋਂ ਮਹਿਖਾਸੁਰੀ ਕੁਬਿਰਤੀਆਂ ਡਾਕਣੀਆਂ ਨੂੰ ਪਿਲਾਉਂਦੀ ਲਹੂ ਸੰਘਾਰ ਕਰਦੀ ਅਸੁਰਾਂ ਦਾ ਤੂੰ ਸਿਰਜਦੀ ਮੇਰੇ ਦਿਲ ਵਿਚ ਸਮਾਧੀ ਦੀ ਦੈਵੀ-ਪੀਠਿਕਾ ਆਤਮਕ ਮੰਡਲਾਂ ਤੇ ਸਤੂਪਾਂ ਦੀ ਕਰਦੀ ਸਥਾਪਨਾ ਤੇਰੇ ਪਿਆਰ 'ਚੋਂ ਲਿਸ਼ਕਦੇ ਸਤੋਗੁਣੀ ਸੋਨ-ਕਲਸ਼ ਅਲੌਕਿਕ ਪ੍ਰਭਾ-ਮੰਡਲ ਉੱਚ ਸ਼ਿਵਾਲੇ ਅਮਰ ਨੀਸਾਣੁ ਤੂੰ ਆਪ ਜਾਗਦੀ ਕਾਇਆ 'ਚ ਸੋਮ ਰਸ ਨੂੰ ਪਾਨ ਕਰਨ ਵਾਲੀ ਕੁੰਡਲ਼ਨੀ ਬਣਕੇ ਤੂੰ ਮਹਾਂ ਯੋਗਨੀ ਅਕੁਲ-ਕਲਾ ਦੇਹੀ-ਧਾਮ ਅਮਿਓਂ ਰਸ ਦਾ ਪਾਨ ਮੰਤ੍ਰਾਚਾਰ ਓਮਕਾਰ ਜਿਓਤੀ-ਲਿੰਗ ਬ੍ਰਹਮ-ਵਿਦਿਆ 'ਨਦਰੀ ਨਦਰਿ ਨਿਹਾਲ' ਪਰਾ ਬਾਣੀ ਨੂਰੀ ਪਿਆਰ ... ... ... ਤੂੰ ਕਦੇ ਟਿਕੀ ਹੋਈ ਹਵਾ ਹੁੰਦੀ ਤੇ ਕਦੇ ਬਣ ਜਾਂਦੀ ਤੂਫ਼ਾਨੀ ਸ਼ੋਰ ਤੂੰ ਕਦੇ ਬਸੰਤ ਦੀ ਆਮਦ ਤੇ ਕਦੇ ਪੱਤਝੜ ਦਾ ਦੌਰ ਤੂੰ ਕਦੇ ਕਣੀਆਂ ਦੀ ਭੂਰ ਤੇ ਕਦੇ ਹੜ੍ਹ ਦੀ ਰਵਾਨੀ ਮੂੰਹ-ਜ਼ੋਰ ਤੇਰੀ ਥਾਹ ਪਾ ਸਕਣੀ ਨਾ-ਮੁਮਕਿਨ ਹੈ ਕੋਈ ਤੈਨੂੰ ਜਾਣ ਕੇ ਵੀ ਜਾਣ ਨਹੀਂ ਸਕਦਾ ਆਖ਼ਰ ਤੂੰ ਚਾਹੇਂ ਤਾਂ ਆਪਣੇ ਜਿਸਮ ਤੋਂ ਲੈ ਕੇ ਰੂਹ ਤਕ ਦੀਆਂ ਸਾਰੀਆਂ ਪਰਤਾਂ ਤੋਂ ਜਾਣੂ ਕਰਵਾ ਦੇਵੇਂ ਤੂੰ ਚਾਹੇਂ ਤਾਂ ਕਿਸੇ ਇਕ ਗਲ਼ੀ ਇਕ ਮੋੜ 'ਤੇ ਹੀ ਭੁਲਾ ਦੇਵੇਂ ਤੇਰੀ ਮਿਹਰ ਨਾਲ਼ ਮੈਂ ਤੈਨੂੰ ਪਿਆਰ ਕਰਦਾ ਹਾਂ ਤੇਰੀ ਵਡਿਆਈ ਹੈ ਕਿ ਮੇਰੀਆਂ ਸਭ ਸ਼ਕਤੀਆਂ ਤੇਰੇ 'ਚੋਂ ਉਪਜ ਕੇ ਤੇਰੇ ਅੰਦਰ ਹੀ ਬਿਨਸ ਜਾਂਦੀਆਂ ਨੇ ਤੇਰੀ ਕ੍ਰਿਪਾ ਨਾਲ਼ ਮੈਂ ਤੈਨੂੰ ਆਪਣੇ ਅੰਦਰ ਤੇ ਬਾਹਰ ਹਰ ਕਿਤੇ ਰਮੀ ਹੋਈ ਵੇਖ ਰਿਹਾ ਹਾਂ ਤੇਰੀ ਰਹਿਮਤ ਦੀ ਘੁੱਟ ਬਹੁਤ ਮਿੱਠੀ ਹੈ ਤੇਰੀ ਕਰੁਣਾ ਦੀ ਅਪਾਰ ਕਿਰਪਾ ਹੈ ਤੂੰ ਮੈਨੂੰ ਪ੍ਰੇਮ ਦੇ ਇਤਰਾਂ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਤੇ ਆਪਣੀ ਕਲਾ ਦੀ ਪੁਨੀਤ ਛੁਹ ਬਖ਼ਸ਼ੀ ਹੈ ਤੇਰੀ ਬਖ਼ਸ਼ਿਸ਼ ਦੇ ਸ਼ੁਕਰਾਨੇ ਵਜੋਂ ਮੇਰੇ ਕੋਲ ਪ੍ਰੇਮ ਤੇ ਸ਼ਰਧਾ ਦੇ ਹੰਝੂਆਂ 'ਚ ਭਿੱਜੀ ਅਬੋਲ ਚੁੱਪ ਹੈ ਮੇਰੀ ਭੇਟਾ ਸਵੀਕਾਰ ਕਰ ਲੈਣੀ ਬਹੁਤ ਚਿਰ ਬਾਅਦ ਪਾਕ ਸੂਰਤ ਸਾਹਵੇਂ ਮੈਨੂੰ ਆਪਣੇ ਗੁਨਾਹ ਕਬੂਲਣ ਦਾ ਅਵਸਰ ਮਿਲਿਆ ਹੈ ਤੇ ਇਹ ਸਿਰ ਵਾਤਸਲੀ ਕਦਮਾਂ 'ਚ ਟਿਕਿਆ ਹੈ ਇਹ ਧਿਆਨ ਦੀ ਨਦੀ 'ਚ ਉਤਰਨ ਦਾ ਪਲ ਹੈ ਇਹ ਛਿਣ ਹੈ ਹੋਂਦ ਦੇ ਲਾ-ਮਹਿਦੂਦ ਹੋਣ ਦਾ ਇਹ ਸੋਮ-ਰਸ ਦੇ ਆਨੰਦ 'ਚ ਲੀਨ ਹੋਣ ਦੀ ਘੜੀ ਹੈ ਇਹ ਅਵਸਰ ਹੈ ਬ੍ਰਹਿਮੰਡੀ ਏਕਤਾ 'ਚ ਆਉਣ ਦਾ ਅੰਤਹਾਕਰਣ 'ਚੋਂ ਮੈਂ ਦੋਏ ਵੇਲ਼ੇ ਮਿਲਦਿਆਂ ਦੀ ਅਰਦਾਸ ਕੀਤੀ ਹੈ ਅਪਾਰ ਕਰੁਣਾ ਨੇ ਮੇਰੀ ਕਾਇਆ ਨੂੰ ਦੈਵੀ ਚਰਨ-ਕਮਲਾਂ ਨਾਲ਼ ਛੁਹ ਕੇ ਆਲੋਕਿਤ ਕਰ ਦਿੱਤਾ ਹੈ ਤੇ ਮੇਰੇ ਰੋਮ ਰੋਮ ਨੂੰ ਅਕਹਿ ਵਿਸਮਾਦ ਨਾਲ਼ ਭਰ ਦਿੱਤਾ ਹੈ ਆਤਮਾ 'ਚ ਤੇਰਾ ਹੀ ਪ੍ਰਕਾਸ਼ ਹੈ ਸਾਰਾ ਵਿਸ਼ਵ ਸਮਾਹਿਤ ਇਸ ਅੰਦਰ ਤੇ ਸਾਰੇ ਵਿਸ਼ਵ 'ਚ ਪ੍ਰਕਾਸ਼ਮਾਨ ਤੂੰ ਅੰਤਹਾਕਰਣ 'ਚ ਤੇਰਾ ਪਾਵਨ ਮੰਦਰ ਜਿੱਥੇ ਤੇਰੇ ਨਾਮ ਦੀ ਸਦੀਵੀ ਜੋਤ ਜਗਦੀ ਜਿੱਥੇ ਮੈਂ ਤੈਨੂੰ ਸਿਮਰਦਾ ਦਕਸ਼ਣਾ ਵਜੋਂ ਤੇਰੇ ਅੱਗੇ ਇੰਦਰੀਆਂ ਤੇ ਭਾਵਾਂ ਦੀ ਤੁੱਛ ਜਿਹੀ ਸਾਮੱਗ੍ਰੀ ਧਰਦਾ ਹਾਂ ਤੇ ਪ੍ਰੇਮ ਪ੍ਰਸਾਦਿ ਨੂੰ ਲੈ ਕੇ ਤੇਰਾ ਜਸ ਗਾਉਂਦਾ ਹਾਂ ਪਰਮ ਮੇਲ ਦੇ ਵਿਸਮਾਦ ਅੰਦਰ ਅਦਭੁਤ ਆਨੰਦ ਦੇ ਘੁੱਟ ਭਰ ਕੇ ਮੈਂ ਨੱਚ ਉੱਠਿਆ ਹਾਂ ਮਹਿਕੀ ਹੋਈ ਖ਼ੁਸ਼ੀ ਭਰ ਗਈ ਮੈਨੂੰ ਧੋਤੀ ਗਈ ਪ੍ਰੇਸ਼ਾਨੀ, ਚਿੰਤਾ ਸਾਰੀ ਦਿਲ ਪਿਆਰ ਵਿਚ ਕੀਲਿਆ ਗਿਆ ਤੇ ਮਸਤ ਹੋ ਕੇ ਸ਼ਾਮਿਲ ਹੋ ਗਿਆ ਰੂਹ ਦੇ ਅਗੰਮੀ ਸੰਗੀਤ ਨਾਲ਼ ਤਾਲ਼ ਦੇਣ ਵਿਚ ਮੈਂ ਤੇਰੀ ਮਿਹਰ ਨਾਲ਼ ਭਰਪੂਰ ਅਗੰਮੀ ਪਿਆਰ ਦੀ ਵਰਖਾ ਅੰਦਰ ਇਸੇ ਤਰ੍ਹਾਂ ਨਹਾਉਂਦੇ ਰਹਿਣਾ ਚਾਹੁੰਦਾ ਹਾਂ ਇਸ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਮੈਂ ਤੇਰੇ ਅਦਭੁਤ ਰੂਪ ਅੰਦਰ ਸੁਰਤਿ ਨੂੰ ਲੀਨ ਕਰ ਲਿਆ ਹੈ ਇਹ ਤੇਰੀ ਰਜ਼ਾ 'ਚ ਹੀ ਹੋਇਆ ਹੈ ਹਰ ਕਿਤੇ ਸਦੀਵੀ ਏਕਤਾ ਦੀ ਅਮਿਟ ਰੌਸ਼ਨੀ ਹੈ ਜੋ ਆਲੋਕਿਤ ਕਰਦੀ ਅਣਗਿਣਤ ਦਿਸ਼ਾਵਾਂ ਨੂੰ ਗਿਆਤ-ਅਗਿਆਤ ਥਾਵਾਂ ਨੂੰ ਅਵਚੇਤਨ ਅੰਦਰਲੀਆਂ ਭਾਵਨਾਵਾਂ ਨੂੰ ਹਰ ਕਿਤੇ ਵਿਸਮਾਦ ਹੀ ਵਿਸਮਾਦ ਹੈ ਇਹ ਅਜਬ ਲੀਲ੍ਹਾ ਹੈ ਤੇਰੀ ਜੋ ਮਹਾ ਰਾਸ ਹੈ ਤੇਰੇ ਨਾਲ਼ ਮੇਰੀ ਤੇਰੇ ਇਸ ਕਰਮ ਦੇ ਸ਼ੁਕਰਾਨੇ 'ਚ ਮੇਰਾ ਪੋਰ ਪੋਰ ਭਰ ਗਿਆ ਏ ਤੇ ਅਬੋਲ ਖ਼ੁਸ਼ੀ ਅੰਦਰ ਥਿਰਕ ਉੱਠਿਆ ਹੈ...

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਰਮਜੀਤ ਸੋਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ