Prem Baan : Giani Gurmukh Singh Musafir

ਪ੍ਰੇਮ ਬਾਣ : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ


1. ਜੋਦੜੀ

ਪਿਆਰਾਂ ਦੇ ਸੋਮੇ ਪ੍ਰੀਤਾਂ ਦੇ ਸਾਈਂ, ਪ੍ਰੀਤਮ ! ਮਿਰੀ ਪ੍ਰੀਤ ਵਿੱਚ ਪ੍ਰੀਤ ਪਾਈਂ। ਹੈ ਉੱਜੜੀ ਪਈ ਪ੍ਰੇਮ ਬਿਨ ਦਿਲੀ ਬਸਤੀ, ਇਹ ਖੋਲਾ ਵਸਾਈਂ, ਇਹ ਖੋਲਾ ਵਸਾਈਂ। ਮਿਰੇ ਮਨ ਦੀ ਕੋਠੜੀ ਬਣੀ ਹੈ ਅਮੱਸਿਆ, ਹੇ ਪੁਨਿਆਂ ਦੇ ਚੰਨਾਂ ! ਤੂੰ ਚਾਨਣ ਪੁਚਾਈਂ । ਹੈਂ ਮੁੱਲਾਂ ਦਾ ਮੁੱਲਾਂ ਤੂੰ ਪਾਂਧੇ ਦਾ ਪਾਂਧਾ, ਜੀ ਪੜ੍ਹਿਆ ਭੁਲਾਈਂ ਤੇ ਭੁਲਿਆ ਪੜ੍ਹਾਈਂ । ਓ ਪੰਡਤਾਂ ਦੇ ਪੰਡਿਤ ਮਿਰਾ ਤੋੜ ਸੁਟੀਂ। ਤੂੰ ਅਪਨਾ ਹੀ ਜੰਜੂ ਮਿਰੇ ਗਲ 'ਚ ਪਾਈਂ । ਕਰਮ ਚੁਗ ਗਏ ਮੇਰੀ ਅਮਲਾਂ ਦੀ ਖੇਤੀ, ਕਰਮ ਕਰ ਉਗਾਈਂ, ਕਰਮ ਕਰ ਉਗਾਈਂ । ਜੋ ਮੰਤਰ ਤਿਰਾ ਜ਼ਹਿਰ ਸੱਪਾਂ ਦੇ ਮਾਰੇ, ਮਿਰੇ ਜ਼ਹਿਰੀ ਮਨ ਤੇ ਉਹ ਜਾਦੂ ਚਲਾਈਂ । ਮੈਂ ਸੁਣਿਆ ਵਡਾ ਵੈਦ ਵੈਦਾਂ ਦਾ ਤੂੰ ਏਂ, ਬ੍ਰਿਹੋਂ ਰੋਗ ਲਾਈਂ ਤੇ ਤ੍ਰਿਸ਼ਨਾ ਹਟਾਈਂ। ਸੁਦਾਗਰ ਜੇ ਹੈਂ ਤੂੰ ਖਰੇ ਸੌਦਿਆਂ ਦਾ, ਤਾਂ ਸੌਦਾ ਮਿਰੇ ਨਾਲ ਵੀ ਇਕ ਪਕਾਈਂ। ਖੋਈਂ ਲੋਭ ਲਾਲਚ ਦਈਂ ਤਿਆਗ ਸ਼ਕਤੀ, ਇਹ ਸੌਦੇ ਮਿਰੇ ਨਾਲ, ਸੌਦਾ ਵਟਾਈਂ। ਕਰੀਂ ਸਾਫ ਪਹਿਲਾਂ ਮਿਰੇ ਦਿਲ ਦੀ ਝੋਲੀ, ਪਿੱਛੋਂ ‘ਮੋਦੀਆ’ ਮੇਹਰ ਅਪਨੀ ਲੁਟਾਈਂ। ਤੂੰ ਮੈਨੂੰ ਵੀ ਤਾਰਨ ਦਾ ਇਕਰਾਰ ਕਰਕੇ, ਬਿ-ਸ਼ਕ ਫੇਰ ਚੁਭੀਆਂ ਵਈਂ ਵਿਚ ਲਗਾਈਂ ! ਮੈਂ ਕਾਜ਼ੀ ਵੀ ਬਣ ਜਾਵਾਂ ਅਸਲੀ ਨਿਮਾਜ਼ੀ, ਇਹ ਪਾਣੀ ਦੀ ਮਾਰੀ ਵੀ ਖੇਤੀ ਰਸਾਈਂ। ਬਡੱਪਣ ਗੁਆ ਭੁਖ ਲਗਾਂ ਨਿੰਮ੍ਰਤਾ ਦੀ, ਤੇ ਭਾਗੋ ਨੂੰ ਲਾਲੋ ਦੀ ਰੋਟੀ ਖੁਆਈਂ। ਜੇ ਠੱਗੀ ਵੀ ਮਾਰਾਂ ਤਾਂ ਠੱਗਾਂ ਨੂੰ ਠੱਗਾਂ, ਤੂੰ ‘ਸਜਣ’ ਵੀ ਐਸਾ ਹੀ ਸੱਜਣ ! ਬਣਾਈਂ । ਕਰਨ ਚਾਕਰੀ ਚਾਕਰਾਂ ਵਾਂਗ ਮੇਰੀ, ਤੂੰ ਪੰਜਾਂ ਤੇ ਪੰਜਾਂ ਦਾ ਪੰਜਾ ਲਗਾਈਂ। ਨਾ ਉਤਰੇ ਖੁਮਾਰੀ ਨਾ ਮੁੜ ਟੋਟ ਆਵੇ, ਇਕੋ ਵੇਰ ਐਸੀ ਨਸ਼ੀਲੀ ਪਿਲਾਈਂ । ਨਾ ਭਟਕਾਂ ਮੈਂ ਰਾਹ ਵਿਚ ਨਾ ਅਟਕਾਂ ਤੇ ਅਟਕਾਂ, ‘ਮੁਸਾਫਿਰ’ ਹਾਂ ਤੇਰਾ ਰਾਹ ਆਪਣਾ ਦਿਖਾਈਂ । ਤੂੰ ਹੀ ਆਸਰਾ ਮੇਰਾ ਤੂੰ ਹੀ ਸਹਾਰਾ, ਬਚਾਈਂ ! ਬਚਾਈਂ ! ਬਚਾਈਂ ! ਬਚਾਈਂ ! ਹੈ ਮੰਜ਼ਲ ਦੁਰਾਡੇ ਤੇ ਰਾਹ ਤਪ ਰਿਹਾ ਹੈ, ਸੁ ਰਹਿਮਤ ਦਾ ਸਾਇਆ ਸਿਰੇ ਤੇ ਝੁਲਾਈਂ ।

2. ਚੋਜੀ ਪ੍ਰੀਤਮ

ਗ੍ਰਹਸਤੀ ਦੁਕਾਨਦਾਰ ਵਾਗੀ ਕਿਤੇ ਜ਼ਿਮੀਂਦਾਰ, ਕਿਤੇ ਖਰੇ ਸੌਦਿਆਂ ਦਾ ਬਣਿਆ ਵਪਾਰੀ ਏ । ਮੌਲਵੀ ਦਾ ਮੌਲਵੀ ਤੇ ਵੈਦਾਂ ਦਾ ਵੀ ਵੈਦ ਕਿਤੇ, ਪਾਂਧਿਆਂ ਦੇ ਪਾਂਧੇ ਪੱਟੀ ਨਾਮ ਦੀ ਉਚਾਰੀ ਏ । ਦੂਰ ਦੂਰ ਦੇਸ਼ਾਂ ਤੀਕ ਮਾਰੀ ਹੈ ਉਡਾਰੀ ਕਿਤੇ, ਕਿਤੇ ਕੈਦ ਹੋ ਕੇ ਕੈਦ ਕੈਦੀਆਂ ਦੀ ਟਾਰੀ ਏ । ਪੀਰਾਂ ਵਿਚੋਂ ਪੀਰ ਤੇ ਫ਼ਕੀਰਾਂ ਚੋਂ ਫ਼ਕੀਰ ਵੱਡਾ, ਵਲੀਆਂ ਦਾ ਵਲੀ ਗੁਰੂ ਨਾਨਕ ਨਿਰੰਕਾਰੀ ਏ । ਇਕੋ ਰੰਗ ਰੰਗ ਵਿਚ, ਸਾਰੇ ਰੰਗ ਰੰਗ ਦੇਵੇ, ਜੋਈ ਰੰਗ ਵੇਖੋ ਦਿੱਸੇ ਅਜਬ ਲਿਲਾਰੀ ਏ । ਹਿੰਦੂ ਕਹਿਣ ਹਿੰਦੂ, ਅਤੇ ਮੁਸਲਮਾਨ, ਮੁਸਲਮਾਨ, ਸਾਰੇ ਅਪਨਾਉਂਦੇ ਇਹ ਲੀਲ੍ਹਾ ਹੀ ਨਿਆਰੀ ਏ । ਜੋਈ ਵੇਖੋ ਸੋਈ ਦਿਸੇ ਜੋਈ ਚਾਹੋ ਸੋਈ ਪਾਉ, ਦਾਰੂ ਅਕਸੀਰ ਤੇ ਮਦਾਰੀ 'ਸ਼ਾਹ-ਮਦਾਰੀ' ਏ । ਪੀਰਾਂ ਵਿਚੋਂ ਪੀਰ ਤੇ ਫ਼ਕੀਰਾਂ ਚੋਂ ਫ਼ਕੀਰ ਵੱਡਾ, ਵਲੀਆਂ ਦਾ ਵਲੀ ਗੁਰੂ ਨਾਨਕ ਨਿਰੰਕਾਰੀ ਏ ।

3. ਤਸਵੀਰ ਤੇਰੀ

ਚਰਨ ਧੂੜ ਲਾ ਮੂੜ੍ਹ ਨੂੰ ਹੋਸ਼ ਆਈ, ਚੁਟਕੀ ਖ਼ਾਕ ਦੀ ਪਾਕ ਅਕਸੀਰ ਤੇਰੀ। ਘਿਰ ਗਿਆ ਉਹ ਨੈਨਾਂ ਦੇ ਵਿਚ ਘੇਰੇ, ਨਜ਼ਰ ਬੰਦ ਕੀਤਾ ਜੋ ਨਜ਼ੀਰ ਤੇਰੀ । ਭੁਲਿਆ ਬਹੁਤ ਰੁਲਿਆ ਭੇਦ ਨਹੀਂ ਖੁਲ੍ਹਿਆ, ਢੱਠਾ ਮਾਣ ਤਜ ਸ਼ਰਨ ਅਖ਼ੀਰ ਤੇਰੀ । ਨੀਵਾਂ ਸਿਰ ਕਰ ਨਾਲ ਵਿਚਾਰ ਤੱਕਿਆ, ਨਜ਼ਰ ਔਣ ਲਗ ਪਈ ਤਸਵੀਰ ਤੇਰੀ। ਤੇਜਵਾਨ ਦਿੱਸੇ ਮੇਹਰਵਾਨ ਦਿੱਸੇ, ਦਯਾਵਾਨ ਸੂਰਤ ਹੈ ਗੰਭੀਰ ਤੇਰੀ। ਲੱਭੀ ਜੋਦੜੀ ਨਾਲ ਜਗਿਆਸੂਆਂ ਨੇ, ਧਰਮ ਕਰਮ ਦੀ ਖਿੱਚੀ ਲਕੀਰ ਤੇਰੀ। ਸੀਨੇ ਠੰਢ ਆਈ ਵਰ੍ਹੇ ਗੰਢ ਆਈ, ਵਲੀਆਂ ਵਲੀ ਮੇਰੇ ਪੀਰਾਂ ਪੀਰ ਤੇਰੀ । ਤੇਰੀ ਸਿਫਤ ਸਲਾਹ ਅਥਾਹ ਸਾਗਰ, ਕੀ ਮੈਂ ਅੰਤ ਪਾਂਵਾਂ ਬੂੰਦ ਨੀਰ ਤੇਰੀ। ਮਾਲਕ ਤੂੰ ਹੈਂ ਰਿੱਧੀਆਂ ਸਿੱਧੀਆਂ ਦਾ, ਕਰਨੀ ਪਹੁੰਚਿਆ ਕੁਈ ਨਾ ਫਕੀਰ ਤੇਰੀ । ਤੇਰੇ ਜਿਹਾ ਤੂੰ ਹੀ ਬਾਬਾ ਆਪ ਤੂੰ ਏਂ, ਪਦਵੀ ਤੀਕ ਪੁਜਾ ਨਹੀਂ ਕੋਈ ਪੀਰ ਤੇਰੀ । ਕਿਧਰੇ ਵੈਦ ਤੂੰ ਕਿਧਰੇ ਬੀਮਾਰ ਤੂੰ ਏਂ, ਹੈ ਦਵਾ ਤੇਰੀ ਨਾਲੇ ਪੀੜ ਤੇਰੀ । ਕੈਦ ਕਰਨ ਵਾਲਾ ਕਿਧਰੇ ਆਪ ਕੈਦੀ, ਤੋੜਨ ਵਾਲੜਾ ਤੂੰ ਏਂ, ਜ਼ੰਜੀਰ ਤੇਰੀ । ਚੇਲੇ ਗੁਰੂ ਵਿਚ ਕਰਾਂ ਤਮੀਜ਼ ਕੀਕੂੰ, ਮੈਨੂੰ ਸਮਝ ਨਾ ਆਏ ਤਦਬੀਰ ਤੇਰੀ। ਅੰਗਦ ਅੰਗ ਲਗਾ ਅੰਗ ਸੰਗ ਰਿਹਾ, ਚੁੰਬਕ ਵਾਂਗ ਹੈ ਨਾੜ ਸਰੀਰ ਤੇਰੀ । ਮੱਛੀ ਹੋਵਾਂ ਤਾਂ ਵੀ ਕੇਵਲ ਏਸ ਖ਼ਾਤਰ, ਕੈਦਣ ਹੋ ਜਾਵਾਂ ਮਾਹੀਗੀਰ ਤੇਰੀ । ਕੁੱਛੜ ਚੜ੍ਹਾਂਗੀ ਫਿਰਸਾਂ ਮੈਂ ਨਾਲ ਭੋਂਦੀ, ਭਾਵੇਂ ਸਾਹ ਨਹੀਂ ਛੁਹ ਦੀ ਧੀਰ ਤੇਰੀ । ਅੱਖਾਂ ਸਫਲ ਜੇ ਪਾਣ ਦੀਦਾਰ ਤੇਰਾ, ਸਾਰੇ ਅੰਗ ਸਰੀਰ ਜਾਗੀਰ ਤੇਰੀ । ਸ਼ੀਸ਼ਾ ਦਿਲ ਜਾਂ ਸਾਫ ਸ਼ਫਾਫ ਹੋਇਆ, ਨਜ਼ਰ ਆਏਗੀ ਫੇਰ ਤਸਵੀਰ ਤੇਰੀ।

4. ਦੱਸ ਜਾਵੀਂ

ਰਗ ਰਗ ਚੋਂ ਰੋਗੀ ਦਾ ਰੋਗ ਕੱਢਿਆ, ਆਪ ਪੁੱਜ ਕੇ ਉਹਦੇ ਮਕਾਨ ਅੰਦਰ । ਚੋਟ ਸ਼ਬਦ ਦੀ ਨੇ ਲੋਟ ਪੋਟ ਕੀਤੇ, ਮਾਨੀ ਮੱਤੇ ਸੀ ਬਹੁਤ ਜੋ ਮਾਨ ਅੰਦਰ । ਬਾਣ ਬਾਣੀ ਦੇ ਜਦੋਂ ਚਲਾਣ ਲੱਗੇ, ਰੱਖ ਕੇ ਸੁਰਤ ਦੀ ਪੱਕੀ ਕਮਾਨ ਅੰਦਰ । ਆਪੋ ਆਪਣੇ ਫਿਕਰ ਦੇ ਵਿਚ ਪੈ ਕੇ, ਉਠੇ ਕੰਬ ਉਹ ਪੰਜੇ ਜਵਾਨ ਅੰਦਰ । ਤੜਪ ਤੜਪ ਕੇ ਕਹਿਣ ਦੁਹਾਈ ਬਾਬਾ, ਤੀਰ ਕੱਸਕੇ ਖ਼ਾਲੀ ਨਾ ਨੱਸ ਜਾਵੀਂ । ਜਾਨ ਵਾਲਿਆ, ਏਧਰੋਂ ਮਾਰਿਆ ਈ, ਵਲ ਜੀਣ ਦਾ ਉਧਰੋਂ ਦੱਸ ਜਾਵੀਂ । ਇਹ ਤਾਂ ਫਰਕ ਖ਼ਾਲੀ ਸਾਡੀ ਸਮਝ ਦਾ ਏ, ਭਾਵ ਮਾਰਨੇ ਤੋਂ ਨਹੀਂ ਹੈ ਮਾਰਨੇ ਦਾ । ਕਿਤੇ ਹੋਂਵਦਾ ਤਾਰ ਕੇ ਤਾਰ ਦੇਣਾ, ਕਿਤੇ ਡੋਬਣੇ ਤੋਂ ਭਾਵ ਤਾਰਨੇ ਦਾ । ਕਿਤੇ ਕਿਤੇ ਤਾਂ ਹਾਰ ਵੀ ਜਿੱਤ ਹੁੰਦੀ, ਕਿਤੇ ਜਿਤਣਾ ਭਾਵ ਹੈ ਹਾਰਨੇ ਦਾ । ਸਿਰਿਉਂ ਮਾਰ ਕੇ ਸਾਨੂੰ ਤੈਂ ਸਾਰਨਾ ਕੀ, ਅਸਲ ਭਾਵ ਤਾਂ ਹੈ ਨਾ ਸੰਵਾਰਨੇ ਦਾ । ਬਸ ਢਿੱਲੇ ਹਾਂ ਤਾਂ ਜ਼ਰਾ ਕੱਸ ਜਾਵੀਂ, ਰਾਹ ਭੁੱਲੇ ਹਾਂ ਤਾਂ ਫੇਰ ਦੱਸ ਜਾਵੀਂ । ਸੱਚੀ ਪੁੱਛੇਂ ਤਾਂ ਅਸੀਂ ਤਾਂ ਇਹੋ ਕਹਿਸਾਂ, ਜਾਵੀਂ ਨੱਸ ਨਾ ਏਥੇ ਹੀ ਵੱਸ ਜਾਵੀਂ । ਪਹਿਲਾਂ ਆਖੀਏ, ਫੇਰ ਤੂੰ ਚਲਾ ਜਾਵੀਂ, ਵਾਜਾਂ ਮਾਰਕੇ ਪਿਛੋਂ ਬੁਲਾਵੀਏ ਪਏ । ਪੱਥਰ ਮਾਰਕੇ ਵਲੀ ਕੰਧਾਰ ਵਾਂਙੂੰ, ਰਹੀਏ ਝੂਰਦੇ ਫੇਰ ਪਛਤਾਵੀਏ ਪਏ । ਢੱਠੇ ਪਿਆਂ ਨੂੰ ਉੱਧਰ ਬਣਾਣ ਲੱਗੀਏ, ਇੱਧਰ ਬਣੇ ਬਣਾਏ ਨੂੰ ਢਾਵੀਏ ਪਏ । ਘਰੋਂ ਟੋਰਕੇ ਵੀਰ ਦਿਲਗੀਰ ਹੋਈਏ, ਭੈਣ ਨਾਨਕੀ ਵਾਂਗ ਘਬਰਾਵੀਏ ਪਏ । ਕਿਸੇ ਤਾਰ ਬੇਤਾਰ ਦੀ ਰਾਹੀਂ ਹੋ ਕੇ, ਸਾਡੇ ਅੰਦਰਲੇ ਦੇ ਅੰਦਰ ਧੱਸ ਜਾਵੀਂ । ਫੇਰ ਰਹਿਵਣੀ ਨਾ ਲੋੜ ਕਹਿਵਣੇ ਦੀ, ਰਾਹ ਭੁੱਲਿਆਂ ਨੂੰ ਫੇਰ ਦੱਸ ਜਾਵੀਂ । ਹੁਣ ਹਾਂ ਹੋਰ ਤੇ ਹੋਰ ਦੇ ਹੋਰ ਹੁਣ ਹਾਂ, ਸੱਚੀ ਪੁਛੇਂ ਤਾਂ ਸਾਡਾ ਵਸਾਹ ਕੋਈ ਨਹੀਂ । ਉਥੇ ਉਹ ਤੇ ਇਥੇ ਹਾਂ ਆਹ ਅਸੀਂ, ਐਵੇਂ ਉਹ ਕੋਈ ਨਹੀਂ ਅਸੀਂ ਆਹ ਕੋਈ ਨਹੀਂ । ਜੇ ਤੂੰ ਕਰੇਂ ਪੈਦਾ ਅਸੀਂ ਚਾਹ ਵਾਲੇ, ਵੈਸੇ ਦਿਲ ਸਾਡੇ ਅੰਦਰ ਚਾਹ ਕੋਈ ਨਹੀਂ । ਅਸੀਂ ਸਾਰਿਆਂ ਰਾਹਾਂ ਤੇ ਚਲਣ ਵਾਲੇ, ਏਸੇ ਵਾਸਤੇ ਤਾਂ ਸਾਡਾ ਰਾਹ ਕੋਈ ਨਹੀਂ । ਰਾਹ ਦੱਸ ਜਾਵੀਂ ਨਾਲੋਂ, ਇਹ ਚੰਗਾ, ਰਾਹ ਦੱਸਦਾ ਰਹਿ ਸਦਾ ਦੱਸਦਾ ਰਹਿ । ਸਾਡੇ ਦਿਲ ਦਾ ਮਹਿਲ ਨਾ ਰਹੇ ਸੁੰਞਾ, ਇਥੇ ਵੱਸਦਾ ਰਹਿ, ਸਦਾ ਵੱਸਦਾ ਰਹਿ ।

5. ਨੂਰ ਨਾਨਕ

ਨਹੀਂ ਵਿਚ ਕੈਦ ਮੰਦਿਰ, ਮਸਜਿਦ, ਧਰਮਸਾਲਾ, ਹਰ ਮਕਾਨ ਅੰਦਰ ਲਾਮਕਾਨ ਸਮਝੋ । ਰੂਪ ਰੰਗ ਉਹਦਾ ਵਰਨ ਚਿਹਨ ਕੋਈ ਨਾ ਰੰਗਾਂ ਸਾਰਿਆਂ ਵਿਚ ਵਰਤਮਾਨ ਸਮਝੋ । ਨਾਤਾ, ਦੋਸਤੀ, ਸਾਥ, ਸ਼ਰੀਕਤਾ ਨਹੀਂ ਸਭ ਤੋਂ ਵੱਖਰਾ ਸਭਸ ਦੀ ਜਾਨ ਸਮਝੋ । ਦੇਸ਼, ਜ਼ਾਤ, ਮਜ਼ਹਬ, ਪੇਸ਼ਾ, ਖ਼ਿਆਲ ਕੋਈ ਹਰ ਇਨਸਾਨ ਦੇ ਤਾਈਂ ਇਨਸਾਨ ਸਮਝੋ । ਜਾਣੋ ਸਭਸ ਵਿਚ ਜੋਤ ਪਰਮਾਤਮਾਂ ਦੀ ਪਹਿਲਾਂ ਦੱਸਿਆ ਇਹੋ ਦਸਤੂਰ ਨਾਨਕ । ਸ਼ਰਧਾ ਨਾਲ ਪਾਇਆ ਸੁਰਮਾ ਏਕਤਾ ਦਾ ਸਭਨਾਂ ਅੱਖੀਆਂ ਵਿਚ ਦਿੱਸੇ ਨੂਰ ਨਾਨਕ । ਸਮਝਣ ਵਾਲਿਆਂ ਨੇ ਕ੍ਰਿਸ਼ਨ ਸਮਝ ਲੈਣਾ ਭਾਵੇਂ ਮੋਹਨ ਕਹਿ ਲੋ ਭਾਵੇਂ ਸ਼ਾਮ ਕਹਿ ਲੌ । ਨੀਯਤ ਵਿਚ ਜੇ ਭਾਵ ਹੈ ਪਿਆਰ ਵਾਲਾ ਫ਼ਤਹਿ, ਬੰਦਗੀ, ਨਮਸਤੇ, ਸਲਾਮ ਕਹਿ ਲੌ । ਨਾਮਾਂ ਸਾਰਿਆਂ ਵਿਚ ਉਹਦਾ ਨਾਮ ਕੋਈ ਨਹੀਂ ਇਸੇ ਲਈ ਉਹਦਾ ਕੋਈ ਨਾਮ ਕਹਿ ਲੌ । ਸਭਨਾਂ ਬੋਲੀਆਂ ਤਾਈਂ ਉਹ ਜਾਣਦਾ ਏ ਭਾਵੇਂ ਕਹੁ ਅੱਲਾ ਭਾਵੇਂ ਰਾਮ ਕਹਿ ਲੌ । ਐਸੇ ਪ੍ਰੇਮ ਦੇ ਰੰਗ ਵਿਚ ਰੰਗਿਆ ਜੋ ਉਹਨੇ ਸਮਝਿਆ ਠੀਕ ਜ਼ਰੂਰ ਨਾਨਕ । ਅੰਦਰ ਬਾਹਰ ਉਹਨੂੰ ਨਜ਼ਰੀਂ ਪਿਆ ਆਵੇ ਨੂਰ ਨੂਰ ਨਾਨਕ, ਨੂਰ ਨੂਰ ਨਾਨਕ । ਰਿੱਛਾਂ ਬੰਦਰਾਂ ਦਾ ਪਹਿਲੋਂ ਹੱਕ ਹੁੰਦਾ ਮਿਲਦਾ ਰੱਬ ਜੇ ਕਰ ਬਾਹਰ ਕੰਦਰਾਂ ਵਿਚ । ਪੰਡਤਾਂ, ਕਾਜ਼ੀਆਂ, ਭਾਈਆਂ ਦਾ ਮਸਲਾ ਜੇ ਰੱਬ ਵੱਟਿਆਂ ਇੱਟਾਂ ਤੇ ਮੰਦਰਾਂ ਵਿਚ । ਇਹ ਵੀ ਧੋਖਾ ਜੇ ਕਿਤੇ ਨਾ ਸਮਝ ਲੈਣਾ ਉਹ ਹੈ ਧਨੀਆਂ ਦਸਾਂ ਜਾਂ ਪੰਦਰਾਂ ਵਿਚ । ਨੀਵਾਂ ਸਿਰ ਕਰਕੇ ਮਾਰੇ ਝਾਤ ਜੇਹੜਾ ਉਹਨੂੰ ਦਿਸੇਗਾ ਸਾਰਿਆਂ ਅੰਦਰਾਂ ਵਿਚ । ਘੜੇ ਆਪਣੇ ਰਹਿਣ ਲਈ ਬੁੱਤ ਉਹਨੇ ਐਸੇ ਗਿਆਨ ਦੇ ਨਾਲ ਭਰਪੂਰ ਨਾਨਕ । ਨਾਨਕ ਓਸ ਵਿਚ ਹੈ, ਉਹ ਹੈ ਵਿਚ ਨਾਨਕ ਓਸੇ ਨੂਰ ਤੋਂ ਨੂਰ ਇਹ ਨੂਰ ਨਾਨਕ । ਆ ਕੇ ਨਜ਼ਰ ਵੀ ਆਉਂਦਾ ਨਜ਼ਰ ਨਾਹੀਂ ਕਿੱਸਾ ਜਾਣ ਲੌ ਮੂਸਾ ਤੇ ਤੂਰ ਦਾ ਏ । ਅਪਣੇ ਆਪ ਨੂੰ ਆਪ ਨੇ ਹੈ ਮਿਲਣਾ ਪੈਂਡਾ ਬਹੁਤ ਨੇੜੇ ਫਿਰ ਵੀ ਦੂਰ ਦਾ ਏ । ਪਰਦਾ ਲਾਹ ਕੇ ਵੀ ਰਿਹਾ ਵਿਚ ਪਰਦੇ ਆਇਆ ਨੂਰ ਉੱਤੇ ਪਰਦਾ ਨੂਰ ਦਾ ਏ । ਜਿਥੇ ਮਿਲਣ ਸੌਦੇ ਕੇਵਲ ਦਿਲਾਂ ਬਦਲੇ ਓਥੇ ਕੰਮ ਕੀ ਅਕਲ ਸ਼ਊਰ ਦਾ ਏ । ਮਿਲੀਏ ਜਿਨਸ ਵਿਚ ਸਦਾ ਹਮ ਜਿਨਸ ਹੋ ਕੇ ਇਹ ਸਿਧਾਂਤ ਜੇ ਸਿਰਫ਼ ਮਨਜ਼ੂਰ ਨਾਨਕ । ਬੂੰਦ ਵਿਚ ਸਾਗਰ, ਸਾਗਰ ਵਿਚ ਬੂੰਦਾਂ ਰਲਿਆ ਨੂਰ ਹੋ ਕੇ ਅੰਦਰ ਨੂਰ ਨਾਨਕ ।

6. ਰਾਵੀ ਦਾ ਸੱਦਾ ਗੁਰੂ ਨਾਨਕ ਨੂੰ

ਪੁੱਟੇ ਕੱਟ ਸੁੱਟੇ ਰੋਗ ਸੋਗ ਸੰਸਾਰ ਵਾਲੇ, ਕਿੰਨਿਆਂ ਦਾ ਕਟਿਆ ਈ ਆਉਣਾ ਤੇ ਜਾਉਣਾ । ਠੱਗ ਗਏ ਠੱਗੇ ਲਗੇ ਅੱਗੇ ਹੋਕੇ ਸਿੱਧੇ ਸਿਧ, ਸਿੱਧੀਆਂ 'ਚ ਤੈਨੂੰ ਜੋ ਸੀ ਚਾਂਹੁਦੇ ਭਰਮਾਉਣਾ । ਛੋਹੇ ਬੱਸ ਹੋਏ ਤੇਰੇ, ਨੈਣਾਂ ਦਿਆਂ ਘੇਰਿਆਂ ਚਿ, ਵੱਸੇ ਬੱਸ ਫੱਸੇ, ਗਈ ਮੁੱਕ ਸੱਭ ਧਾਉਣਾ। ਵਾਹੋ ਦਾਹੀ ਵਹੀ ਜਾਂਦੀ ਹਾਲ ਦਿਲ ਕਹੀ ਜਾਂਦੀ, ਪਿਆਰੇ ਗੁਰੂ ਨਾਨਕ ਮੁੜ ਰਾਵੀ ਨੂੰ ਸੁਹਾਉਣਾ। ਬ੍ਰਿਹੋਂ ਦੇ ਵਹਿਣ ਵੇਖ ਸੁੱਕੇ ਨਹੀਂ ਨੈਣ ਇਹਦੇ, ਮੁੱਕਦਾ ਨਾ ਪੰਧ ਧੀਰ ਏਸਨੂੰ ਬੰਨ੍ਹਾਉਣਾ। ਚਲੀ ਜਾਂਦੀ ਚਲੀ ਜਾਂਦੀ ਦਿਨੇ ਰਾਤ ਚਲੀ ਜਾਂਦੀ, ਪਤਾ ਵੀ ਨਹੀਂ ਪਤਾ, ਕਿੱਥੇ, ਕਿੱਡੀ ਦੂਰ ਜਾਉਣਾ । ਐਸੀ ਕੋਈ ਚਾਟ ਇਹਦੇ ਘਾਟ ਬੈਠ ਲਾ ਗਿਉਂ ਤੂੰ, ਜੀਵਣਾ ਪਿਆਰੇ ਬਿਨ ਜਾਣੇ ਮਰ ਜਾਉਣਾ । ਭਾਲ ਵਿਚ ਥੱਕਦੀ ਨਾ, ਅੱਕਦੀ ਨਾ, ਰੁਕਦੀ ਨਾ, ਪਿਆਰੇ ਗੁਰੂ ਨਾਨਕ ਮੁੜ ਰਾਵੀ ਨੂੰ ਸੁਹਾਉਣਾ। ਜਦੋਂ ਦੀ ਇਹ ਚਲੀ ਘੜੀਪਲ ਵੀ ਨਖਲੀ ਹੋਈ, ਸਿਦਕ ਯਕੀਨ ਹੋਰ ਕੀ ਊ ਪਰਤਾਉਣਾ ? ਤੇਰੀ ਚਾਹ ਵਿਚ ਹੀ ਉਹ ਉਤਾਂਹ ਵਲ ਜਾਣਾ ਚਾਹੇ, ਚਾਹੁੰਦੀ ਉਹ ਪਾਣਾ ਤੈਨੂੰ ਜਿਥੋਂ ਮਿਲੇਂ ਪਾਉਣਾ । ਬੂੰਦਾਂ ਦੇ ਢੁੰਡਾਉ ਭੇਜ ਟੋਲੇ ਅਸਮਾਨ ਸਾਰਾ, ਪੌਣ ਦੀਆਂ ਚੰਡਾਂ ਖਾਕੇ ਮੂੰਹ ਫੰਡਵਾਉਣਾ । ਟੱਕਰਾਂ ਪਹਾੜੀ ਨਾਲ, ਰਿੜ੍ਹਨਾਂ ਨਿਮਾਣੀ ਫੇਰ, ਚਲੀ ਸੀ ਉਹ ਜਿਥੋਂ ਮੁੜ ਉਥੇ ਫਿਰ ਆਉਣਾ । ਪੱਕੇ ਸੂ ਖ਼ਿਆਲ ਕੈਸੇ ਛਡਦੀ ਨਾ ਭਾਲ ਭਾਵੇਂ, ਪਾਣੀ ਪਾਣੀ ਹੋਕੇ ਪੈਂਦਾ ਉਹਨੂੰ ਸ਼ਰਮਾਉਣਾ । ਕਈਆਂ ਦੇ ਮੁਕਾਏ ਪੰਧ ਕੱਟੇ ਗੇੜ ਪਿਆਰਿਆ ਤੂੰ, ਤੇਰੇ ਅੱਗੇ ਕੀ ਜੇ ਚਾਹੇਂ ਇਹਦਾ ਵੀ ਮੁਕਾਉਣਾ । ਤੇਰੇ ਦਿਲ ਵਿਚ ਕੀ ਇਹ ਪ੍ਰੇਮ ਨੂੰ ਪੁੰਗਾਰਦਾ ਨਹੀਂ, ਬ੍ਰਿਹਨੀ ਦਾ ਐਦਾਂ ਨੈਣੋਂ ਨੀਰ ਵਰਸਾਉਣਾ ? ਨਾਮ ਦੇ ਹੀ ਸਦਕੇ ਸੁਨੇਹੜੇ ਦੇਵਾਂ ਸੱਦ ਕੇ ਮੈਂ, ਪਿਆਰੇ ਗੁਰੂ ਨਾਨਕ ਮੁੜ ਰਾਵੀ ਨੂੰ ਸੁਹਾਉਣਾ । ਤਾਨ ਮਰਦਾਨੇ ਦੀ ਉਹ, ਜਾਨ ਸੀ ਜ਼ਮਾਨੇ ਦੀ ਜੋ, ਵਹਿਣਾਂ ਦਿਆਂ ਵਹਿਣਾਂ ਨਾਲ ਵਹਿਣਾਂ ਗੀਤ ਗਾਉਣਾ। ਜੰਗਲਾਂ ਵੈਰਾਨਾਂ ਵਿਚ ਜੰਗਲੀ ਹੈਵਾਨਾਂ ਦਾ ਵੀ, ਤਾਨਾਂ ਮਸਤਾਨੀਆਂ 'ਚ ਖਿਚੇ ਖਿਚੇ ਆਉਣਾ। ਤਪਾਂ ਵਾਲੇ ਤਪੀਆਂ ਦਾ ਤਪੇ ਹੋਏ ਜਿਗਰਾਂ ਨੂੰ, ਨਾਮ ਛੱਟੇ ਲੈਕੇ ਸੀਨੇ ਸਦਾ ਠੰਢ ਪਾਉਣਾ । ਰਾਹਾਂ ਚ ਉਡੀਕਦੀ ਵਿਛਾਉਂਦੀ ਹੈ ਨੈਣ ਪਈ, ਪਿਆਰੇ ਗੁਰੂ ਨਾਨਕ ਮੁੜ ਰਾਵੀ ਨੂੰ ਸੁਹਾਉਣਾ।

7. ਵਲੀਆਂ ਦਾ ਵਲੀ

ਪੰਡਤਾਂ ਦੇ ਸਿਰਾਂ ਉਤੋਂ ਹੌਮੈਂ ਵਾਲੀ ਪੰਡ ਲਾਹਕੇ, ਠੱਗਾਂ ਨੂੰ ਵੀ ਠੱਗ, ਕਿਵੇਂ ਸੱਜਣ ਬਣਾਈ ਦਾ । ਜੁਗਤ ਨਾਲ ਜੋਗੀ ਦਾ ਅਜੋਗਪਣ ਦੂਰ ਕਰ, ਦੱਸ ਦੇਣਾ ਏਦਾਂ, ਜੋਗ ਜੋਗੀਆਂ ਕਮਾਈ ਦਾ । ਪਾਣੀ ਪਾਣੀ ਪ੍ਰੋਹਤ ਕੀਤੇ ਨਹਿਰ ਕੱਟ ਪਾਣੀ ਵਾਲੀ, ਸੁਣੀ ਜਾਂ ਕਹਾਣੀ ਪਾਣੀ ਪਿਤ੍ਰਾਂ ਪਿਲਾਈ ਦਾ । ਸਿਧੋ ! ਮਨ ਸੁਧ ਕਰੋ, ਹੌਮੈਂ ਨਾਲ ਯੁਧ ਕਰੋ, ਸਾਧੋ ! ਮਨ ਸਾਧੇ ਬਿਨ ਸਾਧ ਨਾ ਸਦਾਈ ਦਾ । ਨੀਵਿਆਂ ਦੇ ਨਾਲ ਬੈਠ ਨੀਵੇਂ ਹੋ ਕੇ ਨੀਵਿਆਂ ਨੂੰ, ਅੰਗ ਨਾਲ ਲਾ ਕੇ ਕਿਵੇਂ ਉਚ ਹੈ ਬਣਾਈ ਦਾ । ਭਾਗੋ ਮੰਦ ਭਾਗੀ ਦੀ ਤਿਆਗ ਸਭ ਖੀਰ ਪੂਰੀ, ਕੋਧਰੇ ਦੀ ਰੋਟੀ ਜਾ ਕੇ ਲਾਲੋ ਪਾਸ ਖਾਈ ਦਾ । ਕੈਸੇ ਵਲ ਨਾਲ ਵਲ ਦੂਰ ਕੀਤਾ ਵਲੀ ਦਾ ਵੀ, ਇਹੋ ਸੀਗਾ ਭਾਵ ਮਰਦਾਨੇ ਦੀ ਦੁਹਾਈ ਦਾ । ਪੰਜੇ ਦੀ ਨਿਸ਼ਾਨੀ ਤੋਂ ਕਹਾਣੀ ਸਭ ਜਾਣੀ ਜਾਂਦੀ, ਵਲੀਆਂ ਦੇ ਤਾਈਂ ਕਿਵੇਂ ਸਿੱਧੇ ਰਾਹ ਪਾਈ ਦਾ । ਵੱਡੀ ਹੋਵੇ ਮਾਨਤਾ ਤੇ ਕਿੰਨਾ ਉਚ ਪੀਰ ਹੋਵੇ, ਨਫਾ ਸੰਸਾਰ ਨੂੰ ਨਾ ਉਹਦੀ ਉਚਿਆਈ ਦਾ । ਬੇਰੀ ਨਾਲੋਂ ਬੇਰ ਫੇਰ ਔਣ ਹੱਥ ਖਾਣ ਲਈ, ਇਕ ਹੱਥ ਨਾਲ ਜਦੋਂ ਡਾਲੀ ਨੂੰ ਝੁਕਾਈ ਦਾ । ਰੋਕ ਕੇ ਪਹਾੜੀ ਕੋਈ ਇਹ ਤਾਂ ਨਹੀਂ ਸੀ ਦੱਸਣਾ, ਕਿ ਐਡੀ ਵਡੀ ਚੀਜ਼ ਕਿਵੇਂ ਹੱਥ ਤੇ ਟਿਕਾਈ ਦਾ । ਦੱਸਣਾ ਤਾਂ ਇਹੋ ਸੀਗਾ, ਉਹੋ ਫੇਰ ਦੱਸ ਦਿੱਤਾ, 'ਵਲੀਆਂ ਦੇ ਤਾਈਂ ਕਿਵੇਂ ਸਿੱਧੇ ਰਾਹ ਪਾਈ ਦਾ' । ਸੁਰਤ ਵਾਲਾ ਗੱਡਾ ਤੁਰਤ ਗੱਡ ਜਾਂਦਾ ਗਾਰ ਵਿਚ, ਭਾਰ ਹੋਵੇ ਹੌਮੈਂ ਦਾ ਜਿ ਦਾਣਾ ਜਿੰਨਾ ਰਾਈ ਦਾ । ਆਈ ਜਦੋਂ ਹੌਮੈਂ, ਜਾਣ, ਗਿਆ ਮਾਨ, ਗਈ ਸ਼ਾਨ, ਫੱਕਾ ਚੁਕਾ ਦੇਂਦੀ ਰਹਿਣ ਨਾਹੀਂ ਵਡਿਆਈ ਦਾ । ਵਲੀ ਕੰਧਾਰੀ ਹੰਕਾਰੀ ਦੀ ਸੁਰਤ ਹਾਰੀ, ਲਾ ਕੇ ਚੋਟ ਕਾਰੀ ਕੀਕੂੰ ਉਹਨੂੰ ਸ਼ਰਮਾਈ ਦਾ । ਵਲੀਆਂ ਦਾ ਵਲੀ ਹੀ ਤਾਂ ਭਲੀ ਭਾਂਤ ਦਸੇ ਠੀਕ, ਵਲੀਆਂ ਦਾ ਵਲ ਕਿਵੇਂ ਕਢ ਕੇ ਵਿਖਾਈ ਦਾ । ਵਲ ਵਾਲੇ ਵਲੀ ਤੋਂ ਉਹ ਅੱਲਾ ਵਾਲਾ ਵਲੀ ਬਣੇ, ਇਕ ਪਾਸੋਂ ਪੁੱਟ ਕਿਵੇਂ ਦੂਜੇ ਬੰਨੇ ਲਾਈ ਦਾ । ਪੀਰਾਂ ਦੇ ਵੀ ਪੀਰ ਤੇ ਫਕੀਰਾਂ ਦੇ ਫਕੀਰ ਵੱਡੇ, ਵਲੀਆਂ ਦੇ ਵਲੀ ਕੰਮ ਕੀਤਾ ਅਗਵਾਈ ਦਾ । ਭੋਗੀਆਂ ਦੇ ਭੋਗ ਛੁਡਵਾਏ ਤੇ ਹਟਾਏ ਰੋਗ, ਅੰਤ ਕੌਣ ਪਾਵੇ ਉਹਦੀ ਕੀਮਤੀ ਦਵਾਈ ਦਾ । 'ਨਾਨਕ' ਦੇ ਬਿਨਾਂ ਨਾ ਅਨਕ ਜਗ ਜਾਣਦਾ ਹੈ, ਵਲੀਆਂ ਦੇ ਤਾਈਂ ਕਿਵੇਂ ਸਿੱਧੇ ਰਾਹ ਪਾਈ ਦਾ ।

8. “ਕਰਮ”

ਚੁੱਪ ਕਰ ਜਾਂਦੇ ਆਖਕੇ ਬਹੁ ਪੰਡਿਤ ਸਿਆਣੇ । ਗੱਲਾਂ ਜੋ ਰੱਬ ਵਾਲੀਆਂ ਆਪੇ ਰੱਬ ਜਾਣੇ । ਦਿਖਲਾਵੇ ਵਿਚ ਫਿਰਦੀਆਂ ਕਈ ਰੂਹਾਂ ਭੁਲੀਆਂ, ਮੁਰਸ਼ਿਦ ਬਾਝੋਂ ਮਨ ਦੀਆਂ ਨਹੀਂ ਗੰਢਾਂ ਖੁਲ੍ਹੀਆਂ । ਬੇਸ਼ਕ ਕਹਿੰਦੇ ਠੀਕ, ਗਤੀ ਕਰਮਾਂ ਦੀ ਨਿਆਰੀ, ਬਣੇ ਫਕੀਰੋਂ ਸ਼ਾਹ, ਸ਼ਾਹ ਤੋਂ ਬਣੇ ਭਿਖਾਰੀ। ਸੋਚ ਸੋਚ ਕੇ ਸੋਚ, ‘ਸਚ’ ਇਥੋਂ ਤਕ ਜਾਂਦੀ, ਹੋਕੇ ਕਰਮ ਅਧੀਨ ਲੁਕਾਈ ਦੁਖ ਸੁਖ ਪਾਂਦੀ। ਹੋ ਗਏ ਚੁੰਚ ਗਿਆਨੀਆਂ ਦੇ ਸ਼ਸਤ੍ਰ ਖੁੰਡੇ, ਮੂਲ ਨਾ ਸੱਕੇ ਤੋੜ, ਪਏ ਕਰਮਾਂ ਦੇ ਕੁੰਡੇ । ਧਰਮੀ ਦੁਖੀਏ ਵੇਖ, ਕਈ ਭੁੱਲ ਜਾਂਦੇ ਭੋਲੇ, ਪਾਪੀ ਸੁਖੀਏ ਵੇਖ, ਸਿਦਕ ਕਈਆਂ ਦਾ ਡੋਲੇ । ਕਰਮ ‘ਵਲੇਵੇਂ ਉਲਝਣਾ' ਹੈ ਨਿਕਲਣ ਔਖਾ, ਸਾਖੀ ਹੋਕੇ ਸਤਿਗੁਰੂ ਨੇ ਕੀਤਾ ਸੌਖਾ। ਰੋਕਨਾ ਸਕੀਆਂ ‘ਕਰਮਫਲ’ ਵਡੀਆਂ ਵਡਿਆਈਆਂ, ‘ਕਰਮ ਨਾਸ਼’ ਦੀ ਮਿਹਰ ਨੇ ਰੇਖਾਂ ਮਿਸਵਾਈਆਂ। ਸੂਲੀ ਕੰਡਾ ਹੋ ਗਈ, ਬਖਸ਼ਿਸ਼ ਦਰ ਖੋਲ੍ਹੇ, ਮਿਹਰਾਂ ਬਿਨ ਹੋ ਜਾਉਂਦੇ ਮੋਹਰਾਂ ਦੇ ਕੋਲੇ । ਪੂਰਬ ਵਲ ਸੀ ਜਾਉਂਦੇ ਹਨ ਗੁਰੂ ਨਾਨਕ ਪਿਆਰੇ, ਭਾਗਾਂ ਵਾਲੀ ਥਾਂਉਂ 'ਤੇ ਕਰ ਲਏ ਉਤਾਰੇ । ਉਸ ਥਾਂ ਦਾ ਹਟਵਾਣੀਆਂ, ਹੋਇਆ ਸਤਿਸੰਗੀ, ਨਾਮ ਪ੍ਰੇਮ-ਰਸ ਰੰਗ ਵਿਚ ਉਸ ਸੁਰਤੀ ਰੰਗੀ । ਵੇਖ ਗਵਾਂਢੀ ਵਿਚ ਇਹ, ਰਸ ਭਗਤੀ ਭਾਉ, ਦੂਜੇ ਇਕ ਹਟਵਾਣੀਏਂ ਨੂੰ ਆਇਆ ਚਾਉ । ਚਾਹਿਆ ਇਕ ਦਿਨ ਨਾਲ ਹੀ ਉਸ ਨੇ ਵੀ ਜਾਣਾ, ਹੋਇ ਨਾ ਸਕੀ ਮੂਲ ਪਰ ਮਖੀ ਪਰਵਾਨਾ । ਰਸ ਬਿਨ, ਰੀਸਾਂ ਨਾਲ, ਨਾਲ ਉਹ ਵੀ ਤੁਰ ਪਿਆ, ਮਨ ਮੋਹਿਆ ਇਕ ਮੋਹਿਣੀ ਰਾਹ ਵਿਚ ਹੀ ਰਿਹਾ । ਕਨਕ ਵਨੀਂ ਸੀ ਮੋਹਿਣੀ ਉਹ ਜ਼ੁਲਫਾਂ ਵਾਲੀ, ਪੰਛੀ ਫਾਹੁਣ ਵਾਸਤੇ ਦਾਣਾ ਵਿਚ ਜਾਲੀ। ਪੰਜ ਭੁਲਾਊ ਜਗਤ ਜਾਣ ਵਿਸ਼ਿਆਂ ਦੀ ਵਲਗਣ, ਕਦਮ ਕਦਮ ਤੇ ਪੈਰ ਪੈਰ ਤੇ ਸਮਝੋ ਤਿਲਕਣ । ਪਹਿਲਾ ਪ੍ਰੇਮੀ ਪ੍ਰੇਮ-ਰਸ ਵਿਚ ਰਿਹਾ ਰਸਿਆ, ਦੂਜਾ ਭੋਗ ਬਿਲਾਸ ਵਿਚ ਮੋਹਿਣੀ ਦੇ ਫਸਿਆ। ਦੋਹਾਂ ਇਕ ਦਿਨ ਸੋਚਿਆ ਚਾਹੀਏ ਅਜ਼ਮਾਈ, ਸੁਖ ਬੁਰਾਈ ਵਿਚ ਹੈ ਯਾ ਵਿਚ ਭਲਾਈ ? ਅੱਜ ਦਾ ਦਿਨ ਅਜ਼ਮਾਇਸ਼ੀ ਹੋਵੇ ਜੋ ਹੋਵੇ, ਪਹਿਲਾਂ ਪਰਤੇ ਜੋਈ ਰਾਹ ਦੇ ਵਿਚ ਖਲੋਵੇ । ਕਰਕੇ ਮਤਾ ਸਲਾਹ ਤੁਰਤ ਦੋਵੇਂ ਉਠ ਚੱਲੇ, ਪਹਿਲਾ ਸਤਿਸੰਗ ਵਲ, ਦੂਸਰਾ ਮੋਹਿਣੀ ਵੱਲੇ । ਦੂਜੇ ਤੱਕਿਆ ਜਾਏ, ਨਹੀਂ ਮੋਹਿਣੀ ਵਿਚ ਮਹਿਲਾਂ, ਰਾਹ ਵਿਚ ਬੈਠਾ ਆਇ ਤੁਰਤ ਪਹਿਲੇ ਤੋਂ ਪਹਿਲਾਂ । ਔਖਾ ਹੁੰਦਾ ਵਿਚ ਉਡੀਕ ਤੇ ਸਮਾਂ ਗੁਜ਼ਾਰਨ, ਲੱਗ ਪਿਆ ਹੱਥਾਂ ਨਾਲ ਰਾਹ ਤੋਂ ਧਰਤ ਉਖਾੜਨ । ਖੁਣ ਖੁਣ ਥੋੜੀ ਧਰਤ ਉਤੋਂ ਜਦ ਮਿਟੀ ਲਾਹੀ, ਇਕ ਚਮਕੀਲੀ ਮੋਹਰ ਉਥੋਂ ਹਥ ਉਹਦੇ ਆਈ। ਦਿੱਤੀ ਹੋਰ ਵਧਾ ਮੋਹਰ ਨੇ ਮਨ ਦੀ ਭਟਕਾ, ਧਰਤੀ ਪੁੱਟੀ ਹੋਰ ਤਾਂ ਨਜ਼ਰੀਂ ਆਇਆ ਮਟਕਾ। ਲੱਗਾ ਕੋਲੇ ਵੇਖ ਕਹਿਣ ‘ਕਿਸਮਤ ਦਿਆ ਬਲੀਆ', ਢੁਕੀ ਠੀਕ ਮਸਾਲ ‘ਖੀਰ ਦਾ ਹੋ ਗਿਆ ਦਲੀਆ’। ਇਤਨੇ ਵਿਚ ਹਟਵਾਣੀਆਂ ਪਹਿਲਾ ਵੀ ਪੁੱਜਾ, ਕੰਡਾ ਚੁਭਨ ਨਾਲ ਪੈਰ ਉਸਦਾ ਸੀ ਸੁਜਾ। ਪੱਟੀ ਬੱਧੀ ਆਉਂਦਾ ਤੁਰਦਾ ਲੰਗੜਾਂਦਾ, ਕੰਡੇ ਵਾਲੀ ਪੀੜ ਦੀ ਸਭ ਕਥਾ ਸੁਣਾਂਦਾ । ਇਧਰੋਂ ਵਿਥਿਆ ਮੋਹਰ ਦੀ ਦੂਜੇ ਬਤਲਾਈ, ਭਲੇ ਉਠਾਵਣ ਦੁਖ, ਨਾਲ ਬੁਰਿਆਂ ਭਲਿਆਈ। ਹੋਏ ਬਹੁਤ ਹੈਰਾਨ ਵੇਖ ਕਰਤਬ ਮਨ ਡੋਲੇ, ਮੁਰਸ਼ਿਦ ਬਾਝੋਂ ਕੌਣ ਮਗਰ ਇਹ ਗੁੰਝਲ ਖੋਲ੍ਹੇ । ਪੁੱਜੇ ਸਤਿਗੁਰ ਪਾਸ ਪੁੱਛਦੇ, ਕੀ ਏਹ ਗਲ ਏ ? ਪਾਪੀ ਮੋਹਰਾਂ, ਧਰਮੀ ਕੰਡੇ, ਚੰਗਾ ਫਲ ਏ ! ਸੁਣਕੇ ਸਾਰੀ ਗੱਲ, ਗੁਰਾਂ ਨੇ ਇਉਂ ਸਮਝਾਇਆ, ਕਰਮ ਲੇਖ ਦਾ ਭਾਵ ਗੁਰੂ ਆਸ਼ਾ ਦਰਸਾਇਆ। ਠੱਗੀ ਚੋਰੀ ਵਿਚ ਸੀ ਪਹਿਲਾ ਗ਼ਲਤਾਨ, ਦੂਜੇ ਕੀਤਾ ਇਕ ਰੋਜ਼ ਮੋਹਰਾਂ ਦਾ ਦਾਨ । ਠੱਗ ਨੇ ਫਲ ਸੀ ਪਾਉਣਾ ਸੂਲੀ ਦਾ ਝੱਟਕਾ, ਦਾਨੀ ਹੱਥ ਸੀ ਆਉਣਾ ਮੋਹਰਾਂ ਦਾ ਮੱਟਕਾ। ਠੱਗ ਨੇ ਆਖਿਰ ਆਣ ਲੜ ਸਤਿਸੰਗ ਦਾ ਫ਼ੜਿਆ, ਦਾਨੀ ਵਾੜੇ ਜਾਇ ਭੁੱਲ ਵਿਸ਼ਿਆਂ ਦੇ ਵੜਿਆ । ਕਰਮ ਗਏ ਸਤਿਸੰਗ ਦੇ ਕੰਡੇ ਤੇ ਤੋਲੇ, ਸੂਲੀ ਕੰਡਾ ਹੋ ਗਈ, ਮੋਹਰਾਂ ਦੇ ਕੋਲੇ। ਸਹਿਜ ਸੁਭਾਏ ਕਹਿਣ ਲੋਕ, ਕਰਮਾਂ ਦੀ ਗੱਲ ਏ, ਜੋ ਕੁਝ ਕੋਈ ਭੁਗਤਦਾ, ਕਰਮਾਂ ਦਾ ਫੱਲ ਏ। ਕਰਮਾਂ ਤੇ ਹੈ ‘ਕਰਮ’* ਤਾਂ ਫਲ ਕੱਚੇ ਵੀ ਪੱਕੇ, “ਕਰਮ” ਬਿਨਾਂ ਸਚ ਜਾਣ, ਹੋਣ ਪੱਕੇ ਵੀ ਕੱਚੇ। ਲੇਖ ਰੇਖ ਵਿਚ ਮੇਖ ਮੇਹਰ ਜਦ ਮੁਰਸ਼ਿਦ ਮਾਰੇ, ਕਰਮ ਪੁਰਾਣੇ ਬ੍ਰਿਛ ਦੀ ਜੜ੍ਹ ਮੂਲ ਉਖਾੜੇ । ਅਗੇ ਬੇਸ਼ਕ ਆਉਂਦੀ ਬੰਦੇ ਦੀ ਕਰਨੀ ਸੁਖ ਫਲ ਸਭ ਪਰ ਆਖਰੀ ਸਤਿਗੁਰ ਦੀ ਚਰਨੀ । *ਬਖਸ਼ਸ਼

9. ਨਿਰੰਕਾਰੀ

ਜੋਗੀ ਜੱਗ ਭੋਗੀ ਸੰਸਾਰੀ ਬਹੁ ਰੋਗੀ ਹੋਏ, ਭਾਰਤ ਬੀਮਾਰ ਕੀਤਾ ਆਤਮ ਬੀਮਾਰੀ ਨੇ । ਖਹਿ ਖਹਿ ਆਪਸ ਦੀ ਪੰਡਤ ਮੌਲਾਣੇ ਸਿਆਣੇ, ਸਭੀ ਮਸਤਾਨੇ ਕੀਤੇ ਤੱਸਬ ਖੁਮਾਰੀ ਨੇ । ਧਰਮ ਦੀ ਜਾਨ ਵਿਚ ਨਹੀਂ ਰਹੀ ਜਾਨ ਜਾਣੋਂ, ਵੈਦ ਖੁਦ ਰੋਗੀ ਕੋਈ ਕੀਤੀ ਨਹੀਂ ਕਾਰੀ ਨੇ । ਧਰਮ ਪ੍ਰਚਾਰਨ ਹਿਤ ਰੋਗਾਂ ਨੂੰ ਟਾਰਨ ਹਿਤ, ਲੀਤਾ ਅਵਤਾਰ ਗੁਰ ਨਾਨਕ ਨਿਰੰਕਾਰੀ ਨੇ । ਠੰਢੇ ਸਭ ਤਾ ਦਿਤੇ, ਭਾਂਬੜ ਮਚਵਾ ਦਿਤੇ, ਸਾੜ ਕਰ ਸਵਾਹ ਦਿਤੇ, ਦਵੈਤ ਚੰਗਿਆਰੀ ਨੇ । ਦਾਤੇ ਨੂੰ ਛੋੜ ਦਿਤਾ, ਦਾਤ ਸੰਗ ਪਿਆਰ ਕੀਤਾ, ਜ਼ਾਤਾਂ ਕਰਾਮਾਤਾਂ ਵਿਚ ਲੀਨ ਹੰਕਾਰੀ ਨੇ । ਥਾਉਂ ਥਾਂ ਉਪਾਸ਼ਨਾ ਦੀ ਵਾਸ਼ਨਾ 'ਚ ਫੱਸਾ ਜਗ, ਏਕਤਾ ਦੀ ਪ੍ਰੀਤ ਵਾਲੀ ਰੀਤ ਜਾਂ ਵਿਸਾਰੀ ਨੇ । ਇਕੋ ਨਿਰੰਕਾਰੀ ਹੀ ਦਾ ਜਾਪ ਜਪਾਵਨ ਹਿਤ, ਲੀਤਾ ਅਵਤਾਰ ਗੁਰ ਨਾਨਕ ਨਿਰੰਕਾਰੀ ਨੇ ।

10. ਅਰਦਾਸ

ਲਖਾਂ ਦੀਆਂ ਰੇਖਾਂ ਵਿਚ ਮੇਖ ਮਾਰ ਮਿਹਰ ਵਾਲੀ, ਪਲਟ ਦੇਵੇਂ ਪਾਸਾ, ਤੇਰਾ ਨਾਮ, ਤਕਦੀਰਾਂ ਦਾ । ਹੋ ਜਾਏ ਨਸੀਬ ਸਦਾ ਕੈਦ ਨਿਗਰਾਨੀ ਤੇਰੀ, ਟੁੱਟ ਜਾਏ ਕੜਾ ਇਹ ਚੁਰਾਸੀ ਦੇ ਜ਼ੰਜੀਰਾਂ ਦਾ। ਮਿਹਰਬਾਨਾ ! ਰੁੱਖ ਮਿਹਰਬਾਨੀਆਂ ਦੇ ਆਸਰੇ ਤੇ, ਛੱਡ ਦੇਈਏ ਮਾਣ ਹੋਰ ਸੋਚਾਂ ਤਦਬੀਰਾਂ ਦਾ। ਅੰਮ੍ਰਿਤ ਦੇ ਸਰ ਵਿਚੋਂ ਅੰਮ੍ਰਿਤ ਦੀ ਬੂੰਦ ਬਖਸ਼, ਹੋ ਜਾਏ ਉਧਾਰ ਫੇਰ ਪਿੰਗਲੇ ਸਰੀਰਾਂ ਦਾ । ਬਖ਼ਸ਼ ਦੇਂਹ ਤੂੰ ਕਣੀ ਕੋਈ ਐਸੀ ਨਿਰਮਾਣਤਾ ਦੀ, ਤੋੜ ਦੇਵੇ ਹਠ ਜਿਹੜੀ ਹਠੀਆਂ ਫ਼ਕੀਰਾਂ ਦਾ । ਨਿਸਚੇ ਦੀ ਭੀਖ ਖਾਵੀਂ ਬਣੀਏ ‘ਭਿਖਾਰੀ’ ਤੇਰੇ, ਸਿਹਰਾ ਭਾਵੇਂ ਭੇਜ, ਭਾਵੇਂ ਭੇਜ ਖੱਫਣ ਲੀਰਾਂ ਦਾ । ਰਾਜਿਆਂ ਦੇ ਰਾਜਿਆ ਓ ! ਰਾਜੇ ਸਭ ਹੇਠ ਤੇਰੇ, ਮਿਹਰ ਤੇਰੀ ਮੋਹਰਾਂ, ਨਜ਼ਰ ਪਟਾ ਹੈ ਜਾਗੀਰਾਂ ਦਾ। ਕਰੀਂ ਸਾਡੀ ਪੰਡ ਹੌਲੀ, ਪੰਧ ਵੀ ਮੁਕਾਈਂ ਸਾਡਾ, ਤੇਰੇ ਬਾਝ ਕੋਈ ਨਾ ‘ਮੁਸਾਫਿਰਾਂ' ਹਕੀਰਾਂ ਦਾ

11. ਚੰਦੂ ਦੀ ਨੂੰਹ

ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿੰਦ ਗੁਨ ਗਾਇ ॥ (ਮ ੫) ਮੈਨੂੰ ਸਮਝ ਨਾ ਆਈ ਪਰ ਤਾਰ ਕੋਈ, ਮੇਰੇ ਅੰਦਰਲੇ ਵਿਚ ਸੀ ਖਟਕਦੀ ਪਈ। ਜਾਪੇ ਮਨ ਦੌੜੇ ਕਿਸੇ ਢੂੰਡ ਅੰਦਰ, ਮੈਂ ਸਾਂ ਬੁੱਧੀ ਦੇ ਫੇਰ ਵਿਚ ਭਟਕਦੀ ਪਈ । ਨਾ ਮੈਂ ਸਾਂ ਸੁਤੀ ਨਾ ਮੈਂ ਜਾਗਦੀ ਸਾਂ, ਮਾਨੋ ਵਿਚ ਵਿਚਾਲੇ ਸਾਂ ਲਟਕਦੀ ਪਈ। ਮੇਰੇ ਮਨ ਦੀ ਦਸ਼ਾ ਸੀ ਜ਼ਾਹਿਰ ਹੁੰਦੀ, ਸਿਰ ਕੰਮਲੀਆਂ ਵਾਂਗ ਸਾਂ ਪਟਕਦੀ ਪਈ । ਗਰਮ ਰੁੱਤ ਜਾਂ ਰਾਤ ਵਧੀਕ ਹੋ ਗਈ, ਚਲਦੀ ਪੌਣ ਨੇ ਲੋਕੀ ਸੁਆ ਦਿਤੇ। ਮੇਰੇ ਅੰਦਰਲੇ ਦੀ ਹਿੱਲ ਜੁੱਲ ਨੇ ਪਰ, ਮੇਰੇ ਸੀਨੇ ਦੇ ਸਾੜ ਭੜਕਾ ਦਿਤੇ। ਮੈਨੂੰ ਅੰਦਰਲੀ ਤੜਪ ਨੇ ਤੰਗ ਕੀਤਾ ਨਾ ਮੈਂ ਪੈਣ ਜੋਗੀ ਨਾ ਮੈਂ ਬਹਿਣ ਜੋਗੀ । ਅੰਦਰੋਂ ਮਗ਼ਜ਼ ਤੇ ਬਾਹਰੋਂ ਜ਼ਬਾਨ ਸੜਦੀ, ਨਾ ਮੈਂ ਸਹਿਣ ਜੋਗੀ ਨਾ ਮੈਂ ਕਹਿਣ ਜੋਗੀ । ਮੈਂ ਨਿਰਾਸ ਵੀ ਹਾਂ, ਕੋਈ ਆਸ ਵੀ ਹੈ, ਨਾ ਮੈਂ ਮਰਨ ਜੋਗੀ ਨਾ ਮੈਂ ਰਹਿਣ ਜੋਗੀ । ਸੋਮੇਂ ਠੰਢ ਦੇ ਨਾਲ ਕੋਈ ਜੋੜ ਦੇਵੇ, ਹੈਗੀ ਸੇਕ ਬਹੁਤੇ ਨਾ ਮੈਂ ਸਹਿਣ ਜੋਗੀ । ਯਾ ਤਾਂ ਠੰਢ ਪਵੇ, ਯਾ ਮੈਂ ਹੋਵਾਂ ਠੰਢੀ, ਦੁਖੀ ਦਿਲ ਦੀ ਖੁਸਖੁਸੀ ਮੁੱਕ ਜਾਵੇ। ਇਹਤੋਂ ਮਨ ਦੀ ਧੜਕਨਾ ਵਧਦੀ ਏ, ਪਰ੍ਹਾਂ ਸੁਆਸ ਹੀ ਆਵਣੋਂ ਰੁਕ ਜਾਵੇ । ਕਿਸੇ ਲਫਜ਼ ਦੀ ਕੋਈ ਨਾ ਸਮਝ ਆਈ, ਐ ਪਰ ਬੋਲ ਸੀ ਜਾਪਦਾ ਤਾਰ ਦੇ ਵਿਚ। ਪੁੱਜਣ ਵਾਸਤੇ ਉਸ ਦੀ ਤਹਿ ਤੀਕਣ, ਡੁੱਬੀ ਹੋਈ ਸਾਂ ਡੂੰਘੀ ਵਿਚਾਰ ਦੇ ਵਿਚ । ਸਿੱਖੀ ਸੋਅ ਸੀ ਸੁਣੀ ਹੋਈ ਪੇਕਿਆਂ ਤੋਂ, ਦੌੜ ਪਈ ਮੈਂ ਉਹਦੇ ਪਿਆਰ ਦੇ ਵਿਚ। ਪਰਦਾ ਉਤਰਿਆ ਮੇਰੀਆਂ ਅੱਖੀਆਂ ਤੇ, ਡਿੱਠਾ ‘ਨੂਰ’ ਮੈਂ ਚਮਕਦਾ ‘ਨਾਰ’ ਦੇ ਵਿਚ । ਫਿਰ ਵੀ ‘ਨੂਰ’ ਤੇ ‘ਨਾਰ’ ਨੂੰ ਸਮਝਿਆ ਨਾ, ਮੈਂ ਤਾਂ ਡਿੱਗੀ ਬੇਵੱਸ ਹੈਰਾਨ ਹੋਕੇ । ਮੇਰੇ ਦਿਲ ਵਾਲੇ ਛਾਲੇ ਫਿੱਸ ਕੇ ਤੇ, ਵੱਗੇ ਅੱਖੀਆਂ ਰਾਹੀਂ ਰਤਾਨ ਹੋ ਕੇ । ਜਿਉਂ ਜਿਉਂ ਦਿਲ ਵਾਲੇ ਛਾਲੇ ਫਿੱਸ ਕੇ ਤੇ, ਦਰਦ ਅੱਥਰੂ ਬਣ ਕੇ ਢਹਿੰਵਦੇ ਗਏ । ਜਾਣੋ ਸੱਚ ਇਹ ਮੇਰੀਆਂ ਅੱਖੀਆਂ ਨੂੰ, ਮੇਰੇ ਦਿਲ ਵਾਲਾ ਭੇਦ ਕਹਿੰਵਦੇ ਗਏ । ਜਾਪੇ ਨਾਰ ਦੇ ਨਿਕਲ ਪਹਾੜ ਵਿਚੋਂ, ਗਰਮ ਪਾਣੀ ਦੇ ਚਸ਼ਮੇਂ ਵਹਿੰਵਦੇ ਗਏ। ਆਂਸੂ ਨਿਕਲੇ ਜਿਤਨੇ ਨਾਲ ਤੇਜ਼ੀ, ਸਾੜ ਸੀਨੇ ਦੇ ਠੰਢੜੇ ਪੈਂਵਦੇ ਗਏ । ਮਾਨੋ ਦਿਲ ਦੇ ਜਿਹੜੇ ਬੁਖਾਰ ਸੀਗੇ, ਕਿਸੇ ਠੰਢ ਦੇ ਨਾਲ ਟਕਰਾ ਗਏ ਓਹ। ਭਰੇ ਸਾਗਰੋਂ ਵਿਛੜੀ ਬੂੰਦ ਵਾਂਗੂੰ, ਜਿਥੋਂ ਗਏ ਸੀ ਉਥੇ ਹੀ ਆ ਗਏ ਓਹ। ਨਾਰ ਵਿਚ ਪਏ ਚਮਕਦੇ ਨੂਰ ਵਾਲੀ, ਮੇਰੇ ਆਂਸੂਆਂ ਵਿਚ ਕਣੀ ਰਲਦੀ ਏ। ਜੇਹੜੇ ਖ਼ਿਆਲ ਨੇ ਜਿਗਰ ਨੂੰ ਸਾੜਿਆ ਸੀ, ਮੈਨੂੰ ਸਮਝ ਔਂਦੀ ਉਸ ਗਲ ਦੀ ਏ । ਵਡੀ ਲੋਹੇ ਦੀ ਲੋਹ ਦੇ ਹੇਠ ਡਿੱਠੀ, ਪੂਰੇ ਬਲ ਦੀ ਅੱਗ ਪਈ ਬਲਦੀ ਏ । ਨਾਜ਼ਕ ਨਰਮ ਮਲੂਕ ਜਹੀ ਜਿੰਦੜੀ ਇੱਕ, ਮੂੰਹੋਂ ਬੋਲਦੀ ਨਹੀਂ ਜਾਵੇ ਜਲਦੀ ਏ । ਮੇਰੀ ਜ਼ੋਰ ਦੀ ਨਿਕਲੀ ਚੀਕ ਇਕੋ, ਨੇੜੇ ਤੇੜੇ ਦੁਹਾਈ ਤੇ ਡੰਡ ਪੈ ਗਈ । ਗੱਲ ਕੀ ਏ ? ਫੇਰ ਮੈਂ ਪ੍ਰਸ਼ਨ ਕੀਤਾ, ਪਿੰਡਾ ਤਪ ਗਿਆ ਅੰਦਰੋਂ ਠੰਡ ਪੈ ਗਈ”। ਸਾਫ ਸਮਝਵੀਂ ਪਈ ਆਵਾਜ਼ ਕੰਨੀ, "ਉਹੋ ਕਹਿੰਦੇ ਹਾਂ ਜੋ ਹਾਂ ਕਹਿ ਚੁਕੇ"। ਜੀਨੂੰ ਸ਼ੌਹ ਦੇ ਮੇਲ ਵਿਚ ਮਿਲੇ ਸ਼ਾਂਤੀ, ਕਰ ਕਿਤਨੀਆਂ ਮਨਜ਼ਲਾਂ ਤੈ ਚੁਕੇ । ਜਾਣੋਂ ਸਦਾ ਨਿਰਭੈ ਦੇ ਮੇਲ ਤੋਂ ਹੀ, ਇਸ ਜੀਵ ਦੇ ਦਿਲ ਦਾ ਭੈ ਚੁਕੇ ੀ ਤਨ ਸੇਕਿਆਂ ਮਨ ਇਹ ਤਪਦਾ ਨਹੀਂ, ਅੰਦਰ ਨਾਮ ਦੀ ਠੰਢ ਜਾਂ ਪੈ ਚੁਕੇ। ਸੋਮੇਂ ਨਾਮ ਦੇ ਠੰਢ ਵਿਚ ਵੱਸਦਾ ਜੋ, ਉਹਨੂੰ ਲਾਟ ਤਪਾਂਵਦੀ ਅੱਗ ਦੀ ਨਹੀਂ। ਛਾਤੀ ਸੀਤਲ ਤੇ ਉਸਦਾ ਮਨ ਸੁਖੀਆ, ਤੱਤੀ ਹਵਾ ਵੀ ਉਸਨੂੰ ਲਗਦੀ ਨਹੀਂ।

12. ਨੂਰ ਦਿਸਿਆ

ਉਹ ਅਣਡਿੱਠ ਹੈ ਕੇਵਲ ਅਨੁਭਵ ਹੁੰਦਾ, ਜਦੋਂ ਵੇਖਿਆ ਤਦੋਂ ਹੀ ਦੂਰ ਦਿਸਿਆ । ਜਿਉਂ ਜਿਉਂ ਵੇਖਿਆ, ਗਿਆ ਨਾ ਵੇਖਿਆ ਉਹ, ਯਤਨ ਕਰਨ ਵਾਲਾ ਚੂਰ ਚੂਰ ਦਿਸਿਆ । ਉਹ ਨੇ ਉਲਟੀਆਂ ਅਖਾਂ ਚੁੰਧਿਆ ਦਿਤੀਆਂ, ਜਦੋਂ ਤੂਰ ਦੇ ਉਤੋਂ ਜ਼ਹੂਰ ਦਿਸਿਆ । ਸਦਾ ਜਿਨਸ ਹਮ ਜਿਨਸ ਦਾ ਮੇਲ ਹੁੰਦਾ, ਮਾਦੀ ਅੱਖਾਂ ਨੂੰ ਕਦੇ ਨਾ ਨੂਰ ਦਿਸਿਆ । ਮਾਰੋ ਅੰਦਰਲੇ ਦੇ ਅੰਦਰ ਝਾਤ ਜੇ ਕਰ, ਫੇਰ ਵੇਖੋਗੇ ਹਾਜ਼ਰ ਹਜ਼ੂਰ ਦਿਸਿਆ । ਜੀਹਦੀਆਂ ਅੱਖਾਂ 'ਚ ਉਸਦਾ ਨੂਰ ਭਰਿਆ, ਉਹਨੂੰ ਸਭਨੀ ਥਾਈਂ ਭਰਪੂਰ ਦਿਸਿਆ । ਉਹ ਸੀ ਨੂਰ ਤੇ ਉਹ ਵੀ ਸੀ ਨੂਰ ਹੀ ਇਕ, ਹਾਂ ਫਿਰ ਨੂਰ ਨੂੰ ਨੂਰ ਜ਼ਰੂਰ ਦਿਸਿਆ । ਤੱਤੇ ਤਵੇ ਤੇ ਰੱਬ ਦਾ ਨੂਰ ਦਿਸਿਆ, ਨਹੀਂ, ਬਲਦੀ ਨਾਰ ਚੋਂ ਨੂਰ ਦਿਸਿਆ ।

13. ਭਾਈ ਮੰਝ

ਦੂਈ ਹੋਵੇ ਦੂਰ ਤਾਂ ਇਕ ਟਿਕਾਣੇ ਟਿਕਦਾ ਛੱਡੇ ਭਾਲ ਵਧੀਕ ਇੱਕ ਤਾਂ ਹੁੰਦਾ ਇਕ ਦਾ ਅੰਦਰ ਭਟਕਣ ਵਾਲੜੀ ਬਾਕੀ ਜੇ ਸਿੱਕ ਹੈ ਵਿਚ ਏਕਤਾ ਕਮੀ ਜਾਣ, ਪੂਰਾ ਨਹੀਂ ਇਕ ਹੈ ਪੂਜਾ ਪੀਰ ਨਿਗਾਹੇ ਦੀ ਕਰਦਾ ਮੰਝ ਜਾਂਦਾ ਸ਼ਾਂਤੀ ਪਰ ਮਨ ਆਪਣੇ ਦੇ ਵਿਚ ਨਹੀਂ ਪਾਂਦਾ ਪੁੱਜਦਾ ਸਰਨੀ ਆਪ ਜਾ ਭੇਟਾ ਵੀ ਚਾਹੜੇ ਮੇਲ ਨਾਂ ਸੱਕੇ ਮੂਲ ਪਏ ਪਰ ਮਨ ਦੇ ਪਾੜੇ ਮਨੋ ਨਾਂ ਮੁੱਕੀ ਭਟਕਣਾ ਸੀਗਾ ਵਿਚ ਵਹਿਮਾਂ ਕੰਨ ਆ ਪਾਈ ਕਿਸੇ ਨੇ ‘ਗੁਰ ਚਕ’ ਦੀ ਮਹਿਮਾਂ ਮੁੜੇ ਨਿਗਾਹਿਉਂ ਆਉਂਦੇ ਦੀ ਪਈ ਨਿਗਾਹ ਸਹਿਜ ਸੁਭਾਇ ਨਿਕਲੀ ਮੂੰਹੋਂ ‘ਪਈ ਵਾਹ’ ! ਸੋਭ ਰਿਹਾ ਦੀਵਾਨ ਗੁਰੂ ਅਰਜਨ ਦਾ ਲੱਗਾ ਭਾਲਣ ਵਾਲਾ ਭੁਲ ਗਿਆ ਸਭ ਪਿੱਛਾ ਅੱਗਾ ਹਰਿ ਮੰਦਰ ਦੇ ਵਿਚ ਸੁਣੀ ਜਾਂ ਹਰਿ ਦੀ ਬਾਣੀ ਬਾਣੀ ਰੁਕ ਗਈ ਬੋਲਣੋਂ ਗੁੰਗਿਆਂਵਤ ਜਾਣੀ ਅਚਰਜ ਐਸਾ ਰਸ ਮੂੰਹੋਂ ਜਾਏ ਨਾਂ ਕਿਹਾ ਸਾਰੀ ਭਾਲ ਚੁਕਾਇ ਹੋਰ ਭਾਲਣ ਤੋਂ ਰਿਹਾ ਇੱਕ ਪੀਰ ਇਕ ਗੁਰੂ ਇੱਕ ਉਹ ਵੀ ਏਹ ਇਕ ਹੈ ਇਕ ਮਿਲਿਆਂ ਰਹੇ ਸਿੱਕ ਇੱਕ ਮਿਲ ਮੁਕੇ ਸਿੱਕ ਹੈ ਭੱਟਕਣ ਜੇ ਹੈ ਬੰਦ ਤਾਂ ਜਾਣੋ ਇਹ ਹੀ ਇੱਕ ਹੈ ਨਹੀਂ ਤਾਂ ਜਾਣੋ ਕਮੀਂ ਜੇ ਹਾਲੀਂ ਹੋਰ ਦੀ ਸਿੱਕ ਹੈ ਚੁੱਕੀ ਸਾਰੀ ਭਾਲ ਜਾਣ ਲੌ ਮਿਲਿਆ ਇੱਕ ਨੂੰ ਦਿਤਾ ਮੂਲੋਂ ਛੋੜ ਹੋਰ ਭਾਲਣ ਦੀ ਸਿੱਕ ਨੂੰ ਇਸ ਸੰਗਤ ਨੂੰ ਛੋੜ ਨਹੀਂ ਮੈਂ ਕਿਧਰੇ ਜਾਣਾ ‘ਸ਼ਰਨ ਨਿਮਾਣਾ ਰੱਖ’ ਗੁਰੂ, ਤੂੰ ਮਾਣ ਨਿਮਾਣਾ ਰਹਿਣ ਰਹਿਣ ਵਿਚ ਭੇਦ ਗੁਰਾਂ ਨੇ ਮੰਝ ਨੂੰ ਕਿਹਾ ਇਕ ਰਹਿਣਾ ਵੀ ਸਮਝ ਰਿਹਾ ਜਿਹਾ ਨ ਰਿਹਾ ਗਾਹਕੀ ਕੋਈ ਨਾ ਹੋਰ ਇਥੇ ਹੈ ਸੌਦਾ ਦਿਲ ਦਾ ਜੇ ਵਿਚਕਾਰੇ ‘ਪਾਲ’ ਨਹੀਂ ਫਿਰ ਪਾੜਾ ਮਿਲਦਾ ਘਰ ਦੇ ਵਿਚਕਾਰ ਹੋਂਵਦੀ ਜਿਸ ਦੀ ਪੂਜਾ ਭੱਟਕਣ ਜੇ ਹੈ ਹੋਰ ਤਾਂ ਸਮਝੋ ਉਹ ਹੈ ਦੂਜਾ ਬਸ ਦੂਜੇ ਨੂੰ ਪੁੱਟ ਪਰੇ ਜਦ ਤਕ ਨਹੀਂ ਕਰਦਾ ਇਕ ਪਾਸੇ ਵਲ ਪਿਆਰ ਜੀਵ ਪੂਰਾ ਨਹੀਂ ਧਰਦਾ ਜਾਹ ਦੂਈ ਕਰ ਦੂਰ ਘਰੋਂ ਪੁੱਟ ਪੀਰ ਨਿਗਾਹੀ ਫਿਰ ਸਮਝਾਂਗੇ ਆਸ ਇੱਕ ਪਰ ਤੇਰੀ ਆਹੀ ਨਹੀਂ ਰਹਿਣੀ ਫਿਰ ਲੋੜ, ਰਵ੍ਹੇਂ ਤੂੰ ਜਾਵੇਂ ਕਿੱਥੇ ਫਰਕ ਨ ਰਹਿਣਾ ਮੂਲ ਰਵ੍ਹੇਂ ਉਥੇ ਯਾ ਇੱਥੇ

14. ਸ਼ੁਧ ਪਾਠ

ਦਾਤਾਂ ਦਾਤੇ ਵਸ, ਉਹੀ ਦਾਤਾਂ ਦਾ ਵਾਲੀ । ਦਰ ਦਾਤੇ ਦੇ ਆਏ, ਗਿਆ ਨਾ ਕੋਈ ਖ਼ਾਲੀ । ਜੋ ਚਾਹੇ ਸੋ ਦਏ, ਦਏ ਨਾ ਉਸ ਦੀ ਮਰਜ਼ੀ । ਜਾਣੇ ਸਭ ਦੀ ਲੋੜ, ਬਿਨਾਂ ਪਰਚੇ ਬਿਨ ਅਰਜ਼ੀ। ਬਿਨ ਇੱਛਾ ਬਿਨ ਕਾਮਨਾ, ਜਿਸ ਨੇ ਹੈ ਧਿਆਇਆ । ਕੁਝ ਪਾਇਆ ਤਾਂ ਜਾਣ ਲੌ, ਉਸ ਨੇ ਹੀ ਪਾਇਆ। ਸੌਦੇ ਬਦਲੇ ਵਿਚ ਜਿਨ੍ਹਾਂ ਨੇ, ਰਖਿਆ ਅੱਖ ਨੂੰ । ਸਮਝੋ ਛੱਡ ਕੇ ਲਖ, ਉਨ੍ਹਾਂ ਹਥ ਪਾਇਆ ਕੱਖ ਨੂੰ । ਘੋੜੇ ਦੀ ਵਿਚ ਇੱਛਿਆ, ਕਿੰਞ ਤਖ਼ਤ ਗਵਾਚੇ । ਦਸਿਆ ਸੰਗਤ ਵਿਚ, ਆਪ ਛੇਵੇਂ ਗੁਰ ਸਾਚੇ। ਸੋਭਨੀਕ ਸਨ ਸਤਿਗੁਰੂ, ਸੰਗਤ ਵਿਚਕਾਰ । ਬਾਣੀ ਦੇ ਸ਼ੁੱਧ ਪਾਠ ਦੀ, ਚੱਲ ਪਈ ਵਿਚਾਰ । ਪ੍ਰੇਮ ਲਹਿਰ ਵਿਚ ਆਇ, ਗੁਰਾਂ ਇਹ ਬਚਨ ਅਲਾਏ । ਸ਼ੁਧ ਪਾਠ ਜਪੁ ਸਾਹਿਬ ਦਾ, ਕੋਈ ਸਿੱਖ ਸੁਣਾਏ। ਹਾਫ਼ਿਜ਼ਾਬਾਦ ਦਾ ਸਿੱਖ ਸੀ, ਇਕ ਭਾਈ ਗੁਪਾਲਾ । ਸੁਣ ਖਾਧਾ ਮਨ ਉਸਦੇ, ਇਕ ਪ੍ਰੇਮ ਉਛਾਲਾ। ਐਸਾ ਕੀਤਾ ਪਾਠ ਸੋਧ, ਲਗ ਕੰਨਾਂ ਮਾਤ੍ ॥ ਹੋਇਆ ਪਿਆਰੇ ਗੁਰੂ ਦੀ, ਬਖਸ਼ਿਸ਼ ਦਾ ਪਾਤ੍ਰੀ ਸੁਣ ਸੁਣ ਪਾਠ ਪ੍ਰਸੰਨ ਹੋ, ਗੁਰ ਸੀਸ ਹਿਲਾਂਦੇ। ਛੋੜ ਸਿਰਹਾਨਾ ਆਸਣੋਂ, ਵਲ ਪਾਇੰਦ ਜਾਂਦੇ। ਪਿਆ ਭੋਗ, ਸਤਿਗੁਰੂ ਨੇ ਕਹਿਆ, ਵਾਹ ਸਿੱਖਾ। ਸਿੱਖ ਨੇ ਦੱਸੀ ਤੁਰਤ, ਆਪਣੇ ਮਨ ਦੀ ਇੱਛਾ । ਘੋੜਾ ਚੀਨਾ ਸਣੇ ਜ਼ੀਨ, ਸਿੱਖ ਦੇ ਹੱਥ ਆਇਆ । ਜੋ ਚਿਤ ਵਿਚ ਸੀ ਚਿਤਵਿਆ, ਸੋ ਸੀ ਫਲ ਪਾਇਆ। ਬੋਲ ਕਿਹਾ ਇਕ ਸਿੱਖ ਨੇ, ਗੁਰੂ ਜੀ ਸਮਝਾਨਾਂ। ‘ਪਾਇੰਦ ਵਲ ਕਿਉਂ ਜਾ ਰਹੇ ਸੌ, ਛੋਡ ਸਿਰਹਾਨਾ।' ਵਿਚ ਸੰਗਤ ਸਤਿਗੁਰੂ ਨੇ, ਇਹ ਗੱਲ ਸੁਣਾਈ। ਇਸ ਸਿੱਖ ਨੂੰ ਸੀ ਦੇਵਣੀ, ਗੱਦੀ ਗੁਰਿਆਈ। ਇਸ ਨੂੰ ਫੁਰਨੇ ਏਸਦੇ, ਪਾਇਆ ਵਿਚ ਫੇਰੇ । ਇੱਛਾ ਇਸ ਦੀ ਸ਼ਰਤ ਨੂੰ, ਲੈ ਗਈ ਤਲੇਰੇ । ਕਿੱਥੇ ਸੀ ਆਕਾਸ਼ ਵਿੱਚ, ਲੈ ਰਹੀ ਉਡਾਰੀ । ਕਿੱਥੇ ਆਇਆ ਚਿੱਤ ਵਿੱਚ, ਘੋੜਾ ਅਸਵਾਰੀ। ਬਾਣੀ ਦਾ ਸ਼ੁਧ ਪਾਠ, ਏਸ ਦੀ ਕੱਥਾ ਅਮਲ ਏ। ਦੁਨੀਆਂ ਦੀ ਕੋਈ ਵਸਤ' ਹੋਰ ਨਾ ਇਸਦੇ ਤੁਲ ਏ।

15. ਭਾਗਭਰੀ ਦੇ ਵਲਵਲੇ

(ਕਸ਼ਮੀਰ ਵਿਚ ਛੇਵੇਂ ਪਾਦਸ਼ਾਹ ਦੇ ਦਰਸ਼ਨ ਕਰਕੇ) ੧. ਹੈ ਇਹੋ ਹੀ ! ਬਸ ਇਹੋ ਹੀ, ਇਹੋ ਜਿਹਾ ਸੀ, ਇਹੋ ਹੀ, ਇਹੋ ਹੀ ਹੈ ਜੇ, ਇਹੋ ਹੀ, ਬਿਨ ਜੀ ਇਹੋ ਹੀ, ਜੀ ਇਹੋ ਹੀ, ਉਹੋ ਜਿਹਾ ਹੈ ਦਿੱਸਦਾ, ਜੋ ਮਨ ਵਿੱਚ ਸੀ ਵੱਸਦਾ, ਕੱਚੀ ਮਿਰੀ ਪਹਿਚਾਣ ਨਾ, ਪ੍ਰਤੱਖ ਨੂੰ ਪ੍ਰਮਾਣ ਨਾ, ਹੁਣ ਖੋਹ ਵੀ ਹੈ ਘਟ ਗਈ, ਤੜਪਨ ਵੀ ਹੈ ਕੁਝ ਹਟ ਗਈ, ਸੜਦਾ ਸੀ ਸੀਨਾ, ਠਰ ਗਿਆ, ਅੰਦਰ ਦਾ ਖੱਪਾ ਭਰ ਗਿਆ, ਆਖਾਂ ਮੈਂ ਏਸੇ ਵਾਸਤੇ, ਬੈਠੀ ਸਾਂ ਜਿਸ ਦੀ ਆਸ ਤੇ, ਉਹ ਇਹੋ ਹੈ, ਉਹ ਇਹੋ ਹੈ, ਬਸ ਇਹੋ ਹੈ, ਬਸ ਇਹੋ ਹੈ । ੨. ਜੰਗਲ ਤੇ ਪਰਬਤ ਖੜੇ ਨੇ ! ਨਦੀਆਂ ਤੇ ਨਾਲੇ ਚੜ੍ਹੇ ਨੇ ! ਏਥੋਂ ਤਾਂ ਕੋਈ ਗਿਆ ਨਹੀਂ !! ਜਾਕੇ ਕਿਸੇ ਤਾਂ ਕਿਹਾ ਨਹੀਂ !! ਕੀਕੂੰ ਸਨੇਹਾ ਪੁਜ ਗਿਆ ? ਛੇਤੀ ਅਜਿਹਾ ਪੁੱਜ ਗਿਆ, ਸੂਤਰ ਮਿਰੇ ਦੀ ਤਾਰ ਨੇ, ਚਰਖੇ ਦੀ ਯਾ ਘੂੰਘਾਰ ਨੇ, ਤੰਦਾਂ ਜੋ ਤਾਰਾਂ ਜੋੜੀਆਂ, ਉਨ੍ਹਾਂ ਨੇ ਵਾਗਾਂ ਮੋੜੀਆਂ ? ਹਾਂ ਠੀਕ ਜਿਥੇ ‘ਲੋੜ’ ਹੈ, । ਉਥੇ ਨਾ ਰਹਿੰਦੀ ਥੋੜ ਹੈ, ਜਿਸ ਨੂੰ ਕਿ ਜਿਸ ਦੀ ਚਾਹ ਹੈ, ਉਸ ਨੂੰ ਵੀ ਉਸ ਦੀ ਚਾਹ ਹੈ, ਉਹ ਇਹੋ ਹੈ, ਉਹ ਇਹੋ ਹੈ, ਬਸ ਇਹੋ ਹੈ, ਬਸ ਇਹੋ ਹੈ। ੩. ਨੀ ਠਹਿਰ ਜਾ, ਕਾਹਲੀ ਨਾ ਹੋ, ਕਰ ਮੱਤ, ਮਤਵਾਲੀ ਨਾ ਹੋ, ਹੈਂ ! ਕੀ, ਅਜੇ ਵੀ ਸ਼ਕ ਹੈ ? ਨਹੀਂ, ਪੱਕ ਹੈ, ਪਰਪੱਕ ਹੈ, ਅਹਿ ਲੋ, ਉਹ ਅੰਦਰ ਆ ਗਿਆ, ਅੰਦਰ ਦੇ ਅੰਦਰ ਆ ਗਿਆ, ਅੰਦਰ ਵੀ ਉਹ, ਬਾਹਿਰ ਵੀ ਉਹ, ਲੁਕਿਆ ਵੀ ਉਹ, ਜ਼ਾਹਿਰ ਵੀ ਉਹ, ਉਸ ਨੇ ‘ਪੁਸ਼ਾਕਾ’ ਪਾ ਲਿਆ, “ਭਾਗਾਂ’ ਨੇ ਉਹਨੂੰ ਪਾ ਲਿਆ, ਘੁੰਡੀਆਂ ਪਿਆ ਹੈ ਖੋਲ੍ਹਦਾ, ਮੂੰਹੋਂ ਵੀ ਹੈ ਕੁਝ ਬੋਲਦਾ, ਪੂਰੀ ਨਿਸਾਨੀ ਮਿਲ ਗਈ, ਉਸ ਦੀ ਜ਼ਬਾਨੀ ਮਿਲ ਗਈ, ਉਹ ਇਹੋ ਹੈ, ਉਹ ਇਹੋ ਹੈ, ਬਸ ਇਹੋ ਹੈ, ਬਸ ਇਹੋ ਹੈ। ੪. ਮਿਲਦਾ ਵੀ ਸੀ, ਮਿਲਦਾ ਨਾ ਸੀ, ਤੇ ਭੇਦ ਕੁਝ ਖੁਲ੍ਹਦਾ ਨਾ ਸੀ, ਭਟਕਣ ਵੀ ਸੀ, ਧਰਵਾਸ ਵੀ, ਕੁਝ ਖੁਸਖੁਸੀ, ਕੁਝ ਆਸ ਵੀ ਸੁਣ ਸੁਣ ਕੇ ਤਾਂ ਦਿਲ ਜਮੀਂ ਸੀ, ਪਰ ਵਿੱਥ ਸੀ, ਕੁਝ ਕਮੀਂ ਸੀ, ਨਜ਼ਰੀ ਸੀ ‘ਅੰਦਰ’ ਆਉਂਦਾ, ਫੜਿਆ ਨਹੀਂ ਸੀ ਜਾਉਂਦਾ, ਐਦਾਂ ਦੀ "ਛੱਪਣ-ਛੋਤ'' ਸੀ, ਮੇਰੇ ਲਈ ਤਾਂ ਮੌਤ ਸੀ, ਹੋਈਆਂ ਸਫਲ ਮਜ਼ਦੂਰੀਆਂ, ਪੂਰੇ ਨੇ ਆਸਾਂ ਪੂਰੀਆਂ, ਕਸਰਾਂ ਹੈ ਆਪ ਮੁਕਾ ਰਿਹਾ, ਇਹ ਸਮਝ ਲੋ, ਸਮਝਾ ਰਿਹਾ, “ਉਹ ਇਹੋ ਹੈ, ਉਹ ਇਹੋ ਹੈ, ਬਸ ਇਹੋ ਹੈ, ਬਸ ਇਹੋ ਹੈ।” ੫. ਦੁਖ ਬ੍ਰਿਹੋਂ ਸੀ, “ਅਪਣਤ" ਦਾ, ਪਤਾ ਮੈਂ ਪਾਇਆ, ‘‘ਤੱਤ" ਦਾ, ਮੈਂ ਤੇ ਵੀ “ਮੈਂ” ਦੀ ਹਦ ਸੀ, ਉਹ, ਹਦ ਤੋਂ "ਬੇਹਦ” ਸੀ, ਹਾਂ ਪਿਆਰ, ਪੂਰਾ ਪਿਆਰ ਸੀ, ‘ਆਪਾ’ ਮਗਰ ਵਿਚਕਾਰ ਸੀ, ਜੂੰ ਜੂੰ ਗਿਆ ਉਹ ਘੱਟਦਾ, ਦੂਈ ਦਾ ਪਰਦਾ ਫੱਟਦਾ, ਮੈਂ ‘ਮੈਂ' ਨਹੀਂ, ਉਹ ‘ਉਹ’ ਨਹੀਂ, ਤਾਹੀਏਂ ਰਹੀ ਹੁਣ ਖੋਹ ਨਹੀਂ, ਇਹ ਦੂਰ ਦਾ ਤਾਂ ਖ਼ਿਆਲ ਸੀ, ਬੈਠਾ ਉਹ ਬਿਲਕੁਲ ਨਾਲ ਸੀ, ਜਦ ਬੁੱਤ ‘ਮੈਂ’ ਦਾ ਭੱਜਿਆ, ਹਰ ਤਾਰ ਅੰਦਰ ਵੱਜਿਆ, ਉਹ ਇਹੋ ਹੈ, ਉਹ ਇਹੋ ਹੈ, ਬਸ ਇਹੋ ਹੈ, ਬਸ ਇਹੋ ਹੈ । (ਨਾ ਮੁਕੰਮਲ)

16. ਕੀ ਲਿਖਾਂ

ਮੈਂ ਤਾਂ ਸੋਚਦਾ ਸਾਂ ਬਾਜਾਂ ਵਾਲੜੇ ਲਈ, ਛੋਟੀ ਜਹੀ ਇਸ ਕਲਮ ਤੋਂ ਕੀ ਲਿਖਾਂ ? ਉਹਦੇ ਕੰਮ ਵਡੇ ਮੇਰੀ ਸਮਝ ਛੋਟੀ, ਕੀ ਕੀ ਛੋੜ ਦੇਵਾਂ ਅਤੇ ਕੀ ਲਿਖਾਂ ? ਖਾਲੀ ਕਹੀ ਜਾਵਾਂ, ਖ਼ਾਲੀ ਕਹੀ ਜਾਵਾਂ, ਯਾ ਕਿ ਲਿਖਾਂ ? ਤਾਂ ਫੇਰ ਮੈਂ ਕੀ ਲਿਖਾਂ ? ਪੀਰਾਂ ਪੀਰ ਲਿਖਾਂ ? ਗੁਰੂਆਂ ਗੁਰੂ ਲਿਖਾਂ, ਵਲੀਆਂ ਵਲੀ ਲਿਖਾਂ ? ਦਸੋ ਕੀ ਲਿਖਾਂ ? ਉਹ ਤਾਂ ਦੀਨ ਤੇ ਦੁਨੀ ਦਾ ਹੈ ਮਾਲਿਕ, ਕਿਸੇ ਆਖਿਆ ਵਡਾ ਅਮੀਰ ਲਿਖ ਲੌ । ਰਖਿਆ ਉਸਨੇ ਆਪਣੇ ਪਾਸ ਕੁਝ ਨਹੀਂ, ਏਸ ਵਾਸਤੇ ਉਹਨੂੰ ਫ਼ਕੀਰ ਲਿਖ ਲੌ । ਜ਼ਾਲਮ ਅਤੇ ਮਜ਼ਲੂਮ ਦੀ ਜੰਗ ਛਿੜ ਪਈ, ਉਠਿਆ ਸੂਰਮਾ ਇਕ ਦਰਮਿਆਨ ਵਿਚੋਂ । ਦੁਖੀ ਅਤੇ ਦੋਖੀ ਨਾ ਕੋਈ ਰਹਿਣ ਪਾਵੇ, ਆਈ ਸੱਦ ਇਹ ਉਹਦੀ ਜ਼ਬਾਨ ਵਿਚੋਂ । ਜਾਵੇ ਜਾਨ, ਜੇ ਕੌਮ ਦੀ ਜਾਨ ਰਹਿੰਦੀ, ਲੈਣਾ ਲਾਹ ਕੀ ਹੋਰ ਜਹਾਨ ਵਿਚੋਂ । ਤੇਗ ਪਿਤਾ ਦੇ ਸਮੇਂ ਦੀ ਸ਼ਾਂਤ ਪਈ ਸੀ, ਸਮਾਂ ਬਦਲਿਆ ਕਢੀ ਮਿਆਨ ਵਿਚੋਂ । ਕੀਤਾ ਸਾਫ ਮੈਦਾਨ ਤਲਵਾਰ ਫੜਕੇ, ਏਸ ਲਈ ਤਾਂ ਅਤੀ ਬਲਬੀਰ ਲਿਖੋ । ਕਦੇ ਆਪ ਲੜਾਈ ਨੂੰ ਛੇੜਿਆ ਨਹੀਂ, ਰਾਖਾ ਅਮਨ ਦਾ ਪੀਰ ਗੰਭੀਰ ਲਿਖੋ ।

17. ਸਭ ਦਾ ਪ੍ਰੀਤਮ

ਮੋਏ ਵਿਚ ਜਾਨ ਆਈ ਆਪੇ ਦੀ ਪਛਾਣ ਆਈ । ਪਿਆ ਜੀਹਤੇ ਇਕੋ ਵੇਰ ਮਿਹਰ ਝਲਕਾਰਾ ਏ । ਨੂਰ ਪਿਚਕਾਰੀ ਮਾਰੀ ਦਿਲ ਵੇਹੜੇ ਨੂਰ ਹੋਏ, ਚਾਨਣ ਪਸਾਰ ਮੇਟ ਦਿਤਾ ਅੰਧਕਾਰਾ ਏ । ਕਠੇ ਕਰ ਬੀਰਤਾ, ਗੰਭੀਰਤਾ, ਤਿਆਗ, ਰਾਜ, ਪ੍ਰੇਮੀਆਂ ਨੂੰ ਪ੍ਰੇਮ-ਰਸ ਪਾਪੀ ਨੂੰ 'ਦੁਧਾਰਾ' ਏ । ਇਕੋ ਭਾਵ ਦੋਹਾਂ ਦਾ, ਪਛਾਣਿਆਂ ਪਛਾਣ ਆਵੇ । ਖੰਡਾ ਵੀ ਦੁਧਾਰਾ ਮਾਨੋਂ ਪ੍ਰੇਮ-ਰਸ ਧਾਰਾ ਏ । ਛੋਹੇ, ਬਸ ਮੋਏ, ਨਹੀਂ, ਮਰ ਕੇ ਅਮਰ ਹੋਏ, 'ਮੋਏ' ਕਿ 'ਅਮਰ' ਹੋਏ ਡੂੰਘੀ ਇਹ ਵਿਚਾਰਾ ਏ । ਵੈਰੀ ਕੌਣ, ਮੀਤ ਕੌਣ, ਮਰੇ ਕੌਣ, ਮਾਰੇ ਕੌਣ, ਸਮਝ ਨਾ ਆਈ ਅਦਭੁਤ ਇਹ ਨਜ਼ਾਰਾ ਏ । ਭੋਲੇ ਲੋਕ ਪੁਛਦੇ ਪਿਆਰੇ ਦਸਮੇਸ ਜੀ ਨੇ, ਕਿਹੜੇ ਪਾਸੇ ਹੋ ਕੇ ਕਿਨ੍ਹਾਂ ਲਈ ਬੰਸ ਵਾਰਾ ਏ ? ਸਾਰੇ ਪਾਸੇ ਉਸ ਦੇ ਤੇ ਉਸਦਾ ਨਾ ਪਾਸਾ ਕੋਈ, ਸਭ ਦਾ ਸਹਾਰਾ ਏ ਉਹ ਪ੍ਰੀਤਮ ਪਿਆਰਾ ਏ ।

18. “ਨੂਰਾਨੀ ਗੁਰੂ"

ਤਾਕਤ ਨਹੀਂ ਜੋ ਲੇਖਣੀ ਲਿਖ ਸਕੇ, ਕਥਨ ਵਾਸਤੇ ਸ਼ਕਤ ਜ਼ਬਾਨ ਨੂੰ ਨਹੀਂ। ਅੰਤ ਗੁਣਾਂ ਦੇ ਪਾਣ ਦਾ ਤਾਣ ਲਾਵਣ, ਭੇਦ ਲਭਿਆ ਜ਼ਿਮੀਂ ਅਸਮਾਨ ਨੂੰ ਨਹੀਂ। ਹੁਜਤ, ਫਿਲਸਫ਼ਾ, ਬਲ ਯਾ ਜ਼ੋਰ ਕੋਈ, ਤੋੜ ਸਕਿਆ ਪ੍ਰੇਮ ਚਟਾਨ ਨੂੰ ਨਹੀਂ। ਜੇਹੜੇ ਮੰਡਲ ਦੀ ਕਥਾ ਹਾਂ ਕਹਿਣ ਲਗਾ, ਦਖਲ ਓਸ ਥਾਂ ਫੋਕੇ ਗਿਆਨ ਨੂੰ ਨਹੀਂ। ਸਾਰੇ ਰਾਹ ਦਿਸਨ, ਪ੍ਰੇਮ ਚਾਨਣੇ ਦਾ ਜੀਹਦੇ ਪਾਸ ਕਿਣਕਾ ਇੱਕ ਨੂਰ ਹੋਵੇ । ਕਿਹੋ ਜਿਹਾ ਹੋਸੀ ਫਿਰ ਉਹ ਆਪ ਚਾਨਣ, ਜੀਹਦੇ ਨੂਰ ਦੀ ਕਣੀ ਕੋਹਤੂਰ ਹੋਵੇ । ਬਾਲ ਸਮੇਂ ਤੋਂ ਹੀ ਐਡੇ ਤੇਜ ਵਾਲੇ, ਯੋਧੇ ਗੁਰੂ ਦੀ ਵਡੀ ਵਡਿਆਈ ਤਕਕੇ । ਕਿਸੇ ਪੁਛਿਆ ਪ੍ਰੇਮ ਦੇ ਪਾਰਖੂ ਨੇ, ਏਸ ਜੋਤ ਵਿਚ ਜੋਤ ਇਲਾਹੀ ਤਕਕੇ । ਪ੍ਰੇਮੀ ਦਸਦੇ ਸੂਰਜ ਦੇ ਤੇਜ਼ ਤੋਂ ਵਧ, ਐਡਾ ਮਾਨ, ਪ੍ਰਤਾਪ, ਰੁਸ਼ਨਾਈ ਤਕਕੇ। ਪੂਰਾ ਚੰਦ ਵੀ ਆਖਦੇ ਮਾਤ, ਹੋਇਆ, ਦਸਮ ਪਾਤਸ਼ਾਹ ਦੀ ਸੀਤਲਤਾਈ ਤਕਕੇ । ਮੈਂ ਹੈਰਾਨ ਸਾਂ ‘ਸੂਰਜ ਤੇ ਚੰਦ' ਤੁਰਕੇ, ਕਿਉਂ ਨਾਂ ਗੁਰੂ ਦੇ ਚਰਨਾਂ 'ਚ ਆਉਂਦੇ ਹਨ। ਕਦਮਾਂ ਵਿਚ ਭੇਜਨ ਦੂਰੋਂ ਰੋਸ਼ਨੀ ਹੀ, ਨੇੜੇ ਆਣ ਤੋਂ ਜ਼ਰਾ ਸ਼ਰਮਾਉਂਦੇ ਹਨ। ਜ਼ਰਾ ਸੋਚਿਆ ਤਾਂ ਫੇਰ ਭੇਦ ਲਭਾ, ‘ਨੇੜੇ ਆਣ ਤੋਂ ਭਲਾ ਸ਼ਰਮਾਣ ਕਿਉਂ ਨਾ। ਸ਼ਾਂਤੀ, ਤੇਜ ਤੇ ਰੋਸ਼ਨੀ ਵੇਖ ਗੁਰ ਦੀ, ਦੋਵੇਂ ਚੰਨ ਤੇ ਸੂਰਜ ਘਬਰਾਨ ਕਿਉਂ ਨਾ । ਜੇ ਨਹੀਂ ਦਿਲਾਂ ਨੂੰ ਰੋਸ਼ਨੀ ਦੇ ਸਕਦੇ, ਕਰ ਦੇਣ ਰੋਸ਼ਨ ਫਿਰ ਜਹਾਨ ਕਿਉਂ ਨਾ । ਸਾਨੂੰ ਨਫਾ ਕੀ ਏ ਏਸ ਰੋਸ਼ਨੀ ਤੋਂ, ਰੋਸ਼ਨ ਹੋਣ ਸਭ ਜੰਗਲ ਮੈਦਾਨ ਕਿਉਂ ਨਾ । ਚਾਰੋਂ ਤਰਫ ਰੋਸ਼ਨ ਰੋਸ਼ਨ ਰਾਹ ਪੈਂਡੇ, ਬੇਸ਼ਕ ਜ਼ਿਮੀਂ ਰੋਸ਼ਨ ਆਸਮਾਨ ਹੋਵੇ। ਹੋਇਆ ਨਹੀਂ ਜੇਕਰ ਸਾਡਾ ਦਿਲ ਰੋਸ਼ਨ, ਸਾਨੂੰ ਭਾ ਕੀ ਰੋਸ਼ਨ ਜਹਾਨ ਹੋਵੇ। ਜਿਹੜਾ ਦਿਲਾਂ ਨੂੰ ਰੋਸ਼ਨੀ ਦੇਣ ਵਾਲਾ, ਉਹੋ ਅੱਜ ਦੇ ਦਿਨ ਸੰਸਾਰ ਆਇਆ। ਪ੍ਰੇਮ ਤਾਰ ਵਿਚ ਬੰਨ੍ਹ ਕੇ ਤਾਰਦਾ ਏ, ਬੇੜੇ ਡੁੱਬਦਿਆਂ ਨੂੰ ਕਰਨ ਪਾਰ ਆਇਆ । ਜੀਹਨੇ ਵੇਖਣਾਇ ਅੰਦਰੋਂ ਵੇਖ ਲਏ ਉਹ, ਰੋਮ ਰੋਮ ਰਮਿਆਂ ਸੋਈ ਬਾਹਰ ਆਇਆ। ਦੇਸ਼ ਮੁਲਕ ਤੇ ਦੁਖੀਆਂ ਬੰਦਿਆਂ ਦੇ, ਬੰਦ ਕਟਣੇ ਲਈ ਅਵਤਾਰ ਆਇਆ। ਆਉ ਚੁੰਮੀਏਂ ਚਰਨ ਤੇ ਦਰਸ ਕਰੀਏ, ਸੇਜਾ ਸਾਰੇ ਸਰੀਰ ਵਿਛਾ ਦਈਏ ਭੇਟਾ ਦਿਲ ਦਈਏ ਬਿਨਾਂ ਢਿਲ ਕੀਤੇ, ਜਿਵੇਂ ਰੀਝਦਾ ਆਉ ਰੀਝਾ ਲਈਏ।

19. ਦਰਦਮੰਦ ਗੁਰੂ

ਬੰਦ ਬੰਦ ਕਰਵਾਏ ‘ਦਿਲ ਬੰਦ' ਆਪਣੇ, ਤੂੰ ਬਚਾ ਲਿਆ ਏ ਬੰਦ ਬੰਦ ਸਾਡਾ । ਆਪ ਪੁਰੀ ਅਨੰਦ ਨੂੰ ਛੋੜਿਆ ਈ, ਕਾਇਮ ਰਹੇ ਜੇ ਕਿਵੇਂ ਅਨੰਦ ਸਾਡਾ। ਸਾਨੂੰ ਆਖ਼ ਕੇ ‘ਆਪਣੇ’ ਪਿਆਰਿਆ ਵੇ, ਕਰ ਦਿਤਾ ਈ ਰੁਤਬਾ ਬੁਲੰਦ ਸਾਡਾ। ਬੇਸ਼ਕ ਦਿਲਾਂ ਨੂੰ ਰੋਸ਼ਨੀ ਦੇਣ ਵਾਲਾ, ਤੂੰ ਹੀ ਹੈਂ ਸੂਰਜ ਤੂੰ ਹੀ ਚੰਦ ਸਾਡਾ। ਕਿਉਂ ਨਾਂ ਤੇਰੇ ਉਪਕਾਰਾਂ ਦੇ ਗੀਤ ਗਾਵੇ, ਲੂੰ ਲੂੰ ਸਾਡਾ ਬੰਦ ਬੰਦ ਸਾਡਾ । ਦਰਦਾਂ ਨਾਲ ਮਾਰੀ ਦੁਨੀਆਂ ਪਈ ਆਖੇ, ‘ਤੇਰੇ ਬਾਝ ਕੋਈ ਨਹੀਂ ਦਰਦਮੰਦ ਸਾਡਾ।' ਬਾਲ ਉਮਰ ਵਿਚ ਵੇਖਕੇ ਦੁਖੀ ਰੋਂਦੇ, ਅਪਣਾ ਪਿਤਾ ਕੁਰਬਾਨ ਕਰਵਾਏਂ ਤਾਂ ਤੂੰ । ਟੋਟੇ ਜਿਗਰ ਦੇ ਉਧਰ ਕਰਵਾਏ ਟੋਟੇ, ਇਧਰ ਨੀਂਹਾਂ ਦੇ ਵਿਚ ਚਿਣਵਾਏ ਤਾਂ ਤੂੰ । ਰਾਹੋਂ ਘੁਸਿਆਂ ਪਰ ਸਿਦਕ ਵਾਲਿਆਂ ਨੂੰ, ਚੌਕੀਦਾਰ ਬਣਕੇ ਜੇ ਬਚਾਏਂ ਤਾਂ ਤੂੰ । ਆਪਣੇ ਸਿਦਕੀਆਂ ਦੀ ਥਾਂ ਤੇ ਆਪ ਸੂਏ, ਚਰਨਾਂ ਆਪਣਿਆਂ ਵਿਚ ਚੁਵਵਾਏਂ ਤਾਂ ਤੂੰ । ਛਾਤੀ ਨਾਲ ਲਾਕੇ ਸੀ ਤੂੰ ਆਪ ਕਹਿੰਦਾ, ਬੁਧੂ ਸ਼ਾਹ ਸਾਡਾ, ਦੇਵੀ ਚੰਦ ਸਾਡਾ। ਸਾਰੇ ਕਹਿਣ ਤਾਂ ਫੇਰ ਏਹ ਝੂਠ ਕੀ ਏ ? ‘ਤੇਰੇ ਬਾਝ ਕੋਈ ਨਹੀਂ ਦਰਦ ਮੰਦ ਸਾਡਾ ।' ਨੀਚ ਊਚ ਵਾਲਾ, ਭਿਟ ਸੁਚ ਵਾਲਾ, ਬਾਜਾਂ ਵਾਲਿਆ ਭੇਦ ਮਿਟਵਾਏਂ ਤਾਂ ਤੂੰ । ਡਿਗੇ, ਢੱਠਿਆਂ, ਤੁਰਦਿਆਂ,ਮੁਰਦਿਆਂ ਵਿਚ, ਜਾਨ ਅਣਖ ਤੇ ਆਨ ਦੀ ਪਾਏਂ ਤਾਂ ਤੂੰ। ਸਾਡੇ ਤੂੰ ਹੀ ਤਾਣੇ ਅਤੇ ਤੂੰ ਹੀ ਪੇਟੇ, ਵੇਖਾਂ ਦਾਏਂ ਤਾਂ ਤੂੰ ਵੇਖਾਂ ਬਾਏਂ ਤਾਂ ਤੂੰ। ਇਧਰ ਉਧਰ ਵੇਖਾਂ ਜਿਧਰ ਕਿਧਰ ਵੇਖਾਂ, ਇਕੋ ਦਰਦ ਵਾਲਾ ਨਜ਼ਰ ਆਏਂ ਤਾਂ ਤੂੰ ਸਾਡੀ ਮੈਂ ਜੇ ਤੂੰ ਵਿਚ ਬਦਲ ਜਾਵੇ, ਸੌਦਾ ਜਾਣੀਏ ਹੈ ਨਫਾ ਵੰਦ ਸਾਡਾ । ਨਾੜ ਨਾੜ ਚੋਂ ਔਸੀ ਆਵਾਜ਼ ਆਪੇ, ‘ਤੇਰੇ ਬਾਝ ਕੋਈ ਨਹੀਂ ਦਰਦਮੰਦ ਸਾਡਾ।' ਸਵਾ ਲਖ ਦੇ ਨਾਲ ਜੋ ਲੜਨ ਵਾਲਾ, ਅੰਦਰ ਓਸ ਦੇ ਵੀ ਸਾਰਾ ਤਾਨ ਤੂੰ ਏਂ । ਕੌਮਾਂ ਡਿਗੀਆਂ ਤਾਂਈਂ ਉਠਾਵਣੇ ਲਈ, ਸੀ ਉਹ ਸਾਰੇ ਦਾ ਸਾਰਾ ਸਾਮਾਨ ਤੂੰ ਏਂ। ਪੰਜਾਂ ਤੱਤਾਂ ਦੇ ਬਣੇ ਹੋਏ ਬੁਤ ਅੰਦਰ, ਸਚੀ ਗਲ ਹੈ ਪਿਆਰਿਆ ਜਾਨ ਤੂੰ ਏਂ । ਸਾਡੀ ਤਾਹਿਉਂ ਹੈ ਸ਼ਾਨ ਜਹਾਨ ਉਤੇ, ਪੀਰਾਂ ਪੀਰ ਜੇ ਕਰ ਦਰਮਿਆਨ ਤੂੰ ਏਂ । ਸਾਡੇ ਅੰਦਰਲੇ ਦੀ ਪਿਆ ਆਖਦਾ ਹੈ, ਜੋੜ ਜਾੜ ਕੇ ਗੁੰਦਿਆ ਛੰਦ ਸਾਡਾ । ਸਾਡੇ ਦਿਲਾਂ ਦੇ ਸ਼ੀਸ਼ੇ ਦਾ ਅਕਸ ਹੈ ਇਹ, ‘ਤੇਰੇ ਬਾਝ ਕੋਈ ਨਹੀਂ ਦਰਦਮੰਦ ਸਾਡਾ।'

20. ਅਨੰਦ ਪੁਰੀ

ਦੱਸੀਂ ਪੁਰੀ ਅਨੰਦ ਦਿਆ ਵਾਸੀਆ ਵੇ, ਅਪਨਾ ਸਾਥ ਸਾਰਾ ਕਿੱਥੇ ਛੋੜ ਆਇਓਂ । ਜੁੜਿਆ ਲੜੀ ਦੇ ਵਾਂਗ ਪਰਵਾਰ ਸੀਗਾ, ਮੋਤੀ ਹਾਰ ਚੋਂ ਤੋੜ ਵਿਛੋੜ ਆਇਓਂ । ਸੋਹਣੇ ਬਾਗ਼ ਪ੍ਰਵਾਰ ਦੇ ਖੇਤ ਵਿਚੋਂ, ਫੁੱਲ ਮਹਿਕਦੇ ਕਿੱਥੇ ਤ੍ਰੋੜ ਆਇਓਂ । ਕਿੱਥੇ ਮਾਤ ਪਿਆਰੀ ਕਿੱਥੇ ਲਾਲ ਚਾਰੇ, ਕਿਥੇ ਬਾਜ ਘੋੜਾ ਵਾਗਾਂ ਮੋੜ ਆਇਓਂ । ਦਰਸ਼ਨ ਪਤੀ ਦਾ ਪਾਇਕੇ ਮਾਤ ਸੁੰਦਰੀ, ਕਹਿੰਦੀ ਛੱਡਿਆ ਕਿੱਥੇ ਦੁਲਾਰਿਆਂ ਨੂੰ । ਮੇਰੇ ਬੇਟਿਆਂ ਜਿਗਰ ਦੇ ਟੋਟਿਆਂ ਨੂੰ, ਮੇਰੀ ਅਖ ਦੇ ਚਮਕਦੇ ਤਾਰਿਆਂ ਨੂੰ । ਜਿੱਧਰ ਨਜ਼ਰ ਮਾਰਾਂ ਸੱਭੋ ਹੈਨ ਅਪਨੇ, ਮੇਰ ਤੇਰ ਦਾ ਭੇਦ ਮਿਟਾ ਆਇਆ । ਉਹ ਤਾਂ ਕਰਜ਼ ਕਰਤਾਰ ਦਾ ਸਿਰ ਸੀਗਾ, ਭਾਗਾਂ ਵਾਲੀਏ ਅੱਜ ਮੁਕਾ ਆਇਆ । ਹੋਇਆ ਕੀ ਜੇ ਧਰਮ ਦੀ ਆਨ ਬਦਲੇ, ਚਾਰੇ ਲਾਲ ਅਪਣੇ ਅਸੀਂ ਵਾਰ ਬੈਠੇ । ਸਾਈਂ ਵਾਲੀਏ ਮਾਰ ਕੇ ਨਜ਼ਰ ਤਕ ਲੈ, ਤੇਰੀ ਗੋਦੀ ਵਿਚ ਕਈ ਹਜ਼ਾਰ ਬੈਠੇ । ਅਸਾਂ ਸਖ਼ੀ ਫ਼ੱਯਾਜ਼ ਵੀ ਬਹੁਤ ਡਿੱਠੇ, ਸੁਣੀ ਕਥਾ ਵੀ ਏ ਰਾਜੇ ਰਾਨੀਆਂ ਦੀ । ਧਨ ਦੇਣ ਵਾਲੇ ਮਨ ਦੇਣ ਵਾਲੇ, ਤਨ ਦੇਣ ਵਾਲੇ ਬ੍ਰਹਮ ਗਿਆਨੀਆਂ ਦੀ । ਦਿੱਤਾ ਜਾਣਦੇ ਸਭੀ ਕਰਤਾਰ ਦਾ ਜੋ, ਅਸਾਂ ਲਿਸਟ ਵੇਖੀ ਕਈਆਂ ਦਾਨੀਆਂ ਦੀ । ਕਲਗੀ ਵਾਲੜੇ ਗੁਰੂ ਦਾ ਨਾਮ ਲਿਆਂ, ਹੱਦ ਮੁੱਕ ਜਾਂਦੀ ਕੁਰਬਾਨੀਆਂ ਦੀ । ਸੱਕੇ ਬੇਟਿਆਂ ਜਿਗਰ ਦੇ ਟੋਟਿਆਂ ਨੂੰ, ਜ਼ਿੰਦਾ ਵਿਚ ਨੀਹਾਂ ਚਿਣਵਾਇ ਕਿਹੜਾ । ਸਿਹਰੇ ਬੰਨ੍ਹ ਸ਼ਹਾਦਤ ਦੇ ਆਪ ਹੱਥੀਂ, ਧਰਮ ਹੇਤ ਸ਼ਹੀਦ ਕਰਇ ਕਿਹੜਾ । ਸਿਰ ਧਰ ਤਲੀ ਪ੍ਰੇਮ ਦੀ ਗਲੀ ਜਾਣਾ, ਇਹ ਹੈ ਸਬਕ ਤੇਰਾ ਬਾਜਾਂ ਵਾਲਿਆ ਵੇ । ਕੌਮੀ ਪਿਆਰ ਤੇ ਧਰਮ ਦੀ ਅਣੀ ਵਾਲੇ, ਸਦਾ ਸੀਸ ਦੇ ਕੇ ਇਹਨੂੰ ਪਾਲਿਆ ਵੇ । ਫੇਰ ਸਮੇਂ ਦਾ ਸਮੇਂ ਨੇ ਸਮਾਂ ਦਿੱਤਾ, ਸਿੱਦਕ ਵਾਲਿਆਂ ਨਫ਼ਾ ਉਠਾਲਿਆ ਵੇ । ਐਪਰ ਗਿਆ 'ਮੁਸਾਫ਼ਰ' ਨ ਰਾਹ ਉਤੇ, ਨਾ ਹੀ ਸਫ਼ਰ ਦੇ ਦੁਖ ਨੂੰ ਝਾਲਿਆ ਵੇ । ਪਾਵਨ ਦਰਸ ਤੇ ਓਹੀ ਦੀਦਾਰ ਕਰਦੇ, ਉਠ, ਰਾਹ ਪਿਆਰੇ ਦਾ ਮੱਲਦੇ ਜੋ । ਪਹੁੰਚਨ ਵਤਨ ਪਿਆਰੇ ਦੇ ਓਹੀ ਬੰਦੇ, ਪੀੜਾਂ ਵਿਚ ਮੁਸਾਫ਼ਰੀ ਝੱਲਦੇ ਜੋ ।

21. ‘ਨਦਰ’

ਤੇਰੀ ਨਜ਼ਰ ਦੀ ਤਾਰ ਵਿਚ ਖਿੱਚ ਐਸੀ, ਜਿਸ ਤੇ ਪਏ ਬਸ ਓਸ ਨੂੰ ਤਾਰ ਜਾਂਦੀ । ਐਸੀ ਤਾਰ ਬੇਤਾਰ ਵਿੱਚ ਤਾਰ ਚਲਦੀ, ਬਿਨਾ ਚੀਰ, ਸੀਨਾਂ ਚੀਰ ਪਾਰ ਜਾਂਦੀ। ਜਿਥੇ ਟਿੱਕੇ ਉਹ ਵਿੱਕੇਗੀ ਮੁਲ ਮਹਿੰਗੇ, ਨਾਲ ਏਕਤਾ ਭਾ ਪਿਆਰ ਜਾਂਦੀ । ਦੂਈ ਦੂਰ ਜਾਂ ਮਨ ਭਰਪੂਰ ਕਰੀਏ, ਨਾ ਉਰਾਰ ਰਹਿੰਦੀ ਨਾਹੀਂ ਪਾਰ ਜਾਂਦੀ । ਏਸ ਤਾਰ ਦੀ ਸਾਰ ਹੁਸ਼ਿਆਰ ਜਾਣੇ, ਦਾਨਾ ਹੋਏ ਜੇਹੜਾ ਨੰਦ ਲਾਲ ਦੇ ਤੁਲ । ਜੀਹਦੀ ਅੱਖ ਵਿੱਚ ਦੋਏ, ਜਹਾਨ ਦਿਸਨ, ਪਿਤਾ ਦਸਮ ਜੀ ਦੇ ਇਕੋ ਵਾਲ ਦੇ ਤੁਲ । ਤਾਰ ਵਿਨ੍ਹਦੀ ਚੀਜ਼ਾਂ ' ਪਰੋਵੰਦੀ ਏ, ਜਿਹੜੀ ਸ਼ੈ ਉਸ ਵਿਚ ਟਿਕਾਈ ਜਾਂਦੀ । ਤਾਰ ਵਿੱਚ ਹੀ ਸ਼ਬਦ ਪਰੋ ਕੇ ਤੇ, ਖਬਰ ਦੇਸ ਪ੍ਰਦੇਸ ਪਹੁੰਚਾਈ ਜਾਂਦੀ। ਤਾਰ ਵਿਚ ਹੀ ਰਾਗ ਦੀ ਲੜੀ ਬੰਨ੍ਹਕੇ, ਤਾਨ ਰਾਗ ਸੁਰ ਤਾਰ ਮਿਲਾਈ ਜਾਂਦੀ। ਬਿਨਾਂ ਇਨ੍ਹਾਂ ਦੇ ਤਾਰ ਇਕ ਹੋਰ ਵੀ ਹੈ, ਸੀਨੇ ਵਿਨ੍ਹਦੀ, ਮਨ ਚੁਰਾਈ ਜਾਂਦੀ । ਮੇਰਾ ਭਾਵ ਉਸ ਨਜ਼ਰ ਦੀ ਤਾਰ ਤੋਂ ਹੈ, ‘ਸੈਦਖ਼ਾਨ’ ਵਿਨ੍ਹਿਆ ਜਿਸ ਤਾਰ ਦਾ ਸੀ। ਛੁਰੀ ਤੇਜ਼ ਕਟਾਰ ਤੋਂ ਵਧ ਘਾਇਲ, ਉਸ ਤਾਰ ਦੀ ਮਾਰ ਦੀ ਮਾਰ ਦਾ ਸੀ। ਉਹਦੇ ਦਿਲ ਅੰਦਰ ਤਾਰ ਪੁਜਦੀ ਨਹੀਂ, ਜੀਹਦੀ ਸੁਰਤ ਨਿਸ਼ਾਨੇ ਤੋਂ ਉਕੀ ਹੋਈ ਏ। ਯਾ ਕਿ ਜੀਹਨੂੰ ਨਿਵਾਸਦਾ ਪਤਾ ਕੋਈ ਨਹੀਂ, ਦਿਲੋਂ ਲਹਿਰ ਪ੍ਰੇਮ ਦੀ ਮੁਕੀ ਹੋਈ ਏ । ਫ਼ੋਨ ਵਾਂਗ ਉਹ ਟੱਲੀ ਖੜਕਾਏ ਕੇ ਤੇ, ਕੰਨ ਲਾਉਂਦਾ ਹੱਥ ਵਿੱਚ ਚੁਕੀ ਹੋਈ ਏ । ਬਾਬੂ ਸਾਹਿਬ ਤੋਂ ਇਹੋ ਜਵਾਬ ਮਿਲਸੀ, ‘ਖਾਉ ਕੰਨ ਨਾ, ਭਾਈਜੀ, ਰੁਕੀ ਹੋਈ ਏ ।' ਹਿਰਦੇ ਰੂਪ ਰਸਤਾ ਜੇ ਸਫ਼ਾ ਹੋਵੇ, ਸੂਰਤ ਅਸਲੀ ਥਾਉਂ ਤੇ ਟਿਕੀ ਹੋਵੇ । ਤਾਹੀਉਂ ਗੁਰੂ ਆ ਵਿਚ ਨਿਵਾਸ ਕਰਦਾ, ਥਾਉਂ ਨਾਲ ਹੰਕਾਰ ਨਾ ਰੁਕੀ ਹੋਵੇ। ਵੱਜੀ ਤਾਰ ਬੇ ਤਾਰ ਹੀ ਜਾ ਪਹੁੰਚੀ, ਜੋਗਾ ਸਿੰਘ ਦੇ ਦਿਲ ਸਫਾ ਅੰਦਰ । ਸੁੰਦਰ ਨਾਰ ਵਿਸਾਰ ਪਰਵਾਰ ਤਾਂਈ, ਤੁਰਿਆ ਗੁਰੂ ਦੇ ਦਰਸ ਨੂੰ ਚਾ ਅੰਦਰ। ਸਾਫ ਦਿਲ ਨੂੰ ਮੈਲ ਹੰਕਾਰ ਲਗੀ, ਤਾਰ ਬੰਦ ਹੋ ਗਈ ਬਸ ਰਾਹ ਅੰਦਰ। ਅਸਲ ਭੁਲ ਗਿਆ ਸਿਦਕ ਡੁਲ੍ਹ ਗਿਆ, ਘੁਥਾ ਥਾਂ ਤੇ ਆ ਗਿਆ ਦਾ ਅੰਦਰ। ਤਾਰ ਦਿਲਾਂ ਦੀ ਬੜੀ ਮਜ਼ਬੂਤ ਹੈ ਵੇ, ਐਪਰ ਹਿਰਦਿਆਂ ਵਿਚ ਸਫਾਈ ਹੋਵੇ। ਹਉਮੈਂ ਮੈਲ ਤੋਂ ਅੰਦਰਲਾ ਸਾਫ ਕਰਕੇ, ਬਿਰਤੀ ਚਰਨਾਂ ਦੇ ਵਿਚ ਟਿਕਾਈ ਹੋਵੇ।

22. ਭੰਗਾਣੀ ਦਾ ਯੁਧ

ਬਾਈ ਧਾਰ ਹੰਕਾਰ ਨੂੰ ਧਾਰ ਅੰਦਰ, ਕੱਠੇ ਹੋ ਸਾਰੇ, ਕਰ ਸਲਾਹ ਨਿਕਲੇ । ਭੀਮਾਂ,ਕੇਸਰੀ, ਦਿਆਲਚੰਦ, ਕਾਠਗੜ੍ਹੀਆ, ਕਿਸ਼ਟ ਵਾੜੀਆ, ਤੇ ਫਤਹ ਸ਼ਾਹ ਨਿਕਲੇ । ਇਧਰ ਸ਼ਾਹ ਸੰਗੋ, ‘‘ਮੋਹਰੀ” ਹੋਏ ਮੋਹਰੀ, ਪੁੱਤਾਂ ਚੇਲਿਆਂ ਸੰਗ ਬੁਧੂ ਸ਼ਾਹ ਨਿਕਲੇ। ਰੰਗ ਜੰਗ ਦਾ ਨਾਲ ਉਮੰਗ ਬੱਧਾ, ਕੋਈ ਔਹ ਨਿਕਲੇ, ਕੋਈ ਆਹ ਨਿਕਲੇ । ਰਾਜਪੂਤ ਤੇ ਡੋਗਰੇ, ਨਹੀਂ ਕੱਲੇ, ਮਿਲੇ ਉਨ੍ਹਾਂ ਦੇ ਨਾਲ ਪਠਾਣ ਵੀ ਹਨ । ਐਪਰ ਆਖਿਰ ਵਗਾਰੀ, ਵਗਾਰੀ ਹੁੰਦੇ, ਸਿਦਕਵਾਨ ਹੁੰਦੇ, ਸਿਦਕਵਾਨ ਹੀ ਹਨ । ਡੌਲੇ ਫਰਕਦੇ ਦੋਹਾਂ ਹੀ ਪਾਸਿਆਂ ਦੇ, ਡੱਟੇ ਸੂਰਮੇ ਆਣ ਮੈਦਾਨ ਦੇ ਵਿਚ। ਤਿੜ ਤਿੜ ਤੀਰ ਕਮਾਨ ਚੋਂ ਛੁਟਨ ਲਗੇ, ਪੁੱਜੀ ਜਾਏ ਸ਼ੂੰਕਾਰ ਅਸਮਾਨ ਦੇ ਵਿਚ। ਮੂੰਹ ਤੇ ਗੁਰੂ ਦੇ ਲਾਲਾਂ ਦੋ ਲਾਲੀਆਂ ਹਨ, ਰਹੀ ਬੀਰਾਂ ਦੀ ਜਾਨ ਨਾ ਜਾਨ ਦੇ ਵਿਚ। ਹੁਨਰਮੰਦ ਹੰਕਾਰੀ ਦੀ ਹੋਸ਼ ਮਾਰੀ, ਹਿੰਮਤ ਆਈ ਪ੍ਰੇਮੀ ਅਣਜਾਣ ਦੇ ਵਿਚ । ਵੇਖਣ ਵਿਚ ਤਾਂ ਭਾਵੇਂ ਇਹ ਨਜ਼ਰ ਆਵੇ, ਛਿੜੀ ਹੈਗੀ, ਇਹ ਬੀਰਾਂ ਤੇ ਬੀਰਾਂ ਦੀ ਜੰਗ। ਅਸਲ ਵਿਚ ਹੋ ਰਹੀ ਯਕੀਨ ਸਮਝੋ, ਸ਼ਾਹ ਰਾਜਿਆਂ ਅਤੇ ਫ਼ਕੀਰਾਂ ਦੀ ਜੰਗ। ਢਿੱਲੇ ਢੰਗ ਤੇ ਕਈਆਂ ਦੇ ਰੰਗ ਫਿੱਕੇ, ਕੀਤੇ ਗੁਰੂ ਦੇ ਤੇਜ ਜਲਾਲ ਨੇ ਹੀ। ਪੈਰੋਂ ਕਢਿਆ ਕਈਆਂ ਬਹਾਦਰਾਂ ਨੂੰ, ਗੁਰੂ ਸਾਹਿਬ ਦੇ ਤੀਰਾਂ ਦੇ ਖਿਆਲ ਨੇ ਹੀ । ਹਯਾਤੀ, ‘ਖਾਨ ਹਯਾਤ' ਦੀ ਖ਼ਤਮ ਕੀਤੀ, ਭੰਗ ਘੋਟਣਾ ਮਾਰ ‘ਕਿਰਪਾਲ’ਨੇ ਹੀ। ਭਾਜ ਪਾ ਦਿੱਤੀ ਸਾਰੀ ਫੌਜ ਅੰਦਰ, ਹਰੀ ਚੰਦ ਦੀ ਮੌਤ ਬਿਕਰਾਲ ਨੇ ਹੀ। ਜਿਨ੍ਹਾਂ ਰੱਖੀ ਨਿਸ਼ਾਨੇ ਤੇ ਸੁਰਤ ਕਾਇਮ, ਕਿਹੜਾ ਕਾਇਮ ਰਹੇ ਉਨਾਂ ਦੀ ਧੀਰ ਅੱਗੇ। ਤਾਨ ਵਾਲੀ ਕਮਾਨ ਚੋਂ ਨਿਕਲਦਾ ਏ, ਕੌਣ ਟਿਕੇ ਫ਼ਕੀਰ ਦੇ ਤੀਰ ਅੱਗੇ। ਤਿੜ ਤਿੜ ਸੁਣਦਿਆਂ ਸਾਰ ਕਈ ਤੀਰ ਹੋ ਗਏ, ਮਾਰੇ ਤੜਪਦੇ ਕਈ ਇਕੋ ਤੀਰ ਦੇ ਨੇ । ਅੱਜ ਇਸ ਪੀਰ ਗੰਭੀਰ ਦੇ ਤੀਰ ਮਾਨੋਂ, ਕਈਆਂ ਕਈਆਂ ਨੂੰ ਜੀਉਂਦੇ ਚੀਰ ਦੇ ਨੇ। ਇੱਧਰ ਵੈਰੀ ਨੂੰ ਤੀਰ ਅਧੀਰ ਕਰ ਰਹੇ, ਉਧਰ ਹੋ ਰਹੇ ਵਾਰ ਸ਼ਮਸ਼ੀਰ ਦੇ ਨੇ । ਸ਼ਾਹੀ ਸੈਨਾਂ ਦੇ ਸਿਰਾਂ ਦੇ ਢੇਰ ਮਾਨੋ, ਟੁੱਟੇ ਬੂਟਿਉਂ ਸੇਬ ਕਸ਼ਮੀਰ ਦੇ ਨੇ। ਵਿੱਥ ਹੈਗੀ ਜੇ ਪੌਂਟੇ ਤੋਂ ਪੰਜ ਕੋਹ ਦੀ, ਹੋਇਆ ਜੰਗ ਸੀ ਜਿਥੇ ਇਹ ਸ਼ਾਨ ਵਾਲਾ। ਉਥੇ ਮੜੀਆਂ ਚੋਂ ਅਜੇ ਆਵਾਜ਼ ਆਵੇ, ‘ਭਜੋ ! ਆਇਆ ਜੇ ਤੀਰੋ ਕਮਾਨ ਵਾਲਾ' ।

23. ਨਿਰਵੈਰ ਯੋਧਾ(ਭਾਈ ਕਨ੍ਹਈਆ)

ਛਿੜਿਆ ਜੰਗ ਸੀ ਬੜੇ ਘਮਸਾਨ ਵਾਲਾ, ਆਮ੍ਹੋ ਸਾਹਮਣੇ ਸੂਰਮੇ ਡਟੇ ਪਏ ਸਨ । ਲੱਤਾਂ ਟੁੱਟੀਆਂ ਛਾਤੀਆਂ ਫਾਟੀਆਂ ਸਨ, ਸਿਰ ਕਈਆਂ ਜਵਾਨਾਂ ਦੇ ਫਟੇ ਪਏ ਸਨ । ਤੜਪ ਤੜਪ ਕੇ ਦੇਂਵਦੇ ਜਾਨ ਕਈ, ਸਿਰ ਧੜਾਂ ਤੋਂ ਕਈਆਂ ਦੇ ਕਟੇ ਪਏ ਸਨ । ਸੂਹੇ ਸਾਗਰ ਦੀ ਉਪਰਲੀ ਸਤਹ ਉੱਤੇ, ਮਾਨੋਂ ਲਾਸ਼ਿਆਂ ਤੇ ਲਾਸ਼ੇ ਅਟੇ ਪਏ ਸਨ । ਅਧ-ਮੋਇਆਂ ਦੇ ਮੂੰਹੋਂ ਆਵਾਜ਼ ਆਵੇ : 'ਹਾਇ ਹਾਇ ਪਾਣੀ, ਹਾਇ ਹਾਇ ਪਾਣੀ । ਕੋਈ ਅਗਲੇ ਲੋਕ ਦੇ ਪਾਂਧੀਆਂ ਨੂੰ, ਜਾਂਦੀ ਵੇਰ ਦਾ ਆਇ ਪਿਲਾਇ ਪਾਣੀ ।' ਚਲਦੇ ਤੀਰ ਤੇ ਤੀਰਾਂ ਦੀ ਛਾਉਂ ਹੇਠਾਂ, ਮਾਨੋ ਸ਼ਾਮ, ਦੁਪਹਿਰ ਨੂੰ ਪਈ ਹੋਈ ਸੀ । ਇਕ ਤਾਂ ਜਾਨ ਪਏ ਦੇਂਵਦੇ ਤੀਰ ਖਾ ਕੇ, ਇਕਨਾਂ ਵੇਖ ਜਾਨੋਂ ਜਾਨ ਗਈ ਹੋਈ ਸੀ । ਇਕਨਾਂ ਖਾਇਕੇ ਕਸਮ ਨੂੰ ਤੋੜ ਦਿੱਤਾ, ਕਸਮ ਸਿਦਕ ਦੀ ਇਕਨਾਂ ਨੇ ਲਈ ਹੋਈ ਸੀ । ਇਥੇ ਸੋਚਣੇ ਦੀ ਵਿਹਲ ਕਿਸੇ ਨੂੰ ਨਾ, ਮਾਰੋ ਮਾਰ ਵਾਲੀ ਰੌਲੀ ਪਈ ਹੋਈ ਸੀ । ਮਸ਼ਕ ਮੋਢੇ ਤੇ ਸਿਖ ਦਸ਼ਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਿਲਾਈ ਜਾਂਦਾ । ਤੜਪ ਤੜਪ ਕੇ ਜਿਨ੍ਹਾਂ ਦੀ ਜਾਨ ਜਾ ਰਹੀ, ਜਾਨ ਉਨ੍ਹਾਂ ਦੀ ਜਾਨ ਵਿਚ ਪਾਈ ਜਾਂਦਾ । ਕਿਸੇ ਆਖਿਆ ਜਾਏ ਦਸਮੇਸ਼ ਜੀ ਨੂੰ, 'ਸੱਚੇ ਪਾਤਸ਼ਾਹ ! ਜ਼ਰਾ ਖਿਆਲਿਆ ਜੇ । ਮੋਏ ਵੈਰੀਆਂ ਤਾਈਂ ਜਿਵਾਣ ਵਾਲਾ, ਵੈਰੀ ਵਿਚ ਬੁਕਲ ਤੁਸਾਂ ਪਾਲਿਆ ਜੇ । ਵੇਖੋ, ਉਨ੍ਹਾਂ ਨੂੰ ਫੇਰ ਉਠਾਈ ਜਾਂਦਾ, ਮਾਰ ਜਿਨ੍ਹਾਂ ਨੂੰ ਅਸਾਂ ਨੇ ਢਾਹ ਲਿਆ ਜੇ । ਲਿਆਵੇ ਵੈਰੀਆਂ ਤਾਈਂ ਫਿਰ ਹੋਸ਼ ਅੰਦਰ, ਇਹਨੇ ਆਪਣਾ ਹੋਸ਼ ਭੁਲਾ ਲਿਆ ਜੇ' । ਗੁਰਾਂ ਕਿਹਾ, 'ਕਨ੍ਹਈਆ ਜੀ ! ਗੱਲ ਕੀ ਏ ? ਅਪਣਾ ਅਤੇ ਬਿਗਾਨਾ ਵੀ ਭੁਲ ਗਿਆ ਏ' ? ਲੱਗਾ ਕਹਿਣ ਅੱਗੋਂ, 'ਤੇਰੀ ਸ਼ਰਨ ਆ ਕੇ, ਮੈਂ ਤੇ ਭੇਦ ਹਕੀਕਤ ਦਾ ਖੁਲ੍ਹ ਗਿਆ ਏ । ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ, ਤੈਥੋਂ ਬਾਹਰ ਕੋਈ ਨਜ਼ਰ ਆਇਆ ਹੀ ਨਹੀਂ । ਜਿੱਥੇ ਚੋਆਂ ਪਾਣੀ ਤੇਰਾ ਮੂੰਹ ਦਿੱਸੇ, ਕਿਸੇ ਗ਼ੈਰ ਦੇ ਮੂੰਹ ਵਿਚ ਪਾਇਆ ਹੀ ਨਹੀਂ । ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਂ ਨੇ ਦੂਈ ਦਾ ਪਾਠ ਪੜ੍ਹਾਇਆ ਹੀ ਨਹੀਂ । ਇਕ ਹੱਥ ਖੰਡਾ, ਦੂਜੇ ਹੱਥ ਅੰਮ੍ਰਿਤ, ਕਿਸੇ ਹੋਰ ਨੇ ਏਦਾਂ ਪਿਲਾਇਆ ਹੀ ਨਹੀਂ' । ਸੁਣ ਕੇ ਗੁਰੂ ਜੀ ਬੋਲ : ਬਹਾਦਰੀ ਇਹ, ਇਸੇ ਅਮਲ ਦੇ ਨਾਲ ਸਮਝਾ ਦਿਆ ਕਰ' । ਡੱਬੀ ਹੱਥ ਦੇ ਕੇ ਛਾਤੀ ਨਾਲ ਲਾਇਆ, ਕਿਹਾ, ' ਫੱਟਾਂ ਤੇ ਮਲ੍ਹਮ ਵੀ ਲਾ ਦਿਆ ਕਰ' ।

24. ਬੁਧੂ ਸ਼ਾਹ ਦਾ ਸਿਦਕ

"ਉੱਕਰੇ ਹਿਰਦਿਆਂ ਉਤੇ ਇਹਸਾਨ ਤੇਰੇ" ਦਿਨ ਕੇਵਲ ਆਖਦੀ ਨਹੀਂ ਜ਼ਬਾਨ ਮੇਰੀ। ਹੋਇਆ ਕੀ ਜੇ ਹੋਰ ਗਵਾਹ ਕੋਈ ਨਹੀਂ, ਹਾਮੀ ਭਰਨਗੇ ਜ਼ਿਮੀਂ ਅਸਮਾਨ ਮੇਰੀ। ਚਰਨੀਂ ਆਪਣੀ ਲਾਇਕੇ ਪੁੱਤ ਮੇਰੇ, ਤੈਂ ਨੇ ਆਪ ਵਧਾਈ ਸੀ ਸ਼ਾਨ ਮੇਰੀ। ਜਦੋਂ ਆਪਣੇ ਜਿਗਰ ਦੇ ਟੋਟਿਆਂ ਤੋਂ, ਕੀਤੀ ਪਹਿਲਾਂ ਸੀ ਭੇਟ ਪਰਵਾਨ ਮੇਰੀ । ਏਸ ਗੱਲ ਦਾ ਇਹੋ ਸਬੂਤ ਪੱਕਾ, ਜਿਵੇਂ ਸਿੱਖ, ਤਿਵੇਂ ਮੁਸਲਮਾਨ ਤੇਰੇ । ਸਿੱਖਾਂ, ਹਿੰਦੂਆਂ, ਮੋਮਨਾਂ ਸਾਰਿਆਂ ਦੇ, ਉੱਕਰੇ ਹਿਰਦਿਆਂ ਉਤੇ ਇਹਸਾਨ ਤੇਰੇ। ‘ਨ੍ਹੇਰਾ ਜੱਗ ਦਾ ਦਿਲਾਂ ਦਾ ਅਕਸ ਹੀ ਸੀ, ਤਾਂ ਹੀ ਵੇਖਿਆ ਦਿਤੀ ਰੁਸ਼ਨਾਈ ਏ ਤੂੰ। ਡੋਲ ਚੁੱਕੀ ਸੀ ਬੇੜੀ ਇਹ ਹਿੰਦ ਵਾਲੀ, ਆਪਾ ਡੋਬਕੇ ਡੁੱਬੀ ਤਰਾਈ ਏ ਤੂੰ। ਇਨ੍ਹਾਂ ਤੁਰਦਿਆਂ ਫਿਰਦਿਆਂ ਮੁਰਦਿਆਂ ਵਿਚ, ਜਾਨ ਅਣਖ ਤੇ ਆਨ ਦੀ ਪਾਈ ਏ ਤੂੰ । ਮਾੜੀ ਮੁਲਕ ਦੀ, ਮਾੜੀ ਹੋ ਢਹਿਣ ਲਗੀ, ਢਾਹੀ ਆਪਣੀ ਇਹਦੀ ਬਣਾਈ ਏ ਤੂੰ । ਯਾਦੋਂ ਭੁਲ ਜਾਵੇ ਬੇਸ਼ੱਕ ਭੁਲ ਜਾਵੇ, ਪਰਉਪਕਾਰ ਸਾਰੇ, ਹਿੰਦੁਸਤਾਨ ਤੇਰੇ। ਐਪਰ ਦਿਲਾਂ ਨੂੰ ਵਿਸਰਨੇ ਬਹੁਤ ਔਖੇ, ਉੱਕਰੇ ਹਿਰਦਿਆਂ ਉਤੇ ਇਹਸਾਨ ਤੇਰੇ।

25. ਮਲਾਹ ਸਤਿਗੁਰ

(ਅਛੂਤ ਦਾ ਸਿਦਕ ਤੇ ਗਿਲਾ) ਦੀਨ ਦਿਆਲ ਤੂੰ ਮਾਣ ਨਿਮਾਣਿਆਂ ਦਾ, ਆਲੀ ਜਾਹ, ਮੇਰੇ ਸ਼ਹਿਨਸ਼ਾਹ ਸਤਿਗੁਰ । ਪੀਰਾਂ ਪੀਰ ਵੱਡੇ ਵਲੀਆਂ ਵਲੀ ਸਤਿਗੁਰ, ਬੇ ਪ੍ਰਵਾਹ ਹੋ, ਕਰੇਂ ਪਰਵਾਹ ਸਤਿਗੁਰ। ਹਰ ਇਕ ਰੰਗ ਅੰਦਰ ਬਿਨਾਂ ਰੰਗ ਹੈਂ ਤੂੰ, ਦਸੇਂ ਰੰਗ ਐਸਾਂ ਜੈਸੀ ਚਾਹ ਸਤਿਗੁਰ । ਮੀਰਾਂ ਮੀਰ ਸੱਚੇ ਦਸਤਗੀਰ ਸਤਿਗੁਰ, ਓ ਫਕੀਰ ! ਆਪੇ ਪਾਤਸ਼ਾਹ ਸਤਿਗੁਰ । ਜੀਹਨੇ ਸਮਝਿਆ ਬੇ ਇਖਤਿਆਰ ਕਿਹਾ, ਵਾਹ ਵਾਹ ਸਤਿਗੁਰ, ਵਾਹ ਵਾਹ ਸਤਿਗੁਰ। ਡੁੱਬ ਜਾਣ ਦੇ ਭੈ ਨੂੰ ਜਾਣ ਦਿੱਤਾ, ਸਾਡੇ ਬੇੜੇ ਦਾ ਤੂੰ ਹੀ ਮਲਾਹ ਸਤਿਗੁਰ। ਬੈਠ ਗਏ ਹਾਂ ਤੇਰੇ ਜਹਾਜ਼ ਅੰਦਰ, ਹੁਣ ਡੋਬ ਦੇ ਤੇ ਭਾਵੇਂ ਤਾਰ ਦੇ ਤੂੰ । ਜਦੋਂ ਸੌਂਪ ਦਿਤੇ ਅਪਨੇ ਸਾਹ ਤੈਨੂੰ, ਫੇਰ ਰੱਖ ਭਾਵੇਂ ਭਾਵੇਂ ਮਾਰ ਦੇ ਤੂੰ। ਛਡੇ ਆਸਰੇ ਸਭ ਤੇਰੀ ਸ਼ਰਨ ਆਏ, ਰਖ ਵਿਚ ਚਰਨੀਂ ਯਾ ਧਿਕਾਰ ਦੇ ਤੂੰ। ਇਥੇ ਤੇਰੇ ਹੀ ਬਿਰਧ ਦੀ ਪੈਜ ਰਹਿਣੀ, ਭਾਵੇਂ ਜਿਤ ਦੇ ਦੇ, ਭਾਵੇਂ ਹਾਰ ਦੇ ਤੂੰ । ਤੇਰੇ ਹੋਏ ਕੇ ਸਾਨੂੰ ਤਾਂ ਸੋਭਦਾ ਨਹੀਂ, ਕਰੀ ਜਾਵੀਏ ਉਹ ਯਾ ਆਹ ਸਤਿਗੁਰ । ਤੇਰੀ ਉਮਤ ਪਈ ਵਿਤਕਰੇ ਪਾਏ ਬੇਸ਼ਕ, ਇਕੋ ਬੇੜਾ ਤੇ ਤੂੰ ਹੀ ਮਲਾਹ ਸਤਿਗੁਰ । ‘ਭੁੱਲੇ ਹੋਇਆਂ' ਤੋਂ ਸਾਨੂੰ ਪੈਣ ਧਕੇ, ਅਸਾਂ ਤਕ ਲਿਆ ਏ ਹੁਣ *ਤਾਤ ਅੰਦਰ ਸਾਰੇ ਰੰਗਾਂ ਦੇ ਵਿਚ ‘ਉਹ’ ਵੱਸਦਾ ਏ, ਸਭੋ ਜ਼ਾਤੀਆਂ ਨੇ ‘ਉਹ’ ਦੀ ਜ਼ਾਤ ਅੰਦਰ । ‘ਅਸ਼ਟਾ ਵਕਰ’ ਨੇ ‘ਜਨਕ' ਨੂੰ ਆਖਿਆ ਸੀ, ਉਹਨੇ ਸਮਝਿਆ ਸੀ ਇਕੋ ਬਾਤ ਅੰਦਰ। "ਚੰਮ ਪਰਖਣਾ ਕੰਮ ਚਮਿਆਰ ਦਾ ਏ, ਰਾਜਾ ! ਜੋਤ ਨੂੰ ਵੇਖ ਤੂੰ ਝਾਤ ਅੰਦਰ ।" ਭੁੱਲੇ ਸੂਰਤਾਂ ਦੇ ਜੋਤ ਵੇਖਦੇ ਨਹੀਂ, ਤੇਰੇ ਹੋਏ, ਛੱਡਨ ਤੇਰਾ ਰਾਹ ਸਤਿਗੁਰ । ਹੱਛਾ ਭੁਲੇ ਤਾਂ ਖਾਣਗੇ ਪਏ ਗੋਤੇ, ਐਪਰ ਸਾਡਾ ਤਾਂ ਤੂੰ ਹੀ ਮਲਾਹ ਸਤਿਗੁਰ । ਸਦਾ ਸਿਦਕ ਸਾਡਾ ਜੇਕਰ ਰਹੇ ਕਾਇਮ, ਸਾਡੇ ਨਾਲ ਹੈ ਫੇਰ ਅਸੀਸ ਤੇਰੀ। ਕਿਉਂਕਿ ਨੀਚਾਂ ਦੀ ਜਿਥੇ ਸੰਭਾਲ ਹੋਵੇ, ਉਥੇ ਹੋਂਵਦੀ ਸਦਾ ਬਖਸ਼ੀਸ਼ ਤੇਰੀ। ਜਿਹੜੀ ਹੋਈ ਸੀ ਨਾਲ ਪਹਾੜੀਆਂ ਦੇ, ਸ਼ਰਤ ਯਾਦ ਹੈ ਸਾਨੂੰ ਜਗਦੀਸ਼ ਤੇਰੀ । ਨੀਚਾਂ ਤਾਂਈ ਵੀ ਉੱਚਿਆਂ ਕਰਨ ਦੇ ਵਿਚ, ਕਰ ਲੈਣੀ ਏਂ ਕਿਸੇ ਕੋਈ ਰੀਸ ਤੇਰੀ। ਜਾਣ ਬੁਝ ਕੇ ਆਖੀਏ ਫੇਰ ਕਾਹਨੂੰ, ‘ਕਿ ਹੈ ਅਸਾਂ ਦੀ ਹੋਰ ਵੀ ਜਾ ਸਤਿਗੁਰ।' ਤੇਰੇ ਕਾਰ ਨਾਮੇਂ ਆਪੇ ਦਸਦੇ ਪਏ, ਸਾਡੇ ਬੇੜੇ ਦਾ ਤੂੰ ਹੀ ਮਲਾਹ ਸਤਿਗੁਰ। ਬੱਚਾ ਬੱਚਾ ਜਹਾਨ ਦਾ ਜਾਣਦਾ ਏ, ਦੀਨਾਂ ਦੁਖੀਆਂ ਦਾ ਮਦਦਗਾਰ ਸੈਂ ਤੂੰ । ਢੱਠੇ ਡਿਗਿਆਂ ਤਾਂਈਂ ਉਠਾਣ ਵਾਲਾ, ਸਦਾ ਲਈ ਬੇ ਯਾਰ ਦਾ ਯਾਰ ਸੈਂ ਤੂੰ । ਛੋਟੇ ਬੜੇ ਸੰਸਾਰ ਦੇ ਰੋਗੀਆਂ ਲਈ, ਇਕੋ ਜਿਹਾ ਦਾਰੂ ਅੰਮ੍ਰਿਤ ਧਾਰ ਸੈਂ ਤੂੰ। ਤੂੰ ਤਾਂ ਆਪ ਸੈਂ ਪਾਣੀ ਪਿਆਸਿਆਂ ਲਈ, ਅਤੇ ਭੁਖਿਆਂ ਖਾਤਰ ਅਧਾਰ ਸੈਂ ਤੂੰ । ਆਕੇ ਵੇਖ ਹੁਣ ਸਿੱਖਾਂ ਦੇ ਉਲਟ ਚਾਲੇ, ਸਾਨੂੰ ਖੂਹਾਂ ਤੋਂ ਪਾਣੀ ਨਹੀਂ ਪੀਣ ਦੇਂਦੇ। ਤੂੰ ਤਾਂ ਮੁਰਦਿਆਂ ਵਿਚ ਜਾਨ ਪਾਉਂਦਾ ਸੈਂ, ਪਰ ਇਹ ਜੀਂਦਿਆਂ ਨੂੰ ਨਹੀਓਂ ਜੀਣ ਦੇਂਦੇ। *ਵਾਹਿਗੁਰੂ ਪਿਤਾ

26. ਪਾਰ ਕਰ ਦੇ

ਅਛੂਤ ਦੀ ਬੇਨਤੀ ਆਇਆ "ਹੜ੍ਹ ਸੀ ਦੁਈ ਤੇ ਈਰਖਾ ਦਾ, ਕੀਤੇ ਆਪਣੇ ਅਪਨੀ ਪਾਰ ਚੁਣਕੇ । ਸੁੰਞੇ ਦਿਲ ਸੀ ਸੱਖਣੇ ਪਿਆਰ ਕੋਲੋਂ, ਦਿਤੇ ਪ੍ਰੇਮ ਦੀ ਮਾਰਨੀ ਮਾਰ ਚੁਣਕੇ । ਮਹਿਕੇ ਬਾਗ ਅੰਦਰ ਸਾਰੇ ਮਹਿਕ ਤੇਰੀ, ਕੀਤੇ ਫੁਲਾਂ ਦੀ ਵਾਂਗ ਨੀ ਖਾਰ ਚੁਣਕੇ । ਟੁੱਟੇ ਲੜੀ ਚੋਂ ਮੜ੍ਹੀ ਤੇ ਰੁਲਦੇ ਸੀ, ਉਹ ਵੀ ਵਿਚ ਪਰੋਏ ਨੀ ਹਾਰ ਚੁਣਕੇ । ਇਕੋ ਮਿਹਰ ਤੇ ਛੋਹ ਦੀ ਦੇਰ ਤੇਰੀ, ਹਥ ਮਿਹਰ ਵਾਲਾ ਇੱਕ ਵਾਰ ਧਰ ਦੇ । ਪਾਰਸ ਧਾਤ ਦਾ ਮੇਲ ਹੈ ਮੇਲ ਤੇਰਾ, ਪਿੱਤਲ ਵਾਂਗ ਸੋਨੇ ਦੇ ਤਿਆਰ ਕਰ ਦੇ। ਪਾਪੀ ਪੁੰਨੀਂ ਤੇ ਚੋਰ ਵੀ ਸਾਧ ਹੋਏ, ਸੁੰਦਰ ਮੁੱਖ ਚੋਂ ਨਿਕਲਦੀ ਵਾਰ ਸੁਣਕੇ । ਮਸਤ ਰਾਗ ਵਿਚ ਨਾਗ ਦੇ ਵਾਂਗ ਹੋਏ, ਕਈ ਜੀਵ ਰਬਾਬ ਦੀ ਤਾਰ ਸੁਣਕੇ । ਸਾਰ ਹੋਏ ਸੋਨਾ, ਨੀਚ ਹੋਏ ਉਚੇ, ਮੈਂ ਵੀ ਨੀਚ ਨੇ ਪਾਇਆ ਤਿਆਰ ਸੁਣਕੇ । ਜਨਮ ਜਾਤ ਦੀ ਪੁੱਛ ਪਰਤੀਤ ਨਾਹੀਂ, ਅੰਮ੍ਰਿਤ ਪੀਣ ਨੂੰ ਹੋਈ ਤਿਆਰ ਸੁਣਕੇ । ਪਹੁੰਚੀ ਵਿਚ ਦਰਬਾਰ ਇਸ਼ਨਾਨ ਕਰਕੇ, ਮੈਨੂੰ ਵੇਖ ਕਹਿੰਦੇ ਇਹਨੂੰ ਬਾਹਰ ਕਰ ਦੇ । ਉਮਤ ਜਾਤ-ਅਭਿਮਾਨ ਦੇ ਵਿਚ ਡੁੱਬੀ, ਪਕੜ ਬਾਂਹ ਬਾਬਾ ਇਹਨੂੰ ਪਾਰ ਕਰ ਦੇ। ਮੈਂ ਤੂੰ ਆਖਾਂ, ਤੂੰ ਮੈਂ ਅੰਦਰ, ਵਸੇਂ, ਇਸਤਰਾਂ ਕੋਈ ਤਦਬੀਰ ਹੋਵੇ। ਸੁਰਤ ਜੁੜੇ, ਨਿਸ਼ਾਨਿਉਂ ਮੁੜੇ ਨਾਹੀਂ, ਵਿੱਚ ਅੱਖੀਆਂ ਤੇਰੀ ਤਸਵੀਰ ਹੋਵੇ। ਭਲਾ ਬੁਰਾ ਭਾਵੇਂ ਕੋਈ ਨੀਚ ਆਖੇ, ਬਿਰਤੀ ਟਿਕੀ ਇੱਕ ਸਾਰ ਗੰਭੀਰ ਹੋਵੇ। ਮਨ ਤਨ ਤੇ ਆਪਣਾ ਆਪ ਸਾਰਾ, ਤੇਰੀ ਮਾਲਕੀ, ਤੇਰੀ ਜਾਗੀਰ ਹੋਵੇ। ਇਧਰੋਂ ਤੋੜ ਕੇ ਤੇ ਉਧਰ ਜੋੜ ਦੇਵੇ, ਐਸੀ ਮਸਤ ਸ਼ਰਾਬ ਦਾ ਜਾਮ ਭਰ ਦੇ। ਏਸੇ ਤਰ੍ਹਾਂ ਹੀ ਸ਼ਾਮ ਤੋਂ ਸੁਬਾਹ ਹੋਵੇ, ਏਸੇ ਵਿੱਚ ਸਵੇਰ ਤੋਂ ਸ਼ਾਮ ਕਰ ਦੇ। ਹੱਥ ਚੱਪੂ ਵਿਸ਼ਵਾਸ਼ ਦਾ, ਨਾਮ ਬੇੜੀ, ਵੇਖੇ ਕਈ ਮੈਂ ਹੋਵਦੇ ਪਾਰ, ਤਰ ਤਰ। ਪਾਰ ਕਰਨ ਵਾਲਾ ਹੈਂ ਮਲਾਹ ਤੂੰ ਹੀ, ਹੋਵੇ ਇਹੋ ਚਰਚਾ ਲਗਾਤਾਰ, ਘਰ ਘਰ । ਅੰਮ੍ਰਿਤ ਵਰਤਦਾ ਤੇਰੇ ਦਰਬਾਰ ਅੰਦਰ, ਵੇਖੇ ਕਈ ਮੈਂ ਪੀਂਵਦੇ ਬੁੱਕ, ਭਰ ਭਰ । ਸਿਦਕ, ਸਮਝ, ਪ੍ਰੇਮ, ਤੇ ਮਿਹਰ ਬਾਝੋਂ, ਇਕੋ ਮੈਂ ਤੱਤੀ ਜਿਹੜੀ ਰੁਲਾਂ ਦਰ ਦਰ । ਅੱਖਾਂ ਬਖਸ਼ ਜਿਨ੍ਹਾਂ ਨਾਲ ਤੂੰਹੀਂ ਦਿਸੇਂ, ਮੈਂ ਮੇਰੀ ਤੇ ਦੂਈ ਦੇ ਪਾੜ ਪੜਦੇ। ਮੈਨੂੰ ਨੀਚ, ਕੁਜਾਤ, ਕੁਲੱਖਣੀ ਨੂੰ, ਗੁਰੂ ! ਨਾਮ ਦੇ ਵਾਸਤੇ ਪਾਰ ਕਰ ਦੇ।

27. ਗੁਰਬਾਣੀ

੧. ਸ਼ਾਂਤੀ ਦੇ ਉਸ ਭੰਡਾਰ ਵੱਲ, ਪਿਆਰੇ ਦੇ ਸੱਚੇ ਪਿਆਰ ਵੱਲ। ਬੇਤਾਰ ਹੀ ਇਕ ਤਾਰ, ਵੱਲ, ਮਨ ਦੌੜਦਾ, ਦਾਤਾਰ ਵੱਲ । ਬਾਣੀ ਹੈ ਮੁੜ ਜੋੜਦੀ, ਵਿਸ਼ਿਉਂ ਵਿਕਾਰੋਂ ਹੋੜਦੀ । ੨. ਕਿਸ ਰੂਪ ਵਿਚ ਸੰਸਾਰ ਹੈ ? ਭਉਜਲ ਦੀ ਇਹ ਮੰਝਧਾਰ ਹੈ, ਡੁਬਦਾ ਤਾਂ ਡੁੱਬਕੇ ਮਰ ਰਿਹਾ, ਰਦਾ ਹੈ ਡੁਬਣੋਂ ਡਰ ਰਿਹਾ, ਜਿਸਦਾ ਨਿਸ਼ਾਨਾਂ ਹੈ ਨਹੀਂ, ਉਸਦਾ ਟਿਕਾਣਾ ਹੈ ਨਹੀਂ, ਆਈ ਤੇ ਝੱਟ ਹੀ ਫੁੱਲ ਗਿਆ, ਚੱਲੀ ਗਈ ਤਾਂ ਡੁੱਲ੍ਹ ਗਿਆ, ਮਨ ਨੂੰ ਟਿਕਾਣੇ ਰੱਖਣਾ, ਦਿਲ ਨੂੰ ਟਿਕਾਣੇ ਰੱਖਣਾ, ਬਾਣੀ ਹੀ ਹੈ ਸਿਖਲਾਉਂਦੀ, ਜੀਵਾਂ ਨੂੰ ਨਾ ਡੋਲਾਂਵਦੀ । ੩. ਸੂਖਮ ਜਿਹੀ ਇਸ ਆਸ ਵਿਚ, ਉਡਿਆ ਫਿਰਾਂ ਆਕਾਸ਼ ਵਿਚ, ਗੁੱਡਾ ਅਕਾਸ਼ੀ ਬਣ ਗਿਆ, ਡੋਰਾਂ ਭਰੋਸੇ ਤਣ ਗਿਆ, ਬਾਣੀ ਹੀ ਸਮਝੋ ਡੋਰ ਹੈ, ਕੋਈ ਹੋਰ ਨਾ ਕੋਈ ਹੋਰ ਹੈ। ੪. ਬੰਦਾ ਜਿਧਰ ਮਰਜ਼ੀ ਫਿਰੇ, ਬੈਠੇ, ਹਸੇ, ਖੇਡੇ, ਤੁਰੇ, ਖਾਏ ਪੀਏ ਕੋਈ ਟੋਕ ਨਾ, ਸਰਾਂ ਦੀ ਉਕੀ ਰੋਕ ਨਾ, ਦੁਨੀਆਂ ਨਜ਼ਾਰੇ ਵੇਖਕੇ, ਸਾਰੇ ਦੇ ਸਾਰੇ ਵੇਖਕੇ, ਫਿਰ ਵੀ ਟਿਕਾਣਾ ਭਾਲਦਾ, ਅਪਨਾਂ ਹੀ ਘਰ ਸੰਭਾਲਦਾ, ਮਨ ਦਾ ਟਿਕਾਣਾ ਚਾਹੀਏ, ਹਾਂ ਜੀ ਨਿਸ਼ਾਨਾਂ ਚਾਹੀਏ, ਸਾਡਾ ਟਿਕਾਣਾ ਇਹੋ ਹੈ, ਸਾਡਾ ਨਿਸ਼ਾਨਾ ਇਹੋ ਹੈ, ਇੱਥੇ ਟਿਕੋ ਵੱਧੇ ਚਲੋ, ਦਿਲ ਦਾ ਸਹਾਰਾ ਨਾ ਭੁਲੋ, ਜੋ ਟਿਕ ਗਿਆ, ਆਜ਼ਾਦ ਏ, ਬਿਨ ਟਿਕਿਆਂ ਬਰਬਾਦ ਏ । ੫. ਅਸਚਰਜ ਹੀ ਕੁਝ ਸ੍ਵਾਦ ਹੈ, ਨਾ ਅੰਤ ਹੈ ਨਾ ਆਦਿ ਹੈ, ਕੁਦਰਤ ਦਾ ਇਕ ਉਮਾਹ ਹੈ, ਸਾਗਰ ਇਹ ਇਕ ਅਸਗਾਹ ਹੈ, ਜਿਤਨੇ ਹੀ ਡੂੰਘੇ ਜਾਈਏ, ਸੁਚੇ ਹੀ ਮੋਤੀ ਪਾਈਏ, ਕੀਮਤ ਨਹੀਂ, ਕੋਈ ਮੁਲ ਨਾ, ਕੋਈ ਵੀ ਇਸ ਦੇ ਤੁਲ ਨਾ, ਜੋ ਡੁਬ ਗਿਆ ਸੋ ਤਰ ਗਿਆ, ਉਹ ਜੀ ਪਿਆ ਜੋ ਮਰ ਗਿਆ । ੬. ਬਾਣੀ ਹੈ ਬੰਨਾ ਸਭ ਲਈ, ਅੰਮ੍ਰਿਤ ਦਾ ਛੰਨਾ ਸਭ ਲਈ, ਜਿਸ ਪੀ ਲਿਆ ਉਸ ਪਾ ਲਿਆ, ਇਹ ਪਾਕੇ ਹੋਰ ਭੁਲਾ ਲਿਆ, ਦੂਜੇ ਦੀ ਰਖੀ ਆਸ ਨਾ, ਮੁੜ ਮੁੜ ਕੇ ਲਗੀ ਪਿਆਸ ਨਾ, ਅਗ ਤਾਮਸ਼ੀ ਦੀ ਬਲ ਰਹੀ, ਇਸ ਵਿਚ ਲੁਕਾਈ ਜਲ ਰਹੀ ਜਲਦੀ ਉਤੇ ਪਾਣੀ ਹੈ ਇਹ, ਮਹਾਰਾਜ ਦੀ ਬਾਣੀ ਹੈ ਇਹ। ੭. ਵਿਸ਼ਿਆਂ ਦੇ ਵਾੜੇ ਸ਼ਹਿਰ ਵਿਚ, ਦੁੱਖਾਂ ਭਰੇ ਇਸ ਬਹਿਰ ਵਿਚ, ਪਾਪਾਂ ਦੇ ਨਾਲੇ ਬਹਿ ਰਹੇ, ਪਾਪੀ ਇਨ੍ਹਾਂ ਵਿਚ ਵਹਿ ਰਹੇ, ਕੋਈ ਕਾਮ ਅਗ ਨੇ ਸਾੜਿਆ, ਕੋਈ ਲੋਭ ਦਾ ਹੈ ਲਤਾੜਿਆ, ਕੋਈ ਕ੍ਰੋਧ ਦਾ ਹੈ ਕੁਠਿਆ, ਹੈ ਮੋਹ ਦਾ ਕੋਈ ਮੁਠਿਆ, ਪਾਪ ਦਾ ਜੋ ਸਰਦਾਰ ਹੈ, ਹੰਕਾਰ ਹੈ, ਹੰਕਾਰ ਹੈ, ਪੰਜਾਂ ਦੇ ਵਾਜੇ ਵਜ ਰਹੇ, ਡਰ ਡਰ ਕੇ ਲੋਕੀ ਭਜ ਰਹੇ, ਕੋਈ ਜੰਗਲੀਂ ਜਾ ਛੁਪਿਆ, ਕੋਈ ਕੰਦਰੀਂ ਜਾ ਲੁਕਿਆ, ਛਡ ਦੇਵੀਏ ਘਰ ਬਾਰ ਨੂੰ, ਸੰਸਾਰ ਤੇ ਪਰਵਾਰ ਨੂੰ, ਮਿਲਦਾ ਫਕੀਰੀ ਬਾਣਿਆਂ, ਨਿਸਚੇ ਕਿਸੇ ਕਰ ਜਾਣਿਆਂ, ਗ੍ਰਹਸਤੀ ਤੋਂ ਪੰਜੇ ਮਰਨ ਨਾ, ਬਿਨ ਮਾਰਿਆਂ ਕੰਮ ਸਰਨ ਨਾ, ਇਹ ਵੀ ਉਨ੍ਹਾਂ ਦੀ ਭੁਲ ਹੈ, ਇਸ ਦਾ ਨਾ ਕੁਝ ਵੀ ਮੁਲ ਹੈ, ਪੰਜਾਂ ਨੂੰ ਨਹੀਂ ਹੈ ਮਾਰਨਾ, ਹਾਂ ਚਾਹੀਦਾ ਹੈ ਸੰਵਾਰਨਾਂ, ਪੰਜਾਂ ਨੂੰ ਰਖਕੇ ਹਦ ਵਿਚ, ਮਿਲ ਜਾਈਦਾ ਬੇਹੱਦ ਵਿਚ, ਗੋਝਾਂ ਇਹ ਬਾਣੀ ਦਸਦੀ, ਸੋਝਾਂ ਇਹ ਬਾਣੀ ਦਸਦੀ । ੮. ਅਭਲਾਖੀਆ ਸਚ ਜਾਣ ਇਹ, ਬਾਣੀ ਦਾ ਹੈ ਜੋ ਬਾਣ ਇਹ, ਸੀਨੇ 'ਚ ਜਾਂਦਾ ਲਗਦਾ, ਠੱਗਾਂ ਨੂੰ ਜਾਂਦਾ ਠੱਗਦਾ, ਬਲੀਆਂ ਦੇ ਤੋੜੇ ਬਲ ਇਹ, ਵਲੀਆਂ ਦੇ ਕੱਢੇ ਵੱਲ ਇਹ, ਇਸ ਬਾਣ ਦੀ ਹੈ ਬਾਣ ਇਹ, ਮੋਏ ਨੂੰ ਬਖਸ਼ੇ ਜਾਨ ਇਹ, ਸੁਰਤੀ ਦੀ ਪਾਕੇ ਕਮਾਨ ਵਿਚ, ਰਖਕੇ ਨਿਸ਼ਾਨਾ ਧਿਆਨ ਵਿਚ, ਆਪੇ ਤੇ ਆਪ ਚਲਾਈ ਜਾ, ਹਾਂ ਅੰਦਰਲਾ ਸੁਖ ਪਾਈ ਜਾ

28. ਬਾਣੀ

ਦਾਅਵਾ, ਕਿ ਹੈ ਇਹ ਸਭ ਦੀ ਇਜ਼ਤ ਤੇ ਸ਼ਾਨ ਬਾਣੀ । ਸਭ ਦੇ ਪਰਾਣ ਬਾਣੀ ਸਭ ਦੀ ਏ ਜਾਨ ਬਾਣੀ । ਸੁਚ, ਵਰਤ, ਨੇਮ, ਸੰਜਮ, ਤੀਰਥ-ਸ਼ਨਾਨ ਬਾਣੀ । ਜਪ, ਤਾਪ, ਪਾਠ, ਪੂਜਾ, ਦਾਨਾਂ ਦਾ ਦਾਨ ਬਾਣੀ । ਸਾਰੇ ਜਹਾਂ ਦੀ ਜੀਵਨ ਅਕਸੀਰ ਨੂੰ ਛੁਪਾਇਆ । ਡਬੀ *ਜ਼ਬਾਨ ਦੀ ਵਿਚ ਹੀਰੇ ਤਈਂ ਲੁਕਾਇਆ । ਸਭਨਾਂ ਦੀ ਚੀਜ਼ ਸਾਂਝੀ, ਕੰਮ ਸਾਰਿਆਂ ਦੇ ਆਵੇ । ਸਭਨਾਂ ਹੀ ਬੋਲੀਆਂ ਵਿਚ, ਰੰਗ ਆਪਣਾ ਵਖਾਵੇ । ਐਸੀ ਇਹ ਦਾਤ ਰੱਬੀ, ਖਰਚੋ ਤਾਂ ਥੁੜ੍ਹ ਨਾ ਜਾਵੇ । ਆਪਣਾ ਸਿਧਾਂਤ ਪਰਗਟ, ਇਹ ਖੋਲ੍ਹ ਕੇ ਸੁਣਾਵੇ:- 'ਸਫਲਾ ਉਸੇ ਦਾ ਪੈਂਡਾ, ਸਫਲਾ ਉਸੇ ਦਾ ਆਇਆ । ਹੈ ਨਾਮ ਜਿਸ 'ਮੁਸਾਫ਼ਿਰ', ਜਪਿਆ ਅਤੇ ਜਪਾਇਆ । *ਅਜਿਹੀ ਅਮੋਲਕ ਵਸਤੂ ਨੂੰ ਅਸਾਂ ਕੇਵਲ ਗੁਰਮੁਖੀ ਅੱਖਰ ਤੇ ਆਪਣੀ ਹੀ ਬੋਲੀ ਵਿੱਚ ਬੰਦ ਕਰ ਰਖਿਆ।

29. ਬਾਣੀ ਧਨ

ਖੁਲ੍ਹ-ਦਿਲਿਆਂ ਦੇ ਵਾਂਗੂੰ ਵੰਡੇ ਖੁਲ੍ਹ ਖਰਚੇ ਖੁਲ੍ਹ ਖਾਵੇ, ਐਸਾ ਧਨ ਮਿਲਿਆ ਗੁਰਸਿਖ ਨੂੰ, ਜਿਸ ਦੀ ਤੋਟ ਨ ਆਵੇ । ਸਾਂਭ ਰਖਣ ਤੋਂ ਭਾਵ, ਅਦਬ ਸੀ, ਪਰ ਉਲਟੀ ਇਸ ਸਮਝੀ, ਭੁਖ ਨਾਲ ਲੱਖਾਂ ਪਏ ਤਰਸਣ, ਵਰਤੇ ਨਾ ਵਰਤਾਵੇ ।

30. ਸਿੱਖ ਧਰਮ ਤੇ ਛੂਤ ਛਾਤ

ਗੁਰੂ ਦਰੋਂ ਹੋੜਨਾ ਤੇ ਸਿਖੀ ਵਲੋਂ ਮੋੜਨਾ, ਹੈ ਜੁੜੀ ਲੜੀ ਤੋੜਨਾ ਇਹ ਕਾਸ ਦੀ ਦਾਨਾਈਏ। ਗੁਰੂ ਦਰ ਖੁਲ੍ਹਾ ਡੁਲ੍ਹਾ ਭੁਲਾ ਜੋ ਕੁਰਾਹ ਜਾਵੇ, ਏਸ ਰਾਹ ਆਣੋ ਨਾਹੀਂ ਕਿਸੇ ਨੂੰ ਮਨਾਹੀ ਏ । ਗੁਰੂ ਜੀ ਦੇ ਵਾਕ ਹੈ ਨੇ ਖਾਕ ਹੋਵੋ ਪਾਕ ਹੋਸੋ, ਨੀਵਾਂ ਹੋਣਾ ਨਿੰਵ ਬਹਿਣਾ ਇਹੋ ਊਚਤਾਈ ਏ । ਨੀਚ ਨੀਚ ਪਰੇ ਪਰੇ ਦੁਰੇ ਦੁਰੇ ਬੰਦਿਆਂ ਨੂੰ, ਦਸੋ ਭਾਈ ਸਜਨੋਂ ਇਹ ਕੈਡੀ ਬੁਰਿਆਈ ਏ। ਦੋਵੇਂ ਹੱਥ, ਦੋਵੇਂ ਪੈਰ, ਦੋਵੇਂ ਕੰਨ, ਮੂੰਹ ਜ਼ਬਾਨ, ੳਹਾ ਰੰਗ, ਉਹਾ ਢੰਗ, ਉਹਾ ਰੁਸ਼ਨਾਈ ਏ । ਇਕੋ ਜਿਹੇ ਹਡ ਚਮ ਮਾਸ ਸਾਸ ਇਕੋ ਜਿਹੇ, ਕਿਹੜੇ ਪਾਸੇ ਭਰੀ ਮੈਨੂੰ ਦਸੋ ਨੀਚਤਾਈ ਏ । ਜ਼ਾਤ ਪਾਤ ਨਾਲ ਕਦੇ ਨੀਚ ਊਚ ਹੋਂਵਦਾ ਨਾ, ਦੇਂਦਾ ਇਤਿਹਾਸ ਏਸ ਗਲ ਦੀ ਗਵਾਹੀ ਏ । ਏਵੇਂ ਕੇਵੇਂ ਝੂਠੇ ਮੂਠੇ ਵਹਿਮ ਪਏ ਗਲੇ ਆਣ, ਛੂਤ ਛਾਤ ਭੂਤ ਨੇ ਲੁਕਾਈ ਭਰਮਾਈ ਏ । ਜ਼ਾਤ ਪਾਤ ਮੰਦੀ ਬਾਤ ਪੁਛੀ ਨਾਹੀਂ ਜਾਂਦੀ ਭਾਈ, ਗੁਰੂ ਅਮਰਦਾਸ ਜੀ ਨੇ ਸਚੀ ਇਹ ਸੁਣਾਈ ਏ । ਉਹੋ ਜ਼ਾਤ ਉਹੋ ਪਤ ਕਰਮਾਂ ਤੇ ਹੋਏ ਗਤ, ਭਰਮਾਂ ਦੀ ਲਤ ਪਤ ਗੁਰੂ ਨੇ ਉਡਾਈ ਏ । ਜਮੇਂ ਚਮਿਆਰ ਘਰ ਬਣੇ ਸਰਦਾਰ ਜਗ, ਭਗਤ ਰਵਦਾਸ ਦੀ ਕਹਾਣੀ ਯਾਦ ਆਈ ਏ। ਨੋਕ ਚੋਕ ਲੋਕ ਕਰਨ ਪਾਸ ਬਹਿਣੋਂ ਰੋਕ ਕਰਨ, ਕੈਸੀ ਪ੍ਰਮਾਤਮਾਂ ਨੇ ਨੇਤ ਵਰਤਾਈ ਏ ਬੈਠ ਕੇ ਦੁਰਾਡੇ ਜਦੋਂ ਤਕਦੇ ਨੇ ਆਸ ਪਾਸ, ਦੇਵੇ ਰਵਦਾਸ ਪਾਸ ਸਾਰਿਆਂ ਵਿਖਾਈ ਏ । ਕੀਤਾ ਤ੍ਰਿਸਕਾਰ ਮਾਰ ਨਾਮੇਂ ਤਾਈਂ ਬਾਹਰ ਕੀਤਾ, ਭਗਤਾਂ ਦੀ ਲਾਜ ਰਖ ਦੇਹਰੀ ਫਿਰਾਈ ਏ । ਤੁਸੀਂ ਜੀਹਨੂੰ ਨੀਚ ਕਹੋ ਰਬ ਉਹਨੂੰ ਊਚ ਕਹੇ, ਗੁਰੂ ਉਹਦੇ ਅੰਗ ਸੰਗ ਹੋਂਵਦਾ ਸਹਾਈ ਏ । ਨੀਚ ਕਾਹਦਾ ਊਚ ਕਾਹਦਾ ਭਿਟ ਕਾਹਦੀ ਸੁੱਚ ਕਾਹਦਾ, ਹੁੰਦੀ ਨਾਹੀਂ ਜਦੋਂ ਤੀਕ ਦਿਲਾਂ ਦੀ ਸਫਾਈ ਏ। ਝੁਲੇ ਵਹਿਮ ਭੁਲੇ ਰਹਿਮ ਭੁਲੇ ਇਤਿਹਾਸ, ਅਤੇ ਭੁਲ ਗਈ ਪ੍ਰੀਤ ਮੀਤ ਰੀਤ ਬਿਸਰਾਈ ਏ । ਭੁਲ ਗਈ ਪੁਰਾਣੀ ਉਹ ਕਹਾਣੀ ਉਸ ਭੀਲਣੀ ਦੀ, ਸੁਕੇ ਸੁਕੇ ਬੇਰ ਪਾਸ ਰਾਮ ਦੇ ਲਿਆਈਏ। ਜੂਠੇ ਜੂਠੇ ਖਾਉਂਦੇ ਸਲਾਹੁੰਦੇ ਸਵਾਦ ਕੈਸਾ, ਕੈਸੀ ਪ੍ਰੇਮ ਪਿਆਰ ਦੀ ਮਸਾਲ ਦਿਖਲਾਈ ਏ । ਏਕਤਾ ਦੀ ਰੀਤ ਪ੍ਰੀਤ ਧਾਰ ਨੀਤ ਚਿਤ ਵਿਚ, ਛੂਤ ਭੂਤ ਦ੍ਵੈਤ ਆਪ ਰਾਮ ਨੇ ਹਟਾਈ ਏ । ਪਰ੍ਹਾਂ ਨਾ ਹਟਾਵੇ ਗੁਰੂ ਸ਼ਰਨ ਆਇਆਂ ਕੰਠ ਲਾਵੇ। ਘਰ ਗੁਰੂ ਨਾਨਕ ਦੇ ਇਹੋ ਵਡਿਆਈ ਏ । ਜਿੰਦ ਜਾਨ ਬੰਸ ਦਾਨ ਸਭੇ ਕੁਰਬਾਨ ਕਰ ਏਕਤਾ ਦੀ ਨੀਂਹ ਦਸਮੇਸ਼ ਨੇ ਟਿਕਾਈ ਏ। ਅੰਮ੍ਰਿਤ ਤਿਆਰ ਕਰ ਸਭ ਨੂੰ ਪਿਆਰ ਕਰ, ਇਕੋ ਬਾਟੇ ਪਾਹੁਲ ਸਾਰੇ ਜੀਵਾਂ ਨੂੰ ਛਕਾਈ ਏ। ਚਿੜੀਆਂ ਨੇ ਬਾਜ ਮਾਰੇ ਗਿੱਦੜਾਂ ਤੋਂ ਸ਼ੇਰ ਬਣੇ, ਨੀਚੋਂ ਊਚ ਹੋਣ ਦੀ ਇਹ ਪੂਰਨ ਗਵਾਹੀ ਏ । ਨੀਚਾਂ ਦੀ ਸੰਭਾਲ ਜਿਥੇ ਗੁਰੂ ਹੈ ਦਿਆਲ ਉਥੇ, ਐਡੀ ਉਚੀ ਸਿੱਖਿਆ ਇਹ ਸਿੱਖੀ ਨੇ ਸਿਖਾਈ ਏ । ਰੱਬ ਦਿਆਂ ਬੰਦਿਆਂ 'ਚ ਨੀਚ ਊਚ ਵੰਡ ਪਾਣੀ, ਬੜੀ ਹੈ ਬੇਮੁੱਖਤਾ ਦੁਹਾਈ ਏ, ਦੁਹਾਈ ਏ ।

31. ਸੰਤ

ਕਿਸੇ ਕਪੜੇ ਲਾਹ ਸੁਆਹ ਮਲੀ, ਕਿਸੇ ਸਾਧ ਸਦਵਾਇਆ ਨੰਗ ਹੋ ਕੇ । ਕਿਸੇ ਕਾਰ ਵਿਹਾਰ ਤੋਂ ਬਚਣੇ ਲਈ, ਕਿਸੇ ਖਰਚ ਦੇ ਦੁਖ ਤੋਂ ਤੰਗ ਹੋ ਕੇ । ਕਿਸੇ ਸਮਝਿਆ ਇਹੋ ਹੀ ਸੰਤਤਾਈ, ਤੁਰੇ ਫਿਰੀਏ ਸਿਰਫ਼ ਮਲੰਗ ਹੋ ਕੇ । ਕਿਸੇ ਜਾਣਿਆਂ ਜੱਗ ਦੇ ਧੰਦਿਆਂ ਨੂੰ, ਦਈਏ ਛਡ ਤੇ ਰਹੀਏ ਨਿਸ਼ੰਗ ਹੋ ਕੇ । ਭੁਲੇ ਫਿਰਨ ਸਾਰੇ, ਪਤਾ ਕਿਸੇ ਨੂੰ ਨਹੀਂ, ਇਹ ਸੰਤ ਪਦਵੀ ਕਿਵੇਂ ਪਾਈਦਾ ਏ । ਕਰੇ ਸਾਧ ਦੀ ਵਿਯਾਖਯਾ ਗੁਰੂ ਬਾਣੀ, "ਆਪਾ ਵਾਰ ਕੇ ਸੰਤ ਸਦਾਈਦਾ ਏ" । ਸਭੋ ਕੁਝ ਛਡਿਆ ਤਾਂ ਵੀ ਕੀ ਛਡਿਆ, ਜੇਕਰ ਛੱਡਿਆ ਦਿਲ ਚੋਂ ਚਾਹ ਨੂੰ ਨਹੀਂ । ਘਰ ਬਾਰ ਤੇ ਕਾਰ ਵਿਹਾਰ ਛਡਿਆ, ਦਿਲੋਂ ਛਡਿਆ ਤੋਟੇ ਤੇ ਲਾਹ ਨੂੰ ਨਹੀਂ । ਛਡੇ ਸਾਕ ਕਬੀਲੇ ਤੇ ਪੁਤ ਧੀਆਂ, ਫਿਰ ਵੀ ਛਡਿਆ ਉਹ ਤੇ ਆਹ ਨੂੰ ਨਹੀਂ । ਉਹਨੇ ਕਿਸੇ ਦੀ ਤਪਤ ਮਿਟਾਉਣੀ ਕੀ, ਜੀਹਨੇ ਦਿਲੋਂ ਬੁਝਾਇਆ ਭਾਹ ਨੂੰ ਨਹੀਂ । ਜੋ ਬੇਚਾਹ ਹੋ ਕੇ ਪਹਿਲਾਂ ਛਡ ਦੇਵੇ, ਫੇਰ ਫਿਰੇ ਕਹਿੰਦਾ, 'ਆਹ ਚਾਹੀਦਾ ਏ' । ਸਭੋ ਮਾਲ ਦੌਲਤ ਵਾਰ ਦੇਣ ਤੇ ਨਹੀਂ, "ਆਪਾ ਵਾਰ ਕੇ ਸੰਤ ਸਦਾਈਦਾ ਏ" ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ