Tamil Poetry of Subramanya Bharathi-Translator Dr Surinder Singh Kohli
ਤਮਿਲ ਕਵਿਤਾ ਪੰਜਾਬੀ ਵਿੱਚ : ਸੁਬਰਮਣੀਯ ਭਾਰਤੀ-ਅਨੁਵਾਦਕ ਡਾਕਟਰ ਸੁਰਿੰਦਰ ਸਿੰਘ ਕੋਹਲੀ
1. ਆਜ਼ਾਦੀ
ਇਸ ਰੁੱਖ ਨੂੰ ਪਾਣੀ ਨਹੀਂ ਦਿੱਤਾ, ਹੰਝੂਆਂ ਲਿਆ ਏਸਨੂੰ ਪਾਲ ।
ਕੀ ਤੇਰਾ ਦਿਲ ਜਰ ਸਕਦਾ ਜੇ ਨਾ ਕਰੀਏ ਇਸ ਦੀ ਸੰਭਾਲ ?
ਇਹ ਸੁੰਦਰ ਦੀਪਕ ਜੇ ਜਲਦਾ ਆਤਮ ਦੀ ਦਰਗਾਹ ਵਿਚਕਾਰ ।
ਸ਼ੁਭ ਵਿਚਾਰਾਂ ਦਾ ਘਿਉ ਪਾ ਕੇ, ਕੀ ਕਰੀਏ ਇਸ ਦਾ ਸੰਘਾਰ ?
ਵਰ੍ਹੇ ਹਜ਼ਾਰ ਉਡੀਕ ਥੱਕ ਕੇ, ਲੱਭਾ ਹੈ ਇਹ ਰਤਨ ਅਪਾਰ ।
ਕੀ ਇਸ ਨੂੰ ਹੁਣ ਭੋਹ ਦੇ ਭਾੜੇ, ਸੁਟ ਆਈਏ, ਤੂੰ ਦਸ ਖਾਂ ਯਾਰ ?
ਕੀ ਰਿਸ਼ੀਆਂ ਨੇ ਨਹੀਂ ਸੀ ਕਿਹਾ, ਜਿੱਤ ਧਰਮ ਦੀ ਆਖ਼ਰਕਾਰ ?
ਕੀ ਕਾਫ਼ੀ ਨਹੀਂ, ਦੁਖ ਸਹੇ ਜੋ, ਫਸ ਕੇ ਕਰਮਗਤੀ ਵਿਚਕਾਰ ?
ਕੀ ਨਾ ਵੇਖੇਂ ਆਗੂ ਸਾਡੇ ਜੇਹਲ-ਕੋਠੜੀ ਅੰਦਰਵਾਰ ।
ਅੱਤ ਹੈਰਾਨੀ ਦੇ ਵਿੱਚ ਬੈਠੇ, ਅੰਨ੍ਹਿਆਂ ਵਾਂਗੂੰ ਬਹੁਤ ਬੇਹਾਲ ?
ਕੀ ਨਾ ਵੇਖੇਂ ਗਭਰੂ ਸਾਡੇ ਬਿਰਹਾ ਜੋ ਕੀਤੇ ਬੇਜ਼ਾਰ ।
ਨਾਰੀ, ਬੱਚਿਆਂ ਤੋਂ ਅੱਡ ਹੋ ਕੇ, ਰੁਲਦੇ ਫਿਰਦੇ ਕਰਨ ਵਗਾਰ ?
ਤਿਰੇ ਅਮੋਲਕ ਢੋਏ ਗੁਆ ਕੇ, ਅਸੀਂ ਤੜਪੀਏ ਬਿਪਤ ਮਝਾਰ ।
ਤੈਥੋਂ ਛੁੱਟ ਹੁਣ ਕੌਣ ਲਭਾਏ, ਜੋ ਗੁੰਮ ਹੋਈ ਵਸਤ ਅਪਾਰ ।
ਤੇਰੀ ਕਿਰਪਾ ਨੇ ਸੀ ਦਿੱਤਾ, ਆਜ਼ਾਦੀ ਦਾ ਮਹਾਂ ਅਨੰਦ ।
ਕੀ ਤੂੰ ਚਾਹੇਂ ਮੁੜ ਲੈ ਜਾਵਣ, ਖੋਹ ਸਾਥੋਂ ਜ਼ਾਲਮ ਮਤਮੰਦ ?
ਹੇ ਪ੍ਰਭੁ ਜੀ, ਜੇ ਮੀਂਹ ਨਾ ਹੋਵਣ, ਕੀ ਰਹਿ ਸਕਦੀ ਜੀਵਨ-ਤੋਰ ?
ਜੇ ਆਜ਼ਾਦੀ ਮਿਲੇ ਨਾ ਸਾਨੂੰ, ਦੱਸੋ ਫਿਰ ਕੀ ਕਰੀਏ ਹੋਰ ?
ਸਭ ਕੁਝ ਦੇਵਣ ਵਾਲੇ ਦਾਤਾ, ਛਲ ਕਪਟ ਨਹੀਂ ਸਾਡੇ ਲਾਗ ।
-
ਕੀ ਤੂੰ ਅਜੇ ਵੇਖ ਨਹੀਂ ਸਕਿਆ, ਦਿਲ ਸਾਡਾ ਸੱਚਾ, ਬੇਦਾਗ਼ ?
ਜੀਉ ਪਿੰਡ ਨੂੰ ਕੀ ਹਾਂ ਦੇਂਦੇ ਐਵੇਂ ਹੀ ਦੁੱਖ, ਹੇ ਕਰਤਾਰ ?
ਕੀ ਇਹ ਨਿਰਾ ਦਿਖਾਵਾ ਹੈ ਵੇ, ਦੁਖ ਤੇ ਪੀੜਾ ਦਾ ਗਲਹਾਰ ?
ਮੈਂ ਪੁਛਦਾਂ ਤੁਧ ਸੇਵਾ ਖ਼ਾਤਰ, ਕੀ ਧਰਿਆ ਵਿਚ ਨਦਰ-ਸੁਗਾਤ ?
ਕੀ ਤੂੰ ਮੇਰੀ ਦਸ਼ਾ ਦੇਖ ਕੇ, ਦਏਂ ਨਾ ਮੈਨੂੰ ਇਸ ਦੀ ਦਾਤ ?
ਕੀ ਅਸਾਡੀਆਂ ਅਰਜ਼ਾਂ ਮਿੰਨਤਾਂ, ਰਹੀਆਂ ਤੈਨੂੰ ਨਵੀਆਂ ਜਾਪ ।
ਕੀ ਨਹੀਂ ਮਾਣੀਆਂ ਸਾਡੇ ਵੱਡਿਆਂ, ਸਭ ਸ਼ੁਭ ਵਸਤਾਂ ਤੁਧ ਪਰਤਾਪ ?
ਜੇ ਸਦਾ ਲਈ ਰਾਜ ਤੁਹਾਡਾ, ਰਹੇ ਸਦਾ ਹੀ ਧਰਮੀ ਰਾਜ ।
ਬਿਨ ਦੇਰੀ ਰੱਖ ਸਾਡੇ ਸਿਰ ਤੇ, ਨੂਰੀ ਆਜ਼ਾਦੀ ਦਾ ਤਾਜ ।
2. ਆਜ਼ਾਦੀ ਦੀ ਪਿਆਸ
ਆਜ਼ਾਦੀ ਲਈ ਪਿਆਸ ਅਸਾਡੀ ਕਦੋਂ ਬੁਝੇਗੀ ?
ਹਿਰਸ ਗ਼ੁਲਾਮੀ ਸੰਦੀ ਸਾਡੀ ਕਦੋਂ ਮਰੇਗੀ ?
ਟੁੱਟਣਗੀਆਂ ਬੇੜੀਆਂ ਕਿਸ ਦਮ ਮਾਂ ਦੇ ਪੈਰੋਂ,
ਘੜੀ ਕਲੇਸ਼ਾਂ ਦੁੱਖਾਂ ਵਾਲੀ ਕਦੋਂ ਹਰੇਗੀ ?
ਭਾਰਤ ਯੁਧ ਦੇ ਸ਼ਿਲਪੀ, ਗੋਬਿੰਦ ! ਸਾਹਿਬ ਮੇਰੇ !
ਆਰੀਆ ਜੀਵਨ ਦੇ ਪ੍ਰਿਤਪਾਲਕ ਮੇਰੇ ਸਾਈਂ !
ਅੱਗੇ ਹੋ ਕੇ ਫ਼ਤਹ ਦਿਵਾਈਂ ਸਾਹਿਬ, ਮੇਰੇ !
ਕੀ ਇਹ ਠੀਕ, ਨਫ਼ਰ ਸਦ ਰਹੀਏ ? ਅਮਰ ਗੁਸਾਈਂ !
ਰੋਗ, ਕਾਲ ਕੀ ਸਾਡੇ ਹਿੱਸੇ ਆਏ ਪ੍ਰਭ ਜੀ !
ਕਿਸ ਖ਼ਾਤਰ ਇਹ ਪੁਸ਼ਪ, ਮੁਕਟ ਤੇ ਫਲ ਹਨ ਸਾਰੇ ?
ਅਸੀਂ ਸਵਾਲੀ ਦਰ ਤੇਰੇ ਤੇ, ਕਿਉਂ ਛਡ ਜਾਨੈਂ ?
ਕੀ ਮਾਂ ਆਪਣੇ ਬੱਚੇ ਤਾਈਂ ਮਾਰ ਵਿਡਾਰੇ ?
ਆਰੀਆ ਕੁੱਲ ਦੇ ਸਵਾਮੀ ਅਤੇ ਬਹਾਦਰ ਜੋਧੇ !
ਦੈਂਤਾਂ ਨੂੰ ਸੰਘਾਰਨ ਵਾਲੇ ਮੇਰੇ ਸਵਾਮੀ !
ਕਿੱਥੇ ਤੇਰਾ ਧਰਮ ? ਕੀ ਨਹੀਂ ਕਰਤਵ ਤੇਰਾ ?
ਜਿੰਦ ਨਵੀਂ ਪਾਣੀ, ਭੈ ਹਰਨਾ, ਪਾਰਗਰਾਮੀ ।
3. ਆਜ਼ਾਦੀ ਨੂੰ ਸੰਬੋਧਿਤ ਗੀਤ
ਭਾਵੇਂ ਘਰ ਦੀਓਂ ਖ਼ੁਸ਼ੀਓਂ ਵਾਂਝੀਆਂ ਗੁਫ਼ਾਂ ਹਨੇਰੀਆਂ ਮਿਲੀਆਂ ਰਹਿਣ,
ਭਾਵੇਂ ਸ਼ੁਭ ਘੜੀਆਂ ਦੀ ਥਾਵੇਂ ਦਿਵਸ ਹਨੇਰੇ ਮਿਲ ਗਏ ਸਹਿਣ,
ਭਾਵੇਂ ਕਸ਼ਟ ਕਰੋੜਾਂ ਉਭਰੇ ਮੇਰੀ ਹੋਂਦ ਮੁਕਾਵਣ ਖ਼ਾਤਰ,
ਭੁੱਲਾਂ ਨਾ ਤੈਨੂੰ ਹੇ ਮਾਤਾ ! ਤੇਰੀ ਪੂਜ ਕਰਾਵਣ ਖ਼ਾਤਰ ।
ਭਾਵੇਂ ਤੂੰ ਧਨਵਾਨ ਅਦੁੱਤੀ, ਸਰਬ ਗਿਆਨੀ, ਅਸਲ ਸਿਆਣੀ ।
ਭਾਵੇਂ ਤੁਧ ਅਸਥਾਨ ਉਚੇਰਾ, ਜਾਏਂ ਜਗਤ ਸਾਰੇ ਵਿਚ ਜਾਣੀ ।
ਭਾਵੇਂ ਸਖੀ ਤੂੰ ਸ਼ੁਭ ਹੋਣੀ ਦੀ, ਮਾਨਵ ਕੁਝ ਨਾ, ਜੇ ਤੂੰ ਨਾਹੀਂ,
ਤੇਰੀ ਕਿਰਪਾ ਬਾਝੋਂ ਮਾਤਾ, ਉਹ ਹਨ ਲਾਸ਼ਾਂ, ਇਹੋ ਅਖਾਈਂ ।
ਕੌਮ ਗ਼ੁਲਾਮੀ ਦੇ ਵਿਚ ਜਕੜੀ, ਕੀ ਉਹ ਕੌਮ ਅਸਲ ਵਿਚ ਭਾਈ ?
ਜਿੰਦ-ਰਖਿਆ ਤੇ ਗਿਆਨ ਦਾ ਵਾਧਾ, ਸਨਅਤਕਾਰੀ ਕਿਦ੍ਹੀ ਭਲਾਈ ?
ਕਵਿਤਾ, ਕਲਾ, ਗ੍ਰੰਥਾਂ ਸੰਦੀ ਕੀ ਕੁਝ ਆਸ ਰਖਣੀ ਚਾਹੀਏ ?
ਕੀ ਉਹ ਸਾਰੇ ਗੁਨਾਹਗਾਰ ਨਹੀਂ, ਚਖਿਆ ਦੁਧ ਨਾ ਤੇਰਾ ਮਾਈਏ !
ਹੇ ਮਾਂ, ਅਮਰ ਨਾਮਣੇ-ਦਾਤੀ, ਤਰਸ-ਯੋਗ ਉਹ, ਮਿਹਰ ਨਾ ਤੇਰੀ ।
ਰੋਗੀ ਹੋ ਹੋ ਮਰ ਮਰ ਜਾਂਦੇ, ਸੋਝੀ ਨਾ ਕਰਮ-ਫਲ ਕੇਰੀ ।
ਜੀਵਨ ਦੇ ਟੇਢੇ ਰਾਹਾਂ ਤੇ, ਖਟਦੇ ਸ਼ਰਮ ਅਤੇ ਬਦਨਾਮੀ,
ਨਾ ਜਾਣਨ ਜੋ ਪਾਵਨ ਜੀਵਨ; ਖ਼ੁਸ਼ੀ ਨਾ ਸੁਪਨੇ, ਵਿਚ ਗ਼ੁਲਾਮੀ ।
4. ਸਹਿ-ਤਾਰ ਵੀਣਾ
ਸੁਰ ਕਰ ਕੇ ਠੀਕ ਸਹਿ-ਤਾਰ ਵੀਣਾ,
ਕੀ ਹੁਣ ਗੰਦ ਦੇ ਢੇਰ ਤੇ ਸੁੱਟ ਪਾਈਏ ?
ਸੁਣੀਂ ਮਾਂ ਸ਼ਕਤੀ ! ਦਿੱਤਾ ਤੁਧ ਜੀਵਨ,
ਇਹ ਵਿਵੇਕ ਦੀਵਾ ਬਾਲਿਆ ਤੁਧ ਮਾਈਏ !
ਇਹ ਤਾਂ ਬੋਝ ਬਣਿਆ ਰਹੇ ਧਰਾ ਉਤੇ,
ਜੇ ਨਾ ਸੋਚਣੀ ਕਰਮ ਵਿਚ ਪਲਟ ਜਾਵੇ ।
ਬਖ਼ਸ਼ ਦੇਈਂ ਤੂੰ ਮੈਨੂੰ ਇਹ ਕਰਮ-ਸ਼ਕਤੀ,
ਭਲਾ ਦੇਸ਼ ਦਾ ਕਰ ਸਕਾਂ ਜੀ ਚਾਹਵੇ ।
ਤੇਜ਼ ਗੇਂਦ ਵਰਗਾ ਮੈਂ ਸਰੀਰ ਮੰਗਿਆ,
ਉਹ ਸਰੀਰ ਜੋ ਦਿਲ ਦਾ ਨਫ਼ਰ ਹੋਵੇ ।
ਮੈਂ ਮੰਗਿਆ ਦਿਲ ਬੇਦਾਗ਼, ਪਾਵਨ,
ਜੀਵਨ-ਜੋਤ, ਜਿਸ ਦੀ ਆਭਾ ਸਦਾ ਸੋਹਵੇ ।
ਜਸ ਕਰਨ ਲਈ ਤੇਰਾ ਮੈਂ ਗੀਤ ਮੰਗਿਆ,
ਭਾਵੇਂ ਅਗਨ ਮੇਰੀ ਖਲੜੀ ਸਾੜ ਸੁੱਟੇ ।
ਅਤੇ ਮੰਗਿਆ ਸੀ ਮੈਂ ਅਡੋਲ ਮਨੂਆਂ,
ਕੌਣ ਰੋਕਦਾ ਦੇਣ ਤੋਂ ? ਸੋਚ ਹੁੱਟੇ ।
5. ਚਿੜਾ
ਸਾਰੇ ਬੰਧਨ ਤੋੜ ਤਾੜ ਕੇ,
ਵਿਚਰੀਂ ਵਿਚ ਆਜ਼ਾਦੀ,
ਵਾਂਗ ਚਿੜੇ ਫੁਰਤੀਲੇ ।
ਘੁੰਮ ਫਿਰ ਵਿਚ ਅਨੰਤ ਪੁਲਾੜ,
ਗੇੜੇ ਖਾਂਦੀ ਪੌਣ ਉਲੰਘ,
ਸੁਰਾ ਅਮਿਤ ਜੋਤ ਦੀ ਪੀਵੀਂ,
ਜੋ ਨੀਲੰਬਰੋਂ ਵਗੇ ਸਦੀਵੀ,
ਸਾਰੇ ਬੰਧਨ ਤੋੜ ਤਾੜ ਕੇ ।
ਚਹਿਕ ਖ਼ੁਸ਼ੀ ਵਿਚ ਪਿਆਰ ਜਤਾਂਦਾ,
ਡਰ ਤੋਂ ਦੂਰ ਆਲ੍ਹਣਾ ਪਾਂਦਾ,
ਅੰਡ ਫੋੜ, ਕਰ ਬੋਟ ਦੀ ਰਾਖੀ,
ਚੋਗਾ ਦੇ, ਕਰ ਧਿਆਨ ਓਸ ਦਾ
ਸਾਰੇ ਬੰਧਨ ਤੋੜ ਤਾੜ ਕੇ ।
ਕੱਠੇ ਕਰ, ਖਾ, ਖਿਲਰੇ ਦਾਣੇ,
ਅੰਗਣਾਂ ਅਤੇ ਖੇਤੀਆਂ ਵਿਚੋਂ,
ਪਾ ਬਾਤਾਂ, ਗਾ ਅਤੇ ਆਰਾਮ ਕਰ,
ਫਿਰ ਪਰਭਾਤੇ ਉਠ ਕੇ ਗੀਤ ਗਾ,
ਸਾਰੇ ਬੰਧਨ ਤੋੜ ਤਾੜ ਕੇ ।
6. ਰੀਝਾਂ
1
ਇਕ ਤਕੜਾ ਦਿਲ
ਮਿੱਠੇ ਬੋਲ
ਸ਼ੁਭ ਵਿਚਾਰ
ਤੇ ਪੱਕੇ ਫਲ
ਲਾਭ ਝਟਪਟੀ
ਸੁਪਨ ਪੂਰਤੀ
ਧਨ, ਖ਼ੁਸ਼ਹਾਲੀ
ਅਤੇ ਨਾਮਣਾ
ਧਰਤੀ ਉੱਤੇ ।
2
ਸਾਫ਼ ਦ੍ਰਿਸ਼ਟੀ
ਇੱਛਿਤ ਕਾਰਜ
ਨਜ਼ਰ ਸੁਤੰਤਰ
ਭੂਮ ਉਪਜਾਊ
ਮਿਹਰ ਪ੍ਰਭੂ ਦੀ
ਸੱਚ ਵਿਜੇਤਾ
ਅਰਸ਼ ਨਵਾਂ ਇਕ
ਧਰਤ ਨਵੀਂ ਇਕ ।
7. ਗੁਰੂ ਗੋਬਿੰਦ
ਵਿਕਰਮੀ : 1੭੫੬
1
ਗੁਰੂ ਗੋਬਿੰਦ ਸਿੰਘ ਸੂਰਮਾ ਯੋਧਾ ਬਲਕਾਰੀ,
ਅੰਮ੍ਰਿਤ ਉਸ ਵਰਿਆਮ ਦਾ, ਦਲ-ਠਾਕੁਰ ਭਾਰੀ,
ਸੋਮਾ ਬੀਰ ਪੰਜਾਬੀਆਂ, ਸਿੰਘਾਂ ਦਾ ਵਾਰੀ,
ਗਿਆਨ ਸਮੁੰਦਰ ਕਵੀ ਉਹ, ਖਗ ਉਦ੍ਹੀ ਨਿਆਰੀ,
ਥੰਮ ਰੱਖੇ ਢਹਿੰਦੇ ਅਰਸ਼ ਨੂੰ, ਵਾਹ ਛਬੀ ਪਿਆਰੀ,
ਰਾਣਾ, ਰਾਖਾ ਜਗਤ ਦਾ, ਜਾਵਾਂ ਬਲਿਹਾਰੀ ।
ਓਸ ਸੁਹਾਣੇ ਦਿਨ ਜਦੋਂ ਉਪਬਨ ਫਲ ਲੱਦੇ,
ਫੁਲ ਪਏ ਮਹਿਕਾਂ ਵੰਡਦੇ, ਬਾਗ਼ਾਂ ਦੇ ਮੱਧੇ,
ਦੱਭ ਹਰੀ ਦੀਆਂ ਵਾੜੀਆਂ, ਸਭ ਦੇਵਣ ਸੱਦੇ :
*ਸ਼ੁਭ ਸ਼ੁਭ ਤੇਰਾ ਆਵਣਾ, ਰਹੀਏ ਹੱਥ-ਬੱਧੇ*
ਸੁਣਨ ਲਈ ਗੁਰਦੇਵ ਨੂੰ, ਜੁੜ ਪਏ ਸਿਖ ਤੱਦੇ ।
ਬੋਲ ਕੀ ਹੋਣੇ ਉਨ੍ਹਾਂ ਦੇ, ਕੀ ਨਵਾਂ ਸੁਨੇਹਾ ?
ਜੀਵਨ ਮਧੁਰ ਬਣਾਨ ਨੂੰ ਹੁਣ ਫ਼ਰਜ਼ ਕਿਵੇਹਾ ?
ਲਗਦੇ ਵਾਂਗੂੰ ਸੁਰਾਂ ਦੇ, ਕੁਝ ਸੋਚ ਇਵੇਹਾ,
ਖੜ ਸਾਹਵੇਂ ਗੁਰਦੇਵ ਦੇ, ਜੋਸ਼ੀਲੇ ਏਹਾ ।
2
ਅਚਨਚੇਤੀ ਥੜ੍ਹੇ ਤੇ ਉਹ ਸੂਰਤ ਪਿਆਰੀ,
ਭਰ ਜੋਬਨ ਤੇ ਸ਼ਾਨ ਵਿਚ, ਉਹ ਭੁਜ-ਬਲ ਧਾਰੀ,
ਆਣ ਖਲੋਤੀ ਸਾਹਮਣੇ, ਦਿਬ-ਜੋਤ ਪਸਾਰੀ,
ਉਹਦੇ ਨੈਣੋਂ ਨਿਕਲਣ, ਲਾਟਾਂ ਕਰਤਾਰੀ,
ਬਾਂਹ ਉੱਚੀ ਕਰ ਫੜੀ ਹੈ, ਇਕ ਤੇਜ਼ ਕਟਾਰੀ,
ਤਕ ਇਹ ਅੱਗ ਦੀ ਪੁਤਲੀ, ਡਰ ਲਗਦਾ ਭਾਰੀ,
ਸ਼ੇਰਾਂ ਦਾ ਦਲ ਜਿਸ ਤਰ੍ਹਾਂ, ਵੇਖੇ ਬਲਕਾਰੀ,
ਅਰਸ਼ੀ ਜਾਦੂਗਰ ਤਈਂ, ਚੁੱਪ ਸ਼ਾਂਤੀ ਧਾਰੀ,
ਤਿਵੇਂ ਅਸੰਖਾਂ ਸੀਸ ਤਦ ਨਿੰਵ ਗਏ, ਨਰ ਨਾਰੀ ।
ਬਿਜਲੀ ਵਾਂਗੂੰ ਲਿਸ਼ਕਦੀ ਤਲਵਾਰ ਉਠਾਈ,
ਬ੍ਰਹਮ-ਸੁਤ ਖੋਹਲੇ ਹੋਠ ਤਦ, ਧੁਰ ਅੰਦਰੋਂ ਆਈ,
ਬਾਣੀ ਜਵਾਲਾ-ਮੁਖੀ ਬਣ, ਆਦੇਸ਼ ਖ਼ੁਦਾਈ :
*ਮੈਂ ਚਾਹਾਂ ਇਹੋ ਖੁਭੋ ਦਿਆਂ ਸ਼ਮਸ਼ੀਰ ਨਿਆਰੀ,
ਮਾਨਵ ਦਿਲ ਦੇ ਅੰਦਰੇ, ਲਾ ਸੱਟ ਕਰਾਰੀ,
ਧਰਮ ਚਾਹੇ ਪੀ ਜਾਵਣਾ ਹੈ ਖ਼ੂਨ ਬਲੀ ਦਾ,
ਸਿੱਖੋ ਮੇਰੇ ਪਿਆਰਿਓ, ਵਿਚ ਕੌਣ ਤੁਹਾਡੇ,
ਜੋ ਦਿਲ ਨੰਗਾ ਕਰ ਦਏ, ਰਤ ਲਾਲ ਖਿਲਾਰੇ,
ਮਾਂ ਦੇਵੀ ਦੀ ਪਿਆਸ ਨੂੰ ਝਟ ਆਣ ਬੁਝਾਵੇ ?*
ਬੁਤ ਬਣੇ ਇਕ ਪਲ ਲਈ ਸਿਖ ਬੋਲ ਨਾ ਸਕਣ ।
ਇਕ ਪਲ ਸਾਰੇ ਛਾ ਰਹੀ ਸੰਪੂਰਨ ਚੁਪ ਚਾਂ ।
ਫਿਰ ਸੰਗਤ 'ਚੋਂ ਉਠਿਆ ਇਕ ਬੀਰ ਅਨੋਖਾ,
ਉਸ ਨਾਇਕ ਨੇ ਮੁੱਖ ਤੋਂ ਇਹ ਸ਼ਬਦ ਉਚਾਰੇ :
*ਹੇ ਸਤਿਗੁਰ ! ਮੈਂ ਮਰਾਂਗਾ, ਤਲਵਾਰ ਉਠਾਓ,
ਅਤੇ ਪਿਆਰੇ ਧਰਮ ਦੀ ਹੁਣ ਪਿਆਸ ਬੁਝਾਓ,
ਦਿਓ ਅਸੀਸ ਇਸ ਪੁਰਸ਼ ਨੂੰ ਤੇ ਭੇਟ ਉਠਾਓ ।*
ਗੁਰੂ ਸੰਤ ਮੁਸਕਾ ਪਏ ਲੈ ਗਏ ਵਿਚ ਮੰਦਰ
ਜਿਥੋਂ ਧਾਰਾ ਖ਼ੂਨ ਦੀ ਵਹਿੰਦੀ ਹੋਈ ਦਿੱਸੀ,
ਵੇਖੋ ਫਿਰ ਗੁਰਦੇਵ ਨੂੰ, ਮੁਸਕਾਂਦੇ ਆਏ,
ਬਲੀ ਚਾੜ੍ਹ ਕੇ ਸਿਖ ਨੂੰ ਤਲਵਾਰ ਉਠਾਏ,
ਬਿਜਲੀ ਸਉਣ ਵਾਂਗਰਾਂ ਖੜ ਸਤਿਗੁਰ ਪੂਰੇ,
ਫੜ ਰੱਤ-ਭਿੰਨੀ ਸਿਰੀ ਸਾਹਿਬ ਇਉਂ ਬਾਣੀ ਬੋਲੇ :
ਮੁੜ ਚਾਹਾਂ ਚਲਾਣੀ ਸ੍ਰੀ ਸਾਹਿਬ ਇਕ ਜੀਂਦੇ ਦਿਲ ਵਿਚ
ਮਾਂ ਦੇਵੀ ਚਾਹੇ ਬਲੀ ਫੇਰ ਇਕ ਹੋਰ ਮਨੁੱਖ ਦੀ
ਸਿੱਖੋ ਕੀ ਕੋਈ ਹੋਰ ਹੈ ਜੋ ਪਿਆਸ ਬੁਝਾਵੇ,
ਰਤ ਪੀਣੀ ਕਲਿਕਾ ਮਾਤ ਦੀ ?* ਹੁਣ ਦੂਜਾ ਆਵੇ
ਸੁਣ ਕੇ ਏਸ ਵੰਗਾਰ ਨੂੰ, ਬਲੀ ਹੋਣਾ ਚਾਹਵੇ;
ਮੰਦਰ ਅੰਦਰ ਲੈ ਗਏ ਉਹਨੂੰ ਸਤਿਗੁਰ ਸੂਰੇ,
ਧਾਰਾ ਤਕ ਕੇ ਖ਼ੂਨ ਦੀ ਲੋਕਾਈ ਕੰਬੀ
ਏਦਾਂ ਹੀ ਸਤਿਗੁਰੂ ਜੀ ਪੰਜ ਵਾਰੀ ਆਏ,
ਪੰਜ ਸੂਰਮੇ ਨਿੱਤਰੇ ਪਿਆਰੇ ਅਖਵਾਏ ।
੩
ਨਿਰੇ ਗਿਆਨ ਸੰਗ ਕੋਈ ਨਾ ਵੱਡਾ ਬਣ ਜਾਵੇ,
ਅਸਲੀ ਵੱਡਾ ਉਹ, ਜੋ ਛਾਤੀ ਡਾਹਵੇ,
ਸ੍ਰੀ ਸਾਹਿਬ ਦੇ ਸਾਹਮਣੇ, ਸਿਰ ਬਲੀ ਚੜ੍ਹਾਵੇ,
ਏਦਾਂ ਹੋ ਕੁਰਬਾਨ ਉਹ, ਬ੍ਰਹਮ ਤਾਈਂ ਪਾਵੇ ।
ਗੁਰੂ ਦਿਆਲੂ ਵਰਤਿਆ ਇਹ ਅਜਬ ਤਰੀਕਾ
ਲੱਖਾਂ ਵਿਚੋਂ ਚੁਣਨ ਲਈ, ਇਹ ਪੰਜੇ ਸੂਰੇ ।
ਵੇਖ ਅਸੰਖੋਂ ਨਿਤਰਦੇ ਕੁਰਬਾਨੀ ਖ਼ਾਤਰ,
ਹੋ ਪ੍ਰਸੰਨ ਤਦ ਸਤਿਗੁਰੂ ਮੰਦਰ 'ਚੋਂ ਆਏ,
ਨਾਲ ਲਿਆਏ ਆਪਣੇ ਪੰਜ ਸੂਰੇ ਨਾਇਕ,
ਖਲਕ ਸਮਝਦੀ ਜਿਨ੍ਹਾਂ ਨੂੰ ਚੜ੍ਹ ਬਲੀ ਪਧਾਰੇ,
ਸੁਰਗਾਂ ਅੰਦਰ ਪੁੱਜ ਗਏ, ਹਨ ਗੁਰੂ ਦੁਆਰੇ ।
ਪਰ ਜਦ ਵੇਖੇ ਸੂਰਮੇ, ਅਚਰਜ ਹੋ ਝਾਕਣ
ਅਤ ਵਿਸਮਾਦੀ ਖ਼ੁਸ਼ੀ ਵਿਚ, ਜੈਕਾਰੇ ਛੱਡਣ ।
ਧੰਨ ਧੰਨ ਕਲਗੀ ਵਾਲਿਆ ! ਤੇਰੀ ਸ਼ਾਨ ਨਿਰਾਲੀ,
ਦਿਲ ਸ਼ੇਰ ਦਾ ਦੇ ਗਿਆ ਹੈ ਅਜ ਵਿਖਾਲੀ ।
ਲਸਦੇ ਸੂਰਜ ਵਾਂਗਰਾਂ ਅਵਤਾਰ ਮਿਹਰ ਦੇ
ਸਤਿਗੁਰ ਪੰਜਾਂ ਸੂਰਿਆਂ ਨੂੰ ਗਲੇ ਲਗਾਇਆ,
ਦੇ ਅਸੀਸਾਂ ਉਨ੍ਹਾਂ ਨੂੰ, ਫਿਰ ਇਹ ਫ਼ੁਰਮਾਇਆ,
ਸ਼ਬਦਾਂ ਦੀ ਧੁਨ ਇਉਂ ਲੱਗੇ ਜਿਉਂ ਘਨਹਰ ਗਰਜੇ :
*ਮੇਰੇ ਪਿਆਰੇ ਦੂਲਿਓ ! ਕੀ ਤੁਸੀਂ ਨਾ ਜਾਣੋ,
ਭਾਰਤ ਮਾਂ ਤੇ ਕਾਲਿਕਾ ਹਨ ਇਕੋ ਦੋਵੇਂ,
ਜਦ ਮੈਂ ਪੰਜਾਂ ਸੂਰਿਆਂ ਨੂੰ ਬਲੀ ਚੜ੍ਹਾਇਆ,
ਭਰਮ ਅਜਿਹਾ ਉਪਜਿਆ, ਤੁਸੀਂ ਸਾਰੇ ਕੰਬੇ ।
ਕੀ ਮੈਂ ਚਾਹਵਾਂ ਮਾਰਨਾ ਸਿਖ ਆਪਣੇ ਹੱਥੀਂ ?
ਪੰਜ ਵੇਰੀ ਮੈਂ ਪਿਆਰਿਆਂ ਦੇ ਤਈਂ ਲੁਕਾਇਆ,
ਲੈ ਪਰਤਾਵਾ ਤੁਸਾਂ ਦਾ, ਮੈਂ ਸਹਿਮ ਵਧਾਇਆ,
ਜਾਣਾ ਮੈਂ ਤੁਸੀਂ ਦੇਸ਼-ਭਗਤ ਸੁੱਚੇ ਦਿਲ ਵਾਲੇ
ਵੇਖੋ ਪੰਜੇ ਬਲੀ ਨੇ ਹਨ ਤੁਹਾਡੇ ਸਾਹਵੇਂ,
ਪਰਤਾਵੇ ਚਮਕਾ ਦਿੱਤੀ ਹੈ ਸ਼ਾਨ ਤੁਹਾਡੀ,
ਮੇਰੇ ਦਿਲ ਅਨੰਦ ਹੈ, ਸੁਖ ਸ਼ਾਂਤੀ ਭਾਰੀ ।*
੪
ਗੁਰੂ ਗੋਬਿੰਦ ਸਿੰਘ ਪਰਖਿਆ ਜਦ ਸਿਖਾਂ ਤਾਈਂ,
ਤਦੋਂ ਖ਼ਾਲਸਾ ਜਨਮਿਆ, ਇਹ ਚੋਣ-ਵਿਧੀ ਸੀ,
ਪਹਿਲੇ ਪੰਜ ਸਨ ਖ਼ਾਲਸਾ, ਫ਼ੁਰਮਾਨ ਗੁਰੂ ਦਾ,
ਚੜ੍ਹਦੀ ਕਲਾ ਤੇ ਸੂਰਮਤ ਨਾ ਕਦੇ ਗਵਾਚੀ,
ਬਹੁਤ ਪੁਰਾਣੇ ਸਮੇਂ ਵਿਚ ਵੀ ਭਾਰਤ ਅੰਦਰ,
ਗੁਰੂ ਸੰਤ ਨੇ ਦਸਿਆ ਦੁਨੀਆਂ ਦੇ ਤਾਈਂ,
ਸਾਰੀ ਕੌਮ ਹੀ ਹੋ ਸਕੇ ਵਰਿਆਮ ਬਹਾਦਰ ।
ਸਮੇਂ ਪੁਰਤਨ ਵਿਚ ਸੀ ਅਵਤਾਰ ਕ੍ਰਿਸ਼ਨ ਦਾ,
ਜਿਸ ਦੇ ਦੈਵੀ ਬੋਲ ਹੀ ਸਨ ਸਾਖੀ ਭਰਦੇ,
ਭਾਰਤ ਦੇਸ਼ ਅਸਾਡੜਾ ਹੈ ਅਮਰ, ਸਦੀਵੀ ।
ਸਦਜਵਾਨ ਬਲਵਾਨ ਹੈ ਸਾਡੀ ਮਾਂ ਦੇਵੀ,
ਸਵੈ-ਰਖਿਆ ਕਰ ਆਪ ਵੀ ਉਹ ਰਮਦੀ ਰਹਿੰਦੀ ।
ਕਰਤੇ ਜਿਉਂ ਪੰਜ ਤਤ ਤੋਂ ਹੈ ਸ੍ਰਿਸ਼ਟ ਉਸਾਰੀ,
ਇਵੇਂ ਖ਼ਾਲਸਾ ਜਨਮਿਆ ਪੰਜ ਬੀਰਾਂ ਤੋਂ ਹੀ ।
ਫਲਿਆ ਧਰਮ ਤੇ ਦੁਸ਼ਟਤਾ ਘਬਰਾਈ, ਕੰਬੀ,
ਦੇਵੀ ਤਦੋਂ ਸੁਤੰਤਰਤਾ, ਖ਼ੁਸ਼ ਹੋ ਮੁਸਕਾਈ ।
੫
ਛਬੀ ਪਿਆਰੀ ਲਗਦੀ ਦੇਵਾਂ ਦੇ ਤਾਈਂ
ਸੰਗਤ ਅੰਦਰ ਤਖ਼ਤ ਤੇ ਗੁਰੂ ਗੋਬਿੰਦ ਸਿੰਘ ਦੀ,
ਗਿਰਦੇ ਉਸ ਦੇ ਸਜ ਰਹੇ ਪੰਜ ਰਿਸ਼ੀ ਪਿਆਰੇ,
ਬਸਤਰ ਹਾਰ ਪਹਿਨਾਇ ਕੇ ਹਨ ਕੋਲ ਬਿਠਾਏ ।
ਪਿਆਰੇ ਉਸ ਨੂੰ ਉਹ, ਜਿਵੇਂ ਸਵੈ-ਨੈਨ ਪਿਆਰੇ ।
*ਵੇਖੋ ਪਹਿਲਾ ਖ਼ਾਲਸਾ, ਰਖਿਆ ਲਈ ਆਇਆ,
ਖ਼ਾਤਰ ਦੇਸ਼ ਤੇ ਧਰਮ ਦੀ, ਸਤਿਗੁਰੂ ਵਰੋਸਾਇਆ ।*
ਨੇੜੇ ਦੀ ਇਕ ਨਦੀ ਤੋਂ ਜਲ ਲੈ ਕੇ ਆਏ,
ਲੋਹ-ਬਾਟੇ ਵਿਚ ਰੱਖ ਕੇ ਕਿਰਪਾਨ ਚਾ ਫੇਰੀ,
ਦਿੱਤੀ ਫੇਰ ਅਸੀਸ ਉਨ, ਰਿਸ਼ੀਆਂ ਦੇ ਤਾਈਂ,
ਇਉਂ ਅਲਾਇਆ ਸਾਹਿਬਾਂ, ਪ੍ਰਣ ਕੀਤਾ ਏਦਾਂ,
ਦੇਵੀ ਫ਼ਤਹ ਹੈ ਆ ਗਈ, ਸੰਗਤ ਦੇ ਅੰਦਰ ।
ਜੋ ਖੰਡਾ ਬਾਟੇ ਫੇਰਿਆ ਉਸ ਬੀਰਤਾ ਪਾਈ,
ਜਨ-ਸਮੂਹ ਭਾਰਤ ਲਈ ਵਰਿਆਮਤਾ ਆਈ ।
ਸਭ ਸੰਗਤ ਮਹਿਸੂਸ ਲਈ ਇਕ ਅਜਬ ਝੁਣਝੁਣੀ,
ਤਦੋਂ ਸ੍ਰੀ ਗੁਰਦੇਵ ਨੇ ਪੰਜਾਂ ਦੇ ਉੱਤੇ,
ਪਾਵਨ ਜਲ ਨੂੰ ਛਿੜਕਿਆ ਤੇ ਨਾਲ ਮਿਹਰ ਦੇ
ਨੈਨ ਉਨ੍ਹਾਂ ਦੇ ਛੁਹ ਲਏ ਸਨ ਸਤਿਗੁਰ ਪੂਰੇ ।
੬
ਨਵੀਂ ਜ਼ਿੰਦਗੀ ਭਾਰਤੀ ਦਾ ਆਰੰਭ ਹੋਇਆ,
ਸਭ ਸਿਖਾਂ ਲਈ ਦੀਖਿਆ, ਸ਼ੁਧ ਹੋਏ ਸਾਰੇ ।
ਤਦੋਂ ਸ੍ਰੀ ਗੁਰਦੇਵ ਨੇ ਏਦਾਂ ਫ਼ੁਰਮਾਇਆ :
*ਪਿਆਰੇ ਸਿੱਖੋ ! ਤੁਸਾਂ ਨੇ ਅੰਮ੍ਰਿਤ ਹੈ ਪੀਤਾ,
ਇਹੋ ਦੀਖਿਆ ਤੁਸਾਂ ਦੀ, ਇਹ ਨਦਰ ਅਲੌਕਿਕ,
ਜਿਸ ਪਾਈ ਉਸ ਜਿਣ ਲਿਆ ਹੈ ਪਦ ਸਦੀਵੀ ।
ਸੁਣੋ ਜਿਵੇਂ ਮੈਂ ਦਸਦਾ ਕੁਝ ਅਮਲ ਧਰਮ ਦੇ;
ਇਕੋ ਹੈ ਪਰਮਾਤਮਾ ਤੇ ਸਾਰੇ ਭਾਈ
ਇਕੋ ਜਿਹੇ ਸਭ ਲੋਕ ਹਨ ਸਭ ਜੰਮੇ ਸੁਤੰਤਰ ।
ਸਾਰੇ ਭੇਦ ਮੁਕਾ ਦਿਉ, ਹੇ ਮੇਰੇ ਸਿੱਖੋ !
ਵਖਰਾਪਨ ਤਾਂ ਮੌਤ ਹੈ, ਵੰਡ ਪਾਉਣ ਵਾਲੇ
ਵਿਚ ਹਜ਼ਾਰਾਂ ਜਾਤੀਆਂ ਸਭ ਮਰ ਮੁਕ ਜਾਂਦੇ ।
ਇਕੋ ਜਾਤ ਤੁਹਾਡੜੀ ਵਰਿਆਮਤਾ ਭਾਈ,
ਕਰਦੀ ਰਖਿਆ ਸੱਚ, ਧਰਮ ਤੇ ਆਜ਼ਾਦੀ ਦੀ,
ਇਹ ਵੈਰਨ ਹੈ ਜ਼ੁਲਮ ਦੀ, ਤੁਸੀਂ ਜਾਤ ਬਹਾਦਰ,
ਕੇਸ, ਕੜਾ, ਕਿਰਪਾਨ ਤੇ ਕੱਛ ਪਹਿਨਣ ਵਾਲੇ ।
ਰਾਜਾ ਕੋਈ ਨਾ ਤੁਸਾਂ ਦਾ, ਇਕੋ ਰੱਬ ਰਾਜਾ,
ਇਕੋ ਇਕ ਹੈ ਧਰਮ ਦਾ ਕਾਨੂੰਨ ਤੁਹਾਡਾ ।
ਮਾੜੀ ਕਰਨੀ ਤੁਸਾਂ ਦੀ ਹੈ ਵੈਰਨ ਭਾਈ ।
ਧਰਮ ਕਦੇ ਛੁਟਿਆਉ ਨਾ, ਨਾ ਬਣੋ ਅਧਰਮੀ ।
ਜੀਵੋ ਤੁਸੀਂ ਚਿਰਾਂ ਤਕ ਖਟ ਨਾਮ ਨਾਮਣਾ,
ਸੇਵਾ ਦੇਸ਼-ਭਲਾਈ ਦੀ ਵਿਚ ਤਤਪਰ ਰਹਿੰਦੇ ।*
ਇਹ ਅਸੀਸ ਦੇ ਸਿਖਾਂ ਨੂੰ ਸਾਹਿਬ ਚੁਪ ਧਾਰੀ,
ਗੁਰ ਮਹਿਮਾ ਗਾ ਸਿੱਖਾਂ ਨੇ ਫਿਰ ਫ਼ਤਹ ਉਚਾਰੀ,
ਝੰਡਾ ਗੁਰੂ ਗੋਬਿੰਦ ਦਾ ਉੱਚਾ ਹੋ ਝੁਲਿਆ,
ਸਾਰਾ ਜਗ ਜਹਾਨ ਸੀ ਖ਼ੁਸ਼ੀਆਂ ਵਿਚ ਫੁਲਿਆ,
ਇਹੋ ਤਾਂ ਆਰੰਭ ਸੀ ਬਲਵੰਤ ਹੋਣ ਦਾ,
ਔਰੰਗਜ਼ੇਬੀ ਰਾਜ ਦੇ ਫਿਰ ਅੰਤ ਹੋਣ ਦਾ ।
(ਵਿਕਰਮੀ : 1੭੫੬=1੬੯੯ ਈਸਵੀ,
ਬ੍ਰਹਮ-ਸੁਤ=ਰੱਬ ਦਾ ਪੁੱਤਰ, ਲਸਦੇ=ਚਮਕਦੇ,
ਘਨਹਰ=ਬੱਦਲ)
8. ਲੋਕਮਾਨਯ ਤਿਲਕ
ਨਾਉਂ ਤਿਲਕ ਦਾ ਰਹੇ ਸਦੀਵੀ,
ਜ਼ੁਲਮ ਨਾ ਚੁੱਕੇ ਸੀਸ ਕਦੀ ਵੀ,
ਨਾਦ ਆਜ਼ਾਦੀ ਸਭ ਧਿਰ ਗੂੰਜੇ,
ਰਹੇ ਗ਼ੁਲਾਮੀ ਕਿਸੇ ਨਾ ਖੂੰਜੇ ।
ਧੁੰਦ ਝੂਠ ਦੀ ਖਿੰਡ ਪੁੰਡ ਜਾਵੇ,
ਬਹੁਰੂਪੀ ਡਰ ਕਦੇ ਨਾ ਆਵੇ ।
ਵਿਦਿਆ ਦੀ ਉਸ ਗੜ੍ਹੀ ਬਣਾਈ,
ਰਚੀ ਦੁਆਲੇ ਗਿਆਨ ਦੀ ਖਾਈ ।
ਬੋਲ ਦਾ ਮੰਦਰ ਉਨ੍ਹੇ ਬਣਾਇਆ,
ਝੰਡਾ ਆਜ਼ਾਦੀ ਲਹਿਰਾਇਆ ।
ਉਹ ਨੌਕਾ, ਦੁਖ-ਸਾਗਰੋਂ ਕੱਢੇ
ਉਹ ਜਾਦੂ, ਜੋ ਰਾਖਸ਼ ਵੱਢੇ ।
ਉਹ ਨਵ-ਜੀਵਨ ਕਲੀ ਪਿਆਰੀ,
ਪ੍ਰੇਮ-ਪ੍ਰੋਤੀ ਮਾਖਿਉਂ ਸਾਰੀ ।
ਉਹ ਕੌਮੀ ਨਵ-ਜੀਵਨ ਸੰਦਾ
ਹੈ ਸੰਕੇਤ ਇਕ ਲਾਹੇਵੰਦਾ ।
9. ਮੁਰਦਾ ਅਤੀਤ
ਠੇਡੇ ਖਾ ਨਾ ਡਿਗੋ ਮੂਰਖੋ ਖੱਡ ਖਾਈ ਦੇ ਅੰਦਰ ।
ਮੁੱਕ ਚੁਕੀਆਂ ਚੀਜ਼ਾਂ ਦੀਆਂ ਯਾਦਾਂ ਗੁੱਝੀ ਜਿਹੀ ਸੱਟ ਮਾਰਨ ।
ਨਾ ਵਿਅਰਥ ਪਛਤਾਵਿਆਂ ਸੰਦੀ ਪੀੜਾ ਝਲਦੇ ਰਹੀਓ,
ਕਿਉਂ ਜੋ ਇਸ ਅਤੀਤ ਨਹੀਂ ਮੁੜਨਾ, (ਨਿਤ ਕਲੇਸ਼ ਨਾ ਸਹੀਓ) ।
ਦਿਲ ਅਪਣੇ ਸੰਗ ਪਕੜੀ ਰਖੋ ਉਹ ਵਿਚਾਰ ਸੁਹਾਣਾ,
ਜਿਸ ਦੇ ਉਤੇ ਪਹਰਾ ਦੇ ਕੇ 'ਅੱਜ' ਹੈ ਸਿਰੇ ਚੜ੍ਹਾਇਆ ।
ਨਵ-ਜੀਵਨ ਦਾ ਇਹ ਬਪਤਿਸਮਾ, ਖਾ, ਪੀ, ਜੀ, ਖ਼ੁਸ਼ ਜੀਵਨ,
ਇਹ ਅਤੀਤ, ਇਦ੍ਹੀਆਂ ਬੁਰਿਆਈਆਂ, ਸਦਾ ਲਈ ਮੁੱਕ ਥੀਵਨ ।
10. ਖ਼ਤਰੇ ਦੀ ਆਵਾਜ਼
ਜਾਤ ਪਾਤ ਦਾ ਭੈ ਨਹੀਂ ਕੋਈ,
ਦੁਨੀਆਂ ਉਭਰੇ ਨਾਲ ਪਿਆਰ ।
ਇਕ ਦੂਜੇ ਦੀ ਕਰ ਸਹਾਇਤਾ
ਰਚੀਏ ਇਕ ਸਾਂਝਾ ਸੰਸਾਰ ।
ਪ੍ਰਿਤਪਾਲਕ ਪ੍ਰਭ ਜੀ ਨੇ ਸਾਰਾ
ਦਿਤਾ ਸੀ ਨਾਰੀ ਨੂੰ ਗਿਆਨ ।
ਪਰ ਵਿਚਕਾਰੇ ਕੁਝ ਮੂਰਖਾਂ
ਗਡਵਡ ਕੀਤਾ ਸਭ ਸਾਮਾਨ ।
ਕਿਹੜਾ ਜੋ ਅਪਣੀ ਅੱਖ ਫੋੜੇ
ਨਦਰ-ਹਾਨ ਨੂੰ ਦਏ ਸਨਮਾਨ ।
ਨਾਰੀ ਦੇ ਗਿਆਨ ਨੂੰ ਪਾਲੋ
ਤਾਂ ਜੋ ਮਿਟੇ ਜਗਤ-ਅਗਿਆਨ ।
ਵਧ ਵਧ ਕੇ ਬਹੁ ਦੇਵਾਂ ਬਾਰੇ
ਦੁਸ਼ਟ ਕਰਨ ਘਿਰਣਾ ਪ੍ਰਸਾਰ ।
ਰੱਬ ਤਾਂ ਹੈ ਇਕੋ ਹੀ ਸਭ ਦਾ
ਸਭ ਵਿਚ ਛਾਇਆ ਉਹ ਕਰਤਾਰ ।
ਬ੍ਰਾਹਮਣ ਪੂਜਣ ਅਗਨ ਦੇਵ ਨੂੰ
ਪੜ੍ਹਨ ਨਮਾਜ਼ਾਂ ਮੁਸਲਮਾਣ ।
ਈਸਾਈ ਗਿਰਜੇ ਨੂੰ ਜਾਵਣ
ਤੇ ਸਲੀਬ ਸਾਹਵੇਂ ਝੁਕ ਜਾਣ ।
ਸਰਬ-ਵਿਆਪਕ ਸਮਝ ਪ੍ਰਭੂ ਨੂੰ,
ਪੂਜਾ ਕਰਦੇ ਸਭ ਨਰ ਨਾਰ ।
ਉਹ ਹੈ ਇਕੋ, ਕਿਉਂ ਫਿਰ ਹੋਵੇ
ਵਾਦ ਵਿਵਾਦ, ਵਿਤੰਡਾਚਾਰ ?
ਸਾਡੇ ਘਰ ਦੇ ਅੰਦਰ ਰਹਿੰਦੀ
ਬਿੱਲੀ ਇਕ ਸਫ਼ੈਦ ਨਿਸ਼ੰਗ ।
ਜਦੋਂ ਬਲੂੰਗੜੇ ਜੰਮੇ ਉਸ ਦੇ,
ਹਰ ਇਕ ਦਾ ਸੀ ਵਖਰਾ ਰੰਗ ।
ਇਕ ਬਲੂੰਗੜਾ ਸੀ ਭਸ ਰੰਗਾ,
ਦੂਜਾ ਜਾਇਆ ਕਾਲਾ ਸ਼ਾਹ ।
ਤੀਜਾ ਸੱਪ-ਖੱਲ ਦੀ ਭਾਹ ਮਾਰੇ
ਚੌਥਾ ਸੀ ਦੁੱਧ-ਚਿੱਟਾ ਵਾਹ ।
ਭਾਵੇਂ ਭਿੰਨ ਭਿੰਨ ਰੰਗਾਂ ਵਾਲੇ,
ਸਭਨਾ ਦਾ ਇਕੋ ਹੀ ਠਾਟ ।
ਕਿਹੜਾ ਸੀ ਵਧੀਆ ਸਭ ਵਿਚੋਂ ?
ਕਿਸ ਵਿਚ ਜਾਪੇ ਕੋਈ ਘਾਟ ?
ਭਾਵੇਂ ਲੋਕ ਬਣੇ ਕਈ ਰੰਗੇ
ਪਰ ਅਸਲੋਂ ਇਕ ਮਾਨਵ ਜਾਤ ।
ਵਿਚ ਵਿਚਾਰਾਂ ਅਤੇ ਕਾਰਜਾਂ
ਸਾਂਝੀ ਬਹੁ ਉਹਨਾਂ ਦੀ ਬਾਤ ।
ਮਾਨਵ ਦੀ ਬਰਾਬਰੀ ਸੰਦਾ,
ਡੱਗਾ ਮਾਰ ਕਰੋ ਐਲਾਨ ।
ਜਾਤ ਧਰਮ ਦੀ ਵੰਡ ਨੂੰ ਭੰਡੋ
ਡੱਗਾ ਮਾਰ ਕਰੋ ਫ਼ੁਰਮਾਨ ।
ਖ਼ਤਰੇ ਦੀ ਆਵਾਜ਼ ਉਠਾਉ,
ਦੱਸੋ ਪ੍ਰੇਮ ਪਿਆਰ ਦੀ ਸ਼ਾਨ ।
ਸਭ ਰੁਕਾਵਟਾਂ ਦੂਰ ਕਰ ਦਿਉ,
ਸਭ ਭੈੜਾਂ ਨੂੰ ਕਰੋ ਬੇਜਾਨ ।
(ਭਸ=ਸੁਆਹ, ਭਾਹ=ਚਮਕ)
11. ਕੋਇਲ ਦਾ ਗੀਤ
ਕੋਇਲ
ਚੜ੍ਹਦੇ ਸੂਰਦੇਵ ਦੀਆਂ ਕਿਰਨਾਂ, ਨੀਲੇ ਸਾਗਰ ਦੀ ਹਿੱਕ ਉੱਤੇ,
ਜਦੋਂ ਪੈਣ, ਪਰਤੋ ਉਨ੍ਹਾਂ ਦਾ, ਲਿਸ਼ਕਾਵੇ ਸਰ ਮੋਤੀ ਵਾਂਗੂੰ,
ਜਿਉਂ ਲਿਸ਼ਕੇ ਉਹ ਭਾਂਬੜ ਨੇੜੇ, ਰੂਪ-ਵਟਾਵੀ ਚਮਕ ਦਮਕ,
ਦੇਵੇ ਸੁਹਜ ਏਸਨੂੰ, ਨਾਲੇ ਇਸਦੀਆਂ ਲਹਿਰਾਂ ਤੇਜ਼ ਤਰਾਰ,
ਗ੍ਰੰਥਾਂ ਦੀ ਬਾਣੀ ਨੂੰ ਗਾਵਣ, ਨਾਲ ਖ਼ੁਸ਼ੀ ਗਲਵਕੜੀ ਪਾਵਣ,
ਦਖਣੀ ਪਾਂਡੀਚਰੀ ਦੇ ਤੱਟ ਨੂੰ, ਤੱਮਿਲ ਪੁਰਾਤਨ ਜੋਗ ਜ਼ਖ਼ੀਰਾ ।
ਸ਼ਹਿਰ ਦੇ ਪੱਛਮ ਵੰਨੇ ਹੈ ਵੇ ਅੰਬ ਦੇ ਰੁੱਖਾਂ ਦਾ ਇਕ ਝੁੰਡ,
ਪੰਛੀ-ਫੜੂ ਸਰਬ ਦੁਨੀਆਂ ਦੇ ਇਥੇ ਆਣ ਧਰਾ ਤੇ ਸੁੱਟਣ,
ਮਾੜੀ ਕਿਸਮਤ ਦੇ ਪੰਖੇਰੂ; ਇਕ ਸਵੇਰ ਓਸ ਝੁੰਡ ਵਿਚ,
ਪੰਛੀ ਮਾਰਾਂ ਤੋਂ ਆਜ਼ਾਦ ਹੋ, ਵਿਚ ਖ਼ੁਸ਼ੀ ਦੇ ਕੋਇਲ ਝੂਲੇ,
ਇਕ ਟਾਹਣੀ ਉੱਤੇ ਬਹਿ ਗਾਂਦੀ, ਇਕ ਮਿੱਠਾ ਜਿਹਾ ਗੀਤ ਮੋਹਣ ਲਈ
ਅਪਣੇ ਸਾਥੀਆਂ ਤਾਈਂ, ਜਿਹੜੇ, ਰਾਗ ਧੁਨੀ ਸੁਣ ਭਰੇ ਜੋਸ਼ ਵਿਚ,
ਵਿੰਨ੍ਹੇ ਗਏ ਸਨ ਦਿਲ ਜਿਨ੍ਹਾਂ ਦੇ; ਵਣ ਦੇ ਹੋਰ ਅਨੇਕਾਂ ਪੰਛੀ,
ਕੱਠੇ ਹੋ ਕੇ ਸੁਣਨ ਰਾਗ ਨੂੰ, ਭੁੱਲ ਬੈਠੇ ਸਨ ਅਪਣਾ ਕਾਰਜ ।
ਭਰ ਗਈ ਅੰਮ੍ਰਿਤ ਨਾਲ ਪੌਣ ਵੀ, ਤੇਜ਼ ਮਿਠਾਸ ਫੈਲਦੀ ਜਾਪੇ,
ਇਉਂ ਜਾਪੇ ਦੈਵੀ ਯੁਵਤੀ ਇਕ ਕੋਇਲ ਬਣ ਗਾ ਗਾ ਕੇ ਮੋਹੇ ।
ਦਿਨ-ਸੁਪਨੇ ਅੰਦਰ ਇਹ ਡਿੱਠੀ, ਇਹ ਦੁਰਲਭ ਵਖਰੀ ਜਿਹੀ ਝਾਕੀ,
ਕਵੀਆਂ ਦਾ ਜੋ ਕਰੇ ਸੁਆਗਤ, ਜਦੋਂ ਕਲਪਨਾ ਦੂਰ ਲਿਜਾਵੇ,
ਨਿਤਪ੍ਰਤ ਕਾਰਜ ਦੀ ਦੁਨੀਆਂ ਤੋਂ, ਸੁਣ ਕੇ ਗੀਤ ਕੋਇਲ ਸੰਦਾ,
ਜਾਦੂ ਭਰੇ ਓਸ ਉਪਬਨ ਵਿਚ, ਏਦਾਂ ਸੀ ਮੈਂ ਤਦੋਂ ਸੋਚਿਆ :
*ਕਿਉਂ ਨਾ ਮੈਂ ਕੋਇਲ ਬਣ ਸਕਦਾ ? ਝਟ ਪਟ ਮਿਲਾਂ ਕੋਇਲੀ ਤਾਈਂ,
ਅਤੇ ਗੁਜ਼ਾਰਾਂ ਅਪਣਾ ਜੀਵਨ ਇਸ ਤੋਂ ਮਗਰੋਂ ਖ਼ੁਸ਼ੀ ਦੇ ਅੰਦਰ,
ਮੇਰੀ ਜ਼ਿੰਦਗੀ ਝਟ ਰਲ ਜਾਵੇ, ਇਸ ਕੋਇਲ ਦੇ ਗੀਤ ਦੇ ਅੰਦਰ ।*
ਦੇਵਤਿਆਂ ਸੁਣਿਆਂ ਨਹੀਂ ਹੋਣਾ ਐਸਾ ਸੁੰਦਰ ਰਾਗ ਕਦੀ ਵੀ,
ਜਿਹੜਾ ਦੇਵ ਦਇਆ ਦੇ ਕਾਰਨ ਮੈਂ ਸੁਣ ਸਕਿਆ ਓਸ ਦਿਹਾੜੇ ।
ਕੋਇਲ ਦੀ ਕੂ ਕੂ ਦੇ ਵਿਚੋਂ, ਮੈਂ ਢੁਕਵਾਂ ਮਤਲਬ ਸੀ ਕਢਿਆ,
ਜਿਸ ਨੂੰ ਹੁਣ ਸੰਖੇਪ ਬਣਾ ਕੇ, ਮੈਂ ਤੁਹਾਡੇ ਲਈ ਲਿਖ ਧਰਾਂਗਾ ।
ਪਰ ਕੀਕੂੰ ਅਦਭੁਤ ਧੁਨੀ ਦੀ ਕੀਤੀ ਜਾਵੇ ਨਕਲ, ਦਸੋ ਖਾਂ ?
12. ਕੋਇਲ ਦਾ ਗੀਤ
ਪਿਆਰ, ਓ ਪਿਆਰ ਅਨੰਤ
ਪਿਆਰ ਬਿਨਾਂ
ਹੈ ਮੌਤ, ਸਦਾ ਸਦੀਵੀ ਅੰਤ ।
ਜੋਤ, ਸਦੀਵੀ ਜੋਤ,
ਜੋਤ ਬਿਨਾਂ
ਹੋਇ ਨ੍ਹੇਰ ਬੇਅੰਤ ।
ਖ਼ੁਸ਼ੀ ਸਦੀਵੀ ਆਨੰਦ;
ਖ਼ੁਸ਼ੀ ਬਿਨਾਂ
ਦੁੱਖ, ਦੁੱਖ ਅਨੰਤ ।
ਨਾਦ, ਮਿੱਠਾ ਸੰਗੀਤ,
ਨਾਦ ਬਿਨਾਂ
ਕੇਵਲ ਬੋਲ ਕੁਰਖ਼ਤ ।
ਤਾਲ, ਸੁਰ ਕਰੋ ਤਾਲ,
ਤਾਲ ਬਿਨਾਂ
ਕੇਵਲ ਸ਼ਰਮਿੰਦਗੀ ।
ਦੈਵੀ ਕਵਿਤਾ-ਬੋਲ,
ਕਾਵਿ ਬਿਨਾਂ
ਸਭ ਲਗੇ ਮਨੂਰ ।
ਜੀ ਆਇਆਂ ਨੂੰ ਧਰਤ ਨਾਮਣਾ,
ਥਿੜਕ ਜਾਏ ਜੇ
ਬਦਨਾਮੀ ਫਿਰ ਸਦਾ ਸਦੀਵੀ ।
ਪੱਕਾ, ਦ੍ਰਿੜ੍ਹਤਾ ਨਾਲ ਖੜੋ,
ਜੇ ਥਿੜਕੇਂ
ਤਾਂ ਧੂੜ-ਘੱਟੇ ਵਿਚ ਢੇਰੀ ਹੋ ।
ਦੋ ਜਿੰਦੀਆਂ ਦਾ ਪ੍ਰੇਮ-ਆਨੰਦ,
ਸਾਥ ਬਿਨਾਂ
ਦੁਖ ਦਰਦ ਸਦੀਵ ।
ਹੇ ਮੁਰਲੀ ਭਰੀ ਮਿਠਾਸ,
ਜਦ ਟੁੱਟ ਜਾਵੇ
ਹਾਏ, ਸੁੱਟੋ ਇਸਨੂੰ ਦੂਰ ।
13. ਕੁਕਨੂਸ
(ਮਰ ਰਿਹਾ ਭਾਰਤ ਅਤੇ ਪੁਨਰ ਉਗਮਣਸ਼ੀਲ ਭਾਰਤ)
1
ਨਿਰਬਲ ਮੋਢਿਆਂ ਵਾਲੇ ਠਿਗਣੇ, ਪਰ੍ਹੇ ਪਰ੍ਹੇ ।
ਸੁੰਗੜ ਚੁਕੇ ਦਿਲ ਵਾਲੇ ਠਿਗਣੇ, ਪਰ੍ਹੇ ਪਰ੍ਹੇ ।
ਢਿਲਕੇ ਮੁਖੜੇ ਵਾਲੇ ਠਿਗਣੇ, ਪਰ੍ਹੇ ਪਰ੍ਹੇ ।
ਜੋਤ-ਹੀਨ ਅੱਖ ਵਾਲੇ ਠਿਗਣੇ, ਪਰ੍ਹੇ ਪਰ੍ਹੇ ।
ਨਾਦ-ਗੂੰਜ ਬਿਨ ਭਾਰਤ ! ਜਾਓ ਪਰ੍ਹੇ ਪਰ੍ਹੇ ।
ਬਲ-ਆਭਾ ਬਿਨ ਭਾਰਤ ! ਜਾਓ ਪਰ੍ਹੇ ਪਰ੍ਹੇ ।
ਚੂਚੇ ਦੇ ਦਿਲ ਵਾਲੇ, ਸਹਿਮੇ, ਪਰ੍ਹੇ ਪਰ੍ਹੇ ।
ਸਦਾ ਗ਼ੁਲਾਮੀ ਦੇ ਵਿਚ ਜੀਂਦੇ, ਪਰ੍ਹੇ ਪਰ੍ਹੇ ।
ਕੁੱਤੇ ਵਰਗਾ ਬੇਪਤ ਜੀਵਨ ? ਪਰ੍ਹੇ ਪਰ੍ਹੇ ।
ਡਰੇਂ ਸਿਆਣੇ ਬੋਲਾਂ ਤੋਂ ਤੂੰ ? ਪਰ੍ਹੇ ਪਰ੍ਹੇ ।
ਬਿਨਾਂ ਸ਼ਰਮ ਦੇ ਭਿਖਿਆ-ਮੰਗੂ, ਪਰ੍ਹੇ ਪਰ੍ਹੇ ।
ਕਲ ਦੇ ਝੂਠਾਂ ਨੂੰ ਸੱਚ ਮੰਨੇਂ, ਪਰ੍ਹੇ ਪਰ੍ਹੇ ।
ਸੱਚ ਨੂੰ ਝੂਠਾ ਕਰ ਦਿਖਲਾਏਂ, ਪਰ੍ਹੇ ਪਰ੍ਹੇ ।
ਮਾਂ-ਬੋਲੀ ਤਜ ਹੋਰ ਜਾ ਸਿਖੇਂ, ਪਰ੍ਹੇ ਪਰ੍ਹੇ ।
ਗਲਾਂ ਕਰੇਂ ਸੈਂਕੜੇ ਦੀਆਂ, ਪਰ੍ਹੇ ਪਰ੍ਹੇ ।
ਸੱਚੀ ਪੋਥੀਓਂ ਕੁਝ ਨਾ ਸਿਖੇਂ, ਪਰ੍ਹੇ ਪਰ੍ਹੇ ।
ਦਏਂ ਦਲੀਲਾਂ ਪੰਜ ਸੈ ਭਾਈ, ਪਰ੍ਹੇ ਪਰ੍ਹੇ ।
ਕਿਉਂ ਤੂੰ ਚਿੱਕੜ ਵਿਚ ਬਣਾਏ, ਪਰ੍ਹੇ ਪਰ੍ਹੇ ।
ਨਿੱਕੇ ਘਰਾਂ ਚੋਂ ਗੰਦ ਉਖਾੜੇਂ ? ਪਰ੍ਹੇ ਪਰ੍ਹੇ ।
ਸੈ ਜਾਤਾਂ ਦੀ ਬੜਬੜ ਲਾਈ, ਪਰ੍ਹੇ ਪਰ੍ਹੇ ।
ਕਿਸ ਦਾ ਧਰਮ ਨਿਬਾਹਿਆ ? ਜਾਈਂ ਪਰ੍ਹੇ ਪਰ੍ਹੇ ।
ਸੈ ਕਾਨੂੰਨਾ ਦੀ ਗਲ ਕਰਦੈਂ ? ਪਰ੍ਹੇ ਪਰ੍ਹੇ ।
ਇਕ ਇਕ ਪੈਸੇ ਤੇ ਝਖ ਮਾਰੇਂ, ਪਰ੍ਹੇ ਪਰ੍ਹੇ ।
ਬਦੀਆਂ ਸੋਚੇਂ, ਬਦੀ ਕਮਾਵੇਂ, ਪਰ੍ਹੇ ਪਰ੍ਹੇ ।
ਤੂੰ ਤਾਂ ਗੰਦਗੀ ਸਾਮਰਤੱਖ ਹੈਂ, ਪਰ੍ਹੇ ਪਰ੍ਹੇ ।
ਅੰਦਰ ਮੋਤੀ ਪਿਆ ਲੁਕਾਵੇਂ, ਪਰ੍ਹੇ ਪਰ੍ਹੇ ।
2
ਹੇ ਚਮਕੀਲੀਆਂ ਅੱਖਾਂ ਵਾਲੇ ! ਆਵੀਂ, ਆਵੀਂ ।
ਹੇ ਫ਼ੌਲਾਦੀ ਹਿਰਦੇ ਵਾਲੇ ! ਆਵੀਂ, ਆਵੀਂ ।
ਮਿੱਠੀ ਮਾਖਿਓਂ ਬੋਲੀ ਵਾਲੇ ! ਆਵੀਂ, ਆਵੀਂ ।
ਚੌੜੇ ਚਪਟੇ ਮੋਢਿਆਂ ਵਾਲੇ ! ਆਵੀਂ, ਆਵੀਂ ।
ਸਾਫ਼ ਬਲੌਰੀ ਹਿਰਦੇ ਵਾਲੇ ! ਆਵੀਂ, ਆਵੀਂ ।
ਏਥੇ ਸਭੋ ਭੈੜ ਮਿਟਾਵੀਂ, ਆਵੀਂ, ਆਵੀਂ ।
ਆਣ ਗ਼ਰੀਬਾਂ ਤਈਂ ਪਿਆਰੀਂ, ਆਵੀਂ, ਆਵੀਂ ।
ਚਾਲ ਸ਼ੇਰ ਦੀ ਚੱਲਣ ਵਾਲੇ, ਆਵੀਂ, ਆਵੀਂ ।
ਸ਼ੁੱਧ ਲਿਖਤਾਂ ਦਾ ਮਾਣ ਵਧਾਉਣ, ਆਵੀਂ, ਆਵੀਂ ।
ਨਾਲ ਗ੍ਰੰਥਾਂ ਦਾ ਜਸ ਗਾਵਣ, ਆਵੀਂ, ਆਵੀਂ ।
ਝੂਠ ਵਿਰੁੱਧ ਨਫ਼ਰਤ ਫੈਲਾਉਣ, ਆਵੀਂ, ਆਵੀਂ ।
ਝੂਠ ਦੇ ਕਾਰੇ ਸਭ ਮਿਟਾਵਣ, ਆਵੀਂ, ਆਵੀਂ ।
ਸ਼ੁਭ ਵਿਚਾਰਾਂ ਨਾਲ ਲਿਆਵੀਂ, ਆਵੀਂ, ਆਵੀਂ ।
ਨਾਲ ਪਵਿਤਰ ਅੰਗਾਂ ਆਵੀਂ, ਆਵੀਂ, ਆਵੀਂ ।
ਸਾਡੇ ਦੇਸ਼ ਵਸੀਂ ਤੂੰ ਆ ਕੇ, ਆਵੀਂ, ਆਵੀਂ ।
ਖ਼ਤਮ ਕਰਨ ਲਈ ਸਰਾਪ ਪੁਰਾਣਾ, ਆਵੀਂ, ਆਵੀਂ ।
ਨਵੀਂ ਜ਼ਿੰਦਗੀ ਵਾਲੇ ਭਾਰਤ ! ਆਵੀਂ, ਆਵੀਂ ।
ਸ਼ਕਤ ਅਦੁੱਤੀ ਵਾਲੇ ਭਾਰਤ ! ਆਵੀਂ, ਆਵੀਂ ।
ਦੇਸ਼ ਹਨੇਰੇ ਨਾਲ ਗ੍ਰਸਿਆ, ਆਵੀਂ, ਆਵੀਂ ।
ਆਕੇ ਸੂਰਜ ਬਣ ਰੁਸ਼ਨਾਈਂ, ਆਵੀਂ, ਆਵੀਂ ।
ਸਾਡੇ ਵਿਚ ਮੁੜ ਆਣ ਪਸਾਰੀਂ, ਆਵੀਂ, ਆਵੀਂ ।
ਦੇਸ਼ ਦੀਆਂ ਗੁੰਮ ਚੁਕੀਆਂ ਸ਼ਾਨਾਂ, ਆਵੀਂ, ਆਵੀਂ ।
ਸਰਬ ਗੁਣਾਂ ਨੂੰ ਵਧਦਾ ਦੇਖੀਂ, ਆਵੀਂ, ਆਵੀਂ ।
ਏਥੇ ਆ ਸੰਚਾਰ ਕਰਾਵੀਂ, ਆਵੀਂ, ਆਵੀਂ ।
ਲੈਕੇ ਫ਼ਤਹ ਪਕੜ ਆਪਣੀ ਵਿਚ, ਆਵੀਂ, ਆਵੀਂ ।
ਨਿਮਰ ਮਧੁਰ ਬੋਲਾਂ ਨੂੰ ਲੈ ਕੇ, ਆਵੀਂ, ਆਵੀਂ ।
ਪੂਰਾ ਮਰਦ ਹੋ ਸਾਹਵੇਂ ਆਵੀਂ, ਆਵੀਂ, ਆਵੀਂ ।
ਨਿਰਮਲ ਮੁਖੜੇ ਵਾਲੇ ਆਵੀਂ, ਆਵੀਂ, ਆਵੀਂ ।
ਸ਼ੁਭ ਵਿਚਾਰ ਕਰਮ ਵਿਚ ਪਲਟੀਂ, ਆਵੀਂ, ਆਵੀਂ ।
ਇੱਛਾ ਨੂੰ ਭਾਣੇ ਵਿਚ ਪਲਟੀਂ, ਆਵੀਂ, ਆਵੀਂ ।
ਅਤੀ ਕਠਿਨ ਕੰਮ ਆਣ ਨਿਬਾਹੀਂ, ਆਵੀਂ, ਆਵੀਂ ।
ਦੇਸ਼ ਅਸਾਡੇ ਏਕਾ ਲਿਆਈਂ, ਆਵੀਂ, ਆਵੀਂ ।
14. ਹੇ ਤਾਯੂਮਾਨਵਨ
ਸਦਾ ਸਦੀਵੀ ਰਹਿਣਾ ਚਾਹੇਂ
ਮਿੱਠੀ ਤੱਮਿਲ ਦਾ ਚਿੰਨ੍ਹ ਬਣ ਕੇ,
ਅਜ ਵੀ ਤੂੰ ਹੈਂ ਜੋਬਨ ਭਰਿਆ
ਤੱਮਿਲ ਵਾਂਗ ਅਮਰਤਾ ਪਾਈ,
ਤੂੰ ਜਾਣੇ ਕਿ ਇਕ ਤਾਂ ਉਹ ਹੈ
ਤੇ ਉਹ ਹੈ ਵੇ ਨਿਰਾ ਅਨੰਦੀ,
ਉਹ ਤਾਂ ਅਮਰ ਅਰਸ਼ ਦਾ ਅੰਗ ਹੈ,
ਮਰਨਹਾਰ ਸੰਗ ਰਹੇ ਸਮਾਈ ।
(ਤਾਯੂਮਾਨਵਨ=ਤੱਮਿਲ ਨਾਡੁ ਦਾ
ਸਤਾਰਵੀਂ ਸਦੀ ਦਾ ਇਕ ਸੰਤ-ਗਾਇਕ)
15. ਅੱਗ ਦੀ ਚਿੰਗਾਰੀ
ਮੈਨੂੰ ਮਿਲੀ ਚਿੰਗਾਰੀ ਅੱਗ ਦੀ,
ਜਿਨੂੰ ਜੰਗਲ ਵਿਚ ਲਿਆ,
ਮੈਂ ਰੱਖਿਆ ਰੁੱਖ ਦੇ ਖੋਖ ਵਿਚ
ਬਨ ਸੜ ਕੇ ਹੋਇਆ ਸੁਆਹ ।
ਵਾਹਵਾ ਭਈ ਵਾਹਵਾ !
ਕੀ ਸ਼ਕਤੀ ਹੋਵੇ ਅੱਗ ਦੀ
ਜੋ ਸਾੜ ਕੇ ਕਰੇ ਸੁਆਹ
'ਛੋਟੀ' ਜਾਂ 'ਵੱਡੀ' ਵਸਤ ਨੂੰ,
ਹੋਇ ਜੋਬਨ ਜਾਂ ਜਰੂਆ ?
(ਜਰੂਆ=ਬੁੱਢਾ)
16. ਜੈ ਜੈ ਜਨਨੀ
(ਵੰਦੇ ਮਾਤਰਮ)
ਜੈ ਜੈ ਜਨਨੀ ਭਾਰਤ ਮਾਂ !
ਜਨਮਧਾਰ ਕੇ ਭਾਰਤ ਅੰਦਰ,
ਜਾਤਪਾਤ ਦੇ ਭੇਦ ਵਿਸਾਰੇ ।
ਬਾਹਮਣ ਤੋਂ ਲੈ ਸਾਰੇ ਪ੍ਰਾਣੀ,
ਇਕੋ ਮਾਂ ਦੇ ਬੱਚੇ ਸਾਰੇ ।
ਜੈ ਜੈ ਜਨਨੀ ਭਾਰਤ ਮਾਂ !
ਕੀ ਨੀਵੇਂ, ਅੱਤ ਨੀਵੇਂ ਪ੍ਰਾਣੀ,
ਜੀਵਨ ਦੇ ਭਾਗੀ ਨਹੀਂ ਸਾਰੇ ?
ਕੀ ਸਾਡੇ ਲਈ ਉਹ ਪ੍ਰਦੇਸੀ,
ਜੋ ਹੁੰਦੇ ਨੇ ਦੋਖੀ ਭਾਰੇ ?
ਜੈ ਜੈ ਜਨਨੀ ਭਾਰਤ ਮਾਂ !
ਏਥੇ ਹੈਣ ਹਜ਼ਾਰਾਂ ਜਾਤਾਂ,
ਕੋਈ ਨਾ ਥਾਂ ਪ੍ਰਦੇਸੀਆਂ ਸੰਦੀ ।
ਮਾਂ ਦੇ ਪੁੱਤਰ ਭਾਵੇਂ ਖਹਿੰਦੇ,
ਫਿਰ ਵੀ ਹਨ ਉਹ ਵੀਰ, ਸੰਬੰਧੀ ।
ਜੈ ਜੈ ਜਨਨੀ ਭਾਰਤ ਮਾਂ !
ਏਕੇ ਬਿਨ ਇਹ ਜੀਵਨ ਕੀ ਹੈ ?
ਬਿਨ ਏਕੇ ਮਚ ਪਵੇ ਤਬਾਹੀ ।
ਤਕੜੇ ਹੋ ਜੇ ਸੱਚ ਨੂੰ ਫੜੀਏ,
ਹੋਰ ਕੀ ਸਾਨੂੰ ਲੋੜ ਹੈ ਕਾਈ ?
ਜੈ ਜੈ ਜਨਨੀ ਭਾਰਤ ਮਾਂ !
ਜੋ ਹੋਵੇਗਾ ਨਾਲ ਅਸਾਡੇ,
ਅਸੀਂ ਬਰਾਬਰ ਉਸ ਨੂੰ ਸਹੀਏ ।
ਤੀਹ ਕਰੋੜ ਬੰਦੇ ਜਿਤ ਜਾਸਣ,
ਜਾਂ ਫਿਰ ਹਾਰਿਆਂ ਵਾਂਗੂੰ ਰਹੀਏ !
ਜੈ ਜੈ ਜਨਨੀ ਭਾਰਤ ਮਾਂ !
ਪਰ-ਅਧੀਨ ਹੋ ਫਸੇ ਵਗਾਰੀਂ,
ਸ਼ਰਮਸਾਰ ਨਿਤ ਹੋ ਹੋ ਜਾਈਏ ।
ਹੁਣ ਸਭ ਅੰਤ ਕਰਾਂਗੇ ਇਸ ਦਾ,
ਰਲਮਿਲ ਕੇ ਸਾਰੇ ਹੀ ਗਾਈਏ :
ਜੈ ਜੈ ਜਨਨੀ ਭਾਰਤ ਮਾਂ !
17. ਤੱਮਿਲ ਦੀ ਉਸਤਤ ਵਿਚ
ਜੋ ਜੋ ਬੋਲੀਆਂ ਅਸੀਂ ਜਾਣੀਏ,
ਤੱਮਿਲ ਵਰਗੀ ਮਿੱਠੀ ਕਿਹੜੀ ?
ਨਫ਼ਰਾਂ ਜਾਂ ਪਸ਼ੂਆਂ ਦੇ ਵਾਂਗੂੰ,
ਜਾਣੇ ਸਾਨੂੰ ਦੁਨੀਆਂ ਜਿਹੜੀ,
ਕੀ ਇਹ ਸੱਚ ਹੈ ਨਾਂ 'ਤੱਮਿਲ' ਦਾ
ਉਸ ਵਿਚ ਸਾਡਾ ਰਾਖਾ ਹੋਵੇ ।
ਮਾਖਿਉਂ ਮਿੱਠੀ ਤੱਮਿਲ ਭਾਸ਼ਾ,
ਧਰਤੀ ਉਤੇ ਗੂੰਜੇ, ਸੋਹਵੇ ।
ਨਾਮੀ ਕਵੀਆਂ ਵਿਚੋਂ ਇਲੰਗੋ,
ਵੱਲੂਵਰ, ਕੰਬਨ ਵਰਗਾ ਕਿਹੜਾ ?
ਅਪਣੀ ਉਸਤਤ ਇਹ ਨਾ ਸਮਝੇ,
ਇਹ ਤਾਂ ਹੈ ਵੇ ਸੱਚ-ਸੁਨੇਹੜਾ ।
ਫਿਰ ਵੀ ਗੁੰਗੇ, ਡੋਰੇ, ਅੰਨ੍ਹੇ,
ਸੁਣੋ ਅਸਾਡੀ ਕਥਾ ਕਹਾਣੀ ।
ਸ਼ੁਭ ਭਵਿੱਖ ਲਈ ਤੱਮਿਲ ਭਾਸ਼ਾ,
ਗਲੀ ਗਲੀ ਗੂੰਜੇ ਸਨਮਾਨੀ ।
ਹੁਣ ਦੀਆਂ ਲੋੜਾਂ ਦੋਵੇਂ ਮੰਨੋ :
ਗ੍ਰੰਥਾਂ ਦਾ ਅਨੁਵਾਦ ਸੁਹਾਣਾ ।
ਤੱਮਿਲ ਵਿਚ ਨਵੀਆਂ ਰਚਨਾਵਾਂ,
ਸਦਾ ਜਿਨ੍ਹਾਂ ਤੇ ਕਰੀਏ ਮਾਣਾ ।
ਬੀਤ ਚੁਕੀ ਜੋ ਸ਼ਾਨ ਅਸਾਡੀ,
ਉਸ ਬਾਰੇ ਨਾ ਮੁੜ ਮੁੜ ਬਕੀਏ ।
ਚੰਗਾ ਜੇ ਪਰਦੇਸੀਆਂ ਕੋਲੋਂ,
ਕਵਿਤਾ ਦਾ ਜਸ ਕਰਵਾ ਸਕੀਏ ।
ਜਿਸ ਦਮ ਸੱਚ ਹਿਰਦੇ ਵਿਚ ਜਾਗੇ,
ਸ਼ਬਦੀਂ ਜੀਵਨ-ਜੋਤੀ ਜੱਗੇ ।
ਕਵਿਤਾ ਅਤੇ ਕਲਾ ਜਿਸ ਵੇਲੇ,
ਵਾਂਗ ਜੋਸ਼ੀਲੇ ਹੜ੍ਹ ਦੇ ਵੱਗੇ ।
ਅੰਨ੍ਹੇ ਫਸੇ ਨਾਦਾਨੀ ਅੰਦਰ,
ਜਾਗ ਪੈਣਗੇ ਚਾਰ ਚੁਫੇਰੇ ।
ਮਿੱਠੀ ਤੱਮਿਲ ਦਾ ਰਸ ਦੈਵੀ,
ਮਾਣਨ ਧਰਤੀ ਉੱਤੇ ਘਣੇਰੇ ।
18. ਤੋਤੇ ਨੂੰ
ਪਿਆਰੇ ਤੋਤੇ; ਕੁਝ ਵੀ ਹੋਵੇ,
ਸਦਾ ਅਸੀਂ ਖ਼ੁਸ਼ ਰਹੀਏ ।
ਕੰਮ ਰੋਜ਼ ਦਾ ਕਰਦੇ ਕਰਦੇ,
ਮਾਂ ਦੇ ਚਰਨੀ ਢਹੀਏ ।
ਇਹ ਕੁਦਰਤ ਕਾਨੂੰਨ ਪਤਾ ਹੈ,
ਜੇ ਰੱਜ ਮਿਹਨਤ ਕਰੀਏ,
ਫਲ ਮਿਲੇਗਾ ਸਾਨੂੰ ਉਸ ਦਾ,
ਕਿਉਂ ਮਨ ਸੋਗੀਂ ਭਰੀਏ ?
ਥਕ ਜਾਣਾ ਤੇ ਡਰ ਵਿਚ ਰਹਿਣਾ,
ਤੇ ਸੋਚਾਂ ਦੁਖਦਾਈ,
ਇਕੋ ਪਿਆਰ ਹੈ ਦਾਰੂ ਸਭ ਦਾ,
ਪਿਆਰ ਨਾ ਮਰੇ ਕਦਾਈਂ ।
ਧਰ ਕੇ ਧਿਆਨ ਭਾਨੁ ਦੇਵ ਦਾ
ਧਰਮ ਪੱਥ ਤੇ ਜਾਈਏ ।
ਇਕ ਹਜ਼ਾਰ ਵਰ੍ਹੇ ਤਕ ਤੋਤੇ !
ਜੀਵਨ ਖ਼ੁਸ਼ੀ ਬਿਤਾਈਏ ।
ਜਦ ਭਗਵਾਨ ਮੁਰੁਗਨ ਨੂੰ ਭੇਟਾ,
ਪਿਆਰ ਬੇਦਾਗ਼ਾ ਕਰੀਏ ।
ਫਿਰ ਹੇ ਸੋਹਣੇ ਪੰਛੀ ਕਿਦਾਂ
ਦੁਖ ਤਕਲੀਫ਼ਾਂ ਜਰੀਏ ?
19. ਸਰਬ-ਵਿਆਪਕ ਕ੍ਰਿਸ਼ਨ
ਸੁਣੋ ਕ੍ਰਿਸ਼ਨ ਜੀ !
ਰੰਗ ਤੁਹਾਡਾ,
ਦਿੱਸੇ ਮੈਨੂੰ,
ਕਾਂ ਦੇ ਕਾਲੇ ਫੰਗਾਂ ਅੰਦਰ ।
ਸੁਣੋ ਕ੍ਰਿਸ਼ਨ ਜੀ !
ਅਰਸ਼ੀ ਸਬਜ਼ਾ,
ਦਿੱਸੇ ਮੈਨੂੰ,
ਰੁੱਖਾਂ ਦੇ ਪੱਤਿਆਂ ਦੇ ਅੰਦਰ ।
ਸੁਣੋ ਕ੍ਰਿਸ਼ਨ ਜੀ !
ਰਾਗ ਤੁਹਾਡਾ,
ਮੈਂ ਹਾਂ ਸੁਣਦਾ,
ਜਗਤ ਦੀਆਂ ਸਭ ਧੁਨੀਆਂ ਅੰਦਰ ।
ਸੁਣੋ ਕ੍ਰਿਸ਼ਨ ਜੀ !
ਛੁਹ ਸੰਗ ਮਾਣਾਂ,
ਮੈਂ ਝਰਨਾਟਾਂ,
ਜਦ ਉਂਗਲ ਪਏ ਜੋਤ ਦੇ ਅੰਦਰ ।
20. ਯਸੂ ਮਸੀਹ
ਚੜ੍ਹ ਸਲੀਬ ਤੇ ਗੁਜ਼ਰ ਗਏ ਮੇਰੇ ਭਗਵਾਨ,
ਤਿੰਨ ਦਿਨਾਂ ਦੇ ਅੰਦਰ ਉੱਚੇ ਅੰਬਰੀਂ ਪੁੱਜੇ ।
ਏਸੇ ਗੱਲ ਨੂੰ ਡਿੱਠਾ ਪ੍ਰਿਯ ਮੇਰੀ ਮੈਗਡੇਲਨ ।
ਪਿਆਰੇ ਮਿਤਰੋ ! ਵੱਸੇ ਇਸ ਵਿਚ ਗੁਹਜ ਗਿਆਨ ।
ਸਾਡੇ ਅੰਦਰ ਆਣ ਦੇਵਤੇ,
ਸਭ ਰੰਗਾਂ ਤੋਂ ਪਏ ਬਚਾਵਣ,
ਜੇਕਰ ਆਪਾਂ ਟਪ ਜਾਈਏ ਸਭ ਅਭਿਮਾਨ ।
ਯਸੂ ਆਤਮਾ, ਮੇਰੀ ਮੈਗਡੇਲਨ ਹੈ ਪਿਆਰ ।
ਬਾਹਰੀ ਪਾਪ ਨਸ਼ਟ ਹੋ ਗਿਆ, ਨਵ-ਜੀਵਨ ਹੈ ਛਾਇਆ ।
ਸੋਨ ਸੁਨਹਿਰੀ ਚਿਹਰੇ ਵਾਲੀ ਜੋਤੀ ਦਾ ਜਸ ਗਾਇਆ ।
ਉਹ ਪਿਆਰ ਮੈਗਡੇਲਨ ਵਾਲਾ,
ਵਾਹਵਾ ਆਨੰਦ ਛਾਇਆ ।
ਜੇ ਕਰ ਸੱਚ ਸਲੀਬ ਨਾਲ ਬੱਝ ਜਾਵੇ ਗਿਆਨ,
ਤਦ ਸੂਲ ਦੇ ਉਤੇ ਜਾ ਕੇ ਦੇਵੇ ਉਹ ਕੁਰਬਾਨੀ ।
ਯਸੂ ਬਲੀ ਆਤਮਾ ਵਾਲਾ,
ਉਠੇ ਫਿਰ ਅਸੀਮ ਅੰਬਰ ਬਣ ।
ਸਦਾ ਸਦੀਵੀ ਔਰਤ ਹੀ ਮੈਗਡੇਲਨ ਜਾਣੋ,
ਯਸੂ ਮਸੀਹ ਨੂੰ ਧਰਮ ਸਦੀਵੀ ਸਮਝੋ,
ਨੇੜੇ ਢੁਕ ਪ੍ਰਤੀਕ ਦੇ ਅਸੀਂ ਮੁੜ ਮੁੜ ਤਕੀਏ,
ਇਹਦੇ ਵਿਚੋਂ ਡਲ੍ਹਕਦਾ ਇਕ ਡੂੰਘਾ ਮਤਲਬ ।
21. ਧੋਖਾ ? ਸੱਚ ?
ਕੌਣ ਖੜੋਤਾ, ਤੁਰਿਆ, ਉਡਿਆ,
ਕੀ ਇਹ ਦ੍ਰਿਸ਼ਟਮਾਨ ਸਭ ਸੁਪਨੇ,
ਜਾਂ ਇਹ ਕੇਵਲ ਭਰਮ-ਜਾਲ ਹਨ ?
ਜੋ ਕੁਝ ਸੁਣਿਆ, ਜਾਣ ਲਿਆ ਜੋ,
ਸੋਚ ਲਿਆ ਜਾਂ ਜੋ ਕੁਝ ਆਖਾਂ,
ਕੀ ਇਹ ਸਭ ਵਿਅਰਥ ਕਲਪਨਾ,
ਨਿਰੀ ਹਵਾਈ, ਨਿਰੀ ਖ਼ਿਆਲੀ ?
ਅਰਸ਼, ਬਿਰਛ, ਸੂਰਜ ਦਾ ਚਾਨਣ,
ਕੀ ਇਹ ਸਾਰੇ ਮ੍ਰਿਗ-ਤ੍ਰਿਸ਼ਨਾ ਹਨ ?
ਜਾਂ ਫਿਰ ਹਨ ਇਹ ਝੂਠੀ ਰਚਨਾ ?
ਭੂਤ ਜਿਵੇਂ ਹੀ ਬੀਤ ਗਿਆ ਸਭ,
ਵਾਂਗੂੰ ਇਕ ਜਿੰਦ-ਹੀਣ ਸੁਪਨ ਦੇ,
ਕੀ ਫਿਰ ਮੈਂ ਵੀ ਹਾਂ ਇਕ ਸੁਪਨਾ,
ਤੇ ਦੁਨੀਆਂ ਇਕ ਮਿਥਿਆ ਰਚਨਾ ?
ਵੇਗ ਅਮੁਕ ਜੋ ਦਿਸੇ ਕਾਲ ਦਾ,
ਤੇ ਸਦਾ ਰਮਣੀਕ; ਸੌਂਦਰਯ
ਤੇ ਕੁਦਰਤ, ਕੀ ਝੂਠ ਇਹ ਸਾਰੇ ?
ਜਿਉਂ ਕਰ ਵੱਡਾ ਰੁਖ ਉਪਬਨ ਦਾ
ਇਕ ਬੀਜ ਤੋਂ ਪਸਰ ਰਿਹਾ ਹੈ,
ਕੀ ਉਪਬਨ ਹਨ ਝੂਠ ਫੇਰ ਤਾਂ ?
ਜੇਕਰ ਦ੍ਰਿਸ਼ਟਮਾਨ ਲੁਪਤਾਵੇ,
ਜੁ ਕੁਝ ਲੁਪਤ ਨਜ਼ਰ ਫਿਰ ਆਵੇ,
ਹੋਣੀ ਦੇ ਆਦੇਸ਼ ਨਾਲ ਹੀ,
ਇਹ ਸਭ ਝੂਠ ਨਕਾਰਾ ।
ਜੋ ਕੁਝ ਦਿੱਸੇ, ਅਸਲੋਂ ਸੱਚ ਹੈ,
ਜੋ ਨਹੀਂ ਦਿਸਦਾ, ਗ਼ੈਰ-ਯਕੀਨੀ,
ਜੋ ਕੁਝ ਦਿੱਸੇ ਉਹ ਸ਼ਕਤੀ ਹੈ,
ਹੋਂਦ ਜਗਤ ਦੀ ਸਦਾ ਅਟਲ ਹੈ ।
22. ਚੰਨ-ਚਾਨਣੀ, ਤਾਰਾ ਅਤੇ ਪੌਣ
ਅੰਮ੍ਰਿਤ-ਮਈ ਸ਼ਰਾਬ ਜਦ ਅਸੀਂ ਪੀਤੀ
ਅਜਬ ਖ਼ੁਸ਼ੀ ਜੋਸ਼ੀਲੀ ਨੇ ਵਿੰਨ੍ਹ ਸੁਟਿਆ ।
ਸ਼ਾਨਦਾਰ ਸੁਹਾਵਣਾ ਸਮਾਂ ਬਣਿਆ
ਤਾਰਾ, ਪੌਣ, ਚੰਨ-ਚਾਨਣੀ ਜੋਗ ਜੁਟਿਆ ।
ਸਾਰੇ ਜਗਤ ਅੰਦਰ ਘੁੰਮਣ ਫਿਰਨ ਖ਼ਾਤਰ,
ਜਾਵੇ ਮਨ-ਪੰਛੀ ਤੁਰਤ ਮਾਰ ਛਾਲੀ ।
ਅਚਰਜ ਹੋਈਏ ਕਿਉਂ ਜੇਕਰ ਅਸੀਂ ਸੁਣੀਏ
ਕੰਨਾਂ ਵਿਚ ਭਿਣਕਾਰ ਮਧੁ-ਮੱਖੀ ਵਾਲੀ ।
ਮਨਾਂ ਘੁੰਮ ਫਿਰ ਲੈ ਦੌੜ ਰਲੀਂ ਜਾ ਕੇ
ਦੂਰ ਦਿਸਦਾ ਝੁੰਡ ਜੋ ਤਾਰਿਆਂ ਦਾ ।
ਮਿੱਠਤ ਟਪਕਦੀ ਪਈ ਹੈ ਉਨ੍ਹਾਂ ਵਿੱਚੋਂ,
ਰਸ ਮਾਣ ਲੈਵੀਂ ਉਨ੍ਹਾਂ ਸਾਰਿਆਂ ਦਾ ।
ਕੋਠੀ ਦਿਲ ਦੀ ਬਣੀ ਅਮੀਰ ਤੇਰੀ,
ਨਾਲ ਖ਼ੁਸ਼ੀ ਆਨੰਦ ਦੇ ਭਰੀ ਹੋਈ ।
ਮਾਣੇ ਅਰਸ਼ ਜੋ ਤਾਰਿਆਂ ਸੰਗ ਜੜਿਆ,
ਚੰਨ-ਚਾਨਣੀ ਜਿਦ੍ਹੀ ਹੈ ਝਰੀ ਹੋਈ ।
ਨਾਲ ਗੰਦਗੀ ਲਿਬੜੇ ਸੂਰ ਵਾਂਗੂੰ,
ਕੀ ਗੰਦ ਫਰੋਲਣ ਦਾ ਕੰਮ ਤੇਰਾ ?
ਨੀਲੇ ਅੰਬਰੀਂ ਮਾਰ ਉਡਾਰੀਆਂ ਤੂੰ
ਕਾਜ ਫ਼ਤਹ ਦੇ ਗੌਲਣਾ ਕੰਮ ਤੇਰਾ ।
ਚੰਗਾ ਹੋਵੇ ਜੇ ਇਕ ਵਿਮਾਨ ਵਾਂਗੂੰ
ਤੇਜ਼ ਚਾਲ ਚਲ ਕੇ ਮਨ ਪੁਲਾੜ ਗਾਹੇ ।
ਧੀਮੀ ਚਾਲ ਚਲਦੇ ਛਕੜੇ ਵਾਂਗ ਨਾ ਉਹ
ਇਸ ਦੌੜ ਵਿੱਚੋਂ ਪਿੱਛੇ ਰਹਿ ਜਾਏ ।
ਉਸ ਪੌਣ ਵਾਂਗੂੰ ਜਿਹੜੀ ਸਰਸਰਾਵੇ,
ਬੂਟੇ ਨਾਰੀਅਲ ਦੇ ਹਰੇ ਪੱਤਿਆਂ ਵਿਚ ।
ਮਨਾਂ ! ਦਿਲ ਸਾਡਾ ਹੈ ਸਵਾਰ ਤੈਂ ਤੇ
ਘੋੜਾ ਤੂੰ ਬੇਕਾਬੂ ਮੱਦ-ਮੱਤਿਆਂ ਵਿਚ ।
ਹੇ ਪੌਣ ! ਤੂੰ ਸਾਨੂੰ ਹੈਂ ਦਸ ਸਕਦੀ,
ਚਹਿਕ ਪੰਛੀਆਂ ਦੀ ਕਿੰਨੀ ਹੋਇ ਪਿਆਰੀ ?
ਪਰ ਕੀ ਹੈ ਤੇਰਾ ਇਹ ਫ਼ਰਜ਼ ਬਣਦਾ
ਨਾਲ ਲਿਆਉਣੀ ਬਿਜਲੀ ਤੇ ਗਰਜ ਭਾਰੀ ।
ਪੌਣ ਦੇਵਤਾ ਕਰੇ ਅਲਾਪ ਨਗ਼ਮੇ
ਧਰਤੀ ਲਈ ਜਿਹੜੇ ਮੰਗਲਮਈ ਹੋਵਣ ।
ਰਾਗ ਉਨ੍ਹਾਂ ਦਾ ਮੁੜ ਸੁਰਜੀਤ ਕਰ ਕੇ
ਖ਼ੁਸ਼ੀਆਂ ਆਣ ਸਾਨੂੰ ਨੱਕੋ ਨੱਕ ਧੋਵਣ ।
ਟਨ ਟਨ ਘੰਟੀਆਂ ਦੀ ਨਾਲੋ ਨਾਲ ਹੋਵੇ,
ਭੌਂਕਣ ਕੁੱਤਿਆਂ ਹੈ ਨਾਲੋ ਨਾਲ ਛੇੜੀ ।
ਪੇਟ ਪੂਰਤੀ ਲਈ ਵਿਲਕਣ ਮੰਗਤੇ ਦੀ
ਸੁਣੀਏ, ਭਰੀ ਨਿਰਾਸ਼ਾ ਦੇ ਨਾਲ ਜਿਹੜੀ ।
ਬੂਹੇ ਬੰਦ ਹੋਏ, ਚੁਪ ਚਾਂ ਛਾਈ,
ਪੂਰਬ ਵਿਚ ਪਏ ਪੂਰਦੇ ਸੰਖ ਕੋਈ ।
ਲੋਕ ਸ਼ੋਰ ਕਰਦੇ ਦੇ ਦਲੀਲ ਬਹੁਤੀ,
ਚੀਕਾਂ ਬਚਿਆਂ ਦੀਆਂ ਨਾ ਦੇਣ ਢੋਈ ।
ਪੌਣ ਵਿਚ ਜੋ ਉਠਦੀਆਂ ਕਈ ਧੁਨੀਆਂ,
ਉਨ੍ਹਾਂ ਦੀ ਨਾ ਰਤੀ ਪ੍ਰਵਾਹ ਕਰੀਏ ।
ਮਨਾਂ ! ਵੇਖ ਖਾਂ ਰਿਸ਼ਮਾਂ ਚੰਨ ਦੀਆਂ ਨੂੰ,
ਸ਼ਹਿਦ ਖ਼ੁਸ਼ੀ ਪੀ ਆਪਾ ਸੰਗ ਖ਼ੁਸ਼ੀ ਭਰੀਏ ।
23. ਖ਼ੁਸ਼ੀ
1
ਦੁਨੀਆਂ ਭਰੀ ਹੈ ਨਾਲ ਮਿਠਾਸ ।
ਬਣਿਆ ਮਿੱਠਾ ਅਰਸ਼ੀ ਠਾਠ ।
ਮਿੱਠੀ ਲੱਗ ਰਹੀ ਹੈ ਪੌਣ ।
ਧਰਤ ਅਗਨ ਤੇ ਪਾਣੀ
ਸਭ ਕੁਝ ਲਗਦਾ ਮਿੱਠਾ ਮਿੱਠਾ ।
ਸੂਰਜ ਹੈ ਉਪਕਾਰੀ, ਨਾਲੇ ਚੰਦਰਮਾ ਉਪਕਾਰੀ,
ਤਾਰੇ ਵਿਚ ਅਰਸ਼ ਦੇ ਲਗਦੇ ਅਚਰਜ, ਸੁੰਦਰ ।
ਮੀਂਹ, ਬਿਜਲੀ ਤੇ ਗਰਜ ਵੀ ਮਿੱਠੇ,
ਸਾਗਰ, ਪਰਬਤ, ਬਨ ਵੀ ਮਿੱਠੇ,
ਖ਼ੁਸ਼ੀ ਵੰਡਦੇ ਜਾਂਦੇ ਦਰਿਆ,
ਟਾਪੂ, ਰੁੱਖ, ਬੂਟੇ ਤੇ ਵੇਲਾਂ,
ਫੁੱਲ ਅਤੇ ਫਲ,
ਸਭੋ ਕਰਦੇ ਦਾਨ ਖ਼ੁਸ਼ੀ ਦਾ ।
ਪੰਛੀ, ਪਸ਼ੂ ਤੇ ਕੀੜੇ ਸਾਰੇ,
ਸਾਰੇ ਹੀ ਹਨ ਚੰਗੇ ਪ੍ਰਾਣੀ,
ਮਛੀਆਂ ਤੇ ਸਾਗਰ ਦੇ ਵਾਸੀ,
ਮਾਨਵ ਵੀ ਹਨ ਬਹੁਤ ਭਲੇਰੇ,
ਨਰ ਤੇ ਨਾਰੀ ਸਭ ਹਨ ਚੰਗੇ,
ਬਚਪਨ ਧੰਨ ਹੈ,
ਜੋਬਨ ਅਤੇ ਬੁਢੇਪਾ ਮਿੱਠੇ,
ਜੀਵਨ, ਮੌਤ, ਦੋਹਾਂ ਦਾ ਸੁਆਗਤ ।
2
ਜੁੱਸੇ ਚੰਗੇ, ਇੰਦਰੇ ਮਿੱਠੇ,
ਜੀਵਨ-ਖ਼ੁਸ਼ਬੋ ਹੈ ਰਸਦਾਇਕ,
ਮਨ, ਗਿਆਨ, ਅਨੁਭਵ ਸਭ ਅੰਮ੍ਰਿਤ,
ਅਨੁਭਵ ਅੰਮ੍ਰਿਤ,
ਅਨੁਭਵ ਰੱਬ ਹੈ ।
੩
ਮਨ, ਇੱਛਾ ਤੇ ਜੀਵਨ ਰੱਬ ਹਨ,
ਬਨ, ਪਰਬਤ, ਦਰਿਆ, ਅਬਸ਼ਾਰਾਂ,
ਸਾਗਰ, ਧਰਤੀ, ਪਉਣ ਤੇ ਪਾਣੀ,
ਅਗਨੀ, ਅੰਬਰ,
ਸੂਰਜ, ਚੰਨ, ਅਰਸ਼ ਦੇ ਤਾਰੇ,
ਸਾਰੇ-ਸਾਰੇ ਹਨਗੇ ਦੈਵੀ,
ਚੱਪੂ, ਰੁੱਖ ਅਤੇ ਸਭ ਬੂਟੇ,
ਪਸ਼ੂ, ਪੰਛੀ ਤੇ ਰੀਂਗਦੇ ਪ੍ਰਾਣੀ,
ਮਛੀਆਂ ਤਾਰੂ ਤੇ ਮਾਨਵ ਜਨ,
ਸਾਰੇ ਹੀ ਹਨਗੇ ਮਧੁ-ਅੰਮ੍ਰਿਤ ।
੪
ਦੁਨੀਆਂ ਇਕ ਹੈ
ਨਰ, ਨਾਰੀ, ਫ਼ਾਨੀ, ਲਾਫ਼ਾਨੀ,
ਪੰਛੀ, ਸਰਪ, ਪਉਣ ਤੇ ਸਾਗਰ,
ਜੀਵਨ, ਮੌਤ-ਸਭੋ ਕੁਝ ਇਕ ਹੈ ।
ਸੂਰਜ, ਕੰਧ, ਮਧੁ-ਮੱਖੀ, ਝਰਨਾ
ਬੰਸੀ, ਪੰਨਾ-ਸਭ ਕੁਝ ਇਕ ਹੈ ।
ਖ਼ੁਸ਼ੀ, ਗ਼ਮੀ, ਸੰਗੀਤ,
ਧੋਬੀ, ਚਿੜੀ,
ਬਿਜਲੀ, ਰੂੰ,
ਇਹ ਸਭ ਇਕ ਹਨ ।
(ਅਬਸ਼ਾਰ,ਆਬਸ਼ਾਰ=ਝਰਨਾ,ਮਧੁ=
ਸ਼ਹਿਦ, ਫ਼ਾਨੀ=ਨਾਸ਼ਵਾਨ)
24. ਪਉਣ
1
ਮਧ ਸਾਗਰ ਦਾ, ਕੱਲਾ ਇਕ ਜਹਾਜ਼,
ਮੌਸਮ ਤੂਫ਼ਾਨੀ, ਲਗੇ ਜਿਵੇਂ ਆਕਾਸ਼ ਨਾਰਾਜ਼ ।
ਲਹਿਰਾਂ ਬਣ ਬੇਤੁਕੀਆਂ ਮਾਰਨ ਪਲਸੇਟੇ,
ਉਹ ਟਕਰਾਣ ਤੇ ਟੁੱਟ ਟੁੱਟ ਜਾਣ, ਕਰਦੀਆਂ ਨਾਸ਼ ।
ਹੋਇਆ ਜਹਾਜ਼ ਉਲਾਰ,
ਇਕ ਪਲ ਵਿਚ ਇਹ ਉਭਰ ਖੜੋਤਾ,
ਇਹ ਚਟਾਨ ਸੰਗ ਹੈ ਟਕਰਾਯਾ ।
ਮਰ ਗਏ ।
ਦੋ ਸੌ ਜਾਨਾਂ ਹਨ ਖੁਸ ਗਈਆਂ,
ਅੰਤ ਆਣ ਤੋਂ ਪਹਿਲਾਂ ਵੇਖੀ ਉਨ੍ਹਾਂ ਕਿਆਮਤ,
ਪਰਲੈ ਹੋਵੇਗੀ ਏਦਾਂ,
ਦੁਨੀਆਂ ਹੋਸੀ ਪਾਣੀ ਦੀ ਚਾਦਰ; ਤਪਦਾ ਪਾਣੀ,
ਸ਼ਕਤੀ ਬਣਸੀ ਪਉਣ,
ਸ਼ਿਵ ਹੋਸੀ ਬੇਕਾਬੂ,
ਦੁਨੀਆਂ ਦਿੱਸੇਗੀ ਇੱਕੋ ਇੱਕ,
ਉਹ ਹੋਵੇਗੀ ਵਾਂਗਰ ਸ਼ਕਤੀ,
ਜਿਸਦੇ ਪਿੱਛੇ ਸ਼ਿਵ ਖੜੋਣਗੇ,
ਕੇਵਲ ਪਉਣ ਹਿਲਾਂਦੀ ਰੱਸੇ ਢਿਲਕਵੇਂ, ਅਤੇ ਪਾਵੇ ਜਾਨ ਉਨ੍ਹਾਂ ਵਿਚ ।
ਇਹ ਪਉਣ ਹੈ ਜਿਹੜੀ ਜਲ ਵਿਚ ਛੇੜੇ ਇਕ ਤੂਫ਼ਾਨ,
ਲਹਿਰਾਂਦੀ ਬਿਜਲੀ ਵਿਚ ਆਕਾਸ਼,
ਪਾਣੀ ਤੋਂ ਅਗਨੀ ਉਪਜਾਵੇ ਤੇ ਅਗਨੀ ਤੋਂ ਪਾਣੀ,
ਪਾਣੀ ਤਾਈਂ ਅਣੂੰ ਵਿਚ ਪਲਟੇ ਅਤੇ ਅਣੂੰ ਵਿਚ ਪਾਣੀ,
ਅਤੇ ਪਾਵੇ ਹਫੜਾ ਦਫ਼ੜੀ,
ਪਉਣ ਕਰੇ ਅੰਤ ਦੁਨੀਆਂ ਦਾ,
ਪਉਣ ਬਚਾਏ ਜੀਵਨ,
ਸਾਡਾ ਵੀ ਉਹ ਬਣੇ ਰਖਵਾਲਾ,
*ਨਮਸਤੇ ਵਾਯੋ, ਤਵਮੇਵ ਪ੍ਰਤਯਕਸ਼ਮ ਬ੍ਰਹਮਸਿ*
2
ਕੰਨ ਹੈ ਪਾਤਰ ਪਉਣ ਦਾ
ਸ਼ਿਵ ਦੇ ਕੰਨਾਂ ਵਿਚ ਪਉਣ ਬਣਦਾ ਸੰਤਰੀ,
ਸੁਣ ਨਾ ਸਕੇ ਸ਼ਿਵ ਜੇਕਰ ਪਉਣ ਨਾ ਹੋਵੇ,
ਪੌਣ ਦੇ ਕੋਈ ਕੰਨ ਨਾ,
ਉਹ ਤਾਂ ਹੈਵੇ ਡੋਰਾ,
ਜਿਸ ਦੇ ਹੋਵਣ ਕੰਨ, ਕੀ ਉਹ ਚੀਕੇ ਇਹਦੇ ਵਾਂਗ ?
ਜਿਸ ਦੇ ਹੋਵਣ ਕੰਨ, ਕੀ ਉਹ ਕਰ ਕੱਠੇ ਬਦਲਾਂ ਨੂੰ,
ਲੀਲ੍ਹਾ ਖ਼ਾਤਰ ਗਰਜ ਬਣਾਵੇ ?
ਜਿਸ ਦੇ ਹੋਵਣ ਕੰਨ, ਕੀ ਉਹ ਖੇਡੇ ਖੇਡ ਸਾਗਰ ਗੰਧਲਾ ਕਰਨ ਦੀ ?
ਅਸੀਂ ਪੂਜੀਏ ਪਉਣ, ਸ਼ਬਦ ਤੇ ਬਲ ਨੂੰ !
੩
ਰੇਤਥਲੇ ਦੀ ਰੇਤ,
ਰੇਤ,
ਰੇਤ,
ਰੇਤ ਪਸਰੀ ਚਾਰੇ ਪਾਸੇ ਮੀਲਾਂ ਤੀਕਰ,
ਸਮੇ ਸ਼ਾਮ ਦੇ
ਰੇਤੜ ਉਤੇ ਵਣਜਾਰਿਆਂ ਦਾ ਕਾਫ਼ਲਾ, ਊਠਾਂ ਉਤੇ ਸਵਾਰ,
ਘਿਰਿਆ ਹੋਇਆ ਚਕਰ ਤੂਫ਼ਾਨੀ,
ਇਕ ਪਲ ਦੀ ਦੋਜਖ਼ ਦਏ ਦਬਾ
ਵਣਜਾਰਿਆਂ ਦਾ ਝੁੰਡ ਰੇਤੜ ਵਿਚ,
ਪਉਣ ਹੋ ਸਕਦਾ ਹੈ ਜ਼ਾਲਮ,
ਰੁਦਰ-ਭਿਆਨਕ,
ਜਿਦ੍ਹੀ ਆਵਾਜ਼ ਭਿਅੰਕਰ,
ਸਿੱਟੇ ਵਜੋਂ ਵਿਨਾਸ਼ੀ !
ਅਸੀਂ ਸਲਾਹੀਏ ਪਉਣ ਦੇਵ ਨੂੰ ।
੪
ਭੀਮ, ਹਨਵੰਤ, ਪਉਣ ਦੇ ਬੱਚੇ, ਲਿਖਿਆ ਵਿਚ ਪੁਰਾਣਾਂ,
ਕਹਿੰਦੇ ਦੇਵ ਸਭ ਜੀਂਦੇ ਪ੍ਰਾਣੀ ਪਉਣ ਦੀ ਹਨ ਸੰਤਾਨ,
ਜੀਵਨ ਹੈ ਪਉਣ,
ਜੀਵਨ ਹੈ ਰੂਪ, ਪਉਣ ਇਦ੍ਹੀ ਸ਼ਕਤੀ,
ਮਾਂ ਧਰਤੀ ਜੀਵੇ ।
ਉਹਦਾ ਸਵਾਸ ਹੈ ਪਉਣ ਧਰਾ ਦੀ,
ਪਉਣ ਹੈ ਜੀਵਨ, ਉਹ ਹੈ ਜੀਵਨ-ਨਾਸ਼ਕ,
ਪਉਣ ਹੈ ਜੀਵਨ, ਜੀਵਨ ਦੇ ਲਈ ਮੌਤ ਕੋਈ ਨਾ,
ਛੋਟਾ ਜੀਵਨ ਘੁਲ ਮਿਲ ਜਾਵੇ ਨਾਲ ਬ੍ਰਹਮ ਦੇ,
ਮੌਤ ਕੋਈ ਨਾ,
ਜੀਵਨ ਦਾ ਥੱਲਾ ਬ੍ਰਹਿਮੰਡ,
ਜਨਮ, ਵਿਕਾਸ, ਤਬਦੀਲੀ, ਮੌਤ ਸਾਰੇ ਕਿਰਤ ਹਨ ਜੀਵਨ ਸੰਦੀ,
ਜੀਵਨ ਅਸੀਂ ਸਲਾਹੀਏ ।
੫
ਜੀ ਆਇਆਂ ਨੂੰ, ਹੇ ਪਉਣ !
ਧਾਰ ਬੂਰ, ਆ ਮਿਠੀ ਗੰਧ ਸੰਗ, ਜੋ ਦਿਲ ਨੂੰ ਖ਼ੁਸ਼ ਕਰਦੀ
ਬੁਰਸ਼ ਮਾਰ ਚਮਕਾਵੀਂ ਪਤਿਆਂ ਤੇ ਲਹਿਰਾਂ ਦੇ ਤਾਈਂ,
ਅਤੇ ਲਿਆਵੀਂ ਜੀਵਨ-ਤੱਤ ਨੂੰ,
ਆ, ਹੇ ਪਉਣ !
ਜੀਵਨ-ਲਾਟ ਨੂੰ ਆ ਲੰਮਿਆਵੀਂ,
ਤੇ ਚਾਨਣ ਸੰਗ ਰੁਸ਼ਨਾਵੀਂ ਇਸਨੂੰ,
ਸ਼ਕਤ ਸੁਕੇੜ ਕੇ ਇਹਨੂੰ ਦੂਰ ਕਰੀਂ ਨਾ,
ਬਹੁਤ ਤੇਜ਼ ਚਲ ਕੇ ਵੀ ਇਹਨੂੰ ਘੁੱਟ ਦਈਂ ਨਾ,
ਹੌਲੇ ਹੌਲੇ ਨਾਲ ਦ੍ਰਿੜ੍ਹਤਾ ਚਲੀਂ ਦੇਰ ਤਕ,
ਅਸੀਂ ਗਾਵੀਏ ਤੇਰੀ ਖ਼ਾਤਰ,
ਅਸੀਂ ਸਲਾਹੀਏ ਤੈਨੂੰ,
ਅਸੀਂ ਪੂਜੀਏ ਤੈਨੂੰ ।
੬
ਨਿੱਕੀ ਜਿਹੀ ਕੀੜੀ ਵਲ ਵੇਖੋ,
ਓਹੋ ਕਿੰਨੀ ਨਿੱਕੀ ।
ਫਿਰ ਵੀ ਇਸ ਦੇ ਹੱਥ, ਲੱਤਾਂ, ਮੂੰਹ, ਪੇਟ
ਸਾਰੇ ਅੰਗ ਹਨ ਆਪਣੀ ਥਾਂ ਤੇ,
ਕਿਸ ਨੇ ਰਚਿਆ ?
ਮਹਾਂ ਸ਼ਕਤੀ ਨੇ ।
ਨਿੱਕੇ ਅੰਗ ਕਾਰਜ ਸਾਧਣ ਠੀਕ ਠੀਕ,
ਕੀੜੀ ਖਾਵੇ, ਸੋਵੇ, ਸੰਗ ਕਰੇ, ਬੱਚੇ ਜਣੇ,
ਦੌੜੇ, ਇਕੱਠੀ ਹੋਵੇ, ਲੜੇ, ਰਖਿਆ ਕਰੇ ਰਾਜ ਦੀ ।
ਪਉਣ, ਜਿਸਤੋਂ ਸਾਹ ਲਵੇ, ਸਭ ਦਾ ਹੀ ਸਰੋਤ ਹੈ,
ਪਉਣ ਮਹਾਂ ਸ਼ਕਤੀ ਲਈ ਜੀਵਨ ਦੀ ਖੇਡ
ਖੇਡਣ ਦਾ ਮਾਧਿਅਮ ਹੈ ।
ਅਸੀਂ ਸਲਾਹੀਏ ਪਉਣ ਨੂੰ ।
ਉਹ ਹੈ ਦਲੇਰੀ ਗਿਆਨ ਵਿਚ ।
ਪਿਆਰ ਪਲਟਦੇ, ਨਫ਼ਰਤ ਵਿਚ, ਦਿਲ ਅੰਦਰ,
ਜੀਵਨ ਵਿਚ ਰਹਿੰਦੀ ਹੈ ਵਾਂਗ ਆਤਮਾ ।
ਅਸੀਂ ਜਾਣਦੇ ਇਸ ਦੇ ਕੰਮਾਂ ਨੂੰ ਬਾਹਰੀ ਜਗਤ ਵਿਚ,
ਅਤੇ ਅਸੀਂ ਫਿਰ ਨਹੀਂ ਵੀ ਜਾਣਦੇ,
ਉਸਤਤ ਕਰੋ ਪਉਣ ਦੀ ।
25. ਸਾਗਰ
1
ਸਾਗਰ ਖਿਲਾਰੇ ਪਉਣ ਨੂੰ
ਜਦ ਧਰਤੀ ਹੈ ਗੇੜੇ ਖਾਂਦੀ, ਧਰਤੀ ਦੀਆਂ ਵਿਰਲਾਂ ਵਿਚਲਾ
ਪਾਣੀ ਕਿਉਂ ਨਹੀਂ ਵੀਟਦਾ ?
ਸ਼ਕਤੀ ਮਾਂ ਦਾ ਇਹ ਫ਼ੁਰਮਾਨ,
ਸਾਡੇ ਸਿਰਾਂ ਨੂੰ ਸਾਗਰ ਨਾਲ ਟਕਰਾਉਣ ਤੋਂ ਬਚਾਵੇ ।
ਰਹੇ ਨਾਮਣਾ ਉਸਦਾ ਸਦਾ ਸਦੀਵੀ ।
ਸਾਗਰ ਹੈ ਇਕ ਵਡੀ ਝੀਲ, ਇਕ ਵਿਸ਼ਾਲ ਸਰੋਵਰ, ਇਕ ਖੁਲ੍ਹਾ ਖੂਹ,
ਕੀ ਖੂਹ ਹੈ ਡਿਗਦਾ ਸਾਡੇ ਉਤੇ ? ਨਹੀਂ,
ਕੀ ਸਾਗਰ ਹਾਵੀ ਹੋ ਜਾਵੇ ਸਾਡੇ ਉਤੇ ? ਨਹੀਂ,
ਇਹ ਪਰਾ ਸ਼ਕਤੀ ਦਾ ਹੈ ਫ਼ੁਰਮਾਨ ।
ਉਸ ਨੇ ਭਰਿਆ ਚਿੱਕੜ ਨੂੰ ਨਾਲ ਚੁੰਬਕਤਾ,
ਉਹਦੇ ਨਾਲ ਵਸਤਾਂ ਰਹਿਣ ਅਡੋਲ,
ਪਹਾੜੀ ਨਹੀਂ ਡਿਗਦੀ ਸਾਡੇ ਉਤੇ,
ਨਾ ਹੀ ਸਾਗਰ,
ਸ਼ਹਿਰ ਨਹੀਂ ਹੁੰਦੇ ਹੈਰਾਨ ਪਰੇਸ਼ਾਨ,
ਦੁਨੀਆਂ ਲਈ ਇਕਮਿਕਤਾ ਸਭ ਤੋਂ,
ਇਹ ਸਭ ਹੈ ਉਸ ਦੀ ਹੀ ਕਿਰਪਾ,
ਉਸਦੀ ਕਿਰਪਾ ਅਸੀਂ ਸਲਾਹੀਏ ।
2
ਪਉਣ ਚਲੇ ਗਰਮ ਖੇਤਰਾਂ 'ਚੋਂ ਠੰਢੇ ਦੇਸ਼ ਵਲ,
ਆਪਣੀ ਦੌੜ ਵਿਚ, ਇਹ ਲਿਆਂਦੀ ਬਦਲਾਂ ਨੂੰ,
ਏਦਾਂ ਜਿਹੜੀ ਪਉਣ ਆਵੇ, ਸਾਗਰ ਵੰਨਿਓਂ ਆਵੇ,
ਹੇ ਪਉਣ ! ਲਿਆਵੀਂ ਜੀਵਨ ਦਾ ਇਕ ਮੀਂਹ,
ਜੀਂਦੇ ਸਾਗਰ ਵੰਨਿਓਂ,
ਅਸੀਂ ਧੁਖਾਈਏ ਧੂਪ, ਖ਼ਾਤਰ ਤੇਰੀ ।
ਹੇ ਵਰੁਣ ! ਹੇ ਇੰਦਰ ! ਨਮਸ਼ਕਾਰ ।
ਬਖ਼ਸ਼ੋ ਸਾਨੂੰ ਬਹੁਤ ਬਾਰਸ਼ਾਂ,
ਸਾਡੇ ਅੰਗ ਹਨ ਝੁਲਸੇ ਹੋਏ,
ਬਹੁਤੀ ਗਰਮੀ ਨਾਲ ਹਨ ਬੀਮਾਰ ਸਾਡੇ
ਬੱਚੇ ਅਤੇ ਪਸ਼ੂ ।
ਇਹਨੂੰ ਪਲਟ ਦੇਹ ।
ਹੁੰਮਸ ਵਾਲੇ ਦਿਨ ਅਸਹਿ ਹਨ ।
ਪਰ ਮਨ ਤਾਂ ਉੱਤੇ ਲਾਏ ਉਡਾਰੀਆਂ
ਪੰਛੀ ਭੁੱਖ ਨਾਲ ਹਨ ਬੇਹਾਲ ਅਤੇ ਵਿਰੋਧ ਵਿਚ ਲੈਂਦੇ ਸ਼ਰਨ
ਛਿਦਰਾਂ ਅੰਦਰ,
ਕਈ ਦਿਨ. ਸ਼ਾਮਾਂ ਵਿਚ ਹੁੰਦੀ ਬਦਲਵਾਈ,
ਬਦਲਾਂ ਵਾਲੇ ਮੌਸਮ ਦੇ ਕਾਰਨ, ਪਉਣ ਨਾ ਹੈਵੇ, ਪੱਤੇ ਹਨ ਖ਼ਾਮੋਸ਼
ਅਤੇ ਹੁੰਮਸ ਹੈ ਬੇਹਿਸਾਬ,
ਕੁਝ ਸਮੇਂ ਮਗਰੋਂ ਰਾਖਸ਼ ਪਉਣਾਂ ਪਿੱਛਾ ਕਰਦੀਆਂ ਬਦਲਾਂ ਦਾ,
ਇਉਂ ਹੁੰਦੇ ਅਸੀਂ ਨਿਰਾਸ਼ ।
ਹੇ ਇੰਦਰਾ ! ਵਰੁਣਾ ! ਅਰਯਮ ! ਭਗਾ ! ਮਿਤਰਾ !
ਤੁਹਾਡੀ ਮਿਹਰ ਲਈ ਮੈਂ ਕਰਾਂ ਅਰਦਾਸ,
ਬਾਰਸ਼ਾਂ ਆਉਣ, ਸਾਡੀ ਪਿਆਸ ਬੁਝਉਣ ਖ਼ਾਤਰ,
ਅਤੇ ਜਗਤ ਦੀ ਖ਼ੁਸ਼ੀ ਲਈ ।
26. ਕੱਣਨ ਪਾਟੂ
(ਕ੍ਰਿਸ਼ਨ-ਗੀਤ)
ਕੱਣੱਮਾ ਮੇਰੀ ਬੱਚੀ
ਬੋਟ-ਮਈ ਮੇਰੀ ਕੱਣੱਮਾ ! ਮੈਂ ਹਾਂ,
ਤੇਰੇ ਸੰਗ ਬੇਹਦ ਧਨਵਾਨ ।
ਤੂੰ ਮੈਨੂੰ ਮੁਕਤ ਕਰਾਉਣ ਆਈ,
ਨਾਲੇ ਮੇਰਾ ਨਾਉਂ ਵਧਾਣ ।
ਹੇ ਮੇਰੀ ਬੱਚੀ ! ਤੂੰ ਅੰਮ੍ਰਿਤ-ਫਲ,
ਬੁਤ ਸੋਨੇ ਦਾ ਬੋਲਣਹਾਰ,
ਮੇਰੇ ਸਾਹਮਣੇ ਨਚਦੀ ਆਵੇਂ,
ਘੁੱਟ ਕੇ ਤੈਨੂੰ ਕਰਾਂ ਪਿਆਰ ।
ਜਦ ਤੂੰ ਦੌੜੇਂ ਮੇਰੇ ਵੰਨੇ,
ਦਿਲ ਛਾ ਜਾਵੇ ਅਤੀ ਆਨੰਦ ।
ਜਦ ਤੂੰ ਖੇਡੇਂ ਮੇਰੇ ਗਿਰਦੇ,
ਕਰੇ ਆਤਮਾ ਜੱਫੀ-ਬੰਦ ।
ਜਦ ਮੈਂ ਘੁੱਟਾਂ, ਪੁੱਜ ਅਰਸ਼ ਤੇ
ਜਾਂਦਾ ਹੈ ਮੇਰਾ ਅਭਿਮਾਨ ।
ਜਦ ਲੋਕੀ ਤੇਰਾ ਜਸ ਕਰਦੇ,
ਝਰਨਾਟਾਂ ਮੈਨੂੰ ਛਿੜ ਜਾਣ ।
ਜਦ ਮੈਂ ਚੁੰਮਾਂ ਤੈਨੂੰ ਬੱਚੀਏ !
ਚੜ੍ਹਦਾ ਮੈਨੂੰ ਨਸ਼ਾ ਅਪਾਰ ।
ਜਦ ਮੈਂ ਘੁਟਦਾ ਬਾਹਾਂ ਅੰਦਰ,
ਵਾਂਗ ਪਾਗਲਾਂ ਲਵਾਂ ਹੁਲਾਰ ।
ਜਦ ਤੇਰਾ ਮੁੱਖ ਲਾਲ ਹੋਂਵਦਾ,
ਮੈਂ ਹੁੰਦਾ ਹਾਂ ਚਿੰਤਾਵਾਨ ।
ਭਵਾਂ ਸੁਕੇੜ ਲਵੇਂ ਤੂੰ ਜਿਸਦਮ,
ਦਿਲ ਮੇਰਾ ਫੜਕੇ, ਹੋ ਪ੍ਰੇਸ਼ਾਨ ।
ਜਦ ਤੇਰੀ ਅੱਖੋਂ ਹੰਝੂ ਵਰ੍ਹਦੇ,
ਦਿਲ ਦਾ ਦੁੱਖ ਵਧ ਜਾਏ ਅਪਾਰ ।
ਕੀ ਨਹੀਂ ਤੂੰ ਜੀਵਨ ਦਾ ਚਾਨਣ,
ਮੇਰੇ ਜੀਵਨ ਦਾ ਆਧਾਰ ?
ਤੇਰੀਆਂ ਗੱਲਾਂ ਤੋਤਲੀਆਂ ਸੁਣ,
ਮੇਰੇ ਦੁਖ ਨਾ ਰਹਿਣ ਰਵਾਲ ।
ਫੁੱਲਾਂ ਵਰਗਾ ਤੇਰਾ ਹਾਸਾ,
ਸਖ਼ਤੀ ਮੇਰੀ ਦਏ ਪਿਘਾਲ ।
ਕਿੱਥੇ ਕਥਾ ਪੁਰਾਤਨ ਐਸੀ,
ਮਿੱਠੀ ਤੇਰੇ ਵਾਂਗ ਕਮਾਲ ?
ਕਿੱਥੇ ਦੈਵੀ ਦਾਨਸ਼ੀਲਤਾ,
ਮਿਕ ਸਕਦੀ ਜੋ ਤੇਰੇ ਨਾਲ ?
ਨਹੀਂ ਕੋਈ ਹਿਕ ਸਜਾਵਣ ਵਾਲਾ,
ਤੁਧ ਵਰਗਾ ਮੋਤੀ ਅਣਮੋਲ ।
ਨਾ ਕੋਈ ਦੁਰਲਭ ਧਨ ਤੁਧ ਵਰਗਾ,
ਹਿਤ ਮੇਰੇ ਵਿਚ ਸਦਾ ਅਭੋਲ ।
(ਕੱਣੱਮਾ=ਕ੍ਰਿਸ਼ਨ, ਰਵਾਲ=ਜ਼ਰਾ ਜਿੰਨਾ ਵੀ)
27. ਕ੍ਰਿਸ਼ਨ ਮੇਰਾ ਪ੍ਰੀਤਮ
ਜੀਕੂੰ ਮੱਛੀ ਤੜਫਦੀ ਫਸ ਸ਼ਿਕਾਰੀ-ਜਾਲ,
ਜੀਕੂੰ ਸ਼ੋਲਾ ਮੱਚਦਾ ਹਵਾ-ਫਰਾਟੇ ਨਾਲ,
ਮੇਰਾ ਦਿਲ ਵੀ ਫੜਕਿਆ ਚਿੰਤਾ ਵਿਚ ਗ਼ਲਤਾਨ,
ਏਸ ਦੁੱਖ ਦੀ ਘੜੀ ਦਾ ਸਮਾਂ ਨਾ ਮੁਕਦਾ ਜਾਣ ।
ਤੋਤਾ ਜਿਉਂ ਕਰ ਡਕਿਆ ਬੰਦ ਪਿੰਜਰੇ ਵਿਚਕਾਰ,
ਏਦਾਂ ਲੰਘਦਾ ਸਮਾਂ ਸੀ ਘਿਰਿਆ ਦੁੱਖਾਂ ਮਝਾਰ,
ਕੌੜਾ ਕੌੜਾ ਲਗਦਾ, ਮਿੱਠਾ ਜੋ ਸੰਸਾਰ ।
ਕੱਲਾ ਬਿਸਤਰ ਲੇਟਿਆ, ਤੂੰ ਸੁਣ ਮੇਰੇ ਮੀਤ ।
ਦਰਸ਼ਨ ਅਪਣੀ ਮਾਉਂ ਦਾ ਨਾ ਉਪਜਾਵੇ ਪ੍ਰੀਤ ।
ਤੂੰ ਮਿਤਰਾ ! ਗੱਪੀ ਅਜਬ, ਗਲਾਂ ਕਰੇਂ ਅਪਾਰ,
ਪਰ ਮੈਂ ਤੈਥੋਂ ਭਜਿਆ, ਜਿੱਦਾਂ ਤੂੰ ਬੀਮਾਰ ।
ਪ੍ਰਿਯ ਮਿਤਰਾ ! ਨਾ ਭਾਂਵਦੇ ਨੀਂਦਰ ਅਤੇ ਖ਼ੁਰਾਕ,
ਮਿੱਠੇ ਫੁੱਲ ਮੁਸਕਾਉਂਦੇ, ਮੇਰੇ ਲਈ ਹਲਾਕ ।
ਮਨ ਵਿਚ ਸ਼ਕਤੀ ਮੂਲ ਨਾ, ਰਹੀ ਬੇਚੈਨੀ ਢੇਰ,
ਇਕ ਛਿਨ ਦੇ ਲਈ ਸੁਖ ਨਾ, ਦਿਲ ਵਿਚ ਸਕੀਏ ਹੇਰ ।
ਪ੍ਰਿਯ ਮਿਤਰਾ ! ਦੁੱਧ ਫਿਟਿਆ, ਕੰਡਿਆਂ ਤੇ ਵਿਸ਼ਰਾਮ,
ਬੋਲੀ ਗੰਗਾ ਰਾਮ ਦੀ, ਭੈੜੀ ਲੱਗੇ ਤਮਾਮ ।
ਵੈਦਾਂ ਭਾਣੇ ਮੁੱਕਿਆ, ਮੇਰਾ ਪਾਣੀ ਅੰਨ,
ਕਹਿਣ ਜੋਤਸ਼ੀ ਏਸ ਦੇ ਬੁਰੇ ਸਿਤਾਰੇ ਹਨ ।
ਇਕ ਵਾਰੀ ਵਿਚ ਨੀਂਦ ਦੇ ਸੁਪਨਾ ਇਹ ਸੀ, ਜਾਣ,
ਦਿਲ ਮੇਰੇ ਨੂੰ ਛੁਹ ਗਿਆ ਇਕ ਪ੍ਰਦੇਸੀ ਆਣ ।
ਜਦੋਂ ਅਚਾਨਕ ਜਾਗਿਆ, ਉਹ ਹੋਇਆ ਸੀ ਲੋਪ,
ਮੇਰਾ ਦਿਲ ਨੱਚ ਉਠਿਆ, ਦਾਗ ਖ਼ੁਸ਼ੀ ਦੀ ਤੋਪ ।
ਪ੍ਰਿਯ ਮਿਤਰਾ ! ਮੈਂ ਕੰਬਿਆ, ਛਿੜੀ ਮੈਨੂੰ ਝਰਨਾਟ,
ਹੋਇਆ ਤਦੋਂ ਅਰੋਗ ਮੈਂ, ਸਜਿਆ ਘਰ ਦਾ ਠਾਟ ।
ਮੈਨੂੰ ਚੰਗਾ ਲਗਦਾ, ਸਾਰਾ ਹੀ ਸੰਸਾਰ,
ਡਰ ਭਜਿਆ, ਦੇ ਗਈ ਤਦ ਸੁੰਦਰਤਾ ਦੀਦਾਰ ।
ਫੇਰ ਵਿਚਾਰਾਂ ਵਿਚ ਕਰਾਂ ਜਾਦੂ-ਛੁਹ ਜਦ ਯਾਦ,
ਤਨ ਲਹਿਰੇ ਨਵ-ਕੰਬਣੀ, ਸੁਖ ਦਾ ਆਵੇ ਸਵਾਦ ।
ਮਨ ਮੇਰਾ ਵਿਸਮਾਦ ਵਿਚ, ਕੌਣ ਕੌਣ ਸੀ ਉਹ,
ਵੇਖੋ ਦੈਵੀ ਕ੍ਰਿਸ਼ਨ ਜੀ ਸਾਹਵੇਂ ਗਏ ਖੜੋ ।
28. ਕੱਣੱਮਾ ਮੇਰੀ ਪਿਆਰੀ
ਹੇ ਕੱਣੱਮਾ ! ਉਹ ਭਖਦੀਆਂ ਅੱਖਾਂ, ਕੀ ਹਨ ਉਹ ਸੂਰਜ ਤੇ ਚੰਨ ?
ਕੀ ਕੱਣੱਮਾ ! ਉਹ ਕਾਲਾ ਆਨਾ, ਦਸਦਾ ਹੈ ਅੰਬਰ ਦਾ ਵੰਨ ?
ਅੱਧੀ ਰਾਤੀਂ ਝੁੰਡ ਤਾਰਿਆਂ ਦਾ ਦਰਸਾਰਾ ਲਗੇ ਮਹਾਨ ।
ਇਉਂ ਜਾਪੇ ਜਿਉਂ ਪੱਟ-ਚਾਦਰ ਤੇ, ਜੜੇ ਲਿਸ਼ਕਦੇ ਹੀਰੇ ਆਣ ।
ਕੀ ਹੋਠਾਂ ਦੀ ਮਧੁਰ ਮੁਸਕਣੀ, ਸਜਰੇ ਖਿੜੇ ਫੁਲਾਂ ਦੀ ਸ਼ਾਨ ?
ਕੀ ਨੀਲੇ ਸਾਗਰ ਦੀਆਂ ਲਹਿਰਾਂ, ਦਿਲ ਧੜਕਦਾ ਲਈਏ ਜਾਣ ?
ਮਿੱਠਤ ਤੇਰੇ ਬੋਲਾਂ ਸੰਦੀ, ਸੁਣਦਾ ਵਿਚ ਕੋਇਲ ਦੇ ਗੀਤ,
ਜੋਬਨ-ਲਦੀਏ ਪਿਆਰੀ ਕੱਣੱਮਾ, ਕੀਤਾ ਪਾਗਲ ਤੇਰੀ ਪ੍ਰੀਤ ।
ਤੂੰ ਕਰਦੀ ਗ੍ਰੰਥਾਂ ਦੀਆਂ ਗੱਲਾਂ, ਕੀ ਉਹਨਾਂ ਦੀ ਏਥੇ ਲੋੜ ?
ਕੋਈ ਗ੍ਰੰਥ ਨਾ ਵਸ ਕਰ ਸਕਦੇ, ਪ੍ਰੇਮ-ਅਨੰਦ ਦੀ ਜਿਹੜੀ ਦੌੜ ।
ਮਗਰੋਂ ਹੋਵੇ ਰਸਮ ਵਿਆਹ ਦੀ, ਹੋਵੇ ਵਡਿਆਂ ਨੂੰ ਧਰਵਾਸ ।
ਕੀ ਮੈਂ ਜੁਗ ਜੁਗ ਪਿਆ ਉਡੀਕਾਂ ? ਇਹ ਮੇਰਾ ਹੈ ਚੁੰਮਣ ਖਾਸ ।
(ਕੱਣੱਮਾ=ਕ੍ਰਿਸ਼ਨ)
29. ਕ੍ਰਿਸ਼ਨ ਮੇਰਾ ਸਵਾਮੀ
ਦੁਨੀਆਂ ਅੰਦਰ ਮੇਰੀ ਭਾਈ ਹੋਰ ਨਾ ਠਾਹਰ,
ਭਟਕ ਭਟਕ ਕੇ ਡਿਗਦਾ ਢਹਿੰਦਾ, ਨੀਚ ਜਾਤ ਦਾ,
ਸ਼ਰਨ ਤੇਰੀ ਮੈਂ ਆਇਆ ।
ਬੋਝ ਆਪਣਾ ਤੇਰੇ ਚਰਨੀਂ ਰਖਿਆ ਹੇ ਭਗਵਾਨ !
ਮਿਹਰ-ਫੁਹਾਰ ਸਿਹਤ ਦੀ ਪਾ ਕੇ ਨਾਸ਼ ਕਰੀਂ ਦੁਖ ਸਾਰੇ,
ਕੋਈ ਬੀਮਾਰੀ ਦਰਦ ਰਹੇ ਨਾ,
ਗਾਵਾਂਗਾ ਜਸ ਤੇਰੇ ਸਾਹਿਬ,
ਮੰਨਾਂਗਾ ਮੈਂ ਸਾਰੇ ਤੇਰੇ ਹੁਕਮ, ਹੇ ਮੇਰੇ ਭਗਵਾਨ !
ਚੋਟ ਨਗਾਰੇ ਸਭ ਥਾਂ ਲਾ ਕੇ, ਤੇਰੀ ਦਇਆ ਸਲਾਹਵਾਂ,
ਤੇਰੇ ਨਾਂ ਦੀ ਗੂੰਜ ਪਾ ਦਿਆਂ,
ਪਾਸਾ ਕੋਈ ਰਹੇ ਨਾ ਖ਼ਾਲੀ,
ਤਿਰਾ ਨਾਮਣਾ ਫੈਲਾਵਾਂ ਮੈਂ, ਹੇ ਮੇਰੇ ਭਗਵਾਨ !
ਸਭ ਕਿਰਸਾਨਾਂ ਕਾਮਿਆਂ ਵਿਚ ਮੈਂ, ਬਹੁ ਫਲਿਆ ਬਹੁ ਫੁਲਿਆ,
ਨਾਮ ਮਹਾਨ ਤਿਰੇ ਨੂੰ ਪਿਆਰਾਂ,
ਬਣ ਕੇ ਨਫ਼ਰ ਕਾਹਨ ਅਪਣੇ ਦਾ
ਮੈਂ ਆਇਆ ਜਸ ਗਾਵਣ ਤਾਈਂ, ਹੇ ਮੇਰੇ ਭਗਵਾਨ !
ਬਨਾਂ, ਖੇਤੀਆਂ ਦੀ ਰਾਖੀ ਦਾ ਮੈਨੂੰ ਮਿਲਿਆ ਕਾਰਜ,
ਤੇਰੇ ਪਸ਼ੂ ਚਰਾਵਣ ਸੰਦਾ;
ਮਿਰੀ ਯੋਗਤਾ ਜਾਨਣ ਵਾਲੇ
ਮਿਰੀ ਪ੍ਰੀਖਿਆ ਲੈਵਣ ਵਾਲੇ, ਹੇ ਮੇਰੇ ਭਗਵਾਨ !
ਮਾਲੀ ਮੈਨੂੰ ਬਣਾਵੀਂ ਅਪਣਾ, ਧਰਤੀ ਗੋਡ ਕਰਾਵੀਂ,
ਅਤੇ ਬੂਟਿਆਂ ਤਾਈਂ ਪਾਲਾਂ,
ਜੇ ਮੈਂ ਕੋਈ ਠੁਕ ਨਾ ਬੰਨ੍ਹਾਂ,
ਮੈਨੂੰ ਨਾਲ ਦ੍ਰਿੜ੍ਹਤਾ ਦੰਡੀਂ, ਹੇ ਮੇਰੇ ਭਗਵਾਨ !
ਮੇਰੀ ਨਾਰ ਤੇ ਬੱਚੇ ਜੀਵਣ ਪਾ ਕੇ ਮਿਰੀ ਕਮਾਈ,
ਮੈਂ ਹੋਣਾ ਹੈ ਠੀਕ ਸਹਾਈ
ਆਸ਼ਰਿਤ ਹਮਸਾਇਆਂ ਦੇ ਤਾਈਂ,
ਮੈਨੂੰ ਤਾਂ ਹੀ ਲੋੜ ਕਿਰਤ ਦੀ, ਹੇ ਮੇਰੇ ਭਗਵਾਨ !
ਲਕ ਵਲਾਵਾਂ ਲੈ ਕੇ ਦੇਵੀਂ, ਨਿਸਦਿਨ ਪਹਿਨਣ ਤਾਈਂ,
ਦੂਜਿਆਂ ਦੀਆਂ ਜ਼ਰੂਰੀ ਲੋੜਾਂ
ਦੇ ਲਈ ਮੈਂ ਹੈ ਮੰਗਣਾਂ,
ਹੋਰ ਕਪੜਾ ਕੱਜਣ ਵਾਲਾ, ਹੇ ਮੇਰੇ ਭਗਵਾਨ !
ਨੌਂ ਦਰਵਾਜ਼ਿਆਂ ਵਾਲੀ ਮੇਰੀ ਘਿਰੀ ਹੋਈ ਹੈ ਕੁੱਲੀ,
ਮੰਦਭਾਵੀ ਭੂਤਾਂ ਦੇ ਝੁੰਡ ਤੋਂ,
ਜਾਦੂ ਟੂਣਿਆਂ ਨੇ ਦੁਖ ਦਿੱਤਾ,
ਦੂਰ ਕਰੋ ਇਹਨਾਂ ਨੂੰ ਮੈਥੋਂ, ਹੇ ਮੇਰੇ ਭਗਵਾਨ !
ਮੇਰੇ ਲਈ ਇਕ ਰਾਹ ਬਣਾਓ, ਹੋਵੇ ਬਹੁਤ ਸੁਖਾਲਾ,
ਤਾਂ ਜੋ ਮੈਥੋਂ ਡਰਦੇ ਰਹਿਵਣ
ਭੂਤ, ਚੋਰ ਤੇ ਰਾਖਸ਼ ਭਾਰੀ;
ਨੇੜੇ ਮੂਲ ਨਾ ਆਵਣ ਸਾਰੇ, ਹੇ ਮੇਰੇ ਭਗਵਾਨ !
30. ਕੱਣੱਮਾ ਮੇਰੀ ਕੁਲ-ਦੇਵੀ
(ਮੈਂ ਹਾਂ ਤੇਰੀ ਸ਼ਰਨ ਕ੍ਰਿਸ਼ਨ ਮਾਂ,
ਮੈਂ ਹਾਂ ਤੇਰੀ ਸ਼ਰਨ)
ਮੈਨੂੰ ਕਦੇ ਦਬਾ ਨਾ ਰੱਖਣ
ਪ੍ਰਸਿੱਧੀ ਤੇ ਸ਼ਕਤੀ,
ਨਾ ਸੋਨੇ ਦਾ ਲਾਲਚ,
ਮੈਂ ਹਾਂ ਤੇਰੀ ਸ਼ਰਨ ।
ਦਿਲ ਮੇਰੇ ਵਿਚ ਡੇਰਾ ਕੀਤਾ
ਡਰ, ਭਉ ਅਤੇ ਗ਼ੁਲਾਮੀ,
ਮਾਰ ਭਜਾਵੀਂ ਇਹਨਾਂ ਤਾਈਂ,
ਮੈਂ ਹਾਂ ਤੇਰੀ ਸ਼ਰਨ ।
ਆਪੇ ਲਈ ਯਤਨ ਛਡ ਦੇਵਾਂ,
ਇਸ ਦੀ ਥਾਂ ਤੁੱਧ ਸੇਵ ਕਮਾਵਾਂ,
ਲੱਭਣ ਦੇ ਲਈ ਪਰਮ ਆਨੰਦ,
ਮੈਂ ਹਾਂ ਤੇਰੀ ਸ਼ਰਨ ।
ਦੁਖ, ਥਕਾਵਟ, ਹਾਰ ਨਾ ਹੋਵਣ,
ਠੀਕ ਪੱਥ ਤੇ ਤੁਰਦਾ ਜਾਵਾਂ,
ਧਰਮ ਪਾਲਦਾ ਰਹਿਵਾਂ,
ਮੈਂ ਹਾਂ ਤੇਰੀ ਸ਼ਰਨ ।
ਭਲੇ ਬੁਰੇ ਦੀ ਸੋਝੀ ਨਾਹੀਂ,
ਭਲੇ ਕੰਮਾਂ ਸੰਗ ਜੋੜੀਂ ਕੱਣੱਮਾ !
ਦੂਰ ਕਰੀਂ ਬੁਰਿਆਈਆਂ,
ਮੈਂ ਹਾਂ ਤੇਰੀ ਸ਼ਰਨ ।
(ਕੱਣੱਮਾ=ਕ੍ਰਿਸ਼ਨ)