Poetry of Nazim Hikmet Ran
Translators Harbhajan Singh Hundal and Faiz
ਨਾਜ਼ਿਮ ਹਿਕਮਤ ਦੀ ਕਵਿਤਾ : ਅਨੁਵਾਦਕ ਹਰਭਜਨ ਸਿੰਘ ਹੁੰਦਲ ਅਤੇ ਫ਼ੈਜ਼
ਨਾਜ਼ਿਮ ਹਿਕਮਤ ਦੀ ਕਵਿਤਾ ਅਨੁਵਾਦਕ ਹਰਭਜਨ ਸਿੰਘ ਹੁੰਦਲ
1. ਕੈਸਪੀਅਨ ਸਾਗਰ
ਦਿਸਹੱਦੇ ਤੋਂ ਦਿਸਹੱਦੇ ਤੀਕ
ਝੱਗਦਾਰ ਜਾਮਨੀ ਰੰਗ ਦੀਆਂ ਛੱਲਾਂ
ਦੌੜਦੀਆਂ ਹਨ
ਅੱਗੜ ਪਿੱਛੜ ।
ਕੈਸਪੀਅਨ ਸਾਗਰ
ਵਹਿਸ਼ੀ ਹਵਾ ਦੀ ਭਾਸ਼ਾ ਵਿਚ
ਗੱਲਾਂ ਕਰਦਾ ਹੈ,
ਗੱਲਾਂ ਕਰਦਾ ਤੇ ਉੱਬਲਦਾ ।
ਕਿਹਨੇ ਕਿਹਾ ਸੀ, "ਚੋਰਟ ਵਾਜ਼ਮੀ" ।
ਉਸ ਝੀਲ ਵਾਂਗ
ਜਿਹੜੀ ਕੈਸਪੀਅਨ ਸਾਗਰ
ਵਿਚ ਡੁੱਬ ਮਰਦੀ ਹੈ ।
ਬੇਮੁਹਾਰਾ, ਲੂਣਾ, ਅਸੀਮ, ਬੇਘਰਾ
ਕੈਸਪੀਅਨ ਸਾਗਰ
ਦੋਸਤ ਘੁੰਮਦੇ ਨੇ
ਦੁਸ਼ਮਣ ਅਵਾਰਾ-ਗਰਦੀ ਕਰਦੇ ਨੇ
ਸਮੁੰਦਰੀ-ਛੱਲ ਇਕ ਪਹਾੜ ਹੈ
ਕਿਸ਼ਤੀ ਇਕ ਵਛੇਰੀ
ਲਹਿਰ ਇਕ ਪਹਾੜੀ ਚਸ਼ਮਾ ਹੈ
ਕਿਸ਼ਤੀ ਇਕ ਠੂਠਾ ।
ਸੀਖ-ਪੌ ਹੋਏ ਘੋੜੇ ਦੀ ਪਿੱਠ ਤੋਂ
ਕਿਸ਼ਤੀ ਥੱਲੇ ਡਿੱਗਦੀ ਹੈ ।
ਪਿਛਲੀਆਂ ਲੱਤਾਂ 'ਤੇ ਖਲੋਤੇ
ਘੋੜੇ ਦੀ ਪਿੱਠ ਤੋਂ
ਬੇੜੀ ਉਤਾਂਹ ਉੱਠਦੀ ਹੈ
ਕਦੇ ਉੱਪਰ ਉੱਠਦੀ ਹੈ
ਕਦੇ ਹੇਠਾਂ ਡਿੱਗਦੀ ਹੈ ।
ਤੇ ਤੁਰਕੀ ਮਾਹੀਗੀਰ
ਪਤਵਾਰ ਸੰਭਾਲੀ
ਲੱਤ 'ਤੇ ਲੱਤ ਰੱਖੀ, ਅਡੋਲ ਬੈਠਾ ਹੈ ।
ਸਿਰ 'ਤੇ ਫ਼ਰ ਦੀ ਟੋਪੀ
ਵੱਡੀ, ਕਾਲੀ,
ਕਿਆ ਬਾਤ ਹੈ ਟੋਪੀ ਦੀ ।
ਲੇਲੇ ਦੀ ਛਾਤੀ ਦੀ ਖੱਲ ਤੋਂ ਬਣੀ ਟੋਪੀ
ਸਿਰ 'ਤੇ ਟਿਕਾਈ
ਲੇਲੇ ਦੀ ਖੱਲ ਉਸਦੀਆਂ
ਅੱਖਾਂ 'ਤੇ ਪੈਂਦੀ ਹੈ ।
ਬੇੜੀ ਉਤਾਂਹ ਉੱਠਦੀ ਹੈ
ਫਿਰ ਹੇਠਾਂ ਡਿੱਗਦੀ ਹੈ ।
ਪਰ ਇਹ ਨਾ ਸਮਝੋ ਕਿ ਉਹ
ਕੈਸਪੀਅਨ ਸਾਗਰ ਨੂੰ
ਨਮਸਕਾਰ ਕਰ ਰਿਹਾ ਹੈ ।
ਮਹਾਤਮਾ ਬੁੱਧ ਦੀ ਅਡੋਲਤਾ ਵਾਂਗ
ਇਕਾਗਰ,
ਮਲਾਹ ਨੂੰ ਆਪਣੇ ਆਪ 'ਤੇ ਪੂਰਾ ਵਿਸ਼ਵਾਸ ਹੈ,
ਉਹ ਬੇੜੀ ਵੱਲ ਤੱਕਦਾ ਹੀ ਨਹੀਂ
ਨਾ ਹਉਕੇ ਭਰਦੇ ਪਾਣੀਆਂ ਵੱਲ ਹੀ ।
ਟਕਰਾਉਂਦੇ, ਚੀਰਦੇ ਪਾਣੀਆਂ ਵੱਲ ।
ਡਿਗਦੇ ਹੋਏ ਘੋੜੇ ਦੀ ਪਿੱਠ ਤੋਂ
ਕਿਸ਼ਤੀ ਹੇਠਾਂ ਤਿਲਕਦੀ ਹੈ
ਪਰ ਤੱਕੋ !
ਉੱਤਰ-ਪੱਛਮੀ ਪੌਣ ਕਿੰਨੀ ਤੇਜ਼ ਵਗ ਰਹੀ ਹੈ
ਵੇਖੋ, ਸਾਗਰ ਦੀਆਂ ਚਲਾਕੀਆਂ
ਤੁਹਾਨੂੰ ਲੈ ਡੁਬਣਗੀਆਂ
ਖੇਡਾਂ ਖੇਡਦੀਆਂ ਕੱਪਰ-ਛੱਲਾਂ
ਬਾਜ਼ੀ ਮਾਤ ਪਾ ਦੇਣਗੀਆਂ ।
ਹੇ ਮਨੁੱਖ ! ਪ੍ਰਵਾਹ ਨਾ ਕਰੀਂ ।
ਹਵਾ ਨੂੰ ਵਗਣ ਦੇ
ਪਾਣੀਆਂ ਨੂੰ 'ਸ਼ਾਂ ਸ਼ਾਂ' ਕਰਨ ਦੇ ।
ਸਾਗਰ ਕੰਢੇ ਵੱਸਦੇ ਲੋਕਾਂ ਦੀ
ਕਬਰ ਪਾਣੀ ਵਿਚ ਹੀ ਬਣਦੀ ਹੈ ।
ਬੇੜੀ ਉਤਾਂਹ ਜਾਂਦੀ ਹੈ
ਬੇੜੀ ਹੇਠਾਂ ਉਤਰਦੀ ਹੈ
ਕਦੇ ਉੱਤੇ,
ਕਦੇ ਥੱਲੇ
ਉੱਪਰ-ਥੱਲੇ…
2. ਮੈਂ ਤੈਨੂੰ ਪਿਆਰ ਕਰਦਾ ਹਾਂ
ਮੈਂ ਗੋਡਿਆਂ ਭਾਰ ਬੈਠ ਗਿਆ
ਮੈਂ ਧਰਤੀ ਵੱਲ ਤੱਕਦਾ ਹਾਂ
ਮੈਂ ਕੀੜੇ-ਪਤੰਗਿਆਂ ਵੱਲ ਵੇਖਦਾ ਹਾਂ
ਮੈਂ ਉਹਨਾਂ ਨਿੱਕੀਆਂ ਟਹਿਣੀਆਂ ਵੱਲ ਵੇਖਦਾ ਹਾਂ
ਜਿਹਨਾਂ 'ਤੇ ਨੀਲੇ ਫੁੱਲ ਖਿੜੇ ਹੋਏ ਨੇ
ਮੇਰੀ ਪਿਆਰੀ ।
ਤੂੰ ਬਸੰਤ ਰੁੱਤ ਵਿਚ ਧਰਤੀ ਵਰਗੀ ਏਂ
ਤੇ ਮੈਂ ਤੇਰੇ ਵੱਲ ਵੇਖ ਰਿਹਾ ਹਾਂ ।
ਮੈਂ ਪਿੱਠ ਪਰਨੇ ਪਿਆ ਹਾਂ
ਤੇ ਅਸਮਾਨ ਵੱਲ ਤੱਕਦਾ ਹਾਂ
ਮੈਂ ਰੁੱਖ ਦੀਆਂ ਟਹਿਣੀਆਂ ਵੱਲ ਵੇਖਦਾ ਹਾਂ
ਮੈਂ ਉੱਡਦੇ ਸਾਰਸਾਂ ਨੂੰ ਵੇਖਦਾ ਹਾਂ
ਮੈਂ ਖੁਲ੍ਹੀਆਂ ਅੱਖਾਂ ਨਾਲ ਸੁਪਨਾ ਵੇਖਦਾ ਹਾਂ
ਤੂੰ ਬਸੰਤ ਰੁੱਤ ਵਿਚ ਅਸਮਾਨ ਵਰਗੀ ਏਂ
ਮੈਂ ਤੈਨੂੰ ਤੱਕਦਾ ਹਾਂ ।
ਰਾਤ ਨੂੰ ਮੈਂ ਖੇਤ ਵਿਚ ਅੱਗ ਬਾਲਦਾ ਹਾਂ
ਮੈਂ ਅੱਗ ਨੂੰ ਛੁੰਹਦਾ ਹਾਂ
ਪਾਣੀ ਨੂੰ ਛੁੰਹਦਾ ਹਾਂ
ਕੱਪੜੇ ਨੂੰ ਛੁੰਹਦਾ ਹਾਂ
ਚਾਂਦੀ ਨੂੰ ਛੁੰਹਦਾ ਹਾਂ
ਤੂੰ ਸਿਤਾਰਿਆਂ ਦੇ ਹੇਠ ਬਲਦੀ ਅੱਗ ਵਰਗੀ ਏਂ
ਮੈਂ ਤੈਨੂੰ ਛੁੰਹਦਾ ਹਾਂ ।
ਮੈਂ ਲੋਕਾਂ ਵਿਚਕਾਰ ਹਾਂ
ਮੈਂ ਲੋਕਾਂ ਨੂੰ ਪਿਆਰ ਕਰਦਾ ਹਾਂ
ਮੈਂ ਹਰਕਤ ਨੂੰ ਪਿਆਰਦਾ ਹਾਂ
ਮੈਂ ਖ਼ਿਆਲ ਨੂੰ ਪਿਆਰਦਾ ਹਾਂ
ਮੈਂ ਸੰਘਰਸ਼ ਨੂੰ ਪਿਆਰ ਕਰਦਾ ਹਾਂ
ਤੂੰ ਮੇਰੇ ਸੰਘਰਸ਼ ਵਿਚ ਇਕ ਮਨੁੱਖ ਹੈਂ
ਮੈਂ ਤੈਨੂੰ ਪਿਆਰ ਕਰਦਾ ਹਾਂ
(1947)
3. ਸ਼ਹਿਦ ਦੀਆਂ ਮੱਖੀਆਂ
ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਵੱਡੇ ਤੁਪਕੇ ਹਨ ।
ਉਹ ਅੰਗੂਰ ਦੀਆਂ ਵੇਲਾਂ ਨੂੰ
ਸੂਰਜ ਤੀਕ ਲੈ ਜਾਂਦੀਆਂ ਨੇ ।
ਉਹ ਮੇਰੀ ਜਵਾਨੀ ਵਿਚੋਂ ਉੱਡ ਕੇ ਬਾਹਰ ਨਿਕਲੀਆਂ ਸਨ
ਇਹ ਸੇਬ
ਇਹ ਭਾਰੇ ਸੇਬ ਵੀ
ਉਥੋਂ ਹੀ ਨਿਕਲੇ ਨੇ ।
ਇਹ ਸੋਨੇ-ਰੰਗੀ ਧੂੜ ਵਾਲੀ ਸੜਕ
ਨਦੀ ਵਿਚਲੇ ਚਿੱਟੇ ਗੀਟੇ,
ਗੀਤਾਂ ਵਿਚ ਮੇਰਾ ਭਰੋਸਾ
ਈਰਖਾ-ਰਹਿਤ ਮੇਰੀ ਹਸਤੀ
ਨਿਰ-ਬੱਦਲ ਦਿਨ,
ਇਹ ਨੀਲਾ ਦਿਨ ਵੀ
ਉਥੋਂ ਹੀ ਆਇਆ ਹੈ ।
ਪਿੱਠ ਭਾਰ ਪਿਆ ਸਮੁੰਦਰ
ਨੰਗਾ ਤੇ ਨਿੱਘਾ ਹੈ
ਇਹ ਤਾਂਘ, ਇਹ ਚਮਕੀਲੇ ਦੰਦ, ਇਹ ਹੋਂਠ
ਸ਼ਹਿਦ ਦੇ ਵੱਡੇ ਤੁਪਕੇ ਹਨ
ਜਿਹੜੇ ਸ਼ਹਿਦ ਦੀਆਂ ਮੱਖੀਆਂ ਦੀਆਂ
ਲੱਤਾਂ ਨੂੰ ਲੱਗ ਕੇ
ਇਸ 'ਕਾਕੇਸ਼ੀਆਈ' ਪਿੰਡ ਤੀਕ ਆਏ ਹਨ ।
ਇਹ ਮੇਰੀ ਪਿੱਛੇ ਰਹਿ ਗਈ ਜਵਾਨੀ
ਦੀ ਕਮਾਈ ਹਨ ।
(13 ਸਤੰਬਰ 1958)
(ਆਰਹੀਪੋ ਓਸੀ ਪੋਵਦਾ)
4. ਇਕ ਕਵਿਤਾ
ਅਚਾਨਕ ਹੀ ਮੇਰੇ ਅੰਦਰੋਂ ਕੁਝ ਟੁੱਟਦਾ ਹੈ
ਤੇ ਮੇਰੇ ਸੰਘ ਵਿਚ ਫਸ ਜਾਂਦਾ ਹੈ ।
ਕੰਮ ਦੇ ਵਿਚਕਾਰ, ਅਚਾਨਕ ਹੀ,
ਮੈਂ ਛਾਲ ਮਾਰ ਕੇ ਉੱਠਦਾ ਹਾਂ
ਅਚਾਨਕ ਹੀ ਮੈਂ, ਇਕ ਹੋਟਲ ਦੇ ਹਾਲ ਵਿਚ ਖਲੋਤਾ
ਇਕ ਸੁਪਨਾ ਵੇਖਦਾ ਹਾਂ
ਤੇ ਅਚਾਨਕ ਹੀ ਰਾਹ ਲਾਗਲਾ ਬਿਰਖ
ਮੇਰੇ ਮੱਥੇ 'ਚ ਵੱਜਦਾ ਹੈ ।
ਅਚਾਨਕ ਹੀ, ਇਕ ਬਘਿਆੜ, ਨਾਖ਼ੁਸ਼, ਕਰੋਧੀ ਤੇ ਭੁੱਖਾ
ਚੰਦ ਉੱਤੇ ਗੁੱਰਾਉਣ ਲੱਗਦਾ ਹੈ,
ਅਚਾਨਕ ਹੀ, ਸਿਤਾਰੇ, ਇਕ ਬਾਗ਼ ਵਿਚ
ਪੀਂਘ ਝੁਟਣ ਲੱਗਦੇ ਹਨ,
ਤੇ ਅਚਾਨਕ ਹੀ ਮੈਨੂੰ ਖ਼ਿਆਲ ਆਉਂਦਾ ਹੈ
ਕਿ ਮੈਂ ਕਬਰ ਵਿਚ ਕਿਸ ਤਰ੍ਹਾਂ ਦਾ ਲੱਗਾਂਗਾ ।
ਅਚਾਨਕ ਹੀ ਮੇਰੇ ਦਿਮਾਗ਼ ਵਿਚ
ਧੁਪੀਲੀ ਧੁੰਦ ਪਸਰਨ ਲੱਗਦੀ ਹੈ
ਅਚਾਨਕ ਹੀ ਮੈਂ ਦਿਨ ਨੂੰ ਚਿੰਬੜ ਜਾਂਦਾ ਹਾਂ
ਤੇ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਇਹ ਮੁੱਕਣਾ ਹੀ ਨਹੀਂ ।
ਅਤੇ ਹਰ ਵਾਰ ,ਤੂੰ
ਪਾਣੀ ਦੀ ਉਪਰਲੀ ਤਹਿ 'ਤੇ ਤਰਨ ਲੱਗਦੀ ਹੈਂ ।
(8 ਸਤੰਬਰ 1960)
5. ਇਕ ਕਵਿਤਾ
ਸਵੇਰ ਦੇ ਛੇ ਵੱਜੇ ਨੇ
ਮੈਂ ਦਿਨ ਦਾ ਦਰਵਾਜ਼ਾ ਖੋਲ੍ਹਦਾ ਹਾਂ
ਤੇ ਅੰਦਰ ਪੈਰ ਪਾਉਂਦਾ ਹਾਂ ।
ਖਿੜਕੀ ਵਿਚੋਂ ਆਕਾਸ਼ ਦਾ ਜ਼ਾਇਕਾ
ਮੈਨੂੰ ਜੀ ਆਇਆਂ ਆਖਦਾ ਹੈ ।
ਤੇ ਸ਼ੀਸ਼ੇ ਵਿਚ, ਕੱਲ੍ਹ ਦੇ ਪਏ ਸ਼ਿਕਨ
ਮੇਰੇ ਮੱਥੇ ਉੱਤੇ ਵਿਖਾਲੀ ਦਿੰਦੇ ਨੇ,
ਮੇਰੇ ਮਗਰ ਔਰਤ ਦੀ
ਆੜੂ ਦੀ ਲੂੰਈਂ ਨਾਲੋਂ ਨਰਮ ਆਵਾਜ਼ ਸੁਣਦੀ ਹੈ
ਤੇ ਰੇਡੀਓ ਤੋਂ ਮੇਰੇ ਵਤਨ ਦੀਆਂ
ਖ਼ਬਰਾਂ ਆ ਰਹੀਆਂ ਹਨ ।
ਹੁਣ ਮੇਰੀ ਹਿਰਸ ਭਰ ਕੇ
ਕੰਢਿਆਂ ਤੋਂ ਦੀ ਡੁੱਲ੍ਹਣ ਲੱਗਦੀ ਹੈ
ਤੇ ਮੈਂ ਘੰਟਿਆਂ ਦੀ ਬਗ਼ੀਚੀ ਵਿਚ,
ਇਕ ਬਿਰਖ ਤੋਂ ਦੂਸਰੇ ਤੀਕ ਦੌੜਦਾ ਫਿਰਾਂਗਾ
ਤੇ ਮੇਰੀ ਪਿਆਰੀ,
ਸੂਰਜ ਗਰੂਬ ਹੋ ਜਾਵੇਗਾ
ਤੇ ਮੈਨੂੰ ਆਸ ਹੈ,
ਨਵੇਂ ਅਸਮਾਨ ਦਾ ਜ਼ਾਇਕਾ
ਮੇਰੀ ਉਡੀਕ ਕਰ ਰਿਹਾ ਹੋਵੇਗਾ
ਮੈਨੂੰ ਪੱਕੀ ਆਸ ਹੈ ।
(14 ਸਤੰਬਰ 1960)
6. ਵੀਪਿੰਗ ਵਿਲੋ
ਪਾਣੀ ਵਗਦਾ ਸੀ
ਤੇ ਇਸ ਦੇ ਸ਼ੀਸ਼ੇ ਵਿਚ
ਬੈਂਤ ਦੇ ਦਰੱਖ਼ਤ ਝਲਕਾਂ ਮਾਰਦੇ ਸੀ
ਆਪਣੇ ਕੇਸ ਧੋਂਦੇ ਸੀ ।
ਤੇ ਆਪਣੀਆਂ ਨੰਗੀਆਂ ਬਲਦੀਆਂ ਤਲਵਾਰਾਂ ਨਾਲ
ਲਾਲ ਫ਼ੌਜ਼ੀ ਘੋੜ-ਸਵਾਰ
ਬੈਂਤ ਦੇ ਰੁੱਖਾਂ ਨੂੰ ਕੱਟਦੇ
ਉਸ ਤਰਫ਼ ਉੱਡਦੇ ਜਾਂਦੇ ਸੀ
ਜਿਧਰ ਸੂਰਜ ਡੁੱਬ ਰਿਹਾ ਸੀ ।
ਅਚਾਨਕ ਹੀ
ਇਕ ਪੰਛੀ ਵਾਂਗ
ਪੰਛੀ, ਜਿਸ ਦੇ ਖੰਭਾਂ ਵਿਚ ਸੱਟ ਵੱਜੀ ਹੋਵੇ
ਜ਼ਖ਼ਮੀ ਘੋੜ-ਸਵਾਰ
ਆਪਣੇ ਘੋੜੇ ਤੋਂ ਹੇਠਾਂ ਲੁੜ੍ਹਕ ਗਿਆ ।
ਕੋਈ ਸ਼ੋਰ, ਕੋਈ ਆਵਾਜ਼ ਨਾ ਆਈ
ਘੋੜ-ਸਵਾਰ ਦੌੜੀ ਗਏ
ਤੇ ਉਹ ਘੋੜ-ਸਵਾਰ
ਆਪਣੀਆਂ ਚਮਕਦੀਆਂ ਅੱਖਾਂ ਨਾਲ
ਦੂਰ ਹੁੰਦੇ ਜਾ ਰਹੇ ਚਮਕਦੇ ਸੁੰਮਾਂ ਵੱਲ
ਵੇਖਦਾ ਰਿਹਾ ।
ਅਫ਼ਸੋਸ
ਅਫ਼ਸੋਸ ਕਿ ਉਹ ਹੁਣ
ਮੁੜ੍ਹਕੋ-ਮੁੜ੍ਹਕੀ ਹੋਈਆਂ ਘੋੜਿਆਂ ਦੀਆਂ ਧੌਣਾਂ ਨੂੰ
ਛੁਹ ਨਹੀਂ ਸਕੇਗਾ
ਉਡਦੇ ਜਾਂਦੇ ਘੋੜਿਆਂ ਦੀਆਂ ਧੌਣਾਂ ਤੋਂ
ਉਹ ਹੁਣ ਚਿੱਟੀਆਂ ਫ਼ੌਜ਼ਾਂ ਦੇ
ਆਪਣੀ ਤਲਵਾਰ ਨਾਲ
ਆਹੂ ਨਹੀਂ ਲਾਹ ਸਕੇਗਾ ।
ਹੌਲੀ ਹੌਲੀ ਘੋੜਿਆਂ ਦੇ ਸੁੰਮਾਂ ਦੀ ਆਵਾਜ਼
ਮੱਧਮ ਹੁੰਦੀ ਗਈ
ਘੋੜ-ਸਵਾਰ ਡੁੱਬਦੇ ਸੂਰਜ ਵੱਲ
ਅਲੋਪ ਹੁੰਦੇ ਗਏ ।
ਘੋੜ-ਸਵਾਰ
ਲਾਲ-ਫ਼ੌਜ਼ੀ ਘੋੜ-ਸਵਾਰਾਂ ਦੇ ਘੋੜੇ
ਹਵਾ ਨਾਲ ਗੱਲਾਂ ਕਰਨ ਲੱਗੇ
ਹਵਾ ਨਾਲ
ਘੋੜੇ
ਹਵਾ ਤੇ ਅਸਵਾਰ ਹੋਏ ਘੋੜਿਆਂ ਦੇ ਨਾਲ ਨਾਲ
ਉਸ ਦੀ ਜੀਵਨ-ਜੋਤ ਬੁਝਦੀ ਗਈ,
ਵਗਦੇ ਪਾਣੀ ਦੀ ਆਵਾਜ਼ ਵੀ ਚੁੱਪ ਹੁੰਦੀ ਗਈ ।
ਪ੍ਰਛਾਵੇਂ ਛਾਂ ਵਿਚ ਘੁਲ਼ਦੇ ਗਏ
ਰੰਗ ਧੁੰਦਲੇ ਹੁੰਦੇ ਹੁੰਦੇ, ਮਿਟਦੇ ਗਏ
ਉਸ ਦੀਆਂ ਨੀਲੀਆਂ ਅੱਖਾਂ ਦੇ ਛੱਪਰ
ਬੰਦ ਹੁੰਦੇ ਗਏ ।
ਉਸ ਦੇ ਪੀਲੇ ਵਾਲ਼ਾਂ ਉੱਤੇ
ਬੈਂਤ ਦੇ ਦਰੱਖ਼ਤ ਝੂਲਦੇ ਰਹੇ ।
ਰੋ ਨਾ ਵੀਪਿੰਗ ਵਿਲੋ
ਰੋਈਂ ਨਾ ।
ਕਾਲ਼ੇ ਪਾਣੀ ਦੇ ਸ਼ੀਸ਼ੇ ਵਿਚ
ਆਪਣੇ ਹੱਥਾਂ ਨੂੰ ਗਲਵੱਕੜੀ ਵਿਚ ਨਾ ਘੁੱਟੀਂ
ਆਪਣੇ ਹੱਥਾਂ ਨੂੰ ਘੁੱਟ ਨਾ ਲਵੀਂ
ਰੋਈਂ ਬਿਲਕੁਲ ਨਾ
ਵੇਖੀਂ, ਅੱਥਰੂ ਨਾ ਕੇਰੀਂ
ਵੀਪਿੰਗ ਵਿਲੋ !
7. ਚਿੰਨ੍ਹਵਾਦੀ
ਘੰਟੇ ਆਪਣੇ ਮੋਢਿਆਂ ਨਾਲ
ਰਾਤ ਦੇ ਕਾਲੇ ਜਹਾਜ਼ ਨੂੰ ਖਿੱਚੀ ਆ ਰਹੇ ਹਨ ।
ਕਾਲ-ਕੋਠੜੀ ਦੀ ਮਰੀਅਲ ਰੌਸ਼ਨੀ ਵਿਚ
ਪਾਣੀ ਦੇ ਛਿੱਟੇ ਪੈਂਦੇ ਹਨ,
ਕੈਦੀ ਜਹਾਜ਼ ਦੇ ਚਮਕਦਾਰ ਚੱਪੂਆਂ ਨਾਲ
ਢੋਹ ਲਾਈ ਬੈਠੇ ਗੱਪਾਂ ਮਾਰਦੇ ਹਨ ।
"ਮੈਂ ਜੰਗਲ 'ਚੋਂ ਇਕ ਕੁੱਕੜ ਫੜਿਆ ਸੀ
ਲਾਲ-ਸੂਹੀ ਕਲਗੀ ਵਾਲਾ
ਕੁੱਕੜ ਨੇ ਕਿਹਾ ;
'ਮੇਰੀ ਗਿੱਚੀ ਨਾ ਮਰੋੜੀਂ'
ਮੇਰੇ ਚਾਕੂ ਨੇ ਉਸ ਦੀ ਜਾਨ-ਬਖ਼ਸ਼ੀ ਕਰ ਦਿੱਤੀ ।
ਪਰ ਇਕ ਨਾ ਇਕ ਦਿਨ
ਮੈਂ ਉਸ ਨੂੰ ਮਾਰ ਕੇ ਛੱਡੂੰ ।
ਆਓ ਪੈਸੇ ਲਾਓ ਤੇ ਰੰਗ ਦਾ ਪੱਤਾ ਸੁੱਟੋ ।"
"ਮੈਂ ਵੀ ਜੰਗਲ 'ਚੋਂ ਇਕ ਕੁੱਕੜ ਫੜਿਆ ਸੀ
ਉਸ ਆਪਣੇ ਅੱਗ ਦੇ ਖੰਭ ਖੋਲ੍ਹੇ
ਤੇ ਮੇਰੇ ਹੱਥਾਂ 'ਚੋਂ ਅਡੋਲ ਉਡਾਰੀ ਮਾਰ ਗਿਆ ।"
ਸਾਹਮਣੇ ਬੈਠੇ ਪਾਗਲ ਨੇ ਕਿਹਾ, "ਨਿਗਰਾਨੀ ਹੇਠ ?"
ਤੇ ਉਹ ਅੱਗ ਦੇ ਖੰਭਾਂ ਵਾਲੇ ਕੁੱਕੜ ਨੂੰ
ਵਾਜਾਂ ਮਾਰਦਾ ਹੈ
ਇੰਝ ਜਿਵੇਂ ਰਾਤ ਨੂੰ ਚਿੰਨ੍ਹਵਾਦੀ ਚੀਕਦਾ ਹੈ ।
"ਮੈਂ ਵੀ ਜੰਗਲ 'ਚੋਂ ਇਕ ਕੁੱਕੜ ਫੜਿਆ
ਕੁੱਕੜ ਨੇ ਕਿਹਾ, 'ਮੇਰੀ ਸਿਰੀ ਨਾ ਕੱਟੀਂ'
ਮੇਰੀ ਆਵਾਜ਼ ਚੁੱਪ ਹੋ ਗਈ ।
ਫਿਰ ਆਵਾਜ਼ ਇਕ ਚੀਕ ਵਾਂਗ ਉਭਰੀ ;
'ਮੇਰੇ ਸੱਟ ਨਾ ਮਾਰੀਂ'
ਅੱਗ ਦੀ ਕਲਗੀ ਟੁੱਟ ਚੁੱਕੀ ਹੈ ।
ਪਾਗ਼ਲ ਹੁਣ ਧਰਤੀ 'ਤੇ ਚੌਫ਼ਾਲ ਪਿਆ ਸੀ
ਤੇ ਚਿੱਟੇ ਪਜਾਮੇਂ ਵਾਲਾ ਸੰਤਰੀ
ਆਪਣੀਆਂ ਮੁੱਛਾਂ ਟੁਕਦਾ
ਪੁਲਸ ਵਾਲੀ ਭਾਰੀ ਪੇਟੀ ਦੇ ਨਾਲ
ਮਾਸ ਦੇ ਢੇਰ ਨੂੰ ਕੁੱਟੀ ਜਾ ਰਿਹਾ ਸੀ ।
ਮੇਰੇ ਲਾਗੇ ਖਲੋਤਾ 'ਹਸਨ'
ਕਾਲ਼-ਕੋਠੜੀ ਦੀਆਂ ਸੀਖਾਂ ਨੂੰ ਫੜੀਂ
ਕਹਿਣ ਲੱਗਾ ;
ਵੇਖੀਂ, ਪਾਗ਼ਲ ਨੂੰ ਮਾਰੀਂ ਨਾ
ਮੇਰੇ ਕੋਲੋਂ ਦੁਗਣਾ ਰੋਡ-ਟੈਕਸ ਲੈ ਲਵੀਂ
ਬੇਸ਼ੱਕ ਮੈਨੂੰ ਇਸ ਬਦਬੂਦਾਰ ਮੋਰੀ ਵਿਚ
ਹੋਰ ਤਿੰਨ ਮਹੀਨੇ ਡੱਕੀ ਰੱਖੀਂ !'
ਮੇਰੇ ਦੂਸਰੇ ਪਾਸੇ ਬੈਠਾ ਯੂਸਫ਼
ਪੀਲ਼ਾ ਪੈ ਗਿਆ
ਤੇ ਉਸ ਦੀਆਂ ਅੱਖਾਂ
ਬਾਰੂਦ ਨਾਲ਼ ਭਰੀ ਬੰਦੂਕ ਦੀ ਨਾਲ਼ੀ
ਵਰਗੀਆਂ ਹੋ ਗਈਆਂ ।
8. ਮੇਰਾ ਪੇਸ਼ਾ
ਜਦੋਂ ਮੇਰੇ ਬਲਦਾਂ ਦੇ ਸਿੰਗਾਂ 'ਤੇ ਦਿਨ ਚੜ੍ਹਦਾ ਹੈ
ਮੈਂ ਫ਼ਖ਼ਰ ਤੇ ਤਹੱਮਲ ਨਾਲ
ਧਰਤੀ ਨੂੰ ਵਾਹੁੰਦਾ ਹਾਂ
ਮੇਰੇ ਨੰਗੇ ਪੈਰਾਂ ਨੂੰ ਸਿੱਲ੍ਹੀ ਤੇ ਨਿੱਘੀ ਧਰਤੀ
ਛੂੰਹਦੀ ਹੈ ।
ਮੇਰੇ ਪੱਠਿਆਂ 'ਚੋਂ ਰੌਸ਼ਨ ਚੰਗਿਆੜੇ ਨਿਕਲਦੇ ਹਨ
ਮੈਂ ਤੱਤੇ ਲੋਹੇ 'ਤੇ ਦੁਪਹਿਰ ਤੀਕ
ਸੱਟਾਂ ਮਾਰਦਾ ਹਾਂ
ਤੇ ਇਸ ਦੀ ਲੋਅ, ਹਰ ਹਨੇਰੇ ਨੂੰ
ਰੌਸ਼ਨ ਕਰਦੀ ਹੈ ।
ਪੱਤਿਆਂ ਦੀ ਧੜਕਦੀ ਹਰਿਆਵਲ ਵਿਚੋਂ
ਮੈਂ ਬਾਅਦ ਦੁਪਹਿਰ ਜੈਤੂਨ ਤੋੜਦਾ ਹਾਂ
ਮੇਰੇ ਕਪੜਿਆਂ, ਮੇਰੇ ਚਿਹਰੇ, ਮੇਰੇ ਸਿਰ
ਤੇ ਮੇਰੀਆਂ ਅੱਖਾਂ 'ਤੇ ਚਾਨਣ ਹੀ ਚਾਨਣ ਹੈ ।
ਮੇਰੇ ਘਰ ਹਰ ਸ਼ਾਮ ਪ੍ਰਾਹੁਣੇ ਪ੍ਰਵੇਸ਼ ਕਰਦੇ ਨੇ
ਸਭ ਸੁੰਦਰ ਗੀਤਾਂ ਲਈ,
ਮੇਰੇ ਦਰ ਚੌਪੱਟ ਖੁੱਲ੍ਹੇ ਹੁੰਦੇ ਨੇ
ਰਾਤ ਨੂੰ ਮੈਂ
ਗੋਡੇ ਗੋਡੇ ਡੂੰਘੇ ਸਮੁੰਦਰ ਵਿਚ
ਆਪਣੇ ਜਾਲ ਲੈ ਉਤਰ ਜਾਂਦਾ ਹਾਂ
ਮੱਛੀਆਂ ਤੇ ਸਿਤਾਰਿਆਂ ਨੂੰ ਫੜਨ ਲਈ ।
ਮੈਂ ਹੁਣ ਉਸ ਸਭ ਕੁਝ ਲਈ
ਜ਼ੁੰਮੇਵਾਰ ਹੋ ਗਿਆ ਹਾਂ
ਜੋ ਮੇਰੇ ਚੁਫ਼ੇਰੇ ਵਾਪਰਦਾ ਹੈ
ਆਦਮੀ ਤੇ ਧਰਤੀ ਲਈ
ਹਨੇਰੇ ਤੇ ਰੌਸ਼ਨੀ ਲਈ
ਤੁਸੀਂ ਵੇਖਦੇ ਹੋ ਕਿ ਮੈਂ ਸਿਰ ਤੋਂ ਪੈਰਾਂ ਤੀਕ
ਕੰਮ ਵਿਚ ਖੁਭਿਆ ਪਿਆ ਹਾਂ ।
ਮੇਰੀ ਪਿਆਰੀ !
ਮੈਨੂੰ ਆਪਣੀਆਂ ਗੱਲਾਂ ਨਾਲ ਕੀਲੀ ਨਾ ਰੱਖ
ਮੈਨੂੰ ਤੇਰੇ ਨਾਲ਼ ਪਿਆਰ ਹੋਈ ਜਾ ਰਿਹੈ ।
9. ਚਾਰ ਆਦਮੀ, ਚਾਰ ਬੋਤਲਾਂ
ਗੋਲ ਮੇਜ਼ ਹੈ
ਚਾਰ ਬੋਤਲਾਂ
ਚਾਰ ਆਦਮੀ
ਤੇ ਵਾਈਨ ਦੇ ਚਾਰ ਗਲਾਸ
ਗਲਾਸਾਂ ਵਿਚ ਵਾਈਨ ਹੈ
ਗਲਾਸ ਖ਼ਾਲੀ ਹੁੰਦੇ ਨੇ
ਗਲਾਸ ਭਰਦੇ ਨੇ
ਚਾਰ ਆਦਮੀ ਪੀ ਰਹੇ ਨੇ
ਇਕ ਬੋਤਲ ਖ਼ਾਲੀ ਹੁੰਦੀ ਹੈ
ਇਕ ਆਦਮੀ ਬੋਲਦਾ ਹੈ ;
"ਕੱਲ੍ਹ ਮੈਂ ਧਮਾਕੇ ਨਾਲ,
ਮਸਲਾ ਹੱਲ ਕਰਾਂਗਾ,
ਛੱਡੋ ਗੱਲ ਨੂੰ
ਫਾਹੇ ਲੱਗਣਾ ਚਾਹੀਦਾ ਹੈ ਉਹ ਬੰਦਾ ।"
ਤਿੰਨ ਬੋਤਲਾਂ ਖ਼ਾਲੀ ਹਨ
ਤਿੰਨ ਆਦਮੀ ਪੀਂਦੇ ਹਨ
ਤਿੰਨ ਮੂੰਹ ਉੱਤਰ ਦਿੰਦੇ ਹਨ,
ਬੰਦਾ ਅਵੱਸ਼ ਫਾਹੇ ਲੱਗੇਗਾ
ਗੋਲ ਮੇਜ਼ ਹੈ
ਚਾਰ ਖਾਲੀ ਗਲਾਸ ਨੇ
ਤੇ ਚਾਰੇ ਆਦਮੀ ।
10. ਜੇਲ੍ਹ ਦਾ ਕਲਰਕ
ਅੱਗ ਦੀਆਂ ਲਾਟਾਂ ਉੱਤੇ
ਉਹਨਾਂ ਦੀਆਂ ਉਂਗਲਾਂ ਸਾੜ ਕੇ
ਤੁਹਾਡੇ ਇਸ ਸੇਵਾਦਾਰ
ਜੇਲ੍ਹ ਦੇ ਇਕ ਨਿਮਾਣੇ ਕਲਰਕ ਦੇ ਹੱਥਾਂ ਨੇ
ਇਸੇ ਸਦੀ ਦੇ ਪੂਰੇ ਪੰਝੀ ਸਾਲ
ਮਨੁੱਖੀ ਦਿਲਾਂ ਨੂੰ ਛੁਹ ਛੁਹ ਕੇ ਵੇਖਿਆ ਹੈ
ਆਦਮੀ ਦੀ ਜ਼ਿੰਦਗੀ ਲੰਮੀ ਹੁੰਦੀ ਹੈ
ਸ਼ਾਇਦ ਲੋੜ ਤੋਂ ਵੱਧ ਲੰਮੀ
ਜਾਂ ਸ਼ਾਇਦ ਇਹ ਲੋੜ ਤੋਂ ਛੋਟੀ ਹੈ
ਤੁਸੀਂ ਤੇ ਮੈਂ
ਆਪਾਂ ਦੋਵੇਂ
ਆਖ਼ਰੀ ਜਾਮ ਹੈ ਇਹ
ਰੋਣ ਨੇ
ਵਿਰਲਾਪ ਨੇ ਅੱਜ ਦੀ ਰਾਤ
ਮੇਰੀ ਸ਼ਰਾਬ ਦਾ ਜ਼ਹਿਰ ਬਣਾ ਧਰਿਆ ਹੈ
'ਬੇਬਾਕ' ਨੂੰ ਜਾਣ ਵਾਲੀ ਟਰਾਮ
ਪੁਲ਼ ਪਾਰ ਕਰ ਗਈ ਹੈ ।
ਤੇ ਮੱਛੀ ਬਾਜ਼ਾਰ ਵਿਚ ਹਨੇਰੇ ਦਾ ਪਹਿਰਾ ਹੈ,
ਸ਼ਰਾਬਖ਼ਾਨੇ ਦੀਆਂ ਖਿੜਕੀਆਂ 'ਤੇ ਮੀਂਹ ਪੈ ਰਿਹਾ ਏ ।
"ਤੇ ਮੇਰੀ ਰੂਹ
ਤੇਜ਼ ਹਵਾ ਨੇ ਮੈਨੂੰ ਹਵਾ ਵਿਚ ਉਡਦਾ ਪੱਤਾ
ਬਣਾ ਦਿੱਤਾ ਹੈ ।"
ਸਵਰਗੀ 'ਨਾਜ਼ੀ'
ਮੇਰੇ ਮਾਲਕ ਨੇ ਕਿਹਾ ਸੀ;
'ਹੈਲੋ, ਕੌਣ ਹੈ ਭਈ ਘਰ ?
ਬੜੀ ਦੁਬਿਧਾ ਹੈ
ਕਿਹੜੀ ਗੱਲੋਂ !
ਲੋਕੀਂ ਉਦਾਸ ਕਿਉਂ ਹੋਣ
ਇਸ ਮਰੀ ਮੱਛੀ ਵਾਂਗ
ਪਲੇਟ ਵਿਚ ਪਈ ਭੁੰਨੀ ਮੱਛੀ ਵਾਂਗ
ਕਿਆਮਤ ਦੇ ਦਿਨ
ਤੁਹਾਡੇ ਖਾਦਮ
ਜੇਲ੍ਹ ਦੇ ਇਸ ਕਲਰਕ ਨੇ
'ਅਜ਼ਰਾਈਲ,' ਮੌਤ ਦੇ ਫਰਿਸ਼ਤੇ ਕੋਲੋਂ
ਇਕ ਸਵਾਲ ਪੁੱਛਣਾ ਹੈ ।'
ਇਕ ਆਖ਼ਰੀ ਜਾਮ
ਤੇ ਆਪਾਂ ਦੋਵੇਂ
"ਕੀ ਤੁਸੀਂ ਆਦਮੀ ਨੂੰ
ਫਾਹੇ ਲਾਇਆ ਜਾਂਦਾ ਵੇਖਿਆ ਹੈ ਕਦੇ ?
ਅਸੀਂ ਕੱਲ੍ਹ ਦਿਨ ਚੜ੍ਹੇ
ਇਕ ਆਦਮੀ ਨੂੰ ਫਾਹੇ ਲਾਉਣਾ ਹੈ ।
'ਅਬਦੁਲ ਹਮੀਦ' ਡੁੱਬ ਮਰਿਆ ਸੀ ।
ਤੇ ਮੈਡੀਕਲ ਵਿਦਿਆਰਥੀ
'ਸੀਰਾਗ ਲੋਈ' ਪੱਤਣ 'ਤੇ ਉਨ੍ਹਾਂ ਨੂੰ
ਪਾਣੀ ਵਿਚ ਡੋਬਿਆ ਗਿਆ ਸੀ ।
ਲਹਿਰਾਂ ਬੋਰੀਆਂ ਨੂੰ ਦੂਰ ਲੈ ਗਈਆਂ
ਤੇ ਉਹ ਫਿਰ ਨਹੀਂ ਲੱਭੇ ।
ਬਹੁਤ ਸਾਰੇ
ਕਿੰਨੇ ਜਣੇ
ਆਜ਼ਾਦੀ ਦੇ ਸੰਗਰਾਮ ਦੇ ਦਿਨਾਂ ਵਿਚ
ਫਾਹੇ ਲਾਏ ਗਏ ।
ਉਹਨਾਂ ਦਿਨਾਂ ਵਿਚ
ਉਹ ਬੰਦਿਆਂ ਨੂੰ
ਪੁਲ ਦੇ ਸਿਰੇ 'ਤੇ ਫਾਹੇ ਲਾਉਂਦੇ ਸੀ
ਹੁਣ ਸੁਲਤਾਨ ਅਹਿਮਤ ਚੌਕ ਦੇ ਵਿਚਕਾਰ ।
ਇਹ ਆਖ਼ਰੀ ਜਾਮ ਹੈ
ਤੇ ਆਪਾਂ ਦੋਵੇਂ ਜਣੇ ਹਾਂ
'ਇਸਤੰਬੋਲ' ਵਰਗੀ ਹੋਰ ਕੋਈ ਥਾਂ ਨਹੀਂ, ਕਿਤੇ ਵੀ,
ਇਸ ਦੀ ਸ਼ਾਨਦਾਰ ਹਵਾ
ਇਸ ਦਾ ਲਿਸ਼ਕਦਾ ਸਾਫ਼ ਪਾਣੀ
ਰੂਹ ਨੂੰ ਨਵਾਂ ਵਿਸਥਾਰ ਦਿੰਦੇ ਹਨ ।"
ਇੰਜ ਗਾਇਆ ਸੀ
ਮਾਸਟਰ ਨਦੀਮ ਨੇ
ਇੰਝ ਹੀ ਗਾਇਆ ਸੀ ਉਸ ਨੇ ਆਪਣਾ ਗੀਤ
11. ਇਕ ਲੋਕ-ਕਥਾ
ਪਾਣੀ ਦੇ ਕੰਢੇ ਸਸਤਾਉਂਦਿਆਂ
ਮੈਂ ਤੇ ਚਿਨਾਰ ਦਾ ਬਿਰਖ ਕੋਲ਼ੋ ਕੋਲ਼ ਬੈਠੇ ਸੀ
ਸਾਡੇ ਪ੍ਰਛਾਵੇਂ ਪਾਣੀ ਵਿਚ ਪੈਂਦੇ ਸੀ,
ਪਾਣੀ ਦੀ ਲਿਸ਼ਕੋਰ ਸਾਡੇ ਦੋਹਾਂ ਤੇ ਪੈਂਦੀ ਸੀ ।
ਪਾਣੀ ਦੇ ਕਿਨਾਰੇ
ਮੈਂ, ਚਿਨਾਰ ਦਾ ਬਿਰਖ ਤੇ ਇਕ ਬਿੱਲੀ ਆਰਾਮ ਕਰ ਰਹੇ ਹਾਂ
ਸਾਡੇ ਪ੍ਰਛਾਵੇਂ ਪਾਣੀ ਵਿਚ ਪੈਂਦੇ ਹਨ
ਰੁੱਖ, ਬਿੱਲੀ ਤੇ ਮੇਰੇ
ਪਾਣੀ ਦੀ ਲਿਸ਼ਕੋਰ
ਚਿਨਾਰ ਬਿੱਲੀ ਤੇ ਮੇਰੇ 'ਤੇ ਪੈਂਦੀ ਹੈ ।
ਪਾਣੀ ਦੇ ਕਿਨਾਰੇ
ਚਿਨਾਰ, ਬਿੱਲੀ, ਸੂਰਜ ਤੇ ਮੈਂ
ਬੈਠੇ ਆਰਾਮ ਕਰਦੇ ਹਾਂ
ਸਾਡੇ ਪ੍ਰਛਾਵੇਂ ਪਾਣੀ 'ਤੇ ਪੈਂਦੇ ਹਨ ।
ਪਾਣੀ ਦੀ ਲਿਸ਼ਕੋਰ ਸਾਡੇ ਮੂੰਹ 'ਤੇ ਵੱਜਦੀ ਹੈ
ਚਿਨਾਰ, ਬਿੱਲੀ, ਸੂਰਜ ਤੇ ਮੇਰੇ ਉੱਤੇ ।
ਪਾਣੀ ਦੇ ਕੰਢੇ ਬੈਠੇ
ਚਿਨਾਰ, ਬਿੱਲੀ, ਮੈਂ, ਸੂਰਜ ਤੇ ਸਾਡੀ ਜ਼ਿੰਦਗੀ
ਬੈਠੇ ਆਰਾਮ ਕਰਦੇ ਹਾਂ
ਸਾਡੇ ਪ੍ਰਛਾਵੇਂ ਪਾਣੀ 'ਚੋਂ ਦਿਸਦੇ ਹਨ
ਪਾਣੀ ਦਾ ਲਿਸ਼ਕਾਰਾ ਸਾਡੇ ਮੂੰਹ 'ਤੇ ਵੱਜਦਾ ਹੈ ।
ਪਾਣੀ ਦੇ ਕੰਢੇ ਬੈਠੇ
ਪਹਿਲਾਂ ਬਿੱਲੀ ਤੁਰ ਜਾਵੇਗੀ
ਇਸ ਦਾ ਪਰਤੌ ਪਾਣੀ 'ਚੋਂ ਮੁੱਕ ਜਾਵੇਗਾ
ਫਿਰ ਮੈਂ ਜਾਵਾਂਗਾ
ਮੇਰਾ ਪਰਤੌ ਪਾਣੀ 'ਚੋਂ ਗੁੰਮ ਜਾਵੇਗਾ
ਫਿਰ ਬਿਰਖ ਅਲੋਪ ਹੋ ਜਾਵੇਗਾ
ਤੇ ਨਾਲ ਹੀ ਉਸ ਦਾ ਪ੍ਰਛਾਵਾਂ ਵੀ
ਪਿੱਛੇ ਸਿਰਫ਼ ਸੂਰਜ ਰਹਿ ਜਾਵੇਗਾ
ਪਾਣੀ ਦੇ ਕੰਢੇ ਆਰਾਮ ਫਰਮਾਉਂਦਿਆਂ
ਚਿਨਾਰ, ਬਿੱਲੀ, ਸਾਡੀ ਜ਼ਿੰਦਗੀ, ਸੂਰਜ ਤੇ ਮੈਂ
ਪਾਣੀ ਠੰਢਾ ਹੈ
ਬਿਰਖ ਫੈਲਦਾ ਹੈ
ਮੈਂ ਕਵਿਤਾ ਲਿਖਦਾ ਹਾਂ
ਸੂਰਜ ਨਿੱਘ ਦਿੰਦਾ ਹੈ
ਵੱਡੀ ਗੱਲ ਜੀਉਂਦੇ ਹੋਣਾ ਹੈ
ਪਾਣੀ ਦੀ ਲਿਸ਼ਕੋਰ ਸਾਡੇ 'ਤੇ ਪੈਂਦੀ ਹੈ
ਚਿਨਾਰ, ਬਿੱਲੀ, ਸੂਰਜ, ਸਾਡੀ ਜ਼ਿੰਦਗੀ
ਤੇ ਮੇਰੇ ਉੱਤੇ ।
12. ਇਕ ਖ਼ਤ
ਇਕ ਸ਼ਾਮ ਅਸੀਂ ਬੈਠੇ
ਗੱਜ਼ਾਲੀ ਦੇ ਚੌਬਰਗੇ ਪੜ੍ਹ ਰਹੇ ਸੀ
"ਰਾਤ ਦਾ ਵਕਤ
ਗੂੜ੍ਹਾ ਨੀਲਾ ਤੇ ਖੁੱਲ੍ਹਾ-ਡੁੱਲ੍ਹਾ ਬਾਗ਼
ਸੁਨਹਿਰੀ ਵਾਛੜ ਵਿਚ
ਗੇੜੇ, ਦਿੰਦੀਆਂ ਨਾਚੀਆਂ
ਤੇ ਲਾਗੇ, ਲੱਕੜ ਦੇ ਬਕਸਿਆਂ ਵਿਚ ਬੰਦ ਮੁਰਦੇ ।"
ਜੇ ਕਿਸੇ ਦਿਨ ਤੇਰੀ ਰੂਹ 'ਤੇ
ਜ਼ਿੰਦਗੀ ਭਾਰ ਬਣ ਜਾਵੇ
ਖ਼ੁਸ਼ੀ-ਵਿਹੂਣੀ ਬਾਰਸ਼ ਵਾਂਗ
ਤੇ ਮੈਂ ਤੈਥੋਂ ਦੂਰ-ਦੁਰਾਡੇ ਹੋਵਾਂ
ਤਾਂ ਤੂੰ ਗੱਜ਼ਾਲੀ ਨੂੰ ਪੜ੍ਹੀਂ ।
ਮੌਤ ਸਾਹਵੇਂ ਉਸ ਦੇ ਖ਼ੌਫ਼
ਤੇ ਉਸ ਦੀ ਇਕੱਲਤਾ ਨੂੰ ਤੱਕ ਕੇ
ਤੂੰ ਤਰਸ ਅਨੁਭਵ ਕਰੇਂਗੀ ।
ਵਗਦੇ ਪਾਣੀਆਂ ਨੂੰ ਕਹੀਂ
ਕਿ ਉਹ ਤੈਨੂੰ ਗੱਜ਼ਾਲੀ
ਦਾ ਚੇਤਾ ਕਰਾਉਣ ।
"ਇਹ ਧਰਤੀ ਇਕ ਠੂਠੇ ਵਰਗੀ ਹੈ
ਜੋ ਘੁਮਿਆਰ ਦੇ ਸ਼ੈਲਫ਼ ਵਿਚ ਪਿਆ ਵੀ
ਦਮਕਾਂ ਮਾਰਦਾ ਹੈ ।
ਤੇ 'ਸਾਈਪਰਿਸ' ਦੀਆਂ ਜਿਹਨਾਂ ਕੰਧਾਂ 'ਤੇ
ਜਿੱਤਾਂ ਦਾ ਇਤਿਹਾਸ ਲਿਖਿਆ ਹੋਇਆ ਸੀ,
ਹੁਣ ਖੰਡਰ ਬਣੀਆਂ ਪਈਆਂ ਨੇ ।"
ਪਾਣੀ ਦੇ ਛਿੱਟੇ ਮੂੰਹ 'ਤੇ ਪੈਂਦੇ ਨੇ
ਕਦੇ ਠੰਡੇ, ਕਦੇ ਨਿੱਘੇ
ਨੀਲੇ ਵਿਸ਼ਾਲ, ਅਸੀਮ ਬਾਗ਼ ਵਿਚ
ਭੰਬੀਰੀ ਵਾਂਗ ਨੱਚਦੀਆਂ ਨਾਚੀਆਂ
ਥੱਕਦੀਆਂ ਨਹੀਂ ਜਾਪਦੀਆਂ ।
ਪਤਾ ਨਹੀਂ ਕਿਉਂ
ਮੈਨੂੰ ਤੇਰੇ ਮੂੰਹੋਂ ਪਹਿਲੀ ਵਾਰ ਸੁਣੀ ਗੱਲ
ਬਾਰ ਬਾਰ ਕਿਉਂ ਚੇਤੇ ਆ ਰਹੀ ਹੈ;
"ਜਦੋਂ ਚਿਨਾਰਾਂ ਨੂੰ ਕਰੂੰਬਲਾਂ ਫੁੱਟਦੀਆਂ ਨੇ
ਤਾਂ ਚੈਰੀਆਂ ਦੇ ਪੱਕਣ ਵਿਚ
ਦੇਰ ਨਹੀਂ ਹੁੰਦੀ ।"
ਗੱਜ਼ਾਲੀ ਵਿਚ ਚਿਨਾਰਾਂ ਨੂੰ ਕਰੂੰਬਲਾਂ ਤਾਂ
ਫੁੱਟ ਆਈਆਂ ਨੇ
ਪਰ ਖ਼ੁਦਾ ਨੇ ਚੈਰੀਆਂ ਪੱਕੀਆਂ ਨਹੀਂ ਵੇਖੀਆਂ
ਸ਼ਾਇਦ ਏਸੇ ਕਾਰਨ ਉਹ ਮੌਤ ਦੀ ਪੂਜਾ ਕਰ ਰਿਹੈ ।
ਸ਼ਾਮ ਨੂੰ 'ਸਵੀਤ ਅਲੀ'
ਆਪਣੇ ਕਮਰੇ ਵਿਚ ਬੈਠਾ ਬੰਸਰੀ ਵਜਾਉਂਦਾ ਹੈ
ਬਾਹਰੋਂ ਬੱਚਿਆਂ ਦੀਆਂ ਕਿਲਕਾਰੀਆਂ
ਸੁਣਦੀਆਂ ਨੇ
ਚਸ਼ਮਾ ਵਹਿ ਰਿਹਾ ਹੈ
ਚੰਨ-ਚਾਨਣੀ ਵਿਚ
ਰੁੱਖਾਂ ਨਾਲ ਬੱਝੇ ਬਘਿਆੜਾਂ ਦੇ ਤਿੰਨ ਬੱਚੇ
ਵਿਖਾਲੀ ਦਿੰਦੇ ਨੇ ।
ਲੋਹੇ ਦੀਆਂ ਸੀਖਾਂ ਤੋਂ ਪਾਰ
ਮੇਰੇ ਵਿਸ਼ਾਲ, ਗੂੜ੍ਹੇ ਨੀਲੇ ਬਗ਼ੀਚੇ ਵਿਚ
ਬੂਟਿਆਂ ਨੂੰ ਫੁੱਲ ਪੈ ਰਹੇ ਨੇ ।
ਅਸਲੀ ਚੀਜ਼ ਜਿਸ ਦਾ ਕੋਈ ਮਹੱਤਵ ਹੈ,
ਉਹ ਹੈ "ਜ਼ਿੰਦਗੀ" ।
ਮੇਰੀ ਪਿਆਰੀ
ਮੈਨੂੰ ਭੁੱਲ ਨਾ ਜਾਵੀਂ ।
ਵਿਸਾਰ ਨਾ ਦੇਵੀਂ ।
13. ਬਸੰਤ ਰੁੱਤ ਬਾਰੇ ਅਧੂਰਾ ਲੇਖ
ਮੋਟੀਆਂ ਮਜ਼ਬੂਤ ਉਂਗਲਾਂ
ਮੇਰੇ ਟਾਈਪ-ਰਾਈਟਰ ਦੇ ਦੰਦਾਂ 'ਤੇ ਵੱਜਦੀਆਂ ਹਨ
ਕੁੱਲ ਅੱਖਰ ਤਿੰਨ ਮੋਟੇ ਸ਼ਬਦਾਂ ਨੂੰ ਅੰਕਿਤ ਕਰਦੇ ਨੇ
ਬਹਾਰ,
ਬਹਾਰ,
ਬਹਾਰ !
ਮੈਂ ਇਕ ਕਵੀ
ਇਕ ਪਰੂਫ਼-ਰੀਡਰ
ਜੋ ਚੰਦ ਸਿੱਕਿਆਂ ਲਈ
ਦਿਨ ਵਿਚ ਦੋ ਹਜ਼ਾਰ ਗ਼ਲਤ ਪੰਗਤੀਆਂ
ਦਰੁਸਤ ਕਰਨ ਲਈ ਮਜ਼ਬੂਰ ਹਾਂ ।
ਮੈਂ ਭਲਾ ਢਿੱਲੀ ਕੁਰਸੀ 'ਤੇ ਜੁੜਿਆ ਬੈਠਾ ਰਹਾਂ,
ਜਦ ਕਿ ਮੇਰੇ ਚਾਰੇ ਪਾਸੇ
ਬਸੰਤ ਰੁੱਤ ਆਈ ਹੋਈ ਹੋਵੇ
ਸੋ ਭਾਈ !
ਮੇਰੀ ਟੋਪੀ ਸਿਰ 'ਤੇ ਆ ਟਿਕੀ
ਤੇ ਇਕ ਸਕਿੰਟ ਵਿਚ ਮੈਂ
ਦਫ਼ਤਰੋਂ ਬਾਹਰ ਗਲ਼ੀ ਵਿਚ ਪੁੱਜ ਗਿਆ
ਪ੍ਰੈਸ ਵਿਚਲੇ ਛਾਪੇ ਦੀ ਸਿਆਹੀ ਦੇ ਨਿਸ਼ਾਨ
ਹਾਲੀ ਵੀ
ਮੇਰੇ ਚਿਹਰੇ 'ਤੇ ਲੱਗੇ ਹੋਏ ਸਨ ।
ਮੇਰੀ ਜੇਬ ਵਿਚ ਨੌਂ ਪੈਂਸ ਸਨ
ਤੇ ਚਾਰੇ ਪਾਸੇ ਬਸੰਤ ।
'ਬਾਬੀਅਲ' ਦੇ ਚੰਡਾਲ
ਨਾਈਆਂ ਦੀਆਂ ਦੁਕਾਨਾਂ ਵਿਚ ਬੈਠੇ
ਆਪਣੀਆਂ ਪੀਲੀਆਂ ਗੱਲ੍ਹਾਂ 'ਤੇ
ਪਾਊਡਰ ਮਲ਼ ਰਹੇ ਹਨ ।
ਕਿਤਾਬਾਂ ਵੇਚਣ ਵਾਲ਼ਿਆਂ ਦੀਆਂ
ਸ਼ੀਸ਼ੇ ਦੀਆਂ ਅਲਮਾਰੀਆਂ ਵਿਚ
ਤਿੰਨ-ਰੰਗੀਆਂ ਜਿਲਦਾਂ ਵਾਲੀਆਂ ਕਿਤਬਾਂ
ਸ਼ੀਸ਼ਿਆਂ ਵਾਂਗ ਚਮਕਦੀਆਂ ਹਨ ।
ਪਰ ਅਫ਼ਸੋਸ !
ਇਹਨਾਂ ਜਿਲਦਾਂ ਵਿਚ
ਮੇਰੀ ਇਕ ਵੀ ਕਿਤਾਬ ਨਹੀਂ ਸੀ
ਪਤਲੀ ਜੇਹੀ ਵਰਣ-ਮਾਲਾ ਵੀ ਨਹੀਂ ।
ਖ਼ੈਰ ਕਾਹਦੀ ਪ੍ਰਵਾਹ ਹੈ
ਮੈਂ ਵੀ ਦੂਜੀ ਵਾਰ ਝਾਤੀ ਨਹੀਂ ਮਾਰੀ
ਛਾਪੇਖ਼ਾਨੇ ਦੀ ਸਿਆਹੀ ਦੇ ਦਾਗ਼
ਅਜੇ ਵੀ ਮੇਰੇ ਮੂੰਹ 'ਤੇ ਲੱਗੇ ਹੋਏ ਨੇ
ਜੇਬ ਵਿਚ ਸਿਰਫ਼ ਨੌਂ ਪੈਂਸ ਨੇ
ਤੇ ਬੂਹੇ 'ਤੇ ਬਹਾਰ !
14. ਛਾਪਾਮਾਰ ਕੁੜੀ ਤਾਨੀਆ ਦੀ ਵਾਰ
ਮਾਸਕੋ ਸ਼ਾਂਤ ਸੀ
ਤੇ ਵਿਸ਼ਵਾਸ-ਭਰਿਆ
ਇਹ ਐਂਟੀ-ਏਅਰ ਕਰਾਫਟ ਤੋਪਾਂ ਚਲਾਉਂਦਾ ਸੀ
ਤੇ ਆਪਣੀ ਜੇਬ ਵਿਚ
ਤੁਕ-ਬੰਦਕ ਕਵਿਤਾ ਦੀ ਕਿਤਾਬ
ਪਾਈ ਫਿਰਦਾ ਸੀ ।
ਇਹ ਨਾਟ-ਘਰਾਂ ਵਿਚ ਜਾਂਦਾ
ਫਿਲਮਾਂ ਵੇਖਦਾ ਤੇ ਸੰਗੀਤ-ਪ੍ਰੋਗਰਾਮਾਂ ਦਾ
ਆਨੰਦ ਮਾਣਦਾ
'ਸਟਰਾਸ' ਨੂੰ ਸੁਣਦਾ ਤੇ ਤੈਚਾਈਕੋਵਸਕੀ ਨੂੰ ਵੀ
ਤੋਪਾਂ ਦੇ ਗੋਲਿਆਂ ਦੀ ਵਾਛੜ ਵਿਚ
ਕਾਲ਼ੇ-ਪਰਦਿਆਂ ਵਾਲ਼ੀਆਂ ਖਿੜਕੀਆਂ ਪਿੱਛੇ
ਸ਼ਤਰੰਜ ਖੇਡਦਾ
ਇਸ ਦੇ ਨੌਜਵਾਨ ਕਾਮੇ ਮੋਰਚੇ 'ਤੇ ਅਗਾਊਂ ਜਾਂਦੇ
ਤੇ ਇਸਦੇ ਮਸ਼ੀਨੀ ਕਲ-ਪੁਰਜ਼ੇ
ਦੇਸ਼ ਦੇ ਅੰਦਰਲੇ ਹਿੱਸਿਆਂ ਨੂੰ ਭੇਜੇ ਜਾਂਦੇ
ਬਿਰਧ ਕਾਮੇ ਪੁਰਾਣੀਆਂ ਮਸ਼ੀਨਾਂ ਨੂੰ ਢਾਲਦੇ
ਤੇ ਦੁਕਾਨਾਂ ਨੂੰ ਕਲਾਕਾਂ ਵਾਂਗ ਚਲਾਉਂਦੇ
ਮਾਸਕੋ ਟੈਂਕਾ ਲਈ ਫਾਹੀਆਂ ਲਾਉਂਦਾ
ਤੇ ਰੋਕਾਂ ਉਸਾਰਦਾ
ਅਤੇ 'ਪੁਸ਼ਕਿਨ'
ਉਸਦੇ ਤਾਂਬੇ ਦੇ ਢਾਲੇ ਮੋਢੇ
ਬਰਫ਼ ਵਿਚ ਘਿਰੇ
ਹੈਰਾਨੀ ਨਾਲ਼ ਖਲੋਤਾ ਵੇਖਦਾ
ਸ਼ਾਇਦ ਨਵੀਂ "ਯੂਜੀਨੀ-ਓਨੀ ਜਿਨ" ਲਿਖ ਰਿਹਾ ਹੋਵੇ ।
ਵੈਰੀ ਮਾਸਕੋ ਦੇ ਉੱਤਰ ਵਿਚ, ਯਕੋਰਮਾ ਤੀਕ ਅੱਪੜ ਗਿਆ
ਤੇ ਦੱਖਣ ਵਿਚ ਤੂਲਾ ਤੀਕ ।
ਨਵੰਬਰ ਦੇ ਅੰਤ ਵਿਚ
ਤੇ ਦਸੰਬਰ ਦੇ ਸ਼ੁਰੂ ਵਿਚ
ਉਹਨਾਂ ਨੇ ਆਪਣੀ 'ਰੀਜ਼ਰਵ' ਫ਼ੌਜ
ਮੋਰਚੇ ਵੱਲ ਝੋਕ ਦਿੱਤੀ ।
ਦਸੰਬਰ ਦੇ ਪਹਿਲੇ ਦਿਨਾਂ ਵਿਚ
ਹਾਲਤ ਗੰਭੀਰ ਹੋ ਗਈ ।
ਤੇ ਦਸੰਬਰ ਦੇ ਪਹਿਲੇ ਦਿਨਾਂ ਵਿਚ
ਵਰੀਜਾ ਸ਼ਹਿਰ ਦੇ ਲਾਗੇ 'ਪੈਤਰੀਸ਼ਚੇਵੋ' ਵਿਚ
ਜਰਮਨੀ ਨੇ
ਬਰਫ਼ੀਲੇ ਨੀਲੇ ਅਸਮਾਨ ਹੇਠ
ਅਠਾਰਾਂ ਸਾਲ ਦੀ ਕੁੜੀ ਨੂੰ ਫਾਹੇ ਲਾ ਦਿੱਤਾ
ਅਠਾਰਾਂ ਸਾਲ ਦੀ ਕੁੜੀ ਦੇ
ਫਾਹੇ ਲੱਗਣ ਦੇ ਨਹੀਂ,
ਮੰਗਣੀ ਹੋਣ ਦੇ ਦਿਨ ਹੁੰਦੇ ਨੇ ।
ਉਹ ਮਾਸਕੋ ਤੋਂ ਆਈ ਸੀ
ਨੌਜਵਾਨ ਤੇ ਛਾਪਾਮਾਰ
ਜਜ਼ਬੇ ਦੀ ਭਰੀ
ਉਹ ਕੁਝ ਕਰਕੇ ਵਿਖਾਉਣ ਦੀ ਗੱਲ ਸਮਝਦੀ ਸੀ
ਇਸ ਵਿਚ ਵਿਸ਼ਵਾਸ ਕਰਦੀ
ਤੇ ਕਰਤਵ ਨਿਭਾਉਂਦੀ ਸੀ
ਸੁਹਲ ਗਰਦਨ ਵਿਚ ਰੱਸਾ ਪਵਾਈ
ਬੱਚੀ ਫਾਹੇ ਲਟਕਾਈ ਲਮਕਦੀ ਪਈ ਸੀ
ਆਪਣੀ ਪੂਰੀ ਸ਼ਾਨ ਨਾਲ
ਤੇ ਮਨੁੱਖੀ ਗੌਰਵ ਵਿਚ ।
ਬਰਫ਼ੀਲੇ ਹਨੇਰੇ ਵਿਚ
ਜਵਾਨ ਕੁੜੀ ਦੇ ਹੱਥ ਫਿਰਦੇ ਅਨੁਭਵ ਹੁੰਦੇ ਸੀ
ਜਿਵੇਂ 'ਜੰਗ ਤੇ ਅਮਨ' ਦੇ ਪੰਨੇ ਪਲਟ ਰਹੀ ਹੋਵੇ ।
ਪੈਤਰੀਸ਼ਚੇਵੋ ਵਿਚ
ਟੈਲੀਫੋਨ ਦੀਆਂ ਤਾਰਾਂ ਕੱਟੀਆਂ ਗਈਆਂ
ਅਤੇ ਸਤਾਰਾਂ ਜਰਮਨ ਘੋੜਿਆਂ ਵਾਲਾ
ਅਸਤਬਲ ਸੜ ਗਿਆ
ਪਰ ਅਗਲੇ ਦਿਨ ਇਹ ਗੁਰੀਲਾ ਕੁੜੀ ਫੜੀ ਗਈ ।
ਉਹਨਾਂ ਨੇ ਕੁੜੀ ਨੂੰ ਉਸਦੇ ਨਵੇਂ ਨਿਸ਼ਾਨੇ ਤੋਂ
ਅਚਾਨਕ ਹੀ ਪਿੱਛੋਂ ਦੀ ਅਤੇ ਰੰਗੇ-ਹੱਥੀਂ
ਕਾਬੂ ਕਰ ਲਿਆ ।
ਅਸਮਾਨ ਤਾਰਿਆਂ ਨਾਲ ਭਰਪੂਰ ਸੀ
ਉਸ ਦਾ ਦਿਲ ਰਫ਼ਤਾਰ ਨਾਲ
ਉਸ ਦੀ ਨਬਜ਼ ਦਿਲ ਦੀ ਧੜਕਣ ਨਾਲ
ਤੇ ਬੋਤਲ ਪੈਟਰੋਲ ਦੀ ਭਰੀ ਹੋਈ ਸੀ
ਉਸ ਨੇ ਸਿਰਫ਼ ਤੀਲੀ ਨੂੰ ਅੱਗ ਲਾਉਣੀ ਸੀ
ਪਰ ਲਾ ਨਾ ਸਕੀ
ਉਸ ਨੇ ਬੰਦੂਕ ਵੱਲ ਹੱਥ ਵਧਾਇਆ
ਪਰ ਉਹ ਉਸ ਉੱਤੇ ਡਿੱਗ ਪਏ
ਫੜ ਕੇ ਪਰ੍ਹੇ ਲੈ ਗਏ
ਤੇ ਅੰਦਰ ਲੈ ਆਂਦਾ
ਛਾਪਾਮਾਰ ਕੁੜੀ ਕਮਰੇ ਦੇ ਵਿਚਕਾਰ
ਸਿੱਧੀ ਤਣੀ ਖੜ੍ਹੀ ਸੀ ।
ਝੋਲਾ ਮੋਢੇ ਨਾਲ ਲਟਕਦਾ ਸੀ
ਜੱਤ ਵਾਲੀ ਟੋਪੀ ਸਿਰ ਉੱਤੇ
ਤੇ ਭੇਡ ਦੀ ਖੱਲ ਵਾਲ਼ਾ ਕੋਟ ਪਿੱਠ 'ਤੇ
ਲੱਤਾਂ ਉੱਤੇ ਲੰਮੇ ਊਨੀ ਬੂਟ ਤੇ ਸੂਤੀ ਕੱਪੜੇ ਪਾਈ
ਅਫ਼ਸਰਾਂ ਨੇ ਛਾਪਾਮਾਰ ਕੁੜੀ ਵੱਲ ਗਹੁ ਨਾਲ ਤੱਕਿਆ;
ਜੱਤ, ਊਨੀ ਕੱਪੜੇ ਤੇ ਸੂਤੀ ਲਿਬਾਸ ਦੇ ਹੇਠ
ਸੂਤਲ ਜਹੀ ਕੁੜੀ
ਜਿਵੇਂ ਹਰੇ ਸਿੱਕੜ ਅੰਦਰ ਤਾਜ਼ਾ ਬਦਾਮ ਦੀ ਗਿਰੀ ਹੁੰਦੀ ਹੈ ।
ਸਮੋਵਰ ਮੇਜ਼ ਉੱਤੇ ਸਾਂ ਸਾਂ ਕਰ ਰਿਹਾ ਸੀ;
ਬੰਦੂਕਾਂ ਦੀਆਂ ਪੰਜ ਪੇਟੀਆਂ ਤੇ ਇਕ ਹੋਰ ਬੰਦੂਕ
ਤੇ ਮੇਜ਼ਪੋਸ਼ ਉੱਤੇ ਫਰਾਂਸੀਸੀ ਬਰਾਂਡੀ ਦੀ ਹਰੀ ਬੋਤਲ ਪਈ ਸੀ
ਨਾਲ਼ ਸੂਰ ਦੇ ਮਾਸ ਦਾ ਕਬਾਬ ਤੇ ਡਬਲ ਰੋਟੀ ਦੇ ਟੋਟੇ
ਘਰ ਦੇ ਮਾਲਕਾਂ ਨੂੰ ਰਸੋਈ ਵਿਚ ਭੇਜ ਦਿੱਤਾ ਗਿਆ ਸੀ
ਲੈਂਪ ਬਲ਼ ਕੇ ਬੁਝ ਗਿਆ ਸੀ ।
ਚੁੱਲ੍ਹੇ ਦੀ ਅੱਗ ਨਾਲ਼ ਰਸੋਈ ਗੂੜ੍ਹੀ ਲਾਲ ਦਿਸਦੀ ਸੀ
ਤੇ ਇਸ ਵਿਚੋਂ ਮਿੱਧੇ ਹੋਏ ਭੂੰਡਾਂ ਦੀ ਗੰਧ ਆਉਂਦੀ ਸੀ,
ਘਰ ਦੇ ਮਾਲਕ, ਤੀਵੀਂ, ਇਕ ਬੱਚਾ ਤੇ ਇਕ ਬਿਰਧ ਆਦਮੀ
ਤਾੜੇ ਹੋਏ ਸਨ
ਦੁਨੀਆਂ ਤੋਂ ਦੂਰ
ਜਿਵੇਂ ਕਿਸੇ ਉੱਜੜੇ ਪਹਾੜ ਤੇ ਕੱਲ-ਮਕੱਲੇ,
ਬਘਿਆੜਾਂ ਦੇ ਰਹਿਮ 'ਤੇ ਹੋਣ ।
ਲਾਗਲੇ ਕਮਰੇ ਵਿਚੋਂ ਆਵਾਜ਼ਾਂ ਆਉਂਦੀਆਂ ।
ਉਹ ਪੁੱਛਦੇ:
"ਨਹੀਂ" ਉਹ ਕਹਿੰਦੀ
ਉਹ ਫਿਰ ਪੁੱਛਦੇ:
"ਮੈਂ ਕੁਝ ਨਹੀਂ ਦੱਸਾਂਗੀ" ਉਹ ਆਖਦੀ
ਉਹ ਪੁੱਛਦੇ:
"ਮੈਨੂੰ ਨਹੀਂ ਪਤਾ" ਉਹ ਆਖਦੀ
"ਨਹੀਂ ਉਹ ਕਹਿੰਦੀ, "ਮੈਂ ਨਹੀਂ ਦੱਸਾਂਗੀ"
ਅਤੇ ਉਸ ਆਵਾਜ਼ ਨੂੰ ਸਭ ਕੁਝ ਭੁੱਲ ਚੁੱਕਾ ਸੀ,
ਸਿਵਾਏ ਇਹਨਾਂ ਸ਼ਬਦਾਂ ਦੇ,
ਏਨੀ ਸਾਫ਼ ਹੈ, ਜਿਵੇਂ ਤੰਦਰੁਸਤ ਬੱਚੇ ਦੀ ਚਮੜੀ
ਤੇ ਏਨੀ ਸਿੱਧੀ
ਜਿਵੇਂ ਦੋ ਨੁਕਤਿਆਂ ਵਿਚਲਾ ਛੋਟੇ ਤੋਂ ਛੋਟਾ ਫ਼ਾਸਲਾ ।
ਚਮੜੇ ਦਾ ਪਟਾ ਲਾਗਲੇ ਕਮਰੇ ਵਿਚ
ਪਟਕੇ ਪਾਉਂਦਾ ਹੈ
ਪਰ ਛਾਪਾਮਾਰ ਕੁੜੀ ਚੁੱਪ ਹੈ ।
ਨੰਗਾ ਮਨੁੱਖੀ ਮਾਸ ਉੱਤਰ ਦਿੰਦਾ ਹੈ
ਇਕ ਤੋਂ ਪਿੱਛੋਂ ਦੂਸਰਾ ਪਟਾ ਵੱਜਦਾ ਹੈ
ਸੂਰਜ ਵੱਲ ਲਪਕਦੇ ਸੱਪ ਫੁੰਕਾਰੇ ਮਾਰਦੇ ਹਨ
ਤੇ ਪਿਛਾਂਹ ਡਿੱਗ ਪੈਂਦੇ ਹਨ ।
ਇਕ ਨੌਜਵਾਨ ਅਫਸਰ ਰਸੋਈ ਵਿਚ ਆ ਕੇ
ਕੁਰਸੀ ਵਿਚ ਖੁੱਭ ਜਾਂਦਾ ਹੈ
ਤੇ ਆਪਣੇ ਕੰਨਾਂ ਨੂੰ, ਹੱਥਾਂ ਨਾਲ ਢਕ ਲੈਂਦਾ ਹੈ
ਅੱਖਾਂ ਬੰਦ ਕਰ ਲੈਂਦਾ ਹੈ
ਤੇ ਸਾਰੀ ਪੁੱਛ-ਪੜਤਾਲ ਦੇ ਸਮੇਂ ਇੰਝ ਹੀ ਬੈਠਾ ਰਹਿੰਦਾ ਹੈ
ਲਾਗਲੇ ਕਮਰੇ ਵਿਚ ਛਾਟੇ ਵੱਜਦੇ ਹਨ
ਘਰ ਦੇ ਮਾਲਕ ਗਿਣਦੇ ਹਨ
…ਦੋ ਸੌ…
ਪੁੱਛ-ਗਿੱਛ ਫਿਰ ਸ਼ੁਰੂ ਹੁੰਦੀ ਹੈ
ਉਹ ਪੁੱਛਦੇ ਨੇ :
"ਮੈਨੂੰ ਨਹੀਂ ਪਤਾ" ਉਹ ਕਹਿੰਦੀ ਹੈ
ਉਹ ਪੁੱਛਦੇ ਨੇ : "ਨਹੀਂ" ਉਹ ਉੱਤਰ ਦਿੰਦੀ ਹੈ
ਉਹ ਪੁੱਛਦੇ ਨੇ : "ਨਹੀਂ, ਮੈਂ ਨਹੀਂ ਦੱਸਾਂਗੀ"
ਉਹ ਆਖਦੀ ਹੈ
ਆਵਾਜ਼ ਮਾਣ-ਮੱਤੀ ਹੈ
ਪਰ ਹੁਣ ਸਾਫ਼ ਨਹੀਂ ਹੈ
ਇਹ ਨਹਿਸ਼ ਮੁੱਕੇ ਵਾਂਗ ਗਲੇ ਵਿਚ ਫਸੀ ਹੋਈ ਹੈ
ਛਾਪਾਮਾਰ ਨੂੰ ਘਸੀਟ ਕੇ ਬਾਹਰ ਲਿਆਂਦਾ ਗਿਆ ਹੈ
ਨਾ ਸਿਰ 'ਤੇ ਫਰ ਵਾਲੀ ਟੋਪੀ
ਨਾ ਪਿੱਠ 'ਤੇ ਭੇਡਾਂ ਦੀ ਖੱਲ ਵਾਲਾ ਕੋਟ
ਨਾ ਸੂਤੀ ਪੈਂਟ ਤੇ ਨਾ ਲੱਤਾਂ 'ਤੇ ਉੱਨ ਦੇ ਬੂਟ
ਉਸਦੇ ਤੇੜ ਸਿਰਫ਼ ਕੱਛੀ ਹੈ
ਟੁੱਕੇ ਹੋਣ ਕਾਰਨ ਸੁੱਜੇ ਹੋਏ ਬੁੱਲ੍ਹ,
ਮੱਥਾ, ਧੌਣ ਤੇ ਲੱਤਾਂ ਲਹੂ-ਚੋਂਦੀਆਂ
ਬਰਫ਼ ਵਿਚ ਨੰਗੇ ਪੈਰ ।
ਬਾਹਾਂ ਪਿੱਠ ਪਿੱਛੇ ਰੱਸੇ ਨਾਲ ਬੱਝੀਆਂ ਹੋਈਆਂ
ਸੰਗੀਨਾਂ ਅੱਗੇ ਪਿੱਛੇ
ਛਾਪਾਮਾਰ ਕੁੜੀ ਤੁਰੀ ਆਉਂਦੀ ਹੈ ।
ਛਾਪਾਮਾਰ ਨੂੰ ਪਤਾ ਹੈ
ਉਸ ਨੂੰ ਮਾਰ ਦਿੱਤਾ ਜਾਵੇਗਾ
ਆਪਣੇ ਗੁੱਸੇ ਦੀ ਲਾਲ ਚਮਕ ਵਿਚ
ਉਹ ਮਰਨ ਤੇ ਮਾਰੇ ਜਾਣ ਵਿਚ
ਕੋਈ ਫ਼ਰਕ ਨਹੀਂ ਸਮਝਦੀ
ਉਹ ਏਨੀ ਜਵਾਨ ਤੇ ਤੰਦਰੁਸਤ ਹੈ
ਕਿ ਨਾ ਮੌਤ ਤੇ ਨਾ ਜ਼ਿੰਦਗੀ ਤੇ ਅਫ਼ਸੋਸ ਅਨੁਭਵ ਕਰਦੀ ਹੈ ।
ਉਹ ਆਪਣੇ ਪੈਰਾਂ ਵੱਲ ਵੇਖਦੀ ਹੈ ;
ਉਹ ਸੁੱਜੇ ਹੋਏ ਨੇ
ਤਿੜਕੇ, ਜੰਮ ਕੇ ਸੰਧੂਰੀ ਹੋਏ ਹੋਏ ।
ਪਰ ਦਰਦ ਛਾਪਾਮਾਰ ਨੂੰ ਛੁਹ ਨਹੀਂ ਸਕਦਾ
ਉਸ ਦਾ ਗੁੱਸਾ ਤੇ ਵਿਸ਼ਵਾਸ
ਦੋਹਰੀ ਚਮੜੀ ਵਾਂਗ ਉਸ ਦੀ ਰਾਖੀ ਕਰਦਾ ਹੈ ।
ਉਸ ਦਾ ਨਾਂ ਜ਼ੋਇਆ ਸੀ
ਪਰ ਉਹਨਾਂ ਨੂੰ ਉਸ ਨੇ ਤਾਨੀਆ ਦੱਸਿਆ ਸੀ ।
ਤਾਨੀਆ !
ਮੇਰੇ ਏਥੇ ਬੁਰਸਾ ਜੇਲ੍ਹ ਵਿਚ
ਤੇਰੀ ਇਕ ਤਸਵੀਰ ਸਾਹਮਣੇ ਲਟਕਦੀ ਹੈ
ਬੁਰਸਾ ਜੇਲ੍ਹ
ਸ਼ਾਇਦ ਤੂੰ ਕਦੇ 'ਬੁਰਸਾ' ਦਾ ਨਾਂ ਨਹੀਂ ਸੁਣਿਆ ਹੋਣਾ
ਮੇਰੀ ਬੁਰਸਾ ਨਰਮ ਤੇ ਹਰੀ ਹੈ
ਤੇਰੀ ਤਸਵੀਰ ਮੇਰੇ ਸਾਹਮਣੇ ਅਜੇ ਵੀ ਲਟਕਦੀ ਹੈ
ਹੁਣ 1941 ਨਹੀਂ
1945 ਦਾ ਸਾਲ ਹੈ
ਤੇਰੀ ਧਿਰ ਹੁਣ ਮਾਸਕੋ ਦੇ ਗੇਟਾਂ 'ਤੇ ਨਹੀਂ
ਬਰਲਿਨ ਦੇ ਬੂਹਿਆਂ ਅੱਗੇ ਲੜ ਰਹੀ ਹੈ ।
ਤਾਨੀਆ !
ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ
ਓਨਾ ਹੀ ਜਿੰਨਾਂ ਤੂੰ ਆਪਣੇ ਦੇਸ਼ ਨੂੰ ਕਰਦੀ ਹੈਂ ।
ਉਹਨਾਂ ਨੇ ਤੈਨੂੰ, ਆਪਣੇ ਦੇਸ਼ ਨੂੰ
ਪਿਆਰ ਕਰਨ ਬਦਲੇ ਫਾਹੇ ਲਾ ਦਿੱਤਾ ਹੈ ।
ਮੈਂ ਜੀਊਂਦਾ ਹਾਂ
ਤੂੰ ਮਰ ਗਈ ਹੈਂ
ਦੇਰ ਹੋਈ ਤੂੰ ਸਾਥੋਂ ਵਿਦਾ ਹੋ ਗਈ ਸੀ ।
ਤੂੰ ਅਠਾਰਾਂ ਸਾਲ ਦੀ ਸੀ
ਤੈਨੂੰ ਆਪਣੇ ਹਿੱਸੇ ਦਾ
ਸੂਰਜ ਦਾ ਨਿੱਘ ਨਸੀਬ ਨਹੀਂ ਹੋਇਆ ।
ਤੂੰ ਫਾਹੇ ਲਾਈ ਗਈ ਛਾਪਾਮਾਰ ਏਂ
ਤਾਨੀਆ
ਤੇ ਮੈਂ ਜੇਲ੍ਹ ਵਿਚ ਬੰਦ ਕਵੀ ।
ਮੈਂ ਆਪਣੇ ਮਿੱਤਰਾਂ ਨੂੰ
ਤੇਰੀ ਤਸਵੀਰ ਵੇਖਣ ਲਈ ਅੰਦਰ ਬੁਲਾਇਆ
ਤਾਨੀਆ !
ਮੇਰੀ ਧੀ ਵੀ ਤੇਰੀ ਉਮਰ ਦੀ ਹੈ
"ਤਾਨੀਆ !
ਮੇਰੀ ਭੈਣ ਦੀ ਉਮਰ ਵੀ ਤੇਰੇ ਜਿੰਨੀ ਹੈ
ਤਾਨੀਆ !
ਜਿਸ ਕੁੜੀ ਨੂੰ ਮੈਂ ਪਿਆਰ ਕਰਦਾਂ
ਉਹ ਵੀ ਤੇਰੀ ਉਮਰ ਦੀ ਹੈ ।
ਅਸੀਂ ਗਰਮ ਦੇਸ਼ ਦੇ ਵਾਸੀ ਹਾਂ
ਏਥੇ ਕੁੜੀਆਂ ਰਾਤੋ-ਰਾਤ ਤੀਵੀਆਂ
ਬਣ ਜਾਂਦੀਆਂ ਹਨ ।"
"ਤਾਨੀਆ !
ਸਕੂਲਾਂ, ਫੈਕਟਰੀਆਂ ਤੇ ਖੇਤਾਂ ਵਿਚ
ਤੇਰੀ ਉਮਰ ਦੇ ਮੇਰੇ ਕਈ ਮਿੱਤਰ ਹਨ ।
ਤੂੰ ਮਾਰ ਦਿੱਤੀ ਗਈ
ਕਿੰਨੇ ਸਾਰੇ ਚੰਗੇ ਲੋਕ
ਮਾਰੇ ਗਏ ਤੇ ਹਾਲੀ ਵੀ ਮਾਰੇ ਜਾ ਰਹੇ ਹਨ
ਪਰ ਮੈਂ
ਇਹ ਗੱਲ ਕਹਿੰਦਿਆਂ ਸ਼ਰਮਿੰਦਾ ਹਾਂ
ਮੈਂ
ਜਿਸ ਨੇ ਸੱਤਾਂ ਸਾਲਾਂ ਦੀ ਇਸ ਜੰਗ ਵਿਚ,
ਆਪਣੀ ਜ਼ਿੰਦਗੀ ਕਿਸੇ ਲੇਖੇ ਨਹੀਂ ਲਾਈ
ਜੇਲ੍ਹ ਵਿਚ ਵੀ ਮਿੱਠੀ ਜ਼ਿੰਦਗੀ ਜੀਅ ਰਿਹਾ ਹਾਂ ।"
ਸਵੇਰ ਨੂੰ ਉਹਨਾਂ ਨੇ ਤਾਨੀਆ ਦੇ ਗਲ਼ ਕੱਪੜੇ ਪਾਏ
ਸਿਵਾਏ ਉਸ ਦੀ ਟੋਪੀ, ਕੋਟ ਤੇ ਬੂਟਾਂ ਦੇ
ਇਹ ਉਹਨਾਂ ਆਪ ਰੱਖ ਲਏ ।
ਉਹਨਾਂ ਪੈਟਰੋਲ ਦੀਆਂ ਬੋਤਲਾਂ, ਡੱਬੀਆਂ, ਖੰਡ, ਲੂਣ ਤੇ ਗੋਲ਼ੀਆਂ
ਸਮੇਤ ਉਸ ਦਾ ਝੋਲਾ ਲਿਆਂਦਾ
ਉਸ ਦੀ ਧੌਣ ਦੁਆਲੇ ਬੋਤਲਾਂ ਲਟਕਾਈਆਂ
ਤੇ ਉਸ ਦੀ ਛਾਤੀ ਦੇ ਆਰ-ਪਾਰ ਲਿਖ ਦਿੱਤਾ,
"ਛਾਪੇਮਾਰ"
ਪਿੰਡ ਦੇ ਚੌਕ ਵਿਚ ਉਹਨਾਂ ਫਾਂਸੀ ਗੱਡ ਦਿੱਤੀ ।
ਘੋੜ-ਸਵਾਰਾਂ ਨੇ ਤਲਵਾਰਾਂ ਕੱਢ ਲਈਆਂ
ਤੇ ਪੈਦਲ ਸੈਨਾ ਨੇ ਦਾਇਰਾ ਬਣਾ ਲਿਆ ।
ਉਹਨਾਂ ਨੇ ਪੇਂਡੂਆਂ ਨੂੰ ਬਾਹਰ ਆਉਣ ਤੇ ਵੇਖਣ ਲਈ ਮਜਬੂਰ ਕੀਤਾ
ਲੱਕੜੀ ਦੇ ਦੋ ਖੋਖੇ ਹੇਠਾਂ ਉੱਤੇ ਰੱਖ ਦਿੱਤੇ
ਦੋ ਸੇਵੀਆਂ ਵਾਲੇ ਖੋਖੇ
ਖੋਖਿਆਂ ਦੇ ਉੱਤੇ
ਗਰੀਸ ਲਾਈ ਫੰਦਾ ਲਟਕਦਾ ਸੀ
ਛਾਪੇਮਾਰ ਨੂੰ ਚੁੱਕ ਕੇ ਉਸ ਦੇ 'ਤਖ਼ਤ' 'ਤੇ ਬਿਠਾਇਆ ਗਿਆ
ਤੇ ਬਾਹਵਾਂ ਪਿੱਠ ਪਿੱਛੇ ਬੰਨ੍ਹ ਦਿੱਤੀਆਂ
ਛਾਪੇਮਾਰ
ਰੱਸੇ ਦੇ ਹੇਠਾਂ ਸਿੱਧੀ ਖਲੋ ਗਈ ।
ਉਹਨਾਂ ਖਿਸਕਾ ਕੇ ਫੰਦੇ ਨੂੰ
ਉਸ ਲੰਮੀ ਕੋਮਲ ਗਰਦਨ ਦੁਆਲੇ ਪਾ ਦਿੱਤਾ ।
ਅਫ਼ਸਰਾਂ ਵਿਚੋਂ ਇਕ ਨੂੰ ਫੋਟੋਗਰਾਫ਼ੀ ਦਾ ਸ਼ੌਕ ਸੀ
ਉਸ ਨੇ ਆਪਣਾ ਕੋਡਕ ਕੈਮਰਾ ਕੱਢਿਆ
ਤੇ ਤੁਰੰਤ ਫੋਟੋ ਖਿੱਚ ਲਈ ।
ਫਾਂਸੀ ਦਾ ਰੱਸਾ ਗਲ਼ ਵਿਚ ਪਾਈ,
ਤਾਨੀਆ ਨੇ ਕਿਸਾਨਾਂ ਨੂੰ ਸੰਬੋਧਨ ਹੁੰਦੇ ਕਿਹਾ,
"ਭਰਾਵੋ, ਦਿਲ ਨਾ ਛੱਡਿਓ !
ਹੁਣ ਹੌਸਲਾ ਰੱਖਣ ਦਾ ਵੇਲ਼ਾ ਹੈ
ਫਾਸਿਸਟਾਂ ਨੂੰ ਸਾਹ ਨਾ ਲੈਣ ਦਿਓ
ਤੋੜ ਸੁੱਟੋ, ਸਾੜ ਦਿਓ ਤੇ ਮਾਰ ਘੱਤੋ"…
ਇਕ ਜਰਮਨ ਨੇ ਛਾਪਾਮਾਰ ਦੇ ਮੂੰਹ 'ਤੇ ਚੁਪੇੜ ਮਾਰੀ
ਕੁੜੀ ਦੀ ਸੁੱਜੀ ਚਿੱਟੀ ਗੱਲ੍ਹ ਤੋਂ ਲਹੂ ਵਗਣ ਲੱਗ ਪਿਆ ।
ਪਰ ਛਾਪੇਮਾਰ ਸਿਪਾਹੀਆਂ ਵੱਲ ਮੁੜੀ ਤੇ ਕਹਿਣ ਲੱਗੀ,
"ਅਸੀਂ ਵੀਹ ਕਰੋੜ ਲੋਕ ਹਾਂ ।
ਕੀ ਤੁਸੀਂ ਵੀਹ ਕਰੋੜ ਨੂੰ ਫਾਹੇ ਲਾ ਸਕਦੇ ਹੋ ?
ਮੈਂ ਮਰ ਸਕਦੀ ਹਾਂ
ਪਰ ਹੋਰ ਆਉਂਦੇ ਰਹਿਣਗੇ
ਹਥਾਂਰ ਸੁੱਟ ਦਿਓ ਤੇ…"
ਕਿਸਾਨ ਰੋਏ ।
ਜੱਲਾਦ ਨੇ ਰੱਸਾ ਖਿੱਚਿਆ
ਕੋਮਲ-ਗਰਦਨ ਵਾਲ਼ੇ ਹੰਸ ਦਾ ਗਲ਼ਾ ਘੁੱਟਿਆ ਜਾਣ ਲੱਗਾ
ਪਰ ਛਾਪਾਮਾਰ ਪੱਬਾਂ ਭਾਰ ਹੋ ਕੇ ਖਲੋਤੀ ਰਹੀ
ਤੇ ਉਸ ਨੇ ਜੀਵਨ ਨੂੰ ਬੁਲਾਵਾ ਦਿੰਦਿਆਂ ਕਿਹਾ,
"ਭਰਾਵੋ !
ਜਿੰਨੀ ਦੇਰ
ਭਰਾਵੋ !
ਲੜਾਈ ਅੰਤ ਤੀਕ ਜਾਰੀ ਰੱਖੋ ।
ਮੈਂ ਘੁੜ-ਸਵਾਰਾਂ ਦੇ ਸੁੰਮਾਂ ਦੀ ਟਾਪ ਸੁਣਦੀ ਹਾਂ
ਸਾਡੇ ਲੋਕ ਆ ਰਹੇ ਨੇ ।"
ਜੱਲਾਦ ਨੇ ਸੇਵੀਆਂ ਵਾਲ਼ੇ ਖੋਖਿਆਂ ਨੂੰ ਲੱਤ ਮਾਰੀ
ਤੇ ਖੋਖੇ ਰਿੜ੍ਹਦੇ ਹੋਏ ਪਰ੍ਹੇ ਜਾ ਡਿੱਗੇ
ਤਾਨੀਆ ਰੱਸੇ ਦੇ ਸਿਰੇ ਨਾਲ ਝੂਲਣ ਲੱਗੀ ।
ਅਨੁਵਾਦਕ ਫ਼ੈਜ਼ ਅਹਿਮਦ ਫ਼ੈਜ਼
1. ਜੀਨੇ ਕੇ ਲੀਏ ਮਰਨਾ
ਜੀਨੇ ਕੇ ਲੀਏ ਮਰਨਾ
ਯੇ ਕੈਸੀ ਸਆਦਤ ਹੈ
ਮਰਨੇ ਕੇ ਲੀਏ ਜੀਨਾ
ਯੇ ਕੈਸੀ ਹਿਮਾਕਤ ਹੈ
ਅਕੇਲੇ ਜੀਯੋ
ਏਕ ਸ਼ਮਸ਼ਾਦ ਤਨ ਕੀ ਤਰਹ
ਔਰ ਮਿਲਕਰ ਜੀਯੋ
ਏਕ ਬਨ ਕੀ ਤਰਹ
ਹਮਨੇ ਉਮੀਦ ਕੇ ਸਹਾਰੇ
ਟੂਟਕਰ ਯੂੰ ਹੀ ਜ਼ਿੰਦਗੀ ਕੀ ਹੈ
ਜਿਸ ਤਰਹ ਤੁਮਨੇ ਆਸ਼ਿਕੀ ਕੀ ਹੈ
(ਸਆਦਤ=ਨੂਰ, ਸ਼ਮਸ਼ਾਦ=ਸਰੂ)
2. ਜ਼ਿੰਦਾਂ ਸੇ ਏਕ ਖ਼ਤ
ਮੇਰੀ ਜਾਂ ਤੁਝਕੋ ਬਤਲਾਊਂ ਬਹੁਤ ਨਾਜ਼ੁਕ ਯੇਹ ਨੁਕਤਾ ਹੈ
ਬਦਲ ਜਾਤ ਹੈ ਇੰਸਾਂ ਜਬ ਮਕਾਂ ਉਸਕਾ ਬਦਲਤਾ ਹੈ
ਮੁਝੇ ਜ਼ਿੰਦਾਂ ਮੇਂ ਪਯਾਰ ਆਨੇ ਲਗਾ ਹੈ ਅਪਨੇ ਖ਼ਵਾਬੋਂ ਪਰ
ਜੋ ਸ਼ਬ ਕੋ ਨੀਂਦ ਅਪਨੇ ਮੇਹਰਬਾਂ ਹਾਥੋਂ ਸੇ
ਵਾ ਕਰਤੀ ਹੈ ਦਰ ਉਸਕਾ
ਤੋ ਆ ਗਿਰਤੀ ਹੈ ਹਰ ਦੀਵਾਰ ਉਸਕੀ ਮੇਰੇ ਕਦਮੋਂ ਪਰ
ਮੈਂ ਐਸੇ ਗ਼ਰਕ ਹੋ ਜਾਤਾ ਹੂੰ ਇਸ ਦਮ ਅਪਨੇ ਖ਼ਵਾਬੋਂ ਮੇਂ
ਕਿ ਜੈਸੇ ਇਕ ਕਿਰਨ ਠਹਰੇ ਹੁਏ ਪਾਨੀ ਪੇ ਗਿਰਤੀ ਹੈ
ਮੈਂ ਇਨ ਲਮਹੋਂ ਮੇਂ ਕਿਤਨਾ ਸਰਖ਼ੁਸ਼-ਓ-ਦਿਲਸ਼ਾਦ ਫਿਰਤਾ ਹੂੰ
ਜਹਾਂ ਕੀ ਜਗਮਗਾਤੀ ਵੁਸਅਤੋਂ ਮੇਂ ਕਿਸ ਕਦਰ ਆਜ਼ਾਦ ਫਿਰਤਾ ਹੂੰ
ਜਹਾਂ ਦਰਦ-ਓ-ਅਲਮ ਕਾ ਨਾਮ ਹੈ ਕੋਈ ਨ ਜ਼ਿੰਦਾਂ ਹੈ
"ਤੋ ਫਿਰ ਬੇਦਾਰ ਹੋਨਾ ਕਿਸ ਕਦਰ ਤੁਮ ਪਰ ਗਰਾਂ ਹੋਗਾ"
ਨਹੀਂ ਐਸਾ ਨਹੀਂ ਹੈ ਮੇਰੀ ਜਾਂ ਮੇਰਾ ਯੇਹ ਕਿੱਸਾ ਹੈ
ਮੈਂ ਅਪਨੇ ਅਜ਼ਮ-ਓ-ਹਿੰਮਤ ਸੇ
ਵਹੀ ਕੁਛ ਬਖ਼ਸ਼ਤਾ ਹੂ ਨੀਂਦ ਕੋ ਜੋ ਉਸਕਾ ਹਿੱਸਾ ਹੈ
(ਸਰਖ਼ੁਸ਼-ਓ-ਦਿਲਸ਼ਾਦ=ਖ਼ੁਸ਼ਦਿਲ, ਵੁਸਅਤ=ਫੈਲਾਅ,
ਜ਼ਿੰਦਾਂ=ਜੇਲ, ਬੇਦਾਰ=ਜਾਗਣਾ, ਗਰਾਂ=ਭਾਰੀ, ਅਜ਼ਮ=ਸੰਕਲਪ)
3. ਵੀਰਾ ਕੇ ਨਾਮ
ਉਸਨੇ ਕਹਾ, ਆਓ
ਉਸਨੇ ਕਹਾ, ਠਹਰੋ
ਮੁਸਕਾਓ, ਕਹਾ ਉਸਨੇ
ਮਰ ਜਾਓ, ਕਹਾ ਉਸਨੇ
ਮੈਂ ਆਯਾ
ਮੈਂ ਠਹਰ ਗਯਾ
ਮੁਸਕਾਯਾ
ਔਰ ਮਰ ਭੀ ਗਯਾ
(ਵੀਰਾ=ਨਾਜ਼ਿਮ ਹਿਕਮਤ ਦੀ ਰੂਸੀ ਪਤਨੀ)
4. ਵਾ ਮੇਰੇ ਵਤਨ
ਓ ਮੇਰੇ ਵਤਨ, ਓ ਮੇਰੇ ਵਤਨ, ਓ ਮੇਰੇ ਵਤਨ
ਮੇਰੇ ਸਰ ਪਰ ਵੋ ਟੋਪੀ ਨ ਰਹੀ
ਜੋ ਤੇਰੇ ਦੇਸ ਸੇ ਲਾਯਾ ਥਾ
ਪਾਂਵੋਂ ਮੇਂ ਅਬ ਵੋ ਜੂਤੇ ਭੀ ਨਹੀਂ
ਵਾਕਿਫ਼ ਥੇ ਜੋ ਤੇਰੀ ਰਾਹੋਂ ਸੇ
ਮੇਰਾ ਆਖ਼ਿਰੀ ਕੁਰਤਾ ਚਾਕ ਹੁਆ
ਤੇਰੇ ਸ਼ਹਰ ਮੇਂ ਜੋ ਸਿਲਵਾਯਾ ਥਾ
ਅਬ ਤੇਰੀ ਝਲਕ
ਬਸ ਉੜਤੀ ਹੁਈ ਰੰਗਤ ਹੈ ਮੇਰੇ ਬਾਲੋਂ ਕੀ
ਯਾ ਝੁਰਰੀਯਾਂ ਮੇਰੇ ਮਾਥੇ ਪਰ
ਯਾ ਮੇਰਾ ਟੂਟਾ ਹੁਆ ਦਿਲ ਹੈ
ਵਾ ਮੇਰੇ ਵਤਨ, ਵਾ ਮੇਰੇ ਵਤਨ, ਵਾ ਮੇਰੇ ਵਤਨ