Punjabi Poetry : Nand Lal Noorpuri
ਗੀਤ, ਗ਼ਜ਼ਲਾਂ ਤੇ ਕਵਿਤਾਵਾਂ : ਨੰਦ ਲਾਲ ਨੂਰਪੁਰੀ
1. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ
ਜੰਗ ਵਿਚੋਂ ਲੜ ਕੇ ਸਿਪਾਹੀ ਮੇਰੇ ਆਣਗੇ
ਚੰਨਾਂ ਦਿਆਂ ਚਿਹਰਿਆਂ 'ਚੋਂ ਚੰਨ ਮੁਸਕਾਣਗੇ
ਵਿਹੜੇ ਵਿਚ ਠਾਠਾਂ ਮਾਰੂ ਖ਼ੁਸ਼ੀ ਸੰਸਾਰ ਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਕੂਲੇ ਕੂਲੇ ਹੱਥ ਕਿਰਪਾਨਾਂ ਵਿਚ ਗੋਰੀਆਂ
ਕੱਲ੍ਹ ਨੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ
ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ
ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ
ਲਹੂ ਵਿਚ ਭਿੱਜੀ ਘੋੜੀ ਵੇਖੀ ਭੁੱਬਾਂ ਮਾਰਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਲੱਗੇ ਹੋਏ ਕਾਠੀ ਉਤੇ ਲਹੂ ਨੇ ਇਹ ਦੱਸਿਆ
ਮਾਏਂ ਤੇਰਾ ਜੋੜਾ ਦਾਦੇ ਕੋਲ ਹੈ ਜਾ ਵੱਸਿਆ
ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ
2. ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ
ਤੀਰਾਂ ਤੇ ਕਮਾਨਾਂ ਨਾਲ ਖੇਡ ਖੇਡ ਹੱਸਦੇ
ਲੋਕਾਂ ਨੂੰ ਨੇ ਗੱਲਾਂ ਦਸ਼ਮੇਸ਼ ਦੀਆਂ ਦੱਸਦੇ
ਮੱਥੇ ਕਿਵੇਂ ਭਰੇ ਪਏ ਨੇ ਤਿਉੜੀਆਂ ਦੇ ਨਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
ਵੇਖ ਤੇ ਸਹੀ ਕਿਦਾਂ ਨੀ, ਕਚਹਿਰੀ ਵਿਚ ਆਣਕੇ
ਮੌਤ ਨੂੰ ਵਿਖਾਉਂਦੇ ਕਿਰਪਾਨਾਂ ਜਾਣ ਜਾਣ ਕੇ
ਦਿਲ ਵਿਚ ਜ਼ਰਾ ਵੀ ਨਾ ਮੌਤ ਦਾ ਖ਼ਿਆਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
ਸ਼ਹਿਨਸ਼ਾਹਾਂ ਵਾਂਗ ਕਿਵੇਂ ਸੋਹਣਿਆਂ ਦਾ ਨੂਰ ਨੀ
ਜੀਊ ਕਿਵੇਂ ਮਾਂ ਰਹਿਕੇ ਇਹਨਾਂ ਕੋਲੋਂ ਦੂਰ ਨੀ
ਮਾਂ ਨੂੰ ਤੇ ਲਵੋ ਇਨ੍ਹਾਂ ਲਾਲਾਂ ਨੂੰ ਵਿਖਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
ਸੁਹਲ ਜਿਹੇ ਫੁੱਲ ਕਹਿੰਦੇ ਨੀਹਾਂ 'ਚ ਚਿਣਾ ਦਿਓ
ਮਾਵਾਂ ਦੇ ਜਹਾਨ ਵਿਚ ਨ੍ਹੇਰ ਹੋਰ ਪਾ ਦਿਓ
'ਨੂਰਪੁਰੀ" ਦਾਦੀ ਦਾ ਕੀ ਹੋਊ ਪਿੱਛੋਂ ਹਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
3. ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਵੇਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ?
ਜਿਹਨਾਂ ਦੀਆਂ ਚਾਈਂ ਚਾਈਂ ਘੋੜੀਆਂ ਸੀ ਗਾਣੀਆਂ
ਸੇਹਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਜਾਣੀਆਂ
ਸੇਹਰਿਆਂ ਦੇ ਵਿਚ ਹੈਸੀ ਗੁੰਦਣਾਂ ਪਿਆਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਸੁੰਞੇ ਸੁੰਞੇ ਜਾਪਦੇ ਨੇ ਮਹਿਲ ਤੇ ਅਟਾਰੀਆਂ
ਚੰਦ ਜੇਹੀਆਂ ਸੂਰਤਾਂ ਇਹ ਕਿੱਥੇ ਗਈਆਂ ਪਿਆਰੀਆਂ
ਕਾਹਨੂੰ ਤੋਰ ਦਿੱਤਾ ਐਡੇ ਸੋਹਣੇ ਪਰਿਵਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਪਿਤਾ ਦਸ਼ਮੇਸ਼ ਜਦੋਂ ਚਾਈਂ ਚਾਈਂ ਆਣਗੇ
ਅੱਜ ਕਿੱਥੋਂ ਹਾਕਾਂ ਮਾਰ ਇਨ੍ਹਾਂ ਨੂੰ ਬੁਲਾਉਣਗੇ
ਕਿਵੇਂ ਠੰਡ ਪਊ ਉਸ ਸੱਚੀ ਸਰਕਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਪੁੱਤਰਾਂ ਦੇ ਦੁੱਖ ਤੇ ਵਿਛੋੜੇ ਝੱਲੇ ਜਾਣ ਨਾ
ਪੁੱਤਰਾਂ ਦੇ ਬਿਨਾਂ ਚੰਗਾ ਲਗਦਾ ਜਹਾਨ ਨਾ
'ਨੂਰਪੁਰੀ' ਪੁੱਛ ਕੇ ਤੇ ਵੇਖ ਸੰਸਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
4. ਭੋਲਾ ਪੰਛੀ
ਏਥੋਂ ਉਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ
ਏਥੇ ਘਰ ਘਰ ਫਾਹੀਆਂ ਗੱਡੀਆਂ ਵੇ ਤੂੰ ਛੁਰੀਆਂ ਹੇਠ ਨਾ ਆ
ਏਥੇ ਡਾਕੇ ਪੈਣ ਦੁਪਹਿਰ ਨੂੰ ਤੇਰੇ ਆਲ੍ਹਣੇ ਦੇਣਗੇ ਢਾ
ਏਥੇ ਜ਼ਹਰ ਭਰੇ ਵਿਚ ਦਾਣਿਆਂ ਤੇਰੀ ਦਿੱਤੀ ਚੋਗ ਖਿੰਡਾ
ਏਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿਚ ਜ਼ੁਲਫ਼ਾਂ ਪਾ
ਏਥੇ ਗਾਨੇ ਬੰਨ੍ਹ ਪਛਤਾਈਆਂ ਕੋਈ ਮਨੋ ਨਾ ਲੱਥੜੇ ਚਾ
ਏਥੇ ਛੈਲਾਂ ਫਾਹੇ ਖਾਂਦੀਆਂ ਅਜ ਗਜ਼ ਗਜ਼ ਵਾਲ ਵਧਾ
ਏਥੇ ਡੁਬ ਡੁਬ ਮੋਈਆਂ ਸੋਹਣੀਆਂ ਏਥੇ ਲਹੂ ਬਣੇ ਦਰਿਆ
ਏਥੇ ਕਬਰੀਂ ਸੁੱਤੇ ਸੂਰਮੇ ਅਜ ਮਾਵਾਂ ਨੂੰ ਤੜਫਾ
ਏਥੇ ਵਡਿਆਂ ਖੰਭਾਂ ਵਾਲੀਆਂ ਅਜ ਤੁਰੀਆਂ ਖੰਭ ਖੁਹਾ
ਏਥੇ ਬੰਦੇ-ਖਾਣੇ ਆਦਮੀ ਏਥੇ ਭੈਣਾਂ-ਮਾਰ ਭਰਾ
ਏਥੇ ਕਲੀਆਂ ਵਰਗੀਆਂ ਸੂਰਤਾਂ ਅਜ ਦਿੱਤੀਆਂ ਸਾੜ ਖਪਾ
ਉਹ ਤੂੰ ਸੁਤੇ ਫਨੀਅਰ ਛੇੜ ਨਾ ਜਾਹ ਵਖਰੀ ਬੀਨ ਵਜਾ
ਏਥੇ ਭਾਈ ਭਾਈਆਂ ਨੂੰ ਮਾਰਦੇ ਅੱਜ ਭੈਣਾਂ ਦੇ ਘਰ ਚਾ
ਏਥੋਂ ਜੀਭ ਕਟਾ ਕੇ ਜਾਏਂਗਾ ਏਥੇ ਗੀਤ ਨਾ ਮਿੱਠੜੇ ਗਾ
ਏਥੇ ਗਊਆਂ ਛੁਰੀਆਂ ਖਾਂਦੀਆਂ ਏਨ੍ਹੀਂ ਜੰਗਲੀਂ ਹੈ ਨਹੀਂ ਘਾ
ਏਥੇ ਹਸਦੇ ਫੁੱਲ ਗੁਲਾਬ ਦੇ ਵੈਰੀ ਸੁੱਕਣੇ ਦੇਂਦੇ ਨੀ ਪਾ
ਏਥੇ ਹੱਸਣਾ ਮੌਤ ਨਿਸ਼ਾਨੀਆਂ ਏਥੇ ਡਰ ਕੇ ਝੱਟ ਲੰਘਾ
ਏਥੇ ਵੈਣ ਨੇ ਪੌਂਦੀਆਂ ਬੁਲਬੁਲਾਂ ਅਜ ਵਗ ਗਈ ਕੋਈ ਹਵਾ
ਏਥੇ ਘੋੜੀ ਕਿਸੇ ਨਹੀਂ ਚਾੜ੍ਹਨਾ ਤੈਨੂੰ ਰੰਗਲੀ ਮਹੰਦੀ ਲਾ
ਤੈਨੂੰ ਰੋਣਾ ਕਿਸੇ ਨਹੀਂ ਰਜ ਕੇ ਕਿਸੇ ਭੈਣ ਨਹੀਂ ਮਾਰਨੀ ਧਾ
ਏਥੇ ਰੰਨਾਂ ਚੈਂਚਲ ਹਾਰੀਆਂ ਅਤੇ ਬੰਦੇ ਕਹਰ ਖ਼ੁਦਾ
ਏਥੇ ਲੋਹੇ ਸੋਨੇ ਕੱਚ ਦਾ ਬੀਬਾ ਇਕ ਬਜ਼ਾਰੀਂ ਭਾ
ਤੇਰੀ ਕੱਲੀ ਜਾਨ ਵੇ ਪਾਂਧੀਆ ਏਥੇ ਨਾ ਕੋਈ ਭੈਣ ਭਰਾ
ਓ ਤੂੰ 'ਨੂਰਪੁਰੀ' ਪਛਤਾਏਂਗਾ ਏਥੋਂ ਮੁੜ ਵਤਨਾਂ ਨੂੰ ਜਾ ।
5. ਕਾਹਨੂੰ ਵੇ ਪਿਪਲਾ ਖੜ ਖੜ ਲਾਈਆ
ਕਾਹਨੂੰ ਵੇ ਪਿਪਲਾ ਖੜ ਖੜ ਲਾਈਆ
ਵੇਖ ਛਰਾਟੇ ਸੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ
ਤੇਰੀਆਂ ਤੇ ਗੂੜ੍ਹੀਆਂ ਛਾਵਾਂ ਵੇ ਪਿਪਲਾ
ਮੈਂ ਛਾਵੇਂ ਚਰਖੀ ਡਾਹ ਲਈ
ਨਿੱਕੀਆਂ ਨਿੱਕੀਆਂ ਬੂੰਦਾਂ ਜੋ ਵਰ੍ਹੀਆਂ
ਨੈਣਾਂ ਨੇ ਛਹਬਰ ਲਾ ਲਈ
ਘਰ ਵਿਚ ਬੈਠੀ ਨੂੰ ਛੇੜਨੋਂ ਨਾ ਹਟਦੇ
ਵੈਰੀ ਹੁਲਾਰੇ ਪੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ
ਉੱਚੇ ਤੇ ਟਿੱਲਿਓਂ ਜੋਗੀ ਜੋ ਆਇਆ
ਮਸਤੀ 'ਚ ਬੀਨ ਵਜਾ ਗਿਆ
ਚਰਖੀ ਬਿਸਰੀ ਪੂਣੀਆਂ ਉਡੀਆਂ
ਜਾਦੂ ਤੇ ਜਾਦੂ ਚਲਾ ਗਿਆ
ਹੋਣੀ ਨਨਾਣ ਨੂੰ ਪਲ ਪਲ ਸੁਝਦੇ
ਬੜੇ ਖਰੂਦ ਸਤੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ
ਅੰਬਾਂ ਦੇ ਹੋਕੇ ਗਲੀਆਂ 'ਚ ਮਿਲਦੇ
ਬਾਗ਼ੀਂ ਕੋਇਲਾਂ ਬੋਲੀਆਂ
ਨਵੀਆਂ ਵਿਆਹੀਆਂ ਭਿੱਜੀਆਂ ਭਿੱਜੀਆਂ
ਨਿਕਲੀਆਂ ਬੰਨ੍ਹ ਬੰਨ੍ਹ ਟੋਲੀਆਂ
ਇਕਨਾਂ ਨੂੰ ਚਾ ਵਿਚ ਗਿੱਧੇ 'ਚ ਨੱਚੀਏ
ਇਕਨਾਂ ਨੂੰ ਪੀਘਾਂ ਚੜ੍ਹੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ
ਨਾ ਮੈਂ ਡਿਠੀਆਂ ਮਸਤ ਸ਼ਰਾਬਾਂ
ਭਰ ਗਏ ਨੈਣ ਸ਼ਬਾਬ ਦੇ
ਆਪੇ ਬੁਲ੍ਹਾਂ ਦਾ ਰੰਗ ਨਿਖਰਿਆ
ਬਣ ਗਏ ਫੁਲ ਗੁਲਾਬ ਦੇ
'ਨੂਰਪੁਰੀ' ਕੋਈ ਗੀਤ ਤੇ ਦਸ ਜਾ
ਸਜਣਾਂ ਨੂੰ ਮੋੜ ਲਿਔਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ
6. ਜੀਉਂਦੇ ਭਗਵਾਨ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ
ਚਾ ਜਿਨ੍ਹਾਂ ਦੇ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ
ਬੁੱਢੇ ਬਾਪੂ ਖੜੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਕਈ ਨਾਰਾਂ ਦੇ ਫੁੱਲਾਂ ਵਰਗੇ, ਹਾਲੇ ਰੂਪ ਨਰੋਏ ਨੇ
ਸ਼ਗਨਾਂ ਦੇ ਹੱਥਾਂ ਵਿਚ ਗਾਨੇ, ਚਾ ਨਾ ਪੂਰੇ ਹੋਏ ਨੇ
ਦਿਲ ਦੇ ਵਿਚ ਲਕੋਈ ਬੈਠੀਆਂ, ਲੱਖਾਂ ਹੀ ਅਰਮਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜੀਉਣਾ ਚਾਹੁੰਦਾ ਏ
ਤਰਾਂ ਤਰਾਂ ਦੇ ਇਸ ਜੀਵਨ ਲਈ, ਬੰਦਾ ਜਾਲ ਵਿਛੌਂਦਾ ਏ
ਜੀਉਣਾ ਉਸ ਬੰਦੇ ਦਾ ਜੀਉਣਾ, ਰੋਕੇ ਜੋ ਤੂਫਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਸ਼ੇਰਾਂ ਦੀ ਛਾਤੀ ਤੇ ਬਹਿਕੇ, ਮੌਤ ਜਿਨ੍ਹਾਂ ਨੇ ਮੰਗੀ ਏ
ਖ਼ੂਨ ਦੀਆਂ ਨਦੀਆਂ ਵਿਚ ਡੁੱਬਕੇ, ਗੋਰੀ ਚਮੜੀ ਰੰਗੀ ਏ
ਨਵੀਂ ਦੇਸ਼ ਤੇ ਰੰਗਣ ਚਾੜ੍ਹੀ, ਪੂਜੋ ਉਨ੍ਹਾਂ ਭਗਵਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਜੀਉਣਾ ਹੁੰਦਾ ਓਸ ਮਰਦ ਦਾ, ਕਿਸੇ ਲਈ ਜੋ ਮਰਦਾ ਏ
ਅਪਣੇ ਦੇਸ਼ ਕੌਮ ਦੀ ਖ਼ਾਤਰ, ਜੀਵਨ ਅਰਪਨ ਕਰਦਾ ਏ
'ਨੂਰਪੁਰੀ' ਬੰਦ ਕਰਦੇ ਬੀਬਾ, ਝੂਠੀਆਂ ਹੋਰ ਦੁਕਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ
7. ਮਾਹੀ ਘਰ ਆਇਆ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।
ਕਿੱਡੀ ਸੋਹਣੀ ਲੱਗੇ ਸਾਨੂੰ ਤਾਰਿਆਂ ਦੀ ਲੋ ਨੀ
ਗੁਤ ਵਿਚ ਮੈਂ ਜਦੋਂ ਸ਼ੀਸ਼ੇ ਲਏ ਪਰੋ ਨੀ
ਮੇਰੇ ਕੁੰਡਲਾਂ 'ਚ ਫਾਹੀਆਂ ਉਹਦੇ ਨੈਣਾਂ ਵਿਚ ਚੋਰ ਨੀ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।
ਸੌਣ ਦਾ ਮਹੀਨਾ, ਪੈਂਦੀ ਠੰਡੀ ਜਹੀ ਫੁਹਾਰ ਨੀ
ਹੋਰ ਗੂੜ੍ਹਾ ਹੋਇਆ ਸਾਡੇ ਨੈਣਾਂ ਦਾ ਖੁਮਾਰ ਨੀ
ਠੱਲ੍ਹਿਆ ਨਾ ਜਾਵੇ, ਸਾਡੇ ਹਾਸਿਆਂ ਦਾ ਸ਼ੋਰ ਨੀ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।
ਖੁਲ੍ਹ ਖੁਲ੍ਹ ਪੈਣ ਮੇਰੇ ਬੱਝੇ ਬੱਝੇ ਵਾਲ ਨੀ
ਸਾਂਭ ਸਾਂਭ ਰੱਖਾਂ, ਹੱਥਾਂ ਗੋਰਿਆਂ ਦੇ ਨਾਲ ਨੀ
ਮਹੰਦੀ ਵਾਲੇ ਪੈਰਾਂ ਵਿਚ ਕਾਹਲੀ ਕਾਹਲੀ ਤੋਰ ਨੀ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।
ਵੇਹੜੇ ਵਿਚ ਰੌਣਕਾਂ, ਬਜ਼ਾਰਾਂ ਵਿਚ ਰੌਣਕਾਂ
ਫੁੱਲਾਂ ਨਾਲ ਲਦੀਆਂ ਸ਼ਿੰਗਾਰਾਂ ਨਾਲ ਰੌਣਕਾਂ
'ਨੂਰਪੁਰੀ' ਅੰਗ ਅੰਗ ਵਿਚ ਨਵਾਂ ਸ਼ੋਰ ਨੀ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।
8. ਜੀਵਨ ਦਾ ਆਖ਼ਰੀ ਪੜਾ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ
ਜੀਵਨ ਵਿਚ ਇਹ ਚਾਰ ਕੁ ਰਾਤਾਂ
ਵਿਰਸੇ ਦੇ ਵਿਚ ਆਈਆਂ
ਤੂੰ ਅੱਖੀਆਂ ਵਿਚ ਕਜਲੇ ਪਾ ਪਾ,
ਅੱਖੀਆਂ ਵਿਚ ਲੰਘਾਈਆਂ
ਅਕਲ ਕਿਸੇ ਦੀ ਹੁਣ ਕੋਈ ਤੇਰੀਆਂ
ਅਕਲਾਂ ਵਿਚ ਨਾ ਬਹਿੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ
ਸ਼ੀਸ਼ੇ ਨੇ ਤੈਨੂੰ ਨਹੀਂ ਦਸਿਆ
ਜਾਂ ਤੂੰ ਵੇਖ ਕੇ ਉਸ ਨੂੰ ਹੱਸਿਆ
ਤੇਰੀਆਂ ਜ਼ੁਲਫ਼ਾਂ ਨਾਲੋਂ ਕਾਲੀ
ਕਬਰ ਤੇਰੀ ਦੀ ਕਾਲੀ ਮੱਸਿਆ
ਇਸ ਕਾਲਖ ਨੂੰ ਲਖ ਕੋਈ ਧੋਵੇ
ਵਲੀਆਂ ਤੋਂ ਨਹੀਂ ਲਹਿੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ
ਡੋਲੀ ਤੀਕਰ ਆਉਂਦੇ ਆਉਂਦੇ
ਚੇਤੇ ਸੀ ਕੁਝ ਗੱਲਾਂ
ਅਜ ਬਚਪਨ ਦੇ ਸਾਥ ਦੀਆਂ ਇਹ
ਕਿੱਦਾਂ ਰੜਕਣ ਸੱਲਾਂ
ਰੰਗ ਮਹੱਲੀਂ ਪੈਰ ਧਰਦਿਆਂ
ਮਸਤੀ ਡਿਗ ਡਿਗ ਪੈਂਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ
ਪਿਛਲੇ ਕੀਤੇ ਪਿਛੇ ਰਹਿ ਗਏ
ਅਗਲੇ ਆ ਗਏ ਅੱਗੇ
ਹੱਡ, ਪੈਰ ਜਾਂ ਕੜਕ ਕੜਕ ਕੇ
ਅੱਗਾ ਰੋਕਣ ਲੱਗੇ
ਕਾਲੇ ਸੁਣ ਸੁਣ ਬੱਗੇ ਹੋ ਗਏ
ਖਲਕ ਗੁਨਾਹੀਆਂ ਕਹਿੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ
ਦੇਖਣ ਆਇਆ ਜਗਤ ਤਮਾਸ਼ਾ
ਆਪ ਤਮਾਸ਼ਾ ਹੋਇਆ
ਕਜਲੇ ਵਾਲੀਆਂ ਅੱਖੀਆਂ ਕੋਲੋਂ
ਭਰ ਕੇ ਜਾਏ ਨਾ ਰੋਇਆ
'ਨੂਰਪੁਰੀ' ਬੁਲ੍ਹਾਂ ਤੇ ਲਾਲੀ
ਨਾ ਚੜ੍ਹਦੀ ਨਾ ਲਹਿੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ
9. ਜੱਟੀਆਂ ਪੰਜਾਬ ਦੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ
ਧੱਮੀ ਵੇਲੇ ਚਾਟੀ ਵਿਚ, ਗੂੰਜਣ ਮਧਾਣੀਆਂ
ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ
ਮੱਕੀ ਦੀਆਂ ਰੋਟੀਆਂ ਤੇ ਸੋਨੇ ਦੀਆਂ ਵਾਲੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ
ਮੱਖਣਾਂ ਦੇ ਪੇੜਿਆਂ 'ਚ ਗੁੰਨ੍ਹ ਗੁੰਨ੍ਹ ਚੂਰੀਆਂ
ਹਾਸਿਆਂ 'ਚ ਰੰਗੀਆਂ ਨੇ ਬੁਲ੍ਹੀਆਂ ਸੰਧੂਰੀਆਂ
ਅੰਗ ਅੰਗ ਲਾਲੀਆਂ ਤੇ ਸੱਚਿਆਂ 'ਚ ਢਾਲੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ
ਵੇਹੜੇ ਵਿਚ ਗੱਭਰੂ ਦਾ ਪਲੰਗ ਨਵਾਰੀ ਏ
ਚੰਦ ਨਾਲੋਂ ਗੋਰੀ ਕੋਲ ਬੈਠੀ ਸਰਦਾਰੀ ਏ
ਦੋਹਾਂ ਦੀਆਂ ਜਾਣ ਨਾ ਜਵਾਨੀਆਂ ਸੰਭਾਲੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ
ਕਿੱਡਾ ਰੰਗ ਲਾਇਆ ਸੋਹਣੀ ਹਿੱਕ ਦੀ ਹਮੇਲ ਨੇ
ਚੰਦ ਤੇ ਸਿਤਾਰੇ ਚਾੜ੍ਹੇ ਵੇਲ ਉਤੇ ਵੇਲ ਨੇ
'ਨੂਰਪੁਰੀ' ਦੁੱਧ ਤੇ ਮਲਾਈਆਂ ਨਾਲ ਪਾਲੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ
10. ਸੰਦੂਕ ਮੁਟਿਆਰ ਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
ਸ਼ੀਸ਼ਿਆਂ 'ਚ ਕਹਿੰਦੇ ਉਹਦਾ ਵੀਰ ਵੱਗ ਚਾਰਦਾ
ਵੇਲਾਂ ਫੁੱਲ ਕਾਰੀਗਰਾਂ ਏਦਾਂ ਦੇ ਬਣਾਏ ਨੇ
ਪੇਕਿਆਂ ਨੇ ਬਾਗ਼ ਜਿਵੇਂ ਦਾਜ 'ਚ ਘਲਾਏ ਨੇ
ਵਿਚ ਇੱਕ ਬੂਟਾ ਨਵਾਂ ਧੀਆਂ ਦੇ ਪਿਆਰ ਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
ਇੱਕ ਤਸਵੀਰ ਵਿਚ ਪੱਕੀਆਂ ਹਵੇਲੀਆਂ
ਚੌਦਵ੍ਹੀਂ ਦੇ ਚੰਦ ਨਾਲ ਖੇਡਣ ਸਹੇਲੀਆਂ
ਵਿਚ-ਵਿਚ ਝੌਲਾ ਪੈਂਦਾ ਮਿਰਗਾਂ ਦੀ ਡਾਰ ਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
ਇੱਕ ਤਸਵੀਰ ਵਿਚ ਘੜਾ ਡੋਲ੍ਹ ਘਿਓ ਦਾ
ਹੱਸਦੀ ਨੇ ਹੱਥ ਫੜ ਲਿਆ ਜਾ ਕੇ ਪਿਓ ਦਾ
ਮਾਂ ਦਾ ਨਾ ਢਿੱਡ ਇੱਕ ਵੱਟ ਵੀ ਸਹਾਰਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
ਟੁੱਟੇ ਹੋਏ ਸ਼ੀਸ਼ੇ ਤਾਈਂ ਵੇਖਿਆ ਜੇ ਤਾੜ ਕੇ
ਡੋਲੀ ਵਿਚ ਆਣ ਬੈਠੀ ਦੋਵੇਂ ਪੱਲੇ ਝਾੜ ਕੇ
ਦਿਲ 'ਚ ਖ਼ਿਆਲ ਡਾਢਾ ਡਾਢਿਆਂ ਦੀ ਮਾਰ ਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
ਇੱਕ ਤਸਵੀਰ ਵਿਚ ਓਪਰੀ ਜਿਹੀ ਥਾਂ ਏ
ਓਪਰਾ ਹੀ ਪਿਓ ਕੋਲ਼ ਓਪਰੀ ਹੀ ਮਾਂ ਏ
ਓਪਰਾ ਹੀ 'ਨੂਰਪੁਰੀ' ਘੁੰਡ ਹੈ ਉਤਾਰਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
11. ਗੋਰੀ ਦੇ ਸੁਨਹਿਰੀ ਝੁਮਕੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ
ਮਹਿੰਦੀ ਵਾਲੇ ਹੱਥ ਰੁੱਸ ਗਏ, ਜਦੋਂ ਘੋਲ ਕੇ ਨਨਾਣ ਨੇ ਲਾਈ
ਫਿੱਕਾ ਫਿੱਕਾ ਰੰਗ ਚੜ੍ਹਿਆ, ਬੂਟੀ ਇੱਕ ਨਾ ਸਵਾਦ ਦੀ ਪਾਈ
ਵੀਣੀਆਂ ਗੁਲਾਬੀ ਗੋਰੀਆਂ, ਉਹਦੇ ਗਜਰੇ ਜਾਨ ਤੜਫਾਂਦੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ
ਗਰਮੀ ਦੀ ਰੁੱਤ ਆ ਗਈ, ਰੂਪ ਨਿਖਰਿਆ ਦੂਣ ਸਵਾਇਆ
ਚਿੱਠੀ ਦੀ ਤਰੀਕ ਲੰਘ ਗਈ, ਵੈਰੀ ਮਾਹੀ ਨਾ ਅਜੇ ਘਰ ਆਇਆ
ਬੁੱਕ ਬੁੱਕ ਮੋਤੀ ਗੁੰਦ ਕੇ, ਟੰਗੇ ਕਿੱਲੀਆਂ ਨਾਲ ਪਰਾਂਦੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ
ਤਿੱਤਰਾਂ ਦੇ ਖੰਭ ਵਰਗੀ, ਗਲ ਕੁੜਤੀ ਸੰਵਾ ਕੇ ਪਾਈ
ਮੋਢਿਆਂ ਤੇ ਰੱਖ ਡੋਰੀਆ, ਉਹਦੀ ਉੱਡਦੀ ਜਵਾਨੀ ਆਈ
ਤੁਰਦੀ ਮਰੋੜੇ ਮਾਰ ਕੇ, ਉਹਦੇ ਅੰਗ ਨੇ ਕਹਾਣੀਆਂ ਪਾਂਦੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ
ਕਿੱਕਰਾਂ ਨੂੰ ਫੁੱਲ ਲੱਗ ਗਏ, ਤੈਨੂੰ ਕੁਝ ਨਾ ਲੱਗੇ ਮੁਟਿਆਰੇ
ਵੇਖ ਕੇ ਸਹੀ 'ਨੂਰਪੁਰੀ', ਮੇਹਣੇ ਜੱਗ ਨੇ ਓਸਨੂੰ ਮਾਰੇ
ਘੁੰਡ ਵਿਚ ਅੱਗ ਬਲਦੀ, ਉਹਦੇ ਨੈਣ ਦੱਸਣੋਂ ਸ਼ਰਮਾਂਦੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ
12. ਸ਼ੌਂਕਣ ਮੇਲੇ ਦੀ
ਚੰਨ ਵੇ ! ਕਿ ਸ਼ੌਂਕਣ ਮੇਲੇ ਦੀ ।
ਪੈਰ ਧੋ ਕੇ ਝਾਂਜਰਾਂ ਪੌਂਦੀ
ਮੇਲ੍ਹਦੀ ਆਉਂਦੀ
ਕਿ ਸ਼ੌਂਕਣ ਮੇਲੇ ਦੀ ।
ਚੰਨ ਵੇ ਕਿ ਉਤੇ ਲੈ ਕੇ ਅੰਬ-ਰਸੀਆ
ਗਲ ਪਾ ਕੇ ਵਾਸਕਟ ਕਾਲੀ
ਮੁਰੱਬਿਆਂ ਵਾਲੀ
ਕਿ ਸ਼ੌਂਕਣ ਮੇਲੇ ਦੀ ।
ਚੰਨ ਵੇ ਕਿ ਲਡੂਆਂ ਦਾ ਭਾ ਪੁਛਦੀ
ਚੰਨ ਚੜ੍ਹਿਆ ਸ਼ਹਿਰ ਵਿਚ ਸਾਰੇ
ਕਿ ਛਿਪ ਗਏ ਤਾਰੇ
ਕਿ ਸ਼ੌਂਕਣ ਮੇਲੇ ਦੀ ।
ਚੰਨ ਵੇ ਕਿ ਘਗਰਾ ਵੀਹ ਗਜ਼ ਦਾ
ਲੱਕ ਗੋਰੀ ਦਾ ਮਰੋੜੇ ਖਾਵੇ
ਪੇਸ਼ ਨਾ ਜਾਵੇ
ਕਿ ਸ਼ੌਂਕਣ ਮੇਲੇ ਦੀ ।
ਚੰਨ ਵੇ ਕਿ ਕੁੜਤੀ 'ਚੋਂ ਅੱਗ ਸਿੰਮਦੀ
ਉਹਦੇ ਲਹੂ ਦੀ ਚਾਨਣੀ ਦਮਕੇ
ਕਿ ਬਿਜਲੀ ਚਮਕੇ
ਕਿ ਸ਼ੌਂਕਣ ਮੇਲੇ ਦੀ ।
ਚੰਨ ਵੇ ਕਿ ਰਾਹੀਆਂ ਨੂੰ ਰਾਹ ਭੁੱਲ ਗਏ
ਓਹਦੇ ਗੋਰਿਆਂ ਹੱਥਾਂ ਦੀ ਮਹਿੰਦੀ
ਬੜਾ ਗਲ ਪੈਂਦੀ
ਕਿ ਸ਼ੌਂਕਣ ਮੇਲੇ ਦੀ ।
13. ਕੌਣ ਆਖੂ ਹੌਲਦਾਰਨੀ
ਕੌਣ ਆਖੂ ਹੌਲਦਾਰਨੀ,
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਹੌਲੀ ਜੇਹੀ ਬਾਰੀ ਖੋਲ੍ਹ ਕੇ
ਵਾਜ਼ਾਂ ਦੇਂਦੀਆਂ ਗੋਰੀਆਂ ਬਾਹਵਾਂ ।
ਇਕੋ ਪੁੱਤ ਲੰਬੜਾਂ ਦਾ
ਕੱਲ੍ਹ ਪਾ ਕੇ ਵਰਦੀਆਂ ਲੰਘਿਆ ।
ਪੈਰਾਂ 'ਚ ਪਰੇਟ ਨੱਚਦੀ
ਉਹਦਾ ਲਾਲੀਆਂ ਨੇ ਅੰਗ ਅੰਗ ਰੰਗਿਆ ।
ਮੋਢੇ ਤੇ ਬੰਦੂਕ ਵੇਖ ਕੇ
ਵੇ ਮੈਂ ਵੈਰੀਆ ਨਿਘਰਦੀ ਜਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਤੇਰੇ ਤੇ ਜਵਾਨੀ ਕਹਰ ਦੀ
ਜਦੋਂ ਪਿਛਲੀ ਲੜਾਈ ਤੂੰ ਲੜਿਆ ।
ਵੱਡਾ ਸਾਹਿਬ ਦੇਵੇ ਥਾਪੀਆਂ
ਤੇਰੇ ਅੱਗੇ ਨਾ ਸ਼ੇਰ ਕੋਈ ਅੜਿਆ ।
ਚਾਈਂ ਚਾਈਂ ਛੌਣੀਆਂ ਵਿਚੋਂ
ਤੇਰਾ ਪੁਛਦੀ ਕਵਾਟਰ ਆਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਤੇਰੀਆਂ ਉਡੀਕਾਂ ਵਿਚ ਵੇ
ਚੋਰੀਂ ਪੇਕਿਆਂ ਤੋਂ ਚਿਠੀਆਂ ਮੈਂ ਪਾਈਆਂ ।
ਤੇਰੀਆਂ ਲੁਕੋ ਕੇ ਚਿੱਠੀਆਂ
ਪੜ੍ਹੀਆਂ ਬੁਲ੍ਹਾਂ 'ਚ ਹੱਸਣ ਭਰਜਾਈਆਂ ।
ਮਿੰਨਤਾਂ ਦੇ ਨਾਲ ਮੰਗ ਕੇ,
ਵੇ ਮੈਂ ਲਖ ਲਖ ਵਾਰ ਪੜ੍ਹਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਇਕ ਵਾਰੀ ਲੈ ਕੇ ਛੁੱਟੀਆਂ
ਜਦੋਂ ਪਿਛਲੇ ਵਰ੍ਹੇ ਤੂੰ ਆਇਆ ।
ਹੱਥਾਂ ਉਤੇ ਲਾ ਕੇ ਮਹਿੰਦੀਆਂ
ਵੇ ਮੈਂ ਸੰਦਲੀ ਦੁਪੱਟਾ ਰੰਗਵਾਇਆ ।
ਅੱਧਾ ਅੱਧਾ ਘੁੰਡ ਕੱਢ ਕੇ
ਸੌਹਰੇ ਸਾਹਮਣੇ ਨਾ ਖੁਲ੍ਹ ਕੇ ਬੁਲਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਜੋਗੀਆਂ ਦੇ ਸਪ ਲੜ ਗਏ,
ਸਪ ਰੰਗੀ ਜਾਂ ਕਮੀਜ਼ ਮੈਂ ਪਾਈ ।
ਦੇਸ਼ ਬੰਗਾਲ ਦੇ ਵਿਚੋਂ
ਇਕ ਵਾਰੀ ਸੀ ਜੇਹੜੀ ਤੂੰ ਭਿਜਵਾਈ ।
ਪੁਛ ਤੂੰ ਹੀ 'ਨੂਰਪੁਰੀ' ਤੋਂ
ਜੇਹੜਾ ਲਿਖਦਾ ਰਹਿਆ ਸਰਨਾਵਾਂ
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
14. ਪੰਜਾਬਣ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਚਰਖੀ ਦਾ ਸ਼ੌਂਕ ਕਤਣੀ 'ਚ ਪੂਣੀਆਂ
ਰੁਸ ਰੁਸ ਬਹਣ ਵੀਣੀਆਂ ਤੇ ਕੂਹਣੀਆਂ ।
ਧੱਮ ਧੱਮ ਚਾਟੀ 'ਚ ਮਧਾਣੀ ਵੱਜਦੀ
ਘੱਮ ਘੱਮ ਪੌੜੀਆਂ ਤੇ ਚੜ੍ਹੇ ਭੱਜਦੀ ।
ਮੇਲ੍ਹ ਮੇਲ੍ਹ ਪਾਵੇਂ ਖਿੱਦੂ ਨਾਲ ਬੱਚੀਆਂ
ਭਾਬੀ ਤੇ ਨਨਾਣ ਤੁਸੀਂ ਦੋਨੋਂ ਨੱਚੀਆਂ ।
ਤੇਰੀਆਂ ਰਕਾਨੇ ਗਿੱਧੇ ਵਿਚ ਧਮਕਾਂ
ਚੋਬਰਾਂ ਨੂੰ ਮਾਰੇਂ ਖਿੱਚ ਖਿੱਚ ਛਮਕਾਂ ।
ਨਚਦੀ ਦੇ ਤੇਰੇ ਖੁਲ੍ਹ ਗਏ ਕੇਸ ਨੀ
ਸਾਂਭ ਲੈ ਜਵਾਨੀ ਅੱਲ੍ਹੜ ਵਰੇਸ ਨੀ ।
ਪੀਂਘਾਂ ਝੂਟਦੀ ਦੇ ਤੇਰੇ ਕਿਰੇ ਬੋਰ ਨੀ
ਲੰਮੀ ਤੇਰੀ ਧੌਣ ਤੈਨੂੰ ਕਹਣ ਮੋਰਨੀ ।
ਲੱਕੋਂ ਟੁੱਟ ਜਾਵੇਂ ਗੰਦਲੇ ਨਾ ਕੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ।
ਮੱਘੇ ਵਿਚ ਲੱਸੀ ਉਤੇ ਛਿਕੂ ਰੋਟੀਆਂ
ਬੂਰੀ ਦੀਆਂ ਧੀਆਂ ਅੱਗੇ ਪੰਜ ਝੋਟੀਆਂ ।
ਰੁੱਖਾਂ ਹੇਠ ਬੈਠ ਅਸੀਂ ਬੇੜ ਵੱਟੀਏ
ਸਿਖ਼ਰ ਦੁਪਹਿਰ ਕਿਥੇ ਜਾਵੇਂ ਜੱਟੀਏ ?
ਕਣਕਾਂ 'ਚ ਮਾਰਦੇ ਖੰਘੂਰੇ ਜੱਟ ਨੀ
ਦੂਰ ਤੇਰਾ ਖੇਤ ਧੰਨ ਤੇਰੇ ਪੱਟ ਨੀ ।
ਪੱਕੀਏ ਪਕਾਈਏ ਤੈਨੂੰ ਕਿਦਾਂ ਠੋਰੀਏ
ਉਠ ਉਠ ਪਵੇਂ ਪੱਬਾਂ ਸਣੇ ਗੋਰੀਏ ।
ਮਿੱਠੀ ਤੇਰੀ ਬੋਲੀ ਨੀ ਬਲੌਰੀ ਤੋਰੀਏ
ਲੰਮੀਏਂ ਨੀ ਕਾਠੇ ਗੰਨੇ ਦੀਏ ਪੋਰੀਏ ।
ਪਾਉਂਦੀਆਂ ਦੁਹਾਈ ਨੇ ਪੰਜੇਬਾਂ ਲੰਘੀਆਂ
ਸੁੱਥਣਾਂ ਸਵਾਈਆਂ ਕਿਥੋਂ ਸੱਪ ਰੰਗੀਆਂ ?
ਸ਼ੀਸ਼ੇ ਵਾਂਗੂੰ ਸਾਫ਼ ਸੁੱਚੀਏ ਤੇ ਸੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ।
ਮੱਖਣਾਂ ਦੇ ਪੇੜੇ ਤੇ ਮਲਾਈਆਂ ਖਾਣ ਨੂੰ
ਡੋਲੀਆਂ ਤੇ ਰਥਾਂ ਤੇਰੇ ਸੌਹਰੇ ਜਾਣ ਨੂੰ ।
ਰੇਲਾਂ ਤੇ ਹਮੇਲਾਂ ਪਰੀ ਬੰਦ ਪੌਣ ਨੂੰ
ਵੀਰਾਂ ਦੀਆਂ ਘੋੜੀਆਂ ਦੇ ਗੀਤ ਗੌਣ ਨੂੰ ।
ਲਾਲ ਸੂਹੀਆਂ ਬੁਲ੍ਹੀਆਂ 'ਚ ਸੁੱਤਾ ਜੱਗ ਨੀ
ਹੀਰਿਆਂ ਦੀ ਖਾਣ ਨੂੰ ਤੈਂ ਲਾਈ ਅੱਗ ਨੀ ।
ਮਹਿੰਦੀ ਵਾਲੇ ਹੱਥ ਵਿਚ ਛੱਲੇ ਮੁੰਦੀਆਂ
ਤੇਰੀਆਂ ਨੇ ਗੱਲਾਂ ਮੇਲਿਆਂ 'ਚ ਹੁੰਦੀਆਂ ।
ਸਹੁਰਿਆਂ ਦੇ ਪਾਵੇਂ ਹੁੱਬ ਕੇ ਤਵੀਤ ਨੀ
ਸੱਸ ਨੂੰ ਸੁਣਾਵੇਂ ਪੇਕਿਆਂ ਦੇ ਗੀਤ ਨੀ ।
ਮੂੰਹ ਤੇ ਵਿਖਾਜਾ ਨਵੀਏਂ ਨੀ ਵਹੁਟੀਏ
ਪਿੰਡ ਦੇ ਸ਼ੁਕੀਨ ਦੀਏ ਚੀਚ ਵਹੁਟੀਏ ।
ਸਾਨੂੰ ਵੀ ਸਿਖਾਲ ਅਸੀਂ ਕਿੱਦਾਂ ਨੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
15. ਗੋਰੀ ਦੀਆਂ ਝਾਂਜਰਾਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ
ਅਥਰੀ ਜਵਾਨੀ ਗੱਲਾਂ ਫਿਰੇ ਦੱਸਦੀ
ਮਾਹੀ ਗੁੱਸੇ ਹੋ ਗਿਆ ਨਾ ਗੱਲ ਵੱਸ ਦੀ
ਰਾਹ ਜਾਂਦੇ ਰਾਹੀਆਂ ਨੂੰ ਸੁਣੌਂਦੀਆਂ ਗਈਆਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
ਸਾਂਭੇ ਜਾਣ ਨਖਰੇ ਨਾ ਅੰਗ ਅੰਗ ਦੇ
ਵੀਣੀ ਉਤੇ ਨਾਚ ਸੀ ਬਲੌਰੀ ਵੰਗ ਦੇ
ਆਸ਼ਕਾਂ ਦੇ ਲਹੂ ਵਿਚ ਨ੍ਹਾਉਂਦੀਆਂ ਗਈਆਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
ਕਾਲੇ ਜਹੇ ਦੁਪੱਟੇ ਨੇ ਕੀ ਪਾਇਆ ਨ੍ਹੇਰ ਨੀ
ਘੁੰਡ ਵਿਚ ਨੈਣ ਉਹਦੇ ਲਏ ਘੇਰ ਨੀ
ਮਿੱਤਰਾਂ ਦੇ ਦਿਲ ਧੜਕੌਂਦੀਆਂ ਗਈਆਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
ਸਾਂਭ ਕੇ ਤੇ ਰੱਖ ਲੈ ਨਨਾਣੇ ਗੋਰੀਏ
ਰੂਪ ਦਾ ਸ਼ਿੰਗਾਰ ਜਾਲੀਦਾਰ ਡੋਰੀਏ
'ਨੂਰਪੁਰੀ' ਕੋਲੋਂ ਸ਼ਰਮੌਂਦੀਆਂ ਗਈਆਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
16. ਕਾਲੇ ਰੰਗ ਦਾ ਪਰਾਂਦਾ
ਕਾਲੇ ਰੰਗ ਦਾ ਪਰਾਂਦਾ
ਸਾਡੇ ਸੱਜਣਾਂ ਨੇ ਆਂਦਾ
ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ
ਕਾਲਾ ਏ ਪਰਾਂਦਾ ਨਾਲੇ ਮੇਢੀਆਂ ਵੀ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਖ਼ੁਸ਼ੀ ਵਿਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ
ਕੰਨਾਂ ਵਿਚ ਪਈਆਂ ਹੋਈਆਂ ਵਾਲੀਆਂ ।
ਨੀ ਮੈਂ ਕੁਝ ਕੁਝ ਝਕਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ
ਸੱਜਣਾਂ ਦਾ ਹਾਸਾ ਮੈਨੂੰ ਦੇ ਗਿਆ ਦਿਲਾਸਾ
ਉਹਦੇ ਕਦਮਾਂ 'ਚ ਰੱਖ ਦਿਆਂ ਦਿਲ ਨੀ
ਫੁੱਲਾਂ ਉਤੇ ਜਿਵੇਂ ਕੋਈ ਭੌਰ ਬੈਠਾ ਜਾਪਦਾ ਏ
ਇੰਝ ਉਹਦੇ ਮੁਖੜੇ ਦਾ ਤਿਲ ਨੀ
ਨੀ ਮੈਂ ਲੁਕ ਲੁਕ ਤੱਕਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ
ਰੁੜ੍ਹ ਪੁੜ ਜਾਣਾ ਚੰਨ ਅੰਬਰਾਂ ਦਾ ਅੜੀਓ ਨੀ
ਮੈਨੂੰ ਫਿਰੇ ਲੁਕ ਲੁਕ ਤੱਕਦਾ ਏ
ਅੰਬਰਾਂ ਤੇ ਰੱਬ ਦੀ ਵਾਅ ਸਾਨੂੰ ਝਲਦੀ ਨਹੀਂ
ਤਾਹੀਂਉਂ ਉਹਨੂੰ ਤੱਕਣੋਂ ਨਹੀਂ ਡਕਦਾ ਏ
ਨੀ ਮੈਂ ਅੱਖੀਆਂ ਨੂੰ ਡੱਕਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ
17. ਨੱਚ ਲੈਣ ਦੇ
ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ
ਜਿਹਨੂੰ ਝੂਠ ਝੂਠ ਕਹਿੰਦੇ ਨੇ ਹੋ ਸੱਚ ਲੈਣ ਦੇ
ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓ
ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਉ ਪੋਰੀਓ
ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ
ਸੌਂਫੀਆ ਦੁਪੱਟਾ ਨੀ ਮੈਂ ਸ਼ੌਂਕ ਨਾਲ ਰੰਗਿਆ
ਹਾਸੀਆਂ ਨੂੰ ਰੋਕ ਰੋਕ ਮਾਹੀ ਕੋਲੋਂ ਲੰਘਿਆ
ਨੀ ਮੈਨੂੰ ਮਾਹੀ ਵਾਲੇ ਰੰਗ ਵਿਚ ਰੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ
ਗੁੱਤ ਖੁਲ੍ਹ ਗਈ ਏ ਉਹਨੂੰ ਹੋਰ ਨੀ ਖਿੰਡਾ ਦਿਉ
ਨਾਗ ਕਿਵੇਂ ਕੀਲਾਂ ਮੈਨੂੰ ਜੋਗਣ ਬਣਾ ਦਿਉ
ਨੀ ਮੈਨੂੰ ਗਿੱਧੇ ਵਿਚ ਸਹਜੇ ਸਹਜੇ ਜੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ
ਵਿਹੜਾ ਕਿਵੇਂ ਗੂੰਜਦਾ ਤੇ ਕੰਧਾਂ ਕਿਵੇਂ ਗੌਂਦੀਆਂ
ਪਿੰਡ ਸਾਰਾ ਘੁੰਮੇ ਵਾਜਾਂ ਪਿੰਡ ਵਿਚੋਂ ਔਂਦੀਆਂ
ਨੀ ਅੜੀਓ 'ਨੂਰਪੁਰੀ' ਬਚਦਾ ਜੇ ਬੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ
18. ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ ।
ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ
ਬੜਾ ਪਵਾੜਾ ਪੈ ਗਿਆ
ਯੱਕਾ ਤੇ ਭਾੜੇ ਕੋਈ ਨਾ ਕੀਤਾ
ਮਾਹੀਆ ਪੈਦਲ ਲੈ ਗਿਆ
ਲੈ ਮੇਰਾ ਮੁਕਲਾਵਾ ਢੋਲਾ
ਸੜਕੇ ਸੜਕੇ ਜਾਂਵਦਾ
ਕੱਢਿਆ ਘੁੰਡ ਕੁਝ ਕਹਿ ਨਾ ਸਕਦੀ
ਦਿਲ ਮੇਰਾ ਸ਼ਰਮਾਂਵਦਾ
ਸੋਹਲ ਪਿੰਨੀਆਂ ਪੈਰ ਕੂਲੇ
ਸਾਥੋਂ ਤੁਰਿਆ ਜਾਏ ਨਾ
ਸੱਜਰਾ ਜੋਬਨ ਸਿਖ਼ਰ ਦੁਪਹਿਰਾ
ਤਰਸ ਸੋਹਣਾ ਖਾਏ ਨਾ
ਪੈਰਾਂ ਦੇ ਵਿਚ ਪੈ ਗਏ ਛਾਲੇ
ਮੂੰਹ ਮੇਰਾ ਕੁਮਲਾਂਵਦਾ
ਮਾਹੀਆ ਤੁਰਦਾ ਜਾਏ ਅਗੇਰੇ
ਪਿਛਾਂਹ ਨਾ ਝਾਤੀ ਪਾਂਵਦਾ
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ ।
19. ਖਤ ਆਇਆ ਸੋਹਣੇ ਸੱਜਣਾਂ ਦਾ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ
ਨਾ ਲਿਖੀਆਂ ਤਰੀਕਾਂ ਆਣ ਦੀਆਂ
ਨੀ ਮੈਂ ਪਲ ਪਲ ਕੋਠੇ ਚੜ੍ਹਦੀ ਹਾਂ
ਹੁਣ ਰੂਪ ਨਾ ਕੱਜਿਆ ਰਹਿੰਦਾ ਨੀ
ਅੰਗ ਅੰਗ 'ਚੋਂ ਡੁਲ੍ਹ ਡੁਲ੍ਹ ਪੈਂਦਾ ਨੀ
ਇਹ ਦਿਲ ਇਕ ਥਾਂ ਨਾ ਬਹਿੰਦਾ ਨੀ
ਇਹਨੂੰ ਮੁੜ ਮੁੜ ਭਜ ਭਜ ਫੜਦੀ ਹਾਂ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ
ਕੁਝ ਮਣਕੇ ਪਰੋ ਕੇ ਗਾਨੀ ਦੇ
ਨੀ ਮੈਂ ਪਰਖਾਂ ਸਬਰ ਜਵਾਨੀ ਦੇ
ਜਦ ਅਥਰੂ ਡਿਗਣ ਦੀਵਾਨੀ ਦੇ
ਨੀ ਮੈਂ ਐਵੇਂ ਖਿਝ ਖਿਝ ਲੜਦੀ ਹਾਂ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ
ਹਰ ਗੱਲ ਵਿਚ ਗੱਲ ਨੂੰ ਲਭਦੀ ਹਾਂ
ਅੱਗ ਦਿਲ ਦੀ ਦਿਲ ਵਿਚ ਦਬਦੀ ਹਾਂ
ਨੀ ਮੈਂ ਭੈੜੀ ਚਾਕਰ ਸਭ ਦੀ ਹਾਂ
ਨਾ ਧੁਖਦੀ ਹਾਂ ਨਾ ਸੜਦੀ ਹਾਂ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ
ਕੁਝ 'ਨੂਰਪੁਰੀ' ਦੇ ਝੋਰੇ ਨੇ
ਕੁਝ ਰੋਂਦੇ ਪਏ ਹਟਕੋਰੇ ਨੇ
ਕੁਝ ਦੁਨੀਆਂ ਵਾਲੇ ਕੋਰੇ ਨੇ
ਮੈਂ ਦੋਸ਼ ਜਿਨ੍ਹਾਂ ਸਿਰ ਮੜ੍ਹਦੀ ਹਾਂ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ
20. ਹੋਰ ਖਲੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ
ਇਸ ਦੁਨੀਆਂ ਦੇ ਨ੍ਹੇਰੇ ਵਿਚੋਂ ਵੇਖ ਤੇ ਅੜੀਏ ਲੋ ।
ਸੱਚੇ ਪਿਆਰ ਦੀਆਂ ਇਹ ਡੋਰਾਂ ਵੱਟ ਨਾ ਸੁੱਚੀਆਂ ਸੁੱਚੀਆਂ
ਕਲੀਆਂ ਵਾਂਗਰ ਖਿੜ ਖਿੜ ਹਸ ਨਾ ਬਾਹਵਾਂ ਕਰ ਕਰ ਉੱਚੀਆਂ
ਸੁੱਚੇ ਝੂਠੇ ਪਰਖ ਲੈ ਮੋਤੀ ਮਗਰੋਂ ਲਵੀਂ ਪਰੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਕੋਈ ਇੱਥੇ ਫੁਲ ਬਣਾਉਂਦਾ ਕੋਈ ਬਣਾਉਂਦਾ ਸੂਈਆਂ
ਕਈ ਮਹੰਦੀ ਵਾਲੇ ਹੱਥਾਂ ਨੇ ਕੋਮਲ ਜਿੰਦਾਂ ਲੂਹੀਆਂ
ਅੰਦਰ ਲੁਕ ਲੁਕ ਮਨ ਸਮਝਾਉਂਦਾ ਹੌਲੀ ਹੌਲੀ ਰੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਢਕ ਕੇ ਰੱਖ ਇਹ ਰਾਜ਼ ਅਨੋਖੇ ਨਾ ਪਉ ਹਰ ਥਾਂ ਗੱਲੀਂ
ਤੇਰੇ ਹੰਝੂਆਂ ਤੋਂ ਨਹੀਂ ਬੁਝਣੀ ਲੱਗ ਗਈ ਅੱਗ ਜੋ ਝੱਲੀਂ
ਰੰਗਲੇ ਰੰਗਲੇ ਗੂੜ੍ਹੇ ਹਾਸੇ ਬੁਲ੍ਹੀਆਂ ਵਿਚ ਲੁਕੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਏਥੇ ਕੋਈ ਮੌਤ ਨਾ ਜਾਣੇ ਜਿਸ ਦਾ ਹਰ ਥਾਂ ਘੇਰਾ
ਏਥੇ ਰਾਤ ਨਹੀਂ ਉਹ ਚੇਤੇ ਜਿਸ ਦਾ ਨਹੀਂ ਸਵੇਰਾ
ਤੇਰੇ ਰੋਣ ਦੀ ਕੰਧੀਂ ਲਗ ਲਗ ਦੁਨੀਆਂ ਲਏ ਕਨਸੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਜੇ ਲਭਦਾ ਤੇ ਗੰਢ ਪ੍ਰੀਤਾਂ ਗੰਢਾਂ ਦੇ ਦੇ ਪੱਕੀਆਂ
ਪਰ ਉਹਨੇ ਅਪਣੇ ਘੁੰਡ ਦੀਆਂ ਕੁੰਜਾਂ ਵੀ ਨਹੀਂ ਚੱਕੀਆਂ
ਉਹਦੇ ਆਉਣ ਦੀ ਤੇਰੇ ਕੰਨਾਂ ਸੁਣੀ ਨਾ ਕੋਈ ਸੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਤੂੰ ਜਾਣੇ ਇਹ ਕਲੀਆਂ ਤੇ ਫੁੱਲ ਬਾਹਲੇ ਚੰਗੇ ਚੰਗੇ
ਇਕੋ ਰਾਤ 'ਚ ਗਏ ਮਧੋਲੇ ਜਾਂ ਜ਼ੁਲਫ਼ਾਂ ਨੇ ਡੰਗੇ
ਕੂੜੇ ਉਤੇ ਚੁਕ ਕੇ ਸੁਟ ਗਏ ਜਿਨ੍ਹਾਂ ਲਈ ਖ਼ੁਸ਼ਬੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਮੰਜ਼ਲ ਤੇਰੀ ਬਾਹਲੀ ਲੰਮੀ ਤੂੰਹੀਉਂ ਆਪ ਮੁਕਾਉਣੀ
ਜੇ ਰਸਤੇ ਵਿਚ ਡਿਗ ਪਈ ਕਿਧਰੇ ਫੇਰ ਨਾ ਕਿਸੇ ਉਠਾਉਣੀ
'ਨੂਰਪੁਰੀ' ਛਡ ਜਗ ਦਾ ਖਹੜਾ ਇਕ ਸੱਚੇ ਦੀ ਹੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।
21. ਅਰਜ਼ਾਂ
ਚਾਹੇ ਭਲੀਆਂ ਚਾਹੇ ਬੁਰੀਆਂ
ਢੱਕ ਲੈ ਸਭ ਬੁਰਿਆਈਆਂ
ਮੈਂ ਕਮਲੀ ਦਿਆ ਬੇਪਰਵਾਹਾ
ਨਾ ਕਰ ਬੇਪਰਵਾਹੀਆਂ ।
ਉਮਰ ਛੁਟੇਰੀ ਤੇ ਪੈਂਡਾ ਈ ਚੋਖਾ
ਦੁਨੀਆਂ ਸਾਰੀ ਧੋਖਾ ਈ ਧੋਖਾ
ਰਾਹ ਵਿਚ ਠੋਹਕਰ ਮਾਰ ਨਾ ਮੈਨੂੰ
ਹੋ ਜਾਊਂ ਵਾਂਗ ਸੁਦਾਈਆਂ
ਮੈਂ ਕਮਲੀ ਦਿਆ ਬੇਪਰਵਾਹਾ
ਨਾ ਕਰ ਬੇਪਰਵਾਹੀਆਂ ।
ਉੱਚੀ ਰੋਵਾਂ ਦੁਨੀਆਂ ਸੁਣਦੀ
ਪੈੜਾਂ ਕਢਦੀ ਅੱਥਰੂ ਪੁਣਦੀ
ਤੇਰੀ ਸਰਦਲ ਤਕ ਆ ਗਈਆਂ
ਰੋ, ਰੋ ਦਿਆਂ ਦੁਹਾਈਆਂ
ਮੈਂ ਕਮਲੀ ਦਿਆ ਬੇਪਰਵਾਹਾ
ਨਾ ਕਰ ਬੇਪਰਵਾਹੀਆਂ ।
ਪ੍ਰੀਤ ਤੇਰੀ ਦੇ ਹੋਠ ਪਿਆਸੇ
ਰੋਂਦੇ ਰਹੰਦੇ ਘੁੱਟ ਘੁੱਟ ਹਾਸੇ
ਤਕਦੀਆਂ ਅੱਖੀਆਂ ਡੱਕ ਡੱਕ ਰੱਖੀਆਂ
ਮਿਲਣ ਲਈ ਤਿਰਹਾਈਆਂ
ਮੈਂ ਕਮਲੀ ਦਿਆ ਬੇਪਰਵਾਹਾ
ਨਾ ਕਰ ਬੇਪਰਵਾਹੀਆਂ ।
22. ਮੈਨੂੰ ਜ਼ਿੰਦਗੀ ਦਿਉ ਉਧਾਰੀ
ਮੈਨੂੰ ਜ਼ਿੰਦਗੀ ਦਿਉ ਉਧਾਰੀ ।
ਹੈ ਕੋਈ ਵਸਦੀ ਦੁਨੀਆਂ ਦੇ ਵਿਚ,
ਜੇੜ੍ਹਾ ਜ਼ਿੰਦਗੀ ਵੰਡਦਾ ਹੋਵੇ,
ਜ਼ਿੰਦਗੀ ਦਾ ਬਿਉਪਾਰੀ ?
ਹੈ ਕੋਈ ਇਹ ਸਰਮਾਇਆ ਰਖਦਾ,
ਜਿਹੜਾ ਜ਼ਿੰਦਗੀ ਦਏ ਉਧਾਰੀ ।
ਮੈਂ ਲੁਟਾ ਬੈਠਾ ਹਾਂ ਜ਼ਿੰਦਗੀ,
ਜ਼ਿੰਦਗੀ ਲਭਦਾ ਫਿਰਦਾ ।
ਰੂਪ ਨਗਰ ਦੀਆਂ ਰਾਹਾਂ ਦੇ ਵਿਚ,
ਭਟਕ ਰਿਹਾ ਹਾਂ ਚਿਰ ਦਾ ।
ਨੈਣਾਂ ਨੂੰ ਕਈ ਨੈਣ ਮਿਲਾਏ,
ਜ਼ਿੰਦਗੀ ਲਈ ਤਿਹਾਏ ।
ਬੁਲ੍ਹਾਂ ਨੂੰ ਕਈ ਬੁਲ੍ਹ ਛੁਹਾਏ,
ਕੋਈ ਪਿਆਸ ਬੁਝਾਏ ।
ਪਲ ਭਰ ਦੇ ਲਈ ਅਪਣੇ ਬਣ ਕੇ,
ਇਸ ਦੁਨੀਆਂ ਦੇ,
ਸਮਾਜਾਂ ਨੂੰ ਵਖ਼ਤ ਪਏਗਾ,
ਸਭ ਹੋਏ ਇਨਕਾਰੀ ।
ਮੈਨੂੰ ਜ਼ਿੰਦਗੀ ਦਿਉ ਉਧਾਰੀ ।
ਡੋਲੀ ਚੜ੍ਹ ਕੇ ਹੁਸਨ ਲਿਆਂਦਾ,
ਬੜਾ ਜਵਾਨੀ ਭਰਿਆ ।
ਜ਼ੁਲਫ਼ਾਂ ਨੂੰ ਜਾਂ ਕੰਘੀ ਲਾਵੇ,
ਜਾਵੇ ਦਰਦ ਨਾ ਜਰਿਆ ।
ਚੁੱਕਿਆ ਘੁੰਡ ਤੇ ਕਾਮ ਵਾਸ਼ਨਾ,
ਭਰੀ ਸੁਗੰਧੀ ਆਈ ।
ਐਸੀ ਉਲਝਣ ਵਿਚ ਉਲਝਿਆ,
ਸਾਰੀ ਸੁਰਤ ਭੁਲਾਈ ।
ਫੁੱਲਾਂ ਦਾ ਭੁਲੇਖਾ ਦੇ ਕੇ,
ਫੂਕ ਗਏ ਫੁਲਕਾਰੀ ।
ਮੈਨੂੰ ਜ਼ਿੰਦਗੀ ਦਿਉ ਉਧਾਰੀ ।
ਮੈਂ ਚਾਹੁੰਦਾ ਇਕ ਪਲ ਜੀ ਜਾਵਾਂ,
ਜੀਣ ਲਈ ਸਾਂ ਆਇਆ ।
ਮੈਂ ਚਾਹੁੰਨਾ ਸਭ ਦਾ ਹੋ ਜਾਵਾਂ,
ਨਾ ਕੋਈ ਰਹੇ ਪਰਾਇਆ ।
ਕੁਝ ਪਿਆਰ ਮੈਂ ਪੱਲੇ ਬੰਨ੍ਹਾਂ,
ਤਾਂ ਸਾਜਨ ਕੋਲ ਜਾਵਾਂ ।
ਇਹ ਨਾ ਹੋਏ ਕਿ ਮੇਰਾ ਮੈਨੂੰ,
ਝੁਲਸ ਦਏ ਪਰਛਾਵਾਂ ।
'ਨੂਰਪੁਰੀ' ਤੂੰ ਮੋਤੀਆਂ ਵਾਲੇ,
ਸ਼ਾਹ ਦੇ ਘਰ ਹੈ ਜਾਣਾ ।
ਤੇਰੀ ਝੋਲੀ ਵਿਚ ਬੇਲੀਆ,
ਝੂਠੇ ਫੁੱਲ ਬਜ਼ਾਰੀ ।
ਮੈਨੂੰ ਜ਼ਿੰਦਗੀ ਦਿਉ ਉਧਾਰੀ ।
23. ਤੇਰੀ ਮਸਤੀ ਕਿਤੇ ਨਾ ਲੱਭੀ
ਤੇਰਾ ਜ਼ਿਕਰ ਕਰਾਂ ਕੀ ਸਜਣਾ ਮੇਰਾ ਜੀ ਏ ਡਰਦਾ ।
ਕਾਫ਼ਰ ਕਿਧਰੇ ਹੋ ਨਾ ਜਾਵੇ ਹੁਸਨ ਤੇਰੇ ਦਾ ਬਰਦਾ ।
ਟੁਟ ਗਈਆਂ ਕਈ ਕਲਮਾਂ ਲਿਖ ਲਿਖ ਸੋਚ ਸੋਚ ਸਿਰ ਫਿਰ ਗਏ
ਹੰਭ ਗਈਆਂ ਕਈ ਮਾਲਾਂ ਫਿਰ ਫਿਰ ਘਸ ਘਸ ਮਣਕੇ ਕਿਰ ਗਏ ।
ਹਰ ਸ਼ੈ ਦੇ ਵਿਚ ਵਸਦਾ ਹੋਵੇਂ ਫੇਰ ਨਾ ਨਜ਼ਰੀ ਆਵੇਂ
ਜ਼ੱਰੇ ਜ਼ੱਰੇ ਵਿਚੋਂ ਹਸ ਕੇ ਤੂੰ ਸੂਰਜ ਚੁੰਧਿਆਵੇਂ ।
ਤੇਰਾ ਜ਼ਿਕਰ ਜਿਨ੍ਹੇ ਵੀ ਕੀਤਾ ਮੂੰਹ ਤੋਂ ਪਰਦਾ ਲਾਹ ਕੇ
ਹੁਸਨ ਉਹਦਾ ਗਲੀਆਂ ਵਿਚ ਵਿਕਿਆ ਅੱਟੀ ਮੁਲ ਪਵਾ ਕੇ ।
ਜਿਨ੍ਹ ਤੈਨੂੰ ਵੇਖਣ ਲਈ ਸਾਲੂ ਰੰਗੇ ਲਾ ਲਾ ਗੋਟੇ
ਛੋਹ ਨਾ ਸਕਿਆ ਫਿਰ ਵੀ ਤੇਰੇ ਮਹੰਦੀ-ਰੰਗੇ ਪੋਟੇ ।
'ਨੂਰਪੁਰੀ' ਮੈਂ ਪੀ ਕੇ ਵੇਖੀ ਕਲੀਆਂ ਹੱਥੋਂ ਪਿਆਲੀ
ਤੇਰੀ ਮਸਤੀ ਕਿਤੇ ਨਾ ਲੱਭੀ ਸਭ ਮਸਤੀ ਤੋਂ ਖ਼ਾਲੀ ।
24. ਬਚਪਨ
ਬਚਪਨ ਸੀ ਇਕ ਭੋਲਾ ਪੰਛੀ,
ਨਿਰਛਲ ਕੀ ਜਾਣੇ ਚਤਰਾਈਆਂ ।
ਗੋਡੇ ਹੀਣਾ ਰੀਂਗ ਰੀਂਗ ਕੇ,
ਵੇਹੜੇ ਦੇ ਵਿਚ ਡੰਡੀਆਂ ਪਾਈਆਂ ।
ਮਾਂ ਦੀ ਛਾਤੀ ਤਕ ਸੀ ਮੰਜ਼ਲ,
ਗੋਦੀ ਵਿਚ ਖੇਡਣ ਸਚਿਆਈਆਂ ।
ਖ਼ਾਲੀ ਹੱਥ ਤੇ ਲੱਖ ਬਰਕਤਾਂ,
ਚਾਂਦੀ ਸੋਨੇ ਨਾਲ ਮੜ੍ਹਾਈਆਂ ।
ਖੂਹ ਵਿਚ ਪਾਵੇ ਪੌਂਡ ਰੁਪਈਏ,
ਮਨ ਪਰਚਾਵਣ ਧੇਲੇ ਪਾਈਆਂ ।
ਗੁੰਗੀ ਜੀਭ 'ਚ ਲੱਖਾਂ ਗੱਲਾਂ,
ਕਈ ਗੱਲਾਂ ਉਸ ਗੱਲੀਂ ਲਾਈਆਂ ।
ਪਾੜ ਸੁੱਟੇ ਸਭ ਵਹੀਆਂ ਖਾਤੇ,
ਅੜੀਆਂ ਤੇ ਜਾਂ ਅੜੀਆਂ ਆਈਆਂ ।
ਕਈ ਸੱਪਾਂ ਦੀਆਂ ਫੜ ਫੜ ਸਿਰੀਆਂ,
ਜਿਉਂਦਿਆਂ ਹੀ ਮੂੰਹ ਵਿਚ ਪਾਈਆਂ ।
ਬੁੱਲ੍ਹਾਂ ਨਾਲ ਛੁਹਾਵਣ ਬੁਲ੍ਹੀਆਂ,
ਚੋਹਲ ਕਰਨ ਸੱਕੀਆਂ ਭਰਜਾਈਆਂ ।
ਰੋਵੇ ਤੇ ਰੋਵੇ ਸਭ ਕੁਦਰਤ,
ਹੱਸੇ ਤੇ ਹੱਸਣ ਵਡਿਆਈਆਂ ।
ਨਾ ਕੋਈ ਇਹਦੇ ਪਿਆਰ ਤੇ ਸ਼ੱਕਾਂ
ਵੇਖ ਕਿਸੇ ਨਾ ਊਜਾਂ ਲਾਈਆਂ ।
ਇਸ ਚਾਨਣ ਦੇ ਲਭਣ ਦੇ ਲਈ,
ਜੋਤਾਂ ਚੀਰ ਪਹਾੜ ਜਗਾਈਆਂ ।
ਧਰਮਾਂ ਕਰਮਾਂ ਦਾ ਇਹ ਬੂਟਾ,
ਵਾਹ ਲਾਇਆ ਦੁਨੀਆਂ ਦੇ ਸਾਈਆਂ ।
25. ਰੱਬ ਨੂੰ ਨਾ ਮਾਰ
ਰੱਬ ਨੂੰ ਨਾ ਮਾਰ, ਸਾਡੇ ਰੱਬ ਨੂੰ ਨਾ ਮਾਰ ਉਏ ।
ਖ਼ੂਨੀਆਂ ਜਹਾਨ ਦਿਆ ਖ਼ੂਨ ਨਾ ਗੁਜ਼ਾਰ ਉਏ ।
ਵਗਦੀ ਏ ਰਾਵੀ ਹੜ੍ਹ ਕਹਰ ਦੇ ਨੇ ਵੱਗਦੇ
ਰੁੜ੍ਹੇ ਜਾਂਦੇ ਭਾਗ ਮੇਰੇ ਸੋਹਣੇ ਜਹੇ ਜੱਗ ਦੇ
ਚੜ੍ਹਿਆ ਤੂਫ਼ਾਨ ਡੁੱਬ ਜਾਊ ਸੰਸਾਰ ਉਏ
ਰੱਬ ਨੂੰ ਨਾ ਮਾਰ……
ਭੱਠੀ ਵਿਚੋਂ ਸੇਕ ਜਦੋਂ ਉਠਦਾ ਏ ਲੰਬ ਦਾ
ਵੇਖ ਵੇਖ ਦਿਲ ਪਿਆ ਰਾਵੀ ਦਾ ਏ ਕੰਬਦਾ
ਝੱਲੀ ਨਹੀਓਂ ਜਾਣੀ ਰੋਂਦੇ ਨੈਣਾਂ ਦੀ ਝਲਾਰ ਉਏ
ਰੱਬ ਨੂੰ ਨਾ ਮਾਰ……
ਖੁਲ੍ਹੇ ਹੋਏ ਕੇਸ ਤੱਤੀ ਰੇਤ ਸਾੜਦੀ
ਹੋ ਗਈ ਏ ਕੋਲੇ ਰੱਤ ਇਕ ਇਕ ਨਾੜ ਦੀ
ਫੁੱਲਾਂ ਉਤੇ ਕਾਹਨੂੰ ਪਿਆ ਸਿੱਟੇਂ ਅੰਗਿਆਰ ਉਏ
ਰੱਬ ਨੂੰ ਨਾ ਮਾਰ……
'ਨੂਰਪੁਰੀ' ਇਹਨੇ ਤੇਰੇ ਬੇੜਿਆਂ ਨੂੰ ਤਾਰਨਾ
ਸੇਕ ਤੇਰੇ ਪਾਪ ਦੇ ਨੂੰ ਏਸੇ ਠੰਡ ਠਾਰਨਾ
ਅੰਤ ਨੂੰ ਨਬੇੜੇ ਹੋਣੇ, ਏਸੇ ਦਰਬਾਰ ਉਏ
ਰੱਬ ਨੂੰ ਨਾ ਮਾਰ……
26. ਮਾਤਾ ਗੁਜਰੀ ਜੀ
ਅਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ।
ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ ।
ਨੀ ਕੱਲ੍ਹ ਜਦੋਂ ਸੌਣ ਲਗੀ ਮੇਰੇ ਕੋਲ ਹੀਰਿਆਂ ਦੀ ਜੋੜੀ
ਪਿੰਡਿਆਂ ਤੇ ਹੱਥ ਫੇਰ ਕੇ, ਮੈਂ ਆਖਿਆ ਵੰਡੂੰਗੀ ਲੋੜ੍ਹੀ
ਢਿਡ ਦਾ ਸੇਕ ਬੁਰਾ ਨੀ ਮੈਥੋਂ ਸੇਕ ਝਲਿਆ ਨਾ ਜਾਵੇ
ਅਧੀ ਰਾਤੀਂ ਮਾਂ ਗੁਜਰੀ……
ਸੁਫ਼ਨਾ ਸੱਚ ਹੋ ਗਇਆ, ਮੇਰੇ ਨਾਲ ਝਗੜ ਪਈ ਹੋਣੀ
ਇਟ ਉਤੇ ਇਟ ਰਖਕੇ ਤੇਰੇ ਹੀਰਿਆਂ ਦੀ ਚਮਕ ਲੁਕੋਣੀ
ਨੀ ਛਾਤੀ ਨਾਲ ਮੈਂ ਲਾ ਲਏ, ਜਾਂ ਉਹ ਉਛਲੀ ਭਰਨ ਕਲਾਵੇ
ਅਧੀ ਰਾਤੀਂ ਮਾਂ ਗੁਜਰੀ……
ਇਕ ਦਿਨ ਪੁਛਦੇ ਸੀ, ਦਾਦੀ ਪਿਤਾ ਜੀ ਕੋਲ ਕਦ ਜਾਣਾ
ਐਤਕੀਂ ਤਾਂ ਰਜ ਰਜ ਕੇ, ਅਸੀਂ ਹਸ ਹਸ ਗਲ ਲਗ ਜਾਣਾ
ਇਕ ਇਕ ਬੋਲ ਚੰਦਰਾ ਨੀ ਮੇਰੇ ਧੂਹ ਕਾਲਜੇ ਨੂੰ ਪਾਵੇ
ਅਧੀ ਰਾਤੀਂ ਮਾਂ ਗੁਜਰੀ……
ਕਲ੍ਹ ਮੇਰੇ ਕੋਲ ਵਸਦੇ ਅਜ ਨਜ਼ਰ ਕਿਤੇ ਨਾ ਆਂਦੇ
ਨਿਕੇ ਨਿਕੇ ਓਦਰੇ ਹੋਏ, ਕੀਹਨੂੰ ਹੋਣਗੇ ਦਰਦ ਸੁਣਾਂਦੇ
ਵੇ ਲਭ ਤੇ ਸਹੀ 'ਨੂਰਪੁਰੀ' ਮੇਰੇ ਨੈਣਾਂ ਨੂੰ ਨੀਂਦ ਨਾ ਆਵੇ
ਅਧੀ ਰਾਤੀਂ ਮਾਂ ਗੁਜਰੀ……
27. ਵਸਦੇ ਅਨੰਦ ਪੁਰ ਨੂੰ
ਵਸਦੇ ਅਨੰਦ ਪੁਰ ਨੂੰ
ਛਡ ਚਲਿਆ ਕਲਗ਼ੀਆਂ ਵਾਲਾ ।
ਹਿੰਦ ਉਤੋਂ ਹੀਰੇ ਵਾਰ ਕੇ,
ਉਹ ਜੇ ਜਾਂਦਾ ਹਿੰਦ ਦਾ ਰਖਵਾਲਾ ।
ਕੇਹੜਾ ਨੀ ਮੋੜੇ ਏਸ ਨੀਲੇ ਦੇ ਸਵਾਰ ਨੂੰ
ਮੌਤ ਨੂੰ ਫੜਾਇਆ ਜਿਹਨੇ ਪੁੱਤਰਾਂ ਦੇ ਪਿਆਰ ਨੂੰ
ਕੇਹੜੇ ਜਿਗਰੇ ਦੇ ਨਾਲ ਦਿਤਾ ਨੀ ਏਸ ਨੇ
ਆਪਣੇ ਹੀ ਖ਼ੂਨ ਨੂੰ ਉਬਾਲਾ
ਵਸਦੇ ਅਨੰਦ ਪੁਰ ਨੂੰ
ਗੁਜਰੀ ਮਾਂ ਹੋਵੇ ਤਾਂ ਵੇਖੇ
ਕੀ ਲਿਖਿਆ ਇਸ ਅਪਣੇ ਲੇਖੇ
ਅਪਣੇ ਬਾਜ਼ ਦਾ ਕਿਵੇਂ ਇਸ ਭਰਿਆ
ਧੂਲਾਂ ਨਾਲ ਆਲਾ ਤੇ ਦਵਾਲਾ
ਵਸਦੇ ਅਨੰਦ ਪੁਰ ਨੂੰ
ਜੀ ਕਰਦਾ ਇਹਨੂੰ ਵੇਖੀ ਜਾਈਏ
ਰਾਹ ਵਿਚ ਇਹਦੇ ਨੈਣ ਵਿਛਾਈਏ
ਅਪਣੇ ਜਿਗਰ ਦਾ ਖ਼ੂਨ ਡੋਲ੍ਹ ਕੇ
ਦੁਨੀਆਂ ਨੂੰ ਦਿਤਾ ਏ ਵਿਖਾਲਾ
ਵਸਦੇ ਅਨੰਦ ਪੁਰ ਨੂੰ
ਭੋਲੀਆਂ ਭੋਲੀਆਂ ਅੱਧ-ਖਿੜੀਆਂ ਕਲੀਆਂ
ਇਹਦੀਆਂ ਪਥਰਾਂ ਇਟਾਂ ਵਲੀਆਂ
ਰਾਹਾਂ ਦੇ ਵਿਚ ਖਿੰਡੀਆਂ ਦੇਖ ਕੇ
ਕਰਦਾ ਨਾ ਫੇਰ ਸੰਭਾਲਾ
ਵਸਦੇ ਅਨੰਦ ਪੁਰ ਨੂੰ
ਸਰਸਾ ਨਦੀ ਦੇ ਬੈਠ ਕਿਨਾਰੇ
ਜਗ ਦੀਆਂ ਡੁਬੀਆਂ ਬੇੜੀਆਂ ਤਾਰੇ
'ਨੂਰਪੁਰੀ' ਇਹਦੇ ਦਰਸ਼ਨ ਕਰ ਲੈ
ਤੇਰਾ ਹੋ ਜਾਊ ਜੂਣ ਸੁਖਾਲਾ
ਵਸਦੇ ਅਨੰਦ ਪੁਰ ਨੂੰ
28. ਬੰਦਿਆ ਤੂੰ ਰੱਬ ਦੇ ਚਪੇੜਾਂ ਮਾਰੀਆਂ
ਚਾਂਦੀ ਦੀਆਂ ਛਿਲੜਾਂ ਕੀ ਵੀਹ ਨਿਕਾਰੀਆਂ
ਬੰਦਿਆ ਤੂੰ ਰੱਬ ਦੇ ਚਪੇੜਾਂ ਮਾਰੀਆਂ
ਕਾਲੂ ਚੰਡਾਂ ਮਾਰ ਮੂੰਹ ਜਿਦ੍ਹਾ ਤੂੰ ਰੰਗਿਆ
ਉਸ ਸੋਹਣੇ ਚੰਦ ਨੂੰ ਨਾਗਾਂ ਨਾ ਡੰਗਿਆ
ਉਹਦੇ ਨਾਲ ਸੋਹਣ ਤੇਰੀਆਂ ਅਟਾਰੀਆਂ
ਬੰਦਿਆ ਤੂੰ ਰੱਬ ਦੇ……
ਅੱਖਾਂ ਨਾਲ ਵੇਖ ਉਸ ਦੀਆਂ ਅੱਖੀਆਂ
ਰਬ ਨੇ ਜਗਾ ਕੇ ਕਿਵੇਂ, ਜੋਤਾਂ ਰੱਖੀਆਂ
ਨਾਮ ਦੀਆਂ ਕਿਵੇਂ ਚੜ੍ਹੀਆਂ ਖ਼ੁਮਾਰੀਆਂ
ਬੰਦਿਆ ਤੂੰ ਰੱਬ ਦੇ……
ਸਾਧੂਆਂ ਦਾ ਸਾਧੂ, ਫ਼ਕੀਰਾਂ ਦਾ ਫ਼ਕੀਰ ਵੇ
ਝਿੜਕਾਂ ਨਾ ਮਾਰ ਨਾਨਕੀ ਦਾ ਵੀਰ ਵੇ
ਭੈਣ ਨੂੰ ਉਡੀਕਾਂ ਵੀਰ ਦੀਆਂ ਵਾਰੀਆਂ
ਬੰਦਿਆ ਤੂੰ ਰੱਬ ਦੇ……
ਏਹੋ ਜਹੇ ਫ਼ਕੀਰਾਂ ਉਤੋਂ, ਜਗ ਵਾਰ ਦੇ
'ਨੂਰਪੁਰੀ' ਜਿਹੜੇ ਕਹਰ ਨੇ ਗੁਜ਼ਾਰਦੇ
ਉਹਦੇ ਬੂਹੇ ਫੇਰ ਬੈਠਕੇ ਬੁਹਾਰੀਆਂ
ਬੰਦਿਆ ਤੂੰ ਰੱਬ ਦੇ……
29. ਹੋਰ ਹੱਲਾ ਮਾਰੋ
ਬੱਲੇ ਕਿਰਸਾਨੋ ਬੱਲੇ ਬੱਲੇ ਜ਼ਿਮੀਦਾਰੋ
ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ ।
ਦੇਸ਼ ਵਿਚ ਵੰਡ ਦਿਓ ਪ੍ਰੇਮ ਤੇ ਪਿਆਰ ਨੂੰ
ਨਵਾਂ ਨਵਾਂ ਰੂਪ ਚਾੜ੍ਹੋ ਪਿੰਡਾਂ ਦੀ ਬਹਾਰ ਨੂੰ
ਗਾਉ ਛੈਲ ਬਾਂਕਿਓ ਤੇ ਨੱਚੋ ਮੁਟਿਆਰੋ
ਹੋਰ ਹੱਲਾ ਮਾਰੋ……
ਫਸਲਾਂ ਦੇ ਪਾ ਦਿਉ ਪੁਸ਼ਾਕਾਂ ਗਲੀਂ ਗੋਰੀਆਂ
ਸੁੱਚੇ ਸੁੱਚੇ ਮੋਤੀਆਂ ਦੇ ਨਾਲ ਭਰੋ ਬੋਰੀਆਂ
ਪੈਰ ਪੈਰ ਉਤੇ ਨਵੀਂ ਜ਼ਿੰਦਗੀ ਖਿਲਾਰੋ
ਹੋਰ ਹੱਲਾ ਮਾਰੋ……
ਸੂਰਜ ਦੀ ਧੁੱਪੇ, ਕਿਤੇ ਤਾਰਿਆਂ ਦੀ ਲੋਏ
ਚਾਨਣਾ ਤੁਹਾਡੀਆਂ ਜਵਾਨੀਆਂ ਦਾ ਹੋਏ
ਹਿੰਮਤਾਂ ਦੇ ਨਾਲ ਦੇਸ਼ ਆਪਣਾ ਸ਼ਿੰਗਾਰੋ
ਹੋਰ ਹੱਲਾ ਮਾਰੋ……
ਬਾਹਾਂ ਵਿਚ ਬਾਹਾਂ ਪਾ ਕੇ ਸਾਹਾਂ ਵਿਚ ਸਾਹ ਉਏ
ਉਚੇ ਨੀਵੇਂ ਕਰੋ ਇਕ ਸਾਰ ਵਾਹ ਵਾਹ ਉਏ
ਬੀਜ ਦਿਓ ਤਾਕਤਾਂ ਤੇ ਹੌਸਲੇ ਉਭਾਰੋ
ਹੋਰ ਹੱਲਾ ਮਾਰੋ……
'ਨੂਰਪੁਰੀ' ਗੋਰੀਆਂ ਦਾ ਰੂਪ ਡੋਲ੍ਹ ਡੋਲ੍ਹ ਕੇ
ਫੁੱਲਾਂ ਉਤੇ ਲਾਲੀਆਂ ਚੜ੍ਹਾਉ ਘੋਲ ਘੋਲ ਕੇ
ਰੰਗ ਦਿਓ ਹੋਲੀਆਂ ਵਸਾਖੀਆਂ ਸ਼ਿੰਗਾਰੋ
ਹੋਰ ਹੱਲਾ ਮਾਰੋ……
30. ਮੁਟਿਆਰ ਇਕ ਨੱਚਦੀ
ਭਾਖੜੇ ਤੋਂ ਆਉਂਦੀ ਮੁਟਿਆਰ ਇਕ ਨੱਚਦੀ
ਚੰਦ ਨਾਲੋਂ ਗੋਰੀ ਉਤੇ ਚੁੰਨੀ ਸੁੱਚੇ ਕੱਚ ਦੀ
ਪੈਰ ਪੈਰ ਉਤੇ ਉਹਨੇ ਰੂਪ ਹੈ ਖਿਲਾਰਨਾ
ਬਾਗਾਂ ਤੇ ਬਹਾਰਾਂ ਨਾਲ ਦੇਸ਼ ਨੂੰ ਸ਼ੰਗਾਰਨਾ
ਗੱਭਰੂ ਜਵਾਨਾਂ ਨੂੰ, ਜਗੌਣ ਲਈ ਆਏਗੀ
ਵੇਹੜਿਆਂ 'ਚ ਚਾਨਣਾ ਖਿੰਡੌਣ ਲਈ ਆਏਗੀ
ਦੇਸ਼ ਦੇ ਨਸੀਬਾਂ ਵਿਚ ਜਾਊ ਰਚ ਮਚ ਜੀ
ਭਾਖੜੇ ਤੋਂ ਆਉਂਦੀ……
ਮਾਰ ਮਾਰ ਹਾਕਾਂ ਉਹਨੇ ਪੈਲੀਆਂ ਜਗੌਣੀਆਂ
ਸਾਵੀਆਂ ਪੁਸ਼ਾਕਾਂ ਪਾ ਪਾ ਸੋਹਣੀਆਂ ਸਜੌਣੀਆਂ
ਬੇਲਿਆਂ ਤ ਬੰਜਰਾਂ ਨੂੰ ਜਾਊਗੀ ਉਹ ਰੰਗਦੀ
ਲਾਲੀ ਜਿੱਥੇ ਪਈ ਉਹਦੇ ਸੁਹਣੇ ਅੰਗ ਅੰਗ ਦੀ
ਪਿੰਡਾਂ ਦੀਆਂ ਰੌਣਕਾਂ 'ਚ ਕਿਵੇਂ ਆਵੇ ਨੱਚਦੀ
ਭਾਖੜੇ ਤੋਂ ਆਉਂਦੀ……
ਪੰਜ ਸਾਲਾ ਯੋਜਨਾ ਦੀ ਰਾਣੀ ਉਹਨੂੰ ਕਹਣਗੇ
ਨ੍ਹੇਰ ਉਡ ਜਾਊ ਲਸ਼ਕਾਰੇ ਜਿੱਥੇ ਪੈਣਗੇ
ਵਾਹਣਾਂ ਤੇ ਉਜਾੜਾਂ ਵਿਚ ਮੋਤੀ ਉਹਨੇ ਕੇਰਨੇ
ਜੱਟੀਆਂ ਬਣੌਣਗੀਆਂ, ਸੋਨੇ ਦੇ ਅਟੇਰਨੇ
ਚਾਂਦੀ ਦੀਆਂ ਚਰਖੀਆਂ ਤੇ ਸੂਤ ਉਠੂ ਨੱਚ ਜੀ
ਭਾਖੜੇ ਤੋਂ ਆਉਂਦੀ……
ਵੇਖ ਵੇਖ ਇਹਨੂੰ ਸਾਰੀ ਭੁੱਖ ਉਡ ਜਾਏਗੀ
ਭਾਗ ਭਰੀ ਜਿੱਥੇ ਜਿੱਥੇ ਪੈਰ ਜਾ ਕੇ ਪਾਏਗੀ
ਹਰ ਮੁਟਿਆਰ ਨੂੰ ਸਿਖਾਊਗੀ ਉਹ ਨੱਚਣਾ
ਵੇਖ ਵੇਖ ਗਿੱਧਿਆਂ ਦਾ ਰੰਗ ਦੂਣਾ ਮੱਚਣਾ
ਘੁੰਡ ਵਿਚ ਲਾਟ ਵਾਂਗੂੰ ਵੇਖੀਂ ਕਿਵੇਂ ਮੱਚਦੀ
ਭਾਖੜੇ ਤੋਂ ਆਉਂਦੀ……
ਕਾਲੀਆਂ ਬਨੌਣੀਆਂ ਨੇ ਰਾਤਾਂ ਇਹਨੇ ਗੋਰੀਆਂ
ਗਜ਼ ਗਜ਼ ਲੰਮੀਆਂ ਕਮਾਦਾਂ ਦੀਆਂ ਪੋਰੀਆਂ
ਚਾਈਂ ਚਾਈਂ ਘਰੀਂ ਮੁਟਿਆਰਾਂ ਦੌੜ ਚੱਲੀਆਂ
ਮੋਢਿਆਂ ਤੇ ਚੁਕੀਆਂ ਸੁਨਹਰੀ ਉਹਨਾਂ ਛੱਲੀਆਂ
ਘਾਟ ਪੂਰੀ ਹੋਊ ਜੇੜ੍ਹੀ ਰਹ ਗਈ ਸੀ ਬਚਦੀ
ਭਾਖੜੇ ਤੋਂ ਆਉਂਦੀ……
ਦੇਸ਼ ਵਿਚ ਪਿਆਰ ਇਹਨੇ ਹਾਸੇ ਨੇ ਖਿਲਾਰਨੇ
ਰੂਪ ਏਹਦਾ ਵੇਖਣਾ ਹੈ ਸਾਰੇ ਸੰਸਾਰ ਨੇ
ਘਰਾਂ ਵਿਚ ਹੋਰ ਹੀ ਇਹ ਜ਼ਿੰਦਗੀ ਲਿਆਏਗੀ
ਜਿੱਥੇ ਵੀ ਪਹਾੜੀ ਕੁੜੀ ਪੈਰ ਜਾ ਕੇ ਪਾਏਗੀ
'ਨੂਰਪੁਰੀ' ਮੂਰਤੀ ਇਹ ਸੁੱਚੀ ਸੱਚੀ ਸੱਚ ਦੀ
ਭਾਖੜੇ ਤੋਂ ਆਉਂਦੀ……
31. ਬੱਲੇ ਜੱਟਾ ਬੱਲੇ
ਬੱਲੇ ਜੱਟਾ ਬੱਲੇ, ਕੱਲ੍ਹ ਕੌਡੀ ਨਹੀਂ ਸੀ ਪੱਲੇ
ਅਜ ਤੇਰਾ ਸਿਕਾ ਸਾਰੇ ਦੇਸ਼ ਵਿੱਚ ਚੱਲੇ
ਬਾਰ ਵਿਚ ਛਡ ਆਇਉਂ, ਭਰੇ ਘਰ ਬਾਰ ਨੂੰ
ਕਾਫ਼ਲੇ ਦਾ ਘੱਟਾ ਤੂੰ ਖਵਾਇਆ ਸੰਸਾਰ ਨੂੰ
ਗੋਲੀਆਂ ਦੇ ਵਾਰ ਤੇਰੇ ਸੋਹਣਿਆਂ ਨੇ ਝੱਲੇ
ਬੱਲੇ ਜੱਟਾ ਬੱਲੇ……
ਬੰਜਰਾਂ, ਪਹਾੜਾਂ ਤੇ ਉਜਾੜਾਂ ਨੂੰ ਸਵਾਰ ਕੇ
ਕਿੱਡਾ ਤੂੰ ਜਵਾਨ ਕੀਤਾ ਦੇਸ਼ ਨੂੰ ਉਸਾਰ ਕੇ
ਰਾਤ ਦਿਨੇ ਮੇਹਨਤਾਂ ਦੇ ਮਾਰ ਮਾਰ ਹੱਲੇ
ਬੱਲੇ ਜੱਟਾ ਬੱਲੇ……
ਵਾਹ ਵਾਹ ਕੇ ਪੈਲੀਆਂ ਦਾ ਰੂਪ ਇਉਂ ਨਿਖਾਰਿਆ
ਮੋਤੀਆਂ ਦੇ ਬੋਹਲਾਂ ਨਾਲ ਪਿੰਡਾਂ ਨੂੰ ਸ਼ੰਗਾਰਿਆ
ਚਾਂਦੀ ਨਾਲ ਰੰਗੇ ਨੇ ਤੂੰ ਵਾਹਣ ਗੱਲੇ ਗੱਲੇ
ਬੱਲੇ ਜੱਟਾ ਬੱਲੇ……
ਜੱਟੀ ਦੀ ਪੁਸ਼ਾਕ ਅੱਜ ਚੰਦ ਨਾਲੋਂ ਗੋਰੀ ਏ
ਸੋਨੇ ਦਿਆਂ ਫੁੱਲਾਂ ਵਾਲੀ ਗੁੱਤ ਵਿਚ ਡੋਰੀ ਏ
ਨਿੱਤ ਨਵੇਂ ਹੱਥਾਂ ਵਿਚ ਪੌਂਹਚੀਆਂ ਤੇ ਛੱਲੇ
ਬੱਲੇ ਜੱਟਾ ਬੱਲੇ……
ਕੰਮ ਤੇਰੇ ਕਾਮਿਆਂ ਜਵਾਨ ਕਿਡੇ ਹੋ ਗਏ
ਕਾਰਖ਼ਾਨੇ ਮਿੱਲਾਂ ਤੇਰੇ, ਜ਼ੋਰ ਤੇ ਖਲੋ ਗਏ
ਆਏ ਜਾਂ ਤੁਫ਼ਾਨ ਤੂੰ ਹਜ਼ਾਰ ਵਾਰ ਠੱਲ੍ਹੇ
ਬੱਲੇ ਜੱਟਾ ਬੱਲੇ……
ਲੰਮੀਆਂ ਜਵਾਨ ਤੂੰ ਲਿਆਇਉਂ ਨਹਰਾਂ ਗੋਰੀਆਂ
ਰੂਪ ਨਾਲ ਰੰਗ ਗਈਆਂ ਜਿੱਥੇ ਜਿੱਥੇ ਤੋਰੀਆਂ
ਸ਼ੇਰਾ ਤੇਰੇ ਵਾਰ ਤਾਂ ਪਹਾੜਾਂ ਨੇ ਨਾ ਝੱਲੇ
ਬੱਲੇ ਜੱਟਾ ਬੱਲੇ……
ਗਏ ਜਿੱਥੇ ਗੱਭਰੂ ਪੰਜਾਬ ਦੀਆਂ ਮਾਵਾਂ ਦੇ
ਵਹਣ ਰੋਕ ਦਿੱਤੇ ਵੱਡੇ ਵੱਡੇ ਦਰਿਆਵਾਂ ਦੇ
ਲੱਖਾਂ ਉਤੇ ਭਾਰੀ ਇਹ ਜਵਾਨ ਕੱਲੇ ਕੱਲੇ
ਬੱਲੇ ਜੱਟਾ ਬੱਲੇ……
32. ਹੋਰ ਦਾ ਹੀ ਹੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ
ਦੇਸ਼ ਮੇਰਾ ਹੋ ਗਇਆ ਏ ਹੋਰ ਦਾ ਹੀ ਹੋਰ ਨੀ ।
ਸੁੱਕੇ ਸੁੱਕੇ ਬੰਜਰਾਂ, ਉਜਾੜਾਂ ਵਿਚ ਰੌਣਕਾਂ
ਆਂਦੀਆਂ ਜਵਾਨਾਂ ਨੇ ਪਹਾੜਾਂ ਵਿਚ ਰੌਣਕਾਂ
ਸਾਉਣ ਦਾ ਮਹੀਨਾ ਸਮਾਂ ਵੇਖੋ ਨੀ ਬਹਾਰ ਦਾ
ਪੈਲੀਆਂ ਦਾ ਰੂਪ ਨੀ ਜਵਾਨ ਠਾਠਾਂ ਮਾਰਦਾ
ਮਾਰਦਾ ਹਲੂਣੇ ਜੱਟ ਬਦਲਾਂ ਦਾ ਸ਼ੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ ।
ਸ਼ਹਰਾਂ ਵਾਂਗ ਵਧ ਗਏ ਨੇ, ਪਿੰਡ ਤੇ ਗਿਰਾਂ ਨੀ
ਮਾਲੀਆਂ ਦੇ ਸਿਰਾਂ ਉਤੇ, ਫੁੱਲਾਂ ਕੀਤੀ ਛਾਂ ਨੀ
ਸਰੂ ਜਿਹਾ ਗੱਭਰੂ ਇਹ ਪੁਛੇ ਮੁਟਿਆਰ ਨੂੰ
ਕਿੰਨੇ ਸੁੱਚੇ ਲਗਦੇ ਨੇ ਨਗ ਤੇਰੇ ਹਾਰ ਨੂੰ
ਝੁਮਕੇ ਸੁਨਹਰੀਆਂ 'ਚ ਕਿੰਨੇ ਕਿੰਨੇ ਬੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ ।
ਚਾਂਦੀ ਦੀਆਂ ਪਾ ਕੇ ਪੁਸ਼ਾਕਾਂ ਨਹਰਾਂ ਗੋਰੀਆਂ
ਕਿਵੇਂ ਸਾਊ ਨੀਂਗਰਾਂ ਸ਼ਿੰਗਾਰ ਕੇ ਨੇ ਤੋਰੀਆਂ
ਪੈਰ ਪੈਰ ਉਤੇ ਕਿਵੇਂ ਰੌਣਕਾਂ ਨੇ ਲਾਂਦੀਆਂ
ਜਿਥੇ ਜਿਥੇ ਜਾ ਕੇ ਜਵਾਨ ਪੈਰ ਪਾਂਦੀਆਂ
ਮਿੱਟੀ ਨੂੰ ਬਣਾਇਆ ਸੋਨਾ ਕਿਵੇਂ ਖੋਰ ਖੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ ।
ਨਿੱਕਾ ਜੇਹਾ ਦੇਸ਼ ਨੀ ਜਵਾਨ ਕਿੱਡਾ ਹੋ ਗਇਆ
ਤਕ ਕੇ ਹੈਰਾਨ ਨੀ ਜਹਾਨ ਕਿੱਡਾ ਹੋ ਗਇਆ
ਕਿਵੇਂ ਰੂਪ ਚੜ੍ਹਿਆ ਆਜ਼ਾਦੀ ਮੁਟਿਆਰ ਨੂੰ
ਜਿਨ੍ਹੇ ਰੂਪ ਦੂਣਾ ਦਿੱਤਾ ਹੱਸ ਕੇ ਬਹਾਰ ਨੂੰ
'ਨੂਰਪੁਰੀ' ਗੱਲਾਂ ਦੱਸੇ ਚੰਦ ਨੂੰ ਚਕੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ ।
33. ਜਵਾਹਰ
ਆਓ ਲੋਕੋ ਗੱਲਾਂ ਕਰੀਏ, ਓਸ ਜਵਾਹਰ ਲਾਲ ਦੀਆਂ
ਜਿਸਨੂੰ ਸਾਰੇ ਜੱਗ ਦੀਆਂ ਅੱਖਾਂ, ਰੋ ਰੋ ਫਿਰਦੀਆਂ ਭਾਲਦੀਆਂ
ਮੋਤੀ ਲਾਲ ਦਾ ਲਾਲ ਪਿਆਰਾ, ਭਾਰਤ ਮਾਂ ਦਾ ਹੀਰਾ
ਵਿਜੇਲਕਸ਼ਮੀ ਕ੍ਰਿਸ਼ਨਾਂ ਵਰਗੀਆਂ, ਭੈਣਾਂ ਦਾ ਜੋ ਵੀਰਾ
ਇੰਦਰਾ ਗਾਂਧੀ ਵਰਗੀਆਂ ਧੀਆਂ, ਰੋ ਰੋ ਫਿਰਦੀਆਂ ਭਾਲਦੀਆਂ
ਆਓ ਲੋਕੋ ਗੱਲਾਂ ਕਰੀਏ……
ਜਿਸਦੀ ਜ਼ਿੰਦਗੀ ਜ਼ਿੰਦਗੀ ਦੇ ਗਈ, ਮੌਤ ਵੀ ਜ਼ਿੰਦਗੀ ਹੋ ਗਈ ਏ
ਜੋਤ ਜਿਦ੍ਹੇ ਮੱਥੇ ਦੀ ਹਰ ਥਾਂ, ਦੁਨੀਆਂ ਵਿਚ ਕਰ ਲੋ ਗਈ ਏ
ਦੁਨੀਆਂ ਰੋ ਰੋ ਬਾਤਾਂ ਪੌਂਦੀ, ਜਿਸਦੇ ਤੇਜ ਕਮਾਲ ਦੀਆਂ
ਆਓ ਲੋਕੋ ਗੱਲਾਂ ਕਰੀਏ……
'ਨਾ ਕੋਈ ਵੈਰੀ ਨਾ ਬਿਗਾਨਾ' ਜੋ ਦੁਨੀਆਂ ਨੂੰ ਦਸ ਗਇਆ
ਜਾਂਦਾ ਜਾਂਦਾ ਸਭ ਦੇਸ਼ਾਂ ਦੇ, ਹਿਰਦਿਆਂ ਦੇ ਵਿਚ ਵੱਸ ਗਇਆ
ਹਰ ਕੋਈ ਫਿਰੇ ਸਲਾਹੁਤਾਂ ਕਰਦਾ, ਜਿਸਦੇ ਨੇਕ ਖ਼ਿਆਲ ਦੀਆਂ
ਆਓ ਲੋਕੋ ਗੱਲਾਂ ਕਰੀਏ……
ਪੁੱਤਰ ਬਾਪੂ ਗਾਂਧੀ ਦਾ ਉਹ, ਦੂਣੀ ਮਹਕ ਖਿਲਾਰ ਗਇਆ
ਨਦੀਆਂ ਨਾਲੇ ਹੋਏ ਪਵਿੱਤਰ, ਜਿਥੇ ਹੱਡੀਆਂ ਤਾਰ ਗਇਆ
ਉਹਦੀ ਹਰ ਸਵਾਹ ਦਾ ਕਿਣਕਾ, ਕੌਮਾਂ ਫਿਰਨ ਸੰਭਾਲਦੀਆਂ
ਆਓ ਲੋਕੋ ਗੱਲਾਂ ਕਰੀਏ……
ਜੇ ਉਹ ਅਮਨ ਦੇਵਤਾ ਹੈਸੀ, ਲੋਕਾਂ ਦਾ ਵੀ ਪਿਆਰਾ ਸੀ
ਇਸ ਦੁਨੀਆਂ ਦੇ ਤਾਰਿਆਂ ਅੰਦਰ, ਓਸੇ ਦਾ ਲਿਸ਼ਕਾਰਾ ਸੀ
ਸ਼ਾਹ, ਪਿਆਦੇ ਕਰਨ ਸਲਾਹੁਤਾਂ, ਜਿਸਦੀ ਹਰ ਇੱਕ ਚਾਲ ਦੀਆਂ
ਆਓ ਲੋਕੋ ਗੱਲਾਂ ਕਰੀਏ……
ਨਾ ਉਹ ਗਇਆ ਨਾ ਛਿਪਿਆ ਕਿਧਰੇ, ਉਹ ਤੇ ਏਥੇ ਈ ਰਹੰਦਾ ਏ
ਉਹਦਾ ਝੌਲਾ ਹਰ ਸੁਫ਼ਨੇ ਵਿਚ, ਅਜੇ ਭੀ ਮੁੜ ਮੁੜ ਪੈਂਦਾ ਏ
'ਨੂਰਪੁਰੀ' ਮੁਸ਼ਕਲ ਨੇ ਮਿਲਣੀਆਂ ਰੂਹਾਂ ਉਹਦੇ ਨਾਲ ਦੀਆਂ
ਆਓ ਲੋਕੋ ਗੱਲਾਂ ਕਰੀਏ……
34. ਮੇਰੇ ਜੀਵਨ ਵਾਲੀਏ ਤਾਰੇ
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ,
ਸੁਣ ਸੁਣ ਕੇ ਕੋਈ ਜ਼ਿੰਦਗੀ ਹੋਵੇ ਜ਼ਿੰਦਗੀ ਨੂੰ ਪਰਤੀਤ ।
ਤੂੰ ਜੋ ਗੀਤ ਸੀ ਛੋਹੇ ਅੱਗੇ, ਉਹ ਸਭ ਸੁਣੇ ਸੁਣਾਏ,
ਕਈ ਸੰਖਾਂ ਤੇ ਬੰਸੀ ਵਾਲੇ, ਸੁਣ ਸੁਣ ਕੇ ਘਬਰਾਏ ।
ਕਈ ਬਾਗਾਂ ਗੁਲਜ਼ਾਰਾਂ ਦੇ ਮੂੰਹ, ਹਾਲੀ ਪਏ ਉਦਾਸੇ,
ਕਲੀਆਂ ਤੇ ਫੁੱਲਾਂ ਦੇ ਪਿੰਡੇ ਹਾਲੇ ਲਾਸੇ ਲਾਸੇ ।
ਨਾ ਲਾ ਨਾਹਰੇ ਨਾ ਦੇ ਬਾਗਾਂ, ਨਾ ਉਹ ਛਡ ਮਸੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।
ਹੁਣ ਨਹੀਂ ਉਹ ਗੀਤਾਂ ਦੀਆਂ ਲੋੜਾਂ ਸੁਣ ਸੁਣ ਸੌਣ ਸਰੋਤੇ,
ਹੇਕਾਂ ਸੁਣ ਪੱਥਰ ਹੋ ਗਾਵਣ ਇਕੋ ਥਾਂ ਖੜੋਤੇ ।
ਦੇਸ਼ ਦੀਆਂ ਕੋਇਲਾਂ ਦੇ ਬੁਲ੍ਹੀਂ ਹੁਣ ਉਹ ਕੂਕਾਂ ਭਰ ਦੇ,
ਰੂਪ ਪਿਆਰ ਜਿਨ੍ਹਾਂ ਦੇ ਹੋਵਣ ਅੱਗ ਦੀਆਂ ਨਦੀਆਂ ਤਰਦੇ ।
ਸੋਹਣੀ ਕੁੜੀ ਰਹਣ ਦੇ ਡੁੱਬੀ ਨਾ ਕਰ ਫਿਰ ਸੁਰਜੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।
ਲੋੜ ਨਹੀਂ ਹੁਣ ਓਸ ਹੀਰ ਦੀ, ਇਸ਼ਕ ਮੇਰਾ ਜੋ ਭੰਡੇ,
ਜੋ ਮੇਰੇ ਮੁੰਡਿਆਂ ਦੇ ਹੱਥੀਂ ਛਵੀਆਂ ਟੋਕੇ ਵੰਡੇ !
ਮੈਂ ਨਹੀਂ ਉਹ ਪੁਜਾਰੀ ਚਾਹੁੰਦਾ, ਬਾਹਲਿਆਂ ਮਜ੍ਹਬਾਂ ਵਾਲ,
ਦੇਵੀ ਜਾਂ ਕੋਈ ਫੁੱਲ ਚੜ੍ਹਾਵੇ, ਉਹ ਖਿਸਕਾ ਲਏ ਮਾਲਾ ।
ਚੰਦਨ ਵਰਗੀ ਦੇਹੀ ਉਪਰੋਂ ਅੰਦਰ ਕਾਲੀ ਨੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।
ਲੱਭ ਉਹ ਹੱਥ ਪਿਆਰੇ, ਨਹੁੰ-ਸੁਰਖੀ ਤੋਂ ਖ਼ਾਲੀ,
ਅਜੇ ਜਿਨ੍ਹਾਂ ਨਾ ਕੁਲੰਜੀ ਹੋਵੇ, ਖ਼ੂਨੀ ਸਮੇਂ ਦੀ ਲਾਲੀ ।
ਉਹ ਨਾਚੀ ਦੇ ਪੈਰ ਪਵਿੱਤਰ ਨਾ ਧਰਤੀ ਤੋਂ ਲੱਭੀਂ,
ਅੰਨ੍ਹੀਆਂ ਮਸਤ ਸ਼ਰਾਬਣ ਅੱਖੀਆਂ ਖ਼ੂਨੀ ਮਹੰਦੀ ਪੱਬੀਂ ।
ਹਸਦੀ ਹਸਦੀ ਮਿੱਧੀ ਜਾਵੇ ਹੱਸ-ਦੰਦਾਂ ਦੀ ਪ੍ਰੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।
ਕੁਦਰਤ ਨੇ ਇਹ ਚੰਦ ਸਿਤਾਰੇ ਏਸੇ ਲਈ ਬਣਾਏ,
ਬੰਦੇ ਦੇ ਇਸ ਅੰਨ੍ਹੇ ਮਨ ਨੂੰ ਕੁਝ ਚਾਨਣ ਦਿਸ ਆਏ ।
'ਨੂਰਪੁਰੀ' ਉਹ ਗੀਤ ਸੁਣਾ ਤੂੰ ਛੇੜ ਸਿਤਾਰ ਸੁਰੀਲੀ,
ਉਹਦਾ ਹੁਸਨ ਸੁਣੇ ਤੇ ਦੌੜੇ ਲਾਹ ਕੇ ਚੁੰਨੀ ਨੀਲੀ ।
ਜਿਸ ਨੂੰ ਲਭਦੇ ਲਭਦੇ ਤੇਰੀ ਉਮਰ ਗਈ ਹੈ ਬੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।
35. ਨਾ ਵਣਜਾਰੇ ਆਏ
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।
ਜੋ ਮੇਰੇ ਬੁਲ੍ਹਾਂ 'ਚੋਂ ਲੈ ਗਏ
ਹਸਦੇ ਹਸਦੇ ਸੰਗਾਂ ।
ਨਾ ਕੋਈ ਜਗ ਨੇ ਊਜਾਂ ਲਾਈਆਂ
ਰੋਸ ਨਾ ਕੀਤੇ ਲੋਕਾਂ ।
ਨਾ ਇਹ ਅੱਖੀਆਂ ਨੀਵੀਆਂ ਹੋਈਆਂ
ਨਾ ਕੋਈ ਦਿਸੀਆਂ ਰੋਕਾਂ ।
ਨਾ ਕੋਈ ਖੇੜਿਉਂ ਹੋਏ ਉਧਾਲੇ
ਗਿਲੇ ਨਾ ਕੀਤੇ ਝੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।
ਨਾ ਲਭਿਆ ਮਹੰਦੀ ਦਾ ਬੂਟਾ
ਟੋਲੇ ਬਾਗ ਹਜ਼ਾਰਾਂ ।
ਮਹੰਦੀ ਲੈਣ ਗਈ ਜਿਸ ਕੋਲੋਂ
ਲੈ ਸੱਈਆਂ, ਮੁਟਿਆਰਾਂ ।
ਦੁਨੀਆਂ ਦੇ ਕਈ ਰੰਗ ਵਖਾਏ
ਜਿਸ ਦਇਆਂ ਮੈਨੂੰ ਰੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।
ਨਾ ਅਖੀਆਂ ਮਿਲੀਆਂ ਅਖੀਆਂ ਨੂੰ
ਪਹਲੋਂ ਜੋ ਦਿਸ ਆਈਆਂ ।
ਜੋ ਮੇਰੇ ਨੈਣਾਂ ਦੀ ਮਸਤੀ
ਪੀ ਗਈਆਂ ਤਿਰਹਾਈਆਂ ।
ਮੈਥੋਂ ਮੈਨੂੰ ਮੰਗਣ ਆਈਆਂ
ਲੈ ਲੈ ਵੱਡੀਆਂ ਮੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।
ਨਾ ਉਹ ਕਾਲੀਆਂ ਜ਼ੁਲਫ਼ਾਂ ਡਿੱਠੀਆਂ
ਨਾ ਉਹ ਜ਼ੁਲਫ਼ਾਂ ਵਾਲੇ ।
ਕੂਲੇ ਕੂਲੇ ਹੱਥ ਫੇਰ ਕੇ
ਨਾਗ ਜਿਨ੍ਹਾਂ ਨੇ ਪਾਲੇ ।
ਮੈਨੂੰ ਜ਼ਿੰਦਗੀ ਰਹੇ ਸਮਝਦੇ
ਨਵੀਆਂ ਰੋਜ਼ ਉਮੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।
ਪਹਲੀ ਵਾਰ ਜੋ ਛੋਹੀਆਂ ਬੁੱਲ੍ਹੀਆਂ
ਸਿਮਦੀ ਸਿਮਦੀ ਲਾਲੀ ।
ਉਮਰ ਬੀਤ ਗਈ ਸਵਾਦ ਜਿਨ੍ਹਾਂ ਦਾ
ਦਸਿਆ ਗਇਆ ਨਾ ਹਾਲੀ ।
'ਨੂਰਪੁਰੀ' ਉਹ ਧੜ ਧੜ ਕਰਦੇ
ਅੰਗ ਨਾ ਛੋਹੇ ਅੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।
36. ਮੇਰਾ ਪਿਆਰ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।
ਰੂਪ ਨਾਲ ਖੇਡਣਾ ਤੇ ਨੈਣਾਂ ਨਾਲ ਬੋਲਣਾ
ਕੁਝ ਦੁੱਖ ਦੱਸਣਾ ਤੇ ਕੁਝ ਦੁੱਖ ਫੋਲਣਾ
ਜੱਗ ਨੇ ਬਣਾ ਲਈ ਹੈ ਧਾਰ ਤਲਵਾਰ ਦੀ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।
ਜ਼ਿੰਦਗੀ ਨੇ ਰਾਹ ਸੀ ਪਿਆਰ ਵਾਲਾ ਦੱਸਿਆ
ਇਕ ਪਲ ਹਾਸਾ ਨਾ ਜਵਾਨ ਹੋ ਕੇ ਹੱਸਿਆ
ਆਈ ਨਾ ਜਵਾਨੀ ਕੋਈ ਫੁੱਲਾਂ ਤੇ ਬਹਾਰ ਦੀ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।
ਚੁੱਪ ਚੁੱਪ ਵੱਸਣਾ ਤੇ ਲੁਕ ਲੁਕ ਹੱਸਣਾ
ਦੱਸਣਾ ਜੇ ਕੁਝ ਫੇਰ ਕੁਝ ਵੀ ਨਾ ਦੱਸਣਾ
ਜਿੱਤ ਨੂੰ ਸੁਣਾਈ ਜਾਣੀ ਗੱਲ ਸਦਾ ਹਾਰ ਦੀ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।
'ਨੂਰਪੁਰੀ' ਬੜਾ ਔਖਾ ਪੰਧ ਵੇ ਪ੍ਰੀਤ ਦਾ
ਜੱਗ ਨੂੰ ਕੀ ਪਤਾ ਤੇਰੀ ਜ਼ਿੰਦਗੀ ਦੇ ਗੀਤ ਦਾ
ਕੰਡਿਆਂ 'ਚ ਵੱਸੇ ਆਸ ਰੱਖੇ ਗੁਲਜ਼ਾਰ ਦੀ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।
37. ਗਿੱਧਾ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।
ਗੁਤ ਨਾ ਨੀ ਖੋਲ੍ਹੋ ਇਹਦਾ ਸੱਪ ਬਣ ਜਾਊਗਾ
ਵਾਲ ਨਾ ਨੀ ਤੋੜੋ ਕੌਣ ਟੁਟ ਗਏ ਮਿਲਾਊਗਾ
ਮੈਨੂੰ ਨਾ ਨਚਾਉ ਮੇਰਾ ਕੋਈ ਰੁਸ ਜਾਊਗਾ
ਵੀਣੀ ਨਾ ਮਰੋੜੋ ਮੇਰੇ ਚੂੜਾ ਕਿੱਥੇ ਪਾਊਗਾ
ਮੇਹਣੇ ਮਾਰੋ ਨਾ ਨੀ ਰੰਡੀਓ,
ਸਹੁਰਿਆਂ ਦਾ ਆਇਆ ਘਰ ਨਾਈ ਆ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।
ਚੂੰਢੀਆਂ ਨਾ ਵੱਢੋ ਮੈਨੂੰ ਵੱਢ ਵੱਢ ਖਾਊਗਾ
ਬਾਹਲਾ ਨਾ ਹਸਾਉ ਮੈਨੂੰ ਰੋਣ ਆ ਜਾਊਗਾ
ਲੀੜੇ ਨਾ ਨੀ ਪਾੜੋ ਮੇਰਾ ਰੂਪ ਡੁਲ੍ਹ ਜਾਊਗਾ
ਘੁੰਡ ਨਾ ਨੀ ਲਾਹੋ ਪਾਪੀ ਪਿੰਡ ਮਰ ਜਾਊਗਾ
ਮੈਨੂੰ ਨਾ ਨੀ ਛੇੜੋ ਰੰਡੀਓ,
ਖੰਘਦਾ ਦਲਾਨ ਵਿਚ ਭਾਈ ਆ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।
ਲੀੜਾ ਨਾ ਨੀ ਖਿਚੋ ਮੇਰਾ ਰੰਗ ਉਡ ਜਾਊਗਾ
ਬੂਹਾ ਨਾ ਨੀ ਢੋਵੋ ਕੋਈ ਚੰਦ ਚੜ੍ਹ ਜਾਊਗਾ
ਫੁੱਲ ਨਾ ਨੀ ਮਾਰੋ ਮੇਰਾ ਲੱਕ ਟੁਟ ਜਾਊਗਾ
ਭਾਬੀ ਨਾ ਨੀ ਆਖੋ ਮੇਰਾ ਦੇਉਰ ਰੁਸ ਜਾਊਗਾ
ਰੌਲਾ ਪਾਉ ਨਾ ਨੀ ਰੰਡੀਓ,
ਆਉਂਦਾ ਮੇਰਾ ਛੈਲ ਸਿਪਾਹੀ ਆ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।
ਮੋਰਨੀ ਨਾ ਆਖੋ ਕੋਈ ਵਾਧਾ ਵਧ ਜਾਊਗਾ
ਕੋਇਲ ਨਾ ਨੀ ਆਖੋ ਕੋਈ ਪਿੰਜਰੇ 'ਚ ਪਾਊਗਾ
ਕੂੰਜ ਨਾ ਨੀ ਆਖੋ ਮੇਰੇ ਲਹੂ ਕੋਈ ਨ੍ਹਾਊਗਾ
ਹੀਰ ਨਾ ਨੀ ਆਖੋ ਕੋਈ ਕੰਨ ਪੜਵਾਊਗਾ
ਰਾਂਝਾ ਆ ਗਇਆ ਨੀ ਰੰਡੀਓ,
ਜੇਹੜਾ ਜੱਟੀ ਹੀਰ ਦਾ ਸੌਦਾਈ ਆ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।
38. ਭੁੱਲੀ ਯਾਦ
ਵੀਣੀ ਜ਼ਰਾ ਫੜਾ ਗੋਰੀਏ, ਵੀਣੀ ਜ਼ਰਾ ਫੜਾ ।
ਮੈਂ ਇਹ ਵੰਗਾਂ ਤੋੜ ਕੇ ਵੇਖਾਂ ਨਵੀਆਂ ਦਇਆਂ ਚੜ੍ਹਾ ।
ਹੁਣ ਤੇ ਨਾਲ ਸਮੇਂ ਦੇ ਤੁਰਨਾ,
ਘੁੰਡ ਨਾ ਪਰਦਾ ਕਰਨਾ ।
ਹੁਣ ਨਾ ਬਾਹਲੇ ਸੱਕਿਆਂ ਕੋਲੋਂ
ਪਿਆਰ ਕਰਨਾ ਤੋਂ ਡਰਨਾ ।
ਜਾਗਣ ਰਾਹ ਤੇ ਜਾਗੇ ਜ਼ਿੰਦਗੀ,
ਚੂੜਾ ਇਉਂ ਛਣਕਾ, ਗੋਰੀਏ, ਵੀਣੀ ਜ਼ਰਾ ਫੜਾ ।
ਪਿਆਰ ਭਰੇ ਨੈਣਾਂ ਦੇ ਅੰਦਰ
ਭਰ ਕੋਈ ਐਸੀ ਮਸਤੀ ।
ਡਿਗ ਡਿਗ ਵਿਕੇ ਨਾ ਰਸਤੇ ਦੇ ਵਿਚ
ਪ੍ਰੀਤ ਇਹ ਐਡੀ ਸਸਤੀ ।
ਚਾਰੇ ਬਾਹਾਂ ਗਲ ਨੂੰ ਆਵਣ,
ਅੰਗ ਅੰਗ ਨਸ਼ਿਆ, ਗੋਰੀਏ, ਵੀਣੀ ਜ਼ਰਾ ਫੜਾ ।
ਹੁਣ ਡੋਲੀ ਵਿਚ ਬੈਠ ਬੈਠ ਕੇ
ਥਕ ਗਈਆਂ ਮੁਟਿਆਰਾਂ ।
ਹੁਣ ਨਹੀਂ ਚਾਂਦੀ ਦੇ ਠੀਕਰ ਲਈ
ਚੁੱਕਣਾ ਹੁਸਨ ਕਹਾਰਾਂ ।
ਹੁਣ ਨਹੀਂ ਬੱਧੇ-ਰੱਸੇ ਵਿਕਣੇ,
ਲੁਕ ਲੁਕ ਕੇ ਇਹ ਚਾ, ਗੋਰੀਏ, ਵੀਣੀ ਜ਼ਰਾ ਫੜਾ ।
ਹੁਣ ਚਹੁੰ ਨੈਣਾਂ ਵਿਚ ਖੜੋਤੇ
ਰਹ ਗਏ ਦੂਰ ਹਨੇਰੇ ।
ਹੁਣ ਜ਼ਿੰਦਗੀ ਦੇ ਇਰਦੇ ਗਿਰਦੇ
ਚਾਨਣ ਚਾਰ ਚੁਫੇਰੇ ।
'ਨੂਰਪੁਰੀ' ਇਹ ਬੰਨ੍ਹ ਨਾ ਹੋਣੇ
ਰੂਪ ਭਰੇ ਦਰਿਆ ।
ਵੀਣੀ ਜ਼ਰਾ ਫੜਾ ਗੋਰੀਏ, ਵੀਣੀ ਜ਼ਰਾ ਫੜਾ ।
39. ਕਦੀ ਜਵਾਨੀ ਰਾਂਗਲੀ
ਕਦੀ ਜਵਾਨੀ ਰਾਂਗਲੀ ਮੇਰੇ ਭਰਵੇਂ ਭਰਵੇਂ ਅੰਗ
ਕਲ੍ਹ ਚੜ੍ਹਾਈ ਪੇਕਿਆਂ ਮੇਰੀ ਅਜ ਤਿੜਕ ਗਈ ਵੰਗ
ਇਸ਼ਕ ਲਪੇਟੇ ਡੋਰੀਏ, ਰੂਪ ਪਿਆਜ਼ੀ ਰੰਗ
ਮੇਰੀ ਇੱਕੋ ਜ਼ੁਲਫ਼ ਦੇ ਮੂੰਹ ਵਿਚ ਕਈ ਹਜ਼ਾਰਾਂ ਡੰਗ
ਬਿਨ ਨਸ਼ਿਉਂ ਨਸ਼ਿਆ ਗਈ, ਤੋਰਾਂ ਮਸਤ ਮਲੰਗ
ਅੰਗ ਅੰਗ ਭਰਿਆ ਮਸਤੀਆਂ ਚਾਲ ਨਿਰਾਲੇ ਢੰਗ
ਜਾਂ ਮੈਂ ਮਾਂਗ ਸੰਵਾਰ ਲਈ, ਮੈਂ ਕਈ ਨੈਣਾਂ ਦੀ ਮੰਗ
ਨੀਵੀਆਂ ਨਜ਼ਰਾਂ ਮੇਰੀਆਂ, ਫਿਰਦੀਆਂ ਇਉਂ ਨਿਸ਼ੰਗ
ਕਈ ਪਵਾੜੇ ਪਾ ਗਈ ਮੇਰੀ ਹਸਦੀ ਹਸਦੀ ਸੰਗ
ਮੈਂ ਖੇੜੀਂ ਸੰਨ੍ਹਾਂ ਮਾਰੀਆਂ, ਕਈ ਉਜਾੜੇ ਝੰਗ ।
40. ਇਹ ਕੀ ਕਰਦਾ
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।
ਰੋਜ਼ ਰੋਜ਼ ਦੇ ਲੋਕ-ਤਮਾਸ਼ੇ
ਇਕੋ ਵਾਰ ਮੁਕਾ ਦੇ ।
ਜਾਂ ਇਹ ਅੱਗ ਬੁਝਾ ਦੇ ਧੁਖਦੀ,
ਜਾਂ ਭਾਂਬੜ ਭੜਕਾ ਦੇ ।
ਤੂੰ ਜੱਗ ਕੋਲੋਂ ਪਰਦੇ ਰਖਦਾ,
ਤਾਹੀਓਂ ਤੇ ਦੁਖ ਜਰਦਾ ।
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।
ਫੁੱਲਾਂ ਦੇ ਮੂੰਹਾਂ ਤੇ ਲਾਲੀ
ਜਾਂ ਹਸਦੀ ਕੁਝ ਤੱਕੀ ।
ਸੂਲਾਂ ਬਣ ਬਣ ਉੱਠ ਖੜੋਤੀ,
ਕੁਦਰਤ ਜ਼ਰ ਨਾ ਸੱਕੀ ।
ਅਪਣਾ ਆਪ ਵਿਖਾ ਕੇ ਪਹਲੋਂ
ਦੋਸ਼ ਕਿਸੇ ਸਿਰ ਧਰਦਾ ।
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।
ਬੇਸਮਝੀ ਵਿਚ ਨਿਕੀ ਜਹੀ ਗੱਲ
ਲੰਮੀ ਕਰ ਲਈ ਬਾਹਲੀ ।
ਦਿਲ ਦੇ ਭੇਤ ਉਜਾਗਰ ਕੀਤੇ,
ਸਾਰੇ ਕਾਹਲੀ ਕਾਹਲੀ ।
ਅੱਖੀਆਂ ਰੋਣੋਂ ਰਹ ਨਾ ਸਕੀਆਂ
ਹੁਣ ਕਿਉਂ ਹੌਕੇ ਭਰਦਾ ।
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।
ਤੂੰ ਤੇ ਕਰੇਂ ਪਿਆਰਾਂ ਦੀ ਗੱਲ
ਲੋਕ ਕਹਣ ਬਦਨਾਮੀ ।
ਏਥੇ ਪਿਆਰ ਦੀਆਂ ਕੀ ਗੱਲਾਂ
ਜਾਨਣ ਬੰਦੇ ਕਾਮੀ ।
ਸੋਨੇ ਰੂਪ ਦੇ ਝਗੜੇ ਦੇ ਵਿਚ
'ਨੂਰਪੁਰੀ' ਕਿਉਂ ਮਰਦਾ ?
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।
41. ਨਾ ਹੋ ਉਹਲੇ
ਹੁਣ ਨਹੀਂ ਉਹਲੇ ਹੋਇਆਂ ਮੁਕਣੀ,
ਹੁਣ ਨਾ ਉਹਲੇ ਹੋ ਓਏ ਯਾਰ ।
ਘੁੰਗਟ-ਵਾਲਿਆ, ਘੁੰਗਟ ਲਾਹ ਦੇ
ਕਰ ਦੁਨੀਆਂ ਤੇ ਲੋ ਓਏ ਯਾਰ ।
ਦੋਂਹ ਨੈਣਾਂ ਵਿਚ ਵੱਸ ਕੇ ਪਹਲੋਂ,
ਹੁਣ ਨਾ ਨੈਣ ਲੁਕੋ ਓਏ ਯਾਰ ।
'ਨੂਰਪੁਰੀ' ਦੇ ਦਰਦ ਵੇਖ ਜਾ,
ਕੁਝ ਚਿਰ ਕੋਲ ਖਲੋ ਓਏ ਯਾਰ ।
ਸੂਰਤ ਉਹੀਓ, ਪਿੰਜਰ ਉਹੀਓ,
ਉਹੀਓ ਈ ਮਹਫ਼ਲ ਯਾਰਾਂ ਦੀ ।
ਸੁਹਲ ਕਲਾਈ ਗਲ ਨੂੰ ਆਈ,
ਮੋੜ ਦਿਤੀ ਮੁਟਿਆਰਾਂ ਦੀ ।
ਛਣਕ ਸੁਣੇ ਤੇ ਡਰਦਾ ਜਿਊੜਾ,
ਚੂੜੇ ਦੇ ਛਣਕਾਰਾਂ ਦੀ ।
'ਨੂਰਪੁਰੀ' ਨੇ ਮਹੰਦੀ ਸਮਝੀ,
ਨਿਕਲੀ ਅੱਗ ਅੰਗਿਆਰਾਂ ਦੀ ।
ਵਗਦੇ ਰਾਹ ਸਭ ਰਹ ਗਏ ਉਥੇ
ਮੋੜ ਨਾ ਪਾਇਆ ਰਾਹੀਆਂ ਨੇ ।
ਘੁੰਗਟ ਵਿਚ ਲਕੋਈਆਂ ਸ਼ਰਮਾਂ,
ਹੁਣ ਸਭ ਸ਼ਰਮਾਂ ਲਾਹੀਆਂ ਨੇ ।
ਜ਼ੁਲਫ਼ਾਂ ਗੁੰਦੀਆਂ ਗਲ ਵਿਚ ਪਈਆਂ
ਨਾ ਗੁੰਦੀਆਂ ਨਾ ਵਾਹੀਆਂ ਨੇ ।
'ਨੂਰਪੁਰੀ' ਜਿੰਦ ਤੜਫਨ ਲਗੀ,
ਫਾਹੀ ਜਦ ਦੀਆਂ ਫਾਹੀਆਂ ਨੇ ।
ਬੇ-ਪਰਵਾਹ ਦੇ ਨਾਲ ਯਰਾਨਾ,
ਵੇਖਣ ਨੂੰ ਜੀ ਕਰਦਾ ਏ ।
ਆਂਢ ਗੁਆਂਢੀ ਵੇਹੜਾ ਭਰਮੀ,
ਪੈਰ ਪੈਰ ਜੀ ਡਰਦਾ ਏ ।
ਹੁਸਨ ਜਵਾਨੀ ਦੋਨੋ ਖੁੰਝ ਗਏ,
ਹਡ ਹਡ ਜਾਂਦਾ ਗਰਦਾ ਏ ।
'ਨੂਰਪੁਰੀ' ਉਹ ਬੂਹਾ ਢੋ ਕੇ,
ਬੈਠਾ ਅਪਣੇ ਘਰ ਦਾ ਏ ।
42. ਤਿਰਹਾਈਆਂ
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।
ਲੱਖਾਂ ਪਿਆਰ ਨਸ਼ੇ ਵਿਚ ਭਿੱਜੇ,
ਲੱਖਾਂ ਬੇਪਰਵਾਹੀਆਂ ।
ਅਖੀਆਂ ਵੇਖਣ, ਨਜ਼ਰਾਂ ਬੋਲਣ,
ਬੁਲ੍ਹ ਰਹਣ ਚੁਪ ਕੀਤੇ ।
ਪਿਆਰ ਤੇਰੇ ਦਾ ਮਜ਼੍ਹਬ ਨਾ ਕੋਈ,
ਇਹ ਮਜ਼੍ਹਬ ਬੇ-ਪਰਤੀਤੇ ।
ਲੱਖਾਂ ਇਸ਼ਕ ਤੇਰੇ ਦਰ ਢੁੱਕੇ,
ਜਾਂ ਤੂੰ ਜ਼ੁਲਫ਼ਾਂ ਵਾਹੀਆਂ ।
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।
ਨਾ ਕੋਈ ਰੰਗ ਰੂਪ ਦਾ ਝਗੜਾ
ਤੇਰੇ ਇਰਦੇ ਗਿਰਦੇ ।
ਸ਼ਾਹ ਫ਼ਕੀਰ ਅਨੇਕਾਂ ਤੇਰੇ
ਨਖ਼ਰੇ ਚੁੱਕੀ ਫਿਰਦੇ ।
ਕਈ ਹੁਸਨਾਂ ਨੇ ਖ਼ਾਕ ਤੇਰੀ ਨੂੰ
ਮਲਿਆ ਵਾਂਗ ਸੁਦਾਈਆਂ ।
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।
ਤੇਰਾ ਰੂਪ ਕਿਨ੍ਹੇ ਨਾ ਡਿੱਠਾ,
ਤੇਰੇ ਰੂਪ ਹਜ਼ਾਰਾਂ ।
ਤੇਰੇ ਰੂਪ 'ਚ ਰੰਗੀਆਂ ਹੋਈਆਂ
ਜਗ ਦੀਆਂ ਕੁਲ ਗੁਲਜ਼ਾਰਾਂ ।
ਲੱਖਾਂ ਦੇ ਘੁੰਡ ਚੁਕੇ ਰਹ ਗਏ
ਤੂੰ ਨਾ ਨਜ਼ਰਾਂ ਪਾਈਆਂ ।
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।
ਪਿਆਰ ਤੇਰੇ ਦੀ ਗੂੜ੍ਹੀ ਰੰਗਣ
ਜਿਸ ਨੂੰ ਹੈ ਚੜ੍ਹ ਜਾਂਦੀ,
ਉਹਦੇ ਨੈਣ ਵੇਖਣ ਨੂੰ ਤੇਰੀ
ਦੁਨੀਆਂ ਹਾੜੇ ਪਾਂਦੀ ।
ਉਹਦੇ ਇਸ਼ਕ ਝਨਾਂ ਵਿਚ ਡੁਬ ਕੇ
ਰਹੀਆਂ ਕਈ ਤਿਰਹਾਈਆਂ ।
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।
43. ਇੱਕੋ ਗੱਲ ਚੂੜੀਆਂ ਦੀ
(ਦੋ ਗਾਣਾ)
ਔਰਤ:- ਇੱਕੋ ਗੱਲ ਚੂੜੀਆਂ ਦੀ
ਉਹ ਭੀ ਮੰਨੀ ਨਾ ਮੇਰੀ ਤੂੰ ਸਰਦਾਰਾ
ਵੇ ਘਰ ਬਾਰ ਸਾਂਭ ਆਪਣਾ
ਮੇਰਾ ਹੋਣਾ ਨਹੀਂ ਵੇ ਏਸ ਥਾਂ ਗੁਜ਼ਾਰਾ
ਮਰਦ:- ਨੀ ਐਡੀਆਂ ਨਾ ਕਰ ਕਾਲ੍ਹੀਆਂ
ਘਰ ਨਰਮਾ ਆਉਣ ਦੇ ਮੇਰਾ
ਹੀਰਿਆਂ ਦੇ ਨਗ ਲਾ ਕੇ
ਚੂੜਾ ਸੋਨੇ ਦਾ ਘੜਾ ਦਇਆਂ ਤੇਰਾ
ਔਰਤ:- ਵੇ ਤੇਰੇ ਘਰ ਆਈ ਜਦ ਦੀ
ਹੋਇਆ ਇਕ ਵੀ ਸ਼ੌਕ ਨਾ ਪੂਰਾ
ਥੱਕ ਗਈ ਪਕਾਂਦੀ ਟਿੱਕੀਆਂ
ਮਿੱਟੀ ਹੋ ਗਈ ਛਾਣਦੀ ਬੂਰਾ
ਮਰਦ:- ਨੀ ਵੇਖ ਤੇ ਸਹੀ ਬਾਹਰ ਜਾ ਕੇ
ਤੇਰੇ ਰੂਪ ਤੋਂ ਗੋਰੀਆਂ ਛਲੀਆਂ
ਖਿੜ ਖਿੜ ਖੇਤ ਹੱਸਦੇ
ਕਿਤੇ ਜਾਣ ਨਾ ਜਵਾਨੀਆਂ ਝੱਲੀਆਂ
ਔਰਤ:- ਵੇ ਇਕ ਦਿਨ ਖੇਤ 'ਚ ਗਈ
ਮੈਨੂੰ ਵੇਖ ਕੇ ਸਰ੍ਹੋਂ ਦੇ ਫੁੱਲ ਹੱਸ ਪਏ
ਬਾਜਰੇ ਦੇ ਸਿੱਟਿਆਂ ਵਿਚੋਂ
ਕਿਤੇ ਮੀਂਹ ਮੋਤੀਆਂ ਦੇ ਵੱਸ ਪਏ
ਮਰਦ:- ਨੀ ਜਿੰਨੀਆਂ ਵੀ ਰੂਪ ਵਾਲੀਆਂ
ਤੇਰੇ ਰੂਪ ਦਾ ਭਰਦੀਆਂ ਪਾਣੀ
ਮੈਨੂੰ ਰਾਜਾ ਕਹਣ ਪਿੰਡ ਦਾ
ਤੈਨੂੰ ਕਹੰਦੀਆਂ ਰੂਪ ਦੀ ਰਾਣੀ
ਔਰਤ:- ਵੇ ਲੰਬੜਾਂ ਦੀ ਨੌਂਹ ਵੇਖ ਖਾਂ
ਸੋਨੇ ਨਾਲ ਵੇ ਲੱਦੇ ਅੰਗ ਸਾਰੇ
ਸੁੱਚੇ ਸੁੱਚੇ ਮੋਤੀਆਂ ਦੇ
ਉਹਦੇ ਲੌਂਗ 'ਚ ਪੈਣ ਲਸ਼ਕਾਰੇ
ਮਰਦ:- ਨੀ ਘਰ ਵਿਚ ਪੰਜ ਬੂਰੀਆਂ
ਪੀ ਦੁੱਧ, ਖਾਹ ਮੱਖਣ ਮਲਾਈਆਂ
ਕਿਸੇ ਕੋਲੋਂ ਪੁਛ ਤੇ ਸਹੀ
ਕਿਵੇਂ ਤੇਰੇ ਤੇ ਲਾਲੀਆਂ ਆਈਆਂ ।
44. ਚੱਲੇ ਮੇਰਾ ਗੋਪੀਆ
ਚੱਲੇ ਮੇਰਾ ਗੋਪੀਆ ਨੀ ਚੱਲੇ
ਬੱਲੇ ਬੱਲੇ ਨੀ ਬੱਲੇ ਬੱਲੇ
ਨਾਲ ਘੁਮ ਘੁਮ ਜਾਣ ਵੈਰੀ ਵਟ ਵਲ ਖਾਣ
ਮੇਰੀ ਜਾਲੀ ਦੇ ਦੁਪੱਟੜੇ ਦੇ ਪੱਲੇ
ਚੱਲੇ ਮੇਰਾ ਗੋਪੀਆ……
ਉਡੀ ਉਡੀ ਜਾਵਾਂ ਨੀ ਮੈਂ ਗੋਪੀਆ ਘੁਮਾਵਾਂ
ਇੱਕੋ ਹੀ ਘੁਮਾਟੇ ਵਿਚ ਸੌ ਸੌ ਵਲ ਖਾਵਾਂ
ਸੁਣ ਸੁਣ ਘੂਕਰਾਂ ਤੇ ਸੂਕਰਾਂ ਦੁਪੱਟੇ ਦੀਆਂ
ਪੰਛੀਆਂ ਦੇ ਸਾਹ ਸੁਕ ਚੱਲੇ
ਚੱਲੇ ਮੇਰਾ ਗੋਪੀਆ……
ਮੇਰੀ ਗੁੱਤ ਨਾਲੋਂ ਲੰਮੇ ਸਾਡੇ ਬਾਜਰੇ ਦੇ ਸਿੱਟੇ
ਸੁੱਚੇ ਮੋਤੀਆਂ ਤੋਂ ਸੋਹਣੇ ਨਾਲ ਦਾਣੇ ਚਿੱਟੇ ਚਿੱਟੇ
ਗੋਰੀਆਂ ਨੇ ਬਾਹਵਾਂ, ਉਤੇ ਵੰਗਾਂ ਸੱਤਰੰਗੀਆਂ
ਤੇ ਵਸ ਨਾ ਸਪੇਰਿਆਂ ਦਾ ਚੱਲੇ
ਚੱਲੇ ਮੇਰਾ ਗੋਪੀਆ……
ਇਕ ਛਾਲ ਦੂਜੀ ਛਾਲ ਛਾਲਾਂ ਉਤੇ ਛਾਲਾਂ
ਮਹੰਦੀ ਵਾਲੇ ਪੈਰ ਮਾਰ ਮਾਰ ਅਗ ਬਾਲਾਂ
ਹਰਨੀਆਂ ਦੀ ਡਾਰ ਦੇ ਦੁਪੱਟੇ ਲਹਕੇ ਵਾਰੋ ਵਾਰੀ
ਪੰਛੀਆਂ ਦੇ ਨਾਲ ਉਡ ਚੱਲੇ
ਚੱਲੇ ਮੇਰਾ ਗੋਪੀਆ……
45. ਦਿਓਰ ਦੀ ਜਵਾਨੀ ਨੇ
ਦਿਓਰ ਦੀ ਜਵਾਨੀ ਨੇ, ਸਾਡੇ ਰੂਪ ਨੂੰ ਬੜਾ ਕਲਪਾਇਆ
ਛਮ ਛਮ ਰੋਣ ਅਖੀਆਂ, ਛੁੱਟੀ ਮਾਹੀ ਨਾ ਅਜੇ ਘਰ ਆਇਆ
ਤੇਰਿਆਂ ਸ਼ਰੀਕਾਂ ਨੇ, ਸਾਰਾ ਪਿੰਡ ਚਾੜ੍ਹਿਆ ਸਿਰ ਮੇਰੇ
ਨਜ਼ਰਾਂ ਨੂੰ ਜਾਣ ਫੂਕਦੇ, ਕਹੰਦੇ ਲਾਲ ਘਗਰੇ ਦੇ ਘੇਰੇ
ਜਾਂ ਮੈਂ ਲੰਘਾਂ ਘੁੰਡ ਕੱਢ ਕੇ, ਕਹਣ ਚੰਦ ਬਦਲੀ ਹੇਠਾਂ ਆਇਆ
ਦਿਓਰ ਦੀ ਜਵਾਨੀ ਨੇ……
ਰਤੀ ਕੁ ਸੰਧੂਰ ਭੁੱਕ ਕੇ ਪਾਇਆ ਲੌਂਗ ਜਾਂ ਬੁਰਜੀਆਂ ਵਾਲਾ
ਰੋਟੀ ਲੈ ਕੇ ਖੇਤ ਨੂੰ ਚਲੀ, ਉਤੇ ਲੈ ਕੇ ਡੋਰੀਆ ਕਾਲਾ
ਘਰ ਘਰ ਅਗ ਲਗ ਗਈ, ਜਾਂ ਮੈਂ ਘੁੰਡ ਨੂੰ ਜ਼ਰਾ ਸਰਕਾਇਆ
ਦਿਓਰ ਦੀ ਜਵਾਨੀ ਨੇ……
ਅੰਬੀਆਂ ਦਾ ਰੰਗ ਵੇਖ ਕੇ, ਭੂਏ ਹੋ ਗਈ ਜਵਾਨੀ ਮੇਰੀ
ਇਕ ਰਾਤ ਘਰ ਔਣ ਦੀ ਚਿਠੀ ਆਈ ਨਾ ਵੈਰੀਆ ਤੇਰੀ
ਫੁੱਲਾਂ ਨਾਲ ਰੁਖ ਭਰ ਗਏ, ਸਾਡਾ ਸਖਣਾ ਰੂਪ ਕੁਮਲਾਇਆ
ਦਿਓਰ ਦੀ ਜਵਾਨੀ ਨੇ……
ਗੋਰੇ ਗੋਰੇ ਹਥ ਰੇਸ਼ਮੀ, ਮਹੰਦੀ ਰੰਗਲੀ ਵੇਖ ਕੇ ਝੁਰਦੇ
ਝਾਂਜਰਾਂ ਤੋਂ ਪੈਰ ਸੱਖਣੇ ਅੱਡੀ ਮਾਰ ਨਾ ਗਲੀ ਵਿਚੋਂ ਤੁਰਦੇ
ਮੂੰਹ ਤੇ ਉਦਾਸ ਲਾਲੀਆਂ, 'ਨੂਰਪੁਰੀ' ਨੇ ਵਿਛੋੜਾ ਪਾਇਆ
ਦਿਓਰ ਦੀ ਜਵਾਨੀ ਨੇ……
46. ਸਜਣ ਤੇਰੀ ਨੌਕਰ
ਸਜਣ ਤੇਰੀ ਨੌਕਰ, ਨੌਕਰ ਹੋ ਹੋ ਰਹੀਆਂ
ਅਖੀਆਂ ਰੋ ਰੋ ਰਾਹਾਂ ਵੇਖਣ
ਤੂੰ ਖਬਰਾਂ ਨਾ ਲਈਆਂ
ਸਜਣ ਤੇਰੀ ਨੌਕਰ……
ਪਾਗਲ ਦਿਲ ਨੂੰ ਕੀ ਸਮਝਾਵਾਂ
ਕਿਵੇਂ ਵਿਲਕੇ ਕਿਵੇਂ ਵਰਾਵਾਂ
ਖੁਲ੍ਹ ਖੁਲ੍ਹ ਜ਼ੁਲਫ਼ਾਂ ਨ੍ਹੇਰ ਮਚਾਇਆ
ਅਖੀਆਂ ਓਦਰ ਗਈਆਂ
ਸਜਣ ਤੇਰੀ ਨੌਕਰ……
ਦੁਨੀਆਂ ਵੇਖੀ ਦੁਨੀਆਂ ਵਾਲੇ
ਉਪਰੋਂ ਗੋਰੇ ਅੰਦਰੋਂ ਕਾਲੇ
ਇਹ ਹੰਝੂਆਂ ਦੇ ਆਸੇ ਪਾਸੇ
ਕਈ ਧੂਲਾਂ ਨੇ ਪਈਆਂ
ਸਜਣ ਤੇਰੀ ਨੌਕਰ……
ਨਾ ਲਾ ਸਜਣਾ ਬਾਹਲੇ ਲਾਂਬੂ
ਜੇ ਬਲ ਉਠਿਆ ਕੇਹੜਾ ਸਾਂਭੂ
'ਨੂਰਪੁਰੀ' ਮੈਂ ਤੇਰੀ ਹੋਈ
ਤੇਰੇ ਤੋਂ ਵਿਕ ਗਈਆਂ
ਸਜਣ ਤੇਰੀ ਨੌਕਰ……
47. ਗਜਰੇ
ਗਜਰੇ ਵਿਕਣੇ ਆ ਗਏ ਹੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
ਪੇਕਿਆਂ ਦੇ ਪਿੰਡ ਦੇ ਹੋਏ ਪੁਰਾਣੇ
ਸੌਹਰਿਆਂ ਦੇ ਨਵੇਂ ਨਕੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
ਆਸੇ ਪਾਸੇ ਚੰਦ ਕੋਈ ਚੜ੍ਹਿਓ ਏ
ਵਿਚ ਕਈ ਮਸਤ ਚਕੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
ਵੇਚਣ ਵਾਲਾ ਭੋਲਾ ਭਾਲਾ
ਵੇਖਣ ਵਾਲੇ ਚੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
ਉਹ ਪਰਦੇਸੀ ਜੀ ਨਹੀਂ ਲਭਦਾ
ਕੀ ਸਸੜੀ ਤੇ ਜ਼ੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
ਸਾਵਨ ਦੀ ਰੁਤ ਪੈਲਾਂ ਪਾਵਣ
ਮੋਰਨੀਆਂ ਘਰ ਮੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
ਦੇ ਕੇ ਪਰੀਬੰਦ ਚੋਰੀਂ ਲੈ ਲੈ
ਦੇਣ ਦੁਹਾਈਆਂ ਬੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
ਸਕੀਆਂ ਨਨਾਣਾਂ ਲੁਕ ਲੁਕ ਵੇਖਣ
ਪਲ ਪਲ ਲਾਣ ਟਕੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
'ਨੂਰਪੁਰੀ' ਜਾਹ ਮੈਂ ਨਹੀਂ ਲੈਣੇ
ਘਰ ਵਿਚ ਮਚਦਾ ਈ ਸ਼ੋਰ
ਨੀ ਗਜਰੇ ਵਿਕਣੇ ਆ ਗਏ ਹੋਰ ।
48. ਸੌਹਰੇ ਜਾਂਦੀ ਦੇ
(ਦੋ ਗਾਣਾ)
ਔਰਤ-ਸੁੱਚੇ ਫੁੱਲ ਵੇ ਪਰਾਂਦੀ ਦੇ
ਘਗਰੇ ਤੇ ਜਾਣ ਨਚਦੇ
ਮੇਰੇ ਸੌਹਰੇ ਜਾਂਦੀ ਦੇ ।
ਮਰਦ-ਨੀ ਤੇਰੇ ਧੁਪ ਵਿਚ ਜਾਂਦੀ ਦੇ
ਧੌਣ ਉਤੇ ਆ ਨੀ ਗਏ
ਕੋਈ ਮੁੜ੍ਹਕੇ ਚਾਂਦੀ ਦੇ ।
ਔਰਤ-ਮੇਰਾ ਸੁਹਜ ਜਵਾਨੀ ਦਾ
ਗੋਰੀ ਗੋਰੀ ਧੌਣ ਉਤੇ
ਲਸ਼ਕਾਰਾ ਗਾਨੀ ਦਾ ।
ਮਰਦ-ਕੋਈ ਖਿਲਰ ਨਾ ਅਗ ਜਾਵੇ
ਮੇਰੇ ਕੋਲੋਂ ਘੁੰਡ ਕਢ ਲੈ
ਤੈਨੂੰ ਨਜ਼ਰ ਨਾ ਲਗ ਜਾਵੇ ।
ਔਰਤ-ਲਾਲੀ ਕੁੜੀਆਂ ਤੇ ਔਣ ਲਗੀ
ਮੋਤੀਆਂ ਦਾ ਭਰਿਆ ਹੋਇਆ
ਜਦੋਂ ਲੌਂਗ ਮੈਂ ਪੌਣ ਲਗੀ ।
ਮਰਦ-ਇਹ ਨਹੀਂ ਪਿਆਰ ਦਿਖਾਵੇ ਦਾ
ਰਾਹਾਂ ਵਿਚ ਡੁਲ੍ਹਦਾ ਫਿਰੇ
ਸਾਡਾ ਚਾ ਮੁਕਲਾਵੇ ਦਾ ।
ਦੋਨੋ-ਇਸ ਜਗ ਤੋਂ ਬਚਾਈਂ ਵੇ ਰਬਾ
ਸਾਡਿਆਂ ਪਿਆਰਾਂ ਨੂੰ
ਕੋਈ ਨਜ਼ਰ ਨਾ ਲਾਈਂ ਵੇ ਰਬਾ ।
49. ਜਾਂ ਸਜਣਾਂ ਘਰ ਆਈਆਂ
ਅਖੀਆਂ ਰੰਗੀਆਂ ਗਈਆਂ,
ਜਾਂ ਸਜਣਾਂ ਘਰ ਆਈਆਂ ।
ਕਲ੍ਹ ਰੋਈਆਂ ਭਰ ਭਰ ਡਸਕੋਰੇ
ਕਰ ਕਰ ਕੇ ਸਜਣਾਂ ਦੇ ਝੋਰੇ
ਅਜ ਰੰਗ ਰਤੜੇ ਨੈਣ ਗੁਲਾਬੀ
ਮੋਤੀਆਂ ਵਰਗੇ ਹੋਠ ਉਨਾਬੀ
ਤਕ ਤਕ ਦੇਣ ਦੁਹਾਈਆਂ
ਅਖੀਆਂ ਰੰਗੀਆਂ ਗਈਆਂ……
ਥੋੜ੍ਹੇ ਅੱਥਰੂ ਬਾਹਲੇ ਹਾਸੇ
ਅਖੀਆਂ ਵਿਚ ਅਖੀਆਂ ਦੇ ਵਾਸੇ
ਚਾਵਾਂ ਭਰਿਆ ਸਾਰਾ ਵੇਹੜਾ
ਖ਼ੁਸ਼ੀਆਂ ਭਰਿਆ ਸਾਰਾ ਖੇੜਾ
ਭੁਲ ਗਈਆਂ ਚਤਰਾਈਆਂ
ਅਖੀਆਂ ਰੰਗੀਆਂ ਗਈਆਂ……
ਦਿਲ ਦੀਆਂ ਜਾਨਣ ਵਾਲੇ ਆਏ
ਵਿਛੜੇ ਹਾਸੇ ਨਾਲ ਲਿਆਏ
ਵੇਖ ਵੇਖ ਕੇ ਦਿਲ ਨਾ ਰਜਦਾ
ਪਲ ਪਲ ਵੇਖਣ ਉਠ ਉਠ ਭਜਦਾ
ਹੋ ਗਈ ਵਾਂਗ ਸੁਦਾਈਆਂ
ਅਖੀਆਂ ਰੰਗੀਆਂ ਗਈਆਂ……
ਚੁਪ ਕਰ ਜਾਵਾਂ ਫੇਰ ਬੁਲਾਵਾਂ
ਥੋੜ੍ਹਾ ਬੋਲਾਂ ਬਹੁਤ ਬੁਲਾਵਾਂ
'ਨੂਰਪੁਰੀ' ਸਜਣਾਂ ਬਿਨ ਜੀਣਾ
ਖ਼ੂਨ ਜਿਗਰ ਦਾ ਪਲ ਪਲ ਪੀਣਾ
ਜਗ ਨੇ ਲੀਕਾਂ ਲਾਈਆਂ
ਅਖੀਆਂ ਰੰਗੀਆਂ ਗਈਆਂ……
50. ਲੰਘ ਆਈ
ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਪਿੰਡ ਦੀ ਆ ਗਈ ਜੂਹ ਵੇ
ਘੁੰਡ ਨਾ ਚੁਕ ਵੈਰੀਆ
ਹੋਰ ਨਾ ਸ਼ਰੀਕਾਂ ਨੂੰ ਲੂਹ ਵੇ ।
ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਲਾਗੇ ਆ ਗਇਆ ਘਰ ਵੇ
ਘੁੰਡ ਨਾ ਚੁਕ ਵੈਰੀਆ
ਪਾਪੀ ਪਿੰਡ ਜਾਊ ਮਰ ਵੇ ।
ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਲੰਬੜਾਂ ਦਾ ਲੰਘ ਆਈ ਦਰ ਵੇ
ਮੈਂ ਲੰਘ ਗਈ ਵੈਰੀਆ
ਡੋਰੀਆ ਨਾ ਸਿਰ ਤੇ ਧਰ ਵੇ ।
ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਲੰਘ ਆਈ ਪਿੰਡ ਸਾਰਾ
ਐਵੇਂ ਨਾ ਝਿੜਕ ਵੈਰੀਆ
ਰਹ ਜਾਊ ਦਿਉਰ ਕਵਾਰਾ ।
ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਮੈਂ ਆ ਗਈ ਵਿਚ ਵੇਹੜੇ
ਮਰ ਜਾਣਗੇ ਵੈਰੀਆ
ਲੋਕ ਸੜਨਗੇ ਜੇਹੜੇ ।
ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਹੁਣ ਬਣ ਆਈ ਘਰ ਵਾਲੀ
ਆ ਵੇਖ ਲੈ ਵੈਰੀਆ
ਹਸਦੀ ਚੰਬੇ ਦੀ ਡਾਲੀ ।
51. ਹੋਰ ਰੰਗ ਹੋਰ ਹੋ ਗਇਆ
ਨੀ ਏਹਦਾ ਘੜੀ ਘੜੀ ਪਲ ਪਲ ਹੋਰ ਨੀ, ਹੋਰ ਰੰਗ ਹੋਰ ਹੋ ਗਇਆ
ਚਿੱਤ ਲੈ ਗਇਆ ਚੁਰਾਕੇ ਚਿੱਤ ਚੋਰ ਨੀ, ਹੋਰ ਰੰਗ ਹੋਰ ਹੋ ਗਇਆ ।
ਇਹਨੂੰ ਮਿੱਠੀਆਂ ਔਣ ਤਰੇਲੀਆਂ, ਦਿਲ ਧੜਕੇ ਈ ਧੜਕੇ
ਇਹ ਤੇ ਪੁਗਦੀ ਪੁਗਦੀ ਹਾਰ ਗਈ ਗੱਲ ਰੜਕੇ ਈ ਰੜਕੇ
ਇਹਦੀ ਡਿਗਦੀ ਡਿਗਦੀ ਤੋਰ ਨੀ, ਹੋਰ ਰੰਗ ਹੋਰ ਹੋ ਗਇਆ ।
ਇਹਦੇ ਅੰਗ ਅੰਗ ਕੰਬਣੀ ਛਿੜ ਗਈ, ਉਠੀਆਂ ਝਰਨਾਟਾਂ
ਇਹਦੇ ਨੈਣ ਨਸ਼ੀਲੇ ਭੁਲ ਗਏ, ਤਕ ਲੰਮੀਆਂ ਵਾਟਾਂ
ਇਹਦੇ ਪਿਆਰ ਦਾ ਮੱਚ ਗਇਆ ਸ਼ੋਰ ਨੀ, ਹੋਰ ਰੰਗ ਹੋਰ ਹੋ ਗਇਆ ।
ਇਹਦੇ ਹੱਥੀਂ ਕੰਬਦੀਆਂ ਵੰਗੜੀਆਂ, ਨੀ ਇਦ੍ਹਾ ਰੂਪ ਸੁਦਾਈ
ਅੱਜ ਸ਼ਰਮਾਂ ਦੇ ਵਿਚ ਡੁਬ ਗਈ, ਇਕ ਇਕ ਅੰਗੜਾਈ
ਇਹ ਤੇ ਆਪੇ ਈ ਬਣ ਗਈ ਚੋਰ ਨੀ, ਹੋਰ ਰੰਗ ਹੋਰ ਹੋ ਗਇਆ ।
ਇਹਦੀ ਮਾਲਾ ਦੇ ਉਲਝ ਗਏ, ਆਪੇ ਵਿਚ ਮਣਕੇ
ਅੱਜ ਪੈਰੀਂ ਛਣਕ ਪਾਜ਼ੇਬ ਦੀ ਨਾ ਬੋਲੇ ਨਾ ਛਣਕੇ
ਅੱਜ ਝੜ ਝੜ ਪੈਂਦੇ ਬੋਰ ਨੀ, ਹੋਰ ਰੰਗ ਹੋਰ ਹੋ ਗਇਆ ।
ਇਹਨੇ ਅੱਜ ਹੀ ਖੇਡਾਂ ਖੇਡੀਆਂ, ਜੱਗ ਤੋਂ ਡਰ ਡਰ ਕੇ
ਇਹ ਕਜਲਾ ਸਹਮਿਆਂ ਸਹਮਿਆਂ ਜਾਦੂ ਕਰ ਕਰ ਕੇ
ਕੋਈ ਮਿਲ ਗਇਆ ਜਾਦੂ ਖੋਰ ਨੀ, ਹੋਰ ਰੰਗ ਹੋਰ ਹੋ ਗਇਆ ।
52. ਨੀ ਨਣਦੇ
ਨੀ ਨਣਦੇ ਨੀ ਸ਼ੌਂਕਣ ਨਣਦੇ, ਲਾਹ ਸਿੱਟ ਗਲ ਦੀ ਗਾਨੀ ਨੀ
ਅਜੇ ਨਾ ਨੈਣੀ ਕਜਲਾ ਪਾ ਪਾ, ਚਾੜ੍ਹ ਨਾ ਤੀਰ ਕਮਾਨੀ ਨੀ ।
ਨੀ ਨਣਦੇ ਨੀ ਹਰਨੀਏ ਨਣਦੇ, ਨਾ ਤੁਰ ਕਾਹਲੀਆਂ ਤੋਰਾਂ ਨੀ
ਅਜੇ ਨਾ ਲਾ ਚੁੰਨੀਆਂ ਨੂੰ ਮੋਤੀ, ਵਟ ਵਟ ਸੁੱਚੀਆਂ ਡੋਰਾਂ ਨੀ ।
ਨੀ ਨਣਦੇ ਨੀ ਅਲ੍ਹੜ ਨਣਦੇ, ਨਾ ਡਾਹ ਪਲੰਘ ਰੰਗੀਲੇ ਨੀ
ਲਾਟਾਂ ਵਾਂਗਰ ਬਲ ਉਠਣਗੇ, ਨੈਣ ਤੇਰੇ ਸ਼ਰਮੀਲੇ ਨੀ ।
ਨੀ ਨਣਦੇ ਨੀ ਰੂਪ ਰਕਾਨੇ, ਨਾ ਲਾ ਹਸ ਹਸ ਮਹੰਦੀ ਨੀ
ਇਹਦੇ ਕੋਲੋਂ ਹੋਣ ਨਾ ਠੰਡੇ, ਜਾਂ ਕਿਧਰੇ ਬਲ ਪੈਂਦੀ ਨੀ ।
ਨੀ ਨਣਦੇ ਨੀ ਗੋਰੀਏ ਨਣਦੇ, ਨਾ ਤਕ ਰੰਗਲਾ ਚੂੜਾ ਨੀ
ਅਜੇ ਨਾ ਬੁਲ੍ਹੀਂ ਮਲ ਦੰਦਾਸੇ, ਕਰ ਕਰ ਕੇ ਰੰਗ ਗੂੜ੍ਹਾ ਨੀ ।
ਨੀ ਨਣਦੇ ਨੀ ਪਿਆਰੀਏ ਨਣਦੇ, ਨਾ ਗਾ ਪਿਆਰ ਦੇ ਗੀਤ ਕੁੜੇ
ਅਜੇ ਜਗਾ ਨਾ ਸੁੱਤੇ ਜਜ਼ਬੇ, ਕਰ ਕਰ ਚੇਤੇ ਪ੍ਰੀਤ ਕੁੜੇ ।
ਨੀ ਨਣਦੇ ਨੀ ਬੀਬੀਏ ਨਣਦੇ, ਚਰਖੀ ਡਾਹ ਪੁਰਾਣੀ ਨੀ
ਬਾਰੀ ਢੋ ਢੋ ਖੋਲ੍ਹ ਖੋਲ੍ਹ ਕੇ, ਵੇਖ ਨਾ ਝੀਤਾਂ ਥਾਣੀ ਨੀ ।
ਨੀ ਨਣਦੇ ਨੀ ਹੋਣੀਏਂ ਨਣਦੇ, ਨਾ ਵਾਹ ਕਾਲੇ ਕੇਸ ਕੁੜੇ
ਔਤਰਾ ਵੇਹੜਾ ਲੋਕੀ ਭਰਮੀ, ਮਾਹੀ ਤੇਰਾ ਪਰਦੇਸ ਕੁੜੇ ।
ਨੀ ਨਣਦੇ ਨੀ ਭੋਲੀਏ ਨਣਦੇ, ਪਲ ਪਲ ਬਾਹਰ ਨਾ ਜਾ ਕੁੜੇ
'ਨੂਰਪੁਰੀ' ਜਦ ਘਰ ਆ ਜਾਊ, ਲਾਹ ਲਈਂ ਦਿਲ ਦੇ ਚਾ ਕੁੜੇ ।
53. ਦੁਹਾਈ ਨੀ ਦੁਹਾਈ
ਦੁਹਾਈ ਨੀ ਦੁਹਾਈ
ਨੈਣਾਂ ਨਾਲ ਹੋਣ ਲਗੀ ਨੈਣਾਂ ਦੀ ਲੜਾਈ ।
ਸੰਦਲੀ ਦੁਪੱਟੇ ਉਤੇ ਬੂਟੀਆਂ ਨੇ ਕਾਲੀਆਂ
ਕਿਥੇ ਕਿਥੇ ਖਹੰਦੀਆਂ ਨੇ ਕੰਨਾਂ ਦੀਆਂ ਵਾਲੀਆਂ
ਜ਼ੁਲਫ਼ਾਂ ਦੇ ਕੁੰਡਲਾਂ 'ਚ ਮੋਤੀ ਲਟਕਾਈ
ਦੁਹਾਈ ਨੀ ਦੁਹਾਈ……
ਅੱਜ ਇਦ੍ਹੀ ਚੁਪ ਵਿਚ ਕਿੰਨੇ ਕਿੰਨੇ ਗੀਤ ਨੀ
ਅੰਗ ਅੰਗ ਵਿਚ ਵਿੱਸਾਂ ਘੋਲਦੀ ਪਰੀਤ ਨੀ
ਅੱਖੀਆਂ ਦੀ ਲਾਲੀ ਇਹਦੀ ਕਿਵੇਂ ਨਸ਼ਿਆਈ
ਦੁਹਾਈ ਨੀ ਦੁਹਾਈ……
ਮਿੱਠੀ ਮਿੱਠੀ ਕੰਬਣੀ ''ਚ ਕੇਹੋ ਜਹੇ ਤੁਫ਼ਾਨ ਨੀ
ਅਜ ਇਹਨੂੰ ਆਪਣੀ ਭੀ ਭੁਲ ਗਈ ਪਛਾਣ ਨੀ
ਗੁੱਝੀ ਗੁੱਝੀ ਤੋਰ ਇਦ੍ਹੀ ਹੋ ਗਈ ਸੁਦਾਈ
ਦੁਹਾਈ ਨੀ ਦੁਹਾਈ……
54. ਤਾਰਾ ਮੀਰਾ
ਵੰਗਾਂ ਵਾਲਿਆਂ ਹੱਥਾਂ ਦੇ ਨਾਲ
ਤਾਰਾ ਮੀਰਾ ਤੋੜਦੀ ਫਿਰਾਂ
ਉਡੇ ਮੇਰਾ ਡੋਰੀਆ, ਉਡੇ ਹਵਾ ਦੇ ਨਾਲ
ਤਾਰਾ ਮੀਰਾ ਤੋੜਦੀ ਫਿਰਾਂ ।
ਪੈਰੀਂ ਮੇਰੇ ਝਾਂਜਰ ਛਣਕੇ
ਹਿਕ ਤੇ ਹਾਰ ਹਮੇਲ
ਫੁੱਲਾਂ ਦੇ ਵਿਚ ਮੈਂ ਤਿਤਲੀ ਬਣ ਗਈ
ਵੇਲਾਂ 'ਚ ਬਣ ਗਈ ਵੇਲ
ਤਾਰਾ ਮੀਰਾ ਤੋੜਦੀ ਫਿਰਾਂ ।
ਭਾਬੋ ਮੇਰੀ ਛੈਲ ਛਬੀਲੀ
ਵੀਰ ਮਲੂਕ ਨਦਾਨ
ਲੁਕਨ ਮੀਚੀਆਂ ਖੇਡਣ ਫਿਰਦੇ
ਕਣਕਾਂ ਦੇ ਖੇਤ ਜਵਾਨ
ਤਾਰਾ ਮੀਰਾ ਤੋੜਦੀ ਫਿਰਾਂ ।
ਕੀਤੀਆਂ ਗੋਡੀਆਂ ਲਗੀਆਂ ਡੋਡੀਆਂ
ਖਿੜੇ ਕਪਾਹ ਦੇ ਹਾਸੇ
ਜੱਟੀ ਦੀ ਜਵਾਨੀ ਸਾਂਭੀ ਨਾ ਜਾਵੇ
ਤੁਰਦੀ ਮਾਰਦੀ ਪਾਸੇ
ਤਾਰਾ ਮੀਰਾ ਤੋੜਦੀ ਫਿਰਾਂ ।
ਸਾਡੇ ਤੇ ਵੇਹੜੇ ਅੰਬੀਆਂ ਰਸੀਆਂ
ਵਿਚ ਵਿਚ ਖਿੜੇ ਅਨਾਰ
ਚੰਦਰੀ ਗਵਾਂਢਣ ਝਾਤੀਆਂ ਮਾਰੇ
ਝਾਤੀਆਂ ਨਿਰੀ ਤਲਵਾਰ
ਤਾਰਾ ਮੀਰਾ ਤੋੜਦੀ ਫਿਰਾਂ ।
55. ਕੋਟੜਾ ਛਪਾਕੀ
ਮੈਂ ਗੁਤ ਦਾ ਬਣਾ ਲਇਆ ਕੋਟੜਾ
ਨੀ ਕੋਟੜਾ ਛਪਾਕੀ……
ਬਾਂਹ ਜੇ ਹਲਾਵਾਂ ਵੰਗਾਂ ਖੜਕਣ
ਦੌੜਾਂ ਤੇ ਹਾਰ ਹਮੇਲਾਂ
ਮੂੰਹ ਕੁੜੀਆਂ ਦੇ ਫੁੱਲ ਚੰਦ-ਮੁਖੀਏ
ਲੰਮੀਆਂ ਨਾਗਰ ਵੇਲਾਂ
ਵੇਲਾਂ ਦਵਾਲੇ ਬਾਂਵਰ ਭੰਵਰਾ
ਭੰਵਰੇ ਦਵਾਲੇ ਵੇਲਾਂ
ਨੈਣ ਕਹਣ ਇਹ ਮਸਤ ਸ਼ਰਾਬਣ
ਰੂਪ ਕਹੇ ਇਹ ਸਾਕੀ
ਨੀ ਕੋਟੜਾ ਛਪਾਕੀ……
ਜਿਉਂ ਜਿਉਂ ਚੜ੍ਹਦੀ ਜਾਏ ਜਵਾਨੀ
ਦਿਲ ਨੂੰ ਕੁਝ ਕੁਝ ਹੋਏ
ਕੱਲੀ ਦਲਾਨ ਵਿਚ ਨੱਚ ਨੱਚ ਵੇਖਾਂ
ਬੁਝਦੀ ਲਾਟ ਦੀ ਲੋਏ
ਪਿੱਪਲਾਂ ਦੇ ਪੱਤਾਂ ਦੇ ਕੋਕਲੇ ਬਣਾ ਲਏ
ਮੁਰਕੀਆਂ ਨਾਲ ਪਰੋਏ
ਬਾਰੀ ਵਿਚੋਂ ਚੰਦ ਚੜ੍ਹਿਆ ਵੇਖਿਆ
ਇਹ ਪਾਪੀ ਦਿਲ ਰੋਏ
ਆਪਣੇ ਵੀਰੇ ਨੂੰ ਰਹੇ ਸਖੌਂਦੀ
ਸੌਹਰਿਆਂ ਦੀ ਨਣਦ ਲੜਾਕੀ
ਨੀ ਕੋਟੜਾ ਛਪਾਕੀ……
ਦਸ ਵੇ ਰਮਲੀਆ ਰਮਲ ਤੇਰੀ ਇਹ
ਅੱਜ ਦੇ ਦਿਨ ਕੀ ਕਹੰਦੀ
ਸਿਟ ਕੇ ਵੇਖ ਖਾਂ ਦਿਲ ਮੇਰੇ ਦੀ
ਧੜਕਣ ਹੈ ਬੁੱਝ ਲੈਂਦੀ
ਸੂਰਜ ਡੁੱਬਿਆ ਗੋਰੀਆਂ ਗੋਰੀਆਂ
ਬਦਲੀਆਂ ਲਾ ਲਈ ਮਹੰਦੀ
ਕੇਹੜੇ ਦੇਸੋਂ ਔਣਾਂ ਪੀਆ ਨੇ
ਦੱਸ ਕਿਧਰੋਂ ਦੀ ਪੈਂਦੀ
'ਨੂਰਪੁਰੀ' ਸਭ ਸਚੀਆਂ ਸੁਣਾ ਦੇ
ਕੁਝ ਨਾ ਰੱਖ ਲਈਂ ਬਾਕੀ
ਨੀ ਕੋਟੜਾ ਛਪਾਕੀ……
56. ਇਕ ਪਾਸੇ ਟਾਹਲੀਆਂ
ਇਕ ਪਾਸੇ ਟਾਹਲੀਆਂ, ਤੇ ਇਕ ਪਾਸੇ ਬੇਰੀਆਂ
ਸੌਣ ਦਾ ਮਹੀਨਾ ਪੀਂਘਾਂ ਤੇਰੀਆਂ ਤੇ ਮੇਰੀਆਂ ।
ਪਹਲਾ ਝੂਟਾ ਝੂਟਿਆ, ਜਵਾਨੀ ਨੇ ਪਿਆਰ ਦਾ
ਕਟਿਆ ਨਾ ਜਾਵੇ ਸਮਾਂ ਕਲਿਆਂ ਬਹਾਰ ਦਾ
ਖੁਲ੍ਹ ਖੁਲ੍ਹ ਕੇਸਾਂ ਨੇ ਲਿਆਂਦੀਆਂ ਹਨੇਰੀਆਂ
ਇਕ ਪਾਸੇ ਟਾਹਲੀਆਂ……
ਦੂਜਾ ਝੂਟਾ ਪਿਆਰ ਦਾ, ਪਿਆਰਿਆਂ ਲਈ ਰਹਣ ਦੇ
ਅਖੀਆਂ ਦਾ ਦੁਖ, ਸਾਡੇ ਹੰਝੂਆਂ ਨੂੰ ਕਹਣ ਦੇ
ਪੀਂਘਾਂ ਅਜੇ ਛੋਟੀਆਂ ਤੇ ਗੱਲਾਂ ਨੇ ਲੰਮੇਰੀਆਂ
ਇਕ ਪਾਸੇ ਟਾਹਲੀਆਂ……
ਭਾਬੋ ਨੇ ਸੁਣਾਈ, ਜਿਵੇਂ ਟੁਟ ਉਹਦੀ ਵੰਗ ਗਈ
ਵਿਚੇ ਗੱਲ ਰਹ ਗਈ ਤੇ ਰਾਤ ਸਾਰੀ ਲੰਘ ਗਈ
ਓਸ ਵੇਲੇ ਅੱਥਰੂ ਮੈਂ ਰਜ ਰਜ ਕੇਰੀਆਂ
ਇਕ ਪਾਸੇ ਟਾਹਲੀਆਂ……
ਰਾਤ ਨਹੀਂਉਂ ਲੰਘਦੀ, ਤੇ ਦਿਨ ਨਹੀਂਉਂ ਬੀਤਦਾ
ਲੋਕਾਂ ਨੂੰ ਕੀ ਪਤਾ ਸਾਡੀ ਜ਼ਿੰਦਗੀ ਦੇ ਗੀਤ ਦਾ
ਜੱਗ ਅੱਖਾਂ ਫੇਰ ਲੈਂਦਾ, ਰੱਬ ਨੇ ਜਾਂ ਫੇਰੀਆਂ
ਇਕ ਪਾਸੇ ਟਾਹਲੀਆਂ……
57. ਰਾਤਾਂ
ਮਾਹੀ ਘਰ ਆਇਆ ਰਾਤਾਂ ਨਿਕੀਆਂ ਨਿਕੀਆਂ
ਮਾਹੀ ਦੀ ਤਿਆਰੀ, ਰਾਤਾਂ ਫਿਕੀਆਂ ਫਿਕੀਆਂ ।
ਤੁਰ ਗਇਆ ਮਾਹੀ ਰਾਤਾਂ ਵੱਡੀਆਂ ਵੱਡੀਆਂ
ਹਾਲ ਵੇ ਰੱਬਾ ਵੇ ਭੰਨ ਤੋੜ ਗਈਆਂ ਹੱਡੀਆਂ ।
ਮਾਹੀ ਪਾਈਆਂ ਚਿੱਠੀਆਂ ਮੈਂ ਪੜ੍ਹ ਪੜ੍ਹ ਡਿੱਠੀਆਂ
ਕੌੜੀਆਂ ਵੀ ਗੱਲਾਂ ਸਭੇ ਮਿਠੀਆਂ ਹੀ ਮਿਠੀਆਂ ।
ਬਾਹਲਾ ਚਿਰ ਹੋਇਆ ਜਦੋਂ ਮਾਹੀ ਚਿੱਠੀ ਪਾਈ ਨਾ
ਹਾਲ ਵੇ ਰੱਬਾ ਵੇ ਸਾਨੂੰ ਨੀਂਦ ਕਦੀ ਆਈ ਨਾ ।
ਮਾਹੀ ਘਰ ਹੈ ਨਾ, ਸਾਨੂੰ ਸਹੁਰਿਆਂ ਦਾ ਚਾ ਨਾ
ਪੇਕਿਆਂ ਦਾ ਪਿੰਡ ਚੰਗੇ ਲਗਦੇ ਭਰਾ ਨਾ ।
ਵਢ ਵਢ ਖਾਂਦੀਆਂ ਸਹੇਲੀਆਂ ਹਵੇਲੀਆਂ
ਹਾਲ ਵੇ ਰੱਬਾ ਵੇ ਸਭੇ ਹੁੰਦਿਆਂ ਵੀ ਵੇਹਲੀਆਂ ।
ਸੱਸ ਕਦੀ ਆਖੇ ਘਰ ਚੰਦ ਨੂੰ ਮੰਗਾ ਦਇਆਂ
'ਨੂਰਪੁਰੀ' ਦੁੱਧ ਨਾਲ ਬੈਠੀ ਨੂੰ ਨੁਹਾ ਦਇਆਂ ।
ਲਖ ਕੱਢੇ ਗਾਲ ਤੇ ਮੈਂ ਅੱਗੋਂ ਛੱਡਾਂ ਹਸ ਨੀ
ਹਾਲ ਵੇ ਰੱਬਾ ਵੇ ਸਾਡੀ ਕਿੱਡੀ ਚੰਗੀ ਸੱਸ ਨੀ ।
58. ਮੇਰੇ ਰੋਗੀ ਨੈਣ
ਮੇਰੇ ਰੋਗੀ ਰੋਗੀ ਨੈਣ, ਬਾਹਲੇ ਚੁਪ ਚੁਪ ਰਹਣ
ਮੇਰਾ ਮਾਹੀ ਘਰ ਹੋਵੇ ਤੇ ਪਵਾੜੇ ਕਾਹਨੂੰ ਪੈਣ ।
ਇਕ ਸਾਵਣੇ ਦੀ ਰੁਤ, ਘਰ ਕੱਲਾ ਕੱਲਾ ਬੁੱਤ
ਇਕ ਅੱਥਰੀ ਜਹੀ ਗੁਤ, ਭੂਏ ਕਰ ਗਈ ਏ ਨੈਣ
ਮੇਰੇ ਰੋਗੀ ਰੋਗੀ ਨੈਣ……
ਨਾ ਕੋਈ ਡੋਲੀਆਂ ਦਾ ਚਾ, ਨਾ ਕੋਈ ਸੌਹਰਿਆਂ ਦਾ ਭਾ
ਨਾ ਕੋਈ ਜਿੰਦ ਦਾ ਬਚਾ, ਇਹ ਵਿਛੋੜਿਆਂ ਦੇ ਵਹਣ
ਮੇਰੇ ਰੋਗੀ ਰੋਗੀ ਨੈਣ……
ਬਾਹਲੀ ਲਾਡਲੀ ਨਨਾਣ, ਜਿਹਨੂੰ ਪੇਕਿਆਂ ਤੇ ਮਾਣ
ਉਹ ਤੇ ਆਖੇ ਜਾਣ ਜਾਣ, ਭਾਬੀ ਹੋ ਗਈ ਸੁਦੈਣ
ਮੇਰੇ ਰੋਗੀ ਰੋਗੀ ਨੈਣ……
ਸਾਡੇ ਪਿਪਲਾਂ ਦੇ ਪੱਤ, ਛੇੜੀ ਰਖਦੇ ਕੁਪੱਤ
ਇਹ ਸੁਕਾਈ ਜਾਂਦੇ ਰੱਤ, ਐਵੇਂ ਡਿਗ ਡਿਗ ਪੈਣ
ਮੇਰੇ ਰੋਗੀ ਰੋਗੀ ਨੈਣ……
ਏਸੇ ਰੂਪ ਦੀਆਂ ਗੱਲਾਂ ਤੇ ਜੁਦਾਈ ਦੀਆਂ ਝੱਲਾਂ
ਜਾਣ ਸਾਂਭੀਆਂ ਨਾ ਛੱਲਾਂ, ਸਾਥੋਂ ਰੋਕੀਆਂ ਨਾ ਰਹਣ
ਮੇਰੇ ਰੋਗੀ ਰੋਗੀ ਨੈਣ……
59. ਹਵੇਲੀ ਵਾਲੇ ਜੱਟ ਦਾ
ਰੂਪ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ
ਸੋਨੇ ਰੰਗੀ ਜਟੀ ਤੇ ਦੁਸ਼ਾਲਾ ਸੁੱਚੇ ਪੱਟ ਦਾ ।
ਕਿਡੇ ਕਿਡੇ ਚਾ ਨੇ ਨਰੋਏ ਹਰ ਅੰਗ ਦੇ
ਪਿੰਡ ਦੀਆਂ ਰੌਣਕਾਂ ਨੂੰ ਜਾਣ ਜੇਹੜੇ ਰੰਗਦੇ
ਪੈਂਦੇ ਲਸ਼ਕਾਰੇ ਜਿੱਥੇ ਰੂਪ ਭਰੀ ਵੰਗ ਦੇ
ਏਹਦੇ ਲਸ਼ਕਾਰਿਆਂ ਤੋਂ ਉਹ ਭੀ ਖੱਟੀ ਖਟਦਾ
ਰੂਪ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ……
ਪਿਆਰੀ ਪਿਆਰੀ ਵੇਖ ਲੌ ਹਵਾ ਕਿਡੀ ਵਗ ਗਈ
ਸਰੂ ਨਾਲੋਂ ਲੰਮੀ ਗੁੱਤ ਅੱਡੀਆਂ ਨੂੰ ਲਗ ਗਈ
ਮਹੰਦੀ ਵਾਲੇ ਪੈਰ ਤੇ ਬੁਝੌਂਦੀ ਮਾਰੀ ਅਗ ਗਈ
ਖੁਲ੍ਹ ਖੁਲ੍ਹ ਪੈਂਦਾ ਵਟ ਡੋਰੀਏ ਦੇ ਵੱਟ ਦਾ
ਰੂਪ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ……
ਭੱਤਾ ਲੈ ਕੇ ਚੱਲੀ ਚੰਦ ਘੁੰਡ 'ਚ ਲੁਕੋ ਕੇ
ਵੇਂਹਦੀਆਂ ਜਵਾਨ ਕਿਵੇਂ ਕਣਕਾਂ ਖਲੋ ਕੇ
ਮੋਤੀਆਂ ਦੇ ਬੁਕ ਬੁਕ ਗੁੱਤ 'ਚ ਪਰੋ ਕੇ
'ਨੂਰਪੁਰੀ' ਵੇਖਦਾ ਨਾ ਪੈਰ ਅਗੋਂ ਪੱਟਦਾ
ਰੂਪ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ……
60. ਰਾਵੀ ਤੇ ਝਨਾਂ
ਮੇਰੇ ਸੌਹਰਿਆਂ ਨੇ ਜਿੱਦ ਜਿੱਦ ਨਾਂ ਰਖਿਆ
ਕਿਸੇ ਰਾਵੀ ਰਖਿਆ ਤੇ ਝਨਾਂ ਰਖਿਆ ।
ਜਾਂ ਮੈਂ ਫੁੱਲਾਂ ਭਰੇ ਘੁੰਡ ਸਰਕਾਏ ਹੱਸ ਕੇ
ਝੱਟ ਵੇਲਾਂ ਨਾਲ ਭਰ ਗਏ ਨਸੀਬ ਸੱਸ ਦੇ
ਸਾਡੀ ਧੁੱਪ ਨੂੰ ਬਣਾਈ ਲੋਕਾਂ ਛਾਂ ਰਖਿਆ ।
ਮੇਰੇ ਸੌਹਰਿਆਂ ਨੇ………
ਉਥੇ ਸੌਣ ਦੇ ਮਹੀਨੇ ਵਿਚ ਤੀਆਂ ਲਗੀਆਂ
ਸਾਡੇ ਵਿਚ ਕੋਈ ਨਾ ਠੱਗ ਫੇਰ ਹੋਈਆਂ ਠਗੀਆਂ
ਫੇਰ ਠਗੀਆਂ ਦਾ ਮੇਰੇ ਤੇ ਨਿਆਂ ਰਖਿਆ ।
ਮੇਰੇ ਸੌਹਰਿਆਂ ਨੇ………
ਮੈਨੂੰ ਮੱਲੋ ਮੱਲੀ ਗਿੱਧੇ 'ਚ ਨਚੌਣ ਵਾਲੀਆਂ
ਸੱਭੇ ਹੋ ਗਈਆਂ ਬੇਹੋਸ਼ ਗਿੱਧਾ ਪਾਉਣ ਵਾਲੀਆਂ
ਸਾਰਾ ਹੱਥਾਂ ਤੇ ਨਚਾਈ ਮੈਂ ਗਿਰਾਂ ਰਖਿਆ ।
ਮੇਰੇ ਸੌਹਰਿਆਂ ਨੇ………
ਮੈਨੂੰ ਝਾਂਜਰਾਂ ਘੜਾ ਕੇ ਉਹਨਾਂ ਹੋਰ ਦਿੱਤੀਆਂ
ਨੀ ਉਹ ਮਿੱਥ ਮਿੱਥ ਗਿਧਿਆਂ ਦੇ ਪਿੜ ਜਿੱਤੀਆਂ
ਮੇਰਾ ਰੂਪ ਵਡਿਆਈ ਹਰ ਥਾਂ ਰਖਿਆ ।
ਮੇਰੇ ਸੌਹਰਿਆਂ ਨੇ………
ਮੇਰੇ 'ਨੂਰਪੁਰੀ' ਭਾਗਾਂ ਦੇ ਹਿਸਾਬ ਦੱਸਦਾ
ਮੇਰੀ ਆਰਸੀ ਦੇ ਸ਼ੀਸ਼ੇ 'ਚ ਪੰਜਾਬ ਵਸਦਾ
ਉਹਨੇ ਨਵੇਂ ਗੀਤ ਦੇਣ ਦਾ ਹਿਆਂ ਰਖਿਆ ।
ਮੇਰੇ ਸੌਹਰਿਆਂ ਨੇ………
61. ਬੰਗਾਲੀ ਆਇਆ
ਭਾਬੀ ਤੇਰੀ ਗੁੱਤ ਵਰਗਾ, ਸੱਪ ਲੈ ਕੇ ਬੰਗਾਲੀ ਇਕ ਆਇਆ
ਵੇਖੀਂ ਮੇਰੇ ਰੰਗ ਵਰਗਾ ਚੋਲਾ ਓਸ ਰੰਗ ਕੇ ਗਲ ਪਾਇਆ ।
ਨੀ ਕੰਨਾਂ ਵਿਚ ਖ਼ੂਨੀ ਮੁੰਦਰਾਂ, ਲਾਗੇ ਕੁੰਡਲਾਂ ਨੇ ਪਾਇਆ ਘੇਰਾ
ਨੈਣ ਉਹਦੇ ਲੈ ਗਏ ਕੱਢ ਕੇ, ਰੁੱਗ ਭਰ ਕੇ ਕਾਲਜਾ ਮੇਰਾ
ਸਿਖਰ ਦੁਪਹਰ ਲੁਟ ਲਈ, ਛੰਨਾਂ ਭਰ ਕੇ ਖੈਰ ਜਾਂ ਪਾਇਆ ।
ਭਾਬੀ ਤੇਰੀ ਗੁੱਤ ਵਰਗਾ………………
ਭਾਬੀ ਮੈਨੂੰ ਧੁੱਪ ਲਗਦੀ, ਮੈਥੋਂ ਪੈਰ ਪੁਟਿਆ ਨਾ ਜਾਵੇ
ਵਿਚੇ ਵਿਚ ਦਿਲ ਚੰਦਰਾ ਕੁਝ ਸੋਚਦਾ ਤੇ ਅੱਗ ਭੜਕਾਵੇ
ਗੁੱਝੇ ਗੁੱਝੇ ਹੌਲ ਉਠਦੇ ਜਾਂ ਮੈਂ ਹੱਥ ਹਿਕੜੀ ਨੂੰ ਲਾਇਆ ।
ਭਾਬੀ ਤੇਰੀ ਗੁੱਤ ਵਰਗਾ………………
ਲਾਗਲੀ ਹਵੇਲੀ ਵਲ ਦੀ ਜੋੜੀ ਉਡਦੀ ਕਬੂਤਰਾਂ ਦੀ ਆਈ
ਆਪੋ ਵਿਚ ਘੁੱਲ ਘੁੱਲ ਕੇ ਉਹਨਾਂ ਹੋਰ ਮੇਰੀ ਜਿੰਦ ਤੜਫਾਈ
ਆਪੇ ਮੇਰੀ ਗਾਨੀ ਟੁੱਟ ਗਈ ਜਾਂ ਮੈਂ ਹੱਥ ਹਿਕੜੀ ਨੂੰ ਲਾਇਆ ।
ਭਾਬੀ ਤੇਰੀ ਗੁੱਤ ਵਰਗਾ………………
ਵੇਹੜੇ ਤੇ ਜਵਾਨੀ ਆ ਗਈ, ਜਾਂ ਉਹ ਬੀਨ ਨੀ ਵਜੌਂਦਾ ਆਇਆ
ਜਿਨੀਆਂ ਜਵਾਨ ਕੁੜੀਆਂ ਉਹਨੇ ਸਾਰੀਆਂ ਦਾ ਦਿਲ ਭਰਮਾਇਆ
ਕੀ ਤੂੰ ਪੁੱਛੇਂ 'ਨੂਰਪੁਰੀ' ਵੇ ਮੈਂ ਕਿੱਥੇ ਕਿੱਥੇ ਦਰਦ ਲੁਕਾਇਆ ।
ਭਾਬੀ ਤੇਰੀ ਗੁੱਤ ਵਰਗਾ………………
62. ਪੂਣੀਆਂ
ਪੂਣੀਆਂ ਨੀ ਪੂਣੀਆਂ, ਇਹ ਪੌਣ ਪਵਾੜੇ ਪੂਣੀਆਂ
ਇਕ ਨਨਾਣ ਸਲੌਹਤਾਂ ਕਰਦੀ ਦੂਜੀ ਮੁਢ ਲੜਾਈ ਦਾ
ਮੱਥੇ ਦੀ ਹਰ ਤਿਊੜੀ ਅੰਦਰ, ਦੇਵੇ ਡਰਾਵਾ ਭਾਈ ਦਾ
ਸੌਹਰੀਂ ਆ ਕੇ ਚੇਤਾ ਆਇਆ, ਸੁਖਨ ਸਕੀ ਭਰਜਾਈ ਦਾ
ਛਾਲੇ ਬਣ ਬਣ ਕਿਦਾਂ ਰੜਕੇ, ਕੂਲਾ ਰੂੰ ਸਲਾਈ ਦਾ
ਹੰਝੂ ਭਰ ਭਰ ਡੋਲ੍ਹੀ ਜਾਵਾਂ, ਹੋਣ ਨਾ ਅੱਖਾਂ ਊਣੀਆਂ
ਪੂਣੀਆਂ ਨੀ ਪੂਣੀਆਂ…………
ਚਰਖੀ ਮੇਰੀ ਰਾਂਗਲੀ ਤੇ ਰਾਂਗਲੀ ਦਾ ਚਾ ਕੁੜੇ
ਨਵੀਂ ਹਵੇਲੀ ਕੋਈ ਨਾ ਜਾਣੂ ਬਹ ਗਈ ਕੱਲੀ ਡਾਹ ਕੁੜੇ
ਕੱਢਾਂ ਤੰਦ ਤੇ ਤੰਦ ਨਾ ਨਿਕਲੇ ਕਿਨ੍ਹੇ ਲਈ ਭਰਮਾ ਕੁੜੇ
ਰਹ ਪਰਦੇਸੀਂ ਜੀ ਨਹੀਂ ਲਗਦਾ, ਜੀ ਡਿੱਠਾ ਪਰਚਾ ਕੁੜੇ
ਤਕਲੇ ਨਾਲ ਲਪੇਟੇ ਖਾਂਦੀਆਂ, ਮੁੜ ਮੁੜ ਪਈਆਂ ਪੂਣੀਆਂ
ਪੂਣੀਆਂ ਨੀ ਪੂਣੀਆਂ…………
ਕੱਤਣੀ ਮੇਰੀ ਫੁੱਲਾਂ ਵਾਲੀ, ਭਰੀ ਭਰਾਈ ਰਹ ਗਈ
ਗੁੱਝੀ ਯਾਦ ਕਿਸੇ ਦੀ ਆਈ, ਸੁੰਝੀ ਮਨ ਵਿਚ ਬਹ ਗਈ
ਬੁਤ ਦਵਾਲੇ ਰਹ ਗਏ ਗਹਣੇ ਜੀ ਨੂੰ ਜੀ ਦੀ ਪੈ ਗਈ
ਇਕ ਇਕ ਕਰਕੇ ਪੂਣੀ ਉਡ ਗਈ, ਗਲ ਉਡਾਕੇ ਲੈ ਗਈ
'ਨੂਰਪੁਰੀ' ਵੇਹੜੇ ਵਿਚ ਉਡ ਉਡ ਕਰਨ ਲੜਾਈਆਂ ਦੂਣੀਆਂ
ਪੂਣੀਆਂ ਨੀ ਪੂਣੀਆਂ…………
63. ਕੈਂਠੇ ਵਾਲਾ
ਇਕ ਕੈਂਠੇ ਵਾਲਾ ਆ ਗਇਆ ਪ੍ਰਾਹੁਣਾ
ਨੀ ਮਾਏ ਤੇਰੇ ਕੰਮ ਨਾ ਮੁਕੇ ।
ਸਾਡੇ ਮੁੜ ਮੁੜ ਇਹਨੇ ਕਦ ਆਉਣਾ
ਨੀ ਮਾਏ ਤੇਰੇ ਕੰਮ ਨਾ ਮੁਕੇ ।
ਤੁਰਦਾ ਤੇ ਤਿਲੇਦਾਰ ਜੁੱਤੀ ਰੜਕਦੀ
ਅਖੀਆਂ 'ਚ ਅਗ ਵਾਂਗੂੰ ਲਾਲੀ ਭੜਕਦੀ
ਕੁੰਜੀਆਂ ਫੜਾ ਮਾਏ ਕੱਢਾਂ ਨੀ ਸੰਦੂਕ ਵਿਚੋਂ
ਫੁੱਲਾਂ ਵਾਲਾ ਰੇਸ਼ਮੀ ਵਿਛੌਣਾ,
ਨੀ ਮਾਏ ਤੇਰੇ ਕੰਮ ਨਾ ਮੁਕੇ ।
ਇਕ ਕੈਂਠੇ ਵਾਲਾ………
ਮੇਰੇ ਕੋਲੋਂ ਸੰਗਦਾ ਖੜਾਕ ਸੁਣ ਵੰਗ ਦਾ
ਬੜਾ ਸਮਝਾਇਆ ਨੀ ਉਹ ਬੂਹਾ ਨਹੀਂ ਲੰਘਦਾ
ਉਚੀ ਪਹਲੋਂ ਵੇਖੇ ਫੇਰ ਨੀਵੀਆਂ ਉਹ ਪਾ ਲਵੇ
ਬੁਲ੍ਹੀਆਂ ਦੇ ਵਿਚੋਂ ਮਸਕੌਣਾ,
ਨੀ ਮਾਏ ਤੇਰੇ ਕੰਮ ਨਾ ਮੁਕੇ ।
ਇਕ ਕੈਂਠੇ ਵਾਲਾ………
ਦਿਲ ਕਹੰਦਾ ਉਹਨੂੰ ਕੋਲ ਆਪਣੇ ਬਹਾ ਲਵਾਂ
ਵੇਖ ਵੇਖ ਰੂਪ ਉਹਦਾ ਅਖੀਆਂ ਰਜਾ ਲਵਾਂ
'ਨੂਰਪੁਰੀ' ਗੁੱਸੇ ਹੋ ਕੇ ਉਹ ਤੁਰ ਜਾਏਗਾ
ਮਿਨਤਾਂ ਦੇ ਨਾਲ ਪਊ ਮਨਾਉਣਾ,
ਨੀ ਮਾਏ ਤੇਰੇ ਕੰਮ ਨਾ ਮੁਕੇ ।
ਇਕ ਕੈਂਠੇ ਵਾਲਾ………