Baran-Mah, Satwara, Siharfi : Miran Shah Jalandhari

ਬਾਰਾਂ-ਮਾਹ, ਸਤਵਾਰਾ, ਸੀਹਰਫ਼ੀ : ਮੀਰਾਂ ਸ਼ਾਹ ਜਲੰਧਰੀ

1. ਬਾਰਾਂ-ਮਾਹ

ਚੇਤ ਮਹੀਨੇ ਰੇ ਸਖੀ,
ਫੂਲ ਰਹੇ ਗੁਲਜ਼ਾਰ ।
ਹਰ ਹਰ ਡਾਲੀ ਮਸਤ ਹੋ,
ਬੁਲਬੁਲ ਕਰੇ ਪੁਕਾਰ ।

ਚੜ੍ਹਦੇ ਚੇਤ ਸਖੀ ਚਿੱਤ ਮੇਰਾ,
ਹਜ਼ਰਤ ਇਸ਼ਕ ਨੇ ਕੀਤਾ ਫੇਰਾ,
ਦਿਲ ਦੇ ਅੰਦਰ ਲਾਇਆ ਡੇਰਾ,
ਉਸ ਸੁੱਤਿਆਂ ਆਣ ਜਗਾਇਆ ਵਿਹੜਾ,
ਬਲੋਚਾ ਉਨਕੇ ਘਰ ਕੇ ਬਾਰੀਆਂ ।

ਇਸ਼ਕ ਅਜ਼ਬ ਨਾਜ਼ ਦਿਖਾਵੇ,
ਸਾਕੀ ਹੋ ਕਰ ਜਾਮ ਪਿਲਾਵੇ,
ਬੇਖ਼ੁਦ ਕਰਕੇ ਮਸਤ ਬਣਾਵੇ,
ਮੀਰਾਂ ਸ਼ਾਹ ਘਰ ਫੇਰਾ ਪਾਵੇ,
ਬਲੋਚਾ ਉਨਕੇ ਘਰ ਕੇ ਬਾਰੀਆਂ ॥੧॥

ਮਾਹ ਵਿਸਾਖ ਸੁਹਾਂਵਦਾ,
ਜੇ ਘਰ ਸਾਜਣ ਹੋ ।
ਦੁਬਿਧਾ ਮਨ ਕੀ ਸਭ ਮਿਟੇ,
ਚਿੰਤਾ ਰਹੇ ਨਾ ਕੋ ।

ਮਾਹ ਵਿਸਾਖ ਵਿਸਾਖੀ ਹੋਈ,
ਮੈਂ ਤੋ ਵਾਜੇ ਲਥੀਆ ਲੋਈ,
ਸ਼ਹੁ ਮੇਰਾ ਮੈਂ ਸ਼ਹੁ ਦੀ ਹੋਈ,
ਮੈਂ ਵਿਚ ਰਿਹਾ ਨਾ ਕੋਈ,
ਖੁਸ਼ੀਆਂ ਮਾਣਦੀ ।

ਉਹੋ ਨਾਰ ਸੁਹਾਗਣ ਹੋਵੇ,
ਜਿਸ ਪਰ ਸ਼ਹੁ ਦੀ ਰਹਿਮਤ ਹੋਵੇ,
ਦਿਲ ਤੋਂ ਦਾਗ਼ ਭਰਮ ਦਾ ਧੋਵੇ,
ਮੀਰਾਂ ਸ਼ਾਹ ਸੰਗ ਜਾਗੇ ਸੋਵੇ,
ਨਾਲ ਪਿਆਰੇ ॥੨॥

ਜੇਠ ਮਹੀਨੇ ਰੇ ਸਖੀ,
ਜਾਲੇ ਤਨ ਮਨ ਲੋ ।
ਭਾਂਬੜ ਬਲਦਾ ਇਸ਼ਕ ਦਾ,
ਹਿਜਰ ਵਸਲ ਨਾ ਕੋ ।

ਜੇਠ ਮਹੀਨੇ ਜਾਲੀ ਸਾਰੇ,
ਏਸ ਇਸ਼ਕ ਦੇ ਇਹੋ ਕਾਰੇ,
ਸਾਧੂ ਜਪ ਤਪ ਕਰਕੇ ਹਾਰੇ,
ਗੁਰ ਚਿਸ਼ਤੀ ਤੋਂ ਮੈਂ ਬਲਿਹਾਰੇ,
ਤਨ ਮਨ ਜਾਨ ਤੋਂ ।

ਜੇ ਕੋਉ ਸਤਿਗੁਰ ਪੂਰਾ ਪਾਵੇ,
ਵਹਿਦਤ ਅੰਦਰ ਸੈਰ ਕਰਾਵੇ,
ਭਰਮ ਦੂਈ ਦਾ ਸਭ ਉੱਠ ਜਾਵੇ,
ਮੀਰਾਂ ਸ਼ਹੁ ਬਿਨ ਨਜ਼ਰ ਨਾ ਆਵੇ,
ਜਿਤ ਵਲ ਦੇਖਸਾਂ ॥੩॥

ਹਾੜ ਮਹੀਨੇ ਰੇ ਸਖੀ,
ਤਪੇ ਪ੍ਰੇਮ ਦੀ ਭਾਹ ।
ਜੇ ਕੋਈ ਪਾਵੇ ਜ਼ਾਤ ਨੂੰ,
ਅਹਿਲ ਜ਼ਾਤ ਹੋ ਜਾਹ ।

ਹਾੜ ਮਹੀਨਾ ਮਨ ਚਿਤ ਭਾਵੇ,
ਤੜਪ ਬਿਰਹੋਂ ਦੀ ਪੀਆ ਮਿਲਾਵੇ,
ਬਾਤਲ ਵਹਿਮ ਸਭੀ ਉੱਠ ਜਾਵੇ,
ਤਾਂ ਪੀ ਸ਼ਾਮ ਮੁੱਖ ਦਿਖਲਾਵੇ,
ਰਹਿਮਤ ਇਸ਼ਕ ਦੀ ।

ਹਜ਼ਰਤ ਇਸ਼ਕ ਜਿਹਾ ਨਾ ਕੋਈ,
ਇਸ਼ਕ ਹੋਵੇ ਤਾਂ ਮਿਲਦੀ ਢੋਈ,
ਇਸ਼ਕ ਦਿਲ ਅੰਦਰ ਕਰਦਾ ਲੋਈ,
ਮੀਰਾਂ ਸ਼ਹੁ ਬਿਨ ਹੋਰ ਨਾ ਕੋਈ,
ਦਬੋਚਾ ਬਹਾ ਲਿਆ ॥੪॥

ਸਾਵਣ ਬਿਜਲੀ ਚਮਕੀ,
ਬਦਲ ਦੀ ਘਨਘੋਰ ।
ਚੜ੍ਹ ਵਰਸੇ ਘਟ ਸ਼ੌਕ ਦੀ,
ਦੋ ਜਗ ਅੰਦਰ ਸ਼ੋਰ ।

ਵਾਹ ਵਾਹ ਸਾਵਣ ਦੀ ਰੁੱਤ ਆਈ,
ਮੇਰੇ ਦਿਲ ਦੀ ਧੂੜ ਗਵਾਈ,
ਜ਼ਾਹਰ ਬਾਤਨ ਦੀ ਹਰਿਆਈ,
ਵਹਿਮ ਦੂਈ ਦੀ ਤਪਤ ਬੁਝਾਈ,
ਝਗੜਾ ਮੁਕਿਆ ।

ਮੁਕ ਗਏ ਸਭ ਝਗੜੇ ਝੇੜੇ,
ਮੈਂ ਬਾਹਰ ਨਾ ਸ਼ਾਮੀ ਵਿਹੜੇ,
ਕੱਤਣ ਤੁੰਮਣ ਚਿੱਤ ਨਾ ਮੇਰੇ,
ਮੀਰਾਂ ਸ਼ਾਹ ਘਰ ਆਇਆ ਵਿਹੜੇ,
ਸੀਨਾ ਠਾਰਿਆ ॥੫॥

ਭਾਦੋਂ ਦੇ ਦਿਨ ਰੇ ਸਖੀ,
ਢੂੰਡਿਆ ਦੇਸ ਬਦੇਸ ।
ਸ਼ਾਮੇ ਘਰ ਵਿਚ ਪਾਇਆ,
ਕਰ ਜੋਗਨ ਦਾ ਭੇਸ ।

ਭਾਦੋਂ ਭਾਹ ਬਿਰਹੋਂ ਦੀ ਭਾਵੇ,
ਜੋਗੀ ਸਾਧੂ ਕਰ ਦਿਖਲਾਵੇ,
ਪ੍ਰੇਮੀ ਭੂ ਤਨ ਭੂ ਰਮਾਵੇ,
ਦਰ ਮੈਂ ਦੇ ਅਲੱਖ ਜਗਾਵੇ,
ਮੁੰਦਰਾ ਪਾਇਕੇ ।

ਪੀ ਕਾਰਨ ਕੰਨ ਮੁੰਦਰਾਂ ਪਾਵੇ,
ਮਰਨੇ ਤੋਂ ਪਹਿਲਾਂ ਮਰ ਜਾਵੇ,
ਦਮ ਦਮ ਅਨਹਦ ਤਾਰ ਬਜਾਵੇ,
ਮੀਰਾਂ ਸ਼ਾਹ ਦੀ ਗਤ ਮਿਤ ਪਾਵੇ,
ਅੱਖੀਆਂ ਖੋਲ੍ਹ ਕੇ ॥੬॥

ਅਸੂ ਆਸਾ ਸ਼ਾਮ ਦੀ,
ਮਨ ਵਿਚ ਰਹੇ ਕਦੀਮ ।
ਹੈ ਅਦਰਾਕ ਵਜੂਦ ਦਾ,
ਨਾ ਹੈ ਕੋਈ ਸਹੀਮ ।

ਅਸੂ ਆਸ ਮੁਰਾਦ ਪਹੁੰਚਾਈ,
ਫ਼ੀਨ ਇਨ ਫ਼ਿਕਮ ਦੀ ਗਤ ਪਾਈ,
ਆਪਣੇ ਆਪੋ ਦਿਆਂ ਦੁਹਾਈ,
ਗੁਰ ਚਿਸ਼ਤੀ ਤੋਂ ਘੋਲ ਘੁਮਾਈ,
ਜਿਸਨੇ ਤਾਰਿਆ ।

ਵਾਹ ਵਾਹ ਚਿਸ਼ਤੀ ਕਾਮਲ ਪੀਰ,
ਮੇਰੀ ਆਣ ਬੰਧਾਵੇ ਧੀਰ,
ਰੋ ਰੋ ਨੈਣ ਬਿਹਾਵੇ ਨੀਰ,
ਮੀਰਾਂ ਸ਼ਾਹ ਦੀ ਹੈ ਤਦਬੀਰ,
ਨਜ਼ਰਾਂ ਮਾਰਦਾ ॥੭॥

ਕੱਤਕ ਕਿਰਪਾ ਗੁਰ ਕਰੇ,
ਸੁਣ ਮਹਾਨ ਸੁਣ ਹੋ ।
ਕਾਲ ਕਰਮ ਦਾ ਚੋਰ ਨਾ,
ਪਾਪ ਪੁੰਨ ਨਾ ਕੋ ।

ਕੱਤਕ ਕਿਰਪਾ ਜਾਂ ਗੁਰ ਹੋਈ,
ਜਪ ਔਰ ਜਾਪ ਰਿਹਾ ਨਾ ਕੋਈ,
ਜੋ ਜਾਗਤ ਹੈ ਸੋਵਤ ਸੋਈ,
ਚੂੰ-ਚਰਾਂ ਦੀ ਮਿਲੇ ਨਾ ਢੋਈ,
ਮਖਫ਼ੀ ਰਾਜ਼ ਹੈ ।

ਗੁਪਤ ਸੁੰਨ ਦੀ ਜਾ ਨਾ ਕਾਈ,
ਜਿਨ ਬੋਲਿਆ ਉਨ ਸੂਲੀ ਪਾਈ,
ਸ਼ਾਹ ਸਮਸ਼ ਦੀ ਖੱਲ ਲੁਹਾਈ,
ਮੀਰਾਂ ਸ਼ਾਹ ਨੇ ਰਮਜ਼ ਸੁਝਾਈ,
ਦੂਜਾ ਹੋਰ ਨਾ ॥੮॥

ਮੱਘਰ ਮਹੀਨੇ ਰੇ ਸਖੀ,
ਕਰੀਏ ਹਮਦ ਹਜ਼ਾਰ ।
ਸੁੱਧ ਬੁੱਧ ਮੇਰੀ ਖੋਇਕੇ,
ਮਿਲਿਆ ਦਿਲਬਰ ਯਾਰ ।

ਵਾਹ ਵਾਹ ਮੱਘਰ ਮਹੀਨਾ ਆਇਆ,
ਗੁਰ ਰਹਿਮਤ ਦਾ ਅੰਤ ਨਾ ਪਾਇਆ,
ਅਹਿਦ ਆਪੇ ਅਹਿਮਦ ਹੋ ਧਾਇਆ,
ਲਾਹੂਤੋਂ ਨਾਸੂਤ ਕਹਾਇਆ,
ਨੁਕਤਾ ਡਾਲਕੇ ।

ਨੁਕਤਾ ਗ਼ੈਨ ਸਿਰੋਂ ਉੱਠ ਜਾਵੇ,
ਉਹੋ ਐਨ ਜਾ ਗ਼ੈਰ ਸਮਾਵੇ,
ਖਫ਼ੀ ਜਲੀ ਵਿਚ ਮੰਗਲ ਗਾਵੇ,
ਮੀਰਾਂ ਸ਼ਹੁ ਦਿਲ ਝਾਤੀ ਪਾਵੇ,
ਨਾਲ ਬਹਾਰ ਦੇ ॥੯॥

ਪੋਹ ਪਾਲਾ ਹੈ ਪਾਪ ਦਾ,
ਪਾਪੀ ਭਰਮ ਗਵਾਏ ।
ਚਲ ਸ਼ਾਮੀ ਸੇਜ ਤੇ,
ਐਨ ਮਗਨ ਹੋ ਜਾਏ ।

ਚੜ੍ਹਿਆ ਪੋਹ ਭਰਮ ਉੱਠ ਜਾਵੇ,
ਪਾਈ ਪਤੀ ਨਜ਼ਰ ਨਾ ਆਵੇ,
ਕਸਰਤ ਵਹਿਮੀ ਫੂਕ ਜਲਾਵੇ,
ਵਹਿਦਤ ਅੰਦਰ ਸੈਰ ਕਰਾਵੇ,
ਸਭ ਕੋ ਆਪ ਨੂੰ ।

ਜੇ ਤਨ ਸੇਕੇ ਹੋਵੇ ਲਾਲ,
ਸ਼ਹੁ ਦਾ ਦੇਖੋ ਪਾਕ ਜਮਾਲ,
ਚੌਪਟ ਖੇਲੇ ਸਖੀਆਂ ਨਾਲ,
ਮੀਰਾਂ ਸ਼ਹੁ ਸੰਗ ਕਰੇ ਵਸਾਲ,
ਬਾਜੀ ਹਾਰ ਕੇ ॥੧੦॥

ਮਾਘ ਮਹੀਨੇ ਰੇ ਸਖੀ,
ਦੂਸਰਾ ਨਾਹੀ ਏਕ ।
ਬੇਰੰਗੀ ਦੇ ਰੰਗ ਸਿਉਂ
ਦੇਖੋ ਰੰਗ ਅਨੇਕ ।

ਮਾਘ ਮਹੀਨੇ ਏਕ ਹੀ ਸਾਰੇ,
ਦੂਜਾ ਆਪਣਾ ਆਪ ਪਿਆਰੇ,
ਦੇਖੋ ਬੇਦ ਕਿਤਾਬਾਂ ਚਾਰੇ,
ਕਲ ਸਹੀ ਮੁਈਦ ਪੁਕਾਰੇ,
ਸਮਝੇ ਪੀੜ ਤੋਂ ।

ਚਿਸ਼ਤੀ ਗੁਰ ਤੋਂ ਸਮਝ ਨਾਦਾਨਾ,
ਜਿਸ ਜਾਨਾ ਸੁ ਗੁਰ ਤੋਂ ਜਾਨਾ,
ਛੱਡ ਗਫ਼ਲਤ ਨਾ ਹੋ ਬਉਰਾਨਾ,
ਮੀਰਾਂ ਸ਼ਹੁ ਦਾ ਕਰ ਸ਼ੁਕਰਾਨਾ,
ਸੀਸ ਨਿਵਾ ਕੇ ॥੧੧॥

ਫਾਗਨ ਦੇ ਦਿਨ ਰੇ ਸਖੀ,
ਰਲ ਮਿਲ ਖੇਲ੍ਹੀਏ ਫਾਗ ।
ਰੰਗ ਪ੍ਰੇਮੀ ਘੋਲ ਕੇ,
ਛਿੜਕਨ ਸ਼ਹੁ ਦੇ ਪਾਗ ।

ਵਾਹ ਫਾਗਨ ਫਾਗ ਰਚਇਓ,
ਸਭ ਰੰਗ ਘੋਲ ਪੀਆ ਪਰ ਪਾਇਓ,
ਭਰ ਭਰ ਵਹਿਦਤ ਜਾਮ ਪਲਾਇਓ,
ਮੈਂ ਮੀਰਾਂ ਦਾ ਰੰਗ ਉਡਵਾਇਓ,

ਕੇਸਰ ਘੋਲ ਗੁਲਾਲ ਰਲਾਵਾਂ,
ਭਰ ਪਿਚਕਾਰੀ ਪੀ ਪਰ ਪਾਵਾਂ,
ਰੰਗ ਬਸੰਤ ਤਰਾਨਾ ਗਾਵਾਂ,
ਮੀਰਾਂ ਸ਼ਹੁ ਦਾ ਸ਼ੁਕਰ ਮਨਾਵਾਂ,
ਚੋਲਾ ਰੰਗਿਆ ਹੋਰੀ ਹੋਰੀ ॥੧੨॥

2. ਹਫ਼ਤ ਰੋਜ਼ (ਸਤਵਾਰਾ)

ਛਨਿਚਰ ਵਾਰ ਉਡੀਕਦੀ,
ਨਿੱਤ ਮਨ ਮੋਹਨ ਯਾਰ ।
ਬਿਰਹੋਂ ਘੁੰਮਣ ਘੇਰੀਆਂ,
ਮੋਹੇ ਸੂਝੇ ਆਰ ਨਾ ਪਾਰ ।

ਛਨਿਚਰ ਵਾਰ ਦੁੱਖਾਂ ਨੇ ਘੇਰੀ,
ਪਿਆਰਿਆ ਹੋਈ ਦੇਰ ਬਤੇਰੀ ।
ਮੈਂ ਬੀਚਾਰੀ ਕੁਰਲਾਵਾਂ,
ਦੁੱਖਾਂ ਸੂਲਾਂ ਲਈਆਂ ਲਾਵਾਂ ।
ਵਾਂਗ ਚਿਖਾ ਨਿੱਤ ਜਾਨ ਜਲਾਵਾਂ,
ਮੀਰਾਂ ਸ਼ਾਹ ਨਿੱਤ ਕੂਕ ਸਨਾਵਾਂ ॥੧॥

ਐਤਵਾਰ ਸਤਾਂਦਾ,
ਪਾਪੀ ਕਰਨ ਭੋਗ ।
ਸਾਜਨ ਗਏ ਬਦੇਸਵਾ,
ਲਾਏ ਜਿਗਰ ਨੂੰ ਰੋਗ ।

ਐਤਵਾਰ ਪਏ ਦੁੱਖ ਭਰਦੀ,
ਕਰ ਕਮਲੀ ਛੱਡ ਗਿਆ ਬੇਦਰਦੀ ।
ਦੂਜੀ ਨਣਦ ਉਹਲਾ ਕਰਦੀ,
ਮੈਂ ਬੋਲਾਂ ਕੁਛ ਮੂਲ ਨਾ ਡਰਦੀ ।
ਔਗੁਣਹਾਰੀ ਨਹੀਂ ਗੁਣ ਕੋਈ,
ਸਈਆਂ ਪੁੱਛਣ ਹਾਲ ਨਾ ਕੋਈ ।
ਜਿਸ ਘਰ ਕੰਤ ਸੁਹਾਗਣ ਸੋਈ,
ਮੀਰਾਂ ਸ਼ਾਹ ਬਿਨ ਮਿਲੇ ਨਾ ਢੋਈ ॥੨॥

ਪੀਰੋ ਰੀਤ ਪ੍ਰੇਮ ਦੀ,
ਹੁਣ ਜਾਤੀ ਚਿੱਤ ਲਾ ।
ਤਨ ਮਨ ਜਿਉੜਾ ਵਾਰਕੇ,
ਤਾਂ ਪਿਆਰੇ ਪੀਆ ਪਾ ।

ਪੀਰੋ ਪੀੜ ਇਸ਼ਕ ਦੀ ਹੋਈ,
ਪੀਆ ਕਾਰਨ ਮੈਂ ਜੋਗੀ ਹੋਈ ।
ਲੱਥੀ ਸ਼ਰਮ ਹਿਆ ਦੀ ਲੋਈ,
ਆ ਪ੍ਰੀਤਮ ਹੁਣ ਮੰਨ ਅਰਜੋਈ ।
ਕੂਕਾਂ ਕੂ ਕਰਮ ਦੀ ਯਾਰ,
ਆ ਮਿਲ ਪਿਆਰਿਆ ਮੈਂ ਬਲਿਹਾਰੀ ।
ਕਰਦੀ ਢੂੰਡ ਪੈਰਾਂ ਬਿਖਹਾਰੀ,
ਮੀਰਾਂ ਸ਼ਾਹ ਆ ਕਰ ਕੁਝ ਕਾਰੀ ॥੩॥

ਮੰਗਲ ਸਾਂਗ ਪ੍ਰੇਮ ਦੀ,
ਰੜਕਤ ਹੈ ਦਿਨ ਰੈਣ ।
ਕਿਤ ਜਾ ਸਾਜਨ ਰਮ ਰਹੇ,
ਕੌਣ ਸੁਨੇ ਮੁੱਖ ਬੈਨ ।

ਮੰਗਲ ਸੱਚਾ ਪੀਆ ਇਕਰਾਰ,
ਪ੍ਰੀਤਮ ਲਈਆ ਮੂਲ ਨਾ ਸਾਰ ।
ਆਈ ਜਾਨ ਲਬਾਂ ਤੇ ਯਾਰ,
ਪਿਆਰਿਆ ਮੈਂ ਦਿਲ ਮੋੜ ਮੁਹਾਰ ।
ਮਨਮੋਹਨ ਕਿਉਂ ਮੁੱਦਤਾਂ ਲਾਈਆਂ,
ਹੁਣ ਹੋਈ ਹਾਲ ਸੁਦਾਈਆਂ ।
ਬਿਰਹੋਂ ਕਟੀਆਂ ਵਾਂਗ ਕਸਾਈਆਂ,
ਮੀਰਾਂ ਸ਼ਾਹ ਮੈਂ ਘੋਲ ਘੁਮਾਈਆਂ ॥੪॥

ਬੁੱਧਵਾਰ ਸਦਾ ਸੋਧਕੇ,
ਚਲ ਜੀਵੜਾ ਮਤ ਹਾਰ ।
ਹਾਥ ਬਾਂਧ ਕਰ ਪਗ ਧਰੋ,
ਪਿਆਰੇ ਭੀਖ ਦੁਆਰ ।

ਬੁੱਧਵਾਰ ਘਰ ਸਾਜਨ ਆਏ,
ਭਾਹ ਬਿਰਹੋਂ ਦੀ ਸਰਦ ਕਰਾਵੇ ।
ਪਿਆਰੇ ਮਾਰੀ ਨਿੱਤ ਦੇ ਹਾਵੇ,
ਬਿਰਹੋਂ ਸਲ ਹੱਡਾਂ ਨੂੰ ਖਾਵੇ ।
ਕਿਸ ਨੂੰ ਆਖਾਂ ਮੰਦਾ,
ਜਿਹੜੇ ਪਿਆਰੇ ਪਾਏ ਪ੍ਰੇਮ ਬਖੇੜੇ ।
ਸੁੱਖਾਂ ਕਾਰਨ ਦੁੱਖ ਸਹੇੜੇ,
ਮੀਰਾਂ ਸ਼ਾਹ ਪੀ ਆਵੇ ਵਿਹੜੇ ॥੫॥

ਜੁੰਮਾ ਰਾਤ ਸੁਹਾਂਵਦੀ,
ਗਲ ਫੂਲਨ ਕੇ ਹਾਰ ।
ਮੈਂ ਘਰ ਸੇਜ ਵਿਛਾਸਾਂ,
ਜੇ ਆਵੇ ਪ੍ਰੀਤਮ ਯਾਰ ।

ਜੁੰਮਾ ਰਾਤ ਰੋਜ਼ ਖੁਸ਼ੀ ਦਾ,
ਪਿਆਰਾ ਦਿਲਬਰ ਪਾਸ ਸੁਣੀਂਦਾ ।
ਜੇ ਗੁਰ ਖੋਵੇ ਭਰਮ ਦੂਈ ਦਾ,
ਦਿਲ ਅੰਦਰ ਦਿਲਦਾਰ ਸੁਣੀਂਦਾ ।
ਖੁਲ੍ਹੇ ਚਸ਼ਮ ਹਕੀਕਤ ਵਾਲੀ,
ਪਾਏ ਰਮਜ਼ ਮਸ਼ੂਕਾਂ ਵਾਲੀ ।
ਪਿਆਰੇ ਆਪਣੀ ਸੇਜ ਸੰਭਾਲੀ,
ਮੀਰਾਂ ਸ਼ਾਹ ਹੁਣ ਤਾਂ ਨਿਹਾਲੀ ॥੬॥

ਰੋਜ਼ ਜੁੰਮੇ ਰਾਤ ਭਲਾ,
ਆਰਿਫ਼ ਕਰਨ ਸ਼ੁਮਾਰ ।
ਸਾਥ ਲਤੀਫ਼ਾ ਕਲਬ ਦੇ,
ਅਸਲ ਕਰਨ ਦੀਦਾਰ ।

ਵਾਹ ਵਾਹ ਰੋਜ਼ ਜੁੰਮੇ ਦਾ ਆਇਆ,
ਪਿਆਰਾ ਸਾਡੇ ਵਿਹੜੇ ਆਇਆ ।
ਜਾਂ ਉਹ ਆਇਆ ਤਾਂ ਮੈਂ ਪਾਇਆ,
ਭਰ ਭਰ ਜਾਮ ਵਸਲ ਪਲਾਇਆ ।
ਬੇਖ਼ੁਦ ਹੋਈ ਮਸਤ ਖ਼ੁਮਾਰ,
ਸਾਨੂੰ ਮਿਲਿਆ ਦਿਲਬਰ ਯਾਰ ।
ਸਤਿਗੁਰ ਆਣ ਲੰਘਾਇਆ ਪਾਰ,
ਮੀਰਾਂ ਸ਼ਾਹ ਲੱਖ ਸ਼ੁਕਰ ਗੁਜ਼ਾਰ ॥੭॥

3. ਹਫ਼ਤ ਰੋਜ਼ (ਦੀਗਰ)

ਚੜ੍ਹਦੀ ਰੋਜ਼ ਛਨਿਚਰ ਮਾਰੂ ਇਸ਼ਕ ਬਜਾਇਆ,
ਮੈਨੂੰ ਮਾਰ ਚੁਆਤੀ ਸੁੱਤੀ ਆਣ ਜਗਾਇਆ ।
ਕਰਕੇ ਨਾਜ਼ ਅਦਾਈਂ ਆਪੇ ਹੁਸਨ ਦਿਖਾਇਆ,
ਬੁਰਕਾ ਸ਼ਰਮ ਹਿਆ ਦਾ ਮੂੰਹ ਤੋਂ ਆਣ ਉਠਾਇਆ ।

ਐਤਵਾਰ ਪੀਆ ਨੇ ਕੀਤੀ ਬੇਪਰਵਾਹੀ,
ਸਾਥੋਂ ਰੱਖਿਆ ਉਹਲਾ, ਇਹੋ ਸਖ਼ਤ ਜੁਦਾਈ ।
ਮੈਂ ਤਾਂ ਕੱਢ ਕੇ ਦੇਸੋਂ ਪ੍ਰਦੇਸ ਰੁਲਾਈ,
ਕੇਹੀ ਬਿਖੜੀ ਦੇਖੋ ਸਈਓ ਖੇਲ ਰਚਾਈ ।

ਪੀਰੋ ਪੀਤ ਬਿਰਹੋਂ ਨੇ ਸੀਨੇ ਲਾਈ ਕਾਨੀ,
ਬੈਠੀ ਸ਼ਗਨ ਵਿਚਾਰਾਂ ਸੇਵਾਂ ਸ਼ਾਹ ਜੀਲਾਨੀ ।
ਦੂਜਾ ਪੀਰ ਅਜਮੇਰੀ ਜਿਹਦਾ ਹੋਰ ਨਾ ਸਾਨੀ,
ਕਦੇ ਮੁੱਖ ਦਿਖਾਵੇ ਮੇਰਾ ਦਿਲਬਰ ਜਾਨੀ ।

ਚੜ੍ਹਦੇ ਮੰਗਲ ਸਈਆਂ ਰਲਕੇ ਮੰਗਲ ਗਾਉਣ,
ਉਨ੍ਹਾਂ ਭਾਗ ਚੰਗੇਰੇ ਜਿਨ੍ਹਾਂ ਸ਼ਹੁ ਗਲ ਲਾਉਣ ।
ਮੇਰੇ ਵਾਂਗ ਹਜ਼ਾਰਾਂ ਭਾਵੇਂ ਖ਼ਾਕ ਉਡਾਉਣ,
ਜਿਹੜੀਆਂ ਗਾਫ਼ਲ ਹੋਈਆਂ ਕੀਕਰ ਸ਼ਹੁ ਨੂੰ ਭਾਉਣ ।

ਬੁੱਧੋ ਸੁੱਧ ਖੋਕੇ ਪੀਵੇ ਪ੍ਰੇਮ ਪਿਆਲਾ,
ਕੋਈ ਗ਼ੈਰ ਨਾ ਦੇਖੇ ਪਾਵੇ ਰੁਤਬਾ ਆਲਾ ।
ਛੁੱਟੇ ਵਹਿਮ ਖ਼ਿਆਲੋਂ ਪਹੁੰਚੇ ਆਲਮ ਬਾਲਾ,
ਉੱਠੇ ਆਪਣੇ ਆਪੇ ਕੌਣ ਨਿਰਾਲਾ ।

ਜੁੰਮਾ ਰਾਤ ਜੁੰਮੇ ਦੀ ਸਈਓ ਛੇਵੀਂ ਆਈ,
ਹੋਈਆਂ ਦੂਰੋ ਨੇੜੇ ਇਕ ਵਸਲ ਜੁਦਾਈ ।
ਜਾਤਾ ਮਨ ਉਰਫ਼ ਨੂੰ ਜਿਹਦਾ ਰੰਗ ਨਾ ਕੋਈ,
ਸਭੇ ਭੁੱਲੀਆਂ ਬਾਤਾਂ, ਵਾਹ ਵਾਹ ਧੰਨ ਵਡਿਆਈ ।

ਵਾਹ ਵਾਹ ਰੋਜ਼ ਜੁੰਮੇ ਦਾ ਸਈਓ ਸਤਵਾਂ ਆਇਆ,
ਹਾਦੀ ਕਾਮਲ ਮੇਰੇ ਮੈਨੂੰ ਸੈਰ ਕਰਾਇਆ ।
ਆਪਣਾ ਆਪ ਨਾ ਮੈਨੂੰ ਕਿਤੇ ਨਜ਼ਰੀਂ ਆਇਆ,
ਮੀਰਾਂ ਸ਼ਾਹ ਕੀ ਆਖਾਂ ਮਾਹੀਓ ਘੋਲ ਘੁਮਾਇਆ ।

4. ਹਫ਼ਤ ਸ਼ਬ (ਹਫ਼ਤੇ ਦੀ ਰਾਤ)

ਰਾਤ ਪਹਿਲੀ ਪੀਆ ਛੋਡ ਸਧਾਰੇ,
ਦੇਵਾਂ ਦੋਸ ਕਿਸਨੂੰ ਮੇਰੇ ਭਾਗ ਨਿਕਾਰੇ ।
ਦਿਲੋਂ ਚਾਂਹਦੀ ਪਾਂਧੀ ਰਾਤੀਂ ਗਿਣਦੀ ਤਾਰੇ,
ਸਾਥੋਂ ਜ਼ੋਰ ਧਿਗਾਣੇ ਲੱਦੀ ਜਾਂਦੇ ਪਿਆਰੇ ।

ਰਾਤ ਦੂਜੀ ਪੀਆ ਕਹਾਂ ਪਾਇਆ ਘੇਰਾ,
ਰੋ ਰੋ ਆਹਾਂ ਮਾਰਾਂ ਕੋਈ ਜ਼ੋਰ ਨਾ ਮੇਰਾ ।
ਬਿਰਹੋਂ ਵਿਚ ਸੀਨੇ ਦੇ ਸਾਡੇ ਲਾਇਆ ਡੇਰਾ,
ਦਿਲ ਫੱਟਦਾ ਜਾਂਦਾ ਦੇਖ ਖਾਲੀ ਵਿਹੜਾ ।

ਰਾਤ ਤੀਜੀ ਸਈਓ ਸਿਰ ਸਾਡੇ ਆਈ,
ਬਿਰਹੋਂ ਨਿੱਤ ਵਿਛੋੜੇ ਮੇਰੀ ਜਾਨ ਜਲਾਈ ।
ਮਨਮੋਹਨ ਪਿਆਰੇ ਮਨ ਭਰ ਨਾ ਆਈ,
ਰੋਵਾਂ ਪਾਸ ਖਲੋਤੀ ਸੀਨੇ ਮੂਲ ਨਾ ਲਾਈ ।

ਰਾਤ ਚੌਥੀ ਪੀਆ ਸਿਉਂ ਕੀ ਗਲ ਕਰੀਏ,
ਚਲੋ ਭੀਖ ਦੁਆਰੇ ਹਾਲ ਜ਼ਾਹਰ ਕਰੀਏ ।
ਗਲ ਪੱਲੜਾ ਪਾਕੇ ਸਿਰ ਕਦਮੇ ਧਰੀਏ,
ਵਿਚ ਬਹਿਰ ਇਸ਼ਕ ਦੇ ਫੜ ਦਾਮਨ ਤਰੀਏ ।

ਰਾਤ ਪੰਜਵੀਂ ਪੀਆ ਮੂਲ ਨਾ ਆਇਆ,
ਸਈਓ ਜਗਤ ਉਲਾਮਾ ਮੈਂ ਤਾਂ ਸਿਰ ਤੇ ਚਾਇਆ ।
ਕੀਤੀ ਜਾਨ ਸਦਕੇ ਸਿਰ ਘੋਲ ਘੁਮਾਇਆ,
ਕੋਈ ਨਾਲ ਨਾ ਮੇਰੇ ਕੀਤਾ ਕੌਲ ਨਿਭਾਇਆ ।

ਰਾਤ ਛੇਵੀਂ ਪੀਆ ਕਿਹੜਾ ਕਾਸਦ ਜਾਵੇ,
ਬੀਤੀ ਜੋ ਸਿਰ ਸਾਡੇ ਉਹਨੂੰ ਜਾ ਸੁਣਾਵੇ ।
ਚਿਸ਼ਤੀ ਸਾਬਰੀ ਪੀਆ ਸਿਉਂ ਕਰਮ ਕਮਾਵੇ,
ਕਿਤੇ ਜੀਵਨ ਜੋਗਾ ਨਾਲ ਸੀਨੇ ਲਾਵੇ ।

ਰਾਤ ਸਤਵੀਂ ਪੀਆ ਬੋਲੇ ਕਾਗ ਬਨੇਰੇ,
ਕੰਨੀ ਧਨਕ ਵਸਲ ਦੀ ਅਜ ਪਈ ਆ ਮੇਰੇ ।
ਮੈਂ ਤਾਂ ਨਫ਼ਲ ਸ਼ੁਕਰ ਦੀ ਪੜ੍ਹਸਾਂ ਉੱਠ ਸਵੇਰੇ,
ਮੀਰਾਂ ਸ਼ਾਹ ਸਰਦਾਰ ਪੀਆ ਆਇਆ ਵਿਹੜੇ ।

5. ਸੀਹਰਫ਼ੀ-੧

ਅਲਫ਼-ਅੱਲਾ ਦੀ ਜ਼ਾਤ ਹੈ ਮੁਤਲਕ,
ਸਭ ਕੁਝ ਕਰਨੇਹਾਰਾ ਰੀ ।
ਹਰ ਹਰ ਜਾ ਮੌਜੂਦ ਹੈ ਆਪੇ,
ਸਭ ਸੋਂ ਆਪ ਨਿਆਰਾ ਰੀ ।
ਅਹਦੀਅਤ ਤੋਂ ਵਹਿਦਤ ਹੋ ਕੇ,
ਕੀਤਾ ਏਡ ਪਸਾਰਾ ਰੀ ।
ਮੀਰਾਂ ਸ਼ਾਹ ਸਭ ਕਰ ਦਿਖਲਾਇਆ,
ਕੁਨ ਦਾ ਇਕ ਇਸ਼ਾਰਾ ਰੀ ।

ਬੇ-ਬਿਰਹੋਂ ਦੀ ਆਤਿਸ਼ ਭੜਕੇ,
ਕੀ ਕੀ ਰੰਗ ਵਿਖਾਇਆ ਹੈ ।
ਆਪਣਾ ਆਪ ਤਮਾਸ਼ਾ ਕੀਤਾ,
ਆਪੇ ਵੇਖਣ ਆਇਆ ਹੈ ।
ਭੇਤ ਅਗੰਮ ਦੇ ਜ਼ਾਹਰ ਹੋਏ,
ਛੁਪਿਆ ਨਾਲ ਛੁਪਾਇਆ ਹੈ ।
ਮੀਰਾਂ ਸ਼ਾਹ ਲਾਹੂਤੀ ਮੌਲਾ,
ਬਣ ਨਾਸੂਤੀ ਆਇਆ ਹੈ ।

ਸੇ-ਸਾਬਤ ਜਾਂ ਮਾਹੀ ਹੋਇਆ,
ਸਦਾ ਸੁਹਾਗਣ ਹੀਰ ਹੋਈ ।
ਵਾਹ ਵਾ ਭਾਗ ਨਸੀਬ ਜੱਟੀ ਦੇ,
ਸ਼ਹੁ ਦੀ ਦਾਮਨਗੀਰ ਹੋਈ ।
ਹੁਸਨ ਮਾਹੀ ਦਾ ਵੇਖ ਤਜੱਲੜਾ,
ਸੂਰਤ ਬਦਰ ਮੁਨੀਰ ਹੋਈ ।
ਮੀਰਾਂ ਸ਼ਾਹ ਸਭ ਦੁਖ ਸੁਖ ਖੋਏ,
ਰਹਿਮਤ ਖ਼ਾਜਾ ਪੀਰ ਹੋਈ ।

ਜੀਮ-ਜਲਾਲ ਜਮਾਲ ਮਾਹੀ ਦਾ,
ਹੋਇਆ ਹੀਰ ਸਿਆਲੀ ਨੂੰ ।
ਹਰ ਹਰ ਇਸਮ ਤੇ ਹਰ ਹਰ ਸਿਫ਼ਤੋਂ,
ਸ਼ਾਦ ਕੀਤਾ ਮਤਵਾਲੀ ਨੂੰ ।
ਅੰਦਰ ਬਾਹਰ ਮਾਹੀ ਹੋਇਆ,
ਪਾਇਆ ਖ਼ੈਰ ਸਵਾਲੀ ਨੂੰ ।
ਮੀਰਾਂ ਸ਼ਾਹ ਗੁਰ ਚਿਸ਼ਤੀ ਮਿਲਿਆ,
ਤਾਰਿਆ ਐਬਾਂ ਵਾਲੀ ਨੂੰ ।

ਦਾਲ-ਦੂਈ ਦਾ ਵਹਿਮ ਉਠਾਇਆ,
ਵਾਹ ਰਾਂਝਣ ਦੀ ਯਾਰੀ ਰੀ ।
ਹੁਸਨ ਅਜ਼ਲ ਦੀ ਚਮਕ ਵਿਖਾ ਕੇ,
ਹਸਤੀ ਖ਼ੁਦੀ ਵਿਸਾਰੀ ਰੀ ।
ਨਾਲ ਕਰਮ ਦੇ ਸੀਨੇ ਲਾਈ,
ਆਜਿਜ਼ ਨੀਚ ਨਿਕਾਰੀ ਰੀ ।
ਐਸੇ ਮਾਹੀ ਸੁੰਦਰ ਪੀ ਤੋਂ,
ਮੀਰਾਂ ਸ਼ਾਹ ਜਿੰਦ ਵਾਰੀ ਰੀ ।

ਜ਼ਾਲ-ਜ਼ਿਕਰ ਤੇ ਸ਼ੁਗਲਾਂ ਅੰਦਰ,
ਐਵੇਂ ਵਕਤ ਗਵਾਇਆ ਸੀ ।
ਉਸ ਵੇਲੇ ਤੋਂ ਸੌ ਸਿਰ ਵਾਰਾਂ,
ਜਦ ਉਹ ਸਿਆਲੀਂ ਆਇਆ ਸੀ ।
ਨਾਜ਼ ਨਿਆਜ਼ ਹਜ਼ਾਰਾਂ ਕਰ ਕੇ,
ਮੁੱਖ ਤੋਂ ਨਾਦ ਵਜਾਇਆ ਸੀ ।
ਮੀਰਾਂ ਸ਼ਾਹ ਧਰ ਕੰਬਲ ਮੋਢੇ,
ਲੂੰ ਲੂੰ ਇਸ਼ਕ ਰਚਾਇਆ ਸੀ ।

ਰੇ-ਰਾਂਝਣ ਦਾ ਆਲੀ ਰੁਤਬਾ,
ਹਰ ਹਰ ਸ਼ਾਨ ਚਮਕੇ ਰੀ ।
ਹਰ ਸੂਰਤ ਵਿਚ ਜਲਵਾ ਰੌਸ਼ਨ,
ਸੂਰਜ ਵਾਂਗ ਦਮਕੇ ਰੀ ।
ਬਾਝੋਂ ਆਸ਼ਿਕ ਹੀਰ ਸਲੇਟੀ,
ਹਰ ਕੋਈ ਝਲ ਨਾ ਸਕੇ ਰੀ ।
ਮੀਰਾਂ ਸ਼ਾਹ ਕੋਈ ਆਰਿਫ਼ ਕਾਮਲ,
ਲਾਵੇ ਨੈਣ ਝਮਕੇ ਰੀ ।

ਸਵਾਦ-ਸਫ਼ਾਈ ਦਿਲ ਦੀ ਕਰ ਕੇ,
ਪਾਇਆ ਕੁਰਬ ਪਿਆਰੇ ਦਾ ।
ਸ਼ਾਨ ਮਾਹੀ ਦੀ ਰੱਬ ਰਸੂਲੀ,
ਮਾਲਕ ਤਖ਼ਤ ਹਜ਼ਾਰੇ ਦਾ ।
ਅੱਖੀਆਂ ਦੇ ਵਿਚ ਜਲਵਾ ਚਮਕੇ,
ਮਾਹੀ ਸੋਹਣੇ ਸਾਰੇ ਦਾ ।
ਮੀਰਾਂ ਸ਼ਾਹ ਧੰਨ ਭਾਗ ਜੱਟੀ ਦੇ,
ਪਾਇਆ ਵਸਲ ਇਕਾਰੇ ਦਾ ।

ਜ਼ੋਏ-ਜ਼ਾਹਿਰ ਬਾਤਨ ਮਾਹੀ ਆਪੇ,
ਭੇਸ ਵਟਾ ਕੇ ਆਇਆ ਰੀ ।
ਤਖ਼ਤ ਹਜ਼ਾਰਿਓਂ ਆਣ ਸਿਆਲੀਂ,
ਹੀਰ ਨੂੰ ਲੈ ਗਲ ਲਾਇਆ ਰੀ ।
ਇਸਮ ਸਿਫ਼ਤ ਦਾ ਜਾਮਨ ਹੋਕੇ,
ਕੀ ਕੀ ਸ਼ਾਨ ਵਿਖਾਇਆ ਰੀ ।
ਮੀਰਾਂ ਸ਼ਾਹ ਧਰ ਤਾਜ ਲੌਲਾਕੀ,
ਖੇੜਿਆਂ ਦੇ ਵਲ ਧਾਇਆ ਰੀ ।

ਫ਼ੇ-ਫ਼ਾਰਗ ਸਭ ਕਜੀਓਂ ਹੋਏ,
ਜ਼ਾਹਰ ਬਾਤਨ ਮਾਹੀ ਰੀ ।
ਨਾਮ ਨਿਸ਼ਾਨ ਰਹਿਆ ਨਾ ਮੇਰਾ,
ਹੈ ਸਭ ਉਸ ਦੀ ਸ਼ਾਹੀ ਰੀ ।
ਰੂਹ ਮਿਸਾਲ ਵਜੂਦ ਮਾਹੀ ਦਾ,
ਮੈਂ ਹੁਣ ਹੋਈ ਰਾਹੀ ਰੀ ।
ਮੀਰਾਂ ਸ਼ਾਹ ਜਦ ਪੁੰਨ ਪਾਪਾਂ ਦੀ,
ਸਿਰ ਤੋਂ ਗੱਠੜੀ ਲਾਹੀ ਰੀ ।

ਲਾਮ-ਲੁਕਾਈ ਲੱਭ ਲੱਭ ਹਾਰੀ,
ਦਿਲਬਰ ਔਖਾ ਲਭਦਾ ਹੈ ।
ਚਤਰਾ ਹੋ ਕੇ ਅੰਦਰ ਢੂੰਡੇ,
ਇਹੋ ਪਾਵਣ ਰੱਬ ਦਾ ਹੈ ।
ਰੱਬ ਰੱਬ ਕਰਦੀ ਕਬਰੀਂ ਪਹੁੰਚੀ,
ਰੱਬ ਦਾ ਮਿਲਣ ਸਬੱਬ ਦਾ ਹੈ ।
ਮੀਰਾਂ ਸ਼ਾਹ ਗੁਰ ਗਿਆਨ ਸੁਝਾਵੇ,
ਤਾਹੀਓਂ ਦਿਲਬਰ ਲਭਦਾ ਹੈ ।

ਮੀਮ-ਮੁਬਾਰਕ ਮਿਲਣ ਮਾਹੀ ਦਾ,
ਹੁਣ ਮੈਂ ਬੇਵਿਸ਼ਵਾਸ ਹੋਈ ।
ਮੁਕ ਗਏ ਸਭ ਝਗੜੇ ਝੇੜੇ,
ਵਿਗੜੀ ਤਿਗੜੀ ਰਾਸ ਹੋਈ ।
ਖ਼ਾਜਾ ਚਿਸ਼ਤੀ ਹਿੰਦ ਵਲੀ ਦੇ,
ਦਾਖ਼ਲ ਵਿਚ ਇਜਲਾਸ ਹੋਈ ।
ਮੀਰਾਂ ਸ਼ਾਹ ਮੈਂ ਗੁਰ ਆਪਣੇ ਦੀ,
ਨਿਪਟ ਕਮੀਨੀ ਦਾਸ ਹੋਈ ।

ਹੇ-ਹਾਰੇ ਜੇ ਆਪਣੇ ਆਪੋਂ,
ਤਾਹੀਂਓਂ ਬੇਹੱਦ ਪਾਵੇ ਰੀ ।
ਹਰ ਬਿਨ ਹੋਰ ਨਾ ਵੇਖੇ ਕੋਈ,
ਜਿਤ ਵਲ ਨਜ਼ਰ ਉਠਾਵੇ ਰੀ ।
ਮੂੰਹ ਕਾਲਾ ਕਰ ਜੱਗ ਦਿਖਲਾਵੇ,
ਤਾਂ ਹਰਿ ਕੀ ਗਤ ਪਾਵੇ ਰੀ ।
ਮੀਰਾਂ ਸ਼ਾਹ ਅਲਫ਼ਕਰ ਸਵਾਦੁਲ,
ਵਜਹ ਨਬੀ ਫ਼ੁਰਮਾਵੇ ਰੀ ।

6. ਸੀਹਰਫ਼ੀ-੨

ਬੇ-ਬਹੁਤ ਕਰੀਮ ਦਾ ਕਰਮ ਹੋਇਆ,
ਹੋਈ ਹੁੱਬ ਤੇ ਪਾਕ ਹਬੀਬ ਕੀਤਾ ।
ਚੌਹਾਂ ਯਾਰਾਂ ਨੂੰ ਕੁਰਬ ਕਮਾਲ ਦੇਕੇ,
ਵਿਚ ਖ਼ਾਸ ਮਹਿਬੂਬ ਨਜੀਬ ਕੀਤਾ ।
ਵਿਚ ਆਪਣਾ ਭੇਤ ਛਪਾਇਕੇ ਤੇ,
ਸਾਡੇ ਪਾਕ ਜਮਾਲ ਨਸੀਬ ਕੀਤਾ ।
ਮੀਰਾਂ ਸ਼ਾਹ ਇਹ ਵਹਿਦਤ ਦਾ ਬਾਗ਼ ਖਿੜਿਆ,
ਕੋਈ ਦੂਰ ਤੇ ਕੋਈ ਕਰੀਬ ਕੀਤਾ ।

ਹੇ-ਹਮਜੇ ਦੀਆਂ ਗੁੱਝੀਆਂ ਰਮਜ਼ਾਂ,
ਕਾਮਲ ਮਰਦ ਬੀਚਾਰੇ ਰੀ ।
ਬੇ, ਤੇ, ਸੇ, ਦਾ ਨੁਕਤਾ ਖੋਹਵੇ,
ਇਕੋ ਅਲਫ਼ ਨਿਤਾਰੇ ਰੀ ।
ਹਰ ਹਰਫ਼ ਵਿੱਚ ਅਲਫ਼ ਦੀ ਸੂਰਤ,
ਹਰ ਹਰ ਸ਼ਾਨ ਇਸ਼ਾਰੇ ਰੀ ।
ਮੀਰਾਂ ਸ਼ਾਹ ਇਹ ਗੱਲ ਹੈ ਮੁਸ਼ਕਲ,
ਬਿਨ ਗੁਰ ਕੇ ਨਿਰਵਾਰੇ ਰੀ ।

ਖੇ-ਖ਼ਬਰਾਂ ਵਿਚ ਜਗ ਦੇ ਹੋਈਆਂ,
ਹੀਰ ਰਾਂਝੇ ਦੀ ਬਰਦੀ ਰੀ ।
ਰਾਂਝੇ ਬਾਝੋਂ ਗ਼ੈਰ ਨਾ ਦਿਸਦਾ,
ਮਾਹੀ ਮਾਹੀ ਕਰਦੀ ਰੀ ।
ਜ਼ਾਹਿਰ ਬਾਤਨ ਮਾਹੀ ਹੋਇਆ,
ਖੇੜੇ ਚਿੱਤ ਨਾ ਧਰਦੀ ਰੀ ।
ਵੇਖ ਮਾਹੀ ਦੀਆਂ ਗੁੱਝੀਆਂ ਰਮਜ਼ਾਂ,
ਹੈਰਤ ਦਾ ਦਮ ਭਰਦੀ ਰੀ ।

ਸੀਨ-ਸੁੰਨਤ ਤੇ ਫ਼ਰਜ਼ ਵਿਚਾਰ ਪਹਿਲੇ,
ਕੌਲ ਫੇਹਲ ਨੂੰ ਸੋਚ ਸੰਭਾਲ ਮੀਆਂ ।
ਜੇ ਤੂੰ ਐਨ ਹਕੀਕਤੋਂ ਮਹਿਰਮ ਹੋਵੇਂ,
ਤਾਹੀਂਓਂ ਸ਼ੌਕ ਹੈ ਤੇਰਾ ਕਮਾਲ ਮੀਆਂ ।
ਕਰਕੇ ਫੰਦ ਫ਼ਰੇਬ ਨਾ ਜੱਗ ਲੁੱਟੇ,
ਏਸ ਗੱਲ ਦੇ ਵਿਚ ਜ਼ਵਾਲ ਮੀਆਂ ।
ਮੀਰਾਂ ਸ਼ਾਹ ਜੇ ਆਪ ਨੂੰ ਦੂਰ ਕਰੇਂ,
ਵੇਖ ਯਾਰ ਦਾ ਐਨ ਕਮਾਲ ਮੀਆਂ ।

ਐਨ-ਆਰਿਫ਼ ਦੀ ਸੂਰਤ ਹੋਕੇ,
ਮਨ ਮੈਂ ਭੇਤ ਸੁਝਾਏ ਰੀ ।
ਪੀਰ ਚਿਸ਼ਤੀ ਦੇ ਬਲ ਬਲ ਜਾਈਏ,
ਦਿਲ ਦੇ ਭਰਮ ਮਿਟਾਏ ਰੀ ।
ਜ਼ੌਹਰ ਅਸਲ ਹਕੀਕਤ ਵਾਲੇ,
ਕੀ ਕੀ ਫੋਲ ਵਿਖਾਏ ਰੀ ।
ਮੀਰਾਂ ਸ਼ਾਹ ਅਜ ਰਮਜ਼ਾਂ ਵਾਲੇ,
ਰਾਜ਼ ਮਾਹੀ ਦੇ ਪਾਏ ਰੀ ।

ਗ਼ੈਨ-ਗ਼ੁਲਾਮ ਹੈ ਹੀਰ ਮਾਹੀ ਦੀ,
ਦਿਲ ਸਾਡੇ ਵਿੱਚ ਵੱਸੇ ਜੀ ।
ਅਹਿਦ ਤੋਂ ਬਣ ਅਹਿਮਦ ਆਇਆ,
ਨਾਜ਼ ਵਿਖਾ ਕੇ ਖੱਸੇ ਜੀ ।
ਉੱਠਦਾ ਬਹਿੰਦਾ ਨਾਲ ਅਸਾਡੇ,
ਨਾਜ਼ ਵਿਖਾ ਕਰ ਹੱਸੇ ਜੀ ।
ਮੀਰਾਂ ਸ਼ਾਹ ਮਹਿਬੂਬ ਖ਼ੁਦਾ ਦਾ,
ਭੇਤ ਅਗੰਮ ਦੇ ਦੱਸੇ ਜੀ ।

7. ਸੀਹਰਫ਼ੀ-੩-ਡਿਓਢ

ਰੇ-ਰਾਜ਼ ਇਲਾਹੀ ਅੰਦਰ ਸਮਝੋ,
ਵਿਚ ਕਿਤਾਬੀਂ ਨਾਹੀਂ,
ਸਮਝ ਕਦਾਹੀਂ ।
ਨਹਿਨ ਅਕਰਬ ਗੁਰ ਤੋਂ ਜਾਣੀਂ,
ਕਾਹਨੂੰ ਫਿਰਦਾ ਰਾਹੀਂ,
ਪਾ ਗਲ ਬਾਹੀਂ ।
ਆਲਮ ਫ਼ਾਜ਼ਲ ਗੋਤੇ ਖਾਂਦੇ,
ਦੂਰ ਨਹੀਂ ਉਹ ਸਾਈਂ,
ਹੈ ਮਨ ਮਾਹੀਂ ।
ਮੀਰਾਂ ਸ਼ਾਹ ਜਦ ਭਰਮ ਨਾ ਉੱਠੇ,
ਰੋ ਰੋ ਮਾਰੇ ਆਹੀਂ,
ਲਭਦਾ ਨਾਹੀਂ ।

8. ਬਿਸ਼ਨ-ਪਦਾ

ਪ੍ਰੇਮ ਨਗਰੀਆ ਧੂਮ ਪੜੀ,
ਮਨ ਮੋਹਨ ਰੂਪ ਦਿਖਾਇਓ ਰੀ ।
ਸਗਲ ਅੰਧੇਰਾ ਮਿਟ ਗਿਆ ਸਾਧੋ,
ਕਿਸ਼ਨ ਮੁਰਾਰੀ ਆਇਓ ਰੀ ।

ਮੁੱਖ ਚੰਦਨ ਪਰ ਮੁਕਟ ਬਿਰਾਜੇ,
ਜਗਮਗ ਜੋਤ ਭਈ ਤਰਲੋਕੀ,
ਦਇਆ ਕਰਤ ਜਬ ਮਦ ਕਾ ਪਿਆਲਾ,
ਮੋਕੋ ਆਨ ਪਿਆਇਓ ਰੀ ।
ਤੋਰੀ ਦਇਆ ਪਰ ਤਨ ਮਨ ਵਾਰੂੰ,
ਐ ਸਤਿਗੁਰ ਨਿਰਧਾਰੀ ਜੀ,
ਸੁਖਮਨ ਸਾਥ ਅਨੰਦ ਕੀਓ ਜਬ,
ਆਪ ਸੇ ਆਪ ਮਿਲਾਇਓ ਰੀ ।
ਵਹਿਮ ਦੂਈ ਕਾ ਮਿਟ ਗਿਆ ਮਨ ਸੇ,
ਏਕੰਕਾਰ ਕੇ ਸੋਧਨ ਸੇ,
ਜਪ ਅਰ ਜਾਪ ਗਏ ਮਿਟ ਦੋਨੋ,
ਜਬ ਗੁਰ ਗਿਆਨ ਬਤਾਇਓ ਰੀ ।

ਮੀਰਾਂ ਸ਼ਾਹ ਤਬ ਚੈਨ ਪੜੀ ਜਬ,
ਮਹਾਂ ਮੂਰਤ ਕਾ ਮੇਲ ਹੂਆ,
ਸੋਵਤ ਜਾਗਤ ਏਕ ਹੁਆ ਜਬ,
ਮਨ ਮੇਂ ਏਕ ਸਮਾਇਓ ਰੀ ।

9. ਦੋਹੜਾ

ਯਾ ਖ਼ਾਜਾ ਚਿਸ਼ਤੀ ਅਜਮੇਰੀ,
ਪ੍ਰੇਮ ਤੇਰੇ ਨੇ ਘੇਰੀ ਹਾਂ ।
ਸ਼ਾਨ ਤੇਰੀ ਹੈ ਰੱਬ ਰਸੂਲੀ,
ਤੁਝ ਦਰ ਦੀ ਮੈਂ ਚੇਰੀ ਹਾਂ ।
ਨਿਪਟ ਕਮੀਨੀ ਧੁਰ ਦੀ ਪਾਪਣ,
ਸਾਰ ਲਈਂ ਮੈਂ ਤੇਰੀ ਹਾਂ ।
ਮੀਰਾਂ ਸ਼ਾਹ ਨੂੰ ਮਾਣ ਹੈ ਤੇਰਾ,
ਔਗੁਣਹਾਰ ਘਨੇਰੀ ਹਾਂ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੀਰਾਂ ਸ਼ਾਹ ਜਲੰਧਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ