Chonvein Dard Sunehe : Hira Singh Dard

ਚੋਣਵੀਂ ਪੰਜਾਬੀ ਕਵਿਤਾ : ਹੀਰਾ ਸਿੰਘ ਦਰਦ

੧. ਕੋਇਲੇ, ਗੀਤ ਨਵਾਂ ਕੋਈ ਗਾ

ਗੀਤ

ਗੀਤ ਪੁਰਾਣੇ ਦਰਦ ਰੰਝਾਣੇ,
ਕੋਇਲੇ ! ਹੁਣ ਬੰਦ ਕਰ ਦੇ,
ਦੁਖੀ ਦਿਲਾਂ ਤੇ ਤੀਰ ਚਲਾ ਕੇ,
ਹੋਰ ਨਾ ਹੁਣ ਤੜਫਾ,
ਨੀ ਕੋਇਲੇ ਗੀਤ ਨਵਾਂ ਕੋਈ ਗਾ ।

ਸਦੀਆਂ ਤੋਂ ਹੈ ਗੀਤਾਂ ਤੇਰਿਆਂ,
ਇਕ ਤੂਫਾਨ ਮਚਾਇਆ ।
ਬੇਵਸੀਆਂ ਦੇ ਹੌਕਿਆਂ ਦੇ ਵਿਚ,
ਦਾਸਾਂ ਨੂੰ ਤੜਫਾਇਆ ।
ਇਕ ਤਾਂ ਕੂਕ ਆਜ਼ਾਦੀ ਵਾਲੀ,
ਸਜਨੀ ਅਜ ਸੁਣਾ,
ਨੀ ਕੋਇਲੇ ਗੀਤ ਨਵਾਂ ਕੋਈ ਗਾ ।

ਸਾਵਣ ਆਇਆ ਝੜੀਆਂ ਲਗੀਆਂ
ਉਮੱਡ ਚੜ੍ਹੇ ਦਰਿਆ ।
ਵੇਖ ਵੇਖ ਕੇ ਬਦਲੀਆਂ ਰੁੱਤਾਂ,
ਮੇਰੇ ਮਨ ਵੀ ਉਠਦਾ ਚਾਅ ।
ਐਪਰ ਬੇੜੀਆਂ ਬੰਧਨਾਂ ਦੇ ਵਿਚ,
ਮੇਰੇ ਚਾਵਾਂ ਦਾ ਘੁਟ ਰਿਹਾ ਸਾਹ,
ਨੀ ਕੋਇਲੇ ਗੀਤ ਨਵਾਂ ਕੋਈ ਗਾ ।

ਹੂਕਾਂ ਦਿਲਾਂ ਵਿਚ ਪਾਵਣ ਵਾਲੀਆਂ
ਕੂਕਾਂ ਹੁਣ ਨਾ ਭਾਵਣ ।
ਚੰਗੀਆਂ ਲਗਣ ਲਲਕਾਰਾਂ ਮੈਨੂੰ
ਰਣ ਦੇ ਵਿਚ ਬੁਲਾਵਣ ।
ਬੰਧਨ ਬੇੜੀਆਂ ਤੋੜ ਭੰਨ ਕੇ
ਸਾਰੀਆਂ ਦਿਆਂ ਰੁੜ੍ਹਾ,
ਨੀ ਕੋਇਲੇ ਗੀਤ ਨਵਾਂ ਕੋਈ ਗਾ ।

ਇਹ ਤੇਰਾ ਦਸਤੂਰ ਕੀ ਭੈਣੇ,
ਮੈਨੂੰ ਸਮਝ ਨਾ ਆਵੇ ।
ਖੁਲ੍ਹਾਂ ਮਾਣਨ ਵਾਲੀ ਹੋ ਕੇ,
ਤੂੰ ਕਿਉਂ ਭਰਨੀ ਏਂ ਹਾਵੇ ।
ਹਾਵੇ, ਹੌਕੇ ਮੁਕਣ ਸਾਰੇ,
ਮੈਨੂੰ ਦਸ ਨਵਾਂ ਕੋਈ ਰਾਹ,
ਨੀ ਕੋਇਲੇ ਗੀਤ ਨਵਾਂ ਕੋਈ ਗਾ ।

ਕਾਲੀ ਕੋਇਲ ਟਾਹਣੀ ਉਤੋਂ
ਉਡੀ ਮਾਰ ਉਡਾਰੀ ।
ਖੁਭ ਗਈ ਮੇਰੇ ਸੀਨੇ ਦੇ ਵਿਚ,
ਤਿਖੀ ਜਿਵੇਂ ਕਟਾਰੀ ।
ਸ਼ੌਕ-ਅੰਗਾਰੀ ਖੁਲ੍ਹਾਂ ਦੀ
ਮੇਰੇ ਦਿਲ ਵਿਚ ਲਾ ਗਈ ਭਾ !
ਕੋਇਲੇ ਨਵੀਂ ਬਹਾਰ ਲਿਆ,
ਮੇਰਾ ਵਤਨ ਆਜ਼ਾਦ ਕਰਾ,
ਨੀ ਕੋਇਲੇ ਗੀਤ ਆਜ਼ਾਦੀ ਗਾ ।

(੧੯੩੩)

੨. ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ

(ਇਕ ਸੁਪਨਾ)

ਉਠ ਮਰਦਾਨਿਆਂ ਤੂੰ ਚੁਕ ਲੈ ਰਬਾਬ ਭਾਈ,
ਵੇਖੀਏ ਇਕੇਰਾਂ ਫੇਰ ਰੰਗ ਸੰਸਾਰ ਦੇ ।
ਪੈ ਰਹੀ ਆਵਾਜ਼ ਕੰਨੀਂ ਮੇਰੇ ਹੈ ਦਰਦ ਵਾਲੀ,
ਆ ਰਹੇ ਸੁਨੇਹੜੇ ਨੀ ਡਾਢੇ ਹਾਹਾਕਾਰ ਦੇ ।
ਜੰਗਲਾਂ ਪਹਾੜਾਂ ਵਿਚ ਵਸਤੀਆਂ ਉਜਾੜਾਂ ਵਿਚ,
ਪੈਣ ਪਏ ਵੈਣ ਵਾਂਙੂੰ ਡਾਢੇ ਦੁਖਿਆਰ ਦੇ ।
ਚੱਲ ਇਕ ਵੇਰ ਫੇਰਾ ਪਾਵੀਏ ਵਤਨ ਵਿਚ,
ਛੇਤੀ ਹੋ ਵਿਖਾਈਏ ਤੈਨੂੰ ਰੰਗ ਕਰਤਾਰ ਦੇ ।

ਵੇਖ ਤੂੰ ਪੰਜਾਬ ਵਿਚ ਲਹੂ ਦੇ ਤਾਲਾਬ ਭਰੇ,
ਹਸਦੇ ਨੇ ਕੋਈ, ਕੋਈ ਰੋ ਰੋ ਕੇ ਪੁਕਾਰਦੇ ।
ਕਰਦੇ ਸਲਾਮਾਂ ਕਈ ਰਿੜ੍ਹਦੇ ਨੇ ਢਿਡਾਂ ਭਾਰ,
ਵੇਖਦੇ ਤਮਾਸ਼ਾ ਕਈ ਗੋਲੇ ਸਰਕਾਰ ਦੇ ।
ਤਾੜ ਤਾੜ ਗੋਲੀਆਂ ਚਲਾਂਵਦੇ ਬਿਦੋਸਿਆਂ ਤੇ,
ਬੰਦਿਆਂ ਦੇ ਉਤੇ ਢੰਗ ਸਿਖਦੇ ਸ਼ਿਕਾਰ ਦੇ ।
ਲਖ ਲਖ ਮਿਲਦੇ ਇਨਾਮ ਪਏ ਸ਼ਿਕਾਰੀਆਂ ਨੂੰ,
ਪਸ਼ੂਆਂ ਦੇ ਵਾਂਗ ਜਿਹੜੇ ਬੱਚੇ ਬੁਢੇ ਮਾਰਦੇ ।

ਅਸਾਂ ਨਹੀਉਂ ਲੈਣੀਆਂ ਵਧਾਈਆਂ ਅਜ ਕਿਸੇ ਪਾਸੋਂ,
ਅਜ ਮੇਰੇ ਸੀਨੇ ਵਿਚ ਫਟ ਨੀ ਕਟਾਰ ਦੇ ।
ਜਦੋਂ ਤੀਕ ਹੋਂਵਦੀ ਖਲਾਸ ਨਹੀਂਓਂ ਬੰਦੀਆਂ ਦੀ,
ਜਦੋਂ ਤੀਕ ਦੁਖੀ ਲਖਾਂ ਦਬੇ ਹੇਠਾਂ ਭਾਰ ਦੇ ।
ਜਦੋਂ ਤੀਕ ਤੋਪਾਂ ਤੇ ਮਸ਼ੀਨਾਂ ਦਾ ਹੈ ਰਾਜ ਇਥੇ,
ਸਚ ਦੇ ਨੀ ਚੰਨ ਦਬੇ ਹੇਠਾਂ ਅੰਧਕਾਰ ਦੇ ।
ਓਦੋਂ ਤੀਕ ਚੈਨ ਨਹੀਂ ਮੈਨੂੰ ਮਰਦਾਨਿਆਂ ਵੇ,
ਸੋਚਾਂ, ਇਹ ਕੀ ਵਰਤ ਰਹੇ ਰੰਗ ਕਰਤਾਰ ਦੇ ।

ਵੇਖਿਆ ਤਮਾਸ਼ਾ ਮਰਦਾਨਿਆ ਈ ਕਦੀ ਤੁਧ ?
ਸੈਰ ਮੇਰੇ ਨਾਲ ਕੀਤੇ ਸਾਰੇ ਸੰਸਾਰ ਦੇ ।
ਅਗ ਲੈਣ ਆਈ ਤੇ ਸੁਆਣੀ ਬਣੀ ਸਾਂਭ ਘਰ,
ਘੂਰ ਘੂਰ ਹੁਕਮ ਮਨਾਵੇ ਹੰਕਾਰ ਦੇ ।
ਖਾਵੋ ਪੀਵੋ ਬੋਲੋ ਚਾਲੋ ਆਵੋ ਜਾਵੋ ਪੁਛ ਪੁਛ,
ਹੁਕਮ ਪਏ ਚਲਦੇ ਨੇ ਡਾਢੀ ਸਰਕਾਰ ਦੇ ।
ਸਚ ਦੇ ਪਿਆਰੇ ਕਈ ਤਾੜੇ ਬੰਦੀਖਾਨੇ ਵਿਚ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।

ਇਕ ਪਾਸੇ ਤੋਪ ਤੇ ਮਸ਼ੀਨਾਂ, ਬੰਬ, ਜੇਹਲ, ਫਾਂਸੀ,
ਕਹਿੰਦੇ, ਕੌਣ ਆ ਕੇ ਸਾਡੇ ਸਾਹਵੇਂ ਦਮ ਮਾਰਦੇ ।
'ਸਚ' ਤੇ 'ਨਿਆਇ' ਝੰਡਾ ਪਕੜ ਕੇ ਆਜ਼ਾਦੀ ਵਾਲਾ,
ਦੂਜੇ ਪਾਸੇ ਵਤਨ ਦੇ ਸੂਰਮੇ ਵੰਗਾਰਦੇ ।
ਸੂਰਜ ਆਜ਼ਾਦੀ ਵਾਲਾ ਬਦਲਾਂ ਨੇ ਘੇਰ ਲਿਆ,
ਕਾਲੇ ਕਾਲੇ ਘਨੀਅਰ ਸ਼ੂੰਕਦੇ ਫੂੰਕਾਰਦੇ !
ਮਾਰ ਲਿਸ਼ਕਾਰੇ ਪਰ ਸੂਰਜ ਅਕਾਸ਼ ਚੜ੍ਹੇ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।

ਵੇਖ ਤਲਵੰਡੀ ਵਿਚ ਭੰਡੀਆਂ ਨੀ ਮਚ ਰਹੀਆਂ,
ਰੰਡੀਆਂ ਦੇ ਨਾਚ ਹੁੰਦੇ ਵਿਚ ਦਰਬਾਰ ਦੇ ।
ਉਠ ਗਈਆਂ ਸਫ਼ਾਂ ਮਰਦਾਨਿਆਂ ਅਸਾਡੀਆਂ ਓ,
ਕੌਣ ਆ ਕੇ ਕਹੇ ਅਜ ਹਾਲ ਦਿਲਦਾਰ ਦੇ ।
ਜਿਥੇ ਸਚੇ ਸੌਦਿਆਂ ਦੇ ਕੀਤੇ ਸਤਸੰਗ ਅਸਾਂ,
ਜਿਥੇ ਦਿਨ ਕਟੇ ਅਸਾਂ ਨਾਲ ਰਾਇ ਬੁਲਾਰ ਦੇ ।
ਓਥੇ ਅਜ ਲਗੀਆਂ ਦੁਕਾਨਾਂ ਦੁਰਾਚਾਰ ਦੀਆਂ,
ਵੇਖ ਮਰਦਾਨਿਆਂ ਏ ਰੰਗ ਕਰਤਾਰ ਦੇ ।

ਦਸ ਕਿਹੜੀ ਥਾਂਇ ਪਹਿਲਾਂ ਚਲੀਏ ਪਿਆਰਿਆ ਵੇ,
ਆਂਵਦੇ ਸੰਦੇਸੇ ਸਭ ਪਾਸੋਂ ਵਾਂਗ ਤਾਰ ਦੇ ।
ਚਲੀਏ ਹਜ਼ਾਰੀ ਬਾਗ਼ ਬੀਰ ਰਣਧੀਰ ਪਾਸ,
ਚਕੀਆਂ ਪਿਹਾਈਏ ਕੋਲ ਬੈਠ ਸੋਹਣੇ ਯਾਰ ਦੇ ।
ਚੰਦਨ ਦੇ ਬੂਟੇ ਨੇ ਮਹਿਕਾਈ ਹੈ ਸੁਗੰਧ ਜਿਥੇ,
ਸੁੰਘ ਲਈਏ ਭੌਰ ਬਣ ਫੁਲ ਗੁਲਜ਼ਾਰ ਦੇ ।
ਅਜ ਇਹ ਹਜ਼ਾਰੀ ਬਾਗ਼ ਲੱਖੀ ਤੇ ਕਰੋੜੀ ਬਾਗ਼,
ਸਾਂਈਂ ਦੇ ਪਿਆਰੇ ਇਹ ਤੋਂ ਤਨ ਮਨ ਵਾਰਦੇ ।

ਫੇਰ ਅੰਡੇਮਾਨ ਫੇਰਾ ਪਾਵੀਏ ਪਿਆਰਿਆ ਵੇ,
ਦੇਸ਼ ਦੇ ਪਿਆਰੇ ਜਿਥੇ ਦੁਖੜੇ ਸਹਾਰਦੇ ।
ਪਿੰਜਰੇ ਦੇ ਵਿਚ ਕੋਈ ਪੁਛਦਾ ਨਾ ਬਾਤ ਜਿਥੇ,
ਜਪ ਕੇ ਆਜ਼ਾਦੀ 'ਨਾਮ' ਸਮੇਂ ਨੂੰ ਗੁਜ਼ਾਰਦੇ ।
ਛਾਤੀ ਲਾ ਕੇ ਸਾਰਿਆਂ ਪਿਆਰਿਆਂ ਨੂੰ ਇਕ ਵੇਰ,
ਫੇਰ ਜਾ ਜਗਾਈਏ ਸੁੱਤੇ ਹੋਏ ਸ਼ੇਰ ਬਾਰ ਦੇ ।
ਖੁਲ੍ਹ ਗਈ ਅੱਖ 'ਸ਼ੇਰਾ ਉਠ' ਦੀ ਆਵਾਜ਼ ਸੁਣ,
ਸੁਪਨੇ ਵਿਖਾਏ ਡਾਢੇ ਰੰਗ ਕਰਤਾਰ ਦੇ ।

(ਨਵੰਬਰ ੧੯੨੦)

੩. ਕਵੀ

ਫਟੇ ਨੈਣ-ਕਟਾਰਾਂ ਨੇ ਕਈ
ਜ਼ੁਲਫ਼ ਨਾਗਣਾਂ ਡੱਸੇ,
ਸੋਨ ਸੁਰਾਹੀ ਪਿਆਲੇ ਅੰਦਰ,
ਰੂਹ ਕਈਆਂ ਦੀ ਵੱਸੇ,
ਬੇਜ਼ਬਾਨਾਂ, ਗੁੰਗਿਆਂ ਦੀ ਪਰ
ਕਵੀ ਬਣੇ ਕੋਈ ਜੀਭਾ,
ਕਾਲ ਕੋਠੀਆਂ ਵਿਚ ਵੀ ਗਾਵੇ,
ਚੁੰਮ ਫਾਂਸੀ ਦੇ ਰੱਸੇ ।

(੧੯੪੪)

੪. ਚੰਨ ਨੂੰ

ਚੰਨਾਂ ਛਪ ਛਪ ਝਾਤੀਆਂ ਪਾਵੇਂ,
ਸੁੰਦਰਤਾ ਪਿਆ ਦੱਸੇਂ,
ਕਰੇਂ ਮਜ਼ਾਖਾਂ ਨਾਲ ਬੰਦੀਆਂ,
ਆਪ ਅਕਾਸ਼ੀਂ ਵੱਸੇਂ,
ਬੰਦੀ-ਵਾਨ ਕੋਠੀਆਂ ਅੰਦਰ,
ਬੰਦ ਬਿਰਹੁੰ ਦੇ ਕੁੱਠੇ,
ਚੰਨਾ ! ਸ਼ਰਮ ਨਾ ਆਵੇ ਤੈਨੂੰ,
ਓਹ ਰੋਵਣ ਤੂੰ ਹੱਸੇਂ ।

(੧੯੪੪)

੫. ਚੋਰ ਨੂੰ

ਇਕ ਸੀ ਚੋਰ ਜੇਹਲ ਵਿਚ ਫਿਰਦਾ,
ਗਲ ਵਿਚ ਤਸਬੀ ਪਾ ਕੇ,
ਮੈਂ ਪੁਛਿਆ ਕੀ ਆਬਦ ਬਣਿਆ
ਕੈਦੀ ਬਣ ਪਛਤਾ ਕੇ ?
ਹਸਕੇ ਕਹਿਣ ਲਗਾ:-"ਮੈਂ
ਸਿਖਿਆ ਹੁਨਰ ਐਥੇ ਵਧੀਆ,
ਇਜ਼ਤ ਮਿਲੇ, ਸਜ਼ਾ ਤੋਂ ਬਚੀਏ,
ਭਾਵੇਂ ਮਾਰੀਏ ਡਾਕੇ ।"

(੧੯੪੪)

੬. ਬਾਹੂ ਬਲ ਦੇ ਭਰੋਸੇ

ਟੁਟ ਗਏ ਸਬਰ ਪਿਆਲੇ ਮੇਰੇ,
ਡੁਲ੍ਹ ਗਏ ਸਿਦਕ ਭਰੋਸੇ,
ਦੋਸ਼ੀ ਡਿੱਠੇ (ਜਦ) ਹੁਕਮ ਚਲੌਂਦੇ,
ਫਾਂਸੀ ਚੜ੍ਹਨ ਬਿਦੋਸ਼ੇ !
ਸ਼ੁਕਰ ਰਜ਼ਾ ਤੇ ਮਿਹਰਾਂ ਵਾਲੀਆਂ
ਟੇਕਾਂ ਵੀ ਟੁਟ ਗਈਆਂ ।
ਪਰਤਖ ਜੁਗ ਬਦਲਾਂਦੇ ਡਿਠੇ
ਬਾਹੂ ਬਲ ਦੇ ਭਰੋਸੇ !

(ਮਾਰਚ ੧੯੪੦)

੭. ਨਵੀਂ ਦੁਨੀਆਂ ਦਾ ਸੁਪਨਾ

ਹਰ ਵੇਲੇ ਹੈ ਜਿਥੇ ਵਸਦਾ,
ਡਰ ਖਤਰਾ ਤੇ ਰੋਣਾ,
ਕਦੀ ਕਿਸੇ ਦੀ ਚਕੀ ਪੀਹਣੀ,
ਭਾਰ ਕਿਸੇ ਦਾ ਢੋਣਾ,
ਈਹੋ ਨਰਕ ਈਹੋ ਹੀ ਦੋਜ਼ਖ਼,
ਜਿਥੇ ਮਾਲਕ ਗੋਲੇ,
ਜਾਗਣ ਸਮੇਂ ਨਾ ਮਿਲੇ ਜਾਗਣਾ,
ਸੌਣ ਸਮੇਂ ਨਾ ਸੌਣਾ ।

ਆ, ਇਕ ਦੁਨੀਆਂ ਨਵੀਂ ਬਣਾਈਏ,
ਪੂਰੀਆਂ ਜਿਥੇ ਖੁਲ੍ਹਾਂ,
ਭੰਨ ਦਈਏ ਸਭ ਵਟਾਂ-ਵੰਡਾਂ,
ਭੰਨੀਏ ਵਖ ਵਖ ਚੁਲ੍ਹਾਂ,
ਜੀਵਨ ਦੀ ਫੁਲਵਾੜੀ ਸਾਂਝੀ,
ਵੰਡੇ ਪਈ ਖ਼ੁਸ਼ਬੂਆਂ,
ਸਭੇ ਸਾਂਝੀਵਾਲ ਸਦਾਇਨ,
ਪੰਡਤ ਰਹੇ ਨਾ ਮੁਲਾਂ ।

(ਦਸੰਬਰ ੧੯੩੮)

੮. ਅਨੰਦਪੁਰੀ ਪ੍ਰੀਤਮ ਦੇ ਦਰਸ਼ਨ
ਮਾਛੀਵਾੜੇ ਦੇ ਜੰਗਲਾਂ ਵਿਚ

ਪ੍ਰਸ਼ਨ :-

ਅੱਖਾਂ ਸਿਕਦੀਆਂ ਸਨ ਤੇਰੇ ਦਰਸ਼ਨਾਂ ਨੂੰ,
ਅਜ ਦਰਸ ਤੂੰ ਕੀ ਦਿਖਾਇਆ ਏ ?
ਕਿਥੇ ਬਾਜ, ਨੀਲਾ, ਕਿਥੇ ਤਾਜ ਪੀਲਾ ?
ਕਿਥੇ ਅਜ ਇਹ ਰੰਗ ਬਣਾਇਆ ਏ ?
ਕਿਥੇ ਲਾਲ ਚਾਰੇ ਕਿਥੇ ਪੰਜ ਪਿਆਰੇ,
ਕਿਥੇ ਬਣਾਂ ਅਜ ਚੌਰ ਝੁਲਾਇਆ ਏ ?
ਕਿਥੇ ਮਖ਼ਮਲੀ ਅਤਲਸੀ ਕੀਮ ਖ਼ਾਬਾਂ,
ਅਜ ਕੰਡਿਆਂ ਫ਼ਰਸ਼ ਸਜਾਇਆ ਏ ?

ਅਜ ਆਣ ਤਕੇ ਮਾਤਾ ਗੁਜਰੀ ਜੇ,
ਝੜੀ ਹੰਝੂਆਂ ਦੀ ਲਾ ਕੇ ਰੋੜ੍ਹ ਦੇਵੇ ।
ਕੋਈ ਪੁੱਤ ਦੇਖੇ ਦੁਨੀਆਂਦਾਰ ਆ ਕੇ,
ਛਾਤੀ ਪਿਟਕੇ ਸੀਸ ਨੂੰ ਫੋੜ ਦੇਵੇ ।
ਮਾਤਾ ਸੁੰਦਰੀ ਆਣ ਕੇ ਪਤੀ ਦੇਖੇ,
ਸੀਸ ਧਰਤ ਤੇ ਪਟਕ ਕੇ ਤੋੜ ਦੇਵੇ ।
ਜਿਹੜਾ ਜਿਗਰ ਵਾਲਾ ਤੈਨੂੰ ਅਜ ਵੇਖੇ,
ਘਟਾ ਚੜ੍ਹੀ ਨੂੰ ਰੋ ਰੋ ਮੋੜ ਦੇਵੇ ।

ਐਪਰ ਪੁਰੀ ਅਨੰਦ ਦੇ ਵਾਸੀਆ ਵੇ,
ਤੇਰੇ ਚਿਹਰੇ ਤੇ ਚੌਗੁਣਾ ਨੂਰ ਦਿਸੇ ।
ਲੁਟੀ ਗਈ ਤੇਰੀ ਸਾਰੀ ਪਾਤਸ਼ਾਹੀ,
ਐਪਰ ਰਿਦੇ ਸਰੂਰ ਭਰਪੂਰ ਦਿਸੇ ।
ਹਿੰਮਤ ਗਜ਼ਬ ਦੀ ਦਮਕਦੀ ਅੱਖੀਆਂ 'ਚੋਂ,
ਭਾਵੇਂ ਦੇਹੀ ਸਾਰੀ ਚਕਨਾਚੂਰ ਦਿਸੇ ।
ਆਵੇ ਸਮਝ ਨਾ ਕਲਗੀਆਂ ਵਾਲਿਆ ਵੇ,
ਤੇਰਾ ਅਜਬ ਹੀ ਕੋਈ ਦਸਤੂਰ ਦਿਸੇ ।

ਗੁਰੂ ਜੀ ਦਾ ਉੱਤਰ :-

ਅੱਖਾਂ ਖੋਲ੍ਹਕੇ ਦੇਖ ਖਾਂ ਭੋਲਿਆ ਵੇ,
ਮੇਰੇ ਜਿਹਾ ਅਜ ਕੌਣ ਨਿਹਾਲ ਹੋਵੇ ?
ਜਿਸਦਾ ਵਤਨ ਤੋਂ ਬੰਸ ਕੁਰਬਾਨ ਹੋਵੇ,
ਸਮਝੋ ਓਸ ਤੇ ਸਾਈਂ ਕਿਰਪਾਲ ਹੋਵੇ ।
ਬੇਟੇ ਸਫ਼ਲ ਹੋਏ, ਆਉਣਾ ਸਫ਼ਲ ਹੋਇਆ,
ਅਜ ਨਿਹਾਲ ਮੇਰਾ ਵਾਲ ਵਾਲ ਹੋਵੇ ।
ਬੇਸ਼ਕ ਜਿੰਦੜੀ ਵੀ ਮੇਰੀ ਲਗੇ ਲੇਖੇ,
ਐਪਰ ਵਤਨ ਆਜ਼ਾਦ ਖੁਸ਼ਹਾਲ ਹੋਵੇ ।

ਜਦੋਂ ਦੇਸ਼ ਗੁਲਾਮੀ ਦੇ ਵਿਚ ਬਧਾ,
ਰੋਵੇ, ਹਾਵਿਆਂ ਦੇ ਨਾਲੇ ਵੈਣ ਪਾਵੇ ।
ਓਦੋਂ ਮਹਿਲ ਤੇ ਮਾੜੀਆਂ ਕੌਣ ਚਾਹਵੇ,
ਸੇਜਾਂ ਸੋਹਣੀਆਂ ਤੇ ਕਿਦਾਂ ਚੈਨ ਆਵੇ ?
ਸ਼ਹਿਰ ਉਜੜੇ ਬਾਗ਼ ਵੈਰਾਨ ਦਿਸਣ,
ਨੀਂਦ ਨੈਣਾਂ ਦੇ ਕੋਲ ਕੀ ਲੈਣ ਆਵੇ ?
ਨਾ ਪਰਵਾਰ ਭਾਵੇ ਨਾ ਘਰ ਬਾਰ ਭਾਵੇ,
ਕੰਨੀਂ ਦੁਖੀਆਂ ਦੇ ਜਦੋਂ ਪੈਣ ਹਾਵੇ ।

ਅਜ ਵਸਿਆ ਦਿਸਦਾ ਦੇਸ ਸਾਰਾ,
ਮੈਂ ਭੀ ਵਸਿਆ ਮਹਿਲ ਉਸਾਰ ਐਥੇ ।
ਇਹ ਉਜਾੜੀਆਂ ਮਹਿਲ ਤੇ ਮਾੜੀਆਂ ਨੇ,
ਖੜੇ ਦਿਸਦੇ ਅੰਬ ਅਨਾਰ ਐਥੇ ।
ਕੰਡੇ ਨਹੀਂ ਇਹ ਵਿਛੀ ਹੈ ਸੇਜ ਮਖ਼ਮਲ,
ਮੇਰਾ ਸਜਿਆ ਅਜ ਦਰਬਾਰ ਐਥੇ ।
ਹੋਇਆ ਕੀ ਜੇ ਬੇਟੇ ਕੁਰਬਾਨ ਹੋ ਗਏ,
ਮੈਨੂੰ ਦਿਸਦਾ ਲਖ ਹਜ਼ਾਰ ਐਥੇ ।

(ਜਨਵਰੀ ੧੯੧੮)

੯. ਤੈਂ ਕੀ ਦਰਦ ਨ ਆਇਆ

ਅੱਖਾਂ ਨਾਲ ਨ ਦਿਸੇ ਤਸਵੀਰ ਤੇਰੀ,
ਕੁਦਰਤ ਦੇਖ ਕੇ ਮੂੰਹ ਥੀਂ ਵਾਹ ਨਿਕਲੇ !
ਕਣੀ ਦਰਦ ਦੀ ਕੋਈ ਖਿਲਾਰੀਆ ਵੇ,
ਐਡੇ ਵਗ ਕੇ ਸਭ ਪ੍ਰਵਾਹ ਨਿਕਲੇ !
ਠਾਠਾਂ ਮਾਰਦੇ ਬਹਿਰ ਨੇ ਕੁਦਰਤਾਂ ਦੇ,
ਜ਼ੱਰੇ ਜ਼ੱਰੇ ਥੀਂ ਦਰਦ ਦੀ ਭਾਹ ਨਿਕਲੇ !
ਲੋਕੀ ਜਿੰਦ ਕਹਿੰਦੇ ਅਸੀਂ ਦਰਦ ਕਹੀਏ,
ਜਿਥੇ ਦਰਦ ਹੋਵੇ ਉਥੋਂ ਆਹ ਨਿਕਲੇ !

ਜਿਥੇ ਕੋਇਲ ਦੀ ਕੂਕ ਨ ਪਵੇ ਕੰਨੀ,
ਅੰਬੋਂ ਸਖਣੇ ਬਾਗ਼ੋਂ ਵੈਰਾਨ ਚੰਗੇ ।
ਜਿਥੇ ਬੁਲਬੁਲਾਂ ਬੈਠ ਨ ਗੀਤ ਗਾਉਣ,
ਖਿੜੇ ਫੁਲਾਂ ਤੋਂ ਰੜੇ ਮੈਦਾਨ ਚੰਗੇ ।
ਜਿਥੇ ਪਾਣੀ ਨਾ ਮਿਲੇ ਪਿਆਸਿਆਂ ਨੂੰ,
ਉਨ੍ਹਾਂ ਬਸਤੀਆਂ ਥੀਂ ਬੀਆਬਾਨ ਚੰਗੇ ।
ਦਰਦੋਂ ਸਖਣੇ ਦਿਲਾਂ ਤੋਂ ਸਚ ਜਾਣੋ,
ਰੁਖ ਬਿਰਖ ਚੰਗੇ ਤੇ ਹੈਵਾਨ ਚੰਗੇ ।

ਭਾਗੋਂ ਹੀਣਿਆ ਭਾਰਤਾ ! ਅਜ ਕਿਹੜਾ,
ਚਾਰ ਹੰਝੂ ਕੇਰੇ ਤੇਰੇ ਹਾਲ ਉਤੇ ?
ਤੇਰੇ ਚਾਰ ਚੁਫੇਰੜੇ ਅਗ ਭੜਕੀ,
ਲੰਬੇ ਪਏ ਬਲਦੇ ਵਾਲ ਵਾਲ ਉਤੇ ।
ਓਏ ਬਾਬਰਾ ! ਗਜ਼ਬ ਕੀ ਮਾਰਿਆ ਈ,
ਪਿਆ ਸ਼ਾਹ ਦਾ ਜ਼ੋਰ ਕੰਗਾਲ ਉਤੇ ।
ਜ਼ੋਰਾਂ ਵਾਲਿਆਂ ਨੂੰ ਯਾਰੋ ਭੁਲ ਜਾਂਦਾ,
"ਲੇਖਾ ਦੇਵਣਾ ਪਵੇ ਐਮਾਲ ਉਤੇ" ।

ਵੇਖੇ ਬਾਪ ਦਾ ਹਾਲ ਆ ਪੁਤ ਕੋਈ,
ਵੇਖੇ ਵੀਰ ਕੁਹੀਂਵਦਾ ਵੀਰ ਕੋਈ ।
ਫੜਕ ਕਾਲਜਾ ਸੀਨਿਉਂ ਬਾਹਰ ਆਵੇ,
ਨੈਣੋਂ ਪਿਆ ਵਗੇ ਸੋਮਾ ਨੀਰ ਕੋਈ ।
ਦਰਦੀ ਦਿਲਾਂ ਥੀਂ ਦਰਦ ਦੀ ਆਹ ਨਿਕਲੇ,
ਪਥਰ ਦਿਲਾਂ ਤੇ ਕਰੇ ਤਾਸੀਰ ਓਈ ।
ਭਾਰਤ ਵਰਸ਼ ਦਾ ਦਰਦ ਅਜ ਕੌਣ ਵੰਡੇ,
ਕਢੇ ਆਏ ਕਲੇਜਿਉਂ ਤੀਰ ਕੋਈ ?

ਆਗੂ ਮੁਲਕ ਦੇ ਸੇਠ ਸਰਦਾਰ ਜਿਤਨੇ,
ਦੇਸ਼ ਕੌਮ ਨੂੰ ਵੇਚਦੇ ਗਰਜ਼ ਬਦਲੇ ।
ਖਾਣ ਹੀਰਿਆਂ ਦੀ ਭਾਰਤ ਦੇਸ਼ ਪਿਆਰਾ,
ਨਕਦ ਮਾਲ ਲੁਟਾਉਂਦੇ ਗਰਜ਼ ਬਦਲੇ ।
ਬਾਹੂ ਬਲ ਤੇ ਹਿੰਦ ਦੀ ਸ਼ਾਨ ਉਚੀ,
ਦਿਤੀ ਖੋਹ ਗੁਲਾਮੀ ਦੀ ਮਰਜ਼ ਬਦਲੇ ।
ਕੋਈ ਦਰਦ ਵਾਲੀ ਅੱਖ ਅਜ ਵੇਖੇ,
ਕੇਰੇ ਲਹੂ ਦੇ ਹੰਝੂ ਇਸ ਤਰਜ਼ ਬਦਲੇ ।

ਜੀਹਦੇ ਰਿਦੇ 'ਚ ਤਾਹ ਹੈ ਦਰਦ ਵਾਲੀ,
ਸਾਰੇ ਦਿਲਾਂ ਦੇ ਨਾਲ ਪੈਵੰਦ ਹੋਈ ।
ਜਿਹਦੀ ਬਾਂਹ ਗਲਵਕੜੀ ਆਜਜ਼ਾਂ ਦੀ,
ਛਾਤੀ ਜਿਸਦੀ ਪਿਤਾ ਮਾਨਿੰਦ ਹੋਈ ।
ਜਿਸਦੇ ਹਥ ਯਤੀਮਾਂ ਦੀ ਛਤਰ ਛਾਇਆ,
ਜਿਸਦੀ ਅੱਖ ਨ ਕਿਸੇ ਵਲ ਬੰਦ ਹੋਈ ।
ਨਾਨਕ ਗੁਰੂ ਨੇ ਵੇਖਿਆ ਹਾਲ ਆ ਕੇ,
ਸਚੇ ਸਾਈਂ ਵਲ ਬਿਨੈ ਬੁਲੰਦ ਹੋਈ ।

ਲੈ ਮਰਦਾਨਿਆਂ ਛੇੜ ਰਬਾਬ ਰਬੀ,
ਸਾਥੋਂ ਜ਼ੁਲਮ ਇਹ ਸਿਹਾ ਨਾ ਜਾਂਵਦਾ ਈ ।
ਸਾਡੇ ਰਿਦੇ ਥੀਂ ਦਰਦ-ਸਦਾ ਆਈ,
ਬਾਝੋਂ ਕਹਿਣ ਦੇ ਰਿਹਾ ਨਾ ਜਾਂਵਦਾ ਈ ।
ਲੋਕੀ ਚੁਪ ਹੋ ਕੇ ਜ਼ੁਲਮ ਸਹੀ ਜਾਂਦੇ,
ਮੂੰਹੋਂ ਬੋਲ ਕੇ ਕਿਹਾ ਨਾ ਜਾਂਵਦਾ ਈ ।
ਪਹੁੰਚੇ ਦਰਦ ਦੀ ਕੂਕ ਅਕਾਸ਼ ਜਾ ਕੇ,
ਇਹ ਹਾਲ ਪਿਆ ਦਿਲ ਤੜਫਾਂਵਦਾ ਈ ।

ਦਿਤੀ ਛੇੜ ਮਰਦਾਨੇ ਰਬਾਬ ਰਬੀ,
ਜਿਹੜੀ ਰਾਗ ਆਜ਼ਾਦੀ ਵਜਾਣ ਲਗ ਪਈ ।
"ਬੇੜੀ ਕਟ ਦੇ ਮੀਰ ਵੇ ਦਰਦੀਆਂ ਦੀ",
ਬੁਲਬੁਲ ਪਿੰਜਰੇ ਵਿਚ ਹੀ ਗਾਣ ਲਗ ਪਈ ।
ਬੰਦੀਖਾਨੇ ਨੂੰ ਭੁਲਿਆ ਬੰਦੀਆਂ ਨੇ,
ਨਵੀਂ ਲਹਿਰ ਕੋਈ ਦਿਲ ਤੜਫਾਣ ਲਗ ਪਈ ।
ਨਾਨਕ ਗੁਰੂ ਦੀ ਦਰਦ-ਸਦਾ ਨਿਕਲੀ,
ਸਾਰੇ ਦਿਲਾਂ ਦੀ ਤਾਰ ਹਿਲਾਣ ਲਗ ਪਈ ।

"ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ।"

ਨਾਨਕ ਗੁਰੂ ਦੀ "ਦਰਦ-ਸਦਾ" ਇਕੋ,
ਕਈਆਂ ਦਿਲਾਂ ਦੀ ਪੀੜ ਕਾਫੂਰ ਕਰ ਗਈ ।
ਬੂਹਾ ਖੋਲ੍ਹ ਦਿਤਾ ਬੰਦੀ ਖ਼ਾਨਿਆਂ ਦਾ,
ਬਾਬਰ ਸ਼ਾਹ ਦੇ ਤਾਈਂ ਮਜਬੂਰ ਕਰ ਗਈ ।
ਲਗੇ ਘਾਓ ਵਿਛੋੜੇ ਦੇ ਦਿਲਾਂ ਉਤੇ,
ਮਰ੍ਹਮ ਮੇਲ ਦੀ ਦੁਖੜੇ ਦੂਰ ਕਰ ਗਈ ।
ਆਹ ! 'ਦਰਦ' ਦੀ ਦਰਦ ਹਟਾਇ ਦੇਂਦੀ,
ਦੁਨੀ ਵਿਚ ਇਹ ਗਲ ਮਸ਼ਹੂਰ ਕਰ ਗਈ ।

(ਨਵੰਬਰ ੧੯੧੯)

੧੦. ਖ਼ਿਜ਼ਾਂ ਬਿਨਾ ਨਹੀਂ ਆਵੇ ਬਹਾਰ ਪਹਿਲਾਂ

ਸੁਣਿਆ ਅਸਾਂ ਨੇ ਏਸ ਜਹਾਨ ਅੰਦਰ,
ਖ਼ਿਜ਼ਾਂ ਬਿਨਾ ਨਹੀਂ ਆਵੇ ਬਹਾਰ ਪਹਿਲਾਂ ।
ਬਾਗ਼ ਖ਼ੁਸ਼ੀ ਦਾ ਸਦਾ ਹੀ ਖਿੜੇ ਮਗਰੋਂ,
ਪੈਂਦੇ ਗ਼ਮਾਂ ਦੇ ਸਿਰਾਂ ਤੇ ਭਾਰ ਪਹਿਲਾਂ ।
ਕੀਤਾ ਅਮਰ ਦਸਮੇਸ਼ ਨੇ ਵੇਖ ਪਿਛੋਂ,
ਸੀਸ ਮੰਗ ਲਏ ਪਕੜ ਤਲਵਾਰ ਪਹਿਲਾਂ ।
ਅਮਰ ਜ਼ਿੰਦਗੀ ਦੀ ਮਿਲੇ ਮੌਜ ਉਹਨੂੰ,
ਮਰਨ ਲਈ ਜਿਹੜਾ ਹੋਵੇ ਤਿਆਰ ਪਹਿਲਾਂ ।

ਫੁਲ ਵਤਨ ਦੇ ਬਾਗ਼ 'ਚ ਖਿੜਨ ਪਿਛੋਂ,
ਸਿੰਜੀਏ ਖੂੰਨ ਦੀ ਡੋਹਲ ਕੇ ਧਾਰ ਪਹਿਲਾਂ ।
ਛਾਤੀ ਤਾਣ ਕੇ ਰਖ ਦੇ ਵੀਰ ਮੇਰੇ,
ਡਾਇਰ ਰਜ ਕੇ ਕਰ ਲਏ ਵਾਰ ਪਹਿਲਾਂ ।
ਸਾਡੀ ਹੀਰ ਆਜ਼ਾਦੀ ਦੀ ਆਈ ਚਿਠੀ,
ਕੰਨ ਪੜਵਾ ਕੇ ਜੋਗ ਲੌ ਧਾਰ ਪਹਿਲਾਂ ।
ਕੰਢੇ ਪਾਰਲੇ ਮਿਲਣ ਜਾ ਸਜਨਾਂ ਨੂੰ,
ਜਿਹੜੇ ਠਿਲ੍ਹਦੇ ਵਿਚ ਮੰਝਧਾਰ ਪਹਿਲਾਂ ।

ਮੌਜ ਮੇਲ ਦੀ ਪਿਛੋਂ ਹੀ ਆਂਵਦੀ ਏ,
ਦਿਲ ਤੜਫ਼ਦਾ ਵਿਚ ਇੰਤਜ਼ਾਰ ਪਹਿਲਾਂ ।
ਕਈ ਘੂਰਾਂ ਦੇ ਫਟਦੇ ਬੰਬ ਸਿਰ ਤੇ,
ਝਿੜਕਾਂ ਵਜਦੀਆਂ ਵਾਂਗ ਕਟਾਰ ਪਹਿਲਾਂ ।
ਭੰਡੀ ਹੋਂਵਦੀ ਸਾਰੇ ਜਹਾਨ ਅੰਦਰ,
ਰਹਿੰਦਾ ਕੋਈ ਨਹੀਂ ਹੈ ਮਦਦਗਾਰ ਪਹਿਲਾਂ ।
ਸਾਥੀ ਨਿਖੜ ਜਾਂਦੇ ਮਿੱਤਰ ਰੁਸ ਜਾਂਦੇ,
ਅਖਾਂ ਫੇਰ ਲੈਂਦੇ ਰਿਸ਼ਤੇਦਾਰ ਪਹਿਲਾਂ ।

ਜਿਨ੍ਹਾਂ ਲਟਕ ਆਜ਼ਾਦੀ ਦੀ ਲਗ ਗਈ ਏ,
ਛਡਣੇ ਉਨ੍ਹਾਂ ਨੂੰ ਪੈਣ ਘਰ ਬਾਰ ਪਹਿਲਾਂ ।
ਦੂਲੇ ਵਤਨ ਦੇ ਕਈ ਬੇ-ਵਤਨ ਹੋਂਦੇ,
ਸੀਨੇ ਤਪਦੇ ਕਈ ਅੰਗਿਆਰ ਪਹਿਲਾਂ ।
ਕਈ ਸੜਨ ਜੇਹਲੀਂ ਅੰਡੇਮਾਨ ਅੰਦਰ,
ਕਈ ਫਾਂਸੀਆਂ ਦੇ ਪਾਉਣ ਹਾਰ ਪਹਿਲਾਂ ।
ਭਾਰਤ ਵਰਸ਼ ਆਜ਼ਾਦ ਜ਼ਰੂਰ ਹੋਸੀ,
ਝਲ ਕੇ ਕਸ਼ਟ ਪਰ ਲਖ ਹਜ਼ਾਰ ਪਹਿਲਾਂ ।

(੧੯੨੦)

੧੧. ਪ੍ਰਦੇਸੀਆਂ ਦਾ ਸੁਨੇਹਾ

ਪਿਆਰੇ ਵਤਨ ਥੀਂ ਵਿਛੜੇ,
ਅਸੀਂ ਦੁਖਿਆਰ ਬੈਠੇ ਹਾਂ ।
ਵਤਨ ਵਿਚ ਛੋੜ ਦਿਲ ਆਏ,
ਸਮੁੰਦਰੋਂ ਪਾਰ ਬੈਠੇ ਹਾਂ ।
ਕਦੀ ਉਮੰਗ ਉਠਦੀ ਹੈ,
ਕਦੀ ਦਿਲ ਜੋਸ਼ ਖਾਂਦਾ ਹੈ ।
ਟੁਟੇ ਪਰ ਖੰਭ ਪੰਛੀ ਜਿਉਂ,
ਅਸੀਂ ਲਾਚਾਰ ਬੈਠੇ ਹਾਂ ।

ਵਤਨ ਦੇ ਪ੍ਰੇਮ ਬਦਲੇ ਹੀ,
ਜ਼ਮਾਨਾ ਬਣ ਗਿਆ ਵੈਰੀ ।
ਅਸੀਂ ਭੀ ਸਬਰ ਦਾ ਇਕੋ,
ਪਕੜ ਹਥਿਆਰ ਬੈਠੇ ਹਾਂ ।
ਕਦੀ ਤਾਂ ਰੁਤ ਬਦਲੇਗੀ,
ਕਦੀ ਵਰਖਾ ਤਾਂ ਹੋਵੇਗੀ ।
ਪਪੀਹੇ ਕੂਕਦੇ ਸਾਈਆਂ,
ਤੇਰੇ ਦਰਬਾਰ ਬੈਠੇ ਹਾਂ ।

(੧੯੨੩)

੧੨. ਸਾਵਣ ਆਇਆ

(ਡੇਹਰਾ ਗ਼ਾਜ਼ੀ ਖਾਨ ਦਾ ਜੇਹਲਖ਼ਾਨਾ ਹੈ,
ਜੋ ਪੰਜਾਬ ਦਾ ਕਾਲਾ-ਪਾਣੀ ਪ੍ਰਸਿਧ ਹੈ ।
ਹਾੜ ਮਹੀਨੇ ਦੇ ਛੇਕੜਲੇ ਦਿਨ ਹਨ । ਕਹਿਰੀ
ਗਰਮੀ ਪੂਰੇ ਜੋਬਨ ਵਿਚ ਕੜਕ ਰਹੀ ਹੈ ।
ਹਨੇਰੀਆਂ ਤੇ ਝਖੜ ਰੋਜ਼ ਆ ਜਾਂਦੇ ਹਨ ।
ਕਦੀ ਕਦੀ ਤਾਂ ਦਿਨ ਨੂੰ ਰਾਤ ਪੈ ਜਾਂਦੀ ਹੈ ।
ਖ਼ਿਆਲ ਉਠਦਾ ਹੈ ਆਪਣੇ ਪਿਆਰੇ ਦੇ ਵਿਛੋੜੇ
ਵਿਚ ਸਸੀ ਨੂੰ ਏਨ੍ਹਾਂ ਥਲਾਂ ਨੇ ਹੀ ਆਪਣੀ ਗਰਮ
ਗੋਦੀ ਵਿਚ ਸਮਾ ਲਿਆ ਸੀ ? ਕੀ ਸਵਰਾਜ ਤੇ
ਆਜ਼ਾਦੀ ਦੇ ਆਸ਼ਕ ਵੀ ਇਨ੍ਹਾਂ ਥਲਾਂ ਵਿਚ ਹੀ
ਸਸੀ ਦੇ ਮਗਰ ਤੁਰਨ ਲਈ ਭੇਜੇ ਗਏ ਹਨ ?

ਇਕ ਦਿਨ ਬੂੰਦਾ ਬਾਂਦੀ ਹੋਈ । ਪੁਰੇ ਦੀ ਠੰਢੀ
ਹਵਾ ਦਾ ਇਕ ਝੋਕਾ ਆਇਆ ਤੇ ਤੁਰਤ ਹੀ
ਵਿਦਾ ਹੋ ਗਿਆ । ਉਸੇ ਵੇਲੇ ਥੋੜ੍ਹੇ ਚਿਰ ਲਈ
ਵਤਨ ਦੇ ਸਾਵਣ ਦਾ ਨਕਸ਼ਾ ਦਿਲ ਵਿਚ ਖਿਚਿਆ
ਗਿਆ । ਪਰ ਨਾਲ ਹੀ ਭਾਰਤ ਵਰਸ਼ ਉਪਰ
ਬਰਤਾਨਵੀ ਹਕੂਮਤ ਵਲੋਂ ਵਰ੍ਹ ਰਹੀ ਕਹਿਰੀ ਅੱਗ
ਦਾ ਵੀ ਖ਼ਿਆਲ ਆ ਗਿਆ । ਇਸ ਦੇ ਨਾਲ ਹੀ
ਦੂਜੇ ਪਾਸੇ 'ਸੁਧਾਰ ਸਕੀਮ' ਦੇ ਝੂਠੇ ਲਾਲਚ ਵਿਚ
ਫਸਣ ਵਾਲੇ ਕਈ ਖ਼ੁਦਗ਼ਰਜ਼ ਦੇਸ਼ ਵਾਸੀ ਸੇਠਾਂ ਸਰਦਾਰਾਂ
ਦਾ ਵੀ ਖ਼ਿਆਲ ਆ ਗਿਆ ਜੋ ਆਪਣੇ ਆਨੰਦ ਤੇ ਮੌਜ
ਮੇਲਿਆਂ ਲਈ ਮੁਲਕ ਦੀ ਗ਼ੁਲਾਮੀ ਤੇ ਦੁਖ ਭਰੀ ਦਸ਼ਾ ਨੂੰ
ਭੁਲਾ ਕੇ ਕੌਂਸਲਾਂ ਵਲ ਭਜੇ ਜਾ ਰਹੇ ਹਨ ਤੇ ਨੌਕਰਸ਼ਾਹੀ
ਦੇ ਸਾਥੀ ਬਣ ਕੇ ਦੇਸ਼ ਨਾਲ ਗ਼ਦਾਰੀ ਕਰ ਰਹੇ ਹਨ ।
ਉਸ ਸਮੇਂ ਦੇ ਖ਼ਿਆਲਾਂ ਦੇ ਅਸਰ ਹੇਠਾਂ ਇਹ ਕਵਿਤਾ
ਲਿਖੀ ਗਈ ।)

ਸ਼ਰਮੀਲੀ ਮੁਟਿਆਰ ਕੁੜੀ, ਸਧਰਾਈ ਸੋਹਣੇ ਵੇਸਾਂ ਦੀ ।
ਠੰਢੀ ਵਾਉ ਆਈ ਝਕ ਝਕ ਕੇ, ਸਜਨਾਂ ਵਾਲੇ ਦੇਸਾਂ ਦੀ ।
ਸੁਖ ਸਨੇਹੇ ਦੇਵਣ ਲਗੀ, ਝੁਗੀ ਬਹਿ ਦਰਵੇਸ਼ਾਂ ਦੀ ।
ਸੇਕ ਨਾ ਹਾਇ ਸਹਾਰ ਸਕੀ, ਪਰ ਅੱਗ ਭਰੇ ਪਰਦੇਸਾਂ ਦੀ ।
ਜੰਗਲ ਦੀ ਹਰਨੌਟੀ ਵਾਂਗੂੰ, ਉਫ਼ ਉਫ਼ ਕਰਦੀ ਨਸ ਚਲੀ ।
"ਸਾਵਣ ਆਇਆ ਪੀਂਘਾਂ ਪੈਸਨ" ਇਤਨਾ ਸਾਨੂੰ ਦਸ ਚਲੀ ।

ਵਾਹ ਵਾਹ ਵਾਉ ਪੁਰੇ ਦੀ ਠੰਢੀ, ਵਾਹ ਵਾਹ ਤੇਰੀ ਫੇਰੀ ਨੀ ।
ਵਾਹ ਵਾਹ ਤਤੀ ਰੇਤ ਥਲਾਂ ਦੀ, ਝਖੜ ਅਤੇ ਹਨੇਰੀ ਨੀ ।
ਪੁਨੂੰ ਪੁਨੂੰ ਕਰਦੀ ਜਿਥੇ, ਸਸੀ ਹੋ ਗਈ ਢੇਰੀ ਨੀ ।
ਏਸੇ ਥਲ ਦੀਆਂ ਕੂਕਾਂ ਸਾਨੂੰ, ਪਾਈ ਖਿਚ ਵਧੇਰੀ ਨੀ ।
ਸਾਈਂਆਂ ਸਾਵਣ ਐਸਾ ਵਸੇ, ਠੰਢੀਆਂ ਵਾਵਾਂ ਆਣ ਪਈਆਂ ।
ਘਰ ਘਰ ਸਈਆਂ ਪੀਂਘਾਂ ਝੂਟਣ, ਗੀਤ ਵਤਨ ਦੇ ਗਾਣ ਪਈਆਂ ।

ਲੈ ਸਜਨੀ ਹੁਣ ਘਟਾ ਬੰਨ੍ਹ ਕੇ, ਸਾਵਣ ਝੜੀਆਂ ਲਾਈਆਂ ਨੀ ।
ਰੰਗ ਰੰਗੀਲੀਆਂ ਪੀਂਘਾਂ ਲੈ ਕੇ, ਮਚੀਆਂ ਸਜ ਵਿਆਹੀਆਂ ਨੀ ।
ਥਾਂ ਥਾਂ ਝੁਰਮਟ ਸਈਆਂ ਦੇ, ਜਿਉਂ ਮੋਰਾਂ ਪੈਲਾਂ ਪਾਈਆਂ ਨੀ ।
ਸਾਵਾ ਭੋਛਣ ਧਰਤੀ ਲੈ ਕੇ, ਦੇਂਦੀ ਫਿਰੇ ਵਧਾਈਆਂ ਨੀ ।
ਕਦੀ ਨਾ ਸ਼ਹੁ ਦਾ ਥੀਏ ਵਿਛੋੜਾ, ਧਰਤੀ-ਮਾਤ ਅਸੀਸ ਕਰੇ ।
ਜੁਗ ਜੁਗ ਥੀਉ ਸੁਹਾਗਣ ਸਈਓ, ਸਾਵਣ ਮੋਹਲੇ-ਧਾਰ ਵਰ੍ਹੇ ।

ਉਠ ਦਿਲਾ ਲੈ ਸਾਰ ਵਤਨ ਦੀ, ਇਹ ਸਾਵਣ ਦਿਨ ਚਾਰ ਨਹੀਂ ।
ਬਦਲ ਦੇ ਪਰਛਾਵੇਂ ਵਾਕਰ, ਝਟ ਕੁ ਦਾ ਇਤਬਾਰ ਨਹੀਂ ।
ਹਾੜ ਜ਼ੁਲਮ ਦੇ ਧਰਤ ਤਪਾਈ, ਆਵਾ ਭਖੇ ਘੁਮਾਰ ਨਹੀਂ ।
ਵਤਨ ਪਿਆਰੇ ਏਸ ਭਠ ਵਿਚ, ਭੁਜਦਿਆਂ ਆਵੇ ਵਾਰ ਨਹੀਂ ।
ਸਾਵਣ ਦੇ ਵਿਚ ਮਚੀਓ ਸਈਓ, ਸਾਵਣ ਅਜੇ ਨਾ ਆਇਆ ਨੀ !
ਕਹਿਰ-ਹਾੜ ਨੇ ਭਾਰਤ ਦਾ ਦਿਲ, ਭਠੀ ਵਾਂਙ ਤਪਾਇਆ ਨੀ ।

ਬੇਸ਼ਕ ਮੋਰ ਪਪੀਹੇ ਡੱਡੂ, ਸਾਵਣ ਸਾਵਣ ਕੂਕਣ ਵੇ ।
ਝੱਲਾਂ ਦੇ ਵਿਚ ਵਗ ਚਰੇਂਦੇ, ਖਾ ਖਾ ਹਰਿਆ ਸ਼ੂਕਣ ਵੇ ।
ਕਈ ਕਰੋੜਾਂ ਜੀਵ ਇਥੇ ਪਰ, ਹੌਕੇ ਲੈ ਲੈ ਹੂਕਣ ਵੇ ।
ਆਹੀਂ ਲੰਬੇ ਬਲਣ ਜਿਨ੍ਹਾਂ ਦੀਆਂ, ਲਖਾਂ ਸਾਵਣ ਫੂਕਣ ਵੇ ।
ਬੜਕਾਂ ਮਾਰਨ ਵਿਚ ਝਲਾਂ ਜੋ ਭਾਵੇਂ ਹਰਿਆ ਘਾਹ ਨਹੀਂ ।
ਉਹ ਕੀ ਜਾਣਨ ਸੇਕ ਥਲਾਂ ਦੇ, ਲਗੀ ਕਲੇਜੇ ਭਾਹ ਨਹੀਂ ।

ਵਾਹ ਵਾਹ ਕਿਸਮਤ ਵਤਨ ਮੇਰੇ ਦੀ, ਮੀਂਹ ਅੱਗ ਦੇ ਵਰ੍ਹਦੇ ਵੇ ।
ਬਜਬਜ ਘਾਟ ਕਿਤੇ ਪਏ ਬਣਦੇ, ਕਿਤੇ ਬਾਗ਼ ਪਏ ਸੜਦੇ ਵੇ ।
ਜਨਮ ਭੂਮ ਗੁਰ ਨਾਨਕ ਦੀ ਵਿਚ, ਤੇਲ ਕੜਾਹੇ ਕੜ੍ਹਦੇ ਵੇ ।
ਜ਼ੁਲਮ ਹਨੇਰੀ, ਕਹਿਰੀ ਬਦਲ, ਗਜ ਗਜ ਕੇ ਪਏ ਚੜ੍ਹਦੇ ਵੇ ।
ਜ਼ਾਲਮ ਤੇ ਹਤਿਆਰੇ ਹਾਕਮ, ਜਿਸ ਥਾਂ ਡੇਰੇ ਲਾਂਦੇ ਵੇ ।
ਬਾਗ਼ ਖੁਸ਼ੀ ਦੇ ਸਾੜ ਫੂਕ ਕੇ, ਮਿਟੀ ਨਾਲ ਮਿਲਾਂਦੇ ਵੇ ।

ਹੋ ਸਾਵਣ ਸਵਰਾਜ ਪਿਆਰੇ, ਝਬਦੇ ਝਬਦੇ ਆਈਂ ਵੇ ।
ਮੀਂਹ ਆਜ਼ਾਦੀ ਘਟਾ ਬੰਨ੍ਹ ਕੇ, ਭਾਰਤ ਵਿਚ ਵਸਾਈਂ ਵੇ ।
ਰੀਝਾਂ ਦੀਆਂ ਫੁਲਵਾੜੀਆਂ ਸੁਕੀਆਂ, ਹਰੀਆਂ ਫੇਰ ਕਰਾਈਂ ਵੇ ।
ਭਠ ਬਣੇ ਦਿਲ ਕਈ ਚਿਰਾਂ ਦੇ, ਆ ਕੇ ਤੂੰ ਠੰਢ ਪਾਈਂ ਵੇ ।
ਵਾਂਙ ਪਪੀਹੇ ਭਾਰਤ ਕੂਕੇ, ਇਕ ਪਲ ਚੈਨ ਨਾ ਪਾਵੇ ਜੀ ।
ਨਾ ਸਾਵਣ ਨਾ ਅਜੇ ਬਸੰਤਾਂ, ਇਸਨੂੰ ਕੋਈ ਨਾ ਭਾਵੇ ਜੀ ।

ਆਜ਼ਾਦੀ ਦੀਆਂ ਰੀਝਾਂ, ਬੰਦੀਖਾਨਿਆਂ ਦੇ ਵਿਚ ਤੜਪ ਰਹੀਆਂ ।
ਵਤਨ ਉਤੇ ਜਰਵਾਣਿਆਂ ਸੰਦੀਆਂ, ਕਹਿਰੀ ਬਿਜਲੀਆਂ ਕੜਕ ਰਹੀਆਂ ।
ਵਤਨ-ਸਿਪਾਹੀਆਂ ਦੇ ਸੀਨੇ ਵਿਚ, ਗੁਝੀਆਂ ਭਾਹੀਂ ਭੜਕ ਰਹੀਆਂ ।
ਅਪਣੇ ਪਾਪੋਂ ਡਰ ਕੇ ਛਾਤੀਆਂ, ਵੈਰੀ ਦੀਆਂ ਵੀ ਧੜਕ ਰਹੀਆਂ ।
ਵਤਨ ਪਿਆਰਾ ਅਸੀਂ ਵੀ ਇਕ ਦਿਨ, ਕਰ ਆਜ਼ਾਦ ਵਿਖਾਵਾਂਗੇ ।
ਬੰਦੀ ਖਾਨੇ ਖੋਲ੍ਹ ਦਿਆਂਗੇ, ਸਾਵਣ ਫੇਰ ਮਨਾਵਾਂਗੇ ।

(ਅਗਸਤ ੧੯੨੧ ਡੇਰਾ ਗਾਜ਼ੀ ਖਾਨ ਜੇਹਲ ਵਿਚ ਲਿਖੀ)

੧੩. ਵਤਨ ਦੀ ਆਜ਼ਾਦੀ ਲਈ

ਨਾ ਪੁਛ ਰਾਹੀਆ ਅਸਾਂ ਨਿਮਾਣੀਆਂ ਤੋਂ,
ਨਹੀਓਂ ਖੁਸ਼ੀ ਵਾਲਾ ਹਾਲਾਂ ਹਾਲ ਸਾਡਾ ।
ਅਸੀਂ ਵਤਨ ਦੇ ਪ੍ਰੇਮ ਨੇ ਕੁਠੀਆਂ ਵੇ,
ਵਤਨ ਵਤਨ ਕੂਕੇ ਵਾਲ ਵਾਲ ਸਾਡਾ ।

ਨਦੀ ਕਹਿਰ ਦੀ ਸ਼ੂਕਦੀ ਆਈ ਕਿਧਰੋਂ,
ਹਾਇ ਰੋੜ੍ਹ ਨੈ ਲੈ ਜਾਇ ਲਾਲ ਸਾਡਾ ।
ਅਸੀਂ ਸੋਹਣੀਆਂ ਕੰਧੀ ਤੇ ਬੈਠੀਆਂ ਵੇ,
ਅਹੁ ਪਾਰ ਬੈਠਾ ਮਹੀਂਵਾਲ ਸਾਡਾ ।

ਸਦਕੇ ਜਾਈਏ ਰਾਹੀਆ ਤੁਧ ਉਤੋਂ,
ਜੇਕਰ ਐੇਤਨਾ ਮੰਨ ਲੈਂ ਸੁਆਲ ਸਾਡਾ ।
ਅਸੀਂ ਕਚੜੇ ਘੜੇ ਤੇ ਠਿਲ੍ਹ ਪਈਆਂ,
ਜੇਕਰ ਸਜਨਾਂ ਨੂੰ ਦਸ ਦੇ ਹਾਲ ਸਾਡਾ ।

ਸਾਕ ਅੰਗ ਛਡੇ ਰਾਗ ਰੰਗ ਛਡੇ,
ਜੀਵਣ ਮਰਣ ਹੁਣ ਤੇਰੇ ਹੀ ਨਾਲ ਸਾਡਾ ।
ਤੇਰੇ ਨਾਲ ਵਸਾਲ ਦੇ ਬਾਝ ਮਾਹੀ,
ਕਿਵੇਂ ਹੋ ਰਿਹਾ ਏ ਬੁਰਾ ਹਾਲ ਸਾਡਾ ।

ਸਾਡਾ ਮਾਹੀ ਪਿਆਰੜਾ ਵਤਨ ਸਾਡਾ,
ਜਿਨੂੰ ਕੀਤਾ ਏ ਕੈਦ ਫ਼ਰੰਗੀਆਂ ਨੇ ।
ਜਿਹੜਾ ਲਵੇ ਆਜ਼ਾਦੀ ਦਾ ਨਾਂ ਮੂੰਹੋਂ,
ਉਸਦੇ ਵਾਸਤੇ ਫਾਂਸੀਆਂ ਟੰਗੀਆਂ ਨੇ ।

ਜਲ੍ਹਿਆਂ ਵਾਲੜੇ ਬਾਗ਼ ਦੇ ਕਹਿਰ ਸੁਣਕੇ,
ਨਾਦਰ ਸ਼ਾਹੀਆਂ ਵੀ ਵੇਖੋ ਕੰਬੀਆਂ ਨੇ ।
ਐਪਰ ਅਸਾਂ ਬਥੇਰਾ ਹੀ ਸਬਰ ਕੀਤਾ,
ਝਲੀਆਂ ਜਾਣ ਹੁਣ ਹੋਰ ਨਾ ਤੰਗੀਆਂ ਨੇ ।

ਪਿਆਰੇ ਲਗਦੇ ਜਿਨ੍ਹਾਂ ਨੂੰ ਤੇਜ਼ ਆਰੇ,
ਉਨ੍ਹਾਂ ਵਾਸਤੇ ਤੋਪ ਤਲਵਾਰ ਕੀ ਏ ?
ਜਿਨ੍ਹਾਂ ਚਰਖੜੀਆਂ ਉਤੇ ਨਾ ਸੀ ਕੀਤੀ,
ਉਨ੍ਹਾਂ ਵਾਸਤੇ ਪੁਲਸ ਦੀ ਮਾਰ ਕੀ ਏ ?

ਜੇਹੜੇ ਬਲਦੀਆਂ ਅੱਗਾਂ ਤੋਂ ਨਹੀਂ ਡਰਦੇ,
ਫਾਂਸੀ, ਜੇਹਲ ਜਾਂ ਉਨ੍ਹਾਂ ਨੂੰ ਦਾਰ ਕੀ ਏ ?
ਜ਼ਾਰ-ਸ਼ਾਹੀਆਂ ਕਈ ਨੇ ਗ਼ਰਕ ਹੋਈਆਂ,
ਨੌਕਰ ਸ਼ਾਹੀ ਏਹ ਨੀਚ ਸਰਕਾਰ ਕੀ ਏ ?

ਦਿਤੇ ਠੇਲ੍ਹ ਝਨਾਂ ਦੇ ਵਿਚ ਬੇੜੇ,
ਅਸਾਂ ਪੈਰ ਹੁਣ ਪਿਛੇ ਨਾ ਪਾਵਣਾ ਏ ।
ਅਹਿਦ ਕਰ ਲਏ ਵਤਨ ਦੇ ਗਭਰੂਆਂ ਨੇ,
ਜਬਰ-ਜ਼ੁਲਮ ਦਾ ਰਾਜ ਮੁਕਾਵਣਾ ਏ ।

ਅਸਾਂ ਦੇਵੀ ਆਜ਼ਾਦੀ ਦੀ ਭੇਟ ਵੇਖੋ,
ਜਾਨ ਮਾਲ ਸਰਬੰਸ ਚੜ੍ਹਾਵਣਾ ਏ ।
ਇਕ ਵੇਰਾਂ ਫ਼ਰੰਗੀ ਦੀ ਕੈਦ ਵਿਚੋਂ,
ਭਾਰਤ ਦੇਸ਼ ਆਜ਼ਾਦ ਕਰਾਵਣਾ ਏ ।

(ਮਿੰਟਗੁਮਰੀ ਕੈਂਪ ਜੇਹਲ ਵਿਚ ਕੈਦੀਆਂ ਦੇ
ਦਰਬਾਰ ਵਿਚ ਲਿਖ ਕੇ ਪੜ੍ਹੀ ਗਈ ਸੰ: ੧੯੨੩)

੧੪. ਉਪਕਾਰੀ ਹੰਝੂ

(ਸ੍ਰੀ ਗੁਰੂ ਗੋਬੰਦ ਸਿੰਘ ਜੀ ਚਮਕੌਰ ਸਾਹਿਬ
ਤੋਂ ਨਿਕਲ ਕੇ ਮਾਛੀਵਾੜੇ ਤੋਂ ਹੁੰਦੇ ਹੋਏ ਜਦੋਂ
ਜਟ ਪੁਰੇ ਰਾਇ ਕਲੇ ਦੇ ਪਿੰਡ ਪਹੁੰਚੇ ਤਾਂ ਓਥੋਂ
ਮਾਹੀ ਹਰਕਾਰੇ ਨੂੰ ਸਰਹਿੰਦ ਤੋਂ ਛੋਟੇ ਸਾਬਿਜ਼ਾਦਿਆਂ
ਦੀ ਖਬਰ ਮੰਗਾਉਣ ਲਈ ਘਲਿਆ । ਉਸ ਵੇਲੇ
ਆਪਨੇ ਓਹੀ ਨੀਲੇ ਕਪੜੇ ਪਹਿਨੇ ਹੋਏ ਸਨ, ਜੇਹੜੇ
ਮਾਛੀਵਾੜੇ ਵਿਚ ਆਪਣੇ ਬਦਲਾਏ ਸਨ ਤੇ ਉਚ ਦੇ
ਪੀਰ ਸਦਾਏ ਸਨ । ਮਾਹੀ ਹਰਕਾਰੇ ਤੋਂ ਸਾਬਿਜ਼ਾਦਿਆਂ
ਦੀ ਸ਼ਹੀਦੀ ਦੀ ਖਬਰ ਸੁਣ ਕੇ ਆਪ ਦੇ ਦਿਲ ਪਰ
ਜੋ ਅਸਰ ਹੋਇਆ ਇਸ ਕਵਿਤਾ ਵਿਚ ਉਸਨੂੰ ਬਿਆਨ
ਕਰਨ ਦਾ ਯਤਨ ਕੀਤਾ ਗਿਆ ਹੈ ।)

ਲਗਾ ਪੁਛਣ ਹੈਰਾਨ ਹੋ ਸਜਨ ਮੇਰਾ,
ਮੇਰੀ ਅੱਖਾਂ ਵਿਚ ਵੇਖਦੇ ਸਾਰ ਹੰਝੂ ।
ਨਵੀਂ ਪੀੜ ਏ ਕਿਸ ਦੇ ਵਿਯੋਗ ਦੀ ਏ,
ਅਖਾਂ ਕਿਉਂ ਪਰੋਂਦੀਆਂ ਹਾਰ ਹੰਝੂ ।
ਮੈਂ ਫਿਰ ਕਿਹਾ, "ਓ ਸਜਨਾ ਕੀ ਦਸਾਂ,
ਯਾਦ ਆਏ ਅਜ ਮੈਨੂੰ ਗ਼ਮ ਖ਼ਾਰ ਹੰਝੂ ।
ਸਮਾਂ ਬੀਤਿਆ ਇਸੇ ਹੀ ਧਰਤ ਉਪਰ,
ਕਦੀ ਡੁਲ੍ਹੇ ਸਨ ਜੇਹੜੇ ਇਕ ਵਾਰ ਹੰਝੂ ।
ਬੇਸ਼ਕ ਕਈ ਅਣ-ਪੁਛੇ ਹੀ ਡੁਲ੍ਹ ਜਾਂਦੇ,
ਅਤੇ ਰੁਲ ਜਾਂਦੇ ਵਿਚ ਸੰਸਾਰ ਹੰਝੂ ।
ਅਰਸ਼ ਕੁਰਸ਼ ਦਾ ਤਖਤ ਹਿਲਾ ਦੇਂਦੇ,
ਐਪਰ ਕਿਸੇ ਦੇ ਡੁਲ੍ਹੇ ਹੋਏ ਚਾਰ ਹੰਝੂ ।

ਆਹ ਸਜਨਾ ! ਮੈਨੂੰ ਅਜ ਯਾਦ ਆਏ,
ਹੰਝੂ ਡੁਲ੍ਹੇ ਹੋਏ "ਉਚ ਦੇ ਪੀਰ" ਵਾਲੇ ।
ਇਕ ਦਿਨ ਬੈਠੇ ਸਨ ਕੁਦਰਤੀ ਫ਼ਰਸ਼ ਉਤੇ,
ਨੀਲੇ ਬਾਣੇ ਤੇ ਹਥ ਵਿਚ ਤੀਰ ਵਾਲੇ ।
ਦਿਲ ਵਿਚ ਸੋਚਦੇ ਪਏ ਸਨ ਪਾਪੀਆਂ ਦੇ,
ਚਾਲੇ ਕਪਟ ਤੇ ਬੋਲ ਖੰਡ ਖੀਰ ਵਾਲੇ ।
ਕਾਰੇ ਅਮਨ ਇਨਸਾਫ ਦੇ ਰਾਖਿਆਂ ਦੇ,
ਦੁਖੜੇ ਜ਼ੁਲਮ ਦੇ ਦਿਲੀ, ਕਸ਼ਮੀਰ ਵਾਲੇ ।
ਚੇਤੇ ਨਹੀਂ ਸੀ ਆਪਣੇ ਨਾਲ ਬੀਤੀ,
ਸੋਚਾਂ ਮੂੰਹ ਤੇ ਨਜ਼ਰ ਪਰ ਆਉਂਦੀਆਂ ਸਨ ।
ਆਹੀਂ ਹਿੰਦ ਨਿਮਾਣੀ ਦੀਆਂ ਦਰਦ ਭਰੀਆਂ,
ਅੰਦਰੋਂ ਅੰਦਰ ਲੰਬੂ ਪਈਆਂ ਲਾਉਂਦੀਆਂ ਸਨ ।

ਕਿਹਾ ਮਾਹੀ ਹਰਕਾਰੇ ਨੇ ਆਣ : "ਗੁਰ ਜੀ,
ਡਾਢਾ ਨੇ ਵਿਚ ਸਰਹਿੰਦ ਦੇ ਕਹਿਰ ਹੋਇਆ ।
ਰੋਣ ਲਗ ਪਏ ਜ਼ਿਮੀਂ ਅਸਮਾਨ ਦੋਵੇਂ,
ਜਦੋਂ ਕਹਿਰ ਇਹ ਚਿਟੀ ਦੁਪਹਿਰ ਹੋਇਆ ।
ਜਿਨ੍ਹਾਂ ਰਾਹੀਂ ਮੈਂ ਗਿਆ ਤੇ ਫੇਰ ਆਇਆ,
ਨਗਰ ਨਗਰ ਮਾਤਮ ਸ਼ਹਿਰ ਸ਼ਹਿਰ ਹੋਇਆ ।
ਦਸਾਂ ਗੁਰੂ ਜੀ ਹਾਲ ਕੀ ਦਰਦ ਵਾਲਾ,
ਸੁਣ ਕੇ ਗਲ ਨਾ ਪਲ ਭੀ ਠਹਿਰ ਹੋਇਆ ।
ਮਿਲੇ ਮਾਤਾ ਜੀ ਨਹੀਂ ਮੈਂ ਢੂੰਡ ਥਕਾ,
ਨਾ ਹੀ ਮਿਲੇ ਹਨ ਨੌ ਨਿਹਾਲ ਤੇਰੇ ।
ਨਾ ਹੀ ਮਿਲਣਗੇ ਐਸੇ ਉਹ ਗੁੰਮ ਹੋ ਗਏ,
ਦੋਵੇਂ ਕਈ ਕਰੋੜ ਦੇ ਲਾਲ ਤੇਰੇ ।"

ਮਾਹੀ ਆਖਦਾ ਗਿਆ ਉਹ ਰਹੇ ਸੁਣਦੇ,
ਤੀਰ ਕਲਮ ਥੀਂ ਕੁਝ ਬਣਾਉਂਦੇ ਰਹੇ ।
ਦਰਦੀ ਦੁਖੀ ਗਰੀਬਾਂ ਦੇ ਰਬ ਜਾਣੇ,
ਦਿਲ ਵਿਚ ਕੀ ਕੁਝ ਸੋਚਾਂ ਦੁੜਾਉਂਦੇ ਰਹੇ ।
ਕਿਹਨੂੰ ਬਖ਼ਸ਼ਦੇ ਤੇ ਕਿਹਨੂੰ ਬੰਨ੍ਹਦੇ ਰਹੇ,
ਕਿਸਦੇ ਉਤੇ ਕੀ ਹੁਕਮ ਚੜ੍ਹਾਉਂਦੇ ਰਹੇ ।
ਦਿਆਵਾਨ ਹਾਕਮ ਜਦੋਂ ਲਿਖੇ ਫਾਂਸੀ,
ਰੰਗ ਈਹੋ ਜਿਹੇ ਮੁਖ ਤੇ ਆਉਂਦੇ ਰਹੇ ।
ਬੂਟਾ ਕਾਹੀ ਦਾ ਗਿਆ ਅਡੋਲ ਪੁਟਿਆ,
ਬੁਲ੍ਹ ਓਦੋਂ ਹੀ ਉਨ੍ਹਾਂ ਦੇ ਖੁਲ੍ਹ ਪਏ ਸੀ ।
ਬੋਲੇ "ਜ਼ੁਲਮ ਦੀ ਜੜ੍ਹ ਅਜ ਗਈ ਪੁਟੀ",
ਨਾਲੇ ਅੱਖਾਂ ਥੀਂ ਹੰਝੂ ਦੋ ਡੁਲ੍ਹ ਪਏ ਸੀ ।

ਹੰਝੂ ਆਸ਼ਕਾਂ ਦੇ ਡਾਢੇ ਦਰਦ ਵਾਲੇ,
ਵਿਚ ਜੰਗਲਾਂ ਕੀਰਨੇ ਪਾ ਜਾਂਦੇ ।
ਹੰਝੂ ਮਾਵਾਂ ਦੇ ਡਾਢੇ ਪਿਆਰ ਵਾਲੇ,
ਕਈ ਪਥਰਾਂ ਤਾਈਂ ਰੁਆ ਜਾਂਦੇ ।
ਹੰਝੂ ਕਈ ਬੀਮਾਰ ਦੁਖਿਆਰਿਆਂ ਦੇ,
ਵਗ ਜ਼ਿਮੀਂ ਤੇ ਵਾਂਗ ਦਰਿਆ ਜਾਂਦੇ ।
ਕਈ ਹੰਝੂ ਸੰਸਾਰ ਤੇ ਜਦੋਂ ਵਗਦੇ,
ਨਦੀਆਂ ਲਹੂ ਦੀਆਂ ਇਥੇ ਵਹਾ ਜਾਂਦੇ ।
ਲਖਾਂ ਵਗ ਜ਼ਮੀਨ ਵਿਚ ਰੁਲ੍ਹਣ ਹੰਝੂ,
ਆਪੋ ਆਪਣੀ ਗਰਜ਼ ਤੇ ਕਾਰ ਵਾਲੇ ।
ਝਲੇ ਜਾਣ ਨਾ ਧਰਤ ਅਸਮਾਨ ਕੋਲੋਂ,
ਹੰਝੂ ਡੁਲ੍ਹਣ ਜਦ ਕਦੀ ਉਪਕਾਰ ਵਾਲੇ ।

ਜਿਨ੍ਹਾਂ ਅੱਖੀਆਂ ਵਿਚ ਨਾ ਆਏ ਹੰਝੂ,
ਪਿਆਰੇ ਪਿਤਾ ਜੀ ਦਿਲੀ ਭਿਜਵਾਣ ਵੇਲੇ ।
ਜਿਨ੍ਹਾਂ ਅੱਖੀਆਂ ਵਿਚ ਨਾ ਆਏ ਹੰਝੂ,
ਪਿਆਰੇ ਸਾਥੀਆਂ ਦੇ ਛਡ ਜਾਣ ਵੇਲੇ ।
ਜਦੋਂ ਪੁਰੀ ਅਨੰਦ ਨੂੰ ਪਿਆ ਛਡਣਾ,
ਮਚੇ ਹੋਏ ਉਸ ਭਾਰੀ ਘਮਸਾਣ ਵੇਲੇ ।
ਜਿਨ੍ਹਾਂ ਅੱਖੀਆਂ ਵਿਚ ਨਾ ਆਏ ਹੰਝੂ,
ਖੇਰੂੰ ਖੇਰੂੰ ਪਰਵਾਰ ਹੋ ਜਾਣ ਵੇਲੇ ।
ਹੰਝੂ ਮੂਲ ਨਾ ਆਏ ਚਮਕੌਰ ਵਿਚ ਭੀ,
ਹਥੀਂ ਤੋਰੇ ਜਾਂ ਬੇਟੇ ਅਖੀਰ ਵੇਲੇ ।
ਉਨ੍ਹਾਂ ਅੱਖੀਆਂ 'ਚੋਂ ਅਜ ਡੁਲ੍ਹ ਪਏ ਨੇ,
ਹੰਝੂ ਵੈਰੀ ਦੀ ਲਿਖਣ ਤਕਦੀਰ ਵੇਲੇ ।

ਦਇਆ ਧਰਮ ਦੇ ਹੈਨ ਇਹ ਦੋ ਕਤਰੇ,
ਹੰਝੂ ਇਹੋ ਜਹੇ ਨਿਤ ਨਿਤ ਡੁਲ੍ਹਦੇ ਨਹੀਂ ।
ਮੁਲ ਇਨ੍ਹਾਂ ਦਾ ਪਾਏ ਸਰਾਫ਼ ਕਿਹੜਾ,
ਇਹ ਤਾਂ ਮੋਤੀਆਂ ਨਾਲ ਭੀ ਤੁਲਦੇ ਨਹੀਂ ।
ਸਦਾ ਲਿਸ਼ਕਦੇ ਰਹਿਣ ਇਹ ਨੂਰ ਵਾਂਗੂੰ,
ਕੋਹ ਨੂਰ ਲਖ ਇਨ੍ਹਾਂ ਦੇ ਮੁੱਲ ਦੇ ਨਹੀਂ ।
ਭੁਲ ਜਾਂਵਦੇ ਪ੍ਰੇਮੀ ਪਿਆਰਿਆਂ ਨੂੰ,
ਇਹ ਉਹ ਹੰਝੂ ਹਨ ਕਦੀ ਜੋ ਭੁਲਦੇ ਨਹੀਂ ।
ਆਓ ਦਸੀਏ ਸਜਣੋਂ ਤੁਸਾਂ ਤਾਈਂ,
ਇਨ੍ਹਾਂ ਹੰਝੂਆਂ ਦੇ ਕਿਕੁਰ ਮੁਲ ਪੈਂਦੇ ।
ਜਿਸ ਘੜੀ ਜਿਸ ਪਲ ਇਹ ਯਾਦ ਆਉਂਦੇ,
ਹੰਝੂ 'ਦਰਦ' ਦੇ ਆਪੇ ਹੀ ਡੁਲ੍ਹ ਪੈਂਦੇ ।

ਇਹੋ ਹੰਝੂ ਹਨ ਜਿਨ੍ਹਾਂ ਫੜ ਬਾਹਰ ਆਂਦਾ,
ਜਾ ਕੇ ਗੁਫਾ ਵਿਚ ਦੜੇ ਬੈਰਾਗੀਆਂ ਨੂੰ ।
ਇਨ੍ਹਾਂ ਹੰਝੂਆਂ ਵਿਚ ਮੈਦਾਨ ਆਂਦਾ,
ਜੱਟਾਂ, ਕਿਰਤੀਆਂ ਅਤੇ ਤਿਆਗੀਆਂ ਨੂੰ ।
ਇਨ੍ਹਾਂ ਹੰਝੂਆਂ ਹੀ ਘਰੋਂ ਮੋੜ ਆਂਦਾ,
ਜੀਵਨ ਘੋਲ ਤੋਂ ਹੋ ਗਏ ਬਾਗ਼ੀਆਂ ਨੂੰ ।
ਕਰਕੇ ਕੱਠਿਆਂ ਧਰਮ ਦਾ ਪਿੜ ਬੱਧਾ,
ਸਭੇ ਸ਼ਕਤੀਆਂ ਸੁਤੀਆਂ ਜਾਗੀਆਂ ਨੂੰ ।
ਇਨ੍ਹਾਂ ਹੰਝੂਆਂ ਉਹ ਘਮਸਾਣ ਕੀਤੇ,
ਨਾ ਉਹ ਜ਼ੁਲਮ ਨਾ ਉਹ ਸਰਹਿੰਦ ਰਹਿ ਗਈ ।
ਚਰਚੇ ਹੰਝੂਆਂ ਦੇ ਰਹਿ ਗਏ ਜਗ ਉਤੇ,
ਸਦਾ 'ਦਰਦ' ਵਾਲੀ ਜੀਉਂਦੀ ਜਿੰਦ ਰਹਿ ਗਈ ।

(ਜਨਵਰੀ ੧੯੨੯)

੧੫. ਹੁਣੇ ਅੱਖ ਲੱਗੀ ਏਸ ਥੱਕੇ ਹੋਏ ਰਾਹੀ ਦੀ

(ਮਾਛੀਵਾੜੇ ਦੇ ਜੰਗਲ ਵਿਚ ਦਸ਼ਮੇਸ਼ ਗੁਰੂ ਜੀ
ਨੂੰ ਇਕੱਲ ਮੁਕੱਲੇ ਇਕ ਰੁਖ ਦੀ ਛਾਵੇਂ ਇਕ
ਨਦੀ ਦੇ ਕਿਨਾਰੇ ਸੁਤੇ ਪਏ ਖ਼ਿਆਲ ਕਰਕੇ)

ਜੰਗਲ ਏ ਬੀਆਬਾਨ ਸੁੰਦਰ ਅਟੰਕ ਥਾਨ,
ਜਿਥੇ ਨਹੀਂ ਪਹੁੰਚ ਕਿਸੇ ਝਗੜੇ ਲੜਾਈ ਦੀ ।

ਪੰਛੀ ਮ੍ਰਿਗ ਮਾਣਦੇ ਆਜ਼ਾਦੀਆਂ ਤੇ ਮੌਜਾਂ ਖੁਲ੍ਹਾਂ,
ਜ਼ੋਰ ਨਾਲ ਧੱਕੇ ਨਾਲ ਜਿਥੇ ਈਨ ਨਹੀਂ ਮਨਾਈਦੀ ।

ਪੌਣ ਖੁਲ੍ਹੇ ਪਾਣੀ ਖੁਲ੍ਹੇ ਸਾਰੇ ਹੀ ਪ੍ਰਾਣੀ ਖੁਲ੍ਹੇ,
ਖੁਲ੍ਹ ਦਾ ਹੈ ਰਾਜ ਜਿਥੇ ਖੁਲ੍ਹ ਹੈ ਕਮਾਈ ਦੀ ।

ਜਾਗਣ ਤੇ ਸੌਣ ਖੁਲ੍ਹੇ, ਹਸਣ ਤੇ ਰੋਣ ਖੁਲ੍ਹੇ,
ਖੁਲ੍ਹ ਦੀ ਹਨੇਰੀ ਵਗੇ, ਨਦੀ ਬੇ-ਪ੍ਰਵਾਹੀ ਦੀ ।

ਲੇਟਿਆ ਹੈ ਆਣ ਕੋਈ ਸੁੰਦਰ ਜਵਾਨ ਜੋਧਾ,
ਕਾਣ ਨਾ ਜਿਹਨੂੰ ਹੈ ਕਿਸੇ ਪੜੀ ਪਾਤਸ਼ਾਹੀ ਦੀ ।

ਮਹਿਲਾਂ ਦਾ ਨਿਵਾਸੀ ਕਰੇ ਜੰਗਲਾਂ ਨੂੰ ਹਾਸੀ ਪਿਆ,
ਕੰਡਿਆਂ ਦੀ ਸੇਜ ਜਾਣੇ ਮਖ਼ਮਲ ਵਿਛਾਈ ਦੀ ।

ਹੱਥ ਵਿਚ ਤੇਗ ਨੰਗੀ, ਖ਼ੂਨ ਦੀ ਤਿਹਾਈ ਨਹੀਂ ਏ,
ਈਹਦੇ ਵਿਚੋਂ ਲਿਸ਼ਕ ਆਵੇ, ਜਗ ਦੀ ਭਲਾਈ ਦੀ ।

ਨਿਰਭਉ ਤੇ ਨਿਰਵੈਰ ਮਥੇ ਉਤੇ ਲਿਖਿਆ ਹੈ,
ਮੁਖੜਾ ਕਿਤਾਬ ਪਾਕ ਦਿਲ ਦੀ ਸਫ਼ਾਈ ਦੀ ।

ਢਾਲ ਤਲਵਾਰ ਓਹੀ, ਜਾਪਦੀ ਨੁਹਾਰ ਓਹੀ,
ਏਹ ਹੈ ਤਸਵੀਰ ਉਸੇ, ਵਤਨ ਦੇ ਸਪਾਹੀ ਦੀ ।

ਕਲਗੀ ਤੇ ਬਾਜ ਨਾਹੀਂ, ਸਾਜ ਤੇ ਸਮਾਜ ਨਾਹੀਂ,
ਲੋੜ ਪਰ ਐਥੇ ਹੁਣ, ਹੋਰ ਕੀ ਗਵਾਹੀ ਦੀ ।

ਚਿਹਰੇ ਤੇ ਸਰੂਰ ਅਤੇ ਮਥੇ ਉਤੇ ਨੂਰ ਓਹੀ,
ਜੀਹਦਾ ਦੀਦ ਪਾ ਕੇ ਕਲੀ ਦਿਲ ਦੀ ਖਿੜਾਈਦੀ ।

ਕਪੜੇ ਨੇ ਲੀਰ ਲੀਰ, ਪਰ ਨਹੀਂ ਫ਼ਕੀਰ ਕੋਈ,
ਸੂਰਤ ਪਿਆਰੀ, ਦਸ਼ਮੇਸ਼ ਮੇਰੇ ਮਾਹੀ ਦੀ ।

ਪੰਛੀਓ ! ਨਾ ਰੌਲਾ ਹੁਣ ਪਾਓ, ਠਹਿਰ ਜਾਓ ਰਤਾ,
ਪੌਣੇ, ਗਲ ਕਰੀਂ ਕੋਈ, ਤੂੰ ਵੀ ਚਾ ਦਾਨਾਈ ਦੀ ।

ਜੋਬਨ ਨਾ ਰਹੇ ਸਦਾ ਕਦੀ, ਮਾਣ ਮਤੀਏ ਨੀ,
ਸੇਵਾ ਕਦੀ ਪਾਂਧੀ ਪਰਦੇਸੀ ਦੀ ਕਮਾਈਦੀ ।

ਭਾਗਾਂ ਵਾਲੀ ਨਦੀਏ ਕਿਨਾਰੇ ਤੇਰੇ ਕੌਣ ਆਏ ?
ਐਨੀ ਅਲਬੇਲੀਏ, ਪਛਾਣ ਕੁਝ ਚਾਹੀਦੀ ।

ਸ਼ੋਰ ਨਾ ਮਚਾਈਂ ਸਹਿਜੇ ਜਾਈਂ ਨਾ ਜਗਾਈਂ ਵੇਖੀਂ,
ਹੁਣੇ ਅੱਖ ਲੱਗੀ ਏਸ ਥੱਕੇ ਹੋਏ ਰਾਹੀ ਦੀ ।

ਕੌਣ ਜਾਣੇ ਵਤਨ ਦੇ ਸਪਾਹੀ ਏਸ ਸੂਰਮੇ ਨੇ,
ਅਜੇ ਧਰਤਿ ਉਤੇ ਕੀ ਕੀ ਰੰਗ ਨੇ ਵਿਖਾਵਣੇ ।

ਜੀਵਨ ਦੇ ਘੋਲ ਲਈ ਖੌਲ ਰਿਹਾ ਖ਼ੂਨ ਏਹਦਾ,
ਕਲਪ ਰਿਹਾ ਮਨ ਨਵੇਂ ਸੁਪਨੇ ਸੁਹਾਵਣੇ ।

ਜੀਵਨ-ਉਦੇਸ਼ ਲਈ, ਕੌਮ ਲਈ, ਦੇਸ਼ ਲਈ,
ਜਾਨ ਕੁਰਬਾਨ ਹੋਵੇ ਪਿਛੇ ਨਾ ਪੈਰ ਪਾਵਣੇ ।

ਚਰਨ ਏਹਦੇ ਚੁੰਮ ਚੁੰਮ ਹੰਝੂਆਂ ਦੇ ਨਾਲ ਧੋਈਏ,
ਅੱਖੀਆਂ ਬਣਾਈਏ ਏਸ ਰਾਹੀ ਦੇ ਵਿਛਾਵਣੇ ।

(੧੯੨੯)

੧੬. ਮਾਂ ਦੀ ਗੋਦ

(ਪੰਜਾਬ ਦੇ ਪ੍ਰਸਿਧ ਚਿਤ੍ਰਕਾਰ ਚੁਗ਼ਤਾਈ ਦੀ
ਇਕ ਸੁੰਦਰ ਤਸਵੀਰ ਵੇਖ ਕੇ)

ਚਿਤ੍ਰਕਾਰ ! ਵਾਹ ਮੂਰਤ ਸੁੰਦਰ,
ਕੈਸੀ ਤੁੱਧ ਬਣਾਈ ।
ਗੋਦ ਪਿਆਰੀ ਮਾਂ ਦੀ ਜਿਸ ਨੇ,
ਮੈਨੂੰ ਯਾਦ ਕਰਾਈ ।

ਜਿਹੜੀ ਥਾਂ ਸੀ ਸੁਖ ਦਾ ਸੋਮਾ,
ਜਿੱਥੇ ਦੁਖ ਸਭ ਭੁਲਦੇ ।
ਮਿਠੀ ਨੀਂਦ ਬੇ-ਫ਼ਿਕਰੀ ਵਾਲੀ,
ਜਿੱਥੇ ਮੈਂ ਸੀ ਪਾਈ ।

ਕੀ ਆਖਾਂ, ਸੀ ਜੱਨਤ ਓਹੀ,
ਯਾਂ ਸੀ ਸੁਰਗ ਪੰਘੂੜਾ ।
ਸੁਖ ਦੀ ਨੀਂਦ ਉਜੇਹੀ ਮੈਨੂੰ,
ਫੇਰ ਨਾ ਕਿਧਰੇ ਆਈ ।

ਨਾ ਫੁਲਾਂ ਦੀ ਸੇਜਾ ਕੋਮਲ,
ਨਾ ਮਖਮਲੀ ਵਿਛੌਣੇ,
ਉਸਦੇ ਤੁਲ ਨਾ ਲਭੀ ਜਗ ਵਿਚ,
ਵਸਤੂ ਕੋਈ ਸੁਖਦਾਈ ।

ਇਹ ਦੌਲਤ, ਇਹ ਮਹਿਲ ਮਾੜੀਆਂ,
ਇਹ ਵਿਦਿਆ ਇਹ ਅਹੁਦੇ ।
ਇਕ ਉਸ ਮਿਠੀ ਲੋਰੀ ਉਤੋਂ,
ਵਾਰ ਸੁੱਟਾਂ ਪੱਤਸ਼ਾਹੀ ।

ਇਹ ਫਲ ਮੇਵੇ, ਇਹ ਸਭ ਖਾਣੇ,
ਉਸ ਦੇ ਤੁਲ ਨਾ ਪੁਜਨ ।
ਲਾਡ ਨਾਲ ਜੋ ਖਾਧੀ ਮੈਂ ਸੀ,
ਗੋਦੀ ਵਿਚ ਗਰਾਹੀ ।

ਆਹ ! ਉਹ ਸਾਰੇ ਸੁਖ ਦੇ ਸੁਫਨੇ,
ਆ ਗਏ ਮੁੜ ਕੇ ਚੇਤੇ ।
ਮਾਨੋ ਮੁੜ ਮੈਂ ਬਾਲਕ ਬਣਕੇ,
ਮਾਂ ਵਲ ਕੀਤੀ ਧਾਈ ।

ਉਸੇ ਗੋਦ ਵਿਚ ਜਾ ਮੈਂ ਬੈਠਾ,
ਮਾਂ ਮਾਂ ਮੂੰਹ ਥੀਂ ਆਖਾਂ ।
ਘਟਾ ਪਿਆਰ ਦੀ ਉਮਡ ਸੀਨਿਓਂ,
ਮਾਂ-ਅੱਖਾਂ ਵਿਚ ਆਈ ।

ਭੁਲ ਗਈ ਸਾਰੀ ਮੈਨੂੰ ਚਿੰਤਾ,
ਭੁਲ ਗਈ ਸਾਰੀ ਦੁਨੀਆਂ ।
ਉਪਰੋਂ ਸਾਵਣ ਵਸਣ ਲਗ ਪਿਆ,
ਮੈਂ ਸੁਖ-ਪੀਂਘ ਚੜ੍ਹਾਈ ।

ਵਾਹ ! ਕਿਸਮਤ ਇਹ ਸੁਖ-ਬੈਕੁੰਠੀ,
ਪਲਕ ਨਾ ਲੈਣਾ ਮਿਲਿਆ ।
ਝਟ ਕਿਸੇ ਨੇ ਆ ਕੇ ਮੇਰੀ,
ਵੀਣੀ ਪਕੜ ਹਿਲਾਈ ।

ਮੂਰਤ ਈਹੋ ਧਰੀ ਅਗੇ ਸੀ,
ਮੈਂ ਕੁਰਸੀ ਤੇ ਬੈਠਾ ।
ਅੱਖਾਂ ਨੇ ਸੀ ਯਾਦ ਕਿਸੇ ਵਿਚ,
ਛਮ ਛਮ ਛਹਿਬਰ ਲਾਈ ।

ਅਜ ਮੈਥੋਂ ਜੋ ਖੁਸ ਚੁਕੀ ਹੈ,
ਜਗ ਵਿਚ ਕਿਤੋਂ ਨਾ ਲਭਦੀ ।
ਉਸ ਬੈਕੁੰਠੀ-ਗੋਦੀ ਦੀ ਮੈਂ,
ਅਜ ਕਦਰ ਹੈ ਪਾਈ ।

(੧੯੨੯)

੧੭. ਆਸ਼ਾ

ਆਸ਼ਾ ਦੀ ਦੇਵੀਏ ਨੀ,
ਤੇਰਾ ਹਾਂ ਮੈਂ ਪੁਜਾਰੀ ,
ਤੇਰੀ ਹੀ ਭਗਤਿ ਅੰਦਰ,
ਆਯੂ ਗੁਜ਼ਾਰਾਂ ਸਾਰੀ !
ਡਾਇਣ ਨਿਰਾਸਤਾ ਦੀ,
ਆਵੇ ਨਾ ਮੇਰੇ ਨੇੜੇ,
ਧਰਤੀ ਹੈ ਦੌੜ ਮੇਰੀ,
ਆਕਾਸ਼ ਹੈ ਉਡਾਰੀ ।

ਬੁਤਾਂ ਤੇ ਮੂਰਤਾਂ ਦੀ ਛਡੀ,
ਮੈਂ ਪੂਜਾ ਕਰਨੀ,
ਤੇਰਾ ਹੀ ਲੜ ਪਕੜ ਕੇ,
ਤਰਨੀ ਹੈ ਮੈਂ ਵਿਤਰਨੀ ।
ਤੈਨੂੰ ਹੀ ਮਨ ਮੰਦਰ ਦੇ,
ਮੈਂ ਤਖ਼ਤ ਪੁਰ ਬਿਠਾਇਆ,
ਜੀਵਨ ਦੀ ਓਟ ਇਕੋ,
ਤੇਰੇ ਹੀ ਦਰ ਤੇ ਧਾਰੀ ।

ਕਿਹਾ ਨਾਉਂ ਤੇਰਾ ਪਿਆਰਾ,
ਕਿਹੀ ਯਾਦ ਤੇਰੀ ਮਿਠੀ,
ਸਿਮਰਨ ਤੇਰੇ ਦੀ ਸ਼ਕਤੀ,
ਕਿਧਰੇ ਨਾ ਹੋਰ ਡਿਠੀ ।
ਮੁਰਦੇ ਸਰੀਰ ਅੰਦਰ,
ਤੂੰ ਰੂਹ ਫੁਕ ਦੇਵੇਂ,
ਮਾਰੂ ਥਲਾਂ ਦੇ ਅੰਦਰ,
ਚਸ਼ਮੇ ਕਰੇਂ ਤੂੰ ਜਾਰੀ ।

ਉਤਸਾਹ ਦਾ ਏਂ ਸੋਮਾਂ,
ਹਿੰਮਤ ਦੀ ਤੂੰ ਏਂ ਰਾਣੀ,
ਜਿੱਤਾਂ ਸਮਾਜ ਸੰਦੀਆਂ,
ਤੇਰੀ ਹੈ ਇਕ ਕਹਾਣੀ ।
ਡੂੰਘੇ ਸਮੁੰਦਰਾਂ ਵਿਚ,
ਤੂੰ ਤਾਰੀਆਂ ਲਵਾਈਆਂ,
ਗਗਨਾਂ ਦੇ ਵਿਚ ਲਵਾਈ,
ਇਨਸਾਨ ਨੂੰ ਉਡਾਰੀ ।

ਡੁਬਦੇ ਸਮੁੰਦਰਾਂ ਵਿਚ,
ਭਟਕੇ ਹਨੇਰਿਆਂ ਵਿਚ,
ਜੰਗਲੀਂ ਬਸੇਰਿਆਂ ਵਿਚ,
ਝਖੜਾਂ ਤੇ ਘੇਰਿਆਂ ਵਿਚ ।
ਬੇਆਸ ਰਾਹੀਆਂ ਨੂੰ,
ਮੁਖੜਾ ਤੂੰ ਜਦ ਵਿਖਾਇਆ ।
ਮਾਰੂ ਥਲਾਂ ਦੇ ਵਿਚ ਜਿਉਂ,
ਫਿਰ ਮਹਿਕ ਪਈ ਕਿਆਰੀ ।

ਕਿਸ ਨੇ ਇਹ ਧਰਤ ਛਾਣੀ,
ਸਾਗਰ ਇਹ ਕਿਸ ਨੇ ਗਾਹੇ ?
ਖੋਜਾਂ ਦੇ ਮੋਤੀ ਲਭ ਲਭ,
ਸਭ ਸੁਹਜ ਕਿਸ ਬਣਾਏ ?
ਇਤਿਹਾਸ ਹੁਨਰ, ਕਲਚਰ,
ਸਭ ਦੇ ਰਹੇ ਗਵਾਹੀ ।
ਆਸ਼ਾ ਦੀ ਦੇਵੀਏ ਨੀ,
ਤੇਰੀ ਇਹ ਚਿਤ੍ਰਕਾਰੀ ।

ਜਿਸ ਦਿਨ ਦੀ ਮਨ ਮੰਦਰ 'ਚ,
ਤੂੰ ਆਣ ਕੇ ਵਸੀ ਏਂ ।
ਜਿਸ ਦਿਨ ਦੀ ਲੂੰ ਲੂੰ ਅੰਦਰ,
ਤੂੰ ਆਣ ਕੇ ਰਸੀ ਏਂ ।
ਜੀਵਨ ਝਨਾਂ ਦਾ ਪਾਣੀ,
ਹੜ੍ਹ ਵਾਂਙ ਵਹਿ ਰਿਹਾ ਏ ।
ਰੋਕਾਂ ਦੇ ਚੀਰਾਂ ਪਰਬਤ,
ਹਿੰਮਤ ਕਦੀ ਨਾ ਹਾਰੀ ।

ਆਸ਼ਾ ਦੀ ਦੇਵੀਏ ਨੀ,
ਤੇਰਾ ਹਾਂ ਮੈਂ ਪੁਜਾਰੀ ।
ਤੇਰੀ ਹੀ ਭਗਤਿ ਅੰਦਰ,
ਆਯੂ ਗੁਜ਼ਾਰਾਂ ਸਾਰੀ !
ਡਾਇਣ ਨਿਰਾਸਤਾ ਦੀ,
ਆਵੇ ਨਾ ਮੇਰੇ ਨੇੜੇ,
ਧਰਤੀ ਹੈ ਦੌੜ ਮੇਰੀ,
ਆਕਾਸ਼ ਹੈ ਉਡਾਰੀ ।

(੧੯੩੦)

੧੮. ਜਲ੍ਹਿਆਂ ਵਾਲੇ ਬਾਗ਼ ਦੀ ਵਸਾਖੀ

ਐ ਬਾਗ਼ ਜਲ੍ਹਿਆਂ ਵਾਲਿਆ,
ਫਿਰ ਯਾਦ ਤੇਰੀ ਆ ਗਈ ।
ਓਹੀ ਵਸਾਖੀ ਆ ਗਈ !

ਇਕਦਰ ਮਸ਼ੀਨਾਂ ਬੀੜੀਆਂ,
ਇਕਦਰ ਨੇ ਤਣੀਆਂ ਛਾਤੀਆਂ,
ਇਕਦਰ ਸਬਰ ਦੀਆਂ ਆਹੀਆਂ,
ਇਕਦਰ ਜਬਰ ਦੀਆਂ ਕਾਤੀਆਂ,

ਉਹ ਬੇਗੁਨਾਹਾਂ ਦੇ ਖੂਨ ਵਿਚ
ਰਜ ਰਜ ਕੇ ਓਥੇ ਨ੍ਹਾਤੀਆਂ ।
ਐ ਬਾਗ਼ ਜਲ੍ਹਿਆਂ ਵਾਲਿਆ…

ਮੇਲੇ ਗਏ ਹੋਏ ਵੀਰ ਨੂੰ,
ਕੋਈ ਭੈਣ ਸਿਕਦੀ ਰਹਿ ਗਈ !
ਅਤੇ ਜਿਗਰ ਦੇ ਟੋਟੇ ਲਈ
ਅੰਬੜੀ ਪਟਿਕਦੀ ਰਹਿ ਗਈ !
ਨਾ ਜਾਈਂ ਅਜ ਦੀ ਰਾਤ ਵੇ
(ਕੋਈ) ਪ੍ਰੀਤਮ ਨੂੰ ਛਿਕਦੀ ਰਹਿ ਗਈ !
ਆਸਾਂ ਦੀ ਤੰਦੜੀ ਟੁਟ ਗਈ,
ਮੁੜ ਕੇ ਨਾ ਜਦ ਕੋਈ ਬਹੁੜਿਆ ।
ਘਰ ਘਰ ਸੀ ਮਾਤਮ ਹੋ ਰਿਹਾ !

ਕੀ ਕਹਿਰ ਉਥੇ ਵਰਤਿਆ ?
ਬਸ ਓਹੀ ਦਸ ਹੈ ਸਕਦੀ,
ਜਿਸ ਉਥੇ ਗੁਜ਼ਾਰੀ ਰਾਤ ਸੀ ।

ਜ਼ੁਲਮਾਂ ਦੀ ਕਾਲੀ ਰਾਤ ਸੀ,
ਚੁਪ ਮੌਤ ਵਾਂਙੂ ਛਾ ਰਹੀ,
ਲੋਥਾਂ ਦਾ ਲੱਗਾ ਢੇਰ ਸੀ,
ਲਹੂ ਦੀ ਨਦੀ ਸੀ ਵਹਿ ਰਹੀ ।

ਬੈਠੀ ਸਰ੍ਹਾਂਦੀ ਪਤੀ ਦੇ
ਇਕ ਰਤਨ ਦਈ ਸੀ ਰੋ ਰਹੀ !
ਬਸ ਉਹੀ ਦਸ ਹੈ ਸਕਦੀ,
ਜਿਸ ਓਥੇ ਗੁਜ਼ਾਰੀ ਰਾਤ ਸੀ ।

ਉਸ ਜਲ੍ਹਿਆਂ ਵਾਲੇ ਬਾਗ਼ ਵਿਚ,
ਜੋ ਲਹੂ ਸ਼ਹੀਦੀ ਡੁਲ੍ਹਿਆ
ਸਾਨੂੰ ਅਜੇ ਨਹੀਂ ਭੁਲਿਆ ।
ਡਾਇਰ ਦੀ ਤਕ ਕੇ ਡਾਇਰੀ,
ਦਰਦਾਂ ਨੇ ਕੀਤੀ ਸ਼ਾਇਰੀ ।
ਮਾਸੂਮ ਬੇ-ਹਥਿਆਰ ਤੇ,
ਸ਼ਸਤ੍ਰ ਚਲਾਣਾਂ ਕਾਇਰੀ ।
ਲਾਹਨਤ ਹੈ ਉਸ ਤਹਿਜ਼ੀਬ ਨੂੰ,
ਜਿਸ ਏਹ ਕਿਆਮਤ ਲਿਆ ਧਰੀ ।

ਓਸੇ ਸ਼ਹੀਦੀ ਖੂਨ 'ਚੋਂ,
ਇਕ ਮਰਦ ਪੈਦਾ ਹੋ ਗਿਆ ।
ਇਕ ਦਰਦ ਪੈਦਾ ਹੋ ਗਿਆ ।

ਜਿਸਦਾ ਆਜ਼ਾਦੀ ਮਜ਼ਹਬ ਹੈ,
ਹਿੰਦੀ ਹੈ ਨਾਉਂ ਸਦਾਉਂਦਾ ।
ਭਾਰਤ ਨੂੰ ਕਹਿੰਦਾ ਮਾਉਂ ਹੈ,
ਵੀਰਾਂ ਨੂੰ ਛਾਤੀ ਲਾਉਂਦਾ ।
ਆਖੇ ਇਹ ਪ੍ਰਣ ਮੈਂ ਨਿਭਾਉਣਾ,
ਡਾਇਰਾਂ ਨੂੰ ਹੁਣ ਮੈਂ ਮੁਕਾਉਣਾ ।
ਕਾਲਖ ਦਾ ਟਿਕਾ ਏਹ ਗੁਲਾਮੀ,
ਮਥਿਓਂ ਹੁਣ ਲਾਹੁਣਾ ।

ਆਜ਼ਾਦ ਕਰਨਾ ਵਤਨ ਨੂੰ,
ਅਗੇ ਹੀ ਅਗੇ ਜਾਵਣਾ ।
ਨਹੀਂ ਪੈਰ ਪਿਛੇ ਪਾਵਣਾ ।

ਇਹ ਕੂਕ ਹੁਣ ਤਕ ਆ ਰਹੀ,
ਉਸ ਜਲ੍ਹਿਆਂ ਦੇ ਬਾਗ਼ ਦੀ :-
"ਐ ਹਿੰਦੀਆ ਤੂੰ ਸੌਂ ਰਿਹਾ,
ਪਰ ਰਤਨ ਦਈ ਹੈ ਜਾਗਦੀ ।
ਉਠਕੇ ਸ਼ਹੀਦੀ ਬੰਨ੍ਹ ਗਾਨਾ,
ਵਤਨ ਉਤੋਂ ਜਿੰਦ ਘੁਮਾ,
ਆਜ਼ਾਦ ਹਿੰਦ ਕਰਕੇ ਵਿਖਾ ।"

ਐ ਬਾਗ਼ ਜਲ੍ਹਿਆਂ ਵਾਲਿਆ,
ਫਿਰ ਯਾਦ ਤੇਰੀ ਆ ਰਹੀ ।
ਓਹੀ ਵਸਾਖੀ ਆ ਗਈ !

(ਅਪਰੈਲ ੧੯੩੪)

੧੯. ਅਗੇ ਹੀ ਅਗੇ ਜਾਂਗੇ
ਪਿਛੇ ਨਾ ਪੈਰ ਪਾਂਗੇ

ਜਦ ਤੀਕ ਬੂੰਦ ਲਹੂ ਦੀ,
ਇਕ ਵੀ ਹੈ ਮੇਰੇ ਤਨ ਵਿਚ,
ਜਦ ਤੀਕ ਨਾੜ ਇਕ ਵੀ,
ਹਿਲਦੀ ਏ ਇਸ ਬਦਨ ਵਿਚ ।
ਜਦ ਤੀਕ ਫੁਰਨਾ ਇਕ ਵੀ,
ਫੁਰਦਾ ਏ ਮੇਰੇ ਮਨ ਵਿਚ !
ਜੀਉਂਦਾ ਮੈਂ ਇਸ ਲਈ ਹਾਂ,
ਮੇਰੀ ਰੂਹ ਏ ਵਤਨ ਵਿਚ !

ਇਕ ਵੇਰ ਵਤਨ ਅਪਣਾ,
ਆਜ਼ਾਦ ਕਰ ਵਿਖਾਂਗੇ !
ਅਗੇ ਹੀ ਅਗੇ ਜਾਂਗੇ,
ਪਿਛੇ ਨਾ ਪੈਰ ਪਾਂਗੇ ।

ਪੈਂਡਾ ਹੈ ਬਹੁਤ ਲੰਮਾ,
ਤੇ ਸ਼ਾਮ ਢਲ ਰਹੀ ਏ !
ਰਾਹ 'ਚ ਮੁਸੀਬਤਾਂ ਦੀ,
ਇਕ ਨੈਂ ਚਲ ਰਹੀ ਏ ।
ਬਿਜਲੀ ਕੜਕਦੀ ਏ,
ਕਿਤੇ ਅੱਗ ਬਲ ਰਹੀ ਏ ।
ਲਾੜੀ ਆਜ਼ਾਦੀ ਪਰ ਅਹੁ,
ਸੀਨੇ ਨੂੰ ਸਲ ਰਹੀ ਏ ।

ਜਦ ਤੀਕ ਦਿਲ ਦਾ ਮਕਸਦ,
ਹਾਸਲ ਨਾ ਕਰ ਲਵਾਂਗੇ ।
ਅਗੇ ਹੀ ਅਗੇ ਜਾਂਗੇ,
ਪਿਛੇ ਨਾ ਪੈਰ ਪਾਂਗੇ ।

ਛਡ ਜਾਣ ਸਾਥ ਜੇਕਰ,
ਸਾਥੀ ਪ੍ਰਵਾਹ ਨਹੀਂ ਹੈ ।
ਮੰਦਰੋਂ ਮਸੀਤੋਂ ਧਕੇ ਜੇ,
ਪੈਣ ਵਾਹ ਨਹੀਂ ਹੈ ।
ਸਾਡੇ ਲਈ ਭਰਾਵੋ,
ਕੋਈ ਹੋਰ ਰਾਹ ਨਹੀਂ ਹੈ ।
ਰਹਿ ਕੇ ਗੁਲਾਮ ਸਾਨੂੰ,
ਜੀਵਣ ਦੀ ਚਾਹ ਨਹੀਂ ਹੈ ।

ਜਦ ਤੀਕ ਜੀਉਂਦੇ ਹਾਂ,
ਆਦਰਸ਼ ਨਾ ਭੁਲਾਂਗੇ ।
ਅਗੇ ਹੀ ਅਗੇ ਜਾਂਗੇ,
ਪਿਛੇ ਨਾ ਪੈਰ ਪਾਂਗੇ ।

ਮਜ਼ਹਬ ਮੇਰਾ ਆਜ਼ਾਦੀ,
ਬਿਉਪਾਰ ਵੀ ਆਜ਼ਾਦੀ ।
ਸਿਮਰਨ ਮੇਰਾ ਆਜ਼ਾਦੀ,
ਸੰਸਾਰ ਵੀ ਆਜ਼ਾਦੀ ।
ਧਨ ਧਾਮ ਵੀ ਆਜ਼ਾਦੀ,
ਘਰ ਬਾਰ ਵੀ ਆਜ਼ਾਦੀ ।
ਜੀਵਨ ਦੇ ਦਿਵਸ ਮਣਕੇ,
ਇਹ ਤਾਰ ਵੀ ਆਜ਼ਾਦੀ ।

ਏਸੇ ਹੀ ਲਟਕ ਅੰਦਰ,
ਜੀਆਂਗੇ ਜਾਂ ਮਰਾਂਗੇ ।
ਅਗੇ ਹੀ ਅਗੇ ਜਾਂਗੇ,
ਪਿਛੇ ਨਾ ਪੈਰ ਪਾਂਗੇ ।

(ਸਤੰਬਰ ੧੯੩੫)

੨੦. ਉਠੋ ਨੌਜਵਾਨੋ

ਰਤਾ ਹੋਰ ਦੇਸਾਂ ਦੇ ਵਲ ਨਜ਼ਰ ਮਾਰੋ
ਉਠੋ ਨੌਜਵਾਨੋ ਤੇ ਹਿੰਮਤ ਨੂੰ ਧਾਰੋ ।

ਕਿਵੇਂ ਨੌਜਵਾਂ ਸੂਰਮੇ ਗਜ ਰਹੇ ਨੇ,
ਆਜ਼ਾਦੀ ਦੇ ਰਣ ਵਿਚ ਕਿਵੇਂ ਸਜ ਰਹੇ ਨੇ,
ਕਿਵੇਂ ਵਤਨ ਅਪਣੇ ਸਵਤੰਤਰ ਬਣਾ ਲਏ ਨੇ ?
ਆਜ਼ਾਦੀ ਦੇ ਵਾਜੇ ਕਿਵੇਂ ਵਜ ਰਹੇ ਨੇ,
ਦੁਖੀ ਵਤਨ ਆਪਣੇ ਦੀ ਹਾਲਤ ਸੰਵਾਰੋ,
ਉਠੋ ਨੌਜਵਾਨੋ ਤੇ ਹਿੰਮਤ ਨੂੰ ਧਾਰੋ ।

ਹਿੰਦੀ ਨੂੰ ਇੱਜ਼ਤ ਨਾ ਹੈ ਮਾਨ ਕਿਧਰੇ ।
ਧੱਕੇ ਨੇ ਕਿਧਰੇ ਤੇ ਅਪਮਾਨ ਕਿਧਰੇ ।
ਇਹ ਹੈਰਾਨ ਕਿਧਰੇ ਪਰੇਸ਼ਾਨ ਕਿਧਰੇ ।
ਦੁੱਖਾਂ ਤੋਂ ਇਸਦੀ ਛੁਟੇ ਜਾਨ ਕਿਧਰੇ ।
ਕਿਵੇਂ ਸ਼ੇਰ ਮਰਦੋ ਇਹ ਹੇਠੀ ਸਹਾਰੋ ?
ਉਠੋ ਨੌਜਵਾਨੋ ਤੇ ਹਿੰਮਤ ਨੂੰ ਧਾਰੋ ।

ਜਿਥੇ ਅਣਖ-ਵਤਨੀ ਜਗਾਈ ਜਵਾਨਾਂ ।
ਇਕੋ ਵੇਰ ਧਰਤੀ ਹਿਲਾਈ ਜਵਾਨਾਂ ।
ਗ਼ੁਲਾਮੀ ਦੀ ਲਾਹਨਤ ਮਿਟਾਈ ਜਵਾਨਾਂ ।
ਤੇ ਕੌਮਾਂ ਦੀ ਇਜ਼ਤ ਬਣਾਈ ਜਵਾਨਾਂ ।
ਹਿੰਦੀ ਜਵਾਨੋ ਉਠੋ ਬਲ ਨੂੰ ਧਾਰੋ ।
ਉਠੋ ਨੌਜਵਾਨੋ ਸਮੇਂ ਨੂੰ ਵਿਚਾਰੋ ।

(ਸਤੰਬਰ ੧੯੩੭)

੨੧. ਨੌਜਵਾਨ ਨੂੰ

(ਗੀਤ)

ਬਦਲ ਰਹੀ ਏ ਦੁਨੀਆਂ ਸਾਰੀ, ਰੁਤ ਨਵੀਂ ਹੁਣ ਆਈ ਏ ।
ਹਿੰਦੀ ਨੌਜਵਾਨਾਂ ਤੂੰ ਵੀ ਜਾਗ ਦੇਰ ਕਿਉਂ ਲਾਈ ਏ ।ਨੌਜਵਾਨ ਹੀ ਮਾਨ ਕੌਮ ਦਾ ਆਨ ਤੇ ਸ਼ਾਨ ਬਣਾਂਦੇ ਨੇ ।
ਜਦੋਂ ਕੌਮ ਤੇ ਬਣੇ ਆਣ ਕੇ, ਈਹੋ ਛਾਤੀਆਂ ਡਾਂਹਦੇ ਨੇ ।
ਦੁਖੀ ਕੌਮ ਦੀ ਹਾਲਤ ਉਤੇ, ਹੰਝੂ ਈਹੋ ਵਹਾਂਦੇ ਨੇ ।
ਸੋਹਣੀਆਂ ਸੋਹਲ ਜਵਾਨੀਆਂ ਨੂੰ, ਏਹ ਕੌਮ ਦੇ ਲੇਖੇ ਲਾਂਦੇ ਨੇ ।
ਸਭ ਦੇਸ਼ਾਂ ਵਿਚ ਜੋਤ-ਆਜ਼ਾਦੀ, ਵੇਖੋ ਇਨ੍ਹਾਂ ਜਗਾਈ ਏ ।
ਹਿੰਦੀ ਨੌਜਵਾਨਾਂ ਤੂੰ ਵੀ ਜਾਗ ਦੇਰ ਕਿਉਂ ਲਾਈ ਏ ।ਬਣ ਜਾਏ ਕੌਮ ਗ਼ੁਲਾਮ ਜਦੋਂ ਕੋਈ, ਪੈ ਕੇ ਵਸ ਸ਼ੈਤਾਨਾਂ ਦੇ ।
ਪਤ ਲਾਹੁਣ ਤੇ ਖੱਲ ਉਧੇੜਨ, ਲੈਂਦੇ ਕੰਮ ਹੈਵਾਨਾਂ ਦੇ ।
ਵੇਖ ਬੇ-ਇਜ਼ਤੀ ਦੇਸ਼ ਕੌਮ ਦੀ, ਖੌਲਣ ਲਹੂ ਜਵਾਨਾਂ ਦੇ ।
ਭੁਲ ਜਾਵੇ ਸੁਖ ਚੈਨ ਉਹਨਾਂ ਨੂੰ, ਨਿਕਲਣ ਵਿਚ ਮੈਦਾਨਾਂ ਦੇ ।
ਸਦਾ ਜਵਾਨਾਂ ਅਣਖ ਲਈ, ਸਿਰ ਧੜ ਦੀ ਬਾਜੀ ਲਾਈ ਏ ।
ਹਿੰਦੀ ਨੌਜਵਾਨਾਂ ਤੂੰ ਵੀ ਜਾਗ ਦੇਰ ਕਿਉਂ ਲਾਈ ਏ ।ਜਦੋਂ ਆਜ਼ਾਦੀ ਕਿਸੇ ਦੇਸ਼ ਵਿਚ, ਦੇਂਦੀ ਆਣ ਦਿਖਾਲੀ ਏ ।
ਨੌਜਵਾਨ ਦੇ ਚਿਹਰੇ ਉਤੇ ਚੜ੍ਹ ਜਾਏ ਚੌਣੀ ਲਾਲੀ ਏ ।
ਤੋੜ ਗ਼ੁਲਾਮੀ ਦੀਆਂ ਜ਼ੰਜੀਰਾਂ, ਲਾਹੁਣ ਗਲੋਂ ਪੰਜਾਲੀ ਏ ।
ਕਰਨ ਹੇਠਲੀ ਉਤੇ ਰਲ-ਮਿਲ ਕਿਰਤੀ ਕਾਮੇ ਹਾਲੀ ਏ ।
ਦੇਸ਼ ਦੇਸ਼ ਦੇ ਰਲਕੇ ਯੁਵਕਾਂ ਵਤਨੀ ਲਹਿਰ ਚਲਾਈ ਏ ।
ਹਿੰਦੀ ਨੌਜਵਾਨਾਂ ਤੂੰ ਵੀ ਜਾਗ ਦੇਰ ਕਿਉਂ ਲਾਈ ਏ ।ਵਤਨ ਪਿਆਰਾ ਭਾਰਤ, ਸੋਭਾ ਜਿਸਦੀ ਅਸਾਂ ਵਧਾਣੀ ਏ ।
ਜਿਥੇ ਹਿਮਾਲਾ ਵਰਗੇ ਪਰਬਤ, ਗੰਗਾ ਵਰਗਾ ਪਾਣੀ ਏ ।
ਜਿਮੀਂ ਜਿਹਦੀ ਤੋਂ ਸੋਨਾ ਉਗੇ, ਪਰ ਕੈਦਣ ਅਜ ਰਾਣੀ ਏ ।
ਸੁਰਗ-ਬਗੀਚੇ ਭਾਰਤ ਦੀ, ਅਜ ਸਾਰੀ ਦਰਦ ਕਹਾਣੀ ਏ ।
ਭੁਖ ਨੰਗ ਹੈ ਦੇਸ਼ ਵਿਚ ਤੇ ਬਾਹਰ ਪਤਿ ਲੁਹਾਈ ਏ ।
ਹਿੰਦੀ ਨੌਜਵਾਨਾਂ ਤੂੰ ਵੀ ਜਾਗ ਦੇਰ ਕਿਉਂ ਲਾਈ ਏ ।ਕੀ ਤੂੰ ਕਦੀ ਸੋਚਿਆ ਮੱਲਾ, ਦੌਲਤ ਕਿਧਰ ਜਾਂਦੀ ਏ ?
ਕਿਨ੍ਹਾਂ ਦੁਖਾਂ ਵਿਚ ਕੌਮ ਵਿਲਕਦੀ, ਰੋਂਦੀ ਕਿਉਂ ਕੁਰਲਾਂਦੀ ਏ ?
ਕਿਉਂ ਗੁਲਾਮ ਬਦੇਸੀਆਂ ਦੀ ਕਿਉਂ ਦਰ ਦਰ ਧੱਕੇ ਖਾਂਦੀ ਏ ?
ਰਾਣੀ ਭਾਰਤ ਗੋਲੀ ਬਣ ਗਈ, ਤੈਨੂੰ ਲੱਜ ਨਾ ਆਂਦੀ ਏ ?
ਅਣਖ ਤੇਰੀ ਤੇ ਵੱਟਾ ਲੱਗ ਗਿਆ, ਹੋਸ਼ ਤੈਨੂੰ ਨਾ ਆਈ ਏ ।
ਹਿੰਦੀ ਨੌਜਵਾਨਾਂ ਤੂੰ ਵੀ ਜਾਗ ਦੇਰ ਕਿਉਂ ਲਾਈ ਏ ।ਰੰਗ ਰੰਗੀਲੇ ਸ਼ਹਿਰਾਂ ਨੂੰ ਛਡ, ਤਕ ਤੂੰ ਵਲ ਗਰਾਵਾਂ ਦੇ ।
ਭੁਖ ਨੰਗ ਨੇ ਰੰਗ ਉਡਾਏ, ਤੇਰੇ ਲਖ ਭਰਾਵਾਂ ਦੇ ।
ਉਜੜ ਰਹੀ ਏ ਕਿਵੇਂ ਜਵਾਨੀ, ਖ਼ੂਨ ਹੋਂਵਦੇ ਚਾਵਾਂ ਦੇ ।
ਪਰਦੇਸਾਂ ਦੇ ਵਿਚ ਨੀ ਰੁਲਦੇ ਪੁਤਰ ਲੱਖਾਂ ਮਾਂਵਾਂ ਦੇ ।
ਕਿਧਰੇ ਕਾਲੇ ਕੁਲੀ ਬਣਦੇ, ਕਿਧਰੇ ਗਲ ਵਿਚ ਫਾਹੀ ਏ ।
ਹਿੰਦੀ ਨੌਜਵਾਨਾਂ ਤੂੰ ਵੀ ਜਾਗ ਦੇਰ ਕਿਉਂ ਲਾਈ ਏ ।ਬੇਸ਼ਕ ਰਸਤਾ ਔਖਾ ਏ ਪਰ, ਕੰਮ ਇਹੋ ਨੇ ਬੀਰਾਂ ਦੇ ।
ਲਾ ਕੇ ਲਟਕ ਆਜ਼ਾਦੀ ਦਿਲ ਵਿਚ, ਕਰਦੇ ਵੇਸ ਫ਼ਕੀਰਾਂ ਦੇ ।
ਛਡ ਕੇ ਮਹਿਲ ਮਾੜੀਆਂ ਸੁੰਦਰ, ਟੋਟੇ ਕਰਨ ਜ਼ੰਜੀਰਾਂ ਦੇ ।
ਗੋਲੀਆਂ ਅਗੇ ਛਾਤੀਆਂ ਡਾਹੁਣ, ਸੀਨੇ ਅਗੇ ਤੀਰਾਂ ਦੇ ।
ਆਸ਼ਕ ਬਣਨ ਆਜ਼ਾਦੀ ਦੇ ਤੇ ਜਿੰਦੜੀ ਘੋਲ ਘੁਮਾਈ ਏ ।
ਉਠ ਹੁਣ ਨੌਜਵਾਨਾਂ ਤੂੰ ਭੀ ਦੇਰ ਐਨੀ ਕਿਉਂ ਲਾਈ ਏ ।ਹਿੰਦੀ ਨੌਜਵਾਨਾਂ ਜਦ ਤੂੰ, ਇਕ ਵੇਰਾਂ ਬਲ ਧਾਰੇਂਗਾ ।
'ਮੈਂ ਗ਼ੁਲਾਮ ਹੁਣ ਨਹੀਂ ਜੇ ਰਹਿਣਾ', ਉਚੀ ਦੇ ਲਲਕਾਰੇਂਗਾ ।
ਕਾਇਰਤਾ ਨੂੰ ਦਲ ਸੁਟੇਂਗਾ, ਫਿਰ ਤੂੰ ਕਦੀ ਨਾ ਹਾਰੇਂਗਾ ।
ਦੇਸ਼ ਆਜ਼ਾਦ ਕਰਾਵੇਂਗਾ, ਸਭ ਵਿਗੜੇ ਕੰਮ ਸਵਾਰੇਂਗਾ ।
ਨੌਜਵਾਨਾ ਤੇਰੇ ਤੇ, ਅਜ ਕੌਮ ਨੇ ਆਸ ਟਿਕਾਈ ਏ ।
ਹਿੰਦੀ ਨੌਜਵਾਨਾਂ ਤੂੰ ਵੀ, ਖੱਟ ਲੈ ਵਡਿਆਈ ਏ ।
ਉਠ ਹੁਣ ਨੌਜਵਾਨਾਂ ਤੂੰ ਭੀ ਜਾਗ ਦੇਰ ਕਿਉਂ ਲਾਈ ਏ ।

(ਅਕਤੂਬਰ ੧੯੩੭)

੨੨. ਸਦਾ ਜਵਾਨੀ

ਇਕ ਅੱਧ ਸੁੱਕੀ ਨਦੀ ਕਿਨਾਰੇ,
ਬਿਰਧ ਬੋਹੜ ਦੇ ਬਿਰਖ ਸਹਾਰੇ,
"ਹਾਇ ਜਵਾਨੀ ! ਹਾਇ ਜਵਾਨੀ !"
ਕਵੀ ਬਿਰਧ ਇਕ ਪਿਆ ਪੁਕਾਰੇ ।
ਉਸ ਨੂੰ ਆਖਣ ਆ ਗਏ ਦਰਦੀ,
ਨਾ ਰੋ, ਨਾ ਰੋ, ਕਵੀ ਪਿਆਰੇ ।

ਪਹਿਲਾਂ ਲਹਿਰ ਨਦੀ ਦੀ ਬੋਲੀ-
"ਹੇ ਕਵੀਆ ਮੈਂ ਤੈਥੋਂ ਘੋਲੀ !
ਜੇ ਤੂੰ ਮੈਨੂੰ ਤਕ ਕੇ ਰੋਇਆ,
ਤਾਂ ਤੇਰੀ ਮੱਤ ਬਾਲੀ ਭੋਲੀ !
ਮੇਰੀ ਗਈ ਜਵਾਨੀ ਬਦਲੇ !
ਨਾ ਰੋ, ਨਾ ਰੋ, ਕਵੀ ਪਿਆਰੇ !"

ਫੇਰ ਬੋਹੜ ਦੀ ਆਈ ਵਾਰੀ :-
"ਹੇ ਕਵੀਆ ਇਹ ਗਿਰੀਆ ਜ਼ਾਰੀ ।
ਜੇ ਤੂੰ ਮੈਨੂੰ ਤੱਕ ਕੇ ਕੀਤੀ,
ਤਾਂ ਇਹ ਤੇਰੀ ਭੁੱਲ ਹੈ ਭਾਰੀ ।
ਮੇਰੀ ਗਈ ਜਵਾਨੀ ਬਦਲੇ !
ਨਾ ਰੋ, ਨਾ ਰੋ, ਕਵੀ ਪਿਆਰੇ !

ਕੌਣ ਕਹੇ ਮੈਂ ਬੁੱਢਾ ਹੋਇਆ ?
ਮੈਂ ਤਾਂ ਸਦ ਹੀ ਨਵਾਂ ਨਿਰੋਇਆ ।
ਮੇਰੀਆਂ ਨਿਤ ਜਵਾਨੀਆਂ ਲੱਖਾਂ,
ਨਵਾਂ ਸੰਗੀਤ ਜਿਨ੍ਹਾਂ ਨੇ ਛੋਹਿਆ,
ਮੈਂ ਹੀ ਨਵੇਂ ਰੂਪ ਏ ਧਾਰੇ ।
ਨਾ ਰੋ, ਨਾ ਰੋ, ਕਵੀ ਪਿਆਰੇ !"

ਫਿਰ ਇਕ ਹਰਨੀ ਬਨ ਦੀ ਰਾਣੀ ।
ਕਵੀ ਰਾਜ ਦੀ ਸਖੀ ਪੁਰਾਣੀ ।
ਚੁੰਗੀਆਂ ਭਰਦੀ ਹਸਦੀ ਆਈ,
ਨਾਲ ਉਹਦੇ ਕਈ ਸੌ ਦੀ ਢਾਣੀ ।
ਬੋਲੀ, "ਮੈਨੂੰ ਚਾਹੁਣ ਹਾਰੇ !
ਨਾ ਰੋ, ਨਾ ਰੋ, ਕਵੀ ਪਿਆਰੇ !

ਨਾ ਸਮਝੀਂ ਮੈਂ ਬੁੱਢੀ ਹੋਈ !
ਨਾ ਸਮਝੀਂ ਮੈਂ ਮੋਈ ਕਿ ਮੋਈ !
ਮੇਰੀਆਂ ਵੇਖ ਜਵਾਨੀਆਂ ਨੱਚਣ !
ਇਕ ਤੋਂ ਦੇਖ ਅਨੇਕ ਮੈਂ ਹੋਈ !
ਐ ਮੇਰੇ ਬਨਵਾਸੀ ਪ੍ਰੀਤਮ !
ਨਾ ਰੋ, ਨਾ ਰੋ, ਕਵੀ ਪਿਆਰੇ !"

ਸੁੰਦਰਤਾ ਦੀ ਮਾਨੋ ਜਾਈ,
ਐਨੇ ਨੂੰ ਇਕ ਸੁੰਦਰੀ ਆਈ,
ਸਭ ਅੰਗਾਂ ਵਿਚ ਪੂਰਨ ਜੋਬਨ !
ਬਿਨਾਂ ਸ਼ਿੰਗਾਰੋਂ ਟਹਿਕ ਸਵਾਈ !
ਕਵੀ ਸਾਹਮਣੇ ਬੋਲ ਉਚਾਰੇ !
"ਨਾ ਰੋ, ਨਾ ਰੋ, ਕਵੀ ਪਿਆਰੇ !"

ਆ ਗਈ ਹੱਸਣ ਹਸਾਉਣ ਵਾਲੀ !
ਜੀਵਨ ਖੇਡ ਰਸਾਵਣ ਵਾਲੀ !
ਸੋਕੇ ਵਿਚ ਰਸ ਪਾਉਣ ਵਾਲੀ !
ਮੌਤ ਦੀ ਮੌਤ ਕਰਾਵਣ ਵਾਲੀ !
ਆ ਗਈ ਕਵਿਤਾ ਦੀ ਹੁਣ ਰਾਣੀ !
"ਮੈਂ ਕਵਿਤਾ ਮੇਰੇ ਰਾਹ ਨਿਆਰੇ !
ਨਾ ਰੋ, ਨਾ ਰੋ, ਕਵੀ ਪਿਆਰੇ !

ਸਦਾ-ਜਵਾਨੀਆਂ ਦੀ ਮੈਂ ਰਾਣੀ,
ਕਦੀ ਨਾ ਬੁੱਢੀ ਹੋਆਂ ਪੁਰਾਣੀ,
ਬਿਰਧ ਪੁਣੇ ਦੀ ਅਲਖ ਮੁਕਾਣੀ,
ਜਿਸ ਦੇ ਨਾਲ ਨਿਹੁੰ ਮੈਂ ਲਾਵਾਂ,
ਉਹ ਭੀ ਹੋਵੇ ਅਮਰ ਪਰਾਣੀ,
ਕੌਣ ਕਹੇ ਤੇਰੀ ਗਈ ਜਵਾਨੀ,
ਨਾ ਰੋ, ਨਾ ਰੋ, ਕਵੀ ਪਿਆਰੇ !

ਸਭ ਫੁਲਾਂ ਦੇ ਵਿਚ ਤੂੰ ਮਹਿਕੇਂ,
ਸਭ ਜੋਬਨਾਂ ਵਿਚ ਤੂੰ ਟਹਿਕੇਂ,
ਤੂੰ ਤਾਂ ਮੋੜੇਂ ਗਈ ਜਵਾਨੀ,
ਤੂੰ ਕਿਉਂ ਬਹਿ ਗਿਉਂ ਢੇਰੀ ਢਾਹਕੇ !
ਵੇਖ ਜਵਾਨੀਆਂ ਖਿੜੀਆਂ ਸਾਰੇ,
ਨਾ ਰੋ, ਨਾ ਰੋ, ਕਵੀ ਪਿਆਰੇ !

ਧੁਰੋਂ ਮਿਲੀ ਮੈਨੂੰ ਸਦਾ ਜਵਾਨੀ,
'ਜੀਵਨ-ਜੋਤੀ' 'ਸਦਾ ਰਵਾਨੀ',
ਬਿਰਧ ਪੁਣੇ ਤੇ ਮੌਤ ਤਾਈਂ ਮੈਂ,
ਵਿਨ੍ਹਦੀ ਜਾਵਾਂ ਵਾਂਗ ਭਵਾਨੀ !
ਜਿਥੇ ਮੈਂ ਓਥੇ ਸਦ-ਖੇੜੇ,
ਨਾ ਰੋ, ਨਾ ਰੋ, ਕਵੀ ਪਿਆਰੇ !

ਕਦੀ ਕਦੀ ਪਰ ਮੈਂ ਵੀ ਰੋਵਾਂ,
ਜਦੋਂ ਬਾਗ਼ ਵਿਚ ਚਲਦੀਆਂ ਲੋਆਂ
ਓਦੋਂ ਹੰਝੂਆਂ ਹਾਰ ਪਰੋਵਾਂ,
ਜੀਵਣ ਜੋਤ ਜਗਾਵਣ ਖਾਤਰ,
ਬੇਸ਼ਕ ਰੋ ਹੇ ਕਵੀ ਪਿਆਰੇ ।

ਦੁਖੀਏ ਜਦੋਂ ਅਕਹਿ ਦੁਖ ਸਹਿੰਦੇ,
ਹੰਝੂਆਂ ਦੇ ਪਰਨਾਲੇ ਵਹਿੰਦੇ,
ਜਦੋਂ ਹੋਂਦੀਆਂ ਜ਼ੋਰਾਵਰੀਆਂ,
ਪਸ਼ੂ ਉਜਾੜਨ ਖੇਤੀਆਂ ਹਰੀਆਂ,
ਲੋਕ-ਕਵੀ ਦਿਲ ਕਿਵੇਂ ਸਹਾਰੇ ?
ਮੇਰੇ ਵਾਂਗਰ ਰੋਵਣ ਸਾਰੇ !

ਕਵੀ ਰੋਵੇ ਤਾਂ ਜਗਤ ਰੁਆਵੇ,
ਕਵੀ ਹੱਸੇ ਤਾਂ ਜਗਤ ਹਸਾਵੇ,
ਰੋਣਾ ਹਸਣਾ ਨੱਚਣਾ ਗਾਣਾ,
ਕਵੀ ਜਗਤ ਦੀ ਤਾਰ ਹਿਲਾਵੇ,
ਏਸ ਭੇਦ ਨੂੰ ਸਮਝ ਪਿਆਰੇ,
ਬੇਸ਼ਕ ਰੋ ਹੇ ਕਵੀ ਪਿਆਰੇ ।"

ਬਿਰਧ ਕਵੀ ਦੀ ਮੁੜੀ ਜਵਾਨੀ,
ਤੁਰ ਪਈ ਨਦੀ ਵਾਂਗ ਫਿਰ ਕਾਨੀ ।
"ਕਿਉਂ ਗੋਲੇ ਇਹ ਹਿੰਦੁਸਤਾਨੀ ?"
ਹਾਇ ਜਵਾਨੀ ! ਹਾਇ ਜਵਾਨੀ !

ਦੇਸ਼ ਦੇ ਗੀਤ ਜਵਾਨੀ ਗਾਵੇ !
ਬਾਗ਼ ਅਸਾਡਾ ਮਹਿਕਾਂ ਲਾਵੇ !
ਦੇਸ਼ ਦੀ ਦੌਲਤ ਸਦਾ ਜਵਾਨੀ,
ਦੇਸ਼ ਦੀ ਤਾਕਤ ਸਦਾ ਜਵਾਨੀ,
ਜਿੱਥੇ ਜੀਵੇ ਸਦਾ ਜਵਾਨੀ,
ਕੋਈ ਨਾ ਢੋਵੇ ਛੱਟ ਬਿਗਾਨੀ,
ਸਦਾ-ਜਵਾਨੀ ਦੇ ਲਲਕਾਰੇ !
ਗਾਉਂਦਾ ਰਹੁ ਹੇ ਕਵੀ ਪਿਆਰੇ ।

ਜੀਵਨ ਦਾ ਹੈ ਫੁਲ ਜਵਾਨੀ ।
ਜੀਵਨ ਦਾ ਹੈ ਮੁਲ ਜਵਾਨੀ ।
ਵਧੇ ਫੁਲੇ ਤੇ ਮਹਿਕਾਂ ਲਾਵੇ ।
ਬੁਢੀ ਹੋਵੇ ਨਾ ਇਹ ਕੁਮਲਾਵੇ ।
ਜੀਵਨ-ਜੋਤ ਏ ਸਦਾ-ਜਵਾਨੀ ।
ਤਾਹੀਂਓਂ ਗਾਵਾਂ ਮੈਂ ਦਿਨ ਰਾਤੀ ।
ਸਦਾ ਜਵਾਨੀ ਸਦਾ ਜਵਾਨੀ ।

(ਅਪਰੈਲ ੧੯੩੭)

੨੩. ਮੇਰੀਆਂ ਰੀਝਾਂ

ਪਰਬਤ 'ਚੋਂ ਜਿਉਂ ਚਸ਼ਮਾ ਫੁਟਦਾ
ਉਮਲ ਉਮਲ ਕੇ ਉਪਰ ਉਠਦਾ
ਉਛਲ ਉਛਲ ਕੇ ਬਾਹਰ ਆਉਣ
ਰੀਝਾਂ ਦਿਲ ਦਰਿਆਉ ਦੀਆਂ
ਕੋਈ ਰਾਗ ਪ੍ਰਲੈ ਦਾ ਗਾਉਂਦੀਆਂ ।

ਪਰਬਤ ਚੀਰਨ ਜੰਗਲ ਰੋੜ੍ਹਣ,
ਸਭ ਰੋਕਾਂ ਸਾਗਰ ਵਿਚ ਬੋੜਨ,
ਅਟਕ ਝਨਾਂ ਦੀਆਂ ਕਾਂਗਾਂ ਵਾਂਙੂ,
ਏਹ ਅਣ-ਰੁਕੀਆਂ ਜਾਉਂਦੀਆਂ,
ਸਭ ਟੋਏ ਟਿੱਬੇ ਢਾਹੁੰਦੀਆਂ ।

ਬੱਧੀਆਂ ਹੋਈਆਂ ਰਹਿਣ ਨਾ ਬੱਧੀਆਂ,
ਦੱਬੀਆਂ ਹੋਈਆਂ ਰਹਿਣ ਨਾ ਦੱਬੀਆਂ,
ਕੰਢੇ ਬੰਨੇ ਭੰਨ ਰੋੜ੍ਹ ਕੇ,
ਗੀਤ ਆਜ਼ਾਦੀ ਗਾਉਂਦੀਆਂ,
ਜਿਵੇਂ ਠਾਠਾਂ ਉਠਣ ਝਨਾਉਂ ਦੀਆਂ ।

ਸੀਨੇ ਵਿਚ ਪਈਆਂ ਬਲਦੀਆਂ ਲਾਟਾਂ,
ਨਾੜਾਂ ਦੇ ਵਿਚ ਪੈਣ ਤ੍ਰਾਟਾਂ,
ਲਗ ਗਈ ਲਟਕ ਇਨ੍ਹਾਂ ਨੂੰ ਕੋਈ,
ਤਾਜਾਂ ਨੂੰ ਹਥ ਪਾਉਂਦੀਆਂ,
ਜੁੱਗ ਨਵਾਂ ਲਿਔਣਾ ਚਾਹੁੰਦੀਆਂ ।

ਟੁਟਣ ਪਿੰਜਰੇ ਭੱਜਣ ਜੇਹਲਾਂ,
ਬਦਲ ਜਾਣ ਏਹ ਸਾਰੀਆਂ ਖੇਲਾਂ,
ਚੰਬੇ ਮਹਿਕਣ ਖਿੜਨ ਰਵੇਲਾਂ,
ਨਵੀਂ ਫੁਲਵਾੜੀ ਲਾਉਂਦੀਆਂ,
ਵਿਚ ਪੀਂਘਾਂ ਨਵੀਆਂ ਪਾਉਂਦੀਆਂ ।

ਭਾਰਤ ਮਾਂ ਦੀਆਂ ਟੁਟਣ ਜੰਜੀਰਾਂ,
ਨਜ਼ਰ ਨਾ ਆਵਣ ਪਾਟੀਆਂ ਲੀਰਾਂ,
ਬਦਲ ਜਾਣ ਲਿਖੀਆਂ ਤਕਦੀਰਾਂ,
ਏਹ ਸੁਪਨੇ ਸੁਪਨਾਉਂਦੀਆਂ,
ਗੀਤ ਆਜ਼ਾਦੀ ਗਾਉਂਦੀਆਂ,
ਹੁਣ ਰਾਗ ਏਹ ਨਵਾਂ ਸੁਣਾਉਂਦੀਆਂ, ।

(ਫ਼ਰਵਰੀ ੧੯੪੧)

੨੪. ਅਧੂਰੀਆਂ ਸੱਧਰਾਂ

ਸਜਨੀ,
ਤੂੰ ਯਾਦ ਆਵੇਂ,
ਨਾਲੇ ਮੈਨੂੰ ਯਾਦ ਅੋਣ,
ਤੇਰੀ ਢਲੀ ਜਵਾਨੀ ਦੀਆਂ ਸਧਰਾਂ ਅਧੂਰੀਆਂ !
ਸੁਕ ਰਹੀਆਂ
ਸਿੱਕਾਂ ਦੀਆਂ ਵਲਾਂ ਤੱਕਾਂ ਤੇਰੀਆਂ ਮੈਂ,
ਦੂਜੇ ਬੰਨੇ, ਕੈਦਾਂ, ਕੰਧਾਂ, ਜੇਹਲਾਂ ਦੀਆਂ ਦੂਰੀਆਂ !
ਦਿਲ ਤਿਰਾ ਹੈ ਥੋੜਾ,
ਮਤਾਂ ਫਿਸ ਜਾਵੇ ਫੋੜੇ ਵਾਂਗ,
ਕੀਕਰ, ਮੈਂ ਦਸਾਂ ਤੈਨੂੰ ਹੋਰ ਮਜਬੂਰੀਆਂ ?
ਕੀ ਕਹੇਂ ? ਵਿਸਾਰ ਦਿਤਾ, ਤੈਨੂੰ ? ਝੂਠ ਝੂਠ ਕੋਰਾ,
ਮੇਰੇ ਦਿਲ ਵਿਚ ਮਾਂਗਾਂ ਤੇਰੀਆਂ ਸੰਧੂਰੀਆਂ !

ਐਪਰ, ਹੇ ਸਜਨੀ,
ਤੂੰ ਛਡ ਦੇ ਉਡੀਕ ਮੇਰੀ,
ਮੈਂ ਤਾਂ ਬੇੜੀ ਠੇਲ੍ਹ ਬੈਠਾ ਲਹੂ ਦੇ ਝਨਾਵਾਂ ਵਿਚ ।
ਤੇਰੀਆਂ ਉਡੀਕਾਂ ਰੁੜ੍ਹ ਗਈਆਂ ਕਈ ਲਹਿਰਾਂ ਵਿਚ ।
ਸ਼ਹਿਰਾਂ ਦੀਆਂ ਕੈਦਾਂ ਕੁਝ ਛੁਟ ਗਏ ਗਰਾਵਾਂ ਵਿਚ ।
ਤੇਰੇ ਬਾਗ਼ ਵਿਚੋਂ ਅਨਿਆਇ ਦੀ ਹਨ੍ਹੇਰੀ ਚੁਕ
ਸੁਟ ਦਿਤਾ ਮੈਨੂੰ ਜੇਹਲ-ਭੱਠੀਆਂ ਤੇ ਤਾਵਾਂ ਵਿਚ ।
ਮੇਰੀ ਨਹੀਂਓਂ ਵਾਹ,
ਰੰਗ ਮਾਣੇ ਨਾ ਮੈਂ ਮਾਣ ਸਕਾਂ,
ਹੁਸਨ ਤੇ ਪ੍ਰੀਤਾਂ ਵਾਲੇ ਬਾਗ਼ਾਂ ਦੀਆਂ ਛਾਵਾਂ ਵਿਚ ।

ਸਜਨੀ,
ਆ ਬੈਠ ਮੇਰੀ ਅੱਖਾਂ ਵਿਚੋਂ ਵੇਖ ਰਤਾ,
ਹੁਸਨ ਕਿਵੇਂ ਰੁਲ ਰਹੇ ਨੀ ਗਲੀਆਂ ਬਾਜ਼ਾਰਾਂ ਵਿਚ ।
ਕਿਵੇਂ ਪੂੰਜੀਦਾਰੀ ਹਤਿਆਰੀ ਮੌਤ ਨਚੇ ਪਈ,
ਖੇਤਾਂ, ਮਿਲਾਂ, ਮੰਦਰਾਂ ਤੇ ਸ਼ਾਹੀ ਦਰਬਾਰਾਂ ਵਿਚ ।
ਕਿਹਨੂੰ ਆਵੇ ਚੈਨ,
ਭਲਾ ਅੱਗ ਦੇ ਵਿਛੌਣੇ ਉਤੇ ?
ਭੁੱਜ ਰਿਹਾ ਜਿਹੜਾ ਜਿਕੂੰ ਮੱਛੀ ਅੰਗਿਆਰਾਂ ਵਿਚ ।
ਸੜ ਗਈ ਏ ਸ਼ਾਂਤੀ ਮੇਰੀ,
ਸੁਕ ਗਏ ਰੰਗੀਲੇ ਸ਼ੌਂਕ
ਜਿੰਦ ਮੈਨੂੰ ਦਿਸੇ ਹੁਣ ਘੋਲਾਂ ਲਲਕਾਰਾਂ ਵਿਚ ।

ਤੂੰ ਨਾ ਭੁਲੇਂ ਮੈਨੂੰ
ਪਰ, ਭੁਲ ਜਾਹ ਤੂੰ ਮੈਨੂੰ ਹੁਣ,
ਵੇਖੇ ਨਾ ਜਾਣ ਮੈਥੋਂ ਖ਼ੂਨ ਹੁੰਦੇ ਅਰਮਾਨਾਂ ਦੇ ।
ਡੋਲ ਗਏ ਧੌਲ ਅਤੇ ਕੰਬ ਉਠੀ ਪ੍ਰਿਥੀ ਸਾਰੀ,
ਵੇਖ ਨੰਗੇ ਨਾਚ ਸਾਮਰਾਜੀ ਸੁਲਤਾਨਾਂ ਦੇ ।
ਖ਼ਾਕ ਤੋਂ ਵਿਰੋਲੇ ਬਣੇ,
ਆਹੀਂ ਤੋਂ ਅਨ੍ਹੇਰੀ ਉਠੀ,
ਚੜ੍ਹੇ ਨੇ ਲਾਲ ਬਦਲ ਦੁਖੀ ਦਿਲਾਂ ਦੇ ਤੂਫ਼ਾਨਾਂ ਦੇ ।
ਫ਼ਾਸ਼ੀ ਸਾਮਰਾਜੀ ਹਤਿਆਰਿਆਂ ਦਾ ਅੰਤ ਆਇਆ,
ਘੋਲ ਘਮਸਾਣ ਛਿੜੇ ਕਿਰਤੀਆਂ ਕਿਸਾਨਾਂ ਦੇ ।

ਵਲਵਲੇ, ਪ੍ਰੀਤਾਂ, ਸਿਕਾਂ, ਹੁਸਨ ਦੀ ਬਸੰਤ ਦੀਆਂ,
ਉਡ ਗਈਆਂ ਦਿਲ 'ਚੋਂ ਹਾਲੀਂ ਮਾਰ ਕੇ ਉਡਾਰੀਆਂ ।
ਅਜ ਮੇਰੇ ਸੀਨੇ ਵਿਚ ਉਬਲ ਉਬਲ ਉਠੇ ਜੋਸ਼,
ਲਾਲ ਲਾਲ ਕ੍ਰੋਧ ਦੀਆਂ ਭਖ਼ਦੀਆਂ ਅੰਗਾਰੀਆਂ ।
ਜਨਤਾ ਦਾ ਬੇੜਾ ਟਕਰਾ ਰਿਹਾ ਹੈ ਛਲਾਂ ਨਾਲ,
ਸ਼ੂੰਕਦੀ ਨਦੀ ਦੇ ਵਿਚ ਮੈਂ ਵੀ ਲਾਈਆਂ ਤਾਰੀਆਂ ।
ਸਜਨੀ,
ਨਾ ਜਾਵੇ ਹੁਣ ਪਰਤਿਆ ਵਿਚਾਲੇ ਅਧੋਂ
ਇਸ਼ਕ ਨਵੇਲੇ ਸੀਨੇ ਖੋਭੀਆਂ ਕਟਾਰੀਆਂ ।

(ਸ਼ਾਹ ਪੁਰ ਜੇਹਲ ਵਿਚ ੧੯੪੨ ਵਿਚ ਲਿਖੀ)

੨੫. ਬੰਦੀਵਾਨ ਕਵੀ ਦਾ ਇਕ ਗੀਤ

ਰਾਤ ਕਿਤਨੀ ਹੀ ਬੀਤ ਗਈ ਸੀ,
ਅਜੇ ਵੀ ਦੂਰ ਸੀ ਪਰ ਸਵੇਰਾ,
ਕੋਠੜੀ ਵਿਚ ਸੀ ਘੁੱਪ ਹਨੇਰਾ,
ਬਾਹਰ ਵੀ ਸੀ ਹਨ੍ਹੇਰਾ ਨ੍ਹੇਰਾ ।

ਚੁਪ ਮਸਾਣਾਂ ਤੋਂ ਵੱਧ ਸੀ ਵਰਤੀ,
ਕਾਇਨਾਤ ਸਾਰੀ ਹੀ ਸੌਂ ਰਹੀ ਸੀ,
ਐਪਰ ਨੀਂਦ ਨੇ ਕਰ ਲਿਆ ਸੀ,
ਮੇਰੀ ਕੋਠੀ ਦੇ ਵਿਚੋਂ ਦੂਰ ਡੇਰਾ ।

ਕੁਝ ਤਾਂ ਜ਼ਹਿਨੀ ਹਰਾਨੀਆਂ ਸਨ,
ਕੁਝ ਦਿਮਾਗ਼ੀ ਪਰੇਸ਼ਾਨੀਆਂ ਸਨ,
ਫਿਲਮਾਂ ਬਣ ਬਣ ਕੇ ਅੱਖਾਂ ਦੇ ਅਗੇ,
ਫਿਰ ਰਹੀਆਂ ਜੇਹਲੀ ਹਵਾਨੀਆਂ ਸਨ ।

ਇਧਰ ਵੈਰੀ ਦੀ ਅੱਖ 'ਚ ਘੂਰੀਆਂ ਸਨ,
ਉਧਰ ਸੱਜਨਾਂ ਵੀ ਅੱਖਾਂ ਫੇਰੀਆਂ ਸਨ,
ਸੇਜ ਸੂਲਾਂ ਦੀ ਵਿਛੀ ਸੀ ਇਥੇ
ਓਧਰ ਬੇਵਫ਼ਾਈਆਂ ਬਥੇਰੀਆਂ ਸਨ ।

ਦਿਲ 'ਚ ਮੁੜ ਮੁੜ ਕੇ ਯਾਦ ਆ ਰਹੇ ਸਨ
ਸਾਂਝਾਂ, ਰਿਸ਼ਤੇ ਉਹ ਪਿਆਰੇ ਪਿਆਰੇ,
ਫੁਲਾਂ ਤੋਂ ਭੌਰੇ ਉਹ ਸਦਕੇ ਸਦਕੇ,
ਚੰਨ ਦੇ ਗਿਰਦ ਉਹ ਤਾਰੇ ਤਾਰੇ !

ਜਦ ਮੈਂ ਸੋਚਾਂ ਤੇ ਜਦ ਮੈਂ ਫ਼ਿਕਰਾਂ,
ਚੜ੍ਹੇ ਹਨੇਰੀ ਮਾਯੂਸੀਆਂ ਦੀ,
ਸੁਪਨਾ ਬਣ ਗਏ ਬਿਗਾਨੇ ਹੋ ਗਏ,
ਜਾਣ ਵਾਲੇ ਉਹ ਵਾਰੇ ਵਾਰੇ ।

ਕਈਆਂ ਸੋਚਾਂ ਦੇ ਵਿਚ ਪਿਆ ਸੀ,
ਤਾਣੇ ਬਾਣੇ ਮੈਂ ਤਣ ਰਿਹਾ ਸੀ,
ਕੁਝ ਪਲ ਦੇ ਵਿਚ ਮਿਟ ਰਿਹਾ ਸੀ,
ਕੁਝ ਪਲ ਦੇ ਵਿਚ ਬਣ ਰਿਹਾ ਸੀ ।

ਕਿਉਂ ਏ ਪਿਆਰੇ ਰਿਸ਼ਤੇ ਮਿਤ੍ਰਤਾਈਆਂ ?
ਕਿਉਂ ਏ ਵੈਰ ਰੋਸੇ ਬੇ-ਵਫ਼ਾਈਆਂ ?
ਛਾਨਣੀ ਬਣ ਕੇ ਦਿਮਾਗ਼ ਮੇਰਾ,
ਸਮਾਜੀ-ਦਰਸ਼ਨਾਂ ਨੂੰ ਛਣ ਰਿਹਾ ਸੀ ।

ਇਕ ਅਚਨਚੇਤੀ ਆਵਾਜ਼ ਆਈ,
ਰਾਹੀ, ਤੇਰਾ ਹੈ ਸਫ਼ਰੀ ਡੇਰਾ,
ਫਿਕਰ ਕਾਹਦਾ ਤੇ ਕਹੀਆਂ ਸੋਚਾਂ ?
ਜਿਥੇ ਜਿਸ ਦਾ ਤੂੰ ਓਹੀ ਤੇਰਾ ।

ਸਾਂਝਾਂ ਰਿਸ਼ਤੇ ਤੇ ਮਿਤ੍ਰਤਾਈਆਂ,
ਸਭ ਨੇ ਜੀਵਨ ਅਵੱਸ਼ਕਤਾਈਆਂ,
ਝੂਠੇ ਦਾਹਵੇ ਹਮੇਸ਼ਗੀ ਦੇ,
ਸਦਾ ਕੌਣ ਤੇਰਾ ਕੌਣ ਮੇਰਾ ?

ਇਹ ਸਮਾਂ ਬਦਲੇ ਸ੍ਰਿਸ਼ਟ ਬਦਲੇ,
ਤੇ ਬਦਲ ਜਾਵੇ ਅਵੱਸ਼ਕਤਾਈ,
ਕਦੀ ਕੋਈ ਨੇ ਫੁਲ ਵੀ ਕੰਡੇ,
ਕਦੀ ਕੰਡਿਆਂ ਹੀ ਮਹਿਕ ਲਾਈ ।

ਗ਼ਮੀਆਂ ਖੁਸ਼ੀਆਂ ਤੇ ਪਾਪ ਪੁੰਨ ਤੋਂ,
ਨਦੀ ਕੁਦਰਤ ਦੀ ਵਹੇ ਨਿਆਰੀ,
ਕਿਤੇ ਲਹਾਈ, ਕਿਤੇ ਚੜ੍ਹਾਈ,
ਪ੍ਰੀਤ ਮਿਲਣੀ, ਕਿਤੇ ਜੁਦਾਈ ।

ਬੇਵਫ਼ਾਈਆਂ ਦੇ ਗਿਲੇ ਬਿਰਥੇ,
ਗ਼ਮ ਜੁਦਾਈਆਂ ਦੇ ਦੂਰ ਕਰ ਦੇ,
ਕੋਈ ਹੋਵੇ ਖ਼ਾਹ ਨਾ ਹੋਵੇ ਤੇਰਾ,
ਸੁੱਕੇ ਸਿੰਜ ਸਿੰਜ ਕੇ, ਖ਼ਾਲੀ ਭਰ ਦੇ ।

ਤੂੰ ਏਂ ਸ਼ਾਇਰ ਇਨਕਲਾਬੀ ਬਾਗ਼ੀ,
ਤੇਰਾ ਰਾਹ ਈ ਹੈ ਸੂਲਾਂ ਸੂਲਾਂ,
ਗ਼ਮਾਂ ਫਿਕਰਾਂ ਦੀ ਕੈਦ ਵਿਚ ਵੀ,
ਤੂੰ ਇਨਕਲਾਬੀ ਰੰਗ ਭਰ ਦੇ ।

ਤੂੰ ਨ ਸਮਝ ਇਥੇ ਤੂੰ ਐਂ ਇਕੱਲਾ,
ਤੇਰੀ ਕੋਠੀ ਏ ਸੁੰਨੀ ਖ਼ਾਲੀ,
ਇਥੇ ਵੀ ਗੀਤ ਨਗ਼ਮੇ ਨੀ ਸਿਕਾਂ ਦੇ,
ਇਥੇ ਵੀ ਮੌਜ ਏ ਇਕ ਨਿਰਾਲੀ ।

ਇਕ ਭਾਹ ਇਥੇ ਬਲਦੀ ਰਹਿੰਦੀ,
ਇਕ ਭਾਹ ਇਥੇ ਬੁਝਦੀ ਰਹਿੰਦੀ,
ਜੌਹਰ ਹਸਤੀ ਦੇ ਇਥੇ ਹੀ ਲਿਸ਼ਕਣ,
ਪੈ ਪੈ ਕੇ ਢਲ ਢਲ ਕੇ ਵਿਚ ਕੁਠਾਲੀ ।

ਤੂੰ ਕਵੀ ਤੈਨੂੰ ਗ਼ਮਗੀਨੀਆਂ ਕਿਉਂ ?
ਸੰਗੀ ਤੇਰੇ ਨੇ ਜਦ ਤਰਾਨੇ,
ਅਮਰ ਸੋਮੇ ਇਹ ਜ਼ਿੰਦਗੀਆਂ ਦੇ,
ਸਦਕੇ ਜਿਨ੍ਹਾਂ ਤੋਂ ਸਭ ਮੈਖ਼ਾਨੇ ।

ਫ਼ਿਕਰ ਚਿੰਤਾ ਤੇ ਗ਼ਮ ਨਾ ਆਵੇ,
ਇਨਕਲਾਬੀ ਨਸ਼ੇ ਦੇ ਨੇੜੇ,
ਤੇਰੇ ਸੀਨੇ ਦੇ ਵਿਚ ਦਬੇ ਨੇ,
ਰੂਹਾਨੀ ਦੌਲਤਾਂ ਦੇ ਖ਼ਜ਼ਾਨੇ ।

ਛਿੜਦਿਆਂ ਹੀ ਤੇਰੇ ਦਿਲ ਦੀ ਧੜਕਣ,
ਧੜਕ ਉਠਦੇ ਨੇ ਜੇਹਲ ਖ਼ਾਨੇ,
ਸੀਖਾਂ, ਹਥਕੜੀਆਂ ਤੇ ਫ਼ਾਂਸੀਆਂ ਵੀ,
ਛੇੜ ਦੇਣ ਭੁਲੇ ਹੋਏ 'ਫਸਾਨੇ ।

ਤੇਰਾ ਇਨਕਲਾਬੀ ਗੀਤ ਸੁਣ ਕੇ,
ਤੜਪ ਤੜਪ ਉਠੇ ਰੂਹ ਕੈਦੀਆਂ ਦੀ,
ਹੇ ਕਵੀ ! ਐਸਾ ਇਕ ਗੀਤ ਗਾ ਦੇ,
ਟੁਟ ਜਾਣ ਸਾਰੇ ਹੀ ਬੰਦੀ ਖ਼ਾਨੇ ।

(ਮੀਆਂਵਾਲੀ ਜੇਹਲ-ਜੁਲਾਈ ੧੯੪੪)

੨੬. ਸ਼ਰੀਂਹ ਦੀਆਂ ਛਾਵਾਂ

(ਮੀਆਂ ਵਾਲੀ ਜੇਹਲ ਦੇ
ਸੰਗੀਆਂ ਸਾਥੀਆਂ ਦੇ ਨਾਂ !)ਜਿਨ੍ਹਾਂ ਸ਼ਰੀਹਾਂ ਹੇਠ ਗੁਜ਼ਰਦੇ,
ਗਿਣ ਗਿਣ ਦਿਨ ਸਜ਼ਾਵਾਂ ਦੇ ।
ਝੁਰਮਟ ਪੈਣ ਜਿਨ੍ਹਾਂ 'ਤੇ ਆਣ,
ਆਜ਼ਾਦ ਤੋਤਿਆਂ ਕਾਵਾਂ ਦੇ ।
ਬੰਦੀਵਾਨ ਸਨੇਹੇ ਉਨ੍ਹਾਂ ਤੋਂ,
ਪੁਛਦੇ ਭੈਣ ਭਰਾਵਾਂ ਦੇ ।
ਬਹਿ ਬਹਿ ਜਾਣ ਜਿਨ੍ਹਾਂ ਦੇ ਹੇਠਾਂ,
ਪੁੱਤ ਪੰਜਾਬੀ ਮਾਵਾਂ ਦੇ ।
ਆਹੀਂ ਜਿਨ੍ਹਾਂ ਦੀਆਂ ਬਣ ਬਣ ਝੁਲਦੇ,
ਬੁਲੇ ਗਰਮ ਹਵਾਵਾਂ ਦੇ ।
ਪੱਤਰ ਗਾਵਣ ਦਰਦ ਰਾਗ ਵਿਚ,
ਗੀਤ ਪੰਜਾਂ ਦਰਿਆਵਾਂ ਦੇ ।
ਪੌਣ ਸਨੇਹੇ ਲੈ ਲੈ ਜਾਵੇ,
ਡੂੰਘੇ ਦਿਲ ਦੇ ਘਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।ਵਿਚ ਅਕਾਸ਼ਾਂ ਉਡਦੇ ਤਕਣਾ,
ਪੰਛੀਆਂ ਖ਼ੁਸ਼ ਆਜ਼ਾਦਾਂ ਨੂੰ ।
ਤੜਫ਼ ਉਠਣਾ ਕਰ ਕਰ ਯਾਦ,
ਗ਼ੁਲਾਮਾਂ ਦੀਆਂ ਫ਼ਰਿਆਦਾਂ ਨੂੰ ।
ਨਾਲ ਹਸਰਤਾਂ ਦਲਿਆ ਜਾਣਾ,
ਤਕਣਾ ਕੈਦ-ਮੁਰਾਦਾਂ ਨੂੰ ।
ਘੁਟ ਘੁਟ ਸੀਨੇ ਨਾਲ ਲਗਾਣਾ,
ਕਈ ਭੁਲੀਆਂ ਯਾਦਾਂ ਨੂੰ ।
ਇਕਦਰ ਫ਼ਾਂਸੀਆਂ ਤਖਤੇ ਇਕਦਰ,
ਤਕਣਾ ਖੜੇ ਜਲਾਦਾਂ ਨੂੰ ।
ਗੁੱਸਾ ਚੜ੍ਹਨਾ ਹੁਣੇ ਚਾੜ੍ਹੀਏ,
ਫ਼ਾਂਸੀ ਇਨ੍ਹਾਂ ਸੱਯਾਦਾਂ ਨੂੰ ।
ਜਿਥੇ ਅਖਾੜੇ ਲਗੇ ਪਾਸ਼ਵੀ,
ਅਤੇ ਮਾਨਵੀ ਭਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।ਇਕ-ਬਾਰੇ ਹਾਤੇ ਦੇ ਅੰਦਰ,
ਬੂਟੇ ਛੀਅ ਸ਼ਰੀਂਹਾਂ ਦੇ ।
ਸਿੰਜਦੇ ਰਹੇ ਜਿਨ੍ਹਾਂ ਨੂੰ ਡੁਲ੍ਹ ਡੁਲ੍ਹ,
ਬੁਕ ਬੁਕ ਹੰਝੂ ਕੈਦੀਆਂ ਦੇ ।
ਸੰਘਣੀਆਂ ਛਾਵਾਂ ਜਿਨ੍ਹਾਂ ਦੀਆਂ,
ਪਰਛਾਵੇਂ ਕੈਦਾਂ ਲੰਮੀਆਂ ਦੇ ।
ਚਲੇ ਹਨੇਰੀ ਲੋਅ ਤਤੀ,
ਕਦੀ ਪਵਣ ਸ਼ੜਾਟੇ ਮੀਂਹਾਂ ਦੇ ।
ਨਜ਼ਰਬੰਦਾਂ ਦੇ ਮੇਲੇ ਜਿੱਥੇ,
ਲਗਦੇ ਵਾਂਙੂੰ ਤੀਆਂ ਦੇ ।
ਤਿੰਞਣ ਲਗਦੇ ਭਗਤਾਂ ਦੇ ਕਦੀ,
ਹਵਨ ਹੋਣ ਦਯਾਨੰਦੀਆਂ ਦੇ ।
ਜਜ਼ਬੇ ਜੁੜ ਗਏ ਨਾਲ ਜਿਨ੍ਹਾਂ ਦੇ,
ਤਪ ਤਪ ਕਹਿਰੀ ਤਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।ਭੁਲ ਜਾਵਣ ਦੁਖ ਕੈਦਾਂ ਦੇ,
ਜਰਵਾਣਿਆਂ ਦੀਆਂ ਪਾਬੰਦੀਆਂ ਦੇ ।
ਕਾਲ ਕੋਠੀਆਂ, ਕਾਲੇ ਕੰਬਲਾਂ,
ਅਣ-ਗਿਣ ਕਾਲੀਆਂ ਤੰਗੀਆਂ ਦੇ ।
ਕਾਲਿਆਂ ਲਈ ਬਣਾ ਕੇ ਰਖੇ,
ਹੋਟਲ ਇਹ ਫ਼ਰੰਗੀਆਂ ਦੇ ।
ਭੁਲ ਜਾਵਣ ਦੁਖ ਦਰਦ ਵਿਛੋੜੇ,
ਸਜਨਾਂ ਸਾਥੀਆਂ ਸੰਗੀਆਂ ਦੇ ।
ਗੁਸੇ ਗਿਲੇ ਵੀ ਦੂਰ ਹੋਣਗੇ,
ਸਜਨੀਆਂ ਬਿਰਹੁੰ ਡੰਗੀਆਂ ਦੇ ।
ਖੁਲ੍ਹਾਂ ਦੇ ਜਦ ਗਿਧੇ ਪੈਣਗੇ,
ਮੂੰਹੋਂ ਮੁਰਾਦਾਂ ਮੰਗੀਆਂ ਦੇ ।
ਪਰ ਚੇਤੇ ਨਹੀਂ ਭੁਲਣਗੇ ਇਨ੍ਹਾਂ,
ਦਰਦ-ਲਪੇਟੀਆਂ ਥਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।ਸ਼ਾਮਾਂ ਪੈਂਦੀਆਂ ਰਾਤਾਂ ਲੰਘਦੀਆਂ,
ਦਿਹੁੰ ਚੜ੍ਹਦੇ ਫਿਰ ਢਲਦੇ ਸਨ ।
ਪਤਝੜ ਔਂਦੀ, ਪੱਤਰ ਡਿਗਦੇ,
ਨਵੇਂ ਫੇਰ ਥਾਂ ਮਲਦੇ ਸਨ ।
ਨਵੀਆਂ ਰੁਤਾਂ ਕਢਣ ਕਰੁੰਬਲਾਂ,
ਰੁਖ ਫੁਲਦੇ ਤੇ ਫਲਦੇ ਸਨ ।
ਅੱਟਕ ਵਿਚ ਜਦ ਹੜ੍ਹ ਚੜ੍ਹਦੇ,
ਤਦ ਥਲੇ ਥਲਾਂ ਦੇ ਹਲਦੇ ਸਨ ।
ਧਰਤੀ ਦੀ ਕੁਖ ਵਿਚ ਜਾਪਦੇ,
ਕਈ ਜ਼ਲਜ਼ਲੇ ਪਲਦੇ ਸਨ ।
ਇਨ੍ਹਾਂ ਸ਼ਰੀਂਹਾਂ ਹੇਠ ਇਸ਼ਾਰੇ,
ਇਨਕਲਾਬ ਦੇ ਮਿਲਦੇ ਸਨ ।
ਬਦਲੇ ਲਈਏ ਫ਼ਰੰਗੀ ਕੋਲੋਂ,
ਖ਼ੂਨ ਖੌਲਦੇ ਬਾਹਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।ਇਨ੍ਹਾਂ ਸ਼ਰੀਂਹਾਂ ਹੇਠਾਂ ਲਗਦੀ,
ਮਜਲਸ ਬੰਦੀਵਾਨਾਂ ਦੀ ।
ਕਥਾ ਜਿਥੇ ਹੈ ਚਲਦੀ ਰਹਿੰਦੀ,
ਬੇਬਸੀਆਂ ਅਰਮਾਨਾਂ ਦੀ ।
ਫ਼ਾਂਸੀਆਂ, ਕਾਲ ਕੋਠੀਆਂ, ਡੰਡਿਆਂ,
ਹਥਕੜੀਆਂ ਛਣਕਾਨਾਂ ਦੀ ।
ਮੌਤ ਨੂੰ ਜਫੀਆਂ ਪਾਵਣ ਵਾਲੇ,
ਸਿਰਲਥ ਬੀਰ ਜਵਾਨਾਂ ਦੀ ।
ਗ਼ਦਰੀ ਜੋਧਿਆਂ, ਭਗਤ ਸਿੰਘ ਦੀਆਂ,
ਅਮਰ ਪੰਜਾਬੀ ਸ਼ਾਨਾਂ ਦੀ ।
ਕੌਮ ਦਿਆਂ ਪਰਵਾਨਿਆਂ ਦੀ,
ਅਤੇ ਵਤਨੀ ਅਣਖਾਂ ਆਨਾਂ ਦੀ ।
ਰਲ ਮਿਲ ਬਹਿੰਦੇ ਸਾਥੀ ਜਿਥੇ,
ਸ਼ਹਿਰਾਂ ਅਤੇ ਗਰਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।ਜਲਸੇ ਪ੍ਰੀਤੀ ਭੋਜਨ ਹੋਂਦੇ,
ਹੇਠਾਂ ਇਨ੍ਹਾਂ ਸ਼ਰੀਂਹਾਂ ਦੇ ।
ਗਿਧੇ, ਖੇਡਾਂ, ਹੋਣ ਡਰਾਮੇ,
ਬੰਦੀ ਖਾਨੇ ਵਿਚ ਬੰਦੀਆਂ ਦੇ ।
ਖੁਸ਼ੀਆਂ ਦੇ ਕਈ ਚਲਣ ਫੁਹਾਰੇ,
ਜਿਵੇਂ ਨਜ਼ਾਰੇ ਮੀਂਹਾਂ ਦੇ ।
(ਪਰ) ਕਦੀ ਕਦੀ ਝਗੜੇ ਛਿੜ ਪੈਂਦੇ,
ਜਿਕਰ ਸੁੰਨੀਆਂ ਸ਼ੀਆਂ ਦੇ ।
ਲੀਡਰੀਆਂ ਦੇ ਘੋਲ ਵੀ ਹੋਂਦੇ,
ਚਲੀਆਂ ਸਨਾਤਨ ਲੀਹਾਂ ਦੇ ।
ਹੋਂਦੇ ਪਰ ਪਏ ਸਾਫ਼ ਨਿਤਾਰੇ,
ਐਥੇ ਸਾਰੀਆਂ ਵੰਨੀਆਂ ਦੇ ।
ਬਿਖਰ ਜਾਣ ਮੁੜ ਇਹ ਸਭ ਮੇਲੇ,
ਡੇਰੇ ਜਿਵੇਂ ਸਰਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।ਗ਼ਦਰਾਂ ਦੇ ਮਤਵਾਲੇ ਦੂਲੇ,
ਛਪ ਛਪ ਸਰਕਲ ਲਾਂਦੇ ਸਨ ।
ਇਨਕਲਾਬ ਦੀ ਸੰਥਾ ਕੋਠੀਆਂ
ਅੰਦਰ ਬੈਠ ਪਕਾਂਦੇ ਸਨ ।
ਆਪਣੇ ਵਤਨ ਦੀ ਕਿਸਮਤ ਤਕ ਤਕ,
ਛਮ ਛਮ ਹੰਝੂ ਵਰ੍ਹਾਂਦੇ ਸਨ ।
ਵਲ ਛਲ ਕਰ ਕਰ ਵੇਵਲ ਸਾਹਿਬ,
ਦੇਸ ਨੂੰ ਪਏ ਭੁਚਲਾਂਦੇ ਸਨ ।
ਇਨਕਲਾਬ ਵਲ ਨੌਜਵਾਨ ਦਿਲ,
ਇਕਰ ਭਜਦੇ ਜਾਂਦੇ ਸਨ ।
ਕੋਇਲਾਂ ਦੇ ਜਿਉਂ ਬਚੇ ਉਡਦੇ,
ਛਡ ਆਲ੍ਹਣੇ ਕਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।ਕਈ ਜਵਾਨ ਸਰੀਰਾਂ ਅੰਦਰ,
ਬੁਢੀ ਰੂਹ ਪੁਰਾਨਾ ਦੀ ।
ਕਈ ਬੁਢੀਆਂ ਦੇਹਾਂ ਦੇ ਵਿਚ,
ਅੱਗ ਸੀ ਨਵੇਂ ਤੂਫ਼ਾਨਾਂ ਦੀ ।
ਅਗੇ ਵਧਣ ਨੂੰ ਓਨ੍ਹਾਂ ਅੰਦਰ,
ਉਛਲੇ ਰੂਹ ਜਵਾਨਾਂ ਦੀ ।
ਨਵੇਂ ਘੋਲ ਦੀਆਂ ਛਿੰਜਾਂ ਵਿਚ ਫਿਰ,
ਓਹੀ ਅਣਖ ਭਲਵਾਨਾਂ ਦੀ ।
ਡੋਲ ਰਹੀ ਸੀ ਕੋਠੀ ਐਪਰ,
ਫੋਕੇ ਜੋਸ਼ ਗੁਮਾਨਾਂ ਦੀ ।
ਬਾਹਰ ਜਾਣ ਦੀ ਰੀਤ ਸੀ ਤੁਰ ਪਈ,
ਮੈਡੀਕਲੀ ਚਲਾਨਾ ਦੀ ।
ਦੇਸ਼ ਪ੍ਰੇਮ ਦੇ ਸੋਨੇ ਦੀ ਸੀ,
ਪਰਖ ਹੁੰਦੀ ਵਿਚ ਤਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।

੧੦

ਬੇਸ਼ਕ ਅਸਲੀ ਨਰਕ ਨਮੂਨਾ,
ਬਸਤੀ ਏਹ ਗ਼ੁਲਾਮਾਂ ਦੀ ।
ਜਿਥੇ ਹੈ ਸਿਖਲਾਈ ਹੋਂਦੀ,
ਡੰਡੇ ਨਾਲ ਸਲਾਮਾਂ ਦੀ ।
ਲਿਖੀ ਜਾਏ ਪਰ ਇਥੇ ਹੀ ਕਿਸਮਤ,
ਪਾਪੀ ਨਿਮਕ ਹਰਾਮਾਂ ਦੀ ।
ਪਤਿ ਲਾਹੁੰਦੇ ਜੋ ਰੱਤ ਸੁਕਾਂਦੇ,
ਕੌਮ ਦਿਆਂ ਵਰਿਆਮਾਂ ਦੀ ।
ਬੰਦੀ-ਜੀਵਨ ਭਾਈਓ ਹੈ ਇਕ,
ਪੋਥੀ ਨਵ-ਇਲਹਾਮਾਂ ਦੀ ।
ਜੇਹਲ ਖਾਨਾ ਅਜ ਯੂਨੀਵਰਸਿਟੀ,
ਗ਼ਦਰਾਂ ਤੇ ਸੰਗਰਾਮਾਂ ਦੀ ।
ਵਗ ਵਗ ਖ਼ੂਨ ਦਿਲਾਂ ਦੇ ਜਿਥੇ,
ਹੜ੍ਹ ਬਣਦੇ ਦਰਿਆਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।

੧੧

ਜਿਥੇ ਬੈਠ ਕੇ ਸੁਪਨੇ ਲੈਂਦੇ,
ਬੰਦੀ ਖੁਲ੍ਹੀਆਂ ਵਾਵਾਂ ਦੇ ।
ਜਿਥੇ ਬੈਠ ਕੇ ਪ੍ਰਣ ਕਰਦੇ ਨੇ,
ਪੁਤ ਲਾਡਲੇ ਮਾਵਾਂ ਦੇ ।
ਬਦਲ ਦਿਆਂਗੇ ਨਕਸ਼ੇ ਸਾਰੇ,
ਸ਼ਹਿਰਾਂ ਅਤੇ ਗਰਾਵਾਂ ਦੇ ।
ਮੌਤ ਨਾਲ ਹੁਣ ਘੋਲ ਹੋਣ ਪਏ,
ਆਜ਼ਾਦੀ ਦੇ ਚਾਵਾਂ ਦੇ ।
ਉਠਦੇ ਜੋਸ਼ ਜਵਾਨੀਆਂ ਵਿਚ ਜਿਉਂ,
ਹੜ੍ਹ ਚੜ੍ਹਦੇ ਦਰਿਆਵਾਂ ਦੇ ।
ਗਰਮ ਚਸ਼ਮਿਆਂ ਵਾਂਗ ਉਬਲਦੇ,
ਸੀਨੇ ਭਰਿਆਂ ਭਾਵਾਂ ਦੇ ।
ਅਗੇ ਅਗੇ ਹੀ ਵਧਦੇ ਜਾਣਾ,
ਖੜਨਾ ਨਹੀਂ ਪੜਾਵਾਂ ਤੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।

੧੨

ਸਤ ਸੌ ਵੀਹ ਦਿਹਾੜੇ ਗੁਜ਼ਰੇ,
ਵਿਚ ਜੇਹਲ ਮੀਆਂ ਵਾਲੀ ਦੇ ।
ਸੋਨਾ ਪਿਤਲ ਅਡ ਅਡ ਹੋ ਗਿਆ,
ਢਲ ਕੇ ਵਿਚ ਕੁਠਾਲੀ ਦੇ ।
ਭਖ਼ ਪਏ ਮੂੰਹ ਜਵਾਨਾਂ ਦੇ ਰੰਗ,
ਜਿਵੇਂ ਅਨਾਰੀ ਲਾਲੀ ਦੇ ।
ਜਦ ਤਕ ਸੁਪਨੇ ਹੋਣ ਨਾ ਪੂਰੇ,
ਜਨਤਾ ਦੀ ਖ਼ੁਸ਼ਹਾਲੀ ਦੇ ।
ਜਦ ਤਕ ਖਤਮ ਨਾ ਹੋਵਣ ਵੈਰੀ,
ਭੁਖ ਨੰਗ, ਕਾਲ ਕੰਗਾਲੀ ਦੇ ।
ਜਦ ਤਕ ਰਾਜ ਅਧਿਕਾਰ ਨਹੀਂ,
ਹਥ ਔਂਦੇ ਕਿਰਤੀ ਹਾਲੀ ਦੇ ।
ਅਗੇ ਅਗੇ ਹੀ ਵਧਦੇ ਜਾਣਾ,
ਅਟਕਣਾ ਨਹੀਂ ਪੜਾਵਾਂ ਤੇ ।
ਯਾਦ ਰਹਿਣਗੇ ਸਦਾ ਚੁਮਾਸੇ,
ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ ।

(ਮੀਆਂ ਵਾਲੀ ਜੇਹਲ ਮਈ ੧੯੪੪
ਵਿਚ ਲਿਖੀ ਗਈ)

੨੭. ਜੀਵਨ-ਕਣੀਆਂ

ਇਸ ਧਰਤੀ ਪੁਰ ਜੀਵਨ-ਕਣੀਆਂ,
ਬਣੀਆਂ ਸਦਾ ਹੋਈਆਂ ।
ਸਹਿਜੇ ਸਹਿਜੇ ਸਿਕਾਂ, ਸਧਰਾਂ,
ਰੀਝਾਂ ਨਾਲ ਪਰੋਈਆਂ ।

ਸੋਚਾਂ, ਸੂਝਾਂ, ਸਮਝਾਂ ਦੇ,
ਫਿਰ ਫੁਟਣ ਲਗੇ ਫੁਹਾਰੇ ।
ਮੌਤ ਨਾਗਣੀ ਵੇਖ ਵੇਖ ਪਰ,
ਸ਼ੂੰਕੇ ਤੇ ਫੂੰਕਾਰੇ ।

ਆਂਧੀਆਂ ਆਈਆਂ ਬਿੱਜਾਂ ਪਾਈਆਂ,
ਘਟਾ ਕਾਲੀਆਂ ਚੜ੍ਹੀਆਂ ।
ਝਖੜ ਵਾਵਰੋਲੇ ਆਏ,
ਕਈ ਲਗੀਆਂ ਪੱਤ ਝੜੀਆਂ ।

ਗੜਿਆਂ ਦੇ ਕਈ ਵਾਰ ਹੋਏ,
ਤੂਫ਼ਾਨਾਂ ਦੇ ਕਈ ਹੱਲੇ ।
ਤੋਪਾਂ, ਟੈਂਕ, ਮਸ਼ੀਨਾਂ ਕਹਿਰੀ-
ਗੋਲੇ ਤੇ ਬੰਬ ਚੱਲੇ ।

ਜੀਵਨ-ਜੋਤ ਬੁਝਾਵਣ ਦੀ,
ਸਭ ਵਾਹ ਮੌਤ ਨੇ ਲਾਈ ।
ਪਰ ਇਹ ਅਮਰ ਲਾਟ ਨਹੀਂ ਬੁਝਦੀ,
ਦਿਨ ਦਿਨ ਚੜ੍ਹੇ ਸਵਾਈ ।

ਖਿੜੀ ਮਨੁਖਤਾ ਦੀ ਫੁਲਵਾੜੀ,
ਮਹਿਕ ਰੀਝ ਨੇ ਲਾਈ ।
ਧਰਤੀਓਂ ਉਡ ਅਕਾਸ਼ ਪੁਜਨ ਦੀ,
ਹਰ ਵੇਲੇ ਸਧਰਾਈ ।

ਰਾਹ ਅਜੇ ਪਰ ਨਹੀਂ ਸੁਖਾਲਾ,
ਔਖੀ ਅਜੇ ਚੜ੍ਹਾਈ ।
ਪਸ਼ੂ ਪੁਣੇ ਦੇ ਨਾਲ ਚਲੇ ਪਈ,
ਇਸ ਦੀ ਅਜੇ ਲੜਾਈ ।

ਨਸਲੀ, ਮਜ਼ਹਬੀ, ਜ਼ਾਤੀ ਨਫ਼ਰਤ,
ਬੇ ਤਰਤੀਬੀ ਵੰਡੀਆਂ ।
ਲੁਟਾਂ, ਮਾਰਾਂ, ਧਕੇ, ਕਬਜ਼ੇ,
ਪਸ਼ੂ ਪੁਣੇ ਦੀਆਂ ਭੰਡੀਆਂ ।

ਕਈ ਵਾਰੀ ਮਾਸੂਮ ਫੁਲਾਂ ਦੇ,
ਘਾਣ ਇਥੇ ਲਹਿ ਜਾਂਦੇ ।
ਕਈ ਵਾਰੀ ਦਰਿਆ ਲਹੂ ਦੇ,
ਧਰਤੀ ਤੇ ਵਹਿ ਜਾਂਦੇ ।

ਝਖੜ ਕਈ ਮਾਯੂਸੀਆਂ ਦੇ,
ਖੁਦ-ਕਸ਼ੀਆਂ ਦੇ ਝੁਲ ਪੈਂਦੇ ।
ਕੋਮਲ ਕੋਮਲ ਫੁਲ ਤੇ ਪੱਤੀਆਂ,
ਡਿਗ ਡਿਗ ਕੇ ਰੁਲ ਜਾਂਦੇ ।

ਜੀਵਨ ਦੀ ਫੁਲਵਾੜੀ ਨੂੰ ਪਰ,
ਉਹ ਲਗੀਆਂ ਹੁਣ ਕਲੀਆਂ ।
ਦਰਦਾਂ, ਤੜਪਾਂ, ਚੀਸਾਂ ਦੇ ਜੋ,
ਹੰਝੂਆਂ ਨਾਲ ਨੇ ਪਲੀਆਂ ।

ਸੀਨੇ ਅੰਦਰ ਭਰੀਆਂ ਜਿਨ੍ਹਾਂ ਦੇ,
ਸਿਕਾਂ, ਸਧਰਾਂ, ਤਾਘਾਂ ।
ਉਛਲ ਉਛਲ ਕੇ ਉਠਦੀਆਂ ਮਾਨੋਂ,
ਸਾਗਰ ਦੇ ਵਿਚ ਕਾਂਗਾਂ ।

ਨਵੇਂ ਯੁਗ ਦੀਆਂ ਨਵੀਆਂ ਕਲੀਆਂ,
ਕਦੀ ਨਾ ਹੁਣ ਮੁਰਝਾਵਣ ।
ਜੀਵਨ-ਫੁਲਵਾੜੀ ਦੀਆਂ ਰੀਝਾਂ,
ਸਾਰੀ ਧਰਤ ਮਹਿਕਾਵਣ ।

ਨਵੇਂ ਜੁਗ ਵਿਚ ਪਸ਼ੂਪੁਣੇ ਦਾ,
ਹੋਵੇ ਅੰਤ ਨਬੇੜਾ ।
ਮਾਨਵਤਾ ਫੁਲਵਾੜੀ ਉਪਰ,
ਆਵੇ ਖੇੜਾ ਖੇੜਾ ।

(ਫਰਵਰੀ ੧੯੪੮)

੨੮. ਵਸਾਖੀ ਦੀ ਯਾਦ

ਸੁਣਿਆ ਵਸਾਖੀ ਆਈ,
ਸਾਡੇ ਲਈ ਕੀ ਲਿਆਈ ?
ਕੁਈ ਤੜਪ ਉਠ ਰਹੀ ਏ,
ਕੋਈ ਯਾਦ ਆ ਰਹੀ ਏ ।
ਭੁਲਦੀ ਏ ਨਹੀਂ ਭੁਲਾਇਆਂ,
ਰੁਕਦੀ ਏ ਨਹੀਂ ਰੁਕਾਇਆਂ,
ਬਧੀ ਹੋਈ ਜਿਉਂ ਹਰਨੀ,
ਰਸੀ ਤੁੜਾ ਰਹੀ ਏ ।

ਪਰਦੇਸੀਆਂ ਦੇ ਵਾਂਙੂ,
ਕੈਂਪਾਂ ਦੇ ਵਾਸੀਆਂ ਦੀ,
ਸੁਰਤੀ ਆਜ਼ਾਦ ਹੋ ਕੇ,
ਕਿਤੇ ਦੂਰ ਜਾ ਰਹੀ ਏ ।
ਰਾਵੀ ਝਨਾਂ ਨੂੰ ਟੱਪ ਕੇ,
ਜਿਹਲਮ ਨੂੰ ਪਾਰ ਕਰਕੇ !
ਉਜੜੇ ਚਮਨ ਦੀ ਬੁਲਬੁਲ,
ਕੁਰਲਾਟ ਪਾ ਰਹੀ ਏ !

ਪੰਜਿਆਂ ਤੇ ਡੇਰਿਆਂ ਨੂੰ ਡਿਠਾ,
ਕੀ ਨਜ਼ਰ ਆਇਆ ।
ਕਢ ਕੇ ਵਸਾਖੀਆਂ ਨੂੰ,
ਡੇਰਾ ਮੁਹੱਰਮਾਂ ਲਾਇਆ ।
ਚਸ਼ਮੇ ਤੇ ਝਰਨਿਆਂ ਥੀਂ,
ਕੂਲਾਂ ਸਰੋਵਰਾਂ ਥੀਂ,
ਦਰਦਾਂ, ਦੁਖਾਂ, ਗ਼ਮਾਂ ਦੀ,
ਹੀ ਗੂੰਜ ਆ ਰਹੀ ਏ ।

ਸਾਂਝਾਂ ਮੁਹੱਬਤਾਂ ਦੇ,
ਸੁਪਨਾ ਹੋਏ ਉਹ ਵੇਲੇ,
ਵਤਨਾਂ ਦੇ ਗੀਤ ਸਾਂਝੇ,
ਕੁੰਡਾਂ ਦੇ ਸਾਂਝੇ ਮੇਲੇ ।
ਰਬੀ ਰਬਾਬ ਤਾਰਾਂ,
ਪ੍ਰੀਤਾਂ ਦੀਆਂ ਤੁੜਾ ਕੇ,
ਜ਼ਖਮੀ ਦਿਲਾਂ ਦੇ ਮਾਨੋ,
ਚੁਪ-ਗੀਤ ਗਾ ਰਹੀ ਏ ।

ਇਨ੍ਹਾਂ ਵਾਦੀਆਂ ਤੇ ਜੰਗਲਾਂ,
ਜੂਹਾਂ ਤੇ ਬਾਰਾਂ ਵਿਚੋਂ,
ਚਸ਼ਮੇ ਦੀ ਝਲਕਾਂ ਵਿਚੋਂ,
ਪੰਜੇ ਦੀ ਧਾਰਾਂ ਵਿਚੋਂ ।
ਦਿਲ ਚਾਹੁੰਦਾ ਏ ਸੁਣਨਾ,
ਸਾਂਝਾਂ ਦੇ ਕੋਈ ਨਗ਼ਮੇ,
ਪਰ ਵਾਰ ਹਾਵਿਆਂ ਦੀ ਅਜ,
ਗਾਈ ਜਾ ਰਹੀ ਏ ।

ਭਾਗੋ ਦੇ ਭਾਗਾਂ ਉਤੇ,
ਜਿਸ ਲਾਲ ਲੀਕ ਪਾਈ,
ਲਾਲੋ ਦੀ ਕਿਰਤ ਵਿਚੋਂ,
ਜਿਸ ਮਹਿਕ ਸੀ ਖਿੰਡਾਈ ।
ਬਾਬਰ ਦੇ ਜਬਰ ਅਗੇ,
ਜਿਸਨੇ ਸੀ ਹਿਕ ਤਾਣੀ,
ਨਾਨਕ ਗੁਰੂ ਦੀ ਰੂਹ ਵੀ,
ਅਜ ਤੜਫੜਾ ਰਹੀ ਏ ।

ਆਈ ਸੀ ਪਰ ਜੋ ਡਾਇਣ,
ਜਿਉਂ ਰਾਤ ਕਾਲੀ ਕਾਲੀ,
ਇਖਲਾਕ ਤੇ ਮਨੁੱਖਤਾ,
ਕੀਤੇ ਸੀ ਜਿਸ ਪਰਾਲੀ ।
ਬੇ ਦੋਸਿਆਂ ਦੇ ਲਹੂ ਥੀਂ,
ਨਦੀਆਂ ਸੀ ਜਿਸ ਵਹਾਈਆਂ,
ਰੁਲਦੇ ਰਫੂਜੀ ਤਕ ਕੇ,
ਉਹ ਮੁਸਕਰਾ ਰਹੀ ਏ ।

ਬਿਰਹੁੰ ਦੀ ਏਸ ਅੱਗ ਵਿਚ
ਦਿਲ ਖਾ ਰਹੇ ਉਬਾਲੇ,
ਆਕਾਸ਼ ਪੁਰ ਭੀ ਦਿਸ ਰਹੇ,
ਬੱਦਲ ਕੁਈ ਕਾਲੇ ਕਾਲੇ ।
ਬਿਜਲੀ ਦਾ ਕਹਿਰੀ ਗੁਸਾ,
ਵੀ ਕੜਕਦਾ ਹੈ ਦਿਸਦਾ,
ਹਨ ਸ਼ਾਂਤ ਸਾਗਰਾਂ ਵਿਚ
ਤੂਫ਼ਾਨ ਔਣ ਵਾਲੇ ।

ਕਹਿੰਦੇ ਵਸਾਖੀ ਆਈ,
ਸਾਡੇ ਲਈ ਕੀ ਲਿਆਈ,
ਕੁਈ ਤੜਪ ਉਠ ਰਹੀ ਏ,
ਕੋਈ ਯਾਦ ਆ ਰਹੀ ਏ ।

(ਅਪਰੈਲ ੧੯੪੮)

੨੯. ਕਸ਼ਮੀਰ
ਟੁਕੜੀ ਜਗ ਤੋਂ ਨਿਆਰੀ

(੨੩ ਜੁਲਾਈ ਨੂੰ ਆਲ ਇੰਡੀਆ ਰੇਡੀਓ
ਸਟੇਸ਼ਨ ਜਲੰਧਰ ਤੋਂ ਪੜ੍ਹੀ ਗਈ ।)

ਕੁਦਰਤ ਦੀਆਂ ਤਕ ਕਾਰਾਗਰੀਆਂ
ਹੁਨਰਾਂ ਦੇ ਸਿਰਤਾਜ,
ਮਟਕ ਹੁਲਾਰਿਆਂ ਦੇ ਵਿਚ ਗਾਵਣ
ਝੂਮ ਝੂਮ ਕਵਿਰਾਜ ।
ਇਕ ਜ਼ਬਾਨੋਂ ਆਖਣ ਸਾਰੇ
ਇਹ ਅਰਸ਼ਾਂ ਤੋਂ ਉਤਰੀ
'ਟੁਕੜੀ ਜਗ ਤੋਂ ਨਿਆਰੀ', ਜਿਸ ਤੇ
ਸੁੰਦਰਤਾ ਦਾ ਰਾਜ ।

ਕਹਿੰਦੇ ਕੁਦਰਤ ਆਪ ਬਣਾਈ
ਇਹ ਪੂਰਨ ਤਸਵੀਰ,
ਸਾਰੇ ਕੋਮਲ ਹੁਨਰਾਂ ਦੇ ਲਈ
ਬਣ ਗਈ ਇਕ ਨਜ਼ੀਰ ।
ਦੁਨੀਆਂ ਦੇ ਸਭ ਰਸੀਆਂ ਨੂੰ ਜੋਏ
ਚੁੰਬਕਾਂ ਵਾਂਙੂੰ ਖਿਚੇ,
ਰਸਾਂ ਰੰਗਾਂ, ਖ਼ੁਸ਼ਬੂਆਂ ਵਾਲਾ
ਨਾਂ ਪਿਆਰਾ ਕਸ਼ਮੀਰ ।

"ਕੁਦਰਤ ਦੇਵੀ" ਅਰਸ਼ਾਂ ਵਿਚੋਂ
ਕਹਿੰਦੇ ਹੇਠਾਂ ਆਈ ।
ਹੁਸਨ ਮੰਡਲ ਦੇ ਵਿਚੋਂ ਭਰਕੇ
ਮੁਠ ਉਹ ਇਕ ਲਿਆਈ ।
ਧਰਤੀ ਦੀ ਇਕ ਸੁੰਦਰ ਗੁੱਠ 'ਚ
ਮੁਠ ਫਿਰ ਉਸਨੇ ਖੋਲ੍ਹੀ ।
(ਅਤੇ) ਅਰਸ਼ੀ ਰਮਜ਼ਾਂ ਛੋਹਾਂ ਵਾਲੀ
ਮੂਰਤ ਇਹ ਬਣਾਈ ।

ਅਰਸ਼ੀ ਛੋਹਾਂ ਵਿਚ ਫਿਰ ਕਿਥੋਂ,
ਰਲ ਗਈਆਂ ਮੰਦੀਆਂ ਸੋਆਂ ?
ਸੁਰਗੀ ਬਾਗ਼ਾਂ ਵਿਚ ਇਹ ਕਿਥੋਂ,
ਆਈਆਂ ਗੰਦੀਆਂ ਬੋਆਂ ?
ਝੀਲਾਂ, ਝਰਨਿਆਂ ਚਸ਼ਮਿਆਂ ਵਾਲੀ
ਠੰਢਾਂ ਵਾਲੀ ਭੋਂ ਤੇ,
ਕਿਧਰੋਂ ਆ ਗਈਆਂ ਝੁਲਸਣ ਵਾਲੀਆਂ,
ਤੱਤੀਆਂ ਤੱਤੀਆਂ ਲੋਆਂ ?

ਸਭਨਾਂ ਸੁੰਦਰ ਫਬਨਾਂ ਨਾਲ
ਸ਼ਿੰਗਾਰੀ ਸੀ ਕਸ਼ਮੀਰ,
ਪਟ ਪਟੋਲੇ ਉਸ ਦੇ ਵੀ ਪਰ
ਹੋ ਗਏ ਲੀਰੋ ਲੀਰ ।
ਖਿੜਨ ਖਿੜਾਵਣ ਖੇੜੇ ਵਾਲੀ,
ਅਰਸ਼ੀ, ਕੁਦਰਤ ਦੇਵੀ,
ਕਿਉਂ ਅਜ ਝੋਰਿਆਂ ਦੇ ਘੇਰੇ ਵਿਚ,
ਬੈਠੀ ਹੈ ਦਿਲਗੀਰ ?

ਅਜ ਕੋਈ ਅਰਸ਼ੀ ਕਵੀ ਨਾ ਉਥੇ,
ਮਟਕ ਹੁਲਾਰੇ ਗਾਵੇ,
ਨੂਰ ਜਹਾਨੀ ਹੁਸਨ ਨਾ ਉਥੇ,
ਸ਼ਾਲਾਮਾਰ ਖਿੜਾਵੇ ।
ਅਜ ਕਸ਼ਮੀਰ ਨਜ਼ਾਰੇ ਮਾਨਣ
ਵਾਲੇ ਹੋਏ ਨਿਕਾਰੇ,
ਸੁਰਗੀ ਸੁੰਦਰਤਾਈ ਸਾਰੀ,
ਭਰ ਰਹੀ ਹੌਕੇ ਹਾਵੇ !

ਨਾ ਕੁਈ ਬਚੇ 'ਨਿਆਰੀ ਟੁਕੜੀ'
ਨਾ ਕੋਈ 'ਅਰਸ਼ੀ ਹੂਰ' ।
ਕੋਮਲ ਹੁਨਰ ਤੇ ਮੰਦਰ ਮਸਜਦਾਂ,
ਸਾਰੇ ਚੂਰ ਚੂਰ ।
ਕਰ ਦੇਵਣ ਸਭ ਸੁੰਦਰਤਾਈਆਂ,
ਕੋਝੀਆਂ ਦਾਗ਼ੀ ਦਾਗ਼ੀ ।
ਧਰਤੀ ਉਤੇ ਪੈਦਾ ਹੋਏ ਹੋਏ,
ਕਬਜ਼ਿਆਂ ਦੇ ਦਸਤੂਰ ।

ਕਬਜ਼ਿਆਂ ਦੇ ਦਸਤੂਰਾਂ ਜਗ 'ਚ
ਘੜੀਆਂ ਕਈ ਜ਼ੰਜੀਰਾਂ ।
ਕੈਦੀ ਕੀਤੇ ਨਦੀਆਂ, ਸਾਗਰ,
ਪਰਬਤ ਤੇ ਕਸ਼ਮੀਰਾਂ ।
ਅਰਸ਼ੀ, ਫਰਸ਼ੀ, ਹੁਸਨਾਂ ਹੁਨਰਾਂ
ਨੂੰ ਵੀ ਕੈਦੀ ਕੀਤਾ ।
ਜਿਤ ਵਲ ਵੇਖੋ, ਕੋਝੀਆਂ ਹੋਈਆਂ,
ਸਭ ਸੁੰਦਰ ਤਸਵੀਰਾਂ !

ਮਟਕ ਹੁਲਾਰੇ ਗਾਵਣ ਵਾਲੇ,
ਹੇ ਕਵਿਰਾਜ ਪਿਆਰੇ !
ਅਜ ਵੀ ਲਿਖ ਖਾਂ
'ਕਵਿ-ਕੁਦਰਤ-ਸੰਜੋਗੀ' ਨਵੇਂ ਨਜ਼ਾਰੇ ।
ਡਲਾਂ ਬਲਾਂ ਤੇ ਚਸ਼ਮਿਆਂ ਦੇ ਅਜ
ਉਬਲ ਰਹੇ ਨੀ ਪਾਣੀ,
ਠੰਢੀਆਂ ਚਿੱਟੀਆਂ ਬਰਫਾਂ ਵਿਚੋਂ
ਨਿਕਲਣ ਲਾਲ ਅੰਗਾਰੇ ।

ਕਾਵਿ-ਕੁਦਰਤ-ਵਿਯੋਗਾਂ ਵਿਚ
ਅਜ ਫੁਟ ਪਏ ਦਰਦ-ਫੁਹਾਰੇ !
ਦੋਵੇਂ ਖਿਚ ਤਸਵੀਰਾਂ ਦਸਣ
ਜੋ ਇਕ ਨਾਲ ਇਸ਼ਾਰੇ ।
ਕਬਜ਼ਿਆਂ ਦੇ ਦਸਤੂਰਾਂ ਵਾਲੀਆਂ
ਇਕਦਰ ਕੈਦਾਂ ਮੌਤਾਂ,
ਇਕਦਰ ਪੂਰੀਆਂ ਖੁਲ੍ਹਾਂ ਵਾਲੇ
ਜੀਵਨ ਦੇ ਝਲਕਾਰੇ ।

ਜਗ ਵਿਚ ਜੀਵਨ ਅਤੇ ਮੌਤ ਦੀ
ਚਲ ਰਹੀ ਘੋਰ ਲੜਾਈ ।
ਉਸੇ ਦੀਆਂ ਲਪਟਾਂ ਵਿਚ
ਕਸ਼ਮੀਰ ਵਿਚਾਰੀ ਆਈ ।
ਪਰ ਕਸ਼ਮੀਰੀ ਸੁੰਦਰਤਾਈਆਂ,
ਵਿਚੋਂ ਵੀ ਅਗ ਚਮਕੀ,
ਮਹਿਕਾਂ ਦੇਵਣ ਵਾਲੇ ਫੁਲਾਂ
ਵੀ ਬਿਜਲੀ ਲਿਸ਼ਕਾਈ ।

ਚਸ਼ਮਿਆਂ ਦੇ ਵਿਚ ਪਾਣੀ ਸ਼ੂਕਣ
ਬਾਗ਼ੀਂ ਪੰਛੀ ਕੂਕਣ ।
ਕਿਉਂ ਬਿਗਾਨੇ ਘਰ ਨੂੰ ਪਾਪੀ
ਅਗਾਂ ਲਾ ਲਾ ਫੂਕਣ ?
ਏਨ੍ਹਾਂ ਕੂਕਾਂ ਵਿਚ ਹਨ ਭਾਵੇਂ
ਤੜਪਾਂ ਲਹੂ ਤਿਹਾਈਆਂ ।
ਮੈਨੂੰ ਲਭਦੀਆਂ ਏਨ੍ਹਾਂ ਵਿਚ ਹੀ,
ਜੀਵਨ ਸੁੰਦਰਤਾਈਆਂ ।
ਕਬਜ਼ਿਆਂ ਦੇ ਦਸਤੂਰਾਂ ਨੂੰ ਏਹ
ਤੋੜਨ ਵਾਲੀਆਂ ਤੜਪਾਂ,
ਪੂਰੀਆਂ ਖੁਲ੍ਹਾਂ ਅਸਲੀ
ਮਟਕ-ਹੁਲਾਰਿਆਂ ਦੀਆਂ ਸਧਰਾਈਆਂ ।

ਇਹ ਤੜਪਾਂ ਹੁਣ ਨਹੀਂ ਇਕੱਲੀਆਂ,
ਟੁਕੜੀ ਨਹੀਂ ਕੋਈ ਨਿਆਰੀ ।
ਸਭ ਟੁਕੜੀਆਂ ਨਾਲ ਇਨ੍ਹਾਂ ਦੀ
ਸਾਂਝ ਬਣੀ ਹੈ ਭਾਰੀ ।
ਕਬਜ਼ਿਆਂ, ਜੰਗਾਂ, ਪਤਿਝੜੀਆਂ
ਜੁਗ ਹੁਣ ਮੁਕਣ ਵਾਲਾ ।
ਜਗਤ-ਬਾਗ਼ ਵਿਚ ਮਹਿਕੇਗੀ
ਕਸ਼ਮੀਰ ਭੀ ਖਿੜੀ ਕਿਆਰੀ ।

(੧੯੪੮)

੩੦. ਧਰਤੀ ਮਾਤਾ ਬੋਲ

(ਗੀਤ)

ਗਲੀ ਗਲੀ ਵਿਚ ਕਖ ਨੀ ਚੁਣਦੇ,
ਤੇਰੇ ਲਾਲ ਅਮੋਲ । ਮਾਤਾ……
ਧਰਤੀ ਮਾਤਾ ਬੋਲ

ਵਸਦੇ ਰਸਦੇ ਹਸਦੇ ਖੇੜੇ,
ਕਿਸ ਨੇ ਬਾਗ਼ ਉਜਾੜੇ ?
ਕੋਇਲਾਂ ਬੋਲ ਰਹੀਆਂ ਵਿਚ ਬਾਗ਼ੀਂ,
ਕਿਸ ਨੇ ਆਲ੍ਹਣੇ ਸਾੜੇ ?
ਘੁਟ ਘੁਟ ਰਖੇਂ ਕਿਉਂ ਸੀਨੇ ਵਿਚ,
ਗ਼ਮ ਦੀ ਪਟਾਰੀ ਖੋਲ੍ਹ । ਮਾਤਾ……
ਧਰਤੀ ਮਾਤਾ ਬੋਲ

ਤੇਰੇ ਲਾਲਾਂ ਦੀਆਂ ਕਰੜੀਆਂ ਘਾਲਾਂ,
ਬਾਗ਼ਾਂ ਵਿਚ ਬਹਾਰਾਂ ।
ਜੰਗਲਾਂ ਬਨਾਂ ਉਜਾੜਾਂ ਦੇ ਵਿਚ
ਖਿੜੀਆਂ ਨੇ ਗੁਲਜ਼ਾਰਾਂ !
ਪਰ ਉਹ ਬੇਘਰ, ਬੇਦਰ, ਭੁਖੇ,
ਸਤੂ ਪੀਵਣ ਘੋਲ । ਮਾਤਾ……
ਧਰਤੀ ਮਾਤਾ ਬੋਲ

ਜਿਨ੍ਹਾਂ ਲਾਲਾਂ ਨੇ ਸਾਗਰ ਗਾਹੇ
ਜੰਗਲ ਪਰਬਤ ਚੀਰੇ ।
ਸਭਿਤਾ, ਸੁਹਜ ਸਮਾਜ ਹੁਨਰ ਦੇ
ਲਭੇ ਅਮੋਲਕ ਹੀਰੇ ।
ਅਪਣਾ ਜੀਵਨ ਅਜ ਉਹ ਸਿੰਜਦੇ,
ਰਤ ਦੇ ਹੰਝੂ ਡੋਲ੍ਹ । ਮਾਤਾ……
ਧਰਤੀ ਮਾਤਾ ਬੋਲ

ਲਹੂ ਰੰਗਿਆ ਪਰ ਜੀਵਨ ਚੜ੍ਹਿਆ
ਬਣਕੇ ਸੂਰਜ ਲਾਲ ।
ਖੂਨੀ, ਜ਼ਾਲਮ ਕਾਲੇ ਜੁਗ ਦਾ
ਆ ਗਿਆ ਨੇੜੇ ਕਾਲ ।
ਲਾਲ ਤੇਰੇ ਹੁਣ ਤੇਰੇ ਗ਼ਮ ਦੀਆਂ
ਪੰਡਾਂ ਦੇਣਗੇ ਖੋਲ੍ਹ । ਮਾਤਾ……
ਧਰਤੀ ਮਾਤਾ ਬੋਲ

ਲਹੂ ਮੁੜਕਿਆਂ ਨਾਲ ਸਿੰਜ
ਫੁਲਵਾੜੀਆਂ ਲਾਉਣ ਵਾਲੇ,
ਦਿਨ ਤੇ ਰਾਤ ਮੁਸ਼ੱਕਤਾਂ ਕਰਕੇ
ਖੇਤ ਉਗਾਵਣ ਵਾਲੇ,
ਬਾਗ਼ਾਂ ਦੇ ਹੁਣ ਬਣਸਨ ਵਾਲੀ,
ਉਹੀ ਸਾਂਭਣ ਹੁਣ ਬੋਹਲ । ਮਾਤਾ……
ਧਰਤੀ ਮਾਤਾ ਬੋਲ

ਗਲੀ ਗਲੀ ਵਿਚ ਕਖ ਨੀ ਚੁਣਦੇ,
ਤੇਰੇ ਲਾਲ ਅਮੋਲ । ਮਾਤਾ……
ਧਰਤੀ ਮਾਤਾ ਬੋਲ

(ਜੂਨ ੧੯੪੯)

੩੧. ਸ਼ਹੀਦੀ ਲਹੂ

ਨਵੇਂ ਜੁਗ ਵਿਚ ਕਰਾਵੇ ਯਾਦ
ਜਬਰ ਪਿਛਲੇ ਜ਼ਮਾਨੇ ਦੇ ।
ਜਹਾਂਗੀਰੀ ਤੇ ਬਰਤਾਨੀ,
ਡੰਡੇ ਤੇ ਜੇਹਲ ਖਾਨੇ ਦੇ ।
ਆਜ਼ਾਦੀ ਦੇ ਦੀਵੇ ਦਾ ਤੇਲ
ਬਣ ਕੇ ਜਗ-ਮਗਾ ਜਾਵੇ,
ਓਹ ਰਾਵੀ ਦੇ ਕਿਨਾਰੇ ਤੇ
ਡੁਲ੍ਹਣ ਵਾਲਾ ਸ਼ਹੀਦੀ ਲਹੂ ।

ਸੁਨਹਿਰੀ ਮੰਦਰਾਂ, ਚਿੱਟੀਆਂ
ਸਮਾਧਾਂ, ਲੋਭ ਲਾਲਾਂ ਦੇ,
ਹੁਨਰ ਤੇ ਕਾਰਾਗਰੀਆਂ
ਰਾਜਨੀਤਕ ਛਲਾਂ ਜਾਲਾਂ ਦੇ ।
ਪੁਜਾਰੀ ਰਾਜ ਗੱਦੀਆਂ ਦੇ,
ਵਪਾਰੀ ਧਰਮ ਸ਼ਰਮਾਂ ਦੇ ।
ਭੁਲਾਵੇ ਹਾਰੇ ਪਾ ਪਾ
ਨਹੀਂ, ਭੁਲਣ ਵਾਲਾ ਸ਼ਹੀਦੀ ਲਹੂ ।

ਤਵੇ, ਦੇਗੇ ਕਈ ਤਪਦੇ
ਦਿਸਣ ਜਾਗੀਰਦਾਰੀ ਦੇ ।
ਨਵੇਂ ਤਕ ਕੇ ਘਲੂ-ਘਾਰੇ
ਰਚਾਏ ਪੂੰਜੀਦਾਰੀ ਦੇ ।
ਪਿਆ ਦੇਵੇ ਜਗਾਵੇ ਤੇ
ਇਸ਼ਾਰੇ ਇਨਕਲਾਬਾਂ ਦੇ,
ਮੇਰੇ ਮਨ ਮੰਦਰ ਵਿਚ ਦੀਵਾ,
ਬਲਣ ਵਾਲਾ ਸ਼ਹੀਦੀ ਲਹੂ ।

ਇਹ ਜਨਤਾ ਦੀ ਵਰਾਸਤ ਹੈ,
ਇਹ ਜਨਤਾ ਦੀ ਕਮਾਈ ਹੈ,
ਧੱਕੇ ਦੇ ਨਾਲ ਜਿਸ ਤੇ
ਮਾਲਕੀ ਧਨ ਨੇ ਜਮਾਈ ਹੈ ।
ਜਿਦ੍ਹੀ ਲਾਲੀ ਬਣੀ ਧੜਕਣ
ਹੈ ਜਨਤਾ ਦੇ ਦਿਲਾਂ ਦੀ ਅਜ,
ਨਹੀਂ ਸੋਨੇ ਤੇ ਚਾਂਦੀ ਸੰਗ
ਤੁਲਣ ਵਾਲਾ ਸ਼ਹੀਦੀ ਲਹੂ ।

ਗਿਆ ਹੋ ਜਰਜਰਾ ਬੋਦਾ
ਸਮਾਜ ਇਹ ਨਫੇ-ਬਾਜ਼ੀ ਦਾ ।
ਮੁਕਾ ਜੁਗ ਲੋਭ ਲਹਿਰਾਂ ਦਾ,
ਗ਼ੁਲਾਮੀ ਦਾ, ਮੁਥਾਜੀ ਦਾ ।
ਜੜ੍ਹੋਂ ਪੁਟ ਕੇ ਪੁਰਾਣਾ ਬਿਰਖ
ਸਾਗਰ ਵਿਚ ਡੁਬੋਵਣ ਨੂੰ,
ਝਖੜ ਜਨਤਾ ਦਾ ਬਣ ਕੇ ਹੈ
ਝੁਲਣ ਵਾਲਾ ਸ਼ਹੀਦੀ ਲਹੂ ।

(ਜੂਨ ੧੯੪੮)

੩੨. ਉਛਾਲੇ

ਮਨ ਵਿਚ ਉਠਣ ਉਛਾਲੇ
ਸਜਨੀ,
ਮੇਰੇ ਮਨ ਵਿਚ ਉਠਣ ਉਛਾਲੇ,

ਨਾ ਮੈਂ ਹੁਣ ਅਧਵਾਟੇ ਅਟਕਾਂ,
ਨਾ ਮੈਂ ਵਿਚ ਵਿਚਾਲੇ ।
ਚੁਲੀਆਂ ਚੁਲੀਆਂ ਮੈਂ ਨਾ ਪੀਵਾਂ,
ਪੀਆਂ ਤਾਂ ਭਰ ਭਰ ਪਿਆਲੇ ।

ਸਜਨੀ,
ਪੀਆਂ ਤਾਂ ਭਰ ਭਰ ਪਿਆਲੇ ।
ਮੇਰੇ ਮਨ ਵਿਚ ਉਠਣ ਉਛਾਲੇ ।

ਮੁਫ਼ਤ ਨਜ਼ਾਰੇ ਮੈਂ ਨਾ ਵੇਖਾਂ,
ਖੜ੍ਹ ਕੇ ਕੰਢੇ ਕੰਢੇ ।
ਤਪੇ ਥਲਾਂ ਵਿਚ ਭਜਦਾ ਜਾਵਾਂ,
ਗਾਹਵਾਂ ਝਾੜੀਆਂ ਕੰਡੇ ।
ਓਹ ਕੀ ਸਜਨੀ, ਹੁਸਨ ਨਜ਼ਾਰੇ,
ਉਹ ਕੀ ਲਹਿਰ ਹੁਲਾਰੇ ?
ਜੇ ਨਹੀਂ ਖਾਧੇ ਠਿੱਲ੍ਹ ਝਨਾਂ ਵਿਚ,
ਲਹਿਰਾਂ ਦੇ ਪੜਛੰਡੇ ।

ਤਕ ਬੱਦਲ ਕਾਲੇ ਕਾਲੇ,
ਸਜਨੀ,
ਮੇਰੇ ਮਨ ਵਿਚ ਉਠਣ ਉਛਾਲੇ ।

ਚੋਰੀ ਚੋਰੀ ਬੇਲਿਆਂ ਦੇ ਵਿਚ,
ਮੈਂ ਨਾ ਪ੍ਰੀਤਾਂ ਲਾਵਾਂ ।
ਨਵੇਂ ਯੁਗ ਵਿਚ ਨਵੀਂ ਪ੍ਰੀਤ
ਦੀਆਂ ਮੈਂ ਹੁਣ ਧੁਮਾਂ ਪਾਵਾਂ !
ਚਿਣਗ ਲਗੀ ਮੇਰੇ ਸੀਨੇ ਦੇ ਵਿਚ,
ਮੈਂ ਹੁਣ ਰੜੇ ਮਦਾਨੀ,
ਦੀਵਾ ਵੇਖ ਪਤੰਗ ਸੜੇ ਜਿਉਂ
ਪੈਰ ਪਿਛੇ ਨਾ ਪਾਵਾਂ ।

ਨੱਵ ਜੁਗ ਦੇ ਨਿਹੁੰ ਨਿਰਾਲੇ,
ਸਜਨੀ,
ਮੇਰੇ ਮਨ ਵਿਚ ਉਠਣ ਉਛਾਲੇ ।

ਵਿਚ ਝਨਾਂ ਦੇ ਹੜ੍ਹ ਜਦ ਆਵੇ,
ਉਛਲੇ ਲਹਿਰਾਂ ਮਾਰੇ ।
ਕਪਰ, ਘੁਮਣ ਘੇਰ, ਛਲਾਂ ਤਕ,
ਦਿਲ ਵਿਚ ਉਠਣ ਹੁਲਾਰੇ।
ਕੰਢੇ ਕੰਢੇ ਮੈਂ ਨਾ ਟਹਿਲਾਂ,
ਲਹਿਰ ਬਣਾਂ ਵਿਚ ਲਹਿਰਾਂ,
ਨੈਂ 'ਚ ਠਿਲ੍ਹ ਮੰਝਧਾਰ ਲੰਘਾਂ,
ਮੈਂ ਪਹੁੰਚਾਂ ਪਾਰ ਕਿਨਾਰੇ ।

ਮੈਨੂੰ ਭਾਉਣ ਨਾ ਟਾਲੇ ਵਾਲੇ,
ਸਜਨੀ,
ਮੇਰੇ ਮਨ ਵਿਚ ਉਠਣ ਉਛਾਲੇ ।

ਘੋੜੇ ਤੇ ਚੜ੍ਹ ਰਣ ਵਿਚ ਖੜ੍ਹ ਕੇ
ਫਿਰ ਕੇਹੀ ਦੁਚਿਤਾਈ ?
ਮੌਤ ਨਾਲ ਜਿਸ ਖੇਡ ਨਾ ਖੇਡੀ
ਉਹ ਨਹੀਂ ਬੀਰ ਸਿਪਾਹੀ ।
ਜੀਵਨ-ਯੁਧ ਵਿਚ ਘੁਲ ਘੁਲ,
ਲੜ ਲੜ ਅਗੇ ਅਗੇ ਵਧਣਾ,
ਨਵੇਂ-ਇਸ਼ਕ ਦੀ ਪਾਠਸ਼ਾਲਾ ਵਿਚ
ਸੰਥਾ ਅਸਾਂ ਪਕਾਈ ।

ਪੀਤੇ ਨਵੇਂ ਨਸ਼ੇ ਦੇ ਪਿਆਲੇ,
ਸਜਨੀ,
ਮੇਰੇ ਮਨ ਵਿਚ ਉਠਣ ਉਛਾਲੇ ।

ਸਾਗਰ ਗਾਹਵਾਂ ਪਰਬਤ ਚੀਰਾਂ,
ਲੈਕੇ ਦੋ ਅੰਗੜਾਈਆਂ
ਰਹਿ ਗਈਆਂ ਸਭ ਨੀਵਾਣਾਂ ਪਿਛੇ
ਚੜ੍ਹਦਾ ਚਲਾਂ ਚੜ੍ਹਾਈਆਂ ।
ਕੌਣ ਮੈਨੂੰ ਹੁਣ ਬੰਧਨ ਪਾਵੇ ?
ਕੌਣ ਮੈਨੂੰ ਹੁਣ ਰੋਕੇ ?
ਮਨ ਦੀਆਂ ਅਜ ਮੁਰਾਦਾਂ ਸਮਝਾਂ
ਹੁਣ ਪਾਈਆਂ ਕਿ ਪਾਈਆਂ ।

ਧੁੰਦ ਮਿਟ ਗਈ ਹੋਏ ਉਜਾਲੇ,
ਸਜਨੀ,
ਮੇਰੇ ਮਨ ਵਿਚ ਉਠਣ ਉਛਾਲੇ ।

ਨਾ ਮੈਂ ਹੁਣ ਅਧਵਾਟੇ ਅਟਕਾਂ,
ਨਾ ਮੈਂ ਵਿਚ ਵਿਚਾਲੇ ।
ਚੁਲੀਆਂ ਚੁਲੀਆਂ ਮੈਂ ਨਾ ਪੀਵਾਂ,
ਪੀਆਂ ਤਾਂ ਭਰ ਭਰ ਪਿਆਲੇ ।

ਸਜਨੀ,
ਪੀਆਂ ਤਾਂ ਭਰ ਭਰ ਪਿਆਲੇ ।
ਮੇਰੇ ਮਨ ਵਿਚ ਉਠਣ ਉਛਾਲੇ ।

(੧੯੪੯)

੩੩. ਝਾਤ

ਮੇਰੀ ਕੰਨੀ ਪਈ ਜਦ,
ਸਜਨੀ ਤੇਰੀ ਝਾਤ ।
ਸੁਪਨਾ ਖੁਲ੍ਹ ਗਿਆ,
ਉਠ ਤੁਰੀ ਕਾਲੀ ਧੁੰਧਲੀ ਰਾਤ ।
ਜਫਰ ਜਾਲੇ ਭੁਲ ਗਏ,
ਭੁਲ ਗਏ ਬਿਰਹੁੰ ਸੂਲ ।
ਨਿੱਘੀ ਨਿੱਘੀ ਰਸ ਭਰੀ,
ਹੋ ਗਈ ਪਿਛਲੀ ਰਾਤ ।

ਨੂਰ ਊਸ਼ਾ ਦਾ ਲਿਸ਼ਕਿਆ,
ਮਾਂਗੀਂ ਜਿਵੇਂ ਸੰਧੂਰ ।
ਲਾਲ ਸਤਾਰਾ ਡਲ੍ਹਕਦਾ,
ਮਥੇ ਪੁਰ ਕੋਹਨੂਰ ।
ਚੰਨ-ਚਾਨਣੀ ਵਿੱਚ ਨ੍ਹਾ,
ਸੂਹਾ ਸਾਲੂ ਪਹਿਨ,
ਝਮ ਝਮ ਕਰਦੀ ਉਠ ਰਹੀ,
ਅਹੁ ਪੂਰਬ ਦੀ ਹੂਰ ।

ਨਵੇਂ ਜੁਗ ਦੇ ਜਨਮ ਦੀ,
ਨਵੀਂ ਨਵੀਂ ਪਰਭਾਤ ।
ਜੀ ਆਇਆਂ ਨੂੰ ਪਿਆਰੀਏ,
(ਤੈਨੂੰ) ਆਖੇ ਕਾਇਨਾਤ ।
ਪਤਿਝੜ ਮਾਰੀ ਸੁਕ ਰਹੀ,
ਫੁਲਵਾੜੀ ਦੇ ਵਿੱਚ,
ਜੀਵਨ ਦੀ ਰੂਹ ਭਰ ਗਈ,
ਤੇਰੀ ਇਕੋ ਝਾਤ ।

ਮੇਰੀ ਕੰਨੀ ਪਈ ਜਦ,
ਸਜਨੀ ਤੇਰੀ ਝਾਤ ।
ਨਿੱਘੀ ਨਿੱਘੀ ਰਸ ਭਰੀ,
ਹੋ ਗਈ ਪਿਛਲੀ ਰਾਤ ।

(੧੯੫੦)

੩੪. ਸੋਨ ਸੁਰਾਹੀਸੋਨ ਸੁਰਾਹੀ ਵਾਲੇ ਸਾਕੀ,
ਤੇਰਾ ਵਡਾ ਨਾਵਾਂ ।
ਤੈਨੂੰ ਵਿਚ ਅਕਾਸ਼ ਚੜ੍ਹਾਇਆ,
ਤੇਰੀਆਂ ਸਿਫਤ-ਹਵਾਵਾਂ ।
ਜੇ ਤੂੰ ਧਰਤੀ ਦਾ ਹੈਂ ਬੰਦਾ,
ਆ ਖਾਂ ਪਲ ਕੁ ਹੇਠਾਂ,
ਮੈਂ ਵੀ ਤੇਰੇ ਨਾਲ ਅਜ ਕੁਝ,
ਗੱਲਾਂ ਕਰਨੀਆਂ ਚਾਹਵਾਂ ।ਸੁੰਦਰ ਸੋਨ ਸੁਰਾਹੀ ਤੇਰੀ,
ਵਿਚ ਬੇ-ਹੋਸ਼ੀਆਂ ਭਰੀਆਂ ।
ਇਕ ਇਕ ਦੋ ਦੋ ਬੂੰਦਾਂ ਬਦਲੇ,
ਅਕਲਾਂ ਗਿਰਵੀ ਧਰੀਆਂ ।
ਤੈਥੋਂ ਅਜ ਮੈਂ ਪੁਛਾਂ ਦਸ ਖਾਂ,
ਇਹ ਕੀ ਕਾਰ ਫੜੀ ਤੂੰ,
ਸਾੜੇਂ ਫੂਕੇਂ ਸੋਚਾਂ ਦੀਆਂ ਕਿਉਂ
ਖੇਤੀਆਂ ਹਰੀਆਂ ਭਰੀਆਂ ?ਜੁਗਾਂ ਜੁਗਾਂ ਤੋਂ ਬੰਦੇ ਕੀਤੀ,
ਕਰੜੀ ਘਾਲ-ਕਮਾਈ,
ਕਿਰਣ ਹੋਸ਼ ਦੀ ਲਭੀ ਆਖਰ,
ਜੀਵਨ-ਸੋਝੀ ਪਾਈ ।
ਉਸ ਸੂਝ ਨੂੰ ਡੋਬਣ ਵਾਲੀ,
ਕਿਸ ਸਮਾਜ ਦੇ ਵੈਰੀ ?
ਦੇਕੇ ਤੈਨੂੰ ਸੋਨ-ਸੁਰਾਹੀ
ਵੰਡਣ-ਡਿਊਟੀ ਲਾਈ ?ਜਿਸ ਸੋਝੀ ਨੇ ਕਲਾ, ਸਾਇੰਸ ਤੇ
ਗਿਆਨ ਦੇ ਲਾਏ ਫੁਹਾਰੇ,
ਕਾਲੇ-ਘੁਪ ਸਮੁੰਦਰਾਂ ਵਿਚ ਜਿਸ
ਚਾਨਣ-ਥੰਮ ਖਲ੍ਹਾਰੇ,
ਧਰਤੀ ਪੁਰ ਜਿਸ ਸੋਝੀ ਲਾਈ
ਆਸਾਂ ਦੀ ਫੁਲਵਾੜੀ,
ਸਾਕੀ, ਚਾਹੇਂ ਮਿਟਾਣਾ ਉਸਨੂੰ
ਅਰਸ਼ਾਂ ਦੇ ਲਾ ਲਾਰੇ ?ਕਈ ਸ਼ੁਦਾਈ ਤੇਰੇ ਦਰ ਤੇ
ਕਢਦੇ ਡਿਠੇ ਹਾੜੇ,
ਕਹਿੰਦੇ ਦਿਹ ਇਕ ਬੂੰਦ ਸੁਰਾਹੀਉਂ
ਅਕਲ-ਫਿਕਰ ਜੋ ਸਾੜੇ,
ਲੋੜ ਅਕਲ ਦੀ ਨਹੀਂ ਉਨ੍ਹਾਂ ਨੂੰ,
ਯਾ ਉਹ ਅਕਲੋਂ ਖਾਲੀ,
ਤਾਹੀਉਂ ਆਪਣੇ ਪੈਰੀਂ ਆਪੇ
ਮਾਰਨ ਪਏ ਕੁਹਾੜੇ ।ਬੜੇ ਚਿਰਾਂ ਤੋਂ ਹਟੀ ਤੇਰੀ
ਹੋਸ਼ ਕਈਆਂ ਦੇ ਮਾਰੇ,
ਮੂੰਹ ਮੰਗਿਆ ਮੁਲ ਲੈ ਲੈ ਕੇ,
ਤੂੰ ਭਰਦਾ ਰਿਹਾ ਭੰਡਾਰੇ ।
ਭੁਖੇ ਮਰਦੇ ਰਹੇ ਮਿਹਨਤੀ,
ਐਪਰ ਵੇਹਲੇ ਮਾਲਕ,
ਪੀ ਪੀ ਨਸ਼ੇ ਮਸਤੀਆਂ ਦੇ ਵਿਚ,
ਲੈਂਦੇ ਰਹੇ ਹੁਲਾਰੇ ।ਦਾਸ-ਸਮਾਜ ਸਮੇਂ ਦੇ ਤੇਰੇ,
ਇਹ ਫਲਸਫੇ ਸਾਰੇ,
ਝੂਠੇ ਸੌਦੇ ਤੂੰ ਹਨ ਵੇਚੇ,
ਝੂਠੇ ਲਾ ਲਾ ਲਾਰੇ,
ਏਹ ਦੁਕਾਨ ਹੁਣ ਬੰਦ ਕਰ ਸਾਕੀ
ਮੈਂ ਤੈਨੂੰ ਲਲਕਾਰਾਂ,
ਆ ਗਏ ਜਗਤ-ਬਜ਼ਾਰ ਵਿਚ,
ਹੁਣ ਸਮਝਾਂ ਦੇ ਵਣਜਾਰੇ ।ਗਾਹਕ ਸ਼ਰਾਬ ਤੇਰੀ ਦੇ ਜਗ ਤੇ,
ਇਹ ਗੁਣ ਬੋਲ ਸੁਣਾਂਦੇ :-
"ਇਸ ਨੂੰ ਪੀ ਕੇ ਦੋਹਾਂ ਜਹਾਨਾਂ
ਤੋਂ ਹਾਂ ਛੁਟੀ ਪਾਂਦੇ ।"
ਕੋਈ ਪੁਛੇ ਓਨ੍ਹਾਂ ਤੋਂ ਫਿਰ,
ਇਸ ਦਾ ਕੀ ਫਲ ਕਿਸ ਨੂੰ ?
ਕੀ ਸੰਵਾਰਿਆ ਧਰਤੀ ਦਾ ?
ਕੀ ਅਰਸ਼ੀ ਪੂਰੀਆਂ ਪਾਂਦੇ ?ਮੈਂ ਮੰਨਦਾ ਹਾਂ ਨਸ਼ੇ ਤੇਰੇ ਵਿਚ,
ਗੂੜ੍ਹ ਭਰੀ ਹੈ ਮਸਤੀ,
ਦੀਨ-ਦੁਨੀ ਨੂੰ ਵਖਰਾ ਕਰਦਾ,
ਵਖਰੀ ਕਰਦਾ ਹਸਤੀ ।
ਮੈਂ ਨਾ ਛੋਹਵਾਂ ਨਸ਼ਾ ਅਜਿਹਾ,
ਜੇਹੜਾ ਪਾਏ ਨਿਖੇੜੇ,
ਮੈਂ ਵਣਜਾਰਾ ਸਾਂਝਾਂ ਦਾ,
ਅਤੇ ਸਾਂਝੀ ਮੇਰੀ ਬਸਤੀ ।

੧੦

ਦੁਖੀ-ਸਮਾਜੋਂ ਵੱਖਰਾ ਹੋ ਕੇ,
ਮੈਂ ਕਿੰਝ ਸੁਖੀਆ ਹੋਵਾਂ ?
ਇਹ ਸੁਖੀਆ ਤਾਂ ਮੈਂ ਹਾਂ ਸੁਖੀਆ
ਇਹ ਦੁਖੀਆ ਮੈਂ ਰੋਵਾਂ ।
ਦੁਖੀਆਂ ਨੂੰ ਤੂੰ ਨਸ਼ਾ ਪਿਲਾ ਕੇ,
ਗੁਮਰਾਹੀਆਂ ਵਿਚ ਡੋਬੇਂ,
ਪਰ ਮੈਂ ਦੁਖ ਦੀਆਂ ਜੜ੍ਹਾਂ ਪੁਟ ਕੇ
ਸਾਗਰ ਵਿਚ ਡੁਬੋਵਾਂ ।

੧੧

ਜਿਸ ਧਰਤੀ ਤੋਂ ਪੈਦਾ ਹੋਇਆ,
ਜਿਥੇ ਹਰਦਮ ਰਹਿਣਾ,
ਜਿਥੇ ਸਾਕ-ਸਨੇਹੀ, ਸਾਥੀ,
ਜਿਥੇ ਲੈਣਾ ਦੇਣਾ,
ਜੀਵਨ-ਮਰਨ ਤੇ ਖੁਸ਼ੀਆਂ ਗ਼ਮੀਆਂ
ਸਾਂਝਾਂ ਮੇਰੀਆਂ ਜਿਥੇ,
ਉਸ ਧਰਤੀ ਤੋਂ ਨਿਖੜ ਕੇ ਦਸ,
ਅਰਸ਼ਾਂ 'ਚੋਂ ਕੀ ਲੈਣਾ ?

੧੨

ਸੁਣ ਸਾਕੀ ਸਚ ਤੈਨੂੰ ਦਸਾਂ,
ਤੈਨੂੰ ਕਿਉਂ ਬੁਲਾਇਆ ?
ਲੋੜ ਨਾ ਮੈਨੂੰ ਸੋਨ-ਸੁਰਾਹੀ
ਨਾ ਤੇਰਾ ਸਧਰਾਇਆ,
ਐਨੇ ਚਿਰ ਤੋਂ ਦੁਨੀਆਂ ਵਿਚ ਤੂੰ
ਝੂਠ-ਨਸ਼ੇ ਵਰਤਾਏ,
ਤੇਰੀ ਸੋਨ ਸੁਰਾਹੀ ਉਪਰ
ਮੈਨੂੰ ਗੁਸਾ ਆਇਆ ।

੧੩

ਮੈਂ ਅਜ ਤੇਰੀ ਭੰਨ ਸੁਰਾਹੀ,
ਭੰਨਾ ਤੇਰਾ ਪਿਆਲਾ ।
ਝੂਠਾ ਨਸ਼ਾ ਨ ਰਹੇ ਜਗਤ ਤੇ
ਪੀਣ ਨ ਪਿਆਉਣ ਵਾਲਾ ।
ਕਿਰਤ-ਨਸ਼ੇ ਦੇ ਨਾਲ ਭਰੀ
ਹੋਈ ਆਂਦੀ ਨਵੀਂ ਸੁਰਾਹੀ ।
ਜਿਸ ਦੀ ਇਕ ਇਕ ਬੂੰਦ ਵਿਚ ਹੈ,
ਸੂਰਜ ਜੇਡ ਉਜਾਲਾ ।

੧੪

ਮੇਰੀ ਇਹ ਸੁਰਾਹੀ ਸੁੰਦਰ,
ਮੇਰੀ ਘੜੀ ਮਜੂਰੀ,
ਤੇਰਾ ਨਸ਼ਾ ਬੇ-ਹੋਸ਼ੀ ਵੰਡੇ,
ਇਹ ਵੰਡਦੀ ਹੈ ਚੂਰੀ ।
ਕਿਰਤ-ਸ਼ਰਾਬ ਭਰੀ ਹੈ ਇਸ ਵਿਚ,
ਇਸ ਦਾ ਨਸ਼ਾ ਨਿਆਰਾ ।
ਦੂਰ ਹਨੇਰਾ ਕਰੇ ਜੁਗਾਂ ਦਾ,
ਬੂੰਦ ਇਹਦੀ ਇਕ ਨੂਰੀ ।

੧੫

ਨਸ਼ੇ ਮੁਸ਼ੱਕਤ ਭਰੀ ਸੁਰਾਹੀ
ਵੰਡੇ ਅਕਲਾਂ ਸੋਚਾਂ,
ਨਾਲੇ ਵੰਡੇ ਸੁਖ ਭੰਡਾਰੇ,
ਪੂਰੇ ਮੇਰੀਆਂ ਲੋਚਾਂ ।
ਏਸ ਸੁਰਾਹੀਉਂ ਨਸ਼ਾ ਪੀਏ ਜੋ,
ਐਸੀ ਚੜ੍ਹੇ ਖੁਮਾਰੀ,
ਤਾਂਘ ਰਹੇ ਪਰਲੋਕ ਦੀ ਨਾ ਤੇ,
ਨਾ ਪਰਲੋ ਦੀਆਂ ਸੋਚਾਂ ।

(੧੯੫੦)

35. ਇਤਿਹਾਸ ਦੀ ਬੋਲੀਦਸਵੇਂ ਗੁਰੂ ਦੇ ਜਨਮ ਦਿਹਾੜੇ,
ਮੈਂ ਇਤਿਹਾਸ ਦੀ ਬੋਲੀ ਪਾਵਾਂ,
ਇਕ ਲਾਲ ਅਮੋਲਕ ਸਤਾਰਵੀਂ ਦਾ
ਮੈਂ ਵੀਹਵੀਂ ਸਦੀ ਨੂੰ ਦਿਖਾਵਾਂ,
ਸਾਵਣ ਘਟਾ ਕਾਲੀਆਂ ਦੇ ਵਿਚ
ਬਿਜਲੀ ਮੈਂ ਲਿਸ਼ਕਾਵਾਂ,
ਜੀਹਦੀ ਕੜਕ ਸੁਣ ਪਰਬਤ ਹਿਲ ਗਏ,
ਰੁਖ ਬਦਲੇ ਦਰਿਆਵਾਂ,
ਝੁਲ ਪਈਆਂ ਦੇਸ਼ ਪੰਜਾਬ ਵਿਚ
ਕੁਈ ਜੁਗ-ਗਰਦੀ ਦੀਆਂ ਵ੍ਹਾਵਾਂ,
ਉਡਦੇ ਜਾਣ ਰਵਾਜ ਪੁਰਾਣੇ,
ਢਲਦੀਆਂ ਜਾਵਣ ਛਾਵਾਂ,
ਪਾਤਸ਼ਾਹਾਂ ਦੀਆਂ ਗਦੀਆਂ ਹਿਲੀਆਂ,
ਮਹਿਲੀਂ ਮਚੀਆਂ ਧਾਹਵਾਂ,
ਚਿੜੀਆਂ ਉਡ ਉਡ ਆਖਣ ਲਗੀਆਂ,
ਬਾਜਾਂ ਨੂੰ ਅਸੀਂ ਖਾਵਾਂ ।
ਧਰਤੀ ਬੋਲ ਪਈ,
ਜੁਗ ਮੈਂ ਨਵਾਂ ਲਿਆਵਾਂ ।ਆਨੰਦ ਪੁਰ, ਚਮਕੌਰ ਸਾਹਿਬ ਵਲ
ਝਾਤੀ ਇਕ ਮੈਂ ਮਾਰਾਂ,
ਯਾਦਾਂ ਪਿਛਲੀਆਂ ਚੇਤੇ ਆਈਆਂ,
ਮੇਰੇ ਦਿਲ ਦੀਆਂ ਹਿਲੀਆਂ ਤਾਰਾਂ,
ਚੇਤੇ ਆ ਗਈਆਂ ਮਾਛੀਵਾੜੇ ਤੇ
ਲਖੀ ਜੰਗਲ ਦੀਆਂ ਬਾਰਾਂ,
ਸਰਹੰਦ ਕਿਲ੍ਹੇ ਦੀਆਂ ਕੰਧਾਂ ਵਿਚੋਂ
ਲਹੂ ਦੀਆਂ ਵਗਦੀਆਂ ਧਾਰਾਂ,
ਚੱਪਾ ਚੱਪਾ ਮਾਲਵੇ ਦਾ
ਪਿਆ ਗਾਏ ਸ਼ਹੀਦੀ ਵਾਰਾਂ,
ਦਿਲੀਓਂ ਚੜ੍ਹੀਆਂ ਘਟਾਂ ਕਾਲੀਆਂ,
ਕਰਦੀਆਂ ਮਾਰੋ ਮਾਰਾਂ,
ਸਤਲੁਜ ਕੰਢਿਓਂ ਗੂੰਜ ਪਈਆਂ
ਪਰ ਜਨਤਾ ਦੀਆਂ ਲਲਕਾਰਾਂ,
ਜੀਵਨ ਮੌਤ ਦੀ ਛਿੜੀ ਲੜਾਈ
ਖੜਕ ਪਈਆਂ ਤਲਵਾਰਾਂ ।
ਜੁਗ ਬਦਲਾਉਣ ਦੀਆਂ
ਤੁਰ ਪਈਆਂ ਜਗ ਤੇ ਵਾਰਾਂ ।ਲਹੂ ਤਿਹਾਈਏ ਰਾਕਸ਼ੀਏ
ਤੈਨੂੰ ਪੂਜਣ ਰਾਜੇ ਰਾਣੇ,
ਤੇਰਾ ਨਾਂ ਹਕੂਮਤ ਰਖ ਕੇ,
"ਸਾਦ ਕਰਨ ਮਨ ਭਾਣੇ"
ਪੂਜਾ ਕਰਦੇ, ਪੜ੍ਹਨ ਨਿਮਾਜ਼ਾਂ
ਪਾਪੀ "ਮਾਣਸ ਖਾਣੇ,"
ਕੰਮ ਕਸਾਈਆਂ ਵਾਲੇ ਕਰਦੇ
ਪਾ ਕੇ ਮਜ਼ਹਬੀ ਬਾਣੇ,
ਮਹਿਲੀਂ ਉਨ੍ਹਾਂ ਦੇ ਸਭ ਪਦਾਰਥ
ਲੋਕਾਂ ਲਭਣ ਨਾ ਦਾਣੇ,
ਜੰਞਾਂ ਪਾਪ ਦੀਆਂ ਲੈ ਚੜ੍ਹਦੇ
ਏਹ ਜਦੀ ਜਰਵਾਣੇ,
ਅਮਰ ਕੂਕ ਪਰ ਜ਼ਿੰਦਗੀ ਦੀ ਇਕ
ਸਭ ਜਗ ਜਿਸ ਨੂੰ ਜਾਣੇ,
ਜੇਹੜੀ ਕਹਿ ਰਹੀ ਟਿਬੇ ਢਾਹ ਕੇ
ਪੱਧਰ ਖੇਤ ਬਨਾਣੇ ।
ਪਾਰ ਬੁਲਾ ਦੇਂਦੇ,
ਜਗ ਵਿਚੋਂ ਜਰਵਾਣੇ ।ਮੈਂ ਹਾਂ ਇਕ ਇਤਿਹਾਸ ਦਾ ਪਤਰਾ
ਇਨਕਲਾਬ ਸਿਰਨਾਵਾਂ ।
ਨਾ ਅਵਤਾਰ ਪੈਗੰਬਰ ਨਾ
ਮੇਰਾ ਧਰਤੀ ਤੇ ਪਰਛਾਵਾਂ ।
ਧਰਤੀ ਵਿਚੋਂ ਪੈਦਾ ਹੋਇਆ
ਧਰਤੀ ਵਿਚ ਸਮਾਵਾਂ,
ਵਿਦਿਆ, ਧਨ ਤੇ ਸ਼ਕਤੀ ਸਾਰੀ,
ਜਨਤਾ ਤੋਂ ਮੈਂ ਪਾਵਾਂ,
ਨਵੇਂ ਪੌਧਿਆਂ ਨੂੰ ਮੈਂ ਪਾਲਾਂ
ਸੋਮੇ ਨਵੇਂ ਚਲਾਵਾਂ,
ਮੁਰਦਾ ਹੋਏ ਰਵਾਜ ਪੁਰਾਣੇ
ਭਠੀ ਵਿਚ ਜਲਾਵਾਂ,
ਖੇਤਾਂ, ਛੰਨਾਂ, ਛਪਰਾਂ ਤੋਂ ਮੈਂ
ਧਉਲਰ ਘੋਲ ਘੁਮਾਵਾਂ,
ਗੁਰੂ ਗੋਬਿੰਦ ਸਿੰਘ ਨਾਮ ਮੇਰਾ
ਮੈਂ ਨਵੀਆਂ ਲੀਹਾਂ ਚਲਾਵਾਂ,
ਪੀਰਾਂ, ਗੁਰੂਆਂ ਸ਼ਾਹਾਂ ਨੂੰ ਮੈਂ
ਚੇਲਿਆਂ ਪੈਰੀਂ ਪਾਵਾਂ,
ਉਚਿਆਂ ਨੀਵਿਆਂ ਦਾ,
ਸਭ ਭਿੰਨ ਭੇਦ ਮਿਟਾਵਾਂ !ਪੁਰੀ ਅਨੰਦ ਦੀਆਂ ਕੰਧਾਂ ਉਪਰ
ਇਕ ਸੁਪਨੇ ਦੀਆਂ ਤਸਵੀਰਾਂ,
ਅਜੇ ਨਸ਼ਾਨ ਉਨ੍ਹਾਂ ਦੇ ਬਾਕੀ
ਜੋ ਖਿਚੀਆਂ ਕਿਸੇ ਦੇ ਤੀਰਾਂ ।
ਅਜ ਦੇ ਚਿਤ੍ਰਕਾਰ ! ਵੇਖ ਜਾ,
ਪੜ੍ਹ ਤੇ ਕਰ ਤਫਸੀਰਾਂ ।
ਵੰਡਾਂ ਵਿਤਕਰੇ ਭੰਨੇ ਹੋਏ
ਮਿਟੀਆਂ ਸਭ ਲਕੀਰਾਂ ।
ਮਾਨਵਤਾ ਦੀ ਰੂਹ ਦੇ ਪੈਰੋਂ
ਟੁਟੀਆਂ ਪਈਆਂ ਜੰਜੀਰਾਂ ।
ਸਵਾਧੀਨਤਾ ਦੀ ਸੈਨਾ ਦੀਆਂ
ਵਧਦੀਆਂ ਜਾਣ ਵਹੀਰਾਂ ।
ਵੇਖੋ ਕਿਕੁਰ ਤਲੀਆਂ ਉਪਰ
ਸੀਸ ਰਖੇ ਹੋਏ ਬੀਰਾਂ ।
ਗੂੰਜ ਰਹੀਆਂ ਲਲਕਾਰਾਂ ਸੁਣਦੀਆਂ
ਜੁਧ ਦੀਆਂ ਜਿਵੇਂ ਨਫੀਰਾਂ ।
ਤਿੜ ਤਿੜ ਤਿੜਕ ਰਹੀਆਂ
ਬੇੜੀਆਂ ਅਤੇ ਜੰਜੀਰਾਂ ।

(ਜਨਵਰੀ ੧੯੫੧)

36. ਬਾਬਾ ਗੁਰਦਿੱਤ ਸਿੰਘ ਜੀ ਦਾ ਦਿਲ

ਕੰਬਖਤ ਦਿਲ ਕੁਝ ਐਸਾ ਮੈਂ ਨਾਲ ਲੈ ਕੇ ਆਇਆ ।
ਦਿੱਤਾ ਨਾ ਸੁੱਖ ਕਿਸੇ ਨੂੰ ਮੈਂ ਭੀ ਨਾ ਚੈਨ ਪਾਇਆ ।

ਪੁੱਛੋ ਨਾ ਕੁਝ ਕਹਾਣੀ ਇਸ ਬੇਵਤਨ ਦੇ ਦਿਲ ਦੀ,
ਦੁੱਖਾਂ ਦੇ ਵਹਿਣ ਅੰਦਰ ਹੈ ਕੌਣ ਰੁੜ੍ਹਨੇ ਆਇਆ ।

ਹੈ ਸ਼ੌਕ ਕਿਸ ਨੂੰ ਆਇਆ ਇਸ ਦਿਲ ਦਾ ਦਰਦ ਪੁੱਛੇ,
ਜਿਸ ਵਤਨ ਨੂੰ ਛੁਡਾਇਆ, ਪ੍ਰਦੇਸ਼ ਨੂੰ ਗਵਾਇਆ ।

ਰਿਹਾ ਨਾ ਥਾਂ ਟਿਕਾਣਾ ਦੁਨੀਆਂ 'ਤੇ ਕੋਈ ਬਾਕੀ,
ਜੀਂਦੇ ਜਵਾਬ ਦਿੱਤਾ, ਮੋਏ ਨੇ ਨਾ ਰਲਾਇਆ ।

ਆਪਣੇ ਬਿਗਾਨੇ ਸਾਰੇ ਵੈਰੀ ਬਣਾਏ ਦਿਲ ਨੇ,
ਹਾਂ ਦਰਦਿ ਦਿਲ ਦਾ ਰੋਗੀ ਬੱਸ ! ਪਾਪ ਇਹ ਕਮਾਇਆ ।

ਬੱਸ ਖ਼ਾਕ ਹੋ ਚੁਕਾ ਹੈ ਇਸ ਬੇਵਤਨ ਦਾ ਗੁਲਸ਼ਨ,
ਬੁਲਬੁਲ ਨੂੰ ਹੁਣ ਕੁਵੇਲੇ ਗਾਵਣ ਦਾ ਸ਼ੌਕ ਆਇਆ ।

ਬਰਛੀ ਨੂੰ ਕੌਣ ਖਾਵੇ, ਤੰਦੂਰ ਦਿਲ ਤਪਾਵੇ,
ਇਸ ਦਰਦਿ ਦਿਲ ਦੀ ਸਾਖੀ ਸੁਣਨੇ ਨੂੰ ਕੌਣ ਆਇਆ ।

ਭੁਚਾਲ ਐਸਾ ਆਵੇ, ਅਸਮਾਨ ਨੂੰ ਕੰਬਾਵੇ,
ਜੇ ਦਰਦ ਏਸ ਦਿਲ ਦਾ ਮੈਂ ਖੋਲ੍ਹ ਕੇ ਵਿਖਾਇਆ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ