Punjabi Poetry : Giani Gurmukh Singh Musafir

ਚੋਣਵੀਂ ਕਵਿਤਾ : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

1. ਜੀਵਨ ਪੰਧ

ਕਿਥੋਂ ਤੁਰਿਆ ? ਕਦ ਦਾ ਤੁਰਿਆ ?
ਪੁਜਣਾ ਕਦੋਂ ਟਿਕਾਣੇ ?
ਕਦ ਤਕ ਤੁਰਨਾ ? ਕਿੱਥੇ ਜਾਣਾ ?
ਸੋਚੀਂ ਪਏ ਸਿਆਣੇ ।
ਜੀਵਨ ਦੀ ਚਿੰਤਾ ਵਿਚ ਕਰ ਰਹੇ,
'ਜੀਵਨ ਪੰਧ' ਨੂੰ ਰੁੱਖਾ;
ਪਾਂਧੀ ਦਾ ਕੰਮ ਤੁਰਨਾ, ਅਗੋਂ
ਤੋਰਨ ਵਾਲਾ ਜਾਣੇ ।

2. ਬਸੰਤ

ਰੁਤ ਬਸੰਤ ਨਵਾਂ ਰਸ ਪਾਇਆ,
ਹਰ ਬੂਟੇ ਹਰ ਡਾਲੀ ।
ਹਰ ਸ਼ੈ ਦੇ ਵਿੱਚ ਜੋਬਨ ਖੇੜਾ,
ਹਰ ਸ਼ੈ ਦੇ ਵਿਚ ਲਾਲੀ ।
ਕਲੀਆਂ ਹਸੀਆਂ, ਗੁੰਚੇ ਮਹਿਕੇ,
ਮੌਲੇ ਜੰਗਲ ਬੇਲੇ;
ਪਰ ਸੁੱਕੇ ਉਹ ਰਹੇ ਅਭਾਗੇ,
ਜੜ੍ਹ ਨ ਜਿਨ੍ਹਾਂ ਸੰਭਾਲੀ ।

3. ਮਾਂ ਦਾ ਪਿਆਰ

ਘਟਦਾ ਨਹੀਂ ਵੰਡਿਆ ਨਹੀਂ ਜਾਂਦਾ
ਚੌੜਾ ਇਸ ਦਾ ਬੜਾ ਖਿਲਾਰ
ਧਰਤੀ ਜੇਡਾ ਇਸ ਦਾ ਘੇਰਾ
ਅਣ-ਮਿਣਿਆ ਆਕਾਸ਼-ਭੰਡਾਰ

ਇਕ ਬੱਚਾ ਗੋਦੀ ਵਿਚ ਹੋਵੇ
ਜਾਂ ਹੋਵੇ ਅੱਠਾਂ ਦੀ ਮਾਂ
ਜਿਤਨਾ ਇਕ ਦੇ ਨਾਲ ਪਿਆਰ
ਉਤਨਾ ਉਤਨਾ ਸਭ ਦੇ ਨਾਲ

ਹੱਦੋਂ ਬੰਨਿਓਂ ਪਰੇ ਪਰੇਰੇ
ਅਣਡਿੱਠ ਵੱਧੇ ਪੌਣ ਮਸਾਲ
ਫੈਲਿਆਂ ਪਤਲਾ ਪੈਂਦਾ ਨਹੀਂ ਇਹ
ਇਸ ਵਿਚ ਫ਼ਰਕ ਨਾ ਪਾਵਣ ਸਾਲ

ਸੱਠਾਂ ਸੱਤਰਾਂ ਦਾ ਹੋ ਜਾਵੇ
ਮਾਂ ਦੇ ਭਾਣੇ ਜਾਤਕ ਬਾਲ
ਮਹਿੰਗੀ ਜਿਨਸ ਮੁਹੱਬਤ ਮਾਂ ਦੀ
ਫੇਰ ਵੀ ਇਸ ਦਾ ਪਏ ਨਾ ਕਾਲ।

4. ਨਾਨਕ ਦਾ ਰੱਬ

'ਇਕ ਨਾਮ ਹੈ ਖ਼ੁਦਾ ਦਾ,
ਦੂਜਾ ਰਸੂਲ ਦਾ ਏ ।
ਮੰਨੇ ਰਸੂਲ ਨੂੰ ਤਾਂ,
ਅੱਲਾ ਕਬੂਲਦਾ ਏ ।'
ਇਹ ਭਾਵ ਮੀਆਂ ਮਿੱਠੇ,
ਤੇਰੇ ਅਸੂਲ ਦਾ ਏ ।
ਮੇਰਾ ਸਿਧਾਂਤ ਸਿੱਧਾ,
ਪੁੱਜੇ ਅਖ਼ੀਰ ਬੰਨੇ ।

ਜੋ ਇਕ ਅਕਾਲ ਮੰਨੇ,
ਮੰਨੇ ਨਾ ਮੈਨੂੰ ਮੰਨੇ ।

ਆਵੇ ਜ਼ਰੂਰ ਆਵੇ.
ਰਸਤੇ ਕਿਸੇ ਤੋਂ ਆਵੇ ।
ਪਾਵੇ ਜ਼ਰੂਰ ਪਾਵੇ,
ਰਸਤੇ ਕਿਸੇ ਤੋਂ ਪਾਵੇ ।
ਦਾਹਵਾ ਹੈ ਇਕ ਤਅੱਸੁਬ,
ਉਲਟਾ ਇਹ ਰਾਹ ਭੁਲਾਵੇ ।
ਮੋਮਨ ਨ ਸਭ ਸੁਜਾਖੇ,
ਹਿੰਦੂ ਨ ਸਾਰੇ ਅੰਨ੍ਹੇ ।

ਜੋ ਇਕ ਅਕਾਲ ਮੰਨੇ,
ਮੰਨੇ ਨਾ ਮੈਨੂੰ ਮੰਨੇ ।

ਗੋਰਾ ਯਾ ਕਾਲਾ ਸੌਂਲਾ,
ਇਹ ਰੰਗ ਵੰਨ-ਸੁਵੰਨੇ ।
ਹਰ ਰੰਗ ਵਿਚ ਉਹ ਵੱਸੇ,
ਰਹਿੰਦਾ ਹੈ ਫੇਰ ਬੰਨੇ ।
ਆਪੇ ਬਣਾਉਂਦਾ ਹੈ,
ਆਪੇ ਚਾਹੇ ਤਾਂ ਭੰਨੇ ।
ਉਹ ਲਭ ਲਿਆ ਸੀ ਵੇਖੋ,
ਪੱਥਰ ਦੇ ਵਿਚੋਂ ਧੰਨੇ ।

ਜੋ ਇਕ ਅਕਾਲ ਮੰਨੇ,
ਮੰਨੇ ਨਾ ਮੈਨੂੰ ਮੰਨੇ ।

ਹੈ ਪਸਰਿਆ ਚੁਫ਼ੇਰੇ,
ਉਹਦਾ ਪਸਾਰ ਸਾਰੇ ।
ਉਹੋ ਹੈ ਹੇਠ ਉੱਤੇ,
ਅੰਦਰ ਤੇ ਬਾਹਰ ਸਾਰੇ ।
ਦੱਸਣ ਉਸੇ ਦੀ ਕੁਦਰਤ,
ਜੰਗਲ ਪਹਾੜ ਸਾਰੇ ।
ਉਹਦੇ ਬਿਨਾਂ ਇਹ ਜਾਣੋ,
ਉਜੜੇ ਦੁਆਰ ਬੰਨੇ ।

ਜੋ ਇਕ ਅਕਾਲ ਮੰਨੇ,
ਮੰਨੇ ਨਾ ਮੈਨੂੰ ਮੰਨੇ ।

ਸ਼ਾਂਤੀ ਦਾ ਘਰ ਹੈ ਮਜ਼ਹਬ,
ਮੱਲਾਂ ਦਾ ਨਹੀਂ ਅਖਾੜਾ ।
ਇੱਥੇ ਨਾ ਪਹੁੰਚ ਸੱਕੇ,
ਦੂਈ, ਦਵੈਤ ਸਾੜਾ ।
ਹਦ ਏਸ ਦੀ ਸਚਾਈ,
ਸੱਚ ਏਸ ਦਾ ਹੈ ਵਾੜਾ ।
ਨਿਸਚਾ ਟਿਕਾ ਤੇ ਟਿੱਕੇ,
ਵਹਦਤ ਦੇ ਪੀਵੇ ਛੰਨੇ ।

ਜੋ ਇਕ ਅਕਾਲ ਮੰਨੇ,
ਮੰਨੇ ਨਾ ਮੈਨੂੰ ਮੰਨੇ ।

ਸਭ ਪੁਤਲੀਆਂ ਨਚਾਂਦਾ,
ਇੱਕੋ ਉਹ ਤਾਰ ਵਾਲਾ ।
ਰਸ ਦੇਂਵਦਾ ਹੈ ਜੜ੍ਹ ਨੂੰ,
ਇੱਕੋ ਬਹਾਰ ਵਾਲਾ ।
ਗੁਣ ਓਸ ਦੇ ਨੇ ਸਾਰੇ,
ਓਹੋ ਭੰਡਾਰ ਵਾਲਾ ।
ਓਸੇ ਨੇ ਰਸ ਰਸਾਇਆ,
ਭਰਿਆ ਜੋ ਵਿੱਚ ਗੰਨੇ ।

ਜੋ ਇਕ ਅਕਾਲ ਮੰਨੇ,
ਮੰਨੇ ਨਾ ਮੈਨੂੰ ਮੰਨੇ ।

ਹੈ ਬੀਜ ਦੀ ਹੀ ਬਰਕਤ,
ਪਰ ਬੀਜ ਕਿਸ ਉਗਾਇਆ ?
ਅਕਲਾਂ ਦੇ ਚਮਤਕਾਰੇ,
ਪਰ ਅਕਲ ਕਿਸ ਸਿਖਾਇਆ ?
ਅਸਲੂੰ ਹੈ ਮੂਲ ਕਿਹੜਾ ?
ਆਇਆ, ਕਿ ਜੋ ਲਿਆਇਆ ?
ਜੜ੍ਹ ਤੋਂ ਬਗੈਰ ਉਪਜਣ,
ਨ ਡਾਲੀਆਂ ਨ ਤਨੇ ।

ਜੋ ਇਕ ਅਕਾਲ ਮੰਨੇ,
ਮੰਨੇ ਨਾ ਮੈਨੂੰ ਮੰਨੇ ।

ਪੰਛੀ ਜਨੌਰ ਸਬਜ਼ੀ,
ਕੁਦਰਤ ਬਣਾਏ ਜੋੜਾ ।
ਇੱਕੇ ਬਿਰਛ ਦੇ ਫਲ ਨੇ,
ਮਿੱਠਾ ਤੇ ਕੋਈ ਕੌੜਾ ।
ਪਰਬਤ ਹੈ ਯਾ ਕਿ ਤੀਲਾ,
ਕੋਈ ਨਹੀਂ ਬਿਲੋੜਾ ।
ਦਰਸਾਉਂਦੇ ਨੇ ਏਹੋ,
ਕੁਦਰਤ ਦੇ ਸਭ ਇਹ ਪੰਨੇ ।

ਜੋ ਇਕ ਅਕਾਲ ਮੰਨੇ,
ਮੰਨੇ ਨਾ ਮੈਨੂੰ ਮੰਨੇ ।

5. ਕਲਗੀਧਰ

ਕਲ੍ਹ ਦੀਆਂ ਘੜੀਆਂ ਨੂੰ ਮੈਂ,
ਅੱਜ ਲਿਆਵਾਂ ਕਿਸ ਤਰ੍ਹਾਂ ?
ਵੀਹਵੀਂ ਸਦੀ ਤੋਂ ਪਰਤਕੇ,
ਪਿੱਛੇ ਨੂੰ ਜਾਵਾਂ ਜਿਸ ਤਰ੍ਹਾਂ ?
ਸੌਦਾ-ਗਰਾਂ ਨੂੰ ਇਸ਼ਕ ਦੀ,
ਮੁਰਲੀ ਸੁਣਾਵਾਂ ਕਿਸ ਤਰ੍ਹਾਂ ?
ਉਸ ਸਾਜ਼ 'ਤੇ ਇਸ ਰਾਗ ਦੇ,
ਨਗ਼ਮੇ ਨੂੰ ਗਾਵਾਂ ਕਿਸ ਤਰ੍ਹਾਂ ?

ਗੁਜ਼ਰੀ ਘੜੀ ਬੇਸ਼ੱਕ ਪਿੱਛੇ,
ਪਰਤ ਕੇ ਨਹੀਂ ਆਉਂਦੀ,
ਗੁਜ਼ਰੇ ਸਮੇਂ ਦੀ ਯਾਦ ਪਰ,
ਦਿਲ ਤੋਂ ਨਾ ਮੇਟੀ ਜਾਉਂਦੀ ।

ਯਾਦ ਸੱਚ-ਮੁੱਚ ਯਾਦ ਹੈ,
ਹੋਵੇ ਕਿਸੇ ਵੀ ਦੌਰ ਦੀ ।
ਦਿਲ ਦਿਆਂ ਪੰਨਿਆਂ ਉੱਤੇ,
ਉੱਕਰੀ ਗਈ ਜੋ ਜ਼ੋਰ ਦੀ ।
ਉਸ ਨੂੰ ਸਮਾਂ ਨਹੀਂ ਛੋੜਦਾ,
ਉਹ ਸਮੇਂ ਨੂੰ ਨਹੀਂ ਛੋੜਦੀ ।
ਕਿਸੇ ਨੇ ਭੁਲਾਈ ਹੈ ਕਥਾ,
ਸਿਰਹੰਦ ਦੀ, ਚਮਕੌਰ ਦੀ ।
ਆਪਣਾ ਹੈ ਹਿਰਦਾ ਬੋਲਦਾ,
ਆਵਾਜ਼ ਨਹੀਂ ਹੈ ਹੋਰ ਦੀ ।

ਸਦੀਆਂ ਸਾਲਾਂ ਦੀ ਵਿੱਥ,
ਬੇਸ਼ੱਕ ਪਰਦੇ ਪਾਉਂਦੀ ।
ਯਾਦ ਪਰ ਮਜਬੂਰ ਹੈ,
ਟੁੰਬ ਟੁੰਬ ਕੇ ਚੇਤੇ ਆਉਂਦੀ ।

ਦਿਲ ਦੀਆਂ ਨੁੱਕਰਾਂ ਨੂੰ ਡੂੰਘਾ,
ਜਦ ਕਦੇ ਵੀ ਫੋਲਿਆ ।
ਮਨ ਦੀਆਂ ਸੱਧਰਾਂ ਨੂੰ ਮਨ ਵਿਚ,
ਜਦ ਕਦੇ ਵੀ ਤੋਲਿਆ ।
ਆਪਣਾ ਇਹ ਅੰਦਰਲਾ, ਹਾਂ
ਜਦ ਕਦੇ ਵੀ ਬੋਲਿਆ ।
ਪ੍ਰੀਖਿਆ ਦਾ ਖ਼ਿਆਲ ਵੀ,
ਕਰ ਕਰ ਕੇ ਡਰਿਆ, ਡੋਲਿਆ ।

ਵੱਖਰਾ ਮੰਦਰ ਹੈ ਇਹ,
ਇਸ ਦੀ ਅਬਾਦਤ ਵੱਖਰੀ ।
ਵੱਖਰਾ ਮਰਨਾ ਹੈ ਇਹ,
ਇਹ ਹੈ ਸ਼ਹਾਦਤ ਵੱਖਰੀ ।

ਮੁਰਦੀਆਂ ਕੌਮਾਂ ਦੇ ਵਿਚ,
ਓ, ਜਾਨ ਪਾਵਣ ਵਾਲਿਆ !
ਵਿਤਕਰੇ ਸਭ ਮੇਟ ਕੇ,
ਅੰਮ੍ਰਿਤ ਪਿਆਵਣ ਵਾਲਿਆ !
ਜਬਰਾਂ ਦੇ ਉੱਸਰੇ ਮਹਿਲ,
ਦੇ ਸਰਬੰਸ ਢਾਵਣ ਵਾਲਿਆ !
ਦੁਨੀਆਂ ਨੂੰ ਆਪਾ-ਵਾਰਦਾ,
ਰਸਤਾ ਵਖਾਵਣ ਵਾਲਿਆ !

ਮੂੰਹ-ਜ਼ਬਾਨੀ ਤਾਂ ਬੇਸ਼ੱਕ,
ਤੇਰਾ ਹੀ ਜੱਸ ਹਾਂ ਗਾਉਂਦੇ ।
ਰਸਤਾ ਮਗਰ ਫੜਦੇ ਨਹੀਂ,
ਹਾਂ ਪਛੜਦੇ ਹੀ ਜਾਉਂਦੇ ।

6. ਦਾਸ ਦੀ ਮੌਤ

ਜਦ ਇਕ ਸੀ, ਆਸਾਨ ਸੀ,
ਵਿਚ ਜਿਸਮ ਦੇ ਬੰਦ ਜਾਨ ਸੀ,
ਹੁਣ ਇਕ ਨਹੀਂ ਉਹ ਦੋ ਨਹੀਂ,
ਤਿੰਨ ਚਾਰ ਯਾ ਪੰਜ ਸੌ ਨਹੀਂ,
ਜੇ ਪਕੜਨੇ ਦੀ ਲੋੜ ਹੈ,
ਸਮਝੋ ਉਹ ਤੇਤੀ ਕਰੋੜ ਹੈ,
ਨਹੀਂ! ਏਸ ਤੋਂ ਵੀ ਵੱਧ ਹੈ,
ਉਹਦੀ ਨਾ ਕੋਈ ਹੱਦ ਹੈ,
ਹੁਣ ਪਕੜ ਲੋ, ਹੁਣ ਪਕੜ ਲੋ,
ਪਕੜੋਗੇ ਕੀ? ਪਕੜੋਗੇ ਕੀ?
ਕੀਕਣ ਪਛਾਣੋ ਓਹ ਹੈ?
ਉਹਦੀ ਤਾਂ ਕੇਵਲ ਛੋਹ ਹੈ,
ਹੁਣ ਜਿਸਮ ਨਹੀਂ ਉਹ ਜਾਨ ਹੈ,
ਜਾਨਾਂ ਦੀ ਕੀ ਪਹਿਚਾਣ ਹੈ?
ਉਹ ਚਲ ਗਿਆ, ਉਹ ਚਲ ਗਿਆ,
ਵਿਚ ਰਲ ਗਿਆ, ਵਿਚ ਰਲ ਗਿਆ,
ਆਪਣੀ ਵੀ ਤੂੰ ਜ਼ੰਜੀਰ ਤੱਕ,
ਛੁੱਟਣ ਦੀ ਵੀ ਤਦਬੀਰ ਤੱਕ,
ਹੁਣ ਪਕੜ ਲੋ, ਹੁਣ ਪਕੜ ਲੋ,
ਪਕੜੋਗੇ ਕੀ? ਪਕੜੋਗੇ ਕੀ?
ਪਕਾ ਕਰੋ ਦਸਤੂਰ ਨੂੰ,
ਜਾ ਫੜ ਲਵੋ ਮਫ਼ਰੂਰ ਨੂੰ,
ਇਕ ਵੀ ਨਹੀਂ ਪਰ ਸਭ ਹੈ,
ਏਸੇ ਲਈ ਦੁਰਲਭ ਹੈ,
ਮਾਦੀ ਨਹੀਂ ਹੁਣ ਨੂਰ ਹੈ,
ਪਕੜਨ ਦੀ ਹੱਦੋਂ ਦੂਰ ਹੈ,
ਭੱਜਣ ਸਮੇਂ ਕੀ ਕਹਿ ਗਿਆ,
ਮੈਂ ਅਹਿ ਗਿਆ, ਮੈਂ ਅਹਿ ਗਿਆ,
ਹੁਣ ਪਕੜ ਲੋ, ਹੁਣ ਪਕੜ ਲੋ,
ਪਕੜੋਗੇ ਕੀ? ਪਕੜੋਗੇ ਕੀ?
ਕਤਰਾ ਸੀ ਜਾਂ ਖ਼ਤਰਾ ਸੀ ਤਾਂ,
ਦਰਯਾ ਵਿਚੋਂ ਵੱਖਰਾ ਸੀ ਜਾਂ,
ਚਲਿਆ ਜਾਂ ਬੁੱਤ ਨੂੰ ਤੋੜ ਕੇ,
ਫ਼ਿਰ ਕੌਣ ਰਖਦਾ ਹੋੜ ਕੇ,
ਅੱਡ ਹੋਣ ਦਾ ਜੋ ਖੇਲ ਸੀ,
ਅਸਲ ਦੇ ਵਿਚ ਉਹ ਮੇਲ ਸੀ,
ਨਾ ਔਹ ਗਿਆ ਨਾ ਅਹਿ ਗਿਆ,
ਸਭਨਾਂ ਦੇ ਦਿਲ 'ਤੇ ਬਹਿ ਗਿਆ,
ਹੁਣ ਪਕੜ ਲੋ, ਹੁਣ ਪਕੜ ਲੋ,
ਪਕੜੋਗੇ ਕੀ? ਪਕੜੋਗੇ ਕੀ?
ਪਹਿਲਾਂ ਸੀ ਅਪਣੀ ਜਾਨ ਵਿਚ,
ਹੁਣ ਸਾਰੇ ਹਿੰਦੁਸਤਾਨ ਵਿਚ,
ਹਿੰਦੂ ਤੇ ਮੁਸਲਮਾਨ ਵਿਚ,
ਹਾਂ ਗ਼ੈਰ ਦੀ ਵੀ ਜ਼ਬਾਨ ਵਿਚ
ਹਨ ਲੋਕ ਕਹਿੰਦੇ ਮਰ ਗਿਆ,
ਉਹ ਬੀਰ ਸੀ ਹੋ ਅਮਰ ਗਿਆ,
ਜੀਹਦਾ ਕਿ ਮਨ ਆਜ਼ਾਦ ਹੈ,
ਆਜ਼ਾਦ! ਉਹ ਅਜ਼ਾਦ ਹੈ,
ਹੁਣ ਪਕੜ ਲੋ, ਹੁਣ ਪਕੜ ਲੋ,
ਪਕੜੋਗੇ ਕੀ? ਪਕੜੋਗੇ ਕੀ?
ਕੀ ਫਾਇਦਾ ਹੁਣ ਜੇਲ੍ਹ ਦਾ,
ਕੀ ਫਾਇਦਾ ਇਸ ਖੇਲ੍ਹ ਦਾ,
ਕੜੀਆਂ ਤੇ ਕੰਧਾਂ ਭਾਰੀਆਂ,
ਹੋਈਆਂ ਨਿਕੰਮੀਆਂ ਸਾਰੀਆਂ,
ਹੁਣ ਕੈਦ ਵਿਚ ਘੁਲਾਂਗੇ ਨਾ,
ਜੇਲ੍ਹਾਂ ਦੇ ਵਿਚ ਰੁਲਾਂਗੇ ਨਾ,
ਇਹ ਦਾਸ ਬਾਬੂ ਦੱਸ ਗਿਆ,
ਦੋਪਹਿਰ ਵੇਲੇ ਨੱਸ ਗਿਆ,
ਹੁਣ ਪਕੜ ਲੋ, ਹੁਣ ਪਕੜ ਲੋ,
ਪਕੜੋਗੇ ਕੀ? ਪਕੜੋਗੇ ਕੀ?

(ਦਾਸ=ਅਮਰ ਸ਼ਹੀਦ-ਜਤਿੰਦਰ ਨਾਥ ਦਾਸ ਉਰਫ ਜਤਿਨ ਦਾਸ)
('ਜੀਵਨ ਪੰਧ' ਵਿਚੋਂ)

7. ਪੰਜਾਬ

ਜੰਮੇ, ਪਲੇ, ਖੇਡੇ ਏਸੇ ਧਰਤ ਉੱਤੇ,
ਡਾਢੀ ਏਸ ਦੀ ਖਿੱਚ ਪਿਆਰ ਦੀ ਏ ।
ਛਿੜੀ ਤਾਂਘ ਦੀ ਸਦਾ ਝਰਨਾਟ ਰਹਿੰਦੀ,
ਐਸੀ ਵੱਜੇ ਕੋਈ ਤਾਰ ਬੇ-ਤਾਰ ਦੀ ਏ ।
ਮਾਝਾ, ਮਾਲਵਾ, ਮੈਣ-ਦੁਆਬ ਲੰਮਾ,
ਸੁੰਦਰ ਧਰਤ ਦਿਸ ਆਉਂਦੀ ਬਾਰ ਦੀ ਏ ।
ਸਤਿਲੁਜ, ਬਿਆਸ, ਰਾਵੀ ਤੇ ਝਨਾਂ ਸੁਹਣੇ,
ਹੁੰਦੀ ਸਿਫ਼ਤ ਨਾ ਜਿਹਲਮੋਂ ਪਾਰ ਦੀ ਏ ।

ਪਾਸੇ ਉੱਤਰ ਦੇ ਉੱਤਰੇ ਕੋਈ ਜਾ ਕੇ,
ਸੁੱਕੇ ਸੜੇ ਦੀ ਜਾਨ ਵੀ ਹਰੀ ਹੋਵੇ ।
ਪਾਣੀ ਪੌਣ ਕਸ਼ਮੀਰ ਅਕਸੀਰ ਜਾਣੋ,
'ਮਰੀ' ਗਿਆਂ ਬਚ ਜਾਏ ਜੋ ਮਰੀ ਹੋਵੇ ।

ਵੇਖੇ ਪਿੰਡਾਂ ਦਾ ਕੋਈ ਪ੍ਰਭਾਤ ਵੇਲਾ,
ਵਿਚ ਚਾਟੀਆਂ ਵੱਜਣ ਮਧਾਣੀਆਂ ਜਾਂ ।
ਲੱਸੀ, ਮੱਖਣ, ਪਰਾਂਉਠੇ, ਛਾਹ ਵੇਲਾ,
ਤੁਰਨ ਪੈਲੀਆਂ ਵਲ ਸੁਆਣੀਆਂ ਜਾਂ ।
ਨਹਿਰਾਂ ਪੈਂਦੀਆਂ, ਲੱਗੀਆਂ ਖ਼ੂਬ ਲਹਿਰਾਂ,
ਦਿਸਣ ਖੇਤੀਆਂ ਸੁੰਦਰ ਸੁਹਾਣੀਆਂ ਜਾਂ ।
ਦਿੱਸੀ ਮੌਜ ਨਾ ਸਾਡਿਆਂ ਪਿੰਡਾਂ ਵਰਗੀ,
ਅਸਾਂ ਸਾਰੀਆਂ ਗਲੀਆਂ ਛਾਣੀਆਂ ਜਾਂ ।

ਦਹੀਂ ਦੁੱਧ ਦੇ ਵਹਿਣ ਦਰਿਆ ਏਥੇ,
ਰੱਬ ਵਾਲੀਆਂ ਬਰਕਤਾਂ ਭਾਰੀਆਂ ਨੇ ।
ਪਈ ਧਾਂਕ ਪੰਜਾਬੀਆਂ ਜੋਧਿਆਂ ਦੀ,
ਯੂਰਪ ਜੰਗ ਅੰਦਰ ਤੇਗ਼ਾਂ ਮਾਰੀਆਂ ਨੇ ।

ਸੋਹਣੀ ਏਸ ਪੰਜਾਬ ਦੀ ਧਰਤ ਉੱਤੇ,
ਨਾਨਕ ਜਹੇ ਹੋਏ ਪੂਰੇ ਪੀਰ ਵੀ ਹਨ ।
ਚਿਸ਼ਤੀ , ਸ਼ਾਹ ਹੁਸੈਨ, ਗੁਰਦਾਸ, ਛੱਜੂ,
ਕਾਹਨੇ ਭਗਤ ਜਿਹੇ ਹੋਏ ਫ਼ਕੀਰ ਵੀ ਹਨ ।
ਤੀਰਥ ਰਾਮ ਜੀ ਮਸਤ ਅਲਮਸਤ ਹੋਏ,
ਅਰਜਨ ਗੁਰੂ ਜਹੇ ਗਹਿਰ ਗੰਭੀਰ ਵੀ ਹਨ ।
ਕਲਗੀਧਰ ਤੇ ਸ਼ੇਰਿ-ਪੰਜਾਬ ਵੀ ਹਨ,
ਨਲੂਏ, ਭੱਟੀ ਵਰਗੇ ਮਰਦ ਬੀਰ ਵੀ ਹਨ ।

ਜਲ੍ਹਣ ਜੱਟ, ਸ਼ਾਹ ਫ਼ਜ਼ਲ ਤੇ ਸ਼ਾਹ ਵਾਰਸ,
ਬੁਲ੍ਹੇ ਜਿਹੇ ਹਨ ਜਾਦੂ-ਬਿਆਨ ਜਿਸ ਦੇ ।
ਕਿਉਂ ਨਾ ਏਸ ਪੰਜਾਬ ਤੇ ਫ਼ਖ਼ਰ ਕਰੀਏ,
ਕਿੱਕਰ ਸਿੰਘ, ਗ਼ੁਲਾਮ, ਭਲਵਾਨ ਜਿਸ ਦੇ ।

ਰੱਬੀ ਰਹਿਮਤਾਂ ਖ਼ੂਬੀਆਂ ਹੋਣ ਕਰ ਕੇ,
ਸਾਰੇ ਦੇਸ਼ ਦਾ ਕਹਿਣ ਸ਼ਿੰਗਾਰ ਇਸ ਨੂੰ ।
ਭਾਰਤ ਵਰਸ਼ ਦੀ ਰਾਤ ਦਿਨ ਕਰੇ ਰਾਖੀ,
ਤਾਹੀਉਂ ਆਖਦੇ ਨੇ ਪਹਿਰੇਦਾਰ ਇਸ ਨੂੰ ।
ਰੋਜ਼ੀ ਭੇਜਦਾ ਦੇਸ਼ ਬਦੇਸ਼ ਅੰਦਰ,
ਕਹਿਣਾ ਫਬਦਾ ਠੀਕ ਦਾਤਾਰ ਇਸ ਨੂੰ ।
ਚਿੱਟੀ ਦੁੱਧ ਚਾਦਰ ਲੱਗਾ ਦਾਗ਼ ਉੱਤੇ,
ਤਾਂ ਜੋ ਹੋ ਨਾ ਜਾਏ ਹੰਕਾਰ ਇਸ ਨੂੰ ।

ਇਹਦੇ ਪੁੱਤ ਰੰਗੀਲੜੇ ਛੈਲ ਬਾਂਕੇ,
ਬੋਲੀ ਆਪਣੀ ਮਨੋਂ ਭੁਲਾਈ ਜਾਂਦੇ ।
ਪਿੱਛੇ ਸਿੱਪੀਆਂ ਦੇ ਖਾਂਦੇ ਫਿਰਨ ਗੋਤੇ,
ਪੰਜ ਆਬ ਦਾ ਮੋਤੀ ਰੁਲਾਈ ਜਾਂਦੇ ।

8. ਕਵੀ ਦਾ ਨਸ਼ਾ

ਮੁਦਤਾਂ ਲੰਘੀਆਂ ਘੁਟ ਨਹੀਂ ਪੀਤੀ,
ਬਦਲੀ ਨੇ ਬਦਲਾਈਆਂ ਨੀਤਾਂ ।
ਵੇਖ ਸੁਰਾਹੀ ਵੇਖ ਪਿਆਲਾ,
ਟੁਟ ਗਈ ਤੋਬਾ, ਭੁਲ ਗਈਆਂ ਰੀਤਾਂ ।
ਮੌਸਮ ਨਾਲ ਹਵਾਵਾਂ ਬਦਲਣ,
ਜਾਗਣ ਸਮਿਆਂ ਨਾਲ ਪ੍ਰੀਤਾਂ;
ਉਧਰੋਂ ਕਿਣਮਿਣ ਕਣੀਆਂ ਲਾਈ,
ਇਧਰੋਂ ਝੜੀਆਂ ਲਾਈਆਂ ਗੀਤਾਂ ।

ਬਦਲੀ ਉਧਰ ਆਕਾਸ਼ੀਂ ਛਾਈ,
ਨਕ ਨਕ ਭਰੀਆਂ ਇਧਰ ਸੁਰਾਹੀਆਂ;
ਪੀ ਪੀ ਪਿਆ ਪਪੀਹਾ ਕਰਦਾ,
ਬਨ ਵਿਚ ਪੈਲਾਂ ਮੋਰਾਂ ਪਾਈਆਂ ।
ਨੈਣਾਂ ਵਿੱਚ ਦਿਲ ਸਧਰਾਂ ਭਰ ਕੇ,
ਪਈਆਂ ਵਿਖਾਵਣ ਸੱਜ ਵਿਅਹੀਆਂ;
ਪੈਰ ਨਾ ਵਿਹੜਿਓਂ ਕਢਣਾ ਮਾਹੀਆ,
ਸਾਈਂ ਅਸਾਡੇ ਝੜੀਆਂ ਲਾਈਆਂ ।

ਪੌਣ ਰਸੀ ਨਾਲੇ ਰਸ ਗਈਆਂ,
ਸੁਕੀਆਂ ਕਲਮਾਂ ਨਾਲ ਸਿਆਹੀਆਂ;
ਹਿਰਦੇ ਦੀ ਕਿਸੇ ਨੁਕਰੇ ਸੁਤੀਆਂ,
ਤਾਂਘਾਂ ਬਦਲਾਂ ਗਰਜ ਜਗਾਈਆਂ ।
ਖਿੰਡੀਆਂ ਪਈਆਂ ਗੁਆਚੀਆਂ ਆਸਾਂ,
ਗੁੰਦ ਗੁੰਦ ਲੜੀਆਂ ਵਿਚ ਪੁਰਾਈਆਂ ।
ਉਪਮਾ, ਰਸ ਭਰਿਆਂ, 'ਲੰਕਾਰਾਂ,
ਭੂਸ਼ਣ ਭਾਵਾਂ ਨਾਲ ਸਜਾਈਆਂ ।

ਰੂਪ ਵਟਾਇਆ ਖ਼ਿਆਲ ਉਡਾਰੀ,
ਪਰੀਆਂ ਉਤਰ ਅਕਾਸ਼ੋਂ ਆਈਆਂ ।
ਤੁਠ ਵਸਿਆ ਜਦ ਸ਼ਾਹ ਅਸਮਾਨੀ,
ਵੰਡ ਵੰਡ ਦਾਤਾਂ ਝੋਲੀ ਪਾਈਆਂ ।
ਰੋਗ ਫ਼ਿਕਰ ਦਾ ਦਾਤ ਕਵੀ ਦੀ,
ਐਪਰ ਦਿਤੀਆਂ ਨਾਲ ਦਵਾਈਆਂ:
ਗੁਮ ਜਾਵੇ ਜੇ ਗੁਮਣਾ ਚਾਹਵੇ,
ਵਿਚ ਮਸਤੀ ਵਿਚ ਬੇਪਰਵਾਹੀਆਂ ।

(ਸਿਆਲਕੋਟ ਜੇਲ੍ਹ,੧੫-੬-੪੪)

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ