Punjabi Poetry : S.S.Charan Singh Shaheed

ਪੰਜਾਬੀ ਕਵਿਤਾਵਾਂ : ਚਰਨ ਸਿੰਘ ਸ਼ਹੀਦ

1. ਜੀਭ

ਬੋਟੀ ਤੋਲਾ ਨਰਮ ਮਾਸ ਦੀ, ਬਣ ਜਾਇ ਤੇਜ਼ ਕਰਾਰੀ ਜੀਭ
ਲਕੜੀ ਵਾਂਗ ਦਿਲਾਂ ਨੂੰ ਚੀਰੇ, ਬਿਨ ਦੰਦਿਆਂ ਦੇ ਆਰੀ ਜੀਭ
ਓ ਬੜਬੋਲੇ ਮੂੰਹ ਭੈੜੇ ਥੀਂ, ਗੱਲ ਤਾਂ ਚੰਗੀ ਕਰਿਆ ਕਰ,
ਚੁਲ੍ਹੇ ਮੂੰਹ ਵਿਚ ਧੁਖਦੀ ਭਖ਼ਦੀਂ, ਦਿੱਸੇ ਤੇਰੀ ਅੰਗਾਰੀਂ ਜੀਭ
ਸਤਿਆਨਾਸ ਨਾ ਹਿੰਦ ਦਾ ਹੁੰਦਾ ਛਿੜ ਕੇ ਕੌਰਵ-ਪਾਂਡੋ ਜੰਗ,
ਜੇ ਦਰੋਪਦੀ ਸਾਂਭੀ ਰਖਦੀ ਮੂੰਹ ਵਿਚ ਤੇਗ਼-ਦੁਧਾਰੀ ਜੀਭ
ਯਾ ਅੱਲਾ, ਨਿਭ ਸਕੇ ਕਿਸ ਤਰ੍ਹਾਂ, ਉਸ ਕਾਫ਼ਰ ਸੰਗ ਮੇਰਾ ਪ੍ਰੇਮ,
ਸੂਰਤ ਚੰਗੀ ਭਾਵੇਂ ਉਸ ਦੀ, ਪਰ ਹੈ ਬੜੀ ਨਿਕਾਰੀ ਜੀਭ
ਮੁਸ਼ਕੀ-ਰੰਗੇ ਪ੍ਰੀਤਮ ਨੂੰ ਮੈਂ ਕਿਹਾ, 'ਬੋਲਿਆ ਕਰ ਮਿੱਠਾ'
ਆਖਣ ਲੱਗਾ 'ਸਲੂਣੇ ਮੂੰਹ ਵਿਚ ਚਾਹੀਏ ਬੜੀ ਕਰਾਰੀ ਜੀਭ
ਬੜੇ ਬੜੇ ਜੋਧੇ ਜੋ ਡਰਦੇ ਨਹੀਂ ਤੋਪਾਂ ਬੰਦੂਕਾਂ ਤੋਂ,
ਸਹਿਮ ਜਾਣ, ਜਦ ਵਾਂਗ ਪਟਾਕੇ ਛਡਦੀ ਘਰ ਦੀ ਨਾਰੀ ਜੀਭ
ਰਬੜੋਂ ਨਰਮ, ਫੁਲਾਂ ਤੋਂ ਹੌਲੀ, ਨਾ ਹੱਡੀ ਨਾ ਪਸਲੀ ਮੂਲ,
ਫਿਰ ਭੀ ਬਣ ਜਾਇ ਤੇਜ਼ ਤੀਰ ਤੋਂ ਤੇ ਪਰਬਤ ਤੋਂ ਭਾਰੀ ਜੀਭ
ਜੀਭ ਚੜ੍ਹਾਏ ਹਾਥੀ ਉਤੇ, ਜੀਭ ਲਤਾੜੇ ਹਾਥੀ ਪੈਰ,
ਜੀਭ ਸ਼ੱਤਰੂ ਮਿਤ੍ਰ ਬਣਾਵੇ, ਤੋੜੇ ਰਿਸ਼ਤੇਦਾਰੀ ਜੀਭ
ਵਾਂਗ ਮਸ਼ੂਕਾਂ, ਵਿਚ ਚੁਬਾਰੇ, ਨੱਚੇ, ਟੱਪੇ, ਭੁੜਕੇ ਖੂਬ,
ਦੰਦਾਂ ਨੂੰ ਹੈ ਚਿਕਾਂ ਸਮਝਦੀ ਤੇ ਬੁਲ੍ਹਾਂ ਨੂੰ ਬਾਰੀ ਜੀਭ
ਬੱਤੀ ਪਹਿਰੇਦਾਰ ਬਿਠਾਏ ਰੱਬ ਨੇ ਇਸ ਨੂੰ ਕਰਕੇ ਕੈਦ,
ਫਿਰ ਭੀ ਮਾਰ ਦੂਰ ਤਕ ਕਰਦੀ ਚੰਡੀ-ਔਗੁਣਹਾਰੀ ਜੀਭ
ਬੋਲੇ ਦੀ ਸੀ ਵਹੁਟੀ ਸੁੰਦਰ ਕਹਿਣ ਲਗਾ 'ਹੈ ਡਾਢੀ ਮੌਜ,
ਸ਼ਕਲ ਦੇਖ ਕੇ ਰਜ ਜਾਂਦੇ ਹਾਂ, ਦੁਖ ਦੇਂਦੀ ਨਹੀਂ ਭਾਰੀ ਜੀਭ
ਸ਼ੇਰ-ਮੱਥਿਓਂ ਫੱਟ ਮਿਲ ਗਿਆ, ਥੋੜੇ ਦਿਨੀਂ ਕੁਹਾੜੇ ਦਾ,
ਪਰ ਨਾ ਮਿਟਿਆ ਘਾਉ ਰਿਦੇ ਦਾ ਜੋ ਸੀ ਲਾਯਾ ਕਾਰੀ, ਜੀਭ
ਜਿਉਂ ਰਾਹ ਵਿਚੋਂ ਤਿੱਖਾ ਕੰਡਾ, ਜੜ੍ਹ ਤੋਂ ਹਨ ਸਭ ਪੁਟ ਸੁਟਦੇ,
ਦਿਲ ਕਰਦਾ ਹੈਂ ਬਦਜ਼ਬਾਨ ਦੀ ਖਿਚ ਸੁਟੀਏ, ਤਿਉਂ ਸਾਰੀ ਜੀਭ
'ਸੁਥਰਾ' ਕਦੀ ਨ ਬੋਲੇ ਕੁਥਰਾ, ਜੀਭ ਲਗਾਮਾਂ ਕੱਸ ਰਖਦਾ,
ਨਰ-ਦਿਮਾਗ਼ ਦੇ ਤਾਬੇ ਰਖਦਾ ਪਤੀਬ੍ਰੱਤਾ ਸਮ ਨਾਰੀ ਜੀਭ

2. ਮਿੱਠਾ ਜ਼ਹਿਰ

ਤਿੰਨ ਯਾਰ ਸਨ ਖੱਟਣ ਜਾਂਦੇ ਅੱਗੋਂ ਮਿਲਿਆ ਸਾਧੂ
ਸਾਹ ਚੜ੍ਹਿਆ, ਹਫ਼ਿਆ ਅਤਿ ਘਰਕੇ, ਰੌਲਾ ਪਾਵੇ ਵਾਧੂ
ਕਹਿਣ ਲੱਗਾ 'ਉਸ ਬਿਰਛ ਹੇਠ ਮੈਂ ਕੁੰਡ ਜ਼ਹਿਰ ਦਾ ਡਿੱਠਾ
ਵਿਹੁ ਚੜ੍ਹਦੀ ਹੈ ਦੂਰੋਂ ਤਕਿਆਂ ਪਰ ਖਾਵਣ ਵਿਚ ਮਿੱਠਾ'
ਹੋ ਅਸਚਰਜ ਉਥੇ ਜਦ ਪੁੱਜੇ, ਆਯਾ ਨਜਰ ਖਜ਼ਾਨਾ
ਹੀਰੇ, ਮੋਤੀ, ਸੋਨਾ, ਚਾਂਦੀ, ਓਰ ਨ ਛੋਰ ਠਿਕਾਨਾ
ਕਹਿਣ ਲੱਗੇ 'ਓ ਮੂਰਖ ਬਾਵੇ ! ਏਹ ਤਾਂ ਦੇਲਤ ਭਾਰੀ
'ਰਾਜੇ ਭੀ ਹਨ ਭੁੱਖੇ ਜਿਸ ਦੇ, ਤਰਸਨ ਸਭ ਨਰ ਨਾਰੀ'
ਸਾਧੂ ਡਰ ਕੇ ਪਿਛੇ ਹਟਿਆ 'ਨਾ ਬਾਬਾ ! ਵਿਸ ਭਾਰਾ
'ਮੈਂ ਤਾਂ ਇਸ ਨੂੰ ਹਥ ਨ ਲਾਵਾਂ, ਢਕੋ ਖਾਕ ਪਾ ਸਾਰਾ'
ਇਹ ਕਹਿ ਸਾਧੂ ਚਲਦਾ ਬਣਿਆ, ਤਿੰਨੇ ਸਜਨ ਗੁੜ੍ਹਕੇ
ਉਛਲਣ, ਕੁੱਦਣ, ਛਾਲਾਂ ਮਾਰਨ, ਖਿੜ ਖਿੜ ਹੱਸੇ ਲੁੜ੍ਹਕੇ:-
'ਵਾਹਵਾ ਕਿਸਮਤ ਨਾਲ ਖ਼ਜ਼ਾਨਾ, ਇਤਨਾ ਬੜਾ ਥਿਆਯਾ
ਪਿਛਲੇ ਜੁਗ ਦਾ ਪੁੰਨ ਦਾਨ ਕੋਈ ਸਾਡੇ ਅਗੇ ਆਯਾ'
ਇਕ ਨੂੰ ਰੋਟੀ ਲੈਣ ਭੇਜਿਆ, ਬੈਠ ਰਹੇ ਦੋ ਰਾਖੀ
ਸੋਚ ਸੋਚ ਕੇ ਇਕ ਯਾਰ ਨੇ ਦੂਜੇ ਨੂੰ ਗਲ ਆਖੀ:-
ਕਯੋਂ ਨਾ ਦੋਵੇਂ ਤੀਜੇ ਤਾਈਂ ਕਤਲ ਇਥੇ ਹੀ ਕਰੀਏ ?
ਦੂਜੇ ਕਿਹਾ 'ਠੀਕ ਹੈ ਅੱਧੇ ਅੱਧ ਘਰੀਂ ਜਾ ਧਰੀਏ'
ਉਧਰ ਤੀਜੇ ਨੇ ਮਨ ਵਿਚ ਮਿਥ ਕੇ, ਖਾਣੇ ਜ਼ਹਿਰ ਮਿਲਾਯਾ
ਕੱਲਿਆਂ ਹੀ ਧਨ ਸਾਂਭਣ ਖਾਤਿਰ, ਜ਼ਹਿਰੀ ਫੰਦਾ ਲਾਇਆ
ਇਨ੍ਹਾਂ ਦੁਹਾਂ ਕਰ ਕਤਲ ਓਸ ਨੂੰ, ਰਜਕੇ ਖਾਣਾ ਖਾਇਆ
ਤਿੰਨੇ ਮਰੇ ਖ਼ਜ਼ਾਨਾ ਓਵੇਂ ਰਿਹਾ ਨ ਕਿਸੇ ਉਠਾਯਾ
ਜਗ ਤੇ ਥਾਂ ਥਾਂ ਲੋਭ-ਜ਼ਹਿਰ ਦਾ ਮਿਲੇ ਨਜ਼ਾਰਾ ਐਸਾ
'ਸੁਥਰਾ' ਸਭ ਦੁਨੀਆਂ ਤੋਂ ਚੰਗਾ ਪਾਸ ਨ ਰਖੇ ਪੈਸਾ

3. ਨਿਰਬਲ ਯਾਰ ਤੇ ਬਲੀ ਯਾਰ

ਇਕ ਕੰਜਰੀ ਡਾਢੀ ਆਕੜ ਵਿਚ ਸੀ ਤੁਰਦੀ ਜਾਂਦੀ
ਅਪਨੇ ਹੁਸਨ ਜਵਾਨੀ, ਗਹਿਣੇ, ਕਪੜੇ ਤੇ ਇਤਰਾਂਦੀ
ਠੁਮਕ ਠੁਮਕ ਉਹ ਕਦਮ ਉਠਾਵੇ, ਬਾਹਾਂ ਤਾਂਈ ਹਿਲਾਵੇ
ਮਾਨੋਂ ਧਰਤੋਂ ਦੋ ਗਿੱਠ ਉੱਚੀ ਵਾ ਵਿਚ ਉਡਦੀ ਜਾਵੇ
ਡਾਢੇ ਸੋਹਣੇ ਕਪੜੇ ਉਸ ਦੇ, ਡਾਢੇ ਸੋਹਣੇ ਗਹਿਣੇ
ਪੌਡਰ, ਪਾਨ, ਲਵਿੰਡਰ, ਸੁਰਖੀ, ਬਿੰਦੀ ਦੇ ਕਯਾ ਕਹਿਣੇ
ਇਕ ਅਯਾਸ਼ ਓਸ ਦਾ ਮਿੱਤਰ ਨਾਲ ਨਾਲ ਸੀ ਜਾਂਦਾ
ਵਫ਼ਾਦਾਰ ਜਿਉਂ ਕੁੱਤਾ ਮਾਲਕ ਪਿੱਛੇ ਪੂਛ ਹਿਲਾਂਦਾ
ਅੱਗੋਂ ਇਕ ਫ਼ਕੀਰ, ਸ਼ਹਿਰ ਦਾ ਚੱਕਰ ਸਾਰਾ ਲਾ ਕੇ
ਥਕਿਆ ਟੁਟਿਆ ਆਉਂਦਾ ਸੀ ਕੁਝ ਖਾਣਾ ਮੰਗ ਮੰਗਾ ਕੇ
ਮਸਤ ਹੋਈ ਤੇ ਹਿਲਦੀ ਜੁਲਦੀ ਕੰਜਰੀ ਦਾ ਵੱਜ ਧੱਕਾ
ਡੁਲ੍ਹ ਗਈ ਦਾਲ ਫਕੀਰ ਸਾਈਂ ਦੀ, ਰਹਿ ਗਿਆ ਹੱਕਾ ਬੱਕਾ
ਉਸਦੀਆਂ ਛਿੱਟਾਂ ਕੰਜਰੀ ਦੇ ਭੀ ਕਪੜਿਆਂ ਤੇ ਪਈਆਂ
ਫ਼ੌਰਨ ਉਸ ਦਾ ਯਾਰ ਉਛਲਿਆ ਲੈ ਗੁਸੇ ਵਿਚ ਝਈਆਂ
ਮੁਕਾ ਮਾਰ ਫਕੀਰ ਸਾਈਂ ਨੂੰ ਉਸ ਨੇ ਭੋਇੰ ਗਿਰਾਯਾ
ਕਪੜੇ ਬਦਲਨ ਹਿਤ ਕੰਜਰੀ ਨੇ ਬੈਠਕ ਵਲ ਮੂੰਹ ਚਾਯਾ
ਯਾਰ ਭੀ ਉਸਦਾ ਪਿੱਛੇ ਪਿੱਛੇ ਚੜ੍ਹਨ ਪੌੜੀਆਂ ਲੱਗਾ
ਸਿਖਰ ਪੌੜੀਓਂ ਪੈਰ ਤਿਲਕਿਆ, ਭੁਲਿਆ ਪਿੱਛਾ ਅੱਗਾ
ਥੱਲੇ ਡਿੱਗਾ ਗਰਦਨ ਟੁੱਟੀ, ਮਚ ਗਈ ਹਾਹਾਕਾਰੀ
ਕੰਜਰੀ ਨੇ ਸਾਈਂ ਨੂੰ 'ਜ਼ਾਲਿਮ' ਕਹਿ ਕੇ ਬੋਲੀ ਮਾਰੀ
ਸ਼ਾਂਤੀ ਨਾਲ ਫ਼ਕੀਰ ਬੋਲਿਆ 'ਮੈਂ ਤਾਂ ਕੁਝ ਨਹੀਂ ਕੀਤਾ
ਏਹ ਤਾਂ ਮਿਰੇ ਯਾਰ ਨੇ ਬਦਲਾ ਤਿਰੇ ਯਾਰ ਤੋਂ ਲੀਤਾ
ਤਿਰੇ ਯਾਰ ਨੇ ਤੈਥੋਂ ਚਿੜ ਕੇ, ਮੈਨੂੰ ਮੁੱਕਾ ਲਾਯਾ
ਮਿਰੇ ਯਾਰ ਨੇ ਮੈਥੋਂ ਚਿੜਕੇ, ਉਸਨੂੰ ਮਾਰ ਮੁਕਾਯਾ
ਤਿਰਾ ਯਾਰ ਸੀ ਨਿਰਬਲ ਬੰਦਾ, ਮਿਰਾ ਯਾਰ ਬਲ ਵਾਲਾ'
'ਸੁਥਰਾ' ਯਾਰ ਗ਼ਰੀਬਾਂ ਦਾ ਹੈ ਈਸ਼੍ਵਰ ਅੱਲਾ-ਤਾਲਾ
ਚੀਕ ਮਾਰ, ਕੰਜਰੀ ਬੋਲੀ, 'ਬਖਸ਼ ਫ਼ਕੀਰਾ ਅੜਿਆ
ਮੈਂ ਭੀ ਅਜ ਤੋਂ ਹੋਰ ਯਾਰ ਤਜ, ਉਸੇ ਯਾਰ ਨੂੰ ਫੜਿਆ'

4. ਖੂਹ ਦੇ ਆਸ਼ਕ

ਇਕ ਆਦਮੀ ਖੂਹ ਤੇ ਆਇਆ ਲੈ ਕੇ ਅਪਨਾ ਡੋਲ
ਪਿਆਸ ਨਾਲ ਘਬਰਾਇਆ, ਪੁੱਜਾ ਭਜ ਕੇ ਭੌਣੀ ਕੋਲ
ਤਿਲਕ ਧਾਰੀਆ ਇਕ ਸੀ ਨੇੜੇ, ਉਸ ਫੜ ਲੀਤੀ ਡਾਂਗ
'ਉਤਰ ਅਛੂਤਾ ਇਸ ਕੂਏਂ ਤੋਂ', ਮੂੰਹੋਂ ਮਾਰੀ ਚਾਂਗ
ਦਿੱਤਾ ਕੜਕ ਉਸ ਨੇ ਉੱਤਰ 'ਖਬਰਦਾਰ, ਮੂੰਹ ਰੋਕ
ਨਿਕਲ ਜਾਣਗੇ ਦੰਦ, ਜੇ ਮੈਂ ਇਕ ਥਪੜ ਦਿਤਾ ਠੋਕ
ਖੰਨਾ-ਖਤਰੀ ਮੈਂ ਲਾਹੌਰੀਆ, ਤੂੰ ਕਿਉਂ ਕਿਹਾ ਅਛੂਤ ?
ਹੱਥ ਜੋੜ ਕੇਂ ਮੰਗ ਮੁਆਫ਼ੀ ਵਰਨਾ ਫੇਰੂੰ ਜੂਤ'
ਤਿਲਕਧਾਰੀਏ ਨੇ ਹਥ ਜੋੜੇ: 'ਲਾਲਾ ਜੀ ਰਾਮ ਰਾਮ
ਖਿਮਾਂ ਕਰੋ ਮੈਂ ਪ੍ਰੋਹਤ ਤੁਹਾਡਾ, ਹਾਂ ਗੁਲਾਮ ਬਿਨ ਦਾਮ
'ਕ੍ਰਿਸ਼ਨ ਰੰਗ ਮੈਂ ਦੇਖ ਆਪ ਦਾ, ਕੀਤਾ ਸੀ ਸੰਦੇਹ
ਅਜ ਕਲ ਫਿਰਨ ਅਛੂਤ ਆਕੜੇ ਭੁਲ ਦਾ ਕਾਰਨ ਏਹ'
ਲਾਲਾ ਜੀ ਨੂੰ ਗਿਆਨ ਹੋ ਗਿਆ-'ਸੁਣ ਪੰਡਤ ਨਾਦਾਨ
ਊਚ-ਨੀਚ ਦੀ ਤਦ ਤਾਂ ਪੱਕੀ ਹੋਈ ਨ ਕੋ ਪਹਿਚਾਨ
ਜੇ ਮੈਂ ਨੀਵੀਂ ਜਾਤੋਂ ਹੁੰਦਾ, ਫ਼ਰਕ ਤਦੋਂ ਸੀ ਕੀਹ
ਭਰਮ ਫਸੇ ਹੀ ਤੁਸਾਂ, ਠੋਕ ਸਨ ਦੇਣੇ ਡੰਡੇ ਵੀਹ
ਓਹੋ ਮੈਂ ਹਾਂ, ਓਹੋ ਡੋਲ ਹੈ, ਓਹੋ ਲੱਜ, ਓਹੀ ਖੂਹ
ਜੇ ਮੈਂ ਹੁੰਦਾ ਨੀਵੀਂ ਜਾਤੋਂ, ਤੂੰ ਲੈਣਾ ਸੀ ਧੂਹ
ਲਖ ਲਾਨ੍ਹਤ ਇਸ ਮੂਰਖਤਾ ਤੇ, ਫੜ ਬੇ-ਮਤਲ਼ਬ ਖਿਆਲ
ਅਪਨੇ ਕ੍ਰੋੜਾਂ ਵੀਰਾਂ ਉੱਤੇ, ਜ਼ੁਲਮ ਕਰੋ ਬਲ ਨਾਲ
ਉਸੇ ਪੌਣ ਵਿਚ ਸਾਹ ਉਹ ਲੈਂਦੇ ਉਸੇ ਨਦੀ ਵਿਚ ਨ੍ਹਾਣ
ਜੇ ਉਹ ਭਿਟੀਆਂ ਜਾਵਣ ਨਹੀਂ, ਖੂਹ ਕਿਉਂ ਭਿੱਟੇ ਜਾਣ
ਰੱਬ ਦਾ ਜਲ ਤੇ ਰੱਬ ਦੀ ਧਰਤੀ, ਤੁਸੀਂ ਕੌਂਣ ਜਮਦੂਤ ?
ਬੰਦੇ ਉਦ੍ਹੇ ਤਿਹਾਏ ਮਾਰੋ, ਕਹਿ ਕੇ ਨੀਚ-ਅਛੂਤ
ਕੁੱਤੇ ਚੜ੍ਹ ਕੇ ਖੂਹਾਂ ਉੱਤੇ ਗੰਦ ਖਿਲਾਰਨ ਨਿੱਤ
ਪਰ ਜੇ ਕਾਲਾ ਬੰਦਾ ਵੇਖੋ, ਸੜੇ ਤੁਹਾਡਾ ਚਿੱਤ
ਜੇ ਹੋ ਐਡੇ ਆਸ਼ਕ ਖੂਹ ਦੇ, ਖੂਹ ਹਿੱਤ ਤੜਫੇ ਰੂਹ
ਤਦ 'ਸੁਥਰੇ' ਦੀ ਗੱਲ ਮੰਨ ਲੋ, ਡੁੱਬ ਮਰੋ ਵਿਚ ਖੂਹ'

5. ਸੁਆਣੀ ਦਾ ਸੱਤਯਾਗ੍ਰਹਿ

ਇਕ ਰਿਆਸਤ ਦੇ ਰਾਜੇ ਨੂੰ ਪੈ ਗਈ ਐਸੀ ਵਾਦੀ
ਅੱਠੇ ਪਹਿਰ ਸ਼ਰਾਬ ਪੀਣ ਦਾ ਹੋ ਗਿਆ ਭਾਰਾ ਆਦੀ
ਉਠਦਾ ਬਹਿੰਦਾ ਤੁਰਦਾ ਫਿਰਦਾ ਗਟਗਟ ਪੈੱਗ ਉੜਾਵੇ
ਚੰਗੇ ਭਲੇ ਰਾਜਿਓਂ ਦਿਨ ਦਿਨ ਬਿੱਜੂ ਬਣਦਾ ਜਾਵੇ
ਰਾਜ ਕਾਜ ਵਲ ਧਿਆਨ ਨ ਕੋਈ ਨਾ ਸੁਧ ਬੁਧ ਤਨ ਮਨ ਦੀ
ਲੱਗੀ ਹੋਣ ਤਬਾਹੀ ਦਿਨ ਦਿਨ ਮਾਨ, ਸਿਹਤ, ਸੁਖ, ਧਨ ਦੀ
ਉੱਡਿਆ ਰ੍ਹੋਬ-ਦਾਬ ਸ਼ਾਹਾਨਾ, ਗੜ ਬੜ ਸਭ ਥਾਂ ਫੈਲੀ
ਜ਼ਿਮੀਂਦਾਰ ਦੀ ਗ਼ਫ਼ਲਤ ਤੋਂ ਜਿਉਂ ਉੱਜੜ ਜਾਂਦੀ ਪੈਲੀ
ਵੈਦ, ਹਕੀਮ, ਵਜ਼ੀਰ, ਡਾਕਟਰ, ਬਿਨਤੀ ਕਰ ਕਰ ਥੱਕੇ
ਰਾਜਾ ਮਦਰਾ ਮੁਖੋਂ ਨਾ ਲਾਹੇ, ਸਭ ਨੂੰ ਮਾਰੇ ਧੱਕੇ
ਰਾਣੀ ਨੇ ਇਹ ਹਾਲਤ ਦੇਖੀ, ਜੋਸ਼ ਰਿਦੇ ਵਿਚ ਆਇਆ
ਮੋੜਨ ਹੇਤ ਪਤੀ ਦੀ ਪਤ ਨੂੰ, ਮਨ ਵਿਚ ਮਤਾ ਪਕਾਇਆ
ਹੱਥ ਜੋੜ ਕੇ ਤਰਲੇ ਕੀਤੇ ਅੱਗੋਂ ਝਿੜਕਾਂ ਪਈਆਂ
ਹੋਰ ਵਿਓਂਤਾਂ ਬਹੁਤ ਕੀਤੀਆਂ, ਸਭ ਹੀ ਬਿਰਥਾ ਗਈਆਂ
ਆਖ਼ਿਰ ਦ੍ਰਿੜ੍ਹਤਾ ਕਰਕੇ ਉਸ ਨੇ ਛੱਡੀ ਰੋਟੀ ਖਾਣੀ
'ਰਾਜਾ ਜੀ, ਯਾ ਮਦਰਾ ਰਖ ਲੌ, ਯਾ ਰਖ ਲੌ ਨਿਜ ਰਾਣੀ
ਇਕ ਦਿਨ ਲੰਘਿਆ ਦੋ ਦਿਨ ਲੰਘੇ, ਰਾਣੀ ਫ਼ਾਕਾ ਕਟਿਆ
ਰਾਜੇ ਦੇ ਫਿਰ ਸਿਰ ਤੋਂ ਕੁਝ ਕੁਝ ਜ਼ੋਰ ਡੈਣ ਦਾ ਘਟਿਆ
ਤੀਜੇ ਦਿਨ ਭੀ ਜਦ ਰਾਣੀ ਨੇ ਰੋਟੀ ਮੂਲ ਨ ਖਾਧੀ
ਰਾਜਾ ਲਗ ਪਿਆ ਥਰ ਥਰ ਕੰਬਣ ਜਿਉਂ ਭਾਰਾ ਅਪਰਾਧੀ
ਹੱਥ ਜੋੜ ਕੇ ਮਾਫ਼ੀ ਮੰਗੀ, ਬੋਤਲ ਦੂਰ ਸੁਟਾਈ
ਮੁੜ ਨਾ ਕਦੀ ਸ਼ਰਾਬ ਪੀਣ ਦੀ ਲਖ ਲਖ ਕਸਮ ਉਠਾਈ
ਬਚ ਗਿਆ ਰਾਜਾ, ਬਚ ਗਈ ਪਰਜਾ, ਬਚਿਆ ਰਾਜ ਘਰਾਣਾ
'ਧੰਨ ਧੰਨ' ਰਾਣੀ ਨੂੰ ਆਖੇ, ਹਰ ਕੋਈ ਨੇਕ ਸਿਆਣਾ
'ਸੁਥਰੇ' ਨੂੰ ਸੁਣ ਸੋਚਾਂ ਸੁਝੀਆਂ, ਜੇ ਔਰਤ ਡਟ ਜਾਵੇ
ਸਭ ਟੱਬਰ ਦੇ ਔਗੁਣ ਕੱਢਕੇ, ਘਰ ਨੂੰ ਸੁਰਗ ਬਣਾਵੇ

6. ਬਾਪ ਦਾ ਮੰਤਰ

ਇਕ ਆਦਮੀ ਨਦੀ ਕਿਨਾਰੇ ਰੋਜ਼ ਭਜਨ ਸੀ ਕਰਦਾ
ਜਿਉਂ ਕੋਈ ਵਡਾ ਜੁਗੀਸ਼ਰ ਰਬ ਦੇ ਦਰਸ਼ਨ ਹਿਤ ਹੋ ਮਰਦਾ
ਇਕ ਦਿਨ ਮੈਨੂੰ ਸੋਚ ਫੁਰੀ ਕਿ ਨੇੜੇ ਇਸ ਦੇ ਜਾਈਏ
'ਕਿਸ ਮੰਤਰ ਦਾ ਜਾਪ ਕਰੇ ਏ ? ਇਸ ਦਾ ਪਤਾ ਲਗਾਈਏ'
ਖਿਸਕ ਖਿਸਕ ਕੇ ਨੇੜੇ ਢੁਕ ਕੇ, ਸੁਣਿਆ ਏਹ ਕੁਝ ਜਪਦਾ:-
'ਰੱਬਾ ਮੈਂਥੋਂ ਦੂਰ ਰਖੀਂ ਤੂੰ ਰੋਗ, ਬੁਢੇਪਾ ਅਪਦਾ
ਤਾਕਿ ਆਪਣੇ ਬੱਚਿਆਂ ਹਿਤ ਮੈਂ ਰਹਾਂ ਕਮਾਈ ਕਰਦਾ
ਬੋਝ ਉਠਾ ਸੱਕਾਂ ਨਿਤ ਹਸ ਹਸ, ਘਰ ਵਾਲੀ ਤੇ ਘਰ ਦਾ
ਐਸਾ ਤਕੜਾ ਰਖ ਤੂੰ ਮੈਨੂੰ ਮੇਹਨਤ ਤੋਂ ਨਾ ਥੱਕਾਂ
ਭੁਖ, ਤੇਹ, ਨੀਂਦ ਨ ਆਵੇ ਨੇੜੇ, ਕੰਮ ਕਰਦਾ ਨਾ ਅੱਕਾਂ
ਬੈਲ ਵਾਂਗ ਜਗ-ਖੂਹ ਨੂੰ ਗੇੜਾਂ, ਘੋੜੇ ਵਾਂਗੂੰ ਦੌੜਾਂ
ਊਠ-ਗਧੇ ਸਮ ਭਾਰ ਚੁੱਕ ਕੇ ਝੱਲਾਂ ਔੜਾਂ-ਸੌੜਾਂ
ਖ਼ੂਬ ਕਮਾਵਾਂ, ਖਟ ਖਟ ਲਿਆਵਾਂ, ਬੱਚਿਆਂ ਤਾਈਂ ਖੁਆਵਾਂ
ਅਧ-ਨੰਗਾ-ਅਧ-ਭੱਖਾ ਖ਼ੁਦ ਰਹਿ, ਬੱਚਿਆਂ ਸੁਰਗ ਭੁਗਾਵਾਂ
ਉਨ੍ਹਾਂ ਤਾਈਂ ਮੁਸਕਾਂਦੇ ਦੇਖਾਂ, ਉਛਲਨ ਮੇਰੀਆਂ ਨਾੜਾਂ
ਜੇ ਕੋਈ ਦੁਸ਼ਟ ਉਨ੍ਹਾਂ ਵਲ ਘੂਰੇ, ਸ਼ੇਰ ਵਾਂਗ ਢਿਡ ਪਾੜਾਂ
ਸੁਰਗ, ਬਹਿਸ਼ਤ, ਵਿਕੁੰਠ, ਮੁਕਤੀਆਂ ਵਾਰ ਦਿਆਂ ਮੈਂ ਲੱਖਾਂ
ਮੈਨੂੰ ਰੱਬਾ, ਤਕੜਾ ਰਖ ਨਿਤ ਖੁਸ਼ ਬੱਚਿਆਂ ਨੂੰ ਰੱਖਾਂ'
ਸੁਣ ਏ ਜਾਪ, ਸਜਲ ਹੋਏ ਨੇਤਰ, ਅਤੇ ਸਮਝ ਏਹ ਆਈ
ਮਾਤਾ ਵਾਂਗੂੰ ਪਿਉ ਦੀ ਭੀ ਹੈ 'ਸੁਥਰੇ' ਬੜੀ ਕਮਾਈ

7. ਮੰਗਤਾ ਬਾਦਸ਼ਾਹ

ਸ਼ਾਹ ਸਕੰਦਰ ਹਾਥੀ ਤੇ ਚੜ੍ਹ, ਸ਼ਾਨ ਨਾਲ ਸੀ ਜਾਂਦਾ
ਅੱਗੇ ਪਿੱਛੇ ਸੱਜੇ ਖੱਬੇ ਲਸ਼ਕਰ ਜ਼ੋਰ ਦਿਖਾਂਦਾ
ਹੱਟੀਆਂ ਵਾਲੇ, ਸ਼ਹਿਰ ਵਾਸੀਆਂ ਦੇ ਦਿਲ ਡਰ ਅਤ ਛਾਯਾ
ਹਰ ਕੋਈ ਸਹਿਮੇ, ਸੀਸ ਝੁਕਾਵੇ, ਮਾਨੋਂ ਹਊਆ ਆਯਾ
ਰਸਤੇ ਵਿਚ, ਫ਼ਕਰ ਇਕ ਬੈਠਾ, ਉਹ ਨਾ ਡਰਿਆ ਹਿਲਿਆ
ਬਾਦਸ਼ਾਹ ਨੂੰ ਰੋਅਬ ਦਿਖਾਵਣ ਦਾ ਮੌਕਾ ਚਾ ਮਿਲਿਆ
ਕਹਿਣ ਲਗਾ 'ਓ ਮੰਗਤੇ ! ਕੀ ਹੈ ਸ਼ਾਮਤ ਆਈ ਤੇਰੀ ?
ਅੰਨ੍ਹਾ ਹੈਂ ਤੂੰ ! ਦਿਸਦੀ ਨਹੀਂਉਂ ਸ਼ਾਹੀ ਸਵਾਰੀ ਮੇਰੀ ?'
ਉੱਤਰ ਕੁਝ ਨਾ ਦਿਤਾ ਮੰਗਤੇ, ਸਗੋਂ ਪ੍ਰਸ਼ਨ ਏ ਕੀਤਾ:-
'ਕਿੰਨੇ ਮੁਲਕਾਂ ਦਾ ਹੈਂ ਮਾਲਕ ? ਦਸ ਖਾਂ ਪਯਾਰੇ ਮੀਤਾ ?
ਆਕੜ ਨਾਲ ਸਕੰਦਰ ਕੂਯਾ 'ਸਤ ਵਲੈਤਾਂ ਮੇਰੀਆਂ
ਤਰੀਆਂ ਅਤੇ ਖੁਸ਼ਕੀਆਂ ਸਭ ਹਨ ਮੇਰੇ ਹੁਕਮ ਵਿਚ ਘਿਰੀਆਂ'
ਨਾਲ ਜਲਾਲ .ਫਕੀਰ ਬੋਲਿਆ 'ਸੱਚ ਕਹੁ, ਛੱਡ ਵਖੇਵਾ
'ਸਾਂਭ ਕਰੇਂਗਾ ? ਸੱਤ ਵਲੈਤਾਂ ਹੋਰ ਜੇ ਤੈਨੂੰ ਦੇਵਾਂ ?'
ਸ਼ਾਹ ਦੇ ਮੂੰਹ ਝਟ ਪਾਣੀ ਭਰਿਆ, ਉਤਰ ਹਾਥੀਓਂ ਆਯਾ
ਗੋਡੇ ਟੇਕੇ ਜੋਗੀ ਅੱਗੇ, ਹੱਥ ਬੰਨ੍ਹ ਸੀਸ ਨਿਵਾਯਾ:-
'ਬਖਸ਼ੋ ਹੁਣੇ ਜ਼ਰੂਰ ਪੀਰ ਜੀ ਪੰਜ ਸਤ ਹੋਰ ਵਲੈਤਾਂ
ਹੁਕਮ ਪਾਲਸਾਂ, ਸੇਵਕ ਰਹਿਸਾਂ, ਮੰਨਸਾਂ ਕੁੱਲ ਹਦੈਤਾਂ
ਦਿਤੀ ਝਿੜਕ ਫ਼ਕੀਰ ਹਸ ਕੇ 'ਓ ਮੰਗਤੇ ਹਟ ਅੱਗੋਂ
ਨਹੀਂ ਖ਼ੈਰ ਮੈਂ ਤੈਨੂੰ ਪਾਣਾ, ਕਯੋਂ ਤੂੰ ਚੰਬੜਨ ਲੱਗੋਂ'
ਸ਼ਰਮ ਨਾਲ ਸ਼ਾਹ ਪਾਣੀ ਹੋਇਆ, 'ਸੁਥਰਾ' ਖਿੜ ਖਿੜ ਹਸਿਆ
'ਬੇਸ਼ਕ ਅਸਲ ਮੰਗ਼ਤਾ ਓਹ ਹੈ ਜੋ ਲਾਲਚ ਵਿਚ ਫਸਿਆ'

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ