Punjabi Poetry : S.S.Charan Singh Shaheed

ਪੰਜਾਬੀ ਕਵਿਤਾਵਾਂ : ਚਰਨ ਸਿੰਘ ਸ਼ਹੀਦ

1. ਮਾਤ ਬੋਲੀ

ਕਿਸੇ ਨੂੰ ਹੈ ਭੁੱਖ ਚੰਗੇ ਚੋਖੇ ਛੱਤੀ ਖਾਣਿਆਂ ਦੀ,
ਕਿਸੇ ਨੂੰ ਹੈ ਇੱਛਾ ਸੇਜ ਸੋਣ੍ਹੀ ਪੋਲੀ ਪੋਲੀ ਦੀ ।
ਕਿਸੇ ਨੂੰ ਹੈ ਚਾਹ ਭੜਕੀਲੀਆਂ ਪੁਸ਼ਾਕੀਆਂ ਦੀ,
ਕੋਈ ਚਾਹੇ ਮੌਜ ਰੋਜ਼ ਈਦ ਅਤੇ ਹੋਲੀ ਦੀ ।
ਕਿਸੇ ਨੂੰ ਹੈ ਲਾਲਸਾ ਹਕੂਮਤਾਂ ਯਾ ਲੀਡਰੀ ਦੀ,
ਕਿਸੇ ਨੂੰ ਹੈ ਲੱਗੀ ਅੱਗ ਸੋਨੇ ਭਰੀ ਝੋਲੀ ਦੀ ।
ਕੋਈ ਕੁਝ ਸੋਚਦਾ ਹੈ ਕੋਈ ਕੁਝ ਬੋਚਦਾ ਹੈ
ਮੈਂ ਹਾਂ ਸਦਾ ਲੋਚਦਾ ਤਰੱਕੀ ਮਾਤ ਬੋਲੀ ਦੀ ।

ਸ਼ੇਰ ਜਿਹਾ ਪੁੱਤ ਹਾਂ ਪੰਜਾਬੀ ਮਾਤਾ ਆਪਣੀ ਦਾ,
ਕਿਵੇਂ ਦੇਖ ਸੱਕਾਂ ਮੈਂ ਪੰਜਾਬੀ ਖਾਕ ਰੋਲੀ ਦੀ ।
ਦੇਹੀ ਹੈ ਪੰਜਾਬੀ ਮਿੱਟੀ, ਖੂਨ ਹੈ ਪੰਜਾਬੀ ਜਲ,
ਸਵਾਸ ਹੈ ਪੰਜਾਬੀ ਪੌਣ, ਰੋਟੀ ਇਸੇ ਭੋਲੀ ਦੀ ।
ਹਾਇ ! ਮੇਰੇ ਸਾਹਮਣੇ ਏ ਦੁਰਗਤੀ ਹੋਏ ਏਦ੍ਹੀ,
ਰਾਣੀ ਮਾਲਕਾਣੀ ਤਾਈਂ ਜਗ੍ਹਾ ਮਿਲੇ ਗੋਲੀ ਦੀ ।
ਮੈਨੂੰ ਚੈਨ ਕਿਵੇਂ ਆਵੇ ? ਜਦੋਂ ਤੀਕ ਨਾਹਿ ਹੋਵੇ,
ਮਾਤ ਭੂਮੀ ਵਿੱਚ ਬਾਦਸ਼ਾਹੀ ਮਾਤ ਬੋਲੀ ਦੀ ।

ਹਾਥੀ ਪੈਰ ਹੇਠ ਸਭੇ ਪੈਰ ਵਾਂਗ, ਸੱਭੇ ਗੁਣ,
ਲੱਭਦੇ ਨੇ ਜਦੋਂ ਮਾਤ ਬੋਲੀ ਖਾਣ ਫੋਲੀ ਦੀ ।
ਧਰਮ, ਸ਼ਰਮ ਤੇ ਕਰਮ ਦਾ ਮਰਮ ਦੱਸੇ,
ਨਾਲੇ ਦੱਸੇ ਕਿਵੇਂ ਜਿੰਦ ਵਤਨ ਤੋਂ ਹੈ ਘੋਲੀ ਦੀ ।
ਹੁੰਦੇ ਸਾਂ ਆਜ਼ਾਦ, ਬੀਰ, ਰਿਸ਼ੀ, ਰਾਜੇ, ਵਿੱਦਵਾਨ,
ਜਾਚ ਸੀ ਰੂਹਾਨੀ ਯੋਗ ਕਰਮ-ਨਿਓਲੀ ਦੀ ।
ਖਾਧੇ ਗਏ ਦਿਮਾਗ ਸੁੱਕੇ ਜਿਸਮ, ਪੰਜਾਬੀਆਂ ਦੇ,
ਜਦੋਂ ਦੀ ਹੈ ਲੱਗੀ ਏਥੇ ਸਿਓਂਕ ਗ਼ੈਰ ਬੋਲੀ ਦੀ ।

ਰੱਬ ਵੀ ਜੇ ਮਿਲੇ ਗੱਲਾਂ ਕਰਾਂ ਮੈਂ ਪੰਜਾਬੀ ਵਿੱਚ,
ਪਾਯਾ ਕੀ ਹੈ ਹੋਰਨਾਂ ਦੀ ? ਗੱਲ ਨਾ ਠਠੋਲੀ ਦੀ ।
ਬਾਣੀ ਹੈ ਪੰਜਾਬੀ ਰਚੀ, ਗੁਰੂਆਂ ਪੰਜਾਬੀਆਂ ਨੇ,
ਦੱਸਿਆ ਕਿ ਘੁੰਡੀ ਹੈ ਹਕੀਕੀ ਇਉਂ ਖੋਲ੍ਹੀ ਦੀ ।
ਆਰਫਾਂ, ਗਿਆਨੀਆਂ, ਫ਼ਕੀਰਾਂ, ਸੰਤਾਂ, ਸੂਫ਼ੀਆਂ ਨੇ,
ਕਦਰ ਵਧਾਈ ਅਣਤੋਲੀ-ਅਣਮੋਲੀ ਦੀ ।
ਕਿਉਂ ਨਾ ਅਸੀਂ ਧੋਵੀਏ ਕਲੰਕ ਮੱਥੇ ਆਪਣੇ ਤੋਂ,
ਕਿਉਂ ਨਾ ਅਸੀਂ ਲੋਚੀਏ ਤਰੱਕੀ ਮਾਤ ਬੋਲੀ ਦੀ ।

ਵਾਰ ਦਿਓ ਬੋਲੀਆਂ ਪੰਜਾਬੀ ਤੋਂ ਜਹਾਨ ਦੀਆਂ,
ਕਰੋ ਪਰਵਾਹ ਨਾ ਵਿਰੋਧੀਆਂ ਦੀ ਟੋਲੀ ਦੀ ।
ਦੇਸ਼ ਦੀ ਖੁਸ਼ਹਾਲੀ ਕਦੀ ਹੋਇਗੀ ਨਾ ਖ਼ਾਬ ਵਿੱਚ,
ਜਦੋਂ ਤੀਕ ਹੋਊ ਨਾ ਖੁਸ਼ਹਾਲੀ ਮਾਤ ਬੋਲੀ ਦੀ ।
ਵਧੇ ਚਲੋ 'ਸੁਥਰੇ' ਮਾਤ ਬੋਲੀ ਨੂੰ ਵਧਾਈ ਚੱਲੋ,
ਸੁਣੇ ਨ ਕਬੋਲੀ ਬੋਲੀ ਕਿਸੇ ਹਮਜੋਲੀ ਦੀ ।
ਜੰਮੇਂ ਹਾਂ ਪੰਜਾਬ ਵਿੱਚ, ਮਰਾਂਗੇ ਪੰਜਾਬ ਵਿੱਚ,
ਚਾਹੁੰਦੇ ਹਾਂ ਉਨਤੀ ਪੰਜਾਬੀ ਮਾਤ ਬੋਲੀ ਦੀ ।

2. ਬੇਪਰਵਾਹੀਆਂ

ਮੈਨੂੰ ਕੀ ? ਜੇ ਨੈਣ ਕਿਸੇ ਦੇ ਸੁੰਦ੍ਰ, ਮਸਤ, ਮਤਵਾਲੇ ਨੇ
ਹੋਣ ਪਏ, ਜੇ ਕੇਸ ਕਿਸੇ ਦੇ ਨਾਗ ਸ਼ੂਕਦੇ ਕਾਲੇ ਨੇ
ਰੰਗ ਚੰਬੇਲੀ, ਬੁਲ੍ਹ ਗੁਲਾਬੀ, ਚਿਹਨ-ਚਕ੍ਰ ਅਣਿਆਲੇ ਨੇ
ਮੈਨੂੰ ਕੀ ? ਜੇ ਹੱਥ ਕਿਸੇ ਦੇ ਕੋਮਲ ਕਮਲ ਨਿਰਾਲੇ ਨੇ
ਦੁਨੀਆਂ ਪਾਗਲ ਬਣਦੀ ਹੈ ਤਾਂ ਬਣੇ ਇਸ਼ਕ ਦਿਖਲਾਵਣ ਨੂੰ
ਆਪਾਂ ਨੂੰ ਨਹੀਂ ਕਿਹਾ ਵੈਦ ਨੇ ਰੋਗ ਅਜੇਹਾ ਲਾਵਣ ਨੂੰ

ਦੱਸੋ ਭਲਾ, ਵੇਖ ਫੁਲ ਖਿੜਿਆ, ਕਯੋਂ ਤਰਸਾਂ ਲਲਚਾਵਾਂ ਮੈਂ ?
ਭੁੜਕ ਛਾਲ ਚਿੱਕੜ ਵਿਚ ਮਾਰਾਂ, ਬਲ ਤੋੜਨ ਹਿਤ ਲਾਵਾਂ ਮੈਂ !
ਕਯੋਂ ਬੂਟੇ ਵਿਚ ਹੱਥ ਮਾਰ ਕੇ, ਜ਼ਖ਼ਮ ਕੰਡੇ ਦਾ ਖਾਵਾਂ ਮੈਂ ?
ਮੂਰਖ ਬਣਾਂ, ਮਖ਼ੌਲ ਕਰਾਵਾਂ, ਕਯੋਂ ਕਪੜੇ ਪੜਵਾਵਾਂ ਮੈਂ ?
ਫੁਲ ਦੀ ਗੰਧ ਤਾਂ ਆਪੇ ਉਡ ਕੇ, ਸਾਡੇ ਵਲ ਆ ਜਾਣੀ ਹੈ !
ਅਸਾਂ ਆਪਣੀ ਬੇਪਰਵਾਹੀ ਦੀ ਕਯੋਂ ਸ਼ਾਨ ਗਵਾਣੀ ਹੈ ?

ਚੰਦ-ਚਾਨਣੀ ਦੇਖ ਭਲਾ ਮੈਂ ਹਉਕੇ ਭਰ ਭਰ ਰੋਵਾਂ ਕਿਉਂ ?
ਕਰ ਕਰ ਯਾਦ 'ਕਿਸੇ' ਦਾ ਮੁਖੜਾ, ਜਾਨ 'ਆਪਣੀ' ਖੋਵਾਂ ਕਿਉਂ ?
ਮਿੱਠੀ ਨੀਂਦ ਛੱਡ ਕੇ ਤੜਫਾਂ, ਬੈਠਾਂ, ਤੁਰਾਂ, ਖਲੋਵਾਂ ਕਿਉਂ ?
ਦਰਸ਼ਨ ਇਕ 'ਕਿਸੇ' ਦੇ ਖ਼ਾਤਰ, 'ਰਬ' ਦਾ ਅੱਝੀ ਹੋਵਾਂ ਕਿਉਂ ?
ਬਦੋਬਦੀ ਕਿਉਂ ਭੇਟ ਕਰਨ ਨੂੰ, ਸਿਰ-ਦਿਲ ਹਥ ਤੇ ਲਈ ਫਿਰਾਂ ?
ਹੰਕਾਰੀ ਦੇ ਠੁੱਡ ਖਾਣ ਨੂੰ, ਕਯੋਂ ਪੈਰੀਂ ਸਿਰ ਦਈ ਫਿਰਾਂ ?

ਮੈਂ ਬੇਸ਼ਕ ਇਸ ਜਗ ਤੇ ਹਰ ਦਮ ਹਸਦਾ ਅਤੇ ਹਸਾਂਦਾ ਹਾਂ
ਪਰ ਨਾ ਚਾਹ-ਸ਼ਿਕੰਜੇ ਅੰਦਰ ਆਪਣਾ ਦਿਲ ਕੁੜਕਾਂਦਾ ਹਾਂ
ਫੁਲ ਦੀ ਖ਼ੁਸ਼ਬੂ ਨੂੰ ਹਾਂ ਸੁੰਘਦਾ, ਨਾ ਕਿ ਉਸ ਨੂੰ ਖਾਂਦਾ ਹਾਂ
ਕੋਈ ਪਦਾਰਥ ਦੇਖ ਜਗਤ ਦਾ ਰਾਲ ਨਹੀਂ ਟਪਕਾਂਦਾ ਹਾਂ
ਮੇਰਾ ਦਿਲ ਹੈ ਮੇਰੇ ਵਸ ਵਿਚ, ਜਿੱਧਰ ਚਹਾਂ ਚਲਾਵਾਂ ਮੈਂ
ਤਦੇ ਕਮਲ ਸਮ ਜਗ ਵਿਚ 'ਸੁਥਰਾ' ਬੇ-ਪਰਵਾਹ ਕਹਾਵਾਂ ਮੈਂ

3. ਸੁਥਰਾ ਜੀ

ਮੈਨੂੰ ਗੁੱਸਾ ਰੱਬ ਤੇ ਔਂਦਾ ਹੈ,
ਕਯੋਂ ਸਭ ਦੀ ਚਿੰਤਾ ਹਰਦਾ ਨਹੀਂ ?
ਖ਼ਾਹਸ਼ਾਂ ਉਪਜਾ ਕੇ ਆਪੇ ਹੀ,
ਫਿਰ ਸਭ ਕਿਉਂ ਪੂਰਨ ਕਰਦਾ ਨਹੀਂ ?
ਲੋਕੋ ! ਚਾ ਮੈਨੂੰ ਰੱਬ ਮਿਥੋ,
ਮਿਰੇ ਸੀਸ ਖ਼ੁਦਾਈ ਤਾਜ਼ ਧਰੋ
ਫਿਰ ਲਵੋ ਮੁਰਦਾਂ ਮੂੰਹ ਮੰਗੀਆਂ,
ਮਿਰੇ ਦਿਲ ਦਾ ਹੁਣੇ ਇਲਾਜ ਕਰੋ ।

4. ਖਾਣ ਦਾ ਚਟੂਰਾ

ਹੇ ਵਿਸ਼ਨੂੰ ਜੀ ਵਰਤਾਓ ਕਲਾ,
ਜਗ ਦੁੱਧ-ਮਲਾਈ ਬਣ ਜਾਵੇ
ਧਰਤੀ ਅਸਮਾਨ ਬਣੇ ਸੈਂਡਵਿਚ,
ਤੇ ਸੁਮੇਰ ਮਿਠਾਈ ਬਣ ਜਾਵੇ
ਇਕ ਵਾਰ ਤਾਂ ਮਿਰੇ ਹਵਾਲੇ ਚਾ,
ਸ੍ਰਿਸ਼ਟੀ ਦਾ ਖਾਜ ਅਖਾਜ ਕਰੋ
ਤ੍ਰਿਪਤੀ ਦਿਲ ਮੇਰੇ ਨੂੰ ਹੋਵੇ,
ਮੇਰੇ ਦਿਲ ਦਾ ਕੋਈ ਇਲਾਜ ਕਰੋ ।

5. ਸੱਟੇ ਬਾਜ਼

ਹੇ ਇੰਦਰ ਜੀ, ਹੁਣ ਏਧਰ ਵੀ,
ਕੋਈ ਮਿਹਰ ਦੀ ਝੜੀ ਲਗਾ ਦੇਵੋ
ਜਦ ਕਹੀਏ ਔੜਾਂ ਲਾ ਦੇਵੋ
ਜਦ ਕਹੀਏ ਬਰਖਾ ਪਾ ਦੇਵੋ
ਇਕ ਸਾਲ ਤਾਂ ਮੇਰੀ ਮਰਜ਼ੀ ਦਾ,
ਮੰਦਾ ਤੇ ਤੇਜ਼ ਅਨਾਜ ਕਰੋ
ਦਿਲ ਮੇਰਾ ਲੁਟ ਲੁਟ ਰਜ ਜਾਵੇ,
ਮੇਰੇ ਦਿਲ ਦਾ ਕੋਈ ਇਲਾਜ ਕਰੋ ।

6. ਹਾਸਿਦ

ਹੈਰਾਨੀ ਹੈ, ਕਯੋਂ ਰੱਬ ਕਿਸੇ ਨੂੰ
ਦੇਂਦਾ ਕੋਈ ਚੰਗਿਆਈ ਹੈ ?
ਮੈਂ ਸੜ ਬਲ ਕੋਲਾ ਹੁੰਦਾ ਹਾਂ,
ਜਦ ਦਿਸਦੀ ਕੋਈ ਭਲਿਆਈ ਹੈ
ਹੇ ਸ਼ਿਵਜੀ ਤੀਜੀ ਅੱਖ ਖੋਲ੍ਹੋ,
ਸਭ ਗ਼ਾਰਤ ਸਾਜ ਸਮਾਜ ਕਰੋ
ਨਾ ਵੇਖ ਕਿਸੇ ਨੂੰ ਤੜਫਾਂ ਮੈਂ,
ਮੇਰੇ ਦਿਲ ਦਾ ਕੋਈ ਇਲਾਜ ਕਰੋ ।

(ਹਾਸਿਦ=ਈਰਖਾਲੂ)

7. ਇੱਕ ਪਿਆਲਾ ਪਾਣੀ

ਅਕਬਰ ਨੂੰ, ਦਰਬਾਰ ਬੈਠਿਆਂ, ਤ੍ਰੇਹ ਨੇ ਬਹੁਤ ਸਤਾਯਾ !
ਸੈਨਤ ਹੁੰਦਿਆਂ, ਨਫ਼ਰ ਪਿਆਲਾ ਜਲ ਠੰਢੇ ਦਾ ਲਿਆਯਾ !
ਪਕੜ ਪਿਆਲਾ ਬਾਦਸ਼ਾਹ ਨੇ ਮੂੰਹ ਨੂੰ ਚਾਹਿਆ ਲਾਣਾ !
ਪਾਸੋਂ ਬੋਲ ਬੀਰਬਲ ਉਠਿਆ 'ਜ਼ਰਾ ਹੱਥ ਅਟਕਾਣਾ !
ਪਹਿਲਾਂ ਦੱਸੋ ਆਪ ਇੱਕ ਗਲ, ਜੇ ਪਾਣੀ ਮੁਕ ਜਾਵੇ !
ਸੈ ਕੋਹਾਂ ਤਕ ਜਤਨ ਕੀਤਿਆਂ ਇੱਕ ਬੂੰਦ ਨਾ ਥਯਾਵੇ !
ਅਤੀ ਪਯਾਸ ਲਗੀ ਹੋ ਤੁਹਾਨੂੰ, ਜਲ ਬਿਨ ਮਰਦੇ ਜਾਵੋ !
ਮਾਹੀ ਵਾਂਗ ਆਬ ਬਿਨ ਤੜਫੋ ਉਲਟ ਬਾਜ਼ੀਆਂ ਖਾਵੋ !
ਸੱਚ ਦਸੋ, ਜੇ ਉਸ ਵੇਲੇ ਕੁਈ ਇਕ ਜਲ ਪਯਾਲਾ ਲਯਾਵੇ,
ਕੀ ਕੁਝ ਦਿਓ ਹਜ਼ੂਰ ਓਸ ਨੂੰ ? ਕੀ ਕੀਮਤ ਉਹ ਪਾਵੇ ?'
ਹਸ ਕੇ ਅਕਬਰ ਕਹਿਣ ਲਗਾ 'ਜੇ ਐਸੀ ਦਸ਼ਾ ਵਿਆਪੇ !
ਅੱਧਾ ਰਾਜ ਦਿਆਂ ਮੁਲ ਇਸ ਦਾ ਖ਼ੁਸ਼ੀ ਨਾਲ ਮੈਂ ਆਪੇ !'
ਏਹ ਕਹਿਕੇ ਓਹ ਜਲ ਦਾ ਪਯਾਲਾ ਗਟ ਗਟ ਸ਼ਾਹ ਚੜ੍ਹਾਯਾ !
ਫੇਰ ਬੀਰਬਲ ਨੇ ਸ਼ਾਹ ਅੱਗੇ ਸਵਾਲ ਦੂਸਰਾ ਪਾਯਾ :-
'ਦੱਸੋ ਭਲਾ, ਜਿ ਹੁਣ ਏਹ ਪਾਣੀ ਦੇਹ ਅੰਦਰ ਰੁਕ ਜਾਵੇ !
ਰੁਕ ਜਾਵੇ ਪੇਸ਼ਾਬ ਆਪ ਦਾ ਜਾਨ ਪਿਆ ਤੜਫਾਵੇ !
ਬਚਣ ਲਈ ਉਸ ਕਸ਼ਟੋਂ ਕਿੰਨੇ ਪੀਰ ਪੈਗ਼ੰਬਰ ਸੇਵੋ ?
ਅੱਧਾ ਰਾਜ ਮੰਗੇ ਜੇ ਕੋਈ ਦੇਵੋ ਯਾ ਨਾ ਦੇਵੋ ?
ਚੱਕ੍ਰਿਤ ਹੋ ਕੇ ਸ਼ਾਹ ਬੋਲਿਆ, 'ਜ਼ਰਾ ਢਿੱਲ ਨਾ ਲਾਵਾਂ !
ਬੇਸ਼ਕ ਅੱਧਾ ਰਾਜ ਭਾਗ ਮੈਂ ਫ਼ੌਰਨ ਭੇਟ ਕਰਾਵਾਂ !
ਹਸ ਕੇ ਕਿਹਾ ਬੀਰਬਲ ਨੇ ਫਿਰ, 'ਇਸ ਤੋਂ ਸਾਬਤ ਹੋਯਾ !
ਇੱਕ ਪਿਆਲੇ ਜਲ ਦਾ ਮੁਲ ਹੈ ਰਾਜ ਤੁਹਾਡਾ ਗੋਯਾ !
ਜੋ ਅਣਮਿਣਿਆ ਤੁਲਿਆ ਇਹ ਜਲ ਸਭ ਨੂੰ ਮੁਫ਼ਤ ਪੁਚਾਵੇ !
ਉਸ ਰਬ 'ਸੁਥਰੇ' ਦੀ ਬਖ਼ਸ਼ਿਸ਼ ਦਾ ਬੰਦਾ ਕੀ ਮੁਲ ਪਾਵੇ ?'

8. ਦੋਹੀਂ ਹੱਥੀਂ ਲੱਡੂ

ਹਜ਼ਰਤ ਅਲੀ ਪਾਸ ਇਕ ਮੂਰਖ ਬਹਿਸ ਕਰਨ ਹਿਤ ਆਯਾ
ਕਹਿਣ ਲਗਾ, 'ਰੱਬ ਚੀਜ਼ ਨ ਕੋਈ, ਲੋਕਾਂ ਮੁਫ਼ਤ ਧੁਮਾਯਾ
ਪਾਣੀ, ਪੌਣ, ਅੱਗ ਤੇ ਮਿੱਟੀ ਰਲ ਬੰਦਾ ਬਣ ਜਾਵੇ
ਚੂਨਾ, ਕੱਥਾ, ਪਾਨ ਜਿਵੇਂ ਰਲ, ਆਪੇ ਸੁਰਖ਼ੀ ਆਵੇ
ਕਣਕ ਕਣਕ ਤੋਂ ਪੈਦਾ ਹੁੰਦੀ ਜੌਂ ਤੋਂ ਜੌਂ ਹਨ ਉਗਦੇ
ਸ਼ੇਰ ਸ਼ੇਰ ਤੋਂ, ਗਊ ਗਊ ਤੋਂ ਜੰਮਕੇ ਖਾਂਦੇ, ਚੁਗਦੇ
ਸਤ ਪੌਦੀਨਾ, ਸਤ ਅਜਵਾਇਣ, ਮੁਸ਼ਕ-ਕਫ਼ੂਰ ਮਿਲਾਵੋ
ਅਪਨੇ ਆਪ ਤੇਲ ਬਣ ਜਾਸੀ, ਰੱਬ ਧਯਾਵੋ ਨਾ ਧਯਾਵੋ
ਖ਼ਾਸ ਖ਼ਾਸ ਕੁਝ ਚੀਜ਼ਾਂ ਮਿਲਕੇ ਖ਼ਾਸ ਚੀਜ਼ ਬਣ ਜਾਂਦੀ
ਇਸ ਵਿਚ ਰੱਬ ਦੀ ਹਿਕਮਤ ਕੀ ਹੈ ? ਦੁਨੀਆਂ ਕਿਉਂ ਚਿਚਲਾਂਦੀ ?
ਬਾਰਸ਼ ਪਿਆਂ ਖੁੰਬ ਖ਼ੁਦ ਫੁਟਕੇ, ਖ਼ੁਦ ਹੀ ਸੁਕ ਸੜ ਜਾਵੇ
ਇਸੇ ਤਰਾਂ ਬੰਦਾ ਜਗ ਜੰਮੇ, ਕੁਝ ਚਿਰ ਪਾ, ਮਰ ਜਾਵੇ
ਨਾ ਕੁਈ ਅੱਲਾ, ਨਾ ਕੁਈ ਕਯਾਮਤ, ਸਜ਼ਾ, ਜਜ਼ਾ, ਨਾ ਲੇਖੇ
ਨਾ ਬਹਿਸ਼ਤ, ਨਾ ਦੋਜ਼ਖ ਕੋਈ, ਅਜ ਤਕ ਕਿਸੇ ਨਾ ਦੇਖੇ
ਪੀਰਾਂ ਫ਼ਕਰਾਂ ਐਵੇਂ ਰੱਬ ਦਾ, ਦੁਨੀਆਂ ਨੂੰ ਡਰ ਪਾਯਾ
ਦੱਸੋ, ਅਜ ਤਕ ਕਿਸੇ ਪੁਰਸ਼ ਨੂੰ, ਰੱਬ ਨਜ਼ਰ ਹੈ ਆਯਾ ?
ਫਿਰ ਕਯੋਂ ਅਸੀਂ ਹਰੇਕ ਕੰਮ ਵਿਚ, ਖ਼ਯਾਲੀ ਰੱਬ ਤੋਂ ਡਰੀਏ ?
ਕਯੋਂ ਨਾ ਬਣੇ ਨਾਸਤਿਕ ਰਹੀਏ ? ਦਿਲ ਚਾਹੇ ਸੋ ਕਰੀਏ ?'
ਹਜ਼ਰਤ ਅਲੀ ਨੈਣ ਭਰ ਬੋਲੇ, 'ਰੱਬ ਉੱਚਾ ਹੈ ਖ਼ਯਾਲੋਂ
ਉਸ ਉੱਚੇ ਦੀ ਗੱਲ ਉਸ ਦੱਸੀ ਜੋ ਆਯਾ ਉਸ ਨਾਲੋਂ
ਘਰ ਦੀ ਉਤਲੀ ਮੰਜ਼ਲ ਦਾ ਜੇ ਚਾਹੀਏ ਪਤਾ ਲਗਾਈਏ
ਯਾ ਕੋਈ ਉਪਰੋਂ ਆਕੇ ਦੱਸੇ ਯਾ ਖ਼ੁਦ ਉਪਰ ਜਾਈਏ
ਮੈਂ ਕਹਿੰਦਾ ਹਾਂ ਉਤਲੀ ਮੰਜ਼ਲੇ, ਬੇਸ਼ਕ ਰੱਬ ਹੈ ਭਾਈ !
ਤੂੰ ਕਹਿੰਦਾ ਹੈਂ, ਪੀਰ ਪਿਗ਼ੰਬ੍ਰਾਂ ਐਵੇਂ ਗੱਪ ਉਡਾਈ
ਜਦੋਂ ਮਰਾਂਗੇ, ਜੇ ਰੱਬ ਹੋਯਾ, ਅਸੀਂ ਬਚੇ, ਤੂੰ ਮੋਯਾ ।
ਜੇ ਨਾ ਹੋਯਾ, ਦੋਵੇਂ ਯਕਸਾਂ, ਮਿਰਾ ਹਰਜ ਕੀ ਹੋਯਾ ?'
'ਸੁਥਰੇ' ਕਿਹਾ 'ਧੰਨ ਹੋ ਹਜ਼ਰਤ ! ਸ਼ੰਕਾ ਖ਼ੂਬ ਮਿਟਾਈ !
ਲੱਡੂ ਦੋਨੋਂ ਹੱਥ ਰੱਖਣ ਦੀ, ਸੋਹਣੀ ਜਾਚ ਸਿਖਾਈ !'

9. ਪਹਿਲ

ਜਾਨਵਰਾਂ ਦੇ ਹਸਪਤਾਲ ਇਕ ਬੁੱਧੂ, ਖੋਤਾ ਲਿਆਯਾ ।
ਡਾਕਦਾਰ ਨੇ ਦੇਖ ਬਿਮਾਰੀ, ਨੁਸਖ਼ਾ ਲਿਖ ਪਕੜਾਯਾ ।
ਕਹਿਣ ਲਗਾ 'ਏਹ ਚੀਜ਼ਾਂ ਪੀਹਕੇ ਇਕ ਨਲਕੀ ਵਿਚ ਪਾਈਂ ।
ਨਲਕੀ ਇਸਦੀ ਨਾਸ ਵਿੱਚ ਰਖ, ਫੂਕ ਜ਼ੋਰ ਦੀ ਲਾਈਂ ।
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗ਼ਜ਼ ਵਿਚ ਜਾਊ ।
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ ।'
ਕੁਝ ਚਿਰ ਮਗਰੋਂ ਖਊਂ ਖਊਂ ਕਰਦਾ, ਬੁੱਧੂ ਮੁੜਕੇ ਆਯਾ ।
ਬਿੱਜੂ ਵਾਂਗੂੰ ਬੁਰਾ ਓਸਨੇ, ਹੈਸੀ ਮੂੰਹ ਬਣਾਯਾ ।
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ ।
ਹਾਸਾ ਰੋਕ ਪੁੱਛਿਆ, 'ਬੁੱਧੂ, ਏਹ ਕੀ ਸ਼ਕਲ ਬਣਾਈ ?'
ਕਹਿਣ ਲੱਗਾ ਹਟਕੋਰੇ ਲੈ ਕੇ, 'ਮੈਂ ਚੀਜ਼ਾਂ ਸਭ ਲਈਆਂ ।
ਪੀਸ ਪੂਸਕੇ ਛਾਣ ਛੂਣਕੇ, ਜਦੋਂ ਟਿਚਨ ਹੋ ਗਈਆਂ ।
ਨਲਕੀ ਵਿਚ ਪਾ, ਨਲਕੀ ਉਸਦੇ ਨਥਨੇ ਵਿੱਚ ਟਿਕਾਈ ।
ਦੂਜੀ ਤਰਫ਼ੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ ।
ਮੇਰੀ ਫੂਕੋਂ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ ।
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ ।
ਅੱਲਾ ਬਖ਼ਸ਼ੇ, ਫੂਕ ਓਸਦੀ, ਵਾਂਗ ਹਨੇਰੀ ਆਈ ।
ਨਲਕੀ ਭੀ ਲੰਘ ਜਾਣੀ ਸੀ ਮੈਂ ਫੜਕੇ ਮਸਾਂ ਬਚਾਈ ।'
ਉਸਦੀ ਸੁਣਕੇ ਗੱਲ ਡਾਕਟਰ, ਹਸ ਹਸ ਦੂਹਰਾ ਹੋਯਾ ।
ਬੁੱਧੂ ਉਸ ਨੂੰ ਵੇਖ ਹਸਦਿਆਂ, ਦੂਣਾ ਚੌਣਾ ਰੋਯਾ ।
ਹਸਦੇ-ਰੋਂਦੇ ਦੇਖ ਦੁਹਾਂ ਨੂੰ, 'ਸੁਥਰਾ' ਭੀ ਮੁਸਕਾਯਾ :-
'ਸੁਣ ਓ ਬੁੱਧੂ ਇਸ ਜਗ ਨੇ ਹੈ, 'ਪਹਿਲ' ਤਾਈਂ ਵਡਿਆਯਾ ।
ਜਿਦ੍ਹੀ ਫੂਕ ਵਜ ਜਾਵੇ ਪਹਿਲਾਂ, ਜਿੱਤ ਓਸਦੀ ਕਹਿੰਦੇ ।
ਤੇਰੇ ਜਿਹੇ ਸੁਸਤ ਪਿਛਰਹਿਣੇ, ਰੂੰ ਰੂੰ ਕਰਦੇ ਰਹਿੰਦੇ ।'

10. ਪਹਿਲਾ ਸਬਕ

ਕੌਰਵ-ਪਾਂਡਵ ਦ੍ਰੋਣਾਚਾਰਯ ਪਾਸ ਪੜ੍ਹਨ ਬਿਠਲਾਏ
ਉਸ ਨੇ ਕਾ ਖਾ ਗਾ ਘਾ ਅੱਖਰ ਪ੍ਰੇਮ ਨਾਲ ਸਿਖਲਾਏ
ਉਸ ਤੋਂ ਪਿੱਛੋਂ 'ਪਹਿਲੀ-ਪੋਥੀ' ਪਾਠ ਸ਼ੁਰੂ ਕਰਵਾਯਾ
'ਕ੍ਰੋਧ ਮਤ ਕਰੋ' ਸਭ ਤੋਂ ਪਹਿਲਾ ਸਬਕ ਓਸ ਵਿਚ ਆਯਾ
ਉਸ ਤੋਂ ਬਾਦ ਅਨੇਕ ਪੁਸਤਕਾਂ ਸਭ ਭਾਈਆਂ ਨੇ ਪੜ੍ਹੀਆਂ
ਖ਼ੁਸ਼ੀਆਂ ਬਹੁਤ, ਰਪੋਟਾਂ ਸੁਣਕੇ, ਧ੍ਰਿਤਰਾਸ਼ਟਰ ਨੂੰ ਚੜ੍ਹੀਆਂ
ਪ੍ਰੀਖਯਾ ਹਿਤ, ਉਸ ਬੱਚੇ ਸਾਰੇ, ਅਪਨੇ ਪਾਸ ਬੁਲਾਏ
ਸਭ ਨੇ ਕਈ ਗ੍ਰੰਥਾਂ ਵਿਚੋਂ, ਫ਼ਰ ਫ਼ਰ, ਸਫ਼ੇ ਸੁਣਾਏ
ਮਗਰ 'ਯੁਧਿਸ਼ਟਰ' 'ਪਹਿਲੀ-ਪੋਥੀ' 'ਪਹਿਲਾ ਪੰਨਾ' ਫੜਕੇ
ਪਹਿਲੀ ਸਤਰੋਂ, ਪਹਿਲੀ ਸੰਥਾ, ਮੁੜ ਮੁੜ ਦੱਸੇ ਪੜ੍ਹ ਕੇ
'ਧ੍ਰਿਤਰਾਸ਼ਟਰ' ਨੇ ਕੜਕ ਪੁੱਛਿਆ, 'ਹੋਰ ਨ ਕੁਝ ਤੂੰ ਪੜ੍ਹਿਆ ?'
ਕਹਿਣ ਲਗਾ, 'ਜੀ ਹਾਂ, ਮੈਂ ਇਸਤੋਂ ਉਤ੍ਹਾਂ ਨ ਹਾਲਾਂ ਚੜ੍ਹਿਆ'
ਦ੍ਰੋਣਾਚਾਰਯ ਕ੍ਰੋਧਵਾਨ ਹੋ ਖਿਝਿਆ ਤੇ ਚਿੱਲਾਯਾ :-
'ਕਯਾ ਇਸ ਪ੍ਰਿਥਮ ਪ੍ਰਿਸ਼ਟ ਕੇ ਆਗੇ ਤੁਝਕੋ ਕੁਛ ਨਹੀਂ ਆਯਾ ?'
ਧ੍ਰਿਤਰਾਸ਼ਟਰ ਤੇ ਦ੍ਰੋਣਾਚਾਰਯ ਵਾਰੋ ਵਾਰੀ ਬੋਲਣ
ਕ੍ਰੋਧ ਨਾਲ ਹੋ ਇੱਟਣ ਪਿੱਟਣ ਵਿੱਸ ਬਥੇਰੀ ਘੋਲਣ
ਐਪਰ ਸ਼ਾਂਤ ਯੁਧਿਸ਼ਟਰ ਬੈਠਾ ਅਪਣਾ ਸਬਕ ਪਕਾਵੇ
'ਕ੍ਰੋਧ ਮਤ ਕਰੋ-ਕ੍ਰੋਧ ਮਤ ਕਰੋ' ਸੰਥਾ ਰਟਦਾ ਜਾਵੇ
ਟਿਚਕਰ ਨਾਲ ਕੌਰਵਾਂ ਪੁਛਿਆ, 'ਕੀ ਤੂੰ ਨਹੀਂ ਜੀਊਂਦਾ ?
ਝਿੜਕਾਂ ਸੁਣਦਾ, ਚੁਪ ਹੈਂ ਬੈਠਾ, ਕਯੋਂ ਅੱਗੋਂ ਨਹੀਂ ਕੂੰਦਾ ?'
ਆਖਣ ਲਗਾ, 'ਭਰਾਓ, ਮੈਂ ਹਾਂ ਅਪਨਾ ਸਬਕ ਪਕਾਂਦਾ
'ਕ੍ਰੋਧ ਮਤ ਕਰੋ', ਸੰਥਾ ਪਹਿਲੀ, ਦਿਲ ਵਿਚ ਪਿਆ ਵਸਾਂਦਾ ।'
ਸੁਣਕੇ ਸਭ ਸ਼ਰਮਿੰਦੇ ਹੋਏ, ਕਰਨ ਤਰੀਫ਼ਾਂ ਲੱਗੇ
ਪੜ੍ਹਿਆ ਅਸਲ 'ਯੁਧਿਸ਼ਟਰ' 'ਸੁਥਰਾ', ਬਾਕੀ ਰਹਿ ਗਏ ਢੱਗੇ

11. ਬੂਟ ਦੀ ਸ਼ਰਾਰਤ

ਦੇਖ ਲਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ
ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ
ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਯਾ
ਨਾਲ ਕਛਿਹਰੇ, ਬੂਟ ਦੇਖਕੇ, ਯਾਰਾਂ ਹਾਸਾ ਪਾਯਾ
ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ
ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ ਪਿਆ ਮੰਗਾਣਾ
ਫ਼ੌਂਟਿਨ ਪੈੱਨ, ਰੁਮਾਲ, ਨੋਟਬੁਕ, ਐਨਕ, ਘੜੀ ਕਲਾਈ
ਚੈਸਟਰ, ਹੰਟਰ, ਪਨੀਅਰ ਕੁੱਤਾ, ਸਭ ਦੀ ਵਾਰੀ ਆਈ
ਕਈ ਲੇਡੀਆਂ-ਜੰਟਲਮੈਨਾਂ ਨਾਲ ਵਾਕਫ਼ੀ ਹੋਈ
ਪਾਰਟੀਆਂ ਦਾ ਸੱਦਾ ਆਵੇ ਰੋਜ਼ ਕੋਈ ਨਾ ਕੋਈ
ਮੈਨੂੰ ਭੀ ਲਾਚਾਰ ਪਾਰਟੀਆਂ, ਆਪ ਕਰਨੀਆਂ ਪਈਆਂ
ਪਿਰਚ ਪਿਆਲੇ, ਕਾਂਟੇ, ਛੁਰੀਆਂ, ਮੇਜ਼ ਕੁਰਸੀਆਂ ਲਈਆਂ
ਪਰ ਜਦ ਮਿਤਰਾਂ, ਸਾਡੇ ਘਰ ਦਾ ਆਣ ਮਖ਼ੌਲ ਉਡਾਯਾ
ਗ਼ੈਰਤ ਖਾ ਕੇ, ਬੰਗਲਾ ਲੀਤਾ, ਦੁਲਹਨ ਵਾਂਗ ਸਜਾਯਾ
ਫ਼ਰਨੀਚਰਾਂ, ਕਰੌਕਰੀਆਂ ਨੇ ਖ਼ੂਨ 'ਦਿੱਕ' ਸਮ ਪੀਤਾ
ਬਹਿਰੇ ਬਾਵਰਚੀ ਨੇ ਖੀਸਾ ਰਜ ਰਜ ਖਾਲੀ ਕੀਤਾ
ਪਿਓ ਦਾਦੇ ਦੀ ਜਾਇਦਾਦ ਨੂੰ, ਡਾਂਗਾਂ ਦੇ ਗਜ਼ ਦੇ ਕੇ
ਵਿਸ੍ਹਕੀ ਬੋਤਲ ਦੇਵੀ ਅੱਗੇ ਹਸ ਹਸ ਮੱਥੇ ਟੇਕੇ
ਆਖ਼ਰ ਜਦ ਕੁਝ ਰਿਹਾ ਨਾ ਪੱਲੇ, ਸਿਰੇ ਡਿਗਰੀਆਂ ਚੜ੍ਹੀਆਂ
ਪੁਤ ਨੇ ਭੀ ਉਠ ਦਾਵਾ ਕੀਤਾ 'ਲੀਗਲ' ਘੁੰਡੀਆਂ ਪੜ੍ਹੀਆਂ
ਲਾਹ ਕੇ ਬੂਟ ਦੂਰ ਮੈਂ ਸੁਟਿਆ, ਨਾਲੇ ਖੁਲ੍ਹ ਗਈ ਅੱਖੀ
ਸ਼ੁਕਰ ਸ਼ੁਕਰ, ਏ ਸੁਪਨਾ ਹੀ ਸੀ, ਲਾਜ ਪ੍ਰਭੂ ਨੇ ਰੱਖੀ
ਕੰਨਾਂ ਨੂੰ ਹੱਥ ਲਾਯਾ, ਭੈੜੀ ਵਾਦੀ ਪੈਣ ਨ ਦੇਸਾਂ
ਸਾਦਾ 'ਸੁਥਰਾ' ਰਹਿ, ਦੁੱਖਾਂ ਨੂੰ ਜੁੱਤੀ ਹੇਠ ਰਖੇਸਾਂ

12. ਨਾਉਂ

ਭਰੇ ਦੀਵਾਨ ਵਿਚ ਇਕ ਵਾਰੀ, ਕਲਗੀਧਰ ਜੀ ਪਯਾਰੇ
ਸੰਗਤ ਅੱਗੇ ਪ੍ਰਸ਼ਨ ਕਰਨ ਹਿਤ, ਮੁਖ ਤੋਂ ਵਾਕ ਉਚਾਰੇ
'ਦੱਸੋ ਭਲਾ ਗੁਰੂ ਦੇ ਸਿੱਖੋ, ਫੋਲ ਯਾਦ ਦੇ ਟੋਏ
ਭਗਤ ਕਬੀਰ ਸਮੇਂ ਸਨ ਕੇੜ੍ਹੇ, ਸ਼ਾਹ ਬਾਦਸ਼ਾਹ ਹੋਏ ?'
ਸਭ ਨੇ ਲੱਖ ਖ਼ਿਆਲ ਦੁੜਾਏ, ਜ਼ੋਰ ਮਗ਼ਜ਼ ਤੇ ਪਾਏ
ਉਸ ਵੇਲੇ ਦੇ ਸ਼ਾਹਾਂ ਦੇ ਪਰ ਨਾਉਂ ਯਾਦ ਨਾ ਆਏ
ਬਿਨੈ ਕਰੀ, 'ਹੈ ਚੇਤੇ ਸਿਰਫ਼ ਕਬੀਰ ਭਗਤ ਤੇ ਲੋਈ
ਹੋਰ ਨਾ ਸੁਣਿਆ ਉਸ ਸਮੇਂ ਦਾ ਸ਼ਾਹ ਬਾਦਸ਼ਾਹ ਕੋਈ'
ਚੋਜੀ ਸਤਿਗੁਰ, ਪਯਾਰੇ ਸਤਿਗੁਰ ਬੁਲ੍ਹਾਂ ਵਿਚ ਮੁਸਕਾਏ
ਕੇਰੇ ਫੁੱਲ ਕਿ 'ਸੋਚੋ, ਇਹ ਗੱਲ ਕੀ ਕੁਝ ਸਬਕ ਸਿਖਾਏ
ਹਰ ਪ੍ਰਾਣੀ ਹੈ ਤਰਲੇ ਲੈਂਦਾ, ਨਾਉਂ ਮਿਰਾ ਰਹਿ ਜਾਵੇ
ਨਾਉਂ ਵਾਸਤੇ ਪੁੱਤਰ ਮੰਗੇ, ਮਾਯਾ ਲੁੱਟ ਵਧਾਵੇ
ਪਰ ਸੁਤ, ਧਨ ਯਾ ਤਾਜ ਤਖ਼ਤ ਤੋਂ ਨਾਮ ਨ ਜਗ ਵਿਚ ਰਹਿੰਦਾ
ਨੇਕੀ ਬਿਨ ਜਗ ਬਾਦਸ਼ਾਹਾਂ ਨੂੰ ਲਖ ਲਾਨਤ ਹੈ ਕਹਿੰਦਾ
ਮਿਰੇ ਬੇਟਿਓ ਅਤੇ ਬੇਟੀਓ ਏਹ ਸਿੱਖਯਾ ਦਿਲ ਧਾਰੋ
ਨੇਕੀ ਭਗਤੀ ਤੇ ਕੁਰਬਾਨੀ ਉੱਤੇ ਨਾਉਂ ਉਸਾਰੋ
ਕੇਵਲ ਦਾਤੇ ਭਗਤ ਸੂਰਮੇ ਦਾ ਜਗ ਨਾਂ ਰਹਿ ਜਾਵੇ
ਇਸ ਤੋਂ ਬਿਨ ਨਾ ਨਾਮ ਰਹੇ, ਜੇ ਰਹੇ ਤਾਂ ਫਿਟਕਾਂ ਖਾਵੇ'
'ਸੁਥਰੇ' ਸੁਣਕੇ ਕਿਹਾ 'ਪਾਤਸ਼ਾਹ, ਮੈਂ ਅੱਜ ਪ੍ਰਣ ਹਾਂ ਕਰਦਾ
ਅਪਨਾ ਨਾਮ ਬਣਾਸਾਂ ਜਗ ਤੇ ਪਯਾਰਾ ਸਭ ਸੁਰ-ਨਰ ਦਾ ।'

13. ਹੀਰ ਦੀ ਨਮਾਜ਼

ਘਿਓ ਦੀ ਚੂਰੀ ਦਾ ਭਰ ਛੰਨਾ, ਲਈ ਹੀਰ ਸੀ ਜਾਂਦੀ
ਕਾਹਲੀ ਕਾਹਲੀ ਕਦਮ ਉਠਾਂਦੀ, ਲੋਕਾਂ ਨਜ਼ਰ ਬਚਾਂਦੀ
ਦਿਲ ਵਿਚ ਫ਼ਿਕਰ ਕਿ 'ਮੇਰਾ ਰਾਂਝਾ ਹੋਊ ਉਡੀਕਾਂ ਕਰਦਾ
ਭੁੱਖਾ ਭਾਣਾ, ਕਿਸੇ ਬਿਰਛ ਦੀ ਛਾਵੇਂ ਹਉਕੇ ਭਰਦਾ'
ਅੱਗੇ ਪਿੰਡ ਦਾ ਵਡਾ ਮੁਲਾਣਾ, ਪਿਆ ਨਮਾਜ਼ ਪੜ੍ਹੇਂਦਾ
ਅਪਨੀ ਜਾਚੇ ਰਬ ਦੇ ਸਿਰ ਸੀ, ਬੜਾ ਹਸਾਨ ਕਰੇਂਦਾ
ਅਪਨੇ ਧਯਾਨ ਮਗਨ ਤੇ ਬੇਸੁੱਧ, ਹੀਰ ਅੱਗੋਂ ਦੀ ਲੰਘੀ
ਵੇਖ ਮੁੱਲਾਂ ਨੇ ਦੰਦ ਕਰੀਚੇ, ਮਾਨੋਂ ਘੁਟ ਦਊ ਸੰਘੀ
ਵਾਪਸ ਮੁੜੀ, ਖੁਆਕੇ ਚੂਰੀ, ਕਰਕੇ ਦਰਸ਼ਨ ਮੇਲਾ
ਅੱਗੋਂ ਪਿਆ ਖਾਣ ਨੂੰ ਮੁੱਲਾਂ, ਭੁੱਖਾ ਜਿਵੇਂ ਬਘੇਲਾ
'ਓ ਮਲਊਨ ਦੋਜ਼ਖੀ ਲੜਕੀ, ਅਹਿਮਕ, ਅੱਲਾ ਮਾਰੀ
ਬੇਵਕੂਫ, ਤੂਨੇ ਹੈ ਕਰ ਦੀ, ਕਜ਼ਾ ਨਮਾਜ਼ ਹਮਾਰੀ
ਅੰਧੀ ਬਨ ਕੇ ਗੁਜ਼ਰੀ ਆਗੇ, ਧਯਾਨ ਹਮਾਰਾ ਟੂਟਾ
ਪੜ੍ਹਨੀ ਪੜੀ ਨਮਾਜ਼ ਦੁਬਾਰਾ, ਤਿਰਾ ਮਗ਼ਜ਼ ਕਯੋਂ ਫੂਟਾ ?
ਹੀਰ ਪਿਆਰੀ ਨੇ ਮੁਸਕਾਕੇ, ਉੱਤਰ ਦਿੱਤਾ ਮਿੱਠਾ
'ਸਹੁੰ ਰਾਂਝੇ ਦੀ, ਮੈਂ ਨਹੀਂ ਤੈਨੂੰ, ਜਾਣ ਸਮੇਂ ਸੀ ਡਿੱਠਾ
ਰਾਂਝੇ ਵੱਲ ਸੁਰਤ ਸੀ ਮੇਰੀ, ਹੋਰ ਖ਼ਯਾਲ ਸਭ ਭੁੱਲੇ
ਸੁਝਦੇ ਨਾ ਸਨ, ਸੱਜੇ, ਖੱਬੇ, ਧੁੱਪ, ਬਾਰਸ਼ਾਂ, ਬੁੱਲੇ
ਜਦ ਤਕ ਬੇਲੇ ਪੁੱਜ ਨ ਚੂਰੀ, ਰਾਂਝੇ ਤਈਂ ਖੁਆਈ
ਜਦ ਤਕ ਦਰਸ ਨਾ ਪਾਯਾ ਉਸਦਾ, ਮੈਨੂੰ ਹੋਸ਼ ਨਾ ਆਈ
ਤਿਰੀ ਸੁਰਤ ਭੀ ਜੇ ਨਿਜ ਰਾਂਝੇ, ਰੱਬ ਸੰਗ ਹੁੰਦੀ ਗੁੰਦੀ
ਦਿਸਦੀ ਹੀ ਨਾ ਮੈਂ ਫਿਰ ਤੈਨੂੰ, ਕਜ਼ਾ ਨਮਾਜ਼ ਨ ਹੁੰਦੀ
ਉਸ ਨਮਾਜ਼ ਦਾ ਕੀ ਹੈ ਫ਼ੈਦਾ ? ਜੋ ਨ ਸੁਰਤ ਟਿਕਾਵੇ
ਲੋਕਾਂ ਨੂੰ 'ਮਲਊਨ' ਆਖ ਕੇ ਗਾਲ੍ਹਾਂ ਬਕਣ ਸਿਖਾਵੇ
ਲਾਨ੍ਹਤ ਅੱਲਾ ਦੀ ਉਸ ਨੂੰ ਜੋ, ਕਰੇ ਦੰਭ ਦਮ ਬਾਜ਼ੀ
ਬਣੇਂ ਜਿ ਮੇਰਾ ਚੇਲਾ ਮੁੱਲਾਂ, ਸੱਚਾ ਬਣੇਂ ਨਮਾਜ਼ੀ !'
ਹੱਕਾ ਬੱਕਾ ਹੋ ਮੁੱਲਾਂ ਨੇ, ਪੈਰ ਉਦ੍ਹੇ ਹੱਥ ਲਾਯਾ
'ਹੀਰੇ, ਤੂੰ ਤਾਂ ਮੈਂ ਅੰਨ੍ਹੇ ਨੂੰ 'ਸੁਥਰਾ' ਨੂਰ ਦਿਖਾਯਾ !'

14. ਸੁਖ ਹੇਤ ਦੁਖ

ਸੁੰਦਰ ਫੁੱਲ ਹਿਤ ਮਨ ਲਲਚਾਯਾ,
ਟਾਹਣੀ ਨੂੰ ਹਥ ਪਾਯਾ ।
ਇਕ ਫੁੱਲ ਨਾਲ, ਚੁੱਭੇ ਕਈ ਕੰਡੇ,
ਹਥ ਪੱਛ, ਖ਼ੂਨ ਵਗਾਯਾ ।
ਫੁੱਲ ਤਾਂ ਕੁਝ ਘੜੀਆਂ ਵਿਚ ਸੁਕਿਆ,
ਲੁਤਫ਼ ਓਸ ਦਾ ਭੁਲਿਆ,
ਪਰ ਕੰਡਿਆਂ ਦੀ ਚੋਭ ਨਾ ਭੁੱਲੀ,
ਚੀਸਾਂ ਨੇ ਤੜਪਾਯਾ ।
ਜਗ ਦੇ ਇਕ ਇਕ ਸੁਖ ਦੇ ਸੰਗ ਹਨ,
ਦੁਖ ਦੇ ਸੌ ਸੌ ਕੰਡੇ,
ਖਿਣ ਭੰਗਰ ਸੁਖ ਹੇਤ, ਜਗਤ ਤੇ
'ਚਰਨ' ਬਹੁਤ ਦੁਖ ਪਾਯਾ ।

15. ਇਕ ਡੋਬਦੀਆਂ ਇਕ ਤਾਰਦੀਆਂ

ਅਖੀਆਂ ਅਖੀਆਂ ਵਿਚ ਫ਼ਰਕ ਹੁੰਦਾ ਹੈ,
ਦੇਖੋ ਅੱਖਾਂ ਹਜ਼ਾਰ ਦੀਆਂ ।
ਇਕ ਮਾਰਦੀਆਂ, ਇਕ ਠਾਰਦੀਆਂ,
ਇਕ ਡੋਬਦੀਆਂ, ਇਕ ਤਾਰਦੀਆਂ ।

ਇਕ ਸਹਿਮ ਦੀਆਂ, ਇਕ ਰਹਿਮ ਦੀਆਂ,
ਇਕ ਜਿੱਤ ਦੀਆਂ, ਇਕ ਹਾਰ ਦੀਆਂ ।
ਇਕ ਭਰਮ ਦੀਆਂ, ਇਕ ਸ਼ਰਮ ਦੀਆਂ,
ਇਕ ਵੈਰ ਦੀਆਂ, ਇਕ ਪਯਾਰ ਦੀਆਂ ।

ਇਕ ਪੀਰ, ਫ਼ਕੀਰ, ਅਮੀਰ ਦੀਆਂ,
ਇਕ ਮੀਰ, ਸਫ਼ੀਰ, ਵਜ਼ੀਰ ਦੀਆਂ ।
ਇਕ ਮਜਨੂੰ, ਪੁੰਨੂੰ, ਰਾਂਝਣ, ਤੇ
ਇਕ ਲੈਲਾ, ਸੱਸੀ, ਹੀਰ ਦੀਆਂ ।

ਇਕ ਹਸ ਹਸ ਖੱਸ ਲਿਜਾਣ ਰਿਦਾ,
ਇਕ ਰੋ ਰੋ ਦਿਲ ਨੂੰ ਚੀਰਦੀਆਂ ।
ਉਹ ਚੁਪ ਰਹਿ 'ਚਰਨ' ਝੁਕਾਨ ਜਿਵੇਂ
ਇਕ ਸੁੰਦਰੀ ਦੀ ਤਸਵੀਰ ਦੀਆਂ ।

16. ਫ਼ਿਕਰ ਕਿਸ ਗੱਲ ਦਾ

ਖ਼ਬਰੇ ਫ਼ਿਕਰਾਂ ਵਿਚ ਤੁਸੀਂ ਕਯੋਂ, ਐਵੇਂ ਮਰਦੇ ਜਾਂਦੇ ਹੋ ?
ਗੱਲਾਂ ਕੇਵਲ ਦੋ ਹਨ ਜਗ ਵਿਚ, ਸੋਚ ਨ ਜ਼ਰਾ ਦੁੜਾਂਦੇ ਹੋ
ਯਾ ਤਾਂ ਅਪਨੇ ਕੰਮ ਵਿਚ ਹੋ ਕਾਮਯਾਬ ਤੇ ਸਫ਼ਲ ਤੁਸੀਂ
ਯਾ ਫਿਰ ਹੋ ਨਾਕਾਮਯਾਬ ਤੇ ਪੰਡਾਂ ਢੋਂਦੇ ਅਫਲ ਤੁਸੀਂ
ਜੇ ਹੈਗੇ ਹੋ ਕਾਮਯਾਬ, ਤਾਂ ਫ਼ਿਕਰ ਨ ਰਤੀਆਂ ਮਾਸੇ ਨੇ
ਪਰ ਜੇ ਹੋ ਨਾਕਾਮਯਾਬ ਤਾਂ ਸੋਚ ਲਏ ਦੋ ਪਾਸੇ ਨੇ
ਯਾਨੀ ਯਾ ਤਾਂ ਤੰਦਰੁਸਤ ਹੋ, ਯਾ ਫਿਰ ਹੋ ਬੀਮਾਰ ਤੁਸੀਂ
ਨਿਸਫਲਤਾ ਦੇ ਫ਼ਿਕਰ ਛੱਡਕੇ, ਇਸ ਤੇ ਕਰੋ ਵਿਚਾਰ ਤੁਸੀਂ
ਜੇ ਅਰੋਗ ਤੇ ਰਾਜ਼ੀ ਹੋ ਤਾਂ ਐਵੇਂ ਫ਼ਿਕਰ ਉਛੱਲਾਂ ਨੇ
ਜੇ ਰੋਗੀ ਹੋ ਤਾਂ ਅਲਬੱਤਾ, ਸੋਚ ਦੀਆਂ ਦੋ ਗੱਲਾਂ ਨੇ
ਯਾਨੀ ਯਾ ਤੇ ਰਾਜ਼ੀ ਹੋ ਜਾਸੋ, ਤੇ ਯਾ ਫਿਰ ਮਰ ਜਾਓਗੇ
ਇਨ੍ਹਾਂ ਦੁਹਾਂ ਤੋਂ ਤੀਜੀ ਹਾਲਤ, ਹੋਰ ਨਾ ਕੋਈ ਪਾਓਗੇ
ਜੇ ਰਾਜ਼ੀ ਹੋ ਜਾਣਾ ਹੈ ਤਾਂ, ਚਿੰਤਾ ਦਾ ਕਯੋਂ ਤੌਰ ਕਰੋ ?
ਜੇ ਮਰ ਜਾਣਾ ਹੈ ਤਾਂ ਬੇਸ਼ਕ, ਦੋ ਗੱਲਾਂ ਤੇ ਗ਼ੌਰ ਕਰੋ
ਯਾਨੀ ਯਾ ਤਾਂ ਮਰ ਕੇ ਸਿੱਧਾ, ਸੁਰਗ ਵਿਚ ਅਸਥਾਨ ਮਿਲੂ
ਯਾ ਫਿਰ 'ਦੂਜੀ ਜਗ੍ਹਾ' ਪਹੁੰਚਕੇ, ਦੂਜੀ ਭਾਂਤ ਮਕਾਨ ਮਿਲੂ
ਜੇ ਵਾਸਾ ਜਾ ਸੁਰਗੀਂ ਮਿਲਿਆ, ਤਦ ਤਾਂ ਐਸ਼ ਬਹਾਰਾਂ ਨੇ
'ਦੂਜੀ ਜਗ੍ਹਾ' ਮਿਲੀ ਜੇ ਤਦ ਵੀ ਕਾਦ੍ਹੀਆਂ ਸੋਚ ਵਿਚਾਰਾਂ ਨੇ ?
ਸੱਜਣ-ਸਾਕ ਬਿਅੰਤ ਤੁਹਾਡੇ ਓਸ ਜਗ੍ਹਾ ਮਿਲ ਜਾਵਣਗੇ
ਉਨ੍ਹਾਂ ਨਾਲ ਫਿਰ ਮਿਲਨ-ਜੁਲਨ ਵਿਚ ਫ਼ਿਕਰ ਨ ਨੇੜੇ ਆਵਣਗੇ
ਇਸੇ ਲਈ ਹਾਂ ਮੁੜ ਮੁੜ ਕਹਿੰਦਾ ਕਦੀ ਨਾ ਸਜਣੋ ਫ਼ਿਕਰ ਕਰੋ
ਹਰ ਹਾਲਤ ਵਿਚ ਖਿੜੇ ਰਹੋ ਤੇ 'ਸੁਥਰੇ' ਰਬ ਦਾ ਜ਼ਿਕਰ ਕਰੋ ।

17. ਨਾਮੁਮਕਿਨ

ਭੂੰਡਾ ਇਕ ਦੌੜਦਾ ਭਜਦਾ, ਪਾਸ ਪਤੰਗਿਆਂ ਆਯਾ
ਕਹਿਣ ਲਗਾ ਓ ਮੇਰੇ ਭਾਈਓ, ਕਯੋਂ ਜੇ ਪ੍ਰੇਮ ਭੁਲਾਯਾ ?
ਸ਼ਹਿਰ ਵਿਚ ਹਨ ਜਗ ਪਏ ਦੀਵੇ ਵਾਹਵਾ ਲਟ ਲਟ ਕਰਦੇ
ਪ੍ਰੇਮੀ ਬੀਰ ਪਤੰਗੇ ਭਜ ਭਜ ਪਏ ਉਨ੍ਹਾਂ ਤੇ ਮਰਦੇ
ਸੁਸਤਾਂ ਵਾਂਗ ਤੁਸੀਂ ਹੋ ਬੈਠੇ, ਖ਼ਬਰੇ ਕੀ, ਜੇ ਹੋਯਾ ?
ਇਓਂ ਜਾਪੇ ਕਿ ਇਸ਼ਕ ਤੁਹਾਡਾ ਹੈ ਸੋਯਾ ਯਾ ਮੋਯਾ !
ਉਠੋ, ਤਿਆਗੋ ਸੁਸਤੀ ਫ਼ੌਰਨ ਸਫਲਾ ਜਨਮ ਕਰਾਓ
ਦਰਸ਼ਨ ਪਾਓ, ਸੀਸ ਝੁਕਾਓ, ਪਯਾਰੇ ਤੋਂ ਬਲ ਜਾਓ !
ਜੋਸ਼ ਨਾਲ ਸਭ ਭਰੇ ਪਤੰਗੇ, ਇਕ ਦਮ ਉੱਠਣ ਲੱਗੇ
ਕਰਕੇ ਖ਼ਯਾਲ 'ਸ਼ਮ੍ਹਾਂ' ਦਾ, ਮਸਤੀ ਵਿਚ ਹੀ ਕੁੱਠਣ ਲੱਗੇ
ਪਰ ਇਕ ਬਿਰਧ ਪਤੰਗੇ ਨੇ ਉਠ ਕਿਹਾ ਕਰੋ ਕੁਝ ਜੇਰਾ
ਫਿਰ ਭੂੰਡੇ ਨੂੰ ਪੁਛਿਆ ਤੂੰ ਹੈਂ ਕੌਣ ? ਨਾਮ ਕੀ ਤੇਰਾ ?
ਕਹਿਣ ਲੱਗਾ ਮੈਂ ਵੀਰ ਤੁਹਾਡਾ, ਪੁਸ਼ਤੋ-ਪੁਸ਼ਤ ਪਤੰਗਾ
ਖ਼ੁਸ਼ਖ਼ਬਰੀ ਹਾਂ ਦੱਸਣ ਆਯਾ, ਫ਼ਰਜ਼ ਸਮਝਕੇ ਚੰਗਾ !
ਬਿਰਧ ਪਤੰਗੇ ਕਿਹਾ, ਮੂਰਖਾ, ਝੂਠ ਪਿਆ ਕਯੋਂ ਬੋਲੇਂ ?
ਕਯੋਂ ਸਾਨੂੰ ਭਰਮਾਣਾ ਚਾਹੇਂ ? ਲੂਣ ਪਿਆ ਕਯੋਂ ਤੋਲੇਂ ?
ਯਾ ਤਾਂ ਸ਼ਹਿਰ ਜਗੇ ਨਹੀਂ ਦੀਵੇ, ਯਾ ਤੂੰ ਨਹੀਂ ਪਤੰਗਾ
ਵਰਨਾ ਪਯਾਸਾ ਕਯੋਂ ਤੂੰ ਰਹਿੰਦੋਂ ? ਦੇਖ ਸਾਮ੍ਹਣੇ ਗੰਗਾ ?
ਦੀਵੇ ਜਗਦੇ ਵੇਖ ਪਤੰਗਾ ਜਯੂੰਦਾ ਨਾ ਮੁੜ ਜਾਵੇ
ਭਜ ਜਾ ਏਥੋਂ, ਮੈਨੂੰ ਤੈਥੋਂ ਬੂ ਧੋਖੇ ਦੀ ਆਵੇ !
ਤੜਪ ਗਿਆ ਦਿਲ 'ਸੁਥਰੇ' ਦਾ ਸੁਣ ਸਿਦਕ ਪਤੰਗੇ ਵਾਲਾ
ਨਾਮੁਮਕਿਨ, ਪ੍ਰੇਮੀ ਨਾ ਹੋਵੇ, ਪ੍ਰੀਤਮ ਪਿਖ ਮਤਵਾਲਾ
ਨੂਰ, ਸਾੜ ਤਸਕੀਨ ਦਏ ਜੋ ਦਿਲ ਜਿੱਤ ਕਰੇ ਦੀਵਾਨਾ
ਓਸ ਸ਼ਮ੍ਹਾਂ ਦਾ 'ਸੁਥਰਾ' ਬਣਿਆ ਸਦਾ ਲਈ ਪਰਵਾਨਾ ।

18. ਭੁਲ ਗਏ

ਜਦ ਆਪ ਅਪਨੇ ਹਲਫ਼ੀਆ, ਇਕਰਾਰ ਭੁਲ ਗਏ ।
ਸਾਡੇ ਸਿਰੋਂ ਭੀ ਭੂਤ ਲੱਥਾ, ਪਯਾਰ ਭੁਲ ਗਏ ।

ਦੌਲਤ ਕੀ ਲੱਭੀ ਆਪ ਨੂੰ, ਹੈ ਦਿਸਣੋਂ ਰਹਿ ਗਿਆ,
ਅਪਨੇ ਪਛਾਨਣੇ ਪੁਰਾਣੇ ਯਾਰ ਭੁਲ ਗਏ ।

ਮੇਰੀ ਡਰੌਣੀ ਸ਼ਕਲ ਪਹਿਲੇ ਪਹਿਲ ਦੇਖ ਕੇ,
ਓਹ ਹੋ ਗਏ ਹੈਰਾਨ ਤੇ ਸ਼ਿੰਗਾਰ ਭੁਲ ਗਏ ?

ਦੁਨੀਆਂ ਤੇ ਆ ਕੇ ਬੰਦਿਆਂ ਨੂੰ ਮੌਤ ਕੀ ਪਈ ?
ਦਾਤਾਂ ਨੂੰ ਜੱਫੇ ਪਾ ਲਏ ਦਾਤਾਰ ਭੁਲ ਗਏ ।

ਧੰਨ ਭਾਗ, ਚੋਵਾਂ ਤੇਲ, ਆਓ ਬੈਠੋ ਸੀਸ ਤੇ,
ਅਜ ਕਿਸ ਤਰਾਂ ਹੋ ਰਸਤਾ ਤੇ ਬਾਜ਼ਾਰ ਭੁਲ ਗਏ ।

ਕੀਤਾ ਮੈਂ ਦਰਸ਼ਨ ਓਸ ਦਾ ਜਿਸ ਪਲ ਤੇ ਜਿਸ ਘੜੀ,
ਘਰ ਬਾਰ, ਕੰਮ ਕਾਜ ਤੇ ਪਰਵਾਰ ਭੁਲ ਗਏ ।

ਕਯੋਂ ਕੱਢਦੇ ਹੋ ਗਾਲ ? ਜੇ ਤੋੜੀ ਹੈ ਦੋਸਤੀ,
ਕੀ ਲਫ਼ਜ਼ ਭੀ ਇਖ਼ਲਾਕ ਦੇ ਦੋ ਚਾਰ ਭੁਲ ਗਏ ?

ਸਾਡੀ ਬਣਾਈ ਮੌਜ, ਅਜ ਉਨ੍ਹਾਂ ਦੀ ਭੁੱਲ ਨੇ,
ਹਰ ਰੋਜ਼ ਵਾਂਗ ਕਰਨਾ ਓਹ ਇਨਕਾਰ ਭੁਲ ਗਏ ।

ਐਸਾ ਵਟਾਯਾ ਭੇਸ ਮੈਂ ਮੰਗਤੇ ਫ਼ਕੀਰ ਦਾ,
ਓਹਨਾਂ ਜਹੇ ਚਾਲਾਕ ਭੀ ਇਕ ਵਾਰ ਭੁਲ ਗਏ ।

ਸਾਨੂੰ ਭੁਲਾ ਕੇ, ਪਯਾਰਿਓ, ਮਾਨੋ, ਏ ਸਮਝ ਲੌ,
ਕਾਬੂ 'ਚ ਆਯਾ ਸੋਨੇ ਦਾ ਭੰਡਾਰ ਭੁਲ ਗਏ ।

'ਸੁਥਰਾ' ਜੀ ਗ਼ਜ਼ਲ ਲਿਖੀ ਜੇ ਬੇਸ਼ਕ ਕਮਾਲ ਦੀ,
ਰਸ, ਯਮਕ, ਅਲੰਕਾਰ, ਚਮਤਕਾਰ, ਭੁਲ ਗਏ ।

19. ਸਣੇ ਮਲਾਈ ਆਣ ਦਿਓ

ਲੋਕੋ ! ਹਟੋ, ਨ ਰੋਕੋ ਮੈਨੂੰ, ਉਸ ਦੇ ਬੂਹੇ ਜਾਣ ਦਿਓ !
ਉਸਦੀ ਚੌਖਟ ਨਾਲ ਮਾਰ ਕੇ, ਸਿਰ ਅਪਨਾ ਪੜਵਾਣ ਦਿਓ !

ਆਸ-ਤੰਦ ਦੇ ਨਾਲ ਬਤੇਰਾ, ਬੰਨ੍ਹਾਂ ਬੰਨ੍ਹਾਂ ਲਟਕਾਯਾ ਜੇ,
ਹੁਣ ਤਾਂ ਦਰਸ਼ਨ-ਦਾਨ ਦਿਓ ਤੇ ਯਾ ਮੈਨੂੰ ਮਰ ਜਾਣ ਦਿਓ !

ਸਜਣੋਂ ! ਸੁੱਟੋ ! ਪਰੇ ਅੰਨ-ਜਲ, ਮੈਨੂੰ ਕਲਿਆਂ ਬਹਿ ਨੁਕਰੇ,
ਖ਼ੂਨ ਜਿਗਰ ਦਾ ਪੀਣ ਦਿਓ ਤੇ ਬੋਟੀ ਦਿਲ ਦੀ ਖਾਣ ਦਿਓ !

ਮਜਨੂੰ ਨੂੰ ਉਸਤਾਦ ਧਾਰਿਆ, ਉਸ ਨੇ ਭੇਟਾਂ ਇਹ ਮੰਗੀ
ਧਰਤੀ ਦੁਨੀਆਂ ਦੀ ਮਿਣ ਦੇਵੋ, ਮਿੱਟੀ ਜਗ ਦੀ ਛਾਣ ਦਿਓ !

ਦਵਾਰ ਪਾਲ ਜੀ ! ਹਰਜ ਤੁਸਾਡਾ ਕੀ ? ਜੇ ਸਾਡੇ ਕੰਮ ਬਣੇ ?
ਲੰਘਣ ਦਿਓ, ਹਜ਼ੂਰ ਉਨ੍ਹਾਂ ਦੀ ਖੁਲ੍ਹਕੇ ਅਰਜ਼ ਸੁਨਾਣ ਦਿਓ !

ਆਓ ਫਿਰ ਮਿਲ ਜਾਈਏ ਆਪਾਂ, ਪ੍ਰੇਮ ਵਿਚ ਹੈ ਬੜਾ ਮਜ਼ਾ
ਅਸੀਂ ਹੀ ਮੰਗ ਲੈਂਦੇ ਹਾਂ ਮਾਫ਼ੀ, ਬਸ ਹੁਣ ਗ਼ੁੱਸੇ ਜਾਣ ਦਿਓ !

ਇਕ ਵਾਰੀ ਤਾਂ ਐਧਰ ਤੱਕੋ ; ਇਕ ਵਾਰੀ ਤਾਂ ਹਸ ਬੋਲੋ
ਇਕ ਵਾਰੀ ਤਾਂ ਕਿਰਪਾ ਕਰਕੇ ਸਾਨੂੰ ਨੇੜੇ ਆਣ ਦਿਓ !

ਕਾਸਿਦ ! ਲੈ ਜਾ ਪਤ੍ਰ ਅਖ਼ੀਰੀ, ਮੰਨ ਜਾਵੇ ਤਾਂ ਸਦਕੇ ਹਾਂ
ਪਰ ਜੇ ਅਜੇ ਭੀ ਹੈਂਕੜ ਦੱਸੇ ਤਾਂ ਖ਼ਸਮਾਂ ਨੂੰ ਖਾਣ ਦਿਓ !

ਸ਼ਾਵਾ ! ਓਸ ਪਿਓ ਦੇ ਪੁਤ ਨੂੰ ਜਿਸ ਨੇ ਛਾਤੀ ਕੱਢ ਕਿਹਾ
ਦੇਸ਼ ਪ੍ਰੇਮ ਦੇ ਹੇਤ ਮੁਸੀਬਤ ਜੋ ਆਵੇ ਸੋ ਆਣ ਦਿਓ !

ਅਚਰਜ ਤੜਪ ਆਜ਼ਾਦੀ ਦੀ ਹੈ, ਹਰਨ ਪਿੰਜਰੇ ਵਿਚ ਚੀਕੇ
ਭਾਵੇਂ ਓਥੇ ਸ਼ੇਰ ਖਾ ਲਵੇ, ਮੈਨੂੰ ਬਨ ਵਿਚ ਜਾਣ ਦਿਓ !

ਦਿੱਤੀ ਵਾਜ ਰਾਤ ਨੇ ਦਿਨ ਨੂੰ, ਜਗ ਨੂੰ ਬਹੁਤ ਤਪਾਯਾ ਜੇ
ਹਟੋ ਪਰੇ, ਹੁਣ ਵਾਰੀ ਮਿਰੀ ਹੈ, ਸ਼ਾਂਤ-ਠੰਢ ਵਰਤਾਣ ਦਿਓ !

ਮਿੱਠਾ ਫਿੱਕਾ ਸਰਦ ਗਰਮ ਅਣਛਣਿਆ ਛਣਿਆ ਦੁਧ ਸਮਾਨ,
'ਸੁਥਰੇ' ਨੂੰ ਕੀ ਨਾਲ ਸੁਆਦਾਂ ! ਸਣੇ ਮਲਾਈ ਆਣ ਦਿਓ !

20.ਦੁਆਨੀ ਦਾ ਰੀਮਾਈਂਡਰ

ਇਕ ਪ੍ਰੇਮੀ ਨੇ ਪ੍ਰੀਤ ਦੇ ਵਲ
ਇਹ ਚਿੱਠੀ ਲਿਖ ਪਾਈ
ਓ ਮਾਈ ਲਵਲੀ, ਮੇਰੇ ਜੀਵਨ,
ਸੁਧ ਕਯੋਂ ਮਿਰੀ ਭੁਲਾਈ ?

ਨਕ ਨਕ ਚੜ੍ਹਿਆ 'ਲਵ' ਦਾ 'ਵਾਟਰ'
ਓਹ, ਆਈ ਐਮ ਡੁਬ ਚਲਿਆ ।
ਪ੍ਰੇਮ-ਕੜਾਹੇ ਤੇਲ ਵਾਂਗ ਤਪ,
ਵਾਂਗ ਵਤਾਊਂ ਤਲਿਆ ।

ਸਿਰ 'ਮੈਰੀ ਗੋ ਰਊਂਡ' ਵਾਂਗ
ਹਰਦਮ ਚਕਰਾਂਦਾ-ਭੌਂਦਾ ।
ਨਿਰਾ ਪੁਰਾ ਮੁਰਦਾ ਹਾਂ ਲਗਦਾ
ਰਾਤੀਂ ਮੈਂ ਜਦ ਸੌਂਦਾ ।

ਸੱਤ ਦਿਨਾਂ ਦੇ ਰੋਣ ਮਿਰੇ ਨੇ
ਸੱਤ ਸਮੁੰਦ੍ਰ ਵਗਾਏ ।
ਮੈਨੂੰ ਵੇਖ 'ਦਿਵਾਰ ਕਹਿਕਹਾ'
ਕਰਦੀ ਹਾਏ ਹਾਏ ।

ਤੇਰੇ ਬਿਨਾਂ ਜੇਠ ਦਾ ਸੂਰਜ
ਮੈਨੂੰ ਲਗੇ ਹਨੇਰਾ ।
ਸਾਰੀ ਦੁਨੀਆਂ ਮੈਨੂੰ ਜਾਪੇ
ਜਮਦੂਤਾਂ ਦਾ ਡੇਰਾ ।

ਮੀਂਹ ਦੀਆਂ ਕਣੀਆਂ ਲਗਣ ਗੋਲੀਆਂ,
ਪੌਣ ਛੁਰੀ ਸਮ ਪਛੇ ।
ਪਾਣੀ ਦਾ ਘੁਟ ਜ਼ਹਿਰ ਪਿਆਲਾ,
ਖੀਰ ਡੈਣ ਸਮ ਭੱਛੇ ।

ਸਾਹ ਸਤ ਰਿਹਾ ਨ ਗਿਟਿਆਂ ਅੰਦਰ,
ਜਿਸਮ ਪਤੀਸਾ ਹੋਯਾ ।
ਮੇਰਾ ਮੁੜ੍ਹਕਾ ਜਿੱਥੇ ਡਿੱਗਾ,
ਧਰਤੀ ਸੜ ਪਿਆ ਟੋਯਾ ।

ਮਜਨੂੰ ਸਿਖੇ ਆਸ਼ਕੀ ਮੈਥੋਂ
ਰਾਂਝੇ ਸੌ ਮੈਂ ਚਾਰਾਂ ।
ਪ੍ਰੀਤਮ, ਜੇ ਤੂੰ ਚਾਹੇਂ ਤਾਂ ਮੈਂ,
ਨੱਕ ਆਪਣਾ ਵਾਰਾਂ ।

ਓ ਮਾਈ ਸਵੀਟ, ਬਟਰ, ਲਵ, ਲਾਈਫ਼,
ਸੋਲ, ਡਾਰਲਿੰਗ, ਡੀਅਰ ।
ਓ ਮਾਈ ਸ਼ੂਗਰ, ਹਨੀ, ਪੇਸਟ੍ਰੀ,
ਮਿਲਕ, ਵਾਈਨ, ਟੀ, ਬੀਅਰ ।

ਆ ਜਾ ਕੇਰਾਂ, ਨਾ ਲਾ ਦੇਰਾਂ,
ਰਾਹੀਂ ਨੈਣ ਵਿਛਾਵਾਂ ।
ਚਰਨ ਧੂੜ ਦੇ ਇਕ ਕਿਣਕੇ ਤੋਂ
ਸੌ ਸੌ ਜਾਨ ਘੁਮਾਵਾਂ ।

ਛੇਤੀ ਆ ਪਰ ਨਾਲ ਆਪਣੇ
ਉਹ ਲੈ ਆਈਂ ਦੁਆਨੀ ।
ਜੇੜ੍ਹੀ ਲਈ ਹੁਦਾਰੀ ਸੀ ਤੂੰ
ਰੇਲ ਸਫ਼ਰ ਵਿਚ ਜਾਨੀ ।

ਉਸ ਦੁਆਨੀ ਦੀ ਰੋਟੀ ਖਾ ਕੇ,
ਜਦ 'ਸੁਥਰਾ' ਬਲ ਪਾਸਾਂ ।
ਫਿਰ ਦੇਖੀਂ ਮੈਂ ਇਸ਼ਕ ਭਿੰਨੀਆਂ
ਨਜ਼ਮਾਂ ਲਿਖੂੰ ਪਚਾਸਾਂ ।

21. ਨਖ਼ਰੇ ਤੋੜੂ ਗ਼ਜ਼ਲ

ਜੇ ਰੁਸਦੇ ਹੋ ਤਾਂ ਰੁਸ ਜਾਓ, ਅਸਾਡਾ ਕੀ ਵਿਗਾੜੋਗੇ ?
ਜੇ ਹਾਂਡੀ ਵਾਂਗ ਉਬਲੋਗੇ ਤਾਂ ਕੰਢੇ ਅਪਨੇ ਸਾੜੋਗੇ ।

ਏਹ ਠੁੱਡੇ ਆਪਦੇ ਤਦ ਤੀਕ ਹਨ, ਜਦ ਤਕ ਮੈਂ ਨਿਰਧਨ ਹਾਂ,
ਕਿਤੋਂ ਧਨ ਮਿਲ ਗਿਆ ਮੈਨੂੰ, ਤਾਂ ਮੇਰੇ ਬੂਟ ਝਾੜੋਗੇ ।

ਪਾਪੀ ਹੀ ਸਮਝੇ ਜਾਓਗੇ, ਜੇ ਚੰਚਲਤਾ ਤੁਸੀਂ ਕਰ ਕੇ,
ਮਿਰੇ 'ਆਸ਼ੋਕ ਬਨ' ਮਨ ਦੇ ਤੁਸੀਂ ਬੂਟੇ ਉਖਾੜੋਗੇ ।

ਜੁੜੇ, ਕੁਝ ਚਿਰ ਨਾ, ਰਬ ਕਰਕੇ, ਤੁਹਾਨੂੰ ਪਾਰਸੀ ਚਪਲੀ,
ਮਿਰੇ ਜਿਹੇ ਹੋਰ ਕਈਆਂ ਦੇ, ਪਏ ਹਿਰਦੇ ਲਤਾੜੋਗੇ ।

ਹੋ ਐਡੇ ਹੋ ਗਏ, ਪਰ ਸੂਝ ਤਾਂ ਬੰਦੇ ਦੀ ਕੁਝ ਆਂਦੀ,
ਹੁਸਨ-ਹੰਕਾਰ ਦੇ ਨਸ਼ਿਓ, ਕਦੋਂ ਅੱਖਾਂ ਉਘਾੜੋਗੇ ?

ਹੈ ਬਿਹਤਰ, ਨਾ ਬਣੋ ਸੰਵਰੋ, ਕਰੋਗੇ ਜ਼ੁਲਮ ਹੀ ਸਜ ਕੇ
ਕਿਸੇ ਦਾ ਦਿਲ ਵਿਗਾੜੋਗੇ, ਕਿਸੇ ਦਾ ਘਰ ਉਜਾੜੋਗੇ ।

ਮੈਂ ਸਮਝਾਂਗਾ ਕਿ ਪਿਛਲੇ ਜਨਮ ਦੇ ਬਘਿਆੜ ਹੋ ਸਾਹਿਬ,
ਮਿਰਾ ਜੇ ਕਾਲਜਾ, ਨਿਰਦੋਸ਼ ਬਕਰੀ ਵਾਂਗ, ਫਾੜੋਗੇ ।

ਨ ਵਹਿਸ਼ੀ ਸ਼ੇਰ ਭੀ, ਅੱਗੇ ਪਏ ਨੂੰ, ਹੈ ਕਦੀ ਖਾਂਦਾ,
ਅਸੀਂ ਕੀਤਾ ਹੈ ਸੱਤਯਾਗ੍ਰਹਿ, ਕੀ ਹੁਣ ਭੀ ਕ੍ਰੋਧ ਝਾੜੋਗੇ ?

ਜਵਾਨੀ ਚਾਰ ਦਿਨ, ਕਹਿੰਦੇ ਨੇ ਗਧਿਆਂ ਤੇ ਭੀ ਔਂਦੀ ਹੈ,
ਜ਼ਰਾ ਦੋ ਦੰਦ ਜਦ ਉਖੜੇ, ਨ ਸ਼ੇਰਾਂ ਵਾਂਗ ਧਾੜੋਗੇ ।

ਬਿਤਰਸੋ, ਦੂਤੀਓ, ਹੁਣ ਤਾਂ ਸ਼ਰਾਰਤ ਦੀ ਛੁਰੀ, ਛੱਡੋ,
ਦਿਲਾਂ ਦੇ ਮਿਲਦਿਆਂ ਨੂੰ, ਕਦੋਂ ਤਕ ਚੀਰੋਗੇ, ਪਾੜੋਗੇ ।

ਜ਼ਰਾ ਸੋਚੋ, ਕਿ ਦੁਨੀਆਂ ਕਹੇਗੀ ਨਾ ਆਪ ਨੂੰ ਭੰਗੀ
ਜੇ ਫੜ ਕੇ ਜੀਭ ਦਾ ਝਾੜੂ, ਸਦਾ ਮੈਨੂੰ ਪੈ ਝਾੜੋਗੇ ।

ਹੈ ਹੁਣ ਤਾਂ ਲਲਚਿਆ ਹੋਯਾ, ਤੁਹਾਨੂੰ ਤਾੜਦਾ 'ਸੁਥਰਾ'
ਢਲੂ ਜੋਬਨ, ਤਾਂ ਮੂੰਹ ਚੁਕ ਚੁਕ, ਤੁਸੀਂ 'ਸੁਥਰੇ' ਨੂੰ ਤਾੜੋਗੇ ।

22. ਬਣ ਗਏ

ਮਜ਼ਦੂਰਾਂ ਦੇ ਲਹੂ ਚੂਸ, ਪੂੰਜੀਦਾਰ ਬਣ ਗਏ ।
ਕਮਜ਼ੋਰਾਂ ਦੇ 'ਸਿਰ' ਤੋੜ ਕੇ 'ਸਿਰਦਾਰ' ਬਣ ਗਏ ।

ਕੀ, ਪ੍ਰੀਤਮਾਂ ਸੁੰਦਰ-ਮੁੱਖਾਂ ਨੂੰ ਆਖੀਏ ਯਾਰੋ,
'ਦਿਲ' ਪ੍ਰੇਮੀਆਂ ਦੇ ਖੋਹ ਕੇ ਜੋ 'ਦਿਲਦਾਰ' ਬਣ ਗਏ ।

ਦਿਨ ਰਾਤ ਬੈਲ ਵਾਂਗ ਢੋਂਦੇ ਭਾਰ ਨੇ 'ਪਤੀ'
ਕਿਆ ਚਾਰ ਫੇਰਿਆਂ ਦੇ ਗੁਨਹਗਾਰ ਬਣ ਗਏ ।

ਹੈ ਕੀ ਸਬਬ ਕਿ ਸਾਡੇ ਤੋਂ ਰਹਿੰਦੇ ਹੋ ਦੂਰ ਦੂਰ ?
ਕੁਝ ਖੋਹ ਲਵਾਂਗੇ ? ਐਡੇ ਬੇ-ਇਤਬਾਰ ਬਣ ਗਏ ।

ਜਦ ਅਸੀਂ ਸਾਂ ਗੁਲਾਮ, ਤੁਸੀਂ ਰਹੇ ਬੇ-ਵਫ਼ਾ,
ਤੋੜੀ ਅਸਾਂ, ਤਾਂ ਤੁਸੀਂ ਵਫ਼ਾਦਾਰ ਬਣ ਗਏ ।

ਥੂ, ਸ਼ੇਮ, ਧ੍ਰਿਗ ਹੈ ਜ਼ਿੰਦਗੀ ਖ਼ੁਦਗ਼ਰਜ਼ਾਂ, ਉਨ੍ਹਾਂ ਦੀ,
ਜਿੱਥੇ ਤਵਾ-ਪਰਾਤ ਦੇਖੇ, ਯਾਰ ਬਣ ਗਏ ।

ਕੈਸੀ ਆਸਾਨ ਮੌਜ ਹੈ ਰਬ ਜੀ ਨੂੰ ਮਿਲ ਗਈ,
ਬਸ 'ਕੁਨ' ਕਿਹਾ ਤੇ ਜਗਤ ਦੇ ਕਰਤਾਰ ਬਣ ਗਏ ।

ਸਭ ਤੋਂ ਸੁਖਾਲਾ ਪੇਸ਼ਾ ਹੈ ਇਹ ਵੇਹਲਿਆਂ ਲਈ,
ਪਕੜੀ ਕਲਮ ਤੇ ਅਡੀਟਰ ਅਖ਼ਬਾਰ ਬਣ ਗਏ ।

ਕੀ ਆ ਗਿਆ ਹਨੇਰ ? ਜੇ ਥੋਡਾ ਹੈ ਚਿਟਾ ਚੰਮ ?
ਬਸ ਏਨੀ ਗੱਲ ਤੇ ਏਤਨੇ ਹੰਕਾਰ ਬਣ ਗਏ ?

ਮੈਥੋਂ ਪੁੱਛੋ ਤਾਂ ਚੂਹੇ ਨੇ ਸਭ ਦੁਨੀਆਂ ਦੇ ਅਮੀਰ,
'ਜ਼ਰ' ਕੁਤਰ ਕੁਤਰ ਹੋਰਾਂ ਦਾ 'ਜ਼ਰਦਾਰ' ਬਣ ਗਏ ।

ਅਪਨੀ ਵਲੋਂ ਵਿਛਾਈ ਸੀ ਫੁੱਲਾਂ ਦੀ ਸੇਜ ਮੈਂ,
ਜਦ ਲੇਟਿਆ, ਤਾਂ ਫੁੱਲ ਤਿੱਖੇ ਖ਼ਾਰ ਬਣ ਗਏ ।

ਹੁੰਦੇ ਕਦੀ ਸਨ ਯਾਰ, ਯਾਰਿ-ਗ਼ਾਰ 'ਸੁਥਰਿਆ'
ਅਜ ਕਲ ਦੇ ਤਾਂ ਹਨ ਯਾਰ, ਯਾਰ-ਮਾਰ ਬਣ ਗਏ ।

23. ਪੌਲਿਸੀ

ਇਕ ਇੱਲੜ ਤੇ ਕਾਂ ਨੇ ਰਲਕੇ ਪਾਈ ਭਾਈ-ਵਾਲੀ ।
ਕਹਿਣ ਲਗੇ ਜੇ ਰਲ ਤੁਰੀਏ ਤਾਂ ਬੀਤੇ ਉਮਰ ਸੁਖਾਲੀ ।

ਕੀਤਾ ਏਹ ਸਮਝੌਤਾ 'ਜੋ ਕੁਝ ਲੱਭੇ ਖਾਣਾ ਦਾਣਾ ।
ਅੱਧੋ ਅੱਧ ਦੋਹਾਂ ਨੇ ਕਰਕੇ ਨਾਲ ਸੁਆਦਾਂ ਖਾਣਾ ।'

ਕੁਝ ਦਿਨ ਨਿਭਦੀ ਰਹੀ ਇਸ ਤਰ੍ਹਾਂ, ਨਿਸਫਾ ਨਿਸਫ ਵੰਡਾਂਦੇ ।
ਚੈਨ ਨਾਲ ਢਿਡ ਭਰਦੇ ਖਾਂਦੇ, ਦਿਨ ਦਿਨ ਪ੍ਰੇਮ ਵਧਾਂਦੇ ।

ਇਕ ਦਿਨ ਜਖ਼ਮੀ ਲੂੰਬੜ ਡਿੱਠਾ, ਬਿਸਮਿਲ, ਭੁੱਖਾ-ਭਾਣਾ ।
ਦੋਵੇਂ ਲਗੇ ਸਵਾਰਨ ਚੁੰਝਾਂ, ਰਜਵਾਂ ਮਿਲਿਆ ਖਾਣਾ ।

ਕੀਤੀ ਵੰਡ ਸੀਸ ਤੋਂ ਲੱਕ ਤਕ, ਕਊਆ ਸਾਹਿਬ ਖਾਸਣ ।
ਪੈਰੋਂ ਲਕ ਤਕ ਬਾਕੀ ਅੱਧਾ, ਇੱਲੜ ਹੁਰੀਂ ਉਡਾਸਣ ।

ਲੂੰਬੜ ਮਰਦੇ ਮਰਦੇ ਨੇ ਭੀ ਸੋਚੀ ਅਜਬ ਚਲਾਕੀ ।
ਕਹਿਣ ਲਗਾ 'ਓ ਸਜਣੋਂ, ਮੈਨੂੰ ਜੀਵਨ-ਹਵਸ ਨਾ ਬਾਕੀ ।

ਐਪਰ ਸਦਾ ਸਮਝਦਾ ਮੈਂ ਸਾਂ, ਕੌਮ ਇੱਲ ਦੀ ਉੱਚੀ ।
ਸਿਰ ਦਾ ਪਾਸਾ ਇੱਲ ਨੂੰ ਚਾਹੀਏ, ਏਹ ਖੁਰਾਕ ਏ ਸੁੱਚੀ ।

ਇੱਲ ਬਲਵਾਨ, ਕੌਮ ਭੀ ਤਕੜੀ, ਨਾਲੇ ਉਮਰ ਵਡੇਰੀ ।
ਓ ਕਊਏ, ਤੂੰ ਸਿਰ ਵਲ ਝਾਕੇਂ, ਕੀ ਹਸਤੀ ਹੈ ਤੇਰੀ ?'

ਸੁਣ ਵਡਿਆਈ, ਇੱਲ ਭੜਕਿਆ, ਕਾਂ ਭੀ ਜੋਸ਼ 'ਚ ਆਯਾ ।
ਲੜ ਮੋਏ, ਲੂੰਬੜ ਨੇ ਦੋਵੇਂ, ਖਾ ਕੇ ਜ਼ੋਰ ਵਧਾਯਾ ।

ਇਸੇ ਤਰ੍ਹਾਂ ਹੀ ਇੱਲ-ਕਊਏ ਸਮ, ਭਾਰਤਵਾਸੀ ਲੜਦੇ ।
ਬੇਮਤਲਬ ਵਡਿਆਈ ਅਗ ਵਿਚ 'ਸੁਥਰੇ' ਐਵੇਂ ਸੜਦੇ ।

(ਬਿਸਮਿਲ=ਘਾਇਲ)

24. ਮੁਦੱਬਰ

ਕਬਰਿਸਤਾਨੋਂ ਲੰਘਿਆ ਬਨੀਆ, ਬੜਾ ਹੌਸਲਾ ਕੀਤਾ
ਇਕ ਬਿੱਜੂ ਨੇ ਲੋਥ ਸਮਝ ਕੇ ਝਟ ਉਸ ਨੂੰ ਫੜ ਲੀਤਾ

ਬਨੀਆਂ ਬਹੁਤ ਸਹਿਮਿਆ, ਡਰਿਆ, ਰੋਯਾ ਤੇ ਡਡਿਆਯਾ
ਬਿੱਜੂ ਨੇ ਘੁੱਟ ਜੱਫਾ ਪਾਯਾ ਹੱਡ ਹੱਡ ਕੜਕਾਯਾ ।

ਇਕ ਜੱਟ ਪੈਲੀ ਨੂੰ ਸੀ ਜਾਂਦਾ ਸਲੰਘਾ ਮੋਢੇ ਧਰ ਕੇ
ਬਨੀਏ ਦਾ ਰੌਲਾ ਸੁਣ ਆਯਾ, ਤਰਸ-ਜੋਸ਼ ਦਿਲ ਭਰ ਕੇ

ਬਨੀਏ ਹੋਰ ਦੁਹਾਈ ਦਿੱਤੀ, 'ਰੱਬ ਵਾਸਤੇ ਆਓ
ਐ ਸਰਦਾਰ ਸਾਹਿਬ ! ਇਸ ਬਿੱਜੂ ਤੋਂ ਮੈਨੂੰ ਛੁਡਵਾਓ'

ਜਟ ਨੇ ਬਿੱਜੂ ਗਿਚੀਓਂ ਫੜਿਆ ਇਕ ਹੜਬੁੱਚ ਟਿਕਾਯਾ
ਬਾਹਾਂ ਦੋਇ ਮਰੋੜ ਉਸਦੀਆਂ ਬਨੀਏ ਤਈਂ ਛੁਡਾਯਾ

ਜਟ ਨੂੰ ਆਣ ਚੰਬੜਿਆ ਬਿੱਜੂ ਬਨੀਆਂ ਛੱਡ ਛਡਾ ਕੇ
ਲੱਗੀ ਹੋਣ ਲੜਾਈ ਦੁਹਾਂ ਦੀ ਬੜੇ ਕ੍ਰੋਧ ਵਿਚ ਆ ਕੇ

ਬਿੱਜੂ ਪਾਸੋਂ ਜਾਨ ਛੁਡੌਣੀ ਜਟ ਨੂੰ ਮੁਸ਼ਕਲ ਹੋਈ
ਬਨੀਆਂ ਟੋਪੀ ਚੁਕ ਭਜ ਉਠਿਆ, ਮਾਨੋ ਗ਼ਰਜ ਨਾ ਕੋਈ

ਜਟ ਨੇ ਮਾਰੀ ਵਾਜ ਓਸ ਨੂੰ 'ਨਸਦਾ ਕਿਉਂ ਹੈਂ ਭਾਈ ?'
ਆ ਰਲ ਦੋਵੇਂ ਇਸ ਬਿੱਜੂ ਦੀ ਕਰੀਏ ਹੁਣੇ ਸਫ਼ਾਈ ।'

ਬਨੀਏ ਕਿਹਾ ਕੰਨਾਂ ਨੂੰ ਹੱਥ ਲਾ 'ਬਾਬਾ ਹਮੇਂ ਨ ਛੇੜੋ
ਮੈਂ ਨਿਰਪੱਖ ਦੁਹਾਂ ਦਾ ਮਿੱਤਰ ਆਪੋ ਵਿਚ ਨਬੇੜੋ

ਜਟ ਜਾਣੇ ਤੇ ਬਿੱਜੂ ਜਾਣੇ, ਅਸੀਂ ਦਖ਼ਲ ਕਿਉਂ ਦੇਈਏ ?
ਐਵੇਂ ਦੂਜਿਆਂ ਦੇ ਝਗੜੇ ਵਿਚ ਆਪਾਂ ਕਯੋਂ ਕੁਦ ਪਈਏ ?'

'ਸੁਥਰਾ' ਹੱਸਿਆ ਤੇ ਫ਼ਰਮਾਯਾ ਨੀਤੀ ਇਸ ਨੂੰ ਕਹਿੰਦੇ
ਦੂਜਿਆਂ ਨੂੰ ਲੜਵਾਇ ਮੁਦੱਬਰ ਖ਼ੁਦ ਇਕ ਪਾਸੇ ਬਹਿੰਦੇ ।

25. ਚੌਧਰ

ਦੁਆਵਾਂ ਮੰਗਦਾ ਸੀ ਜਣਾ ਇਕ ਹਰ ਰੋਜ਼ ਰਬ ਕੋਲੋਂ
ਵਡਾਈ ਬਖ਼ਸ਼ ਦੇ ਮੈਨੂੰ ਮਿਰੇ ਕਰਤਾਰ ਚੌਧਰ ਦੀ !

ਬਿਠਾਵਣ ਲੋਕ ਮੈਨੂੰ ਆਪਣੇ ਹਰ ਕੰਮ ਵਿਚ ਅੱਗੇ,
ਦਖ਼ਲ ਦੇਵਾਂ ਮੈਂ ਹਰ ਥਾਂ ਬੰਨ੍ਹ ਕੇ ਦਸਤਾਰ ਚੌਧਰ ਦੀ !

ਕੋਈ ਸ਼ਾਦੀ, ਗ਼ਮੀ, ਜਲਸਾ, ਕਮੇਟੀ, ਚੋਣ ਜਦ ਹੋਵੇ,
ਦਿਖਾਵੇ ਸ਼ਾਨ ਦੋਧਾਰੀ ਮਿਰੀ ਤਲਵਾਰ ਚੌਧਰ ਦੀ !

ਖ਼ੁਸ਼ਾਮਦ ਕਰਨ, ਨਾਲ ਡਰਨ, ਪਾਣੀ ਭਰਨ ਸਭ ਲੋਕੀਂ
ਲੁਟਾ ਦੇ ਮੌਜ ਦਾਤਾ ਉਮਰ ਵਿਚ ਇਕ ਵਾਰ ਚੌਧਰ ਦੀ !

ਸੀ ਨੇੜੇ ਚੌਧਰੀ ਇਕ ਲੰਘਦਾ, ਸੁਣ ਬੋਲਿਆ ਸੜ ਕੇ
ਓਏ ਮੂਰਖ ਪਿਆ ਮੰਗੇਂ ਏ ਕਯੋਂ ਬੇਗਾਰ ਚੌਧਰ ਦੀ

ਜ਼ਰਾ ਤਕ ਲੈ ਅਸਾਡਾ ਹਾਲ, ਜੇ ਅੱਖਾਂ ਨੀ ਮੱਥੇ ਤੇ,
ਨਜ਼ਰ ਹੈ ਸਾਫ਼ ਮੂੰਹ ਤੋਂ ਆਂਵਦੀ ਫਿਟਕਾਰ ਚੌਧਰ ਦੀ !

ਕੋਈ ਆਖੇ ਉਚੱਕਾ ਚੋਰ, ਚਹੁੰ ਜਣਿਆਂ ਦੀ ਰੰਨ ਕੋਈ,
ਕੋਈ ਕਹਿ ਫੁੱਟਦੀ ਹਾਂਡੀ ਸਰੇ ਬਾਜ਼ਾਰ ਚੌਧਰ ਦੀ

ਨ ਪੱਲੇ ਕੱਖ ਪੈਂਦਾ ਹੈ, ਬਿਨਾਂ ਨਿੰਦਾ ਮੁਕਾਲਕ ਦੇ,
ਹੈ ਬੇੜੀ ਡੋਬਦੀ ਆਖ਼ਰ ਸਦਾ ਵਿਚਕਾਰ ਚੌਧਰ ਦੀ !

ਜੂਏ ਦੀ ਹਾਰ ਤੋਂ ਵਧ ਸੌ ਗੁਣਾਂ ਹੈ ਹਾਰ ਚੌਧਰ ਦੀ
ਰੰਡੀ ਦੀ ਖ਼ਾਰ ਤੋਂ ਹੈ ਲੱਖ ਗੁਣਾਂ ਵਧ ਖ਼ਾਰ ਚੌਧਰ ਦੀ !

ਦਵਾਈ ਲੱਖ ਹੈ ਤਪਦਿੱਕ ਹੈਜ਼ੇ, ਸੂਲ ਗਿਲਟੀ ਦੀ
ਮਗਰ ਅਜ ਤਕ ਨਹੀਂ ਹੋਈ ਦਵਾ ਤੱਯਾਰ ਚੌਧਰ ਦੀ

ਖ਼ੁਦਾ ਏਹ ਤੌਕ ਲਾਨਤ ਦਾ ਕਿਸੇ ਦੇ ਗਲ ਨਾ ਪਾ ਦੇਵੇ
ਭਲੇ ਲੋਕਾ ! ਜਗਤ ਉੱਤੇ ਹੈ ਮਿੱਟੀ ਖ਼ਵਾਰ ਚੌਧਰ ਦੀ !'

ਸ਼ੁਕਰ 'ਸੁਥਰੇ' ਨੇ ਕੀਤਾ ਰੱਬ ਦਾ ਤੇ ਫ਼ਖ਼ਰ ਕਿਸਮਤ ਦਾ
ਨਹੀਂ ਢੋਈ ਕਦੀ ਹੋਈ ਮਿਰੇ ਦਰਬਾਰ ਚੌਧਰ ਦੀ !

26. ਅਜ ਕਲ ਦੇ ਲੀਡਰ

ਖ਼ਬਰੇ ਕਿੱਥੋਂ ਆ ਗਏ ਕਈ ਫ਼ਰਜ਼ੀ ਲੀਡਰ
ਟਿੱਡੀਆਂ ਵਾਂਗੂੰ ਛਾ ਗਏ ਕਈ ਗ਼ਰਜ਼ੀ ਲੀਡਰ

ਇਟ ਚੁੱਕੋ, ਸੌ ਝਾਕਦੇ ਅਜ ਕਲ ਦੇ ਲੀਡਰ
ਸੁਰਖ਼ਾਂ ਵਾਂਗ ਪਟਾਕਦੇ ਅਜ ਕਲ ਦੇ ਲੀਡਰ

ਉੱਡਣ ਸਮ ਮੁਰਗ਼ਾਬੀਆਂ ਅਜ ਕਲ ਦੇ ਲੀਡਰ
ਝੂਮਣ ਵਾਂਗ ਸ਼ਰਾਬੀਆਂ ਅਜ ਕਲ ਦੇ ਲੀਡਰ

ਜਿਵੇਂ ਤਿਲੀਅਰਾਂ ਡਾਰ ਨੇ ਅਜ ਕਲ ਦੇ ਲੀਡਰ
ਯਾ ਕੋਈ ਹਿਰਨ-ਕਤਾਰ ਨੇ ਅਜ ਕਲ ਦੇ ਲੀਡਰ

ਇਕ ਸੱਦੋ ਦਸ ਆਂਵਦੇ ਅਜ ਕਲ ਦੇ ਲੀਡਰ
ਬਾਗ਼ ਫ਼ਸਲ ਚਰ ਜਾਂਵਦੇ ਅਜ ਕਲ ਦੇ ਲੀਡਰ

ਰਜ ਰਜ ਸ਼ੋਰ ਮਚਾਂਵਦੇ ਅਜ ਕਲ ਦੇ ਲੀਡਰ
ਜ਼ਿਮੀਂ ਅਕਾਸ਼ ਮਿਲਾਂਵਦੇ ਅਜ ਕਲ ਦੇ ਲੀਡਰ

ਪਰ ਜਦ ਤਕਣ ਬੰਦੂਕ ਨੂੰ ਅਜ ਕਲ ਦੇ ਲੀਡਰ
ਮਾਤ ਕਰਨ ਤਦ ਭੂਕ ਨੂੰ ਅਜ ਕਲ ਦੇ ਲੀਡਰ

ਸ਼ੁੱਰਰ ਭੁੱਰਰ ਹੋ ਜਾਂਵਦੇ ਅਜ ਕਲ ਦੇ ਲੀਡਰ
ਫ਼ੈਰੋਂ ਜਾਨ ਬਚਾਂਵਦੇ ਅਜ ਕਲ ਦੇ ਲੀਡਰ

ਫੰਧਕ ਕਰਨ ਹਰਾਨ ਜੀ ਅਜ ਕਲ ਦੇ ਲੀਡਰ
ਡਾਢੇ ਨੀਤੀਵਾਨ ਜੀ ਅਜ ਕਲ ਦੇ ਲੀਡਰ

ਗੱਲੀਂ ਅਰਸ਼ ਝੁਕਾਂਵਦੇ ਅਜ ਕਲ ਦੇ ਲੀਡਰ
ਪੱਲੇ ਕੱਖ ਨਾ ਪਾਂਵਦੇ ਅਜ ਕਲ ਦੇ ਲੀਡਰ

ਮਤਲਬ ਦੇ ਅਤਿ ਯਾਰ ਨੇ ਅਜ ਕਲ ਦੇ ਲੀਡਰ
ਬਦਲਨ ਵਿਚ ਹੁਸ਼ਿਆਰ ਨੇ ਅਜ ਕਲ ਦੇ ਲੀਡਰ

ਏਧਰ ਦਿਲ ਭੜਕਾਂਵਦੇ ਅਜ ਕਲ ਦੇ ਲੀਡਰ
ਓਧਰ ਅੱਖ ਲੜਾਂਵਦੇ ਅਜ ਕਲ ਦੇ ਲੀਡਰ

ਅਸਲ ਲੀਡਰਾਂ ਵਾਸਤੇ ਅਜ ਕਲ ਦੇ ਲੀਡਰ
ਸੂਲਾਂ ਹਨ ਵਿਚ ਰਾਸਤੇ ਅਜ ਕਲ ਦੇ ਲੀਡਰ

ਬਣ 'ਸੁਥਰੇ' ਨਿਸ਼ਕਾਮ ਹੀ ਅਜ ਕਲ ਦੇ ਲੀਡਰ
ਦੁਖ ਕਟ ਸਕਣ ਤਮਾਮ ਹੀ ਅਜ ਕਲ ਦੇ ਲੀਡਰ

ਦੇਸ਼ ਨੂੰ ਕਰਦੇ ਚੂਰ ਹੀ ਜੋ ਫ਼ਰਜ਼ੀ ਲੀਡਰ
ਅੱਲਾ ਰੱਖੇ ਦੂਰ ਹੀ ਓਹ ਗ਼ਰਜ਼ੀ ਲੀਡਰ

27. ਚੋਣ

ਮੈਂਬਰ ਬਣਨ ਲਈ ਇਕ ਮੇਰਾ ਮਿੱਤਰ ਲੱਗਾ ਖਲੋਣ ।
ਮੱਤ ਬਥੇਰੀ ਦਿੱਤੀ ਮੈਂ ਓਇ ਕਿਉਂ ਲੱਗੈਂ ਸੁਖ ਖੋਣ ?

ਇਕ ਨਾ ਮੰਨੀ ਉਸ ਪਾਗਲ ਨੇ, ਕਰ ਦਿੱਤਾ ਏਲਾਨ,
ਮਗਰ ਮੱਛ ਚੋਣਾਂ ਦੇ, ਗਿਰਦੇ ਲੱਗੇ ਕੱਠੇ ਹੋਣ ।

ਮੌਕਾ ਤਾੜ ਵੈਰੀਆਂ ਨੇ ਝਟ, ਸਿਰੀਆਂ ਕਢੀਆਂ ਆਨ,
ਗਾਲੀ, ਦੁੱਪੜ, ਗੰਦ, ਮੰਦ ਦੀ, ਚੱਕੀ ਲਗ ਪਏ ਝੋਣ ।

ਪਿਓ, ਦਾਦੇ, ਪੜਦਾਦੇ ਸਾਰੇ ਪੁਣ ਸੁੱਟੇ ਨਿਰਦੋਸ਼,
ਨਿੰਦਾ ਕਰਕੇ ਸਤ ਪੁਸ਼ਤਾਂ ਦੇ ਕਪੜੇ ਲਗ ਪਏ ਧੋਣ ।

ਏਧਰ ਘਾਊ ਘੱਪ ਅਨੇਕਾਂ ਬਣ ਗਏ ਮਦਦਗੀਰ,
ਮਿਰੇ ਮਿਤ੍ਰ ਨੂੰ ਮੱਝ ਲਵੇਰੀ ਵਾਂਗੂੰ ਲੱਗੇ ਚੋਣ ।

'ਹਮੀਂ ਖ਼ੁਦਾ' ਬਣ ਅਕੜਨ ਸਾਰੇ, ਖਿੱਚਣ ਆਪਨੀ ਵੱਲ,
ਡਿੱਗਾ ਢੱਗਾ ਅਖ਼ਤਾ ਕਰ ਜਯੋਂ ਜਿੱਧਰ ਚਾਹੁਣ ਜੋਣ ।

ਉਪਰੋਂ ਏਧਰ, ਅੰਦਰੋਂ ਓਧਰ, ਖਾ ਪੀ ਕਰਨ ਹਸਾਨ,
ਚੁਣ ਚੁਣ ਚਾਂਦੀ, ਖੀਸੇ ਦੀ ਕਰ ਦਿੱਤੀ ਚੰਗੀ ਚੋਣ ।

ਕਾਬੂ ਆਏ ਬੁਰੇ ਮਿਤ੍ਰ ਜੀ, ਕੱਢ ਨ ਸੱਕਣ ਧੂੰ,
ਉੱਤੋਂ ਉੱਤੋਂ ਹਸਦੇ ਦਿੱਸਣ, ਦਿਲ ਦੇ ਵਿੱਚੋਂ ਰੋਣ ।

ਓਟ ਰੱਬ ਦੀ ਛਡ ਕੇ ਪਕੜੀ ਸਿਰਫ਼ ਵੋਟ ਦੀ ਓਟ,
ਘੋਟ ਘੋਟ ਕੇ ਵੋਟਰ ਝਾੜੇ, ਜ਼ਰਾ ਨ ਛਿੱਥੇ ਹੋਣ ।

ਇਸਨੂੰ ਜੀ ਜੀ, ਉਸਦੀਆਂ ਮਿਨਤਾਂ, ਔਹਦੀ ਦਾੜ੍ਹੀ ਹੱਥ,
ਬੋਝਲ ਪੰਡ ਹਸਾਨਾਂ ਦੀ ਪਏ ਗੱਲ ਗੱਲ ਤੇ ਢੋਣ ।

ਹਾਰੇ ਤਾਂ ਭੀ, ਜਿੱਤੇ ਤਾਂ ਭੀ, ਅੰਤ ਲੱਗੇ ਪਛਤਾਣ,
ਝਖਾਂ ਮਾਰ, ਉਪਦੇਸ਼ ਭਗਤ ਦਾ ਲੱਗੇ ਦਿਲ ਵਿਚ ਬੋਣ

ਖ਼ੂਬ ਯਾਰ ਖਿਚੜੀ ਦਾ ਖਾਣਾ 'ਜਾ ਮਹਿ ਅੰਮ੍ਰਿਤ ਲੋਣ ।'
'ਸੁਥਰੇ' ਮੈਂਬ੍ਰੀ ਮੁਰਗ਼ੀ ਖ਼ਾਤਿਰ ਪੌਲੇ ਖਾਵੇ ਕੌਣ ?

28. ਈਰਖੀ ਦਾ ਦਿਲ

ਇਕ ਈਰਖੀ ਬੇਨਤੀ ਕਰ ਰਿਹਾ ਸੀ
ਰੱਬਾ ਕੋਈ ਨਾ ਸੁਖੀ ਸੰਸਾਰ ਹੋਵੇ ।
ਮੇਰੇ ਬਿਨਾਂ ਨਾ ਕੋਈ ਭੀ ਖਾਇ ਖੱਟੇ,
ਨਾ ਹੀ ਕਿਸੇ ਦਾ ਚਲਦਾ ਵਪਾਰ ਹੋਵੇ ।
ਕੋਈ ਕੁਲੀ ਮਕਾਨ ਨਾ ਕਿਸੇ ਦੀ ਹੋ,
ਖੇਤੀ ਬਾਗ਼ ਦੀ ਨਾਹਿੰ ਬਹਾਰ ਹੋਵੇ ।
ਰੋਟੀ-ਬਸਤਰੋਂ ਹੋਣ ਮੁਹਤਾਜ ਸਾਰੇ,
ਗ਼ਜ਼ਬ ਹੋਊ ਜੇ ਕੋਈ ਜ਼ਰਦਾਰ ਹੋਵੇ ।

ਪੁੱਤਰ, ਭੈਣ, ਭਾਈ, ਹੋਵਣ ਕਿਸੇ ਦੇ ਨਾ,
ਮਾਤਾ ਪਿਤਾ ਤੇ ਨਾ ਹੀ ਪਰਵਾਰ ਹੋਵੇ ।
ਆਗੂ ਬਣੇ ਨਾ ਕੋਈ ਬਰਾਦਰੀ ਦਾ,
ਨਾ ਹੀ ਕਿਸੇ ਦਾ ਕੌਮੀ ਸਤਕਾਰ ਹੋਵੇ ।
ਚਿੱਟੇ ਕੱਪੜੇ ਵਾਲਾ ਨਾ ਕੋਈ ਦਿੱਸੇ,
ਹੁਸਨ, ਜ਼ੋਰ ਵਾਲਾ ਨਾ ਸਰਦਾਰ ਹੋਵੇ ।
ਕੋਈ ਕਲਮ ਦਾ ਧਨੀ ਨਾ ਹੋਇ ਜਗ ਤੇ,
ਨਾ ਹੀ ਕਿਸੇ ਦਾ ਕਿਤੇ ਇਤਬਾਰ ਹੋਵੇ ।

ਕੋਈ ਸਿਫ਼ਤ ਜੇ ਕਿਸੇ ਦੀ ਦੇਖਦਾ ਹਾਂ,
ਮੈਂ ਗ਼ਰੀਬ ਦਾ ਕਾਲਜਾ ਚੀਰ ਜਾਂਦਾ ।
ਚੜ੍ਹਦੀ ਕਲਾ ਜੇ ਕਿਸੇ ਦੀ ਨਜ਼ਰ ਆਵੇ,
ਮੇਰੀ ਅੱਖੋਂ ਹੈ ਛਮਾ ਛਮ ਨੀਰ ਜਾਂਦਾ ।
ਸੁੱਖੀ-ਹੱਸਦਾ ਵੇਖ ਮਨੁੱਖ ਕੋਈ,
ਛਾਤੀ ਵੱਜ ਮੇਰੀ ਜ਼ਹਿਰੀ ਤੀਰ ਜਾਂਦਾ ।
ਰੱਬਾ ਮਾਨ-ਧਨ ਜਗਤ ਤੋਂ ਚੁਕ ਹੀ ਲੈ,
ਨਹੀਂ ਦੇਖਿਆ ਰਾਜਾ-ਫ਼ਕੀਰ ਜਾਂਦਾ ।

ਆਈ ਹਾਸੇ ਦੇ ਨਾਲ ਅਕਾਸ਼ ਬਾਣੀ
'ਸ਼ਿਰੀ ਮਾਨ ਜੀ ! ਬੰਦ ਗੁਫ਼ਤਾਰ ਕਰੀਏ ।
ਤੁਸੀਂ ਚਾਹੁੰਦੇ ਹੋ, ਕੱਲੇ ਤੁਸਾਂ ਖ਼ਾਤਰ,
ਅਸੀਂ ਸਾਰਾ ਹੀ ਗ਼ਰਕ ਸੰਸਾਰ ਕਰੀਏ ?
ਤੁਸਾਂ ਫੇਰ ਭੀ ਨਹੀਂ ਸੰਤੁਸ਼ਟ ਹੋਣਾ,
ਕਯੋਂ ਨਾ ਤੁਸਾਂ ਦਾ ਹੀ ਟੱਟੂ ਪਾਰ ਕਰੀਏ ।
ਆਓ ! ਈਰਖੀ-ਭਵਨ ਵਿਚ ਦਿਓ ਦਰਸ਼ਨ,
ਵਾਸਾ ਤੁਸਾਂ ਦਾ ਨਰਕ ਮਝਾਰ ਕਰੀਏ ।'

29. ਗਧਿਆਂ ਦੀ ਅਕਲ

ਸ੍ਰਿਸ਼ਟੀ ਦੇ ਅਰੰਭ ਵਿੱਚ ਸਨ ਖੋਤੇ ਬੜੇ ਸਿਆਣੇ !
ਏਨ੍ਹਾਂ ਤੋਂ ਸਨ ਅਕਲ ਸਿੱਖਦੇ ਮੰਤ੍ਰੀ, ਰਾਜੇ ਰਾਣੇ !

ਇੱਕ ਪੁਰਸ਼ ਨੇ ਪਾਲ ਰੱਖੇ ਸਨ ਪੰਝੀ ਖੋਤੇ ਸੋਹਣੇ !
ਚੁਣਵੇਂ ਬੁੱਧੀਮਾਨ, ਸਜੀਲੇ, ਨੀਤਿਵਾਨ ਮਨ ਮੋਹਣੇ !

ਹਜ਼ਰਤ ਸੁਲੇਮਾਨ ਨੇ ਸਿਫ਼ਤਾਂ ਉਨ੍ਹਾਂ ਦੀਆਂ ਜਦ ਸੁਣੀਆਂ !
ਦਰਸ਼ਨ ਕਰਨ ਲਈ ਚਲ ਆਯਾ, ਸਣੇ ਸੈਂਕੜੇ ਗੁਣੀਆਂ !

ਡੂੰਘੇ-ਔਖੇ ਸਵਾਲ ਅਨੇਕਾਂ ਪਾ ਕੇ, ਉੱਤਰ ਮੰਗੇ !
ਖ਼ੁਸ਼ ਹੋਯਾ, ਗੋਡੀਂ ਹਥ ਲਾਯਾ, ਜਵਾਬ ਮਿਲੇ ਜਦ ਚੰਗੇ !

ਆਖ਼ਰ ਕੀਤੀ ਅਰਜ਼ 'ਸੱਜਣੋ, ਚਰਨ ਮਿਰੇ ਘਰ ਪਾਓ !
ਮੈਂ ਚਾਹੁੰਦਾ ਹਾਂ ਇਕ ਦਿਨ ਓਥੇ ਚਲ ਦਰਬਾਰ ਸਜਾਓ !

ਤਿੰਨ ਦਿਨਾਂ ਦਾ ਰਾਹ ਹੈ ਏਥੋਂ, ਹੁਕਮ ਕਰੋ, ਕਦ ਵੈਸੋ ?
ਏਹ ਭੀ ਦੱਸੋ ਸਫ਼ਰ ਖ਼ਰਚ ਦਾ, ਕੀ ਕੁਝ ਮੈਥੋਂ ਲੈਸੋ ?'

ਗਧਿਆਂ ਕਰ ਮਨਜ਼ੂਰ ਆਖਿਆ: 'ਇਕ ਇਕ ਖੋਤੇ ਤਾਈਂ !
ਤਿਨ ਤਿਨ ਪੰਡਾਂ ਘਾਹ ਦਾਣਾ ਤੇ ਜਲ ਰਜਵਾਂ ਦਿਲਵਾਈਂ !'

ਸੁਲੇਮਾਨ ਸਿਰ ਫੇਰ ਬੋਲਿਆ 'ਪੈਸੇ ਦਾ ਹੈ ਤੋੜਾ
ਪੰਜ ਦਸ ਸੱਜਣ ਚਲੇ ਚਲੋ ਤੇ ਖ਼ਰਚ ਕਰਾਓ ਥੋੜਾ'

ਗਧਿਆਂ ਦੇ ਛਿੜ ਪੈ ਮੁਕਾਬਲੇ, ਮੰਗਣ ਲਗ ਪਏ ਢਾਈ
ਕਈਆਂ ਦੋ ਤੇ ਡੇਢ ਮੰਗ ਕੇ, ਕੀਮਤ ਆਪ ਘਟਾਈ

ਆਖ਼ਰ ਘਟਦੇ, ਡਿਗਦੇ, ਢੈਂਦੇ, ਗਿਰੇ ਇਥੋਂ ਤਕ ਥੱਲੇ
ਤਿਨ ਤਿਨ ਦਿਨ ਦੀ ਇੱਕ ਪੰਡ ਹਿਤ ਅੱਡਣ ਲਗ ਪੈ ਪੱਲੇ

ਸੁਲੇਮਾਨ ਨੇ ਕਿਹਾ ਹੱਸਕੇ 'ਓ ਉਲੂਆਂ ਦੇ ਪੀਰੋ !
ਬੇ ਸਬਰੋ, ਖ਼ੁਦਗ਼ਰਜ਼ੋ ! ਭੁਖਿਓ, ਲਾਲਚ ਮਰੇ ਅਧੀਰੋ ।

ਸਵਾਰਥ ਹਿਤ ਜੋ ਅਪਨੀ ਕੀਮਤ, ਸ਼ਾਨ, ਮਾਨ, ਘਟਵਾਂਦੇ
ਮੂੜ੍ਹ ਸਦਾ ਬੇਇੱਜ਼ਤ ਹੁੰਦੇ, ਦੁਖ ਪਾਂਦੇ ਪਛਤਾਂਦੇ

ਬੱਧੇ ਰਹੋ, ਇਥੇ ਹੀ ਹੁਣ ਤਾਂ, ਪਰਖ ਬਤੇਰੀ ਹੋਈ
ਮੂੜ੍ਹਾਂ ਤਈਂ ਲਿਜਾਵਣ ਦੀ ਨਾ ਚਾਹ 'ਸੁਥਰੇ' ਨੂੰ ਕੋਈ !'

ਤਦ ਤੋਂ ਬੇਅਕਲੀ ਦਾ ਧੱਬਾ, ਗਧਿਆਂ ਨੂੰ ਹੈ ਲੱਗਾ
ਕਿਉਂਕਿ ਸਵਾਰਥ ਵੱਸ ਉਨ੍ਹਾਂ 'ਚੋਂ ਹਰ ਕੁਈ ਬਣਿਆ ਢੱਗਾ

30. ਚੌਧਰ ਦਾ ਝਗੜਾ

ਸ਼ਹਿਰ ਗਰਾਵਾਂ ਵਿੱਚ ਹੈ ਚੌਧਰ ਦਾ ਝਗੜਾ !
ਧੀਆਂ ਮਾਵਾਂ ਵਿੱਚ ਹੈ ਚੌਧਰ ਦਾ ਝਗੜਾ !

ਭੈਣ ਭਰਾਵਾਂ ਵਿੱਚ ਹੈ ਚੌਧਰ ਦਾ ਝਗੜਾ !
ਸੁਘੜ ਦਾਨਾਵਾਂ ਵਿੱਚ ਹੈ ਚੌਧਰ ਦਾ ਝਗੜਾ !

ਬੇਸ਼ੱਕ ਦੁੱਖ ਪੁਚਾਂਵਦਾ ਚੌਧਰ ਦਾ ਝਗੜਾ !
ਦਿਨ ਦਿਨ ਵਧਦਾ ਜਾਂਵਦਾ ਚੌਧਰ ਦਾ ਝਗੜਾ !

ਅਜਬ ਰੰਗ ਦਿਖਲਾਂਵਦਾ ਚੌਧਰ ਦਾ ਝਗੜਾ !
ਘੋਲ ਬੜੇ ਕਰਵਾਂਵਦਾ ਚੌਧਰ ਦਾ ਝਗੜਾ !

ਪਾਰਟੀਆਂ ਬਣਵਾਂਵਦਾ ਚੌਧਰ ਦਾ ਝਗੜਾ !
ਲੀਡਰੀਆਂ ਛੁਡਵਾਂਵਦਾ ਚੌਧਰ ਦਾ ਝਗੜਾ !

ਮੀਂਹ ਤੇ ਆਂਧੀ ਵਿੱਚ ਹੈ ਚੌਧਰ ਦਾ ਝਗੜਾ !
ਹਿੰਦੀ, ਪੰਜਾਬੀ, ਵਿੱਚ ਹੈ ਚੌਧਰ ਦਾ ਝਗੜਾ !

ਖ਼ਬਰੇ ਕਿਥੋਂ ਆ ਗਿਆ ਚੌਧਰ ਦਾ ਝਗੜਾ !
ਘਰ ਘਰ ਅੰਦਰ ਛਾ ਗਿਆ ਚੌਧਰ ਦਾ ਝਗੜਾ !

ਬੁਰਛਾ ਕਰ ਕਰ ਪਾੱਲਿਆ ਚੌਧਰ ਦਾ ਝਗੜਾ !
ਛੂਤ ਦਾ ਰੋਗ ਹੈ ਲਾ ਲਿਆ ਚੌਧਰ ਦਾ ਝਗੜਾ !

ਤੱਕਣ ਚਾਰ ਚੁਫੇਰ ਹੁਣ ਚੌਧਰ ਦਾ ਝਗੜਾ !
ਕਢਦੇ ਨਹੀਂ ਦਲੇਰ ਹੁਣ ਚੌਧਰ ਦਾ ਝਗੜਾ !

ਕੌਮੀ ਸ਼ਾਨ ਗਵਾ ਦਊ ਚੌਧਰ ਦਾ ਝਗੜਾ !
ਦੇਸ਼ ਭਗਤ ਰੁਲਵਾ ਦਊ ਚੌਧਰ ਦਾ ਝਗੜਾ !

ਭੁੱਖ ਨੰਗ ਵਧਵਾ ਦਊ ਚੌਧਰ ਦਾ ਝਗੜਾ !
ਠੂਠੇ ਹੱਥ ਫੜਾ ਦਊ ਚੌਧਰ ਦਾ ਝਗੜਾ !

ਕੁਝ ਨ ਕੁਝ ਬਸ ਕਰੂਗਾ ਚੌਧਰ ਦਾ ਝਗੜਾ !
ਮਾਰੂਗਾ ਜਾਂ ਮਰੂਗਾ ਚੌਧਰ ਦਾ ਝਗੜਾ !

ਜਿੰਨਾਂ ਚਿਰ ਨੇ ਚਲਦੀਆਂ ਗੰਦੀਆਂ ਅਖ਼ਬਾਰਾਂ !
ਜਿੱਚਰ ਕਰਨੀ ਲੀਡਰੀ ਹੈ ਟੁੱਕਰ ਗ਼ਦਾਰਾਂ !

ਜਿੱਚਰ ਆਪ ਸੁਵਾਰਥੀ ਲਾਵਣਗੇ ਵਾਰਾਂ !
ਉੱਚਰ ਗਿੱਦੜ ਖਾਣਗੇ ਸ਼ੇਰਾਂ ਦੀਆਂ ਮਾਰਾਂ !

ਉੱਚਰ ਰਹਿਸੀ ਸ਼ੂਕਦਾ ਚੌਧਰ ਦਾ ਝਗੜਾ !
ਰਹੂ ਕੌਮ ਨੂੰ ਫੂਕਦਾ ਚੌਧਰ ਦਾ ਝਗੜਾ !

ਚਾਹੋ ਕੌਮ ਬਚਾਵਣੀ ਤਾਂ ਬਹਿ ਜਾਓ ਰਲਕੇ !
ਦਾਣੇ ਵਾਂਗੂੰ ਛੱਡ ਸੀ ਨਹੀਂ ਝਗੜਾ ਦਲਕੇ !

ਅੱਖਾਂ ਵਿੱਚੋਂ ਪੈਣਗੇ ਸਭਨਾਂ ਦੇ ਡਲ੍ਹਕੇ !
ਪਿੱਟੋਗੇ ਦੋ ਹੱਥੜੀਂ ਫਿਰ ਬਹਿ ਕੇ ਭਲਕੇ !

ਵੈਰੀ ਹੈ ਲੀਹ ਲੱਜਦਾ ਚੌਧਰ ਦਾ ਝਗੜਾ !
ਕੌਮਾਂ ਨੂੰ ਨਹੀਂ ਸੱਜਦਾ ਚੌਧਰ ਦਾ ਝਗੜਾ !

31. ਗ਼ਲਤ ਫ਼ਹਿਮੀਆਂ

ਮੈਂ ਦੇਖ ਹਮਾਕਤ ਦੁਨੀਆਂ ਦੀ ਹੁੰਦਾ ਹਾਂ ਦੂਰ੍ਹਾ ਹਸ ਹਸਕੇ
ਪੈ ਲੋਕ ਮੁਫ਼ਤ ਦੁਖ ਝਲਦੇ ਨੇ ਵਿਚ ਗ਼ਲਤ ਫ਼ਹਿਮੀਆਂ ਫਸ ਫਸਕੇ

'ਕੋਝੇ' ਨੂੰ ਲਗਾ ਭੁਲੇਖਾ ਹੈ ਬਣ ਬਣ ਕੇ 'ਸੋਣ੍ਹਾ' ਫੁਲਦਾ ਹੈ
ਜਦ ਲੋਕ ਟਿਚਕਰਾਂ ਕਰਦੇ ਨੇ ਤਾਂ ਅੰਦਰ ਅੰਦਰ ਘੁਲਦਾ ਹੈ

'ਮੂਰਖ' ਖ਼ੁਦ ਤਈਂ ਸਮਝਦਾ ਹੈ ਅਕਲਈਆ ਵਧ ਵਿਦਵਾਨਾਂ ਤੋਂ
ਫਿਰ ਰੋਂਦਾ ਹੈ, ਜਦ ਜਗਤ ਕਰੇ ਵਰਤਾਉ ਬੁਰਾ ਹੈਵਾਨਾਂ ਤੋਂ

ਕੰਗਲਾ ਹੈ ਫਸਿਆ ਗ਼ਲਤੀ ਵਿਚ ਧਨੀਆਂ ਦੀਆਂ ਰੀਸਾਂ ਕਰਦਾ ਹੈ
ਜਦ ਕਰਜ਼ੇ-ਸੂਦ ਕੁਚਲਦੇ ਨੇ ਤਾਂ ਰੋਂਦਾ ਹਉਕੇ ਭਰਦਾ ਹੈ

ਕਮਜ਼ੋਰ 'ਬਲੀ' ਸਮ ਆਕੜਕੇ ਜਾ ਨਾਲ ਤਕੜਿਆਂ ਖਹਿੰਦਾ ਹੈ
ਤਦ ਹੋਸ਼ ਮਗ਼ਜ਼ ਵਿਚ ਔਂਦੀ ਹੈ ਜਦ ਹੱਡ ਤੁੜਾਕੇ ਬਹਿੰਦਾ ਹੈ

ਕੋਈ 'ਸੋਨੇ' ਸੂਲੀ ਚੜ੍ਹਿਆ ਹੈ, ਕੋਈ 'ਜ਼ਾਤ' ਭੁੱਲ ਵਿਚ ਫਸਿਆ ਹੈ
ਕੋਈ 'ਰਾਜ' ਭੁਲੇਖੇ ਭੁਲਿਆ ਹੈ, ਸਪ 'ਰੰਗ' ਕਿਸੇ ਨੂੰ ਡਸਿਆ ਹੈ

'ਬੁੱਧੂ' ਦੇ ਭਾਣੇ ਹਥਕੰਡੇ ਸਭ ਜਗ ਦੇ ਉਸਨੂੰ ਆਂਦੇ ਨੇ
ਪਛਤਾਂਦਾ ਹੈ, ਜਦ ਚਤੁਰ ਲੋਕ, ਤਿਸ ਵੇਚ ਪਕੌੜੇ ਖਾਂਦੇ ਨੇ

ਪਿਉ ਜਿਸਦਾ ਕਾਲੇ ਅੱਖਰ ਤੋਂ ਮਹਿੰ ਕਾਲੀ ਵਾਂਗੂੰ ਡਰਦਾ ਹੈ
ਓਹ 'ਡੰਗਰ' ਅਪਨੀ ਉਪਮਾ ਕਰ, 'ਕਵੀਆਂ' ਦੀ ਨਿੰਦਾ ਕਰਦਾ ਹੈ

ਕਹਿੰਦੇ ਹਨ 'ਬੰਦੇ' ਘੜਨ ਸਮੇਂ, ਰਬ ਸਭ ਦੇ ਕੰਨ 'ਚ ਕਹਿੰਦਾ ਹੈ
'ਨਹੀਂ ਘੜਿਆ ਤੇਰੇ ਜਿਹਾ ਹੋਰ' ਬਸ 'ਬੰਦਾ' ਆਕੜ ਬਹਿੰਦਾ ਹੈ

ਭੁਲ ਇਸੇ ਤਰਾਂ 'ਸ਼ੈਤਾਨ' ਹੁਰਾਂ ਨਾ ਅਦਬ 'ਆਦਮ' ਦਾ ਕੀਤਾ ਸੀ
'ਏਹ ਖ਼ਾਕੀ ਹੈ ਮੈਂ ਨਾਰੀ ਹਾਂ' ਕਹਿ ਤੌਕ ਲਾਨਤੀ ਲੀਤਾ ਸੀ

ਜਗ ਰੀਸ 'ਸ਼ਤਾਨੀ' ਕਰਦਾ ਹੈ, ਨਾ ਸਬਕ ਓਸ ਤੋਂ ਸਿਖਦਾ ਹੈ
ਵਧ 'ਗ਼ਲਤ ਫ਼ਹਿਮੀਆਂ' ਸਿਖਦਾ ਹੈ, ਜਯੋਂ ਜਯੋਂ ਵਧ ਪੜ੍ਹ ਲਿਖਦਾ ਹੈ

ਜੇ 'ਗ਼ਲਤ ਫ਼ਹਿਮੀਆਂ' ਤਜ ਬੰਦਾ ਅਪਨੇ ਸਮ ਸਮਝੇ ਹੋਰਾਂ ਨੂੰ
ਸੁਖ ਮਾਨ ਦਵੇ, ਸੁਖ ਮਾਨ ਲਵੇ, ਤਜ ਜ਼ੋਰਾਂ, ਸ਼ੋਰਾਂ, ਖੋਰਾਂ ਨੂੰ

ਤਦ ਇਹੋ ਨਰਕ ਜਗ, ਸੁਰਗ ਬਣੇ, ਲੁਤਫ਼ਾਂ ਦਾ ਤੰਬੂ ਤਣ ਜਾਵੇ
ਦਿਲ ਗੰਦ ਮੰਦ ਤੋਂ ਸਾਫ਼ ਹੋਣ, ਹਰ ਬੰਦਾ 'ਸੁਥਰਾ' ਬਣ ਜਾਵੇ

32. ਸ਼ਾਂਤੀ ਦਾ ਇਮਤਿਹਾਨ

ਮੈਂ ਸੁਣਿਆਂ ਕਿ ਨਗਰ ਅਸਾਡੇ, ਇਕ ਸਾਧੂ ਹੈ ਆਯਾ ।
ਮੜ੍ਹੀਆਂ ਲਾਗੇ, ਛੱਪੜ ਕੰਢੇ, ਡੇਰਾ ਹੈ ਉਸ ਲਾਯਾ ।

'ਸ਼ਾਂਤਿ ਸਰੂਪ, ਨਾਮ ਹੈ ਉਸਦਾ, ਰੱਖੇ ਪੂਰਨ ਸ਼ਾਂਤੀ ।
ਅਤਿ ਗੰਭੀਰ, ਧੀਰ, ਤੇ ਨਿੰਮਰ, ਸੀਤਲ ਹੈ ਹਰ ਭਾਂਤੀ ।

ਕ੍ਰੋਧ-ਦਮਨ ਦੀ ਸਿੱਖਯਾ ਦੇਵੇ, ਬੋਲੇ ਹੌਲੀ-ਮਿੱਠਾ ।
ਸਾਧੂ ਨਹੀਂ ਦੇਵਤਾ ਹੈ ਓਹ, ਸੰਤ ਨ ਐਸਾ ਡਿੱਠਾ ।

ਭੇਡਾਂ ਚਾਲ, ਹਜ਼ਾਰਾਂ ਲੋਕੀ, ਜਾ ਧਨ-ਬਸਤ੍ਰ ਚੜ੍ਹਾਂਦੇ ।
ਸਾਧੂ ਜੀ ਹਰ ਹਾਲਤ ਸਭ ਨੂੰ, ਸ਼ਾਂਤੁਪਦੇਸ਼ ਸੁਣਾਂਦੇ ।

ਮੈਂ ਭੀ ਕਿਹਾ 'ਮਨਾ ਚਲ ਦਰਸ਼ਨ, ਮਹਾਂ ਪੁਰਖ ਦਾ ਪਾਈਏ ।
ਨਾਲੇ ਉਸਦੀ ਸ਼ਾਂਤਿ-ਨਿਮ੍ਰਤਾ ਨੂੰ ਭੀ ਕੁਝ ਅਜ਼ਮਾਈਏ ।'

ਲੋਕ ਸੈਂਕੜੇ ਬੈਠੇ ਸਨ, ਮੈਂ ਜਾ 'ਆਦੇਸ' ਉਚਾਰੀ ।
'ਮਹਾਰਾਜ ਕੀ ਨਾਮ ਆਪਦਾ ? ਹਥ ਬੰਨ੍ਹ ਅਰਜ਼ ਗੁਜ਼ਾਰੀ ।

ਕਹਿਣ ਲਗੇ 'ਗੁਰ ਦਰ ਦਾ ਕੂਕਰ, ਅਪਰਾਧੀ, ਅਤਿ ਪਾਪੀ ।
'ਸੰਗਤ-ਜੋੜੇ ਝਾੜਨ ਵਾਲਾ, ਸ਼ਾਂਤਿ-ਸਰੂਪ ਸਰਾਪੀ ।'

ਕੁਝ ਪਲ ਮਗਰੋਂ ਫਿਰ ਮੈਂ ਪੁਛਿਆ 'ਨਾਮ ਪਵਿੱਤਰ ਥਾਰਾ ?'
ਬੋਲੇ 'ਸ਼ਾਂਤਿ-ਸਰੂਪ ਆਖਦੇ ਭੁੱਲਣ ਹਾਰ ਵਿਚਾਰਾ ।'

ਇਕ ਦੋ ਗੱਲਾਂ ਬਾਦ ਫੇਰ ਮੈਂ ਕੀਤੀ ਅਰਜ਼ 'ਸਵਾਮੀ !
ਭੁੱਲ ਗਿਆ ਹੈ ਫੇਰ ਦਾਸ ਨੂੰ ਨਾਮ ਆਪਦਾ ਨਾਮੀ ?'

ਜ਼ਰਾ ਕੁ ਤਲਖ਼ੀ ਨਾਲ ਤੱਕ ਕੇ ਬੋਲੇ 'ਭਗਤ ਪਯਾਰੇ
ਸ਼ਾਂਤਿ-ਸਰੂਪ ਨਾਮ ਹੈ ਮੇਰਾ, ਦੱਸਿਆ ਹੈ ਸੌ ਵਾਰੇ ।'

ਯਾਨੀ ਛੱਡ ਨਿੰਮ੍ਰਤਾ ਸਾਰੀ, ਖਰ੍ਹਵੇ ਹੋਵਣ ਲੱਗੇ ।
ਮੈਂ ਦਿਲ ਦੇ ਵਿਚ ਕਿਹਾ ਹੱਸਕੇ, ਦੇਖੋ ਅੱਗੇ ਅੱਗੇ ।

ਚੌਥੀ ਵਾਰ ਫੇਰ ਮੈਂ ਪੁਛਿਆ 'ਨਾਮ ਤਾਂ ਫਿਰ ਫ਼ਰਮਾਓ ?'
'ਸ਼ਾਂਤਿ-ਸਰੂਪ ਸੰਤ ਹਾਂ ਮੈਂ ਜੀ ! ਸਿਰ ਨਾ ਬਹੁਤਾ ਖਾਓ ।'

ਪਲ ਪਿੱਛੋਂ ਮੂੰਹ ਪੀਡਾ ਕਰਕੇ, ਓਹੋ ਬਿਨੈ ਉਚਾਰੀ ।
'ਸ਼ਾਂਤਿ-ਸਰੂਪ ਯਾਦ ਨਹੀਂ ਰਹਿੰਦਾ ? ਮੱਤ ਤੇਰੀ ਕਯੋਂ ਮਾਰੀ ?'

ਛੇਵੀਂ-ਸਤਵੀਂ ਵਾਰ ਜਦੋਂ ਫਿਰ ਪ੍ਰਸ਼ਨ ਉਹੀ ਮੈਂ ਕੀਤਾ ।
ਫਿਰ ਤਾਂ ਮਾਨੋ ਲੱਗ ਗਿਆ ਝਟ ਖ਼ੁਸ਼ਕ-ਬਰੂਦ ਪਲੀਤਾ ।

ਧੂਣੇ 'ਚੋਂ ਫੜ ਮੁੱਢੀ ਬਲਦੀ ਮੈਨੂੰ ਮਾਰਨ ਦੌੜੇ ।
ਮਣ ਮਣ ਫੱਕੜ ਮੂੰਹ 'ਚੋਂ ਤੋਲਣ ਨਥਣੇ ਹੋਏ ਚੌੜੇ ।

ਸ਼ਾਂਤੀ 'ਸ਼ਾਂਤ ਸਰੂਪ ਸੰਤ' ਦੀ ਦੇਖ ਹੱਸੇ ਸਭ ਲੋਕੀ ।
'ਵਾਹ ਸੰਤੋ ! ਭਜ ਗਈ ਤਿਹਾਰੀ, ਕਿਧਰ ਨਿਮ੍ਰਤਾ ਫੋਕੀ ?'

ਓਸੇ ਵਕਤ ਬਰਾਗਨ-ਚਿੱਪੀ ਅਪਨੀ ਉਨ੍ਹਾਂ ਉਠਾਈ ।
ਐਸੇ ਗਏ ਪਿੰਡ ਤੋਂ 'ਸੁਥਰੇ' ਫਿਰ ਨਾ ਸ਼ਕਲ ਦਿਖਾਈ ।

33. ਮੁਫ਼ਤ ਦੀਆਂ ਰੋਟੀਆਂ

ਨਯਾਜ਼ ਯਾਰ੍ਹਵੀਂ ਦੀਆਂ ਰੋਟੀਆਂ ਢੇਰ ਮੁੱਲਾਂ ਨੂੰ ਆਈਆਂ
ਵਾਂਗ ਪਾਥੀਆਂ, ਬਾਹਰ ਮਸੀਤੋਂ, ਧੁੱਪੇ ਸੁਕਣੇ ਪਾਈਆਂ

'ਕਿੰਨੇ ਪੈਸੇ ਮਿਲਸਨ ?' ਮੁੱਲਾਂ ਪਾਸ ਖਲੋਤਾ ਸੋਚੇ
'ਰੱਬਾ ! ਹਰ ਕੁਈ ਦਏ ਨਿਆਜ਼ਾਂ' ਦਿਲ ਵਿਚ ਏਹੋ ਲੋਚੇ

ਇਕ ਧੋਬੀ ਦਾ ਬਲਦ ਲੰਘਿਆ, ਨਜ਼ਰ ਰੋਟੀਆਂ ਪਈਆਂ
ਬੁਰਕ ਮਾਰਕੇ ਉਸਨੇ ਇਕਦਮ, ਝਟ ਇਕ ਦੋ ਚੱਬ ਲਈਆਂ

ਮੁੱਲਾਂ-ਅੱਖੀਂ ਖ਼ੂਨ ਉਤਰਿਆ, ਕੱਸ ਕੱਸ ਡੰਡੇ ਲਾਏ
ਧੋਬੀ ਨੂੰ ਵੀ ਨਾਲ ਤਬੱਰ੍ਰੇ ਅਰਬੀ ਵਿੱਚ ਸੁਣਾਏ

ਧੋਬੀ ਭੁੱਬੀਂ ਰੋਣ ਲਗ ਪਿਆ, ਲੋਕ ਹੋਏ ਆ ਕੱਠੇ
ਮੁੱਲਾਂ ਦੰਦ ਕਰੀਚੇ, ਆਖੇ 'ਓ ਉੱਲੂ ਕੇ ਪੱਠੇ !

ਮਿਰੀ ਰੋਟੀਆਂ ਜ਼ਾਯਾ ਕਰਕੇ, ਊਪਰ ਸੇ ਹੈ ਰੋਤਾ ?
ਇਕ ਦੋ ਛੜੀਆਂ ਲਗਨੇ ਸੇ ਹੈ ਕਿਆ ਬੈਲ ਕਾ ਹੋਤਾ ?'

ਕਿਹਾ ਧੋਬੀ ਨੇ 'ਮੁੱਲਾਂ ਜੀ, ਮੈਂ ਇਸ ਮਾਰੋਂ ਨਹੀਂ ਰੋਯਾ
ਮੇਰਾ ਤਾਂ ਨੁਕਸਾਨ ਹੋਰ ਇਕ ਬਹੁਤ ਵਡਾ ਹੈ ਹੋਯਾ

ਮੁਫ਼ਤ ਦੀਆਂ ਜੋ ਤੇਰੀਆਂ ਮੰਨੀਆਂ, ਬਲਦ ਮਿਰੇ ਖਾ ਲਈਆਂ
ਬੂੰਦਾਂ ਪਾਰੇ-ਜ਼ਹਿਰ ਦੀਆਂ ਹਨ ਉਸਦੇ ਅੰਦਰ ਗਈਆਂ

ਤਿਰੇ ਵਾਂਗ ਹੀ ਬਲਦ ਮਿਰਾ ਭੀ ਹੁਣ ਹੋ ਜਾਊ ਨਿਕੰਮਾਂ
ਲੁਟਿਆ ਗਿਆ, ਅੱਜ ਮੈਂ ਹਾਇ ! ਬਹੁੜੀਂ ਮੇਰੀ ਅੱਮਾਂ !'

ਮੁੱਲਾਂ ਹੋਯਾ ਅਤਿ ਸ਼ਰਮਿੰਦਾ, ਲੋਕੀ ਖਿੜ ਖਿੜ ਹੱਸੇ
ਪਰ ਧੋਬੀ ਦੇ ਲਫ਼ਜ਼ ਕੀਮਤੀ 'ਸੁਥਰੇ' ਦੇ ਦਿਲ ਵੱਸੇ

'ਪੂਜਾ ਦਾ ਧਨ' ਦਸਵੇਂ ਗੁਰ ਨੇ, ਹੈਸੀ ਤਦੇ ਰੁੜ੍ਹਾਯਾ
ਉਸ 'ਪਾਰੇ' ਤੋਂ ਅਪਨੇ ਸਿੱਖਾਂ ਬੀਰਾਂ ਤਈਂ ਬਚਾਯਾ

'ਆਬਿ ਹਯਾਤ' ਵਾਂਗ ਹੈ ਜਗ ਤੇ ਮੇਹਨਤ-ਕਿਰਤ-ਕਮਾਈ
'ਪੂਜਾ ਅਤੇ ਮੁਫ਼ਤ ਦੀ ਰੋਟੀ' ਜ਼ਹਿਰ-ਹਲਾਹਲ ਭਾਈ !

(ਆਬਿ ਹਯਾਤ=ਅੰਮ੍ਰਿਤ, ਹਲਾਹਲ=ਜ਼ਹਿਰ)

34. ਪਾਟੇ ਖ਼ਾਂ ਤੇ ਨਾਢੂ ਖ਼ਾਂ

ਪਾਟੇ ਖ਼ਾਂ ਸੀ ਤੁਰਿਆ ਜਾਂਦਾ, ਗਰਦਨ ਨੂੰ ਅਕੜਾ ਕੇ
ਉਧਰੋਂ ਨਾਢੂ ਖ਼ਾਂ ਭੀ ਆਯਾ, ਛਾਤੀ ਖ਼ੂਬ ਫੁਲਾ ਕੇ

ਇਕ ਦੀ ਗਰਦਨ ਕੁੱਕੜ ਵਾਂਗੂੰ, ਉੱਚੀ ਸਿਧੀ ਅਕੜੀ
ਦੂਜਾ ਸਾਨ੍ਹੇ ਵਾਂਗੂੰ ਜਾਪੇ, ਸੁੱਕੀ ਮੁੜੇ ਨ ਲਕੜੀ

ਪਹਿਲਾ ਨੱਕੋਂ ਠੂੰਹੇਂ ਡੇਗੇ, ਦੂਜਾ ਕੰਨ ਖਜੂਰੇ
ਮੂੰਹ 'ਚੋਂ ਫੂੰ ਫੂੰ ਕਰੇ ਇੱਕ, ਤੇ ਦੂਜਾ ਗਲੋਂ ਖੰਘੂਰੇ

ਡੂੰਘੀ ਨਦੀ ਉਤੇ ਪੁਲ ਸੌੜਾ, ਕੱਲਾ ਹੀ ਲੰਘ ਸੱਕੇ
ਆਮ੍ਹੋ ਸਾਹਵੇਂ ਟਕਰੇ ਦੋਵੇਂ, ਲੱਗੇ ਮਾਰਨ ਧੱਕੇ

ਪਾਟੇ ਖ਼ਾਂ ਕਹੇ 'ਹਟ ਸੁਸਰੇ, ਅੜਾ ਖੜਾ ਕਿਉਂ ਆਗੇ ?
ਹਮ ਹੈਂ ਪਾਟੇ ਖ਼ਾਨ, ਸ਼ੇਰ ਭੀ ਹਮ ਸੇ ਡਰ ਕਰ ਭਾਗੇ !'

ਨਾਢੂ ਖ਼ਾਂ ਨੇ ਮੁੱਛਾਂ ਵਟੀਆਂ, ਅਤੇ ਕਹਿਕਹਾ ਲਾਯਾ :-
'ਵਾਹ ਰੇ ਪੱਠੇ ਚਿੜੀਆ ਘਰ ਸੇ ਨਿਕਲ ਕਿਸ ਤਰਹ ਆਯਾ ?

ਨਾਕ ਪਕੜ ਕੇ ਰੁਖ਼ਸਾਰੇ ਪਰ ਚੱਪਤ ਏਕ ਜਮਾਊਂ !
ਧੀਂਗਾ-ਧੀਂਗੀ ਅਕੜ ਫਕੜ ਸਭ ਫ਼ੌਰਨ ਤੁਝੇ ਭੁਲਾਊਂ !'

ਪਾਟੇ ਖ਼ਾਂ ਨੇ ਧੌਲ ਜਮਾਈ, ਨਾਢੂ ਖ਼ਾਂ ਨੇ ਮੁੱਕਾ
ਨਾਲੇ ਐਸੀ ਦੰਦੀ ਵੱਢੀ, ਮਾਸ ਨ ਛਡਿਆ ਉੱਕਾ

ਚੀਕ ਮਾਰ ਕੇ ਡਿੱਗਣ ਲੱਗਾ, ਜੱਫੀ ਉਸਨੂੰ ਪਾਈ
ਗਿਰੇ ਨਦੀ ਵਿਚ, ਗ਼ੋਤੇ ਖਾਵਣ, ਫਿਰ ਭੀ ਕਰਨ ਲੜਾਈ

ਓਵੇਂ, ਓਸੇ ਪੁਲ ਤੇ, ਪਿੱਛੋਂ, ਬੱਕਰੀਆਂ ਦੋ ਆਈਆਂ
ਪ੍ਰੇਮ-ਨਿਮ੍ਰਤਾ ਨਾਲ ਮੁਸ਼ਕਲਾਂ, ਓਹਨਾਂ ਦੂਰ ਕਰਾਈਆਂ

ਲੇਟ ਗਈ ਇਕ ਬਕਰੀ ਪਹਿਲੇ, ਦੂਜੀ ਉਸ ਤੋਂ ਲੰਘੀ
ਰਾਜੀ ਬਾਜੀ ਘਰ ਨੂੰ ਗਈਆਂ, ਨਾ ਕੋਈ ਘੂਰੀ-ਖੰਘੀ

ਪਾਟੇ ਖ਼ਾਂ ਨੇ ਵੇਖ ਤਮਾਸ਼ਾ, ਕਿਹਾ 'ਅਬੇ ਓ ਉੱਲੂ !
ਤੁਮ ਸੇ ਬਕਰੀ ਭੀ ਹੈ ਅੱਛੀ, ਡੂਬ ਮਰੋ ਭਰ ਚੁੱਲੂ !

ਜਾਤੇ ਲੇਟ ਅਗਰ ਤੁਮ ਪਹਿਲੇ, ਹੋਤੀ ਕਾਹਿ ਲੜਾਈ ?'
ਨਾਢੂ ਕਿਹਾ, 'ਗਧੇ, ਯੇਹ ਹਿਕਮਤ, ਤੁਮ ਕੋ ਕਿਓਂ ਨਾ ਆਈ ?

'ਤੁਮ ਤੁਮ' ਕਹਿ ਇਕ ਦੂਜਾ ਕੋਸਣ, ਗ਼ੋਤੇ ਐਨੇ ਆਏ
ਪਾਟੇ ਖ਼ਾਂ ਤੇ ਨਾਢੂ ਖ਼ਾਂ ਜੀ, ਦੋਵੇਂ ਨਰਕ ਸਿਧਾਏ

35. ਅਮੀਰ-ਗ਼ਰੀਬ

ਇਕ ਧਨੀ ਦੀ ਵਾੱਦੀ ਹੀ ਸੀ, ਹਰ ਦਮ ਝੁਰਦਾ ਰਹਿੰਦਾ :-
'ਬਾਬਾ ! ਦੌਲਤ ਹੈ ਦੁਖਦਾਈ, ਸਚ ਸਚ ਮੈਂ ਹਾਂ ਕਹਿੰਦਾ

ਲੋਕ ਸਮਝਦੇ ਸੁਖੀ ਅਸਾਨੂੰ, ਪਰ ਸਾਨੂੰ ਦੁਖ ਭਾਰੀ
ਮਾਯਾ ਕਾਰਣ ਵਧੀ ਸੌ ਗੁਣਾਂ, ਸਾਡੀ ਜ਼ਿੰਮੇਵਾਰੀ

ਚੰਦਾ ਮੰਗਣ ਵਾਲੇ ਹੀ ਨਹੀਂ, ਖਹਿੜਾ ਸਾਡਾ ਛਡਦੇ
ਚਿੱਚੜ ਵਾਂਗੂੰ ਚੰਬੜ ਜਾਂਦੇ, ਰੋਜ਼ ਤਲੀ ਆ ਟਡਦੇ

ਸਕੇ ਸੋਧਰੇ ਕਰਜ਼ਾ ਮੰਗਣ, ਰਾਤ ਦਿਨੇ ਸਿਰ ਖਾਂਦੇ
ਗੂੜ੍ਹੇ ਯਾਰ ਉਂਜ ਹੀ ਲੁੱਟਣ ਮਾਲ ਝਪਟ ਲੈ ਜਾਂਦੇ

ਵਹੁਟੀ, ਪੁੱਤਰ ਧੀਆਂ, ਭੈਣਾਂ, ਭਾਈ, ਬਹੂ, ਜਵਾਈ
ਚੂਸਣ ਲਹੂ, ਬੋਟੀਆਂ ਨੋਚਣ, ਫਿਰ ਭੀ ਦੇਣ ਦੁਹਾਈ

ਸਭਾ ਸੁਸੈਟੀ ਵਿਚ ਜੇ ਜਾਈਏ, ਫੜ ਪਰਧਾਨ ਬਣਾਵਣ
ਫੇਰ ਕਹਿਣ 'ਦਿਓ ਗੱਫੇ ਬਹੁਤੇ' ਖੀਸੇ ਨੂੰ ਹਥ ਪਾਵਣ

ਖੁੱਲ੍ਹੇ ਫ਼ੰਡ ਜੇ ਕੋ ਸਰਕਾਰੀ, ਅਫ਼ਸਰ ਕਰਨ ਇਸ਼ਾਰੇ :-
'ਰਾਇ ਸਾਹਬ ! ਡੋ ਚੰਡਾ ਇਸ ਮੇਂ, ਲੋ ਖ਼ਿਟਾਬ ਫਿਰ ਭਾਰੇ'

ਜਿੱਧਰ ਦੇਖੋ ਓਧਰ ਹਰ ਕੋਈ, ਮੰਗਦਾ ਦਿੱਸੇ ਪੈਸਾ
ਵਿੱਚ ਸਿਕੰਜੇ ਕੁੜਕਣ ਹਡੀਆਂ, ਫਸਿਆ ਹਾਂ ਮੈਂ ਐਸਾ

ਯਾਰੋ ਪੈਸਾ ਬਹੁ ਦੁਖਦਾਈ, ਨਿਰਧਨ ਅਤਿ ਸੁਖ ਪਾਵਣ
ਦਿਨੇ ਖਟਣ ਤੇ ਰਾਤੀਂ ਖਾਵਣ, ਮੌਜ ਨਿਚਿੰਤ ਉਡਾਵਣ !

ਪਾਸੋਂ ਇੱਕ ਗ਼ਰੀਬ ਮਖ਼ੌਲੀ, ਕਿਹਾ 'ਨ ਜੀ ਕਲਪਾਓ
ਦੁੱਖ-ਮੂਲ ਧਨ ਮੈਨੂੰ ਚਾ ਦਿਓ, ਆਪ ਅਨੰਦ ਉਡਾਓ !'

ਪਾ ਲਿਆ ਸੇਠ ਹੁਰਾਂ ਸਿਰ ਨੀਵਾਂ, 'ਸੁਥਰਾ' ਖਿੜ ਖਿੜ ਹਸਿਆ
'ਨਿਰਧਨ-ਧਨੀ ਖ਼ੁਸ਼ੀ ਨਹੀਂ ਕੋਈ, ਜਗ-ਚਿੱਕੜ ਜੋ ਫਸਿਆ'

36. ਤਿੰਨ ਪੱਥਰ

ਭਗਤ ਕਬੀਰ ਤਾਈਂ ਇਕ ਰਾਜਾ ਸਦਾ ਦਿੱਕ ਸੀ ਕਰਦਾ,
'ਜਗਤ ਮੁਕਤੀ' ਰਸਤਾ ਦੱਸੋ ਕਹਿ ਕਹਿ ਹਉਕੇ ਭਰਦਾ।
ਅੱਕ ਕੇ ਇਕ ਦਿਨ ਤੁਰੇ ਭਗਤ ਜੀ, ਮੰਤ੍ਰ 'ਵਾਹਿਗੁਰੂ' ਪੜ੍ਹ ਕੇ,
ਚੱਲ ਦਿਖਾਵਾਂ ਮੁਕਤੀ ਰਸਤਾ, ਪਰਬਤ ਚੋਟੀ ਚੜ੍ਹ ਕੇ।
ਭਾਰੇ ਤਿੰਨ ਪੱਥਰਾਂ ਦੀ ਗੱਠੜੀ ਰਾਜੇ ਨੂੰ ਚੁਕਵਾਈ,
ਹੁਕਮ ਦਿੱਤਾ ਏਹ ਲੈ ਚੱਲ ਉੱਪਰ ਨਾਲ ਅਸਾਡੇ ਭਾਈ।
ਜ਼ਰਾ ਦੂਰ ਚੱਲ, ਰਾਜਾ ਹਫਿਆ, ਕਹਿਣ ਲੱਗਾ ਲੜਖਾਂਦਾ,
'ਮਹਾਰਾਜ ! ਬੋਝਾ ਹੈ ਭਾਰਾ, ਕਦਮ ਨਾ ਪੁੱਟਿਆ ਜਾਂਦਾ।
ਇਕ ਪੱਥਰ ਸੁਟਵਾਇ ਭਗਤ ਨੇ ਉਸ ਨੂੰ ਅੱਗੇ ਚਲਾਇਆ,
ਥੋੜ੍ਹੇ ਕਦਮ ਫੇਰ ਚੱਲ ਉਸ ਨੇ ਚੀਕ ਚਿਹਾੜਾ ਪਾਇਆ।
ਦੂਜਾ ਪੱਥਰ ਵੀ ਸੁਟਵਾ ਕੇ ਫੇਰ ਤੋਰਿਆ ਅੱਗੇ,
ਪਰ ਹਾਲੀ ਭੀ ਭਾਰ ਓਸ ਨੂੰ ਲੱਕ ਤੋੜਵਾਂ ਲੱਗੇ।
ਔਖੀ ਘਾਟੀ ਬਿਖੜਾ ਪੈਂਡਾ, ਉੱਚਾ ਚੜ੍ਹ ਕੇ ਜਾਣਾ,
ਨਾ-ਮੁਮਕਿਨ ਸੀ ਭਾਰ ਓਸ ਚੁੱਕ ਕੇ ਅਗੋਂ ਕਦਮ ਉਠਾਣਾ।
ਤੀਜਾ ਪੱਥਰ ਵੀ ਸੁਟਵਾਇਆ ਰਾਜਾ ਹੌਲਾ ਹੋਇਆ,
ਝਟ ਪਟ ਜਾ ਚੋਟੀ ਤੇ ਚੜ੍ਹਿਆ ਝਟ ਟੱਪ ਟਿੱਬਾ ਟੋਇਆ।
ਹਸ ਕੇ ਭਗਤ ਹੋਰਾਂ ਫੁਰਮਾਇਆ, 'ਏਹੋ ਮੁਕਤੀ ਰਸਤਾ,
ਤਦ ਤੱਕ ਚੋਟੀ ਚੜ੍ਹ ਨ ਸਕੀਏ ਜਦ ਤਕ ਬੱਝਾ ਫਸਤਾ।
ਤ੍ਰਿਸ਼ਨਾ, ਮੋਹ, ਹੰਕਾਰ ਤਿੰਨ ਹਨ, ਪੱਥਰ ਤੈਂ ਸਿਰ ਚਾਏ,
ਭਾਰਾ ਬੋਝ ਲੈ ਪਰਬਤ ਤੇ ਕੀਕੁਰ ਚੜ੍ਹਿਆ ਜਾਏ।
ਮੁਕਤੀ ਚਾਹੇਂ ਤਾਂ ਤਿੰਨੇ ਪੱਥਰ ਸੁੱਟ ਕੇ ਹੋ ਜਾ ਹਲਕਾ,
ਮਾਰ ਦੁੜੰਗੇ ਉੱਚਾ ਚੜ੍ਹ, ਪਾ ਪਰਮ ਜੋਤ ਦਾ ਝਲਕਾ।
ਰਾਜੇ ਤਾਈਂ ਗਿਆਨ ਹੋ ਗਿਆ, ਜੀਵਨ-ਮੁਕਤੀ ਪਾਈ,
'ਸੁਥਰੇ' ਨੂੰ ਭੀ ਮੁਫ਼ਤ, ਕੀਮਤੀ ਇਹ ਘੁੰਡੀ ਹੱਥ ਆਈ।

37. ਪੜ੍ਹੇ ਅਨਪੜ੍ਹੇ ਦੀ ਪਛਾਣ

ਇਕ ਪੜ੍ਹੇ ਹੋਏ ਨੇ ਅਨਪੜ੍ਹ ਨੂੰ, ਬੋਲੀ ਦੀ ਗੋਲੀ ਲਾ ਦਿੱਤੀ,
ਓ ਅਨਪੜ੍ਹ ਡੰਗਰ ਕਿਉਂ ਜੰਮਿਆ ? ਬੇਫੈਦਾ ਉਮਰ ਗੁਆ ਦਿੱਤੀ ।

ਬੇ-ਇਲਮ ਆਦਮੀ ਅੰਨ੍ਹਾ ਹੈ ਕੁਝ ਦੇਖ ਸਮਝ ਨਾ ਸਕਦਾ ਹੈ,
ਮਹਿਫ਼ਲ ਵਿਚ ਜਾਣਾ ਮਿਲੇ ਕਦੀ, ਤਾਂ ਉੱਲੂ ਵਾਂਙੂ ਤਕਦਾ ਹੈ ।

ਗੂੰਗਿਆਂ ਸਮ ਆਰੀ ਬੋਲਣ ਤੋਂ, ਜੇ ਬੋਲੇ ਤਾਂ ਕੈ ਕਰਦਾ ਹੈ,
ਨਾ ਅਕਲ ਸ਼ਊਰ ਤਮੀਜ਼ ਕੋਈ, ਪੜ੍ਹਿਆਂ ਦਾ ਪਾਣੀ ਭਰਦਾ ਹੈ ।

ਬੇ-ਇਲਮੀ ਸਭ ਤੋਂ ਜੂਨ ਬੁਰੀ, ਖੋਤਾ ਵੀ ਇਸ ਤੇ ਹਸਦਾ ਹੈ,
ਓ ਬੇਵਕੂਫ਼ ! ਬਿਨ ਇਲਮੋਂ ਤਾਂ, ਰੱਬ ਭੀ ਨਾ ਦਿਲ ਵਿਚ ਵਸਦਾ ਹੈ ।

ਅਨਪੜ੍ਹ ਨੇ ਧੀਰਜ ਨਾਲ ਕਿਹਾ, ਹੈ ਸ਼ੁਕਰ ਨਹੀਂ ਮੈਂ ਪੜ੍ਹਿਆ ਹਾਂ,
ਨਾ ਵਾਂਗ ਤੁਹਾਡੇ ਕੜ੍ਹਿਆ ਹਾਂ, ਨਾ ਮਾਣ ਮੁਹਾਰੇ ਚੜ੍ਹਿਆ ਹਾਂ ।

ਜੇ ਵਿਦਿਆ ਏਹੋ ਗਾਲ੍ਹਾਂ ਨੇ, ਜੋ ਤੁਸੀਂ ਮੁਖੋਂ ਫੁਰਮਾਈਆਂ ਨੇ,
'ਤਾਂ ਮੈਨੂੰ ਬਖਸ਼ੇ ਰੱਬ ਇਸ ਤੋਂ, ਮੇਰੀਆਂ ਹੱਥ ਜੋੜ ਦੁਹਾਈਆਂ ਨੇ ।

ਮੈਂ ਬੇਸ਼ਕ ਪੜ੍ਹਨੋਂ ਸੱਖਣਾ ਹਾਂ, ਪਰ ਕਥਾ ਕੀਰਤਨ ਸੁਣਿਆ ਹੈ,
ਨੇਕਾਂ ਦੀ ਸੰਗਤ-ਸਿਖਿਆ ਦਾ, ਕੁਝ ਭੋਰਾ ਚੋਰਾ ਚੁਣਿਆ ਹੈ ।

ਕਹਿੰਦੇ ਨੇ ਪੜ੍ਹਿਆ ਮੂਰਖ ਹੈ, ਜੋ ਲਬ ਲੋਭ ਹੰਕਾਰ ਕਰੇ,
ਤੇ ਸਯਾਨਾ ਉਹ, ਜੋ ਪੜ੍ਹ ਵਿਦਿਆ, ਵੀਚਾਰ ਕਰੇ ਉਪਕਾਰ ਕਰੇ ।

'ਕੋਈ ਪੜ੍ਹ ਪੜ੍ਹ ਗੱਡੀਆਂ ਲੱਦ ਲਵੇ, ਪੜ੍ਹ ਪੜ੍ਹ ਉਮਰਾਂ ਗਾਲ ਲਵੇ,
'ਦੁਨੀਆਂ ਦੀਆਂ ਕੁੱਲ ਕਿਤਾਬਾਂ ਨੂੰ, ਲਾ ਘੋਟੇ, ਸਿਰ ਵਿਚ ਡਾਲ ਲਵੇ ।

'ਪਰ ਦਿਲ ਤੇ ਅਸਰ ਜੇ ਨਾ ਹੋਵੇ, ਕੀ ਉਸ ਦੇ ਇਲਮੋਂ ਸਰਦਾ ਹੈ ?
'ਉਹ ਕੀੜਾ ਹੈ, ਜੋ ਗ੍ਰੰਥਾਂ ਨੂੰ, ਪਿਆ ਕੁਤਰ ਕੁਤਰ ਕੇ ਧਰਦਾ ਹੈ ।

ਤੇ ਰੱਬ ਦੀ ਗੱਲ ਜੋ ਆਖੀ ਜੇ, ਚਤੁਰਾਈਓਂ ਨਾ ਹੱਥ ਔਂਦਾ ਹੈ,
ਪੜ੍ਹਿਆ ਅਨਪੜ੍ਹਿਆ ਹਰ ਕੋਈ, ਜੋ ਧਯੌਂਦਾ ਹੈ ਸੋ ਪੌਂਦਾ ਹੈ ।

ਮਤਲਬ ਕੀ ? ਅਨਪੜ੍ਹ ਪੜ੍ਹੇ ਹੋਏ, ਜੀਭੋਂ ਪਹਿਚਾਣੇ ਜਾਂਦੇ ਨੇ,
ਜਯੋਂ, ਧੂਤੁ-ਬੇਲਾ, ਦੂਰੋਂ ਹੀ, ਇਕ ਸੁਰੋਂ ਸਿਆਣੇ ਜਾਂਦੇ ਨੇ ।

ਜੋ 'ਆਲਿਮ ਹੈ ਤੇ ਆਮਿਲ ਭੀ', ਉਹ ਬੇਸ਼ਕ ਸਾਥੋਂ ਸੁਥਰਾ ਹੈ ।
ਪਰ ਪੜ੍ਹ ਪੜ੍ਹ ਕੇ ਜੋ ਕੜ੍ਹਿਆ ਹੈ, ਉਹ ਅਨਪੜ੍ਹ ਤੋਂ ਵੀ ਕੁਥਰਾ ਹੈ ।

38. ਅਮੀਰ ਦਾ ਬੰਗਲਾ

ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ,
ਲੋਹੇ ਦੇ ਫਾਟਕ ਦੇ ਅੱਗੇ ਇਕ ਖੜ੍ਹਾ ਪਹਿਰੇਦਾਰ ਸੀ ।

ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕੜੇ ਲਾਏ ਹੋਏ,
ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ ।

ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ,
ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ ।

ਉਸ ਦੀ ਸਜਾਵਟ ਤੋਂ ਅਮੀਰੀ ਟਪਕਦੀ,
ਉਸ ਦੀ ਸਫਾਈ-ਚਮਕ ਤੇ ਅੱਖੀ ਨ ਸੀ ਟਿਕ ਸਕਦੀ ।

ਸੀ 'ਡੈਕੋਰੇਸ਼ਨ' ਓਸ ਦੀ 'ਐਕਸਪਰਟ' ਨੇ ਕੀਤੀ ਹੋਈ,
ਚਿਮਨੀ ਦੀ ਹਰ ਝਾਲਰ ਸੀ 'ਪੈਰਿਸ-ਗਰਲ' ਦੀ ਸੀਤੀ ਹੋਈ ।

ਸਭ ਕਮਰਿਆਂ ਵਿਚ ਫਰਨੀਚਰ ਸੀ 'ਫੈਸ਼ਨੇਬਲ' ਸਜ ਰਿਹਾ,
ਹਰ ਚੀਜ ਵਿਚ ਸੀ 'ਯੂਰਪੀਅਨ ਫੁਲ ਸਟਾਈਲ' ਗਜ ਰਿਹਾ ।

ਇਕ 'ਨਯੂ ਬ੍ਰਾਈਡ' ਸਮ 'ਡਰਾਇੰਗ ਰੂਮ' ਸੰਦੀ ਸ਼ਾਨ ਸੀ,
ਜੇ 'ਸੈੱਟ' ਇੰਗਲਿਸਤਾਨ ਸੀ ਤਾਂ 'ਕਾਰਪੈਟ' ਈਰਾਨ ਸੀ ।

ਬੈਂਜੋ, ਪਿਆਨੋ, ਵਾਯੋਲਿਨ, ਹਾਰਮੋਨੀਅਮ ਅਰਗਨ ਪਏ,
ਉਚ 'ਸਿਵਲੀਜੇਸ਼ਨ' 'ਐਜੂਕੇਸ਼ਨ' ਘਰ ਦੀ ਦਸਦੇ ਸਨ ਪਏ ।

ਟੇਬਲ ਡਰੈਸਿੰਗ ਰੂਮ ਦੀ ਸੈਂਟਾਂ-ਕਰੀਮਾਂ ਭਰੀ ਸੀ,
ਪਫ਼, ਕੂੰਬ, ਬ੍ਰਸ਼, ਪੌਡਰ, ਲਵਿੰਡਰ ਲੈਨ ਲੰਮੀ ਧਰੀ ਸੀ ।

ਦੇਖੋ ਜੇ 'ਡਾਇਨਿੰਗ ਰੂਮ' ਤਾਂ ਭੁੱਖ ਚਮਕ ਝਟ ਦੂਣੀ ਪਵੇ,
ਛੁਰੀਆਂ ਤੇ ਕਾਂਟੇ ਬਿਨਾ ਇਕ ਭੀ ਚੀਜ਼ ਨਾ ਛੂਹਣੀ ਪਵੇ ।

ਸੋਡੇ, ਮੁਰੱਬੇ, ਵਿਸਕੀਆਂ, ਟੌਫੀ ਤੇ ਹੋਰ ਮਠਿਆਈਆਂ,
ਅਧਨੰਗੀਆਂ ਫੋਟੋਜ਼, 'ਮੈਂਟਲਪੀਸ' ਤੇ ਟਿਕਵਾਈਆਂ ।

ਵਿਚ ਲਾਈਬ੍ਰੇਰੀ ਬੁਕਸ 'ਲੇਟੈਸਟ' ਦਿਸਦੀਆਂ ਸਨ ਸਾਰੀਆਂ,
ਨਾਵਲ ਡਰਾਮੇ ਨਾਲ ਸਨ ਲੱਦੀਆਂ ਹੋਈਆਂ ਅਲਮਾਰੀਆਂ ।

ਯੂਰਪ ਤੇ ਅਮਰੀਕਾ ਦਾ ਲਿਟਰੇਚਰ ਸੀ ਬਹੁ ਭਰਿਆ ਪਿਆ,
'ਆਥਰ' ਤੇ 'ਪੋਇਟ' ਇੰਗਲਿਸ਼ ਹਰ ਇਕ ਸੀ ਧਰਿਆ ਪਿਆ ।

ਮੁੱਦਾ ਕੀ ਉਥੇ ਐਸ਼ ਦਾ ਮੌਜੂਦ ਕੁਲ ਸਮਾਨ ਸੀ,
ਚਿੜੀਆਂ ਦਾ ਦੁੱਧ ਭੀ ਚਾਹੋ ਤਾਂ ਮਿਲਨਾ ਉਥੇ ਆਸਾਨ ਸੀ,
ਜੇ ਨਹੀਂ ਸੀ ਤਾ ਸਿਰਫ਼, 'ਨਿੱਤਨੇਮ ਦਾ ਗੁਟਕਾ' ਨ ਸੀ ।

39. ਸੰਜੀਵਨੀ ਬੂਟੀ

ਬਰਛੀ ਖਾਇ ਲਛਮਨ ਮੁਰਦੇ ਵਾਂਗ ਡਿੱਗਾ,
ਸੈਨਾ ਰਾਮ ਅੰਦਰ ਹਾਹਾਕਾਰ ਹੋਈ ।
ਰਾਮ ਰੋਣ ਲੱਗੇ, ਜਾਨ ਖੋਣ ਲੱਗੇ,
'ਕਿਥੇ ਪਹੁੰਚ ਕੇ ਭਾਗਾਂ ਦੀ ਮਾਰ ਹੋਈ' ।
ਵੈਦ ਲੰਕਾ ਦਾ ਸੱਦਿਆ, ਸੀਸ ਫੇਰੇ,
ਇਸ ਦੀ ਦਵਾ ਨਹੀਂ ਕੋਈ ਤਿਆਰ ਹੋਈ ।
ਰਾਤੋ ਰਾਤ 'ਸੰਜੀਵਨੀ' ਕੋਈ ਲਿਆਵੇ,
ਜਾਨ ਬਚੂ, ਜੇ ਮਿਹਰ ਕਰਤਾਰ ਹੋਈ ।

ਹਨੂਮਾਨ ਆਂਦੀ ਬੂਟੀ, ਜਾਨ ਬਚ ਗਈ,
ਖੁਸ਼ੀਆਂ ਚੜ੍ਹੀਆਂ ਜਾਂ ਗਿੱਚੀ ਉਠਾਈ ਲਛਮਨ ।
ਰਾਮ ਹੱਸ ਕੇ ਬੋਲੇ ਕੁਝ ਪਤਾ ਭੀ ਊ ?
ਤੇਰੀ ਜਾਨ ਕਿਸ ਬਚਾਈ ਲਛਮਨ ?

ਹੋਸੀ ਯਾਦ, ਜੋ ਭੀਲਣੀ ਬੇਰ ਲਿਆਈ,
ਚਖ ਚਖ ਚੁਣੇ ਹੋਏ, ਸੂਹੇ ਲਾਲ ਮਿੱਠੇ ।
ਉਹਨਾਂ ਲਾਲਾਂ ਤੋਂ ਪੱਥਰ ਦੇ ਲਾਲ ਸਦਕੇ,
ਓਹਨਾ ਮਿੱਠਿਆਂ ਤੋਂ ਘੋਲੀ ਥਾਲ ਮਿੱਠੇ ।
ਰਿਸ਼ੀਆਂ ਨੱਕ ਵੱਟੇ, ਤਾਂ ਬੂਦਾਰ ਹੋਏ,
ਭਰੇ ਹੋਏ ਸਨ ਜੋ ਜਲ ਦੇ ਤਾਲ ਮਿੱਠੇ ।
ਲੱਖਾਂ ਮਾਫੀਆਂ ਬਾਦ ਮੁੜ ਮਸਾਂ ਕੀਤੇ,
ਓਸੇ ਭੀਲਣੀ ਨੇ ਚਰਨਾਂ ਨਾਲ ਮਿੱਠੇ ।

ਗੱਲਾਂ ਇਹ ਤਾਂ ਮਲੂਮ ਹਨ ਸਾਰਿਆਂ ਨੂੰ,
ਦੱਸਾਂ ਗੱਲ ਤੇਰੀ ਅੱਜ ਨਈ ਤੈਨੂੰ ।
ਵੀਰ! ਤੂੰ ਭੀ ਸੀ ਓਦੋਂ ਇੱਕ ਭੁੱਲ ਕੀਤੀ,
ਜਿਸ ਦੀ ਸਜ਼ਾ ਇਹ ਭੁਗਤਣੀ ਪਈ ਤੈਨੂੰ ।

ਕਰ ਲੈ ਯਾਦ ਜਦ ਬੇਰ ਸਾਂ ਅਸੀਂ ਖਾਂਦੇ,
ਤੂੰ ਸੈਂ ਬੇਰ ਮੂੰਹ ਪਾਂਦਾ ਮਜ਼ਬੂਰ ਹੋ ਕੇ ।
ਮੈਂ ਸਾਂ ਵੇਖਦਾ ਓਸ ਦਾ ਪ੍ਰੇਮ ਨਿਰਛਲ,
ਤੂੰ ਸੈਂ ਵੇਖਦਾ 'ਜਾਤ' ਮਗ਼ਰੂਰ ਹੋ ਕੇ ।
ਆਹਾ! ਭੀਲਣੀ ਭੁੱਲੀ ਸੀ ਦੀਨ ਦੁਨੀਆਂ,
ਭਗਤੀ ਭਾਵ ਦੇ ਵਿਚ ਮਖ਼ਮੂਰ ਹੋ ਕੇ ।
ਮੋਟੇ ਮੋਟੇ ਜੋ ਬੇਰ ਉਸ ਪਕੜ ਹੱਥੀਂ,
ਮੈਨੂੰ ਦਿੱਤੇ ਪ੍ਰੇਮ ਭਰਪੂਰ ਹੋ ਕੇ ।

ਉਸ ਅਮੋਲ-ਅਲੱਭ ਸੁਗਾਤ 'ਚੋਂ ਮੈਂ,
ਵੀਰ ਜਾਣ ਤੁਧ ਬੇਰ ਇਕ ਵੰਡ ਦਿੱਤਾ ।
ਤੂੰ ਨਾ ਕਦਰ ਕਰ, ਅੱਖ ਬਚਾ ਮੇਰੀ,
ਉਸ ਨੂੰ ਸੁਟ ਹਾਇ! ਪਿੱਛੇ ਕੰਡ ਦਿੱਤਾ ।

ਓਹੋ ਬੇਰ ਪਰਬਤ ਤੇ ਲੈ ਗਈ ਕੁਦਰਤ,
ਉਸ ਤੋਂ 'ਬੂਟੀ ਸੰਜੀਵਨੀ' ਉਗਾ ਦਿੱਤੀ ।
ਮੇਘ ਨਾਥ ਤੋਂ ਬਰਛੀ ਲੁਆ ਏਥੇ,
ਤੈਨੂੰ ਮੌਤ ਦੀ ਝਾਕੀ ਦਿਖਾ ਦਿੱਤੀ ।
ਓਸੇ ਬੇਰ ਦੀ ਬੂਟੀ ਖੁਆ ਤੈਨੂੰ,
ਤੇਰੀ ਲੋਥ ਵਿਚ ਜਾਨ ਮੁੜ ਪਾ ਦਿੱਤੀ ।
ਤੈਨੂੰ ਦੰਡ, ਅਭਿਮਾਨ ਨੂੰ ਹਾਰ ਦੇ ਕੇ,
ਸੱਚੇ ਪ੍ਰੇਮ ਦੀ ਫ਼ਤਹ ਕਰਾ ਦਿੱਤੀ ।

ਵੀਰ! ਭੀਲਣੀ ਦੇ ਮੈਲੇ ਹੱਥਾਂ ਦੀ ਥਾਂ,
ਵੇਂਹਦੋਂ ਨੂਰ ਭਰਿਆ ਜੇ ਦਿਲ ਪਾਕ ਉਸ ਦਾ ।
ਤੈਨੂੰ ਮਿਲਦਾ ਸਰੂਰ ਇਸ ਦੰਡ ਦੀ ਥਾਂ,
ਕਰਦੀ ਘ੍ਰਿਣਾ 'ਸੁਥਰਾ' ਦਿਲ ਨਾ ਚਾਕ ਉਸ ਦਾ ।

40. ਪਾਪ ਦੀ ਬੁਰਕੀ

ਇਕ ਰਾਜੇ ਦੀ ਗੁਰੂ-ਤਪੀਸ਼ਰ, ਚੋਰੀ ਦੇ ਵਿਚ ਫੜਿਆ,
ਚੋਰਾਂ ਵਾਂਗੂ ਰਾਜੇ ਅੱਗੇ ਸਿਰ ਨੀਵਾਂ ਕਰ ਖੜਿਆ ।

ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਯਾ,
ਮੌਕਾ ਪਾ ਕੇ ਰਾਣੀ ਦਾ ਨੌ ਲੱਖਾ ਹਾਰ ਚੁਰਾਯਾ ।

ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ,
ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਜਾਵੇ ?

ਜੇ ਧਨ ਦੀ ਸੀ ਲੋੜ ਏਸ ਨੂੰ ਇਕ ਇਸ਼ਾਰਾ ਕਰਦਾ,
ਮੈਂ ਖੁਸ਼ ਹੋ ਕੇ ਇਸ ਦੀ ਕੁਟੀਆ, ਨਾਲ ਮੋਤੀਆਂ ਭਰਦਾ ।

ਸੋਚ ਸੋਚ ਕੇ ਪੰਜ ਸਤ ਸਾਧੂ ਰਾਜੇ ਨੇ ਸਦਵਾਏ,
ਏਸ ਮਾਮਲੇ ਦੇ ਖੋਜਣ ਦੇ ਫਰਜ਼ ਉਨ੍ਹਾਂ ਨੂੰ ਲਾਏ ।

ਪੂਰੀ ਖੋਜ ਉਨ੍ਹਾਂ ਨੇ ਕਰਕੇ ਸਿੱਟਾ ਇਹ ਦਿਖਲਾਇਆ
ਉਸ ਸਾਧੂ ਨੇ ਉਸ ਦਿਨ ਭੋਜਨ ਚੋਰੀ ਦਾ ਸੀ ਪਾਇਆ ।

ਇਕ ਜ਼ਰਗਰ ਨੇ ਗਾਹਕ ਕਿਸੇ ਦਾ ਸੋਨਾ ਚੋਰੀ ਕੀਤਾ,
ਯਾਨੀ ਖ਼ੂਨ ਵਿਚਾਰੇ ਦਾ ਸੀ ਨਾਲ ਚਲਾਕੀ ਪੀਤਾ ।

ਓਹ ਸੁਨਿਆਰਾ ਰਾਜ-ਦ੍ਰੋਹ ਵਿਚ ਹੱਥ ਪੁਲਸ ਦੇ ਆਯਾ,
ਜਿਸ ਤੇ ਉਸ ਦਾ ਮਾਲ ਜ਼ਬਤ ਕਰ ਰਾਜੇ ਦੇ ਘਰ ਆਯਾ ।

ਉਸ ਮਾਲ ਦਾ ਆਟਾ, ਘੀ ਤੇ ਲਕੜੀ ਲੂਣ ਲਿਆ ਕੇ,
ਰਾਜ ਮਹਿਲ ਵਿਚ ਖਾਣਾ ਪੱਕਿਆ ਛੱਤੀ ਭਾਂਤ ਬਣਾ ਕੇ ।

ਰਾਜ-ਗੁਰੂ ਨੇ ਰਾਜ ਮਹਿਲ ਵਿਚ, ਉਹ ਭੋਜਨ ਸੀ ਪਾਯਾ,
ਮਨ ਮਲੀਨ ਝਟ ਉਸ ਦਾ ਹੋਇਆ, ਤਾਂ ਉਸ ਹਾਰ ਚੁਰਾਯਾ ।

ਇਸੇ ਲਈ ਸਨ ਗੁਰੂ ਨਾਨਕ ਨੇ, ਅੰਨ ਨਿਚੋੜ ਦਿਖਾਏ,
ਇਕ 'ਚੋਂ ਦੁੱਧ, ਦੂਏ 'ਚੋਂ ਲਹੂ, ਕੱਢ ਕੇ ਸਬਕ ਪੜ੍ਹਾਏ ।

ਅੰਨ ਪਾਪ ਦਾ ਖਾ ਖਾ ਬੰਦਾ, ਪਾਪ 'ਚ ਡੁੱਬਦਾ ਜਾਵੇ,
'ਸੁਥਰਾ' ਲੁਕਮਾ ਖਾਇ ਆਤਮਾ, 'ਸੁਥਰਾ' ਹੋ ਸੁਖ ਪਾਵੇ ।

41. ਦੋ ਪੁਤਲੀਆਂ

ਰਾਜਾ ਭੋਜ ਪਾਸ ਇਕ ਪ੍ਰੇਮੀ ਦੋ ਪੁਤਲੀਆਂ ਲਿਆਯਾ,
ਬੜੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਯਾ ।

ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ,
ਮਾਨੋਂ ਦੋਇ ਜੌੜੀਆਂ, ਕੁੜੀਆਂ, ਇਕਸੇ ਛਿਨ ਹਨ ਜੰਮੀਆਂ ।

ਗੋਰੇ ਰੰਗ, ਮੋਟੀਆਂ ਅੱਖਾਂ, ਨੱਕ ਤਿੱਖੇ, ਬੁਲ੍ਹ ਸੂਹੇ,
ਅੰਗ ਸੁਡੌਲ, ਪਤਲੀਆਂ ਬੁਲ੍ਹੀਆਂ, ਹੁਸਨ ਕਲੇਜੇ ਧੂਹੇ ।

ਇਉਂ ਜਾਪੇ ਕਿ ਖਾਸ ਬਹਿਸ਼ਤੋਂ ਦੋ ਹੂਰਾਂ ਹਨ ਆਈਆਂ,
ਦਸਣ ਲਈ ਖ਼ੁਦਾ ਦੀਆਂ ਕਾਰੀਗਰੀਆਂ ਤੇ ਚਤਰਾਈਆਂ ।

ਖ਼ੁਸ਼ ਹੋਇਆ ਡਾਢਾ ਹੀ ਰਾਜਾ, ਖ਼ੁਸ਼ ਹੋਏ ਦਰਬਾਰੀ,
ਵਾਹਵਾ, ਸ਼ਾਵਾ, ਧਨ ਧਨ, ਅਸ਼ ਅਸ਼, ਆਖੇ ਪਰਜਾ ਸਾਰੀ ।

ਕਾਰੀਗਰ ਨੇ ਕਿਹਾ ਬਾਦਸ਼ਾਹ! ਹੋ ਇਕਬਾਲ ਸਵਾਇਆ,
ਇਨ੍ਹਾਂ ਪੁਤਲੀਆਂ ਵਿਚ ਮੈਂ, ਇਕ ਹੈ ਭਾਰਾ ਫ਼ਰਕ ਟਿਕਾਇਆ ।

ਜਿਸ ਦੇ ਕਾਰਨ ਇਕ ਪੁਤਲੀ ਤਾਂ ਵਡ-ਮੁੱਲੀ ਹੈ ਪਿਆਰੀ,
'ਦੂਜੀ ਪੁਤਲੀ ਕੌਡੀਓਂ' ਖੋਟੀ ਦੁਖ ਦੇਣੀ ਹੈ ਭਾਰੀ ।

ਕੋਈ ਸਜਣ ਫ਼ਰਕ ਇਨ੍ਹਾਂ ਦਾ ਵਿਚ ਦਰਬਾਰ ਬਤਾਵੇ,
'ਇਕ ਦਾ ਗੁਣ, ਦੂਜੀ ਦਾ ਔਗੁਣ, ਅਕਲ ਨਾਲ ਜਤਲਾਵੇ' ।

ਟਕਰਾਂ ਮਾਰ ਥਕੇ ਦਰਬਾਰੀ ਫ਼ਰਕ ਨ ਕੋਈ ਦਿਸਿਆ,
ਕੁਲ ਵਜੀਰਾਂ ਉੱਤੇ ਰਾਜਾ ਡਾਢਾ ਖਿਝਿਆ, ਰਿਸਿਆ ।

ਆਖਰ ਇਕ ਗ਼ਰੀਬ ਕਵੀ ਨੇ ਉਹ ਘੁੰਡੀ ਫੜ ਲੀਤੀ,
ਜਿਸ ਦੇ ਬਦਲੇ ਰਾਜੇ ਉਸ ਨੂੰ ਪੇਸ਼ ਵਜਾਰਤ ਕੀਤੀ ।

ਇਕ ਪੁਤਲੀ ਦੇ ਇਕ ਕੰਨੋਂ ਸੀ ਦੂਜੇ ਕੰਨ ਤਕ ਮੋਰੀ,
ਇਧਰ ਫੂਕ ਮਾਰੋ ਤਾਂ ਉਧਰੋਂ ਨਿਕਲ ਜਾਏ ਝਟ ਕੋਰੀ ।

ਦੂਜੀ ਦੇ ਕੰਨ ਵਿਚ ਜੇ ਫੂਕੋ, ਫੂਕ ਢਿੱਡ ਵਿਚ ਰਹਿੰਦੀ,
ਯਾਨੀ ਲੱਖਾਂ ਸੁਣ ਕੇ ਗੱਲਾਂ ਕਿਸੇ ਤਾਈਂ ਨਾ ਕਹਿੰਦੀ ।

ਪਹਿਲੀ ਪੁਤਲੀ ਵਰਗੀ ਨਾਰੀ, ਪਾਸੋਂ ਰੱਬ ਬਚਾਵੇ,
ਦੂਜੀ ਪੁਤਲੀ ਉੱਤੇ 'ਸੁਥਰੇ' ਸਦਕੇ ਦੁਨੀਆਂ ਜਾਵੇ ।

42. ਬਹੁਗਿਣਤੀ

'ਗੋਲਮੇਜ਼' ਸਭ 'ਜੂਨਾਂ' ਕੀਤੀ, ਐਸਾ ਜਤਨ ਕਰਾਯਾ ਜਾਵੇ
ਜੀਵ ਜੰਤ ਸਭ ਰਲ ਮਿਲ ਵੱਸਣ, ਸੁਖ ਹੀ ਸੁਖ ਫੈਲਾਯਾ ਜਾਵੇ
'ਡੈਮੋਕ੍ਰੈਸੀ' ਨਿਯਮਾਂ ਉੱਤੇ, 'ਫ਼ੈਡ੍ਰੇਸ਼ਨ' ਰਚਵਾਯਾ ਜਾਵੇ
ਕੀੜੀ ਤੋਂ ਹਾਥੀ ਤਕ ਸਭ ਦਾ, ਪੂਰਾ ਹੱਕ ਬਨ੍ਹਾਯਾ ਜਾਵੇ
ਲੂੰਬੜ ਪੀਡੇ ਮੂੰਹੋਂ ਬੋਲਿਆ ਹਾਂ 'ਸਵਰਾਜ' ਰਚਾਯਾ ਜਾਵੇ
ਸਭ ਜੂਨਾਂ ਦੀ ਵੱਸੋਂ ਗਿਣਕੇ, ਗਿਣ ਗਿਣ ਹੱਕ ਦਿਲਾਯਾ ਜਾਵੇ
ਚੁਰ ਚੁਰ ਝੱਟ ਕੀੜੀਆਂ ਕੀਤੀ, 'ਬੇਸ਼ਕ' ਨਯਾਓਂ ਕਮਾਯਾ ਜਾਵੇ
ਸਭ ਤੋਂ ਵੱਧ ਹੈ ਗਿਣਤੀ ਸਾਡੀ, ਸਾਨੂੰ ਤਖ਼ਤ ਬਹਾਯਾ ਜਾਵੇ
ਮੱਛਰ, ਮੱਛੀਆਂ, ਤਿਲੀਅਰ ਬੋਲੇ, ਸਾਡਾ ਲੇਖਾ ਲਾਯਾ ਜਾਵੇ
ਟਿੱਡੀ ਦਲ ਨੇ ਕਿਹਾ, ਖੇਤ ਸਭ, ਸਾਥੋਂ ਚੱਟ ਕਰਾਯਾ ਜਾਵੇ
ਭੰਬਟ ਬੋਲੇ, ਰਾਜ-ਸ਼ਮਾਂ ਦਾ ਠੇਕਾ ਅਸਾਂ ਦਿਵਾਯਾ ਜਾਵੇ
ਗਿਦੜਾਂ ਉਠ ਹੁਵਾਂ ਵ੍ਹਾਂ ਕੀਤੀ, ਸਾਡਾ ਵੋਟ ਗਿਣਾਯਾ ਜਾਵੇ
ਸਾਡੀ ਬਹੁ ਗਿਣਤੀ ਦੇ ਮੂਹਰੇ, ਬਬਰ ਸ਼ੇਰ ਝੁਕਵਾਯਾ ਜਾਵੇ
ਡੱਡੂ, ਗਧੇ, ਸਹੇ, ਕਾਂ, ਕੁੱਕੜ, ਆਖਣ ਜ਼ੁਲਮ ਹਟਾਯਾ ਜਾਵੇ
ਨਾ ਕੋਈ ਚੰਗਾ ਨਾ ਕੋਈ ਮੰਦਾ, ਸਭ ਦਾ ਵੋਟ ਬਣਾਯਾ ਜਾਵੇ
ਹੱਸੇ ਤਾਰੇ, ਤਦ ਤਾਂ ਚੰਦ ਨੂੰ, ਸਾਡਾ ਦਾਸ ਬਣਾਯਾ ਜਾਵੇ
ਨਦੀਆਂ ਰੋਈਆਂ ਸਾਗਰ ਸਾਡੇ ਹੁਕਮਾਂ ਵਿਚ ਚਲਾਯਾ ਜਾਵੇ
ਕਾਵਾਂ ਰੌਲੀ ਪਈ ਅਜੇਹੀ ਕੁਝ ਨਾ ਸੁਣੇ-ਸੁਣਾਯਾ ਜਾਵੇ
ਇਕ ਦਮ ਵਾਜ ਗ਼ੈਬਤੋਂ ਆਈ ਸ਼ੋਰ ਨਾ ਬਹੁਤ ਮਚਾਯਾ ਜਾਵੇ
ਗੁਣ ਬਿਨ ਕਰ ਹੰਕਾਰ, ਕਾਸ ਨੂੰ ਸਮਾਂ ਵਿਅਰਥ ਗਵਾਯਾ ਜਾਵੇ ?
ਅਕਲ ਸਿਰਫ਼ ਇਨਸਾਨ ਵਿਚ ਹੈ, ਉਸ ਨੂੰ ਤਾਜ ਪਿਨ੍ਹਾਯਾ ਜਾਵੇ
ਗਿਣਤੀ ਥੋੜ੍ਹੀ, ਗੁਣ ਹਨ ਬਹੁਤੇ, ਗੁਣ ਨੂੰ ਸੀਸ ਚੜ੍ਹਾਯਾ ਜਾਵੇ
ਇਸੇ ਤਰ੍ਹਾਂ ਇਨਸਾਨਾਂ ਵਿਚ ਵੀ, ਕੰਡਾ ਇਹੋ ਤੁਲਾਯਾ ਜਾਵੇ
ਗੁਣਹੀਨਾਂ-ਗੁਣਵਾਨਾਂ ਨੂੰ ਨਾ, ਇੱਕੋ ਫਾਹੇ ਲਾਯਾ ਜਾਵੇ
ਮੂਰਖ ਬਹੁਤ, ਸਿਆਣੇ ਥੋੜ੍ਹੇ, ਜੇਕਰ ਜੋੜ ਲਗਾਯਾ ਜਾਵੇ
ਤਾਂ ਕੀ ਮੂਰਖ-ਰਾਜ ਬਣਾ ਕੇ, ਸਰਬ ਨਾਸ਼ ਕਰਵਾਯਾ ਜਾਵੇ ?
ਇਕ ਰਬ ਦੀ ਥਾਂ ਜੇ 'ਬਹੁਗਿਣਤੀ' ਨੂੰ ਜਗ-ਰਾਜ ਦਿਵਾਯਾ ਜਾਵੇ
ਇਕ ਛਿਨ ਕਾਇਮ ਰਹੇ ਨਾ ਦੁਨੀਆਂ, ਐਸਾ ਗੰਦ ਘੁਲਾਯਾ ਜਾਵੇ
ਬੁੱਧ, ਬੀਰਤਾ ਤੇ ਕੁਰਬਾਨੀ ਸਦਾਚਾਰ ਪਰਖਾਯਾ ਜਾਵੇ
ਜਿਸ ਵਿਚ ਹੈ ਗੁਣ ਦੀ ਬਹੁਗਿਣਤੀ ਉਸ ਦਾ ਹੁਕਮ ਬਜਾਯਾ ਜਾਵੇ
ਮੂਰਖ ਬੁਜ਼ਦਿਲ ਫਿਰਨ ਅਸੰਖਾਂ, ਨਾ ਹਿਰਦਾ ਭਰਮਾਯਾ ਜਾਵੇ
'ਸੁਥਰਾ' ਇੱਕ ਮਿਲੇ ਵਡਭਾਗੀ, ਫੌਰਨ ਸੀਸ ਨਿਵਾਯਾ ਜਾਵੇ

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ