Chandra Gurung Nepali Poetry in Punjabi
Translation: Poonam Singh

ਚੰਦ੍ਰ ਗੁਰੁੰਗ ਨੇਪਾਲੀ ਕਵਿਤਾ ਪੰਜਾਬੀ ਵਿੱਚ; (ਅਨੁਵਾਦ: ਪੂਨਮ ਸਿੰਘ)

1. ਖਿੜਕੀ 'ਤੇ

ਸੜਕ ਦੇ ਪਾਰ
ਸਾਹਮਣੇ ਵਾਲੇ ਮਕਾਨ ਦੀ ਖਿੜਕੀ 'ਤੇ
ਇੱਕ ਚਿਹਰੇ ਨੂੰ
ਹਰ ਵਕਤ
ਵੇਖਦਾ ਹੁੰਦਾ ਸੀ ਮੈਂ।
ਖਿੜਕੀ 'ਤੇ
ਉਹ ਚੰਨ ਜਿਹਾ ਚਿਹਰਾ
ਉੱਭਰਦਾ ਸੀ ਜਦ
ਆਨੰਦ ਦੀਆਂ ਕਿਰਨਾਂ ਦੌੜ ਪੈਂਦੀਆਂ
ਸਨ ਸਭ ਦਿਸ਼ਾਵਾਂ 'ਚ
ਸੁਗੰਧ ਚਾਹਤਾਂ ਦੀ ਵਹਿੰਦੀ ਸੀ
ਦਿਲ ਦੇ ਲੈਂਪ-ਪੋਸਟ 'ਤੇ ਬਹਿ ਕੇ
ਇੱਛਾਵਾਂ ਦੇ ਪੰਛੀ
ਬਿਤਾਉਂਦੇ ਸਨ ਪ੍ਰੇਮ ਦੇ ਛਿਣ
ਜੀਵਨ ਦੀ ਰਾਹ ਵਿੱਚ
ਸਮੇਂ ਦੇ ਚੌਂਕ ਵਿੱਚ
ਰੌਣਕ ਰਹਿੰਦੀ ਸੀ ਰੀਝਾਂ ਦੀ
ਰਹਿੰਦੀ ਸੀ ਚਹਿਲਕਦਮੀ ਖ਼ੁਸ਼ੀਆਂ ਦੀ।
ਇੱਕ ਦਿਨ
ਨਹੀਂ ਨਜ਼ਰ ਆਇਆ ਉਹ ਚਿਹਰਾ
ਰੁੱਖ ਜਿਹੇ ਘਰ ਦੀ ਟਹਿਣੀ ਤੋਂ ਗ਼ਾਇਬ
ਹੋਇਆ ਉਹ ਫੁੱਲ
ਤੇ ਖਿੜਕੀ 'ਤੇ ਪੱਤੀ ਜਿਹੀ ਲਟਕਦੀ
ਪਰਦੇ ਵਿੱਚ
ਉਦਾਸ ਉਦਾਸ
ਧੜਕਦਾ ਰਿਹਾ ਮੇਰਾ ਦਿਲ
ਧੁਕ ਧੁਕ!
ਧੁਕ ਧੁਕ!!
ਧੁਕ ਧੁਕ!!!

2. ਯਾਦਾਂ ਦੀ ਬਰਸਾਤ

ਤੇਰੇ ਨਾ ਹੋਣ 'ਤੇ
ਮਨ ਦੀਆਂ ਪਹਾੜੀਆਂ 'ਤੇ ਯਾਦਾਂ ਦੇ
ਬੱਦਲ ਮੰਡਰਾਉਂਦੇ ਹਨ
ਛਾਤੀ ਵਿੱਚ ਬੇਚੈਨ ਹਵਾ ਉੱਡਦੀ ਹੈ
ਦਿਲ ਦੇ ਆਕਾਸ਼ ਵਿੱਚ ਚਮਕਦੀ
ਹੈ ਬਿਜਲੀ ਜਿਹੀ ਮਿਲਣ
ਦੀ ਚਾਹਤ
ਅਤੇ, ਦਿਮਾਗ਼ ਦੀਆਂ ਗਲੀਆਂ ਵਿੱਚ,
ਆਉਣਾ ਜਾਣਾ ਲੱਗਾ ਰਹਿੰਦਾ ਹੈ
ਖੱਟ-ਮਿੱਠੀਆਂ ਯਾਦਾਂ ਦਾ।
ਤੇਰੇ ਨਾ ਹੋਣ 'ਤੇ
ਆਉਂਦਾ ਰਹਿੰਦਾ ਹੈ ਯਾਦਾਂ ਦਾ ਹੜ੍ਹ
ਸੰਤਾਪੀਆਂ ਅੱਖਾਂ 'ਚੋਂ ਡਿਗਦੀ ਹੈ
ਉਦਾਸ-ਉਦਾਸ ਬਾਰਿਸ਼
ਅਤੇ, ਭਿੱਜਦਾ ਰਹਿੰਦਾ ਹੈ ਹਰੇਕ ਛਿਣ
ਸੱਚੀਂ! ਤੇਰੇ ਨਾ ਹੋਣ 'ਤੇ
'ਕੱਲਾ-ਕੱਲਾ' ਵਰ੍ਹਦਾ ਰਹਿੰਦਾ ਹਾਂ ਮੈਂ।

3. ਪਿਆਰਾ ਜਿਹਾ ਚੰਨ

ਇੱਕ ਚੰਨ
ਪਹਾੜੀ 'ਤੇ ਵਿਖਾਈ ਦਿੰਦਾ ਹੈ
ਹੌਲੀ-ਹੌਲੀ ਉੱਤਰਦਾ ਹੈ-
ਜਾਂਦਾ ਹੈ ਖੂਹ ਦੇ ਵਿਚ
ਵਿਖਾਈ ਦਿੰਦਾ ਹੈ ਦਿਸਹੱਦੇ 'ਤੇ
ਨਦੀ ਦੇ ਕੰਢੇ ਮਿਲਦਾ ਹੈ
ਸ਼ਾਇਦ, ਲੱਭਦਾ ਰਹਿੰਦਾ ਹੈ
ਘਣੀ ਰਾਤ ਦੇ ਸੀਨੇ ਵਿੱਚ
ਆਪਣਾ ਪਿਆਰ।
ਉਹ ਚੰਨ
ਟੁਰਦਾ ਹੈ ਰੁੱਖ ਦੇ ਮੱਥੇ ਦੇ ਉਪਰ
ਪੱਤੀਆਂ 'ਤੇ
ਟਹਿਣੀਆਂ 'ਤੇ।
ਏਧਰ-ਓਧਰ
ਪੁੱਜਦਾ ਹੈ ਹਰ ਘਰ ਦੀ ਛੱਤ 'ਤੇ
ਨੁੱਕਰ-ਨੁੱਕਰ ਵਿਚ
ਖਿੜਕੀਆਂ ਵਿੱਚ
ਗਲੀਆਂ ਵਿਚ
ਅਤੇ
ਫੇਰ ਵਿਖਦਾ ਨਹੀਂ ਕਿਤੇ।
ਓ ਪਿਆਰੀ
ਤੁੰ ਪਹੁੰਚ ਕੇ ਮੇਰੇ ਦਿਲ ਦੇ ਆਕਾਸ਼ ਵਿੱਚ
ਚਮਕਦੀ ਹੈਂ ਇੱਕ ਪਿਆਰੇ ਜਿਹੇ
ਚੰਨ ਵਾਂਗ।

4. ਅਧੂਰਾ ਪ੍ਰੇਮ

ਪਹਿਲੀ ਵਾਰ
ਟਕਰਾਈਆਂ ਸਨ ਅੱਖਾਂ ਆਪਸ ਵਿੱਚ
ਰਾਤ-ਰਾਤ ਭਰ ਵੇਖਦਿਆਂ ਤਾਰਿਆਂ ਦੀਆਂ ਟੋਲੀਆਂ
ਰਾਹ ਤੱਕਦੀਆਂ ਸਨ ਉਹ ਬੇਚੈਨ ਅੱਖਾਂ।
ਫੁੱਲ ਜਿਹੀ ਮੁਸਕੁਰਾਹਟ ਖਿੜਦੀ
ਸੀ ਬੁੱਲ੍ਹਾਂ 'ਤੇ
ਚੁੰਮਣ ਦੀ ਚੰਚਲ ਤਿਤਲੀ ਮੰਡਰਾਉਂਦੀ ਰਹਿੰਦੀ ਸੀ
ਆਲ-ਦੁਆਲ
ਮਹਿਕਦਾ ਸੀ ਜਵਾਨੀ ਦਾ
ਖ਼ੁਸ਼ਬੂਦਾਰ ਬਗ਼ੀਚਾ।
ਦਿਲ ਦੇ ਵਰਕਿਆਂ 'ਤੇ ਖੇਡਦੇ ਸਨ
ਪ੍ਰੇਮ ਦੇ ਅੱਖਰ
ਵਹਿੰਦਾ ਸੀ ਭਾਵਾਂ ਦਾ ਸਾਗਰ
ਇੰਝ ਲਿਖਿਆ ਜਾਂਦਾ ਸੀ ਇੱਕ ਪਿਆਰ ਭਰਿਆ
ਪ੍ਰੇਮ-ਪੱਤਰ।
ਹੱਥ ਸੁਆਰਦੇ ਸਨ ਪ੍ਰੇਮ ਦੇ
ਸੁੰਦਰ ਫੁੱਲ
ਹਟਾਈ ਜਾਂਦੇ ਸਨ ਹਰ ਕੰਡੇ ਨੂੰ
ਅਤੇ, ਮੁਲਾਕਾਤਾਂ ਵਿੱਚ
ਅਦਲ-ਬਦਲ ਕੀਤੀਆਂ ਹੋਈਆਂ ਤਸਵੀਰਾਂ
ਰੱਖੀਆਂ ਜਾਂਦੀਆਂ ਸਨ
ਸੰਭਾਲ ਕੇ ਸੀਨੇ 'ਚ।
ਅਖੀਰੀ ਮੁਲਾਕਾਤ 'ਚ
ਉਨ੍ਹਾਂ ਅੱਖਾਂ ਨੇ ਪਰਤ ਕੇ ਵੀ ਨਹੀਂ ਵੇਖਿਆ
ਇੱਕ-ਦੂਜੇ ਨੂੰ
ਬੁੱਲ੍ਹਾਂ 'ਤੇ ਕੰਬਦੇ ਰਹਿ ਗਏ
ਕੁਝ ਅਸਪੱਸ਼ਟ ਸ਼ਬਦ।
ਦਿਲ ਘਬਰਾਉਂਦਾ ਰਿਹਾ ਉਨ੍ਹਾਂ ਤਸਵੀਰਾਂ
ਤੇ ਪ੍ਰੇਮ-ਪੱਤਰਾਂ ਨੂੰ ਪਾੜਨ ਤੋਂ।
ਜਿਵੇਂ ਕਿ ਸਦਾ ਹੁੰਦਾ ਸੀ ਇਸ
ਵਾਰ ਹੱਥ
ਪੂੰਝ ਨਾ ਸਕੇ ਇੱਕ-ਦੂਜੇ ਦੇ ਅੱਥਰੂ।
ਅਧੂਰੇ ਪ੍ਰੇਮ 'ਚ
ਸੁਗੰਧ ਚਾਹਤਾਂ ਦੀ
ਅਧੂਰੀਆਂ ਹੀ ਰਹਿ ਗਈਆਂ
ਬਹੁਤ ਸਾਰੀਆਂ ਗੱਲਾਂ, ਮੇਰੇ ਦੋਸਤ।

5. ਪਹਿਲਾ ਪ੍ਰੇਮ-ਪੱਤਰ

ਸੁਆਲਾਂ ਦੀਆਂ ਤੰਗ ਗਲ਼ੀਆਂ 'ਚੋਂ ਡਰਦਾ ਲੰਘਦਾ
ਪ੍ਰਵਾਨ ਹੋਵੇਗਾ ਜਾਂ ਨਹੀਂ, ਇਸ ਉਲਝੇਵੇਂ ਤੇ
ਸ਼ੱਕ 'ਚ ਡੁੱਬਦਾ-ਉੱਤਰਦਾ
ਇੰਝ ਜਾਂ ਉਂਝ - ਦੇ ਔਖੇ ਦਰਿਆ ਨੂੰ ਪਾਰ ਕਰਦਾ
ਡਰਦਾ-ਡਰਦਾ, ਕੁਝ ਹੌਸਲਾ ਬਟੋਰਦਾ
ਥੋੜ੍ਹਾ-ਥੋੜ੍ਹਾ ਸੰਗਦਾ
ਆਣ ਪੁੱਜਾ ਹੈ ਤੇਰੇ ਤੱਕ
ਸੁਨਾਉਣ ਨੂੰ ਮੇਰੇ ਦਿਲ ਦਾ ਹਾਲ ਹਵਾਲ
ਇਹ ਪਹਿਲਾ ਪ੍ਰੇਮ-ਪੱਤਰ।

6. ਵਿਸ਼ਵਾਸ

ਤੂੰ ਆਈ ਏਂ
ਮੇਜ਼ 'ਤੇ ਰੱਖੇ ਗੁਲਾਬ ਨੂੰ ਦਿਲ ਦੇ
ਫੁੱਲਦਾਨ ਵਿੱਚ ਸਜਾਅ ਦੇ
ਕਿ ਖ਼ੁਸ਼ਬੋਈਦਾਰ ਬਣੇ ਪ੍ਰੇਮ।
ਵਰਾਂਡੇ 'ਚ,
ਲੈ ਆ ਦੋ ਕੁਰਸੀਆਂ
ਬੈਠਾਂਗੇ ਕੁਝ ਨਿੱਘੇ ਛਿਣ
ਟੇਬਲ ਦੇ ਉੱਤੇ
ਵਾਈਨ ਦੀ ਬੋਤਲ ਤੇ
ਦੋ ਗਲਾਸ ਵੀ ਰੱਖ ਦੇਈਂ
ਗੱਲਾਂ ਕਰਾਂਗੇ ਜੀਵਨ
ਦੇ ਕੁਝ ਅੰਸ਼।
ਵੇਖ ਤਾਂ
ਮੇਰੇ ਬੇਦਿਲੇ ਕੱਪੜੇ
ਯਤੀਮ ਜਾਪਦੀਆਂ ਕਿਤਾਬਾਂ,
ਕਲਮ ਤੇ ਵਰਕੇ
ਲਾਵਾਰਸ ਲਾਸ਼ ਵਾਂਗ ਪਏ
ਸਿਗਰੇਟ ਦੇ ਟੋਟੇ
ਸ਼ਕਲ ਵਿਗੜੀ ਵਾਲਾ ਸ਼ੀਸ਼ਾ
ਸੱਚੀਂ[ ਹੈ ਸਾਰਿਆਂ ਨੂੰ
ਤੇਰੀ ਇੱਕ ਛੋਹ ਦੀ ਉਡੀਕ।
ਹਨੇਰੀ ਸ਼ਾਮ
ਤੂੰ ਆ ਪੁੱਜੀ ਏਂ ਮੇਰੀ ਦਹਿਲੀਜ਼
'ਤੇ ਇਕੱਲੀ
ਇਸ ਵੇਲੇ
ਤਨ-ਮਨ 'ਚ
ਦੌੜ ਰਹੀ ਹੈ ਲਹਿਰ-ਲਹਿਰ
ਪ੍ਰੇਮ ਦੀ।
ਨਾ,
ਉਸ ਖਿੜਕੀ ਨੂੰ ਨਾ ਬੰਦ ਕਰੀਂ
ਇਹ ਤਾਂ
- ਮੇਰੇ ਦਿਲ ਦਾ ਭਰੋਸਾ ਹੈ
ਕਿ, ਆਵੇਂਗੀ ਤੂੰ।

7. ਪ੍ਰੇਮ

ਤਾਰਿਆਂ ਦੇ ਟੁੱਟ ਕੇ
ਡਿੱਗ ਜਾਣ ਤੋਂ ਬਾਅਦ
ਆਕਾਸ਼ ਰਾਤ ਭਰ ਦੁਖੀ ਹੋ
ਵਹਾਉਂਦਾ ਰਹਿੰਦਾ ਹੈ ਹੰਝੂ
ਇੱਕ ਪੱਤੀ ਕੰਬਦੀ ਰਾਤ ਵਿੱਚ,
ਸੰਭਾਲਦੀ ਹੈ ਆਕਾਸ਼ ਦੇ ਹੰਝੂ
ਇਸ ਤਰ੍ਹਾਂ, ਸਦੀਆਂ ਤੋਂ
ਬਚਿਆ ਹੋਇਆ ਹੈ ਪ੍ਰੇਮ।
ਇੱਕ ਨਦੀ ਕੁੱਦਦੀ ਹੈ
ਉਚਾਈ ਦਾ ਅੜਿੱਕਾ ਪਾਰ ਕਰ
ਜ਼ਮੀਨ 'ਤੇ ਬੁਰੀ ਤਰ੍ਹਾਂ
ਡਿਗਦੀ ਹੈ ਮੂਧੇ ਮੂੰਹ
ਕਿਤੇ ਟਕਰਾਉਂਦੀ ਹੈ ਸਖ਼ਤ
ਚੱਟਾਨ ਨਾਲ
ਫਿਰ, ਉੱਠ ਕੇ ਸ਼ੁਰੂ ਕਰਦੀ ਹੈ
ਪ੍ਰੇਮਜਾਤਰਾ ਸਮੁੰਦਰ ਵੱਲ।
ਮੰਦਿਰ ਦੇ ਸਾਹਮਣੇ
ਉਸ ਬੁੱਢੜੀ ਦੇ ਹੰਢ ਚੁੱਕੇ ਹੱਥ
ਵਿੱਚ ਧਰਿਆ ਗਿਆ ਸਿੱਕਾ
ਚਮਕ ਉੱਠਦਾ ਹੈ ਪ੍ਰੇਮ ਦਾ ਉਜਿਆਰਾ
ਉਸ ਨਜ਼ਰ ਦਾ ਪ੍ਰੇਮ ਦਿਲ ਦੀ ਤਲ਼ੀ
'ਚ ਪੁੱਜ ਕੇ
ਪਲ਼ੋਸ ਜਾਂਦਾ ਹੈ ਇੱਕ ਪੁਰਾਣਾ ਫੱਟ।
ਜੀਵਨ ਦੇ ਉਲਝੇਵਿਆਂ ਵਿੱਚ
ਪ੍ਰੇਮ, ਭਰੋਸੇ ਦਾ ਇੱਕ ਉੱਚਾ ਹਿਮਾਲਾ
ਬਣ ਖੜ੍ਹ ਜਾਂਦਾ ਹੈ
ਦੁੱਖ ਓਢ ਕੇ ਸੁੱਤੇ ਹਨੇਰੇ ਨੂੰ ਚੀਰਦਾ
ਸਾਝਰ ਸਵੇਰੇ, ਪੰਛੀ
ਚਹਿਚਹਾਉਂਦੇ ਨੇ ਮਿੱਠੀ ਪ੍ਰੇਮ-ਧੁਨ।
ਪ੍ਰੇਮ ਵਿੱਚ
ਡਾਢੇ ਪਹਾੜਾਂ ਨੂੰ ਨਾਲੋ ਨਾਲ
ਲੰਘ ਜਾਂਦੇ ਹਨ ਪੈਰ
ਦਿਲ ਸੌਖਿਆਂ ਹੀ ਥੰਮ੍ਹ ਲੈਂਦੈ
ਛਾਤੀ ਚੀਰਦੇ ਦਰਦ ਨੂੰ
ਅਤੇ, ਅਗਾਂਹ ਵਧਦੀ ਹੈ ਨ੍ਹੇਰੀ ਤੂਫ਼ਾਨ
ਵਿੱਚ ਵੀ ਕਿਸ਼ਤੀ
ਜੀਵਨ ਦੇ ਉਠ ਉਠ ਪੈਂਦੇ ਸਾਗਰ
ਨੂੰ ਪਾਰ ਕਰਨ ਦਾ ਜਿਗਰਾ।
ਪ੍ਰੇਮ ਦੀ ਇੱਕ ਹੀ ਲੀਕ ਦਿਲਾਂ ਵਿੱਚ
ਸਤਰੰਗੀ-ਪੀਂਘ ਬਣਾਅ ਜਾਂਦੀ ਹੈ
ਪ੍ਰੇਮ ਦਾ ਇੱਕ ਹੀ ਸ਼ਬਦ ਰਿਸ਼ਤਿਆਂ ਦਾ
ਸਰਬੋਤਮ ਕਾਵਿ ਲਿਖਦਾ ਹੈ
ਛੇੜਦਾ ਹੈ ਪ੍ਰੇਮ ਹੀ ਛਣਕਾਟਾ
ਦਿਲਾਂ ਵਿੱਚ ਧੜਕਣਾਂ ਦੇ ਸੁਹਣੇ ਮਿੱਠੇ ਸੰਗੀਤ ਦਾ।
ਐ ਦੋਸਤ,
ਔਖੇ ਅਣਚੜ੍ਹ ਪਹਾੜ ਦੀ ਛਾਤੀ ਵਿਚ
ਖਿੜਦਾ ਹੈ ਇੱਕ ਫੁੱਲ
ਅਤੇ ਮੁਸਕਰਾਅ ਉੱਠਦੈ ਸੁੰਦਰ ਪ੍ਰੇਮ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ