Kavishri : Babu Rajab Ali

ਕਵੀਸ਼ਰੀ : ਬਾਬੂ ਰਜਬ ਅਲੀ

ਸਵੈ-ਜੀਵਨੀ ਦੀ ਕਵਿਤਾ

1. ਆਵੇ ਵਤਨ ਪਿਆਰਾ ਚੇਤੇ

॥ਤਰਜ਼ ਅਮੋਲਕ॥

ਮੰਨ ਲਈ ਜੋ ਕਰਦਾ ਰੱਬ ਪਾਕਿ ਐ ।
ਆਉਂਦੀ ਯਾਦ ਵਤਨ ਦੀ ਖ਼ਾਕ ਐ ।
ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।
ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।
ਭੜਥਾ ਬਣ ਗਈ ਦੇਹੀ ਐ ।
ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?

ਜਾਂਦੇ ਲੋਕ ਨਗਰ ਦੇ ਰਸ ਬੂ ।
ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।
ਹੋ ਗਿਆ ਜਿਗਰ ਫਾੜੀਉਂ-ਫਾੜੀ ।
ਵੱਢਦੀ ਚੱਕ ਚਿੰਤਾ ਬਘਿਆੜੀ,
ਹੱਡੀਆਂ ਸਿੱਟੀਆਂ ਚੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਸੋਹਣੀਏ 'ਸਾਹੋ' ਪਿੰਡ ਦੀਏ ਵੀਹੇ ।
ਬਚਪਨ ਦੇ ਵਿਚ ਪੜ੍ਹੇ 'ਬੰਬੀਹੇ' ।
ਚੂਰੀ ਖੁਆ ਮਾਂ ਪਾਤੇ ਰਸਤੇ ।
ਚੱਕ ਲਏ ਕਲਮ ਦਵਾਤਾਂ ਬਸਤੇ ।
ਸ਼ੇਰ, ਨਿਰੰਜਣ, ਮਹਿੰਗੇ ਨੇ ।
ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ ।

ਪੰਜ ਪਾਸ ਕਰਕੇ ਤੁਰ ਗਏ ਮੋਗੇ ।
ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ ।
ਪੈਸੇ ਖਾ ਮਠਿਆਈਆਂ ਬਚਦੇ ।
ਵੇਂਹਦੇ ਸ਼ਹਿਰ ਸੜਕ ਪਰ ਨਚਦੇ,
ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਕਰ ਐਂਟਰੈਂਸ ਪਾਸ ਸਕੂਲੋਂ ।
ਓਵਰਸੀਅਰ ਬਣੇਂ ਰਸੂਲੋਂ ।
ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ ।
ਦੌਲਤ ਪਾਣੀ ਵਾਂਗੂੰ ਵਰਤੀ ।
ਬਹੁਤ ਬਹਾਰਾਂ ਮਾਣੀਆਂ ।
ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ ।

ਬਦਲੇ ਜਗਰਾਵਾਂ ਕੋਲੇ 'ਖਾੜੇ' ।
ਵਰ੍ਹਦੀਆਂ ਕਣੀਆਂ ਰੂਪ ਦੀਆਂ 'ਤਿਹਾੜੇ' ।
ਅਫ਼ਲਾਤੂਨ ਵਰਗੀਆਂ ਅਕਲਾਂ ।
ਗੱਭਰੂ ਮੁਟਿਆਰਾਂ ਪਰ ਸ਼ਕਲਾਂ,
ਸੋਹਣੀ ਬਣ ਗਈ ਛੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਜਬ ਜੰਗ ਕਰਦੇ ਬਿਰਟਸ਼-ਜਰਮਣ ।
'ਬਸਰੇ' ਵਗ ਗਿਆ ਮਾਂ ਦਾ ਸਰਬਣ ।
ਮੁਲਕ ਉਹ ਕੋਹਾਂ ਕਾਫ਼ਾਂ ਤੋਂ ਨੇੜੇ ।
ਮਾਰੇ ਸਬਜ਼ ਸ਼ਹਿਰ ਵੱਲ ਗੇੜੇ,
ਵਹਾਂ ਟਿਕਾਣੇ ਪਰੀਆਂ ਦੇ ।
ਅਜਬ ਨਜਾਰੇ ਦੇਖੇ, ਰੱਬ ਦੀਆਂ ਕਾਰਾਗਰੀਆਂ ਦੇ ।

ਮੁੜ ਪਿਆ ਵੇਖਣ ਪਿੰਡ ਦੀਆਂ ਗਲੀਆਂ ।
ਪਿੰਡ ਦੀਆਂ ਮਿੱਟੀਆਂ, ਖੰਡ ਦੀਆਂ ਡਲੀਆਂ ।
ਬਾਂਕੇ ਗੱਭਰੂ ਦਿਲ ਨੂੰ ਮੋਹਣੇ ।
ਬਿਲਡਿੰਗ ਨਿਊਯਾਰਕ ਤੋਂ ਸੋਹਣੇ,
ਰਹੇ ਚੁਬਾਰੇ ਫੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਮੁਕਤਸਰ, ਢਿੱਪਾਂ ਵਾਲੀ, ਮਹਾਂ ਵੱਧਰ ।
ਨੀਤਾਂ ਸਾਫ਼, ਦਿਲਾਂ ਦੇ ਪੱਧਰ ।
ਲੋਗ ਐ ਇਨ ਨਗਰਾਂ ਦੇ ਦਾਤੇ ।
ਮਾਘੀ ਨ੍ਹਾਉਣ 'ਤੇ ਬੋਹਲ ਲੁਟਾ ਤੇ ।
ਦਾਣੇ ਪੀਹਣ ਮਸ਼ੀਨਾਂ ਤੇ ।
ਬਚੜੇ ਜਿਉਣ ਸਦਾ ਸੁਖ ਮਾਣਨ, ਬਣ ਗਿਆ ਸੁਰਗ ਜ਼ਮੀਨਾਂ ਤੇ ।

ਖ਼ੁਸ਼ੀਆਂ ਕਰਨ ਦੀਵਾਨ ਲਗਾਉਂਦੇ ।
ਸੈਣੇ ਵਜਦੇ ਸ਼ਬਦ ਸੁਣਾਉਂਦੇ ।
ਆਉਂਦੇ ਪਰਚਾਰਕ ਤੇ ਢਾਡੀ,
ਤੜਕੇ ਉੱਠ ਕੇ ਧੋਂਦੇ ਬਾਡੀ,
ਸ਼ਾਇਰ ਸੁਣਾਉਂਦੇ ਕਬਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਆ ਗਏ ਬਦਲ ਮੁਕਤਸਰੋਂ 'ਢਹਿਪਈ' ।
ਬਾਗ਼ੀਂ ਬੁਲਬੁਲ ਕਰੇ ਚਹਿਚਹਿ ਪਈ ।
ਵੇਖੇ ਕੋਟ ਫ਼ਰੀਦ ਦੁਸਹਿਰੇ ।
ਹੋਵਣ ਲਗਦੇ ਫ਼ੈਰ ਦੁਪਹਿਰੇ,
ਤੋਪਚੀ ਤੋਪ ਚਲਾਵਣ ਜੀ ।
ਪਾਪ ਕਰਿਉ ਨਾ, ਪਾਪੀ, ਹਰ ਸਾਲ ਸੜਦਾ ਰਾਵਣ ਜੀ ।

ਆ ਗਏ 'ਕੈਰੇ' ਬੜੀ ਆਬਾਦੀ,
ਚਾਹਾਂ ਪੀ ਕੇ ਗੁੱਡਣ ਕਮਾਦੀ ।
ਲਾ ਲਏ ਖੇਤ-ਖੇਤ ਵਿੱਚ ਕੂੰਏਂ,
ਖੰਡ ਦੀਆਂ ਡਲੀਆਂ ਨਿਕਲਣ ਧੂੰਏਂ,
ਖਾਂਡ ਬਣਾਉਂਦੇ ਸਭ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਫੇਰ ਮੈਨੂੰ 'ਚੱਕ' ਦਾ ਸੈਕਸ਼ਨ ਦੇ ਗੇ ।
ਜੱਗੂ ਰਾਮਣ ਜਾਂਦੇ ਬੇਗੇ ।
ਸੋਹਣੇ ਮਿਰਜ਼ੇ ਵਰਗੇ ਲਾੜੇ,
ਬੱਬਰ ਮਾਰ ਸੰਗੀਨਾਂ ਪਾੜੇ,
ਚੜ੍ਹ ਕੇ 'ਚੱਕ' ਨੂੰ ਜਾਣਾ ਸੀ ।
ਪੁਲਸੀਆਂ ਵਰਗੀ ਬਿਰਜਸ ਮੇਰਾ ਖਾਖੀ ਬਾਣਾ ਸੀ ।

ਜਾਂ ਮੈਂ ਆਉਂਦੇ ਵੇਖੇ ਜਮ 'ਜਹੇ ।
ਮੇਰੇ ਉਖੜੇ ਫਿਰਦੇ ਦਮ ਜਹੇ ।
ਦੂਰੋਂ ਵੇਖ ਮੈਂ ਦੇ ਗਿਆ ਤੀੜਾਂ ।
ਮੇਰੀਆਂ ਪੈਂਦੀਆਂ ਜਾਣ ਪਦੀੜਾਂ,
ਉਡਦੀ ਜਾਂਦੀ ਗੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

'ਸੀਤੋ', 'ਬਿਸ਼ਨਪੁਰੇ', 'ਸੁਖਚੈਨ' ਐ ।
ਏਧਰ ਮਿਰਗ ਜ਼ਿਆਦਾ ਰਹਿਣ ਐ ।
ਮੁਛਦੇ ਫਿਰਦੇ ਹਾੜੀ ਸਾਉਣੀ ।
ਹੀਰਿਆਂ ਹਰਨਾਂ ਜਿਹਾਂ ਦੀ ਛਾਉਣੀ ।
ਹੈ ਵਿੱਚ ਖੁਲ੍ਹੀਆਂ ਰੋਹੀਆਂ ਦੇ ।
ਵੜਨ ਨਾ ਦੇਣ ਸ਼ਿਕਾਰੀ, ਬਾਰਾਂ ਪਿੰਡ ਬਿਸ਼ਨੋਈਆਂ ਦੇ ।

'ਤਿਹੁਣੇ', 'ਰਾਇਕੇ', 'ਮਾਹੂਆਣੇ' ।
'ਬਾਦਲ', 'ਖੁੱਡੀਆਂ', 'ਅਬੁਲ-ਖੁਰਾਣੇ',
ਕੁੱਲ ਸਰਦਾਰ ਨਵਾਬਾਂ ਵਰਗੇ,
ਕੋਠੇ ਨਰਮਿਆਂ ਦੇ ਨਾਲ ਭਰ ਗੇ,
ਇਨ ਪਰ ਰਾਜ਼ੀ ਰੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਬੈਠਾ 'ਬਾਜਕ', 'ਲੰਬੀ', 'ਸਹੁਜਾਂ' ।
'ਜੰਘੀਰਾਣੇ' ਲੈ ਲੀਆਂ ਮੌਜਾਂ ।
'ਝੁੰਬਾ', 'ਗਿਦੜਵਾਹਾ' ਤੇ 'ਚੁੱਘੇ' ।
'ਬਾਬੂ ਰਜਬ ਅਲੀ' ਹੋਸ ਗਏ ਉੱਘੇ ।
ਮੇਲੇ ਵੇਖ ਬਠਿੰਡੇ ਜੀ ।
ਖਾੜੇ ਫ਼ਤਹਿ, ਅਜ਼ੀਜ਼ ਲਗਾਉਂਦੇ, ਜੈਸੇ ਟੀਕਣ ਬਿੰਡੇ ਜੀ ।

ਸੁਣ ਜਗਮੇਲ, ਬਸੰਤ ਪਿਆਰਿਉ ।
ਪਰ ਜਿੰਦ ਰੱਬ ਦੇ ਨਾਂ ਤੇ ਵਾਰਿਉ ।
ਪੈਂਦਾ ਸੁੱਤਾ ਜਾਗ ਨਸੀਬਾ ।
ਜਾਂਦਾ ਕਿਸਮਤ ਦੇ ਨਾਲ ਬੀਬਾ,
ਜਨਮ ਅਮੋਲਕ ਲੱਭ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

2. ਵਤਨ ਦੀਆਂ ਤਾਂਘਾਂ

॥ਤਰਜ਼ ਦੋਤਾਰਾ॥

ਨੰਗ ਕੰਗਲਾ, ਹਰੀਜਨ ਹੋ, ਭਮੇਂ ਸਰਦਾਰ ਘਰੇ ਹੋ ਰੈਸ੍ਹੀ ।
ਪਤਾ ਲਗਦਾ ਉਜੜ ਕੇ ਤੇ, ਨਹੀਂ ਚੀਜ਼ ਪਿਆਰੀ ਦੇਸ਼ ਦੇ ਜੈਸੀ ।
ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਢੈ ਗੇ ਕਿੰਗਰੇ ਦਿਲਾਂ ਦੇ ਜੀ, ਮੇਰੀਆਂ ਰਹਿਣ ਦਲੀਲਾਂ ਡਿੱਗੀਆਂ ।
ਮੈਂ ਵਾਂਗ ਸ਼ੁਦਾਈਆਂ ਜੀ, ਨੀਵੀਂ ਪਾ ਬਹਿ ਜਾਂ ਢਾਲ ਕੇ ਰਿੱਗੀਆਂ ।
ਰੱਤ ਸਿੰਮਦੀ ਅੱਖੀਆਂ 'ਚੋਂ, ਜਿਗਰ ਪਰ ਮਾਰੇ ਵਿਛੋੜਾ ਸਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਹੇਠੋਂ ਧਰਤੀ ਨਿਕਲ ਜੂ ਗੀ, ਕਰਾਂ ਵਰਣਨ ਜੋ ਸਿਰਾਂ ਪਰ ਵਰਤੀ ।
ਕਿਸੇ ਵੇਲੇ ਭੁੱਲਦੇ ਨਾ, ਅੰਮਾਂ ਦੇ ਕੋਠੇ, ਬਾਪ ਦੀ ਧਰਤੀ ।
ਯਾਰਾਂ ਨਾਲ ਨੀਤਣੀ ਸੀ, ਕਿਤੋਂ ਨਾ ਸੁਨਣ ਸ਼ੌਕ ਦੀਆਂ ਬਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਵੇਖੇ ਕਿਲੇ ਰਿਆਸਤ ਦੇ, ਰਾਜੇ ਦੇ ਮੰਦਰ, ਵੜੇ ਨਾ ਅੰਦਰ ।
ਕਪਤਾਨ ਟੀਮ ਦਾ ਸਾਂ, ਖੇਲਣੇ ਗਏ ਕ੍ਰਿਕਟ ਜਲੰਧਰ ।
ਕਦੇ ਮੈਂ ਤੇ ਅਰਜਣ ਨੇ, ਮਾਰੀਆਂ ਸੇਖੇ ਝਿੜੀ ਛਲਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਪੌਂਦੇ ਘੁੰਮਰਾਂ ਲਹਿੰਗੇ ਸੀ, ਕੁੜਤੀਆਂ ਮੜ੍ਹੀਆਂ ਨਾਲ ਕਤੂਨਾਂ ।
ਬਹਿਕੇ ਸੱਥ 'ਚ ਵੇਖਦੇ ਸੀ, ਪਾਣੀ ਜਾਣ ਭਰਨ ਭਾਬੀਆਂ ਮੂੰਨਾਂ ।
ਵੇਲਾ ਚੇਤੇ ਆ ਜੇ ਜੀ, ਸੁੱਤਾ ਪਿਆ ਉੱਠ ਪਾਂ ਮਾਰ ਕੇ ਚਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਵਿਛੇ ਪਲੰਘ ਨਿਵਾਰੀ ਜੀ, ਫੁੱਲਾਂ ਦੀ ਮਹਿਕ ਬਾਗ਼ ਵਿਚ ਟਹਿਲਾਂ ।
ਬੱਕੀ ਮਿਰਜ਼ੇ ਖ਼ਾਨ ਦੀ ਜੀ, ਪਾਂਮਦੀ ਜਾਂਦੀ ਨਹਿਰ ਪਰ ਪੈਲਾਂ ।
ਨਾਲ ਰਲ ਜੇ ਪੌਣ ਦੇ ਜੀ, ਸ਼ੀਸ਼ਮੋਂ ਤੋੜ ਛਮਕ ਨੂੰ ਛਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਜਲ ਚਾਂਦੀ ਵਰਗਾ ਜੀ, ਪਟੜੀਉਂ ਉੱਤਰ ਬਰਮ ਪਰ ਬਹਿਣਾ ।
ਰਾਮਪੁਰੇ, ਦੌਧਰੋਂ, ਜੀ, ਕੈਰੇ, ਜਗਰਾਵੀਂ, ਮੌੜ ਤੇ ਸਹਿਣਾ ।
ਗਏ ਮਹਾਂ-ਵੱਧਰੋਂ ਜੀ, ਸੂਏ ਦੀ ਬੰਨ੍ਹਣੀ ਟੋਟ ਅੜਾਂਘਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਠੇਕੇਦਾਰ ਅਨੇਕਾਂ ਨੇ, ਮੇਰੇ ਪਾਸ ਕਰਕੇ ਕਾਮ ਸੁਖ ਭੋਗੇ ।
ਜੱਟ ਦਿਲੋਂ ਭੁਲਾਉਂਦੇ ਨਾ, ਜਿਨ੍ਹਾਂ ਦੇ ਲਾ ਤੇ ਦਾਸ ਨੇ ਮੋਘੇ ।
ਪੈਦਾਵਾਰ ਵਧਾਤੀ ਸੀ, ਬੋਹਲ ਤੇ ਬੋਹਲ ਲਾਤੀਆਂ ਧਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਮੈਨੂੰ ਰੱਖਲੌ ਨਗਰ ਮੇਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ ।
'ਬਾਬੂ' ਜਾਣ ਦੇਵਣਾ ਨਾ, ਦਾਸ ਦੀ ਕਬਰ ਬਣਾ ਲੋ ਸਾਹੋ ।
ਲਾਸ਼ ਦੱਬ ਦਿਉ ਗਾਮ ਮੇਂ ਜੀ, ਸੱਚੇ ਕੌਲ ਭੌਰ ਪਹੁੰਚ ਜੂ 'ਗ੍ਹਾਂ-ਗ੍ਹਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

(ਇਹ ਕਵਿਤਾ ੨੧ ਤੋਂ ੨੪ ਮਾਰਚ, ੧੯੬੫ ਨੂੰ ਹੋਏ ਬਾਬੂ ਰਜਬ ਅਲੀ
ਦੇ ਇੱਕੋ ਵਾਰ ਦੇਸ਼ ਦੀ ਵੰਡ ਉਪਰੰਤ ਹਿੰਦੁਸਤਾਨ ਪਧਾਰਨ ਉੱਤੇ ਕੀਤੇ
ਗਏ ਵਿਸ਼ਾਲ ਇਤਿਹਾਸਕ ਸੁਆਗਤੀ ਸਮਾਗਮ ਸਮੇਂ ਲਈ ਬਾਬੂ ਜੀ ਨੇ
ਅਗਾਊਂ ਲਿਖ ਕੇ ਭੇਜੀ ਸੀ)

ਪੰਜਾਬ, ਪੰਜਾਬੀਅਤ ਤੇ ਪੰਜਾਬੀ ਬੋਲੀ

3. ਕੋਈ ਦੇਸ਼ ਪੰਜਾਬੋਂ ਸੋਹਣਾ ਨਾ

॥ਦੋਹਿਰਾ॥

ਪੰਜ ਦਰਿਆ ਇਸ ਦੇਸ਼ ਦੇ, ਤਾਹੀਉਂ ਕਹਿਣ ਪੰਜਾਬ ।
ਰਾਵੀ, ਸਤਲੁਜ, ਬਿਆਸ ਜੀ, ਜਿਹਲਮ ਅਤੇ ਚਨਾਬ ।

॥ਛੰਦ॥

ਲਿਖੇ ਮੁਲਕਾਂ ਦੇ ਗੁਣ ਗੁਣੀਆਂ । ਸਾਰੀ ਫਿਰ ਤੁਰ ਵੇਖੀ ਦੁਨੀਆਂ ।
ਕੁੱਲ ਜੱਗ ਦੀਆਂ ਕਰੀਆਂ ਸੈਰਾਂ । ਇੱਕ ਨਜ਼ਮ ਬਣਾਉਣੀ ਸ਼ੈਰਾਂ ।
ਜੀਭ ਕੁਤਰੇ ਲਫ਼ਜ਼ ਪੰਜਾਬੀ ਦੇ ।
ਸਾਕੀ ਨਸ਼ਾ ਚੜ੍ਹਾ ਦੇ ਉਤਰੇ ਨਾ, ਲਾ ਮੁੱਖ ਨੂੰ ਜਾਮ ਸ਼ਰਾਬੀ ਦੇ ।

ਜੁਆਨ ਸੋਹਣੇ ਸ਼ਾਮ ਫ਼ਰਾਂਸੋਂ । ਗੋਲ ਗਰਦਨ ਕੰਚ ਗਲਾਸੋਂ ।
ਸ਼ੇਰਾਂ ਵਰਗੇ ਉੱਭਰੇ ਸੀਨੇ । ਚਿਹਰੇ ਝੱਗਰੇ, ਨੈਣ ਨਗੀਨੇ ।
ਐਸਾ ਗੱਭਰੂ ਜੱਗ ਵਿਚ ਹੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਢਲੇ ਬਰਫ਼ ਹਿਮਾਲੇ ਪਰਬਤ । ਜਲ ਮੀਠਾ ਖੰਡ ਦਾ ਸ਼ਰਬਤ ।
ਪੰਜ ਨਦੀਆਂ ਮਾਰਨ ਲਹਿਰਾਂ । ਹੈੱਡ ਬੰਨ੍ਹ ਕੇ ਕੱਢ ਲਈਆਂ ਨਹਿਰਾਂ ।
ਛੱਡ ਵਾਟਰ ਮੈਨਰ ਭਰਮੇਂ ਦੇ ।
ਵੇਖ ਚਾਅ 'ਜਹੇ ਚੜ੍ਹਨ ਕਿਸਾਨਾਂ ਨੂੰ, ਖੇਤ ਖਿੜ-ਖਿੜ ਹਸਦੇ ਨਰਮੇ ਦੇ ।

ਹਰੀ ਚਰ੍ਹੀਆਂ ਦੀ ਹਰਿਆਵਲ । ਕਿਤੇ ਲਹਿ ਲਹਿ ਕਰਦੇ ਚਾਵਲ ।
ਰਲ ਗੁਡਣੇ ਜਾਣ ਕਮਾਦੀ । ਮੁੰਡਿਆਂ ਰੱਜ ਰੱਜ ਚੂਰੀ ਖਾਧੀ ।
ਦੀਂਹਦਾ ਘਿਉ ਨਾਲ ਲਿਬੜਿਆ ਪੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਬੜੀ ਰੌਣਕ ਖੇਤਰ ਅਗਲੇ । ਟਾਹਲੀ ਪੁਰ ਬੋਲਣ ਬਗਲੇ ।
ਹਲ ਵਾਹੁੰਦੇ ਫਿਰਨ ਟਰੈਕਟਰ । ਜਿਵੇਂ ਐਕਟਿੰਗ ਕਰਦੇ ਐਕਟਰ ।
ਬੁਲਡੋਜ਼ਰ ਫਿਰਦੇ ਕਮਲੇ ਜ੍ਹਿ,
ਦਿਲ ਖਿੱਚ ਦੇ ਲੰਘਦਿਆਂ ਰਾਹੀਆਂ ਦੇ, ਟਿਊਬਵੈਲ ਪਰ ਫੁੱਲ ਗਮਲੇ ਜ੍ਹਿ ।

ਖਿੜੇ ਕੇਤਕੀਆਂ ਤੇ ਗੇਂਦੇ । ਕਿਤੇ ਸੋਸਣ ਖ਼ੁਸ਼ਬੋ ਦੇਂਦੇ ।
ਥਾਂ-ਥਾਂ ਤੇ ਬਿਜਲੀਆਂ ਬਲੀਆਂ । ਲਾ ਰੀਝਾਂ ਗੁੰਦ ਲਾਂ ਕਲੀਆਂ ।
ਕਿਸੇ ਐਸਾ ਹਾਰ ਪਰੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਗੋਭੀ, ਮਟਰ, ਟਮਾਟਰਾਂ, ਗਾਜਰ । ਜਿੱਥੇ ਰੇਤ ਮਤੀਰੇ, ਬਾਜਰ ।
ਕਣਕਾਂ ਦੀਆਂ ਗਿਠ-ਗਿਠ ਬੱਲੀਆਂ । ਮੱਕੀਆਂ ਦੇ ਕੁਛੜੀਂ ਛੱਲੀਆਂ ।
ਛਣ ਕੰਗਣ ਛਣਕਣ ਟਾਟਾਂ ਦੇ ।
ਕਰੇ ਸਰਸੋਂ ਝਰਮਲ ਝਰਮਲ ਜੀ, ਫੁੱਲ ਟਹਿਕਣ ਸਬਜ਼ ਪਲਾਟਾਂ ਦੇ ।

ਬੋਹੜ ਪੌਣ ਵਗੀ ਤੋਂ ਸ਼ੂਕਣ । ਪਿਪਲਾਂ ਪਰ ਕੋਇਲਾਂ ਕੂਕਣ ।
ਬਾਗ਼ਾਂ ਵਿਚ ਅੰਬੀਆਂ ਰਸੀਆਂ । ਖਾ ਤੋਤਾ ਮੈਨਾ ਹੱਸੀਆਂ ।
ਬੋਲ ਬੁਲਬੁਲ ਵਰਗਾ ਮੋਹਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਲੋਕ ਧਰਮੀ, ਦਾਤੇ, ਦਾਨੇ । ਵੰਡ ਦੇਵਣ ਭਰੇ ਖ਼ਜ਼ਾਨੇ ।
ਨੂੰਹ ਰਾਣੀ ਤੇ ਧੀ ਮੇਲਣ । ਨਿੱਤ ਦੌਲਤ ਦੇ ਵਿਚ ਖੇਲਣ ।
ਲੜ ਉੱਡਦੇ ਰੰਗਲੇ ਸਾਲੂ ਦੇ ।
ਜਾਣ ਪੈਲਾਂ ਪਾਉਂਦੀਆਂ ਮੋਰਨੀਆਂ, ਭੱਤੇ ਢੋਵਣ ਕੰਤ ਰਸਾਲੂ ਦੇ ।

ਮਾਰ ਬੜ੍ਹਕਾਂ ਵਹਿੜੇ ਬੜਕਣ । ਗਲ ਵਿਚ ਘੁੰਗਰਾਲਾਂ ਖੜਕਣ ।
ਥਣ ਬੱਗੀਆਂ ਦੇ ਚੜ੍ਹ ਲਹਿੰਦੇ । ਉਸ ਮੱਝ ਨੂੰ ਮੱਝ ਨਾ ਕਹਿੰਦੇ,
ਜਿਸ ਮੱਝ ਨੇ ਭਰ 'ਤਾ ਦੋਹਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਰੰਗ ਲਾਲ ਕਮਾਣਾਂ ਅੱਬਰੂ । ਮੱਲ ਰੁਸਤਮ ਵਰਗੇ ਗੱਭਰੂ ।
ਕਰ ਵਰਜ਼ਸ ਦੇਹਾਂ ਰੱਖੀਆਂ । ਹੀਰੇ ਹਰਨ ਵਰਗੀਆਂ ਅੱਖੀਆਂ,
ਕੱਦ ਸਰੂਆਂ ਵਰਗੇ ਜੁਆਨਾਂ ਦੇ,
ਹੰਸਾਂ ਦੇ ਵਰਗੀਆਂ ਤੋਰਾਂ ਜੀ , ਹੱਥ ਸੋਹੇ ਗੁਰਜ ਭਲਵਾਨਾਂ ਦੇ ।

ਨਿਰੇ ਘਿਉ ਵਿੱਚ ਰਿਝਦੇ ਸਾਲਣ । ਜਿੰਦ ਦੇ ਕੇ ਵੀ ਲੱਜ ਪਾਲਣ ।
ਸੱਜਣਾਂ ਦੀਆਂ ਵੰਡਦੇ ਪੀੜਾਂ । ਜਿੱਥੇ ਖੜਦੇ ਕਰਦੇ ਛੀੜਾਂ ।
ਜਿੰਦ ਵਾਰਨ ਸੀਸ ਲਕੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਪੈਲੀ ਵਧ ਕੇ ਤੇਜ਼ ਕਰੀਨੋਂ । ਲਾਲ ਉੱਗਦੇ ਐਸ ਜ਼ਮੀਨੋਂ ।
ਮੋਠ ਮੂੰਗੀ ਵਿਕਦੇ ਜੱਟ ਦੇ । ਨਾਵੇਂ ਮੂੰਗਫਲੀ ਦੇ ਵੱਟ ਦੇ ।
ਨਵੇਂ ਨੋਟ ਧਰਨ ਵਿੱਚ ਪੇਟੀ ਦੇ ।
ਢੋਂਦੇ(ਪੌਂਦੇ) ਸੱਠ ਸੱਠ ਤੋਲੇ ਨੂੰਹਾਂ ਨੂੰ, ਨਾ ਤਿਉਰ ਮਿਉਂਦੇ ਬੇਟੀ ਦੇ ।

ਮਾਂਵਾਂ ਸ਼ੇਰਨੀਆਂ ਨੂੰ ਚੁੰਘਦੇ । ਲੜ ਦੁਸ਼ਮਣ ਦੇ ਸਿਰ ਡੁੰਗਦੇ ।
ਜ਼ੋਰਾ-ਵਰੀਆਂ ਕਰਨ ਚੁਗੱਤੇ । ਨਾ ਹਾਰਨ ਜੈਮਲ ਫ਼ੱਤੇ ।
ਅਗਾਂਹ ਵਧਦੇ ਪਿਛਾਂਹ ਖੜੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਚੜ੍ਹ ਘਟਾ ਪਹਾੜੋਂ ਆਵਣ । ਮੁਟਿਆਰਾਂ ਤੀਆਂ ਲਾਵਣ ।
ਪੈਣ ਟੂਮਾਂ ਦੇ ਚਮਕਾਰੇ । ਪਾ ਪੀਂਘਾਂ ਲੈਣ ਹੁਲਾਰੇ ।
ਰਲ ਗਾਵਣ ਗੀਤ ਮੁਹੱਬਤਾਂ ਦੇ ।
ਹੁੰਡ ਵਰਨ੍ਹ ਮਹੀਨੇ ਸਾਵਨ ਦੇ, ਕਰ ਪਾਰ ਉਤਾਰਾ ਰੱਬ ਤਾਂ ਦੇ ।

ਧੀਆਂ ਅਣਖ ਸ਼ਰਮ ਨਾਲ ਭਰੀਆਂ । ਘਰੇ ਬੁਣਨ ਸਵੈਟਰ ਦਰੀਆਂ ।
ਕੰਨੋਂ ਪਕੜ ਗਹਿਰ 'ਤੀ ਚੋਰੀ । ਗਲ ਹੱਸ(ਹੰਸ) ਪਾ ਬੱਕਰੀ ਤੋਰੀ ।
ਜਾਂਦਾ ਰਾਹੀ, ਪਾਂਧੀ ਖੋਹਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਹੋਏ 'ਪਾਕ ਪਟਣ' ਵਿੱਚ 'ਬਾਵਾ' । ਗੁਰੂ ਨਾਨਕ ਜੀ ਦੇ ਸ਼ਾਵਾ ।
'ਬਾਬੂ' ਸੋਨੇ ਦਾ ਹਰਿਮੰਦਰ । ਹੋਵੇ ਭਜਨ ਹਮੇਸ਼ਾਂ ਅੰਦਰ ।
ਅੰਮ੍ਰਿਤਸਰ ਨਗਰੀ ਗੁਰੂਆਂ ਦੀ ।
ਹਟੇ ਪੱਥਰ ਦੇ ਬੁੱਤ ਪੂਜਣ ਤੋਂ, ਹੋਵੇ ਰੱਬ ਦੀ ਇਬਾਦਤ ਸ਼ੁਰੂਆਂ ਦੀ ।

ਲਾਏ ਸੰਤ ਮਹੰਤਾਂ ਡੇਰੇ । ਏਥੇ ਪੀਰ ਬਜ਼ੁਰਗ ਬਥੇਰੇ ।
ਰੋਹੀ, ਦੁਆਬੇ, ਮਾਲਵੇ, ਮਾਝੇ । ਗੁਰੂ ਦਸਮੇਂ ਨੇ ਸਿੰਘ ਸਾਜੇ ।
ਐਸੀ ਸਜਦੀਆਂ ਪੱਗ ਦੀਆਂ ਚੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

4. ਮਾਂ ਦੇ ਮਖਣੀ ਖਾਣਿਉਂ

॥ਦੋਹਿਰਾ॥

ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।
ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।

(ਬਹੱਤਰ ਕਲਾ ਛੰਦ)

ਸਉਂ ਗਏ ਤਾਣ ਚਾਦਰੇ ਵੇ,
ਸੰਤ ਜਗਮੇਲ, ਮੱਖਣ ਗੁਰਮੇਲ,
ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,
ਕਰੋ ਹਰਨਾੜੀ, ਪਰਾਣੀ ਫੜਕੇ ।
ਟੈਮ ਚਾਰ ਵਜੇ ਦਾ ਵੇ,
ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,
ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ ।
ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ ਤਾਰਾ,
ਕੱਤੇ ਕੰਮ ਭਾਰਾ, ਉੱਠੋ ਹਲ ਜੋੜੋ, ਖੇਤ ਵੱਲ ਮੋੜੋ,
ਮਹਿਲ 'ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਰਹੇ ਮਾਰ ਫੁੰਕਾਰੇ ਵੇ,
ਬਲਦ ਦੋ ਤਕੜੇ, ਜੋੜ ਲਉ ਛਕੜੇ,
ਚਉ ਜੋ ਤੇਜ਼ ਸੱਬਲ, ਰਗੜ ਦਿਉ ਖੱਬਲ,
ਰੇਤਲੇ ਟੀਲੇ, ਡੇਗ ਦਿਉ ਧੋੜੇ ।
ਕੁੱਟ ਬੰਜਰ ਜ਼ਮੀਨਾਂ ਨੂੰ,
ਕਰੜ ਜਹੀ ਧਰਤੀ, ਖਾਦ ਨਾਲ ਭਰਤੀ,
ਸ਼ੱਕਰ ਵਾਂਗ ਭੋਰ, ਤੋੜ ਦਿਉ ਰੋੜੇ ।
ਫਿਰ ਫੇਰ ਕਰਾਹੇ ਵੇ,
ਹਲਾਂ ਰੱਖ ਮਧਰੇ, ਬਣਾ ਦਿਉ ਪੱਧਰੇ,
ਕਰ ਦਿਉ ਰੌਣੀ, ਜਦੋਂ ਵੱਤ ਆਉਣੀ,
ਦੋ ਕੁ ਵਾਰ ਵਾਹ ਕੇ, ਚਟਿਆਈ ਫੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਖ਼ਾਲੀ ਇੰਚ ਛੋਡਦੇ ਨਾ,
ਮੁਲਕ ਜੋ ਸਰਦੇ, ਬੜਾ ਕੰਮ ਕਰਦੇ,
ਲੋਹੇ ਨੂੰ ਕੁੱਟਦੇ, ਨਰਮ ਹੱਥ ਫੁਟਦੇ,
ਮੈਸੋਲੀਨੀ ਸਦਰ, ਪਾੜਦਾ ਲੱਕੜਾਂ ।
ਮੁੰਡੇ ਭਰੇ ਮਜਾਜ਼ਾਂ ਦੇ, ਰਹਿਣ ਨਿੱਤ ਵੇਹਲੇ,
ਦੇਖਦੇ ਮੇਲੇ, ਸੱਥਾਂ ਵਿੱਚ ਬੈਠ, ਮਾਰਦੇ ਜੱਕੜਾਂ ।
ਨਹੀਂ ਵਕਤ ਸ਼ੁਕੀਨੀ ਦਾ,
ਰਹੋ ਅਗਾਂਹ ਸਾਦੇ, ਜਿਵੇਂ ਪਿਉ-ਦਾਦੇ,
ਬਦਲ ਦਿਉ ਚਾਲ, ਕਾਲ ਤੇ ਕਾਲ,
ਘਰੀਂ ਧੁੱਸ ਦੇ ਕੇ, ਗ਼ਰੀਬੀ ਵੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਦਰਿਆ ਦੇ ਕਿਨਾਰੇ ਤੇ,
ਝਾੜੀਆਂ ਸਾੜ, ਫੂਕ ਸਲਵਾੜ੍ਹ,
ਜਿੱਥੇ ਖੜੀ ਪਿਲਸੀ, ਕਰੀ ਕਿਉਂ ਢਿੱਲ ਸੀ ?
ਦੱਭਾਂ ਨੂੰ ਖੁਰਲ, ਮੁੱਢੋਂ ਜੜ ਕੱਢਿਉ ।
ਗਿੱਲ ਬਹੁਤ ਬਰੇਤੀ ਮੇਂ,
ਦੇਹੋ ਬੀ ਗੇਰ, ਲੱਗਣ ਗੇ ਢੇਰ,
ਨਰਮ ਭੁਇੰ ਮਟਰ, ਚਰਾਲਾਂ ਗੱਡਿਉ ।
ਗਿਆਰ੍ਹਾਂ ਬਾਰ੍ਹਾਂ ਸੂਬਿਆਂ ਮੇਂ,
ਜਿੱਥੇ-ਜਿੱਥੇ ਥੋੜਾਂ, ਕੱਢ ਦਿਉ ਬੋੜਾਂ,
ਬੋਰੀਆਂ ਭਰ ਦਿਉ, ਬਿਲਟੀਆਂ ਕਰ ਦਿਉ,
ਜਿਨ੍ਹਾਂ ਦੀ ਫ਼ਸਲ ਹੜ੍ਹਾਂ ਵਿੱਚ ਹੜ੍ਹ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਗੋਰੇ ਬੜੇ ਮਿਹਨਤੀ ਵੇ,
ਟਿੱਬੇ ਜਿਹੇ ਢਾਹ ਲੇ, ਨਵੇਂ ਕੱਢੇ ਖਾਲੇ,
ਜਾਣ ਕਾਰਖ਼ਾਨੀਂ, ਯਾਦ ਆ ਜੇ ਨਾਨੀ ।
ਬਾਰਾਂ ਬਾਰਾਂ ਘੰਟੇ ਡਿਉਟੀਆਂ ਲੱਗੀਆਂ ।
ਨੰਗੇ ਸੀਸ ਦੁਪਹਿਰੇ ਵੇ,
ਬੂਟ ਜਿ ਕਰੜੇ, ਰਹਿਣ ਪੱਬ ਨਰੜੇ,
ਨੀਕਰਾਂ ਖਾਖੀ, ਜੀਨ ਦੀਆਂ ਝੱਗੀਆਂ ।
ਆਲੂ ਨਿਰੇ ਉਬਾਲਣ ਵੇ,
ਲੱਗੇ ਭੁੱਖ ਚਾਰੂ, ਪੀਣ ਚਾਹ ਮਾਰੂ,
ਬੜੀ ਪਵੇ ਗਰਮੀ, ਮਿਲੇ ਸੁਖ ਕਰਮੀਂ,
ਹੈਟ ਲੈਣ ਧੁੱਪ ਤੋਂ, ਟੋਟਣੀ ਸੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਅਫ਼ਰਾਂਸ ਅਮਰੀਕਾ ਮੇਂ,
ਖਿੜੇ ਫੁੱਲ ਚੁਣਦੇ, ਵਿਸਕੀਆਂ ਪੁਣਦੇ,
ਸਿਰੋਂ ਲਾਹ ਟੋਪਾਂ, ਘੜੀ ਜਾਣ ਤੋਪਾਂ
'ਬਾਬੂ' ਬੰਬ, ਟੈਂਕ, ਬਣਦੀਆਂ ਜੀਪਾਂ ।
ਏਥੇ ਮੁੱਦਤਾਂ ਗੁਜ਼ਰ ਗਈਆਂ ਵੇ,
ਵਿੰਗੇ ਹਲ ਓਹੋ, ਪੰਜਾਲੀ ਟੋਹੋ,
ਪੱਠਿਆਂ ਦਾ ਤੋੜਾ, ਬਲਦਾਂ ਨੂੰ ਕੀ ਪਾਂ ?
ਥੋੜਾ ਝਾੜ ਦੇਸਣਾਂ ਦਾ,
ਲਵੋ ਬੀ ਹੋਰ, ਟਿਊਬ-ਵੈੱਲ ਬੋਰ,
ਸਵਾਰ ਕੇ ਵਾਹਣ, ਬੀਜੋ 'ਕਲਿਆਣ',
ਇੱਕੋ-ਇੱਕ ਕਿਲਿਉਂ, ਸੌ ਕੁ ਮਣ ਝੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

5. ਮਿੱਠੇ ਬੋਲ

॥ਮੁਕੰਦ ਛੰਦ॥

ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।
ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।
ਸ਼ੈਰੀ ਦੇ ਕਚਹਿਰੀ 'ਚ ਭੰਡਾਰ ਖੋਲ੍ਹੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।
ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।
ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।
ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।
ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਏਸ਼ੀਆ 'ਚ ਏਹੋ ਜ੍ਹੀ ਜ਼ਬਾਨ ਮਿੱਠੀ ਨਾ ।
ਯੂਰਪ, 'ਫ਼ਰੀਕਾ, ਅਮਰੀਕਾ ਡਿੱਠੀ ਨਾ ।
ਦੁੱਧ ਵਿੱਚ ਖੰਡ ਦੇ ਪਤਾਸੇ ਘੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਆ ਜੋ ਗੁਰਮੁਖੀ ਕਿਸੇ ਨੇ ਜੇ ਸਿੱਖਣੀ ।
ਪੜ੍ਹਨੀ ਅਸਾਨ ਤੇ ਸੁਖ਼ਾਲੀ ਲਿੱਖਣੀ ।
ਅੱਖਰ ਜਿਉਂ ਫਾਗ ਜ੍ਹਿ ਜਲੇਬੀ ਪੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਬਾਬੇ ਗੁਰੂ ਨਾਨਕ ਗਰੰਥ ਰਚੇ ਜੀ ।
ਸ਼ੌਕ ਨਾਲ ਲੱਗਦੇ ਪੜ੍ਹਨ ਬੱਚੇ ਜੀ ।
ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਫੜ ਜਮ ਅੱਗੇ ਲੌਣਗੇ ਡਰਾਵਣੇ ।
ਪੈਜੂ ਰੱਬ ਸੱਚੇ ਦੇ ਖੜੋਣਾਂ ਸਾਹਮਣੇ ।
ਸੁਣਿਐਂ 'ਸੱਚ ਖੰਡ' 'ਚ ਅਮਲ ਤੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

'ਬਾਬੂ' ਦੇ ਜਮਾਤੀ ਅੰਮ੍ਰਿਤ ਪੀਣਿਉਂ ।
ਘੋਲੀਉਂ ਬਿੱਕਰ, ਗੋਕਲ ਸਲ੍ਹੀਣਿਉਂ ।
ਬੱਗਾ ਸਿਉਂ ਤੇ ਸੰਤੋਖ ਸਿਉਂ 'ਡਰੋਲੀ' ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

6. ਦਰਦ ਪੰਜਾਬੀ ਬੋਲੀ ਦਾ

॥ਸੋਲ੍ਹਾਂ ਅੱਖਰਾ ਛੰਦ॥

ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।
ਮੁੱਖ 'ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।
ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ ।
ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ ।
ਤੇ ਘਰ ਬਾਰਨ ਨਾਲੋਂ, ਕਦਰ ਵਧਾ 'ਤਾ ਗੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਮੈਂ ਅੱਗੇ ਇਕ ਨੂੰ ਰੋਵਾਂ, ਉਠਦੀ ਦਿਲੋਂ ਕੁਹਾਰ ਸੀ ।
ਫਿਰ ਪਸ਼ਤੋ ਦੀ ਆਗੀ, ਹੋਰ ਹਮੈਤਣ ਫ਼ਾਰਸੀ ।
ਮੈਂ ਭਲੀਮਾਣਸ ਭੋਲੀ, ਚਲਦਾ ਹੁਕਮ ਜਰੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਫਿਰ ਨੁਕਸਾਨ ਉਠਾਇਆ, ਉਰਦੂ ਘਰ-ਜੰਮ ਵੈਰੀ ਤੋਂ ।
ਟੁੱਟ ਪੈਣੇ ਨੇ ਕੱਢ 'ਤੀ, ਬਾਹੋਂ ਪਕੜ ਕਚਹਿਰੀ 'ਚੋਂ ।
ਅਣ-ਪੁੱਜ ਕੀ ਕਰ ਸਕਦੀ ? ਜ਼ਹਿਰ ਬਥੇਰਾ ਘੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਤੇ ਇੰਗਲੈਂਡ ਘੁੰਡ ਲਾਹ, ਆ ਅੰਗਰੇਜ਼ੀ ਨਚਲੀ ਜ੍ਹੀ ।
ਰੰਗ ਗੋਰਾ, ਅੱਖ ਕਹਿਰੀ, ਸਖ਼ਤ ਬੁਲਾਰਾ, ਘਚਲੀ ਜ੍ਹੀ ।
ਹੱਥ ਲਗਿਆਂ ਪਤਾ ਲੱਗਿਆ, ਕਰੜ ਲਫੇੜਾ ਪੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਅਬ ਹਿੰਦੀ ਦੀ ਪੁਗਦੀ, ਬਾਤ ਮਜਾਜਣ ਸੌਂਕਣ ਦੀ ।
ਮੈਂ ਚੁੱਪ ਕੀਤੀ ਫਿਰਦੀ, ਇਸਦੀ ਆਦਤ ਭੌਂਕਣ ਦੀ ।
ਬੁਰੜ੍ਹੀ, ਪਏ ਦੰਦ ਨਿਕਲੇ, ਇਹ ਨਾ ਵਕਤ ਘੜੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਤਕੜੇ ਰਹੋ ਪੰਜਾਬੀਉ, ਕਿਹੜਾ ਛਡਦਾ ਨਿਵਿਆਂ ਤੋਂ ।
ਚਿਰ ਦੀ ਫੂਕੀ ਹੋਈ ਮਰੀ, ਉਠਾ ਲੀ ਸਿਵਿਆਂ ਤੋਂ ।
ਅੱਠ ਨੌਂ ਸੂਬੇ ਨਿਗਲ੍ਹੇ, ਢਿੱਡ ਨਾ ਭਰੇ ਭੜੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਸੋਂਹਦੇ ਮਰਦ ਮੁਕਾਮੀ, ਕੀ ਗੱਲ ਸਮਝਣ ਲੋਕਲ ਜੀ ।
ਮੇਰੇ ਨਾਲ ਮੋਗੇ ਪੜ੍ਹਿਆ, ਸੂਦ ਸਲ੍ਹੀਣਿਉਂ ਗੋਕਲ ਜੀ ।
'ਬਾਬੂ' ਰਣੀਉਂ ਇੰਦਰ ਤੇ ਸੰਤੋਖ ਡਰੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

7. ਪੰਜਾਬੀ ਬੋਲੀ

ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ,
ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ ।
ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ,
ਰੱਖਣਾ ਲਿਹਾਜ਼, ਗੱਲ ਕਰਨੀ ਮਿਲਾਪ ਦੀ ।
ਦੁਖੀ ਨੂੰ ਦੁਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ,
ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ ।
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ,
ਆਪ ਦੀ ਜ਼ਬਾਨ 'ਚ, ਕਿਤਾਬ ਲੋਕੀ ਛਾਪਦੀ ।
ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ,
ਏਸ ਵਜ੍ਹਾ ਉਰਦੂ ਜ਼ਬਾਨ ਪਈ ਜਾਪਦੀ ।
ਘਚਲੀ ਜ੍ਹੀ ਬੋਲੀ ਛੱਡ, ਚਲੇ ਗਏ ਵਲੈਤ ਗੋਰੇ,
ਚੜ੍ਹੀ 'ਵੀ ਜ਼ਹਿਰ ਤੈਨੂੰ, ਅੰਗਰੇਜ਼ੀ ਸਾਂਪ ਦੀ ।
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਕੋਟ ਸੀ ਬਨਾਉਣਾ ਫਿਰੇ, ਨੀਕਰਾਂ ਦਾ ਮੇਚ ਲੈਂਦਾ,
ਲਿਆਉਣੀ ਸਲਵਾਰ ਤੇ ਕਮੀਜ਼ ਲੈਂਦਾ ਫਿਰੇ ਨਾਪ ਦੀ ।
ਹੋਇਆ ਅਧਰੰਗ ਵੈਦ ਖੰਘ ਦੀ ਦਵਾਈ ਕਰੇ,
ਪੇਟ ਦੀ ਦਰਦ ਨੂੰ, ਕਰੂ ਕੀ ਗੋਲੀ ਤਾਪ ਦੀ ।
ਮਾਦਰੀ ਜ਼ਬਾਨ ਛੱਡ, ਗ਼ੈਰਾਂ ਦੇ ਮਗਰ ਲੱਗਾ,
ਏਦੂੰ ਵੱਧ ਬੇਵਕੂਫ਼ ਕਿਹੜੀ ਗੱਲ ਪਾਪ ਦੀ ।
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਢੋਲ ਗੱਜ ਪਾਵੇ, ਮਿੱਠੀ ਤੁੱਰਰੀ ਦੀ ਅਵਾਜ਼ ਹੁੰਦੀ,
ਰੇਲ ਚੀਕਾਂ ਮਾਰਦੀ, ਡਰਾਉਣੀ 'ਵਾਜ਼ ਭਾਫ਼ ਦੀ ।
ਹਿਣਕੇ ਵਛੇਰਾ, ਸ਼ੇਰ ਬਬਰ ਚੰਘਿਆੜੇ,
ਹੋਰ ਮੇਮਨੀ ਦੇ ਨਾਲ, 'ਵਾਜ਼ ਰਲੇ ਨਾ ਗੜ੍ਹਾਪ ਦੀ ।
ਕੋਇਲ ਕੂ ਕੂ, ਕਰੇ ਸਦਾ, ਆਪਣੀ ਜ਼ਬਾਨ ਵਿੱਚੋਂ,
ਬੁਲਬੁਲ ਆਪਣੀ ਜ਼ਬਾਨ ਕਰਲਾਪ ਦੀ ।
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

8. ਹਿੰਦੂ-ਸਿੱਖ

॥ਦੋਹਿਰਾ॥

ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।
ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?

॥ਡੂਢਾ ਛੰਦ॥

ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।
ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ 'ਤੀ ਨਾ ਮੈਲੀ ਐ ।
ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਲਾਹਤੇ ਗਲੋਂ ਤਾਉਕ ਗੋਰਿਆਂ ਦੀ ਗ਼ੁਲਾਮੀ ਦੇ, ਭੇਟ ਦੇ ਕੇ ਪੁੱਤ ਕੀ ।
ਆਬਰੂ ਰੱਖਣ ਰਜਵਾੜੇ ਲਾਹਮੀ ਦੇ, ਤੇ ਕਰਨ ਹੁੱਤ ਕੀ ?
ਕਿਹਰ ਦੋ ਸੱਜਣ ਵਿੱਚ ਇੱਕ ਝੱਲ ਦੇ, ਭਰੇ ਅਭਿਮਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਵੇਖੀਂ ਰਾਉਣਾਂ ਲੋਭ ਦੀ ਨਦੀ 'ਚ ਰੁੜ੍ਹ ਜੇਂ, ਪਛਤਾਉਣਾਂ ਨਾ ਪਵੇ ।
ਵੀਰਨ ਭਬੀਛਣ ਬਗ਼ੈਰਾਂ ਬੁੜ ਜੇਂ, ਸ਼ਰਨ ਰਾਮ ਦੀ ਲਵੇ ।
ਗੈਸ ਚੰਦ ਸੂਰਜ ਇੱਕੋ 'ਜ੍ਹੇ ਜਲਦੇ, ਟਹਿਕਦੇ 'ਸਮਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਸੁਣੋਂ ਕੈਰੋ ਪਾਂਡੋ ਉੱਤਮ ਬੰਸ ਦਿਉ ! ਤੁਸਾਂ ਦਾ ਰਾਜ ਸਾਂਝਾ ਜੀ ।
ਦੂਈ ਦੇ ਵਿਛੇ 'ਵੇ ਜਾਲ 'ਚ ਫੰਸ ਦਿਉ, ਫੇਰ ਦਿਉ ਨਾ ਮਾਂਜਾ ਜੀ ।
ਹੋ ਕੇ ਤੇ ਨਰਾਜ਼ ਭਾਈ ਭਾਈ ਰਲਦੇ, ਬਹਿ ਮੰਦਰ-ਮਕਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

'ਕੱਠੇ ਬਹਿਕੇ ਰਾਗ ਸੱਚੇ ਦਾ ਅਲਾਪਿਉ, ਮਾਲਾ ਫੇਰੋ ਗੁਰ ਦੀ ।
ਨਵੀਆਂ ਹਕੂਮਤਾਂ ਥਿਆਈਆਂ ਮਾਪਿਉ, ਗੱਲ ਕਰੋ ਸੁਰ ਦੀ ।
ਭਰ ਦਿਉ ਗਿਆਨ ਵਿੱਚ ਗੱਲ ਗੱਲ ਦੇ, ਮਿੱਠਤ ਜ਼ਬਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਖਿੜਕੇ ਹੀ ਦੇਣ ਖ਼ੁਸ਼ਬੋਈ ਡੋਡੀਆਂ, ਸਦਾ ਗੁਲਾਬ ਦੇ ਫੁੱਲੋ ।
ਮਹਿਮਾਂ ਗਾਉਣ ਪਾਕਿਅਸਤਾਨੀਂ ਥੋਡੀਆਂ, ਵਾਂਗ ਅਮੀਂ ਦੇ ਡੁੱਲ੍ਹੋ ।
ਕੀਹਨੇ ਵੇਖੇ ਦੂਈ ਦੇ ਬਿਰਛ ਫਲਦੇ, ਸੜ ਜਾਂਵਦੇ ਜਹਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਵੇਖੋ ਬੀਬਾ ਪਿਛਲੀ ਤਾਰੀਖ਼ ਪੜ੍ਹਕੇ, ਉਲਟਾਉਣਾ ਪੰਨਿਆਂ ਨੂੰ ।
ਆਪ ਵਿੱਚ ਮਰਗੇ ਪਿਤਾ ਜੀ ਲੜ ਕੇ, ਨਾ ਛਡਾਉਣਾ ਬੰਨ੍ਹਿਆਂ ਨੂੰ ।
ਰੋਣ ਡਹਿ ਜੋ ਵਾਕੇ ਜੇ ਸੁਣਾਦਿਆਂ ਕੱਲ੍ਹ ਦੇ, ਕਹਾਣੀ ਪਾ ਦਿਆਂ ਕਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਜਾਣੇ 'ਜਥੇਦਾਰ ਜਗਮੇਲ' ਲੱਛਨਾ, ਬਾਬੂ ਜੀ ਦੀ ਸ਼ਾਇਰੀ ਦੇ ।
ਸਾਹੋ ਕਾ 'ਬਸੰਤ ਸਿਉਂ' ਲਗਾਦੂ ਰਚਨਾ, ਅੰਦਰ ਕਚਹਿਰੀ ਦੇ ।
ਮਾਨਸਰਾਂ ਵਾਂਗ ਮੋਤੀਆਂ ਦੀ ਛੱਲ ਦੇ, ਭਰੇ 'ਵੇ ਦੀਵਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

9. ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ

॥ਦੋਹਿਰਾ॥

ਨਾਮ ਧਿਆ ਦੋ ਜੋੜ ਕੇ(ਕਰ), ਦਾਸ ਨਿਵਾਵੇ ਸੀਸ ।
ਬਹੇ ਸੁਰੱਸਤੀ ਜੀਭ ਤੇ, ਮਾਲਕ ਦੀ ਬਖ਼ਸ਼ੀਸ਼ ।

॥ਮਨੋਹਰ ਭਵਾਨੀ ਛੰਦ॥

ਸੀ ਸੁਰੱਸਤੀ ਦਾ ਜ਼ੋਰ, ਆ ਗਈ ਨਸ਼ੇ 'ਜ੍ਹਿ ਦੀ ਲੋਰ,
ਸੁਣ ਪਾਉਣਗੇ ਮਨੋਹਰ, ਦਾ ਸਰੋਤੇ ਮੁੱਲ ਜੀ ।
ਖਿੜ ਗਈ ਅਕਲ ਜਿਉਂ ਖਿੜਨ ਫੁੱਲ ਜੀ ।

ਬਰਫ਼ ਸਫ਼ੈਦ ਗਾਲੇ, ਆਬਸ਼ਾਰ, ਨਦੀ, ਨਾਲੇ,
ਗਿਰੇ ਉੱਚੇ ਕੋਹ ਹਿਮਾਲੇ, ਪਰਬਤ ਬੁਲਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕਸ਼ਮੀਰ ਦੇ ਨਜ਼ਾਰੇ, ਆਉਂਦੇ ਸੁਰਗ ਹੁਲਾਰੇ,
ਸੋਂਹਦੇ ਡੱਲ ਦੇ ਕਿਨਾਰੇ, ਤੇ ਚਨਾਰ ਰੰਗਲੇ ।
ਪਾਣੀ ਵਿਚ ਤਰਦੇ ਫਿਰਨ ਬੰਗਲੇ ।

ਉੱਚੇ ਇੰਡੀਆ ਦੇ ਸ਼ਾਨ, ਸਾਰੇ ਹਰੇ ਭਰੇ ਵਾਹਣ,
ਕਿਤੇ ਚੌੜੇ ਨਾ ਮੈਦਾਨ, ਜ੍ਹਿ ਗੰਗਾ ਤੇ ਸਿੰਧ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕਦੇ ਲੋਹੇ ਕੱਢ ਲਿਆਉਣੇ, ਢੇਰ ਚਾਂਦੀ ਦੇ ਨਾ ਮਿਉਣੇ,
ਬੜੀ ਭਾਰੀ ਖਾਣ ਸਿਉਨੇ ਦੀ ਮਸੂਰ ਵਿੱਚ ਹੈ ।
ਤੋਪ ਬਣੇ ਉਡਣ-ਖਟੋਲੇ ਟਿੱਚ ਹੈ ।

ਲਿਆ ਕੇ ਕੋਹੇ-ਨੂਰ ਘਰ, ਜੜਿਆ ਹੀਰਾ ਤਾਜ ਪਰ,
ਚਮਕਾਰੇ ਮਾਰੇ ਦਰ, ਜੋਧਨ, ਨਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਪੁੱਤ ਸਿਆਣੇ ਨਾ ਲੱਟਰ, ਦਹੀਂ ਭੱਲੇ ਖਾ ਖਟਰ,
ਆਲੂ, ਮਟਰ, ਟਮਾਟਰ, ਤੇ ਫੁੱਲ ਗੋਭੀਆਂ ।
ਮਿਸ਼ਰੀ ਪਾ ਮਖਣੀ ਚਟਾਉਣ ਬੋਬੀਆਂ ।

ਹੇਠ ਨੁਆਰ ਦੇ ਪਲੰਘ, ਦੁੱਧ ਪੁੱਤ ਲੱਗੇ ਰੰਗ,
ਵੱਧ ਨਚਦੇ ਤੁਰੰਗ ਆਪਣੀ ਪਸਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਗਿਆ ਛਿੜਕ ਜਲ ਮਹਿਰਾ, ਛਾਵੇਂ ਕੱਟਦੇ ਦੁਪਹਿਰਾ,
ਏਸ ਜਾਅ ਸੁੱਖਾਂ ਦਾ ਪਹਿਰਾ, ਦੁੱਖ ਖੜੇ ਪਾਸ ਨਾ ।
ਆਉਂਦੀ ਫੁੱਲਵਾੜੀਉਂ ਫੁੱਲਾਂ ਦੀ ਵਾਸ਼ਨਾ ।

ਧੰਨ ਇਹਨਾਂ ਦੇ ਜਰਮ ! ਹੋਵੇ ਦੁਵਾਰਿਆਂ ਤੇ ਧਰਮ,
ਜਾਣਿਆਂ ਅਣਖ ਸ਼ਰਮ, ਨੂੰ ਪਿਆਰਾ ਜਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕੱਠੇ ਪਤੀ ਜੇਠ ਦਿਉਰ, ਪਾਉਣ ਰੇਸ਼ਮਾਂ ਦੇ ਤਿਉਰ,
ਮਿਉਣ ਡੱਬਿਆਂ ਨ ਜ਼ਿਉਰ, ਭੈਣ ਭਰਜਾਈਆਂ ਦੇ ।
ਡੂੰਮਾਂ ਨੂੰ ਘੜੀਕ, ਮੱਝਾਂ ਮਿਲਣ ਨਾਈਆਂ ਦੇ ।

ਸੋਹਣੀ ਫ਼ਸਲ ਖੜੋਤੀ, ਟੁੱਕੇ ਸਿਉ ਤੇ ਅੰਬ ਤੋਤੀ,
ਚੁਗੇ ਮੁਕਦੇ ਨਾ ਮੋਤੀ, ਹੰਸ ਪ੍ਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਭਾਰੇ ਕਣਕਾਂ ਦੇ ਬੋਹਲ, ਤੇ ਕਪਾਹ ਨੂੰ ਲੱਗੇ ਤੋਲ,
ਖੰਡ ਬਣੇ ਰਸ ਡੋਲ੍ਹ, ਲੋਹੇ ਦੇ ਕੜਾਹਿਆਂ 'ਚੈ ।
ਤਿੰਨ ਮੇਲ, ਲੋਕਾਂ ਨੂੰ ਛਕਾਉਂਦੇ ਸਾਹਿਆਂ 'ਚੈ ।

ਪਹਿਲਾਂ ਰਾਕਸ਼ਾਂ ਨੇ ਲੁੱਟੇ, ਫੇਰ ਮੁਗ਼ਲਾਂ ਨੇ ਕੁੱਟੇ,
ਅਬ ਮਸਾਂ ਖਹਿੜੇ ਛੁੱਟੇ, ਅੰਗਰੇਜ਼ ਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਰਾਮ ਕ੍ਰਿਸ਼ਨ ਔਤਾਰ, ਲਾਹ ਗਏ ਪਾਪੀਆਂ ਦੇ ਭਾਰ,
ਦਾਸ ਦੀ ਨਮਸਕਾਰ, ਉਹਨਾਂ ਦੀ ਜਨਾਬ ਨੂੰ ।
ਦਸਾਂ ਗੁਰੂਆਂ ਨੇ ਤਾਰਤਾ ਪੰਜਾਬ ਨੂੰ ।

'ਬਾਬੂ' ਲੈਣ ਮੌਜ ਮੌਜੀ, ਪੀ ਕੇ ਅੰਮ੍ਰਿਤ ਸੌ ਜੀ,
ਬਣੀਂ ਸਿੱਖ ਕੌਮ ਫ਼ੌਜੀ, ਸ੍ਰੀ ਗੁਰੂ ਗੋਬਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

10. ਨੀਤੀ ਦੇ ਕਬਿੱਤ

1

ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ,
ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿੱਥੇ ਲੁਕ ਜੇ ।
ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,
ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ ।
ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ,
ਜੰਗ 'ਚ ਨਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ ।
ਚੌਧਵੀਂ ਦਾ ਚੰਦ ਚੰਗਾ, 'ਬਾਊ' ਜੀ ਦਾ ਛੰਦ ਚੰਗਾ,
ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ ।

2

ਨਹਿਰ ਨੂੰ ਵਰਮ ਚੰਗੀ, ਚਾਹ ਛਕੀ ਗਰਮ ਚੰਗੀ,
ਬੇਟੀ ਨੂੰ ਸ਼ਰਮ ਚੰਗੀ, ਜੂਤ ਪੈਂਦੇ ਰਹਿਣ ਗੋਲੇ ਨੂੰ ।
ਗੁੜ ਚੰਗਾ ਮਹਿਰੇ ਨੂੰ, ਸੁਜਾਗ ਚੰਗਾ ਪਹਿਰੇ ਨੂੰ,
ਮਸਾਲਾ ਚੰਗਾ ਟੈਰੇ ਨੂੰ, ਬਨੌਲੇ ਚੰਗੇ ਖੋਲੇ ਨੂੰ ।
ਨਗਰ ਅਬਾਦ ਤੇ ਕਮਾਦ ਵਿੱਚ ਖਾਦ ਚੰਗਾ,
ਘਿਉ ਤੋਂ ਆਉਂਦਾ ਸੁਆਦ ਚੰਗਾ, ਗਾਲਾਂ ਦਾ ਵਿਚੋਲੇ ਨੂੰ ।
'ਬਾਊ ਜੀ' ਸਲਾਹੀ ਚੰਗਾ, ਤੇ ਗੁੱਜਰ ਮਾਹੀ ਚੰਗਾ,
ਅੜਬ ਸਿਪਾਹੀ ਚੰਗਾ, ਅੜਬਾਂ ਦੇ ਟੋਲੇ ਨੂੰ ।

3

ਲੋਕ ਨੇ ਵੈਰੀ ਬੁੱਧ ਦੇ, ਬੁੜ੍ਹੀ ਨਾ ਲਾਹੁਣ ਦੁੱਧ ਦੇ,
ਅਗਰਵਾਲ ਯੁੱਧ ਦੇ, ਕਦੇ ਨਾ ਨੇੜੇ ਢੁੱਕ ਦੇ ।
ਘੋੜੀ ਨਾ ਪਿਛੋਂ ਲੰਘਣ ਦੇ, ਸੂਰਾ ਨਾ ਅਗੋਂ ਖੰਘਣ ਦੇ,
ਬਿੱਪਰ ਸੰਗ ਭੰਗਣ ਦੇ, ਰਹੇ ਨਾ ਨਾਲ ਰੁੱਕ ਦੇ ।
ਕਾਜ਼ੀ ਨਾ ਪਾਸ ਗਾਉਣ ਦੇ, ਨਾ ਖੰਘ ਵਾਲਾ ਸੌਣ ਦੇ,
ਕਵੀ ਨਾ ਸ਼ੋਰ ਪਾਉਣ ਦੇ, ਸੂਮ ਨਾ ਘਰੋਂ ਟੁੱਕ ਦੇ ।
ਸਖ਼ੀ ਨਾ ਜਾਣ ਖ਼ਾਲੀ ਦੇ, ਨਾ 'ਰਜਬ ਅਲੀ' ਗਾਲੀ ਦੇ,
ਤੇ ਛੋਟੇ ਮੋਟੇ ਮਾਲੀ ਦੇ, ਕਦੇ ਨ੍ਹੀਂ ਕੰਮ ਮੁੱਕਦੇ ।

4

ਨੀਚ ਸੇ ਪਿਆਰ ਹੋ ਜੇ, ਨਾਰ ਬਦਕਾਰ ਹੋ ਜੇ,
ਬਾਲਕਾ ਬੀਮਾਰ ਹੋ ਜੇ, ਉਹ ਨਾ ਰੋਣੋਂ ਥੰਮ੍ਹਦਾ ।
ਗੇਹੂੰ 'ਚ ਪਿਆਜ਼ੀ ਹੋ ਜੇ, ਬਾਣੀਆਂ ਲਿਹਾਜ਼ੀ ਹੋ ਜੇ,
ਭਾਈਆਂ 'ਚ ਨਰਾਜ਼ੀ ਹੋ ਜੇ, ਹਰਜ ਕੁਟੰਬ ਦਾ ।
ਕੁਣਕੇ 'ਚ ਗੰਢ ਤੇ ਗ੍ਰੰਥ ਵੱਲ ਕੰਡ ਹੋ ਜੇ,
ਕਪਾਹ ਜੇ ਕਰੰਡ ਹੋ ਜੇ, ਨਾ ਵੜੇਵਾਂ ਜੰਮ ਦਾ ।
'ਬਾਉ' ਦੀ ਬੇ ਰੋਅਬੀ ਹੋ ਜੇ, ਤੇ ਨਿਸਾਰੂ ਗੋਭੀ ਹੋ ਜੇ,
ਤੇ ਫ਼ਕੀਰ ਲੋਭੀ ਹੋ ਜੇ, ਉਹ ਨ੍ਹੀਂ ਰਹਿੰਦਾ ਕੰਮ ਦਾ ।

5

ਸੂਰਮੇ ਦੀ ਹਾਨੀ ਹੋ ਜੇ, ਹੋਛਾ ਜੇ ਗਿਆਨੀ ਹੋ ਜੇ,
ਆਗੂ ਜੇ ਜ਼ਨਾਨੀ ਹੋ ਜੇ, ਉਹ ਨਾ ਝੁੱਗੀ ਵੱਸਦੀ ।
ਘਰ ਕਮਜ਼ੋਰ ਹੋ ਜੇ, ਪੁੱਤਰ ਲੰਡੋਰ ਹੋ ਜੇ,
ਜੇ ਸਿਆਣੂ ਚੋਰ ਹੋ ਜੇ, ਤਾਂ ਪੁਲਸ ਰੋਜ਼ ਧੱਸਦੀ ।
ਮੌਤ ਜੇ ਵਿਆਹ 'ਚ ਹੋ ਜੇ, ਮੀਂਹ-ਝੜੀ ਗਾਹ 'ਚ ਹੋ ਜੇ,
ਜੇ ਜੁਆਕ ਰਾਹ 'ਚ ਹੋ ਜੇ, ਦੁੱਖੀਂ ਜਾਨ ਫੱਸਦੀ ।
ਸੱਪ ਜੇ ਅਸੀਲ ਹੋ ਜੇ, ਖ਼ਾਰਜ ਅਪੀਲ ਹੋ ਜੇ,
ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ ।

6

ਲੱਤੋਂ ਲੰਙਾ ਬੈਲ ਹੋ ਜੇ, ਬੁੜ੍ਹਾ ਬੇ-ਟਹਿਲ ਹੋ ਜੇ,
'ਫ਼ੀਮ ਦਾ ਜੇ ਵੈਲ ਹੋ ਜੇ, ਐਦੂੰ ਦੁੱਖ ਕੋਈ ਨ੍ਹੀਂ ।
ਕੋੜ੍ਹ ਦਾ ਜੇ ਦੁੱਖ ਹੋ ਜੇ, 'ਵਾ 'ਚ ਟੇਢਾ ਰੁੱਖ ਹੋ ਜੇ,
ਗੁਰੂ ਤੋਂ ਬੇ-ਮੁੱਖ ਹੋ ਜੇ, ਦੋ ਜਹਾਨੀਂ ਢੋਈ ਨ੍ਹੀਂ ।
ਨੀਤ 'ਚ ਫ਼ਰਕ ਤੇ ਰਸੈਣ ਦਾ ਠਰਕ ਹੋ ਜੇ,
ਬੇੜੀ ਜੇ ਗ਼ਰਕ ਹੋ ਜੇ, ਨਿੱਕਲੇ ਡਬੋਈ ਨ੍ਹੀਂ ।
ਰਾਜੇ ਤੇ ਚੜ੍ਹਾਈ ਹੋ ਜੇ, ਜੇ ਖ਼ਰਾਬ ਜੁਆਈ ਹੋ ਜੇ,
ਖਾੜੇ 'ਚ ਲੜਾਈ ਹੋ ਜੇ, 'ਬਾਊ' ਚੰਗੀ ਹੋਈ ਨ੍ਹੀਂ ।

7

ਕਾਜ਼ੀ ਤੋਂ ਹਰਾਮ ਹੋ ਜੇ, ਬਹੂ ਘਰੋਂ ਲਾਮ੍ਹ ਹੋ ਜੇ,
ਪੈਂਚ ਬਦਨਾਮ ਹੋ ਜੇ, ਉਹਨੂੰ ਪਿੰਡ ਮੰਨੇ ਨਾ ।
ਫੱਟ ਵਿੱਚ ਰਾਧ ਹੋ ਜੇ, ਘਰ ਬਰਬਾਦ ਹੋ ਜੇ,
ਖ਼ੁਸ਼ਕ ਕਮਾਦ ਹੋ ਜੇ, ਉਹਦੇ ਸੁਆਦ ਗੰਨੇ ਨਾ ।
ਮੱਲੜਾ ਅਯਾਸ਼ ਹੋ ਜੇ, ਜੇ ਗਰਮ ਛਾਛ ਹੋ ਜੇ,
ਬੰਦਾ ਬਦਮਾਸ਼ ਹੋ ਜੇ, ਉਹਤੋਂ ਭਲੀ ਬਨੇਂ ਨਾ ।
ਬਿਨਾ ਨੰਬਰ ਨੋਟ, ਅਹਿਲਕਾਰ ਤੇ ਰਪੋਟ,
ਤੇ ਬੰਨ੍ਹਾਈ ਵਿੱਚ ਟੋਟ, ਹਰ ਇੱਕ 'ਬਾਬੂ' ਬੰਨ੍ਹੇ ਨਾ ।

8

ਸੋਗ ਵਿੱਚ ਹਾਸਾ ਮਾੜਾ, ਸੁਆਲੀ ਗਿਆ ਨਿਰਾਸਾ ਮਾੜਾ,
ਕੂੜ ਦਾ ਦਿਲਾਸਾ 'ਤੇ ਗੰਡਾਸਾ ਮਾੜਾ ਜੰਡੀ ਨੂੰ ।
ਹਾਕਮਾਂ ਨੂੰ ਬੋਬਾ ਮਾੜਾ, ਗਾਉਂ ਵਿਚਾਲੇ ਟੋਭਾ ਮਾੜਾ,
ਸਿਆਣੇ ਕਹਿੰਦੇ ਖੋਭਾ ਮਾੜਾ, ਹਰਨੀ ਤਰੰਡੀ ਨੂੰ ।
ਅੜੀਦਾਰ ਘੋੜਾ ਮਾੜਾ, ਯਾਰ ਦਾ ਵਿਛੋੜਾ ਮਾੜਾ,
ਕਾਲਜੇ 'ਚ ਫੋੜਾ ਤੇ, ਝੰਜੋੜਾ ਬੀਣੀਂ ਗੰਢੀ ਨੂੰ ।
ਹਲ੍ਹਕੇ ਨੂੰ ਆਬ, 'ਬਾਬੂ' ਸੌਣ 'ਚ ਜੁਲਾਬ ਮਾੜਾ,
ਕਾਜ਼ੀ ਨੂੰ ਸ਼ਰਾਬ ਤੇ ਬਰਸਾਤ ਮਾੜੀ ਮੰਡੀ ਨੂੰ ।

9

ਲਾਗੀ ਨੂੰ ਮੜਕ ਮਾੜੀ, ਜੁੱਤੀ ਨੂੰ ਸੜਕ ਮਾੜੀ,
ਅੱਖ ਨੂੰ ਰੜਕ ਤੇ ਬੜ੍ਹਕ ਮਾੜੀ ਵੈਰਾਂ ਨੂੰ ।
ਖੰਘ ਮਾੜੀ ਤਾਪ ਨੂੰ, ਲਗਾਉਣਾ ਹੱਥ ਸਾਂਪ ਨੂੰ,
ਕੁੱਟਣ ਮਾੜਾ ਬਾਪ ਨੂੰ, ਟੁੱਟਣ ਮਾੜਾ ਨਹਿਰਾਂ ਨੂੰ ।
ਚੱਲੀ ਮਾੜੀ 'ਦੱਖਣ', ਸੰਖੀਆ ਚੱਖਣ ਮਾੜਾ,
ਵੈਲੀ ਘਰੇ ਰੱਖਣ, ਬਹਾਉਣਾ ਘਰੇ ਗ਼ੈਰਾਂ ਨੂੰ ।
ਨਾਰ ਵਿੱਭਚਾਰ 'ਬਾਬੂ', ਪਾਂਧੇ ਦਾ ਉਧਾਰ ਮਾੜਾ,
ਪਾਂਧੇ ਨੂੰ ਸ਼ਿਕਾਰ ਮਾੜਾ ਤੇ ਅਚਾਰ ਮਾੜਾ ਸ਼ਾਇਰਾਂ ਨੂੰ ।

10

ਚੱਖਣਾ ਕੀ ਬਿੱਖ ਨੂੰ, ਸਿਉਂਕ ਮਾੜੀ ਇੱਖ ਨੂੰ,
ਤਮਾਂਕੂ ਮਾੜਾ ਸਿੱਖ ਨੂੰ, ਪਿੱਪਲ ਮਾੜਾ ਤਾਕਾਂ ਨੂੰ ।
ਬਾਰ ਮੂਹਰੇ ਝਾੜ, ਰਹੇ ਨਿਆਈਂ 'ਚ ਬਘਿਆੜ,
ਮਾੜਾ ਭਾਈਆਂ ਦਾ ਵਿਗਾੜ, ਤੇ ਰਿਹਾੜ ਮਾੜੀ ਜੁਆਕਾਂ ਨੂੰ ।
ਘੜੇ ਨੂੰ ਤਿੜਕ ਮਾੜੀ, ਜੂਏ ਦੀ ਫਿੜਕ ਮਾੜੀ,
ਤੇ ਹੁੰਦੀ ਝਿੜਕ ਮਾੜੀ, ਸੱਗੇ-ਰੱਤੇ ਸਾਕਾਂ ਨੂੰ ।
'ਬਾਬੂ' ਬੈਲ ਮੱਠਾ ਮਾੜਾ, ਤੇ ਗੁਰੂ ਨੂੰ ਠੱਠਾ ਮਾੜਾ,
ਭਲਵਾਨ ਢੱਠਾ ਮਾੜਾ, ਖਾ ਕੇ ਤੇ ਖ਼ੁਰਾਕਾਂ ਨੂੰ ।

11

ਜਰ ਮਾੜੀ ਸੰਦ ਨੂੰ, ਕਰੇੜਾ ਮਾੜਾ ਦੰਦ ਨੂੰ,
ਝੜੀ ਜ੍ਹੀ ਗ਼ੋਸ ਫ਼ੰਦ ਨੂੰ, ਤਪਸ਼ ਮਾੜੀ ਮੀਮੀ ਨੂੰ ।
ਚੋਟ ਮਾੜੀ ਬੰਗ ਨੂੰ, ਵਡਿਆਉਣਾ ਮਾੜਾ ਨੰਗ ਨੂੰ,
ਸ਼ੱਕਰ ਮਾੜੀ ਖੰਘ ਨੂੰ, ਖੱਟਿਆਈ ਮਾੜੀ 'ਫ਼ੀਮੀ ਨੂੰ ।
ਤੁੰਬ ਨਵੇਂ ਥਾਨ ਨੂੰ, ਲਤਾੜ ਮਾੜੀ ਵਾਣ ਨੂੰ,
ਫ਼ਲ੍ਹੇ ਜੁੜੌਣਾਂ ਸਾਨ੍ਹਾਂ ਨੂੰ, ਸਫ਼ਰ ਮਾੜਾ ਤੀਮੀ ਨੂੰ ।
ਕੱਚਾ ਧਾਤ ਖਾਧਾ 'ਬਾਬੂ', ਬੇਹਾ ਪ੍ਰਸ਼ਾਦ ਮਾੜਾ,
ਤੇ ਭਰਾ ਤੇ ਵਾਧਾ ਮਾੜਾ, ਲਾਲਚ ਹਕੀਮੀ ਨੂੰ ।

12

ਸਿਆਣਿਆਂ ਦੀ ਮੱਤ ਕੰਮ ਆਂਵਦੀ ਉਮਰ ਸਾਰੀ,
ਹਾਕਮਾਂ ਦੇ ਕੋਲੇ ਜਾ ਸੁਣਾਈਏ ਗੱਲ ਕੱਬੀ ਨਾ ।
ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਜ਼ੋਰ ਹੋਵੇ,
ਐਵੇਂ ਵਿੱਚ ਪਿੰਡ ਦੇ ਸਦਾਈਏ ਖ਼ਾਨ ਖੱਬੀ ਨਾ ।
ਆਪ ਦੀ ਜ਼ਨਾਨੀ ਪਾਸ, ਹੱਸੀਏ ਨਾ ਹੋਰ ਨਾਲ,
ਖੇਲਣੇ ਕੋ ਬਾਲ ਕੋ, ਫੜਾਈਏ 'ਫ਼ੀਮੀ ਡੱਬੀ ਨਾ ।
ਜਾਣਾ ਪ੍ਰਦੇਸ ਦਮ ਦੂਣੇ ਲੈ ਜ਼ਰੂਰਤਾਂ ਤੋਂ,
ਹਲ ਵਾਹੁੰਦੇ 'ਬਾਬੂ ਜੀ' ਹੰਢਾਈਏ ਪੱਗ ਛੱਬੀ ਨਾ ।

13

ਕੁੱਤੇ ਨਾ ਯਾਰ ਹਰਨ ਦੇ, ਪਾਂਧਾ ਨਾ ਮਾਸ ਧਰਨ ਦੇ,
ਗੁਰੂ ਨਾ ਚੌੜ ਕਰਨ ਦੇ, ਸੱਯਦ ਨਾ ਘਰ ਵੜਨ ਦੇ ।
ਪੈਸੇ ਨੂੰ ਦੱਬੇ ਜੁਆਰ੍ਹੀ ਨਾ, ਦਿਨੇਂ ਮੁੜੇ ਸ਼ਿਕਾਰੀ ਨਾ,
ਸਿਆਣਾ ਬੇਟੀ ਕੁਆਰੀ ਨਾ, ਬੰਦਿਆਂ 'ਚ ਖੜ੍ਹਨ ਦੇ ।
ਤੀਵੀਂ ਸੇ ਭੇਦ ਖੋਲ੍ਹੇ ਨਾ, ਹੱਟੀ ਤੇ ਪੂਰਾ ਤੋਲੇ ਨਾ,
ਖਾੜੇ 'ਚ ਸਿਆਣਾ ਬੋਲੇ ਨਾ, ਨੇਰ੍ਹੀ ਨਾ ਗੁੱਡੀ ਚੜ੍ਹਨ ਦੇ ।
ਹਟੇ ਨਾ ਸ਼ੇਰ ਗੱਜਣੋਂ, ਟੱਲੀ ਨਾ ਟਲੇ ਵੱਜਣੋ,
'ਰਜਬ ਅਲੀ' ਸੱਜਣੋਂ, ਰੱਦੀ ਨਾ ਕਿੱਸਾ ਪੜ੍ਹਨ ਦੇ ।

14

ਖੰਘ ਨੂੰ ਮੁਲੱਠੀ ਤੇ ਜਵੈਣ ਖੋਲ੍ਹੇ ਕਬਜ਼ੀ,
ਰਸੌਂਤ ਗੰਦੇ ਮੈਲੇ ਤੇ ਕੁਨੈਣ ਮਾਰੇ ਤੱਪ ਨੂੰ ।
ਘੋੜਿਆਂ ਨੂੰ ਸੂਲ ਤੇ ਮਲ੍ਹਮ ਮਾਰੇ ਫੋੜਿਆਂ ਨੂੰ,
ਬੱਕਰੀ ਨੂੰ ਝੜੀ ਤੇ ਕਲਹਿਰੀ ਮੋਰ ਸੱਪ ਨੂੰ ।
ਬਲੀ ਜੋਧੇ ਸੂਰਮੇ ਦਗ਼ੇ ਦੇ ਨਾਲ ਮਾਰੇ ਸਾਰੇ,
'ਬਾਲੀ' ਮਾਰਿਆ ਰਾਮ ਨੇ, ਰਸਾਲੂ ਸਿਰ ਕੱਪ ਨੂੰ ।
ਝੂਠ ਮਾਰੇ ਆਪ ਨੂੰ, ਤੇ ਸ਼ਾਨ ਮਾਰੇ ਦੂਸਰੇ ਨੂੰ,
'ਰਜਬ ਅਲੀ' ਮਾਰਦਾ ਖ਼ੁਦਾ ਦਾ ਨਾਮ ਗੱਪ ਨੂੰ ।

11. ਤੁਲਨਾ ਦੇ ਕਬਿੱਤ

1

ਫੁੱਲ ਨ੍ਹੀਂ ਗੁਲਾਬ ਜੈਸਾ, ਹੌਸਲਾ ਸ਼ਰਾਬ ਜੈਸਾ,
ਚਾਨਣ ਮਹਤਾਬ ਜੈਸਾ, ਹੁੰਦਾ ਮਨਮੋਹਣਾ ਨ੍ਹੀਂ ।
ਹੁਨਰ ਬੰਗਾਲ ਜੈਸਾ, ਰੂਪ ਝੰਗ ਸਿਆਲ ਜੈਸਾ,
ਕੂੜਾ ਮਹੀਂਵਾਲ ਜੈਸਾ, ਜਣੇਂ-ਖਣੇਂ ਢੋਣਾ ਨ੍ਹੀਂ ।
ਸ਼ੈਹਰ ਨ੍ਹੀਂ ਭੰਬੋਰ ਜੈਸਾ, ਗਲਾ ਸੋਹਣਾ ਮੋਰ ਜੈਸਾ,
ਹਾਰ ਜਾਨੀ ਚੋਰ ਜੈਸਾ ਕਿਸੇ ਨੇ ਪਰੋਣਾ ਨ੍ਹੀਂ ।
ਸੂਰਮਾਂ ਨ੍ਹੀਂ ਸ਼ੇਰ ਜੈਸਾ, ਭੰਡਾਰੀ ਨ੍ਹੀਂ ਕੁਮੇਰ ਜੈਸਾ,
ਤੇ ਭਗਤ ਸਿਉਂ ਦਲੇਰ ਜੈਸਾ, ਦਲੇਰ ਪੈਦਾ ਹੋਣਾ ਨ੍ਹੀਂ ।

2

ਧੁੱਪ ਮੁਲਤਾਨ ਜਿੰਨੀ, ਆਕੜ ਸ਼ੈਤਾਨ ਜਿੰਨੀ,
ਸ਼ਾਹੀ ਸੁਲੇਮਾਨ ਜਿੰਨੀ, ਯੂਸਫ਼ ਜਿੰਨਾ ਸੋਹਣਾ ਨ੍ਹੀਂ ।
ਬਾਲੀ ਜਿੰਨਾ ਜਬਰ, ਲੰਕੇਸ਼ ਜਿੰਨਾ ਟੱਬਰ,
ਅਯੂਬ ਜਿੰਨਾ ਸਬਰ, ਯਕੂਬ ਜਿੰਨਾ ਰੋਣਾ ਨ੍ਹੀਂ ।
ਹੇਕ ਮਿੱਠੀ ਪਿੱਕ ਤੋਂ, ਬੀਮਾਰੀ ਤਪਦਿੱਕ ਤੋਂ,
ਤੇ ਬਣੀਂਦਾ ਹਰਿੱਕ ਤੋਂ, ਨਿਸ਼ਾਨਚੀ ਦਰੋਣਾ ਨ੍ਹੀਂ ।
ਸੂਰਮਾਂ ਨ੍ਹੀਂ ਸ਼ੇਰ ਜੈਸਾ, ਭੰਡਾਰੀ ਨ੍ਹੀਂ ਕੁਮੇਰ ਜੈਸਾ,
ਤੇ ਭਗਤ ਸਿਉਂ ਦਲੇਰ ਜੈਸਾ, ਦਲੇਰ ਪੈਦਾ ਹੋਣਾ ਨ੍ਹੀਂ ।

3

ਜੰਗ ਕੁਰਛੇਤਰ ਜੈਸਾ, ਨਾਗ ਨ੍ਹੀਂ ਜਮੇਤਰ ਜੈਸਾ,
ਰੇਸ਼ਮ ਚੀਨੋਂ ਬੇਹਤਰ ਜੈਸਾ, ਬਰਮਾਂ ਜਿਹਾ ਸਨਕੋਨਾ ਨ੍ਹੀਂ ।
ਦਿਨ ਚੰਗਾ ਈਦ ਜੈਸਾ, ਫੱਕਰ ਫ਼ਰੀਦ ਜੈਸਾ,
ਗੰਗੂ ਤੇ ਯਜ਼ੀਦ ਜੈਸਾ, ਮਾੜਾ ਬੀਜ ਬੋਣਾ ਨ੍ਹੀਂ ।
ਆਉਜ ਜੈਸਾ ਕਾਠ, ਰਾਜਾ ਨਿੱਘਾ ਨ੍ਹੀਂ ਬਰਾਠ ਜੈਸਾ,
ਮਾਲ ਦੁੱਲੇ ਰਾਠ ਜੈਸਾ, ਕਿਸੇ ਨੇ ਲਕੋਣਾ ਨ੍ਹੀਂ ।
ਸੂਰਮਾਂ ਨ੍ਹੀਂ ਸ਼ੇਰ ਜੈਸਾ, ਭੰਡਾਰੀ ਨ੍ਹੀਂ ਕੁਮੇਰ ਜੈਸਾ,
ਤੇ ਭਗਤ ਸਿਉਂ ਦਲੇਰ ਜੈਸਾ, ਦਲੇਰ ਪੈਦਾ ਹੋਣਾ ਨ੍ਹੀਂ ।

4

ਪਿਆਰ ਭਾਈ ਭੈਣ ਜੈਸਾ, ਤੇ ਵੈਦ ਨ੍ਹੀਂ ਸੁਖੈਨ ਜੈਸਾ,
ਸੰਦੇਸ਼ਣਾਂ ਦੀ ਨੈਣ ਜੈਸਾ, ਕਿਸੇ ਨੇ ਸੀਸ ਧੋਣਾ ਨ੍ਹੀਂ ।
ਤਿੱਖਾ ਬੋਲ ਬਿੰਡੇ ਜੈਸਾ, ਸੁਆਦ ਨ੍ਹੀਂ ਚਰਿੰਡੇ ਜੈਸਾ,
ਟੇਸ਼ਣ ਬਠਿੰਡੇ ਜੈਸਾ, ਮਿਲਦਾ ਖੜੋਣਾ ਨ੍ਹੀਂ ।
ਕਿਲ੍ਹਾ ਨ੍ਹੀਂ ਚਿਤੌੜ ਜੈਸਾ, ਕੌਲ ਨ੍ਹੀਂ ਭਦੌੜ ਜੈਸਾ,
ਡਾਕੂ ਜਿਓਣੇ ਮੌੜ ਜੈਸਾ, ਕਿਸੇ ਦੇਸ ਹੋਣਾ ਨ੍ਹੀਂ ।
ਸੂਰਮਾਂ ਨ੍ਹੀਂ ਸ਼ੇਰ ਜੈਸਾ, ਭੰਡਾਰੀ ਨ੍ਹੀਂ ਕੁਮੇਰ ਜੈਸਾ,
ਤੇ ਭਗਤ ਸਿਉਂ ਦਲੇਰ ਜੈਸਾ, ਦਲੇਰ ਪੈਦਾ ਹੋਣਾ ਨ੍ਹੀਂ ।

5

ਕੋਇਲ ਜੈਸਾ ਬੋਲ ਤੇ ਹੰਸ ਜੈਸੀ ਤੋਰ ਹੈ ਨਹੀਂ,
ਜ਼ੈਹਰ ਜੈਸਾ ਕੌੜਾ ਤੇ ਸ਼ਹਿਦ ਜੈਸਾ ਮਿੱਠਾ ਨਾ ।
ਜਰਮਨੀ ਦੀ ਤੋਪ ਤੇ ਸਫ਼ਾਈ ਨਾ ਫ਼ਰਾਂਸ ਜੈਸੀ,
ਰੂਮ ਦੇ ਜੁਆਨ ਜੇਹਾ, ਜੁਆਨ ਕੋਈ ਡਿੱਠਾ ਨਾ ।
ਥਲੀ ਜੈਸਾ ਬੈਲ ਤੇ ਇਰਾਕੀ ਨਾ ਈਰਾਨ ਜੈਸਾ,
ਬਾਂਗਰ ਦੀ ਮੱਝ ਜੈਸਾ, ਕਿਸੇ ਵੀ ਮਹਿੰ ਦਾ ਪਿੱਠਾ ਨਾ ।
'ਰਜਬ ਅਲੀ' ਜੈਸਾ ਨਾ ਅਕਲ-ਹੀਨ ਸ਼ਾਇਰ ਕੋਈ,
ਵਾਰਸ ਸ਼ਾਹ ਦੀ ਹੀਰ ਦੇ ਸਮਾਨ ਕੋਈ ਚਿੱਠਾ ਨਾ ।

6

ਖ਼ੁਸ਼ੀ ਨਾ ਬਰਾਤ ਜਿੰਨੀਂ, ਬਰਕਤ ਜਮਾਤ ਜਿੰਨੀਂ,
ਤੰਗੀ ਹਵਾਲਾਤ ਜਿੰਨੀਂ, ਡਰ ਹੈ ਨਾ ਡੈਣ ਜਿਹਾ ।
ਫ਼ੌਜ ਜੈਸਾ ਠਾਠ, ਰਾਜਾ ਡਿੱਠਾ ਨਾ ਬਰਾਠ ਜੈਸਾ,
ਦੁੱਲੇ ਜੈਸਾ ਰਾਠ, ਹੋਰ ਵੈਦ ਨਾ ਸੁਖੈਨ ਜਿਹਾ ।
ਚੰਗਾ ਦਿਨ ਈਦ ਜੈਸਾ, ਫੱਕਰ ਫ਼ਰੀਦ ਜੈਸਾ,
ਪਾਪੀ ਨਾ ਯਜ਼ੀਦ ਜੈਸਾ, ਸਾਬਰ ਹੁਸੈਨ ਜਿਹਾ ।
ਪੈਰਿਸ ਜਿਹਾ ਸ਼ਹਿਰ, ਲਹਿਰ ਆਪਦੇ ਵਤਨ ਜੈਸੀ,
ਸੌਕਣ ਜਿਹਾ ਵੈਰ ਤੇ ਉਡੀਕਣਾ ਨਾ ਭੈਣ ਜਿਹਾ ।

7

ਮਿੱਠੀ ਸ਼ੈਅ ਗ਼ਰਜ਼ ਜੈਸੀ, ਬੁਰੀ ਸ਼ੈਅ ਕਰਜ਼ ਜੈਸੀ,
ਝੱਲਣਾ ਹਰਜ ਤੇ ਮਰਜ਼ ਦਿੱਕ-ਤਾਪ ਜਿਹਾ ।
ਘੋੜਾ ਨਾ ਬਰਾਕ ਜੈਸਾ, ਸਦਮਾ ਤਲਾਕ ਜੈਸਾ,
ਦੁੱਖ ਨਾ ਫ਼ਰਾਕ ਜੈਸਾ, ਸੁੱਖ ਨਾ ਮਿਲਾਪ ਜਿਹਾ ।
ਭਾਰਾ ਕੱਦ ਫ਼ੀਲ ਜੈਸਾ, ਸਖ਼ੀ ਨਾ ਖ਼ਲੀਲ ਜੈਸਾ,
ਨਾ ਗ਼ਲੀਜ਼ ਭਲਿ ਜੈਸਾ, ਮਾੜਾ ਕੰਮ ਪਾਪ ਜਿਹਾ ।
ਪਹਿਲਵਾਨ 'ਗਾਮੇ' ਜੈਸਾ, ਪੜਦਾ ਪਾਜਾਮੇ ਜੈਸਾ,
'ਬਾਬੂ' ਸਾਕ ਮਾਮੇ ਜੈਸਾ, ਪਿਆਰ ਮਾਈ-ਬਾਪ ਜਿਹਾ ।

12. ਮੇਲਿਆਂ ਦੇ ਕਬਿੱਤ

1

ਬੁੜ੍ਹੀਆਂ ਦਾ ਮੇਲਾ ਘਰ ਹੋਂਵਦਾ ਮਰਗ ਵਾਲੇ,
ਜੂਏ 'ਚ ਜੁਆਰੀਏ, ਮੰਡੀ 'ਚ ਮੇਲਾ ਲਾਲਿਆਂ ਦਾ ।
ਫੁੱਲ ਦੇ ਉਦਾਲੇ ਮੇਲਾ ਹੋ ਜੇ ਭੌਰਾਂ ਗੂੰਜਦਿਆਂ ਦਾ,
'ਫ਼ੀਮ ਦੇ ਠੇਕੇ ਤੇ ਮੇਲਾ ਹੋ ਜੇ 'ਫ਼ੀਮ ਵਾਲਿਆਂ ਦਾ ।
ਭਾਰੀ ਜ਼ਿਆਫ਼ਤਾਂ 'ਚ ਮੇਲਾ ਹੋ ਜੇ ਭਾਰੀ ਹਾਕਮਾਂ ਦਾ,
ਜੇਲ੍ਹ ਖ਼ਾਨੇ ਵਿੱਚ ਹੋ ਜੇ ਮੇਲਾ ਚੋਰਾਂ ਕਾਲਿਆਂ ਦਾ ।
ਮੇਲੇ ਉੱਤੇ ਜਾ ਕੇ ਮੇਲਾ ਹੋ ਜੇ ਬਹੁਤ ਮੇਲੀਆਂ ਦਾ,
'ਰਜਬ ਅਲੀ' ਸਹੁਰੇ ਜਾ ਕੇ ਮੇਲਾ ਹੋ ਜੇ ਸਾਲਿਆਂ ਦਾ ।

2

ਸੰਤਾਂ ਦਾ ਮੇਲਾ ਹੋ ਜੇ ਕੁੰਭ ਦੇ ਨਹਾਉਣ ਜਾ ਕੇ,
ਕੁੜੀਆਂ ਦਾ ਮੇਲਾ ਭੰਡਿਆਰ ਦੇ ਬਹਾਨੇ ਜੀ ।
ਗੱਡੀਆਂ ਦਾ ਮੇਲਾ ਹੋ ਜੇ, ਪਹੁੰਚ ਕੇ ਸਟੇਸ਼ਨਾਂ ਤੇ,
ਛੜਿਆਂ ਦਾ, ਭੱਠੀ ਤੇ ਕਰਨ ਤੱਤੇ ਆਨੇ ਜੀ ।
ਜੈਤੋ ਦੇ ਨਚਾਰ ਤੇ ਖਿਡਾਰੀ ਬਹੁਤੇ ਫਫੜਿਆਂ ਦੇ,
ਭੀੜ ਵਿੱਚ ਕੁੱਲ ਡਾਕੂ, ਡਾਕੂ ਨੂੰ ਪਛਾਣੇ ਜੀ ।
'ਬਾਊ ਜੀ' ਦਾ ਮੇਲਾ ਹੋ ਜੇ ਬੰਗਲੇ ਨਹਿਰ ਵਾਲੇ,
'ਬਾਬੂ' ਜੀ ਕਵੀਸ਼ਰਾਂ ਦਾ ਮੇਲਾ ਹੋ ਜੇ 'ਖ਼ਾਨੇ' ਜੀ ।

13. ਸਥਾਨ ਵਿਸ਼ੇਸ਼ਤਾ ਦੇ ਕਬਿੱਤ

1

ਧਿਆੜੇ ਵਿੱਚ ਰੂਪ ਬਾਹਲੇ, ਪੁਆਧ ਵਿੱਚ ਕੂਪ ਬਾਹਲੇ,
ਦੁਆਬੇ ਅੰਬ-ਚੂਪ ਬਾਹਲੇ, ਕੀਮਤਾਂ ਨੇ ਰੈਲੀਆਂ ।
ਰਾਵੀ ਵਿੱਚ ਚੋਰ ਬਾਹਲੇ, ਮਾਝੇ ਮੱਲ ਜ਼ੋਰ ਬਾਹਲੇ,
ਬਾਹੀਏ ਵਿੱਚ ਖੋਰ ਬਾਹਲੇ, ਅੱਖਾਂ ਰਹਿਣ ਮੈਲੀਆਂ ।
ਬਾਰ 'ਚ ਬਨੋਟੇ ਬਾਹਲੇ, ਦੰਦੀ ਲੋਕ ਖੋਟੇ ਬਾਹਲੇ,
ਨੈਂ 'ਚ ਵਾਹੁਣ ਝੋਟੇ ਬਾਹਲੇ, ਹੈ ਕਰੜ ਪੈਲੀਆਂ ।
ਥਲੀ 'ਚ ਟੱਪ ਬਾਹਲੇ, ਲਈਏ ਰਹਿਣ ਸੱਪ ਬਾਹਲੇ,
ਸ਼ਾਇਰ ਲਾਉਣ ਗੱਪ ਬਾਹਲੇ ਅਸੀਂ, ਸੱਚ ਗੱਲਾਂ ਕਹਿਲੀਆਂ ।

2

ਜੰਘੀਰਾਣੇ ਸ਼ਾਇਰ, ਤੇ ਬੰਬੀਹੇ ਕਾਨੂੰਨੀ ਬਾਹਲੇ,
ਰਾਇਕੇ ਲੁੱਚੜ ਤੇ, ਭੁੱਖੜ ਲੋਕ ਮਾਨਾਂ ਦੇ ।
ਕਾਲ ਝਰਾਨੀ ਪਿੰਡ ਜੂਏ ਦਾ ਵਣਜ ਬਾਹਲਾ,
ਬੀਦੋ ਵਾਲੀ, ਬਾਦਲ ਨੱਗਰ ਖ਼ਾਨਦਾਨਾਂ ਦੇ ।
ਚੱਕ ਦਾਨਾ ਅੜਬ, ਪੱਧਰ ਲੋਕ ਜੰਡੀਆਂ ਦੇ,
ਲੂਲ ਲਾਲ ਬਾਹੀ, ਸੀਨੇ ਗਜ਼ ਚੌੜੇ ਜੁਆਨਾਂ ਦੇ ।
ਬੋਲੀ-ਚੱਲ ਸਿਆਣੇ ਲੋਕ ਆਖਦੇ ਗਿੱਦੜ-ਬਹੇ,
'ਰਜਬ ਅਲੀ' ਪਿਉਰੀ ਮਿੱਠੇ ਬੋਲ ਇਨਸਾਨਾਂ ਦੇ ।

3

ਖਿਉਆਲੀ ਜੈਨੇ, ਸਹਿਣੇ ਖੇੜੇ ਦੇ ਪਿਆਰ ਖੋਰੇ,
ਸਿੱਖ ਵਾਲੇ ਹੁਨਰੀ, ਸ਼ਿਕਾਇਤੀ ਲੋਕ ਲੰਮੀ ਦੇ ।
ਖੁੱਡੀਏਂ ਜ਼ਨਾਨੀਆਂ ਤੜ੍ਹੀ ਰੱਖਣ ਮਾਲਕਾਂ ਤੇ,
ਚੰਨੂੰ ਦੇ ਸ਼ਰਾਬੀ ਨਾ ਫ਼ਸਾਦੋਂ ਥੰਮ੍ਹੇ ਥੰਮ੍ਹੀਂ ਦੇ ।
'ਰਜਬ ਅਲੀ' ਆਧਨੀਏਂ ਕਹੀਆਂ ਦੀ ਮਸ਼ਹੂਰੀ ਬਾਹਲੀ,
ਝੱਲੀਦੇ ਨ੍ਹੀਂ ਨਖਰੇ ਪਤੂਹੀ-ਖੇੜੇ ਜੰਮੀ ਦੇ ।

4

ਸੰਗਤ ਹਿਸਾਬੀ ਲੋਕ, ਜੈ ਸਿੰਘ ਵਡਿਆਈ-ਖ਼ੋਰ,
ਜੋਧਪੁਰ ਝਾਗੜੂ, ਜ਼ਿਆਦਾ ਗਾਹੜੂ ਦਾਲਾਂ ਦੇ ।
ਅਤਰ ਸਿੰਘ ਵਾਲੇ ਵਿੱਚ ਕੁੱਤਿਆਂ ਦੇ ਸ਼ਿਕਾਰੀ ਬਾਹਲੇ,
ਬਾਜ਼ਕ ਮੇਂ ਸ਼ੌਕ ਤੂੰਬੇ ਬੀਨ ਖੜਤਾਲਾਂ ਦੇ ।
ਨੀਤਨੰਗ ਬਾਂਡੀ, ਲੋਕ ਫੁੱਲੋ ਦੇ ਗਿਆਨੀ ਬਾਹਲੇ,
ਨੰਦ ਗੜ੍ਹ ਰੱਜਿਆ, ਗੁਰੂ ਕੇ ਮਾਰੇ ਕਾਲਾਂ ਦੇ ।
ਧੁੰਨੀਕਿਆਂ ਦੇ ਲੋਕ ਬੇ ਸ਼ਕਲ ਕੁੱਲ ਦੁਨੀਆਂ 'ਚੋਂ,
'ਰਜਬ ਅਲੀ' ਚੰਗੇ ਖਾਣ-ਪੀਣ ਨੂੰ ਮੁਹਾਲਾਂ ਦੇ ।

5

ਨਰੂਆਣੇ ਸਖ਼ੀ, ਨਵੇਂ ਪਿੰਡ ਦੇ ਨਰਮ ਬਾਹਲੇ,
ਵਹਿਮਣ ਤੇ ਸਿਵੀਂਏਂ ਸ਼ੁਕੀਨਣ ਜ਼ਨਾਨੀਆਂ ।
ਚੁੱਘਿਆਂ 'ਚ ਬਲ ਵਾਲੇ, ਚੱਕਦੇ ਮੁਘਦਰਾਂ ਨੂੰ,
ਬੱਲੂਆਣੇ ਸੇਠ ਕੁੱਲ ਦੇਸ 'ਚ ਨਿਸ਼ਾਨੀਆਂ ।
ਘੁੱਦੇ ਵਿੱਚ ਗੱਪੀ ਲੋਕ, ਝੁੰਬੇ ਦੇ ਚਹੇਡੀ ਬਾਹਲੇ,
ਬਾਬੂ ਹੁੱਕਾ ਪੀਣ ਤੇ ਮੀਂਏਂ ਦੇ ਲਾਉਣ ਭਾਨੀਆਂ ।
ਤਿਉਣੇ ਲੋਕ ਸੂਰਮੇ, ਮਦਦ ਦੇਣ ਡਾਕੂਆਂ ਨੂੰ,
'ਰਜਬ ਅਲੀ' ਲੱਕੜਾਂ ਚਰਾਉਣ ਮੁਲਤਾਨੀਆਂ ।

6

ਤੰਗਵਾਲੀ ਲੌਂਗੋਵਾਲ ਨਾਂਗੇ, ਫੂਸ ਮੰਡੀ ਦੇ ਕਮਾਊ ਬਾਹਲੇ,
ਗਹਿਰੀ ਲੋਕ ਜ਼ਹਿਰੀ ਤੇ, ਘਲੌਟੇ ਜ਼ਿਆਦਾ ਜੱਸੀ ਦੇ ।
ਕੱਚੀ ਭੁੱਚੋ ਭਾਈ ਕੀ ਕਛਹਿਰਿਆਂ ਤੇ ਜ਼ੋਰ ਬਾਹਲਾ,
ਭਾਗੂ ਦੇ ਸਰੋਤੇ ਉਹ ਰੁੱਖੇ, ਜ੍ਹੇ ਲੋਕ ਦੱਸੀ ਦੇ ।
ਬੀਬੀ ਵਾਲੇ, ਬਾਹਲਾ ਦੁੱਧ ਵੇਚਦੇ ਬਜ਼ਾਰ ਵਿੱਚ,
ਸ਼ਮੀਰ ਘਰ ਵੈਲਾਂ ਦਾ ਪਿਆਕ ਮਹਿਣੇ ਲੱਸੀ ਦੇ ।
'ਰਜਬ ਅਲੀ' ਸੱਤ ਲੈਣਾਂ ਪੈਂਦੀਆਂ ਬਠਿੰਡੇ ਵਿੱਚ,
ਰੌਣਕ ਜ਼ਿਆਦਾ ਜਿਉਂ ਭੰਬੋਰ ਸ਼ਹਿਰ ਸੱਸੀ ਦੇ ।

7

ਕਿੰਗਰੇ ਦਲੇਰ, ਮੱਖੀ ਚੂਸ ਨੇ ਥਰਾਜ ਵਾਲੇ,
ਜੰਮਦੇ ਫਲਾਤੂ ਕੁਤਰਨ ਕੰਨ ਸਿਆਣੇ ਦੇ ।
ਦਾਨੇ ਵਾਲੇ ਮੂੜ੍ਹ ਤੇ ਗ਼ਰੀਬ ਲੋਕ ਰੱਥੜੀਆਂ ਦੇ,
ਮੜ੍ਹਕ ਵਾਲੇ ਬਾਹਲੇ ਵਿੱਚ ਅਬੁਲ ਖੁਰਾਣੇ ਦੇ ।
ਦਿਉਣ-ਖੇੜੇ ਖਾਂਟ, ਦੱਭ ਵਾਲੀ ਦੇ ਚਲਾਕ ਬਾਹਲੇ,
ਤਪੇ ਖੇੜੇ ਚੋਰ ਅੜੇ ਰਹਿੰਦੇ ਵਿੱਚ ਠਾਣੇ ਦੇ ।
ਵੇਚ ਕੇ ਜ਼ਮੀਨਾਂ ਕੁੱਲ ਲਾਰੀਆਂ ਚਲਾਉਣ ਲੱਗੇ,
'ਰਜਬ ਅਲੀ' ਬੜੇ ਬੇ-ਲਿਹਾਜ਼ ਮਾਹੂਆਣੇ ਦੇ ।

8

ਦਿਉਣ ਵਾਲੇ ਬਾਹਲੇ ਲੋਕ ਗਿੱਲਾਂ ਦੇ ਮਿਲਣ ਸਾਰ,
ਹੱਥ ਜੋਗਾ ਨੰਦ ਮੇਂ, ਖ਼ਰਚ ਵੱਲੋਂ ਘੁੱਟੀ ਦੇ ।
ਭੋਖੜੇ ਦੇ ਵਿੱਚ ਬਾਹਲੀ ਪਰਖ ਕਵੀਸ਼ਰੀ ਦੀ,
ਤੇ ਗੋਬਿੰਦ ਪੁਰ ਰਹਿ ਅਨੰਦ ਬਾਹਲੇ ਲੁੱਟੀ ਦੇ ।
ਨੇਹੀਆਂ ਵਾਲੇ ਦੇ ਦਾਨਿਆਂ 'ਚ ਧਰਨ ਪੈਰ,
ਕਰਦੇ ਭਜਨ ਦਿਨੇ ਰਾਤ ਝੱਬ ਲੁੱਟੀ ਦੇ ।
'ਰਜਬ ਅਲੀ' ਬੜੇ ਗੋਨਿਆਣੇ ਦੇ ਸ਼ਰੀਫ਼ ਬਾਹਲੇ,
ਛੋਟੇ ਗੋਨਿਆਣੇ ਦੇ, ਹਮੇਸ਼ਾ ਥਾਣੇ ਕੁੱਟੀ ਦੇ ।

9

ਜੀਰੇ ਦੇ ਇਲਾਕੇ ਵਿੱਚ ਚੋਰੀ ਦਾ ਰਵਾਜ ਬਾਹਲਾ,
ਢੱਗੀ ਵੱਛੀ ਹੱਕ ਕੇ ਲੁਕਣ ਵਿੱਚ ਝੱਲ ਦੇ ।
ਅੰਮ੍ਰਿਤਸਰ ਤੇ ਲਹੌਰ ਦੇ ਘੁਲੌਟੇ ਬਾਹਲੇ,
ਘਰ ਘਰ ਪੱਟੇ ਵੇ ਨੇ ਖਾੜੇ ਮੱਲ ਮੱਲ ਦੇ ।
ਲੁਧਿਆਣੇ ਲਵੇ ਦੇ ਲਗੋਜਿਆਂ ਦੇ ਸ਼ੌਕੀ ਬਾਹਲੇ,
ਬਾਈਏ ਦੇ ਇਲਾਕੇ ਪਸਤੌਲ ਬਾਹਲੇ ਚੱਲਦੇ ।
ਸਾਬੋ ਦੇ ਖਿਡਾਰੀ ਝੰਡੀ ਲਿਆਉਂਦੇ ਜਾ ਕੇ ਮੇਲਿਆਂ ਤੋਂ,
ਰਜਬਲੀ ਬਾਗੜੀ ਪਿਆਰੇ ਢੋਲ ਢੱਲ ਦੇ ।

10

ਭਾਈ ਕਿਆਂ ਦੇ ਕੇਰੇ ਵਿੱਚ ਪੈਣ ਦੇ ਲਿਬਾਸ ਸੋਹਣੇ,
ਤੇ ਰਸੂਲਪੁਰ 'ਚ ਵੱਸਣ ਲੋਕ ਭਲੇ ਜੇ ।
ਮਾਨੀ ਖੇੜੇ ਠੱਗ ਸੁਖਚੈਨ 'ਚ ਲੰਗਾੜੇ ਬਾਹਲੇ,
ਸੀਤੋ ਲੋਕ ਖ਼ੂੰਨੀ ਤੇ ਮਗਜ ਪੁਰ ਚਲੇ ਜੇ ।
ਛਾਪਿਆਂ ਵਾਲੀ ਵਾਲੇ ਗੱਲ ਆਖ ਕੇ ਮੁਕਰ ਜਾਂਦੇ,
ਮਿੱਠੇ ਗਾਲੜੀ ਬੁਰਜ ਕੋਲਿਆਂ ਵਾਲੀ ਲਮ ਗਲੇ ਜੇ ।
ਕੰਗਨ ਖੇੜੇ ਕਾਮੇ ਫੁਲੋ ਖੇੜੇ ਦੇ ਮਿਲਾਪੀ ਬਾਬੂ,
ਛਾਮ ਖੇੜੇ ਢੱਗੇ ਹੱਕ ਲਿਉਂਦੇ ਦਿਨ ਢਲੇ ਜੇ ।

11

ਕੰਦੂ ਖੇੜੇ ਨਾਲ ਬੀਕਾਨੇਰ ਦੀ ਸਰਹੱਦ ਲੱਗੇ,
ਕੋਰਾ ਰੇਤਾ ਉੱਡਦਾ ਵਗਣ ਜਦੋਂ ਨੇਰ੍ਹੀਆਂ ।
ਫੱਤੇ ਕੇਰੇ ਹਾਕੂਵਾਲ ਵਾਲੇ ਉੱਚੀਆਂ ਜ਼ਮੀਨਾਂ ਜ਼ਿਆਦੇ,
ਪਾਣੀ ਘੱਟ ਲੱਗਦਾ ਲਗਾਉਂਦੇ ਲੋਕ ਬੇਰੀਆਂ ।
ਘੁਮਿਆਰਾਂ ਤੇ ਲੁਹਾਰਾਂ ਪਿੰਡ ਤੀਸਰਾ ਭੁੱਲਰ ਵਾਲਾ,
ਘੋੜੀਆਂ ਦਾ ਸ਼ੌਕ ਲੋਕ ਪਾਲਦੇ ਵਛੇਰੀਆਂ ।
ਮਿਡੂ ਖੇੜੇ ਲੋਕਾਂ ਕੋਲੇ ਖੁੱਲ੍ਹੀਆਂ ਜ਼ਮੀਨਾਂ ਬਹੁਤ,
ਮੈਹਿਣੇ ਭਾਗੂ ਜੁਆਨ 'ਬਾਬੂ' ਫੈਂਕਦੇ ਪਸੇਰੀਆਂ ।

12

ਮੋਡੀ ਤੇ ਖੁੱਬਣ ਵਿੱਚ ਜੋੜਿਆਂ ਦੀ ਜ਼ਮੀਨ ਵਾਹਲੀ,
ਆਪ ਰਹਿੰਦੇ ਸ਼ਹਿਰ ਮੁਖਤਿਆਰ ਪਿੰਡੀਂ ਛੱਡੇ ਐ ।
ਖੇਮੇ ਖੇੜੇ ਹਨਗੇ ਸ਼ਿਕਾਰੀ ਬਾਹਲੇ ਮਿਰਗਾਂ ਦੇ,
ਕੁੱਤਿਆਂ ਵਾਲੀ ਪਿੰਡ ਬਣੇ ਧੱਕੜਾਂ ਦੇ ਅੱਡੇ ਐ ।
ਤਰਮਾਲੇ ਪਿੰਡ ਵਿੱਚ ਰਕਬਾ ਬਰਾਨੀ ਬਾਹਲਾ,
ਪਿੰਡ ਦੇ ਨਜ਼ਦੀਕ ਟਿੱਬੇ ਦੀਂਹਦੇ ਵੱਡੇ ਵੱਡੇ ਐ ।
ਕੱਖਾਂ ਵਾਲੀ ਲੋਕ 'ਬਾਬੂ' ਮੱਝਾਂ ਦੇ ਵਪਾਰੀ ਬਾਹਲੇ,
ਰੋੜਾਂ ਵਾਲੀ ਮਾਨਾਂ ਕੋਲੇ ਬੜੇ ਸੋਹਣੇ ਗੱਡੇ ਐ ।

13

ਸਿੰਘੇ ਵਾਲੇ ਜੁਆਨ ਹੁੰਦੇ ਭਰਤੀ ਪੁਲੀਸ ਵਿੱਚ,
ਨੌਕਰੀ ਕਰਨ ਤਨਖਾਹਾਂ ਲੈਂਦੇ ਚੰਗੀਆਂ ।
ਫੀਮੀ, ਭੰਗੀ, ਪੋਸਤੀ, ਗੱਗੜ ਦੇ ਜ਼ਿਆਦਾ ਲੋਕ,
ਕਰਦੇ ਕਮਾਈ ਘੱਟ ਘਰੇ ਰਹਿਣ ਤੰਗੀਆਂ ।
ਮਿੱਠੜੀ ਦੇ ਲੋਕ ਊਂ ਤਾਂ ਸ਼ਾਇਰੀ ਦੇ ਸ਼ੁਕੀਨ ਬਾਹਲੇ,
ਪੈਸੇ ਦੇਣ ਵੇਲੇ ਜੇਬਾਂ ਘੁੱਟ ਲਈਆਂ ਢੰਗੀਆਂ ।
ਕੋਟਲੀ ਦੇ ਲੋਕ ਜ਼ਿਆਦਾ ਹੀਰ ਦਾ ਸੁਣਨ ਗਾਉਣ,
'ਬਾਬੂ' ਜੀ ਦੁਸਹਿਰੇ ਵੇਲੇ ਗੂੰਜਣ ਸਾਰੰਗੀਆਂ ।

14

ਠੱਠੀ ਤਰਖਾਣ ਬਾਹਲੇ, ਚੀਹਦੇ ਸੋਹਣੇ ਜਵਾਨ ਬਾਹਲੇ,
ਤੇ ਬੰਬੀਹੇ ਗਿਆਨ ਬਾਹਲੇ, ਹੁੰਦੇ ਬਹਿ ਕੇ ਸੱਥਾਂ 'ਚ ।
ਸੇਖਿਆਂ ਦੇ ਕਮਾਊ ਬਾਹਲੇ, ਬੁਰਜ ਸੰਗਾਊ ਬਾਹਲੇ,
ਵਾਂਦਰ ਲੜਾਊ ਬਾਹਲੇ, ਡਾਂਗਾਂ ਰਹਿਣ ਹੱਥਾਂ 'ਚ ।
ਮੱਲਕੇ ਸ਼ੋਕੀਨ ਬਾਹਲੇ, ਬੁਰਜ ਦਾਰੂ ਪੀਣ ਬਾਹਲੇ,
ਬਰਗਾੜੀ ਤੀਨ ਬਾਹਲੇ, ਪੱਤੇ ਪੈਣ ਨੱਥਾਂ 'ਚ ।
ਸਿਵੀਆਂ 'ਚ ਸੜੇ ਬਾਹਲੇ, ਮਾੜੀ ਪਿੰਡ ਧੜੇ ਬਾਹਲੇ,
ਸਾਹੋ ਪਿੰਡ ਪੜ੍ਹੇ ਬਾਹਲੇ, ਬਾਬੂ ਬਹਿੰਦੇ ਰੱਥਾਂ 'ਚ ।

14. ਭੂਗੋਲ ਦੇ ਕਬਿੱਤ

1

ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ,
ਸਿੰਧ ਦੀ ਮਦੀਨ, ਲੈਣੇ ਬਲਦ ਹਿਸਾਰ 'ਚੋਂ ।
ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,
ਮਥਰਾ ਦੇ ਪੇੜੇ, ਰਿਉੜੀ ਰੁਹਤਕ ਬਜ਼ਾਰ 'ਚੋਂ ।
ਕੋਟੇ ਖੁਰਮਾਨੀ, ਹੈਨਾ ਸਰਦੇ ਪਿਸ਼ੌਰ ਜੈਸੇ,
ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ 'ਚੋਂ ।
ਸੋਮਨਾਥ ਮੋਤੀ, ਹੀਰੇ ਹੈਦਰਾ ਅਬਾਦ ਚੰਗੇ,
'ਬਾਬੂ' ਮੀਲ ਮੀਲ ਤੋਂ ਦਮ੍ਹਕ ਮਾਰੇ ਹਾਰ 'ਚੋਂ ।

2

ਕੌਲੀਆਂ ਭਦੌੜ, ਨਾ ਕੜਾਹਾ ਭਾਈ ਰੂਪੇ ਜੈਸਾ,
ਘਾਂਗੇ ਦਾ ਪਲੰਘ ਹੈ, ਮਸ਼ਹੂਰ ਜੁੱਤੀ ਡੱਲੇ ਦੀ ।
ਕੜਮੀਂ ਤੰਬਾਟੋ, ਮਿੱਠੀ ਗਾਜਰ ਚੁਹਾਨ ਕਿਆਂ ਦੀ,
ਆ ਜੇ ਕਰਨਾਲ ਖਾ ਲੱਜ਼ਤ ਦਹੀਂ-ਭੱਲੇ ਦੀ ।
ਟੇਸ਼ਨ ਬਠਿੰਡਾ, ਤੇ ਸਰਾਂ ਨਾ ਨੂਰ-ਮਹਿਲ ਜੈਸੀ,
ਤਾਲ ਤਲਵੰਡੀ ਦਾ, ਸੁਹਾਵੇ ਢਾਬ ਮੱਲੇ ਦੀ ।
ਮੇਰਠ ਜਿਹਾ ਗੁੜ, 'ਬਾਬੂ' ਅੰਬ ਨਾ ਅੰਬਾਲੇ ਜੈਸੇ,
ਲਹਿਰੀਏ ਪਟਿਆਲੇ ਤੇ ਜ਼ਨਾਨੀ ਜੋਗੇ-ਰੱਲੇ ਦੀ ।

3

ਗੱਡੇ ਹੰਢਿਆਏ, ਸੀਰ ਵਾਲੀ ਦੀ ਗੰਡਾਸੀ ਚੰਗੀ,
ਸਾਰੰਗੀ ਸੰਘੇੜਿਆਂ ਦੀ, ਬਣਨ ਕੂੰਡੇ ਰਾਂਮਤੇ ।
ਗੰਢੇ ਇੰਦਗੜ੍ਹ ਦੇ, ਨਕੋਦਰ ਚਿਲਮ ਚੰਗੀ,
ਬੱਸ ਹੋ ਗਈ ਨਾਸ ਦੀ ਗਿੱਦੜ-ਬਹੇ ਗਾਮ ਤੇ ।
ਆਧਨੀਏਂ ਕਹੀ ਮੂਲਿਆਂ ਵਾਲੇ ਦੀ ਦਰਾਤੀ ਚੰਗੀ,
ਵਿੱਚੇ ਉੱਚੀ ਰੱਖਦੇ ਬਣਾਕੇ ਖਾਨਾ ਲਾਮ੍ਹ ਤੇ ।
'ਰਜਬ ਅਲੀ' ਜਿਹੜੇ ਗੋਲੇ ਵਾਲੇ ਦੇ ਫਿਰਾਏ ਬੋਤੇ,
ਹਰ ਮੇਲੇ ਜਾ ਕੇ ਲੱਗ ਜਾਮਦੇ ਇਨਾਮ ਤੇ ।

4

ਲੋਟ ਘੁਮਿਆਰੇ, ਨਿਉਲ ਰਾਮੇ ਕੇ ਬਣਨ ਚੰਗੇ,
ਲਾਪਰਾਂ ਦੀ ਮੱਕੀ, ਤੇ ਖਿਡੌਣੇ ਚੰਗੇ ਰੋਪੜ ਦੇ ।
ਪਉਏ ਭੈਣੀ ਸਾਹਿਬ, ਜੋੜੀ ਬਣੇਂ ਨਾ ਘੜੂੰਏਂ ਜੈਸੀ,
ਮੱਟ ਜੰਘੀਰਾਣੇ ਦੇ ਬਣਾ ਕੇ ਉਤੋਂ ਚੋਪੜ ਦੇ ।
ਕੋਟਲੇ ਦੀ ਮੇਥੀ, ਨਾ ਮਤੀਰਾ ਰਾਸੂਵਾਲ ਜੈਸਾ,
ਮਿੱਠਾ ਲੱਗੇ ਜਾਣੀਂ ਚੱਬ ਜਾਂ ਸਣ੍ਹੇ ਖਰੋਪੜ ਦੇ ।
'ਰਜਬ ਅਲੀ' ਸੇਲਾ ਭਾਈ ਕੋਟ ਦਾ ਮਸ਼ਹੂਰ ਬਾਹਲਾ,
ਸਾਰ ਪਾਰ ਲੰਘ ਜੇ ਵਿਚਾਲੇ ਠੋਕਿਆਂ ਖੋਪੜ ਦੇ ।

5

ਭੰਗ ਰਿਖੀਕੇਸ਼, ਚਾਹ ਨਾ ਮਿਲੇ ਡੇਹਰਾਦੂਨ ਜੈਸੀ,
ਭੂਰੀ ਖੇਮਕਰਨ ਦੀ, ਕਸੂਰ ਚੂੜਾ ਦੰਦ ਦਾ ।
ਸੰਗਤ ਪਿੱਪਲ, ਲੰਮੀ ਜੈਸੇ ਦਰਵਾਜ਼ੇ ਹੈ ਨਹੀਂ,
ਰੱਖਿਆ ਅਲਹਿਦਾ ਜਿਹਾ ਤਰੀਕਾ ਉੱਚੀ ਕੰਧ ਦਾ ।
ਸਫ਼ਾ ਜੰਗ ਭਾਈ ਬਖ਼ਤੌਰ 'ਚ ਬਣਾਉਂਦੇ ਸੋਹਣੇ,
ਛਜਲੀ ਤੇ ਛੱਜ ਚੰਗਾ ਹੁੰਦਾ ਜੋਗਾ ਨੰਦ ਦਾ ।
ਤਿਉਂ ਜਣਿਆਂ ਦੇ ਛੰਦ ਹਾਸ-ਰਸ ਦਾ ਨਮੂਨਾ ਇੱਕੋ,
'ਬਾਊ ਜੀ', ਤੇ 'ਮਾਘੀ ਸਿਉਂ', ਮਰਾਝ ਵਾਲੇ 'ਚੰਦ' ਦਾ ।

6

ਦੱਖਣ ਦਾ ਹੀਰਾ ਚੰਗਾ, ਕਾਬਲੀ ਮਮੀਰਾ ਚੰਗਾ,
ਥਲੀ ਦਾ ਮਤੀਰਾ ਚੰਗਾ, ਕਮਾਦ ਚੰਗੇ ਪੁਆਧ ਦੇ ।
ਬਲ੍ਹਦ ਨਗੌਰੀ ਤੇ ਅੰਬਰਸਰ ਜੌਹਰੀ ਚੰਗੇ,
ਲੁੰਗੀਆਂ ਪਿਸ਼ੌਰੀ, ਚੌਲ ਚੰਗੇ ਫ਼ਤਿਆਬਾਦ ਦੇ ।
ਆਗਰੇ ਦੇ ਰੋਜ਼ੇ ਚੰਗੇ, ਸ਼ਿਮਲੇ ਦੇ ਨਿਉਜ਼ੇ ਚੰਗੇ,
ਗੰਗਾ ਦੇ ਨਗੋਜੇ ਚੰਗੇ, ਵਧ ਕੇ ਖ਼ਰਾਦ ਦੇ ।
ਸਾਦਕੀ ਦੇ ਦਾਨੇ ਚੰਗੇ, ਰੋਹਤਕ ਮਖਾਣੇ ਚੰਗੇ,
ਸਰਸੇ ਪਲਾਣੇ ਚੰਗੇ, 'ਰਜਬ ਅਲੀ' ਆਦਿ ਦੇ ।

7

ਰੋਪੜ ਦੇ ਤਾਲੇ ਚੰਗੇ, ਪਟਿਆਲੇ ਨਾਲੇ ਚੰਗੇ,
ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ ।
ਮੇਰਠ ਦਾ ਗੁੜ, ਗੰਨੇ ਚੰਗੇ ਉੜ ਮੁੜ,
ਜੀ ਜਗਾਧਰੀ ਦੇ ਪੁੜ, ਚੰਗੇ ਲਗਦੇ ਪਰਾਤ ਦੇ ।
ਦਿੱਲੀ ਦੇ ਹਕੀਮ, ਕਲਕੱਤੇ ਦੇ ਮੁਨੀਮ ਚੰਗੇ,
ਬੀਕਾਨੇਰੀ ਅਫ਼ੀਮ ਵਿਸਕੀ ਨੂੰ ਕਰ ਮਾਤ ਦੇ ।
ਪੈਰਸ ਮੱਹਲ ਤੇ ਲਾਹੌਰ ਵਿੱਚ ਮੱਲ ਚੰਗੇ,
'ਰਜਬ ਅਲੀ' ਫਲ, ਕਸ਼ਮੀਰ ਭਾਂਤ-ਭਾਂਤ ਦੇ ।

8

ਲੁਧਿਆਣੇ ਜ਼ੀਨ ਚੰਗੀ, ਦੁਆਬੇ ਦੀ ਜ਼ਮੀਨ ਚੰਗੀ,
ਸਿੰਧ ਦੀ ਮਦੀਨ ਜੀ ਰੁਹਾਲ ਚਾਲ ਤੁਰਦੀ ।
ਹਾਕਮ ਅੰਗਰੇਜ਼, ਤਬਰੇਜ਼ ਦੇ ਦੁਸ਼ਾਲੇ ਚੰਗੇ,
ਦਿੰਦੇ ਦੂਰ ਭੇਜ ਮੇਜ਼ ਕਰਤਾਰਪੁਰ ਦੀ ।
ਕੋਇਟੇ ਦੇ ਬਦਾਮ ਤੇ ਕਸੂਰ ਦੇ ਲਗਾਮ ਚੰਗੇ,
ਕਾਨ੍ਹਪੁਰ ਆਮ, ਬਿਲਟੀ ਮੰਗਾ ਲਉ ਧੁਰ ਦੀ ।
'ਬਾਊ' ਵਾਰਤਾ ਕਤੇਬੀ, ਚੀਨ ਦੇਸ਼ ਦੀ ਰਕੇਬੀ,
ਤੇ ਬਠਿੰਡੇ ਦੀ ਜਲੇਬੀ, ਜਾਵੇ ਸ਼ਹਿਤ ਵਾਂਗੂੰ ਖੁਰਦੀ ।

15. ਗਣਨਾਂ ਦੇ ਬੈਂਤ

1. ਤਿੰਨ ਦਾ ਬੈਂਤ

ਇੱਕ ਤੋਪ, ਪਸਤੌਲ, ਬੰਦੂਕ ਤੀਜੀ,
ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ ।
ਹੰਸ, ਫ਼ੀਲ, ਮੁਕਲਾਵੇ ਜੋ ਨਾਰ ਆਈ,
ਮੜਕ ਨਾਲ ਉਠਾਂਵਦੇ ਪੈਰ ਤਿੰਨੇਂ ।
ਅਗਨ-ਬੋਟ, ਤੇ ਸ਼ੇਰ, ਸੰਸਾਰ ਤੀਜਾ,
ਸਿੱਧੇ ਜਾਣ ਦਰਿਆ 'ਚੋਂ ਤੈਰ ਤਿੰਨੇਂ ।
ਝੂਠ ਬੋਲਦੇ, ਬੋਲਦੇ ਸੱਚ ਥੋੜ੍ਹਾ,
ਠੇਕੇਦਾਰ, ਵਕੀਲ ਤੇ ਸ਼ਾਇਰ ਤਿੰਨੇਂ ।
ਇੱਕ ਸਰਪ ਤੇ ਹੋਰ ਬੰਡਿਆਲ, ਠੂੰਹਾਂ,
ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇਂ ।
ਛਾਲ ਮਾਰ ਦੀਵਾਰ ਨੂੰ ਟੱਪ ਜਾਂਦੇ,
ਨ੍ਹਾਰ, ਚੋਰਟਾ, ਲੱਲਕਰੀ ਟੈਰ ਤਿੰਨੇਂ ।
ਜੂਏਬਾਜ਼ ਤੇ ਟਮਟਮਾਂ ਵਾਹੁਣ ਵਾਲਾ,
ਅਤੇ ਵੇਸਵਾ ਸ਼ਰਮ ਬਗ਼ੈਰ ਤਿੰਨੇ ।
ਨਾਚਾ, ਨਕਲੀਆ ਔਰ ਗਾਮੰਤਰੀ ਵੀ,
ਜਿੱਥੇ ਖੜਨ ਲਗਾਂਵਦੇ ਲਹਿਰ ਤਿੰਨੇਂ ।
ਨਵਾਂ ਆਸ਼ਕੀ, ਤੇ ਗਧਾ, ਗਾਹ ਵਾਲਾ,
ਠੀਕ ਭਾਲਦੇ ਸਿਖਰ ਦੁਪਹਿਰ ਤਿੰਨੇਂ ।
ਸ਼ਾਹੂਕਾਰ, ਹਕੀਮ, ਕਲਰਕ ਤੀਜਾ,
ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇਂ ।
ਊਠ, ਸਾਹਨ ਤੇ ਅਉਰ ਪਠਾਨ ਤੀਜਾ,
ਦਿਲੋਂ ਨਹੀਂ ਗੰਵਾਂਵਦੇ ਵੈਰ ਤਿੰਨੇਂ ।
'ਰਜਬ ਅਲੀ' ਗ਼ੁਲਾਮ ਤੇ ਜੱਟ, ਚੂਹੜਾ,
ਰੱਜੇ ਨਹੀਂ ਗੁਜ਼ਾਰਦੇ ਖ਼ੈਰ ਤਿੰਨੇਂ ।

2. ਚਾਰ ਦਾ ਬੈਂਤ

ਸਾਇਆ ਸੰਘਣੀ ਸਰਦ ਜ਼ਰੂਰ ਦਿੰਦੇ,
ਪਿੱਪਲ, ਨਿਮ, ਸ਼ਰੀਂਹ ਤੇ ਬੋਹੜ ਚਾਰੇ ।
ਦੁੱਖ ਦੇਣ ਨ ਚੱਲੀਏ ਪੈਰ ਨੰਗੇ,
ਕੰਡਾ, ਕੰਚ, ਅਰ ਠੀਕਰੀ, ਰੋੜ ਚਾਰੇ ।
ਪਿੱਛੇ ਲੱਗੀਆਂ ਲਹਿਣ ਬੀਮਾਰੀਆਂ ਨਾ,
ਦੱਦ, ਖੰਘ, ਅਧਰੰਗ ਤੇ ਕੋਹੜ ਚਾਰੇ ।
ਵੱਸ ਭੂਤ, ਸਪੂਤ, ਸਰਵੈਂਟ, ਚੇਲਾ,
ਨਹੀਂ ਕਰਨ ਜ਼ਬਾਨ ਸੇ ਮੋੜ ਚਾਰੇ ।
ਦਾਤਾ, ਭੰਡ, ਗੰਢ-ਕੱਟ, ਜੁਆਰੀਆ ਵੀ,
ਧਨ ਦਿਨ ਮੇਂ ਦੇਣ ਨਖੋੜ ਚਾਰੇ ।
ਜਤੀ, ਸਖ਼ੀ, ਅਵਤਾਰ ਤੇ ਹੋਰ ਸੂਰਾ,
ਠੀਕ ਰੱਖਦੇ ਧਰਮ ਦੀ ਲੋੜ ਚਾਰੇ ।
ਦਿਲ, ਦੁੱਧ ਤੇ ਕੰਚ ਸਮੇਤ ਪੱਥਰ,
ਫਟੇ ਜੁੜਨ ਨ ਫੇਰ ਲਗ ਜੋੜ ਚਾਰੇ ।
ਸੱਸੂ, ਹਰਨ, ਜੈਕਾਲ ਸਮੇਤ ਲੂੰਬੜ,
ਕੁੱਤਾ ਦੇਖਕੇ ਜਾਣ ਸਿਰ ਤੋੜ ਚਾਰੇ ।
ਠਾਣੇਦਾਰ, ਮੁਟਿਆਰ, ਚਕੋਰ, ਹਾਥੀ,
ਜਦੋਂ ਤੁਰਨਗੇ ਕਰਨ ਮਰੋੜ ਚਾਰੇ ।
ਇੱਕ ਵੇਲਣਾ, ਜੋਕ ਤੇ ਭੌਰ, ਮੱਖੀ,
ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ ।
ਦੂਤੀ, ਚੁਗ਼ਲ, ਅੰਗਰੇਜ਼, ਬਦਕਾਰ ਤੀਵੀਂ,
ਦੇਣ ਯਾਰ ਸੇ ਯਾਰ ਵਿਛੋੜ ਚਾਰੇ ।
'ਰਜਬ ਅਲੀ' ਕਬਿੱਤ ਤੇ ਬੈਂਤ ਦੋਹਰਾ,
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ ।

3. ਪੰਜ ਦਾ ਬੈਂਤ

ਗਊ, ਛੱਤਰੀ, ਕੰਨਿਆਂ, ਮੱਲ, ਸਾਧੂ,
ਕਲੂ ਕਾਲ ਮੇਂ ਛੋੜ ਗਏ ਸੱਤ ਪੰਜੇ ।
ਥਿੰਦਾ, ਦੁੱਧ, ਬਦਾਮ, ਤੇ ਮਾਸ ਆਂਡੇ,
ਆਹਾ ਥੋਕ ਵਧਾਂਵਦੇ ਰੱਤ ਪੰਜੇ ।
ਠੱਗੀ, ਚੋਰੀਆਂ, ਚੁਗ਼ਲੀਆਂ, ਝੂਠ, ਜੂਆ,
ਡੋਬ ਦੇਣ ਇਨਸਾਨ ਨੂੰ ਧੱਤ ਪੰਜੇ ।
ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ,
ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ ।
ਰੂਈ, ਰੇਸ਼ਮ, ਉੰਨ, ਤੇ ਸਣ, ਕਿਉੜਾ,
ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ ।

4. ਛੇ ਦਾ ਬੈਂਤ

ਪਹਿਰੇਦਾਰ, ਰਾਖਾ, ਬਿੰਡਾ, ਬਾਲ, ਕੁੱਤਾ,
ਅਤੇ ਕਾਗਲਾ ਪਾਉਣਗੇ ਡੰਡ ਛੀਏ ।
ਵਾਲਦੈਨ, ਹਕੀਮ ਤੇ ਨਾਰ, ਨੌਕਰ,
ਮਿੱਤਰ, ਪੀਰ ਦੁੱਖ ਲੈਣਗੇ ਵੰਡ ਛੀਏ ।
ਸ਼ੇਰ, ਸੂਰਮਾ, ਨਾਗ, ਸੰਸਾਰ, ਬਿੱਛੂ,
ਬਾਜ਼ ਹਰਖ ਕੇ ਕਰਨ ਨਾ ਕੰਡ ਛੀਏ ।
ਉਹ ਤਾਂ ਮੌਤ ਦਾ ਖ਼ੌਫ਼ ਨਾ ਕਰਨ ਕੋਈ,
ਸਗੋਂ ਵੱਧ ਫੈਲਾਂਵਦੇ ਝੰਡ ਛੀਏ ।
ਕੀੜੇ, ਆਹਣ, ਕੁਆਰੀ, ਕੂੰਜ, ਮ੍ਰਿਗ, ਬੇੜਾ,
ਧੋਖਾ ਖਾਣ ਜੇ ਛੋਡਗੇ ਮੰਡ ਛੀਏ ।
ਬਾਹਮਣ, ਬਾਣੀਏਂ, ਜੈਨ, ਰਜਪੂਤ, ਸੱਯਦ,
ਜ਼ਿਆਦਾ ਭਾਵੜੇ ਭੋਗਦੇ ਰੰਡ ਛੀਏ ।
ਛੇੜੂ, ਛੜਾ, ਪਾਹੜਾ, ਨਾਈ ਡੂੰਮ, ਪਾਠੀ,
ਜ਼ਿਆਦਾ ਖਾਣ ਜਹਾਨ ਤੇ ਖੰਡ ਛੀਏ ।
ਠਾਣਾ ਸਿੰਘ, ਫਤਿਹ, ਭਗਤ ਰਾਮ, ਸਾਈਂ,
ਜਾਨਾਂ, ਮੱਘਰ ਨ ਕਰਨ ਘੁਮੰਡ ਛੀਏ ।

16. ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ

ਦੋਹਿਰਾ
ਮੈਂ ਉਸ ਸਿਰਜਨਹਾਰ ਦੀ, ਕੁਦਰਤ ਤੋਂ ਕੁਰਬਾਨ ।
ਹਵਾ ਵਿਚ ਘਲਿਆਰ 'ਤਾ, ਬਿਨ ਥੰਮ੍ਹੀਉਂ ਅਸਮਾਨ ।

ਮਨੋਹਰ ਭਵਾਨੀ ਛੰਦ
ਜਿਹੜਾ ਦੁਨੀਆਂ ਦਾ ਵਾਲੀ, ਲਾ ਕੇ ਸੋਹਣਾ ਬਾਗ਼ ਮਾਲੀ,
ਕਿਤੇ ਦੇਵੇ ਨਾ ਦਿਖਾਲੀ, ਮੇਰੇ ਜ੍ਹੇ ਬੇਹੋਸ਼ ਨੂੰ ।
ਸੌ ਸੌ ਵਾਰੀ ਨਿਉਂਕੇ ਤੇ ਸਲਾਮ ਓਸ ਨੂੰ ।
ਹੇਠਾਂ ਥੰਮ੍ਹ ਨਾ ਘਲਿਆਰੇ, ਕੀ ਅਕਾਸ਼ ਨੂੰ ਸਹਾਰੇ,
ਵੇਖ ਕੇ ਹੈਰਾਨ ਸਾਰੇ, ਕੁਦਰਤ ਮਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਚੰਦ, ਸੂਰਜ, ਚਿਰਾਗ, ਲਾਇਆ ਤਾਰਿਆਂ ਨੇ ਬਾਗ਼,
ਖਾ 'ਜੇ ਚੱਕਰ ਦਿਮਾਗ਼, ਕੀ ਅਕਲ ਵਰਤੀ ?
ਕਿਸ ਬਿਧ ਪਾਣੀ 'ਤੇ ਟਿਕਾਈ ਧਰਤੀ ?
ਲੋਅ ਗਰਮ ਵਗੇ ਫੇਰ, ਕਿਤੋਂ ਚੜ੍ਹ ਆਉਂਦਾ ਨ੍ਹੇਰ,
ਜਿਸ ਵੇਲੇ ਹੋ ਜੇ ਮੇਹਰ, ਸੱਚੀ ਪਾਤਸ਼ਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਕਿਤੇ ਝਾੜ ਨਾਲ ਝਾੜ, ਕਿਤੇ ਜੰਗਲ ਪਹਾੜ,
ਕਿਤੇ ਧਰਤੀ ਨੂੰ ਪਾੜ, ਕੇ ਵਗਾਈਆਂ ਨਦੀਆਂ ।
ਵਗਦੀਆਂ ਨੂੰ ਚੱਲਆਿਂ ਗੁਜ਼ਰ ਸਦੀਆਂ ।
ਹਰੇ ਰੁੱਖ ਫੁੱਲ ਬੂਰ, ਮੇਵੇ ਨਾਲ ਭਰਪੂਰ,
ਛਾਵੇਂ ਬਹਿ ਕੇ ਹੋ 'ਜੇ ਦੂਰ, ਤਕਲੀਫ਼ ਰਾਹੀ ਦੀ ।
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਪਰਵਾਹ ਕੀ ਤੇਰੇ ਘਰ, ਜ਼ਰੀ, ਪੱਟ ਦੀ ਨਾ ਸਰ,
ਸੋਨਾ ਚਾਂਦੀ ਦਿੱਤੇ ਕਰ, ਤੂੰ ਮਿੱਟੀ 'ਚੋਂ ਪੈਦਾ ਹੈ,
ਹੀਰੇ ਮੋਤੀਆਂ ਦੀ ਭਟਕ ਅਲਹਿਦਾ ਹੈ ।
ਬਾਲੂ-ਸ਼ਾਹੀ ਤੇ ਬਦਾਨੇ, ਪੇੜੇ, ਰਿਉੜੀਆਂ, ਮਖਾਣੇ,
ਬੰਦਿਆ ਲੈ ਲਾ ਮਨ ਭਾਣੇ, ਜਿਹੜੀ ਚੀਜ਼ ਚਾਹੀਦੀ ?
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਇਨਸਾਨ ਬੇ-ਯਕੀਨਾ, ਕਿਤੇ ਟਿਕੇ ਨਾ ਟਿਕੀਨਾ,
ਲਾਈਆਂ ਪੇਟ 'ਚ ਮਸ਼ੀਨਾਂ, ਦੁੱਧ ਬਣੇ ਰੱਤ ਦਾ,
ਕੌਣ ਅੰਦਾਜ਼ਾ ਲਾਵੇ ਤੇਰੀ ਮੱਤ ਦਾ ।
ਕੇਹੋ-ਕੇਹੋ ਜੇ ਸਰੀਰ, ਕਿਤੇ ਸੋਹਣੀ ਕਿਤੇ ਹੀਰ,
ਤੇਰੇ ਜੈਸੀ ਤਸਵੀਰ, ਨਾ ਕਿਸੇ ਤੋਂ ਲਾਹੀਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਜੱਗ ਰੰਗਲਾ ਬਣਾ 'ਤਾ, ਜੋ ਸ਼ੈ ਮੰਗੇ ਰੂਹ ਰਜਾ 'ਤਾ,
ਤੂਂ ਹੈਂ ਦਾਤਿਆਂ ਦਾ ਦਾਤਾ, ਦੇ ਕੇ ਪਛਤਾਉਂਦਾ ਨ੍ਹੀਂ,
ਤੇਰੀ ਮਿਹਰ ਬਾਨੀ ਦਾ ਅੰਤ ਆਉਂਦਾ ਨ੍ਹੀਂ ?
ਮਾਂ ਤੇ ਬਾਪ, ਪੁੱਤ, ਧੀ ਦੀ, ਚੋਗ ਮੁੱਕ ਜਾਂਦੀ ਜੀਹਦੀ,
ਫੜੀ ਜਾਂਦੇ ਦੀ ਨਾ ਦੀਹਦੀ, ਸ਼ਕਲ ਸਿਪਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਲੈ ਕੇ ਆਵੇ ਜਾਂ ਮਨੋਸ਼, ਤੇ ਟਿਕਾਣੇ ਆਵੇ ਹੋਸ਼,
ਹੋ ਜੇ ਚਾਰੇ ਪਾਸੇ ਰੋਸ਼,ਨੀ, ਅੰਧੇਰਾ ਚੱਕ ਦੇ,
ਖੁਲ੍ਹ ਜਾਣ ਦੋਵੇਂ ਨੇਤਰ ਪਟੱਕ ਦੇ ?
ਕੋਈ ਲਗਦਾ ਨਾ ਪਤਾ, ਚੰਗੂੰ ਦੱਸ ਵਜ਼੍ਹਾ-ਕਤਾ,
'ਰਜ਼ਬ ਅਲੀ ਖਾਂ' ਦੀ ਖ਼ਤਾ, ਬਖ਼ਸ਼ ਗੁਨਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

17. ਗੁਰੂ ਨਾਨਕ ਸਾਂਝੇ ਕੁੱਲ ਦੇ ਐ

ਦੋਹਿਰਾ
ਗੁਰੂ ਨਾਨਕ ਦੇ ਵਾਂਗ ਜੋ, ਭਜਨ ਕਰਨ ਭਜਨੀਕ ।
ਸਿੱਖ ਸੇਵਕ ਉਸ ਮੰਜ਼ਿਲ ਤੇ, ਪਹੁੰਚ ਜਾਂਮਦੇ ਠੀਕ ।

ਤਰਜ਼
ਦੇਵਾਂ ਕਾਵਿ ਸੁਣਾ ਹੱਸ-ਹੱਸ ਮੈਂ, ਬੜਾ ਭਰ 'ਤਾ ਤਰਜ਼ ਵਿੱਚ ਰਸ ਮੈਂ,
ਕਰਾਂ ਪਹਿਲੇ ਗੁਰਾਂ ਦਾ ਜੱਸ ਮੈਂ, ਮੇਰੀ ਜੀਭ ਕੀ ਸਿਫ਼ਤ ਕਰ ਸਕਦੀ ਐ ।
ਕਲਮ ਲਿਖਦੀ ਰਹੀ, ਲਿਖ ਥਕਦੀ ਐ ।
ਲਿਆ ਉੱਤਮ ਬੰਸ ਵਿਚ ਜਰਮ ਐਂ, ਹੁੰਦਾ ਪਿਤਾ ਦੇ ਦੁਆਰੇ ਧਰਮ ਐਂ,
ਪਿੰਡਾ ਨਰਮ ਮਖ਼ਮਲੋਂ ਨਰਮ ਐਂ, ਚਿਹਰਾ ਵਾਂਗ ਗੁਲਾਬੀ ਫੁੱਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਗੱਲ ਰੱਬ ਦੇ ਬੰਦੇ ਦੀ ਤੋਰੀ, ਡਾਢੇ ਰੰਗਤ ਬਣਾ 'ਤੀ ਗੋਰੀ,
ਅੱਖ ਰਸ ਦੀ ਭਰੀ ਕਟੋਰੀ, ਪਿੰਡਿਉਂ ਕਸਤੂਰੀ ਮਹਿਕੇ ਜੀ ।
ਮੱਥਾ ਚੰਦਰਮਾਂ ਵਾਂਗੂੰ ਟਹਿਕੇ ਜੀ ।
ਤਸਵੀਰ ਬਣੀ ਮਨ-ਮੋਹਣੀ, ਕੱਦ 'ਮਿਆਨਾ' ਸਜੇ ਖੜ੍ਹੋਣੀ,
ਦੰਦਰਾਲ ਯੂਸਫ਼ੋਂ ਸੋਹਣੀ, ਜਬ ਹਸਦੇ ਫ਼ਲਾਵਰ ਡੁਲ੍ਹਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਜਦੋਂ ਗੁਰੂ ਸੀ ਉਮਰ ਦੇ ਲੈਰੇ, ਮੱਝਾਂ ਚਾਰਨ ਇੱਕ ਜਾ ਬਹਿ ਰ੍ਹੇ,
ਪੈ ਗਏ ਧੁੱਪ ਵਿਚ ਸਿਖ਼ਰ ਦੁਪਹਿਰੇ, ਜਬ ਸੂਰਜ ਸਿਰ ਤੇ ਆਇਆ ਸੀ ।
ਸੱਪ ਫਨ ਦਾ ਕਰ 'ਤਾ ਸਾਇਆ ਸੀ ।
ਗੱਲ ਕਿਸੇ ਨੇ ਨਗਰ ਵਿੱਚ ਦਸ 'ਤੀ, ਐਥੇ ਐਹੋ ਜ੍ਹੀ ਪਵਿੱਤਰ ਹਸਤੀ,
ਸਾਰੀ ਵੇਖਣ ਜਾਂਦੀ ਬਸਤੀ, ਸੁਣ ਪੜਦੇ ਕੰਨਾਂ ਦੇ ਖੁਲ੍ਹਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਘਰ ਖੱਤਰੀ ਦੇ ਜਨਮ ਜਹਾਨਾਂ, ਦੂਜਾ ਬਾਲਾ ਜਾਟ ਦੀਵਾਨਾ,
ਤੀਜਾ ਮੀਰ ਰਲਿਆ ਮਰਦਾਨਾ, ਕੱਠੇ ਬਹਿਕੇ ਸਾਜ਼ ਵਜਾਉਂਦੇ ਸੀ ।
ਰੱਬ ਨਾਂ ਦੇ ਸੋਹਲੇ ਗਾਉਂਦੇ ਸੀ ।
ਦੇਵੇ ਛੂਤ ਢੁੱਕਣ ਨਾ ਨੇੜੇ, ਵੜੇ ਭੂਤ-ਭਰਮ ਨਾ ਵੇਹੜੇ,
ਬਹਿ ਕੇ ਤਿੱਕੜੀ ਰਾਗ ਨੂੰ ਛੇੜੇ, ਪਰ ਨਗਮੇਂ ਜਿਉਂ ਬੁਲਬੁਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਗੁਰੂ ਹਰਿ ਦਾ ਦੁਆਰਾ ਮੱਲਿਆ, ਦੀਵਾ ਅੰਦਰ ਨਾਮ ਦਾ ਜਲਿਆ,
ਪਿਤਾ ਕਾਲੂ ਵਣਜ ਨੂੰ ਘੱਲਿਆ, ਸੱਚੇ ਕਰੇ ਸੇ ਸੌਦੇ ਜੀ ।
ਨਾਲ ਮੁਸ਼ਕਲ ਮਿਲਦੇ ਅਹੁਦੇ ਜੀ ।
ਤੋਲੇ ਤੱਕੜੀ ਤੇ ਪਕੜ ਪੰਸੇਰਾ, ਸ਼ਾਵਾ ਧਨ ਤਿਆਗੀ ਸ਼ੇਰਾ,
ਕਹੀ ਜਾਂਦੇ 'ਤੇਰਾ ਤੇਰਾ', ਬਸ ਦਾਣੇ ਸਾਰੇ ਤੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਗਏ ਪਰਬਤ ਤੇ ਇਕ ਵਾਰੀ, ਉੱਥੇ ਝਗੜਿਆ 'ਪੀਰ ਕੰਧਾਰੀ',
ਉਹਨੇ ਡੇਗ 'ਤੀ ਪਹਾੜੀ ਭਾਰੀ, ਫੜ ਗੁਰੂ ਨਾਨਕ ਦੇ ਉੱਤੇ ਜੀ ।
ਤਿੰਨੇ ਰਹਿ ਜਾਵਣਗੇ ਸੁੱਤੇ ਜੀ ।
ਸ਼ਾਇਰ ਕਰੇ ਨਾ ਵਡਿਆਈ ਫੋਕੀ, ਇੱਕ ਹੱਥ ਤੇ ਪਹਾੜੀ ਰੋਕੀ,
'ਪੰਜਾ ਸਾਹਿਬ' ਕਹਿਣ ਕੁਲ ਲੋਕੀ, ਸਿੱਖ ਯਾਦ ਰੱਖਣ ਨਹੀਂ ਭੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਕਰੇ ਤੀਰਥ ਦੂਰ ਵਲੈਤਾਂ, ਅਦਿ ਰਚਿਆ ਗਰੰਥ ਹਕੈਤਾਂ,
ਉੱਤੇ ਲਿਖੀਆਂ ਕੁਰਾਨੀਂ ਐਤਾਂ, ਗਲ ਭਗਮੇਂ ਚੋਲੇ ਸੱਜ ਗਏ ਸੀ ।
ਨਾਲੇ ਕਰਨ ਮੱਕੇ ਦਾ ਹੱਜ ਗਏ ਸੀ ।
ਗੁਰੂ ਨਾਨਕ ਜੀ ਅਲਬੇਲੇ, ਜਿੱਥੇ ਬਹਿ ਗਏ ਲੱਗ ਗਏ ਮੇਲੇ,
ਸਿੱਖ ਬਣ ਗਏ ਕਰੋੜਾਂ ਚੇਲੇ, ਪਰਚਾਰ ਸਣੌਂਦੇ ਮੁੱਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

'ਬਾਬੂ' ਛੱਡ ਗਏ ਬਿਰਧ ਹੋ ਚੋਲੇ, ਸੱਚੇ ਸਾਹਿਬ ਨੇ ਬੁਲਾ ਲਏ ਕੋਲੇ,
ਲੋਕਾਂ ਮਗਰੋਂ ਪਰੋਲੇ ਫੋਲੇ, ਲੈ ਗਿਆ ਪਾਸ ਬੁਲਾ ਕੇ ਕਾਦਰ ਸੀ ।
ਦੋਹਾਂ ਦੀਨਾਂ ਨੇ ਵੰਡ ਲਈ ਚਾਦਰ ਜੀ ।
ਦੱਸੋ ਮਗਰੋਂ ਫਿਰਨ ਕੀ ਲੱਭਦੇ, ਇੱਕ ਫੂਕਣ ਤੇ ਇੱਕ ਦੱਬਦੇ,
ਨੂਰ ਰਲ ਗਿਆ ਨੂਰ ਵਿਚ ਰੱਬ ਦੇ, ਸਿਰ ਛਤਰ ਸ਼ਹਾਨਾਂ ਝੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

18. ਦਸ਼ਮੇਸ਼-ਮਹਿਮਾ ਦੇ ਕਬਿੱਤ

੧.
ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ,
ਗੱਲ ਤੇ ਮਰਨ ਵਾਲੇ, ਦੇਸ਼ ਦੇ ਨਰੇਸ਼ ਗੁਰ ।
ਛਾਂਟਮੇਂ ਸ਼ਰੀਰ ਵਾਲੇ, ਤੇ ਧਣਸ਼ ਤੀਰ ਵਾਲੇ,
ਸੋਹਣੀ ਤਸਵੀਰ ਵਾਲੇ, ਚੰਦ ਜੈਸੇ ਫ਼ੇਸ ਗੁਰ ।
ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,
ਕੰਮ ਅਣ-ਥੱਕਿਆਂ ਵਾਲੇ ਕਰਨ ਹਮੇਸ਼ ਗੁਰ ।
'ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ । (੧)

੨.
ਰਾਜਧਾਨੀ ਰਾਜਾਂ ਵਾਲੇ, ਜੋੜੇ ਘੋੜੇ ਸਾਜ਼ਾਂ ਵਾਲੇ,
ਚਿੱਟਿਆਂ ਚਿੱਟਿਆਂ ਬਾਜਾਂ ਵਾਲੇ, ਦਾਸ ਦਾ ਆਦੇਸ ਗੁਰ ।
ਉੱਚਿਆਂ ਜੈਕਾਰਿਆਂ ਵਾਲੇ, ਤਾਜ ਝਮਕਾਰਿਆਂ ਵਾਲੇ,
ਸੋਹਣਿਆਂ ਦੁਲਾਰਿਆਂ ਵਾਲੇ, ਸੀ ਰਖਾ ਗਏ ਕੇਸ ਗੁਰ ।
ਸੱਚ ਤੇ ਅੜਨ ਵਾਲੇ, ਪਾਪ ਸੇ ਲੜਨ ਵਾਲੇ,
ਜੰਗ ਤੇ ਚੜ੍ਹਨ ਵਾਲੇ, ਹਿੰਦ ਰੱਖੀ ਏਸ ਗੁਰ ।
'ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ । (੨)

੩.
ਬੜੇ ਉੱਚੇ ਸ਼ਾਨ ਵਾਲੇ, ਸੁੱਚੇ ਖ਼ਾਨਦਾਨ ਵਾਲੇ,
ਤੀਰ ਤੇ ਕਮਾਨ ਵਾਲੇ, ਮਾਰਦੇ ਮਲੇਸ਼ ਗੁਰ ।
ਛੂਤ ਨੂੰ ਕੱਢਣ ਵਾਲੇ, ਮਾੜੇ ਨੂੰ ਛੱਡਣ ਵਾਲੇ,
ਵੈਰੀ ਨੂੰ ਵੱਢਣ ਵਾਲੇ, ਚੱਕ 'ਤੇ ਕਲੇਸ਼ ਗੁਰ ।
ਬੁੱਧੂ ਸ਼ਾਹ ਜੇ ਸੁਰ ਵਾਲੇ, ਤੇ ਆਨੰਦ ਪੁਰ ਵਾਲੇ,
ਛਾਤੀ ਉਤੇ ਬੁਰ ਵਾਲੇ, ਫਿਰੇ ਦੇਸ ਪਰਦੇਸ ਗੁਰ ।
'ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ । (੩)

੪.
ਸਰਸਾ ਲੰਘਣ ਵਾਲੇ, ਚਮਕੌਰ 'ਚ ਖੰਘਣ ਵਾਲੇ,
ਰੇਤ ਨੂੰ ਰੰਗਣ ਵਾਲੇ, ਲੜ ਲਾ ਗਏ ਰੇਸ ਗੁਰ ।
ਸਾਕ ਤੇ ਸਕੀਰੀ ਵਾਲੇ, ਨਿੱਕੀ ਜ੍ਹੀ ਪਨੀਰੀ ਵਾਲੇ,
ਉੱਚ-ਪੀਰ ਪੀਰੀ ਵਾਲੇ, ਸੀ ਵਟਾ ਗਏ ਭੇਸ ਗੁਰ ।
ਦੁੱਖ ਮਾਝੇ ਦੇ ਵੰਡਣ ਵਾਲੇ, ਟੁੱਟੀ ਸਿੱਖੀ ਨੂੰ ਗੰਢਣ ਵਾਲੇ,
ਡੱਲੇ ਨੂੰ ਭੰਡਣ ਵਾਲੇ, ਤਲਵੰਡੀ ਪ੍ਰਵੇਸ਼ ਗੁਰ ।
'ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ । (੪)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਬੂ ਰਜਬ ਅਲੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ