Punjabi Poetry : Babu Firoz Din Sharaf
ਬਾਬੂ ਫ਼ੀਰੋਜ਼ਦੀਨ ਸ਼ਰਫ਼ ਦੀ ਚੋਣਵੀਂ ਕਵਿਤਾ
ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ
ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ, ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ । ਸਮਝਾਂ ਫ਼ਾਰਸੀ, ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤ ਅੰਗਰੇਜੀ ਵੀ ਅੰਗਦਾ ਹਾਂ । ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾਂ ਸੰਗਦਾ ਹਾਂ । ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ । ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ, ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ । ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ ਡੋਬ-ਡੋਬ ਕੇ ਜਿੰਦਗੀ ਰੰਗਦਾ ਹਾਂ । ਰਵਾਂ ਇੱਥੇ ਤੇ ਯੂ. ਪੀ. 'ਚਿ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ । ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ।
ਵਾਰ ਚਾਂਦ ਬੀਬੀ1
ਲੋਹਿਆ ਮੁਸਲਿਮ ਔਰਤਾਂ ਦਾ ਦੁਨੀਆਂ ਮੰਨੇ ਪੀਤੇ ਇਨ੍ਹਾਂ ਬਹਾਦਰੀ ਦੇ ਭਰ ਭਰ ਛੰਨੇ ਗੁੱਤਾਂ ਨਾਲ ਦਲੇਰੀਆਂ ਦੇ ਖੰਜਰ ਭੰਨੇ ਮਾਰ ਚਪੇੜਾਂ ਦੰਦ ਨੇ ਸ਼ੇਰਾਂ ਦੇ ਭੰਨੇ ਢਾਲਾਂ ਝੂਲੇ ਝੂਲਕੇ, ਤੇਗ਼ਾਂ ਵਿਚ ਪਲੀਆਂ ਮਹਿਕ ਖਿਲਾਰੀ ਅਣਖ ਦੀ, ਇਸਲਾਮੀ ਕਲੀਆਂ ।1।
2
ਚਾਂਦ ਬੀਬੀ ਹੈ ਉਨ੍ਹਾਂ 'ਚੋਂ, ਇਕ ਹੋਈ ਸੁਆਣੀ ਅਲੀ ਅਦਲ ਸ਼ਾਹ ਮਰ ਗਿਆ, ਰਹੀ ਬੇਵਾ ਰਾਣੀ ਬੀਜਾਪੁਰ ਦੇ ਰਾਜ ਦੀ, ਤੋੜਨ ਲਈ ਤਾਣੀ ਭਰ ਭਰ ਆਇਆਂ ਦੂਤੀਆਂ ਦੇ, ਮੂੰਹ ਵਿਚ ਪਾਣੀ ਚਾਂਦ ਬੀਬੀ ਨੇ ਤੇਗ਼ ਦੇ, ਉਹ ਚੰਦ ਚੜ੍ਹਾਏ ਵਾਂਗ ਹਨੇਰੇ ਵੈਰੀਆਂ ਦੇ ਨਾਮ ਮਿਟਾਏ ।2।
3
ਪੇਕੇ ਘਰ ਦੀ ਅੱਗ ਨੇ ਪਰ ਭਾਂਬੜ ਲਾਇਆ ਕਾਸਦ ਅਹਿਮਦ ਨਗਰ ਦਾ, ਪੈਗ਼ਾਮ ਲਿਆਇਆ 'ਦਲ ਅਕਬਰ ਦਾ ਦਿੱਲੀਓਂ, ਹੈ ਚੜ੍ਹਕੇ ਆਇਆ ਸ਼ਾਹਜ਼ਾਦੇ ਮੁਰਾਦ ਨੇ, ਹੈ ਖੌਰੂ ਪਾਇਆ ਆਏ ਲਸ਼ਕਰ ਚੋਣਵੇਂ, ਤੋਪਾਂ ਤਲਵਾਰਾਂ ਖਾਨਿ ਖਾਨਾ ਹੈ ਮਾਰਦਾ, ਜੰਗੀ ਲਲਕਾਰਾਂ' ।3।
4
ਸੁਣਕੇ ਬਾਬਲ ਦੀ ਸਰਹੱਦੀ ਘੇਰੀ ਰੋਹ ਵਿਚ ਉਠੀ ਸ਼ੇਰਨੀ, ਨ ਲਾਈ ਦੇਰੀ ਬੇਰੀ ਵਾਂਗ ਹਲੂਣ ਗਏ ਆ ਜੋਸ਼ ਦਲੇਰੀ ਝੱਖੜ ਲੈ ਕੇ ਫੌਜ ਦਾ, ਬਣ ਚੜ੍ਹੀ ਹਨੇਰੀ ਆ ਕੇ ਅਹਿਮਦ ਨਗਰ ਦੇ, ਸੱਦ ਕੇ ਦਰਬਾਰੀ ਘੜੀਆਂ ਅੰਦਰ ਜੰਗ ਦੀ, ਕਰ ਲਈ ਤਿਆਰੀ ।4।
5
ਓਧਰ ਹੈਸਨ ਦੱਖਣੀ, ਏਧਰ ਮੁਗ਼ਲੇਟੇ ਰਣ ਵਿਚ ਦੋਵੇਂ ਬਣ ਗਏ ਤਾਣੇ ਤੇ ਪੇਟੇ ਦੋਹਾਂ ਅੰਦਰ ਹੀ ਪਈ, ਮਾਰੇ ਪਲਸੇਟੇ ਇਹ ਪਾਣੀ ਦੇ ਬੁਲਬੁਲੇ, ਉਹ ਫੜ ਫੜ ਮੋਟੇ ਲਗਾ ਤੇਗ਼ਾਂ ਬਰਛੀਆਂ ਦਾ, ਇਦਾਂ ਮੇਲਾ ਹੋਵੇ ਜਿਦਾਂ ਕਾਨਿਆਂ ਦਾ ਜੰਗਲ ਬੇਲਾ ।5।
6
ਤੋਪਾਂ ਦੀ ਗੜਗੱਜ ਨੇ ਮੈਦਾਨ ਕੰਬਾਏ ਲਸ਼ਕਰ ਬਣ ਕੇ ਅੱਗ ਦੇ ਲੋਹੇ ਦੇ ਆਏ ਮੀਂਹ ਜਿਨ੍ਹਾਂ ਨੇ ਅੱਗ ਦੇ ਪਿੜ ਵਿਚ ਵਸਾਏ ਦਿਨ ਨੇ ਬਾਣੇ ਮਾਤਮੀ, ਤਨ ਉਤੇ ਪਾਏ ਧੂੰਏਂ ਦੇ ਵਿਚ ਇਸ ਤਰ੍ਹਾਂ ਪੈਂਦੇ ਚਮਕਾਰੇ ਅੰਬਰ ਉਤੇ ਚਮਕਦੇ ਜਿਉਂ ਰਾਤੀਂ ਤਾਰੇ ।6।
7
ਚਾਂਦ ਬੀਬੀ ਨੇ ਓਸ ਥਾਂ ਇਉਂ ਵਾਹੇ ਸਾਂਗੇ ਫੜ ਫੜ ਜਿਦਾਂ ਆਜੜੀ, ਕਈ ਪਿਪਲ ਛਾਂਗੇ ਵਧ ਵਧ ਲੈਂਦੀ ਵੈਰੀਆਂ ਤੋਂ ਇਦਾਂ ਭਾਂਗੇ ਤੁਕਲੇ ਜਿਦਾਂ ਝਾੜਦੇ, ਕੋਈ ਫੜ ਕੇ ਢਾਂਗੇ ਅਣਖ ਅਜ਼ਾਦੀ ਜੋਸ਼ ਦਾ, ਉਹ ਪਿਆਲਾ ਪੀਤਾ ਜੂਲਾ ਪਕੜਿ ਗੁਲਾਮੀਆਂ ਦਾ ਟੋਟੇ ਕੀਤਾ ।7।
8
ਰਾਣੀ ਦੀ ਤਲਵਾਰ ਇਉਂ ਫੇਰੇ ਹੂੰਝੇ ਰਣ ਵਿਚ ਲਾਵੇ ਟੁੱਭੀਆਂ ਜਾ ਨਿਕਲੇ ਖੂੰਜੇ ਇਧਰ ਕੜਕੇ ਮਾਰਦੀ, ਜਾ ਓਧਰ ਗੂੰਜੇ ਟੋਟੇ ਕਰਦੀ ਸਿਰਾਂ ਦੇ, ਧੜ ਕਰਦੀ ਲੂੰਜੇ ਕਿਧਰੇ ਮੋਛੇ ਪਾਂਵਦੀ, ਕਿਤੇ ਫੇਰੇ ਰੰਦੇ ਧੰਦੇ ਕਿਤੇ ਮੁਕਾਂਵਦੀ, ਕਿਤੇ ਤੋੜੇ ਫੰਧੇ ।8।
9
ਅਲੀ ਅਲੀ ਕਰ ਪਾਂਵਦੀ, ਪਈ ਕਿਤੇ ਧਮਾਲਾਂ ਬਾਜ਼ਾਂ ਵਾਂਗੂੰ ਝਰੁਟ ਤੇ, ਸ਼ੀਂਹਣੀ ਦੀਆਂ ਛਾਲਾਂ ਕਿਧਰੇ ਤੇਗ਼ਾਂ ਤੋੜਦੀ, ਕਿਤੇ ਭੰਨੇ ਢਾਲਾਂ ਬੰਦ ਕਿਲੇ ਵਿਚ ਬੈਠ ਕੇ, ਕਈ ਚਲੇ ਚਾਲਾਂ ਰਾਤੀਂ ਉਠ ਉਠ ਮਾਰਦੀ, ਉਹ ਕਿਧਰੇ ਛਾਪੇ ਘਰ ਘਰ ਜਾ ਮੁਗ਼ਲਾਣੀਆਂ ਦੇ ਪਏ ਸਿਆਪੇ ।9।
10
ਜਿਹੜੀ ਗੁੱਠੇ ਓਸ ਦਾ, ਜਾ ਘੋੜਾ ਧਮਕੇ ਟੁੱਟੇ ਮਣਕਾ ਧੌਣ ਦਾ, ਸਿਰ ਆਪੇ ਲਮਕੇ ਬੁਰਕੇ ਵਿਚੋਂ ਚਾਂਦ ਦਾ, ਇਉਂ ਚਿਹਰਾ ਚਮਕੇ ਕਾਲੀ ਘਟ ਵਿਚ ਜਿਸ ਤਰ੍ਹਾਂ, ਪਈ ਬਿਜਲੀ ਦਮਕੇ ਜ਼ਿਰ੍ਹਾ ਬਕਤਰ ਲਿਸ਼ਕਦਾ, ਸਿਰ ਖੋਦ ਸੁਹਾਵੇ ਮੱਛੀ ਬਣ ਬਣ ਤਾਰੀਆਂ, ਪਈ ਰਣ ਵਿਚ ਲਾਵੇ ।10।
11
ਦਲ ਮੁਗ਼ਲਾਂ ਦਾ ਕੰਬਿਆ, ਉਡੀਆਂ ਫਖਤਾਈਆਂ ਖਾਨਖਾਨਾ ਨੇ ਕੀਤੀਆਂ ਪਰ ਇਹ ਸਫਾਈਆਂ ਧਰਤੀ ਅੰਦਰ ਕਿਲ੍ਹੇ ਤੱਕ ਸੁਰੰਗਾਂ ਕਢਵਾਈਆਂ ਗੱਡੇ ਘੱਲ ਬਾਰੂਦ ਦੇ, ਉਹ ਸਭ ਭਰਾਈਆਂ ਇਧਰ ਆਣ ਜਸੂਸ ਨੇ, ਕੁਲ ਖਬਰ ਪੁਚਾਈ ਚਾਂਦ ਬੀਬੀ ਨੇ ਉਠ ਕੇ ਇਹ ਅਕਲ ਲੜਾਈ ।11।
12
ਇਕ ਸੁਰੰਗ ਤੇ ਲੱਭ ਕੇ, ਪਾਣੀ ਭਰਵਾਇਆ ਐਪਰ ਦੂਜੀ ਸੁਰੰਗ ਦਾ, ਕੁਝ ਪਤਾ ਨਾ ਆਇਆ ਉਧਰ ਜਾ ਮੁਰਾਦ ਨੂੰ, ਇਹ ਕਿਸੇ ਸੁਣਾਇਆ ਗਿਆ ਤੁਹਾਡੀ ਚਾਲ ਦੇ ਸਿਰ ਪਾਣੀ ਪਾਇਆ ਗੁੱਸੇ ਵਿਚ ਮੁਰਾਦ ਨੇ, ਇਹ ਕਾਰਾ ਕੀਤਾ ਲਾਇਆ ਜਾ ਬਰੂਦ ਨੂੰ, ਫੜ ਅੱਗ ਪਲੀਤਾ ।12।
13
ਇਕ ਸੁਰੰਗ ਤੇ ਬਚ ਗਈ, ਪਰ ਦੂਜੀ ਉੱਡੀ ਇਟਾਂ ਏਦਾਂ ਉਡੀਆਂ ਜਿਉਂ ਉੱਡੇ ਗੁੱਡੀ ਵੇਖ ਵੇਖ ਕੇ ਦੁਸ਼ਮਣਾਂ ਨੇ ਪਾਈ ਲੁੱਡੀ ਹਾਰੇ ਮੂਲ ਨਾ ਹੌਂਸਲੇ, ਪਰ ਬੇੜਾ ਬੁਡੀ ਰਾਤੋ ਰਾਤ ਕਿਲੇ ਦਾ ਕੁਲ ਕੋਟ ਬਣਾਇਆ ਫਜ਼ਰੇ ਉਠ ਮੁਰਾਦ ਨਾਲ ਫਿਰ ਮੱਥਾ ਲਾਇਆ ।13।
14
ਗ਼ੈਰਤ ਅੰਦਰ ਸ਼ੇਰਨੀ ਇਉਂ ਕੀਤੇ ਹੱਲੇ ਰਣ ਦੇ ਅੰਦਰ ਰੱਤ ਦੇ ਪਰਨਾਲੇ ਚੱਲੇ ਸੀਸ ਜੜਾਂ ਤੋਂ ਲਾਹ ਲਾਹ ਰੂਹ ਏਨੇ ਘੱਲੇ ਆਖੇ ਮਲਕੁਲ-ਮੌਤ ਵੀ, ਪਿਆ ਬੱਲੇ ਬੱਲੇ ਧਾਈਆਂ ਕਰ ਕਰ ਜੋਸ਼ ਵਿਚ ਇਉਂ ਸਫਾਂ ਉਡਾਈਆਂ ਜਿਦਾਂ ਫੜ ਫੜ ਲਾਪਰੇ, ਕੋਈ ਉਤੋਂ ਧਾਈਆਂ ।14।
15
ਖਤਰੇ ਵਿਚ ਮੁਰਾਦ ਨੇ ਜਾਂ ਇੱਜ਼ਤ ਡਿਠੀ ਦਾਨਸ਼ਮੰਦੀ ਨਾਲ ਗੱਲ ਇਉਂ ਨਜਿੱਠੀ ਹਰਫ਼ਾਂ ਵਿਚ ਮਿਠਾਸ ਦੀ, ਰਸ ਭਰ ਕੇ ਮਿੱਠੀ ਚਾਂਦ ਬੀਬੀ ਵਲ ਮਾਣ ਦੀ, ਇਹ ਲਿਖੀ ਚਿੱਠੀ- 'ਤੂੰ ਬਰਾਬਰ ਸ਼ੇਰਨੀ, ਹੈਂ ਮੁਸਲਿਮ ਬੱਚੀ ਅਗਨਿ ਲਗਨ ਹੈ ਵਤਨ ਦੀ ਤੇਰੇ ਵਿਚ ਸੱਚੀ ।15।
16
'ਧੰਨ ਤੇਰੀ ਉਹ ਮਾਂ ਹੈ ਜਿਸ ਤੈਨੂੰ ਜਾਇਆ ਧੰਨ ਤੇਰਾ ਇਹ ਜੋਸ਼ ਹੈ, ਜਿਸ ਵਤਨ ਬਚਾਇਆ ਸਾਥੋਂ ਤੇਰੀ ਤੇਗ਼ ਨੇ ਇਹ ਮੁੱਲ ਪਵਾਇਆ ਵਤਨ ਤੇਰੇ ਤੋਂ ਫੌਜ ਨੂੰ ਅਸਾਂ ਪਿਛਾਂਹ ਹਟਾਇਆ ਚਾਂਦ ਬੀਬੀ ਨ ਕਹੇਗਾ, ਹੁਣ ਤੈਨੂੰ ਕੋਈ ਤੂੰ 'ਚਾਂਦ ਸੁਲਤਾਨ' ਹੈਂ, ਹੁਣ ਅੱਜ ਤੋਂ ਹੋਈ' ।16।
17
ਮੁਗ਼ਲ ਮਾਣ ਮੱਤਿਆਂ ਦੇ, ਟੁੱਟੇ ਪਿਆਲੇ ਉਡੇ ਬੱਦਲ ਦੱਖਣੋਂ, ਫੌਜਾਂ ਦੇ ਕਾਲੇ ਏਧਰ ਅਹਿਮਦ ਨਗਰ ਵਿਚ, ਲੈ ਖੁਸ਼ੀ ਉਛਾਲੇ ਘਰ ਘਰ ਦੀਵੇ ਘਿਉ ਦੇ, ਪਰਜਾ ਨੇ ਬਾਲੇ ਚਾਂਦ ਬੀਬੀ ਦਾ ਅੱਜ ਵੀ ਕੋਈ ਨਾਂ ਜੇ ਲੈਂਦਾ 'ਸ਼ਰਫ਼' ਅਦਬ ਦੇ ਨਾਲ ਹੈ ਸਿਰ ਨੀਵਾਂ ਪੈਂਦਾ ।17। (ਨੋਟ=ਇਹ ਘਟਨਾ ਸੋਲ੍ਹਵੀਂ ਸਦੀ ਦੇ ਅੰਤ 8-9 ਫਰਵਰੀ 1597 ਦੀ ਹੈ)
ਫਿਰੰਗੀ ਸਰਕਾਰ ਨੂੰ
ਹਰ ਹਰ ਪਾਸਿਉਂ ਚੁਭਣ ਫ਼ਰੇਬ ਤੇਰੇ, ਬਣ ਕੇ ਭੱਖੜੇ ਵਾਂਙ ਚੌਨੁੱਕਰੇ ਵੇ । ਰੋ ਰੋ ਕੇ ਤੇਰਿਆਂ ਵਾਹਦਿਆਂ ਨੂੰ, ਪੈ ਗਏ ਅੱਖੀਆਂ ਵਿੱਚ ਵੀ ਕੁੱਕਰੇ ਵੇ । ਜ਼ਖ਼ਮ ਜਿਗਰ ਦੇ ਪੁੰਗਰੇ ਕਈ ਵਾਰੀ, ਤੇਰੇ ਕੌਲ ਪਰ ਕਦੀ ਨਾ ਪੁੱਕਰੇ ਵੇ । ਅੱਖਰ ਤੇਰਿਆਂ ਝੂਠਿਆਂ ਲਾਰਿਆਂ ਦੇ, ਸਾਡੀ ਹਿੱਕ ਦੀ ਪੱਟੀ ਤੇ ਉੱਕਰੇ ਵੇ ।
ਪੰਜਾਬੀ ਬੋਲੀ
ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ । ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, ਵੇ ਮੈਂ ਬੋਲੀ ਹਾਂ, ਉਨ੍ਹਾਂ ਪੰਜਾਬੀਆਂ ਦੀ ।
ਪੰਜਾਬੀ ਮਾਤਾ ਨੂੰ
ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ, ਤੇਰੇ ਵਾਸਤੇ ਸਾਰੀ ਲੁਟਾ ਦਿਆਂਗਾ । ਲਿਖ ਲਿਖ ਕੁਦਰਤੀ ਭਾਵ ਪ੍ਰੇਮ ਐਸਾ, ਤੇਰੀ ਸ਼ਾਨ ਮੈਂ ਨਵੀਂ ਦਿਖਾ ਦਿਆਂਗਾ ।
ਮੈਂ ਜੱਟੀ ਦੇਸ ਪੰਜਾਬ ਦੀ
ਮੈਂ ਜੱਟੀ ਦੇਸ ਪੰਜਾਬ ਦੀ, ਮੈਨੂੰ ਜਾਣੇ ਕੁੱਲ ਜਹਾਨ । ਮੇਰੇ ਮੱਥੇ ਟਿੱਕਾ ਵੇਖ ਕੇ, ਪਏ ਚੰਦ ਸੂਰਜ ਸ਼ਰਮਾਣ । ਮੈਨੂੰ ਬਾਗ਼ੀਂ ਭੌਰੇ ਵੇਖ ਕੇ, ਫੁੱਲਾਂ ਨੂੰ ਭੁੱਲ ਜਾਣ । ਮੈਨੂੰ ਮੈਲੀ ਨਿਗ੍ਹਾ ਨਾ ਵੇਖ ਤੂੰ, ਮੇਰੀ ਕੰਜ ਕਵਾਰੀ ਸ਼ਾਨ । ਤੂੰ ਜੱਟੀ ਦੇਸ ਪੰਜਾਬ ਦੀ, ਮੈਂ ਜੱਟ ਪੰਜਾਬੀ ਸ਼ੇਰ । ਮੇਰਾ ਹੁਸਨ ਜਵਾਨੀ ਡਲ੍ਹਕਦਾ, ਜਿਉਂ ਸੂਰਜ ਚੜ੍ਹੇ ਉਸ਼ੇਰ । ਮੈਂ ਪਿੜ ਤੇ ਰਣ ਦਾ ਸੂਰਮਾ, ਮੈਨੂੰ ਕਹਿਣ ਜੁਆਨ ਦਲੇਰ । ਉਥੇ ਹੂੰਝਾ ਫਿਰ ਜਾਏ ਗੋਰੀਏ, ਜਿਥੇ ਦੇਵਾਂ ਡਾਂਗ ਉਲੇਰ ।
'ਨੂਰੀ ਦਰਸ਼ਨ' ਵਿੱਚੋਂ
ਪੀਰ ਨਾਨਕ
ਰੁਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ, ਤੇਰੇ ਬੂਹੇ ਦੇ ਜੇੜ੍ਹੇ ਫ਼ਕੀਰ ਨਾਨਕ । ਪੱਕੀ ਸਨਦ ਹੈ ਸਵਰਗ ਦੇ ਵਾਸਤੇ ਇਹ, ਤੇਰੀ ਗੋਦੜੀ ਦੀ ਪਾਟੀ ਲੀਰ ਨਾਨਕ । ਤੇਰੇ ਪੈਰਾਂ ਦੀ ਮਲੀ ਜਿਸ ਖ਼ਾਕ ਪਿੰਡੇ, ਕੁੰਦਨ ਹੋ ਗਿਆ ਓਦ੍ਹਾ ਸਰੀਰ ਨਾਨਕ । ਭਲਾ ਬੰਦੇ ਹਕੀਕਤ ਕੀ ਰੱਖਦੇ ਨੇ, ਕੱਢੇ ਪੱਥਰਾਂ ਦੇ ਵਿੱਚੋਂ ਨੀਰ ਨਾਨਕ । ਹੋਏ ਓਸ ਥਾਂ ਠੀਕਰੇ ਠਾਕਰਾਂ ਦੇ, ਗਏ ਘੱਤ ਕੇ ਜਿਧਰ ਵਹੀਰ ਨਾਨਕ । ਪਾਇਆ ਇੱਕ ਓਂਕਾਰ ਦੇ ਰਾਹ ਸਿੱਧੇ, ਪਾ ਕੇ 'ਇਕ' ਦੀ ਇੱਕ ਲਕੀਰ ਨਾਨਕ । ਜੇੜ੍ਹੇ ਜੇੜ੍ਹੇ ਸਨ ਜ਼ੁਲਮ ਕਮਾਨ ਵਾਲੇ, ਤੁਸਾਂ ਕਰ ਦਿੱਤੇ ਸਿੱਧੇ ਤੀਰ ਨਾਨਕ । ਜਲਵੇ ਨੂਰ ਦੇ ਵੇਖਦਾ ਰਹਾਂ ਹਰਦਮ, ਵੱਸੇ ਅੱਖੀਆਂ ਵਿੱਚ ਤਸਵੀਰ ਨਾਨਕ । ਦੁਨੀਆਂ ਥੱਕ ਗਈ ਏ ਗਿਣ ਗਿਣ ਗੁਣ ਤੇਰੇ, ਪਾਇਆ ਅੰਤ ਨਾ ਗੁਣੀ ਗਹੀਰ ਨਾਨਕ । ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ ? ਗੁਰੂ ਸਿੱਖਾਂ ਦੇ 'ਸ਼ਰਫ਼' ਦੇ ਪੀਰ ਨਾਨਕ ।
ਹਾਰੇ
ਮੈਂ ਕੀ ਗੁਣ ਤੇਰੇ ਬਾਬਾ ਲਿਖਣ ਜੋਗਾ ? ਅੱਗੇ ਕਈ ਲੱਖਾਂ ਲਿਖਣਹਾਰ ਹਾਰੇ । ਤੇਰੇ ਨਾਂ ਪਵਿੱਤਰ ਦੇ ਨੁਕਤਿਆਂ 'ਚੋਂ, ਨੁਕਤੇ ਲੱਭਦੇ ਦੋਵੇਂ ਸੰਸਾਰ ਹਾਰੇ । ਤੇਰੇ ਸਿਮਰਨ ਪਿਆਰੇ ਦੇ ਤੇਜ ਅੱਗੇ, ਚੰਨ ਚੌਦੇਂ ਦਾ ਸਣੇ ਪਰਵਾਰ ਹਾਰੇ । ਤੇਰੇ ਰੁੱਖ ਦੀ ਛਾਂ ਨਾ ਰਤੀ ਹਿੱਲੇ, ਸੂਰਜ ਜਿਹਾਂ ਦੀ ਧੁੱਪ ਬਲਕਾਰ ਹਾਰੇ । 'ਜਿਹਾ ਸਿੱਟਾ ਗੁਰਿਆਈ ਦਾ ਕੱਢਦੈਂ ਤੂੰ, ਪੈਲੀ ਪੁੰਗਰੇ ਤੇ ਜ਼ਿਮੀਦਾਰ ਹਾਰੇ । ਦੱਸੇਂ ਹਰਫ਼ 'ਜਹੇ ਵੇਦ ਕੁਰਾਨ ਵਿੱਚੋਂ, ਪੰਡਤ ਮੌਲਵੀ ਛੱਡ ਤਕਰਾਰ ਹਾਰੇ । ਤੇਰੇ ਮੋਦੀਖਾਨੇ ਰਹਿਣ ਅੰਤ ਵਾਧੇ, ਕਰ ਕਰ ਕਈ ਲੇਖੇ ਅਲੋਕਾਰ ਹਾਰੇ । ਤੇਰੇ ਇੱਕ ਓਅੰਕਾਰ ਦੇ ਸ਼ਬਦ ਸੁਣ ਕੇ, ਕੌਡੇ ਜਹੇ ਰਾਖਸ਼ ਕਈ ਹਜ਼ਾਰ ਹਾਰੇ । ਤੇਰੇ ਮੱਥੇ ਦੀ ਵੇਖ ਕੇ ਸ਼ੁਭ ਰੇਖਾ, ਹੋਣੀ ਜਹੀ ਅਟੱਲ ਸਰਕਾਰ ਹਾਰੇ । ਤੇਰੀ ਚੱਕੀ ਦਾ ਚੱਲਣਾ ਵੇਖ ਕੇ ਤੇ, ਬਾਬਰ ਜੇਹੇ ਅਮੋੜ ਕੱਹਾਰ ਹਾਰੇ । ਦੌਲਤ ਨਾਮ ਦੀ ਵੇਖ ਕੇ ਕੋਲ ਤੇਰੇ, ਸੱਜਣ ਠੱਗ ਜਹੇ ਚੋਰ ਚਕਾਰ ਹਾਰੇ । ਕਿਤੇ ਵਲੀ ਕੰਧਾਰੀ ਜਹੇ ਸੰਗਦਿਲ ਦਾ, ਤੇਰੀ ਸ਼ਕਤੀਓਂ ਕਿਬਰ ਹੰਕਾਰ ਹਾਰੇ । ਗੱਲਾਂ ਡੂੰਘੀਆਂ ਬਾਲੇ ਤੋਂ ਸੁਣ ਸੁਣ ਕੇ, ਉੱਚੇ ਉੱਚੇ ਵਿਚਾਰੇ ਵਿਚਾਰ ਹਾਰੇ । ਐਸੀ ਤਾਰ ਮਰਦਾਨੇ ਨੂੰ ਬੰਨ੍ਹ ਦਿੱਤਾ, ਨਾ ਉਹ ਹਾਰੇ ਨ ਓਹਦੀ ਸਤਾਰ ਹਾਰੇ । ਤੇਰੀ ਬਾਣੀ ਦਾ ਸਾਗਰ ਏ ਬੜਾ ਡੂੰਘਾ, ਲਾ ਲਾ ਟੁੱਬੀਆਂ ਕਈ ਇਲਮਦਾਰ ਹਾਰੇ । ਮੁੱਕੇ ਤੇਰੇ ਭੰਡਾਰ ਅਗਿਣਤ ਦੇ ਨਾ, ਪੌਂਦੇ ਲੁੱਟ ਲੱਖਾਂ ਔਗਣਹਾਰ ਹਾਰੇ । ਖੇਡੀ ਖੇਡ ਤੂੰ ਬਾਬਾ ਜੋ ਅੰਤ ਵੇਲੇ, ਓਹਨੂੰ ਵੇਖਕੇ ਰਿਸ਼ੀ ਅਵਤਾਰ ਹਾਰੇ । ਹਿੰਦੂ ਕਹਿਣ ਸਾਡਾ ਮੁਸਲਿਮ ਕਹਿਣ ਸਾਡਾ, ਦੋਹਾਂ ਵਿੱਚੋਂ ਨਾ ਕੋਈ ਪੰਕਾਰ ਹਾਰੇ । ਆਪ ਕੰਨੀ ਛੁਡਾਈ ਫੜਾਈ ਚਾਦਰ, ਏਧਰ ਪੌਂਦੇ ਇਹ ਡੰਡ ਪੁਕਾਰ ਹਾਰੇ । 'ਸ਼ਰਫ਼' ਆਂਹਦਾ ਏ ਬਾਬਾ ਤੂੰ ਜਿੱਤ ਗਿਓਂ, ਲੜਦੇ ਹੋਰ ਸਾਰੇ ਆਖ਼ਰਕਾਰ ਹਾਰੇ ।
ਬਾਲਾ
ਦਿਲ ਦੀ ਕੁਫ਼ਰ ਸਿਆਹੀ ਮਿਟ ਗਈ, ਕੀਤਾ ਨੂਰ ਉਜਾਲਾ । ਵੇਖ ਗੁਰੂ ਦੇ ਨੈਣ ਨਸ਼ੀਲੇ, ਹੋ ਗਿਆ ਉਹ ਮਤਵਾਲਾ । ਹੇਰੇ ਫੇਰੇ, ਹਰਦਮ ਫੇਰੇ ਮਨ ਮਣਕੇ ਦੀ ਮਾਲਾ । ਧੂੜ ਚਰਨ ਦੀ 'ਸ਼ਰਫ਼' ਹੋਇਆ ਜਦ ਜਗ ਵਿੱਚ ਬਣਿਆ ਬਾਲਾ । (ਬਾਲਾ=ਉੱਚਾ)
ਮਰਦਾਨਾ
ਜਗਦੀ ਜੋਤ ਡਿੱਠੀ ਜਦ ਨੂਰੀ ਉੱਡ ਆਯਾ ਪਰਵਾਨਾ । ਨਾਨਕ ਨਾਮ ਪਯਾਰੇ "ਪੀ" ਦੀ, ਮਦ ਪੀ ਹੋਯਾ ਦਿਵਾਨਾ । ਲੋਕੀਂ ਕਹਿਣ 'ਦੀਵਾਨਾ' ਉਸਨੂੰ, ਉਹ 'ਦੁਰ-ਦਾਨਾ' ਦਾਨਾ, 'ਸ਼ਰਫ਼' ਪਿਆਰੇ ਜ਼ਿੰਦਾ ਹੋਯਾ, ਮਰ ਮਰ ਕੇ ਮਰਦਾਨਾ । (ਦੁਰ-ਦਾਨਾ=ਸੁੱਚਾ ਮੋਤੀ)
ਤੇਗ਼ ਬਹਾਦਰ
ਹਰਗੋਬਿੰਦ ਗੁਰੂ ਦੇ ਪੁੱਤਰ ਤੇਗ਼ ਬਹਾਦਰ ਪਿਆਰੇ । ਮਾਤਾ ਸਾਹਿਬ ਨਾਨਕੀ ਜੀ ਦੇ, ਰੌਸ਼ਨ ਅੱਖੀ ਤਾਰੇ । ਜਿਉਂ ਕਸਤੂਰੀ ਨਾਫੇ ਵਿਚੋਂ ਖ਼ੁਸ਼ਬੂ ਪਈ ਖਿਲਾਰੇ । ਉਮਰ ਨਿੱਕੀ ਵਿਚ, ਗੁਰੂਆਂ ਵਾਲੇ ਲੱਛਣ ਚਮਕੇ ਸਾਰੇ । ਮਾਤ ਪਿਤਾ ਨੇ ਲਾਲ ਪੁੱਤਰ ਦੇ ਦਰਸ਼ਨ ਜਿਸ ਪਲ ਪਾਏ । ਖ਼ੁਸ਼ੀਆਂ ਦੇ ਵਿੱਚ ਮੋਤੀਆਂ ਵਾਲੇ, ਭਰ ਭਰ ਬੁੱਕ ਲੁਟਾਏ । ਡੁਲ੍ਹ ਡੁਲ੍ਹ ਪੈਂਦੀ ਛਾਪੇ ਵਿੱਚੋਂ ਜਿਉਂ ਡਲ੍ਹਕ ਪਿਆਰੇ ਨਗ ਦੀ । ਲਾਟ 'ਉਤਾਰਾਂ ਵਾਲੀ ਵੇਖੀ ਮਸਤਕ ਅੰਦਰ ਜਗਦੀ । ਧਰਮੀ ਰਣ ਵਿੱਚ ਪੁੱਤ ਪਿਆਰਾ ਪੂਰਾ ਜੋਧਾ ਡਿੱਠਾ । ਰਖ ਦਿੱਤਾ ਤਾਂ 'ਤੇਗ਼ ਬਹਾਦਰ' ਨਾਮ ਪਿਆਰਾ ਮਿੱਠਾ ।
ਦੁੱਖਾਂ ਦਾ ਪੰਧ
ਉਦਮ ਕਰਕੇ ਉੱਠ ਬਹੀਂ ਹੁਣ, ਮੇਰੀ ਕਲਮ ਪਿਆਰੀ । ਵਾਟ ਦੁਰੇਡੀ ਵੇਲਾ ਥੋੜ੍ਹਾ, ਤੂੰ ਭੀ ਤੁਰਨੋਂ ਹਾਰੀ । ਸੰਗੀ ਸਾਥੀ ਨਾਲ ਨਾ ਕੋਈ, ਪੈਂਡਾ ਦਰਦਾਂ ਵਾਲਾ । ਮੰਜ਼ਲ ਔਖੀ, ਕੱਟੇ ਸੌਖੀ, ਸੋਚ ਕੋਈ ਉਪਰਾਲਾ । ਆ ਜਾ ਦੋਵੇਂ ਰਾਹੀ ਰਲਕੇ ਗੱਲਾਂ ਕਰਦੇ ਜਾਈਏ । ਨਾਲੇ ਪ੍ਰੇਮ ਵਧੌਂਦੇ ਜਾਈਏ, ਨਾਲੇ ਵਾਟ ਮੁਕਾਈਏ :- ਪਰ ਗੱਲਾਂ ਭੀ ਦਰਦਾਂ ਦੇ ਵਿੱਚ ਭਰੀਆਂ 'ਜਹੀਆਂ ਹੋਵਨ । ਬੇ ਕਿਰਕਾਂ ਦੇ ਹਿਰਦੇ ਸੁਣ ਸੁਣ, ਹੰਝੂ ਹਾਰ ਪਰੋਵਨ । ਖ਼ੁਸ਼ੀਆਂ ਵਾਲੀ ਗੱਲ ਨੂੰ ਹਰ ਕੋਈ, ਦੁਨੀਆਂ ਅੰਦਰ ਭਾਖੇ । ਭਿਣਖ ਪਵੇ ਜੇ ਕਿਧਰੋਂ ਉਹਦੀ, 'ਜੀ ਆਇਆਂ ਨੂੰ' ਆਖੇ । (ਪਰ)-ਦਰਦਾਂ ਵਾਲੇ ਛਾਪੇ ਵੱਲੋਂ ਪੱਲੇ ਸਭ ਸਮੇਟਣ । ਅੱਖਾਂ ਮੀਟਣ, ਨਜ਼ਰ ਨਾ ਆਵੇ, ਸੁਣਕੇ ਕੰਨ੍ਹ ਵਲ੍ਹੇਟਣ । ਦੁੱਖਾਂ ਦੀ ਗੱਲ ਸੁਣਨੇ ਵਾਲਾ, ਵਿਰਲਾ ਲੱਭੇ ਕੋਈ। ਸੱਚ ਪੁੱਛੇਂ ਤਾਂ ਦੁਨੀਆਂ ਅੰਦਰ, ਦੁਖੀਆਂ ਨੂੰ ਨਹੀਂ ਢੋਈ । ਪਰ ਸੁਖੀਆਂ ਦੀ ਪਹੁੰਚ ਨ ਓਥੇ, ਜਿੱਥੇ ਦੁਖੀਏ ਜਾਵਨ । ਮਾਰ ਦੁਗਾੜਾ ਹਹੁਕੇ ਵਾਲਾ, ਆਪਾ ਅਰਸ਼ ਪਹੁੰਚਾਵਨ । ਸੁਖ ਖ਼ੁਸ਼ੀ ਏਹ ਦੁਨੀਆਂ ਅੰਦਰ, ਹੈਣ ਨਗੂਣੇ ਲਾਹੇ । ਦਰਦ ਪਰੇਮ ਬਿਨਾ ਨਾ ਢੋਈ, ਮਿਲਦੀ ਧੁਰ ਦਰਗਾਹੇ । ਬਾਤ ਸੁਣਾ ਕੇ ਦਰਦਾਂ ਵਾਲੀ, ਅਰਸ਼ੀਂ ਝਾਤ ਪਵਾਵਾਂ । ਮੇਰੀ ਪਯਾਰੀ ਆ ਅਜ ਤੇਰਾ ਜੀਵਨ ਸਫਲ ਕਰਾਵਾਂ । ਕੁਦਰਤ ਵਾਂਗੂੰ ਵੇਖੀਂ ਸਭ ਕੁਝ ਮੁੱਖੋਂ ਮੂਲ ਨਾ ਬੋਲੀਂ । ਸਬਰ ਸਿਦਕ ਤੇ ਜ਼ੁਲਮ ਜਬਰ ਨੂੰ ਦਿਲ ਦੇ ਕੰਡੇ ਤੋਲੀਂ । ਫੁੱਲਾਂ ਨੂੰ ਤੇ ਸੂਲਾਂ ਅੰਦਰ ਡਿੱਠਾ ਈ ਲੱਖ ਵਾਰੀ । ਆ ਅਜ ਤੈਨੂੰ ਹੋਰ ਵਖਾਵਾਂ ਖੋਲ੍ਹ ਓਦ੍ਹੀ ਕਰਤਾਰੀ । ਫੁੱਲਾਂ ਅੰਦਰ ਬੂਟੇ ਉੱਗੇ, ਲਾਲਾਂ ਦੇ ਵਿਚ ਪੱਥਰ । ਬਾਦਸ਼ਾਹਾਂ ਦੀ ਝੋਲੀ ਅੰਦਰ, ਦੇਖ ਜ਼ੁਲਮ ਦੇ ਸੱਥਰ । ਦੂਜੇ ਪਾਸੇ ਦੇ ਵਲ ਵੇਖੀਂ ਰਬ ਦੇ ਖ਼ਾਸ ਪਿਆਰੇ । ਰਾਤ ਹਨੇਰੀ ਅੰਦਰ ਕਰਦੇ ਝਿਲ ਮਿਲ ਝਿਲ ਮਿਲ ਤਾਰੇ । ਕੀਕਰ ਦੁੱਖ ਹਜ਼ਾਰਾਂ ਸਹਿੰਦੇ ਧਰਮੋਂ ਮੂਲ ਨਾ ਡੋਲਣ । ਸੀਸ ਕਟਾਵਣ, ਖੱਲ ਲੁਹਾਵਣ, ਭੇਦ ਨਾ ਓਦ੍ਹਾ ਖੋਲ੍ਹਣ । ਮੁੱਦਾ ਕੀ ਅਜ ਆ ਨੀ ਤੈਨੂੰ ਐਸੀ ਗੱਲ ਸੁਣਾਵਾਂ । ਪੰਧ ਦਿੱਲੀ ਦਾ ਦਰਦ ਦਿਲੀ ਵਿਚ, ਤੇਰਾ ਕੁੱਲ ਮੁਕਾਵਾਂ । ਕਿੱਸਾ ਇੱਕ ਸ਼ਹੀਦੀ ਵਾਲਾ ਖੋਲ੍ਹ ਸੁਣਾਵਾਂ ਤੈਨੂੰ । ਰਹਿੰਦੀ ਦੁਨੀਆਂ ਤੀਕਰ ਤੂੰ ਭੀ, ਯਾਦ ਕਰੇਂਗੀ ਮੈਨੂੰ । ਐਸੇ ਖ਼ੂਨ ਪਵਿੱਤਰ ਵਾਲੇ ਤੈਨੂੰ ਦਰਸ ਕਰਾਵਾਂ । ਦਰਸ ਕਰਾਕੇ ਰੱਬੀ ਰੰਗਣ ਤੈਨੂੰ 'ਜਹੀ ਚੜ੍ਹਾਵਾਂ । ਜੇੜ੍ਹੇ ਰਾਹੋਂ ਤੂੰ ਇਕ ਵਾਰੀ, ਲੰਘੇਂ ਕਲਮ ਪਿਆਰੀ । ਖਿੜਨ ਹਕੀਕੀ ਬੂਟੇ ਓਥੇ, ਫੁੱਟੇ ਕੇਸਰ ਕਿਆਰੀ ।
ਕੁਰਬਾਨੀ
ਚੰਨੋ ਨੌਵੀਂ ਸੀ ਚਾਨਣੀ ਰਾਤ ਐਪਰ ਓਹਦਾ ਰੋਗ ਸੀ ਨਿਰਾ ਵਿਜੋਗਣਾਂ ਦਾ । ਗੋਰੇ ਮੁੱਖ ਤੇ ਇਸਤਰ੍ਹਾਂ ਜਰਦੀਆਂ ਸਨ ਹੁੰਦਾ ਰੰਗ ਏ ਜਿਸ ਤਰ੍ਹਾਂ ਰੋਗਣਾ ਦਾ । ਖੁਲ੍ਹੇ ਹੋਏ ਸਨ ਰਿਸ਼ਮਾਂ ਦੇ ਕੇਸ ਬੱਗੇ, ਬੱਧਾ ਹੋਯਾ ਸੀ ਸੰਦਲਾ ਸੋਗਣਾ ਦਾ । ਮੱਥੇ ਸ਼ੁਕ੍ਰ ਬ੍ਰਹਸਪਤ ਨੂੰ ਵੇਖਕੇ ਤੇ ਹੁੰਦਾ ਪਿਆ ਸੀ ਭਰਮ ਕਲਜੋਗਣਾ ਦਾ । ਦਰਦਵੰਦਾਂ ਦੇ ਕਾਲਜੇ ਪੱਛਦੀ ਸੀ ਚਾਘੜ ਹੱਥੜੇ ਖ਼ੁਸ਼ੀ ਪੈ ਹੋਂਵਦੇ ਸਨ । ਨਿੰਮ੍ਹੀ ਵਾ ਤਰੇਲ ਪਈ ਡਿੱਗਦੀ ਸੀ, ਫੁੱਲ ਹੱਸਦੇ ਤੇ ਤਾਰੇ ਰੋਂਵਦੇ ਸਨ । ਦੌਲਤ ਦਰਦ ਦੀ ਖਿਲਰੀ ਪੁੱਲਰੀ ਓਹ ਕੱਠੀ ਕੀਤੀ ਮੈਂ ਬੜੇ ਅਨੰਦ ਅੰਦਰ । ਅਦਬ ਨਾਲ ਮੈਂ ਪਹੁੰਚਿਆ ਸੀਸ ਪਰਨੇ ਮਾਛੀ ਵਾੜੇ ਦੇ ਕਦੀ ਸਾਂ ਪੰਧ ਅੰਦਰ । ਦੋ ਲਾਲ ਸਿਰ-ਹਿੰਦ ਦੇ ਚੁਣੇ ਵੇਖੇ, ਲਿਸ਼ਕਾਂ ਮਾਰਦੇ ਕਦੀ ਸਰਹੰਦ ਅੰਦਰ । ਚੰਦੂ ਚੰਦਰੇ ਦੀ ਲੋਹ ਯਾਦ ਆ ਗਈ ਜਦੋਂ ਵੇਖਿਆ ਉਤ੍ਹਾਂ ਮੈਂ ਚੰਦ ਅੰਦਰ । ਨਿਕਲੀ ਚੰਦ ਦੇ ਸੀਨਿਓਂ ਰਿਸ਼ਮ ਐਸੀ ਆ ਗਈ ਸਿੱਖ ਇਤਹਾਸ ਦਾ ਇਲਮ ਬਣਕੇ । ਮੈਨੂੰ ਦਿੱਲੀ ਦਾ ਸ਼ਹਿਰ ਦਿਖਾ ਦਿੱਤਾ । ਓਹਨੇ ਢਾਈ ਸੈ ਵਰਹੇ ਦਾ ਫ਼ਿਲਮ ਬਣਕੇ । ਡਿੱਠਾ ਪਿੰਜਰਾ ਲੋਹੇ ਦਾ ਇੱਕ ਬਣਿਆ ਜੀਹਦੇ ਵਿਚ ਭੀ ਸਨ ਸੂਏ ਜੜੇ ਹੋਏ । ਓਹਦੇ ਵਿਚ ਇੱਕ ਰੱਬੀ ਉਤਾਰ ਵੇਖੇ ਬੁਲਬੁਲ ਵਾਂਗ ਬੇਦੋਸੇ ਹੀ ਫੜੇ ਹੋਏ । ਸੀਖਾਂ ਤਿੱਖੀਆਂ ਵਾੜ ਸੀ ਕੰਡਿਆਂ ਦੀ ਫੁੱਲ ਵਾਂਗ ਵਿਚਕਾਰ ਸਨ ਖੜੇ ਹੋਏ । ਚੀਂਘਾਂ ਖੁੱਭੀਆਂ ਤੇ ਰਗੜਾਂ ਛਿੱਲ ਦਿੱਤੇ, ਹੱਥ ਪੈਰ ਵਿੱਚ ਬੇੜੀਆਂ ਕੜੇ ਹੋਏ । ਰੋਮ ਦਾੜ੍ਹੇ ਪਵਿੱਤ੍ਰ ਦੇ ਖਿੱਲਰੇ ਓਹ, ਕਿਰਨਾਂ ਚਮਕੀਆਂ ਹੋਈਆਂ ਅਕਾਸ਼ ਅੰਦਰ । ਹੈਸੀ ਓਸ ਪ੍ਰਦੇਸੀ ਦਾ ਹਾਲ ਏਦਾਂ, ਜਿਵੇਂ ਸੂਰਜ ਹੋਵੇ ਤੁਲਾ ਰਾਸ ਅੰਦਰ । ਉੱਠਣ ਲੱਗਿਆਂ ਰੱਬ ਦੀ ਯਾਦ ਅੰਦਰ ਸੂਏ ਸਾਮ੍ਹਣੇ ਸੀਨੇ ਨੂੰ ਵੱਜਦੇ ਸਨ । ਵੱਜ ਵੱਜ ਕੇ ਭੁਰਭੁਰੀ ਸੂਲ ਵਾਂਗੂੰ ਫੱਟਾਂ ਡੂੰਘਿਆਂ ਵਿੱਚ ਹੀ ਭੱਜਦੇ ਸਨ । ਕਾਲੇ ਬਿਸੀਅਰ ਪਹਾੜਾਂ ਦੇ ਆਏ ਹੋਏ, ਡੰਗ ਮਾਰਦੇ ਮੂਲ ਨ ਰੱਜਦੇ ਸਨ । ਪਹਿਰੇਦਾਰ ਬੀ ਧੂੜ ਕੇ ਲੂਣ ਜ਼ਾਲਮ, ਉੱਤੋਂ ਵਹਿੰਦੀਆਂ ਰੱਤਾਂ ਨੂੰ ਕੱਜਦੇ ਸਨ । ਫ਼ਤਹ ਸਿੰਘ ਨੇ ਜਿਨ੍ਹਾਂ ਨੂੰ ਨਾਲ ਲੈਕੇ, ਫ਼ਤਹ ਪਾਈ ਸੀ ਮੁਲਕ ਆਸਾਮ ਉੱਤੇ । ਘੇਰਾ ਪਿਆ ਸੀ ਸੈਂਕੜੇ ਸੂਲੀਆਂ ਦਾ, ਅਜ ਓਸੇ ਮਨਸੂਰ ਵਰਯਾਮ ਉੱਤੇ । ਇੱਕ ਕੈਦ ਪ੍ਰਦੇਸ ਦੀ ਸਾਂਗ ਸੀਨੇ, ਤੇਹ ਭੁੱਖ ਪਈ ਦੂਸਰੀ ਮਾਰਦੀ ਏ । ਤੀਜੀ ਖੇਡਦੀ ਅੱਖੀਆਂ ਵਿੱਚ ਪੁਤਲੀ, ਨੌਵਾਂ ਵਰਿਹਾਂ ਦੇ ਦਸਮ ਦਿਲਦਾਰ ਦੀ ਏ । ਚੌਥੇ ਕੜਕ ਕੇ ਪਿਆ ਜੱਲਾਦ ਕਹਿੰਦਾ, ਮੁੱਠ ਹੱਥ ਦੇ ਵਿੱਚ ਤਲਵਾਰ ਦੀ ਏ । ਕਰਾਮਾਤ ਵਿਖਾਓ ਜਾਂ ਸੀਸ ਦਿਓ, ਬੱਸ ਗੱਲ ਇਹ ਆਖਰੀ ਵਾਰ ਦੀ ਏ । ਪੰਜਵਾਂ ਨਾਲ ਦੇ ਪੰਜਾਂ ਪਿਆਰਿਆਂ ਦਾ, ਜੱਥਾ ਕੈਦ ਹੋ ਗਿਆ ਛੁਡੌਣ ਵਾਲਾ । ਰੱਬ ਬਾਝ ਪ੍ਰਦੇਸੀਆਂ ਬੰਦਿਆਂ ਦੀ, ਦਿੱਸੇ ਕੋਈ ਨਾ ਭੀੜ ਵੰਡੌਣ ਵਾਲਾ । ਦੂਜੀ ਨੁੱਕਰੇ ਪਿਆ ਜਲਾਦ ਆਖੇ, ਮਤੀ ਦਾਸ ਹੁਣ ਹੋਰ ਨ ਗੱਲ ਹੋਵੇ । ਛੇਤੀ ਦੱਸ ਜੋ ਆਖਰੀ ਇੱਛਿਆ ਈ, ਏਸੇ ਥਾਂ ਹਾਜ਼ਰ ਏਸੇ ਪਲ ਹੋਵੇ । ਉਹਨੇ ਆਖਯਾ ਹੋਰ ਕੋਈ ਇਛਯਾ ਨਹੀਂ, ਔਕੜ ਆਖਰੀ ਮੇਰੀ ਇਹ ਹੱਲ ਹੋਵੇ । ਮੇਰੇ ਸੀਸ ਉੱਤੇ ਜਦੋਂ ਚਲੇ ਆਰਾ, ਮੇਰਾ ਮੂੰਹ ਗੁਰ ਪਿੰਜਰੇ ਵੱਲ ਹੋਵੇ । ਲੁਸ ਲੁਸ ਕਰਨ ਵਾਲੀ ਸੋਹਲ ਦੇਹੀ ਅੰਦਰ, ਦੰਦੇ ਆਰੀ ਦੇ ਜਿਉਂ ਜਿਉਂ ਧੱਸਦੇ ਨੇ । ਆਸ਼ਕ ਗੁਰੂ ਦੇ ਰੱਬੀ ਮਾਸ਼ੂਕ ਤਿਉਂ ਤਿਉਂ, ਕਰ ਕਰ ਪਾਠ ਗੁਰਬਾਣੀ ਦਾ ਹੱਸਦੇ ਨੇ । ਹੋਰ ਦੇਗ਼ ਇੱਕ ਚੁਲ੍ਹੇ ਤੇ ਨਜ਼ਰ ਆਈ, ਵਿੱਚ ਦੇਹੀ ਪਈ ਕਿਸੇ ਦੀ ਜਲਦੀ ਏ । ਸੂੰ ਸੂੰ ਕਰਕੇ ਲਹੂ ਹੈ ਸੜਦਾ, ਚਿਰੜ ਚਿਰੜ ਕਰਕੇ ਚਰਬੀ ਢਲਦੀ ਏ । ਏਧਰ ਸੀਤਲ ਗੁਰਬਾਣੀ ਦੇ ਜੋਸ਼ ਅੰਦਰ, ਨੈਹਰ ਨੂਰ ਦੀ ਨਾੜਾਂ 'ਚ ਚੱਲਦੀ ਏ । ਜਦੋਂ ਹੁਸੜ ਪਰੇਮੀ ਨੂੰ ਹੋਣ ਲੱਗੇ, ਪੱਖਾ ਪਰੀ ਹਵਾੜ ਦੀ ਝੱਲਦੀ ਏ । ਬੁਝ ਕੇ ਏਸ ਸ਼ਹੀਦ ਦੇ ਸੋਗ ਅੰਦਰ, ਕੇਸ ਅੱਗ ਨੇ ਧੂਏਂ ਦੇ ਖੋਲ੍ਹ ਦਿੱਤੇ । ਸਾਹ ਘੁੱਟਿਆ ਗਿਆ ਹਵਾੜ ਦਾ ਭੀ, ਫੁੱਟ ਫੁੱਟ ਕੇ ਅੱਥਰੂ ਡੋਲ੍ਹ ਦਿੱਤੇ । ਓੜਕ ਬੈਠ ਗਏ ਤੇਗ਼ ਦੀ ਛਾਂ ਹੇਠਾਂ, ਸੀਖਾਂ ਤਿਖੀਆਂ ਵਿੱਚ ਖਲੋਣ ਵਾਲੇ । ਦਿੱਤਾ ਸੀਸ ਤੇ ਨਾਲੇ ਅਸੀਸ ਦਿੱਤੀ, ਧੰਨ ਧੰਨ ਕੁਰਬਾਨ ਇਹ ਹੋਣ ਵਾਲੇ । ਹਾਏ ! ਲੋਥ ਪਵਿੱਤ੍ਰ ਹੈ ਪਈ ਕੱਲੀ, ਸਿਦਕੀ ਲੈ ਚੱਲੇ ਗੱਡੇ ਢੋਣ ਵਾਲੇ । ਬੈਠੇ ਗੁਰੂ ਗੋਬਿੰਦ ਸਿੰਘ ਦੂਰ ਪਿਆਰੇ, ਸਿੱਖੀ ਸਿਦਕ ਦੇ ਹਾਰ ਪਰੋਣ ਵਾਲੇ । ਐਸੇ ਜ਼ੁਲਮ ਦੀ ਵੇਖਕੇ 'ਸ਼ਰਫ਼' ਝਾਕੀ, ਮੇਰਾ ਖ਼ੂਨ ਸਰੀਰ ਦਾ ਸੁੱਕ ਗਿਆ । ਡਰ ਕੇ ਤਾਰਿਆਂ ਨੇ ਅੱਖਾਂ ਮੀਟ ਲਈਆਂ, ਚੰਨ ਬੱਦਲੀ ਦੇ ਹੇਠ ਲੁੱਕ ਗਿਆ ।
ਦਸਮੇਸ਼ ਦਾ ਦਰਬਾਰ
ਲੱਗਾ ਹੋਇਆ ਹੈਸੀ ਦਰਬਾਰ ਦਸਮੇਸ ਜੀ ਦਾ, ਵੇਖ ਵੇਖ ਜੀਹਨੂੰ ਕਦੀ ਚਿੱਤ ਨਾ ਰਜਾਇਆ ਜਾਵੇ । ਇਕ ਪਾਸੇ ਬੈਠੀ ਹੋਈ ਆਂਹਦੀ ਸੀ ਬਹਾਦਰੀ ਇਹ, ਸਵਾ ਲੱਖ ਵੈਰੀ ਨਾਲ ਇਕੋ ਹੀ ਲੜਾਇਆ ਜਾਵੇ । ਆਂਹਦੀ ਸੀ ਹਕੂਮਤ ਦੂਜੇ ਪਾਸੇ ਵਲ ਬੈਠੀ ਹੋਈ, ਨਾਨਕ ਸ਼ਾਹੀ ਸਿੱਕਾ ਸਾਰੇ ਜੱਗ ਤੇ ਚਲਾਇਆ ਜਾਵੇ । ਲੱਛਮੀ ਇਹ ਆਖਦੀ ਸੀ ਵੈਰੀ ਨੂੰ ਜੇ ਬਾਣ ਮਾਰੋ, ਉਹਦੀ ਚੁੰਝ ਅੱਗੇ ਵੀ ਤਾਂ ਸੋਨਾ ਹੀ ਚੜ੍ਹਾਇਆ ਜਾਵੇ । ਆਂਹਦੀ ਸੀ ਫ਼ਕੀਰੀ ਕੋਲੋਂ ਨਹੀਂ ਨਹੀਂ ਸੁਣੋ ਮੈਥੋਂ, ਪੈਰਾਂ 'ਚ ਖਿਤਾਬਾਂ ਤੇ ਜਾਗੀਰਾਂ ਨੂੰ ਰੁਲਾਇਆ ਜਾਵੇ । ਸੁੰਦਰਤਾਈ ਆਖਦੀ ਸੀ ਪੰਜ ਕੱਕੀ ਛਬ ਨਾਲ, ਪਰੀਆਂ ਤੇ ਅਪੱਛਰਾਂ ਦਾ ਦਿਲ ਭਰਮਾਇਆ ਜਾਵੇ । ਇਲਮ ਪਿਆ ਆਖਦਾ ਸੀ ਘੋੜਿਆਂ ਦੇ ਸੇਵਕਾਂ ਤੋਂ, ਡੂੰਘਿਆਂ ਕਬਿੱਤਾਂ ਦੇ ਚਾ ਅਰਥਾਂ ਨੂੰ ਕਰਾਇਆ ਜਾਵੇ । ਅਦਲ ਪਿਆ ਆਂਹਦਾ ਸੀ ਜੇ ਆਪਣਾ ਹੀ ਹੋਵੇ ਪਾਪੀ, ਉਹਨੂੰ ਵੀ ਮਸੰਦਾਂ ਵਾਂਙ ਜ਼ਿੰਦਾ ਹੀ ਜਲਾਇਆ ਜਾਵੇ । ਰਿਧੀ ਸਿਧੀ ਆਖਦੀ ਸੀ ਗੁਪਤ ਰਹੇ ਸਭੋ ਕੁਝ, ਖੰਡੇ ਵਾਲੀ ਧਾਰੋਂ ਕੇਵਲ ਅੰਮ੍ਰਿਤ ਹੀ ਵਗਾਇਆ ਜਾਵੇ । ਕਹਿੰਦੀ ਸੀ ਕੁਰਬਾਨੀ ਪਈ ਸਿੱਖੀ ਦੇ ਮਹੱਲ ਵਿਚ, ਜਗ੍ਹਾ ਇਟਾਂ ਰੋੜਿਆਂ ਦੀ ਲਾਲਾਂ ਨੂੰ ਚਿਣਾਇਆ ਜਾਵੇ । ਆਂਹਦੀ ਸੀ ਗੁਰਿਆਈ ਕੋਲ ਇਹ ਭੀ ਜੇਕਰ ਹੋ ਜਾਵੇ, ਤਾਂ ਵੀ ਹੰਝੂ ਅੱਖੀਆਂ 'ਚੋਂ ਇਕ ਨਾ ਡੁਲ੍ਹਾਇਆ ਜਾਵੇ । ਕੀ ਮੈਂ ਦੱਸਾਂ ਹਾਲ ਉਸ ਆਲੀ ਦਰਬਾਰ ਵਾਲਾ, ਬੋਲ ਮੈਨੂੰ ਲੱਭਦੇ ਨਹੀਂ ਜਿਨ੍ਹਾਂ 'ਚ ਸੁਣਾਇਆ ਜਾਵੇ ।
ਤੀਰ
ਨੀਲੇ ਘੋੜੇ ਵਾਲਿਆ ਅਨੰਦਪੁਰ ਦੇ ਪਾਂਧੀਆ ਵੇ, ਕੋਠੇ ਤੇ ਖਲੋਤੜੀ ਨੂੰ ਮਾਰ ਗਿਓਂ ਹਾਏ ਤੀਰ । ਚੈਨ ਕਦੀ ਆਂਵਦਾ ਨਹੀਂ ਭਾਂਵਦਾ ਨਹੀਂ ਕੁਝ ਮੈਨੂੰ, ਬਾਂਕੇ ਨੈਣਾਂ ਵਾਲਿਆ ਤੂੰ ਕੇਹੋ ਜਹੇ ਚਲਾਏ ਤੀਰ । ਕੇਹੜੀ ਗੁਫਾ ਵਿੱਚੋਂ ਲੈ ਕੇ ਆਯੋਂ ਮੇਰੇ ਮਾਰਨੇ ਨੂੰ, ਬਿਰਹੋਂ ਦੀ ਪੁੱਠ ਵਿਚ ਪਿਆਰ ਦੇ ਬੁਝਾਏ ਤੀਰ । ਕਾਹਨੂੰ ਅੱਖਾਂ ਫੇਰਨਾਂ ਏਂ ਹੁਣ ਸ਼ਰਮਾਕਲਾ ਵੇ, ਵਿੰਨ੍ਹ ਕੇ ਕਲੇਜਾ ਮੇਰਾ ਕਿਉਂ ਸ਼ਰਮਾਏ ਤੀਰ ? ਤੇਗ਼ ਤੇਰੀ ਟੰਗਣੇ ਨੂੰ ਬਾਂਕਿਆ ਸਿਪਾਹੀਆ ਵੇ, ਸੀਨੇ ਵਿੱਚ ਕਿੱਲੀਆਂ ਦੀ ਜਗਾ ਮੈਂ ਸਜਾਏ ਤੀਰ । ਮੈਨੂੰ ਪਲਕਾਂ ਤੇਰੀਆਂ ਦਾ ਬੱਝਾ ਏ ਖ਼ਿਆਲ ਐਡਾ, ਸੌਣ ਲੱਗੀ ਸੇਜ ਤੇ ਮੈਂ ਵੱਟਾਂ ਦੇ ਵਛਾਏ ਤੀਰ । ਸੱਸ ਕੋਲੋਂ ਕੰਬਦੀ ਨਨਾਣ ਕੋਲੋਂ ਸਹਿਮਦੀ ਹਾਂ, ਨਿੱਤ ਤੇਰੇ ਤਾਨ੍ਹਿਆਂ ਦੇ ਲੌਂਦੀਆਂ ਸਵਾਏ ਤੀਰ । ਓਧਰ ਮੈਨੂੰ ਜਾਪਦੀ ਏ ਸੂਲੀ ਮਨਸੂਰ ਵਾਲੀ, ਏਧਰ ਮੈਥੋਂ ਰਹਿਣ ਨ ਪਰੇਮ ਦੇ ਛਪਾਏ ਤੀਰ । ਸਾਂਭ ਸਾਂਭ ਰੱਖੀਆਂ ਨਿਸ਼ਾਨੀਆਂ ਮੈਂ ਤੇਰੀਆਂ ਏਹ, ਜਿੱਥੇ ਜਿੱਥੇ ਵੱਜੇ ਉੱਥੋਂ ਨਾ ਹਿਲਾਏ ਤੀਰ । ਮਾਹੀ ਤੇਰੇ ਘੱਲਿਆਂ ਦੀ ਕਰਾਂ ਕਿਉਂ ਨਿਆਦਰੀ ਮੈਂ, ਡਿੱਗੇ ਫੱਟਾਂ ਵਿੱਚੋਂ ਫੇਰ ਏਹ ਖੁਭਾਏ ਤੀਰ । ਸਾਕ ਰੱਤੋਂ ਲੱਗਦੇ ਨੇ ਐਡੇ ਮੇਰੇ ਨੇੜੇ ਦੇ ਏਹ, ਨਾੜਾਂ ਦੀ ਥਾਂ ਦੇਹੀ ਵਿਚ ਚੁਗ ਕੇ ਖਪਾਏ ਤੀਰ । ਹੁੰਦੜਹੇਲ ਮਾਹੀ, ਮੈਨੂੰ ਉਦੋਂ ਦਾ ਤੂੰ ਫੱਟਿਆ ਏ, ਬਾਂਸ ਦੀ ਕਮਾਨ ਜਦੋਂ ਕਾਨੇ ਦੇ ਚਲਾਏ ਤੀਰ । ਸੁੰਦਰ ਕਲਗ਼ੀ ਵਾਲਿਆ ਅਨੋਖਿਆ ਸ਼ਿਕਾਰੀਆ ਵੇ, ਤੇਰੇ ਲਈ ਅਨੋਖੜੇ ਹੀ ਅਰਸ਼ਾਂ ਤੋਂ ਆਏ ਤੀਰ । ਉੱਕੇ ਨਾ ਨਿਸ਼ਾਨਿਆਂ ਤੋਂ ਸਿੱਧੇ ਤੁੱਕ ਜਾ ਵੱਜੇ, ਕਰਮਾਂ ਦੀ ਕਾਨੀ ਵਾਂਗੂੰ ਐਸੇ ਤੂੰ ਚਲਾਏ ਤੀਰ । ਰੱਤੇ ਰੱਤੇ ਛੁੱਟ ਪਏ ਫੁਹਾਰੇ ਸਾਰੇ ਰਣ ਵਿੱਚ, ਜੇਹੜੇ ਪਾਸੇ ਪਹੁੰਚ ਗਏ ਇਹ ਲਹੂ ਦੇ ਤਿਹਾਏ ਤੀਰ । ਕਾਲੇ ਕਾਲੇ ਘਟਾਂ ਜਹੇ ਵੈਰੀਆਂ ਦੇ ਦਲਾਂ ਉੱਤੇ, ਚਿੱਟੇ ਚਿੱਟੇ ਮੂੰਹਾਂ ਵਾਲੇ ਏਦਾਂ ਤੂੰ ਚੜ੍ਹਾਏ ਤੀਰ । ਤੇਗ਼ ਵਾਲੀ ਬਿਜਲੀ ਲਿਸ਼ਕਾ ਕੇ ਮਿਆਨ ਵਿੱਚੋਂ, ਗੜੇ ਵਾਂਗੂੰ ਕੱਢ ਕੇ ਕਮਾਨ ਚੋਂ ਵਸਾਏ ਤੀਰ । ਵਿੱਝ ਵਿੱਝ ਵੈਰੀਆਂ ਦੇ ਗੁੱਛੇ ਹੀ ਪਰੋਤੇ ਗਏ, ਐਸੇ ਸਤ ਨਾਲ ਆਰ ਪਾਰ ਤੂੰ ਲੰਘਾਏ ਤੀਰ । ਮਰ ਕੇ ਵੀ ਓਸਨੂੰ ਸਵਾਦ ਕਦੀ ਭੁੱਲਣਾ ਨਹੀਂ, ਮਿੱਠੇ ਮਿੱਠੇ ਫਲਾਂ ਵਾਲੇ ਜਿਹਨੂੰ ਤੂੰ ਖਵਾਏ ਤੀਰ । ਵੱਡੇ ਵੱਡੇ ਅੱਥਰੇ ਕਮਾਨ ਵਾਂਗੂੰ ਹੋਏ ਦੂਹਰੇ, ਬਿਦ ਕੇ ਚਲਾਉਣੇ ਤੂੰਹੇਂ ਓਹਨਾਂ ਨੂੰ ਭੁਲਾਏ ਤੀਰ । ਚੰਦ ਜੇਹੀ ਕਮਾਨ ਤੇਰੀ ਵੈਰੀਆਂ ਦੇ ਸਿਰਾਂ ਉੱਤੇ, ਬੋਦੀ ਵਾਲੇ ਤਾਰੇ ਫੜ ਫੜ ਕੇ ਚੜ੍ਹਾਏ ਤੀਰ । 'ਹਰੀ ਹਰੀ' ਬੋਲਿਆ ਬੇਵਸਾ ਹੋਕੇ ਉਹ ਭੀ ਮੂੰਹੋਂ, ਹਰੀ ਚੰਦ ਰਾਜੇ ਨੂੰ ਜਾਂ ਛੱਡ ਕੇ ਵਿਖਾਏ ਤੀਰ । ਜਿੱਥੇ ਕੋਈ ਜਨੌਰ ਜਾਕੇ ਪਰਾਂ ਨੂੰ ਨਾ ਛੰਡ ਸਕੇ, ਲਾ ਲਾ ਖੰਭ ਚਿੱਠੀਆਂ ਦੇ ਓਥੇ ਤੂੰ ਪੁਚਾਏ ਤੀਰ । ਖਾ ਖਾ ਡੰਗ ਜ਼ਹਿਰੀ ਪਾਣੀ ਮੰਗਿਆ ਨਾ ਵੈਰੀਆਂ ਨੇ, ਉੱਡਣੇ ਸਪੋਲੀਏ ਉਹ ਕਾਨੀ ਦੇ ਉਡਾਏ ਤੀਰ । ਜਿਨ੍ਹਾਂ ਵਿੰਗੇ ਟੇਢਿਆਂ ਨੂੰ ਵੰਝਲੀ ਨਾ ਸੋਧ ਸਕੀ, ਪਲਾਂ ਵਿੱਚ ਸਿੱਧੇ ਤੁੱਕ ਕਰ ਤੂੰ ਬਣਾਏ ਤੀਰ । ਮੇਰੇ ਤੋਂ ਨਹੀਂ ਗਿਣੇ ਜਾਂਦੇ ਕੀਕੂੰ ਦੱਸਾਂ ਗਿਣਕੇ ਮੈਂ, ਕਿਹੋ ਕਿਹੋ ਜਹੇ ਤੇਰੇ ਦੁਨੀਆਂ ਨੂੰ ਭਾਏ ਤੀਰ । ਸੈਦ ਖ਼ਾਨ ਜਿਹਾ ਆ ਕੇ ਹੋ ਗਿਆ ਸ਼ਿਕਾਰ ਆਪੇ, ਐਸੇ ਨੂਰੀ ਨੈਣਾਂ ਵਿਚੋਂ ਹੱਸਕੇ ਚਲਾਏ ਤੀਰ । ਡਿੱਗਾ ਜਦੋਂ ਪੈਰਾਂ ਵਿੱਚ ਬੋਲਿਆ ਬੇਵੱਸ ਹੋਕੇ, ਕੱਢਣਾ ਪਰੇਮ ਦੇ ਕਲੇਜਿਓਂ ਨਾ ਹਾਏ ਤੀਰ । ਗੁੰਮੀ ਹੋਈ ਸੂਈ ਜਿੰਨਾਂ ਪੁੱਤਾਂ ਦਾ ਨਾ ਗ਼ਮ ਕੀਤਾ, ਬੁੱਧੂਸ਼ਾਹ ਦੇ ਦਿਲ ਵਿਚ ਏਹੋ ਜਹੇ ਧਸਾਏ ਤੀਰ । ਜਦੋਂ ਸਾਹਿਬਜ਼ਾਦਿਆਂ ਨੇ ਭਰੇ ਦਰਬਾਰ ਵਿੱਚ, ਪਾਪੀਆਂ ਦੇ ਦਿਲਾਂ ਉੱਤੇ ਸੱਚ ਦੇ ਵਸਾਏ ਤੀਰ । ਬੋਲਿਆ ਦੀਵਾਨ-ਜੇਹੜੇ ਗੱਲਾਂ ਹੁਣੇ ਚੋਭਦੇ ਨੇ, ਜਾਣ ਲਵੋ ਕੱਲ ਸਾਨੂੰ ਏਹਨਾਂ ਨੇ ਚੁਭਾਏ ਤੀਰ । ਚੰਦ ਦੋਵੇਂ ਕੰਧ ਵਿੱਚ ਚਿਣ ਕੇ ਉਹ ਜ਼ਾਲਮਾਂ ਨੇ, ਕਹਿਰ ਦੇ ਕਲੇਜੇ ਵਿੱਚ ਜੋਸ਼ ਦੇ ਖੁਭਾਏ ਤੀਰ । ਲੋਕਾਂ ਲਈ ਵਾਰ ਦਿੱਤਾ ਪੁੱਤਾਂ ਅਤੇ ਮਾਪਿਆਂ ਨੂੰ, ਖਾਧੇ ਜਾਨ ਆਪਣੀ ਤੇ ਦੁੱਖਾਂ ਦੇ ਪਰਾਏ ਤੀਰ । ਸ਼ੀਸ਼ੇ ਵਾਂਗੂੰ ਮੱਥੇ ਉੱਤੇ ਇਕ ਭੀ ਨਾ ਵੱਟ ਪਾਇਆ, ਕੇਡੇ ਕੇਡੇ ਜ਼ਾਲਮਾਂ ਨੇ ਭਾਵੇਂ ਅਜ਼ਮਾਏ ਤੀਰ । ਮਾਛੀਵਾੜੇ ਵਿੱਚ ਤੇਰਾ ਚੱਲਣਾ ਉਹ ਕੰਡਿਆਂ ਤੇ, ਪੱਥਰ ਚਿੱਤ ਬੰਦਿਆਂ ਦੇ ਦਿਲਾਂ ਨੂੰ ਚੁਭਾਏ ਤੀਰ । ਚਿੱਲਿਆਂ ਦੇ ਵਿੱਚ ਬੈਹਕੇ ਉਮਰ ਹੀ ਲੰਘਾਈ ਜਿਨ੍ਹਾਂ, ਉਨ੍ਹਾਂ ਨੂੰ ਭੀ ਆਣਕੇ ਤੂੰ ਮਾਰਨੇ ਸਿਖਾਏ ਤੀਰ । ਪੱਤੇ ਨੂੰ ਭੀ ਤੋੜਨਾ ਜੋ ਹੱਤਿਆ ਪਛਾਣਦੇ ਸੀ, ਓਨ੍ਹੀਂ ਹੱਥੀਂ ਸ਼ੇਰਾਂ ਉੱਤੇ ਤੂੰਹੇਂ ਮਰਵਾਏ ਤੀਰ । ਹੱਸ ਹੱਸ ਫੁੱਲ ਬਰਸਾਏ ਦੇਵੀ ਦਿਓਤਿਆਂ ਨੇ, ਬੰਦੇ ਜਹੇ ਬੈਰਾਗੀ ਹੱਥ ਜਦੋਂ ਤੂੰ ਫੜਾਏ ਤੀਰ । ਤਖ਼ਤ-ਤਖ਼ਤਾ ਹੈਨ ਦੋਵੇਂ ਤੇਰੇ ਇੱਕੋ ਤੀਰ ਵਿੱਚ, ਤੇਰੇ ਤੀਰ ਨਾਲ ਕੇੜ੍ਹਾ ਪਯਾਰਿਆ ਰਲਾਏ ਤੀਰ । ਆਜ਼ਮਸ਼ਾਹ ਦੇ ਕਾਲਜੇ ਨੂੰ ਵਿੰਨ੍ਹਦਾ ਏ ਜੇੜ੍ਹਾ ਜਾਕੇ, ਤਖ਼ਤ ਤੇ ਬਹਾਦਰ ਸ਼ਾਹ ਨੂੰ ਓਹੋ ਹੀ ਬਹਾਏ ਤੀਰ । ਸੋਹਲ ਦਿਲਾਂ ਵਿੱਚ ਜੇਹੜੇ ਘਿਰਣਾਂ ਦੇ ਫੱਟ ਲਾਉਣ, ਜਾਤਾਂ ਪਾਤਾਂ ਵਾਲੇ ਭੰਨ ਤੋੜ ਉਹ ਗਵਾਏ ਤੀਰ । ਅੰਮ੍ਰਿਤਾਂ ਦੇ ਛੱਟੇ ਮਾਰ ਚਾੜ੍ਹ ਦਿੱਤੀ ਪਾਣ ਐਸੀ, ਕੱਚੇ ਤੰਦ ਧਾਗਿਆਂ ਦੇ ਫੜ ਕੇ ਬਣਾਏ ਤੀਰ । ਹਰ ਰੰਗ ਵਿੱਚ ਰਹਿਣ ਵਾਲਿਆ ਰੰਗੀਲਿਆ ਵੇ, ਹਰ ਹਰ ਰੰਗ ਵਿੱਚ ਤੇਰੇ ਏਹ ਸੁਹਾਏ ਤੀਰ । 'ਸ਼ਰਫ਼' ਤੇਰੇ ਵਾਰੀ ਤੂੰ ਮਜਾਜ਼ੀ ਦੀ ਕਮਾਨ ਵਿੱਚੋਂ, ਦੁਨੀਆਂ ਦੇ ਸੀਨੇ ਤੇ ਹਕੀਕੀ ਦੇ ਚਲਾਏ ਤੀਰ ।
ਗੁੱਝੀ ਰਮਜ਼
ਇਕ ਦਿਨ ਮੂੰਹ ਹਨੇਰੇ ਸਾਂ ਉੱਠ ਤੁਰਿਆ, ਘਰੋਂ ਆਸਰਾ ਰੱਖ ਖ਼ੁਦਾ ਤੇ ਮੈਂ । ਡੱਕੋ ਡੋਲਿਆਂ ਦੀ ਲਹਿਰ ਬਹਿਰ ਅੰਦਰ, ਜਾ ਪਹੁੰਚਿਆ ਰਾਵੀ ਦਰਿਆ ਤੇ ਮੈਂ । ਕਦੀ ਟੁੱਭੀਆਂ ਮਾਰੀਆਂ ਸੋਚ ਅੰਦਰ, ਕਦੀ ਉੱਡਦਾ ਰਿਹਾ ਹਵਾ ਤੇ ਮੈਂ । ਖਿੰਡੇ ਪੁੰਡੇ ਖ਼ਯਾਲਾਂ ਨੂੰ ਕਰ ਕੱਠਾ, ਤੁਰ ਫਿਰ ਜਾ ਬੈਠਾ ਇਕ ਜਾ ਤੇ ਮੈਂ । ਤਦ ਇਹ ਫੁਰੀ ਵਿਚਾਰ, 'ਉਤਾਰ ਸਾਰੇ, ਹੁੰਦੇ ਬੜੇ ਮਹਬੂਬ ਕਰਤਾਰ ਦੇ ਨੇ । ਸ਼ਕਤੀ ਆਤਮਾ ਦੇਵੇ ਪਰਮਾਤਮਾ ਦੀ, ਫ਼ਿਰ ਕਯੋਂ ਦੁੱਖ ਤੇ ਜ਼ੁਲਮ ਸਹਾਰਦੇ ਨੇ ? ਏਨੇ ਵਿਚ ਇੱਕ 'ਰੇਤ' ਦੀ ਉੱਡ ਢੇਰੀ, ਮੇਰੇ ਕੋਲ ਆ ਕੇ ਡੇਰਾ ਲਾ ਬੈਠੀ । ਸੂਰਜ ਨਿਕਲਿਆ ਉੱਤਰੀ 'ਕਿਰਨ' ਪਹਿਲੀ, ਓਧਰ ਰੇਤ ਦੇ ਜ਼ੱਰੇ ਤੇ ਆ ਬੈਠੀ । ਰਿਸ਼ਮ 'ਪਾਣੀ' ਦੀ ਭੁੜਕ ਕੇ ਲਹਿਰ ਵਿੱਚੋਂ, ਓਧਰ ਕਿਰਨ ਦੇ ਸਾਹਮਣੇ ਜਾ ਬੈਠੀ । ਓਧਰ 'ਵਾ' ਰਾਣੀ ਗੱਲਾਂ ਕਰਨ ਬਦਲੇ, ਬੁਰਕਾ ਬੁਲਬੁਲੇ ਦਾ ਮੂੰਹ ਤੇ ਪਾ ਬੈਠੀ । ਵੱਖੋ ਵੱਖਰੇ ਜ਼ੁਲਮ ਦੇ ਸਫ਼ੇ ਉੱਤੇ, ਸ਼ਾਂਤਮਈ ਤਸਵੀਰ ਵਿਖਾਉਣ ਲੱਗੇ, ਮੇਰੇ ਸਾਮ੍ਹਣੇ ਆਣ ਕੇ ਤੱਤ ਚਾਰੇ, ਪੰਜਵੇਂ ਗੁਰੂ ਦਾ ਹਾਲ ਸੁਣਾਉਣ ਲੱਗੇ । ਬੋਲੀ 'ਰੇਤ' ਕਿ :-"ਮੈਂ ਹਾਂ ਉਹ ਮਿੱਟੀ, ਅਰਜਨ ਜੀਉ ਦੀ ਟਹਿਲ ਕਮਾਉਣ ਵਾਲੀ । ਦੱਬੇ ਕੱਢ ਕੇ ਤਪੀ ਸੰਤੋਖ ਸਰ 'ਚੋਂ, ਗੁਰੂ ਸਾਹਿਬ ਤੋਂ ਮੁਕਤੀ ਦਿਵਾਉਣ ਵਾਲੀ । ਬਾਬੇ ਬੁਢੇ ਦੀ ਟੋਕਰੀ ਵਿੱਚ ਪੈ ਕੇ, ਖ਼ਾਨ ਜਿਹਾਂ ਦੀ ਮਰਜ਼ ਗਵਾਉਣ ਵਾਲੀ । ਆਖਾਂ ਕਿਸ ਤਰ੍ਹਾਂ ਜੀਭ ਨਾ ਆਖ ਸੱਕੇ, ਮੈਂ ਉਹ ਦੇਗ਼ ਤੇ ਲੋਹ ਨੂੰ ਚਾਉਣ ਵਾਲੀ । ਪਰ ਜੇ ਹੁਕਮ ਦੀ ਬੱਧੀ ਮੈਂ ਨਾ ਹੁੰਦੀ, ਤਾਂ ਤੇ ਆਪਣੇ ਹੱਥ ਵਿਖਾ ਦਿੰਦੀ । ਖੱਡਾਂ ਹੁੰਦੀਆਂ ਰੰਗ ਮਹੱਲ ਉੱਚੇ, ਸਾਰੇ ਸ਼ਹਿਰ ਦਾ ਥੇਹ ਬਣਾ ਦਿੰਦੀ ।" ਸੁਣਕੇ 'ਤੁਬਕੇ' ਦੇ ਜਿਗਰ ਵਿੱਚ ਲਹਿਰ ਉੱਠੀ, ਕੰਬ ਕੰਬ ਕੇ ਹੂੰਝ ਵਗਾ ਦਿੱਤੇ । ਕਹਿਣ ਲੱਗਾ, "ਮੈਂ ਅੰਮ੍ਰਿਤ ਦੇ ਜਹੇ ਸੋਮੇ, ਬਰਕਤ ਗੁਰੂ ਦੀ ਨਾਲ ਚਲਾ ਦਿੱਤੇ । ਦੁੱਖ-ਭੰਜਨੀ ਅਜੇ ਗਵਾਹ ਮੇਰੀ, ਜਿੱਥੇ ਪਿੰਗਲੇ ਸੁਖੀ ਬਣਾ ਦਿੱਤੇ । ਕਦੀ ਕੋੜ੍ਹਿਆਂ ਰੁੜ੍ਹਦਿਆਂ ਜਾਂਦਿਆਂ ਨੂੰ, ਤਰਨ, ਤਾਰਨ ਦੇ ਵੱਲ ਸਿਖਾ ਦਿੱਤੇ । ਕਰਦਾ ਕੀ, ਮੈਂ ਕਦੀ ਜੇ ਇਕ ਵਾਰੀ, ਸ਼ਾਂਤ-ਪੁੰਜ ਦਾ ਮੈਨੂੰ ਫ਼ਰਮਾਨ ਹੁੰਦਾ । ਮੇਰੇ ਇਕ ਇਕ ਤੁਬਕਿਓਂ ਤੁਸੀਂ ਵੇਂਹਦੇ, ਜਾਰੀ ਨੂਹ ਦਾ ਫੇਰ ਤੂਫ਼ਾਨ ਹੁੰਦਾ ।" ਬੋਲੀ ਵਾ, "ਮੈਂ ਗੁਰਾਂ ਦੀ ਟਹਿਲ ਅੰਦਰ, ਬੜੇ ਸੁਖਾਂ ਦੇ ਸਾਸ ਲੰਘਾਂਵਦੀ ਸਾਂ । ਕਦੀ ਪੱਖਾ ਸਰ੍ਹਾਣੇ ਤੇ ਝੱਲਦੀ ਸਾਂ, ਪੈਰ ਚੁੰਮ ਕੇ ਕਦੀ ਜਗਾਂਵਦੀ ਸਾਂ । ਕਿਸੇ ਗ਼ੈਰ ਦੀ ਹੋਈ ਹੋਈ ਅੱਖ ਕੈਰੀ, ਸੁਲਹੀ ਖ਼ਾਨ ਵਾਂਗਰ ਜੇਕਰ ਪਾਂਵਦੀ ਸਾਂ । ਸਣੇ ਘੋੜਿਆਂ ਓਹੋ ਜਹੇ ਪਾਪੀਆਂ ਨੂੰ, ਸੁੱਟ ਆਵੇ ਦੇ ਵਿੱਚ ਜਲਾਂਵਦੀ ਸਾਂ । ਮਿਲਦੀ ਆਗਯਾ ਕਦੇ ਜੇ ਗੁਰੂ ਜੀ ਦੀ, ਜ਼ੁਲਮੀ ਮਾਰ ਦੇਂਦੀ ਸਾਹ ਘੁੱਟ ਕੇ ਮੈਂ । ਫੜ ਕੇ ਪਾਰ ਸਮੁੰਦਰੋਂ ਸੁੱਟ ਦੇਂਦੀ, ਰੁੱਖ ਜ਼ੁਲਮ ਦਾ ਜੜ੍ਹਾਂ ਤੋਂ ਪੁੱਟ ਕੇ ਮੈਂ । ਬੋਲੀ 'ਕਿਰਨ' ਪੜਗੋਲੜੀ ਗੁਰੂ ਜੀ ਦੀ,- "ਹਾਂ ਉਹ ਨਾੜ ਜਵਾਲਾ ਪਹਾੜ ਦੀ ਮੈਂ । ਹੈ ਸਾਂ ਜਾਲਦੀ ਤਾਲ ਮੈਂ ਈਰਖੀ ਦਾ, ਆਵੇ ਵਿਚ ਸਾਂ ਵੈਰੀ ਨੂੰ ਸਾੜਦੀ ਮੈਂ । ਸ਼ਾਂਤਮਈ 'ਉਤਾਰ ਦੀ ਜ਼ਰਾ ਜੇਕਰ, ਭਿੱਜੀ ਅੱਖ ਰਜ਼ਾ ਦੀ ਤਾੜਦੀ ਮੈਂ । ਓਥੇ ਚਿਖ਼ਾ ਗੁਲਜ਼ਾਰ ਬਣਾਈ ਹੈਸੀ, ਏਥੇ ਸਵਰਗ ਹਰ ਕੋਲੇ 'ਚ ਵਾੜਦੀ ਮੈਂ । ਐਪਰ ਏਸ ਥਾਂ ਰਮਜ਼ ਇਹ ਨਿਆਰੜੀ ਸੀ, ਜਿਹਨੂੰ ਖੋਲ੍ਹਕੇ ਗੁਰੂ ਨੇ ਦੱਸਣਾ ਸੀ :- 'ਸ਼ਰਫ਼' ਸੱਚ ਨੂੰ ਕਦੀ ਨਹੀਂ ਆਂਚ ਹੁੰਦੀ, ਚੜ੍ਹ ਕੇ ਲੋਹ ਉੱਤੇ ਖਿੜ ਖਿੜ ਹੱਸਣਾ ਸੀ ।" (ਓਥੇ=ਕਹਿੰਦੇ ਨੇ ਨਮਰੂਦ ਬਾਦਸ਼ਾਹ ਨੇ ਜਦੋਂ ਇਬਰਾਹੀਮ ਪੈਗ਼ੰਬਰ ਨੂੰ ਚਿਖ਼ਾ ਤੇ ਚੜ੍ਹਾਯਾ, ਤਾਂ ਉਹ ਚਿਖ਼ਾ ਕੁਦਰਤ ਨਾਲ ਇਕ ਨਿਰਾਲੀ ਗੁਲਜ਼ਾਰ ਬਣ ਗਈ ਸੀ ।)
ਸ਼ਾਂਤਮਈ
ਘੋੜਾ ਅਕਲ ਦਾ ਬੀੜ ਦਿਮਾਗ਼ ਮੇਰਾ, ਤੁਰਿਆ ਜਦੋਂ ਮਜ਼ਮੂਨ ਦੀ ਭਾਲ ਅੰਦਰ । ਡਿੱਠੇ ਜੇਠ ਮਹੀਨੇ ਭੱਠ ਲੌਂਦੇ, ਝਾਕੀ ਥਲਾਂ ਦੀ ਫਿਰੀ ਖ਼ਿਆਲ ਅੰਦਰ । ਬਾਹਾਂ ਲੰਮੀਆਂ ਕਰ ਕਰ ਵੈਣ ਪੌਂਦੀ, ਡਿਠੀ ਇੱਕ ਮੁਟਿਆਰ ਇਸ ਹਾਲ ਅੰਦਰ :- ਮੱਛੀ ਵਾਙ ਬਰੇਤੇ ਤੇ ਪਈ ਤੜਫੇ, ਫਸੀ ਹੋਈ ਸੀ ਕਿਰਨਾਂ ਦੇ ਜਾਲ ਅੰਦਰ । ਹੈ ਇਹ ਸੱਜਰੀ ਸੱਜਰੀ ਕੋਈ ਲਾੜੀ, ਗਾਨਾ, ਮਹਿੰਦੀ ਪਏ ਸ਼ਗਨਾਂ ਦੇ ਦੱਸਦੇ ਸਨ । ਜਯੋਂ ਜਯੋਂ ਹਾੜੇ ਉਹ ਦੁੱਖਾਂ ਦੇ ਘੱਤਦੀ ਸੀ, ਤਯੋਂ ਤਯੋਂ ਜ਼ੱਰ੍ਰੇ ਪਏ ਰੇਤ ਦੇ ਹੱਸਦੇ ਸਨ । ਬੁੱਲਾ ਲੋਅ ਦਾ ਚੱਲਿਆ ਇੱਕ ਐਸਾ, ਕਿਣਕੇ ਰੇਤ ਦੇ ਉਡ ਉਡ ਔਣ ਲੱਗੇ । ਸੁਰਮੇਂ ਵਾਲੀਆਂ ਅੱਖੀਆਂ ਵਿੱਚ ਪੈ ਕੇ, ਓਹਦੇ ਭਾ ਹਨੇਰ ਕੁਝ ਪੌਣ ਲੱਗੇ । ਸੜੀ ਬਾਲੜੀ ਬੋਲੀ ਉਹ ਦਝਨ ਹੋ ਕੇ- 'ਕਾਹਨੂੰ ਤੱਤੀ ਨੂੰ ਤੱਤਿਓ ! ਤੌਣ ਲੱਗੇ ? ਦੱਸਨ ਜੋਗੇ ਨਹੀਂ ਪੁੰਨੂੰ ਦਾ ਰਾਹ ਜੇਕਰ, ਮੈਨੂੰ ਅੰਨ੍ਹੀ ਭੀ ਕਿਉਂ ਹੋ ਬਨੌਣ ਲੱਗੇ ?' ਜ਼ੱਰ੍ਰੇ ਚਮਕ ਕੇ ਰੋਹ ਦੇ ਨਾਲ ਬੋਲੇ :- "ਵਿਰਲੇ ਲੱਭਦੇ ਪ੍ਰੀਤ ਨਿਭੌਣ ਵਾਲੇ । ਆ ਨੀ ਸੱਸੀਏ ! ਤੈਨੂੰ ਵਿਖਾਲ ਦੇਈਏ, ਅਸੀਂ ਸੱਚ ਦਾ ਇਸ਼ਕ ਕਮੌਣ ਵਾਲੇ । ਔਹ ਵੇਖ ਨੀ ਜਿਨ੍ਹਾਂ ਦੇ ਘਰਾਂ ਅੰਦਰ, ਲਛਮੀ ਵਰਗੀਆਂ ਰਹਿੰਦੀਆਂ ਬਾਂਦੀਆਂ ਸਨ । ਏਹ ਤਾਸੀਰ ਸੀ ਜਿਨ੍ਹਾਂ ਦੀ ਨਿਗ੍ਹਾ ਅੰਦਰ, ਚਿੜ੍ਹਾਂ ਵਾਹਣ ਭੀ ਸੋਨਾ ਹੋ ਜਾਂਦੀਆਂ ਸਨ । ਪਾ ਕੇ ਬੇੜੀਆਂ ਪਰ ਉਪਕਾਰ ਦੀਆਂ, ਜਿਨ੍ਹਾਂ ਖਿੱਚ ਕੇ ਸੰਗਤਾਂ ਆਂਦੀਆਂ ਸਨ । ਸਦਾ ਵਰਤ ਸੀ ਜਿਨ੍ਹਾਂ ਦੇ ਸਦਾ ਖੁੱਲ੍ਹੇ, ਭੁੱਖੇ ਆਪ ਤੇ ਖ਼ਲਕਤਾਂ ਖਾਂਦੀਆਂ ਸਨ । ਰਤਾ ਵੇਖ ਖਾਂ ਕਿਸ ਤਰ੍ਹਾਂ ਝੱਲਦੇ ਨੇ, ਪਏ ਦੁੱਖ ਤੇ ਦੁੱਖ ਸੁਖਮਨੀ ਵਾਲੇ । ਵਾਙ ਫੁੱਲਿਆਂ ਦੇ ਖਿੜ ਖਿੜ ਹੱਸਦੇ ਨੇ, ਤਤੀ ਰੇਤ ਦੇ ਵਿਚ ਭੀ ਕਣੀ ਵਾਲੇ । ਰਾਮਦਾਸ ਗੁਰ ਪਯਾਰੇ ਦੇ ਚੰਨ ਉਤੇ, ਹੁੰਦੇ ਜ਼ੁਲਮ ਪਏ ਕੇਡੇ ਹਨੇਰ ਦੇ ਨੇ । ਲੋਹੇ ਲਾਖੜੀ ਤਪੀ ਹੈ ਲੋਹ ਹੇਠਾਂ, ਉਤੋਂ ਰੇਤ ਤੱਤੀ ਪਾਪੀ ਕੇਰਦੇ ਨੇ । ਓਧਰ ਜ਼ੁਲਮ ਇਹ ਹੁੰਦੇ ਨੇ ਜ਼ਾਲਮਾਂ ਦੇ, ਏਧਰ ਸਿਦਕ ਇਹ ਗੁਰੂ ਜੀ ਸ਼ੇਰ ਦੇ ਨੇ । ਤੱਤੀ ਲੋਹ ਨੂੰ ਸਮਝਕੇ ਮ੍ਰਿਗਸ਼ਾਲਾ, ਮਾਲਾ ਪਯਾਰੇ ਦੇ ਨਾਮ ਦੀ ਫੇਰਦੇ ਨੇ । ਇਹ ਓਹ ਵਲੀ ਨੇ ਜਿਨ੍ਹਾਂ ਦੀ ਦੀਦ ਕਾਰਨ, ਮੀਆਂ ਮੀਰ ਜਹੇ ਪੀਰ ਭੀ ਆਂਵਦੇ ਸਨ । ਇਹ ਓਹ ਸ਼ਹਿਨਸ਼ਾਹ ਜਿਨ੍ਹਾਂ ਦੇ ਚਰਨ ਅੰਦਰ, ਅਕਬਰ ਜਹੇ ਆ ਸੀਸ ਨਿਵਾਂਵਦੇ ਸਨ । ਜਿਵੇਂ ਜਿਵੇਂ ਨਮਰੂਦ ਦੀ ਚਿਖ਼ਾ ਵਾਙੂੰ, ਭਾਂਬੜ ਲੋਹ ਹੇਠਾਂ ਬਲਦਾ ਅੱਗ ਦਾ ਏ । ਕੜ੍ਹ ਕੇ ਪੱਤ ਵਾਙੂੰ ਤਯੋਂ ਤਯੋਂ ਆਖਦੇ ਨੇ :- ਮਿੱਠਾ ਭਾਣਾ ਪਯਾਰੇ ਦਾ ਲੱਗਦਾ ਏ । ਜਿਉਂ ਜਿਉਂ ਦੇਹ ਪਵਿੱਤਰ ਦਾ ਲਹੂ ਸੜਦਾ, ਤਿਉਂ ਤਿਉਂ ਆਤਮਾ ਦਾ ਦੀਵਾ ਜੱਗਦਾ ਏ । ਲੱਖਾਂ ਜ਼ੁਲਮ ਸਰੀਰ ਤੇ ਪਏ ਹੋਵਨ, ਹੰਝੂ ਇੱਕ ਨਾ ਅੱਖੀਓਂ ਵੱਗਦਾ ਏ । ਪਰਲੋ ਤੀਕ ਹੈ ਪੰਥ ਅਧੀਨ ਸਾਰਾ, ਪੰਚਮ ਗੁਰੂ ਦੀਆਂ ਮੇਹਰਬਾਨੀਆਂ ਦਾ । ਦੁੱਖ ਝੱਲ ਕੇ ਆਪਣੀ ਜਾਨ ਉੱਤੇ, ਰਾਹ ਦੱਸ ਗਏ ਜੇਹੜੇ ਕੁਰਬਾਨੀਆਂ ਦਾ । ਮੀਆਂ ਮੀਰ ਜੀ ਆਖਦੇ ਗੁਰੂ ਸਾਹਿਬ, ਵੇਖ ਸਕਾਂ ਨਾ ਅੱਤਯਾਚਾਰ ਅੰਦਰ । ਹੋਵੇ ਹੁਕਮ ਤਾਂ ਹੋਣ ਬਰਬਾਦ ਜ਼ਾਲਮ, ਲੱਗੇ ਅੱਗ ਦਰਬਾਰ ਸਰਕਾਰ ਅੰਦਰ । ਆਸ਼ਕ ਸਾਦਕ ਇਹ ਆਖਦੇ ਪੀਰ ਪਿਆਰੇ, ਸਦਾ ਰਹਿਣਾ ਨਹੀਂ ਏਸ ਸੰਸਾਰ ਅੰਦਰ । ਲੈਕੇ ਸੀਸ ਭੀ ਹੋਵੇ ਜੇ ਯਾਰ ਰਾਜ਼ੀ, ਤਾਂ ਭੀ ਖੱਟੀ ਏ ਏਸ ਵਿਹਾਰ ਅੰਦਰ । ਆਸ਼ਕ ਆਹ ਭੀ ਮੂੰਹੋਂ ਉਭਾਸਰੇ ਨਾ, ਹੋ ਕੇ ਰਾਜ਼ੀ ਰਜ਼ਾ ਤੇ ਬਹਿ ਜਾਵੇ । ਮੰਜ਼ਲ ਪ੍ਰੇਮ ਦੀ ਹੁੰਦੀ ਏ ਕਠਨ ਡਾਢੀ, ਕਰਕੇ "ਸੀ" ਅਧਵਾਟੇ ਨਾ ਰਹਿ ਜਾਵੇ । ਸੱਸੀ ਪੁੱਛਿਆ ਰੇਤ ਦੇ ਜ਼ੱਰ੍ਰਿਆਂ ਨੂੰ :- 'ਦੱਸੋ ਫੁੱਲ ਏਹ ਕੇਹੜੇ ਪਰਵਾਰ ਦਾ ਏ ? ਇਬਰਾਹੀਮ ਵਾਙੂੰ ਚੜ੍ਹ ਕੇ ਚਿਖ਼ਾ ਉੱਤੇ, ਮਜ਼ਾ ਲੁਟਦਾ ਪਿਆ ਗੁਲਜ਼ਾਰ ਦਾ ਏ ? ਰਿੱਧੀ ਸਿੱਧੀ ਗੁਰਿਆਈ ਦਾ ਬਲ ਹੁੰਦੇ, ਪਿਆ ਦੁੱਖ ਤੇ ਦੁੱਖ ਸਹਾਰਦਾ ਏ ? ਲੱਖਾਂ ਪੁੰਨੂੰ ਜੇ ਏਸ ਤੋਂ ਕਰਾਂ ਸਦਕੇ, ਤਾਂ ਵੀ ਮੁੱਲ ਨਾ ਏਹਦੇ ਦੀਦਾਰ ਦਾ ਏ ?' ਜ਼ੱਰੇ ਨਿਕਲਕੇ ਅੱਖੀਓਂ, ਹਾਲ ਸਾਰਾ, ਸ਼ਾਂਤਮਈ 'ਉਤਾਰ ਦਾ ਕਹਿਣ ਲੱਗੇ । ਏਧਰ ਸੱਸੀ ਵਿਚਾਰੀ ਦੇ ਨੇਤਰਾਂ 'ਚੋਂ, ਵਾਂਗ ਰਾਵੀ ਦੇ ਅੱਥਰੂ ਵਹਿਣ ਲੱਗੇ । "ਸੇਵਾਦਾਰ ਭੀ ਜਿਨ੍ਹਾਂ ਦੇ ਜੱਗ ਅੰਦਰ, ਰੁਤਬੇ ਖ਼ਾਸ ਲੁਕਮਾਨ ਦੇ ਪਾਂਵਦੇ ਨੇ । ਮਾਰ ਟੋਕਰੀ ਗਾਰ ਦੀ ਰੋਗੀਆਂ ਤੇ, ਕੁੰਦਨ ਵਰਗੀਆਂ ਦੇਹੀਆਂ ਬਣਾਂਵਦੇ ਨੇ । ਤਰਨ ਤਾਰਨ ਹੈ ਸਾਫ਼ ਗਵਾਹ ਨਾਲੇ, ਕੋੜ੍ਹੀ ਪਿੰਗਲੇ ਵੀ ਗੀਤ ਗਾਂਵਦੇ ਨੇ । ਰੋਂਦੇ ਆਉਂਦੇ ਡੋਲੀਆਂ ਵਿੱਚ ਪੈ ਕੇ, ਘਰੀਂ ਹੱਸਦੇ ਹੱਸਦੇ ਜਾਂਵਦੇ ਨੇ । ਸ਼ਬਦਾਂ ਬਾਣੀਆਂ ਦੀ ਬੱਧੀ ਬੀੜ ਪਯਾਰੀ, ਇਨ੍ਹਾਂ "ਗੁਰੂ ਗਰੰਥ" ਕਿਤਾਬ ਅੰਦਰ । ਪੰਚਮ ਗੁਰੂ ਮਹਾਰਾਜ ਏ "ਸ਼ਰਫ਼" ਜਿਨ੍ਹਾਂ, ਸੋਮੇ ਅੰਮ੍ਰਿਤ ਵਗਾਏ ਪੰਜਾਬ ਅੰਦਰ ।"
ਦਰਗਾਹੀ ਦਾਤ
ਹੁੰਦੇ ਜ਼ੁਲਮ ਗੁਰੂ ਤੇ ਸੁਣਕੇ ਹੱਦੋਂ ਬਾਹਰ ਭਾਰੇ । ਵਾਹੋ ਦਾਹੀ ਨੱਸੇ ਆਏ ਮੀਆਂ ਮੀਰ ਪਿਆਰੇ । ਲੱਗਾ ਆਸਣ ਤੱਤੀ ਲੋਹ ਤੇ ਵੇਖ ਪਯਾਰੇ ਵਾਲਾ । ਹੰਝੂ ਗ਼ਮ ਦੇ ਕੇਰਨ ਲੱਗੇ, ਫੇਰਨ ਲੱਗੇ ਮਾਲਾ । ਗੁਰੂ ਜੀ ਅੱਗੇ ਪੀਰ ਪਯਾਰੇ ਮੁੱਖੋਂ ਬੋਲ ਸੁਣਾਇਆ :- 'ਅਰਜਨ ਪਯਾਰੇ! ਅੱਖੀਂ ਤਾਰੇ! ਇਹ ਕੀ ਖੇਲ ਰਚਾਇਆ ? ਨਾਜ਼ੁਕ ਜੁੱਸੇ ਉੱਤੇ ਏਦਾਂ ਛਾਲੇ ਪੈ ਗਏ ਸਾਰੇ, ਅੰਬਰ ਉੱਤੇ ਉਘੜ ਔਂਦੇ ਜਯੋਂ ਕਰ ਰਾਤੀਂ ਤਾਰੇ ? ਗੁਰਿਆਈ ਦੀ ਸ਼ਕਤੀ ਹੁੰਦੇ ਐਡੇ ਦੁੱਖ ਉਠਾਵੋ ? ਕਰਨੀ ਵਾਲੇ ਸੋਹਣੇ ਸਾਈਆਂ ! ਕਯੋਂ ਨਾ ਤੀਰ ਚਲਾਵੋ ? ਇੱਕ ਵਾਰੀ ਜੇ ਆਖੋ ਮੈਨੂੰ ਮੈਂ ਇਹ ਕਾਰ ਵਿਖਾਵਾਂ । ਵਾਙ ਪਤੰਗਾਂ ਪਕੜ ਜ਼ਿਮੀਂ ਦੀਆਂ ਖਿੱਚਾਂ ਕੁੱਲ ਤਣਾਵਾਂ । ਅੱਗ ਸਰਾਪਾਂ ਵਾਲੀ ਐਸੀ ਜਿਗਰੋਂ ਕੱਢ ਵਗਾਵਾਂ । ਵਾਙ ਪਰਾਲੀ ਪਾਪੀ ਸਾਰੇ ਪਲ ਵਿਚ ਸਾੜ ਗਵਾਵਾਂ । ਸੜ ਬਲ ਕੇ ਜੇ ਰਾਖ ਭੀ ਹੋਵਣ ਤਦ ਭੀ ਚੈਨ ਨਾ ਪਾਵਨ । ਆਹ ਮੇਰੀ ਦੇ ਬੁੱਲੇ ਵਗ ਵਗ ਅੰਬਰ ਵਿਚ ਉਡਾਵਨ ।' ਸੁਣ ਸੁਣ ਗੱਲਾਂ ਗੁਰੂ ਪਯਾਰੇ ਹੱਸਕੇ ਇਹ ਫ਼ਰਮਾਇਆ :- 'ਰੱਬ ਸਵਾਰੇ ! ਪੀਰ ਪਯਾਰੇ ! ਕੁਦਰਤ ਨੂੰ ਇਹ ਭਾਇਆ । ਓਸੇ ਭਾ ਹੈ ਸਰ ਦਾ ਸੌਦਾ ਜਯੋਂ ਕਰ ਉਸ ਨੂੰ ਭਾਵੇ । ਸਭ ਕੁਝ ਜਰਨੀ 'ਸੀ' ਨਹੀਂ ਕਰਨੀ, ਉਸ ਵੱਲੋਂ ਰਹਿ ਆਵੇ । ਲੱਖ ਵਰ੍ਹੇ ਭੀ ਜੀਵੇ ਜੇਕਰ ਏਥੇ ਬੰਦਾ ਭੋਲਾ । ਏਸ ਜੂਨੀ ਦਾ ਲਾਹਣਾ ਪਏਗਾ, ਓੜਕ ਇਕ ਦਿਨ ਚੋਲਾ । ਏਸ ਗੱਲੇ ਜੇ ਰਾਜ਼ੀ ਹੋਵਨ ਮੇਰੇ ਪ੍ਰੀਤਮ ਪਯਾਰੇ । ਲੋਹ ਤੇ ਬੈਠਾ ਪਰਲੋ ਤੀਕਰ ਜਾਵਾਂ ਮੈਂ ਬਲਿਹਾਰੇ । ਯਾਦ ਉਦ੍ਹੀ ਵਿਚ ਰੇਤ ਤੱਤੀ ਦੇ ਛੱਟੇ ਵੱਸਨ ਨੂਰੀ । ਜਯੋਂ ਜਯੋਂ ਛੱਟੇ ਵੱਸਨ ਮੈਨੂੰ ਜਾਪੇ ਮਿਹਰ ਹਜ਼ੂਰੀ । ਜਯੋਂ ਜਯੋਂ ਪਏ ਤਸੀਹੇ ਦੇਂਦੇ ਤਯੋਂ ਤਯੋਂ ਰਾਜ਼ੀ ਥੀਵਾਂ । ਭਰ ਭਰ ਪਿਆਲੇ ਪ੍ਰੀਤਮ ਹੱਥੋਂ, ਦਰਸ਼ਨ ਵਾਲੇ ਪੀਵਾਂ । ਹਜ਼ਰਤ ਮੂਸਾ ਤੂਰ ਪਹਾੜੋਂ ਜਲਵਾ ਉਸ ਦਾ ਪਾਇਆ । ਭਾਂਬੜ ਵਿਚੋਂ ਪ੍ਰੀਤਮ ਪਿਆਰਾ ਸਾਨੂੰ ਨਜ਼ਰੀਂ ਆਇਆ । ਜਯੋਂ ਜਯੋਂ ਮਨਸੂਰ ਪਯਾਰੇ ਨੂੰ ਸੀ ਧਾਰ ਤਿੱਖੀ ਦੀ ਸੂਲੀ । ਪ੍ਰੇਮ ਉਹਦੇ ਵਿਚ ਫੁੱਲਾਂ ਵਾਙੂੰ ਲੱਗਦੀ ਕੂਲੀ ਕੂਲੀ । ਓਹਦੇ ਕੋਲੋਂ ਵਧ ਕੇ ਸਾਨੂੰ ਪ੍ਰੇਮ ਇੱਥੇ ਹੈ ਮਿਲਦਾ । ਸੇਕ ਤੱਤੇ ਦੇ ਬੁੱਲੇ ਸਵਰਗੀ ਗ਼ੁੰਚਾ ਖਿੜਦਾ ਦਿਲ ਦਾ । ਨੈਂ ਸ਼ਹੀਦੀ ਵਾਲੀ ਵਗਦੀ ਪਾਰ ਪਯਾਰਾ ਟਹਿਕੇ । ਸ਼ਾਂਤਮਈ ਦੇ ਬੇੜੇ ਅੰਦਰ ਲੰਘ ਜਾਣਾ ਹੈ ਬਹਿਕੇ । ਪੰਥ ਪਯਾਰੇ ਨੂੰ ਹੈ ਨਾਲੇ ਸਿੱਧਾ ਰਾਹ ਵਿਖਾਉਣਾ । ਮਰ ਮਰ ਕੇ ਹੈ ਦੁਨੀਆਂ ਅੰਦਰ ਜੀਵਨ ਨਵਾਂ ਸਿਖਾਉਣਾ । ਸਭ ਕੁਝ ਸਹਿਣਾ, ਕੁਝ ਨਹੀਂ ਕਹਿਣਾ, ਚਰਨੀਂ ਓਦ੍ਹੀ ਪੈਣਾ । ਜੋ ਕੁਝ ਦੇਵੇ ਦਾਨ ਪਿਆਰਾ 'ਸ਼ਰਫ਼' ਅਸਾਂ ਉਹ ਲੈਣਾ ।
ਹਜ਼ੂਰੀ
(ਗਾ ਕੇ ਪੜ੍ਹਨ ਵਾਲੀ ਗ਼ਜ਼ਲ) ਮੇਰੇ ਹਿਰਦੇ ਸਮਾਯਾ ਹੈ ਨਿਰਾਲਾ ਪਯਾਰ ਅਰਜਨ ਦਾ । ਮੈਨੂੰ ਹਰ ਜ਼ੱਰੇ ਦੇ ਅੰਦਰ, ਮਿਲੇ ਦੀਦਾਰ ਅਰਜਨ ਦਾ । ਓਹਨੂੰ ਕੀ ਲੋੜ ਸਵਰਗਾਂ ਦੀ, ਓਹਦੇ ਭਾਣੇ ਅਪੱਛਰਾਂ ਕੀਹ, ਜਿਦ੍ਹੇ ਨੈਣਾਂ ਦੇ ਵਿੱਚ ਫਿਰਦਾ ਰਹੇ ਦਰਬਾਰ ਅਰਜਨ ਦਾ । ਕਿਰਨ ਜਲਵੇ ਦੀ ਜਰ ਸੱਕੇ, ਜਦੋਂ ਮਨਸੂਰ ਹੋਰੀਂ ਨਾ, ਓਦੋਂ ਸ਼ਾਂਤੀ ਦੇ ਦੱਸਨ ਲਈ ਹੋਯਾ ਅਵਤਾਰ ਅਰਜਨ ਦਾ । ਕਟਾਈ ਇਕ ਇਕ ਪੋਰੀ ਸ਼ਹੀਦੀ ਪੂਰੀ ਲੈ ਲੀਤੀ, ਸਮਝ ਲੀਤਾ ਮਨੀ ਸਿੰਘ ਨੇ ਜਦੋਂ ਉਪਕਾਰ ਅਰਜਨ ਦਾ । ਦਿੱਸੇ ਚੇਹਰਾ ਨੂਰਾਨੀ ਉਹ, ਪਿਆ ਜ਼ੱਰੇ ਦੇ ਸ਼ੀਸ਼ੇ ਵਿਚ, ਦਿਖਾਵਨ ਰਾਤ ਨੂੰ ਤਾਰੇ ਮੈਨੂੰ ਚਮਕਾਰ ਅਰਜਨ ਦਾ । ਪਵੇ ਚੰਦੂ ਸਵਾਹੀਏ ਦੀ ਉਹ ਓੜਕ ਜੂਨ ਵਿਚ ਮਰ ਕੇ, 'ਸ਼ਰਫ਼' ਕੀਤਾ ਨਹੀਂ ਜਿਸਨੇ ਅਦਬ ਸਤਿਕਾਰ ਅਰਜਨ ਦਾ ।
ਪਰੇਰਨਾ
ਆਓ ਸਈਓ ਰਲ ਵੇਖਣ ਚਲੀਏ ਬੰਨ੍ਹ ਲਈਏ ਨੀ ਡਾਰਾਂ । ਗੁਰ ਅਰਜਨ ਦੇ ਚਰਨਾਂ ਅੰਦਰ ਖਿੜੀਆਂ ਬਾਗ਼ ਬਹਾਰਾਂ । ਸ਼ਾਂਤਮਈ ਦੀਆਂ ਅੰਮ੍ਰਿਤ ਭਰੀਆਂ ਚੱਲਣ ਖ਼ੂਬ ਫੁਹਾਰਾਂ । 'ਸ਼ਰਫ਼' ਚੱਲੋ ਨੀ ਓਥੇ, ਜਿੱਥੇ ਤਰੀਆਂ ਲੱਖ ਹਜ਼ਾਰਾਂ ।
ਅਰਦਾਸ
ਸ਼ਾਂਤਮਈ ਦੇ ਸੀਤਲ ਸਾਗਰ ! ਲਗੀਆਂ ਤੋੜ ਨਿਭਾਵੋ, ਮੇਹਰ ਕਮਾਵੋ । ਜਿੰਦੜੀ ਵਾਰਾਂ, ਘੋਲ ਘੁਮਾਵਾਂ, ਗੁਰ ਜੀ ! ਦਰਸ ਦਿਖਾਵੋ, ਚਿਰ ਨਾ ਲਾਵੋ । ਵਾਙ ਤਰੇਲ ਰਵ੍ਹਾਂ ਨਿੱਤ ਰੋਂਦੀ, ਫੁਲਾਂ ਵਾਙ ਹਸਾਵੋ, ਇਕ ਦਿਨ ਆਵੋ । 'ਸ਼ਰਫ਼' ਤੱਤੀ ਦੀ ਕੁੱਲੀ ਅੰਦਰ, ਚਰਨ ਪਵਿੱਤਰ ਪਾਵੋ, ਚੰਨ ਚੜ੍ਹਾਵੋ ।
ਸੋਢੀ ਸੁਲਤਾਨ
ਚੂਨੇ ਮੰਡੀ ਸ਼ਹਿਰ ਲਾਹੌਰੋਂ ਪਰਗਟ ਹੋਯਾ ਤਾਰਾ । ਬਾਲੇਪਨ ਵਿਚ ਮਸਤਕ ਅੰਦਰ ਆਣ ਪਿਆ ਚਮਕਾਰਾ । ਸ਼ਾਨ ਗ਼ਰੀਬੀ, ਤਬ੍ਹਾ ਅਮੀਰੀ, ਗੱਲ ਫ਼ਕੀਰਾਂ ਵਾਲੀ । ਵਲਾਂ ਛਲਾਂ ਦੇ ਵੱਲ ਨਾ ਜਾਨਣ ਦੋ ਜਗ ਸੰਦੇ ਵਾਲੀ । ਲੱਗੀ ਤਾਂਘ ਨਜ਼ਾਰੇ ਵਾਲੀ ਖਿੱਚ ਗੁਰਾਂ ਨੇ ਪਾਈ । ਲੱਭ ਲਿਆ ਜਾ ਨੂਰ ਹਕੀਕੀ ਅੱਖ ਜਿਦ੍ਹੀ ਤਿਰਹਾਈ । ਹੋ ਸਵਾਏ ਸੇਵਾ ਕੀਤੀ, ਐਨੀ ਟਹਿਲ ਕਮਾਈ । ਗੁਰੂ ਪਯਾਰੇ ਕੰਨਿਆਂ ਪਯਾਰੀ ਏਨ੍ਹਾਂ ਦੇ ਲੜ ਲਾਈ । ਹੁਕਮ ਹੋਯਾ ਤੇ ਥੜੇ ਬਣਾਏ ਸਤਿਗੁਰ ਨੇ ਫੜ ਢਾਏ । ਜਦ ਤੀਕਰ ਪਰਵਾਨ ਨ ਹੋਏ ਓਦੋਂ ਤੀਕ ਬਣਾਏ । ਗੁਰਿਆਈ ਦਾ ਚੋਲਾ ਲੈ ਕੇ ਐਸਾ ਰਾਜ ਕਮਾਯਾ । ਮੋਤੀਆਂ ਵਾਲੀ ਮਾਲਾ ਬਖ਼ਸ਼ੀ ਜੋ ਦਰ ਮੰਗਣ ਆਯਾ । ਚਹੁੰ ਕੁੰਟਾਂ ਤੋਂ ਹੁਮਹੁਮਾ ਕੇ ਖ਼ਲਕਤ ਚਰਨੀਂ ਢੁੱਕੀ । ਜਾਪ ਰਹੇ ਵਿਚ ਜੀਭ ਹਮੇਸ਼ਾਂ, ਆਖੀ ਗੱਲ ਨ ਉੱਕੀ । ਹਰ ਹਰ ਹਿਰਦੇ ਡੇਰਾ ਲਾਯਾ, ਹਰ ਦੀ ਆਸ ਪੁਜਾਈ । ਪ੍ਰੀਤਮ-ਦਰਸ ਜੋ ਵੇਖਣ ਆਯਾ, ਉਸਦੀ ਤੇਹ ਬੁਝਾਈ । ਸਿਦਕਵਾਨਾਂ ਦੇ ਬੇੜੇ ਰੁੜ੍ਹਦੇ ਫੜਕੇ ਬੰਨੇ ਲਾਏ । ਦੁਖ-ਭੰਜਨੀ ਦੇ ਸੋਮੇ ਅੰਦਰ ਕੋੜ੍ਹੀ ਤਾਰ ਵਿਖਾਏ । ਪਰਉਪਕਾਰੀ ਨਿਗ੍ਹਾ ਪਯਾਰੀ ਜੇਹੜੇ ਪਾਸੇ ਕੀਤੀ । ਸ਼ਾਂਤ ਨੂਰਾਨੀ ਰੋਸ਼ਨ ਕੀਤੀ ਕੱਢੀ ਕੁਫ਼ਰ-ਪਲੀਤੀ । ਦਾਨ, ਪਰੇਮ, ਤਪੱਸਿਆ ਵਾਲਾ ਐਸਾ ਫੱਟਾ ਲਾਯਾ । ਗੁਰੂ ਨਾਨਕ ਦਾ ਬਾਗ਼ ਸਦੀਵੀ ਖਿੜਵਾਯਾ ਮਹਕਾਯਾ । ਵੈਰ, ਵਿਰੋਧ ਤੇ ਦੂਈ ਘਿਰਣਾ ਜਿੱਥੇ ਨਜ਼ਰੀ ਆਏ । ਗੁਰਬਾਣੀ ਦੇ ਛੱਟੇ ਲਾ ਕੇ ਅਗਨੀ ਵਾਂਗ ਬੁਝਾਏ । ਨਜ਼ਰਾਨੇ ਵਿੱਚ ਅਕਬਰ ਵੱਲੋਂ ਮਿਲਖ ਜਗੀਰਾਂ ਆਈਆਂ । ਪਰ ਸਾਈਂ ਦੀਆਂ ਬੇਪ੍ਰਵਾਹੀਆਂ ਚਰਨੀਂ ਮੂਲ ਨ ਲਾਈਆਂ । ਮੁਖ ਨੂਰਾਨੀ ਦਿਲ ਦੇ ਦਾਨੀ ਪਾਕ ਪਵਿੱਤਰ ਮੋਤੀ । ਅਮ੍ਰਿਤ ਜਲ ਵਿਚ ਨੂਰੀ ਪੁਤਲੀ ਜਯੋਂ ਕਰ ਹੋਵੇ ਧੋਤੀ । ਮੇਲ-ਮਿਲਾਪੋਂ ਵੇਲ-ਸਿਖੀ ਦੀ ਮਹਿਲ ਚੜ੍ਹਾਵਨ ਵਾਲੇ । ਇੱਕ ਓਂਕਾਰੀ ਸੁੰਦਰ ਝੰਡਾ ਜਗਤ ਝੁਲਾਵਨ ਵਾਲੇ । ਰਾਮਦਾਸ ਜੀ ਗੁਰੂ ਪਯਾਰੇ ਚਹੁੰ ਕੁੰਟਾਂ ਦੇ ਵਾਲੀ । "ਸ਼ਰਫ਼" ਜਿਨ੍ਹਾਂ ਨੇ ਚੌਥੀ ਮੰਜ਼ਲ ਰੱਖੀ ਸਿੱਖੀ ਵਾਲੀ ।
ਸਿਫ਼ਤਾਂ
ਸਿਰਮੌਰ ਸਿਰਤਾਜ ਸ਼ਰਧਾਲੂਆਂ ਦੇ, ਨਾਨਕ ਨਾਨਕ ਦਾ ਨਾਮ ਧਿਆਉਣ ਵਾਲੇ । ਪੂਜਾ ਛੱਡ ਕੇ ਦੇਵੀਆਂ ਦਿਓਤਿਆਂ ਦੀ, ਇੱਕ ਓਅੰਕਾਰ ਦਾ ਜਾਪ ਕਰਾਉਣ ਵਾਲੇ । ਕਲਮ ਕਾਦਰੀ ਜਿਨ੍ਹਾਂ ਨੂੰ ਪਈ ਚੁੰਮੇ, ਐਸੇ ਸੱਚ ਦੇ ਸੁਖ਼ਨ ਫ਼ਰਮਾਉਣ ਵਾਲੇ । ਮਾਲੀ ਵਾਲੀ ਗੁਰ-ਟਹਿਲ ਦੇ 'ਜਹੇ ਪੂਰੇ, ਸੇਵਾ-ਸਿਦਕ ਦਾ ਬੂਟੜਾ ਲਾਉਣ ਵਾਲੇ । ਛਾਲ ਮਾਰ ਚੁਬੱਚਿਆਂ ਮੋਰੀਆਂ 'ਚ, ਹੁਕਮ ਗੁਰੂ ਦਾ ਪਾਲ ਵਿਖਾਉਣ ਵਾਲੇ । ਪਾ ਪਾ ਕੁਠਾਲੀ ਤਪੱਸਿਆ ਦੀ, ਦੇਹੀ ਕੁੰਦਣ ਦੇ ਵਾਂਙ ਬਣਾਉਣ ਵਾਲੇ । ਤੋੜ ਮਾਨ-ਗ਼ਰੂਰ ਹੰਕਾਰੀਆਂ ਦਾ, ਬਰਖਾ ਰਹਿਮਤੀ ਆਪ ਬਰਸਾਉਣ ਵਾਲੇ । ਸੁੱਕੀ ਰੋਟੀ ਸਭਰਾਈ ਦੀ ਖਾ ਖਾ ਕੇ, ਲੰਗਰ ਦੂਜਿਆਂ ਲਈ ਵਰਤਾਉਣ ਵਾਲੇ । ਤਾਜ ਤਖ਼ਤ ਦਿਵਾ ਕੇ ਰੱਬ ਕੋਲੋਂ, ਤੇ ਹਮਾਯੂੰ ਦੀ ਵੇਲ ਵਧਾਉਣ ਵਾਲੇ । ਨਾਲ ਬਾਣੀ ਦੇ ਹਿੰਦੂਆਂ ਮੋਮਨਾਂ ਨੂੰ, ਖੰਡ ਖੀਰ ਦੇ ਵਾਂਙ ਰਲਾਉਣ ਵਾਲੇ । ਅਰਥ ਇਕ ਓਂਕਾਰ ਦਾ ਦੱਸ ਕੇ ਤੇ, ਸਾਰੀ ਦੂਈ ਦਵੈਤ ਮਿਟਾਉਣ ਵਾਲੇ । ਵੈਰ ਕੱਢ ਕੇ ਵੱਢ ਕੇ ਈਰਖਾ ਨੂੰ, ਮੱਥੇ ਹਸਦੇ ਨਾਲ ਬੁਲਾਉਣ ਵਾਲੇ । ਬੂਟਾ ਲਗਾ ਸੀ ਜੇੜ੍ਹਾ ਤਅੱਸਬਾਂ ਦਾ, ਉੱਕਾ ਜੜ੍ਹਾਂ ਤੋਂ ਪੁੱਟ ਗਵਾਉਣ ਵਾਲੇ । ਸੁਲ੍ਹਾ ਪਿਆਰ ਪ੍ਰੇਮ ਦਾ ਫੇਰ ਪੱਲੂ, ਨਾਨਕ ਪੰਥ ਦੀ ਸ਼ਾਨ ਚਮਕਾਉਣ ਵਾਲੇ । ਹੁਕਮ ਗੁਰੂ ਦਾ ਮੰਨ ਕੇ ਖਾਣ ਮੁਰਦਾ, ਜ਼ਿੰਦਾ ਆਪਣਾ ਨਾਮ ਕਰਾਉਣ ਵਾਲੇ । ਰਤਾ ਪੈਰ ਨਾ ਥਿੜਕਿਆ ਸਿਦਕ ਵੱਲੋਂ, ਪਾਗ਼ਲ ਹੋ ਗਏ ਜਦੋਂ ਅਜ਼ਮਾਉਣ ਵਾਲੇ । ਦਾਨੀ, ਗਯਾਨੀ, ਉਪਕਾਰੀ, ਭੰਡਾਰੀ ਸੱਚੇ, ਹਾਤਮ ਜਿਹਾਂ ਨੂੰ ਦਾਨ ਦਿਵਾਉਣ ਵਾਲੇ । ਬਰਕਤ ਪਾਇ ਕੇ ਚਰਨ ਪਵਿੱਤਰਾਂ ਦੀ, ਥੇਹ ਉਜੜੇ ਹੋਏ ਵਸਾਉਣ ਵਾਲੇ । ਭਾਸ਼ਾ ਵੇਖ ਪੰਜਾਬੀ ਦੀ ਗਲੋਂ ਨੰਗੀ, ਜਾਮਾ ਗੁਰਮੁਖੀ ਵਾਲਾ ਪਹਿਨਾਉਣ ਵਾਲੇ । ਗੱਲਾਂ ਮਿੱਠੀਆਂ ਮਿੱਠੀਆਂ ਤਬ੍ਹਾ ਨਿੱਘੀ, ਪੱਥਰ ਦਿਲਾਂ ਨੂੰ ਮੋਮ ਬਣਾਉਣ ਵਾਲੇ । ਰਹਿ ਕੇ ਨਿਮ੍ਰਤਾ ਵਿਚ ਕਮਾਨ ਵਾਂਙੂ, ਰਿਧੀ ਸਿਧੀ ਦੇ ਤੀਰ ਚਲਾਉਣ ਵਾਲੇ । ਪਾਟੀ ਹੋਈ ਗੁਰਿਆ ਦੀ ਗੋਦੜੀ 'ਚੋਂ, ਨਾਨਕ ਗੁਰੂ ਦੇ ਦਰਸ ਕਰਵਾਉਣ ਵਾਲੇ । ਪਾ ਕੇ ਕੁੰਡੀਆਂ ਪਰ ਉਪਕਾਰ ਦੀਆਂ, ਖਿੱਚ ਖਿੱਚ ਕੇ ਜੱਗ ਨੂੰ ਲਿਆਉਣ ਵਾਲੇ । ਜਨਮ ਸਾਖੀ ਦੇ ਭੇਤ ਓਹ ਖੋਲ੍ਹ ਗਏ ਨੇ, ਪਰਲੋ ਤੀਕ ਨਹੀਂ ਜਿਹੜੇ ਭੁਲਾਉਣ ਵਾਲੇ । ਗੁਰੂ ਸਾਹਿਬ ਦੇ ਜੋੜਿਆਂ ਘੋੜਿਆਂ ਦੀ, ਖ਼ਾਕ ਅੱਖੀਆਂ ਨਾਲ ਉਠਾਉਣ ਵਾਲੇ । ਰਾਹੋਂ ਭੁੱਲਿਆਂ ਸੁੱਤਿਆਂ ਬੰਦਿਆਂ ਨੂੰ, ਝੂਣ ਝੂਣ ਕੇ ਸਿਰੋਂ ਜਗਾਉਣ ਵਾਲੇ । "ਸ਼ਰਫ਼" ਅੰਗ ਗੁਰਿਆਈ ਸਜੇ ਸੱਜੇ, "ਅੰਗਦ ਦੇਵ ਜੀ" ਗੁਰੂ ਕਹਾਉਣ ਵਾਲੇ ।
ਪ੍ਰੇਮ-ਟੀਸੀ
ਸੱਚੇ ਪਾਕ ਪਵਿੱਤਰ ਅੰਗਦ, ਜਯੋਂ ਅੰਮ੍ਰਿਤ ਦਾ ਪਾਣੀ । ਦੁਨੀਆਂ ਦੇ ਵਿਚ ਦਾਨੇ ਦਾਨੀ, ਜਯੋਂ ਸਤਿਗੁਰ ਦੀ ਬਾਣੀ । ਦੀਵੇ ਵਾਂਙ ਬੁਝਾਈ ਦੇਵੀ, ਜਗਦੀ ਜੋਤ ਪਛਾਣੀ,- 'ਸ਼ਰਫ਼' ਵਿਖਾਈ ਓਹੋ ਕਰਕੇ, ਜੋ ਮਾਲਕ ਮਨ-ਭਾਣੀ । ਸਤਿਗੁਰ ਜੀ ਦਾ ਨਾਮ ਅਨੌਖਾ, ਲੂੰ ਲੂੰ ਵਿੱਚ ਰਚਾਇਆ, ਜਿਸ ਪਾਸੇ ਵੱਲ ਨਿਗ੍ਹਾ ਦੁੜਾਈ, ਓਹੋ ਨਜ਼ਰੀ ਆਇਆ, ਐਸੀ ਉੱਚੀ ਟੀਸੀ ਉੱਤੇ, ਪਕੜ ਪਰੇਮ ਚੜ੍ਹਾਇਆ,- 'ਸ਼ਰਫ਼' ਪਯਾਰੇ ਨਾਨਕ ਜੀ ਦਾ, ਰੁਤਬਾ ਅੰਗਦ ਪਾਇਆ ।
ਨਿਥਾਵਿਆਂ ਦਾ ਥਾਂ
ਆਦਰ ਚਾਦਰ ਸੇਵਾ ਬਾਣਾ, ਤਾਣ ਜਗਤ ਦਾ ਗੁਰੂ ਨਿਤਾਣਾ । ਮਾਨ ਲੁਕਾਈ ਆਪ ਨਿਮਾਣਾ, ਥਿੜਿਆਂ ਦਾ ਉਹ ਥਹੁ ਟਿਕਾਣਾ । ਗਾਗਰ ਮੋਢੇ ਚਾਵਣ ਵਾਲਾ, ਗੁਰ ਲਈ ਪਾਣੀ ਲਿਆਵਣ ਵਾਲਾ । ਠੇਡੇ ਠੋਕਰ ਖਾਵਣ ਵਾਲਾ, ਸੌ ਸੌ ਸ਼ੁਕਰ ਬਜਾਵਣ ਵਾਲਾ । ਦਾਸ ਗੁਰੂ ਦਾ ਅਮਰ ਇਲਾਹੀ, ਸਿੱਖ ਪੰਥ ਦੀ ਤੀਜੀ ਸ਼ਾਹੀ । ਚੰਦ ਜ਼ਿਮੀਂ ਦਾ ਅਰਸ਼ੀ ਮਾਹੀ, ਧੋਵਣ ਵਾਲਾ ਕੁਫ਼ਰ ਸਿਆਹੀ । ਗੁਰ-ਸੇਵਾ ਦਾ ਪੁਤਲਾ ਨਿਆਰਾ, ਆਦਰ ਦਾ ਓਹ ਪਾਕ ਨਜ਼ਾਰਾ । ਬੇ-ਓਟਾਂ ਦੀ ਓਟ ਪਿਆਰਾ, ਝਿਲਮਿਲ ਕਰਦਾ ਅਰਸ਼ੀ ਤਾਰਾ । ਪੱਥਰ ਚਿੱਤ ਪਹਾੜਾਂ ਵਾਲੇ, ਮੂੰਹ ਦੇ ਗੋਰੇ ਮਨ ਦੇ ਕਾਲੇ । ਵਾਂਗ ਮੋਮ ਦੇ ਫੜ ਫੜ ਢਾਲੇ, ਅਮਰ ਦਾਸ ਜੀ ਗੁਰੁ ਅਣਿਆਲੇ । ਸੂਰਜ ਵਾਂਙੂ ਕਿਰਨਾਂ ਪਾਈਆਂ, ਭਗਤੀ ਦੇ ਮਨ ਮੇਖਾਂ ਲਾਈਆਂ । ਸੱਭੇ ਸਖੀਆਂ ਵੇਖਣ ਆਈਆਂ, ਵੇਖ ਤਪੱਸਿਆ ਦੇਣ ਦੁਹਾਈਆਂ । ਹੁਸਨ ਹਕੀਕੀ ਇਸ਼ਕ ਮਜਾਜ਼ੀ, ਸਿਰ ਧੜ ਵਾਲੀ ਲੱਗੀ ਬਾਜ਼ੀ । ਤੋਬਾ ਕੂਕਣ ਪੰਡਤ ਕਾਜ਼ੀ, ਪਰ ਇਹ ਆਸ਼ਕ ਰਾਜ਼ੀ ਬਾਜ਼ੀ । ਭਗਤੀ ਵਾਲਾ ਚੰਦ ਚੜ੍ਹਾ ਕੇ, ਬੇ ਅਦਬਾਂ ਨੂੰ ਅਦਬ ਸਿਖਾ ਕੇ । ਰਾਹ ਸੇਵਾ ਦੇ ਸੱਭ ਦਿਖਾ ਕੇ, ਡੁੱਬੇ ਬੇੜੇ ਬੰਨੇ ਲਾ ਕੇ । ਸਿੱਖੀ ਪੰਥ ਚਲਾਵਣ ਆਇਆ, ਨੂਰੀ ਬੂਟੇ ਲਾਵਣ ਆਇਆ ।
ਮੀਰੀ-ਪੀਰੀ
ਦੁਨੀਆਂ ਅੰਦਰ ਪਾਪਾਂ ਵਾਲੇ । ਜਦ ਛਾਏ ਸਨ ਬੱਦਲ ਕਾਲੇ । ਵਿੱਚ ਪੰਜਾਬ ਪਿਆ ਚਮਕਾਰਾ । ਆਯਾ ਬਾਬਾ ਨਾਨਕ ਪਿਆਰਾ । ਡਾਢੀ ਤਿੱਖੀ ਭਗਤੀ ਵਾਲੀ । ਤੇਗ਼ ਉਨ੍ਹਾਂ ਨੇ ਹੱਥ ਸੰਭਾਲੀ । ਬਦੀਆਂ ਦੂਈਆਂ ਵਾਲੇ ਸਾਰੇ । ਫੜ ਫੜ ਓਨ੍ਹਾਂ ਪੂਰ ਨਘਾਰੇ । ਸਚ ਖੰਡ ਵਿਚੋਂ ਸੱਦੇ ਆਏ । ਜਾਂ ਉਹ ਜੋਤੀ ਜੋਤ ਸਮਾਏ । ਭਗਤੀ ਵਾਲੀ ਤੇਗ਼ ਨਿਰਾਲੀ । ਗੁਰ ਅੰਗਦ ਨੇ ਆਨ ਸੰਭਾਲੀ । ਓਨ੍ਹਾਂ ਨੇ ਵੀ ਫੜ ਚਮਕਾਈ । ਗੁਰਿਆਈ ਦੀ ਸਿਲ ਤੇ ਲਾਈ । ਨਾਲ ਪਿਆਰੇ ਪ੍ਰੀਤ ਲਗਾਈ । ਦੁਨੀਆਂ ਦੀ ਜਹੀ ਸੁੱਧ ਭੁਲਾਈ । ਖਾ ਕੇ ਭਾਂਜ ਹਿਮਾਯੂੰ ਆਯਾ । ਖ਼ੰਜਰ ਓਹਨੇ ਆਣ ਵਖਾਯਾ । ਸੱਚ ਖੰਡੋਂ ਜਾਂ ਸੱਦੇ ਆਏ । ਗੁਰ ਅੰਗਦ ਜੀ ਓਥੇ ਧਾਏ । ਤਦ ਉਹ ਤੇਗ਼ ਫਕੀਰੀ ਵਾਲੀ । ਅਮਰ ਦਾਸ ਜੀ ਆਣ ਸੰਭਾਲੀ । ਰਿੱਧ ਸਿੱਧ ਦੀ ਪਾਣ ਚੜ੍ਹਾਕੇ । ਰੱਖੀ ਓਨ੍ਹਾਂ ਗਲੇ ਲਗਾ ਕੇ । ਗੋਬਿੰਦ ਖਤਰੀ ਦਾ ਇਕ ਜਾਯਾ । ਦਿੱਲੀ ਜਿਸ ਨੇ ਸ਼ੋਰ ਮਚਾਯਾ । ਗੁਰ ਤੇ ਕੀਤੀ ਓਸ ਚੜ੍ਹਾਈ । ਦਾਵੇ ਰੂਪੀ ਤੇਗ ਵਖਾਈ । ਚੌਥੀ ਪਾਤਸ਼ਾਹੀ ਜਾਂ ਹੋਈ । ਓਨ੍ਹਾਂ ਨੂੰ ਇਹ ਮਿਲੀ ਸਰੋਹੀ । ਪ੍ਰਿਥੀ ਚੰਦ ਓਨ੍ਹਾਂ ਦੇ ਭਾਈ । ਸੜ ਸੜ ਕੇ ਸੀ ਪਾਣ ਚੜ੍ਹਾਈ । ਮਾਲਕ ਇਹਦੇ ਬਣੇ ਨਿਆਰੇ । ਸ਼ਾਂਤ ਪੁੰਜ ਫਿਰ ਅਰਜਨ ਪਿਆਰੇ । ਚੰਦੂ ਸੁਆਹੀਏ ਜ਼ੁਲਮ ਕਮਾਯਾ । ਪਕੜ ਉਨ੍ਹਾਂ ਨੂੰ ਬੜਾ ਸਤਾਯਾ । ਏਧਰ ਤੇਗ਼ ਅਮੀਰੀ ਚਮਕੀ । ਓਧਰ ਤੇਗ਼ ਫਕੀਰੀ ਚਮਕੀ । ਭਗਤੀ ਵਾਲੀ ਤੇਗ਼ ਪਿਆਰੀ । ਓਦੋਂ ਵੀ ਨਾ ਹੈਸੀ ਹਾਰੀ । ਐਸੇ ਸੁੰਦਰ ਜੌਹਰ ਵਖਾਏ । ਕੋਮਲ ਦੇਹ ਤੇ ਛਾਲੇ ਪਾਏ । ਤੇਗ਼ ਫਕੀਰੀ ਵਾਲੀ ਭਾਵੇਂ । ਹੱਥ ਵਖਾਏ ਡਾਢੇ ਸਾਵੇਂ । ਪਰ ਕੁਦਰਤ ਦੇ ਮਨ ਵਿਚ ਆਯਾ । ਜ਼ਾਲਮ ਲੋਕਾਂ ਜ਼ੁਲਮ ਕਮਾਯਾ । ਘੱਲਾਂ ਉਹ ਅਵਤਾਰ ਪਿਆਰਾ । ਦੱਸੇ ਜਿਹੜਾ ਰਾਹ ਨਿਆਰਾ । ਹਰ ਨੂੰ ਵੇਖੇ ਇੱਕੋ ਅੱਖੇ । ਮੁਕਤੀ ਸ਼ਕਤੀ ਦੋਵੇਂ ਰੱਖੇ । ਦੱਸੇ ਜਿਹੜਾ ਜ਼ਿੰਦਾ ਰਹਿਣਾ । ਦੁਨੀਆਂ ਦੇ ਵਿਚ ਸਾਵੇਂ ਬਹਿਣਾ । ਭਗਤੀ ਦੇ ਵਿਚ ਜਿਊਂਦੇ ਮਰਨਾ । ਦਿਲ ਮੋਇਆਂ ਦੇ ਜ਼ਿੰਦਾ ਕਰਨਾ । ਗੁਰਿਆਈ ਦੀ ਸ਼ਾਨ ਵਧਾਵੇ । ਦੋਵੇਂ ਵਿੱਦਯਾ ਆਣ ਪੜ੍ਹਾਵੇ । ਵਿੱਚ ਫਕੀਰਾਂ ਗੁਰੂ ਕਹਾਵੇ । ਬਾਦਸ਼ਾਹਾਂ ਦਾ ਤਾਜ ਸੁਹਾਵੇ । ਸੋਧੇ ਵਿੰਗੇ ਦੁਨੀਆਂ ਦਾਰਾਂ । ਜਿਹੜਾ ਰੱਖੇ ਦੋ ਤਲਵਾਰਾਂ । ਭਗਤੀ ਦੀ ਉਹ ਸ਼ਾਨ ਵਖਾਵੇ । ਬੰਦੀ ਛੋੜ ਹਮੇਸ਼ ਸਦਾਵੇ । ਇਕ ਧਿਰ ਤੇਗ਼ ਅਮੀਰੀ ਰੱਖੇ । ਦੂਜੇ ਤੇਗ਼ ਫ਼ਕੀਰੀ ਰੱਖੇ । ਇਕ ਧਾਰੋਂ ਤੇ ਅੰਮ੍ਰਤ ਪਿਆਵੇ । ਦੂਜੀ ਧਾਰੋਂ ਪਾਰ ਬੁਲਾਵੇ । ਰਿਸ਼ੀਆਂ ਮੁਨੀਆਂ ਖ਼ੁਸ਼ੀ ਮਨਾਈ । ਰੱਬ ਚਿਰਾਕੀ ਆਸ ਪੁਜਾਈ । ਅਰਜਨ ਜੀ ਦੇ ਅੱਖੀ ਤਾਰੇ । ਆ ਗਏ ਹਰ ਗੋਬਿੰਦ ਪਿਆਰੇ । ਦੋ ਜਗ ਹੱਥਾਂ ਵਿਚ ਲੁਕਾਏ । ਦੋਵੇਂ ਵਿੱਦਯਾ ਲੈਕੇ ਆਏ । 'ਸ਼ਰਫ਼' ਆਏ ਉਹ ਪੰਥ ਸਹਾਈ । ਪਹਿਲਾਂ ਜਿਨ੍ਹਾਂ ਤੇਗ਼ ਚਲਾਈ ।
ਪ੍ਰੇਮ ਦਾ ਮੁੱਲ
ਏਹਨੂੰ ਐਸੇ ਸ਼ੁਭ ਵੇਲੇ ਰੱਬ ਕਿਤੇ ਸਾਜਿਆ ਸੀ, ਮਾਨ, ਸ਼ਾਨ ਸਾਰਿਆਂ ਨੇ ਏਸਦਾ ਵਧਾਇਆ ਏ । ਕਿਸੇ ਓਸ ਭੀਲਣੀ ਦੇ ਜੂਠੇ ਬੇਰਾਂ ਵਾਲਾ ਕਿੱਸਾ, ਮਿੱਠੀ ਮਿੱਠੀ ਬੋਲੀ ਵਿਚ ਜੋੜ ਕੇ ਸੁਣਾਇਆ ਏ । ਕਿਸੇ ਨੇ ਸ੍ਵਾਦਲੇ ਕਰਾਰੇ ਪਯਾਰੇ ਸ਼ੇਅਰਾਂ ਵਿੱਚ, ਭੋਜਨ ਧੰਨੇ ਜੱਟ ਵਾਲਾ ਵੱਟੇ ਨੂੰ ਖਵਾਇਆ ਏ । ਹਾਲ ਬਾਲ ਧਰੂਅ ਜੀ ਦਾ ਐਸਾ ਕਿਸੇ ਲਿਖ ਦਿੱਤਾ, ਤਾਰੇ ਵਾਙੂੰ ਕਵਿਤਾ ਦਾ ਰੰਗ ਚਮਕਾਇਆ ਏ । ਏਸੇ ਦਾ ਪਰੇਰਿਆ ਸੁਨੌਨ ਮੈਂ ਭੀ ਆ ਗਿਆ ਹਾਂ, ਨਿੱਕਾ ਜਿਹਾ ਕਿੱਸਾ ਇਹ ਜੋ ਏਸਦਾ ਬਣਾਇਆ ਏ । ਹਰੀ ਭਰੀ ਆਗਰੇ ਦੀ ਸਾਂਦਲਬਾਰ ਜੂਹ ਵਿੱਚ, ਇੱਕ ਪਾਸੇ ਤੰਬੂ ਜਹਾਂਗੀਰ ਨੇ ਲਵਾਇਆ ਏ । ਦੂਜੇ ਪਾਸੇ ਵੱਲ ਮੀਰੀ ਪੀਰੀ ਦਿਆਂ ਮਾਲਕਾਂ ਨੇ, ਸਜ ਧਜ ਨਾਲ ਡੇਰਾ ਆਪਣਾ ਸਜਾਇਆ ਏ । ਚੰਦ ਦੇ ਦਵਾਲੇ ਜਿੱਦਾਂ ਹੋਵੇ ਪਰਵਾਰ ਪਿਆ, ਲਾਂਭੇ ਚਾਂਭੇ ਸੇਵਕਾਂ ਨੇ ਘੇਰਾ ਏਦਾਂ ਪਾਇਆ ਏ । ਕਾਂਗਿਆਰੀ ਜਿਹਾ ਸੁੱਕਾ ਲਿੱਸਾ ਮਾੜਾ ਬੰਦਾ ਇੱਕ, ਪੁੱਛਦਾ ਪੁਛਾਂਦਾ ਪਤਾ ਓਥੇ ਏਦਾਂ ਆਇਆ ਏ:- 'ਛੇਤੀ ਦੱਸੋ ਲੋਕੋ ! ਮੈਨੂੰ ਡੇਰਾ ਪਾਤਸ਼ਾਹ ਵਾਲਾ, ਓਹਨਾਂ ਦੇ ਵਿਛੋੜੇ ਮੇਰੇ ਦਿਲ ਨੂੰ ਸਤਾਇਆ ਏ ।' ਜਾਤਾ ਪਹਿਰੇ ਵਾਲਿਆਂ ਨੇ ਦੁਖੀ ਫ਼ਰਿਆਦੀ ਕੋਈ, ਬਾਦਸ਼ਾਹੀ ਖ਼ੈਮੇ ਅੱਗੇ ਓਸਨੂੰ ਪੁਚਾਇਆ ਏ । ਨੇਜੇ ਦੀ ਅੜੇਸ ਨਾਲ ਪਹਿਰੇਦਾਰ ਡੱਕ ਅੱਗੋਂ, ਸ਼ਾਹੀ ਹੁਕਮ ਔਣ ਤੀਕ ਬਾਹਰ ਹੀ ਠਹਿਰਾਇਆ ਏ । ਹੱਕੇ ਬੱਕੇ ਹੋਕੇ ਓਨ੍ਹੇ ਆਜਿਜ਼ੀ ਦੇ ਨਾਲ ਕਿਹਾ:- 'ਕਯੋਂ ਜੀ ਤੁਸਾਂ ਅਗ੍ਹਾਂ ਜਾਣੋ ਮੈਨੂੰ ਕਯੋਂ ਹਟਾਇਆ ਏ ? ਮੈਂ ਤਾਂ ਏਹ ਸੁਣਯਾ ਸੀ, 'ਏਥੇ ਉਹ ਨਿਵਾਜੀ ਦਾ ਏ, ਜੇੜ੍ਹਾ ਚਵ੍ਹਾਂ ਪਾਸਿਆਂ ਤੋਂ ਹੁੰਦਾ ਠੁਕਰਾਇਆ ਏ । ਸੁਣਯਾ ਸੀ, ਏਥੇ ਆ ਕੇ ਚਿੱਤ ਸ਼ਾਂਤ ਹੋਂਵਦਾ ਏ, ਤਸਾਂ ਮੇਰੇ ਸੀਨੇ ਸਗੋਂ ਭਾਂਬੜ ਭੜਕਾਇਆ ਏ । ਆਖਦੇ ਸੀ, 'ਰੱਬ ਵਾਲੀ ਲੋ ਏਥੇ ਲੱਗ ਜਾਂਦੀ, ਤੁਸਾਂ ਮੇਰਾ ਮਨ ਦੀਵਾ ਜਗਦਾ ਬੁਝਾਇਆ ਏ । ਆਯਾ ਸੀ ਲਹੌਣ ਏਥੇ ਬੇੜੀ ਮੈਂ ਚੁਰਾਸੀਆਂ ਦੀ, ਤੁਸਾਂ ਸਗੋਂ ਨੇਜ਼ਿਆਂ ਤੇ ਤੇਗਾਂ 'ਚ ਫਸਾਇਆ ਏ !' ਏਨੇ ਚਿਰ ਵਿੱਚ ਆ ਕੇ ਚੋਬਦਾਰ ਆਖਿਆ ਇਹ:- 'ਚੱਲ ਭਾਈ ਚੱਲ' ਤੈਨੂੰ ਬਾਦਸ਼ਾਹ ਬੁਲਾਇਆ ਏ ।' ਡੱਕੋ ਡੋਲੇ ਖਾਂਵਦਾ ਉਹ ਬਾਦਸ਼ਾਹ ਦੇ ਕੋਲ ਗਿਆ, ਸਿਹਾਰੀ ਤੇ ਬਿਹਾਰੀ ਵਾਂਙੂੰ ਸੀਸ ਨੂੰ ਨਿਵਾਇਆ ਏ । ਲੱਕ ਦੀ ਲੰਗੋਟੀ ਲੜੋਂ ਪੀਚੀ ਹੋਈ ਗੰਢ ਵਿੱਚੋਂ, ਟਕਾ ਇੱਕ ਖੋਲ੍ਹ ਕੇ ਤੇ ਅੱਗੇ ਚਾ ਟਿਕਾਇਆ ਏ । ਨਾਲੇ ਖੱਭਲ ਘਾਹ ਦੀਆਂ ਤਿੜਾਂ ਵਾਲਾ ਪੂਲਾ ਇੱਕ ਕੱਢਕੇ ਤਰੰਗੜੀ ਚੋਂ ਘੋੜੇ ਲਈ ਵਿਖਾਇਆ ਏ ? ਪੈਰਾਂ ੳੁਤੇ ਸੀਸ ਧਰ, ਮੱਥੇ ਨਾਲ ਧੂੜ ਲਾਈ, ਮੂੰਹੋਂ ਡਾਢੀ ਆਜਜ਼ੀ ਦੇ ਨਾਲ ਇਹ ਸੁਣਾਇਆ ਏ:- 'ਆਵਾ ਗੌਨੀ ਗੇੜ ਵਿਚੋਂ ਕਰੋ ਕਲਿਆਨ ਮੇਰੀ, ਸੱਚੇ ਪਾਤਸ਼ਾਹ ! ਡਾਢਾ ਪਾਪਾਂ ਨੇ ਸਤਾਇਆ ਏ ।' ਸੁਣ ੨ ਗੱਲਾਂ ੳੁਸ 'ਘਾਈ' ਵਾਲੇ 'ਘਾਹੀ' ਦੀਆਂ, ਬੁੱਲ੍ਹੀਆਂ ਦਾ ਫੁੱਲ ਜਹਾਂਗੀਰ ਨੇ ਖਿੜਾਇਆ ਏ । ਕਹਿਣ ਲੱਗਾ 'ਸੁਣ ਭਾਈ ! ਮੁਕਤੀ ਦੇ ਚਾਹਵਾਨਾ ! ਪਿੰਡ ਪੀੜ੍ਹ, ਲੈ ਲੈ ਮੈਥੋਂ ਜੇੜ੍ਹਾ ਤੈਨੂੰ ਭਾਇਆ ਏ । ਮੁਕਤੀ ਤੇ ਨਜਾਤ ਕਿੱਥੋਂ ਕਿਸੇ ਨੂੰ ਮੈਂ ਦੇਣ ਜੋਗਾ, ਮੈਨੂੰ ਮੇਰੇ ਆਪਣੇ ਹੀ ਪਾਪਾਂ ਕਲਪਾਇਆ ਏ । ਸਿਦਕੀ-ਪਤੰਗਿਆ ਓਏ, ਦੀਵਿਆ-ਪ੍ਰੇਮ ਦਿਆ । ਮੇਰਾ ੫ਤਾ ਦੇਕੇ ਤੈਨੂੰ ਕਿਸੇ ਨੇ ਠਗਾਇਆ ਏ । ਜੇੜ੍ਹੇ ਸੱਚੇ ਪਾਤਸ਼ਾਹ ਨੂੰ ਫ਼ਿਰਨਾ ਏਂ ਲੱਭਦਾ ਤੂੰ, ਓਸ ਹਰਿ ਗੋਬਿੰਦ ਜੀ ਨੇ ਡੇਰਾ ਔਹ ਲਗਾਇਆ ਏ । ਏਨੀ ਗੱਲ ਸੁਣੀ ਜਦੋਂ ਭਾਈ ਘਾਹੀ ਗੁੱਸੇ ਨਾਲ, ਮੱਥੇ ਉੱਤੇ ਵੱਟ ਪਾ ਕੇ ਰੰਗ ਨੂੰ ਵਟਾਇਆ ਏ । ਛੇਤੀ ਨਾਲ ਟਕਾ ਫੇਰ ਫੜ ਲੀਤਾ ਭੋਇੰ ਉੱਤੋਂ, ਚੁੱਕ ਸਾਰਾ ਘਾਹ ਨਾਲੇ ਪੱਲੂ ਵਿੱਚ ਪਾਇਆ ਏ । ਗੁਰੂ ਜੀ ਦੀ ਦੀਦ ਦਾ ਤਿਹਾਯਾ ਸਿੱਖ ਸਿਦਕੀ ਓਹ, ਨੱਸਾ ਨੱਸਾ ਤੰਬੂ ਵਲ ਵਾਹੋ ਦਾਹੀ ਆਇਆ ਏ । ਗੁਰਾਂ ਦੀ ਹਜ਼ੂਰੀ ਵਿੱਚ ਖੁੱਲ੍ਹੇ ਬੂਹੇ ਆ ਗਿਆ ਓਹ, ਅੱਗੋਂ ਕਿਸੇ ਪਹਰੂ ਨੇ ਨਾ ਡੱਕਿਆ ਡਕਾਇਆ ਏ । ਮੀਰੀ ਪੀਰੀ ਵਾਲਿਆਂ ਦੇ ਨੂਰ ਦਾ ਸਰੂਰ ਵੇਖ, ਅੱਖੀਆਂ ਨੂੰ ਲੋ, ਸੀਨਾ ਸੀਤਲ ਕਰਾਇਆ ਏ । ਮਾਰ ਮਾਰ ਚਾਂਗਰਾਂ ਤੇ ਚਰਨਾਂ ਉੱਤੇ ਡਿੱਗ ਪਿਆ, ਪ੍ਰੇਮ ਤੇ ਵਿਛੋੜੇ ਵਿਚ ਆਪੇ ਨੂੰ ਵਞਾਇਆ ਏ । ਮੁਕਤੀ ਦੀ ਢੂੰਡ ਵਾਲਾ ਹਾਲ ਹੋ ਨਿਢਾਲ ਸਾਰਾ, ਊੜੇ ਕੋਲੋਂ ਚੱਲਕੇ ਤੇ ੜਾੜੇ ਨੂੰ ਮਿਲਾਇਆ ਏ । ਵੇਖ ਵੇਖ ਹਾਲ ਓਦ੍ਹਾ ਗੁਰੂ ਜੀ ਦੇ ਚਿੱਤ ਵਿਚ, ਡਾਢੇ ਉਪਕਾਰ ਦਾ ਜਵਾਰ ਭਾਟਾ ਆਇਆ ਏ । ਆਪਣੇ ਰੁਮਾਲ ਨਾਲ ਹੰਝੂ ਓਹਦੇ ਪੂੰਝ ਕੇ ਤੇ, ਸੀਸ ਓਹਦਾ ਚੁੱਕ ਨਾਲ ਸੀਨੇ ਦੇ ਲਗਾਇਆ ਏ, ਕਰ ਦਿੱਤੀ ਲੋ ਓਹਦੀ ਦਿਲ ਵਾਲੀ ਕੋਠੜੀ 'ਚ, ਸੂਰਜ ਓਹ ਗਿਆਨ, ਉਪਦੇਸ਼ ਦਾ ਚੜ੍ਹਾਇਆ ਏ । ਮੋਏ ਨੂੰ ਜਿਵਾਉਨ ਵਾਲੇ ਮਿੱਠੇ ਮਿੱਠੇ ਬੋਲਾਂ ਵਿੱਚ, ਮੋਢੇ ਨੂੰ ਹਲੂਣ ਨਾਲੇ ਇਹ ਫਰਮਾਇਆ ਏ:- 'ਜਾ ਬੱਚਾ ! ਜਾਹ, ਤੇਰੀ ਆਵਾ ਗੌਨੀ ਬੇੜੀ ਲੱਥੀ, ਸ੍ਵਰਗਾਂ ਦਾ ਤਾਰਾ ਤੈਨੂੰ ਰੱਬ ਨੇ ਬਣਾਇਆ ਏ ।' ਡਿਠੀ ਏ ਅਨੋਖੀ ਖੇਡ ਬਾਦਸ਼ਾਹ ਜਹਾਂਗੀਰ ਜਦੋਂ, ਹੱਸ ਹੱਸ ਗੁਰੂ ਜੀ ਨੂੰ ਬੋਲ ਇਹ ਸੁਣਾਇਆ ਏ:- 'ਮੀਰੀ ਪੀਰੀ ਵਾਲੇ ਸਾਈਂ ! ਤੁਸਾਂ ਤੇ ਜਹਾਨ ਵਿੱਚ, ਡਾਢਾ ਹੀ ਸਵੱਲਾ ਸੌਦਾ ਮੁਕਤੀ ਦਾ ਲਾਇਆ ਏ ? ਇਕ ਰੁੱਗ ਤਿੜ੍ਹਾਂ, ਇਕ ਟਕੇ ਉੱਤੋਂ ਸਵਰਗਾਂ ਦਾ, ਜੰਦਰਾ ਤੇ ਕੁੰਜੀ ਤੁਸੀਂ ਏਸਨੂੰ ਫੜਾਇਆ ਏ ।' ਗੁਰੂ ਜੀ ਨੇ ਕਿਹਾ ਅੱਗੋਂ 'ਸੁਣ ਭੋਲੇ ਬਾਦਸ਼ਾਹਾ ! ਤੈਨੂੰ ਤੇਰੀ ਸੂਝ ਨੇ ਹੀ ਟਪਲਾ ਇਹ ਲਾਇਆ ਏ । ਏਹਦ ਟਕੇ, ਘਾਹ ਉੱਤੇ, ਦਿਲ ਸਾਡਾ ਰੀਝਯਾ ਨਹੀਂ, ਏਹ ਤਾਂ ਏਦ੍ਹੇ ਪ੍ਰੇਮ ਦਾ ਹੀ ਮੁੱਲ ਅਸਾਂ ਪਾਇਆ ਏ । 'ਸ਼ਰਫ' ਏਸ ਨਿੱਕੇ ਜਹੇ ਦੋ ਨੁਕਤੀਏ ਪਰੇਮ ਵਿੱਚ, ਨਰਕਾਂ ਦਾ ਦੁੱਖ, ਸੁਖ ਸ੍ਵਰਗਾਂ ਦਾ ਸਮਾਇਆ ਏ ।'
ਸਿਦਕ
ਇਕ ਦਿਨ ਚਾਨਣੀ ਚਾਨਣੀ ਰਾਤ ਪਿਆਰੀ, ਪਾਈ ਹੋਈ ਸੀ ਠੰਢ ਸਰਬੱਤ ਉੱਤੇ । ਪੋਚਾ ਫੇਰਿਆ ਹੋਇਆ ਸੀ ਨੂਰ ਭਿੱਜਾ, ਹਰ ਇਕ ਬੂਹੇ ਬਨੇਰੇ ਤੇ ਛੱਤ ਉੱਤੇ । ਇੰਦਰ ਵਾਂਗਰਾਂ ਬਣੇ ਸਨ ਫੁੱਲ ਰਾਜੇ, ਰਿਸ਼ਮਾਂ ਨਚਦੀਆਂ ਸਨ ਪੱਤ ਪੱਤ ਉੱਤੇ । ਮੈਂ ਭੀ ਵੇਂਹਦਾ ਸਾਂ ਚੰਨ ਦੇ ਜ਼ਖ਼ਮ ਅੱਲੇ, ਲੱਤ ਰੱਖ ਕੇ ਆਪਣੀ ਲੱਤ ਉੱਤੇ । ਫੱਟ ਓਸਦੇ ਏਕਣਾ ਜਾਪਦੇ ਸੀ, ਲਾਈਆਂ ਹੋਈਆਂ ਮੈਂ ਜਿਨ੍ਹਾਂ ਵਲ ਤਾੜੀਆਂ ਸਨ । ਧਾਗੇ ਰੇਸ਼ਮੀ ਰਿਸ਼ਮਾਂ ਦੇ ਲਾ ਲਾ ਕੇ, ਜਿਵੇਂ ਸੀਤੀਆਂ ਹੋਈਆਂ ਦੋ ਫਾੜੀਆਂ ਸਨ । ਸੈਨਤ ਨਾਲ ਮੈਂ ਆਖਿਆ 'ਯਾਰ ਚੰਨਾ ! ਐਸੀ ਸੁੰਦਰਤਾ ਦਿੱਤੀ ਏ ਰੱਬ ਤੈਨੂੰ । ਟੁਰ ਕੇ ਨਹੁੰ ਤੋਂ ਟਿੱਕਰੀ ਮੂੰਹ ਤੀਕਰ, ਨੂਰ ਨਾਲ ਬਣਾਯਾ ਏ, ਸੱਭ ਤੈਨੂੰ । ਅੱਖਾਂ ਚੁਕ ਚੁਕ ਕੇ ਵੇਂਹਦੇ ਨੇ ਲੋਕ ਸਾਰੇ, ਬਖ਼ਸ਼ੀ ਗਈ ਓਹ ਟੀਸੀ ਦੀ ਛੱਬ ਤੈਨੂੰ । ਪਰ ਏਹ ਲੋੜ੍ਹਾ ਏ ਨੂਰ 'ਚ ਡੁੱਬ ਕੇ ਭੀ, ਕਾਲੇ ਕਾਲੇ ਕਿਉਂ ਰਹਿ ਗਏ ਨੇ ਡੱਬ ਤੈਨੂੰ । ਮੋਰ ਵਾਂਗ ਉਂਞ ਅੰਦਰੋਂ ਝੂਰਨਾ ਏਂ, ਉੱਤੋਂ ਦਸਨਾ ਏਂ ਹੱਸ ਹੱਸ ਮੈਨੂੰ । ਤਾਰੇ ਅੰਬਰੋਂ ਪਿਆ ਨਾ ਤੋੜ ਏਡੇ, ਘੁੰਡੀ ਚਿੱਤ ਦੀ ਖੋਲ੍ਹਕੇ ਦੱਸ ਮੈਨੂੰ ।' ਮੇਰੀ ਗੱਲ ਸੁਣ ਫੁੱਲਿਆ ਚੰਨ ਏਡਾ, ਆਪਾ ਚੌਧਵੀਂ ਰਾਤ ਦਾ ਕਰ ਦਿੱਤਾ । ਟੋਪੇ ਭਰ ਭਰ ਕੇ ਮਾਯਾ ਦੇ ਜਹੇ ਵੰਡੇ, ਭਾਰਤ ਮਾਤਾ ਦੀ ਝੋਲੀ ਨੂੰ ਭਰ ਦਿੱਤਾ । ਚਾਂਦੀ ਚਾਨਣੀ ਦੀ ਦਿਤੀ ਹੋਰਨਾਂ ਨੂੰ, ਐਪਰ ਓਸ ਨੇ ਮੈਨੂੰ ਏਹ ਵਰ ਦਿੱਤਾ । ਟੈਲੀਫ਼ੋਨ ਇਕ ਰਿਸ਼ਮ ਦਾ ਪਕੜ ਕੇ ਤੇ, ਮੇਰੇ ਕੰਨਾਂ ਦੇ ਸਾਮ੍ਹਣੇ ਧਰ ਦਿੱਤਾ । ਲੱਗਾ ਕਹਿਣ 'ਲੈ ਸੁਣੀਂ ਹੁਸ਼ਿਆਰ ਹੋ ਕੇ, ਕਿੱਸਾ ਹੋਵੇ ਅਚਰਜ ਇਕ ਸਿਧ ਤੈਨੂੰ । ਤਾਰ ਦਿਲ ਦੇ ਵਿਚ ਪਰੂਚ ਲਈਂ ਤੂੰ, ਦੇਣ ਲਗਾ ਹਾਂ ਮੋਤੀ ਅਣਵਿੱਧ ਤੈਨੂੰ । 'ਸੂਤ ਕੱਤਦੀ ਵੇਖੀ ਇਕ ਮਾਈ ਬੁੱਢੀ, ਜੀਹਦੇ ਛੋਪ ਅਚਰਜ ਭੰਡਾਰ ਦੇ ਸਨ । ਓਹਦਾ ਚਰਖਾ ਵੀ ਨਾਨਕੀ ਘਾੜ ਦਾ ਸੀ, ਕੋਕੇ ਲੱਗੇ ਵਿਚ ਇਕ ਓਅੰਕਾਰ ਦੇ ਸਨ । ਲੱਠ ਲਗਨ ਤੇ ਬੈੜ ਸੀ ਸਿਦਕ ਵਾਲਾ, ਮੁੰਨੇ ਗੁੱਡੀਆਂ ਫਰੀ ਪਿਆਰ ਦੇ ਸਨ । ਕੀਤਾ ਹੋਇਆ ਸੀ ਤੱਕਲਾ ਰਾਸ ਐਸਾ, ਜਲਵੇ ਜਾਪਦੇ ਵਿਚ ਕਰਤਾਰ ਦੇ ਸਨ । ਹਰ ਹਰ ਗੇੜ ਦੇ ਨਾਲ ਏਹ ਗਾਉਂਦੀ ਸੀ, 'ਅੜੀ ਖੜੀ ਹੁਣ ਲਬਾਂ ਤੇ ਜਿੰਦ ਪਿਆਰੇ । ਛੇਤੀ ਪਹੁੰਚ ਕੇ ਦਾਸੀ ਨੂੰ ਦਰਸ ਬਖ਼ਸ਼ੋ, ਹਰ ਗੋਬਿੰਦ ਪਿਆਰੇ, ਹਰ ਗੋਬਿੰਦ ਪਿਆਰੇ ।' 'ਤੰਦ ਸ਼ਰਧਾ ਦੀ ਏਕਣਾ ਨਿਕਲਦੀ ਸੀ, ਓਸ ਮਾਈ ਦੀ ਪੱਕੀ ਪਰੀਤ ਵਿਚੋਂ, 'ਕਲਗ਼ੀ ਜਿਸ ਤਰ੍ਹਾਂ ਹਰ ਗੋਬਿੰਦ ਜੀ ਦੀ, ਝਲਕਾਂ ਮਾਰਦੀ ਏ ਕਿਸੇ ਝੀਤ ਵਿਚੋਂ । ਹੋ ਕੇ ਸ਼ਾਨਤੀ ਨਾਲ ਗੜੁੱਚ ਏਦਾਂ, ਦਰਦ ਨਿਕਲਦਾ ਸੀ ਓਹਦੇ ਗੀਤ ਵਿਚੋਂ । ਜਿੱਦਾਂ ਰੱਬ ਨੂੰ ਪੂਜ ਕੇ ਨਿਕਲਦਾ ਏ, ਬਾਹਮਣ ਮੌਲਵੀ ਮੰਦਰ ਮਸੀਤ ਵਿਚੋਂ । ਧਾਗਾ ਮਾਲ੍ਹ ਦਾ ਆਰਤੀ ਕਰ ਕਰ ਕੇ, ਹੈਸੀ ਇਸ ਤਰ੍ਹਾਂ ਦੀ ਘੂੰ ਘੂੰ ਕਰਦਾ । ਪਿਛਲੀ ਰਾਤ ਨੂੰ ਉੱਠ ਦਰਵੇਸ਼ ਰੱਬੀ, ਹੋਵੇ ਜਿਸ ਤਰਾਂ ਕੋਈ ਤੂੰ ਤੂੰ ਕਰਦਾ । ਸੂਤਰ ਕੱਤ, ਉਣਾ, ਧਵਾ, ਰੇਜਾ, ਓਸ ਭਗਤਣੀ ਅੰਤ ਤਿਆਰ ਕੀਤਾ । ਲਿੰਬ ਪੋਚ ਪੜਛੱਤੀ ਤੇ ਰੱਖ ਓਹਨੂੰ, ਸੌ ਸੌ ਵਾਰ ਉਠ ਕੇ ਨਮਸਕਾਰ ਕੀਤਾ । ਧੂਪ ਸੰਦਲ ਕਸਤੂਰੀ ਵੀ ਦੇ ਦੇ ਕੇ, ਸੜਦੀ ਹਿੱਕ ਨੂੰ ਠੰਢਿਆਂ ਠਾਰ ਕੀਤਾ । ਮਹਿਮਾ ਗੁਰੂ ਦੀ ਆਪਣੀ ਨਿਮਰਤਾਈ, ਓਹਨੂੰ ਆਖਣੀ, ਰੋਜ਼ ਵਿਹਾਰ ਕੀਤਾ । ਸੱਚ ਪੁੱਛੋ ਤਾਂ ਪ੍ਰੇਮ ਦੇ ਜੁੱਧ ਅੰਦਰ, ਹੈ ਇਹ ਹੌਂਸਲਾ ਭਗਤਣਾਂ ਸੱਚੀਆਂ ਦਾ । 'ਬੰਦੀਛੋੜ' ਜਹੇ ਗੁਰੂ ਨੂੰ ਫਾਹੁਣ ਬਦਲੇ, ਜਾਲ ਲਾ ਦੇਣਾ ਤੰਦਾਂ ਕੱਚੀਆਂ ਦਾ । 'ਸੋਨੇ ਵਾਂਗ ਮੁਰੀਦਣੀ ਗੁਰੂ ਜੀ ਦੀ, ਪਰਖੀ ਗਈ ਓਹ ਜਦੋਂ ਪਿਆਰ ਅੰਦਰ । 'ਜਾਣੀ ਜਾਣ ਉਸ ਸ਼ਹਿਨਸ਼ਾਹ ਦਿਲਾਂ ਦੇ ਨੂੰ, ਪੁੱਜੀ ਖ਼ਬਰ ਇਹ ਪ੍ਰੇਮ ਦੀ ਤਾਰ ਅੰਦਰ । ਬੁਲਬੁਲ ਵਾਂਗ ਇਕ ਬੁੱਢੜੀ ਤੜਫਦੀ ਏ, ਦੀਦ ਲਈ ਕਸ਼ਮੀਰ ਗੁਲਜ਼ਾਰ ਅੰਦਰ । ਡਿੱਠਾ ਜਦੋਂ ਪ੍ਰੇਮ ਦਾ ਸਿਦਕ ਉੱਚਾ, ਹੁਸਨ ਤੁਰ ਪਿਆ ਵਿਕਣ ਬਜ਼ਾਰ ਅੰਦਰ । ਤੁੱਠ ਪਿਆ ਜੇ ਰਾਮ ਦਿਆਲ ਹੋ ਕੇ, ਕਾਰੇ ਸੌਜਲੇ ਖਿੱਚ ਵਕੀਲਣੀ ਦੇ । ਰੁਤਬਾ ਲਾਲਾਂ ਦਾ ਪਾਉਣਗੇ ਜੱਗ ਉੱਤੇ, ਤੁਸੀਂ ਵੇਖਣਾ ਬੇਰ ਅੱਜ ਭੀਲਣੀ ਦੇ । 'ਧੰਨ ਧੰਨ ਕਸ਼ਮੀਰ ਦੇ ਵਿੱਚ ਆ ਗਏ, ਡਾਢੀ ਤਾਂਘ ਸੀ ਜਿਨ੍ਹਾਂ ਪਿਆਰਿਆਂ ਦੀ । ਪੱਬਾਂ ਭਾਰ ਹੋ ਹੋ ਉੱਚੇ ਪਰਬਤਾਂ ਨੇ, ਲਾਹੀ ਰੱਜ ਕੇ ਡੰਝ ਨਜ਼ਾਰਿਆਂ ਦੀ । ਰਲਕੇ ਰਾਗ ਮਲ੍ਹਾਰ ਦਾ ਗਾਉਣ ਲੱਗੇ, ਮੌਜ ਬੱਝ ਗਈ ਝਰਨਿਆਂ ਸਾਰਿਆਂ ਦੀ । ਮੂੰਹ 'ਡਲ' ਦਾ ਲਿਸ਼ਕਿਆ ਵਾਂਗ ਸ਼ੀਸ਼ੇ, ਝਲਕ ਵੇਖਕੇ ਜੁੱਤੀ ਦੇ ਤਾਰਿਆਂ ਦੀ । ਸਿੱਧੇ ਹੋਏ ਸਲਾਮੀ ਨੂੰ ਰੁਖ ਬੂਟੇ, ਅੱਖ ਅੱਖ ਕਰੂੰਬਲਾਂ ਖੋਲ੍ਹ ਦਿੱਤੀ । ਛੜੇ ਇਕੋ ਕਸਤੂਰੇ ਨੇ ਖੁਸ਼ੀ ਅੰਦਰ, ਬੋਲੀ ਕਈਆਂ ਜਨੌਰਾਂ ਦੀ ਬੋਲ ਦਿੱਤੀ । 'ਅੰਤ ਆਣਕੇ ਮਿਹਰ ਕਰਤਾਰ ਕੀਤੀ, ਭਾਗ ਭਰੀ ਦੇ ਭਾਗ ਭੀ ਹੱਸ ਪਏ । ਠੁਮ ਠੁਮ ਗੁਰੂ ਜੀ ਵਿਹੜੇ 'ਚ ਵੜੇ ਆ ਕੇ, ਛਮ ਛਮ ਮੀਂਹ ਉਪਕਾਰ ਦੇ ਵੱਸ ਪਏ । ਏਧਰ 'ਚਰਨ' ਰਕਾਬ ਚੋਂ ਗਏ ਚੁੰਮੇਂ, ਓਧਰ ਦੁੱਖ ਵਿਛੋੜੇ ਦੇ ਨੱਸ ਪਏ । ਹੰਝੂ ਨਿਕਲ ਕੇ ਮਾਈ ਦੇ ਦੋ ਨਾਲੇ, ਹੈਸਨ ਗੁਰਾਂ ਦੇ ਗਾਉਂਦੇ ਜੱਸ ਪਏ । ਮੋਤੀ ਟੁੱਟਦੇ ਵੇਖ ਕੇ ਸਿਦਕ ਵਾਲੇ, ਵੇਖੋ ਮੁੱਲ ਇਹ ਸੱਚੀ ਸਰਕਾਰ ਦਿੱਤਾ । ਸਿਰ ਸਦਕਾ ਉਸਦੇ ਦੋ ਹੰਝੂਆਂ ਦਾ, ਸਾਰਾ ਦੇਸ਼ ਕਸ਼ਮੀਰ ਦਾ ਤਾਰ ਦਿੱਤਾ । 'ਓੜਕ ਕੱਤਿਆ ਹੋਇਆ ਉਹ ਭਗਤਣੀ ਦਾ, ਜਾਮਾ ਸੀਪਕੇ ਪੇਸ਼ ਹਜ਼ੂਰ ਹੋਇਆ । ਬਿਰਧ ਪੋਟਿਆਂ ਦਾ ਡਿੱਠਾ ਸਿਦਕ ਜਦੋਂ, ਐਸੀ ਖ਼ੁਸ਼ੀ ਅੰਦਰ ਰੱਬੀ ਨੂਰ ਹੋਇਆ । ਖੇਡਣ ਲੱਗ ਪਈ ਮੁਸਕੜੀ ਬੁੱਲ੍ਹੀਆਂ ਤੇ, ਓਹਦਾ ਕੱਤਿਆ ਕੁੱਲ ਮਨਜ਼ੂਰ ਹੋਇਆ । ਨਾਲੇ ਏਸ ਦੁਨੀਆਂ ਨਾਲੇ ਓਸ ਦੁਨੀਆਂ, ਸਿਦਕਵਾਨ ਦਾ ਨਾਂ ਮਸ਼ਹੂਰ ਹੋਇਆ । ਤਦੇ ਸੂਤ ਏਹ ਰਿਸ਼ਮਾਂ ਦਾ ਕੱਤਦਾ ਹਾਂ, ਮੈਂ ਵੀ ਚੋਆ ਇਕ ਸਿਦਕ ਦਾ ਚੱਖਿਆ ਏ । 'ਸ਼ਰਫ਼' ਜਿਨ੍ਹਾਂ ਨੂੰ ਦਾਗ਼ ਤੂੰ ਸਮਝ ਬੈਠੋਂ, ਭਾਗਭਰੀ ਦਾ ਚਰਖਾ ਏਹ ਰੱਖਿਆ ਏ ।'
ਬੰਦੀ-ਛੋੜ
ਮੀਆਂ ਮੀਰ ਪੀਰ ਨੂੰ ਇਹ ਬਿਨੈ ਜਹਾਂਗੀਰ ਕੀਤੀ:- 'ਤੁਸੀਂ ਹੀ ਕੋਈ ਕਰੋ ਦਾਰੂ ਮੇਰੇ ਜਹੇ ਬੀਮਾਰਾਂ ਦਾ । ਉੱਡ ਗਈ ਨੀਂਦ ਮੇਰੀ ਅੱਖੀਆਂ ਚੋਂ ਧੂੰ ਵਾਂਗੂੰ, ਬਣਿਆ ਵਿਛੌਣਾ ਮੇਰਾ ਭੱਠ ਅੰਗਿਆਰਾਂ ਦਾ । ਅੱਖ ਭੀ ਜੇ ਲੱਗ ਜਾਵੇ ਕਿਤੇ ਬੁਰੇ ਕਰਮਾਂ ਨੂੰ, ਕੀ ਮੈਂ ਦੱਸਾਂ ਹਾਲ ਫੇਰ ਨੀਂਦ ਦੀਆਂ ਮਾਰਾਂ ਦਾ । ਸੁਫਨੇ 'ਚ ਗੱਜ ਗੱਜ ਸ਼ੇਰ ਖਾਣ ਆਉਂਦਾ ਏ, ਮੀਂਹ ਹੈ ਵਰ੍ਹਾ ਦੇਂਦਾ ਭੁੱਬਾਂ ਲਲਕਾਰਾਂ ਦਾ । ਨੀਂਦ ਵਿੱਚ ਹੋਂਵਦੀ ਏ ਐਸੀ ਦੁਰਦਸ਼ਾ ਮੇਰੀ, ਨਰਕਾਂ 'ਚ ਹੋਵੇ ਹਾਲ ਜਿਵੇਂ ਔਗਣਹਾਰਾਂ ਦਾ । ਵਾਹਰ ਵਾਹਰ ਕਰਦਾ ਮੈਂ ਮੰਜੇ ਉੱਤੋਂ ਡਿੱਗ ਪਵਾਂ, ਦੇਂਦਾ ਨਹੀਂ ਕੋਈ ਜਵਾਬ ਮੇਰੀਆਂ ਪੁਕਾਰਾਂ ਦਾ । ਸੱਟ ਉੱਤੇ ਸੱਟ ਵੱਜੇ, ਡਰ ਨਾਲ ਧੜਕਦਾ ਏ, ਦਿਲ ਮੇਰਾ ਬਣ ਗਿਆ ਅੱਡਾ ਠਠਿਆਰਾਂ ਦਾ । ਦਿਓ ਕੋਂਈ ਤਵੀਜ ਐਸਾ ਸਵਾਂ ਸੁਖੀ ਨੀ'ਦਰ ਮੈਂ, ਅੱਗੇ ਪਰਤਾਵਾ ਲਿਆ ਸੈਂਕੜੇ ਹਜਾਰਾਂ ਦਾ ।' ਮੀਆਂ ਮੀਰ ਪੀਰ ਬੋਲੇ, 'ਸੁਣ ਤੂੰ ਸਲੀਮ ਮੀਆਂ, ਰੱਬ ਨੇ ਬਣਾਯਾ ਤੈਨੂੰ ਸ਼ਾਹ ਦੁਨੀਆਂ ਦਾਰਾਂ ਦਾ । ਇਹ ਭੀ ਗੱਲ ਚੇਤੇ ਰੱਖ ਪੱਕੀ ਤਰ੍ਹਾਂ ਭੋਲਿਆ ਓ, ਤੌਣਾ ਚੰਗਾ ਹੁੰਦਾ ਨਹੀਂ ਰੱਬੀ ਸੇਵਾਦਾਰਾਂ ਦਾ । ਹਰ ਹਰ ਰੰਗ ਵਿੱਚ ਅੱਲਾ ਵਾਲੇ ਵੱਸਦੇ ਨੀ, ਮਜ਼੍ਹਬ ਕੋਈ ਹੁੰਦਾ ਨਹੀਂ ਰਿਸ਼ੀਆਂ ਅਉਤਾਰਾਂ ਦਾ । ਗੁਰੂ ਹਰਗੋਬਿੰਦ ਜੀ ਨੂੰ ਕਿਲੇ ਵਿੱਚ ਬੰਦ ਕਰ, ਬਾਦਸ਼ਾਹ ਹੋਕੇ ਕੰਮ ਕੀਤਾ ਤੂੰ ਗਵਾਰਾਂ ਦਾ । ਸ਼ਾਹੀ ਸਜ ਧਜ ਦੇਖ ਗੁਰੂ ਜੀ ਦੀ ਭੁੱਲ ਗਿਓਂ, ਥਿੜਕ ਗਿਆ ਪੈਂਤੜੇ ਤੋਂ ਪੈਰ ਇਤਬਾਰਾਂ ਦਾ । ਇਹ ਉਹ ਅਥਾਹ ਨਦੀ ਭਗਤੀ ਦੀ ਜਾਣ ਬੱਚਾ, ਜਿੱਥੇ ਬੇੜਾ ਡੁੱਬਦਾ ਸਿਕੰਦਰੀ ਵਿਚਾਰਾਂ ਦਾ । ਸ਼ਹਿਨਸ਼ਾਹ ਦੀ ਝੋਲੀ 'ਚ ਫ਼ਕੀਰੀ ਪਈ ਖੇਡਦੀ ਊ, ਤੂੰ ਕੀ ਜਾਣੇ ਭੇਤ ਭਲਾ ਰੱਬੀ ਅਲੋਕਾਰਾਂ ਦਾ । ਬਾਲ-ਪਣ ਵਿੱਚ ੰਿਜਹੜਾ ਜ਼ਹਿਰੀ ਸੱਪਾਂ ਨਾਲ ਖੇਡੇ, ਕਿਉਂ ਨਾ ਹੋਵੇ ਯੋਧਾ ਹੁਣ ਸ਼ੇਰਾਂ ਦੇ ਸ਼ਿਕਾਰਾਂ ਦਾ । ਚਾਣ ਚੱਕੀ ਮੌਤ ਹੈ ਜੇ ਇਕ ਪਾਸੇ ਪਾਪੀਆਂ ਦੀ, ਦੂਜੇ ਪਾਸੇ ਵੱਲ ਭੀ ਹੈ ਦਾਰੂ ਦੁਖਿਆਰਾਂ ਦਾ । ਤਪੱਸਿਆ ਦੀ ਤੇਗ਼ ਨਾਲ ਕਿਤੇ ਆਪਾ ਮਾਰਦਾ ਈ, ਕਿਤੇ ਮੂੰਹ ਭੰਨਦਾ ਈ ਤੇਰੇ ਬਲਕਾਰਾਂ ਦਾ । ਐਵੇਂ ਉਹਨੇ ਦੋ ਤੇਗ਼ਾਂ ਲੱਕ ਨਾਲ ਬੱਧੀਆਂ ਨਹੀਂ, ਇਹ ਭੀ ਉਹਦਾ ਭੇਤ ਜਾਣ ਦੋਹਾਂ ਪਰਕਾਰਾਂ ਦਾ । ਜਿੱਦਾਂ ਦੋਹਾਂ ਲਫਜਾਂ ਦਾ ਅਰਥ ਇਕ ਹੋਂਵਦਾ ਏ, ਇਕ ਖੂਹ ਹੋਂਵਦਾ ਏ ਜਿੱਦਾਂ ਦੋ ਝਲਾਰਾਂ ਦਾ । ਸੱਜੇ ਖੱਬੇ ਵੇਖਦਾ ਨਹੀਂ ? ਜਲਵਾ ਦੋਹਾਂ ਤੇਗ਼ਾਂ ਵਾਲਾ, ਸ਼ਾਹ ਪਰ ਬਣ ਗਿਆ ਅਰਸ਼ੀ ਉਡਾਰਾਂ ਦਾ । ਜੇ ਤੂੰ ਮੈਥੋਂ ਸੱਚ ਪੁੱਛੇਂ, ਓਹਨੇ ਦੋਹਾਂ ਲੋਕਾਂ ਉੱਤੇ, ਸਾਯਾ ਪਾਯਾ ਹੋਯਾ ਈ ਦੋਹਾਂ ਤਲਵਾਰਾਂ ਦਾ । ਦੀਨ ਦੁਨੀ ਆਪਣੀ ਦਾ ਭਲਾ ਜੇ ਤੂੰ ਚਾਹਵਨਾ ਏਂ, ਬੀਬਾ ਰਾਣਾ ਕੰਮ ਕਰ ਜਾਹ ਬਰਖੁਰਦਾਰਾਂ ਦਾ । ਭੁੱਲ ਚੁੱਕ ਹੋ ਗਈ ਜਿਹੜੀ ਜਾ ਕੇ ਬਖਸ਼ਾ ਸਾਰੀ, ਕਿਲੇ ਵਿਚੋਂ ਛੱਡ ਛੇਤੀ ਗੁਰੂ ਸਰਦਾਰਾਂ ਦਾ ।' ਪੀਰ ਜੀ ਦੀ ਤਾੜਨਾ ਤੇ ਬਾਦਸ਼ਾਹ ਨੇ ਝੱਟ ਪਟ, ਘੱਲਿਆ ਗਵਾਲੀਅਰ ਜੱਥਾ ਅਹਿਲਕਾਰਾਂ ਦਾ । ਗੁਰੂ ਦੀ ਹਜੂਰੀ ਵਿਚ ਪਹੁੰਚ ਕੇ ਵਜ਼ੀਰ ਖ਼ਾਂ ਨੇ, ਮੁਜਰਾ ਅਦਾ ਕੀਤਾ ਸ਼ਾਹੀ ਦਰਬਾਰਾਂ ਦਾ । ਹੱਥ ਬੰਨ੍ਹ ਬੇਨਤੀ ਰਿਹਾਈ ਦੀ ਸੁਣਾ ਦਿੱਤੀ, ਪੱਛੋਤਾਵਾ ਜ਼ਾਹਰ ਕੀਤਾ ਨਾਲੇ ਹੋਈਆਂ ਕਾਰਾਂ ਦਾ । ਗੁਰੂ ਜੀ ਨੇ ਕਿਹਾ 'ਅਸੀਂ ਕੱਲੇ ਕਦੇ ਜਾਣਾ ਨਹੀਂ, ਸੰਗ ਸਾਥ ਛੱਡ ਏਥੇ ਬਾਕੀ ਗ਼ਮ ਖ਼ਵਾਰਾਂ ਦਾ । ਸੌੜ ਵਿੱਚ ਛੱਡ ਕੇ ਪਿਆਰਿਆਂ ਨੂੰ ਦੌੜ ਜਾਣਾ, ਅਸਲਾ ਨਹੀਂ ਹੋਂਵਦਾ ਇਹ ਮੇਲੀਆਂ ਦੇ ਯਾਰਾਂ ਦਾ ।' ਫਿਰ ਸ਼ਾਹੀ ਹੁਕਮ ਗਿਆ ਗੁਰੂ ਜੀ ਦੀ ਇਛਿਆ ਤੇ, ਮੀਂਹ ਹੀ ਵਰ੍ਹਾ ਦਿਓ ਸੇਹਰਿਆਂ ਤੇ ਹਾਰਾਂ ਦਾ । ਮੀਰੀ ਪੀਰੀ ਵਾਲੇ ਸ਼ਾਹ ਨੇ ਜਦੋਂ ਐਨੀ ਗੱਲ ਸੁਣੀ, ਕਿਲੇ 'ਚ ਫ਼ਿਰਾਯਾ ਇਹ ਹੁਕਮ ਉਪਕਾਰਾਂ ਦਾ:- 'ਆਓ ਜਿਨ੍ਹੇ ਪਾਰ ਹੋਣਾ ਮੇਰੇ ਲੜ ਲੱਗ ਜਾਓ, ਲੇਖਾ ਕਿਤੇ ਹੋਵੇਗਾ ਨਾ ਉਹਾਦਿਆਂ ਵਿਹਾਰਾਂ ਦਾ ।' ਲੌ ਜੀ ਜਿਹੜੇ ਰਾਜੇ ਰਾਣੇ ਕੈਦ ਵਿਚ ਸੜਦੇ ਸਨ, ਰੱਬ ਨੇ ਲਿਆਂਦਾ ਸਮਾਂ ਉਨ੍ਹਾਂ ਲਈ ਬਹਾਰਾਂ ਦਾ । ਸ਼ਾਮ ਰੂਪ ਗੁਰੂ ਗਿਰਦ ਘੇਰਾ ਏਦਾਂ ਪਾ ਲੀਤਾ, ਕ੍ਰਿਸ਼ਨ ਦੇ ਦਵਾਲੇ ਜਿਵੇਂ ਝੁਰਮਟ ਹੋਵੇ ਨਾਰਾਂ ਦਾ । ਮੀਰੀ ਪੀਰੀ ਵਾਲੇ ਸ਼ਹਿਨਸ਼ਾਹ ਨੇ ਇਕ ਮਾਰ ਚੱਪਾ, ਬੇੜਾ ਬੰਨੇ ਲਾ ਦਿੱਤਾ ਸੈਂਕੜੇ ਹਜ਼ਾਰਾਂ ਦਾ । ਆਵਾ ਗੌਣੀ ਜੇਹਲ ਵਿਚੋਂ 'ਸ਼ਰਫ' ਓਹੋ ਪਾਰ ਹੋਏ, ਪੱਲਾ ਜਿਨ੍ਹਾਂ ਫੜ ਲੀਤਾ ਰੱਬੀ ਸਰਕਾਰਾਂ ਦਾ ।
ਫੂਲ ਖਨਵਾਦਾ
ਸਤਵੀਂ ਸ਼ਾਹੀ ਨੂਰੀ ਜੋਤੀ, ਪਾਕ ਪਵਿੱਤਰ ਅਰਸ਼ੀ ਮੋਤੀ । ਸ਼ਾਨ ਰਹੀਮੀ ਪਰ ਉਪਕਾਰੀ, ਦਾਨ ਦਇਆ ਦੇ ਉੱਚ ਭੰਡਾਰੀ । ਰਹਿਮਤ ਵਾਲੇ ਬਖ਼ਸ਼ਸ਼ ਵਾਲੇ । ਤੋੜਨ ਦਿਲ ਦੇ ਕੁਫ਼ਰੀ ਤਾਲੇ । ਨਾ ਠੁਕਰਾਇਆ ਜੋ ਦਰ ਆਇਆ, ਕੀਤਾ ਓਹਦਾ ਮਾਨ ਸਮਾਇਆ । ਦਾਰਾ ਦਾ ਵੀ ਸ਼ਾਨ ਵਧਾਇਆ, ਮਰਦਾ ਮਰਦਾ ਪਕੜ ਬਚਾਇਆ । ਮਨ ਦੇ ਨਾਜ਼ਕ ਦਿਲ ਦੇ ਕੂਲੇ । ਐਸੇ ਸਨ ਓਹ ਨੂਰੀ ਪੂਲੇ । ਇਕ ਦਿਨ ਕਿਧਰੋਂ ਫਿਰਦੇ ਆਏ, ਚਰਨ ਪਵਿੱਤਰ ਬਾਗੇ ਪਾਏ । ਬਾਗ਼ ਨਿਵਾਸੀ ਬੂਟੇ ਸਾਰੇ, ਪਾਕ ਨਜ਼ਾਰੇ ਦੇ ਦੇ ਤਾਰੇ । ਵੇਖੀ ਜਿਸ ਦਮ ਸ਼ਕਲ ਨੂਰਾਨੀ । ਟਾਹਣੀ ਟਾਹਣੀ ਹੋਈ ਦੀਵਾਨੀ । ਅਦਬੋਂ ਸਰੂਆਂ ਸੀਸ ਝੁਕਾਇਆ, ਕਲੀਆਂ ਹਸ ਹਸ ਗਿੱਧਾ ਪਾਇਆ । ਨਰਗਸ ਦਰਸੀ ਤਾੜੀ ਲਾਈ, ਅਖ ਸ਼ਰਮੀਲੀ ਫ਼ਰਸ਼ ਬਣਾਈ । ਅੱਚਾ ਚੇਤੀ ਵੇਖ ਅਚੰਭਾ । ਖਿੜ ਖਿੜ ਦੂਹਰਾ ਹੋਇਆ ਚੰਭਾ । ਸਿਰ ਤੇ ਸਨ ਜੋ ਤੁਬਕੇ ਚਾਏ, ਮੋਤੀ ਮੋਤੀਏ ਪਕੜ ਲੁਟਾਏ । ਮੌਲਸਰੀ ਤੋਂ ਸਰੀ ਨ ਮੂਲੇ, ਗੁੱਛੇ ਵਾਰੇ ਕੱਚੇ ਕੂਲੇ । ਚਾਨਣ ਵਰਗੀ ਚਿੱਟੀ ਜੂਹੀ । ਹਸ ਹਸ ਹੋ ਗਈ ਰੱਤੀ ਸੂਹੀ । ਪੋਸਤ ਖੀਵਾ ਹੋਵਣ ਲੱਗਾ, ਖ਼ੂਨ ਗੱਲ੍ਹਾਂ ਚੋਂ ਚੋਵਣ ਲੱਗਾ । ਸੁੰਬਲ ਨੇ ਵੀ ਕੇਸ ਸਵਾਰੇ, ਪਵਾਂ ਕਬੂਲ ਕਿਵੇਂ ਦਰਬਾਰੇ । ਇਸ਼ਕ ਪੇਚੇ ਨੇ ਪੇਚੇ ਲਾਏ । ਚਿਰੀਂ ਵਿਛੁੰਨੇ ਨੈਣ ਮਿਲਾਏ । ਨਾਮ ਨਸ਼ੇ ਵਿਚ ਨੈਣ ਸ਼ਰਾਬੀ, ਡਿੱਠੇ ਜਿਸ ਦਮ ਫੁੱਲ ਗੁਲਾਬੀ । ਕੱਢ ਖ਼ੁਸ਼ਬੂਆਂ ਵਾਰਨ ਲੱਗਾ, ਚਰਨਾਂ ਹੇਠ ਖਿਲਾਰਨ ਲੱਗਾ । ਵੇਖ ਅਨਾਰ ਅਨਾਰ ਚਲਾਏ । ਫੁਲਝੜੀਂਆਂ ਦੇ ਮੀਂਹ ਵਸਾਏ । ਅਸ਼ਰਫੀਏ ਨੇ ਸ਼ਾਨ ਵਖਾਈ, ਅਸ਼ਰਫੀਆਂ ਦੀ ਸੁੱਟ ਕਰਾਈ । ਜਰਿਆ ਗਿਆ ਨਾ ਪਾਕ ਨਜ਼ਾਰਾ, ਪੁਰਜ਼ੇ ਹੋਇਆ ਫੁੱਲ ਹਜ਼ਾਰਾ । ਕਲਗ਼ੇ ਕਲਗ਼ੀ ਚਰਨ ਛੁਹਾਈ । ਫੁੱਲਾਂ ਅੰਦਰ ਸ਼ਾਨ ਵਧਾਈ । ਬਰਦੀ ਪਾ ਕੇ ਚਿੱਟੀ ਊਦੀ, ਕਰਨ ਸਲਾਮੀ ਫੁਲ ਦਾਊਦੀ । ਨੁੱਕਰ ਵਿਚ ਖਲੋਤੀ ਗੋਦੀ, ਹੱਸਣ ਡਹਿ ਪਈ ਰੋਂਦੀ ਰੋਂਦੀ । ਸੁੰਦਰ ਮੂੰਹ ਬਣਾਇਆ ਨਾਖਾਂ । ਗੁੱਛਾ ਹੋਈਆਂ ਅਦਬੋਂ ਦਾਖਾਂ । ਅੰਬਾਂ ਰਸ ਪਰੇਮੋਂ ਪਾਇਆ, ਚੜ੍ਹ ਚੜ੍ਹ ਆਯਾ ਹੁਸਨ ਸਵਾਇਆ । ਸੋਮੇ ਨੈਣ ਗੁਰਾਂ ਦੇ ਡਿੱਠੇ, ਕੂਜ਼ੇ ਭਰ ਲਏ ਖੱਟੇ ਮਿੱਠੇ । ਐਡੀ ਨੈਂ ਖ਼ੁਸ਼ੀ ਦੀ ਹੜ੍ਹ ਗਈ । ਅੰਬਰ ਵੇਲ ਰੁਖਾਂ ਤੇ ਚੜ੍ਹ ਗਈ । ਬਾਗ਼ ਸਿੱਖੀ ਦੇ ਰੱਬੀ ਮਾਲੀ, ਵੇਂਹਦੇ ਜਾਂਦੇ ਡਾਲੀ ਡਾਲੀ । ਸਾਇਆ ਪੌਂਦੇ ਹਰ ਹਰ ਬੂਟੇ, ਲੈਂਦੇ ਜਾਂਦੇ ਅਰਸ਼ੀ ਝੂਟੇ । ਜਪਦੇ ਜਾਂਦੇ ਅੰਮ੍ਰਿਤ ਬਾਣੀ । ਦੇਂਦੇ ਜਾਂਦੇ ਨੂਰੀ ਪਾਣੀ । ਇਕ ਥਾਂ ਹੋਇਆ ਐਸਾ ਕਾਰਾ, ਬੂਟਾ ਸੀ ਇਕ ਖੜਾ ਵਿਚਾਰਾ । ਗੁਰ ਜੀ ਦਾ ਉਸ ਪੱਲਾ ਫੜਿਆ, ਚੋਗ਼ਾ ਉਹਦੀ ਟਾਹਣੀ ਅੜਿਆ । ਕਲੀਆਂ ਨਿਉਂ ਨਿਉਂ ਸਦਕੇ ਗਈਆਂ । ਡਾਲੋਂ ਝੜੀਆਂ ਚਰਨੀਂ ਪਈਆਂ । ਸਤਿਗੁਰ ਨੇ ਉਹ ਝੜੀਆਂ ਕਲੀਆਂ, ਪ੍ਰੇਮ ਕਲਾਵੇ ਅੰਦਰ ਵਲੀਆਂ । ਧਰ ਤੋਂ ਫੜ ਕੇ ਹੱਥੀਂ ਚਾਈਆਂ, ਨਾਲ ਹਿਰਖ ਦੇ ਨਜ਼ਰਾਂ ਪਾਈਆਂ । ਚੋਗ਼ੇ ਨੂੰ ਕੁਛ ਆਖ ਸੁਣਾਇਆ । ਉਸ ਨੇ ਆਪਣਾ ਆਪ ਘਟਾਇਆ । ਹੋਠ ਪਵਿੱਤਰ ਸਤਿਗੁਰ ਖੋਲ੍ਹੇ, ਕਲੀਆਂ ਨੂੰ ਫਿਰ ਐਦਾਂ ਬੋਲੇ:- 'ਐ ਕਲੀਓ ! ਕੁਛ ਗ਼ਮ ਨਾ ਖਾਓ, ਦਿਲ ਉੱਤੇ ਕੋਈ ਦਾਗ਼ ਨਾ ਲਾਓ । ਪੂਰੀਆਂ ਹੋਸਨ ਸੱਭੇ ਆਸਾਂ । ਹੁਣ ਮੈਂ ਤੁਹਾਡਾ 'ਫੂਲ' ਬਣਾਸਾਂ ।' ਬੀਤਯਾ ਵੇਲਾ ਸਮਾਂ ਵਿਹਾਣਾ, ਹੋਇਆ ਐਸਾ ਰੱਬੀ ਭਾਣਾ । ਜੀਤ ਪਰਾਨੇ ਹੋਈ ਲੜਾਈ, ਕਰਮ ਚੰਦ ਓਹ ਤੇਗ਼ ਚਲਾਈ । ਰਣ ਵਿਚ ਮੀਂਹ ਸਰਾਂ ਦੇ ਵੱਸੇ । ਭੇਡਾਂ ਵਾਂਙੂ ਵੈਰੀ ਨੱਸੇ । ਐਪਰ ਹੋਣੀ ਹੁੰਦੜ ਆਈ, ਕਰਮ ਚੰਦ ਸ਼ਹੀਦੀ ਪਾਈ । ਸੁਰਗਾਂ ਅੰਦਰ ਆਪ ਸਿਧਾਰੇ, ਪਿੱਛੇ ਰਹਿ ਗਏ ਪੁੱਤ ਪਿਆਰੇ । ਇਕ 'ਸੰਦਲੀ' ਇਕ 'ਫੂਲ' ਵਿਚਾਰਾ । ਇਕ ਸੂਰਜ ਇਕ ਚੰਦ ਪਿਆਰਾ । ਚਾਚੇ ਦੇ ਕੁਝ ਮਨ ਵਿਚ ਆਇਆ, ਪਕੜ ਦੋਹਾਂ ਨੂੰ ਉਂਗਲੀ ਲਾਇਆ । ਸਤਿਗੁਰ ਜੀ ਦੇ ਦਰ ਤੇ ਆਇਆ, ਆਣ ਦੋਹਾਂ ਨੂੰ ਚਰਨੀਂ ਪਾਇਆ । ਰੋ ਰੋ ਨੀਰ ਵਗਾਵਣ ਲੱਗਾ । ਏਦਾਂ ਹਾਲ ਸੁਣਾਵਣ ਲੱਗਾ:- "ਪਿਤਾ ਇਨ੍ਹਾਂ ਦੇ ਜਾਨ ਪਿਆਰੀ, ਹੁਕਮ ਤੁਹਾਡੇ ਉੱਤੋਂ ਵਾਰੀ । ਇਹ ਕਲੀਆਂ ਹੁਣ ਝੜੀਆਂ ਪਈਆਂ, ਗੁੱਛੇ ਨਾਲੋਂ ਵਿੱਛੜ ਗਈਆਂ । ਦੀਨ ਦੁਨੀ ਦੇ ਸੱਚੇ ਵਾਲੀ । ਹੁਣ ਹੋ ਦੀਨ ਦੁਨੀ ਦੇ ਮਾਲੀ ।" ਦੋਵੇਂ ਦੁੱਰ ਯਤੀਮ ਪਿਆਰੇ, ਬੈਠੇ ਸਨ ਇਹ ਇੱਕ ਕਿਨਾਰੇ । ਕਾਗ਼ਜ਼ ਵਾਲੀ ਮੂਰਤ ਵਾਂਗੂੰ, ਸਹਿਮੀ ਹੋਈ ਸੂਰਤ ਵਾਂਗੂੰ । ਕਲੀਆਂ ਵਾਂਗੂੰ ਚੁੱਪ ਚੁਪੀਤੇ । ਅੱਖਾਂ ਵਿਚ ਗਲੇਡੂ ਪੀਤੇ । ਆਖਰ ਆਣ ਯਤੀਮੀ ਰੋਈ, ਗੁਰਿਆਈ ਨੂੰ ਚੋਂਭੜ ਹੋਈ । ਗੁਰਿਆਈ ਦਾ ਪਾਕ ਸਮੁੰਦਰ, ਆਇਆ ਮੌਜਾਂ ਠਾਠਾਂ ਅੰਦਰ, ਮੌਜਾਂ ਅੰਦਰ ਬਖਸ਼ਸ਼ ਆਈ । ਰੁੜ੍ਹਦੀ ਬੇੜੀ ਬੰਨੇ ਲਾਈ । ਆਖਣ ਲੱਗੇ ਪਰ ਉਪਕਾਰੀ, ਠੋਡੀ ਫੜ ਕੇ ਵਾਰੋ ਵਾਰੀ:- "ਐ ਕਲੀਓ ! ਮੈਂ ਖ਼ੂਬ ਪਛਾਣਾਂ, ਭੇਤ ਤੁਹਾਡੇ ਸਾਰੇ ਜਾਣਾਂ । ਗੁੱਛੇ ਨਾਲੋਂ ਝੜੀਓ ਕਲੀਂਓ ! ਵਕਤਾਂ ਅੰਦਰ ਫੜੀਓ ਕਲੀਓ ! ਅਰਸ਼ੀ ਕਲੀਓ ! ਉੱਠੋ ਜਾਓ, ਜਗ ਉੱਤੇ ਖੁਸ਼ਬੂ ਖਿੰਡਾਓ । ਸਿੱਖੀ ਵਾਲੇ ਝੰਡੇ ਲਾਓ, ਤਾਜ ਹੰਢਾਓ ਰਾਜ ਕਮਾਓ । 'ਸੰਦਲ' ਵਾਂਗੂੰ ਹਰਦਮ ਮਹਿਕੋ । 'ਫੂਲ' ਕਬੀਲਾ ਬਣਕੇ ਟਹਿਕੋ । ਖੁਸ਼ੀ ਤੁਹਾਨੂੰ ਚੰਵਰ ਝੁਲਾਵੇ, ਸੁੱਖਾਂ ਦੇ ਵਿਚ ਉਮਰ ਵਿਹਾਵੇ । ਹਰ ਪਿੜ ਅੰਦਰ ਘੋੜਾ ਧਮਕੇ, ਇਕਬਾਲਾਂ ਦਾ ਸੂਰਜ ਚਮਕੇ । ਪਤਝੜ ਤੁਹਾਨੂੰ ਕੁਝ ਨਾ ਆਖੇ । ਸਤਿਗੁਰ ਹੋਣ ਤੁਹਾਡੇ ਰਾਖੇ ।" ਇਹ ਹੈ ਜਿਸਦੀ ਬੇ ਪਰਵਾਹੀ, ਉਹ ਹੈ ਮੇਰਾ ਅਰਸ਼ੀ ਮਾਹੀ । ਪੈਰਾਂ ਅੰਦਰ ਝੜੀਆਂ ਕਲੀਆਂ, ਪ੍ਰੇਮ ਕਲਾਵੇ ਅੰਦਰ ਵਲੀਆਂ । ਮਾਨ ਗਵਾਇਆ ਜਿਨ੍ਹਾਂ ਸੱਈਆਂ । 'ਸ਼ਰਫ' ਉਹੋ ਮਨਜ਼ੂਰੀ ਪਈਆਂ ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ, ਨਾਫ਼ੇ ਵਾਂਙ ਖ਼ੁਸ਼ਬੋ ਖਿਲਾਰ ਦਿੱਤੀ । ਚਾਰ ਚੰਦ ਗੁਰਿਆਈ ਨੂੰ ਲਾਏ ਸੋਹਣੇ, ਸਿੱਖ ਪੰਥ ਦੀ ਸ਼ਾਨ ਸਵਾਰ ਦਿੱਤੀ । ਜਿੱਧਰ ਨਿਗ੍ਹਾ ਪਵਿੱਤਰ ਦੇ ਬਾਣ ਛੱਡੇ, ਓਸੇ ਪਾਸਿਓਂ ਫ਼ਤਹ ਕਰਤਾਰ ਦਿੱਤੀ । ਮੁੜੀਆਂ ਸੰਗਤਾਂ ਪਿਛ੍ਹਾਂ ਪੰਜੋਖਰੇ ਤੋਂ, ਲੀਕ ਸਿਦਕ ਦੀ ਆਪ 'ਜਹੀ ਮਾਰ ਦਿੱਤੀ । ਗੀਤਾ ਅਰਥ ਸੁਣਵਾ ਕਹਾਰ ਕੋਲੋਂ, ਪੰਡਤ ਹੋਰਾਂ ਦੀ ਤੇਹ ਉਤਾਰ ਦਿੱਤੀ । ਪਟਰਾਣੀ ਦੇ ਖੋਲ੍ਹ ਕੇ ਪੱਟ ਦਿਲ ਦੇ, ਬੈਠ ਪੱਟ ਤੇ ਅੰਸ਼ ਦਾਤਾਰ ਦਿੱਤੀ । ਜੇੜ੍ਹੇ ਆਏ ਅਜ਼ਮਾਇਸ਼ਾਂ ਕਰਨ ਵਾਲੇ, ਬਾਜ਼ੀ ਜਿੱਤ ਕੇ, ਉਨ੍ਹਾਂ ਨੂੰ ਹਾਰ ਦਿੱਤੀ । ਸ਼ਰਨ ਆ ਗਿਆ ਦਿਲੋਂ ਜੇ ਕੋਈ ਪਾਪੀ, ਭੁੱਲ ਓਸ ਦੀ ਮਨੋਂ ਵਿਸਾਰ ਦਿੱਤੀ । ਪਾਣੀ ਆਪਣੇ ਖੂਹੇ ਦਾ ਖੋਲ੍ਹ ਕੇ ਤੇ, ਬੇੜੀ ਡੁੱਬਦੀ ਦਿੱਲੀ ਦੀ ਤਾਰ ਦਿੱਤੀ । 'ਸ਼ਰਫ਼' ਨਿੱਕੀ ਜਹੀ ਉਮਰ ਵਿਚ ਗੁਰੂ ਜੀ ਨੇ, ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ ।
26. ਬਖ਼ਸ਼ੀਸ਼
ਇਕ ਦਿਨ ਰਾਜੇ ਜੈ ਸਿੰਘ ਆ ਕੇ ਅਰਜ਼ ਗੁਜ਼ਾਰੀ ਸੀਸ ਨਵਾ ਕੇ ਰਾਣੀ ਮੇਰੀ ਤਰਲੇ ਕਰਦੀ ਦਰਸ਼ਨ ਬਦਲੇ ਹੈ ਉਹ ਮਰਦੀ ਗੁਰ ਜੀ ! ਏਹ ਉਪਕਾਰ ਕਮਾਓ ਓਹਨੂੰ ਭੀ ਚਲ ਦੀਦ ਕਰਾਓ 'ਕ੍ਰਿਸ਼ਨ ਕੌਰ' ਦੇ ਰਾਜ-ਦੁਲਾਰੇ ਬੋਲੇ ਅੱਗੋਂ ਗੁਰੂ ਪਿਆਰੇ:- 'ਪੂਰੀਆਂ ਹੋਸਨ ਤੇਰੀਆਂ ਆਸਾਂ ਤੇਰੇ ਮਹਿਲੀਂ ਭੀ ਚਲ ਆਸਾਂ' ਚਾਈਂ ਚਾਈਂ ਰਾਜਾ ਆਯਾ ਮਹਿਲਾਂ ਦੇ ਵਿਚ ਆਨ ਸੁਨਾਯਾ:- 'ਖ਼ੂਬ ਸਜਾਓ ਧੌਲਰ ਸਾਰਾ ਆਵੇਗਾ ਕਲ ਗੁਰੂ ਪਿਆਰਾ ਉਪਕਾਰਾਂ ਦੀਆਂ ਝੜੀਆਂ ਲਾਵਨ ਉੱਜੜੇ ਹੋਏ ਬਾਗ਼ ਖਿੜਾਵਨ ਆਵੇਗਾ ਕਲ ਬੱਦਲ ਨੂਰੀ ਖੜੀਆਂ ਰਹਿਣਾਂ ਵਿਚ ਹਜ਼ੂਰੀ ਜੇਹੜੀ ਵੀ ਕੋਈ ਗ਼ਾਫ਼ਲ ਹੋਸੀ ਪੱਛੋਤਾਸੀ ਓਹੋ ਰੋਸੀ ।' ਪਟਰਾਣੀ ਦੇ ਦਿਲ ਵਿਚ ਆਈ 'ਰਾਜੇ ਏਡੀ ਸਿਫ਼ਤ ਸੁਨਾਈ ਮੈਂ ਵੀ ਓਹਨੂੰ ਕਲ ਅਜ਼ਮਾਵਾਂ ਗੋਲੀ ਬਣਕੇ ਭੇਸ ਵਟਾਵਾਂ ਨਿਕਾ ਜਿਹਾ ਓਹ ਚੰਦ ਦੋਬਾਲਾ ਜੇ ਹੋਵੇਗਾ ਕਰਨੀ ਵਾਲਾ ਤਾਂਤੇ ਮੈਨੂੰ ਜਾਣ ਲਵੇਗਾ ਅੱਖਾਂ ਦੇ ਵਿਚ ਛਾਣ ਲਵੇਗਾ ।' ਦਿਨ ਚੜ੍ਹਿਆ ਤੇ ਗੁਰੂ ਪਿਆਰੇ ਆ ਗਏ ਮਹਿਲੀਂ ਦੇਣ ਨਜ਼ਾਰੇ ਪਟਰਾਣੀ ਭੀ ਭੇਸ ਵਟਾਕੇ ਬਾਂਦੀ ਵਾਲੇ ਲੀੜੇ ਪਾਕੇ ਬਹਿ ਗਈ ਗੋਲੀਆਂ ਅੰਦ੍ਰ ਜਾਕੇ ਸਾਰਾ ਆਪਣਾ ਆਪ ਲੁਕਾਕੇ ਜਾਣੀ ਜਾਣ ਜਦੋਂ ਉਹ ਆਏ ਆ ਰਾਣੀ ਦੇ ਮਤਲਬ ਪਾਏ ਸਭਨਾਂ ਵੱਲੇ ਨਜ਼ਰਾਂ ਪਾਂਦੇ ਸੋਟੀ ਲਾ ਲਾ ਆਂਹਦੇ ਜਾਂਦੇ 'ਏਹ ਨਹੀਂ ਰਾਣੀ ਏਹ ਨਹੀਂ ਰਾਣੀ ਏਹ ਵੀ ਹੈ ਕੋਈ ਹੋਰ ਸਵਾਣੀ ।' ਲੁਕੀ ਹੋਈ ਉਹ ਨੇਕ ਸਵਾਣੀ ਫੜ ਲਈ ਏਦਾਂ ਓੜਕ ਰਾਣੀ ਜਿਉਂ ਪਾਪੀ ਨੂੰ 'ਬਖਕਸ਼' ਆਕੇ ਫੜ ਲਏ ਬਾਹੋਂ, ਕਰਮ ਭੁਲਾਕੇ । ਪੱਟ ਉਤੇ ਜਾ ਬੈਠੇ ਪਿਆਰੇ ਆਖਣ ਲੱਗੇ ਰਾਜ ਦੁਲਾਰੇ:- 'ਹੈ ਨਾ ਲੱਭ ਲਿਆ ਮੈਂ ਤੈਨੂੰ ਹੁਣ ਤੇ ਮੰਨੇਗੀ ਨਾ ਮੈਨੂੰ ?' ਵੇਖ ਕਰਾਮਾਤ ਏਹ ਪਟਰਾਣੀ ਚਰਨੀਂ ਡਿੱਗੀ ਹੋ ਨਤਾਣੀ ਰੋ ਰੋ ਗੁੱਝਾ ਹਾਲ ਸੁਨਾਯਾ ਆਖੇ, ਜਿਉਂ ਏਹ ਭਰਮ ਮਿਟਾਯਾ ਓਦਾਂ ਹੀ ਹੁਨ ਆਸ ਪੁਚਾਓ ਘਰ ਮੇਰੇ ਕੋਈ ਬੂਟਾ ਲਾਓ ਧੀ ਪੁੱਤਰ ਕੋਈ ਹੈ ਨਹੀਂ ਮੇਰਾ ਬਾਝ ਚਰਾਗੋਂ ਮਹਿਲ ਹਨੇਰਾ ।' ਹਾਲ ਅਹਵਾਲ ਓਹਦੇ ਸੁਨ ਸਾਰੇ ਖਿੜ ਖਿੜ ਹੱਸੇ ਗਰੂ ਪਿਆਰੇ ਮੌਜਾਂ ਅੰਦਰ ਬਖਸ਼ਸ਼ ਆਈ ਰੁੜ੍ਹਦੀ ਬੇੜੀ ਬੰਨੇ ਲਾਈ 'ਸ਼ਰਫ਼' ਕਬੂਲ ਹੋਈਆਂ ਫ਼ਰਯਾਦਾਂ ਮਿਲੀਆਂ ਓਹਨੂੰ ਕੁੱਲ ਮੁਰਾਦਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
(ਏਹ ਕਵਿਤਾ ਉਸ ਸਮੇਂ ਲਿਖੀ ਗਈ ਸੀ, ਜਦ ਕਿਸੇ ਪਾਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਹਰੀ ਪੁਰ ਵਿਖੇ ਅੱਗ ਲਾ ਦਿੱਤੀ ਸੀ ਤੇ ਸਿੱਖ ਪੰਥ ਵਿੱਚ ਬੜਾ ਹਾਹਾਕਾਰ ਮਚਿਆ ਸੀ) ਸਾਕੇ ਆਣਕੇ ਗੁਰੂ ਗ੍ਰੰਥ ਜੀ ਦੇ, ਮੇਰੇ ਚਿੱਤ ਤੇ ਇਸ ਤਰ੍ਹਾਂ ਵਾਰ ਕੀਤਾ। ਸੱਤੀਂ ਕੱਪੜੀਂ ਲੱਗ ਗਈ ਅੱਗ ਮੈਨੂੰ, ਹਿਰਦਾ ਸਾੜ ਕੇ ਵਾਂਗ ਅੰਗਿਆਰ ਕੀਤਾ। ਘਰੋਂ ਨਿਕਲ ਕੇ ਬਾਹਰ ਨੂੰ ਤੁਰ ਪਿਆ ਮੈਂ, ਚੇਟਕ ਚਿੱਤ ਨੂੰ ਆਣ ਉਡਾਰ ਕੀਤਾ। ਅੱਗੇ, ਪੰਡਤ, ਗ੍ਰੰਥੀ ਤੇ ਮੌਲਵੀ ਦਾ, ਕੱਠੇ ਬੈਠਿਆਂ ਜਾ ਦੀਦਾਰ ਕੀਤਾ। ਆਦਰ ਨਾਲ ਗ੍ਰੰਥੀ ਨੂੰ ਫਤਹ ਬੋਲੀ, ਪੰਡਤ ਸਾਹਿਬ ਨੂੰ ਵੀ ਨਮਸ਼ਕਾਰ ਕੀਤਾ। ਕਿਹਾ ਫੇਰ ਸਲਾਮ ਮੈਂ ਮੌਲਵੀ ਨੂੰ, ਕਿੱਸਾ ਸ਼ੁਰੂ ਤਾਂ ਲੋੜ ਅਨੁਸਾਰ ਕੀਤਾ। ਕਰਕੇ ਮੇਹਰਬਾਨੀ ਤਿੰਨੇ ਦੱਸ ਦੇਣਾ, ਏਸ ਗੱਲ ਮੈਨੂੰ ਬੇਕਰਾਰ ਕੀਤਾ। ਗ਼ੈਰ ਦੀਨ ਦੀਆਂ ਧਰਮ ਪੁਸਤਕਾਂ ਲਈ, ਜੋ ਜੋ ਆਪਦੇ ਮਜ਼ਹਬ ਪਰਚਾਰ ਕੀਤਾ। ਵਾਸੀ ਕਾਂਸ਼ੀ ਦੇ ਪੰਡਤ ਜੀ 'ਓਮ' ਕਹਿ ਕੇ, ਪਹਿਲੇ ਆਪਣਾ ਆਪ ਤਿਆਰ ਕੀਤਾ। 'ਏਕੋ ਬ੍ਰਹਮ ਤੇ ਸਰਬ ਬ੍ਰਹਮ ਮੰਤਰ', ਰਿਗ ਵੇਦ ਦੇ ਵਿਚੋਂ ਉਚਾਰ ਕੀਤਾ। ਅਰਥ ਏਹ ਕਿ ਆਪ ਪਰਮਾਤਮਾਂ ਨੇ, ਜ਼ੱਰੇ ਜ਼ੱਰੇ ਦੇ ਵਿਚ ਅਵਤਾਰ ਕੀਤਾ। ਉਹਦੇ ਵਾਸਤੇ ਸਭਨਾਂ ਦਾ ਇਕ ਰੁਤਬਾ, ਜੀਵ ਜੰਤ ਜੋ ਵਿਚ ਸੰਸਾਰ ਕੀਤਾ। ਕੀਤੀ ਕ੍ਰਿਪਾ ਬ੍ਰਹਮਨ ਤੇ ਨਹੀਂ ਉੱਚੀ, ਤੇ ਨਹੀਂ ਸ਼ੂਦਰ ਨੂੰ ਘੱਟ ਪਿਆਰ ਕੀਤਾ। ਰਾਮ-ਲਛਮਣ ਭੀ ਉਸੇ ਉਪਾਏ ਹੈਸਨ, ਪਰਗਟ ਓਸੇ ਨੇ ਚੇਤਾ ਚਮਿਆਰ ਕੀਤਾ। ਸਤਿਨਾਮ ਕਰਕੇ ਬੋਲੇ ਭਾਈ ਸਾਹਿਬ, ਸਾਡੇ ਧਰਮ ਨੇ ਇਹ ਪਰਚਾਰ ਕੀਤਾ: ਕਹੋ ਬੇਦ ਕਤੇਬ ਨੂੰ ਮਤ ਝੂਠਾ, ਝੂਠਾ ਉਹ, ਨਾ ਜਿਹਨੇ ਵਿਚਾਰ ਕੀਤਾ। ਉਹ ਰੱਦਿਆ ਗਿਆ ਦਰਗਾਹ ਵਿਚੋਂ, ਏਸ ਗੱਲ ਤੋਂ ਜਿਨ੍ਹੇ ਇਨਕਾਰ ਕੀਤਾ। ਰਚਨਾ ਉਸੇ ਦੀ ਸਾਰੀ ਰਚਾਈ ਹੋਈ ਏ, ਜੋ ਜੋ ਜੱਗ ਦੇ ਵਿਚ ਕਰਤਾਰ ਕੀਤਾ। ਵੱਖੋ ਵੱਖਰਾ ਨਾਮ ਜਪਾਉਣ ਬਦਲੇ, ਰੰਗ ਰੰਗ ਉਪਾ ਪਸਾਰ ਕੀਤਾ। ਇੱਕੋ ਟਾਹਣੀ ਉੱਤੇ ਕੰਡਾ ਫੁੱਲ ਲਾ ਕੇ, ਘ੍ਰਿਣਾ ਈਰਖਾ ਵਿੱਚ ਸੁਧਾਰ ਕੀਤਾ। ਕਿਸੇ ਹੱਥ ਕੜਾ, ਕਿਸੇ ਹੱਥ ਤਸਬੀ, ਗਲ ਕਿਸੇ ਦੇ ਜੰਞੂ ਦਾ ਹਾਰ ਕੀਤਾ। ਇਕਨਾਂ ਸੋਹਣੀਆਂ ਸ਼ਹੁ ਭਰਮਾਣ ਬਦਲੇ, ਰੰਗ ਰੰਗ ਦਾ ਹਾਰ ਸ਼ਿੰਗਾਰ ਕੀਤਾ। ਇਕਨਾਂ ਚਾਤਰਾਂ ਵਿੱਦਿਆ ਪੜ੍ਹ ਪੜ੍ਹ ਕੇ, ਅਕਲ ਬੁੱਧ ਦਾ ਮਾਨ ਹੰਕਾਰ ਕੀਤਾ। ਇਕਨਾਂ ਕੋਝੀਆਂ ਓਸ ਨਿਰਪੱਖ ਸ਼ਹੁ ਦਾ, ਕਰਕੇ ਆਸਰਾ ਚਿੱਤ ਅਧਾਰ ਕੀਤਾ। ਓਥੇ ਕੌਣ ਸੁਹਾਗਣ ਕੌਣ ਰੰਡੀ, ਖਬਰੇ ਕਿਨੂੰ ਮਨਜ਼ੂਰ ਸਰਕਾਰ ਕੀਤਾ? ਫੇਰ ਮੌਲਵੀ ਸਾਹਿਬ ਨੇ ਆਖਿਆ ਏਹ, ਸੁਨ ਲੈ ਸਾਫ਼ ਕੁਰਆਨ ਇਜ਼ਹਾਰ ਕੀਤਾ। 'ਵਮਾਉਨਜ਼ਿਲਾ ਅਲੈਕਾਵਮਾਉਨਜ਼ਿਲਾ, ਮਿਨਕਬਲਿਕ' ਦਾ ਜ਼ਾਹਿਰ ਇਸਰਾਰ ਕੀਤਾ। 'ਵਲੇ ਕੁੱਲੇ ਕੋਮਿ ਨਹਾਦ' ਵਾਲੜਾ ਭੀ, ਸਾਫ਼ ਸਾਫ ਹੈ ਹੁਕਮ ਗੁਫਾਰ ਕੀਤਾ। ਅਰਥ ਇਹ ਕਿ ਥਾਂ ਥਾਂ ਕੌਮ ਅੰਦਰ, ਪਰਗਟ ਰਿਸ਼ੀ ਪੈਗੰਬਰ ਅਵਤਾਰ ਕੀਤਾ। ਉਹਨਾਂ ਹੱਥ ਕਿਤਾਬਾਂ ਭੀ ਘੱਲੀਆਂ ਨੇ, ਤਾਂ ਜੇ ਸੱਚ ਦਾ ਜਾਏ ਇਤਬਾਰ ਕੀਤਾ। ਕਿਸੇ ਓਸਨੂੰ 'ਲਾ ਸ਼ਰੀਕ' ਕਿਹਾ, ਕਿਸੇ ਤਰਜਮਾਂ ਇਕ ਓਅੰਕਾਰ ਕੀਤਾ। ਆਦਰ ਦੂਜਿਆਂ ਮਜ਼੍ਹਬਾਂ ਦਾ ਕਰਨ ਬਦਲੇ, ਸਾਫ਼ ਹੁਕਮ ਏਹ ਅਹਿਮਦ ਮੁਖ਼ਤਾਰ ਕੀਤਾ। ਬੁਰਾ ਬੋਲ ਕੇ ਕਿਸੇ ਦੇ ਬੁੱਤ ਨੂੰ ਵੀ, ਓਹਦਾ ਦਿਲ ਨਾ ਜਾਏ ਬੇਜ਼ਾਰ ਕੀਤਾ। ਤੇਰੇ ਅੱਲਾ ਨੂੰ ਕੱਢੇਗਾ ਗਾਲ ਓਹ ਭੀ, ਜੇ ਤੂੰ ਕਿਸੇ ਦੇ ਬੁੱਤ ਤੇ ਵਾਰ ਕੀਤਾ। ਜ਼ਾਤ ਪਾਤ ਦੀ ਓਸ ਨਹੀਂ ਰਈ ਕਰਨੀ, ਬੇੜਾ ਅਮਲਾਂ ਤੇ ਜਾਣਾ ਏਂ ਪਾਰ ਕੀਤਾ। ਮੈਂ ਏਹ ਬੋਲ ਨਿਰੋਲ ਨਿਰਪੱਖ ਸੁਣ ਕੇ, ਸੜਦੇ ਕਾਲਜੇ ਨੂੰ ਠੰਢਾ ਠਾਰ ਕੀਤਾ। ਫੇਰ ਆਖਿਆ ਮੈਂ ਹਰੀ ਪੁਰ ਅੰਦਰ, ਦੇਖੋ ਜ਼ੁਲਮ ਇਹ ਕਿਸੇ ਬੁਰਿਆਰ ਕੀਤਾ। ਅੱਗ ਲਾ ਕੇ ਗੁਰੂ ਗ੍ਰੰਥ ਜੀ ਨੂੰ, ਸੌਦਾ ਨਰਕ ਦਾ ਜੱਗ ਵਿਚਕਾਰ ਕੀਤਾ। ਹਹੁਕਾ ਮਾਰ ਕੇ ਬੋਲ ਸਰਾਪ ਵਾਲਾ, ਜਾਰੀ ਉਨ੍ਹਾਂ ਏਹ ਸੁਣਦਿਆਂ ਸਾਰ ਕੀਤਾ:- ਉਹਦਾ ਕਫ਼ਨ ਭੀ ਉਹਨੂੰ ਫਿਟਕਾਰ ਦੇਗਾ, ਜਿਸਨੇ ਇਸ ਤਰਾਂ ਅੱਤਯਾਚਾਰ ਕੀਤਾ। ਕਾਲਖ ਪਾਪ ਦੀ ਜੱਗ ਤੇ ਆਪ ਲੈ ਕੇ, ਕਾਲਾ ਮੂੰਹ ਹੈ ਓਸ ਮੁਰਦਾਰ ਕੀਤਾ। ਲਾਈ ਓਸਨੇ ਅੱਗ ਗ੍ਰੰਥ ਨੂੰ ਨਹੀਂ, ਹੱਥੀਂ ਨਰਕ ਦਾ ਆਪ ਵਿਹਾਰ ਕੀਤਾ। ਸੜ ਗਏ ਜਿਊਂਦਿਆਂ ਜੱਗ ਤੇ ਭਾਗ ਉਹਦੇ, ਮੁਰਦਾ ਅੰਤ ਦੇ ਵਿੱਚ ਖ਼ਵਾਰ ਕੀਤਾ। 'ਸ਼ਰਫ਼' ਸੱਚ ਨੂੰ ਕਦੀ ਨਹੀਂ ਆਂਚ ਹੁੰਦੀ, ਸੜ ਕੇ ਬੀੜ ਨੇ ਪੰਥ ਗੁਲਜ਼ਾਰ ਕੀਤਾ।
'ਜੋਗਨ' ਵਿੱਚੋਂ
ਪੰਜਾਬ ਦਾ ਗੀਤ
ਸੋਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ ! ਜਿਵੇਂ ਫੁੱਲਾਂ ਅੰਦਰ, ਫੁੱਲ ਗੁਲਾਬ ਨੀ ਸਈਓ ! ਰਲਮਿਲ ਬਾਗ਼ੀਂ ਪੀਂਘਾਂ ਝੂਟਣ, ਕੁੜੀਆਂ ਨਾਗਰ ਵੇਲਾਂ । ਜੋਸ਼ ਜੁਆਨੀ ਠਾਠਾਂ ਮਾਰੇ, ਲਿਸ਼ਕਣ ਹਾਰ ਹਮੇਲਾਂ । ਪਹਿਨਣ ਹੀਰੇ ਮੋਤੀ, ਮੁਖ ਮਤਾਬ ਨੀ ਸਈਓ ! ਸੋਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ ! ਜੁੜ ਮੁਟਿਆਰਾਂ ਤ੍ਰਿੰਞਣ ਅੰਦਰ, ਚਰਖੇ ਬੈਠ ਘੁਕਾਵਣ ! ਨਾਜ਼ਕ ਬਾਂਹ ਉਲਾਰ ਪਿਆਰੀ, ਤੰਦ ਚਰਖੜੇ ਪਾਵਣ । ਸੀਨੇ ਅੱਗਾਂ ਲਾਵਣ । ਹੋਠ ਉਨਾਬ ਨੀ ਸਈਓ । ਸੋਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ ! ਹੀਰ ਸ਼ਹਿਜ਼ਾਦੀ ਬੇੜੇ ਬੈਠੀ, ਸਈਆਂ ਖੇਡਣ ਪਈਆਂ ! ਚੰਦ ਦੁਆਲੇ ਤਾਰੇ ਚਮਕਣ, ਹੀਰ ਦੁਆਲੇ ਸਈਆਂ ! ਝੱਲੀ ਜਾਏ ਨਾਹੀਂ, ਉਹਦੀ ਤਾਬ ਨੀ ਸਈਓ । ਸੋਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ ! ਮੌਜ ਲਾਈ ਦਰਿਆਵਾਂ ਸੋਹਣੀ, ਬਾਗ਼ ਜ਼ਮੀਨਾਂ ਫਲਦੇ ! 'ਸ਼ਰਫ਼' ਪੰਜਾਬੀ ਧਰਤੀ ਉੱਤੇ ਠੁਮਕ ਠੁਮਕ ਪਏ ਚਲਦੇ ! ਸਤਲੁਜ, ਰਾਵੀ, ਜੇਹਲਮ, ਅਟਕ, ਚਨਾਬ ਨੀ ਸਈਓ । ਸੋਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ !
ਬਾਰਾਂ ਮਾਹ
ਚੇਤਰ ਚੈਨ ਨਾ ਆਵੇ ਦਿਲ ਨੂੰ, ਤੇਰੇ ਬਾਝੋਂ ਪਿਆਰੇ ਜੀ । ਮੈਂ ਹਾਂ ਤੇਰੇ ਦਰ ਦੀ ਬਰਦੀ, ਮੱਲੇ ਤੇਰੇ ਦੁਆਰੇ ਜੀ । ਤੇਰੇ ਬਾਝੋਂ ਡੁਬਦੀ ਬੇੜੀ, ਕਿਹੜਾ ਮੇਰੀ ਤਾਰੇ ਜੀ । 'ਸ਼ਰਫ਼' ਬੰਦੀ ਦੀ ਆਸ ਪੁਜਾਈਂ, ਦੇਵੀਂ ਝੱਬ ਦੀਦਾਰੇ ਜੀ । ਚੜ੍ਹੇ ਵੈਸਾਖ ਮਹੀਨੇ ਮੈਨੂੰ, ਖੁਸ਼ੀ ਨਾ ਕੋਈ ਭਾਂਦੀ ਏ । ਸੇਜ ਫੁੱਲਾਂ ਦੀ ਸੀਨੇ ਅੰਦਰ, ਸੌ ਸੌ ਸੂਲਾਂ ਲਾਂਦੀ ਏ । ਸੂਲ ਸੂਲ ਵਿਚ ਸੌ ਸੌ ਸੂਲੀ, ਜਿਗਰੋਂ ਰੱਤ ਚਲਾਂਦੀ ਏ । ਦਿਨ ਰੋਵੇ ਇਹ 'ਸ਼ਰਫ਼' ਵਿਚਾਰੀ ਰਾਤੀਂ ਹਾਲ ਵੰਜਾਂਦੀ ਏ । ਜੇਠ ਜਿਗਰ ਦੀ ਰੱਤ ਵਗਾ ਕੇ, ਲਿਖ ਲਿਖ ਨਾਮੇਂ ਘੱਲੇ ਜੀ । ਕੀਕਰ ਪਹੁੰਚਾ ਕਦਮਾਂ ਅੰਦਰ, ਜ਼ਰ ਨਾ ਮੇਰੇ ਪੱਲੇ ਜੀ । ਖੰਭ ਮਿਲਣ ਜੇ ਕਿਧਰੋਂ ਮੈਨੂੰ, ਆਵਾਂ ਕਰ ਕੇ ਹੱਲੇ ਜੀ । ਤੇਰੇ ਬਾਝੋਂ 'ਸ਼ਰਫ਼' ਬੰਦੀ ਨੂੰ, ਕੋਈ ਪਾਸਾ ਨਾ ਝੱਲੇ ਜੀ । ਹਾੜ ਮਹੀਨੇ ਹੌਕੇ ਭਰ ਭਰ, ਤਰਲੇ ਕਰਦੀ ਰਹਿੰਦੀ ਹਾਂ । ਆਵੀਂ ਮਾਹੀ, ਆਵੀਂ ਮਾਹੀ, ਪੜ੍ਹਦੀ ਉਠਦੀ ਬਹਿੰਦੀ ਹਾਂ । ਦੁੱਖ ਵਿਛੋੜਾ ਤੇਰਾ ਦਿਲਬਰ, ਮਰ ਮਰ ਕੇ ਪਈ ਸਹਿੰਦੀ ਹਾਂ । ਵਕਤ ਸੁਬਹ ਦੇ ਹਾਲ ਹਵਾ ਨੂੰ, 'ਸ਼ਰਫ਼' ਬੰਦੀ ਮੈਂ ਕਹਿੰਦੀ ਹਾਂ । ਸਾਵਣ ਸੀਸ ਗੁੰਦਾ ਕੇ ਸਈਆਂ, ਹਾਰ ਸਿੰਗਾਰ ਲਗਾਏ ਨੇ । ਸਿਰ ਤੇ ਸਾਲੂ ਸ਼ਗਨਾ ਵਾਲੇ, ਰੀਝਾਂ ਨਾਲ ਸਜਾਏ ਨੇ । ਮਿੱਠੇ ਮਿੱਠੇ ਗੀਤ ਮਾਹੀ ਦੇ, ਸਭਨਾਂ ਰਲ ਮਿਲ ਗਾਏ ਨੇ । 'ਸ਼ਰਫ਼' ਵਿਚਾਰੀ ਦੁਖਿਆਰੀ ਨੇ, ਰੋ ਰੋ ਨੀਰ ਚਲਾਏ ਨੇ । ਭਾਦੋਂ ਭਾਹ ਹਿਜਰ ਦੀ ਭੜਕੇ, ਸੱਜਣਾ ਮੇਰੇ ਸੀਨੇ ਹੁਣ । ਝੋਲੀਆਂ ਅੱਡੀਆਂ ਰਗੜਾਂ ਅਡੀਆਂ, ਬਖਸ਼ੋ ਦੀਦ-ਖ਼ਜੀਨੇ ਹੁਣ । ਦਿਲ ਮੇਰੇ ਦੀ ਮੁੰਦਰੀ ਅੰਦਰ, ਜੜਦੇ ਨੂਰ-ਨਗੀਨੇ ਹੁਣ । ਗੁਜ਼ਰ ਗਏ ਨੇ 'ਸ਼ਰਫ਼' ਬੰਦੀ ਦੇ, ਰੋ ਰੋ ਛੇ ਮਹੀਨੇ ਹੁਣ । ਅੱਸੂ ਆਸ ਨਾ ਹੋਈ ਪੂਰੀ, ਪਾਏ ਲੱਖ ਵਸੀਲੇ ਮੈਂ । ਜਿੰਦੜੀ ਮੁੱਕੀ ਤਾਂਘ ਨਾ ਚੁੱਕੀ, ਹੋ ਗਈ ਸੁੱਕ ਕੇ ਤੀਲੇ ਮੈਂ । ਚੋ ਚੋ ਖ਼ੂਨ ਜਿਗਰ ਦਾ ਸਾਰਾ, ਕੀਤੇ ਨੈਣ ਰੰਗੀਲੇ ਮੈਂ । 'ਸ਼ਰਫ਼' ਸੱਜਣ ਹੁਣ ਮੁਖੜਾ ਤੇਰਾ, ਵੇਖਾਂ ਕਿਹੜੇ ਹੀਲੇ ਮੈਂ ? ਕੱਤਕ ਕਟਕ ਦੁੱਖਾਂ ਦੇ ਆਏ, ਹੋ ਗਏ ਦਿਲ ਦੇ ਬੇਰੇ ਨੇ । ਦੁਨੀਆਂ ਸਾਰੀ ਮੌਜ ਉਡਾਵੇ, ਭਾਗ ਨਕਰਮੇ ਮੇਰੇ ਨੇ । ਕਲਮਲ ਆਈ ਜਾਨ ਵਿਚਾਰੀ, ਪਾ ਲਏ ਦੁਖਾਂ ਨੇ ਘੇਰੇ ਨੇ । 'ਸ਼ਰਫ਼' ਬੰਦੀ ਹੈ ਕੋਝੀ ਸਾਈਆਂ, ਤੇਰੇ ਸ਼ਾਨ ਉਚੇਰੇ ਨੇ । ਮੱਘਰ ਮੌਜਾਂ ਮਾਰ ਮੁਕਾਇਆ, ਰਾਖਾ ਰੱਬ ਸਫ਼ੀਨੇ ਦਾ । ਕੀਕਰ ਪਾਵਾਂ ਪਾਕ ਹਜ਼ੂਰੀ, ਵੱਲ ਨਾ ਕਿਸੇ ਕਰੀਨੇ ਦਾ । ਦੋਜ਼ਖ਼ ਵਾਂਗ ਨਾ ਠੰਡਾ ਹੋਵੇ, ਭਾਂਬੜ ਮੇਰੇ ਸੀਨੇ ਦਾ । 'ਸ਼ਰਫ਼' ਘੜੀ ਇਕ ਚੈਨ ਨਾ ਦੇਂਦਾ, ਬ੍ਰਿਹੋਂ ਓਸ ਨਗੀਨੇ ਦਾ । ਪੋਹ ਨਾ ਪੋਂਹਦਾ ਦਾਰੂ ਕੋਈ, ਲਾਏ ਟਿੱਲ ਤਬੀਬਾਂ ਨੇ । ਕਰਨ ਦੁਆਵਾਂ ਦੇਣ ਦਵਾਵਾਂ, ਲਾਏ ਜ਼ੋਰ ਹਬੀਬਾਂ ਨੇ । ਹਾਲ ਮੇਰੇ ਤੇ ਹੁੰਝੂ ਕੇਰੇ, ਰੋ ਰੋ ਕੁੱਲ ਰਕੀਬਾਂ ਨੇ । ਮਰਜ਼ ਇਸ਼ਕ ਦੀ ਐਸੀ ਲਾਈ, ਮੈਨੂੰ 'ਸ਼ਰਫ਼' ਨਸੀਬਾਂ ਨੇ । ਮਾਘ ਮਿਲੇ ਜੇ ਮਾਹੀ ਮੇਰਾ, ਤਨ ਮਨ ਆਪਣਾ ਵਾਰਾਂ ਮੈਂ । ਫੁੱਲ ਤੌਹੀਦੀ ਸ਼ਕਲ ਵਿਖਾਈ, ਬੁਲਬੁਲ ਵਾਂਗ ਪੁਕਾਰਾਂ ਮੈਂ । ਰਾਤ ਵਸਲ ਦੀ ਚੁਣ ਕੇ ਸਈਓ, ਸੋਹਣੀ ਸੇਜ ਸਵਾਰਾਂ ਮੈਂ । 'ਸ਼ਰਫ਼' ਮਿਲੇ ਜੇ ਜਾਮ ਵਸਲ ਦਾ, ਲੱਖਾਂ ਸ਼ੁਕਰ ਗੁਜ਼ਾਰਾਂ ਮੈਂ । ਫੱਗਣ ਫੁੱਲੇ ਗੁਲਸ਼ਨ ਮੇਰੇ, ਮਿਲੀਆਂ ਆਣ ਨਵੀਦਾਂ ਨੇ । ਵਾਂਗੂੰ ਕਲੀਆਂ ਟਾਹ ਟਾਹ ਕਰਕੇ, ਖਿੜੀਆਂ ਕੁਲ ਉਮੀਦਾਂ ਨੇ । ਬਾਂਕੇ ਮਾਹੀ, ਢੋਲ ਸਿਪਾਹੀ, ਆਣ ਕਰਾਈਆਂ ਦੀਦਾਂ ਨੇ । ਰਾਤ ਬਰਾਤ 'ਸ਼ਰਫ਼' ਹੈ ਮੇਰੀ, ਦਿਨ ਦੇ ਵੇਲੇ ਈਦਾਂ ਨੇ ।
ਜਲਵੇ
ਆ ਅਗਨ ਲਗਨ ਦੀ ਲਾ ਲਈਏ, ਇਕ ਦੁਨੀਆਂ ਨਵੀਂ ਵਸਾ ਲਈਏ । ਇਕ ਹੁਸਨ ਤੇ ਸੌ ਸੌ ਅੱਖ ਹੋਵੇ, ਹਰ ਅੱਖ ਵਿਚ ਜਲਵਾ ਲੱਖ ਹੋਵੇ, ਸ਼ਬਨਮ ਦੇ ਸ਼ੀਸ਼ੇ ਚੁਣ ਚੁਣ ਕੇ- ਸ਼ੀਸ਼ ਮਹੱਲ ਬਣਾ ਲਈਏ । ਇਕ ਦੁਨੀਆਂ ਨਵੀਂ ਵਸਾ ਲਈਏ । ਜਿਥੇ ਪ੍ਰੇਮ ਦੀ ਵਰਖਾ ਵਸਦੀ ਰਹੇ, ਜਿਥੇ ਖ਼ੁਸ਼ੀ ਫੁੱਲਾਂ ਵਿਚ ਹਸਦੀ ਰਹੇ, ਜਿਥੇ ਖੌਫ਼ ਨਾ ਹੋਵੇ ਮਾਲੀ ਦਾ- ਡੇਰੇ ਓਥੇ ਪਾ ਲਈਏ । ਇਕ ਦੁਨੀਆਂ ਨਵੀਂ ਵਸਾ ਲਈਏ । ਸਾਡੀ ਸੁਬਹ ਦੀ ਕਦੀ ਨਾ ਸ਼ਾਮ ਹੋਵੇ, ਸਾਡੀ ਖ਼ੁਸ਼ੀ ਦਾ ਖਤਮ ਨਾ ਜਾਮ ਹੋਵੇ, ਅਸੀਂ ਦੋ ਪਰਵਾਨੇ ਰਲ ਮਿਲ ਕੇ- ਪਿਆਰ ਦੀ ਜੋਤ ਜਗਾ ਲਈਏ । ਇਕ ਦੁਨੀਆਂ ਨਵੀਂ ਵਸਾ ਲਈਏ ।
ਚਕੋਰ
ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ, ਤਦੇ ਲੱਡੂ ਹਾਸਿਆਂ ਦੇ ਭੋਰਦੀਆਂ ਅੱਖੀਆਂ । ਅੱਜ ਮੇਰੇ ਰੋਣ ਤੇ ਵੀ ਹੱਸ ਹੱਸ ਪੈਂਦੀਆਂ ਨੇ, ਤੇਰੇ ਜਹੇ ਬੇ ਰਹਿਮ ਤੇ ਕਠੋਰ ਦੀਆਂ ਅੱਖੀਆਂ । ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ । ਦਿਲ ਮੇਰਾ ਖੋਹਣ ਵਾਲੇ ਨੀਵੀਂ ਨਿਗ੍ਹਾ ਕਹੇ ਤੇਰੀ, ਸਾਹਵੇਂ ਕਦੀ ਹੁੰਦੀਆਂ ਨਹੀਂ ਚੋਰ ਦੀਆਂ ਅੱਖੀਆਂ । ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ । ਤਾੜੀ ਇੰਞ ਲੱਗਦੀ ਏ ਮਾਹੀ ਤੇਰੇ ਮੁਖੜੇ ਤੇ, ਵਿੰਹਦੀਆਂ ਨੇ ਚੰਨ ਜਿਉਂ ਚਕੋਰ ਦੀਆਂ ਅੱਖੀਆਂ । ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ । ਸਦਾ ਤੇਰੇ ਰਾਹ ਉੱਤੇ ਲੱਗੀਆਂ ਹੀ ਰਹਿੰਦੀਆਂ ਨੇ, 'ਸ਼ਰਫ਼' ਜਿਹੇ ਬਾਵਰੇ, ਲਟੋਰ ਦੀਆਂ ਅੱਖੀਆਂ । ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ ।
ਮਾਹੀਆ
ਬੂਟੇ ਨੇ ਝਾੜਾਂ ਦੇ, ਮੇਰੇ ਦਿਲੋਂ ਆਹ ਨਿਕਲੇ, ਸੀਨੇ ਸੜਦੇ ਪਹਾੜਾਂ ਦੇ । ਕੜਛੇ ਨਸੀਬਾਂ ਦੇ, ਆਸ਼ਕਾਂ ਦੀ ਨਬਜ਼ ਡਿੱਠੀ, ਹੱਥ ਸੜ ਗਏ ਤਬੀਬਾਂ ਦੇ । ਤਾਰੇ ਪਏ ਗਿਣਨੇ ਆਂ, ਗਜ਼ ਲੈ ਕੇ ਹਉਕਿਆਂ ਦੇ, ਦਿਨ ਉਮਰਾਂ ਦੇ ਮਿਣਨੇ ਆਂ । ਰੋਂਦਾ ਹਸਾ ਜਾਵੀਂ, ਚੰਨਾਂ ! ਰਾਤਾਂ ਚਾਨਣੀਆਂ, ਲੁਕ ਛਿਪ ਕੇ ਤੂੰ ਆ ਜਾਵੀਂ । ਇਸ਼ਕ ਮਜਾਜ਼ੀ ਏ, ਸੰਭਲ ਕੇ ਚਲ ਸੱਜਣਾ, ਇਹ ਤਿਲਕਣ ਬਾਜ਼ੀ ਏ । ਅੱਖ ਵੀ ਜੇ ਲੜ ਜਾਵੇ, ਜ਼ਰਾ ਵੀ ਨਾ ਧੂੰ ਨਿਕਲੇ, ਭਾਵੇਂ ਤਨ ਮਨ ਸੜ ਜਾਵੇ । ਜਿੰਦੜੀ ਮੁਕਦੀ ਏ, ਇਸ਼ਕ ਨਾ ਛਿਪਦਾ ਏ, ਕੱਖੀਂ ਅੱਗ ਵੀ ਨਾ ਲੁਕਦੀ ਏ । ਰਾਹ ਭੁੱਲ ਗਏ ਟਿਕਾਣੇ ਦੇ, ਇਸ਼ਕੇ ਦੀ ਜੂਹ ਵੜ ਕੇ, ਹੋ ਗਏ ਚੋਰ ਜ਼ਮਾਨੇ ਦੇ । ਮਰਦ ਨਾ ਭੱਜਦੇ ਨੇ, ਫੁੱਲ ਪਿਛੋਂ ਟੁਟਦਾ ਏ, ਪਹਿਲੋਂ ਕੰਡੜੇ ਵਜਦੇ ਨੇ । 'ਸ਼ਰਫ਼' ਇਹ ਕਹਿੰਦਾ ਏ, ਆਸ਼ਕਾਂ ਦੀ ਮੌਤ ਚੰਗੀ, ਨਾਂ ਦੁਨੀਆਂ ਤੇ ਰਹਿੰਦਾ ਏ ।
'ਦੁੱਖਾਂ ਦੇ ਕੀਰਨੇ' ਵਿੱਚੋਂ
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ
ਨਾਦਰਸ਼ਾਹੀ ਵੀ ਹਿੰਦ ਨੂੰ ਭੁੱਲ ਗਈ ਏ, ਚੱਲੇ ਇੰਗਲਿਸ਼ੀ ਐਸੇ ਫ਼ੁਰਮਾਨ ਏਥੇ । ਕਰਾਂ ਕੇਹੜਿਆਂ ਅੱਖਰਾਂ ਵਿੱਚ ਜ਼ਾਹਿਰ, ਜੋ ਜੋ ਜ਼ੁਲਮ ਦੇ ਹੋਏ ਸਮਾਨ ਏਥੇ । ਉਡਵਾਇਰ ਦੀ ਉੱਤੋਂ ਉਡ 'ਵਾਇਰ' ਆਈ, ਕੀਤੇ ਡਾਇਰ ਨੇ ਹੁਕਮ ਫ਼ੁਰਮਾਨ ਏਥੇ । ਨਰਕ ਵਿਚ ਜਮਦੂਤ ਨਮਰੂਦ ਕੰਬਣ, ਲੱਗਾ ਕਰਨ ਜੋ ਕਰਨ ਬਿਆਨ ਏਥੇ । ਜੇਹੜਾ ਪਾਰ ਸਮੁੰਦਰੋਂ ਲੜੇ ਜਾ ਕੇ, ਓਹਦਾ ਅਜਰ ਮਿਲਿਆ ਸਾਨੂੰ ਆਨ ਏਥੇ । ਇੱਕੋ ਆਨ ਅੰਦਰ ਜ਼ਾਲਮ ਆਣ ਕੇ ਤੇ, ਦਿੱਤੀ ਮੇਟ ਪੰਜਾਬ ਦੀ ਆਨ ਏਥੇ । ਕੀਤੀ ਰਾਖੀ ਵਿਸਾਖੀ ਵਿੱਚ 'ਜੇਹੀ ਸਾਡੀ, ਲੱਗੇ ਗੋਲੀਆਂ ਮਾਰਨ ਸ਼ੈਤਾਨ ਏਥੇ । ਕੀਤਾ ਅਤਿਆਚਾਰ ਨਿਹੱਥਿਆਂ 'ਤੇ, ਹੋਇਆ ਹਸ਼ਰ ਦਾ ਗਰਮ ਮੈਦਾਨ ਏਥੇ । ਚਲੀ ਪੇਸ਼ ਨਾ ਕੋਈ ਜ਼ੋਰ ਜ਼ਬਰ ਹੋ ਗਏ, ਰਹਿ ਗਏ ਕਈਆਂ ਦੇ ਦਿਲੀ ਅਰਮਾਨ ਏਥੇ । ਕਈ ਜਾਨ ਭਿਆਨੇ ਸਨ ਜਾਣ ਲੱਗੇ, ਦਿੱਤੀ ਤੜਫ ਕੇ ਉਹਨਾਂ ਵੀ ਜਾਨ ਏਥੇ । ਸੁਧ ਬੁਧ ਨਾ ਕੇਸ ਤੇ ਵੇਸ ਦੀ ਸੀ, ਕਈ ਹੋਏ ਐਸੇ ਪਰੇਸ਼ਾਨ ਏਥੇ । ਕਈ ਖੂਹ ਵਿੱਚ ਡਿੱਗੇ ਸਨ ਵਾਂਗ 'ਯੂਸਫ਼', ਮਰ ਗਏ ਕਈ ਤਿਹਾਏ ਇਨਸਾਨ ਏਥੇ । ਮਹਿੰਦੀ ਲਥੀ ਨਹੀਂ ਸੀ ਕਈਆਂ ਲਾੜਿਆਂ ਦੀ, ਹੋ ਗਏ ਲਹੂ ਵਿੱਚ ਲਹੂ ਲੁਹਾਨ ਏਥੇ । ਜ਼ਾਲਮ ਜਨਮ ਕਸਾਈਆਂ ਨੇ ਹਿੰਦੀਆਂ ਨੂੰ, ਵਾਂਗ ਬੱਕਰੇ ਕੀਤਾ ਕੁਰਬਾਨ ਏਥੇ । ਕਿਧਰੇ ਤੜਫਦੇ ਸਨ ਕਿਧਰੇ ਸਹਿਕਦੇ ਸਨ, ਕਿਧਰੇ ਵਿਲਕਦੇ ਸਨ ਨੀਮ ਜਾਨ ਏਥੇ । ਜ਼ਖ਼ਮੀ ਪਾਣੀ ਬਿਨ ਮੱਛੀਆਂ ਵਾਂਗ ਤੜਫੇ, ਨਾਲ ਖ਼ੂਨ ਦੇ ਹੋਏ ਰਵਾਨ ਏਥੇ । ਇੱਕੋ ਅੰਦਰ ਡਿੱਠਾ ਸਾਰਿਆਂ ਨੇ, ਓਹ 'ਰਹੀਮ' 'ਕਰਤਾਰ' 'ਭਗਵਾਨ' ਏਥੇ । ਹੋਏ 'ਜ਼ਮਜ਼ਮ' ਤੇ 'ਗੰਗਾ' ਇੱਕ ਥਾਂ 'ਕੱਠੇ, ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ । ਵਰ੍ਹੇ ਪਿਛੋਂ ਸ਼ਹੀਦਾਂ ਦਾ ਸੋਗ ਲੈ ਕੇ, ਰੋਵਨ ਆਂਵਦਾ ਨਿੱਤ ਅਸਮਾਨ ਏਥੇ । ਰੜਕਨ ਤੀਰ ਪੰਜਾਬ ਦੇ ਜਿਗਰ ਅੰਦਰ, ਮਾਰੇ ਜ਼ੁਲਮ ਦੇ ਪਾਪੀਆਂ ਬਾਨ ਏਥੇ । ਹੋ ਗਏ ਕਈਆਂ ਭਰਾਵਾਂ ਦੇ ਲੱਕ ਦੋਹਰੇ, ਕੀਤੀ ਜ਼ਾਲਮਾ 'ਜੇਹੀ ਕਮਾਨ ਏਥੇ । ਭੈਣਾਂ ਘਰੀਂ ਉਡੀਕ ਦੇ ਵਿੱਚ ਰਹੀਆਂ, ਹੋਏ ਚੰਦ ਜੇਹੇ ਵੀਰ ਵੈਰਾਨ ਏਥੇ । ਰੋਂਦੀ ਰਹੂਗੀ ਓਹਨਾਂ ਦੀ ਮੜ੍ਹੀ ਤੁਰਬਤ, ਮਰ ਗਏ ਜਿਨ੍ਹਾਂ ਦੇ ਕੰਤ ਜਵਾਨ ਏਥੇ । ਨ ਉਹ ਮੋਇਆਂ, ਨ ਜੀਂਵਦਿਆਂ ਵਿੱਚ ਰਹਿ ਗਏ, ਮਰ ਗਏ ਜਿਨ੍ਹਾਂ ਦੇ ਪੁੱਤ ਬਲਵਾਨ ਏਥੇ । ਕਈ ਪਿਉ ਮਹਿਟਰ ਜਦ ਆਂਵਦੇ ਨੇ, ਨਿਮੋਝੂਨ ਹੈਰਾਨ ਹੋ ਜਾਣ ਏਥੇ । ਪਰਲੋ ਤੀਕ ਪਏ ਦਿਸਣਗੇ ਦਾਗ਼ ਲੱਗੇ, ਲਾਂਭੇ ਚਾਂਭੇ ਸਨ ਜੇਹੜੇ ਮਕਾਨ ਏਥੇ । ਵੱਜਨ ਗੋਲੀਆਂ ਸੀਨੇ ਦੇ ਵਿੱਚ ਸਾਨੂੰ, ਜਦੋਂ ਵੇਖੀਏ ਲੱਗੇ ਨਿਸ਼ਾਨ ਏਥੇ । ਆਖਰ ਤੱਕ ਨਾ ਜਾਣਗੇ ਕਦੀ ਸੀਤੇ, ਜੇਹੜੇ ਚਾਕ ਹੋ ਗਏ ਗ਼ਿਰੀਬਾਨ ਏਥੇ । ਚਾੜ੍ਹੇ ਜ਼ੁਲਮ ਦੇ ਕਟਕ ਸਨ ਚੜ੍ਹਦਿਆਂ 'ਤੇ, ਕੀਤੇ 'ਲੈਂਹਦੜਾਂ' ਕੈਹਰ ਤੂਫ਼ਾਨ ਏਥੇ । ਐਸਾ ਜ਼ੁਲਮ ਨ ਕਿਸੇ ਨੇ ਕਦੀ ਕੀਤਾ, ਅੱਗੇ ਹੋਏ ਲੱਖਾਂ ਹੁਕਮਰਾਨ ਏਥੇ । ਦੇਖੀ ਗੁਰੂ ਦੀ ਨਗਰੀ ਨਾ ਪਾਪੀਆਂ ਨੇ, ਅੰਨ੍ਹੇ ਹੋਏ ਸਨ 'ਜੇਹੇ ਨਾਦਾਨ ਏਥੇ । ਕੋਲ 'ਤਖ਼ਤ ਅਕਾਲ' ਬਰਾਜਦਾ ਏ, ਇਹ ਵੀ ਕੀਤਾ ਨਾ ਜ਼ਾਲਮਾਂ ਧਿਆਨ ਏਥੇ । ਅੱਜ ਇਹ ਉਹਨਾਂ ਨੂੰ ਕਹਿਣ ਸ਼ਹੀਦ ਰੋ ਰੋ, 'ਲਾਲਾ' 'ਖਾਲਸਾ' ਤੇ ਬੈਠੇ 'ਖ਼ਾਨ' ਏਥੇ । ਕੇਹੜੇ ਯੁੱਗ ਵਿੱਚ ਲਾਹੋਗੇ ਸਿਰ ਉੱਤੋਂ, ਜੇਹੜੇ ਡਾਇਰ ਨੇ ਚਾੜ੍ਹੇ ਐਹਸਾਨ ਏਥੇ । ਪਾ ਪਾ ਖ਼ੂਨ ਸ਼ਹੀਦਾਂ ਦਾ ਡੁੱਲ੍ਹਿਆ ਏ, ਆਵੇ ਅਦਬ ਦੇ ਨਾਲ ਇਨਸਾਨ ਏਥੇ । ਘੱਟੇ ਮਿੱਟੀ ਅੰਦਰ 'ਸ਼ਰਫ਼' ਰਲੀ ਹੋਈ ਏ, ਸਾਡੇ ਸਾਰੇ ਪੰਜਾਬ ਦੀ ਸ਼ਾਨ ਏਥੇ ।
ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ
ਏਸ ਚਮਨ ਦੇ ਵਿੱਚ ਕੀ ਜ਼ਿੰਦਗੀ ਦਾ, ਮੈਨੂੰ ਰਹਿਣ ਦਾ ਦੱਸੋ ਸਵਾਦ ਹੋਵੇ । ਏਸੇ ਤਾੜ ਵਿੱਚ ਰਹਿਵੇ ਗੁਲਚੀਨ ਜਿੱਥੇ, ਖਿੜੇ ਕਲੀ ਨਾ ਗੁਲ ਆਬਾਦ ਹੋਵੇ । ਚੱਪੇ ਚੱਪੇ 'ਤੇ ਦਾਮ ਖਲਾਰ ਨਾਲੇ, ਕਦਮ ਕਦਮ 'ਤੇ ਬੈਠਾ ਸਯਾਦ ਹੋਵੇ । ਅਸਾਂ ਤੋਤਿਆਂ, ਬੁਲਬੁਲਾਂ, ਕੁਮਰੀਆਂ ਦੀ, ਪੂਰੀ ਦਿਲ ਦੀ ਤਾਂਹੀਏਂ ਮੁਰਾਦ ਹੋਵੇ । ਬਾਗ਼ ਆਪਣਾ ਹੋਵੇ ਤੇ ਫੁਲ ਆਪਣੇ, ਮਾਲੀ ਆਪਣਾ ਤਦੇ ਦਿਲਸ਼ਾਦ ਹੋਵੇ । ਕਰੋ ਹਿੰਦੀਓ ਰਲ ਕੇ ਕੰਮ ਐਸਾ, ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ । ਹਾਂ ਓਹ ਹਿੰਦੀਏ ਜਿਨ੍ਹਾਂ ਦੇ ਸੀਸ ਉੱਤੇ, ਕੀਤਾ ਜੰਗ ਜਦ ਜਰਮਨਾਂ, ਤੁਰਕੀਆਂ ਨੇ । ਗੱਲਾ ਹਿੰਦ ਦਾ ਘੱਲਿਆ ਵਿੱਚ ਯੂਰਪ, ਮੂੰਹੋਂ ਦਿੱਤੀਆਂ ਕੱਢ ਕੱਢ ਬੁਰਕੀਆਂ ਨੇ । ਸਾਡੇ ਸਿਰਾਂ 'ਤੇ ਫ਼ਤ੍ਹੇ ਸਰਕਾਰ ਪਾਈ, ਤਾਹੀਂ ਮੂੰਹਾਂ 'ਤੇ ਲਾਲੀਆਂ ਸਰਕੀਆਂ ਨੇ । ਅਸਾਂ ਹੱਕ ਜਦ ਮੰਗਿਆ ਆਪਣਾ ਏ, ਰੌਲਟ ਬਿਲ ਦੀਆਂ ਦਿੱਤੀਆਂ ਘੁਰਕੀਆਂ ਨੇ । ਐਸਾ ਜ਼ੁਲਮ ਤੇ ਉਹ ਵੀ ਅੱਜ ਕਰੇ ਤੋਬਾ, ਜੇਕਰ ਜਿੰਦਾ ਫ਼ਰਊਨ ਸ਼ਦਾਦ ਹੋਵੇ । ਕਰੋ ਹਿੰਦੀਓ ਰਲ ਕੇ ਕੰਮ ਐਸਾ, ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ । ਹਸ਼ਰ ਤੀਕ ਕਹਾਣੀਆਂ ਪੈਣੀਆਂ ਨੇ, ਜਿਹੜੇ ਡਾਇਰ ਉਡਵਾਇਰ ਨੇ ਵੈਰ ਕੀਤੇ । ਭੁੰਨ ਸੁੱਟਿਆ ਬੱਚਿਆਂ ਬੁੱਢਿਆਂ ਨੂੰ, ਦਿਲ ਖੋਲ੍ਹ ਬੰਦੂਕਾਂ ਦੇ ਫਾਇਰ ਕੀਤੇ । ਖ਼ੂਨੇ ਬੁਲਬੁਲਾਂ ਥੀਂ ਲਾਲਾਜ਼ਾਰ ਕਰਕੇ, ਬਾਗ਼ ਜਲ੍ਹਿਆਂ ਵਾਲੇ ਦੇ ਸੈਰ ਕੀਤੇ । ਦਿੱਤਾ ਫ਼ੈਜ਼ ਇਹ ਹਿੰਦੂਆਂ ਮੁਸਲਮਾਂ ਨੂੰ, 'ਕੱਠੇ ਇੱਕ ਥਾਂ ਕਾਅਬਾ ਤੇ ਦੈਰ ਕੀਤੇ । ਏਸ ਜ਼ੁਲਮ ਬੇਹੱਦ 'ਤੇ ਕਹਿਣ ਜ਼ਾਲਮ, ਖ਼ਬਰਦਾਰ ਨਾ ਕਦੀ ਫਰਯਾਦ ਹੋਵੇ । ਕਰੋ ਹਿੰਦੀਓ ਰਲ ਕੇ ਕੰਮ ਐਸਾ, ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ ।
ਕੌਮ ਵਾਸਤੇ ਹੋ ਗਏ ਕੁਰਬਾਨ ਏਥੇ
ਲਿਖਾਂ ਕੀ ਮੈਂ, ਕਲਮ ਨਾ ਲਿਖਦੀ ਏ, ਜੋ ਜੋ ਜ਼ੁਲਮ ਦਾ ਹੋਇਆ ਸਾਮਾਨ ਏਥੇ । ਮਲਕੁਲ ਮੌਤ ਦਾ ਰੂਹ ਵੀ ਕੰਬਦਾ ਏ, ਕਰਦਾ ਜਦੋਂ ਵੀ ਕਦੀ ਧਿਆਨ ਏਥੇ । ਮਿਸਲ ਕਣਕ ਦੇ ਸੀਨੇ ਵਿੱਚ ਫੱਟ ਹੋਇਆ, ਵਾਂਗ ਜਵਾਂ ਦੇ ਭੁੱਜੇ ਇਨਸਾਨ ਏਥੇ । ਸ਼ਰਬਤ ਅਜਲ ਦਾ ਪੀ ਗਏ ਸਮਝ ਅੰਮ੍ਰਿਤ, ਖਾ ਖਾ ਗੋਲੀਆਂ ਮੋਏ ਇਨਸਾਨ ਏਥੇ । ਜਦੋਂ ਤੀਕ ਹੈ ਇਹ ਜ਼ਮੀਨ ਅੰਬਰ, ਕਹਿੰਦਾ ਰਹੇਗਾ ਇਹ ਅਸਮਾਨ ਏਥੇ । 'ਭਾਰਤ ਮਾਤਾ' ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਏਥੇ । 'ਨੌਨਿਹਾਲ' ਕਈ ਜੜ੍ਹਾਂ ਤੋਂ ਪੁੱਟ ਸੁੱਟੇ, 'ਜੇਹੀਆਂ ਸਖਤ ਅੰਧੇਰੀਆਂ ਛੁੱਟੀਆਂ ਸਨ । ਇਹ ਉਹ ਬਾਗ਼ ਹੈ ਜੀਹਦੇ ਵਿੱਚ ਹਾਇ ! ਮਦਨ ਮੋਹਨ ਜੇਹੀਆਂ ਕਲੀਆਂ ਟੁੱਟੀਆਂ ਸਨ । 'ਰਤਨ ਦੇਈ' ਨੇ ਲਾਲ 'ਨੌਰਤਨ' ਬਦਲੇ, ਬੈਹਕੇ ਰਾਤ ਭਰ ਮੀਢੀਆਂ ਪੁੱਟੀਆਂ ਸਨ । ਕਈਆਂ ਨੱਥਾਂ ਦੇ ਲਾਲ ਗਵਾਚ ਗਏ ਸਨ, ਗਈਆਂ ਕਈ ਸੁਹਾਗਨਾਂ ਲੁੱਟੀਆਂ ਸਨ । ਨਾਮ ਲੇਵਾ ਨਾ ਕਈਆਂ ਦਾ ਰਿਹਾ ਕੋਈ, ਹੋ ਗਏ ਔਤਰੇ ਕਈ ਖਾਨਦਾਨ ਏਥੇ । 'ਭਾਰਤ ਮਾਤਾ' ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਏਥੇ । ਨੌਕਰਸ਼ਾਹੀ ਨੇ ਪਾਇਆ ਅੰਨ੍ਹੇਰ ਐਸਾ, ਐਥੇ ਕਈ ਖਾਨੇ ਬੇਚਿਰਾਗ ਹੋ ਗਏ । ਵਾਂਗ ਬੁਲਬੁਲਾਂ ਦੇ ਕਰਨ ਵੈਨ ਮਾਪੇ, ਕਈ ਫੁੱਲ ਵੈਰਾਨ ਇਸ ਬਾਗ਼ ਹੋ ਗਏ । ਇੱਥੇ 'ਚੰਦ' ਜੇਹੇ ਵੀਰ ਕਈ ਗੁੰਮ ਹੋਏ, ਭੈਣਾਂ ਪਿਟਦੀਆਂ ਦੇ ਸੀਨੇ ਚਾਕ ਹੋ ਗਏ । ਕਈਆਂ ਨਾਰਾਂ ਨੇ ਖੂਨ ਦੀ ਝੜੀ ਲਾਈ, ਨਾਲ ਟੱਕਰਾਂ ਪਾਸ ਦਿਮਾਗ ਹੋ ਗਏ । ਖੁੱਲ੍ਹੇ ਕੇਸ ਪਰਾਂਦੜਾ ਹੱਥ ਫੜਿਆ, ਆਵਨ ਡਾਇਰ ਦੀ ਲਾਹੁਨ ਮਕਾਨ ਏਥੇ । 'ਭਾਰਤ ਮਾਤਾ' ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਏਥੇ । ਇਹ ਅੱਜ ਰੂਹ ਸ਼ਹੀਦਾਂ ਦੀ ਆਖਦੀ ਸੀ, "ਡਾਇਰ ਕੀਤੀਆਂ ਏਥੇ ਨਿਲੱਜੀਆਂ ਸਨ । ਏਥੇ ਵਾਂਗ ਕਬੂਤਰਾਂ ਤੜਫਦੇ ਸਾਂ, ਸਾਨੂੰ ਏਸ ਥਾਂ ਗੋਲੀਆਂ ਵੱਜੀਆਂ ਸਨ । ਲੀਰਾਂ ਲੀਰਾਂ ਸੀ ਹਸਤੀ ਦਾ ਹੋਇਆ ਜਾਮਾ, ਲੜਫਾਂ ਲੱਥੀਆਂ, ਉੱਡੀਆਂ ਧੱਜੀਆਂ ਸਨ । ਰੁਲਦੇ ਰਹੇ ਸਾਂ ਰਾਤ ਭਰ ਕਫ਼ਨ ਬਾਝੋਂ, ਲਾਸ਼ਾਂ ਸਾਡੀਆਂ ਕਿਸੇ ਨਾ ਕੱਜੀਆਂ ਸਨ ।" ਕਿਤੇ ਤਸਬੀਆਂ ਕਿਤੇ ਜਨੇਊ ਟੁੱਟੇ, ਰੁਲੇ ਮਿੱਟੀ ਵਿੱਚ ਕੰਘੇ ਕਿਰਪਾਨ ਏਥੇ । 'ਭਾਰਤ ਮਾਤਾ' ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਏਥੇ । ਸ਼ੈਹਰ ਵਿੱਚ ਉਹ ਢਿੱਡ ਦੇ ਭਾਰ ਚੱਲੇ, ਅੱਗੇ ਕਿਸੇ ਦੇ ਜੇਹੜੇ ਨਾ ਝੁਕਦੇ ਸਨ । ਕਿਤੇ ਗ਼ਜ਼ਬ ਬੱਧੀ ਹੋਈ ਟਿਕਟਿਕੀ ਸੀ, ਤਾਜ਼ੀਆਨੇ ਪਏ ਕਈਆਂ ਨੂੰ ਠੁੱਕਦੇ ਸਨ । ਲਾਹ ਲਾਹ ਕੇ ਘੁੰਡ ਜ਼ਨਾਨੀਆਂ ਦੇ, ਕਿਤੇ ਮੂੰਹਾਂ ਉੱਤੇ ਜ਼ਾਲਮ ਥੁੱਕਦੇ ਸਨ । ਗੁੰਚੇ ਮੁੱਖ ਵਾਲੇ ਨੌਨਿਹਾਲ ਕਿਧਰੇ, ਵਾਂਗ ਦਾਣਿਆਂ ਦੇ ਧੁੱਪੇ ਸੁੱਕਦੇ ਸਨ । ਬੇੜੀ ਵਾਂਗ ਪਿਆ ਅੰਬਰ ਡੋਲਦਾ ਸੀ, ਆਇਆ ਜ਼ੁਲਮ ਦਾ 'ਜੇਹਾ ਤੂਫ਼ਾਨ ਏਥੇ । 'ਭਾਰਤ ਮਾਤਾ' ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਏਥੇ । ਇੱਕ ਦਰ ਕਹਵੇ ਇਤਫਾਕ ਹੁਣ ਸ਼ਾਮ ਪੈ ਗਈ, ਘਰ ਨੂੰ ਆਓ ਜੇ ਭੁੱਲੇ ਸਵੇਰ ਦੇ ਓ । ਖਾਰ ਖਾ ਖਾ ਗੱਲਾਂ ਨਿਕਾਰੀਆਂ ਤੋਂ, ਕਿਓਂ ਪਏ ਰਾਹ ਵਿੱਚ ਕੰਡੇ ਖਿਲੇਰਦੇ ਓ । ਐਵੇਂ ਸੂਤ ਦੀ ਛੱਲੀ ਉਘੇਰਦੇ ਓ, ਐਵੇਂ ਮੱਕੀ ਦੀ ਛੱਲੀ ਉਟੇਰਦੇ ਓ । ਪਾਣੀ ਪੀ ਪੀ ਇੱਕੋ ਗਲਾਸ ਅੰਦਰ, ਕੀਤੇ ਕੱਤਰੇ 'ਤੇ ਪਾਣੀ ਫੇਰਦੇ ਓ । ਰੱਖੋ ਓਹਦੀ ਤੇ ਆਬਰੂ ਕੁਝ, ਜੇਹੜਾ ਰਲਿਆ ਖ਼ੂਨ ਹਿੰਦੂ, ਮੁਸਲਮਾਨ ਏਥੇ । 'ਭਾਰਤ ਮਾਤਾ' ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਏਥੇ । ਦੀਪਕ ਵਿੱਚ ਸਵਰਾਜ ਇਹ ਸੁਰਾਂ ਲਾਵੇ, ਕੋਲਾ ਹੋ ਗਿਆਂ ਮੈਂ ਸੜ ਬਲ ਕੇ ਤੇ । ਦੁੱਧ ਵਾਂਗ ਉਬਾਲ ਹੋ ਗਿਆ ਠੰਢਾ, ਲੀਡਰ ਜੇਹਲ ਅੰਦਰ ਘੱਲ ਘੱਲ ਕੇ ਤੇ । ਚੰਗੀ 'ਸ਼ੌਕਤ' ਤੇ 'ਗਾਂਧੀ' ਦੀ ਲਾਜ ਰੱਖੀ, ਬੈਹ ਗਏ ਮੰਦਰ ਮਸੀਤਾਂ ਹੁਣ ਮੱਲ ਕੇ ਤੇ । ਚੰਗੀ ਤਰ੍ਹਾਂ ਪੰਜਾਬ ਨੂੰ ਦਾਗ਼ ਲਾਇਆ, ਕਾਲਖ ਝਗੜਿਆਂ ਦੀ ਮੂੰਹ 'ਤੇ ਮਲ ਕੇ ਤੇ । ਲਾ ਲਾ ਤਿਲਕ ਮਹਿਰਾਬ ਕੀ ਦਸਦੇ ਹੋ, ਲੱਥੀ ਹੋਈ ਏ ਇੱਜ਼ਤ ਤੇ ਆਣ ਏਥੇ । 'ਭਾਰਤ ਮਾਤਾ' ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਏਥੇ । ਇੱਕ ਦਰ ਮਾਦਰੇ ਹਿੰਦ ਪੁਕਾਰਦੀ ਏ, ਕਦੋਂ ਹੋਣਗੇ ਪੂਤ ਸਪੂਤ ਮੇਰੇ । ਲੱਛੇ ਕਾਲੀਆਂ ਜ਼ੁਲਫ਼ਾਂ ਦੇ ਰੇਸ਼ਮੀ ਹੁਣ, ਹੋ ਗਏ ਗ਼ਮ ਅੰਦਰ ਚਿੱਟਾ ਸੂਤ ਮੇਰੇ । ਡਾਕੇ ਮਾਰ ਕੇ ਪਾਰ ਦੇ ਡਾਕੂਆਂ ਨੇ, ਲੁੱਟ ਖੜੇ ਨੇ ਲਾਲ ਯਾਕੂਤ ਮੇਰੇ । ਗੰਢੀ ਜਾਏਗੀ ਕਦੋਂ ਇਹ ਤੰਦ ਤਾਣੀ, ਕਦੋਂ ਹੋਣਗੇ ਕਾਰਜ ਸਭ ਸੂਤ ਮੇਰੇ । 'ਸ਼ਰਫ਼' ਕਾਫਲੇ ਵਾਲੇ ਤੇ ਕੂਚ ਕਰ ਗਏ, ਬਾਕੀ ਛੱਡ ਗਏ ਨੇ ਦਾਸਤਾਨ ਏਥੇ । 'ਭਾਰਤ ਮਾਤਾ' ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਏਥੇ । (1,2,3 ਕਵਿਤਾਵਾਂ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਸੰਬੰਧੀ ਹਨ)
ਗੁਰੂ ਕਾ ਬਾਗ਼
ਜਿਗਰ ਕਲਮ ਦਾ ਪਾਟ ਦੋਫਾੜ ਹੋਇਆ, ਜਦੋਂ ਲਿਖਣ ਲੱਗਾ ਦਾਸਤਾਨ ਸਿੰਘਾਂ । ਰੰਗ ਕਾਗਜ਼ ਦਾ ਗੋਹੜੇ ਦੇ ਵਾਂਗ ਹੋਇਆ, ਐਸਾ ਕੀਤਾ ਏ ਦੰਗ ਹੈਰਾਨ ਸਿੰਘਾਂ । ਸੋਗ ਵਿੱਚ ਦਵਾਤ ਸਿਆਹ ਹੋ ਗਈ, ਲਾਏ ਮਾਤਮੀ ਬਾਣੇ ਜਿਉਂ ਜਾਣ ਸਿੰਘਾਂ । ਚਾਰ ਕੂਟ ਦੇ ਵਿੱਚ ਪੁਕਾਰ ਪੈ ਗਈ, ਲਾਜ ਰੱਖ ਵਖਾਈ ਬਲਵਾਨ ਸਿੰਘਾਂ । ਤਿਉਂ ਤਿਉਂ ਸੂਰਮੇ ਹੋਏ ਕਮਾਨ ਵਾਂਗੂੰ, ਜਿਉਂ ਜਿਉਂ ਜ਼ੁਲਮ ਦੇ ਖਾਧੇ ਨੇ ਬਾਣ ਸਿੰਘਾਂ । ਹੱਸ ਹੱਸ ਕੇ ਹੋਏ ਕੁਰਬਾਨ ਸਦਕੇ, ਰੱਖੀ ਧਰਮ ਦੀ ਇੱਜ਼ਤ ਤੇ ਸ਼ਾਨ ਸਿੰਘਾਂ । "ਬੀਟੀ" ਸੀਟੀ ਵਜਾ ਕੇ ਜ਼ੁਲਮ ਵਾਲੀ, ਪੁਲਿਸ ਰਸਤਿਆਂ ਵਿੱਚ ਖਲਹਾਰ ਦੇਣੀ । ਪੁਲਿਸ ਰੋਕਣਾ ਜਾਂਦੇ ਅਕਾਲੀਆਂ ਨੂੰ, ਗਾਲ ਇੱਕ ਇੱਕ ਸਾਹੇ ਹਜ਼ਾਰ ਦੇਣੀ । ਠੁੱਡ ਮਾਰਨਾ ਹੇਠੋਂ ਤੇ ਹੁਝ ਉੱਤੋਂ, ਧੱਕੇ ਮਾਰਕੇ ਪੱਗ ਉਤਾਰ ਦੇਣੀ । ਬੈਠੇ ਹੋਏ ਨੂੰ ਮਾਰਨੀ ਡਾਂਗ ਨਾਲੇ, ਲੋਟ ਪੋਟ ਕਰ ਹੋਸ਼ ਵਸਾਰ ਦੇਣੀ । ਸ਼ਾਂਤਮਈ ਦੇ ਪ੍ਰਣ ਨੂੰ ਯਾਦ ਕਰਕੇ, ਐਪਰ ਖੋਲੀ ਨਾ ਮੂਲ ਜ਼ਬਾਨ ਸਿੰਘਾਂ । ਹੱਸ ਹੱਸ ਕੇ ਹੋਏ ਕੁਰਬਾਨ ਸਦਕੇ, ਰੱਖੀ ਧਰਮ ਦੀ ਇੱਜ਼ਤ ਤੇ ਸ਼ਾਨ ਸਿੰਘਾਂ । ਆਉਣੀ ਹੋਸ਼ ਤੇ ਬੈਠਨਾ, ਉੱਠ ਟੁਰਨਾ, ਡਾਂਗ ਮਾਰ ਦੁਹੱਥੜੀ ਸੁੱਟਦੇ ਸਨ । ਨਾਜ਼ਕ ਬਦਨ ਘਸੀਟਦੇ ਵਿੱਚ ਸੜਕਾਂ, ਮਾਰਨ ਗੁਝੀਆਂ ਤੇ ਗਲ ਨੂੰ ਘੁਟਦੇ ਸਨ । ਸੁੱਟ ਭੋਂ 'ਤੇ ਕੁੱਟਦੇ ਭੋਹ ਵਾਂਗੂੰ, ਕੇਸ ਨਾਲ ਹੁਜਕਿਆਂ ਪੁਟਦੇ ਸਨ । ਇੱਕ ਇੱਕ ਵਾਲ ਦੇ ਮੁੱਲ ਦਾ ਨਹੀਂ ਯੁਰਪ, ਜੇਹੜੇ ਵਾਲ ਕੇਸਾਂ ਵਿੱਚ ਟੁੱਟਦੇ ਸਨ । ਐਪਰ ਮੱਥੇ 'ਤੇ ਵੱਟ ਨਾ ਜ਼ਰਾ ਪਾਇਆ, ਪ੍ਰਿਥੀਪਾਲ ਜੇਹੇ ਨੌਜਵਾਨ ਸਿੰਘਾਂ । ਹੱਸ ਹੱਸ ਕੇ ਹੋਏ ਕੁਰਬਾਨ ਸਦਕੇ, ਰੱਖੀ ਧਰਮ ਦੀ ਇੱਜ਼ਤ ਤੇ ਸ਼ਾਨ ਸਿੰਘਾਂ । ਸੀਨਾ ਡਾਹ ਕੇ ਧਰਮੀਆਂ ਮਾਰ ਖਾਣੀਂ, ਕਰਨੀ ਸੀ ਨਾਂਹ 'ਜੇਹਾ ਖਾਮੋਸ਼ ਹੋਣਾ । ਇੱਕ ਦਰ ਕੌਮ ਫ਼ਰੋਸ਼ਾਂ ਦਾ ਹੋਣਾ ਟੋਲਾ, ਇੱਕ ਧਿਰ ਇੱਕ ਧਰਮੀ ਸਰਫ਼ਰੋਸ਼ ਹੋਣਾ । "ਸਤਿ ਸ੍ਰੀ ਅਕਾਲ" ਦੇ ਬੋਲ ਨਾਹਰੇ, ਮਾਰ ਖਾਂਦਿਆਂ ਅੰਤ ਬੇਹੋਸ਼ ਹੋਣਾ । ਕੰਘਾ, ਕੜਾ, ਕ੍ਰਿਪਾਨ ਤੇ ਕੇਸ, ਕੱਛ ਨੂੰ, ਉੱਠ ਕੇ ਵੇਖ ਲੈਣਾ ਜਦੋਂ ਹੋਸ਼ ਹੋਣਾ । ਵਿੱਚ ਜੱਗ ਦੇ ਨਵੇਂ ਸਿਰ ਜ਼ਾਹਿਰ ਕੀਤੀ, "ਗੁਰੂ ਅਰਜਨ" ਮਹਾਰਾਜ ਦੀ ਸ਼ਾਨ ਸਿੰਘਾਂ । ਹੱਸ ਹੱਸ ਕੇ ਹੋਏ ਕੁਰਬਾਨ ਸਦਕੇ, ਰੱਖੀ ਧਰਮ ਦੀ ਇੱਜ਼ਤ ਤੇ ਸ਼ਾਨ ਸਿੰਘਾਂ । ਬਾਹਵਾਂ ਭੰਨੀਆਂ ਪਾਜੀਆਂ ਸੀਸ ਨਾਲੇ, ਅੱਧ ਮੋਇਆਂ ਨੂੰ ਲੱਖ ਅਜ਼ਾਰ ਦਿੱਤੇ, ਲੱਤਾਂ ਮਾਰੀਆਂ ਢਿੱਡ ਵਿੱਚ ਫੱਟੜਾਂ ਦੇ, ਨਾਲੇ ਹੱਥਾਂ ਤੇ ਪੈਰਾਂ 'ਤੇ ਭਾਰ ਦਿੱਤੇ । ਡੋਬ ਪਾ ਪਾ ਛੱਪੜ ਦੇ ਗੋਤਿਆਂ ਥੀਂ, ਡੋਬੇ ਵਾਂਗ ਲੀੜੇ ਬਾਰ ਬਾਰ ਦਿੱਤੇ । ਚਿਕੜ ਤੁਨਿਆਂ ਮੂੰਹ ਵਿੱਚ, ਕੇਸ ਰੋਲੇ, ਧੋ ਧੋ ਕੇ ਸਿੰਘ ਦੋ ਮਾਰ ਦਿੱਤੇ । ਐਪਰ "ਵਾਹਿਗੁਰੂ ਵਾਹਿਗੁਰੂ" ਰਹੇ ਕਰਦੇ, ਕੀਤਾ ਓਸਦਾ ਭਾਣਾ ਪ੍ਰਵਾਨ ਸਿੰਘਾਂ । ਹੱਸ ਹੱਸ ਕੇ ਹੋਏ ਕੁਰਬਾਨ ਸਦਕੇ, ਰੱਖੀ ਧਰਮ ਦੀ ਇੱਜ਼ਤ ਤੇ ਸ਼ਾਨ ਸਿੰਘਾਂ । ਬੈਠੇ ਗੁਰੂ ਦੇ ਰਾਹ ਵਿੱਚ 'ਜੇਹੇ ਅੜਕੇ, ਉਠੇ ਜਦੋਂ ਤੇ ਬਣ ਕੇ ਗੁਬਾਰ ਉਠੇ । ਭਾਵੇਂ ਖੱਖੜੀ ਖੱਖੜੀ ਸੀਸ ਹੋਇਆ, ਵੇਖਣ ਲਈ ਨਾ ਹੱਥ ਇੱਕ ਵਾਰ ਉਠੇ । ਆਖਣ ਉਂਗਲਾਂ ਮੂੰਹ ਵਿਚ ਪਾ ਦੁਸ਼ਮਨ, ਬੜੇ ਹੌਸਲੇ ਵਾਲੇ ਸਰਦਾਰ ਉਠੇ । ਕਿਹਾ 'ਧੰਨ' 'ਧੰਨ' ਸਿੱਖਾਂ ਨੂੰ ਹਿੰਦੂਆਂ ਨੇ, 'ਲੱਖ ਮਰਹਬਾ' ਮੁਸਲਮ ਪੁਕਾਰ ਉਠੇ । ਜੀਹਦੇ ਕੋਲੋਂ 'ਮਹਾਤਮਾਂ' ਕੰਬਦਾ ਸੀ, ਉਹ ਅੱਜ ਪਾਸ ਕੀਤਾ ਇਮਤਿਹਾਨ ਸਿੰਘਾਂ । ਹੱਸ ਹੱਸ ਕੇ ਹੋਏ ਕੁਰਬਾਨ ਸਦਕੇ, ਰੱਖੀ ਧਰਮ ਦੀ ਇੱਜ਼ਤ ਤੇ ਸ਼ਾਨ ਸਿੰਘਾਂ ।
'ਸੁਨਹਿਰੀ ਕਲੀਆਂ' ਵਿੱਚੋਂ
ਮਾਂ ਦਾ ਦਿਲ
ਮਾਂ ਛਾਂ-ਜ਼ਿੰਦਗੀ ਦੇ ਨਿਕੜੇ ਜਹੇ ਦਿਲ ਵਿਚ, ਸੋਮਾਂ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ । ਅੱਜ ਤੀਕਨ ਏਸ ਦਾ ਥਾਹ ਕਿਸੇ ਨਹੀਂ ਪਾਯਾ, ਮਾਰ ਮਾਰ ਟੁੱਭੀਆਂ ਹੈ ਜੱਗ ਸਾਰਾ ਹਾਰਿਆ । ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ, ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਰਿਆ । ਮੈਂ ਭੀ ਤਸਵੀਰ ਇੱਕ ਨਿੱਕੀ ਜੇਹੀ ਵਿਖਾਲਦਾ ਹਾਂ, ਸ਼ਾਇਰੀ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ । ਸਹਿਕ ਸਹਿਕ ਪੁੱਤ ਲੱਭਾ ਇੱਕ ਮਾਤਾ ਤੱਤੜੀ ਨੂੰ, ਲੱਖ ਲੱਖ ਸ਼ੁਕਰ ਓਹਨੇ ਰੱਬ ਦਾ ਗੁਜ਼ਾਰਿਆ । ਹੁੰਦੇ ਤਾਨ ਪੁੱਤ ਨੂੰ ਨਾ ਵਾ ਤੱਤੀ ਪੋਹਨ ਦਿੱਤੀ, ਦੁੱਖ ਝੱਲੇ ਉਹਦੇ, ਹਿੱਕ ਆਪਣੀ ਨੂੰ ਠਾਰਿਆ । ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰ੍ਹੇ ਹੋਏ, ਬੈਠਾ ਫੇਰ ਰਿੜ੍ਹਿਆ, ਤੁਰਾਇਆ ਤੇ ਖਲ੍ਹਾਰਿਆ । ਦੇ ਦੇ ਵਾਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲੇ, ਮਾਂ ਨੇ ਮੁਨਾਰਾ ਖ਼ੁਸ਼ੀ-ਆਸ ਦਾ ਉਸਾਰਿਆ । ਫੁੱਟ ਪਈ ਅੰਗੂਰੀ ਕੱਕੀ ਗੋਰੇ ਗੋਰੇ ਮੁਖੜੇ ਤੇ, ਫੁੱਲਾਂ ਵਾਂਗੂੰ ਆਣਕੇ ਜਵਾਨੀ ਨੇ ਸ਼ਿੰਗਾਰਿਆ । ਸੱਧਰਾਂ ਮੁਰਾਦਾਂ ਵਾਲੇ ਦਿਨ ਜਦੋਂ ਨੇੜੇ ਢੁੱਕੇ, ਹੋਣੀ ਹੁਰਾਂ ਆਣ ਉਦੋਂ ਚੀਣਾ ਇਹ ਖਿਲਾਰਿਆ :- ਤੁਰੇ ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ, ਖਿੱਚਕੇ ਦੁਗਾੜਾ ਖ਼ੂਨੀ ਨੈਣਾਂ ਵਿੱਚੋਂ ਮਾਰਿਆ । ਕਾਲੀ ਕਾਲੀ ਜ਼ੁਲਫ਼ਾਂ ਦੇ ਕੁੰਡਲਾਂ ਤੇ ਵਲਾਂ ਵਿੱਚ, ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ । ਬਿੱਟ ਬਿੱਟ ਵੇਂਹਦੇ ਉਹਨੂੰ, ਉਸ ਨਾਰੀ ਪੁੱਛਿਆ ਏਹ :- 'ਏਥੇ ਕਿਉਂ ਖਲੋ ਰਿਹਾ ਏਂ ਏਦਾਂ ਤੂੰ ਵਿਚਾਰਿਆ ?' ਹੰਝੂਆਂ ਨੂੰ ਪੂੰਝਦੇ ਨੇ ਦਿੱਤਾ ਇਹ ਜਵਾਬ ਅੱਗੋਂ :- 'ਤੇਰੀ ਮੋਹਨੀ ਮੂਰਤ ਉੱਤੇ ਮੈਂ ਹਾਂ ਗਿਆ ਵਾਰਿਆ । ਅੱਖੀਓਂ ਪਰੋਖੇ ਹੋਣਾ ਮੁੱਖ ਤੇਰਾ, ਮੌਤ ਮੇਰੀ, ਸੋਮਾ ਹੈ ਜ਼ਿੰਦਗੀ ਦਾ ਮੈਂ ਦਰਸ ਤੇਰਾ ਧਾਰਿਆ ।' ਬੋਲੀ ਮੁਟਿਆਰ ਅੱਗੋਂ, 'ਪਿਆਰ ਦੇ ਪੁਜਾਰੀਆ ਵੇ, ਮੈਂ ਭੀ ਤੈਨੂੰ ਥੋੜਾ ਜਿਹਾ ਚਾਹਨੀਆਂ ਵੰਗਾਰਿਆ । ਕੱਢਕੇ ਲਿਆ ਦੇਂ ਜੇ ਤੂੰ ਦਿਲ ਮਾਤਾ ਆਪਣੀ ਦਾ, ਲਾਵਾਂ ਹੀ ਮੈਂ ਤੇਰੇ ਨਾਲ ਲੈ ਲਾਂਗੀ ਕਵਾਰਿਆ ।' ਏਨੀ ਗੱਲ ਸੁਣੀਂ ਤੇ ਉਹ ਨੱਸਾ ਨੱਸਾ ਘਰ ਆਇਆ, ਆਣ ਸੁੱਤੀ ਮਾਂ ਦੇ ਕਲੇਜੇ ਛੁਰਾ ਮਾਰਿਆ । ਸਗਨਾਂ ਦੀ ਮਹਿੰਦੀ ਜਿਨ੍ਹੇ ਹੱਥਾਂ ਉੱਤੇ ਲਾਵਨੀ ਸੀ, ਘੋੜੀਆਂ ਸੁਹਾਗ ਗਉਂਕੇ ਚੰਨਾ ਮਾਹੀਆ ਤਾਰਿਆ । ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲਕੇ ਤੇ, ਵੇਖੋ ਖ਼ੂਨੀ ਪੁੱਤ ਨੇ ਪਿਆਰ ਕੀ ਨਿਤਰਿਆ । ਓੜਕ ਓਥੋਂ ਉੱਠ ਨੱਸਾ ਦਿਲ ਲੈ ਕੇ ਮਾਂ ਦਾ ਉਹ, ਉਹਦੇ ਵੱਲ, ਜੀਹਦੇ ਲਈ ਇਹ ਕਹਿਰ ਸੀ ਗੁਜਾਰਿਆ । ਐਸਾ ਅੰਨ੍ਹਾ ਹੋ ਗਿਆ ਸੀ ਵਿਸ਼ੇ ਦੇ ਪ੍ਰੇਮ ਵਿੱਚ, ਉੱਚਾ ਨੀਵਾਂ ਰਾਹ ਭੀ ਨਾ ਸੋਚਿਆ ਵਿਚਾਰਿਆ । ਠੇਡਾ ਲੱਗਾ ਡਿੱਗ ਪਿਆ ਮੂਧੜੇ ਮੂੰਹ ਜ਼ਿਮੀਂ ਉੱਤੇ, ਉਸ ਵੇਲੇ ਮੁੱਠ ਵਿਚੋਂ ਦਿਲ ਇਹ ਪੁਕਾਰਿਆ :- 'ਲੱਖ ਲੱਖ ਵਾਰੀ ਤੈਥੋਂ ਵਾਰੀ ਜਾਵੇ ਅੰਬੜੀ ਇਹ, ਸੱਟ ਤੇ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ ?' 'ਸ਼ਰਫ਼' ਏਹ ਹੌਂਸਲਾ ਹੈ ਮਾਂ ਦੇ ਪਯਾਰ ਦਾ ਈ, ਪੁੱਤ ਹੱਥੋਂ ਮਰਕੇ ਭੀ ਮੋਹ ਨਹੀਂ ਵਿਸਾਰਿਆ ।
ਨੇਕੀ
ਕੀਤੋ ਸ਼ੁਕਰ ਨਾ ਆਦਮੀ ਜੂਨ ਬਣਕੇ, ਗੁਨ੍ਹਾਂ ਲਾਜ਼ਮ ਤੇ ਕੀਤੀ ਬਰਬਾਦ ਨੇਕੀ । ਬਦੀਆਂ ਵਿੱਚ ਵੀ ਲਜ਼ਤ ਨੂੰ ਢੂੰਡਣਾ ਏਂ, ਕਿਉਂਕਿ ਲਗਦੀ ਓਹ ਬੇਸਵਾਦ ਨੇਕੀ । ਹਰਦਮ ਖੁਲ੍ਹੇ ਬੁਰਾਈਆਂ ਦੇ ਕਾਰਖ਼ਾਨੇ, ਕੀਤੀ ਕਦੀ ਨਾ ਇੱਕ ਈਜਾਦ ਨੇਕੀ । 'ਸ਼ਰਫ਼' ਦਿਨ ਮੁਸੀਬਤ ਦੇ ਗੁਜ਼ਰ ਜਾਂਦੇ, ਰਹਿ ਜਾਂਦੀ ਏ ਕਿਸੇ ਦੀ ਯਾਦ ਨੇਕੀ ।
ਰੁਮਾਲ ਮੁੰਦਰੀ
ਵਟਾ ਸੱਟਾ ਹੋ ਗਿਆ ਨਸ਼ਾਨੀਆਂ ਦਾ ਦੋਹੀਂ ਪਾਸੀਂ, ਘੱਲੀ ਅੱਜ ਓਹਨੇ ਭੀ ਰੁਮਾਲ ਨਾਲ ਮੁੰਦਰੀ । ਹੁਕਮ ਹੋਇਆ ਨਾਲ ਇਹ ਅਚੱਚੀ ਮੇਰੀ ਚੀਚੀ ਦੀ ਏ, ਗ਼ੈਰਾਂ ਵਿੱਚ ਰਖਨੀ ਖ਼ਿਆਲ ਨਾਲ ਮੁੰਦਰੀ । ਪਟੀ ਜਹੀ ਪੜ੍ਹਾਈ ਓਹਨੂੰ ਵੈਰੀਆਂ ਤੇ ਦੂਤੀਆਂ ਨੇ, ਲੈਣ ਲਗਾ ਫੇਰ ਏਸ ਚਾਲ ਨਾਲ ਮੁੰਦਰੀ । ਮੋੜ ਮੇਰੀ ਮੁੰਦਰੀ ਤੇ ਸਾਂਭ ਲੈ ਇਹ ਵਰਾਸੋਈ, ਲਾਹ ਮਾਰੀ ਹਥੋਂ ਮੇਰੀ ਕਾਹਲ ਨਾਲ ਮੁੰਦਰੀ । ਜੋੜ ਜੋੜ ਹਥ ਫੇਰ ਤੋੜਿਆਂ ਵਛੋੜਿਆਂ ਵਿੱਚ, ਪਾਈ ਓਹਦੇ ਹਥ ਬੁਰੇ ਹਾਲ ਨਾਲ ਮੁੰਦਰੀ । ਨਿਕੀ ਜਿਹੀ ਵਚੋਲੜੀ ਪਿਆਰ ਤੇ ਮੁਹੱਬਤਾਂ ਦੀ, ਮੇਲ ਦਿੱਤਾ ਦੋਹਾਂ ਨੂੰ ਸੁਖਾਲ ਨਾਲ ਮੁੰਦਰੀ । ਮੇਰੇ ਕਾਬੂ ਰਖਦੀ ਏ ਮੇਰੇ ਓਸ ਪਿਆਰ ਨੂੰ ਏਹ, ਮੋਹਰਾ ਸੁਲੇਮਾਨੀ ਲੱਭਾ ਘਾਲ ਨਾਲ ਮੁੰਦਰੀ । ਮੈਥੋਂ ਭਾਵੇਂ ਦੂਰ ਦੂਰ ਰਹੇ ਉਹ ਨਗੀਨਾ ਮੇਰਾ, ਰਵੇ ਓਹਦੀ ਨਿੱਤ ਮੇਰੇ ਨਾਲ ਨਾਲ ਮੁੰਦਰੀ । ਖੋਹਕੇ ਫ਼ੀਰੋਜ਼ੀ ਥੇਵਾ ਸੀਨੇ ਵਿੱਚ ਰਖਦੀ ਏ, ਰੱਖੇ ਐਡਾ ਹੇਚ ਓਹਦੇ ਖ਼ਾਲ ਨਾਲ ਮੁੰਦਰੀ । "ਸ਼ਰਫ਼" ਏਸ ਸਮੇਂ ਵਿੱਚ ਵਟਾਉਂਦਾ ਏ ਕੌਣ ਭਲਾ, ਲਿੱਸੇ ਨਾਲ ਪੱਗ ਤੇ ਕੰਗਾਲ ਨਾਲ ਮੁੰਦਰੀ ।
ਪਿਆਰ ਦੇ ਹੰਝੂ
ਬਿਰ੍ਹੋਂ ਆ ਕੇ ਝੱਟ ਪੱਟ ਸੱਟ ਜੇਹੀ ਕਾਰੀ ਮਾਰੀ, ਡੱਕ ਡੱਕ ਥੱਕਿਆ ਨਾ ਸੱਕਿਆ ਸੰਭਾਲ ਹੰਝੂ । ਚਿੱਤ ਦਾ ਕਬੂਤਰ ਮੇਰਾ ਚਿੱਤ ਹੋਇਆ ਹਿਤ ਵਿੱਚ, ਰੱਤ ਨਾਲ ਰੰਗੇ ਹੋਏ ਨਿਕਲਦੇ ਨੇ ਲਾਲ ਹੰਝੂ । ਨਹੀਂ ਨਹੀਂ ਪਾਨ ਖਾਧੇ ਤਿੱਕੇ ਮੇਰੇ ਕਾਲਜੇ ਦੇ, ਸੂਹੇ ਸੂਹੇ ਪੁਤਲੀਆਂ ਨੇ ਸੁੱਟੇ ਨੇ ਉਗਾਲ ਹੰਝੂ । ਅੱਖੀਆਂ ਰਲਾਕੇ ਓਹਨੇ ਭਵਾਂ ਫੇਰ ਫੇਰੀਆਂ ਨੇ, ਪੁੱਠੀ ਛੁਰੀ ਨਾਲ ਹੋਏ ਹੋਏ ਨੇ ਹਲਾਲ ਹੰਝੂ । ਵਾਧਾ ਹੋਰ ਵੇਖਿਆ ਜੇ ਕਾਲੀ ਕਾਲੀ ਅੱਖ ਦਾ ਇਹ, ਕੋਲਿਆਂ ਦੀ ਖਾਨ ਵਿੱਚੋਂ ਕੱਢ ਦਿੱਤੇ ਲਾਲ ਹੰਝੂ । ਮੱਛੀਆਂ ਦੇ ਵਾਂਗ ਪਈਆਂ ਡੋਬੂ ਲੈਣ ਅੱਖੀਆਂ ਇਹ, ਕੱਢ ਕੱਢ 'ਸੱਕੀਆਂ' ਸੁਕਾਉਣ ਲੱਗੇ ਤਾਲ ਹੰਝੂ । ਡੂੰਘੇ ਵਹਿਣ ਵਿੱਚ ਮੇਰੀ 'ਆਹ' ਸੋਹਣੀ ਡੁੱਬ ਗਈ ਏ, ਪਿੱਛੇ ਓਹਦੇ ਰੁੜ੍ਹੇ ਜਾਂਦੇ ਬਣ ਮਹੀਂਵਾਲ ਹੰਝੂ । ਅਰਸ਼ ਵਾਲਾ ਕਿੰਗਰਾ ਹੈ ਤੋੜ ਦਿੱਤਾ ਦਿਲ ਓਹਨੇ, ਅੱਖਾਂ ਵਿੱਚ ਰੜਕਦੇ ਨੇ ਰੋੜਿਆਂ ਦੇ ਹਾਲ ਹੰਝੂ । ਪੱਥਰਾਂ ਦੇ 'ਮਨ' ਮੇਰੀ ਫੂਕ ਨਾਲ ਮੋਮ ਹੋਏ, ਮਾਰ ਮਾਰ ਹਹੁਕੇ ਦਿੱਤੇ ਬਰਫ਼ ਵਾਂਗੂੰ ਢਾਲ ਹੰਝੂ । ਇੱਕ ਇੱਕ ਅੱਖ ਹੱਥ ਨੂਰੀ ਚੰਗਿਆੜੇ ਲੱਖਾਂ, ਭਰ ਭਰ ਮੋਤੀਆਂ ਦੇ ਵੰਡਦੇ ਨੇ ਥਾਲ ਹੰਝੂ । ਲੱਗਣ ਜਿਵੇਂ ਝੰਬਣੀ ਨੂੰ ਫੁੱਟੀਆਂ ਕਪਾਹ ਦੀਆਂ, ਚੰਬੜੇ ਨੇ ਇੰਜ ਮੇਰੀ ਝਿੰਮਣੀ ਦੇ ਨਾਲ ਹੰਝੂ । ਬੱਧੀ ਹੋਈ ਟੀਂਡ ਏਹਨਾਂ ਖੂਹ ਦੀਆਂ ਟਿੰਡਾਂ ਵਾਂਗ, ਸੌੜ ਔੜ ਵਿੱਚ ਮੈਨੂੰ ਕਰਨਗੇ ਨਿਹਾਲ ਹੰਝੂ । ਸੋਕੇ ਨਾਲ ਸੁੱਕਦੇ ਨਹੀਂ, ਬੱਦਲਾਂ ਤੇ ਥੁੱਕਦੇ ਨਹੀਂ, ਇੱਕੋ ਜਹੇ ਵਗਦੇ ਨੇ ਹਾੜ ਤੇ ਸਿਆਲ ਹੰਝੂ । ਕਾਇਮ ਰੱਖੇ ਦਾਇਮ ਅੱਲਾ ਸਿੱਪ ਮੇਰੇ ਦੀਦਿਆਂ ਦੇ, ਮੋਤੀਆਂ ਦਾ ਜੱਗ ਉੱਤੇ ਕਰਨਗੇ ਸੁਕਾਲ ਹੰਝੂ । ਗ਼ਮਾਂ ਦੀ ਹਨੇਰੀ ਨਾਲ ਬੇਰਾਂ ਵਾਂਗ ਝੜ ਪੈਂਦੇ, ਉਂਜ ਤੇ ਮੈਂ ਵਾੜਾਂ ਵਿੱਚ ਰੱਖੇ ਹੋਏ ਨੇ ਪਾਲ ਹੰਝੂ । ਗਿੱਲਾ ਪੀਹਣ ਔਕੜਾਂ ਦਾ ਨਾਲ ਮੇਰੇ ਬੈਠਕੇ ਤੇ, ਦਾਣਾ ਦਾਣਾ ਪੀਹਣ ਲੱਗੇ ਦੁੱਖ ਦੇ ਭਿਆਲ ਹੰਝੂ । ਬਾਗ਼ ਮੇਰੀ ਹਿੱਕ ਦਿਆਂ ਦਾਗ਼ਾਂ ਵਾਲਾ ਸੁੱਕ ਗਿਆ, ਕੱਢਕੇ ਲਿਆਏ ਤਦੋਂ ਸੋਮਿਆਂ 'ਚੋਂ ਖਾਲ ਹੰਝੂ । ਉੱਭੇ ਸਾਹ ਰੋਂਦੇ ਰੋਂਦੇ ਚਾਂਗਰਾਂ ਤੇ ਜ਼ੋਰ ਪਾਯਾ, ਰੋਣ ਦੀ ਵੀ ਤੇਹ ਰਹਿ ਗਈ, ਤੋੜਗੇ ਨਿਕਾਲ ਹੰਝੂ । ਦੇਖੋ ਕੇਡਾ ਸ਼ੋਰ ਪਾਯਾ ਲੂਣ ਦੀਆਂ ਨਿੱਕਰਾਂ ਨੇ, ਦੇਣਗੇ ਪਤਾਸੇ ਵਾਂਗ ਦੀਦਿਆਂ ਨੂੰ ਗਾਲ ਹੰਝੂ । ਮੋਤੀ ਟੋਭੇ ਲੱਭਦੇ ਸਮੁੰਦਰਾਂ ਦੇ ਖੋਭੇ ਵਿੱਚੋਂ, ਅਰਸ਼ਾਂ ਉਤੋਂ ਆਂਦੇ ਹੋਏ ਪਰ ਮੈਂ ਏਹ ਭਾਲ ਹੰਝੂ । ਓਸ ਪਰੀ ਉੱਤੇ ਪਰ ਰਤਾ ਵੀ ਨਾ ਪੋਹਿਆ ਕੋਈ, ਹੁੱਬ ਦੇ ਵਜ਼ੀਫ਼ੇ ਰਹੇ ਪੜ੍ਹਦੇ ਕਈ ਸਾਲ ਹੰਝੂ । ਪੱਥਰਾਂ ਜੱਹੇ ਮਨ ਓਦੋਂ ਬੈਠ ਰੋਂਦੇ ਮਣ ਉੱਤੇ, ਤੁਰਨ ਜਦੋਂ ਬੰਨ੍ਹਕੇ ਯਤੀਮਾਂ ਵਾਂਗ ਪਾਲ ਹੰਝੂ । ਬਿਟ ਬਿਟ ਵੇਂਹਦੀਆਂ ਨੇ ਪੁਤਲੀਆਂ ਬੀ ਮਾਂ ਵਾਂਗੂੰ, ਗੋਦ ਵਿੱਚੋਂ ਨਿਕਲੇ ਤੇ ਰਿੜ੍ਹੇ ਜਾਂਦੇ ਬਾਲ ਹੰਝੂ । ਕੌਡੀਆਂ ਗ਼ਰੀਬ ਦੀਆਂ ਪੈਣ ਇਹ ਕਬੂਲ ਸ਼ਾਲਾ, ਬਣਾਂ ਮੈਂ ਕਾਰੂਨ ਕਾਹਨੂੰ ਜੋੜ ਜੋੜ ਮਾਲ ਹੰਝੂ । ਉੱਚਿਆਂ ਖ਼ਿਆਲਾਂ ਵਾਲਾ ਯਾਰ ਵੇਖ ਕੰਬ ਗਿਆ, ਅੰਬਰਾਂ ਦੇ ਉੱਤੇ ਵੀ ਲਿਆਏ ਨੇ ਭੁਚਾਲ ਹੰਝੂ । ਰੁੱਠਾ ਹੋਯਾ ਜਾਨੀ ਮੇਰਾ ਝੱਟ ਪੱਟ ਮੰਨ ਪਿਆ, ਜੌਹਰੀਆਂ ਦੇ ਪੁੱਤ ਜਦੋਂ ਬਣ ਗਏ ਦਲਾਲ ਹੰਝੂ । ਮੋਤੀ ਦਿੱਤੇ ਯਾਰ ਨੂੰ ਮੈਂ ਮੁੱਖੜਾ ਵਖਾਲਣੀ ਦੇ, ਦੇਖ ਲਿਆ ਮੂੰਹ ਓਹਦਾ, ਓਸਨੂੰ ਵਿਖਾਲ ਹੰਝੂ । ਦੂਤੀਆਂ ਦੀ ਹਿੱਕ ਵਿੱਚ ਗੋਲੀਆਂ ਦੇ ਵਾਂਗ ਵੱਜੇ, ਪੂੰਝੇ ਜਦੋਂ ਓਸਨੇ ਦੁਪੱਟੜੇ ਦੇ ਨਾਲ ਹੰਝੂ । ਮੇਰੇ ਸੱਚੇ ਹੇਰਵੇ ਨੇ ਕਰ ਦਿੱਤੇ ਵੇਰਵੇ ਏਹ, ਲੱਗ ਪਿਆ ਕੇਰਨ ਓਹ ਬੀ ਹੋ ਕੇ ਨਿਢਾਲ ਹੰਝੂ । ਮਾਘ ਦੇ ਮਹੀਨੇ ਮੇਰੇ ਸੀਨੇ ਦੀ ਬਿਆਈ ਸੜੀ, ਗੜੇ ਵਾਂਗ ਡੇਗੇ ਓਹਦੇ ਦੀਦਿਆਂ ਕਮਾਲ ਹੰਝੂ । 'ਨਰਗਸੀ-ਕਿਆਰੀ' ਵਿੱਚੋਂ ਮਾਰ ਕੇ ਉਡਾਰੀ ਚੱਲੇ, ਚੰਦ ਜਹੇ ਮੁੱਖ ਤੇ, ਚਕੋਰ ਵਾਲੀ ਚਾਲ ਹੰਝੂ । ਹਰਨਾਂ ਦੇ ਸਿੰਗਾਂ ਉੱਤੇ 'ਕੈਸ' ਦੀਆਂ ਚਿੱਠੀਆਂ ਨੇ, ਪਲਕਾਂ ਉੱਤੇ ਪਾਗਲਾਂ ਨੇ ਕੀਤੇ ਏਹ ਖ਼ਿਆਲ ਹੰਝੂ । ਵੇਖਕੇ ਗਲੇਡੂ ਓਹਦੇ ਉੱਤੋਂ ਤੇ ਮੈਂ ਹੱਸ ਪਿਆ, ਉਂਜ ਮੇਰਾ ਦਿਲ ਵਿੱਚੋਂ ਲੈ ਗਏ ਉਧਾਲ ਹੰਝੂ । ਫੜਕੇ ਬਿਠਾਯਾ ਬਾਹੋਂ, ਰੋਂਦੇ ਨੂੰ ਹਸਾਯਾ ਨਾਲੇ, ਗੱਲ੍ਹਾਂ ਉੱਤੋਂ ਪੂੰਝ ਦਿੱਤੇ ਚਿੱਟੇ ਚਿੱਟੇ ਖ਼ਾਲ ਹੰਝੂ । ਧੁੱਪ ਜਯੋਂ ਉਡਾਵੇ ਮੋਤੀ, ਫੁੱਲ ਦੀਆਂ ਜੇਬਾਂ ਵਿੱਚੋਂ, ਚੁੱਕ ਲਏ ਅਡੋਲ ਓਵੇਂ ਰੇਸ਼ਮੀ ਰੁਮਾਲ ਹੰਝੂ । ਆਖੀ ਓਹਨੂੰ ਗੱਲ ਕੋਈ, ਮਿਲਯਾ ਏਹ ਜਵਾਬ ਜੀਹਦਾ :- 'ਤੈਨੂੰ ਤੇ ਮੈਂ ਅੱਖੀਆਂ ਦਾ ਹੋਵਾਂ ਨਾ ਦਵਾਲ ਹੰਝੂ ।' ਅੱਖਾਂ ਵਿੱਚੋਂ ਚੱਲ ਪਏ ਉਦਾਸ ਤੇ ਨਿਰਾਸ ਹੋ ਕੇ, ਠੋਡੀ ਵਾਲੇ ਡੂੰਘ ਆ ਕੇ ਮਾਰ ਗਏ ਨੇ ਛਾਲ ਹੰਝੂ । ਹੁਸਨ ਦਾ ਸਮੁੰਦਰ ਦੇਖੋ, ਦਿਲ ਮੇਰਾ ਲੈ ਗਿਆ ਓਹ, ਖੂਹਾਂ ਤੇ ਤਲਾਵਾਂ ਵਿੱਚ ਪਾਉਂਦੇ ਫਿਰਨ ਜਾਲ ਹੰਝੂ । ਰਮਲੀਏ ਵਾਂਗ ਪਏ ਕਮਲੇ ਤੇ ਰਮਲੇ ਏਹ, ਕੇਡਾ 'ਜ਼ਫ਼ਰ' ਜਾਲ ਜਾਲ ਕਢਦੇ ਨੇ ਫ਼ਾਲ ਹੰਝੂ । ਬੁਲਬੁਲੇ ਦੇ ਕੋਲੋਂ ਉਂਜ ਸੋਹਲ ਮੈਨੂੰ ਜਾਪਦੇ ਨੇ, ਫੇਰ ਬੀ ਏਹ ਟੁੱਟਦੇ ਨੇ, ਝੱਲਦੇ ਨਹੀਂ ਝਾਲ ਹੰਝੂ । ਝੱਟ ਪੱਟ ਫਿਸ ਪੈਂਦੇ, ਗੱਲ ਬੀ ਨ ਸਹਿ ਸੱਕਣ, ਤਬ੍ਹਾ ਦੇ ਮਲੂਕ ਐਡੇ, ਉਂਜ ਏਹ ਕੰਗਾਲ ਹੰਝੂ । ਰਹਿਮਤਾਂ ਦੇ ਛਟਿਆਂ 'ਚੋਂ ਇੱਕੋ ਛਿਟ ਦੇ ਦੇ ਸਾਨੂੰ, ਤੇਰੇ ਅੱਗੇ ਮਾਲਕਾ ! ਏਹ ਪੌਂਦੇ ਨੇ ਸਵਾਲ ਹੰਝੂ । ਛੁੱਟ ਪਈ ਤਰੇਲੀ ਜਦੋਂ ਪਿੰਡੇ ਉੱਤੇ ਜਾਣਿਆਂ ਮੈਂ, ਨਿੱਕੇ ਨਿੱਕੇ 'ਦੀਦਿਆਂ' 'ਚੋਂ ਡੇਗਦੇ ਨੇ ਵਾਲ ਹੰਝੂ । 'ਸ਼ਰਫ਼' ਬੜੀ ਝੜੀ ਲਾਈ ਰੱਬ ਦੀਆਂ ਰਹਿਮਤਾਂ ਨੇ, ਧੋਣ ਲੱਗੇ ਕਾਲੇ ਕਾਲੇ 'ਨਾਮੇ ਦੇ ਅਮਾਲ' ਹੰਝੂ ।
ਆਸ਼ਕ ਦੀਆਂ ਅੱਖੀਆਂ
ਕਿਸੇ ਪਾਸੇ ਵੀ ਰਹੇ ਨਾ ਜਾਨ ਜੋਗੇ, ਕਾਫ਼ਰ ਦੇਖਕੇ ਤੇਰੇ ਅਕੀਦਿਆਂ ਨੂੰ । ਧੋਖੇ ਇਸਤ੍ਰਾਂ ਦੇ ਕੌਣ ਦੇਂਵਦਾ ਏ, ਭਲਾ ਦੱਸ ਗ਼ੁਲਾਮਾਂ ਖ਼ਰੀਦਿਆਂ ਨੂੰ । ਅਗੇ ਕਦੀ ਕਦਾਈਂ ਸੀ ਦੀਦ ਹੁੰਦੀ, ਅਸਾਂ ਆਸ਼ਕਾਂ ਬੇਉਮੀਦਿਆਂ ਨੂੰ । ਬੂਹੇ ਬਾਰੀਆਂ ਦੇ "ਸ਼ਰਫ਼" ਬੰਦ ਕਰਕੇ, ਅੰਨ੍ਹਾਂ ਕੀਤਾ ਈ ਸਾਡਿਆਂ ਦੀਦਿਆਂ ਨੂੰ ।
ਆਰਤੀ
ਤੇਰੀ ਜੈ ਪੰਜਾਬੀ ਮਾਤਾ ! ਤੇਰੇ ਪੂਜੇ ਚਰਨ ਬਿਧਾਤਾ । ਲੋਰੀਆਂ ਦੇ ਦੇ ਗੋਦ ਖਿਡਾਵੇਂ ਘੋੜੀ ਗੌਂ ਗੌਂ ਵਿਆਹ ਰਚਾਵੇਂ ਮਰਨ ਸਮੇਂ ਵੀ ਵੈਣ ਤੂੰ ਪਾਵੇਂ ਐਸਾ ਪੱਕਾ ਨਾਤਾ । ਤੇਰੀ ਜੈ ਪੰਜਾਬੀ ਮਾਤਾ ! ਤੂੰ ਹੈਂ ਸਾਡੀ ਮਿੱਠੀ ਬੋਲੀ ਬੋਲ ਬੋਲ ਵਿਚ ਮਿਸ਼ਰੀ ਘੋਲੀ ਪੈਰਾਂ ਦੇ ਵਿਚ ਗ਼ੈਰਾਂ ਰੋਲੀ ਕਦਰ ਨਾ ਤੇਰਾ ਜਾਤਾ । ਤੇਰੀ ਜੈ ਪੰਜਾਬੀ ਮਾਤਾ! ਹੋ ਗਏ ਸਾਰੇ ਦੂਰ ਹਨੇਰੇ ਜਿਨ੍ਹਾਂ ਦੇ ਮਨ ਤੇਰੇ ਡੇਰੇ ਜਾਗ ਪਏ ਉਹ ਪੁੱਤਰ ਤੇਰੇ ਭਰ ਦੇਵਣਗੇ ਖਾਤਾ ਤੇਰੀ ਜੈ ਪੰਜਾਬੀ ਮਾਤਾ ! ਰਾਣੀ ਬਣ ਕੇ ਤਖ਼ਤ ਹੰਡਾਵੇਂ ਘਰ ਆਪਣੇ ਦਾ ਰਾਜ ਤੂੰ ਪਾਵੇਂ ‘ਸ਼ਰਫ਼’ ਮਿਲੇ ਤੈਨੂੰ, ਖ਼ੁਸ਼ੀ ਮਨਾਵੇਂ ਸੁਖ ਦੇਵੇ ਤੈਨੂੰ ਦਾਤਾ । ਤੇਰੀ ਜੈ ਪੰਜਾਬੀ ਮਾਤਾ !
ਟੁੱਟੀ ਸਿਤਾਰ
ਬਸ ਬਸ ਰਾਗੀਆ ਵੇ, ਮੈਨੂੰ ਹੱਥ ਲਾਈਂ ਨਾ। ਫੱਟ ਮੇਰੇ ਅੱਲੜੇ ਨੇ, ਛੇੜ ਕੇ ਦੁਖਾਈਂ ਨਾ । ਮੇਰੇ ਰੰਗ ਰੂਪ ਉੱਤੇ ਕਾਹਨੂੰ ਏਂ ਤੂੰ ਡੋਲਿਆ ? ਉੱਜੜੀ ਦੁਕਾਨ ਵਿੱਚੋਂ ਲੈਨਾ ਏ ਕੀ ਭੋਲਿਆ ! ਫੁੱਲ ਮੇਰੇ ਦੇਖ ਨਾ ਤੂੰ ਚਿੱਤਰੇ ਤੇ ਉੱਕਰੇ । ਘੁਣ ਖਾਧੀ ਲੱਕੜੀ ਮੈਂ ਖੜੀ ਹੋਈਆਂ ਨੁੱਕਰੇ । ਮੇਰੇ ਤੇ ਵੀ ਇਕ ਰੋਜ਼ ਹੁਸਨ ਦੀ ਬਹਾਰ ਸੀ । ਮੈਨੂੰ ਚੁੱਕੀ ਫਿਰਦਾ ਇਹ ਕਿਸੇ ਦਾ ਪਿਆਰ ਸੀ । ਬੁਲ੍ਹੀਆਂ ਤੇ ਗੀਤ ਸਨ ਮਿੱਠੇ ਮਿੱਠੇ ਸੱਚ ਦੇ । ਸੀਨੇ ਉੱਤੇ ਹੱਥ ਹੈਸਨ ਸੱਜਣਾਂ ਦੇ ਨੱਚਦੇ। ਪਿਆਰਾਂ ਵਾਲੇ ਗੀਤ ਸੁਣ ਝੂਮਦਾ ਜ਼ਮਾਨਾ ਸੀ! ਮੇਰੇ ਰਾਗ ਰੂਪ ਉੱਤੇ ਮਾਹੀ ਵੀ ਦੀਵਾਨਾ ਸੀ। ਅਰਸ਼ਾਂ ਦੀਆਂ ਟੀਸੀਆਂ ਨੂੰ ਬੋਲ ਹੈਸਨ ਛੋਂਹਵਦੇ । ਪੱਥਰਾਂ ਦੇ ਦਿਲ ਬੀ ਸਨ ਪਾਣੀ ਪਾਣੀ ਹੋਂਵਦੇ । ਮੇਰੀ, ਮੇਰੇ ਮਾਹੀ ਦੀ ਵੀ ਇੱਕੋ ਸੁਰ ਤਾਲ ਸੀ। ਮਾਹੀ ਦੇ ਮੈਂ ਨਾਲ ਹੈ ਸਾਂ, ਮਾਹੀ ਮੇਰੇ ਨਾਲ ਸੀ। ਖ਼ੁਸ਼ੀ ਵਾਲੀ ਨੈਂ ਹੈਸੀ ਚੜ੍ਹ ਚੜ੍ਹ ਵਗਦੀ । ਗੋਦੀ ਵਿਚ ਬੈਠਦੀ ਸਾਂ, ਗਲੇ ਨਾਲ ਲਗਦੀ । ਹੱਥ ਐਸਾ ਵੱਜਾ ਕੋਈ ਤਾਰ ਮੇਰੇ ਟੁੱਟ ਗਏ । ਗਲੇ ਤੋਂ ਵਿਛੋੜ ਕੇ ਤੇ ਮਾਹੀ ਮੈਨੂੰ ਸੁੱਟ ਗਏ । ਵਿਗੜੀ ਹੋਈ ਸੱਜਣਾਂ ਨੇ ਮੁੜ ਨਾ ਬਣਾਈ ਏ । ਗਲੇ ਨਾਲ ਸੋਹਣੀ ਮੈਥੋਂ ਹੋਰ ਕੋਈ ਲਾਈ ਏ । ‘ਸ਼ਰਫ਼’ ਮੈਨੂੰ ਛੇੜ ਨਾ, ਮੈਂ ਬੋਲਣੋਂ ਲਾਚਾਰ ਹਾਂ। ਰਾਗੀਆ ! ਸਿਤਾਰ ਨਹੀਂ ਵੇ, ਵਿੱਛੜੀ ਮੈਂ ਨਾਰ ਹਾਂ ।
ਫੁੱਲ : ਆਪਣੇ ਪਰਛਾਵੇਂ ਨੂੰ
ਰਹਿ ਗਿਆ ਕੱਲਾ ਨਦੀ ਕਿਨਾਰੇ, ਲੱਦ ਗਏ ਮੇਰੇ ਸਾਥੀ ਸਾਰੇ । ਕਰ ਕਰ ਛੁਹਲੀ ਪਹੁੰਚੇ ਅੱਗੇ, ਅਤਰ ਬਣੇ, ਜਾਂ ਜ਼ੁਲਫ਼ੀਂ ਲੱਗੇ । ਹਾਰ ਬਣੇ ਕੋਈ ਕਿਸਮਤ ਵਾਲੇ, ਬਾਹਾਂ ਪਾਈਆਂ ਗਲੇ ਦੁਆਲੇ । ਨਾਲ ਮੇਰੇ ਜੋ ਜਮੀਆਂ ਪਲੀਆਂ, ਚਲ ਵਸੀਆਂ ਉਹ ਸੁੰਦਰ ਕਲੀਆਂ । ਮੈਂ ਹੁਣ ਵਾਜਾਂ ਮਾਰਾਂ ਤੈਨੂੰ, ਦਈਂ ਜਵਾਬ ਪਿਆਰੇ ਮੈਨੂੰ। ਸ਼ੀਸ਼ਾ ਵੇਂਹਦਾ ਜਾਣ ਨਾ ਮੈਨੂੰ, ਮੈਂ ਤਾਂ ਪਿਆਰੇ ਵੇਖਾਂ ਤੈਨੂੰ। ਦੂਰੋਂ ਦੂਰੋਂ ਕਰੇਂ ਇਸ਼ਾਰੇ, ਦੇਵੇਂ ਸਾਫ਼ ਜਵਾਬ ਪਿਆਰੇ । ਬੇਸ਼ਕ ਹੈ ਇਹ ਚੇਤੇ ਮੈਨੂੰ, ਮੇਰੀ ਵੀ ਹੈ ਉਲਫ਼ਤ ਤੈਨੂੰ। ਜਿੱਦਾਂ ਮੈਨੂੰ ਸਬਰ ਨਾ ਆਵੇ, ਓਦਾਂ ਤੈਨੂੰ ਚੈਨ ਨਾ ਭਾਵੇ । ਗਿਆ ਫੁਲੇਰਾ ਰਿਹਾ ਨਾ ਮਾਲੀ, ਬਾਗ਼ ਪਿਆ ਹੈ ਸਾਰਾ ਖ਼ਾਲੀ। ਫਿਰ ਵੀ ਤੂੰ ਨਹੀਂ ਆ ਕੇ ਮਿਲਦਾ, ਕੇਡਾ ਹੈਂ ਤੂੰ ਪੱਥਰ ਦਿਲ ਦਾ ? ਤੂੰ ਨਹੀਂ ਆਉਂਦਾ, ਮੈਂ ਹੀ ਆਵਾਂ ? ਆ ਕੇ ਤੈਨੂੰ ਗਲੇ ਲਗਾਵਾਂ । ਆ ! ਮੈਂ ਲੈ ਲਾਂ ਝੱਟ ਕੁਲਾਵੇ, ਬਾਝ ਮਿਲਾਪੋਂ ਸਬਰ ਨਾ ਆਵੇ। ਤਾਂਘ ਲੰਮੀ ਤੇ ਉਮਰ ਨਾ ਓਡੀ, ਭੁਰ ਭੁਰ ਜਾਂਦੀ ਮੁੱਢੋਂ ਡੋਡੀ । ਗਲ ਸੁਣੀ ਜਦ 'ਵਾ ਨੇ ਸਾਰੀ, ਰੁੱਤ ਅੱਗੇ ਜਾ ਰੋਈ ਵਿਚਾਰੀ। ਆ ਗਈ ਤੁਰਤ ਬਹਾਰ ਪਿਆਰੀ, ਫ਼ੌਜ ਫੁੱਲਾਂ ਦੀ ਲੈ ਕੇ ਸਾਰੀ। ਹਰ ਹਰ ਆਣ ਕਰੂੰਬਲ ਕਿੜਕੀ, ਕਲੀ ਕਲੀ ਨੇ ਖੋਲ੍ਹੀ ਖਿੜਕੀ । ਆਖ ਮੂੰਹੋਂ ਮੈਂ ਆਇਆ ਯਾਰਾ ! ਏਧਰ ਟੁੱਟਾ ਫੁੱਲ ਵਿਚਾਰਾ। ਪਿਆਰੇ ਤਾਈਂ ਮਾਰ ਕੁਲਾਵੇ, ਪਾਣੀ ਅੰਦਰ ਰੁੜ੍ਹਿਆ ਜਾਵੇ। ਲਹਿਰਾਂ ਦੇ ਵਿਚ ਰਲ ਗਏ ਓਵੇਂ, ਇਕ ਹੋ ਗਏ ਉਹ ਦਿਲਬਰ ਦੋਵੇਂ।
ਤਕਦੀਰ-ਤਦਬੀਰ
ਚੁਣੇ ਭੋਂ ਤੋਂ ਲੋਹੇ ਦੇ ਤਕਦੀਰ ਟੁਕੜੇ। ਬਣਾ ਦਿੱਤੇ ਖੰਜਰ ਉਹ ਆਖ਼ੀਰ ਟੁਕੜੇ। ‘ਸ਼ਰਫ਼’ ਉੱਠੀ ਤਦਬੀਰ ਪਰ ਪੁਰਜ਼ੇ ਛੰਡੇ, ਬਣੀ ਢਾਲ ਕਰ ਦਿੱਤੀ ਸ਼ਮਸ਼ੀਰ ਟੁਕੜੇ ।
ਨਵੀਂ ਪਨੀਰੀ
ਬੜਾ ਚੰਗਾ ਟੈਂਕਾਂ ਦਾ ਹਲ ਤੂੰ ਚਲਾਇਆ । ਜਹਾਜ਼ਾਂ ਨੇ ਬੀ ਸੋਹਣਾ ਬੰਬਾਂ ਦਾ ਪਾਇਆ। ਤੇਰੇ ਖੇਤ ਨੂੰ ਹੁਣ ‘ਸ਼ਰਫ਼’ ਦੇਖੇ ਪਿਆ, ਨਵੀਂ ਫ਼ਸਲ ਕਿੱਦਾਂ ਦੀ ਹੁੰਦੀ ਖ਼ੁਦਾਇਆ।
ਧੋਖੇ ਦੀ ਮੰਡੀ
ਅਮਾਮਾ ਚੁਰਾਇਆ ਤੇ ਤਸਬੀ ਤੁਰੰਡੀ ਹੈ ਚੋਗ਼ਾ ਬੀ ਲੰਮਾ ਤੇ ਦਾੜ੍ਹੀ ਹੈ ਛੰਡੀ । ਰਿਆਕਾਰੀ ਦੇ ‘ਸ਼ਰਫ਼’ ਵਿਕਦੇ ਨੇ ਸੌਦੇ, ਸਜਾਈ ਹੈ ਜ਼ਾਹਿਦ ਨੇ ਧੋਖੇ ਦੀ ਮੰਡੀ ।
ਕੋਰੀ ਚਿੱਠੀ
ਹੈ ਤਸਬੀ ਵੀ ਫਿਰਦੀ ਤੇ ਬੋਲੀ ਵੀ ਮਿੱਠੀ । ਰਿਆਕਾਰੀ ਤੇਰੀ ਦਿਖਾਵੇ ਦੀ ਡਿੱਠੀ ‘ਸ਼ਰਫ਼ ਵਾਚ ਲੀਤਾ ਮੈਂ ਮਜ਼ਮੂਨ ਸਾਰਾ, ਲਫ਼ਾਫ਼ਾ ਹੈ ਸੋਹਣਾ ਤੇ ਕੋਰੀ ਹੈ ਚਿੱਠੀ ।
ਇਨਸਾਨ
ਕਰੀਂ ਗ਼ੌਰ ਕੁਝ ਖ਼ਾਕ ਦੇ ਪੁਤਲਿਆ ਓ ! ਕੀਕਰ ਪੋਚਿਆ ਸੂ ਆਸ ਪਾਸ ਤੇਰਾ ? ਤੋੜਨ ਵਾਲੇ ਫ਼ੌਲਾਦ ਨੂੰ ਅੱਗ ਦੇ ਕੇ, ਕੂਲਾ ਰੇਸ਼ਮੀ ਕੀਤਾ ਸੂ ਮਾਸ ਤੇਰਾ। ਦੇਖਣ ਸੁਣਨ ਤੇ ਚੱਖਣ ਦੀ ਸੁਰਤ ਦੇ ਕੇ, ਥਾਂ ਥਾਂ ਰੱਖਿਆ ਹੋਸ਼ ਹਵਾਸ ਤੇਰਾ। ਅਕਲ ਬਖ਼ਸ਼ ਕੇ ਉੱਚੀ ਹਿਮਾਲੀਆ ਤੋਂ, ਕੀਤਾ ਡੂੰਘਾ ਸਮੁੰਦਰੋਂ ਕਿਆਸ ਤੇਰਾ । ਜਗੀ ਸ਼ਮ੍ਹਾ ਨੂੰ ਜਿਵੇਂ ਫ਼ਾਨੂਸ ਸੋਂਹਦਾ, ਸਜੇ ਇਸ ਤਰ੍ਹਾਂ ਤੈਨੂੰ ਲਬਾਸ ਤੇਰਾ। ਉਸ ਤੇ ਵਾਧਾ ਇਹ ਮਿਲ ਗਿਆ ਹੋਰ ਤੈਨੂੰ, ਖੋਹੇ ਦਿਲਾਂ ਨੂੰ ਬਚਨ-ਬਿਲਾਸ ਤੇਰਾ। ਜ਼ਰਾ ਮੁਖੜਾ ਆਪਣਾ ਦੇਖ ਤੇ ਸਹੀ, ਚੜ੍ਹਿਆ ਚੰਨ ਹੈ ਜਿਸ ਤਰ੍ਹਾਂ ਖ਼ਾਬ ਅੰਦਰ। ਸੂਰਜ ਹੋਰੀਂ ਵੀ ਖ਼ਾਲ ਦੀ ਓੜ੍ਹ ਕਮਲੀ, ਨੁਕਤੇ ਬਣੇ ਨੇ ਏਸ ਕਿਤਾਬ ਅੰਦਰ । ਚਿੱਟੇ ਦੰਦ ਤੇ ਸੂਤਵੇਂ ਹੋਠ ਤੇਰੇ, ਗਿਣੇ ਜਾਂਦੇ ਨੇ ਏਸ ਹਿਸਾਬ ਅੰਦਰ । ਜਿਵੇਂ ਫੁੱਲ ਗੁਲਾਬ ਤੇ ਮੋਤੀਏ ਦਾ, ਲੱਗੇ ਹੋਏ ਨੇ ਇੱਕੋ ਈ ਦਾਬ ਅੰਦਰ । ਮਸਤ ਕਰਨ ਲਈ ਰਿੰਦਾਂ ਤੇ ਸੂਫ਼ੀਆਂ ਨੂੰ, ਏਡਾ ਬਣਿਆ ਉਹ ਰਮਜ਼-ਸ਼ਿਨਾਸ ਤੇਰਾ। ਲੈ ਕੇ ਮਧ ਜਵਾਨੀ ਦੀ ਭਰ ਦਿੱਤਾ, ਡਕਡਕ ਇਹ ਨੂਰੀ ਗਲਾਸ ਤੇਰਾ। ਪਾਣੀ ਉਹ, ਖ਼ੂਬਸੂਰਤੀ ਇਹ ਤੇਰੀ, ਵੇਖ ਹੂਰਾਂ ਦੇ ਦਿਲ ਪਏ ਡੁਲ੍ਹਦੇ ਨੇ। ਹਸ ਹਸ ਕੇ ਜਦੋਂ ਤੂੰ ਕਰੇਂ ਗੱਲਾਂ, ਫੁੱਲ ਮੋਤੀਏ ਦੇ ਪਏ ਤੁਲਦੇ ਨੇ। ਗੁੱਸੇ ਨਾਲ ਜਦ ਭਵਾਂ ਭਵਾ ਲਏਂ ਤੂੰ, ਪਏ ਜੌਹਰ ਤਲਵਾਰ ਦੇ ਖੁਲ੍ਹਦੇ ਨੇ । ਤੇਰੀ ਟਹਿਲ ਨੂੰ ਪਾਣੀ ਤੇ ਅੱਗ ਮਿੱਟੀ, ਪੱਖੇ ਪਏ ਹਵਾਵਾਂ ਦੇ ਝੁਲਦੇ ਨੇ । ਜੋ ਵੀ ਮੰਗੇਂ ਤੂੰ ਦੇਂਦਾ ਏ ਝੱਟ ਤੈਨੂੰ, ਕਰਦਾ ਕਦੀ ਨਹੀਂ ਦਿਲ ਨਿਰਾਸ ਤੇਰਾ । ਵੇਖ, ਜਿਮੀਂ ਅਸਮਾਨ ਦਾ ਆਪ ਮਾਲਕ, ਬਣਿਆ ਹੋਇਆ ਏ ਕਿਸ ਤਰ੍ਹਾਂ ਦਾਸ ਤੇਰਾ। ਹੈ ਹੈ ਜ਼ਾਲਮਾ ! ਤਦ ਭੀ ਸਿਰ ਤੇਰਾ, ਕਦੀ ਓਹਦੀ ਹਜ਼ੂਰੀ 'ਚ ਝੁੱਕਦਾ ਨਹੀਂ। ਓਹਦਾ ਹੌਂਸਲਾ ਦੇਖ ਕਿ ਫੇਰ ਭੀ ਉਹ, ਹੱਥ ਦਇਆ ਦਾ ਤੇਰੇ ਤੋਂ ਚੁੱਕਦਾ ਨਹੀਂ। ਉਹਦੀਆਂ ਰਹਿਮਤਾਂ ਤੇ ਬਦੀਆਂ ਤੇਰੀਆਂ ਦਾ, ਝਗੜਾ ਏਸੇ ਈ ਗੱਲ ਤੇ ਮੁੱਕਦਾ ਨਹੀਂ। ਤੂੰ ਗੁਨਾਹ ਕਰਦਾ ਭਾਵੇਂ ਅੱਕ ਜਾਵੇਂ, ਪਰ ਉਹ ਰਹਿਮ ਕਰਦਾ ਕਦੇ ਉੱਕਦਾ ਨਹੀਂ। ਤੇਰੇ ਲਈ ਹੈ ਗੱਲ ਇਹ ‘ਸ਼ਰਫ਼' ਲਾਜ਼ਮ, ਸਾਰੀ ਉਮਰ ਇਹ ਰਹਵੇ ਅਭਿਆਸ ਤੇਰਾ । ਉਹਦੀ ਯਾਦ ਦੇ ਬਾਝ ਨਾ-ਸ਼ੁਕਰਿਆ ਓ ! ਖ਼ਾਲੀ ਇੱਕ ਬੀ ਜਾਏ ਨਾ ਸੁਆਸ ਤੇਰਾ।
ਸਾਕੀ
ਮਗ਼ਰਬ ਦੇ ਸਾਕੀ ਬਸ ਕਰੀਂ, ਇਹ ਮਹਿਫ਼ਲ ਉੱਜੜ ਚੱਲੀ ਏ । ਇਹ ਕਹੀ ਸ਼ਰਾਬ ਪਿਲਾਈ ਤੂੰ, ਜਿਸ ਪਾ ਦਿੱਤੀ ਤਰਥੱਲੀ ਏ। ਕਿਤੇ ਵੈਣਾਂ ਝੜੀਆਂ ਲਾਈਆਂ ਨੇ, ਕਿਤੇ ਚੀਕਾਂ ਰੋਣੇ ਪੈਂਦੇ ਨੇ । ਕਿਤੇ ਪੈਮਾਨੇ ਪਏ ਟੁੱਟਦੇ ਨੇ, ਕਿਤੇ ਮੈਖ਼ਾਨੇ ਪਏ ਢਹਿੰਦੇ ਨੇ। ਫੁਲ ਖੇਰੂੰ ਖੇਰੂੰ ਹੋ ਗਏ ਨੇ, ਕਲੀਆਂ ਦੇ ਹੰਝੂ ਚੋਂਦੇ ਨੇ । ਤਕ ਤਕ ਕੇ ਤੀਲੇ ਆਲ੍ਹਣੇ ਦੇ, ਪਏ ਹੁਸਨ ਦੇ ਪੰਛੀ ਰੋਂਦੇ ਨੇ । ਤੇਰੀ ਸਾਇੰਸ ਵਾਲੀ ਨਾਚੀ ਨੇ, ਅਜ ਕੀਤੇ ਬੜੇ ਬਤਾਵੇ ਨੇ । ਹੋਠਾਂ ਦੀ ਸੁਰਖ਼ੀ ਦਸ ਦਸ ਕੇ, ਧਰਤੀ 'ਚੋਂ ਕੱਢੇ ਲਾਵੇ ਨੇ। ਹੱਸ ਹੱਸ ਕੇ ਬੰਬਾਂ ਟੈਂਕਾਂ ਦੇ, ਇਸ ਕੀਤੇ ਐਸੇ ਤੋੜੇ ਨੇ । ਅਰਸ਼ਾਂ ਦੇ ਕਿੰਗਰੇ ਕੰਬ ਗਏ, ਤੇ ਤੜਫ਼ ਉਠੇ ਜਲ੍ਹੋੜੇ ਨੇ । ਗੈਸਾਂ ਦੇ ਗੈਸੂ ਖੋਲ੍ਹ ਕੇ ਤੇ, ਇਕ ਨਾਚ ਅਨੋਖਾ ਕੀਤਾ ਸੂ । ਜਿਸ ਰਿੰਦ ਨੂੰ ਘੁੱਟ ਪਿਆ ਦਿੱਤੀ, ਲਹੂ ਓਸੇ ਦਾ ਫੜ ਪੀਤਾ ਸੂ। ਏਸੇ ਨੂੰ ਅੰਮ੍ਰਿਤ ਕਹਿੰਦਾ ਸੈਂ ? ਤੂੰ ਏਸੇ ਮੱਧ ਤੇ ਡੁੱਲ੍ਹਾ ਸੈਂ? ਏਸੇ ਦਾ ਨਾਜ਼ ਜਤਾਂਦਾ ਸੈਂ ? ਏਸੇ ਤੇ ਬਹੁਤਾ ਫੁੱਲਾ ਸੈਂ ? ਜਿਸ ਚੈਨ ਦੇ ਨੈਣਾਂ ਅੰਦਰ ਹੈ, ਵੈਣਾਂ ਦਾ ਕੱਜਲ ਭਰ ਦਿੱਤਾ। ਜਿਸ ਅਮਨ ਅਮਾਨ ਦੇ ਗੁਲਸ਼ਨ ਨੂੰ, ਹੈ ਕੋਲੇ ਕੋਲੇ ਕਰ ਦਿੱਤਾ। ਕੁਦਰਤ ਦੇ ਕੌਲ ਮੁਤਾਬਕ ਵੀ, ਤੇਰੀ ਮਹਿਫ਼ਲ ਉੱਜੜ ਜਾਣੀ ਸੀ। ਤੇਰੇ ਦੁੱਖਾਂ ਵਾਲੇ ਦਾਰੂ ਦੇ ਵਿਚ, ਦਹਿਰੀਅਤ ਦਾ ਪਾਣੀ ਸੀ। ਤੂੰ ਹੁਣ ਬੀ ਜੀਹਦੀ ਲਿਸ਼ਕਣ ਤੇ, ਪਿਆ ਹਸ ਹਸ ਕਰਦਾ ਮਾਣਾ ਏਂ। ਇਹ ਤੇਰਾ ਜਾਮ ਸੁਰਾਹੀ ਭੀ, ਹੁਣ ਖਹਿ ਖਹਿ ਕੇ ਟੁਟ ਜਾਣਾ ਏਂ। ਕੰਨ ਖੋਲ੍ਹ ਕੇ ਸਾਕੀ ਪੱਛੋਂ ਦੇ, ਅਜ ਗੱਲ ਅਸਾਡੀ ਸੁਣ ਲੈ ਤੂੰ । ਤੇਰੇ ਸ਼ੀਸ਼ੇ ਸਾਨੂੰ ਚੁਭਦੇ ਨੇ, ਇਹ ਛੇਤੀ ਛੇਤੀ ਚੁਣ ਲੈ ਤੂੰ । ਹੁਣ ਸਾਡੇ ਪਿਆਰੇ ਸਾਕੀ ਨੇ, ਇਸ ਮਹਿਫ਼ਲ ਦੇ ਵਿਚ ਆਉਣਾ ਏਂ। ਜਿਨ੍ਹੇ ‘ਮੱਕੀ' ਮੈ ਪਿਲਾਉਣੀ ਏਂ, ਤੇ ‘ਮਦਨੀ' ਨਸ਼ਾ ਚੜ੍ਹਾਉਣਾ ਏਂ । ਉਠ ਪਾਕਿਸਤਾਨ ਦੇ ਸਾਕੀ ਓ ! ਹੁਣ ਤੇਰੀ ਵਾਰੀ ਆਈ ਏ। ਜ਼ਰਾ ਰੰਗ ਅੰਬਰ ਦੇ ਦੇਖੀਂ ਤੂੰ, ਕੀ ਇਹਨਾਂ ਸ਼ਕਲ ਵਟਾਈ ਏ । ਤੇਰੇ ਸਦਕੇ ਯਾਰ ਕਲਾਲਾ ਓ ! ਅਜ ਏਨਾ ਉੱਦਮ ਕਰ ਦੇ ਤੂੰ । ਜਿਹੜੀ ਪਈ ਸ਼ਰਾਬ ਪੁਰਾਣੀ ਏ, ਲਿਆ ਮਹਿਫ਼ਲ ਦੇ ਵਿਚ ਧਰ ਦੇ ਤੂੰ । ਲਹਿੰਦੇ ਤੋਂ ਬਦਲੀ ਆਈ ਏ, ਉਠ ਕਿਸਮਤ ਨੂੰ ਬਦਲਾ ਸਾਕੀ ! ਤੇਰੀ ਮੱਧ ਪੁਰਾਣੀ ਹੈ ਭਾਵੇਂ, ਪਰ ਮਸਤੀ ਨਵੀਂ ਚੜ੍ਹਾ ਸਾਕੀ ! ਰਿੰਦਾਂ ਨੇ ਰੌਲਾ ਪਾਇਆ ਈ, ਅਜ ਵਿਗੜੀ ਸਾਖ ਬਣਾ ਦੇ ਤੂੰ । ਪਿਆ ਗਿਰਵੀ ਤੇਰਾ ਮੈਖ਼ਾਨਾ, ਇਹਨੂੰ ਹੰਬਲਾ ਮਾਰ ਛੁਡਾ ਦੇ ਤੂੰ । ਉਠ ! ਸ਼ੋਰ ਸੁਰਾਹੀ ਸਾਗਰ ਦਾ, ਫਿਰ ਮਹਿਫ਼ਲ ਵਿਚ ਸੁਣਾ ਦੇਵੀਂ। ਤੇਰੇ ਪਿਆਕਲ ਪਿਆਸੇ ਫਿਰਦੇ ਨੇ, ਰੂਹਾਨੀ ਜਾਮ ਪਿਲਾ ਦੇਵੀਂ। ਤੇਰੇ ਰਿੰਦਾਂ ਮਸਤਾਂ ਗਾਹਕਾਂ ਦਾ, ਫਿਰ ਦਾਰੂਖ਼ਾਨਾ ਸਜ ਜਾਵੇ। ਫਿਰ ਉਜੜੀ ਪੁਜੜੀ ਮਹਿਫ਼ਲ ਦਾ, ਅਜ ਠਾਠ ਨਵੇਂ ਸਿਰ ਬਝ ਜਾਵੇ। ਤੂੰ ਪਾਕਿਸਤਾਨ ਦਾ ਸਾਕੀ ਏਂ, ਪਿਆਲੇ ਵਿਚ ਸੂਰਜ ਪਾ ਦੇਵੀਂ । ਜਿਹੀ ਭੱਠੀ ਠੰਢੀ ਪੈ ਗਈ ਏ, ਉਹਨੂੰ ਏਦਾਂ ਨਾਲ ਭਖ਼ਾ ਦੇਵੀਂ। ਫਿਰ ਤੇਰੇ ਰਿੰਦਾਂ ਮਸਤਾਂ ਦੇ ਵਿਚ, ਪ੍ਰੇਮ-ਕਹਾਣੀ ਛਿੜ ਜਾਵੇ । ਫਿਰ ਮੌਸਮ ਆਉਣ ਬਹਾਰਾਂ ਦੇ, ਫਿਰ ਅਮਨ ਦਾ ਗੁਲਸ਼ਨ ਖਿੜ ਜਾਵੇ। ਛਡ ਤੋੜ ਬਲੌਰੀ ਕੰਟਰ ਨੂੰ, ਫੜ ਮਟ ਇਸਲਾਮ ਪਿਆਰੇ ਦਾ । ਭਰ ਭਰ ਕੇ ਜਾਮ ਪਿਲਾਈ ਜਾ, ਤੂੰ ਅਜ ‘ਇਕਬਾਲ' ਦੁਲਾਰੇ ਦਾ । ਤੇਰੇ ਸਦਕੇ ਜਾਵਾਂ ਸਜਣਾ ਓ ! ਅੱਜ ਏਨਾ ਕਰਮ ਕਮਾ ਦੇਵੀਂ। ਜਿਹੜੀ ਮਹਿਫ਼ਲ ਦੋਜ਼ਖ਼ ਬਣ ਗਈਏ, ਉਹਨੂੰ ਫੇਰ ਬਹਿਸ਼ਤ ਬਣਾ ਦੇਵੀਂ। ਸਦਾ ਮੌਜਾਂ ਮਾਣੇ ਦੁਨੀਆਂ ਤੇ, ਤੇਰਾ ‘ਸ਼ਰਫ਼’ ਸਿਤਾਰਾ ਹਸਦਾ ਰਹੇ । ਪਈ ਵੱਸੇ ਮਹਿਫ਼ਲ ਰਿੰਦੀ ਦੀ, ਨਾਲੇ ਤੇਰਾ ਠੇਕਾ ਵਸਦਾ ਰਹੇ ।
ਮਜ਼ਦੂਰ
ਬੜੇ ਸੋਹਣੇ ਸੋਹਣੇ, ਬੜੇ ਪਿਆਰੇ ਪਿਆਰੇ। ਪਏ ਦਿਸਦੇ ਉੱਚੇ ਇਹ ਜਿਹੜੇ ਚੁਬਾਰੇ । ਉਸਾਰੇ ਮੈਂ ਸਾਰੇ ਇਹ ਸਿਰ ਦੇ ਸਹਾਰੇ । ਮੈਂ ਲਾਏ ਨੇ ਲਹੂਆਂ ਦੇ ਇੱਟਾਂ ਤੇ ਗਾਰੇ । ਮੇਰੀ ਜਾਨ ਸੂਲੀ ਤੇ ਲਟਕੀ ਰਹੀ ਹੈ। ਜਹੰਨਮ ਦੇ ਵਿਚਕਾਰ ਅਟਕੀ ਰਹੀ ਹੈ। ਮੈਂ ਗੋ ਉੱਤੇ ਗਾਰਾ ਪੁਚਾਂਦਾ ਰਿਹਾ ਹਾਂ। ਸੁਹਾਗਣ ਨੂੰ ਬੇਵਾ ਬਣਾਂਦਾ ਰਿਹਾ ਹਾਂ । ਮੈਂ ਹੱਡਾਂ ਨੂੰ ਪੀਹ ਪੀਹ ਕੇ ਗਾਰਾ ਬਣਾਇਆ। ਬੁੜਾਪੇ ਨੂੰ ਸਜਦਾ ਹੈ ਸੌ ਸੌ ਕਰਾਇਆ। ਮੈਂ ਕੱਖ ਅਪਣੀ ਕੁੱਲੀ ਦੇ ਲਾ ਲਾ ਕੇ ਸਾਰੇ । ਬਣਾਏ ਸਜਾਏ ਇਹ ਬੰਗਲੇ ਪਿਆਰੇ । ਨਹੀਂ ਬਲਬ ਐਂਵੇਂ ਇਹ ਬਿਜਲੀ ਦਾ ਬਲਦਾ। ਹੈ ਤਾਰਾਂ ਦੇ ਅੰਦਰ ਮੇਰਾ ਖ਼ੂਨ ਜਲਦਾ । ਹਵਾ ਠੰਢੀ ਐਵੇਂ ਨਹੀਂ ਦੇਂਦੇ ਇਹ ਪੱਖੇ । ਮੈਂ ਇਹਨਾਂ 'ਚ ਭਰ ਭਰ ਕੇ ਹੌਕੇ ਨੇ ਰੱਖੇ । ਮੇਰਾ ਹੰਝੂ ਹੰਝੂ ਹੈ ਨਲਕੇ ਚੋਂ ਚੋਂਦਾ। ਇਹਦੇ ਨਾਲ ਧਨਵਾਨ ਮੁਖੜਾ ਹੈ ਧੋਂਦਾ। ਮੇਰੇ ਹੱਥਾਂ ਉੱਤੋਂ ਜੋ ਹੈ ਮਾਸ ਛਣਦਾ । ਉਹ ਹੈ ਉਹਦੇ ਹੱਥਾਂ ਦੇ ਦਸਤਾਨੇ ਬਣਦਾ । ਮੈਂ ਦਿਲ ਉੱਤੇ ਸੜ ਸੜ ਕੇ ਛਾਲੇ ਨੇ ਪਾਏ। ਮਗਰ ਉਹਦੇ ਸੀਨੇ ਤੇ ਮੋਤੀ ਸਜਾਏ। ਮੇਰਾ ਸੁੱਕਾ ਪਿੰਜਰ ਚਲਾਵੇ ਮਸ਼ੀਨਾਂ। ਮੇਰੇ ਅੰਨ੍ਹੇ ਡੇਲੇ ਬਣੇ ਦੂਰਬੀਨਾਂ । ਜਹਾਜ਼ਾਂ ਨੂੰ ਅੰਬਰ ਚੜ੍ਹਾਇਆ ਤੇ ਮੈਂ ਈ। ਪਰਾਂ ਬਾਝੋਂ ਲੋਹਿਆ ਉਡਾਇਆ ਤੇ ਮੈਂ ਈ। ਮੈਂ ਇੰਜਣ ਦੇ ਸੀਨੇ 'ਚ ਮੇਖਾਂ ਨੇ ਲਾਈਆਂ। ਤਦੇ ਮਾਰੇ ਚੀਕਾਂ ਤੇ ਪਾਵੇ ਦੁਹਾਈਆਂ । ਹਨੇਰੇ ਸਵੇਰੇ ਮੈਂ ਖੇਤਾਂ 'ਚ ਜਾਵਾਂ। ਮੈਂ ਕਾਮਾਂ ਸਦਾਵਾਂ, ਮੈਂ ਖੂਹ ਨੂੰ ਚਲਾਵਾਂ । ਦੁਪਹਿਰਾਂ ਦੇ ਅੰਦਰ ਮੈਂ ਪਿੰਡੇ ਨੂੰ ਸਾੜਾਂ । ਕਹੀ ਨਾਲ ਸੀਨਾ ਜ਼ਮੀਨਾਂ ਦਾ ਪਾੜਾਂ । ਕਿਆਰੇ ਦੇ ਆਰੇ ਮੈਂ ਦਿਲ ਤੇ ਚਲਾਵਾਂ। ਮੈਂ ਵੱਟਾਂ 'ਚ ਘੁਲ ਘੁਲ ਕੇ ਵੱਟਾਂ ਬਣਾਵਾਂ । ਸਿਆਲਾਂ ਦੀ ਸਰਦੀ ਮੈਂ ਸੀਨੇ ਤੇ ਜਰਦਾ । ਮੈਂ ਖਾ ਖਾ ਕੇ ਫਾਂਡੇ ਹਵਾਵਾਂ 'ਚ ਠਰਦਾ । ਓਦੋਂ ਹੋਵੇ ਨਿੱਘੀ ਬੁੱਕਲ ਉਹਨੇ ਕੀਤੀ । ਮੈਂ ਪਾਟੀ ਜਹੀ ਭੂਰੀ ਹੋਵੇ ਸਿਰ ਤੇ ਲੀਤੀ। ਮੇਰੇ ਭਾਗ ਉੱਤੇ ਮੇਰਾ ਮੱਥਾ ਰੋਵੇ। ਉਹ ਬਣ ਬਣ ਕੇ ਮੁੜ੍ਹਕਾ ਸਿਆੜਾਂ ! 'ਚ ਚੋਵੇ । ਖਿਲਾਰਾਂ ਮੈਂ ਜਿਹੜੇ, ਉਹ ਮੁੜ੍ਹਕੇ ਦੇ ਦਾਣੇ। ਨਿਕਲ ਆਉਣ ਬਣ ਕੇ ਉਹ ਸਿੱਟੇ ਸੁਹਾਣੇ। ਮੈਂ ਵੱਢਾਂ ਤੇ ਢੋਵਾਂ ਤੇ ਮਰ ਮਰ ਕੇ ਗਾਹਵਾਂ । ਅਨਾਜ਼ਾਂ ਦੀ ਬਾਰਸ਼ ਮੈਂ ਛੱਜੀਂ ਵਸਾਵਾਂ। ਬਣਨ ਢੇਰ ਦਾਣੇ, ਮੇਰੇ ਨੈਣ ਹੱਸਣ । ਤੇ ਖ਼ੁਸ਼ੀਆਂ ਦੇ ਮੋਤੀ ਕਿਤੇ ਹੋਰ ਵੱਸਣ । ਜਿਹੜਾ ਸੂਟ ਹੈ ਉਹਦੇ ਪਿੰਡੇ ਤੇ ਬਣਿਆ। ਨਤਾਣੇ ਨੇ ਤਾਣਾ ਹੈ ਉਹਦਾ ਵੀ ਤਣਿਆ । ਇਹ ਮੈਨੂੰ ਈ ਪੈ ਗਏ ਨੇ ਡਾਕੇ ਤੇ ਧਾੜਾਂ । ਇਹ ਤੰਦਾਂ ਨਾ ਜਾਣੀ ਇਹ ਮੇਰੀਆਂ ਨੇ ਨਾੜਾਂ । ਬਣਾਏ ਭੁੱਖੇ ਰਹਿ ਕੇ ਮੈਂ ਵੀ ਇਹ ਧਾਗੇ। ਸਜਾਏ ਨੇ ਪਿੰਡੇ, ਉਹਦੇ ਭਾਗ ਜਾਗੇ। ਦੁਹਾਈ ! ਦੁਹਾਈ ! ਦੁਹਾਈ ! ਦੁਹਾਈ ! ਮੇਰੀ ਕਦਰ ਲੋਕਾਂ ਨੇ ਤਾਂ ਵੀ ਨਾ ਪਾਈ । ਮੇਰੇ ਪੇਟ ਭੁੱਖੇ ਤੇ ਪਾ ਪਾ ਕੇ ਬੋਝੇ । ਭਰੇ ਦੌਲਤਾਂ ਨਾਲ ਅਪਣੇ ਉਹ ਬੋਝੇ । ਨਵੇਂ ਨੋਟ ਜਿਹੜੇ ਉਹਦੀ ਜੇਬ ਖੜਕਣ । ਮੇਰੇ ਮਾੜੇ ਜੁੱਸੇ ਦੇ ਇਹ ਬੰਦ ਕੜਕਣ । ਰੁਪਈਆਂ ਤੇ ਪੌਂਡਾਂ ਨੇ ਛਣ ਛਣ ਜੋ ਲਾਈ। ਜੀਆ ਜੰਤ ਮੇਰੇ ਦੀ ਹੈ ਇਹ ਦੁਹਾਈ। ਮੇਰੇ ਚਿਹਰੇ ਉੱਤੇ ਜੋ ਛਾਈ ਹੈ ਜ਼ਰਦੀ । ਇਹ ਬਣ-ਬਣ ਕੇ ਸੋਨਾ ਉਹਦੇ ਘਰ ਹੈ ਵਰ੍ਹਦੀ । ਕਰੇ ਓਹਦਾ ਰੇਡੀਉ ਵੀ ਰੋ ਰੋ ਪੁਕਾਰਾਂ। ਸੁਣੇ ਮੇਰੇ ਦੁੱਖਾਂ ਦੇ ਜਦ ਗੀਤ, ਵਾਰਾਂ। ਤਮਾਸ਼ਾ ਸਮਝ ਕੇ ਨਾ ਦਿਲ ਤੇ ਉਹ ਲਾਵੇ। ਮੇਰੀ ਅਰਜ਼ ਅਰਜ਼ੀ ਹਵਾ ਵਿਚ ਉਡਾਵੇ । ਮੈਂ ਕਾਰੀਗਰੀ ਇਕ ਦਿਨ ਐਸੀ ਵਿਖਾਈ । ਪਰੀ ਵਰਗੀ ਉਹਦੇ ਲਈ ਮੋਟਰ ਬਣਾਈ। ਖਿਲਾਰੀ ਸੀ ਉਹਨੇ ਵੀ ਦੌਲਤ ਦੀ ਫਾਹੀ। ਕਿਤੋਂ ਜਾ ਕੇ ਫ਼ੈਸ਼ਨ ਦੀ ਤਿਤਰੀ ਫਸਾਈ । ਲਿਆਇਆ, ਤੇ ਮੋਟਰ ਦੇ ਉੱਤੇ ਬਿਠਾਈ । ਨਿਗਾਹਵਾਂ ਨੂੰ ਮੈ ਹੁਸਨ ਵਾਲੀ ਪਿਲਾਈ। ਨਸ਼ੇ ਅੰਦਰ ਮੋਟਰ ਵੀ ਤਿੱਖੀ ਚਲਾਈ । ਉਹ ਐਸੀ ਉਡਾਈ ! ਉਹ ਐਸੀ ਉਡਾਈ । ਕਿ ਮੈਨੂੰ ਈ ਪਹੀਏ ਦੇ ਥੱਲੇ ਦਬਾਇਆ। ਮੇਰੇ ਥੋਥੇ ਹੱਡਾਂ ਦਾ ਕਿੱਸਾ ਮੁਕਾਇਆ । ਜੇ ਹੁਣ ਪੁੱਛੇ ਕੋਈ ਉਹ ਮੋਇਆ ਹੈ ਜਿਹੜਾ ? ਉਹ ਕਿੱਥੋਂ ਦਾ ਹੈਸੀ ਤੇ ਹੈਸੀ ਉਹ ਕਿਹੜਾ ? ਜਵਾਬ ਅੱਗੋਂ ਦੇਵੇ ‘ਸ਼ਰਫ਼’ ਇਹ ਕਰਾਰਾ। 'ਇਹ ਮਜ਼ਦੂਰ ਮੂਰਖ ਸੀ ਕੋਈ ਨਕਾਰਾ।'
ਕਿਸਾਨ
ਕਿਸਾਨਾਂ ਦੇ ਪੁੱਤਰ ! ਪੰਜਾਬੀ ਸ਼ਾਹਜ਼ਾਦੇ ! ਜ਼ਮੀਨਾਂ ਦੇ ਮਾਲਕ ਤੇ ਖੂਹਾਂ ਦੇ ਦਾਦੇ ! ਕਪਾਹਾਂ ਦੇ ਸਾਈਂ, ਕਮਾਦਾਂ ਦੇ ਵੀਰੇ। ਮਕਈਆਂ ਦੇ ਮੋਤੀ ਜਵਾਰਾਂ ਦੇ ਹੀਰੇ। ਓ ਕਣਕਾਂ ਦੇ ਬਾਪੂ ! ਓ ਚੌਲਾਂ ਦੇ ਚਾਚੇ ! ਤੇਰੇ ਹੋਸ਼ ਨੀਂਦਰ 'ਚ ਕਿੱਥੇ ਗੁਆਚੇ ? ਜ਼ਰਾ ਖੋਲ੍ਹੀਂ ਅੱਖਾਂ ਤੇ ਵੇਖੀਂ ਜਵਾਨਾ ! ਗਿਆ ਪੁੱਜ ਕਿੱਥੋਂ ਦਾ ਕਿੱਥੇ ਜ਼ਮਾਨਾ । ਜੁਲਾਹੇ ਤੇ ਮੋਚੀ, ਅਰਾਈਂ, ਕਸਾਈ । ਲੜੀ ਆਪੋ ਅਪਣੀ ਹੈ ਸਭਣਾਂ ਸਜਾਈ । ਤੇਰਾ ਭਾਗ ਲੁੱਟਣ ਲਈ ਸ਼ਾਹੂਕਾਰਾਂ। ਬਣਾਈਆਂ ਸਭਾਵਾਂ, ਚਲਾਈਆਂ ਨੇ ਕਾਰਾਂ । ਕੁੜਾਂ, ਖੁਰਲਿਆਂ, ਵਾਹਣਾਂ, ਵੱਟਾਂ ਦੇ ਉੱਤੇ । ਬੜਾ ਚਿਰ ਰਹੇ ਨੇ ਤੇਰੇ ਭਾਗ ਸੁੱਤੇ। ਜ਼ਰਾ ਤੂੰ ਵੀ ਭਾਗਾਂ ਨੂੰ ਦੇ ਹੁਣ ਹਲੂਣਾ। ਘੜੀ ਮਿੱਠੀ ਮਿੱਠੀ, ਸਮਾਂ ਹੈ ਸਲੂਣਾ। ਤੂੰ ਵੇਖੀਂ ਓ ਚੰਨਾਂ ! ਤੂੰ ਵੇਖੀਂ ਜਵਾਨਾ ! ਪਿਆ ਤੇਰੀ ਪਗੜੀ ਨੂੰ ਦੇਖੇ ਜ਼ਮਾਨਾ। ਹੈ ਪੈਲੀ ਬੀ ਤੇਰੀ, ਤੇਰੇ ਹੈਣ ਬੂਟੇ । ਖ਼ੁਸ਼ੀ ਟਾਹਣੀ ਟਾਹਣੀ ਤੇ ਸਾਡੇ ਪਈ ਝੂਟੇ । ਮਜ਼ਾਰੇ ਤੇ ਕੰਮੀਂ, ਤੇ ਵਾਢੇ ਤੇ ਵਾਗੀ। ਪਖੇਰੂ ਤੇ ਪੰਛੀ ਪਾਉਣ ਤੇਰੀ ਬਾਘੀ । ਨਿਆਂ ਨਾਲ ਤੇਰਾ ਮੈਂ ਰੁਤਬਾ ਹੈ ਜਾਤਾ । ਖ਼ੁਦਾ ਕੋਲੋਂ ਥੱਲੇ ਹੈਂ ਤੂੰ ਅੰਨ-ਦਾਤਾ । ਤੂੰ ਵੱਸੇਂ ਤੇ ਦੁਨੀਆਂ ਦਾ ਹੁੰਦਾ ਏ ਵਾਸਾ । ਤੇਰੀ ਮੁਸਕੜੀ ਵਿਚ ਜ਼ਮਾਨੇ ਦਾ ਹਾਸਾ। ਗਵਾਵੇਂ ਤੂੰ ਨੀਂਦਾਂ, ਤੇ ਛੱਡੇਂ ਤੂੰ ਝੋਕਾਂ । ਤੂੰ ਵੇਖੇਂ ਨਾ ਤੇਰਾ ਲਹੂ ਪੀਣ ਜੋਕਾਂ । ਹੈ ਏਸੇ ਈ ਅੰਦਰ ਤੇਰੀ ਅਕਲ-ਮੰਦੀ। ਕਿਸਾਨਾਂ ਦੀ ਮਿਲ ਕੇ ਬਣਾ ਜੱਥੇਬੰਦੀ। ਮੁਹੱਬਤ ਦੇ ਦਾਰੂ ਦਾ ਪੀ ਕੇ ਪੈਮਾਨਾ। ਤੂੰ ਇੱਕੋ ਹੜੱਪੇ 'ਚ ਟੱਪ ਜਾ ਜ਼ਮਾਨਾ ।
ਜੱਟਾ
ਤੂੰ ਹੈਂ ਸਾਰੇ ਜਹਾਨ ਦਾ ਅੰਨ-ਦਾਤਾ, ਕਰ ਕੇ ਦੇਖ ਖਾਂ ਜ਼ਰਾ ਖ਼ਿਆਲ ਜੱਟਾ ! ਪੁੱਛਾਂ ਸੱਚ, ਬੇ-ਇਲਮੀ ਦੇ ਝੱਖੜਾਂ ਨੇ, ਕਰ ਦਿੱਤਾ ਏ ਤੈਨੂੰ ਕੰਗਾਲ ਜੱਟਾ ! ਤੇਰੀ ਪੱਗ ਨੂੰ ਜੱਗ ਲਤਾੜ ਗਿਆ, ਹੁਣ ਤੇ ਉੱਠ ਕੇ ਹੋਸ਼ ਸੰਭਾਲ ਜੱਟਾ ! ਵੱਤਰ ਤੇਰੀ ਖ਼ੁਸ਼ਹਾਲੀ ਦਾ ਸੁੱਕਦਾ ਏ, ਪੈਲੀ ਖੇਤ ਪਏ ਹੋਣ ਬੇਹਾਲ ਜੱਟਾ । ਜੋਵੀਂ ਜੋਗ ਹੁਣ ਹੋਸ਼ ਤੇ ਅਕਲ ਵਾਲੀ, ਹੱਥੋਂ ਛੱਡ ਪੁਰਾਣੀ ਤੂੰ ਚਾਲ ਜੱਟਾ ! ਹਲ ਉੱਦਮ ਦਾ ਚਾਈਂ, ਸਿਆੜ ਲਾਈਂ, ਵਾਹੀਂ ਮਰਲਾ, ਘੁਮਾਂ, ਕਨਾਲ ਜੱਟਾ ! ਬੀ ਬੀਜ ਕੇ ਦੂਰ-ਅੰਦੇਸ਼ੀਆਂ ਦਾ, ਤਨੋਂ ਮਨੋਂ ਤੂੰ ਬਣੀ ਰਖਵਾਲ ਜੱਟਾ ! ਫੇਰੀਂ ਫੇਰ ਸੁਹਾਗਾ ਤੂੰ ਹਿੰਮਤਾਂ ਦਾ, ਬੜੇ ਸ਼ੌਕ ਪਿਆਰ ਦੇ ਨਾਲ ਜੱਟਾ ! ਤਾਂਘਾਂ ਤੋੜ ਕੇ ਗ਼ੈਰ ਤੇ, ਫੜੀਂ ਸਾਂਗਾਂ, ਕੱਢੀ ਵੱਟਾਂ, ਕਿਆਰੇ ਕਮਾਲ ਜੱਟਾ ! ਪੁੰਗਰ ਪਏ ਪਨੀਰੀ ਅਮੀਰੀ ਵਾਲੀ, ਹੋਵੇ ਹਾੜੀ ਤੇ ਸਾਉਣੀ ਸੁਕਾਲ ਜੱਟਾ ! ਸੋਕਾ ਆਲਸ ਦਾ ਪਵੇ ਨਾ ਪੈਲੀਆਂ ਨੂੰ, ਨਹਿਰ ਜੋਸ਼ ਦੀ ਲਵੀਂ ਤੂੰ ਭਾਲ ਜੱਟਾ ! ਮੋਘੇ, ਸੂਏ, ਦਹਾਨੇ ਤੇ ਕੱਢਨਾ ਏਂ, ਪਰ ਇਤਫ਼ਾਕ ਦਾ ਖਾਲ ਵੀ ਖਾਲ ਜੱਟਾ ! ਖੂਹ ਗਾਧੀ, ਨਸਾਰ, ਝਲਾਰ ਟਿੰਡਾਂ, ਔਲੂ, ਆਡ, ਕੁੱਤਾ ਤੇਰੇ ਨਾਲ ਜੱਟਾ ! ਚੰਨਾ ! ਢੋਲ ਝਵੱਕਲੀ, ਮਾਹਲ, ਕਾਂਜਣ, ਗਾਵਣ ਗੀਤ ਤੇਰੇ ਹੋ ਖ਼ੁਸ਼ਹਾਲ ਜੱਟਾ ! ਪੋਹਲੀ ਕਰਜ਼ੇ ਦੀ ਪੁੱਟ ਕੇ ਬਾਹਰ ਸੁੱਟੀਂ, ਹੱਥੀਂ ਇਲਮ ਦੀ ਪਗੜ ਕੁਦਾਲ ਜੱਟਾ ! ਗੋਡੀ ਭੈੜੀਆਂ ਰਸਮਾਂ ਨੂੰ ਕਰੀਂ ਐਸੀ, ਹੋਵੇ ਫ਼ਸਲ ਤੇਰੀ ਲਾਲੋ ਲਾਲ ਜੱਟਾ ! ਅਹਿਣ ਆਣ ਕੇ ਕਿਤੋਂ ਕੁਰੀਤੀਆਂ ਦੀ, ਚੱਟ ਜਾਏ ਨਾ ਧੰਨ ਤੇ ਮਾਲ ਜੱਟਾ ! ਲੈ ਕੇ ਦਾਤਰੀ ਪਿਆਰ ਤੇ ਆਹਰ ਵਾਲੀ, ਵੱਢੀਂ ਫ਼ਸਲ ਨੂੰ ਖ਼ੂਬ ਸੰਭਾਲ ਜੱਟਾ ! ਪਾਵੀਂ ਗਾਹ ਇਖ਼ਲਾਕ ਦਾ ਗਹੁ ਕਰ ਕੇ, ਦੇਵੀਂ ਛੱਡ ਤੂੰ ਨਸ਼ੇ, ਪਲਾਲ ਜੱਟਾ ! ਜਿਵੇਂ ਬੋਹਲ 'ਚੋਂ ਕਣਕ ਵਗਾਹ ਕੇ ਤੇ, ਤੂੜੀ ਦੇਨਾ ਏਂ ਵਖ ਵਿਖਾਲ ਜੱਟਾ ! ਏਸੇ ਤਰ੍ਹਾਂ ਹੀ ਪਰ੍ਹਿਆ ਦੇ ਵਿਚ ਬਹਿ ਕੇ, ਕੱਟੀਂ ਝਗੜਿਆਂ ਵਾਲੇ ਜੰਜਾਲ ਜੱਟਾ ! ਸਿਰ ਤੇ ਚੁੱਕ ਕੇ ਭਾਰ ਕਚਹਿਰੀਆਂ ਦਾ, ਲਵੀਂ ਜ਼ਿੰਦਗੀ ਐਵੇਂ ਨਾ ਗਾਲ ਜੱਟਾ ! ਜੇ ਤੂੰ ਇਸ ਤਰ੍ਹਾਂ ਜੱਗ ਦੇ ਸੱਚੇ ਅੰਦਰ, ਲਿਆ ਆਪਣੇ ਆਪ ਨੂੰ ਢਾਲ ਜੱਟਾ ! ਕਰੇ ਕੁਰਕ ਜੋ ਤੇਰਿਆਂ ਦਾਣਿਆਂ ਨੂੰ, ਕਿਸੇ ਸ਼ਾਹ ਦੀ ਨਹੀਂ ਮਜਾਲ ਜੱਟਾ ! ਇਲਮਦਾਰ ਨਾ ਲੁੱਟ ਕੇ ਖਾਣ ਤੈਨੂੰ, ਜੇਕਰ ਪੜ੍ਹੇ ਹੋਵਣ ਤੇਰੇ ਬਾਲ ਜੱਟਾ ! ਫਿਰ ਤੂੰ ਆਪ ਹੀ ਸ਼ਾਹਾਂ ਦਾ ਸ਼ਾਹ ਹੋਵੇਂ, ਮੌਜਾਂ ਜੱਗ ਤੇ ਕਰੇਂ ਕਮਾਲ ਜੱਟਾ ! ਜੇਕਰ ਰੱਬ ਨੇ ਚੰਗਾ ਸਬੱਬ ਲਾਇਆ, ਏਸ ਗੱਲ ਦਾ ਰੱਖੀਂ ਖ਼ਿਆਲ ਜੱਟਾ ! ਫੜ ਕੇ ਛੁਰੀ ਬੇਥਵੀ ਮੁਨਾਫਿਆਂ ਦੀ, ਵੇਖੀਂ ਕਰੀਂ ਨਾ ਜੱਗ ਹਲਾਲ ਜੱਟਾ ! ਉਲਟਣ ਵਾਲਾ ਈ ਜੱਗ ਦਾ ਸਫ਼ਾ ਦੂਜਾ, ਖੱਟ ਲਈਂ ਨਾ ਕਿਤੇ ਮੁਕਾਲ ਜੱਟਾ ! ‘ਸ਼ਰਫ਼’ ਚਾਰ ਦਿਨ ਦੀ ਚੰਨ ਚਾਨਣੀ ਏ, ਖੱਟੀ ਖੱਟ ਇਨਸਾਫ਼ ਦੇ ਨਾਲ ਜੱਟਾ !