Punjabi Kavita
  

Hindi Poetry in Punjabi : Sudama Pandey Dhoomil

Translator : Mulkh Singh

ਹਿੰਦੀ ਕਵਿਤਾਵਾਂ ਪੰਜਾਬੀ ਵਿੱਚ ਸੁਦਾਮਾ ਪਾਂਡੇ "ਧੂਮਿਲ"

ਪੰਜਾਬੀ ਅਨੁਵਾਦ - ਮੁਲਖ ਸਿੰਘਲੋਹੇ ਦਾ ਸਵਾਦ

"ਸ਼ਬਦ ਕਿਸ ਤਰ੍ਹਾਂ ਕਵਿਤਾ ਬਣਦੇ ਹਨ ਇਸ ਨੂੰ ਦੇਖੋ ਅੱਖਰਾਂ 'ਚੋਂ ਕਿਰੇ ਹੋਏ ਆਦਮੀ ਨੂੰ ਪੜ੍ਹੋ ਕੀ ਤੁਸੀਂ ਸੁਣਿਆ ਕਿ ਇਹ ਲੋਹੇ ਦੀ ਆਵਾਜ਼ ਹੈ ਜਾਂ ਮਿੱਟੀ ਤੇ ਡੁੱਲ੍ਹੇ ਹੋਏ ਖੂਨ ਦਾ ਰੰਗ" ਲੋਹੇ ਦਾ ਸਵਾਦ ਲੁਹਾਰ ਤੋਂ ਨਾ ਪੁੱਛੋ ਉਸ ਘੋੜੇ ਤੋਂ ਪੁੱਛੋ ਜਿਸਦੇ ਮੂੰਹ ਵਿੱਚ ਲਗਾਮ ਹੈ।

ਫਰਕ

ਕੋਈ ਪਹਾੜ ਸੰਗੀਨ ਦੀ ਨੋਕ ਤੋਂ ਵੱਡਾ ਨਹੀਂ ਹੈ। ਅਤੇ ਕੋਈ ਅੱਖ ਛੋਟੀ ਨਹੀਂ ਹੈ ਸਮੁੰਦਰ ਤੋਂ । ਇਹ ਸਿਰਫ ਸਾਡੀ ਉਡੀਕ ਦਾ ਫਰਕ ਹੈ- ਜੋ ਕਦੇ ਸਾਨੂੰ ਲੋਹੇ ਜਾਂ ਕਦੇ ਲਹਿਰਾਂ ਨਾਲ ਜੋੜਦੀ ਹੈ।।

ਰੋਟੀ ਅਤੇ ਸੰਸਦ

ਇਕ ਆਦਮੀ, ਰੋਟੀ ਬੇਲਦਾ ਹੈ ਇਕ ਆਦਮੀ ਰੋਟੀ ਖਾਂਦਾ ਹੈ ਇਕ ਤੀਜਾ ਆਦਮੀ ਵੀ ਹੈ ਜੋ ਨਾ ਰੋਟੀ ਬੇਲਦਾ ਹੈ, ਨਾ ਰੋਟੀ ਖਾਂਦਾ ਹੈ ਉਹ ਸਿਰਫ ਰੋਟੀ ਨਾਲ ਖੇੜ੍ਹਦਾ ਹੈ ਮੈਂ ਪੁਛਦਾ ਹਾਂ -- 'ਇਹ ਤੀਜਾ ਆਦਮੀ ਕੌਣ ਹੈ?' ਮੇਰੇ ਦੇਸ਼ ਦੀ ਸੰਸਦ ਮੌਨ ਹੈ।

ਮੈਂ ਕਵਿਤਾ ਕਿਉਂ ਲਿਖਦਾ ਹਾਂ

ਜਦ ਮੈਂ ਆਪਣੇ ਜਿਹੇ ਕਿਸੇ ਆਦਮੀ ਨਾਲ ਗੱਲ ਕਰਦਾ ਹਾਂ, ਜੋ ਸਾਖਰ ਹੈ ਪਰ ਸਮਝਦਾਰ ਨਹੀਂ ਹੈ। ਸਮਝ ਹੈ ਪਰ ਦਲੇਰ ਨਹੀਂ ਹੈ। ਉਹ ਆਪਣੇ ਖਿਲਾਫ ਚੱਲਣ ਵਾਲੀ ਸਾਜਿਸ਼ ਦਾ ਵਿਰੋਧ ਖੁੱਲ੍ਹ ਕੇ ਨਹੀਂ ਕਰ ਪਾਉਂਦਾ । ਅਤੇ ਇਸ ਕਮਜ਼ੋਰੀ ਨੂੰ ਮੈਂ ਜਾਣਦਾ ਹਾਂ । ਪਰ ਇਸ ਲਈ ਉਹ ਮਾਮੂਲੀ ਆਮ ਆਦਮੀ ਮੇਰਾ ਸਾਧਨ ਨਹੀਂ ਹੈ। ਉਹ ਮੇਰੇ ਅਨੁਭਵ ਦਾ ਸਾਂਝੇਦਾਰ ਬਣਦਾ ਹੈ। ਜਦੋਂ ਮੈਂ ਉਸ ਨੂੰ ਭੁੱਖ ਅਤੇ ਨਫਰਤ ਪਿਆਰ ਅਤੇ ਜ਼ਿੰਦਗੀ ਦਾ ਮਤਲਬ ਸਮਝਾਉਂਦਾ ਹਾਂ - ਅਤੇ ਮੈਨੂੰ ਕਵਿਤਾ ਵਿੱਚ ਸੌਖ ਹੁੰਦੀ ਹੈ- ਜਦ ਮੈਂ ਰੁਕੇ ਹੋਏ ਨੂੰ ਹਰਕਤ ਵਿੱਚ ਲਿਆਉਂਦਾ ਹਾਂ - ਇਕ ਉਦਾਸੀ ਟੁੱਟਦੀ ਹੈ ਅਤੇ ਠੰਢਾਪਣ ਖਤਮ ਹੁੰਦਾ ਹੈ ਅਤੇ ਉਹ ਜ਼ਿੰਦਗੀ ਦੇ ਨਿੱਘਾਸ ਨਾਲ ਭਰ ਜਾਂਦਾ ਹੈ । ਮੇਰੇ ਸ਼ਬਦ ਉਸ ਨੂੰ ਜ਼ਿੰਦਗੀ ਦੇ ਕਈ ਧਰਾਤਲਾਂ ਤੇ ਖੁਦ ਨੂੰ ਮੁੜ ਘੋਖਣ ਦਾ ਮੌਕਾ ਦਿੰਦੇ ਹਨ , ਉਹ ਬੀਤੇ ਹੋਏ ਸਾਲਾਂ ਨੂੰ ਇਕ ਇਕ ਕਰਕੇ ਖੋਲ੍ਹਦਾ ਹੈ । ਵਰਤਮਾਨ ਨੂੰ ਹੋਰ ਪਾਰਦਰਸ਼ੀ ਬਣਿਆ ਦੇਖ, ਉਸ ਦੇ ਆਰ-ਪਾਰ ਦੇਖਦਾ ਹੈ। ਇਸ ਤਰ੍ਹਾਂ ਇਕੱਲਾ ਆਦਮੀ ਵੀ ਅਨੇਕਾਂ ਸਮਿਆਂ ਅਤੇ ਅਨੇਕਾਂ ਸੰਬੰਧਾਂ ਵਿੱਚ ਇਕ ਸਮੂਹ 'ਚ ਬਦਲ ਜਾਂਦਾ ਹੈ । ਮੇਰੀ ਕਵਿਤਾ ਇਸ ਇਕੱਲੇ ਨੂੰ ਸਮੂਹਿਕਤਾ ਦਿੰਦੀ ਹੈ ਅਤੇ ਸਮੂਹ ਨੂੰ ਦਲੇਰੀ । ਇਸ ਤਰ੍ਹਾਂ ਕਵਿਤਾ ਦੇ ਸ਼ਬਦਾਂ ਰਾਹੀਂ ਇਕ ਕਵੀ ਆਪਣੀ ਜਮਾਤ ਦੇ ਆਦਮੀ ਨੂੰ ਸਮੂਹ ਦੀ ਦਲੇਰੀ ਨਾਲ ਭਰਦਾ ਹੈ। ਜਦੋਂਕਿ ਸ਼ਸਤਰ ਆਪਣੇ ਜਮਾਤੀ ਦੁਸ਼ਮਣ ਨੂੰ ਸਮੂਹ ਤੋਂ ਨਿਖੇੜਦਾ ਹੈ। ਇਹ ਧਿਆਨ ਰਹੇ ਕਿ ਸ਼ਬਦ ਅਤੇ ਸ਼ਸਤਰ ਦੇ ਵਿਵਹਾਰ ਦਾ ਵਿਆਕਰਨ ਵੱਖੋ-ਵੱਖਰਾ ਹੈ । ਸ਼ਬਦ ਆਪਣੇ ਜਮਾਤੀ ਮਿੱਤਰਾਂ ਤੇ ਕਾਰਗਰ ਹੁੰਦੇ ਹਨ ਅਤੇ ਸ਼ਸਤਰ ਆਪਣੇ ਜਮਾਤੀ ਦੁਸ਼ਮਣ ਤੇ।

ਕਵਿਤਾ

ਉਸ ਨੂੰ ਪਤਾ ਹੈ ਕਿ ਸ਼ਬਦਾਂ ਦੇ ਪਿੱਛੇ ਕਿੰਨੇ ਚੇਹਰੇ ਨੰਗੇ ਹੋ ਚੁੱਕੇ ਹਨ ਅਤੇ ਕਤਲ ਹੁਣ ਲੋਕਾਂ ਦੀ ਦਿਲਚਸਪੀ ਨਹੀਂ- ਦਤ ਬਣ ਚੁੱਕਿਆ ਹੈ। ਉਹ ਕਿਸੇ ਉਜੱਡ ਆਦਮੀ ਦੀ ਉਕਤਾਹਟ ਤੋਂ ਪੈਦਾ ਹੋਈ ਸੀ ਅਤੇ ਇਕ ਪੜ੍ਹੇ-ਲਿਖੇ ਆਦਮੀ ਦੇ ਨਾਲ਼ ਸ਼ਹਿਰ ਵਿੱਚ ਚਲੀ ਗਈ ਇੱਕ ਸੰਪੂਰਨ ਔਰਤ ਹੋਣ ਤੋਂ ਪਹਿਲਾਂ ਹੀ ਜਣੇਪੇ ਦੀ ਕਿਰਿਆ ਚੋਂ ਲੰਘਦੇ ਹੋਏ ਉਸ ਨੇ ਜਾਣਿਆ ਕਿ ਪਿਆਰ ਸੰਘਣੀ ਆਬਾਦੀ ਵਾਲੀਆਂ ਬਸਤੀਆਂ ਵਿੱਚ ਮਕਾਨ ਦੀ ਤਲਾਸ਼ ਹੈ ਲਗਾਤਾਰ ਬਾਰਸ਼ ਵਿੱਚ ਭਿਜਦੇ ਹੋਏ ਉਸ ਨੇ ਜਾਣਿਆ ਕਿ ਹਰ ਕੁੜੀ ਤੀਜੇ ਗਰਭਪਾਤ ਤੋਂ ਬਾਅਦ ਧਰਮਸ਼ਾਲਾ ਹੋ ਜਾਂਦੀ ਹੈ ਅਤੇ ਕਵਿਤਾ ਹਰ ਤੀਜੇ ਪਾਠ ਤੋਂ ਬਾਅਦ ਨਹੀਂ- ਹੁਣ ਉਥੇ ਅਰਥ ਲੱਭਣਾ ਵਿਅਰਥ ਹੈ ਪੇਸ਼ੇਵਰ ਭਾਸ਼ਾ ਦੇ ਤਸਕਰ-ਇਸ਼ਾਰਿਆਂ ਅਤੇ ਬਲਦ ਮੂਤਰੀ ਲਿਖਾਈ ਚੋਂ ਅਰਥ ਲੱਭਣਾ ਵਿਅਰਥ ਹੈ ਹਾਂ, ਜੇ ਹੋ ਸਕੇ ਤਾਂ ਬਗਲ ਦੇ ਲੰਘਦੇ ਹੋਏ ਆਦਮੀ ਨੂੰ ਕਹੋ- ਲਓ, ਇਹ ਰਿਹਾ ਤੁਹਾਡਾ ਚੇਹਰਾ, ਇਹ ਜਲੂਸ ਦੇ ਪਿੱਛੇ ਡਿੱਗ ਪਿਆ ਸੀ ਇਸ ਸਮੇਂ ਏਨਾ ਹੀ ਕਾਫੀ ਹੈ ਉਹ ਬਹੁਤ ਪਹਿਲਾਂ ਦੀ ਗੱਲ ਹੈ ਜਦ ਕਿਤੇ ਕਿਸੇ ਉਜਾੜ ਵਿੱਚ ਆਦਮ ਦਰਿੰਦਗੀ ਚੀਖ਼ਦੀ ਸੀ ਅਤੇ ਸਾਰਾ ਨਗਰ ਤ੍ਰਭਕ ਪੈਂਦਾ ਸੀ ਪਰ ਹੁਣ- ਉਸ ਨੂੰ ਪਤਾ ਹੈ ਕਿ ਕਵਿਤਾ ਘੇਰੇ ਵਿੱਚ ਕਿਸੇ ਬੌਖਲਾਏ ਹੋਏ ਆਦਮੀ ਦਾ ਸੰਖੇਪ ਏਕਲਾਪ ਹੈ

ਵੀਹ ਸਾਲ ਬਾਅਦ

ਵੀਹ ਸਾਲ ਬਾਅਦ ਮੇਰੇ ਚੇਹਰੇ ਤੇ ਉਹ ਅੱਖਾਂ ਮੁੜ ਆਈਆਂ ਹਨ ਜਿਨ੍ਹਾਂ ਨਾਲ਼ ਮੈਂ ਪਹਿਲੀ ਵਾਰ ਜੰਗਲ ਵੇਖਿਆ ਹੈ : ਹਰੇ ਰੰਗ ਦਾ ਇੱਕ ਠੋਸ ਵਹਿਣ ਜਿਸ ਵਿਚ ਸਾਰੇ ਦਰਖ਼ਤ ਡੁੱਬ ਗਏ ਹਨ। ਅਤੇ ਜਿੱਥੇ ਹਰ ਆਗਾਹੀ ਖ਼ਤਰਾ ਟਾਲਣ ਤੋਂ ਬਾਅਦ ਇੱਕ ਹਰੀ ਅੱਖ ਬਣ ਕੇ ਰਹਿ ਗਈ ਹੈ। ਵੀਹ ਸਾਲ ਬਾਅਦ ਮੈਂ ਆਪਣੇ-ਆਪ ਨੂੰ ਇੱਕ ਸਵਾਲ ਕਰਦਾ ਹਾਂ ਜਾਨਵਰ ਬਨਣ ਦੇ ਲਈ ਕਿੰਨੇ ਸਬਰ ਦੀ ਲੋੜ ਹੁੰਦੀ ਹੈ ? ਅਤੇ ਬਿਨਾਂ ਕਿਸੇ ਉੱਤਰ ਦੇ ਚੁੱਪਚਾਪ ਅੱਗੇ ਵਧ ਜਾਂਦਾ ਹਾਂ ਕਿਉਂਕਿ ਅੱਜਕੱਲ੍ਹ ਮੌਸਮ ਦਾ ਮਿਜਾਜ ਇਉਂ ਹੈ ਕਿ ਖੂਨ ਵਿਚ ਉੱਡਣ ਵਾਲੀਆਂ ਸਤਰਾਂ ਦਾ ਪਿੱਛਾ ਕਰਨਾ ਲਗਭਗ ਬੇਮਾਨੀ ਹੈ। ਦੁਪਹਿਰ ਹੋ ਚੁੱਕੀ ਹੈ ਹਰ ਪਾਸੇ ਤਾਲੇ ਲਟਕ ਰਹੇ ਹਨ ਕੰਧਾਂ ਨਾਲ ਚਿਪੇ ਗੋਲੀ ਦੇ ਛਰ੍ਹਿਆਂ ਅਤੇ ਸੜਕਾਂ ਤੇ ਖਿੱਲਰੇ ਜੁੱਤਿਆਂ ਦੀ ਭਾਸ਼ਾ ਵਿਚ ਇੱਕ ਹਾਦਸਾ ਲਿਖਿਆ ਗਿਆ ਹੈ ਹਵਾ ਨਾਲ ਫੜਫੜਾਉਂਦੇ ਹਿੰਦੁਸਤਾਨ ਦੇ ਨਕਸ਼ੇ ਤੇ ਗਾਂ ਨੇ ਗੋਹਾ ਕਰ ਦਿੱਤਾ ਹੈ। ਪਰ ਇਹ ਸਮਾਂ ਘਬਰਾਏ ਹੋਏ ਲੋਕਾਂ ਦੀ ਸ਼ਰਮ ਅਨੁਮਾਨਣ ਦਾ ਨਹੀਂ ਅਤੇ ਨਾ ਇਹ ਪੁੱਛਣ ਦਾ- ਕਿ ਸੰਤ ਅਤੇ ਸਿਪਾਹੀ ‘ਚੋਂ ਦੇਸ਼ ਦਾ ਸਭ ਤੋਂ ਵੱਡਾ ਦੁਰਭਾਗ ਕਿਹੜਾ ਹੈ! ਅਫ਼ਸੋਸ ! ਵਾਪਸ ਮੁੜ ਕੇ ਰਹਿ ਗਏ ਜੁੱਤਿਆਂ ਵਿਚ ਪੈਰ ਪਾਉਣ ਦਾ ਸਮਾਂ ਇਹ ਨਹੀਂ ਹੈ ਵੀਹ ਸਾਲ ਬਾਅਦ ਅਤੇ ਇਸ ਸਰੀਰ ਵਿਚ ਸੁੰਨਸਾਨ ਗਲੀਆਂ ‘ਚੋਂ ਚੋਰਾਂ ਦੀ ਤਰ੍ਹਾਂ ਲੰਘਦਿਆਂ ਹੋਇਆਂ ਆਪਣੇ-ਆਪ ਨੂੰ ਸਵਾਲ ਕਰਦਾ ਹਾਂ- ਕੀ ਅਜ਼ਾਦੀ ਸਿਰਫ ਤਿੰਨ ਥੱਕੇ ਹੋਏ ਰੰਗਾਂ ਦਾ ਨਾਂ ਹੈ ਜਿੰਨ੍ਹਾਂ ਨੂੰ ਇੱਕ ਪਹੀਆ ਢੋਂਦਾ ਹੈ ਜਾਂ ਇਸ ਦਾ ਕੋਈ ਖਾਸ ਮਤਲਬ ਹੁੰਦਾ ਹੈ? ਅਤੇ ਬਿਨਾਂ ਕਿਸੇ ਉੱਤਰ ਤੋਂ ਅੱਗੇ ਵਧ ਜਾਂਦਾ ਹਾਂ ਚੁੱਪਚਾਪ।