Poems On Mahatama/Gautama Buddha
ਮਹਾਤਮਾ ਬੁੱਧ ਸੰਬੰਧੀ ਕਵਿਤਾਵਾਂ
ਬੁੱਧ : ਸਿਮਰਤ ਸੁਮੈਰਾ
ਚਾਨਣ ਦਾ ਚੁੱਕੀ ਕਟੋਰਾ ਬੁੱਧ ਦੇਵ ਤੁਰ ਪਿਐ.... ! ਗਿਆਨ ਮੀਮਾਂਸਾ ਵੰਡਦਾ ਅਸ਼ੋਕ ਕੋਲੋਂ ਲੰਘਦਾ ਪਿੱਛੇ ਪਿੱਛੇ ਦਾਰਸ਼ਨਿਕ ਵਿਦਵਾਨ ਨੇ ਅਹਿੰਸਾ ਪਰਚਮ ਝੂਲਦਾ ਝੁਕ ਰਹੇ ਅਸਮਾਨ ਨੇ ਫੈਲਦੇ ਨੇ ਕਾਫ਼ਲੇ ਚੱਲ ਰਹੇ ਨੇ ਸਿਲਸਿਲੇ ਜਨ-ਜਨ ਅੰਤਰ ਧਿਆਨ ਨੇ ! ਬੁੱਧ ਪਰਤ ਵੇਖਦਾ ਏ ਪੂਰਬ ਦੀ ਇਸ ਧਰਤ ਵੱਲ... ਸਿਮਟੇ ਜਿਹੇ ਲੋਕ ਨੇ ਚਿਹਰੇ ਨੇ ਬੁਝੇ ਜਿਹੇ ਚਾਨਣ ਦੇ ਛਿੱਟਿਆਂ ਤੋਂ ਡਰਦੇ ਲੋਕ ਹਰੇ ਹਰੇ ਕਰਦੇ ਕੁੰਦਰਾਂ ਵਿੱਚ ਲੁਕ ਰਹੇ ਨੇ ਛੁਪ ਰਹੇ ਨੇ ਅਜੇ ਤੱਕ। ! !
ਬੁਧ ਜੀ ਦਾ ਬੁਤ, ਧਿਆਨੀ ਬੁਧ : ਪ੍ਰੋਫੈਸਰ ਪੂਰਨ ਸਿੰਘ
ਪੱਥਰ ਦਾ ਬੁੱਤ, ਬੱਸ, ਕਿ ਹੋਰ ਕੁਛ ? ਇਹ ਬੁਧ ਜੀਂਦਾ ਬੁਤ ਲੋਕੀ ਆਖਦੇ, ਵਡੇ ਵਡੇ ਝੁਕਦੇ, ਰਸੀਏ ਮੰਨਦੇ, ਘੜਨਹਾਰ ਦਾ ਟਿਕਾਉ ਇਥੇ ਸਾਰਾ, ਓਹਦਾ ਸੁਖ-ਰਸ ਪੱਥਰ ਵਿਚ ਸਮਾਯਾ ਹੈ ਵਾਂਗ ਰਾਗ ਦੇ, … … … ਰਾਗ ਦੀ ਠੰਢੀ ਠਾਰ ਰੌ ਵਗਦੀ, ਪੱਥਰ ਵਿਚ ਦਿਲ ਦੀ ਲੋ ਨੂੰ ਵੇਖਣਾ । ਮੱਥਾ ਕਿਹਾ ਲੱਸਦਾ, ਨਿਰਵਾਨ ਦੇ ਅਕਹ ਜਿਹੇ ਸੁਖ ਵਿਚ, ਇਹ ਧਯਾਨੀ-ਬੁਧ ਜੀ ਦੀ, ਪਦਮ-ਆਸਣ ਬੈਠੀ ਧਯਾਨ ਸਿਧ ਮੂਰਤੀ । ਕਿਹਾ ਸ਼ਾਂਤ ਜਿਹਾ ਪ੍ਰਭਾਵ ਸਾਰੀ ਦਾ ਵਾਂਗ ਚਾਂਦਨੀ, ਬਾਹਾਂ ਵਿਚੂੰ ਵਗਦਾ ਪਾਣੀ ਹੋਯਾ ਪ੍ਰਕਾਸ਼ ਇਕ, ਪੱਥਰ ਨੂੰ ਮੋਮ ਕਰ ਵਗਦਾ, ਪਿਘਲੀ ਜਿਹੀ ਆਲਮਗੀਰ ਕੋਈ ਅਹਿੰਸਾ, ਦਯਾ ਸੰਤੋਖ, ਸਤ, ਜਗ ਸਾਰਾ ਪਿਘਲਾਂਦੀ ਇਸ ਪਯਾਰ ਵਿਚ; ਪਦਮ-ਆਸਣ ਤੇ ਬੈਠਾ ਮਨੁੱਖ ਸਾਰਾ ਮਨੁੱਖਤਾ ਸਾਰੀ, ਰੱਬਤਾ ਇਕ ਫੁੱਲ ਵਰਗੀ ਕੋਮਲਤਾ ਸਰੂਪ ਹੋ ਸਾਜੀ ਹੈ, … … … ਇੱਥੇ ਪੱਥਰ ਨੂੰ ਕੌਣ ਪੁੱਛਦਾ ? ਹਥ, ਕੰਨ, ਨੱਕ, ਮੱਥੇ ਦੀ ਢੁਕ ਅਢੁਕ, ਮਿਕ ਅਮਿਕ ਵੇਖਣ ਦੀ ਵਿਹਲ ਕਿੱਥੇ ਲਗਦੀ ? ਸਰੂਰ ਜਿਹਾ ਚੜ੍ਹਦਾ, ਨੈਣ ਮੁੰਦਦੇ ਜਾਂਦੇ ਜਿਵੇਂ ਬੁਧ-ਬੁੱਤ ਦੇ, ਸੁਖ ਲੈਣ ਦੁਨੀਆਂ ਇਸ ਦਰ ਆਉਂਦੀ ਹੈ, ਜੀਣ ਜਾਣਨ ਨੂੰ ਲੋਚਦੀ, ਮੂਰਤ ਕੌਣ ਦੇਖਦਾ, ਦਰਸ਼ਨਾਂ ਨੂੰ ਲੋਚਦੇ, ਮੂਰਤਾਂ ਇਸ ਥੀਂ ਲਖ ਗੁਣ ਵਧ ਢੁਕੀਆਂ ਸੱਜੀਆਂ, ਪਈਆਂ ਹਨ ਗਲੀ, ਗਲੀ, ਇੱਥੇ ਤਾਂ ਪੱਥਰ ਵਿਚ ਆਵੇਸ਼ ਨੂੰ ਟੋਲਦੇ, ਲਭ, ਲਭ, ਨੈਣਾਂ ਨਾਲ ਚੁੰਮਦੇ ਹੱਥਾਂ ਨੂੰ ਪੈਰਾਂ ਨੂੰ, ਬੁਧ ਜੀ ਦਾ ਨਿਰਵਾਨ ਵਿਚ ਟਿਕੇ ਮਨੁਖ ਦੇ ਰੂਪ ਨੂੰ । … … … ਭਰਵੱਟਿਆ ਤੇ ਕੇਸਾਂ ਤੇ ਬੋਲੀ ਸਮਾਧੀ ਦੀ ਠੰਢੀ ਠੰਢੀ ਤ੍ਰੇਲ ਹੈ, ਤੇ ਪਲਕਾਂ ਨਾਲ ਪਾਰਖੀ ਮੋਤੀ ਇਹ ਚੁਣ, ਚੁਣ ਪ੍ਰੋਂਦੇ ਦੇਖਦੇ ਸੋਹਣਿਆਂ ਤੇ ਮਸਤ ਹੋਣ ਵਾਲੇ ਚੰਗੇ ਰਸ ਦੀ ਲਹਰਾਂ ਪੇਚ ਕਿੰਞ ਪੈਂਦੇ, ਅਕਾਸ਼ ਕਿੰਞ ਇਨ੍ਹਾਂ ਬਾਹੀਂ ਰਾਹੀਂ ਹਿਠਾਹਾਂ ਉਤਰਦਾ, ਤੇ ਧਰਤ ਕਿੰਞ ਇਨ੍ਹਾਂ ਬੰਦ ਨੈਣਾਂ ਰਾਹੀਂ ਉਤਾਹਾਂ ਨੂੰ ਚੜ੍ਹਦੀ ਕਿਰਤ ਦੇ ਪਾਰਖੀ ਰਮਜ਼ਾਂ ਗੁੱਝੀਆਂ ਛਿੱਪੀਆਂ ਨੂੰ ਟੋਲਦੇ ਨੈਣਾਂ ਵਾਲੇ ਨੈਣਾਂ ਨਾਲ ਤੱਕਦੇ, ਲਕੀਰਾਂ ਤੇ ਰੇਖਾਂ ਤੇ ਘੂਰਾਂ ਤੇ ਮੰਦ ਮੰਦ ਨਿਰਵਾਨੀ ਹਾਸੇ ਨੂੰ ਪਛਾਣਦੇ ।
ਬੁਧ : ਹਰਿੰਦਰ ਸਿੰਘ ਰੂਪ
ਹਿੰਸਾ ਮਾਰੇ ਹਿੰਦ ਤੇ, ਸਿੱਧਾਰਥ ਛਾਇਆ। ਸਮਝੋ ਘੁਪ ਹਨੇਰ ਵਿਚ, ਚੰਦਰਮਾਂ ਆਇਆ। ਪੰਛੀ ਪਸ਼ੂਆਂ ਨਾਲ ਵੀ, ਉਸ ਪ੍ਰੇਮ ਵਧਾਇਆ। ਉਹਨਾਂ ਦੀ ਇਕ ਚੀਕ ਨੇ, ਇਹਨੂੰ ਤੜਫਾਇਆ। ਖੰਭ ਟੁਟਾ ਜੇ ਹੰਸ ਦਾ, ਉਸ ਬਾਂਹ ਸਿਞਾਤੀ। ਸੀਨਾ ਪਾਟਾ ਮੋਰ ਦਾ, ਜਾਣੀ ਸੂ ਛਾਤੀ। ਕੀੜੀ ਮਿੱਧੀ ਦੇਖ ਕੇ, ਅਪਣੀ ਦੇਹ ਜਾਤੀ। ਸ਼ਾਹ ਰਗ ਬਕਰੇ ਦੀ ਗਈ, ਇਸ ਜਿੰਦ ਪਛਾਤੀ। ਰੋਗੀ ਦਾ ਤਨ ਦੇਖ ਕੇ, ਨਿਤ ਦਿਲ ਮਤਲਾਂਦਾ। ਕੋੜ੍ਹਾ, ਦੁਖੀਆ ਵੇਂਹਿੰਦਿਆਂ ਦਿਲ ਡੋਬਾਂ ਖਾਂਦਾ। ਲੂਲ੍ਹਾ ਵੇਂਹਿੰਦੇ ਸਾਰ ਹੀ, ਮਨ ਚਾਲ ਭੁਲਾਂਦਾ। ਲੁੰਜਾ ਜਿਸ ਦਮ ਦੇਖਦਾ, ਸਭ ਸੁਖ ਵਿਸਰਾਂਦਾ। ਟੁੰਡਾ ਜਿਸ ਦਮ ਦੇਖਦਾ, ਹੱਥ ਮਲ ਕੇ ਬਹਿੰਦਾ। ਪਿੰਗਲੇ ਨੂੰ ਤਾਂ ਤਕਦਿਆਂ, ਤੁਰਦਾ ਦੁਖ ਸਹਿੰਦਾ। ਗੁੰਗੇ ਦਾ ਦਿਲ ਦੇਖ ਕੇ, ਗੁਮ ਹੋਇਆ ਰਹਿੰਦਾ। ਫੋੜੇ ਤੇ ਫਟ ਦੇਖਦਾ, ਦਿਲ ਵਗਦਾ ਵਹਿੰਦਾ। ਟੀਰੇ ਭੈਂਗੇ ਦੇਖਦਾ, ਤੇ ਅੱਚੋ ਤਾਣੇ। ਡਿੱਠੇ ਜੋਬਨ ਸਖਣੇ, ਗਭਰੂਟ ਅਲਾਣੇ। ਢਿੱਡ ਵੜੇ ਵਿਚ ਵਖੀਆਂ, ਮੂੰਹ ਝੁਰੜੀ-ਤਾਣੇ। ਗੁਣ ਗੁਣ ਕਰਦੇ ਦੇਖਦਾ, ਤੇ ਅੱਨ੍ਹੇ ਕਾਣੇ। ਸਿੱਧੇ ਕਰਨਾ ਚਾਹੁੰਦਾ, ਕੁਲ ਪੁੱਠੇ ਭਾਣੇ। ਡਿੱਠਾ ਜੋਤਾਂ, ਮੰਦਰੀਂ, ਪਰਵਾਨੇ ਸੜਦੇ। ਵੇਖੇ ਨਾਲ ਹਨੇਰੀਆਂ, ਕਚੇ ਫਲ ਝੜਦੇ। ਵਹਿਣਾਂ ਦੇ ਵਿਚ ਵੇਖਦਾ, ਐਂਵੇ ਜੀ ਹੜਦੇ। ਵੇਖੇ ਪੁਤਰ ਓਸ ਨੇ, ਮਾਂ ਅੱਗੇ ਅੜਦੇ। ਸਕੇ ਭਾਈ ਦੇਖਦਾ, ਅਠਪਹਿਰੇ ਲੜਦੇ। ਮਹਿਲਾਂ ਦੇ ਵਿਚ ਰਹਿੰਦਿਆਂ, ਨਾ ਲਹੀ ਉਦਾਸੀ। ਰੋਣਾ ਸਮਝਣ ਲਗ ਪਿਆ, ਤੀਵੀਂ ਦੀ ਹਾਸੀ। ਪਾਈ ਆਣ ਦਿਮਾਗ ਤੇ, ਵਖਰੀ ਹੀ ਘਾਸੀ। ਸੋਚ ਰਿਹਾ ਸੀ ਜਗਤ ਦੀ, ਦੁਖ ਕਰੇ ਖਲਾਸੀ। ਕਹਿੰਦਾ ਸੀ ਕਿ ਕਰ ਲਵਾਂ, ਤ੍ਰਿਸ਼ਨਾ ਨੂੰ ਦਾਸੀ। ਚਾਹੁੰਦਾ ਸੀ ਲੁਟਵਾ ਦਿਆਂ ਜੰਗ ਤੋਂ ਦੁਖ-ਰਾਸੀ। ਅਪਣਾ ਤਨ ਜਗ ਜਾਣਿਆ, ਜੀ ਜਾਤੇ ਵਾਸੀ। ਚਲ ਨਾ ਸੱਕੀਆਂ ਓਸ ਤੇ, ਰਾਜਾਈ ਚਾਲਾਂ। ਪੁਜੀਆਂ ਉਹਦੇ ਵਾਸਤੇ, ਹੁਸਨਾਲੀ ਡਾਲਾਂ। ਪਰ ਨਾ ਚਲੀਆਂ ਓਸ ਨੇ, ਮਨ ਮੱਤੀਆਂ ਚਾਲਾਂ। ਉਹਨੂੰ ਨਾ ਖਲਿਹਾਰਿਆ, ਹਰਨਾਖੀ ਪਾਲਾਂ। ਉਹਦਾ ਦਿਲ ਨਾ ਨੂੜਿਆ, ਘੁੰਗਰਾਲੇ ਵਾਲਾਂ। ਉਹਦਾ ਚਿਤ ਨਾ ਡੋਬਿਆ, ਮਰਮਰ ਦੇ ਤਾਲਾਂ। ਪੰਛੀ ਦੀ ਤਸਵੀਰ ਤੋਂ, ਸੁਣਦਾ ਸੀ ਆਹਾਂ। ਉਹਨੂੰ ਖਿੱਚਿਆ ਨਾ ਕਦੀ, ਮਾਂਗਾਂ ਦੇ ਰਾਹਾਂ। ਉਹਦਾ ਦਿਲ ਨਾ ਡੋਬਿਆ, ਜਗ ਰੋੜੂ ਚਾਹਾਂ। ਉਹਦਾ ਜੀ ਨਾ ਹੋੜਿਆ, ਧੂਪਾਂ ਦੇ ਸਾਹਾਂ। ਲਾਲਾਂ ਦੇ ਵਿਚ ਵੇਖਦਾ, ਰੱਤ ਭਰੇ ਖਜ਼ਾਨੇ। ਮਹਿਲਾਂ ਨੂੰ ਉਸ ਜਾਣਿਆ, ਕੁਲ ਕੈਦ ਬਹਾਨੇ। ਭੌਹਾਂ ਪਲਕਾਂ ਜਾਤੀਆਂ, ਜਿਉਂ ਤੀਰ ਕਮਾਨੇ। ਦਿਲ ਨੂੰ ਓਸ ਲੁਕਾਇਆ, ਨਾ ਹੋਣ ਨਿਸ਼ਾਨੇ। ਰਾਹੁਲ ਪੁਤ ਨੂੰ ਦੇਖਿਆ, ਤੇ ਮੋਹ-ਪਲੀਤੇ, ਦਿਲ ਉਹਦੇ ਨੂੰ ਦਾਗਿਆ, ਹੰਝੂ ਚੁਪ ਕੀਤੇ, ਸਿਲ੍ਹੇ ਗੋਲੇ ਰਿੜ੍ਹ ਪਏ, ਜਾਣੋ ਬੁਲ੍ਹ ਸੀਤੇ। ਛੱਡਿਆ ਸੁੱਤੀ ਨਾਰ ਨੂੰ, ਉਸ ਚੁਪ ਚੁਪੀਤੇ। ਰਾਤ ਹਨੇਰੀ ਕਹਿਰ ਦੀ, ਤੇ ਉਤੋਂ ਪਾਲਾ। ਤਾਂ ਵੀ ਚਲਿਆ ਚੀਰਦਾ, ਚਾਨਣ ਮਤਵਾਲਾ। ਜਾਂਦੇ ਜਾਂਦੇ ਫਿਸ ਪਿਆ, ਘਰ ਖਿੱਚਦਾ ਛਾਲਾ। ਆਪੇ ਹੀ ਹੁਣ ਲਹਿ ਗਿਆ, ਦੋ ਚਿੱਤੀ ਜਾਲਾ। ਲੋਕ- ਹਿੱਤ ਨੇ ਧੂਹਿਆ, ਗ੍ਰਹਿਸਤੀ ਦੋਸ਼ਾਲਾ। ਧਸਿਆ ਸੂਝ ਜ਼ਮੀਨ ਵਿਚ, ਵੈਰਾਗੀ ਫਾਲਾ। ਜਿੱਤ ਗਿਆ ਸ਼ਤਰੰਜ ਨੂੰ, ਸਿੱਧਾਰਥ ਚਾਲਾ। ਭਾਲਣ ਚੜ੍ਹਿਆ ਹਿੰਦ ਤੇ, ਸੁਖ ਸ਼ਾਂਤ ਹਿਮਾਲਾ। ਜੰਗਲ ਦੇ ਵਿਚ ਤੋੜਿਆ, ਤ੍ਰਿਸ਼ਨਾਲਾ ਤਾਲਾ। ਹਰ ਇਕ ਉਸ ਨੂੰ ਦਿੱਸਿਆ, ਗੌਂਦਾ ਬੇ ਤਾਲਾ। ਹਰ ਇਕ ਨੂੰ ਸੀ ਤਾਰਿਆ, ਅਗਿਆਨ ਹੁਨਾਲਾ। ਕਿਧਰੇ ਵੀ ਨਾ ਦਿੱਸਿਆ ਸੁਖ ਅਮਨ ਸਿਆਲਾ। ਹਰ ਥਾਂ ਖੁਭਦਾ ਵੇਖਿਆ, ਹਿੰਸਾਲਾ ਭਾਲਾ। ਹੰਨੇ ਹੰਨੇ ਦੇਖਿਆ, ਰੱਤਾ ਪਰਨਾਲਾ। ਬੇ-ਵਸ ਹੋ ਗੁਣ ਦੇ ਰਿਹਾ, ਔਗੁਣ ਨੂੰ ਹਾਲਾ। ਮਾਲਾ ਫਿਰਦੀ ਜਾਣਿਆ, ਚਕਰ ਮਕਰਾਲਾ। ਦਿਸਿਆ ਅੰਦਰੋਂ ਇਕ ਨਾ, ਸ਼ੁਭ ਕਰਮਾਂ ਵਾਲਾ। ਮਨ ਘੋੜੇ ਲਈ ਮੰਗਿਆ, ਉਸ ਗਿਆਨ ਮਸਾਲਾ। ਹਾਰ ਹੁਟ ਕੇ ਬਹਿ ਗਿਆ, ਤਕ ਰੁਖ ਪਤਰਾਲਾ। ਕੀਤਾ ਅੰਦਰੋਂ ਆਪ ਹੀ, ਬੁਧ ਆਪ ਉਜਾਲਾ। ਬੁੱਧ ਕਿਹਾ "ਹੇ ਦੂਲਿਓ, ਬੁੱਧ ਵਰਤ ਦਿਖਾਵੋ। ਪਲ ਪਲ ਦੇ ਵਿਚ ਬਦਲਦਾ, ਜਗ ਵੇਖੀ ਜਾਵੋ। ਛਿਨ ਭੰਗਰ ਹੈ ਆਤਮਾ, ਗਲ ਪਲੇ ਪਾਵੋ। ਛਡੋ ਲਾਰੇ ਸਵਰਗ ਦੇ, ਚਿੱਤ ਨੂੰ ਬਦਲਾਵੋ। ਲੋਕ ਹਿਤ ਹੀ ਧਰਮ ਹੈ, ਪੂਜੋ ਪੁਜਵਾਵੋ। ਉੱਠੋ ਤ੍ਰਿਸ਼ਨਾ ਡੈਣ ਤੋਂ, ਨਾ ਜਿੰਦ ਕੁਹਾਵੋ। ਜਾਗੋ ਲੋਕਾਂ ਦੇ ਲਈ, ਪਰ ਗਰਜ਼ ਸਵਾਵੋ। ਬਾਹਮਨ ਵੰਡਾਂ ਪਾ ਰਿਹਾ, ਵੰਡ ਮੂਲ ਮੁਕਾਵੋ। ਜਗ ਹਿੱਤ ਜਗ ਦਾ ਮੁਢ ਹੈ, ਇਹਦੀ ਜੜ੍ਹ ਲਾਵੋ। ਯੁੱਗਾਂ ਦੇ ਵਿਚ ਜਗਤ ਦਾ, ਨਾ ਦਰਦ ਜਤਾਵੋ। ਇਹੋ ਜੀਵਣ ਤੱਤ ਹੈ, ਸਭ ਨੂੰ ਸਮਝਾਵੋ। ਘੁੰਡੀ ਰੱਖੋ ਨਾ ਦਿਲੀਂ, ਗਲ ਸਾਫ਼ ਸੁਣਾਵੋ। ਇਹੋ ਹੀ ਨਿਰਬਾਣ ਹੈ, ਸੁਣ ਲਵੋ ਭਰਾਵੋ। " ਬੁਧ ਜੀਵਣ ਅਪਣਾਇਆ ਹੁਨਰੀ ਸਰਦਾਰਾਂ। ਜਗਮਗਾਇਆ ਗੁਫ਼ਾ ਨੂੰ ਕੁਝ ਚਿਤਰਕਾਰਾਂ। ਯੂਰਪ ਮਟਕਾਂ ਵੇਖ ਕੇ ਮੰਨਦਾ ਹੈ ਹਾਰਾਂ। ਏਜੰਤਾ ਹੈ ਦੇ ਰਹੀ ਕੁਲ ਸੀਤਲ ਸਾਰਾਂ। (ਗੌਂਦਾ-ਇਹ ਇਉਂ ਵੀ ਪੜ੍ਹੀ ਜਾ ਸਕਦੀ ਹੈ: ਗੌਂ ਦਾ ਬੇਤਾਲਾ।)
ਕੌਮ ਨੇ ਪੈਗ਼ਾਮੇ ਗੌਤਮ ਕੀ : ਅਲਾਮਾ ਮੁਹੰਮਦ ਇਕਬਾਲ
ਕੌਮ ਨੇ ਪੈਗ਼ਾਮੇ ਗੌਤਮ ਕੀ ਜ਼ਰਾ ਪਰਵਾਹ ਨ ਕੀ ਕਦਰ ਪਹਚਾਨੀ ਨ ਅਪਨੇ ਗੌਹਰੇ ਯਕ ਦਾਨਾ ਕੀ ਆਹ ! ਬਦਕਿਸਮਤ ਰਹੇ ਆਵਾਜ਼ੇ ਹਕ ਸੇ ਬੇਖ਼ਬਰ ਗ਼ਾਫ਼ਿਲ ਅਪਨੇ ਫਲ ਕੀ ਸ਼ੀਰੀਨੀ ਸੇ ਹੋਤਾ ਹੈ ਸ਼ਜਰ ਆਸ਼ਕਾਰ ਉਸਨੇ ਕੀਯਾ ਜੋ ਜ਼ਿੰਦਗੀ ਕਾ ਰਾਜ਼ ਥਾ ਹਿੰਦ ਕੋ ਲੇਕਿਨ ਖ਼ਯਾਲੀ ਫ਼ਲਸਫ਼ੇ ਪਰ ਨਾਜ਼ ਥਾ ਸ਼ਮਏਂ-ਹਕ ਸੇ ਜੋ ਮੁਨੱਵਰ ਹੋ ਯੇ ਵੋ ਮਹਫ਼ਿਲ ਨ ਥੀ ਬਾਰਿਸ਼ੇ ਰਹਮਤ ਹੂਈ ਲੇਕਿਨ ਜ਼ਮੀਂ ਕਾਬਿਲ ਨ ਥੀ ਆਹ ! ਸ਼ੂਦਰ ਕੇ ਲੀਏ ਹਿੰਦੁਸਤਾਨ ਗ਼ਮ ਖ਼ਾਨਾ ਹੈ ਦਰਦੇ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ ਬ੍ਰਹਮਨ ਸ਼ਰਸ਼ਾਰ ਹੈ ਅਬ ਤਕ ਮਯੇ ਪਿੰਦਾਰ ਮੇਂ ਸ਼ਮਏਂ ਗੌਤਮ ਜਲ ਰਹੀ ਹੈ ਮਹਫ਼ਿਲੇ ਅਗ਼ਯਾਰ ਮੇਂ (ਇਹ ਸ਼ਿਅਰ ਅਲਾਮਾ ਇਕਬਾਲ ਦੀ ਰਚਨਾ 'ਨਾਨਕ' ਵਿੱਚੋਂ ਹਨ ) (ਗੌਹਰ=ਮੋਤੀ, ਸ਼ੀਰੀਨੀ=ਮਿਠਾਸ, ਸ਼ਜਰ=ਰੁੱਖ, ਆਸ਼ਕਾਰ=ਪ੍ਰਗਟ, ਮੁਨੱਵਰ=ਰੋਸ਼ਨ, ਸ਼ਰਸ਼ਾਰ= ਸੰਤੁਸ਼ਟ, ਪਿੰਦਾਰ=ਹੰਕਾਰ, ਅਗ਼ਯਾਰ=ਦੂਸਰੇ)
ਬੁੱਧ ਜੀ ਨੂੰ : ਡਾਕਟਰ ਦੀਵਾਨ ਸਿੰਘ ਕਾਲੇਪਾਣੀ
ਖੰਭਾਂ ਦੀਆਂ ਡਾਰਾਂ ਬਣੀਆਂ, ਕਹਾਣੀਆਂ ਜੁੜੀਆਂ ਲੱਖਾਂ ਤੇਰੇ ਪਿਛੇ, ਕਿ ਪਛਾਤਾ ਨਹੀਂ ਜਾਂਦਾ ਤੂੰ । ਦੂਰ, ਧੁੰਦਲਾ ਜਿਹਾ ਦਿੱਸਣਾ ਏਂ ਹੁਣ, ਸਮਿਆਂ ਦੀਆਂ ਤੈਹਾਂ ਹੇਠ, ਝੜ ਬੱਦਲਾਂ ਵਿਚ ਲੁਕਿਆ । ਤੈਨੂੰ ਪੂਜਦੇ : ਉਹ ਤੈਨੂੰ ਸਿਆਣਦੇ ਨਾਂਹ, ਤੈਨੂੰ ਨਿੰਦਦੇ : ਉਹ ਤੈਨੂੰ ਪਛਾਣਦੇ ਨਾਂਹ,- ਤੂੰ ਇਕ ਦਰਦਾਂ ਦਰਦੀ, ਪੀੜਾਂ ਪੀੜੀ, ਤਰਸਾਂ ਪਕੜੀ, ਸਹਿਮਾਂ ਜਕੜੀ, ਨਵੀਂ ਨਰੋਈ, ਨੰਗੀ ਰੂਹ ਲਟ ਲਟ ਕਰਦੀ, ਬਲਦੀ ਜੋਤ, ਪਿਆਰ, ਤਰਸ, ਦਰਦ-ਵੰਡਨੀ ਦੀਆਂ ਕਿਰਨਾਂ ਸੁਟਦੀ ਦੂਰ ਦਵਾਲੇ । ਢੂੰਡਦੀ ਕੋਈ ਬੂਟੀ, ਸਭ ਰੋਗਾਂ ਦਾ ਦਾਰੂ । ਟੋਲਦੀ ਕੋਈ ਥਾਂ, ਸਭ ਸੁੱਖਾਂ ਦੀ ਛਾਂ; ਬੰਦਾ ਦਿਸਿਆ ਤੈਨੂੰ ਸੋਗੀ ਪੀੜਤ, ਰੱਬ ਪਯਾ ਰਹ ਗਯਾ ਲਾਂਭੇ । ਲੋੜ ਨਾ ਤੈਨੂੰ ਉਸ ਦੀ ਪਈ । ਲੋਕ ਤੈਨੂੰ ਆਖਦੇ ਆਸਤਿਕ, ਨਾਸਤਿਕ, ਦੋਹਾਂ ਤੋਂ ਉੱਚਾ ਤੂੰ ਕੋਈ ਪੀੜ ਪ੍ਰੋਤਾ ਬੰਦਾ, ਸ਼ਿਕਾਰੀਆਂ ਦੇ ਤੀਰਾਂ ਦੀਆਂ ਤਿੱਖੀਆਂ ਨੋਕਾਂ, ਆਪਣੇ ਕੋਮਲ ਪਿੰਡੇ ਵਿਚ ਚੋਭੇਂ, ਪੀੜਾ ਪਰਤਾਵੇਂ, ਕੰਬੇਂ ਤੇ ਪੰਘਰੇਂ, ਤੇ ਵਗੇਂ ਅਥਰੂਆਂ ਰਾਹੀਂ, ਫੱਟੜ ਲੇਲਿਆਂ ਨੂੰ ਚੁੱਕੀ ਫਿਰੇਂ ਕੰਧਾੜੀਂ, ਮਾਂ-ਭੇਡ ਦੀ ਚਿੰਤਾ ਘਟੇ ਕਿਵੇਂ, ਤੇ ਸਾਂਝਾ ਹੋ ਕੇ ਹੌਲਾ ਹੋ ਜਾਏ ਸੋਗ । ਤੂੰ ਸੁੱਖੀਂ ਲੱਧਾ, ਲਾਡੀਂ ਪਲਿਆ ਸ਼ਾਹਜ਼ਾਦਾ, ਛੱਡ ਤੁਰਿਓਂ ਇਹ ਲਾਡਾਂ ਵਾਲੀ ਸੁੱਖਾਂ ਵਾਲੀ ਦੁਨੀਆਂ, ਕਿ ਲੱਭੇ ਨਾਂਹ ਇਸ ਵਿਚ, ਕੋਈ ਰੋਗੀ, ਕੋਈ ਸੋਗੀ, ਕੋਈ ਬੁੱਢਾ, ਕੋਈ ਮੁਰਦਾ, ਤੇ ਹੋ ਜਾਏ ਇਹ ਨਿਰੋਇਆਂ, ਅਰੋਗਾਂ ਜਵਾਨਾਂ ਦੀ ਦੁਨੀਆਂ, ਤੇ ਜੀਵਨ ਦਾ ਭਾਰ ਹੋ ਜਾਏ ਕੁਝ ਹੌਲਾ ਕਿਵੇਂ । ਪਰ ਦੁੱਖਾਂ ਤੋਂ ਦੁਖਿਓਂ ਤੂੰ ਐਨਾ, ਕਿ ਸੁੱਖਾਂ ਦੀ ਹਿਰਸ ਨਾ ਰਹੀ, ਨਾ ਹਿੱਸ, ਗੰਦਾਂ ਤੋਂ ਗਿਲਾਣਿਓਂ ਇਤਨਾ, ਚੰਮਾਂ ਦੀ ਸੂਰਤ ਨਾ ਰਹੀ, ਨਾ ਦਿੱਸ- ਅੱਖੀਆਂ ਨੂੰ ਕੱਢ ਦਿਓ, ਸੁੰਦਰਤਾ ਨਾ ਦਿੱਸੇ ਕਿਧਰੇ ਹੱਥਾਂ ਨੂੰ ਵੱਢ ਸਿੱਟੋ, ਹੁਸਨ ਨਾ ਕਿਧਰੇ ਟੱਕਰੇ । ਸੁੰਦਰਤਾ ਵਿਚ ਸੁੰਦਰ, ਨਹੀਂ ਦਿਸਦਾ ਕੀਹ, ਕਦੀ ? ਸੁਹਪਣ ਵਿਚ ਸੁਹਣਾ ਨਹੀਂ ਦਿਸਦਾ ਕਿਉਂ, ਕਦੀ ? ਮੌਤ ਨੇ ਔਣਾ ਏਂ, ਮਰ ਜਾਈਏ ਕੀਹ ਅੱਜ ਹੀ ? ਤ੍ਰਿਸ਼ਨਾ ਨੂੰ ਛੱਡਣਾ ਠੀਕ, ਜੀਣਾਂ ਵੀ ਛੱਡ ਦੇਵਾਂ ? ਖਾਹਸ਼ਾਂ ਨੂੰ ਨੱਪੇ ਕਿਉਂ, ਉੱਚੀਆਂ ਨਾਂਹ ਕਰੇ ਕੋਈ ਨੱਪੀਆਂ ਨਿਕਲਸਨ ਕਬਰਾਂ ਪਾੜ ਕੇ, ਉਚਾਈਆਂ ਨਾ ਡਿਗਸਨ ਕਦੀ । ਉਫ਼ ! ਕਿੰਨੇ ਦੁਖ ਭੋਗੇ ਤੂੰ, ਕਿਸੇ ਦੇ ਸੁਖ ਦੇ ਸਦਕਾ; ਕਿਤਨੇਂ ਤਪ ਸਾਧੇ ਤੂੰ, ਕਿਸੇ ਦੀ ਠੰਢ ਦੇ ਸਦਕਾ । ਸਦਾ ਸਦਾ ਬੰਦਨਾਂ ਹੈ ਤੈਨੂੰ, ਓ ਤਪੱਸੀਆ, ਬਿਬੇਕੀਆ, ਤਿਆਗੀਆ । ਵਾਹ ਤੇਰਾ ਤਿਆਗ, ਵਾਹ ਤੇਰਾ ਤਪ ! ਸਾਰੀ ਦੁਨੀਆਂ ਤੇ ਤੇਰਾ ਅਧਿਕਾਰ ਹੈ, ਤਰਸ ਤੇ ਪ੍ਰੇਮ ਦੇ ਤਪ ਕਰਕੇ- ਗਗਨਾਂ ਜਿਹਾ ਚੌੜਾ ਤੇਰਾ ਪ੍ਰੇਮ, ਸਾਗਰਾਂ ਜਿਹਾ ਡੂੰਘਾ ਤੇਰਾ ਤਰਸ । ਪਰ ਹੇ ਬੁੱਧ ਜੀ, ਤ੍ਰਿਸ਼ਨਾ ਵੀ ਹੈ ਅਜੇ, ਖਾਹਸ਼ਾਂ ਵੀ ਹੈਣ, ਅਣਭਿੱਜ, ਅਣਰੱਜ, ਦੁਖ ਵੀ ਹੈ, ਦਰਦ ਵੀ, ਪੀੜ ਵੀ, ਉਵੇਂ ਹੀ ਬਲਦਾ ਮੁਆਤਾ, ਚੰਗਿਆਈ ਅਲਪੱਗ, ਬੁਰਿਆਈ ਸਰਬੱਗ ਤਿਵੇਂ ਹੀ, ਰੋਗ ਵੀ ਹਨ, ਸੋਗ ਵੀ, ਬੁਢੇਪਾ, ਮੌਤ ਵੀ ਉਵੇਂ ਹੀ, ਜਿਵੇਂ ਤੈਨੂੰ ਮਿਲੇ ਸਨ, ਅੱਜ ਕਾਇਮ ਹਨ, ਸਾਰੇ ਤਿਵੇਂ ਹੀ, ਤੈਨੂੰ ਕੋਈ ਦਾਰੂ ਨਾ ਲੱਭਾ, ਬਿਨਾ ਇਸ ਗਿਆਨ ਦੇ, "ਹੈਨ, ਰਹਿਣਗੇ ਇਵੇਂ ਹੀ, ਇਹ ਜੀਵਨ ਦੇ ਪਰਛਾਵੇਂ, ਹੋਣੀ ਹੈ, ਹੋਵੇਗੀ, ਇਵੇਂ ਹੀ ।" ਜਗਤ ਜਲੰਦਾ, ਧਰਤੀ ਸੜਦੀ ਦਿਸੀ ਸੀ ਤੈਨੂੰ, ਜਿਵੇਂ ਦਿਸੀ ਸੀ ਪਿਛੋਂ ਨਾਨਕ ਨੂੰ । ਸੜਦੀ ਹੋਸੀ ਤੈਥੋਂ ਪਹਲੋਂ ਵੀ, ਸੜਦੀ ਏ ਅੱਜ ਵੀ ਉਵੇਂ ਹੀ । ਨਾ ਤੈਨੂੰ, ਨਾ ਈਸਾ ਨੂੰ, ਨਾ ਨਾਨਕ ਨੂੰ, ਨਾ ਗਾਂਧੀ ਨੂੰ, ਉਹ ਠੰਡ ਮਿਲੀ ਕਿ ਠੰਡੀ ਠਾਰ ਹੋਏ ਦੁਨੀਆਂ । ਬਸ ਅੱਗਾਂ ਦੇ ਸੇਕ ਤੇ ਠੰਡਾਂ ਦੀ ਚਾਹ, ਸਭ ਰਹਣਗੇ ਸਦਾ ਹੀ । ਸੇਕਣਾ ਸੇਕਾਂ ਨੂੰ, ਇਹ ਸੁਆਦੀ ਨਹੀਂ ਕੀਹ ? ਚਾਹਣਾ ਠੰਡਾਂ ਨੂੰ, ਇਹ ਵੀ ਕੀਹ ਸੁਆਦੀ ਨਹੀਂ ? ਸੇਕਾਂ ਦੇ ਸੁਆਦਾਂ ਨੂੰ, ਚਾਹਣਾਂ ਦੀਆਂ ਯਾਦਾਂ ਨੂੰ ਮਾਣਨਾ, ਇਹ ਜੀਵਨ ਨਹੀਂ ਕੀਹ ?