Pias : Dr. Bakhtawar Singh Deol

ਪਿਆਸ : ਡਾ. ਬਖ਼ਤਾਵਰ ਸਿੰਘ ਦਿਓਲ




ਧਰਤੀ ਆਪਣਾ ਪੰਧ ਮੁਕਾ ਕੇ, ਸੂਰਜ ਵੱਲੇ ਕੰਡ ਘੁਮਾਈ । ਅੰਬਰ ਦਾ ਰੰਗ ਗਹਿਰਾ ਹੋਇਆ, ਵਾ ਰੁਮਕਦੀ ਵਗੇ ਈਕਣ ਜਿਉਂ ਮਹਿਬੂਬ ਗਲੀ ਦੇ ਵਿਚੋਂ, ਲੰਘਦੇ ਆਸ਼ਕ ਨੂੰ ਪਈ ਲੰਘੇ । ਵਾ ਦੇ ਮਨ ਵਿਚ ਭੇਤ ਹੈ ਕੋਈ, ਬੁੱਲ੍ਹਾਂ ਵਿਚ ਇਕ ਅਨਕਹਿ ਗਾਥਾ ਸਿਰ ਦੀਆਂ ਜ਼ੁਲਫ਼ਾਂ ਖਿੰਡੀਆਂ ਹੋਈਆਂ, ਮੇਰੇ ਮੂੰਹ ਨਾਲ ਛੂਹ ਰਹੀਆਂ ਹਨ ਮਨ ਮੇਰੇ ਵਿਚ ਚਿਣਗ ਸੁਲਗਦੀ, ਹੋਠਾਂ ਵਿਚ ਇਕ ਸਾਹ ਦੀ ਰੇਖਾ ਨੈਣਾਂ ਵਿਚ ਨੀਝ ਦੀ ਮਾਇਆ...... ਹੋਠਾਂ ਨੂੰ ਮੁਸਕਾ ਦਿੰਦਾ ਹਾਂ, ਉੱਡ ਚੱਲੀਆਂ ਅੰਬਰ ਦੀ ਵੱਲੇ ਧੀਰੇ ਜਿਹੇ ਫੈਲਾ ਕੇ ਨਜ਼ਰਾਂ, ਪਲਕਾਂ ਦੇ ਭਾਰੇ ਖੰਭਾਂ ਤੇ ਮੈਂ ਤੇ ਸੁਰਤੀ ਰਹਿ ਗਏ ਥੱਲੇ...... ਧਰਤੀ ਦੀ ਵਸਤੂ ਇਹ ਅੱਖੀਆਂ ਢੂੰਡਣ ਤੈਨੂੰ ਅੰਬਰ ਉਤੇ । ਅੰਬਰ ਹੈ ਇਕ ਖੇਤ ਸਲੇਟੀ, ਅੰਬਰ ਦੇ ਵਿਚ ਧਾਨ ਬੀਜਿਆ ਕਿਧਰੇ ਕਿਧਰੇ ਚਿੱਟੇ ਧੱਬੇ, ਟਾਵੇਂ ਵਿਰਲੇ ਤਾਰੇ ਉੱਗੇ ਜੀਕਣ ਫੁੱਟ ਕਪਾਹ ਦੇ ਖਿੜ ਪਏ..... ਇਕ ਤੇਰੀ ਅਕ੍ਰਿਤੀ ਜੇਹੀ, ਫੁੱਟ ਕਪਾਹ ਦੇ ਚੁਗਦੀ ਫਿਰਦੀ ਜਾਂ ਫਿਰ ਦਹੀਂ ਡੋਲ੍ਹ ਕੇ ਤੁਰ ਗਈ.... ਅਹੁ ਇਕ ਬੱਦਲੀ ਲੰਮਤਰ ਹੋ ਕੇ, ਇਉਂ ਅੱਗੇ ਪਿੱਛੇ ਵਲ ਵਧ ਗਈ ਜਿਉਂ ਤੇਰੇ ਵਕਸ਼ਾਥਲ ਦੁਆਲੇ, ਚੋਲੀ ਕੱਸ ਕੇ ਵਲੀ ਹੋਈ ਹੈ ਜਿਉਂ ਦੋ ਭਰੇ ਨਿਤੰਬਾਂ ਉਤੇ, ਭੀੜੀ ਕੁੜਤੀ ਫਸੀ ਹੋਈ ਹੈ । ਬੱਦਲਾਂ ਦੀ ਅਹੁ ਅਲਕ ਵਛੇਰੀ, ਤੈਨੂੰ ਲੈ ਕੇ ਉੱਡਦੀ ਜਾਵੇ ਨੀਲਾਂਬਰ ਦੇ ਤਾਰੇ ਚਰਦੀ.... ਤੇਰੀ ਤੋਰ ਮਸੂਮ ਜਿਹੀ ਜੋ, ਕੀ ਜਾਣੇਂ ਤੂੰ ਕੀ ਉਹ ਕਰ ਗਈ ? ਜਿਉਂ ਕੋਈ ਬੱਤਖ ਜਲ ਵਿਚ ਤਰਦੀ- ਕਦੇ ਕਦੇ ਉਹ ਚੁੰਝ ਡੁਬੋਵੇ, ਕਦੇ ਕਦੇ ਉਹ ਪੰਖ ਹਿਲਾਵੇ ਲਸਰ ਜਿਹੀ ਲਹਿਰਾਂ ਦੀ ਖਿੰਡ ਜਾਏ... ਅੱਗੇ ਪਿੱਛੇ ਅਸੀਂ ਪਾਸੀਂ, ਹੱਡ ਮਾਸ ਦਾ ਪ੍ਰਾਣੀ ਕੋਈ ਦੋ ਪਲ ਇਹਨਾਂ ਹੇਠ ਜੇ ਬੈਠੇ, ਦੋ ਪਲ ਇਹਨਾਂ ਵਲ ਜੇ ਨੀਝੇ ਕਿਉਂ ਨਾ ਉਸ ਦੀਆਂ ਹੱਡੀਆਂ ਵਿਚੋਂ, ਇਕ ਦਰਿਆ ਅਗਨੀ ਦਾ ਫੁੱਟੇ । ਇਹ ਪ੍ਰਕ੍ਰਿਤੀ ਐਸਾ ਤੱਤਵ- ਸਰਦ ਹੋਵੇ ਤਾਂ ਅਗਨੀ ਬਾਲੇ, ਅੱਗ ਲਾਵੇ ਤਾਂ ਠੰਡ ਚਾ ਪੈਂਦੀ। ਇਹ ਪ੍ਰਕ੍ਰਿਤੀ ਐਸੀ ਯੁਵਤੀ- ਨਹਾ ਬੈਠੇ ਤਾਂ ਸੱਚ ਮੁੱਚ ਉਠਦੀ, ਮਚ ਪੈਂਦੀ ਤਾਂ ਸ਼ਾਂਤ ਹੋ ਜਾਏ ਇਸ ਨੀਲੇ ਅੰਬਰ ਤੇ ਤੇਰੀ, ਗੋਲਾਕਾਰ ਆਕ੍ਰਿਤੀ ਤਰਦੀ ਨੀਝ ਮੇਰੀ ਦੀ ਝੋਲੀ ਭਰ ਗਈ ...... ਅਹੁ ਇਕ ਬਦਲੀ ਈਕਣ, ਜੀਕਣ- ਯੁਵਤੀ ਨਾਰ ਭਾਰ ਸਤਨਾ ਦੇ, ਝੁਕੀ ਝੁਕੀ ਅਲਸਾਈ ਹੋਈ ਅੱਗੇ ਵਲ ਉਰੋਜ਼ ਵਧਾ ਕੇ, ਪਿੱਛੇ ਵਲ ਨਿਤੰਬ ਝੁਲਾ ਕੇ ਕਮਰ ਦੁਆਲੇ ਵਸਤਰ ਵਲਦੀ...... ਜਿਉਂ ਕੋਈ ਗੋਰੀ ਕੰਤ ਮਾਣ ਕੇ, ਨੰਗੇ ਸਤਨ ਬੁੱਕਲ ਵਿਚ ਭਰ ਕੇ ਭਾਰੀ, ਗੌਰੀ, ਮੱਠੀ ਚਾਲੇ ਟੁਰ ਚੱਲੀ ਵਿਸ਼ਰਾਮ ਗ੍ਰਹਿ ਵਲ, ਜਾਂ ਗੋਰੀ ਇਸ਼ਨਾਨ ਗ੍ਰਹਿ ਵੱਲ ਧੋਵਣ ਦੇ ਲਈ ਪੁਰਸ਼ਾਮਲ ਨੂੰ...... ਇਸ ਨੀਲੇ ਅੰਬਰ ਤੇ ਤੇਰੀ, ਅਰਧਾਵ੍ਰਿਤ ਆਕ੍ਰਿਤੀ ਤਰਦੀ ਈਕਣ ਜਿਵੇਂ ਬਾਗ਼ ਵਿਚ ਮਾਲਣ- ਸਾਂਭ ਸਿੱਕਰ ਕੇ ਸਿਰ ਦਾ ਪੱਲੂ, ਬੋਚ ਬੋਚ ਕੇ ਪੈਰ ਇਉਂ ਧਰਦੀ ਮਤੇ ਸਲੇਟੀ ਲਹਿੰਗਾ ਉਸ ਦਾ- ਤਾਰਿਆਂ ਦੀ ਨੁੱਕਰ ਨਾਲ ਅੜ ਜਾਏ, ਚੰਦੇ ਦੀ ਟਹਿਣੀਂ ਨਾਲ ਖਹਿ ਜਾਏ । ਸੰਘਣਾ ਬਿਰਸ਼ ਰਾਤ ਦਾ ਝੂਲੇ, ਪੱਤਿਆਂ ਦੇ ਸਿਖਰਾਂ ਦੇ ਉਤੋਂ ਤੇਲ ਦੀਆਂ ਦੁੱਧ ਚਿੱਟੀਆਂ ਕਣੀਆਂ, ਤਿਲਕ ਪੈਣ ਨਾ ਕਿਰ ਜਾਵਣ ਨਾ ਜਿਉਂ ਕੋਈ ਕੰਜਕ ਕਿਸੇ ਰਾਤ ਨੂੰ- ਜੀਅ-ਭਿਆਣੀ, ਕੰਤ-ਧਿਆਣੀਂ, ਸ਼ਰਮਸਾਰ ਹੋ ਕੇ ਉੱਠ ਬੈਠੇ ਲਿਜ ਲਿਜ ਗਿੱਲਾ ਸੁਆਦੀ ਸ਼ੰਕਾ ਸੁਪਨ ਦੋਸ਼ ਦਾ ਉਸ ਦੇ ਮਨ ਵਿਚ, ਜਾਗ ਪਵੇ ਨਾ ਧੁੰਨੀ ਦੇ ਹੇਠਾਂ ਵਲ ਉਸ ਨੂੰ, ਇਕ ਡੂੰਘੇਰੀ ਸੱਖਣ ਜਾਪੇ ਚਿੱਤ ਉਹਦਾ ਕਚਿਆ ਜਾਵੇ ਨਾ..... ਅੰਬਰ ਦੀ ਇਸ ਚਾਦਰ ਉਤੇ- ਗਹਿਰੇ ਨੀਲੇ ਧੱਬੇ ਜੇਹੇ, ਬੱਦਲ ਰੰਗ ਕੇ ਸੁੱਕਣੇ ਪਾਏ । ਜਾਂ ਇਹ ਖੇਤ ਧਾਨ ਦਾ ਲਹਿਰੇ, ਵਿਚ ਇਕ ਅਲਕ ਵਛੇਰੀ ਫਿਰਦੀ । ਜਾਂ ਇਹ ਇਕ ਫੁੱਲੇਰਨ ਬਾਂਕੀ, ਜਾਂ ਇਹ ਬੱਤਖ ਸਰ ਵਿਚ ਤਰਦੀ । ਤੇਰੀ ਇਕ ਚੰਚਲ ਪਰਛਾਂਈ- ਸੌ ਆਕ੍ਰਿਤਕ ਘਾੜਾਂ ਘੜਦੀ, ਸੌ ਪ੍ਰਾਕ੍ਰਿਤਕ ਸ਼ਕਲਾਂ ਧਰਦੀ ਤੀਬ੍ਰ ਮੇਰੀ ਕਲਪਣ ਲੋਚਾ, ਇੱਛਾ ਦਾ ਗਤਿਤ ਬਿੰਬ ਘੜਾ ਸੁਰਤ ਮੇਰੀ ਨੇ ਰਚਨਾ ਰਚ ਲਈ- ਦੋ ਹੱਥਾਂ ਦਾ ਕਮਲ ਬਣਾ ਕੇ, ਵਿਚ ਤੇਰਾ ਮੁੱਖੜਾ ਧਰ ਲੀਤਾ ਨੈਣਾਂ ਵਿਚ ਨੀਲਾਂਬਰ ਦੀਹੰਦੇ, ਨੀਲਾਂਬਰ ਵਿਚ ਸੂਰਜ ਤਪਦੇ ਜਿੰਦ ਮੇਰੀ ਦੇ ਭਾਂਡੇ ਅੰਦਰ, ਭਰ ਜਾਵਣ ਕਿਰਨਾਂ ਦੇ ਸ਼ੁਅਲੇ ਤੇਰੇ ਦੋ ਬੁੱਲਾਂ ਤੇ ਧਰ ਕੇ, ਦੋ ਬੁੱਲਾਂ ਦੇ ਭੱਖਦੇ ਕੋਲੇ ਮੇਰੇ ਅੰਦਰੋਂ ਲਾਵਾ ਬਲਿਆ, ਤੇਰੇ ਅੰਦਰ ਸੇਕ ਉਤਰਿਆ ਤੇਰੇ ਅੰਦਰੋਂ ਚਾਨਣ ਪੰਘਰੇ, ਇਕੇ ਪੰਘਰ ਪਈ, ਕਸਤੂਰੀ ਮੇਰੇ ਸੁਆਸ ਲੇੜ੍ਹ ਕੇ ਪੀਂਦੇ, ਤੇਰੇ ਸੁਆਸਾਂ ਦੀ ਖ਼ੁਸ਼ਬੋਈ ਸਾਹਾਂ ਸਾਹਾਂ ਵਿਚ ਰਲ ਘੁਲ ਚੱਲੇ, ਅੰਦਰ ਬਾਹਰ ਡੁੱਲ੍ਹ ਪਈ ਮਦਰਾ । ਤੇਰੇ ਸੁਆਸਾਂ ਦੀ ਮੱਦ ਪੀਂਦਾ- ਸਹਿਜ ਅਵਸਥਾ ਵਿਚੋਂ ਤੁਰਿਆ, ਪਹੁੰਚਾ ਹਾਂ ਪ੍ਰਚੰਡਤਾ ਦੇ ਵਿਚ । ਇਕ ਤੁਪਕੇ ਤੋਂ ਸਾਗਰ ਬਣਿਆ..... ਫਿਰ ਸਾਗਰ ਨੂੰ ਅੱਗ ਲੱਗੀ, ਜਲ ਬੈਸੰਤ੍ਰ ਬਣ ਕੇ ਮੱਚਦਾ । ਭਾਵੇਂ ਹੋਵੇ ਪੱਥਰ ਕੋਈ, ਅੱਗ ਦਾ ਲਾਵਾ ਕਿਸ ਨੂੰ ਪੱਚਦਾ ? ਪੱਥਰ ਤ੍ਰਿੜ ਕੇ ਟੁੱਟ ਜਾਂਦੇ ਨੇ- ਪਰ ਇਹ ਦੇਹੀ ਹੱਡ ਮਾਸ ਦੀ, ਨਾ ਟੁੱਟਦੀ ਤੇ ਨਾ ਹੀ ਤ੍ਰਿੜਦੀ ਮੱਚਦੇ ਜਲ ਨੂੰ ਵਿਚੇ ਝੱਲਦੀ ਹੱਡੀਆਂ ਦੇ ਖੋਲਾਂ ਦੇ ਵਿਚ ਵਿਚ, ਇਕ ਝਨਾਂ ਅਗਨੀ ਦੀ ਵਗਦੀ... ਅੰਤਰ ਤੰਤੂ ਭਸਮ ਹੋਂਵਦੇ, ਨੱਖ ਤੋਂ ਨੱਖ਼ ਤਕ ਨੀਲਾ ਹੋਵਾਂ ਇਕ ਘੁੱਟ ਪੀ ਲਾਂ ਦੋ ਘੁੱਟ ਪੀ ਲਾਂ, ਇਹ ਸੈਆਂ ਮਣ ਵਿਖ ਮੈਂ ਪੀ ਲਾਂ ? ਸੈਆਂ ਲਾਟਾਂ ਦਾ ਮੈਂ ਮਰਕਬ, ਭਸਮ ਕਰਦਿਆਂ ਜਿਸ ਤੇ ਥੀਵਾਂ । ਇਕ ਤੇਰਾ ਬਲ ਇਕ ਤੇਰਾ ਤਨ, ਝਲ ਸਕਦੇ ਇਸ ਅਗਨ-ਵਿਖ ਨੂੰ, ਤੂੰ ਸਮਰਥ ਨੀਲਮਣਿ ਮੇਰੀ, ਮੇਰੀਆਂ ਇਕ ਦੋ ਘੁੱਟਾਂ ਭਰ ਲੈ ਮੈਂ ਅਨਲ ਨੂੰ ਕੰਠ ’ਚ ਧਰ ਲੈ । ਬੁੱਢਾ ਹੋਣਾ ਚੰਦ ਅਕਲ ਦਾ, ਮਾਂਦ ਪੈਣ ਵਿਦਿਆ ਦੇ ਸੂਰਜ ਪਰ ਨਾ ਬੁੱਢਾ ਇਸ਼ਕ ਥੀਵਸੀ, ਜ਼ਹਿਰ ਕਦੇ ਨਾ ਮਰ ਸਕਦੀ ਹੈ ਸ਼ਕਲ ਭਾਵੇਂ ਪ੍ਰੀਵਰਤਤ ਕਰ ਲਏ... ਭਰਿਆ ਮੱਟ ਦਹੀਂ ਦਾ ਟੁੱਟਾ, ਵਿਚ ਇਕ ਤੁਪਕਾ ਵਿਹੁ ਦਾ ਡਿੱਗਾ ਅੰਬਰ ਉਤੇ ਬੱਦਲ ਪਾਟੇ, ਅੰਬਰ-ਗੰਗਾ ਵਗਦੀ ਜਾਂਦੀ ਵਿਚ ਤੇਰੀ ਆਕ੍ਰਿਤੀ ਤਰਦੀ- ਜਿਉਂ ਜਮਨਾ-ਜਲ ਅੰਦਰ ਗੋਪੀ, ਨਿਰ-ਵਸਤਰ ਨਿਰਭੈ ਵਿਚਰਦੀ ਝੱਗੋ ਝੱਗ ਪਾਣੀ ਦੇ ਵਿਚੋਂ, ਅਰਧਾਕਾਰ ਗੁਲਾਈਆਂ ਉਭਰਨ ਨਗਨ ਵਕਸ਼ ਦੇ ਉਪਰ ਉਚੇ, ਦੋ ਮਾਸ ਦੇ ਗੁੰਬਦ ਦੀਹੰਦੇ... ਤੱਤੀ ਲਹਿਰ ਤਾਈਂ ਮੈਂ ਆਖਾਂ ‘ਅੜੀਏ, ਏਡੀ ਧਾਰ ਚੜ੍ਹਾ ਨਾ, ਉਸ ਦੇ ਹੇਠਾਂ ਲਿਫ ਕੇ ਲੰਘ ਜਾ ਰੇਸ਼ਮ ਪੱਟ ਪੇਡੂ 'ਤੇ ਉਹਦੇ, ਕੋਈ ਖਰਾਸ਼ ਜਿਹੀ ਨਾ ਪੈ ਜਾਏ । ਸ਼ਾਂਤ ਅਡੋਲ ਅੰਬਰ ਦੀ ਗੰਗਾ, ਵਿਚ ਤੇਰੀ ਆਕ੍ਰਿਤੀ ਤਰਦੀ ਇਕ ਪਲ ਚੰਚਲ ਸ਼ੋਖ ਦਿਸੰਦੀ, ਇਕ ਪਲ ਮੌਨ ਤੇ ਗਹਿਨ ਹੋਵੰਦੀ ਜਿਉਂ ਸੁੰਦਰੀ ਕੋਈ ਧਰੇ ਸਮਾਧੀ- ਸ਼ਿਵਲਿੰਗ ਦੀ ਪੂਜਾ ਵਿਚ ਬੈਠੇ, ਡੂੰਘੀਆਂ ਸੋਚਾਂ ਵਿਚ ਗੜੁੱਚੇ ਆਪਣੇ ਅੰਦਰੋਂ ਖੋਜ ਖੋਜ ਕੇ, ਆਪਣਾ ਆਦਿ ਜੁਗਾਦ ਜਗਾਵੇ । ਜਾਂ ਫਿਰ ਉਸ ਦੇ ਧਿਆਨ 'ਚ ਆ ਜਾਏ- ਨਹੌਂਦੀ ਨੱਢੀ ਕਾਂਗੜਿਆਣੀ, ਜਾ ਜੰਮੂ ਦੀ ਡੋਗਰਿਆਣੀਂ ਖੁੱਲ੍ਹੀ ਧੁੱਪ ਤੇ ਖੁੱਲੀ ਵਾ ਵਿਚ- ਬਉਲੀ ਦੇ ਵਿਚ ਮਲ ਮਲ ਧੋਂਦੀ, ਪੁਰਸ਼ ਲੋਚਵੀਂ ਲੈਰੀ ਦੇਹ ਨੂੰ । ਜਾਂ ਫਿਰ ਉਸ ਨੂੰ ਚੇਤਾ ਆ ਜਾਏ, ਆਪਣੀ ਆਦੋਂ ਆਦਿ ਦਸ਼ਾ ਦਾ...... ਚਿਰ ਦੀ ਗੱਲ, ਕਰੋੜ ਵਰ੍ਹੇ ਦੀ-ਮੈਂ ਸਾਂ ਨੰਗਾ ਤੂੰ ਸੈਂ ਨੰਗੀ ਨੰਗੇ ਵਣ ਵਿਚ ਵਾਸ ਕਰੇਂਦੇ, ਇਕ ਦੂਜੇ ਨੂੰ ਸਗਵੇਂ ਦੀਂਹਦੇ ਹਾਬੜਵਾ ਨਾ ਮੇਰੇ ਮਨ ਵਿਚ, ਨਾ ਕੁਝ ਤੇਰੀ ਦੇਹ ਮਚਾਵੇ । ਕਦੇ ਕਦੇ ਜੇ ਚੜ੍ਹਨ ਤ੍ਰੰਗਾਂ, ਨਿਰ-ਸੰਕੋਚ ਛੁਹਾਈਏ ਅੰਗਾਂ ਜਣੀਏ ਧੀਆਂ ਪੁੱਤਰ ਨੰਗੇ, ਨੰਗਿਆਂ ਦੀ ਦੁਨੀਆਂ ਸਭ ਨੰਗੇ । ਆਪਣੇ ਅੰਦਰ ਸਮਤਲਤਾ, ਸੂਰ, ਸਰਲ ਸੁਆਦ, ਸੁਬਲ, ਸਨਮੁੱਖ ਸੀ ਆਪਣੇ ਅੰਦਰ ਜਿੰਨਾ ਬੱਲ ਸੀ, ਓਨਾ ਹੀ ਬਾਹਰ ਦਾ ਡਰ ਸੀ । ਪੌਣ, ਹਨੇਰੀ, ਮੀਂਹ, ਤੂਫ਼ਾਨੀਂ, ਬਹੁਤ ਲਾਚਾਰ ਹੋਈ ਜ਼ਿੰਦਗਾਨੀ । ਫਿਰ ਮੈਂ ਇਕ ਖੁੱਡ ਜਿਹੀ ਪੱਟੀ, ਉਸ ਵਿਚ ਦੇਹ ਸੁਰਖ਼ਸ਼ਿਤ ਕੀਤੀ । ਫਿਰ ਤੂੰ ਉਸ ਵਿਚ ਮਿਲਣ ਆਉਂਦੀਓਂ- ਹੋ ਜਾਂਦੀ ਸੈਂ ਗਰਭਵਤੀ ਜਦ, ਉਸ ਖੁੱਡ ਵਿਚ ਸੌਂ ਰਹਿੰਦੀ ਸੈਂ ਆਪੇ ਜਾਤਕ ਜਣ ਕੇ ਉਸ ਦਾ, ਆਪੇ ਮਲ ਮੂਤ੍ਰ ਧੋਂਦੀ ਸੈਂ । ਦੇ ਤੈਨੂੰ ਬੱਚਿਆਂ ਦੀ ਰੌਣਕ, ਮੈਂ ਤੁਰਦਾ ਅਗਿਆਤ ਦਿਸ਼ਾ ਨੂੰ ਬਚੇ ਤੇਰੇ ਨਾਂ ਤੇ ਪਲਦੇ, ਮੇਰੀ ਕੋਈ ਜ਼ਾਤ ਨਾ ਹੁੰਦੀ । ਪਰ ਕੁਝ ਹੋਰ ਦਰਿੰਦ ਜੰਗਲ ਦੇ, ਤੇਰੇ ਬੱਚੇ ਖਾ ਜਾਂਦੇ ਸਨ ਗੁਫ਼ਾ ਤੇਰੀ ਨੂੰ ਢਾਹ ਜਾਂਦੇ ਸਨ। ਫਿਰ ਮੈਂ ਤਿੱਖਾ ਪੱਥਰ ਲੀਤਾ, ਰਗੜ ਹੋਰ, ਕੁਝ ਤਿੱਖਾ ਕੀਤਾ ਇਕ ਲੰਮੀ ਲੱਕੜ ਦੇ ਅੱਗੇ, ਘਾਹ ਫੂਸ ਦੇ ਨਾਲ ਬੰਨ੍ਹਿਆ ਉਸ ਦਰਿੰਦੇ ਦੇ ਵਲ ਸਿੰਨ੍ਹਿਆ, ਉਸ ਨੂੰ ਮਾਰ ਭਜਾਇਆ ਉਥੋਂ । ਫਿਰ ਉਸ ਤਿੱਖੇ ਪੱਥਰ ਦੇ ਸੰਗ- ਮੋਟੇ ਟਾਹਣ ਰੁੱਖਾਂ ਦੇ ਵੱਢੇ, ਰਲ ਕੇ ਢੋਏ ਰਲ ਕੇ ਚਿਣ ਲਏ ਇਕ ਢਾਰੇ ਦੀ ਛੱਤ ਬਣਾਈ, ਵਿਚ ਤੇਰੀ ਸੰਤਾਨ ਵਸਾਈ । ਫਿਰ ਤੂੰ ਕੇਲੇ, ਬ੍ਹੋੜ੍ਹ ਪਲ੍ਹਾ ਦਾ ਇਕੋ ਇਕ ਕੂਲਾ ਚੌੜਾ ਪੱਤਰ ਲੱਕ ਦੇ ਗਿਰਦੇ ਇੰਜ ਵਲਾਇਆ ਆਪਣਾ ਤ੍ਰੀਮਤਤਵ ਲੁਕਾਇਆ । ਮੈਂ ਵੀ ਕੱਜਿਆ ਆਪਣਾ ਪੁਰਸ਼ਵ ਆਪਾਂ ਦੋਵੇਂ ਸੱਭਯ ਹੋ ਗਏ..... ਮੁੱਢ-ਕਦੀਮ ਆਦ ਦੀ ਚਿਤਵਣ ਚਿਤਵ ਰਹੇ ਤੇਰੇ ਮਸਤਕ ਨੂੰ ਵੇਖਾਂ ਤਾਂ ਮੈਂ ਇੰਜ ਮਹਿਸੂਸਾਂ ਜੀਕਨ ਤੂੰ ਦੁਬਿਧਾ ਵਿਚ ਹੋਵੇਂ ਕਿ, ‘ਮੈਂ ਉਹੀਓ ਆਦ-ਪੁਰਸ਼ ਹਾਂ ? ਜਾਂ ਕਿ ਹਾਂ ਮੈਂ ਇਕ ਗਲੋਟਾ- ਰੰਗ ਰੰਗ ਦੇ ਸੂਤਰ ਧਾਗੇ ਜਿਸ ਦੇ ਉਪਰ ਵਲੇ ਹੋਏ ਨੇ ! ਤੇਰੇ ਅੰਦਰ ਦੀ ਅਭਿਲਾਸ਼ਾ ਤੇਰੇ ਨੈਣਾਂ ਛੱਪ ਨਾ ਸਕਦੀ -ਤੇਰੀ ਦ੍ਰਿਸ਼ਟ ਅਗੋਚਰ ਤਾਈਂ ਅੱਜ ਫਿਰ ਗੋਚਰ ਕਰ ਨਹੀਂ ਸਕਦੀ ਵਸਤਰ-ਹੀਣ ਪੁਰਸ਼ ਨੂੰ ਲੋੜੇਂ (ਪਰ) ਸਭਿਅਤਾ ਭੋਛਣ ਵਿਚ ਵਸਦੀ... ਮੈਂ ਤੇ ਤੂੰ ਸੱਭਯ ਹੋ ਗਏ- ਤੇਰੇ ਮੇਰੇ ਵਿਚ ਲਟਕਿਆ ਭੋਜ ਪੱਤਰ ਦਾ ਪਤਲਾ ਪੜਦਾ । ਸਭਿਅਤਾ ਨੂੰ ਪਿੰਡੇ ਵਲ ਕੇ ਕਦਮ ਕਦਮ ਮੈਂ ਅੱਗੇ ਤੁਰਿਆ ਜਿੰਨੇ ਇਹ ਅੰਬਰ ਤੇ ਤਾਰੇ, ਓਨੇ ਦਿਸਣ ਪੈਰ ਚਿੰਨ੍ਹਾਂ ਦੇ ਦਾਗ਼ ਮੇਰੇ ਮਨ ਦੀ ਧਰਤੀ ਵਿਚ- ਅਸੀਂ ਕਬੀਲੇਦਾਰੀ ਬੀੜੀ, ਪਿੰਡ ਗਿਰਾਂ ਤੇ ਨਗਰ ਵਸਾਏ ਜੀਕਣ ਘਾਹ ਬਰੂਟ ਉੱਗਦਾ ਓਕਣ ਅੰਨ ਅਨਾਜ ਉਗਾਏ ਦੋ ਪੱਥਰਾਂ ਦੀ ਖਹਿਸਰ ਵਿਚੋਂ ਅੱਗ ਦਾ ਇਕ ਅਜੂਬਾ ਲੱਭਾ ਪਸ਼ੂ ਪੰਛੀਆਂ ਮਾਰ ਪਕੜ ਕੇ ਅੱਗ ਦੇ ਅੰਦਰ ਭੁੰਨ ਕੇ ਖਾਧਾ ਚਰਬੀ ਨਾਲ ਚਰਾਗ਼ ਜਲਾਏ ਹੱਡਾਂ ਦੇ ਸ਼ਿੰਗਾਰ ਬਣਾਏ ਚਮੜੀ ਪਹਿਨੀ ਚਮੜੀ ਓੜ੍ਹੀ, ਚਮੜੀ ਦੇ ਵਿਛਾਵਣ ਕੀਤੇ ਮ੍ਰਿਗਸ਼ਾਲਾ ਦੀ ਸੇਜ ਵਿਛਾਈ ਉਸ ਤੇ ਨਵ ਵਰ ਰਾਤ ਮਨਾਈ... ਫੇਰ ਕਣਕ ਤੇ ਜੌਆਂ ਵਾਂਗ ਅਸੀਂ ਕਪਾਹ ਦੇ ਬੀਅ ਉਗਾਏ ਵਸਤਰ ਸੀਤੇ, ਪਹਿਰਣ ਵਿਚ ਅੰਗ ਕੱਜ ਲੀਤੇ । ਲੀੜਿਆਂ ਦੇ ਵਿਚ ਬਣਨਾ ਫੱਬਣਾ ਇਕ ਦੂਜੇ ਨੂੰ ਚੰਗੇ ਲੱਗਣਾ ਨਿੱਤ ਦਾ ਇਕ ਸੁਭਾਉ ਬਣ ਗਿਆ ਈਕਣ ਬੰਦਾ ਸਾਊ ਬਣ ਗਿਆ । ਸਿਰਜਣ-ਧੁਨ ਵਿਚ ਆਪਣਾ ਆਪਾ ਮੈਨੂੰ ਮੈਨੂੰ ਮੂਲੋਂ ਯਾਦ ਰਿਹਾ ਨਾ ਮੈਂ ਹੋ ਤੁਰਿਆ ਬਹੁ ਵਿਸਥਾਰੀ- ਤੇਰੇ ਤੋਂ ਵੰਸ਼ਜ-ਪੋਸ਼ਨ ਦਾ ਭਾਰ ਮੈਂ ਆਪਣੇ ਸਿਰ ਤੇ ਲੀਤਾ ਤੈਨੂੰ ਘਰ ਦੀ ਰਾਣੀ ਕੀਤਾ ਸੋਲਾਂ ਦੇ ਸੋਲਾਂ ਸ਼ਿੰਗਾਰਾਂ ਨਾਲ ਸਜਾਈ ਦੇਹੀ ਤੇਰੀ । ਬਹੁ-ਮੁੱਲੀ ਬਹੁ-ਭਾਂਤੀ ਤ੍ਰੀਮਤ- ਪੁਰਸ਼ਾਂ ਨੂੰ ਭਰਮਾਵਣ ਲੱਗੀ ਪੁਰਸ਼ਾਂ ਨੂੰ ਉਕਸਾਵਣ ਲੱਗੀ । ਨੀਲੇ ਨਭ ਤੇ ਛਾਈ ਹੋਈ ਇਕ ਹੈ ਤੇਰੀ ਇਹ ਪਰਛਾਈ, ਇਕ ਸੀ ਤੇਰੀ ਉਹ ਪਰਛਾਈ ਜਿਸ ਨੇ ਮੇਰੀ ਰੂਹ ਉਕਸਾਈ ਜਿਸ ਦੀ ਲਿਸ਼ਕ ਇਲਮ ਜਾਗਿਆ ਪੜ੍ਹ ਪੜ੍ਹ ਗੱਡੇ ਲੱਦ ਮੈਂ ਤਰਿਆ ਪਰ ਨਾ ਤੇਰੀ ਥਾਹ ਥਿਆਈ। ਇਕ ਤਾਂ ਸਭਿਅਤਾ ਭਰਮਾਇਆ, ਇਕ ਇਲਮ ਨੇ ਜ਼ੋਰ ਵਿਖਾਇਆ ਤੀਜਾ ਜ਼ਾਤ ਤੇਰੀ ਉਕਸਾਇਆ...... ਮੈਂ ਸਿੱਖੇ ਲੰਮੇ ਡਗ ਭਰਨੇ- ਅੱਗ ਪਾਣੀ ਤੋਂ ਵਰ ਮੈਂ ਲੀਤਾ ਭਾਫ਼ ਨਾਲ ਮੈਂ ਯਾਰੀ ਗੰਢੀ ਡੂੰਘੇ ਖੂਹ ਤੇਲ ਦੇ ਪੁੱਟੇ ਰੇਤਾ ਰੋਲ ਰੋਲ ਕੇ ਲੱਭਾ ਅਲੋਕਾਰ ਲੋਹੇ ਦਾ ਟੁਕੜਾ ਯੰਤਰ ਘੜੇ ਹਜ਼ਾਰਾਂ ਲੱਖਾਂ । ਇਕ ਤੇਰੀ ਖ਼ਮਦਾਰ ਆਕ੍ਰਿਤੀ ਮਾਣ ਰਹੀ ਮੇਰੀ ਘਾੜਤ ਨੂੰ ਵੱਡ ਧੌਲਰ ਮਹਾਂ ਵਿਸ਼ਾਲ ਵਿਦਿਆਲੇ ਬੌਧਕਤਾ ਵੰਡਦੇ ਪਠਨ-ਬਿਧਿ ਨੇ ਬੁੱਧ-ਬਲ ਦੇ ਕੇ ਤੇਰੀ ਸਰਸ ਸੁਗਮ ਸੁਰਤੀ ਨੂੰ ਇਕ ਅਸਚਰਜ ਚਤੁਰਤਾ ਦਿਤੀ । ਤੇਰੀ ਗਿਆਨ-ਤਿਖਾ ਦੀ ਖ਼ਾਤਰ ਮੈਂ ਅਕਲ ਦੇ ਪਰਬਤ ਪੁੱਟੇ ਇਲਮ-ਅਮੀਂ ਦਾ ਭਰ ਕੇ ਪਿਆਲਾ ਤੇਰੇ ਪੀਵਣ ਦੇ ਲਈ ਧਰਿਆ । ਤੇਰਾ ਇਹ ਸੌਂਦ੍ਰਯ ਅਧਭੁੱਤ- ਤੇਰਾ ਇਹ ਆਕ੍ਰਿਤਕ ਪ੍ਰਤਿਬਿੰਬ ਮੈਂ ਆਪਣੇ ਅੱਖਰਾਂ ਵਿਚ ਘੜਿਆ ਤੈਨੂੰ ਆਪਣੀ ਘਾੜਤ ਸੌਂਪੀ ਚੱਜ, ਆਚਾਰ, ਗਿਆਨ ਅਰਪਿਆ ਅਰਧੰਗੀਓ ਸਰਬੰਗੀ ਕੀਤਾ...... ਕਰਦਿਆਂ ਆਖ਼ਰ ਥੱਕ ਜਾਈਦਾ, ਘੜਦਿਆਂ ਆਖ਼ਰ ਅੱਕ ਜਾਈਦਾ ...... ਮੈਂ ਵੀ ਇਕ ਥਕਾਨ ਜਿਹੀ ਵਿਚ ਇਕ ਦਿਨ ਦੂਰ ਸਵੈ ਨੂੰ ਪਾਇਆ । ਥੱਕੀਆਂ ਥੱਕੀਆਂ ਪਲਕਾਂ ਦੇ ਨਾਲ ਆਪਣਾ ਚਾਰ ਚੁਫੇਰਾ ਟੋਹਿਆ ਪਰ ਕਿੱਥੇ ਮੇਰੀ ਅਰਧੰਗਣੀਂ ? ਕਿਤੇ ਤੇਰਾ ਆਕਾਰ ਨਾ ਦਿਸਿਆ ਮੇਰੇ ਮਨ ਦੀ ਸੰਨ-ਰੋਹੀ ਦਾ ਕਿਤੇ ਵੀ ਅਗਲਾ ਪਾਰ ਨਾ ਦਿਸਿਆ..... ਮੈਂ ਛੱਡਿਆ ਸਿਰ, ਮੁੜ੍ਹਕਾ ਛੰਡਿਆ- ਅੱਟਣਾਂ ਵਾਲੇ ਹੱਥ ਫੈਲਾ ਕੇ ਆਪਣੀ ਪੂਰਬ ਰੇਖਾ ਵਾਚੀ ਵਾਚਣ-ਬਿਧਿ ਅਚੰਭਿਤ ਹੋਈ, ਇਹ ਤਾਂ ਸਦੀ ਵਿਛੋੜੇ ਵਾਲੀ ਮੇਰੇ ਅੱਗੇ ਆਣ ਖਲੋਈ ਸੰਗ ਸੰਗ ਜੀਵੰਦਿਆਂ ਯੁੱਗ ਬੀਤੇ, ਇਹ ਕੀ ਵਰਤ ਗਈ ਅਣਹੋਈ ਕੇਹਾ ਯੋਗ ਹੋਇਆ ਅੱਠ ਗ੍ਰਹਿ ਦਾ ਇਹ ਕੀ ਵਰਤ ਗਈ ਅਣਹੋਈ ਮੈਂ ਮਿੱਟੀ ਦਾ ਮਨੂਆਂ ਜੇਹਾ ਧੂੜਾਂ ਦੀ ਗ਼ਰਦਸ਼ ਵਿਚ ਘਿਰਿਆ...... ਤੇਰੀ ਇਹ ਪਰਛਾਂਈ ਜਿਹੀ ਅੰਬਰ ਉਤੇ ਚੋਜ ਖਲਾਰੇ । ਸੈਂ ਕੋਹਾਂ ਦੀ ਦੂਰੀ ਉਤੇ ਮੇਰਾ ਇਹ ਵਜੂਦ ਖੜਾ ਹੈ ਮੈਂ ਜੋ ਇਲਮ ਹੁਨਰ ਸਭ ਘੜਿਆ, ਉਹ ਸਾਡੇ ਵਿਚਕਾਰ ਖੜਾ ਹੈ ਮੇਰੀ ਘਾੜ, ਮੇਰੀ ਪ੍ਰਤਿਯੋਗੀ ? ਮੇਰੀ ਸਾਧ ਮੇਰੀ ਹੀ ਬਾਧਾ ? ਮੇਰੇ ਹੋਠ ਰਸਾਂ ਦੇ ਆਦੀ ਆਪਣੀ ਜੀਭ ਹਿਲਾ ਕੇ ਸਿੰਜੇ ਮੇਰੇ ਨੈਣ ਸੌਂਦ੍ਰਯਵਾਦੀ ਆਪਣੇ ਰੋਹ ਦੀ ਰਾਖ 'ਚ ਮੁੰਦੇ । ਏਸ ਰਾਖ ਦੀ ਗਾਹੜੀ ਚਾਦਰ ਚੀਰ ਚੀਰ ਕੇ ਲੱਤਾਂ ਤੈਨੂੰ ਨੈਣ ਹਰਾਸੇ, ਹੋਰ ਪਿਆਸੇ ਇਕ ਘੁੱਟ ਤੇਰਾ ਕਿਥੋਂ ਪਾਵਾਂ ? ਚਹੁੰ ਕੂੰਟਾਂ ਤੇ ਦਸਾਂ ਦਿਸ਼ਾਂ ਨੂੰ ਕੁਝ ਕੋਹਾਂ ਦੇ ਵਾਂਗੂ ਗਾਹਵਾਂ ਸਾਰੀ ਸ੍ਰਿਸ਼ਟੀ ਢੂੰਡ ਭਾਲ ਕੇ ਮੁੜ ਆਪਣੇ ਆਪੇ ਵਿਚ ਆਵਾਂ- ਅਹੁ ਇਕ ਮੇਰੇ ਸੁਰਤਿ-ਜਗਤ ਵਿਚ ਝਿਲਮਿਲ ਕਰਦਾ ਮਹਿਲ ਉਸਰਿਆ ਹੋਟਲ ਹੈ ਸ਼ਾਇਦ ਇਹ ਕੋਈ ਨਾਮ 'ਰਿਲੈਕਸ' ਵੀ ਪੜ੍ਹ ਸਕਦਾ ਹਾਂ । ਝਿਜਕਦਿਆਂ ਪੈਰਾਂ ਨੇ ਮੇਰੇ ਪਾਏਦਾਨ ਨੂੰ ਪਾਰ ਕਰ ਲਿਆ ਸਹਿਮੀ ਸਹਿਮੀ ਨਜ਼ਰ ਘੁਮਾਈ ਕਈ ਵੇਸਾਂ ਤੇ ਕਈ ਰੰਗਾਂ ਦੀਆਂ ਉਥਿਤ, ਅਧੀਰ, ਸ਼ੋਖ ਆਕਰਸ਼ਕ ਤੇਰੀਆਂ ਕਈ ਆਕ੍ਰਿਤੀਆਂ ਦਿਸੀਆਂ...... ਮੇਜ਼ਾਂ ਉਤੇ ਕੂਹਣੀਆਂ ਟੇਕੀ- ਬੋਤਲ ਦੇ ਗਲ ਜੇਹੀ ਗਰਦਣ ਦੋ ਹੱਥਾਂ ਦੇ ਵਿਚ ਟਿਕਾਈ ਨਿੱਘੀ ਭਾਰੀ, ਸਿੱਥਲ ਦੇਹੀ ਰਸ ਵਿਚ ਧਸਾਈ ਹੋਈ ਪੱਟਾਂ ਨੂੰ ਆਪਸ ਵਿਚ ਘੁੱਟੀ ਇਕ ਉਕਸਾਹਟ ਨਾਲ ਬਲਦੀਆਂ ਆਪਣੇ ਸਾਹਵੇਂ ਬੈਠੇ ਹੋਏ ਮਰਦਾਂ ਦੇ ਜੁੱਸਿਆਂ ਨੂੰ ਨਿਰਖਣ । ਪੈਗਾਂ ਵਿਚੋਂ ਸਿੱਪ ਕਰਦੀਆਂ, ਸੁਰਖ ਉਨਾਬੀ ਹੁੰਦੀਆਂ ਜਾਵਣ ਚੁੰਮਣ ਇਉਂ, ਜਿਉਂ ਲੱਕੜਹਾਰਾ- ਲੱਕੜ ਵੱਢੇ, ਲੱਕੜ ਮੁੱਛੇ ਦੋ ਤਿੱਖੇ ਕੁਲਹਾੜੇ ਲੈ ਕੇ । ਅਹੁ ਇਕ ਤੇਰੀ ਮਸਤ ਆਕ੍ਰਿਤੀ ਇਕੋ ਡੀਕ 'ਚ ਪੈੱਗ ਚੜ੍ਹਾ ਕੇ ਅੱਖ ਝਮਕਾਈ, ਕੁਝ ਮੁਸਕਾਈ, ਸਿਰ ਤੋਂ ਉੱਚੀ ਇਕ ਅੰਗੜਾਈ ਤੇ ਕੁਰਸੀ ਵਿਚ ਢੇਰੀ ਹੋ ਗਈ । ਸਾਹਵੇਂ ਬੈਠੇ ਮਰਦ ਜਣੇ ਨੇ, ਬਾਂਹ ਵਲਾ ਕੇ ਘੁੱਟਿਆ ਤੈਨੂੰ ਇਕ ਦੂਜੇ ਕਮਰੇ ਵਿਚ ਪਹੁੰਚਾ, ਹਰੇ ਰੰਗ ਦੇ ਬੱਲਬ ਹੇਠਾਂ, ਖੁੱਲ੍ਹ ਗਏ ਚੋਲੀ ਦੇ ਬੰਧਨ ਤੇਰੀ ਨੰਗੀ ਕੰਚਨ ਕਾਇਆ- ਉਸ ਮਰਦ ਦਾ ਤਕੜਾ ਜੁੱਸਾ, ਗਿੱਲੇ ਆਟੇ ਵਾਂਗੂ ਗੁੰਨ੍ਹਦਾ । ਕਈ ਪਲਾਂ ਦੀ ਮਾਸ ਧਰੂਹਣੀ, ਦੋਹਾਂ ਦੇ ਤਨ ਸ਼ਾਂਤ ਹੋ ਗਏ । ਮਰਦ ਜਣੇ ਦੀ ਜੇਬੋਂ ਤਿਲਕੇ ਨੋਟਾਂ ਦੇ ਕੁਝ ਕੋਰੇ ਕਾਗ਼ਜ਼, ਤੇਰਿਆਂ ਪੱਟਾਂ ਉਤੇ ਡਿੱਗੇ । ਕੀ ਤੂੰ ਵੀ ਇਕ ਵਸਤੂ ਵਾਂਗੂੰ, ਵਿਕ ਸਕਦੀ ਏਂ ਪੈਸੇ ਬਦਲੇ ? ਪਹਿਲੀ ਵਾਰ ਖ਼ਿਆਲ ਇਹ ਕੌੜਾ, ਮੇਰੀ ਚਿਤਵਣ ਦੇ ਵਿਚ ਆਇਆ ਮਨ ਵਿਚ ਇਕ ਗੁਬਾਰ ਉਠਿਆ ਸਿਗਰਟ ਦੇ ਕੌੜੇ ਧੂੰਏਂ ਦੇ, ਬੱਦਲ ਮੇਰਾ ਸਾਹ ਘੁੱਟਦੇ ਪਏ । ਉਸ ਹੋਟਲ 'ਚੋਂ ਬਾਹਰ ਆਇਆ, ਬੇਹੋਸ਼ਾ ਬੇ-ਸੁਰਤਾ ਜੇਹਾ ਪਾਏਦਾਨ ਵਿਚ ਪੈਰ ਅੜ ਗਿਆ, ਡਿੱਗਣ ਲੱਗਾ, ਮਸਾਂ ਸੰਭਲਿਆ ਅੰਦਰ ਇਕ ਵਿਅੰਗ ਪਰੁੱਚੀ, ਹਾਸੇ ਦੀ ਫ਼ਿਟਕਾਰ ਜੋ ਆਈ । ਪਿੱਛੇ ਭੌਂ ਕੇ ਨਿਰਖਾਂ ਜਾਂ ਮੈਂ- ਘਿਰਣਾ, ਵਿਅੰਗ, ਉਪੇਕਸ਼ਾ ਭਰਿਆ, ਮੈਨੇਜਰ ਮੁਸਕਾਂਦਾ ਦਿਸਿਆ ...... ਮੈਨੂੰ ਈਕਣ ਜਾਪਣ ਲੱਗਾ- ਤੂੰ ਹੀ ਕੱਲੀ ਵਿਕਦੀ ਨਹੀਂ ਏਂ, ਮੈਂ ਵੀ ਵਿਕਦਾ ਏਸ ਸ਼ਹਿਰ ਵਿਚ ਜਿਹੜੀ ਕੋਈ ਇਮਾਰਤ ਸਿਰਜੀ, ਬਿਨ ਪੈਸੇ ਤੋਂ ਉਸ ਦੇ ਅੰਦਰ ਇਕ ਪਲ ਵੀ ਮੈਂ ਠਹਿਰ ਨਾ ਸਕਦਾ ਬੱਸਾਂ, ਟ੍ਰਾਮਾਂ, ਟੈਕਸੀਆਂ ਵਿਚ, ਬਿਨ ਪੈਸੇ ਤੋਂ ਚੜ੍ਹ ਨਹੀਂ ਸਕਦਾ। ਲੱਖ ਮੇਰੇ ਹੱਥਾਂ ਵਿਚ ਚਾਹਤ, ਲੱਖ ਮੇਰੇ ਮੱਥੇ ਵਿਚ ਚਾਨਣ ਲੱਖ ਮੈਂ ਰਚਨਾ ਰਚੀ ਬਹੁਤੇਰੀ, ਪਰ ਅੱਜ ਆਪਣੀ ਕਹਿ ਨਹੀਂ ਸਕਦਾ । ਜਾਤਾ, ਜੀਕਣ, ਮੇਰੇ ਹੱਥਾਂ, ਨਾਲ ਸਰਾਪ ਦੀ ਸਿਲਾ ਬੱਝ ਗਈ ਆਦਿ ਕਾਲ ਵਿਚ ਤੂੰ ਸੈਂ ਨਾਰੀ, ਸਮ-ਭੋਗੀ ਸਹਿਚਰਣੀ ਮੇਰੀ ਧਰਮ ਇਬਾਦਤ ਯੁਗ ਵਿਚ ਆ ਕੇ, ਤੂੰ ‘ਵਿਭਚਾਰ' ਦਾ ਬਿੰਬ ਹੋ ਬੈਠੀ ਇਸ ਉਦਯੋਗ ਦੇ ਯੁਗ ਵਿਚ ਪਹੁੰਚੀ, ਤੂੰ ਇਕ ‘ਕਾਰੋਬਾਰ’ ਕਹਾਈ ਤੂੰ ਇਕ ਵਸਤੂ ਸ਼ੋ-ਕੇਸ ਵਿਚ, ਜਿਨਸ ਵਾਂਗਰਾਂ ਮੰਡੀਏਂ ਵਿਕਦੀ ਅਰਥਾਚਾਰ ਦੀ ਸੰਘੀ ਵਿਚੋਂ, ਕੋਕਾ ਕੋਲਾ ਵਾਂਗੂੰ ਲਹਿ ਗਈ । ਮੇਰੀ ਤ੍ਰਿਸ਼ਨਾ, ਮੇਰੇ ਪਿਆਲੇ, ਨਿੱਤ ਨਿੱਤ ਤ੍ਰੇਹ, ਤ੍ਰੇਹ ਨੂੰ ਪੀਂਦੀ । ਤ੍ਰੇਹ ਪੀ ਕੇ ਤਾਂ ਤ੍ਰੇਹ ਨਹੀਂ ਮਰਦੀ, ਅੱਗ ਖਾ ਕੇ ਤਾਂ ਅੱਗ ਨਹੀਂ ਬੁਝਦੀ ਪਿਆਸੇ ਹੋਂਠ ਦੰਦਾਂ ਵਿਚ ਟੁੱਕਾਂ- ਪਿਆਸੀ ਅੱਖੀਂ ਦਿਸ-ਹੱਦੇ ਤੱਕ, ਟੋਲਾਂ ਤੇਰੀ ਤਰਣ ਤਰਲਤਾ । ਮੈਂ ਅਚੇਤ, ਚੇਤ ਦਾ ਸੰਗਮ, ਚੇਤਾਂ ਤਾਂ ਮੈਂ ਅਗਨੀ ਹੋ ਜਾਂ...... ਫੇਰ ਅਚੇਤਨ ਮਨ ਦੀ ਕੋਈ, ਘਟਾ ਵਰ੍ਹੀ ਇਸ ਅਗਨੀ ਉਤੇ ਮਨ ਮੇਰੇ ਵਿਚ ਚਿੱਕੜ ਹੋਇਆ। ਮਹਿਲ, ਜਿਹਦੇ ਵਿਚ ਤੂੰ ਰਹਿੰਦੀ ਏਂ, ਇਸ ਦਲਦਲ ਵਿਚ ਧਸਦਾ ਜਾਵੇ... ਜਿੰਦ ਮੇਰੀ ਦਾ ਸਾਹ ਪਿਆ ਘੁੱਟੇ- ਆਪਣੇ ਮਨ ਦੀ ਗੁਫ਼ਾ ਸਮੇਟਾਂ, ਆਪੇ 'ਚੋਂ ਮੈਂ ਬਾਹਰ ਆਵਾਂ ਜਿਉਂ ਕੋਈ ਆਸ਼ਕ ਕੰਨ ਪੜਵਾਕੇ, ਗੋਰਖ ਟਿੱਲਿਓਂ ਬਾਹਰ ਆਵੇ ਖ਼ਿਆਲ ਮੇਰੇ ਇਉਂ ਜੋਗੀ ਹੋਏ, ਭਾਲ ਤੇਰੀ ਵਿਚ ਤੁਰ ਪੈਂਦੇ ਹਨ । ਆਪਣੇ ਖ਼ਿਆਲਾਂ ਦੀ ਛਾਂ ਹੇਠਾਂ, ਤੁਰਿਆ ਜਾਂਦਾ ਚਿਤਵੀ ਜਾਵਾਂ ਸਾਥ ਤੇਰੇ ਦੀਆਂ ਮਿੱਠੀਆਂ ਘੜੀਆਂ... ਤੁਰਿਆ ਜਾਂਦਾ ਲੱਭਦਾ ਜਾਂਦਾ, ਆਪਣੇ ਖ਼ਿਆਲਾਂ ਦੀ ਰੂੜੀ ਵਿਚ ਮੌਲਸਰੀ ਜਿਉਂ ਉੱਗੀ ਹੋਈ, ਹੋਂਦ ਤੇਰੀ ਦੀ ਲਗਰ ਅਲੂੰਈਂ । ਤੁਰਿਆ ਜਾਵਾਂ, ਖ਼ਿਆਲ ਤੇਰੇ ਵਿਚ- ਖ਼ਿਆਲ ਤੇਰਾ ਆਉਂਦਾ ਤੇ ਜਾਪੇ, ਵਿਧਵਾ ਨੂੰ ਜਿਉਂ ਗਰਭ ਠਹਿਰਿਆ .....

  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ. ਬਖ਼ਤਾਵਰ ਸਿੰਘ ਦਿਓਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ