Pias : Dr. Amarjeet Kaunke

ਪਿਆਸ : ਡਾ. ਅਮਰਜੀਤ ਕੌਂਕੇ



(ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ "ਪਿਆਸ" ਨੂੰ ਸਾਲ 2013 ਦੀ ਸਰਵੋਤਮ ਪੁਸਤਕ ਵਜੋਂ ਚੁਣਿਆ ਗਿਆ ਅਤੇ ਇਸ ਨੂੰ ਇਸ ਵਰ੍ਹੇ ਲਈ ਸਰਵੋਤਮ ਪੁਸਤਕ ਪੁਰਸਕਾਰ "ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ" ਨਾਲ ਸਨਮਾਨਿਤ ਕੀਤਾ ਗਿਆ।)

ਮੈਂ ਕਵਿਤਾ ਲਿਖਦਾ ਹਾਂ

ਮੈਂ ਕਵਿਤਾ ਲਿਖਦਾ ਹਾਂ ਕਿਉਂਕਿ ਮੈਂ ਜੀਵਨ ਨੂੰ ਇਸਦੀ ਸਾਰਥਕਤਾ ਵਿੱਚ ਜਿਉਣਾ ਚਾਹੁੰਦਾ ਹਾਂ ਕਵਿਤਾ ਨਾ ਲਿਖਾਂ ਤਾਂ ਮੈਂ ਨਿਰਜੀਵ ਪੁਤਲਾ ਬਣ ਜਾਂਦਾ ਮਿੱਟੀ ਦਾ ਖਾਂਦਾ ਪੀਂਦਾ ਸੌਂਦਾ ਮੁਫ਼ਤ ਵਿੱਚ ਡਕਾਰਦਾ ਰੁੱਖਾਂ ਤੋਂ ਮਿਲੀ ਆਕਸੀਜਨ ਛੱਡਦਾ ਕਾਰਬਨ ਡਾਇਆਕਸਾਈਡ ਹਵਾ ਪਲੀਤ ਕਰਦਾ ਅੰਨ ਖਰਾਬ ਕਰਦਾ ਧਰਤ ਤੇ ਬੋਝ ਜਿਹਾ ਬਣ ਜਾਂਦਾ ਹਾਂ ਮੈਂ ਆਪਣੇ ਆਪ ਨੂੰ ਲੱਗਣ ਲੱਗਦਾ ਪਾਪ ਜਿਹਾ ਪਰ ਜਦੋਂ ਮੈਂ ਕਵਿਤਾ ਲਿਖਦਾ ਹਾਂ ਧਰਤੀ ਦਾ ਦਰਦ ਸ਼ਬਦਾਂ ’ਚ ਪਰੋਂਦਾ ਹਾਂ ਧਰਤੀ ਤੇ ਰਹਿੰਦੇ ਮਨੁੱਖਾਂ ਦੇ ਦਰਦ ਨਾਲ ਦੁਖੀ ਹੁੰਦਾ ਉਹਨਾਂ ਦੀ ਖੁਸ਼ੀ ਵਿੱਚ ਮੇਰਾ ਅੰਦਰ ਖਿੜ ਜਾਂਦਾ ਮੈਂ ਕਵਿਤਾ ਲਿਖਦਾ ਜਦੋਂ ਉਹਨਾਂ ਦੇ ਦਰਦ ਉਹਨਾਂ ਦੀ ਖੁਸ਼ੀ ਦੇ ਗੀਤ ਗਾਉਂਦਾ ਮੈਂ ਸ਼ਬਦ ਸ਼ਬਦ ਜੁੜਦਾ ਕਵਿਤਾ ਬਣ ਜਾਂਦਾ ਮੇਰਾ ਅੰਦਰ ਬਾਹਰ ਅਜਬ ਜਿਹੇ ਖੇੜੇ ਨਾਲ ਭਰ ਜਾਂਦਾ ਮੈਂ ਧਰਤੀ ਦਾ ਅੰਨ ਖਾਂਦਾ ਹਾਂ ਹਵਾ ਤੋਂ ਸਾਹ ਲੈਂਦਾ ਹਾਂ ਜ਼ਮੀਨ ਦੇ ਟੁਕੜੇ ਨੇ ਮੈਨੂੰ ਰਹਿਣ ਲਈ ਥਾਂ ਦਿੱਤੀ ਹੈ ਕਰਜ਼ਦਾਰ ਹਾਂ ਮੈਂ ਧਰਤੀ ਦਾ ਮੈਂ ਕਵਿਤਾ ਲਿਖਦਾ ਹਾਂ ਕਿ ਧਰਤੀ ਦਾ ਕੁਝ ਕੁ ਕਰਜ਼ ਮੋੜ ਸਕਾਂ।

ਕਵਿਤਾ ਦੀ ਰੁੱਤ

ਜਦੋਂ ਵੀ ਕਵਿਤਾ ਦੀ ਰੁੱਤ ਆਈ ਤੇਰੀਆਂ ਯਾਦਾਂ ਦੇ ਕਿੰਨੇ ਮੌਸਮ ਆਪਣੇ ਨਾਲ ਲਿਆਈ ਮੈਂ ਕਵਿਤਾ ਨਹੀਂ ਜਿਵੇਂ ਤੈਨੂੰ ਹੀ ਲਿਖਦਾ ਹਾਂ ਮੇਰੇ ਪੋਟਿਆਂ ਮੇਰੇ ਨੈਣਾਂ ਮੇਰੇ ਲਹੂ ਵਿੱਚ ਤੇਰਾ ਅਜਬ ਜਿਹਾ ਸਰੂਰ ਤੁਰਦਾ ਹੈ ਅਜੀਬ ਜਿਹਾ ਖ਼ਿਆਲ ਹੈਰਾਨ ਕਰਨ ਵਾਲਾ ਪਤਾ ਨਹੀਂ ਕਿੱਥੋਂ ਫੁਰਦਾ ਹੈ ਤੂੰ ਅਛੋਪਲੇ ਜਿਹੇ ਮੇਰੇ ਕੋਲ ਆ ਬਹਿੰਦੀ ਤੇਰੀ ਨਜ਼ਰ ਮੇਰੀ ਕਵਿਤਾ ਦਾ ਇਕੱਲਾ-ਇਕੱਲਾ ਸ਼ਬਦ ਕਿਸੇ ਪਾਰਖੂ ਵਾਂਗ ਟੁਣਕਾ ਕੇ ਵੇਖਦੀ ਮੇਰੇ ਨੈਣਾਂ ’ਚ ਤੇਰਾ ਮੁਸਕਰਾਉਂਦਾ ਚਿਹਰਾ ਆਉਂਦਾ ਮੇਰੇ ਦੁਆਲੇ ਸ਼ਬਦਾਂ ਦਾ ਮੀਂਹ ਵਰ੍ਹਦਾ ਤੇ ਮੈਂ ਕਿਸੇ ਬੱਚੇ ਵਾਂਗ ਸ਼ਬਦਾਂ ਨੂੰ ਚੁੱਕ ਚੁੱਕ ਉਹਨਾਂ ਨੂੰ ਕਤਾਰਾਂ ’ਚ ਸਜਾਉਂਦਾ ਕਿਤੇ ਵੀ ਹੋਵੇਂ ਭਾਵੇਂ ਕਿੰਨੀ ਵੀ ਦੂਰ ਅਸੀਮ ਅਨੰਤ ਦੂਰੀ ’ਤੇ ਪਰ ਕਵਿਤਾ ਦੀ ਰੁੱਤ ਵਿੱਚ ਤੂੰ ਸਦਾ ਮੇਰੇ ਕੋਲ ਕੋਲ ਹੁੰਦੀ...।

ਕਿਵੇਂ ਆਵਾਂ

ਮੇਰੀ ਚੇਤਨਾ ਹਜ਼ਾਰ ਟੁਕੜਿਆਂ ’ਚ ਵੰਡੀ ਪਈ ਹੈ ਮੇਰਿਆਂ ਚੇਤਿਆਂ ਵਿੱਚ ਅਤੀਤ ਦੇ ਕਿੰਨੇ ਗ੍ਰਹਿਆਂ ਉਪਗ੍ਰਹਿਆਂ ਦੇ ਟੋਟੇ ਤੈਰ ਰਹੇ ਹਨ ਮੇਰੇ ਅੰਦਰ ਕਿੰਨੇ ਜਨਮਾਂ ਦੀ ਧੂੜ ਉਡਦੀ ਮੇਰੇ ਜੰਗਲਾਂ ਵਿੱਚ ਕਿੰਨੀਆਂ ਡਰਾਉਣੀਆਂ ਲੁਭਾਉਣੀਆਂ ਆਵਾਜ਼ਾਂ ਤੈਰਦੀਆਂ ਮੇਰੇ ਸਮੁੰਦਰਾਂ ’ਚ ਕਿੰਨੇ ਜਵਾਰਭਾਟੇ ਖੌਲਦੇ ਪਾਣੀਆਂ ਦਾ ਸੰਗੀਤ ਮੈਂ ਚਾਹੁੰਦਾ ਹੋਇਆ ਵੀ ਇਨ੍ਹਾਂ ਆਵਾਜ਼ਾਂ ਸ਼ੋਰ ਸੰਗੀਤ ਵਾਵਰੋਲਿਆਂ ਤੋਂ ਮੁਕਤ ਨਹੀਂ ਹੋ ਸਕਦਾ ਚਾਹੁਣ ਤੇ ਵੀ ਮਿਟਾ ਨਹੀਂ ਸਕਦਾ ਮੈਂ ਆਪਣੀਆਂ ਯਾਦਾਂ ਦੀ ਤਖਤੀ ਤੋਂ ਕਿੰਨੀਆਂ ਲਕੀਰਾਂ ਕੱਟੀਆਂ ਵੱਢੀਆਂ ਸ਼ਕਲਾਂ ਮੈਂ ਜਾਣਦਾ ਹਾਂ ਤੂੰ ਮੈਨੂੰ ਸੰਪੂਰਨ ਚਾਹੁੰਦੀ ਹੈਂ ਪੂਰੇ ਦਾ ਪੂਰਾ ਸਾਲਮ ਇੱਕੋ ਇੱਕ ਜੋ ਸਦਾ ਤੇਰਾ ਤੇ ਸਿਰਫ਼ ਤੇਰਾ ਹੋਵੇ ਪਰ ਮੇਰੀ ਦੋਸਤ ! ਮੈਂ ਬਚਪਨ ਦੀ ਕੱਚੀ ਉਮਰ ਤੋਂ ਹਜ਼ਾਰ ਟੁਕੜਿਆਂ ’ਚ ਵੰਡਿਆ ਖਿਲਰਿਆ ਖ਼ੁਦ ਬ੍ਰਹਿਮੰਡ ’ਚ ਖਿੰਡੇ ਆਪਣੇ ਟੁਕੜੇ ਚੁਗਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਪੂਰੇ ਦਾ ਪੂਰਾ ਤੇਰਾ ਸਿਰਫ਼ ਤੇਰਾ ਬਣ ਕੇ ਤੇਰੇ ਕੋਲ ਕਿੰਜ ਆਵਾਂ...।

ਕੋਹਾਂ ਤੀਕ ਹਨ੍ਹੇਰਾ

ਮੈਂ ਜਿਸ ਰੌਸ਼ਨੀ ’ਚ ਬੈਠਾ ਹਾਂ ਮੈਨੂੰ ਇਹ ਰੌਸ਼ਨੀ ਮੇਰੀ ਨਹੀਂ ਲੱਗਦੀ ਇਸ ਮਸਨੂਈ ਜਿਹੇ ਚਾਨਣ ਦੀ ਕੋਈ ਵੀ ਕਿਰਨ ਪਤਾ ਨਹੀਂ ਕਿਉਂ ਮੇਰੀ ਰੂਹ ’ਚ ਨਹੀਂ ਜਗਦੀ ਜਗਮਗ ਕਰਦਾ ਅੱਖਾਂ ਚੰਧਿਆਉਂਦਾ ਇਹ ਜੋ ਚਾਨਣ ਚੁਫ਼ੇਰਾ ਹੈ ਅੰਦਰ ਝਾਕ ਕੇ ਵੇਖਾਂ ਤਾਂ ਕੋਹਾਂ ਤੀਕ ਨ੍ਹੇਰਾ ਹੈ ਕਦੇ ਜਦ ਸੋਚਦਾ ਹਾਂ ਬੈਠ ਕੇ ਤਾਂ ਮਹਿਸੂਸ ਇਉਂ ਹੁੰਦਾ ਕਿ ਅਸਲ ਵਿਚ ਧੁਰ ਅੰਦਰ ਤੱਕ ਪੱਸਰਿਆ ਹਨ੍ਹੇਰਾ ਹੀ ਮੇਰਾ ਹੈ ਮੇਰੇ ਅੰਦਰ ਹਨ੍ਹੇਰੇ ਵਿੱਚ ਮੈਨੂੰ ਸੁਣਦਾ ਅਕਸਰ ਹੁੰਦਾ ਵਿਰਲਾਪ ਜਿਹਾ ਮੇਰੇ ਸੁਪਨਿਆਂ ਨੂੰ ਲਿਪਟਿਆ ਜਿਹੜਾ ਸੰਤਾਪ ਜਿਹਾ ਇਹ ਚਾਨਣ ਨੂੰ ਬਣਾ ਦਿੰਦਾ ਮੇਰੇ ਲਈ ਇੱਕ ਪਾਪ ਜਿਹਾ ਇਹ ਜਗਮਗਾਉਂਦੀ ਰੌਸ਼ਨੀ ਇਹ ਜੋ ਚਾਨਣ ਚੁਫੇਰਾ ਹੈ ਅੰਦਰ ਝਾਕ ਕੇ ਦੇਖਾਂ ਤਾਂ ਕੋਹਾਂ ਤੀਕ ’ਨ੍ਹੇਰਾ ਹੈ...।

ਉਦਾਸੀ

ਛੂਹ ਕੇ ਨਹੀਂ ਵੇਖਿਆ ਉਸ ਨੂੰ ਕਦੇ ਪਰ ਸਦਾ ਰਹਿੰਦੀ ਉਹ ਮੇਰੇ ਨੇੜੇ-ਤੇੜੇ ਉਸਦਾ ਪਰਛਾਵਾਂ ਸਦਾ ਦਿਸਦਾ ਰਹਿੰਦਾ ਮੈਨੂੰ ਆਸ ਪਾਸ ਜਦੋਂ ਵੀ ਮੈਂ ਆਪਣੇ ਦੁਆਲੇ ਕਸਿਆ ਜ਼ਰਾਬਕਤਰ ਜ਼ਰਾ ਕੁ ਢਿੱਲਾ ਕਰਦਾ ਆਪਣਾ ਪੱਥਰ ਦਾ ਸਰੀਰ ਥੋੜ੍ਹਾ ਜਿਹਾ ਗਿੱਲਾ ਕਰਦਾ ਉਹ ਅਛੋਪਲੇ ਜਿਹੇ ਮੇਰੇ ਜਿਸਮ ਵਿੱਚ ਵੜ ਵਹਿੰਦੀ ਮੈਨੂੰ ਕਹਿੰਦੀ- ਕਿਉਂ ਰਹਿੰਦਾ ਹੈ ਦੂਰ ਮੈਥੋਂ ਕਿਉਂ ਭੱਜਦਾ ਹੈਂ ਡਰ ਕੇ ਮੈਂ ਤਾਂ ਅਜ਼ਲਾਂ ਤੋਂ ਤੇਰੇ ਨਾਲ ਮੈਂ ਸਦਾ ਤੇਰੇ ਅੰਗ ਸੰਗ ਰਹਿਣਾ ਉਹ ਮੇਰੇ ਜਿਸਮ ਵਿੱਚ ਫੈਲਦੀ ਤੁਰਨ ਲੱਗਦੀ ਮੇਰੇ ਅੰਦਰ ਮੇਰੇ ਅੰਦਰੋਂ ਸੁੱਤੀਆਂ ਸੁਰਾਂ ਨੂੰ ਜਗਾਉਂਦੀ ਅਤੀਤ ਦੀ ਹਨ੍ਹੇਰੀ ਉਠਾਉਂਦੀ ਮੈਨੂੰ ਅਜਬ-ਸੰਸਾਰ ’ਚ ਲੈ ਜਾਂਦੀ ਜਿੱਥੋਂ ਕਿੰਨੇ-ਕਿੰਨੇ ਦਿਨ ਮੁੜ ਪਰਤਣ ਲਈ ਕੋਈ ਰਾਹ ਨਾ ਲੱਭਦਾ ਮੈਂ ਫਿਰ ਪਰਤਦਾ ਆਖ਼ਿਰ ਵਰਤਮਾਨ ਦੇ ਭੂਲ-ਭੁਲੱਈਏ ’ਚ ਗੁਆਚਦਾ ਪਰ ਉਸ ਦਾ ਪਰਛਾਵਾਂ ਸਦਾ ਦਿਸਦਾ ਰਹਿੰਦਾ ਮੈਨੂੰ ਕੋਲ-ਕੋਲ ਸਦਾ ਰਹਿੰਦੀ ਉਹ ਮੇਰੇ ਆਸ-ਪਾਸ...।

ਬਚਪਨ-ਉਮਰਾ

ਸਕੂਲ ਦੀ ਇੱਕ ਨੁੱਕਰ ਦੇ ਵਿੱਚ ਕੁਰਸੀ ਡਾਹੀ ਅੱਧੀ ਛੁੱਟੀ ਨਿੱਕੇ ਨਿੱਕੇ ਬੱਚੇ ਭੱਜਦੇ ਤੱਕ ਰਿਹਾ ਹਾਂ ਨੱਚਦੇ ਟੱਪਦੇ ਭੱਜ ਭੱਜ ਇੱਕ ਦੂਜੇ ਨੂੰ ਫੜਦੇ ਫਿਰ ਇੱਕ ਦੂਜੇ ਦੇ ਨਾਲ ਲੜਦੇ ਰੱਬ ਜਿਹੇ ਚਿਹਰੇ ਇਹਨਾਂ ਦੇ ਬੇਖ਼ਬਰ ਦੀਨ ਦੁਨੀਆਂ ਤੋਂ ਆਪਣੀ ਅਜਬ ਜਿਹੀ ਦੁਨੀਆਂ ਦੇ ਵਿਚ ਵਿਚਰ ਰਹੇ ਨੇ ਏਹਨਾਂ ਨੂੰ ਤੱਕ ਅਚਨਚੇਤ ਮੈਂ ਆਪਣੇ ਅੰਦਰ ਲੱਥ ਜਾਵਾਂ ਨਿੱਕੀ ਉਮਰੇ ਆਲੇ ਭੋਲੇ ਬਚਪਨ ਦਾ ਬੂਹਾ ਖੜਕਾਵਾਂ ਪਰ ਮੇਰਾ ਬਚਪਨ ਜਿਵੇਂ ਕੋਈ ਕੰਡਿਆਲੀ ਝਾੜੀ ਜਿਥੇ ਕਿਤੇ ਵੀ ਹੱਥ ਲਾਵਾਂ ਕੰਡੇ ਹੀ ਕੰਡੇ ਕੰਡਿਆਂ ਨਾਲ ਮਾਸੂਮ ਜਿਹੇ ਪੋਟੇ ਵਿੰਨ੍ਹੇ ਜਾਂਦੇ ਬਚਪਨ ਜਿਵੇਂ ਕੋਈ ਸ਼ੈਅ ਡਰਾਉਣੀ ਡਰਦਾ ਡਰਦਾ ਮੁੜ ਆਵਾਂ ਸਾਹਵੇਂ ਖੇਡਦੇ ਨੱਚਦੇ ਟੱਪਦੇ ਬੱਚਿਆਂ ਵੱਲ ਤੱਕਾਂ ਪਰ ਮੈਨੂੰ ਕਿਤੇ ਵੀ ਏਹੋ ਜਿਹਾ ਬਚਪਨ ਮੇਰਾ ਯਾਦ ਨਾ ਆਵੇ ਬਚਪਨ ਦੀ ਕੋਈ ਯਾਦ ਮਿਠੇਰੀ ਮੇਰੇ ਮਨ ਦੇ ਚਿਤਰਪਟ ਤੇ ਬਣ ਨਾ ਪਾਵੇ ਮੇਰਾ ਬਚਪਨ ਇਵੇਂ ਜਿਵੇਂ ਕੋਈ ਸ਼ੈਅ ਡਰਾਉਣੀ ਤੇ ਲੋਕੀ ਆਖਣ ਬਚਪਨ ਦੀ ਇਹ ਉਮਰਾ ਮੁੜ ਕਦੇ ਨਾ ਆਉਣੀ।

ਬੱਸ ਦੇ ਸਫ਼ਰ ’ਚ

ਬੱਸ ਦੇ ਸਫ਼ਰ ’ਚ ਮੇਰੇ ਤੋਂ ਅਗਲੀ ਸੀਟ ਤੇ ਬੈਠੀ ਹੋਈ ਸੀ ਔਰਤ ਇੱਕ ਨਾਲ ਪਤੀ ਓਸਦਾ ਗੋਦ ’ਚ ਬੱਚਾ ਖੇਡਦਾ ਛੋਟਾ ਜਿਹਾ ਮਮਤਾ ਦੇ ਨਾਲ ਭਰੀ ਉਹ ਔਰਤ ਉਸ ਨਿੱਕੇ ਜਿਹੇ ਬੱਚੇ ਨੂੰ ਚੁੰਮ ਰਹੀ ਸੀ ਵਾਰ ਵਾਰ ਮਾਸੂਮ ਉਸਦੇ ਚਿਹਰੇ ਨਾਲ ਛੁਹਾ ਰਹੀ ਠੋਡੀ ਸੀ ਆਪਣੀ ਉਸ ਦੇ ਅੰਦਰੋਂ ਡੁੱਲ੍ਹ ਰਹੀ ਸੀ ਭਰ ਭਰ ਮਮਤਾ ਡੁੱਲ੍ਹ ਰਿਹਾ ਸੀ ਉਸ ਦੇ ਅੰਦਰੋਂ ਮਮਤਾ ਦਾ ਪਿਆਰ ਮੇਰੇ ਮਨ ਵਿੱਚ ਜੁਗਾਂ ਜੁਗਾਂ ਤੋਂ ਦੱਬੀ ਹੋਈ ਜਾਗੀ ਹਸਰਤ ਮੇਰੇ ਮਨ ਵਿੱਚ ਸਦੀਆਂ ਤੋਂ ਸੁੱਤਾ ਆਇਆ ਖ਼ਿਆਲ ਕਾਸ਼ ਕਿ ਇਸ ਔਰਤ ਦੀ ਗੋਦ ’ਚ ਲੇਟਿਆ ਨਿੱਕਾ ਜਿਹਾ ਬੱਚਾ ਮੈਂ ਹੁੰਦਾ ਕਾਸ਼ ਕਿ ਇਹ ਔਰਤ ਮੇਰੀ ਮਾਂ ਹੁੰਦੀ।

ਸ਼ਾਇਦ ਕਿਤੇ ਨਹੀਂ

ਉਸ ਦੀ ਉਡੀਕ ਹੈ ਮੈਨੂੰ ਉਹ ਜੋ ਸ਼ਾਇਦ ਕਿਤੇ ਨਹੀਂ ਧਰਤੀ ਦੇ ਕਿਸੇ ਕੋਨੇ ’ਚ ਆਕਾਸ਼ ਦੀ ਕਿਸੇ ਨੁੱਕਰ ’ਚ ਕਿਸੇ ਦਿਸਹੱਦੇ ਕਿਸੇ ਖਿਲਾਅ ਵਿੱਚ ਕਿਤੇ ਵੀ ਨਹੀਂ ਜੋ ਉਸ ਦਾ ਕਰ ਰਿਹਾ ਹਾਂ ਇੰਤਜ਼ਾਰ ਮੇਰੀ ਭਟਕਣ ਨੂੰ ਪਰ ਸਿਰਫ਼ ਉਹੀ ਹੈ ਪਛਾਣਦੀ ਉਸ ਕੋਲ ਹੈ ਮੇਰੀ ਸਾਰੀ ਉਦਾਸੀ ਦਾ ਇਲਾਜ ਉਹੀ ਹੈ ਇੱਕ ਦੁਨੀਆਂ ’ਚ ਜੋ ਮੈਨੂੰ ਚੰਗੀ ਤਰ੍ਹਾਂ ਸਿਆਣਦੀ ਮੈਂ ਉਸ ਨੂੰ ਲੱਭਦਾ ਹਰ ਔਰਤ ਵਿੱਚ ਮੈਂ ਤਲਾਸ਼ਦਾ ਉਸਨੂੰ ਹਰ ਨਾਰੀ ਦੇ ਮਨ ਦੀ ਕਿਸੇ ਨੁੱਕਰ ਵਿੱਚ ਹਰ ਔਰਤ ਦੇ ਤਨ ਦੇ ਕਿਸੇ ਕੋਨੇ ’ਚ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਔਰਤ ਵਿੱਚ ਕਿਤੇ ਨਾ ਕਿਤੇ ਤਾਂ ਜ਼ਰੂਰ ਵਸਦੀ ਹੋਵੇਗੀ ਉਹ ਮੈਂ ਥਾਂ ਕੁਥਾਂ ਲੱਭਦਾ ਮੈਂ ਥਾਂ ਕੁਥਾਂ ਭਟਕਦਾ ਪਰ ਉਸ ਦਾ ਕੁਝ ਹਿੱਸਾ ਕਿਤੇ ਮਿਲਦਾ ਉਸ ਦਾ ਕੁਝ ਹਿੱਸਾ ਕਿਤੇ ਲੱਭਦਾ ਪਰ ਉਹ ਕਿਤੇ ਵੀ ਮੁਕੰਮਲ ਨਹੀਂ ਉਹ ਕਿਤੇ ਵੀ ਦਿਸਦੀ ਨਹੀਂ ਪੂਰੀ ਜੇ ਲੱਭਦੀ ਕਿਤੇ ਤਾਂ ਹਰ ਥਾਂ ਅਧੂਰੀ ਇਹ ਅਧੂਰੀ ਰਹਿ ਗਈ ਪਿਆਸ ਮੇਰੇ ਮਨ ਨੂੰ ਹੋਰ ਬੇਚੈਨ ਕਰਦੀ ਹਰ ਥਾਂ ਤੇ ਇਕ ਹਾਰ ਮੇਰੇ ਮਨ ਵਿੱਚ ਹੋਰ ਪਿਆਸ ਭਰਦੀ ਮੈਂ ਆਪਣੇ ਵਿਆਕੁਲ ਮਨ ਨੂੰ ਸਮਝਾਉਂਦਾ ਝੂਠੇ ਜਿਹੇ ਲਾਰੇ ਵਿੱਚ ਵਰਚਾਉਂਦਾ ਕਿ ਇਸ ਭਰੀ ਦੁਨੀਆ ਵਿੱਚ ਕਿਤੇ ਤਾਂ ਹੋਵੇਗੀ ਉਹ ਪਰ ਜਾਣਦਾ ਹਾਂ ਮੈਂ ਕਿ ਕਿਤੇ ਨਹੀਂ ਉਹ ਜਿਸ ਦੀ ਉਡੀਕ ਹੈ ਮੈਨੂੰ ਜਿਸ ਦਾ ਕਰ ਰਿਹਾ ਹਾਂ ਇੰਤਜ਼ਾਰ।

ਤੂੰ ਨਹੀਂ ਪਰਤਿਆ

ਬਸ ਤੂੰ ਨਹੀਂ ਪਰਤਿਆ ਤੈਨੂੰ ਲੱਭਦਿਆਂ ਮੈਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਦੇਹਾਂ ਵਿੱਚ ਭਟਕਿਆ ਹਰ ਦੇਹ ਵਿੱਚੋਂ ਮੈਂ ਤੇਰੀ ਦੇਹ ਦੀ ਖੁਸ਼ਬੋ ਸਿਆਣਦਾ ਹਰ ਦੇਹ ਵਿੱਚੋਂ ਮੈਂ ਤੇਰੇ ਨਾਲ ਬਿਤਾਏ ਛਿਣਾਂ ਨੂੰ ਪਛਾਣਦਾ ਪਰ ਦੇਹਾਂ ਕਦੇ ਇਕੋ ਜਿਹੀਆਂ ਨਹੀਂ ਹੁੰਦੀਆਂ ਜਿਵੇਂ ਮਨ ਨਹੀਂ ਹੁੰਦੇ ਹਰ ਦੇਹ ਦਾ ਆਪਣਾ ਆਪਣਾ ਸੱਚ ਝੂਠ ਹੁੰਦਾ ਹਰ ਦੇਹ ਦਾ ਆਪਣਾ ਆਪਣਾ ਚਿੱਟਾ ਕਾਲਾ ਹਰ ਦੇਹ ਦੀ ਆਪਣੀ ਆਪਣੀ ਹੁੰਦੀ ਤਾਸੀਰ ਤਾਹਿਉਂ ਸ਼ਾਇਦ ਹਰ ਦੇਹ ਨੇ ਸੌਂਪ ਦਿੱਤੀ ਮੈਨੂੰ ਸਗੋਂ ਆਪਣੀ ਹੀ ਪੀੜ ਇਉਂ ਮੈਂ ਪੀੜਾਂ ਨੂੰ ਜ਼ਰਬ ਕਰਦਾ ਐਵੇਂ ਝੂਠਾ ਜਿਹਾ ਗਰਵ ਕਰਦਾ ਦੁੱਖਾਂ ਦੀ ਪੂੰਜੀ ਵਧਾਉਂਦਾ ਰਿਹਾ ਆਪਣੇ ਮਨ ਨੂੰ ਸਦਾ ਇੱਕ ਝੂਠੇ ਜਿਹੇ ਸੱਚ ਵਿੱਚ ਪਰਚਾਉਂਦਾ ਰਿਹਾ ਮੈਨੂੰ ਲੱਗਦਾ ਸੀ ਕਿ ਪਰਤ ਆਵੇਂਗਾ ਤੂੰ ਇੱਕ ਨਾ ਇੱਕ ਦਿਨ ਪਰ ਤੂੰ ਨਹੀਂ ਪਰਤਿਆ ਤੇ ਤੈਨੂੰ ਲੱਭਦਿਆਂ ਮੈਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਦੇਹਾਂ ਵਿੱਚ ਭਟਕਿਆ।

ਦਰਿਆ ਅਤੇ ਤੜਪਦੀ ਜ਼ਮੀਨ

ਦਰਿਆ ਉਸ ਮਿੱਟੀ ਵਿੱਚ ਵਿਅਰਥ ਵਗਦਾ ਰਿਹਾ ਜਿੱਥੇ ਉਸਦੀ ਜ਼ਰੂਰਤ ਨਹੀਂ ਸੀ ਧਰਤੀ ਉਸਨੂੰ ਆਪਣੇ ਪਿੰਡੇ ਨਾਲੋਂ ਲਾਹ ਲਾਹ ਕੇ ਸੁੱਟਦੀ ਤੇ ਦੂਰ ਬੰਜਰ ਜ਼ਮੀਨਾਂ ਉਸਦੀ ਇੱਕ ਛੋਹ ਲਈ ਤੜਪਦੀਆਂ ਧਰਤੀ ਨੇ ਪਰ ਦਰਿਆ ਨੂੰ ਕਿਨਾਰਿਆਂ ’ਚ ਸੜਨ ਦੀ ਸਹੁੰ ਦਿੱਤੀ ਉਸਦੇ ਪੈਰਾਂ ਮੂਹਰੇ ਖਿੱਚੀਆਂ ਲਛਮਣ ਰੇਖਾਵਾਂ ਤੇ ਆਖਿਆ- ਇਹਨਾਂ ਤੋਂ ਪਾਰ ਨਹੀਂ ਵਗਣਾ ਦਰਿਆ ਆਪਣੀ ਨੈਤਿਕਤਾ ਦੇ ਦਾਇਰਿਆਂ ’ਚ ਘਿਰਿਆ ਹੌਲੀ ਹੌਲੀ ਦਰਿਆ ਤੋਂ ਝੀਲ ਬਣ ਰਿਹਾ ਤੇ ਦੂਰ ਬੰਜਰ ਜ਼ਮੀਨਾਂ ਉਸਦੀ ਇੱਕ ਛੋਹ ਲਈ ਤੜਪਦੀਆਂ।

ਅੰਨ੍ਹਾ ਖ਼ਿਲਾਅ

ਜਿੰਨਾ ਭਰਨ ਦੀ ਕੋਸ਼ਿਸ਼ ਕੀਤੀ ਉਨਾ ਹੋਰ ਖਾਲੀ ਹੁੰਦਾ ਗਿਆ ਮਨ ਨਾ ਮਨਾਂ ਦੀ ਮਿੱਟੀ ਨਾ ਤਨਾਂ ਦਾ ਕੂੜਾ ਕੁਝ ਵੀ ਨਹੀਂ ਭਰ ਸਕਿਆ ਇਸ ਅੰਨ੍ਹੇ ਖੂਹ ਦਾ ਖ਼ਿਲਾਅ ਗੂੰਜਦਾ ਰਹਿੰਦਾ ਸਦਾ ਆਵਾਜ਼ਾਂ ਦਾ ਸ਼ੋਰ ਸੰਘਣੇ ਕਾਲੇ ਹਨ੍ਹੇਰੇ ਵਿੱਚ ਆਵਾਜ਼ਾਂ ਕੰਧਾਂ ਨਾਲ ਟਕਰਾਉਂਦੀਆਂ ਖੌਫ਼ ਜਗਾਉਂਦੀਆਂ ਆਵਾਜ਼ਾਂ ਅੰਨ੍ਹੇ ਖੂਹ ਦੇ ਹਨ੍ਹੇਰੇ ਨੂੰ ਹੋਰ ਸੰਘਣਾ ਬਣਾਉਂਦੀਆਂ ਨਾ ਮਨਾਂ ਦੀ ਮਿੱਟੀ ਨਾ ਤਨਾਂ ਦਾ ਕੂੜਾ ਕੁਝ ਵੀ ਨਹੀਂ ਭਰ ਸਕਿਆ ਇਸ ਅੰਨ੍ਹੇ ਖੂਹ ਦਾ ਖ਼ਿਲਾਅ....।

ਵੈਕਿਉਮ ਕਲੀਨਰ

ਛੁੱਟੀ ਵਾਲੇ ਦਿਨ ਬੀਵੀ ਮੇਰੀ ਵੈਕਿਉਮ ਕਲੀਨਰ ਲਈ ਕਰਨ ਲੱਗਦੀ ਸਫ਼ਾਈ ਘਰ ਦੀ ਛੱਤਾਂ ਦੇ ਕੋਨਿਆਂ ’ਚ ਸੋਫਿਆਂ ਦੀਆਂ ਨੁੱਕਰਾਂ ’ਚ ਲੁਕੀ ਜੰਮੀ ਧੂੜ ਮਕੜੀਆਂ ਨਜ਼ਰਾਂ ਚੁਰਾ ਕੇ ਲਾ ਲੈਂਦੀਆਂ ਜਾਲੇ ਵਾਰ ਵਾਰ ਖਿੱਚ ਲੈਂਦਾ ਵੈਕਿਉਮ ਕਲੀਨਰ ਆਖਦਾ ਹਾਂ ਉਸਨੂੰ ਮੇਰੇ ਵੀ ਜ਼ਹਿਨ ’ਚ ਸਦੀਆਂ ਤੋਂ ਜੰਮੀ ਹੈ ਗਰਦ ਸੰਸਕਾਰਾਂ ਦੀ ਫਲਸਫ਼ਿਆਂ ਦੇ ਜਾਲੇ ਲਟਕਦੇ ਥਾਂ ਕੁਥਾਂ ਯਾਦਾਂ ਕੁਝ ਬੁਸੀਆਂ ਦੀ ਲੱਗੀ ਉੱਲੀ ਰਿਸ਼ਤਿਆਂ ਦੀ ਮੈਲ ਕੰਧਾਂ ਤੇ ਮਨ ਦੇ ਹਨ੍ਹੇਰੇ ਤਹਿਖਾਨਿਆਂ ’ਚ ਆਖਦਾ ਹਾਂ- ਖਿੱਚ ਲੈ ਵੈਕਿਉਮ ਕਲੀਨਰ ਨਾਲ ਮੇਰੇ ਦਿਮਾਗ ’ਚ ਫਸੀਆਂ ਯਾਦਾਂ ਦੀਆਂ ਮਕੜੀਆਂ ਬੁਣਦੀਆਂ ਰਹਿੰਦੀਆਂ ਜਾਲੇ ਸਦਾ ਉਲਝਿਆ ਰਹਿੰਦਾ ਮਨ ਗ਼ਰਦ ਸੰਸਕਾਰਾਂ ਦੀ ਜਿਊਣ ਨੂੰ ਬਣਾ ਦਿੰਦੀ ਰਸਹੀਣ ਬੇਸਵਾਦ ਖਿੱਚ ਲੈ ਮੇਰੇ ਅੰਦਰੋਂ ਸਾਰੀ ਫਲਸਫ਼ਿਆਂ ਦੀ ਧੂੜ ਬਣਾ ਦੇ ਮੈਨੂੰ ਇੱਕ ਵਾਰ ਫਿਰ ਤੋਂ ਨਵਾਂ ਨਕੋਰ...।

ਮਨ ਦੀ ਚਾਦਰ

ਨਿਚੋੜ ਦੇ ਮੈਨੂੰ ਗਿੱਲੇ ਕੱਪੜੇ ਦੇ ਵਾਂਗ ਨੁੱਚੜ ਜਾਵੇ ਸਾਰੀ ਮੈਲ ਜੋ ਮਨ ਦੀ ਚਾਦਰ ’ਤੇ ਲੱਗੀ ਦਵੇਸ਼, ਨਿਰਮੋਹ ਝੂਠ, ਕਪਟ ਫਰੇਬ ਦੀ ਮੈਲ ਜਿਹੜੀ ਮਨ ’ਤੇ ਜੰਮੀ ਜਨਮ ਹੋਏ ਧੋਂਦਿਆਂ ਇਸ ਨੂੰ ਧੋਤੀ ਵਾਰ ਵਾਰ ਹਜ਼ਾਰ ਵਾਰ ਪਰ ਉਤਰਦੀ ਨਹੀਂ ਮੈਲ ਚੰਗੀ ਤਰ੍ਹਾਂ ਧੋ ਦੇ ਮਨ ਮੇਰੇ ਦੀ ਮੈਲੀ ਚਾਦਰ ਨਿਚੋੜ ਦੇ ਚੰਗੀ ਤਰ੍ਹਾਂ ਇਸ ਨੂੰ ਤੇ ਦੇ ਦੇ ਨੀਲ ਚਮਕ ਉੱਠੇ ਇੱਕ ਵਾਰ ਫਿਰ ਤੋਂ ਮੇਰੇ ਮਨ ਦੀ ਚਿੱਟੀ ਚਾਦਰ।

ਪੰਛੀਆਂ ਵਰਗਾ ਆਦਮੀ

ਸ਼ਾਮ ਢਲੇ ਤੋਂ ਉਹ ਸੰਘਣੇ ਰੁੱਖਾਂ ਕੋਲ ਆਉਂਦਾ ਸਾਈਕਲ ਤੋਂ ਉੱਤਰ ਕੇ ਹੈਂਡਲ ਨਾਲੋਂ ਝੋਲਾ ਲਾਹੁੰਦਾ ਘੰਟੀ ਵਜਾਉਂਦਾ ਘੰਟੀ ਦੀ ਟਨਾ ਟਨ ਸੁਣ ਕੇ ਬਿਰਖਾਂ ਤੋਂ ਉੱਡਦੇ ਨਿੱਕੇ ਨਿੱਕੇ ਪੰਛੀ ਆਉਂਦੇ ਉਸਦੇ ਸਿਰ ਤੇ ਕੁਝ ਉਸਦੇ ਮੋਢਿਆਂ ਤੇ ਬਹਿ ਜਾਂਦੇ ਕੁਝ ਸਾਈਕਲ ਦੇ ਹੈਂਡਲ ਉੱਤੇ ਜਿਵੇਂ ਦਾਅਵਤ ਖਾਣ ਲਈ ਆਣ ਸਜਦੇ ਸ਼ਾਹੀ ਮਹਿਮਾਨ ਉਹ ਆਪਣੇ ਝੋਲੇ ਵਿੱਚੋਂ ਦਾਣਿਆਂ ਦੀ ਇੱਕ ਮੁੱਠ ਕੱਢਦਾ ਆਪਣੀ ਹਥੇਲੀ ਖੋਹਲਦਾ ਪੰਛੀ ਉਸਦੇ ਹੱਥਾਂ ਤੇ ਬੈਠ ਕੇ ਦਾਣਾ ਚੁਗਣ ਲੱਗਦੇ ਚਹਿਚਹਾਉਂਦੇ ਉਸਦੇ ਹੱਥ ਉਹਨਾਂ ਲਈ ਪਲੇਟਾਂ ਜਿਵੇਂ ਸ਼ਾਹੀ ਦਾਅਵਤ ਵਾਲੀਆਂ ਸੋਨੇ ਚਾਂਦੀ ਦੀਆਂ ਚੋਗਾ ਚੁਗ ਕੇ ਪੰਛੀ ਉੱਡ ਜਾਂਦੇ ਉਹ ਆਦਮੀ ਖਾਲੀ ਝੋਲਾ ਹੈਂਡਲ ਤੇ ਲਟਕਾਉਂਦਾ ਘੰਟੀ ਵਜਾਉਂਦਾ ਚਲਾ ਜਾਂਦਾ ਹੈਰਾਨ ਹੁੰਦਾ ਦੇਖ ਕੇ ਮੈਂ ਪੰਛੀਆਂ ਦੀ ਇਹ ਅਨੋਖੀ ਦਾਅਵਤ ਕਿੰਨਾ ਸੁਖ਼ਦ ਅਹਿਸਾਸ ਹੈ ਅਜਿਹੇ ਸਮਿਆਂ ਵਿੱਚ ਪੰਛੀਆਂ ਨੂੰ ਚੋਗ ਚੁਗਾਉਣਾ ਪਰ ਪੰਛੀਆਂ ਨੂੰ ਤਲੀਆਂ ਤੇ ਚੋਗ ਚੁਗਾਉਣ ਲਈ ਪਹਿਲਾਂ ਆਪ ਪੰਛੀਆਂ ਵਰਗਾ ਪੈਂਦਾ ਹੈ ਹੋਣਾ।

ਅਸੀਂ ਉਦੋਂ ਆਵਾਂਗੇ

ਐ ਨਿੱਕੇ ਨਿੱਕੇ ਪੰਛੀਓ ! ਮੇਰੇ ਕੋਲ ਆਓ ਮੇਰੀਆਂ ਤਲੀਆਂ ਤੇ ਤੁਹਾਡੇ ਲਈ ਚੋਗਾ ਹੈ ਮੇਰੇ ਕੋਲ ਤੁਹਾਡੀਆਂ ਚੁੰਝਾਂ ਲਈ ਪਾਣੀ ਹੈ.. ਪੰਛੀ ਬੋਲੇ - ਨਾ... ਨਾ... ਨਾ... ਨਾ... ਮੈਂ ਕਿਹਾ - ਆਓ ਮੇਰੇ ਮੋਢਿਆਂ ਤੇ ਬਹਿ ਜਾਓ ਮੈਂ ਚਾਹੁੰਦਾ ਹਾਂ ਤੁਹਾਡੀ ਭਾਸ਼ਾ ਸਮਝਣੀ ਤੁਹਾਡੀ ਬੋਲੀ ਵਿੱਚ ਤੁਹਾਡੇ ਨਾਲ ਗੱਲ ਕਰਨੀ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਦੁਨੀਆਂ ਤੁਹਾਨੂੰ ਕਿਹੋ ਜਿਹੀ ਲੱਗਦੀ ? ਪੰਛੀ ਬੋਲੇ - ਨਾ... ਨਾ... ਨਾ... ਨਾ... ਮੈਂ ਕਿਹਾ- ਕੀ ਹੋਇਆ ? ਕੀ ਹੋਇਆ ? ਐ ਨਿੱਕੇ ਨਿੱਕੇ ਪਰਿੰਦਿਓ ! ਪੰਛੀ ਮੈਥੋਂ ਡਰਦੇ ਦੂਰ ਭੱਜਦੇ ਚੀਂ ਚੀਂ ਦੀ ਭਾਸ਼ਾ ਵਿੱਚ ਬੋਲੇ... ਪੁੱਛਣ ਲੱਗੇ - ਤੂੰ ਝੂਠ ਬੋਲਦਾ ਹੈਂ ? - ਹਾਂ ਤੂੰ ਹਿੰਸਾ ਕਰਦਾ ਹੈਂ - ਹਾਂ ਤੂੰ ਸਾਡੇ ਨਿੱਕੇ ਨਿੱਕੇ ਸਾਥੀਆਂ ਨੂੰ ਆਲੂ ਬੈਂਗਣ ਸਮਝ ਕੇ ਖਾਂ ਜਾਂਦਾ ਹੈ .... ? - ਹਾਂ ... ਹਾਂ ਫੇਰ ਅਸੀਂ ਤੇਰੇ ਕੋਲ ਨਹੀਂ ਆਉਣਾ ਅਸੀਂ ਉਦੋਂ ਆਵਾਂਗੇ ਤੇਰੇ ਕੋਲ ਜਦੋਂ ਤੂੰ ਪੰਛੀਆਂ ਵਰਗਾ ਹੋਇਆ ਜਦੋਂ ਤੂੰ ਸਾਡੇ ਵਰਗਾ ਹੋਇਆ.. ਅਜੇ ਤਾਂ ਆਦਮੀ ਹੈਂ ਤੂੰ ਬਹੁਤ ਡਰਾਉਣਾ।

ਪੱਥਰ

ਤਿਤਲੀ ਉਡਦੀ ਉਡਦੀ ਆਈ ਆ ਕੇ ਇੱਕ ਪੱਥਰ ਤੇ ਬੈਠ ਗਈ ਪੱਥਰ ਉਸੇ ਪਲ ਖਿੜ ਉੱਠਿਆ ਤੇ ਫੁੱਲ ਬਣ ਗਿਆ।

ਬਲੈਕ ਲਿਸਟ

ਮੋਬਾਈਲ ਮੇਰੇ ਵਿਚ ਬਲੈਕ ਲਿਸਟ ਦੇ ਨਾਂ ਦਾ ਹੈ ਇੱਕ ਸੌਫ਼ਵੇਅਰ ਜਿਸਦਾ ਫੋਨ ਨਾ ਸੁਣਨਾ ਹੋਵੇ ਉਸ ਦਾ ਨੰਬਰ ਭਰ ਦੇਵੋ ਆਪਣੇ ਆਪ ਮੋਬਾਈਲ ਇਹ ਅਣਚਾਹੇ ਬੰਦਿਆਂ ਦਾ ਨੰਬਰ ਮੋੜ ਹੈ ਦਿੰਦਾ ਪੱਕਾ ਰਿਸ਼ਤਾ ਤੋੜ ਹੈ ਦਿੰਦਾ ਇੱਕ ਦਿਨ ਵਿਹਲੇ ਬੈਠਿਆਂ ਬੈਠਿਆਂ ਮੋਬਾਈਲ ਫੋਨ ਨਾਲ ਚੁਹਲਾਂ ਕਰਦਾ ਨਵਾਂ ਜਾਣਨ ਦੀ ਕੋਸ਼ਿਸ਼ ਕਰਦਾ ਬਲੈਕ ਲਿਸਟ ਵਿਚ ਜਾ ਵੜਿਆ ਮੈਂ ਵੇਖਣ ਲੱਗਿਆ ਕਿਹੜੇ ਕਿਹੜੇ ਕੀਹਦੇ ਕੀਹਦੇ ਨੰਬਰ ਬਲੈਕ ਲਿਸਟ ਵਿੱਚ ਆਏ ਪੱਕੇ ਰਿਸ਼ਤੇ ਨਿਭ ਨਾ ਪਾਏ ਤੜਫ਼ ਉੱਠਿਆ ਪਰ ਵੇਂਹਦੇ ਸਾਰ ਕਿ ਸਾਰੇ ਨੰਬਰ ਮਨ ਦੇ ਸਭ ਤੋਂ ਵੱਧ ਸਨ ਨੇੜੇ ਕਦੇ ਸਨ ਅਤਿ ਦੇ ਪਿਆਰੇ ਜਿਹੜੇ ਪਤਾ ਨਹੀਂ ਕੀ ਹੋਏ ਝੇੜੇ ਬਲੈਕ ਲਿਸਟ ਵਿੱਚ ਤੁਰ ਗਏ ਸਭ ਅੱਖਾਂ ਵਿੱਚੋਂ ਖੁਰ ਗਏ ਸਭ ਫੋਨ ਮੇਰੇ ਦੇ ਅੰਦਰ ਇੱਕ ਬਲੈਕ ਲਿਸਟ ਹੈ।

ਬੱਸ ’ਚ ਗੀਤ ਗਾਉਂਦੀ ਕੁੜੀ

ਬੱਸ ਵਿਚ ਹੱਥ ਜੋੜ ਕੇ ਖੜ੍ਹੀ ਇੱਕ ਨਿੱਕੀ ਜਿਹੀ ਕੁੜੀ ਗੀਤ ਗਾ ਰਹੀ ਹੈ... ਉਸਨੂੰ ਆਪਣੇ ਗੀਤ ਤੇ ਕਿੰਨਾ ਭਰੋਸਾ ਹੈ ਕਿ ਸਵਾਰੀਆਂ ਦੇ ਅਣਦੇਖਿਆ ਕਰਨ ਕੰਡਕਟਰ ਦੇ ਝਿੜਕਣ ਤੇ ਬੱਸ ਵਿਚ ਪੈ ਰਹੇ ਰੌਲੇ ਗੌਲੇ ਤੋਂ ਬੇਨਿਆਜ਼ ਉਹ ਨਿੱਕੀ ਜਿਹੀ ਕੁੜੀ ਗੀਤ ਗਾ ਰਹੀ ਹੈ... ਪਰ ਉਸਨੂੰ ਆਪਣੇ ਗੀਤ ਤੇ ਕਿੰਨਾ ਭਰੋਸਾ ਹੈ... ਗਾਉਂਦੀ ਹੋਈ ਇਸ ਨਿੱਕੀ ਜਿਹੀ ਕੁੜੀ ਦਾ ਚਿਹਰਾ ਏਨਾ ਆਤਮ ਵਿਸ਼ਵਾਸ ਨਾਲ ਭਰਿਆ ਹੈ ਕਿ ਲੱਗਦਾ ਹੈ ਉਸ ਲਈ ਗੀਤ ਗਾਉਣਾ ਹੀ ਦੁਨੀਆਂ ਦਾ ਸਭ ਤੋਂ ਪਵਿੱਤਰ ਅਤੇ ਵਡੇਰਾ ਕਾਰਜ ਹੈ ਯਕੀਨ ਹੈ ਉਸਨੂੰ ਕਿ ਉਸ ਦੇ ਗਾਏ ਗੀਤ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਸ਼ਾਮ ਦੀ ਰੋਟੀ ਦਾ ਵਸੀਲਾ ਬਣਨਗੇ ਉਸ ਦੀ ਬਿਮਾਰ ਮਾਂ ਲਈ ਦਵਾਈ ਦਾ ਹੀਲਾ ਕਰਨਗੇ ਇਸੇ ਲਈ ਉਹ ਅਜਬ ਕਿਹੇ ਯਕੀਨ ਨਾਲ ਭਰੀ ਗੀਤ ਗਾ ਰਹੀ ਹੈ... ਗੀਤ ਖ਼ਤਮ ਹੋ ਗਿਆ ਹੈ ਉਹ ਸਵਾਰੀਆਂ ਅੱਗੇ ਹੱਥ ਕਰਦੀ ਹੌਲੀ ਹੌਲੀ ਤੁਰਦੀ ਭੀਖ ਨਹੀਂ ਜਿਵੇਂ ਆਪਣੀ ਕਲਾ ਦਾ ਮੁੱਲ ਮੰਗਦੀ ਹੈ ਉਸ ਦੀਆਂ ਤਲੀਆਂ ਤੇ ਸਿੱਕੇ ਰੱਖਦੇ ਨੇ ਲੋਕ ਉਸ ਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਹੋਰ ਚਮਕ ਉੱਠਦਾ ਹੈ ਮੇਰੇ ਕੋਲੋਂ ਲੰਘਣ ਲੱਗਦੀ ਜਦੋਂ ਮੈਂ ਵੀ ਉਸਦੀਆਂ ਹਥੇਲੀਆਂ ਤੇ ਬਹੁਤ ਅਦਬ ਨਾਲ ਰੱਖਦਾ ਹਾਂ ਪੈਸੇ ਉਸ ਦੀ ਆਸ ਨਾਲੋਂ ਕਿਤੇ ਵੱਧ ਇਹ ਸੋਚ ਕੇ ਕਿ ਉਸ ਦਾ ਆਪਣੇ ਗੀਤਾਂ ਵਿੱਚ ਯਕੀਨ ਬਣਿਆ ਰਹੇ ਉਸ ਦਾ ਇਹ ਵਿਸ਼ਵਾਸ ਹੋਵੇ ਹੋਰ ਪਕੇਰਾ ਕਿ ਇਸ ਦੌਰ ਵਿੱਚ ਵੀ ਜਿੱਥੇ ਦੋ ਟੁੱਕ ਰੋਟੀ ਲਈ ਲੋਕ ਕਰ ਰਹੇ ਨੇ ਲੁੱਟਾਂ ਖੋਹਾਂ ਕੱਟ ਰਹੇ ਨੇ ਜੇਬਾਂ ਵੇਚੇ ਜਾ ਰਹੇ ਨੇ ਜਿਸਮ ਉਸ ਦੌਰ ਵਿਚ ਵੀ ਇਕ ਨਿੱਕੀ ਜਿਹੀ ਕੁੜੀ ਕਮਾ ਸਕਦੀ ਹੈ ਸ਼ਾਮ ਦੀ ਰੋਟੀ ਬੱਸ ਵਿਚ ਗੀਤ ਗਾ ਕੇ... ਬਣਿਆ ਰਹੇ ਉਸ ਆਪਣੇ ਗੀਤਾਂ ਵਿਚ ਯਕੀਨ...।

ਹਸਪਤਾਲ

ਗੱਲ ਤਾਂ ਨਿੱਕੀ ਜਿਹੀ ਸੀ ਹਲਕੇ ਜਿਹੇ ਪੇਟ ਦਰਦ ਤੋਂ ਸ਼ੁਰੂ ਹੋਈ ਕਾਹਲੀ ਕਾਹਲੀ ’ਚ ਗਰੀਬ ਆਦਮੀ ਬੱਚੇ ਨੂੰ ਚੁੱਕ ਕੇ ਲੈ ਗਿਆ ਹਸਪਤਾਲ ਡਾਕਟਰ ਉਸ ਦੁਆਲੇ ਹੋਏ ਜਿਵੇਂ ਭੁੱਖੇ ਭੇੇੜੀਏ ਸ਼ਿਕਾਰ ਦੁਆਲੇ ਉਹਨਾਂ ਲਈ ਬੱਚਾ ਮਸਾਂ ਮਸਾਂ ਨਵੀਂ ਫਸੀ ਅਸਾਮੀ ਕੋਈ ਦਾਖ਼ਲ ਕਰ ਕੇ ਮਹਿੰਗੀਆਂ ਦਵਾਈਆਂ ਦੀ ਸਲਿੱਪ ਹੱਥ ਫੜਾਈ ਹਸਪਤਾਲ ਦੇ ਅੰਦਰੋਂ ਹੀ ਦਵਾਈਆਂ ਖਰੀਦਣ ਦੀ ਹਦਾਇਤ ਨਾਲ ਟੰਗ ਕੇ ਗੁਲੂਕੋਸ ਦੀਆਂ ਬੋਤਲਾਂ ਮਹਿੰਗੇ ਟੀਕੇ ਬੱਚੇ ਦੇ ਸਰੀਰ ’ਚ ਜਾਣ ਲੱਗੇ ਤਾਕਤਵਰ ਦਵਾਈਆਂ ਨੇ ਅਸਰ ਕੀਤਾ ਇੱਕ ਅੰਗ ਨੂੰ ਠੀਕ ਕਰਦੇ ਸਰੀਰ ਦੇ ਹੋਰਾਂ ਅੰਗਾਂ ਤੱਕ ਪਹੁੰਚਿਆ ਅਸਰ ਫੇਫੜਿਆਂ ’ਚ ਹੋਈ ਇਨਫੈਕਸ਼ਨ ਗੁਰਦੇ ਫੇਲ੍ਹ ਲਿਖੇ ਟੈਸਟ ਮਹਿੰਗੇ ਹੋਰ ਮਹਿੰਗੇ ਵਿਗੜੀ ਹਾਲਤ ਹੋਰ ਵਿਗੜੀ ਰਹਿੰਦੀ ਕਸਰ ਵੈਂਟੀਲੇਟਰ ਨੇ ਪੂਰੀ ਕਰ ਦਿੱਤੀ ਹਵਾ ਦਾ ਭੁਕਾਨਾ ਮੁਰਦਾ ਜਿਸਮ ਵਿੱਚ ਨਕਲੀ ਸਾਹ ਭਰਨ ਲੱਗਿਆ ਹੋਰ ਚਾਰ ਦਿਨ ਡਾਕਟਰਾਂ ਨੇ ਫੇਰ ਦਿੱਤਾ ਨਾਂਹ ’ਚ ਸਿਰ ਲੱਖਾਂ ’ਚ ਬਣਿਆ ਹਸਪਤਾਲ ਦਾ ਬਿਲ ਗਰੀਬ ਪਿਉ ਨੇ ਲਾਸ਼ ਲੈਣ ਲਈ ਵਿਆਜ਼ ਤੇ ਕਰਜ਼ਾ ਲੈ ਕੇ ਚੁਕਾਇਆ ਹਸਪਤਾਲ ਦਾ ਬਿੱਲ ਤੇ ਲੱਖਾਂ ਦਾ ਕਰਜ਼ਾਈ ਹੋ ਕੇ ਬੱਚੇ ਦਾ ਮੁਰਦਾ ਜਿਸਮ ਲੈ ਆਇਆ ਘਰ ਗੱਲ ਤਾਂ ਥੋੜੇ ਜਿਹੇ ਪੇਟ ਦਰਦ ਤੋਂ ਸ਼ੁਰੂ ਹੋਈ ਸੀ।

ਵੱਡੇ ਵੱਡੇ ਪੈਲਸਾਂ ਵਿੱਚ

ਵੱਡੇ ਵੱਡੇ ਪੈਲਸਾਂ ਵਿੱਚ ਦਿਨ ਕਦੇ ਰਾਤ ਦੇ ਵਿਆਹਾਂ ’ਚ ਯਾਰਾਂ ਦੋਸਤਾਂ ਦੇ ਚਾਵਾਂ ’ਚ ਰਲ ਕੇ ਬੈਠਿਆਂ ਖੁਸ਼ੀ ਦੇ ਘੁੱਟ ਭਰਦਿਆਂ ਅਚਨਚੇਤ ਅੰਦਰੋਂ ਕੁਝ ਬੁਝ ਜਿਹਾ ਜਾਂਦਾ ਮਹਿਫ਼ਲ ’ਚ ਬੈਠਾ ਮਨ ਨਿੱਕੇ ਨਿੱਕੇ ਸੇਵਾ ਕਰਦੇ ਚਿੱਟੀਆਂ ਜੈਕਟਾਂ ਪਾਈ ਬੱਚਿਆਂ ਦੇ ਨਾਲ ਉੱਠ ਕੇ ਤੁਰ ਪੈਂਦਾ ਨਿੱਕੇ ਨਿੱਕੇ ਬੱਚੇ ਇਹ ਪਤਾ ਨਹੀਂ ਕਿਸ ਮਜਬੂਰੀ ਦੇ ਮਾਰੇ ਬਚਪਨ ਦੀ ਉਮਰੇ ਪੜ੍ਹਨ ਦੀ ਉਮਰੇ ਚੁੱਕੀ ਫਿਰਦੇ ਪਲੇਟਾਂ ਵਰਤਾਉਂਦੇ ਸ਼ਰਾਬ ਸੁਣਦੇ ਗਾਲ੍ਹਾਂ ਭੱਦੇ ਸ਼ਬਦ ਕਿਤੇ ਖੁਸ਼ ਹੋਇਆ ਕੋਈ ਸੇਵਾ ਉਹਨਾਂ ਦੀ ਤੋਂ ਦੇ ਦਿੰਦਾ ਕੁਝ ਰੁਪਏ ਉਹਨਾਂ ਦੀ ਮੁੱਠੀ ’ਚ ਤਾਂ ਚਮਕ ਉੱਠਦੀਆਂ ਅੱਖਾਂ ਉਹਨਾਂ ਦੀਆਂ ਲੱਗਦਾ ਜਿਵੇਂ ਲਾਟਰੀ ਨਿਕਲ ਆਈ ਕੋਈ ਭਾਰੀ ਵਰਤਾਉਂਦੇ ਸ਼ਰਾਬ ਯੰਤਰਬੱਧ ਤੁਰੇ ਫਿਰਦੇ ਇੱਕ ਟੇਬਲ ਤੋਂ ਦੂਜੇ ਟੇਬਲ ਤਕ ਅੱਖਾਂ ’ਚ ‘ਟਿੱਪ’ ਦੀ ਲਾਲਸਾ ਭਰੀ ਮਨ ਤੁਰਨ ਲੱਗਦਾ ਉਹਨਾਂ ਦੇ ਨਾਲ ਨਾਲ ਬੁਝ ਜਾਂਦੀ ਖੁਸ਼ੀ ਮਨ ਦੀ ਘਰ ਮੁੜਦਾ ਤਾਂ ਅਜਬ ਜਿਹੀ ਉਦਾਸੀ ਨਾਲ ਨਾਲ ਤੁਰਦੀ।

ਪੁਲ

ਭੱਜੀ ਜਾ ਰਹੀ ਹੈ ਉੱਚੇ ਉੱਚੇ ਪੁਲਾਂ ਤੇ ਦੁਨੀਆਂ ਵਾਤਾਨੁਕੂਲਿਤ ਵੱਡੀਆਂ ਵੱਡੀਆਂ ਕਾਰਾਂ ਵਿੱਚ ਸ਼ੀਸ਼ੇ ਬੰਦ ਕਰੀ ਉੱਡੇ ਜਾ ਰਹੇ ਨੇ ਅਮੀਰ ਲੋਕ ਉਸਰ ਰਹੀ ਹੈ ਨਵੀਂ ਦੁਨੀਆਂ ਨਵੇਂ ਲੋਕ ਨਵੇਂ ਨਵੇਂ ਮੀਲਾਂ ਲੰਬੇ ਪੁਲ ਉਸਰ ਰਹੇ ਨੇ ਪੁਲ ਹੀ ਪੁਲ ਬਣ ਗਏ ਨੇ ਵੱਡੇ ਵੱਡੇ ਉੱਚੇ ਉੱਚੇ ਲੋਕਾਂ ਲਈ ਤਾਂ ਕਿ ਧਰਤੀ ਦੀ ਭੀੜ ਉਹਨਾਂ ਦੇ ਰਾਹ ਵਿੱਚ ਅੜਿਕਾ ਨਾ ਪਾਵੇ ਨਹੀਂ ਰੁਕ ਸਕਦੇ ਉਹ ਰੇਲਵੇ ਫਾਟਕਾਂ ਤੇ ਟਾਈਮ ਬਹੁਤ ਕੀਮਤੀ ਹੈ ਉਹਨਾਂ ਦਾ ਨਹੀਂ ਵਿਚਰ ਸਕਦੇ ਉਹ ਸਾਈਕਲਾਂ, ਰੇੜ੍ਹੀਆਂ, ਗੱਡਿਆਂ ਰਿਕਸ਼ਿਆਂ ਦੀ ਭੀੜ ਵਿਚਕਾਰ ਜਿੱਥੇ ਗਰੀਬ ਲੋਕ ਅਜੇ ਵੀ ਫਸੇ ਕੁਰਲਾ ਰਹੇ ਨੇ ਆਪਣੀ ਆਪਣੀ ਵਾਰੀ ਦੀ ਉਡੀਕ ਵਿੱਚ ਉੱਚੇ ਉੱਚੇ ਲੰਬੇ ਪੁਲਾਂ ਤੇ ਉੱਡੇ ਜਾ ਰਹੇ ਹਨ ਅਮੀਰ ਲੋਕ ਤੇ ਇਹਨਾਂ ਹੀ ਪੁਲਾਂ ਥੱਲੇ ਕੀੜਿਆਂ ਵਾਂਗ ਕੁਰਬਲ ਕੁਰਬਲ ਕਰ ਰਹੀ ਹੈ ਗਰੀਬ ਜਨਤਾ।

ਉਤਰ-ਆਧੁਨਿਕ ਮੁਹੱਬਤ

ਮੇਰੇ ਦੋਸਤ ਦੀ ਮਹਿਬੂਬਾ ਨੇ ਕੁਝ ਇਕ ਸ਼ਰਤਾਂ ਰੱਖ ਕੇ ਉਸਨੂੰ ਆਪਣੀ ਮੁਹੱਬਤ ਪੇਸ਼ ਹੈ ਕੀਤੀ ਆਖਣ ਲੱਗੀ - ਇਸ ਤਰਾਂ ਦੀ ਨਹੀਂ ਹਾਂ ਉਂਜ ਤਾਂ ਮੈਂ ਭਾਵੇਂ ਪਤਾ ਨਹੀਂ ਪਰ ਏਸ ਉਮਰ ਵਿਚ ਇਹ ਦਿਲ ਚੰਦਰਾ ਕਿੰਜ ਭਟਕ ਗਿਆ ਹੈ ਬੱਚੇ ਵੱਡੇ ਜ਼ਿੰਮੇਵਾਰੀਆਂ ਵੀ ਬਹੁਤ ਨੇ ਪਰ ਫੇਰ ਵੀ ਤੁਰਦਾ ਤੁਰਦਾ ਸਮਾਂ ਨੈਣਾਂ ਵਿਚ ਕਿਧਰੇ ਅਟਕ ਗਿਆ ਹੈ ਕਹਿਣ ਲੱਗੀ - ਚੱਲ ਜਿਵੇਂ ਵੀ ਹੈ ਪਰ ਤੂੰ ਸਿਰਫ਼ ਉਦੋਂ ਮੈਨੂੰ ਫੋਨ ਹੈ ਕਰਨਾ ਜਦੋਂ ਮੈਂ ਆਪਣੇ ਫੋਨ ਦੇ ਉਤੋਂ ਆਪ ਤੈਨੂੰ ਮਿਸ ਕਾਲ ਮਾਰਾਂ ਛੁੱਟੀ ਵਾਲੇ ਦਿਨ ਤਾਂ ਬਿਲਕੁਲ ਸੰਭਵ ਨਹੀਂ ਹੈ ਗੱਲਬਾਤ ਆਪਣੀ ਪਤੀ ਦੇਵ ਜੀ ਘਰ ਹੁੰਦੇ ਨੇ ਸਾਰਾ ਦਿਨ ਹੀ ਘਰ ਦੇ ਕੰਮਾਂ ਵਿਚ ਗੁਜ਼ਾਰਾਂ ਮੈਸੇਜ ਤਾਂ ਜਮ੍ਹਾਂ ਨੀਂ ਕਰਨਾ ਬੱਚੇ ਵੱਡੇ ਮੈਸੇਜ ਬੌਕਸ ਖੋਹਲ ਨੇ ਲੈਂਦੇ ਮੋਬਾਈਲ ਸਾਰਾ ਫਰੋਲ ਨੇ ਲੈਂਦੇ ਉਂਜ ਸੱਚ ਜਾਣੀਂ ਤੈਨੂੰ ਬਹੁਤ ਹੀ ਮਿਸ ਕਰਦੀ ਹਾਂ ਸਾਰਾ ਦਿਨ ਚੇਤੇ ਕਰਦੀ ਹਾਂ... ਧਿਆਨ ਰੱਖੀਂ ਪਰ ਪੜ੍ਹਨ ਦੇ ਮਗਰੋਂ ਸਾਰੇ ਮੇਰੇ ਮੈਸੇਜ਼ ਤੂੰ ਡਿਲੀਟ ਕਰ ਦਈਂ ਕਿਧਰੇ ਕੋਈ ਮੈਸੇਜ ਲਿਖਿਆ ਰਹਿ ਨਾ ਜਾਵੇ ਬਿਨਾਂ ਵਜ੍ਹਾ ਹੀ ਕੋਈ ਸਿਆਪਾ ਪੈ ਨਾ ਜਾਵੇ ਕਿਧਰੇ ਕੁਝ ਜੇ ਪਤਾ ਲੱਗ ਗਿਆ ਜ਼ਿੰਦਗੀ ਮੇਰੀ ਤਬਾਹ ਹੋ ਜਾਣੀ ਬਿਨਾ ਵਜ੍ਹਾ ਹੀ ਐਵੇਂ ਜਾਂਦੀ ਜਾਹ ਹੋ ਜਾਣੀ.... ਮੇਰੇ ਦੋਸਤ ਦੀ ਮਹਿਬੂਬਾ ਨੇ ਕੁਝ ਇਕ ਸ਼ਰਤਾਂ ਰੱਖ ਕੇ ਉਸਨੂੰ ਆਪਣੀ ਮੁਹੱਬਤ ਪੇਸ਼ ਹੈ ਕੀਤੀ.......।

ਆਧੁਨਿਕ ਤਕਨੀਕ

ਸੁਣਦੇ ਸਾਂ ਕਿ ਲੋਕ ਚਿਹਰੇ ਤੇ ਮਖੌਟੇ ਚੜ੍ਹਾ ਲੈਂਦੇ ਸਨ ਬਹੁਤ ਪੁਰਾਣੀ ਗੱਲ ਹੈ ਫਿਰ ਇੱਕ ਮਖੌਟੇ ਥੱਲੇ ਦੂਸਰਾ ਫਿਰ ਤੀਸਰਾ ਅਣਗਿਣਤ ਮਖੌਟੇ ਇਹ ਗੱਲ ਵੀ ਪੁਰਾਣੀ ਹੋ ਗਈ ਸਮਾਂ ਬਦਲਣ ਨਾਲ ਫ਼ਰਕ ਪਿਆ ਹੁਣ ਲੋਕ ਮਖੌਟੇ ਨਹੀਂ ਪਹਿਨਦੇ ਹੁਣ ਉਹਨਾਂ ਨੇ ਸਕਿੰਟਾਂ ’ਚ ਚਿਹਰੇ ਤਬਦੀਲ ਕਰਨ ਦੀ ਆਧੁਨਿਕ ਤਕਨੀਕ ਸਿੱਖ ਲਈ ਹੈ ਹੁਣੇ ਤੁਹਾਡੇ ਸਾਹਮਣੇ ਕਬੂਤਰ ਬੈਠਾ ਸੀ ਹੁਣੇ ਦਹਾੜਦਾ ਸ਼ੇਰ ਬਣ ਗਿਆ ਹੁਣੇੇ ਉਹ ਚਲਾਕ ਲੂੰਬੜੀ ਵਿੱਚ ਤਬਦੀਲ ਹੋਇਆ ਤੇ ਹੁਣੇ ਤਿੱਤਰ ਬਟੇਰ ਬਣ ਗਿਆ ਹੁਣੇ ਉਹ ਪਾਲਤੂ ਕੁੱਤਾ ਸੀ ਤੁਹਾਡੇ ਪੈਰ ਚੱਟਦਾ ਹੁਣੇ ਉੱਡਣਾ ਸੱਪ ਬਣ ਕੇ ਤੁਹਾਨੂੰ ਡੰਗਦਾ ਏਨਾ ਜ਼ਹਿਰੀਲਾ ਕਿ ਬੰਦਾ ਪਾਣੀ ਵੀ ਨਾ ਮੰਗਦਾ ਲੋਕ ਮਖੌਟੇ ਪਹਿਨਦੇ ਸਨ ਇਹ ਜੁਗਾਂ ਪੁਰਾਣੀ ਗੱਲ ਹੈ ਹੁਣ ਲੋਕਾਂ ਨੇ ਚਿਹਰੇ ਤਬਦੀਲ ਕਰਨ ਦੀ ਆਧੁਨਿਕ ਤਕਨੀਕ ਸਿੱਖ ਲਈ ਹੈ।

ਟੋਏ ਪੱਟਣ ਵਾਲੇ

ਕਮੀਨੀਆਂ ਚਾਲਾਂ ਦੇ ਨਾਲ ਸ਼ੈਤਾਨੀ ਕੁਦਾਲਾਂ ਦੇ ਨਾਲ ਉਹ ਟੋਏ ਪੱਟ ਰਹੇ ਨੇ ਆਪਣੀ ਹਉਂ ਦਾ ਕੱਦ ਉੱਚਾ ਕਰਨ ਲਈ ਉਹ ਟੋਏ ਪੱਟ ਰਹੇ ਨੇ ਉਹ ਟੋਏ ਪੱਟ ਰਹੇ ਨੇ ਕਿ ਸਿਰ ਚੁੱਕ ਕੇ ਤੁਰਨ ਵਾਲੇ ਉਹ ਬਰਦਾਸ਼ਤ ਨਹੀਂ ਕਰਦੇ ਕਿਸੇ ਦੇ ਨੈਣਾਂ ਦੀ ਲਿਸ਼ਕ ਉਹਨਾਂ ਦੇ ਨੈਣ ਨਹੀਂ ਜਰਦੇ ਉਹ ਅੱਖਾਂ ’ਚ ਖੂੰਖਾਰ ਲਿਸ਼ਕ ਲਈ ਟੋਏ ਪੱਟ ਰਹੇ ਨੇ ਟੋਇਆਂ ’ਚ ਉਹ ਲੁਭਾਉਣੀਆਂ ਵਸਤਾਂ ਰੱਖਦੇ ਹਨ ਨਸ਼ਿਆਂ ਦਾ ਪ੍ਰਬੰਧ ਕਰਦੇ ਹਨ ਸ਼ੁਹਰਤ ਦੇ ਸਤਰੰਗੇ ਮੁਕਟ ਰੱਖਦੇ ਨੇ ਜਿਹਨਾਂ ’ਤੇ ਲੋਕ ਮਰਦੇ ਨੇ ਲਾਲਚ ਦੀਆਂ ਅਨੇਕ ਵਸਤਾਂ ਨੇ ਟੋਇਆਂ ’ਚ ਡਿੱਗਣ ਲਈ ਉਹ ਮਨੁੱਖ ਦਾ ਪੂਰਾ ਪ੍ਰਬੰਧ ਕਰਦੇ ਨੇ ਸ਼ੁਹਰਤ ਦੀ ਲਾਲਸਾ ਜਾਂ ਨਸ਼ੇ ਦੇ ਮੋਹ ’ਚ ਸਿੱਕਿਆਂ ਦੀ ਖਣਕਾਰ ਜਾਂ ਸ਼ੂਕਦੇ ਰੋਹ ’ਚ ਆਦਮੀ ਜਦੋਂ ਹਨੇ੍ਹਰੇ ਟੋਏ ’ਚ ਡਿੱਗਦਾ ਹੈ ਤਾਂ ਉਹ ਬਾਹਰ ਖੜ੍ਹ ਕੇ ਤਾੜੀਆਂ ਮਾਰਦੇ ਨੇ ਕਿਲਕਾਰੀਆਂ ਮਾਰਦੇ ਨੇ ਤੇ ਕਮੀਨਾ ਹਾਸਾ ਹੱਸਦੇ ਨੇ ਉਹ ਟੋਏ ਪੱਟਦੇ ਨੇ ਇਹਨਾਂ ਟੋਇਆਂ ’ਚ ਉਹ ਪਰੰਪਰਾ ਨੂੰ ਡੇਗਦੇ ਹਨ ਵਰਤਮਾਨ ਨੂੰ ਸਿੱਟਦੇ ਹਨ ਭਵਿੱਖ ਨੂੰ ਧਕੇਲਦੇ ਹਨ ਆਪਣਾ ਕੱਦ ਉੱਚਾ ਕਰਨ ਲਈ ਉਹ ਕਿਸ ਕਿਸ ਤਰਾਂ ਦੇ ਪਾਪੜ ਵੇਲਦੇ ਹਨ ਕਮੀਨੀਆਂ ਚਾਲਾਂ ਦੇ ਨਾਲ ਸ਼ੈਤਾਨੀ ਕੁਦਾਲਾਂ ਦੇ ਨਾਲ ਉਹ ਟੋਏ ਪੱਟ ਰਹੇ ਹਨ ਤੇ ਲੋਕ ਹਨ- ਕਿ ਟੋਇਆਂ ’ਚ ਡਿੱਗ ਰਹੇ ਨੇ।

ਤੂੰ ਜੇ

(ਪ੍ਰਦੇਸ ਵੱਸਦੇ ਦੋਸਤ ਲਈ) ਤੂੰ ਜੇ ਹਨ੍ਹੇਰੇ ’ਚੋਂ ਰਾਹ ਤਲਾਸ਼ ਕੇ ਚਾਨਣ ’ਚ ਆ ਗਿਆ ਇਹ ਨਾ ਸੋਚ ਕਿ ਦੁਨੀਆਂ ਬਦਲ ਗਈ ਇਹ ਨਾ ਸੋਚ ਕਿ ਇਨਕਲਾਬ ਆ ਗਿਆ ਅਜੇ ਵੀ ਹੈ ਧਰਤੀ ਦੁੱਖਾਂ ਨਾਲ ਭਰੀ ਹੋਈ ਅਜੇ ਵੀ ਰੋਟੀ ਤੋਂ ਭੁੱਖੇ ਢਿੱਡ ਵਿਲਕਦੇ ਅਜੇ ਵੀ ਹੈ ਲੁੱਟ ਜਾਰੀ ਮਿਹਨਤ ਦੀ ਅਜੇ ਵੀ ਗੁਰਬਤ ਦੇ ਹੱਥੋਂ ਅਰਮਾਨ ਤਿਲ੍ਹਕਦੇ ਅਜੇ ਵੀ ਨੰਗੇ ਤਨਾਂ ਨੂੰ ਢਕਣ ਲਈ ਲੀਰ ਨਹੀਂ ਪੇਪੜੀਆਂ ਜੰਮੇ ਹੋਠਾਂ ਦੇ ਲਈ ਨੀਰ ਨਹੀਂ ਅਜੇ ਵੀ ਬੱਚਿਆਂ ਦੇ ਹੱਥਾਂ ’ਚ ਫੜੇ ਟੁੱਕ ਕਾਂ ਖੋਹ ਕੇ ਲੈ ਜਾਂਦੇ ਅਜੇ ਵੀ ਝਪਟਦੇ ਸ਼ਿਕਰੇ ਮਾਸੂਮ ਚਿੜੀਆਂ ’ਤੇ ਅਜੇ ਵੀ ਕੇਲ ਕਰਦੇ ਬਗਲਿਆਂ ਨੂੰ ਬਾਜ ਪੈ ਜਾਂਦੇ ਜਿਹੜੀ ਦੁਨੀਆਂ ਤੂੰ ਪਿੱਛੇ ਛੱਡ ਆਇਆ ਜੋ ਹਯਾਤੀ ਤੂੰ ਪਿੱਛੇ ਤਜ ਆਇਆ ਉੱਥੇ ਅਜੇ ਵੀ ਜਹਾਲਤ ਦਾ ਡੇਰਾ ਹੈ ਤੈਨੂੰ ਰੌਸ਼ਨੀਆਂ ਦੀ ਚਕਾਚੌਂਧ ’ਚ ਭਾਵੇਂ ਦਿਸਦਾ ਨਹੀਂ ਪਰ ਉੱਥੇ ਅਜੇ ਵੀ ਸੰਘਣੀ ਕਾਲਖ਼ ਦਾ ਬਸੇਰਾ ਹੈ ਤੂੰ ਜੇ ਹਨ੍ਹੇਰੇ ’ਚੋਂ ਰਾਹ ਤਲਾਸ਼ ਕੇ ਚਾਨਣ ’ਚ ਆ ਗਿਆ ਇਹ ਨਾ ਸੋਚ ਕਿ ਦੁਨੀਆਂ ਬਦਲ ਗਈ ਇਹ ਨਾ ਸੋਚ ਕਿ ਇਨਕਲਾਬ ਆ ਗਿਆ।

ਬੀਨ

ਜੋਗੀ ਜਦੋਂ ਮਨ ਦੇ ਸਰੂਰ ਵਿੱਚ ਆ ਕੇ ਬੀਨ ਹੋਠਾਂ ਨੂੰ ਲਾਉਂਦਾ ਅੰਦਰਲੀ ਤੜਪ ਹਵਾ ਬਣ ਕੇ ਬੀਨ ’ਚ ਉਤਰਦੀ ਜੋਗੀ ਬੀਨ ਵਜਾਉਂਦਾ ਜੋਗੀ ਬੀਨ ਵਜਾਉਂਦਾ ਤਾਂ ਨਾਗਣਾਂ ਦੂਰ ਦੂਰ ਤੋਂ ਮੇਲ੍ਹਦੀਆਂ ਆਉਂਦੀਆਂ ਬੀਨ ਦੇ ਦੁਆਲੇ ਨੱਚਣ ਲੱਗਦੀਆਂ ਬੀਨ ਦੀ ਆਵਾਜ਼ ਹੋਰ ਗਹਿਰੀ ਹੁੰਦੀ ਜਾਂਦੀ ਹੋਰ ਬੁਲੰਦ ਨਾਗਣਾਂ ਲਟਬੌਰੀਆਂ ਬੀਨ ਦੀ ਸੁਰ ਤੇ ਮੇਲ੍ਹਣ ਲੱਗਦੀਆਂ ਜੋਗੀ ਨੂੰ ਪਰ ਨਾਗਣਾਂ ਨੂੰ ਕੀਲਣ ਦਾ ਮੰਤਰ ਨਹੀਂ ਸੀ ਆਉਂਦਾ ਬੀਨ ਜਦੋਂ ਸਿਖ਼ਰ ਤੇ ਪਹੁੰਚਦੀ ਹੋਰ ਸਿਖ਼ਰ ਤੇ ਆਖਰ ਰੁਕਦੀ ਰੁਕਦੀ ਰੁਕ ਜਾਂਦੀ ਬੀਨ ਰੁਕਦੀ ਤਾਂ ਨਾਗਣਾਂ ਤੜਫ਼ ਉੱਠਦੀਆਂ ਕਰੋਧ ਵਿੱਚ ਫੁੰਕਾਰਦੀਆਂ ਜੋਗੀ ਨੂੰ ਡੰਗੋ ਡੰਗ ਕਰ ਦਿੰਦੀਆਂ ਜ਼ਹਿਰ ਜੋਗੀ ਦੀਆਂ ਰਗਾਂ ’ਚ ਦੌੜਦਾ ਉਹ ਤੜਪ ਉੱਠਦਾ ਦਰਦ ਤੇ ਨਸ਼ੇ ਦੇ ਨਾਲ ਧਰਤੀ ’ਤੇ ਮੇਲ੍ਹਦਾ ਕੁਝ ਦੇਰ ਤੜਪਦਾ ਕੁਝ ਦੇਰ ਛਟਪਟਾਉਂਦਾ ਪਰ ਜਦੋਂ ਹੀ ਡੰਗਾਂ ਦਾ ਅਸਰ ਮੱਧਮ ਪੈਣ ਲੱਗਦਾ ਜੋਗੀ ਫੇਰ ਬੀਨ ਚੁੱਕਦਾ ਹੋਠਾਂ ਨੂੰ ਲਾਉਂਦਾ ਜੋਗੀ ਬੀਨ ਵਜਾਉਂਦਾ।

ਕਵਿਤਾ ਤੇ ਮਹਿਬੂਬ

ਮਹਿਬੂਬ ਵਰਗੀ ਹੁੰਦੀ ਕਵਿਤਾ ਥੋੜ੍ਹਾ ਜਿਹਾ ਧਿਆਨ ਨਾ ਦਿਓ ਤਾਂ ਇਹ ਰੁੱਸ ਜਾਂਦੀ ਮੁੜ ਦੇਰ ਤੱਕ ਨਾ ਮੰਨਦੀ ਥੋੜ੍ਹੀ ਦੇਰ ਤੁਸੀਂ ਇਸ ਦੇ ਮੁੜਨ ਦੀ ਉਡੀਕ ਕਰਦੇ ਸੋਚਦੇ ਕੁਝ ਦਿਨ ਬਾਅਦ ਪਰਤ ਆਏਗੀ ਆਪੇ ਪਰ ਕਵਿਤਾ ਮਹਿਬੂਬ ਵਾਂਗ ਹੁੰਦੀ ਉਹ ਨਹੀਂ ਆਉਂਦੀ ਆਪਣੇ-ਆਪ ਭੁਲਾ ਦਿੰਦੀ ਤੁਹਾਨੂੰ ਛੱਡ ਦਿੰਦੀ ਤੁਹਾਨੂੰ ਆਪਣੇ ਰਹਿਮੋਂ ਕਰਮ ਤੇ ਤੁਸੀਂ ਕੁਝ ਕੁ ਦੇਰ ਬੇਗਾਨੀਆਂ ਵਾਦੀਆਂ ’ਚ ਭਟਕਦੇ ਕਵਿਤਾਵਾਂ ਲਿਖਣ ਦੀ ਥਾਂ ਕਵਿਤਾਵਾਂ ਦੀਆਂ ਪੁਸਤਕਾਂ ਦੇ ਵਰਕੇ ਪਲਟਦੇ ਕੁਝ ਦੇਰ ਬੇਗਾਨੀਆਂ ਕਵਿਤਾਵਾਂ ’ਚ ਪਰਚਦੇ ਹੌਲੀ ਹੌਲੀ ਪਰ ਤੁਹਾਨੂੰ ਫੇਰ ਆਪਣੀਆਂ ਕਵਿਤਾਵਾਂ ਦੀ ਯਾਦ ਆਉਂਦੀ ਬਹੁਤ ਸਤਾਉਂਦੀ ਤੁਸੀਂ ਕਵਿਤਾ ਨੂੰ ਮਨਾਉਂਦੇ ਪਰ ਉਹ ਨਹੀਂ ਮੰਨਦੀ ਤੁਸੀਂ ਮਨਾਉਂਦੇ ਕਿੰਨੀਆਂ ਮਿੰਨਤਾਂ ਕਿੰਨੇ ਤਰਲੇ ਉਹ ਫਿਰ ਅਚਾਨਕ ਮੁਸਕਰਾਉਂਦੀ ਹੌਲੀ-ਹੌਲੀ ਮਤਵਾਲੀ ਤੋਰ ਤੁਰਦੀ ਉਹ ਫੇਰ ਤੁਹਾਡੇ ਕੋਲ ਆਉਂਦੀ ਤੁਹਾਡਾ ਮਨ ਫਿਰ ਸ਼ਬਦਾਂ ਫਿਰ ਪਿਆਰ ਨਾਲ ਭਰ ਉੱਠਦਾ ਵਿਯੋਗ ਦਾ ਸਮਾਂ ਮਨਫੀ ਹੁੰਦਾ ਲੱਗਦਾ ਜਿਵੇਂ ਤੁਸੀਂ ਤੇ ਉਹ ਕਦੇ ਵਿਛੜੇ ਹੀ ਨਹੀਂ ਸੀ।

ਅਣਛੂਹਿਆ ਹੋਂਠ

ਅਸਲ ਵਿੱਚ ਜਿੰਨੀ ਉਸ ਦੀ ਉਮਰ ਸੀ ਉਸਦੇ ਹੋਂਠ ਦੀ ਉਮਰ ਉਸ ਤੋਂ ਕਿਤੇ ਨਿੱਕੀ ਸੀ ਉਸ ਦੇ ਪ੍ਰੋੜ ਚਿਹਰੇ ’ਤੇ ਉਸ ਦਾ ਅਣਛੂਹਿਆ ਹੋਂਠ ਉਚੇਚਾ ਨਜ਼ਰ ਆਉਂਦਾ ਸੀ ਧਿਆਨ ਨਾਲ ਵੇਖਿਆਂ ਲੱਗਦਾ ਸੀ ਜਿਵੇਂ ਸੈਨਤਾਂ ਮਾਰ ਕੇ ਬੁਲਾਉਂਦਾ ਸੀ ਅੱਧ-ਉਮਰ ਪਾਰ ਕਰ ਚੁੱਕੀ ਉਹ ਔਰਤ ਹੈਰਾਨ ਸੀ ਕਿ ਇਕ ਆਦਮੀ ਨਾਲ ਉਸਨੇ ਉਮਰ ਦੇ ਕਿੰਨੇ ਵਰ੍ਹੇ ਗੁਜ਼ਾਰ ਦਿੱਤੇ ਕਈ ਦਹਾਕੇ ਉਸ ਨਾਲ ਸੌਂਦੀ ਰਹੀ ਉਸਦੀ ਛਾਵੇਂ ਭੌਂਦੀ ਰਹੀ ਪਤੀ ਉਸਦਾ ਹਰ ਰੋਜ਼ ਉਸ ਨਾਲ ਸੌਂਦਾ ਰਿਹਾ ਬੱਚੇ ਜੰਮਦੀ ਰਹੀ ਉਹ ਉਸਦੇ ਪੜ੍ਹਾਉਂਦੀ ਰਹੀ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ ਪਰ ਉਸਦੇ ਪਤੀ ਨੂੰ ਆਪਣੀ ਬੀਵੀ ਦੇ ਅਣਛੂਹੇ ਹੋਂਠ ਦਾ ਇਲਮ ਨਹੀਂ ਸੀ ਕਿੰਨੇ ਹੀ ਅੰਗ ਸਨ ਜੋ ਉਸਨੇ ਕੋਲ ਪਈ ਬੀਵੀ ਦੇ ਕਦੇ ਵੇਖੇ ਹੀ ਨਹੀਂ ਸਨ ਹਨ੍ਹੇਰੇ ਵਿੱਚ ਸਦਾ ਉਹ ਉਸ ਨਾਲ ਸੌਂਦਾ ਤਾਂ ਰਿਹਾ ਪਰ ਸਿਰਫ਼ ਬੱਚਿਆਂ ਦੀ ਉਤਪਤੀ ਲਈ ਜਾਂ ਖ਼ੁਦ ਨੂੰ ਖ਼ਲਾਸ ਕਰਨ ਲਈ ਅੱਧੀ ਉਮਰ ਵਿਹਾ ਚੁੱਕੀ ਉੁਸ ਔਰਤ ਨੇ ਅਚਨਚੇਤ ਇਕ ਦਿਨ ਧਿਆਨ ਨਾਲ ਸ਼ੀਸ਼ਾ ਵੇਖਿਆ ਸ਼ੀਸ਼ੇ ਵਿੱਚ ਉਸਨੇ ਅਣਛੂਹਿਆ ਆਪਣਾ ਹੋਂਠ ਦੇਖਿਆ ਕਸਿਆ ਹੋਇਆ ਆਪਣਾ ਜਿਸਮ ਤੱਕਿਆ ਉਸਦੇ ਧੁਰ ਅੰਦਰੋਂ ਇਕ ਹਾਉਕਾ ਨਿਕਲਿਆ ਅਤੇ ਉਹ ਫੇਰ ਆਪਣੀ ਜਵਾਨੀ ਵਿੱਚ ਪਰਤ ਗਈ ਜਿੱਥੇ ਸਭ ਕੁਝ ਅਣਛੂਹਿਆ ਸੀ ਜਿੱਥੇ ਸਭ ਕੁਝ ਜਵਾਨ ਸੀ।

ਇਤਿਹਾਸ

ਇਤਿਹਾਸ ਸਦਾ ਤਾਕਤਵਾਰ ਹੱਥ ਲਿਖਦੇ ਇਸੇ ਲਈ ਇਤਿਹਾਸ ਵਿੱਚ ਕਮਜ਼ੋਰ ਸਦਾ ਪਿੱਠ ਭੂਮੀ ’ਚ ਚਲੇ ਜਾਂਦੇ ਗੁਨਾਹਗਾਰ ਵੱਡੇ ਪਰਉਪਕਾਰੀ ਬਣ ਜਾਂਦੇ ਮੈਦਾਨ ਛੱਡ ਕੇ ਭੱਜਣ ਵਾਲੇ ਵੱਡੇ ਸੂਰਮਿਆਂ ’ਚ ਤਬਦੀਲ ਹੁੰਦੇ ਜਿਹੜੇ ਅਸਲ ਵਿੱਚ ਇਤਿਹਾਸ ਸਿਰਜਦੇ ਉਹ ਕਾਲ ਕੋਠੜੀਆਂ ’ਚ ਜ਼ਲੀਲ ਹੁੰਦੇ ਇਤਿਹਾਸ ਸਿਰਜਣ ਵਾਲਿਆਂ ਦੇ ਤਾਂ ਹੱਥ ਕੱਟ ਦਿਤੇ ਜਾਂਦੇ ਉਹਨਾਂ ਦੀਆਂ ਅੰਤੜੀਆਂ ਉਹਨਾਂ ਦੀਆਂ ਪਿੱਠਾਂ ਨਾਲ ਜਾ ਲੱਗਦੀਆਂ ਉਹਨਾਂ ਨੂੰ ਇਤਿਹਾਸ ਵਿੱਚ ਨਾਇਕ ਤੋਂ ਖ਼ਲਨਾਇਕ ਬਣਾ ਦਿੱਤਾ ਜਾਂਦਾ ਇਸੇ ਤਰਾਂ ਸਮੁੱਚਾ ਇਤਿਹਾਸ ਬਦਲਾ ਦਿੱਤਾ ਜਾਂਦਾ ਜਿਹੜੇ ਅਸਲ ’ਚ ਇਤਿਹਾਸ ਸਿਰਜਦੇ ਉਨ੍ਹਾਂ ਦਾ ਇਤਿਹਾਸ ’ਚ ਕਿਤੇ ਨਾਮੋ-ਨਿਸ਼ਾਂ ਵੀ ਨਾ ਹੁੰਦਾ।

ਸਮੁੰਦਰ

ਉਹ ਤਾਂ ਅੰਨਦਾਤਾ ਸੀ ਹਜ਼ਾਰਾਂ, ਲੱਖਾਂ ਜਾਨਾਂ ਦਾ ਪਾਲਣਹਾਰ ਕੋਈ ਵੀ ਉਸ ਕੋਲ ਗਿਆ ਖਾਲੀ ਹੱਥ ਪਰਤ ਕੇ ਨਹੀਂ ਸੀ ਆਉਂਦਾ ਲੱਖਾਂ ਜਾਨਾਂ ਲਈ ਉਹ ਮਛੇਰਿਆਂ ਕੋਲ ਢੇਰਾਂ ਦੇ ਢੇਰ ਮੱਛੀਆਂ ਭਿਜਵਾਉਂਦਾ ਕਿੰਨੀਆਂ ਸਿੱਪੀਆਂ, ਮੋਤੀ, ਘੋਗੇ ਤਾਂ ਉਹ ਆਪ ਹੀ ਲਿਆ ਕੇ ਕਿਨਾਰਿਆਂ ਤੇ ਵਿਛਾਉਂਦਾ ਉਹ ਏਨਾ ਕ੍ਰੋਧਵਾਨ ਤਾਂ ਨਹੀਂ ਸੀ ਕਿ ਲੱਖਾਂ ਜਾਨਾਂ ਦੀ ਕਬਰਗਾਹ ਬਣ ਗਿਆ ਕਿਤੇ ਇਸ ਵਿੱਚ ਸਾਡੀ ਕੋਈ ਖ਼ਤਾ ਤਾਂ ਨਹੀਂ ਜਿਹੜੀ ਉਸ ਨੇ ਸਾਨੂੰ ਦਿੱਤੀ ਸਾਡੀ ਹੀ ਗ਼ਲਤੀ ਦੀ ਸਜ਼ਾ ਤਾਂ ਨਹੀਂ ਕਿਨਾਰਿਆਂ ਤੋਂ ਬਾਹਰ ਆਉਣ ਲਈ ਅਸੀਂ ਹੀ ਉਸਨੂੰ ਮਜ਼ਬੂਰ ਕੀਤਾ ਹੈ ਉਹ ਏਨਾ ਕ੍ਰੋਧਵਾਨ ਤਾਂ ਨਹੀਂ ਸੀ ਕਿ ਲੱਖਾਂ ਜਾਨਾਂ ਦੀ ਕਬਰਗਾਹ ਬਣ ਗਿਆ।

ਮੰਗਲਵਾਰ

ਮੰਗਲਵਾਰ ਦਾ ਦਿਨ ਹੈ ਮੰਦਿਰ ਦੇ ਬੂਹੇ ਦੇ ਬਾਹਰ ਬੈਠੇ ਨੇ ਬੱਚੇ ਹੱਥ ਫੈਲਾਈ ਲੋਕ ਆਉਂਦੇ ਨੇ ਮੱਥਾ ਟੇਕ ਕੇ ਵੰਡ ਦਿੰਦੇ ਹਨ ਸੁੱਖਾਂ ਸੁੱਖਿਆ ਪ੍ਰਸ਼ਾਦ ਹੱਥ ਫੈਲਾਈ ਬੱਚਿਆਂ ਦੇ ਵਿੱਚ ਬੱਚੇ ਖਾਂਦੇ ਖੁਸ਼ ਹੋ ਰਹੇ ਲੋਕ ਖੁਸ਼ ਨੇ ਕਿ ਵੰਡ ਚੱਲੇ ਨੇ ਦੁੱਖ ਆਪਣਾ ਨਿੱਕੇ ਨਿੱਕੇ ਬੱਚਿਆਂ ਦੇ ਵਿੱਚ ਤੇ ਬੱਚੇ ਖੁਸ਼ ਨੇ ਕਿ ਬਹੁਤ ਦਿਨਾਂ ਬਾਅਦ ਅੱਜ ਮਿਲਿਆ ਹੈ ਖਾਣ ਨੂੰ ਰੱਜਵਾਂ।

ਪਛਾਣ

ਦਾਖਲੇ ਤੋਂ ਬਾਅਦ ਕਲਾਸ ਵਿੱਚ ਪਹਿਲੇ ਦਿਨ ਅਧਿਆਪਕ ਨੇ ਕਿਹਾ ਇਕੱਲੇ ਇਕੱਲੇ ਬੱਚੇ ਨੂੰ ਆਪਣੀ ਪਛਾਣ ਦੇਣ ਲਈ ਖੜ੍ਹੇ ਹੋਏ ਬੱਚੇ ਇਕੱਲੇ ਇਕੱਲੇ ਦੱਸਣ ਲੱਗੇ ਮੇਰਾ ਪਿਤਾ ਡਾਕਟਰ ਹੈ ਮੇਰਾ ਕਲਰਕ ਮੇਰਾ ਦੁਕਾਨਦਾਰ ਮੇਰਾ ਮਾਸਟਰ ਸਾਰੀ ਕਲਾਸ ਵਿੱਚ ਦੋ ਬੱਚੇ ਆਪਣੇ ਪਿਤਾ ਦਾ ਪੇਸ਼ਾ ਦੱਸਣ ਲੱਗੇ ਹਿਚਕਿਚਾਏ ਉਹਨਾਂ ’ਚੋਂ ਇੱਕ ਦਾ ਪਿਤਾ ਮੋਚੀ ਸੀ ਦੂਜੇ ਦਾ ਚਪੜਾਸੀ ਤੇ ਅਗਲੇ ਦਿਨ ਦੋਵੇਂ ਬੱਚੇ ਸਕੂਲ ’ਚ ਨਹੀਂ ਆਏ।

ਮਾਂ ਲਈ ਸੱਤ ਕਵਿਤਾਵਾਂ

1. ਬੜੀ ਭਿਆਨਕ ਰਾਤ ਸੀ ਗੁਲੂਕੋਜ਼ ਦੀ ਬੋਤਲ ’ਚੋਂ ਬੂੰਦ ਬੂੰਦ ਟਪਕ ਰਹੀ ਸੀ ਮੌਤ ਕਮਰੇ ’ਚ ਮਾਂ ਨੂੰ ਕਿਸੇ ਮਗਰਮੱਛ ਵਾਂਗ ਸਾਹੋ ਸਾਹ ਨਿਗਲ ਰਹੀ ਸੀ ਬਚਪਨ ਮਗਰੋਂ ਮੈਂ ਮਾਂ ਨੂੰ ਪਹਿਲੀ ਵਾਰ ਏਨਾ ਸਮਾਂ ਏਨੀ ਨੜਿਓਂ ਤੱਕ ਰਿਹਾ ਸਾਂ ਉਸਦਾ ਦਾ ਭਰਿਆ ਸਰੀਰ ਘਰ ਨੂੰ ਬੰਨ੍ਹਦਾ ਕਿੰਨਾ ਜਰਜਰ ਹੋ ਗਿਆ ਸੀ ਬਾਹਰ ਝੱਖੜ ਸੀ ਤੂਫ਼ਾਨ ਸ਼ੂਕਦਾ ਤੜਫ਼ ਤੜਫ਼ ਕੇ ਚਮਕਦੀ ਬਿਜਲੀ ਟੁੱਟ ਕੇ ਡਿੱਗਦੇ ਦਰਖਤ ਖੜਕਦੇ ਸਾਈਨ ਬੋਰਡ ਐਮਰਜੈਂਸੀ ਰੂਮ ਅੰਦਰ ਚਿੱਟੀ ਚਾਦਰ ’ਤੇ ਪਈ ਅਹਿੱਲ ਮਾਂ ਮੌਤ ਨਾਲ ਲੜ ਰਹੀ ਸੀ ਤੇ ਅਸੀਂ ਤਿੰਨ ਭੈਣ ਭਰਾ ਆਪਣੀ ਬੇਵਸੀ ਨਾਲ ਆਖ਼ਿਰ ਜਿਸਮ ਦਾ ਪਿੰਜਰਾ ਤੋੜ ਉਡਾਰੀ ਮਾਰ ਗਿਆ ਉਸਦੇ ਸਾਹਾਂ ਦਾ ਪਰਿੰਦਾ ਉਹ ਪਰਿੰਦਾ ਹੁਣ ਅਕਸਰ ਮੇਰੇ ਦਿਲ ’ਚ ਛਟਪਟਾਉਂਦਾ ਹੈ। 2. ਮੈਂ ਆਪਣੇ ਸਾਹਵੇਂ ਮਾਂ ਨੂੰ ਸਾਹ ਸਾਹ ਮਰਦਿਆਂ ਤੱਕਿਆ ਸਾਡੀ ਬੇਵਸੀ ਸਾਹਵੇਂ ਤਲੀਆਂ ’ਚੋਂ ਬੂੰਦ ਬੂੰਦ ਬਣ ਕੇ ਕਿਰ ਗਈ ਉਹ ਘੜੀ ਦੀ ਟਿਕ ਟਿਕ ਸਾਡੇ ਸਿਰ ’ਚ ਕਿਸੇ ਭਾਰੇ ਹਥੌੜੇ ਵਾਂਗ ਵੱਜਦੀ ਰਹੀ ਰਾਤ ਭਰ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਗਏ ਮਾਂ ਦੀ ਅਰਥੀ ਨੂੰ ਅਸੀਂ ਆਪਣੇ ਹੱਥਾਂ ਨਾਲ ਅਗਨ ਦਿੱਤੀ ਉਸ ਦੇ ਸਰੀਰ ਨੂੰ ਪੰਜਾਂ ਤੱਤਾਂ ਵਿੱਚ ਰਲਦਿਆਂ ਵੇਖਿਆ ਸਾਡੇ ਸਾਹਵੇਂ ਜਿਸਮ ਤੋਂ ਰਾਖ ਬਣ ਗਈ ਉਹ ਖਾਲੀ ਹੱਥ ਮੁੜ ਆਏ ਅਸੀਂ ਮਾਂ ਨੂੰ ਲਟ ਲਟ ਬਲਦੀ ਅਗਨ ’ਚ ਛੱਡ ਕੇ ਪਰ ਫਿਰ ਵੀ ਮਾਂ ਦੀਆਂ ਆਵਾਜ਼ਾਂ ਕਦੇ ਰਸੋਈ ’ਚੋਂ ਕਦੇ ਕਮਰੇ ’ਚੋਂ ਕਦੇ ਵਿਹੜੇ ’ਚੋਂ ਸੁਣਦੀਆਂ ਹਨ ਹੁਣੇ ਉਹ ਇੱਥੇ ਖੜ੍ਹੀ ਮਹਿਸੂਸ ਹੁੰਦੀ ਹੁਣੇ ਉਥੇ ਮਾਂ ਚਲੀ ਗਈ ਰਾਖ ਹੋ ਗਿਆ ਜਿਸਮ ਉਸਦਾ ਪੰਜਾਂ ਤੱਤਾਂ ’ਚ ਰਲ ਗਿਆ ਪਰ ਕੁਝ ਹੈ ਜਿਹੜਾ ਅਜੇ ਵੀ ਇਸ ਘਰ ’ਚ ਹੈ ਜਿਹੜਾ ਅਜੇ ਵੀ ਮਹਿਸੂਸ ਹੁੰਦਾ ਹੈ। 3. ਮੈਂ ਆਪਣੇ ਕਾਫ਼ਰ ਹੱਥਾਂ ਨਾਲ ਮਾਂ ਨੂੰ ਅਗਨ ਦੇ ਦਿੱਤੀ ਮੇਰੇ ਜਨਮ ਤੋਂ ਪਹਿਲਾਂ ਮਾਂ ਨੇ ਜਿਸ ਪੇਟ ’ਚ ਮੈਨੂੰ ਸਾਂਭ ਸਾਂਭ ਰੱਖਿਆ ਦੁਨੀਆਂ ਦੀ ਹਰ ਬਲਾ ਤੋਂ ਬਚਾ ਕੇ ਮੈਂ ਆਪਣੇ ਕਾਫ਼ਰ ਹੱਥਾਂ ਨਾਲ ਉਸ ਪੇਟ ਨੂੰ ਅਗਨ ਦੇ ਦਿੱਤੀ ਜਿਹਨਾਂ ਬਾਹਵਾਂ ਤੇ ਚੁੱਕ ਚੁੱਕ ਕੇ ਮਾਂ ਮੈਨੂੰ ਖਿਡਾਉਂਦੀ ਰਹੀ ਲਾਡ ਲਡਾਉਂਦੀ ਰਹੀ ਮੈਂ ਆਪਣੇ ਕਾਫ਼ਰ ਹੱਥਾਂ ਨਾਲ ਉਹਨਾਂ ਬਾਹਵਾਂ ਨੂੰ ਅਗਨ ਦੇ ਦਿੱਤੀ ਜਿਨ੍ਹਾਂ ਅੰਮ੍ਰਿਤ ਸਰੋਤਾਂ ਤੋਂ ਉਸ ਨੇ ਦੁੱਧ ਪਿਆ ਪਿਆ ਮੈਨੂੰ ਜੁਆਨ ਕੀਤਾ ਮੈਂ ਆਪਣੇ ਕਾਫ਼ਰ ਹੱਥਾਂ ਨਾਲ ਉਹਨਾਂ ਦੁੱਧ ਦਿਆਂ ਚਸ਼ਮਿਆਂ ਨੂੰ ਅਗਨ ਦੇ ਦਿੱਤੀ ਮਾਂ ਜਿਸ ਨੂੰ ਲੋਕ ਠੰਡੜੀ ਛਾਂ ਆਖਦੇ ਮੈਂ ਆਪਣੇ ਕਾਫ਼ਰ ਹੱਥਾਂ ਨਾਲ ਉਸ ਠੰਡੜੀ ਛਾਂ ਨੂੰ ਅਗਨ ਦੇ ਦਿੱਤੀ ਮੈਂ ਮਾਂ ਨੂੰ ਅਗਨ ਦੇ ਦਿੱਤੀ। 4. ਘਰ ਨੂੰ ਕਦੇ ਨਾ ਛੱਡਣ ਵਾਲੀ ਮਾਂ ਉਨ੍ਹਾ ਲੰਮੇ ਪੈਂਡਿਆਂ ’ਤੇ ਨਿਕਲ ਗਈ ਜਿਥੋਂ ਕਦੇ ਕੋਈ ਪਰਤ ਕੇ ਨਹੀਂ ਆਉਂਦਾ ਉਸ ਦੇ ਜਾਣ ਤੋਂ ਬਿਨਾਂ ਸਭ ਕੁਝ ਉਸੇ ਤਰ੍ਹਾਂ ਹੈ ਸ਼ਹਿਰ ’ਚ ਉਸੇ ਤਰ੍ਹਾਂ ਭੱਜੇ ਜਾ ਰਹੇ ਨੇ ਲੋਕ ਕੰਮਾਂ ਕਾਰਾਂ ’ਚ ਉਲਝੇ ਚੱਲਦੇ ਕਾਰਖਾਨੇ ਮਸ਼ੀਨਾਂ ਦੀ ਖੜਖੜ ਕਾਲੀਆਂ ਸੜਕਾਂ ਤੇ ਬੇਚੈਨ ਭੀੜ ਉਸੇ ਤਰ੍ਹਾਂ ਹੈ ਉਸੇ ਤਰ੍ਹਾਂ ਉਤਰੀ ਹੈ ਸ਼ਹਿਰ ਤੇ ਸ਼ਾਮ ਢਲ ਗਈ ਹੈ ਰਾਤ ਜਗਮਗਾ ਰਿਹਾ ਹੈ ਸ਼ਹਿਰ ਸਾਰਾ ਰੌਸ਼ਨੀਆਂ ਨਾਲ ਸਿਰਫ਼ ਇੱਕ ਮਾਂ ਦੇ ਨਾਂ ਦਾ ਚਿਰਾਗ਼ ਹੈ ਬੁਝਿਆ। 5. ਹੁਣ ਕਿੱਥੇ ਹੋਵੇਗੀ ਮਾਂ ਕਿੱਥੇ ਹੈ ਬਸੇਰਾ ਉਸਦਾ ਖ਼ਿਲਾਅ ’ਚ ਕੋਈ ਪਰਿੰਦਾ ਬਣ ਕੇ ਉੱਡਦੀ ਤਾਰਿਆਂ ’ਚ ਕੋਈ ਤਾਰਾ ਬਣ ਕੇ ਚਮਕਦੀ ਚੰਦਰਮਾ ਦੇ ਕੋਲ ਕਿਧਰੇ ਕਿਥੇ ਰਹਿੰਦੀ ਹੋਵੇਗੀ ਉਹ ਮੁੱਠੀ ਕੁ ਅਸਥੀਆਂ ਉਸਦੀਆਂ ਪ੍ਰਵਾਹ ਦਿੱਤੀਆਂ ਵਹਿੰਦੇ ਜਲ ’ਚ ਪਤਾ ਨਹੀਂ ਕਿਨ੍ਹਾਂ ਸਮੁੰਦਰਾਂ ’ਚ ਹੋਵੇਗਾ ਵਾਸ ਉਸਦਾ ਕਿਵੇਂ ਉਹ ਉਸ ਘਰ ਨੂੰ ਇੱਕਦਮ ਵਿਸਾਰ ਕੇ ਤੁਰ ਗਈ ਜਿਸ ਨੂੰ ਉਸਨੇ ਤਿਣਕਾ ਤਿਣਕਾ ਕਰਕੇ ਜੋੜਿਆ ਨਿੱਕੀ ਨਿੱਕੀ ਮਿਹਨਤ ਮਜਦੂਰੀ ਕਰਦਿਆਂ ਘਰ ਦੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਨੂੰ ਪੂਰਿਆ ਨਿੱਕੇ ਨਿੱਕੇ ਬੱਚਿਆਂ ਨੂੰ ਉਡਾਰ ਕੀਤਾ ਕਿਵੇਂ ਉਹ ਉਸ ਘਰ ਨੂੰ ਇਕਦਮ ਵਿਸਾਰ ਕੇ ਤੁਰ ਗਈ ਸਾਰੀ ਉਮਰ ਘੁੰਮਦੀ ਰਹੀ ਉਹ ਧਰਤ ਵਾਂਗ ਤਪਦੀ ਰਹੀ ਉਹ ਸੂਰਜ ਵਾਂਗ ਪਾਣੀਆਂ ’ਚ ਰਲ ਕੇ ਇਕਦਮ ਸ਼ਾਂਤ ਹੋ ਗਈ ਮੌਨ ਹੋ ਗਈ ਪਤਾ ਨਹੀਂ ਹੁਣ ਕਿੱਥੇ ਹੋਵੇਗੀ..... ?? 6. ਘਰ ਜਾਵਾਂਗਾ ਤਾਂ ਅੱਖਾਂ ਮਾਂ ਨੂੰ ਭਾਲਣਗੀਆਂ ਪਰ ਕਿਤੇ ਨਹੀਂ ਹੋਵੇਗੀ ਮਾਂ ਕੋਈ ਨਹੀਂ ਪਲੋਸੇਗਾ ਸਿਰ ਮੱਥਾ ਟੇਕਣ ਤੋਂ ਬਾਅਦ ਕੋਈ ਨਹੀਂ ਕਰੇਗਾ ਹੁਣ ਨਿੱਕੇ ਨਿੱਕੇ ਦੁੱਖਾਂ ਸੁੱਖਾਂ ਦੀਆਂ ਗੱਲਾਂ ਛੋਟੇ ਛੋਟੇ ਗਿਲੇ ਸ਼ਿਕਵੇ ਉਲਾਂਭੇ ਰਿਸ਼ਤਿਆਂ ਦੇ ਆਉਣ ਜਾਣ ਦੀਆਂ ਨਿੱਕੀਆਂ ਨਿੱਕੀਆਂ ਅਰਥਹੀਣ ਬਾਤਾਂ ਕੋਈ ਨਹੀਂ ਸੁਣਾਵੇਗਾ ਤੁਰਨ ਵੇਲੇ ਕੋਈ ਨਹੀਂ ਦੇਵੇਗਾ ਨਸੀਹਤਾਂ ਮੱਥਾ ਟੇਕਣ ਮਗਰੋਂ ਸਿਰ ਪਲੋਸਦਿਆਂ ਕੋਈ ਨਹੀਂ ਕਹੇਗਾ- ਨ੍ਹੇਰਾ ਹੋਣ ਤੋਂ ਪਹਿਲਾਂ ਘਰ ਚਲਾ ਜਾਈਂ ਤੇ ਪਹੁੰਚ ਕੇ ਫੋਨ ਕਰ ਦੇਵੀਂ ਕੋਈ ਨਹੀਂ ਕਹੇਗਾ ਹੁਣ। 7. ਜਦੋਂ ਦੀ ਤੂੰ ਗਈ ਹੈਂ ਮਾਂ ! ਘਰ ਘਾਹ ਦੇ ਤਿਣਕਿਆਂ ਵਾਂਗੂੰ ਬਿਖਰ ਗਿਆ ਹੈ ਤੂੰ ਬਿਰਖ ਸੀ ਇੱਕ ਸੰਘਣੀ ਛਾਂ ਨਾਲ ਭਰਿਆ ਘਰ ਦੇ ਵਿਹੜੇ ’ਚ ਖੜ੍ਹਾ ਜਿਸਦੇ ਥੱਲੇ ਬੈਠ ਸਭ ਆਰਾਮ ਕਰਦੇ ਹੱਸਦੇ ਖੇਡਦੇ ਗੱਲਾਂ ਕਰਦੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣਦੇ ਜਦੋਂ ਦੀ ਤੂੰ ਚਲੀ ਗਈ ਮਾਂ ! ਉਹ ਬਿਰਖ ਜੜ੍ਹ ਤੋਂ ਉੱਖੜ ਕੇ ਡਿੱਗ ਪਿਆ ਹੈ ਤੇਰੇ ਜਾਣ ਮਗਰੋਂ ਉਂਝ ਸਭ ਕੁਝ ਉਵੇਂ ਦਾ ਉਵੇਂ ਹੈ ਘਰ ਦੀਆਂ ਛੱਤਾਂ ਘਰ ਦੀਆਂ ਕੰਧਾਂ ਪਰ ਬਦਲ ਗਏ ਨੇ ਛੱਤਾਂ ਥੱਲੇ ਰਹਿਣ ਵਾਲੇ ਲੋਕ ਘਰ ਦਾ ਵਿਹੜਾ ਓਹੀ ਹੈ ਪਰ ਘਰ ਦੇ ਵਿਹੜੇ ’ਚ ਖੜ੍ਹਾ ਉਹ ਸੰਘਣੀ ਛਾਂ ਵਾਲਾ ਬਿਰਖ ਡਿੱਗ ਪਿਆ ਹੈ ਡਿੱਗ ਪਿਆ ਹੈ ਉਹ ਬਿਰਖ ਜਿਸ ਦੇ ਥੱਲੇ ਬੈਠ ਕੇ ਸਾਰੇ ਇੱਕ ਦੂਜੇ ਨਾਲ ਗੱਲਾਂ ਕਰਦੇ ਸਨ ਇੱਕ ਦੂਜੇ ਦਾ ਦੁੱਖ ਸੁੱਖ ਸੁਣਦੇ ਸਨ ਹੁਣ ਉਹ ਬਿਰਖ ਨਹੀਂ ਰਿਹਾ ਜਦੋਂ ਦੀ ਤੂੰ ਚਲੀ ਗਈ ਮਾਂ !

ਆਵਾਂਗਾ ਜ਼ਰੂਰ

ਕਹਿਣਾ ਮੇਰੇ ਸੁਪਨਿਆਂ ’ਚ ਵਾਰ-ਵਾਰ ਜਾਗਦੇ ਚਿਹਰਿਆਂ ਨੂੰ ਮੇਰੇ ਖ਼ਾਬਾਂ ’ਚ ਵਿਲਕਦੇ ਸ਼ਹਿਰਾਂ, ਗਲੀਆਂ, ਘਰਾਂ ਨੂੰ ਅਚੇਤ ’ਚ ਵਸਦੇ ਮੇਰੇ ਰਹਿਬਰਾਂ ਨੂੰ ਕਹਿਣਾ- ਮੈਂ ਆਵਾਂਗਾ ਜ਼ਰੂਰ ਕਿਸੇ ਦਿਨ ਆਵਾਂਗਾ ਜ਼ਰੂਰ ਤੁਹਾਡੇ ਚਿਹਰਿਆਂ ਤੋਂ ਆਪਣੇ ਬੀਤੇ ਦੇ ਪਰਛਾਵਿਆਂ ਨਾਲ ਮੁਲਾਕਾਤ ਕਰਨ ਧੁੰਦਲਾ ਰਹੇ ਨੈਣ-ਨਕਸ਼ਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਮੋਹ ਦੀ ਕੋਈ ਬਾਤ ਕਰਨ ਤੁਹਾਡੇ ਨਾਲ ਬਿਤਾਏ ਦਿਨਾਂ ਨੂੰ ਅਛੋਪਲੇ ਜਿਹੇ ਝਾਤ ਕਰਨ ਆਵਾਂਗਾ ਜ਼ਰੂਰ ਆਵਾਂਗਾ ਜ਼ਰੂਰ ਵਕਤ ਦੇ ਚੱਕਰਵਿਊ ’ਚੋਂ ਨਿਕਲ ਕੇ ਇਸ ਅੰਨ੍ਹੀ ਦੌੜ ’ਚੋਂ ਕੁਝ ਪਲ ਕੱਢ ਕੇ ਗਲ ਵਿੱਚ ਪਿਆ ਮਜ਼ਬੂਰੀਆਂ ਦਾ ਰੱਸਾ ਵੱਢ ਕੇ ਆਵਾਂਗਾ ਜ਼ਰੂਰ ਇਸ ਤੋਂ ਪਹਿਲਾਂ ਕਿ ਯਾਦਾਂ ਦਾ ਲਹਿਲਹਾਉਂਦਾ ਬਿਰਖ ਸੁੱਕ ਜਾਵੇ ਉਮਰਾਂ ਦੇ ਮਾਨਸਰਾਂ ’ਚੋਂ ਸਾਹਵਾਂ ਦਾ ਪਾਣੀ ਮੁੱਕ ਜਾਵੇ ਉਹਨਾਂ ਨੂੰ ਕਹਿਣਾ- ਮੈਂ ਆਵਾਂਗਾ ਜ਼ਰੂਰ....।

ਬਹੁਤ ਉਦਾਸ ਸਾਂ

ਬਹੁਤ ਉਦਾਸ ਸਾਂ ਆਪਣੇ ਹੀ ਮੋਢੇ ਤੇ ਸਿਰ ਧਰ ਕੇ ਰੋਣ ਲੱਗਿਆ ਆਪਣੇ ਆਪ ਨੂੰ ਬਾਹਾਂ ’ਚ ਲੈ ਕੇ ਘੁੱਟਿਆ ਦੇਰ ਤੱਕ ਆਪਣੇ ਆਪ ਨੂੰ ਵਰਾਉਂਦਾ ਰਿਹਾ ਆਪ ਹੀ ਦਿਨ ਭਰ ਆਪਣੀਆਂ ਹੀ ਬੋਟੀਆਂ ਤੋੜ ਤੋੜ ਕੇ ਚੱਬਦਾ ਰਿਹਾ ਆਪਣੇ ਆਪ ਨੂੰ ਪਾਣੀ ਵਾਂਗੂੰ ਨਿਗਲਦਾ ਰਿਹਾ ਘੁੱਟ ਘੁੱਟ ਕਰਕੇ ਰਾਤ ਹੋਈ ਤਾਂ ਵਿਛਾ ਲਿਆ ਆਪਣੇ ਆਪ ਨੂੰ ਜ਼ਮੀਨ ’ਤੇ ਚਾਦਰ ਦੇ ਵਾਂਗ ਰੱਖ ਕੇ ਸਰ੍ਹਾਣੇ ਖ਼ੁਦ ਨੂੰ ਓੜ੍ਹ ਲਿਆ ਉੱਤੇ ਆਪਣਾ ਆਪ ਤੇ ਲੰਮੀ ਤਾਣ ਕੇ ਸੌਂ ਗਿਆ ਮੈਂ।

ਦਿਲ ਕਰਦਾ

ਦਿਲ ਕਰਦਾ ਹੈ ਸਭ ਨੂੰ ਮਨਾ ਲਵਾਂ ਜਿਹਨਾਂ ਨਾਲ ਕਦੇ ਅਚੇਤ ਸੁਚੇਤ ਗੁਸਤਾਖ਼ੀਆਂ ਕੀਤੀਆਂ ਆਪਣੀ ਹਉਮੈ ’ਚ ਡੁੱਬ ਕੇ ਜਿਹਨਾਂ ਨੂੰ ਬੁਰਾ ਭਲਾ ਕਿਹਾ ਪਿਆਰ ਵਿੱਚ ਜਿਹਨਾਂ ਨਾਲ ਲੜਦਾ ਰਿਹਾ ਫਿਰ ਮੂੰਹ ਵੱਟ ਲਿਆ ਦਿਲ ਕਰਦਾ ਹੈ ਉਹਨਾਂ ਸਭ ਨੂੰ ਮਨਾ ਲਵਾਂ.... ਬਹੁਤ ਦੋਸਤਾਂ ਦਾ ਸਿਰ ਤੇ ਕਰਜ਼ ਚੜ੍ਹਿਆ ਕਰਜ਼ ਮੁਹੱਬਤਾਂ ਦਾ ਕਰਜ਼ ਦੋਸਤੀਆਂ ਦਾ ਕਰਜ਼ ਰਿਸ਼ਤਿਆਂ ਦਾ ਕਰਜ਼ ਸਨੇਹ ਦਾ ਦਿਲ ਕਰਦਾ ਸਭ ਨੂੰ ਵਿਆਜ਼ ਸਮੇਤ ਹੌਲੀ ਹੌਲੀ ਮੋੜ ਦਿਆਂ ਆਪਣੀ ਸਾਰੀ ਬਦੀ ਆਪਣੀ ਸਾਰੀ ਹਉਮੈ ਮੁਹੱਬਤ ਦੀ ਨਦੀ ਵਿੱਚ ਰੋੜ੍ਹ ਦਿਆਂ.... ਬਹੁਤ ਸਾਰੀਆਂ ਨਦੀਆਂ ਜਿਹੜੀਆਂ ਮਨ ’ਚ ਵਗਦੀਆਂ ਰੁੱਸ ਕੇ ਦੂਰ ਗਈਆਂ ਉਹਨਾਂ ਨੂੰ ਦਿਖਾਵਾਂ ਕਿ ਕਿਵੇਂ ਉਨ੍ਹਾਂ ਬਿਨਾਂ ਮੇਰੇ ਮਨ ਦਾ ਸਮੁੰਦਰ ਰੇਤ ਹੋ ਗਿਆ ਕਿਵੇਂ ਬੂੰਦ ਬੂੰਦ ਸਾਗਰ ਮੇਰੇ ਨੈਣਾਂ ’ਚੋਂ ਚੋ ਗਿਆ ਬੀਤ ਗਏ ਪਲ ਪਰਤਦੇ ਤਾਂ ਨਹੀਂ ਭਾਵੇਂ ਪਰ ਫਿਰ ਵੀ ਦਿਲ ਕਰਦਾ ਰੁੱਸ ਗਏ ਜਿਹੜੇ ਹੌਲੀ ਹੌਲੀ ਸਭ ਨੂੰ ਮਨਾ ਲਵਾਂ ....।

ਰੋਜ਼ ਰਾਤ ਨੂੰ

ਰੋਜ਼ ਰਾਤ ਨੂੰ ਸੁਪਨੇ ਆਉਂਦੇ ਅਤਿ ਭਿਆਨਕ ਅਤਿ ਡਰਾਉਣੇ ਵੇਂਹਦਾ ਵੇਂਹਦਾ ਨੀਂਦਰ ਦੇ ਵਿੱਚ ਡਰ ਉਠਦਾ ਹਾਂ ਤ੍ਰਹਿ ਜਾਂਦਾ ਹਾਂ ਰੋਜ਼ ਰਾਤ ਨੂੰ ਸੁਪਨੇ ਦੇ ਵਿੱਚ ਤਿੱਖਿਆਂ ਤਿੱਖਿਆਂ ਦੰਦਾਂ ਵਾਲੇ ਕੁੱਤੇ ਭੌਂਕਣ ਵੱਢਣ ਆਉਂਦੇ ਪਿੱਛੇ ਪੈਂਦੇ ਭੱਜਦਾ ਭੱਜਦਾ ਹਫ਼ ਜਾਂਦਾ ਹਾਂ ਡਰ ਜਾਂਦਾ ਹਾਂ ਲਪਕਦੀਆਂ ਜਿਹੀਆਂ ਜੀਭਾਂ ਲੈ ਕੇ ਡੱਬ ਖੜੱਬੇ ਨਾਗ ਫੁੰਕਾਰਨ ਕੌਡੀਆਂ ਵਾਲੇ ਸੱਪ ਡਰਾਉਣੇ ਫ਼ਨ ਖਿਲਾਰਨ ਇੱਕ ਦਮ ਬਹੁਤ ਹੀ ਸ਼ਹਿ ਜਾਂਦਾ ਹਾਂ ਨੁੱਕਰੇ ਡਰ ਕੇ ਬਹਿ ਜਾਂਦਾ ਹਾਂ ਕਦੇ ਕਦੇ ਇਹ ਕਾਲੇ ਕੁੱਤੇ ਝਬਰੇ ਵਾਲਾਂ ਵਾਲੇ ਕੁੱਤੇ ਬੰਦਿਆਂ ਵਿੱਚ ਤਬਦੀਲ ਨੇ ਹੁੰਦੇ ਕੌਡੀਆਂ ਵਾਲੇ ਨਾਗ ਭਿਆਨਕ ਫ਼ਨ ਖਿਲਾਰੀ ਬੰਦਿਆਂ ਦੇ ਵਿਚ ਵਟਣ ਨੇ ਲੱਗਦੇ ਜਦ ਵੇਂਹਦਾ ਹਾਂ ਸੰੁਨ ਹੋ ਜਾਵਾਂ ਏਹਨਾਂ ਨੂੰ ਮੰਨਦਾ ਰਿਹਾ ਮੈਂ ਕਿੰਨਾ ਚਿਰ ਆਪਣਾ ਪਰਛਾਵਾਂ ਰੋਜ਼ ਰਾਤ ਨੂੰ ਬੜੇ ਭਿਆਨਕ ਬੜੇ ਡਰਾਉਣੇ ਸੁਪਨੇ ਆਉਂਦੇ ਸੌਣ ਦੇ ਵੇਲੇ ਰੋਜ਼ ਹੀ ਪਰ ਜੀਅ ਲਲਚਾਵੇ ਕਿ ਏਸ ਭਿਆਨਕ ਜੰਗਲ ਦੇ ਵਿੱਚ ਕਦੇ ਤੇਰਾ ਇੱਕ ਸੁਪਨਾ ਆਵੇ ਤੇਰਾ ਸੁਪਨਾ ਰੋਜ਼ ਉਡੀਕਾਂ ਤੇਰਾ ਸੁਪਨ ਕਦੇ ਨਾ ਆਵੇ...।

ਬਚ ਕੇ ਰਹਿਣਾ

ਆਲੇ ਦੁਆਲੇ ਸੜਕਾਂ ਉਤੇ ਚਾਰੋਂ ਪਾਸੇ ਵਿੱਚ ਚੌਰਾਹਿਆਂ ਖੂੰਖਾਰ ਭੇੜੀਏ ਤੁਰੇ ਫਿਰਦੇ ਨੇ ਬਚ ਕੇ ਰਹਿਣਾ ਹੈਰਾਨੀ ਪਰ ਇਹ ਭੇੜੀਏ ਸ਼ਕਲਾਂ ਵੱਲੋਂ ਮੋਮਨ ਜਾਪਣ ਜਾਪਣ ਜਿਉਂ ਮਾਸੂਮ ਜਿਹੇ ਲੇਲੇ ਤਿੱਖੇ ਇਹਨਾਂ ਦੇ ਦੰਦ ਨਾ ਦਿਸਦੇ ਮਿੱਠੀ ਜਿਹੀ ਮੁਸਕਾਨ ਇਨ੍ਹਾਂ ਦੀ ਪਹਿਲੀ ਨਜ਼ਰੇ ਭੋਲੇ ਮਨ ਨੂੰ ਮੋਹ ਲੈਂਦੀ ਹੈ ਕਵਿਤਾ ਜਿਹੀਆਂ ਗੱਲਾਂ ਕਰਦੇ ਬਿੰਬਾਂ ਤੇ ਪ੍ਰਤੀਕਾਂ ਦੇ ਵਿੱਚ ਐਸਾ ਸ਼ਬਦ ਜਾਲ ਨੇ ਬੁਣਦੇ ਐਸੇ ਫ਼ਿਕਰੇ ਇਹਨਾਂ ਨੂੰ ਫੁਰਦੇ ਕਿ ਬੰਦਾ ਹੈ ਮੋਹਿਆ ਜਾਂਦਾ ਪਰ ਮੌਕਾ ਪਾ ਕੇ ਆਪਣੇ ਤਿਖ-ਨੁਕੀਲੇ ਦੰਦੇ ਬੰਦੇ ਦੀ ਗਰਦਨ ਵਿੱਚ ਗੱਡਦੇ ਤੇ ਫਿਰ ਉਦੋਂ ਤੱਕ ਨਾ ਛੱਡਦੇ ਜਦ ਤੀਕਰ ਸ਼ਿਕਾਰ ਉਹਨਾਂ ਦਾ ਤੜਫ਼ ਤੜਫ਼ ਕੇ ਆਖ਼ਿਰ ਠੰਡਾ ਹੋ ਨਹੀਂ ਜਾਂਦਾ ਫਿਰ ਉਹੋ ਜਿਹੇ ਕਈ ਭੇੜੀਏ ਸਾਂਝਾ ਜਿਹਾ ਸਮਾਗਮ ਕਰਦੇ ਬਿੰਬਾਂ ਤੇ ਪ੍ਰਤੀਕਾਂ ਦੇ ਵਿੱਚ ਗੱਲਾਂ ਕਰਦੇ ਮਾਨਵਤਾ ਦਾ ਹਿਤ ਲੋਚਣ ਤਕਰੀਰਾਂ ਕਰਦੇ ਨਿਮਨ ਵਰਗ ਦੇ ਹੱਕ ਵਿੱਚ ਖੜ੍ਹਦੇ ਸ਼ਾਮ ਢਲੀ ਤੋਂ ਜਸ਼ਨ ਮਨਾਉਂਦੇ ਮਦਿਰਾ ਪੀਂਦੇ ਮਾਰੇ ਹੋਏ ਸ਼ਿਕਾਰ ਦੀ ਬੋਟੀ ਬੋਟੀ ਲਾਹੁੰਦੇ ਖਚਰਾ ਜਿਹਾ ਹਾਸਾ ਹੱਸਦੇ ਨਵਾਂ ਸ਼ਿਕਾਰ ਕੋਈ ਲੱਭਣ ਦੇ ਲਈ ਫਿਰ ਨੇ ਚੌਂਹੀਂ ਕੂੰਟੀਂ ਨੱਸਦੇ ਬਚ ਕੇ ਰਹਿਣਾ ਸੜਕਾਂ ਉੱਤੇ ਚਾਰੋ ਪਾਸੇ ਤੁਰੇ ਫਿਰਦੇ ਖੂੰਖਾਰ ਭੇੜੀਏ।

ਕੱਟੇ ਹੋਏ ਅੰਗੂਠੇ

ਐ ਅਹੁਦਿਆਂ ਦੇ ਆਲੰਬਰਦਾਰੋ ! ਕੁਰਸੀਆਂ ਤੇ ਬਿਰਾਜਮਾਨ ਵੱਡਿਓ ਸਰਦਾਰੋ ! ਜਵਾਬ ਦੇਣਾ ਪਵੇਗਾ ਇੱਕ ਦਿਨ... ਤੁਸੀਂ ਜੋ ਕੁਰਸੀ ਦੇ ਹੰਕਾਰ ’ਚ ਅੰਨ੍ਹੇ ਹੋ ਗਏ ਅਹੁਦਿਆਂ ਨੇ ਚਾੜ੍ਹ ਦਿੱਤੀ ਤੁਹਾਡੀਆਂ ਅੱਖਾਂ ਤੇ ਚਰਬੀ ਤੁਹਾਨੂੰ ਲੱਗਣ ਲੱਗਿਆ ਕਿ ਸਿਰਫ਼ ਤੁਸੀਂ ਹੋ ਜਿਹੜੇ ਮਿੱਟੀ ਦੇ ਕਿਣਕੇ ਨੂੰ ਅਸਮਾਨ ਚੜ੍ਹਾ ਸਕਦੇ ਹੋ ਜਿਹੜੇ ਮਾਮੂਲੀ ਬੰਦਿਆਂ ਦੇ ਸਿਰ ਤੇ ਇਨਾਮਾਂ ਤੇ ਸਨਮਾਨਾਂ ਤਾਜ ਪਹਿਨਾ ਸਕਦਾ ਹੋ... ਤੇ ਜੇ ਚਾਹੋ ਤਾਂ ਕਿਸੇ ਵੀ ਅਣਖੀਲੀ ਧੌਣ ਨੂੰ ਮਿੱਟੀ ’ਚ ਮਿਲਾ ਸਕਦੇ ਹੋ ਕਿਸੇ ਦਾ ਸਵੈ ਅਭਿਮਾਨ ਪਲ ’ਚ ਚੂਰ ਕਰ ਸਕਦੇ ਹੋ ਆਪਣੇ ਚਮਚਿਆਂ ਦੇ ਖਜ਼ਾਨੇ ਮਿੰਟਾਂ ’ਚ ਭਰਪੂਰ ਕਰ ਸਕਦੇ ਹੋ ਤੁਹਾਨੂੰ ਕੁਰਸੀ ਨੇ ਸਭ ਕੁਝ ਭੁਲਾ ਦਿੱਤਾ ਹੈ... ਪਰ ਨਹੀਂ ਭੁੱਲਣਗੇ ਕਦੇ ਨਹੀਂ ਭੁੱਲਣਗੇ ਉਹ ਜਿਹਨਾਂ ਦੇ ਬਣਦੇ ਹੱਕ ਖੋਹ ਕੇ ਤੁਸੀਂ ਆਪਣੀਆਂ ਸੇਜਾਂ ਤੇ ਵਿਛਾ ਲਏ ਕੁਝ ਕੁ ਜਿਸਮ ਹੰਢਾ ਲਏ ਤੇ ਉਹਨਾਂ ਜਿਸਮਾਂ ਨੂੰ ਫਿਰ ਸਿਖ਼ਰ ਚੜ੍ਹਾ ਦਿੱਤਾ ਵੱਡੇ ਤੋਂ ਵੱਡਾ ਤਾਜ ਉਨ੍ਹਾਂ ਦੇ ਸਿਰ ਪਹਿਨਾ ਦਿੱਤਾ ਨਹੀਂ ਭੁੱਲਣਗੇ ਉਹ ਜਿਨ੍ਹਾਂ ਦੇ ਬਣਦੇ ਹੱਕ ਖੋਹ ਕੇ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਨਿਤਾਣੇ ਬਣਾ ਦਿੱਤਾ ਪਰ ਉਹ ਨਿਤਾਣੇ ਨਹੀਂ ਹਨ ਉਹ ਤੁਹਾਡੀਆਂ ਸੇਜਾਂ ਭੁਗਤਾ ਕੇ ਅਖਾੜੇ ’ਚ ਨਹੀਂ ਆਏ ਉਹ ਲੜਦੇ ਰਹੇ ਨੇ ਬਚਪਨ ਤੋਂ ਸੰਘਰਸ਼ ਜੀਵਨ ਹੈ ਉਹਨਾਂ ਦਾ ਤੇ ਤੁਹਾਡੇ ਜਿਹੇ ਆਲੰਬਰਦਾਰ ਵੀ ਉਹਨਾਂ ਨੂੰ ਪਹਿਲੀ ਵਾਰ ਨਹੀਂ ਟੱਕਰੇ ਥਾਂ ਥਾਂ ਤੇ ਉਹਨਾਂ ਨੂੰ ਡੰਗਿਆ ਹੈ ਤੁਸੀਂ ਕਦੇ ਕਿਸੇ ਭੇਸ ਵਿੱਚ ਕਦੇ ਕਿਸੇ ਵੇਸ ਵਿੱਚ ਉਹਨਾਂ ਨੂੰ ਰੋਲਿਆ ਹੈ ਤੁਸੀਂ ਪਰ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ ਉਹ ਉਹ ਫਿਰ ਉਠ ਖੜ੍ਹਦੇ ਨੇ ਕੁਕਨੂਸ ਵਾਂਗ ਆਪਣੀ ਰਾਖ ’ਚੋਂ ਫਿਰ ਉਦੈ ਹੁੰਦੇ ਨੇ ਫਿਰ ਆਪਣੀ ਸਿਰਜਣਾ ’ਚ ਰੁਝ ਜਾਂਦੇ ਨੇ.. ਉਹ ਸਮੇਂ ਦੇ ਏਕਲੱਵਿਆ ਹਨ ਜਿਹਨਾਂ ਦੇ ਅੰਗੂਠੇ ਕੱਟ ਕੱਟ ਕੇ ਤੁਸੀਂ ਢੇਰ ਲਾ ਦਿੱਤਾ ਹੈ ਪਰ ਕਿੰਨੀ ਕੁ ਦੇਰ ਕੱਟਦੇ ਰਹੋਗੇ ਅੰਗੂਠੇ ਕਿੰਨੀ ਕੁ ਦੇਰ ਸੇਜਾਂ ਮਾਣਦੇ ਕਰਦੇ ਰਹੋਗੇ ਸਾਜਿਸ਼ਾਂ ਆਖ਼ਿਰ ਕਿੰਨੀ ਕੁ ਦੇਰ ਉਠਣਗੇ ਇਹ ਸਾਰੇ ਏਕਲੱਵਿਆ ਇੱਕ ਦਿਨ ਜਿਹੜੇ ਆਪਣੇ ਅੰਗੂਠੇ ਦੀ ਥਾਂ ਤੁਹਾਨੂੰ ਤੀਰ ਦੇਣਗੇ ਤੁਹਾਡੀਆਂ ਦ੍ਰੋਣਾਚਾਰੀਆ-ਸਾਜਿਸ਼ਾਂ ਦੇ ਸਾਰੇ ਪਰਦੇ ਚੀਰ ਦੇਣਗੇ ਜਵਾਬ ਮੰਗਣਗੇ ਤੁਹਾਡੇ ਤੋਂ ਇਕ ਦਿਨ ਇਹ ਕੱਟੇ ਹੋਏ ਅੰਗੂਠੇ ਜਵਾਬ ਦੇਣਗੇ ਇਹ ਇੱਕ ਦਿਨ ।

ਸਿਰਫ਼ ਇੱਕ ਸ਼ਬਦ

ਆਪਣੇ ਪੈਰਾਂ ਹੇਠਲੀ ਜਮੀਨ ਛੱਡ ਕੇ ਉਹ ਆਸਮਾਨ ਵਿੱਚ ਬਹੁਤ ਉੱਚਾ ਉੱਡ ਰਿਹਾ ਸੀ ਕੋਈ ਵੀ ਤੀਰ ਉਸਨੂੰ ਵਿੰਨ੍ਹ ਨਹੀਂ ਸੀ ਸਕਦਾ ਕੋਈ ਵੀ ਗੋਲੀ ਉਸਨੂੰ ਛਲਣੀ ਨਹੀਂ ਸੀ ਕਰ ਸਕਦੀ ਕੋਈ ਵੀ ਗੁਲੇਲ ਉਸ ਤੱਕ ਮਾਰ ਨਹੀਂ ਸੀ ਕਰਦੀ ਪਰ ਕਿਸੇ ਨੇ ਉਸਨੂੰ ਸਿਰਫ਼ ‘ਇੱਕ ਸ਼ਬਦ’ ਹੀ ਕਿਹਾ ਕਿ ਉਹ ਪਰਕਟੇ ਪੰਛੀ ਵਾਂਗ ਲੜਖੜਾਉਂਦਾ ਤਿਲਮਿਲਾਉਂਦਾ ਜ਼ਮੀਨ ਤੇ ਆ ਡਿੱਗਿਆ...।

ਵਾਤਾਵਰਨ ਦਿਵਸ

ਬੱਚਿਆਂ ਨੂੰ ਦਿੰਦਾ ਹਾਂ ਸਕੂਲ ’ਚ ਭਾਸ਼ਣ ਵਾਤਾਵਰਨ ਦਿਵਸ ਹੈ ਬੱਚਿਓ ! ਪਾਣੀ ਪਲੀਤ ਨਹੀਂ ਕਰਨਾ ਹਵਾ ਗੰਦੀ ਨਹੀਂ ਕਰਨੀ ਬੇਵਜ਼੍ਹਾ ਸ਼ੋਰ ਨਹੀਂ ਪਾਉਣਾ ਧਰਤੀ ਸਾਡੀ ਮਾਂ ਹੈ ਇਸਨੂੰ ਬਚਾਉਣਾ ਬੱਚੇ ਸੁਣਦੇ ਨੇ ਰੌਲਾ ਪਾਉਂਦੇ ਸਕੂਲੋਂ ਛੁੱਟੀ ਹੋਣ ਮਗਰੋਂ ਖੇਤਾਂ ’ਚ ਜਾ ਕੇ ਮਾਪਿਆਂ ਨਾਲ ਕੀਟਨਾਸ਼ਕ ਦਵਾਈਆਂ ਛਿੜਕਾਉਂਦੇ।

ਯਾਰਾ ਤੂੰ...

ਯਾਰਾ ! ਤੂੰ ਰੁੱਖ ਘਣਛਾਵਾਂ ਜੀਵਨ ਦੀ ਧੁੱਪ ਜਦ ਵੀ ਲੂੰਹਦੀ ਮੈਂ ਤੇਰੇ ਦਰ ਆਵਾਂ ਤੇਰੇ ਦਰ ਤੇ ਮਹਿਕਾਂ ਵੱਸਣ ਸਜਦਾ ਕਰਨ ਹਵਾਵਾਂ ਮੈਂ ਕੱਜਲ ਨਗਰੀ ਦਾ ਵਾਸੀ ਤੂੰ ਚਾਨਣ ਦਾ ਸਿਰਨਾਵਾਂ ਜਿੱਥੇ ਵੇ ਤੂੰ ਵੱਸਦਾ ਅੜਿਆ ਭਿੱਜੀਆਂ ਇਤਰ ਹਵਾਵਾਂ ਤੇਰੇ ਨੇੜੇ ਮੂਲ ਨਾ ਢੁੱਕਣ ਚੰਦਰੀਆਂ ਊਦ ਬਲਾਵਾਂ ਦਰ ਤੇਰੇ ਜਦ ਆਵਾਂ ਅੜਿਆ ਰੂਹ ਚਾਨਣ ਨਾਲ ਭਿੱਜੇ ਪਲਾਂ ਛਿਣਾਂ ਦੇ ਵਿੱਚ ਉੱਡ ਜਾਵੇ ਦਰਦਾਂ ਦਾ ਪਰਛਾਵਾਂ।

ਮੈਂ ਕਿਸ ਵਾਦ ’ਚ ਹਾਂ ?

ਮੈਂ ਕਵਿਤਾ ਲਿਖੀ ਤਾਂ ਉਹ ਆ ਗਏ ਆਪਣੇ ਆਪਣੇ ਵਾਦ ਲੈ ਕੇ ਮੇਰੇ ਮੱਥੇ ਤੇ ਚਿਪਕਾਉਣ ਮੈਂ ਕਿਹਾ- ਮੈਂ ਤਾਂ ਕਵਿਤਾ ਲਿਖੀ ਮੈਂ ਤਾਂ ਮਨ ਦੀ ਧਰਤੀ ਤੇ ਵਹਿੰਦਾ ਭਾਵਨਾਵਾਂ ਦਾ ਦਰਿਆ ਲਿਖਿਆ ਹੈ ਮੈਂ ਹੋਰ ਕੁਝ ਨਹੀਂ ਲਿਖਿਆ ਨਹੀਂ- ਤੂੰ ਨੀਲਾ ਲਿਖ ਨਹੀਂ- ਤੂੰ ਲਾਲ ਲਿਖ ਨਹੀਂ- ਤੂੰ ਪੀਲਾ ਲਿਖ ਨਹੀਂ- ਤੂੰ ਗੁਲਾਲ ਲਿਖ ਮੈਂ ਕਿਹਾ- ਮੈਨੂੰ ਤਾਂ ਹਰ ਰੰਗ ਪਿਆਰਾ ਮੇਰੇ ਸੁਪਨਿਆਂ ’ਚ ਤਾਂ ਮੇਰੇ ਪੁਰਖੇ ਵੀ ਜਗਦੇ ਨੇ ਮੇਰੇ ਨੈਣਾਂ ’ਚ ਮੇਰੇ ਬੱਚਿਆਂ ਦਾ ਭਵਿੱਖ ਵੀ ਲਿਸ਼ਕਦਾ ਮੈਨੂੰ ਵਿਛੜੀਆਂ ਨਦੀਆਂ ਵੀ ਯਾਦ ਆਉਂਦੀਆਂ ਤੇ ਪਿੱਛੇ ਛੁਟ ਗਿਆ ਬਚਪਨ ਵੀ ਫੈਕਟਰੀਆਂ ’ਚ ਤਿਲ ਤਿਲ ਮਰਦੇ ਮਜ਼ਦੂਰ ਵੀ ਮੇਰੇ ਖ਼ਾਬਾਂ ’ਚ ਸੁਲਘਦੇ ਜਿਨ੍ਹਾਂ ਨਾਲ ਮੈਂ ਉਮਰ ਦੇ ਕਿੰਨੇ ਵਰ੍ਹੇ ਬਿਤਾਏ ਮੈਂ ਹੋਰ ਕੁਝ ਨਹੀਂ ਮੈਂ ਉਹਨਾਂ ਮਿੱਤਰਾਂ ਦੀ ਤੜਪ ਲਿਖਦਾ ਹਾਂ ਮੈਂ ਉਹਨਾਂ ਨਦੀਆਂ ਦੀ ਪਿਆਸ ਲਿਖਦਾ ਹਾਂ ਮੈਂ ਕਿਸ ਵਾਦ ’ਚ ਹਾਂ ਮੈ ਨਹੀਂ ਜਾਣਦਾ ਮੈਂ ਤਾਂ ਕਵਿਤਾ ਲਿਖ ਰਿਹਾ ਹਾਂ ਮੈਂ ਕਵਿਤਾ ਲਿਖ ਰਿਹਾ ਹਾਂ ਉਹ ਆਪੋ ਵਿੱਚ ਲੜ ਰਹੇ ਨੇ ਮੇਰੇ ਮੱਥੇ ਤੇ ਚਿਪਕਾਉਣ ਲਈ ਆਪੋ ਆਪਣੇ ਵਾਦਾਂ ਦਾ ਲੇਬਲ ਘੜ ਰਹੇ ਨੇ।

ਪੌੜੀ

ਬਹੁਤ ਲੋਕਾਂ ਨੇ ਪੌੜੀ ਸਮਝ ਲਿਆ ਮੈਨੂੰ ਮੇਰੇ ਇੱਕ ਡੰਡੇ ਤੇ ਪੈਰ ਧਰਦੇ ਉਤਾਂਹ ਚੜ੍ਹਦੇ ਹੋਠਾਂ ’ਚ ਨਿੰਮਾ ਜਿਹਾ ਮੁਸਕਰਾਉਂਦੇ ਦੂਸਰੇ ਤੇ ਪੈਰ ਧਰਦੇ ਤਾਂ ਹੋਰ ਵਿਸ਼ਵਾਸ ਵਿੱਚ ਅਗਲੇ ਡੰਡੇ ਨੂੰ ਫੜਦੇ ਮੇਰੀ ਅਗਿਆਨਤਾ ਤੇ ਤਰਸ ਕਰਦੇ ਹੋਠਾਂ ’ਤੇ ਸ਼ਾਤਰ ਜਿਹੀ ਮੁਸਕਾਨ ਧਰਦੇ ਫੇਰ ਅਗਲਾ ਤੇ ਉਸ ਤੋਂ ਅਗਲਾ ਡੰਡਾ ਜਦੋਂ ਹੀ ਪਰ ਆਖ਼ਰੀ ਡੰਡੇ ਤੇ ਪੈਰ ਧਰਦੇ ਉਤਾਂਹ ਤੱਕਦੇ ਸਾਹਵੇਂ ਮੈਂ ਖੜ੍ਹਾ ਹੁੰਦਾ ਅਟਲ ਮੁਸਕਰਾਉਂਦਾ।

ਐ ਮੇਰੇ ਨਿੰਦਕੋ

ਐ ਮੇਰੇ ਨਿੰਦਕੋ ! ਹੱਸਦੇ ਰਹੋ ਵੱਸਦੇ ਰਹੋ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਸਦਾ ਹੀ ਮੈਨੂੰ ਆਪਣੇ ਨਾਲ ਰੱਖਦੇ ਹੋ ਤੁਹਾਡੇ ਨਾਲ ਸਦਾ ਹੀ ਹਰ ਥਾਂ ਤੇ ਹਾਜ਼ਰ ਹੰੁਦਾ ਹਾਂ ਮੈਂ ਕਿਸੇ ਵੀ ਮਹਿਫ਼ਲ ਕਿਸੇ ਸਭਾ ’ਚ ਤੁਸੀਂ ਜਿੱਥੇ ਵੀ ਜੁੜਦੇ ਹੋ ਮੇਰਾ ਜ਼ਿਕਰ ਕਰਦੇ ਹੋ ਭਾਵੇਂ ਗਾਲ੍ਹਾਂ ਹੀ ਕੱਢਦੇ ਹੋ ਮੈਂ ਰਿਣੀ ਹਾਂ ਤੁਹਾਡਾ ਕਿ ਮੈੈਨੂੰ ਯਾਦ ਤਾਂ ਕਰਦੇ ਹੋ ਤੁਸੀਂ ਜਦੋਂ ਯਾਦ ਕਰਦੇ ਹੋ ਤੇ ਮੇਰੇ ਪਾਪ ਧੋਂਦੇ ਹੋ ਮੈਂ ਮਹਿਫ਼ਲ ਦੀ ਇੱਕ ਨੁੱਕਰ ’ਚ ਖੜ੍ਹਾ ਤੁਹਾਡੇ ਤੇ ਮੁਸਕਰਾਉਂਦਾ ਹਾਂ ਮਨ ਹੀ ਮਨ ਵਿੱਚ ਤੁਹਾਡਾ ਸ਼ੁਕਰ ਮਨਾਉਂਦਾ ਹਾਂ ਤੁਸੀਂ ਹੋ ਕਿ ਇਸ ਨਾਚੀਜ਼ ਦਾ ਕਿੰਨਾ ਖਿਆਲ ਰੱਖਦੇ ਹੋ ਸਦਾ ਹੀ ਆਪਣੇ ਅੰਗ ਸੰਗ ਆਪਣੇ ਨਾਲ ਰੱਖਦੇ ਹੋ ਤੁਸੀਂ ਨਾ ਰਹੋਗੇ ਤਾਂ ਕੌਣ ਮੈਨੂੰ ਯਾਦ ਰੱਖੇਗਾ ਮੇਰੇ ਗੁਣਾਂ ਔਗੁਣਾਂ ਦਾ ਕੌਣ ਹਿਸਾਬ ਰੱਖੇਗਾ ਐ ਮੇਰੇ ਨਿੰਦਕੋ ! ਹੱਸਦੇ ਰਹੋ ਵੱਸਦੇ ਰਹੋ ਸਲਾਮਤ ਰਹੋ ਸਦਾ।

ਕੁਝ ਅਜੀਬ ਨਹੀਂ ਲੱਗਦਾ

ਏਨਾ ਕੁਝ ਵਾਪਰਿਆ ਕਿ ਹੁਣ ਕੁਝ ਵੀ ਵਾਪਰਨਾ ਅਜੀਬ ਨਹੀਂ ਲੱਗਦਾ ਏਨਾ ਕੁਝ ਗੁਆਚਿਆ ਕਿ ਹੁਣ ਕੁਝ ਵੀ ਗੁਆਚਣ ਦਾ ਅਹਿਸਾਸ ਨਹੀਂ ਹੁੰਦਾ ਜਿਹਨਾਂ ਬੂਟਿਆਂ ਨੂੰ ਪਾਣੀ ਪਾ ਪਾ ਸਿੰਜਿਆ ਜਿਹਨਾਂ ਦੇ ਸਿਰ ਤੇ ਤਲੀਆਂ ਨਾਲ ਛਾਂ ਕੀਤੀ ਉਹਨਾਂ ਦੇ ਕੰਡਿਆਂ ਨੇ ਚਿਹਰਾ ਵਲੂੰਧਰ ਦਿੱਤਾ ਜਿਹਨਾਂ ਤੇ ਮਨ ਮਾਣ ਕਰਦਾ ਨਹੀਂ ਸੀ ਥੱਕਦਾ ਉਹੀ ਹੱਥ ਖੰਜਰ ਬਣ ਪਿੱਠ ’ਚ ਖੁਭ ਗਏ ਕਾਇਆ ਜਿਵੇਂ ਬੰਜਰ ਹੋ ਗਈ ਮਨ ਜਿਵੇਂ ਪੱਥਰ ਹੋ ਗਿਆ ਕੁਝ ਵੀ ਵਾਪਰ ਜਾਏ ਹੁਣ ਕੁਝ ਵੀ ਅਜੀਬ ਨਹੀਂ ਲੱਗਦਾ।

ਸਭ ਇੱਕੋ ਜਿਹਾ

ਤੇਰੀ ਛੋਹ ਵੀ ਹੁਣ ਮੈਨੂੰ ਸ਼ਾਇਦ ਸਜੀਵ ਨਾ ਕਰ ਸਕੇ ਅਹੱਲਿਆ ਬਣ ਕੇ ਕੋਈ ਕਿੰਨਾ ਕੁ ਚਿਰ ਇੰਤਜ਼ਾਰ ’ਚ ਖੜ੍ਹਾ ਰਹਿ ਸਕਦਾ ਤੈਨੂੰ ਉਡੀਕਦਿਆਂ ਅੱਖਾਂ ’ਚ ਉਡੀਕ ਮੁੱਕ ਗਈ ਛੋਹ ਨੂੰ ਤਰਸਦਿਆਂ ਪੋਟੇ ਬੇਜਾਨ ਹੋਏ ਇੱਕ ਸੰਵੇਦਨਹੀਣਤਾ ਸਾਰੇ ਜਿਸਮ ’ਚ ਰਚ ਗਈ ਕਿਹੜਾ ਜਿਸਮ ਕਿਹੜਾ ਚਿਹਰਾ ਹੁਣ ਸਭ ਇਕੋ ਜਿਹਾ ਲੱਗਦਾ ਗਰਮੀ ਸਰਦੀ ਦੁੱਖ ਸੁੱਖ ਮੋਹ ਨਿਰਮੋਹ ਸਭ ਇੱਕੋ ਜਿਹੇ ਲੱਗਦੇ ਬਹਾਰਾਂ ਗਾਉਂਦੀਆਂ ਪਤਝੜਾਂ ਆਉਂਦੀਆਂ ਇੱਕੋ ਜਿਹੀਆਂ ਜਾਪਦੀਆਂ ਮੁੱਦਤ ਤੋਂ ਤੇਰਾ ਸਪਰਸ਼ ਲੱਭਦਿਆਂ ਪੱਥਰ ਹੋ ਗਿਆ ਮਨ ਹੁਣ ਭੁੱਲ ਹੀ ਗਿਆ ਕਿ ਮੁਹੱਬਤ ਦੀ ਛੋਹ ਕਿਸਨੂੰ ਆਖਦੇ ਪਿਆਰ ਦੀ ਕੰਬਣੀ ਕਿਸਨੂੰ ਕਹਿੰਦੇ।

ਕੁਝ ਵੀ ਹੋਵੇ

ਕੁਝ ਵੀ ਹੋਵੇ ਹੁਣ ਅੱਥਰੂ ਨਹੀਂ ਆਉਂਦੇ ਦੁੱਖ ਜੰਮ ਜਾਂਦਾ ਹੈ ਅੰਦਰ ਪੱਥਰ ਦੇ ਵਾਂਗ ਬਹੁਤਾ ਸਮਾਂ ਨਹੀਂ ਹੋਇਆ ਕੋਈ ਗੀਤ ਸੁਣਦਾ ਸਾਂ ਤਾਂ ਰੋ ਪੈਂਦਾ ਸਾਂ ਕਵਿਤਾ ਪੜ੍ਹਦਾ ਸਾਂ ਤਾਂ ਡੁੱਲ੍ਹ ਪੈਂਦਾ ਸਾਂ ਕਿਸੇ ਨੂੰ ਰੋਂਦਾ ਵੇਖਦਾ ਸਾਂ ਤਾਂ ਤੜਪ ਉਠਦਾ ਸੀ ਮਨ ਮਾਂ ਦੀ ਯਾਦ ਆਉਂਦੀ ਸੀ ਤਾਂ ਸਿਸਕ ਉਠਦਾ ਸਾਂ ਕਈ ਵਾਰ ਆਪ ਮੁਹਾਰੇ ਬੈਠਿਆਂ ਵਗਣ ਲੱਗਦੇ ਸਨ ਅੱਥਰੂ ਅਚਨਚੇਤ ਏਨੇ ਖੰਜਰ ਪਿੱਠ ’ਚ ਆ ਖੁਭੇ ਇਕਦਮ ਕਿ ਅੱਖਾਂ ਨੇ ਖੰਜਰਾਂ ਵਾਲੇ ਹੱਥਾਂ ਨੂੰ ਪਛਾਣਿਆ ਤੇ ਪੱਥਰ ਹੋ ਗਈਆਂ ਕੁਝ ਵੀ ਹੋਵੇ ਹੁਣ ਅੱਥਰੂ ਨਹੀਂ ਆਉਂਦੇ ਦੁੱਖ ਜੰਮ ਜਾਂਦਾ ਹੈ ਅੰਦਰ ਪੱਥਰ ਦੇ ਵਾਂਗ...।

ਬੇਕਾਬੂ ਜੰਗਲ

ਆਦਿ ਕਾਲ ਤੋਂ ਆਧੁਨਿਕ ਯੁਗ ਵਿੱਚ ਪਹੁੰਚ ਗਿਆ ਹੈ ਮਾਨਵ ਭਾਵੇਂ ਪਰ ਇਸ ਦੇ ਅੰਦਰ ਸਦੀਆਂ ਤੋਂ ਹੀ ਸਦਾ ਇੱਕ ਖੂੰਖਾਰ ਜਾਨਵਰ ਸੁੱਤਾ ਰਹਿੰਦਾ ਮੌਕਾ ਮਿਲਦੇ ਹੀ ਕਿਸੇ ਘਟਨਾ ਦੀ ਨਿੱਕੀ ਜਿਹੀ ਕੋਈ ਕੰਕਰ ਇਹਨੂੰ ਜਗਾ ਸਕਦੀ ਹੈ ਐਵੇਂ ਲਾਂਬੂ ਲਾ ਸਕਦੀ ਹੈ ਕਦੇ ਧਰਮ ਕਦੇ ਜਾਤ ਦੇ ਨਾਂ ਤੇ ਬੋਲੀ ਕਦੇ ਔਕਾਤ ਦੇ ਨਾਂ ਤੇ ਅਕਸਰ ਇਹ ਦਹਾੜ ਹੈ ਉੱਠਦਾ ਸੱਭਿਅਤਾ ਦਾ ਥੋਥਾ ਪਰਦਾ ਨਾਲ ਨਹੁੰਦਰਾਂ ਪਾੜ ਹੈ ਸੁੱਟਦਾ ਇਕ ਨਹੀਂ ਫਿਰ ਭੀੜ ਦੇ ਰੂਪ ’ਚ ਅਣਗਿਣਤ ਜਾਨਵਰ ਕੱਠੇ ਹੋ ਕੇ ਸੜਕਾਂ ਉਤੇ ਫਿਰਦੇ ਨੰਗਾ ਨਾਚ ਨੇ ਨੱਚਦੇ ਅੱਗਾਂ ਲਾਉਂਦੇ ਗਰੀਬਾਂ ਦੀਆਂ ਰੇੜ੍ਹੀਆਂ ਉਲਟਾਉਂਦੇ ਸੱਭਿਅਤਾ ਦੇ ਕਿੰਗਰੇ ਢਾਹੁੰਦੇ ਸ਼ਹਿਰਾਂ ਵਿੱਚ ਦਹਾੜਦੇ ਫਿਰਦੇ ਮਾਸੂਮਾਂ ਨੂੰ ਮਾਰਦੇ ਫਿਰਦੇ ਸ਼ਹਿਰਾਂ ਵਿੱਚ ਦਹਾੜਦੀਆਂ ਬੇਕਾਬੂ ਭੀੜਾਂ ਤੋਂ ਪਤਾ ਲਗਦਾ ਹੈ ਕਿ ਆਦਿ ਕਾਲ ਤੋਂ ਲੈ ਕੇ ਮਾਨਵ ਭਾਵੇਂ ਜੰਗਲ ਛੱਡ ਆਇਆ ਹੈ ਪਰ ਅਜੇ ਤੀਕ ਵੀ ਉਸਦੇ ਅੰਦਰ ਜਾਨਵਰ ਇੱਕ ਦਹਾੜ ਰਿਹਾ ਹੈ ਅਜੇ ਵੀ ਇੱਕ ਬੇਕਾਬੂ ਜੰਗਲ ਉਸਦੇ ਵਿੱਚ ਚਿੰਘਾੜ ਰਿਹਾ ਹੈ ਆਦਿ ਕਾਲ ਤੋਂ ਲੈ ਕੇ ਮਾਨਵ ਭਾਵੇਂ ਜੰਗਲ ਛੱਡ ਆਇਆ ਹੈ।

ਜੰਗਲ-ਰਾਜ

ਬੰਦ ਹੈ ਧਰਮ ਦੇ ਨਾਂ ਤੇ ਬੰਦ ਹੈ ਅੱਜ ਹੁਣੇ ਘਰਾਂ ’ਚੋਂ ਨਿਕਲਣਗੀਆਂ ਭੂਤਰੀਆਂ ਹੋਈਆਂ ਭੀੜਾਂ ਧਰਮ ਦੇ ਨਾਂ ਤੇ ਨਾਅਰੇ ਮਾਰਦੀਆਂ ਨੰਗੀਆਂ ਤਲਵਾਰਾਂ ਹਵਾ ’ਚ ਲਹਿਰਾਉਂਦੀਆਂ ਆਮ ਆਦਮੀ ਨੂੰ ਡਰਾਉਂਦੀਆਂ ਹੁਣੇ ਸੜਕਾਂ ਤੇ ਦਨਦਨਾਉਣਗੀਆਂ ਭੀੜਾਂ ਰੋਟੀ ਦੇ ਡੱਬੇ ਲਈ ਕੰਮ ਤੇ ਜਾ ਰਹੇ ਆਮ ਆਦਮੀ ਸਹਿਮ ਜਾਣਗੇ ਡਰ ਜਾਣਗੇ ਸਕੂਲ ਜਾ ਰਹੇ ਬੱਚੇ ਖੁੱਲ੍ਹੀਆਂ ਦੁਕਾਨਾਂ ਦੇ ਸ਼ੀਸ਼ੇ ਤੋੜਦਿਆਂ ਪੱਥਰ ਮਾਰਦੀਆਂ ਨਿਹੱਥਿਆਂ ਨੂੰ ਵੰਗਾਰਦੀਆਂ ਹੁਣੇ ਹੀ ਨਿਕਲਣਗੀਆਂ ਘਰਾਂ ’ਚੋਂ ਭੂਤਰੀਆਂ ਹੋਈਆਂ ਭੀੜਾਂ ਇਹ ਭੀੜਾਂ ਰਾਹ ਜਾਂਦੇ ਬੰਦਿਆਂ ਨੂੰ ਮਾਰਨਗੀਆਂ ਬਜ਼ੁਰਗਾਂ ਦੀ ਦਾੜ੍ਹੀ ਨੂੰ ਹੱਥ ਪਾਉਣਗੀਆਂ ਔਰਤਾਂ ਨੂੰ ਬੇਪੱਤ ਕਰਨਗੀਆਂ ਵਾਹਨਾਂ ਨੂੰ ਸਾੜਨਗੀਆਂ ਘਰਾਂ ਨੂੰ ਉਜਾੜਨਗੀਆਂ ਅੱਜ ਇਹ ਭੀੜਾਂ ਬੰਦਿਆਂ ਵਾਂਗ ਨਹੀਂ ਜਾਨਵਰਾਂ ਤੋਂ ਵੀ ਖ਼ਤਰਨਾਕ ਰੂਪ ਵਿੱਚ ਚਿੰਘਾੜਨਗੀਆਂ ਅੰਬਰਾਂ ਤੀਕ ਗੂੰਜਣਗੇ ਧਰਮ ਨੂੰ ਬਚਾਉਣ ਦੇ ਨਾਹਰੇ ਵੱਟਿਆਂ ਨਾਲ ਜ਼ਖ਼ਮੀ ਹੋਏ ਆਮ ਆਦਮੀ ਭੱਜਣਗੇ ਓਹਲਾ ਲੱਭਣਗੇ ਵਿਚਾਰੇ ਪਰ ਸੜਕਾਂ ਤੇ ਬੇਲਗ਼ਾਮ ਭੀੜਾਂ ਤੋਂ ਬਿਨਾਂ ਕੁਝ ਵੀ ਨਹੀਂ ਹੋਏਗਾ ਤਾਕਤ ਦੀ ਦੇਖ ਰੇਖ ’ਚ ਹੁੰਦਾ ਤਮਾਸ਼ਾ ਦੇਖ ਕੇ ਜੰਗਲ ਵੀ ਰੋਏਗਾ ਭੂਤਰੀਆਂ ਭੀੜਾਂ ਨੂੰ ਰੋਕਣ ਵਾਲਾ ਸ਼ਹਿਰ ਵਿੱਚ ਕੋਈ ਨਹੀਂ ਹੋਏਗਾ ਅੱਜ ਸਾਰਾ ਦਿਨ ਸ਼ਹਿਰ ਵਿੱਚ ਲੋਕ-ਰਾਜ ਨਹੀਂ ਜੰਗਲ-ਰਾਜ ਹੋਏਗਾ।

ਕੌਣ ਨੇ ਇਹ

ਕੌਣ ਨੇ ਇਹ ? ਕਿੱਥੋਂ ਆਏ ਨੇ ਮੌਤ ਦੇ ਵਣਜਾਰੇ ਬਾਜ਼ਾਰਾਂ, ਗੱਡੀਆਂ, ਸੜਕਾਂ ਤੇ ਬੰਬ ਧਰਦੇ ਵਿਸਫੋਟ ਕਰਦੇ ਕੌਣ ਨੇ ਇਹ ? ਕੌਣ ਨੇ ਇਹ ? ਮਾਸੂਮ ਬੱਚਿਆਂ ਦੇ ਪਰਖਚੇ ਉਡਾਉਂਦੇ ਸੁਹਾਗਣਾਂ ਦੇ ਸੁਹਾਗ ਲੁੱਟਦੇ ਰੱਖੜੀਆਂ ਨੂੰ ਕਤਲ ਕਰਦੇ ਅੱਧ ਵਿਚਕਾਰੋਂ ਡੰਗੋਰੀਆਂ ਤੋੜਦੇ ਕੌਣ ਨੇ ਇਹ ? ਕੌਣ ਨੇ ਇਹ ? ਚਲਦੇ ਜੀਵਨ ’ਚ ਰੋੜਾ ਅਟਕਾਉਂਦੇ ਸ਼ਹਿਰਾਂ ਨੂੰ ਬੰਦ ਕਰਦੇ ਕਰਫਿਊ ਲਾਉਂਦੇ ਮਾਸੂਮਾਂ ਦੀਆਂ ਅੱਖਾਂ ਦੇ ਵਿੱਚ ਦਹਿਸ਼ਤ ਭਰਦੇ ਕੌਣ ਨੇ ਇਹ ? ਕਿਥੋਂ ਆਏ ਨੇ ਮੌਤ ਦੇ ਵਣਜਾਰੇ

ਅਮਨ ਦਾ ਪ੍ਰਤੀਕ

ਬੰਬ ਕਾਂਡ ’ਚ ਜ਼ਖਮੀ ਹੋਇਆ ਸੜੇ ਹੋਏ ਖੰਭਾਂ ਵਾਲਾ ਇੱਕ ਕਬੂਤਰ ਆਖ਼ਰੀ ਸਾਹਾਂ ਤੇ ਤੜਫ਼ ਰਿਹਾ ਹੈ ਜ਼ਖ਼ਮੀ ਲੋਕਾਂ ਨੂੰ ਨਿਰਜੀਵ ਲੋਥਾਂ ਨੂੰ ਚੁੱਕ ਕੇ ਲੈ ਗਈਆਂ ਐਂਬੂਲੈਂਸਾਂ ਪਰ ਇਸ ਅਮਨ ਦੇ ਪ੍ਰਤੀਕ ਦਾ ਕੋਈ ਵਾਲੀਵਾਰਸ ਨਹੀਂ ਕੋਈ ਨਹੀਂ ਜੋ ਇਸ ਦਾ ਦਰਦ ਵੰਡਾਵੇ ਇਸ ਦੇ ਸੜੇ ਹੋਏ ਪਿੰਡੇ ਤੇ ਮਲ੍ਹਮ ਲਾਵੇ ਆਪਣੇ ਸੜੇ ਹੋਏ ਖੰਭਾਂ ਨਾਲ ਅਮਨ ਦਾ ਪ੍ਰਤੀਕ ਆਖ਼ਰੀ ਸਾਹਾਂ ਤੇ ਤੜਫ਼ ਰਿਹਾ ਹੈ ਤੇ ਉਧਰ ਸ਼ਾਂਤੀ ਦਾ ਉਪਦੇਸ਼ ਦਿੰਦਾ ਕਬੂਤਰਾਂ ਨੂੰ ਉਡਾਉਂਦਾ ਚਿੱਟ ਕੱਪੜੀਆ ਹੱਸ ਰਿਹਾ ਹੈ...!!!!

ਕਰਾਮਾਤ

ਮੈਂ ਆਪਣੀ ਤੇਹ ਵਿੱਚ ਪਰਚਿਆ ਰੇਗਿਸਤਾਨ ਸਾਂ ਮੁੱਦਤ ਤੋਂ ਮੈਂ ਆਪਣੀ ਤਪਸ਼ ’ਚ ਤਪਦਾ ਆਪਣੀ ਅਗਨ ’ਚ ਸੜਦਾ ਆਪਣੀ ਕਾਇਆ ’ਚ ਸੁਲਘਦਾ ਭੁੱਲ ਗਈ ਸੀ ਮੈਨੂੰ ਛਾਂ, ਪਿਆਸ, ਨੀਰ ਭੁੱਲ ਗਏ ਸਨ ਮੈਨੂੰ ਇਹ ਸਾਰੇ ਲਫ਼ਜ਼ ਲਫ਼ਜ਼ਾਂ ਦੇ ਸਾਰੇ ਮਾਅਨੇ ਮੇਰੇ ਕਣ ਕਣ ਨੇ ਆਪਣੀ ਵਿਰਾਨਗੀ ਆਪਣੀ ਤਪਸ਼ ਆਪਣੀ ਉਦਾਸੀ ਵਿੱਚ ਪਰਚਣਾ ਸਿੱਖ ਲਿਆ ਸੀ ਪਰ ਤੇਰੀਆਂ ਤਲੀਆਂ ਵਿਚੋਂ ਮੋਹ ਦੀਆਂ ਕੁਝ ਕੁ ਬੂੰਦਾਂ ਕੀ ਡਿੱਗੀਆਂ ਕਿ ਮੇਰੇ ਕਣ ਕਣ ਵਿੱਚ ਫੇਰ ਪਿਆਸ ਜਾਗ ਪਈ ਜਿਉਣ ਦੀ ਪਿਆਸ ਆਪਣੇ ਅੰਦਰੋਂ ਕੁਝ ਉਗਾਉਣ ਦੀ ਪਿਆਸ ਤੇਰੇ ਮੋਹ ਦੇ ਨੀਰ ਦੀਆਂ ਕੁਝ ਕੁ ਬੂੰਦਾਂ ਨੇ ਇਹ ਕੀ ਕਰਾਮਾਤ ਕਰ ਦਿੱਤੀ ਕਿ ਇੱਕ ਮਾਰੂਥਲ ਵਿੱਚ ਵੀ ਜਿਊਣ ਦੀ ਖਾਹਿਸ਼ ਭਰ ਦਿੱਤੀ।

ਪਿਆਰ ਤੇਰਾ

ਬੀਤਦਾ ਹੈ ਵਕਤ ਜਿਵੇਂ ਜਿਸਮ ’ਚ ਗਹਿਰਾ ਹੋਰ ਗਹਿਰਾ ਲੱਥਦਾ ਜਾਂਦਾ ਹੈ ਪਿਆਰ ਤੇਰਾ ਪਹਿਲਾਂ ਵਾਂਗ ਭਾਵੇਂ ਹੁਣ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੇਰੇ ਸਾਹਮਣੇ ਬੈਠ ਕੇ ਨਹੀਂ ਕਰਦਾ ਪਿਆਰ ਦਾ ਇਜ਼ਹਾਰ ਸਾਰੀ ਉਮਰ ਨਾਲ ਰਹਿਣ ਦੇ ਵਾਅਦੇ ਵੀ ਨਹੀਂ ਕਰਦਾ ਇਕੱਠੇ ਖੁਦਕੁਸ਼ੀ ਕਰਨ ਦਾ ਕਰਦਾ ਨਹੀਂ ਕੋਈ ਇਕਰਾਰ ਤੂੰ ਸੋਚਦੀ ਹੋਵੇਂ ਸ਼ਾਇਦ ਕਿ ਹੁਣ ਨਹੀਂ ਹੈ ਮੈਨੂੰ ਪਿਆਰ ਤੇਰੇ ਨਾਲ ਪਰ ਬੀਤਦਾ ਜਾਂਦਾ ਹੈ ਵਕਤ ਜਿਵੇਂ ਜਿਸਮ ’ਚ ਗਹਿਰਾ ਹੋਰ ਗਹਿਰਾ ਲੱਥਦਾ ਜਾਂਦਾ ਹੈ ਪਿਆਰ ਤੇਰਾ ਹੁਣ ਮੈਂ ਸੋਚਦਾ ਹਾਂ ਕਿ ਪਿਆਰ ਤੇਰਾ ਮੇਰੇ ਲਈ ਮੇਰੇ ਜਿਸਮ ’ਚ ਦੌੜਦਾ ਲਹੂ ਹੈ ਜਿਸ ਦੇ ਨਾਲ ਸਲਾਮਤ ਹੈ ਜਾਨ ਮੇਰੀ ਤੂੰ ਮੇਰੀ ਕਵਿਤਾ ਦੇ ਸਹਿਜ ਅਰਥਾਂ ’ਚੋਂ ਉਦੈ ਹੁੰਦੀ ਮੇਰੇ ਹਰ ਸਾਹ ’ਚ ਰਚੀ ਹੈ ਖੁਸ਼ਬੋ ਤੇਰੀ ਦੀਵਾਰਾਂ ਜਿਵੇਂ ਜਿਵੇਂ ਤੰਗ ਹੋ ਰਹੀਆਂ ਰਿਸ਼ਤੇ ਜਿਵੇਂ ਜਿਵੇਂ ਪੱਕ ਰਹੇ ਪਹਾੜ ਤੇ ਉਤਰ ਰਹੀ ਜਿਵੇਂ ਹੌਲੀ ਹੌਲੀ ਉਦਾਸ ਸੰਧਿਆ ਜਿਵੇਂ ਜਿਵੇਂ ਤੇਰੇ ਦੂਰ ਜਾਣ ਦਾ ਵਕਤ ਕਰੀਬ ਆ ਰਿਹਾ ਉਸੇ ਤਰਾਂ ਹੌਲੀ ਹੌਲੀ ਜਿਸਮ ਵਿੱਚ ਗਹਿਰਾ ਹੋਰ ਗਹਿਰਾ ਲੱਥਦਾ ਜਾਂਦਾ ਹੈ ਪਿਆਰ ਤੇਰਾ।

ਤਾਂ ਪੂਰੀ ਹੋਵੇਗੀ ਦੁਨੀਆਂ

ਮੇਰੇ ਤੋਂ ਬਾਝ ਅਧੂਰੀ ਹੈ ਦੁਨੀਆਂ ਤੇਰੀ ਤੇਰੇ ਹੱਥਾਂ ’ਚ ਫੁੱਲ ਨੇ ਮੱਥੇ ਤੇ ਸੂਰਜ ਤੇਰੇ ਸਿਰ ਤੇ ਮੁਕਟ ਹੈ ਤੇਰੇ ਪੈਰਾਂ ਹੇਠ ਕੁਲ ਦੁਨੀਆਂ ਦੀਆਂ ਦੌਲਤਾਂ ਤੇਰੇ ਚਿਹਰੇ ਤੇ ਚਾਂਦਨੀਆਂ ਨਿਰਤ ਕਰਦੀਆਂ ਨੇ ਤੇਰੇ ਵਾਲਾਂ ’ਚ ਸਤਰੰਗੀਆਂ ਜਗਮਗਾਉਂਦੀਆਂ ਪਰ ਤੇਰੇ ਨੈਣਾਂ ਵਿੱਚ ਭਰੇ ਬੱਦਲਾਂ ਦੀ ਉਦਾਸੀ ਆਖਦੀ ਹੈ ਕਿ ਮੇਰੇ ਤੋਂ ਬਾਝ ਅਧੂਰੀ ਹੈ ਦੁਨੀਆਂ ਤੇਰੀ ਕੋਲ ਕਾਇਨਾਤ ਹੈ ਭਾਵੇਂ ਮੇਰੇ ਵੀ ਮੇਰੇ ਪੋਟਿਆਂ ’ਚ ਲਰਜ਼ਦੇ ਸ਼ਬਦ ਹੋਠਾਂ ਤੇ ਮਹਿਕਦਾ ਸੰਗੀਤ ਮੇਰੇ ਵੀ ਨੈਣਾਂ ’ਚ ਕਿੰਨੀਆਂ ਧੁੱਪਾਂ ਲਿਸ਼ਕਦੀਆਂ ਕਿੰਨੀਆਂ ਪੌਣਾਂ ਚੌਰ ਕਰ ਕੇ ਲੰਘਦੀਆਂ ਮੈਨੂੰ ਕਿੰਨੇ ਸਮੁੰਦਰ ਮੇਰੇ ਪੈਰਾਂ ਨੂੰ ਛੂਹ ਕੇ ਗੁਜ਼ਰਦੇ ਪਰ ਮੇਰੇ ਸ਼ਬਦਾਂ ’ਚੋਂ ਉਦੈ ਹੁੰਦਾ ਉਦਾਸ ਸੰਗੀਤ ਦੱਸਦਾ ਹੈ ਕਿ ਤੇਰੇ ਤੋਂ ਬਾਝ ਅਧੂਰੀ ਹੈ ਦੁਨੀਆਂ ਮੇਰੀ ਅਸੀਂ ਆਦਿ ਜੁਗਾਦਿ ਤੋਂ ਇੱਕ ਦੂਜੇ ਬਿਨ ਅਧੂਰੇ ਧਰਤੀ ਗ੍ਰਹਿਆਂ ਨਛੱਤਰਾਂ ਵਾਂਗ ਘੁੰਮਦੇ ਇੱਕ ਦੂਜੇ ਲਈ ਇੱਕ ਹੋਣ ਲਈ ਤਾਂਘ ਰਹੇ ਅਸੀਂ ਜੋ ਅਧੂਰੇ ਇੱਕ ਦੂਜੇ ਬਿਨਾਂ ਅਸੀਂ ਮਿਲਾਂਗੇ ਤਾਂ ਪੂਰੀ ਹੋਵੇਗੀ ਦੁਨੀਆਂ ਸਾਡੀ।

ਪਹਿਲਾ ਪਿਆਰ ਨਹੀਂ ਪਰਤਦਾ

ਪੰਛੀ ਉੱਡਦੇ ਜਾਂਦੇ ਨੇ ਦੂਰ ਦਿਸ਼ਾਵੀਂ ਪਰਤ ਆਉਂਦੇ ਆਖ਼ਿਰ ਸ਼ਾਮ ਢਲੀ ਤੋਂ ਫੇਰ ਆਪਣੇ ਆਲ੍ਹਣਿਆਂ ਵਿੱਚ ਗੱਡੀਆਂ ਜਾਂਦੀਆਂ ਪਰਤ ਆਉਂਦੀਆਂ ਸਟੇਸ਼ਨਾਂ ਤੇ ਲੰਮੀਆਂ ਸੀਟੀਆਂ ਮਾਰਦੀਆਂ ਰੁੱਤਾਂ ਜਾਂਦੀਆਂ ਫਿਰ ਪਰਤ ਆਉਂਦੀਆਂ ਦਿਨ ਚੜ੍ਹਦਾ ਛਿਪਦਾ ਫਿਰ ਚੜ੍ਹਦਾ ਬਰਫ਼ ਪਿਘਲਦੀ ਨਦੀਆਂ ’ਚ ਨੀਰ ਵਗਦਾ ਸਮੁੰਦਰਾਂ ’ਚੋਂ ਪਾਣੀ ਭਾਫ਼ ਬਣ ਕੇ ਉੱਡਦਾ ਬੱਦਲ ਬਣਦਾ ਫਿਰ ਪਹਾੜਾਂ ਦੀਆਂ ਟੀਸੀਆਂ ਤੇ ਬਰਫ਼ ਬਣ ਕੇ ਚਮਕਦਾ ਉਡਦੀ ਆਤਮਾ ਖਿਲਾਅ ’ਚ ਭਟਕਦੀ ਫਿਰ ਕਿਸੇ ਜਿਸਮ ਵਿੱਚ ਪ੍ਰਵੇਸ਼ ਕਰਦੀ ਸਭ ਕੁਝ ਜਾਂਦਾ ਸਭ ਕੁਝ ਪਰਤ ਆਉਂਦਾ ਨਹੀਂ ਪਰਤਦਾ ਇਸ ਬ੍ਰਹਿਮੰਡ ਵਿੱਚ ਤਾਂ ਸਿਰਫ਼ ਪਹਿਲਾ ਪਿਆਰ ਨਹੀਂ ਪਰਤਦਾ ਇੱਕ ਵਾਰ ਗੁਆਚਦਾ ਤਾਂ ਮਨੁੱਖ ਜਨਮੋ ਜਨਮ ਕਿੰਨੇ ਜਨਮ ਉਸ ਲਈ ਭਟਕਦਾ ਰਹਿੰਦਾ.....।

ਸਿਖ਼ਰ

ਏਹ ਤੇਰੇ ਤੇ ਮੇਰੇ ਪਿਆਰ ਦੀ ਸਿਖ਼ਰ ਹੈ ਇਸ ਪਲ ਆਪਾਂ ਪਾਣੀ ਵਾਂਗੂੰ ਇੱਕ ਦੂਜੇ ਦੇ ਵਿੱਚ ਸਮਾਏ ਸਾਡੇ ਪਿੰਡਿਆਂ ਦੇ ਵਿਚਕਾਰੋਂ ਪੌਣ ਤੀਕ ਨਾ ਲੰਘ ਪਾਏ ਇਸ ਪਲ ਸਾਡੇ ਸਾਹਾਂ ਦੇ ਵਿੱਚ ਸੂਈ ਜਿੰਨੀ ਵੀ ਵਿਥ ਨਹੀਂ ਹੈ ਦੱਸ ਇਹ ਕਿਹੜਾ ਕਹਿ ਸਕਦਾ ਹੈ ਕਿ ਸਾਡੀ ਰੂਹ ਇੱਕ ਨਹੀਂ ਹੈ ਪਰ ਕੁਝ ਪਲਾਂ ਨੂੰ ਪਿਆਰ ਦੀ ਏਸ ਸਿਖ਼ਰ ਤੋਂ ਹੇਠਾਂ ਆਉਣਾ ਪੈਣਾ ਅਨੂਠਾ ਜਿਹਾ ਇਹ ਸਵਰਗ ਤਿਆਗ ਕੇ ਜੀਵਨ-ਸੱਚ ਗਲ ਲਾਉਣਾ ਪੈਣਾ.... ਆ ਕਿ ਸੱਜਣੀ ਏਸੇ ਪਲ ਵਿੱਚ ਜੀਵਨ ਸਾਰਾ ਭਰ ਜਾਈਏ ਇਸ ਵਿਸਮਾਦ ’ਚ ਇਸ ਆਨੰਦ ’ਚ ਇਸੇ ਸਿਖ਼ਰ ਤੇ ਮਰ ਜਾਈਏ ਏਹ ਤੇਰੇ ਤੇ ਮੇਰੇ ਪਿਆਰ ਦੀ ਸਿਖ਼ਰ ਹੈ.....।

ਦੱਸ ਕਿਉਂ ?

ਜਾਣਦੀ ਬੁੱਝਦੀ ਦੱਸ ਕਿਉਂ ਐਵੇਂ ਪਰਛਾਵੇਂ ਦੇ ਪਿੱਛੇ ਭੱਜਦੀ ਏਹ ਜੋ ਤੇਰੇ ਸਾਹਵੇਂ ਵਿਛਿਆ ਦਿਸਦਾ ਸੁੰਦਰ ਨੀਰ ਜਿਹਾ ਹੈ ਰੇਗਿਸਤਾਨ ਦੇ ਵਿੱਚ ਚਮਕਦਾ ਤੈਨੂੰ ਲੁਭਾਵੇ ਮੋੜ ਲਿਆਵੇ ਪਾਣੀ ਨਹੀਂ ਹੈ ਪਾਣੀ ਦਾ ਪਰਛਾਵਾਂ ਹੈ ਬਸ ਕਿਉਂ ਤੂੰ ਪਿਆਸੀ ਰੇਤ ਥਲਾਂ ਵਿੱਚ ਭੱਜੀ ਫਿਰਦੀ ਪਾਣੀ ਦਾ ਪਰਛਾਵਾਂ ਫੜਦੀ ਪਰਛਾਵੇਂ ਕਦੇ ਵੀ ਹੱਥਾਂ ਵਿੱਚ ਨਾ ਆਉਂਦੇ ਜਾਣਦਾ ਹਾਂ ਮੈਂ ਤੇਰੀ ਤੜਪ ਬਹੁਤ ਹੀ ਸੁੱਚੀ ਪਾਕ ਪਵਿਤਰ ਉੱਚੀ ਉੱਚੀ ਪਰ ਮੈਂ ਆਪਣੇ ਬਾਰੇ ਜਾਣਾ ਮੈਂ ਤਾਂ ਹਾਂ ਸਿਰਫ਼ ਪਰਛਾਵਾਂ ਇੱਕ ਪਲ ਹਾਂ ਤੇ ਦੂਜੇ ਨਾਹੀਂ ਬੈਠਾ ਇੱਥੇ ਫਿਰਾਂ ਕਤਾਹੀਂ ਕਿਉਂ ਤੂੰ ਐਵੇਂ ਪਰਛਾਵੇਂ ਦੇ ਪਿੱਛੇ ਭੱਜਦੀ.... ਪਰਛਾਵਾਂ ਫੜਿਆ ਨਾ ਜਾਂਦਾ ਪਰਛਾਵੇਂ ’ਨਾ ਲੜਿਆ ਨਾ ਜਾਂਦਾ ਪਰਛਾਵਾਂ ਘੜਿਆ ਨਾ ਜਾਂਦਾ ਇੱਕ ਪਲ ਹਾਂ ਤੇ ਦੂਜੇ ਨਾਹੀਂ ਬੈਠਾ ਇੱਥੇ ਫਿਰਾਂ ਕਤਾਹੀਂ ਜਾਣਦੀ ਬੁੱਝਦੀ ਦੱਸ ਕਿਉਂ ਐਵੇਂ ਪਰਛਾਵੇਂ ਦੇ ਪਿੱਛੇ ਭੱਜਦੀ.....।

ਦਾਗ਼

ਲੱਗਦਾ ਸੀ ਉਸਦੇ ਜਾਣ ਮਗਰੋਂ ਧਰਤੀ ਰੁਕ ਜਾਏਗੀ ਰੁੱਤਾਂ ਦਾ ਗੇੜਾ ਥੰਮ ਜਾਏਗਾ ਸੂਰਜ ਚੰਨ ਹੋ ਜਾਣਗੇ ਮੱਧਮ ਜਿਹੇ ਸਮੰਦਰਾਂ ’ਚ ਰੇਤ ਭਰ ਜਾਏਗੀ ਸਮੁੱਚੀ ਪ੍ਰਿਥਵੀ ਤੇ ਕਾਲੀ ਬੋਲੀ ਰਾਤ ਪਸਰ ਜਾਏਗੀ.... ਪਰ ਕਿਤੇ ਕੁਝ ਨਹੀਂ ਹੋਇਆ ਧਰਤੀ ਉਸੇ ਤਰਾਂ ਘੁੰਮਦੀ ਰਹੀ ਰੁੱਤਾਂ ਉਸੇ ਤਰਾਂ ਆਉਂਦੀਆਂ ਜਾਂਦੀਆਂ ਰਹੀਆਂ ਚਮਕਦੇ ਰਹੇ ਚੰਨ ਸੂਰਜ ਪੰਛੀ ਚਹਿਕਦੇ ਫੁੱਲ ਟਹਿਕਦੇ ਚੜ੍ਹਦੇ ਰਹੇ ਦਿਨ ਤੇ ਰਾਤ ਉਸੇ ਤਰਤੀਬ ਵਿੱਚ ਸਭ ਕੁਝ ਉਵੇਂ ਦਾ ਉਵੇਂ ਸੀ ਸਿਰਫ ਮਨ ਤੇ ਇੱਕ ਜ਼ਖਮ ਦੇ ਹਲਕੇ ਜਿਹੇ ਦਾਗ਼ ਤੋਂ ਸਿਵਾਅ.....।

ਮੈਨੂੰ ਪਤਾ ਹੈ

ਮੈਨੂੰ ਪਤਾ ਹੈ ਮੇਰੀਆਂ ਕਵਿਤਾਵਾਂ ਤੂੰ ਕਦੇ ਨਹੀਂ ਪੜ੍ਹਨੀਆਂ ਪਰ ਫਿਰ ਵੀ ਅੰਤਾਂ ਦੇ ਜਨੂੰਨ ਵਿੱਚ ਲਿਖੀ ਜਾ ਰਿਹਾ ਹਾਂ ਕਵਿਤਾਵਾਂ ਮੇਰੇ ਬੋਲ ਗੂੰਜਣਗੇ ਹਵਾ ਵਿੱਚ ਪੌਣਾਂ ਵਿੱਚ ਘੁਲ ਜਾਏਗੀ ਮੇਰੀ ਆਵਾਜ਼ ਬ੍ਰਹਿਮੰਡ ’ਚ ਖਿੱਲਰ ਜਾਣਗੇ ਮੇਰੇ ਸ਼ਬਦ ਹਵਾ ’ਚੋਂ ਧਰਤੀ ਤੇ ਡਿੱਗ ਪੈਣਗੇ ਕੁਝ ਸ਼ਬਦ ਕੁਝ ਉੱਗ ਪੈਣਗੇ ਬੀਜ ਬਣਕੇ ਮਹਿਕ ਪੈਣਗੇ ਫਿਜ਼ਾ ’ਚ ਖੁਸ਼ਬੂ ਉਹਨਾਂ ਦੀ ਕਿਤੇ ਨਾ ਕਿਤੇ ਕਦੇ ਨਾ ਕਦੇ ਤੇਰੇ ਸਾਹਾਂ ’ਚ ਜਾ ਰਲੇਗੀ ਬਸ ਇਹੀ ਸੋਚ ਕੇ ਅੰਤਾਂ ਦੇ ਜਨੂੰਨ ਵਿੱਚ ਲਿਖੀ ਜਾ ਰਿਹਾ ਹਾਂ ਕਵਿਤਾਵਾਂ।

ਭਟਕਣ

ਤੈਨੂੰ ਫੜਨ ਲਈ ਮੈਂ ਕਦੇ ਏਧਰ ਕਦੇ ਓਧਰ ਭਟਕਦਾ ਹਾਂ ਤੂੰ ਛਲ ਵਾਂਗ ਕਦੇ ਏਧਰ ਕਦੇ ਉਧਰ ਦਿਸਦੀ ਅਲੋਪ ਹੋ ਜਾਂਦੀ ਤੈਨੂੰ ਫੜਨ ਦੀ ਇੱਛਾ ਵਿੱਚ ਹੀ ਸ਼ਾਇਦ ਮੇਰੀ ਸਾਰੀ ਭਟਕਣ ਛੁਪੀ ਹੋਈ ਹੈ ਕਾਸ਼ ਮੈਨੂੰ ਫੜਨ ਦਾ ਨਹੀਂ ਤਿਆਗਣ ਦਾ ਵਲ ਆਉਂਦਾ ਇਸ ਤਰਾਂ ਹੀ ਸ਼ਾਇਦ ਮੈਂ ਤੇਰੀ ਯਾਦ ਨੂੰ ਛਲ ਪਾਉਂਦਾ....।

ਕੀ ਕਰਾਂ

ਜਿੰਨਾ ਵੀ ਤੈਨੂੰ ਭੁੱਲਣ ਦੀ ਕੋਸ਼ਿਸ਼ ਕੀਤੀ ਸਭ ਬੇਕਾਰ ਗਈ ਉੰਨਾ ਹੋਰ ਸਿਰ ਚੜ੍ਹ ਕੇ ਬੋਲੀ ਤੇਰੀ ਯਾਦ ਹੁਣ ਲੱਗਦਾ ਤੈਨੂੰ ਯਾਦ ਕਰਾਂ ਅੰਤਾਂ ਦਾ ਯਾਦ ਤੈਨੂੰ ਅੰਤਾਂ ਦਾ ਯਾਦ ਕਰਾਂ ਤਾਂ ਕਿ ਤੈਨੂੰ ਭੁੱਲ ਸਕਾਂ.....।

ਮੇਰੇ ਕੋਲ ਕੁਝ ਨਹੀਂ

ਤੂੰ ਮੇਰੇ ਤੋਂ ਟੁੱਟਣਾ ਹੀ ਚਾਹੁੰਦੀ ਹੈਂ ਤਾਂ ਆਪਣੇ ਮਨ ਤੇ ਬਿਨਾਂ ਕੋਈ ਬੋਝ ਲਏ ਅਲਵਿਦਾ ਆਖ ਦੇ ਮੇਰੇ ਵਿੱਚ ਅਜਿਹੀ ਕੋਈ ਸਮਰਥਾ ਨਹੀਂ ਕਿ ਤੈਨੂੰ ਬੰਨ੍ਹ ਸਕਾਂ ਕੋਈ ਜਾਦੂ ਨਹੀਂ ਕਿ ਤੈਨੂੰ ਕੀਲ ਸਕਾਂ ਕੋਈ ਰਿਸ਼ਤਾ ਨਹੀਂ ਜਿਸਦਾ ਤੈਨੂੰ ਵਾਸਤਾ ਪਾਵਾਂ ਆਪਣੀ ਮੁਹੱਬਤ ਦਾ ਕੋਈ ਸਬੂਤ ਨਹੀਂ ਜੋ ਤੈਨੂੰ ਵਿਖਾਵਾਂ ਇਹ ਤਾਂ ਕੁਝ ਨਾਜ਼ੁਕ ਜਿਹੇ ਭਾਵੁਕ ਜਿਹੇ ਪਲ ਸਨ ਜਦੋਂ ਤੂੰ ਮੈਨੂੰ ਆਪਣਾ ਸਮਝ ਕੇ ਮੇਰੇ ਨਾਲ ਬੇਨਾਮ ਜਿਹਾ ਰਿਸ਼ਤਾ ਸਿਰਜ ਲਿਆ ਸੀ ਇਹ ਤੇਰੀ ਖੁਸ਼ੀ ਸੀ ਭਾਵੁਕ ਜਿਹੇ ਨਾਜ਼ੁਕ ਜਿਹੇ ਕੁਝ ਪਲਾਂ ਤੋਂ ਬਾਅਦ ਤੂੰ ਫਿਰ ਸੋਚਿਆ ਹੈ ਵਿਚਾਰਿਆ ਹੈ ਤੈਨੂੰ ਮੈਥੋਂ ਟੁੱਟਣ ਵਿੱਚ ਭਲਾਈ ਨਜ਼ਰ ਆਉਂਦੀ ਹੈ ਮੇਰੀ ਮੁਹੱਬਤ ਵਿੱਚ ਜੇ ਕਿਤੇ ਬੁਰਿਆਈ ਨਜ਼ਰ ਆਉਂਦੀ ਹੈ ਤਾਂ ਤੂੰ ਮਨ ਤੇ ਬਿਨਾਂ ਕੋਈ ਬੋਝ ਲਏ ਮੈਨੂੰ ਅਲਵਿਦਾ ਆਖ ਦੇ ਮੇਰੇ ਕੋਲ ਅਜਿਹਾ ਕੁਝ ਨਹੀਂ ਕਿ ਤੈਨੂੰ ਰੋਕ ਸਕਾਂ ਕਿ ਤੈਨੂੰ ਬੰਨ੍ਹ ਸਕਾਂ ਕਿ ਤੈਨੂੰ ਕੀਲ ਸਕਾਂ ਮੇਰੇ ਕੋਲ ਅਜਿਹਾ ਕੁਝ ਨਹੀਂ.....।

ਨਹੀਂ ਸੀ ਚਾਹੁੰਦਾ

ਯਕੀਨ ਜਾਣੀ ਮੈਂ ਤੈਨੂੰ ਉਦਾਸ ਨਹੀਂ ਸਾਂ ਵੇਖਣਾ ਚਾਹੁੰਦਾ ਮੈਂ ਤਾਂ ਆਪਣਾ ਸਾਰਾ ਪਿਆਰ ਸਾਰੀਆਂ ਖੁਸ਼ੀਆਂ ਆਪਣੇ ਸਾਰੇ ਚੰਦ ਸਿਤਾਰੇ ਤੇਰੀ ਝੋਲੀ ਵਿੱਚ ਉਲੱਦ ਦੇਣਾ ਚਾਹੁੰਦਾ ਸਾਂ ਮੈਂ ਚਾਹੁੰਦਾ ਸਾਂ ਤੇਰੇ ਹੋਠਾਂ ਤੇ ਸਦਾ ਚਹਿਕਦਾ ਰਹਿਣਾ ਗੀਤ ਬਣ ਕੇ ਤੇਰੇ ਮਨ ’ਚ ਮਹਿਕਦਾ ਰਹਿਣਾ ਸੰਗੀਤ ਬਣ ਕੇ ਮੈਂ ਤੇਰੀ ਉਦਾਸੀ ਚੁਰਾ ਕੇ ਦੂਰ ਜੰਗਲ ਵਿੱਚ ਛੱਡ ਆਉਣੀ ਚਾਹੁੰਦਾ ਸਾਂ ਤੇ ਤੇਰੀਆਂ ਤਨਹਾਈਆਂ ਵਿੱਚ ਕੋਈ ਖੂਬਸੂਰਤ ਨਗ਼ਮਾ ਬਣ ਕੇ ਗੁਣਗੁਣਾਉਣਾ ਚਾਹੁੰਦਾ ਸਾਂ ਜਦੋਂ ਤੂੰ ਉਦਾਸ ਹਨੇਰੇ ਕਮਰੇ ’ਚ ਲੇਟੀ ਬੱਤੀ ਜਗਾਉਣ ਤੋਂ ਵੀ ਡਰਦੀ ਹੋਵੇਂ ਮੈਂ ਤੇਰੇ ਕਮਰੇ ਵਿੱਚ ਸੂਰਜ ਬਣ ਕੇ ਫੈਲ ਜਾਣਾ ਚਾਹੁੰਦਾ ਸਾਂ ਤੇ ਉਦਾਸ ਹਨੇਰੇ ਜੰਗਲ ’ਚੋਂ ਤੈਨੂੰ ਉੰਗਲ ਫੜ ਕੇ ਮੋੜ ਲਿਆਉਣਾ ਚਾਹੁੰਦਾ ਸਾਂ ਜੇ ਮੇਰੀ ਮੁਹੱਬਤ ਤੇਰੀਆਂ ਅੱਖਾਂ ਦਾ ਅੱਥਰੂ ਬਣਦੀ ਹੈ ਜੇ ਮੇਰੀ ਯਾਦ ਤੇਰੀ ਸਿਸਕੀਆਂ ਵਿੱਚ ਤਬਦੀਲ ਹੁੰਦੀ ਹੈ ਤਾਂ ਯਕੀਨ ਕਰੀਂ ਮੈਂ ਇਸ ਤਰਾਂ ਨਹੀਂ ਸਾਂ ਚਾਹੁੰਦਾ ਹਰਗਿਜ਼ ਨਹੀਂ ਸਾਂ ਚਾਹੁੰਦਾ....।

ਫੁੱਲ ਖਿੜੇਗਾ

ਤੂੰ ਇਕ ਰਿਸ਼ਤੇ ਤੇ ਕਿੰਨੀ ਆਸਾਨੀ ਨਾਲ ਮਿੱਟੀ ਪਾ ਦਿੱਤੀ ਤੇਰੇ ਨਾਲ ਦਿਆਂ ਨੇ ਮਿੱਟੀ ਸੁੱਟ ਸੁੱਟ ਕੇ ਇਕ ਰਿਸ਼ਤੇ ਦੀ ਕਬਰ ਬਣਾ ਦਿੱਤੀ ਸ਼ਾਇਦ ਤੈਨੂੰ ਭਰਮ ਹੈ ਕਿ ਇਉਂ ਰਿਸ਼ਤੇ ਖਤਮ ਹੋ ਜਾਂਦੇ ਪਰ ਸਾਲਾਂ ਬਾਅਦ ਸਦੀਆਂ ਬਾਅਦ ਜਨਮਾਂ ਬਾਅਦ ਇਸ ਕਬਰ ਵਿਚੋਂ ਇਸ ਥੇਹ ਵਿਚੋਂ ਫੇਰ ਇਸ ਰਿਸ਼ਤੇ ਦੀ ਸੂਹੀ ਕਰੂੰਬਲ ਫੁਟੇਗੀ ਫੇਰ ਇਸ ਕਬਰ ਵਿੱਚੋਂ ਪਿਆਰ ਦਾ ਮਹਿਕਦਾ ਫੁੱਲ ਖਿੜੇਗਾ ।

ਗੋਰੀ ਮਿੱਟੀ

ਉਸਦੇ ਨੈਣਾਂ ਵਿੱਚ ਨਾ ਕਿਸੇ ਦੇ ਦਰਦ ਲਈ ਕਰੁਣਾ ਨਾ ਕਿਸੇ ਲਈ ਮੋਹ ਦੀ ਲਿਸ਼ਕ ਨਾ ਕਿਸੇ ਲਈ ਮੁਹੱਬਤ ਦਾ ਅਹਿਸਾਸ ਨਾ ਕਿਸੇ ਲਈ ਸਨੇਹ ਭਰੀ ਤੱਕਣੀ ਉਦਾਸ ਵੀ ਨਹੀਂ ਦੇਖਿਆ ਉਸਨੂੰ ਕਿਸੇ ਨੇ ਕਦੇ ਉਸਦੇ ਘੁੱਟੇ ਬੁੱਲ੍ਹਾਂ ’ਚੋਂ ਹਾਸਾ ਮਸਾਂ ਛਣ ਛਣ ਕੇ ਬਾਹਰ ਨਿਕਲਦਾ ਹੁਸਨ ਦੇ ਗਰੂਰ ’ਚ ਉਹ ਖਿੜੇ ਫੁੱਲਾਂ ਨੂੰ ਮਿੱਧਦੀ ਲੰਘ ਜਾਂਦੀ ਝਰਨਿਆਂ ਦੀ ਕਲ ਕਲ ਵੀ ਉਸਨੂੰ ਰੋਕ ਨਾ ਸਕਦੀ ਕੋਈ ਸ਼ੈਅ ਖ਼ੂਬਸੂਰਤ ਕੁਦਰਤ ਦੀ ਉਸਨੂੰ ਪ੍ਰਭਾਵਿਤ ਨਾ ਕਰਦੀ ਯਾ ਖ਼ੁਦਾ ! ਤੂੰ ਉਸਨੂੰ ਅਥਾਹ ਹੁਸਨ ਦਿੱਤਾ ਹੁਸਨ ਦਾ ਗਰੂਰ ਦਿੱਤਾ ਪਰ ਉਸ ਕੋਲੋਂ ਮਨ ਦੀ ਸਾਰੀ ਸੰਵੇਦਨਾ ਖੋਹ ਲਈ ਮਿੱਟੀ ਰਹਿ ਗਈ ਉਹ ਨਿਰੀ ਗੋਰੀ ਮਿੱਟੀ ਆਪਣੇ ਹੁਸਨ ਦੇ ਗਰੂਰ ’ਚ ਗੁੰਨੀ ਹੋਈ ਸਿਰਫ਼ ਆਪਣੇ ਆਪ ਦੀ ਪਰਿਕਰਮਾ ਕਰਦੀ।

ਸ਼ੀਸ਼ੇ ਦੇ ਘਰ

ਆਪਣਾ ਇਹ ਰਿਸ਼ਤਾ ਬਹੁਤ ਸੂਖ਼ਮ ਕੱਚ ਦੇ ਮਹਿਲ ਵਰਗਾ ਜਿਸ ਨੂੰ ਨਿੱਕੀ ਜਿਹੀ ਰੋੜੀ ਛੋਟਾ ਜਿਹਾ ਕੰਕਰ ਕੁਝ ਵੀ ਟੁਕੜੇ ਟੁਕੜੇ ਕਰ ਸਕਦਾ ਇਹ ਆਧਾਰਹੀਣ ਸ਼ੀਸ਼ੇ ਦਾ ਘਰ ਜੋ ਅਸੀਂ ਇੱਕ ਸੁਪਨੇ ਦੀ ਰਿਹਾਇਸ਼ ਲਈ ਸਿਰਜ ਲਿਆ ਸੀ ਥੋੜੀ ਜਿਹੀ ਤੇਜ਼ ਹਵਾ ਨਾਲ ਮੱਥੇ ਦੀ ਨਿੱਕੀ ਜਿੰਨੀ ਤਿਊੜੀ ਨਾਲ ਗਲਤ ਫ਼ਹਿਮੀ ਦੀ ਛੋਟੀ ਜਿਹੀ ਠੋਹਕਰ ਨਾਲ ਤੇਰੇ ਜਾਂ ਮੇਰੇ ਕਿਸੇ ਮਾਸੂਮ ਮਾਮੂਲੀ ਜਿਹੇ ਸ਼ਬਦ ਨਾਲ ਕਿਸੇ ਵੇਲੇ ਵੀ ਚੀਣਾ ਚੀਣਾ ਹੋ ਬਿਖਰ ਸਕਦਾ ਸੀ ਚੰਗਾ ਹੋਇਆ ਕਿ ਆਪਾਂ ਇਸ ਘਰ ਦੀ ਸਮਰੱਥਾ ਨੂੰ ਜਾਂਚ ਲਿਆ ਤੇ ਨਕਾਰ ਦਿੱਤਾ ਮਨ ’ਚ ਤੇਜ਼ੀ ਨਾਲ ਵਧਦੇ ਸੁਪਨਿਆਂ ਨੂੰ ਵਕਤ ਸਿਰ ਅਣਿਆਈ ਮੌਤ ਮਾਰ ਦਿੱਤਾ ਸ਼ਾਇਦ ਠੀਕ ਹੀ ਹੋਇਆ ਨਾਜ਼ੁਕ ਸ਼ੀਸ਼ੇ ਦੇ ਘਰਾਂ ’ਚ ਕੋਈ ਕਿੰਨਾ ਕੁ ਚਿਰ ਵਸ ਸਕਦਾ.....।

ਖੁਸ਼ੀ

ਤੂੰ ਖੁਸ਼ ਹੁੰਦੀ ਹੈਂ ਮੇਰਾ ਗਰੂਰ ਟੁੱਟਦਿਆਂ ਵੇਖ ਮੈਨੂੰ ਹਾਰਦਿਆਂ ਵੇਖ ਤੈਨੂੰ ਅਕਹਿ ਖੁਸ਼ੀ ਮਿਲਦੀ ਹੈ... ਮੈਂ ਖੁਸ਼ ਹੁੰਦਾ ਹਾਂ ਤੈਨੂੰ ਖੁਸ਼ ਵੇਖ ਤੈਨੂੰ ਜਿੱਤਦਿਆਂ ਵੇਖਣ ਦੀ ਖੁਸ਼ੀ ਵਿੱਚ ਮੈਂ ਹਰ ਵਾਰ ਹਾਰ ਜਾਂਦਾ ਹਾਂ.....।

ਤੂੰ ਤਾਂ

ਤੂੰ ਤਾਂ ਹੱਸਦਿਆਂ ਹੱਸਦਿਆਂ ਪਾਣੀ ਵਿੱਚ ਇੱਕ ਕੰਕਰ ਹੀ ਉਛਾਲਿਆ ਪਰ ਪਾਣੀ ਦੀਆਂ ਲਹਿਰਾਂ ਵਿਚਲਾ ਅਕਸ ਫੜਨ ਲਈ ਮੈਂ ਸਾਰੇ ਦਾ ਸਾਰਾ ਪਾਣੀ ਹੰਗਾਲਿਆ ਪਾਣੀ ਕਿਤੇ ਥੋੜਾ ਕਿਤੇ ਗਹਿਰਾ ਸੀ ਪਰ ਹਰ ਬੂੰਦ ਦੁਆਲੇ ਧੁਆਂਖੀਆਂ ਸਿਮਰਤੀਆਂ ਦਾ ਪਹਿਰਾ ਸੀ ਕਿਤੇ ਯਾਦਾਂ ਦੇ ਟਿਮਟਿਮਾਉਂਦੇ ਅਕਸ ਸਨ ਕਿਤੇ ਮਰ ਚੁੱਕੀਆਂ ਮੁਹੱਬਤਾਂ ਦੇ ਗੁੁਆਚ ਰਹੇ ਨਕਸ਼ ਸਨ ਮੈਂ ਪਾਣੀ ’ਚੋਂ ਅਕਸ ਫੜਨ ਦੀ ਕੋਸ਼ਿਸ਼ ਕੀਤੀ ਮੈਂ ਯਾਦਾਂ ਦੇ ਨਕਸ਼ ਘੜਨ ਦੀ ਕੋਸ਼ਿਸ਼ ਕੀਤੀ ਕਦੇ ਏਧਰ ਕਦੇ ਉਧਰ ਭੱਜਦਿਆਂ ਮੈਂ ਬੜਾ ਪਾਣੀ ਹੰਗਾਲਿਆ ਤੂੰ ਤਾਂ ਹੱਸਦਿਆਂ ਹੱਸਦਿਆਂ ਪਾਣੀ ਵਿੱਚ ਇੱਕ ਕੰਕਰ ਹੀ ਉਛਾਲਿਆ।

ਕਿਉਂ ਲੱਗਦਾ

ਕਿਉਂ ਲੱਗਦਾ ਹੈ ਕਿ ਕਦੇ ਨਹੀ ਬਦਲੇਂਗੀ ਤੂੰ ਹਾਲਾਂ ਕਿ ਮੈਂ ਜਾਣਦਾ ਹਾਂ ਦੁਨੀਆਂ ਵਿੱਚ ਕੁਝ ਵੀ ਸਥਿਰ ਨਹੀਂ ਮੈਂ ਹੁਣ ਤੱਕ ਸੈਂਕੜੇ ਵਸਤਾਂ ਸੈਂਕੜੇ ਸਬੰਧਾਂ, ਸਥਿਤੀਆਂ ਨੂੰ ਬਦਲਦਿਆਂ ਤੱਕਿਆ ਹੈ ਦਿਨਾਂ ਨੂੰ ਰਾਤਾਂ ਵਿਚ ਤਬਦੀਲ ਹੁੰਦੇ ਵੇਖਿਆ ਛਾਂ ਨੂੰ ਧੁੱਪ ਵਿੱਚ ਸ਼ੁਹਰਤ ਨੂੰ ਬਦਨਾਮੀ ਵਿੱਚ ਪਿਆਰ ਨੂੰ ਅੰਤਾਂ ਦੀ ਨਫ਼ਰਤ ਵਿੱਚ ਪ੍ਰਵਰਤਿਤ ਹੁੰਦੇ ਵੇਖਿਆ ਹੈ ਹਰ ਚੀਜ਼ ਬਦਲਦੀ ਤੱਕੀ ਮੈਂ ਹਰ ਚੀਜ਼ ਉਲਟਦੀ ਵੇਖੀ ਹੈ ਜਾਣਦਾ ਹਾਂ ਏਥੇ ਕੁਝ ਵੀ ਸਥਿਰ ਨਹੀਂ ਪਰ ਤੂੰ ਮਿਲੀ ਹੈਂ ਤਾਂ ਇੱਕ ਵਾਰ ਫਿਰ ਇਵੇਂ ਲੱਗਦਾ ਹੈ ਕਿ ਕਦੇ ਨਹੀਂ ਬਦਲੇਂਗੀ ਤੂੰ ਇਸੇ ਤਰ੍ਹਾਂ ਰਹੇਂਗੀ ਸਦਾ ਮੁਹੱਬਤ ਨਾਲ ਭਰੀ ਹੋਈ .....

ਤਰਤੀਬ ’ਚ

ਮੈਂ ਕਵਿਤਾ ਪੜ੍ਹਦਿਆਂ ਕਵਿਤਾ ਰਚਦਿਆਂ ਕਲਪਨਾ ’ਚ ਡੁੱਬਿਆ ਟੀ.ਵੀ ਤੇ ਕ੍ਰਿਕਟ ਮੈਚ ਖਿਡਾਰੀ ਜਿੱਤ ਲਈ ਜੀਅ ਜਾਨ ਤੋੜਦੇ ਬੱਚੇ ਪੜ੍ਹਦੇ ਇਮਤਿਹਾਨ ਦੇ ਦਿਨਾਂ ’ਚ ਮਾਂ ਉਹਨਾਂ ਦੀ ਸੁਣਦੀ ਪ੍ਰਸ਼ਨ ਹੁਣੇ ਦੁੱਧ ਵਾਲਾ ਦੁੱਧ ਉਲੱਦ ਕੇ ਗਿਆ ਸੱਖਣੇ ਭਾਂਡੇ ਵਿਚ ਫੁੱਲ ਖਿੜਿਆ ਗੁਲਦਸਤੇ ਵਿੱਚ ਸੂਰਜ ਚਮਕਦਾ ਪੌਣ ਰੁਮਕਦੀ ਹਰ ਕੋਈ ਆਪਣੇ ਆਪਣੇ ਕਾਰਜ ਵਿੱਚ ਮਸਤ ਇਸੇ ਲਈ ਧਰਤੀ ਸਦਾ ਤਰਤੀਬ ’ਚ ਘੁੰਮਦੀ....।

ਕਿਉਂ

ਸਾਰੀ ਦੁਨੀਆਂ ਤੈਨੂੰ ਤੱਕ ਸਕਦੀ ਹੈ ਸਿਰਫ਼ ਮੈਂ ਨਹੀਂ ਤੱਕ ਸਕਦਾ ਸਾਰੀ ਦੁਨੀਆਂ ਤੈਨੂੰ ਫੋਨ ਕਰ ਸਕਦੀ ਹੈ ਸਿਰਫ਼ ਮੈਂ ਨਹੀਂ ਕਰ ਸਕਦਾ ਸਾਰੀ ਦੁਨੀਆਂ ਤੈਨੂੰ ਮਿਲ ਸਕਦੀ ਹੈ ਸਿਰਫ਼ ਮੈਂ ਨਹੀਂ ਮਿਲ ਸਕਦਾ ਸਾਰੀ ਦੁਨੀਆਂ ਤੇਰੇ ਬਾਰੇ ਗੱਲਾਂ ਕਰ ਸਕਦੀ ਹੈ ਸਿਰਫ਼ ਮੈਂ ਨਹੀਂ ਕਰ ਸਕਦਾ ਮੈਂ ਜੋ ਦੁਨੀਆਂ ’ਚ ਸਭ ਤੋਂ ਵੱਧ ਤੈਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਹਾਂ ਤੈਨੂੰ ਪੁੱਛਦਾ ਹਾਂ- ਕਿ ਸਮਾਜ ਪਿਆਰ ਕਰਨ ਵਾਲਿਆਂ ਨੂੰ ਏਨੀਆਂ ਵੱਡੀਆਂ ਸਜ਼ਾਵਾਂ ਕਿਉਂ ਦਿੰਦਾ ਹੈ.. ? ਕਿਉਂ...?

ਕੁਝ ਨਹੀਂ ਹੋਵੇਗਾ

ਸਭ ਕੁਝ ਹੋਵੇਗਾ ਤੇਰੇ ਕੋਲ ਇਕ ਮੇਰੇ ਕੋਲ ਹੋਣ ਦੇ ਅਹਿਸਾਸ ਤੋਂ ਬਿਨਾ ਸਭ ਕੁਝ ਹੋਵੇਗਾ ਮੇਰੇ ਕੋਲ ਤੇਰੀ ਮੁਹੱਬਤ ਭਰੀ ਇਕ ਤੱਕਣੀ ਤੋਂ ਸਿਵਾਅ ਢਕ ਲਵਾਂਗੇ ਅਸੀਂ ਪਦਾਰਥ ਨਾਲ ਆਪਣਾ ਆਪ ਇਕ ਸਿਰੇ ਤੋਂ ਦੂਜੇ ਸਿਰੇ ਤੀਕ ਪਰ ਕਦੇ ਮਹਿਸੂਸ ਕਰ ਕੇ ਵੇਖੀਂ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਵੀ ਨਹੀਂ ਹੋਵੇਗਾ ਸਾਡੇ ਕੋਲ ਆਪਣੇ ਸੁੱਚੇ ਦਿਨਾਂ ਦੀ ਮੁਹੱਬਤ ਜਿਹਾ ਜਦੋਂ ਤੇਰੇ ਕੋਲ ਕੁਝ ਨਹੀਂ ਸੀ ਜਦੋਂ ਮੇਰੇ ਕੋਲ ਕੁਝ ਨਹੀਂ ਸੀ ।

ਨਵਜਨਮ

ਯੁਗਾਂ ਦਾ ਭਟਕਦਾ ਮਨ ਤੇਰੇ ਦੁਆਰ ਤੱਕ ਕਿੰਝ ਆਇਆ ਕੁਝ ਪਤਾ ਨਹੀਂ ਬਸ ਏਨਾ ਕੁ ਯਾਦ ਹੈ ਕਿ ਤੇਰੀ ਮੁਹੱਬਤ ਦੇ ਨਿਰਮਲ ਨੀਰ ਵਿੱਚ ਜਨਮਾਂ ਦੀ ਧੂੜ ਨਾਲ ਭਰਿਆ ਆਪਣਾ ਚਿਹਰਾ ਧੋਤਾ ਤੇ ਨਵਜਨਮ ਵਿੱਚ ਪ੍ਰਵੇਸ਼ ਕਰ ਗਿਆ...।

ਅਜਨਬੀ ਔਰਤ

ਸਮੁੰਦਰ ਵਿੱਚ ਠਿਲ੍ਹਣ ਲਈ ਅਸੀਂ ਅਜੇ ਪੈਰ ਹੀ ਧਰਿਆ ਸੀ ਕੁਝ ਕੁ ਕਦਮ ਹੀ ਤੁਰੇ ਸਾਂ ਕਿ ਉਸਨੇ ਸਮੁੰਦਰ ਦੇ ਐਨ ਵਿਚਕਾਰ ਲਹਿਰਾਂ ਦੀ ਭਿਆਨਕਤਾ ਦੇਖੀ ਉਸਦੀਆਂ ਅੱਖਾਂ ਵਿੱਚ ਸਹਿਮ ਦੀ ਪਰਛਾਈ ਜਿਹੀ ਉੱਭਰੀ ਉਸਨੇ ਮੇਰੇ ਹੱਥ ’ਚੋਂ ਆਪਣਾ ਹੱਥ ਪਿਛਾਂਹ ਨੂੰ ਖਿੱਚਿਆ ਤੇ ਬੋਲੀ- ਮੈਨੂੰ ਮੁੜ ਜਾਣ ਦੇ ... ਮੈਂ ਹੈਰਾਨ ਹੋ ਕੇ ਉਸਦੀਆਂ ਅੱਖਾਂ ਵਿੱਚ ਵੇਖਿਆ ਪਰ ਉੱਥੇ ਤਾਂ ‘ਉਹ’ ਕਿਤੇ ਨਹੀਂ ਸੀ ਜਿਸ ਤੇ ਵਿਸ਼ਵਾਸ ਕਰਕੇ ਮੈਂ ਠਾਠਾਂ ਮਾਰਦੇ ਸਮੁੰਦਰ ਵਿੱਚ ਠਿੱਲ੍ਹ ਪਿਆ ਸਾਂ ਉਸਦੀਆਂ ਅੱਖਾਂ ਵਿੱਚ ‘ਉਹ’ ਤਾਂ ਕਿਤੇ ਵੀ ਨਹੀਂ ਸੀ ਉੱਥੇ ਤਾਂ ਖੜੀ ਸੀ ਹੁਣ ਕੋਈ ਅਜਨਬੀ ਜਿਹੀ ਔਰਤ ਬੇਪਛਾਣ ਜਿਹਾ ਕੋਈ ਵਜੂਦ ਜਿਸਦੇ ਅੰਦਰ ਕਿੰਨੇ ਹੀ ਯੁੱਧ ਲੜੇ ਜਾ ਰਹੇ ਸਨ ਇੱਕੋ ਵੇਲੇ ਕਿੰਨੇ ਹੀ ਰਿਸ਼ਤਿਆਂ ਦਾ ਮੱਚਿਆ ਸੀ ਘਮਸਾਣ ਉੱਥੇ ਉਸਦੀਆਂ ਅੱਖਾਂ ’ਚ ਉਹਨਾਂ ਯੁੱਧਾਂ ਦੀ ਤਸਵੀਰ ਝਲਕਦੀ ਸੀ ਉੱਥੇ ਮੇਰਾ ਅਕਸ ਤਾਂ ਕਿਤੇ ਵੀ ਨਹੀਂ ਸੀ ਮੈਂ ਜੋ ਉਸ ਤੇ ਵਿਸ਼ਵਾਸ ਕਰਕੇ ਠਾਠਾਂ ਮਾਰਦੇ ਸਮੁੰਦਰ ਵਿੱਚ ਠਿੱਲ੍ਹ ਪਿਆ ਸਾਂ।

ਤਿੱਥ ਤਰੀਕਾਂ

ਉਹ ਪੁੱਛਦੀ - ਤੈਨੂੰ ਪਤਾ ਹੈ ਪਹਿਲੀ ਵਾਰ ਕਿਸ ਦਿਨ ਮਿਲੇ ਸੀ ਅਸੀਂ ਕੀ ਤਰੀਕ ਕੀ ਮਹੀਨਾ ਕੀ ਸਾਲ ਮੈਂ ਕਹਿੰਦਾ - ਨਹੀਂ ਦੂਜੀ ਵਾਰ ਕਦੋਂ ਮਿਲੇ ਸਾਂ ਯਾਦ ਹੈ ਮੈਂ ਕਿਹਾ- ਨਹੀਂ.. ਉਹ ਫੇਰ ਪੁੱਛਦੀ ਤੀਜੀ ਵਾਰ .... ? ਮੈਂ ਕਹਿੰਦਾ- ਨਹੀਂ.. ਮੈਂ ਕਿਹਾ- ਮੈਨੂੰ ਤਿੱਥਾਂ ਤਰੀਕਾਂ ਚੇਤੇ ਨਹੀਂ ਰਹਿੰਦੀਆਂ ਬਸ ਮੈਨੂੰ ਤਾਂ ਮਿਲਣ ਦੇ ਉਹ ਪਲ ਯਾਦ ਰਹਿੰਦੇ ਉਹਨਾਂ ਸੰਯੋਗੀ ਪਲਾਂ ਦਾ ਬੂਟਾ ਮੇਰੇ ਮਨ ਦੀ ਧਰਤੀ ’ਚ ਕਿਸੇ ਨੁੱਕਰੇ ਰਾਤ ਰਾਣੀ ਦੀ ਵੇਲ ਵਾਂਗ ਮਹਿਕ ਪੈਂਦਾ ਅਕਸਰ ਰਾਤ ਨੂੰ ਜਦ ਮੇਰੀ ਜਾਗ ਖੁੱਲ੍ਹਦੀ ਤਾਂ ਉਹ ਮਹਿਕ ਮੇਰੇ ਸਾਹਾਂ ਵਿੱਚੋਂ ਨਿਕਲ ਮੇਰੇ ਆਲੇ ਦੁਆਲੇ ਵਿੱਚ ਫੈਲਣ ਲੱਗਦੀ.. ਇਸ ਮਹਿਕ ’ਚ ਗੁਆਚਾ ਮੈਂ ਫਿਰ ਉਹਨਾਂ ਪਲਾਂ ਵਿੱਚ ਪਰਤ ਜਾਂਦਾ ਉਹਨਾਂ ਪਲਾਂ ਨੂੰ ਮੁੜ ਜਿਊਣ ਲੱਗਦਾ ਮੈਂ ਕਹਿੰਦਾ - ਤਿੱਥਾਂ ਤਰੀਕਾਂ ਦਾ ਚੇਤਾ ਤੂੰ ਰੱਖ ਲੈ ਮੇਰੇ ਅੰਦਰ ਤਾਂ ਬੱਸ ਮਿਲਣ ਦੇ ਉਹਨਾਂ ਪਲਾਂ ਦਾ ਅਹਿਸਾਸ ਹੀ ਮਹਿਕਦਾ ਰਹਿਣ ਦੇ।

ਪ੍ਰਤਿਬਿੰਬਤ

ਜਦੋਂ ਮੈਂ ਉਸਨੂੰ ਦੁਨੀਆਂ ਦਾ ਸਭ ਤੋਂ ਖ਼ੂਬਸੂਰਤ ਮਰਦ ਭਾਸ ਰਿਹਾ ਸਾਂ ਉਹ ਹੋਰ ਕੁਝ ਨਹੀਂ ਸਿਰਫ਼ ਉਸਦੇ ਅੰਦਰਲੀ ਮੁਹੱਬਤ ਦੀ ਸਿਖਰ ਸੀ.. ਤੇ ਫਿਰ ਜਦੋਂ ਮੈਂ ਉਸਨੂੰ ਦੁਨੀਆਂ ਦਾ ਸਭ ਤੋਂ ਘਟੀਆ ਆਦਮੀ ਜਾਪ ਰਿਹਾ ਸਾਂ ਤਾਂ ਉਹ ਵੀ ਉਸਦੇ ਆਪਣੇ ਮਨ ਦੀ ਤਲਖ਼ੀ ਉਸਦੇ ਆਪਣੇ ਗੁਨਾਹ ਦਾ ਪਰਛਾਵਾਂ ਸੀ ਮੈਂ ਤਾਂ ਕੁਝ ਵੀ ਨਹੀਂ ਸਾਂ ਉਸਦੇ ਅੰਦਰੋਂ ਉਸਦਾ ਆਪਾ ਹੀ ਪ੍ਰਤੀਬਿੰਬਤ ਹੁੰਦਾ ਰਿਹਾ ਮੇਰੇ ਬਹਾਨੇ ਉਸਨੇ ਸਦਾ ਆਪਣੇ ਆਪ ਨੂੰ ਪ੍ਰੀਭਾਸ਼ਤ ਕੀਤਾ ਹੈ।

ਕਵਿਤਾ ਵਰਗੀ

ਉਹ ਕਵਿਤਾ ਦੇ ਵਰਗੀ ਕਹਿੰਦੀ ਮੇਰੇ ਤੇ ਇੱਕ ਕਵਿਤਾ ਲਿਖ ਦੇ ਆਪਣੇ ਸ਼ਬਦਾਂ ਦੇ ਵਿੱਚ ਮੇਰੇ ਸਾਹਾਂ ਦੀ ਖ਼ੁਸ਼ਬੂ ਨੂੰ ਭਰ ਦੇ ਆਪਣੇ ਲਫ਼ਜ਼ਾਂ ਦੇ ਵਿੱਚ ਪਿਆਰ ਦੇ ਅੰਦਰ ਭਿੱਜੇ ਮੇਰੇ ਦਿਲ ਦੀ ਸਿਲ੍ਹੀ ਧੜਕਨ ਲਿਖ ਦੇ.. ਕਿੰਝ ਦੱਸਾਂ ਕਿ ਮੇਰੇ ਸ਼ਬਦਾਂ ਵਿੱਚ ਉਸਦਾ ਸੋਹਣਾ ਮੁਖੜਾ ਤੈਰ ਰਿਹਾ ਹੈ ਜਿਉਂ ਝੀਲ ਵਿੱਚ ਕੋਈ ਚੰਦਰਮਾ ਰਾਤ ਪੁੰਨਿਆਂ ਦੀ ਡੁਬਦਾ ਤਰਦਾ ਮੇਰਿਆਂ ਖਾਬਾਂ ਦੇ ਵਿੱਚ ਆ ਕੇ ਰੋਜ਼ ਹੀ ਉਸਦਾ ਚੰਚਲ ਚਿਹਰਾ ਵਿੱਚ ਸੁਪਨਿਆਂ ਜਗਮਗ ਕਰਦਾ ਕਿੰਝ ਆਖਾਂ ਕਿ ਮੇਰੇ ਦਿਲ ਦੇ ਸੁੰਨੇ ਮਾਰੂਥਲ ਦੇ ਅੰਦਰ ਉਹ ਕਿਸੇ ਚੰਚਲ ਬੱਦਲੀ ਵਾਂਗੂੰ ਆ ਕੇ ਕਿਣਮਿਣ ਵਰ੍ਹ ਗਈ ਹੈ ਮੇਰੇ ਉਜੜੇ ਨੈਣਾਂ ਦੇ ਵਿੱਚ ਜੜੇ ਆਕਾਸ਼ੀਂ ਤਾਰਿਆਂ ਵਾਂਗੂੰ ਕਿੰਨੇ ਸੁਪਨੇ ਧਰ ਗਈ ਹੈ ਬੁਝ ਚੁੱਕੇ ਇਸ ਦਿਲ ਦੇ ਅੰਦਰ ਚਿਣਗ ਜਿਉਣ ਦੀ ਧਰ ਗਈ ਹੈ ਉਜੜੇ ਸੁੰਨ ਸਰਾਂ ਜੰਗਲ ਵਿੱਚ ਪਿਆਰ ਦਾ ਚਾਨਣ ਭਰ ਗਈ ਹੈ ਕਵਿਤਾ ਕਵਿਤਾ ਕਰ ਗਈ ਹੈ ਉਹ ਜੋ ਖ਼ੁਦ ਕਵਿਤਾ ਵਰਗੀ ਹੈ ਮੈਨੂੰ ਆਖੇ ਮੇਰੇ ਤੇ ਇੱਕ ਕਵਿਤਾ ਲਿਖ ਦੇ।

ਤੇਰੀ ਮੁਹੱਬਤ ਹੈ ਜਾਂ......

ਤੇਰੀ ਮੁਹੱਬਤ ਹੈ ਜਾਂ ਹਨ੍ਹੇਰੀ ਹੈ ਕੋਈ ਮੂੰਹ ਜ਼ੋਰ ਜੋ ਪੈਰਾਂ ਤੋਂ ਉਖਾੜ ਕੇ ਲੈ ਗਈ ਮੈਨੂੰ ਆਪਣੀਆਂ ਬਾਹਵਾਂ ’ਚ ਸਮੇਟ ਤੇਰੀ ਮੁਹੱਬਤ ਹੈ ਜਾਂ ਤੂਫਾਨ ਹੈ ਕੋਈ ਸਮੁੰਦਰੀ ਮੈਨੂੰ ਲਹਿਰਾਂ ਤੇ ਡੁਬਦੇ ਤਰਦੇ ਨੂੰ ਵਹਾ ਕੇ ਲੈ ਗਿਆ ਨਾਲ ਆਪਣੇ ਤੇਰੀ ਮੁਹੱਬਤ ਹੈ ਜਾਂ ਵਾਵਰੋਲਾ ਹੈ ਅੱਥਰਾ ਕੋਈ ਮੇਰੀ ਚੇਤਨਾ ਇਸ ਦੀ ਘੁੰਮਣਘੇਰੀ ਵਿੱਚ ਆਪਣੇ ਹੋਸ਼ ਹਵਾਸ ਗੁਆ ਬੈਠੀ ਹੈ ਤੇਰੀ ਮੁਹੱਬਤ ਹੈ ਜਾਂ ਘੋੜੇ ਨੇ ਕਈ ਬੇਲਗਾਮ ਜੋ ਮੇਰੇ ਅੰਦਰ ਦੌੜਨ ਲੱਗੇ ਨੇ ਸ਼ੂਕਦੇ ਤੂਫ਼ਾਨ ਵਾਂਗਰਾਂ ਤੇਰੀ ਮੁਹੱਬਤ ਹੈ ਜਾਂ ਅਗਨ ਹੈ ਕੋਈ ਲਟ ਲਟ ਬਲ਼ਦੀ ਮੇਰੀ ਕਾਇਆ ਜਿਸ ਵਿੱਚ ਤਪ ਰਹੀ ਮੈਂ ਰਾਖ ਹੁੰਦਾ ਜਾ ਰਿਹਾ ਹਾਂ ਫਿਰ ਤੋਂ ਕੁਕਨੂਸ ਹੋਣ ਲਈ।

ਖਾਲੀ ਕਾਸੇ

ਨਾ ‘ਉਸ’ ਦੇ ਕੋਲ ਕੁਝ ਸੀ ਨਾ ‘ਉਸ’ ਦੇ ਕੋਲ ਕੁਝ ਆਪਣਾ ਆਪਣਾ ਖਾਲੀਪਣ ਲਈ ਉਹ ਦੋਵੇਂ ਇੱਕ ਦੂਜੇ ਦੇ ਕੋਲ ਆਏ ਤੇ ਬੰਨ੍ਹੇ ਗਏ ਮੁਹੱਬਤ ਦੇ ਭਰਮ ਵਿੱਚ ਇੱਕ ਦੂਜੇ ਤੋਂ ਸਕੂਨ ਭਾਲਦੇ ਇੱਕ ਦੂਜੇ ’ਚੋਂ ਸਨੇਹ ਤਲਾਸ਼ਦੇ ਇੱਕ ਦੂਜੇ ’ਚੋਂ ਮੁਹੱਬਤ ਲੱਭਦੇ ਉਹ ਦੋਵੇਂ ਇੱਕ ਦੂਜੇ ਦੇ ਸਾਹਵੇਂ ਆਪੋ ਆਪਣੇ ਖਾਲੀ ਕਾਸੇ ਲਈ ਭਿਖਾਰੀਆਂ ਵਾਂਗ ਖੜ੍ਹੇ ਸਨ ਦੇਣ ਨੂੰ ਨਾ ਉਸ ਦੇ ਕੋਲ ਕੁਝ ਸੀ ਨਾ ਉਸ ਦੇ ਕੋਲ ਕੁਝ ਨਹੀਂ ਸਨ ਜਾਣਦੇ ਮੁਹੱਬਤ ‘ਲੈਣ’ ਦਾ ਨਹੀਂ ‘ਤਿਆਗਣ’ ਦਾ ਨਾਮ ਹੈ।

ਸੁਪਨੇ ਦਾ ਭਰਮ

ਮੈਂ ਕਿਸੇ ਵਿਸ਼ਾਲ ਰੇਗਿਸਤਾਨ ਵਿੱਚ ਭਟਕਿਆ ਹੋਇਆ ਮੁਸਾਫ਼ਿਰ ਸਾਂ ਮੇਰੇ ਚਾਰੇ ਪਾਸੇ ਰੇਤਲੇ ਵਾਵਰੋਲੇ ਸਨ ਤਲਖ਼ ਹਵਾਵਾਂ ਸਨ ਮੇਰੇ ਪਿਆਸੇ ਹੋਠਾਂ ਤੇ ਤਪਦੀ ਰੇਤ ਤੋਂ ਸਿਵਾਅ ਕੁਝ ਨਹੀਂ ਸੀ ਹਾਲੋ ਬੇਹਾਲ ਮੈਂ ਪਾਣੀ ਦੀ ਇੱਕ ਬੂੰਦ ਲਈ ਮਾਰਿਆ ਮਾਰਿਆ ਫਿਰਦਾ ਸਾਂ ਅਚਨਚੇਤ ਮੇਰੇ ਬੁਝੇ ਨੈਣਾਂ ਵਿੱਚ ਰੌਸ਼ਨੀ ਚਮਕੀ ਰੇਤ ਵਿੱਚ ਦੂਰ ਕਿਤੇ ਚਾਨਣ ਦੀ ਲੀਕ ਮੇਰੇ ਨੈਣਾਂ ’ਚ ਇੱਕ ਸੁਪਨਾ ਧਰ ਗਈ ਪਾਣੀ ਦੀ ਲਿਸ਼ਕੋਰ ਇੱਕ ਪਲ ਲਈ ਮੇਰੇ ਨੈਣਾਂ ਨੂੰ ਚਾਨਣ ਚਾਨਣ ਕਰ ਗਈ ਮੈਂ ਥੱਕੇ ਟੁੱਟੇ ਕਦਮਾਂ ਵਿੱਚ ਜੀਵਨ ਦੀ ਆਸ ਭਰਕੇ ਆਪਣੇ ਤ੍ਰੇੜੇ ਪੇਪੜੀਆਂ ਜੰਮੇ ਹੋਠਾਂ ਵਿੱਚ ਜੁੱਗਾਂ ਜਿੱਡੀ ਪਿਆਸ ਭਰ ਕੇ ਆਪਣੇ ਬੁਝੇ ਨੈਣਾਂ ਵਿੱਚ ਪਾਣੀ ਦਾ ਸੁਪਨਾ ਧਰ ਕੇ ਡਿੱਗਦਾ ਢਹਿੰਦਾ ਹਾਲੋ ਬੇਹਾਲ ਦੌੜਿਆ ਦੂਰ ਜਿੱਥੇ ਰੇਤ ਵਿੱਚ ਪਾਣੀ ਦਾ ਕਲ ਕਲ ਵਗਦਾ ਚਸ਼ਮਾ ਨਿਰੰਤਰ ਵਗ ਰਿਹਾ ਸੀ ਜਿਹੜਾ ਮੇਰੇ ਰੁੱਖੇ ਨੈਣਾਂ ਵਿੱਚ ਨਵਾਂ ਜੀਵਨ ਬਣ ਕੇ ਜਗ ਰਿਹਾ ਸੀ ਮੈਂ ਹਾਲੋ ਬੇਹਾਲ ਦੌੜਿਆ ਡਿਗਦਾ ਢਹਿੰਦਾ ਪਰ ਹਰ ਵਾਰ ਉਹ ਚਸ਼ਮਾ ਮੇਰੇ ਤੋਂ ਹੋਰ ਕੋਹਾਂ ਦੂਰ ਚਲਾ ਜਾਂਦਾ ਮਾਰਿਆ ਮਾਰਿਆ ਉਸਦੇ ਪਿੱਛੇ ਮੈਂ ਕਿਥੋਂ ਤੀਕ ਭਲਾ ਜਾਂਦਾ ਅਚਨਚੇਤ ਮੇਰੇ ਕੋਲ ਪੌਣ ਦਾ ਇੱਕ ਬੁੱਲਾ ਜਿਹਾ ਆਇਆ ਉਸਨੇ ਸਮਝਾਇਆ- ਹੇ ਮੂਰਖ ! ਏਹ ਤੂੰ ਜਿਸਦੇ ਪਿੱਛੇ ਭੱਜ ਰਿਹਾ ਹੈਂ ਚਸ਼ਮਾ ਨਹੀਂ ਹੈ ਇਹ ਹੈ ਸਿਰਫ਼ ਮਾਇਆ ਪਾਣੀ ਨਹੀਂ ਹੈ ਇਹ ਸਿਰਫ਼ ਹੈ ਪਾਣੀ ਦੀ ਛਾਇਆ..... ਇਹ ਸੁਪਨਾ ਜੋ ਤੇਰੀ ਅੱਖ ਨੂੰ ਨਜ਼ਰ ਆਇਆ ਇਹ ਤੇਰੇ ਆਪਣੇ ਮਨ ਦੀ ਪਰਛਾਈ ਹੈ ਤੇਰੀ ਪਿਆਸ ਹੈ ਤੇਰੇ ਮਨ ਦੀ ਉਂਗਲ ਫੜ ਜੋ ਇਥੋਂ ਤੀਕ ਤੈਨੂੰ ਆਪਣੇ ਨਾਲ ਨਾਲ ਲੈ ਆਈ ਹੈ.... ਰੇਤ ਵਿੱਚ ਧਸਿਆ ਮੈਂ ਫਿਰ ਆਪਣੀ ਔਕਾਤ ਪਛਾਣਦਾ ਹਾਂ ਆਪਣੇ ਹੋਠਾਂ ਦੀ ਪਿਆਸ ਪਛਾਣਦਾ ਹਾਂ ਮੈਂ ਰੇਗਿਸਤਾਨ ’ਚ ਭਟਕਿਆ ਹੋਇਆ ਰਾਹੀ ਹਾਂ ਸਿਰਫ਼ ਰੇਤਲੇ ਵਾਵਰੋਲੇ ਤਲਖ਼ ਧੁੱਪਾਂ ਹੀ ਮੇਰੀ ਹੋਣੀ ਹੈ ਮੈਂ ਆਪਣੀ ਪਿਆਸ ਦੀ ਔਕਾਤ ਪਛਾਣਦਾ ਹਾਂ....।

ਪਿਆਸ

ਉਸਨੇ ਛੋਹਿਆ ਤਾਂ ਸਰਦ ਸ਼ਬਦਾਂ ਵਿੱਚ ਇੱਕ ਵਾਰ ਫਿਰ ਕੰਬਣੀ ਛਿੜੀ ਲਰਜ਼ ਉੱਠੀਆਂ ਫੇਰ ਜਿਸਮ ਦੀਆਂ ਸਾਰੀਆਂ ਤਰਬਾਂ ਅਜੀਬ ਜਿਹਾ ਸੰਗੀਤ ਸੀ ਜੋ ਧੁਰ ਅੰਦਰ ਤੱਕ ਗੂੰਜ ਪਿਆ ਅਜਬ ਜਿਹੀ ਮਹਿਕ ਸੀ ਜੋ ਗਹਿਰੀ ਮਿੱਟੀ ’ਚ ਭਰ ਉੱਠੀ ਉਸਨੇ ਛੋਹਿਆ ਤਾਂ ਹੋਠਾਂ ’ਚ ਮੁੱਦਤ ਤੋਂ ਮਰ ਚੁੱਕੀ ਪਿਆਸ ਜਾਗ ਪਈ ਤੜਪ ਉੱਠੇ ਅੰਦਰ ਫੇਰ ਕਿੰਨੀਆਂ ਸਿਮਰਤੀਆਂ ਦੇ ਵਾਵਰੋਲੇ ਰੁੱਤਾਂ ਦੇ ਰੰਗ ਇੱਕ ਵਾਰ ਫੇਰ ਸ਼ੋਖ਼ ਹੋ ਗਏ ਉਸਨੇ ਛੋਹਿਆ ਮੈਨੂੰ ਮਨ ਦੀ ਧਰਤੀ ਇੱਕ ਵਾਰ ਫੇਰ ਕੰਬ ਉੱਠੀ ਤਨ ਦਾ ਜੰਗਲ ਇੱਕ ਵਾਰ ਫੇਰ ਜਾਗ ਪਿਆ ਉਸਨੇ ਛੋਹਿਆ ਮੈਨੂੰ ................ ਨਦੀ ਇਸ ਤਰਾਂ ਤੜਪੀ ਸਾਗਰ ਦੀਆਂ ਬਾਹਾਂ ’ਚ ਲੱਗਦਾ ਸੀ ਕਿ ਤੋੜ ਦਏਗੀ ਹੱਦਬੰਦੀਆਂ ਜੋ ਦੁਨੀਆਂ ਨੇ ਉਸ ਲਈ ਸਿਰਜੀਆਂ ਬੰਧਨ ਸਾਰੇ ਜਿਹੜੇ ਸੰਸਕਾਰਾਂ ਨੇ ਸਦੀਆਂ ਤੋਂ ਵਲੇ ਸਨ ਦੁਆਲੇ ਉਸਦੇ ਕਿਸੇ ਨਦੀ ਦਾ ਇਸ ਤਰ੍ਹਾਂ ਤੜਪਣਾ ਉਹ ਪਹਿਲੀ ਵਾਰ ਦੇਖ ਰਿਹਾ ਸੀ ਦੂਰੋਂ ਜਿਹੜੀ ਨਦੀ ਭਰੀ ਛਲਕਦੀ ਦਿਸਦੀ ਸੀ ਉਹ ਕਿਨਾਰਿਆਂ ਤੱਕ ਰੇਤ ਨਾਲ ਭਰੀ ਪਈ ਸੀ ਪਰ ਰੇਤ ਸੀ ਕਿ ਪਾਣੀਆਂ ਤੋਂ ਵੀ ਸ਼ਕਤੀਵਰ ਨੀਰ ਨਹੀਂ ਸੀ ਹੋਠਾਂ ’ਚ ਉਸਦੇ ਉੱਥੇ ਤਾਂ ਯੁਗਾਂ ਦੀ ਪਿਆਸ ਸੀ ਜਿਹੜੀ ਉਸਦੀਆਂ ਬਾਹਵਾਂ ’ਚ ਇਸ ਤਰ੍ਹਾਂ ਤੜਪੀ ਕਿ ਲੱਗਿਆ ਤੋੜ ਦਏਗੀ ਅਨੰਤ ਸਦੀਆਂ ਦੇ ਬੰਧਨ... ................ ਆਪਣੀ ਕਾਇਆ ’ਚ ਅੰਤਾਂ ਦੀ ਪਿਆਸ ਦੀ ਭਰੀ ਇੱਕ ਛਲਕਦੀ ਨਦੀ ਦੇ ਹੋਠਾਂ ਤੇ ਨੀਰ ਤਲਾਸ਼ਦਿਆਂ ਮਹਿਸੂਸ ਹੋਇਆ ਅਚਾਨਕ ਕਿ ਨਦੀ ਦੇ ਹੋਠਾਂ ਤੇ ਰੇਤ ਹੀ ਰੇਤ ਸੀ ਰੇਤ ਜਿੰਨੀ ਤੜਪ ਤੜਪਦੀ ਰੇਤ ਜਿੰਨੀ ਪਿਆਸ ਉਹ ਨਦੀ ਦੇ ਹੋਠਾਂ ’ਚੋਂ ਨੀਰ ਤਲਾਸ਼ ਰਿਹਾ ਸੀ ਨਦੀ ਉਸਦੇ ਅੰਦਰੋਂ ਇੱਕ ਸਮੁੰਦਰ ਡੀਕ ਜਾਣਾ ਚਾਹੁੰਦੀ ਸੀ ਏਨੀ ਤੜਪ ਸੀ ਨਦੀ ਦੀ ਪਿਆਸ ਵਿੱਚ ਕਿ ਉਸਨੂੰ ਆਪਣੀ ਪਿਆਸ ਭੁੱਲ ਗਈ ਪਿਆਸ ਪਿਆਸ ਨਾਲ ਖੇਡ ਰਹੀ ਸੀ ਪਿਆਸ ਪਿਆਸ ਨਾਲ ਤੜਪ ਰਹੀ ਸੀ ਪਿਆਸ ਪਿਆਸ ਨਾਲ ਪਿਆਸ ਬੁਝਾ ਰਹੀ ਸੀ ਜਿਸਮਾਂ ਤੋਂ ਪਾਰ ਜਾਣ ਲਈ ਛਟਪਟਾ ਰਹੀ ਸੀ .............. ਕੋਈ ਨਹੀਂ ਜਾਣਦਾ ਨਦੀ ਕਿੰਨੀ ਕੁ ਪਿਆਸੀ ਹੈ ਤੇ ਸਮੁੰਦਰ ਕਿੰਨਾ ਕੁ ਤ੍ਰਿਹਾਇਆ ਨਦੀ ਆਪਣੀ ਤੇਹ ’ਚ ਤੜਪਦੀ ਸਮੁੰਦਰ ਵੱਲ ਦੌੜਦੀ ਹੈ ਸਮੁੰਦਰ ਆਪਣੀ ਪਿਆਸ ਵਿੱਚ ਬੇਚੈਨ ਬੱਦਲਾਂ ਵੱਲ ਨੂੰ ਉੱਡਦਾ ਹੈ ............. ਪਿਆਸ ਜੇ ਬਿਰਖ ਦੀ ਹੋਵੇ ਤਾਂ ਸਮਝ ਲੱਗਦੀ ਪਿਆਸ ਜੇ ਰੇਤ ਦੀ ਹੋਵੇ ਤਾਂ ਮਨ ਲੱਗਦੀ ਪਿਆਸ ਜੇ ਪੱਥਰ ਨੂੰ ਲੱਗੇ ਤਾਂ ਗਲ ਫੱਬਦੀ ਪਰ ਪਿਆਸ ਜਦੋਂ ਪਾਣੀਆਂ ਦੀ ਰੂਹ ’ਚ ਹੀ ਵੱਸ ਜਾਵੇ ਤਾਂ ਜਲ ਦੀ ਪਿਆਸ ਨੂੰ ਫਿਰ ਕੌਣ ਬੁਝਾਵੇ ............... ਅਨੰਤ ਹੈ ਇਹ ਪਿਆਸ ਦਾ ਸਫ਼ਰ ਪਿਆਸ - ਗਿਆਨ ਦੀ ਪਿਆਸ - ਮੁਹੱਬਤ ਦੀ ਪਿਆਸ - ਰੂਹ ਦੀ ਹਰ ਥਾਂ ਹਰ ਪਲ ਤੜਪਦੀ ਹੈ ਪਿਆਸ ਨਾ ਨਦੀਆਂ ਡੀਕ ਕੇ ਬੁਝਦੀ ਨਾ ਸਮੁੰਦਰ ਪੀ ਕੇ ਮਿਟਦੀ ਨਾ ਬੱਦਲਾਂ ਨੂੰ ਪੱਲੇ ’ਚ ਭਰ ਕੇ ਅੰਤਾਂ ਦੀ ਮੁਹੱਬਤ ਕਰ ਕੇ ਮਿਟਦੀ ਨਹੀਂ ਪਿਆਸ.... ਜਾਗਦੀ ਬੁਝਦੀ ਫਿਰ ਜਾਗਦੀ ਪੈਰਾਂ ਨੂੰ ਭਟਕਣ ਵਿੱਚ ਪਾਈ ਰੱਖਦੀ ਪਿਆਸ ਅਨੰਤ ਹੈ ਇਹ ਪਿਆਸ ਦਾ ਸਫ਼ਰ....। .............. ਮੇਰੇ ਜਨਮ ਤੋਂ ਵੀ ਪਹਿਲਾਂ ਮੇਰੀ ਰੂਹ ਵਿੱਚ ਤੜਪਦੀ ਸੀ ਪਿਆਸ ਮੇਰੇ ਜਨਮ ਤੋਂ ਬਾਅਦ ਇਹ ਪਿਆਸ ਮੇਰੇ ਅੰਦਰ ਮੈਨੂੰ ਬੇਚੈਨ ਕਰਦੀ ਸਾਰੀ ਉਮਰ ਮੇਰੇ ਪੈਰਾਂ ਨੂੰ ਭਟਕਣ ਦੇ ਰਾਹ ਪਾਈ ਰੱਖਿਆ ਇਸਨੇ ਕਦੇ ਮਿੱਟੀ ’ਚ ਲੱਭਿਆ ਕਦੇ ਖਿਲਾਅ ’ਚ ਭਾਲਿਆ ਕਿੱਥੇ ਕਿੱਥੇ ਤਲਾਸ਼ਦਾ ਰਿਹਾ ਮੈਂ ਆਪਣੀ ਪਿਆਸ ਦਾ ਬਦਲ ਪਰ ਜਿੰਨੀ ਬੁਝਾਈ ਓਨੀ ਹੋਰ ਤੀਖਣ ਹੁੰਦੀ ਗਈ ਪਿਆਸ ਮੇਰੇ ਮਗਰੋਂ ਮੇਰੀ ਆਤਮਾ ਵਿੱਚ ਤੜਪਦੀ ਰਹੇਗੀ ਪਿਆਸ ਜਨਮ ਜਨਮ ਮੈਂ ਜਨਮ ਲੈਂਦਾ ਰਹਾਂਗਾ ਇਸੇ ਪਿਆਸ ਸਦਕਾ....। ............... ਮਿੱਟੀ ਹੈ ਨਿਰੀ ਜੇ ਬੰਦੇ ਦੇ ਅੰਦਰ ਨਹੀਂ ਹੈ ਪਿਆਸ ਜੜ੍ਹ ਨੇ ਕਦਮ ਜਿਹਨਾਂ ਨੂੰ ਭਟਕਣ ਦਾ ਵਰ ਨਹੀਂ ਪੱਥਰ ਨੇ ਉਹ ਨੈਣ ਜਿਹਨਾਂ ’ਚ ਕੋਈ ਸੁਪਨਾ ਨਹੀਂ ਮੁਰਦਾ ਹੈ ਦਿਲ ਜਿਸ ਵਿੱਚ ਤੜਫ਼ ਨਹੀਂ ਯਖ਼ ਹੈ ਜਿਸਮ ਜਿਸ ਵਿੱਚ ਕਿਸੇ ਨੂੰ ਮਿਲਣ ਦੀ ਕੰਬਣੀ ਨਹੀਂ ਸੂਰਜ ਚੜ੍ਹਦਾ ਛਿਪ ਜਾਂਦਾ ਦਿਨ ਉਗਦਾ ਰਾਤ ਪੈਂਦੀ ਪੀੜ੍ਹੀਆਂ ਨਸਲਾਂ ਜੰਮਦੀਆਂ ਮਰ ਜਾਂਦੀਆਂ.... ਪਰ ਸਦਾ ਜਿਊਂਦੀ ਰਹਿੰਦੀ ਬੰਦੇ ਦੇ ਧੁਰ ਅੰਦਰ ਪਿਆਸ ............... ਮੈਂ ਜਦੋਂ ਵੀ ਭਟਕਿਆ ਸਦਾ ਪਰਛਾਵਿਆਂ ਪਿੱਛੇ ਭਟਕਿਆ ਮੇਰੀ ਪਿਆਸ ਨੂੰ ਜਦ ਵੀ ਛਲਿਆ ਤਾਂ ਸਦਾ ਰੇਤ ਨੇ ਛਲਿਆ... ਮੇਰੀ ਪਿਆਸ ਦਾ ਜਨੂੰਨ ਸੀ ਕਿ ਮੈਥੋਂ ਰੇਤ ਤੇ ਪਾਣੀ ਵਿੱਚ ਫ਼ਰਕ ਨਾ ਕਰ ਹੋਇਆ ਮੇਰੀ ਤੇਹ ਦੀ ਸਿਖ਼ਰ ਸੀ ਕਿ ਮੈਂ ਪਰਛਾਵੇਂ ਅਤੇ ਅਸਲੀਅਤ ਦੀ ਪਹਿਚਾਣ ਨਾ ਕਰ ਸਕਿਆ ਮੈਂ ਹਰ ਚਸ਼ਮੇ ਪਿੱਛੇ ਕਿਸੇ ਪਾਗਲ ਮਿਰਗ ਵਾਂਗੂੰ ਦੌੜਿਆ ਪਾਣੀ ਕੋਲ ਪਹੁੰਚਦਾ ਤਾਂ ਉਹ ਰੇਤ ਬਣ ਜਾਂਦਾ ਦਰਅਸਲ ਪਾਣੀ ਪਿੱਛੇ ਨਹੀਂ ਮੈਂ ਆਪਣੀ ਹੀ ਪਿਆਸ ਪਿੱਛੇ ਦੌੜ ਰਿਹਾ ਸਾਂ ਮੇਰਾ ਜਨੂੰਨ ਮੇਰੀ ਆਪਣੀ ਪਿਆਸ ਦੀ ਹੀ ਪਰਿਕਰਮਾ ਕਰਦਾ ਸੀ ਤੇ ਮੇਰੀ ਪਿਆਸ ਦਾ ਜਨੂੰਨ ਸੀ ਕਿ ਮੈਥੋਂ ਰੇਤ ਤੇ ਪਾਣੀ ਵਿੱਚ ਫ਼ਰਕ ਨਾ ਕਰ ਹੋਇਆ।

ਜੇ..

ਜੇ ਮੇਰੀਆਂ ਕਵਿਤਾਵਾਂ ਕਿਸੇ ਦੀ ਪੀੜ ਦਾ ਬਿਆਨ ਨਹੀਂ ਕਰਦੀਆਂ ਤਾਂ ਰੁਲਣ ਦਿਉ ਮੇਰੀਆਂ ਕਵਿਤਾਵਾਂ ਨੂੰ ਸੜਕਾਂ ਤੇ ਗਲੀਆਂ ’ਚ ਕੂੜੇ ਦੇ ਢੇਰਾਂ ’ਤੇ ਜਿਨ੍ਹਾਂ ਨੂੰ ਕੂੜਾ ਚੁਗਦੇ ਬੱਚੇ ਵੇਚ ਕੇ ਅੰਨ ਦੀ ਮੁੱਠੀ ਖਰੀਦ ਸਕਣ ਜੇ ਮੇਰੀਆਂ ਕਵਿਤਾਵਾਂ ਕਿਸੇ ਮਸਲੇ ਦਾ ਜ਼ਿਕਰ ਨਹੀਂ ਕਰਦੀਆਂ ਤਾਂ ਵਿਕਣ ਦਿਓ ਮੇਰੀਆਂ ਕਵਿਤਾਵਾਂ ਨੂੰ ਰੱਦੀ ਵਿੱਚ ਦੁਕਾਨਾਂ ਤੇ ਜਿਨ੍ਹਾਂ ਵਿੱਚ ਹਟਵਾਣੀਏ ਥੋੜਾ ਥੋੜਾ ਸੌਦਾ ਪਾ ਕੇ ਵੇਚਣ ਜੇ ਮੇਰੀਆਂ ਕਵਿਤਾਵਾਂ ਕਿਸੇ ਦੇ ਦਰਦ ਦੀ ਬਾਤ ਨਹੀਂ ਪਾਉਂਦੀਆਂ ਤਾਂ ਦੇ ਦੇਵੋ ਮੇਰੀਆਂ ਕਵਿਤਾਵਾਂ ਬੱਚਿਆਂ ਦੇ ਹੱਥਾਂ ਵਿੱਚ ਜਿਨ੍ਹਾਂ ਵਿੱਚ ਡੱਕੇ ਜੋੜ ਕੇ ਉਹ ੳਹਨਾਂ ਦੇ ਪਤੰਗ ਬਣਾ ਬਣਾ ਕੇ ਉਡਾਉਣ ਜੇ ਮੇਰੀਆਂ ਕਵਿਤਾਵਾਂ ਕਿਸੇ ਮੁਹੱਬਤ ਭਰੇ ਦਿਲ ਦੀ ਗੱਲ ਨਹੀਂ ਕਰਦੀਆਂ ਤਾਂ ਕਰਕੇ ਇਹਨਾਂ ਦਾ ਪੁਰਜ਼ਾ ਪੁਰਜ਼ਾ ਕਰ ਦਿਓ ਜਲ ਪਰਵਾਹ ਨਦੀ ਦੇ ਨੀਰ ਵਿੱਚ ਬਿਲਕੁਲ ਹਮਦਰਦੀ ਨਾ ਕਰਨਾ ਮੇਰੀਆਂ ਕਵਿਤਾਵਾਂ ਦੇ ਨਾਲ ਜੇ ਇਹ ਆਮ ਆਦਮੀ ਦੇ ਕੰਮ ਦੀਆਂ ਨਹੀਂ ਤਾਂ ਇਨ੍ਹਾਂ ਨੂੰ ਲਾਇਬਰੇਰੀਆਂ ’ਚ ਸਾਂਭ ਕੇ ਕੀ ਕਰਨਾ।