Phutde Some : Hardial Singh Sikri

ਫੁਟਦੇ ਸੋਮੇ : ਹਰਦਿਆਲ ਸਿੰਘ ਸੀਕਰੀ

1. ਮੈਂ ਕਿੱਨੀ ਵਾਰੀ ਭਾਲੇ

ਮੈਂ ਕਿੱਨੀ ਵਾਰੀ ਭਾਲੇ,
ਮੈਂ ਭਾਲੇ ਕਿੱਨੀ ਵਾਰ,
ਭੁੱਲ ਭਲਾਈਆਂ ਵਾਲੇ
ਕੋਈ ਰਸਤੇ ਗੁੰਝਲਦਾਰ;

ਸ਼ੈਦ ਕਿਤੇ ਫਸ ਜਾਵਾਂ,
ਕਿਸੇ ਤਾਣੀ ਅੰਦਰ ਗੁੰਮਾਂ,
ਦੂਰ ਕਿਤੇ ਧਸ ਜਾਵਾਂ
ਅਰ ਮੁੜ ਕੇ ਫੇਰ ਨ ਘੁੰਮਾਂ।

ਕੀ ਕਰੀਏ ਖੁਲ੍ਹ ਜਾਂਦੇ
ਫਿਰ ਗੁੰਝਲ ਵਾਲੇ ਫਸਤੇ,
ਅਰ ਮੁੜ ਕੇ ਨਜ਼ਰੀਂ ਆਂਦੇ
ਕੋਈ ਦੇਖੇ ਭਾਲੇ ਰਸਤੇ।

2. ਅਜੇ ਹਨੇਰਾ ਹੈ

ਅਜੇ ਹਨੇਰਾ ਹੈ,
ਆਓ ਰਲ ਕੇ,
ਸਾਰੇ ਸਾਰੇ,
ਅਸੀ ਹੱਥ ਵਿਚ ਹੱਥ ਨੂੰ ਲੈ,
ਘੁੱਟੀਏ, ਘੁੱਟੀਏ।

ਆਓ ਸਾਰੇ ਮੀਤ ਤੇ ਦੁਸ਼ਮਣ,
ਨਿੱਕੇ ਵੱਡੇ,
ਆਪਣੇ ਅਤੇ ਬਿਗਾਨੇ,
ਅਜੇ ਹਨੇਰਾ ਹੈ,
ਆਓ ਰਲ ਕੇ,
ਸਾਰੇ ਸਾਰੇ,
ਅਸੀ ਹੱਥ ਵਿਚ ਹੱਥ ਨੂੰ ਲੈ,
ਘੁੱਟੀਏ, ਘੁੱਟੀਏ।

ਭਲਕੇ ਦਿਨ ਚੜ੍ਹਿਆਂ,
ਫਿਰ ਵੰਡੀਆਂ ਪਾਸਣ
ਚਾਨਣ ਤੇ ਪਰਛਾਵੇਂ।
ਤਦ ਕਈ ਪਿਆਰੇ,
ਜਿਨ੍ਹਾਂ ਨਾਲ
ਨਾ ਰਲਦਾ ਕੋਈ
ਮਿਲਸਣ ਆ ਕੇ।
ਪਿਆਰ ਉਨ੍ਹਾਂ ਦਾ
ਮਾਤ ਕਰੇਗਾ ਬਾਕੀ।
ਓਨ੍ਹਾਂ ਅੱਗੇ
ਬਾਕੀ ਸਾਰੇ
ਹੌਲੇ ਹੌਲੇ, ਫਿੱਕੇ ਫਿੱਕੇ!

ਅੱਖਾਂ ਦੀ ਸਿੰਞਾਣ ਬੁਰੀ!
ਭਲਕੇ ਦਿਨ ਚੜ੍ਹਿਆਂ,
ਕੋਈ ਵੈਰੀ ਲੱਗਣ ਮੱਥੇ;
ਦੇਖ ਉਨ੍ਹਾਂ ਨੂੰ
ਚਿਣਗ ਪਏਗੀ ਕੋਈ,
ਦਾਗ਼ ਪੈਣਗੇ,
ਮੰਦੀ ਦਿੱਸੂ,
ਰੰਗ ਰੰਗੀਲੀ,
ਸੋਹਣੀ ਸੋਹਣੀ,
ਪਿਆਰਾਂ ਵਾਲੀ ਚਾਦਰ।
ਅਜੇ ਹਨੇਰਾ ਹੈ,
ਆਓ ਰਲ ਕੇ,
ਸਾਰੇ ਸਾਰੇ,
ਅਸੀ ਹੱਥ ਵਿਚ ਹੱਥ ਨੂੰ ਲੈ,
ਘੁੱਟੀਏ, ਘੁੱਟੀਏ।

3. ਰਾਹੀਆ ਜਾਂਦੇ ਜਾਂਦਿਆ

ਰਾਹੀਆ ਜਾਂਦੇ ਜਾਂਦਿਆ!
ਤੂੰ ਰਾਹ ਦੇ ਵਿਚ ਕੀ ਡਿੱਠਾ?
ਪਾਣੀ ਵੇ ਕੇਹੜੇ ਖੂਹ ਦਾ
ਤੂੰ ਪੀਤਾ ਰਜ ਕੇ ਮਿੱਠਾ?
ਕਿਹੜੇ ਖੂਹ ਦਾ ਖਾਰੜਾ,
ਕਿੱਥੇ ਰਿਹੋਂ ਤੂੰ ਭੁੱਖਾ,
ਕੌਣ ਹੱਸ ਕੇ ਬੋਲਿਆ,
ਕੌਣ ਬੋਲਿਆ ਵੇ ਰੁੱਖਾ?
ਕਿਸ ਕੁਝ ਦਿੱਤਾ ਖਾਣ ਨੂੰ
ਤੈਨੂੰ ਆਦਰ ਨਾਲ ਬਹਾਇਆ,
ਮੰਜਾ ਦਿੱਤਾ ਸੌਣ ਨੂੰ
ਚੰਨ ਦੇ ਚਾਨਣੇ ਡਾਹਿਆ?
ਕਿਸ ਤੈਨੂੰ ਝਿੜਕਾਂ ਦਿੱਤੀਆਂ
ਤੇ ਬੂਹੇ ਅੰਦਰੋਂ ਮਾਰੇ
ਵੇ ਗੜਿਆਂ ਦੇ ਵਿਚ ਸੌਂ ਗਿਓਂ,
ਤੂੰ ਗਿਣਦਾ ਗਿਣਦਾ ਤਾਰੇ।

4. ਕੋਈ ਸ਼ਰਾਬ ਲਿਆਣੀ

ਕੋਈ ਸ਼ਰਾਬ ਲਿਆਣੀ।
ਖਾਲੀ ਹਥ ਨ ਆਣਾਂ ਮੂਲੋਂ,
ਕੋਈ ਸ਼ਰਾਬ ਲਿਆਣੀ ।

ਜਿਹੜੀ ਦਿਲ ਨੂੰ ਹਰਿਆ ਕਰਦੀ;
ਨਾਲ ਫੁਲਾਂ ਜਿਉਂ ਟਾਹਣੀ ਭਰਦੀ,
ਕਾਲੀ ਘਟਾ ਜਦ ਆ ਵਰਸਾਏ
ਠੰਢਾ ਠੰਢਾ ਪਾਣੀ।
ਕੋਈ ਸ਼ਰਾਬ ਲਿਆਣੀ ।

ਜੇਹੜੀ ਦਿਲ ਨੂੰ ਸਾੜੇ ਫੂਕੇ,
ਅੱਗ ਬਣਾਂ ਦੀ ਜੀਕੁਰ ਸ਼ੂਕੇ;
ਸੁੱਕੀ ਹੋਈ ਸ਼ਾਖ ਸ਼ਾਖ ਨੂੰ
ਕਰਦੀ ਫਾਨੀ ਫਾਨੀ।
ਕੋਈ ਸ਼ਰਾਬ ਲਿਆਣੀ ।

ਭਾਵੇਂ ਵੈਹਸ਼ੀ ਨਾਚ ਨਚਾਵੇ,
ਭਾਵੇਂ ਗੋਤੇ ਅੰਦਰ ਪਾਵੇ,
ਬੇ-ਸੁਧੀਆਂ ਦੀ ਨੀਂਦਰ ਅੰਦਰ
ਭੁੱਲੇ ਸਭ ਕਹਾਣੀ।
ਕੋਈ ਸ਼ਰਾਬ ਲਿਆਣੀ ।

ਖੁਸ਼ੀ ਦੀਆਂ ਛੇੜੇ ਝਰਨਾਟਾਂ,
ਭਾਵੇਂ ਇਕਦਮ ਪਾਵੇ ਘਾਟਾਂ,
ਦਿਲ ਮੇਰੇ ਨੂੰ ਛੇਦ ਛੇਦ ਕੇ
ਕਰ ਦਏ ਛਾਨੀ ਛਾਨੀ।
ਕੋਈ ਸ਼ਰਾਬ ਲਿਆਣੀ ।

ਹੋਵੇ ਭਾਵੇਂ ਨਵੀਂ ਨਰੋਈ
ਹੁਣੇ ਹੁਣੇ ਦੀ ਕੱਢੀ ਹੋਈ,
ਚਾਹੇ ਬੜ੍ਹਕਾਂ ਛਡਵੀ ਹੋਵੇ
ਸਦੀਆਂ ਦੀ ਪੁਰਾਣੀ
ਕੋਈ ਸ਼ਰਾਬ ਲਿਆਣੀ ।

5. ਸੁਫ਼ਨੇ ਦਾ ਉੱਡਣ-ਖਟੋਲਾ

ਸੁਫ਼ਨੇ ਦਾ ਉੱਡਣ-ਖਟੋਲਾ
ਮੈਨੂੰ ਲੈ ਜਾਏ ਤੇਰੇ ਕੋਲ।

ਆਸ ਪਾਸ ਚਹਿ ਚੱਕਰ ਲਾਵੇ,
ਫੇਰੇ ਮਾਰੇ, ਨੇੜੇ ਵੀ ਜਾਵੇ,
ਟਿਕਦਾ ਨਹੀਂ ਅਡੋਲ।

ਚਾਨਣ ਗਹਿਰਾ, ਦਰਸ਼ਨ ਔਖਾ,
ਆਲੇ ਦੁਆਲੇ ਜਾਪੇ ਚੜ੍ਹਿਆ
ਬੱਦਲ ਦਾ ਇਕ ਖ਼ੋਲ।

ਸੁਫ਼ਿਨਆਂ ਅੰਦਰ ਇਹੋ ਕੁਝ ਰਹਿੰਦਾ,
ਦਰਸ਼ਨ ਲੁਕਵੇਂ, ਅਟਕਣ ਛਿਨ ਦਾ,
ਰਹਿਣ ਅਧੂਰੇ ਬੋਲ।

ਸਾਜ਼ ਤਾਂ ਪੂਰਾ ਛਿੜ ਨ ਸੱਕਿਆ,
ਗੀਤ ਤਾਂ ਗਲ ਵਿਚ ਰਹਿ ਗਿਆ ਲੁਕਿਆ,
ਖੁਲ੍ਹੇ ਅੱਖ ਅਣਭੋਲ।

ਹੋ ਨਹੀਂ ਸਕਦਾ ਜਾਗ ਦੇ ਅੰਦਰ,
ਚੱਲ ਜੇ ਆਵਾਂ ਤੇਰੇ ਮੰਦਰ,
ਭਰ ਦਏਂ ਮੇਰੀ ਝੋਲ?

6. ਪੱਤਾ ਲਹਿ-ਲਹਾਂਦਾ

ਪੱਤਾ ਲਹਿ-ਲਹਾਂਦਾ,
ਉਮਰਾ ਸਾਰੀ ਚੁੱਪ ਰਿਹਾ;
ਸੁੱਕ ਗਿਆ,
ਤਾਂ ਉਸ ਕੀਤੀ ਖੜ ਖੜ।

ਦੀਵਾ ਲਾਟ ਮਚਾਂਦਾ,
ਉਮਰਾਂ ਸਾਰੀ ਚੁੱਪ ਰਿਹਾ;
ਬੁੱਝਣ ਲੱਗਾ,
ਤਾਂ ਉਸ ਕੀਤੀ ਤੜ ਤੜ।

ਪੰਛੀ ਪੈਲਾਂ ਪਾਂਦਾ,
ਉਮਰਾ ਸਾਰੀ ਚੁਪ ਰਿਹਾ;
ਗੋਲੀ ਵੱਜੀ,
ਤਾਂ ਉਸ ਕੀਤੀ ਫੜ ਫੜ।

7. ਆ ਜਾ ਨੇੜੇ ਨੇੜੇ, ਲਾਟਾਂ ਵਾਲੀਏ

ਆ ਜਾ ਨੇੜੇ ਨੇੜੇ, ਲਾਟਾਂ ਵਾਲੀਏ!

ਦਿਲ ਮੇਰਾ ਨੀ ਸੱਖਣਾ ਨੂਰੋਂ,
ਤੇਰਾ ਚਾਨਣ ਪੈਂਦਾ ਦੂਰੋਂ,
ਅੱਧਾ ਚਾਨਣ, ਅੱਧ ਹਨੇਰਾ,
ਦਿਲ ਨ ਇੱਕੁਰ ਭਰਦਾ ਮੇਰਾ,
ਰਹਿੰਦਾ ਖ਼ਾਲਮ ਖ਼ਾਲੀ ਏ ਨੀ,
ਰਹਿੰਦਾ ਖ਼ਾਲਮ ਖ਼ਾਲੀ ਏ;
ਭਰ ਦੇ ਆ ਕੇ ਨੇੜੇ, ਲਾਟਾਂ ਵਾਲੀਏ!

ਇਸ ਨੂੰ ਨਾਲ ਚਾਨਣੇ ਭਰ ਦੇ,
ਇਸ ਨੂੰ ਜਗਮਗ ਜਗਮਗ ਕਰ ਦੇ,
ਕਿਰਨਾਂ ਦਾ ਇਕ ਨਾਚ ਨਚਾ ਦੇ,
ਝਰਨਾਟਾਂ ਦੀ ਰਾਸ ਰਚਾ ਦੇ,
ਰਾਤ ਜੋ ਏਨੀ ਕਾਲੀਏ ਨੀ,
ਰਾਤ ਜੋ ਏਨੀ ਕਾਲੀਏ;
ਕਰ ਦੇ ਆ ਕੇ ਚਾਨਣ, ਲਾਟਾਂ ਵਾਲੀਏ!

ਚਾਨਣ ਪਾਂਦੀ ਅੱਗ ਲਗਾ ਦੇ,
ਲੂੰਬੇ ਉੱਠਣ ਵਿਚ ਹਵਾ ਦੇ,
ਨੂਰ ਤਪਸ਼ ਦਾ ਇੱਕ ਹੁਲਾਰਾ
ਸ਼ੂਕਰ ਮਾਰੇ, ਉੱਚਾ ਸਾਰਾ,
ਸਭ ਕੁਝ ਓਸ 'ਚ ਬਾਲੀਏ ਨੀ,
ਸਭ ਕੁਝ ਓਸ 'ਚ ਬਾਲੀਏ;
ਆ ਜਾ ਨੇੜ ਨੇੜੇ, ਲਾਟਾਂ ਵਾਲੀਏ!

8. ਰਾਤਾਂ ਪਈਆਂ ਡੂੰਘੀਆਂ

ਰਾਤਾਂ ਪਈਆਂ ਡੂੰਘੀਆਂ,
ਓਏ ਪੰਛੀਆ ਕੱਲਿਆ,
ਉੱਡੀ ਜਾਂਦਿਆ!

ਢਲ ਗਏ, ਢਲ ਗਏ ਈ
ਓਏ ਲੌਢੇ ਵੇਲੇ,
ਪੰਛੀਆਂ ਰਲ ਕੇ ਓਏ
ਜਦ ਸੀ ਭੀੜਾਂ ਪਾਈਆਂ
ਓ ਵਿੱਚ ਹਵਾ ਦੇ!

ਉੱਡੀ ਜਾਂਦਿਆ ਓਏ!
ਮੈਨੂੰ ਗੱਲ ਤਾਂ ਦਸ ਜਾ ਏਨੀ,
ਭਲਾ ਵਿੱਛੜ ਗਿਓਂ ਤੇ ਟੋਲੇਂ
ਜਿਹੜੇ ਜਿਹੜੇ ਗੁਆਚੇ ਸੰਗੀ,
ਕਿ ਭਰਿਆ ਮੇਲਾ ਛੱਡਿਆ,
ਰੁਸ ਤੁਰ ਪਿਓਂ ਮਾਰ ਉਡਾਰੀ?

ਰਾਤਾਂ ਪਈਆਂ ਡੂੰਘੀਆਂ,
ਓਏ ਪੰਛੀਆ ਕੱਲਿਆ,
ਉੱਡੀ ਜਾਂਦਿਆ!

9. ਕੀ ਹੋਇਆ ਜੇ ਮ੍ਰਿਗ-ਤ੍ਰਿਸ਼ਨਾ

ਕੀ ਹੋਇਆ ਜੇ ਮ੍ਰਿਗ-ਤ੍ਰਿਸ਼ਨਾ,
ਮ੍ਰਿਗ-ਤ੍ਰਿਸ਼ਨਾ ਵਾਲੀ ਥਾਵੇਂ
ਲੱਭਾ ਕੁਝ ਨਾ ਬਿਨਾਂ ਪੁਲਾੜੋਂ,
ਮੁੜੇ ਪਿਆਸੇ ਭਾਵੇਂ?
ਇਕ ਵਾਰੀ ਤਾਂ ਜਲ ਦੇ ਝਾਕੇ
ਸੋਤ ਦਿਲਾਂ ਦੇ ਛੇੜੇ,
ਇਕ ਵਾਰ ਤਾਂ ਲੀਤੇ ਰੂਹ ਨੇ
ਰੱਜ ਰੱਜ ਕੇ ਖੇੜੇ।

10. ਚਰੀ ਜਾਓ ਓਏ ਗਧਿਓ

(ਉਨ੍ਹਾਂ ਖੋਤਿਆਂ ਨੂੰ ਜੋ ਕਤਾਰ ਵਿਚ ਅੱਗੜ-ਪਿੱਛੜ ਤੁਰਦੇ
ਆਪੋ ਆਪਣੇ ਅਗਲੇ ਉੱਤੇ ਲੱਦੀ ਹੋਈ ਤੂੜੀ ਚਰ ਰਹੇ ਸਨ)

ਚਰੀ ਜਾਓ, ਓਏ ਗਧਿਓ!
ਤੂੜੀ ਚਰੀ ਜਾਓ।
ਭੁੱਖਾ ਭਾਣਾ ਪੇਟ
ਰੱਜ ਕੇ ਭਰੀ ਜਾਓ।
ਇਕ ਦੂਏ ਦਾ ਭਾਰ
ਹੌਲਾ ਕਰੀ ਜਾਓ।

11. ਰਾਹੀਆਂ ਨਾਲ ਹੈ ਮੇਰਾ ਪਿਆਰ

ਰਾਹੀਆਂ ਨਾਲ ਹੈ ਮੇਰਾ ਪਿਆਰ!

ਛੇਤੀ ਛੇਤੀ
ਲੰਘਦੇ ਜਾਂਦੇ,
ਮੁੜ ਨ ਅਪਣੀ
ਸ਼ਕਲ ਦਿਖਾਂਦੇ,
ਅਟਕਣ ਨਾ ਇਕ ਵਾਰ।

ਆਪੇ ਆਪੇ
ਉਨ੍ਹਾਂ ਤੋਂ ਲਾਹਵਾਂ,
ਲੈ ਲਵਾਂ ਮੈਂ
ਜੋ ਕੁਝ ਚਾਹਵਾਂ,
ਇੱਕੋ ਪਲ ਵਿਚਕਾਰ।

ਨਾਲ ਖੁਸ਼ੀ
ਮੇਰਾ ਮਨ ਭਰਦੀ,
ਮੇਰਾ ਮੰਦਰ
ਚਾਨਣ ਕਰਦੀ
ਇਕ ਛਿਨ ਦੀ ਝਲਕਾਰ।

ਆ ਕੇ ਅਟਕਣ
ਕੋਲ ਜੇ ਮੇਰੇ,
ਢੇਰ ਓਹ ਰੱਖਣ
ਚਾਹੇ ਬਥੇਰੇ,
ਮੈਨੂੰ ਨਾ ਦਰਕਾਰ।

ਠਹਿਰਨ ਜੇ ਓਹ
ਚਮਕਣ ਵਾਲੇ,
ਓਸੇ ਵੇਲੇ
ਜਾਣ ਜੰਗਾਲੇ,
ਛਿਪੇ,ਹਾਏ, ਲਿਸ਼ਕਾਰ।

12. ਧੁੰਦੋ! ਨੀ ਧੁੰਦੋ!

ਧੁੰਦੋ! ਨੀ ਧੁੰਦੋ!
ਉਮਡ ਉਮਡ ਜੇ ਆਈਓ ਨੀ,
ਉਮਡੋ! ਨੀ ਧੁੰਦੋ!
ਮੋੜ ਮੋੜ ਵਲਾਵਿਆਂ ਨੂੰ
ਗਾੜ੍ਹੇ ਗਾੜ੍ਹੇ ਗੁੰਦੋ।

ਮੇਟੋ, ਨੀ ਮੇਟੋ
ਏਸ ਪੁਰਾਣੀ ਝਾਕੀ ਨੂੰ,
ਓਂਹਲੇ ਅੰਦਰ ਮੇਟੋ,
ਸਾਰੇ ਆਲ-ਦੁਆਲੇ ਨੂੰ
ਪੱਲੇ ਵਿੱਚ ਲਪੇਟੋ।

ਵਾਹੋ, ਨੀ ਵਾਹੋ
ਨਵੀਂ ਮੂਰਤ ਕੋਈ ਵਹਿੰਦੀ, ਜੇ,
ਓਹਲੇ ਵਿੱਚੋਂ ਵਾਹੋ,
ਨਹੀਂ ਤਾਂ ਅਪਣੇ ਜਾਲਾਂ ਨੂੰ
ਏਥੋਂ ਕਦੀ ਨ ਚਾਓ।

13. ਭਾਵੇਂ ਤੂੰ ਨ ਕਦੀ ਵੀ ਕੀਤੀਆਂ

ਭਾਵੇਂ ਤੂੰ ਨ ਕਦੀ ਵੀ ਕੀਤੀਆਂ
ਮੇਰੇ ਨਾਲ ਕੋਈ ਗੱਲਾਂ,
ਤੇਰੀਆਂ ਗੱਲਾਂ ਨਾਲ ਹੋਰਨਾਂ
ਮੇਰੇ ਨਾਲ ਆਪੇ ਕਰਦੀਆਂ ਗੱਲਾਂ,
ਤੇਰੀ ਵਾਜ
ਆਪੇ ਪਈ ਬੋਲੇ ਮੇਰੇ ਨਾਲ;
ਤੇਰੇ ਹਾਸੇ ਆਪੇ ਹੱਸਣ ਮੇਰੇ ਨਾਲ।

ਹੋਰਨਾਂ ਨਾਲ ਤੇਰੀਆਂ ਗੱਲਾਂ
ਬੋਲਣ ਤੇਰੇ ਬੋਲਿਆਂ,
ਚੁੱਪ ਹੋਣ ਚੁੱਪ ਕੀਤਿਆਂ,
ਚੁੱਪ ਹੋਈਆਂ ਤੇ ਗਈਆਂ ਆਈਆਂ;
ਪਰ ਮੇਰੇ ਨਾਲ
ਚੁਪ ਹੋਣ ਤੋਂ ਵੀ ਪਿੱਛੋਂ
ਪਈਆਂ ਕਰਦੀਆਂ ਗੱਲਾਂ ਚਿਰਾਂ ਤੀਕ।

14. ਮੈਂ ਪਿਆ ਵਜਾਵਾਂ

ਮੈਂ ਪਿਆ ਵਜਾਵਾਂ,
ਪਿਆ ਵਜਾਵਾਂ ਸਿਤਾਰ।
ਉਂਗਲਾਂ ਮੇਰੀਆਂ ਜਾਚ ਨ ਜਾਣਨ,
ਅਜੇ ਜਾਚ ਨ ਜਾਣਨ ਬਹੁਤੀ,
ਕੱਢਣ ਲਗਿਆਂ ਹੇਕ ਹੋਰ ਕੋਈ
ਨਿਕਲ ਜਾਏ ਕੋਈ ਹੋਰ,
ਆ-ਮੁਹਾਰੀ,
ਜਿਸਨੂੰ ਕਿਸੇ ਨ ਸੁਣਿਆ
ਅਜੇ ਤੀਕ।
ਦਿਲ ਪਿਆ ਨੱਚੇ
"ਮੁੜ ਕੇ ਮੁੜ ਕੇ!
ਮੁੜ ਕੇ ਓਹੋ ਵਾਜ!"
ਉਂਗਲ ਮੇਰੀ
ਪਈ ਟਟੋਲੇ ਸਾਜ
ਕਿ ਮੁੜ ਕੇ ਆਵੇ ਵਾਜ।
ਟੁੱਟਿਆ ਤਾਰਾ,
ਚਾਨਣ ਦਾ ਝਲਕਾਰਾ
ਮੁੜ ਨ ਸ਼ਕਲ ਦਿਖਾਏ,
ਵਾਜ ਆਈ ਜੋ 'ਕੇਰਾਂ,
ਮੁੜ ਕੇ ਕਦੀ ਨ ਆਏ।
ਉਂਗਲ ਮੇਰੀ
ਪਈ ਟਟੋਲੇ ਸਾਜ
ਨ ਮੁੜ ਕੇ ਆਵੇ ਵਾਜ।

ਮੈਂ ਪਿਆ ਸੋਚਾਂ,
ਜਾਚ ਆਏ ਜਦ ਪੂਰੀ
ਝਟ ਪਛਾਣਨ ਉਂਗਲਾਂ ਮੇਰੀਆਂ
ਕੰਨ ਮੇਰੇ ਦੀ ਸੈਣਤ,
ਵਾਜ ਜੋ ਆਏ ਅਚਾਨਕ
ਝੱਟ ਪਕੜ ਕੇ ਬੰਨ੍ਹ ਲੈਣਗੀਆਂ
ਅਪਣੇ ਜਾਲ ਦੇ ਅੰਦਰ।
ਨਾਲੇ ਡਰ ਪਿਆ ਆਵੇ,
ਫੇਰ ਕੀ ਹੋਵੇਗਾ?
ਪੂਰੀ ਜਾਚ ਦੇ ਔਂਦਿਆਂ ਸਾਰ
ਨ ਉਂਗਲਾਂ ਨੇ ਖਿਸਕਣਾ,
ਨਾ ਕਦੀ ਪੈਣਾ
ਰਾਹ ਅਵੱਲੜੇ,
ਨ ਕਦੀ ਨਿਕਲੇ ਕੋਈ ਵਾਜ,
ਆ-ਮੁਹਾਰੀ,
ਜਿਸਨੂੰ ਕਿਸੇ ਨ ਸੁਣਿਆ।

15. ਸ਼ਤਰੰਜੀ, ਸ਼ਰਾਬੀ, ਸ਼ਾਇਰ

ਸ਼ਤਰੰਜੀ, ਸ਼ਰਾਬੀ, ਸ਼ਾਇਰ,
ਕੀ ਮੰਗਦੇ ਨੇ ਤੁਹਾਥੋਂ?
ਤੁਸੀਂ ਵੀ ਕੁਝ ਨ ਮੰਗੋ
ਇਹਨਾਂ ਕੋਲੋਂ।
ਨਾ ਖੜਕਾਓ ਇਨ੍ਹਾਂ ਦੇ ਬੂਹੇ,
ਖੇਡਣ ਦਿਓ ਨੇ,
ਪੀਣ ਦਿਓ ਨੇ,
ਮਸਤ ਰਹਿਣ ਦਿਓ,
ਨਾ ਖੜਕਾਓ ਇਨ੍ਹਾਂ ਦੇ ਬੂਹੇ।
ਇਹਨਾਂ ਕੋਲੋਂ
ਤੁਸੀਂ ਵੀ ਕੁਝ ਨ ਮੰਗੋ
ਕੀ ਮੰਗਦੇ ਨੇ ਤੁਹਾਥੋਂ
ਸ਼ਤਰੰਜੀ, ਸ਼ਰਾਬੀ, ਸ਼ਾਇਰ ?

16. ਆਖ ਦਿਓ ਉਸ ਰਾਹੀ ਨੂੰ

(ਕਿਸੇ ਦੇ ਘਰ ਹੇਠੋਂ ਕੋਈ ਪਰਦੇਸੀ ਵੰਝਲੀ ਵਜਾਂਦਾ
ਲੰਘਦਾ ਹੈ। ਵੰਝਲੀ ਦੀ ਅਵਾਜ, ਤੇ ਉਹ ਖਾਸ ਸੁਰ
ਜਿਸ ਵਿਚ ਉਹ ਵੱਜ ਰਹੀ ਹੈ, ਸੁਣ ਕੇ ਉਸਨੂੰ ਕੋਈ
ਪੁਰਾਣੀਆਂ ਗਲਾਂ ਚੇਤੇ ਆ ਜਾਂਦੀਆਂ ਹਨ ਤੇ ਓਹ
ਆਖਦੀ ਹੈ:-)

ਆਖ ਦਿਓ ਉਸ ਰਾਹੀ ਨੂੰ
ਉਹ ਵੰਝਲੀ ਨੂੰ ਨ ਛੇੜੇ।

ਜੇਕਰ ਉਸਨੇ ਰੁਕਣਾ ਨਾਹੀਂ,
ਗੀਤ ਓਸਦਾ ਮੁੱਕਣਾ ਨਾਹੀਂ,
ਸੰਘ ਓਸਦਾ ਸੁੱਕਣਾ ਨਾਹੀਂ,
ਇੱਕੋ ਮੇਰੀ ਗਲ ਮਨਾਣੀ,
ਛੱਡ ਦੇਵਣੇ ਝੇੜੇ।

ਉਸ ਤੋਂ ਇੱਕੋ ਗੱਲ ਮਨਾਣੀ,
ਛਡ ਦੇਵੇ ਇਕ ਤਰਜ਼ ਵਜਾਣੀ,
ਛਡ ਦੇਵੇ ਉਹ ਲੈ ਪੁਰਾਣੀ,
ਜਿਹੜੀ ਕਦੀ ਪਹਾੜਾਂ ਅੰਦਰ
ਸੀਗ ਖਾਂਵਦੀਂ ਗੇੜੇ।

ਪਰਬਤ ਵਸਦੇ ਦੂਰ ਦੁਰਾਵੇਂ,
ਖੜੇ ਖੜੋਤੇ ਸਾਹਵੇਂ ਸਾਹਵੇਂ,
ਸੰਝ ਪਵੇ ਤਾਂ ਟਾਵੇਂ ਟਾਵੇਂ,
ਵਿਚ ਉਨ੍ਹਾਂ ਇਕ ਵਾਦੀ ਵੱਸੇ
ਜਿਵੇਂ ਘਰਾਂ ਵਿਚ ਵੇਹੜੇ।

ਇਸ ਵਾਦੀ ਵਿਚ ਸੰਝਾਂ ਵੇਲੇ
ਕਾਲਕ ਨਾਲ ਸਬਜ਼ਿਆਂ ਖੇਲੇ;
ਹੌਲੀ ਹੌਲੀ ਘੱਤ ਝਮੇਲੇ
ਰਾਤ ਹਨੇਰੀ ਕਾਲੀ-ਬੋਲੀ
ਸਭ ਨੂੰ ਆਣ ਸਹੇੜੇ।

ਪਤਲਾ ਪਤਲਾ ਸੰਝ ਦਾ ਜਾਲਾ,
ਰੰਗ ਓਸਦਾ ਤਿੱਖਾ ਕਾਲਾ,
ਤਿੱਖੀਆਂ ਕਾਲੀਆਂ ਹੂਕਾਂ ਵਾਲਾ
ਕੋਈ ਓਥੇ ਵੰਝਲੀ ਲੈ ਕੇ
ਚੁਪ ਨੂੰ ਪਿਆ ਉਧੇੜੇ।

ਪਤਲੀਆਂ ਉਂਗਲਾਂ ਨਾਚ ਨਚਾਣ,
ਉੱਡ ਉੱਡ ਜਿਉਂ ਚਿੜੀਆਂ ਜਾਣ
ਇਕ ਟਾਹਣ ਤੋਂ ਦੂਜੇ ਟਾਹਣ,
ਸੌਣ ਵਾਸਤੇ ਥਾਵਾਂ ਮੱਲਣ,
ਰਾਤ ਜੂ ਆਈ ਨੇੜੇ।

ਚਿੜੀਆਂ ਦੇ ਪਰ ਜਿਉਂ ਜਿਉਂ ਫੜਕਣ,
ਦਿਲ ਮੇਰੇ ਦੇ ਪੁਰਜ਼ੇ ਧੜਕਣ,
ਮੀਂਹ ਦਾ ਪਾਣੀ ਸ਼ਾਖਾਂ ਛੜਕਣ,
ਏਸੇ ਤਰਾਂ ਤਰੇਲੀ ਮੇਰੀ
ਬਾਂਹ ਨੂੰ ਆਣ ਲਬੇੜੇ।

ਓਥੇ ਹੈ ਇਕ ਡੂੰਘਾ ਨਾਲਾ,
ਡੂੰਘੀ ਘੁੱਮਣ-ਘੇਰੀ ਵਾਲਾ,
ਸੰਝ ਦਾ ਪਾਣੀ ਕਾਲਾ ਕਾਲਾ,
ਜੋ ਵੀ ਡਿੱਗੇ ਉਸਦੇ ਅੰਦਰ
ਹੇਠ ਹੇਠ ਹੀ ਰੇੜ੍ਹੇ।

ਏਸੇ ਥਾਂ ਤੇ ਉਹ ਸੀ ਡੁੱਬਾ,
ਐਸਾ ਲੱਗਾ ਉਸ ਦਾ ਟੁੱਭਾ
ਮੁੜ ਨ ਆਇਆ, ਐਸਾ ਖੁੱਭਾ;
ਕਦੋਂ ਨੇ ਮੁੜਦੇ ਸ਼ੌਹ ਦਰਿਆ ਤੋਂ
ਭੁੱਬ ਗਏ ਨੇ ਜਿਹੜੇ?

ਵੰਝਲੀ ਉਸਨੇ ਘੁੱਟੀ ਹੋਊ,
ਫੇਰ ਹੱਥ 'ਚੋਂ ਛੁੱਟੀ ਹੋਊ,
ਕੰਢੇ ਵਜ ਕੇ ਟੁੱਟੀ ਹੋਊ,
ਜੇਕਰ ਹੋਊ ਸਬੂਤੀ ਸ਼ੋਹਦੀ,
ਖਾਂਦੀ ਹੋਊ ਥਪੇੜੇ।

17. ਜਾਂ ਤੇ ਮੇਰੀਓ ਅੱਖੀਓ

ਜਾਂ ਤੇ ਮੇਰੀਓ ਅੱਖੀਓ!
ਇਨ੍ਹਾਂ ਫੁੱਲਾਂ ਅੰਦਰ ਰਮ ਜਾਓ,
ਫੁੱਲਾਂ ਨੂੰ ਰਮਾ ਲਓ,
ਅਪਣੇ ਵਿਚ ਸਮਾ ਲਓ।
ਇੱਕ ਮਿੱਠੀ ਨੀਂਦਰ ਆਵੇ,
ਸੰਸਾਰ ਦੀ ਪੌਣ ਏਹ ਭਿੱਨੀ
ਇੱਕ ਮਸਤੀ ਅੰਦਰ ਪਾਵੇ।

ਜਾਂ ਫੇਰ ਮੇਰਿਓ ਨੈਣੋ !
ਕੰਡੇ ਵਿਚ ਵਸਾਓ
ਸੰਸਾਰ ਦੀਆਂ ਚੋਭਾਂ ਅੰਦਰ
ਇਕ ਚੋਭ ਰੂਪ ਬਣ ਜਾਓ,
ਕਦੀ ਨ ਮੀਟੋ ਪਲਕਾਂ;
ਤਿੱਖੀ ਪੌਣ ਦੇ ਅੰਦਰ
ਜਾਗ ਕੇ ਰੈਣ ਵਿਹਾਓ।

18. ਮੈਂ ਉੱਠਿਆ ਸਵੇਰੇ ਸਾਰ

ਮੈਂ ਉੱਠਿਆ ਸਵੇਰੇ ਸਾਰ,
ਮੈਂ ਕੀਤਾ ਏਹ ਇਕਰਾਰ:
"ਮਨੁਖ ਜਾਤ ਹੈ ਦੈਵੀ ਮੇਰੀ;
ਇਸੇ ਦੇ ਅੱਗੇ ਕਰ ਦਾਂ ਢੇਰੀ
ਤਨ ਮਨ ਅਪਣਾ ਵਾਰ।
ਇਸੇ ਦੀ ਸੇਵਾ,ਇਸੇ ਦੀ ਪੂਜਾ,
ਮੇਰੇ ਲਈ ਨ ਮੰਦਰ ਦੂਜਾ,
ਆਪਾ ਕਰਾਂ ਨਿਸਾਰ।"

ਇਸ ਦੇਵੀ ਦੇ ਦੁਆਰ
ਜਾ ਡਿੱਠੀ ਲਹੂ ਦੀ ਧਾਰ,
ਖੂਨੀ ਅੱਖਾਂ, ਚੇਹਰਾ ਕਾਲਾ,
ਇਕ ਹਥ ਅੰਦਰ ਜ਼ਹਿਰ ਪਿਆਲਾ,
ਦੂਜੇ ਹੱਥ ਤਲਵਾਰ।
ਜ਼ਹਿਰ ਉਛਾਲੇ, ਲਹੂ ਉਡਾਵੇ,
ਪ੍ਰੋ ਪ੍ਰੋ ਕੇ ਗਲ ਵਿਚ ਪਾਵੇ
ਸਿਰੀਆਂ ਦਾ ਉਹ ਹਾਰ।

ਸੰਧਿਆ ਦੇ ਵਿਚਕਾਰ
ਮੈਂ ਮੁੜਿਆ ਦਿਲ ਵਿਚ ਧਾਰ:
"ਮੂੰਹ ਨੂੰ ਲੱਗਾ ਇਸਦੇ ਲਹੂ,
ਸਦੀਆਂ ਲੱਗਾ, ਸਦੀਆਂ ਰਹੂ,
ਲਟਲਟ ਕਰਦਾ ਪਿਆਰ
ਕਦੀ ਨ ਜਗਸੀ ਇਸ ਦੇ ਮੰਦਰ
ਇਸ ਦੇ ਲਈ ਨ ਮੇਰੇ ਅੰਦਰ
ਸੇਵਾ ਭਾ, ਸਤਕਾਰ।"

19. ਸੋਹਣਾ ਕ੍ਰਿਸ਼ਨ ਸੁਰੀਲਾ

"ਰਾਜਨ ਕਉਨ ਤੁਮਾਰੈ ਆਵੈ ।"

ਸੋਹਣਾ ਕ੍ਰਿਸ਼ਨ ਸੁਰੀਲਾ, ਬੰਸਰੀ ਵਜਾਏ।
ਸੋਹਣਾ ਕ੍ਰਿਸ਼ਨ ਬਲਵਾਨ, ਕੰਸ ਨੂੰ ਮੁਕਾਏ।
ਸੋਹਣਾ ਕ੍ਰਿਸ਼ਨ ਗਿਆਨੀ, ਗੀਤਾ ਲਿਖਵਾਏ।
ਪਰ ਮੇਰੇ ਦਿਲ ਨੂੰ ਸਭ ਤੋਂ ਬਹੁਤਾ ਹਰਦਾ,
ਜਦ ਰਾਜ ਸਭਾ ਦੀ ਹੱਤਕ ਕਰਦਾ,
ਸੋਹਣਾ ਕ੍ਰਿਸ਼ਨ ਬਗ਼ਾਵਤੀ, ਬਿਦਰ ਦੇ ਘਰ ਜਾਏ।

20. ਰਾਤ ਪੈ ਗਈ ਹੈ

ਰਾਤ ਪੈ ਗਈ ਹੈ,
ਸਭ ਸੁੱਤੇ ਪਏ ਚੁਫਾਲ।
ਪੱਤੇ ਪਰ ਨੇ ਹਿਲਦੇ,
ਵਾ ਦੀ ਸਰ ਸਰ ਨਾਲ,
ਤਾਰੇ ਵਿਚ ਅਸਮਾਨਾਂ
ਪਏ ਤੁਰਦੇ ਅਪਣੀ ਚਾਲ,
ਪੱਥਰ ਟਪ ਟਪ ਪਾਣੀ
ਅਜੇ ਮਾਰੀ ਜਾਵੇ ਛਾਲ।

21. ਲੁਕਾਈਏ ਜਾਗਦੀਏ ਨੀਂ

ਲੁਕਾਈਏ ਜਾਗਦੀਏ ਨੀਂ,
ਝੱਖੜ ਝਾਗਦੀਏ ਨੀਂ,
ਤੂੰ ਭੈੜੀ ਲੱਗੇਂ, ਤੱਤੜੀ,
ਤੂੰ ਮੇਰੇ ਦਿਲ ਤੋਂ ਪਰ੍ਹੇ ਪਰ੍ਹੇ।

ਲੁਕਾਈਏ ਸੁੱਤੀਏ ਨੀਂ,
ਨੀਂਦਰਾਂ ਗੁੱਤੀਏ ਨੀਂ,
ਤੂੰ ਤਾਂ ਭਾਵੇਂ, ਸੋਹਣੀ,
ਤੇਰੇ ਮੂੰਹ ਤੋਂ ਠੰਢਕ ਵਰ੍ਹੇ ਵਰ੍ਹੇ ।

22. ਮਾਲਕੌਸ ਤੇ ਭੈਰਵ, ਸੋਰਠ

ਮਾਲਕੌਸ ਤੇ ਭੈਰਵ, ਸੋਰਠ,
ਮਾਲਗੂੰਜੀ, ਹਿੰਡੋਲ, ਕੇਦਾਰਾ,
ਜੈਜੈਵੰਤੀ, ਸਾਰੰਗ,
ਵੇਲੇ ਵੇਲੇ ਪਏ ਸੁਹਾਵਣ,
ਕੋਈ ਸ਼ਾਮ ਕੋਈ ਅੱਧੀ ਰਾਤੀਂ,
ਕੋਈ ਸਵੇਰ ਦੇ ਰੰਗ।

ਸਮੇਂ ਨਾਲ ਜੇ ਸੁਰ ਨ ਮੇਲਣ,
ਵੱਜਣ ਚਾਹੇ ਬਿਨਾਂ ਖੋਟ ਦੇ,
ਬੇਸੁਰ ਤੇ ਬੇਤਾਲ;
ਕੀ ਸਾਰੰਗ ਜੇ ਤਾਰੇ ਲਿਸ਼ਕਣ,
ਕੀ ਬਿਹਾਗ ਜੇ ਸੂਰਜ ਤਪਦਾ,
ਭੈਰਵ ਜੇ ਤਿਰਕਾਲ?

ਐਪਰ ਬੋਲ ਤੇਰੇ, ਤੇ ਗੱਲਾਂ,
ਬਿਨਾਂ ਤਾਲ ਦੇ,ਬਿਨਾਂ ਸਾਜ਼ ਦੇ,
ਬਿਨਾਂ ਤਰਜ਼ ਅਰ ਤਾਨ,
ਸ਼ਾਮ ਸਵੇਰੇ, ਦਿਨੇ ਰਾਤ ਵੀ,
ਭਾਵੇਂ ਸੂਰਜ ਭਾਵੇਂ ਤਾਰੇ,
ਸਮੇਂ ਨਾਲ ਹੀ ਜਾਣ।

ਨਾਲ ਸਵੇਰੇ ਠੰਢਕ ਦੇਵਣ,
ਨਾਲ ਸੂਰਜ ਓਹ ਚਮਕੀ ਜਾਵਣ,
ਮਧੁਰ ਮਧੁਰ ਜਾਂ ਸ਼ਾਮ,
ਰਾਤ ਪਵੇ ਤਾਂ ਸੁਫ਼ਨੇ ਸੁਫ਼ਨੇ,
ਅੱਧੀ ਰਾਤੀਂ ਨੀਂਦ ਨਸ਼ੇ ਜਿਉਂ,
ਜਿਉਂ ਮਦ-ਛਲਕੇ ਜਾਮ।

23. ਜਿਹੜਾ ਆਵੇ, ਬੈਂਤ ਸਲਾਹਵੇ

ਜਿਹੜਾ ਆਵੇ, ਬੈਂਤ ਸਲਾਹਵੇ,
ਰਹੇ ਸਦਾ ਜੋ ਨਿਉਂਦਾ,
ਝੱਖੜ ਜਿਸ ਦਮ ਕਹਿਰਾਂ ਵਾਲਾ
ਆਪੇ ਵਿਚ ਨ ਮਿਉਂਦਾ।
ਬੂਟੇ ਟੁੱਟਣ, ਫੁੱਲ ਵੀ ਟੁੱਟਣ,
ਜੰਗਲ ਹੋਵੇ ਸੁੰਞਾ,
ਆਸੇ ਪਾਸੇ ਮੋਇਆਂ ਅੰਦਰ,
ਬੈਂਤ ਰਹੇ ਪਰ ਜਿਉਂਦਾ।

ਐਪਰ ਮੈਂ ਬਲਿਹਾਰੀ ਜਾਵਾਂ
ਸਿਰੜੀ ਵਾਂਸ ਦੇ ਡੰਡੇ,
ਝੱਖੜ ਆਇਆ ਕਹਿਰਾਂ ਵਾਲਾ
ਉੱਚੇ ਰੱਖੇ ਝੰਡੇ;
ਬੈਂਤ ਵਾਂਗ ਨ ਲਿਫ਼ ਲਿਫ਼ ਨਿਉਂ ਨਿਉਂ,
ਅਪਣੀ ਜਾਨ ਬਚਾਈ,
ਟੁੱਟ ਗਿਉਂ ਤੇ ਡਿੱਗੋਂ ਓੜਕ
ਵਗਦੀ ਨੈਂ ਦੇ ਕੰਢੇ!

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ