Phull Te Kurian/Kudian : Kamaljit Kaur Kamal
ਫੁੱਲ ਤੇ ਕੁੜੀਆਂ : ਕਮਲਜੀਤ ਕੌਰ ਕਮਲ
1. ਵੰਡ ਨੇ ਪਾਈ ਜੋ ਲੀਕ
ਵੰਡ ਨੇ ਪਾਈ ਸੀ ਜੋ ਲੀਕ,
ਸਾਡੇ ਵਿਚਕਾਰ ।
ਝੱਲ ਰਹੀਆਂ ਨੇ ਅੱਜ ਵੀ,
ਉਸੇ ਵੰਡ ਦੀ ਮਾਰ ।
ਧੀਆਂ ਜੋ ਰਹਿ ਗਈਆਂ,
ਕੁਝ ਏਸ ਪਾਰ !
ਕੁਝ ਓਸ ਪਾਰ !
ਹਉਕੇ ਤੇ ਹਾਵਾਂ ਨੇ ਪੱਲੇ,
ਕੀ ਭਾਣਾ ਵਰਤਿਆ ?
ਮੇਰੇ ਪਰਵਰਦਿਗਾਰ !
ਕਿਉਂ ਹੋ ਗਈਆਂ
ਆਪਣਿਆਂ ਤੋਂ ਪਰੇ,
ਨਾ ਹੋਇਆ ਮੁੜ ਦੀਦਾਰ !
ਭੁੱਲੀਆਂ ਨਾ ਮਰਦੇ ਦਮ ਤੱਕ,
ਰੂਹ ਤੇ ਝੱਲੇ ਉਨ੍ਹਾਂ ਜੋ ਵਾਰ ।
ਹੁੰਦੀਆਂ ਰਹੀਆਂ ਜੋ,
ਰਿਸ਼ਤਿਆਂ ਦੇ ਨਾਂ ਤੇ ।
ਹੈਵਾਨੀਅਤ ਦਾ ਸ਼ਿਕਾਰ
ਕੁਝ ਸਰਹੱਦ ਦੇ ਏਸ ਪਾਰ !
ਕੁਝ ਸਰਹੱਦ ਦੇ ਓਸ ਪਾਰ !
2. ਮਾਂ !
ਮਾਂ !
ਇੱਕ ਪਾਕ ਰਿਸ਼ਤਾ
ਇੱਕ ਸੱਚਾ
ਜਜ਼ਬਾਤ ਹੈ ।
ਮਾਂ ਦੀਆਂ ਪੀੜਾਂ ਨੂੰ
ਸ਼ਬਦਾਂ 'ਚ ਬਿਆਨਣਾ,
ਬੜਾ ਔਖਾ
ਝੱਲਣਾ ਸੰਤਾਪ ਹੈ ।
ਮਾਂ ਬਾਰੇ
ਲੱਗੀ ਹਾਂ ਲਿਖਣ
ਹਉਂਕੇ ਮੈਂ ਭਰ-ਭਰ ਕੇ,
ਬੇਨਤੀਆਂ
ਕਰ-ਕਰ ਕੇ ।
ਮਾਂ ! ਮੇਰੀ ਮਾਂ !
ਦੱਸ ਕੀ ਰੱਖਾਂ ਮੈਂ ਤੇਰਾ ਨਾਂ ?
ਮਮਤਾ ਤੂੰ, ਰੱਬ ਦਾ ਝਲਕਾਰਾ ਤੂੰ ।
ਦੁਨੀਆਂ ਤੂੰ, ਜਗ ਸਾਰਾ ਤੂੰ ।
ਜਹਾਨ ਚਾਹੇ ਲੱਖ ਵਸਦਾ,
ਪਰ ਬੱਚੇ ਦਾ ਸਹਾਰਾ ਤੂੰ ।
ਕਰਦੀ ਨਿਰਸਵਾਰਥ ਸੇਵਾ,
ਬਣ ਕੇ ਠੰਢੜੀ ਛਾਂ ।
ਮਾਂ ! ਮੇਰੀ ਮਾਂ !
ਦੱਸ ਕੀ ਰੱਖਾਂ ਮੈਂ ਤੇਰਾ ਨਾਂ ?
ਸ਼ਹਿਦ ਆਖਾਂ, ਪਤਾਸ਼ਾ ਆਖਾਂ ।
ਪਾਣੀ ਆਖਾਂ, ਸਮੁੰਦਰ ਆਖਾਂ ।
ਸ਼ਬਦ ਘੱਟ ਨੇ ਦੱਸਣ ਨੂੰ ਤੇਰਾ ਨਾਂ ।
ਮਾਂ ! ਮੇਰੀ ਮਾਂ !
ਦੱਸ ਕੀ ਰੱਖਾਂ ਮੈਂ ਤੇਰਾ ਨਾਂ ?
ਇਲਮ ਤੂੰ, ਕਲਮ ਤੂੰ ।
ਕਵਿਤਾ ਤੂੰ, ਗੀਤ ਤੂੰ ।
ਮੰਦਰ ਤੂੰ, ਮਸੀਤ ਤੂੰ ।
ਦੱਸ ਹੋਰ ਕਿਸ ਪਵਿੱਤਰ,
ਸ਼ੈ ਦਾ ਲਵਾਂ ਮੈਂ ਨਾਂ ।
ਮਾਂ ! ਮੇਰੀ ਮਾਂ !
ਦੱਸ ਕੀ ਰੱਖਾਂ ਮੈਂ ਤੇਰਾ ਨਾਂ ?
ਉਮੀਦ ਆਖਾਂ, ਆਸ ਆਖਾਂ ।
ਚੈਨ ਆਖਾਂ, ਸਕੂਨ ਆਖਾਂ ।
ਲੱਗਦੀ ਏ ਤੂੰ ਤਾਂ ਮੈਨੂੰ,
ਰੱਬ ਦਾ ਦੂਜਾ ਨਾਂ ।
ਮਾਂ ! ਮੇਰੀ ਮਾਂ !
ਦੱਸ ਕੀ ਰੱਖਾਂ ਮੈਂ ਤੇਰਾ ਨਾਂ ?
ਰੋਲ ਦਿੰਦੇ ਹਾਂ ਅਸੀ,
ਤੂੰ ਕਦੇ ਰੋਲਦੀ ਨਾ ।
ਭੁਲਾ ਦਿੰਦੇ ਹਾਂ ਅਸੀਂ,
ਤੂੰ ਭੁੱਲਦੀ ਨਾ ।
ਆਂਦਰਾ ਤੋਂ ਦੂਰ ਤੂੰ,
ਦਿਲੋਂ ਕਦੇ ਜਾਂਦੀ ਨਾ ।
ਦੱਸ ਕਿੰਝ ਕਰਾਂ ਦੁਨੀਆਂ ਦੀ,
ਹਰ ਸ਼ੈ ਮੈਂ ਤੇਰੇ ਨਾਂ ।
ਮਾਂ ! ਮੇਰੀ ਮਾਂ !
ਦੱਸ ਕੀ ਰੱਖਾਂ ਮੈਂ ਤੇਰਾ ਨਾਂ ?
ਮਾਂ ! ਮੇਰੀ ਮਾਂ !
3. ਸ਼ੇਅਰ-ਐ ਮੇਰੇ ਮਾਲਕਾ
ਐ ਮੇਰੇ ਮਾਲਕਾ !
ਕਲਮਾਂ ਵਾਲਿਆਂ ਨੂੰ,
ਸੁਮੱਤ ਵੀ ਬਖ਼ਸ਼ੀਂ ।
ਕਲਮ ਉਠੇ ਜਦੋਂ
ਰੁਸ਼ਨਾ ਦੇਵੇ ਜੱਗ ਨੂੰ,
ਇਲਾਹੀ ਰੌਸ਼ਨੀ ਦੀ ਮਿਹਰ
ਕਲਮਾਂ ਵਾਲਿਆਂ ਨੂੰ ਬਖ਼ਸ਼ੀਂ ।
4. ਪੁਰਾਣੇ ਸਮਿਆਂ ਦਾ ਪੰਜਾਬ
ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।
ਜਿੱਥੇ ਰਾਵੀ ਤੇ ਚਨਾਬ,
ਵਹਿੰਦੇ ਸੀ ਠਾਠਾਂ ਮਾਰ ਸੀ।
ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।
ਸੋਹਣੇ ਚਰਖਿਆਂ ਦੀ ਘੂੰਘਾਰ,
ਨਾਲ ਵੰਗਾਂ ਦੀ ਛਣਕਾਰ ।
ਯਾਦ ਆਉਂਦੀ ਵਾਰ ਵਾਰ,
ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।
ਖੂਹ ਤੇ ਪਾਣੀ ਭਰੇ ਮੁਟਿਆਰ,
ਚੜ੍ਹਿਆ ਜਵਾਨੀ ਦਾ ਖ਼ੁਮਾਰ,
ਉੱਤੋਂ ਕੋਕੇ ਦੀ ਲਿਸ਼ਕਾਰ ।
ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।
ਬਲਦਾਂ ਦੀਆਂ ਟੱਲੀਆਂ ਦੀ ਅਵਾਜ਼,
ਸੁਣਦੀ ਸਵੇਰੇ ਤੜਕਸਾਰ ।
ਸਿਖਰ ਦੁਪਹਿਰੇ ਦਿਨ ਵਿਚਕਾਰ,
ਭੱਤਾ ਲੈ ਕੇ ਜਾਂਦੀ ਨਾਰ ।
ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।
ਸਾਰਾ-ਸਾਰਾ ਦਿਨ ਸੀ ਚਲਦੀ,
ਖੁੰਢ ਚਰਚਾ 'ਚ ਵਿਚਾਰ ।
ਸਾਡੇ ਪਿੰਡ ਦੀਆਂ ਸੀ ਸਾਂਝੀਆਂ,
ਹੁੰਦੀਆਂ ਧੀਆਂ ਜਦੋਂ ਜਵਾਨ ।
ਨਹੀਂ ਸੀ ਦਿਲਾਂ 'ਚ ਵਿਕਾਰ ।
ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।
5. ਸ਼ੇਅਰ-ਤਨ ਜੇ ਮੇਰਾ ਹੋਵੇ ਸਮੁੰਦਰ
ਤਨ ਜੇ ਮੇਰਾ ਹੋਵੇ ਸਮੁੰਦਰ,
ਲੱਖਾਂ ਦੁੱਖਾਂ ਨੂੰ ਹਿਰਦੇ ਸਮੋਵਾਂ ।
ਦੁਨੀਆਂ ਵੀ ਦੁੱਖ ਦੇ ਦੇ ਹੰਭੇ,
ਮੈਂ ਭੋਰਾ ਨਾ ਅੱਖੋਂ ਰੋਵਾਂ ।
ਬੇਅੰਤ ਜੀਵਾਂ ਦਾ ਬਣਾ ਆਸਰਾ,
ਨਾ ਕਦੇ ਥੱਕਾਂ ਨਾ ਕਦੇ ਅੱਕਾਂ ।
6. ਬਾਬਲੇ ਦਾ ਚੰਨ ਪੁੱਤ
ਧੀਆਂ ਵਾਲਿਓ ਜ਼ਰਾ ਧਿਆਨ ਮਾਰਿਓ !
ਧੀਆਂ ਬੋਝ ਨਹੀਂ ਸੋਚੋ ਤੇ ਵਿਚਾਰਿਓ !
ਇਹ ਤੱਤੜੀਆਂ ਤੁਹਾਡਾ ਕੀ ਖੋਂਹਦੀਆਂ ਨੇ,
ਕਾਹਲੀ 'ਚ ਕੋਈ ਭਾਣਾ ਨਾ ਗੁਜ਼ਾਰਿਓ ।
ਕੋਈ ਲੱਭ ਕੇ ਅਜ਼ਨਬੀ ਤੋਰ ਦਿੰਦੇ,
ਤੋਰਨ ਲੱਗੇ ਜ਼ਰਾ ਘੋਖੋ ਤੇ ਵਿਚਾਰਿਓ !
ਲਾਡਲੀ ਸੀ ਮਾਪਿਆਂ ਦੀ,
ਲਾਡਲੀ ਭਰਾਵਾਂ ਦੀ ।
ਫਿਰ ਕਿਉਂ ਫੂਕ ਦਿੱਤੀ ?
ਅਰਥੀ ਮੇਰੇ ਚਾਵਾਂ ਦੀ ।
ਸਿਰ ਦੀ ਸੀ ਪੱਗ ਮੈਂ ਤਾਂ,
ਧੂੜ ਬਣ ਗਈ ਹਾਂ ਰਾਹਵਾਂ ਦੀ ।
ਚਿੜੀਆਂ 'ਚ ਖੇਡਦੀ ਸੀ,
ਕਾਂ-ਕਾਂ ਸੁਣਦੀ ਹਾਂ ਕਾਵਾਂ ਦੀ ।
ਭਰਦੀ ਹਾਂ ਹਰ ਪਲ ਕੀਮਤ,
ਚਾਰ ਲਈਆਂ ਲਾਵਾਂ ਦੀ ।
ਭੁੱਲਗੀ ਹਾਂ ਆਪੇ ਨੂੰ ਹੀ,
ਹੋਸ਼ ਰੱਖਾਂ ਕੀ ਮੈਂ ਚਾਵਾਂ ਦੀ ।
ਭਾਲੇ ਤੇ ਨਾ ਲੱਭਦੀ ਜੀ,
ਛਾਂ ਠੰਢੀ ਮਾਵਾਂ ਦੀ ।
ਕਰਕੇ ਮਜੂਰੀ ਚੱਤੋ ਪਹਿਰ,
ਤਾਂ ਹੀ ਟੁੱਕਰ ਮੈਂ ਖਾਵਾਂਗੀ ।
ਮਾਂਜਦੀ ਹਾਂ ਭਾਂਡੇ ਹਾਲੇ,
ਫਿਰ ਝਾੜੂ ਵੀ ਲਗਾਵਾਂਗੀ ।
ਬਾਬਲੇ ਦਾ ਚੰਨ ਪੁੱਤ,
ਅੱਜ ਧੂੜ 'ਚ ਨਹਾਵਾਂਗੀ ।
7. ਤਕਦੀਰ ਦੀ ਲਕੀਰ
ਕਿਉਂ ਅੱਜ ਵੀ ਸੀਮਤ ਹਾਂ ਮੈਂ ?
ਉਸੇ ਸੰਘਰਸ਼ ਤੀਕਰ ।
ਸ਼ੁਰੂ ਕੀਤਾ ਸੀ ਜੋ,
ਬਾਬੇ ਨਾਨਕ ਨੇ ।
ਦਿਸ਼ਾ ਦਿੱਤੀ ਸੀ .....
ਜਿਸਨੂੰ ਅੰਬੇਦਕਰ ਨੇ ।
ਬਿਆਨਿਆ ਸੀ ਜੋ,
ਅੰਮ੍ਰਿਤਾ ਨੇ ਵੀ ।
ਅੱਜ ਵੀ ਜ਼ਾਰੀ ਹੈ,
ਉਹੀ ਸੰਘਰਸ਼ ।
ਕਿੰਨੀ ਦੇਰ ਲੜਨਾ ਪਊ ?
ਕਿੰਨੀ ਦੇਰ ਲੱਗੂ ?
ਸਮਾਜ 'ਚ ਮੈਨੂੰ
ਮਰਦ ਦੇ ਬਰਾਬਰ,
ਹੱਕ ਮਿਲਣ ਲਈ ।
ਕਿਉਂ ਅੱਜ ਵੀ ਮੈਂ
ਨਹੀਂ ਜਾ ਸਕਦੀ ?
ਲੌਢੇ ਵੇਲੇ ਤੋਂ ਬਾਅਦ,
ਘਰ ਤੋਂ ਬਾਹਰ ।
ਕਿਉਂ ਅੱਜ ਵੀ,
ਤਾਕ 'ਚ ਰਹਿੰਦੀਆਂ ?
ਵਹਿਸ਼ੀ ਅੱਖਾਂ
ਕਰਨ ਲਈ ਮੇਰਾ ਸ਼ਿਕਾਰ ।
ਜੁੱਗ ਬਦਲ ਗਏ ਨੇ,
ਲੋਕ ਬਦਲ ਗਏ ਨੇ,
ਪਰ ਨਹੀਂ ਬਦਲੀ .....
ਮੇਰੀ ਤਕਦੀਰ ਦੀ ਲਕੀਰ !
8. ਖੁੱਲ੍ਹੇ ਅੰਬਰਾਂ 'ਚ ਉਡਾਰੀਆਂ
ਖੁੱਲ੍ਹੇ ਅੰਬਰਾਂ 'ਚ ਉਡਾਰੀਆਂ, ਭਰਨੀਆਂ ਸਿੱਖੀਆਂ ਮੈਂ ।
ਦੂਜਿਆਂ ਦੇ ਖੰਭ ਕੁਤਰਨ ਲਈ, ਕਰਨੀਆਂ ਚਤਰਾਈਆਂ ਸਿੱਖੀਆਂ ਮੈਂ ।
ਪਹਿਲਾਂ ਮਾਰ ਕੇ ਮਿੱਠੀਆਂ ਗੱਲਾਂ, ਗਲੇ 'ਤੇ ਛੁਰੀਆਂ ਧਰਨੀਆਂ ਸਿੱਖੀਆਂ ਮੈਂ।
ਦਿਲ ਤੇ ਰੱਖ ਕੇ ਪੱਥਰ, ਹੱਸ ਹੱਸ ਆਹਾਂ ਭਰਨੀਆਂ ਸਿੱਖੀਆਂ ਮੈਂ ।
ਜਜ਼ਬਾਤਾਂ ਦਾ ਸਿਵਾ ਬਾਲ ਕੇ, ਅੱਗ ਦੀਆਂ ਨਦੀਆਂ ਤਰਨੀਆਂ ਸਿੱਖੀਆਂ ਮੈਂ ।
ਦੋਸ਼ੀ ਦਾ ਦੋਸ਼ ਛੁਪਾ ਕੇ, ਸੱਚ ਦੀਆਂ ਰੁਸਵਾਈਆਂ ਜਰਨੀਆਂ ਸਿੱਖੀਆਂ ਮੈਂ ।
ਬਸ ਹੋਰ ਕੀ ਦੱਸਾਂ, ਦੁਨੀਆਂ ਦੀਆਂ ਚਲਾਕੀਆਂ ਫੜਨੀਆਂ ਸਿੱਖੀਆਂ ਮੈਂ ।
9. ਸ਼ੇਅਰ-ਕੀ ਚਾਹਵੇਂ ਤੂੰ ਮੇਰੇ ਕੋਲੋਂ
ਕੀ ਚਾਹਵੇਂ ਤੂੰ ਮੇਰੇ ਕੋਲੋਂ ਹੋਰ,
ਸਭ ਕੁਝ ਲੁਟਾ ਦਿੱਤਾ ਐ ਜ਼ਿੰਦਗੀ ਮੈਂ ਤੇਰੇ ਤੋਂ ।
ਖਾਲੀ ਹੱਥਾਂ ਵੱਲ ਵੀ ਝਾਕੀ ਜਾਵੇ ।
ਕੁਝ ਵੀ ਲੁਕਾਇਆ ਨਾ ਐ ਜ਼ਿੰਦਗੀ ਮੈਂ ਤੇਰੇ ਤੋਂ ।
ਹੁਣ ਤਾਂ ਕੁਝ ਸਾਹ ਹੀ ਮੇਰੀ ਅਮਾਨਤ ਨੇ,
ਜੇ ਕਹੇ ਤਾਂ ਲੁਟਾ ਦੇਵਾਂ, ਇਹ ਸਾਹ ਵੀ ਐ ਜ਼ਿੰਦਗੀ ਮੈਂ ਤੇਰੇ ਤੋਂ ।
10. ਰਾਤ ਚੰਨ ਤਾਰਿਆਂ ਨਾਲ
ਰਾਤ ਚੰਨ ਤਾਰਿਆਂ ਨਾਲ,
ਗੱਲਾਂ ਮੈਂ ਸੀ ਕੀਤੀਆਂ ।
ਦੱਸਿਆ ਮੈਂ ਉਨ੍ਹਾਂ ਨੂੰ,
ਕੀ-ਕੀ ਮੇਰੇ ਨਾਲ ਬੀਤੀਆਂ ।
ਰੋ ਪਏ ਤਾਰੇ,
ਚੰਨ ਅੱਖਾਂ ਨਮ ਕੀਤੀਆਂ ।
ਗਿਲਾ ਕਰਨ ਤਾਰੇ,
ਪਹਿਲਾਂ ਸਾਂਝੀਆਂ ਨਾ ਕੀਤੀਆਂ ।
ਕੰਬ ਗਈ ਕਾਇਨਾਤ,
ਸੁਣ ਇਹ ਹੱਡਬੀਤੀਆਂ ।
ਰਾਤ ਚੰਨ ਤਾਰਿਆਂ ਨਾਲ... ।
11. ਦਿਲ 'ਚ ਵਸਦਾ ਜਿਨ੍ਹਾਂ ਦੇ ਉਹ ਮਾਹੀ
ਦਿਲ 'ਚ ਵਸਦਾ ਜਿਨ੍ਹਾਂ ਦੇ ਉਹ ਮਾਹੀ,
ਸੋਚ ਸਕਦੇ ਕਿਸੇ ਦਾ ਬੁਰਾ ਨਾਹੀ ।
ਪਾਣੀ ਪਿਆਉਂਦੇ ਵੇਖੇ ਨੇ ਦੁਸ਼ਮਣਾਂ ਨੂੰ,
ਵੈਰੀ ਮਿੱਤਰ 'ਚ ਜੋ ਵੇਂਹਦੇ ਨਾ ਫ਼ਰਕ ਕਾਈ ।
ਕਰਦਾ ਰਹਿ ਜਾਂਦਾ ਬੰਦਾ ਮੇਰੀ ਮੇਰੀ,
ਵਿਦਾ ਹੋਣ ਲਈ ਲੱਗੇ ਹਾਏ ਪਲ ਨਾਹੀ ।
ਕਰਮਾਂ ਵਾਲੜੇ ਖੁਸ਼ੀ ਖੁਸ਼ੀ ਤੁਰ ਜਾਂਦੇ,
ਮੰਗਿਆਂ ਮਿਲਦੀ ਕਈਆਂ ਨੂੰ ਮੌਤ ਨਾਹੀ ।
12. ਸ਼ੇਅਰ-ਸਮੁੰਦਰਾਂ ਦੇ ਪਾਣੀ ਥੁੜ ਜਾਣਗੇ
ਸਮੁੰਦਰਾਂ ਦੇ ਪਾਣੀ ਥੁੜ ਜਾਣਗੇ,
ਜੇ ਵਹਿਣ ਲੱਗੇ ਮੇਰੀਆਂ ਅੱਖਾਂ 'ਚੋਂ ।
ਮੈਂ ਭਾਲਿਆਂ ਨਾ ਲੱਭਣਾ ਤੈਨੂੰ,
ਤੂੰ ਲੱਭ ਲਈ ਹਜਾਰਾਂ ਲੱਖਾਂ 'ਚੋਂ ।
13. ਬੰਦਾ ਬੰਦੇ ਤੋਂ ਕੁਝ ਨਹੀਂ ਖੋਹ ਸਕਦਾ
ਬੰਦਾ ਬੰਦੇ ਤੋਂ ਕੁਝ ਨਹੀਂ ਖੋਹ ਸਕਦਾ,
ਕਿਸੇ ਦੇ ਸੋਚਿਆਂ ਕੁਝ ਨਹੀਂ ਹੋ ਸਕਦਾ ।
ਚਾਹੀਏ ਕਿਸੇ ਦਾ ਮਾੜਾ ਤੇ ਫੇਰ ਕੀ ਏ,
ਮਾੜਾ ਸੋਚਣ ਨਾਲ ਮਾੜਾ ਨਹੀਂ ਹੋ ਸਕਦਾ ।
ਸੱਚੇ ਬੰਦੇ ਨੂੰ ਜਾਣਦਾ ਜੱਗ ਸਾਰਾ,
ਸੱਚ ਮੁਹਰੇ ਦਿਖਾਵਾ ਨਾ ਖੜੋ ਸਕਦਾ ।
ਸ਼ਾਂਤ ਬੰਦਾ ਤਾਂ ਤੁੱਲ ਸਮੁੰਦਰਾਂ ਦੇ,
ਬੁਰਾਈ ਸਭ ਦੀ ਅੰਦਰ ਸਮੋਂ ਸਕਦਾ ।
14. ਤੂੰ ਨਾਰੀ ਨਹੀਂ ਫਰਿਸ਼ਤਾ ਹੈ
ਤੂੰ ਨਾਰੀ ਨਹੀਂ,
ਰੱਬ ਦਾ ਭੇਜਿਆ ਇੱਕ ਫਰਿਸ਼ਤਾ ਏ !
ਸਭ ਤੋਂ ਕੀਮਤੀ,
ਇਸ ਜੱਗ ਨੂੰ ਮਿਲਿਆ ਕੀਮਤੀ ਰਿਸ਼ਤਾ ਏ !
ਕੁੜੀ ਬਣ,
ਮਾਂ ਬਾਪ ਦਾ ਘਰ ਰੁਸ਼ਨਾਉਂਦੀ ਤੂੰ !
ਨੂੰਹ ਬਣ,
ਸਹੁਰਿਆਂ ਦਾ ਘਰ ਚਮਕਾਉਂਦੀ ਤੂੰ !
ਮਾਂ ਬਣ ਕੇ,
ਬੱਚੇ ਨੂੰ ਰੱਬ ਦੀ ਗੋਦ ਬਿਠਾਉਂਦੀ ਤੂੰ !
ਤੂੰ ਸਿਰਫ਼ ਨਾਰੀ ਨਹੀਂ, ਤੇਰੇ ਤੋਂ ਬਗੈਰ,
ਬਣਿਆ ਜੱਗ ਨਾ ਕੋਈ ਰਿਸ਼ਤਾ ਏ !
ਤੂੰ ਨਾਰੀ ਨਹੀਂ
ਰੱਬ ਦਾ ਭੇਜਿਆ ਇੱਕ ਫਰਿਸ਼ਤਾ ਏ !
15. ਦੁੱਖਾਂ ਤੋ ਵਾਰੇ-ਵਾਰੇ ਜਾਵਾਂ
ਹਾਵਾਂ ਦਾ ਪਰੇਥਣ, ਹਉਂਕਿਆਂ ਦਾ ਲੋਈਆ,
ਦੁੱਖਾਂ ਦੀਆਂ ਰੋਟੀਆਂ, ਮੇਰੇ ਦਿਲੇ ਦਾ ਬਾਲਣ ।
ਨੀ ਮੈਂ ਸਿਖਰ ਦੁਪਹਿਰੇ ਪਕਾਵਾਂ ।
ਇਹੀ ਦੁੱਖ ਮੇਰੇ ਸਾਥੀ ਬਣ ਗਏ,
ਨੀ ਮੈਂ ਦੁੱਖਾਂ ਤੋਂ ਵਾਰੇ-ਵਾਰੇ ਜਾਵਾਂ ।
ਨਾ ਮੈਂ ਕਰਾਂ ਹੁਣ ਗਿਲੇ ਤੇ ਸ਼ਿਕਵੇ,
ਨਾ ਸੁੱਖ ਮੰਗਣ ਕਿਧਰੇ ਜਾਵਾਂ ।
ਦੁੱਖਾਂ ਦੀਆਂ ਗਲੀਆਂ ਸੁੱਖ ਮੈਨੂੰ ਲੱਭਦੇ,
ਦੁੱਖਾਂ ਨਾਲ ਮੈਂ ਚਿੱਤ ਪ੍ਰਚਾਵਾਂ ।
ਜ਼ਿੰਦਗੀ ਦੀ ਇਹ ਵਾਟ ਲੰਮੇਰੀ,
ਦੁੱਖਾਂ ਨਾਲ ਮੈਂ ਹੱਸ ਹੱਸ ਲੰਘਾਵਾਂ ।
16. ਚੱਲ ਜਿੰਦੜੀਏ ਉਥੇ ਚੱਲੀਏ
ਚੱਲ ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।
ਨਾ ਕੋਈ ਕਿਸੇ ਦੇ ਲਹੂ ਨੂੰ ਚੂਸੇ,
ਨਾ ਨਾਗਾਂ ਵਰਗਾ ਜ਼ਹਿਰੀ ।
ਜ਼ਹਿਰੀ ਬੰਦੇ ਤੋਂ ਨਾਗ ਚੰਗੇਰੇ,
ਜਿਹੜੇ ਡੰਗਦੇ ਸਿੱਧਾ ਆ ।
ਪਰ ਬੰਦੇ ਦੇ ਡੰਗੇ ਨੂੰ ਲੋਕੋ,
ਕਿਤੇ ਮਿਲੇ ਨਾ ਭਾਲੀ ਥਾਂ ।
17. ਸ਼ੇਅਰ-ਇਨਸਾਨ ਜੋ ਲੋਭ ਵਿੱਚ ਪੈ ਕੇ
ਇਨਸਾਨ ਜੋ ਲੋਭ ਵਿੱਚ ਪੈ ਕੇ
ਇੰਨੇ ਪਾਪ ਕਮਾਉਂਦਾ ਹੂ ।
ਰੱਬ ਵੀ ਨੇੜੇ ਆ ਮੁੜ ਜਾਂਦਾ,
ਮੌਤ ਨੂੰ ਵੀ ਤਰਸਾਉਂਦਾ ਹੂ ।
18. ਹਾਏ ਨੀ ! ਕੋਈ ਦੇ ਦਿਉ ਖੁਸ਼ੀ ਉਧਾਰੀ
ਹਾਏ ਨੀ ! ਮੇਰੇ ਦੁੱਖ ਨੇ ਬੜੇ ਘਨੇਰੇ ।
ਹਾਏ ਨੀ ! ਮੇਰੇ ਦਿਲ 'ਚ ਛਾਏ ਹਨ੍ਹੇਰੇ ।
ਹਾਏ ਨੀ ! ਮੇਰੇ ਜ਼ਖ਼ਮ ਅਜੇ ਨੇ ਅੱਲੇ ।
ਹਾਏ ਨੀ ! ਸਾਡੇ ਰਾਹ ਕੰਡਿਆਂ ਨੇ ਮੱਲੇ ।
ਹਾਏ ਨੀ ! ਕੋਈ ਲਾ ਦਿਉ ਮਲ੍ਹਮ ਫੇਹੇ ।
ਹਾਏ ਨੀ ! ਇਹ ਦਰਦ ਸਹੇੜੇ ਕੇਹੇ ।
ਹਾਏ ਨੀ ! ਕੋਈ ਕਰ ਜਾਓ ਚਾਨਣ ਵਿਹੜੇ ।
ਹਾਏ ਨੀ ! ਕੋਈ ਸ਼ਗਨ ਕਰੋ ਸਾਡੇ ਖੇੜੇ ।
ਹਾਏ ਨੀ ! ਦੇਖੋ ਗਂਮ ਦੀ ਬੱਦਲੀ ਛਾਈ ।
ਹਾਏ ਨੀ ! ਸਾਡੇ ਦਿਲ ਦੀ ਕੂੰਜ ਤਿਹਾਈ ।
ਹਾਏ ਨੀ ! ਕਦੇ ਧੁੱਪ ਨਾ ਵਿਹੜੇ ਆਈ ।
ਹਾਏ ਨੀ ! ਸਾਡੀ ਰੂਹ ਵਿੱਚ ਸਿਲ੍ਹ ਸਮਾਈ ।
ਹਾਏ ਨੀ ! ਕੋਈ ਦੇ ਦਿਉ ਖੁਸ਼ੀ ਉਧਾਰੀ ।
ਹਾਏ ਨੀ ! ਅਸੀ ਦੁੱਖਾਂ 'ਚ ਅਉਧ ਗੁਜ਼ਾਰੀ ।
19. ਚਮਕਦੇ ਸਿਤਾਰਿਆਂ ਨੂੰ ਤਕ ਲੈ ਜ਼ਰਾ
ਸੋਹਣਿਆਂ ਨਜ਼ਾਰਿਆਂ ਨੂੰ ਤਕ ਲੈ ਜ਼ਰਾ ।
ਚਮਕਦੇ ਸਿਤਾਰਿਆਂ ਨੂੰ ਤਕ ਲੈ ਜ਼ਰਾ ।
ਮੰਨਿਆਂ ਤੂੰ ਬੜਾ ਮਸ਼ਰੂਫ ਹੋ ਗਿਐਂ,
ਅੱਜ ਕੱਲ੍ਹ ਬੜਾ ਮਗਰੂਰ ਹੋ ਗਿਐਂ ।
ਸੋਹਣੇ ਜਿਹੇ ਰਿਸ਼ਤਿਆਂ ਤੋਂ ਦੂਰ ਹੋ ਗਿਐਂ,
ਆਪਣੇ ਪਿਆਰਿਆਂ ਤੋਂ ਦੂਰ ਹੋ ਗਿਐਂ ।
ਫੇਰ ਵੀ ਤੂੰ ਸਾਡੇ ਵੱਲ ਤੱਕ ਲੈ ਜ਼ਰਾ,
ਸੋਹਣਿਆਂ ਨਜ਼ਾਰਿਆਂ ਨੂੰ ਤੱਕ ਲੈ ਜ਼ਰਾ ।
ਤੈਨੂੰ ਵੀ ਤਾਂ ਯਾਦ ਮੇਰੀ ਆਉਂਦੀ ਹੋਵੇਗੀ,
ਵਾਜਾਂ ਮਾਰ ਤੈਨੂੰ ਵੀ ਬੁਲਾਉਂਦੀ ਹੋਵੇਗੀ ।
ਲੋਕਾਂ ਬਾਰੇ ਸੁਣਦੇ ਸਾਂ ਅਸੀਂ ਤਾਂ ਕਦੇ,
ਲੱਗਦੈ ਹੁਣ ਤੈਨੂੰ ਵੀ ਗਰੂਰ ਹੋ ਗਿਐ ।
ਭੁੱਲ ਕੇ ਹੀ ਨਿਗ੍ਹਾ ਏਧਰ ਮਾਰ ਲੈ ਜ਼ਰਾ ।
ਸੋਹਣਿਆਂ ਨਜ਼ਾਰਿਆਂ ਨੂੰ ਤਕ ਲੈ ਜ਼ਰਾ ।
ਚਮਕਦੇ ਸਿਤਾਰਿਆਂ ਨੂੰ ਤਕ ਲੈ ਜ਼ਰਾ ।
20. ਮੇਰੇ ਮਨ ਵਿੱਚ ਤੂੰ
ਮੇਰੇ ਮਨ ਵਿੱਚ ਤੂੰ, ਮੇਰੇ ਤਨ ਵਿੱਚ ਤੂੰ ।
ਮੇਰੀ ਰੂਹ ਵਿੱਚ ਤੂੰ, ਮੇਰੀ ਕਲਮ 'ਚ ਤੂੰ ।
ਜਿਹੜੀ ਸ਼ੈ ਵੱਲ ਤੱਕਾਂ ਮੈਂ ਜਗ ਦੀ,
ਹੁਣ ਦਿਸਦਾ ਮੈਨੂੰ ਤੂੰ ਹੀ ਤੂੰ ।
ਧਰਤੀ ਤੇ ਤੂੰ, ਅਸਮਾਨੇ ਤੂੰ ।
ਮੈਂ ਜਿਸ ਵੱਲ ਤੱਕਾਂ ਤੂੰ ਹੀ ਤੂੰ ।
ਤੂੰ ਕੈਸਾ ਜਾਲ ਵਿਛਾਇਆ ਹੈ ?
ਬੰਦੇ ਨੂੰ ਭੁਲੇਖਾ ਪਾਇਆ ਹੈ ।
ਮਾਇਆ ਜਾਲ ਸੰਸਾਰ ਬਣਾਇਆ ਹੈ ।
ਏਥੇ ਸਭ ਨੂੰ ਕੰਮਾਂ 'ਚ ਲਾਇਆ ਹੈ ।
ਇਹ ਸੱਚ ਵੀ ਮਨੋਂ ਭੁਲਾਇਆ ਹੈ ।
ਇਸ ਸਭ ਤੋਂ ਉੱਪਰ ਤੂੰ ਹੀ ਤੂੰ ।
ਮੇਰੇ ਮਨ ਵਿੱਚ ਤੂੰ, ਮੇਰੇ ਤਨ ਵਿੱਚ ਤੂੰ ।
21. ਜੀਵਨ ਪੰਧ
ਦੇਖੀਂ ਡੋਲ ਨਾ ਜਾਵੀਂ ਤੂੰ, ਜੀਵਨ ਪੰਧ ਬੜਾ ਹੀ ਔਖਾ ਏ ।
ਤੇਰੇ ਅੱਗੇ ਹਰ ਕੋਈ ਚੰਗਾ, ਪਿੱਠ ਪਿੱਛੇ ਤੋਹਮਤਾਂ ਲਾਉਂਦਾ ਏ ।
ਕਿਤੇ ਇਹੋ ਜਿਹੇ ਇਨਸਾਨਾਂ ਤੋਂ, ਘਬਰਾ ਕੇ ਨਾ ਤੂੰ ਡਰ ਜਾਵੀਂ ।
ਚਲਦਾ ਰਹੀਂ ਤੂੰ ਚਾਲ ਆਪਣੀ, ਕਿਤੇ ਐਵੇਂ ਨਾ ਤੂੰ ਹਰ ਜਾਵੀਂ ।
ਜਦ ਦਿਲ ਤੇ ਮਾਰਦੇ ਸੱਟਾਂ ਨੇ, ਇਹ ਮਲ੍ਹਮ ਲਾਉਣ ਵੀ ਆਉਂਦੇ ਨੇ ।
ਤੂੰ ਗੱਲਾਂ ਵਿੱਚ ਨਾ ਆ ਜਾਵੀਂ, ਮਿੱਠਾ-ਮਿੱਠਾ ਬਹੁਤ ਬੁਲਾਉਂਦੇ ਨੇ ।
ਕੰਨਾਂ 'ਚ ਘੋਲਦੇ ਮਿਸ਼ਰੀ ਨੂੰ, ਪਰ ਮਗਰੋਂ ਵਾਰ ਚਲਾਉਂਦੇ ਨੇ ।
ਇਨ੍ਹਾਂ ਦੇ ਵਾਰਾਂ ਤੋਂ ਡਰ ਕੇ, ਤੂੰ ਐਵੇਂ ਨਾ ਕਿਤੇ ਮਰ ਜਾਵੀਂ ।
ਕਿਤੇ ਇਹੋ ਜਿਹੇ ਇਨਸਾਨਾਂ ਤੋਂ, ਘਬਰਾ ਕੇ ਨਾ ਤੂੰ ਡਰ ਜਾਵੀਂ ।
ਜਦੋਂ ਤੈਨੂੰ ਹੱਸਦਾ ਵੇਂਹਦੇ ਨੇ ਤਾਂ ਖੁਦ ਵੀ ਹੱਸਣ ਆਉਂਦੇ ਨੇ ।
ਕਦੇ ਰੋਂਦਾ ਤੈਨੂੰ ਵੇਖ ਲੈਣ, ਦੂਰੋਂ ਹੀ ਸਲਾਮਾਂ ਵਜਾਉਂਦੇ ਨੇ ।
ਮਤਲਬੀ ਲੋਕਾਂ ਦੀ ਭੀੜ ਵਿੱਚ, ਤੂੰ ਵੀ ਨਾ ਭੁੱਲ ਡਗਰ ਜਾਵੀਂ।
ਕਿਤੇ ਇਹੋ ਜਿਹੇ ਇਨਸਾਨਾਂ ਤੋਂ, ਘਬਰਾ ਕੇ ਨਾ ਤੂੰ ਡਰ ਜਾਵੀਂ ।
22. ਮੇਰਾ ਮੁਰਸ਼ਦ ਤੇ ਬਸ ਮੈਂ ਹੋਵਾਂ
ਮੇਰਾ ਮੁਰਸ਼ਦ ਤੇ ਬਸ ਮੈਂ ਹੋਵਾਂ ।
ਗਲ ਲੱਗ ਕੇ ਉਹਦੇ ਮੈਂ ਰੋਵਾਂ ।
ਦਿਲ ਦੇ ਭੇਦ ਦਾਗਂ ਬਣੇ ਜਿਹੜੇ,
ਬਹਿ ਉਹਦੇ ਮੂਹਰੇ ਧੋਵਾਂ।
ਇਸ ਜੱਗ ਦੀਆਂ ਤਾਂ ਕੋਝੀਆਂ ਬਾਤਾਂ,
ਜੱਗ ਵੱਲੋਂ ਬੂਹੇ ਢੋਵਾਂ ।
ਮੇਰਾ ਮੁਰਸ਼ਦ ਤੇ ਬਸ ਮੈਂ ਹੋਵਾਂ ।
23. ਸ਼ੇਅਰ-ਔਰਤ ਦਾ ਇੱਕ ਹੰਝੂ ਗਿਰਦਾ ਹੈ
ਔਰਤ ਦਾ ਇੱਕ ਹੰਝੂ ਗਿਰਦਾ ਹੈ ਜਦ ਧਰਤ ਤੇ,
ਹਜ਼ਾਰਾਂ ਪੱਥਰਾਂ ਦਾ ਭਾਰ ਚੜ੍ਹਦਾ ਹੈ ਤਦ ਧਰਤ ਤੇ ।
24. ਕੀ ਲੈ ਜਾਣਾ ਕਿੱਥੇ ਜਾਣਾ ?
ਕੀ ਲੈ ਜਾਣਾ ਕਿੱਥੇ ਜਾਣਾ ?
ਕੋਈ ਜਾਣ ਕੇ ਵੀ ਨਾ ਜਾਣੇ ਹੂ ।
ਬੰਦਾ ਕਿਧਰੇ ਗੁੰਮਿਆ ਫਿਰਦਾ,
ਇਹ ਆਪਾ ਨਾ ਪਛਾਣੇ ਹੂ ।
ਇੱਕ ਦੂਜੇ ਨਾਲ ਵੈਰ ਕਰੇਂਦਾ,
ਸੱਚਾ ਭੇਦ ਨਾ ਜਾਣੇ ਹੂ ।
ਇਕੋ ਰੱਬ ਦੇ ਸਾਰੇ ਬੰਦੇ,
ਜਾਣੇ ਜਾਂ ਅਣਜਾਣੇ ਹੂ ।
25. ਸ਼ੇਅਰ-ਜ਼ਿੰਦਗੀ ਤਾਂ ਵਧੀਆ ਚੀਜ਼ ਹੈ
ਜ਼ਿੰਦਗੀ ਤਾਂ ਵਧੀਆ ਚੀਜ਼ ਹੈ, ਸੁੱਖ ਪਾਓ ਇਹਦਾ
ਇਹ ਫੁੱਲਾਂ ਵਾਂਗੂੰ ਟਹਿਕਦੀ, ਮੁੱਲ ਪਾਓ ਇਹਦਾ ।
26. ਦਿਲ ਦੇ ਰਾਹ ਅਵੱਲੜੇ
ਦਿਲ ਦੇ ਰਾਹ ਅਵੱਲੜੇ,
ਕੌਣ ਦਿਲਾਂ ਦੀਆਂ ਜਾਣੇ ਹੂ !
ਦਿਲ ਦੇ ਰਾਹੀਂ ਤੁਰਿਆ ਬੰਦਾ,
ਜਾਤ ਕੁਜਾਤ ਨਾ ਪਛਾਣੇ ਹੂ ।
ਦਿਲ ਦੇ ਰਿਸ਼ਤੇ ਧੁਰ ਦਰਗਾਹੋਂ,
ਕਹਿੰਦੇ ਬਣ ਕੇ ਆਏ ਹੂ ।
ਖੂਨ ਦੇ ਰਿਸ਼ਤੇ ਪੈਂਦੇ ਫਿੱਕੇ,
ਜਦੋਂ ਦਿਲ ਕਿਤੇ ਲੱਗ ਜਾਏ ਹੂ ।
ਮਾਹੀਏ ਵਿੱਚੋਂ ਰੱਬ ਦਿਸਦਾ,
ਫਿਰ ਤਸਬੀ ਕੌਣ ਫੜਾਏ ਹੂ ।
ਪਾਕਿ ਮੁਹੱਬਤ ਦੇ ਸਿਰ ਤੇ ਫਿਰ,
ਅੱਲ੍ਹਾ ਵੀ ਮਿਹਰ ਵਰਸਾਏ ਹੂ ।
27. ਤੇਰੀ ਮਿਹਰ
ਅੱਖਰਾਂ ਵਿੱਚੋਂ ਮੋਤੀ ਲੱਭਦੇ,
ਤੂੰ ਲੱਭਦਾ ਮੈਂ ਨਾਹੀ ਹੋ !
ਤੇਰੀ ਮਿਹਰ ਦਾ ਮੀਂਹ ਪਿਆ ਵਰ੍ਹਦਾ,
ਮੇਰੀ ਔਕਾਤ ਨਾ ਕਾਈ ਹੋ !
ਤੂੰ ਹੀ ਤੂੰ ਤਾਂ ਦਿਲੇਂ ਵਸੇਂਦਾ,
ਮੈਂ ਵਿੱਚ ਮੈਂ ਹੁਣ ਨਾਹੀ ਹੋ !
ਜਦੋਂ ਵੀ ਮੈਂ ਤੇ ਮਾਣ ਕਰੇਂਦਾ,
ਰੋਕ ਦਿੰਦਾ ਤੂੰ ਥਾਈਂ ਹੋ ।
ਜਿਨ੍ਹਾਂ ਮੁਹੱਬਤ ਦਿਲੇਂ ਵਸੇਂਦੀ,
ਉਨ੍ਹਾਂ ਦੀ ਮੈਂ ਫਿਰ ਕਾਈ ਹੋ !
28. ਤੇਰੇ ਤੋਂ ਰੱਖੀ ਸੀ ਤਵੱਕੋ
ਤੇਰੇ ਤੋਂ ਰੱਖੀ ਸੀ ਤਵੱਕੋ,
ਸ਼ਾਇਦ ਆ ਕੇ ਤੂੰ ।
ਭਰੇਂਗਾ ਮੇਰੇ ਜਖ਼ਮਾਂ ਨੂੰ,
ਲਾਏਂਗਾ ਮਲ੍ਹਮ,
ਕਰੇਂਗਾ ਤੂੰ ਇੰਤਜ਼ਾਰ,
ਅੱਲੇ ਜ਼ਖ਼ਮਾਂ ਦੇ ਠੀਕ ਹੋਣ ਦਾ ।
ਕਰੇਂਗਾ ਮੇਰੇ ਨਾਲ,
ਲਫ਼ਜ਼ਾਂ ਤੋਂ ਬਗੈਰ ਗੱਲਾਂ ।
ਲਾਵੇਂਗਾ ਤਾਰੀਆਂ,
ਇਨ੍ਹਾਂ ਸਮੁੰਦਰਾਂ 'ਚ,
ਤਾਂਘ ਰੱਖਦੇ ਨੇ ਜੋ,
ਮੁੱਦਤਾਂ ਤੋਂ ਤੇਰੇ ਆਉਣ ਦੀ ।
ਦੇਖੇਗਾ ਮੇਰੇ ਹੱਥਾਂ
ਦੀਆਂ ਲਕੀਰਾਂ ।
ਤੌਫ਼ੀਕ ਸੀ, ਜਿਨ੍ਹਾਂ 'ਚ,
ਜ਼ਮਾਨੇ ਨਾਲ ਜੂਝਣ ਦੀ ।
ਰੱਖੀ ਸੀ ਆਸ,
ਉਂਗਲਾਂ ਦਿਆਂ ਪੋਟਿਆਂ,
ਸ਼ਾਇਦ ਤੇਰੀ ਛੋਹ
ਤਾਈਦ ਹੋ ਜਾਵੇ ।
ਭਰਨਾ ਪਿਆ ਇਵਜ਼ਾਨਾ,
ਤੇਰੇ ਇੰਤਜ਼ਾਰ ਦਾ ।
ਸਮਝ ਸਕੀ ਨਾ ਮੈਂ,
ਤੇਰੀ ਤਾਖ਼ੀਰ ਦਾ ਰਾਜ਼ ।
ਤਾਲੋਂ ਘੁੱਥੀਆਂ ਹੋਈਆਂ,
ਮੇਰੀਆਂ ਸੋਚਾਂ ।
ਜੇ ਮਿਲੇ ਕਿਤੇ ਤਾਂ ਕਰ ਲਵਾਂ,
ਤਲਾਫ਼ੀ ਆਪਣੇ ਕਸੂਰ ਦੀ ।
29. ਪਿੰਜਰ
ਅੱਖਾਂ ਖੋਲ੍ਹ ਕੇ ਤੱਕਿਆ ਚਾਰ ਚੁਫੇਰੇ,
ਹਨੇਰਾ ਹੀ ਹਨੇਰਾ ਨਜਰੀਂ ਆਇਆ ।
ਕਿਧਰੇ ਪਾਸੇ ਸੂਰਜ ਨਾ ਦਿਸਦਾ ਏ,
ਬੱਦਲਾਂ ਨਾਲ ਭਰਿਆ ਅਸਮਾਨ ਆਇਆ ।
ਕਿਸ ਤੋਂ ਰੱਖਾਂ ਉਮੀਦ ਰੌਸ਼ਨੀ ਦੀ,
ਆਪਣਿਆਂ ਨੇ ਮੈਨੂੰ ਮਾਰ ਮੁਕਾਇਆ ।
ਤੁਰੀ ਫਿਰਦੀ ਹਾਂ ਮੈਂ ਪਿੰਜਰ ਬਣ ਕੇ,
ਕਿਧਰੇ ਰੂਹ ਨੂੰ ਸਕੂਨ ਨਾ ਨਜ਼ਰੀਂ ਆਇਆ ।
ਦਰਵਾਜ਼ੇ ਤੇ ਜਦ ਦਸਤਕ ਹੋਈ,
ਸੋਚਿਆ ਸੁੱਖਾਂ ਨਾਲ ਭਰਿਆ ਸਮੁੰਦਰ,
ਬੂਹੇ ਲੰਘ ਆਇਆ ।
ਜਦੋਂ ਭੱਜ ਕੇ ਬੂਹਾ ਖੋਲ੍ਹਿਆ ਮੈਂ,
ਹੜ੍ਹ ਦਰਦਾਂ ਦਾ ਅੰਦਰ ਲੰਘ ਆਇਆ ।
ਧਾਹ ਪਾਈ ਗਲਵੱਕੜੀ ਦਰਦਾਂ ਨੂੰ ਮੈਂ,
ਹੁਣ ਪਿੰਜਰ ਨੂੰ ਦੁੱਖਾਂ ਵਿੱਚ ਵੀ ਸਕੂਨ ਆਇਆ ।
ਦੁੱਖਾਂ ਵਿੱਚ ਵੀ ਸਕੂਨ ਆਇਆ ।
30. ਦੁਨੀਆਂ
ਦੁਨੀਆਂ!
ਅਜੀਬ ਜਿਹੀ ਸ਼ੈ,
ਓਪਰੀ ਜਿਹੀ !
ਕਿੰਨਾ ਵੀ ਜਾਣ ਲਈਏ ।
ਕਿੰਨਾ ਵੀ ਪਛਾਣ ਲਈਏ ।
ਕੋਈ ਥਾਹ ਨਾ ਲੱਗੇ,
ਮਤਲਬੀ ਰਿਸ਼ਤਿਆਂ ਦੀ,
ਭੀੜ 'ਚ .....
ਬੰਦਾ ਕੱਲੇ ਦਾ ਕੱਲਾ ।
31. ਤਾਰੇ
ਸਭ ਤੋਂ ਚੰਗੇ ਲੱਗਣ,
ਮੇਰੇ ਸਾਥੀ ਤਾਰੇ ਨੇ ।
ਦਿਲ ਦੀ ਰਮਝਾਂ ਸਮਝਣ,
ਮੈਨੂੰ ਬੜੇ ਹੀ ਪਿਆਰੇ ਨੇ ।
32. ਬਰਫ਼ ਦਾ ਘਰ
ਇਕ ਬਰਫ਼ ਦਾ ਪਾਇਆ ਘਰ ਮੈਂ,
ਪਿਘਲ ਗਿਆ ਜੋ,
ਮੌਸਮ ਦੇ ਬਦਲਣ ਨਾਲ ।
ਵਹਿ ਗਿਆ ਪਾਣੀ ਬਣ ਕੇ,
ਵਹਿੰਦੀ ਹੋਈ ਧਾਰਾ ਨਾਲ,
ਖੜ੍ਹੀ ਵੇਖਦੀ ਰਹੀ ਮੈਂ,
ਕਿਨਾਰੇ 'ਤੇ !
33. ਸੋਨੇ ਦਾ ਪਿੰਜਰਾ
ਜਿਨ੍ਹਾਂ ਚਿੜੀਆਂ ਨੂੰ ਰੱਖਦੇ ਅਸੀਂ ਪਿੰਜਰਿਆਂ 'ਚ,
ਉਹ ਉਡਦੀਆਂ ਚਿੜੀਆਂ ਨੂੰ ਦੇਖ ਕੇ ਰੋਂਦੀਆਂ ਨੇ ।
ਪਿੰਜਰਾ ਭਾਵੇਂ ਸੋਨੇ ਦਾ ਬਣਾ ਦੇਈਏ,
ਪਰ ਉਹ ਪਲ-ਪਲ ਨੂੰ ਸਾਲਾਂ ਵਾਂਗ ਜਿਊਂਦੀਆਂ ਨੇ ।
34. ਹਾਏ, ਹੁਣ ਸਭ ਨੂੰ ਤੂੰ ਬਰਾਬਰ ਕਰਦੇ
ਮੁਰਝਾਏ ਚਿਹਰਿਆਂ 'ਚ ਤੂੰ ਹਾਸੇ ਭਰਦੇ,
ਗਰੀਬ ਦੇ ਝੌਂਪੜੇ 'ਚ ਤੂੰ ਰੌਸ਼ਨੀ ਕਰਦੇ ।
ਮੇਟ ਕੇ ਭੇਦ ਅਮੀਰ ਤੇ ਗਰੀਬ ਦਾ,
ਵੱਡੇ ਛੋਟੇ ਸਭ ਨੂੰ, ਤੂੰ ਇੱਕ ਬਰਾਬਰ ਕਰਦੇ ।
ਨਾ ਦਿਸੇ ਕੋਈ ਰੁਲਦਾ, ਸੜਕਾਂ ਉੱਤੇ,
ਸਭ ਦੇ ਸਿਰਾਂ ਤੇ ਸ਼ਾਲਾ, ਆਸਰਾ ਕਰਦੇ।
ਮਹਿਲਾਂ ਮੁਨਾਰਿਆਂ ਦੀਆਂ ਕੁਝ ਕੁ ਖੁਸ਼ੀਆਂ,
ਗਰੀਬ ਕਿਸਾਨਾਂ ਦੇ ਕੋਠੇ ਵਿੱਚ ਭਰਦੇ ।
ਆਏ ਦਿਨ ਹੁੰਦੀਆਂ ਖਰਾਬ ਫਸਲਾਂ,
ਰੁੱਤਾਂ ਵੀ ਕਿਸਾਨਾਂ ਦੇ ਹੱਥਾਂ 'ਚ ਕਰਦੇ ।
ਜਿਹੜੇ ਪਕਵਾਨ ਅਮੀਰਾਂ ਦੇ ਘਰੀਂ ਰੁਲਦੇ,
ਉਨ੍ਹਾਂ ਨਾਲ ਗਰੀਬ ਜਵਾਕਾਂ ਦੇ ਢਿੱਡ ਭਰਦੇ ।
ਸਦੀਆਂ ਤੋਂ ਹੁੰਦੀ ਆਉਂਦੀ ਕਾਣੀ ਵੰਡ ਹੈ,
ਹਾਏ, ਹੁਣ ਸਭ ਨੂੰ ਤੂੰ ਬਰਾਬਰ ਕਰਦੇ ।
ਹਾਏ, ਹੁਣ ਸਭ ਨੂੰ ਤੂੰ ਬਰਾਬਰ ਕਰਦੇ ।
35. ਬੰਦਾ ਵੀ ਵਿਕੇਂਦਾ ਹੂ !
ਜ਼ਮਾਨਾ ਅੱਜ ਦਾ ਬੜਾ ਆਧੁਨਿਕ,
ਬੰਦਾ ਵੀ ਵਿਕੇਂਦਾ ਹੂ ।
ਚੰਗੇ ਵਿਚਾਰ ਪੜ੍ਹੇਂਦਾ, ਸੁਣੇਂਦਾ,
ਅਮਲ ਨਹੀਂ ਕਰੇਂਦਾ ਹੂ ।
ਕਿਸੇ ਦਾ ਘਰ ਉਜਾੜਨ ਲੱਗਿਆ,
ਪਲ ਵੀ ਨਾ ਲਗੇਂਦਾ ਹੂ ।
ਉੱਪਰੋਂ ਅੱਲਾ ਨਾਮ ਧਿਆਉਂਦਾ,
ਅੰਦਰੋਂ ਪਾਪ ਕਰੇਂਦਾ ਹੂ ।
36. ਕਾਲੇ ਦਿਲ
ਸਿਆਹੀ ਮੇਰੀ ਕਲਮ ਦੀ,
ਸ਼ਾਹ ਕਾਲੀ ।
ਪਰ ਲੱਗਦੀ ਮੈਨੂੰ ਪਿਆਰੀ,
ਲੱਖਾਂ ਗੁਣਾਂ ਚੰਗੇਰੀ ।
ਸੋਹਣੇ ਚਿਹਰਿਆਂ 'ਚ ਵਸੇਂਦੇ,
ਕਾਲੇ ਦਿਲਾਂ ਤੋਂ ।
37. ਰੂਹ ਦੀ ਮੌਤ
ਕੀਤਾ ਨਾ ਇੰਤਜ਼ਾਰ ਕਦੇ, ਸੂਰਜ ਦੇ ਨਿਕਲਣ ਦਾ ਹੁਣ,
ਸੋਚਾਂ ਦਾ ਜਗਦਾ ਦੀਵਾ, ਮੇਰੇ ਮਨ ਦੀ ਸੁੰਨੀ ਸਵਾਤ ਹੈ ।
ਕੀ ਕਰਾਂ ਇਹ ਮਨ ਦਾ ਚਿਰਾਗ, ਸਦਾ ਲਈ ਉਦਾਸ ਹੈ ।
ਨਾ ਲੰਘ ਰਹੀ ਇਹ ਜ਼ਿੰਦਗੀ, ਬਹੁਤ ਲੰਮੇਰੀ ਹੋ ਗਈ,
ਬੜੀ ਬਾਤ ਪਾਈ ਆਪੇ ਨਾਲ, ਅਜੇ ਵੀ ਕਾਲੀ ਰਾਤ ਹੈ ।
ਦਿਲ ਖੋਲ੍ਹ ਕੇ ਮੈਂ ਰੱਖ ਤਾਂ, ਸੋਚਿਆ ਨਾ ਇਕ ਵਾਰ ਵੀ,
ਉਦੋਂ ਤਾ ਗੱਲਾਂ ਹੋਰ ਸੀ, ਹੁਣ ਹੋਰ ਗੱਲਬਾਤ ਹੈ ।
ਰੋਜ਼ ਬੈਠਦੀ ਹਾਂ ਆਪਣਾ, ਆਪੇ ਹੀ ਸਿਵਾ ਬਾਲ ਕੇ,
ਲੱਗਦਾ ਹੈ ਜਿਵੇਂ ਰੂਹ ਨੇ, ਕਰ ਲਿਆ ਆਤਮਘਾਤ ਹੈ ।
38. ਅੱਜ ਦਾ ਇਨਸਾਨ
ਅੱਜ ਦਾ ਇਨਸਾਨ ।
ਇਨਸਾਨੀਅਤ ਦੇ ਨਾਂ ਤੇ
ਕਰ ਰਿਹਾ ਹੈ ਘਾਣ,
ਇਨਸਾਨਾਂ ਦਾ ।
ਸਮਝਦਾਰ ਨੂੰ ਪਾਗਲ,
ਭੋਲੇ ਨੂੰ ਕਮਲਾ,
ਸਿਆਣੇ ਨੂੰ ਬੇਕਾਰ,
ਮਤਲਬੀ ਨੂੰ ਸਿਆਣਾ,
ਚਤਰ ਨੂੰ ਸੁਲਝਿਆ,
ਕਰ ਰਿਹਾ ਪਰਿਭਾਸ਼ਤ,
ਅਜਿਹੇ ਸ਼ਬਦਾਂ ਨਾਲ ।
ਆਪਣੀ ਹੀ ਧੁਨ 'ਚ,
ਚਲਾ ਰਿਹਾ ਹੈ ਦੁਨੀਆਂ ।
ਪਰ ਦੇਖ ਰਿਹਾ ਹੈ ਉਹ,
ਵਾਚ ਰਿਹਾ, ਹੱਸ ਰਿਹਾ,
ਕੀ ਮੈਂ ਬਣਾਇਆ ?
ਇਹ ਇਨਸਾਨ ?
39. ਦਿਲ ਤੇ ਕਰਦੀ ਹੈ ਵਾਰ ਦੁਨੀਆਂ
ਦਿਲ ਤੇ ਕਰਦੀ ਹੈ ਵਾਰ ਦੁਨੀਆਂ ।
ਕਰਦੀ ਹੈ ਵਾਰ ਵਾਰ ਦੁਨੀਆਂ ।
ਬੜੀ ਬਣਦੀ ਹੈ ਸਮਝਦਾਰ ਦੁਨੀਆਂ,
ਪਰ ਕਰਦੀ ਨਾ ਬਹਿ ਕੇ ਵਿਚਾਰ ਦੁਨੀਆਂ ।
ਪੈਸੇ ਦੇ ਮਗਰ ਲੱਗ ਕੇ,
ਕਰਦੀ ਹੈ ਮਾਰੋ ਮਾਰ ਦੁਨੀਆਂ।
ਨਵੀਆਂ ਸਹੂਲਤਾਂ ਨਾਲ ਲੈਸ,
ਬਣਾਈ ਫਿਰਦੀ ਹੈ ਵਸਤਾਂ,
ਬੇਸ਼ੁਮਾਰ ਦੁਨੀਆਂ ।
ਪਰ ਕਰ ਲਏ ਕਿੰਨੇ ਵੀ ਯਤਨ,
ਜਾਂਦੀ ਹੈ,
ਕਬਰਸਤਾਨ ਆਖ਼ਰਕਾਰ ਦੁਨੀਆਂ ।
40. ਸ਼ੇਅਰ-ਲੱਖਾਂ ਦੀਵੇ ਬਾਲਣ ਦਾ ਕੀ ਫਾਇਦਾ
ਲੱਖਾਂ ਦੀਵੇ ਬਾਲਣ ਦਾ ਕੀ ਫਾਇਦਾ,
ਜਦੋਂ ਦਿਲ ਵਿੱਚ ਘੁੱਪ ਹਨ੍ਹੇਰਾ ।
ਬਾਹਰੋਂ ਦਿਖਾਵਾ ਕਰਨ ਦਾ ਕੀ ਫਾਇਦਾ,
ਜਦੋਂ ਅੰਦਰ ਪਾਪ ਘਨੇਰਾ ।
41. ਜਿੰਦ ਮੇਰੀ ਇਉਂ ਬਲਦੀ
ਜਿੰਦ ਮੇਰੀ ਇਉਂ ਬਲਦੀ,
ਜਿਵੇਂ ਦੀਵੇ ਦੀ ਬਲਦੀ ਲਾਟ ਵੇ ।
ਤੂੰ ਥਲਾਂ 'ਚ ਰੁਲਦੀ ਛੱਡ ਗਿਉਂ,
ਮੈਂ ਪਾਉਂਦੀ ਰਹਿ ਗਈ ਬਾਤ ਵੇ ।
ਤੇਰੇ ਮੁੱਖ ਤੋਂ ਆਪਾ ਵਾਰ ਦਿਆਂ,
ਵਾਰ ਦਿਆਂ ਰਾਤਾਂ ਤੇ ਪ੍ਰਭਾਤ ਵੇ ।
ਤੂੰ ਮੁੜ ਕੇ ਪਿਛਾਂਹ ਨਾ ਝਾਕਿਆ,
ਮੈਂ ਰਿੱਝਾਂ ਵਿਛੋੜੇ ਦੇ ਨਾਲ ਵੇ ।
ਤੇਰੀ ਇੱਕ ਝਲਕ ਨੂੰ ਪਾਉਣ ਖਾਤਰ,
ਮੈਂ ਜਿੰਦ ਲਈ ਇਹ ਗਾਲ ਵੇ ।
42. ਤੇਰਾ ਨਾਂ
ਉਹ ਉਕਰਨਾ ਰੇਤ ਤੇ ਨਾਂ ਤੇਰਾ ਤੇ ਮਿਟਾ ਦੇਣਾ ।
ਉਹ ਮੇਰਾ ਯਾਦ ਕਰਨਾ, ਤੇਰਾ ਦਿਲੋਂ ਭੁਲਾ ਦੇਣਾ ।
ਦਿਲ ਦੀਆਂ ਸੱਧਰਾਂ ਨੂੰ ਦਿਲ 'ਚ ਹੀ ਦਫ਼ਨਾ ਦੇਣਾ ।
ਕਰਨੀਆਂ ਗੱਲਾਂ ਤੇਰੇ ਪਰਛਾਵਿਆਂ ਦੇ ਨਾਲ ।
ਵਜ਼ੂਦ ਤੇਰਾ ਹੈ, ਬਸ ਦਿਲ ਨੂੰ ਭੁਲੇਖਾ ਪਾ ਦੇਣਾ ।
43. ਵਲੂੰਧਰੇ ਫੁੱਲ
ਵਲੂੰਧਰੇ ਫੁੱਲਾਂ ਦਾ ਵੀ ਵਜ਼ੂਦ ਹੁੰਦਾ,
ਉਹ ਵੀ ਚਾਹੁੰਦੇ ।
ਜਿਊਣਾ, ਜ਼ਿੰਦਗੀ ਮਾਨਣਾ ਤੇ ਹੱਸਣਾ,
ਲੋਚਦੇ ਨੇ ਦੁਬਾਰਾ ਖਿੜਨਾ ।
ਆਸ ਰੱਖਦੇ ਨੇ ਉਹ ਵੀ,
ਸ਼ਾਇਦ ਕਦੇ ਆਊ ਬਹਾਰ
ਉਨ੍ਹਾਂ 'ਤੇ ਵੀ .....
ਪਲੋਸੂ ਉਨ੍ਹਾਂ ਨੂੰ ਵੀ ਕੋਈ,
ਪਰੋਊ ਆਪਣੀ ਮਾਲਾ 'ਚ,
ਸੁੱਕੇ ਹੋਣ 'ਤੇ ਵੀ .....
ਖੁਸ਼ਬੋਈ ਕਰਕੇ ।
44. ਸ਼ੇਅਰ-ਬੰਦਿਆ ਤੇਰੀ ਤਮਾਂ ਨਾ ਮੁੱਕਦੀ
ਬੰਦਿਆ ਤੇਰੀ ਤਮਾਂ ਨਾ ਮੁੱਕਦੀ,
ਜ਼ਿੰਦਗੀ ਚਾਹੇ ਮੁੱਕ ਜਾਵੇ ।
ਦੁਨੀਆਂ ਜਿੱਤਣ ਦੀ ਕਾਹਲ ਹੈ ਰਹਿੰਦੀ,
ਆਪਣਾ ਮਨ ਜਿੱਤਿਆ ਨਾ ਜਾਵੇ ।
45. ਮਮਤਾ
ਮਾਂ ਸ਼ਬਦ ।
ਕਲਪਨਾ ਦੀ ਉਡਾਰੀ ਤੋਂ ਪਰੇ ।
ਮੇਰੀਆਂ ਸੋਚਾਂ ਤੋਂ ਉੱਪਰ ।
ਦਿਲ ਦੀਆਂ ਗਹਿਰਾਈਆਂ,
ਤੋਂ ਵੀ ਡੂੰਘਾ ।
ਜਿਸ ਦਾ ਭੇਦ
ਕੋਈ ਨਾ ਪਾ ਸਕਦਾ ।
ਇਕ ਮਾਂ ਨੂੰ ਹੀ ਭੇਦ,
ਮਮਤਾ ਕੀ ਹੈ ?
ਉਸੇ ਨੂੰ ਹੀ ਪਤਾ,
ਔਲਾਦ ਕੀ ਹੈ ?
ਆਪਣੇ ਢਿੱਡ ਦੀਆਂ
ਆਂਦਰਾਂ ਨੂੰ
ਮਾਂ ਤੋਂ ਵੱਧ ਕੇ
ਕੌਣ ਹੈ ਜਾਣ ਸਕਦਾ ?
ਕੌਣ ਕਰੇ ਮਾਂ ਜਿੱਡਾ
ਜਿਗਰਾ
ਰਾਤਾਂ ਨੂੰ ਕੌਣ ਹੈ
ਜਾਗ ਸਕਦਾ ?
ਆਪ ਰਹਿ ਕੇ
ਤੰਗੀਆਂ ਤੁਰਸ਼ੀਆਂ ਵਿੱਚ,
ਔਲਾਦ ਨੂੰ ਕੌਣ ਹੈ ਹਸਾ ਸਕਦਾ ?
ਲੱਗਣ ਨਾ ਦੇਵੇ ਵਾ ਤੱਤੀ,
ਆਪ ਅੱਗਾਂ ਦੇ ਵਿੱਚ ਸੜ ਜਾਂਦੀ ।
ਸਿਰ ਦੇ ਸਾਈਂ ਦੀਆਂ ਬੁਰਾਈਆਂ ਵੀ,
ਬੱਚਿਆਂ ਲਈ ਹੱਸ ਕੇ ਜਰ ਜਾਂਦੀ ।
ਨਿਰਸਵਾਰਥ ਸੇਵਾ ਦੀ ਉਦਾਹਰਨ,
ਲੱਖਾਂ ਬੁਰਾਈਆਂ ਦੇ ਬਾਵਜੂਦ ਵੀ,
ਔਲਾਦ ਆਪਣੀ ਤੋਂ ਕੁਰਬਾਨ ਜਾਂਦੀ ।
46. ਕਾਲੇ ਹਰਫ਼
ਕਾਲੇ ਹਰਫ਼ਾਂ 'ਚ ਮੇਰਾ ਜੱਗ ਵੱਸਦਾ,
ਦੱਸਾਂ ਕੀ ਇਨ੍ਹਾਂ 'ਚ ਮੇਰਾ ਰੱਬ ਵੱਸਦਾ ।
ਕਾਲੇ ਹਰਫ਼ ਜੇ ਮੇਰੇ ਤੋਂ ਰੁੱਸ ਜਾਣਗੇ,
ਸਾਰੇ ਚਾਅ ਤੇ ਹਾਸੇ ਮੇਰੇ ਮੁੱਕ ਜਾਣਗੇ ।
47. ਸਾਉਣ ਮਹੀਨਾ
ਸਾਉਣ ਮਹੀਨਾ ਚੜ੍ਹਿਆ ਅੜੀਓ,
ਛਾਈਆਂ ਕਾਲੀਂਆਂ ਘਟਾਵਾਂ ।
ਨਾ ਹੁਣ ਕਿਧਰੇ ਪਿੱਪਲ ਦਿਸਦੇ,
ਨਾ ਸੰਘਣੀਆਂ ਛਾਵਾਂ ।
ਨਾ ਕਿਤੇ ਕੁੜੀਆਂ 'ਕੱਠੀਆਂ ਹੋਵਣ,
ਨਾ ਪੀਂਘਾਂ ਦਾ ਸਿਰਨਾਵਾਂ ।
ਕਿੱਥੇ ਗਏ ਹੁਣ ਗੁੱਡੀਆਂ ਪਟੋਲੇ,
ਰਲਮਿਲ ਖੇਡਣਾ ਨਾਲ ਚਾਵਾਂ ।
ਅੱਜ ਕੱਲ੍ਹ ਤਾਂ ਬਸ ਰਹਿ ਗਏ,
ਫ਼ੋਨਾਂ ਦੇ ਖਿਡੌਣੇ, ਫੇਸਬੁੱਕ ਤੋਂ ਸਦਕੇ ਜਾਵਾਂ ।
ਬੇਮਤਲਬ ਦੇ ਚੀਨੀ ਕਾਰਟੂਨ ਦੇਖਦੇ,
ਬੱਚਿਆਂ ਨੂੰ ਕਿੰਞ ਸਮਝਾਵਾਂ ।
ਆਉਣ ਵਾਲੇ ਸਮੇਂ 'ਚ ਕੀ ਬਣੂ,
ਸੋਚ ਸੋਚ ਮੈਂ ਘਬਰਾਵਾਂ ।
ਸੋਚ ਸੋਚ ਕੇ ਮੈਂ ਘਬਰਾਵਾਂ ।
48. ਐਨੇ ਕੁ ਰੁੱਖ ਲਾ ਲਵੀਂ
ਫੂਕਣੇ ਨੂੰ ਤੈਨੂੰ ਕਿਤੇ, ਥੁੜ ਨਾ ਜਾਣ ਲੱਕੜਾਂ,
ਐਨੇ ਕੁ ਰੁੱਖ ਲਾ ਲਵੀਂ, ਐਨੇ ਕੁ ਰੁੱਖ ਲਾ ਲਵੀਂ ।
ਜਦ ਵੇਲਾ ਆਉਣਾ ਮੌਤ ਦਾ, ਭਾਲੇਂਗਾ ਫੇਰ ਲੱਕੜਾਂ,
ਪਹਿਲਾਂ ਹੀ ਪੱਜ ਲਾ ਲਵੀਂ, ਐਨੇ ਕੁ ਰੁੱਖ ਲਾ ਲਵੀਂ ।
ਕੱਟ ਕੱਟ ਕੇ ਦਰਵੇਸਾਂ ਨੂੰ, ਬਣਾਉਂਦਾ ਰਿਹਾ ਤੂੰ ਸ਼ੈਆਂ ।
ਉੱਕਰ ਕੇ ਮੂਰਤਾਂ ਨੂੰ, ਸਜਾਉਂਦਾ ਰਿਹਾ ਤੂੰ ਲੱਕੜਾਂ ।
ਅੰਤ ਵੇਲਾ ਆ ਗਿਆ, ਸਮਾਉਣਾ ਤੂੰ ਵਿੱਚ ਲੱਕੜਾਂ ।
ਹੁਣ ਵੇਲੇ ਨੂੰ ਪਛਤਾ ਲਵੀਂ, ਐਨੇ ਕੁ ਰੁੱਖ ਲਾ ਲਵੀਂ ।
ਏਸ ਧਰਤੀ ਦਾ ਤੂੰ, ਏਨਾ ਕੁ ਭਾਰ ਲਾਹ ਲਵੀਂ ।
ਫੂਕਣੇ ਨੂੰ ਤੈਨੂੰ ਕਿਤੇ, ਥੁੜ ਨਾ ਜਾਣ ਲੱਕੜਾਂ,
ਐਨੇ ਕੁ ਰੁੱਖ ਲਾ ਲਵੀਂ, ਐਨੇ ਕੁ ਰੁੱਖ ਲਾ ਲਵੀਂ ।
49. ਸ਼ੇਅਰ-ਜਦੋਂ ਅੱਖੀਆਂ 'ਚੋ ਮੇਰੇ ਹੈ ਆਸ ਮੁੱਕੀ
ਜਦੋਂ ਅੱਖੀਆਂ 'ਚੋ ਮੇਰੇ ਹੈ ਆਸ ਮੁੱਕੀ,
ਕਿਵੇਂ ਰੁੱਤ 'ਚ ਅਗਲੀ ਯਕੀਨ ਰੱਖਾਂ ।
ਕਿੱਥੋ ਲੱਭ ਕੇ ਲਿਆਵੇਂਗਾ ਤੂੰ ਕਲਮਾਂ,
ਦੂਰ ਤੱਕ ਬੰਜਰ ਹੀ ਬੰਜਰ ਜ਼ਮੀਨ ਦੇਖਾਂ ।
50. ਰੁੱਖਾਂ ਦੀ ਜੂਨ
ਸਾਨੂੰ ਰੁੱਖਾਂ ਦੀ ਜੂਨ !
ਰੁੱਖਾਂ ਦੀ ਜੂਨ ।
ਤੂੰ ਪਾਈ ਨੀਂ ਮਾਂ !
ਨਾ ਇਹ ਬੋਲਣ,
ਨਾ ਇਹ ਸੁਣਦੇ
ਨਾ ਇਹ ਕਰਦੇ
ਮਰਜ਼ੀ ਨੀਂ ਮਾਂ,
ਸਾਨੂੰ ਰੁੱਖਾਂ ਦੀ ਜੂਨ
ਰੁੱਖਾਂ ਦੀ ਜੂਨ
ਤੂੰ ਪਾਈ ਨੀ ਮਾਂ !
ਕੋਈ ਤਾਂ ਇਹਨਾਂ ਦੀ,
ਛਾਵੇਂ ਪਿਆ ਬੈਠੇ
ਕੋਈ ਤਾਂ ਖਾਂਦਾ ਏ
ਮੇਵੇ ਨੀਂ ਮਾਂ ।
ਕੋਈ ਉਗੇਂਦਾ, ਕੋਈ ਵਢੇਂਦਾ
ਕੋਈ ਤਾਂ ਕਰਦਾ ਏ
ਰਾਖੀ ਨੀਂ ਮਾਂ !
ਸਾਨੂੰ ਰੁੱਖਾਂ ਦੀ ਜੂਨ
ਰੁੱਖਾਂ ਦੀ ਜੂਨ ਤੂੰ ਪਾਈ ਨੀਂ ਮਾਂ !
ਕਦੇ ਕਦੇ ਕੋਈ
ਤੱਕ ਵੀ ਲੈਂਦਾ
ਮੋਹ ਵਾਲੀ ਤੱਕਣੀ
ਪਿਆਰੀ ਨੀਂ ਮਾਂ !
ਸਾਨੂੰ ਰੁੱਖਾਂ ਦੀ ਜੂਨ
ਰੁੱਖਾਂ ਦੀ ਜੂਨ
ਤੂੰ ਪਾਈ ਨੀਂ ਮਾਂ !
51. ਰੁੱਖ
ਜੇ ਸਿੱਖਣਾ ਤਾਂ ਸਿੱਖ ਲੈ, ਸਬਰ ਸੰਤੋਖ ਤੂੰ ਰੁੱਖਾਂ ਤੋਂ ।
ਦੇਖ ਕਦੇ ਨਾ ਡੋਲਣ ਇਹ, ਦੁੱਖਾਂ ਤੋਂ ਨਾ ਸੁੱਖਾਂ ਤੋਂ ।
ਝੁੱਲਦੀਆਂ ਨੇ ਹਨੇਰੀਆਂ, ਲੰਘ ਜਾਂਦੇ ਨੇ ਝੱਖੜ ਵੀ ।
ਪਰ ਖੜੇ ਰਹਿਣ ਅਡੋਲ, ਨਾ ਡਰਦੇ ਬਦਲੀਆਂ ਰੁੱਤਾਂ ਤੋਂ ।
ਜੇ ਸਿੱਖਣਾ ਤਾਂ ਸਿੱਖ ਲੈ, ਸਬਰ ਸੰਤੋਖ ਤੂੰ ਰੁੱਖਾਂ ਤੋਂ ।
ਜਿਉਂਦੇ ਨੇ ਲੰਮੀਆਂ ਉਮਰਾਂ, ਫ਼ਲਦੇ, ਫੁੱਲਦੇ ਤੇ ਵੱਧਦੇ ਨੇ ।
ਦਿੰਦੇ ਨੇ ਠੰਢੀਆਂ ਛਾਵਾਂ, ਨਾ ਡਰਦੇ ਇਹ ਧੁੱਪਾਂ ਤੋਂ ।
ਸੀ ਨਾ ਉੱਚਰੀ ਇਹਨਾਂ ਆਪਣੇ ਮੁੱਖਾਂ ਤੋਂ ।
ਇਹ ਨਾ ਲੜਦੇ ਨਾ ਘਬਰਾਉਂਦੇ ਨੇ ਮਨੁੱਖਾਂ ਤੋਂ ।
ਜੇ ਸਿੱਖਣਾ ਤਾਂ ਸਿੱਖ ਲੈ, ਸਬਰ ਸੰਤੋਖ ਤੂੰ ਰੁੱਖਾਂ ਤੋਂ ।
52. ਦਿਓ
ਛੋਟੇ ਹੁੰਦਿਆਂ ਦਾਦੀ ਮੇਰੀ,
ਸੁਣਾਉਂਦੀ ਸੀ ਕਹਾਣੀ ।
ਇੱਕ ਦਿਓ ਦੀ !
ਜੋ ਚੁੱਕ ਕੇ ਲੈ ਜਾਂਦਾ ਸੀ,
ਪਿੰਡ 'ਚੋਂ ਕੋਈ ਵੀ ਕੁੜੀ ।
ਮੰਨ ਜਾਂਦੀ ਸੀ ਮੈਂ ਉਵੇਂ ।
ਪਰ ਹੁਣ ਸਮੇਂ ਦੇ ਨਾਲ,
ਵਿਗਿਆਨਕ ਜੁੱਗ ਵਿੱਚ,
ਮੇਰੀ ਸੋਚਣੀ ਵਿਕਸਤ ਹੋਈ,
ਸਮਝ ਆ ਗਿਆ ਮੈਨੂੰ ।
ਦਿਓ ਤਾਂ ਹੁਣ ਵੀ
ਜਿਊਂਦੈ, ਜਾਗਦੈ
ਅਖ਼ਬਾਰਾਂ 'ਚ ਨਿੱਤ,
ਸੁਰਖੀਆਂ ਵੀ ਬਟੋਰਦੈ ।
ਧੀਆਂ ਵੀ ਚੁੱਕਦੈ ।
ਜ਼ਮਾਨਾ ਤਾਂ ਬਦਲਿਆ,
ਪਰ ਨਹੀਂ ਬਦਲੀ ਤਾਂ
ਕਹਾਣੀ
ਉਸ ਭੁੱਖੇ ਦਿਓ ਦੀ ।
53. ਪੰਛੀ
ਜਦੋਂ ਬੋਲਦੇ ਨੇ ਪੰਛੀ, ਮੈਨੂੰ ਤਰਸ ਜਿਹਾ ਆਵੇ,
ਕਿਤੇ ਆਉਣ ਵਾਲਾ ਸਮਾਂ, ਹਾਏ ਮਾਰ ਨਾ ਮੁਕਾਵੇ ।
ਕਿਤੇ ਘੁੱਗੀਆਂ ਦਾ ਜੋੜਾ, ਬੈਠਾ ਨਜ਼ਰੀ ਜੇ ਆਵੇ,
ਦਿਲ ਡੋਲ ਜਾਂਦਾ ਮੇਰਾ, ਖੁਸ਼ੀ ਲੁੱਟੀ ਨਾ ਇਹ ਜਾਵੇ ।
ਮੇਰੇ ਬਚਪਨੇ ਦੀ ਚਿੜੀ, ਕੋਈ ਮੋੜ ਕੇ ਲਿਆਵੇ,
ਚਿੜੀ ਕਾਂ ਦੀ ਕਹਾਣੀ, ਕੌਣ ਕਿਸਨੂੰ ਸੁਣਾਵੇ ।
ਇੱਕ ਦੂਜੇ ਤੋਂ ਵੀ ਸੋਹਣਾ, ਬੰਦਾ ਘਰਾਂ ਨੂੰ ਬਣਾਵੇ,
ਥੋਡੇ ਆਲ੍ਹਣੇ ਟਿਕਾਣੇ, ਜੜੋਂ ਵੱਢ ਕੇ ਮੁਕਾਵੇ ।
ਲੈ ਆਏ ਹਾਂ ਅਲਾਰਮ, ਹੁਣ ਕੁੱਕੜ ਨਾ ਜਗਾਵੇ,
ਤੜਕੇ ਚੀਂ-ਚੀਂ ਦੀ ਅਵਾਜ਼, ਕੋਈ ਕਿਤੋਂ ਲੈ ਆਵੇ ।
ਨੇੜੇ-ਤੇੜੇ ਨਹੀਂ ਦਰੱਖਤ, ਹੁਣ ਸਾਹ ਕਿਵੇਂ ਆਵੇ,
ਭੈੜੀ ਪੌਂ-ਪੌਂ ਦੀ ਆਵਾਜ਼, ਕੰਨ ਵੱਢ-ਵੱਢ ਖਾਵੇ ।
ਫੋਨ ਹੋ ਗਿਆ ਜ਼ਰੂਰੀ, ਇਹ ਤੋਂ ਬਿਨ੍ਹਾਂ ਚੈਨ ਨਾ ਆਵੇ,
ਫੇਸਬੁੱਕ ਦਾ ਬੁਖ਼ਾਰ, ਦਿਨੇ ਰਾਤੀਂ ਹੋਰ ਚੜ੍ਹੀ ਜਾਵੇ,
ਇਹ ਤਾਂ ਖਾ ਗਏ ਸਾਡੇ ਪੰਛੀ, ਅਜੇ ਸਬਰ ਨਾ ਆਵੇ ।
54. ਹੈਪੀ ਡਾਟਰਜ਼ ਡੇਅ
ਹਸਪਤਾਲ ਦੇ ਬਾਹਰੋਂ ਲੰਘਦਿਆਂ
ਨਜ਼ਰ ਪਈ ਨਿੱਕੀ ਜਿਹੀ
ਲੋਥ 'ਤੇ ।
ਕੁੱਤਿਆਂ ਨਾਲ ਘਿਰੀ ਹੋਈ,
ਕੁੱਖ 'ਚ ਕਤਲ ਹੋਈ ਇੱਕ ਧੀ 'ਤੇ
ਤਰਸ ਜਿਹਾ ਆਇਆ
ਰੋ ਉਠਿਆ ਗਿਆ ਮਨ,
ਜਦੋਂ ਘਰ ਆਣ ਕੇ,
ਫੇਸਬੁੱਕ ਤੇ ਸੁਨੇਹੇ ਮਿਲੇ
ਹੈਪੀ ਡਾਟਰਜ਼ ਡੇਅ ।
55. ਚਮਰਸ
ਤੇਰੇ ਦਿੱਤੇ ਜ਼ਖ਼ਮ,
ਉਸ ਚਮਰਸ ਵਾਂਗ
ਜੋ ਰਾਹੀਂ ਚੱਲਦਿਆਂ,
ਪੈਰਾਂ 'ਚ ਹੋ ਜਾਂਦੈ ।
ਐਪਰ ਤੁਰਦੀ ਜਾਵਾਂ,
ਉਸੇ ਜੁੱਤੀ ਨਾਲ
ਜ਼ਖ਼ਮਾਂ 'ਚੋਂ ਰਿਸਦਾ ਲਹੂ,
ਅੱਖਾਂ 'ਚੋ ਪਾਣੀ ਬਣ,
ਸਿੰਮਦਾ ਜਾਵੇ ।
56. ਮੇਰਾ ਅਜ਼ਾਦ ਭਾਰਤ
ਹਾਏ ! ਮੇਰਾ ਅਜ਼ਾਦ ਭਾਰਤ !
ਏਦੂੰ ਤਾਂ ਗੁਲਾਮ ਚੰਗਾ ਸੀ ।
ਆਏ ਦਿਨ ਰੋਲ ਰਿਹਾ ਪੱਤ ਇੱਥੇ,
ਰਾਖਸ਼ਸ਼ ਭੁੱਖਾ ਕੋਈ ਧੀਆਂ ਦੀ ।
ਤਰਸ ਨਾ ਕਰਦਾ ਬਾਲੜੀਆਂ 'ਤੇ,
ਪਰਵਾਹ ਕਰੇ ਨਾ ਕਿਸੇ ਕਾਨੂੰਨ ਦੀ ।
ਜਾਣੀਜਾਣ ਹੈ ਪਹਿਲਾਂ ਹੀ ਇਹ,
ਬੇਈਮਾਨੀ ਤੋਂ ਕਾਨੂੰਨ ਦੇ ਰਾਖਿਆਂ ਦੀ ।
ਸ਼ਾਨ ਨਾਲ ਜੜਦਾ ਇਨ੍ਹਾਂ ਦੇ,
ਦੇਖੋ ਇਹ ਜੁੱਤੀ ਚਾਂਦੀ ਦੀ ।
ਸਭ ਸੁਣਦੇ ਨੇ ਖ਼ਬਰਾਂ ਦੋ ਦਿਨ,
ਫਿਰ ਭੁੱਲ ਜਾਂਦੇ ਕੁਰਬਾਨੀ ਧੀ ਦੀ ।
57. ਜਗਤਮਾਤਾ
ਕਿਵੇਂ ਦੱਸਾਂਗੇ ਇਤਿਹਾਸ,
ਆਉਣ ਵਾਲੀਆਂ ਪੀੜ੍ਹੀਆਂ ਨੂੰ ।
ਸਿਰਜ ਰਹੇ ਹਾਂ ਇਤਿਹਾਸ,
ਕੀ ਉਦਾਹਰਨ ਵਾਲਾ ?
ਕੀਤਾ ਜਾਂਦਾ ਅਜੇ ਵੀ ਸ਼ੋਸ਼ਣ ।
ਬਾਬੇ ਨੇ ਕਿਹਾ ਸੀ,
ਜਿਸਦਾ ਸਤਿਕਾਰ ਕਰਨ ਲਈ ।
ਵਿਆਹ ਦੇ ਫ਼ਿਕਰ 'ਚ .....
ਕੁੱਖ 'ਚ ਮਾਰ ਦਿੱਤੀ ਜਾਂਦੀ,
ਕੋਈ ਕਲਪਨਾ ਚਾਵਲਾ ।
ਸੜਕਾਂ ਤੇ ਖਿੱਚੇ ਜਾਂਦੇ ਵਸਤਰ,
ਘਰਾਂ ਦੀ ਆਬਰੂ ਦੇ ।
ਘੇਰ ਲਈ ਜਾਂਦੀ ਕਿਤੇ
ਕੱਲੀ ਤੁਰੀ ਜਾਂਦੀ ।
ਨੋਚਿਆ ਜਾਂਦਾ ਹੈ ਤਨ,
ਜਗਤਮਾਤਾ ਦਾ ।
58. ਨਵਾਂ ਇਤਿਹਾਸ
ਮਾਹੀਏ ਢੋਲੇ ਗਾਉਂਦੇ ਇੱਥੋਂ ਲੱਖਾਂ ਤੁਰ ਗਏ ਨੇ,
ਦੁਨੀਆਂ ਦੀ ਭਲਾਈ ਦੇ ਗੀਤ ਗਾਇਆ ਕਰ ਮਨਾਂ ।
ਚਾਪਲੂਸੀਆਂ ਕਰਕੇ ਬਹੁਤ ਬੁਲੰਦੀਆਂ ਪਾ ਲਈਆਂ,
ਦਿਲ ਦੀ ਆਵਾਜ਼ ਬੁੱਲ੍ਹਾਂ ਤੱਕ ਲਿਆਇਆ ਕਰ ਮਨਾਂ ।
ਸੱਚੇ ਬੰਦੇ ਦਾ ਗੁਜ਼ਾਰਾ ਬੜਾ ਹੀ ਔਖਾ ਏ, ਪਰ,
ਤੂੰ ਹੁਣ ਗੁੱਝੇ ਭੇਦ ਨਾ ਛੁਪਾਇਆ ਕਰ ਮਨਾਂ ।
ਚਾਪਲੂਸਾਂ ਦਾ ਇਤਿਹਾਸ ਬੜਾ ਪੁਰਾਣਾ ਏ,
ਭਗਤ ਸਿੰਘ ਦੇ ਵਾਂਗ ਇਤਿਹਾਸ ਨਵਾਂ,
ਬਣਾਇਆ ਕਰ ਮਨਾਂ ।
ਆਪਣੇ ਬੱਚਿਆਂ ਖ਼ਾਤਰ ਬੈਂਕਾਂ ਸਾਰੇ ਹੀ ਭਰਦੇ ਨੇ,
ਬਾਬੇ ਨਾਨਕ ਵਾਂਗ ਲੰਗਰ ਲਗਾਇਆ ਕਰ ਮਨਾਂ ।
ਦਿਖਾਵੇ ਲਈ ਕਾਗਜ਼ਾਂ ਉੱਤੇ ਸਾਰੇ ਹੀ ਲਿਖਦੇ ਨੇ,
ਲਿਖੇ ਨੂੰ ਸੱਚ ਕਰਕੇ ਕਦੇ ਦਿਖਾਇਆ ਕਰ ਮਨਾਂ ।
ਦੂਜੇ ਨੂੰ ਵਸ ਕਰਨ ਦੀ ਗੱਲ ਤਾਂ ਸਾਰੇ ਹੀ ਕਰਦੇ ਨੇ,
ਕਦੇ ਆਪਣੇ ਮਨ ਨੂੰ ਵਸ 'ਚ ਕਰਕੇ,
ਵਿਖਾਇਆ ਕਰ ਮਨਾਂ ।
59. ਬੈਠਾ ਸੋਚਦਾ ਭਗਤ ਸਿੰਘ ਜੇਲ੍ਹ ਅੰਦਰ
ਬੈਠਾ ਸੋਚਦਾ ਭਗਤ ਸਿੰਘ ਜੇਲ੍ਹ ਅੰਦਰ,
ਆਉਣਾ ਸਮਾਂ ਅਜ਼ਾਦੀ ਵਾਲੜਾ ਹੈ ।
ਦੇ ਕੁਰਬਾਨੀ ਦੇਸ ਛੁਡਾ ਚੱਲਾ,
ਹੁਣ ਨਾ ਜ਼ਜਬਾ ਅਜ਼ਾਦੀ ਦਾ ਰੁਕਣਾ ਹੈ ।
ਲਏ ਸੁਫ਼ਨੇ ਜੋ ਵਤਨ ਵਾਸੀਆਂ ਲਈ,
ਵਿੱਚ ਖੁਲ੍ਹੇ ਅਸਮਾਨੀਂ ਉੱਡਣਾ ਹੈ ।
ਸਭ ਪਾਸੇ ਖੁਸ਼ੀਆਂ ਧਮਾਲ ਪਾਉਣੀ,
ਝੰਡਾ ਦੇਸ ਦਾ ਉੱਚਾ ਝੂਲਣਾ ਹੈ ।
ਸੀ ਅਣਜਾਣ ਆਉਂਦੇ ਹਲਾਤਾਂ ਤੋਂ,
ਝੰਡਾ ਬੇਈਮਾਨੀ ਦਾ ਦੇਸ 'ਚ ਝੂਲਣਾ ਹੈ।
ਦੇਸ ਦੇ ਲੀਡਰਾਂ ਦੇਸ ਨੂੰ ਲੁੱਟ ਲੈਣਾ,
ਸਾਡੇ ਆਗੂਆਂ ਹੀ ਜੜ੍ਹਾਂ ਨੂੰ ਵੱਢਣਾ ਹੈ ।
ਧੀਆਂ, ਨੂੰਹਾਂ ਦੀਆਂ ਇੱਜ਼ਤਾਂ ਰੁਲਣੀਆਂ ਨੇ,
ਤੁਰੀਆਂ ਜਾਂਦੀਆਂ ਤੇ ਤੇਜ਼ਾਬ ਸੁੱਟਣਾ ਹੈ ।
ਨਿੱਕੀਆਂ ਬੱਚੀਆਂ ਦੀਆਂ ਮਸੂਮ ਲੋਥਾਂ,
ਵਿੱਚ ਸੜਕਾਂ ਦੇ ਕਿਧਰੇ ਰੁਲਣਾ ਹੈ ।
ਇਮਾਨਦਾਰੀ 'ਚ ਪਰੋਏ ਬੰਦਿਆਂ ਨੂੰ,
ਬੇਰੁਜਗਾਰੀ ਦੀ ਸੂਲੀ ਤੇ ਟੰਗਣਾ ਹੈ ।
ਅੰਨ ਦੇਣ ਵਾਲੇ ਅੰਨ ਦਾਤੇ ਨੇ,
ਰਾਤਾਂ ਕਈ-ਕਈ ਮੰਡੀਆਂ 'ਚ ਰੁਲਣਾ ਹੈ ।
ਮਾੜੇ ਬੰਦਿਆਂ ਲਾਲ ਬੱਤੀ ਵਿੱਚ ਘੁੰਮਣਾ,
ਚੰਗੇ ਲੋਕਾਂ ਨੂੰ ਕਿਸੇ ਨਾ ਪੁੱਛਣਾ ਹੈ ।
ਬੈਠਾ ਸੋਚਦਾ ਭਗਤ ਸਿੰਘ... ।
60. ਭੈੜਾ ਉਕਾਬ
ਭੋਲੀ ਜਿਹੀ ਚਿੜੀ,
ਚੋਗ ਚੁਗੇਂਦੀ ।
ਖਿੜੀ, ਖਿੜੀ,
ਅਣਜਾਣ !
ਅਸਮਾਨੋਂ ਤੱਕਦੇ !
ਭੈੜੇ ਉਕਾਬ ਤੋਂ ।
ਲੈ ਗਿਆ ਉਠਾ
ਖੂਨੀ ਪੰਜਿਆਂ 'ਚ ।
ਨੋਚ-ਨੋਚ ਖਾਂਦਾ ਰਿਹਾ,
ਬਰਦਾਸ਼ਤ ਕਰਦੀ ਰਹੀ,
ਅਣਭੋਲ ਜਿੰਦ !
ਆਖਰੀ ਸਾਹਾਂ ਤੱਕ !
61. ਅਧਿਆਪਕ ਦਾ ਫਰਜ਼
ਚਮਕ ਹੈ ਸਿਤਾਰੀਆਂ ਦੀ,
ਬੱਚਿਆਂ ਦੀਆਂ ਅੱਖਾਂ 'ਚ ।
ਇਸਨੂੰ ਬਰਕਰਾਰ ਰੱਖਣਾ,
ਫਰਜ਼ ਹੈ ਮੇਰਾ ।
ਘਰੋਂ ਜਦੋਂ ਚੱਲ ਕੇ,
ਮਾਂ ਦਾ ਦੁਲਾਰਾ ਆ ਗਿਆ ।
ਤਾਰੇ ਦੀ ਤਰ੍ਹਾਂ ਚਮਕਾਉਣਾ,
ਫਰਜ਼ ਹੈ ਮੇਰਾ ।
ਮੇਰੇ ਹੀ ਭਰੋਸੇ ਤੇ,
ਭੇਜਿਆ ਹੈ ਪਿਤਾ ਨੇ ।
ਸਮਾਜ ਵਿੱਚ ਜੀਣ ਦੇ,
ਕਾਬਲ ਬਣਾਉਣਾ,
ਫਰਜ਼ ਹੈ ਮੇਰਾ ।
ਉਮੀਦਾਂ ਭਰੀਆਂ ਅੱਖਾਂ ਨੇ,
ਪਿਆਰ ਨਾਲ ਜਦੋਂ ਤੱਕਿਆ ।
ਤੱਕਣੀ ਮੋਹ ਦੀ ਦਵਾਂ ਮੈਂ,
ਫਰਜ਼ ਹੈ ਮੇਰਾ ।
62. ਬਾਬਲ
ਬਚਪਨ ਵਿੱਚ ਤੂੰ ਲਾਡ ਲਡਾਏ, ਵਧੀਆ ਵਧੀਆ ਖੇਡ ਖਿਡਾਏ ।
ਪੁੱਤਰਾਂ ਨਾਲੋਂ ਵੱਧ ਵੱਧ ਕੇ, ਮੇਰੇ ਉੱਤੇ ਚਾਅ ਸਾਰੇ ਲਾਹੇ ।
ਹੁਣ ਤੋਰ ਦੇਣਾ ਹੈ ਤੂੰ ਬਾਬਲ, ਫੁੱਲ ਤੋੜ ਦੇਣਾ ਹੈ ਤੂੰ ਬਾਬਲ ।
ਪੁੱਤਰਾਂ ਨੂੰ ਤੂੰ ਰੱਖੇ ਕੋਲ, ਧੀਆਂ ਨੂੰ ਅੱਖਾਂ ਤੋਂ ਦੂਰ ।
ਕੀ ਧੀਆਂ ਪਾਪ ਕਮਾਇਆ ਹੈ, ਕੀ ਤੇਰਾ ਅਸਾਂ ਚੁਰਾਇਆ ਹੈ ।
ਕੀ ਲਾਡ ਤੇਰਾ ਹੁਣ ਮੁੱਕ ਗਿਆ ਹੈ, ਅੱਖਾ 'ਚੋਂ ਪਾਣੀ ਸੁੱਕ ਗਿਆ ਹੈ ।
ਤੂੰ ਹੋਇਓਂ ਕਿਉਂ ਮਜ਼ਬੂਰ ਬਾਬਲ, ਕਿਉਂ ਕਰ ਦੇਣਾ ਤੂੰ ਦੂਰ ਬਾਬਲ ।
ਫੁੱਲ ਤੋੜ ਦੇਣਾ ਹੈ ਤੂੰ ਬਾਬਲ, ਹੁਣ ਤੋਰ ਦੇਣਾ ਹੈ ਤੂੰ ਬਾਬਲ ।
ਕਿਉਂ ਲੱਖਾਂ ਨਾਜ਼ ਉਠਾਏ ਸੀ, ਕਿਉਂ ਐਨੇ ਲਾਡ ਲਡਾਏ ਸੀ ।
ਕਿਉਂ ਮੁੱਕਿਆ ਤੇਰਾ ਪਿਆਰ ਬਾਬਲ, ਕਿਉਂ ਤੋਰ ਦੇਣਾ ਹੈ ਤੂੰ ਬਾਬਲ ।
ਕਿਤੇ ਇੰਞ ਨਾ ਹੋਵੇ ਧੀ ਰਾਣੀ, ਇਸ ਜੱਗ ਵਿੱਚ ਕਿਧਰੇ ਰੁਲ ਜਾਵੇ ।
ਫੁੱਲਾਂ ਦੇ ਰਾਹੀਂ ਘੱਲਦੇ ਘੱਲਦੇ, ਕੰਢਿਆਂ ਦੇ ਰਾਹੀਂ ਘੱਲ ਦੇਵੇਂ ।
ਕੰਢਿਆਂ ਦੇ ਰਾਹੀਂ ਚਲਦੇ-ਚਲਦੇ, ਤੇਰੀ ਥੱਕ ਨਾ ਜਾਵੇ ਧੀ ਬਾਬਲ ।
ਹੁਣ ਤੋਰ ਦੇਣਾ ਹੈ ਤੂੰ ਬਾਬਲ, ਫੁੱਲ ਤੋੜ ਦੇਣਾ ਹੈ ਤੂੰ ਬਾਬਲ ।
ਕਿਉਂ ਮਾਂ ਤੋਂ ਮੈਨੂੰ ਤੋੜੇਂ ਤੂੰ, ਭਾਈਆਂ ਤੋਂ ਪਾਵੇਂ ਵਿਛੋੜੇ ਤੂੰ ।
ਕਰਮਾਂ ਮਾਰੀ ਇਸ ਤੱਤੜੀ ਨੂੰ, ਦੁੱਖਾਂ ਦੇ ਵਹਿਣ 'ਚ ਰੋੜ੍ਹੇ ਤੂੰ ।
ਆਪਣੇ ਤੋਂ ਦੂਰ ਕਿਉਂ ਤੋਰੇ ਤੂੰ, ਤੇਰੀ ਪੁੱਤਾਂ ਵਰਗੀ ਧੀ ਬਾਬਲ ।
ਹੁਣ ਤੋਰ ਦੇਣਾ ਹੈ ਤੂੰ ਬਾਬਲ, ਫੁੱਲ ਤੋੜ ਦੇਣਾ ਹੈ ਤੂੰ ਬਾਬਲ ।
ਧੀਆਂ ਤੋਰਨਾ ਜੱਗ ਦਾ ਦਸਤੂਰ ਸਹੀ, ਪਰ ਧੀ ਤੋਂ ਜਰਾ ਪੁੱਛ ਤਾਂ ਸਹੀ ।
ਕਿਵੇਂ ਜੀਵੇਗੀ ਤੈਥੋਂ ਦੂਰ ਬਾਬਲ, ਫੁੱਲ ਤੋੜ ਦੇਣਾ ਹੈ ਤੂੰ ਬਾਬਲ ।
ਮੈਨੂੰ ਰਾਤੀਂ ਸੁਫ਼ਨਾ ਆਇਆ ਸੀ, ਕਿਤੇ ਕੱਲੀ ਬੈਠੀ ਦੂਰ ਬਾਬਲ ।
ਤੈਨੂੰ ਯਾਦ ਕਰੇ ਤੇਰੀ ਕੂੰਜ ਬਾਬਲ, ਤੈਨੂੰ ਰੋ-ਰੋ ਕੇ ਬੁਲਾਉਂਦੀ ਰਹੀ ।
ਮੇਰਾ ਦਿਲ ਵੀ ਭਰਿਆ ਹੋਇਆ ਸੀ, ਮੈਂ ਕੱਲੀ ਹੀ ਕੁਰਲਾਉਂਦੀ ਰਹੀ ।
ਤੂੰ ਬੈਠਾ ਸੀ ਕਿਤੇ ਦੂਰ ਬਾਬਲ, ਉਨ੍ਹਾਂ ਮਾਰ ਦਿੱਤੀ ਤੇਰੀ ਕੂੰਜ ਬਾਬਲ ।
ਤੂੰ ਉੱਚੀ-ਉੱਚੀ ਰੋਇਆ ਸੀ, ਪਰ ਚਲੀ ਗਈ ਤੇਰੀ ਕੂੰਜ ਬਾਬਲ ।
ਐਥੇ ਕੁੱਖਾਂ ਵਿੱਚ ਧੀਆਂ ਮਰਦੀਆਂ ਨੇ, ਦਾਜ ਦੀ ਬਲੀ ਵੀ ਚੜ੍ਹਦੀਆਂ ਨੇ ।
ਇਹ ਜਿਊਂਦੇ ਜੀ ਹੀ ਸੜ੍ਹਦੀਆਂ ਨੇ, ਲੱਖਾਂ ਘਾਣ ਹਿਰਦੇ ਤੇ ਜਰਦੀਆਂ ਨੇ ।
ਪਰ ਮੂੰਹੋਂ ਸੀ ਨਾ ਕਰਦੀਆਂ ਨੇ, ਹਰ ਧੀ ਪਾਵੇ ਸਦਾ ਸੁੱਖ ਬਾਬਲ ।
ਹੁਣ ਤੋਰ ਦੇਣਾ ਹੈ ਤੂੰ ਬਾਬਲ, ਫੁੱਲ ਤੋੜ ਦੇਣਾ ਹੈ ਤੂੰ ਬਾਬਲ ।
63. ਨਿੱਕੇ ਨਿੱਕੇ ਪਿਆਰੇ ਬੱਚੇ
ਨਿੱਕੇ ਨਿੱਕੇ ਪਿਆਰੇ ਬੱਚੇ ।
ਸਭ ਦੀ ਅੱਖ ਦੇ ਤਾਰੇ ਬੱਚੇ ।
ਦੇਖ ਇਨ੍ਹਾਂ ਨੂੰ ਮਨ ਖਿੜ ਜਾਵੇ,
ਲੱਗਣ ਸਭ ਤੋਂ ਨਿਆਰੇ ਬੱਚੇ ।
ਲੱਗਦਾ ਇੰਞ ਜਿਵੇਂ ਫੁੱਲ ਖਿੜੇ ਨੇ,
ਫੁੱਲਾਂ ਭਰੇ ਕਿਆਰੇ ਬੱਚੇ ।
ਖੇਡਣ, ਮੱਲਣ ਕਿੱਕਲੀ ਪਾਵਣ,
ਅਰਸ਼ੋ ਉਤਰੇ ਤਾਰੇ ਬੱਚੇ ।
ਪੜ੍ਹ ਲਿਖ ਕੇ ਭਵਿੱਖ ਦੇਸ ਦਾ,
ਅਰਸ਼ਾਂ ਤੱਕ ਲੈ ਜਾਵਣ ਬੱਚੇ ।
64. ਬੱਚੇ ਰੱਬ ਦਾ ਰੂਪ
ਬੱਚੇ ਰੱਬ ਦਾ ਰੂਪ ।
ਦਿਲ ਵਿੱਚ ਨਾ ਪਾਪ ਇਨ੍ਹਾਂ ਦੇ,
ਰਹਿੰਦਾ ਚਿਹਰੇ ਤੇ ਸਦਾ ਨੂਰ ।
ਕਰਦੇ ਨੇ ਗੱਲ ਸੱਚੀ,
ਡਰਦੇ ਨਾ ਕਿਸੇ ਤੋਂ ।
ਵਲ, ਛਲ ਤੇ ਮਕਰ,
ਰਹਿੰਦਾ ਇੰਨ ਤੋਂ ਕੋਹਾਂ ਦੂਰ ।
ਬੱਚੇ ਰੱਬ ਦਾ ਰੂਪ ।
ਮਨਾਉਂਦੇ ਨੇ ਚਾਅ,
ਨਿੱਕੀਆਂ ਨਿੱਕੀਆਂ ਖੇਡਾਂ ਦਾ ।
ਵੱਖਰਾ ਹੈ ਨਜ਼ਾਰਾ,
ਬਾਪੂ ਨਾਲ ਕੀਤੀਆਂ ਚਹੇਡਾਂ ਦਾ ।
ਉਹ ਆਟੇ ਦੀਆਂ ਚਿੜੀਆਂ
ਭੁੰਨਣੀਆਂ
ਡੱਕਿਆਂ ਤੇ ਲਗਾ ਕੇ ਖਾਣੀਆਂ ।
ਫਿਰ ਚੜ੍ਹ ਜਾਣਾ ਸਰੂਰ ।
ਬੱਚੇ ਰੱਬ ਦਾ ਰੂਪ ।
ਮਾਂ ਦੀ ਪੱਕੀ ਰੋਟੀ 'ਚੋਂ,
ਦਿਖਦਾ ਸੀ ਜੱਗ ਸਾਰਾ ।
ਲੂਣ ਮਿਰਚ ਵਾਲੀ ਰੋਟੀ ਖਾ ਕੇ,
ਚੜ੍ਹ ਜਾਂਦਾ ਸੀ
ਲੱਖਾਂ ਪੀਜਿਆਂ ਦਾ ਸਰੂਰ ।
ਬੱਚੇ ਰੱਬ ਦਾ ਰੂਪ ।
65. ਸੱਥ
ਖਾਲੀ ਜਿਹੇ ਹੱਥ, ਬੈਠਾ ਵਿੱਚ ਸੱਥ,
ਬਾਪੂ ਸੋਚਦਾ ਹੀ ਰਹਿ ਗਿਆ ।
ਘਰੇ ਪੁੱਛਦਾ ਨਾ ਕੋਈ,
ਕੋਲੇ ਖੜ੍ਹਦਾ ਨਾ ਕੋਈ,
ਅੱਕਿਆ ਮੈਂ, ਸੱਥ ਵਿੱਚ ਆ ਕੇ ਬਹਿ ਗਿਆ ।
ਉਹ ਵੀ ਦਿਨ ਸੀ ਜਦੋਂ
ਜੈਲਦਾਰਾ ਕਹਿ ਕਹਿ ਕੇ
ਮੇਰੇ ਕੋਲੇ ਬਹਿ ਬਹਿ ਕੇ,
ਮੈਥੋਂ ਮੁੰਡਿਆਂ ਨੇ ਮੇਰੇ,
ਸਾਰੇ ਦੇ ਸਾਰੇ ਖੇਤ ਮੇਰੇ,
ਇਕ ਘਰ ਮੇਰਾ ਉਹ ਵੀ,
ਨਾਂ ਆਪਣੇ ਕਰਾ ਲਿਆ ।
ਖਾਲੀ ਜਿਹੇ ਹੱਥ, ਬੈਠਾ ਵਿੱਚ ਸੱਥ,
ਬਾਪੂ ਸੋਚਾਂ ਸੋਚਦਾ ਹੀ ਰਹਿ ਗਿਆ ।
ਜੇ ਸੱਥ ਵੀ ਨਾ ਹੁੰਦੀ,
ਕਿੱਥੇ ਲੱਭਦਾ ਟਿਕਾਣਾ ?
ਰਹਿਣ ਸਦਾ ਹੀ ਜਿਊਂਦੇ,
ਮੇਰੇ ਸੱਥ ਵਾਲੇ ਸਾਥੀ,
ਦਿਲੋਂ ਕਦੇ ਨਾ ਭੁਲਾਉਣ,
ਮੈਨੂੰ ਗਲੇ ਨਾਲ ਲਗਾਉਣ ।
ਖੁਸ਼ ਹੁੰਦਾ ਹੋਇਆ ਬਾਪੂ,
ਫਿਰ ਸੱਥ ਵਿੱਚ ਆ ਕੇ ਬਹਿ ਗਿਆ ।
ਖਾਲੀ ਜਿਹੇ ਹੱਥ, ਬੈਠਾ ਵਿੱਚ ਸੱਥ,
ਬਾਪੂ ਸੋਚਾਂ ਸੋਚਦਾ ਹੀ ਰਹਿ ਗਿਆ ।
66. ਸੱਤਾ ਤਾਂ ਸਾਥ ਦਿੰਦੀ ਹੈ
ਸੱਤਾ ਤਾਂ ਸਾਥ ਦਿੰਦੀ ਹੈ, ਮੁੱਢੋਂ ਹੀ ਬੇਈਮਾਨ ਦਾ,
ਸੱਚੇ, ਪਾਕ ਇਨਸਾਨ ਤਾਂ, ਸੂਲੀ 'ਤੇ ਚੜ੍ਹਨ ਦੋਸਤਾ ।
ਨਾ ਸੋਚ ਐਨਾ ਜ਼ਿਆਦਾ ਤੂੰ, ਔਖੇ ਰਾਹਾਂ 'ਤੇ ਚਲਦਿਆਂ,
ਚੱਕ ਤੂੰ ਕਿਤਾਬ ਨੂੰ, ਪੜ੍ਹ ਲੈ ਇਤਿਹਾਸ ਮੇਰੇ ਦੋਸਤਾ ।
ਸਾਰੀ ਉਮਰ ਨਾ ਬੁਝਦੀ, ਉਹ ਅੱਗ ਸਿਵੇ ਦੀ ਦਿਲਾਂ 'ਚੋਂ,
ਮਾਰੇ ਜਾਂਦੇ ਜਿਨ੍ਹਾਂ ਦੇ ਪੁੱਤ, ਬੇਦੋਸ਼ੇ ਨੇ ਮੇਰੇ ਦੋਸਤਾ ।
ਦਬਾ ਦੇਣਾ ਸੱਚੀ ਪੁਕਾਰ ਨੂੰ, ਕੋਈ ਅੱਜ ਦੀ ਇਹ ਗੱਲ ਨਹੀਂ,
ਚਲਦੀ ਆ ਰਹੀ ਇਹ ਰੀਤ, ਪੁਰਾਣੀ ਹੀ ਮੇਰੇ ਦੋਸਤਾ ।
ਸਾਡੇ ਆਪਣੇ ਹੀ ਰਹਿਨੁਮਾਂ ਨੇ, ਭਗਤ ਸਿੰਘ ਨੂੰ ਨਾ ਬਖਸ਼ਿਆ,
ਤੂੰ ਸਮਝ ਬੈਠਾ ਕੀ ? ਆਪਣੇ ਆਪ ਨੂੰ ਮੇਰੇ ਦੋਸਤਾ ।
ਕਰ ਲਈ ਤਿਆਰੀਆਂ ਤੂੰ, ਹਰ ਮੋੜ ਤੇ ਨੇ ਮੁਸ਼ਕਲਾਂ,
ਸੱਚੇ ਰਾਹਾਂ ਤੇ ਚਲਦਿਆਂ, ਬਲਦੇ ਨੇ ਸਿਵੇ ਮੇਰੇ ਦੋਸਤਾ ।
67. ਇਹ ਮੇਰਾ ਪੰਜਾਬ ਬੇਲੀਓ
ਇਹ ਮੇਰਾ ਪੰਜਾਬ ਬੇਲੀਓ !
ਇਹ ਮੇਰਾ ਪੰਜਾਬ ।
ਹੋਇਆ ਹੈ ਬੇਹਾਲ ਬੇਲੀਓ !
ਇਹ ਮੇਰਾ ਪੰਜਾਬ ।
ਮਾਂ ਬੋਲੀ ਤੋਂ ਮੁਨਕਰ ਹੋਏ,
ਅੰਗਰੇਜ਼ੀ ਦੇ ਹਾਰ ਪਰੋਏ ।
ਤੁਰੇ ਜਾਂਦੇ ਵਿਦੇਸ਼ਾਂ ਨੂੰ,
ਮੇਰੇ ਸੋਹਣੇ ਗੱਭਰੂ ਨਵਾਬ ਬੇਲੀਓ !
ਇਹ ਮੇਰਾ ਪੰਜਾਬ ਬੇਲੀਓ !
ਇਹ ਮੇਰਾ ਪੰਜਾਬ ।
ਵਹਿਮਾਂ ਭਰਮਾਂ ਦੇ ਵਿੱਚ ਪੈ ਗਏ,
ਅਸੀਂ ਸ਼ੁਕੀਨੀ ਜੋਗੇ ਰਹਿ ਗਏ ।
ਹੁਣ ਤਾਂ ਨਸ਼ਿਆਂ ਦੇ ਵਿੱਚ ਪੈ ਗਏ।
ਪੜ੍ਹਿਆ ਲਿਖਿਆ ਨੌਜੁਆਨ,
ਵੇਖੋ ਫਿਰਦਾ ਹਾਲ ਖ਼ਰਾਬ ਬੇਲੀਓ !
ਇਹ ਮੇਰਾ ਪੰਜਾਬ ਬੇਲੀਓ,
ਇਹ ਮੇਰਾ ਪੰਜਾਬ ।
ਘਿਓ ਦੁੱਧ ਖੁਰਾਕਾਂ ਭੁੱਲ ਗਏ,
ਪੀਜ਼ੇ, ਬਰਗਰਾਂ ਉੱਤੇ ਡੁੱਲ ਗਏ ।
ਮੱਕੀ ਦੀ ਰੋਟੀ, ਸਰੋਂ ਦਾ ਸਾਗ,
ਲੱਗਦਾ ਨਾ ਹੁਣ ਸਵਾਦ ਬੇਲੀਓ ।
ਇਹ ਮੇਰਾ ਪੰਜਾਬ ਬੇਲੀਓ,
ਇਹ ਮੇਰਾ ਪੰਜਾਬ ।
68. ਮੇਰੀ ਕਲਮ ਦੀ ਲੋਅ
ਕਾਲੇ ਦਿਲਾਂ ਦੇ ਹਨ੍ਹੇਰਿਆਂ ਨੂੰ,
ਰੁਸ਼ਨਾਉਣ 'ਚ ਨਾਕਾਮਯਾਬ
ਮੇਰੀ ਕਲਮ ਦੀ ਲੋਅ ।
ਕੁਝ ਕੁ ਹਿਰਦਿਆਂ ਨੂੰ,
ਰੁਸ਼ਨਾਉਣ 'ਚ ਸ਼ਾਇਦ,
ਹੋ ਜਾਵੇ ਕਾਮਯਾਬ ।
ਪੜ੍ਹ ਲਵੇ ਕੋਈ ਭੁੱਲ ਚੁੱਕ ਨਾਲ,
ਮੇਰੇ ਲਿਖੇ ਕਾਲੇ ਹਰਫ਼ ।
ਰੁਸ਼ਨਾ ਲਵੇ ਆਤਮਾ ਨੂੰ,
ਜੀ ਲਏ ਇਨਸਾਨ ਬਣ ਕੇ ।
ਕਰੇ ਉਨ੍ਹਾਂ ਨਾਲ ਟਾਕਰਾ,
ਬੈਠੇ ਜੋ ਕੁਰਸੀਆਂ ਤੇ,
ਸ਼ੈਤਾਨ ਬਣ ਕੇ ।
ਕਰ ਰਹੇ ਨੇ ਮਨਮਾਨੀਆਂ,
ਕਰਦੇ ਨੇ ਤਾਂਡਵ
ਲੋਕਾਂ ਦੇ ਸਿਰਾਂ 'ਤੇ
ਹਾਏ ! ਇਹ ਹੈਵਾਨ ਬਣ ਕੇ ।
ਸ਼ਾਇਦ ਹੋ ਜਾਵੇ ਪੈਦਾ,
ਫਿਰ ਤੋਂ ਭਗਤ ਸਿੰਘ ।
ਲੋੜ ਹੈ ਹੁਣ ਸਾਨੂੰ,
ਇੱਕ ਹੋਰ ਅਜ਼ਾਦੀ ਦੀ ।
ਉਡੀਕ ਰਹੇ ਹਾਂ, ਸ਼ਾਇਦ ਆਵੇ
ਇਸ ਧਰਤੀ ਤੇ
ਕੋਈ ਫ਼ਰਿਸ਼ਤਾ ਇਨਸਾਨ ਬਣ ਕੇ।
69. ਨਸ਼ਿਆਂ ਨੇ ਖਾ ਲਿਆ ਪੰਜਾਬ ਮੇਰਾ
ਪੁਰਾਣੇ ਸਮਿਆਂ ਤੋਂ ਉਡੀਕ ਰਿਹਾ,
ਇੱਕ ਸੱਜਰੀ ਸਵੇਰ ਪੰਜਾਬ ਮੇਰਾ ।
ਕਰਦਾ ਰਿਹਾ ਮੁਕਾਬਲੇ ਧਾੜਵੀਆਂ ਨਾਲ,
ਹਮਲਾਵਰਾਂ ਨੇ ਬਣਾਇਆ ਰਾਹ,
ਇਹ ਪੰਜਾਬ ਮੇਰਾ ।
ਪਹਿਲਾਂ ਮੁਗਲਾਂ ਨੇ, ਫੇਰ ਫਰੰਗੀਆਂ ਨੇ ।
ਹੁਣ ਆਪਣੀਆਂ ਹੀ ਸਰਕਾਰਾਂ ਨੇ
ਖਾ ਲਿਆ ਹੈ ਇਹ ਪੰਜਾਬ ਮੇਰਾ ।
ਕਦੇ ਸੰਤਾਲੀ ਦੇ ਦੰਗਿਆਂ ਨੇ,
ਕਦੇ ਚੁਰਾਸੀ ਦੇ ਕਹਿਰ ਨੇ,
ਨਿਘਾਰ ਦਿੱਤਾ ਹੈ, ਦੇਖੋ ਪੰਜਾਬ ਮੇਰਾ ।
ਸਭ ਤੋਂ ਮਾੜੀ, ਵਖ਼ਤਾਂ ਦੀ ਮਾਰ ਪਈ,
ਜਿੰਨਾ ਬਚਿਆ, ਨਸ਼ਿਆਂ ਨੇ ਖਾ ਲਿਆ,
ਇਹ ਪੰਜਾਬ ਮੇਰਾ, ਹਾਏ ! ਪੰਜਾਬ ਮੇਰਾ ।
70. ਸ਼ਾਨ ਹੁੰਦੀ ਧਨਾਢਾਂ ਦੀ
ਅਖ਼ਬਾਰਾਂ 'ਚ ਹੁੰਦੀ ਅਕਸਰ ਚਰਚਾ,
ਅਮੀਰਾਂ ਅਤੇ ਧਨਾਢਾਂ ਦੀ ।
ਸੁਣਿਆ ਸਵੇਰ ਹੁੰਦੀ ਹੈ ਅਮਰੀਕਾ,
ਸ਼ਾਮ ਹੁੰਦੀ ਵਿੱਚ ਕਨੇਡਾ ਧਨਾਢਾਂ ਦੀ ।
ਦੁਨੀਆਂ ਘੁੰਮ ਕੇ ਪਲਾਂ 'ਚ ਮੁੜਦੇ ।
ਬੜੀ ਸ਼ਾਨ ਹੁੰਦੀ ਹੈ ਧਨਾਢਾਂ ਦੀ ।
ਦੇਸ਼ ਦੇ ਕਿਸਾਨ ਕਰਨ ਪਏ ਖੁਦਕੁਸ਼ੀਆਂ,
ਸ਼ਾਮ ਰੰਗੀਨ ਹੁੰਦੀ ਹੈ ਧਨਾਢਾਂ ਦੀ ।
ਗਰੀਬ ਦੇਸ਼ ਦਾ ਸੜਕ ਤੇ ਸੌਂ ਰਿਹਾ,
ਚਾਦਰ ਸੋਨੇ ਦੀ ਵਿਛਦੀ ਹੈ ਧਨਾਢਾਂ ਦੀ ।
ਇੱਜ਼ਤ ਦੇਸ਼ ਦੀ ਬੱਸਾਂ 'ਚ ਰੋਲੀ ਜਾਂਦੀ,
ਬੇਟੀ ਗਾਰਡਾਂ 'ਚ ਘਿਰੀ ਹੁੰਦੀ ਧਨਾਢਾਂ ਦੀ ।
ਨਸ਼ੇ ਵੇਚ ਕੇ ਅਮੀਰ ਨੇ ਹੋਈ ਜਾਂਦੇ,
ਹੋਰ ਕਿਵੇਂ ਦੱਸਾਂ ਮੈਂ ਸ਼ਾਨ ਧਨਾਢਾਂ ਦੀ ।
71. ਪੁੱਤਰ ਦੀ ਲੋਹੜੀ
ਮਾਂ ਨੇ ਪੁੱਤਰ ਜੰਮਿਆ, ਵੰਡੀ ਸੀ ਲੋਹੜੀ ।
ਧੀ ਜੰਮੀ ਜਦ ਕੁੱਖ 'ਚੋਂ, ਪਾਈ ਸੀ ਤਿਉੜੀ ।
ਲੱਖ-ਲੱਖ ਸੁੱਖਾਂ ਮੰਗੀਆਂ, ਪੁੱਤ ਮੇਰਾ ਲੋੜੇ ।
ਧੀ ਨੂੰ ਲਾਇਆ ਕੰਮ ਤੇ, ਪੁੱਤ ਡੱਕਾ ਨਾ ਤੋੜੇ ।
ਔਖੇ ਸੌਖੇ ਪੜ੍ਹ ਗਈ, ਉਹ ਧੀ ਵਿਚਾਰੀ ।
ਬਣ ਗਈ ਹੁਣ ਅਧਿਆਪਕਾ, ਉਹ ਕਰਮਾਂ ਵਾਲੀ ।
ਰੁਲਦਾ ਪੁੱਤਰ ਸੜਕਾਂ ਤੇ, ਨਸ਼ੇ ਵਿੱਚ ਰੱਜਿਆ ।
ਪੁੱਛਦਾ ਨਾ ਮਾਂ-ਬਾਪ ਨੂੰ, ਘਰੋਂ ਰਹਿੰਦਾ ਭੱਜਿਆ ।
ਧੀ ਨੇ ਆਣ ਕੇ ਮਾਂ ਬਾਪ ਦਾ, ਉਦੋਂ ਦੁੱਖ ਵੰਡਾਇਆ ।
ਸਾਰੇ ਸੰਸਾਰ ਦਾ ਸੁੱਖ ਜਿਵੇਂ, ਝੋਲੀ ਵਿੱਚ ਫਿਰ ਪਾਇਆ ।
ਭਰਾ ਆਪਣੇ ਨੂੰ ਉਸਨੇ, ਬਹਿ ਕੇ ਸਮਝਾਇਆ ।
ਸਾਰੇ ਪੱਜ ਲਗਾ ਕੇ, ਉਹਦਾ ਨਸ਼ਾ ਛੁਡਵਾਇਆ ।
ਰੁਲਦੇ ਜਾਂਦੇ ਘਰ ਨੂੰ, ਧੀ ਸਵਰਗ ਬਣਾਇਆ ।
ਮਾਂ ਉਹਦੀ ਨੇ ਸ਼ਰਮ ਨਾਲ ਸੀ ਸਿਰ ਝੁਕਾਇਆ ।
ਗੁਰਦੁਆਰੇ ਜਾ ਕੇ ਉਸ ਮੱਥਾ ਟਿਕਾਇਆ ।
ਵਾਹਿਗੁਰੂ ਦਾ ਸ਼ੁਕਰ ਗੁਜ਼ਾਰਿਆ, ਮਾਂ ਧੀ ਦੀ ਬਣਾਇਆ।
72. ਤੇਰਾ ਇਸ਼ਕ ਨਚਾਉਂਦਾ
ਤੇਰਾ ਇਸ਼ਕ ਨਚਾਉਂਦਾ,
ਮੈਨੂੰ ਚੈਨ ਨਹੀਂਓਂ ਆਉਂਦਾ ।
ਭੈੜਾ ਜੱਗ ਭਰਮਾਉਂਦਾ,
ਬੜੇ ਲਾਲਚ ਵਿਖਾਉਂਦਾ,
ਮੈਨੂੰ ਚੇਤੇ ਤੂੰ ਹੀ ਆਉਂਦਾ ।
ਹੋਰ ਕੁਝ ਵੀ ਨਾ ਭਾਉਂਦਾ,
ਤੇਰਾ ਇਸ਼ਕ ਨਚਾਉਂਦਾ ।
ਮਾੜੇ ਸਮੇਂ ਵੀ ਲਿਆਉਂਦਾ,
ਚੰਗੇ ਸਮੇਂ ਵੀ ਲਿਆਉਂਦਾ ।
ਆਪ ਰਸਤਾ ਦਿਖਾਉਂਦਾ,
ਨਾਲ ਹੋ ਕੇ ਵਿਖਾਉਂਦਾ ।
ਰੋਂਦੇ ਨੂੰ ਵੀ ਤੂੰ ਵਰਾਉਂਦਾ,
ਪਰ ਸਮਝ ਨਾ ਆਉਂਦਾ,
ਤੇਰਾ ਇਸ਼ਕ ਨਚਾਉਂਦਾ ।
ਤੇਰਾ ਇਸ਼ਕ ਨਚਾਉਂਦਾ ।
73. ਅੰਨ ਭਗਵਾਨ
ਪੰਜ-ਆਬ, ਮੈਂ ਪੰਜਾਬ ।
ਦੁਨੀਆਂ 'ਚ ਉੱਚਾ ਨਾਂ ਮੇਰਾ ।
ਸਭ ਤੋਂ ਸੁੱਚਾ ਨਾਂ ਮੇਰਾ ।
ਗਿਣਿਆ ਜਾਂਦਾ ਹਾਂ ਮੈਂ ਅਮੀਰ,
ਕਹਿੰਦੇ, ਨਹੀਂ ਵੱਸਦੇ ਇੱਥੇ ਗਰੀਬ ।
ਪਰ ਅੰਦਰੋਂ ਅੰਦਰੀਂ ਟੁੱਟਿਆ,
ਬਿਖਰਿਆ ਵਜੂਦ ਹੈ ਮੇਰਾ ।
ਦੱਬਿਆ ਪਿਆ ਹੈ ਕਰਜ਼ੇ ਥੱਲੇ,
ਦੇਖੋ ਮੰਡੀਆਂ 'ਚ ਰੁਲਦਾ ਹੈ,
ਕਿਸਾਨ ਮੇਰਾ ।
ਆਏ ਦਿਨ ਕਰਦਾ ਹੈ ਖੁਦਕੁਸ਼ੀਆਂ,
ਸੋਨੇ ਜਿਹੀਆਂ ਫਸਲਾਂ ਉਗਾ ਕੇ ਵੀ,
ਇਹ ਆਮ ਇਨਸਾਨ ਮੇਰਾ ।
ਅਮੀਰੀ ਤਾਂ ਬਸ ਦਿਖਾਵੇ ਦੀ ਹੈ,
ਸੀਮਤ ਅਮੀਰਾਂ ਤਾਈਂ ।
ਸੀਮਤ ਧਨਾਢਾਂ ਤਾਈਂ
ਦੇਖੋ ਰੁਲਿਆ ਫਿਰਦਾ ਹੈ,
ਵਿਚਾਰਾ ਕਿਰਸਾਨ ਮੇਰਾ ।
ਖੇਤਾਂ 'ਚ ਵਹਾ-ਵਹਾ ਕੇ ਪਸੀਨਾ,
ਫ਼ਸਲਾਂ ਨੂੰ ਹੀ ਸਾਰਾ ਕੁਝ ਮੰਨ,
ਲੱਖਾਂ ਸੁਫ਼ਨੇ ਸਜਾਉਂਦਾ,
ਹਾਏ ! ਕਿਸਾਨ ਮੇਰਾ ।
ਚੜ੍ਹੇ ਵਿਸਾਖ ਤੇ ਅੱਖਾਂ 'ਚ ਚਮਕ ਆਵੇ,
ਤੁਰਿਆ ਜਾਂਦਾ ਮੰਡੀ ਨੂੰ ਅੰਨ ਭਗਵਾਨ ਮੇਰਾ ।
ਉੱਥੇ ਜਾ ਕੇ ਮੁੱਛਾਂ ਨੂੰ ਤਾਅ ਦੇ ਕੇ,
ਰੋਅਬ ਨਾਲ ਫਿਰਦਾ ਕਿਸਾਨ ਮੇਰਾ ।
ਰੁਲਦੀਆਂ ਦੇਖ ਮੰਡੀ ਦੇ ਵਿੱਚ ਫ਼ਸਲਾਂ,
ਡੋਲਿਆ ਪਿਆ ਹੈ ਦੇਖੋ ਕਿਸਾਨ ਮੇਰਾ ।
ਅੱਜ ਦੇ ਹਾਕਮਾਂ ਤੇ ਕਰਜ਼ਿਆਂ ਤੋਂ ਤੰਗ ਆ ਕੇ,
ਲੱਗਦਾ ਵੇਖਿਆ ਹੈ ਫਾਹੇ ਅੰਨ ਭਗਵਾਨ ਮੇਰਾ ।
74. ਮੇਰੇ ਦੇਸ ਦੇ ਕਿਸਾਨਾ
ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ ।
ਭੈੜੇ ਕਰਜ਼ੇ ਦੇ ਕਲੰਕ ਤੋਂ, ਤੂੰ ਆਪੇ ਨੂੰ ਬਚਾ ।
ਥੋੜ੍ਹਾ ਸਿੱਖ ਤੂੰ ਵੀ ਵਲ, ਜ਼ਰਾ ਲੋਕਾਂ ਵਾਂਗੂੰ ਚਲ ।
ਛੱਡ ਭੋਲਾਪਨ ਜ਼ਰਾ ਚੁਸਤੀ ਵਿਖਾ ।
ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ ।
ਮਾਰ ਝਾਤੀ ਆਸ ਪਾਸ, ਦੇਖ ਖੜ੍ਹ ਕੇ ਹਾਲਾਤ ।
ਕਿਵੇਂ ਛੋਟੇ ਛੋਟੇ ਕਾਮੇ, ਰਹੇ ਵੱਡੇ ਭਾਰਾਂ ਨੂੰ ਉਠਾ ।
ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ ।
ਉੱਠ ਜਾਗ ਤੂੰ ਕਿਸਾਨਾਂ, ਚੱਲ ਖੇਤ ਵੱਲ ਚੱਲ ।
ਐਵੇਂ ਦਿਲ ਨਾ ਛੱਡ ਤੂੰ, ਥੋੜ੍ਹਾ ਸਬਰ ਤੂੰ ਰੱਖ ।
ਕਾਹਤੋਂ ਐਨੀ ਛੇਤੀ ਰਿਹਾ ਹੈ ਤੂੰ ਆਪੇ ਨੂੰ ਮੁਕਾ ।
ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ ।
ਤੈਨੂੰ ਸਮਝਣਾ ਹੀ ਪੈਣਾ, ਦੇਸ ਇਹ ਦੇਖ ਤੇਰਾ ।
ਜਿੱਥੇ ਰੁਲਦੇ ਨੇ ਕਾਮੇ, ਬੜੇ ਵਿਲਕਦੇ ਨੇ ਕਾਮੇ ।
ਫ਼ਸਲ ਰੁਲਦੀ ਹੈ ਮੰਡੀ, ਨਾਲ ਤੂੰ ਵੀ ਰੁਲ ਜਾਵੇਂ ।
ਪਰ ਨੇਤਾ ਤੇਰੇ ਦੇਸ ਦੇ, ਰਹੇ ਢਿੱਡਾਂ ਨੂੰ ਵਧਾ ।
ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ ।
ਕਾਹਤੋਂ ਹਾਰ ਗਿਆ ਤੂੰ, ਜਿੰਦ ਵਾਰ ਗਿਆ ਤੂੰ ।
ਮਾਪੇ ਛੱਡ ਗਿਆ ਤੂੰ, ਬੱਚੇ ਰੋਲ ਗਿਆ ਤੂੰ ।
ਚਾਹੇ ਕਰ ਖੁਦਕੁਸੀ, ਚਾਹੇ ਜਿੰਦ ਨੂੰ ਰੁਲਾ ।
ਤੇਰੇ ਦੇਸ ਦਿਆਂ ਲੀਡਰਾਂ ਨੂੰ, ਫ਼ਰਕ ਨਾ ਰਤਾ ।
ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ ।
75. ਵਿਸਾਖੀ
ਆਇਆ ਦਿਨ ਵਿਸਾਖੀ ਦਾ,
ਸੋਹਣਾ ਜਗ ਨਜ਼ਰ ਇਹ ਆਵੇ ।
ਅੱਜ ਜੱਟ ਦੇ ਮੁਖੜੇ 'ਤੇ,
ਚੜ੍ਹਿਆ ਚਾਅ ਝੱਲਿਆ ਨਾ ਜਾਵੇ ।
ਹੁਣ ਵਾਢੀ ਫ਼ਸਲਾਂ ਦੀ,
ਚਾਈਂ-ਚਾਈਂ ਜੱਟ ਕਰਾਵੇ ।
ਨਾਲੇ ਡਰਦਾ ਅੰਦਰੋਂ ਹੈ,
ਨੇਰ੍ਹੀ, ਝੱਖੜ ਪਿਆ ਡਰਾਵੇ ।
ਕਰਦਾ ਅਰਦਾਸਾਂ ਹੈ,
ਰੱਬ ਨਿਗ੍ਹਾ ਮਿਹਰ ਦੀ ਪਾਵੇ ।
ਇਸ ਕੀਤੀ ਮਿਹਨਤ ਦਾ,
ਦਾਤਾ ਫ਼ਲ ਝੋਲੀ ਵਿੱਚ ਪਾਵੇ ।
ਮੁੱਲ ਮਿਲਿਆ ਫ਼ਸਲਾਂ ਦਾ,
ਹੱਸਦਾ ਜੱਟ ਮੇਲੇ ਨੂੰ ਜਾਵੇ ।
ਆਇਆ ਦਿਨ ਵਿਸਾਖੀ ਦਾ,
ਹੱਸਦਾ ਜੱਟ ਮੇਲੇ ਨੂੰ ਜਾਵੇ ।
76. ਹੇ ਧਰਤੀ ! ਧੰਨ ਹੈ ਤੂੰ
ਹੇ ਧਰਤੀ ! ਧੰਨ ਹੈ ਤੂੰ
ਕਿਵੇਂ ਸਹੀ ਜਾਂਦੀ ?
ਸਾਡਾ ਸਭ ਦਾ ਭਾਰ ।
ਕਿਵੇਂ ਜਰੀ ਜਾਂਦੀ ਸਭ ਚੰਗਾ ਮੰਦਾ,
ਬਸ ਦੇਖੀ ਜਾਂਦੀ ਇਕ ਟੁਕ,
ਨਾ ਬੋਲਦੀ ਨਾ ਵਿਰੋਧ ਕਰਦੀ ।
ਨਾ ਟੋਲਦੀ ਬੰਦੇ ਦੀ ਤਰ੍ਹਾਂ,
ਔਖੇ ਵੇਲੇ, ਕਿਸੇ ਦਾ ਸਹਾਰਾ ।
ਰੁੱਖ, ਫਸਲਾਂ, ਫੁੱਲ, ਫ਼ਲ ਨਾ ਭਾਰੇ ।
ਬੰਦੇ, ਜਾਨਵਰ ਤੇ ਜੀਅ ਜੰਤ ਨਾ ਭਾਰੇ ।
ਭਾਰੇ ਲੱਗਦੇ ਨੇ ਉਹ ਸਭ ਜਿਹੜੇ,
ਨਿੱਤ ਕਰਦੇ ਨੇ ਤੇਰੀ ਮਮਤਾ ਦਾ ਘਾਣ ।
ਪੈਸਾ ਕਮਾਉਣ ਦੀ ਹੋੜ 'ਚ,
ਬੰਦਾ ਲੱਗਿਆ ਹੈ ਮਾਂ ਨੂੰ ਖਾਣ ।
ਇੱਕ ਦੂਜੇ ਤੋਂ ਉੱਪਰ ਉੱਠਣ ਦੀ ਚਾਹਨਾ,
ਕਰਵਾ ਰਹੀ ਹੈ ਮਾਂ ਦਾ ਹੀ ਘਾਣ ।
ਸੋਹਣੇ ਵਸਤਰ ਤੇ ਸ਼ੈਆਂ ਦੀ ਹੋੜ 'ਚ,
ਲੱਗੇ ਪਏ ਬੇਅੰਤ ਫੈਕਟਰੀਆਂ ਲਗਾਉਣ ।
ਸੁੱਟੀ ਜਾਂਦੇ ਨੇ ਕੈਮੀਕਲ ਤੇ ਗੰਦ ਸਾਰਾ,
ਆਪਣੀ ਮਾਂ ਦੇ ਪਿੰਡੇ 'ਤੇ, ਨਾ ਸ਼ਰਮਾਉਣ ।
ਭੁਗਤਦੇ ਨੇ ਆਪ ਤੇ ਇਨ੍ਹਾਂ ਦੀਆਂ ਪੀੜ੍ਹੀਆਂ,
ਲੱਖਾਂ ਬਿਮਾਰੀਆਂ ਮੌਤ ਦੀਆਂ ਪੌੜੀਆਂ ।
ਮਰ ਕੇ ਜਾਂਦੇ ਨੇ ਏਸੇ ਮਾਂ ਦੀ ਗੋਦੀ 'ਚ ਸਮਾ,
ਜਿਊਂਦੇ ਜੀ ਨੀ ਮੰਨਦੇ ਕਸੂਰ ਆਪਣਾ ।
ਮਾਂ ਤਾਂ ਫੇਰ ਵੀ ਸਹਿਣ ਸ਼ਕਤੀ ਦੀ ਮੂਰਤ,
ਦਿੰਦੀ ਅੰਨ ਪਾਣੀ ਬਿਨ੍ਹਾਂ ਸ਼ਰਤ ਦੇ ਹੈ ।
ਕਰਦੀ ਸੀ ਨਾ ਸਾਰਾ ਕੁਝ ਜਰੀ ਜਾਂਦੀ,
ਬੰਦਾ ਪਿੱਛੇ ਪਿਆ ਇਹਦੀ ਹਰ ਪਰਤ ਦੇ ਹੈ ।
ਔਖਾ ਸਮਾਂ ਆਇਆ ਇਸ ਮਾਂ ਤੇ ਹੈ,
ਜਾਗੋ ! ਬੱਚਿਉ ! ਕਰੋ ਮਾਂ ਦੀ ਸੇਵਾ ।
ਵੱਢੋਗੇ ਫਸਲ ਜਿਹੋ ਜਿਹੀ ਬੀਜੋਗੇ ਤੁਸੀਂ,
ਹੋਣ ਦਿਉ ਨਾ ਜੁਲਮ ਆਪਣੀ ਮਾਂ ਉੱਤੇ ।
ਕਰੋ ਰੱਖਿਆ ਲਾਲਚੀ ਬੰਦਿਆਂ ਤੋਂ,
ਲਗਾਉ ਰੁੱਖ ਤੇ ਕਰੋ ਉਪਕਾਰ ਕੋਈ ।
ਆਉਣ ਵਾਲੀਆਂ ਸਾਡੀਆਂ ਪੀੜੀਆਂ ਨੂੰ,
ਤਾਹੀਉਂ ਮਿਲੂ ਢੋਈ, ਤਾਹੀਉਂ ਮਿਲੂ ਢੋਈ ।
77. ਜਵਾਨੀ ਮਿਲਦੀ ਹੈ ਜੋਸ਼ ਬਹਾਦਰੀ ਲਈ
ਜਵਾਨੀ ਮਿਲਦੀ ਹੈ ਜੋਸ਼ ਬਹਾਦਰੀ ਲਈ,
ਕਦੇ ਨਸ਼ਿਆ ਵਿੱਚ ਨਾ ਗਾਲੀਏ ਜੀ ।
ਪੈਸਾ ਮਿਲੇ ਤਾਂ ਕਿਸੇ ਦਾ ਭਲਾ ਕਰੀਏ,
ਐਸ਼ੋ ਇਸ਼ਰਤ ਵਿੱਚ ਨਾ ਬਾਲੀਏ ਜੀ ।
ਤਾਕਤ ਮਿਲੇ, ਕਮਜ਼ੋਰ ਦੀ ਮਦਦ ਕਰੀਏ,
ਐਵੇਂ ਗਰੀਬ ਤੇ ਰੋਅਬ ਨਾ ਮਾਰੀਏ ਜੀ ।
ਮਾਂ ਬਾਪੂ ਦਾ ਮੋਹ ਨਾ ਕਿਤੋਂ ਲੱਭੇ,
ਜਵਾਨੀ ਜੋਸ਼ ਇਹ ਮੋਹ ਨਾ ਵਿਸਾਰੀਏ ਜੀ ।
ਉਮਰ ਲੰਘੀ ਪਛਤਾਉਣ ਦਾ ਕੀ ਫਾਇਦਾ,
ਭਲੇ ਸਮੇਂ ਨੂੰ ਬੈਠ ਵਿਚਾਰੀਏ ਜੀ ।
ਯਾਰੀ ਲਾ ਕੇ ਕਦੇ ਨਾ ਪਿਛਾਂਹ ਮੁੜੀਏ,
ਦੋਸਤ ਲਈ ਜਿੰਦੜੀ ਵੀ ਵਾਰੀਏ ਜੀ ।
ਧੀ, ਭੈਣ ਸਭਨਾਂ ਦੀ ਹੋਵੇ ਸਾਂਝੀ,
ਧੀ, ਭੈਣ ਨੂੰ ਬੋਲੀ ਨਾ ਮਾਰੀਏ ਜੀ ।
ਭਾਈਆਂ ਵਰਗੀ ਸਾਂਝ ਨਾ ਜੱਗੋਂ ਲੱਭੇ,
ਭਾਈਆਂ ਬਾਝ ਨਾ ਖੁਸ਼ੀ ਮਨਾਈਏ ਜੀ ।
ਜਦੋਂ ਆਣ ਬੁਢਾਪਾ ਸਿਰ ਤੇ ਢੁੱਕੇ,
ਸਿਆਣਪ ਨਾਲ ਫਿਰ ਉਮਰ ਬਿਤਾਈਏ ਜੀ ।
78. ਮਾਂ ਦਿਵਸ
ਹੇ ਮਾਂ ਦਿਵਸ ਮਨਾਉਣ ਵਾਲਿਓ !
ਹੇ ਮਾਂ ਦੇ ਗੀਤ ਗਾਉਣ ਵਾਲਿਓ !
ਮਾਂ ਨੂੰ ਕਦੇ ਪੁੱਛਿਓ ਜ਼ਰਾ,
ਹੋਈ ਕੀ ਹੈ ਹਾਲਤ ਭਲਾ !
ਇਕੀਵੀਂ ਸਦੀ 'ਚ ਰਹਿਣ ਵਾਲਿਓ !
ਹੇ ਮਾਂ ਦੇ ਗੀਤ ਗਾਉਣ ਵਾਲਿਓ !
ਘਰਾਂ ਤੋਂ ਵੀ ਕੱਢਿਆ ਜਾਂਦਾ ।
ਆਸ਼ਰਮਾਂ 'ਚ ਛੱਡਿਆ ਜਾਂਦਾ ।
ਮਜ਼ਬੂਰ ਹੋਈ ਮਾਂ ਅੱਜ ਦੀ,
ਕਿਸੇ ਦਾ ਸਹਾਰਾ ਤੱਕਦੀ ।
ਉਡੀਕ ਕਰ ਜਦੋਂ ਥੱਕਦੀ,
ਤੁਰ ਜਾਂਦੀ ਰਾਹਾਂ ਤੱਕਦੀ ।
ਹੇ ਮਾਂ ਦਿਵਸ ਮਨਾਉਣ ਵਾਲਿਓ !
ਹੇ ਮਾਂ ਦੇ ਗੀਤ ਗਾਉਣ ਵਾਲਿਓ !
79. ਚੱਲ ਉਡਾਰੀ ਭਰੀਏ...
ਚਲੋ ਉਡਾਰੀ ਭਰੀਏ !
ਐਸੀ ਦੁਨੀਆਂ ਦੀ ।
ਜਿੱਥੇ ਧਰਮਾਂ ਦੇ ਨਾਂ 'ਤੇ,
ਵੰਡੀਆਂ ਨਾ ਪੈਣ ।
ਕਿਧਰੇ ਜਾਣ ਲਈ,
ਲੋੜ ਨਾ ਪਏ,
ਸਰਕਾਰੀ ਮੋਹਰਾਂ ਦੀ ।
ਜਿੱਥੇ ਇੱਕ ਦੂਜੇ ਦੇ ਖਿਲਾਫ਼,
ਨਾ ਬਣਾਏ ਹੋਣ,
ਪਰਮਾਣੂ ਬੰਬ ।
ਦਿਲਾਂ 'ਚ ਨਾ ਹੋਵੇ ਵਿਰੋਧ,
ਬਸ ਪਰਿੰਦਿਆਂ ਦੀ ਤਰਾਂ,
ਉਡਾਰੀ ਭਰੀਏ ! ਜਾ ਬੈਠੀਏ !
ਦੁਨੀਆਂ ਦੇ ਕਿਸੇ ਕੋਨੇ
ਭੁੱਲੀਏ ਸਰਹੱਦਾਂ ਨੂੰ
ਮਨੁੱਖ ਦੀਆਂ ਬਣਾਈਆਂ
ਹੱਦਾਂ ਨੂੰ ..... ।
ਨਾ ਵਿਤਕਰਾ, ਨਾ ਲੜਾਈ ਹੋਵੇ,
ਜਹਾਦ ਦੇ ਨਾਂ ਤੇ ਨਾ ਕਰੀਏ,
ਮਾਨਵਤਾ ਦਾ ਘਾਣ ।
ਚਲੋ ਕਰੀਏ ਕਲਪਨਾ !
ਐਸੀ ਦੁਨੀਆਂ ਦੀ ।
ਚਲੋ ਉਡਾਰੀ ਭਰੀਏ ।
ਐਸੀ ਦੁਨੀਆਂ ਦੀ ।
80. ਫੁੱਲ ਤੇ ਕੁੜੀਆਂ
ਫੁੱਲ ਤੇ ਕੁੜੀਆਂ,
ਫ਼ਰਕ ਨਾ ਕੋਈ ਇਨ੍ਹਾਂ 'ਚ
ਦੋਵਾਂ ਦੀ ਜ਼ਿੰਦਗੀ,
ਮਾਲੀ ਦੇ ਹੱਥ.....
ਜਿੰਨੀ ਦੇਰ ਚਾਹੇ
ਸਿੰਜੇ, ਰਾਖੀ ਕਰੇ
ਜਦੋਂ ਵੀ ਚਾਹੇ
ਤੋੜ ਦੇਵੇ ਡਾਲੀ ਤੋਂ
ਸਜਾ ਦੇਵੇ ਗੁਲਦਸਤੇ ਵਿੱਚ
ਕਿਸੇ ਉਪਰੇ ਮਹਿਮਾਨ ਨੂੰ
ਜੀ ਆਇਆ ਕਹਿਣ ਲਈ ...।
81. ਤੂੰ ਹੀ ਮੇਰੀ ਰੂਹ ਦੀ ਅਵਾਜ਼ ਹੈਂ
ਤੂੰ ਹੀ ਮੇਰੀ ਰੂਹ ਦੀ ਆਵਾਜ਼ ਹੈਂ ।
ਤੂੰ ਹੀ ਮੇਰਾ ਗੀਤ ਮੇਰਾ ਸਾਜ਼ ਹੈਂ ।
ਤੂੰ ਹੀ ਮੇਰੀ ਮੈਂ ਤੇ ਮੇਰਾ ਨਾਜ਼ ਹੈਂ ।
ਤੂੰ ਹੀ ਤਾਂ ਮੇਰੇ ਸਿਰ ਦਾ ਤਾਜ ਹੈਂ ।
ਕਿਵੇਂ ਜੀ ਸਕਦੀ ਹਾਂ ਮੈਂ ਤੇਰੇ ਬਗੈਰ ।
ਤੂੰ ਹੀ ਤਾਂ ਮੇਰੀ ਕਲਮ ਦਾ ਸਾਥ ਹੈਂ ।
ਰੁੱਸੀ ਜੇ ਤੂੰ ਮੇਰੇ ਤੋਂ ਤਾਂ ਕੀ ਬਣੂ,
ਤੂੰ ਹੀ ਤਾਂ ਮੇਰੀ ਖੁਸ਼ੀ ਦਾ ਰਾਜ਼ ਹੈ ।
ਦਿਨ ਚੜ੍ਹੇ ਤੇ ਰਹਿੰਦੀ ਮੇਰੇ ਕੋਲ-ਕੋਲ ।
ਕਾਲੀਆਂ ਰਾਤਾਂ 'ਚ ਪਾਉਂਦੀ ਬਾਤ ਹੈਂ ।
ਜਿਊਂਦੇ ਜੀ ਤਾਂ ਦੂਰ ਹੋ ਸਕਦੀ ਨਹੀਂ,
ਐ ਕਵਿਤਾ ! ਤੂੰ ਕਮਲ ਦੇ ਸਾਥ-ਸਾਥ ਹੈਂ...।
82. ਇਨਸਾਨ ਰੂਪੀ ਬਘਿਆੜ
ਸੋਹਣੇ-ਸੋਹਣੇ ਰੇਤ ਦੇ ਟਿੱਬਿਆਂ 'ਚ,
ਜੀ ਲੱਗਦਾ ਮੇਰਾ ।
ਜੰਗਲ ਬੀਆਬਾਨਾਂ 'ਚ ਜਾ ਕੇ,
ਮਨ ਖਿੜਦਾ ਮੇਰਾ ।
ਪਰ ਦੁਨੀਆਂ 'ਚ ਰਹਿ ਕੇ .....,
ਦਿਲ ਡਰਦਾ ਮੇਰਾ ।
ਇਨਸਾਨ ਰੂਪੀ ਬਘਿਆੜਾਂ 'ਚ
ਦਿਲ ਘਬਰਾਉਂਦਾ ਮੇਰਾ ।
ਤੁਰੇ ਜਾਂਦੇ ਰਾਹਾਂ ਤੇ ਮਾਪਦੀਆਂ
ਮੇਰਾ ਸਰੀਰ..... ।
ਅਜਿਹੀਆਂ ਅੱਖਾਂ ਦੇ ਸਾਹਮਣਿਓਂ
ਲੰਘਣ ਤੋਂ ..... ।
ਦਿਲ ਡਰਦਾ ਮੇਰਾ ।
ਮਾਸੂਮ ਤੇ ਅਣਭੋਲ ਜਿੰਦ ਦਾ,
ਕਰਦੀਆਂ ਸ਼ਿਕਾਰ
ਅਜਿਹੀਆਂ ਅੱਖਾਂ ਦੇ ਅੱਗੋ
ਲੰਘਣ ਤੋਂ..... ।
ਹਾਏ ਦਿਲ ਡਰਦਾ ਮੇਰਾ ।
83. ਮਿੱਟੀ ਦਾ ਬਾਵਾ
ਮਿੱਟੀ ਦਾ ਬਾਵਾ,
ਬੋਲਦਾ, ਸੁਣੇਂਦਾ ।
ਕਰਦਾ ਗੱਲਾਂ ਦਿਲੇ ਦੀਆਂ ।
ਪੁੱਛੇ ਕਾਹਤੋਂ ਬਦਲੀ ਦੁਨੀਆਂ ?
ਬੰਦਾ ਕੀ-ਕੀ ਚਾਲ ਚਲੇਂਦਾ ।
ਜਿੱਧਰ ਦੇਖਾਂ ਪੈਸਾ-ਪੈਸਾ,
ਹਰ ਬੰਦਾ ਨੋਟ ਗਣੇਂਦਾ ।
ਸਾਰੇ ਲੋਕੀ ਭੱਜੇ ਫਿਰਦੇ,
ਕੋਈ ਮੇਰੀ ਇੱਕ ਨਾ ਸੁਣੇਂਦਾ ।
ਚੰਗੇ ਮਾੜੇ ਕਰਮ ਕਰੇਂਦਾ,
ਹਰ ਕੋਈ ਤਾਣਾ ਬੁਣੇਂਦਾ ।
ਕਿਸੇ ਦੇ ਦਿਲ ਤੇ ਮਾਰ ਕੇ ਚੋਟਾਂ,
ਕੋਈ ਬਹੁਤ ਉਚੇਰਾ ਉਠੇਂਦਾ ।
ਅੰਤ ਵੇਲਾ ਜਦ ਸਿਰ ਤੇ ਆਵੇ,
ਫਿਰ ਹਰ ਬੰਦਾ ਹੱਥ ਮਲੇਂਦਾ।
84. ਪਰਦੇਸੀ ਪੁੱਤ
ਮਾਏ ਨੀ ਤੇਰੇ ਪੁੱਤ ਪਰਦੇਸੀ,
ਬਸ ਪੌਡਾਂ ਜੋਗੇ ਰਹਿ ਗਏ ।
ਘੁੰਮ ਲਈ ਮੈਂ ਸਾਰੀ ਦੁਨੀਆਂ,
ਫੇਰ ਵੀ ਕੱਲੇ ਰਹਿ ਗਏ ।
ਵਿਆਹ ਕਰਵਾਇਆ ਉੱਥੇ ਹੀ ਮੈਂ,
ਤੇਰੇ ਚਾਅ ਤਾਂ ਮਨ 'ਚ ਰਹਿ ਗਏ ।
ਤੈਨੂੰ ਲੱਗੇ ਪੁੱਤ ਮੌਜਾਂ ਮਾਣੇ,
ਮੇਰੇ ਦਿਲ 'ਤੇ ਪੱਥਰ ਢਹਿ ਗਏ ।
ਜ਼ਿੰਦਗੀ ਹੱਥੋਂ ਮਜ਼ਬੂਰ ਹੋ ਗਏ,
ਨਾ ਐਧਰ ਜੋਗੇ, ਨਾ ਓਧਰ ਜੋਗੇ ਰਹਿ ਗਏ ।
ਦੇਸ ਆਪਣਾ ਛੁਡਾਇਆ ਗੋਰਿਆਂ ਤੋਂ,
ਫਿਰ ਵੀ ਗੁਲਾਮੀ ਕਰਦੇ ਰਹਿ ਗਏ ।
ਤੇਰੇ ਹੱਥਾਂ ਦੀ ਪੱਕੀ ਕਦੋਂ ਦੀ ਭੁੱਲੀ,
ਪੀਜ਼ੇ, ਬਰਗਰਾਂ ਜੋਗੇ ਰਹਿ ਗਏ ।
ਸਵੇਰੇ ਉੱਠਦੇ ਫਿੱਕੀ ਚਾਹ ਪੀ ਕੇ,
ਉਦਾਸ ਮਨ ਨਾਲ ਗੱਡੀਆਂ 'ਚ ਬਹਿ ਗਏ।
ਹੁਣ ਨਾ ਕੋਈ ਪੁੱਛਦਾ ਸਾਨੂੰ,
ਖਾਈਏ ਜਾਂ ਨਾ ਖਾਈਏ ।
ਮਨ ਨੂੰ ਮਾਰ ਕੇ ਮਾਏ ਮੇਰੀਏ,
ਹੁਣ ਸਮੇਂ ਦੇ ਵਹਿਣ 'ਚ ਵਹਿ ਗਏ ।
ਤੇਰੇ ਵਾਂਗ ਨਾ ਕਰਦਾ ਦੁਲਾਰ ਕੋਈ,
ਅਸੀਂ ਤਾਂ ਬੁੱਤ ਜਿਹੇ ਬਣ ਕੇ ਰਹਿ ਗਏ ।
ਹੁਣ ਤੂੰ ਵੀ ਨਾ ਕਰਿਆ ਕਰ ਯਾਦ ਮਾਏ,
ਪੁੱਤ ਪਰਦੇਸਾਂ ਜੋਗੇ ਰਹਿ ਗਏ !
ਹਾਏ ! ਪਰਦੇਸਾਂ ਜੋਗੇ ਰਹਿ ਗਏ !
ਬਸ ! ਪਰਦੇਸਾਂ ਜੋਗੇ ਰਹਿ ਗਏ ।
85. ਡਾਲੀ ਦਾ ਪੱਤਾ
ਡਾਲੀ ਦੇ ਪੱਤਿਆ ਵੇ,
ਕਿੰਨਾ ਖੁਸ਼ ਹੈਂ ।
ਝੂਮ ਰਿਹਾ, ਵਹਿ ਰਿਹਾ,
ਹਵਾ ਦੇ ਵਹਾ ਨਾਲ ।
ਤ੍ਰੇਲ ਦੇ ਤੁਪਕਿਆਂ 'ਚ,
ਭਿੱਜਿਆ, ਹਰਿਆ ਵੇ ।
ਅਣਜਾਣ, ਬੇਖ਼ਬਰ !
ਝੜ ਜਾਣ ਤੋਂ !
ਪਲ 'ਚ ਨਵੀਂ ਕਰੂੰਬਲ
ਫੁੱਟ ਜਾਣੀ !
86. ਦੁਨੀਆਂ ਵਿੱਚ ਅਵਤਾਰ ਧਾਰਿਆ ਬਾਜਾਂ ਵਾਲੇ ਨੇ
ਦੁਨੀਆਂ ਵਿੱਚ ਅਵਤਾਰ ਧਾਰਿਆ ਬਾਜਾਂ ਵਾਲੇ ਨੇ,
ਜ਼ੁਲਮ, ਪਾਪ ਤੋਂ ਸੰਸਾਰ ਬਚਾਇਆ ਬਾਜਾਂ ਵਾਲੇ ਨੇ ।
ਨੌਂ ਵਰ੍ਹੇ ਦੀ ਉਮਰੇ ਜਦੋਂ ਖੇਡਣ ਬਾਲ ਖੇਡਾਂ,
ਦਿੱਲੀ ਵੱਲ ਉਦੋਂ ਪਿਤਾ ਤੋਰਿਆ ਬਾਜਾਂ ਵਾਲੇ ਨੇ ।
ਧੰਨ ਉਹ ਮਾਤਾ ਗੁਜਰੀ ਜਿਹਦੀ ਕੁੱਖੋਂ ਜਨਮ ਲਿਆ,
ਨਿਡਰ, ਬਹਾਦਰ ਤਲਵਾਰ ਦੇ ਧਨੀ ਬਾਜਾਂ ਵਾਲੇ ਨੇ ।
ਚਾਰੇ ਵਰਨ ਕਰ ਬਰਾਬਰ ਭੇਦ ਭਾਵ ਨੂੰ ਮੇਟ,
ਅੰਮ੍ਰਿਤ ਖੰਡੇ ਵਾਲਾ ਪਿਆਇਆ ਬਾਜਾਂ ਵਾਲੇ ਨੇ ।
ਆਪਣੇ ਹੱਥਾਂ ਨਾਲ ਸਜਾ ਕੇ ਆਪਣੇ ਪੁੱਤਰਾਂ ਨੂੰ,
ਗੜੀ ਚਮਕੌਰ ਦੀ ਵੱਲ ਤੋਰਿਆ ਬਾਜਾਂ ਵਾਲੇ ਨੇ ।
ਮਹਿਲ ਮਾੜੀਆਂ ਤਿਆਗ, ਸੁੱਖ ਚੈਨ ਸਾਰੇ ਛੱਡ,
ਮਾਛੀਵਾੜੇ ਜੰਗਲਾਂ 'ਚ ਟਿਕਾਣਾ ਲਗਾਇਆ ਬਾਜਾਂ ਵਾਲੇ ਨੇ ।
ਸੁੱਖ ਪਰਿਵਾਰ ਦਾ ਤਿਆਗ, ਧਰਮ ਦਿਲ 'ਚ ਵਸਾ,
ਮਲੂਕ ਜਿੰਦਾਂ ਨੂੰ ਨੀਹਾਂ 'ਚ ਚਿਣਵਾਇਆ ਬਾਜਾਂ ਵਾਲੇ ਨੇ ।
ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ,
ਮਾਧੋ ਦਾਸ ਨੂੰ ਬੰਦਾ ਬਹਾਦਰ ਬਣਾਇਆ ਬਾਜਾਂ ਵਾਲੇ ਨੇ ।
ਦੀਨ ਦੁਨੀਆਂ ਦੀ ਖ਼ਾਤਰ, ਪਰਿਵਾਰ ਆਪਣੇ ਨੂੰ ਵਾਰ,
ਇੱਕ ਨਵਾਂ ਇਤਿਹਾਸ ਰਚਾਇਆ ਬਾਜਾਂ ਵਾਲੇ ਨੇ ।
ਦੁਨੀਆਂ ਵਿੱਚ ਅਵਤਾਰ ਧਾਰਿਆ ਬਾਜਾਂ ਵਾਲੇ ਨੇ ।
87. ਪੰਜਾਬੀ ਸ਼ੇਰਨੀ
ਮੈਂ ਪੰਜਾਬੀ ਸ਼ੇਰਨੀ, ਮੈਨੂੰ ਐਵੇਂ ਨਾ ਜਾਣੀ ।
ਜਦੋਂ ਧਾਰਾਂ ਚੰਡੀ ਰੂਪ ਮੈਂ, ਕਰ ਦੇਵਾਂ ਘਾਣੀ ।
ਸ਼ਕਤੀ ਮੇਰੀ ਬੇਅੰਤ ਹੈ, ਕਾਇਆ ਨਰਮ ਨਾ ਜਾਣੀ ।
ਮੈਂ ਵੱਢ-ਵੱਢ ਕਰਨੇ ਡੱਕਰੇ, ਮਿਲਣਾ ਨਾ ਪਾਣੀ ।
ਜਦੋਂ ਜਾਗ ਪਈ ਇਹ ਸ਼ੇਰਨੀ, ਤੂੰ ਥਾਵਾਂ ਭਾਲੀਂ ।
ਪਛਤਾਵੇਂਗਾ ਤੂੰ ਐਪਰ ਨੂੰ, ਜੇ ਗੱਲ ਨਾ ਸਿਆਣੀ ।
ਇਹ ਮਾਈ ਭਾਗੋ ਦੀ ਕੌਮ ਹੈ, ਐਵੇਂ ਨਾ ਜਾਣੀ ।
ਹੁਣ ਛੱਡਦੇ ਇੱਜ਼ਤ ਰੋਲਣੀ, ਸਮਝੀ ਨਾ ਨਿਤਾਣੀ ।
ਇਹਨੂੰ ਬਾਜਾਂ ਵਾਲੇ ਦਾ ਥਾਪੜਾ, ਨਿਆਸਰੀ ਨਾ ਜਾਣੀ ।
ਉੱਠ ਗਈ ਪੰਜਾਬੀ ਸ਼ੇਰਨੀ, ਤੂੰ ਥਾਵਾਂ ਭਾਲੀਂ ।
ਪਾਪੀ ਨੂੰ ਨਾ ਬਖ਼ਸ਼ਦੀ, ਕਰ ਦੇਵਾਂ ਘਾਣੀ ।
ਮੈਂ ਪੰਜਾਬੀ ਸੇਰਨੀ, ਮੈਨੂੰ ਐਵੇਂ ਨਾ ਜਾਣੀ ।
88. ਮਾਂ ਦਾ ਭਗਤ ਸਿੰਘ ਸੂਰਮਾ
ਉਹ ਮਾਂ ਦਾ ਭਗਤ ਸਿੰਘ ਸੂਰਮਾ, ਬਈ ਚੋਟੀ ਦਾ ਸਰਦਾਰ ।
ਉਹਨੇ ਸੀ ਨਾ ਕੀਤੀ ਮੁੱਖ ਤੋਂ, ਦੇਸ ਤੋਂ ਆਪਾ ਦਿੱਤਾ ਵਾਰ ।
ਜਦੋਂ ਖੇਡਣ ਦੇ ਦਿਨ ਭਗਤ ਦੇ, ਰਿਹਾ ਸੀ ਦੰਮੂਖਾਂ ਬੀਜ ।
ਜਦ ਚੜ੍ਹੀ ਜਵਾਨੀ ਅੱਤ ਦੀ, ਸੋਚੇ ਗੋਰੇ ਦੇਵਾਂ ਮੈਂ ਚੀਰ ।
ਫਿਰ ਦੇਖਿਆ ਜ਼ੁਲਮ ਸੀ ਗੋਰਿਆਂ, ਰਿਹਾ ਅੰਦਰੋਂ ਅੰਦਰੀਂ ਪਸੀਜ ।
ਢੇਰ ਕਰਨ ਲਈ ਗੋਰਿਆਂ, ਸਦਾ ਰਹਿੰਦਾ ਸੀ ਵਿੱਚ ਤਾਕ ।
ਉਹ ਮਾਂ ਦਾ ਭਗਤ ਸਿੰਘ ਸੂਰਮਾ, ਬਈ ਚੋਟੀ ਦਾ ਸਰਦਾਰ ।
ਲੈ ਢਾਣੀ ਜੋੜੀ ਭਗਤ ਨੇ, ਵਿੱਚ ਚੋਟੀ ਦੇ ਯਾਰ ਭਰੇ ।
ਇੱਕ ਤੋਂ ਵੱਧ ਕੇ ਇੱਕ ਸੀ ਸੂਰਮੇ, ਸਭ ਇਹਦੇ ਰੰਗ ਰੰਗੇ ।
ਇਕ ਦੂਜੇ ਤੋਂ ਪਹਿਲਾਂ ਸਾਰੇ ਹੀ, ਮਰਨ ਲਈ ਤਿਆਰ ਖੜੇ ।
ਪੜ੍ਹ ਪੜ੍ਹ ਮੁਸਾਫਰ ਦੀ ਕਵਿਤਾ, ਵਿੱਚ ਜਵਾਨੀ ਜੋਸ਼ ਭਰੇ ।
ਨਹੀਓਂ ਡਰਦੇ ਮਰਨ ਤੋਂ ਸੂਰਮੇ, ਇਹ ਤਾਂ ਮੌਤ ਦੇ ਖੜੇ ਦਰਬਾਰ ।
ਉਹ ਮਾਂ ਦਾ ਭਗਤ ਸਿੰਘ ਸੂਰਮਾ, ਬਈ ਚੋਟੀ ਦਾ ਸਰਦਾਰ ।
ਏਸੇ ਉਮਰੇ ਸਾਕ ਸੰਬੰਧੀਆਂ, ਸੀ ਰਿਸ਼ਤੇ ਖੂਬ ਖੜੇ ।
ਭਗਤ ਕਹਿੰਦਾ ਹੋ ਜਾਓ ਦੂਰ ਬਈ, ਮੈਂ ਤਾਂ ਲਈ ਹੈ ਮੌਤ ਵਿਆਹ ।
ਜਿਉਂ ਜਿਉਂ ਆਉਂਦੀ ਮੌਤ ਹੈ ਸਾਹਮਣੇ, ਮੈਨੂੰ ਚੜ੍ਹਦਾ ਜਾਂਦਾ ਚਾਅ ।
ਉਹਦੇ ਦਿਲ ਵਿੱਚ ਨਾ ਸੀ ਖ਼ੌਫ ਬਈ, ਉਹ ਤਾਂ ਵੱਖਰਾ ਸੀ ਕਿਰਦਾਰ ।
ਉਹ ਤਾਂ ਮਾਂ ਦਾ ਭਗਤ ਸਿੰਘ ਸੂਰਮਾ, ਬਈ ਚੋਟੀ ਦਾ ਸਰਦਾਰ ।
89. ਕੱਚਿਆਂ ਘਰਾਂ ਦੀ ਕੱਚੀਆਂ ਕੰਧਾਂ
ਕੱਚਿਆਂ ਘਰਾਂ ਦੀਆਂ ਕੱਚੀਆਂ ਕੰਧਾਂ, ਹਰ ਵੇਲੇ ਚੇਤੇ ਆਉਂਦੀਆਂ ।
ਬੰਨ੍ਹੇ ਕੁੱਪ ਤੇ ਤੂੜੀ ਦੀਆਂ ਪੰਡਾਂ, ਹਲੇ ਵੀ ਚੇਤੇ ਆਉਂਦੀਆਂ ।
ਗੁੱਲੀ, ਡੰਡਾ, ਗੀਟੇ, ਸਟਾਪੂ, ਇਹ ਖੇਡਾਂ ਮੇਰੇ ਮਨ ਭਾਉਂਦੀਆਂ ।
ਲੁਕਣ ਮੀਟੀ ਤੇ ਕੋਠੇ ਟੱਪਣਾ, ਯਾਦਾਂ ਮੈਨੂੰ ਨੇ ਸਤਾਉਂਦੀਆਂ ।
ਭੱਜੇ-ਭੱਜੇ ਖੇਤਾਂ ਨੂੰ ਜਾਣਾ, ਉਹ ਪੈਲੀਆਂ ਸੁਫਨੇ 'ਚ ਆਉਂਦੀਆਂ ।
ਫੱਟੀਆ ਪੋਚਣਾ, ਕਲਮਾਂ ਘੜਨੀਆਂ, ਅੱਕਾਂ ਦੇ ਤੋਤੇ ਬਣਾਉਂਦੀਆਂ ।
ਸਾਂਝੀਆਂ ਲਾਉਣੀਆਂ, ਗੀਤ ਗਾਉਣੇ, ਹੁਣ ਵੀ ਸਹੇਲੀਆਂ ਬੁਲਾਉਂਦੀਆਂ।
ਕਾਲੀਆਂ ਇੱਟਾਂ, ਕਾਲੇ ਰੋੜ, ਮਿਲ ਜੁਲ ਕੇ ਸਖੀਆਂ ਗਾਉਂਦੀਆਂ ।
ਸਵੇਰੇ ਤੜਕੇ ਟੱਲੇ ਜਾਣ ਲਈ, ਕੁੜੀਆਂ ਸੀ ਬੁਲਾਉਣ ਆਉਂਦੀਆਂ ।
ਗੁੱਡੀ ਫੂਕਣੀ, ਸਿਆਪੇ ਕਰਨੇ, ਗੁਲਗੁਲੇ ਸੁਆਣੀਆਂ ਪਕਾਉਂਦੀਆਂ ।
ਹੱਸਦੀਆਂ ਖੇਡਦੀਆਂ ਠੱਠੇ ਕਰਦੀਆਂ, ਸ਼ਾਮਾਂ ਨੂੰ ਘਰ ਸੀ ਆਉਂਦੀਆਂ ।
ਕੱਚਿਆਂ ਘਰਾਂ ਦੀਆਂ ਕੱਚੀਆਂ ਕੰਧਾਂ, ਹਰ ਵੇਲੇ ਚੇਤੇ ਆਉਂਦੀਆਂ ।
90. ਆਜਾ ਪਲਟੀਏ ਤਖ਼ਤਾ
ਆਜਾ ਚੁੱਕੀਏ ਮਸ਼ਾਲਾਂ !
ਆਜਾ ਰਾਹ ਦਿਖਾਈਏ !
ਭੁੱਲੇ ਰਾਹੀਆਂ ਨੂੰ ।
ਭਟਕੇ ਹੋਏ ਨੇ ਜੋ,
ਸਦੀਆਂ ਤੋਂ !
ਤੁਰੇ ਜਾਂਦੇ ਨੇ .....
ਹਨੇਰਿਆਂ 'ਚ ।
ਬਿਨ੍ਹਾਂ ਸੋਚੇ ਸਮਝੇ,
ਚੁਣੀ ਜਾਂਦੇ
ਆਪਣੇ ਰਹਿਨੁਮਾ
ਐਪਰ
ਹੁੰਦੀ ਨਾ ਸੁਣਵਾਈ ।
ਆਜਾ ਛੇੜੀਏ ਕ੍ਰਾਂਤੀ !
ਆਜਾ ਜਗਾਈਏ !
ਸੁੱਤੇ ਜ਼ਮੀਰਾਂ ਨੂੰ,
ਆਜਾ ਬਿਆਨੀਏ !
ਕਿੰਨੀ ਹੈ ਤਾਕਤ,
ਸਾਡੇ ਹੱਥਾਂ ਵਿੱਚ,
ਆਜਾ ਚੁੱਕੀਏ ਮਸ਼ਾਲਾਂ,
ਰਾਹ ਦਿਖਾਈਏ
ਭੁੱਲੇ ਰਾਹੀਆਂ ਨੂੰ
ਆਜਾ ਪਲਟੀਏ ਤਖ਼ਤਾ
ਕਰ ਦੇਈਏ ਰੌਸ਼ਨੀ
ਆਜਾ ਚੁੱਕੀਏ ਮਸ਼ਾਲਾਂ ।
91. ਅਣਕਹੀਆਂ ਗੱਲਾਂ
ਕੁਝ ਅਣਕਹੀਆਂ ਗੱਲਾਂ ਨੇ,
ਕਰਨੀਆਂ ਜੋ ਤੇਰੇ ਨਾਲ ।
ਰੱਬ ਨੇ ਦਿੱਤੇ ਜੇ ਉਹ ਪਲ,
ਕੀਤਾ ਸੀ ਮੈਂ ਜਿਨ੍ਹਾਂ ਦਾ,
ਸਦੀਆਂ ਇੰਤਜ਼ਾਰ ।
ਕਰਨੇ ਨੇ ਗਿਲੇ ਸ਼ਿਕਵੇ,
ਕਰਨੇ ਨੇ ਬਿਆਨ,
ਉਹ ਜ਼ਾਲਮ ਪਲ ....
ਲੰਘੇ ਜੋ ਤੇਰੇ ਬਗੈਰ,
ਹਾੜ ਦੀ ਤਿੱਖੀ ਧੁੱਪ ਵਾਂਗ ।
ਪਿੰਜਰੇ 'ਚ ਤਾੜੀ ਚਿੜੀ ਨੇ
ਭਰਨੀ ਹੈ ਉਡਾਰੀ ।
ਜਾ ਮਿਲਣਾ ਹੈ ਤੈਨੂੰ,
ਸੱਤ ਸਮੁੰਦਰੋਂ ਪਾਰ ।
92. ਮਾਹੀ ਦਾ ਦੇਸ
ਮੇਰੇ ਵੱਲੇ ਆਉਂਦੀ ਹਵਾਏ,
ਨੀ ਕੀ-ਕੀ ਨਾਲ ਲਿਆਵੇਂ ।
ਕਦੇ-ਕਦੇ ਤਾਂ ਖੁਸ਼ੀਆਂ ਕੇਰਦੀ,
ਨੀ ਕਦੇ ਉਦਾਸੀਆਂ ਵਰਤਾਵੇਂ ।
ਕਦੇ ਤਾਂ ਵਗਦੀ ਠੰਢ ਪਾ ਜਾਂਦੀ,
ਕਦੇ ਰੂਹ ਨੂੰ ਲੂ ਪਈ ਲਾਵੇਂ ।
ਮਾਹੀ ਦੇ ਦੇਸ ਸਦਾ ਠੰਢ ਵਰਤਾਈਂ,
ਨੀ ਮੈਨੂੰ ਤਾਂ ਚਾਹੇ ਸਾੜ ਜਾਵੇਂ ।
93. ਧੀਏ ਨੀ ਕਿਉਂ ਜਨਮ ਲਿਆ ਤੂੰ
ਧੀਏ ਨੀ ਕਿਉਂ ਜਨਮ ਲਿਆ ਤੂੰ,
ਦੱਸ ਕਰਾਂ ਮੈਂ ਕੀ ਹੀਲਾ ?
ਕਿਵੇਂ ਬਚਾਵਾਂ ਜ਼ਾਲਮ ਤੋਂ ਤੈਨੂੰ,
ਦੱਸ ਕਰਾਂ ਕੀ, ਮੈਂ ਵਸੀਲਾ ?
ਕਿਵੇਂ ਪਹੁੰਚਾਂ ਤੇਰੇ ਤੱਕ ਨੀ ?
ਕਿਹੜੀ ਥਾਵੇਂ, ਕਿਹੜੇ ਰਾਹਾਂ ਵਿੱਚ,
ਲੁੱਟ ਰਿਹਾ ਜ਼ਾਲਮ ਪੱਤ ਨੀ ।
ਕਦੇ ਦਸਾਂ ਕੀ ਕਦੇ ਸੋਲਾਂਂ ਦੀ,
ਜ਼ਾਲਮ ਲੈਂਦਾ ਏ ਚੱਕ ਨੀ,
ਦੱਸ ਕਿਵੇਂ ਮੈਂ ਕਿਹੜੇ ਹੀਲੇ,
ਹਾਏ ! ਪਹੁੰਚਾ ਤੇਰੇ ਤੱਕ ਨੀ ?
94. ਸ਼ੈਤਾਨ
ਦੁਨੀਆਂ ਦੇ ਹਰ ਕੋਨੇ 'ਚ, ਲੁਕਿਆ ਬੈਠਾ ਸ਼ੈਤਾਨ ।
ਤਾਕ 'ਚ ਰਹਿੰਦਾ ਜੋ, ਕਿਸੇ ਦੀ ਧੀ ਭੈਣ ਕਦੋਂ ਆਵੇ ।
ਘਰ ਵਿੱਚੋਂ ਬਾਹਰ, ਕਦੋਂ ਟੱਕਰੇ ਕਿਤੇ 'ਕੱਲੀ ਤੁਰੀ ਜਾਂਦੀ ।
ਘਰੋਂ ਬਾਹਰ ਨਿਕਲਦਿਆਂ, ਮੈਂ ਬਣਾਵਾਂ ਨਿਸ਼ਾਨਾ ।
ਕਦੋਂ ਤਾਰ-ਤਾਰ ਕਰ ਦੇਵਾਂ, ਅਣਭੋਲ ਦੀ ਇੱਜਤ ਨੂੰ ।
ਬਿਨ੍ਹਾਂ ਸੋਚੇ ਸਮਝੇ, ਕੀ ਉਮਰ ਹੈ ਉਸ ਤੱਤੜੀ ਦੀ ।
ਜਾਣਦੀ ਵੀ ਨਹੀਂ ਕਈ ਵਾਰ, ਕੀ ਵਾਪਰ ਰਿਹਾ ਉਸ ਨਾਲ ।
ਪਰ ਇਹ ਜ਼ਾਲਮ, ਨਾ ਉਮਰ ਵੇਖਦੇ, ਨਾ ਤਰਸ ਕਰਦੇ ।
ਕਿਉਂ ?
ਕਿਉਂਕਿ ਜਾਣਦੇ ਨੇ ਕਾਨੂੰਨ ਨੂੰ, ਸਾਡੀਆਂ ਸਰਕਾਰਾਂ ਨੂੰ ।
ਪਤਾ ਇਨ੍ਹਾਂ ਨੂੰ, ਕੀ ਹੋ ਜਾਊ ?
ਦੇਖਦੇ ਨੇ ਹਰ ਰੋਜ਼, ਭਰੇ ਪਏ ਅਖ਼ਬਾਰਾਂ ਨੂੰ ।
ਕਿੰਨੀਆਂ ਭੈਣਾਂ, ਧੀਆਂ ਦੀ ਰੋਲੀ ਜਾਂਦੀ ਰੋਜ਼ ਪੱਤ ।
ਖ਼ਬਰ ਛਪਦੀ ਹੈ, ਹੋਰ ਕੀ ਹੁੰਦਾ ਹੈ ? ਕੁਝ ਵੀ ਨਹੀਂ ।
ਮਿਟਾ ਦਿੱਤੇ ਜਾਂਦੇ ਨੇ ਸਾਰੇ ਸਬੂਤ,
ਬਸ ਮਿਟਦਾ ਨੀ ਤਾਂ ਉਹ ਜਖ਼ਮ, ਦੇ ਜਾਂਦੇ ਨੇ ਜੋ,
ਸਰੀਰ ਤੇ ਹੀ ਨਹੀਂ, ਰੂਹ ਤੇ ਡੂੰਘਾ ਫੱਟ ।
ਮਰਦੇ ਦਮ ਤੱਕ ਜੋ ਲੈ ਕੇ ਜਿਉਂਦੀ ਆਪਣੇ ਵਜੂਦ ਨਾਲ ।
ਹਾਏ ! ਕੀ ਕੋਈ ਵੀ ਨਹੀਂ ਜਿਉਂਦਾ ਇਨਸਾਨ ਇੱਥੇ ?
ਸੌਂ ਗਿਆ ਸਾਰਾ ਹੀ ਸਮਾਜ, ਵੇਚ ਕੇ ਘੋੜੇ ।
ਹਾਏ ! ਕੋਈ ਵੀ ਨਹੀਂ ਜੋ, ਜਗਾਵੇ ਸੁੱਤੇ ਸਮਾਜ ਨੂੰ ।
ਹਾਏ ! ਕੋਈ ਵੀ ਨਹੀਂ ਬਚਿਆ ਜਿਉਂਦਾ ?
ਜਿਹੜਾ ਪੱਤ ਬਚਾਵੇ ਬਾਲੜੀਆਂ ਦੀ, ਲੜੇ ਇਨ੍ਹਾਂ ਲਈ ।
ਹਾਏ ! ਜਿਉਂ ਕੇ ਦੇਖੋ ਜ਼ਿੰਦਗੀ ਉਸ ਮਾਂ ਵਾਂਗ,
ਜਿਹਦੀ ਮਲੂਕ ਜਿਹੀ ਧੀ ਗੈਂਗ ਰੇਪ ਦਾ ਸ਼ਿਕਾਰ ਹੋਈ
ਹੱਥਾਂ 'ਚ ਤੋੜ ਜਾਂਦੀ ਦਮ ...
ਹਾਏ ! ਦੇਖੀ ਤੁਸੀਂ ਕਦੇ ... ?
95. ਭੈਣ ਤੇ ਵੀਰ ਦਾ ਰਿਸ਼ਤਾ
ਭੈਣਾਂ ਵੀਰਾਂ ਤੋਂ ਵਾਰੇ ਵਾਰੇ ਜਾਂਦੀਆਂ ਨੇ ।
ਵੀਰਾ ਬਾਝੋਂ ਨਾ ਕੋਈ ਨਾਲ ਖੜ੍ਹਦਾ,
ਨਾਂ ਲੈ-ਲੈ ਵੀਰਾਂ ਦਾ ਜਿਉਂਦੀਆਂ ਨੇ ।
ਭੈਣਾਂ ਵੀਰਾਂ ਤੋਂ ਵਾਰੇ ਵਾਰੇ ਜਾਂਦੀਆਂ ਨੇ ।
ਵੀਰਾਂ ਨਾਲ ਹੀ ਭੈਣਾਂ ਦਾ ਜਹਾਨ ਵੱਸਦਾ,
ਵੀਰ ਕਰਕੇ ਹੀ ਚਿਹਰਾ ਸਦਾ ਰਹੇ ਹੱਸਦਾ ।
ਭੈਣਾਂ ਰਹਿ ਕੇ ਸਹੁਰੇ ਪਰਿਵਾਰ ਅੰਦਰ,
ਵੀਰਾਂ ਨੂੰ ਨਾ ਕਦੇ ਵਿਸਾਰਦੀਆਂ ਨੇ ।
ਭੈਣਾਂ ਵੀਰਾਂ ਤੋਂ ਵਾਰੇ ਵਾਰੇ ਜਾਂਦੀਆਂ ਨੇ ।
ਦੁੱਖ-ਸੁੱਖ ਦੇ ਵਿੱਚ ਹੈ ਆਣ ਖੜ੍ਹਦਾ,
ਵੀਰਾਂ ਵਰਗਾ ਸਾਕ ਨਾ ਕਿਤੋਂ ਲੱਭਦਾ ।
ਰਿਸ਼ਤੇ ਹੁੰਦੇ ਨੇ ਲੱਖਾਂ ਇਸ ਜੱਗ ਅੰਦਰ,
ਵੀਰੇ ਨਾਲ ਹੀ ਭੈਣ ਦਾ ਜਹਾਨ ਵੱਸਦਾ ।
ਲੜ ਜਾਂਦੀਆਂ ਨੇ ਸਾਰੀ ਦੁਨੀਆਂ ਨਾਲ,
ਭੈਣਾਂ ਵੀਰਾਂ ਤੋਂ ਆਪਾ ਵਾਰਦੀਆਂ ਨੇ ।
ਭੈਣਾਂ ਵੀਰਾਂ ਤੋਂ ਵਾਰੇ ਵਾਰੇ ਜਾਂਦੀਆਂ ਨੇ ।
ਕਰਦੀਆਂ ਦੁਆਵਾਂ ਦੋਵੇਂ ਹੱਥ ਜੋੜ-ਜੋੜ ਕੇ,
ਵੀਰਾਂ ਨੂੰ ਤੱਤੀ ਵਾਹ ਨਾ ਸਹਾਰਦੀਆਂ ਨੇ ।
ਜਦ ਤੱਕ ਹੈ ਇਹ ਜਹਾਨ ਵੱਸਦਾ,
ਦੁਆ ਜ਼ਿੰਦਗੀ ਦੀ ਉਦੋਂ ਤੱਕ ਮੰਗਦੀਆਂ ਨੇ ।
ਜਦੋਂ ਤੱਕ ਜਹਾਨ ਵਿੱਚ ਵੱਸਦੀਆਂ ਨੇ,
ਇੱਕ ਪਲ ਵੀ ਮਨੋਂ ਨਾ ਵਿਸਾਰਦੀਆਂ ਨੇ ।
ਭੈਣਾਂ ਵੀਰਾਂ ਤੋਂ ਵਾਰੇ ਵਾਰੇ ਜਾਂਦੀਆਂ ਨੇ ।
96. ਅਸੀਂ ਪੰਛੀਆਂ ਬਿਨਾ ਅਧੂਰੇ ਹਾਂ
ਸਾਡੇ ਘਰ ਦੇ ਬਾਹਰ, ਦਰੱਖਤਾਂ ਦੇ ਉੱਤੇ
ਘੁੱਗੀਆਂ ਰਹਿੰਦੀਆਂ ।
ਮਾਖਿਉਂ ਮਿੱਠੀ ਬੋਲੀ ਬੋਲਦੀਆਂ ।
ਸਵੇਰੇ ਉੱਠੋ ਤਾਂ ਤੂੰ ਹੀ ਤੂੰ ਧਿਆਉਂਦੀਆਂ ।
ਆਵਾਜ਼ ਸੁਣ ਕੇ ਮਨ ਗਦ ਗਦ ਹੋ ਉਠੱਦਾ ।
ਤੜਕੇ ਸਵੇਰੇ ਉਸੇ ਥਾਂ,
ਚਿੜੀਆਂ ਚੂਕਦੀਆਂ, ਚੀਂ-ਚੀਂ ਕਰਦੀਆਂ ।
ਰੱਬ ਦਾ ਨਾਮ ਲੈਂਦੀਆਂ ..... ।
ਲੋਕਾਂ ਨੂੰ ਪ੍ਰਭਾਤ ਹੋਣ ਦਾ ਅਹਿਸਾਸ ਕਰਾਉਂਦੀਆਂ ।
ਸਭ ਨੂੰ ਰੱਬ ਦਾ ਨਾਂ ਯਾਦ ਆ ਜਾਂਦਾ ।
ਸਾਡੀ-ਕੋਠੀਆਂ ਵਿੱਚ ਵੱਸਣ ਦੀ ਚਾਹ ਨੇ,
ਖੋਹ ਲਏ ਨੇ ਟਿਕਾਣੇ ਇਨ੍ਹਾਂ ਪੰਛੀਆਂ ਦੇ ।
ਸ਼ਾਇਦ ਇਸੇ ਲਈ ਅਸੀਂ ਵੀ,
ਇਕੱਲਤਾ ਦੇ ਆਦੀ ਹੋ ਗਏ ।
ਪੰਛੀ ਸਾਡੇ ਨਾਲ, ਅਸੀਂ ਪੰਛੀਆਂ ਨਾਲ ਪੂਰੇ ਹਾਂ,
ਸ਼ਾਇਦ ਏਸੇ ਕਰਕੇ ਅਸੀਂ ਵੀ ਪੰਛੀਆਂ ਬਿਨਾ ਅਧੂਰੇ ਹਾਂ ।
97. ਜਿੰਦ ਮੇਰੀ ਇਉਂ ਬਲਦੀ
ਜਿੰਦ ਮੇਰੀ ਇਉਂ ਬਲਦੀ,
ਜਿਵੇਂ ਬਲਦੀ ਦੀਵੇ ਦੀ ਲਾਟ ਵੇ ।
ਤੂੰ ਥਲਾਂ 'ਚ ਰੁਲਦੀ ਛੱਡ ਗਿਉਂ,
ਮੈਂ ਪਾਉਂਦੀ ਰਹਿ ਗਈ ਬਾਤ ਵੇ ।
ਤੇਰੇ ਮੁੱਖ ਤੋਂ ਆਪਾ ਵਾਰਦਿਆਂ,
ਵਾਰਾਂ ਰਾਤਾਂ ਤੇ ਪ੍ਰਭਾਵ ਵੇ ।
ਤੂੰ ਮੁੜ ਕੇ ਪਿਛਾਂਹ ਨਾ ਝਾਕਿਆ,
ਮੈਂ ਰਿੱਝਾਂ ਵਿਛੋੜੇ ਦੇ ਨਾਲ ਵੇ ।
ਤੇਰੀ ਇੱਕ ਝਲਕ ਨੂੰ ਪਾਉਣ ਲਈ,
ਮੈਂ ਜਿੰਦ ਲਈ ਇਹ ਗਾਲ ਵੇ ।
98. ਚਮਤਕਾਰੀ ਬਾਬੇ
ਇਹ ਮੇਰਾ ਪੰਜਾਬ, ਕਿੱਧਰ ਜਾ ਰਿਹਾ ?
ਦੇਖ ਓਧਰ ਪੋਸਟਰ ਲੱਗਿਆ,
ਚਮਤਕਾਰੀ ਬਾਬੇ ਦਾ ।
ਦੇਖ ਏਧਰ ਹੱਟੀ ਲੱਗੀ ਹੋਈ ਐ,
ਵਸ਼ੀਕਰਨ ਦੇ ਸਮਰਾਟ ਦੀ ।
ਦਸਾਂ ਮਿੰਟਾਂ 'ਚ ਬਾਬਾ ਕਹਿੰਦਾ,
ਵਸ ਕਰ ਦੇਊਂ ਸਾਰੀ ਦੁਨੀਆਂ ।
ਦਾਅਵੇ ਕਰਦਾ ਕਲਾ ਵਿਖਾਉਂਦਾ,
ਕਹਿੰਦਾ ਜਿੱਤ ਲਊਂ ਸਾਰੀ ਦੁਨੀਆਂ ।
ਹਿੰਮਤ ਆਉਂਦੀ ਉਹਦੇ ਅੰਦਰ,
ਪਿਛੇ ਲੱਗੀ ਜੋ ਸਾਰੀ ਦੁਨੀਆਂ ।
ਪੈਸੇ ਵਿੱਚ ਇਹ ਖੇਡਦਾ ਫਿਰਦਾ,
ਲੋਕਾਂ ਨੂੰ ਇਹ ਪਿੱਛੇ ਲਾਉਂਦਾ ।
ਸਵੇਰੇ ਨਾਮ ਦਾ ਪਾਖੰਡ ਰਚਾ ਕੇ,
ਸ਼ਾਮਾਂ ਨੂੰ ਰੁਸ਼ਨਾਉਂਦਾ ।
ਲੋਕਾਂ ਦੀ ਮਿਹਨਤ ਦੀ ਕਮਾਈ,
ਪਲਾਂ 'ਚ ਇਹ ਉਡਾਉਂਦਾ ।
ਧੰਨ-ਧੰਨ ਬਾਬੇ ਦੀ ਕਰਵਾਉਂਦਾ ।
99. ਬੰਦਿਆ ਆਪੇ ਨੂੰ ਪਹਿਚਾਣ
ਬੰਦਿਆ ਆਪੇ ਨੂੰ ਪਹਿਚਾਣ ।
ਅਸਲੀ ਮਕਸਦ ਨੂੰ ਤੂੰ ਜਾਣ ।
ਬਾਬੇ ਨਾਨਕ ਨੇ ਸਮਝਾਇਆ,
ਬਾਹੂ ਨੇ ਵੀ ਰਾਹ ਦਿਖਾਇਆ ।
ਬੁੱਲ੍ਹੇ ਨੇ ਵੀ ਦੱਸਿਆ ਤੈਨੂੰ,
ਭਾਈ ਵੀਰ ਸਿੰਘ ਨੇ ਵਰਜਿਆ ਤੈਨੂੰ ।
ਪਰ ਫਿਰ ਵੀ ਸਮਝ ਨਾ ਆਇਆ,
ਦਿਲ ਦੀਆਂ ਰਮਜਾਂ ਨੂੰ ਤੂੰ ਜਾਣ ।
ਬੰਦਿਆ ਆਪੇ ਨੂੰ ਪਹਿਚਾਣ ।
ਕਾਹਤੋਂ ਲੋਭ-ਲਾਲਚ ਵਿੱਚ ਆਵੇਂ,
ਪੁੱਠੇ ਸਿੱਧੇ ਰਾਹ ਅਪਣਾਵੇਂ ।
ਪੈਸੇ ਨੂੰ ਹੀ ਸਭ ਕੁਝ ਜਾਣੇ,
ਚੁਗਲੀਆਂ ਕਰਦਾ ਘੱਟਾ ਛਾਣੇ ।
ਕਾਹਤੋਂ ਬਣਿਆ ਨੂੰ ਅਣਜਾਣ ।
ਬੰਦਿਆ ਆਪੇ ਨੂੰ ਪਹਿਚਾਣ ।
ਏਥੇ ਕੋਈ ਵੀ ਨਹੀਉਂ ਪਰਾਇਆ,
ਹਰ ਕੋਈ ਇੱਕੋ ਰੱਬ ਦਾ ਜਾਇਆ ।
ਰੂਹ ਹੈ ਵਿਛੜੀ ਸੱਚੇ ਰੱਬ ਤੋਂ,
ਇੱਕ ਦਿਨ ਲੈ ਜਾਣੀ ਉਸ ਆਣ ।
ਬੰਦਿਆ ਆਪੇ ਨੂੰ ਪਹਿਚਾਣ,
ਅਸਲੀ ਮਕਸਦ ਨੂੰ ਤੂੰ ਜਾਣ ।
100. ਸਿਪਾਹੀ
ਮੇਰੇ ਦੇਸ ਦੇ ਸਿਪਾਹੀਆ,
ਤੂੰ ਤਾਂ ਬੜਾ ਹੀ ਮਹਾਨ ।
ਤੇਰੀ ਸੂਰਬੀਰਤਾ ਨੂੰ,
ਜਾਣੇ ਕੁੱਲ ਜਹਾਨ ।
ਤੂੰ ਤਾਂ ਦੇਸ ਦੀ ਖਾਤਰ,
ਕਰਦਾ ਸਭ ਪਰਵਾਨ ।
ਚੂੜੇ ਵਾਲੀਆਂ ਨੂੰ ਛੱਡ,
ਵਾਰੇ ਜੰਗ ਵਿੱਚ ਜਾਨ ।
ਆਪਣੇ ਦਿਲ ਦੀਆਂ ਸੱਧਰਾਂ,
ਕਰਦਾ ਦੇਸ ਤੋਂ ਕੁਰਬਾਨ ।
ਭੁੱਲ ਜਾਵੇ ਘਰ ਬਾਰ,
ਨਾਲੇ ਭੁੱਲਦਾ ਜਹਾਨ ।
ਆਪਣੇ ਜੀਵਣੇ ਦਾ ਮਕਸਦ,
ਕੇਵਲ ਵਤਨ ਨੂੰ ਪਛਾਣ ।
ਖਾਂਦਾ ਛਾਤੀ ਵਿੱਚ ਗੋਲੀਆਂ,
ਬੜੀ ਹੀ ਨਾਲ ਸ਼ਾਨ ।
ਤਾਹੀਉਂ ਤੇਰੀ ਸੂਰਬੀਰਤਾ ਨੂੰ,
ਜਾਣੇ ਕੁੱਲ ਜਹਾਨ ।
ਮੇਰੇ ਦੇਸ ਦੇ ਸਿਪਾਹੀਆ,
ਤੂੰ ਤਾਂ ਬੜਾ ਹੀ ਮਹਾਨ ।
101. ਅੱਕਾਂ ਦੀ ਸ਼ਰਬਤ
ਜਿਉਂਦੇ ਜੀ ਹੀ ਮੈਨੂੰ ਮਾਰ ਦਿੱਤਾ, ਅੱਜ ਮੇਰੇ ਦੋਸਤਾਂ ।
ਜਿਉਂਦੇ ਜੀ ਹੀ ਕਬਰ 'ਚ ਉਤਾਰ ਦਿੱਤਾ, ਅੱਜ ਮੇਰੇ ਦੋਸਤਾਂ ।
ਲਫ਼ਜਾਂ ਦੀ ਪੌੜੀ ਚਾੜ੍ਹ ਕੇ, ਮੈਨੂੰ ਪਿਆਰ ਨਾਲ,
ਪਿੱਛੋਂ ਦੀ ਧੱਕਾ ਮਾਰ ਦਿੱਤਾ, ਹਾਏ ਮੇਰੇ ਦੋਸਤਾਂ ।
ਕਰੀਬ ਮੇਰੇ ਆ ਕੇ, ਮਿੱਠੀਆਂ ਜਿਹੀਆਂ ਬਾਤਾਂ ਪਾ ਕੇ,
ਫੁੱਲ ਦੀ ਥਾਂ ਤਿੱਖਾ ਖ਼ਾਰ ਦਿੱਤਾ, ਅੱਜ ਮੇਰੇ ਦੋਸਤਾਂ ।
ਪੀ ਲਿਆ ਮੈਂ ਮਿੱਠਾ ਕਰਕੇ ਅੱਕ ਦਾ ਸ਼ਰਬਤ,
ਜਿਹੜਾ ਮੈਨੂੰ ਵਾਰ-ਵਾਰ ਦਿੱਤਾ, ਅੱਜ ਮੇਰੇ ਦੋਸਤਾਂ ।
ਜਿਉਂਦੇ ਜੀ ਹੀ ਮੈਨੂੰ ਮਾਰ ਦਿੱਤਾ, ਅੱਜ ਮੇਰੇ ਦੋਸਤਾਂ ।
102. ਪਤਝੜ ਦੇ ਮੌਸਮ
ਪਤਝੜ ਦੇ ਮੌਸਮਾਂ ਵੇ ।
ਕਿਉਂ ਝਾੜ ਦੇਨਾਂ ਵੇ ?
ਪੱਤੇ ਪੁਰਾਣਿਆਂ ਨੂੰ,
ਕਿਉਂ ਤੋੜ ਦੇਨਾਂ ਵੇ ?
ਇਨ੍ਹਾਂ ਵਿਚਾਰਿਆਂ ਨੂੰ ।
103. ਅਰਸ਼ੋਂ ਖੁਸ਼ੀਆਂ ਲਾਹ ਕੇ ਲਿਆਵਾਂ
ਸਾਰੀ ਧਰਤੀ ਦੇ ਗਮਾਂ ਨੂੰ ਕਰ ਇਕੱਠੇ,
ਸਮੋਂ ਲਵਾਂ ਮੈਂ ਆਪਣੀ ਬੁੱਕਲ ।
ਅਰਸ਼ੋਂ ਖ਼ੁਸ਼ੀਆਂ ਲਾਹ ਕੇ ਲਿਆਵਾਂ,
ਭਰ ਦੇਵਾਂ ਮੈਂ ਸਭ ਦੀ ਬੁੱਕਲ ।
ਸਾਥੀ ਜਿਹੜੇ ਗਮਾਂ 'ਚ ਡੁੱਬ ਗਏ,
ਦੇਵਾਂ ਉਨ੍ਹਾਂ ਨੂੰ ਮੈਂ ਹਸਾ ।
ਜਿਹੜੇ ਘਰਾਂ 'ਚ ਦਿਸੇ ਮੈਨੂੰ ਹਨੇਰਾ,
ਉਹਨਾਂ ਘਰਾਂ ਨੂੰ ਦੇਵਾਂ ਮੈਂ ਰੁਸ਼ਨਾ ।
104. ਨੀ ਮੈਂ ਹੋ ਗਈ ਉਸ ਸੱਜਣ ਦੀ
ਨੀ ਮੈਂ ਹੋ ਗਈ ਉਸ ਸੱਜਣ ਦੀ ।
ਜਿਸ ਸੱਜਣ ਮੈਨੂੰ ਵਲ ਦਿੱਤਾ,
ਕਿਵੇਂ ਚਲਾਵਾਂ ਕਲਮ ਉਹਦੇ ਵੱਲ ਦੀ,
ਨੀ ਮੈਂ ਹੋ ਗਈ ਉਸ ਸੱਜਣ ਦੀ ।
ਜਿਸ ਸੱਜਣ ਮੈਨੂੰ ਇਲਮ ਹੈ ਦਿੱਤਾ,
ਇਲਮ ਹੈ ਦਿੱਤਾ, ਅਮਲ ਹੈ ਦਿੱਤਾ ।
ਅਮਲ ਕਰੇਂਦਿਆਂ ਸਾਰਾ ਜੱਗ ਮੈਂ ਭੁੱਲਗੀ ।
ਨੀ ਮੈਂ ਹੋ ਗਈ ਉਸ ਸੱਜਣ ਦੀ ।
ਇਲਮ, ਅਮਲ ਤਾਂ ਰਹਿ ਗਏ ਪਿੱਛੇ,
ਨੀ ਮੈਂ ਉਸ ਸੱਜਣ ਤੇ ਡੁੱਲ੍ਹ ਗਈ ।
ਨੀ ਮੈਂ ਹੋ ਗਈ ਉਸ ਸੱਜਣ ਦੀ ।
ਉਸ ਸੱਜਣ ਮੇਰੀ ਰੂਹ ਨੂੰ ਛੂਹਿਆ,
ਉਹੀ ਸੱਜਣ ਬਸ ਮੇਰਾ ਹੋਇਆ ।
ਮੈਨੂੰ ਸੁਧ ਬੁਧ ਹੁਣ ਤਾਂ ਭੁੱਲਗੀ ।
ਨੀ ਮੈਂ ਹੋ ਗਈ ਉਸ ਸੱਜਣ ਦੀ ।
105. ਇਨਸਾਨ ਵੀ ਰੁੱਖਾਂ ਵਾਂਗ ਬਣ ਜਾਵੇ
ਇਹ ਮੇਰਾ ਸੁਪਨਾ ਸੱਚ ਹੋ ਜਾਵੇ,
ਇਨਸਾਨ ਵੀ ਰੁੱਖਾਂ ਵਾਂਗ ਬਣ ਜਾਵੇ ।
ਸਹਿਣਸ਼ਕਤੀ ਤੇ ਸਬਰ ਦਾ ਸੋਮਾ,
ਵੱਖਰੀ ਆਪਣੀ ਪਹਿਚਾਣ ਬਣਾਵੇ ।
ਦੁੱਖ, ਸੁੱਖ, ਚੰਗੇ, ਬੁਰੇ ਨੂੰ ਭੁੱਲ ਕੇ,
ਬਸ ਆਪਣੀ ਹੀ ਧੁਨ ਵਜਾਵੇ ।
ਹਰ ਲੰਘਣ ਵਾਲੇ ਰਾਹੀ ਨੂੰ,
ਠੰਢੀ ਛਾਂ ਤੇ ਸਕੂਨ ਪਹੁੰਚਾਵੇ ।
ਖੜ੍ਹਾ ਰਹੇ ਅਡੋਲ ਕਦੇ ਨਾ ਡੋਲੇ,
ਸਭ ਦੇ ਹਿਰਦੇ ਠੰਢ ਪਹੁੰਚਾਵੇ ।
ਦੁੱਖ 'ਚ ਨਾ ਰੋਵੇ, ਸੁੱਖ 'ਚ ਨਾ ਹੱਸੇ,
ਜੇ ਰੁੱਖਾਂ ਵਰਗਾ ਜੇਰਾ ਹੋ ਜਾਵੇ ।
ਇਨਸਾਨ ਵੀ ਰੁੱਖਾਂ ਵਾਂਗ ਬਣ ਜਾਵੇ ।
106. ਰਿਸ਼ਤਿਆਂ ਦੀ ਸੂਲੀ
ਕਦੇ ਧੀ ਬਣੇ ਔਰਤ, ਕਦੇ ਹੈ ਮਾਂ ਬਣਦੀ ।
ਤੇ ਕਦੇ ਮਹਿਬੂਬਾ ਬਣ ਕੇ, ਜ਼ਮਾਨੇ ਨਾਲ ਹੈ ਲੜਦੀ ।
ਆਪੇ ਨੂੰ ਵਾਰ ਕੇ ਔਰਤ, ਹਰ ਦੁੱਖ ਖਿੜੇ ਮੱਥੇ ਜਰਦੀ ।
ਪੇਕਿਆਂ 'ਚ ਸਿਆਣੀ ਧੀ, ਸਹੁਰੇ ਸੁਚੱਜੀ ਨੂੰਹ ਬਣਦੀ ।
ਪੇਕੇ ਘਰ ਨਾ ਖੁੱਲ੍ਹ ਮਿਲਦੀ, ਸਹੁਰੇ ਨਾ ਆਵਾਜ਼ ਕੱਢਦੀ ।
ਬਸ ਸਿਰ ਝੁਕਾਈ ਜਾਵੇ, ਇਹੋ ਹੈ ਸਭ ਦੀ ਮਰਜ਼ੀ ।
ਭੁੱਲ ਚੁੱਕ ਵੀ ਕਦੇ, ਜੇ ਮੁਹੱਬਤ ਦੇ ਰਾਹਾਂ ਤੇ ਚਲਦੀ ।
ਜ਼ਮਾਨੇ ਦੀਆਂ ਤੋਹਮਤਾਂ, ਖਿੜੇ ਮੱਥੇ ਹੈ ਜਰਦੀ ।
ਇਹ ਸਭ ਕੁਝ ਵੀ ਤਾਂ ਉਹ, ਮਰਦ ਦੇ ਲਈ ਹੀ ਕਰਦੀ ।
ਫਿਰ ਸਿਰਫ਼ ਔਰਤ ਹੀ, ਕਿਉਂ ਗੁਨਾਹਗਾਰ ਹੈ ਬਣਦੀ ।
ਹੱਦ ਹੋ ਜਾਂਦੀ ਉਦੋਂ ਜਦ, ਹਵਸ ਦੀ ਸੂਲੀ 'ਤੇ ਹੈ ਚੜ੍ਹਦੀ ।
ਸ਼ਿਕਾਰ ਮਰਦ ਹੈ ਕਰਦਾ, ਬਦਨਾਮੀ ਔਰਤ ਕਿਉਂ ਜਰਦੀ ।
ਸਾਰੀ ਉਮਰ ਔਰਤ ਹੀ, ਰਿਸ਼ਤਿਆਂ ਦੀ ਸੂਲੀ ਤੇ ਚੜ੍ਹਦੀ ।
107. ਮੰਗਤੇ
ਮੇਰੇ ਸ਼ਹਿਰ ਦੀ ਹਰ ਸੜਕ ਤੇ
ਹਰ ਬੱਤੀ ਤੇ
ਇੱਕ ਬੋਰਡ ਲਗਾ ਦਿੱਤਾ ਗਿਆ,
ਜਿਸਨੂੰ ਪੜ੍ਹ ਕੇ ਟੀਸ ਜਿਹੀ ਉੱਠਦੀ ।
ਨਿਗ੍ਹਾ ਪੈਂਦੀ ਛੋਟੇ ਛੋਟੇ ਬੱਚਿਆਂ ਤੇ,
ਜੋ ਵੇਚਦੇ ਫਿਰਦੇ ਖਿਡੌਣੇ ਤੇ ਗੁਬਾਰੇ ।
ਕੋਈ ਮੰਗਤੀ ਮਾਂ, ਆਪਣੇ ਬੱਚੇ ਨੂੰ,
ਛਾਤੀ ਨਾਲ ਲਾ ਕੇ ਦੁੱਧ ਪਿਆਉਂਦੀ ।
ਨਿਗ੍ਹਾ ਪਈ ਉਦੋਂ ਹੀ,
ਸਾਹਮਣਿਉਂ ਲੰਘ ਰਹੀਆਂ,
ਵੀ.ਆਈ.ਪੀ. ਗੱਡੀਆਂ ਤੇ,
ਜਿਨ੍ਹਾਂ ਦੀ ਕਤਾਰ,
ਮੁੱਕਣ ਤੇ ਹੀ ਨਹੀਂ ਸੀ ਆ ਰਹੀ ।
ਇੰਨੇ ਨੂੰ ਇੱਕ ਮਾਸੂਮ ਬੱਚੀ,
ਕਰਨ ਲੱਗੀ ਕਾਰ ਦਾ ਸ਼ੀਸ਼ਾ ਸਾਫ਼ ।
ਮੰਗਿਆਂ ਮਿਹਨਤਾਨਾਂ ਮੇਰੇ ਕੋਲੋਂ ।
ਜਦੋਂ ਮੈਂ ਵਧਾਇਆ ਹੱਥ,
ਪੈਸੇ ਦੇਣ ਲਈ ।
ਨਿਗ੍ਹਾ ਪਈ ਉਸੇ ਜ਼ਾਲਮ ਬੋਰਡ ਤੇ,
ਜਿਸ ਤੇ ਲਿਖਿਆ ਸੀ ।
ਮੰਗਤਿਆਂ ਨੂੰ ਪੈਸੇ ਦਿਉਗੇ,
ਤਾਂ ਤੁਹਾਡਾ ਸ਼ਹਿਰ,
ਆਉਣ ਵਾਲੇ ਪੰਜ ਸਾਲਾਂ 'ਚ,
ਬਣ ਜਾਵੇਗਾ ਮੰਗਤਿਆਂ ਦਾ,
ਸ਼ਹਿਰ ..... ।
ਫ਼ਰਕ ਲੱਭਣ ਲੱਗੀ ਉਦੋਂ ਹੀ ਮੈਂ,
ਘਰੋਂ ਆ ਕੇ ਵੋਟਾਂ ਮੰਗਣ ਵਾਲੇ,
ਤੇ ਸੜਕਾਂ ਤੇ ਭੀਖ ਮੰਗਣ ਵਾਲੇ,
ਮੰਗਤਿਆਂ ਵਿਚਕਾਰ ।
108. ਮੇਰੇ ਸ਼ਹਿਰ ਦੀ ਹਵਾਏ !
ਮੇਰੇ ਸ਼ਹਿਰ ਦੀ ਹਵਾਏ ਤੈਨੂੰ ਕੀ ਹੋ ਗਿਆ ।
ਤੇਰਾ ਹਾਸਾ ਤੇ ਗੁਮਾਨ ਹਾਏ ਕਿੱਥੇ ਖੋ ਗਿਆ ।
ਕਿੱਥੇ ਗਈ ਸਾਫ਼ ਪੌਣ, ਧੂੰਆਂ ਧਾਰ ਹੋ ਗਿਆ ।
ਮੇਰੇ ਸ਼ਹਿਰ ਦੀ ਹਵਾਏ ਤੈਨੂੰ ਕੀ ਹੋ ਗਿਆ ।
ਫੈਲੀ ਹਵਾ ਵਿੱਚ ਜ਼ਹਿਰ, ਉੱਤੋਂ ਹਾਰਨਾਂ ਦਾ ਕਹਿਰ ।
ਗੰਦ ਸੁੱਟੀ ਜਾਂਦੇ ਨਹਿਰ, ਟਾਵਰ ਲੱਗੇ ਵਿੱਚ ਸ਼ਹਿਰ ।
ਹਰ ਬੰਦਾ ਸ਼ੋਸ਼ਲ ਮੀਡੀਆ ਦਾ ਸ਼ਿਕਾਰ ਹੋ ਗਿਆ ।
ਮੇਰੇ ਸ਼ਹਿਰ ਦੀ ਹਵਾਏ ਤੈਨੂੰ ਕੀ ਹੋ ਗਿਆ ।
'ਕੱਠੇ ਹੋ-ਹੋ ਕੇ ਬਹਿਣਾ, ਲੋਕਾਂ ਨਾਲ ਜੁੜੇ ਰਹਿਣਾ ।
ਹੁਣ ਸਭ ਦਾ ਹੀ ਬਿਜ਼ੀ ਲਾਈਫ ਸਟਾਈਲ ਹੋ ਗਿਆ ।
ਮੇਰੇ ਸ਼ਹਿਰ ਦੀ ਹਵਾਏ ਤੈਨੂੰ ਕੀ ਹੋ ਗਿਆ ।
ਮੋਟਰ ਗੱਡੀਆਂ ਨਾਲ, ਭਰ ਗਿਆ ਸਾਰਾ ਸ਼ਹਿਰ ।
ਲੱਗੇ ਥਾਂ-ਥਾਂ ਤੇ ਜਾਮ, ਰੁਕ ਗਿਆ ਘੜੀ ਪਹਿਰ ।
ਇਨ੍ਹਾਂ ਗੱਡੀਆਂ ਦੇ ਰੌਲੇ ਵਿੱਚ ਬੰਦਾ ਖੋ ਗਿਆ ।
ਮੇਰੇ ਸ਼ਹਿਰ ਦੀ ਹਵਾਏ ਤੈਨੂੰ ਕੀ ਹੋ ਗਿਆ ।
109. ਆਲ੍ਹਣਾ
ਇਕ ਦਿਨ ਮੈਨੂੰ ਮਿਲਿਆ ਅਵਸਰ,
ਬਿਰਧ ਆਸ਼ਰਮ ਜਾ ਆਈ ।
ਦਿਲ ਦੇ ਸਾਰੇ ਸੰਸੇ ਮੁੱਕ ਗਏ,
ਸੱਚਾ ਗਿਆਨ ਮੈਂ ਪਾ ਆਈ ।
ਆਪਣੇ ਸਾਰੇ ਲੱਗਣ ਬੇਗਾਨੇ,
ਸੱਚੀਂ ਆਪਣਿਆਂ ਨੂੰ ਮਿਲ ਆਈ ।
ਦੁੱਖਾਂ ਦੇ ਮਾਰੇ ਮਾਪਿਆਂ ਦੀਆਂ,
ਬਹੁਤ ਕਹਾਣੀਆਂ ਲੈ ਆਈ ।
ਪੈਸਾ ਫਿੱਕਾ ਪੈ ਜਾਂਦਾ ਹੈ,
ਜਦ ਸਿਰ ਤੇ ਬਿਰਧ ਅਵਸਥਾ ਆਈ ।
ਮਾਂ ਬਾਪ ਦਾ ਪਿਆਰ ਨਾ ਦਿੱਸੇ,
ਜਦੋਂ ਪੈਸਾ ਬੀਵੀ ਲੈ ਆਈ ।
ਪਿਆਰਾਂ ਨਾਲ ਪਾਲੀ ਔਲਾਦ ਹੀ,
ਮਾਂ-ਬਾਪ ਨੂੰ ਬਿਰਧ ਆਸ਼ਰਮ ਲੈ ਆਈ ।
ਪਰਾਏ ਆਪਣੇ 'ਚ ਕੋਈ ਫ਼ਰਕ ਨਾਹੀ,
ਇਹ ਸਬਕ ਮੈਂ ਲੈ ਆਈ ।
ਓਸ ਬਿਰਧ ਆਸ਼ਰਮ ਨੂੰ ਮੈਂ,
ਸੁੱਖਾਂ ਦਾ 'ਆਲ੍ਹਣਾ' ਕਹਿ ਆਈ ।
110. ਨੀ ਕੁੜੀਏ
ਮਾਹੀ ਦੇ ਗੀਤ ਗਾਉਂਦੀਏ ਕੁੜੀਏ !
ਨੀ ਆਸਾਂ ਨਾਲ ਤੱਕਦੀਏ ਕੁੜੀਏ !
ਪਿਆਰਾਂ ਦੀਆਂ ਗੱਲਾਂ ਕਰਦੀਏ ਕੁੜੀਏ !
ਚਾਵਾਂ ਨਾਲ ਪੱਬ ਧਰਦੀਏ ਕੁੜੀਏ !
ਜਵਾਨੀ ਦੀ ਦਹਿਲੀਜ਼ ਚੜ੍ਹਦੀਏ ਕੁੜੀਏ !
ਨੀ ਕਦਮਾਂ ਨੂੰ ਸੰਭਾਲ ਤੂੰ ਅੜੀਏ !
ਪੱਬ ਸੋਚ ਸੋਚ ਤੂੰ ਧਰ ਨੀ ਅੜੀਏ !
ਲੁਕੇ ਸ਼ਰਾਫਤ ਦੇ ਜਾਮੇ ਵਿੱਚ ਜੋ !
ਰਾਕਸ਼ਾਂ ਤੋਂ ਤੂੰ ਬਚ ਨੀ ਕੁੜੀਏ !
ਜਾਲ ਇਨ੍ਹਾਂ ਦੇ ਵਿੱਚ ਜੇ ਫਸ ਗਈ !
ਫਿਰ ਰੁਲ ਜਾਊ ਹੱਕ ਸੱਚ ਨੀ ਕੁੜੀਏ !
ਨੀ ਆਸਾਂ ਨਾਲ ਤੱਕਦੀਏ ਕੁੜੀਏ !
ਮਾਹੀ ਦੇ ਗੀਤ ਗਾਉਂਦੀਏ ਕੁੜੀਏ !
111. ਪੁਰਾਣਾ ਦਰਦ
ਰਾਤੀ ਤਾਰਿਆਂ ਦੀ ਛਾਵੇਂ ਸੋਚਾਂ ਸੋਚਦੀ ਇੱਕ ਕੁੜੀ ।
ਮਲਕੜੇ, ਆਪਣੇ ਹੀ ਪਰਛਾਵਿਆਂ ਤੋਂ ਬਚਦੀ ਇੱਕ ਕੁੜੀ ।
ਕਦੇ ਰੋਂਦੀ, ਕਦੇ ਹੱਸਦੀ, ਕਦੇ ਪਛਤਾਉਂਦੀ ਇੱਕ ਕੁੜੀ ।
ਆਪਣਿਆਂ 'ਚ ਰਹਿ ਕੇ ਆਪਣਿਆਂ ਤੋਂ,
ਆਪਾ ਬਚਾਉਂਦੀ ਇੱਕ ਕੁੜੀ ।
ਰੂਹ ਦੀ ਥੱਕੀ, ਸਰੀਰੋਂ ਨਾ ਅੱਕੀ ।
ਕੰਮ ਕਰੇਂਦੀ ਇੱਕ ਕੁੜੀ ।
ਜ਼ਮਾਨਾ ਮਾਡਰਨ, ਪਰ ਉਹੀਓ ਪੁਰਾਣਾ,
ਦਰਦ ਹੰਢੇਦੀ ਇੱਕ ਕੁੜੀ ।
112. ਸੋਹਣੀ
ਦਗਾਬਾਜ਼ ਜੇ ਜਹਾਨ 'ਤੇ ਨਾ ਹੁੰਦੇ,
ਸੋਹਣੀ ਡੁੱਬਦੀ ਨਾ ਝਨਾਂ ਅੰਦਰ ।
ਕੱਚੇ ਘੜੇ ਤੇ ਤਰ ਕੇ ਨਾ ਜਾਂਦੀ,
ਹੁੰਦਾ ਨਾਂ ਨਾਹੀ ਜਹਾਂ ਅੰਦਰ ।
ਜੇ ਸੋਹਣੀ ਹੀ ਹੌਸਲਾ ਛੱਡ ਜਾਂਦੀ,
ਕੌਣ ਲਿਖਦਾ ਨਾਂ ਕਿੱਸਿਆਂ ਅੰਦਰ ।
ਇਸ਼ਕ ਕਰੇਂਦਾ ਸਾਰਾ ਜੱਗ ਚੰਦਰਾ,
ਕੋਈ ਜਤਾਵੇ ਕੋਈ ਸਮੇਟੇ ਮਨਾਂ ਅੰਦਰ ।
113. ਸ਼ੇਅਰ-ਕਦੇ ਕਦੇ ਚੁੱਪ ਵੀ ਕਹਿ ਜਾਂਦੀ
ਕਦੇ ਕਦੇ ਚੁੱਪ ਵੀ ਕਹਿ ਜਾਂਦੀ ਉਹ ਗੱਲਾਂ
ਜੋ ਮੂੰਹੋਂ ਬੋਲ ਕੇ ਨਾ ਬਿਆਨੀਆਂ ਜਾਣ
ਬੜੀਆਂ ਹੀ ਕੀਮਤੀ ਹੁੰਦੀਆਂ ਉਹ ਗੱਲਾਂ
114. ਅੱਲਾ ਪਾਕਿ ਰਗਾਂ ਵਿੱਚ ਵੱਸਦਾ
ਅੱਲਾ ਪਾਕਿ ਰਗਾਂ ਵਿੱਚ ਵੱਸਦਾ,
ਤੈਨੂੰ ਕਿਵੇਂ ਮੈਂ ਮਨ 'ਚ ਵਸਾਵਾਂ ।
ਜਿੱਧਰ ਦੇਖਾਂ ਓਹੀ ਦਿਸਦਾ,
ਹੋਰ ਅੱਖਾਂ 'ਚ ਕੀਹਨੂੰ ਬਿਠਾਵਾਂ ।
ਬਿਨ ਓਹਦੇ ਮੇਰਾ ਨਹੀਂਓ ਗੁਜਾਰਾ,
ਕੀਹਨੂੰ ਕਹਿ ਕੇ ਹਾਲ ਸੁਣਾਵਾਂ ।
ਓਹੀ ਮਾਹੀ, ਓਹੀ ਸੱਜਣ,
ਓਹਦੇ ਤੋਂ ਮੈਂ ਸਦਕੇ ਜਾਵਾਂ ।
ਬਸ ਮੇਰਾ ਹੁਣ ਅੱਲਾ ਬੇਲੀ,
ਨਾ ਪਰਵਾਹ ਮੈਨੂੰ ਇਸ ਜੱਗ ਦੀ ।
ਹੁਣ ਨਾ ਕੋਈ ਗੱਲ ਦਿਲ ਵਿੱਚ,
ਨਾ ਪਰਵਾਹ ਦੋਜਖ਼ ਦੀ ਅੱਗ ਦੀ ।
ਲਾ ਲਿਆ ਦਿਲ ਉਸ ਮਾਹੀਏ ਨਾਲ ਮੈਂ,
ਵਿਛੋੜਾ ਦਿਨ ਰਾਤ ਰਹਿੰਦੀ ਝੱਲਦੀ ।
ਇਹ ਕਹਿੰਦੀ ਮੈਂ ਮੂਲ ਨਾ ਸੰਗਦੀ,
ਆ ਮੇਰੇ ਸੱਜਣਾ ! ਮਿਲ ਜਾ ਇੱਕ ਵਾਰੀ ।
ਇਹ ਤੱਤੜੀ ਦੁਆਵਾਂ ਪਈ ਮੰਗਦੀ ।
115. ਸਭ ਬਰਾਬਰ ਲਹਿਰ
ਛੋਟਾ ਜਿਹਾ ਝੱਗਾ, ਨਿੱਕੀ ਜਿਹੀ ਨਿੱਕਰ ।
ਅੱਧ ਨੰਗਾ ਜਿਹਾ, ਮਾਂ ਕੋਲ ਬੈਠਾ ।
ਮੈਲੇ ਕੁਚੈਲੇ ਹੱਥਾਂ ਪੈਰਾਂ ਵਾਲਾ ।
ਨਿੱਕੜਾ ਬਾਲ ਤਕ ਰਿਹਾ
ਮਾਂ ਦੀ ਗੋਦ 'ਚ ਪਏ
ਇੱਕ ਹੋਰ ਅੱਧ ਨੰਗੇ ਬਾਲ ਵੱਲ ।
ਠੰਢ ਤੇ ਰਜਾਈ ਤੋਂ ਅਣਜਾਣ ।
ਵੱਟੇ ਤੇ ਰੋੜਿਆਂ ਦੀ ਚੁਭਣ ਤੋਂ
ਕੋਹਾਂ ਦੂਰ ਜਾਪ ਰਿਹਾ ।
ਖੁਸ਼ ਹੋ ਗਿਆ ਅਚਾਨਕ,
ਇੱਕ ਟੈਂਪੂ ਦੇ ਰੁਕਣ 'ਤੇ ।
ਮੈਂ ਗੌਰ ਨਾਲ ਤੱਕਿਆ,
ਉਸ ਟੈਂਪੂ 'ਚ ਦੋ ਸਿੰਘ,
ਫਰਿਸ਼ਤੇ ਬਣ ਆਏ
ਲੰਗਰ ਛਕਾਉਣ ਲੱਗੇ
ਠਾਰ ਦਿੱਤਾ ਉਨ੍ਹਾਂ
ਉਸ ਬਾਲਕ ਤੇ
ਬਾਕੀ ਸਭ ਆਸ ਭਰੀਆਂ,
ਤੱਕਦੀਆਂ ਨਿਗਾਹਾਂ ਨੂੰ ।
ਸ਼ਰਮ ਜਿਹੀ ਆਈ ਮੈਨੂੰ,
ਕਿਵੇਂ ਸੌਂ ਸਕਦੀ ਮੈਂ ਚੈਨ ਨਾਲ ?
ਪਸੀਜ ਗਿਆ ਮਨ,
ਠਰਦੇ ਨੰਗੇ ਪੈਰੀਂ ਦੇਖ ।
ਭਰ ਆਈਆਂ ਅੱਖਾਂ,
ਵਹਿ ਤੁਰੀਆਂ ਝੜੀਆਂ,
ਖ਼ਾਰੇ ਹੰਝੂਆਂ ਦੀਆਂ ਜਦੋਂ...
ਹਰ ਰੋਜ਼...ਖਿਆਲਾਂ 'ਚ
ਭੱਜ ਕੇ ਚੁੱਕਦੀ ਮੈਂ ।
ਉਸ ਪਿਆਰੇ ਅਧਨੰਗੇ ਬਾਲ ਨੂੰ,
ਆਪਣੇ ਸੀਨੇ ਨਾਲ ਲਾ,
ਸੋਹਣੇ ਕੱਪੜੇ ਪਾ,
ਗੁੰਝਲਾਂ ਕੱਢਣ ਲੱਗਦੀ
ਸਦੀਆਂ ਤੋਂ ਉਲਝੇ
ਉਸਦੇ ਵਾਲਾਂ ਦੀਆਂ ।
ਜਾਗਦੀ ਮਮਤਾ ਮੇਰੀ,
ਲੱਭਦੀਆਂ ਅੱਖਾਂ ਮੇਰੀਆਂ
ਹਰ ਰੋਜ਼, ਹਰ ਸੜਕ 'ਤੇ,
ਉਸੇ ਬਾਲ ਨੂੰ...
ਉਹ ਤਾਂ ਨੀ, ਪਰ
ਉਸੇ ਵਰਗੇ ਲੱਖਾਂ ਬਾਲ
ਮੇਰੇ ਮਹਾਨ ਦੇਸ ਦੀ
ਹਰ ਸੜਕ ਤੇ ਮਿਲਦੇ ।
ਹਾਅ ਨਿਕਲਦੀ ਸੀਨੇ 'ਚੋਂ
ਸੋਚਦੀ, ਕਾਸ਼ !
ਸਵੱਛ ਭਾਰਤ ਵਾਂਗ
ਚਲਾਈ ਹੁੰਦੀ ਅਸਾਂ...
ਸਭ ਬਰਾਬਰ ਲਹਿਰ ਵੀ ।
116. ਕਲਮ
ਕਲਮ ਦਾ ਕੋਈ ਵਤਨ ਨਹੀਂ ਹੁੰਦਾ
ਕਲਮ ਦਾ ਕੋਈ ਧਰਮ ਨਹੀਂ ਹੁੰਦਾ
ਕਲਮ ਤਾਂ ਆਜ਼ਾਦ ਹੁੰਦੀ
ਟੱਪਦੀ ਸਰਹੱਦਾਂ .....
ਭੁੱਲ ਜਾਂਦੀ ਸਾਰੀਆਂ ਹੱਦਾਂ
ਨਾ ਡਰੇ, ਨਾ ਤੋਬਾ ਕਰੇ
ਕਰੇ ਤਾਂ ਕਰੇ
ਸੱਚੀਆਂ ਤੇ ਖਰੀਆਂ ਗੱਲਾਂ ।