Pehli Barish : Shammi Jalandhari

ਪਹਿਲੀ ਬਾਰਿਸ਼ : ਸ਼ਮੀ ਜਲੰਧਰੀਪਹਿਲੀ ਬਾਰਿਸ਼

ਮੇਰੇ ਅੰਦਰੋਂ ਉੱਠੀ ਏ ਸੋਂਧੀ ਸੋਂਧੀ ਖੁਸ਼ਬੋਈ ਮੇਰੀ ਰੂਹ ਦੀ ਮਿੱਟੀ ਤੇ ਅੱਜ ਪਹਿਲੀ ਬਾਰਿਸ਼ ਹੋਈ ਇਸ਼ਕੇ ਦੀ ਬਾਰਿਸ਼ ਹੈ ਹਰ ਬੂੰਦ 'ਚ ਆਤਿਸ਼ ਹੈ ਅਜ਼ਲਾਂ ਤੋਂ ਵਰ੍ਹ ਰਹੀ ਏ ਆਦਮ ਦੀ ਖ਼ਾਹਿਸ਼ ਹੈ ਫ਼ਕੀਰਾਂ ਦੀ ਮਸਤੀ ਏ ਰੰਗਾਂ ਦੀ ਬਸਤੀ ਏ ਪਰਲੋ ਤੂਫ਼ਾਨ ਅੰਦਰ ਇਹ ਨੂਹ ਦੀ ਕਸ਼ਤੀ ਏ ਬੁੱਲ੍ਹੇ ਦੀ ਸੂਫ਼ ਪੱਗੜੀ ਵਾਰਿਸ ਸ਼ਾਹ ਦੀ ਹੈ ਲੋਈ ਮੇਰੀ ਰੂਹ ਦੀ ਮਿੱਟੀ ਤੇ ਅੱਜ ਪਹਿਲੀ ਬਾਰਿਸ਼ ਹੋਈ ਮੇਰੇ ਅੰਦਰੋਂ ਉੱਠੀ ਏ ਸੋਂਧੀ ਸੋਂਧੀ ਖੁਸ਼ਬੋਈ ਚਲੀਆਂ ਸ਼ੋਖ ਹਵਾਵਾਂ ਘੁਲੇ ਬੱਦਲ ਮੇਰੇ ਸਾਵਾਂ ਇਹ ਮਸਤਿਆ ਹੋਇਆ ਅੰਬਰ ਮੈਂ ਭਰਿਆ ਅੰਦਰ ਬਾਹਾਂ ਮੇਰੇ ਭਿੱਜੇ ਸਾਰੇ ਲੀੜੇ ਮੈਥੋਂ ਗਏ ਨਾ ਬੂਹੇ ਭੀੜੇ ਮੇਰੇ ਚਾਵਾਂ ਲਾਈ ਛਹਿਬਰ ਹਿੱਕੜੀ ਦੇ ਖੁੱਲ੍ਹ ਗਏ ਬੀੜੇ ਮੈਂ ਬਰਫ਼ਾਂ ਵਾਂਗੂ ਨਿੱਖਰਿਆ ਜਿੰਦ ਜਾਨ ਗਈ ਮੇਰੀ ਧੋਈ ਮੇਰੀ ਰੂਹ ਦੀ ਮਿੱਟੀ ਤੇ ਅੱਜ ਪਹਿਲੀ ਬਾਰਿਸ਼ ਹੋਈ ਮੇਰੇ ਅੰਦਰੋਂ ਉੱਠੀ ਏ ਸੋਂਧੀ ਸੋਂਧੀ ਖੁਸ਼ਬੋਈ ਹਰ ਪਾਸੇ ਸੱਜਰੇ ਰੰਗ ਮੈਂ ਫਿਰਾਂ ਮੁਹੱਬਤ ਸੰਗ ਮੇਰੇ ਕੋਲ ਦੀ ਵਗੇ ਝਨਾਬ ਮੇਰੀ ਗਲ਼ੀਆਂ ਵੱਸਿਆ ਝੰਗ ਕਦੇ ਝਾਂਜਰ ਕਦੇ ਵੰਝਲੀ ਮੇਰੇ ਕੰਨੀਂ ਆ ਆ ਵੱਜਦੀ ਨਿੱਤ ਨਵੀਂ ਨਕੋਰ ਨਜ਼ਮ ਕੋਈ ਮੇਰੇ ਖ਼ਿਆਲਾਂ ਵਿੱਚੋਂ ਲੰਘਦੀ ਮਨ ਵਰਕਾ ਸੋਚ ਕਲਮ ਤੇ ਰੱਤ ਸੁਰਖ਼ ਸਿਆਹੀ ਹੋਈ ਮੇਰੀ ਰੂਹ ਦੀ ਮਿੱਟੀ ਤੇ ਅੱਜ ਪਹਿਲੀ ਬਾਰਿਸ਼ ਹੋਈ ਮੇਰੇ ਅੰਦਰੋਂ ਉੱਠੀ ਏ ਸੋਂਧੀ ਸੋਂਧੀ ਖੁਸ਼ਬੋਈ

ਤਨਹਾਈ

ਮੇਰੀ ਤਨਹਾਈ ਤੈਨੂੰ ਹਰ ਘੜੀ ਆਵਾਜ਼ ਦੇਂਦੀ ਹੈ ਜਿਵੇਂ ਬਾਰਿਸ਼ ਨੂੰ ਇਕ ਸੁੱਕੀ ਨਦੀ ਆਵਾਜ਼ ਦੇਂਦੀ ਹੈ ਚਲੋ ਪਰਦੇ ਉਠਾਈਏ ਜੋ ਪਏ ਹੋਏ ਨੇ ਅਕਲਾਂ ਤੇ ਕਰੋ ਵਿਦਿਆ ਹਨੇਰਾ ਰੋਸ਼ਨੀ ਆਵਾਜ਼ ਦੇਂਦੀ ਹੈ ਤਬਾਹੀ ਹੋ ਰਹੀ ਹਰ ਰੋਜ਼ ਸਿਆਸਤ ਦੇ ਇਸ਼ਾਰੇ ਤੇ ਬਚਾ ਲਓ ਜ਼ਿੰਦਗੀ ਨੂੰ ਜ਼ਿੰਦਗੀ ਆਵਾਜ਼ ਦੇਂਦੀ ਹੈ ਮੁਹੱਬਤ ਚੀਜ਼ ਹੈ ਐਸੀ ਹਵਾ ਦੇ ਵਾਂਗ ਜੋ ਚਲਦੀ ਕਦੇ ਚੁੱਪ ਚਾਪ ਹੁੰਦੀ ਏ ਕਦੀ ਆਵਾਜ਼ ਦੇਂਦੀ ਹੈ ਗਿਲੇ ਸ਼ਿਕਵੇ ਭੁਲਾ ਕੇ ਸਭ ਗਲ਼ੇ ਉਸ ਨੂੰ ਲਗਾ ਲੈ ਤੂੰ ਮੇਰੇ ਦਿਲ ਨੂੰ ਤੇਰੀ ਨਾਰਾਜ਼ਗੀ ਆਵਾਜ਼ ਦੇਂਦੀ ਹੈ

ਮੈਂ ਪੰਜਾਬ ਹਾਂ

ਥਾਂ-ਥਾਂ ਤੋਂ ਮੇਰਾ ਜਿਸਮ ਮੇਰਾ ਅਕਸ ਹੈ ਟੁੱਟਿਆ ਮੁੱਦਤਾਂ ਤੋਂ ਮੈਨੂੰ ਕਈ ਅਬਦਾਲੀਆਂ ਲੁੱਟਿਆ ਸਿੰਧ ਤੋਂ ਯਮਨਾ ਤੱਕ ਮੇਰੀ ਜ਼ਮੀਨ ਮੇਰਾ ਹੱਕ ਮੇਰੀ ਪਛਾਣ ਮੇਰਾ ਵਜੂਦ ਖੋਹ ਲਿਆ ਮੈਥੋਂ ਸਭ ਮੈਂ ਅਪਣੇ ਹੀ ਹੰਝੂਆਂ ਦਾ ਇੱਕ ਡੂੰਘਾ ਸੈਲਾਬ ਹਾਂ ਬੁੱਲ੍ਹੇ ਦੀ ਗੂੜ੍ਹੀ ਨੀਂਦ ਦਾ ਇੱਕ ਟੁੱਟਿਆ ਖ਼ਾਬ ਹਾਂ ਮੈਂ ਪੰਜਾਬ ਹਾਂ ਮੈਂ ਪੰਜਾਬ ਹਾਂ ਸੰਤਾਲੀ ਦੇ ਜ਼ਖ਼ਮਾਂ ਦੇ ਬਣ ਗਏ ਕਈ ਨਾਸੂਰ ਸਾਂਝਾਂ ਦੇ ਚੁੱਲ੍ਹੇ-ਚੌਂਕੇ ਹੋ ਗਏ ਚਕਨਾ ਚੂਰ ਰਾਂਝੇ ਹੀ ਹੀਰ ਲੁੱਟੀ ਰਾਵੀ ਵਿਚਾਲੋ ਟੁੱਟੀ ਅਜ਼ਲਾਂ ਤੋਂ ਚਲੀ ਰੀਤ ਇੱਕ ਪਲ ਅੰਦਰ ਟੁੱਟੀ ਮੈਂ ਗੁੰਗੇ ਹੋਏ ਸੁਰਾਂ ਦੀ ਗੁੰਮ-ਸੁੰਮ ਰਬਾਬ ਹਾਂ ਬੁੱਲ੍ਹੇ ਦੀ ਗੂੜ੍ਹੀ ਨੀਂਦ ਦਾ ਇੱਕ ਟੁੱਟਿਆ ਖ਼ਾਬ ਹਾਂ ਮੈਂ ਪੰਜਾਬ ਹਾਂ ਮੈਂ ਪੰਜਾਬ ਹਾਂ ਮੁੜ ਕੇ ਮੈਨੂੰ ਆਪਣਾ ਉਹੀ ਰੰਗ ਨਾ ਮਿਲਿਆ ਪਹਿਲਾਂ ਜਿਹਾ ਫਿਰ ਮੈਨੂੰ ਉਹ ਝੰਗ ਨਾ ਮਿਲਿਆ ਨਾ ਹੁਣ ਚੰਬਾ ਮੇਰੇ ਕੋਲ ਨਾ ਸਪੀਤੀ ਨਾ ਲਾਹੌਲ ਵੰਡੀ ਗਈ ਮੇਰੀ ਬੋਲੀ ਵੰਡੇ ਗਏ ਮੇਰੇ ਬੋਲ ਮੈਂ ਉੱਖੜੇ ਪੰਨਿਆਂ ਦੀ ਇੱਕ ਉਲਝੀ ਕਿਤਾਬ ਹਾਂ ਬੁੱਲ੍ਹੇ ਦੀ ਗੂੜ੍ਹੀ ਨੀਂਦ ਦਾ ਇੱਕ ਟੁੱਟਿਆ ਖ਼ਾਬ ਹਾਂ ਮੈਂ ਪੰਜਾਬ ਹਾਂ ਮੈਂ ਪੰਜਾਬ ਹਾਂ

ਚੰਬੇ ਦੀ ਰਾਵੀ

ਕੁੜੀ ਚੰਬੇ ਦੀ ਉੱਤਰ ਪਹਾੜੋਂ ਤੁਰ ਪਈ ਲਾਹੌਰ ਸ਼ਹਿਰ ਨੂੰ ਚੀਲਾਂ ਉੱਚੀਆਂ ਚਿਨਾਰ ਲੰਮੇ ਲੰਮੇ ਚੁੰਮਦੇ ਨੇ ਓਹਦੀ ਪੈੜ ਨੂੰ ਨਿਰੀ ਚਾਸ਼ਣੀ ਓਹ ਕਾਸਣੀ ਜਿਹਾ ਓਹਦਾ ਰੰਗ ਓਹਦੇ ਰੰਗ ਵਿੱਚ ਡੁੱਬ ਕਈ ਹੋਏ ਨੇ ਮਲੰਗ ਚੰਬੇ ਦੀ ਰਾਵੀ ਜਾਂਦੀ ਏ ਰੋਜ਼ ਬਣ ਠਣ ਕੇ ਜਾਂਦੀ ਏ ਮਿਲਣ ਝਨਾਬ ਨੂੰ ਰਾਹੇ ਰਾਹੇ ਜਾਂਦੀ ਗਲ਼ ਲਾਉਂਦੀ ਜਾਵੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਓਹਦੇ ਪਾਣੀਆਂ ਤੇ ਲਿਖੇ ਦਰਵੇਸ਼ਾਂ ਕਈ ਕਿੱਸੇ ਜਿਹਨੂੰ ਅੱਜ ਤੱਕ ਸਾਰੇ ਲੋਕ ਪੜ੍ਹਦੇ ਓਹਦੇ ਕੰਢਿਆਂ ਦੇ ਉੱਤੇ ਰੂਹ ਵਲੀਆਂ ਦੀ ਵੱਸੇ ਤਾਹੀਂ ਰਾਵੀ ਨੂੰ ਕਰਨ ਹਵਾਵਾਂ ਸਜਦੇ ਓਹਦੇ ਪਾਣੀਆਂ ਦੀ ਕਲ-ਕਲ 'ਚੋਂ ਸੁਣਾਂ ਵੰਝਲੀ ਤੇ ਕਦੇ ਮੈਂ ਰਬਾਬ ਨੂੰ ਚੰਬੇ ਦੀ ਰਾਵੀ ਜਾਂਦੀ ਏ ਰੋਜ਼ ਬਣ ਠਣ ਕੇ ਜਾਂਦੀ ਏ ਮਿਲਣ ਝਨਾਬ ਨੂੰ ਰਾਹੇ ਰਾਹੇ ਜਾਂਦੀ ਗਲ਼ ਲਾਉਂਦੀ ਜਾਵੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਰਾਵੀ ਜਿੱਥੋਂ ਜਿੱਥੋਂ ਲੰਘੇ ਖ਼ੈਰਾਂ ਸਭ ਦੀਆਂ ਮੰਗੇ ਰਾਵੀ ਪੜ੍ਹਦੀ ਨਮਾਜ਼ਾਂ ਹਰ ਪਹਿਰ ਤੇ ਜੂਹਾਂ ਬੰਜਰ ਮੜੰਗੇ ਰਾਹ ਰਿਜ਼ਕਾਂ ਦੇ ਰੰਗੇ ਰੂਪ ਚੜ੍ਹਿਆ ਰਾਵੀ ਦੀ ਲਹਿਰ ਲਹਿਰ ਤੇ ਕਦੇ ਵੇਖਾਂ ਮੈਂ ਉਸਦੀ ਨੁਹਾਰ ਨੂੰ ਕਦੇ ਤੱਕਾਂ ਮੈਂ ਉਸ ਦੇ ਸ਼ਬਾਬ ਨੂੰ ਚੰਬੇ ਦੀ ਰਾਵੀ ਜਾਂਦੀ ਏ ਰੋਜ਼ ਬਣ ਠਣ ਕੇ ਜਾਂਦੀ ਏ ਮਿਲਣ ਝਨਾਬ ਨੂੰ ਰਾਹੇ ਰਾਹੇ ਜਾਂਦੀ ਗਲ਼ ਲਾਉਂਦੀ ਜਾਵੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ।

ਰੰਗ ਫ਼ਕੀਰਾਂ

ਚੱਲ ਲੱਭੀਏ ਰੰਗ ਫ਼ਕੀਰਾਂ ਝੰਗ ਬੇਲੇ ਰਾਂਝਣ ਹੀਰਾਂ ਚੱਲ ਰਲੀਏ ਵਿੱਚ ਹਵਾਵਾਂ ਹੋ ਜਾਈਏ ਲੀਰੋਂ ਲੀਰਾਂ ਚੱਲ ਸੂਰਜ ਬੂਹੇ ਬੈਠੀਏ ਅੱਗ ਭੱਖੀਏ ਸੁਰਖ਼ ਸ਼ਤੀਰਾਂ ਚੱਲ ਰੂਹਾਂ ਦੇ ਨਾਲ ਖੇਡੀਏ ਛੱਡ ਮਿੱਟੀ ਰਾਖ ਸਰੀਰਾਂ ਚੱਲ ਸੁੰਨੀਆਂ ਪੈੜ੍ਹਾਂ ਰੰਗੀਏ ਪੈਰੀਂ ਰਿਸਦੇ ਲਹੂ ਦੇ ਚੀਰਾਂ ਚੱਲ ਬੂੰਦ-ਬੂੰਦ ਹੋ ਜਾਈਏ ਮਿਲ ਜਾਈਏ ਡੂੰਘੇ ਨੀਰਾਂ ਚੱਲ ਛੱਡੀਏ ਤਲਖ਼ ਤਮਾਂ ਦੀ ਛੱਡ ਦਈਏ ਤਾਂਘ ਤਦਬੀਰਾਂ ਚੱਲ ਝੁੱਗੀਆਂ ਚੌਂਕੇ ਲਿੱਪੀਏ ਭੁੱਖ ਨਾਪੀਏ ਰੰਕ ਹਕੀਰਾਂ ਬਣ ਵੱਜੀਏ ਕਾਹਨਾ ਬਾਂਸਰੀ ਨਾਚ ਨੱਚੀਏ ਵਾਂਗਰ ਮੀਰਾਂ ਚੱਲ ਚੜ੍ਹੀਏ ਕਿਸੇ ਸਲੀਬ ਤੇ ਵਾਂਗ ਈਸਾ ਜਰੀਏ ਪੀੜਾਂ ਚੱਲ ਬਣੀਏ ਖ਼ਾਲਸ ਹੋ ਗੋਬਿੰਦ ਹੱਥ ਫੜੀਏ ਸੱਚ ਸ਼ਮਸ਼ੀਰਾਂ ਚੱਲ ਮੂਸਾ ਬਣ ਕੇ ਵੇਖੀਏ ਲਾਈਏ ਸਾਗਰ ਵਿੱਚ ਲਕੀਰਾਂ ਚੱਲ ਬਣੀਏ ਵਾਰਿਸ ਸ਼ਾਹ, ਬੁੱਲ੍ਹਾ ਕਰੀਏ ਜੱਗ ਇਸ਼ਕ ਤਕਰੀਰਾਂ ਚੱਲ ਬੰਦੇ ਹੋ ਬੰਦੇ ਲੱਭੀਏ ਸਾਨੂੰ ਲੱਭਣਾ ਔਲੀਏ ਪੀਰਾਂ... ਵੇ ਸਾਨੂੰ ਲੱਭਣਾ ਔਲੀਏ ਪੀਰਾਂ ਜੇ ਮਨ ਰੰਗਿਆ ਰੰਗ ਫ਼ਕੀਰਾਂ ਚੱਲ ਲੱਭੀਏ ਰੰਗ ਫ਼ਕੀਰਾਂ ਮਨ ਰੰਗੀਏ ਰੰਗ ਫ਼ਕੀਰਾਂ

ਕਲੰਦਰ

ਚੱਲ ਆਪਾਂ ਵੀ ਕਲੰਦਰ ਹੋਈਏ ਮਸਜਿਦ, ਗਿਰਜੇ, ਮੰਦਰ ਹੋਈਏ ਤੁਰ ਪਈਏ ਨਾਨਕ ਦੀਆਂ ਪੈੜ੍ਹਾਂ ਧੂੜ ਮਿੱਟੀ ਰਲ ਅੰਬਰ ਹੋਈਏ ਚੱਲ ਆਪਾਂ ਵੀ ਕਲੰਦਰ ਹੋਈਏ ਮਨ 'ਤੇ ਲਿਖੀਆਂ ਆਇਤਾਂ ਪੜ੍ਹੀਏ ਛੱਡ ਹੋਰਾਂ ਨੂੰ ਖ਼ੁਦ ਨਾਲ ਲੜੀਏ ਖ਼ੁਦ ਨੂੰ ਜਿੱਤ ਸਿਕੰਦਰ ਹੋਈਏ ਚੱਲ ਆਪਾਂ ਵੀ ਕਲੰਦਰ ਹੋਈਏ ਤਿਲਕ, ਜਨੇਊ, ਟੋਪੀਆਂ, ਪੱਗਾਂ ਸਾਧ ਫ਼ਕੀਰਾਂ ਚੋਰਾਂ-ਠੱਗਾਂ ਸਭ ਦਿਲਾਂ ਦੇ ਅੰਦਰ ਹੋਈਏ ਚੱਲ ਆਪਾਂ ਵੀ ਕਲੰਦਰ ਹੋਈਏ ਆਪਣੇ ਹੱਥੀਂ ਤੋੜ ਜੋ ਸੁੱਟੀਆਂ ਗੰਢੀਏ ਓਹ ਜੋ ਰਾਹਵਾਂ ਟੁੱਟੀਆਂ ਲਾਹੌਰ, ਪਿਸ਼ੌਰ, ਜਲੰਧਰ ਹੋਈਏ ਚੱਲ ਆਪਾਂ ਵੀ ਕਲੰਦਰ ਹੋਈਏ

ਮੁਹੱਬਤ

ਮੁਹੱਬਤ ਫ਼ਜ਼ਲ ਆਸਮਾਨੀ ਮੁਹੱਬਤ ਰਮਜ਼ ਹੈ ਰੂਹਾਨੀ ਮੁਹੱਬਤ ਹੈ ਆਦਮ ਹਵਾ ਮੁਹੱਬਤ ਰੀਤ ਹੈ ਪੁਰਾਣੀ ਮੁਹੱਬਤ ਪੌਣ ਹੈ ਰੁਮਕਦੀ ਮੁਹੱਬਤ ਚਸ਼ਮਿਆਂ ਦਾ ਪਾਣੀ ਮੁਹੱਬਤ ਸੇਕ ਸੂਰਜਾਂ ਦਾ ਮੁਹੱਬਤ ਚੰਨ ਦੀ ਨੂਰਾਨੀ ਮੁਹੱਬਤ ਖੁਸ਼ਬੂ ਮਿੱਟੀ ਦੀ ਮੁਹੱਬਤ ਕਿਰਤ ਹੈ ਕਿਸਾਨੀ ਮੁਹੱਬਤ ਚੈਨ ਹੈ ਦਿਲਾਂ ਦਾ ਮੁਹੱਬਤ ਜੋਸ਼ ਹੈ ਤੂਫ਼ਾਨੀ ਮੁਹੱਬਤ ਜ਼ਖ਼ਮਾਂ ਦੀ ਮਰਹਮ ਮੁਹੱਬਤ ਗ਼ਮ 'ਚ ਸ਼ਾਦਮਾਨੀ ਮੁਹੱਬਤ ਰਾਗ ਦੀ ਹੈ ਬੰਦਿਸ਼ ਮੁਹੱਬਤ ਗ਼ਜ਼ਲ ਦੀ ਰਵਾਨੀ ਮੁਹੱਬਤ ਬਾਪ ਦਾ ਸਾਇਆ ਮੁਹੱਬਤ ਮਾਂ ਦੀ ਕੁਰਬਾਨੀ ਮੁਹੱਬਤ ਫੁੱਲਾਂ ਦੀ ਰੰਗਤ ਮੁਹੱਬਤ ਰੁੱਤ ਹੈ ਸੁਹਾਨੀ ਮੁਹੱਬਤ ਇਲਮੀ ਅਕਲ ਹੈ ਮੁਹੱਬਤ ਹੀ ਹੈ ਨਾਦਾਨੀ ਮੁਹੱਬਤ ਅਜ਼ਲ ਤੋਂ ਹਸ਼ਰ ਹੈ ਮੁਹੱਬਤ ਬਿਨ ਹੈ ਸਭ ਫ਼ਾਨੀ ਮੁਹੱਬਤ ਪਾਕ ਕਲਮਾ ਹੈ ਮੁਹੱਬਤ ਧੁਰ ਦੀ ਹੈ ਬਾਣੀ...

ਸਰਘੀ ਲੋਅ

ਹੋਈ ਅੱਧੀ ਰਾਤੀਂ ਸਰਘੀ ਲੋਅ ਮੇਰੇ ਖ਼ਾਬਾਂ 'ਚੋਂ ਜਦ ਲੰਘੀ ਓਹ ਸਾਹਾਂ ਵਿੱਚ ਮੇਰੇ ਖਿੱਲਰ ਗਈ ਓਹਦੇ ਸਾਹਾਂ ਦੀ ਸੰਦਲੀ ਖੁਸ਼ਬੋ ਓਹਦੀ ਮਹਿਕ ਹਵਾਵਾਂ ਵਿੱਚ ਘੁੰਮੇ ਅਸਾਂ ਪੌਣਾਂ ਦੇ ਮੂੰਹ ਸਿਰ ਚੁੰਮੇ ਓਹਦੀ ਸੋਹਬਤ ਵਿੱਚ ਗੁਜ਼ਾਰੇ ਪਲ ਹੋਏ ਵਰ੍ਹਿਆਂ ਤੋਂ ਵੀ ਗਿੱਠ ਲੰਮੇ ਇੰਝ ਜਾਪੇ ਜਿਵੇਂ ਹਯਾਤ ਮੇਰੀ ਰਾਹਾਂ ਵਿੱਚ ਕਿਧਰੇ ਗਈ ਖਲੋ ਹੋਈ ਅੱਧੀ ਰਾਤੀ ਸਰਘੀ ਲੋਅ ਮੇਰੇ ਖ਼ਾਬਾਂ 'ਚੋਂ ਜਦ ਲੰਘੀ ਓਹ ਓਹ ਸੰਗਮਰਮਰ ਦੇ ਬੁੱਤ ਵਰਗੀ ਚੇਤਰ ਦੀ ਖਿੜ੍ਹੀ ਹੋਈ ਰੁੱਤ ਵਰਗੀ ਪੋਹ ਦੇ ਸੰਘਣੇ ਕੋਹਰੇ 'ਚੋਂ ਲਿਸ਼ਕੋਰਾਂ ਮਾਰਦੀ ਧੁੱਪ ਵਰਗੀ ਦੇਖ ਨਾ ਹੋਇਆ ਅੱਖ ਭਰ ਕੇ ਓਹਦੇ ਮੁੱਖੜੇ ਦਾ ਜਾਹੋ ਜਲੋਅ ਹੋਈ ਅੱਧੀ ਰਾਤੀਂ ਸਰਘੀ ਲੋਅ ਮੇਰੇ ਖ਼ਾਬਾਂ 'ਚੋਂ ਜਦ ਲੰਘੀ ਉਹ ਕਈ ਸਾਗਰ ਨੈਣਾਂ ਵਿੱਚ ਸਿਮਟੇ ਲੱਖਾਂ ਅਲਬੇਲੇ ਰੰਗ ਲਿਪਟੇ ਮੇਰੇ ਜ਼ਿਹਨ ਦੇ ਵਿੱਚ ਐਦਾਂ ਫਿਰਦੀ ਜਿਉਂ ਅੰਬਰਾਂ ਵਿੱਚ ਬੱਦਲ ਫਿਰਦੇ ਮਖ਼ਮਲ-ਮਖ਼ਮਲ ਕਰ ਗਈ ਮੈਨੂੰ ਮਰਮਰੀ ਉਹ ਦੇ ਹੱਥਾਂ ਦੀ ਛੋਅ ਹੋਈ ਅੱਧੀ ਰਾਤੀ ਸਰਘੀ ਲੋਅ ਮੇਰੇ ਖ਼ਾਬਾਂ 'ਚੋਂ ਜਦ ਲੰਘੀ ਉਹ

ਪਰਿੰਦਾ

ਕੱਲ੍ਹ ਮੈਂ ਉੱਡਦੇ ਹੋਏ ਪਰਿੰਦਿਆਂ ਨੂੰ ਆਵਾਜ਼ ਮਾਰੀ ਤੇ ਕੋਲ ਬਿਠਾ ਪੁੱਛਿਆ ਕੀ ਤੁਹਾਡੇ ਵੀ ਘਰ ਘਾਟ ਹੁੰਦੇ ਆ? ਕੋਈ ਮੰਜਾ ਬਿਸਤਰਾ ਚੁੱਲ੍ਹੇ-ਚੌਂਕੇ ਭਾਂਡੇ-ਟੀਂਡੇ ਗਲ਼ੀਆਂ-ਮੁਹੱਲੇ ਪਿੰਡ-ਕਸਬੇ ਰਿਸ਼ਤੇ-ਨਾਤੇ ਮੁਹੱਬਤਾਂ ਰੁਸਵਾਈਆਂ ਤਨਹਾਈਆਂ ਸ਼ਿਕਵੇ ਸ਼ਿਕਾਇਤਾਂ ਤੁਹਾਡੇ ਵੀ ਆਪੋ ਆਪਣੇ ਮੁਲਕ ਹੁੰਦੇ ਹੋਣੇ ਆਂ ? ਹੱਦਾਂ-ਸਰਹੱਦਾਂ ਬੰਦੂਕਾਂ-ਤਲਵਾਰਾਂ ਮਰਦੇ ਹੋਣੇ ਆ ਮਾਰਦੇ ਹੋਣੇ ਆ ਇੱਕ ਦੂਸਰੇ ਨੂੰ ਤੁਹਾਡਾ ਵੀ ਲਹੂ ਡੁੱਲਦਾ ਹੋਣਾ ਆਪੋ ਆਪਣੇ ਵਤਨ ਤੇ ਆਪੋ ਆਪਣੀ ਕੌਮ ਦੀ ਅਣਖ ਦੀ ਖ਼ਾਤਰ ਤੁਹਾਡਾ ਵੀ ਹਰ ਕਿਸੇ ਦਾ ਆਪੋ ਆਪਣਾ ਕੋਈ ਨਾ ਕੋਈ ਮਜ਼ਹੱਬ ਹੁੰਦਾ ਹੋਵੇਗਾ ਜਿਸ ਦੀ ਖ਼ਾਤਰ ਰੇਤ ਦਿੰਦੇ ਹੋਵੋਗੇ ਇੱਕ ਦੂਜੇ ਦੀਆਂ ਧੌਣਾਂ ਤੇ ਲਾਹ ਦਿੰਦੇ ਹੋਵੋਗੇ ਇੱਕ ਦੂਜੇ ਦੇ ਸਿਰਾਂ ਨੂੰ ਸਾੜ ਦਿੰਦੇ ਹੋਵੋਗੇ ਇੱਕ ਦੂਜੇ ਦੇ ਪਰਾਂ ਨੂੰ ਮੇਰੇ ਇਹ ਤਮਾਮ ਸਵਾਲਾਂ ਨੂੰ ਸੁਣ ਕੇ ਖ਼ਾਮੋਸ਼ ਬੈਠਾ ਇੱਕ ਪਰਿੰਦਾ ਜਵਾਬ ਵਿੱਚ ਬੋਲਿਆ ਹਾਂ ਸਾਡੇ ਵੀ ਘਰ ਹੁੰਦੇ ਆ, ਕਿਉਂ ਨਹੀ ? ਇਹ ਸਾਰੇ ਦੇ ਸਾਰੇ ਦਰੱਖਤ ਸਾਡੇ ਘਰ ਹੀ ਤਾਂ ਹਨ ਇਹਨਾਂ ਦੀਆਂ ਲਚਕਦਾਰ ਟਹਿਣੀਆਂ ਸਾਡੀਆਂ ਮੰਜੀਆਂ ਪਲੰਘ ਇਹਨਾਂ ਦੇ ਨਰਮ ਮੁਲਾਇਮ ਪੱਤੇ ਜਿਵੇਂ ਕੋਈ ਰੇਸ਼ਮੀ ਚਾਦਰਾਂ ਹੋਣ ਰੋਜ਼ ਤੜਕੇ ਤੜਕੇ ਤ੍ਰੇਲ ਦੀਆਂ ਬੂੰਦਾਂ ਧੋ ਜਾਂਦੀਆਂ ਨੇ ਸਾਡੇ ਸਭ ਦੇ ਮੂੰਹ ਸਿਰ ਕਈ ਵਾਰ ਨੁਹਾ ਜਾਂਦੀਆਂ ਨੇ ਸਾਨੂੰ ਨੱਚਦੀਆਂ ਹੋਈਆਂ ਬਾਰਿਸ਼ਾਂ ਇਹ ਖੇਤ ਨਿਆਈਆਂ ਤੇ ਸਾਰੀ ਧਰਤੀ ਸਾਡਾ ਚੁੱਲ੍ਹਾ-ਚੌਂਕਾ ਹੀ ਤੇ ਹੈ ਜਦੋਂ ਵੀ ਭੁੱਖ ਲੱਗੀ ਉੱਤਰੇ ਬੈਠੇ ਤੇ ਖਾ ਲਿਆ ਹਾਂ ਅਸੀਂ ਵੀ ਮੁਹੱਬਤ ਕਰਦੇ ਆਂ ਇੱਕ ਦੂਜੇ ਨਾਲ ਰੁੱਸਦੇ ਆਂ ਮਨਾਉਂਦੇ ਆਂ ਪਰ ਇੱਕ ਦੂਜੇ ਨੂੰ ਮਾਰਦੇ ਨਹੀ ਨਾ ਖੇਤਾਂ ਬੰਨ੍ਹਿਆਂ ਦੀਆਂ ਹੱਦਾਂ ਦੀ ਖ਼ਾਤਰ ਨਾ ਕਿਸੇ ਮੁਲਕ ਦੀ ਸਰਹੱਦ ਦੇ ਲਈ ਨਾ ਇਥੇ ਕਿਤੇ ਕੰਡਿਆਂ ਦੀ ਤਾਰ ਹੈ ਨਾ ਕਿਸੇ ਦੇ ਹੱਥ ਰਫ਼ਲ ਨਾ ਤਲਵਾਰ ਹੈ ਅਸੀਂ ਮਜ਼੍ਹਬਾਂ ਦੇ ਨਾਮ ਦੇ ਉੱਤੇ ਵੱਢਦੇ ਨਹੀਂ ਇੱਕ ਦੂਜੇ ਦੇ ਸਿਰਾਂ ਨੂੰ ਸਾੜਦੇ ਨਹੀ ਇੱਕ ਦੂਜੇ ਦੇ ਪਰਾਂ ਨੂੰ ਸਾਡਾ ਸਭ ਦਾ ਇੱਕ ਹੀ ਮੁਲਕ ਆ ਇਹ ਖੁੱਲ੍ਹਾ ਅਸਮਾਨ ਸਾਡਾ ਇੱਕ ਹੀ ਧਰਮ ਹੈ ਸਾਡੀ ਉਡਾਣ ਜਦੋਂ ਅਸੀ ਅਸਮਾਨ 'ਚ ਹੁੰਦੇ ਆ ਆਪਣੀ ਉਡਾਣ 'ਚ ਹੁੰਦੇ ਆ ਤੁਸੀਂ ਸਾਰੇ ਦੇ ਸਾਰੇ ਹੀ ਬਹੁਤ ਬੌਣੇ ਲੱਗਦੇ ਹੋ ਮੈਂ ਤਾਂ ਕਹਿੰਦਾ ਹਾਂ ਕਿ ਤੁਸੀਂ ਵੀ ਉੱਡਣਾ ਸਿੱਖ ਲਵੋ... ਉਸ ਪਰਿੰਦੇ ਦੀ ਗੱਲ ਸੁਣ ਕੇ ਲੱਗਿਆ ਕਾਸ਼ ! ਮੈਂ ਵੀ ਇੱਕ ਪਰਿੰਦਾ ਹੁੰਦਾ।

ਨਾਨਕ

ਨਾ ਕਾਸ਼ੀਓ ਨਾ ਕਾਬਿਓਂ ਨਾ ਮਸਜਿਦੋਂ ਨਾ ਮੰਦਿਰੋਂ ਨਾਨਕ ਰੱਬ ਲੱਭਿਆ ਅੰਦਰੋਂ ਕਹੇ ਨਾਨਕ ਵੰਡਦਾ ਜਾ ਰਿਜ਼ਕ ਨਿੱਤ ਆਪਣੇ ਹੱਥੀਂ ਕਰ ਕਿਰਤ ਤੜਕ ਪਹਿਰ ਸ਼ਾਮ ਅੱਧੀ ਰਾਤੀ ਸੋਹਣੇ ਰੱਬ ਦੀ ਕਰ ਤੂੰ ਸਿਫ਼ਤ ਨਾ ਧਾਗਿਓਂ ਨਾ ਮੰਤਰੋਂ ਨਾ ਮੂਰਤੋਂ ਨਾ ਪੱਥਰੋਂ ਨਾਨਕ ਰੱਬ ਲੱਭਿਆ ਅੰਦਰੋਂ ਕਰੇ ਪਿਆਰ ਓਹ ਆਦਮ ਜਾਤ ਨੂੰ ਹਵਾ ਪਾਣੀ ਧਰਤ ਮਾਤ ਨੂੰ ਉਸ ਸ਼ਬਦ ਨੂੰ ਜੋ ਹੈ ਆਦਿ ਤੋਂ ਉਸ ਸ਼ਬਦੋਂ ਰਚੀ ਕਾਇਨਾਤ ਨੂੰ ਨਾ ਮੜ੍ਹੀਓਂ ਨਾ ਕਬਰੋਂ ਨਾ ਰੀਤ ਰਸਮ ਅਡੰਬਰੋਂ ਨਾਨਕ ਰੱਬ ਲੱਭਿਆ ਅੰਦਰੋਂ ਹਰ ਦੁੱਖ ਵਿੱਚ ਹੀ ਹੈ ਦੁੱਖ ਦਵਾ ਬਿਨ੍ਹਾਂ ਦੁੱਖ ਜ਼ਿੰਦਗੀ ਨਾ ਜਾਏ ਨਿਭਾ ਨਾਨਕ ਆਖੇ ਕਰ ਸਬਰ ਸ਼ੁਕਰ ਮਨ ਹਰ ਵੇਲੇ ਰੱਬ ਦੀ ਹੀ ਰਜ਼ਾ ਨਾ ਜੋਗੀਓਂ ਨਾ ਟਿਲਿਓਂ ਨਾ ਪੱਥਰੋਂ ਨਾ ਜੰਗਲੋਂ ਨਾਨਕ ਰੱਬ ਲੱਭਿਆ ਅੰਦਰੋਂ

ਤੇਰਾ ਮੁੱਖੜਾ

ਤੇਰਾ ਮੁੱਖੜਾ ਠਰੇ ਮੌਸਮ ਦੀਆਂ ਧੁੱਪਾਂ ਦੇ ਵਰਗਾ ਹੈ, ਤੇਰੀ ਹਰ ਜ਼ੁਲਫ਼ ਦਾ ਸਾਇਆ ਘਣੇ ਰੁੱਖਾਂ ਦੇ ਵਰਗਾ ਹੈ। ਨਮੀ ਉੱਤਰੀ ਹੈ ਜੋ ਅੰਬਰੋਂ ਪਈ ਫੁੱਲ ਬੂਟੇ ਬੂਟੇ ਤੇ, ਇਸ ਦਾ ਹਰ ਕਤਰਾ ਕਤਰਾ ਤੇਰੀਆਂ ਅੱਖਾਂ ਦੇ ਵਰਗਾ ਹੈ। ਕਿਸੇ ਦਾ ਦਰਦ ਸੁਣ ਕੇ ਹੁਣ ਕਿਸੇ ਦੀ ਅੱਖ ਨਹੀਂ ਚੋਂਦੀ, ਮੇਰੇ ਇਸ ਸ਼ਹਿਰ ਦਾ ਹਰ ਆਦਮੀ ਬੁੱਤਾਂ ਦੇ ਵਰਗਾ ਹੈ। ਨਹੀਂ ਸੌਖਾ ਸਮਝਣਾ ਇਸ ਸਮੇਂ ਲੋਕਾਂ ਦੀ ਫ਼ਿਤਰਤ ਨੂੰ, ਜ਼ਮਾਨੇ ਵਿੱਚ ਕੋਈ ਸਾਧੂ ਕੋਈ ਠੱਗਾਂ ਦੇ ਵਰਗਾ ਹੈ। ਬਹਾਰਾਂ, ਪੱਤਝੜਾਂ, ਸੋਕਾ ਕਦੇ ਹੁੰਦੀਆਂ ਨੇ ਬਰਸਾਤਾਂ, ਸੁਭਾਅ ਜੀਵਨ ਦਾ ਬਿਲਕੁਲ ਹੀ ਨਿਰਾ ਰੁੱਤਾਂ ਦੇ ਵਰਗਾ ਹੈ।

ਪੁਸਤਕ

ਪੁਸਤਕ ਪੜ੍ਹੀ ਮੁਹੱਬਤ ਦੀ ਸਰੂਰ ਮਿਲ ਗਿਆ ਅੱਖਰ ਅੱਖਰ 'ਚੋਂ ਅੱਖਾਂ ਨੂੰ ਨੂਰ ਮਿਲ ਗਿਆ ਬੇਚੈਨ ਹੋ ਕੇ ਘੁੰਮਦੀਆਂ ਸਨ ਚਿਰਾਂ ਤੋਂ ਇਹ ਮੁੱਦਤ ਬਾਅਦ ਖ਼ਾਹਿਸ਼ਾਂ ਨੂੰ ਸਬੂਰ ਮਿਲ ਗਿਆ ਉੱਤਰ ਰਿਹਾ ਨਾ ਐਸਾ ਮੈਨੂੰ ਹੋਇਆ ਜੋ ਨਸ਼ਾ ਜ਼ਿੰਦਗੀ ਮੇਰੀ ਦੇ ਚਾਵਾਂ ਨੂੰ ਫ਼ਤੂਰ ਮਿਲ ਗਿਆ ਹਮਦ ਵਿੱਚ ਗੁਜ਼ਰ ਰਿਹਾ ਹੈ ਮੇਰਾ ਇੱਕ ਇੱਕ ਪਲ ਯੇਰੂ ਦੇ ਦਾਊਦ ਦਾ ਜਿਉਂ ਜ਼ਬੂਰ ਮਿਲ ਗਿਆ ਹੱਥ ਮੇਰੇ ਜਿਉਂ ਫੜੀ ਹੋਈ ਏ ਮੂਸਾ ਦੀ ਲਾਠੀ ਮਿਸਰ ਦੀ ਸਰ ਜ਼ਮੀਨ ਦਾ ਕੋਹੇ- ਤੂਰ ਮਿਲ ਗਿਆ ******** “ਪਹਿਲੀ ਬਾਰਿਸ਼” ਕਿਤਾਬ ਖਰੀਦਣ ਲਈ ਤੁਸੀ ਹੇਠ ਦਿੱਤੇ ਲਿੰਕ ਕਲਿਕ ਕਰ ਸਕਦੇ ਹੋ ।

  • 1. ਪਹਿਲੀ ਬਾਰਿਸ਼: ਸ਼ਮੀ ਜਲੰਧਰੀ
  • 2. ਪਹਿਲੀ ਬਾਰਿਸ਼: ਸ਼ਮੀ ਜਲੰਧਰੀ
  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਮੀ ਜਲੰਧਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ