Peer Fazal Gujrati
ਪੀਰ ਫ਼ਜ਼ਲ ਗੁਜਰਾਤੀ

ਨਾਂ-ਫ਼ਜ਼ਲ ਹੁਸੈਨ, ਕਲਮੀ ਨਾਂ-ਫ਼ਜ਼ਲ ਗੁਜਰਾਤੀ,
ਪਿਤਾ ਦਾ ਨਾਂ-ਪੀਰ ਮਕਬੂਲ ਸ਼ਾਹ,
ਜਨਮ ਤਾਰੀਖ਼-1 ਜਨਵਰੀ 1896, ਜਨਮ ਸਥਾਨ-ਗੁਜਰਾਤ,
ਵਿਦਿਆ-ਦਸਵੀਂ, ਕਿੱਤਾ-ਨੌਕਰੀ,
ਛਪੀਆਂ ਕਿਤਾਬਾਂ-ਡੂੰਘੇ ਪੈਂਡੇ (ਪੰਜਾਬੀ ਗ਼ਜ਼ਲਾਂ), ਟਕੋਰਾਂ (ਪੰਜਾਬੀ ਸ਼ਾਇਰੀ), ਰਿਸ਼ਮਾਂ (ਪੰਜਾਬੀ ਸ਼ਾਇਰੀ),
ਪਤਾ-ਗੁਜਰਾਤ ।

ਪੰਜਾਬੀ ਗ਼ਜ਼ਲਾਂ (ਡੂੰਘੇ ਪੈਂਡੇ 1993 ਵਿੱਚੋਂ) : ਪੀਰ ਫ਼ਜ਼ਲ ਗੁਜਰਾਤੀ

Punjabi Ghazlan (Doonghe Painde 1993) : Peer Fazal Gujratiਇਸ਼ਕ ਨੇ ਕੀਤਾ ਅਦਾ ਸੋਜ਼ੇ ਨਹਾਨੀ

ਇਸ਼ਕ ਨੇ ਕੀਤਾ ਅਦਾ ਸੋਜ਼ੇ ਨਹਾਨੀ ਕੁਝ ਨਾ ਕੁਝ । ਸੰਵਰ ਮੇਰੀ ਵੀ ਗਈ ਏ ਜ਼ਿੰਦਗਾਨੀ ਕੁਝ ਨਾ ਕੁਝ । ਨਾ ਕਰਨ ਸਾਡੀ ਕਿਵੇਂ ਅਹਿਲੇ ਮੁਹੱਬਤ ਆਬਰੂ, ਏਸ ਪਾਸੇ ਹੈ ਅਸਾਂ ਵੀ ਖ਼ਾਕ ਛਾਣੀ ਕੁਝ ਨਾ ਕੁਝ । ਮੇਰਾ ਕਿੱਸਾ ਛੇੜਿਆਂ ਉਹਨਾਂ ਨੂੰ ਨੀਂਦਰ ਆ ਗਈ, ਰੱਖਦੀ ਏ ਸੁੱਖ ਦਾ ਅਸਰ ਦੁਖ ਦੀ ਕਹਾਣੀ ਕੁਝ ਨਾ ਕੁਝ । ਆਇਆ ਕਾਸਿਦ ਉੱਧਰੋਂ ਹੰਝੂਆਂ ਦੇ ਮੋਤੀ ਸਾਂਭਦਾ, ਯਾਰ ਮੂੰਹੋਂ ਕੀਤੀ ਏ ਗੋਹਰ ਫ਼ਸ਼ਾਨੀ ਕੁਝ ਨਾ ਕੁਝ । ਸੀਨਾ ਬਲ ਪੈਣਾ ਏਂ ਯਾ ਕਾਇਮ ਏ ਰਹਿਣਾ ਦਿਮਾਗ਼, ਇਸ਼ਕ ਫ਼ਰਮਾਈ ਏ ਓੜਕ ਮੇਹਰਬਾਨੀ ਕੁਝ ਨਾ ਕੁਝ । ਮੰਗਿਆ ਸੀ ਮੋਤੀਆਂ ਦਾ ਬਖ਼ਸ਼ਿਆ ਹੰਝੂਆਂ ਦਾ ਹਾਰ, ਦੇ ਈ ਦਿੱਤੀ ਯਾਰ ਨੇ ਸਾਨੂੰ ਨਿਸ਼ਾਨੀ ਕੁਝ ਨਾ ਕੁਝ ।

ਉਮਰ ਸਾਰੀ ਗ਼ਲਤੀਆਂ ਤੇ ਗ਼ਲਤੀਆਂ

ਉਮਰ ਸਾਰੀ ਗ਼ਲਤੀਆਂ ਤੇ ਗ਼ਲਤੀਆਂ ਖਾਂਦਾ ਰਿਹਾ । ਸਾਦਗੀ ਵਿਚ ਸਾਦਗੀ ਦੀ ਮੈਂ ਸਜ਼ਾ ਪਾਂਦਾ ਰਿਹਾ । ਖ਼ਾਰਾਂ ਨੂੰ ਗੁਲ ਜਾਣ ਕੇ ਗੁਲ ਨਾਲ ਲਟਕਾਂਦਾ ਰਿਹਾ, ਮੈਂ ਸਮਝ ਕੇ ਲਾਲ ਅੰਗਿਆਰਾਂ ਨੂੰ ਹੱਥ ਪਾਂਦਾ ਰਿਹਾ । ਆਬੇ ਖ਼ੰਜਰ ਨੂੰ ਰਿਹਾ ਮੈਂ ਆਖਦਾ ਆਬੇ ਹਿਆਤ, ਜ਼ਹਿਰ ਨੂੰ ਤਰਿਆਕ ਦੀ ਥਾਂ ਆਪਣੇ ਮੂੰਹ ਲਾਂਦਾ ਰਿਹਾ । ਮੇਰੀ ਬੇਸੁਰਤੀ ਤੇ ਉਨ੍ਹਾਂ ਆਖ ਕੇ ਕੀਤੇ ਮਖ਼ੌਲ, ਮੈਨੂੰ ਫ਼ੁਰਕਤ ਵਿਚ ਜਿਨ੍ਹਾਂ ਦੀ ਗ਼ਸ਼ ਤੇ ਗ਼ਸ਼ ਆਂਦਾ ਰਿਹਾ । ਬੇਕਰਾਰੀ ਥੀਂ ਨਾ ਇਹ ਮੁੜਿਆ ਤੇ ਨਾ ਉਹ ਰੋਣ ਥੀਂ, ਮੈਂ ਕਦੀ ਦਿਲ ਨੂੰ ਕਦੀ ਅੱਖੀਆਂ ਨੂੰ ਸਮਝਾਂਦਾ ਰਿਹਾ । ਓਸ ਕਾਫ਼ਰ ਦਾ ਦਿਲ ਆਪਣਾ ਤੇ ਕਦੀ ਹੋਇਆ ਨਾ ਮੋਮ, ਸ਼ਿਅਰ ਪੜ੍ਹ ਕੇ 'ਫ਼ਜ਼ਲ' ਦੇ ਲੋਕਾਂ ਨੂੰ ਤੜਪਾਂਦਾ ਰਿਹਾ ।

ਰਹਿ ਸਕਦੀ ਏ ਉਹਨੂੰ ਭਲਾ

ਰਹਿ ਸਕਦੀ ਏ ਉਹਨੂੰ ਭਲਾ ਕਿੰਜ ਮੇਰੀ ਵਫ਼ਾ ਯਾਦ । ਨਾ ਮੌਤ ਜੀਹਨੂੰ ਯਾਦ ਨਾ ਮਹਿਸ਼ਰ ਨਾ ਖ਼ੁਦਾ ਯਾਦ । ਜਾਂ ਰੋਜ਼ ਤੇ ਕੱਢ ਰੋਜ਼ ਉਹ ਬਜ਼ਮ ਥੀਂ ਦੇਣ, ਨਾ ਯਾਦ ਖ਼ਤਾ ਰਹਿੰਦੀ ਏ ਮੈਨੂੰ ਨਾ ਸਜ਼ਾ ਯਾਦ । ਇਕ ਥਾਵੇਂ ਬੈਠਾ ਸਾਂ ਮੈਂ ਕਦੀ ਕੋਲ ਕਿਸੇ ਦੇ, ਅੱਜ ਤੀਕ ਨੇ ਉਹ ਬੂਟੇ ਉਹ ਛਾਵਾਂ ਉਹ ਹਵਾ ਯਾਦ । ਲੋਕ ਆਹੰਦੇ ਨੇ ਬੁੱਤ ਉਹਨੂੰ ਖ਼ੁਦਾ ਜਾਣੇ ਉਹ ਕੀ ਏ, ਮੈਂ ਵੇਖ ਲਵਾਂ ਉਹਨੂੰ ਤੇ ਆ ਜਾਏ ਖ਼ੁਦਾ ਯਾਦ । ਜਾਗ ਉਠਦੀ ਏ ਦਿਲ ਮੇਰੇ ਦੀ ਸੁੱਤੀ ਹੋਈ ਦੁਨੀਆ, ਆ ਜਾਂਦੀ ਏ ਜਿਸ ਵਕਤ ਕੋਈ ਉਹਦੀ ਅਦਾ ਯਾਦ । ਚੱਖੀ ਸੀ ਜਿਹੜੀ ਮੈਂ ਕਦੇ ਜ਼ੁਲਫ਼ਾਂ ਦੀ ਛਾਵੇਂ ਬੈਠਕੇ ਰਹਿੰਦੀ ਹੈ ਚੇਤੇ ਹਰ ਘੜੀ ਉਹ ਠੰਡੀ ਹਵਾ ਯਾਦ । ਓ ਜ਼ਾਲਮਾ ਕਰ ਅੱਖੀਆਂ ਚੁਰਾਣੇ ਦੀ ਨਾ ਤਕਲੀਫ਼, ਤੂੰ ਇੰਜੇ ਸਮਝ 'ਫ਼ਜ਼ਲ' ਨੂੰ ਨਹੀਂ ਤੇਰੀ ਜਫ਼ਾ ਯਾਦ ।

ਮੈਂ ਕਿਹੜੀ ਆਪਣੇ ਦਰਦਾਂ ਦੀ ਦੁਨੀਆ

ਮੈਂ ਕਿਹੜੀ ਆਪਣੇ ਦਰਦਾਂ ਦੀ ਦੁਨੀਆ ਵਿਚ ਵੱਸਾਂ ਕੀ ਦੱਸਾਂ । ਕਿਸ ਗੱਲੇ ਪਈਆਂ ਰੋ ਰੋ ਕੇ ਚਿਹਰੇ 'ਤੇ ਲੱਸਾਂ ਕੀ ਦੱਸਾਂ । ਪਈ ਜਦੋਂ ਮੁਸੀਬਤ ਹੂਕੇ ਤੇ ਸਭ ਇੱਕਣ ਦੁੱਕਣ ਨੱਸ ਗਏ, ਸੰਗ ਕਿਵੇਂ ਤਰੋੜੇ ਯਾਰਾਂ ਨੇ ਮੈਂ ਦੱਸਣੋਂ ਨੱਸਾਂ ਕੀ ਦੱਸਾਂ । ਉਹ ਇਸ਼ਕ ਨਹੀਂ ਜੋ ਲੁਕ ਜਾਏ, ਤੇ ਗੋਰ ਉਰੇਰੇ ਲਹਿ ਜਾਏ, ਇਹ ਚੜ੍ਹੀਆਂ ਹੋਈਆਂ ਫੇਰ ਕਦੇ ਲੱਥੀਆਂ ਨਾ ਕੱਸਾਂ ਕੀ ਦੱਸਾਂ । ਭੰਨ ਮੱਥੇ ਨੂੰ ਫ਼ਰਹਾਦ ਲਿਆ ਪਾਣੀ ਦੀ ਨਹਿਰ ਵਗਾਈ ਨਾ, ਮੈਂ ਜਾਰੀ ਕੀਤੀਆਂ ਖ਼ੂਨ ਦੀਆਂ ਅੱਖਾਂ ਥੀਂ ਕੱਸਾਂ ਕੀ ਦੱਸਾਂ । ਰੰਗ ਖੁੱਲ੍ਹਾ ਮੇਰੀ ਵਹਿਸਤ ਦਾ ਹੋ ਕੱਠੇ ਕੁਝ ਹਮਦਰਦ ਗਏ, ਉਹ ਰੋ ਰੋ ਪੁੱਛਣ ਹਾਲ ਮੇਰਾ ਮੈਂ ਖਿੜ ਖਿੜ ਹੱਸਾਂ ਕੀ ਦੱਸਾਂ । ਕੋਈ ਦੇਖੇ ਮੇਰਿਆਂ ਜ਼ਖ਼ਮਾਂ ਨੂੰ ਕੋਈ ਭਰਨੇ ਦੀ ਤਜਵੀਜ਼ ਕਰੇ, ਕੋਈ ਅਜਿਹਾ ਸਿਆਣਾ ਦਿੱਸੇ ਨਾ ਮੈਂ ਕੀਹਨੂੰ ਦੱਸਾਂ ਕੀ ਦੱਸਾਂ । ਕਿਉਂ 'ਫ਼ਜ਼ਲ' ਸ਼ੁਦਾਈ ਹੋਇਆ ਏ ਪੱਲੇ ਦੀਆਂ ਲੀਰਾਂ ਲਾਹੀਆਂ ਨਾਂ ਫੜ ਲੋਕੀ ਪੱਲਾ ਪੁਛਦੇ ਨੇ ਮੈਂ ਪੱਲਾ ਖੱਸਾਂ ਕੀ ਦੱਸਾਂ ।

ਕੀ ਹੋਇਆ ਸੀਨਾ ਵਿੰਨ੍ਹ ਗਿਆ

ਕੀ ਹੋਇਆ ਸੀਨਾ ਵਿੰਨ੍ਹ ਗਿਆ ਯਾ ਜਿਗਰ ਅਸਾਡਾ ਚੀਰ ਗਿਆ । ਇਹ ਖ਼ੁਸ਼ੀ ਅਸਾਂ ਨੂੰ ਥੋੜੀ ਏ ਨਈਂ ਖ਼ਾਲੀ ਤੇਰਾ ਤੀਰ ਗਿਆ । ਕੱਲ ਮੇਰੀ ਨਿਸਬਤ ਕੀਤੀ ਏ ਇਕ ਨਵੇਂ ਲਿਬਾਸਾਂ ਵਾਲੇ ਨੇ, ਇਹ ਲੀਰਾਂ ਲੱਥਾ ਕਿਧਰੇ ਦਾ ਕੀ ਚਿੰਬੜ ਵਾਂਗੂੰ ਲੀਰ ਗਿਆ । ਜਦ ਵੇਖਣ ਮੇਰੇ ਸੋਹਣੇ ਨੂੰ ਸੋਹਣੇ ਸ਼ਰਮਿੰਦਾ ਹੋਣ ਪਏ, ਗਈ ਵਜਦੀ ਫੂਕ ਚਿਰਾਗ਼ਾਂ ਨੂੰ ਉਹ ਜਿੱਧਰ ਬਦਰ ਮੁਨੀਰ ਗਿਆ । ਅੱਖਾਂ ਵਿਚ ਡੋਰੇ ਮਸਤੀ ਦੇ ਖ਼ੁਸ਼ੀਆਂ ਵਿਚ ਲੋਰੇ ਆਉਣ ਪਏ, ਇਕ ਝੱਟ ਖਲੋਤਾ ਕੋਲ ਜੀਹਦੇ ਉਹ ਬਦਲ ਉਹਦੀ ਤਕਦੀਰ ਗਿਆ । ਬਸ ਉਹ ਦੁਨੀਆ ਤੇ ਦੀਨ ਦੀਆਂ ਕੈਦਾਂ ਚੋਂ ਹੋ ਆਜ਼ਾਦ ਗਿਆ, ਪਾ ਆਪਣੀ ਜ਼ੁਲਫ਼ ਮੁਸਲਸਲ ਦੀ ਉਹ ਜਿਨ੍ਹਾਂ ਨੂੰ ਜ਼ੰਜੀਰ ਗਿਆ । ਰਲ ਸੋਨਾ ਮਿੱਟੀ ਨਾਲ ਗਿਆ ਜਦ ਸੋਨੇ ਨੂੰ ਹੱਥ ਪਾਇਆ ਮੈਂ, ਉਹ ਹੱਥ ਵਿਚ ਲੈ ਕੇ ਮਿੱਟੀ ਨੂੰ ਮਿੱਟੀ ਨੂੰ ਕਰ ਅਕਸੀਰ ਗਿਆ । ਉਸ ਕੋਲ ਬਹਾ ਕੇ 'ਫ਼ਜ਼ਲ' ਕਦੀ ਮੇਰੇ ਦਿਲ ਦੀਆਂ ਗੱਲਾਂ ਸੁਣੀਆਂ ਨਾ, ਮੈਂ ਮਾਰਿਆ ਹੋਇਆ ਦਰਦਾਂ ਦਾ ਰਾਹਵਾਂ ਵਿਚ ਘੱਤ ਵਹੀਰ ਗਿਆ ।

ਉਹ ਮੇਰੇ ਵੱਲੇ ਵਿਹੰਦਾ ਏ

ਉਹ ਮੇਰੇ ਵੱਲੇ ਵਿਹੰਦਾ ਏ ਭਰ ਭਰ ਕੇ ਨਜ਼ਰਾਂ ਕਹਿਰ ਦੀਆਂ । ਮੈਂ ਜਿਸ ਦੇ ਪਿੱਛੇ ਝੱਲੀਆਂ ਨੇ ਨੋਕਾਂ ਤੇ ਝੋਕਾਂ ਸ਼ਹਿਰ ਦੀਆਂ । ਮੈਂ ਸੁਣਿਐ ਵੰਡਦੈ ਲੋਕਾਂ ਨੂੰ ਉਹ ਦਾਰੂ ਦਿਲ ਦਿਆਂ ਰੋਗਾਂ ਦਾ, ਮੈਂ ਪੁੜੀ ਸਫ਼ਾ ਦੀ ਜਦ ਮੰਗੀ ਉਸ ਦਿੱਤੀਆਂ ਪੁੜੀਆਂ ਜ਼ਹਿਰ ਦੀਆਂ । ਅੱਜ ਦੋਹੇਂ ਪਾਸੇ ਰੱਖ ਗਿਆ ਦੋ ਮੂੰਹਾਂ ਖ਼ੰਜਰ ਕਾਤਿਲ ਦਾ, ਧਰਤੀ ਤੇ ਧਾਰਾਂ ਖ਼ੂਨ ਦੀਆਂ ਅੰਬਰ ਤੇ ਲਿਸ਼ਕਾਂ ਗਹਿਰ ਦੀਆਂ । ਸੌ ਵਾਰੀ ਸ਼ਬਨਮ ਢਲਕੇ ਪਈ ਸੌ ਵਾਰੀ ਤਾਰੇ ਚਮਕ ਪਏ, ਜਿਨ੍ਹਾਂ ਨੇ ਤੈਨੂੰ ਦੇਖ ਲਿਆ ਉਹ ਨਜ਼ਰਾਂ ਕਿਤੇ ਨਾ ਠਹਿਰ ਦੀਆਂ । ਸੱਸੀ ਨੂੰ ਠੰਢੀਆਂ ਆਹਵਾਂ ਦਾ ਵਿਚ ਥਲ ਦੇ ਕੁਝ ਭਰਵਾਸ਼ਾ ਸੀ, ਉਸ ਝੱਲੀ ਨੇ ਝੱਲੀਆਂ ਸਨ ਕੁਝ ਧੁੱਪਾਂ ਸਿਖਰ ਦੁਪਹਿਰ ਦੀਆਂ । ਇਕ ਨਹਿਰ ਵਹਿੰਦੀ ਦੇ ਦੰਦੇ ਤੇ ਜਦ ਤੇਸੇ ਵਾਲਾ ਯਾਦ ਪਿਆ, ਸੀਰੀ ਨੇ ਰੋ ਰੋ ਕਰ ਛੱਡੀਆਂ ਸਨ ਦੋ ਨਹਿਰਾਂ ਇਕ ਨਹਿਰ ਦੀਆਂ । ਦੱਸ ਤੂੰ ਈ ਤੇਰਿਆਂ ਸੌਦਾਈਆਂ ਨੇ ਕਿਹੜੇ ਪਾਸੇ ਜਾਣਾ ਏ, ਜੰਗਲ ਦੀਆਂ ਸੂਲਾਂ ਉੱਧਰ ਨੇ ਇੱਧਰ ਨੇ ਇੱਟਾਂ ਸ਼ਹਿਰ ਦੀਆਂ ।

ਬਿਰਹੋਂ ਦਾ ਸ਼ੋਅਲਾ ਭੜਕ ਪਿਆ

ਬਿਰਹੋਂ ਦਾ ਸ਼ੋਅਲਾ ਭੜਕ ਪਿਆ ਠੰਡੀਆਂ ਸਭ ਨਾਰਾਂ ਹੋ ਗਈਆਂ । ਲੱਗ ਇਹਦਾ ਜਿੱਥੇ ਸੇਕ ਗਿਆ ਪੈਦਾ ਗੁਲਜ਼ਾਰਾਂ ਹੋ ਗਈਆਂ । ਜੋ ਅੱਲ੍ਹਾ ਵਾਲੇ ਕਹਿ ਛੱਡਣ ਉਹ ਪੂਰਾ ਹੋ ਕੇ ਰਹਿੰਦਾ ਏ, ਜੋ ਜ਼ਿਕਰ ਉਹਦੇ ਵਿਚ ਪੈ ਗਈਆਂ ਜੀਭਾਂ ਤਲਵਾਰਾਂ ਹੋ ਗਈਆਂ । ਯਾਰਾਂ ਨੇ ਮੇਰੇ ਗਲਮੇ ਦਾ ਅਜੇ ਕੱਲ੍ਹ ਹੀ ਰਫ਼ੂ ਕਰਾਇਆ ਸੀ, ਅੱਜ ਟੁਕੜੇ ਟੁਕੜੇ ਵਹਿਸਤ ਵਿਚ ਪੱਲੇ ਦੀਆਂ ਤਾਰਾਂ ਹੋ ਗਈਆਂ । ਸੱਪਾਂ ਦੇ ਡੰਗਿਆਂ ਹੋਇਆਂ ਦਾ ਲੱਭ ਕਿਧਰੋਂ ਦਾਰੂ ਜਾਂਦਾ ਸੀ, ਤਾਰਾਂ ਉਹਦੀ ਜ਼ੁਲਫ਼ ਦੀਆਂ ਬਿਜਲੀ ਦੀਆਂ ਤਾਰਾਂ ਹੋ ਗਈਆਂ । ਠੇਕੇ ਵਿਚ ਦੇਖ ਹਰੀਫ਼ਾਂ ਨੂੰ ਹੋ ਗੁੰਗੇ ਥੱਥੇ ਲੋਕ ਗਏ, ਮੈਂ 'ਫ਼ਜ਼ਲ' ਮਸੀਤੀ ਜਾ ਵੜਿਆ ਤੇ ਸ਼ੁਰੂ ਵਿਚਾਰਾਂ ਹੋ ਗਈਆਂ ।