Paunan Satluj Kol Dian : Paramjit Sohal

ਪੌਣਾਂ ਸਤਲੁਜ ਕੋਲ਼ ਦੀਆਂ (ਕਾਵਿ-ਸੰਗ੍ਰਹਿ) : ਪਰਮਜੀਤ ਸੋਹਲ

ਪਾਣੀਆਂ ਦੇ ਸ੍ਵਰ

'ਪੌਣਾਂ ਸਤਲੁਜ ਕੋਲ਼ ਦੀਆਂ' ਮੇਰੇ ਅਵਚੇਤਨ 'ਚ ਵਸੇ ਸਤਲੁਜ ਦੇ ਪਾਣੀਆਂ ਦੇ 'ਕਲ ਕਲ' ਕਰਦੇ ਨਾਦੀ ਸ੍ਵਰਾਂ ਨੂੰ ਸ਼੍ਰਵਣ ਕਰਨ ਵਾਂਗ ਹੈ। ਇਹ ਸਰੋਦੀ ਅੰਸ਼ ਹੀ ਉਹ ਕਾਵਿਕ ਇਕਾਈ ਹੈ ਜਿਸ ਨੂੰ ਮੈਂ ਆਪਣੀ ਕਵਿਤਾ ਦੇ ਚਾਹਵਾਨਾਂ ਲਈ ਲੈ ਕੇ ਹਾਜ਼ਰ ਹੋਇਆ ਹਾਂ। ਗੀਤ, ਟੱਪੇ, ਬੋਲੀਆਂ ਤੇ ਦੋਹੇ ਇਸ ਦੀ ਗਵਾਹੀ ਦੇਣਗੇ। ਇਸ ਸੰਗ੍ਰਹਿ ਵਿਚ ਮੇਰਾ ਕੋਈ ਦਾਅਵਾ ਨਹੀਂ ਹੈ ਕਿ ਮੈਂ ਇਸ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਕਸੌਟੀ 'ਤੇ ਪੂਰਾ ਖਰਾ ਉਤਰਿਆ ਹਾਂ। ਇਸ ਵਿਚਲੀ ਵੇਦਨਾ ਕੁਝ ਕੁ ਮੇਰੀ ਨਿਜੀ ਹੈ ਤੇ ਕੁਝ ਕੁ ਪਰਾਈ। ਇਹ ਪੰਜਾਬ ਦੀ ਮਿੱਟੀ ਦਾ, ਪਾਣੀਆਂ ਦਾ, ਹਵਾਵਾਂ ਦਾ ਤੇ ਪੰਜਾਬੀ ਬੋਲੀ ਤੇ ਸਭਿਆਚਾਰ ਦਾ ਰਿਣ ਹੈ ਜੋ ਮੈਂ ਕਈ ਜਨਮ ਲਾ ਕੇ ਵੀ ਤਾਰ ਨਹੀਂ ਸਕਦਾ। ਜੇਕਰ ਤੁਹਾਨੂੰ ਇਸ ਵਿਚੋਂ ਸਤਲੁਜ ਕੋਲ਼ ਦੀਆਂ ਪੌਣਾਂ ਦੀ ਕੋਈ ਕਨਸੋਅ ਸੁਣਾਈ ਦਿਤੀ ਤਾਂ ਮੈਂ ਆਪ ਦਾ ਆਭਾਰੀ ਹੋਵਾਂਗਾ। ਮੇਰੇ ਲਈ ਦੁਆ ਕਰਨੀ ਕਿ ਮੈਂ ਤੁਹਾਡੇ ਹੁੰਗਾਰੇ ਦੇ ਕੋਲ਼ ਕੋਲ਼ ਰਹਾਂ ਜਿਵੇਂ ਹਵਾਵਾਂ ਦਰਖ਼ਤਾਂ ਅਤੇ ਦਰਿਆਵਾਂ ਦੇ ਕੋਲ਼ ਕੋਲ਼ ਰਹਿੰਦੀਆਂ ਹਨ।ਹੇ ਪਿਆਰੇ

ਮੈਨੂੰ ਉਹ ਪਰਵਾਜ਼ ਬਖ਼ਸ਼ ਦੇ ਜਿਹੜੀ ਸੁੰਨ ਮੰਡਲ ਗਾਹ ਆਵੇ ਮੈਨੂੰ ਉਹ ਆਵਾਜ਼ ਬਖ਼ਸ਼ ਦੇ ਜਿਹੜੀ ਪਾਰ ਸਮੇਂ ਤੋਂ ਜਾਵੇ ਮੈਨੂੰ ਰੁਮਕਦੀਆਂ ਦੇ ਪੌਣਾਂ ਮੈਨੂੰ ਨੀਲਾ ਅੰਬਰ ਦੇ ਦੇ ਮੈਨੂੰ ਦੇ ਬਾਗ਼ਾਂ ਦੀ ਮਸਤੀ ਕੋਈ ਖੋਲ਼ਾ-ਖੰਡਰ ਦੇ ਦੇ ਮੈਨੂੰ ਧੁੱਪ ਦੀ ਕਾਇਆ ਦੇ ਦੇ ਮੈਨੂੰ ਚੁੱਪ ਦੀ ਮਾਇਆ ਦੇ ਦੇ ਮੈਨੂੰ ਸਬਰ ਦੀ ਮਿੱਟੀ ਦੇ ਦੇ ਮੈਨੂੰ ਆਪਣੀ ਛਾਇਆ ਦੇ ਦੇ ਇਹ ਅੰਬਰੀ ਤਾਰੇ ਦੇ ਦੇ ਸਰਸਬਜ਼ ਨਜ਼ਾਰੇ ਦੇ ਦੇ ਮੈਨੂੰ ਦੇ ਦੇ ਮਾਰੂਥਲ ਵੀ ਅਤੇ ਸਾਗਰ ਖਾਰੇ ਦੇ ਦੇ ਸ਼ਾਹਰਗ ਦੇ ਲਿਸ਼ਕਣ ਪਾਣੀ ਕਰ ਮੱਥੇ ਨੂਰੀ ਚਾਨਣ ਦੇ ਨਾਮ ਖੁਮਾਰੀ ਮੈਨੂੰ ਰੰਗ ਲਾਲ ਲਲਾਰੀ ਦੇ ਦੇ ਮੇਰੀ ਰੂਹ ਵਿਚ ਕਮਲ ਖਿੜਾ ਦੇ ਮੈਨੂੰ ਇੱਕੋ ਅਲਿਫ਼ ਪੜ੍ਹਾ ਦੇ ਮੇਰੇ ਪ੍ਰਾਣਾਂ ਵਿਚ ਰਚ-ਮਿਚ ਜਾ ਮੇਰੀ ਅੰਬਰੀਂ ਖ਼ਾਕ ਉਡਾ ਦੇ ਮੈਂ ਦਸੇ ਦਿਸ਼ਾਵੀਂ ਗੂੰਜਾਂ ਇੰਞ ਲੋਚਦੀਆਂ ਮਨ-ਕੂੰਜਾਂ ਦੇ ਮਾਨਸਰੋਵਰ ਮੋਤੀ ਸਦਗਤੀਆ ਹੰਸ ਬਣਾ ਦੇ ਮੇਰੀ ਕੁਆਰੀ ਨੀਂਦਰ ਸੁਪਨੇ ਹਨ ਲੂੰ ਲੂੰ ਵਿਚ ਖ਼ੁਸ਼ਬੋਈਆਂ ਮੈਨੂੰ ਘੋਲ਼ ਹਵਾਵਾਂ ਅੰਦਰ ਸਭ ਬਿਰਖਾਂ ਨੂੰ ਸਰਚਾ ਦੇ ਜਿੰਦ ਕਰ ਦੇ ਕਿਣਮਿਣ ਕਣੀਆਂ ਵਰ੍ਹ ਮੇਰੇ ਮਨ ਦੇ ਥਲ 'ਤੇ ਦੋ ਘੁੱਟ ਦੇ ਪਿਆਰ ਅਗੰਮੀ ਜਨਮਾਂ ਦੀ ਪਿਆਸ ਬੁਝਾ ਦੇ ਸਭ ਸਾਲ, ਦਹਾਕੇ, ਸਦੀਆਂ ਸਭ ਨੇਕੀਆਂ ਤੇ ਸਭ ਬਦੀਆਂ ਲੈ ਕੱਸੀਆਂ, ਸੂਏ, ਨਦੀਆਂ ਇਕ ਸੁੰਨ ਦੀ ਤਾਰੀ ਦੇ ਦੇ ਜੋ ਝੀਲ ਦੇ ਤਲ 'ਤੇ ਚਮਕਣ ਦੁੱਧ ਵਰਗੇ ਪੱਥਰ ਦੇ ਦੇ ਕੁਝ ਕੋਰੇ ਕਾਗਜ਼ ਦੇ ਦੇ ਕੁਝ ਕਾਲੇ ਅੱਖਰ ਦੇ ਦੇ

ਰਾਸ

ਆਪਾਂ ਦਿਨ ਤੇ ਰਾਤ ਹਾਂ ਆਕਾਸ਼ ਦੇ ਜਾਏ ਪਾ ਰਹੇ ਹਾਂ ਪੌਣ ਨੂੰ ਪਾਣੀ ਦੀ ਜੂਨੇ ਸੂਰਜ ਦਾ ਰਥ ਹੋ ਗਿਆ ਬੱਦਲਾਂ ਦੇ ਓਹਲੇ ਚਲ ਹੁਣ ਘਰ ਨੂੰ ਪਰਤੀਏ ਜਿੰਦ ਭੋਲ਼ੀਏ ਮੂਨੇ! ਨੌਂ ਦਰਵਾਜ਼ੇ ਲੰਘ ਕੇ ਆ ਦਸਵੇਂ ਵਿਹੜੇ ਅੰਮ੍ਰਿਤ ਵੇਲ਼ੇ ਹੋਣ ਦੇ ਦਿਲ ਪਿਆਰ ਵਿਗੁੱਤੇ ਸੁੱਤਾ ਨਾਗ ਜਗਾ ਰਹੀ ਮੇਰੀ ਪਰਮ ਪਿਆਰੀ ਬਲਦੀ ਅੱਗ ਵਿਚ ਜਾ ਖੜੇ ਕਣੀਆਂ ਦੀ ਰੁੱਤੇ ਮਹਿੰਦੀ ਕਾਲ਼ੇ ਬਾਗ਼ ਦੀ ਸ਼ਗਨਾਂ ਦੇ ਗਾਨੇ ਨਾ ਸੂਹੀਆਂ ਫੁਲਕਾਰੀਆਂ ਨਾ ਅੱਗ ਦੇ ਫੇਰੇ ਜਾਵਣ ਅਪਣੀ ਮੌਜ ਨੂੰ ਜਿਤ ਕਿਤ ਪੰਖੇਰੂ ਰਮਤੇ ਜੋਗੀ ਜਾਣਗੇ ਕਰ ਰੈਣ ਬਸੇਰੇ ਆਈ ਪਰਬਤ ਪੌਣ ਵੇ ਲੈ ਤੇਰੀ ਖ਼ਾਤਰ ਮਹਿਕ, ਯੁੱਗਾਂ ਦੀ ਹੋਸ਼ ਤੂੰ ਇਹਦੇ ਵਿਚ ਖੋ ਜਾ ਜੋ ਸਿਰ ਤੋਂ ਵੀ ਪਾਰ ਹੈ ਰਸ ਧੌਲੀਆਂ ਧਾਰਾਂ ਭਰ ਕੇ ਘੁੱਟਾਂ ਉਸਦੀਆਂ ਬੇਗਾਨਾ ਹੋ ਜਾ ਹੀਰ ਤਾਂ ਐਵੇਂ ਝੂਰਦੀ ਦਿਲ ਭਰੇ ਉਦਾਸੀ ਵੰਞਲੀ ਸੁਣਦੀ ਪਾਰ ਤੋਂ ਪਿਆ ਰਾਂਝਾ ਗਾਵੇ ਉੱਠ ਚੱਲ ਰਾਧਾ ਚੰਗੀਏ! ਨਾ ਰੁਸ ਰੁਸ ਬਹਿ ਨੀ ਓਵੇਂ ਨੱਚਣ ਗੋਪੀਆਂ ਜਿਉਂ ਕਾਨ੍ਹ ਨਚਾਵੇ

ਤੂੰ ਹੀ ਤੂੰ

ਮੇਰੇ ਕੋਲ ਵੀ, ਮੈਥੋਂ ਦੂਰ ਵੀ ਅੰਧਕਾਰ ਵੀ ਅਤੇ ਨੂਰ ਵੀ ਇਹ ਦ੍ਰਿਸ਼ ਵੀ, ਇਹ ਅੱਖ ਵੀ ਮੇਰੇ ਨਾਲ਼ ਵੀ, ਮੈਥੋਂ ਵੱਖ ਵੀ ਇਹ ਨੀਰ, ਅਗਨ, ਹਵਾ ਵੀ ਇਹ ਧਰਤ, ਗਗਨ, ਫ਼ਿਜ਼ਾ ਵੀ ਫ਼ੁੱਲ, ਤਿੱਤਲੀ ਅਤੇ ਬਾਗ਼ ਵੀ ਇਹ ਗੀਤ, ਸਾਜ਼ ਤੇ ਰਾਗ ਵੀ ਚੰਨ, ਸੂਰਜ, ਤਾਰੇ ਅੰਬਰੀਂ ਜੀਅ-ਜੰਤ ਗਹਿਰੇ ਸਾਗਰੀਂ ਪਰਬਤ ਦੀਆਂ ਬਰਫ਼ਾਂ 'ਚ ਵੀ ਸ਼ਾਇਰ ਦਿਆਂ ਹਰਫ਼ਾਂ 'ਚ ਵੀ ਚਿੜੀਆਂ, ਘੁੱਗੀਆਂ, ਕਾਵਾਂ 'ਚ ਵਣ-ਤ੍ਰਿਣ ਰੁੱਖਾਂ ਦੀਆਂ ਛਾਵਾਂ 'ਚ ਹਰ ਸੋਚ ਤੇ ਅਹਿਸਾਸ ਵਿਚ ਹਰ ਰੋਮ ਤੇ ਹਰ ਸੁਆਸ ਵਿਚ ਨਦੀਆਂ, ਥਲਾਂ, ਪਹਾੜਾਂ 'ਚ ਘਾਹ-ਤਿੜਾਂ, ਲਹੂ ਤੇ ਨਾੜਾਂ 'ਚ ਹਰ ਕਾਰ ਤੇ ਵਿਵਹਾਰ ਵਿਚ ਨਫ਼ਰਤ ਅਤੇ ਪਿਆਰ ਵਿਚ ਹਰ ਕਣ 'ਚ ਤੇਰਾ ਵਾਸ ਹੈ ਹਰ ਦਿਲ 'ਚ ਤੇਰੀ ਰਾਸ ਹੈ

ਗਾਉਂਦੀ ਕੁਦਰਤ

ਕਣ ਕਣ ਕੁਦਰਤ ਦਾ ਗਾਉਂਦਾ ਏ ਕੋਈ ਅਨਹਦ ਨਾਦ ਸੁਣਾਉਂਦਾ ਏ ਕਦੇ ਧੁੱਪਾਂ ਨੂੰ, ਕਦੇ ਛਾਵਾਂ ਨੂੰ ਕਦੇ ਵਗਦੀਆਂ ਸ਼ੋਖ਼ ਹਵਾਵਾਂ ਨੂੰ ਕਦੇ ਘੁੱਗੀਆਂ, ਚਿੜੀਆਂ, ਕਾਵਾਂ ਨੂੰ ਦਿਲ ਹਾਕਾਂ ਮਾਰ ਬੁਲਾਉਂਦਾ ਏ ਕਿਣਮਿਣ ਨੇ ਕਣੀਆਂ ਪਿਆਰ ਦੀਆਂ ਕੀ ਸਿਫ਼ਤਾਂ ਖਿੜੀ ਬਹਾਰ ਦੀਆਂ ਕਨਸੋਆਂ ਪਰਲੇ ਪਾਰ ਦੀਆਂ ਜਿੱਥੇ ਵੰਞਲੀ ਯਾਰ ਵਜਾਉਂਦਾ ਏ ਪਹਿਲਾਂ ਰੱਬ ਦਾ ਨਾਮ ਧਿਆ ਕੇ ਗਾ ਸੀਨੇ ਨੂੰ ਸਾਜ਼ ਬਣਾ ਕੇ ਗਾ ਕਿਸੇ ਮਸਤੀ ਦੇ ਵਿਚ ਆ ਕੇ ਗਾ ਜਿਹੜਾ ਸੁਰ ਸਾਹਾਂ ਨੂੰ ਭਾਉਂਦਾ ਏ ਮੇਰੀ ਪਿਆਸ ਮੇਰੀ ਖ਼ੁਦਗਰਜ਼ੀ ਹੈ ਬਾਕੀ ਨਦੀਆਂ ਦੀ ਮਰਜ਼ੀ ਹੈ ਮੇਰੀ ਕਵਿਤਾ ਤਾਂ ਇਕ ਅਰਜ਼ੀ ਹੈ ਕੋਈ ਬੋਲ ਬੋਲ ਲਿਖਵਾਉਂਦਾ ਏ ਕਿਤੇ ਅੰਦਰ ਬਹਿ ਕੇ ਰੋਇਆ ਏ ਕਿਤੇ ਜਾਗ ਰਿਹਾ ਕਿਤੇ ਸੋਇਆ ਏ ਕਿਤੇ ਨੱਚ ਨੱਚ ਕਮਲਾ ਹੋਇਆ ਏ ਕਿਤੇ ਸੀਨਾ ਚੀਰ ਵਿਖਾਉਂਦਾ ਏ ਨਦੀਆਂ ਤੇ ਪੌਣਾਂ ਗਾਉਣਗੀਆਂ ਮੇਰੇ ਸੁੱਤੇ ਭਾਵ ਜਗਾਉਣਗੀਆਂ ਮੈਥੋਂ ਮੁੜ ਮੁੜ ਕੇ ਲਿਖਵਾਉਣਗੀਆਂ ਜੋ ਪਾਣੀ ਸਬਕ ਸਿਖਾਉਂਦਾ ਏ

ਲੰਮ-ਸਲੰਮੀਆਂ ਨਦੀਆਂ ਦੇ ਵਿਚ

ਆਪਸ ਦੇ ਵਿਚ ਉਲਝ ਗਈਆਂ ਨੇ ਰੂਹਾਂ ਤੇ ਬਦਰੂਹਾਂ ਨੀਂਦ 'ਚ ਸੁਪਨਾ, ਸੁਪਨੇ ਦੇ ਵਿਚ ਦਿਸੀਆਂ ਪਿੰਡ ਦੀਆਂ ਜੂਹਾਂ ਨਾ ਕਸ ਏਨਾ ਤਨ-ਤੰਬੂਰਾ ਕਿ ਟੁੱਟ ਜਾਵਣ ਤਾਰਾਂ ਨਾ ਦੇ ਸੁੰਨਾਪਣ ਰੁੱਖਾਂ ਨੂੰ ਦਿਲੋਂ ਭੁਲਾਵਣ ਡਾਰਾਂ ਲੰਮ-ਸਲੰਮੀਆਂ ਨਦੀਆਂ ਦੇ ਵਿਚ ਘੁਲ਼ਣ ਰੁੱਖਾਂ ਦੇ ਸਾਏ ਕੁਝ ਪਾਣੀ ਸੂਰਜ ਨੇ ਪੀਤੇ ਕੁਝ ਬੱਦਲਾਂ ਤ੍ਰਿਹਾਏ ਜਾਂ ਚੁੱਪ ਸੁਣਦੀ ਚੀਕ ਮੇਰੀ ਨੂੰ ਜਾਂ ਫਿਰ ਰਾਤ ਇਹ ਕਾਲ਼ੀ ਜਾਂ ਕਵਿਤਾ ਕਰਦੀ ਏ ਮੈਨੂੰ ਆਣ ਦੁੱਖਾਂ ਤੋਂ ਖ਼ਾਲੀ ਹੌਲੀ ਹੌਲੀ ਭੁੱਲਦੇ ਜਾਂਦੇ ਮੋਹ ਦੇ ਸਭ ਸਿਰਨਾਵੇਂ ਰੂਹਾਂ ਤੀਕਣ ਫੈਲ ਰਹੇ ਨੇ ਨੋਟਾਂ ਦੇ ਪਰਛਾਵੇਂ ਯਾਦ ਰਹੇ ਘੁੱਗੀਆਂ ਦੀ ਬੋਲੀ ਤੇ ਨਦੀਆਂ ਦਾ ਵਹਿਣਾ ਯਾਦ ਰਹੇ ਪੌਣਾਂ ਰੁੱਖਾਂ ਦਾ ਲਾਗੇ ਲਾਗੇ ਰਹਿਣਾ ਕਿਸ ਵਿਸ਼ਵਾਸ਼ ਦੇ ਸੁੱਚੇ ਸਰਵਰ ਜ਼ਹਿਰ ਸ਼ੱਕ ਦੀ ਘੋਲੀ ਇਕ ਡਾਲ ਦੇ ਪੰਛੀ ਭੁੱਲੇ ਪਿਆਰ ਦੀ ਸਾਂਝੀ ਬੋਲੀ ਬਾਗ਼ਾਂ ਨੂੰ ਫੁੱਲ-ਕਲੀਆਂ ਦੇ ਦੇ ਦੀਵਿਆਂ ਨੂੰ ਦੇ ਜੋਤੀ ਤਪਦੀ ਭੌਂ ਨੂੰ ਕਣੀਆਂ ਦੇ ਦੇ ਘਾਹ ਨੂੰ ਤ੍ਰੇਲ ਦੇ ਮੋਤੀ ਆਪਾਂ ਤਾਂ ਚਾਨਣ ਵਿਚ ਬਹਿ ਕੇ ਲਿਖਦੇ ਹਾਂ ਕਵਿਤਾਵਾਂ ਪਰ ਲੋਕਾਂ ਦੇ ਦਿਲ ਵਿਚ ਮੱਲੀਆਂ ਨੇਰ੍ਹੇ ਨੇ ਸਭ ਥਾਵਾਂ

ਸਮਾਧ ਫ਼ਕੀਰ ਦੀ

ਭਲੀ ਸਮਾਧ ਫ਼ਕੀਰ ਦੀ ਲੋਕੀਂ ਬਾਲ਼ ਕੇ ਧਰਦੇ ਦੀਵੇ ਲੰਘਦੇ ਰਾਹੀ ਸਜਦੇ ਕਰਦੇ ਕਬਰ ਸਦੀਵੀ ਜੀਵੇ ਭਲੀ ਸਮਾਧ ਫ਼ਕੀਰ ਦੀ ਜਿੱਥੇ ਮੇਲੇ ਲਾਵਣ ਚੇਲੇ ਰੂਹ ਦਾ ਖੇੜਾ ਪਾਵਣ ਲੋਕੀਂ ਛੱਡ ਕੇ ਜੱਗ-ਝਮੇਲੇ ਭਲੀ ਸਮਾਧ ਫ਼ਕੀਰ ਦੀ ਸਭ ਨੂੰ ਰਹਿਮਤ ਦੇ ਫੁੱਲ ਵੰਡੇ ਦੁਨੀਆਦਾਰ ਕਮਾ ਕੇ ਪੈਸੇ ਬੀਜ ਨੇ ਜਾਂਦੇ ਕੰਡੇ ਭਲੀ ਸਮਾਧ ਫ਼ਕੀਰ ਦੀ ਜਿਸਨੂੰ ਧਰਤੀ ਗਲ਼ ਨੂੰ ਲਾਵੇ ਪਰ ਜਿਸ ਦੀ ਵਡਿਆਈ ਅੰਬਰਾਂ ਤੋਂ ਵੀ ਉੱਚੀ ਜਾਵੇ ਭਲੀ ਸਮਾਧ ਫ਼ਕੀਰ ਦੀ ਮੈਂ ਵੀ ਮੱਥਾ ਟੇਕਣ ਜਾਵਾਂ ਹੋਵਣ ਪਾਕਿ-ਪਵਿੱਤਰ ਰੂਹਾਂ ਸੁੱਖਣਾ ਸੁੱਖ ਕੇ ਆਵਾਂ

ਪਰਛਾਵੇਂ

ਇਕ ਇਕ ਕਰਕੇ ਲੰਘ ਚੱਲੀਆਂ ਨੇ ਸੱਭੇ ਯਾਰ ਤਰੀਕਾਂ ਮੈਂ ਇਸ ਉਮਰ ਦੇ ਬੂਹੇ ਖੜ੍ਹ ਕੇ ਕਦ ਤਕ ਹੋਰ ਉਡੀਕਾਂ? ਇਕ ਇਕ ਕਰਕੇ ਦਿਨ ਲੰਘ ਚੱਲੇ ਇਕ ਇਕ ਕਰਕੇ ਰਾਤਾਂ ਦੁੱਖ, ਹਿਜਰ, ਹੰਝੂ ਤੇ ਸੂਲ਼ਾਂ ਦੇ ਗਿਆ ਇਸ਼ਕ ਸੁਗਾਤਾਂ ਇਕ ਇਕ ਕਰਕੇ ਲੰਘ ਗਈਆਂ ਨੇ ਸਿਰ ਤੋਂ ਸੱਭੇ ਡਾਰਾਂ ਦਿਲ ਨੂੰ ਮਿਲਿਆ ਸੋਗ ਤੇ ਰੂਹ ਨੂੰ ਲੱਖ ਬੈਂਤਾਂ ਦੀਆਂ ਮਾਰਾਂ ਇਕ ਇਕ ਕਰਕੇ ਸਾਹ ਮੁੱਕ ਜਾਣੇ ਇਕ ਇਕ ਕਰਕੇ ਆਸਾਂ ਸਾਗਰ ਦੇ ਵਿਚ ਮੀਂਹ ਪੈਂਦਾ ਤੇ ਮਾਰੂਥਲ ਵਿਚ ਪਿਆਸਾਂ ਇਕ ਇਕ ਕਰਕੇ ਹੰਝੂ ਕਿਰ ਗਏ ਇਕ ਇਕ ਕਰਕੇ ਯਾਦਾਂ ਰੋ ਰੋ ਧਰਤੀ ਫਾਵੀਂ ਹੋਈ ਕੌਣ ਸੁਣੇ ਫਰਿਆਦਾਂ?

ਕਸਕਾਂ

ਤੁਰ ਗਈ ਪੌਣ ਪਤਾ ਨਹੀਂ ਕਿੱਧਰ ਫੇਰ ਜਗਾ ਕੇ ਪਾਣੀ ਨੈਣਾਂ ਦੀ ਟਹਿਣੀ 'ਤੇ ਬਹਿ ਗਈ ਆ ਫਿਰ ਯਾਦ ਪੁਰਾਣੀ ਅੱਧੀ ਰਾਤੀਂ ਨੀਂਦਰ ਅੰਦਰ ਰੋਏ ਸੁਪਨ ਕੁਆਰੇ ਟੁੱਟ ਕੇ ਝੋਲੀ ਦੇ ਵਿਚ ਡਿੱਗੇ ਆਸ-ਅੰਬਰ ਦੇ ਤਾਰੇ ਢੋਵਾਂ ਸਭ ਰੀਝਾਂ ਦੇ ਬੂਹੇ ਬੁੱਲ੍ਹੀਂ ਮਾਰਾਂ ਤਾਲੇ ਨਾ ਇਹ ਜ਼ਖ਼ਮ ਨੁਮਾਇਸ਼ ਖ਼ਾਤਰ ਨਾ ਇਹ ਭਰਨੇ ਵਾਲ਼ੇ ਹੰਝੂਆਂ ਵਰਗੇ ਖ਼ਤ ਆਉਂਦੇ ਨੇ ਚੁੱਪਾਂ ਦੇ ਸਿਰਨਾਵੇਂ ਕਬਰਾਂ ਤੀਕਣ ਲੰਮੇ ਹੋ ਗਏ ਦੁੱਖਾਂ ਦੇ ਪਰਛਾਵੇਂ ਕਾਹਦਾ ਉਜਰ ਕਿਸੇ 'ਤੇ ਜਦ ਕਿ ਅਪਣੇ ਨਾਲ ਹੀ ਲੜਨਾ ਦਿਲ ਦੀ ਸੁੰਨ-ਗੁਫ਼ਾ ਵਿਚ ਬਹਿ ਕੇ ਚੁੱਪ ਦਾ ਕਲਮਾ ਪੜ੍ਹਨਾ ਕਾਲਿਓਂ ਭੂਰੇ ਹੋ ਜਾਵਣਗੇ ਭੂਰਿਓਂ ਹੋਣੇ ਬੱਗੇ ਉਮਰ ਲੰਘਾ ਦੇਵਣਗੇ ਸੋਹਣੇ ਕੋਲੋਂ ਲੰਘਣ ਲੱਗੇ ਪੀੜਾਂ ਦੀ ਮੰਜੀ 'ਤੇ ਸੌਂ ਜਾ ਲੈ ਆਸਾਂ ਦੀ ਲੋਈ ਖ਼ੌਰੇ ਖ਼ਾਬਾਂ ਵਿਚ ਹੀ ਆ ਕੇ ਪਿਆਰ ਜਿਤਾਵੇ ਕੋਈ ਤੈਨੂੰ ਹੋਣ ਸੱਤੇ ਹੀ ਖ਼ੈਰਾਂ ਓ ਛੱਡ ਜਾਵਣ ਵਾਲੇ! ਜੱਗ ਦਾ ਇਹ ਦਸਤੂਰ ਹਮੇਸ਼ਾ ਭਰ ਕੇ ਫਿਸਦੇ ਛਾਲ਼ੇ ਦਿਲ ਦੇ ਸੋਹਲ ਭਾਵਾਂ ਗਲ਼ ਲਗ ਨਿੱਤ ਰਾਤਾਂ ਨੂੰ ਰੋਣਾ ਕੀ ਕਵੀਆਂ ਦਾ ਹੱਸਣਾ-ਰੋਣਾ ਕੀ ਕਵੀਆਂ ਦਾ ਗੌਣਾ ਅਪਣੇ ਹੀ ਹੰਝੂਆਂ ਨੂੰ ਰਿੜਕਾਂ ਗ਼ਮ ਦੀ ਨਾਲ਼ ਮਧਾਣੀ ਤੁਰ ਗਈ ਪੌਣ ਪਤਾ ਨਹੀਂ ਕਿੱਧਰ ਫੇਰ ਜਗਾ ਕੇ ਪਾਣੀ

ਪਨਿਹਾਰਨਾਂ

ਪਾਣੀ ਭਰ ਭਰ ਗਈਆਂ ਸਖੀਆਂ ਮੈਂ ਵੀ ਤੁਰ ਜਾਣਾ ਏ ਭਰ ਕੇ ਵਕਤ ਦੀਆਂ ਟਿੰਡਾਂ ਲੰਘ ਜਾਣਾ ਸਭਨਾਂ ਇਕ ਇਕ ਕਰਕੇ ਮੈਂ ਵੀ ਆਖ਼ਰ ਲੰਘ ਜਾਣਾ ਹੈ ਪਰ ਜਾਣਾ ਹੈ ਮੈਂ ਤਾਂ ਭਰ ਕੇ ਭਰਨੋਂ ਪਹਿਲਾਂ ਖ਼ਾਲੀ ਹੋਣਾ ਭਰਨੋਂ ਪਹਿਲਾਂ ਹੱਸਣਾ, ਰੋਣਾ ਜੋ ਜੱਗ ਦਾ ਏ ਉਹ ਜੱਗ ਦੇ ਲਈ ਖ਼ਾਲੀ ਕਰਨਾ ਜੋ ਪ੍ਰਾਣਾਂ ਦੇ ਸੰਗ ਆਇਆ ਸੀ ਉਹ ਪ੍ਰਾਣਾਂ ਦੇ ਸੰਗ ਲੈ ਜਾਣਾ ਸਖੀਆਂ ਵਾਂਙਣ ਇਕ ਦਿਨ ਆਖ਼ਰ ਜਾ ਕੇ ਮੱਲਣਾ ਅਸਲ ਟਿਕਾਣਾ ਪਾਣੀ ਭਰ ਭਰ ਗਈਆਂ ਸਖੀਆਂ...

ਫੁੱਲੀਂ ਕਾਟੋ ਖੇਡੇ

ਫੁੱਲੀਂ ਕਾਟੋ ਖੇਡੇ ਤੂੰ ਕਿਉਂ ਰੋਇਆ? ਪੱਤੀ ਪੱਤੀ ਸੂਰਜ ਸਮੋਇਆ ਭੇਤ ਅਗੰਮੀ ਪ੍ਰਗਟ ਹੋਇਆ ਦਸਮ ਦੁਆਰੇ ਅੰਮ੍ਰਿਤ ਚੋਇਆ ਮੈਂ ਮਾਰੀ ਤਾਂ ਮੌਲਾ ਮਿਲਿਆ ਹਿਰਦੇ ਉਲਟਾ ਕਮਲ ਖਿਲਿਆ

ਕੰਤ ਮਹੇਲੀ

ਕੰਤ ਮਹੇਲੀ ਖਿੜੀ ਚੰਬੇਲੀ ਅੱਖ ਪਲਕਾਰੇ ਚੜੀ ਚੁਬਾਰੇ ਲਾਹ ਕੇ ਸੰਗਾਂ ਹੋਈ ਨੰਗੀ ਕਹਿੰਦੀ : ਮੈਂ ਨੰਗੀ ਹੀ ਚੰਗੀ ਅੰਗ ਅੰਗ ਸੁੱਚੀ ਹੋਈ ਲਾਹ ਕੇ ਲੋਈ ਨੱਚ ਖਲੋਈ

ਸ਼ਹੁ ਦਰਿਆ ਹੈ ਇਸ਼ਕ ਦਾ

ਸ਼ਹੁ ਦਰਿਆ ਹੈ ਇਸ਼ਕ ਦਾ ਨਾ ਉਰਵਾਰ ਨਾ ਪਾਰ ਓਹੀ ਤਾਰੂ ਗਿਣੀਂਦਾ ਜੋ ਡੁੱਬੇ ਮੰਝਧਾਰ ਐਵੇਂ ਚੁੱਕੀ ਫਿਰ ਰਿਹਾਂ ਸ਼ਬਦਾਂ ਦੀ ਤਲਵਾਰ ਨਾਲ ਏਸ ਦੇ ਕਰੇਂਗਾ ਆਪਣੇ ਤੇ ਹੀ ਵਾਰ ਤੇਰੇ ਦਰ 'ਤੇ ਆ ਗਿਆਂ ਛੱਡ ਕੇ ਸਗਲ ਦੁਆਰ ਚਾਹੇ ਮਰਜ਼ੀ ਰੱਖ ਲੈ ਚਾਹੇ ਜਾਨੋਂ ਮਾਰ ਤੇਰੇ ਸਿਰ 'ਤੋਂ ਲਹਿ ਗਿਆ ਪਾਣੀ ਦੇ ਸਿਰ ਭਾਰ ਫੁੱਲ ਨਦੀ ਨੇ ਸਾਂਭ ਲਏ ਤੂੰ ਜੋ ਆਇਐਂ ਤਾਰ ਰੱਖਿਆ ਕਿਸ ਦੀ ਹੋਏਗੀ? ਕੌਣ ਕਰੂ ਇਤਬਾਰ? ਅਪਣੇ ਘਰ ਦੇ ਹੋਣ ਜੇ ਚੋਰ ਹੀ ਪਹਿਰੇਦਾਰ ਕਾਹਦੇ ਰੁੱਤਬੇ, ਸ਼ਹੁਰਤਾਂ? ਕਾਹਦਾ ਰੂਪ ਸ਼ਿੰਗਾਰ? ਹੈ ਅਸਲੀਅਤ ਸੱਭ ਦੀ ਮਿੱਟੀ ਆਖ਼ਰਕਾਰ ਕਿੰਨੀਆਂ ਨਜ਼ਮਾਂ ਰੋਂਦੀਆਂ ਆ ਕੇ ਮਨ ਦੇ ਦੁਆਰ ਕਵੀਆ! ਸਾਨੂੰ ਇਸ ਤਰ੍ਹਾਂ ਬੇਮੌਤੇ ਨਾ ਮਾਰ

ਗੂੰਜਣ ਦੇ ਝਨਕਾਰ

ਲੱਖ ਸਮਝਾਂ, ਲੱਖ ਸਿਆਣਪਾਂ ਸਭ ਹੋਵਣ ਬੇਕਾਰ ਕਦਰ ਪਵੇਗੀ ਕਰਮ ਦੀ ਸੱਚੇ ਦੇ ਦਰਬਾਰ ਗਿਰਦੇ ਰੱਬੀ ਹੁਕਮ ਵਿਚ ਪਰਬਤ ਸਿਰ ਦੇ ਭਾਰ ਉਹ ਚਾਹੇ ਤਾਂ ਖਿੜ ਪਏ ਰੋਹੀਆਂ ਵਿਚ ਗੁਲਜ਼ਾਰ ਮੰਦਰ ਖੜਕਣ ਟੱਲੀਆਂ ਜੁੜੀ ਆਰਤੀ ਤਾਰ ਗੁਰੂ ਦੁਆਰੇ ਹੋ ਰਹੀ ਹੈ ਆਸਾ ਦੀ ਵਾਰ ਇਕ ਬਿੰਦੂ ਜੋ ਸਿਮਟਿਆ ਸਭ ਇਸ ਦਾ ਵਿਸਥਾਰ ਇਹ ਬਿੰਦੂ ਲੈ ਜਾਏਗਾ ਸਮਿਆਂ ਤੋਂ ਵੀ ਪਾਰ ਤੂੰ ਸਭ ਜਿੱਤੀਆਂ ਬਾਜ਼ੀਆਂ ਤੇ ਮੈਂ ਦਿੱਤੀਆਂ ਹਾਰ ਏਦੂੰ ਵੱਧ ਕੇ ਹੋਰ ਕੀ ਮੈਂ ਦਰਸਾਵਾਂ ਪਿਆਰ ਪੂਰਨ ਵੱਢ ਕਸਾਈਆਂ ਸੁੱਟਿਆ ਖੂਹ ਵਿਚਕਾਰ ਕੱਚਾ ਗੋਰਖ ਧਾਗੜਾ ਕਿੰਜ ਕੱਟੇ ਤਲਵਾਰ ਹੋਈ ਮੀਰਾ ਬਾਂਵਰੀ ਸਾਹਵੇਂ ਕ੍ਰਿਸ਼ਨ ਮੁਰਾਰ ਕੀ ਰਾਧਾ, ਕੀ ਰੁਕਮਣੀ ਇਹ ਤਾਂ ਸੱਚਾ ਪਿਆਰ ਗੀਤ ਰੂਹਾਨੀ ਛੇੜੀਏ ਗਾਈਏ ਰੱਬੀ ਪਿਆਰ ਸਗਲੀ ਕੁਦਰਤ ਆਖਦੀ: 'ਗੂੰਜਣ ਦੇ ਝਨਕਾਰ'

ਖਿੜੀਆਂ ਖਿੜੀਆਂ ਧੁੱਪਾਂ ਦੇ ਵਿਚ

ਕਲੀਆਂ ਤੇ ਫੁੱਲਾਂ ਦੇ ਮੁੱਖ ਤੋਂ ਲਾਹ ਕੇ ਧੁੰਦ ਦੀ ਲੋਈ ਵੇਖਣ ਲਈ ਮੇਰੀ ਰੂਹ ਖਲੋਈ ਚੱਲ ਨੀ ਸਖੀਏ ! ਬਾਗ਼ੀਂ ਚੱਲੀਏ ਰੁੱਖਾਂ ਦੇ ਗਲ਼ ਲੱਗ ਕੇ ਅੜੀਏ! ਮਿੱਠੜੀ ਅੰਮ੍ਰਿਤ-ਬਾਣੀ ਗਾਈਏ ਖਿੜੀਆਂ ਖਿੜੀਆਂ ਧੁੱਪਾਂ ਦੇ ਵਿਚ ਜਿੰਦ ਮਜਾਜਣ ਰਾਸ ਰਚਾਵੇ ਨਾਲ਼ ਕਾਨ੍ਹ ਦੇ ਰਾਧਾ ਨੱਚੇ ਬਿੰਦ ਬਿੰਦ ਝੁੰਮਰ ਪਾਵੇ ਹਰ ਇਕ ਰੁੱਖ 'ਤੇ ਗਾਵਣ ਪੰਛੀ ਹਰ ਟਹਿਣੀ 'ਤੇ ਥਿਰਕਣ ਪੱਤੇ ਇਹ ਮਾਹੀ ਦੀ ਮੌਜ ਨੀ ਸਖੀਏ! ਰੂਹ ਦਾ ਖੇੜਾ ਅੜੀਏ!

ਰਾਧਾ

ਹੋ ਜੀ! ਤੂੰ ਮੇਰਾ ਕਾਹਨ ਮੈਂ ਹਾਂ ਤੇਰੀ ਰਾਧਾ ਪਿਆਰੀ ਕ੍ਰਿਸ਼ਨ ਮੁਰਾਰੀ ਰੂਪ ਸ਼ਿੰਗਾਰੀ ਹੁਸਨ ਪਟਾਰੀ ਕਰੀ ਤਿਆਰੀ ਪੀਆ ਮਿਲਣ ਲਈ ਵਾਟਾਂ ਤੱਕ ਤੱਕ ਮੈਂ ਹਾਰੀ, ਮੈਂ ਹਾਰੀ ਮੋਹਨ, ਤੇਰੀ ਰਾਧਾ ਤੈਥੋਂ ਵਾਰੀ ਹੋ ਜੀ! ਮੈਂ ਵਾਰੀ ਮੈਂ ਵਾਰੀ...

ਜੋਗੀ ਫੇਰ ਬਨਾਂ ਨੂੰ ਉੱਠ ਚੱਲੇ

ਮਹਿਲ-ਮਾੜੀਆਂ ਛੱਡ ਕੇ 'ਬੱਲੇ ਬੱਲੇ' ਜੋਗੀ ਫੇਰ ਬਨਾਂ ਨੂੰ ਉੱਠ ਚੱਲੇ 'ਕੇਰਾਂ ਗਏ ਨਾ ਪਰਤ ਕੇ ਫੇਰ ਆਏ ਲੱਖ ਪੰਖੀਆਂ ਹੱਥ ਸੰਦੇਸ਼ ਘੱਲੇ ਕੀਹਦੇ ਹੋਣ ਜੋਗੀ ਸੁੰਦਰਾਂ ਰਾਣੀਏਂ ਨੀ ਮੋਈ ਮਾਰ ਕੇ ਮਹਿਲ ਤੋਂ ਛਾਲ ਥੱਲੇ ਰਹਿ ਗਏ ਤਰਸਦੇ ਪੈਣ ਨੂੰ ਉਂਗਲਾਂ ਵਿਚ ਸੋਨੇ-ਚਾਂਦੀ ਦੇ ਕਮਲੀਏ ਵੇਖ ਛੱਲੇ ਲਾ ਕੇ ਆਪਣੇ ਨਾਵਾਂ ਦੇ ਸਿੱਲ ਪੱਥਰ ਤੁਰ ਗਏ ਅੰਤ ਨੂੰ ਲੋਕਾ ਵੇ! ਝਾੜ ਪੱਲੇ ਸਾਹਾਂ ਵਿਚੋਂ ਵੀ ਮੋਹ ਦੇ ਬੋਲ ਮੁੱਕੇ ਹੰਝੂ ਵਿਛੁੜੇ ਨੈਣਾਂ 'ਚੋਂ 'ਕੱਲੇ 'ਕੱਲੇ ਇਸ ਰੋਗ ਦਾ ਨਹੀਂ ਇਲਾਜ ਕਿਧਰੇ ਜਾਗ ਪੈਣ ਜੇ ਜਿਗਰ ਦੇ ਜ਼ਖ਼ਮ ਅੱਲ੍ਹੇ

ਦੀਵਾਲੀ

ਮੈਂ ਏਸ ਸਮੇਂ ਦੀਆਂ ਮੌਣਾਂ 'ਤੇ ਕੁਝ ਬਲਦੇ ਦੀਵੇ ਧਰ ਚਲਿਆਂ ਕੁਝ ਚਾਨਣ ਦੇ ਕੇ ਹੋਰਾਂ ਨੂੰ ਲੈ ਨ੍ਹੇਰੇ ਅਪਣੇ ਘਰ ਚਲਿਆਂ ਇਹ ਸ਼ਾਇਰ ਦੀ ਤਾਂ ਲੋਚਾ ਏ ਹੋਵੇ ਹਰ ਇਕ ਰਾਤ ਦੀਵਾਲੀ ਦੀ ਹਰ ਚਿਹਰੇ ਉੱਤੇ ਨੂਰ ਦਿਸੇ ਅਤੇ ਜੋਤਿ ਜਗੇ ਖ਼ੁਸ਼ਹਾਲੀ ਦੀ ਪਰ ਪੁੱਛਦਾ ਕੌਣ ਏਂ ਸ਼ਾਇਰਾਂ ਨੂੰ ਸਭ ਫੂਕਣ ਨੋਟ ਤਿਉਹਾਰਾਂ ਨੂੰ ਚਾਨਣ ਨੂੰ ਕੋਈ ਨਾ ਪਿਆਰ ਕਰੇ ਸਭ ਪੂਜ ਰਹੇ ਅੰਧਕਾਰਾਂ ਨੂੰ ਕੀ ਦਿਲ ਨੂੰ ਭਾਵਣ ਰੌਸ਼ਨੀਆਂ ਜੇ ਬੁਝੇ ਜਿਹੇ ਜਜ਼ਬਾਤ ਰਹਿਣ ਕੀ ਸ਼ਾਇਰ ਗਾਵੇ ਗੀਤ ਕੋਈ ਜੇ ਜ਼ੁਲਮ ਹੁੰਦੇ ਦਿਨ-ਰਾਤ ਰਹਿਣ ਜੋ ਮਨ ਦੇ ਦੀਵੇ ਬਾਲੇਗਾ ਕੋਈ ਕਦਰਦਾਨ ਵੀ ਹੋਵੇਗਾ ਉਹ ਚਾਨਣ ਦਾ ਮੁਤਲਾਸ਼ੀ ਹੀ ਨ੍ਹੇਰੇ ਦਾ ਦੁਸ਼ਮਣ ਹੋਵੇਗਾ

ਅਦੁੱਤੀ ਰੰਗ ਦੀਆਂ ਦੋ ਰੁਬਾਈਆਂ

1. ਨਦਰ ਕਰੇ ਜਦ ਹਰਿ ਜੀ ਆਪਣੀ ਤਨ, ਮਨ ਵਿਗਸੇ ਸਾਰਾ ਕੋਟ ਜਨਮ ਰੁਸ਼ਨਾ ਦਿੰਦਾ ਏ ਇਕ ਨੂਰੀ ਝਲਕਾਰਾ ਭੁੱਲ ਜਾਂਦੀ ਹੈ ਹੋਸ਼ ਜਦੋਂ ਵੀ ਉਤਰੇ ਪਿਆਰ ਅਦੁੱਤੀ ਦੈਵੀ ਚਰਨ ਕਮਲ 'ਚੋ ਵਗਦੀ ਰਿਮਝਿਮ ਅੰਮ੍ਰਿਤ ਧਾਰਾ 2. ਦੋ ਨੈਣਾਂ ਦੇ ਭੇੜ ਕੇ ਬੂਹੇ ਖੋਲ੍ਹੋ ਦਿਲ ਦੀ ਤਾਕੀ ਦਿਲ ਦੀ ਤਾਕੀ ਵਿਚੋਂ ਦਿਸਦੀ ਸੁਰਗੋਂ ਸੋਹਣੀ ਝਾਕੀ ਗਾਵੇ ਮੁਰਲੀਧਰ ਮੁਰਲੀ 'ਤੇ ਨੱਚੇ ਰਾਧਾ ਰਾਣੀ ਰਾਸ ਅਦੁੱਤੀ ਹਰ ਇਕ ਪਾਸੇ ਹੋਰ ਦਿਸੇ ਨਾ ਬਾਕੀ

ਸਤਿਗੁਰ ਪਿਆਰੇ

ੴ ਦਾ ਸ਼ਬਦ ਸੁਣਾ ਕੇ ਗੁਰੂ ਨਾਨਕ ਨੇ ਦੁਨੀਆ ਤਾਰੀ ਹਾੜ ਤਪੇਂਦਾ ਸਿਰ 'ਤੇ ਬਲਦਾ ਰੇਤਾ ਪੈਂਦਾ ਤਵੀ 'ਤੇ ਬੈਠੇ ਸਤਿਗੁਰ ਪਿਆਰੇ ! ਚੌਂਕ ਚਾਂਦਨੀ ਤਲਵਾਰ ਔਰੰਗਜ਼ੇਬੀ ਨੂੰ 'ਸੀਸ ਦੀਆ ਪਰ ਸਿਰਰ ਨ ਦੀਆ' ਪੋਹ ਦੀ ਰਾਤੇ ਪੁਰੀ ਅਨੰਦ ਨੂੰ ਛੱਡ ਤੁਰੇ ਸੀ ਬਾਜਾਂ ਵਾਲੇ ਗੜ੍ਹੀ ਚਮਕੌਰ 'ਚੋਂ ਪਿਤਾ ਨੇ ਪੁੱਤਰ ਜੂਝ ਮਰਨ ਲਈ ਹੱਥੀਂ ਤੋਰੇ ਦੋ ਕਲੀਆਂ ਨੀਂਹਾਂ ਵਿਚ ਚਿਣੀਆਂ ਸੁਣ ਮਾਂ ਗੁਜਰੀ 'ਤੇ ਕੀ ਗੁਜਰੀ ਧੰਨ ਸਿੱਖੀ ਏ! ਜਿਸ ਦੀਆਂ ਨੀਹਾਂ ਖ਼ੂਨ 'ਚ ਖੜੀਆਂ!

ਅਨੰਦਪੁਰ ਤੋਂ ਮਾਛੀਵਾੜੇ ਤੱਕ

ਪੋਹ ਦੀਆਂ ਕਕਰੀਲੀਆਂ ਰਾਤਾਂ ਨੂੰ ਧੁੰਦਾਂ, ਪਾਲੇ ਤੇ ਕੋਰੇ ਦਾ ਜ਼ਰਾ ਹਿਰਦੇ ਅੰਦਰ ਧਿਆਨ ਧਰੋ ਤੇ ਸੋਚੋ ਕਲਗੀਧਰ ਬਾਰੇ ਜੋ ਲੈ ਪਰਿਵਾਰ ਪਿਆਰੇ ਨੂੰ ਛੱਡ ਤੁਰੇ ਸੀ ਪੁਰੀ ਅਨੰਦਪੁਰ ਨੂੰ ਜਦ ਛੱਡਿਆ ਕਿਲ੍ਹਾ ਅਨੰਦਪੁਰ ਦਾ ਅਜੀਤ ਨੇ ਅੱਖਾਂ ਭਰ ਲਈਆਂ ਰਾਹ ਵਿਚ ਸੀ ਉਸਦੇ ਕਦਮ ਰੁਕੇ ਉਸ ਪਿੱਛੇ ਮਹਿਲਾਂ ਵੱਲ ਤੱਕਿਆ ਜਦ ਪੁੱਛਿਆ ਸਿੰਘਾਂ ਨੇ ਕਾਰਣ ਤਾਂ ਸਾਹਿਬਜ਼ਾਦੇ ਇੰਞ ਕਿਹਾ: ''ਇਨ੍ਹਾਂ ਬੂਹਿਆਂ, ਬਾਰੀਆਂ, ਕੰਧਾਂ ਨੂੰ ਮੈਂ ਪਿਆਰ ਨਾਲ ਸਹਿਲਾਇਆ ਏ ਇਨ੍ਹਾਂ ਗਲ਼ੀਆਂ ਅਤੇ ਚੁਰਾਹਿਆਂ ਸੰਗ ਮੇਰੀ ਮੁੱਢ ਕਦੀਮੋਂ ਆੜੀ ਏ ਮੈਨੂੰ ਜਿੱਥੇ ਚੜ੍ਹੀ ਜੁਆਨੀ ਹੈ ਮੈਂ ਜੀਅ ਭਰ ਕੇ ਤਾਂ ਵੇਖ ਲਵਾਂ ਬਚਪਨ ਦੀਆਂ ਇਹਨਾਂ ਥਾਵਾਂ ਨੂੰ ਮੈਂ ਫਿਰ ਮੁੜ ਇੱਥੇ ਨਹੀਂ ਆਉਣਾ।'' ... ... ... ਗੁਰੂ ਪੁਰੀ ਅਨੰਦ ਦੀ ਛੱਡ ਆਏ ਅੱਗੇ ਉਸ ਰੱਬ ਦਾ ਭਾਣਾ ਸੀ ਪਿੱਛੇ ਮੁਗ਼ਲਾਂ ਦੀਆਂ ਹੇੜਾਂ ਸਨ ਸਰਸਾ ਨਦੀ ਦੀਆਂ ਛੱਲਾਂ ਸਨ ਦਿਲ ਵਿਚ ਅਣਹੋਈਆਂ ਗੱਲਾਂ ਸਨ ਮਾਂ ਗੁਜਰੀ ਕਿਹਾ: ''ਇਹ ਧਨ, ਸੋਨਾ ਆਪਾਂ ਸਿੰਘਾਂ ਨੂੰ ਵੰਡ ਦੇਈਏ?'' ਗੁਰਾਂ ਕਿਹਾ, ''ਨਹੀਂ, ਸਭ ਕਾਸੇ ਨੂੰ ਸਰਸਾ ਨਦੀ ਵਿਚ ਰੋੜ੍ਹ ਦਿਓ, ਮੈਂ ਧਨ-ਦੌਲਤ ਦੀਆਂ ਖਿੱਚਾਂ ਤੋਂ ਪਰ੍ਹੇ ਪੰਥ ਸੁਹੇਲੇ ਨੂੰ ਰੱਖਣਾ।'' ਇੰਞ ਆਖ ਗੁਰੂ ਜੀ ਠਿੱਲ੍ਹ ਪਏ ਸਰਸਾ ਦੀਆਂ ਚੜ੍ਹੀਆਂ ਕਾਂਗਾਂ ਵਿਚ ਇਹ ਕਾਂਗਾਂ ਨਹੀਂ ਸਨ, ਭਉਜਲ ਸੀ, ਹੋਣੀ ਦੀਆਂ ਜੀਕਣ ਚਾਂਗਾਂ ਸਨ ਉਸ ਘੜੀ ਨੂੰ ਪਾਣੀ ਸਰਸਾ ਦੇ ਅੱਜ ਤੀਕਣ ਸੁਣਿਆ ਕੋਸ ਰਹੇ... ਗੁਰੂ, ਲਾਲ ਦੋ ਵੱਡੇ, ਕੁਝ ਕੁ ਸਿੰਘ ਲੰਘ ਗਏ ਚਮਕੌਰ ਦੀਆਂ ਜੂਹਾਂ ਵੱਲ ਮਾਂ ਗੁਜਰੀ, ਨਿੱਕਿਆਂ ਬਾਲ਼ਾਂ ਨੂੰ ਗੰਗੂ ਅਪਣੇ ਘਰ ਲੈ ਆਇਆ ਓਧਰ ਦੁਸ਼ਮਣ ਨੂੰ ਸੂਹ ਮਿਲ ਗਈ ਉਸ ਗੜ੍ਹੀ ਚਮਕੌਰ ਦੀ ਘੇਰ ਲਈ ਜਿੱਥੇ ਇਕ ਰਾਤ ਬਸੇਰੇ ਲਈ ਸੀ ਕਲਗੀਆਂ ਵਾਲੇ ਜਾ ਠਹਿਰੇ... ਲੈ ਪੰਜ ਸਿੰਘਾਂ ਨੂੰ ਨਾਲ਼ ਉਦੋਂ ਅਜੀਤ ਮੈਦਾਨੇ-ਜੰਗ ਅੰਦਰ ਮੁਗ਼ਲਾਂ ਦੇ ਭਾਰੀ ਲਸ਼ਕਰ 'ਤੇ ਸੀ ਭੁੱਖੇ ਸ਼ੇਰ ਜਿਉਂ ਟੁੱਟ ਪਿਆ ਜਿਵੇਂ ਅਜੀਤ ਸ਼ਹੀਦੀ ਪਾ ਚਲਿਆ ਉਸ ਮਗਰੋਂ ਉਵੇਂ ਜੁਝਾਰ ਗਿਆ ਲੋਥਾਂ ਦੇ ਲੱਗ ਅੰਬਾਰ ਗਏ ਗਿੱਟਿਆਂ ਤਕ ਲਹੂ ਸੀ ਵਗ ਤੁਰਿਆ ਦੁਸ਼ਮਣ ਸੀ ਹਿੰਮਤ ਹਾਰ ਗਿਆ ਜੰਗ ਅੱਧ-ਵਿਚਾਲੇ ਛੱਡ ਕੇ ਹੀ ਸੀ ਦੌੜ ਜਾਣ ਦੀ ਸੋਚ ਰਿਹਾ ਗੁਰੂ ਦਸਮ ਪਿਤਾ ਖ਼ੁਦ ਗੜ੍ਹੀ ਵਿਚੋਂ ਕਮਾਨ ਸੀ ਜੰਗ ਦੀ ਸਾਂਭ ਰਹੇ ਤੱਕ ਕੇ ਅਜੀਤ ਦੀ ਕੁਰਬਾਨੀ 'ਅਤਿ ਹੀ ਰਣ ਮੇਂ ਤਬ ਜੂਝ ਮਰੋਂ' ਦਾ ਜਜ਼ਬਾ ਮਨ ਵਿਚ ਧਾਰ ਰਹੇ ਗਿਣਤੀ ਦੇ ਸਿੰਘ ਸੀ ਉਨ੍ਹਾਂ 'ਚੋਂ ਵੀ ਬਹੁਤੇ ਰਣ ਵਿਚ ਜੂਝ ਮਰੇ ਜਦ ਗੁਰੂ ਜੀ ਵੀ ਖ਼ੁਦ ਚਾਹੁੰਦੇ ਸਨ ਰਣ ਤੱਤੇ ਦੇ ਵਿਚ ਨਿੱਤਰਨਾ ਤਾਂ ਸਿੰਘਾਂ ਬੈਠ ਵਿਚਾਰ ਕਰੀ ਤੇ ਕਿਹਾ ਗੋਬਿੰਦ ਸਿੰਘ ਜੀ ਤਾਈਂ ''ਅਸੀਂ 'ਪੰਜ ਪਿਆਰੇ' ਗੋਬਿੰਦ ਸਿੰਘ ਤੈਨੂੰ ਇਹ ਹੁਕਮ ਸੁਣਾਉਂਦੇ ਹਾਂ ਇਸ ਜੰਗ ਤੋਂ ਬਚ ਕੇ ਨਿਕਲ ਜਾ'' ਤਦ ਦਸਮ ਪਿਤਾ ਨਾ ਚਾਹੁੰਦੇ ਵੀ ਸੀ ਹੁਕਮ ਇਹ ਕਰ ਪ੍ਰਵਾਨ ਲਿਆ ਤੇ ਦਿਨ ਚੜ੍ਹਨੇ ਤੋਂ ਪਹਿਲਾਂ ਹੀ ਗੁਰੂ ਤਾੜੀ ਮਾਰ ਸੀ ਆਖ ਰਹੇ ''ਚੱਲਿਆ ਹੈ ਬਾਜ਼ਾਂ ਵਾਲਾ ਹੁਣ ਹਿੰਮਤ ਜਿਸ ਵਿਚ ਉਹ ਆਣ ਫੜੇ'' ਉਸ ਵੇਲ਼ੇ ਗੁਰੂ ਇਕੱਲੇ ਸਨ ਰਾਹ ਵਿਚ ਪੁੱਤਰਾਂ ਦੀਆਂ ਲਾਸ਼ਾਂ ਸਨ ਉਨ੍ਹਾਂ ਲਾਸ਼ਾਂ ਨੂੰ ਅਣਡਿੱਠ ਕਰਕੇ ਲੰਘਦੇ ਹੋਏ ਝਾੜਾਂ, ਕੰਡਿਆਂ 'ਚੋਂ ਆ ਮਾਛੀਵਾੜੇ ਜੰਗਲ ਵਿਚ ਲਾ ਕੇ ਸਿਰ੍ਹਾਣਾ ਟਿੰਡ ਦਾ ਫਿਰ ਹੋ ਕੇ ਸੁਰਖਰੂੰ ਸੁੱਤੇ ਸਨ ਤੇ ਸਾਮਰਤੱਖ ਸੀ ਦੇਖ ਰਹੇ ਕਿ ਠੰਡੇ ਬੁਰਜ 'ਤੇ ਮਾਂ ਗੁਜਰੀ ਬੁੱਕਲ ਵਿਚ ਲੈ ਕੇ ਦੋ ਜਿੰਦਾਂ ਨੂੰ ਧਰਮੀ ਬਾਤ ਸੁਣਾਉਂਦੀ ਸੀ ਉਸ ਬਾਤ 'ਚ ਤੱਤੀ ਤਵੀ ਉੱਤੇ ਸੀ ਪੰਜਵੇਂ ਗੁਰੂ ਬਿਰਾਜ ਰਹੇ ਉਸ ਬਾਤ 'ਚ ਤੇਗ ਬਹਾਦਰ ਸਨ ਜੋ ਹਿੰਦ ਖ਼ਾਤਰ ਸਿਰ ਵਾਰ ਰਹੇ ਤੇ ਗੁਰਾਂ ਦੀ ਦਿੱਬ ਦ੍ਰਿਸ਼ਟੀ ਵਿਚ ਅੱਗੇ ਸਰਹਿੰਦ ਦੀਆਂ ਕੰਧਾਂ ਸਨ ਵਿਚ ਚਿਣੀਆਂ ਨਿੱਕੀਆਂ ਜਿੰਦਾਂ ਸਨ ਚਿਹਰੇ 'ਤੇ ਰੂਪ ਨੂਰਾਨੀ ਸੀ ਮੁਗ਼ਲਾਂ ਦਾ ਕਹਿਰ ਤੂਫ਼ਾਨੀ ਸੀ ਫਿਰ ਵੀ ਉਹ ਕਲੀਆਂ ਖਿੜੀਆਂ ਸਨ ਜ਼ੁਲਮਾਂ ਦੇ ਨਾਲ ਜਾ ਭਿੜੀਆਂ ਸਨ ਫਿਰ ਦਸਮ ਪਿਤਾ ਦੇ ਮਸਤਕ ਵਿਚ ਆਇਆ ਅਦੁੱਤੀ ਖ਼ਿਆਲ ਜਿਹਾ ਉਨ੍ਹਾਂ 'ਮਿੱਤਰ ਪਿਆਰੇ' ਦੇ ਤਾਈਂ ਫਿਰ ਅਪਣੇ ਦਿਲ ਦਾ ਹਾਲ ਕਿਹਾ ਤੇ ਸੂਲਾਂ ਉੱਤੇ ਸੌਂ ਕੇ ਫਿਰ ਉਨ੍ਹਾਂ ਲੱਖ ਲੱਖ ਕੀਤੇ ਸ਼ੁਕਰਾਨੇ... ਪੋਹ ਦੀਆਂ ਕਕਰੀਲੀਆਂ ਰਾਤਾਂ ਨੂੰ ਹਫ਼ਤੇ ਦੋ ਹਫ਼ਤੇ ਅੰਦਰ ਹੀ ਗੁਰੂ ਕਲਗ਼ੀਆਂ ਵਾਲੇ ਮਾਹੀ ਨੇ ਕੀ ਕੀ ਸੀ ਚੋਜ ਦਿਖਾ ਦਿੱਤੇ ਕਿੱਥੇ ਸੀ ਸ਼ਾਨ ਅਨੰਦਪੁਰ ਦੀ ਕਿੱਥੇ ਹੁਣ ਹਾਲ਼ ਫ਼ਕੀਰਾਂ ਦਾ... ... ... ... ਇਸ ਖ਼ੂਨੀ ਘੱਲੂਘਾਰੇ ਨੂੰ ਮੈਂ ਜਦ ਵੀ ਚੇਤੇ ਕਰਦਾ ਹਾਂ ਧੁਰ ਰੂਹ ਤਕ ਕੰਬਣੀ ਛਿੜਦੀ ਹੈ ਤੇ ਕਲਮ ਅਵਾਕ ਜਿਹੀ ਹੋ ਕੇ ਫਿਰ ਖ਼ੂਨ ਦੇ ਹੰਝੂ ਰੋਂਦੀ ਹੈ ਕਿ ਦੀਨ ਦੁਨੀ ਦੇ ਮਾਲਕ 'ਤੇ ਵੀ ਕੈਸੀ ਬਿਪਤਾ ਆਉਂਦੀ ਹੈ...

ਪੰਜਾਬੀ ਬੋਲੀ

ਮੈਂ ਹਾਂ ਪੰਜਾਬੀ ਬੋਲੀ ਸਾਹਾਂ ਵਿਚ ਮਿਸ਼ਰੀ ਘੋਲੀ ਮੈਂ ਅਣਗੌਲੀ ਜਿਹੀ ਕਿਉਂ ਹੋਵਾਂ ਮੈਂ ਨੇਰ੍ਹਿਆਂ ਅੰਦਰ ਕਿਉਂ ਖੋਵਾਂ ਮੈਂ ਰਿਸ਼ੀਆਂ ਦੀ ਧੀ-ਧਿਆਣੀ ਹਾਂ ਮੈਂ ਪੰਜ ਦਰਿਆ ਦੀ ਰਾਣੀ ਹਾਂ ਮੈਂ ਮੂੰਹ ਹੰਝੂਆਂ ਸੰਗ ਕਿਉਂ ਧੋਵਾਂ... ਮੈਂ ਗੁਰੂ ਨਾਨਕ ਦਾ ਖ਼ਾਬ ਵੀ ਹਾਂ ਹਰ ਮੁਸ਼ਕਲ ਦਾ ਮੈਂ ਜਵਾਬ ਵੀ ਹਾਂ ਮੈਂ ਕੁਫ਼ਰ ਅੱਗੇ ਚੁੱਪ ਕਿਉਂ ਹੋਵਾਂ... ਹੈ ਗੁਰੂ ਗ੍ਰੰਥ ਸਿਰਤਾਜ ਮੇਰਾ ਦੁਨੀਆਂ ਤੋਂ ਵੱਖ ਅੰਦਾਜ ਮੇਰਾ ਮੈਂ ਫ਼ਰਸ਼ੋਂ ਅਰਸ਼ ਨੂੰ ਜਾ ਛੋਹਵਾਂ... ਮੈਂ ਰਚਨਾ ਸ਼ੇਖ਼ ਫ਼ਰੀਦ ਦੀ ਹਾਂ ਬੁੱਲ੍ਹੇ, ਸ਼ਾਹ ਹੁਸੈਨ, ਵਜੀਦ ਦੀ ਹਾਂ ਮੈਂ ਕੁੱਲ ਦੁਨੀਆਂ ਵਿਚ ਰੌਸ਼ਨ ਹੋਵਾਂ... ਬਾਹੂ, ਵਾਰਿਸ ਨੇ ਪਿਆਰ ਮੇਰਾ ਪੀਲੂ ਤੇ ਕਾਦਰਯਾਰ ਮੇਰਾ ਮੈਂ ਇਨ੍ਹਾਂ ਦੇ ਹੁੰਦਿਆਂ ਕਿਉਂ ਰੋਵਾਂ ਚਾਤ੍ਰਿਕ, ਬਾਵਾ, ਸ਼ਿਵ, ਪਾਤਰ ਨੇ ਇਹ ਮਾਣ ਮੇਰਾ ਮੇਰੀ ਖ਼ਾਤਰ ਨੇ ਮੈਂ ਇਹਨਾਂ ਸੰਗ ਉੱਚੀ ਹੋਵਾਂ... ਮੈਂ ਤਾਂ ਵੰਝਲੀ ਹਾਂ ਰਾਂਝੇ ਦੀ ਮੈਂ ਹਾਂ ਸਦਾਅ ਰੱਬ ਸਾਂਝੇ ਦੀ ਮੈਂ ਮੂਕ ਭਲਾਂ ਫਿਰ ਕਿਉਂ ਹੋਵਾਂ...

ਉਦਾਸ ਅੱਖਰ

(ਸ਼ਹੀਦ ਭਗਤ ਸਿੰਘ ਦੀ ਸਮਾਧ ਦੇ ਨਾਂ) ਇਹ ਨੇ ਵਕਤ ਦੇ ਲਿਖੇ ਉਦਾਸ ਅੱਖਰ ਅਰਥ ਹੋਰ ਹੀ ਜਿਨ੍ਹਾਂ ਦੇ ਹੋਈ ਜਾਂਦੇ ਸੋਹਲ ਦਿਲਾਂ ਦੇ ਬਹੁਤ ਜਜ਼ਬਾਤ ਸਾਡੇ ਭਾਰ ਆਫ਼ਤਾਂ ਦਾ ਪਏ ਢੋਈ ਜਾਂਦੇ ਤੇਰੇ ਕੋਲ ਝਨਾਂ ਦੇ ਰੋਣ ਪਾਣੀ ਏਧਰ ਸਤਲੁਜ ਦੇ ਵਹਿਣ ਵੀ ਵੈਣ ਪਾਉਂਦੇ ਸਾਡੇ ਦੁੱਖ ਦੀ ਸਾਰ ਹੈ ਪਾਣੀਆਂ ਨੂੰ ਵਰਨਾ ਦੇਖੇ ਨਾ ਸੁਣੇ ਦਰਿਆ ਰੋਂਦੇ ਰੋ ਕੇ ਆਖਦੀ ਪਈ 'ਪੰਜਾਬ ਮਾਤਾ' ਇਹਨਾਂ ਹੰਝੂਆਂ ਲਈ ਕੋਈ ਥਾਂ ਤਾਂ ਹੈ ਭਗਤ ਸਿੰਘ ਦੀ ਮੜ੍ਹੀ ਤੇ ਧੁੱਪ ਤਾਂ ਕੀ ਇਹਦੀ ਦੇਸ਼ ਦੇ ਸਿਰ 'ਤੇ ਛਾਂ ਤਾਂ ਹੈ ਰਿਹਾ ਦੁੱਖ ਦਾ ਕੋਈ ਨਾ ਹੱਦ-ਬੰਨਾ ਕਿਹੜੀ ਜੂਹ 'ਚੋਂ 'ਵਾਰਿਸ' ਨੂੰ ਹਾਕ ਮਾਰਾਂ? ਚੱਪੇ ਚੱਪੇ 'ਤੇ ਪਹਿਰਾ ਹੈ ਕੈਦੋਆਂ ਦਾ ਹੀਰ ਵਰਗੀਆਂ ਕਿੱਧਰ ਨੂੰ ਜਾਣ ਨਾਰਾਂ? ਵੀਜ਼ਾ ਕੋਈ ਨਾ ਲੱਗਦਾ ਪੰਛੀਆਂ ਦਾ ਤੇ ਟਿਕਟ ਕਿਤੋਂ ਵੀ ਕਦੇ ਨਾ ਪੌਣ ਲੈਂਦੀ ਪਾਰ ਜਾਣਾ ਜੇ ਸੋਚ ਕੇ ਤੁਰੀਂ ਅੱਗੇ ਮੇਰੀ ਜਾਨ ਨੂੰ ਇਹ ਸੰਗੀਨ ਕਹਿੰਦੀ 'ਕੱਲਾ ਤੂੰ ਵੀ ਏਂ, 'ਕੱਲਾ ਮੈਂ ਵੀ ਆਂ 'ਕੱਲੇ ਪੁੱਤ ਦੀ ਹੁੰਦੀ ਏ ਮਾਂ ਅੰਨ੍ਹੀ ਮਾਵਾਂ, ਛਾਵਾਂ ਨਾ ਕਦੇ ਵੀ ਵੰਡ ਹੋਵਣ ਏਸ ਗੱਲ ਨੂੰ ਪੱਥਰ 'ਤੇ ਲੀਕ ਮੰਨੀਂ ਸਾਰ ਏਸ ਦੀ ਡੁੱਬਦੇ ਸੂਰਜਾਂ ਨੂੰ ਇਹ ਜੋ ਵਕਤ ਦੀ ਬਹੁਤ ਉਦਾਸ ਕਵਿਤਾ ਕਿਸੇ ਵਾਸਤੇ ਸ਼ੁਗਲ ਦੀ ਗੱਲ ਹੋਣੀ ਸਾਡੇ ਵਾਸਤੇ ਲਹੂ ਤੇ ਮਾਸ ਕਵਿਤਾ

ਦੁੱਖ ਦੇ ਚੌਮਿਸਰੇ

ਬੋਲ ਸਾਂਭ ਕੇ ਰੱਖਣੇ ਚਾਹੀਦੇ ਸਨ ਮੈਥੋਂ ਦਾਣਿਆਂ ਵਾਂਗ ਖਿਲ੍ਹਾਰ ਹੋ ਗਏ ਪੜ੍ਹਦੇ ਸੁਣਦੇ ਸਾਂ ਹੋਰਾਂ ਦੀ ਹੱਡਬੀਤੀ ਕੀਤਾ ਪਿਆਰ ਤਾਂ ਅਸੀਂ ਖੁਆਰ ਹੋ ਗਏ ਬਣ ਕੇ ਨੈਣਾਂ 'ਚੋਂ ਅੱਥਰੂ ਕਿਰਨ ਲੱਗੇ ਭਾਵ ਦਿਲ ਦੇ ਜਦੋਂ ਲਾਚਾਰ ਹੋ ਗਏ ਪੈਂਡੇ ਪਹਿਲਾਂ ਹੀ ਪਿਆਰ ਦੇ ਸਨ ਬਿੱਖੜੇ ਹੁਣ ਤਾਂ ਹੋਰ ਵੀ ਇਹ ਦੁਸ਼ਵਾਰ ਹੋ ਗਏ 0 ਰਾਮ ਗਏ ਜੋ ਘਰਾਂ ਤੋਂ ਨਹੀਂ ਪਰਤੇ ਮਾਵਾਂ ਰੋਂਦੀਆਂ ਦੁੱਖਾਂ 'ਚ ਨੈਣ ਭਰ ਕੇ ਲਿਖੇ ਸ਼ਬਦ ਸੀ ਜੋ ਬਲਦੇ ਦੀਵਿਆਂ ਦੇ ਲੈ ਗਈ ਪੌਣ ਉਡਾ ਕੇ ਕੁੱਲ ਵਰਕੇ ਆਸਾਂ ਮੁੱਕੀਆਂ ਹੋਏ ਤਿਉਹਾਰ ਨ੍ਹੇਰੇ ਕੀ ਕਰਾਂਗੇ ਚੁਰਾਹੇ 'ਚ ਦੀਪ ਧਰ ਕੇ ਹਰ ਵਾਰੀ ਵੀਰਾਂ ਦੀਆਂ ਬਰਸੀਆਂ 'ਤੇ ਭੈਣਾਂ ਰੋਂਦੀਆਂ ਉਨ੍ਹਾਂ ਨੂੰ ਯਾਦ ਕਰਕੇ

ਰਾਂਝੇ ਨਾਲ ਦੋ ਗੱਲਾਂ

ਭੁੱਲੀ ਪੜ੍ਹਨ ਦੀ ਜਾਚ ਹੈ ਪਾੜ੍ਹਿਆਂ ਨੂੰ ਕੀਹਨੇ ਰੋਲਿਆ ਊੜਿਆਂ, ਆੜਿਆਂ ਨੂੰ ਠੰਡਾ ਨੀਰ ਵੀ ਉਬਲਦਾ ਤੇਲ ਜਾਪੇ ਫ਼ੋਕੀ ਅਕਲ ਦੀ ਅੱਗ ਦੇ ਸਾੜਿਆਂ ਨੂੰ ਕਾਜ਼ੀ ਨਾਲ ਮੁਲਾਹਜ਼ਾ ਹੈ ਕੈਦੋਆਂ ਦਾ ਤੋਰ ਦੇਣਗੇ ਸੈਦੇ ਸੰਗ ਹੀਰ ਤੇਰੀ ਧਾਰ ਲਈ ਫ਼ਕੀਰੀ ਤੂੰ ਜਿਸ ਦਿਨ ਤੋਂ ਹੋਈ ਵੱਖਰੀ ਜੱਗੋਂ ਲਕੀਰ ਤੇਰੀ ਬਾਲ ਨਾਥ ਦੇ ਟਿੱਲੇ ਤੋਂ ਜੋਗ ਲੈਣਾ ਘਰਬਾਰ ਤਿਆਗ ਕੇ ਤੁਰ ਜਾਣਾ ਜੀਹਦੇ ਹੱਡਾਂ ਤੇ ਬੀਤੀਆਂ ਹੋਣ ਉਹੀ ਸਮਝ ਸਕਦਾ ਜੋਗ ਦਾ ਕੀ ਬਾਣਾ ਹਾਕਮ ਟੋਲੇ ਕਾਨੂੰਨ ਦੇ ਲੈ ਸੂਹੀਏ ਸਾਡੀ ਰੂਹ ਦੀਆਂ ਰਹਿਤਲਾਂ ਰੋਜ਼ ਫੋਲਣ ਸਾਡੀ ਰੱਤ 'ਚ ਹੱਥ-ਮੂੰਹ ਧੋਣ ਬਹਿ ਕੇ ਪੈਰਾਂ ਨਾਲ ਉਹ ਸਾਡੇ ਅਰਮਾਨ ਰੋਲਣ ਕੈਦੋ, ਸੈਦੇ, ਖੇੜੇ, ਕਾਜ਼ੀ, ਮੁੱਲਾਂ ਸਾਰੇ ਭੇਸ ਬਦਲ ਕੇ ਆਉਂਦੇ ਨੇ ਕੋਲ ਮੇਰੇ ਇਨ੍ਹਾਂ ਵਿਚੋਂ ਮੈਂ ਕਿਸੇ ਨੂੰ ਨਹੀਂ ਦੱਸਦਾ ਮੈਥੋਂ ਪੁੱਛਦੇ ਰਾਂਝਿਆ ਭੇਤ ਤੇਰੇ

ਵਗਦੀ ਏ ਰਾਵੀ...

ਵਗਦੀ ਏ ਰਾਵੀ ਤੇ ਉਦਾਸ ਜਿਹੀਆਂ ਲਹਿਰਾਂ ਨੇ ਹੌਲ਼ੀ ਹੌਲ਼ੀ ਪਿੰਡ ਖਾ ਲਏ ਚੰਦਰਿਆਂ ਸ਼ਹਿਰਾਂ ਨੇ ਲੋਕਾਂ ਦਿਆਂ ਮਨਾਂ ਵਿਚ ਮਣਾਂ-ਮੂੰਹੀਂ ਜ਼ਹਿਰਾਂ ਨੇ ਸੋਗੀ ਨੇ ਸਵੇਰਾਂ ਅਤੇ ਸੋਗੀ ਹੀ ਦੁਪਹਿਰਾਂ ਨੇ ਵਗਦੀ ਏ ਰਾਵੀ ਵਿਚ ਸੱਪ ਜਾਵੇ ਮੇਲ੍ਹਦਾ ਬੰਦਾ ਨਿੱਤ ਸੜਕਾਂ 'ਤੇ ਮੌਤ ਨਾਲ਼ ਖੇਲਦਾ ਮੇਰੇ ਜਿਹਾ ਕਵੀ ਕੋਈ ਤੁਪਕਾ ਤ੍ਰੇਲ ਦਾ ਧਰਤੀ ਤੇ ਅੰਬਰਾਂ ਦੇ ਕਾਫ਼ੀਏ ਨੂੰ ਮੇਲਦਾ ਵਗਦੀ ਏ ਰਾਵੀ ਵਿਚ ਨ੍ਹੌਣ ਮੁਰਗ਼ਾਬੀਆਂ ਸਾਡੇ ਕੋਲੋਂ ਗੁੰਮ ਗਈਆਂ ਘਰ ਦੀਆਂ ਚਾਬੀਆਂ ਏਦੂੰ ਅੱਗੇ ਹੋਣੀਆਂ ਨੇ ਹੋਰ ਵੀ ਖ਼ਰਾਬੀਆਂ ਆਪ ਹੀ ਹੈ ਰੋਲ਼ੀ ਇਹ 'ਪੰਜਾਬੀ' ਤਾਂ ਪੰਜਾਬੀਆਂ ਵਗਦੀ ਏ ਰਾਵੀ ਵਿਚ ਫੁੱਲ ਏ ਗ਼ੁਲਾਬ ਦਾ ਕਿਹੜਾ ਕਿਹੜਾ ਦਰ ਦੱਸਾਂ ਖੁੱਲ੍ਹਿਆ ਅਜ਼ਾਬ ਦਾ ਦੇਖ ਆ ਕੇ ਹਾਲ਼ ਜ਼ਰਾ 'ਬੁੱਲ੍ਹਿਆ' ਪੰਜਾਬ ਦਾ ਖ਼ੂਨ ਹੋਇਆ ਪਿਆ ਇਥੇ 'ਨਾਨਕ' ਦੇ ਖ਼ਾਬ ਦਾ ਵਗਦੀ ਏ ਰਾਵੀ ਕੰਢੇ ਕਿੱਕਰਾਂ ਦੇ ਰੁੱਖ ਨੇ ਰਿਸ਼ਤੇ ਭੁਲਾਏ ਸਾਨੂੰ ਪੈਸਿਆਂ ਦੀ ਭੁੱਖ ਨੇ ਕਿਹੋ ਜਿਹੀ ਤਰੱਕੀ ਤੱਕੋ ਕੀਤੀ ਏ ਮਨੁੱਖ ਨੇ ਆਪ ਹੀ ਸਹੇੜੇ ਹੋਏ ਅਸੀਂ ਸਾਰੇ ਦੁੱਖ ਨੇ ਵਗਦੀ ਏ ਰਾਵੀ ਵਿਚ ਹਿੰਝਾਂ ਕਿਨ੍ਹੇ ਕੇਰੀਆਂ ਮਰਦੀਆਂ ਆਸਾਂ ਨਿੱਤ ਤੇਰੀਆਂ ਤੇ ਮੇਰੀਆਂ ਸਾਡੇ ਵਾਂਗ ਦੁਖੀ ਜਿੰਦਾਂ ਹੋਰ ਵੀ ਬਥੇਰੀਆਂ ਆਫ਼ਤਾਂ, ਮੁਸੀਬਤਾਂ ਨੇ ਸਦਾ ਲਈ ਜੋ ਘੇਰੀਆਂ ਵਗਦੀ ਏ ਰਾਵੀ ਕੰਢੇ ਉੱਗੀਆਂ ਨੇ ਝਾੜੀਆਂ ਸਉਣੀਆਂ ਵੀ ਲੰਘੀਆਂ ਤੇ ਲੰਘ ਗਈਆਂ ਹਾੜ੍ਹੀਆਂ ਬਾਪੂ ਓਵੇਂ ਸ਼ਹਿਰ ਵਿਚ ਕਰਦਾ ਦਿਹਾੜੀਆਂ ਬਦਲ ਨਾ ਸਕਿਆ ਉਹ ਹਾਲਤਾਂ ਇਹ ਮਾੜੀਆਂ ਵਗਦੀ ਏ ਰਾਵੀ ਵਿਚ ਟੂਣੇ ਕੌਣ ਤਾਰਦਾ? ਪੈਸਿਆਂ ਦੇ ਲਈ ਗਲਾ ਘੁੱਟਦਾ ਪਿਆਰ ਦਾ ਨੀਲੇ ਨੀਲੇ ਨੋਟਾਂ ਪਿੱਛੇ ਭੱਜ ਭੱਜ ਹਾਰਦਾ ਦਿਲ ਵਿਚ ਖ਼ਾਹਿਸ਼ਾਂ ਦੀਆਂ ਮੰਜ਼ਿਲਾਂ ਉਸਾਰਦਾ ਵਗਦੀ ਏ ਰਾਵੀ ਕੰਢੇ ਬਿੰਦ ਕੁ ਖਲੋ ਲਵਾਂ ਰੋ ਕੇ ਕੁਝ ਮੈਂ ਵੀ ਹੌਲ਼ਾ ਹੰਝੂਆਂ 'ਚ ਹੋ ਲਵਾਂ ਹੌਲ਼ਾ ਹੋ ਕੇ ਮੂੰਹ ਮੈਂ ਸੁੱਚੇ ਪਾਣੀਆਂ 'ਚ ਧੋ ਲਵਾਂ ਰੱਬ ਦੀ ਜੋ ਮੌਜ ਹੈ, ਮੈਂ ਓਹੀਓ ਮੌਜ ਹੋ ਲਵਾਂ

ਆ ਕਰੀਏ ਗੱਲਾਂ ਪਿਆਰ ਦੀਆਂ

ਆ ਕਰੀਏ ਗੱਲਾਂ ਪਿਆਰ ਦੀਆਂ ਉਸ ਮਾਹੀ ਰਾਂਝਣ ਯਾਰ ਦੀਆਂ ਇਸ ਮਿੱਟੀ ਦੀ, ਇਸ ਪਾਣੀ ਦੀ ਨਾ ਇੱਜ਼ਤ ਰੋਲ਼ ਪ੍ਰਾਣੀ ਦੀ ਤੰਦ ਨਾ ਉਲਝਾਵੀਂ ਤਾਣੀ ਦੀ ਤਾਕੀਦ ਸਮਝ ਗੁਰਬਾਣੀ ਦੀ ਕਨਸੋਆਂ ਲੈ ਉਸ ਪਾਰ ਦੀਆਂ... ਦੱਸ ਬੰਦਾ ਕੀ ਤੇ ਮੌਲਾ ਕੀ ਦੱਸ ਕੰਧਾਂ ਕੀ ਤੇ ਕੌਲਾ ਕੀ ਦੱਸ ਭਾਰਾ ਕੀ ਤੇ ਹੌਲਾ ਕੀ ਦੱਸ ਤੇਰਾ ਮੇਰਾ ਰੌਲਾ ਕੀ ਇਹ ਸਭ ਗੱਲਾਂ ਤਕਰਾਰ ਦੀਆਂ... ਨਾ ਜੋੜ ਛੱਪੜਾਂ, ਨਹਿਰਾਂ ਨੂੰ ਨਾ ਮੇਲ ਜੰਗਲਾਂ, ਸ਼ਹਿਰਾਂ ਨੂੰ ਨਾ ਦੀਵੇ ਬਾਲ਼ ਦੁਪਹਿਰਾਂ ਨੂੰ ਨਾ ਗਿਣ ਸਾਗਰ ਦੀਆਂ ਲਹਿਰਾਂ ਨੂੰ ਇਹ ਗੱਲਾਂ ਨੇ ਬੇਕਾਰ ਦੀਆਂ... ਕਰ ਹਿੰਮਤ ਰੋਕ ਤੁਫ਼ਾਨਾਂ ਨੂੰ ਬੇਕਾਰ ਗੁਆ ਨਾ ਜਾਨਾਂ ਨੂੰ ਬੰਦ ਕਰਦੇ ਕੁਫ਼ਰ ਦੁਕਾਨਾਂ ਨੂੰ ਇਨਸਾਨ ਸਮਝ ਇਨਸਾਨਾਂ ਨੂੰ ਛੱਡ ਸੋਚਾਂ ਮਾਰੋ ਮਾਰ ਦੀਆਂ... ਸੁਣ ਬਿਰਖ ਰਾਹਾਂ ਦੇ ਕੀ ਕਹਿੰਦੇ ਵਹਿ ਏਦਾਂ ਜਿਉਂ ਦਰਿਆ ਵਹਿੰਦੇ ਰਹਿ ਏਦਾਂ ਫੱਕਰ ਜਿਉਂ ਰਹਿੰਦੇ ਢਹਿ ਜਾਣ ਜੋ ਪਰਬਤ ਸੰਗ ਖਹਿੰਦੇ ਇਹ ਰੂਹਾਂ ਬੋਲ਼ ਉਚਾਰਦੀਆਂ...

ਗੀਤ

ਸਭ ਕੁਝ ਘੁੰਮਦਾ ਏ ਘੁੰਮਦਾ ਗੋਲਾਕਾਰ ਮੈਂ ਪੀਤੀ, ਮੈਂ, ਮੈਂ ਨਹੀਂ ਪੀਤੀ ਕਿਸਨੇ ਪੀਤੀ ਯਾਰ? ਖੇਤ ਵੀ ਘੁੰਮਦੇ, ਰੁੱਖ ਵੀ ਘੁੰਮਦੇ, ਘੁੰਮਦੀ ਧਰਤੀ ਸਾਰੀ ਮੈਂ ਵੀ ਘੁੰਮਦਾ, ਤੂੰ ਵੀ ਘੁੰਮਦਾ ਘੁੰਮਦੀ ਖ਼ਲਕਤ ਸਾਰੀ ਮੈਨੂੰ ਰੱਬ ਦਾ ਚਰਖਾ ਲਗਦਾ ਇਹ ਸਾਰਾ ਸੰਸਾਰ... ਘੁੰਮਦੇ ਨੇ ਕਾਰਾਂ ਦੇ ਚੱਕੇ, ਘੁੰਮਦੇ ਜਦੋਂ ਰੁਪਈਏ ਦਫ਼ਤਰ ਦੇ ਵਿਚ ਫਾਈਲਾਂ ਘੁੰਮਣ ਲੱਗ ਜਾਂਦੇ ਜਦ ਪਹੀਏ ਚੌਧਰ ਖ਼ਾਤਰ ਘੁੰਮਦੀ ਕੁਰਸੀ ਹੋ ਹੋ ਪੱਬਾਂ ਭਾਰ... ਚੰਨ, ਸੂਰਜ, ਧਰਤੀ ਸਭ ਘੁੰਮਦੇ, ਰੁੱਤਾਂ ਪਾਵਣ ਫੇਰੇ ਮੌਤ ਹਯਾਤੀ ਘੁੰਮਦੀ ਫਿਰਦੀ ਸਾਡੇ ਚਾਰ ਚੁਫੇਰੇ ਕਹਿ ਗਏ ਬਾਬਾ ਨਾਨਕ ਕਿ ਨਹੀਂ ਇਕ ਦਮ ਦਾ ਇਤਬਾਰ... ਮੱਖੀਆਂ, ਮੱਛਰ, ਕੀੜੇ, ਪੰਛੀ, ਘੁੰਮਣ ਜੀਵ ਬਥੇਰੇ ਲੱਖ ਚੁਰਾਸੀ ਜੂਨਾਂ ਦੇ ਵਿਚ ਧਰਮ ਕਰਮ ਦੇ ਫੇਰੇ ਨਾ ਇਸ ਦਾ ਕੋਈ ਆਰ ਦਿਸੇਂਦਾ ਨਾ ਕੋਈ ਦਿਸਦਾ ਪਾਰ... ਇਕ ਨੁਕਤੇ ਤੇ ਜਿਹੜਾ ਆਵੇ, ਉਹ ਘੁੰਮਣ ਤੋਂ ਹਟਦਾ ਇਹ ਘੁੰਮਣਾ ਫਿਰ ਸਹਿਜ ਸਮਾਧੀ ਦੇ ਵਿਚ ਆਖ਼ਰ ਵਟਦਾ ਜੀਵਨ ਦਾ ਇਹ ਮਕਸਦ ਇਸ 'ਤੇ ਕਰ ਲੈ ਸੋਚ ਵਿਚਾਰ...

ਗੀਤ

ਦਿਲਾਂ ਵਿਚ ਗੂੰਜਣ ਦੇ ਗੂੰਜਣ ਦੇ ਤੂੰ ਪਿਆਰ ਦਿਲਾਂ ਵਿਚ ਗੂੰਜਣ ਦੇ ਗੂੰਜਣ ਦੇ ਸਭ ਤਾਰ ਮੈਂ ਕਮਲੀ ਦੀ ਰੀਝ ਨਿਮਾਣੀ ਬੁੱਲ੍ਹੀਂ ਕਾਂਬੇ, ਨੈਣੀਂ ਪਾਣੀ ਮਿੰਨਤਾਂ ਕਰਦੀ ਖੜ੍ਹੀ ਨਿਮਾਣੀ ਲੈ ਚਲ ਨਦੀਓਂ ਪਾਰ... ਪਰਬਤ ਪਰਬਤ ਬਰਫ਼ਾਂ ਸੇਜਾਂ ਪਲਕਾਂ 'ਚੋਂ ਲਿਖ ਚਿੱਠੀਆਂ ਭੇਜਾਂ ਮੈਂ ਮਾਰੀ ਰਾਂਝਣ ਦੇ ਹੇਜਾਂ ਖੇੜਿਆਂ ਨੂੰ ਕੀ ਸਾਰ... ਸ਼ਾਹਰਗ ਤੀਕ ਲਰਜ਼ਦੇ ਪਾਣੀ ਚੰਨ ਸੂਰਜ ਦੀ ਖੇਡ ਵਿਡਾਣੀ ਜੋਤ ਨੂਰਾਨੀ, ਝਾਲ ਝਲਾਣੀ ਦਿਸਦੀ ਦਸਵੇਂ ਦੁਆਰ... ਅਨਹਦ ਨਾਦ ਸੰਗੀਤ ਨਿਰਾਲਾ ਜੋ ਸੁਣਦਾ ਉਹ ਕਰਮਾਂ ਵਾਲਾ ਸਹਿਜ ਸਮਾਧੀ, ਜੋਤਿ ਉਜਾਲਾ ਰਿਮਝਿਮ ਅੰਮ੍ਰਿਤ ਧਾਰ... ਲਾ-ਮਹਿਦੂਦ ਕਿਨਾਰੇ ਹੋਏ ਸਰ ਵਿਚ ਕਮਲ ਪਸਾਰੇ ਹੋਏ ਲੂੰ ਲੂੰ ਜਗਮਗ ਤਾਰੇ ਹੋਏ ਮਿਟ ਗਏ ਅੰਧ ਗ਼ੁਬਾਰ...

ਗੀਤ

ਮੇਰੇ ਰਾਮ ਜੀਓ ਦੱਸ ਜਾਣਾ ਇਕ ਵੇਰ ਕਦੇ ਕਦੇ ਤੁਸੀਂ ਚਾਨਣ ਲਗਦੇ ਕਦੇ ਕਦੇ ਕਿਉਂ ਨ੍ਹੇਰ? ਅੰਬਰ ਨੇ ਕਨਸੋਆਂ ਘੱਤੀਆਂ ਪਲਕਾਂ ਦੇ ਸੰਗ ਛੋਹਾਂ ਪੱਤੀਆਂ ਕੇਰਾਂ ਅੱਥਰੂ ਢੇਰ... ਦੇਸ ਬਿਗਾਨੇ ਚੱਲੀਆਂ ਕੂੰਜਾਂ ਦਿਲ ਵਿਚ ਹੌਲ ਪੈਂਦੀਆਂ ਗੂੰਜਾਂ ਕਦ ਪਾਵਣਗੀਆਂ ਫੇਰ... ਅੰਬਰ ਧਰਤੀ ਉਤੇ ਝੁਕਿਆ ਵਣ ਵਿਚ ਰਥ ਸੂਰਜ ਦਾ ਰੁਕਿਆ ਤੁਰਿਆ ਚੜ੍ਹੀ ਸਵੇਰ... ਮੈਂ ਕਮਲੀ ਦਾ ਭੁੱਲਿਆ ਹਾਣੀ ਕਿੰਜ ਰੋਕਾਂ ਪਲਕਾਂ ਦੇ ਪਾਣੀ ਸਿਰ ਨੂੰ ਚੜ੍ਹੇ ਘੁਮੇਰ... ਸੀ ਇੱਕ ਘੁੱਟ ਨੂਰ ਦੀ ਮੰਗੀ ਸਾਰੀ ਰਾਤ ਪਿਆਸੇ ਲੰਘੀ ਇਤਨੀ ਵੀ ਕੀ ਦੇਰ...

ਗੀਤ

ਮਨ ਪ੍ਰਦੇਸੀਆ ਤੂੰ ਮੁੜ ਆ ਆਪਣੇ ਘਰ ਵੇ... ਆਖੇ ਲਗ ਜਾ ਮੰਨ ਜਾ ਬੰਦਿਆ ਤੇਰੇ ਦਰ 'ਤੇ ਆਈ ਸੰਧਿਆ ਨ੍ਹੇਰਾ ਗਿਆ ਪੱਸਰ ਵੇ... ਰੁੱਖਾਂ ਦੇ ਵੀ ਸਾਏ ਮੁੜ ਗਏ ਰਿਜ਼ਕ ਕਮਾਵਣ ਆਏ ਮੁੜ ਗਏ ਤੂੰ ਨਾ ਮੁੜਿਓਂ ਪਰ ਵੇ... ਕੀ ਤੂੰ ਨਹੀਂ ਸੀ ਲੇਖ ਲਿਖਾਏ ਇਹ ਜੋ ਤੇਰੀ ਪੇਸ਼ ਨੇ ਆਏ ਬਦ ਨਾਲੋਂ ਬਦਤਰ ਵੇ... ਨਾ ਹੁਣ ਧੁੱਪੇ, ਨਾ ਹੁਣ ਛਾਵੇਂ ਅੰਨ-ਜਲ ਲੈ ਆਇਆ ਕਿਸ ਥਾਵੇਂ ਜੀ ਸਕੀਏ ਨਾ ਮਰ ਵੇ... ਮਜਲਿਸ ਤੇਰੀ ਨਾਲ ਫ਼ਕੀਰਾਂ ਪੈਰੀਂ ਛਾਲ਼ੇ, ਗਲ਼ ਵਿਚ ਲੀਰਾਂ ਫਿਰਦਾ ਏਂ ਦਰ ਦਰ ਵੇ...

ਗੀਤ

ਕੂੰਜਾਂ ਉਡ ਚਲੀਆਂ ਮੇਰੀ ਰੂਹ ਦੇ ਪੱਤਣੀਂ ਆ ਕੇ ਕੂੰਜਾਂ ਉੱਡ ਚਲੀਆਂ ਮੇਰੇ ਸੁੱਤੇ ਨੀਰ ਜਗਾ ਕੇ ਕੂੰਜਾਂ ਗਗਨ-ਉਡਾਰੀ ਭਰਨੀ ਮੈਂ ਧਰਤੀ 'ਤੇ ਰਹਿਣਾ ਨਾ ਕੋਈ ਹੱਕ ਨਾ ਦਾਵਾ ਮੇਰਾ ਕੀ ਇਹਨਾਂ ਨੂੰ ਕਹਿਣਾ ਬਹਿ ਜਾਣਾ ਮਨ ਸਮਝਾ ਕੇ... ਸੂਰਜ-ਕਿਰਨਾਂ ਨੇ ਤਨ ਮੇਰਾ ਮਾਨਸਰੋਵਰ ਕਰਨਾ ਮਾਨਸਰੋਵਰ ਹੋਣੋਂ ਪਹਿਲਾਂ ਪੈਣਾ ਸੁਕ ਸੁਕ ਮਰਨਾ ਦਿਨ ਚੜ੍ਹਨਾ ਨ੍ਹੇਰ ਮਿਟਾ ਕੇ... ਨਾ ਕੁਰਲਾਵੋ ਨੀ ਸਖੀਓ! ਮੇਰੇ ਦਿਲ ਨੂੰ ਪੈਂਦੇ ਸੋਕੇ ਟੁਰ ਜਾਣਾ ਪਰਦੇਸੀਂ ਧੀਆਂ ਵਾਂਗ ਤੁਸੀਂ ਵੀ ਰੋ ਕੇ ਨਾ ਜਾਣਾ ਦਿਲ ਤੜਪਾ ਕੇ... ਨੀ ਕੂੰਜੋ! ਮੈਂ ਥੋਨੂੰ ਆਪਣੇ ਤਨ ਦੀ ਚੋਗ ਚੁਗਾਵਾਂ ਸੋਹਣੇ ਸੋਹਣੇ ਖੰਭਾਂ ਉੱਪਰ ਲਿਖ ਦੇਵਾਂ ਸਿਰਨਾਵਾਂ ਮੇਰਾ ਦਿਲ ਲੈ ਜਾਣਾ ਚਾ ਕੇ... ਮੱਥੇ ਦੀ ਤ੍ਰਿਬੈਣੀ ਪੈਂਦੇ ਤਨ ਦੇ ਪੰਜੇ ਪਾਣੀ ਸਹਿਜ ਸੁਰਤਿ ਵਿਚ ਟਿਕ ਕੇ ਗਾਵਾਂ ਰੂਹ ਦੀ ਰੰਗਲੀ ਬਾਣੀ ਮਿਲ ਜਾਣਾ ਸਾਗਰ ਜਾ ਕੇ...

ਗੀਤ

ਕੁਝ ਅਸਲੀਅਤ ਖ਼ਾਕ ਤੇ ਪਾਣੀ ਕੁਝ ਅਗਨੀ ਕੁਝ ਪੌਣ ਮੈਂ ਕੀ ਜਾਣਾ ਮੈਂ ਕੌਣ ਢਾਈ ਅੱਖਰ ਪ੍ਰੇਮ ਦੇ ਪੜ੍ਹ ਕੇ ਉਤਲੇ ਕੋਠੇ ਉੱਪਰ ਚੜ੍ਹ ਕੇ ਲਾਹ ਕੇ ਸ਼ਰਮ-ਹਯਾ ਦੀ ਲੋਈ ਲਗ ਜਾ ਰੌਲ਼ਾ ਪਾਉਣ... ਜਦ ਚੁੱਕਿਆ ਮੈਂ-ਤੂੰ ਦਾ ਪਰਦਾ ਅੰਦਰ ਤੱਕਿਆ ਮਾਲਕ ਘਰ ਦਾ ਜਦ ਮਾਲਕ ਸੰਗ ਮਿਲੀਆਂ ਅੱਖੀਆਂ ਲੱਗ ਪਿਆ ਝੁੰਮਰ ਪਾਉਣ... ਵੇਖੇ ਨੇ ਮੈਂ ਖਾ-ਖਾ ਧੱਕੇ ਨਾ ਰੱਬ ਮੰਦਰ, ਨਾ ਰੱਬ ਮੱਕੇ ਮੈਥੋਂ ਪਹਿਲਾਂ ਕਹਿ ਗਿਆ ਬੁੱਲ੍ਹਾ ਮੈਂ ਲੱਗਿਆ ਦੁਹਰਾਉਣ... ਚੁੱਕ ਪਲਕਾਂ ਤੋਂ ਪੱਥਰ ਭਾਰੀ ਦਿਲ ਅੰਬਰ ਵਿਚ ਮਾਰ ਉਡਾਰੀ ਅੰਦਰ ਤੇਰੇ ਨੂਰੀ ਚਸ਼ਮਾ ਲੱਗ ਜਾ ਪੀਣ-ਪਿਆਉਣ... ਸਾਧੂ ਗਾਉਂਦੇ ਰੂਹ ਦੀ ਬਾਣੀ ਇਹਨਾਂ ਸੱਚ ਦੀ ਰਮਜ਼ ਪਛਾਣੀ ਬਾਕੀ ਸਾਰੇ ਰੰਗਲੀ ਦੁਨੀਆਂ ਦੇ ਵਿਚ ਮੁੜ ਮੁੜ ਭਉਣ...

ਸੂਫ਼ੀਆਨਾ ਗੀਤ

ਸੂਫ਼ੀ ਬਣ ਜਾ ਮਉਲਾ ਹੋ ਜਾ ਖ਼ੁਦ ਨੂੰ ਲੱਭਦਾ ਲੱਭਦਾ ਖੋ ਜਾ ਵੇਦ, ਗ੍ਰੰਥ, ਕਤੇਬਾਂ ਵਾਲ਼ੇ ਨਾ ਕਰ ਵਾਧੂ ਗਿਆਨ-ਵਿਖਾਲੇ ਏਸ ਇਲਮ ਤੋਂ ਕੋਰਾ ਹੋ ਜਾ... ਛੱਡ ਦੇ ਪੜ੍ਹਨੇ ਪਾਠ, ਨਮਾਜ਼ਾਂ ਨਾ ਸੁਖ ਪੂਜਾ, ਭੇਟ, ਨਿਆਜ਼ਾਂ ਨਾ ਰੱਖ ਵਰਤ ਤੇ ਨਾ ਰੱਖ ਰੋਜ਼ਾ... ਖ਼ੁਦੀ, ਤਕੱਬਰ, ਝੂਠ, ਬਖੀਲੀ ਛੱਡ ਇਹ ਦੁਨੀਆ ਰੰਗ-ਰੰਗੀਲੀ ਚੱਲ ਫੱਕਰਾਂ ਦੇ ਨਾਲ ਖਲੋ ਜਾ... ਪੀ ਮਸਤੀ ਦਾ ਭਰ ਕੇ ਪਿਆਲਾ ਨੱਚ ਨੱਚ ਕੇ ਹੋ ਜਾ ਮਤਵਾਲਾ ਨੱਚਦਾ ਨੱਚਦਾ ਕਮਲਾ ਹੋ ਜਾ... ਇੱਕ ਨੁਕਤੇ ਦੀ ਗੱਲ ਏ ਸਾਰੀ ਚਹੁੰ ਕੂੰਟਾਂ ਵਿਚ ਦਿਸੇ ਪਸਾਰੀ ਫਿਰ ਤੋਂ ਓਹੀਓ ਨੁਕਤਾ ਹੋ ਜਾ...

ਗੀਤ

ਕੂਲ਼ੇ ਕੂਲ਼ੇ ਪੱਤਿਆਂ 'ਚ ਜਿੰਦ ਮੇਰੀ ਵਸਦੀ ਭੋਲ਼ਿਆਂ ਪ੍ਰਿੰਦਿਆਂ ਦੇ ਨਾਲ਼ ਰੂਹ ਹੱਸਦੀ ਰਾਸ ਰਸਾਈ ਮੇਰੇ ਸੰਗ ਧੁੱਪਾਂ-ਛਾਵਾਂ ਨੇ ਨੱਚਣਾ ਸਿਖਾਇਆ ਮੈਨੂੰ ਪੁਰੇ ਦੀਆਂ ਵਾਵਾਂ ਨੇ ਏਸੇ ਲਈ ਤਾਂ ਰਹੀ ਨਾ ਜੁਆਨੀ ਮੇਰੇ ਵੱਸ ਦੀ... ਹੋਣ ਕਿਸੇ ਨਦੀ ਦੇ ਕਿਨਾਰੇ ਜਿੱਦਾਂ ਖੁਰਦੇ ਬੋਲ ਮੇਰੇ ਸੂਲ਼ੀਆਂ ਦੀ ਛਾਵੇਂ ਛਾਵੇਂ ਟੁਰਦੇ ਜਾਨ ਨੂੰ ਸਿਕੰਜਿਆਂ 'ਚ ਦੁਨੀਆਂ ਇਹ ਕੱਸਦੀ... ਫੁੱਲਾਂ ਕੋਲੋਂ ਸਿੱਖੀਆਂ ਮੈਂ ਮਹਿਕਾਂ ਲੁਟਾਉਣੀਆਂ ਬੱਦਲਾਂ ਤੋਂ ਸਿੱਖੀਆਂ ਨੇ ਮੂਰਤਾਂ ਬਣਾਉਣੀਆਂ ਨਦੀਆਂ 'ਤੇ ਲਹਿਰਾਂ ਪਿੱਛੇ ਨੀਝ ਮੇਰੀ ਨੱਸਦੀ... ਕਾਹਦੇ ਲਈ ਇਹ ਰੋਣ-ਧੋਣ, ਹੰਝੂ, ਪੀੜਾਂ, ਕੀਰਨੇ ਖ਼ੁਸ਼ੀ ਖ਼ੁਸ਼ੀ ਗੀਤ ਗਾਉਂਦੇ ਰਮਤੇ ਫ਼ਕੀਰ ਨੇ ਰੱਬਾ ਤੇਰੀ ਮੌਜ ਭੇਤ ਜ਼ਿੰਦਗੀ ਦਾ ਦੱਸਦੀ...

ਗੀਤ

ਜਦੋਂ ਜੰਗਲਾਂ 'ਚੋਂ ਲੰਘਦਾ ਹਾਂ ਮੈਂ ਮੈਨੂੰ ਸੁਣੇ ਪੱਤਿਆਂ ਦੀ ਸਾਂ-ਸਾਂ ਸੁਣਾਂ ਬੋਲਦੀਆਂ ਘੁੱਗੀਆਂ ਤੇ ਕਾਂ ਰੱਬਾ! ਫੇਰ ਤੇਰਾ ਸ਼ੁਕਰ ਕਰਾਂ ਮੇਰੇ ਪੈਰਾਂ ਹੇਠ ਵਿਛੇ ਹੋਏ ਨੇ ਘਾਹ ਮੈਨੂੰ ਚੱਲਣਾ ਸਿਖਾਉਂਦੇ ਨੇ ਇਹ ਰਾਹ ਮੇਰੇ ਦਿਲ ਵਿਚ ਸ਼ੌਂਕ ਕੇ ਅਥਾਹ ਝੋਲ ਖ਼ੁਸ਼ੀਆਂ ਦੇ ਨਾਲ ਭਰਾਂ... ਨੀਝ ਬੱਦਲਾਂ 'ਚ ਲਾਉਂਦੀ ਏ ਉਡਾਰੀਆਂ ਜਿੱਥੋਂ ਬਣਦੀਆਂ ਮੂਰਤਾਂ ਪਿਆਰੀਆਂ ਚੜ੍ਹ ਜਾਣ ਜਿਥੋਂ ਆਪ ਹੀ ਖ਼ੁਮਾਰੀਆਂ ਦਿਲ ਲੱਭਦਾ ਏ ਇਹੋ ਜਿਹੀ ਥਾਂ... ਦਿਲ ਲੋਚਦਾ ਰਾਹਾਂ ਦੀ ਧੂੜ ਹੋਣ ਨੂੰ ਰਲ਼ ਰੁੱਖਾਂ ਨਾਲ਼ ਝੂਮ ਝੂਮ ਗਾਉਣ ਨੂੰ ਕੋਇਲਾਂ ਕੂਕਦੀਆਂ ਵਾਂਗ ਕੁਰਲਾਉਣ ਨੂੰ ਮੈਂ ਵੀ ਇਹੋ ਜਿਹਾ ਕੁਝ ਤਾਂ ਕਰਾਂ... ਰਹਿਣ ਬੋਲ ਨਦੀ-ਲਹਿਰਾਂ ਉੱਤੇ ਨੱਚਦੇ ਵਾਅਦੇ ਹੋਣ ਨਾ ਬਲੌਰੀ ਜਿਹੇ ਕੱਚ ਦੇ ਪਾਵਾਂ ਪੂਰਨੇ ਹਮੇਸ਼ਾਂ ਲਈ ਮੈਂ ਸੱਚ ਦੇ ਸਦਾ ਬਣ ਕੇ ਸਮੀਰ ਮੈਂ ਵਗਾਂ... ਚੁੱਪ ਸਿਵਿਆਂ ਦੇ ਜਿਹੀ ਕਿਤੇ ਹੋਵੇ ਨਾ ਕੋਈ ਬਾਲ਼ ਐਵੇਂ ਮੁਸ ਮੁਸ ਰੋਵੇ ਨਾ ਨਿੱਕੀ ਉਮਰੇ ਸਿਰਾਂ ਤੋਂ ਛਾਂ ਖੋਵੇ ਨਾ ਮੇਰਾ ਵੱਸਦਾ ਰਹੇ ਗਿਰਾਂ...

ਗੀਤ

ਮਨਮੋਹਣੇ ਅੰਧਕਾਰ ਨੇ ਜਦ ਰਾਗ ਸੁਣਾਇਆ ਬੁੱਕਲ਼ ਦੇ ਵਿਚ ਸੌਂ ਗਿਆ ਸੂਰਜ ਦਾ ਜਾਇਆ ਪਹੁ-ਫੁਟਾਲੇ ਤੁਰਦੀਆਂ ਕਿਰਨਾਂ ਮੁਟਿਆਰਾਂ ਪੌਣਾਂ ਵਿਚੋਂ ਸੁਣਦੀਆਂ ਝਮ ਝਮ ਛਣਕਾਰਾਂ ਤੈਨੂੰ ਨੀਂਦਾਂ ਪਿਆਰੀਆਂ, ਦਿਨ ਸਿਰ ਚੜ੍ਹ ਆਇਆ... ਮਸਤਕ ਵਿਚੋਂ ਲਿਸ਼ਕਦਾ ਜਦ ਅੰਮ੍ਰਿਤ ਵੇਲ਼ਾ ਰਹਿੰਦੀ ਸੁਰਤਿ ਨਿਹਾਰਦੀ ਫਿਰ ਰੰਗ ਨਿਵੇਲਾ ਜਿਉਂ ਜਿਉਂ ਖਿੱਚਾਂ ਪੈਂਦੀਆਂ, ਰੰਗ ਦੂਣ ਸਵਾਇਆ... ਤੱਕ ਸੂਰਜ ਨੂੰ ਤਰਸਦੀ ਹੈ ਜਿੰਦ ਨਿਮਾਣੀ ਅੱਗ ਦੇ ਪਿਆਸੇ ਹੋ ਗਏ ਉਮਰਾਂ ਦੇ ਪਾਣੀ ਟਹਿਣੀ ਉੱਤੇ ਕਾਲ ਦੀ ਹੈ ਫੁੱਲ ਕੁਮਲਾਇਆ... ਬਲਦੇ ਪਾਣੀ ਜੇ ਦਿਆਂ ਸੁੱਕ ਜਾਵਣ ਵੇਲ਼ਾਂ ਮੌਤ ਨਾ ਦੇਖਣ ਜਾਣਦੀ, ਹੰਸਾਂ ਦੀਆਂ ਕੇਲਾਂ ਮੈਂ ਲੱਖ ਬਣਾਂ ਚਲਾਕ ਪਰ ਠੱਗ ਜਾਂਦੀ ਮਾਇਆ... ਵਿਛਿਆ ਬਣ ਕੇ ਨੀਰ ਹਾਂ ਪਰਬਤ ਦੇ ਸੀਨੇ ਡੋਬੇ ਅੱਗ ਦੇ ਵੇਗ ਵਿਚ ਮੈਂ ਆਪ ਸਫ਼ੀਨੇ ਨੈਣਾਂ ਵਿਚ ਜਜ਼ਬਾਤ ਦਾ ਜਦ ਹੜ੍ਹ ਚੜ੍ਹ ਆਇਆ... ਨਦੀਏ ਕਾਂਗਾਂ ਉੱਠੀਆਂ, ਹੜ੍ਹ ਆਏ ਅੜੀਏ! ਕੀਕਣ ਜਾਣਾ ਪਾਰ ਹੈ, ਤਦਬੀਰਾਂ ਘੜੀਏ ਬਿਨਾਂ ਮਲਾਹ ਨਾ ਕੋਈ ਵੀ ਕਿਸੇ ਪਾਰ ਲੰਘਾਇਆ... ਜਿਸ ਦਿਨ ਜਿੰਦੇ ਮੌਤ ਦੀ ਚੜ੍ਹ ਜਾਣਾ ਰੇਲੇ ਰਹਿ ਅਧਵਾਟੇ ਜਾਣਗੇ ਫਿਰ ਜੱਗ-ਝਮੇਲੇ ਕੀ ਕੁਝ ਜਾਣਾ ਨਾਲ, ਕੀ ਕੁਝ ਨਾਲ਼ ਸੀ ਆਇਆ... ਚੱਲ ਉੱਠ ਅੱਟਣ ਟੇਰ ਨੀ, ਕੋਈ ਕੱਤ ਲੈ ਪੂਣੀ ਉੱਠ ਸੁਵਖ਼ਤੇ ਫੇਰ ਨੀ ਦਿਲ ਵਿਹੜੇ ਸੂਣ੍ਹੀ ਥਾਂ-ਥਾਂ ਹਿਰਸਾਂ ਦਾ ਪਿਆ ਨਿੱਕ ਸੁੱਕ ਖਿੰਡਾਇਆ...

ਗੀਤ

ਜਿੰਦੇ ਨੀ ਤੇਰਾ ਕੀ ਹਸਣਾ, ਕੀ ਰੋਣਾ ਰਜ਼ਾ ਕਬੂਲ ਤੇ ਛੱਡ ਦੇ ਸੋਚਾਂ ਜੋ ਹੋਣਾ ਸੋ ਹੋਣਾ ਧੀਆਂ ਵਾਂਗਰ ਰੁੱਤਾਂ ਆਈਆਂ ਮਿਲ-ਗਿਲ ਕੇ ਟੁਰ ਚੱਲੀਆਂ ਰੋ ਪਈਆਂ ਮੁਰਝਾਵਣ ਲੱਗੀਆਂ ਹੱਸ-ਹੱਸ ਖਿੜੀਆਂ ਕਲੀਆਂ ਸ਼ੋਖ਼ ਬਹਾਰਾਂ ਨੇ ਵੀ ਪਤਝੜ ਬਣ ਕੇ ਰੁਖ਼ਸਤ ਹੋਣਾ... ਤੜਕਸਾਰ ਲੈ ਮਹਿਕ ਪਹਾੜੋਂ ਆਵਣ ਸੀਤ ਹਵਾਵਾਂ ਸਿਖਰ ਦੁਪਹਿਰੇ ਧਰਤੀ ਗਲ਼ ਲੱਗ ਸੌਣ ਰੁੱਖਾਂ ਦੀਆਂ ਛਾਵਾਂ ਸੰਝਾਂ ਵੇਲ਼ੇ ਸੂਰਜ ਦਾ ਰਥ ਬਿਰਖਾਂ ਓਹਲੇ ਹੋਣਾ... ਉਮਰ-ਨਦੀ ਦੇ ਨੀਰ ਜਗਾਵਣ ਪਹਿਲਾਂ ਆ ਕੇ ਰਾਤਾਂ ਫਿਰ ਪਲਕਾਂ ਦੀਆਂ ਕੋਮਲ ਪੱਤੀਆਂ ਚੁੰਮ ਜਾਵਣ ਪ੍ਰਭਾਤਾਂ ਪ੍ਰਭਾਤਾਂ ਦੇ ਚੁੰਮਣਾਂ ਖ਼ਾਤਰ ਪੈਂਦਾ ਸਾਗਰ ਰੋਣਾ... ਬੁੱਲ੍ਹੀਆਂ ਵਿਚੋਂ ਦਰਦ ਛੁਪਾਵਾਂ ਨੈਣਾਂ 'ਚੋਂ ਲਾਚਾਰੀ ਪਰ ਮੱਥੇ ਦੀ ਡਿਗਰੀ ਬਣਦੀ ਰੂਹ ਦੀ ਬੇਰੁਜ਼ਗਾਰੀ ਵਕਤ ਦਿਆਂ ਦਾਗ਼ਾਂ ਨੂੰ ਪੈਣਾ ਦਿਲ ਤੋਂ ਮਲ਼ਕੇ ਧੋਣਾ...

ਗੀਤ

ਪਾਣੀਆਂ 'ਤੇ ਲੀਕਾਂ ਮਾਰ ਨਾ ਲੀਕਾਂ ਮਾਰੀਆਂ ਜੇ ਮਾਰੀਆਂ ਨਾ ਜਾਣੀਆਂ ਇਕ ਪਾਸੇ ਪੌਣ ਵਗੇ ਦੂਜੇ ਪਾਸੇ ਨੀਰ ਪਾਣੀਆਂ ਹਵਾਂਵਾਂ ਜਿਹੇ ਰਮਤੇ ਫ਼ਕੀਰ ਰਮਤੇ ਫ਼ਕੀਰਾਂ ਦੀਆਂ ਸਾਰੇ ਜੱਗ ਕੋਲੋਂ ਹੋਣ ਸਦਾ ਲਈ ਅਲੱਗ ਹੀ ਕਹਾਣੀਆਂ... ਇਹਨਾਂ ਪਾਣੀਆਂ 'ਚ ਸਾਡੇ ਪਿਤਰਾਂ ਦਾ ਵਾਸ ਇਹਨਾਂ ਪਾਣੀਆਂ 'ਚ ਸਾਡਾ ਆਦਿ ਇਤਿਹਾਸ ਗੌਂਦੇ ਰਹਿਣ ਪਾਣੀ ਢੋਲੇ, ਮਾਹੀਏ, ਟੱਪੇ, ਬੋਲੀਆਂ ਪੜ੍ਹਦੇ ਰਹਿਣ ਗੁਰਬਾਣੀਆਂ... ਨਾਪਦਾ ਏਂ ਫੀਤਿਆਂ 'ਚ ਧਰਤੀ, ਆਕਾਸ਼ ਰੇਤ ਨਾਲ ਭਲਾਂ ਕੀਹਦੀ ਬੁਝਦੀ ਪਿਆਸ ਤੋੜ ਕੇ ਮਲੂਕ ਜਿੰਦਾਂ ਫੁੱਲਾਂ ਜਿਹੀਆਂ ਭੋਲੀਆਂ ਨੂੰ ਕਾਸਤੋਂ ਮਿਲਾਵੇਂ ਵਿਚ ਘਾਣੀਆਂ.... ਉੱਡ ਪੁੱਡ ਜਾਣਾ ਏਸ ਮਿੱਟੀ ਦੇ ਗੁਬਾਰ ਟੁੱਟ ਜਾਣੀ ਲਹੂ ਪੀਣੀ ਤਿੱਖੀ ਤਲਵਾਰ ਰੁੱਖਾਂ, ਫੁੱਲਾਂ ਬੂਟਿਆਂ ਨੂੰ ਫਿਰ ਤੋਂ ਸੰਭਾਲਣਾ ਤੇ ਗਉਣਾ ਗੀਤ ਜ਼ਿੰਦਗੀ ਦਾ ਹਾਣੀਆਂ...

ਗੀਤ

ਸਈਓ ਨੀ! ਅਸੀਂ ਰੂਹ ਦੇ ਆਖੇ ਲੱਗੇ ਪਿੱਛੇ ਪਿੱਛੇ ਆਉਣ ਸਾਡੇ ਲੱਗ ਲੱਗ ਮਹਿਕਾਂ ਤੇ ਅਸੀਂ ਜਾਈਏ ਅੱਗੇ ਅੱਗੇ ਜਾਈਏ ਓਸ ਨਗਰ ਵੱਲ ਜਿੱਥੇ 'ਵਾ ਪਿਆਰਾਂ ਦੀ ਵੱਗੇ... ਇਸ਼ਕ ਦਾ ਰੋਗ ਅਵੱਲੜਾ ਓਹੀਓ ਜਾਣੇ ਜਿਸ ਤਨ ਲੱਗੇ... ਪਹਿਲਾਂ ਕਾਲੇ ਤੇ ਫਿਰ ਭੂਰੇ ਮਗਰੋਂ ਆਵਣ ਬੱਗੇ... ਯਾਰ ਮਨਾਈਏ, ਝੂਮਰ ਪਾਈਏ ਲਾਵੀਂ ਢੋਲੀਆ ਡੱਗੇ... ਅੰਦਰ ਬਾਹਰ ਚਾਨਣ ਚਾਨਣ ਜੋਤਿ ਅਜ਼ਲ ਥੀਂ ਜਗੇ... ਰੰਗ ਕੇ ਬਸੰਤੀ ਰੰਗ ਵਿਚ ਅਪਣੇ ਗਲ ਪਾ ਲਈਏ ਝੱਗੇ...

ਗੀਤ

ਸਈਓ ਨੀ! ਮੈਂ ਝੋਕ ਰਾਂਝਣ ਦੀ ਜਾਣਾ... ਮੈਂ ਰਾਂਝਣ ਦੀ ਮੁੱਢ ਤੋਂ ਹੋਈ ਰਾਂਝਣ ਬਿਨ ਮੇਰਾ ਹੋਰ ਨ ਕੋਈ ਤਖ਼ਤ ਹਜ਼ਾਰੇ ਬਿਨ ਠਉਰ ਨ ਕੋਈ ਦੱਸਿਓ ਪਤਾ ਠਿਕਾਣਾ.... ਹੀਰ ਵਿਜੋਗਣ ਭਰਦੀ ਹਾਵੇ ਹਿਜਰ ਦਾ ਘੁਣ ਹੱਡੀਆਂ ਨੂੰ ਖਾਵੇ ਡਾਰੋਂ ਵਿਛੜੀ ਕੂੰਜ ਕੁਰਲਾਵੇ ਕੀ ਵਰਤੇਗਾ ਭਾਣਾ... ਢੂੰਡਾਂ ਥਲ, ਜੰਗਲ, ਛੰਭ, ਬੇਲੇ ਰਾਹਾਂ ਦੇ ਵਿਚ ਸ਼ੇਰ ਬਘੇਲੇ ਕੌਣ ਕਰਾਏ ਸੰਜੋਗੀ ਮੇਲੇ ਧੂੜ ਰਾਹਾਂ ਦੀ ਛਾਣਾਂ.... ਤਖ਼ਤ ਹਜ਼ਾਰਾ ਦੂਰ ਸੁਣੀਂਦਾ ਜਿੱਥੇ ਰਾਂਝਣ ਯਾਰ ਵਸੀਂਦਾ ਜੋ ਰਾਂਝਣ ਦਾ ਭੇਤ ਦਸੀਂਦਾ ਮੈਂ ਉਸ ਥੀਂ ਕੁਰਬਾਣਾ.... ਅੱਖੀਆਂ ਨਦੀਆਂ ਭਰ ਭਰ ਰੋਈਆਂ ਮੈਂ ਰਾਂਝਣ ਲਈ ਕਮਲੀ ਹੋਈ ਆਂ ਉਸ ਦੇ ਹੀ ਖ਼ਿਆਲਾਂ ਵਿਚ ਖੋਈ ਆਂ ਅੜੀਓ ਨਾ ਸਮਝਾਣਾ....

ਪੌਣਾਂ ਸਤਲੁਜ ਕੋਲ ਦੀਆਂ (ਟੱਪੇ)

(ਹਰਿੰਦਰ ਸਿੰਘ ਮਹਿਬੂਬ ਦੇ ਨਾਂ) ਵਿਚ ਦਰਦ ਉਜਾੜਾਂ ਦਾ ਬੱਦਲਾਂ ਨੂੰ ਖ਼ਤ ਲਿਖਦਾ ਇਕ ਬਿਰਖ ਪਹਾੜਾਂ ਦਾ ਵਣ ਚਿੜੀਆਂ ਬੋਲ਼ਦੀਆਂ ਗਲ਼ ਲੱਗ ਰੋ ਲੈਣ ਦੇ ਪੌਣਾਂ ਸਤਲੁਜ ਕੋਲ਼ ਦੀਆਂ ਕੋਈ ਸੱਦਦਾ ਰੂਹਾਂ ਨੂੰ ਵੰਞਲੀ ਦੀ ਹੂਕ ਸੁਣੇ ਫਿਰ ਬੇਲਿਆਂ ਜੂਹਾਂ ਨੂੰ ਰੰਗ ਨੇ ਤਿਰਕਾਲ਼ਾਂ ਦੇ ਲੀਨ ਸਮਾਧੀ 'ਚ ਜੋਗੀ ਪਾਣੀ ਖਾਲ਼ਾਂ ਦੇ ਸੱਚ ਸੁਣਿਆ ਸਦੀਆਂ ਨੇ ਦਿਲ ਦਰਵੇਸ਼ਾਂ ਦੇ ਅੰਬਰਾਂ ਵਿਚ ਨਦੀਆਂ ਨੇ ਦੀਵੇ ਧਰ ਆਵਾਂ ਖੂਹਾਂ 'ਤੇ ਅੱਖੀਆਂ ਭਰ ਆਈਆਂ ਪੁਜ ਪਿੰਡ ਦੀਆਂ ਜੂਹਾਂ 'ਤੇ ਟਿੱਬਿਆਂ 'ਤੇ ਰੇਤਾ ਏ ਪੂਰਨ ਜੋਗੀ ਦਾ ਖੂਹਾਂ ਨੂੰ ਚੇਤਾ ਏ ਲੰਮੀ ਹੇਕ ਮਲਾਹਾਂ ਦੀ ਚੁੰਮ ਚੁੰਮ ਲਾ ਹਿੱਕ ਨੂੰ ਮਿੱਟੀ ਮੁਰਸ਼ਦ ਰਾਹਾਂ ਦੀ ਕੋਈ ਖੰਡਰ ਕਿਲ੍ਹਿਆਂ ਦਾ ਮਿਹਰ ਫ਼ਕੀਰਾਂ ਦੀ ਮੇਲਾ ਦਿਲ ਮਿਲਿਆਂ ਦਾ ਮੰਗ ਖ਼ੈਰ ਚਿਰਾਗ਼ਾਂ ਦੀ ਹੋਤਾਂ ਨੂੰ ਕਦਰ ਨਹੀਂ ਸੱਸੀ ਤੇਰਿਆਂ ਬਾਗ਼ਾਂ ਦੀ ਪੀਲੇ ਫੁੱਲ ਨੇ ਕਨੇਰਾਂ ਦੇ ਰਾਤਾਂ ਦੀ ਹਿੱਕ ਵਿਚ ਨੇ ਲੱਖ ਭੇਤ ਸਵੇਰਾਂ ਦੇ ਦੋ ਪੱਤੀਆਂ ਗ਼ੁਲਾਬ ਦੀਆਂ ਦੂਰ ਜਾ ਕੇ ਵਤਨਾਂ ਤੋਂ ਖ਼ੈਰਾਂ ਮੰਗੀਏ ਪੰਜਾਬ ਦੀਆਂ ਬੜੀ ਲੰਮੀ ਉਡਾਰੀ ਏ ਵਿਚ ਪਰਦੇਸਾਂ ਦੇ ਸਾਡੀ ਚੋਗ ਖਿਲਾਰੀ ਏ ਸੌਂਹ ਢਾਬ ਖਿਦਰਾਣੇ ਦੀ ਵਸਦਾ ਲਹੌਰ ਰਹੇ ਓਟ ਲੈ ਨਨਕਾਣੇ ਦੀ ਸਿੱਖ ਆਰੇ ਹੇਠ ਚਿਰਦੇ ਨੇ ਸੱਚ ਵਾਲੀ ਪਾਣ ਚੜ੍ਹੇ ਕਦ ਵਚਨਾਂ ਤੋਂ ਫਿਰਦੇ ਨੇ ਚੰਨ ਚੜ੍ਹਿਆ ਉਦਾਸ ਜਿਹਾ ਕੂੰਜਾਂ ਵਿਲਕਦੀਆਂ ਮਨ ਹੋਇਆ ਪਿਆਸ ਜਿਹਾ ਚੁੱਪ ਕਾਲ਼ੀਆਂ ਰਾਤਾਂ ਨੂੰ ਸੁਣ ਕੇ ਸੌਂ ਜਾਣਾ ਤੇਰੇ ਚੰਨ ਦੀਆਂ ਬਾਤਾਂ ਨੂੰ ਦੋ ਕਿਣਮਿਣ ਕਣੀਆਂ ਵੇ ਸ਼ੀਸ਼ਾ ਕੀ ਤਿੜਕ ਗਿਆ ਸਾਡੀ ਜਿੰਦ 'ਤੇ ਬਣੀਆਂ ਵੇ ਮਿੱਟੀ ਉੱਡਦੀ ਰਾਹਾਂ ਦੀ ਕਿਤ ਵੱਲ ਪੈੜ ਗਈ ਸਾਡੇ ਪਾਕ ਗੁਨਾਹਾਂ ਦੀ ਦਿਲ ਤਾਂਘਾਂ ਪਿਆਰ ਦੀਆਂ ਰੂਹ ਦਿਆਂ ਪੱਤਣਾਂ 'ਤੇ ਗੱਲਾਂ ਪਰਲੇ ਪਾਰ ਦੀਆਂ ਪੁਰਾ ਵਗਦਾ ਉਮੀਦਾਂ ਦਾ ਪੁੱਛ ਲੈ ਜੰਗਲਾਂ ਤੋਂ ਸਾਡਾ ਹਾਲ ਮੁਰੀਦਾਂ ਦਾ ਡਾਰਾਂ ਉੱਡੀਆਂ ਤਾਰਾਂ ਤੋਂ ਬਿਰਖਾਂ ਦੀ ਜੂਨ ਭਲ਼ੀ ਤੇਰੇ ਖ਼ਿਦਮਤਗਾਰਾਂ ਤੋਂ ਸਰ ਪਾਣੀ ਖੌਲ਼ ਪਿਆ ਵੇਲ਼ੇ ਅੰਮ੍ਰਿਤ ਦੇ ਕੂੰਜਾਂ ਨੂੰ ਹੌਲ਼ ਪਿਆ ਗੋਲ੍ਹਾਂ ਪੱਕੀਆਂ ਬੋਹੜ ਦੀਆਂ ਵੇਲੇ ਅੰਮ੍ਰਿਤ ਦੇ ਰੂਹਾਂ ਬਿਰਤੀ ਜੋੜਦੀਆਂ ਜਗੇ ਜੋਤਿ ਪਹਾੜਾਂ 'ਤੇ ਕਬਰਾਂ 'ਤੇ ਲੋਅ ਕਰ ਦੇ ਰੱਖ ਨੀਝ ਉਜਾੜਾਂ 'ਤੇ ਨਦੀਆਂ 'ਤੇ ਫੁੱਲ ਤਰਦੇ ਤੇਰਿਆਂ ਮੰਦਰਾਂ ਲਈ ਪੰਛੀ ਵੀ ਦੁਆ ਕਰਦੇ ਝੱਲ ਸੱਲ ਘਟਨਾਵਾਂ ਦੇ ਰਲ਼ਦੇ ਸਾਗਰ ਵਿਚ ਪਾਣੀ ਪੰਜ ਦਰਿਆਵਾਂ ਦੇ ਰੋਹੀਆਂ ਵਿਚ ਕੰਮੀਆਂ ਦੇ ਤੱਕ ਲੈ ਰੂਪ ਖਿੜੇ ਧੀਆਂ ਧੁੱਪਾਂ ਜੰਮੀਆਂ ਦੇ ਆਈਆਂ ਕੂੰਜਾਂ ਦੂਰ ਦੀਆਂ ਸੁੱਕੀਆਂ ਝੀਲਾਂ ਨੂੰ ਤੱਕ ਤੱਕ ਕੇ ਝੂਰਦੀਆਂ ਇਹ ਹਰਫ਼ ਸਿਆਹੀਆਂ ਦੇ ਪੱਤਿਆਂ ਦੀ 'ਵਾਜ਼ ਗਈ ਪਿੱਛੇ ਲਗ ਕੇ ਰਾਹੀਆਂ ਦੇ ਅੰਬੀਆਂ ਨੂੰ ਬੂਰ ਪਿਆ ਸੱਜਣਾਂ ਦੇ ਮਿਲਣੇ ਦਾ ਕਿਉਂ ਮੌਸਮ ਦੂਰ ਗਿਆ ਬੱਦਲਾਂ ਦੀ ਛਾਂ ਕਰ ਦੇ ਅੰਬਰਾਂ ਦੇ ਮਾਲਕਾ ਵੇ! ਜਿੰਦ ਬਿਰਖਾਂ ਦੇ ਨਾਂ ਕਰ ਦੇ ਰੱਖ ਦਿਲ ਦਰਿਆਵਾਂ ਦਾ ਬਿਰਖਾਂ ਨੂੰ ਕਰਨੇ ਦੇ ਧੰਨਵਾਦ ਹਵਾਵਾਂ ਦਾ ਆਕਾਸ਼ 'ਚ ਇੱਲ੍ਹ ਮਾਹੀਆ! ਜਿਹੜਾ ਸਾਨੂੰ ਯਾਦ ਨਾ ਕਰੇ ਤੇਰਾ ਕਿਹੋ ਜਿਹਾ ਦਿਲ ਮਾਹੀਆ! ਸੁੰਮ੍ਹ ਕਾਲੇ ਘੋੜੇ ਦਾ ਕਿਸਨੂੰ ਜਾ ਦੱਸੀਏ ਦੁੱਖ ਦਰਦ ਵਿਛੋੜੇ ਦਾ ਦੜ ਵੱਟ ਕੇ ਜੀ ਲੈਣਾ ਜ਼ਹਿਰ ਜੁਦਾਈਆਂ ਦਾ ਜਿਵੇਂ ਪੀ ਹੋਇਆ ਪੀ ਲੈਣਾ ਛੇੜ ਤਰਬਾਂ ਰਬਾਬ ਦੀਆਂ ਬੋਲ ਪੰਜਾਬੀ ਦੇ ਲਹਿਰਾਂ ਰਾਵੀ ਤੇ ਚਨਾਬ ਦੀਆਂ ਸੋਹਣਾ ਛੱਲਾ ਏ ਚਾਬੀ ਦਾ ਦੁਨੀਆਂ 'ਚ ਕੱਦ ਵੱਖਰਾ ਸਦਾ ਰਹਿਣਾ ਪੰਜਾਬੀ ਦਾ ਨੈਣਾਂ ਦਾ ਸਪਨਾ ਏ ਸਾਡਾ ਪਰਦੇਸੀਆਂ ਦਾ ਹਰ ਮੁਲਕ ਹੀ ਆਪਣਾ ਏ ਕੋਠੀ ਵਿਚ ਪਏ ਦਾਣੇ ਤੇਰੇ ਲਈ ਦੁਆਵਾਂ ਮੰਗੀਏ ਅੱਗੇ ਰੱਬ ਦੀਆਂ ਰੱਬ ਜਾਣੇ ਬਾਗ਼ ਲੁੱਟਿਆ ਮਾਲੀ ਨੇ ਬੱਚਿਆਂ, ਪਰਿੰਦਿਆਂ ਲਈ ਲੋਕੀਂ ਰਹਿਮ ਤੋਂ ਖ਼ਾਲੀ ਨੇ ਸਿਰ ਕਣੀਆਂ ਬਰਸਦੀਆਂ ਭਲਿਆਂ ਸਮਿਆਂ ਨੂੰ ਫਿਰ ਰੂਹਾਂ ਤਰਸਦੀਆਂ ਸ਼ਾਹ ਕਾਲੀਆਂ ਰਾਤਾਂ ਨੇ ਹੋਈਆਂ ਬੱਦਲਾਂ ਬਿਨਾਂ ਦੱਸ ਕਦ ਬਰਸਾਤਾਂ ਨੇ ਸਿਰ ਭਰੀਆਂ ਧਰੀਆਂ ਨੇ ਤੁਰਨਾ ਮੁਹਾਲ ਪਿਆ ਰਾਹਵਾਂ ਕੰਡਿਆਂ ਭਰੀਆਂ ਨੇ ਪੱਛੋਂ ਦੀਆਂ ਕਣੀਆਂ ਨੇ ਤੁਰਨਾ ਮੁਹਾਲ ਪਿਆ ਸਾਡੇ ਸਿਰ 'ਤੇ ਬਣੀਆਂ ਨੇ ਰੂਹ ਦਾ ਇਜ਼ਹਾਰ ਲਿਖਾਂ ਦਿਲਬਰ ਜਾਨੀ ਨੂੰ ਮੈਂ ਖ਼ਤ ਵਿਚ ਪਿਆਰ ਲਿਖਾਂ ਤੱਕ ਪੈਂਦੀਆਂ ਭੂਰਾਂ ਨੂੰ ਰੋਜ਼ ਕਿਆਮਤ ਤੋਂ ਪਹਿਲਾਂ ਲੋਚੀਏ ਹੂਰਾਂ ਨੂੰ ਗੱਲਾਂ ਮਾਹੀਏ ਢੋਲ ਦੀਆਂ ਅੱਖੀਆਂ 'ਚੋਂ ਇਸ਼ਕ ਦੀਆਂ ਤਸਵੀਰਾਂ ਬੋਲਦੀਆਂ ਦੋ ਪੱਤੀਆਂ ਗ਼ੁਲਾਬ ਦੀਆਂ ਰੁਲਣ ਵਿਦੇਸ਼ੀਂ ਨਾ ਧੀਆਂ ਦੇਸ ਪੰਜਾਬ ਦੀਆਂ ਚੁੱਕ ਵੇਖਾਂ ਛਾਨਣੀਆਂ ਹੁਸਨਾਂ ਦਾ ਚੰਨ ਚੜ੍ਹਿਆ ਹੋਈਆਂ ਰੂਹਾਂ ਚਾਨਣੀਆਂ ਜਿੰਦ ਹਲਕੀ ਪਤੰਗ ਵਰਗੀ ਜਿਹੋ ਜਿਹੀ ਪੱਗ ਬੰਨ੍ਹਦੈਂ ਚੁੰਨੀ ਲੈ ਦੇ ਉਸੇ ਰੰਗ ਵਰਗੀ ਕੁਰਲਾਉਂਦੈ ਕਾਂ ਮਾਹੀਆ ਪੱਬਾਂ ਭਾਰ ਨੱਚਦੀ ਫਿਰਾਂ ਤੇਰਾ ਲੈ ਲੈ ਨਾਂ ਮਾਹੀਆ ਫੁੱਲ ਨਦੀਏ ਤਰਦੇ ਨੇ ਦਰਦ ਵਿਛੋੜੇ ਦੇ ਫੱਟ ਮੁਸ਼ਕਿਲ ਭਰਦੇ ਨੇ ਪਾਣੀ ਨਦੀਏ ਵਗਦੇ ਨੇ ਰੂਹਾਂ ਦੇ ਹਰਫ਼ ਲਿਖੇ ਅੰਬਰਾਂ 'ਤੇ ਜਗਦੇ ਨੇ ਪੀਤਾ ਪਾਣੀ ਕੂਲ੍ਹਾਂ ਤੋਂ ਜੱਗ 'ਤੇ ਕੀ ਜੀਣਾ ਪਿੱਛੇ ਹੱਟ ਕੇ ਅਸੂਲਾਂ ਤੋਂ ਤੱਕਣੇ ਸੀ ਦਿਨ ਇਹ ਵੀ ਝੱਲਣੇ ਮਲੂਕ ਜਿੰਦ 'ਤੇ ਸੀ ਦੁੱਖ ਤੇਰੇ ਬਿਨ ਇਹ ਵੀ ਕੰਨੀਂ ਪਾਈਆਂ ਮੁੰਦਰਾਂ ਨੇ ਪੂਰਨ ਜੋਗੀ ਲਈ ਮਰ ਜਾਣਾ ਸੁੰਦਰਾਂ ਨੇ ਪਏ ਪਿਆਰ 'ਤੇ ਡਾਕੇ ਨੇ ਨਿੱਕੇ ਨਿੱਕੇ ਬਾਲ ਸਹਿਮਦੇ ਜਦ ਚਲਦੇ ਪਟਾਕੇ ਨੇ ਟੱਪਾ ਪਿਆਰ ਦਾ ਜੋੜੀਦਾ ਆਸ਼ਕਾਂ ਨਿਮਾਣਿਆਂ ਦਾ ਕਦੇ ਦਿਲ ਨਹੀਂਓਂ ਤੋੜੀਦਾ ਲੋਕੀਂ ਘੁੰਮਦੇ ਕਾਰਾਂ 'ਤੇ ਲੱਗੀਆਂ ਦੇ ਰਾਹ ਮੁਸ਼ਕਲ ਪਵੇ ਤੁਰਨਾ ਅੰਗਾਰਾਂ 'ਤੇ ਦੋ ਪੱਤਰ ਅਨਾਰਾਂ ਦੇ ਟੁੱਟਦੇ ਕੱਚ ਬਣ ਕੇ ਵਾਅਦੇ ਝੂਠਿਆਂ ਯਾਰਾਂ ਦੇ ਨਦੀਆਂ ਵਿਚ ਪਾਣੀ ਨਾ ਜਿਸ 'ਤੇ ਸੀ ਮਾਣ ਦਿਲਾ ਉਹਨੇ 'ਵਾਜ਼ ਪਛਾਣੀ ਨਾ ਪਈ ਖੜ੍ਹੀ ਉਡੀਕਾਂ ਵੇ ਫੁੱਲ ਕੁਮਲਾ ਗਏ ਨੇ ਲੰਘ ਚੱਲੀਆਂ ਤਰੀਕਾਂ ਵੇ ਸਿਰੋਂ ਬਰਫ਼ਾਂ ਪਿਘਲਦੀਆਂ ਪਲਕਾਂ 'ਚੋਂ ਵਹਿਣ ਨਦੀਆਂ ਦਿਲੋਂ ਲਾਟਾਂ ਨਿਕਲਦੀਆਂ ਨਾ ਬੇਇਨਸਾਫ਼ ਕਰੀਂ ਮਾਹੀਆ ਪਰਦੇਸੀਆ ਵੇ! ਸਾਡੀ ਭੁੱਲ ਚੁੱਕ ਮਾਫ਼ ਕਰੀਂ ਲਵਾਂ ਅੱਥਰੂ ਲੁਕੋ ਮਾਹੀਆ! ਲਾਈਆਂ ਸੀ ਲੁਕ ਲੁਕ ਕੇ ਗਈਆਂ ਜ਼ਾਹਰ ਹੋ ਮਾਹੀਆ! ਬੂਟੇ ਕਚਨਾਰਾਂ ਦੇ ਚੇਤੇ ਕਰ ਲਈਏ ਦੋ ਬੋਲ ਪਿਆਰਾਂ ਦੇ ਖਾਰਾ ਪਾਣੀ ਸਮੁੰਦਰਾਂ ਦਾ ਜੋਗੀ ਤੁਰ ਚਲਿਆ ਕਹਿਣਾ ਮੋੜ ਕੇ ਸੁੰਦਰਾਂ ਦਾ ਬਾਗ਼ੇ ਵਿਚ ਫੁੱਲ ਕੋਈ ਨਾ ਸੱਸੀ ਤੇਰੇ ਹੰਝੂਆਂ ਦਾ ਭੈੜੇ ਹੋਤਾਂ ਨੂੰ ਮੁੱਲ ਕੋਈ ਨਾ ਹੋ ਨਜ਼ਰੋਂ ਪਾਰ ਗਿਉਂ ਫੁੱਲ ਵੇ ਗ਼ੁਲਾਬ ਦਿਆ! ਪਿੱਛੇ ਮਹਿਕਾਂ ਖਿਲਾਰ ਗਿਉਂ ਦੀਵਾ ਬਲਦਾ ਨਾ ਤੇਲ ਬਿਨਾਂ ਜੱਗ 'ਤੇ ਹੈ ਕੀ ਜੀਣਾ, ਸਾਡਾ ਸੱਜਣਾਂ ਦੇ ਮੇਲ ਬਿਨਾਂ ਤਿੱਤਰਾਂ ਦਾ ਜੋੜਾ ਏ ਸਦੀਆਂ ਤੋਂ ਵਧ ਕੇ ਇਕ ਪਲ ਦਾ ਵਿਛੋੜਾ ਏ ਕਰ ਦਾਗ਼ੀ ਕੁੱਖਾਂ ਨੂੰ ਧੀਆਂ ਦੀ ਕਰ ਹੱਤਿਆ ਕਿੱਥੋਂ ਪਾਉਣਗੇ ਸੁੱਖਾਂ ਨੂੰ ਕੰਧਾਂ ਘਰ ਦੀਆਂ ਤਿੜੀਆਂ ਨੇ ਆਖ਼ਰ ਟੁਰ ਜਾਣਾ ਹੁੰਦਾ ਕੁੜੀਆਂ ਚਿੜੀਆਂ ਨੇ ਚੋਗ ਚੁਗਦੀਆਂ ਮੋਰਨੀਆਂ ਮਾਪਿਆਂ ਨੂੰ ਦਿਲ ਥੰਮ੍ਹ ਕੇ ਧੀਆਂ ਪੈਂਦੀਆਂ ਤੋਰਨੀਆਂ ਖ਼ੁਸ਼ਕੀ ਵਿਚ ਪੌਣਾਂ ਦੇ ਧਰਤੀ ਨਾਰਾਜ਼ ਰਹੇ ਸੰਗ ਉੱਚੀਆਂ ਧੌਣਾਂ ਦੇ ਜਿੰਦ ਖਾ ਲਈ ਫ਼ਿਕਰਾਂ ਨੇ ਟਾਹਲੀਆਂ ਮੁੱਕ ਚਲੀਆਂ ਸੁੱਕ ਚਲੀਆਂ ਕਿਕਰਾਂ ਨੇ ਕਿਤੇ ਉੱਗੀਆਂ ਥੋਹਰਾਂ ਨੇ ਮੋਹ ਲਿਆ ਦਿਲ ਮੇਰਾ ਖਿੜੀਆਂ ਗੁਲਮੋਹਰਾਂ ਨੇ ਤੱਕ ਬਦਲੀਆਂ ਤੋਰਾਂ ਨੂੰ ਭੁੱਲ ਗਿਆ ਨੱਚਣਾ ਹੁਣ ਮੇਰੇ ਪਿੰਡ ਦੇ ਮੋਰਾਂ ਨੂੰ ਚੜ੍ਹੇ ਬੱਦਲ ਕਾਲੇ ਨੇ ਰੂਪ ਬਸੰਤਾਂ ਨੂੰ ਮਿਲੇ ਦੇਸ ਨਿਕਾਲੇ ਨੇ ਸੁਣ ਵੈਣ ਹਵਾਵਾਂ ਦੇ ਵਿਚ ਪਰਦੇਸਾਂ ਦੇ ਪੁੱਤ ਰੁਲਦੇ ਮਾਵਾਂ ਦੇ ਖੰਭ ਕਾਲਿਆਂ ਕਾਵਾਂ ਦੇ ਭੁੱਲ ਅਹਿਸਾਨ ਗਏ ਪੁੱਤਰਾਂ ਨੂੰ ਮਾਵਾਂ ਦੇ ਨੈਣੀਂ ਸੁਰਮਾ ਪਾਇਆ ਏ ਤੇਰੇ ਲਈ ਹੀਰੇ ਨੀ! ਰਾਂਝਾ ਜੋਗੀ ਆਇਆ ਏ ਬੂਟਾ ਲਾਇਆ ਭੰਗ ਦਾ ਨੀ ਹੀਰੇ! ਤੇਰੇ ਦੁਆਰ ਖੜ੍ਹਾ ਜੋਗੀ ਖ਼ੈਰਾਂ ਮੰਗਦਾ ਨੀ ਮਿਲੇ ਪਿਆਰ ਕਲਾਵੇ ਨਾ ਰੋਂਦੀਆਂ ਨਦੀਆਂ ਨੂੰ ਕੋਈ ਆਣ ਵਰ੍ਹਾਵੇ ਨਾ ਤੂਤਾਂ ਦੀ ਛਾਂ ਮਾਹੀਆ! ਪੱਤਿਆਂ 'ਤੇ ਲਿਖਿਆ ਪੜ੍ਹੇ ਤੇਰਾ ਬਾਲ੍ਹੋ ਨਾਂ ਮਾਹੀਆ! ਕਿੱਥੇ ਠੰਡੀਆਂ ਛਾਵਾਂ ਨੇ ਸੱਸਾਂ ਝਿੜਕਦੀਆਂ ਚੇਤੇ ਆਉਂਦੀਆਂ ਮਾਵਾਂ ਨੇ ਤਾਜ਼ਾ ਦੁੱਧ ਕੋਸਾ ਏ ਤੇਰੇ 'ਤੇ ਚੰਨ ਮਾਹੀਆ! ਰੱਬ ਵਾਂਗ ਭਰੋਸਾ ਏ ਨੂਰ ਮਹਿਲ ਦੀ ਮੋਰੀ ਏ ਕ੍ਰਿਸ਼ਨ ਦਾ ਰੰਗ ਸਾਂਵਲਾ ਰਾਧਾ ਰੰਗ ਦੀ ਗੋਰੀ ਏ ਉੱਡ ਤੋਤਿਆਂ ਦੀ ਡਾਰ ਗਈ ਆਖੇ ਨਾ ਦਿਲ ਲਗਦਾ ਸਮਝਾਉਂਦੀ ਹਾਰ ਗਈ ਚੁੱਕ ਲੈ ਜਾ ਭੂਕਾਂ ਨੂੰ ਥਲ ਵਿਚ ਕੌਣ ਸੁਣੇ ਸੱਸੀ ਤੇਰੀਆਂ ਕੂਕਾਂ ਨੂੰ ਗੱਲ ਬੁੱਝਣੀ ਏ ਬੁੱਝ ਮੁੰਡਿਆ! ਤੇਰਾ ਵੇ ਕੀ ਜਾਣਾ ਦੱਸ ਤੂੰ ਸਾਡਾ ਬਚਣਾ ਨੀ ਕੁਝ ਮੁੰਡਿਆ! ਪੈਰੀਂ ਝਾਂਜਰ ਪਾਈ ਹੋਈ ਆ ਤੇਰੇ ਜਿਹੇ ਮੁੰਡਿਆਂ ਦੀ ਅਸੀਂ ਰੇਲ ਬਣਾਈ ਹੋਈ ਆ ਧੁੱਪਾਂ ਤਿੱਖੀਆਂ ਹਾੜ ਦੀਆਂ ਹੋਈਆਂ ਨੇ ਪ੍ਰਦੇਸਣਾਂ ਹੁਣ ਕੂੰਜਾਂ ਪਹਾੜ ਦੀਆਂ ਲੰਮੇ ਵਗ ਦਰਿਆਵਾਂ ਦੇ ਨਸ਼ਿਆਂ ਨੇ ਰੋਲ ਦਿੱਤੇ ਪੁੱਤ ਰੱਬ ਜਿਹੀਆਂ ਮਾਵਾਂ ਦੇ ਪੀਂਘਾਂ ਪਿੱਪਲੀਂ ਪਈਆਂ ਨਾ ਲੰਘਿਆ ਸਉਣ ਸੁੱਕਾ ਦੋ ਕਣੀਆਂ ਪਈਆਂ ਨਾ ਸਾਡੇ ਕਿਤੇ ਵੀ ਨਾ ਜੀਅ ਲਗਦੇ ਜਿਹਨਾਂ ਦਾ ਤੂੰ ਮਾਣ ਕਰੇਂ ਬਾਲ੍ਹੋ! ਦੱਸ ਤੇਰੇ ਕੀ ਲਗਦੇ ਪਾਣੀ ਓਕ ਦਾ ਪੀਂਦੇ ਆਂ ਸੋਹਣੇ ਮਾਹੀਏ ਦਾ ਨਾਂ ਲੈ ਲੈ ਕੇ ਜੀਂਦੇ ਆਂ ਧੁਰ ਬਰਫ਼ਾਂ ਖੁਰੀਆਂ ਨੇ ਬਾਲ੍ਹੋ ਤੇਰੇ ਹੁਸਨ ਦੀਆਂ ਗੱਲਾਂ ਘਰ ਘਰ ਤੁਰੀਆਂ ਨੇ ਪਾਣੀ ਖੂਹੇ ਦਾ ਭਰ ਪੀਤਾ ਟੁੱਟ ਪੈਣੇ ਸਮਿਆਂ ਨੇ ਮੇਰਾ ਯਾਰ ਜੁਦਾ ਕੀਤਾ ਕਾਹਤੋਂ ਵੱਖਰੇ ਰਾਹ ਹੋ ਗਏ ਪਾਸਾ ਵੱਟ ਲੰਘਦੇ ਓ ਸਾਥੋਂ ਏਡੇ ਕੀ ਗੁਨਾਹ ਹੋ ਗਏ ਆਉਂਦੇ ਬੱਦਲ ਚੜ੍ਹ ਚੜ੍ਹ ਕੇ ਸੁੱਕ ਗਏ ਬਿਰਖਾਂ ਜਿਉਂ ਅਸੀਂ ਰਾਹਾਂ ਵਿਚ ਖੜ੍ਹ ਖੜ੍ਹ ਕੇ ਚੜ੍ਹਦੇ ਦੀ ਲੋਅ ਮਾਹੀਆ! ਭਾਵੇਂ ਮੂੰਹੋਂ ਬੋਲੀ ਨਾ, ਸਾਡੇ ਸਨਮੁਖ ਹੋ ਮਾਹੀਆ! ਫੁੱਲ ਤੋਰੀਏ ਦਾ ਤੋੜ ਲਿਆ ਦੁਨੀਆਂ ਤੋਂ ਤੋੜ ਅਸੀਂ ਮਨ ਤੇਰੇ ਸੰਗ ਜੋੜ ਲਿਆ ਖੰਭ ਕਾਲੇ ਨੇ ਤਿੱਤਰਾਂ ਦੇ ਚੇਤੇ ਨਹੀਂ ਭੁੱਲਦੇ ਸਾਨੂੰ ਸੋਹਣੇ ਮਿੱਤਰਾਂ ਦੇ ਗ਼ਾਨੀ ਦੀਆਂ ਦੋ ਲੜੀਆਂ ਦੁੱਖ ਸੁੱਖ ਕਰ ਲਈਏ ਮਾਹੀਆ! ਬਹਿ ਜਾ ਦੋ ਘੜੀਆਂ ਨੌਂਹ ਪਾਲਿਸ਼ ਲਾਈ ਹੋਈ ਆ ਸਾਡੇ ਵੱਲ ਆਇਆ ਕਰੋ ਸੋਹਣੀ ਸੜਕ ਬਣਾਈ ਹੋਈ ਆ ਫ਼ਨ ਕਾਲੇ ਨਾਗਾਂ ਦੇ ਸੁੱਕ ਗਏ ਬਿਰਖ ਹਰੇ ਪੂਰਨ ਬਿਨਾਂ ਬਾਗ਼ਾਂ ਦੇ ਦੋ ਤਾਰਾਂ ਲਿਸ਼ਕਦੀਆਂ ਦਿਲ 'ਤੇ ਪੈਣ ਸਦਾ ਇਹ ਮਾਰਾਂ ਇਸ਼ਕ ਦੀਆਂ ਕੁੱਜੇ ਮਿਸ਼ਰੀ ਡਲੀਆਂ ਵੇ ਕੱਚੀਆਂ ਨਾ ਤੋੜੀ ਅਸੀਂ ਚੰਬੇ ਦੀਆਂ ਕਲੀਆਂ ਵੇ ਹੱਥੀਂ ਮਹਿੰਦੀ ਲਾਉਂਦੀ ਆਂ ਯਾਦ ਆਵੇ ਢੋਲ ਚੰਨ ਦੀ ਖ਼ੁਦ ਤੋਂ ਸ਼ਰਮਾਉਂਦੀ ਆਂ ਕੋਠੇ 'ਤੇ ਥਾਲ ਪਿਆ ਬਦਲੀਏ! ਛਾਂ ਕਰਦੇ ਸਾਨੂੰ ਤੁਰਨਾ ਮੁਹਾਲ ਪਿਆ ਕੋਠੇ 'ਤੇ ਖੇਸ ਪਿਆ ਨਾਖ਼ਾਂ ਪੱਕੀਆਂ ਛੱਡ ਮਾਹੀ ਟੁਰ ਪਰਦੇਸ ਗਿਆ ਕੋਠੇ 'ਤੇ ਰੱਸੀਆਂ ਨੇ ਯਾਦਾਂ ਪਿਆਰ ਦੀਆਂ ਸਾਡੇ ਦਿਲ ਵਿਚ ਵਸੀਆਂ ਨੇ ਪੱਤ ਪਿੱਪਲੀ ਦੇ ਹਿੱਲਦੇ ਨੇ ਵਿਛੜੇ ਪਲ ਛਿਣ ਦੇ ਪਿੱਛੋਂ ਸਦੀਆਂ ਦੇ ਮਿਲਦੇ ਨੇ ਨੈਣ ਭਰ ਭਰ ਡੁਲ੍ਹਦੇ ਨੇ ਗਲੀਆਂ ਦੇ ਕੱਖ ਬਣਕੇ ਦਿਲ ਟੁੱਟੇ ਹੋਏ ਰੁਲਦੇ ਨੇ ਜੋ ਸੀ ਕਰਨਾ ਕਰ ਆਏ ਗੱਲ ਕੋਈ ਖ਼ਾਸ ਨਹੀਂ ਦਿਲ ਐਵੇਂ ਭਰ ਆਏ ਤੋਤੇ ਅੰਬੀਆਂ ਟੁੱਕਦੇ ਨੇ ਹੰਝੂਆਂ 'ਤੇ ਕੀ ਜ਼ੋਰ ਏ ਇਹ ਨਾ ਰੋਕਿਆਂ ਰੁਕਦੇ ਨੇ ਪਾਣੀ ਖੂਹੇ ਦਾ ਭਰ ਪੀਤਾ ਨੇਹੁੰ ਲਾ ਕੇ ਤੋੜ ਗਿਉਂ ਸਾਡੇ ਨਾਲ ਦਗ਼ਾ ਕੀਤਾ ਦੇ ਹਰਫ਼ ਦੁਆਵਾਂ ਨੂੰ ਵੱਢ ਕੇ ਬਿਰਖ ਹਰੇ ਤਰਸੋਗੇ ਛਾਵਾਂ ਨੂੰ ਸੋਹਣੀ ਸੇਜ ਵਿਛਾਈ ਹੋਈ ਏ ਵਾਰੀ ਜਾਵਾਂ ਕੁਦਰਤ ਤੋਂ ਜਿਹੜੀ ਰੱਬ ਨੇ ਬਣਾਈ ਹੋਈ ਏ ਕੇਹੇ ਝੱਖੜ ਝੁੱਲਦੇ ਨੇ ਸਰਵਰ ਹੰਸਾਂ ਦੇ ਖੰਭ ਸੜਕਾਂ 'ਤੇ ਰੁਲਦੇ ਨੇ ਲੋਹੇ ਦੀਆਂ ਛਾਨਣੀਆਂ ਮਾਹੀਆ ਵੇ! ਲੰਘ ਗਈਆਂ ਸਭ ਰਾਤਾਂ ਚਾਨਣੀਆਂ ਚੋਗ ਚੁਗਦੀਆਂ ਚਿੜੀਆਂ ਨੇ ਤੇਰੇ ਮੇਰੇ ਪਿਆਰ ਦੀਆਂ ਗੱਲਾਂ ਥਾਂ ਥਾਂ ਛਿੜੀਆਂ ਨੇ ਪਾਣੀ ਖਾਲ਼ ਦਾ ਕੋਸਾ ਏ ਆ ਮਿਲ ਮਾਹੀਆ ਵੇ! ਕਿਹੜੇ ਜਨਮਾਂ ਦਾ ਰੋਸਾ ਏ ਚਿੱਟੇ ਫੁੱਲ ਨੇ ਕਪਾਹਾਂ ਦੇ ਬਾਲੋ ਤੈਨੂੰ ਯਾਦ ਕਰਕੇ ਰੁੱਖ ਰੋਂਦੇ ਰਾਹਾਂ ਦੇ ਫੁੱਲ ਟਾਹਣੀਓਂ ਤੋੜ ਲਿਆ ਰੁਸਿਆਂ ਸੱਜਣਾਂ ਨੂੰ ਜਾਹ ਜਾ ਕੇ ਮੋੜ ਲਿਆ ਦਰ ਖੋਲ੍ਹ ਅਜ਼ਾਬਾਂ ਦੇ ਸੁੱਟੀਏ ਅੱਗ ਵਿਚ ਨਾ ਫੁੱਲ ਖਿੜਿਆਂ ਗੁਲਾਬਾਂ ਦੇ ਲੰਘ ਗਏ ਦਰਿਆਵਾਂ ਨੂੰ ਆਪਣੇ ਯਾਰ ਬਿਨਾਂ ਕੀ ਕਰੀਏ ਚਾਵਾਂ ਨੂੰ ਕਿੰਨੇ ਰੰਗ ਖਿਲਾਰੇ ਨੇ ਦੁਨੀਆ ਦੇ ਮਾਲਕਾ ਵੇ! ਤੇਰੇ ਕੌਤਕ ਨਿਆਰੇ ਨੇ ਹੰਝੂ ਪਲਕਾਂ 'ਚੋਂ ਕੇਰੇ ਨੇ ਉੱਡ ਗਏ ਮੋਰ ਦਿਲਾ! ਹੋ ਗਏ ਸੱਖਣੇ ਬਨੇਰੇ ਨੇ ਪੱਤ ਝੜਦੇ ਬਿਰਖਾਂ ਦੇ ਕੌਣ ਜਵਾਬ ਦਵੇ ਲੰਮੇ ਉਮਰੋਂ ਹਿਰਖਾਂ ਦੇ ਲੋਕੀਂ ਭੁੱਲ ਗਏ ਅਸਲਾਂ ਨੂੰ ਲਾਉਣ ਟੀਕੇ ਜ਼ਹਿਰਾਂ ਦੇ ਹੱਥੀਂ ਬੀਜੀਆਂ ਫ਼ਸਲਾਂ ਨੂੰ ਕੱਚਾ ਕੋਠਾ ਚੋਂਦਾ ਏ ਦਰਦ ਲੁਕੋਇਆਂ ਵੀ ਦਿਲ ਛਮ ਛਮ ਰੋਂਦਾ ਏ ਚੋਗ ਚੁਗਦੀਆਂ ਘੁੱਗੀਆਂ ਨੇ ਵੇਲਾਂ ਇਸ਼ਕ ਦੀਆਂ ਸਾਡੇ ਬਾਗ਼ੀਂ ਉੱਗੀਆਂ ਨੇ ਠੰਡੇ ਪਾਣੀ ਪਰਬਤ ਦੇ ਦੋ ਘੁੱਟ ਪੀ ਬੈਠੇ ਅਸੀਂ ਇਸ਼ਕ ਦੇ ਸ਼ਰਬਤ ਦੇ ਪਾਣੀ ਸਿਰ ਤੋਂ ਲੰਘ ਜਾਵੇ ਸੁਣ ਲਓ ਵੇ ਲੋਕੋ! ਕੋਈ ਭੁੱਲ ਕੇ ਨਾ ਨੇਹੁੰ ਲਾਵੇ ਉੱਚੇ ਬੁਰਜ ਮਸੀਤਾਂ ਦੇ ਇਹ ਹੜ੍ਹ ਨਹੀਂ ਰੁਕਣੇ ਮੂੰਹ ਜ਼ੋਰ ਪ੍ਰੀਤਾਂ ਦੇ ਪੈਣ ਨਿੱਕੀਆਂ ਫੁਹਾਰਾਂ ਵੇ! ਰਾਹੇ ਰਾਹੇ ਜਾਣ ਵਾਲਿਆ ਕਦੇ ਮੋੜ ਮੁਹਾਰਾਂ ਵੇ! ਗੋਰੀ ਗੱਲ੍ਹ 'ਤੇ ਤਿਲ ਮਾਹੀਆ! ਜਿਹੜਾ ਸਾਨੂੰ ਪਿਆਰ ਨਾ ਕਰੇ ਤੇਰਾ ਕਿਹੋ ਜਿਹਾ ਦਿਲ ਮਾਹੀਆ! ਕੰਨੀਂ ਝੁਮਕੇ ਹਿੱਲਦੇ ਨੇ ਓਹੀਓ ਨਹੀਂ ਲੱਭਦੇ ਜਿਹੜੇ ਮਹਿਰਮ ਦਿਲ ਦੇ ਨੇ ਕਿਹੋ ਜਿਹੇ ਪ੍ਰਬੰਧ ਕਰ ਲਏ ਜੋ ਸੀ ਸਾਡੇ ਵੱਲ ਖੁੱਲ੍ਹਦੇ ਬੂਹੇ ਸੱਜਣਾ ਨੇ ਬੰਦ ਕਰ ਲਏ ਕੀ ਕਹਿਣਾ ਲੋੜੀਂਦਾ ਲਾ ਕੇ ਸੱਜਣਾ ਵੇ! ਕਦੇ ਨਿਹੁੰ ਨਹੀਂ ਤੋੜੀਦਾ ਚੂੜਾ ਸ਼ਗਨਾਂ ਦਾ ਤੋੜ ਲਿਆ ਸਾਡੇ ਭਾਅ ਦਾ ਰੱਬ ਰੁੱਸਿਆ ਮੁੱਖ ਸੱਜਣਾ ਨੇ ਮੋੜ ਲਿਆ ਭੁੱਲ ਜਾ ਤਕਸੀਰਾਂ ਨੂੰ ਮਾੜੀ ਜਿਹੀ ਖੁੱਲ੍ਹ ਲੈਣ ਦੇ ਸਾਨੂੰ ਭੌਰ ਫ਼ਕੀਰਾਂ ਨੂੰ ਥੋੜ੍ਹੀ ਬੱਦਲਾਂ ਦੀ ਛਾਂ ਚੰਨ ਵੇ! ਅੰਬਰਾਂ 'ਤੇ ਲਿਖ ਚੱਲੀਏ ਆਪਾਂ ਆਪਣਾ ਨਾਂ ਚੰਨ ਵੇ! ਸੜਕਾਂ 'ਤੇ ਲੁੱਕ ਮਾਹੀਆ! ਗਲ਼ ਲਗ ਮਿਲ ਲਈਏ ਜਾਈਏ ਵਿਛੜੇ ਨਾ ਮੁੱਕ ਮਾਹੀਆ! ਰੁੱਖ ਬਣ ਕੇ ਛਾਵਾਂ ਦੇ ਜਿੰਦ ਦਾ ਵਸਾਹ ਕੋਈ ਨਾ ਪੱਤ ਝੜਨੇ ਸਾਹਵਾਂ ਦੇ ਸੁਣ ਬੋਲ਼ ਅਖ਼ੀਰਾਂ ਦੇ ਨਿਭਣੇ ਸਮਿਆਂ ਸੰਗ ਇਹ ਕੌਲ਼ ਫ਼ਕੀਰਾਂ ਦੇ ਤੁਰ ਜਾਣਾ ਗੋਰਾਂ ਨੂੰ ਖੁੱਲ੍ਹ ਕੇ ਨੱਚ ਲੈਣ ਦੇ ਝਿੜਕੀਂ ਨਾ ਮੋਰਾਂ ਨੂੰ

ਮਰ ਜਾਣ ਨਾ ਤਿਹਾਈਆਂ ਕੂੰਜਾਂ (ਬੋਲੀਆਂ)

(ਮੁਹੰਮਦ ਸਦੀਕ ਦੇ ਨਾਂ ) ਕੋਈ ਲੰਘਿਆ ਜਨਮ ਦਾ ਜੋਗੀ ਮਹਿਕਾਂ 'ਚ ਰੂਹ ਭਿੱਜ ਗਈ ਤੇਰੇ ਨਾਂ ਦਾ ਚੌਮੁੱਖੀਆ ਦੀਵਾ ਦਿਲ ਵਿਚ ਕਰੇ ਰੌਸ਼ਨੀ ਟੱਬ ਡੁੱਲ੍ਹਿਆ ਸੰਧੂਰੀ ਰੰਗ ਦਾ ਦੂਰ ਦੁਮੇਲਾਂ 'ਤੇ ਵਰ੍ਹ ਗਿਉਂ ਜੇ ਸ਼ੁਕਰੀਆ ਤੇਰਾ ਬੱਦਲਾ ਸਾਉਣ ਦਿਆ! ਵੇ ਮੈਂ ਕੁਝ ਨਾ ਸੈਦਿਆ! ਤੇਰੀ ਵੰਞਲੀ ਹਾਂ ਰਾਂਝਣ ਦੀ ਵਾਟ ਸਿਰ 'ਤੇ ਦੁੱਖਾਂ ਦੀ ਭਾਰੀ ਤਪਦੇ ਥਲ ਸੱਸੀਏ! ਦਿਲ ਹੋ ਗਿਆ ਥਲਾਂ ਦਾ ਰੇਤਾ ਨਦੀਆਂ ਦਾ ਇਸ਼ਕ ਬੁਰਾ ਮਰ ਜਾਣ ਨਾ ਤਿਹਾਈਆਂ ਕੂੰਜਾਂ ਵਿੱਚ ਪਰਦੇਸਾਂ ਦੇ ਤੇਰੇ ਲਗਦੇ ਬੋਲ਼ ਪਿਆਰੇ ਕੋਇਲੇ ਫ਼ਕੀਰਨੀਏ! ਮੇਰਾ ਜੀਅ ਵੀ ਨੱਚਣ ਨੂੰ ਕਰਦਾ ਮੋਰਾਂ ਦੀ ਪੈਲ਼ ਦੇਖ ਕੇ ਮੇਰੀ ਉੱਡਦੀ ਖ਼ਾਕ ਨਿਮਾਣੀ ਵਿੱਚ ਅਸਮਾਨਾਂ ਦੇ ਜਾਈਂ ਬਿਰਖਾਂ ਦੀ ਸੁਰਤ ਜਗਾ ਕੇ ਪੌਣੇ ਰੁਮਕਦੀਏ! ਕੌਣ ਪੁੱਛਦਾ ਦਿਲ ਦੀਆਂ ਸਾਰਾਂ ਦੁਨੀਆਂ ਬੇਕਦਰੀ ਧੁਰ ਰੂਹ 'ਚ ਉਤਰਦੀ ਜਾਵੇ ਪੁੰਨਿਆਂ ਦੀ ਚੰਨ-ਚਾਨਣੀ ਸੱਚ ਹੋਵੇ ਨਾ ਭਰਮ ਇਹ ਮੇਰਾ ਅੱਧੀ ਰਾਤੀਂ ਹਾਕ ਪਈ ਅੱਧੀ ਰਾਤ ਕਹਿਰ ਦਾ ਵੇਲ਼ਾ ਨਦੀਆਂ ਦੇ ਨੀਰ ਛੇੜ ਨਾ ਰਾਤਾਂ ਕਾਲ਼ੀਆਂ ਸੱਪਾਂ ਦੀਆਂ ਸਿਰੀਆਂ ਆਉਂਦੀਆਂ ਫੁੰਕਾਰਦੀਆਂ ਕਾਲ਼ੀ ਰਾਤ ਰੋਣਗੇ ਤਾਰੇ ਆਸ਼ਕਾਂ ਦਾ ਦੁੱਖ ਸੁਣਕੇ ਸ਼ਾਹਰਗ ਦੇ ਲਰਜ਼ਦੇ ਪਾਣੀ ਪੱਤੇ ਵਾਂਗ ਜਿੰਦ ਕੰਬਦੀ ਤਨ ਬਣਿਆ ਬੰਸਰੀ ਮੇਰਾ ਪਿਆਰ ਵਾਲ਼ੀ ਫੂਕ ਮਾਰ ਵੇ! ਜਿਵੇਂ ਵਗਦੀ ਨਦੀ ਦਾ ਪਾਣੀ ਰੂਹ ਦਰਵੇਸ਼ਾਂ ਦੀ ਕਿਤੇ ਟੁਰ ਗਏ ਦਿਲਾਂ ਦੇ ਜਾਨੀ ਸਾਹਾਂ 'ਚ ਸੁਗੰਧ ਘੋਲ਼ ਕੇ ਜੇ ਤੂੰ ਸੋਹਣਿਆ! ਕਿਤੇ ਨਹੀਂ ਜਾਣਾ ਕਾਹਤੋਂ ਸਾਥੋਂ ਰਾਹ ਪੁੱਛਦਾ ਡੰਡਾ ਥੋਹਰ 'ਤੇ ਆਲ੍ਹਣਾ ਪਾਇਆ ਘੁੱਗੀਏ ਗ਼ਰੀਬਣੀਏ! ਮਾਈ ਬੁੱਢੀਆਂ ਚੁਫੇਰੇ ਉੱਡੀਆਂ ਰੋਹੀਆਂ 'ਚ ਲੂ ਵਗਦੀ ਜਿਵੇਂ ਚੱਲਣ ਸੱਪਾਂ ਦੀਆਂ ਜੀਭਾਂ ਪੌਣਾਂ ਸ਼ੂਕਦੀਆਂ ਠਾਠਾਂ ਮਾਰਦੇ ਝਨਾਂ ਦੇ ਪਾਣੀ ਸੋਹਣੀ ਠਿੱਲ ਚੱਲੀ ਪਾਰ ਨੂੰ ਗੂੜ੍ਹੀ ਛਾਂ ਨੀ ਬਕੈਣੇ! ਤੇਰੀ ਸੁਰਗਾਂ ਤੋਂ ਚੰਗੀ ਲਗਦੀ ਬਾਗ਼ ਸੁੱਕਿਆ ਪੂਰਨਾ! ਤੇਰਾ ਅੰਨ੍ਹੀ ਹੋ ਗਈ ਮਾਂ-ਇੱਛਰਾਂ ਪੱਤ ਫੁੱਟਿਆ ਹਰਾ ਨਾ ਕੋਈ ਸੁੱਕ ਚੱਲੀ ਤੂਤ ਦੀ ਛਟੀ ਸੂਹੀ ਅੱਗ ਦੇ ਭਬੂਕੇ ਪੈਣੇ ਕੱਚੀਆਂ ਕੈਲਾਂ ਨੂੰ ਅੱਗ ਪੀ ਕੇ ਪਿਆਸ ਬੁਝਾਈ ਨਦੀਆਂ ਦੇ ਨੀਰ ਸੁਕ ਗਏ ਤਨ ਪਿਆਰ ਦਾ ਮਹਿਲ ਬਣ ਜਾਵੇ ਸੁਰਗਾਂ ਨੂੰ ਜਾਣ ਪੌੜੀਆਂ ਬਹਿ ਕੇ ਸੁਣਦੇ ਅੰਬਰ ਦੇ ਤਾਰੇ ਬਾਣੀ ਗੁਰੂਆਂ ਦੀ ਚੰਗੇ ਲਗਦੇ ਚਹਿਕਦੇ ਪੰਛੀ ਵੇਲੇ ਅੰਮ੍ਰਿਤ ਦੇ ਤੁਰ ਜਾਣਗੇ ਵਣਾਂ ਨੂੰ ਜੋਗੀ ਸੁੰਦਰਾਂ ਦੇ ਮਹਿਲ ਛੱਡ ਕੇ ਭੁੱਖੇ ਮਾਸ ਦੇ ਸ਼ਿਕਾਰੀ ਤੇਰੇ ਹੀਰਿਆ ਹਰਨਾ ਵੇ! ਤੇਰੇ ਕਰਮਾਂ 'ਚ ਬੀਜੇ ਕਿਸ ਦੁੱਖੜੇ ਮਿੱਟੀਏ ਪੰਜਾਬ ਦੀਏ! ਖੁਰ ਚੱਲੀਆਂ ਪਰਬਤੋਂ ਬਰਫ਼ਾਂ ਨਦੀਆਂ 'ਚ ਹੜ੍ਹ ਆ ਗਏ ਰਿਹਾ ਹਰਿਆ ਬੂਟ ਨਾ ਕੋਈ ਰੂਹਾਂ ਤੀਕ ਰੇਤ ਵਿਛ ਗਈ ਜਿਵੇਂ ਸੁੱਕੀਆਂ ਵਗਦੀਆਂ ਨਦੀਆਂ ਅੱਖੀਆਂ ਦੇ ਨੀਰ ਮੁੱਕ ਗਏ ਬੰਦੇ ਹੋ ਗਏ ਦਇਆ ਤੋਂ ਖ਼ਾਲੀ ਚਿੜੀਆਂ ਬੋਲਦੀਆਂ ਪਿੱਛੇ ਮੁੜ ਜਾ ਖਾਲ਼ 'ਚੋਂ ਵੀਰਾ! ਚਿੜੀਆਂ ਨੂੰ ਚੁਗ ਲੈਣ ਦੇ ਕਿੱਥੇ ਕਿੱਥੇ ਪਈ ਚੋਗ ਖਿਲਾਰੀ ਚਿੜੀਆਂ ਕੁੜੀਆਂ ਦੀ ਲੋਕੀਂ ਬਣਕੇ ਜੱਲਾਦੋਂ ਭੈੜੇ ਕਰਦੇ ਭਰੂਣ-ਹੱਤਿਆ ਏਥੇ ਵਿਕਦੇ ਨੇ ਦੁੱਧ, ਪੁੱਤ ਦੋਵੇਂ ਕਿਹੋ ਜਿਹਾ ਸਮਾਂ ਆ ਗਿਆ ਧੀਆਂ ਤੋਰਦੇ ਲੋਕ ਪ੍ਰਦੇਸੀਂ ਪੈਸਿਆਂ ਦੀ ਭੁੱਖ ਬਦਲੇ ਤੁਰ ਚੱਲੀਆਂ ਮੰਡੀ ਨੂੰ ਕਣਕਾਂ ਹੋ ਕੇ ਨਿਆਸਰੀਆਂ ਜਿਨ੍ਹਾਂ ਜਾਈਆਂ ਤਿਨਾਂ ਗਲ਼ ਲਾਈਆਂ ਆਖਦੇ ਸਿਆਣੇ ਲੋਕ ਨੇ ਪੱਤ ਰੱਖਾਂ ਮੈਂ ਬਾਬਲਾ! ਤੇਰੀ ਤੂੰ ਛੱਡ ਖਹਿੜਾ ਪੁੱਤਰਾਂ ਦਾ ਜੱਟ ਖ਼ੁਦਕੁਸ਼ੀਆਂ ਦੇ ਰਾਹ ਤੋਰੇ ਬੈਂਕਾਂ ਦੇ ਕਰਜ਼ੇ ਨੇ ਜੱਟ ਵੇਚ ਕੇ ਜ਼ਮੀਨਾਂ ਤਾਈਂ ਪੁੱਤ ਅਮਰੀਕਾ ਤੋਰਦੇ ਮਨ ਚਿਤ ਲਾ ਦੇਖ ਗੁਰਬਾਣੀ ਅੱਖਰਾਂ 'ਚ ਰੱਬ ਵਸਦਾ ਸਤਿਨਾਮ ਦਾ ਵਣਜ ਕਮਾਇਆ ਬਾਬੇ ਨਾਨਕ ਨੇ ਤੱਤੀ ਤਵੀ ਤੇ ਗੁਰੂ ਜੀ ਬਹਿ ਗਏ ਤੇਰਾ ਭਾਣਾ ਮਿੱਠਾ ਆਖਦੇ ਨੌਵੇਂ ਗੁਰਾਂ ਨੇ ਸੀਸ ਦੇ ਆਪਣਾ ਹਿੰਦ ਵਾਲੀ ਲਾਜ ਰੱਖ ਲਈ ਤਾੜੀ ਮਾਰ ਕੇ ਮੁੱਖੋਂ ਲਲਕਾਰ ਕੇ ਗੜੀ ਵਿਚੋਂ ਗੁਰੂ ਨਿਕਲੇ ਸਾਨੂੰ ਗੁੜ੍ਹਤੀ ਮਿਲੀ ਖੰਡੇਧਾਰ ਦੀ ਨੀਹਾਂ ਵਿਚੋਂ ਲਾਲ ਬੋਲਦੇ ਗਾਈਏ ਭਗਤ, ਸਰਾਭੇ ਦੀਆਂ ਘੋੜੀਆਂ ਜਿਨ੍ਹਾਂ ਸਾਡੀ ਆਣ ਰੱਖ ਲਈ ਭਗਤ ਸਿੰਘ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਲੈਣ ਬਦਲਾ ਵਿਦੇਸ਼ੀਂ ਜਾ ਕੇ ਊਧਮ ਸਿੰਘ ਵਰਗੇ ਬੋਲੀ ਮਿੱਠੜੀ ਗੁਰਮੁਖੀ ਯਾਰੋ! ਪੁਆਧੀਆਂ ਦੇ ਗੁੜ ਵਰਗੀ ਜਿਹੜੀ ਦੇ ਗਿਉਂ ਪਿਆਰ ਨਿਸ਼ਾਨੀ ਚੁੰਮ ਚੁੰਮ ਲਾਵਾਂ ਹਿੱਕ ਨੂੰ ਤੇਰਾ ਸੂਟ ਵੇਖ ਮੁਟਿਆਰੇ! ਸਰੂਆਂ ਦੇ ਫੁੱਲ ਹੱਸਦੇ ਲੰਘ ਚੱਲੀ ਆਂ ਹਵਾ ਮੈਂ ਬਣ ਕੇ ਤੂੰ ਫੁੱਲ ਵਾਂਗ ਰਹਿ ਮਹਿਕਦਾ ਤੈਨੂੰ ਨਿਵਦਾ ਰਹੇ ਸਿਰ ਮੇਰਾ ਮਿੱਟੀਏ ਵਤਨ ਦੀਏ! ਆਪੇ ਅੱਖੀਆਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੇ ਦਿਲ ਦੇ ਉਬਾਲ ਚੰਦਰੇ ਜਿਹੜੇ ਚਾਵਾਂ ਨਾਲ ਲਿੱਪਦੀ ਬਨੇਰੇ ਲਹਿਣਗੇ ਲਿਓੜ ਬਣ ਕੇ ਤੈਨੂੰ ਕੀ ਦੁੱਖ ਨੀ ਮੁਟਿਆਰੇ! ਰਾਹਵਾਂ ਦੇ ਰੁੱਖ ਪੁੱਛਦੇ 'ਕੱਲੀ ਜਿੰਦੜੀ ਤੇ ਦੁੱਖੜੇ ਹਜ਼ਾਰਾਂ ਕੀਹਦਾ ਕੀਹਦਾ ਜ਼ਿਕਰ ਕਰਾਂ ਪਹਿਲਾਂ ਦੱਸ ਜਾ ਕਸੂਰ ਕੀ ਏ ਮੇਰਾ ਫੇਰ ਭਾਵੇਂ ਰੁੱਸ ਜਾਈਂ ਤੂੰ ਖਿੜ ਪਏ ਨੇ ਰੁੱਖਾਂ ਦੇ ਚਿਹਰੇ ਮਗਰੋਂ ਬਾਰਿਸ਼ ਦੇ ਤੈਨੂੰ ਤੁਣਕਾ ਪਿਆਰ ਦਾ ਮਾਰਾਂ ਉਡ ਜਾ ਅਕਾਸ਼ੀਂ ਪਰੀਏ! ਤਾੜੀ ਮਾਰ ਉਡਾ ਨਾ ਸਾਨੂੰ ਅਸੀਂ ਆਪੇ ਉਡ ਜਾਵਾਂਗੇ ਧੁੰਦਾਂ, ਧੁੱਪਾਂ ਸਕੀਆਂ ਭੈਣਾਂ ਪੀਚੋ ਖੇਡਦੀਆਂ ਨਾ ਤੋੜ ਜ਼ਾਲਮਾ! ਸਾਨੂੰ ਕਲੀਆਂ ਨੂੰ ਖਿੜਨੇ ਦੇ ਦੋ ਅੱਖੀਆਂ ਕਿਤਾਬਾਂ ਖੁੱਲ੍ਹੀਆਂ ਪੜ੍ਹ ਲੈ ਪੜਾਕੂਆ ਵੇ! ਝੜ ਗਏ ਨੇ ਨੈਣਾਂ ਦੇ ਸੁਪਨੇ ਬਿਰਖਾਂ ਦਾ ਬੂਰ ਬਣਕੇ ਤੇਰਾ ਮੁੜ ਮੁੜ ਲਿਖਦੀ ਆਂ ਨਾਂ ਵੇ! ਦਿਲ ਵਾਲੀ ਕਾਪੀ 'ਤੇ ਤੁਰਾਂ ਛਤਰੀ ਤਾਣ ਸੰਗ ਤੇਰੇ ਪੱਛੋਂ ਦੀਆਂ ਪੈਣ ਕਣੀਆਂ ਫੁੱਲ ਜ਼ਾਮਨੀ ਸਪੀਕਰ ਲੱਗਦੇ ਖਿੜ ਕੇ ਵਲੈਤੀ ਅੱਕ ਦੇ ਕੌਣ ਪਹਿਰੇ 'ਤੇ ਬੈਠਿਆ ਪਾਪੀ ਇੱਕ ਵੀ ਨਾ ਪੱਤ ਹਿੱਲਦਾ ਡੱਕਾ ਤੋੜ ਕੇ ਕਰਨ ਨਾ ਦੂਹਰਾ ਮੁੰਡੇ ਹੋ ਗਏ ਹੱਡ-ਰੱਖਣੇ ਜਿਵੇਂ ਰੁੱਖ ਨੂੰ ਅਮਰਵੇਲ ਖਾਵੇ ਨਸ਼ੇ ਸਾਨੂੰ ਖਾ ਜਾਣਗੇ ਕਾਹਤੋਂ ਹੜ੍ਹ ਨਸ਼ਿਆਂ ਦਾ ਆਇਆ ਗੁਰੂਆਂ ਦੀ ਧਰਤੀ 'ਤੇ ਸਾਹ ਕਿਰਦੇ ਜਾਂਦੇ ਤੇਰੇ ਬੂੰਦਾਂ ਬਣ ਬਣ ਕੇ ਲੰਘ ਜਾਊਗੀ ਜਵਾਨੀ ਤੇਰੀ ਬੱਦਲਾਂ ਦੀ ਛਾਂ ਬਣਕੇ ਮੇਰੇ ਨਾਂ 'ਤੇ ਲਕੀਰਾਂ ਮਾਰੇਂ ਮੈਂ ਕੀ ਤੇਰਾ ਦਿਲ ਤੋੜਿਆ ਕਾਹਤੋਂ ਰੁਸੀ ਤੂੰ ਫਿਰੇਂ ਜਿੰਦ ਮੇਰੀਏ! ਤੇਰੇ ਬਿਨਾਂ ਨਹੀਂ ਸਰਨਾ ਉੱਡ ਜਾਣਗੇ ਕਬੂਤਰ ਚੀਨੇ ਮਹਿਲਾਂ ਦਾ ਮਾਣ ਨਾ ਕਰੀਂ ਬਾਜ ਪੈਣਗੇ ਅਚਿੰਤੇ ਤੈਨੂੰ ਮੌਤ ਕੋਲੋਂ ਡਰ ਬੰਦਿਆ! ਹੋਈ ਮਿਹਰ ਹਵਾਏ! ਤੇਰੀ ਹੁੰਮਸਾਂ ਤੋਂ ਰਾਹਤ ਮਿਲੀ ਤੇਰੀ ਬੀਨ ਨੇ ਸਪੇਰਿਆ ਕੀਲੀ ਨਾਗਣ ਸੱਤ ਫੁੱਟ ਦੀ ਮਿੱਠਾ ਬੋਲ ਗਈ ਮੁਟਿਆਰੇ! ਕੀੜੀਆਂ ਨੇ ਪੈੜ ਨੱਪ ਲਈ ਜਦ ਜੋਤਿ ਮੱਥੇ ਵਿਚ ਜਗਦੀ ਕਾਇਆ ਕਾਇਨਾਤ ਬਣਦੀ ਕੋਈ ਅੰਬਰੀ ਬੋਲ਼ ਸੁਣਾ ਕੇ ਪੰਛੀ ਉੱਡ ਜਾਣਗੇ ਜੇ ਮੈਂ ਜਾਣਦੀ ਵਿਛੋੜਾ ਪੈਣਾ ਕਾਹਨੂੰ ਏਨਾ ਮੋਹ ਕਰਦੀ ਜੇ ਮੈਂ ਜਾਣਦੀ ਕੱਚੇ ਨੇ ਖੁਰ ਜਾਣਾ ਪਹਿਲਾਂ ਟੁਣਕਾ ਕੇ ਵੇਖਦੀ ਚੜ੍ਹ ਆਈਆਂ ਅੰਬਰੀਂ ਕਾਂਗਾਂ ਹਿੱਕ 'ਚ ਛੁਪਾ ਕੇ ਰੱਖੀਆਂ ਚੰਨ ਹੋ ਗਿਆ ਬਦਲੀਆਂ ਓਹਲੇ ਰੁੱਖ ਗਲ਼ ਵੇਲ਼ ਲਗ ਗਈ ਬੜੇ ਚਿਰ ਦੇ ਵਿਗੋਚੇ ਮਗਰੋਂ ਧਰਤੀ ਆਕਾਸ਼ ਮਿਲਦੇ ਫੇਰ ਆਉਣ ਨਾ ਪਰਤ ਕੇ ਜੋਗੀ ਤੁਰ ਗਏ ਜੰਗਲਾਂ ਨੂੰ

ਲਹਿਰਾਂ ਤੇ ਗੂੰਜੇ ਬੰਸਰੀ (ਦੋਹੇ)

(ਸ਼ਹਰਯਾਰ ਦੇ ਨਾਂ) ਲਹਿਰਾਂ ਤੇ ਗੂੰਜੇ ਬੰਸਰੀ ਪੌਣੀਂ ਚੜ੍ਹੇ ਸਰੂਰ ਜਮਨਾ ਤੱਟ 'ਤੇ ਗੋਪੀਆਂ ਨੱਚ ਨੱਚ ਹੋਵਣ ਚੂਰ ਵਗ ਨੀ ਵਾਏ ਚੰਗੀਏ! ਗਾਉਣ ਰੁੱਖਾਂ ਨੂੰ ਲਾ ਖੁੱਲ੍ਹੇ ਅੱਖ ਤ੍ਰਿਕਾਲ਼ ਦੀ ਹੋਵੇ ਨ੍ਰਿਤ ਸਦਾ ਫੁੱਲਾਂ ਵਰਗੀ ਜੂਨ ਹੈ ਮਹਿਕਾਂ ਵਰਗੇ ਚਾਅ ਤੂੰ ਮਹਿਕੇਂ ਤਾਂ ਨਾਲ਼ ਹੀ ਮਹਿਕੇ ਕੁੱਲ ਫ਼ਿਜ਼ਾ ਧੁੱਪ ਨੂੰ ਪੈਂਡੇ ਰੇਤ ਦੇ ਚੁੱਪ ਨੂੰ ਮੇਰੀ 'ਵਾਜ਼ ਛੇੜਾਂ ਤਾਰ ਪਿਆਰ ਦੀ ਲੈ ਕੇ ਸੁੰਨ ਦਾ ਸਾਜ਼ ਪੈਰਾਂ ਹੇਠ ਪਾਤਾਲ ਲੱਖ ਸਿਰ ਆਕਾਸ਼ ਅਨੰਤ ਉਹ ਜਾਣੇ ਜੋ ਸਿਰਜਦਾ ਕੇਤੇ ਜੀਆ ਜੰਤ ਜਗਦੀ ਜੋਤਿ ਅਗੰਮ ਦੀ ਚਹੁੰ ਕੂੰਟਾਂ ਵਿਚ ਨੂਰ ਪ੍ਰਭ ਪ੍ਰਾਣਾਂ ਵਿਚ ਵੱਸਦਾ ਨਾ ਨੇੜੇ ਨਾ ਦੂਰ ਕਾਲ਼ ਹਨੇਰੇ ਸੰਘਣੇ ਦੇਵੇਂ ਜੋਤਿ ਜਗਾ ਸਭ ਵਡਿਆਈਆਂ ਤੇਰੀਆਂ ਮੈਂ ਨਾਚੀਜ਼ ਕਿਆ? ਕਿਣਮਿਣ ਅੰਮ੍ਰਿਤ ਬਰਸਦਾ ਭਿੱਜਦੇ ਨੈਣ ਪ੍ਰਾਣ ਜੋ ਸਾਂਈਂ ਨੂੰ ਸਿਮਰਦੇ ਨਿਰਮਲ ਸਤਿ ਸੋਹਾਣ ਰੜ੍ਹੇ ਮੈਦਾਨੀਂ ਬੱਦਲਾਂ ਜ਼ਰਾ ਕੁ ਛੰਡੇ ਕੇਸ ਚੀਚ ਵਹੁਟੀਆਂ ਨਿਕਲੀਆਂ ਪਹਿਨ ਕੇ ਸੂਹੇ ਵੇਸ ਸਉਣ ਮਹੀਨੇ ਅੰਬਰੀਂ ਚੜ੍ਹੀ ਘਟਾ ਘਨਘੋਰ ਢਾਬੀਂ ਡੱਡੂ ਬੋਲਦੇ ਬਾਗ਼ੀਂ ਬੋਲਣ ਮੋਰ ਰੂਹ ਵਿਚ ਤੇਰੀ ਮਿਹਰ ਸੰਗ ਹੋਵੇ ਜੋਤਿ ਵਿਗਾਸ ਪੀ ਕੇ ਚਾਨਣ ਅੰਬਰੀ ਬੁਝੇ ਧਰਤ ਦੀ ਪਿਆਸ ਲਾ ਲੈ ਮਹਿੰਦੀ ਰੰਗਲੀ ਕਰ ਲੈ ਹਾਰ-ਸ਼ਿੰਗਾਰ ਪੀਆ ਮਿਲਣ ਦੀ ਹੈ ਘੜੀ ਸੋਭਾਵੰਤੀ ਨਾਰ ਗੁਰ ਘਟ ਚਾਨਣ ਜੋਤਿ ਦਾ ਹਿਰਦੇ ਕਰ ਪ੍ਰਕਾਸ਼ ਦਿਲ ਅੰਦਰ ਰੱਖ ਟੇਕ ਤੂੰ ਸੁਰਤਿ ਦੇ ਵਿਚ ਅਕਾਸ਼ ਸਰਵਰ ਸਰਵਰ ਨੀਰ ਹੈ ਸ਼ਾਹਰਗ ਵਿਚ ਅਕਾਸ਼ ਨੌਂ ਦਰ ਕਾਲ਼ੀ ਰਾਤ ਹੈ ਦਸਵੇਂ ਦਰ ਪ੍ਰਕਾਸ਼ ਗੁਰੂ ਨਾਨਕ ਨੇ ਆਖਿਆ ਇੱਕੋ ਸਤਿ ਕਰਤਾਰ ਓਹੀ ਰਾਮ ਰਹੀਮ ਹੈ ਫੋਲ ਕਿਤਾਬਾਂ ਚਾਰ ਆਪੇ ਕਾਗਦ, ਕਲਮ ਆਪ ਆਪੇ ਲਿਖਣਹਾਰ ਲਿਖਿਆ ਵਿਚ ਕਿਤਾਬ ਦੇ ਆਪੇ ਅੱਖਰ ਪਿਆਰ ਆਪੇ ਕਰਦਾ ਸਿਰਜਣਾ ਆਪੇ ਕਰੇ ਫਨਾਹ ਆਪੇ ਔਝੜ ਪਾ ਰਿਹਾ ਆਪ ਦਿਖਾਵੇ ਰਾਹ 'ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ' ਸਭ ਤੋਂ ਨੀਵੀਂ ਆਪ ਹੈ 'ਮਾਤਾ ਧਰਤਿ ਮਹੱਤ' ਲਿਖਿਆ ਵਿਚ ਕਿਤਾਬ ਦੇ ਕਰੇ ਗੌਰ ਪੜ੍ਹ ਕੋ ਬੇਮੁਖ ਹੋ ਕੇ ਗੁਰੂ ਤੋਂ ਕਿਤੇ ਨਾ ਮਿਲਦੀ ਢੋ ਦਰਿਆਵਾਂ ਦੀ ਦੋਸਤੀ ਸਾਗਰ ਨੀਰ ਭਰੇ ਰੁੱਖ ਸਦਾ ਦਰਵੇਸ਼ ਨੇ ਥਾਵੇਂ ਰਹਿਣ ਖੜ੍ਹੇ ਕਿਰ ਕਿਰ ਜਾਂਦੀ ਅਉਧ ਦੇ ਸੰਭਲ਼ ਬੁੱਕ ਭਰਾਂ ਇਹ ਸਾਹ ਸਫ਼ਲੇ ਕਰ ਲਵਾਂ ਲੈ ਕੇ ਤੇਰਾ ਨਾਂ ਰੂਹ ਦੇ ਅੰਬਰੀਂ ਚੜ੍ਹ ਪਿਆ ਪੂਰਣਿਮਾ ਦਾ ਚੰਦ ਗਾਵੇ ਗੋਰੀ ਚਾਨਣੀ ਛਣਕਣ ਬਾਜ਼ੂਬੰਦ ਲੰਘ ਲੰਘ ਜਾਵਣ ਲਾਰੀਆਂ ਉੱਡ ਉੱਡ ਜਾਂਦੇ ਕਾਂ ਕੌਣ ਆਵਾਜ਼ਾਂ ਮਾਰਦਾ ਲੈ ਕੇ ਮੇਰਾ ਨਾਂ? ਉੱਡਦੀ ਖ਼ਾਕ ਆਕਾਸ਼ ਵਿਚ ਨਦੀਏ ਤਰਦੇ ਫੁੱਲ ਚੜ੍ਹੇ ਦਿਹਾੜੇ ਹਸ਼ਰ ਦੇ ਭੇਤ ਜਾਣਗੇ ਖੁੱਲ੍ਹ ਦੁੱਖ-ਸੁੱਖ, ਧੁੱਪ-ਛਾਂ ਕੁਦਰਤੀ ਲਿਖੀ ਨਾ ਹੋਵੇ ਟਾਲ਼ ਐਵੇਂ ਮੰਦੜਾ ਬੋਲ ਨਾ ਐਵੇਂ ਕੱਢ ਨਾ ਗਾਲ਼ ਕੁਦਰਤ ਕੋਲ਼ੋਂ ਸਿੱਖ ਲੈ ਸਹਿਜ, ਸਬਰ ਤੇ ਸੁੱਖ ਮਿਟ ਜਾਵੇਗੀ ਭਟਕਣਾ ਮੁੱਕ ਜਾਵਣਗੇ ਦੁੱਖ ਖੱਟਮ-ਖੱਟੀ ਇਮਲੀਏ! ਫਲ਼ੀਆਂ ਦੇ ਵਿਚ ਬੀ ਯਾਰ ਜੁਦਾਈ ਦੇ ਗਿਆ ਜੀਣੇ ਦਾ ਹੱਜ ਕੀ? ਕੱਚੀ ਕਲੀ ਕਚਨਾਰ ਦੀ ਝਾੜ ਸੁੱਟੀ ਪਰਦੇਸ ਜਿਹੜਾ ਕੰਤ ਸਹੇੜਿਆ ਉਹਦੀ ਬੁੱਢ-ਵਰੇਸ ਪੁੱਛ ਨਾ ਪੈਂਦੇ ਮਾਮਲੇ ਪੁੱਛ ਨਾ ਲਗਦੇ ਰੋਗ ਇਸ਼ਕ 'ਚ ਪੈਂਦਾ ਭੋਗਣਾ ਮੌਤੋਂ ਬੁਰਾ ਵਿਯੋਗ ਜਗਤ ਢੰਡੋਰਾ ਮੈਂ ਦਵਾਂ ਪ੍ਰੀਤ ਨਾ ਲਾਵੇ ਕੋ ਦਿਲ ਪਏ ਸੂਲੀਂ ਵਿੰਨ੍ਹਣਾ ਪ੍ਰੀਤ ਜੇ ਜਾਵੇ ਹੋ ਚੜ੍ਹਦੇ ਮਿਰਜ਼ੇ ਖ਼ਾਨ ਨੂੰ ਜੇ ਕੋਈ ਸਕਦਾ ਮੋੜ ਨੀਂਦ ਨਾ ਆਉਂਦੀ ਸੂਰਮੇ ਤੀਰ ਨਾ ਹੁੰਦੇ ਤੋੜ ਚੜ੍ਹਦੇ ਮਿਰਜ਼ੇ ਖ਼ਾਨ ਨੂੰ ਸ਼ਾਇਰ ਦੇਵੇ ਮੱਤ ਚਲਿਐਂ ਇਸ਼ਕ ਕਮਾਉਣ ਵੇ! ਲਹਿ ਨਾ ਜਾਵੇ ਪੱਤ ਉੱਚਾ ਬੁਰਜ ਲਾਹੌਰ ਦਾ ਹੇਠ ਵਗੇ ਦਰਿਆ ਮਲ਼ ਮਲ਼ ਨਾਵ੍ਹਣ ਗੋਰੀਆਂ ਪੀਆ ਮਿਲਣ ਦੇ ਚਾਅ ਜ਼ਾਲਮ ਲੋਕੀਂ ਸ਼ਹਿਰ ਦੇ ਕਰਦੇ ਰੋਜ਼ ਗੁਨਾਹ ਭਲੇ ਨੇ ਪੇਂਡੂ ਸਿੱਧਰੇ ਭੁਲਿਆਂ ਦੱਸਣ ਰਾਹ ਪਾਪੀ ਲੋਕ ਨੇ ਸ਼ਹਿਰ ਦੇ ਪਾਪ ਕਮਾਉਂਦੇ ਨਿੱਤ ਵੱਸਣ ਪਹਾੜੀਂ ਦੇਵਤੇ ਸਾਫ਼ ਜਿਨ੍ਹਾਂ ਦੇ ਚਿੱਤ ਲੰਘ ਲੰਘ ਜਾਵਣ ਗੱਡੀਆਂ ਸੜਕ ਵਿਚਾਰੀ ਹੇਠ ਸਭ ਨੂੰ ਸਿਰੇ ਪਹੁੰਚਾ ਦਵੇ ਕੀ ਰੰਕ ਕੀ ਸੇਠ ਹੁੰਦੇ ਖੰਭ ਸਰੀਰ 'ਤੇ ਉੱਡਦੀ ਵਿਚ ਅਕਾਸ਼ ਅੱਖ ਪਲਕਾਰੇ ਬੈਠਦੀ ਜਾ ਮਾਹੀ ਦੇ ਪਾਸ ਸਦਾ ਨਾ ਵਰ੍ਹਦਾ ਮੇਘਲਾ ਸਦਾ ਨਾ ਹਰਿਆ ਬਾਗ਼ ਸਦਾ ਨਾ ਰਹਿੰਦੀ ਚੁੱਪ-ਚਾਂ ਸਦਾ ਨਾ ਛਿੜਦੇ ਰਾਗ ਛਿਣ ਵੀ ਸਿਰ 'ਤੇ ਨਾ ਰਹੇ ਜਿਉਂ ਬੱਦਲਾਂ ਦੀ ਛਾਂ ਪਾਣੀ ਉੱਪਰ ਲਿਖਦਿਆਂ ਇਉਂ ਮਿਟ ਜਾਂਦੇ ਨਾਂ ਚੜ੍ਹ ਅੰਦਰ ਦੀਆਂ ਪੌੜੀਆਂ ਅਪਣੇ ਘਰ ਵੱਲ ਜਾ ਜਿੱਥੇ ਨਿਰਮਲ ਵਹਿ ਰਿਹਾ ਚਾਨਣ ਦਾ ਦਰਿਆ ਜੇ ਦਿਲ ਅੰਦਰ ਪ੍ਰੇਮ ਹੈ ਤਾਂ ਮਿਲਦਾ ਭਗਵਾਨ ਪ੍ਰੇਮ ਬਿਨਾਂ ਸ਼ੈਤਾਨ ਦੀ ਭਾਸ਼ਾ ਕਹੇ ਜ਼ੁਬਾਨ ਬਾਣੀ ਪੜ੍ਹ ਪ੍ਰਬੋਧ ਮਨ ਸੁਰਤਿ ਗਿਆਨ ਵਸਾ ਛੱਡ ਦੇ ਆਪ ਚਿਤਾਰਨਾ ਚੇਤੇ ਰੱਖ ਕਜ਼ਾ ਤੂੰ-ਮੈਂ, ਮੈਂ-ਤੂੰ, ਕੌਣ ਹੈ ਕੌਣ ਹੈ ਤੇਰੇ ਨਾਲ਼ ਆਪੇ ਦਈਂ ਜੁਆਬ ਤੂੰ ਆਪੇ ਕਰੀਂ ਸੁਆਲ ਰਿਸ਼ਤੇ ਨਾਤੇ ਗਰਜ਼ ਦੇ ਮਤਲਬ ਦਾ ਏ ਪਿਆਰ ਮਾਪੇ, ਭਾਈ, ਭੈਣ ਕੀ ਧੀਆਂ, ਪੁੱਤ, ਕੀ ਨਾਰ ਸਭ ਨੂੰ ਆਪਣੀ ਹੈ ਪਈ ਨਾ ਦੂਜੇ ਦੀ ਸੋਚ ਆਪੋ ਆਪਣੀ ਚੁੰਜ ਵਿਚ ਰਹੇ ਸ਼ਿਕਾਰ ਦਬੋਚ ਬਚਪਨ ਜਿਹੀ ਮੌਜ ਨਾ ਬਿਰਧਪੁਣੇ ਜਿਹਾ ਰੋਗ ਜੋਬਨ ਜਿਹਾ ਗ਼ਰੂਰ ਨਾ ਕਹਿ ਗਏ ਦਾਨੇ ਲੋਗ ਮਨ ਵਿਚ ਰੀਝਾਂ ਦੱਬ ਕੇ ਉੱਤੇ ਪੱਥਰ ਰੱਖ ਪੀ ਲੈ ਆਪਣੇ ਅੱਥਰੂ ਫਲ਼ ਦੁੱਖਾਂ ਦਾ ਚੱਖ ਪਿਛਲੇ ਅੱਗੇ ਲੰਘ ਗਏ ਅਗਲੇ ਰਹੇ ਪਿਛਾਂਹ ਰੱਬਾ! ਤੇਰੀਆਂ ਕੁਦਰਤਾਂ ਕਿੰਨਾ ਅਜਬ ਨਿਆਂ ਵਾਲ਼ ਬੱਗੇ, ਦੰਦ ਝੜ ਗਏ ਨਜ਼ਰ ਹੋਈ ਕਮਜ਼ੋਰ ਪਹਿਲਾਂ ਗੱਲਾਂ ਹੋਰ ਸਨ ਹੁਣ ਨੇ ਗੱਲਾਂ ਹੋਰ ਟੋਰਨ ਆਏ ਟੁਰ ਗਏ ਟੁਰ ਨਾ ਦੇਖੀ ਵਾਟ ਕੇਤੇ ਪੂਰ ਲੰਘਾਂਵਦਾ ਸੱਖਣਾ ਹੋਵੇ ਘਾਟ ਸੁੱਕੀਆਂ ਢਾਬਾਂ, ਕੱਸੀਆਂ ਨਦੀਆਂ ਤੇ ਦਰਿਆ ਵਾਸੀ ਦੇਸ਼ ਪੰਜਾਬ ਦਾ ਮੀਂਹ ਨੂੰ ਤਰਸ ਰਿਹਾ ਪੌਣਾਂ ਦੂਸ਼ਿਤ ਕੀਤੀਆਂ ਵੱਢੇ ਰੁੱਖ ਹਥਿਆਰ ਆਪਣੇ ਹੱਥੀਂ ਆਪ ਨੂੰ ਰਿਹਾ ਆਦਮੀ ਮਾਰ ਪਰਬਤ ਬਰਫ਼ਾਂ ਮੁੱਕੀਆਂ ਨਦੀਏਂ ਮੁੱਕੇ ਨੀਰ ਧਰਤੀ ਲਾਵੇ ਫੁੱਟਣੇ ਨੱਚੂ ਮੌਤ ਅਖ਼ੀਰ ਇੱਲ੍ਹਾਂ, ਚਿੜੀਆਂ ਮੁੱਕੀਆਂ ਮੁੱਕੇ ਕਈ ਜਨੌਰ ਕੁਦਰਤ ਪਾਸਾ ਪਲਟਿਆ ਰੁੱਤਾਂ ਬਦਲੀ ਤੋਰ ਮਿੱਟੀ 'ਵਾਜਾਂ ਮਾਰਦੀ ਕੋਈ ਨਾ ਸੁਣੇ ਪੁਕਾਰ ਪਾਪਾਂ ਦਾ ਫਿਰ ਵਧ ਗਿਆ ਧਰਤੀ ਉੱਤੇ ਭਾਰ ਮਿਲਦਾ ਓਦੋਂ ਸੜਕ ਨੂੰ ਬਿੰਦ ਝੱਟ ਮਸਾਂ ਆਰਾਮ ਜਦੋਂ ਕਦੇ ਹੜਤਾਲੀਏ ਕਰਦੇ ਚੱਕਾ ਜਾਮ ਭਗਵੇਂ ਕੱਪੜੇ ਚੋਰ ਦੇ ਸਾਧਾਂ ਮੈਲ਼ੇ ਵੇਸ ਵੱਡੇ ਚੋਰ ਨੂੰ ਆਖਦੇ ਮਹਾਂ ਸੰਤ, ਦਰਵੇਸ਼ ਗੁੰਡੇ ਬਣ ਗਏ ਮੰਤਰੀ ਸਿਰ ਧਰ ਝੂਠੇ ਤਾਜ ਪੁਲਿਸ ਦਬਾਵੇ ਜ਼ੋਰ ਸੰਗ ਲੋਕਾਂ ਦੀ ਆਵਾਜ਼ 'ਚੋਰ ਉਚੱਕੇ ਚੌਧਰੀ ਗੁੰਡੀ ਰੰਨ ਪ੍ਰਧਾਨ' ਖ਼ੂਬ ਨਿਤਾਰਾ ਹੋ ਰਿਹਾ ਲਿਖਿਆ ਲੋਕ ਜ਼ੁਬਾਨ ਕਲ੍ਹ ਤੇ ਨਾਰਦ ਲੜ ਪਏ ਵਿਚ ਚੁਰਸਤੇ ਆ ਇਕ ਦਿਨ ਇਹਨਾਂ ਦੇਸ ਨੂੰ ਦੇਣਾ ਸਿਵਾ ਬਣਾ ਉੱਚੇ ਭਾਂਬੜ ਮੱਚਦੇ ਧੂੰਆਂ ਚੜ੍ਹੇ ਅਕਾਸ਼ ਜੀਕਣ ਸ਼ਿਵਜੀ ਕਰ ਰਿਹਾ ਤਾਂਡਵ ਨੱਚ ਵਿਨਾਸ਼ ਹਟ ਗਏ ਲੋਕੀਂ ਪਰਖਣੋਂ ਕੀ ਹੱਕ, ਕੀ ਹਾਰਾਮ ਰੱਬ ਵੀ ਤੱਕ ਕੇ ਰੋ ਪਿਆ ਕੁੱਖਾਂ ਵਿਚ ਕੁਹਰਾਮ ਹੱਟੀਂ ਭਾਨ ਨਾ ਲੱਭਦੀ ਚਲਦੇ ਵੱਡੇ ਨੋਟ ਇਕ ਦੂਜੇ ਦੀ ਜੇਬ ਨੂੰ ਲੁੱਟਣ ਮਨ ਰੱਖ ਖੋਟ ਆਪਣੀ ਨਜ਼ਰੋਂ ਗਿਰ ਗਿਆ ਹੈ ਅੱਜ ਦਾ ਇਨਸਾਨ ਪੱਥਰ ਕਬਰਾਂ ਦਿਲ ਬਣੇ ਰੂਹਾਂ ਨੇ ਸ਼ਮਸ਼ਾਨ ਜਾਗ ਮਿਰਜ਼ਿਆ! ਸੁੱਤਿਆ ਜਾਗ ਓ ਦੁੱਲੇ ਵੀਰ! ਜਾਗੀਂ ਵੀਰ ਰੰਝੇਟਿਆ! ਖੇੜੇ ਲੈ ਗਏ ਹੀਰ ਮੈਂ ਬੋਲੀ ਪੰਜ ਦਰਿਆ ਦੀ ਮੈਨੂੰ ਗੁਰੂਆਂ ਮਾਰੀ 'ਵਾਜ਼ ਅੱਜ ਆਪਣੇ ਪੁੱਤਾਂ ਤੋਂ ਪਈ ਮੈਨੂੰ ਆਵਣ ਲੱਗੀ ਲਾਜ ਕੀ ਕਵੀਆਂ ਦਾ ਆਖਣਾ ਕੀ ਸ਼ਾਇਰਾਂ ਦੀ ਬਾਤ ਅੱਧੀਂ ਰਾਤੀਂ ਦਿਨ ਚੜ੍ਹੇ ਸਿਖਰ ਦੁਪਹਿਰੇ ਰਾਤ ਕਿੱਧਰ ਗਈਆਂ ਪੈਲ਼ੀਆਂ ਉੱਜੜੇ ਟੋਭੇ, ਖੂਹ ਅਣਸ ਦੰਮਾਂ ਦੇ ਲੋਭ ਨੂੰ ਟੱਪੀ ਆਪਣੀ ਜੂਹ ਤੱਤੀ ਧੀ ਪੰਜਾਬ ਦੀ ਦਿੱਤੀ ਲੰਡਨ ਟੋਰ ਰੀਝਾਂ ਰੰਡੀਆਂ ਹੋ ਗਈਆਂ ਮਨ ਦਾ ਮਰ ਗਿਆ ਮੋਰ ਖੇਤਾਂ ਦੇ ਵਿਚ ਯੂਰੀਆ ਨਾੜਾਂ ਵਿਚ ਤੇਜ਼ਾਬ ਬੰਜਰ ਹੋਣਾ ਏਸ ਨੇ ਖਿੜਿਆ ਫੁੱਲ ਗ਼ੁਲਾਬ ਢੋਲੇ ਸਾਂਦਲ ਬਾਰ ਦੇ ਤੇ ਟੱਪੇ ਗਏ ਖੋ ਬਾਤਾਂ, ਛੰਦ ਗਵਾਚ ਗਏ ਵਿਰਸਾ ਰਿਹਾ ਨਾ ਉਹ ਪਹਿਲਾਂ ਕੌਲਾਂ ਹੱਸ ਪਈ ਤੇ ਮਗਰੋਂ ਪਈ ਰੋ ਜਿਹੜਾ ਮਹਿਰਮ ਦਿਲਾਂ ਦਾ ਕਰਮਾਂ ਵਿਚ ਨਾ ਉਹ ਸੁਣੋ ਕੂੰਜੋ ਪ੍ਰਦੇਸਣੋ! ਸਤਲੁਜ ਖੜਾ ਗਵਾਹ ਇੱਥੇ ਪੌਣਾਂ ਪਾਗ਼ਲ ਹੋਈਆਂ ਤੇ ਪਾਣੀ ਗਏ ਗਸ਼ ਖਾ ਬੋਹੜਾਂ, ਪਿੱਪਲਾਂ, ਪਿਲ੍ਹਕਣਾਂ ਲੱਗਾ ਘੋਰ ਸਰਾਪ ਇੱਥੇ ਪਾਣੀ ਪੱਥਰ ਹੋ ਗਏ ਜੋ ਗਾਉਂਦੇ ਸੀ 'ਜਪੁ 'ਜਾਪ' ਉੱਡ ਜਾਣਾ ਪੰਖੇਰੂਆਂ ਸੰਘਣੇ ਜੰਗਲ ਵੱਲ ਸਰਪਰ ਤੂੰ ਵੀ ਚੱਲਣਾ ਅੱਜ ਦੀ ਘੜੀ ਕਿ ਕੱਲ੍ਹ ਧਰਤੀ, ਗਉ, ਧੀ, ਦੁੱਧ, ਪੁੱਤ ਵੇਚਣ ਲੋਕੀਂ ਆਪ ਪੈਸਾ ਸਭ ਦਾ ਬਣ ਗਿਆ ਅੱਜ ਕੱਲ੍ਹ ਮਾਈ ਬਾਪ 'ਅੱਕ ਦੀ ਨਾ ਖਾਈਏ ਖੱਖੜੀ ਸੱਪ ਦਾ ਨਾ ਖਾਈਏ ਮਾਸ' ਜਿਨ੍ਹਾਂ ਖ਼ਾਤਰ ਜੋੜਦਾ ਓਹੀ ਕਰਨ ਵਿਨਾਸ ਅੰਨ, ਧੰਨ, ਮਾਇਆ ਜੋੜੀਏ ਹੋਵੇ ਕਲਾ ਕਲੇਸ਼ 'ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼' ਬਣ ਕੇ ਕੋਰੀ ਕਲਪਨਾ ਰਹਿ ਗਿਆ ਅੱਜ ਕੱਲ੍ਹ ਸੁਖ ਹਰ ਇਕ ਬੰਦਾ ਭੋਗਦਾ ਘੋਰ ਹਨੇਰੇ ਦੁੱਖ ਕਿੰਜ ਇਨ੍ਹਾਂ ਨੂੰ ਕਹਿ ਦਿਆਂ ਫੇਰੋ ਜੰਗਲੀਂ ਮੁੱਖ ਮੇਰੇ ਵਿਹੜੇ ਆ ਗਏ ਇਹ ਜੋ ਬਲਦੇ ਰੁੱਖ ਧਰਤੀ ਸਭ ਨੂੰ ਪਾਲਦੀ ਮਾਂ ਜਿਉਂ ਝੱਲੇ ਦੁੱਖ ਪੁੱਤ ਹੀ ਹੋਣ ਕਪੁੱਤ ਜੇ ਰੋਵੇ ਮਾਂ ਦੀ ਕੁੱਖ ਘਿਰ ਕੇ ਆਖ਼ਰ ਮਰਨਗੇ ਆਪਣੇ ਆਪ ਮਨੁੱਖ ਹੜ੍ਹ ਦੇ ਪਾਣੀ ਵਾਂਗ ਨੇ ਚਾਰ ਚੁਫ਼ੇਰੇ ਦੁੱਖ ਦਾਜ ਬਲੀ ਤੋਂ ਡਰਦੀਆਂ ਮਰਨ ਧੀਆਂ ਵਿਚ ਕੁੱਖ ਕੁਝ ਦੀ ਹੋਣੀ ਸੋਚ ਕੇ ਪੈਣ ਕਲੇਜੇ ਧੁੱਖ ਤਪਦੇ ਥਲ ਦਾ ਹੈ ਸਫ਼ਰ ਕਰਦਾ ਪਿਆ ਮਨੁੱਖ ਨਾ ਕਿਧਰੇ ਕੋਈ ਹੈ ਨਦੀ ਨਾ ਕਿਧਰੇ ਕੋਈ ਰੁੱਖ ਲਾ-ਮਹਿਦੂਦ ਦੇ ਦੇਸ਼ ਨੂੰ ਭਰੇਂ ਜਦੋਂ ਪਰਵਾਜ਼ ਕੇਲ ਕਰੇਂਦੇ ਹੰਝ ਨੂੰ ਫਿਰ ਨਾ ਪੈਂਦੇ ਬਾਜ਼ ਨਦੀਏ! ਤੇਰੇ ਨੀਰ 'ਤੇ ਇਕ ਲਹਿਰਾਂ ਦਾ ਗੀਤ ਪੌਣ ਪੁਰੇ ਦੀ ਦੇ ਰਹੀ ਹਰਫ਼ਾਂ ਨਾਲ਼ ਸੰਗੀਤ ਲਿਖ ਕੇ ਹਰਫ਼ ਪ੍ਰੇਮ ਦਾ ਪੂਰਨ ਕਰ ਦੇ ਛੰਦ ਦਿਲ ਵਿਚ ਹੋਵੇ ਰੌਸ਼ਨੀ ਹੋਣ ਕਿਤਾਬਾਂ ਬੰਦ

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਰਮਜੀਤ ਸੋਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ