Prakash Sathi ਪ੍ਰਕਾਸ਼ ਸਾਥੀ
ਪ੍ਰਕਾਸ਼ ਸਾਥੀ ਦਾ ਜਨਮ (੫ ਮਾਰਚ ੧੯੨੮-) ਨੂੰ ਪਿੰਡ ਨੰਦ, ਜ਼ਿਲ੍ਹਾ ਸ਼ੇਖੂਪੁਰਾ ਵਿਚ ਹੋਇਆ । ਉਨ੍ਹਾਂ ਦਾ ਅਸਲੀ ਨਾਂ ਓਮ ਪ੍ਰਕਾਸ਼ ਪ੍ਰਭਾਕਰ ਸੀ । ਉਨ੍ਹਾਂ ਕੋਲ ਲੋਕ ਮੂੰਹ ਤੇ ਚੜ੍ਹ ਜਾਣ ਵਾਲੀ ਵਿਲੱਖਣ ਸ਼ੈਲੀ ਸੀ। ਉਨ੍ਹਾਂ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾ ਦੇ ਗੀਤ ਲਿਖੇ । ਰੰਗ ਮੰਚ ਤੇ ਉਹਨਾਂ ਦੇ ਨਾਟਕਾਂ ਨੇ ਨਾਟਕ ਕਲਾ ਨੂੰ ਇਕ ਨਵਾਂ ਮੋੜ ਦਿਤਾ, ਕਈ ਹਿੰਦੀ-ਪੰਜਾਬੀ ਨਾਟਕਾਂ ਦੇ ਗੋਲਡਨ ਜੁਬਲੀ ਸ਼ੋ ਹੋਏ । ਉਹਨਾਂ ਨੂੰ ੧੯੭੯ ਵਿਚ "ਬੇਹਤਰੀਨ ਨਾਟਕਕਾਰ" ਲਈ ਸ਼ੋਭਨਾ ਐਵਾਰਡ, ੧੯੮੦ ਵਿਚ ਭੋਮਿਕਾ ਐਵਾਰਡ, ੧੯੮੧ ਵਿਚ ਘਈ ਐਵਾਰਡ, ੧੯੮੨ ਵਿਚ "ਬੇਹਤਰੀਨ ਪੰਜਾਬੀ ਕਵੀ" ਲਈ ਪੀ.ਸੀ.ਐਸ. ਐਵਾਰਡ ਤੇ ੧੯੮੩ ਵਿਚ "ਬੇਹਤਰੀਨ ਗੀਤ ਲੇਖਕ" ਲਈ ਕਲਾ ਸੰਗਮ ਐਵਾਰਡ ਨਾਲ ਸਨਾਮਨਤ ਕੀਤਾ ਗਿਆ । ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਹਨ : ਯਾਦਾਂ ਜਾਗ ਪਈਆਂ, ਅਣਵਿੱਧੇ ਮੋਤੀ, ਖੁਸ਼ੀ ਦੇ ਹੰਝੂ, ਪਿਆਸੇ ਜਾਮ, ਸਦਕੇ ਤੇਰੇ ਹਾਸੇ ਤੋਂ, ਦਰਪਣ ਦਿਲ ਦਾ, ਰੁਲਦੇ ਮੋਤੀ ।
ਪੰਜਾਬੀ ਕਵਿਤਾ ਪ੍ਰਕਾਸ਼ ਸਾਥੀ
1. ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ
ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ
ਮੇਰੇ ਯਾਰ ਸਭ ਹੁਮਹੁਮਾ ਕੇ ਚੱਲਣਗੇ
ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ
ਏਹ ਵਖਰੀ ਏ ਗੱਲ ਮੁਸਕੁਰਾ ਕੇ ਚੱਲਣਗੇ
ਰਹੀਆਂ ਤਨ ਤੇ ਲੀਰਾਂ ਮੇਰੇ ਜ਼ਿੰਦਗੀ ਭਰ
ਮਰਨ ਬਾਦ ਮੈਨੂੰ ਸਜਾ ਕੇ ਚੱਲਣਗੇ
ਜਿਨ੍ਹਾਂ ਦੇ ਮੈਂ ਪੈਰਾਂ 'ਚ ਰੁਲਦਾ ਰਿਹਾ ਹਾਂ
ਓਹ ਹੱਥਾਂ ਤੇ ਮੈਨੂੰ ਉਠਾ ਕੇ ਚੱਲਣਗੇ
ਮੇਰੇ ਯਾਰ ਮੋਢਾ ਵਟਾਵਣ ਬਹਾਨੇ
ਤੇਰੇ ਦਰ ਤੇ ਸਜਦਾ ਕਰਾ ਕੇ ਚੱਲਣਗੇ
ਬਿਠਾਇਆ ਜਿਨ੍ਹਾਂ ਨੂੰ ਮੈਂ ਪਲਕਾਂ ਦੀ ਛਾਵੇਂ
ਓਹ ਬਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ
(ਪਾਠ ਭੇਦ: ਗ਼ਜ਼ਲ ਦਾ ਤੀਜਾ ਸ਼ਿਅਰ ਇਸ
ਤਰ੍ਹਾਂ ਵੀ ਮਿਲਦਾ ਹੈ=
ਰਹੀਆਂ ਜ਼ਿੰਦਗੀ ਭਰ, ਮੇਰੇ ਤਨ ਤੇ ਲੀਰਾਂ,
ਮਰਨ ਬਾਅਦ ‘ਸਾਥੀ’, ਸਜਾ ਕੇ ਚੱਲਣਗੇ ।
2. ਆਪਣੀ ਹੀ ਦੀਦ ਸ਼ੀਸ਼ੇ ਵਿਚ ਜਦ ਪਾਈ ਹੋਏਗੀ
ਆਪਣੀ ਹੀ ਦੀਦ ਸ਼ੀਸ਼ੇ ਵਿਚ ਜਦ ਪਾਈ ਹੋਏਗੀ।
ਸਾਵਣ ਦੀ ਬਦਲੀ ਵਾਂਗ ਉਹ ਸ਼ਰਮਾਈ ਹੋਏਗੀ।
ਮੈਂ ਵੀ ਇਹ ਲੈ ਕੇ ਜ਼ਿੰਦਗੀ ਖ਼ੁਸ਼ ਤੇ ਨਹੀਂ ਕੋਈ,
ਮੈਨੂੰ ਵੀ ਮਿਲ ਕੇ ਜ਼ਿੰਦਗੀ ਪਛਤਾਈ ਹੋਏਗੀ।
ਫੁੱਲ ਦੀ ਚਿਤਾ ਨੂੰ ਵੇਖ ਕੇ ਬਲਦੇ ਬਹਾਰ ਵਿਚ,
ਤੈਨੂੰ ਮੇਰੀ ਵੀ ਯਾਦ ਸੱਜਣ! ਆਈ ਹੋਏਗੀ।
ਦਰ ਤੇ ਮੈਂ ਉਹਦੇ ਏਸ ਲਈ ਅਜ ਫ਼ੇਰ ਆ ਗਿਆ,
ਸੁਣਿਐ ਮੇਰੇ ਨਸੀਬ ਦੀ ਸੁਣਵਾਈ ਹੋਏਗੀ।
ਸੁਫ਼ਨੇ ‘ਚ ਵੀ ਕਦੀ ਨਹੀਂ ਆਉਂਦੇ ਜਨਾਬ ਹੁਣ,
ਉਹਨਾ ਨੇ ਨਾ ਮਿਲਣ ਦੀ ਕਸਮ ਖਾਈ ਹੋਏਗੀ।
ਸਾਗਰ ਦੀ ਲਹਿਰ ਵੇਖੀ ਹੈ ਖ਼ੁਸ਼ੀਆਂ ‘ਚ ਨਚਦੀ,
ਇਹ ਰੇਤ ਦੇ ਘਰਾਂ ਨੂੰ ਢਾਅ ਕੇ ਆਈ ਹੋਏਗੀ।
ਸਾਹ ਤੋੜ ਦਿਓ ਪਲਕਾਂ ਦੇ ਵਿਚ ਆ ਕੇ ਹੰਝੂਓ,
ਆਉਣਾ ਨਾ ਬਾਹਰ ਯਾਰ ਦੀ ਰੁਸਵਾਈ ਹੋਏਗੀ।
ਦੁਨੀਆਂ ਤੋਂ ‘ਸਾਥੀ’ ਜਾਣ ਦੀ ਸੁਣ ਕੇ ਉਹਨੇ ਖ਼ਬਰ,
ਰੋ ਰੋ ਕੇ ਮੇਰੀ ਗ਼ਜ਼ਲ ਕੋਈ ਗਾਈ ਹੋਏਗੀ।
3. ਕਿੰਨੀ ਖੁਸ਼ੀ ਸੀ ਤੇਰੇ ਮਿਲਣ ਦੀ
ਕਿੰਨੀ ਖੁਸ਼ੀ ਸੀ ਤੇਰੇ ਮਿਲਣ ਦੀ, ਕਿੰਨੀ ਉਦਾਸੀ ਹੈ ਜਾਣ ਲੱਗਿਆਂ...
ਮੇਰਾ ਤਾਂ ਦਿਲ ਸੀ ਕੱਖਾਂ ਤੋਂ ਹੌਲਾ, ਤੁਸੀਂ ਵੀ ਰੋ ਪਏ ਹਸਾਣ ਲੱਗਿਆਂ
ਤੇਰੇ ਸਹਾਰੇ ਤੇ ਮੈਂ ਰੱਖੇ ਸੀ ਉਮਰ ਦੀ ਟਹਿਣੀ ਦੇ ਚਾਰ ਤੀਲੇ
ਤੈਨੂੰ ਜ਼ਰਾ ਵੀ ਨਾ ਲਾਜ ਆਈ ਇਨ੍ਹਾਂ ਤੇ ਬਿਜਲੀ ਗਿਰਾਣ ਲਗਿਆਂ
ਜਿੰਨੇ ਮਿਲੇ ਸੀ ਹੋਰਾਂ ਤੋਂ 'ਸਾਥੀ' ਓਨੇ ਮੈਂ ਅੱਥਰੂ ਵਹਾ ਲਏ ਨੇ
ਨਾ ਹੁਣ ਕੋਈ ਹੰਝੂ ਇਕ ਵੀ ਕੇਰੇ ਮੇਰੀ ਅਰਥੀ ਉਠਾਣ ਲੱਗਿਆਂ
4. ਚਿਰ ਤੋਂ ਵਿਛੜੇ ਹੋਏ ਅੱਜ ਮਿਲੇ ਹਾਂ ਸੱਜਣ
ਚਿਰ ਤੋਂ ਵਿਛੜੇ ਹੋਏ ਅੱਜ ਮਿਲੇ ਹਾਂ ਸੱਜਣ,
ਰੂਪ ਪਲਕਾਂ 'ਚ ਮੈਨੂੰ ਲੁਕੋ ਲੈਣ ਦੇ ।
ਹੋਰ ਕੁਝ ਵੀ ਨਹੀਂ ਤੈਥੋਂ ਮੰਗਦੇ ਅਸੀਂ,
ਕੋਲ ਅਪਣੇ ਜ਼ਰਾ ਬਹਿ ਕੇ ਰੋ ਲੈਣ ਦੇ ।
ਫਿਰ ਕਦੇ ਵੀ ਨਾ ਤੈਨੂੰ ਬੁਲਾਵਾਂਗਾ ਮੈਂ,
ਹੁਣ ਤੇ ਬਸ ਕੁਝ ਹੀ ਘੜੀਆਂ ਦੀ ਗੱਲ ਰਹਿ ਗਈ;
ਵਾਸਤਾ ਈ ਘੜੀ ਕੁ ਜ਼ਰਾ ਠਹਿਰ ਜਾ,
ਮੌਤ ਨੂੰ ਬੂਹਾ ਪਲਕਾਂ ਦਾ ਢੋ ਲੈਣ ਦੇ ।
ਬਿਨ ਤੇਰੇ ਜ਼ਿੰਦਗੀ, ਜ਼ਿੰਦਗੀ ਤੇ ਨਹੀਂ,
ਜੀ ਰਹੇ ਹਾਂ ਕਿਸੇ ਲਾਸ਼ ਦੇ ਵਾਂਗਰਾਂ;
ਮੇਰੇ ਦਿਲ ਵਿਚ ਹੀ ਰਹਿ ਜਾਏ ਨਾ ਆਰਜ਼ੂ,
ਮਰਨ ਤੋਂ ਪਹਿਲਾਂ ਕਦਮਾਂ ਨੂੰ ਛੋਹ ਲੈਣ ਦੇ ।
5. ਮੈਂ ਦੂਰ ਚਲਾ ਜਾਵਾਂਗਾ ਜਦੋਂ ਆਪਣੇ ਬੇਗਾਨੇ ਢੂੰਡਣਗੇ
ਮੈਂ ਦੂਰ ਚਲਾ ਜਾਵਾਂਗਾ ਜਦੋਂ ਆਪਣੇ ਬੇਗਾਨੇ ਢੂੰਡਣਗੇ
ਅੱਜ ਮੈਨੂੰ ਦੀਵਾਨਾ ਕਹਿੰਦੇ ਨੇ ਕੱਲ੍ਹ ਏਹੋ ਦੀਵਾਨੇ ਢੂੰਡਣਗੇ ।
ਮੇਰੇ ਜਾਣ ਪਿੱਛੋਂ ਜਦ ਲੋਕ ਉਹਨੂੰ ਮੇਰੀ ਬਰਬਾਦੀ ਪੁੱਛ ਬੈਠੇ
ਇੱਕ ਭੇਤ ਲੁਕਾਵਣ ਦੇ ਸਦਕੇ ਉਹ ਕੀ ਕੀ ਬਹਾਨੇ ਢੂੰਡਣਗੇ
ਜਦ ਮਸਤ ਹਵਾ ਨੇ ਪਾ ਕਿੱਕਲੀ ਕਿਸੇ ਸ਼ੋਖ਼ ਘਟਾ ਦਾ ਘੁੰਡ ਚੁੱਕਿਆ
ਉਸ ਵੇਲੇ ਕਿਸੇ ਦੀ ਮਸਤੀ ਨੂੰ ਰੋ ਰੋ ਮਸਤਾਨੇ ਢੂੰਡਣਗੇ