Pankheroo (Baal-Geet) : Amarpreet Singh Jhita

ਪੰਖੇਰੂ (ਬਾਲ-ਗੀਤ) : ਅਮਰਪ੍ਰੀਤ ਸਿੰਘ ਝੀਤਾ

1. ਸੇਬ

ਲਾਲ ਰੰਗ ਦੇ ਸੇਬ ਸਵਾਦੀ।
ਕੱਟ ਕੇ ਦਿੰਦੀ ਮੇਰੀ ਦਾਦੀ।
ਜਿਹੜਾ ਰੋਜ਼ ਸੇਬ ਹੈ ਖਾਂਦਾ।
ਬਚ ਬਿਮਾਰੀਆਂ ਤੋਂ ਹੈ ਜਾਂਦਾ।
ਬੱਚਿਓ! ਤੁਸੀਂ ਵੀ ਸੇਬ ਖਾਉ।
ਸਰੀਰ ਆਪਣਾ ਨਿਰੋਗ ਬਣਾਉ।

2. ਸ਼ਹਿਦ ਦੀ ਮੱਖੀ

ਸ਼ਹਿਦ ਦੀ ਮੱਖੀ ਉੱਡਦੀ ਜਾਵੇ।
ਫੁੱਲਾਂ ਦਾ ਰਸ ਚੂਸ ਮੁੜ ਆਵੇ।
ਨਿੰਮ ਦੇ ਉੱਤੇ ਬਣਾਇਆ ਛੱਤਾ।
ਕਰਦੀ ਰਹਿੰਦੀ ਸ਼ਹਿਦ ਇਕੱਠਾ।
ਛੱਤੇ 'ਚ ਮੱਖੀਆਂ ਕਈ ਹਜ਼ਾਰ।
ਫੁੱਲਾਂ 'ਤੇ ਬੈਠਣ ਕਿੰਨੀ ਵਾਰ।
ਜਿਹੜਾ ਕਰਦਾ ਇਸ ਨੂੰ ਤੰਗ।
ਝੱਟ ਮਾਰ ਦਿੰਦੀ ਇਹ ਡੰਗ।
ਮਿੱਠਾ ਸ਼ਹਿਦ ਬੜਾ ਗੁਣਕਾਰੀ।
ਮੱਖੀ ਕਰਦੀ ਮਿਹਨਤ ਭਾਰੀ।

3. ਸਤਰੰਗੀ ਪੀਂਘ

ਜਦ ਅਸਮਾਨੀਂ ਬੱਦਲ ਆਉਂਦੇ।
ਛਮ-ਛਮ ਕਰ ਮੀਂਹ ਵਰਸਾਉਂਦੇ।
ਵਾਯੂਮੰਡਲ ਵਿੱਚ ਬੂੰਦਾਂ ਰਹਿ ਜਾਣ।
ਸੂਰਜ ਦੀਆਂ ਕਿਰਨਾਂ ਰੰਗ ਦਿਖਾਣ।
ਸੂਰਜ ਵੱਲ ਕਰ ਪਿੱਠ ਖੜ੍ਹ ਜਾਉ।
ਸਤਰੰਗੀ ਪੀਂਘ ਫਿਰ ਦੇਖ ਪਾਉ।
ਚਾਪ ਆਕਾਰੀ ਬਣ ਜਾਂਦੀ ਪੀਂਘ।
ਹਰ ਕੋਈ ਤੱਕੇ ਲਾ ਕੇ ਨੀਝ।
ਜਾਮਨੀ, ਬੈਂਗਣੀ ਤੇ ਰੰਗ ਨੀਲਾ।
ਲਾਲ, ਸੰਤਰੀ, ਹਰਾ ਤੇ ਪੀਲਾ।
ਸਤਰੰਗੀ ਪੀਂਘ ਲੱਗੇ ਬੜੀ ਸੋਹਣੀ।
ਹਰ ਇੱਕ ਦੇ ਮਨ ਨੂੰ ਮੋਹਣੀ।

4. ਸਾਈਕਲ

ਮੇਰਾ ਸਾਈਕਲ ਬੜਾ ਪਿਆਰਾ।
ਇਸ 'ਤੇ ਘੁੰਮਾਂ ਮੈਂ ਪਿੰਡ ਸਾਰਾ।
ਟ੍ਰੰਨ-ਟ੍ਰੰਨ ਕਰਕੇ ਘੰਟੀ ਵੱਜੇ।
ਚਲਾਵਾਂ ਦੇਖ ਕੇ ਖੱਬੇ-ਸੱਜੇ।
ਨਿੱਤ ਸਕੂਲੇ ਇਸ 'ਤੇ ਜਾਵਾਂ।
ਹਰ ਮੋੜ 'ਤੇ ਘੰਟੀ ਵਜਾਵਾਂ।
ਪਿਛਲੀ ਸੀਟ 'ਤੇ ਰੱਖਾਂ ਬਸਤਾ।
ਆਵਾਜਾਈ ਦਾ ਸਾਧਨ ਸਸਤਾ।
ਹੈਂਡਲ ਦੇ ਨਾਲ ਟੋਕਰੀ ਲੱਗੀ।
ਰੋਟੀ ਵਾਲੀ ਰੱਖਾਂ ਵਿੱਚ ਡੱਬੀ।
ਸਮੇਂ ਸਿਰ ਸਕੂਲ ਪੁੱਜ ਜਾਵਾਂ।
ਬੜੇ ਧਿਆਨ ਨਾਲ ਚਲਾਵਾਂ।

5. ਮਾਰੂਥਲ ਦਾ ਜਹਾਜ਼

ਭੂਰਾ - ਭੂਰਾ ਇਸਦਾ ਰੰਗ।
ਗਰਮੀ ਵਿੱਚ ਨਾ ਹੋਵੇ ਤੰਗ।
ਇਸਦੀਆਂ ਲੰਮੀਆਂ ਲੱਤਾਂ ਚਾਰ।
ਪਿੱਠ 'ਤੇ ਬਣਿਆ ਇੱਕ ਪਹਾੜ।
ਰੇਤਾ ਉੱਤੇ ਤੁਰਦਾ ਜਾਏ।
ਮਾਰੂਥਲ ਦਾ ਜਹਾਜ਼ ਕਹਾਏ।
ਮੰਜ਼ਿਲ ਤੱਕ ਪਹੁੰਚਾਉਂਦਾ ਹੈ।
ਕਿਹੜਾ ਜੀਵ ਕਹਾਉਂਦਾ ਹੈ?

6. ਲੋਰੀ

ਸੌਂ ਜਾ ਮੇਰੇ ਰਾਜ ਦੁਲਾਰੇ।
ਮੇਰੀ ਅੱਖੀਆਂ ਦੇ ਤਾਰੇ।
ਨੀਂਦ ਰਾਣੀ ਆਈ ਹੈ।
ਬਾਤ ਤੈਨੂੰ ਸੁਣਾਈ ਹੈ।
ਪਰੀਆਂ ਗੀਤ ਗਾਉਂਦੀਆਂ।
ਕਾਕੇ ਨੂੰ ਖਿਡਾਉਂਦੀਆਂ।
ਨਿਕਲ ਆਏ ਨੇ ਤਾਰੇ।
ਟਿਮ-ਟਿਮ ਚਮਕਣ ਸਾਰੇ।
ਚੰਦਾ ਮਾਮਾ ਆਇਆ ਹੈ।
ਗੁੱਗੂ ਦੇਖ ਮੁਸਕਰਾਇਆ ਹੈ।
ਹੁਣ ਪੈ ਚੱਲੀ ਰਾਤ ਏ।
ਮੁੱਕ ਗਈ ਮੇਰੀ ਬਾਤ ਏ।

7. ਛਣਕਣਾ

ਮਾਮਾ ਜੀ ਘਰ ਸਾਡੇ ਆਏ।
ਮੁੰਨ੍ਹੇ ਲਈ ਛਣਕਣਾ ਲਿਆਏ।
ਲਾਲ ਤੇ ਪੀਲਾ ਇਸਦਾ ਰੰਗ।
ਸਭ ਨੂੰ ਆਇਆ ਬੜਾ ਪਸੰਦ।
ਜਦ ਮੁੰਨੇ ਨੂੰ ਅਸੀਂ ਫੜਾਇਆ।
ਛਣ-ਛਣ ਕਰ ਉਸ ਹਿਲਾਇਆ।
ਛਣਕਣਾ ਮੁੰਨ੍ਹਾ ਵਜਾਈ ਜਾਵੇ।
ਨਾਲ-ਨਾਲ ਮੁਸਕਰਾਈ ਜਾਵੇ।
ਬੱਚਿਆਂ ਦਾ ਮਨਪਸੰਦ ਖਿਡੌਣਾ।
ਇਸਦੇ ਤੁੱਲ ਕੋਈ ਹੋਰ ਨਾ ਹੋਣਾ।

8. ਤਿਕੋਣ

ਆਓ ਬੱਚਿਓ! ਗੱਲ ਸਮਝਾਵਾਂ।
ਤਿਕੋਣ ਦੀਆਂ ਨੇ ਤਿੰਨ ਭੁਜਾਵਾਂ।
ਤਿੰਨੋਂ ਖੂੰਜੇ ਸਿਖਰ ਕਹਾਉਂਦੇ।
ਤਿੰਨ ਕੋਣ ਵੀ ਇਹ ਬਣਾਉਂਦੇ।
ਜੋੜ ਕੋਣਾਂ ਦਾ ਇੱਕ ਸੌ ਅੱਸੀ।
ਸਭ ਨੂੰ ਗੱਲ ਮੈਂ ਇਹ ਦੱਸੀ।

9. ਆਵਾਜਾਈ ਦੇ ਚਿੰਨ੍ਹ

ਜਦ ਵੀ ਸੜਕ ਉੱਤੇ ਆਈਏ।
ਆਵਾਜਾਈ ਚਿੰਨ੍ਹ ਦੇਖੀ ਜਾਈਏ।
ਨਿਯਮਿਤ ਚਿੰਨ੍ਹ ਹੋਣ ਗੋਲ ਆਕਾਰੀ।
ਲਾਲ ਰੰਗ ਦੀ ਹੋਵੇ ਪੱਟੀ ਮਾਰੀ।
ਉਸ ਕੰਮ ਦੀ ਕਰਨ ਮਨਾਹੀ।
ਜਿਸ ਦੀ ਉੱਤੇ ਤਸਵੀਰ ਬਣਾਹੀ।
ਚਿਤਾਵਨੀ ਚਿੰਨ੍ਹ ਹੁੰਦੇ ਵਾਂਗ ਤਿਕੋਣ।
ਤੰਗ ਪੁੱਲ,ਫਾਟਕ ਬਾਰੇ ਦੱਸਦੇ ਹੋਣ।
ਆਇਤਾਕਾਰੀ ਸੂਚਨਾਤਮਿਕ ਚਿੰਨ੍ਹ।
ਦੋਨਾਂ ਚਿੰਨ੍ਹਾਂ ਤੋਂ ਇਹ ਭਿੰਨ।
ਪਿੰਡ, ਸ਼ਹਿਰ ਦੀ ਦੱਸਦੇ ਦੂਰੀ।
ਹਸਪਤਾਲ,ਪੰਪ ਦੀ ਕਰਨ ਮਸ਼ਹੂਰੀ।
ਚਿੰਨ੍ਹਾਂ ਦੀ ਪਾਲਣਾ ਕਰਦੇ ਜਾਉ।
ਆਪਣੀ ਯਾਤਰਾ ਸਫ਼ਲ ਬਣਾਉ।

10. ਮਿੱਠੂ

ਤੋਤੇ ਮੇਰੇ ਦਾ ਮਿੱਠੂ ਨਾਂ।
ਬੜਾ ਪਿਆਰ ਉਸਨੂੰ ਕਰਾਂ।
ਹਰਾ-ਹਰਾ ਹੈ ਉਸਦਾ ਰੰਗ।
ਟੈਂ-ਟੈਂ ਲਾਈ ਰੱਖੇ ਹਰਦਮ।
ਸਾਂਗ ਸਾਡੀ ਲਗਾਉਂਦਾ ਹੈ।
ਗੱਲਾਂ ਕਈ ਸੁਣਾਉਂਦਾ ਹੈ।
ਗਲ ਉਸਦੇ ਗਾਨੀ ਕਾਲੀ।
ਲਾਲ ਚੁੰਝ ਹੈ ਦੇਖਣ ਵਾਲੀ।
ਹਰੀਆਂ ਮਿਰਚਾਂ ਕਰੇ ਪਸੰਦ।
ਪਿੰਜਰੇ ਵਿੱਚ ਕਰਾਂ ਨਾ ਬੰਦ।
ਖੁੱਲ੍ਹੀ ਹਵਾ 'ਚ ਉਡਾਰੀ ਲਾਏ।
ਆਥਣ ਵੇਲੇ ਘਰ ਮੁੜ ਆਏ।

11. ਰੱਖੋ ਸਫ਼ਾਈ

ਆਲੇ-ਦੁਆਲੇ ਦੀ ਰੱਖੋ ਸਫ਼ਾਈ।
ਸਭ ਦੀ ਇਸੇ ਵਿੱਚ ਭਲਾਈ।
ਕੂੜਾ ਕੂੜੇਦਾਨ ਵਿੱਚ ਪਾਈਏ।
ਨਾਲੀ ਵਿੱਚ ਨਾ ਸੁੱਟਦੇ ਜਾਈਏ।
ਨਹੀਂ ਤਾਂ ਪਾਣੀ ਖੜ੍ਹ ਜਾਊ।
ਮੱਛਰ ਫਿਰ ਕੱਟਣ ਨੂੰ ਆਊ।
ਬਿਮਾਰੀਆਂ ਨੂੰ ਕਿਉਂ ਸੱਦਾ ਦੇਈਏ?
ਗਲੀ,ਮੁਹੱਲਾ ਸਾਫ਼ ਕਰਦੇ ਰਹੀਏ।
ਸਿਹਤਮੰਦ ਜੇ ਚਾਹੁੰਦੇ ਰਹਿਣਾ।
ਰੱਖੋ ਸਫ਼ਾਈ, ਮੰਨੋ ਮੇਰਾ ਕਹਿਣਾ।

12. ਜਲ ਚੱਕਰ

ਛੱਪੜ,ਸਮੁੰਦਰ,ਨਦੀਆਂ ਦਾ ਪਾਣੀ।
ਭਾਫ਼ ਬਣੇ ਜਦ ਪੈਂਦੀ ਧੁੱਪ ਰਾਣੀ।
ਵਿੱਚ ਅਸਮਾਨੀਂ ਭਾਫ਼ ਉੱਡ ਜਾਏ।
ਠੰਡੀ ਹਵਾ ਨਿੱਕੀ ਬੂੰਦ ਬਣਾਏ।
ਨਿੱਕੀਆਂ ਬੂੰਦਾਂ ਰਲ ਕੱਠੀਆਂ ਹੋਣ।
ਫਿਰ ਚਿੱਟੇ,ਕਾਲੇ ਬੱਦਲ ਬਣਾਉਣ।
ਜਦ ਅਸਮਾਨੀਂ ਬੱਦਲ ਆਉਂਦੇ।
ਛਮ-ਛਮ ਕਰ ਮੀਂਹ ਵਰਸਾਉਂਦੇ।
ਪਾਣੀ ਛੱਪੜ, ਸਮੁੰਦਰ 'ਚ ਆਏ।
ਇਹ ਪ੍ਰਕਿਰਿਆ ਜਲ ਚੱਕਰ ਕਹਾਏ।

13. ਫੁਲਕਾਰੀ

ਦਾਦੀ ਮਾਂ ਨੇ ਚਰਖਾ ਡਾਹਿਆ।
ਰੂੰ ਕੱਤ ਕੇ ਸੂਤ ਬਣਾਇਆ।
ਵੱਖ-ਵੱਖ ਰੰਗ ਦੇ ਰੰਗੇ ਪੱਟ।
ਚਾਦਰ ਬੁਣ ਲਈ ਝੱਟ-ਪੱਟ।
ਰੇਸ਼ਮੀ ਧਾਗੇ ਦੀ ਕੱਢੀ ਕਢਾਈ।
ਫੁੱਲ, ਬੂਟੇ ਪਾ ਕੇ ਖੂਬ ਸਜਾਈ।
ਰੀਝਾਂ ਨਾਲ ਕੱਢੀ ਫੁਲਕਾਰੀ।
ਵਰਤੇ ਇਸਨੂੰ ਦੁਨੀਆਂ ਸਾਰੀ।
ਕਢਾਈ ਇਸਦੀ ਬੜੀ ਹੀ ਸੋਹਣੀ।
ਸਭ ਕੁੜੀਆਂ ਦੇ ਮਨ ਨੂੰ ਮੋਹਣੀ।

14. ਡਾਕੀਆ

ਜਦੋਂ ਡਾਕੀਆ ਅੰਕਲ ਆਉਂਦੇ।
ਚਿੱਠੀ-ਪੱਤਰ ਕੋਈ ਲਿਆਉਂਦੇ।
ਨੇੜੇ ਹੋਵੇ ਜਾਂ ਕੋਈ ਦੂਰ।
ਚਿੱਠੀ ਦਿੰਦੇ ਇਹ ਜ਼ਰੂਰ।
ਦੇਸ਼-ਵਿਦੇਸ਼ ਵਿੱਚ ਚਿੱਠੀ ਜਾਏ।
ਘਰ ਦਾ ਸੁੱਖ ਸੁਨੇਹਾ ਪਹੁੰਚਾਏ।
ਜਿਸਨੂੰ ਪੜ੍ਹਨਾ-ਲਿਖਣਾ ਆਏ।
ਉਹ ਹੀ ਚਿੱਠੀ ਲਿਖ ਪਾਏ।
ਚਾਹੇ ਗਰਮੀ ਜਾਂ ਹੋਵੇ ਠੰਢ।
ਚਿੱਠੀ ਦਾ ਇਹ ਕਰਨ ਪ੍ਰਬੰਧ।
ਡਾਕੀਆ ਅੰਕਲ! ਜਲਦੀ ਆਉਣਾ।
ਚਿੱਠੀ ਮੇਰੇ ਲਈ ਲਿਆਉਣਾ।

15. ਰੁੱਖ ਲਗਾਈਏ

ਆਉ ਮਿੱਤਰੋ! ਰੁੱਖ ਲਗਾਈਏ।
ਵਧਦੀ ਗਰਮੀ ਨੂੰ ਘਟਾਈਏ।
ਸਾਫ਼ ਹਵਾ ਵਿੱਚ ਸਾਹ ਜੇ ਲੈਣਾ।
ਰੁੱਖਾਂ ਨੂੰ ਤਾਂ ਫਿਰ ਸਾਂਭਣਾ ਪੈਣਾ।
ਸਭ ਪਾਸੇ ਹਰਿਆਲੀ ਵਧਾਈਏ।
ਫਲ, ਫੁੱਲ, ਲੱਕੜ ਤੇ ਛਾਂ ਦਿੰਦੇ ।
ਪੰਛੀਆਂ ਨੂੰ ਆਲ੍ਹਣੇ ਦੀ ਥਾਂ ਦਿੰਦੇ।
ਆਪਣੀ ਧਰਤੀ ਆਪ ਬਚਾਈਏ।
ਹਰ ਕੰਮ ਵਿੱਚ ਇਹ ਸਹਿਯੋਗੀ।
ਇਲਾਜ ਦੇ ਵਿੱਚ ਬੜੇ ਉਪਯੋਗੀ।
ਸਭ ਨੂੰ ਇਹ ਗੱਲ ਸਮਝਾਈਏ।
ਗਰਮੀ,ਸਰਦੀ ਰਹਿਣ ਹੰਢਾਉਂਦੇ।
ਗੰਧਲੀ ਹਵਾ ਨੂੰ ਸਾਫ਼ ਬਣਾਉਂਦੇ।
ਰੁੱਖਾਂ ਨਾਲ ਗੂੜ੍ਹੀਆਂ ਪ੍ਰੀਤਾਂ ਪਾਈਏ।
ਆਉ ਮਿੱਤਰੋ! ਰੁੱਖ ਲਗਾਈਏ।
ਵਧਦੀ ਗਰਮੀ ਤੋਂ ਰਾਹਤ ਪਾਈਏ।

16. ਨਾਨਕੇ ਘਰ

ਗਰਮੀ ਦੀਆਂ ਹੋਈਆਂ ਛੁੱਟੀਆਂ।
ਜਾਣਾ ਨਾਨਕੇ ਲੂਹਰੀਆਂ ਫੁੱਟੀਆਂ।
ਮੰਮੀ-ਪਾਪਾ ਜੀ ਸੁਣੋ ਗੱਲ ਮੇਰੀ।
ਨਾਨਕੇ ਚੱਲੀਏ ਨਾ ਲਾਉ ਦੇਰੀ।
ਸਕੂਲ ਦਾ ਕੰਮ ਕਰੂੰ ਉਥੇ ਜਾ ਕੇ।
ਕਰੂੰ ਪੜ੍ਹਾਈ ਪੂਰਾ ਮਨ ਲਾ ਕੇ।
ਨਾਨੀ ਮਾਂ ਬਾਤਾਂ ਬਹੁਤ ਸੁਣਾਉਂਦੇ।
ਨਾਨਾ ਜੀ ਮੈਨੂੰ ਖੂਬ ਘੁੰਮਾਉਂਦੇ।
ਕਦੀ ਨਾ ਕਰੂੰ ਕਿਸੇ ਨੂੰ ਤੰਗ।
ਮਾਮਾ ਜੀ ਸੰਗ ਉਡਾਊਂ ਪਤੰਗ।
ਮਾਮੀ ਜੀ ਬੜਾ ਲਾਡ ਲਡਾਉਂਦੇ।
ਖੀਰ-ਪੂੜੇ ਬਣਾ ਮੈਨੂੰ ਖਵਾਉਂਦੇ।
'ਗੁੱਗੂ','ਨਵੀ' ਨੂੰ ਖੇਡਾਂ ਖਿਡਾਊਂ।
ਕੋਲ ਬਿਠਾ ਕੇ ਕਿਤਾਬ ਪੜ੍ਹਾਊਂ।
ਮੰਮੀ ਪਾਪਾ ਦੇਰ ਨਾ ਲਾਓ।
ਨਾਨਕਿਆਂ ਦੇ ਮੈਨੂੰ ਲੈ ਜਾਓ।

17. ਸਾਕ-ਸੰਬੰਧੀ

ਮਾਤਾ-ਪਿਤਾ ਸਾਨੂੰ ਜੱਗ ਦਿਖਾਉਂਦੇ।
ਭੈਣ-ਭਰਾ ਸਾਨੂੰ ਰਹਿਣ ਖਿਡਾਉਂਦੇ।
ਪਿਤਾ ਦੇ ਮਾਪੇ ਦਾਦਾ-ਦਾਦੀ ਹੋਣ।
ਨਾਨਾ-ਨਾਨੀ ਮੰਮੀ ਦੇ ਮਾਪੇ ਕਹਾਉਣ।
ਵੱਡਾ ਭਰਾ ਪਿਤਾ ਦਾ ਲੱਗੇ ਤਾਇਆ।
ਛੋਟਾ ਭਰਾ ਮੇਰਾ ਚਾਚਾ ਅਖਵਾਇਆ।
ਭੂਆ ਮੇਰੀ ਹੁੰਦੀ ਪਿਤਾ ਦੀ ਭੈਣ।
ਮਾਸੀ, ਮੰਮੀ ਦੀ ਭੈਣ ਨੂੰ ਕਹਿਣ।
ਮਾਮਾ, ਮੰਮੀ ਦਾ ਭਰਾ ਅਖਵਾਇਆ।
ਸਾਲਾ ਕਹਿ ਪਿਤਾ ਨੇ ਬੁਲਾਇਆ।

ਵਿਆਹ ਪਿੱਛੋਂ ਮਾਪੇ ਬਣਦੇ ਸੱਸ-ਸਹੁਰਾ।
ਸਹੁਰੇ ਦੇ ਭਰਾ ਨੂੰ ਕਹਿੰਦੇ ਪਤਿਉਰਾ।
ਮੰਮੀ ਦੀ ਭੈਣ ਲੱਗੇ ਪਿਤਾ ਦੀ ਸਾਲੀ।
ਸਾਕਾਂ ਦੀ ਕੜੀ ਬੜੀ ਨਿਰਾਲੀ।
ਭੈਣ ਦਾ ਘਰਵਾਲਾ ਲੱਗਦਾ ਜੀਜਾ।
ਭਰਾ ਦਾ ਮੁੰਡਾ ਲੱਗੇ ਮੇਰਾ ਭਤੀਜਾ।
ਤਾਏ ਦੀ ਵਹੁਟੀ ਨੂੰ ਕਹਿੰਦੇ ਤਾਈ।
ਚਾਚੇ ਦੀ ਵਹੁਟੀ ਚਾਚੀ ਅਖਵਾਈ।
ਤਾਇਆ ਚਾਚੀ ਦਾ ਜੇਠ ਕਹਾਇਆ।
ਦਿਉਰ ਕਹਿ ਭਾਬੀ ਮੈਨੂੰ ਬੁਲਾਇਆ।
ਭਰਾ ਦੀ ਵਹੁਟੀ ਨੂੰ ਭਾਬੀ ਕਹੀਏ।
ਮਿਲ-ਜੁਲ ਕੇ ਪਰਿਵਾਰ 'ਚ ਰਹੀਏ।

18. ਪੇਂਡੂ ਖੇਡਾਂ

ਬੱਚਿਆਂ ਨੂੰ ਲੱਗੇ ਖੇਡ ਪਿਆਰੀ।
ਖੇਡਦੇ ਰਹਿਣ ਪੂਰੀ ਦਿਹਾੜੀ।
ਧਰਤੀ ਉੱਤੇ ਖ਼ਾਨੇ ਵਾਹ ਕੇ।
ਘੜੇ ਦੀ ਠੀਕਰੀ ਬਣਾ ਕੇ।
ਅੱਡੇ-ਖੱਡੇ ਦੀ ਖੇਡ ਨਿਆਰੀ।
ਗੋਲ ਚੱਕਰ ਵਿੱਚ ਬੱਚੇ ਬਿਠਾ ਕੇ।
ਚੁੰਨੀ ਦਾ ਫਿਰ ਕੋਟਲਾ ਬਣਾ ਕੇ।
ਕੋਟਲਾ-ਛਪਾਕੀ ਖੇਡਣ ਦੀ ਵਾਰੀ।
ਜੁੱਤੀਆਂ, ਚੱਪਲਾਂ ਲਉ ਉਤਾਰ।
ਬਾਂਦਰ-ਕੀਲਾ ਲਈ ਚੱਕਰ ਮਾਰ।
ਜ਼ੋਰ ਨਾਲ ਖਿੱਚ ਨਿਸ਼ਾਨਾ ਮਾਰੀਂ।
ਇੱਕ ਬੱਚਾ ਪੈਰਾਂ ਭਾਰ ਬਿਠਾ ਕੇ।
ਉਸਦੇ ਸਿਰ ਮੁੱਠੀਆਂ ਟਿਕਾ ਕੇ।
ਖੇਡ ਹੁੰਦੀ ਇਹ ਭੰਡਾ-ਭੰਡਾਰੀ।
ਪੱਥਰ, ਲਾਖ ਦੇ ਗੀਟੇ ਬਣਾ ਕੇ।
ਘਰ ਖੇਡੋ ਜਾਂ ਬਾਹਰ ਜਾ ਕੇ।
ਗੀਟੇ ਖੇਡ ਕੁੜੀਆਂ ਨੂੰ ਪਿਆਰੀ।
ਖੁੱਲ੍ਹੇ ਮੈਦਾਨ ਦੇ ਵਿੱਚ ਜਾ ਕੇ।
ਗੁੱਲੀ-ਡੰਡਾ ਖੇਡੋ ਟੋਲੀ ਬਣਾ ਕੇ।
ਟੁੱਲ ਜ਼ੋਰ ਨਾਲ ਤੂੰ ਮਾਰੀਂ।

19. ਪੰਛੀ

ਜੀਅ ਕਰਦਾ ਪੰਛੀ ਬਣ ਜਾਵਾਂ।
ਵਿੱਚ ਅਸਮਾਨੀਂ ਉਡਾਰੀ ਲਾਵਾਂ।
ਸੋਹਣੇ ਸੋਹਣੇ ਇਹਨਾਂ ਦੇ ਖੰਭ।
ਕੁਦਰਤ ਨੇ ਕਿਵੇਂ ਭਰੇ ਨੇ ਰੰਗ?
ਚਿੱਤ ਕਰੇ ਮੈਂ ਦੇਖੀ ਜਾਵਾਂ।
ਚੀਂ-ਚੀਂ ਕਰਦੀ ਚਿੜੀ ਕੁਝ ਕਹਿੰਦੀ।
ਦਾਣਾ ਦਾਣਾ ਇਹ ਚੁਗਦੀ ਰਹਿੰਦੀ।
ਆਲ੍ਹਣਾ ਇਹਨਾਂ ਲਈ ਮੈਂ ਬਣਾਵਾਂ।
ਕਬੂਤਰ ਲੱਗਦੇ ਬੜੇ ਪਿਆਰੇ।
ਗੁਟਗੂੰ, ਗੁਟਗੂੰ ਕਰਦੇ ਸਾਰੇ।
ਖੁਸ਼ੀ-ਖੁਸ਼ੀ ਮੈਂ ਦਾਣਾ ਪਾਵਾਂ।
ਰਾਸ਼ਟਰੀ ਪੰਛੀ ਸਾਡਾ ਹੈ ਮੋਰ।
ਮਟਕ ਮਟਕ ਕੇ ਤੁਰਦਾ ਤੋਰ।
ਪੈਲ ਪਾਉਂਦੇ ਨੂੰ ਦੇਖੀਂ ਜਾਵਾਂ।
ਕੁੱਕੜ ਵੀ ਪੰਛੀਆਂ ਵਿੱਚ ਆਉਂਦਾ।
ਭਾਰਾ ਏਨਾ, ਉੱਡ ਨਾ ਪਾਉਂਦਾ।
ਕੁੜ-ਕੁੜ ਮੈਂ ਸਾਂਗ ਲਗਾਵਾਂ।
ਚਲਾਕ ਪੰਛੀ ਕਾਂ ਕਹਾਵੇ।
ਕੂ-ਕੂ ਕਰਕੇ ਕੋਇਲ ਗਾਵੇ।
ਪੰਛੀਆਂ ਸੰਗ ਦੋਸਤੀ ਮੈਂ ਪਾਵਾਂ।

20. ਪਾਣੀ

ਸਭ ਦੀ ਪਿਆਸ ਬੁਝਾਉਂਦਾ ਪਾਣੀ।
ਇਹ ਮੁੱਕਿਆ ਤਾਂ ਖਤਮ ਕਹਾਣੀ।
ਸਭ ਜੀਵਾਂ ਨੂੰ ਪਾਲਣਹਾਰਾ।
ਪਿਤਾ ਵਾਂਗੂੰ ਦੇਵੇ ਸਹਾਰਾ।
ਸਭ ਨੂੰ ਵਾਧੇ ਪਾਉਂਦਾ ਪਾਣੀ।
ਧਰਤੀ ਹੇਠੋਂ ਜਾਵੇ ਇਹ ਮੁੱਕਦਾ।
ਬਿਨ ਪਾਣੀ ਸਭ ਜਾਊ ਸੁੱਕਦਾ।
ਦੁਨੀਆਂ ਸਾਰੀ ਚਲਾਉਂਦਾ ਪਾਣੀ।
ਇਹ ਸਾਡੇ ਜੀਵਨ ਦਾ ਆਧਾਰ।
ਇਸ ਬਾਝੋਂ ਸਭ ਕੁੱਝ ਬੇਕਾਰ।
ਪਾਣੀ ਸੰਗ ਵੱਸੇ ਕੁਦਰਤ ਰਾਣੀ।
ਪਾਣੀ ਦੀ ਦਾਤ ਰਲ ਬਚਾਈਏ।
ਵਿਅਰਥ ਇਸਨੂੰ ਨਾ ਗਵਾਈਏ।
ਸਾਰੀ ਦੁਨੀਆਂ ਵਸਾਉਂਦਾ ਪਾਣੀ।

21. ਚਿੜੀ-ਕਾਂ

ਚਿੜੀ ਕਾਂ ਦੀ ਹੋਈ ਲੜਾਈ।
ਚਿੜੀ ਨੇ ਸਾਰੀ ਖਿਚੜੀ ਖਾਈ।
ਦੋਹਾਂ ਰਲ ਕੇ ਸੀ ਬਣਾਈ।
ਮਹਿਕ ਦੂਰ ਤੱਕ ਸੀ ਆਈ।
ਚੌਲ ਚਿੜੀ ਲੈ ਕੇ ਸੀ ਆਈ।
ਕਾਂ ਨੇ ਦਾਲ ਵਿੱਚ ਸੀ ਪਾਈ।
ਖਿਚੜੀ ਬਣੀ ਵਿੱਚ ਕੁਝ ਪਲ।
ਪਾਣੀ ਪੀਣ ਕਾਂ ਗਿਆ ਖੂਹ ਵੱਲ।
ਪਾਣੀ ਪੀ ਜਦ ਕਾਂ ਮੁੜ ਆਇਆ।
ਭਾਂਡਾ ਖਿਚੜੀ ਦਾ ਖਾਲੀ ਪਾਇਆ।
ਗੁੱਸਾ ਕਾਂ ਨੂੰ ਬੜਾ ਹੀ ਆਇਆ।
ਭੁੱਖ ਨੇ ਉਸ ਨੂੰ ਬੜਾ ਸਤਾਇਆ।
ਡਰਦੀ ਮਾਰੀ ਚਿੜੀ ਲੁਕ ਗਈ।
ਕਾਂ ਨੂੰ ਕਿਧਰੇ ਨਜ਼ਰੀਂ ਨਾ ਪਈ।
ਚਿੜੀ ਲੁਕੀ ਤਵੇ ਦੇ ਓਹਲੇ।
ਕਾਂ ਕੋਲ ਪਹੁੰਚਾ ਹੌਲੇ-ਹੌਲੇ।
ਤੱਤਾ ਚਿਮਟਾ ਚਿੜੀ ਦੇ ਲਾਇਆ।
ਸੀ-ਸੀ ਕਰ ਉਸ ਰੌਲਾ ਪਾਇਆ।
ਹਾਏ-ਹਾਏ! ਮੇਰਾ ਪੌਂਚਾ ਸੜਿਆ।
ਮੇਰੇ ਨਾਲ ਕਾਂ ਹੈ ਲੜਿਆ।
ਚਿੜੀ ਨੇ ਕਾਂ ਤੋਂ ਮਾਫ਼ੀ ਮੰਗੀ।
ਵੰਡ ਕੇ ਖਾਈਏ ਗੱਲ ਹੈ ਚੰਗੀ।