Omar Khayyam
ਉਮਰ ਖ਼ੱਯਾਮ

ਉਮਰ ਖ਼ਯਾਮ (18 ਮਈ 1048–4 ਦਸੰਬਰ 1131) ਫ਼ਾਰਸੀ ਸਾਹਿਤਕਾਰ, ਹਿਸਾਬਦਾਨ, ਖਗੋਲਸ਼ਾਸਤਰੀ ਅਤੇ ਫ਼ਿਲਾਸਫਰ ਸਨ । ਉਨ੍ਹਾਂ ਦਾ ਜਨਮ ਉੱਤਰ-ਪੂਰਬੀ ਫਾਰਸ ਦੇ ਨੇਸ਼ਾਬੁਰ (ਨੇਸ਼ਾਪੁਰ) ਵਿੱਚ ਗਿਆਰਵੀਂ ਸਦੀ ਵਿੱਚ ਇੱਕ ਖੇਮਾ (ਤੰਬੂ) ਬਣਾਉਣ ਵਾਲ਼ੇ ਪਰਵਾਰ ਵਿੱਚ ਹੋਇਆ ਅਤੇ ਉੱਥੇ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਲੰਘਾਈ । ਉਨ੍ਹਾਂ ਦਾ ਰੁਬਾਈਆਂ ਦਾ ਪਹਿਲਾ ਸੰਗ੍ਰਹਿ 1423 ਵਿੱਚ ਪ੍ਰਕਾਸ਼ਿਤ ਹੋਇਆ, ਯਾਨੀ ਖ਼ਯਾਮ ਦੀ ਮੌਤ ਤੋਂ ਤਕਰੀਬਨ ਤਿੰਨ ਸਦੀਆਂ ਬਾਅਦ। ਇਸ ਲਈ ਇਨ੍ਹਾਂ ਰੁਬਾਈਆਂ ਵਿੱਚ ਰਲਾਵਟ ਮੰਨੀ ਜਾਂਦੀ ਹੈ। ਉਨ੍ਹਾਂ ਦੀਆਂ ਰੁਬਾਈਆਂ ਨੂੰ ਦੁਨੀਆਂ ਪੱਧਰ ਤੇ ਮਸ਼ਹੂਰ ਕਰਨ ਵਿੱਚ ਅੰਗਰੇਜ਼ੀ ਕਵੀ ਐਡਵਰਡ ਫ਼ਿਟਜ਼ਜੈਰਲਡ ਦਾ ਵੱਡਾ ਯੋਗਦਾਨ ਰਿਹਾ ਹੈ। ਰੁਬਾਈਆਤ-ਏ- ਖ਼ਯਾਮ ਦੇ ਨਾਮ ਨਾਲ ਇਹ ਅੰਗਰੇਜ਼ੀ ਅਨੁਵਾਦ 15 ਜਨਵਰੀ 1859 ਨੂੰ ਪ੍ਰਕਾਸ਼ਿਤ ਹੋਇਆ।

Rubaiyat of Omar Khayyam Translator Jaswant Singh Neki

ਰੁਬਾਈਆਤ/ਰੁਬਾਈਆਂ ਉਮਰ ਖ਼ਯਾਮ ਅਨੁਵਾਦਕ ਜਸਵੰਤ ਸਿੰਘ ਨੇਕੀ

1

ਰੈਣ ਪਟਾਰੀ ਵਿਚ ਪ੍ਰਭਾਤ ਨੇ ਪੱਥਰ ਇਕ ਪਟਕਾਇਆ,
ਤਾਰਿਆਂ ਦੀ ਸੈਨਾ ਨੂੰ ਜਿਸ ਨੇ ਪਿੱਛਲ-ਪੈਰ ਭਜਾਇਆ ।
ਸੁਤਿਆ ਜਾਗ ਕਿ ਚੜ੍ਹਦੇ ਵੱਲੋਂ ਉਠਿਐ ਇਕ ਸ਼ਿਕਾਰੀ,
ਸ਼ਾਹੀ ਬੁਰਜ ਨੂੰ ਜਿਸ ਨੇ ਅਪਣੇ ਕਿਰਨ-ਜਾਲ ਵਿਚ ਫਾਹਿਆ ।

AWAKE! for Morning in the Bowl of Night
Has flung the Stone that puts the Stars to Flight:
And Lo! the Hunter of the East has caught
The Sultán's Turret in a Noose of Light.

2

ਜਦ ਪ੍ਰਭਾਤ ਨੇ ਖੰਭ ਆਪਣੇ ਅਸਮਾਨੀ ਫੈਲਾਏ,
ਸੁਣਿਆਂ ਮੈਂ ਕਿ ਮੈਖ਼ਾਨੇ ਚੋਂ ਇਕ ਅਵਾਜ਼ ਪਈ ਆਏ :
"ਜਾਗੋ ਮੇਰੇ ਜੀਣ ਜੋਗਿਓ, ਭਰੋ ਆਪਣੇ ਪਿਆਲੇ,
ਜੀਵਨ ਲਘੂ-ਪਿਆਲੀ ਦੀ ਮਤ ਮਦਰਾ ਮੁੱਕ ਜਾਏ ।"

Dreaming when Dawn's Left Hand was in the Sky
I heard a Voice within the Tavern cry,
"Awake, my Little ones, and fill the Cup
"Before Life's Liquor in its Cup be dry."

3

ਮੈਖ਼ਾਨੇ ਦੇ ਬੂਹੇ ਬਾਹਰ ਜੋ ਸਨ ਬੈਠੇ ਹੋਏ,
ਚਿੜੀ ਚੂਕਦੀ ਸਾਰ ਪੁਕਾਰੇ, "ਰੱਖ ਨਾ ਬੂਹੇ ਢੋਏ ।
ਤੈਨੂੰ ਪਤਾ ਨਹੀਂ ਕਿ ਸਾਡਾ ਬਹੁਤਾ ਨਹੀਂ ਟਿਕਾਣਾ,
ਇਕ ਵੇਰਾਂ ਜੇ ਵਿਛੜ ਗਏ, ਫਿਰ ਮੇਲ ਹੋਏ ਨਾ ਹੋਏ ।"

And, as the Cock crew, those who stood before
The Tavern shouted—"Open then the Door!
"You know how little while we have to stay,
"And, once departed, may return no more."

4

ਸਜਰਾ ਵਰ੍ਹਾ ਪੁਰਾਣੀਆਂ ਲੋਚਾਂ ਅੰਦਰ ਚਾਅ ਉਪਜਾਏ ।
ਸੋਚਵਾਨ ਚਿੱਤ ਤਦ ਐਸੀ ਏਕਾਂਤ ਲਈ ਸਧਰਾਏ –
ਜਿੱਥੇ ਗੋਰਾ ਹੱਥ ਮੂਸਾ ਦਾ ਸਹਿਵਨ ਫੁੱਲ ਖਿੜਾਏ,
ਤੇ ਜਿੱਥੋਂ ਦੀ ਮਿੱਟੀ ਵਿਚੋਂ ਸਾਹ ਮੂਸਾ ਦਾ ਆਏ ।

Now the New Year reviving old Desires,
The thoughtful Soul to Solitude retires,
Where the WHITE HAND OF MOSES on the Bough
Puts out, and Jesus from the Ground suspires.

5

ਗਿਆ ਇਰਾਮ ਤੇ ਪਿੱਛੋਂ ਉਸਦੇ ਮਹਿਲੀਂ ਫੁੱਲ ਕੁਮਲਾਣੇ ।
ਲੱਦ ਗਿਆ ਜਮਸ਼ੈਦ, ਨ ਦਿੱਸਣ ਹੁਣ ਉਸ ਦੇ ਪੈਮਾਨੇ ।
ਐਪਰ ਬਾਗ਼ ਅਜੇ ਵੀ ਸੋਭਣ ਉਵੇਂ ਕੂਲ੍ਹ ਦੇ ਕੰਢੇ,
ਤੇ ਹਾਲੇ ਵੀ ਵੇਲ ਅੰਗੂਰੀ ਜਣੇ ਰਸੀਲੇ ਦਾਣੇ ।

Irám indeed is gone with all its Rose,
And Jamshýd's Sev'n-ring'd Cup where no one knows;
But still the Vine her ancient Ruby yields,
And still a Garden by the Water blows.

6

ਅੱਜ ਦਾਊਦ ਦੇ ਬੁਲ੍ਹੀਂ ਲੱਗੀ ਮੁਹਰ ਖ਼ਾਮੋਸ਼ੀ ਵਾਲੀ ।
ਐਪਰ ਬੜੇ ਅਲੌਕਿਕ ਸੁਰ ਵਿਚ ਇਕ ਬੁਲਬੁਲ ਮਤਵਾਲੀ
ਗਾਵੇ ਪਈ ਕਿ "ਫੁੱਲਾ ! ਦੇ ਅਜ ਐਸਾ ਜਾਮ ਅਨੂਠਾ,
ਪੀਲੇ ਭੂਕ ਮੇਰੇ ਬੁਲ੍ਹਾਂ ਤੇ ਚਾੜ੍ਹ ਦਏ ਜੋ ਲਾਲੀ ।"

And David's Lips are lock't; but in divine
High piping Péhlevi, with "Wine! Wine! Wine!
"Red Wine!"—the Nightingale cries to the Rose
That yellow Cheek of her's to incarnadine.

7

ਅੱਜ ਬਹਾਰ ਆਈ ਜੇ, ਰਿੰਦੋ ! ਉਠ ਭੜਕਾਓ ਸ਼ੁਅਲੇ,
ਕੁਲ ਪਹਿਰਨ ਪਛਤਾਵੇ ਵਾਲੇ ਸਾੜ ਕੇ ਕਰ ਦਿਉ ਕੋਲੇ ।
ਉਮਰ ਦਾ ਪੰਛੀ ਮਾਰ ਨਾ ਸਕਦਾ ਲੰਮੀ ਕੋਈ ਉਡਾਰੀ,
ਭਰ ਲਓ ਜਾਮ ਕਿ ਵੇਖੋ ਪੰਛੀ ਅਪਣੇ ਪਰ ਪਿਆ ਤੋਲੇ ।

Come, fill the Cup, and in the Fire of Spring
The Winter Garment of Repentance fling:
The Bird of Time has but a little way
To fly—and Lo! the Bird is on the Wing.

8

ਸੂਰਜ ਚੜ੍ਹਿਆ ਤੇ ਲੱਖ ਕਲੀਆਂ ਖਿਲੀਆਂ ਤੇ ਮੁਸਕਾਈਆਂ ।
ਲੱਖਾਂ ਹੀ, ਪਰ ਖੰਭੜੀ ਖੰਭੜੀ ਹੋ ਧਰਤੀ ਵਲ ਧਾਈਆਂ,
ਇਹ ਬਸੰਤ ਜੋ ਲੈ ਕੇ ਆਈ ਖਿੜੇ ਗੁਲਾਬ ਅਨੇਕਾਂ,
ਕੈਕੋਬਾਦ, ਜਮਸ਼ੈਦ ਦੀਆਂ ਇਨ ਮਈਯਤਾਂ ਵੀ ਉਠਵਾਈਆਂ ।

And look—a thousand Blossoms with the Day
Woke—and a thousand scatter'd into Clay:
And this first Summer Month that brings the Rose
Shall take Jamshýd and Kaikobád away.

9

ਭੁੱਲ ਜਾਓ, ਅੱਜ ਕੈਕੋਬਾਦ, ਕੈਖ਼ੁਸਰੋ ਨੂੰ ਭੁੱਲ ਜਾਓ ।
ਰਹਿਣ ਦਿਉ ਰੁਸਤਮ ਨੂੰ ਸੁੱਤਾ, ਝਾਤ ਨਾ ਉਸ ਵੱਲ ਪਾਓ ।
ਹਾਤਮ ਲੱਖ ਦਾਅਵਤ ਤੇ ਸੱਦੇ, ਗੱਲ ਨਾ ਉਸਦੀ ਗੌਲੋ,
ਆਓ ਰਿੰਦੋ ਅੱਜ ਖ਼ੱਆਮ ਦੀ ਮਹਿਫਲ ਵਿਚ ਆਓ ।

But come with old Khayyám, and leave the Lot
Of Kaikobád and Kaikhosrú forgot:
Let Rustum lay about him as he will,
Or Hátim Tai cry Supper—heed them not.

10

ਇਕ ਧਿਰ ਸਬਜ਼ਾ, ਥੱਲ ਦੂਜੇ ਧਿਰ, ਵਿਚ ਪਗਡੰਡੀ ਜਾਂਦੀ ।
ਉਸ ਦੇ ਅੱਗੇ ਕੋਹਾਂ ਤੀਕਰ ਹਰਿਆਵਲ ਲਹਿਰਾਂਦੀ ।
ਓਥੇ ਨਾ ਕੋ ਰੋਕ ਨਾ ਰਾਣਾ, ਚੱਲ ਜਿੰਦੜੀਏ ਓਥੇ,
ਕੀ ਜਾਣੇ ਮਹਿਮੂਦ ਤਖ਼ਤ ਤੇ ਬੈਠਾ ਮੌਜ ਉਥਾਂਹ ਦੀ !

With me along some Strip of Herbage strown
That just divides the desert from the sown,
Where name of Slave and Sultán scarce is known,
And pity Sultán Mahmúd on his Throne.

11

ਭੋਜ ਵੀ ਹੋਵੇ, ਕਾਵਿ ਭੀ ਹੋਵੇ, ਨਾਲ ਹੋਏ ਪੈਮਾਨਾ,
ਪਹਿਲੂ ਮੇਰੇ ਵਿਚ ਤੂੰ ਹੋਵੇਂ ਛੇੜੇਂ ਮਧੁਰ ਤਰਾਨਾ,
ਫੇਰ ਅਸੀਂ ਜਿਹੜੇ ਵੀਰਾਨੇ, ਜਿਸ ਉਜਾੜ ਵੀ ਹੋਈਏ,
ਉਹੀ ਉਜਾੜ ਬਹਿਸ਼ਤ ਬਣੇ, ਫ਼ਿਰਦੌਸ ਉਹੀ ਵੀਰਾਨਾ ।

Here with a Loaf of Bread beneath the Bough,
A Flask of Wine, a Book of Verse—and Thou
Beside me singing in the Wilderness—
And Wilderness is Paradise enow.

12

ਇਕਨਾਂ ਦੇ ਮਨ ਰਾਜ ਮਿਲਖ ਇਸ ਝੂਠੇ ਜਗ ਦਾ ਭਾਵੇ,
ਇਕਨਾਂ ਦਾ ਚਿੱਤ ਅੱਗਲੇ ਜਗ ਦੇ ਰਾਜ ਲਈ ਸਧਰਾਵੇ ।
ਜੋ ਕੁਝ ਨਕਦ ਸੋਈ ਕੁਝ ਹਾਸਲ, ਰਹਿੰਦਾ ਸਭ ਬੇਅਰਥਾ,
ਸਜਨੋ ਸਦਾ ਸੁਣੀਂਦੇ ਆਏ ਦੂਰ ਦੇ ਢੋਲ ਸੁਹਾਵੇ ।

"How sweet is mortal Sovranty!"—think some:
Others—"How blest the Paradise to come!"
Ah, take the Cash in hand and wave the Rest;
Oh, the brave Music of a distant Drum

13

ਸਾਡੇ ਆਂਗਨ ਅੰਦਰ ਜਿਹੜਾ ਅੱਜ ਗੁਲਾਬ ਹੁਲਸਾਇਆ,
ਆਖੇ, "ਵੇਖੋ ! ਹੱਸਦਾ ਹੱਸਦਾ ਮੈਂ ਦੁਨੀਆਂ ਵਿਚ ਆਇਆ ।
ਫਿਰ ਝਬਦੇ ਮੈਂ ਖੋਲ੍ਹ ਕੇ ਅਪਣੀ ਥੈਲੀ ਦੀ ਪਟ-ਝਾਲਰ
ਮਹਿਕਾਂ ਦਾ ਅਨਮੋਲ ਖ਼ਜ਼ਾਨਾ ਚਾਰੇ ਧਾਮ ਲੁਟਾਇਆ ।

Look to the Rose that blows about us—"Lo,
"Laughing," she says, "into the World I blow:
"At once the silken Tassel of my Purse
"Tear, and its Treasure{10} on the Garden throw."

14

ਕੂੜਾ ਭਰਵਾਸਾ ਦੁਨੀਆਂ ਦਾ ਆਦਮ ਨੂੰ ਭਰਮਾਏ ।
ਪਰ, ਝਬਦੇ ਹੀ ਇਹ ਭਰਵਾਸਾ ਮਿੱਟੀ ਵਿਚ ਮਿਲ ਜਾਏ ।
ਫਲੇ-ਫੁਲੇ ਜੇਕਰ ਇਹ, ਤਾਂ ਭੀ, ਇਕ ਦੋ ਘੜੀਆਂ ਰਹਿ ਕੇ
ਰੇਤੇ ਤੇ ਪਈ ਬਰਫ਼ ਵਾਂਗਰਾਂ ਝਬਦੇ ਹੀ ਗਲ ਜਾਏ ।

The Worldly Hope men set their Hearts upon
Turns Ashes—or it prospers; and anon,
Like Snow upon the Desert's dusty Face
Lighting a little Hour or two—is gone.

15

ਇਕਨਾਂ ਰੱਖੇ ਪਾਇ ਭੜੋਲੇ ਕੰਚਨ-ਵੰਨੇ ਦਾਣੇ,
ਇਕਨਾਂ ਬੁੱਕਾਂ ਭਰ ਦੋਹੱਥੀਂ ਡੋਲ੍ਹੇ ਵਿਚ ਜ਼ਮਾਨੇ,
ਜਦੋਂ ਕਿਆਮਤ ਨੇ ਕਬਰਾਂ 'ਚੋਂ ਮੁਰਦੇ ਆਣ ਉਖੇੜੇ,
ਦੋਵੇਂ ਨਹੀਂ ਮੋਈ ਮਿੱਟੀ ਤੋਂ ਸੋਨੇ ਦੇ ਬਣ ਜਾਣੇ ।

And those who husbanded the Golden Grain,
And those who flung it to the Winds like Rain,
Alike to no such aureate Earth are turn'd
As, buried once, Men want dug up again.

16

ਕਾਫ਼ਲਿਆਂ ਦੇ ਠਹਿਰਨ ਦੀ ਇਹ ਹੰਢੀ ਹੋਈ ਸਰਾਏ,
ਦਿਨ ਤੇ ਰਾਤ ਜਿਹਦੇ ਦਰਵਾਜ਼ੇ ਸਿਰਜਣਹਾਰੇ ਲਾਏ,
ਸ਼ਾਹਾਂ ਮਗਰੋਂ ਸ਼ਾਹ ਇਸ ਅੰਦਰ ਸਣ ਆਡੰਬਰ ਠਹਿਰੇ,
ਫਿਰ ਭਾਗਾਂ ਦੀਆਂ ਇਕ ਦੋ ਘੜੀਆਂ ਰਹਿ ਕੇ ਪੈ ਗਏ ਰਾਹੇ ।

Think, in this batter'd Caravanserai
Whose Doorways are alternate Night and Day,
How Sultán after Sultán with his Pomp
Abode his Hour or two, and went his way.

17

ਸੁਣਿਐ ਚੀਤਾ ਤੇ ਵਣ-ਕਿਰਲਾ ਓਥੇ ਲਾਉਣ ਕਚਹਿਰੀ,
ਜਿੱਥੇ ਸਨ ਜਮਸ਼ੈਦ ਹੁਰਾਂ ਦੇ ਚਲਦੇ ਦੌਰ ਸੁਨਹਿਰੀ ।
ਤੇ ਬਹਿਰਾਮ, ਅਜ਼ੀਮ ਸ਼ਿਕਾਰੀ, ਸੁਣਿਐ ਉਸ ਦੇ ਸਿਰ ਨੂੰ
ਖੋਤੇ ਪਏ ਲਿਤਾੜਨ ਤੇ ਉਹ ਨੀਂਦ ਮਾਣੇ ਪਿਆ ਗਹਿਰੀ ।

They say the Lion and the Lizard keep
The Courts where Jamshýd gloried and drank deep:
And Bahrám, that great Hunter—the Wild Ass
Stamps o'er his Head, and he lies fast asleep.

18

ਜਿੱਥੇ ਲਹੂ ਕਿਸੇ ਕੈਸਰ ਦਾ ਮਿੱਟੀ ਅੰਦਰ ਮਿਲਿਆ,
ਓਹੋ ਜਿਹਾ ਗੁਲਾਬ ਨਾ ਕਿਧਰੇ ਹੋਰ ਕਿਥਾਈਂ ਖਿਲਿਆ,
ਰਜਨੀ-ਗੰਧਾ, ਬਾਗ਼ ਅਸਾਡੇ ਜਿਨ ਅੱਜ ਮਹਿਕ ਲੁਟਾਈ,
ਅਤਿ ਸੰਭਵ ਕਿ ਕਿਸੇ ਹੁਸਨ ਦੇ ਕੇਸਾਂ ਵਿਚੋਂ ਕਿਰਿਆ ।

I sometimes think that never blows so red
The Rose as where some buried Cæsar bled;
That every Hyacinth the Garden wears
Dropt in its Lap from some once lovely Head.

19

ਸੁੰਦਰ, ਸੁਹਲ, ਸੁਲਖਣੀ ਬੂਟੀ, ਜਿਸ ਦੇ ਫੁੱਲ ਸੁਹਾਵੇ,
ਨਦੀ ਕਿਨਾਰੇ ਤੋਂ ਪਈ ਅਪਣਾ ਅਕਸ ਨਦੀ ਵਿਚ ਪਾਵੇ ।
ਰੱਬ ਜਾਣੇ ਕਿਹੜੇ ਦਫ਼ਨਾਏ ਬੁਲ੍ਹਾਂ ਤੋਂ ਪਈ ਉਗਮੇ,
ਸਹਿਜੇ ਵੀਰਾ, ਵੇਖੀਂ, ਕਿਧਰੇ ਪੈਰ ਨ ਇਸ ਤੇ ਆਵੇ ।

And this delightful Herb whose tender Green
Fledges the River's Lip on which we lean—
Ah, lean upon it lightly! for who knows
From what once lovely Lip it springs unseen!

20

ਹੇ ਮੇਰੇ ਦਿਲਬਰ ਤੂੰ ਭਰ ਦੇ ਐਸੀ ਇਕ ਪਿਆਲੀ,
ਆਉਂਦੇ ਡਰ, ਬੀਤੇ ਪਛਤਾਵੇ, ਦੋਇ ਜੋ ਕਰ ਦਏ ਖ਼ਾਲੀ ।
ਭਲਕੇ ? ਨਾ ਵੇ, ਭਲਕੇ ਤਕ ਤਾਂ ਹੋ ਜਾਏਗੀ ਖ਼ਬਰੇ,
ਬੀਤੇ ਹੋਏ ਅਨੇਕ ਜੁਗਾਂ ਸੰਗ ਅਪਣੀ ਸਾਂਝ-ਭਇਆਲੀ ।

Ah! my Belovéd, fill the Cup that clears
TO-DAY of past Regrets and future Fears—
To-morrow?—Why, To-morrow I may be
Myself with Yesterday's Sev'n Thousand Years.

21

ਜਿਨ ਮਹਿਬੂਬਾਂ ਕਦੇ ਅਸਾਡੇ ਰੱਜਵੇਂ ਪਿਆਰ ਸਮਾਲੇ,
ਕਿਸਮਤ ਦੇ ਮੈਖ਼ਾਨੇ ਵਿਚੋਂ ਉਹ ਵੀ ਗਏ ਉਠਾਲੇ ।
ਉੱਠ ਗਈ ਮਹਿਫ਼ਲ, ਲੱਦ ਗਏ ਸਾਕੀ, ਤੇ ਫਿਰ ਵਾਰੋ ਵਾਰੀ,
ਨੀਂਦ ਸਦੀਵੀ ਦੀ ਬੁੱਕਲ ਵਿਚ ਸੌਂ ਗਏ ਸਭ ਮਤਵਾਲੇ ।

Lo! some we loved, the loveliest and the best
That Time and Fate of all their Vintage prest,
Have drunk their Cup a Round or two before,
And one by one crept silently to Rest.

22

ਜਿੱਥੇ ਸਾਡੀ ਲੱਗੀ ਏ ਅੱਜ ਮਹਿਫ਼ਲ ਗੀਤਾਂ ਵਾਲੀ,
ਜੱਦੀ ਏਸ ਮਹੱਲ ਸਾਡੇ ਦੇ ਕੇਤਕ ਤੁਰ ਗਏ ਵਾਲੀ ।
ਇਹ ਰੰਗ-ਰਲੀਆਂ ਛੋੜ ਅਸੀਂ ਵੀ ਤੁਰ ਜਾਵਾਂਗੇ ਆਖ਼ਰ,
ਏਸ ਮਹੱਲ ਨੂੰ ਹੋਰ ਕਿਸੇ ਲਈ ਸਰਪਰ ਕਰ ਕੇ ਖ਼ਾਲੀ ।

And we, that now make merry in the Room
They left, and Summer dresses in new Bloom,
Ourselves must we beneath the Couch of Earth
Descend, ourselves to make a Couch—for whom?

23

ਖ਼ਰਚ ਲਈਏ, ਖ਼ਰਚਾ ਲਈਏ, ਜੋ ਵੀ ਹੈ ਪੱਲੇ ਬਾਕੀ,
ਇਸ ਤੋਂ ਪਹਿਲਾਂ ਕਿ ਧਰਤੀ ਤੇ ਜਾਵੇ ਜਿੰਦ ਪਟਾਕੀ ।
ਮਿੱਟੀ ਮਿੱਟੀ ਵਿਚ ਰਲ ਜਾਸੀ ਤੇ ਫਿਰ ਖ਼ਾਕੂ ਹੇਠਾਂ
ਪਏ ਰਹਾਂਗੇ ਬਿਨ ਪੈਮਾਨੇ, ਬਿਨ ਮਦਰਾ, ਬਿਨ ਸਾਕੀ ।

Ah, make the most of what we yet may spend,
Before we too into the Dust Descend;
Dust into Dust, and under Dust, to lie,
Sans Wine, sans Song, sans Singer and—sans End!

24

ਅੱਜ ਦਾ ਸਮਾਂ ਸਮੇਟਣ ਖ਼ਾਤਰ ਇਕਨਾਂ ਅੱਡੀਆਂ ਬਾਹੀਂ,
ਇਕਨਾਂ ਵਾਪਰਦੇ ਪਰ ਗੱਡੀਆਂ ਆਸਾਵੰਤ ਨਿਗਾਹੀਂ ।
ਅੰਧਕਾਰ ਦੇ ਗੁੰਬਦ ਵਿਚੋਂ ਇਕ ਅਜ਼ਾਨ ਇਹ ਗੂੰਜੀ-
ਨਾ ਫਲ ਕੋਈ ਇਥਾਈਂ ਤੁਸਾਂ ਲਈ ਨਾ ਫਲ ਕੋਈ ਉਥਾਈਂ ।

Alike for those who for TO-DAY prepare,
And those that after a TO-MORROW stare,
A Muezzín from the Tower of Darkness cries
"Fools! your Reward is neither Here nor There."

25

ਵਾਦ ਵਿਵਾਦ ਜੋ ਕਰ ਕਰ ਥੱਕੇ ਸਾਧ ਸਿਆਣੇ ਸਾਰੇ-
ਜੜਤਾ ਦੇ ਅਵਤਾਰ ਦੁਨੀਂ 'ਚੋਂ ਧੱਕੇ ਗਏ ਵਿਚਾਰੇ ।
ਮੂੰਹ ਵੀ ਉਹਨਾਂ ਦੇ ਦੁਨੀਆਂ ਨੇ ਖ਼ਾਕ ਨਾਲ ਭਰ ਦਿੱਤੇ,
ਬੋਲ ਵੀ ਉਨ ਦੇ ਕੁਲ ਆਲਮ ਨੇ ਕ੍ਰੋਧ ਨਾਲ ਦੁਤਕਾਰੇ ।

Why, all the Saints and Sages who discuss'd
Of the Two Worlds so learnedly, are thrust
Like foolish Prophets forth; their Words to Scorn
Are scatter'd, and their Mouths are stopt with Dust.

26

ਆ ਖ਼ੱਯਾਮ ਦੇ ਨਾਲ ਭੁਲਾ ਦਾਨਿਸ਼ਮੰਦਾਂ ਦੇ ਦਾਅਵੇ ।
ਇਹ ਪੱਥਰ ਤੇ ਲੀਕ ਵੇ ਬੀਬਾ, ਜੀਵਨ ਉੱਡਦਾ ਜਾਵੇ ।
ਇੱਕੋ ਸੱਚ ਸਦੀਵ ਤੇ ਬਾਕੀ ਸਗਲਾ ਕੂੜ ਕਬਾੜਾ,
ਜਿਹੜਾ ਵੀ ਫੁੱਲ ਅੱਜ ਖਿੜੇ, ਕੱਲ੍ਹ ਤਕ ਮੁਰਝਾ ਵੀ ਜਾਵੇ ।

Oh, come with old Khayyám, and leave the Wise
To talk; one thing is certain, that Life flies;
One thing is certain, and the Rest is Lies;
The Flower that once has blown for ever dies.

27

ਅਪਣਾ ਜੋਬਨ ਮੈਂ ਉਹਨਾਂ ਦੀ ਸੰਗਤ ਵਿਚ ਬਿਤਾਇਆ,
ਜਿਨ੍ਹਾਂ ਦਾਨਿਆਂ ਤੇ ਵਿਦਵਾਨਾਂ ਸਦਾ ਵਿਵਾਦ ਰਚਾਇਆ ।
ਮੁੜਿਆ ਮੈਂ ਉਨ ਦੀ ਸੰਗਤ 'ਚੋਂ ਨਿਤ ਕੋਰੇ ਦਾ ਕੋਰਾ,
ਜਿਸ ਬੂਹੇ 'ਚੋਂ ਅੰਦਰ ਵੜਿਆ, ਪਰਤ ਉਸੇ 'ਚੋਂ ਆਇਆ ।

Myself when young did eagerly frequent
Doctor and Saint, and heard great Argument
About it and about: but evermore
Came out by the same Door as in I went.

28

ਸੁਘੜ ਜਨਾਂ ਦੀ ਸੰਗਤ ਸਦਕੇ ਬੀਜ ਸਮਝ ਦਾ ਪਾਇਆ,
ਘਾਲ ਘਾਲ ਕੇ ਗੋਡੀ ਕੀਤੀ, ਮੁੜ੍ਹਕੇ ਨਾਲ ਸਿੰਜਾਇਆ ।
ਪੱਕੀ ਫ਼ਸਲ ਤਾਂ ਵਾਢੀ ਪਾਈ, ਪਰ ਨਸੀਬ ਕੀ ਆਇਆ-
ਪਾਣੀ ਵਾਕਰ ਤਾਂ ਆਇਆ ਸਾਂ, ਪਉਣ ਵਾਂਗ ਉੱਠ ਧਾਇਆ ।

With them the Seed of Wisdom did I sow,
And with my own hand labour'd it to grow:
And this was all the Harvest that I reap'd—
"I came like Water, and like Wind I go."

29

ਜੀ ਮੰਨਿਆਂ ਭਾਵੇਂ ਨਾ ਮੰਨਿਆਂ, ਮੈਂ ਇਸ ਜਗ ਤੇ ਆਇਆ ।
ਜੀਕਣ ਜਲ ਦਰਿਆਵਾਂ ਦਾ ਵਗਦਾ ਆਇਆ ਬਿਨ ਚਾਹਿਆ ।
ਖ਼ਬਰੇ ਕਿਉਂ ਤੇ ਖ਼ਬਰੇ ਕਿੱਥੋਂ ਤੇ ਹੁਣ ਖ਼ਬਰੇ ਕਿੱਧਰ-
ਉਦਿਆਨਾਂ ਦੀ ਪਉਣ ਵਾਂਗਰਾਂ ਉਡ ਚਲਿਆਂ ਅਣਚਾਹਿਆ ।

Into this Universe, and why not knowing,
Nor whence, like Water willy-nilly flowing:
And out of it, as Wind along the Waste,
I know not whither, willy-nilly blowing.

30

ਅਸਾਂ ਨ ਪੁੱਛਿਆ "ਕਿੱਥੋਂ" ਤੇ ਅਸੀਂ ਏਸ ਦੁਨੀਂ ਵਿਚ ਆਏ ।
ਅਸਾਂ ਨ ਪੁੱਛਿਆ "ਕਿੱਧਰ" ਤੇ ਅਸਾਂ ਏਥੋਂ ਚਾਲੇ ਪਾਏ ।
ਅੱਜ ਨੱਕੋ ਨੱਕ ਭਰ ਦੇ ਸਾਕੀ ਜਾਮ ਅੰਗੂਰੀ ਵਾਲਾ,
ਤਾਂ ਜੋ ਸਾਡੀ ਇਹ ਬੇਅਦਬੀ ਡੁੱਬ ਮਦਰਾ ਵਿਚ ਜਾਏ ।

What, without asking, hither hurried whence?
And, without asking, whither hurried hence!
Another and another Cup to drown
The Memory of this Impertinence!

31

ਧਰਤੀ ਦੇ ਸੀਨੇ ਤੋਂ ਉੱਠ ਕੇ ਮੈਂ ਸਤਵੇਂ ਅਸਮਾਨੀ
ਤਖ਼ਤ ਸਨਿਚਰ ਤੇ ਜਾ ਬੈਠਾ ਲੰਘ ਖਲਾਵਾਂ ਥਾਣੀ ।
ਰਾਹ ਵਿਚ ਜੋ ਗੁੰਝਲ ਵੀ ਆਈ, ਮੈਂ ਸਹਿਜੇ ਸੁਲਝਾਈ,
ਪਰ, ਨਾ ਗੰਢ ਖੁੱਲ੍ਹੀ ਜੀਵਨ ਦੀ, ਨਾ ਹੀ ਕਿਉਂ ਇਹ ਫ਼ਾਨੀ ।

Up from Earth's Centre through the Seventh Gate
I rose, and on the Throne of Saturn sate,
And many Knots unravel'd by the Road;
But not the Knot of Human Death and Fate.

32

ਬੰਦ ਪਿਆ ਇਕ ਬੂਹਾ, ਕੁੰਜੀ ਕੋਇ ਨ ਜਿਸ ਨੂੰ ਖੋਲ੍ਹੇ ।
ਲਟਕ ਰਿਹਾ ਇਕ ਪਰਦਾ ਕੁਝ ਵੀ ਦਿਖੇ ਨਾ ਜਿਸ ਦੇ ਉਹਲੇ ।
ਮੇਰ ਤੇਰ ਦੀ ਹੋਈ ਵਾਰਤਾ ਕੇਵਲ ਇਕ ਦੋ ਘੜੀਆਂ,
ਫਿਰ ਸਾਰੇ ਹੀ ਤੇਰ ਮੇਰ ਦੇ ਖ਼ਤਮ ਹੋ ਗਏ ਰੌਲੇ ।

There was a Door to which I found no Key:
There was a Veil past which I could not see:
Some little Talk awhile of ME and THEE
There seemed—and then no more of THEE and ME.

33

ਠੇਡੇ ਖਾਂਦੇ ਬੱਚੇ ਤੇਰੇ, ਹੇ ਅਬਿਨਾਸੀ ਰਾਇਆ,
ਪੰਧ ਦਿਖਾਲਣ ਲਈ ਤੂੰ ਉਨ ਲਈ ਕਿਹੜਾ ਦੀਪ ਜਗਾਇਆ ?
ਅੰਧਕਾਰ ਦੇ ਗੁੰਬਦ 'ਚੋਂ ਤਦ ਇਕ ਆਵਾਜ਼ ਇਹ ਆਈ-
"ਦੀਪ ਅੰਧ-ਵਿਸ਼ਵਾਸ਼ ਵਾਲੜਾ ਧੁਰ ਤੋਂ ਜਗਦਾ ਆਇਆ !"

Then to the rolling Heav'n itself I cried,
Asking, "What Lamp had Destiny to guide
"Her little Children stumbling in the Dark?"
And—"A blind understanding!" Heav'n replied.

34

ਤਦ ਮਿੱਟੀ ਦੇ ਠੂਠੇ ਨੂੰ ਮੈਂ ਲਾਏ ਬੁੱਲ੍ਹ ਤਿਹਾਏ,
ਮਤੇ ਰਾਜ਼ ਹਸਤੀ ਦਾ ਮੈਨੂੰ ਉਸ ਵਿਚੋਂ ਮਿਲ ਜਾਏ ।
ਬੁਲ੍ਹਾਂ ਨੂੰ ਜਦ ਬੁਲ੍ਹ ਛੁਹੇ ਤਾਂ ਠੂਠਾ ਕਹਿ ਗਿਆ ਮੈਨੂੰ-
"ਪੀ ਲੈ ਹੁਣੇ ਕਿ ਮੋਇਆਂ ਮਗਰੋਂ ਪਰਤ ਨਾ ਕੋਈ ਆਏ ।"

Then to this earthen Bowl did I adjourn
My Lip the secret Well of Life to learn:
And Lip to Lip it murmur'd—"While you live,
"Drink!—for once dead you never shall return."

35

ਮਦ-ਪਿਆਲੀ ਅਜ ਕੰਨ ਮੇਰੇ ਵਿਚ ਜਦੋਂ ਉਭਾਸੀ, "ਹਾਏ !"
ਲਗਿਆ, ਬੀਤੀ ਕੋ ਵਿਥਿਆ ਉਹ ਮੁਝੇ ਸੁਣਾਣੀ ਚਾਹੇ ।
ਖ਼ਬਰੇ ਕਿੰਨੀਆਂ ਚੁੰਮਣਾਂ ਹੁਣ ਵੀ ਇਹ ਦੇਸੀ ਤੇ ਲੈਸੀ,
ਮਦ-ਪਿਆਲੀ ਦਾ ਕੰਢਾ ਜਿਨ ਮੈਂ ਬੁਲ੍ਹ ਛੁਹਾਏ ।

I think the Vessel, that with fugitive
Articulation answer'd, once did live,
And merry-make; and the cold Lip I kiss'd
How many Kisses might it take—and give.

36

ਡਿੱਠਾ ਇਕ ਘੁਮਿਆਰ ਤਕਾਲੀਂ ਬੈਠਾ ਅਪਣੇ ਵਿਹੜੇ,
ਚੱਕ ਆਪਣੇ ਤੇ ਪਿਆ ਘੁੰਮਾਂਦਾ ਜੋ ਮਿੱਟੀ ਦੇ ਪੇੜੇ ।
ਅਚਣਚੇਤ ਗੁੰਗੇ ਬੋਲਾਂ ਵਿਚ ਬੋਲ ਪਈ ਉਹ ਮਿੱਟੀ-
'ਇਉਂ ਬੇਦਰਦੀ ਨਾਲ ਨ, ਜੀਵੇਂ, ਸਾਨੂੰ ਮਾਰ ਥਪੇੜੇ ।'

For in the Market-place, one Dusk of Day,
I watch'd the Potter thumping his wet Clay:
And with its all obliterated Tongue
It murmur'd—"Gently, Brother, gently, pray!"

37

ਭਰ ਦੇ ਸਾਕੀ ਜਾਮ, ਅਸਾਥੋਂ ਮੁੜ ਕੇ ਨਾ ਅਖਵਾਈਂ ।
ਸਮਾਂ ਅਸਾਡੇ ਪੈਰਾਂ ਹੇਠੋਂ ਖਿਸਕ ਰਿਹਾ ਹਰਜਾਈ ।
ਭੂਤ ਕਾਲ ਤਾਂ ਮਰ ਚੁੱਕਾ ਤੇ ਭਲਕ ਨ ਜੰਮਿਆਂ ਹਾਲੇ,
ਛੱਡ ਪਰਵਾਹ ਇਨ੍ਹਾਂ ਦੋਨਾਂ ਦੀ, ਅੱਜ ਦ ਹੱਜ ਉਠਾਈਂ ।

Ah, fill the Cup:—what boots it to repeat
How Time is slipping underneath our Feet:
Unborn TO-MORROW and dead YESTERDAY,
Why fret about them if TO-DAY be sweet!

38

ਪਲ ਭਰ ਨਾਸ਼ਮਾਨ ਇਸ ਘਰ ਵਿਚ ਮਿਲਿਆ ਅਸਾਂ ਟਿਕਾਣਾ,
ਜੀਵਨ-ਖੂਹਟਿਓਂ ਦੋ ਘੁਟ ਪੀ ਕੇ, ਫਿਰ ਏਥੋਂ ਉਠ ਜਾਣਾ ।
ਤਾਰੇ ਸਾਰੇ ਡੁੱਬ ਚੱਲੇ ਨੇ, ਝਬਦੇ ਕਰੋ ਤਿਆਰੀ,
ਸੁੰਨ-ਨਗਰ ਵਲ ਕਾਰਵਾਂ ਭਲਕੇ ਸਾਡਾ ਤੁਰ ਜਾਣਾ ।

One Moment in Annihilation's Waste,
One moment, of the Well of Life to taste—
The Stars are setting, and the Caravan
Starts for the dawn of Nothing—Oh, make haste!

39

ਕਾਹਦੇ ਲਈ ਅਨੰਤ ਭਾਲ ਵਿਚ ਅਪਣਾ ਲਹੂ ਸੁਕਾਈਏ ?
ਸਘਨ ਘਾਲਨਾ ਕਿਸ ਲਈ ਕਰੀਏ, ਕਿਹੜਾ ਹੱਜ ਉਠਾਈਏ ?
ਜੋ ਫਲ ਮਿਲੇ ਸੋ ਖ਼ਬਰੇ ਨਿਕਲੇ ਫਿੱਕਾ ਜਾਂ ਫਿਰ ਕੌੜਾ,
ਕਿਉਂ ਨਾ ਇਸ ਅੰਗੂਰ-ਜਾਈ ਸੰਗ ਏਥੇ ਐਸ਼ ਮਨਾਈਏ ?

How long, how long, in infinite Pursuit
Of This and That endeavour and dispute?
Better be merry with the fruitful Grape
Than sadden after none, or bitter, Fruit.

40

ਚਿਰ ਤੋਂ ਇਹ ਸੰਕਲਪ ਸੀ ਮੇਰਾ, ਆਖ਼ਰ ਰੰਗ ਲਿਆਇਆ,
ਸਜਰਾ ਲਗਨ ਰਚਾਵਣ ਖ਼ਾਤਰ ਮੈਂ ਇਕ ਜਸ਼ਨ ਮਨਾਇਆ ।
ਕੋਝੀ, ਬਾਂਝ ਅਕਲ ਬੁੱਢੀ ਨੂੰ ਘਰੋਂ ਨਿਕਾਲਾ ਦੇ ਕੇ,
ਸੁਹਲ, ਮਲੂਕ, ਜਵਾਨ ਅੰਗੂਰੀ ਘਰ ਅਪਣੇ ਲੈ ਆਇਆ ।

You know, my Friends, how long since in my House
For a new Marriage I did make Carouse:
Divorced old barren Reason from my Bed,
And took the Daughter of the Vine to Spouse.

41

ਲੈ ਫੀਤਾ-ਗੁਣੀਆ, ਵਿੱਥ ਮਾਪੀ ਹੋਂਦ ਨਿਹੋਂਦ ਵਿਚਾਲੇ,
ਫੀਤਾ-ਗੁਣੀਆ ਛੋੜ ਕੇ ਫਿਰ ਪਰਿਭਾਸ਼ੇ ਊਭ ਪਯਾਲੇ ।
ਸਾਰੇ ਇਲਮ ਅਕਲ 'ਚੋਂ ਮੈਨੂੰ ਕੱਖ ਨ ਹਾਸਲ ਹੋਇਆ,
ਜੇ ਮੈਂ ਡੁੱਬ ਸਕਿਆ ਕਾਸੇ ਵਿਚ ਤਾਂ ਡੁਬਿਆ ਮਦ-ਪਿਆਲੇ ।

For "IS" and "IS-NOT" though with Rule and Line,
And, "UP-AND-DOWN" without, I could define,
I yet in all I only cared to know,
Was never deep in anything but—Wine.

42

ਇਕ ਦਿਨ ਮੈਖ਼ਾਨੇ ਦੇ ਬਾਹਰ ਡਿੱਠਾ ਨੂਰ ਇਲਾਹੀ-
ਇਕ ਫ਼ਰਿਸ਼ਤਾ ਸੂਰਤ ਜਿਸ ਦੇ ਮੋਢੇ ਸੋਨ-ਸੁਰਾਹੀ ।
"ਸਵਾਦ ਤਾਂ ਵੇਖ" ਆਖ ਕੇ ਮੈਨੂੰ, ਭਰ ਦਿੱਤਾ ਉਨ ਪਿਆਲਾ,
ਭਰਿਆ ਘੁੱਟ ਤਾਂ ਜਾਣ ਗਿਆ ਮੈਂ 'ਓਹਾ ਅੰਗੂਰੀ' ਆਹੀ ।

And lately, by the Tavern Door agape,
Came stealing through the Dusk an Angel Shape,
Bearing a vessel on his Shoulder; and
He bid me taste of it; and 'twas—the Grape!

43

ਸੁੰਦਰ, ਚਪਲ, ਚਤੁਰ ਇਕ ਬੇਟੀ ਪੈਦਾ ਹੋਈ ਅੰਗੂਰੋਂ ।
ਨੱਸ ਗਏ ਮਜ਼ਹਬ ਸਫ਼ਾਂ ਉਠਾ ਕੇ, ਵੇਖ ਕੇ ਜਿਸ ਨੂੰ ਦੂਰੋਂ ।
ਉਸ ਦੀ ਜਾਦੂ ਭਰੀ ਨਜ਼ਰ ਦੀ ਕੀਮੀਆਗਰੀ ਤਾਂ ਵੇਖੋ-
ਪਲ ਵਿਚ ਜੀਵਨ-ਤੱਤਾਂ ਤਾਈਂ ਕੰਚਨ ਕਰੇ ਮਨੂਰੋਂ ।

The Grape that can with Logic absolute
The Two-and-Seventy jarring Sects confute:
The subtle Alchemist that in a Trice
Life's leaden Metal into Gold transmute.

44

ਹੇ ਮਹਿਮੂਦ ਮਹਾ ਵਡ-ਜੇਤੂ, ਹਜ਼ਰਤ ਦੇ ਵਰੋਸਾਏ,
ਤੇਰੀ ਇਕ ਬਿਜਲਈ ਭੁਜਾ ਨੇ ਲਖ ਕੌਤਕ ਵਰਤਾਏ-
ਵਹਿਮਾਂ, ਸਹਿਮਾਂ, ਸੋਗਾਂ ਸੰਦੇ ਕਟਕ ਅਨਕ ਕਲਮੂੰਹੇਂ
ਕਾਮਣਹਾਰੀ ਤੇਗ਼ ਤੇਰੀ ਨੇ ਪੂਰੋ ਪੂਰ ਮੁਕਾਏ ।

The mighty Mahmúd, the victorious Lord,
That all the misbelieving and black Horde
Of Fears and Sorrows that infest the Soul
Scatters and slays with his enchanted Sword.

45

ਛੋੜ ਦਾਨਿਆਂ ਤਾਈਂ ਜੁ ਹੋਏ ਵਾਦ ਕਰੇਂਦੇ ਫਾਹਵੇ,
ਆ ਸਭ ਤਜ ਕੇ ਝੰਭ ਝੰਭੇਲੇ, ਧੰਧੇ ਤੇ ਪਛਤਾਵੇ ।
ਚਲ, ਤੇ ਮੱਲੀਏ ਦੂਰ ਕਿਤੇ ਕੋ ਇਕਲਵੰਝਾ ਕੋਨਾ,
ਓਥੋਂ ਖੇਡ ਬਣਾਈਏ ਉਨ, ਜੋ ਸਾਨੂੰ ਖੇਡ ਬਣਾਵੇ ।

But leave the Wise to wrangle, and with me
The Quarrel of the Universe let be:
And, in some corner of the Hubbub coucht,
Make Game of that which makes as much of Thee.

46

ਅੰਦਰ-ਬਾਹਰ, ਉਪਰ-ਥੱਲੇ, ਸੱਜੇ-ਖੱਬੇ, ਸਾਹਵੇਂ,
ਜਾਦੂ-ਖੇਡ ਵਿਛੀ ਛਾਵਾਂ ਦੀ, ਸਮਝੇ ਕੋਈ ਨ ਭਾਵੇਂ ।
ਅੰਬਰ ਦੇ ਫ਼ਾਨੂਸ ਦੇ ਅੰਦਰ ਬਲੇ ਸੂਰਜ ਦੀ ਬੱਤੀ,
ਘੁੰਮਣ ਉਸ ਦੇ ਗਿਰਦ ਅਸਾਡੇ ਛਾਈਂ ਮਾਈਂ ਪਰਛਾਵੇਂ ।

For in and out, above, about, below,
'Tis nothing but a Magic Shadow-show,
Play'd in a Box whose Candle is the Sun,
Round which we Phantom Figures come and go.

47

ਕੀ ਮਦ-ਪਿਆਲੀ, ਕੀ ਬੁਲ੍ਹ ਸੁਹਣੇ, ਨਿਤ ਜੋ ਰਹਿਣ ਛੁਹੀਂਦੇ,
ਡਿੱਠੇ ਨਿੱਤ ਅੱਖੀਆਂ ਨੇ ਛਾਈਂ ਮਾਈਂ ਥੀਂਦੇ ।
ਜਿੱਚਰ ਹੈਂ ਤੂੰ, ਸੋਚ ਕਿ ਬੰਦਿਆ ਕੀ ਹੈ ਹਸਤੀ ਤੇਰੀ,
ਘੱਟ ਨਾ ਵੱਧ ਨਿਹੋਂਦ ਕਿਸੇ ਤੋਂ ਜਿਵ ਮੋਇਆਂ, ਤਿਵ ਜੀਂਦੇ ।

And if the Wine you drink, the Lip you press,
End in the Nothing all Things end in—Yes—
Then fancy while Thou art, Thou art but what
Thou shalt be—Nothing—Thou shalt not be less.

48

ਜਦ ਤਕ ਨਦੀ ਕਿਨਾਰੇ ਕਾਇਮ ਫੁੱਲਾਂ ਦੀ ਮਦਸ਼ਾਲਾ,
ਤਦ ਤਕ ਹੱਥੋਂ ਜਾਣ ਨ ਦੇਣਾ ਜਾਮ ਅੰਗੂਰੀ ਵਾਲਾ ।
ਆਖ਼ਰ ਇਕ ਦਿਨ ਜਾਮ ਅਖ਼ੀਰੀ, ਆਪ ਜਮਾਂ ਲੈ ਆਉਣਾ,
ਝੱਕਣਾ ਨਾ, ਝਬਦੇ ਫੜ ਲੈਣਾ, ਉਹ ਵੀ ਤਲਖ਼ ਪਿਆਲਾ ।

While the Rose blows along the River Brink,
With old Khayyám the Ruby Vintage drink:
And when the Angel with his darker Draught
Draws up to thee—take that, and do not shrink.

49

ਦਿਨ-ਰਾਤਾਂ ਦੇ ਖ਼ਾਨਿਆਂ ਵਾਲੀ ਇਕ ਸ਼ਤਰੰਜ ਵਿਛਾ ਕੇ,
ਹੋਣੀ ਖੇਡੇ ਉਸ ਪਰ ਨਰਦਾਂ ਬਦਲੇ ਮਰਦ ਟਿਕਾ ਕੇ ।
ਮੁਹਰੇ ਚੱਲੇ, ਮੇਲੇ, ਮਾਰੇ, ਤੇ ਫਿਰ ਇਕ ਇਕ ਕਰ ਕੇ
ਸਾਂਭ ਲਵੇ ਫਿਰ ਨਰਦਾਂ ਸੱਭੇ ਵਿਚ ਪਟਾਰੀ ਪਾ ਕੇ ।

'Tis all a Chequer-board of Nights and Days
Where Destiny with Men for Pieces plays:
Hither and thither moves, and mates, and slays,
And one by one back in the Closet lays.

50

ਕੀ ਮਜਾਲ ਖਿੱਦੋ ਦੀ ਕਿ ਉਹ ਹੁੱਜਤ ਕੋਈ ਅਲਾਏ,
ਜਿਤ ਵੱਲ ਮਾਰੇ ਚੋਟ ਖਿਡਾਰੀ, ਉਤ ਵੱਲ ਭੱਜੀ ਜਾਏ ।
ਇਸ ਚੌਗਾਨ 'ਚ ਜਿਸ ਨੇ ਸਾਨੂੰ ਗੇਂਦ ਵਾਂਗ ਭੁੜਕਾਇਆ,
ਉਹ ਜਾਣੇ ਉਸ ਕਿਵੇਂ ਖਿਡਾਣਾ, ਜਿਵ ਉਸ ਦੇ ਮਨ ਆਏ ।

The Ball no Question makes of Ayes and Noes,
But Right or Left as strikes the Player goes;
And He that toss'd Thee down into the Field,
He knows about it all—HE knows—HE knows!

51

ਵਗਦੀ ਕਲਮ, ਅਗੰਮ ਲੇਖਣੀ ਲੇਖ ਜੋ ਲਿਖਦੀ ਜਾਏ,
ਨਾ ਕੋ ਹੁਕਮ ਤੇ ਨਾ ਕੋ ਹਾੜ੍ਹਾ ਉਸ ਨੂੰ ਫੇਰ ਮਿਟਾਏ ।
ਕੋਈ ਸਿਆਣਪ, ਕੋਈ ਚਾਤੁਰੀ ਲਿਖਿਆ ਮੇਟ ਨ ਸਕੀ,
ਹੰਝੂ ਭੀ ਦਿਨ ਰਾਤ ਜੋ ਕਿਰਦੇ ਭੀ ਇਨ ਧੋ ਨਾ ਪਾਏ ।

The Moving Finger writes; and, having writ,
Moves on: nor all thy Piety nor Wit
Shall lure it back to cancel half a Line,
Nor all thy Tears wash out a Word of it.

52

ਇਹ ਮੂਧਾ ਕਚਕੌਲ ਅਰਸ਼ ਦਾ, ਜਿਸ ਦਾ ਏਡ-ਪਸਾਰਾ,
ਤੇ ਇਸ ਹੇਠ ਰੀਂਗਦਾ ਫਿਰਦਾ ਸਗਲਾ ਜੰਤ ਵਿਚਾਰਾ,
ਹੇ ਬੇਵੱਸ ਮਨੁੱਖ ਨ ਇਸ ਵੱਲ ਹੱਥ ਮਦਦ ਲਈ ਚਾਈਂ,
ਇਹ ਵੀ ਤੇਰੇ ਮੇਰੇ ਵਾਕਰ ਹੈ ਬੇਵੱਸ ਵਿਚਾਰਾ ।

And that inverted Bowl we call The Sky,
Whereunder crawling coop't we live and die,
Lift not thy hands to It for help—for It
Rolls impotently on as Thou or I.

53

ਮੁਢਲੀ ਮਿੱਟੀ ਤੋਂ ਹੀ ਉਸ ਨੇ ਬੁੱਤ ਅਖ਼ੀਰੀ ਘੜਿਆ,
ਅੰਤਮ ਫ਼ਸਲ ਦਾ ਬੀਜ ਵੀ ਉਸ ਦੀ ਪ੍ਰਥਮ ਫ਼ਸਲ 'ਚੋਂ ਝੜਿਆ ।
ਬਿਧਮਾਤਾ, ਜਗ ਰਚਨਾ ਦਾ, ਪਹਿਲਾ ਸੂਤਰ ਜਿਵ ਲਿਖਿਆ,
ਪਰਲੋ ਦੇ ਦਿਨ ਲੇਖੇ ਵੇਲੇ ਉਵੇਂ ਜਾਏਗਾ ਪੜ੍ਹਿਆ ।

With Earth's first Clay They did the Last Man's knead,
And then of the Last Harvest sow'd the Seed:
Yea, the first Morning of Creation wrote
What the Last Dawn of Reckoning shall read.

54

ਅਗਨੀ ਦੇ ਘੋੜੇ ਤੇ ਚੜ੍ਹ ਕੇ ਪਿਆ ਜਦੋਂ ਮੈਂ ਰਾਹੇ,
ਗਹਿਲਾ ਰੂਹ ਤੇ ਛੈਲੀ ਮਿੱਟੀ ਪਾ ਗਲਵੱਕੜੀ ਧਾਏ ।
ਤਾਰਾਗਣ 'ਚੋਂ ਇਕ ਪਰਵੀਨ ਤੇ ਇਕ ਮੁਸ਼ਤਰੀ ਚਾ ਕੇ
ਕਿਸੇ ਮੇਰੇ ਭਾਗਾਂ ਦੇ ਰਾਹ ਵਿਚ ਦੋਵੇਂ ਚਾ ਪਟਕਾਏ ।

I tell Thee this—When, starting from the Goal,
Over the shoulders of the flaming Foal
Of Heav'n Parwín and Mushtara they flung,
In my predestin'd Plot of Dust and Soul

55

ਅੰਗੂਰਾਂ ਨੇ ਅਪਣੇ ਅੰਦਰੋਂ ਐਸੀ ਵਸਤ ਨਿਕਾਲੀ,
ਜਿਸ ਦੇ ਅੰਦਰ ਡੁੱਬ ਕੇ ਹੋਈ ਜਿੰਦ ਹਰਿਕ ਮਤਵਾਲੀ ।
ਸੂਫ਼ੀ ਲੱਖ ਮੁਲਾਮਤ ਪਾਵੇ, ਪਰ ਸੱਚੀ ਗੱਲ ਏਹਾ-
ਰੱਬ ਦੇ ਦਰ ਦੀ ਕੁੰਜੀ ਜਾਣੀ ਇਸੇ ਵਸਤ 'ਚੋਂ ਢਾਲੀ ।

The Vine had struck a Fibre; which about
If clings my Being—let the Súfi flout;
Of my Base Metal may be filed a Key,
That shall unlock the Door he howls without.

56

ਭਾਵੇਂ ਬਖ਼ਸ਼ ਲਏ ਤੇ ਭਾਵੇਂ ਸਾੜ ਕੇ ਕਰ ਦਏ ਕੋਲੇ,
ਅੱਜ ਮੇਰੀ ਮਿੱਟੀ ਦਾ ਸੱਚ ਪਿਆ ਇਵ ਬੋਲੇ-
ਸਦ-ਰਹਿਮਤ ਮੈਖ਼ਾਨੇ ਨੂੰ ਜਿਥੇ ਝਾਤ ਉਹ ਦਿਲਬਰ ਪਾਵੇ,
ਸਦ-ਲਾਅਨਤ ਉਸ ਮੰਦਰ ਨੂੰ ਜਿੱਥੇ ਘੁੰਡ ਨ ਦਿਲਬਰ ਖੋਲ੍ਹੇ ।

And this I know: whether the one True Light,
Kindle to Love, or Wrath consume me quite,
One Glimpse of It within the Tavern caught
Better than in the Temple lost outright.

57

ਪਹਿਲਾਂ ਤਾਂ ਉਨ ਰਾਹ ਸਾਡੇ ਵਿਚ ਟੋਏ ਟਿੱਬੇ ਵਿਛਾਏ,
ਜੜ੍ਹਤਾ ਦੇ ਪਰਦੇ ਵੀ ਸਾਡੀ ਅੱਖ ਅੱਗੇ ਲਟਕਾਏ ।
ਫੇਰ ਅਸਾਡੀਆਂ ਮੁਸ਼ਕਾਂ ਬੰਨ੍ਹ ਕੇ ਭਾਗ ਹੰਢਾਵਣ ਘਲਿਆ,
ਡਿੱਗੇ ਅਸੀਂ ਤਾਂ ਦੋਸ਼ ਵੀ ਉਨ ਸਾਡੇ ਹੀ ਮੱਥੇ ਲਾਏ ।

Oh Thou who didst with Pitfall and with Gin
Beset the Road I was to wander in,
Thou wilt not with Predestination round
Enmesh me, and impute my Fall to Sin?

58

ਆਪ ਜਦੋਂ ਤੂੰ ਆਦਮ ਘੜਿਆ, ਮਿੱਟੀ ਲਾਈ ਨਿਕੰਮੀ,
ਫੇਰ ਅਦਨ ਵਿਚ ਫਨੀਅਰ ਘੱਲ ਕੇ ਵਿਉਂਤ ਪਾਪ ਦੀ ਬੰਨ੍ਹੀ,
ਤਾਂ ਫਿਰ ਹਰ ਉਸ ਪਾਪ ਲਈ ਜਿਸ ਤੋਂ ਆਦਮ ਸ਼ਰਮਿੰਦਾ,
ਕੇਵਲ ਮਾਫ਼ ਨ ਕਰੀਂ ਓਸ ਨੂੰ, ਖਿਮਾ ਵੀ ਉਸ ਤੋਂ ਮੰਗੀਂ ।

Oh Thou, who Man of baser Earth didst make,
And who with Eden didst devise the Snake;
For all the Sin wherewith the Face of Man
Is blacken'd, Man's Forgiveness give—and take!

ਕੂਜ਼ਾ ਨਾਮਹ-KÚZA-NÁMA

59

ਗੁਜ਼ਰ ਗਿਆ ਰਮਜ਼ਾਨ, ਤਿਕਾਲਾਂ ਪੈ ਗਈਆਂ ਸਨ ਨਾਲੇ,
ਚੰਨ ਹਲਾਲੀ ਅੰਬਰ ਉੱਤੇ ਦਿਸਿਆ ਨਾ ਸੀ ਹਾਲੇ,
ਕੱਲਮਕੱਲਾ ਮੈਂ ਖੜਿਆ ਸਾਂ ਕੂਜ਼ਾਗਰ ਦੇ ਵਿਹੜੇ,
ਇਕ ਮਟਿਆਲੀ ਭੀੜ ਜੁੜੀ ਸੀ ਮੇਰੇ ਆਲ ਦੁਆਲੇ ।

Listen again. One Evening at the Close
Of Ramazán, ere the better Moon arose,
In that old Potter's Shop I stood alone
With the clay Population round in Rows.

60

ਕੂਜ਼ਾਗਰ ਦੇ ਕੂਜ਼ਾਘਰ ਸੀ ਭਾਂਡਿਆਂ ਦਾ ਅੰਬਾਰਾ,
ਬੋਲ ਵਿਹੂਣੇ ਬਾਹਲੇ ਭਾਂਡੇ, ਵਿਰਲਾ ਬੋਲਣਹਾਰਾ ।
ਡਾਢਾ ਇਕ ਬੇਸਬਰਾ ਭਾਂਡਾ ਅਚਣਚੇਤ ਚਿਚਲਾਇਆ,
"ਦੱਸੋ ਕਿਹੜਾ ਘਾੜਤ ਹੈ ਕਿਹੜਾ ਘੜਨੇਹਾਰਾ ?"

And strange to tell, among that Earthen Lot
Some could articulate, while others not:
And suddenly one more impatient cried—
"Who is the Potter, pray, and who the Pot?"

61

ਦੂਜਾ ਬੁਕਿਆ, "ਭਾਵੇਂ ਮੈਂ ਵੀ ਇਸੇ ਖ਼ਾਕ 'ਚੋਂ ਆਇਆ,
ਘੜਨਹਾਰ ਨੇ ਬਿਨ ਮਕਸਦ ਤਾਂ ਮੈਨੂੰ ਨਹੀਂ ਬਣਾਇਆ ।
ਫਿਰ ਕਿਵ ਤੋੜ ਫੋੜ ਕੇ ਮੈਨੂੰ ਉਹ ਮਿੱਟੀ ਕਰ ਦੇਸੀ-
ਅਪਣੀ ਉੱਤਮ ਕਲਾ ਨਾਲ ਜਿਨ ਮੈਨੂੰ ਇੰਜ ਸਜਾਇਆ ?"

Then said another—"Surely not in vain
"My substance from the common Earth was ta'en,
"That He who subtly wrought me into Shape
"Should stamp me back to common Earth again."

62

ਬੁਕਿਆ ਇੱਕ ਕਿ "ਬਾਲਕ ਵੀ ਕੋ ਭੰਨੇ ਨਾ ਉਸ ਤਾਈਂ,
ਜਿਸ ਠੂਠੇ ਨੂੰ ਉਸ ਨੇ ਲਾਏ ਅਪਣੇ ਬੁਲ੍ਹ ਕਦਾਈਂ ।
ਕੀ ਫਿਰ ਮਗਰੋਂ ਕ੍ਰੋਧ 'ਚ ਆ ਕੇ ਭੰਨ ਸੁੱਟੇਗਾ ਮੈਨੂੰ,
ਜਿਹਦੇ ਪਿਆਰ ਨੇ ਪਹਿਲੋਂ ਮੈਨੂੰ ਘੜਿਆ ਚਾਈਂ ਚਾਈਂ ?"

Another said—"Why, ne'er a peevish Boy
"Would break the Bowl from which he drank in Joy;
"Shall He that made the Vessel in pure Love
"And Fansy, in an after Rage destroy!"

63

ਉਸ ਦੀ ਗੱਲ ਕਿਸੇ ਨਾ ਗੌਲੀ, ਪਰ ਕੋ ਪਿੱਛੇ ਖੜਿਆ
ਬੁਕਿਆ ਇਕ ਬਦਸੂਰਤ ਭਾਂਡਾ –ਠਿੱਬਾ, ਨੱਕ-ਮੂੰਹ ਚੜ੍ਹਿਆ-
ਕੀ ਸਭ ਦਾ ਅਪਮਾਨ ਸਹਿਣ ਲਈ ਮੈਨੂੰ ਓਸ ਬਣਾਇਆ,
ਕੀ ਹੱਥ ਉਸ ਦਾ ਥਿੜਕ ਗਿਆ ਸੀ ਜਦ ਉਸ ਮੈਨੂੰ ਘੜਿਆ ?"

None answer'd this; but after Silence spake
A Vessel of a more ungainly Make:
"They sneer at me for leaning all awry;
"What? did the Hand then of the Potter shake?"

64

"ਸੁਣਿਐਂ ਮੈਂ," ਕਿਹਾ ਇਕ ਕੂਜੇ, "ਇਕ ਕਲਾਲ ਕਲਮੂੰਹਾਂ,
ਜਿਸ ਦੇ ਮੂੰਹ ਤੇ ਥਪਿਆ ਦੱਸਦੇ ਘੋਰ ਨਰਕ ਦਾ ਧੂੰਆਂ,
ਅਸੀਂ ਤਾਂ ਉਸ ਦੀ ਅਜ਼ਮਾਇਸ਼ 'ਚੋਂ ਕਦੇ ਨਾ ਪੁੱਗਣ ਜੋਗੇ,
ਐਪਰ, ਉਸ ਬਾਰੇ ਸਭ ਦੇਂਦੇ ਮਿਹਰ ਕਰਮ ਦੀਆਂ ਸੂਹਾਂ ।"

Said one—"Folks of a surly Tapster tell,
"And daub his Visage with the Smoke of Hell;
"They talk of some strict Testing of us—Pish!
"He's a Good Fellow, and 'twill all be well."

65

ਹਉਕਾ ਲੈ ਇਕ ਮਟਕੀ ਬੋਲੀ, "ਮੇਰੀ ਮਿੱਟੀ ਮੋਈ
ਲੰਮੀ ਬੇਪਰਵਾਹੀ ਕਾਰਣ ਸੁਕ ਸੁਕ ਕਲਰ ਹੋਈ ।
ਸੁਣੋ ਵੇ, ਉਹੀ ਪਛਾਤਾ ਰਸ ਮੁੜ ਸਿੰਜੇ ਮੇਰੇ ਅੰਦਰ,
ਮਤ ਸਹਿਜੇ ਸਹਿਜੇ ਇਹ ਰੋਗਣ ਹੋ ਜਾਏ ਨਵੀਂ ਨਰੋਈ ।"

Then said another with a long-drawn Sigh,
"My Clay with long oblivion is gone dry:
"But, fill me with the old familiar Juice,
"Methinks I might recover by-and-bye!"

66

ਇਵ ਜਦ ਕੂਜੜਿਆਂ ਸੀ ਅਪਣੀ ਹਾਲ ਦੁਹਾਈ ਪਾਈ,
ਚੰਨ-ਮੁਬਾਰਕ ਤਦੋਂ ਕਿਸੇ ਨੂੰ ਦੇ ਗਿਆ ਆਣ ਦਿਖਾਈ ।
ਇਕ ਦੂਜੇ ਨੂੰ ਝੂਣ ਮੋਢਿਓਂ, ਬੋਲੇ ਉਹ, "ਬਦਬਖ਼ਤੋ !
ਛਣਕੀ ਜੇ ਸਾਕੀ ਦੀ ਝਾਂਜਰ, ਖੜਕੀ ਉਹਦੀ ਸੁਰਾਹੀ ।"

So, while the Vessels one by one were speaking,
One spied the little Crescent all were seeking:
And then they jogg'd each other, "Brother! Brother!
"Hark to the Porter's Shoulder-knot a-creaking!"

67

ਮੁਖ ਮੇਰੇ ਵਿਚ ਮਰਦੇ ਦੰਮ ਤਕ ਰੱਸ ਅੰਗੂਰੀ ਪਾਣਾ ।
ਦੰਮ ਨਿਕਲੇ ਤਾਂ ਲਾਸ਼ ਮੇਰੀ ਨੂੰ ਓਸੇ ਨਾਲ ਨੁਹਾਣਾ,
ਸ਼ਵ ਮੇਰਾ ਅੰਗੂਰ ਲਤਾ ਦੇ ਪੱਤਿਆਂ ਵਿਚ ਕਫ਼ਨਾ ਕੇ,
ਕਿਸੇ ਬਿਜੌਰੀ ਦਾਖਾਂ ਵਾਲੇ ਬਾਗ਼ 'ਚ ਜਾ ਦਫ਼ਨਾਣਾ ।

Ah, with the Grape my fading Life provide,
And wash my Body whence the life has died,
And in a Windingsheet of Vine-leaf wrapt,
So bury me by some sweet Gardenside.

68

ਲੋਕਾ ਵੇ ! ਜਦ ਮੈਂ ਮਿੱਟੀ ਵਿਚ ਮਿੱਟੀ ਹੋਇਆ ਹੋਵਾਂ,
ਮੇਰੀ ਮਿੱਟੀ 'ਚੋਂ ਵੀ ਓਦੋਂ ਉੱਠਣਗੀਆਂ ਖੁਸ਼ਬੋਆਂ ।
ਕੋਲੋਂ ਲੰਘਦੇ ਹਰ ਮੋਮਨ ਨੂੰ ਜਿਹੜੀਆਂ ਬੰਨ੍ਹ ਬਹਾਸਣ,
ਕੋਲੋਂ ਲੰਘਦਿਆਂ ਸਭ ਨੂੰ ਪੌਸਣ ਨਿੱਤ ਅਚਿੱਤੀਆਂ ਖੋਹਾਂ ।

That ev'n my buried Ashes such a Snare
Of Perfume shall fling up into the Air,
As not a True Believer passing by
But shall be overtaken unaware.

69

ਜਿਨ੍ਹਾਂ ਹਸੀਨ ਬੁੱਤਾਂ ਨੂੰ ਮੈਂ ਨਿਤ ਇਸ਼ਟ ਵਾਂਗਰਾਂ ਚਾਹਿਆ,
ਉਨ੍ਹਾਂ ਹੀ ਜਗ ਦੀਆਂ ਨਜ਼ਰਾਂ ਅੰਦਰ ਮੇਰਾ ਕੁਰਬ ਘਟਾਇਆ ।
ਇੱਜ਼ਤ ਮੇਰੀ, ਮਿੱਟੀ ਦੇ ਇਕ ਠੂਠੇ ਵਿਚ ਗ਼ਰਕਾਈ,
ਤੇ ਇਕ ਨਗ਼ਮੇ ਪਿੱਛੇ ਮੇਰਾ ਨਾਮ ਵਿਕਾਊ ਲਾਇਆ ।

Indeed the Idols I have loved so long
Have done my Credit in Men's Eye much wrong:
Have drown'd my Honour in a shallow Cup,
And sold my Reputation for a Song.

70

ਮੈਂ ਸੌ ਵਾਰੀ ਤੋਬਾ ਕੀਤੀ, ਲਖ ਸੌਗੰਦਾਂ ਖਾਈਆਂ,
ਪਰ, ਖ਼ਬਰੇ ਮਦਹੋਸ਼ੀ ਵਿਚ ਹੀ ਮੈਂ ਉਹ ਸੌਹਾਂ ਚਾਈਆਂ-
ਜਦ ਵੀ ਆਈ ਬਹਾਰ ਫੁਲੇਰੀ ਨਵੇਂ ਗੁਲਾਬ ਸਜਾ ਕੇ,
ਮੁੜ ਤੋਬਾ ਦੀਆਂ ਕੱਚੀਆਂ ਤੰਦਾਂ ਨਜ਼ਰ ਨ ਕਿਧਰੇ ਆਈਆਂ ।

Indeed, indeed, Repentance oft before
I swore—but was I sober when I swore?
And then and then came Spring, and Rose-in-hand
My thread-bare Penitence a-pieces tore.

71

ਕੀਤੀ ਖ਼ੁਆਰ ਚਾਹੇ ਮਦਰਾ ਨੇ ਇੱਜ਼ਤ ਮੇਰੇ ਕੁਲ ਦੀ,
ਏਸੇ ਕਾਰਣ ਭਾਵੇਂ ਮੇਰੀ ਪੱਗ ਪਈ ਹੈ ਰੁਲਦੀ,
ਓਏ ਕਲਾਲ ਵੇਚ ਕੇ ਮਦਰਾ ਕਿਹੜੀ ਵਸਤ ਵਿਸਾਹਸੋਂ ?
ਮੈਨੂੰ ਤਾਂ ਕੋ ਵਸਤ ਨ ਦਿਸਦੀ ਮਦ-ਪਿਆਲੀ ਦੇ ਮੁੱਲ ਦੀ ।

And much as Wine has play'd the Infidel,
And robb'd me of my Robe of Honour—well,
I often wonder what the Vintners buy
One half so precious as the Goods they sell.

72

ਗਈ ਬਹਾਰ ਤੇ ਨਾਲੇ ਲੈ ਗਈ ਅਪਣੇ ਫੁੱਲ ਸੁਹਾਣੇ ।
ਜੋਬਨ ਗਿਆ ਤਾਂ ਮੂਧੇ ਕਰ ਗਿਆ ਮਹਿਫ਼ਲ ਦੇ ਪੈਮਾਨੇ ।
ਬੁਲਬੁਲ ਜੋ ਟਹਿਣੀ ਤੇ ਬਹਿ ਕੇ ਚਹਿਕੀ ਚਾਰ ਦਿਹਾੜੇ,
ਕਿਧਰੋਂ ਆਈ ਤੇ ਖ਼ਬਰੇ ਉਠ ਗਈ ਕਿਹੜੇ ਦੇਸ ਬਿਗਾਨੇ ?

Alas, that Spring should vanish with the Rose!
That Youth's sweet-scented Manuscript should close!
The Nightingale that in the Branches sang,
Ah, whence, and whither flown again, who knows!

73

ਹੇ ਚੰਨੀਏ, ਜੇਕਰ ਬਿਧਮਾਤਾ ਗੱਲ ਅਸਾਡੀ ਮੰਨੇ,
ਜਗ ਦਾ ਧੰਧਾ ਸੌਂਪ ਕੇ ਸਾਨੂੰ ਆਪ ਬੈਠ ਜਾਏ ਬੰਨੇ,
ਕਿਉਂ ਨਾ ਫਿਰ ਇਸ ਕਾਇਨਾਤ ਨੂੰ ਫੀਤਾ ਫੀਤਾ ਕਰ ਕੇ.
ਮੁੜ ਕੇ ਓਨ ਸਿਰਜੀਏ ਓਕਣ ਜਿਵ ਮਨ ਸਾਡਾ ਮੰਨੇ ।

Ah, Love! could thou and I with Fate conspire
To grasp this sorry Scheme of Things entire,
Would not we shatter it to bits—and then
Re-mould it nearer to the Heart's Desire!

74

ਘਟਦੀ ਨਹੀਂ ਕਦੇ ਵੀ ਚੰਨਾ ਤੇਰੀ ਦਿੱਖ ਸੁਹਾਣੀ ।
ਘਟਦਾ ਵੱਧਦਾ ਚੰਨ ਦੂਸਰਾ, ਮੁੜ ਚੜ੍ਹਿਐ ਅਸਮਾਨੀ ।
ਇਨ ਤਾਂ ਮੇਰੇ ਖਿੜੇ ਬਾਗ਼ ਨੂੰ ਤਕਣਾ ਹਰ ਦਿਨ ਵਾਙੂੰ,
ਕੀ ਵੇਖੇਗਾ ਜਦ ਉਠ ਜਾਸੀ ਮੇਰੀ ਜਿੰਦ ਨਿਮਾਣੀ ?

Ah, Moon of my Delight who know'st no wane,
The Moon of Heav'n is rising once again:
How oft hereafter rising shall she look
Through this same Garden after me—in vain!

75

ਹੇ ਚੰਨਾ ਜਦ ਰੌਣਕ ਲਾਈ ਮੁੜ ਏਥੇ ਮਹਿਮਾਨਾਂ,
ਤੇ ਅੱਜ ਵਾਂਗ ਉਨ੍ਹਾਂ 'ਚੋਂ ਗੁਜ਼ਰੀ ਤੂੰ ਵੰਡਦੀ ਮੁਸਕਾਨਾਂ,
ਜੇ ਤੂੰ ਪਰਤੀ ਏਥੇ ਜਿੱਥੇ ਕੌਲ ਅਸਾਂ ਅੱਜ ਕੀਤੇ,
(ਤਾਂ) ਯਾਦ ਮੇਰੀ ਵਿਚ ਮੂਧਾ ਕਰ ਦਈਂ ਸਖਣਾ ਇਕ ਪੈਮਾਨਾ ।

And when Thyself with shining Foot shall pass
Among the Guests Star-scatter'd on The Grass,
And in Thy joyous Errand reach the Spot
Where I made one—turn down an empty Glass!

(Note: The English Version is of Edward Fitzgerald)