Nund Rishi ਨੁੰਦ ਰਿਸ਼ੀ
ਨੁੰਦ ਰਿਸ਼ੀ/ਸ਼ੇਖ਼ ਨੂਰ-ਉਦ-ਦੀਨ-ਵਲੀ (੧੩੭੭-੧੪੪੦) ਕਸ਼ਮੀਰੀ ਸੰਤ ਅਤੇ ਕਵੀ ਸਨ । ਉਨ੍ਹਾਂ ਨੂੰ ਸ਼ੇਖ਼-ਉਲ-ਆਲਮ ਅਤੇ ਅਲਮਦਾਰ-ਏ-ਕਸ਼ਮੀਰ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕੀਮੂ (ਪੁਰਾਣਾ ਨਾਂ ਕਤੀਮੂਸ਼ਾ), ਜਿਲ੍ਹਾ ਕੁਲਗਾਮ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਸ਼ੇਖ਼ ਸਲਾਰ-ਉਦ-ਦੀਨ ਅਤੇ ਮਾਤਾ ਦਾ ਨਾਂ ਸਦਰਾ ਸੀ । ਬਚਪਨ ਵਿੱਚ ਉਨ੍ਹਾਂ ਨੂੰ ਕਈ ਕੰਮਾਂ-ਧੰਦਿਆਂ ਵਿਚ ਲਾਇਆ ਗਿਆ ਪਰ ਉਹ ਇਨ੍ਹਾਂ ਸਭਨਾਂ ਤੋਂ ਉਪਰਾਮ ਹੋ ਗਏ । ਉਨ੍ਹਾਂ ਗੁਫ਼ਾਵਾਂ ਵਿੱਚ ਤਪੱਸਿਆ ਕੀਤੀ ਅਤੇ ਰੱਬੀ ਮਸਤੀ ਵਿੱਚ ਰਹਿਣ ਲੱਗੇ । ਉਨ੍ਹਾਂ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਮੰਨਦੇ ਹਨ । ਉਨ੍ਹਾਂ ਕਸ਼ਮੀਰ ਵਿੱਚ ਰੂਹਾਨੀਅਤ ਅਤੇ ਸਾਂਝੀਵਾਲਤਾ ਦਾ ਪੈਗ਼ਾਮ ਦਿੱਤਾ ।
ਨੁੰਦ ਰਿਸ਼ੀ/ਸ਼ੇਖ਼ ਨੂਰ-ਉਦ-ਦੀਨ-ਵਲੀ ਕਸ਼ਮੀਰੀ ਕਵਿਤਾ
1. ਲੱਲ-ਮਾਂ ਬਾਰੇ
ਉਹ ਪਦਮਾਨ ਪੁਰ (ਪਾਂਪੋਰ) ਦੀ ਰਹਿਣ ਵਾਲੀ ਔਰਤ ਲੱਲ ਮਾਂ
ਜਿਸ ਨੇ ਆਬੇ-ਹਯਾਤ ਦਾ ਸਾਗਰ ਪੀਤਾ ਸੀ
ਜੋ ਅਵਤਾਰ ਬਣ ਕੇ ਧਰਤੀ ਤੇ ਆਈ ਸੀ
ਉਸ ਨੇ ਹੀ ਮੈਨੂੰ ਗੋਦ ਵਿਚ ਪਾਲਿਆ
ਆਪਣਾ ਦੁੱਧ ਪਿਲਾਇਆ
ਰੱਬਾ ਜੋ ਰਾਹ ਤੂੰ ਉਸ ਮਹਾਨ ਜੋਗਨੀ ਨੂੰ ਦੱਸਿਆ
ਮੈਨੂੰ ਵੀ ਉਹੀ ਰਾਹ ਦੱਸ
2. ਮੈਂ ਏਸ ਮਾਇਆ ਰੂਪੀ ਸੰਸਾਰ
ਮੈਂ ਏਸ ਮਾਇਆ ਰੂਪੀ ਸੰਸਾਰ
ਦੇ ਚੱਕਰਾਂ ਵਿਚ ਅਜਿਹਾ ਫਸਿਆ
ਕਿ ਮੇਰੀ ਹਿੰਦੂ ਤੇ ਮੁਸਲਮਾਨ ਜਨਤਾ
ਇਹ ਚਾਰ ਦਿਨਾਂ ਦੀ ਚਾਨਣੀ ਏ
ਅਸੀਂ ਇਥੇ ਕੁਝ ਚਿਰ ਲਈ ਖੇਡਕੇ
ਮੁੜ ਆਪਣੇ ਘਰ ਨੂੰ ਜਾਣਾ ਏ
3. ਅਸੀਂ ਇਕੋ ਮਾਂ ਬਾਪ ਦੀ ਔਲਾਦ ਹਾਂ
ਅਸੀਂ ਇਕੋ ਮਾਂ ਬਾਪ ਦੀ ਔਲਾਦ ਹਾਂ
ਫਿਰ ਇਹ ਵੱਖਵਾਦ ਤੇ ਫ਼ਰਕ ਕਿਉਂ
ਅਸੀਂ ਕਿਉਂ ਮਿਲ ਕੇ ਰੱਬ ਦੀ ਪੂਜਾ ਨਹੀਂ ਕਰਦੇ
ਅਸੀਂ ਦੁਨੀਆਂ ਵਿਚ ਸੰਗੀ-ਸਾਥੀ ਬਣ ਕੇ ਆਏ ਹਾਂ
ਸਾਨੂੰ ਆਪਣੀਆਂ ਖ਼ੁਸ਼ੀਆਂ ਤੇ ਦੁਖ
ਮਿਲਕੇ ਸਾਂਝੇ ਕਰਨੇ ਚਾਹੀਦੇ ਨੇ ।
4. ਸ਼ਿਵ ਗਿਆਨ ਤੇ ਇਸਲਾਮੀ ਵਹਿਦਤ ਦੀ ਸਾਂਝ
ਆਪ ਹੀ ਕਸਾਈ ਤੇ ਆਪ ਹੀ ਛੁਰੀ
ਆਪ ਹੀ ਦੁਕਾਨਦਾਰ ਤੇ ਆਪ ਹੀ ਖਰੀਦਦਾਰ
ਜੋ ਇਸ ਜਗ ਵਿਚ ਮੌਜੂਦ ਹੈ
ਉਹ ਹੀ ਲਾਮਕਾਨ ਵਿਚ ਮੌਜੂਦ ਹੈ
ਉਹ ਹੀ ਜਾਤ ਹਰ ਸ਼ੈਅ ਵਿਚ ਹੈ
ਉਹੋ ਪਿਆਦਾ ਹੈ ਤੇ ਉਹੋ ਰਥ ਵਿਚ ਸਵਾਰ
ਉਹੋ ਰਾਜ਼ ਨਜ਼ਰ ਦੇ ਸਾਹਮਣੇ ਤੇ ਉਹੋ ਪਰਦੇ 'ਚ
ਲੁਕਿਆ ਹੋਇਆ ਹੈ ।
5. ਹਿੰਦੂ ਸ਼ੱਕਰ ਨੇ ਤੇ ਮੁਸਲਮਾਨ ਦੁੱਧ
ਹਿੰਦੂ ਸ਼ੱਕਰ ਨੇ ਤੇ ਮੁਸਲਮਾਨ ਦੁੱਧ
ਦੋਨਾਂ ਨੂੰ ਮਿਲਾਓ
ਤੇ ਪੀਣ ਦਾ ਸੁਆਦ ਚੱਖੋ ।
ਮੁੱਲਾਂ ਤੇ ਮਸੀਤ ਵਿਚ ਉਹੋ ਸੰਬੰਧ ਹੈ
ਜੋ ਮੂਰਤੀ ਤੇ ਪੁਜਾਰੀ ਵਿਚ ਹੈ
ਮੁੱਲਾਂ ਤੇ ਪੁਜਾਰੀ ਰਿਜਕ ਕਮਾਣ ਜਾਣਦੇ ਨੇ
ਅਮਲ ਕਮਾਉਣ ਨਹੀਂ ।
6. ਹਕੀਕੀ ਸੰਤ
ਹਕੀਕੀ ਸੰਤ ਆਪਣੀ ਤਪੱਸਿਆ
ਤੇ ਇਬਾਦਤ ਨਾਲ ਪੱਥਰ ਪਾੜ ਸਕਦੇ ਨੇ
ਇਸ ਲਈ ਫ਼ਕੀਰ ਦਾ ਹੱਕ ਅਦਾ ਕਰੋ
ਜੀਵਨ ਨੂੰ ਮੋਹ ਮਾਇਆ ਦੇ ਪਾਖੰਡ ਵਿਚ ਬਰਬਾਦ ਨਾ ਕਰੋ ।
7. ਆਪਣੇ ਅਮਲਾਂ ਦੇ ਖੇਤ 'ਚੋਂ
ਆਪਣੇ ਅਮਲਾਂ ਦੇ ਖੇਤ 'ਚੋਂ ਫਜ਼ੂਲ ਘਾਹ ਕੱਢਦੇ ਰਹੋ
ਉਸ ਤੇ ਸੁਹਾਗਾ ਫੇਰਦੇ ਰਹੋ
ਤਾਂ ਜੋ ਫ਼ਸਲ ਚੰਗੀ ਉੱਗ ਸਕੇ
ਕਿਉਂਕਿ ਜੋ ਬੀਜੋਗੇ, ਉਹੋ ਕੱਟੋਗੇ ।
ਲਾਲਸਾ ਤੇ ਅਮੀਰੀ ਬੇਹਯਾਈ ਨੂੰ ਜਨਮ ਦਿੰਦੀ ਹੈ
ਆਪਣੇ ਜ਼ਮੀਰ ਨੂੰ ਮੋਹ, ਮਾਯਾ ਦੇ ਜਾਲ 'ਚ ਨਾ ਫਸਾ
ਆਪਣੀ ਜਾਨ ਤੇ ਮਾਲ ਦਾ ਵਪਾਰ ਰੱਬ ਨਾਲ ਕਰ
ਤਾਹੀਉਂ ਸਵਰਗ ਮਿਲੇਗਾ ।
ਦੁਨੀਆਂਦਾਰੀ ਵਿਚ ਫਸੇ ਪਾਖੰਡੀ
ਆਪਣੇ ਆਪ ਨੂੰ ਫ਼ਕੀਰ ਤੇ ਦਰਵੇਸ਼ ਅਖਵਾਂਦੇ ਨੇ
ਜੇ ਮੈਂ ਇਨ੍ਹਾਂ ਨੂੰ ਦਰਵੇਸ਼ ਕਹਾਂ
ਤਾਂ ਫਿਰ ਚੋਰ ਕਿਸ ਨੂੰ ਆਖਾਂ
ਉੱਚੀ ਜਾਤ ਅਤੇ ਖਾਨਦਾਨ 'ਤੇ ਫਖ਼ਰ ਕਰਨਾ
ਬੇਵਕੂਫੀ ਹੈ, ਮੂਰਖਤਾ ਹੈ
ਕਬਰ ਤੇ ਸ਼ਮਸ਼ਾਨ
ਜਾਤਾਂ ਤੇ ਖਾਨਦਾਨ ਨਹੀਂ ਵੇਖਦੇ ।
ਮਨ ਬਲਦ ਵਾਂਗਰ ਹੈ
ਇਸ ਨੂੰ ਡਰ ਦੀ ਰੱਸੀ ਨਾਲ
ਬੰਨ੍ਹ ਕੇ ਰੱਖ ।
8. ਵੇਲਾ ਆਏਗਾ
ਵੇਲਾ ਆਏਗਾ
ਜਦ ਸੂਰਾਂ ਦੇ ਸਿਰਮੌਰ ਕਲਗੀ ਹੋਵੇਗੀ
ਲੋਕਾਈ ਚੋਰ-ਉਚੱਕਿਆਂ ਦੇ ਪਿੱਛੇ ਪਿੱਛੇ ਚਲੇਗੀ
ਇਹ ਚੋਰ ਉਚੱਕੇ ਮਸੀਤਾਂ ਤੇ ਮੰਦਰਾਂ ਤੇ
ਕਬਜ਼ਾ ਕਰਨਗੇ
ਪੁਜਾਰੀ ਤੇ ਮੁਲਵਾਣੇ ਇਹਨਾਂ ਦੇ ਹੀ ਗੁਣ ਗਾਣਗੇ
ਨਾਸ਼ਪਾਤੀ ਤੇ ਖੁਬਾਨੀ ਇਕੋ ਮੌਸਮ 'ਚ ਉਗਣਗੇ
ਮਾਵਾਂ-ਧੀਆਂ ਇਕੱਠੇ ਪਰਾਏ ਮਰਦਾਂ ਨਾਲ ਫਿਰਨੀਆਂ
ਬੇਸ਼ਰਮੀ ਸ਼ਰਮ ਨੂੰ ਖਾ ਜਾਵੇਗੀ
ਦੁਨੀਆਂ ਬਰਬਾਦ ਹੋ ਜਾਵੇਗੀ
ਇਹੋ ਰੱਬ ਦੀ ਮਰਜੀ ਹੋਵੇਗੀ ।
9. ਅਕਲ ਕਿਸਮਤ ਦੀ ਗ਼ੁਲਾਮੀ ਕਰਦੀ ਹੈ
ਅਕਲ ਕਿਸਮਤ ਦੀ ਗ਼ੁਲਾਮੀ ਕਰਦੀ ਹੈ
ਕਿਉਂਕਿ ਮੈਂ ਇਕ ਅਕਲ ਤੋਂ ਕੋਰੇ ਬੰਦੇ ਨੂੰ
ਸਿੰਘਾਸਨ ਤੇ ਬੈਠਿਆਂ ਵੇਖਿਆ
ਤੇ ਗਿਆਨੀ ਨੂੰ
ਉਸ ਬੇਵਕੂਫ਼ ਦੀ ਚਾਕਰੀ ਕਰਦਿਆਂ-
ਕੁੱਤੇ ਨੂੰ ਸੋਨੇ ਦਾ ਜੇਵਰ ਪੁਆਉਣ ਦਾ ਕੀ ਮਤਲਬ
ਅੰਨ੍ਹਾ ਸੋਹਣੀ ਮੁਟਿਆਰ ਦਾ ਦੀਦਾਰ ਕਿੰਜ ਕਰ ਸਕਦਾ ਏ
ਦੰਦਾਂ ਬਗੈਰ ਬੁੱਢਾ ਅਖਰੋਟ ਕਿੰਜ ਤੋੜ ਸਕਦਾ ਏ
ਇਸ ਲਈ ਹੱਕ ਤੇ ਸੱਚ ਦਾ ਸਾਥ ਦੇਵੋ ।
10.
ਅਜਮਾਇਸ਼ ਸਬਰ ਦਾ ਨਾਂ ਹੈ
ਅਸਮਾਨੀ ਬਿਜਲੀ ਦੀ ਘਣਗਰਜ ਤੇ ਕੜਕ
ਦਾ ਮੁਕਾਬਲਾ ਕਰਨਾ
ਮੋਢੇ 'ਤੇ ਜ਼ੁਲਮ ਦਾ ਪਹਾੜ ਚੁਕਣਾ
ਨੰਗੇ ਹੱਥਾਂ ਉੱਤੇ ਅੱਗ ਦੇ ਅੰਗਿਆਰਾਂ ਨੂੰ ਰੱਖਣਾ
ਆਪਣੇ ਆਪ ਨੂੰ ਚੱਕੀ ਦੇ ਦੋ ਪੁੜਾਂ ਵਿਚ ਪਿਸਵਾਣਾ
ਤੇ ਇਕੋ ਬੁਰਕੀ ਵਿਚ ਮਣਾਂ ਜ਼ਹਿਰ ਨਿਗਲ ਜਾਣਾ
ਹੀ ਅਜਮਾਇਸ਼ ਹੈ ……।
ਦੁਨੀਆਂਪ੍ਰਸਤੀ, ਲੋਭ, ਕ੍ਰੋਧ
ਗ਼ਰੂਰ, ਤਕੱਬਰ ਤੇ ਮਾਯਾ
ਆਤਮਾ ਦੀਆਂ ਬੀਮਾਰੀਆਂ ਨੇ
ਜਿਹੜੀਆਂ ਬੰਦੇ ਨੂੰ ਜਲੀਲ ਕਰਦੀਆਂ ਨੇ
ਗੁਨਾਹ, ਸ਼ਰਮਿੰਦਗੀ ਦਿੰਦਾ ਹੈ
ਤੇ ਤੋਬਾ ਬਖਸ਼ਣ ਦੀ ਦਵਾ ਹੈ ।
11. ਨਫ਼ਸ ਬਾਰੇ
ਨਫ਼ਸ ਬਾਰੇ
ਤੇਰੇ ਨਫ਼ਸ ਦੇ ਖੂਹ ਵਿਚ ਕੁੱਤਾ ਸੜ ਰਿਹਾ ਹੈ
ਤੂੰ ਦੱਸ ਖਾਨ ।
ਤੇਰਾ ਪਾਣੀ ਕਿੰਜ ਪਾਕ ਹੋਵੇਗਾ
ਤੂੰ ਕਿੰਜ ਇਸ ਪਾਣੀ ਨੂੰ ਪੀ ਸਕੇਂਗਾ ।
12. ਮਾਂ ਦੇ ਦੁੱਧ ਨਾਲ ਸਰੀਰ ਪਲਦਾ ਹੈ
ਮਾਂ ਦੇ ਦੁੱਧ ਨਾਲ ਸਰੀਰ ਪਲਦਾ ਹੈ
ਤੇ ਗਿਆਨ ਦੀ ਰੋਟੀ
ਦਿਲ ਤੇ ਦਿਮਾਗ ਨੂੰ ਪ੍ਰਵਾਨ ਚੜ੍ਹਾਉਂਦੀ ਹੈ
ਗਿਆਨ ਜੀਵਨ ਦੀ ਰੂਹ ਹੈ ।
ਮੇਰੇ ਮਨਾਂ ! ਤੂੰ ਕੀ ਹਿਰਨ ਵਾਂਗ ਫੁਦਕਦਾ ਰਹਿਨੈਂ
ਆਪਣੇ ਆਪ ਨੂੰ ਕਾਬੂ ਵਿਚ ਰੱਖ
ਦਿਲ ਦੇ ਸਵਾਦ ਛੱਡ
ਨੂਰੀ ਰਿਸ਼ਮਾਂ ਨੂੰ ਫੜ
ਇਹ ਹਵੇਲੀਆਂ, ਸੋਨਾ, ਚਾਂਦੀ ਕਿਸ ਲਈ
ਤੂੰ ਤਾਂ ਮਿੱਟੀ ਦਾ ਖਿਡੌਣਾ ਏਂ
ਤੇ ਖ਼ਾਕ ਵਿਚ ਹੀ ਸਮਾਉਣਾ ਏਂ ।
13. ਬਾਬਾ ਨਸਰ ਰਿਸ਼ੀ ਨੂੰ
ਨਸਰ ਬਾਬਾ ਜੰਗਲ ਬੇਲੇ ਜਾ ਕੇ ਮੈਂ ਬੜੀ ਗਲਤੀ ਕੀਤੀ
ਸੋਚਿਆ ਸੀ ਕਿ ਬੇਲੇ ਡੇਰੇ ਲਾਣ ਨਾਲ ਤਪੱਸਿਆ ਹੋਵੇਗੀ
ਪਰ ਮੈਨੂੰ ਦਸ ਪਈ
ਕਿ ਇਹ ਤਾਂ ਇਕ ਕਿਸਮ ਦੀ ਬਦਨਾਮੀ ਹੈ
ਮੂਲ ਮਕਸਦ ਤਾਂ ਸੱਚਾਈ ਤੱਕ
ਰਸਾਈ ਹਾਸਲ ਕਰਨਾ ਏ ।
14. ਫ਼ਕੀਰੀ
ਫ਼ਕੀਰੀ ਪਰਦਾਦਾਰੀ ਕਰਦੀ ਹੈ
ਤੇ ਖ਼ੁਸ਼ਬੋਈ ਦਾ ਸਾਗ ਖੁਆਂਦੀ ਹੈ
(ਉਪਰਲੀ ਰਚਨਾ ਜਨਾਬ ਖ਼ਾਲਿਦ ਹੁਸੈਨ ਦੇ ਲੇਖ
'ਕਸ਼ਮੀਰ ਦੀ ਸੂਫ਼ੀ ਪਰੰਪਰਾ' ਤੇ ਆਧਾਰਿਤ ਹੈ)