Noori Darshan : Babu Firoz Din Sharaf

ਨੂਰੀ ਦਰਸ਼ਨ : ਬਾਬੂ ਫ਼ੀਰੋਜ਼ਦੀਨ ਸ਼ਰਫ਼

ਨੌਵਾਂ ਦਰਸ਼ਨ

27. ਤੇਗ਼ ਬਹਾਦਰ

ਹਰਗੋਬਿੰਦ ਗੁਰੂ ਦੇ ਪੁੱਤਰ
ਤੇਗ਼ ਬਹਾਦਰ ਪਿਆਰੇ ।
ਮਾਤਾ ਸਾਹਿਬ ਨਾਨਕੀ ਜੀ ਦੇ,
ਰੌਸ਼ਨ ਅੱਖੀ ਤਾਰੇ ।

ਜਿਉਂ ਕਸਤੂਰੀ ਨਾਫੇ ਵਿਚੋਂ
ਖ਼ੁਸ਼ਬੂ ਪਈ ਖਿਲਾਰੇ ।
ਉਮਰ ਨਿੱਕੀ ਵਿਚ, ਗੁਰੂਆਂ ਵਾਲੇ
ਲੱਛਣ ਚਮਕੇ ਸਾਰੇ ।

ਮਾਤ ਪਿਤਾ ਨੇ ਲਾਲ ਪੁੱਤਰ ਦੇ
ਦਰਸ਼ਨ ਜਿਸ ਪਲ ਪਾਏ ।
ਖ਼ੁਸ਼ੀਆਂ ਦੇ ਵਿੱਚ ਮੋਤੀਆਂ ਵਾਲੇ,
ਭਰ ਭਰ ਬੁੱਕ ਲੁਟਾਏ ।

ਡੁਲ੍ਹ ਡੁਲ੍ਹ ਪੈਂਦੀ ਛਾਪੇ ਵਿੱਚੋਂ
ਜਿਉਂ ਡਲ੍ਹਕ ਪਿਆਰੇ ਨਗ ਦੀ ।
ਲਾਟ 'ਉਤਾਰਾਂ ਵਾਲੀ ਵੇਖੀ
ਮਸਤਕ ਅੰਦਰ ਜਗਦੀ ।

ਧਰਮੀ ਰਣ ਵਿੱਚ ਪੁੱਤ ਪਿਆਰਾ
ਪੂਰਾ ਜੋਧਾ ਡਿੱਠਾ ।
ਰਖ ਦਿੱਤਾ ਤਾਂ 'ਤੇਗ਼ ਬਹਾਦਰ'
ਨਾਮ ਪਿਆਰਾ ਮਿੱਠਾ ।

28. ਦੁੱਖਾਂ ਦਾ ਪੰਧ

ਉਦਮ ਕਰਕੇ ਉੱਠ ਬਹੀਂ ਹੁਣ,
ਮੇਰੀ ਕਲਮ ਪਿਆਰੀ ।
ਵਾਟ ਦੁਰੇਡੀ ਵੇਲਾ ਥੋੜ੍ਹਾ,
ਤੂੰ ਭੀ ਤੁਰਨੋਂ ਹਾਰੀ ।
ਸੰਗੀ ਸਾਥੀ ਨਾਲ ਨਾ ਕੋਈ,
ਪੈਂਡਾ ਦਰਦਾਂ ਵਾਲਾ ।
ਮੰਜ਼ਲ ਔਖੀ, ਕੱਟੇ ਸੌਖੀ,
ਸੋਚ ਕੋਈ ਉਪਰਾਲਾ ।
ਆ ਜਾ ਦੋਵੇਂ ਰਾਹੀ ਰਲਕੇ
ਗੱਲਾਂ ਕਰਦੇ ਜਾਈਏ ।
ਨਾਲੇ ਪ੍ਰੇਮ ਵਧੌਂਦੇ ਜਾਈਏ,
ਨਾਲੇ ਵਾਟ ਮੁਕਾਈਏ :-
ਪਰ ਗੱਲਾਂ ਭੀ ਦਰਦਾਂ ਦੇ ਵਿੱਚ
ਭਰੀਆਂ 'ਜਹੀਆਂ ਹੋਵਨ ।
ਬੇ ਕਿਰਕਾਂ ਦੇ ਹਿਰਦੇ ਸੁਣ ਸੁਣ,
ਹੰਝੂ ਹਾਰ ਪਰੋਵਨ ।
ਖ਼ੁਸ਼ੀਆਂ ਵਾਲੀ ਗੱਲ ਨੂੰ ਹਰ ਕੋਈ,
ਦੁਨੀਆਂ ਅੰਦਰ ਭਾਖੇ ।
ਭਿਣਖ ਪਵੇ ਜੇ ਕਿਧਰੋਂ ਉਹਦੀ,
'ਜੀ ਆਇਆਂ ਨੂੰ' ਆਖੇ ।
(ਪਰ)-ਦਰਦਾਂ ਵਾਲੇ ਛਾਪੇ ਵੱਲੋਂ
ਪੱਲੇ ਸਭ ਸਮੇਟਣ ।
ਅੱਖਾਂ ਮੀਟਣ, ਨਜ਼ਰ ਨਾ ਆਵੇ,
ਸੁਣਕੇ ਕੰਨ੍ਹ ਵਲ੍ਹੇਟਣ ।
ਦੁੱਖਾਂ ਦੀ ਗੱਲ ਸੁਣਨੇ ਵਾਲਾ,
ਵਿਰਲਾ ਲੱਭੇ ਕੋਈ।
ਸੱਚ ਪੁੱਛੇਂ ਤਾਂ ਦੁਨੀਆਂ ਅੰਦਰ,
ਦੁਖੀਆਂ ਨੂੰ ਨਹੀਂ ਢੋਈ ।
ਪਰ ਸੁਖੀਆਂ ਦੀ ਪਹੁੰਚ ਨ ਓਥੇ,
ਜਿੱਥੇ ਦੁਖੀਏ ਜਾਵਨ ।
ਮਾਰ ਦੁਗਾੜਾ ਹਹੁਕੇ ਵਾਲਾ,
ਆਪਾ ਅਰਸ਼ ਪਹੁੰਚਾਵਨ ।
ਸੁਖ ਖ਼ੁਸ਼ੀ ਏਹ ਦੁਨੀਆਂ ਅੰਦਰ,
ਹੈਣ ਨਗੂਣੇ ਲਾਹੇ ।
ਦਰਦ ਪਰੇਮ ਬਿਨਾ ਨਾ ਢੋਈ,
ਮਿਲਦੀ ਧੁਰ ਦਰਗਾਹੇ ।
ਬਾਤ ਸੁਣਾ ਕੇ ਦਰਦਾਂ ਵਾਲੀ,
ਅਰਸ਼ੀਂ ਝਾਤ ਪਵਾਵਾਂ ।
ਮੇਰੀ ਪਯਾਰੀ ਆ ਅਜ ਤੇਰਾ
ਜੀਵਨ ਸਫਲ ਕਰਾਵਾਂ ।
ਕੁਦਰਤ ਵਾਂਗੂੰ ਵੇਖੀਂ ਸਭ ਕੁਝ
ਮੁੱਖੋਂ ਮੂਲ ਨਾ ਬੋਲੀਂ ।
ਸਬਰ ਸਿਦਕ ਤੇ ਜ਼ੁਲਮ ਜਬਰ ਨੂੰ
ਦਿਲ ਦੇ ਕੰਡੇ ਤੋਲੀਂ ।
ਫੁੱਲਾਂ ਨੂੰ ਤੇ ਸੂਲਾਂ ਅੰਦਰ
ਡਿੱਠਾ ਈ ਲੱਖ ਵਾਰੀ ।
ਆ ਅਜ ਤੈਨੂੰ ਹੋਰ ਵਖਾਵਾਂ
ਖੋਲ੍ਹ ਓਦ੍ਹੀ ਕਰਤਾਰੀ ।
ਫੁੱਲਾਂ ਅੰਦਰ ਬੂਟੇ ਉੱਗੇ,
ਲਾਲਾਂ ਦੇ ਵਿਚ ਪੱਥਰ ।
ਬਾਦਸ਼ਾਹਾਂ ਦੀ ਝੋਲੀ ਅੰਦਰ,
ਦੇਖ ਜ਼ੁਲਮ ਦੇ ਸੱਥਰ ।
ਦੂਜੇ ਪਾਸੇ ਦੇ ਵਲ ਵੇਖੀਂ
ਰਬ ਦੇ ਖ਼ਾਸ ਪਿਆਰੇ ।
ਰਾਤ ਹਨੇਰੀ ਅੰਦਰ ਕਰਦੇ
ਝਿਲ ਮਿਲ ਝਿਲ ਮਿਲ ਤਾਰੇ ।
ਕੀਕਰ ਦੁੱਖ ਹਜ਼ਾਰਾਂ ਸਹਿੰਦੇ
ਧਰਮੋਂ ਮੂਲ ਨਾ ਡੋਲਣ ।
ਸੀਸ ਕਟਾਵਣ, ਖੱਲ ਲੁਹਾਵਣ,
ਭੇਦ ਨਾ ਓਦ੍ਹਾ ਖੋਲ੍ਹਣ ।
ਮੁੱਦਾ ਕੀ ਅਜ ਆ ਨੀ ਤੈਨੂੰ
ਐਸੀ ਗੱਲ ਸੁਣਾਵਾਂ ।
ਪੰਧ ਦਿੱਲੀ ਦਾ ਦਰਦ ਦਿਲੀ ਵਿਚ,
ਤੇਰਾ ਕੁੱਲ ਮੁਕਾਵਾਂ ।
ਕਿੱਸਾ ਇੱਕ ਸ਼ਹੀਦੀ ਵਾਲਾ
ਖੋਲ੍ਹ ਸੁਣਾਵਾਂ ਤੈਨੂੰ ।
ਰਹਿੰਦੀ ਦੁਨੀਆਂ ਤੀਕਰ ਤੂੰ ਭੀ,
ਯਾਦ ਕਰੇਂਗੀ ਮੈਨੂੰ ।
ਐਸੇ ਖ਼ੂਨ ਪਵਿੱਤਰ ਵਾਲੇ
ਤੈਨੂੰ ਦਰਸ ਕਰਾਵਾਂ ।
ਦਰਸ ਕਰਾਕੇ ਰੱਬੀ ਰੰਗਣ
ਤੈਨੂੰ 'ਜਹੀ ਚੜ੍ਹਾਵਾਂ ।
ਜੇੜ੍ਹੇ ਰਾਹੋਂ ਤੂੰ ਇਕ ਵਾਰੀ,
ਲੰਘੇਂ ਕਲਮ ਪਿਆਰੀ ।
ਖਿੜਨ ਹਕੀਕੀ ਬੂਟੇ ਓਥੇ,
ਫੁੱਟੇ ਕੇਸਰ ਕਿਆਰੀ ।

29. ਕੁਰਬਾਨੀ

ਚੰਨੋ ਨੌਵੀਂ ਸੀ ਚਾਨਣੀ ਰਾਤ ਐਪਰ
ਓਹਦਾ ਰੋਗ ਸੀ ਨਿਰਾ ਵਿਜੋਗਣਾਂ ਦਾ ।
ਗੋਰੇ ਮੁੱਖ ਤੇ ਇਸਤਰ੍ਹਾਂ ਜਰਦੀਆਂ ਸਨ
ਹੁੰਦਾ ਰੰਗ ਏ ਜਿਸ ਤਰ੍ਹਾਂ ਰੋਗਣਾ ਦਾ ।
ਖੁਲ੍ਹੇ ਹੋਏ ਸਨ ਰਿਸ਼ਮਾਂ ਦੇ ਕੇਸ ਬੱਗੇ,
ਬੱਧਾ ਹੋਯਾ ਸੀ ਸੰਦਲਾ ਸੋਗਣਾ ਦਾ ।
ਮੱਥੇ ਸ਼ੁਕ੍ਰ ਬ੍ਰਹਸਪਤ ਨੂੰ ਵੇਖਕੇ ਤੇ
ਹੁੰਦਾ ਪਿਆ ਸੀ ਭਰਮ ਕਲਜੋਗਣਾ ਦਾ ।
ਦਰਦਵੰਦਾਂ ਦੇ ਕਾਲਜੇ ਪੱਛਦੀ ਸੀ
ਚਾਘੜ ਹੱਥੜੇ ਖ਼ੁਸ਼ੀ ਪੈ ਹੋਂਵਦੇ ਸਨ ।
ਨਿੰਮ੍ਹੀ ਵਾ ਤਰੇਲ ਪਈ ਡਿੱਗਦੀ ਸੀ,
ਫੁੱਲ ਹੱਸਦੇ ਤੇ ਤਾਰੇ ਰੋਂਵਦੇ ਸਨ ।

ਦੌਲਤ ਦਰਦ ਦੀ ਖਿਲਰੀ ਪੁੱਲਰੀ ਓਹ
ਕੱਠੀ ਕੀਤੀ ਮੈਂ ਬੜੇ ਅਨੰਦ ਅੰਦਰ ।
ਅਦਬ ਨਾਲ ਮੈਂ ਪਹੁੰਚਿਆ ਸੀਸ ਪਰਨੇ
ਮਾਛੀ ਵਾੜੇ ਦੇ ਕਦੀ ਸਾਂ ਪੰਧ ਅੰਦਰ ।
ਦੋ ਲਾਲ ਸਿਰ-ਹਿੰਦ ਦੇ ਚੁਣੇ ਵੇਖੇ,
ਲਿਸ਼ਕਾਂ ਮਾਰਦੇ ਕਦੀ ਸਰਹੰਦ ਅੰਦਰ ।
ਚੰਦੂ ਚੰਦਰੇ ਦੀ ਲੋਹ ਯਾਦ ਆ ਗਈ
ਜਦੋਂ ਵੇਖਿਆ ਉਤ੍ਹਾਂ ਮੈਂ ਚੰਦ ਅੰਦਰ ।
ਨਿਕਲੀ ਚੰਦ ਦੇ ਸੀਨਿਓਂ ਰਿਸ਼ਮ ਐਸੀ
ਆ ਗਈ ਸਿੱਖ ਇਤਹਾਸ ਦਾ ਇਲਮ ਬਣਕੇ ।
ਮੈਨੂੰ ਦਿੱਲੀ ਦਾ ਸ਼ਹਿਰ ਦਿਖਾ ਦਿੱਤਾ ।
ਓਹਨੇ ਢਾਈ ਸੈ ਵਰਹੇ ਦਾ ਫ਼ਿਲਮ ਬਣਕੇ ।

ਡਿੱਠਾ ਪਿੰਜਰਾ ਲੋਹੇ ਦਾ ਇੱਕ ਬਣਿਆ
ਜੀਹਦੇ ਵਿਚ ਭੀ ਸਨ ਸੂਏ ਜੜੇ ਹੋਏ ।
ਓਹਦੇ ਵਿਚ ਇੱਕ ਰੱਬੀ ਉਤਾਰ ਵੇਖੇ
ਬੁਲਬੁਲ ਵਾਂਗ ਬੇਦੋਸੇ ਹੀ ਫੜੇ ਹੋਏ ।
ਸੀਖਾਂ ਤਿੱਖੀਆਂ ਵਾੜ ਸੀ ਕੰਡਿਆਂ ਦੀ
ਫੁੱਲ ਵਾਂਗ ਵਿਚਕਾਰ ਸਨ ਖੜੇ ਹੋਏ ।
ਚੀਂਘਾਂ ਖੁੱਭੀਆਂ ਤੇ ਰਗੜਾਂ ਛਿੱਲ ਦਿੱਤੇ,
ਹੱਥ ਪੈਰ ਵਿੱਚ ਬੇੜੀਆਂ ਕੜੇ ਹੋਏ ।
ਰੋਮ ਦਾੜ੍ਹੇ ਪਵਿੱਤ੍ਰ ਦੇ ਖਿੱਲਰੇ ਓਹ,
ਕਿਰਨਾਂ ਚਮਕੀਆਂ ਹੋਈਆਂ ਅਕਾਸ਼ ਅੰਦਰ ।
ਹੈਸੀ ਓਸ ਪ੍ਰਦੇਸੀ ਦਾ ਹਾਲ ਏਦਾਂ,
ਜਿਵੇਂ ਸੂਰਜ ਹੋਵੇ ਤੁਲਾ ਰਾਸ ਅੰਦਰ ।

ਉੱਠਣ ਲੱਗਿਆਂ ਰੱਬ ਦੀ ਯਾਦ ਅੰਦਰ
ਸੂਏ ਸਾਮ੍ਹਣੇ ਸੀਨੇ ਨੂੰ ਵੱਜਦੇ ਸਨ ।
ਵੱਜ ਵੱਜ ਕੇ ਭੁਰਭੁਰੀ ਸੂਲ ਵਾਂਗੂੰ
ਫੱਟਾਂ ਡੂੰਘਿਆਂ ਵਿੱਚ ਹੀ ਭੱਜਦੇ ਸਨ ।
ਕਾਲੇ ਬਿਸੀਅਰ ਪਹਾੜਾਂ ਦੇ ਆਏ ਹੋਏ,
ਡੰਗ ਮਾਰਦੇ ਮੂਲ ਨ ਰੱਜਦੇ ਸਨ ।
ਪਹਿਰੇਦਾਰ ਬੀ ਧੂੜ ਕੇ ਲੂਣ ਜ਼ਾਲਮ,
ਉੱਤੋਂ ਵਹਿੰਦੀਆਂ ਰੱਤਾਂ ਨੂੰ ਕੱਜਦੇ ਸਨ ।
ਫ਼ਤਹ ਸਿੰਘ ਨੇ ਜਿਨ੍ਹਾਂ ਨੂੰ ਨਾਲ ਲੈਕੇ,
ਫ਼ਤਹ ਪਾਈ ਸੀ ਮੁਲਕ ਆਸਾਮ ਉੱਤੇ ।
ਘੇਰਾ ਪਿਆ ਸੀ ਸੈਂਕੜੇ ਸੂਲੀਆਂ ਦਾ,
ਅਜ ਓਸੇ ਮਨਸੂਰ ਵਰਯਾਮ ਉੱਤੇ ।

ਇੱਕ ਕੈਦ ਪ੍ਰਦੇਸ ਦੀ ਸਾਂਗ ਸੀਨੇ,
ਤੇਹ ਭੁੱਖ ਪਈ ਦੂਸਰੀ ਮਾਰਦੀ ਏ ।
ਤੀਜੀ ਖੇਡਦੀ ਅੱਖੀਆਂ ਵਿੱਚ ਪੁਤਲੀ,
ਨੌਵਾਂ ਵਰਿਹਾਂ ਦੇ ਦਸਮ ਦਿਲਦਾਰ ਦੀ ਏ ।
ਚੌਥੇ ਕੜਕ ਕੇ ਪਿਆ ਜੱਲਾਦ ਕਹਿੰਦਾ,
ਮੁੱਠ ਹੱਥ ਦੇ ਵਿੱਚ ਤਲਵਾਰ ਦੀ ਏ ।
ਕਰਾਮਾਤ ਵਿਖਾਓ ਜਾਂ ਸੀਸ ਦਿਓ,
ਬੱਸ ਗੱਲ ਇਹ ਆਖਰੀ ਵਾਰ ਦੀ ਏ ।
ਪੰਜਵਾਂ ਨਾਲ ਦੇ ਪੰਜਾਂ ਪਿਆਰਿਆਂ ਦਾ,
ਜੱਥਾ ਕੈਦ ਹੋ ਗਿਆ ਛੁਡੌਣ ਵਾਲਾ ।
ਰੱਬ ਬਾਝ ਪ੍ਰਦੇਸੀਆਂ ਬੰਦਿਆਂ ਦੀ,
ਦਿੱਸੇ ਕੋਈ ਨਾ ਭੀੜ ਵੰਡੌਣ ਵਾਲਾ ।

ਦੂਜੀ ਨੁੱਕਰੇ ਪਿਆ ਜਲਾਦ ਆਖੇ,
ਮਤੀ ਦਾਸ ਹੁਣ ਹੋਰ ਨ ਗੱਲ ਹੋਵੇ ।
ਛੇਤੀ ਦੱਸ ਜੋ ਆਖਰੀ ਇੱਛਿਆ ਈ,
ਏਸੇ ਥਾਂ ਹਾਜ਼ਰ ਏਸੇ ਪਲ ਹੋਵੇ ।
ਉਹਨੇ ਆਖਯਾ ਹੋਰ ਕੋਈ ਇਛਯਾ ਨਹੀਂ,
ਔਕੜ ਆਖਰੀ ਮੇਰੀ ਇਹ ਹੱਲ ਹੋਵੇ ।
ਮੇਰੇ ਸੀਸ ਉੱਤੇ ਜਦੋਂ ਚਲੇ ਆਰਾ,
ਮੇਰਾ ਮੂੰਹ ਗੁਰ ਪਿੰਜਰੇ ਵੱਲ ਹੋਵੇ ।
ਲੁਸ ਲੁਸ ਕਰਨ ਵਾਲੀ ਸੋਹਲ ਦੇਹੀ ਅੰਦਰ,
ਦੰਦੇ ਆਰੀ ਦੇ ਜਿਉਂ ਜਿਉਂ ਧੱਸਦੇ ਨੇ ।
ਆਸ਼ਕ ਗੁਰੂ ਦੇ ਰੱਬੀ ਮਾਸ਼ੂਕ ਤਿਉਂ ਤਿਉਂ,
ਕਰ ਕਰ ਪਾਠ ਗੁਰਬਾਣੀ ਦਾ ਹੱਸਦੇ ਨੇ ।

ਹੋਰ ਦੇਗ਼ ਇੱਕ ਚੁਲ੍ਹੇ ਤੇ ਨਜ਼ਰ ਆਈ,
ਵਿੱਚ ਦੇਹੀ ਪਈ ਕਿਸੇ ਦੀ ਜਲਦੀ ਏ ।
ਸੂੰ ਸੂੰ ਕਰਕੇ ਲਹੂ ਹੈ ਸੜਦਾ,
ਚਿਰੜ ਚਿਰੜ ਕਰਕੇ ਚਰਬੀ ਢਲਦੀ ਏ ।
ਏਧਰ ਸੀਤਲ ਗੁਰਬਾਣੀ ਦੇ ਜੋਸ਼ ਅੰਦਰ,
ਨੈਹਰ ਨੂਰ ਦੀ ਨਾੜਾਂ 'ਚ ਚੱਲਦੀ ਏ ।
ਜਦੋਂ ਹੁਸੜ ਪਰੇਮੀ ਨੂੰ ਹੋਣ ਲੱਗੇ,
ਪੱਖਾ ਪਰੀ ਹਵਾੜ ਦੀ ਝੱਲਦੀ ਏ ।
ਬੁਝ ਕੇ ਏਸ ਸ਼ਹੀਦ ਦੇ ਸੋਗ ਅੰਦਰ,
ਕੇਸ ਅੱਗ ਨੇ ਧੂਏਂ ਦੇ ਖੋਲ੍ਹ ਦਿੱਤੇ ।
ਸਾਹ ਘੁੱਟਿਆ ਗਿਆ ਹਵਾੜ ਦਾ ਭੀ,
ਫੁੱਟ ਫੁੱਟ ਕੇ ਅੱਥਰੂ ਡੋਲ੍ਹ ਦਿੱਤੇ ।

ਓੜਕ ਬੈਠ ਗਏ ਤੇਗ਼ ਦੀ ਛਾਂ ਹੇਠਾਂ,
ਸੀਖਾਂ ਤਿਖੀਆਂ ਵਿੱਚ ਖਲੋਣ ਵਾਲੇ ।
ਦਿੱਤਾ ਸੀਸ ਤੇ ਨਾਲੇ ਅਸੀਸ ਦਿੱਤੀ,
ਧੰਨ ਧੰਨ ਕੁਰਬਾਨ ਇਹ ਹੋਣ ਵਾਲੇ ।
ਹਾਏ ! ਲੋਥ ਪਵਿੱਤ੍ਰ ਹੈ ਪਈ ਕੱਲੀ,
ਸਿਦਕੀ ਲੈ ਚੱਲੇ ਗੱਡੇ ਢੋਣ ਵਾਲੇ ।
ਬੈਠੇ ਗੁਰੂ ਗੋਬਿੰਦ ਸਿੰਘ ਦੂਰ ਪਿਆਰੇ,
ਸਿੱਖੀ ਸਿਦਕ ਦੇ ਹਾਰ ਪਰੋਣ ਵਾਲੇ ।
ਐਸੇ ਜ਼ੁਲਮ ਦੀ ਵੇਖਕੇ 'ਸ਼ਰਫ਼' ਝਾਕੀ,
ਮੇਰਾ ਖ਼ੂਨ ਸਰੀਰ ਦਾ ਸੁੱਕ ਗਿਆ ।
ਡਰ ਕੇ ਤਾਰਿਆਂ ਨੇ ਅੱਖਾਂ ਮੀਟ ਲਈਆਂ,
ਚੰਨ ਬੱਦਲੀ ਦੇ ਹੇਠ ਲੁੱਕ ਗਿਆ ।

ਦਸਵਾਂ ਦਰਸ਼ਨ

30. ਦਸਮੇਸ਼ ਜੀ ਦਾ ਆਗਮਨ

ਗੱਲ ਕੀ ਏ, ਵੱਲ ਕੀ ਏ,
ਸਜ ਧਜ ਨਾਲ ਅੱਜ,
ਪਿਆਰੀ ਪਿਆਰੀ ਰੈਨ ਹੈਨ,
ਕੀਤੀਆਂ ਤਿਆਰੀਆਂ ?

ਲਾਲ ਸੂਹੇ ਹੱਥ ਕੀਤੇ
ਸ਼ਾਮ ਵਾਲੀ ਲਾਲੀ ਲੈਕੇ,
ਲਾਈਆਂ ਏਸ ਸਾਂਵਲੀ ਨੇ
ਮਹਿੰਦੀਆਂ ਨਿਆਰੀਆਂ ?

ਖਿੱਤੀਆਂ ਜੜਾਊ ਕਾਂਟੇ
ਕੰਨਾਂ ਵਿਚ ਪਾਏ ਹੋਏ ਨੇ,
ਰਾਹ ਕੱਢ ਚੀਰਨੀ ਦਾ
ਜ਼ੁਲਫ਼ਾਂ ਸ਼ਿੰਗਾਰੀਆਂ ?

ਤਾਰਿਆਂ ਦੇ ਨਾਲ ਮੜ੍ਹੀ
ਹੋਈ ਏ ਪੁਸ਼ਾਕ ਏਹਦੀ,
ਚੰਦ ਮੱਥੇ ਮਾਰਦਾ ਹੈ
ਲਿਸ਼ਕਾਂ ਪਿਆਰੀਆਂ ।

ਫੁੱਲ ਹੈ ਅਚੰਭਾ ਕੋਈ
ਭਾਵੇਂ ਅੱਜ ਖਿੜਨ ਵਾਲਾ,
ਜੱਗ ਦੇ ਭੀ ਬਾਗ਼ ਦੀਆਂ
ਮਹਿਕੀਆਂ ਕਿਆਰੀਆਂ ।

ਫੁੱਲਾਂ ਨਾਲ ਭਰੇ ਹੋਏ
ਬੁਲਬੁਲਾਂ ਦੇ ਆਲ੍ਹਣੇ ਨੇ,
ਮਸਤ ਹੋ ਪਰੇਮ ਵਿਚ
ਭੁੱਲ ਗਈਆਂ ਜ਼ਾਰੀਆਂ ।

ਸੋਤੇ ਵੇਲੇ ਧੋਤੇ ਆਕੇ
ਮੂੰਹ ਹੱਥ ਕਲੀਆਂ ਦੇ,
ਦੁਧ ਵਾਂਗ ਚਿੱਟੀਆਂ
ਤ੍ਰੇਲ ਨੇ ਨਿਤਾਰੀਆਂ ।

ਧੰਨ ਧੰਨ ਰਾਤ ਅੱਜ
ਕੰਡਿਆਂ ਵੀ ਬਨ ਠਨ,
ਛਤਰੀਆਂ ਗੁਲਾਬ ਦੀਆਂ
ਸਿਰਾਂ ਤੇ ਸਵਾਰੀਆਂ ।

ਮੋਤੀਆਂ ਦੇ ਨਾਲ ਭਰੀਆਂ
ਫੁੱਲਾਂ ਨੇ ਝਲੂੰਗੀਆਂ ਨੇ,
ਪੱਤਰਾਂ ਦੇ ਕਿੰਗਰੇ ਨੇ
ਸਾਵੀਆਂ ਕਿਨਾਰੀਆਂ ।

ਸੁੱਕਾ ਪੱਤ ਦਿਸੇ ਨਾ ਕੋਈ
ਖਸ਼ੀ ਦੀ ਬਹਾਰ ਵਿਚ,
ਵੱਗ ਵੱਗ ਬੁੱਲਿਆਂ ਨੇ
ਫੇਰੀਆਂ ਬੁਹਾਰੀਆਂ ।

ਵੈਂਹਦੇ ਹੋਏ ਜਲ ਭੀ ਨੇ
ਮੌਜ ਵਿਚ ਆਏ ਹੋਏ,
ਲੈਹਰ ਉੱਤੇ ਲੈਹਰ ਕਰੇ
ਟੱਪ ਕੇ ਸਵਾਰੀਆਂ ।

ਪਾਣੀ ਵਿਚ ਤਾਰਿਆਂ ਨੇ
ਝਿਲ ਮਿਲ ਲਾਈ ਐਸੀ,
ਚਾਂਦੀ ਦੀਆਂ ਬੇੜੀਆਂ
ਜਿਉਂ ਹੋਣ ਕਿਸੇ ਤਾਰੀਆਂ ।

ਅਗ੍ਹਾਂ ਹੋ ਕੇ ਪੁੱਛਿਆ ਮੈਂ
ਖੁਸ਼ੀ ਵਾਲੇ, ਸੰਤਰੀ ਨੂੰ,
ਅੱਜ ਕੀਹਦੇ ਔਣ ਦੀਆਂ,
ਹੈਨ ਏ ਤਿਆਰੀਆਂ ?

ਮਾਰ ਕੇ ਜੈਕਾਰਾ ਅਗੋਂ
ਆਖਿਆ ਇਹ ਪੈਹਰੇ ਵਾਲੇ,
ਅੱਜ ਓਦ੍ਹੇ ਔਣ ਦੀਆਂ
ਜੱਗ ਤੇ ਨੇ ਵਾਰੀਆਂ ।

ਹੇਮ ਕੁੰਡ ਗੁਫਾ ਵਿਚੋਂ
ਜੇਹੜੇ ਚੰਦ ਨਿਕਲਕੇ ਤੇ,
ਸਾਰੀ ਹਿੰਦ ਅੰਦਰ ਹੈਨ
ਰਿਸ਼ਮਾਂ ਖਿਲਾਰੀਆਂ ।

ਓਸੇ ਸ਼ਾਤਰ ਖ਼ਾਤਰ ਹੈ
ਅਰੰਭ ਸਾਰਾ ਹੋਯਾ ਹੋਯਾ
ਤੋਬਾ ਜਿਦ੍ਹੇ ਕੋਲੋਂ ਕੀਤੀ
ਵੱਡਿਆਂ ਖਿਡਾਰੀਆਂ ।

ਸ਼ਾਦੀ ਹੈ, ਪ੍ਰਸ਼ਾਦੀ ਹਾਥੀ
ਉਤੇ ਜਿਨ੍ਹੇ ਚੜ੍ਹ ਕੇ ਤੇ,
ਖੁਲ੍ਹ ਤੇ ਅਜ਼ਾਦੀ ਨਾਲ
ਝੂਲੀਆਂ ਅਮਾਰੀਆਂ ।

ਮਾੜੇ ਦਾ ਹਮੈਤੀ ਜੇਹੜਾ
ਨੱਲੇ ਵੀ ਹਮੈਤੀ ਜੀਹਦੇ,
ਸਰ ਜਿਨੇ ਕੀਤੀਆਂ
ਮੁਹਿੰਮਾਂ ਹੈਨ ਭਾਰੀਆਂ ।

ਬਾਜ਼ ਜੀਹਦੇ ਰੱਖਦੇ ਨ
ਰੁਤਬਾ ਹੁਮਾ ਵਾਲਾ,
ਚਿੜੀਆਂ ਵੀ ਜੀਦ੍ਹੀਆਂ ਨਾ
ਬਾਜ਼ਾਂ ਕੋਲੋਂ ਹਾਰੀਆਂ ।

ਚਿੱਠੀਆਂ ਦੇ ਪਰ ਲਾ ਕੇ
ਤੀਰਾਂ ਨੂੰ ਉਡਾਇਆ ਜੀਹਨੇ,
ਧੰਨ ਧੰਨ ਵੇਖ ਜੀਹਨੂੰ
ਰਿੱਧੀਆਂ ਪੁਕਾਰੀਆਂ ।

ਤੇਗ਼ ਜਿਦ੍ਹੀ ਬਿਜਲੀ ਵਾਂਗ
ਚਮਕ ਕੇ ਚਮਕੌਰ ਵਿੱਚ,
ਵੈਰੀਆਂ ਦੇ ਧੜਾਂ ਉੱਤੋਂ
ਧੌਣਾਂ ਨੇ ਉਤਾਰੀਆਂ ।

ਕੀਤਾ ਸੀ ਅਨੰਦ ਤੇ
ਅਨੰਦ ਪੁਰ ਵਿੱਚ ਜੀਹਨੇ,
ਬਾਟੇ ਪਿਆ ਅੰਮ੍ਰਿਤਾਂ ਦੇ
ਕੱਟੀਆਂ ਬੀਮਾਰੀਆਂ ।

ਖੁੰਦਰਾਂ ਹਮਾਲਾ ਦੀਆਂ
ਰੋਸ਼ਨ ਜਿਨ੍ਹੇਂ ਕੀਤੀਆਂ ਨੇ,
ਕਿਰਨਾਂ ਜੀਹਦੀ ਕਲਗ਼ੀ ਨੇ
ਸੂਰਜ ਵਾਂਗੂੰ ਮਾਰੀਆਂ ।

ਅਣਖ ਤੇ ਬਹਾਦਰੀ ਦੀ
ਪਾਠ ਸ਼ਾਨ ਚਾੜ੍ਹ ਕੇ ਤੇ,
ਤੇਜ਼ ਜੀਹਨੇ ਕੀਤੀਆਂ ਨੇ
ਖੁੰਡੀਆਂ ਕਟਾਰੀਆਂ !

ਵੈਰੀਆਂ ਨੂੰ ਸੀਨੇ ਵਿੱਚ
ਲੱਗਨ ਜਿਦ੍ਹੇ ਇਲਮ ਦੀਆਂ,
ਨੇਜ਼ਿਆਂ ਦੇ ਵਾਂਗ ਇਹ
ਸਿਹਾਰੀਆਂ ਬਿਹਾਰੀਆਂ ।

ਅੰਬਰਾਂ ਨੂੰ ਨੱਥ ਜਿੰਨ੍ਹੇ
ਪੱਥਰਾਂ ਨੂੰ ਮੋਮ ਕੀਤਾ,
ਕੰਡਿਆਂ ਦੇ ਸੱਥਰਾਂ ਤੇ
ਰਾਤਾਂ ਨੇ ਗੁਜਾਰੀਆਂ ।

ਕੱਚਿਆਂ ਦੇ ਸੁਣ ਸੁਣ
ਟੋਏ ਹੋਏ ਕੱਚ ਵਾਂਗੂੰ,
ਗੱਲਾਂ ਜੀਹਦੇ ਬੱਚਿਆਂ ਨੇ
ਕੀਤੀਆਂ ਕਰਾਰੀਆਂ ।

ਲਾਲ ਜਹੇ ਬਾਲ ਚਿਣਵਾਕੇ
ਜੀਹਨੇ ਨੀਹਾਂ ਵਿਚ,
ਸਿੱਖੀ ਵਾਲੇ ਮਹਿਲ ਦੀਆਂ
ਕੰਧਾਂ ਨੇ ਉਸਾਰੀਆਂ !

ਨਿੱਕੇ ਨਿੱਕੇ ਬੂਟਿਆਂ ਨੂੰ
ਜ਼ਾਲਮਾਂ ਨੇ ਪੁੱਟ ਦਿੱਤਾ,
ਆਂਦਰਾਂ ਦੇ ਵੇਹੜ ਭਾਵੇਂ
ਫਿਰ ਗਈਆਂ ਆਰੀਆਂ ।

ਵਾਲ ਜਿੰਨਾ ਮੱਥੇ ਉੱਤੇ,
ਫੇਰ ਭੀ ਨ ਵੱਟ ਪਾਇਆ,
ਵੇਖ ਉਹਦੇ ਜੇਰੇ
ਚੇਰੇ ਹੋਏ ਬਲਿਹਾਰੀਆਂ ।

'ਸ਼ਰਫ' ਉਦ੍ਹਾ ਆਗਮਨ ਹੈ
ਅੱਜ ਏਸ ਜੱਗ ਉੱਤੇ,
ਲਈਆਂ ਜੀਹਨੇ ਜ਼ਾਲਮਾਂ ਤੋਂ
ਆਨ ਕੇ ਨੇ ਵਾਰੀਆਂ ।

(ਸ਼ਾਤਰ=ਖਿਡਾਰੀਆਂ ਦਾ ਸਿਰੋਮਣੀ,
ਨੱਲੇ=ਇਕ ਨਾਲੇ ਦਾ ਨਾਮ ਹੈ,
ਹੁਮਾ=ਇਕ ਪੰਛੀ ਦਾ ਨਾਮ ਹੈ,
ਕਹਿੰਦੇ ਹਨ ਜਿਸ ਮਨੁਖ ਦੇ
ਸਿਰ ਤੋਂ ਲੰਘ ਜਾਏ, ਬਾਦਸ਼ਾਹ
ਹੋ ਜਾਂਦਾ ਹੈ)

31. ਪਟਣੇ ਤੋਂ ਵਿਦੈਗੀ

ਪਟਣੇ ਅੰਦਰ ਫਿਰੀ ਦੁਹਾਈ,
ਚੱਲੇ ਗੁਰੂ ਜੀ ਪਿਆਰੇ,
ਬਾਲਕ ਬੱਚੇ ਨਾਰਾਂ ਆਈਆਂ,
ਹੁੰਮ ਹੁੰਮਾ ਕੇ ਸਾਰੇ ।

ਲੈਣ ਬਲਾਈਆਂ ਵਾਰੇ ਜਾਵਣ
ਰੋ ਰੋ ਕੇ ਮੁਟਿਆਰਾਂ,
ਮਾਤਾ ਗੁਜਰੀ ਗਿਰਦੇ ਹੋਈਆਂ
ਆਨ ਸ਼ਹਿਰ ਦੀਆਂ ਨਾਰਾਂ ।

ਚਰਨ ਪਵਿਤਰ ਫੜਦੀ ਕੋਈ,
ਕਢਦੀ ਸੀ ਕੋਈ ਹਾੜੇ:-
ਮਾਤਾ ਜੀ ਨਾ ਪਾਓ ਸਾਨੂੰ,
ਸੈ ਕੋਹਾਂ ਦੇ ਪਾੜੇ !

ਬਾਝ ਗੋਬਿੰਦ ਸਾਹਿਬ ਦੇ ਜੇੜ੍ਹੇ
ਪੀ ਨਾ ਸੱਕਣ ਪਾਣੀ,
ਰੋ ਰੋ ਕੇ ਉਹ ਪੱਲੇ ਫੜਦੇ,
ਯਾਰ ਸੁਹੇਲੇ ਹਾਣੀ ।

ਕੋਈ ਆਖੇ 'ਯਾਰ ਗੋਬਿੰਦ ਜੀ !
ਏਹ ਕੀ ਦਿਲ ਵਿਚ ਆਈਆਂ ?
ਦਿਲ ਸਾਡੇ ਨੂੰ ਮੋਹਕੇ ਪਹਿਲੋਂ
ਲੱਗੇ ਪੌਣ ਜਦਾਈਆਂ ?'

ਆਖੇ ਕੋਈ 'ਗੋਬਿੰਦ ਪਿਆਰੇ !
ਏਹ ਕੀ ਹੋਏ ਯਰਾਨੇ ?
ਮਾਰੀ ਤੇਗ਼ ਵਿਛੋੜੇ ਵਾਲੀ
ਸਾਨੂੰ ਤੁਰਨ ਬਹਾਨੇ !'

ਕੋਈ ਕਹੇ 'ਸੁਣ ਯਾਰ ਪਿਆਰੇ,
ਤੀਰ ਕਮਾਨਾਂ ਵਾਲੇ !
ਸੀਨੇ ਸਾਡੇ ਫੱਟ ਨ ਜਾਵੀਂ
ਸਾਫ਼ ਨਿਸ਼ਾਨਾਂ ਵਾਲੇ ।'

ਕੋਈ ਕਹੇ 'ਅਸਾਂ ਸਭਨਾਂ ਰਲਕੇ
ਤੈਨੂੰ ਸ਼ਾਹ ਬਣਾਯਾ,
ਤੇ ਹੁਣ ਸਾਨੂੰ ਜਾਂਦੀ ਵਾਰੀ
ਕੀਹਦੇ ਹੱਥ ਫੜਾਯਾ ?'

ਕੋਈ ਕਹੇ 'ਜਦ ਚੋਰ ਚੋਰਾਂ ਦੀ
ਖੇਡੇ ਪੈਸੀ ਝੇੜਾ,
ਤੇਰੇ ਬਾਝੋਂ ਬੇਲੀ ਪਿਆਰੇ !
ਕਰਸੀ ਕੌਣ ਨਬੇੜਾ ?'

ਕੋਈ ਕਹੇ 'ਜੇ ਅਜ ਦੇ ਦਿਨ ਤੂੰ
ਕਿਹਾ ਨਾ ਮੰਨੇ ਮੇਰਾ,
ਜਾਹ ਫਿਰ ਸਾਡੀ ਯਾਰੀ ਟੁੱਟੀ
ਯਾਰ ਨਹੀਂ ਮੈਂ ਤੇਰਾ !'

ਨਾਲ ਜਿਨ੍ਹਾਂ ਦੇ ਖੇਡੇ ਭੁੜਕੇ
ਰੋ ਰੋ ਓਹ ਅੰਞਾਣੇ,
ਗੱਲਾਂ ਕਰਨ ਅਜੇਹੀਆਂ ਰਲਕੇ
ਕਮਲੇ ਹੋਣ ਸਿਆਣੇ।

ਆਯਾ ਸੁਣ ਫਤਹ ਚੰਦ ਰਾਜਾ
ਦਰਦ ਵਿਛੋੜੇ ਭਰਿਆ,
ਡੋਬ ਪਏ ਤੇ ਧਰਤੀ ਡਿੱਗਾ
ਏਹ ਦੁਖ ਗਿਆ ਨਾ ਜਰਿਆ ।

ਮੱਛੀ ਨੀਰ ਵਿਛੁੰਨੀ ਵਾਂਗੂੰ
ਤੜਫੇ ਓਹਦੀ ਰਾਣੀ,
ਮੂੰਹ ਸਿਰ ਚੁੰਮੇ ਛਾਤੀ ਲਾਵੇ
ਕਹਿੰਦੀ ਇਹ ਸਵਾਣੀ:-

'ਗਈ ਨਿਮਾਣੀ ਰਾਣੀ, ਰਾਣੀ
ਤੈਨੂੰ ਪੁੱਤ ਬਣਾਯਾ,
ਵਾਹ ਗੋਬਿੰਦਾ, ਮੇਰੇ ਚੰਦਾ!
ਏਹ ਕੀ ਚੰਨ ਚੜ੍ਹਾਯਾ ?

ਹੁਣ ਮੈਂ ਕਿਸਨੂੰ ਗੋਦੀ ਦੇ ਵਿਚ
ਨਾਲ ਪਿਆਰ ਬਿਠਾਸਾਂ ?
ਦਿਲ ਮੇਰੇ ਤੇ ਦਰਸ ਤੇਰੇ ਦੀਆਂ
ਆਸਾਂ ਪਾਸਣ ਲਾਸਾਂ ।

ਤੋਤੇ ਵਾਂਗੂੰ ਮਿਠੀਆਂ ਗੱਲਾਂ
ਕਰ ਕਰ ਕੌਣ ਸੁਣਾਸੀ,
ਸਾਨੂੰ ਖਾਸੀ ਭੋਜਨ ਤੇਰਾ
ਭੋਗ ਕੌਣ ਹੁਣ ਲਾਸੀ ?

ਦੇਸ ਪੰਜਾਬ ਪਿਆਰਾ ਸਾਥੋਂ,
ਅਸੀਂ ਨਿਕਰਮੇ ਮਾੜੇ,
ਪੰਜ ਵਰਿਹਾਂ ਦੀ ਉਮਰਾ ਅੰਦਰ
ਚੱਲੇ ਮਾਰ ਦੁਗਾੜੇ,

ਸਖੀਆਂ ਵਾਂਗੂੰ ਝੁਰਮਟ ਪਾਯਾ,
ਅੱਖੋਂ ਹੰਝੂ ਕਿਰਦੇ,
ਸਾਮ ਗੋਬਿੰਦ ਪਿਆਰੇ ਸਭ ਨੂੰ
ਧੀਰਜ ਦੇਂਦੇ ਫਿਰਦੇ ।

ਜ੍ਯੋਂ ਜ੍ਯੋਂ ਦਰਦ ਵਿਛੋੜੇ ਅੰਦਰ
ਨੈਨ ਲੋਕਾਂ ਦੇ ਵਸਦੇ,
ਸ਼ੀਸ਼ਾ ਵੇਖ ਅਵਤਾਰੀ ਵਾਲਾ
ਤਿਉਂ ਤਿਉਂ ਗੁਰਜੀ ਹਸਦੇ ।

ਓਧਰ ਲੋਕੀ ਦੁਨੀਆਂ ਵਾਲੇ,
ਮੋਹ ਉੱਤੇ ਸਨ ਮਰਦੇ,
ਏਧਰ ਦਿਲ ਵਿਚ ਗੁਰ ਜੀ ਪ੍ਯਾਰੇ
ਗੱਲਾਂ ਏਹ ਸਨ ਕਰਦੇ:-

"ਚੰਦਾ ਆਖਣ ਵਾਲੇ ਮੈਨੂੰ
ਲੋਕ ਅੰਨ੍ਹੇ ਕੀ ਜਾਨਣ ?
ਹਿੰਦ ਅੰਦਰ ਕੁਰਬਾਨੀ ਵਾਲਾ ।
ਕੀ ਮੈਂ ਕਰਨਾ ਚਾਨਣ ?

ਏਹ ਕੀ ਜਾਨਣ ਏਹਨਾਂ ਬਦਲੇ
ਕੀ ਕੀ ਦੁਖ ਮੈਂ ਜਰਨਾ ?
ਕੀਕਰ ਸੀਸ ਪਿਤਾ ਜੀ ਦਾ ਮੈਂ
ਭੇਟ ਜ਼ੁਲਮ ਦੀ ਕਰਨਾ ?

ਏਹ ਕੀ ਜਾਨਣ ਏਹਨਾਂ ਬਦਲੇ
ਕੀ ਕੀ ਮੈਂ ਦੁਖ ਪਾਉਣੇ,
ਕੀਕਰ ਏਹਨਾਂ ਬਦਲੇ ਪੁਤਰ
ਕੰਧਾਂ ਵਿਚ ਚਿਨਾਉਣੇ ?

ਏਹ ਕੀ ਜਾਨਣ ਏਹਨਾਂ ਲਈ ਮੈਂ
ਕਿਦਾਂ ਬੰਸ ਲਟਾਉਣਾ ?
ਏਹ ਕੀ ਜਾਨਣ ਏਹਨਾਂ ਲਈ ਮੈਂ
ਸੂਲਾਂ ਅੰਦਰ ਭੌਣਾ ?

ਏਹ ਕੀ ਜਾਨਣ ਏਹਨਾਂ ਲਈ ਮੈਂ
ਰੜੀ ਭੋਇੰ ਤੇ ਸੌਣਾ ?
ਏਹ ਕੀ ਜਾਨਣ ਇਹਨਾਂ ਨੂੰ ਮੈਂ
ਕਿੱਦਾਂ ਝੂਣ ਜਗਾਉਣਾ ?

ਏਹ ਕੀ ਜਾਨਣ ਏਹਨਾਂ ਨੂੰ ਮੈਂ
ਕੇਹੜਾ ਅੰਮ੍ਰਤ ਪਿਔਣਾ ?
ਏਹ ਕੀ ਜਾਨਣ ਬਕਰੀਆਂ ਨੂੰ
ਕਿੱਦਾਂ ਸ਼ੇਰ ਬਨਾਉਣਾਂ ?

ਏਹ ਕੀ ਜਾਨਣ ਕਾਇਰਾਂ ਦਾ ਮੈਂ,
ਕਿੱਦਾਂ ਦਿਲ ਵਧਾਉਣਾ ?
ਏਹ ਕੀ ਜਾਨਣ ਚਿੜੀਆਂ ਨੂੰ ਮੈਂ
ਬਾਜਾਂ ਨਾਲ ਲੜਾਉਣਾ ?

ਏਹ ਕੀ ਜਾਨਣ ਰੋਵਨ ਵਾਲੇ
ਸਾਰੇ ਭੋਲੇ ਭਾਲੇ
ਕੀਕਰ ਜਾ ਕੇ ਤੋੜਾਂਗਾ ਮੈਂ,
ਬੰਦ ਗੁਲਾਮੀ ਵਾਲੇ ?

ਕਿਹਾ ਨਵਾਬ ਰਹੀਮ ਬਖਸ਼ ਨੂੰ
ਗੁਰ ਜੀ ਦੇਇ ਦਲਾਸਾ:-
'ਹਰ ਵੇਲੇ ਮੈਂ ਦਰਸ਼ਨ ਦੇਸਾਂ
ਰੱਖ ਦਿਲੇ ਧਰਵਾਸਾ ।'

ਤੇ ਸ਼ਿਵਦੱਤ ਬਰਾਹਮਣ ਨੂੰ ਏ
ਆਖਣ ਗੁਰੂ ਸੁਹੇਲੇ:
ਦਿਆ ਕਰਾਂਗੇ ਨੂਰੀ ਜਲਵਾ
ਤੈਨੂੰ ਪੂਜਾ ਵੇਲੇ ।'

ਹਰ ਵੇਲੇ ਦਰਸ਼ਨ ਚਾਹਿਆ
ਜਤੇ ਭਗਤ ਪਿਆਰੇ,
ਕਹਿੰਦੇ ਗੁਰ ਜੀ 'ਹੋਸਣ ਤੈਨੂੰ।'
ਏਸੇ ਤਰਾਂ ਨਜ਼ਾਰੇ

ਸੇਠ ਜਗਤ ਦੇ ਨਾਲ ਗੁਰਾਂ ਨੇ
ਏਹ ਗਲ ਕੀਤੀ ਮਿੱਠੀ:
'ਸਾਡੇ ਕੋਲ ਹੈ ਕਾਫੀ ਇੱਕੋ
ਸਤਿਗੁਰ ਜੀ ਦੀ ਚਿੱਠੀ ।'

ਰੋਂਦੇ ਧੋਂਦੇ ਛੱਡ ਸ਼ਹਿਰ ਨੂੰ
ਤੁਰ ਪਏ ਗੁਰ ਜੀ ਪਿਆਰੇ,
ਰੂਹ ਨੂਰਾਨੀ ਉਡਿਆ ਵਿੱਚੋਂ
ਬੁਤ ਵਾਂਗੂੰ ਰਹੇ ਸਾਰੇ ।

'ਸ਼ਰਫ਼' ਉਹੋ ਹੀ ਰੂਹ ਨੂਰਾਨੀ
ਵਿੱਚ ਅਨੰਦਪੁਰ ਆਯਾ,
ਚੋਲਾ ਪਾ ਕਰਬਾਨੀ ਵਾਲਾ
ਜਿਸਨੇ ਹਿੰਦ ਬਚਾਯਾ !

32. ਬੰਨੇ ਲਾਉਣ ਆਏ

ਸ਼ੁਭ ਵਾਰ ਸੀ ਜਦੋਂ ਦਸਮੇਸ਼ ਪਿਆਰੇ,
ਤੁਸੀਂ ਜਗਤ ਅੰਦਰ ਫੇਰਾ ਪੌਣ ਆਏ ।
ਮਾਤਾ ਪਿਤਾ ਦੇ ਕਾਲਜੇ ਠੰਢ ਪਾ ਕੇ,
ਭਾਂਬੜ ਪਾਪ ਦੇ ਨਾਲੇ ਬੁਝੌਣ ਆਏ ।
ਨੌਵਾਂ ਗੁਰੂਆਂ ਦੀ ਨੌਵੇਂ ਹੀ ਵਰ੍ਹੇ ਅੰਦਰ,
ਤੁਸੀਂ ਸ਼ਾਨ ਤੇ ਸ਼ਕਤੀ ਵਿਖੌਣ ਆਏ ।
ਕੋਈ ਨਾ ਜਿਨ੍ਹਾਂ ਦੇ ਅੱਥਰੂ ਪੂੰਝਦਾ ਸੀ,
ਤੁਸੀਂ ਉਨ੍ਹਾਂ ਨੂੰ ਖਿੜ ਖਿੜ ਹਸੌਣ ਆਏ ।

ਬੰਸ ਆਪਣਾ ਸਾਰਾ ਉਜਾੜ ਕੇ ਤੇ,
ਉੱਜੜ ਗਿਆਂ ਨੂੰ ਤੁਸੀਂ ਵਸੌਣ ਆਏ ।
ਕਲਗੀਧਰ ਜੀ ਸ੍ਰੀ ਦਸਮੇਸ਼ ਪਿਆਰੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ ।

ਪੱਥਰ ਚਿੱਤ ਪਹਾੜ ਦੇ ਰਾਜਿਆਂ ਨੇ,
ਕਿਤੇ ਚਾਕ ਸਨ ਗਿਰੇਬਾਂ ਜੇਬ ਕੀਤੇ ।
ਕਿਤੇ ਜ਼ਾਲਮ ਮਸੰਦਾਂ ਦੇ ਨਾਲ ਸਿੰਘਾਂ,
ਲੱਖਾਂ ਜ਼ੁਲਮ ਤੇ ਦਗੇ ਫ਼ਰੇਬ ਕੀਤੇ ।
ਕਿਤੇ ਪਰਜਾ ਦੇ ਖ਼ੂਨ ਵਿੱਚ ਹਥ ਭਰਕੇ,
ਸ਼ਹਨਸ਼ਾਹਾਂ ਸ਼ਨ ਰੰਗ ਬੇਜ਼ੇਬ ਕੀਤੇ ।
ਸਾਯਾ ਪਾਯਾ ਸੀ ਆਣਕੇ ਤੁਸਾਂ ਐਸਾ,
ਜਾਦੂਗਰਾਂ ਦੇ ਦੂਰ ਆਸੇਬ ਕੀਤੇ ।

ਦੀਨਾਂ ਬੰਧੂ ਜੀ ! ਜ਼ੁਲਮ ਦੇ ਬੰਧਨਾਂ ਚੋਂ,
ਫਸਿਆਂ ਹੋਇਆਂ ਨੂੰ ਤੁਸੀਂ ਛੁਡੌਣ ਆਏ ।
ਕਲਗੀਧਰ ਜੀ ਸ੍ਰੀ ਦਸਮੇਸ ਪਿਆਰੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ ।

ਘੋੜਾ, ਬਾਜ ਤੇ ਬਾਨ, ਕਮਾਨ ਖੰਡਾ,
ਹੋਏ ਕੁਦਰਤੋਂ ਆਪ ਨੂੰ ਦਾਨ ਪੰਜੇ ।
ਧਰਮ, ਸਿਦਕ, ਸਚਾਈ ਤੇ ਆਨ ਸਿੱਖੀ,
ਪੰਜੇ ਸਾਹਿਬ ਸਨ ਜੇਹੜੇ ਨਿਸ਼ਾਨ ਪੰਜੇ ।
ਟੁਕੜੇ ਜਿਗਰ ਦੇ ਚਾਰ ਤੇ ਪਿਤਾ ਪੰਜਵੇਂ,
ਓਨ੍ਹਾਂ ਵਾਸਤੇ ਕੀਤੇ ਕੁਰਬਾਨ ਪੰਜੇ ।
ਪੰਜ ਤੱਤ ਦੇ ਅਰਥ ਇਹ ਤੁਸਾਂ ਦੱਸੇ,
ਕੱਕੇ ਪੰਥ ਨੂੰ ਕੀਤੇ ਫੁਰਮਾਨ ਪੰਜੇ ।

ਧਰਮ, ਨੇਮ, ਪਰੇਮ ਦੀ ਜੋਤ ਲੈਕੇ,
ਤੁਸੀਂ ਸਿੱਖੀ ਦੀ ਸ਼ਮਾਂ ਜਗੌਣ ਆਏ ।
ਕਲਗੀਧਰ ਜੀ ਸ੍ਰੀ ਦਸਮੇਸ ਪਿਆਰੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ ।

ਡੱਲਾ ਵੇਖਕੇ ਕਿਤੇ ਨਿਗਾਹ ਤੇਰੀ,
ਸਣੇ ਕਿਬਰ ਹੰਕਾਰ ਬਲਿਹਾਰ ਹੋਯਾ ।
ਮਾਰਨ ਆਯਾ ਤੇ ਮਰ ਗਿਆ ਆਪ ਕਿਧਰੇ,
ਜ਼ਖ਼ਮੀ ਤੇਗ਼ ਬਿਨ ਸਿਪਾਹ ਸਲਾਰ ਹੋਯਾ ।
ਲਿਆਂਦਾ ਇਕ ਤੇ ਭਰੇ ਦਰਿਆ ਵੇਖੇ,
'ਹੀਰ' ਘਾਟ ਤੇ ਕੋਈ ਸ਼ਿਕਾਰ ਹੋਯਾ ।
ਬਿਨਾ ਉੱਕਿਆਂ, ਉੱਕਾ ਈ ਦਿਲ ਵਿੱਧਾ,
ਜਿੱਧਰ ਸੁੰਦਰ ਨਿਗਾਹ ਦਾ ਵਾਰ ਹੋਯਾ ।

ਏਥੇ ਤੀਰ ਤਲਵਾਰ ਦਾ ਕੰਮ ਕੀ ਸੀ,
ਤੁਸੀ ਨੈਨਾਂ ਦੇ ਬਾਨ ਚਲੌਣ ਆਏ ।
ਕਲਗੀਧਰ ਜੀ ਸ੍ਰੀ ਦਸਮੇਸ ਪਿਆਰੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ ।

ਛੱਟੇ ਅੰਮ੍ਰਿਤ ਦੇ ਮਾਰ ਕੇ ਠੰਢ ਪਾਈ
ਜੇੜ੍ਹੀਆਂ ਨਿੱਤ ਦੀਆਂ ਹਿੱਕਾਂ ਸੜਦੀਆਂ ਸਨ ।
ਚਿੜਕੇ ਆਨ ਤੋਂ ਬਾਜ਼ਾਂ ਦੇ ਨਾਲ ਚਿੜੀਆਂ,
ਬਾਜੀ ਲੌਂਦੀਆਂ ਸੀਸ ਤੇ ਧੜ ਦੀਆਂ ਸਨ ।
ਜਾਨਾਂ ਕੱਲੀਆਂ ਕੱਲੀਆਂ ਰਣ ਅੰਦਰ,
ਸਵਾ ਲੱਖ ਦੇ ਨਾਲ ਜਾ ਲੜਦੀਆਂ ਸਨ ।
ਖਾ ਕੇ ਭਾਂਜ ਤੇ ਫੌਜਾਂ ਗਨੀਮ ਦੀਆਂ,
ਅੱਗੇ ਸ਼ੇਰਾਂ ਦੇ ਜ਼ਰਾ ਨ ਅੜਦੀਆਂ ਸਨ ।

ਸਾਗਰ ਸ਼ਕਤੀ ਦੇ ਖਿਜਰ-ਖ੍ਵਾਜ ਬਣਕੇ,
ਤੁਸੀਂ ਸਿੰਘਾਂ ਨੂੰ ਅੰਮ੍ਰਿਤ ਛਕੌਣ ਆਏ ।
ਕਲਗੀਧਰ ਜੀ ਸ੍ਰੀ ਦਸਮੇਸ ਪਿਆਰੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ ।

ਬਾਲ ਗਏ ਉਹ ਸ਼ਮਾਂ ਬਹਾਦਰੀ ਦੀ,
ਭੀਮ ਸੈਣ ਵਾਂਗੂੰ ਅਰਜਨ ਬਲੀ ਵਾਂਗੂੰ ।
ਆਦਰ ਭਾ ਦੀ ਚਾਦਰ ਬਣਾ ਦਿੱਤੀ,
ਵਗ ਵਗ ਕੇ ਸੂਤ ਦੀ ਨਲੀ ਵਾਂਗੂੰ ।
ਬੁੱਲੇ ਦਾਨ ਦੇ ਐਸੇ ਵਗਾ ਦਿੱਤੇ,
ਹਰੀ ਚੰਦ ਵਾਂਗੂੰ, ਹਜ਼ਰਤ ਅਲੀ ਵਾਂਗੂੰ ।
ਖ਼ਾਨਦਾਨਾਂ ਦੇ ਖ਼ਾਨਦਾਂ 'ਫੁਲ' ਬਣ ਗਏ,
ਕਿਸਮਤ ਬੰਦ ਸੀ ਜਿਨ੍ਹਾਂ ਦੀ ਕਲੀ ਵਾਂਗੂੰ ।

ਤੁਸਾਂ 'ਮੱਖਣ' ਚੁਰਾ ਕੇ ਨਹੀਂ ਖਾਧਾ,
ਸਗੋਂ ਲੋਕਾਂ ਨੂੰ ਮੱਖਨ ਖੁਔਣ ਆਏ ।
ਕਲਗੀਧਰ ਜੀ ਸ੍ਰੀ ਦਸਮੇਸ ਪਿਆਰੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ ।

ਪਰਲੋ ਤੀਕ ਨਾ ਪੰਥ ਤੋਂ ਲੱਥਨਾ ਏ,
ਜੇੜ੍ਹਾ ਵਾਹਦਤ ਦਾ ਰੰਗ ਚੜ੍ਹਾ ਗਏ ।
ਸਾਡੇ ਪਿਛੇ ਨਾ ਬਣੇ ਸਮਾਧ ਸਾਡੀ,
ਜਾਣ ਲੱਗੇ ਇਹ ਤੁਸੀਂ ਫੁਰਮਾ ਗਏ ।
ਮਤਾਂ ਲੋਕ ਸਮਾਧ ਦੀ ਕਰਨ ਪੂਜਾ,
ਜਦੋਂ ਸ਼ਰਧਾ ਦੇ ਜੋਸ਼ ਵਿੱਚ ਆ ਗਏ ।
ਸਦਕੇ ਜਾਂ ਮੈਂ ਗੁਰੂ ਜੀ ਤੁਸੀਂ ਵਾਹ ਵਾਹ,
ਇੱਕ ਓਂਕਾਰ ਦੇ ਅਰਥ ਸਮਝਾ ਗਏ ।

'ਸ਼ਰਫ਼' ਦੁਸਮਨੀ ਕਿਸੇ ਦੇ ਨਾਲ ਨਹੀਂ ਸੀ,
ਤੁਸੀਂ ਪਾਪ ਤੇ ਜ਼ੁਲਮ ਮਿਟੌਣ ਆਏ ।
ਕਲਗੀਧਰ ਜੀ ਸ੍ਰੀ ਦਸਮੇਸ ਪਿਆਰੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ ।

33. ਭਰਮ ਮਿਟਾਏ

ਸ਼ੁੱਭ ਘੜੀ, ਸ਼ੁੱਭ ਲਗਨ ਮਹੂਰਤ,
ਮਾਤਾ ਗੁਜਰੀ ਜਾਏ ! ਪਟਨੇ ਆਏ।
ਮਾਰ ਦਿਤੇ ਲਿਸ਼ਕਾਰੇ ਐਸੇ,
ਸੱਤ ਦੀਪ ਚਮਕਾਏ ! ਦਰਸ ਦਿਖਾਏ।
ਹੱਕ ਹਮਸਾਏ ਦੇਣ ਵਧਾਈਆਂ,
ਕਰ ਕਰ ਖੁਸ਼ੀਆਂ ਚਾਏ ! ਅੱਖੀਂ ਚਾਏ।
ਗੰਧਰਭ ਹੋਰ ਅਪੱਛਰਾਂ ਆਈਆਂ,
ਨੂਰੀ ਦਰਸ਼ਣ ਪਾਏ ! ਰੂਪ ਵਧਾਏ।
ਸਚ ਖੰਡ ਵਿੱਚੋਂ ਦੇਵਤੇ ਸਾਰੇ,
ਹੁਮ ਹੁਮਾਕੇ ਧਾਏ ! ਦਰਸ਼ਨ ਪਾਏ।
ਬਾਲੇ ਪਨ ਵਿੱਚ ਗੁਰੂਆਂ ਵਾਲੇ,
ਆ ਉਪਦੇਸ਼ ਸੁਣਾਏ ! ਭਰਮ ਮਿਟਾਏ।
ਜ਼ੁਲਮ ਜ਼ਬਰ ਦੇ ਬੱਦਲ ਸਾਰੇ,
ਧੂੜਾਂ ਵਾਂਗ ਉਡਾਏ ! ਕਰਮ ਕਮਾਏ।
ਨਾਤਾਣਾਂ ਤੇ ਤਾਣਾਂ ਵਾਲੇ,
ਤੰਬੂ ਤਾਣ ਵਿਖਾਏ ! ਦੁਖੀ ਹਸਾਏ।
ਫੜ ਫੜ ਤੇਗਾਂ ਪਾਪੀ ਵੈਰੀ,
ਸੁਸਰੀ ਵਾਂਗ ਸਵਾਏ ! ਦੂਣ ਸਵਾਏ।
ਕਰ ਸ਼ਾਦੀ ਪਰਸਾਦੀ ਹਾਥੀ,
ਖੁੱਲ੍ਹਾਂ ਨਾਲ ਹੰਡਾਏ ! ਮਨ ਪਰਚਾਏ।
ਛੇ ਛੇ ਸੂਰੇ ਪੂਰੇ ਕਰ ਕਰ,
ਸੱਠਾਂ ਨਾਲ ਲੜਾਏ ! ਜੋ ਲੜ ਲਾਏ।
ਬੇ ਪਰਤੀਤੇ ਆਏ ਜੇਹੜੇ,
ਪਿੱਪਲ ਚਾ ਗਿਣਵਾਏ ! ਭਰਮ ਮਿਟਾਏ।
ਤੀਰ ਪਿਆਰੇ ਚਿੱਲੇ ਵਿੱਚੋਂ,
ਪਰੀਆਂ ਵਾਂਗ ਉਡਾਏ ! ਖਤ ਪਹੁੰਚਾਏ।
ਉੱਕੇ ਕਦੀ ਨ ਟੀਚੇ ਉੱਤੋਂ,
ਸਾਫ਼ ਨਿਸ਼ਾਨੇ ਲਾਏ ! ਜਿੱਧਰ ਧਾਏ।
ਤੇਰੇ ਨੀਲੇ ਦੇ ਖ਼ੁਰ ਉੱਤੋਂ,
ਸੂਰਜ ਚੰਦ ਘੁਮਾਏ ! ਉਤ੍ਹਾਂ ਚੜ੍ਹਾਏ।
ਸੁੰਦਰ ਕਲਗ਼ੀ ਵਾਲਿਆ ਤੇਰੇ,
ਸਖੀਆਂ ਗੀਤ ਬਣਾਏ ! ਘਰ ਘਰ ਗਾਏ।
ਨੀਲਾ ਘੋੜਾ ਬਾਂਕਾ ਜੋੜਾ,
ਹੱਥ ਪੁਰ ਬਾਜ ਸੁਹਾਏ! ਗੁਰੂ ਜੀ ਆਏ।
ਧੀਰਜ ਦੇਵਨ ਬਾਜ ਤੇਰੇ ਓ,
ਬਾਗ਼ ਗੁਰੂ ਦੇ ਆਏ ! ਭਰਮ ਮਿਟਾਏ।
ਸੰਗਤ ਦੇ ਵਿੱਚ ਅੰਮ੍ਰਿਤ ਵਾਲੇ,
ਸੋਹਣੇ ਛੱਟੇ ਲਾਏ ! ਮੀਂਹ ਬਰਸਾਏ।
ਬਾਜਾਂ ਨਾਲ ਲੜਾਈਆਂ ਚਿੜੀਆਂ,
ਗਿੱਦੜ ਸ਼ੇਰ ਬਣਾਏ! ਜੁੱਧ ਕਰਾਏ।
ਧਰਮ ਸਚਾਈ ਬਦਲੇ ਪਿਆਰੇ,
ਚਾਰੇ ਲਾਲ ਕੁਹਾਏ ! ਵੰਸ ਲੁਟਾਏ।
ਨਾਨਕ ਵਾਂਗੂੰ ਦੁਨੀਆਂ ਉੱਤੇ,
ਸਦਾ ਨਿਸ਼ਾਨ ਝੁਲਾਏ ! ਬੂਟੇ ਲਾਏ।
ਇੱਕ ਓਂਕਾਰ ਅਕਾਲ ਪੁਰਖ ਦੇ,
ਸੁੰਦਰ ਸਬਕ ਪੜ੍ਹਾਏ ! ਜੋ ਰੱਬ ਭਾਏ।
ਮਾਧੋ ਵਰਗੇ ਜਾਦੂਗਰ ਭੀ,
ਬੰਦੇ 'ਸ਼ਰਫ਼' ਬਣਾਏ ! ਭਰਮ ਮਿਟਾਏ।

34. ਪੰਥ ਬਲਿਹਾਰ ਹੋਇਆ

ਹਾੜੇ ਸੁਣ ਸੁਣ ਕੇ ਦੁਖੀ ਬੰਦਿਆਂ ਦੇ,
ਦਯਾ ਕਰਨ ਤੇ ਜਦੋਂ ਕਰਤਾਰ ਹੋਇਆ ।
'ਪਟਨੇ' ਸ਼ਹਿਰ ਵਿਚ ਕ੍ਰਿਪਾ ਦੀ ਲੈਹਰ ਆਈ,
ਵਿਚੋਂ 'ਲਾਲ' 'ਸੁੱਚਾ' ਪੈਦਾਵਾਰ ਹੋਇਆ ।
'ਮਾਤਾ ਗੁਜਰੀ' ਨੂੰ ਦਾਈ ਨੇ ਆਖਿਆ ਏ,
ਤੁਹਾਡੇ ਘਰ ਕੋਈ ਅੱਜ 'ਅਵਤਾਰ' ਹੋਇਆ ।
ਪਿਤਾ 'ਤੇਗ਼ ਬਹਾਦਰ' ਵਧਾਈਆਂ ਲੈ ਲੈ,
ਫੁਲ ਫੁਲ ਖੁਸ਼ੀ ਵਿਚ ਬਾਗ਼ ਬਹਾਰ ਹੋਇਆ ।

ਤੇਰਾ ਰੂਪ ਅਨੂਪ ਤੇ ਚੰਦ ਚੇਹਰਾ,
ਜੀਹਨੇ ਵੇਖਿਆ ਉਹੋ ਬਲਿਹਾਰ ਹੋਇਆ ।
ਕਲਗ਼ੀ ਵਾਲੇ ਜੀ ! ਆਪ ਦੇ ਨਾਮ ਉੱਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ ।

ਆ ਕੇ 'ਪੰਡਤਾਂ' ਆਪ ਦੇ ਸ਼ਹਿਰ ਅੰਦਰ,
ਜਦੋਂ ਰੋ ਰੋ ਬੜਾ ਵਿਰਲਾਪ ਕੀਤਾ ।
ਇਹ 'ਹੱਤਿਆ' ਸੀਸ ਕੋਈ ਮੰਗਦੀ ਏ,
ਸੁਣਕੇ ਹੁਕਮ ਸੀ ਆਪ ਦੇ ਬਾਪ ਕੀਤਾ।
ਨੌਵੇਂ ਵਰ੍ਹੇ ਦੇ ਵਿਚ ਸਾਓ ਤੁਸੀਂ ਓਦੋਂ,
ਬੋਲ ਹੱਸਕੇ ਕੋਲੋਂ ਇਹ ਆਪ ਕੀਤਾ:-
'ਮੇਰੇ ਪਿਤਾ ਜੀ ! ਸੀਸ ਭੀ ਜਾਏ ਭਾਵੇਂ,
ਜਾਏ ਹਿੰਦ ਚੋਂ ਦੂਰ ਪਰ ਪਾਪ ਕੀਤਾ ।

'ਧਰਮ ਰਖਸ਼ਾ' ਵਾਲੀ ਇਹ ਗੱਲ ਸੁਣਕੇ,
ਓਨ੍ਹਾ ਕੋਲੋਂ ਵੀ ਨਹੀਂ ਸੀ ਇਨਕਾਰ ਹੋਇਆ ।
ਕਲਗ਼ੀ ਵਾਲੇ ਜੀ ! ਆਪ ਦੇ ਨਾਮ ਉੱਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ ।

ਪੱਥਰ ਦਿਲਾਂ ਦੇ ਡੱਕਰੇ ਹੋਏ ਸੁਣਕੇ,
ਗੱਲਾਂ ਆਪ ਦੀਆਂ ਜਹੀਆਂ ਸੱਚੀਆਂ ਸਨ ।
ਲਹੂ ਆਪਣਾ ਡੋਹਲ ਬੁਝਾਈਆਂ ਚਾ,
ਜੇੜ੍ਹੀਆਂ ਪਾਪ ਦੀਆਂ ਅੱਗਾਂ ਮੱਚੀਆਂ ਸਨ ।
ਸੱਚ ਕਵ੍ਹਾਂ ਮੈਂ ਖ਼ਾਲਸਾ ਧਰਨ ਦੀਆਂ,
ਕੰਧਾਂ ਗੁਰੂ ਜੀ ਓਦੋਂ ਤੇ ਕੱਚੀਆਂ ਸਨ।
'ਪਿਆਰੇ ਪੁੱਤ' ਕੁਹਾ ਕੇ ਯੁੱਧ ਅੰਦਰ,
ਲਾਈਆਂ ਇਨ੍ਹਾਂ ਨੂੰ ਤੁਸਾਂ ਹੀ ਬੱਚੀਆਂ ਸਨ ।

ਬਦਲੇ ਇੱਟਾਂ ਦੇ ਨੀਂਹਾਂ ਵਿਚ 'ਲਾਲ' ਦਿੱਤੇ,
ਤਾਂ ਇਹ ਸਿੱਖੀ ਦਾ ਮਹਲ ਤਿਆਰ ਹੋਇਆ ।
ਕਲਗ਼ੀ ਵਾਲੇ ਜੀ ! ਆਪ ਦੇ ਨਾਮ ਉੱਤੋਂ,
'ਸ਼ਰਫ਼' ਪੰਥ ਬਲਿਹਾਰ ਨਿਸਾਰ ਹੋਇਆ ।

35. ਅਰਸ਼ੀ ਮਾਲਨ

ਦੇਵੀ ਸ੍ਵਰਗ ਜਗਤ ਦੀ ਮਹਾਰਾਣੀ,
ਦਿਲ ਦੇ ਮਹਿਲ ਅੰਦਰ ਡੇਰਾ ਲੌਣ ਵਾਲੀ ।
ਖ਼ੁਮਰੇ ਵਾਂਗ ਜੋ ਗੁਟਕਦੀ ਵਿਚ ਗੱਲ੍ਹਾਂ
ਵਾਂਗ ਕਲੀਆਂ ਦੇ ਬੁੱਲ੍ਹ ਮੁਸਕੌਣ ਵਾਲੀ ।
ਅੱਖ ਬੰਦੇ ਦੀ ਸਜੀ ਫੁਰਕਾ ਕੇ ਤੇ,
ਮੁੱਖ ਚੂਨੀਆਂ ਵਾਂਗ ਭਖੌਣ ਵਾਲੀ ।
ਜੀਹਦੇ ਆਉਂਦਿਆਂ ਨੱਸਦੇ ਗ਼ਮ ਸਾਰੇ,
ਪੱਛੋ ਨਾਮ ਤੇ 'ਖ਼ੁਸ਼ੀ' ਸਦੌਣ ਵਾਲੀ ।

ਘਟਾਂ ਬੱਨ੍ਹਕੇ ਅੱਜ ਉਸ਼ੇਰ ਵੇਲੇ,
ਮੇਰੇ ਦਿਲ ਉੱਤੇ ਕਿਤੋਂ ਆ ਗਈ ਸੀ ।
ਹੱਸ ਹੱਸ ਕੇ ਫੁਲਾਂ ਦੇ ਵਾਂਗ ਮੈਨੂੰ,
ਚੇਟਕ ਬਾਗ਼ ਦੇ ਸੈਰ ਦੀ ਲਾ ਗਈ ਸੀ ।

ਗਿਆ ਟਹਿਲਦਾ ਟਹਿਲਦਾ ਬਾਗ਼ ਅੰਦਰ,
ਜਾਕੇ ਫੁੱਲ ਅਡੋਲ ਇਕ ਤੋੜਿਆ ਮੈਂ ।
ਲੱਖ ਨਹੁੰਦਰਾਂ ਮਾਰੀਆਂ ਕੰਡਿਆਂ ਨੇ,
ਖਾਲੀ ਹੱਥ ਨ ਪਿਛ੍ਹਾਂ ਨੂੰ ਮੋੜਿਆ ਮੈਂ ।
ਡਿਗਕੇ ਪੱਤੀਆਂ ਉਹਦੀਆਂ ਖਿੰਡ ਗਈਆਂ,
ਜਦੋਂ ਸੁੰਘਣਾ ਓਸਨੂੰ ਲੋੜਿਆ ਮੈਂ ।
ਬੜੇ ਹਿਰਖ ਅਫਸੋਸ ਦੇ ਨਾਲ ਮੁੜਕੇ,
ਇਕ ਇਕ ਖੰਭੜੀ ਨੂੰ ਫੜਕੇ ਜੋੜਿਆ ਮੈਂ ।

ਓਹਨੂੰ ਆਖਿਆ 'ਦੱਸ ਤੂੰ ਮੂਰਖਾ ਓ,
ਵਿਗੜ ਚੱਲੀ ਸੀ ਸੁੰਘਿਆਂ ਸ਼ਾਨ ਤੇਰੀ ?
ਪਾਣ ਪੱਤ ਜਦ ਬੁਲਬਲਾਂ ਲਾਹੁੰਦੀਆਂ ਨੀ,
ਓਦੋਂ ਜਾਂਦੀ ਏ ਕਿੱਥੇ ਇਹ ਆਨ ਤੇਰੀ ?'

ਅੱਗੋਂ ਓਸ ਨੇ ਦਿੱਤਾ ਜਵਾਬ ਮੈਨੂੰ,
'ਟਾਹਣੀ ਵਾਲੜੇ' ਤੋਂ ਪੁੱਛੀਂ ਹਾਲ ਸਾਰਾ ।
ਉਥੋਂ ਉੱਠਕੇ ਗਿਆ ਮੈਂ ਓਸ ਵੱਲੇ,
ਜਾ ਕੇ ਕੱਢਿਆ ਦਿਲੀ ਉਬਾਲ ਸਾਰਾ।
ਹੰਝੂ ਡੇਗ ਤਰੇਲ ਦੇ ਅੱਖੀਆਂ ਚੋਂ,
ਦੱਸਣ ਲੱਗਾ ਉਹ ਹਾਲ ਅਹਿਵਾਲ ਸਾਰਾ ।
ਏਸੇ ਸ਼ੁਭ ਸੁਲੱਖਣੇ ਦਿਨ ਬਦਲੇ,
ਅਸਾਂ ਲੁਕ ਛਿਪ ਕੱਢਿਆ ਸਾਲ ਸਾਰਾ ।

ਹੁਣੇ ਨਾਰ ਮੁਟਿਆਰ ਇਕ ਆਵਣੀ ਏਂ,
ਰਹਿੰਦੀ ਗੱਲ ਓਹ ਤੈਨੂੰ ਸਮਝਾ ਦੇ ਗੀ ।
ਤੇਰੇ ਚਿਤ ਤੋਂ ਭਰਮ ਮਿਟਾ ਸਾਰਾ,
ਉੱਤੇ ਮੋਹਰ ਪਰਤੀਤ ਦੀ ਲਾ ਦੇ ਗੀ ।'

ਏਨੇ ਵਿੱਚ ਇਕ ਨੂਰ ਦੀ ਲਸ ਚਮਕੀ,
ਮੀਂਹ ਅੰਮ੍ਰਿਤ ਦਾ ਆਣ ਕੇ ਵੱਸਿਆ ਸੀ ।
ਵੱਗ ਵੱਗ ਪਰੇਮ ਦੇ ਬੁੱਲਿਆਂ ਨੇ,
ਖ਼ਬਰੇ ਬਾਗ਼ ਦੇ ਕੰਨ ਕੀ ਦੱਸਿਆ ਸੀ ।
ਗਿੱਧਾ ਮਾਰਿਆ ਕਲੀਆਂ ਤੇ ਪੱਤਰਾਂ ਨੇ,
ਟਾਹ ਟਾਹ ਕਰਕੇ ਫੁੱਲਾਂ ਹੱਸਿਆ ਸੀ ।
ਮੁੱਦਾ ਕੀ ਕਿ ਬਾਗ ਨਿਵਾਸੀਆਂ ਲਈ,
ਤਰਨ ਤਾਰਨੋਂ ਆ ਗਈ ਮੱਸਿਆ ਸੀ ।

ਆਦਰ ਨਾਲ ਸਿਹਾਰੀਆਂ ਵਾਂਗ ਹੋ ਕੇ,
ਸਭਨਾਂ ਟਾਹਣੀਆਂ ਸੀਸ ਨਿਵਾ ਦਿੱਤੇ।
ਤਰਸੇ ਹੋਏ ਉਡੀਕ ਵਿੱਚ ਘਾਹ ਨੇ ਭੀ,
ਨੇਤਰ ਮਖ਼ਮਲੀ ਫ਼ਰਸ਼ ਵਿਛਾ ਦਿੱਤੇ ।

ਪ੍ਰਗਟ ਹੋਈ ਇਕ ਇਸਤ੍ਰੀ ਓਸ ਵੇਲੇ,
ਬੱਦਲ ਨੂਰ ਦੇ ਜੀਹਦੇ ਤੇ ਛਾਏ ਹੋਏ ਸਨ ।
ਦਯਾ, ਦਾਨ ਦੀ ਬਣੀ ਸੀ ਦੇਹ ਓਹਦੀ,
ਪਤੀਬਰਤਾ ਦੇ ਅੰਗ ਸਜਾਏ ਹੋਏ ਸਨ ।
ਪਈ ਸਿਦਕ ਦੀ ਓਸ ਵਿੱਚ ਆਤਮਾ ਸੀ,
ਸੇਵਾ ਟਹਿਲ ਦੇ ਹੱਥ ਬਣਾਏ ਹੋਏ ਸਨ।
ਓਹਦਾ ਦਿਲ ਪਰੇਮ ਦਾ ਸਾਜਕੇ ਤੇ,
ਵਿੱਚ ਦੁੱਖੜੇ ਜੱਗ ਦੇ ਪਾਏ ਹੋਏ ਸਨ ।

ਲਾਜ ਸ਼ਰਮ ਦੀ ਨੱਕ ਵਿੱਚ ਪਈ ਤੀਲੀ,
ਮੱਥੇ ਚੰਦ ਹੈਸੀ ਰਾਜਧਾਨੀਆਂ ਦਾ !
ਦੇਸ਼ ਸੇਵਾ ਦੀ ਹੱਥ ਵਿੱਚ ਆਰਸੀ ਸੀ,
ਗਲੇ ਪਿਆ ਸੀ ਹਾਰ ਕੁਰਬਾਨੀਆਂ ਦਾ ।

ਉਹਦੀ ਸੁੰਦਰਤਾ ਇਸ ਤਰ੍ਹਾਂ ਝੱਲਦੀ ਸੀ,
ਪਰਾਧੀਨਤਾ ਵਾਲੇ ਲਿਬਾਸ ਵਿੱਚੋਂ ।
ਤੇਜ਼ ਦੁੱਧ ਦਾ ਜਿਸ ਤਰ੍ਹਾਂ ਡੁਲ੍ਹਦਾ ਸੀ,
ਫੁੱਟ ਫੁੱਟ ਬਿਲੌਰੀ ਗਿਲਾਸ ਵਿੱਚੋਂ ।
ਸੂਰਜ ਉਹਦੀ ਜਵਾਨੀ ਦਾ ਓਸ ਵੇਲੇ,
ਕਿਰਨਾਂ ਸੁੱਟਦਾ ਸੀ ਮੇਖ ਰਾਸ ਵਿੱਚੋਂ ।
ਲਿਖਦਾ ਸਿਫਤ ਮੈਂ ਉਹਦੀਆਂ ਅੱਖੀਆਂ ਦੀ,
ਜੇਕਰ ਲੱਭਦੇ ਅੱਖਰ ਇਤਹਾਸ ਵਿੱਚੋਂ ।

ਠੁਮਕ ਠੁਮਕ ਕੇ ਹੰਸ ਦੀ ਚਾਲ ਚੱਲੇ,
ਕਰ ਕਰ ਛੋਹਲੀਆਂ ਫੁੱਲ ਪਈ ਚੁਗਦੀ ਸੀ ।
ਜਿੱਥੋਂ ਪੱਬ ਟਿਕਾ ਕੇ ਲੰਘ ਜਾਵੇ,
ਕਿਆਰੀ ਫੁੱਲਾਂ ਦੀ ਓਸ ਥਾਂ ਉੱਗਦੀ ਸੀ ।

ਤੋੜ ਤੋੜ ਕੇ ਫੁੱਲਾਂ ਦਾ ਗੁਲਦਸਤਾ,
ਕੀਤਾ ਸ਼ੌਕ ਦੇ ਨਾਲ ਤਿਆਰ ਓਨ੍ਹੇ ।
ਪੀਚ ਪੀਚ ਕੇ ਸ਼ਰਧਾ ਦੇ ਵਲ ਦਿੱਤੇ ।
ਬੱਧਾ ਪਿਆਰ ਦੇ ਤਿੱਲੇ ਦੀ ਤਾਰ ਓਨ੍ਹੇ ।
ਸੂਈ ਪਕੜ ਪ੍ਰੀਤ ਦੀ ਹੱਥ ਅੰਦਰ,
ਮਾਣ ਨਾਲ ਪ੍ਰੋਏ ਕੁਝ ਹਾਰ ਓਨ੍ਹੇ ।
ਫੇਰ ਇਕ ਪਟਾਰ ਦੇ ਵਿੱਚ ਸਾਰਾ,
ਸਾਂਭ ਸੂਤ ਇਹ ਲਿਆ ਭੰਡਾਰ ਓਨ੍ਹੇ ।

ਖੰਭ ਲੱਗ ਗਏ ਚਾ ਦੇ ਜਹੇ ਓਹਨੂੰ,
ਉੱਡਨ ਲਈ ਉਹ ਪਰੀ ਤਿਆਰ ਹੋ ਗਈ।
ਗੱਲ ਕਰਨ ਦੇ ਵਾਸਤੇ ਅਹੁੜਿਆ ਮੈਂ,
ਮੇਰੀ ਓਹਦੀ ਨਿਗਾਹ ਭੀ ਚਾਰ ਹੋ ਗਈ ।

ਉਹਨੂੰ ਕਿਹਾ ਮੈਂ 'ਦਸ ਖਾਂ ਭਾਗਵਾਨੇ,
ਇਹ ਕੀ ਕੀਤੀਆਂ ਗੱਲਾਂ ਨਿਕਾਰੀਆਂ ਤੂੰ ।
ਕੀਤਾ ਰੱਬ ਦਾ ਭਉ ਨ ਭੌਰਿਆਂ ਤੇ,
ਡੰਗ ਲਾ ਲਾ ਡੰਗੀਆਂ ਕਿਆਰੀਆਂ ਤੂੰ ।
ਗਹਿਣਾ ਲਾਹ ਲਾਹ ਫੁੱਲਾਂ ਦਾ ਟਾਣ੍ਹੀਆਂ ਤੋਂ,
ਕਰ ਛੱਡੀਆਂ ਬੁੱਚੀਆਂ ਸਾਰੀਆਂ ਤੂੰ ।
ਤੈਨੂੰ ਕਹਿਣਗੇ ਚਿੱਤ ਕੀ ਬੁਲਬੁਲਾਂ ਦੇ,
ਫੇਰ ਚਲੀ ਏਂ ਜਿਨ੍ਹਾਂ ਤੇ ਆਰੀਆਂ ਤੂੰ !

ਦੇਵੀ ਦਯਾ ਦੀ ਬਾਹਰੋਂ ਜਾਪਦੀ ਏਂ,
ਦਿੱਸੇ ਹੋਰ ਕੁਝ ਅੰਦਰੋਂ ਹਿੱਤ ਤੇਰਾ ।
ਮਹਿੰਦੀ ਵਾਂਗ ਤੂੰ ਉੱਪਰੋਂ ਹਰੀ ਲੱਗੇਂ,
ਖੂਨੀਂ ਜਾਪਦਾ ਏ ਵਿੱਚੋਂ ਚਿੱਤ ਤੇਰਾ ।

ਸਹਿਜ ਭਾ ਦੇ ਨਾਲ ਉਹ ਕੂਈ ਅੱਗੋਂ,
'ਐਡਾ ਝੂਠ ਅਪਰਾਧ ਕਿਉਂ ਤੋਲਿਆ ਈ ।'
'ਮੇਰੀ ਹਿੱਕ ਤੇ ਉੱਕਰੇ ਗਏ ਸਾਰੇ,
ਜੋ ਜੋ ਸੁਖਨ ਬਿਲੱਛਣਾ ਬੋਲਿਆ ਈ ।
'ਐਵੇਂ ਮੇਰੇ ਤੇ ਲਾਈ ਊ ਊਜ ਜੇੜ੍ਹੀ,
ਸੁਣਕੇ ਅਰਸ਼ ਦਾ ਕਿੰਗਰਾ ਡੋਲਿਆ ਈ ।
'ਲੀਰਾਂ ਬਾਝ ਨਹੀਂ ਹੋਰ ਕੁਝ ਮਿਲਣ ਲੱਗਾ,
ਐਵੇਂ ਖਿੱਦੋ ਉਧੇੜ ਕੇ ਫੋਲਿਆ ਈ ।'

'ਜੇ ਤੂੰ ਮੂਰਖ਼ਾ ! ਮੈਨੂੰ ਨਾ ਜਾਣਦਾ ਸੈਂ,
ਮੇਰੀ ਸ਼ਕਲ ਤਾਂ ਵੇਖਣੀ ਚਾਖਣੀ ਸੀ ।
'ਜੇਕਰ ਚੁੱਪ ਕਰਕੇ ਨਹੀਂ ਸੈਂ ਰਹਿਣ ਜੋਗਾ,
ਮੂੰਹੋਂ ਗੱਲ ਤੇ ਜਾਚ ਕੇ ਆਖਣੀ ਸੀ?

ਵੇ ਮੈਂ ਰਾਣੀ ਇਤਿਹਾਸ ਦੇ ਦੇਸ ਦੀ ਆਂ,
ਹਰ ਇਕ ਧਰਮ ਦੇ ਸ਼ੈਹਰ ਵਿੱਚ ਰਹਿਣ ਵਾਲੀ ।
ਤਾਜ ਕਵਿਤਾ ਦਾ ਸੋਂਹਵਦਾ ਸੀਸ ਮੇਰੇ,
ਵੇ ਮੈਂ ਵਿਦਿਆ ਦੇ ਤਖ਼ਤ ਤੇ ਬਹਿਣ ਵਾਲੀ ।
ਮੇਰੇ ਗੂੰਜਦੇ ਜੱਗ ਤੇ ਜ਼ਫ਼ਰ ਨਾਮੇ,
ਗੱਲਾਂ ਸੱਚੀਆਂ ਸ਼ਾਹਾਂ ਨੂੰ ਕਹਿਣ ਵਾਲੀ ।
ਖੁਸ਼ੀ ਗ਼ਮ ਵਿੱਚ ਸੋਂਹਵਦੇ ਬੋਲ ਮੇਰੇ,
ਦੁਖ ਸੁੱਖ ਜਹਾਨ ਦੇ ਸਹਿਣ ਵਾਲੀ ।

ਸੁੰਦਰ ਸੋਹਣਿਆਂ ਫੁੱਲਾਂ ਦਾ ਗੁਲਦਸਤਾ,
ਜੇਹੜਾ ਡਿੱਠਾ ਈ ਮੇਰੇ ਪਟਾਰ ਅੰਦਰ ।
ਭੇਟਾ ਕਰਨ ਏ ਚੱਲੀ ਦਸਮੇਸ ਦੀ ਮੈਂ,
ਸੱਚ ਖੰਡ ਦੇ ਖ਼ਾਸ ਦਰਬਾਰ ਅੰਦਰ ।

ਹੋਰ ਹਾਰ ਜੋ ਵੇਖੇ ਨੀ ਕੋਲ ਮੇਰੇ,
ਏਹ ਮੈਂ ਉਹਨਾਂ ਦੇ ਸੀਸ ਚੜ੍ਹਾਵਣੇ ਨੇ ।
ਜਿਨ੍ਹਾਂ ਦੇਵੀਆਂ ਦੇ ਏਸ ਜੱਗ ਉੱਤੇ,
ਪਰਲੋ ਤੀਕ ਲੋਕਾਂ ਗੀਤ ਗਾਵਣੇ ਨੇ ।
'ਦੀਪ ਕੌਰ' ਦੀ ਕਰਾਂਗੀ ਕੁਝ ਭੇਟਾ,
ਮਾਈ ਭਾਗੋ ਦੇ ਗਲੇ ਕੁਝ ਪਾਵਣੇ ਨੇ ।
'ਸਾਹਿਬ ਕੌਰ' ਨਾਲੇ 'ਧਰਮ ਕੌਰ' ਨੂੰ ਭੀ,
ਬੜੀ ਸ਼ਰਧਾ ਦੇ ਨਾਲ ਪਹਿਨਾਵਣੇ ਨੇ।

ਬਲ, ਸਿਦਕ, ਸੇਵਾ, ਪਤੀਬਰਤ ਅੰਦਰ,
ਧੰਨ ਹੌਂਸਲੇ ਸਨ ਇਨ੍ਹਾਂ ਬੀਬੀਆਂ ਦੇ ।
ਛਿੱਤਰ ਮਾਰ ਕੇ ਮਾਇਆ ਦੇ ਮੂੰਹ ਉੱਤੇ,
ਕੀਤੇ ਸੱਥਰ ਮਨਜ਼ੂਰ ਗ਼ਰੀਬੀਆਂ ਦੇ ।

ਗੱਲਾਂ ਉਹਦੀਆਂ ਸਾਰੀਆਂ ਸੁਣ ਸੁਣ ਕੇ,
ਮੈਨੂੰ ਚਤਰ ਚਲਾਕੀਆਂ ਭੁੱਲ ਗਈਆਂ ।
ਆਦਰ ਨਾਲ ਮੈਂ ਸੀਸ ਨਿਵਾ ਦਿੱਤਾ,
ਲੱਤਾਂ ਬਾਹਾਂ ਵਿਚ ਖੁਸ਼ੀ ਦੇ ਫੁੱਲ ਗਈਆਂ ।
ਮੋਤੀ ਖਿੱਲਰੇ ਜਿਮੀ 'ਤੇ ਹੰਝੂਆਂ ਦੇ,
ਅੱਖਾਂ ਵਾਲੀਆਂ ਡੱਬੀਆਂ ਡੁੱਲ੍ਹ ਗਈਆਂ ।
ਆ ਕੇ ਫੇਰ ਇੱਕ ਤੇਜ ਦੀ ਲਸ ਚਮਕੀ,
ਓਧਰ ਅਰਸ਼ ਤੋਂ ਬਾਰੀਆਂ ਖੁੱਲ੍ਹ ਗਈਆਂ !

ਚੜ੍ਹ ਗਈ ਮਾਰ ਉਡਾਰੀਆਂ ਅੰਬਰਾਂ ਤੇ,
ਲੈ ਕੇ ਨਾਲ ਵਧਾਈ ਸਲਾਮ ਮੇਰਾ ।
ਜਾਣ ਲਗੀ ਏਹ ਆਖ ਗਈ 'ਸ਼ਰਫ' ਮੈਨੂੰ,
ਹੈ 'ਪੰਜਾਬੀ ਕਵੀਸ਼ਰੀ' ਨਾਮ ਮੇਰਾ ।

(ਖ਼ੁਮਰੇ=ਕਬੂਤਰ ਵਰਗਾ ਜਾਨਵਰ,
ਮੇਖ ਰਾਸ=ਮੇਖ ਰਾਸ ਵਿਚ ਸੂਰਜ
ਪੂਰਨ ਪ੍ਰਕਾਸ਼ ਵਿਚ ਹੁੰਦਾ ਹੈ।)

36. ਤੋੜ ਦਿੱਤੇ

ਚਾਦਰ ਵੇਖ ਤੁਕਾਂਤ ਦੀ ਨਿੱਕੀ ਜੇਹੀ,
ਮੇਰੀ ਨਜ਼ਮ ਨੇ ਪੈਰ ਸੰਗੋੜ ਦਿੱਤੇ।
ਜਿਹੜੇ ਆਏ ਖ਼ਿਆਲ ਸਨ ਅਰਸ਼ ਉੱਤੋਂ,
ਹਾੜੇ ਘੱਤਕੇ ਪਿਛ੍ਹਾਂ ਨੂੰ ਹੋੜ ਦਿੱਤੇ।
ਲੋੜ੍ਹ, ਕੋੜ੍ਹ ਤੇ ਰੋੜ੍ਹ ਤੇ ਥੋੜ੍ਹ ਵਾਲੇ,
ਗ਼ੈਰ ਕਾਫ਼ੀਏ ਸਮਝਕੇ ਛੋੜ ਦਿੱਤੇ।
ਨਾਲੋ ਭੋਂ ਨਾ ਲੇਖ ਦੀ ਪੱਧਰੀ ਸੀ,
ਮੇਰੀ ਕਲਮ ਦੇ ਪੈਰ ਮਚਕੋੜ ਦਿੱਤੇ।
ਕਹਿਣੀ ਸਿਫ਼ਤ ਸੀ ਫੁੱਲ ਦਸਮੇਸ਼ ਦੀ ਮੈਂ,
ਲੋਕਾਂ ਹੋਰ ਈ ਛਾਪੇ ਚਮੋੜ ਦਿੱਤੇ।
ਸੱਚ ਪੁੱਛੋ ਤੇ ਏਸ ਸਮੱਸਿਆ ਨੇ,
ਮੇਰੇ ਕੀਮਤੀ ਲਾਲ ਤ੍ਰੋੜ ਦਿੱਤੇ।

ਪੰਜਾਂ ਅੱਖਰਾਂ ਤੇ ਦੋਹਾਂ ਬਿੰਦੀਆਂ ਨੂੰ,
ਜਦੋਂ ਸੱਤ ਕਰਤਾਰ ਸਜਾਉਣ ਲੱਗੇ।
ਸੱਤੀਂ ਅੰਬਰੀਂ ਚਮਕਕੇ ਸੱਤ ਤਾਰੇ,
ਸ਼ਰਧਾ ਨਾਲ ਦਿਵਾਲੀ ਜਗਾਉਣ ਲੱਗੇ।
ਸੱਤਾਂ ਸੁਰਾਂ ਸੁਹਾਗ ਦੇ ਗਵੇਂ ਸੋਹਲੇ,
ਸ਼ਿਵਜੀ ਖੁਸ਼ੀ ਵਿਚ ਡੌਰੂ ਵਜਾਉਣ ਲੱਗੇ।
ਸੱਤਾਂ ਜ਼ਿਮੀਆਂ ਦੇ ਜਾਗ ਪਏ ਭਾਗ ਸੁੱਤੇ,
ਸੱਤਵੀਂ ਪੋਹੋਂ ਗੋਬਿੰਦ ਸਿੰਘ ਆਉਣ ਲੱਗੇ।
ਜਲਵੇ ਸੁੱਟਕੇ ਦਯਾ ਤੇ ਧਰਮ ਵਾਲੇ,
ਪਾਪ ਜੜਾਂ ਤੋਂ ਪਕੜ ਘਰੋੜ ਦਿੱਤੇ।
ਤਿੱਖੀ ਖੰਡੇ ਦੀ ਧਾਰ ਵਿਖਾਲ ਇੱਕੋ,
ਬਾਈਆਂ ਧਾਰਾਂ ਦੇ ਲੱਕ ਤ੍ਰੋੜ ਦਿੱਤੇ।

ਤੇਗ਼ਾਂ-ਦੇਵੀ ਨੇ ਆਣਕੇ ਅੰਬਰਾਂ ਤੋਂ,
ਕਲਗ਼ੀ ਵਾਲਿਆ! ਦੇਣੇ ਸਨ ਵਰ ਤੈਨੂੰ।
ਤਦੇ ਰੱਬ ਨੇ ਘੱਲਿਆ ਜੱਗ ਉੱਤੇ,
ਗੁਰੂ ਤੇਗ਼ ਬਹਾਦਰ ਦੇ ਘਰ ਤੈਨੂੰ।
ਮੈਂ ਤਾਂ ਰਾਜਾ ਅਵਤਾਰਾਂ ਦਾ ਆਖਦਾ ਹਾਂ,
ਪਿਆ ਜੱਗ ਆਖੇ ਕਲਗੀਧਰ ਤੈਨੂੰ।
ਤੇਰੇ ਨਾਲ ਜਦ ਵਾਹਿਗੁਰੂ ਆਪ ਹੈਸੀ,
ਫੇਰ ਕਿਸੇ ਦਾ ਹੁੰਦਾ ਕੀ ਡਰ ਤੈਨੂੰ?
ਵਗਕੇ ਤੇਰੇ ਹਿਮਾਇਤੀ ਨਾਲਿਆਂ ਨੇ,
ਬੇੜੇ ਦੁਸ਼ਮਣਾਂ ਦੇ ਰਣ ਵਿੱਚ ਬੋੜ ਦਿੱਤੇ।
ਤੇਰੇ ਸੂਰਿਆਂ ਨੇ ਸੀਸ ਹਾਥੀਆਂ ਦੇ,
ਵਾਂਗ ਟਿੰਡਾਂ ਦੇ ਭੰਨ ਤ੍ਰੋੜ ਦਿੱਤੇ।

ਕਲਗ਼ੀ ਸਜੀ ਯਾ ਨਿਕਲੀਆਂ ਹੈਣ ਕਿਰਨਾਂ,
ਸੂਰਜ ਮੁੱਖੜਾ ਬਣਿਆਂ ਹਜ਼ੂਰ ਦਾ ਏ।
ਅੱਖਾਂ ਵੇਖਕੇ ਠੰਡੀਆਂ ਹੁੰਦੀਆਂ ਨੇ,
ਯਾ ਫੁਹਾਰਾ ਕੋਈ ਛੁੱਟਿਆ ਨੂਰ ਦਾ ਏ।
ਯਾ ਇਹ ਸ਼ਾਹੀ ਦਿਮਾਗ਼ ਦੇ ਸ਼ਬਦ ਵਿੱਚੋਂ,
ਸਿੱਟਾ ਨਿਕਲਿਆ ਅਕਲ ਸ਼ਊਰ ਦਾ ਏ।
ਬੈਠਾ ਹੋਯਾ ਹੁਮਾ ਯਾ ਸੀਸ ਉੱਤੇ,
ਸੜਨ ਵਾਲਿਆਂ ਨੂੰ ਪਿਆ ਘੂਰ ਦਾ ਏ।
ਤੇਰੇ ਨੀਲੇ ਨੇ ਚਮਕ ਚਮਕੌਰ ਅੰਦਰ,
ਭੌਰ ਤਾਜ਼ੀਆਂ ਦੇ ਬੂਥੇ ਮੋੜ ਦਿੱਤੇ।
ਤੇਰੀ ਤੇਗ਼ ਨੇ ਦਲਾਂ ਨੂੰ ਦਲ ਦਿੱਤਾ,
ਤੇਰੇ ਤੀਰਾਂ ਨੇ ਤਾਰੇ ਤ੍ਰੋੜ ਦਿੱਤੇ।

ਹੱਕ ਖੋਹ ਖੋਹ ਰੰਡੀਆਂ ਰੂੜੀਆਂ ਦੇ,
ਜਿਹੜੇ ਆਪਣੇ ਘਰਾਂ ਵਿੱਚ ਵਾੜਦੇ ਸਨ।
ਤੇਰੇ ਸੁੰਦਰ ਪ੍ਰਸ਼ਾਦੀ ਦੇ ਵੱਲ ਜਿਹੜੇ,
ਕਰ ਕਰ ਕੈਰੀਆਂ ਅੱਖੀਆਂ ਤਾੜਦੇ ਸਨ।
ਜਬਰ, ਈਰਖਾ ਦੇ ਨਸ਼ੇ ਵਿੱਚ ਗੁੱਤੇ,
ਜਿਹੜੇ ਪਲਕ ਨਾਂ ਕਦੀ ਉਘਾੜਦੇ ਸਨ।
ਆਰੀ ਜ਼ੁਲਮ ਦੀ ਪਕੜਕੇ ਹੱਥ ਅੰਦਰ,
ਜਿਹੜੇ ਅਦਲ ਦਾ ਬਾਗ਼ ਉਜਾੜਦੇ ਸਨ।
ਤੇਗ਼ ਸੂਤ ਕੇ ਕੀਤੇ ਉਹ ਸੂਤ ਸਾਰੇ,
ਫੜਕੇ ਅੱਟੀ ਦੇ ਵਾਂਗ ਮਰੋੜ ਦਿੱਤੇ।
ਜਿਹੜੇ ਸੰਗਲ ਗ਼ੁਲਾਮੀ ਦੇ ਪਏ ਹੋਏ ਸਨ,
ਕੱਚੀ ਤੰਦ ਦੇ ਵਾਂਗ ਤ੍ਰੋੜ ਦਿੱਤੇ।

ਇੱਕ ਦਿਨ ਕਿਹਾ ਦਸਮੇਸ਼ ਦੀ ਮੂਰਤੀ ਨੂੰ:-
ਇਹਦੇ ਅਰਥ ਤਾਂ ਮੈਨੂੰ ਸਮਝਾ ਦੇਣਾ?
'ਕਦੀ ਭਗਤ ਬਣਨਾ' ਕਦੀ ਲੁਕ ਜਾਣਾ,
ਕਦੀ ਗੁਰੂ ਬਣਕੇ ਦਰਸ਼ਨ ਆ ਦੇਣਾ?'
ਕਿਹਾ ਆਪ ਨੇ:-ਸੁਣੀਂ ਤੂੰ ਮੂਰਖਾ ਓ,
ਮੇਰੀ ਸੰਗਤ ਨੂੰ ਨਾਲੇ ਸੁਣਾ ਦੇਣਾ।
ਸੂਰਜ ਵਾਂਗ ਉਹ ਡੁੱਬਦੇ ਨਿਕਲਦੇ ਨੇ,
ਜਿੰਨ੍ਹਾਂ ਹੋਵੇ ਹਨੇਰ ਮਿਟਾ ਦੇਣਾ।
ਬੁੱਧੂ ਸ਼ਾਹ ਵਾਂਗੂੰ ਜਿਨ੍ਹਾਂ ਪੁੱਤ ਵਾਰੇ,
ਸਣੇ ਕੁਲਾਂ ਉਹ ਤਾਰ-ਸੰਤੋੜ ਦਿੱਤੇ।
ਕਾਲੇ ਖ਼ਾਂ ਵਾਂਗੂੰ ਹੋ ਗਏ ਮੂੰਹ ਕਾਲੇ,
ਕਰਕੇ ਜਿਨ੍ਹਾਂ ਇਕਰਾਰ ਤ੍ਰੋੜ ਦਿੱਤੇ।

ਰਾਮ ਰਾਵਣ ਦਾ ਜੁੱਧ ਭੀ ਹੋਯਾ ਐਸਾ,
ਪਰਲੋ ਤੀਕ ਨਹੀਂ ਕਦੇ ਭੁਲਾਉਣ ਵਾਲਾ।
ਮਹਾਂ ਭਾਰਤ ਦਾ ਨਕਸ਼ਾ ਭੀ ਜੱਗ ਉੱਤੋਂ,
ਕੋਈ ਨਹੀਂ ਜੰਮਿਆਂ ਅਜੇ ਮਿਟਾਉਣ ਵਾਲਾ।
ਜੇਕਰ ਕੀੜੇ ਨੂੰ ਵੇਖੀਏ ਗਹੁ ਕਰਕੇ,
ਉਹ ਭੀ ਆਪੇ ਲਈ ਜਾਨ ਗਵਾਉਣ ਵਾਲਾ।
ਐਪਰ ਕਿਸੇ ਦੇ ਦੁੱਖ ਤੇ ਸੁੱਖ ਬਦਲੇ,
ਡਿੱਠਾ ਤੈਨੂੰ ਹੀ ਬੰਸ ਲੁਟਾਉਣ ਵਾਲਾ।
ਸ਼ਿਵਜੀ ਗੰਗਾ ਵਗਾਈ ਸੀ ਲਿਟਾਂ ਵਿੱਚੋਂ,
ਤੁਸਾਂ ਖੰਡੇ ਚੋਂ ਅੰਮ੍ਰਿਤ ਨਿਚੋੜ ਦਿੱਤੇ।
ਚਿੜਕੇ ਆਨ ਉੱਤੋਂ ਚਿੜੀਆਂ ਤੇਰੀਆਂ ਨੇ,
ਫੜਕੇ ਬਾਜ਼ਾਂ ਦੇ ਪਹੁੰਚੇ ਤ੍ਰੋੜ ਦਿੱਤੇ।

ਪੀਰਾ-ਉਚ-ਦਿਆ ਦਿਲਾਂ ਵਿੱਚ ਰੁਚਦਿਆ ਵੇ,
ਰਿੱਧੀ ਸਿੱਧੀ ਅਚਰਜ ਵਿਖਾ ਗਿਓਂ।
ਕਿਤੇ ਘਾਟ ਨਗੀਨੇ ਬਣਾ ਦਿੱਤੇ,
ਕਿਤੇ ਬੰਦੇ ਬਹਾਦਰ ਬਣਾ ਗਿਓਂ।
ਕਲਮਾਂ ਸਿੱਧੀਆਂ ਪੁੱਠੀਆਂ ਵਾਹ ਕੇ ਤੇ,
ਕਿਤੇ ਗੁਰੂ ਦੀ ਕਾਂਸ਼ੀ ਸਜਾ ਗਿਓਂ।
ਖੰਡੇ ਨਾਲ ਉਖੇੜ ਕੇ ਤਿੜ ਕਿਧਰੇ,
ਜੜ੍ਹ ਜ਼ੁਲਮ ਦੀ ਮੁੱਢੋਂ ਉਡਾ ਗਿਓਂ।
ਨਵਾਂ ਦਿਨਾਂ ਤੇ ਨਵਾਂ ਮਹੀਨਿਆਂ ਵਿੱਚ,
ਕਿਧਰੇ ਸ਼ਬਦ ਗਰੰਥ ਦੇ ਜੋੜ ਦਿੱਤੇ।
ਧੀਰ ਮੱਲ ਜਹੇ 'ਸ਼ਰਫ਼' ਗੁਮਾਨੀਆਂ ਦੇ,
ਸਾਰੇ, ਕਿਬਰ ਹੰਕਾਰ ਤ੍ਰੋੜ ਦਿੱਤੇ।

37. ਸ਼ਰਧਾ ਦੇ ਫੁੱਲ

ਕਲਗ਼ੀਧਰ ਜੀ ਦੀਨਾ ਬੰਧੂ
ਸੋਹਣੀਆਂ ਸ਼ਾਨਾਂ ਵਾਲੇ !
ਅੰਮ੍ਰਿਤ ਵਾਲੇ, ਪੰਥਾਂ ਵਾਲੇ
ਤੇ ਕਿਰਪਾਨਾਂ ਵਾਲੇ !
ਕਲਗੀ ਵਾਲੇ, ਬਾਂਕਾਂ ਵਾਲੇ,
ਤੀਰ ਕਮਾਨਾਂ ਵਾਲੇ !
ਮੁਕਤੀ ਵਾਲੇ, ਸ਼ਕਤੀ ਵਾਲੇ,
ਅਣਖਾਂ-ਆਨਾਂ ਵਾਲੇ !

ਹੇਮ-ਗੁਫ਼ਾ ਦਿਆ ਸੁੰਦਰ ਚੰਦਾ !
ਸੰਗਤ ਵਾਲਿਆਂ ਸਾਈਆਂ !
ਸਚ-ਖੰਡ ਅੰਦਰ ਪਹੁੰਚਣ ਤੈਨੂੰ
ਲੱਖ ਕਰੋੜ ਵਧਾਈਆਂ !

ਵਾਹ ਮਨ-ਮੋਹਨਾ ਨੀਲਾ ਤੇਰਾ,
ਵਾਹ ਨੀਲੇ ਦੀਆਂ ਚਾਲਾਂ,
ਸੋਹਨੀਆਂ ਦੌੜਾਂ, ਬਾਂਕੇ ਪੋਈਏ,
ਸੁੰਦਰ ਏਹਦੀਆਂ ਛਾਲਾਂ ।
ਝਲ ਨਾ ਸੱਕਨ ਬਾਈ ਧਾਰਾਂ
ਖੁਰ ਏਦ੍ਹੇ ਦੀਆਂ ਝਾਲਾਂ,
ਧਮਕ ਪਏ ਜਿਸ ਰਣ ਵਿਚ ਏਦ੍ਹੀ
ਟੁੱਟਣ ਤੇਗ਼ਾਂ ਢਾਲਾਂ,

ਜਿੱਧਰ ਜਿੱਧਰ ਨੀਲੇ ਤੇਰੇ
ਅੱਖਾਂ ਜਾ ਚਮਕਾਈਆਂ,
ਆਟੇ ਵਾਲੀਆਂ ਗਊਆਂ ਬਣ ਬਣ
ਓਸੇ ਪਾਸਿਓਂ ਆਈਆਂ ।

ਵਾਹਵਾ ਤੇਰੇ ਤੀਰ ਪਿਆਰੇ
ਸਾਫ਼ ਨਿਸ਼ਾਨੇ ਲਾਵਨ,
ਵੇਖ ਉਡਾਰੀ ਤਾਰੀ ਪਿਆਰੀ
ਪਰੀਆਂ ਭੀ ਸ਼ਰਮਾਵਨ,
ਐਸੇ ਮਿੱਠੇ ਫਲ ਇਨ੍ਹਾਂ ਦੇ,
ਦੂਤੀ ਹਸ ਹਸ ਖਾਵਨ,
ਉੱਕਾ ਪੱਕਾ ਵਿੰਨ੍ਹ ਕਲੇਜਾ
ਏਹ ਭੀ ਭੁੱਖ ਮਿਟਾਵਨ,

ਵਾਂਗ ਕਬੂਤਰ ਚਿੱਠੀਆਂ ਖੜਕੇ
ਮਾਰਨ ਗੁੱਝੀਆਂ ਚੋਟਾਂ ।
ਚੌਸਰ ਖੇਡਣ ਵਾਲੇ ਚਾਤਰ,
ਭੁਲਣ ਚਾਲਾਂ ਗੋਟਾਂ ।

ਤੇਗ ਤੇਰੀ ਇਹ ਵਿਚ ਮਿਆਨੇ
ਸਾਹਿਬ ਕੌਰ ਸਦਾਵੇ,
ਰਣ ਵਿਚ ਆਵੇ ਚੈਂਚਲ ਬਣ ਕੇ
ਲਾਲਾਂ ਪਰੀ ਕਹਾਵੇ,
ਬਰਸੇ ਸਾਵਨ ਬਰਖਾ ਵਾਙੂੰ
ਬਿਜਲੀ ਪਈ ਚਮਕਾਵੇ,
ਖਿੱਦੋ ਵਾਙੂੰ ਸੀਸ ਸਰੀਰੋਂ
ਟੋਣੇ ਮਾਰ ਉਡਾਵੇ,

ਰੋਪੜ ਦੇ ਵਿਚ ਨਾਲ ਸਫਾਈਆਂ
ਕਰ ਗਈ ਐਸੀਆਂ ਕਾਟਾਂ,
ਸੂਰਜ ਬਣਕੇ ਜ਼ੱਰ੍ਰੇ ਏਦ੍ਹੇ
ਮਾਰਨ ਅਜ ਪਏ ਲਾਟਾਂ ।

ਚਿੱਟੇ ਚਿੱਟੇ ਬਾਜ ਤਿਰੇ ਵੀ
ਅਰਸ਼ਾਂ ਉੱਤੋਂ ਆਏ,
ਏਨ੍ਹਾਂ ਨੇ ਵੀ ਅੰਮ੍ਰਿਤ ਵਿੱਚੋਂ
ਬਲ ਸ਼ਕਤੀ ਸਨ ਪਾਏ,
ਖੁੱਲ੍ਹ ਗਈਆਂ ਜਿਸ ਵੇਲੇ ਡੋਰਾਂ
ਪੰਛੀ ਕੁੱਲ ਉਡਾਏ,
ਸ਼ੇਰਾਂ ਨੇਤਰ ਨੀਵੇਂ ਕੀਤੇ
ਬਿਰਹੀ ਮਾਰ ਮੁਕਾਏ,

ਜੇਕਰ ਲੱਭੇ ਖੰਭ ਹੁਮਾ ਦਾ,
ਓਦ੍ਹੀ ਕਲਮ ਸਜਾਵਾਂ,
ਸਿਫ਼ਤ ਇਨ੍ਹਾਂ ਦੀ ਲਿਖਣੇ ਖ਼ਾਤਰ
ਕਾਗ਼ਜ਼ ਚੰਦ ਬਣਾਵਾਂ।

ਵਾਹਵਾ ਸੁੰਦਰ ਕਲਗੀ ਤੇਰੀ
ਮਾਰ ਦਿੱਤੇ ਲਿਸ਼ਕਾਰੇ,
ਨੂਰੋ ਨੂਰ ਹੋਯਾ ਹਿੰਦ ਸਾਰਾ
ਛੁੱਟੇ ਨੂਰ----ਫੁਹਾਰੇ,
ਕਿਰ ਕਿਰ ਕਿਰਨਾਂ ਸੂਰਜ-ਮੁੱਖੋਂ
ਖਿੱਲਰ ਗਈਆਂ ਸਾਰੇ,
ਬੱਜਰ ਬਾਰ ਮਲੋਈਆਂ ਦੇ ਭੀ
ਖੋਲ੍ਹ ਦਿੱਤੇ ਤੂੰ ਬਾਰੇ,

ਅਵਤਾਰਾਂ ਦਾ ਰਾਜਾ ਆਇਓਂ
ਧਾਰ ਨੂਰਾਨੀ ਕਲਗੀ,
ਜਾਦੂਗਰ ਭੀ ਬੰਦੇ ਬਣ ਗਏ
ਵੇਖ ਨਿਸ਼ਾਨੀ ਕਲਗੀ ।

ਅੰਮ੍ਰਿਤ ਪ੍ਯਾਲੇ ਐਸੇ ਪਿਆਏ
ਸੰਗਤ ਨੂੰ ਤੂੰ ਸਾਈਆਂ ।
ਬੱਕਰੀਆਂ ਨੂੰ ਸ਼ੇਰ ਬਣਾਇਆ
ਚਿੜੀਆਂ ਬਾਜ ਬਣਾਈਆਂ,
ਇਕ ਘੁਟ ਬਦਲੇ ਸ਼ਾਹ ਸਿਕੰਦਰ
ਫਿਰਿਆ ਕੁਲ ਖੁਦਾਈਆਂ,
ਤੁਸਾਂ ਅਨੰਦਪੁਰ ਅੰਮ੍ਰਿਤ ਵਾਲੀਆਂ
ਨਦੀਆਂ ਕੱਢ ਵਗਾਈਆਂ,

ਏਕਤਾਈ ਦਾ ਨੂਰ ਡੁਲ੍ਹਾਇਆ
ਖੰਡੇ ਵਾਲੀਓਂ ਧਾਰੋਂ,
ਜਾਤਾਂ ਪਾਤਾਂ ਰੋੜ੍ਹ ਵਿਖਾਈਆਂ
ਸੰਗਤ ਦੇ ਵਿਚਘਾਰੋਂ ।

ਜਨਮ ਤਿਰੇ ਦੇ ਚਾਵਾਂ ਅੰਦਰ
ਚੜ੍ਹੀ ਸ੍ਵਰਗ ਨੂੰ ਲਾਲੀ,
ਇੰਦ੍ਰ ਪੁਰੀ ਗਈ ਚੜ੍ਹ ਅੰਬਰ ਤੇ
ਗਈ ਨਾ ਖੁਸ਼ੀ ਸੰਭਾਲੀ,
ਸਚ ਖੰਡ ਵਾਲੇ ਮਾਲੀ ਪੁਰਸੀ
ਚੰਦ ਸੂਰਜ ਦੀ ਥਾਲੀ,
ਇਸ ਜਗ ਤੇ ਭੀ ਤੇਰਿਆਂ ਸਿੱਖਾਂ
ਅੱਜ ਦਿਵਾਲੀ ਬਾਲੀ,

ਫੁੱਲ ਸ਼ਰਧਾ ਚੁਣ ਚੁਣ ਕੇ ਮੈਂ
ਸੇਹਰਾ 'ਸ਼ਰਫ' ਬਣਾਇਆ,
ਦਸਮ ਗੁਰੂ ਜੀ ! ਸੀਸ ਚੜ੍ਹਾਓ,
ਸ਼ਰਧਾ ਨਾਲ ਲਿਆਇਆ ।

(ਬਿਰਹੀ=ਓਹ ਜਾਨਵਰ, ਜੇਹੜਾ ਹਾਥੀ
ਨੂੰ ਪੰਜੇ ਵਿਚ ਚੁੱਕਕੇ ਲੈ ਜਾਂਦਾ ਹੈ)

38. ਅੰਮ੍ਰਿਤ

ਆਜਾ ਮੇਰੀ ਕਲਮ ਪਯਾਰੀ ਜਾਵਾਂ ਤੈਥੋਂ ਬਲਹਾਰੀ,
ਚੱਲ ਖਾਂ ਚਕੋਰ ਵਾਲੀ ਚਾਲ ਝੂਲ ਝਾਲ ਕੇ।
ਸੰਗਤ ਦੇ ਦਿਲਾਂ ਨੂੰ ਅਨੰਦ ਜ਼ਰਾ ਕਰ ਦੇਵੀਂ!
ਕਲਗ਼ੀਧਰ ਤੇਗ਼ ਦਾ ਨਜ਼ਾਰਾ ਭੀ ਵਿਖਾਲ ਕੇ।
ਸ਼ਾਹੀ ਫੌਜਾਂ ਬਿਕਰਮੀ ਸਤਾਰਾਂ ਸੌ ਤੇ ਸੱਠ ਵਿੱਚ,
ਬੈਠੀਆਂ ਅਨੰਦ ਪੁਰ ਉੱਤੇ ਘੇਰਾ ਡਾਲ ਕੇ।
ਲਹਿੰਦੇ ਵਲ ਜਾਓ ਬੱਚਾ ਹੜ੍ਹ ਵਾਂਗੂੰ ਚੜ੍ਹ ਆਓ,
ਘੱਲਿਆ 'ਅਜੀਤ' ਜੀ ਨੂੰ ਪਿਤਾ ਨੇ ਸਿਖਾਲ ਕੇ।
ਦੁਜੀ ਗੁੱਠੋਂ ਆਪ ਆਏ ਚੜ੍ਹ ਕੇ ਹਨੇਰੀ ਵਾਂਗੂੰ,
ਉੱਚ ਵਾਲੇ ਸਿੰਘ ਪੀਰ ਨਾਲ ਲੈ ਕੇ ਬਾਲ ਕੇ।
ਸ਼ਾਹੀ ਫੌਜਾਂ ਨਾਲ ਆ ਕੇ ਹੋਯਾ ਐਸਾ ਟਾਕਰਾ ਸੀ,
ਕਾਲ ਦਿਉਤਾ ਨੱਸ ਗਿਆ ਜਾਨ ਨੂੰ ਸੰਭਾਲ ਕੇ।
ਤੇਗ਼ ਵਾਲੀ ਖੂੰਡੀ ਐਸੀ ਵਾਹੀ ਸੀ 'ਅਜੀਤ' ਜੀ ਨੇ,
ਖਿੱਦੋ ਵਾਂਗ ਸੀਸ ਸੁੱਟੇ ਧੜਾਂ ਤੋਂ ਉਛਾਲ ਕੇ।
ਜੇੜ੍ਹਾ ਆਯਾ ਸਾਮ੍ਹਣੇ ਉਹ ਇੱਕ ਦਾ ਬਣਾਯਾ ਦੋ,
ਮਾਂ ਜਾਯਾ ਪੁੱਤ ਨ ਕੋਈ ਵਾਰ ਗਿਆ ਟਾਲ ਕੇ।
ਗੋਰਾ ਗੋਰਾ ਮੁਖ ਜਿਨੂੰ ਤੇਗ਼ ਦਾ ਵਿਖਾਲ ਦਿੱਤਾ,
ਓਸੇ ਦਾ ਕਲੇਜਾ ਆਂਦਾ ਨਾਲੇ ਹੀ ਉਧਾਲ ਕੇ।
ਦੂਜੇ ਪਾਸੋਂ ਚੱਟਦੀ ਸੀ ਤੇਗ਼ ਦਸਮੇਸ਼ ਜੀ ਦੀ,
ਵੈਰੀਆਂ ਦੇ ਕਾਲਜੇ ਦਾ ਖੂਨ ਭਾਲ ਭਾਲ ਕੇ।
ਇੱਕੋ ਪਰ ਵਾਲੀ ਪਰੀ ਜੁੱਧ ਵਿੱਚ ਉੱਡ ਉੱਡ,
ਰੱਤ ਵਾਲੇ ਸੁੱਟਦੀ ਸੀ ਲਾਲ ਪਈ ਉਗਾਲ ਕੇ।
ਜਿਹੜਾ ਰਤਾ ਤੱਤਾ ਹੋਇਆ ਤੱਤੇ ਤੱਤੇ ਤਾ ਉਹਨੂੰ,
ਧਾਰ ਨਾਲ ਠੰਢਾ ਕੀਤਾ ਉੱਥੇ ਹੀ ਨੁਹਾਲ ਕੇ।
ਚੱਕੀਆਂ ਦੇ ਪੁੜਾਂ ਵਾਂਗੂੰ ਦੋਹਾਂ ਤੇਗਾਂ ਫਿਰ ਫਿਰ,
ਦਾਣੇ ਵਾਂਗ ਰੱਖ ਦਿੱਤੇ ਦੱਲ ਸੀ ਹੁਦਾਲ ਕੇ।
ਵੇਖ ਵੇਖ ਸੂਰਿਆਂ ਨੂੰ ਸੂਬਾ ਸਰਹੰਦ ਵਾਲਾ,
ਪੁੱਛੇ ਅਜਮੇਰ ਚੰਦ ਰਾਜੇ ਨੂੰ ਬਹਾਲ ਕੇ।
ਸਿੱਖਾਂ ਦੇ ਸਰੀਰਾਂ ਨੂੰ ਹੈ ਮਿੱਟੀ ਕੇਹੜੀ ਲੱਗੀ ਹੋਈ,
ਕਿਹੜੇ ਸੱਚੇ ਵਿੱਚ ਇਹ ਬਣਾਏ ਹੋਇ ਨੇ ਢਾਲ ਕੇ?
ਪਿਛ੍ਹਾਂ ਭੀ ਇਹ ਹਟਦੇ ਨਹੀਂ ਉਂਞ ਭੀ ਇਹ ਘਟਦੇ ਨਹੀਂ,
ਅੱਕਦੇ ਨਹੀਂ ਥੱਕਦੇ ਨਹੀਂ ਖੂਹਣੀਆਂ ਭੀ ਗਾਲ ਕੇ।
ਅਜੇ ਤੀਕ ਮੱਤੇ ਹੋਏ ਅੱਖੀਆਂ ਉਘੇੜਦੇ ਨਹੀਂ,
ਸੁੱਸਰੀ ਦੇ ਵਾਂਗ ਸਾਡੇ ਦਿਲਾਂ ਨੂੰ ਸਵਾਲ ਕੇ।
ਪੈਰਾਂ ਤੋਂ ਪਿਆਦੇ ਭੀ ਇਹ ਜੁਧ ਵਿੱਚ ਹੰਬਦੇ ਨਹੀਂ,
ਮੁੱਕ ਗਏ ਖਜ਼ਾਨੇ ਸਾਡੇ ਕੋਤਲਾਂ ਨੂੰ ਪਾਲ ਕੇ।
ਮੁੱਠ ਮੁੱਠ ਛੋਲਿਆਂ ਤੇ ਜਾਨ ਪਏ ਵਾਰਦੇ ਨੇ,
ਵੇਖੋ ਅਸੀਂ ਉੱਜੜੇ ਹਾਂ ਬੱਕਰੇ ਖਵਾਲ ਕੇ।
ਅੱਗੋਂ ਇਹ ਜਵਾਬ ਦਿੱਤਾ ਰਾਜੇ ਅਜਮੇਰ ਚੰਦ,
ਲੰਮੇ ਸਾਰੇ ਹਾਉਕੇ ਲੈ ਤਨ ਮਨ ਜਾਲ ਕੇ।
'ਕੀ ਮੈਂ ਦੱਸਾਂ ਖਾਂ ਸਾਹਿਬ! ਇਹਨਾਂ ਨੂੰ ਕੀ ਕਰ ਦਿੱਤਾ,
ਪੰਜ ਪੰਜ ਘੁਟ ਪਾਣੀ ਗੁਰੂ ਨੇ ਪਿਆਲ ਕੇ?
'ਚਾੜ੍ਹ ਦਿੱਤੀ ਪਾਣ ਕੋਈ ਜੱਗ ਕੋਲੋਂ ਵੱਖਰੀ ਹੀ,
ਤਿੱਖਾ ਜਿਹਾ ਖੰਡਾ ਵਿੱਚ ਲੋਹੇ ਦਾ ਹੰਗਾਲ ਕੇ।'
'ਸ਼ਰਫ਼' ਅਜੇ ਵੇਖਿਆ ਕੀ ਜੋਸ਼ ਹੈ ਤੂੰ ਸੂਰਿਆਂ ਦਾ,
ਛੋਲਿਆਂ ਦੇ ਵਾਂਗ ਫੌਜਾਂ ਜਾਣਗੇ ਉਬਾਲ ਕੇ।

39. ਵਿਸਾਖੀ

ਕੁੱਖ ਮਾਤਾ ਗੁਜਰੀ ਦੀ ਹਰੀ ਭਰੀ ਕਰਨ ਵਾਲੇ,
ਹੱਮਾਂ ਜਦੋਂ ਭਰਨ ਲੱਗੇ ਮਾੜਿਆਂ ਦੀ ਰਾਖੀ ਦਾ।
ਖੰਡੇ ਵਾਲੇ ਕੰਡੇ ਵਿਚ ਸੰਗਤਾਂ ਦੇ ਹੌਸਲੇ ਨੂੰ,
ਤੋਲਿਆ ਦਸਮੇਸ਼ ਜੀ ਨੇ ਪਹਿਲੋਂ ਇੰਜ ਆਖੀ ਦਾ।
ਖਿੱਚਕੇ ਸਰੋਹੀ ਬੋਲੇ ਸੀਸ ਸਾਨੂੰ ਚਾਹੀਦਾ ਹੈ,
ਦੱਸੋ ਕੌਣ ਹੁਕਮ ਮੰਨੇ ਏਸ ਵੇਲੇ ਪਾਖੀ ਦਾ,
ਸੀਸ ਦਿਨ ਉੱਠਿਆ ਲਾਹੌਰ ਦਾ ਨਗੀਨਾ ਪਹਿਲੋਂ,
'ਦਯਾ ਸਿੰਘ' ਛੱਡ ਕੇ ਧਿਆਨ ਦੇਖਾ ਦਾਖੀ ਦਾ !
ਗੁੱਸੇ ਵਿਚ ਆਨ ਕੇ ਵਿਖਾਲ ਦਿੱਤਾ ਮੁੱਖ ਫਿਰ,
ਰੱਤ ਨਾਲ ਰੰਗੀ ਹੋਈ ਤੇਗ਼ ਲੋਹੇ ਲਾਖੀ ਦਾ ।
ਦੂਜਾ ਤੀਜਾ ਚੌਥਾ ਫੇਰ ਪੰਜਵਾਂ ਵੀ ਆਨ ਖਲਾ,
ਖੁੱਲ੍ਹ ਗਿਆ ਬੂਹਾ ਹੀ ਸ਼ਹੀਦੀਆਂ ਦੀ ਸਾਖੀ ਦਾ।
ਸਾਮ੍ਹਣੇ ਖਲਾਰ ਜ਼ਿੰਦਾ ਪੰਜ ਪਿਆਰੇ ਗੁਰੂ ਬੋਲੇ,
ਵੇਖ ਲੌ ਪਰੇਮੀਓਂ ! ਪਰੇਮ ਇੰਜ ਗਾਖੀ ਦਾ।
ਦੂਜੇ ਦਿਨ ਅੰਮ੍ਰਿਤ ਛਕਾ ਕੇ ਏਹਨਾਂ ਪਿਆਰਿਆਂ ਨੂੰ,
ਪੰਜਾਂ ਨੂੰ ਹੀ ਵਰ ਦਿੱਤਾ ਮੂੰਹੋਂ ਸਵਾ ਲਾਖੀ ਦਾ।
ਉਨ੍ਹਾਂ ਨੂੰ ਛਕਾਇਆ ਨਾਲੇ ਉਨ੍ਹਾਂ ਹੱਥੋਂ ਆਪ ਛਕਿਆ,
ਵਾਹ ਗੁਰੂ 'ਗੋਬਿੰਦ' ਕਿਤੇ, ਕਿਤੇ ਚੇਲਾ ਭਾਖੀ ਦਾ ।
ਇਕ ਬਰਨ ਇਕ ਜਾਤ ਵਾਲਾ ਸੂਰਜ ਚਾੜ੍ਹ ਦਿੱਤਾ,
ਦੀਵਾ ਗੁੱਲ ਕੀਤਾ ਊਚ ਨੀਚ ਦੀ ਦਵਾਖੀ ਦਾ ।
ਸਿੱਖਾਂ ਵਾਲੀ ਨੀਂਹ ਜਦੋਂ ਰੱਖੀ ਗਈ ਸੀ ਕੇਸ ਗੜ੍ਹ,
ਉਸੇ ਦਿਨੋਂ ਸ਼ੁਭ ਹੋਇਆ ਦਿਨ ਇਹ ਵਸਾਖੀ ਦਾ ।
'ਸ਼ਰਫ਼' ਹੱਛ ਪੱਛ ਕੇ ਗੁਲਾਬੀ ਫੁੱਲ ਟੁਟਦਾ ਏ,
ਸੀਸ ਦੇਕੇ ਪ੍ਰੀਤ ਦਾ ਸਵਾਦ ਵੇਖੀ ਚਾਖੀ ਦਾ ।

40. ਕਲਗ਼ੀ

ਕਲਗ਼ੀ ਵਾਲੜੇ ਮਾਹੀ ਸਪਾਹੀ ਅਰਸ਼ੀ,
ਰੱਖੀ ਸੀਸ ਤੇ ਸੋਹਣੀ ਸਰਦਾਰ ਕਲਗ਼ੀ ।
ਬੂਟੇ ਨੂਰ ਦੇ ਉੱਗਦੇ ਦਿਲਾਂ ਅੰਦਰ,
ਜਦੋਂ ਮਾਰਦੀ ਤੇਰੀ ਲਿਸ਼ਕਾਰ ਕਲਗ਼ੀ !
ਸੋਮੇਂ ਨੂਰ ਦੇ ਅਮ੍ਰਿਤੀ ਸਿਮ ਸਿਮ ਕੇ,
ਰੁੜ੍ਹਦੇ ਦੇਸ਼ ਨੂੰ ਗਈ ਏ ਤਾਰ ਕਲਗ਼ੀ ।
ਪੱਤ ਝੜ ਗਈ, ਕੂਮਲਾਂ ਫੁੱਟ ਪਈਆਂ,
ਬਨ ਕੇ ਜੱਗ ਵਿਚ ਆਈ ਬਹਾਰ ਕਲਗ਼ੀ ।
ਘੱਲੇ ਰੱਬ ਉਚੇਚ ਦਸਮੇਸ਼ ਜੀ ਨੂੰ,
ਅੰਮ੍ਰਿਤ ਬਾਨ ਕਮਾਨ ਤਲਵਾਰ ਕਲਗ਼ੀ ।
ਥਰ ਥਰ ਤਖਤ ਕੰਬੇ ਤਾਜ ਵਾਲਿਆਂ ਦੇ,
ਆਏ ਸੀਸ ਤੇ ਜਦੋਂ ਸਵਾਰ ਕਲਗ਼ੀ।
ਦਰਸ ਦੇਸ਼ ਦਾ ਸਿੱਟਾ ਕੁਰਬਾਨੀਆਂ ਦਾ,
ਦੱਸੇ ਖੋਲ੍ਹ ਕੇ ਸਾਫ਼ ਇਸਰਾਰ ਕਲਗ਼ੀ ।
ਸਤਿ ਸ੍ਰੀ ਅਕਾਲ ਦਾ ਬਨੀ ਐੜਾ,
ਏਕਾ ਬਨੀ ਏ ਇਕ ਓਅੰਕਾਰ ਕਲਗ਼ੀ ।
ਸੂਰਜ ਮੁਖੜੇ ਦੇਸ਼ 'ਚ ਲੋ ਕੀਤੀ,
ਕਿਰਨਾਂ ਸੁੱਟੀਆਂ ਅਰਸ਼ ਵਿਚਕਾਰ ਕਲਗ਼ੀ ।
ਜਿਹਨੇ ਜ਼ਰਾ ਭੀ ਯੌਨ ਉਤ੍ਹਾਂ ਕੀਤੀ,
ਦਿੱਤਾ ਓਸ ਦਾ ਤੋੜ ਹੰਕਾਰ ਕਲਗ਼ੀ ।
ਤੇਰੀ ਕਲਗੀ ਤੋਂ ਸ਼ਾਹਾਂ ਦੇ ਤਾਜ ਸਦਕੇ,
ਤੇਰੇ ਤੁਰੇ ਤੋਂ ਵਾਰੀ ਹਜ਼ਾਰ ਕਲਗ਼ੀ ।
ਸੜੇ ਔੜ ਅਗਿਆਨ ਦੇ ਹਿਰਦਿਆਂ ਨੂੰ,
ਛੱਟੇ ਅੰਮ੍ਰਿਤ ਦੇ ਗਈ ਏ ਮਾਰ ਕਲਗ਼ੀ ।
ਚੰਦ ਦੂਜ ਦਾ 'ਸ਼ਰਫ਼' ਨਹੀਂ ਲੋਕ ਵੇਂਹਦੇ,
ਦਸਮ ਗਰੂ ਦੀ ਵੇਖੇ ਸੰਸਾਰ ਕਲਗ਼ੀ ।

41. ਤੀਰ

ਨੀਲੇ ਘੋੜੇ ਵਾਲਿਆ ਅਨੰਦਪੁਰ ਦੇ ਪਾਂਧੀਆ ਵੇ,
ਕੋਠੇ ਤੇ ਖਲੋਤੜੀ ਨੂੰ ਮਾਰ ਗਿਓਂ ਹਾਏ ਤੀਰ ।
ਚੈਨ ਕਦੀ ਆਂਵਦਾ ਨਹੀਂ ਭਾਂਵਦਾ ਨਹੀਂ ਕੁਝ ਮੈਨੂੰ,
ਬਾਂਕੇ ਨੈਣਾਂ ਵਾਲਿਆ ਤੂੰ ਕੇਹੋ ਜਹੇ ਚਲਾਏ ਤੀਰ ।
ਕੇਹੜੀ ਗੁਫਾ ਵਿੱਚੋਂ ਲੈ ਕੇ ਆਯੋਂ ਮੇਰੇ ਮਾਰਨੇ ਨੂੰ,
ਬਿਰਹੋਂ ਦੀ ਪੁੱਠ ਵਿਚ ਪਿਆਰ ਦੇ ਬੁਝਾਏ ਤੀਰ ।
ਕਾਹਨੂੰ ਅੱਖਾਂ ਫੇਰਨਾਂ ਏਂ ਹੁਣ ਸ਼ਰਮਾਕਲਾ ਵੇ,
ਵਿੰਨ੍ਹ ਕੇ ਕਲੇਜਾ ਮੇਰਾ ਕਿਉਂ ਸ਼ਰਮਾਏ ਤੀਰ ?
ਤੇਗ਼ ਤੇਰੀ ਟੰਗਣੇ ਨੂੰ ਬਾਂਕਿਆ ਸਿਪਾਹੀਆ ਵੇ,
ਸੀਨੇ ਵਿੱਚ ਕਿੱਲੀਆਂ ਦੀ ਜਗਾ ਮੈਂ ਸਜਾਏ ਤੀਰ ।
ਮੈਨੂੰ ਪਲਕਾਂ ਤੇਰੀਆਂ ਦਾ ਬੱਝਾ ਏ ਖ਼ਿਆਲ ਐਡਾ,
ਸੌਣ ਲੱਗੀ ਸੇਜ ਤੇ ਮੈਂ ਵੱਟਾਂ ਦੇ ਵਛਾਏ ਤੀਰ ।
ਸੱਸ ਕੋਲੋਂ ਕੰਬਦੀ ਨਨਾਣ ਕੋਲੋਂ ਸਹਿਮਦੀ ਹਾਂ,
ਨਿੱਤ ਤੇਰੇ ਤਾਨ੍ਹਿਆਂ ਦੇ ਲੌਂਦੀਆਂ ਸਵਾਏ ਤੀਰ ।
ਓਧਰ ਮੈਨੂੰ ਜਾਪਦੀ ਏ ਸੂਲੀ ਮਨਸੂਰ ਵਾਲੀ,
ਏਧਰ ਮੈਥੋਂ ਰਹਿਣ ਨ ਪਰੇਮ ਦੇ ਛਪਾਏ ਤੀਰ ।
ਸਾਂਭ ਸਾਂਭ ਰੱਖੀਆਂ ਨਿਸ਼ਾਨੀਆਂ ਮੈਂ ਤੇਰੀਆਂ ਏਹ,
ਜਿੱਥੇ ਜਿੱਥੇ ਵੱਜੇ ਉੱਥੋਂ ਨਾ ਹਿਲਾਏ ਤੀਰ ।
ਮਾਹੀ ਤੇਰੇ ਘੱਲਿਆਂ ਦੀ ਕਰਾਂ ਕਿਉਂ ਨਿਆਦਰੀ ਮੈਂ,
ਡਿੱਗੇ ਫੱਟਾਂ ਵਿੱਚੋਂ ਫੇਰ ਏਹ ਖੁਭਾਏ ਤੀਰ ।
ਸਾਕ ਰੱਤੋਂ ਲੱਗਦੇ ਨੇ ਐਡੇ ਮੇਰੇ ਨੇੜੇ ਦੇ ਏਹ,
ਨਾੜਾਂ ਦੀ ਥਾਂ ਦੇਹੀ ਵਿਚ ਚੁਗ ਕੇ ਖਪਾਏ ਤੀਰ ।
ਹੁੰਦੜਹੇਲ ਮਾਹੀ, ਮੈਨੂੰ ਉਦੋਂ ਦਾ ਤੂੰ ਫੱਟਿਆ ਏ,
ਬਾਂਸ ਦੀ ਕਮਾਨ ਜਦੋਂ ਕਾਨੇ ਦੇ ਚਲਾਏ ਤੀਰ ।
ਸੁੰਦਰ ਕਲਗ਼ੀ ਵਾਲਿਆ ਅਨੋਖਿਆ ਸ਼ਿਕਾਰੀਆ ਵੇ,
ਤੇਰੇ ਲਈ ਅਨੋਖੜੇ ਹੀ ਅਰਸ਼ਾਂ ਤੋਂ ਆਏ ਤੀਰ ।
ਉੱਕੇ ਨਾ ਨਿਸ਼ਾਨਿਆਂ ਤੋਂ ਸਿੱਧੇ ਤੁੱਕ ਜਾ ਵੱਜੇ,
ਕਰਮਾਂ ਦੀ ਕਾਨੀ ਵਾਂਗੂੰ ਐਸੇ ਤੂੰ ਚਲਾਏ ਤੀਰ ।
ਰੱਤੇ ਰੱਤੇ ਛੁੱਟ ਪਏ ਫੁਹਾਰੇ ਸਾਰੇ ਰਣ ਵਿੱਚ,
ਜੇਹੜੇ ਪਾਸੇ ਪਹੁੰਚ ਗਏ ਇਹ ਲਹੂ ਦੇ ਤਿਹਾਏ ਤੀਰ ।
ਕਾਲੇ ਕਾਲੇ ਘਟਾਂ ਜਹੇ ਵੈਰੀਆਂ ਦੇ ਦਲਾਂ ਉੱਤੇ,
ਚਿੱਟੇ ਚਿੱਟੇ ਮੂੰਹਾਂ ਵਾਲੇ ਏਦਾਂ ਤੂੰ ਚੜ੍ਹਾਏ ਤੀਰ ।
ਤੇਗ਼ ਵਾਲੀ ਬਿਜਲੀ ਲਿਸ਼ਕਾ ਕੇ ਮਿਆਨ ਵਿੱਚੋਂ,
ਗੜੇ ਵਾਂਗੂੰ ਕੱਢ ਕੇ ਕਮਾਨ ਚੋਂ ਵਸਾਏ ਤੀਰ ।
ਵਿੱਝ ਵਿੱਝ ਵੈਰੀਆਂ ਦੇ ਗੁੱਛੇ ਹੀ ਪਰੋਤੇ ਗਏ,
ਐਸੇ ਸਤ ਨਾਲ ਆਰ ਪਾਰ ਤੂੰ ਲੰਘਾਏ ਤੀਰ ।
ਮਰ ਕੇ ਵੀ ਓਸਨੂੰ ਸਵਾਦ ਕਦੀ ਭੁੱਲਣਾ ਨਹੀਂ,
ਮਿੱਠੇ ਮਿੱਠੇ ਫਲਾਂ ਵਾਲੇ ਜਿਹਨੂੰ ਤੂੰ ਖਵਾਏ ਤੀਰ ।
ਵੱਡੇ ਵੱਡੇ ਅੱਥਰੇ ਕਮਾਨ ਵਾਂਗੂੰ ਹੋਏ ਦੂਹਰੇ,
ਬਿਦ ਕੇ ਚਲਾਉਣੇ ਤੂੰਹੇਂ ਓਹਨਾਂ ਨੂੰ ਭੁਲਾਏ ਤੀਰ ।
ਚੰਦ ਜੇਹੀ ਕਮਾਨ ਤੇਰੀ ਵੈਰੀਆਂ ਦੇ ਸਿਰਾਂ ਉੱਤੇ,
ਬੋਦੀ ਵਾਲੇ ਤਾਰੇ ਫੜ ਫੜ ਕੇ ਚੜ੍ਹਾਏ ਤੀਰ ।
'ਹਰੀ ਹਰੀ' ਬੋਲਿਆ ਬੇਵਸਾ ਹੋਕੇ ਉਹ ਭੀ ਮੂੰਹੋਂ,
ਹਰੀ ਚੰਦ ਰਾਜੇ ਨੂੰ ਜਾਂ ਛੱਡ ਕੇ ਵਿਖਾਏ ਤੀਰ ।
ਜਿੱਥੇ ਕੋਈ ਜਨੌਰ ਜਾਕੇ ਪਰਾਂ ਨੂੰ ਨਾ ਛੰਡ ਸਕੇ,
ਲਾ ਲਾ ਖੰਭ ਚਿੱਠੀਆਂ ਦੇ ਓਥੇ ਤੂੰ ਪੁਚਾਏ ਤੀਰ ।
ਖਾ ਖਾ ਡੰਗ ਜ਼ਹਿਰੀ ਪਾਣੀ ਮੰਗਿਆ ਨਾ ਵੈਰੀਆਂ ਨੇ,
ਉੱਡਣੇ ਸਪੋਲੀਏ ਉਹ ਕਾਨੀ ਦੇ ਉਡਾਏ ਤੀਰ ।
ਜਿਨ੍ਹਾਂ ਵਿੰਗੇ ਟੇਢਿਆਂ ਨੂੰ ਵੰਝਲੀ ਨਾ ਸੋਧ ਸਕੀ,
ਪਲਾਂ ਵਿੱਚ ਸਿੱਧੇ ਤੁੱਕ ਕਰ ਤੂੰ ਬਣਾਏ ਤੀਰ ।
ਮੇਰੇ ਤੋਂ ਨਹੀਂ ਗਿਣੇ ਜਾਂਦੇ ਕੀਕੂੰ ਦੱਸਾਂ ਗਿਣਕੇ ਮੈਂ,
ਕਿਹੋ ਕਿਹੋ ਜਹੇ ਤੇਰੇ ਦੁਨੀਆਂ ਨੂੰ ਭਾਏ ਤੀਰ ।
ਸੈਦ ਖ਼ਾਨ ਜਿਹਾ ਆ ਕੇ ਹੋ ਗਿਆ ਸ਼ਿਕਾਰ ਆਪੇ,
ਐਸੇ ਨੂਰੀ ਨੈਣਾਂ ਵਿਚੋਂ ਹੱਸਕੇ ਚਲਾਏ ਤੀਰ ।
ਡਿੱਗਾ ਜਦੋਂ ਪੈਰਾਂ ਵਿੱਚ ਬੋਲਿਆ ਬੇਵੱਸ ਹੋਕੇ,
ਕੱਢਣਾ ਪਰੇਮ ਦੇ ਕਲੇਜਿਓਂ ਨਾ ਹਾਏ ਤੀਰ ।
ਗੁੰਮੀ ਹੋਈ ਸੂਈ ਜਿੰਨਾਂ ਪੁੱਤਾਂ ਦਾ ਨਾ ਗ਼ਮ ਕੀਤਾ,
ਬੁੱਧੂਸ਼ਾਹ ਦੇ ਦਿਲ ਵਿਚ ਏਹੋ ਜਹੇ ਧਸਾਏ ਤੀਰ ।
ਜਦੋਂ ਸਾਹਿਬਜ਼ਾਦਿਆਂ ਨੇ ਭਰੇ ਦਰਬਾਰ ਵਿੱਚ,
ਪਾਪੀਆਂ ਦੇ ਦਿਲਾਂ ਉੱਤੇ ਸੱਚ ਦੇ ਵਸਾਏ ਤੀਰ ।
ਬੋਲਿਆ ਦੀਵਾਨ-ਜੇਹੜੇ ਗੱਲਾਂ ਹੁਣੇ ਚੋਭਦੇ ਨੇ,
ਜਾਣ ਲਵੋ ਕੱਲ ਸਾਨੂੰ ਏਹਨਾਂ ਨੇ ਚੁਭਾਏ ਤੀਰ ।
ਚੰਦ ਦੋਵੇਂ ਕੰਧ ਵਿੱਚ ਚਿਣ ਕੇ ਉਹ ਜ਼ਾਲਮਾਂ ਨੇ,
ਕਹਿਰ ਦੇ ਕਲੇਜੇ ਵਿੱਚ ਜੋਸ਼ ਦੇ ਖੁਭਾਏ ਤੀਰ ।
ਲੋਕਾਂ ਲਈ ਵਾਰ ਦਿੱਤਾ ਪੁੱਤਾਂ ਅਤੇ ਮਾਪਿਆਂ ਨੂੰ,
ਖਾਧੇ ਜਾਨ ਆਪਣੀ ਤੇ ਦੁੱਖਾਂ ਦੇ ਪਰਾਏ ਤੀਰ ।
ਸ਼ੀਸ਼ੇ ਵਾਂਗੂੰ ਮੱਥੇ ਉੱਤੇ ਇਕ ਭੀ ਨਾ ਵੱਟ ਪਾਇਆ,
ਕੇਡੇ ਕੇਡੇ ਜ਼ਾਲਮਾਂ ਨੇ ਭਾਵੇਂ ਅਜ਼ਮਾਏ ਤੀਰ ।
ਮਾਛੀਵਾੜੇ ਵਿੱਚ ਤੇਰਾ ਚੱਲਣਾ ਉਹ ਕੰਡਿਆਂ ਤੇ,
ਪੱਥਰ ਚਿੱਤ ਬੰਦਿਆਂ ਦੇ ਦਿਲਾਂ ਨੂੰ ਚੁਭਾਏ ਤੀਰ ।
ਚਿੱਲਿਆਂ ਦੇ ਵਿੱਚ ਬੈਹਕੇ ਉਮਰ ਹੀ ਲੰਘਾਈ ਜਿਨ੍ਹਾਂ,
ਉਨ੍ਹਾਂ ਨੂੰ ਭੀ ਆਣਕੇ ਤੂੰ ਮਾਰਨੇ ਸਿਖਾਏ ਤੀਰ ।
ਪੱਤੇ ਨੂੰ ਭੀ ਤੋੜਨਾ ਜੋ ਹੱਤਿਆ ਪਛਾਣਦੇ ਸੀ,
ਓਨ੍ਹੀਂ ਹੱਥੀਂ ਸ਼ੇਰਾਂ ਉੱਤੇ ਤੂੰਹੇਂ ਮਰਵਾਏ ਤੀਰ ।
ਹੱਸ ਹੱਸ ਫੁੱਲ ਬਰਸਾਏ ਦੇਵੀ ਦਿਓਤਿਆਂ ਨੇ,
ਬੰਦੇ ਜਹੇ ਬੈਰਾਗੀ ਹੱਥ ਜਦੋਂ ਤੂੰ ਫੜਾਏ ਤੀਰ ।
ਤਖ਼ਤ-ਤਖ਼ਤਾ ਹੈਨ ਦੋਵੇਂ ਤੇਰੇ ਇੱਕੋ ਤੀਰ ਵਿੱਚ,
ਤੇਰੇ ਤੀਰ ਨਾਲ ਕੇੜ੍ਹਾ ਪਯਾਰਿਆ ਰਲਾਏ ਤੀਰ ।
ਆਜ਼ਮਸ਼ਾਹ ਦੇ ਕਾਲਜੇ ਨੂੰ ਵਿੰਨ੍ਹਦਾ ਏ ਜੇੜ੍ਹਾ ਜਾਕੇ,
ਤਖ਼ਤ ਤੇ ਬਹਾਦਰ ਸ਼ਾਹ ਨੂੰ ਓਹੋ ਹੀ ਬਹਾਏ ਤੀਰ ।
ਸੋਹਲ ਦਿਲਾਂ ਵਿੱਚ ਜੇਹੜੇ ਘਿਰਣਾਂ ਦੇ ਫੱਟ ਲਾਉਣ,
ਜਾਤਾਂ ਪਾਤਾਂ ਵਾਲੇ ਭੰਨ ਤੋੜ ਉਹ ਗਵਾਏ ਤੀਰ ।
ਅੰਮ੍ਰਿਤਾਂ ਦੇ ਛੱਟੇ ਮਾਰ ਚਾੜ੍ਹ ਦਿੱਤੀ ਪਾਣ ਐਸੀ,
ਕੱਚੇ ਤੰਦ ਧਾਗਿਆਂ ਦੇ ਫੜ ਕੇ ਬਣਾਏ ਤੀਰ ।
ਹਰ ਰੰਗ ਵਿੱਚ ਰਹਿਣ ਵਾਲਿਆ ਰੰਗੀਲਿਆ ਵੇ,
ਹਰ ਹਰ ਰੰਗ ਵਿੱਚ ਤੇਰੇ ਏਹ ਸੁਹਾਏ ਤੀਰ ।
'ਸ਼ਰਫ਼' ਤੇਰੇ ਵਾਰੀ ਤੂੰ ਮਜਾਜ਼ੀ ਦੀ ਕਮਾਨ ਵਿੱਚੋਂ,
ਦੁਨੀਆਂ ਦੇ ਸੀਨੇ ਤੇ ਹਕੀਕੀ ਦੇ ਚਲਾਏ ਤੀਰ ।

42. ਤਲਵਾਰ

ਬਸਤੇ ਵਾਲੇ ਨਿਕਲ ਮਿਆਨੋਂ
ਮੇਰੀ ਕਲਮ ਪਿਆਰੀ ।
ਕਰੀਂ ਮੁਹਿੰਮ ਮਿਰੀ ਸਰਸਾਰੀ
ਬਣ ਗਈ ਸਿਰ ਤੇ ਭਾਰੀ,
ਦਲ ਅਖਰਾਂ ਦੇ ਚੜ੍ਹ ਚੜ੍ਹ ਆਏ
ਤੂੰ ਹੈਂ ਇਕ ਵਿਚਾਰੀ,
ਕਲਗੀਧਰ ਦੀ ਤੇਗ਼ੋਂ ਲੈ ਗੁਣ,
ਬਣ ਜਾ ਤੇਗ਼-ਦੁਧਾਰੀ
ਨਿਕੇ ਨਿਕੇ ਹੱਥ ਅਜੇਹੇ
ਵਾਂਗ ਜੁਝਾਰ ਦਿਖਾਵੀਂ ।
ਕਾਗਜ਼ ਉੱਤੇ ਸ਼ੇਅਰਾਂ ਵਾਲੇ,
ਸੱਥਰ ਚਾ ਵਿਛਾਵੀਂ ।

ਦਸਮ ਗੁਰੂ ਜੀ ! ਤੇਗ਼ ਤੇਰੀ ਦੀ
ਕੀਕਰ ਸਿਫਤ ਸੁਣਾਵਾਂ ?
ਦੀਪ ਕੌਰ ਇਹ ਜਿਧਰ ਪਹੁੰਚੀ
ਸਾਂਭੇ ਪੁੱਤ ਨਾ ਮਾਵਾਂ,
ਸ਼ਹਿਨਸ਼ਾਹਾਂ ਦੇ ਹਿਰਦੇ ਡੋਲੇ
ਏਹਦੀਆਂ ਵੇਖ ਅਦਾਵਾਂ,
ਜ਼ੁਹਲ ਮਰੀਖ਼ ਅਕਾਸ਼ੀ ਕੰਬੇ
ਵੇਖ ਇਹਦਾ ਪਰਛਾਵਾਂ ।
ਏਹ ਪਦਮਣੀ ਸ਼ੀਸ਼ੇ ਅੰਦਰ
ਜੇਕਰ ਮੂੰਹ ਵਿਖਾਵੇ,
ਦਿਲ ਵੈਰੀ ਦੇ ਵਾਂਗਰ ਕਚ ਦੇ
ਟੋਟੇ ਹੋ ਹੋ ਜਾਵੇ ।

ਬਿਜਲੀ ਬਣ ਕੇ ਰਣ ਵਿਚ ਲਿਸ਼ਕੀ
ਬੱਦਲ ਬਣ ਕੇ ਕੜਕੀ,
ਮੱਛੀ ਵਾਂਗੂੰ ਤੜਫੀ ਜਾ ਜਾ
ਏਹ ਲੜਾਕੀ ਲੜਕੀ,
ਰੜਕੀ ਅੱਖੀ ਵੈਰੀ ਦੀ ਖੱਬੀ
ਨਾਲੇ ਛਾਤੀ ਧੜਕੀ,
ਤਿਖੀ ਧਾਰੋਂ ਆਬ ਪਿਲਾ ਕੇ
ਮੱਠੀ ਕੀਤੀ ਭੜਕੀ ।
ਵਾਲ ਜਿੰਨੀ ਨਾ ਰੜਕੀ ਕਿਧਰੇ
ਸਾਫ ਸਰੀਰੋਂ ਨਿਕਲੀ,
ਵਿਚੇ ਵਿਚ ਹੀ ਲਾ ਗਈ ਡੀਕਾਂ
ਰੱਤ ਨਾ ਚੀਰੋਂ ਨਿਕਲੀ ।

ਝਬਣੀਆਂ ਦੇ ਵਾਂਗੂੰ ਟੇਢੀ
ਬਾਂਕੇ ਵਾਰ ਚਲਾਏ
ਸਿਰ ਫੌਜਾਂ ਦੇ ਝੰਬੇ ਐਸੀ
ਫੁਟੀਆਂ ਵਾਂਗ ਉਡਾਵੇ,
ਚੱਲੇ ਕਲਮ ਰਬਾਣੀ ਬਣ ਕੇ
ਕਿਸ ਤੋਂ ਮੋੜੀ ਜਾਵੇ,
ਤਿੱਕੇ ਬੋਟੀ ਕਰ ਕਰ ਦੂਤੀ
ਅੱਖਰ ਵਾਂਗ ਮਿਟਾਵੇ,
ਨਿੱਤਰ ਨਿੱਤਰ ਕਰੇ ਨਿਤਾਰੇ
ਦੋਧਿਆਂ ਦੰਦਾਂ ਵਾਲੀ,
ਅਸ਼ਟ ਭੁਜੀ ਨੇ ਕਰ ਦਿਖਲਾਈਆਂ
ਚਾਰੇ ਗੁੱਠਾਂ ਖਾਲੀ ।

ਦਾਤਰੀਆਂ ਦੇ ਵਾਂਗੂੰ ਮੁੜ ਮੁੜ
ਐਸੇ ਦੰਦ ਦਿਖਾਏ,
ਆਹੂ ਸੱਥਰ ਲਾਹ ਫੌਜਾਂ
ਸੁਸਰੀ ਵਾਂਗ ਸਵਾਏ,
ਖੂੰਡੀ ਵਾਂਗੂੰ ਦੁਹਰੀ ਹੋ ਹੋ
ਐਸੇ ਟੋਣੇ ਲਾਏ,
ਖਿੱਦੋ ਵਾਂਗੂੰ ਸੀਸ ਧੜਾਂ ਦੇ
ਦਾਈਆਂ ਕੋਲ ਪੁਚਾਏ,
ਵਾਂਗ ਚੰਦਰਮਾਂ ਉੱਚੀ ਹੋ ਹੋ,
ਜੇਹੀਆਂ ਚੋਭਾਂ ਲਾਈਆਂ,
ਰੁਸਤਮ ਵਰਗੇ ਕਬਰਾਂ ਵਿਚੋਂ
ਲੱਗੇ ਪਾਣ ਦੁਹਾਈਆਂ ।

ਅਮਰ-ਕੋਟ ਵਿਚ ਕੂੰਜਾਂ ਵਾਂਗੂੰ ।
ਜਾ ਜਾ ਕੇ ਖੰਭ ਝਾੜੇ,
ਡੇਹਰਾ ਦੂਨ ਨਦੌਨ ਅੰਦਰ ਜਾ
ਪਾਪੀ ਵੈਰੀ ਤਾੜੇ,
ਨਿਰਮੋਹ ਗੜ੍ਹ ਕਲਮੋਟਾ ਸਾੜੇ
ਜੀਭੋਂ ਕਢ ਚੰਘਿਆੜੇ,
ਹਸ ਹਸ ਕੇ ਇਹ ਆਖਣ ਲੱਗੇ
ਕਾਇਰ ਲਿੱਸੇ ਮਾੜੇ:
'ਗੁਰੂ ਗੋਬਿੰਦ ਸਿੰਘ ਖ਼ੂਬ ਬਣਾਯਾ
ਏਕਤਾਈ ਦਾ ਅੰਦਰ,
ਤੇਗ਼ਾਂ-ਦੇਵੀ ਪਰਗਟ ਕੀਤੀ
ਵਾਹ ਅਨੰਦਪੁਰ ਮੰਦਰ ।'

ਚਮਕੀ ਵਿਚ ਚਮਕੌਰ ਅਜੇਹੀ
ਲਾਲਾਂ ਪਰੀ ਸਵਾਣੀ,
ਉੱਛਲ ਉੱਛਲ ਕਰਦੀ ਗੱਲਾਂ
ਗਿਰੀ ਨਦੀ ਦਾ ਪਾਣੀ ।
ਲਾ ਰੱਤਾਂ ਦੇ ਝੱਟੇ ਕੀਤੀ ।
ਰੋਪੜ ਤੀਕਣ ਪਾਣੀ,
ਇਕ ਇਕ ਜ਼ਰਾ ਖੁਦਰਾਣੇ ਦਾ
ਪਾਵੇ ਪਿਆ ਕਹਾਣੀ,
ਅੰਤਰਿਆਂ ਦੀ ਦੇਵੀ ਬਣ ਕੇ
ਕੀਤੇ ਕਿਤੇ ਉਤਾਰੇ,
ਕੇਸ ਗੜ੍ਹੀ ਵਿੱਚ ਪਰਗਟ ਕੀਤੇ
ਸੁੰਦਰ ਪੰਜ ਪਿਆਰੇ ।

ਮਾੜੇ ਦੀ ਇਹ ਦਰਦਣ ਬਣਕੇ
ਦੁੱਖ ਵੰਡਾਵਣ ਆਈ,
ਚੋਭਾਂ ਲਾ ਲਾ ਸੁੱਤੇ ਹੋਏ
ਸ਼ੇਰ ਜਗਾਵਣ ਆਈ,
ਪਾਪ ਜ਼ੁਲਮ ਨੂੰ ਸਾਹਵੀ ਹੋ ਹੋ
ਹੱਥ ਵਿਖਾਵਣ ਆਈ,
ਤੋੜ ਤਿੜ੍ਹਾਂ ਨੂੰ ਨਾਲ ਨਵ੍ਹਾਂ ਦੇ
ਜ਼ੁਲਮ ਗਵਾਵਣ ਆਈ,
ਤੇਗ਼ ਤੇਰੀ ਨੇ ਕਲਗ਼ੀਧਰ ਜੀ,
ਅਰਸੀਂ ਧੁੰਮਾਂ ਪਾਈਆਂ,
ਜਦ ਇਹ ਲਿਖਿਆ 'ਸ਼ਰਫ਼' ਕਸੀਦਾ
ਹੂਰਾਂ ਵੇਖਣ ਆਈਆਂ ।

43. ਰੁਮਾਲ

ਬੈਠਾ ਹੋਇਆ ਸਾਂ ਨਹਿਰ ਦੇ ਕੰਢੜੇ,
ਡੁੱਬਾ ਹੋਇਆ ਮੈਂ ਏਸ ਧਿਆਨ ਅੰਦਰ ।
ਪਰਦਾ ਦੂਈ ਦਾ ਚੁੱਕ ਕੇ ਸਿਖ ਗੁਰ ਦੇ,
ਲੀਨ ਹੁੰਦੇ ਨੇ ਕਿਵੇਂ ਭਗਵਾਨ ਅੰਦਰ ।
ਅੱਚਨਚੇਤ ਇਕ ਬਲਿਬਲਾ ਵੇਖਿਆ ਮੈਂ,
ਤਿੜ ਦੇ ਆਸਰੇ ਖੜਾ ਗੁਮਾਨ ਅੰਦਰ ।
ਮੇਰੇ ਵਾਸਤੇ ਮੂਧਾ ਪਿਆਲੜਾ ਉਹ,
ਬਣਿਆਂ 'ਜਮ ਦਾ ਜਾਮ' ਜਹਾਨ ਅੰਦਰ ।
ਉਹਨੂੰ ਵੇਂਹਦਿਆਂ ਵੇਂਹਦਿਆਂ ਜਾ ਪਹੁੰਚਾ,
ਮੈਂ ਅਨੰਦਪੁਰ ਦੇ ਬੀਆਬਾਨ ਅੰਦਰ ।
ਡਿੱਠਾ ਕੀ ? ਇਕ ਤਲੀ ਜਹੀ ਰੌੜ ਉੱਤੇ,
ਲੱਗਾ ਹੋਇਆ ਏ ਜੁੱਧ ਘਸਮਾਨ ਅੰਦਰ ।
ਗੋਰੇ ਮੁੱਖ ਇਉਂ ਲੋਥਾਂ ਦੇ ਜਾਪਦੇ ਸਨ,
ਮੋਤੀ ਹੋਣ ਜਿਉਂ ਲਾਲ ਹਲਵਾਨ ਅੰਦਰ ।
ਕਿਤੇ ਮੱਛੀਆਂ ਵਾਂਗ ਪਏ ਲੁੱਛਦੇ ਸਨ,
ਫੱਟੇ ਹੋਏ ਕਈ ਓਸ ਮੈਦਾਨ ਅੰਦਰ ।
ਲਹਿਰ ਵਾਂਗ ਇਕ ਖਾਲਸਾ ਗੁਰੂ ਜੀ ਦਾ,
ਪਿਆ ਫਿਰਦਾ ਸੀ ਓਸ ਤੂਫਾਨ ਅੰਦਰ ।
ਗਿਰਦੇ ਚੰਨ ਦੇ ਲੀਕ ਸੀ ਗਾਤਰੇ ਦੀ,
ਐਡਾ ਤੇਜ ਸੀ ਤੇਜ਼ ਕ੍ਰਿਪਾਨ ਅੰਦਰ ।
ਡਲ੍ਹਕਾਂ ਨਿਕਲ ਕੇ ਧਾਰ ਦੀ ਗੱਦ ਵਿਚੋਂ,
ਜਾ ਜਾ ਵੜਦੀਆਂ ਸਨ ਤਿੱਖੜ ਭਾਨ ਅੰਦਰ ।
ਹੈ ਸੀ ਪਾਣੀ ਪਿਔਂਦਾ, ਉਹ ਫੱਟੜਾਂ ਨੂੰ,
ਗੁੱਝਾ ਰੁੱਝਾ ਪਰ ਕਿਸੇ ਗਿਆਨ ਅੰਦਰ ।
ਨਹੀਂ ਸੀ ਰੱਖਦਾ ਵਿਤਕਰਾ ਵਾਲ ਜਿੰਨਾ
ਨਾ ਕਿਸੇ ਸਿੱਖ ਹਿੰਦੂ ਮੁਸਲਮਾਨ ਅੰਦਰ ।
ਕੀਤੀ ਸਿੰਘਾਂ ਸ਼ਿਕਾਇਤ ਜਾ ਗੁਰਾਂ ਅੱਗੇ,
ਆਇਆ ਖਿੱਚਿਆ ਤੁਰਤ ਫੁਰਮਾਨ ਅੰਦਰ ।
ਬੋਲੇ ਗੁਰੂ ਜੀ 'ਭਾਈ ਘਨੱਈਆ ਜੀਉ !
'ਕੀ ਏਹ ਕਹਿੰਦੇ ਨੇ ਸਿੰਘ ਦੀਵਾਨ ਅੰਦਰ ?
'ਜੇਹੜਾ ਜੜ੍ਹਾਂ ਵੱਢੇ, ਉਹਨੂੰ ਜਲ ਦੇਵੇਂ,
ਚੰਗਾ ਰੁੱਝਿਓਂ ਪੁੰਨ ਤੇ ਦਾਨ ਅੰਦਰ ?'
ਹੱਥ ਬੰਨ੍ਹਕੇ ਓਹਨੇ ਇਹ ਅਰਜ਼ ਕੀਤੀ:-
'ਹੁਣ ਕੋਈ ਵੈਰੀ ਨਹੀਂ ਮੇਰਾ ਜਹਾਨ ਅੰਦਰ ।
'ਜਿੱਧਰ ਵੇਖਦਾ ਹਾਂ ਤੇਰਾ ਰੂਪ ਜਾਪੇ,
ਕਲਗ਼ੀ ਵਾਲਿਆ ! ਜ਼ਿਮੀਂ ਅਸਮਾਨ ਅੰਦਰ ।
ਦਸਮ ਪਾਤਸ਼ਾਹ ਏਡੇ ਅਨੰਦ ਹੋਏ,
ਸੁਣ ਕੇ ਉੱਚ ਖ਼ਿਆਲੀ ਬਿਆਨ ਅੰਦਰ ।
'ਸ਼ਰਫ਼' ਹੱਥ ਦਾ ਖ਼ਾਸ ਰੁਮਾਲ ਦਿੱਤਾ,
ਵਰ ਬਖ਼ਸ਼ਿਆ ਨਾਲੇ ਜ਼ਬਾਨ ਅੰਦਰ ।

44. ਦਸਮੇਸ਼ ਜੀ ਦਾ ਨਹੁੰ-ਦੂਜ ਦਾ ਚੰਦ

ਚੰਦ ਦੂਜ ਦਾ ਵੇਖ ਕੇ ਅੰਬਰਾਂ ਤੇ,
ਮਹਿਮਾਂ ਖਿੱਲਰੀ ਸਾਰੇ ਜਹਾਨ ਤੇਰੀ।
ਤੇਰੇ ਨੀਲੇ ਦੀ ਕਿਸੇ ਨੇ ਖੁਰੀ ਆਖੀ,
ਆਖੀ ਕਿਸੇ ਨੇ ਨੂਰੀ ਕ੍ਰਿਪਾਨ ਤੇਰੀ।
ਤੇਰੇ ਬਾਜ਼ ਦਾ ਕਿਸੇ ਨੇ ਖੰਭ ਜਾਤਾ,
ਜਾਤੀ ਕਿਸੇ ਨੇ ਬਾਂਕੀ ਕਮਾਨ ਤੇਰੀ।
ਤੇਰੇ ਕੇਸਾਂ ਦਾ ਆਖਿਆ ਕਿਸੇ ਕੰਘਾ,
ਕੀਤੀ ਕਿਸੇ ਨੇ ਕਲਗੀ ਪ੍ਰਵਾਨ ਤੇਰੀ।
ਲਾ ਕੇ ਜੱਗ ਜਹਾਨ ਨੇ ਟਿੱਲ ਸਾਰਾ,
ਭਾਵੇਂ ਕੀਤੀ ਏ ਸਿਫ਼ਤ ਬਿਆਨ ਤੇਰੀ।
ਪਰ ਮੈਂ ਇਹੋ ਹੀ ਆਖਾਂਗਾ ਗੁਰੂ ਸਾਹਿਬ,
ਨਹੁੰ ਭਰ ਨ ਦੱਸੀ ਗਈ ਸ਼ਾਨ ਤੇਰੀ।
ਕੇਸ ਗੜ੍ਹ ਦੀ ਜੂਹ ਬਖਸ਼ਿੰਦ ਅੰਦਰ,
ਚਮਕੀ ਇਸ ਤਰ੍ਹਾਂ ਜੋਤ ਭਗਵਾਨ ਤੇਰੀ।
ਮੋਏ ਹੋਏ ਕ੍ਰੋੜਾਂ ਹੀ ਹਿੰਦੀਆਂ ਨੂੰ,
ਕਰ ਗਈ ਜ਼ਿੰਦਾ 'ਮਸੀਹਾ' ਕ੍ਰਿਪਾਨ ਤੇਰੀ।
ਸੋਮਾਂ ਗੁਝੀਆਂ ਸ਼ਕਤੀਆਂ ਵਾਲੜਾ ਜੋ,
ਭਰਿਆ ਹੋਇਆ ਸੀ ਸ਼ਾਨ ਪ੍ਰਧਾਨ ਤੇਰੀ।
ਪੰਜ ਘੁੱਟ ਦੇ ਗੋ ਨੂੰ ਬਿੰਦ ਵਿੱਚੋਂ,
ਸ਼ੇਰ ਕਰ ਦਿੱਤਾ ਕਿਰਪਾ ਆਨ ਤੇਰੀ।
ਮੋਈ ਕੌਮ ਨੂੰ ਫਲਸਫਾ ਜ਼ਿੰਦਗੀ ਦਾ,
ਦੱਸ ਗਈ ਏਹ ਮਿਹਰ ਸੁਲਤਾਨ ਤੇਰੀ।
ਤੇਰੀ ਜਾਨ ਹੈ ਲਹੂ ਦੀ ਧਾਰ ਅੰਦਰ,
ਪਰ ਹੈ ਖੰਡ ਦੀ ਧਾਰ 'ਚ ਆਨ ਤੇਰੀ।
ਊਚ ਨੀਚ ਨੂੰ ਤੋਲ ਗਈ ਇੰਜ ਸਾਵਾਂ,
ਅਦਲ ਤੱਕੜੀ ਸੁਘੜ ਸੁਜਾਨ ਤੇਰੀ।
ਮਹਿਮਾ ਗਾਉਣਗੇ ਰੱਬ ਦੇ ਸਾਮ੍ਹਣੇ ਭੀ,
ਛੀਂਬੇ ਨਾਈ ਤੇ ਝੀਊਰ ਕ੍ਰਿਸਾਨ ਤੇਰੀ।
ਜ਼ਾਤ ਪਾਤ ਨੂੰ ਡੋਬ ਗਈ ਵਿੱਚ ਸਤਲੁਜ,
ਏਦਾਂ ਨਾਲ ਪਵਿੱਤ੍ਰ ਜ਼ਬਾਨ ਤੇਰੀ।
ਸੋਢ ਬੰਸੀਆ! ਰੱਖ ਕੇ ਤਾਜ ਸਿਰ ਤੇ,
ਸੰਗਤ ਚਮਕੀ ਏ ਲਾਲਾਂ ਸਮਾਨ ਤੇਰੀ।
ਕੀਤਾ ਚਾਨਣਾ ਸੱਭੋ ਨੂੰ ਇਕ ਵਰਗਾ,
ਹੋਈ ਸੂਰਜ ਦੇ ਵਾਂਗ ਗੁਜ਼ਰਾਨ ਤੇਰੀ।
ਇਕ ਅੱਖ ਜੇ ਕਿਹਾ ਤੂੰ ਹਿੰਦੂਆਂ ਨੂੰ,
ਦੂਜੀ ਅੱਖ ਬਨ ਗਏ ਮੁਸਲਮਾਨ ਤੇਰੀ।
ਜੇਹੜੀਂ ਗੱਲ ਦੇ ਵਾਸਤੇ ਹੋਈ ਹੈਸੀ,
ਮਾਤਾ ਪਿਤਾ ਦੀ ਜੋੜੀ ਕੁਰਬਾਨ ਤੇਰੀ।
ਜੇਹੜੀ ਨੇਮ ਦੇ ਵਾਸਤੇ ਚਿਣੀ ਗਈ ਸੀ,
ਅੰਦਰ ਕੰਧ ਦੇ ਲਾਲਾਂ ਦੀ ਖ਼ਾਨ ਤੇਰੀ।
ਜੇਹੜੀ ਦੀਨ ਦੇ ਪਿੱਛੇ ਸ਼ਹੀਦ ਹੋ ਗਈ,
ਨੀਂਗਰ ਚੰਦਾਂ ਦੀ ਜੋੜੀ ਜਵਾਨ ਤੇਰੀ।
ਮਾਛੀ ਵਾੜੇ ਦੇ ਕੰਡਿਆਂ ਨਾਲ ਹੋ ਗਈ,
ਦੇਹੀ ਜਿਦ੍ਹੇ ਲਈ ਲਹੂ ਲੁਹਾਨ ਤੇਰੀ।
ਲਿਖੀ ਗਈ ਅਨਾਰ ਦੀ ਕਲੀ ਤੇ ਉਹ,
ਖ਼ੂਨੀ ਰੰਗ ਅੰਦਰ ਦਾਸਤਾਨ ਤੇਰੀ।
'ਸ਼ਰਫ਼' ਓਸੇ ਇਤਫ਼ਾਕ ਤੇ ਏਕਤਾ ਨੂੰ,
ਭੁੱਲ ਗਈ ਅਜ ਸਿੱਖ ਸੰਤਾਨ ਤੇਰੀ।

45. ਦਸਮੇਸ਼ ਦਾ ਦਰਬਾਰ

ਲੱਗਾ ਹੋਇਆ ਹੈਸੀ ਦਰਬਾਰ ਦਸਮੇਸ ਜੀ ਦਾ,
ਵੇਖ ਵੇਖ ਜੀਹਨੂੰ ਕਦੀ ਚਿੱਤ ਨਾ ਰਜਾਇਆ ਜਾਵੇ ।
ਇਕ ਪਾਸੇ ਬੈਠੀ ਹੋਈ ਆਂਹਦੀ ਸੀ ਬਹਾਦਰੀ ਇਹ,
ਸਵਾ ਲੱਖ ਵੈਰੀ ਨਾਲ ਇਕੋ ਹੀ ਲੜਾਇਆ ਜਾਵੇ ।
ਆਂਹਦੀ ਸੀ ਹਕੂਮਤ ਦੂਜੇ ਪਾਸੇ ਵਲ ਬੈਠੀ ਹੋਈ,
ਨਾਨਕ ਸ਼ਾਹੀ ਸਿੱਕਾ ਸਾਰੇ ਜੱਗ ਤੇ ਚਲਾਇਆ ਜਾਵੇ ।
ਲੱਛਮੀ ਇਹ ਆਖਦੀ ਸੀ ਵੈਰੀ ਨੂੰ ਜੇ ਬਾਣ ਮਾਰੋ,
ਉਹਦੀ ਚੁੰਝ ਅੱਗੇ ਵੀ ਤਾਂ ਸੋਨਾ ਹੀ ਚੜ੍ਹਾਇਆ ਜਾਵੇ ।
ਆਂਹਦੀ ਸੀ ਫ਼ਕੀਰੀ ਕੋਲੋਂ ਨਹੀਂ ਨਹੀਂ ਸੁਣੋ ਮੈਥੋਂ,
ਪੈਰਾਂ 'ਚ ਖਿਤਾਬਾਂ ਤੇ ਜਾਗੀਰਾਂ ਨੂੰ ਰੁਲਾਇਆ ਜਾਵੇ ।
ਸੁੰਦਰਤਾਈ ਆਖਦੀ ਸੀ ਪੰਜ ਕੱਕੀ ਛਬ ਨਾਲ,
ਪਰੀਆਂ ਤੇ ਅਪੱਛਰਾਂ ਦਾ ਦਿਲ ਭਰਮਾਇਆ ਜਾਵੇ ।
ਇਲਮ ਪਿਆ ਆਖਦਾ ਸੀ ਘੋੜਿਆਂ ਦੇ ਸੇਵਕਾਂ ਤੋਂ,
ਡੂੰਘਿਆਂ ਕਬਿੱਤਾਂ ਦੇ ਚਾ ਅਰਥਾਂ ਨੂੰ ਕਰਾਇਆ ਜਾਵੇ ।
ਅਦਲ ਪਿਆ ਆਂਹਦਾ ਸੀ ਜੇ ਆਪਣਾ ਹੀ ਹੋਵੇ ਪਾਪੀ,
ਉਹਨੂੰ ਵੀ ਮਸੰਦਾਂ ਵਾਂਙ ਜ਼ਿੰਦਾ ਹੀ ਜਲਾਇਆ ਜਾਵੇ ।
ਰਿਧੀ ਸਿਧੀ ਆਖਦੀ ਸੀ ਗੁਪਤ ਰਹੇ ਸਭੋ ਕੁਝ,
ਖੰਡੇ ਵਾਲੀ ਧਾਰੋਂ ਕੇਵਲ ਅੰਮ੍ਰਿਤ ਹੀ ਵਗਾਇਆ ਜਾਵੇ ।
ਕਹਿੰਦੀ ਸੀ ਕੁਰਬਾਨੀ ਪਈ ਸਿੱਖੀ ਦੇ ਮਹੱਲ ਵਿਚ,
ਜਗ੍ਹਾ ਇਟਾਂ ਰੋੜਿਆਂ ਦੀ ਲਾਲਾਂ ਨੂੰ ਚਿਣਾਇਆ ਜਾਵੇ ।
ਆਂਹਦੀ ਸੀ ਗੁਰਿਆਈ ਕੋਲ ਇਹ ਭੀ ਜੇਕਰ ਹੋ ਜਾਵੇ,
ਤਾਂ ਵੀ ਹੰਝੂ ਅੱਖੀਆਂ 'ਚੋਂ ਇਕ ਨਾ ਡੁਲ੍ਹਾਇਆ ਜਾਵੇ ।
ਕੀ ਮੈਂ ਦੱਸਾਂ ਹਾਲ ਉਸ ਆਲੀ ਦਰਬਾਰ ਵਾਲਾ,
ਬੋਲ ਮੈਨੂੰ ਲੱਭਦੇ ਨਹੀਂ ਜਿਨ੍ਹਾਂ 'ਚ ਸੁਣਾਇਆ ਜਾਵੇ ।
ਏਨਾਂ ਕੂ ਹਸਾਯਾ ਓਹਨੇ, ਜਿੰਨਾ ਨ ਰਵਾਯਾ ਜਾਵੇ ।
ਵੇਖੋ ਪੂਰੀ ਹੋਣ ਲੱਗੀ, ਕਹਿਵਤ ਦਿਹ ਸਯਾਣਯਾਂ ਦੀ
ਡਿਗਦੇ ਤੇ ਹੰਝੂ ਅੱਖੋਂ, ਬਹੁਤਾ ਜੇ ਹਸਾਯਾ ਜਾਵੇ ।
ਸ੍ਰੀ ਦਸਮੇਸ ਜੀ ਨੂੰ ਚੌਰ ਕਰਨ ਵਾਲਾ ਸਿੱਖ,
ਏਨਾ ਬਹੁਤਾ ਹੱਸਯਾ ਜਯੋਂ ਫੁੱਲ ਨੂੰ ਖਿੜਾਯਾ ਜਾਵੇ ।
ਗੁਰੂ ਸਾਹਿਬ ਬੋਲੇ ਉਹਨੂੰ ਦੱਸੋ ਭਾਈ ਕੀਰਤੀਆ ਜੀ,
ਜਾਣਦੇ ਹੋ ਕੌਣ ਹੈ, ਇਹ ਜਿਸਨੂੰ ਨਚਾਯਾ ਜਾਵੇ ?
ਪਿਤਾ ਤੇਰਾ ਭੋਲਿਆ ਓ ਭਾਈ ਸੋਭਾ ਰਾਮ ਹੈ ਏ,
ਰਿੱਛ ਜੂਨੀ ਵਿੱਚ ਜੇਹੜਾ ਅੱਜ ਇਉਂ ਰੁਲਾਯਾ ਜਾਵੇ ।
ਸੁਣ ਕੇ ਇਹ ਵਾਕ ਸਾਰੇ ਬੁੱਤ ਹੋ ਗਏ ਸਿੱਖ ਏਦਾਂ,
ਸਹਿਮ ਤੇ ਅਚਰਜ ਨਾਲ ਅੰਗ ਨ ਹਿਲਾਯਾ ਜਾਵੇ ।
ਹੱਥ ਬੰਨ੍ਹ ਬੇਨਤੀ ਇਹ ਕੀਤੀ ਭਾਈ ਕੀਰਤੀਏ ਨੇ,
ਆਪ ਜੀ ਦੇ ਹੁਕਮ, ਓਂ ਤਾਂ ਸ਼ੱਕ ਨ ਲਿਆਯਾ ਜਾਵੇ ।
ਪਰ ਜੀ ਮੇਰਾ ਪਿਤਾ ਸਾਰੇ ਪੰਥ ਵਿਚ ਸੇਵਾਦਾਰ,
ਸਤਵੀਂ ਅੱਠਵੀਂ ਨੌਵੀਂ ਪਾਤਸ਼ਾਹੀ ਦਾ ਸਦਾਯਾ ਜਾਵੇ ।
ਆਪ ਜੀ ਦੀ ਸੇਵਾ ਭੀ ਸੀ ਕੀਤੀ ਬੜੀ ਸ਼ਰਧਾ ਨਾਲ,
ਫੇਰ ਦੱਸੋ ਰਿੱਛ ਜੂਨੀ ਵਿੱਚ ਕਿਉਂ ਉਹ ਪਾਯਾ ਜਾਵੇ ?
ਕਲਗੀਧਰ ਹੱਸ ਬੋਲੇ, ਸੇਵਾ ਏਹਨੇ ਠੀਕ ਕੀਤੀ,
ਜੀਹਦਾ ਕਦੀ ਮਾਨ ਤਾਨ ਸਾਥੋਂ ਨ ਘਟਾਯਾ ਜਾਵੇ ।
ਐ ਪਰ ਸੇਵਾ ਕੀਤੀ ਇਹਨੇ ਖ਼ੁਦੀ ਅਭਿਮਾਨ ਵਿੱਚ,
ਏਹੋ ਜਿਹਾ ਸਿੱਖ ਏਥੇ ਕਦੋਂ ਵਡਿਆਯਾ ਜਾਵੇ ?
ਗੱਲ ਇੱਕੋ ਰੋਜ਼ ਦੀ, ਦੀਵਾਨ ਵਿੱਚ ਪਿਤਾ ਤੇਰਾ,
ਦੇਂਦਾ ਪ੍ਰਸ਼ਾਦ ਸੀ, ਨਾ ਖ਼ਦੀ 'ਚ ਸਮਾਯਾ ਜਾਵੇ ।
ਗੱਡਾ ਲੈਕੇ ਗੁੜ ਵਾਲਾ ਧੰਨਾ ਜੀ ਪਏ ਲੰਘਦੇ ਸੀ,
ਆਈ ਸ਼ਰਧਾ ਮਨ ਸੀਸ ਗੁਰਾਂ ਨੂੰ ਨਿਵਾਯਾ ਜਾਵੇ ।
ਗੱਡਾ ਪਾ ਕੇ ਪਹੇ ਪਹੇ ਆਏ ਉਹ ਦੀਵਾਨ ਵਿੱਚ,
ਦਰਸ ਪਾ ਕੇ ਬੋਲੇ 'ਪਰਸਾਦ ਦਿਲਵਯਾ ਜਾਵੇ ।'
ਪਿਤਾ ਤੇਰੇ ਕਿਹਾ ਕਾਹਨੂੰ ਰਿੱਛ ਵਾਂਗੂ ਅਗ੍ਹਾਂ ਆਵੇਂ,
ਜੇਰਾ ਕਰ ਵਾਰੀ ਨਾਲ ਤੈਨੂੰ ਵੀ ਛਕਾਯਾ ਜਾਵੇ ।
ਕੂਇਆ ਉਹ ਨਿਮਾਣਾ ਫੇਰ ਗੱਡਾ ਮੇਰਾ ਜਾਏ ਕੱਲਾ,
ਗੁਰੂ ਮੇਹਰ ਨਾਲ ਪਹਿਲਾਂ ਮੈਨੂੰ ਹੀ ਤੁਰਾਯਾ ਜਾਵੇ ।
ਪਿਤਾ ਤੇਰੇ ਫੇਰ ਕਿਹਾ, ਤੈਨੂੰ ਜੋ ਮੈਂ ਬੰਦ ਕੀਤਾ,
ਰਿੱਛ ਵਾਂਗ ਫੇਰ ਅਗ੍ਹਾਂ ਪੈਰ ਕਿਓਂ ਵਧਾਯਾ ਜਾਵੇ ?
ਬੋਲੇ ਭਾਈ ਧੰਨੇ ਹੁਰੀ, ਬੱਸ ਬੱਸ ਵੀਰ ਪਿਆਰੇ,
ਗੁਰੂ ਘਰ ਵਿਚ ਐਡਾ ਕਹਿਰ ਨ ਕਮਾਯਾ ਜਾਵੇ ।
ਏਸ ਘਰ ਅੰਦਰ ਏਡੀ ਨਿੰਮ੍ਰਤਾਈ ਚਾਹੀਦੀ ਏ,
ਸੰਗਤਾਂ ਦੇ ਜੋੜਿਆਂ ਨੂੰ ਅੱਖੀਆਂ ਤੇ ਚਾਯਾ ਜਾਵੇ ।
ਗੁੱਸੇ 'ਤੇ ਕਰੋਧ ਵਾਲਾ ਖੁਦੀ ਤੇ ਗੁਮਾਨ ਵਾਲਾ,
ਪੈਂਦਾ ਨਹੀਂ ਕਬੂਲ ਧੱਕੇ ਮਾਰਕੇ ਕਢਾਯਾ ਜਾਵੇ ।
ਮਿੱਠੀ ਬੋਲੀ ਨਾਲ ਜਿਹੜਾ ਕਰੇ ਏਥੇ ਟੈਹਲ ਸੇਵਾ,
ਏਸ ਥਾਂ ਵਧਾਯਾ ਜਾਵੇ ।
ਗੁਰੂ ਦਿਆਂ ਸਿੰਘਾਂ ਨੂੰ ਬਣਾਉਂਦਾ ਏ ਰਿੱਛ ਜੇਹੜਾ,
ਕਿਉਂ ਨ ਰਿੱਛ ਜੂਨੀ ਅਗ੍ਹਾਂ, ਓਸੇ ਨੂੰ ਪਵਾਇਆ ਜਾਵੇ ।
ਏਨੀ ਗੱਲ ਕਹਿਕੇ ਭਾਈ ਧੰਨੇ ਹੁਰੀ ਜਦੋਂ ਚੱਲੇ,
ਆਈ ਸੋਚ 'ਗੁਰੂ ਦਰੋਂ ਖ਼ਾਲੀ ਵੀ ਨ ਜਾਯਾ ਜਾਵੇ ।'
ਭੋਰਾ ਪਰਸਾਦ ਡਿੱਗਾ, ਚੁੱਕ ਭੋਂ ਤੋਂ ਮੂੰਹ ਲਾਯਾ,
ਦੇਂਦਾ ਸੀ ਸਰਾਪ ਨਾਲੇ ਗੱਡੇ ਵਲ ਧਾਯਾ ਜਾਵੇ ।
ਦੇ ਗਿਆ ਸਰਾਪ ਜਿਹੜਾ ਭਾਈ ਧੰਨਾ ਓਸ ਵੇਲੇ,
ਓਸੇ ਦਾ ਹੀ ਫਲ ਹੁਣ ਏਸ ਨੂੰ ਖੁਆਯਾ ਜਾਵੇ ।
ਸੁਣ ਸੁਣ ਸੰਗਤਾਂ ਦੇ ਦਿਲ ਝੂਣੇ ਗਏ ਏਦਾਂ,
ਜਿੰਦਾਂ ਕਿਸੇ ਪੱਕੀ ਹੋਈ । ਬੇਰੀ ਨੂੰ ਹਿਲਾਯਾ ਜਾਵੇ ।
ਹੱਥ ਬੰਨ੍ਹ ਅਰਜ਼ ਕੀਤੀ ਫੇਰ ਭਾਈ ਕੀਰਤੀਆ ਨੇ,
ਸਾਹਿਬਾ ! ਇਹ ਮੇਰੇ ਕੋਲੋਂ ਦੁੱਖ ਨ ਉਠਾਯਾ ਜਾਵੇ ।
ਮੇਹਰ ਵਾਲੇ ਸਾਈਂ ਜੀਉ ! ਬੇੜੀ ਲਾਹ ਕੇ ਜੂਨ ਵਾਲੀ,
ਸੱਚ ਖੰਡ ਵਿਚ ਮੇਰੇ ਪਿਤਾ ਨੂੰ ਪੁਚਾਯਾ ਜਾਵੇ ।
ਦੂਜੇ ਦਿਨ ਹੁਕਮ ਦਿੱਤਾ ਸੀ ਦਸਮੇਸ਼ ਜੀ ਨੇ,
ਸੱਚ-ਖੰਡ ਵਾਂਗ ਅਜ ਦੀਵਾਨ ਨੂੰ ਸਜਾਯਾ ਜਾਵੇ ।
ਸਜਿਆ ਦੀਵਾਨ ਤੇ ਪ੍ਰਸ਼ਾਦ ਪੰਚ ਅੰਮ੍ਰਿਤ ਵਾਲਾ,
ਸਾਰਿਆਂ ਦੇ ਮੂਹਰੇ ਓਸ ਰਿੱਛ ਨੂੰ ਛਕਾਯਾ ਜਾਵੇ ।
ਗਈ ਉਹਦੀ ਆਤਮਾਂ ਐਉਂ ਖੁਦੀ ਹੈ ਸਰੀਰ ਵਿਚੋਂ,
ਪੰਛੀ ਜਿਵੇਂ ਪਿੰਜਰੇ 'ਚੋਂ ਖੋਲ੍ਹ ਕੇ ਉਡਾਯਾ ਜਾਵੇ ।
ਸਿਟਾ ਏਸ ਵਾਰਤਾ ਦਾ ਪਿਆਰਿਓ ! ਇਹ ਨਿਕਲਦਾ ਏ,
ਖ਼ੁਦੀ ਵਾਲਾ ਸੇਵਾਦਾਰ ਗੁਰਾਂ ਨੂੰ ਨਾ ਭਾਯਾ ਜਾਵੇ ।
ਸਭ ਕੋਲੋਂ ਉੱਚੀ ਸੇਵਾ 'ਸ਼ਰਫ਼' ਹੈ ਇਹ ਜੱਗ ਵਿਚ,
ਦਿਲ ਕਿਸੇ ਆਦਮੀ ਕਦੀ ਨਾ ਦੁਖਾਯਾ ਜਾਵੇ ।

46. ਤਾਂਘ

ਰੇਤ ਦਾ ਮੈਦਾਨ ਬੀਆਬਾਨ ਪਿਆ ਦਿੱਸਦਾ ਹੈ,
ਤ੍ਰੇਹ ਮਾਰੇ ਪੰਛੀ ਨਹੀਂ ਖੰਭ ਫਟਕਾਰਦੇ ।
ਡਕਾ ਡਕ ਤਾਲ ਭਰੇ, ਥਲ ਦੂਰੋਂ ਜਾਪਦੇ ਨੇ,
ਧੁੱਪ ਨਾਲ ਭੱਖ਼ ਲੌਂਦੇ ਲਹਿਰਾਂ ਦੀ ਨੁਹਾਰ ਦੇ ।
ਡਰ ਨਾਲ ਸੂਰਜ ਦਾ ਭੀ ਚੇਹਰਾ ਪਿਆ ਢਲਦਾ ਏ,
ਜ਼ਰੇ ਜਦੋ ਲਿਸ਼ਕਾਂ ਦੇ ਤੀਰ ਹੈਨ ਮਾਰਦੇ ।
ਕਿਰਨਾਂ ਦਾ ਰੂਪ ਧਾਰ, ਜ਼ਿਮੀਂ ਅੰਦਰ ਧੱਸਦੀ ਏ,
ਭੁੱਜਦੇ ਨੇ ਪੈਰ ਹੇਠੋਂ ਧੁੱਪ ਜੇਹੀ ਨਾਰ ਦੇ ।
ਜੌਂ ਜਿੰਨੀ ਛਾਂ ਕਿਤੇ ਜ਼ੱਰੇ ਨੂੰ ਭੀ ਲੱਭਦੀ ਨਹੀਂ,
ਚਹੁੰ ਕੁੰਟੀ ਰਾਜ ਦਿੱਸਣ ਭਾਨ ਸਰਕਾਰ ਦੇ ।
ਰੱਤ ਦੇ ਪਰਨਾਲੇ ਵਗੇ ਹੋਏ ਹੈਨ ਇੱਕ ਪਾਸੇ,
ਕਾਰੇ ਏਹ ਕੋਈ ਜਾਪਦੇ ਨੇ ਮੌਤ ਅਲੋਕਾਰ ਦੇ ।
ਕੜੇ ਕੇਸ ਲੋਥਾਂ ਦੇ ਪਏ ਸਾਫ਼ ਸਾਫ਼ ਆਖਦੇ ਨੇ,
ਟੁੱਟੇ ਹੋਏ ਫੁੱਲ ਨੇ ਇਹ ਨਾਨਕੀ ਗੁਲਜ਼ਾਰ ਦੇ ।
ਤਾਰਿਆਂ ਦੇ ਵਾਂਗ ਜ਼ੱਰੇ ਉੱਡ ਉੱਡ ਰੇਤ ਵਾਲੇ,
ਜੌਹਰ ਪਏ ਵਿਖਾਲਦੇ ਨੇ ਓਨ੍ਹਾਂ ਦੀ ਤਲਵਾਰ ਦੇ ।
ਲਾਲ ਲਾਲ ਵਹਿਣ ਵਗੇ ਹੋਏ ਸੂਹਾ ਮੂੰਹ ਕਰ,
ਉੱਚੀ ਉੱਚੀ ਧਰਮੀਆਂ ਨੂੰ ਹੈਨ ਏਹ ਪੁਕਾਰਦੇ:
ਵੇਖੋ ! ਰਣ ਜੋਧੇ ਭਾਰਤ ਮਾਤ ਦੇ ਰੰਗੀਲੇ ਹੱਥ,
ਰੱਤ ਵਾਲੀ ਮਹਿੰਦੀ ਨਾਲ ਏਦਾਂ ਨੇ ਸ਼ਿੰਗਾਰਦੇ ।
ਸਿਹਰੇ ਵਾਂਗ ਖਿੰਡੇ ਹੋਏ ਕੇਸ ਕਿਸੇ ਮੁਖੜੇ ਤੇ,
ਵਾ ਨਾਲ ਹਿੱਲ ਹਿੱਲ ਹੈਨ ਏਹ ਚਿਤਾਰਦੇ:
ਵੇਖੋ ਲਾੜੀ ਮੌਤ ਦੀ ਵਿਅਹੁੰਦੇ ਨੇ ਏਸ ਤਰਾਂ,
ਨੀਂਗ਼ਰ ਚੰਦ ਸਿੱਖ ਦਸਮੇਸ਼ ਅਵਤਾਰ ਦੇ ।
ਪੈਰ ਕਿਸੇ ਲੋਥ ਦੇ ਨੇ ਟਿਕੇ ਦੂਜੀ ਲੋਥ ਉੱਤੇ,
ਵੇਖ ਵੇਖ ਅਕਲ ਵਾਲੇ ਅਰਥ ਨੇ ਇਹ ਧਾਰਦੇ:
ਧਰਮ-ਆਨ ਛੱਡਦੇ ਨਹੀਂ ਮਰਕੇ ਵੀ ਸੂਰਬੀਰ,
ਵੈਰੀਆਂ ਦੇ ਸੀਨਿਆਂ ਤੇ ਪੈਰ ਨੇ ਪਸਾਰਦੇ ।
ਗੱਲ ਕਾਹਦੀ ਸੁੱਤੇ ਹੈਨ ਚਾਦਰ ਤਾਣ ਮੌਤ ਵਾਲੀ,
ਸ਼ੀਹਾਂ ਵਰਗੇ ਖ਼ਾਲਸੇ ਕੁਝ ਅੰਦਰ ਓਸ ਬਾਰ ਦੇ ।
ਇਕ ਪਾਸੇ ਬੈਠੀ ਹੋਈ ਮਾਈ ਭਾਗੋ ਧੋਂਵਦੀ ਏ,
ਰੱਤ ਭਿੰਨੇ ਫੱਟ ਨਾਲੇ ਮੇਹਣੇ ਸੰਸਾਰ ਦੇ ।
ਦੂਜੇ ਪਾਸੇ ਫਿਰਦੇ ਨੇ ਲਾਲ ਮਾਤਾ ਗੁਜਰੀ ਦੇ,
ਕੜੇ ਭੱਥੇ ਵਾਲੀ ਨਾਜ਼ਕ ਬਾਂਹ ਨੂੰ ਹੁਲਾਰਦੇ ।
ਮਿੱਟੀ ਝਾੜ ਪੂੰਝਦੇ ਨੇ ਮੁੱਖ ਕਿਸੇ ਖਾਲਸੇ ਦਾ,
ਖਿੰਡੇ ਹੋਏ ਕੇਸ ਹੈਨ ਕਿਸੇ ਦੇ ਸਵਾਰਦੇ ।
ਮਾਲੀ ਵਾਂਗ ਚੁੱਕ ਚੁੱਕ ਹਿਰਖ ਨਾਲ ਵੇਖਦੇ ਨੇ,
ਫੁੱਲ ਟੁੱਟੇ ਪੱਛੇ ਹੋਏ ਸਿੱਖੀ ਦੀ ਬਹਾਰ ਦੇ ।
ਨਾਲੇ ਵਰ ਦੇਂਦੇ ਜਾਂਦੇ ਲੱਖਾਂ ਤੇ ਹਜ਼ਾਰੀਆਂ ਦਾ,
ਛੱਟੇ ਪੈ ਵਸਾਂਵਦੇ ਨੇ ਰੱਬੀ ਉਪਕਾਰ ਦੇ ।
ਵੇਂਹਦੇ ਵੇਂਹਦੇ ਰਣ, ਇਕ ਸਹਿਕਦਾ ਮੁਰੀਦ ਲੱਭਾ,
ਫੱਟ ਡਾਢੇ ਲੱਗੇ ਹੋਏ ਪਿੰਡ ਤੇਜ ਧਾਰ ਦੇ ।
ਬਿਤਰ ਬਿਤਰ ਤੱਕਦਾ ਤੇ ਬੋਲ ਮੂੰਹੋਂ ਸਕਦਾ ਨਹੀਂ,
ਅੱਖਾਂ ਵਿੱਚ ਅੜੇ ਹੋਏ ਨੇ ਸ੍ਵਾਸ ਜਾਂਦੀ ਵਾਰ ਦੇ ।
ਮੁੱਖ ਉਹਦਾ ਪੂੰਝਕੇ ਰੁਮਾਲ ਨਾਲ ਦਸਮ ਗੁਰੂ,
ਸੜੀ ਹੋਈ ਹਿੱਕ ਉਹਦੀ ਪਾਣੀ ਨਾਲ ਠਾਰਦੇ ।
ਪੱਟ ਉੱਤੇ ਸੀਸ ਉਹਦਾ ਰੱਖ ਕੇ ਅਸੀਸ ਨਾਲ,
ਕੇਰੇ ਫੇਰ ਫੁੱਲ ਮੂੰਹੋਂ ਆਪਣੇ ਪਿਆਰ ਦੇ:
ਮੰਗ ਜੋ ਕੁਝ ਮੰਗਣਾਈਂ ਮੰਗ ਛੇਤੀ ਪ੍ਯਾਰ੍ਯਾ ਓ,
ਬੂਹੇ ਖੋਲ੍ਹ ਦਿੱਤੇ ਤੇਰੇ ਵਾਸਤੇ ਭੰਡਾਰ ਦੇ ।
ਰਾਹੀ ਸੱਚ ਖੰਡ ਦਾ ਉਹ ਬੋਲਿਆ ਏਹ ਸਿੰਘ ਸੂਰਾ,
ਵਾਰੀ ਜਾਵਾਂ, ਮਾਣ ਰੱਖੇ ਤੁਸਾਂ ਔਗਣਹਾਰ ਦੇ ।
ਭੋਰਾ ਨਹੀਂ ਸੀ ਇੱਛਾ ਕੋਈ, ਇੱਕੋ ਤੇਰੀ ਤਾਂਘ ਹੈਸੀ,
ਭੁੱਖੇ ਹੈਸਨ ਨੈਨ ਮੇਰੇ ਤੇਰੇ ਹੀ ਦੀਦਾਰ ਦੇ ।
ਤੁੱਠਾ ਹੈਂ ਤਾਂ ਪਾੜ ਸੁੱਟ ਲਿਖਤ ਉਹ ਬੇਦਾਵੇ ਵਾਲੀ
ਟੁੱਟੀ ਹੋਈ ਗੰਢ ਸਾਡੀ, ਡੁੱਬਿਆਂ ਨੂੰ ਤਾਰ ਦੇ ।
ਕਲਗ਼ੀ ਵਾਲੇ ਫੇਰ ਬੋਲੇ, ਮੰਗ ਤੂੰ ਕੁਝ ਹੋਰ ਸਾਥੋਂ,
ਲੜੇ ਹੋਏ ਲੜ ਸਾਡੇ ਸਿੱਖੀ ਦਸਤਾਰ ਦੇ ।
ਮਹਾਂ ਸਿੰਘ ਬੋਲਿਆ 'ਤੂੰ ਵੇਖ ਕ੍ਰਿਪਾ ਆਪਣੀ ਨੂੰ,
ਸਾਡੇ ਜਹੇ ਭੁੱਲਿਆਂ ਦੀ ਭੁੱਲ ਨੂੰ ਵਿਸਾਰ ਦੇ ।
ਧੰਨ ਧੰਨ ਸਿਖੀ ਕਹਿਕੇ ਪਾੜ ਦਿੱਤਾ ਕਾਗਜ਼ ਉਨ੍ਹਾਂ,
ਮੁੜ ਕੇ ਪਰੋ ਲੀਤੇ ਮੋਤੀ ਛੇਕੇ ਹਾਰ ਦੇ ।
ਬੁਝਣ ਵਾਲੇ ਦੀਵੇ ਵਾਂਗੂੰ ਉੱਠ ਉੱਠ ਮਹਾਂ ਸਿੰਘ,
ਲੱਖਾਂ ਧੰਨਵਾਦ ਕੀਤੇ ਗੁਰੂ ਤੇ ਕਰਤਾਰ ਦੇ ।
ਮਿਟ ਗਈਆਂ ਅੱਖਾਂ ਏਧਰ, ਓਸ ਤਾਂਘ ਵਾਲੇ ਦੀਆਂ,
ਖੁੱਲ੍ਹ ਗਏ ਬੂਹੇ ਓਧਰ ਸੱਚੇ ਦਰਬਾਰ ਦੇ ।
'ਸ਼ਰਫ਼' ਜਿਹੜੇ ਹੁਕਮ ਉਹਦਾ ਸਿਰੋਂ ਪਰੇ ਮੰਨਦੇ ਨੇ,
ਹੁੰਦੇ ਨੇ ਪ੍ਰਵਾਨ ਓਹੋ ਅੱਗੇ ਸੋਹਣੇ ਯਾਰ ਦੇ ।

47. ਅਦੁਤੀ ਤੋਫਾਹ

ਕੀ ਆਖਾਂ ਅਜ ਰਾਤੀ ਜੇਹੜੇ
ਦਿੱਤੇ ਗ਼ਮਾਂ ਹੁਲਾਰੇ ।
ਉੱਘੜ ਆਏ ਹਰਫ਼ਾਂ ਵਾਂਗੂੰ
ਦਾਗ਼ ਜਿਗਰ ਦੇ ਸਾਰੇ ।
ਅੰਬਰ ਉੱਤੋਂ ਅੱਖਾਂ ਕਢ ਕਢ
ਘੂਰਨ ਲੱਗੇ ਤਾਰੇ ।
ਦਿਲ ਦੇ ਅੰਦਰ ਚੋਭਾਂ ਪਾਈਆਂ
ਗੁੱਝੇ ਨੇਜ਼ੇ ਮਾਰੇ ।

ਰਾਹ ਅੰਬਰ ਦਾ ਨਜ਼ਰੀਂ ਆਯਾ
ਨਿਕਲੀ ਤੇਗ਼ ਮਿਆਨੋਂ ।
ਲੱਗੀ ਲੱਗ ਗਈ ਕਰ ਘਾਇਲ
ਛੱਡ ਗਈ ਪਰ ਜਾਨੋਂ।

ਅਰਸ਼ਾਂ ਉੱਤੋਂ ਮੰਗਲ ਤਾਰੇ,
ਖ਼ੂਨੀ ਸ਼ਕਲ ਦਿਖਾਈ ।
ਟੁੱਟ ਸੁਹਾਬ ਡਿੱਗੇ ਅਸਮਾਨੋਂ
ਅੱਖੋਂ ਅੱਗ ਵਰ੍ਹਾਈ ।
ਨਾੜਾਂ ਵਾਂਗੂੰ ਨਾੜਾਂ ਸੜੀਆਂ,
ਲੂੰ ਲੂੰ ਨੂੰ ਅਗ ਲਾਈ ।
ਪਾ ਕੇ ਤੇਲ, ਤ੍ਰੇਲ-ਹੰਝੂ ਦਾ
ਬਲਦੀ ਹੋਰ ਮਗਾਈ ।

ਵਾ ਠੰਢੀ ਦੇ ਬੁੱਲੇ ਵਗ ਵਗ
ਰਮਜ਼ਾਂ ਖੋਲ੍ਹਣ ਲੱਗੇ ।
ਦੱਬੀ ਹੋਈ, ਅਗ ਸੀਨੇ ਦੀ
ਸਾਰੀ ਫੋਲਣ ਲੱਗੇ ।

ਸਾੜ ਪੁਰਾਣੇ, ਅਗ ਨਵੀਂ ਨੇ
ਤਨ ਮਨ ਲਾਂਬੂ ਬਾਲੇ ।
ਲਾਲਾਂ ਵਾਂਗੂੰ ਦਾਗ਼ ਲਗਾਏ
ਦਿਲ ਵਿਚ ਕਾਲੇ ਕਾਲੇ ।
ਘਾਹ ਸੀਨੇ ਦੇ ਅੱਲੇ ਛਿੱਲੇ
ਨੋੜੇ ਕੱਚੇ ਛਾਲੇ ।
ਤੜਫਣ ਲੱਗਾ ਯਾਦ ਆਏ ਜਦ,
ਝੂਠਿਆਂ ਕੌਲਾਂ ਵਾਲੇ ।

ਬੇ-ਵਸ ਹੋਯਾ ਆਖਰ ਰੋਇਆ,
ਵੱਸ ਨ ਰਹਿਆ ਮੇਰੇ ।
ਕੁੜ੍ਹ ਕੁੜ੍ਹ ਕੇ ਮੈਂ ਸਿੱਟੇ ਵਾਂਗੂੰ,
ਦਾਣੇ ਹੰਝੂ ਕੇਰੇ ।

ਮੈਂ ਅਨਤਾਰੂ ਤਰਨ ਨ ਜਾਣਾਂ,
ਰੋਹੜ ਹੰਝੂ ਦਾ ਆਯਾ ।
ਡੂੰਘਿਆਂ ਵਹਿਣਾਂ ਆਕੇ ਮੈਨੂੰ,
ਡੂੰਘੇ ਵਹਿਣ ਡੁਬਾਯਾ ।
ਦਿਲ ਘਟਿਆ ਤੇ ਵਧੀ ਬਿਹੋਸ਼ੀ,
ਡੋਬਾਂ ਰੱਖ ਵਿਖਾਯਾ ।
ਰੁੜ੍ਹਿਆ ਜਾਂਦਾ ਗੋਤੇ ਖਾਂਦਾ ।
ਮੌਜਾਂ ਮਾਰ ਮੁਕਾਯਾ ।

ਬੁਲਬੁਲਿਆਂ ਦੇ ਵਾਂਗੂੰ ਆਖ਼ਿਰ,
ਬੜਾ ਮੇਰਾ ਟੁਟਿਆ ।
ਰੂਹ ਜਾ ਲੱਗਾ ਬੰਨੇ ਉੱਤੇ,
ਬੁਤ ਪਾਣੀ ਵਿਚ ਸੁਟਿਆ ।

ਬੇ ਦਰਦਾਂ ਦੀ ਗਫਲਤ ਆਕੇ,
ਦੀਦੇ ਮੇਰੇ ਘੁੱਟੇ ।
ਅੱਖਾਂ ਵਾਲੀਆਂ ਬਾਰੀਆਂ ਉਤੇ
ਨੀਂਦਰ ਪਰਦੇ ਸੁੱਟੇ ।
ਰੂਹ ਸੈਲਾਨੀ ਸੁਫ਼ਨੇ ਅੰਦਰ,
ਉਡ ਉਡ ਬੁੱਲੇ ਲੁੱਟੇ ।
ਖੱਟੇ ਪੈਕੇ ਚਮਕ ਪਏ ਸਨ,
ਮੇਰੇ ਲੇਖ ਨਿਖੁੱਟੇ ।

ਮੈਂ ਸੁੱਤਾ ਤੇ ਕਿਸਮਤ ਜਾਗੀ,
ਡਿੱਠਾ ਅਜਬ ਨਜ਼ਾਰਾ ।
ਖੁੱਲ੍ਹੇ ਬੂਹੇ ਸੁਰਗਾਂ ਅੰਦਰ,
ਵੜਿਆ ਔਗਣ ਹਾਰਾ ।

ਲੱਗਾ ਇਕ ਦੀਵਾਨ ਡਿੱਠਾ ਮੈਂ
ਜਗ ਮਗ ਜਗ ਮਗ ਕਰਦਾ ।
ਸੂਰਜ ਚੰਦਰ ਅਦਨਾ ਬਰਦਾ,
ਓਸ ਨੂਰਾਨੀ ਦਰ ਦਾ ।
ਜਾ ਬੈਠਾ ਇਕ ਪਾਸੇ ਹੋਕੇ
ਮੈਂ ਭੀ ਡਰਦਾ ਡਰਦਾ ।
ਏਨੇ ਅੰਦਰ ਦਰਸ਼ਨ ਹੋਯਾ
ਮੈਨੂੰ ਕਲਗੀਧਰ ਦਾ ।

ਕਲਗ਼ੀਧਰ ਮਹਾਰਾਜ ਪੁਕਾਰੇ,
ਬੁੱਧੂ ਸ਼ਾਹ ਜੀ ਜਾਓ ।
'ਸ਼ਰਫ਼' ਵਿਚਾਰੇ ਦੀ ਬਾਂਹ ਫੜਕੇ
ਨਾਲ ਅੱਗੇ ਲੈ ਆਓ ।

ਚਰਨਾਂ ਅੰਦਰ ਹਾਜ਼ਰ ਹੋਕੇ
ਅਦਬੋਂ ਸੀਸ ਝੁਕਾਇਆ ।
ਅੱਖੀਂ ਖ਼ਾਕ ਪਵਿੱਤ੍ਰ ਲਾਈ
ਨੂਰ ਹਕੀਕੀ ਪਾਇਆ ।
ਦੀਨਾ ਬੰਧੂ ਸਤਿਗੁਰ ਜੀ ਨੇ,
ਫੜਕੇ ਸੀਸ ਉਠਾਇਆ ।
ਚਰਨਾਂ ਵਿੱਚ ਬਹਾਕੇ ਮੈਨੂੰ
ਹਸ ਹਸ ਕੇ ਫਰਮਾਇਆ:-

"ਪ੍ਯਾਰੇ ਕਾਰਨ ਤੋਹਫ਼ਾ ਖੜਦਾ,
ਮਿਲਣ ਕੋਈ ਜਦ ਜਾਂਦਾ,
'ਦੁਨੀਆਂ' ਵਿੱਚੋਂ ਸਾਡੇ ਬਦਲੇ,
ਤੂੰ ਕੀ ਤੋਹਫ਼ਾ ਆਂਦਾ ?

ਨਿੰਮੋਝੂਣੇ ਨੀਵੀਂ ਅੱਖੀਂ
ਹੱਥ ਬੰਨ੍ਹ ਅਰਜ਼ ਗੁਜ਼ਾਰੀ ।
ਜਗ ਵਿੱਚੋਂ ਕੀ ਤੋਹਫ਼ਾ ਲਿਔਂਦਾ ।
ਪਯਾਰੇ ਪਰਉਪਕਾਰੀ ।
ਪਰ ਇੱਕ ਚੀਜ਼ ਲਿਆਂਦੀ ਹੈ ਮੈਂ,
ਜੋ ਹੈ ਤੁਹਾਨੂੰ ਪਯਾਰੀ ।
ਜੀਹਦੇ ਇਕ ਕਤਰੇ ਦੀ ਕੀਮਤ,
ਥੋੜੀ ਦੁਨੀਆਂ ਸਾਰੀ ।

ਪਰਮ ਪਵਿੱਤ੍ਰ ਖ਼ੂਨ ਸ਼ਹੀਦੀ
ਦਾ ਮੈਂ ਪਯਾਲਾ ਲਿਆਂਦਾ।
ਕਲਗੀਧਰ ਜੀ ਵੇਖੋ ਬੇਸ਼ਕ,
ਜੇ ਹੈ ਵੇਖਿਆ ਜਾਂਦਾ ।

(ਸੁਹਾਬ=ਲਾਲ ਸਤਾਰੇ ਜੋ ਟੁੱਟਦੇ ਨੇ,
ਨਾੜਾਂ=ਕਣਕ ਦੇ ਨਾੜ, ਖੱਟੇ=ਮੰਜੀ
ਖੱਟੇ=ਸੁਨਿਆਰੇ ਜਿਸ ਵਿਚ ਜ਼ੇਵਰ ਧੋਂਦੇ ਹਨ ।)

48. ਪੰਥ-ਸੰਦੇਸਾ

ਵਾ ਰਾਣੀਏਂ ਦਸ ਖਾਂ ਭਲਾ ਮੈਨੂੰ,
ਕੀ ਤੂੰ ਅਰਸ਼ ਦਾ ਕਿੰਗਰਾ ਢਾ ਦਿੱਤਾ ।
ਤੁਬਕਾ ਤੁਬਕਾ ਪਿਆਲੀਆਂ ਵਿੱਚ ਪਾਕੇ,
ਪਹਿਲੋਂ ਨਸ਼ਾ ਤ੍ਰੇਲ ਦਾ ਪਿਆ ਦਿੱਤਾ ।
ਕੁਤ ਕੁਤਾਰੀਆਂ ਕੱਢ ਕੇ ਫੇਰ ਮਗਰੋਂ,
ਕਲੀਆਂ ਫੁੱਲਾਂ ਨੂੰ ਰਤਾ ਹਸਾ ਦਿੱਤਾ ।
ਏਹੋ ਜਹੀਆਂ ਮੈਂ ਝਾਕੀਆਂ ਡਿੱਠੀਆਂ ਨੇ,
ਏਹ ਤੂੰ ਨਵਾਂ ਨਹੀਂ ਨਾਟਕ ਵਿਖਾ ਦਿੱਤਾ ।
ਕਲਗੀ ਵਾਲੇ ਦੇ, ਅਰਸ਼ੀ ਦਰਬਾਰ ਅੰਦਰ,
ਜੇ ਤੂੰ ਮੇਰਾ ਸੁਨੇਹਾ ਏਹ ਜਾ ਦਿੱਤਾ ।
ਤਦ ਮੈਂ ਕਵਾਂਗਾ ਤੈਨੂੰ ਸਵਾਣੀਏਂ ਨੀ,
ਅਜ ਤੂੰ ਸਿੱਖੀ ਦਾ ਕੰਵਲ ਖਿੜਾ ਦਿੱਤਾ ।
ਸਾਡੇ ਪਿਤਾ ਨੂੰ ਪੁੱਜ ਕੇ ਏਹ ਆਖੀਂ,
ਪਿਤਾ ਸਾਨੂੰ ਕਿਓਂ ਮਨੋ ਭੁਲਾ ਦਿੱਤਾ ।
ਬੀਤੇ ਜੁੱਗੜੇ ਅਸਾਂ ਦੁਖਿਆਰਿਆਂ ਨੂੰ,
ਸੁਫ਼ਨੇ ਵਿੱਚ ਵੀ ਦਰਸ ਨਹੀਂ ਆ ਦਿੱਤਾ ?
ਫੁੱਲਾਂ ਵਰਗੀਆਂ ਸਾਡੀਆਂ ਅੱਖੀਆਂ ਨੂੰ,
ਤੁਹਾਡੀ ਸਿੱਕ ਨੇ ਸੁੱਕਣੇ ਪਾ ਦਿੱਤਾ ।
ਕੇਹੜੇ ਦੂਤੀ ਨੇ ਆਪ ਦਾ ਚਿੱਤ ਕੋਮਲ,
ਏਹੋ ਜਿਹਾ ਕਠੋਰ ਬਣਾ ਦਿੱਤਾ ।
ਅਸਾਂ ਮੰਨਿਆਂ ਓਸੇ ਨੂੰ ਸ਼ੁਕਰ ਕਰਕੇ,
ਜੋ ਜੋ ਪਿਤਾ ਜੀ ਤੁਸਾਂ ਫੁਰਮਾ ਦਿੱਤਾ।
ਜੇ ਤੂੰ ਕਿਹਾ ਮੈਂ ਸਿੱਖੀ ਦਾ ਹਾਂ ਸੂਰਜ,
ਅਸਾਂ ਚੜ੍ਹਦੇ ਨੂੰ ਸੀਸ ਨਿਵਾ ਦਿੱਤਾ ।
ਜੇ ਤੂੰ ਬਾਲ ਵਰੇਸ ਵਿਚ ਤੀਰ ਮਾਰੇ,
ਅਸਾਂ ਸੀਨੇ ਨੂੰ ਢਾਲ ਬਣਾ ਦਿੱਤਾ ।
ਜੇ ਤੂੰ ਪਿਤਾ ਜੀ ! ਸਾਡਿਆਂ ਦਿਲਾਂ ਅੰਦਰ,
ਨੂਰੀ ਬੂਟੜਾ ਕਲਗ਼ੀ ਦਾ ਲਾ ਦਿੱਤਾ ।
ਸਿੰਜ ਸਿੰਜ ਕੇ ਜਿਗਰ ਦੀ ਰੱਤ ਓਹਨੂੰ,
ਪਾਲ ਪੋਸ ਕੇ ਅਸਾਂ ਵਿਖਾ ਦਿੱਤਾ ।
ਜੇ ਤੂੰ ਬਾਜ਼ ਦਾ ਬਖ਼ਸਿਆ ਖੰਭ ਸਾਨੂੰ,
ਅਸਾਂ ਤਾਜ ਤੇ ਓਹਨੂੰ ਸਜਾ ਦਿੱਤਾ ।
ਤੇਰੇ ਨੀਲੇ ਦੀ ਕਿਤੋਂ ਜੇ ਖੁਰੀ ਮਿਲ ਗਈ,
ਓਹਨੇ ਖ਼ੁਸ਼ੀ ਦਾ ਚੰਦ ਚੜ੍ਹਾ ਦਿੱਤਾ ।
ਜੇ ਤੂੰ ਮੰਗਿਆ ਸੀਸ ਇਕ ਕਦੀ ਸਾਥੋਂ,
ਅਸਾਂ ਪੰਜਾਂ ਦਾ ਢੋਆ ਪੁਚਾ ਦਿੱਤਾ ।
ਜੇ ਤੂੰ ਕਿਹਾ ਬੰਦੂਕ ਮੈਂ ਪਰਖਣੀ ਏਂ,
ਅਸਾਂ ਸੀਨਾਂ ਨਿਸ਼ਾਨ ਬਣਾ ਦਿੱਤਾ ।
ਫੱਕਾ ਇਕ ਜੇ ਕੱਚਿਆਂ ਛੋਲਿਆਂ ਦਾ,
ਸਾਡੇ ਝੋਲਿਆਂ ਵਿਚ ਤੂੰ ਪਾ ਦਿੱਤਾ ।
ਚੋਗਾ ਸਮਝ ਕੇ ਸੁੱਚਿਆਂ ਮੋਤੀਆਂ ਦਾ,
ਅਸਾਂ ਉਸੇ ਤੇ ਝੱਟ ਲੰਘਾ ਦਿੱਤਾ ।
ਜੇ ਤੂੰ ਕੱਜਲਾ ਰੋਬ ਤੇ ਧਮ੍ਹੇਂ ਵਾਲਾ,
ਅੱਖਾਂ ਸਾਡੀਆਂ ਦੇ ਅੰਦਰ ਪਾ ਦਿੱਤਾ ।
ਅਸਾਂ ਓਸੇ ਦੀ ਧਾਰੀਓਂ ਤੇਗ਼ ਲੈਕੇ,
ਜਿੱਧਰ ਨਜ਼ਰ ਕੀਤੀ ਜਗ ਉਲਟਾ ਦਿੱਤਾ ।
ਜੇ ਤੂੰ ਆਪਣੇ ਜਿਗਰ ਦੇ ਟੋਟਿਆਂ ਨੂੰ,
ਨੀਹਾਂ ਕੰਧਾਂ ਦੇ ਵਿਚ ਚਿਣਾ ਦਿੱਤਾ।
ਜੇ ਅਸਾਂ ਪਿਤਾ ਜੀ ! ਤੇਰੀਆਂ ਬੱਚੀਆਂ ਨੂੰ,
ਐਸਾ ਸਬਰ ਦਾ ਸਬਕ ਪੜ੍ਹਾ ਦਿੱਤਾ ।
ਓਹਨਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ,
ਅੱਖਾਂ ਸਾਹਮਣੇ ਪਹਿਲੋਂ ਕੁਹਾ ਦਿੱਤਾ ।
ਪਿਛੋਂ ਹਾਰ ਬਣਵਾਕੇ ਬੋਟੀਆਂ ਦਾ,
ਇਕ ਦੂਜੇ ਦੇ ਗਲੇ ਪਵਾ ਦਿੱਤਾ ।
ਜੇ ਤੂੰ ਅਸਾਂ ਨੂੰ ਸਬਰ ਤੇ ਸ਼ਾਂਨਤੀ ਦਾ,
ਹੱਸ ਹੱਸ ਕੇ ਸ਼ਬਦ ਸੁਣਾ ਦਿੱਤਾ ।
ਕੀਤੀ ਹੁੱਤ ਨਾ ਅਸਾਂ ਵੀ ਝੱਟ ਜਾਕੇ,
ਆਪਾ ਚਰਖ਼ੀਆਂ ਉੱਤੇ ਚੜ੍ਹਾ ਦਿੱਤਾ ।
ਤੇਰੇ ਸਿਦਕ ਪਰੇਮ ਦੇ ਤੱਕਲੇ ਤੇ,
ਐਸਾ ਦਿਲਾਂ ਨੂੰ ਸੂਤ ਬਣਾ ਦਿੱਤਾ ।
ਜੇਕਰ ਤੂੰ ਰੁਆਇਆ ਤੇ ਅਸੀਂ ਰੋ ਪਏ,
ਅਸੀਂ ਹੱਸੇ, ਜੇ ਤੂੰ ਹਸਾ ਦਿੱਤਾ ।
ਤੂਹੇਂ ਦੱਸ ਦੇ ਹੋਰ ਜੇ ਬੋਲ ਤੇਰਾ,
ਅਸਾਂ ਜਾਣ ਕੇ ਹੋਵੇ ਘੁਥਾ ਦਿੱਤਾ ।
ਭੁੱਲ ਵਿਚ ਜੇ ਪਿਤਾ ਜੀ ਅਸਾਂ ਕੋਈ,
ਤੇਰੇ ਹੁਕਮ ਦਾ ਮੋਤੀ ਗਵਾ ਦਿੱਤਾ ।
ਤਾਂ ਤੂੰ ਆਪ ਓਹ ਮੇਹਰ ਉਪਕਾਰ ਤੱਕੀਂ,
ਡੁੱਬੀ ਹਿੰਦ ਨੂੰ ਜਿਨ੍ਹੇ ਬਚਾ ਦਿੱਤਾ ।
ਲਿਖਤ ਪਾੜ ਬੇਦਾਵੇ ਦੀ ਜਿਕੂੰ ਪਹਿਲੋਂ,
ਸਾਡਾ ਮਾਨ ਸੀ ਤੁਸਾਂ ਵਧਾ ਦਿੱਤਾ ।
ਓਸੇ ਤਰਾਂ ਹੀ ਰੱਖ ਲੈ ਲਾਜ ਹੁਣ ਵੀ,
ਅਸਾਂ ਵਾਸਤਾ ਸਿੱਖੀ ਦਾ ਪਾ ਦਿੱਤਾ ।
ਵੇਖੀਂ ਮੋਤੀਆਂ ਵਾਲਿਆ ਜ਼ਰਾ ਅਰਸ਼ੋਂ,
ਕੀਹ ਕੁਝ ਜੱਗ ਨੇ ਜ਼ੁਲਮ ਕਮਾ ਦਿੱਤਾ।
ਤੇਰੇ ਹਾਰ ਦੇ ਸੁੱਚਿਆਂ ਹੀਰਿਆਂ ਨੂੰ,
ਫੜਕੇ ਖ਼ਾਕ ਦੇ ਵਿਚ ਰੁਲਾ ਦਿੱਤਾ।
ਕੁਝ ਤੇ ਰਾਖਿਆਂ ਨੀਂਦ ਵਿਗੁੱਤਿਆਂ ਨੇ,
ਤੇਰਾ ਪ੍ਰੇਮ ਬਗੀਚਾ ਲੁਟਾ ਦਿੱਤਾ।
ਤੇ ਕੁਝ ਬੇ ਇਤਫ਼ਾਕੀ ਦੀ ਲੋਅ ਤੱਤੀ,
ਵੱਗ ਵੱਗ ਕੇ ਸਾੜ ਸੁਕਾ ਦਿੱਤਾ।
ਓਸੇ ਤਰਾਂ ਮੁੜ ਏਸ ਦੀ ਸ਼ਾਨ ਸਾਜੋ,
ਜਿਵੇਂ ਅੱਗੇ ਸੀ ਤੁਸਾਂ ਮਹਿਕਾ ਦਿੱਤਾ।
'ਸ਼ਰਫ਼' ਅਸੀਂ ਵੀ ਕਹਾਂਗੇ ਫੇਰ ਤਾਂਤੇ,
ਸਾਡੇ ਗੁਰੂ ਨੇ ਸਾਨੂੰ ਵਸਾ ਦਿੱਤਾ ।

49. ਗਿਲਾ

ਰੋ ਰੋ ਖਾਲਸਾ ਕੱਲ੍ਹ ਇਕ ਆਖਦਾ ਸੀ,
ਗੁਰ ਜੀ ਛੱਡ ਨਾ ਬਿਨਾ ਕਸੂਰ ਸਾਨੂੰ ।
ਸਿਰ ਜਾਏ ਤੇ ਸਿਰੜ ਨਾ ਕਦੀ ਜਾਏ,
ਆਪੇ ਦੱਸਿਆ ਤੁਸਾਂ ਦਸਤੂਰ ਸਾਨੂੰ ।
ਹੁਣ ਪਏ ਸ਼ਾਨਤੀ ਦੀ ਪੱਟੀ ਬੰਨ੍ਹਦੇ ਹੋ,
ਅੰਮ੍ਰਿਤ ਪਾਨ ਦਾ ਚਾੜ੍ਹ ਸਰੂਰ ਸਾਨੂੰ ।
ਚੋਜਾਂ ਵਾਲਿਆ ਆਪੇ ਤੂੰ ਭੁੱਲ ਬੈਠੋਂ,
ਕਰ ਕੇ ਜੱਗ ਦੇ ਵਿਚ ਮਸ਼ਹੂਰ ਸਾਨੂੰ ।

ਅਬਚਲ ਨਗਰ ਵਾਲੀ ਮਿਠੀ ਨੀਂਦਰ ਅੰਦਰ,
ਜੇਕਰ ਵਿੱਸਰੇ ਤੁਸੀਂ ਹਜ਼ੂਰ ਸਾਨੂੰ ।
ਤਾਂਤੇ ਫੱਟ ਪੁਰਾਣੇ ਅਜ ਨਵੇਂ ਸਿਰਿਓਂ,
ਪੈ ਗਏ ਦੱਸਣੇ ਫੇਰ ਜ਼ਰੂਰ ਸਾਨੂੰ ।

ਗਿਰੀ ਨਦੀ ਤੇ ਜਮਨਾਂ ਦੇ ਰਣ ਅੰਦਰ,
ਡੋਬੂ ਕਾਂਗ ਬਣ ਕੇ ਅਸੀਂ ਫਿਰਨ ਵਾਲੇ ।
ਸੂਰਜ ਬੀਰਤਾ ਦਾ ਤੂੰ ਸੈਂ ਜੱਗ ਅੰਦਰ,
ਅਸੀਂ ਬਣ ਬਣ ਕੇ ਕਿਰਨਾਂ ਕਿਰਨ ਵਾਲੇ ।
ਬਾਈਧਾਰਾਂ ਦੇ ਤੋੜ ਕੇ ਵਲਗਣੇ ਨੂੰ,
ਤੇਰੇ ਕੜੇ ਦੇ ਘੇਰੇ ਵਿਚ ਘਿਰਨ ਵਾਲੇ ।
ਕੇਸਾਂ ਕੰਘਿਆਂ ਦੀ ਆਨ ਸ਼ਾਨ ਬਦਲੇ,
ਅਸੀਂ ਨਾਲ ਕਲਵੱਤਰਾਂ ਚਿਰਨ ਵਾਲੇ ।

ਤੇਰੀ ਤੇਗ਼ ਦੇ ਅੰਤਰੇ ਦੇਣ ਦਾ ਭੀ,
ਹੈ ਦਸਮੇਸ ਜੀ ਮਾਣ ਗ਼ਰੂਰ ਸਾਨੂੰ ।
ਕੇਸ ਗੜ੍ਹ ਦੇ ਕਿਲੇ ਦਾ ਰੋੜ ਇਕ ਇਕ,
ਪਿਆ ਕਹਿੰਦਾ ਏ ਜ਼ਿੰਦਾ ਮਨਸੂਰ ਸਾਨੂੰ ।

ਅਸੀਂ ਘੱਤ ਕੇ ਗਏ ਵਹੀਰ ਜਿੱਧਰ,
ਸ਼ੇਰਾਂ ਡਰਦਿਆਂ ਨੇ ਜੰਗਲ ਛੋੜ ਦਿੱਤੇ ।
ਸ਼ੀਸ਼ਾ ਆਤਸ਼ੀ ਤੇਗ ਦਾ ਦੱਸ ਕੇ ਤੇ,
ਸ਼ਾਹੀ ਦਲਾਂ ਦੇ ਮੂੰਹ ਸਨ ਮੋੜ ਦਿੱਤੇ ।
ਜੇਹੜੇ ਮੁੱਛਾਂ ਤੇ ਨਿੰਬੂ ਟਿਕਾਂਵਦੇ ਸਨ,
ਫੜ ਕੇ ਨਿੰਬੂ ਦੇ ਵਾਂਗ ਨਚੋੜ ਦਿੱਤੇ ।
ਤੇਰੇ ਛੋਲਿਆਂ ਦੀ ਮੁੱਠ ਮੁੱਠ ਖਾ ਕੇ,
ਖੀਵੇ ਹਾਥੀਆਂ ਦੇ ਸੀਸ ਤੋੜ ਦਿੱਤੇ ।

ਚਿੱਪਰ ਚਿੱਪਰ ਚਮਕੌਰ ਦੇ ਰੋੜ ਦਾਲੀ,
ਹੋਸੀ ਜਾਪਦੀ ਸੁਰਗਾਂ ਦੀ ਹੂਰ ਸਾਨੂੰ ।
ਤੈਨੂੰ ਮਿਲੀ ਜੇ ਕਿਤੋਂ ਬੰਦੂਕ ਡਾਲੀ,
ਉਹਦੀ ਗੋਲੀ ਸੀ ਵਾਂਗ ਅੰਗੂਰ ਸਾਨੂੰ।

ਹੱਛੀ ਤਰ੍ਹਾਂ ਹੈ ਤੇਨੂੰ ਭੀ ਏਹ ਚੇਤਾ,
ਤੈਥੋਂ ਕਿਸਤਰਾਂ ਜਾਨ ਘੁਮਾਂਵਦੇ ਸਾਂ।
ਤੇਰੇ ਚਰਨਾਂ ਦਾ ਖੋਜ ਜੋ ਮੇਟਦਾ ਸੀ,
ਅਸੀਂ ਜੱਗ ਤੋਂ ਓਹਨੂੰ ਮਿਟਾਂਵਦੇ ਸਾਂ ।
ਤੇਰੇ ਨਾਮ ਪਵਿੱਤ੍ਰ ਦੇ ਜਾਪ ਬਦਲੇ,
ਦੌਲਤ ਦੁਨੀਆਂ ਦੀ ਮੂੰਹ ਨ ਲਾਂਵਦੇ ਸਾਂ ।
ਸਿਰੋ ਪਾ ਜਗੀਰਾਂ ਨੂੰ ਸਮਝਦ ਖਿੱਦੋ,
ਅਸੀਂ ਠੇਡਿਆਂ ਨਾਲ ਉਡਾਂਵਦੇ ਸਾਂ ।

ਪਰਲੋ ਤੀਕ ਉਹ ਕਦੀ ਭੀ ਭੁਲਣਾ ਨਹੀਂ,
ਮੁਕਤਸਰ ਦਾ ਜਲਵਾ ਕੋਹਤੂਰ ਸਾਨੂੰ ।
ਧੰਨ ਧੰਨ ਸਿੱਖੀ ਤੂੰ ਭੀ ਆਖਿਆ ਸੀ,
ਕਰਕੇ ਆਪਣੀ ਨਜਰ ਮਨਜ਼ੂਰ ਸਾਨੂੰ ।

ਤਰਨਾ ਦਲ ਜੇ ਚੜ੍ਹ ਪਿਆ ਕਦੀ ਸਾਡਾ,
ਬਾਸ਼ਕ ਨਾਗ ਦੀ ਧੌਣ ਭੀ ਹੰਬਦੀ ਸੀ ।
ਤੀਰ ਵੇਖ ਕੇ ਤੇਰਿਆਂ ਬੰਦਿਆਂ ਦੇ,
ਪਈ ਦਿੱਲੀ ਦੀ ਭੌਂ ਵੀ ਕੰਬਦੀ ਸੀ ।
ਪਿੱਤੇ ਫੁੱਟੀਆਂ ਹੁੰਦੇ ਸਨ ਰੁਸਤਮਾਂ ਦੇ,
ਅਸਾਂ ਤੇਗ ਦੀ ਝੰਬਣੀ ਝੰਬਦੀ ਸੀ ।
ਅੱਗ ਵੇਖ ਕੇ ਸਾਡੀ ਬਹਾਦਰੀ ਦੀ,
ਹਾਂਡੀ ਰਿੱਝਦੀ ਕਾਹਨੂਆਂ ਛੰਭ ਦੀ ਸੀ ।

ਤਿੱਖੇ, ਖਿੰਘਰ ਉਹ ਪਰਬਤਾਂ ਖੂੰਧਰਾਂ ਦੇ,
ਹੈਸਨ ਲੱਗਦੇ ਵਾਂਗ ਸਮੂਰ ਸਾਨੂੰ ।
ਚੰਨ ਪੂਰਨਮਾਸ਼ੀ ਦਾ ਜਾਪਦਾ ਸੀ,
ਤੇਰੀ ਕਲਗੀ ਪਿਆਰੀ ਦਾ ਨੂਰ ਸਾਨੂੰ ।

ਸੁੰਦਰ ਮੀਰ ਸ਼ਿਕਾਰੀਆ ਕੇਸ ਤੇਰੇ,
ਪੈ ਗਏ ਗਲਾਂ ਦੇ ਵਿਚ ਕਮੰਦ ਹੋ ਕੇ ।
ਜੇ ਤੂੰ ਇਕ ਸ਼ਹੀਦੀ ਦੀ ਮੰਗ ਕੀਤੀ,
ਅਸਾਂ ਭਰੇ ਸਨ ਗੰਜ ਅਨੰਦ ਹੋ ਕੇ ।
ਚੜ੍ਹੇ, ਹੱਸਦੇ ਹੱਸਦੇ ਚਰਖ਼ੀਆਂ ਤੇ,
ਲੱਥੇ ਸੂਤ ਬਰੀਕ ਦੀ ਤੰਦ ਹੋ ਕੇ ।
ਗੋਬਿੰਦ ਨਾਮ ਦੇ ਹੀ ਅੱਖਰ ਲਿਖਦੇ ਸਨ,
ਕਲਮ ਕਲਮ ਸਾਡੇ ਬੰਦ ਬੰਦ ਹੋ ਕੇ ।

ਚੱਕੀ ਪੀਂਹਦੀਆਂ ਸਿੰਘ ਬੀਰੰਗਣਾਂ ਦੇ,
ਨਹੀਂ ਉਹ ਭੁੱਲਣੇ ਕਹਿਰ ਕਲੂਰ ਸਾਨੂੰ ।
ਟੋਟੇ ਪੁੱਤਾਂ ਦੇ ਝੋਲੀਆਂ ਵਿਚ ਪਾਉਣੇ,
ਪੱਕਾ ਯਾਦ ਹੈ ਸਬਰ ਸਬੂਰ ਸਾਨੂੰ ।

"ਗੰਢ ਗੜ੍ਹੀ" ਨਾਲੇ "ਨਾਨ ਗੁਲ" ਵਾਲਾ,
ਘੱਲੂਘਾਰਾ ਨਾ ਅਜੇ ਤਕ ਭੁੱਲਿਆ ਏ ।
ਥਾਂ ਥਾਂ ਠਿਰੀ ਪਹਾੜੀ ਦੇ ਪੱਥਰਾਂ ਤੇ,
ਤੇਰੇ ਸਾਰਿਆਂ ਦਾ ਖ਼ਨ ਡੁੱਲ੍ਹਿਆ ਏ ।
ਫੂਲਾ ਸਿੰਘ ਦੀ ਡੁੱਲ੍ਹੀ ਸੀ ਰੱਤ ਜਿੱਥੇ,
ਓਥੇ ਖ਼ੂਨੀ ਗੁਲਾਬ ਅੱਜ ਫੁੱਲਿਆ ਏ ।
ਬਣੀ 'ਹਰੀ-ਪੁਰ' ਫੁੱਲਾਂ ਦੀ ਮਹਿਕਦੀ ਏ,
ਜਿੱਥੇ ਹਰੀ ਸਿੰਘ ਦਾ ਮੁੜ੍ਹਕਾ ਰੁੱਲਿਆ ਏ ।

ਵਲ ਵਿੰਗ ਸਨ ਜਿਨ੍ਹਾਂ ਦੇ ਅਸਾਂ ਖੋਲ੍ਹੇ,
ਅਜ ਉਹ ਵੇਖਦੇ ਨੇ ਘੂਰ ਘੂਰ ਸਾਨੂੰ ।
ਕਰੀਏ ਕੀਹ ਕੋਈ ਥਾਂ ਨਹੀਂ ਵੇਹਲ ਦੇਂਦੀ,
ਜ਼ਿਮੀ ਸਖ਼ਤ ਤੇ ਅੰਬਰ ਹੈ ਦੂਰ ਸਾਨੂੰ ।

ਕੀਤੇ ਕੌਲ ਇਕਰਾਰ ਨਿਭਾਏ ਪਿੱਛੇ,
ਅਗ੍ਹਾਂ ਪਾਲ ਵਿਖਾਉਣੀਆਂ ਬੋਲੀਆਂ ਨੇ ।
ਅਜੇ ਕੱਲ ਨਨਕਾਣੇ ਦੇ ਵਿਚ ਜਾਕੇ ,
ਰੱਤ ਭਿੰਨੀਆਂ ਖੇਡੀਆਂ ਹੋਲੀਆਂ ਨੇ ।
ਫੱਟ ਵੇਖ ਲੈ ਗੁਰੂ ਦੇ ਬਾਗ਼ ਦੇ ਭੀ,
ਅਸਾਂ ਅੱਕ ਕੇ ਛਾਤੀਆਂ ਖੋਲ੍ਹੀਆਂ ਨੇ ।
ਜੈਤੋਂ ਵਿਚ ਜਾ ਜਾ ਹੰਸਾਂ ਤੇਰਿਆਂ ਨੇ,
ਮੋਤੀ ਜਾਣ ਕੇ ਖਾਧੀਆਂ ਗੋਲੀਆਂ ਨੇ ।

ਇਹੋ ਜਹੀ ਪਰੀਖਯਾ ਕਰ ਕੇ ਭੀ,
ਹੁਣ ਤੇ ਪਾਰ ਲਾਉਂਦੋਂ ਪਹਿਲੇ ਪੂਰ ਸਾਨੂੰ ।
ਨੀਲੇ ਵਾਲਿਆ ! ਤੇਰੀ ਉਡੀਕ ਅੰਦਰ,
ਪੈ ਗਏ ਅੱਖੀਆਂ ਵਿਚ ਨਥੂਰ ਸਾਨੂੰ ।

ਹੁਣ ਏਹ ਤੌਖਲਾ ਏ ਮੱਥੇ ਸਾਰਿਆਂ ਦੇ,
ਕਿਤੇ ਹੋਰ ਕਲੰਕ ਨਾਂ ਲੱਗ ਜਾਵੇ ।
ਵਾ ਪੱਛਮੀ ਜੇਹੜੀ ਏਹ ਸੁਰਕਦੀ ਏ,
ਬਣ ਕੇ ਕਿਤੇ ਹਨੇਰੀ ਨਾ ਵੱਗ ਜਾਵੇ ।
ਆਪੋ ਵਿਚ ਖਹਿ ਖਹਿ ਵਾਂਸ ਵਾਂਗ ਕਿਧਰੇ,
ਏਸ ਝੱਲ ਨੂੰ ਅੱਗ ਨਾ ਲੱਗ ਜਾਵੇ ।
ਸਾਨੂੰ ਰੋਂਦਿਆਂ ਵੇਖ ਕੇ ਮਤਾਂ ਪਿੱਛੋਂ,
ਕਰਦਾ ਚਿੱਘੀਆਂ ਹੱਸਦਾ ਜੱਗ ਜਾਵੇ ।

'ਸ਼ਰਫ਼' ਦਾਨ ਇਤਫਾਕ ਦਾ ਮੰਗਦੇ ਹਾਂ,
ਕਰੋ ਮੇਹਰ ਦੇ ਨਾਲ ਭਰਪੂਰ ਸਾਨੂੰ।
ਕਲਗ਼ੀ ਵਾਲਿਆ ! ਜੋੜ ਦੇ ਫੇਰ ਮੁੜ ਕੇ,
ਕੀਤਾ ਫੁੱਟ ਡਾਢਾ ਚਕਨਾਚੂਰ ਸਾਨੂੰ ।

50. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

(ਏਹ ਕਵਿਤਾ ਉਸ ਸਮੇਂ ਲਿਖੀ ਗਈ ਸੀ,
ਜਦ ਕਿਸੇ ਪਾਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਬੀੜ ਨੂੰ ਹਰੀ ਪੁਰ ਵਿਖੇ ਅੱਗ ਲਾ
ਦਿੱਤੀ ਸੀ ਤੇ ਸਿੱਖ ਪੰਥ ਵਿੱਚ ਬੜਾ ਹਾਹਾਕਾਰ
ਮਚਿਆ ਸੀ)

ਸਾਕੇ ਆਣਕੇ ਗੁਰੂ ਗ੍ਰੰਥ ਜੀ ਦੇ,
ਮੇਰੇ ਚਿੱਤ ਤੇ ਇਸ ਤਰ੍ਹਾਂ ਵਾਰ ਕੀਤਾ।
ਸੱਤੀਂ ਕੱਪੜੀਂ ਲੱਗ ਗਈ ਅੱਗ ਮੈਨੂੰ,
ਹਿਰਦਾ ਸਾੜ ਕੇ ਵਾਂਗ ਅੰਗਿਆਰ ਕੀਤਾ।
ਘਰੋਂ ਨਿਕਲ ਕੇ ਬਾਹਰ ਨੂੰ ਤੁਰ ਪਿਆ ਮੈਂ,
ਚੇਟਕ ਚਿੱਤ ਨੂੰ ਆਣ ਉਡਾਰ ਕੀਤਾ।
ਅੱਗੇ, ਪੰਡਤ, ਗ੍ਰੰਥੀ ਤੇ ਮੌਲਵੀ ਦਾ,
ਕੱਠੇ ਬੈਠਿਆਂ ਜਾ ਦੀਦਾਰ ਕੀਤਾ।

ਆਦਰ ਨਾਲ ਗ੍ਰੰਥੀ ਨੂੰ ਫਤਹ ਬੋਲੀ,
ਪੰਡਤ ਸਾਹਿਬ ਨੂੰ ਵੀ ਨਮਸ਼ਕਾਰ ਕੀਤਾ।
ਕਿਹਾ ਫੇਰ ਸਲਾਮ ਮੈਂ ਮੌਲਵੀ ਨੂੰ,
ਕਿੱਸਾ ਸ਼ੁਰੂ ਤਾਂ ਲੋੜ ਅਨੁਸਾਰ ਕੀਤਾ।
ਕਰਕੇ ਮੇਹਰਬਾਨੀ ਤਿੰਨੇ ਦੱਸ ਦੇਣਾ,
ਏਸ ਗੱਲ ਮੈਨੂੰ ਬੇਕਰਾਰ ਕੀਤਾ।
ਗ਼ੈਰ ਦੀਨ ਦੀਆਂ ਧਰਮ ਪੁਸਤਕਾਂ ਲਈ,
ਜੋ ਜੋ ਆਪਦੇ ਮਜ਼ਹਬ ਪਰਚਾਰ ਕੀਤਾ।

ਵਾਸੀ ਕਾਂਸ਼ੀ ਦੇ ਪੰਡਤ ਜੀ 'ਓਮ' ਕਹਿ ਕੇ,
ਪਹਿਲੇ ਆਪਣਾ ਆਪ ਤਿਆਰ ਕੀਤਾ।
'ਏਕੋ ਬ੍ਰਹਮ ਤੇ ਸਰਬ ਬ੍ਰਹਮ ਮੰਤਰ',
ਰਿਗ ਵੇਦ ਦੇ ਵਿਚੋਂ ਉਚਾਰ ਕੀਤਾ।
ਅਰਥ ਏਹ ਕਿ ਆਪ ਪਰਮਾਤਮਾਂ ਨੇ,
ਜ਼ੱਰੇ ਜ਼ੱਰੇ ਦੇ ਵਿਚ ਅਵਤਾਰ ਕੀਤਾ।
ਉਹਦੇ ਵਾਸਤੇ ਸਭਨਾਂ ਦਾ ਇਕ ਰੁਤਬਾ,
ਜੀਵ ਜੰਤ ਜੋ ਵਿਚ ਸੰਸਾਰ ਕੀਤਾ।
ਕੀਤੀ ਕ੍ਰਿਪਾ ਬ੍ਰਹਮਨ ਤੇ ਨਹੀਂ ਉੱਚੀ,
ਤੇ ਨਹੀਂ ਸ਼ੂਦਰ ਨੂੰ ਘੱਟ ਪਿਆਰ ਕੀਤਾ।
ਰਾਮ-ਲਛਮਣ ਭੀ ਉਸੇ ਉਪਾਏ ਹੈਸਨ,
ਪਰਗਟ ਓਸੇ ਨੇ ਚੇਤਾ ਚਮਿਆਰ ਕੀਤਾ।

ਸਤਿਨਾਮ ਕਰਕੇ ਬੋਲੇ ਭਾਈ ਸਾਹਿਬ,
ਸਾਡੇ ਧਰਮ ਨੇ ਇਹ ਪਰਚਾਰ ਕੀਤਾ:
ਕਹੋ ਬੇਦ ਕਤੇਬ ਨੂੰ ਮਤ ਝੂਠਾ,
ਝੂਠਾ ਉਹ, ਨਾ ਜਿਹਨੇ ਵਿਚਾਰ ਕੀਤਾ।
ਉਹ ਰੱਦਿਆ ਗਿਆ ਦਰਗਾਹ ਵਿਚੋਂ,
ਏਸ ਗੱਲ ਤੋਂ ਜਿਨ੍ਹੇ ਇਨਕਾਰ ਕੀਤਾ।
ਰਚਨਾ ਉਸੇ ਦੀ ਸਾਰੀ ਰਚਾਈ ਹੋਈ ਏ,
ਜੋ ਜੋ ਜੱਗ ਦੇ ਵਿਚ ਕਰਤਾਰ ਕੀਤਾ।
ਵੱਖੋ ਵੱਖਰਾ ਨਾਮ ਜਪਾਉਣ ਬਦਲੇ,
ਰੰਗ ਰੰਗ ਉਪਾ ਪਸਾਰ ਕੀਤਾ।
ਇੱਕੋ ਟਾਹਣੀ ਉੱਤੇ ਕੰਡਾ ਫੁੱਲ ਲਾ ਕੇ,
ਘ੍ਰਿਣਾ ਈਰਖਾ ਵਿੱਚ ਸੁਧਾਰ ਕੀਤਾ।
ਕਿਸੇ ਹੱਥ ਕੜਾ, ਕਿਸੇ ਹੱਥ ਤਸਬੀ,
ਗਲ ਕਿਸੇ ਦੇ ਜੰਞੂ ਦਾ ਹਾਰ ਕੀਤਾ।
ਇਕਨਾਂ ਸੋਹਣੀਆਂ ਸ਼ਹੁ ਭਰਮਾਣ ਬਦਲੇ,
ਰੰਗ ਰੰਗ ਦਾ ਹਾਰ ਸ਼ਿੰਗਾਰ ਕੀਤਾ।
ਇਕਨਾਂ ਚਾਤਰਾਂ ਵਿੱਦਿਆ ਪੜ੍ਹ ਪੜ੍ਹ ਕੇ,
ਅਕਲ ਬੁੱਧ ਦਾ ਮਾਨ ਹੰਕਾਰ ਕੀਤਾ।
ਇਕਨਾਂ ਕੋਝੀਆਂ ਓਸ ਨਿਰਪੱਖ ਸ਼ਹੁ ਦਾ,
ਕਰਕੇ ਆਸਰਾ ਚਿੱਤ ਅਧਾਰ ਕੀਤਾ।
ਓਥੇ ਕੌਣ ਸੁਹਾਗਣ ਕੌਣ ਰੰਡੀ,
ਖਬਰੇ ਕਿਨੂੰ ਮਨਜ਼ੂਰ ਸਰਕਾਰ ਕੀਤਾ?

ਫੇਰ ਮੌਲਵੀ ਸਾਹਿਬ ਨੇ ਆਖਿਆ ਏਹ,
ਸੁਨ ਲੈ ਸਾਫ਼ ਕੁਰਆਨ ਇਜ਼ਹਾਰ ਕੀਤਾ।
'ਵਮਾਉਨਜ਼ਿਲਾ ਅਲੈਕਾਵਮਾਉਨਜ਼ਿਲਾ,
ਮਿਨਕਬਲਿਕ' ਦਾ ਜ਼ਾਹਿਰ ਇਸਰਾਰ ਕੀਤਾ।
'ਵਲੇ ਕੁੱਲੇ ਕੋਮਿ ਨਹਾਦ' ਵਾਲੜਾ ਭੀ,
ਸਾਫ਼ ਸਾਫ ਹੈ ਹੁਕਮ ਗੁਫਾਰ ਕੀਤਾ।
ਅਰਥ ਇਹ ਕਿ ਥਾਂ ਥਾਂ ਕੌਮ ਅੰਦਰ,
ਪਰਗਟ ਰਿਸ਼ੀ ਪੈਗੰਬਰ ਅਵਤਾਰ ਕੀਤਾ।
ਉਹਨਾਂ ਹੱਥ ਕਿਤਾਬਾਂ ਭੀ ਘੱਲੀਆਂ ਨੇ,
ਤਾਂ ਜੇ ਸੱਚ ਦਾ ਜਾਏ ਇਤਬਾਰ ਕੀਤਾ।
ਕਿਸੇ ਓਸਨੂੰ 'ਲਾ ਸ਼ਰੀਕ' ਕਿਹਾ,
ਕਿਸੇ ਤਰਜਮਾਂ ਇਕ ਓਅੰਕਾਰ ਕੀਤਾ।
ਆਦਰ ਦੂਜਿਆਂ ਮਜ਼੍ਹਬਾਂ ਦਾ ਕਰਨ ਬਦਲੇ,
ਸਾਫ਼ ਹੁਕਮ ਏਹ ਅਹਿਮਦ ਮੁਖ਼ਤਾਰ ਕੀਤਾ।
ਬੁਰਾ ਬੋਲ ਕੇ ਕਿਸੇ ਦੇ ਬੁੱਤ ਨੂੰ ਵੀ,
ਓਹਦਾ ਦਿਲ ਨਾ ਜਾਏ ਬੇਜ਼ਾਰ ਕੀਤਾ।
ਤੇਰੇ ਅੱਲਾ ਨੂੰ ਕੱਢੇਗਾ ਗਾਲ ਓਹ ਭੀ,
ਜੇ ਤੂੰ ਕਿਸੇ ਦੇ ਬੁੱਤ ਤੇ ਵਾਰ ਕੀਤਾ।
ਜ਼ਾਤ ਪਾਤ ਦੀ ਓਸ ਨਹੀਂ ਰਈ ਕਰਨੀ,
ਬੇੜਾ ਅਮਲਾਂ ਤੇ ਜਾਣਾ ਏਂ ਪਾਰ ਕੀਤਾ।

ਮੈਂ ਏਹ ਬੋਲ ਨਿਰੋਲ ਨਿਰਪੱਖ ਸੁਣ ਕੇ,
ਸੜਦੇ ਕਾਲਜੇ ਨੂੰ ਠੰਢਾ ਠਾਰ ਕੀਤਾ।
ਫੇਰ ਆਖਿਆ ਮੈਂ ਹਰੀ ਪੁਰ ਅੰਦਰ,
ਦੇਖੋ ਜ਼ੁਲਮ ਇਹ ਕਿਸੇ ਬੁਰਿਆਰ ਕੀਤਾ।
ਅੱਗ ਲਾ ਕੇ ਗੁਰੂ ਗ੍ਰੰਥ ਜੀ ਨੂੰ,
ਸੌਦਾ ਨਰਕ ਦਾ ਜੱਗ ਵਿਚਕਾਰ ਕੀਤਾ।
ਹਹੁਕਾ ਮਾਰ ਕੇ ਬੋਲ ਸਰਾਪ ਵਾਲਾ,
ਜਾਰੀ ਉਨ੍ਹਾਂ ਏਹ ਸੁਣਦਿਆਂ ਸਾਰ ਕੀਤਾ:-
ਉਹਦਾ ਕਫ਼ਨ ਭੀ ਉਹਨੂੰ ਫਿਟਕਾਰ ਦੇਗਾ,
ਜਿਸਨੇ ਇਸ ਤਰਾਂ ਅੱਤਯਾਚਾਰ ਕੀਤਾ।
ਕਾਲਖ ਪਾਪ ਦੀ ਜੱਗ ਤੇ ਆਪ ਲੈ ਕੇ,
ਕਾਲਾ ਮੂੰਹ ਹੈ ਓਸ ਮੁਰਦਾਰ ਕੀਤਾ।
ਲਾਈ ਓਸਨੇ ਅੱਗ ਗ੍ਰੰਥ ਨੂੰ ਨਹੀਂ,
ਹੱਥੀਂ ਨਰਕ ਦਾ ਆਪ ਵਿਹਾਰ ਕੀਤਾ।
ਸੜ ਗਏ ਜਿਊਂਦਿਆਂ ਜੱਗ ਤੇ ਭਾਗ ਉਹਦੇ,
ਮੁਰਦਾ ਅੰਤ ਦੇ ਵਿੱਚ ਖ਼ਵਾਰ ਕੀਤਾ।
'ਸ਼ਰਫ਼' ਸੱਚ ਨੂੰ ਕਦੀ ਨਹੀਂ ਆਂਚ ਹੁੰਦੀ,
ਸੜ ਕੇ ਬੀੜ ਨੇ ਪੰਥ ਗੁਲਜ਼ਾਰ ਕੀਤਾ।

51. ਦਸਮੇਸ ਜੀ ਦਾ ਅੰਮ੍ਰਤ

ਜੇ ਤੂੰ ਅੰਮ੍ਰਿਤ ਦੀ ਸ਼ਕਤੀ ਨੂੰ ਵੇਖਣਾ ਏਂ,
ਸਿੱਖ ਸਿੱਖੀ ਦੇ ਸਾਰੇ ਦਸਤੂਰ ਪਹਿਲਾਂ
ਪੰਜਾਂ ਪਿਆਰਿਆਂ ਵਾਂਗ ਸਿਰਲੱਥ ਹੋ ਕੇ,
ਹੋ ਜਾ ਗੁਰਾਂ ਦੇ ਪੇ ਹਜ਼ੂਰ ਪਹਿਲਾਂ ।
ਮਨੀ ਸਿੰਘ ਤੇ ਪਿਆਰੇ ਸਬੇਗ ਸਿੰਘ ਦਾ,
ਕਿਤੋਂ ਲੱਭ ਲੈ ਸਬਰ ਸਬੂਰ ਪਹਿਲਾਂ ।
ਤਾਰੂ ਸਿੰਘ ਤੇ ਪਿਆਰੇ ਸ਼ਾਹਬਾਜ਼ ਵਾਂਗੂੰ,
ਸਿੱਖ ਝੱਲਣਾ ਕਹਿਰ ਕਲੂਰ ਪਹਿਲਾਂ ।
ਗੱਲ ਬਾਲ ਦੀ ਕਰੇ ਕਿਆਸ ਵੱਡਾ,
ਸਮਝੀਂ ਜੱਗ ਦੀ ਮਿਸਲ ਮਸ਼ਹੂਰ ਪਹਿਲਾਂ ।
ਦਸਮ ਪਿਤਾ ਦਿਆਂ ਸਾਹਿਬ ਜ਼ਾਦਿਆਂ ਦਾ,
ਲੱਭ ਸਿਦਕ ਤੇ ਸਿਰੜ ਸ਼ਊਰ ਪਹਿਲਾਂ ।
ਅਨਲਹੱਕ ਪੁਕਾਰ ਕੇ ਹੱਕ ਬਦਲੇ,
ਚੜ੍ਹ ਜਾ ਸੂਲੀ ਤੇ ਵਾਂਗ ਮਨਸੂਰ ਪਹਿਲਾਂ ।
ਤੇਰੀ ਕੌਮ ਨੂੰ ਗੋਲੀਆਂ ਪੈਣ ਪਿਛੋਂ,
ਤੇਰੇ ਜਿਗਰ ਵਿਚ ਹੋਣ ਨਥੂਰ ਪਹਿਲਾਂ ।
ਜੇਕਰ ਪੰਥ ਨੂੰ ਜ਼ਰਾ ਝਰੀਟ ਲੱਗੇ,
ਤੇਰੇ ਦਿਲ ਦੇ ਟੁੱਟਨ ਅੰਗੂਰ ਪਹਿਲਾਂ ।
ਗੁੰਝਲ ਵਲ ਜੇ ਗ਼ੈਰਾਂ ਦੇ ਖੋਲ੍ਹਣੇ ਨੀ,
ਤਾਂ ਤੂੰ ਆਪਣੇ ਆਪ ਨੂੰ ਘੂਰ ਪਹਿਲਾਂ ।
ਮੁੱਦਾ ਜੇਕਰ ਅਜ਼ਾਦੀ ਨੂੰ ਲੱਭਣਾਂ ਈਂ,
ਸਿੱਖ ਉੱਡਣਾ ਵਾਂਗ ਕਾਫੂਰ ਪਹਿਲਾਂ ।
ਅੰਮ੍ਰਿਤ ਪੀ ਕੇ ਓਹੋ ਹੀ ਅਮਰ ਹੋਏ,
ਕੀਤਾ ਜਿਨ੍ਹਾਂ ਨੇ ਮਰਨ ਮਨਜ਼ੂਰ ਪਹਿਲਾਂ ।
ਮਗਰੋਂ ਅੰਬ ਨੂੰ ਅੰਬੀਆਂ ਲਗਦੀਆਂ ਨੇ,
ਜਦੋਂ ਵਾਰਦਾ ਆਪਣਾ ਬੂਰ ਪਹਿਲਾਂ ।
ਤਾਰ ਤਾਰ ਚੋਂ ਆਸਾ ਦੀ ਵਾਰ ਨਿਕਲੇ,
ਝੱਲੇ ਸੱਥਰੇ ਜਦੋਂ ਤੰਬੂਰ ਪਹਿਲਾਂ ।
ਮੋਇਆਂ ਬਾਝ ਨ ਸੁਰਗ ਨਸੀਬ ਹੋਵੇ,
ਸੁਰਗਾਂ ਬਾਝ ਨੇ ਲੋਭਦੀ ਹੂਰ ਪਹਿਲਾਂ ।
ਸੁਰਮਾਂ ਬਣ ਗਿਆ ਜੱਗ ਦੇ ਦੀਦਿਆਂ ਦਾ,
ਜਦੋਂ ਸੜ ਗਿਆ 'ਸ਼ਰਫ਼' ਕੋਹਤੂਰ ਪਹਿਲਾਂ ।

52. ਮਹਾਰਾਜਾ ਰਣਜੀਤ ਸਿੰਘ ਤੇ
ਸ੍ਰੀ ਹਜ਼ੂਰ ਸਾਹਿਬ ਜੀ

ਪੁਤਲਾ ਨਿਆਉਂ ਦਾ ਤੇ
ਮੇਘ ਉਪਕਾਰ ਦਾ ਉਹ,
ਦੁਨੀਆਂ ਦਾ ਦਾਰੂ
ਸਰਕਾਰ ਰਣਜੀਤ ਸਿੰਘ ।

ਲਾਡਲਾ ਸਪੂਤ ਹੈਸੀ ਐਡਾ
ਉਹ ਬਹਾਦਰੀ ਦਾ,
ਲੰਘ ਜਾਏ ਅਟਕ ਨੂੰ
ਖਲ੍ਹਿਹਾਰ ਰਣਜੀਤ ਸਿੰਘ ।

ਮੱਛੀ ਵਾਂਗੂੰ ਫੜ ਤਲ
ਵਾਰ ਦਿਤਾ ਵੈਰੀਆਂ ਨੂੰ,
ਧੂਹੀ ਜੇਹੜੇ ਪਾਸੇ
ਤਲਵਾਰ ਰਣਜੀਤ ਸਿੰਘ ।

ਦਾਹੜੀ ਅਤੇ ਮੁੱਛਾਂ ਦੇ
ਵਜ਼ੀਫ਼ੇ ਜੇਹੜਾ ਲਾ ਦੇਵੇ,
ਹੈਸੀ ਮਰਦਾਂ ਬੀਰਾਂ ਦਾ ਉਹ
ਯਾਰ ਰਣਜੀਤ ਸਿੰਘ ।

ਪਾਣੀ ਵਾਂਗੂੰ ਤੁਰ ਤੁਰ
ਨੀਵੇਂ ਵੱਲ ਜਾਣ ਵਾਲਾ,
ਨੀਵੇਂ ਨਾਲ ਰੱਖਿਆ,
ਪਿਆਰ ਰਣਜੀਤ ਸਿੰਘ ।

ਸੰਗਤਾਂ ਦੇ ਹੁਕਮ ਅੱਗੇ
ਹੱਥ ਬੰਨ੍ਹ ਖੜਾ ਹੋਵੇ,
ਖਾਣ ਲਈ ਕੋਟੜੇ
ਤਿਆਰ ਰਣਜੀਤ ਸਿੰਘ ।

ਰਾਜਿਆਂ ਦਾ ਸ਼ਾਹ ਤੇ
ਫ਼ਕੀਰਾਂ ਦਾ ਫ਼ਕੀਰ ਹੈਸੀ,
ਗੋਦੜੀ ਦਾ ਲਾਲ
ਸਰਦਾਰ ਰਣਜੀਤ ਸਿੰਘ ।

'ਸ਼ਰਫ਼' ਅੰਸ ਆਪਣੀ ਮਿਟਾਕੇ
ਏਸ ਜੱਗ ਉੱਤੋਂ,
ਗਿਆ ਅਬਚਲ ਤਖ਼ਤ ਨੂੰ
ਉਸਾਰ ਰਣਜੀਤ ਸਿੰਘ ।

53. ਡੁੱਬਾ ਹੋਇਆ ਤਾਰਾ

[ਮਹਾਰਾਜਾ ਸ਼ੇਰ ਸਿੰਘ ਦੀ ਸਮਾਧ]

ਉੱਠ ਕੇ ਸਵੇਰੇ ਅੱਜ
ਸੈਲ ਦੀ ਤਰੰਗ ਵਿੱਚ,
ਹਾਲ ਜਾਕੇ ਵੇਖਿਆ ਮੈਂ
ਸ਼ਾਹੀ ਸ਼ਮਸ਼ਾਨ ।

ਇਕ ਪਾਸੇ ਕੌਰ
ਰਾਣੀ ਦੀ ਸਮਾਧ ਹੈਸੀ
ਬੂਹਾ ਖੁਲ੍ਹਾ ਰੱਖਿਆ ਮੈਂ
ਫ਼ਨਾਹ ਦੇ ਮਕਾਨ ਦਾ ।

ਦੂਜੇ ਪਾਸੇ ਲੇਟੀ ਹੋਈ
ਰਾਣੀ ਪਰਤਾਪ ਕੌਰ,
ਦਸਦੀ ਪ੍ਰੇਮ ਹੈਸੀ
ਪਤੀ ਸੁਲਤਾਨ ਦਾ ।

ਪਤੀਬ੍ਰਤਾ ਨਾਲ ਓਹਦੀ
ਮੜ੍ਹੀ ਏਦਾਂ ਮੜ੍ਹੀ ਹੋਈ ਸੀ,
ਜ਼ਰੀ ਨਾਲ ਮੜ੍ਹੀਏ ਜਿਵੇਂ
ਸਾਲੂ ਹਲਵਾਨ ਦਾ ।

ਇਨ੍ਹਾਂ ਦੋਹਾਂ ਰਾਣੀਆਂ ਦੀ
ਵਿਚਲੀ ਸਮਾਧ ਵਿੱਚ,
ਸੁੱਤਾ ਹੋਇਆ ਸ਼ੇਰ ਹੈਸੀ
ਜੰਗ ਦੇ ਮੈਦਾਨ ਦਾ ।

ਸਾਹਮਣੇ ਹੀ ਲੰਮਾ ਪਿਆ,
ਪੁੱਤ ਚੌਦਾਂ ਵਰ੍ਹਿਆਂ ਦਾ,
ਚੌਧਵੀਂ ਦੇ ਚੰਨ ਨੂੰ ਸੀ
ਜੇਹੜਾ ਕਦੀ ਰਾਨਦਾ।

ਵੇਖ ਕੇ ਸ਼ਹੀਦ ਦੋਵੇਂ
ਇਕੋ ਹੀ ਸਮਾਧ ਵਿਚ,
ਗੁੰਬਜ਼ ਪਿਆ ਆਂਹਦਾ ਸੀ ਇਹ
ਓਸ ਅਸਥਾਨ ਦਾ ।

ਤੁਲਾ ਰਾਸ਼ੀ ਵਿੱਚ ਜਾ ਕੇ
ਮੇਲ ਏਦ੍ਹਾ ਹੋਂਵਦਾ ਏ,
ਡੁੱਬੇ ਹੋਏ ਚੰਦ ਤੇ
ਗ੍ਰਹਿਣੇ ਹੋਏ ਭਾਨ ਦਾ ।

ਕੰਧ ਉੱਤੇ ਪਈਆਂ ਹੋਈਆਂ
ਮੂਰਤਾਂ ਨੇ ਵੇਖ ਮੈਨੂੰ
ਚੁੱਪ ਦੀ ਕਮਾਨੋਂ ਲਾਇਆ
ਤੀਰ ਇਹ ਗਿਆਨ ਦਾ:-

ਅਖੀਆਂ ਦੇ ਕਾਂਟੇ ਵਿਚ
ਅੱਜ ਕੀ ਤੇ ਤੋਲਦਾ ਏਂ ?
ਬਾਦਸ਼ਾਹੀ ਸੌਦਾ ਏਸ
ਉੱਜੜੀ ਦੁਕਾਨ ਦਾ ।

ਸੋਨੇ ਦੀ ਜ਼ਮੀਨ ਕਲ੍ਹ
ਪੈਰ ਜਿਹਦੇ ਚੁੰਮਦੀ ਸੀ,
ਅੱਜ ਓਹਨੇ ਮੱਲਿਆ ਏ
ਵਾਸਾ ਬੀਆਬਾਨ ਦਾ ।

ਮੋਤੀਆਂ ਦਾ ਚੌਰ ਜਿਨੂੰ
ਝੂਲਦਾ ਸੀ ਕੱਲ੍ਹ ਪਿਆ,
ਅੱਜ ਓਹਦੇ ਫੁੱਲਾਂ ਤੇ ਹੈ
ਕਹਿਣਾ ਜਾਲ ਤਾਨਦਾ ।

ਕੱਲ ਜੇਹੜੇ ਸੂਰਮੇ ਦੇ
ਧੌਂਸਿਆਂ ਦੀ ਗੂੰਜ ਨਾਲ,
ਕੰਬਦਾ ਕਲੇਜਾ ਹੈਸੀ
ਜ਼ਿਮੀ ਅਸਮਾਨ ਦਾ ।

ਓਸਦੀ ਸਮਾਧ ਉੱਤੇ
ਤੂੰ ਭੀ ਅੱਜ ਵੇਖ ਲਵੀਂ
ਘਟ ਵਾਙੂੰ ਛਾਯਾ ਹੋਇਆ
ਸਮਾਂ ਚੁੱਪ-ਚਾਨ ਦਾ ।

ਕੰਧ ਉੱਤੇ ਪਈਆਂ ਹੋਈਆਂ
ਓਨ੍ਹਾਂ ਚੁੱਪ ਮੂਰਤਾਂ ਨੇ,
ਦਿੱਤਾ ਮੈਨੂੰ ਸਬਕ ਐਸਾ
ਚੁੱਪ ਦੀ ਜ਼ਬਾਨ ਦਾ ।

ਢਹੀਆਂ ਹੋਈਆਂ ਚਿਪਰਾਂ ਤੇ
ਪੈ ਗਈਆਂ ਤ੍ਰੇੜਾਂ ਵਿੱਚੋਂ,
ਥੇਹ ਵਾਂਙੂੰ ਵੇਖਿਆ ਮੈਂ
ਨਕਸ਼ਾ ਜਹਾਨ ਦਾ ।

ਵੇਖ ਕੇ ਸਮਾਧ ਜਦੋਂ
ਬਾਰਾਂਦਰੀ ਵੱਲ ਹੋਇਆ,
ਡਿੱਠਾ ਮੈਂ ਸਿਆਪਾ ਪਿਆ
ਡਾਢੇ ਘਮਸਾਨ ਦਾ ।

ਬਾਹਾਂ ਕੱਢ ਲੰਮੀਆਂ
ਖਜੂਰਾਂ ਨੇ ਅਲਾਹਣੀ ਦਿੱਤੀ,
ਪਿੱਟ ਪਿੱਟ ਨਾਸ ਕੀਤਾ
ਪਿੱਪਲਾਂ ਨੇ ਜਾਨ ਦਾ ।

ਚੀਕਾਂ ਮਾਰ ਮਾਰ ਕੇ ਤੇ
ਚੂਥੀਆਂ ਨੇ ਵੈਣ ਪਾਏ
ਖ਼ੂਨੀ ਸਫ਼ਾ ਖੋਹਲ ਦਿੱਤਾ
ਬੂਹੇ ਨੇ ਦਲਾਨ ਦਾ ।

ਰਤੀ ਭੀ ਨ ਸੰਗ ਕੀਤੀ,
ਜਾਲੀ ਮਰਮਰ ਦੀ ਨੇ,
ਸੀਨੇ ਤੇ ਵਿਖਾਇਆ ਫੱਟ
ਗੋਲੀ ਦੇ ਨਿਸ਼ਾਨ ਦਾ ।

ਹੂੰਗ ਹੂੰਗ ਆਖਿਆ ਏਹ
ਬੁੱਢੇ ਦਰਿਆ ਮੈਨੂੰ,
ਬੱਚਾ ਐਡਾ ਹੌਂਸਲਾ ਸੀ
ਓਸ ਭਗਵਾਨ ਦਾ ।

ਤੇਗ਼ ਨਾਲ ਸੀਸ ਨੂੰ ਭੀ
ਓਹਦੇ ਅੱਗੇ ਰੱਖਦਾ ਸੀ,
ਲਾਗੂ ਜਿਨੂੰ ਜਾਣਦਾ ਸੀ ।
ਆਪਣੀ ਓਹ ਜਾਨ ਦਾ ।

ਚੋਰੀ ਬਦਮਾਸ਼ੀ ਕਰੇ
ਜਿਹੜਾ ਓਹਦੇ ਰਾਜ ਵਿਚ,
ਇਹੋ ਜੇਹਾ ਹੀਆ
ਕਿਸ ਮਾਂ ਦੇ ਜਵਾਨ ਦਾ ।

ਬੂਹੇ ਚੱਨੇ ਖੋਹਲਕੇ
ਨਿਸ਼ੰਗ ਲੋਕੀ ਸੌਣ ਪਏ,
ਬੀੜਾ ਬੀ ਨ ਗੁੰਮਦਾ ਸੀ ।
ਕਿਸੇ ਇਨਸਾਨ ਦਾ।

ਬੁਧਕੀਆਂ ਦੁਸ਼ਾਲੇ ਤੇ
ਇਨਾਮ ਕੜੇ ਵੰਡ ਵੰਡ,
ਘਰ ਘਰ ਬੀਜਿਆ ਸੀ
ਸੋਨਾ ਉਹਨੇ ਦਾਨ ਦਾ ।

ਕਾਬਲੋਂ ਛੁਡਾਇਆ ਓਹਨੇ
ਲੇਡੀਆਂ ਤੇ ਗੋਰਿਆਂ ਨੂੰ,
ਲੰਦਨ ਉੱਤੇ ਲੱਦ ਦਿਤਾ
ਭਾਰ ਇਹ ਅਹਿਸਾਨ ਦਾ।

ਛੜੇ ਓਹਦੇ ਅੱਖਰਾਂ 'ਚ
ਬਲ ਦੋਹਾਂ ਸ਼ੇਰਾਂ ਦਾ ਸੀ,
ਇਹੋ ਜੇਹਾਂ ਨਾਂ ਹੈ ਸੀ
ਓਸ ਬਲਵਾਨ ਦਾ ।

ਐਪਰ ਜਿਨ੍ਹਾਂ ਹੱਥਾਂ ਨੂੰ ,
ਉਹ ਸੀਸ ਉਤੇ ਰਖਦਾ ਸੀ,
ਮਾਰ ਗਿਆ ਖ਼ੰਜਰ ਉਹਨੂੰ
ਉਹਨਾਂ ਦੀ ਮਿਆਨ ਦਾ।

ਇਹੋ ਜਿਹਾ ਪਾਪ ਜਦੋਂ
ਕੀਤਾ ਆਪੋੜੱਮਿਆਂ ਨੇ,
ਟੁੱਟ ਗਿਆ ਲੱਕ
ਮੇਰੇ ਹੜ੍ਹ ਤੇ ਤੂਫਾਨ ਦਾ।

ਏਸ ਪਾਸੇ ਔਣ ਜਾਣ
ਓਦੋਂ ਦਾ ਮੈਂ ਛੱਡ ਦਿਤਾ,
ਜਦੋਂ ਦਾ ਉਹ ਤੁਰ ਗਿਆ
ਦੂਰ ਸੋਮਾਂ ਕਿਰਪਾ ਆਨ ਦਾ।

ਏਨੀ ਗੱਲ ਸੁਣੀ ਤੇ
ਬਿਲਾਵਲ ਸ਼ਾਹ ਦੀ ਰੂਹ ਬੋਲੀ,
ਨਹੀਂ, ਨਹੀਂ, ਭੇਤ ਗੁੱਝਾ
ਸੁਣੋ ਦਾਸਤਾਨ ਦਾ।

ਤਖਤੋਂ ਲੁਹਾ ਕੇ ਜਿਨ੍ਹੇ
'ਖੜਕ' ਨੂੰ ਸੀ ਜੇਲ੍ਹ ਪਾਯਾ,
ਪੀੜ ਦਿੱਤਾ ਘਾਣ ਜਿਨ੍ਹੇ
'ਚੇਤ ਸਿਹੁੰ' ਜਵਾਨ ਦਾ ।

ਮਿਠੀ ਛੁਰੀ ਬਣ ਬਣ
ਖ਼ੂਨ ਜਿਨ੍ਹੇਂ ਕਰ ਦਿੱਤਾ,
ਪਿਤਾ ਪੁੱਤ ਦੋਹਾਂ ਦੇ ਹੀ
ਦਿਲੀ ਅਰਮਾਨ ਦਾ ।

ਇਕ ਤੇ ਸੁਟਾਈ ਕੰਧ
ਦੂਜੇ ਨੂੰ ਦਵਾਈ ਜ਼ਹਿਰ
ਥੇਹ ਜਿਨ੍ਹੇ ਕਰ ਦਿੱਤਾ
ਹੀਰਿਆਂ ਦੀ ਖਾਨ ਦਾ ।

ਮਹਾਰਾਣੀ ਚੰਦਾਂ ਅਤੇ
ਨਾਲ ਓਹਦੀ ਨੂੰਹ ਨੂੰ ਭੀ,
ਕੀਤਾ ਸੀ ਸ਼ਿਕਾਰ ਜਿਨ੍ਹੇਂ
ਆਪਣੇ ਈਮਾਨ ਦਾ ।

ਧੋਖੇ ਨਾਲ ਮਾਰ ਕੇ
'ਜਵਾਲਾ ਸਿੰਘ' ਸੂਰਮੇ ਨੂੰ,
ਮੁੱਛਾਂ ਨੂੰ ਮਰੋੜ ਜੇਹੜਾ
ਹਿੱਕ ਹੈਸੀ ਤਾਨਦਾ।

ਚਾਲਾਂ ਨਾਲ ਮਾਰ ਮਾਰ
ਵਫ਼ਾਦਾਰ ਸੂਰਿਆਂ ਨੂੰ,
ਬੋਲਬਾਬਾ ਕੀਤਾ ਜਿਨ੍ਹੇਂ,
ਆਪਣੀ ਜ਼ਬਾਨ ਦਾ।

ਓਸੇ ਪਾਪੀ 'ਡੋਗਰੇ
ਵਜ਼ੀਰ' ਨੇ ਬੁਝਾਇਆ ਹੈਸੀ,
ਦਗੇ ਨਾਲ ਇਕ ਭੀ ਦੀਵਾ
ਸ਼ਾਹੀ ਖ਼ਾਨਦਾਨ ਦਾ ।

'ਸ਼ਰਫ਼' ਸ਼ੇਰ ਸਿੰਘ ਦੀ
ਸਮਾਧ ਜਿਨੂੰ ਆਖਦੇ ਹੋ,
ਡੁੱਬਾ ਹੋਇਆ ਤਾਰਾ ਹੈ
ਇਹ ਖ਼ਾਲਸੇ ਦੀ ਸ਼ਾਨ ਦਾ ।

  • ਨੂਰੀ ਦਰਸ਼ਨ (ਭਾਗ-1)
  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਬੂ ਫ਼ੀਰੋਜ਼ਦੀਨ ਸ਼ਰਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ