Nisaan : Paramjit Sohal

ਨੀਸਾਣੁ : ਪਰਮਜੀਤ ਸੋਹਲ



ਕਵਿਤਾ

1. ਹੁਣੇ ਹੁਣੇ ਬਿਰਖਾਂ ਦੇ ਪੱਤਿਆਂ 'ਤੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਬਣਕੇ ਆਈ ਹਵਾ ਬਣਕੇ ਰੁਮਕੀ ਤੇ ਪੰਛੀਆਂ ਦੇ ਗੀਤਾਂ 'ਚ ਢਲ਼ ਗਈ ਮੈਂ ਸ਼ਬਦਾਂ 'ਚ ਇਸਦਾ ਪਰਛਾਵਾਂ ਫੜਦਾ ਹਾਂ 2. ਮਨ ਦੀਆਂ ਕਲਪਨਾਵਾਂ ਛੱਡ ਕੇ ਟਿਕਾਅ ਦੇ ਕੰਢੇ 'ਤੇ ਜਾ ਖਲੋਵਾਂ ਸੋਚਾਂ ਦੀ ਵਾਹੋਦਾਹੀ ਤੋਂ ਮੁਕਤ ਹੋਵਾਂ ਇਉਂ ਉਤਰੇ ਖ਼ਿਆਲਾਂ ਦੀ ਨਦੀ ਕਿ ਮੌਨ ਦਾ ਤਲ ਨਜ਼ਰ ਆਵੇ ਕਵਿਤਾ ਆਪਣੇ ਅੰਦਰਲੇ ਆਕਾਸ਼ 'ਚ ਉਡਣਾ ਕਵਿਤਾ ਆਪਣੀ ਸ਼ਾਹਰਗ ਨਾਲ਼ ਧੜਕਣਾ ਕਵਿਤਾ ਸਹਿਜ ਤੇ ਨਿਸ਼ਬਦ ਹੋਣਾ

ਕਵੀ

ਜੋ ਬੱਚਿਆਂ ਵਰਗਾ ਉਹ ਹੈ ਕਵੀ ਉਸਨੂੰ ਕਵਿਤਾ ਖਿੜੇ ਹੋਏ ਫੁੱਲਾਂ ਵਾਂਗ ਮਿਲਦੀ ਉਸਦੇ ਅੱਗੇ ਤਿਤਲੀਆਂ ਵਾਂਗ ਸ਼ਬਦ ਭੱਜਦੇ ਤੇ ਉਹ ਫੜ ਲੈਂਦਾ ਕਿੰਨੀਆਂ ਹੀ ਤਿਤਲੀਆਂ ਰੰਗ ਉਹਦੀਆਂ ਅੱਖਾਂ 'ਚ ਖਿੜਦੇ ਨਿੱਤ ਨਵੀਆਂ ਸਤਰਾਂ ਬਣਦੇ ਭਾਵ ਉਸ ਨਾਲ਼ ਹਾਣੀ ਬਣ ਖੇਡਦੇ ਕੁਦਰਤ ਨੂੰ ਉਹ ਇਉਂ ਮਿਲਦਾ ਜਿਵੇਂ ਬਾਲ਼ ਮਾਂ-ਗੋਦ ਨੂੰ

ਕਵਿਤਾ ਦੀ ਆਮਦ 'ਤੇ

ਨਹੀਂ ਹੁੰਦਾ ਕਵੀ ਕਵਿਤਾ ਬਿਨ ਕੁਝ ਵੀ ਤੇ ਕਵਿਤਾ ਕਵੀ ਬਿਨਾਂ ਵੀ ਹੁੰਦੀ ਹੈ ਸਭ ਕੁਝ ਇਸ ਦੀ ਆਮਦ 'ਤੇ ਸ਼ਬਦਾਂ ਦੀ ਬਹਾਰ ਆ ਜਾਂਦੀ ਕਵੀ ਰਿਸ਼ੀ ਹੋ ਜਾਂਦਾ

ਪਹਿਲੀ ਵਾਰ

ਜਿਵੇਂ ਕੋਈ ਲੰਘੇ ਨਵਿਆਂ ਰਾਹਾਂ 'ਤੋਂ ਰੁੱਖਾਂ, ਖੇਤਾਂ, ਪਹੀਆਂ 'ਚ ਇਉਂ ਦੇਖਾਂ ਹਰ ਵਾਰ ਪੰਛੀਆਂ ਨੂੰ ਉਡਾਰੀਆਂ ਭਰਦੇ ਭਾਂਤ-ਸੁਭਾਂਤੀ ਬੋਲੀਆਂ ਬੋਲਦੇ ਨੱਚਦੇ ਗਾਉਂਦੇ ਚੋਹਲ ਮੋਹਲ ਕਰਦੇ ਦੇਖਾਂ ਹੋਰ ਵੀ ਦ੍ਰਿਸ਼ ਕਿੰਨੇ ਲੰਘਾਂ ਨਵੀਆਂ ਥਾਵਾਂ ਤੋਂ ਜਿਵੇਂ ਕੋਈ ਲੰਘੇ ਪਹਿਲੀ ਵਾਰ ਜਿਵੇਂ ਕੋਈ ਦੇਖੇ ਪਹਿਲੀ ਵਾਰ

ਇੰਞ ਜੀਣਾ

ਇੰਞ ਜੀਣਾ ਜਿਵੇਂ ਮਹਾਨ ਆਦਰਸ਼ ਅੰਦਰੋਂ ਸਿਰਜਿਆ ਜਾਂਦਾ ਜਿਵੇਂ ਨੇਕੀ ਆਤਮਾ 'ਚੋਂ ਵਿਗਸਦੀ ਜਿਵੇਂ ਮਹਿਕੀ ਹੋਈ ਸਮੀਰ ਹੁੰਦੀ ਹੈ ਜ਼ਿੰਦਗੀ ਬੜੀ ਥੁੜਚਿਰੀ ਹੈ ਪਿਆਰੇ! ਇਸ ਦੀ ਅਖ਼ੀਰ ਹੁੰਦੀ ਹੈ

ਜੀਊਣ ਵਾਂਗ

ਜ਼ਿੰਦਗੀ ਬਾਰੇ ਜੋ ਜ਼ਿਆਦਾ ਸੋਚਦਾ ਉਹ ਘੱਟ ਜੀਊਂਦਾ ਬੱਚੇ ਨਹੀਂ ਸੋਚਦੇ ਖੇਡਣ ਲੱਗੇ ਪੰਛੀ ਨਹੀਂ ਸੋਚਦੇ ਉੱਡਣ ਲੱਗੇ ਰੁੱਖ ਨਹੀਂ ਸੋਚਦੇ ਛਾਵਾਂ ਦਿੰਦੇ ਦਰਿਆ ਨਹੀਂ ਸੋਚਦੇ ਵਗਦੇ ਜੀਊਣ ਵਾਂਗ ਜੀਊਂਦੇ ਬੱਚੇ, ਪੰਛੀ, ਰੁੱਖ ਤੇ ਦਰਿਆ...

ਹਵਾ ਦਾ ਸਪਰਸ਼

ਹੁਣੇ ਹੁਣੇ ਅਹਿ ਜੋ ਹਵਾ ਮੈਨੂੰ ਛੋਹ ਕੇ ਗਈ ਹੈ ਪਤਾ ਨਹੀਂ ਕਿੰਨਿਆਂ ਨੂੰ ਛੁਹ ਕੇ ਮੇਰੇ ਤੀਕ ਆਈ ਹੈ ਤੇ ਕਿੰਨਿਆਂ ਦੀ ਛੁਹ ਨੂੰ ਮੇਰੇ ਤੀਕ ਲਿਆਈ ਹੈ ਤੇ ਆਪਣੇ ਨਾਲ਼ ਕਿੰਨਿਆਂ ਤੀਕ ਲੈ ਜਾਵੇਗੀ ਮੇਰੀ ਛੁਹ ਮੈਨੂੰ ਹੋਣਾ ਚਾਹੀਦਾ ਫੁੱਲਾਂ ਵਰਗਾ ਰੁੱਖਾਂ ਵਰਗਾ ਨਦੀਆਂ ਵਰਗਾ ਧਰਤੀ ਵਰਗਾ ਕਿ ਜਾ ਸਕੇ ਹੋਰਾਂ ਤੀਕਰ ਮੇਰੀ ਮਹਿਕ ਮੇਰੀ ਠੰਡਕ ਮੇਰੀ ਛੋਹ

ਅਮਲਤਾਸ

1 ਕਾਂ-ਅੱਖ ਨਿਕਲਦੀ ਗਰਮੀ 'ਚ ਖਿੜੇ ਅਮਲਤਾਸ ਸ਼ੋਖ ਪੀਲੇ ਰੰਗ ਦੀਆਂ ਹਜ਼ਾਰਾਂ ਫੁੱਲ-ਪੱਤੀਆਂ ਦੁਪਹਿਰ ਦਾ ਟਾਟਕਾ ਪੀਂਦੀਆਂ ਢਕ ਲੈਂਦੀਆਂ ਨਜ਼ਰਾਂ ਮੇਰੀਆਂ ਜੇਠ-ਹਾੜ੍ਹ ਦੀ ਕੜਕਦੀ ਧੁੱਪੇ ਪੀਲੇ ਸੂਟ ਪਾਈ ਖਲੋਤੇ ਅਮਲਤਾਸ ਓਨਾ ਵੱਧ ਖਿੜਦੇ ਜਿੰਨਾ ਸੂਰਜ ਕਹਿਰਵਾਨ ਹੁੰਦਾ 2 ਆਪੋ ਆਪਣੀਆਂ ਵਰਦੀਆਂ ਪਾਈ ਖਲੋਤੇ ਮੁਸਤੈਦੀ ਨਾਲ਼ ਪਹਿਰਾ ਦਿੰਦੇ ਕੁਦਰਤ ਦੇ ਦਰਬਾਨ ਸ਼ੋਖ ਪੀਲੇ ਅਮਲਤਾਸ ਕਿਸੇ ਨੂੰ ਚੰਗਾ ਲੱਗਣ ਲਈ ਮੈਂ ਵੀ ਸਜਦਾਂ ਪਰ ਇਹਨਾਂ ਜਿੰਨਾ ਸੋਹਣਾ ਨਹੀਂ ਹੁੰਦਾ...

ਜਕਰੰਡਾ

ਜ਼ਾਮਨੀ ਫੁੱਲਾਂ ਵਾਲ਼ਾ ਸਰੀਂਹ ਤੇ ਗੁਲਮੋਹਰ ਦੇ ਪੱਤਿਆਂ ਵਰਗੇ ਪਰ ਅਕਾਰ 'ਚ ਬਹੁਤ ਛੋਟੇ ਪੱਤੇ ਇਸ ਦੇ ਅੰਬਰੀਸ਼ ਨੇ ਦੱਸਿਆ ਸੀ ਇਸ ਬਾਬਤ ਜਦੋਂ ਮੈਂ ਨੀਲੀ ਗੁਲਮੋਹਰ ਦੀ ਗੱਲ ਛੇੜੀ ਚੇਤਿਆਂ 'ਚੋਂ ਕਿਰ ਗਿਆ ਕਿਧਰੇ ਸ਼ਬਦ 'ਜਕਰੰਡਾ' ਪਤਨੀ ਨੇ ਡਿਕਸ਼ਨਰੀ ਫਰੋਲਦਿਆਂ ਅਚਾਨਕ ਦੱਸਿਆ ਰੁੱਖ ਦਾ ਨਾਂ 'ਜਕਰੰਡਾ' ਸੁਣਕੇ ਖਿੜ ਪਏ ਮੇਰੇ ਅੰਦਰ ਜ਼ਾਮਨੀ ਫੁੱਲ ਜਕਰੰਡੇ ਦੇ!

ਗੁਲਮੋਹਰ

ਸ਼ੋਖ ਫੁੱਲਾਂ ਸੰਗ ਲੱਦਿਆ ਪਿਛਲੇ ਸਾਲ ਦੀ ਤਰ੍ਹਾਂ ਸੰਮੋਹਿਤ ਕਰਨ ਲੱਗਾ ਮੈਨੂੰ ਫਿਰ ਗੁਲਮੋਹਰ ਜੇ ਨਹੀਂ ਮਾਣਾਂਗਾ ਘਟ ਜਾਵੇਗੀ ਮੇਰੀ ਅੰਦਰੋਂ ਸੁਹਜਤਾ ਨਹੀਂ ਲਿਖੀ ਜਾਵੇਗੀ ਕਵਿਤਾ ਐ ਗੁਲਮੋਹਰ! ਤੇਰੀ ਸੰਮੋਹਨੀ ਕਲਾ ਤੋਂ ਬਲਿਹਾਰ ਜਾਂਦਾ ਹਾਂ ਤੇਰੇ ਖਿੜਨ ਨਾਲ਼ ਮੇਰੇ ਅੰਦਰ ਖਿੜਦੇ ਨੇ ਫੁੱਲ

ਗੁਲਮੋਹਰਾਂ

ਤਪਦੇ ਹਾੜ੍ਹ ਮਹੀਨੇ ਖਿੜ ਉੱਠੀਆਂ ਗੁਲਮੋਹਰਾਂ ਲੱਦੀਆਂ ਫੁੱਲਾਂ ਨਾਲ਼ ਛਤਰੀਆਂ ਤਾਣ ਦਿੱਤੀਆਂ ਸਿਰ ਮੇਰੇ 'ਤੇ ਦੂਰੋਂ ਹਾਕਾਂ ਮਾਰਦੀਆਂ ਸ਼ੋਖ਼ ਸੰਧੂਰੀ ਗੁਲਮੋਹਰਾਂ ਕੋਲ਼ ਜਾ ਮਹਿਸੂਸਦਾਂ ਖਿੜਿਆ ਖਿੜਿਆ ਹਲਕਾ ਹਲਕਾ ਫੁੱਲਾਂ ਹਾਰ

ਕੋਂਪਲਾਂ

ਬਿਰਖਾਂ ਦੇ ਹਰੇ ਕਚੂਰ ਪੱਤੇ ਦੇਖ ਦੇਖ ਕੇ ਸੋਚਦਾ ਹਾਂ ਕਿ ਕੀ ਕਦੇ ਫੁੱਟ ਸਕਣਗੀਆਂ ਮੇਰੇ ਅੰਦਰ ਵੀ ਕੋਮਲ ਕਵਿਤਾਵਾਂ ਬਿਰਖਾਂ ਦੇ ਪੱਤੇ ਬਣ ਕੇ ਉੱਗ ਸਕਣਗੀਆਂ ਜੇ ਮੇਰੇ ਲਫ਼ਜ਼ਾਂ ਵਿਚ ਸਰਾਇਤ ਕਰੇਗੀ ਰੁੱਖਾਂ ਦੀ ਜੀਰਾਂਦ ਜੇ ਕਦੇ ਹੋ ਸਕਣਗੇ ਮੇਰੇ ਅੰਦਰ ਬਿਰਖਾਂ ਜਿਹਾ ਹੋਣ ਦੇ ਜਜ਼ਬੇ ਜ਼ਰੂਰ ਫੁੱਟਣਗੀਆਂ ਅੱਖਾਂ ਪੁੰਗਰਨਗੀਆਂ ਕੋਂਪਲਾਂ ਲਹਿ ਲਹਾਉਣਗੇ ਹਰੇ ਕਚੂਰ ਪੱਤੇ ਮੇਰੇ ਅੰਦਰ ਕਦੇ

ਰੁੱਖਾਂ ਹੇਠ

ਘਰ ਲੱਖ ਹੋਣ ਕਲੂਰ, ਏਅਰ ਕੰਡੀਸ਼ਨਰ ਨਹੀਂ ਰੀਸਾਂ ਪਹਾੜੀ ਵਾਦੀਆਂ 'ਚੋਂ ਖ਼ੁਸ਼ਬੋਏ ਰੁੱਖਾਂ ਨਾਲ਼ ਖਹਿ ਕੇ ਆਈਆਂ ਸੀਤਲ ਪੌਣ ਦੀਆਂ... ਮੈਨੂੰ ਰਹਿਣ ਦਿਓ ਰੁੱਖਾਂ ਹੇਠ ਬੈਠਾ 'ਐਕਣੇ' ਜਾਓ, ਤੁਸੀ ਕੰਮ ਕਰੋ ਆਪਣੇ ਇਹ ਹਵਾਵਾਂ ਮੇਰੇ ਲਫ਼ਜ਼ਾਂ ਨੂੰ ਲੋਰੀਆਂ ਦੇ ਕੇ ਸੁਆ ਦੇਣ ਤੇ ਭਾਵ ਮੇਰੇ ਉਡਾ ਕੇ ਲੈ ਜਾਣ ਨਾਲ਼ ਆਪਣੇ...

ਇੱਕ ਪੱਤਾ ਤੂਤ ਦਾ

ਇੱਕ ਪੱਤਾ ਤੂਤ ਦਾ ਕਿੰਨਾ ਹਰਾ! ਕੋਸ਼ਿਕਾਵਾਂ ਇਸਦੀਆਂ ਜਿਵੇਂ ਨਦੀਆਂ ਵਗਦੀਆਂ ਨਿੱਕੇ ਨਿੱਕੇ ਰੇਸ਼ੇ ਜੋੜਦੇ ਇਸਨੂੰ ਪੂਰਨ ਆਕਾਰ ਦਿੰਦੇ ਪੱਤਾ ਲੱਗਾ ਰੁੱਖ 'ਤੇ ਵਧਦਾ-ਫੁਲਦਾ ਮੁਰਝਾਉਂਦਾ ਪੀਲਾ ਪੈਂਦਾ ਤੇ ਝੜ ਜਾਂਦਾ ਟਾਹਣੀਓਂ ਕਿਸ ਤੋੜਿਆ ਸੁੱਟਿਆ ਧਰਤ 'ਤੇ ਚੁੱਕ ਦੇਖਿਆ ਮੈਂ ਹਰੇ ਦਾ ਹਰਾ

ਰੁੱਖ ਤੇ ਰਾਸ਼ੇ

ਰਾਸ਼ਿਆਂ ਦਾ ਰੁੱਖ ਨਹੀਂ ਮਨਾਉਂਦੇ ਬੁਰਾ ਉਨ੍ਹਾਂ ਮਜੂਰਾਂ ਲੱਕੜਾਂ ਪਾੜਨੀਆਂ, ਰੁੱਖ ਕੱਟਣੇ ਪਰ ਜਿਨ੍ਹਾਂ ਲਈ ਕੱਟੇ ਜਾਂਦੇ ਰੁੱਖ ਉਨ੍ਹਾਂ 'ਤੇ ਜ਼ਰੂਰ ਗਿਲਾ ਕਰਦੇ ਹੋਣਗੇ!

ਅੱਕ

ਜੇਠ-ਹਾੜ੍ਹ ਦੀਆਂ ਤਿੱਖੜ ਦੁਪਹਿਰਾਂ 'ਚ ਰੋਹੀ ਬੀਆਬਾਨਾਂ 'ਚ ਉੱਗਿਆ ਅੱਕ ਪੂਰੇ ਜਲੌਅ 'ਚ ਹੁੰਦਾ ਅੱਧ-ਚਿੱਟੇ ਅੱਧ-ਜ਼ਾਮਨੀ ਚੋਂਕ ਫੁੱਲ ਖਿੜਦੇ ਅੱਕ ਦੇ ਹਰੀਆਂ ਹਰੀਆਂ ਕੰਮੀਆਂ ਤੇਜ਼ ਤਰਾਰ ਧੁੱਪਾਂ 'ਚ ਤਿੜਕ ਤਿੜਕ ਜਾਂਦੀਆਂ ਲੂਅ ਵਗਣ 'ਤੇ ਮਾਈ ਬੁੱਢੀਆਂ ਹਵਾ ਦੀ ਘਨ੍ਹੇੜੀ ਹੋ ਕੇ ਸਵਾਰ ਜਾ ਬਿਖੇਰਦੀਆਂ ਬੀਅ ਅੱਕ ਦੇ ਦੂਰ ਦੁਰਾਡੇ ਅੱਕ ਜਿਸ ਨੂੰ ਕੋਈ ਨਹੀਂ ਬੀਜਦਾ ਰੱਕੜਾਂ 'ਚ ਆਪਣੇ ਆਪ ਵਧਦਾ-ਫੁਲਦਾ ਕੁਦਰਤ ਦੀ ਗੁੱਝੀ ਰਮਜ਼ ਪੂਰਦਾ...

ਭੰਗ

ਬੀਜਦਾ ਕੋਈ ਨਹੀਂ ਅਪਣੇ ਆਪ ਉੱਗ ਆਉਂਦੀ ਰੱਬੀ ਹੁਕਮ ਬੱਧੀ ਔਝੜ ਰਾਹਾਂ 'ਚ ਪਹੀਆਂ ਦੇ ਕੰਢੇ ਕੰਢੇ ਖ਼ਾਲਾਂ, ਕੱਸੀਆਂ, ਸੂਇਆਂ ਨਦੀਆਂ ਦੇ ਨਾਲ਼ ਨਾਲ਼ ਖੇਤਾਂ ਕਿਨਾਰੇ ਦੁਪਾਸੀਂ ਸੜਕਾਂ ਦੇ ਪਿੰਡਾਂ ਦੀਆਂ ਜੂਹਾਂ 'ਚ ਖੋਲਿਆਂ 'ਚ ਬੋਲ਼ੇ ਖੂਹਾਂ 'ਚ ਉੱਗ ਆਉਂਦੀ ਖ਼ੁਦ-ਬ-ਖ਼ੁਦ ਭੰਗ ਦੇਣੀ ਚਾਹੀ ਮੁੱਠੀ ਕੁ ਬਾਬਰ ਨੇ ਬਾਬੇ ਨੂੰ ਨਾਮ ਖ਼ੁਮਾਰੀ 'ਚ ਰੱਤੀ ਰੂਹ ਲਈ ਭੰਗ ਦੇ ਭਾੜੇ ਨਾ ਗਈ ਫ਼ਕੀਰੀ ਨਦਰਿ ਹੇਠ ਆ ਕੇ ਉਲਟਾ ਦੁਆ ਗਈ ਬਾਬਰ ਨੂੰ ਸੱਤ ਪੀੜ੍ਹੀਆਂ ਦਾ ਰਾਜ

ਬੁੱਢਾ ਪਿੱਪਲ

ਤਿੱਖੜ ਦੁਪਹਿਰੇ ਬੁੱਢਾ ਪਿੱਪਲ ਸਬਜ਼ਾਜਾਰ ਤਰਾਵਟ ਬਖ਼ਸ਼ਦਾ ਅੱਖੀਆਂ ਨੂੰ ਬੁਲਾਉਂਦਾ ਸੀਟੀਆਂ ਮਾਰ ਮਾਰ ਕੋਲ਼ ਆਪਣੇ ਸਕੂਨ ਮਿਲਦਾ ਉਹਦੀ ਸ਼ਰਨ 'ਚ ਮਹਿਫ਼ੂਜ਼ ਹੋ ਜਾਂਦਾ ਜਿਵੇਂ ਪੁੱਤ ਪਿਓ ਦੀ ਦੇਖ ਰੇਖ 'ਚ

'ਵਣ ਮਹਾਂ ਉਤਸਵ'

ਹਰਾ ਕਚੂਰ ਸਾਂ ਜਦੋਂ ਲਾਇਆ ਗਿਆ ਸਾਂ ਫਿਰ ਲਾਇਆ ਗਿਆ ਮੇਰੇ 'ਤੇ 'ਵਣ ਮਹਾਂ ਉਤਸਵ' ਦਾ ਬੋਰਡ ਹੁਣ ਤਾਂ ਸੁਕ ਚੁੱਕਾ ਹਾਂ ਬੋਰਡ ਅਜੇ ਵੀ ਲੱਗਾ ਹੋਇਐ ਮੇਰੇ 'ਤੇ

ਕਿਹੋ ਜਿਹਾ ਰੁੱਖ ਹਾਂ

ਮੇਰੀਆਂ ਜੜ੍ਹਾਂ ਘਰ 'ਚ ਨੇ ਬਾਜ਼ਾਰ 'ਚ ਮੇਰੇ ਫੁੱਲਾਂ ਦੇ ਸੈਂਟ ਵੇਚੇ ਜਾਂਦੇ ਮੇਰੀ ਖ਼ੁਸ਼ੀ ਪਹਾੜੀ ਹਵਾ ਲੈ ਗਈ ਮੇਰੀ ਛਾਂ ਨਿਪੁੱਤਰੀ ਹੋ ਗਈ ਹੁਣ ਮੇਰੇ ਕੋਲ਼ ਫੋਕਾ ਮਾਣ ਹੈ ਰੁੱਖ ਹੋਣ ਦਾ ਤੇ ਮਨੁੱਖ ਹੋਣ ਦਾ

ਸੜਦਾ ਜੰਗਲ

ਜਦ ਕਿਤੇ ਜੰਗਲ ਸੜਦਾ ਹੈ ਉਦੋਂ ਮਹਿਜ਼ ਜੰਗਲ ਹੀ ਨਹੀਂ ਸੜਦਾ ਸਾਰਾ ਸੰਸਾਰ ਸੜਦਾ ਹੈ ਕਰੋੜਾਂ ਜੀਵਾਂ ਕਿਰਮਾਂ ਦੇ ਮਰਨ ਨਾਲ਼ ਹੋਰ ਮਰ ਜਾਂਦੇ ਹਾਂ ਅਸੀਂ ਅਸੀਂ ਜੋ ਆਪੋ ਆਪਣੀ ਅੱਗ ਦੇ ਸਾੜੇ ਹੋਏ ਹਾਂ ਫਿਰ ਵੀ ਸੜਦੇ ਹਾਂ ਜਦ ਕਿਤੇ ਜੰਗਲ ਸੜਦਾ ਹੈ

ਆਖ਼ਰੀ ਦਹਾੜ

ਕੱਟੇ ਜਾ ਰਹੇ ਸਫ਼ੈਦੇ ਡਿੱਗਣ ਲੱਗੇ ਦੀ ਉਹ ਭਿਆਨਕ ਆਖ਼ਰੀ ਦਹਾੜ 'ਚਿਰ...ਅ...ੜ..ਅ....ਡ...ਅ....ਕ!' ਹੁਣ ਵੀ ਮੇਰੇ ਅੰਦਰ ਦਹਿਲ ਬਣ ਕੇ ਬੈਠੀ ਹੋਈ ਹੈ...

ਥੋਹਰਾਂ

ਰੋਹੀ ਬੀਆਬਾਨਾਂ 'ਚ ਨਹੀਂ ਸਾਡੇ ਅੰਦਰ ਉੱਗੀਆਂ ਨੇ ਥੋਹਰਾਂ ਉੱਗ ਸਕਦੇ ਸੀ ਸੂਹੇ ਗ਼ੁਲਾਬ ਥੋਹਰਾਂ ਦੀ ਥਾਂ ਪਰ ਇੰਞ ਨਹੀਂ ਹੋਇਆ... ਸੂਹੇ ਗ਼ੁਲਾਬਾਂ ਦੀ ਥਾਂ ਕਿਸ ਬੀਜ ਦਿੱਤੀਆਂ ਥੋਹਰਾਂ ਸਾਡੇ ਅੰਦਰ? ਕੀ ਕਦੇ ਬਦਲ ਸਕਾਂਗੇ ਥੋਹਰਾਂ ਨੂੰ ਗ਼ੁਲਾਬਾਂ 'ਚ ? ਕਵਿਤਾ ਥੋਹਰਾਂ ਨੂੰ ਗ਼ੁਲਾਬਾਂ 'ਚ ਬਦਲਣ ਦੀ ਜੁਗਤੀ ਹੈ

ਉਹ ਦਰੱਖ਼ਤ ਬਦਲ ਜਾਂਦਾ ਹੈ

1 ਕਈ ਵਾਰ ਕਿੰਨੀਆਂ ਹੀ ਫੋਟੋਆਂ ਖਿੱਚ ਆਉਂਦਾ ਹਾਂ ਬੇਪਛਾਣ ਦਰੱਖ਼ਤਾਂ ਨੂੰ ਪਛਾਣ ਦੇਣ ਲਈ ਕਈ ਵਾਰ ਇਕ ਵੀ ਫੋਟੋ ਨਹੀਂ ਖਿੱਚਦਾ ਤੇ ਖ਼ਾਲੀ ਹੱਥ ਪਰਤ ਆਉਂਦਾ ਹਾਂ ਅਜੀਬ ਸ਼ੌਕ ਹੈ ਮੇਰਾ ਜਿਸ ਜਿਸ ਦੱਰਖ਼ਤ ਨੂੰ ਫੋਕਸ 'ਚੋਂ ਵੇਖਦਾ ਹਾਂ ਉਹ ਉਹ ਦਰੱਖ਼ਤ ਬਦਲ ਜਾਂਦਾ ਹੈ ਨਹੀਂ ਹੁੰਦਾ ਉਹ ਉਸੇ ਥਾਂ ਉਸੇ ਹਾਲਤ 'ਚ ਮੁੜਕੇ ਮੇਰੇ ਫਿਰ ਜਾਣ 'ਤੇ ਉਹ ਦਰੱਖ਼ਤ ਬਦਲ ਜਾਂਦਾ ਹੈ ਉਹ ਜਾਂ ਸੁੱਕ ਚੁੱਕਾ ਹੁੰਦਾ ਹੈ ਜਾਂ ਕੱਟ ਦਿੱਤਾ ਜਾਂਦਾ ਹੈ 2. ਦਰੱਖ਼ਤ ਸੁੱਕ ਜਾਂਦਾ ਹੈ ਪਰ ਮੇਰੇ ਕੋਲ਼ ਆਪਣੀ ਹਰਿਆਵਲ ਛੱਡ ਜਾਂਦਾ ਹੈ ਦਰੱਖ਼ਤ ਕੱਟ ਦਿੱਤਾ ਜਾਂਦਾ ਹੈ ਪਰ ਮੇਰੇ ਕੋਲ਼ ਆਪਣੀਆਂ ਸਾਲਮ ਸਬੂਤੀਆਂ ਟਾਹਣੀਆਂ ਛੱਡ ਜਾਂਦਾ ਹੈ ਸਾਵੇ ਪੱਤਿਆਂ ਨਾਲ਼ ਭਰੀਆਂ ਹਵਾ ਦੇ ਬੁੱਲਿਆਂ ਸੰਗ ਲਹਿਰਾਉਂਦੀਆਂ...

ਕੀੜੇ

1 ਬੁੱਢੇ ਬੋਹੜ ਦੇ ਜਿੰਨੇ ਪੱਤੇ ਏਨੇ ਕੀੜੇ ਉਹਦੇ 'ਤੇ ਤੁਰੇ ਫਿਰਨ ਜਿਵੇਂ ਮਹਾਂਨਗਰੀ ਸੜਕਾਂ 'ਤੇ ਮੋਟਰ ਗੱਡੀਆਂ ਮੋਟਰ ਗੱਡੀਆਂ ਟਕਰਾਉਣ ਆਪਸ ਵਿਚ ਪਰ ਕੀੜਿਆਂ ਦੇ ਨਹੀਂ ਹੁੰਦੇ ਐਕਸੀਡੈਂਟ ਉਹ ਡਿੱਗਦੇ ਬੁੱਢੇ ਬੋਹੜ ਦੀਆਂ ਲਗਰਾਂ ਤੋਂ ਪੱਤਿਆਂ ਤੋਂ ਬੋਹੜ ਦੀ ਲੰਮੀ ਲਮਕਦੀ ਦਾੜ੍ਹੀ ਤੋਂ ਪਰ ਕੁਝ ਨਾ ਹੁੰਦਾ ਉਨ੍ਹਾਂ ਨੂੰ ਮੁੜ ਚੜ੍ਹ ਜਾਂਦੇ ਉਹ ਬੁੱਢੇ ਬੋਹੜ ਦੇ ਪਿੰਡੇ 'ਤੇ 2 ਬੁੱਢੇ ਬੋਹੜ ਦੀਆਂ ਜੜ੍ਹਾਂ ਦੀ ਪੂਰੀ ਦੀ ਪੂਰੀ ਰੀਲ੍ਹ ਖਿੱਚ ਕੇ ਮੈਂ ਜਦ ਮੁੜਿਆ ਘਰ ਨੂੰ ਵੀਹ ਪੱਚੀ ਕੀੜੇ ਮੇਰੀ ਪੱਗ ਤੇ ਕਮੀਜ਼ 'ਚ ਉਲਝ ਕੇ ਮੇਰੇ ਘਰ ਆ ਗਏ ਮੈਂ ਝਾੜਿਆ ਉਨ੍ਹਾਂ ਨੂੰ ਫ਼ਰਸ਼ 'ਤੇ ਫਿਰ ਬੁਹਾਰ ਕੀਤਾ ਦਰਵਾਜਿਓਂ ਬਾਹਰ ਉਹ ਚੜ੍ਹ ਗਏ ਕੰਧਾਂ 'ਤੇ ਨਹੀਂ ਰਲ਼ ਸਕਣਗੇ ਹੁਣ ਉਹ ਆਪਣੇ ਇਕੱਠ 'ਚ ਨਵੇਂ ਭੌਣਾਂ ਨਾਲ਼ ਰਚ ਮਿਚ ਜਾਣਗੇ ਥੋੜ੍ਹਾ ਚਿਰ ਓਦਰਣਗੇ ਬੋਹੜ ਨੂੰ ਭਾਲਣਗੇ ਤੇ ਫਿਰ ਸਭ ਭੁਲ-ਭੁਲਾ ਜਾਣਗੇ 3 ਚੁੱਕੀ ਫਿਰਦਾਂ ਕੀੜਿਆਂ ਲਈ ਬੋਹੜ ਦੀਆਂ ਜੜ੍ਹਾਂ ਦੀਆਂ ਤਸਵੀਰਾਂ ਖ਼ੌਰੇ ਕਿੱਥੇ ਹੋਣਗੇ ਉਹ ਕਿਹੜੇ ਰਾਹਾਂ 'ਚ ਰੁਲ਼ ਗਏ ਹੋਣਗੇ ਰੂਪ-ਬਸੰਤ ਵਾਂਗ ਕਿੱਥੇ-ਕਿੱਥੇ ਭਟਕੇ ਹੋਣਗੇ ਬੋਹੜ ਤੋਂ ਜਲਾਵਤਨ ਹੋ ਕੇ ਕੀੜੇ ਜੋ ਆ ਗਏ ਸੀ ਮੇਰੇ ਕੱਪੜਿਆਂ 'ਚ ਉਲਝ ਕੇ ਮੇਰੇ ਘਰ

ਮੱਛਰ

ਮੱਛਰਾਂ ਵੀ ਜੀਊਣਾ ਆਪਣੀ ਜੂਨ ਭੋਗਣੀ ਕੋਈ ਨਹੀਂ ਕਰਦਾ ਮੱਛਰਾਂ 'ਤੇ ਰਹਿਮ ਜੋ ਰਾਤਾਂ ਨੂੰ ਸੌਣ ਨਹੀਂ ਦਿੰਦੇ ਕੰਨਾਂ 'ਚ ਭੀਂ-ਭੀਂ ਕਰਦੇ ਲਹੂ ਪੀਂਦੇ ਸਾਡਾ ਮਲੇਰੀਆ, ਡੇਂਗੂ, ਚਿਕਨਗੁਨੀਆ ਵੰਡਦੇ ਏਜੰਟ ਡਾਕਟਰਾਂ ਦੇ ਕਾਲ ਦੇ ਕਾਰਿੰਦੇ ਉਂਞ ਭਲਾਂ ਨਿੱਕੇ ਨਿੱਕੇ ਮੱਛਰਾਂ ਨੂੰ ਫਲਿੱਟਾਂ ਛਿੜਕ ਛਿੜਕ ਕੇ ਮਾਰਨ 'ਚ ਵੀ ਕੀ ਹੈ ਬਹਾਦਰੀ?

ਪਲਪੀਹੀ

ਬਰਸਾਤੀ ਸੰਧਿਆ ਵੇਲ਼ੇ ਕਮਰੇ ਦੀ ਜਗਦੀ ਟਿਊਬ ਕੋਲ਼ ਚਾਨਣ 'ਚ ਫਿਰਦੀ ਪਲਪੀਹੀ ਨੂੰ ਆਪਣੇ ਕੱਪੜਿਆਂ ਉਪਰ ਡਿੱਗਣ 'ਤੇ ਮੈਂ ਕਮਰਿਓਂ ਬਾਹਰ ਕੱਢ ਦਿੱਤਾ ਹੈ ਕਿਤੇ ਇਹ ਬੱਚਿਆਂ ਦੇ ਨਾ ਲੜ ਜਾਵੇ ਇਹ ਸੋਚ ਕੇ ਇਕ ਪਲ ਉਸ ਨੂੰ ਮਾਰ ਦੇਣ ਦਾ ਖ਼ਿਆਲ ਮੇਰੇ ਮਨ 'ਚ ਆਇਆ ਸੀ ਹੁਣ ਜਦ ਉਹ ਕਮਰਿਓਂ ਬਾਹਰ ਕੱਢ ਦਿੱਤੀ ਗਈ ਮੈਨੂੰ ਸਕੂਨ ਮਿਲ ਗਿਆ

ਤਿਤਲੀਆਂ

ਤਿਤਲੀਆਂ ਦਾ ਪਿੱਛਾ ਕਰਦਾ ਮੈਂ ਕਿਤੇ ਦਾ ਕਿਤੇ ਪਹੁੰਚ ਜਾਂਦਾ ਹਾਂ ਉਹ ਫੁੱਲ-ਪੱਤੀਆਂ, ਝਾੜੀਆਂ 'ਤੇ ਉੱਡ-ਉੱਡ ਬੈਠਦੀਆਂ ਇਕ ਦੂਜੀ ਨਾਲ਼ ਕਲੋਲ ਕਰਦੀਆਂ ਰੰਗ-ਬਰੰਗੇ ਸ਼ੋਖ ਪਰਾਂ ਨੂੰ ਬੜੀ ਨਰਮਾਈ ਨਾਲ਼ ਕਦੇ ਸੰਗੋੜਦੀਆਂ, ਕਦੇ ਫੈਲਾਉਂਦੀਆਂ ਫੁੱਲਾਂ ਦਾ ਰਸ ਮਾਣਦੀਆਂ ਦੂਰ ਦੱਖਣ ਤੋਂ ਮੈਨੂੰ ਭਰਮਾਉਣ ਲਈ ਬਹਿਲਾਉਣ ਲਈ ਆਉਂਦੀਆਂ ਤਿਤਲੀਆਂ

ਫੁੱਲ, ਪੰਛੀ, ਬੱਚੇ ਤੇ ਕਵੀ

ਫੁੱਲਾਂ ਨੂੰ ਪੰਛੀਆਂ ਨੂੰ ਬੱਚਿਆਂ ਨੂੰ ਇੱਕੋ ਜਿਹਾ ਕਰਦਾਂ ਪਿਆਰ ਖਿੜ ਉੱਠਦੇ ਫੁੱਲ ਚਹਿਚਹਾਉਂਦੇ ਪੰਛੀ ਤੋਤਲੀਆਂ ਗੱਲਾਂ ਕਰਦੇ ਬੱਚੇ ਮੇਰੇ ਨਾਲ਼ ਫੁੱਲਾਂ ਦੇ ਖਿੜਨ ਵਾਂਗ ਪੰਛੀਆਂ ਦੇ ਚਹਿਕਣ ਵਾਂਗ ਬੱਚਿਆਂ ਦੇ ਤੁਤਲਾਉਣ ਵਾਂਗ ਮੇਰੇ ਕੋਲ਼ ਸ਼ਬਦ ਆਉਂਦੇ...

ਸ਼ਬਦਾਂ ਮਗਰ

ਮੈਂ ਸ਼ਬਦਾਂ ਨੂੰ ਫੜ-ਫੜ ਧਰਦਾਂ ਸਤਰਾਂ 'ਚ ਕਿ ਉਹ ਫੁੱਲ ਬਣ ਜਾਂਦੇ ਕਦੇ ਪੰਛੀ, ਜੁਗਨੂੰ, ਤਿਤਲੀਆਂ ਏਨੇ ਛੋਟੇ ਕਿ ਮੁੱਠੀ 'ਚ ਨਹੀਂ ਆਉਂਦੇ ਫੈਲਦੇ ਅਸਮਾਨ ਹੋ ਜਾਂਦੇ ਵਹਿਣ ਲੱਗਦੇ ਨਦੀਆਂ ਸਮੁੰਦਰ ਹੋ ਜਾਂਦੇ ਮੈਂ ਸ਼ਬਦਾਂ ਨੂੰ ਫੜ-ਫੜ ਧਰਦਾਂ ਸਤਰਾਂ 'ਚ ਪਰ ਉਹ ਅਨੰਤ ਦਿਸ਼ਾਵਾਂ ਵੱਲ ਰਿੜ੍ਹ ਜਾਂਦੇ...

ਸਿਰਜਣਾ

ਖਿੜੀ ਦੁਪਹਿਰ ਖਿੜੀ ਛੱਤ ਵਾਲ਼ੇ ਗ਼ਮਲੇ 'ਚ ਪੁੰਗਰੀਆਂ ਹਰੀਆਂ ਕਚੂਰ ਪੱਤੀਆਂ ਗ਼ੁਲਾਬ ਦੀਆਂ ਉੱਗ ਪਈਆਂ ਤੂਈਆਂ ਘਾਹ ਦੀਆਂ...

ਟਟ੍ਹੀਰੀ

ਚੰਨ ਚਾਨਣੀ ਰਾਤ ਹੋਵੇ ਜਾਂ ਹਾੜ੍ਹ ਦੀ ਕਿਸੇ ਤਿੱਖੜ ਦੁਪਹਿਰ ਦਾ ਟਿਕ-ਟਿਕਾਅ ਸੁੰਨ ਨੂੰ ਤੋੜ ਦਿੰਦੀ ਹੈ ਇਕ ਟਟ੍ਹੀਰੀ ਦੀ ਆਵਾਜ਼ ਟ੍ਰਾਂ...ਟ੍ਰਿਊਂ...ਟ੍ਰਾਂ...ਟ੍ਰਿਉਂ...ਟ੍ਰਿਆਂਕਦੀ ਇਹ ਟਟ੍ਹੀਰੀ ਦੀ ਆਵਾਜ਼ ਉਤਰ ਜਾਂਦੀ ਮੇਰੇ ਧੁਰ ਅੰਦਰ ਟਟ੍ਹੀਰੀ ਜੋ ਕਣਕ ਦੇ ਵੱਢਾਂ, ਸੁੱਕੇ ਤਲਾਬਾਂ ਜਾਂ ਬੇਆਬਾਦ ਰਾਹਾਂ ਰੱਕੜਾਂ 'ਚ ਬਣਾਉਂਦੀ ਹੈ ਜ਼ਮੀਨੀ ਆਲ੍ਹਣਾ ਤੇ ਦਿੰਦੀ ਹੈ ਆਂਡੇ ਆਂਡਿਆਂ ਲਾਗਿਉਂ ਲੰਘਣਹਾਰੇ ਹਰ ਜੀਅ ਨੂੰ ਦੂਰ ਭਜਾਉਣ ਲਈ ਉਹਦੇ ਸਿਰ ਮੰਡਰਾਉਂਦੀ, ਕਲਾਬਾਜ਼ੀਆਂ ਲਾਉਂਦੀ ਲਗਾਤਾਰ ਚੀਖ਼ਦੀ ਰਹਿੰਦੀ... ਲਗਾਤਾਰ ਟ੍ਰਿਆਂਕਦੀ ਟਟ੍ਹੀਰੀ ਦੀ ਚੀਖ਼ੋ-ਪੁਕਾਰ ਜੰਮ ਜਾਂਦੀ ਮੇਰੇ ਅੰਦਰ

ਤੋਤੇ

''ਦੇਖੋ! ਬੰਦਾ ਕਿਵੇਂ ਕਿਤਾਬੀਂ ਖੁੱਭਾ ਹੋਇਆ ਇਸਨੂੰ ਸਾਡੀ ਖ਼ਬਰ ਨਹੀਂ ਹੈ!'' ਅੰਬ 'ਤੇ ਬੈਠੇ ਮੇਰੀ ਬਾਬਤ ਗੱਲਾਂ ਕਰਦੇ ਤੋਤੇ ਜਦ ਮੈਂ ਉਹਨਾਂ ਵੱਲ ਵੇਖਿਆ ਮੈਨੂੰ ਤੱਕ ਕੇ ਚੁੱਪ-ਬੋਲੀ ਵਿਚ ਬੋਲਣ ਲੱਗੇ: 'ਹੂੰ! ਸਾਡੀਆਂ ਗੱਲਾਂ ਸੁਣਦੈ... ਪਾਗ਼ਲ! ਸਾਡੀ ਚੁੱਪ-ਬੋਲੀ ਨੂੰ ਕਿੱਦਾਂ ਸਮਝੂ?'' ਮਨ ਹੀ ਮਨ ਵਿਚ ਤੋਤਿਆਂ ਦੀ ਗੱਲਬਾਤ ਮੈਂ ਕਵਿਤਾ ਵਿਚ ਉਤਾਰਨ ਲੱਗਾ ਲੱਭ ਰਿਹਾ ਹਾਂ ਅੱਖਰ ਜੋੜਨ ਵਾਲ਼ੇ ਕਿ ਮੇਰੇ ਅੰਦਰੋਂ ਬੋਲਣ ਲੱਗ ਪਏ ਇਕਵਾਰਗੀ ਕਿੰਨੇ ਤੋਤੇ!

ਨਿੱਕੀ ਚਿੜੀ

ਨਿੱਕੀਏ ਚਿੜੀਏ! ਸਾਰਾ ਆਕਾਸ਼ ਤੇਰਾ ਜੰਗਲ ਤੇਰਾ ਤੂੰ ਕਿਸ ਦੀ ਭਾਲ਼ 'ਚ ਉੱਡੀ ਫਿਰਦੀ? ਚਿੜੀ ਨੇ ਕਿਹਾ : 'ਨਿੱਕੇ ਨਿੱਕੇ ਖੰਭਾਂ 'ਤੇ ਲਿਖਿਐ ਮੈਂ ਚੰਗੇ ਦਿਲ ਵਾਲ਼ਾ ਲੱਭਦੀ ਹਾਂ'

ਬੰਦਾ ਤੇ ਪੰਛੀ

ਬੰਦਾ ਪੰਛੀਆਂ 'ਤੇ ਰਹਿਮ ਨਹੀਂ ਕਰਦਾ ਪੰਛੀ ਬੰਦੇ 'ਤੇ ਰਹਿਮ ਕਰਦੇ ਉਦੋਂ ਵੀ ਜਦੋਂ ਉਹ ਮਰ ਜਾਂਦਾ ਆਪਣੇ ਖੰਭਾਂ ਦੀਆਂ ਛਾਂਵਾਂ ਕਰ ਕੇ ਉਸਦੀ ਦੇਹ 'ਤੇ ਫੁੱਲ-ਪੱਤੀਆਂ ਸੁੱਟਦੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਦੁਆ ਮੰਗਦੇ

ਪੰਜ ਖ਼ਿਆਲ

1. ਹਵਾ ਰੁਮਕਣਾ ਨਹੀਂ ਭੁੱਲਦੀ ਰੁੱਖ ਝੂਮਦੇ ਆ ਰਹੇ ਨੇ ਆਦਿ-ਕਾਲ ਤੋਂ ਮੇਰੇ ਪੈਰਾਂ ਦਾ ਨਾਚ ਕਿੱਥੇ ਹੈ? 2. ਮਿੱਟੀ ਦੀ ਚੁੱਪ ਤੇ ਪਾਣੀ ਦਾ ਨਾਦ ਸੁਣ ਆ ਕੋਸੀ ਧੁੱਪੇ ਲੇਟ ਜਾਹ! 3. ਕਲੀਆਂ ਨੇ ਖਿੜਨ ਲਈ ਧਰਤ ਅਕਾਸ਼ ਤੋਂ ਮੁਹਲਤ ਲਈ ਬੰਦੇ ਨੇ ਸੈਂਟ ਬਣਾ ਲਏ 4. ਸਾਂਵਲੀ ਰਾਤ ਨੇ ਕਿਹਾ: 'ਮੇਰੀ ਕੁੱਖ 'ਚੋਂ ਸੂਰਜ ਜਨਮੇਗਾ' ਆਦਮੀ ਨੇ ਉਸਦਾ ਗਰਭਪਾਤ ਕਰ ਦਿੱਤਾ 5. ਬੂੰਦ ਨੇ ਸਮੁੰਦਰ ਨੂੰ ਪੁੱਛਿਆ: ''ਮੈਂ ਕੌਣ ਹਾਂ?'' ਸਮੁੰਦਰ ਨੇ ਬੂੰਦ ਨੂੰ ਗਲਵੱਕੜੀ 'ਚ ਲੈ ਲਿਆ...

ਪਾਣੀ

ਪਾਣੀ ਖ਼ੁਆਜ਼ਾ ਖ਼ਿਜਰ ਪਿਤਾ ਪਾਲਣਹਾਰ ਜੀਵਨ ਦਾ ਆਧਾਰ ਪਾਰਦਰਸ਼ੀ ਸਮਦਰਸ਼ੀ ਅੰਤਰਦਰਸ਼ੀ ਪੰਜਾਂ ਤੱਤਾਂ 'ਚ ਪ੍ਰਥਮ ਸਭ ਤੋਂ ਵੱਧ ਸੰਵੇਦਨਸ਼ੀਲ ਪਦਾਰਥ ਬ੍ਰਹਿਮੰਡ ਦਾ ਦਿਲ ਸਭ ਲਈ ਇਕੋ ਜਿਹਾ ਪਾਣੀ ਸਿਰਫ਼ ਨੀਵਾਣ ਵੱਲ ਨਹੀਂ ਵਹਿੰਦਾ ਬੱਦਲਾਂ ਦੀ ਘਨੇੜ੍ਹੀ ਚੜ੍ਹ ਪਰਬਤਾਂ ਦੀਆਂ ਚੋਟੀਆਂ ਚੁੰਮਦਾ ਕਾਇਨਾਤ ਦੇ ਕਣ ਕਣ 'ਚ ਰਚਦਾ ਧਰਤੀ ਪਾਣੀ ਆਸਰੇ ਵਸਦੀ ਪਾਣੀ ਧਰਤੀ ਆਸਰੇ ਵਸਦਾ

ਸਦਨੀਰਾ

ਨੀਰ ਮਾਇਨੇ ਪਾਣੀ ਪਾਣੀ ਜੋ ਸਦਾ ਵਹਿੰਦਾ ਵਹਿੰਦਾ ਪਾਣੀ ਸਦਨੀਰਾ ਸ਼ਬਦਾਂ ਦੀ ਨਦੀ ਕਵਿਤਾ ਸਦਨੀਰਾ ਪਾਣੀ ਨਾਲ਼ ਪਾਣੀ ਹੋਇਆ ਕਵੀ ਸਦਨੀਰਾ

ਬੂੰਦ ਬੂੰਦ ਪਾਣੀ

ਮੈਨੂੰ ਇਕ ਸੁਪਨਾ ਆ ਰਿਹੈ ਕਿ ਮਲਕੀ ਖੂਹ 'ਤੋਂ ਪਾਣੀ ਭਰਦੀ ਹੈ ਮੈਂ ਕੀਮਾ ਆਪਣਾ ਬੁੱਕ ਕਰੀ ਖੜ੍ਹਾ ਹਾਂ ਤੇ ਪਾਣੀ ਲਈ ਤਰਲੇ ਕਰਦਾ ਹਾਂ ਫਿਰ ਉੱਜੜੇ ਖੂਹ ਦੀਆਂ ਟਿੰਡਾਂ ਗਿਣਦਾ ਹਾਂ ਪਵਿੱਤਰ ਸਰੋਵਰ ਚੋਂ ਚੂਲ਼ੀ ਪੀਂਦਾ ਹਾਂ ਹਰੋ ਦੇ ਪਓ 'ਤੇ ਛਬੀਲ ਲਾਈ ਖੜ੍ਹਾ ਹਾਂ ਰਾਹਗੀਰਾਂ ਨੂੰ ਪਾਣੀ ਪਿਲਾਉਂਦਾ ਹਾਂ ਪਿੰਡ ਦੇ ਟੋਭੇ 'ਚ ਮੱਝਾਂ ਨਾਲ ਨਹਾਉਂਦਾ ਹਾਂ ਤੇ ਢਾਬ 'ਚ ਡਲ਼ੇ ਮਾਰਦਾ ਹਾਂ ਫਿਰ ਦੇਖਦਾਂ ਕਿ ਕਰਬਲਾ ਦੀ ਲੜਾਈ ਲੜ ਕੇ ਹਟਿਆਂ ਬਹੁਤ ਪਿਆਸਾ ਹਾਂ, ਪਰ ਜਿਊਂਦਾ ਹਾਂ ਜੇਠ-ਹਾੜ ਦੇ ਦਿਨੀਂ ਮਾਰੂਥਲ 'ਚ ਘਿਰ ਗਿਆ ਹਾਂ ਬੂੰਦ-ਬੂੰਦ ਪਾਣੀ ਲਈ ਤਰਸਦੇ ਲੋਕਾਂ ਨੂੰ ਦਮ ਤੋੜਦੇ ਦੇਖਦਾ ਹਾਂ ਤੇ ਫਰਿੱਜ ਦਾ ਬੂਹਾ ਖੋਲ੍ਹਦਾ ਹਾਂ...

ਬੂੰਦਾਂ

ਕਿੱਥੇ ਗਈਆਂ ਬੂੰਦਾਂ ਜੋ ਰਾਤੀਂ ਓਸ ਬਣਕੇ ਪਈਆਂ ਸਨ ਸੁਬਹਾ ਸੂਰਜ ਦੀਆਂ ਕਿਰਨਾਂ ਨੂੰ 'ਸਤਿ ਸ੍ਰੀ ਅਕਾਲ' ਬੁਲਾਉਂਦੀਆਂ ਦੁਪਹਿਰ ਤੀਕ ਗਰਦ ਗ਼ੁਬਾਰ ਨਾਲ ਅੱਟੀਆਂ ਗਲ਼ਾ ਘੁੱਟ ਕੇ ਮਰ ਗਈਆਂ ਸ਼ਾਇਦ ਹੁਣ ਨਹੀਂ ਟਹਿਕ ਸਕਣਗੀਆਂ ਘਾਹ ਦੀਆਂ ਪੱਤੀਆਂ 'ਤੇ ਕਿੰਨੇ ਜਨਮਾਂ ਬਾਅਦ ਫਿਰ ਨਿਰਮਲ ਹੋਣਗੀਆਂ ਤੇ ਬੱਦਲਾਂ ਦੀ ਘਨ੍ਹੇੜੀ ਚੜ੍ਹ ਕੇ ਮਿਲਣ ਆਉਣਗੀਆਂ...

ਬਾਰਿਸ਼

ਜਲ ਕਣ ਵਜਾਉਂਦੇ ਅਨਹਦ ਨਾਦ ਰੁੱਖ, ਵਣ-ਤ੍ਰਿਣ ਗਾਉਂਦੇ ਮੁਗਧ ਹੁੰਦੀ ਉਸ਼ੇਰ ਵਿਸਮਾਦਿਤ ਅਵਸਥਾ 'ਚ ਸ਼ਾਮੀਂ ਉਤਰ ਜਾਂਦਾ ਸੂਰਜ ਦਿਸਹੱਦਿਓਂ ਪਾਰ ਦੀਆਂ ਵਾਦੀਆਂ ਕਦੇ ਦਿਨੇ ਕਦੇ ਰਾਤੀਂ ਮੇਘ ਆਉਂਦੇ ਬਰਸਦੇ ਰਿਮ ਝਿਮ ਰਿਮ ਝਿਮ ਤਿਪ ਤਿਪ ਤਿਪ ਤਿਪ ... ... ... ਕਣ-ਕਣ ਨ੍ਰਿਤ ਕਰਦਾ ਕਿਸੇ ਅਗੰਮੀ ਤਾਲ਼ 'ਤੇ ਲੈਅ-ਬੱਧ ਹੋ ਜਾਂਦੀ ਕਾਇਨਾਤ

ਨਦੀ ਤੇ ਝੀਲ

ਨਦੀ ਨੇ ਝੀਲ ਨੂੰ ਪੁੱਛਿਆ: ''ਕੀ ਤੂੰ ਸਮੁੰਦਰ ਨੂੰ ਨਹੀਂ ਮਿਲਣਾ ਚਾਹੁੰਦੀ? ਦੇਖ ਮੈਂ ਕਿੰਨੀ ਤੇਜ਼ੀ ਨਾਲ ਸਮੁੰਦਰ ਵੱਲ ਦੌੜੀ ਜਾਂਦੀ ਹਾਂ?'' ਝੀਲ ਨੇ ਹੱਸ ਕੇ ਜੁਆਬ ਦਿੱਤਾ: ''ਮੈਂ ਸਮੁੰਦਰ ਨਾਲ਼ ਮਿਲੀ ਹੋਈ ਹਾਂ ਧਰਤੀ ਦੇ ਧੁਰ ਹੇਠ ਮੇਰਾ ਨਾਤਾ ਸਮੁੰਦਰ ਨਾਲ਼ ਜੁੜਿਆ ਹੋਇਐ'' ਝੀਲ ਦੀ ਗੱਲ ਸੁਣਕੇ ਨਦੀ ਸੋਚਣ ਲੱਗੀ: ''ਕਾਸ਼! ਮੈਂ ਵੀ ਝੀਲ ਹੁੰਦੀ''

ਦਰਿਆ

ਦਰਿਆ ਨੂੰ ਨਾ ਦੇਖੋ ਇਸ ਦਾ ਸਬਰ ਦੇਖੋ ਸਿਖਰੋਂ ਪਿਘਲ਼ ਕੇ ਪਾਣੀ ਬਣਿਆ ਵਾਦੀਆਂ 'ਚ ਕਿਵੇਂ ਲੀਨ ਹੁੰਦਾ ਵਹਿੰਦਾ ਜਿਵੇਂ ਨਿਰਾ ਨੂਰ ਕੋਈ ਠਾਰਦਾ ਮਟਕਦਾ ਵਗੀ ਜਾਂਦਾ ਜਿਵੇਂ ਧੁਰ ਦਾ ਫ਼ਕੀਰ ਕੋਈ ਦਰਿਆ ਦਾ ਤਪ ਦੇਖੋ ਅਪਸਰਾਵਾਂ ਵੀ ਭੰਗ ਨਾ ਕਰਦੀਆਂ ਇਸ ਦੀ ਸਮਾਧੀ ਕਿੰਨੀਆਂ, ਰਾਤਾਂ, ਸਵੇਰਾਂ ਦਰਿਆ ਨੂੰ ਸਜਦੇ ਕਰਦੀਆਂ ਵਾਰੇ ਬਲਿਹਾਰੇ ਜਾਂਦੀਆਂ

ਨਹਿਰ ਕਿਨਾਰੇ

ਨਹਿਰ ਕਿਨਾਰੇ ਰਾਹ 'ਚ ਤੱਕੇ ਮੈਂ ਜ਼ਾਮਨੀ ਫੁੱਲ ਅੱਕਾਂ ਦੇ ਕਲਗੀਆਂ ਵਰਗੇ ਸਰਕੰਡੇ ਦੇ ਬੁੰਬਲ ਕਾਂ ਬੋਟ ਪਾਲਦੇ ਆਪਣੇ ਗੁਟਾਰਾਂ ਸੜਕ ਕਿਨਾਰੇ ਚੋਗ ਚੁਗਦੀਆਂ ਤੋਤਿਆਂ ਦੀ ਡਾਰ ਅਸਮਾਨ 'ਤੇ ਉੱਡੀ ਜਾਂਦੀ ਖੇਤਾਂ 'ਚ ਖੇਲਦੇ ਬੱਚੇ ਹਵਾਵਾਂ ਝੂਮਦੀਆਂ ਫ਼ਸਲਾਂ ਨੂੰ ਗਲ਼ੇ ਮਿਲਦੀਆਂ ਸੜਕ 'ਤੇ ਜਾਂਦਿਆਂ ਤੱਕੀ ਮੈਂ ਕੀੜਿਆਂ ਦੀ ਕਤਾਰ ਜੁਆਰ ਦੇ ਸਿੱਟਿਆਂ ਨੂੰ ਠੁੰਗਦੀਆਂ ਚਿੜੀਆਂ ਤੇ ਬੁਲਬੁਲਾਂ ਜੜੀਆਂ ਬੂਟੀਆਂ ਦੇ ਨਿੱਕੇ-ਨਿੱਕੇ ਫੁੱਲ, ਕੰਡੇ ਤੇ ਪਾਣੀ ਨਹਿਰ ਦਾ ਚੁੱਪ-ਚਾਪ ਵਹਿੰਦਾ ਕਿੰਨਾ ਕੁਝ ਦੇਖਦਾਂ ਕਿੰਨਾ ਕੁਝ ਮਹਿਸੂਸਦਾਂ ਫੇਰ ਵੀ ਰਹਿ ਜਾਂਦਾ ਬਹੁਤ ਕੁਝ...

ਧੁੰਦ

ਚੰਗੀ ਚੰਗੀ ਲਗਦੀ ਮੈਨੂੰ ਧੁੰਦ ਧੁੰਦ ਨਿਰਾਕਾਰ ਦਾ ਪ੍ਰਤੀਕ ਕੋਈ ਧਰਤੀ ਦਾ ਅੰਬਰ ਨੂੰ ਭੋਗ ਲਵਾਉਂਦੀ ਵਿਰਾਟ ਕੋਰੀ ਚਾਦਰ ਸਭ ਕਾਸੇ ਨੂੰ ਢਕਦੀ ਹਲਕੀ ਹਲਕੀ ਕੁਣਮੁਣੀ ਠੰਡ ਨਾਲ਼ ਬੰਦੇ ਨੂੰ ਵਿਚਾਰਾਂ ਤੋਂ ਮੁਕਤ ਕਰਦੀ ਪਰ ਦਿਲ ਦੀ ਅੰਗਾਰੀ ਮਘਾਈ ਰਖਦੀ ਮੇਰੇ ਕੋਲ਼ ਆ ਆ ਦੱਸਦੀ ਕਿ ਦੇਖ ਮੈਨੂੰ ਕਵੀਆਂ ਨੇ ਕੀ ਦੇ ਕੀ ਅਰਥ ਦੇ ਦਿੱਤੇ ਮੈਂ ਉਨ੍ਹਾਂ ਨੂੰ ਸੱਚ ਦੇ ਇਸ਼ਾਰੇ ਦਿੰਦੀ ਹਾਂ ਉਹ ਮੈਨੂੰ ਧੁੰਦਲਾ ਕਰਦੇ ਨੇ ਧੁੰਦ ਕਾਇਨਾਤ ਨੂੰ ਦੁਧੀਆ ਚਾਨਣ ਨਾਲ਼ ਭਰ ਦਿੰਦੀ ਚੀਜ਼ਾਂ 'ਤੇ ਪਰਦਾ ਪਾ ਦਿੰਦੀ ਬੰਦੇ ਦੀ ਆਤਮਾ ਬੇਪਰਦ ਕਰ ਦਿੰਦੀ ਧੁੰਦ 'ਚ ਹਰ ਕੋਈ ਦਵੈਤ ਤੋਂ ਮੁਕਤ ਨਿਪਟ ਇਕੱਲਾ ਰੱਬ ਹੁੰਦਾ ਧੁੰਦ 'ਚ ਧਰਤੀ ਅਕਾਸ਼ ਦਾ ਮਿਲਨ ਹੁੰਦਾ ਧੁੰਦ ਮਹਿਜ਼ ਵਾਸ਼ਪੀਕਰਨ ਨਹੀਂ ਧੁਰ ਥੀਂ ਨਾਜ਼ਲ ਹੋਇਆ ਇਲਹਾਮ ਹੈ ਕੋਈ ਪਦਾਰਥਾਂ ਦੀ ਚਕਾਚੋਂਧ 'ਚ ਭਟਕੇ ਮਾਨਵ ਦੀ ਰੂਹ ਲਈ ਆਰਾਮ ਹੈ ਕੋਈ ਦੇਵਤਿਆਂ ਦੇ ਧਰਤੀ 'ਤੇ ਉਤਰਨ ਦਾ ਪੈਗ਼ਾਮ ਹੈ ਕੋਈ ਧੁੰਦ ਨੰਗੀ ਰੂਹ ਦੀ ਮਾਸੂਮੀਅਤ ਦਾ ਕੁਦਰਤੀ ਲਿਸ਼ਕਾਰਾ ਹੈ ਕਿਸੇ ਅਜ਼ਲੀਂ ਹੋਂਦ ਦਾ ਅਲੌਕਿਕ ਨਜ਼ਾਰਾ ਹੈ ਧੁੰਦ ਮਹਿਜ਼ ਧੁੰਦ ਨਹੀਂ ਨਿਰਾਕਾਰਤਾ ਨੂੰ ਆਕਾਰ ਨਾਲ਼ ਮੇਲਦਾ ਪੁਲ਼ ਹੈ ...

ਗਾਰ

ਬਾਬੇ ਦੀ ਕੁਟੀ 'ਤੇ ਹੁਣ ਨਹੀਂ ਜਾਂਦੀਆਂ ਟੋਭੇ ਵੱਲ ਪੌੜੀਆਂ ਬਚਪਨ 'ਚ 'ਸੱਤ ਮਿੱਟੀਆਂ' ਕੱਢਦੇ ਸੀ ਹੁਣ ਕੋਈ ਕੋਈ ਨਵਾਂ ਜੋੜਾ ਵਿਆਹ ਮਗਰੋਂ ਕੱਢਦਾ ਹੈ ਮਿੱਟੀ... ਮਸੋਸਿਆ ਗਿਆਂ ਸੱੁਕਾ ਟੋਭਾ ਦੇਖ ਬਾਬੇ ਦੀ ਕੁਟੀ 'ਤੇ ਮੱਥਾ ਟੇਕਣ ਪਿਛੋਂ ਲੋਕਾਂ ਛੱਡ ਦਿੱਤੀ ਗਾਰ ਕੱਢਣੀ.. ਬੰਦ ਕਰ ਦਿੱਤੀਆਂ ਕੰਧ ਕਰਕੇ ਟੋਭੇ ਵੱਲ ਜਾਂਦੀਆਂ ਪੌੜੀਆਂ ਹੁਣ ਨਹੀਂ ਲਿੱਪਣੇ ਪੈਂਦੇ ਬਨੇਰੇ ਘਾਣੀਆਂ ਕਰ ਕੇ ਕੱਚਿਆਂ ਦੀ ਥਾਂ ਪੱਕੇ ਪੈ ਗਏ ਸੁੱਕ ਗਏ ਟੋਭੇ

ਪਹੀ

ਉਹ ਸੁੰਨੀ ਪਹੀ ਸੂਏ ਦੇ ਨਾਲ਼-ਨਾਲ਼ ਜਾਂਦੀ ਜੀਹਦੇ ਕੰਢੇ ਇਕ ਰੁੱਖ ਦੀ ਛਾਵੇਂ ਮੈਂ ਠੰਡੀ ਸਾਹ ਭਰੀ ਉਹ ਨਿੱਕੀ ਬੰਬੀ ਤੇ ਚੁਬੱਚੇ 'ਚ ਡਿੱਗਦੇ ਪਾਣੀ ਦੀ ਸ਼ਾਂ-ਸ਼ਾਂ ਖਾਲ਼ 'ਚੋਂ ਜੀਰੀ ਨੂੰ ਲਗਦਾ ਪਾਣੀ ਤੇ ਕੋਲ਼ ਮੇਰੀ ਹਾਜ਼ਰੀ! ਹੁੰਦਾ ਹੋਵੇਗਾ ਕਦੇ ਕਿਸੇ ਨਾਲ਼ ਏਦਾਂ ਕਿ ਸਾਕਾਰ ਹੋ ਜਾਵੇ ਜ਼ਿਹਨ 'ਚ ਪਹੀ ਵਿਚਲੀ ਇਕੱਲ ਰਾਹਤ ਦੇਵੇ ਕੁਝ ਪਲ

ਕੁਦਰਤ ਤੇ ਮੈਂ

ਸੂਰਜ ਸਭ ਨੂੰ ਪਿਆਰ ਕਰਦਾ ਤਾਰੇ ਸਭ ਲਈ ਟਿਮਟਿਮਾਉਂਦੇ ਬੱਦਲ ਨਹੀਂ ਜਾਣਦੇ ਦਵੈਤ-ਭਾਸ਼ਾ ਦਰਿਆ ਕਦੇ ਖ਼ੁਦਗਰਜ਼ ਨਹੀਂ ਹੁੰਦੇ ਹਵਾ ਨਹੀਂ ਵਗਦੀ ਦਿਸ਼ਾ ਚੁਣ ਕੇ ਜ਼ਮੀਨ ਆਧਾਰ ਦਿੰਦੀ ਹੈ ਸਭ ਨੂੰ ਫੁੱਲ ਖਿੜਨ ਵੇਲ਼ੇ ਛਲ਼-ਕਪਟ ਨਹੀਂ ਕਰਦਾ ਰੁੱਖ ਸਭ ਨੂੰ ਫ਼ਲ, ਫੁੱਲ ਤੇ ਛਾਵਾਂ ਦਿੰਦੇ ਤੇ ਪਸ਼ੂ, ਪੰਛੀ ਘਰਾਂ ਦੀਆਂ ਰਜਿਸਟਰੀਆਂ ਨਹੀਂ ਕਰਵਾਉਂਦੇ ਫਿਰਦੇ ਕੁਦਰਤ ਸਭ ਦਾ ਭਲਾ ਲੋਚਦੀ ਸਹਿਜ ਵਿਚਰਦੀ ਇਕ ਮੈਂ ਹਾਂ ਜੋ ਹਰ ਨਦੀ ਗੰਧਲੀ ਕਰਦਾ ਹਾਂ ਚੌਗਿਰਦੇ 'ਚ ਸ਼ੋਰ ਭਰਦਾ ਹਾਂ ਓਜ਼ੋਨ 'ਚ ਗਲ਼ੀ ਕਰਨ ਲਈ ਡਲ਼ੇ ਮਾਰਦਾ ਹਾਂ ਕਹਿਰ ਗੁਜ਼ਾਰਦਾ ਹਾਂ

ਵਾਪਸੀ

ਮੈਂ ਨਦੀ ਕੋਲ਼ ਗਿਆ ਨਦੀ ਨੇ 'ਜੀ ਆਇਆਂ' ਕਿਹਾ ਹਵਾ ਕੋਲ਼ ਗਿਆ ਉਹ ਲੈ ਟੁਰੀ ਬੇਘਰੇ ਘਰ ਧੁੱਪ ਕੋਲ਼ ਗਿਆ ਸੂਰਜ ਵੱਲ ਇਸ਼ਾਰਾ ਕਰਨ ਲੱਗੀ ਮੈਂ ਸਭ ਦਾ ਧੰਨਵਾਦ ਕੀਤਾ ਤੇ ਆਪਣੇ ਆਪ ਕੋਲ਼ ਆ ਗਿਆ

ਪ੍ਰਤੀਕਰਮ

ਫੁੱਲਾਂ ਦੇ ਸੰਗ ਰਹਿ ਕੇ ਮੈਂ ਖ਼ੁਦ ਨੂੰ ਫੁੱਲ ਬਣਾਉਣਾ ਚਾਹਿਆ ਪਰ ਇੰਜ ਹੋ ਨਹੀਂ ਸਕਿਆ ਪੱਥਰਾਂ ਦੇ ਸੰਗ ਰਹਿ ਕੇ ਖ਼ੁਦ ਨੂੰ ਪੱਥਰ ਕਰਿਆ ਘਰ ਦੇ ਖ਼ੁਸ਼ ਨੇ ਪਰ ਮੇਰੀ ਮਿੱਟੀ 'ਚੋਂ ਕਵਿਤਾ ਖਿੜ ਉੱਠੀ

ਐਸੀ ਕਵਿਤਾ

ਦੂਰ ਤਕ ਬਿੱਖਰ ਜਾਂਦੇ ਸਫ਼ੇ 'ਕੱਲੇ ਕੱਲੇ ਸਫ਼ੇ 'ਤੇ ਤੜਪਦੇ ਸੈਆਂ ਅੱਖਰ ਕੁਝ ਨਹੀਂ ਅੰਦਰੋਂ ਤੇ ਬਾਹਰੋਂ ਦੁੱਖ ਨਾਲ਼ ਭਰ ਜਾਣ ਤੋਂ ਬਿਨਾ ਐਸੀ ਕਵਿਤਾ ਵੀ ਉਦਾਸ ਕਰ ਦਿੰਦੀ ਹੈ

ਕਵਿਤਾ ਦੇ ਅਰਥ

ਕਵਿਤਾ ਦੇ ਅਰਥ ਕਰਦਿਆਂ ਸ਼ਬਦਾਂ ਦੇ ਅਨਰਥ ਹੋ ਜਾਂਦੇ ਨੇ ਕਵਿਤਾ ਦੇ ਅਰਥ ਸੁਣਦਿਆਂ ਮੈਂ ਚੁੱਪ ਕਰ ਜਾਂਦਾ ਹਾਂ

ਪਰਤਣਾ

ਸੰਭਵ ਨਹੀਂ ਹੈ ਪਰਤਣਾ ਮੇਰੇ ਲਈ ਕਵੀ ਨਾ ਪਰਤੇ ਕਦੀ ਪਰਤ ਆਉਂਦੇ ਸ਼ਬਦ ਰੂਪ ਬਦਲ-ਬਦਲ ਕੇ ਸ਼ਬਦ ਹੁੰਦੇ ਪਾਣੀ ਪਾਣੀਆਂ ਦੇ ਆਕਾਰ ਨਹੀਂ ਹੁੰਦੇ ਨਹੀਂ ਹੁੰਦੇ ਕਵੀ ਤੇ ਸ਼ਬਦ ਉਵੇਂ ਦੇ ਉਵੇਂ ਕੁਝ ਨਹੀਂ ਆਉਂਦਾ ਪਰਤ ਕੇ ਉਵੇ੨ ਦਾ ਉਵੇਂ

ਥਾਂ

ਮੈਨੂੰ ਚਾਹੀਦੀ ਹੈ ਕੋਈ ਇਹੋ ਜਿਹੀ ਥਾਂ ਜਿੱਥੇ ਮੈਂ ਸਭ ਆਉਣ ਵਾਲ਼ੀਆਂ ਨਸਲਾਂ ਨੂੰ ਉਹਨਾਂ ਦੀ ਮਾਸੂਮੀਅਤ, ਸਾਦਗੀ ਤੇ ਸੱਚਾਈ ਸਮੇਤ ਬਚਾ ਕੇ ਰੱਖ ਸਕਾਂ ਜਿੱਥੇ ਕੋਈ ਉਨ੍ਹਾਂ ਦਾ ਖਰੀਦਦਾਰ ਨਾ ਹੋਵੇ ਜਿੱਥੇ ਉਹ ਕੁਦਰਤ ਦੀ ਗੋਦ 'ਚ ਜੰਗਲੀ ਘਾਹ ਵਾਂਗ ਫੈਲਣ ਤੇ ਨਿਰਭਉ ਹੋ ਕੇ ਜੀਅ ਸਕਣ।

ਏਕਮ

ਕਿੰਨੀਆਂ ਗੱਲਾਂ ਕਰਦੀ 'ਕੱਲੀ ਖੇਡਦੀ ਚੀਜ਼ਾਂ ਨਾਲ਼ ਬੋਲਦੀ ਮੈਡਮ ਬਣ ਕੇ ਕਾਰਟੂਨਾਂ ਦੀ ਭਾਸ਼ਾ 'ਚ ਚੀਜ਼ਾਂ ਨੂੰ ਝਿੜਕਦੀ, ਪਲੋਸਦੀ ਬੇਜਾਨ 'ਚ ਜਾਨ ਪਾ ਦਿੰਦੀ ਤੇ ਆਪਣੇ ਆਪ 'ਚ ਮਸਤ ਰਹਿੰਦੀ

ਗੁਰਮੁਖੀ ਸੰਸਕਾਰ

ਸ਼ਾਪਿੰਗ ਕੰਪਲੈਕਸ 'ਚ ਕੰਮ ਕਰਨ ਵਾਲ਼ੇ ਲੜਕੇ-ਲੜਕੀਆਂ ਹਿੰਦੀ ਬੋਲਦੇ ਮੈਂ ਵੀ ਬੋਲਾਂ ਹਿੰਦੀ ਉਨ੍ਹਾਂ ਨਾਲ਼ ਫਿਰ ਆਪਣੀ ਬੱਚੀ ਨਾਲ਼ ਜਦ ਸਹਿਵਨ ਬੋਲਦਾਂ ਹਿੰਦੀ ਤਾਂ ਉਹ ਟੋਕ ਕੇ ਆਖਦੀ: 'ਡੈਡੀ, ਮੇਰੇ ਨਾਲ਼ ਪੰਜਾਬੀ 'ਚ ਗੱਲ ਕਰੋ' ਹੈਰਾਨ ਹਾਂ ਪਬਲਿਕ ਸਕੂਲ 'ਚ ਪੜ੍ਹਦੀ ਬੱਚੀ ਮੈਨੂੰ ਪੰਜਾਬੀ ਦੇ ਅਧਿਆਪਕ ਨੂੰ ਗੁਰਮੁਖੀ ਲਈ ਕਿਵੇਂ ਸੁਚੇਤ ਕਰਦੀ ਹੈ...

ਗੁਰਮੰਤਰ

1. ਮਸਤ ਹੋ ਜਾਂਦੇ ਜਵਾਕ ਪੜ੍ਹਨ ਦੀ ਥਾਂ ਕਿਆਰੀਆਂ ਨੂੰ ਪਾਣੀ ਲਾਉਣ 'ਚ ਕਿੰਨੀ ਕਮਾਲ ਦੀ ਸੂਝ-ਬੂਝ ਨਾਲ਼ ਉਹ ਕੰਮ ਕਰਦੇ ਦੰਗ ਰਹਿ ਜਾਂਦਾਂ ਕਿ ਕਿਵੇਂ ਕੁਦਰਤ ਦਿੰਦੀ ਉਨ੍ਹਾਂ ਨੂੰ ਆਪਣੇ ਕੋਲ਼ ਆਉਣ ਦਾ ਗੁਰਮੰਤਰ 2. ਫੁੱਲਾਂ ਦੀ ਪਨੀਰੀ ਲਾਉਂਦੇ ਬੱਚੇ ਮਿੱਟੀ, ਪਾਣੀ, ਘਾਹ ਧੁੱਪਾਂ-ਛਾਵਾਂ ਨਾਲ਼ ਰਚ-ਮਿਚ ਜਾਂਦੇ ਫੁੱਲਾਂ ਵਾਲ਼ੇ ਬੂਟੇ ਲਾਉਂਦੇ ਉਹ ਖ਼ੁਦ ਫੁੱਲ ਬਣ ਜਾਂਦੇ...

ਖੇਡ

ਬੱਚੇ ਸ਼ਿਕਾਇਤਾਂ ਕਰਦੇ ਮੈਂ ਧਿਆਨ ਨਾ ਦਿੰਦਾ ਉਹ ਮੁੜ ਖੇਡਣ ਲਗ ਜਾਂਦੇ ਅਧਿਆਪਕ ਹੋਣ ਨਾਤੇ ਤਾੜਨਾ ਕਰਦਾ ਹਾਂ ਪਰ ਬੱਚੇ ਖੇਡ 'ਚ ਮਸਤ ਰਹਿੰਦੇ ਲੜਦੇ ਪਿਆਰ 'ਚ ਭੁੱਲ ਜਾਂਦੇ ਲੜਨਾ ਖ਼ੁਦ ਨੂੰ ਆਖਦਾਂ: ''ਰਹਿਣ ਦਿਓ ਮਾਸਟਰ ਜੀ ਬੱਚੇ ਹਨ, ਖੇਡਣ ਦਿਓ...''

ਮੰਥਲੀ ਟੈਸਟ

ਨਕਲ ਮਾਰ ਪੇਪਰ ਦਿੰਦੇ ਬੱਚੇ ਤੂਤ 'ਤੇ ਕਾਟੋ ਬੋਲਦੀ ਲਗਾਤਾਰ ਥੋੜ੍ਹਾ-ਥੋੜ੍ਹਾ ਚਿਰ ਪਿਛੋਂ ਬੱਚਿਆਂ ਨੂੰ ਝਿੜਕਦਾਂ ਤੇ ਕਵਿਤਾ ਲਿਖਣ ਲਗ ਜਾਂਦਾਂ ਸਮਾਂ ਬੀਤੀ ਜਾਂਦਾ ਜੋ ਉਂਞ ਵੀ ਬੀਤ ਹੀ ਜਾਂਦਾ...

ਪੜ੍ਹਾਈ

'ਪੜ੍ਹ ਲਓ ਨੀ ਮਰ ਜਾਣੀਓ! ਪੜ੍ਹ ਲਓ ਨਹੀਂ ਤਾਂ ਪਛਤਾਉਗੀਆਂ ਕਰਮਾਂ ਨੂੰ!' -ਮਾਵਾਂ ਕਲਪਦੀਆਂ 'ਪੜ੍ਹ ਲਵੋ ਜੇ ਕੁਝ ਬਣਨੈ' -ਅਧਿਆਪਕ ਬੋਲਦੇ 'ਕਿੰਨਾ ਕੁ ਪੜ੍ਹੀ ਜਾਵਾਂ? ਅੱਕ ਜਾਂਦੀ ਹਾਂ ਪੜ੍ਹ ਪੜ੍ਹ ਕੇ' -ਧੀ ਆਖਦੀ ਮੈਨੂੰ ਲਗਦਾ ਸਹੀ ਕਹਿੰਦੀ ਧੀ ਪੜ੍ਹਾਈ ਵੀ ਅਕਾ ਦਿੰਦੀ ਆਖ਼ਰ...

ਸਵੀਕਾਰ ਤੋਂ ਬਾਅਦ

ਇਸ ਤੋਂ ਵੱਡੀ ਗੱਲ ਨਾ ਕਿ ਮੈਨੂੰ ਵਾਕ ਸਿੱਧੀ ਮਿਲੇ ਰਾਤ ਨੇ ਪੈਣਾ ਪਵੇ ਦਿਨ ਨੇ ਚੜ੍ਹਨਾ ਚੜ੍ਹੇ ਫੁੱਲ ਨੇ ਖਿੜਨਾ ਖਿੜੇ ਹਵਾ ਨੇ ਵਗਣਾ ਵਗੇ ਨਦੀ ਵਹਿੰਦੀ ਵਹੇ ਪੰਛੀ ਉੱਡਦਾ ਉੱਡੇ ਬੱਚਾ ਖੇਡਦਾ ਖੇਡੇ ਜੋ ਵੀ ਹੁੰਦਾ ਹੋਵੇ ਕਾਹਦੇ ਗਿਲੇ ਕਾਹਦੇ ਸ਼ਿਕਵੇ? ਕੁਦਰਤ ਆਪਣੇ ਰਉਂ 'ਚ ਚਲਦੀ ਹੈ

ਇਥੇ ਕਵਿਤਾ ਨਹੀਂ ਸਿਖਾਈ ਜਾਂਦੀ

ਪਹਿਲਾ ਅੱਖਰ ਪਿਆਰ ਦੂਜਾ ਕੋਈ ਨਾ ਤੀਜੇ ਲਈ ਕੀ ਹੈ ਸ਼ਬਦ? ਇੱਥੇ ਕਵਿਤਾ ਨਹੀਂ ਸਿਖਾਈ ਜਾਂਦੀ ਕਵੀ ਨਹੀਂ ਫ਼ੈਕਟਰੀਆਂ 'ਚ ਘੜੇ ਜਾਂਦੇ ਨਾ ਵਿਕਦੇ ਵਿਚ ਬਾਜ਼ਾਰੀਂ ਵਿਕਦੇ ਜੋ ਕਵੀ ਨਾ ਉਹ ਤੁਸੀਂ ਕਿਤੇ ਗਲਤ ਟ੍ਰੇਨ 'ਚ ਤਾਂ ਨਹੀਂ ਸਵਾਰ ਹੋ ਗਏ? ਇੰਟਰਨੈੱਟ ਦਾ ਯੁੱਗ ਕਵੀ ਭੋਜ ਪੱਤਰਾਂ 'ਤੇ ਲਿਖਣ ਵਾਲ਼ੇ!

ਜਿਸ ਪੰਨੇ 'ਤੇ ਲਿਖਦਾ ਹਾਂ

ਜਿਸ ਪੰਨੇ 'ਤੇ ਲਿਖਦਾ ਹਾਂ ਪਤਾ ਨਹੀਂ ਕਿਸ ਰੁੱਖ ਦਾ ਪੁੱਤਰ-ਧੀ ਕਿਸ ਦਾ ਬੀਅ ਜੋ ਖਾਂਦਾਂ ਅੰਨ ਕਿਸ ਦਾ ਇਸ 'ਤੇ ਲਿਖਿਆ ਨਾਂ? ਕਿਸ ਦਾ ਮੇਰਾ ਜੋ ਕਹਿਣ ਨੂੰ ਮੇਰਾ ਦੇਹ ਨੂੰ ਕਿਸ ਨੇ ਦਿੱਤਾ 'ਮੇਰਾ' ਨਾਂ ਗੁਰਬਾਣੀ ਕਹਿੰਦੀ: 'ਮੇਰਾ ਮੁਝ ਮੇਂ ਕਿਛੁ ਨਹੀਂ....' ਮੈਂ ਕਹਿੰਦਾ 'ਮੇਰਾ, ਮੇਰਾ'

ਸ਼੍ਰਵਣ

ਸੁਣਿਆ ਕਰ ਮੈਨੂੰ ਨਦੀਆਂ ਦੇ ਵਗਣ 'ਚੋਂ ਹਵਾਵਾਂ ਦੇ ਰੁਮਕਣ 'ਚੋਂ ਪੰਛੀਆਂ ਦੀ ਚਹਿਚਹਾਟ 'ਚੋਂ ਬੱਚਿਆਂ ਦੀ ਮੁਸਕਰਾਹਟ 'ਚੋਂ ਬਿਰਖਾਂ ਦੇ ਪੱਤਿਆਂ 'ਚੋਂ ਮਾਰੂਥਲਾਂ ਤੱਤਿਆਂ 'ਚੋਂ ਸੁਰਖ਼ ਸਵੇਰੇ 'ਚੋਂ ਰਾਤਾਂ ਦੇ ਨ੍ਹੇਰੇ 'ਚੋਂ ਆਪਣੇ 'ਚੋਂ ਮੇਰੇ 'ਚੋਂ ਧੁਰ ਜਿੱਥੇ ਸੁੰਨ ਹੈ ਜਿੱਥੇ ਚੁੱਪ ਦਾ ਬੂਹਾ ਹੈ ਜਿੱਥੇ ਖਿੜੇ ਹੋਏ ਸਮਾਧੀ ਦੇ ਫੁੱਲ ਜਿੱਥੇ ਧਿਆਨ ਦੀ ਗੰਗਾ ਵਹਿੰਦੀ ਉਥੇ ਹਾਂ ਮੈਂ...

ਅੱਸੂ

ਅੱਸੂ ਦੀ ਕੁਣਮੁਣੀ ਧੁੱਪ ਚੰਗੀ-ਚੰਗੀ ਲਗਦੀ ਘੁੱਗੀਆਂ ਆਲ੍ਹਣੇ ਪਾਉਣ ਲਈ ਪਹੀ 'ਚੋਂ ਤੀਲ੍ਹੇ ਚੁਗਦੀਆਂ ਰੁੱਖੀਂ ਕਾਵਾਂ ਦੇ ਝੁੰਡ ਦਾਅ-ਪੇਚ ਸਿਖਾਉਂਦੇ ਬੋਟਾਂ ਨੂੰ ਗੁਟਕਦੀਆਂ ਗੁਟਾਰਾਂ ਤੇ ਵਿਚ-ਵਿਚ ਕਾਟੋਆਂ ਗੀਤ ਗਾਉਂਦੀਆਂ 'ਚੁਰ ਚੁਰ' ਕਰਦੀਆਂ ਸਭ ਕੁਝ ਚੰਗਾ ਲਗਦਾ ਪਰ ਆਪਣੇ ਇਰਦ ਗਿਰਦ ਪਦਾਰਥਾਂ ਦੀ ਚਕਾਚੋਂਧ 'ਚ ਗੁਆਚੇ ਲੋਕ ਚੰਗੇ ਨਹੀਂ ਲਗਦੇ

ਹੋਮ ਵਰਕ

ਮੈਂ ਵਾਰ-ਵਾਰ ਫੱਗਣ ਦੀਆਂ ਸ਼ੂਕਦੀਆਂ ਹਵਾਵਾਂ ਦੀ ਕਿਤਾਬ ਲੰਮ -ਸਲੰਮੇ ਸਫ਼ੈਦਿਆਂ ਸਮੇਤ ਪੜ੍ਹਦਾ ਹਾਂ। ਦਰਿਆਵਾਂ, ਨਦੀਆਂ ਦੇ ਪਾਣੀਆਂ 'ਤੇ ਧੁੱਪ ਦਾ ਗੀਤ ਲਿਖਦਾ ਹਾਂ ਤੇ ਚਿੜੀਆਂ ਨਾਲ਼ ਰਲ਼ ਕੇ ਗਾਉਣ ਲਗ ਜਾਂਦਾ ਹਾਂ। ਤੁਸੀਂ ਦੱਸੋ, ਭਲਾ ਇਹ ਵੀ ਕੋਈ ਕੰਮ ਹੈ? ਵਿਹਲਾ ਕਵੀ ਕਵਿਤਾ ਲਿਖਣ 'ਚ ਰੁਝਿਆ ਰਹਿੰਦਾ ਹੈ।

ਫੱਗਣ

ਫੱਗਣ ਦਾ ਠੱਕਾ ਵਗਦਾ ਸਫ਼ੈਦਿਆਂ ਦੀਆਂ ਲਗਰਾਂ ਝੁਕ-ਝੁਕ ਜਾਂਦੀਆਂ ਸ਼ੂਕਦੀਆਂ ਪੌਣਾਂ ਵਿਚ ਕਾਵਾਂ ਦੀਆਂ ਡਾਰਾਂ ਲਾਗੇ-ਲਾਗੇ ਉਡਦੀਆਂ ਕਾਟੋਆਂ ਤੂਤ ਦੀਆਂ ਫੁੱਟ ਆਈਆਂ ਕੋਂਪਲਾਂ ਦੀ ਖ਼ੁਸ਼ੀ 'ਚ ਗਾਉਂਦੀਆਂ ਤੇ ਟਹਿਣੀਓਂ-ਟਹਿਣੀ ਦੌੜ ਲਾਉਂਦੀਆਂ ਇਕ ਦੂਜੀ ਦੇ ਮਗਰ ਕਦੇ ਐਸ ਰੁੱਖ 'ਤੇ ਕਦੇ ਓਸ ਰੁੱਖ 'ਤੇ ਬੱਦਲਾਂ ਦੀਆਂ ਰੇਲ-ਗੱਡੀਆਂ ਪਾਣੀ ਨਾਲ ਭਰੀਆਂ ਚਲਦੀਆਂ ਕਦੇ ਕਣੀਆਂ ਪੈਣ ਲਗਦੀਆਂ ਕਦੇ ਤਿੱਖੀ ਧੁੱਪ ਨਿਕਲ਼ ਆਉਂਦੀ ਮੇਰੇ ਕੋਲ਼ ਜੀਅ ਲਾਉਣ ਨੂੰ ਬੜਾ ਕੁਝ ਹੈ...

ਸੂਰਜ

ਕਮਾਲ ਦਾ ਰੰਗਸਾਜ਼ ਛਿੜਕ ਦਿੰਦਾ ਦੁਮੇਲ ਤੱਕ ਰੰਗ ਆਪਣੇ ਤੇ ਬਣਾ ਦਿੰਦਾ ਬੱਦਲਾਂ ਦੇ ਪਸ਼ਮੀਨੇ ਬੇਸ਼ਕੀਮਤੀ ਨਜ਼ਰ ਵਿਛਦੀ ਹਜ਼ਾਰਾਂ ਮੀਲ ਕਮਾਲ ਦਾ ਵਪਾਰੀ ਸੂਰਜ ਗਾਹਕਾਂ ਨੂੰ ਘੇਰ-ਘੇਰ ਖ਼ੂਬਸੂਰਤੀ ਲੁਟਾਉਂਦਾ ਏਨੇ ਤੱਤੇ ਸੁਭਾਅ ਦਾ ਹੋਣ 'ਤੇ ਵੀ ਚੁੱਪ ਕਿਰਨਾਂ ਨਾਲ਼ ਕਮਾਲ ਕਰੀ ਜਾਂਦਾ

ਲੇਹ : ਦ੍ਰਿਸ਼ ਪਹਿਲਾ

ਕਿਤੇ ਭੁੱਲ ਹੀ ਨਾ ਜਾਵਾਂ ਇਹਨਾਂ ਰਸਤਿਆਂ 'ਚ ਅਨੇਕ ਤਰ੍ਹਾਂ ਦੀ ਦਿੱਖ ਵਾਲ਼ੇ ਚੇਤਿਆਂ 'ਚ ਵਸੇ ਮਿੱਟੀ ਦੇ ਪਹਾੜ ਕਿਤੇ ਨਿਰੇ ਪਥਰੀਲੇ ਕਿਤੇ ਚਿੱਟੇ ਬਰਫ਼ਾਨੀ ਦੂਧਾਵਾਨੀ ਜਿਵੇਂ ਕਿਸੇ ਨੇ ਲਾ ਦਿੱਤੀਆਂ ਹੋਣ ਵੱਖੋ-ਵੱਖ ਰੰਗਾਂ ਦੀਆਂ ਢੇਰੀਆਂ ਪਾਪੂਲਰ ਵਰਗੇ ਸਰਸ਼ਬਜ਼ ਰੁੱਖ ਸਿੰਧ 'ਚ ਆ ਮਿਲਦੀਆਂ ਆਬਸ਼ਾਰਾਂ ਗੁਲਾਈਆਂ, ਚੋਟੀਆਂ ਕੀ ਕੀ ਬਿਆਨ ਕਰਾਂ ਜੋ ਖੁਣਿਆ ਗਿਆ ਮੌਨ ਬੁੱਧ ਦੀ ਸਮਾਧੀ ਜਿਹਾ ਮੇਰੇ ਅੰਦਰ ਕਿਤੇ ਭੁੱਲ ਹੀ ਨਾ ਜਾਵਾਂ ਇਹਨਾਂ ਰਸਤਿਆਂ 'ਚ ਘਰ ਆਉਣ 'ਤੇ ਕਿੰਨੀ ਵਾਰ ਯਾਦ ਆਇਆ ਲੇਹ ਮੁੜ-ਮੁੜ ਯਾਦ ਆਇਆ ਹਰ ਦ੍ਰਿਸ਼ ਪੌਗਾਂਗ ਝੀਲ ਦਾ ਨਿਰਮਲ ਨੀਲਾ ਨੀਰ ਬੁੱਧ-ਗੁੰਫੇ ਤੇ ਲਾਲ ਸੁਰਖ਼ ਲੋਈਆਂ ਵਾਲ਼ੇ ਘੋਨ-ਮੋਨ ਲਾਮੇ

ਲੇਹ : ਦ੍ਰਿਸ਼ ਦੂਜਾ

ਘਰ ਵਾਲ਼ੀਆਂ ਘਰਾਂ ਬਾਰੇ ਸੋਚਦੀਆਂ ਕਲਪਦੀਆਂ ਕਿ ਬੰਦਾ ਪਰਵਾਹ ਨਹੀਂ ਕਰਦਾ ਪੈਸਿਆਂ ਦੀ ਭੁੱਖ-ਨੰਗ 'ਚ ਵੀ ਬਾਦਸ਼ਾਹੀ ਭੋਗਦਾ ਸੋਚਦਾ ਲੁਕ ਜਾਂਦਾ ਲੇਹ ਦੇ ਕਿਸੇ ਪਹਾੜੀ ਦ੍ਰਿਸ਼ 'ਚ ਜਿੱਥੇ ਵਾਦੀ ਦੀ ਹਰਿਆਵਲ ਭੇਡਾਂ, ਬੱਕਰੀਆਂ ਚਾਰਦੇ ਗੱਦੀ ਸਿੰਧ ਦਰਿਆ ਸ਼ਾਂਤ ਵਗਦਾ ਕਿਤੇ ਕਿਸੇ ਬਰਫ਼ਾਨੀ ਪਹਾੜੀ ਓਹਲੇ ਸੂਰਜ ਦਾ ਸੰਧੂਰੀ ਥਾਨ ਵਿਛਦਾ ਸ਼ਾਮ ਸਮਾਧੀ 'ਚ ਉਤਰਦੀ ਤੇ ਰਾਤ ਪਹਾੜਾਂ 'ਤੇ ਚੰਨ ਚਾਨਣੀ ਖਿਲਾਰਦੀ

ਚੀਸ

ਸਿਆਹੀ 'ਚ ਲਹੂ ਮਿਲਾ ਕੇ ਤੇ ਜਜ਼ਬਾਤਾਂ ਨੂੰ ਹੰਝੂਆਂ ਦਾ ਜਾਗ ਲਾ ਕੇ ਰਿੜਕਿਆ ਅਪਣਾ ਆਪ ਨਿਚੋੜਿਆ ਮਸਤਕ ਦਾ ਪਰਨਾ ਮਨ ਦਾ ਵਿਹੜਾ ਸੁੰਬ੍ਹਰਿਆ-ਸਹੂਰਿਆ ਕਿਸੇ ਖ਼ੂਬਸੂਰਤ ਖ਼ਿਆਲ ਦੀ ਆਮਦ ਲਈ ਖ਼ੁਦ ਨੂੰ ਇੰਤਜ਼ਾਰ ਕੀਤਾ ਤੇ ਲਿਖੀ ਸਤਰ ਮੇਰੇ ਦਿਲ ਵਿਚ ਕੋਈ ਅੰਤਹੀਨ ਚੀਸ ਪੈਂਦੀ ਹੈ ਇਹ ਦੁਨੀਆਂ ਐਵੇਂ ਇਸ ਨੂੰ ਕਵਿਤਾ ਕਹਿੰਦੀ ਹੈ

ਸ਼ਬਦ

ਸ਼ਬਦ ਹਾਂ ਜਿਸ ਤਰ੍ਹਾਂ ਕੋਈ ਲਿਖੇਗਾ - ਲਿਖੇ ਜਾਵਾਂਗੇ ਜਿਸ ਤਰ੍ਹਾਂ ਕੋਈ ਬੋਲੇਗਾ - ਬੋਲੇ ਜਾਵਾਂਗੇ ਜਿਸ ਤਰ੍ਹਾਂ ਕੋਈ ਸਮਝੇਗਾ - ਸਮਝੇ ਜਾਵਾਂਗੇ ਜਿਹੋ ਜਿਹੇ ਅਰਥ ਤੇ ਰੰਗ ਕੋਈ ਭਰੇਗਾ ਸਾਡੇ ਅੰਦਰ ਉਹੋ ਜਿਹੇ ਹੋਵਾਂਗੇ ਰੂਪ ਬਦਲ ਲਵਾਂਗੇ ਨਸ਼ਟ ਨਹੀਂ ਹੋਵਾਂਗੇ

ਕਿਤਾਬਾਂ

ਕਿਤਾਬਾਂ ਸਾਹ ਲੈਂਦੀਆਂ ਤੁਹਾਡੇ ਅੰਦਰ ਹੌਲ਼ੀ-ਹੌਲ਼ੀ ਰਚ ਮਿਚ ਜਾਂਦੀਆਂ ਘਰ ਦੇ ਜੀਆਂ ਵਾਂਗ ਆਤਮਾ 'ਚ ਮਹਿਕਣ ਲੱਗਦੀਆਂ ਪਿਆਰ ਨਾਲ ਨੱਕੋ-ਨੱਕ ਭਰ ਜਾਂਦੀਆਂ ਸ਼ਬਦਾਂ ਰਾਹੀਂ ਸਿਰਜਦੀਆਂ ਇਕ ਤੋਂ ਬਾਅਦ ਇਕ ਸਵਰਗ ਅਮਰ ਫ਼ਲ ਖਾਣ ਲਈ ਉਕਸਾਉਂਦੀਆਂ ਸ਼ੈਤਾਨ ਨਹੀਂ ਦੋਸਤ ਬਣਦੀਆਂ

ਅਵਾਕ

ਸ਼ਬਦੋ! ਅੱਜ ਤੋਂ ਬਾਅਦ ਤੁਸੀਂ ਮੁਕਤ ਹੋ ਜਾਣਾ ਨਾ ਬਣਨਾ ਬ੍ਰਹਮ ਵਾਕ ਨਾ ਕੁਨ ਜਿਹੀ ਆਵਾਜ਼ ਕਿਸੇ ਵੀ ਅਰਥ ਨਾਲ਼ ਮੈਂ ਤੁਹਾਨੂੰ ਬੰਨ੍ਹਣਾ ਨਹੀਂ ਚਾਹੁੰਦਾ ਹੋ ਜਾਓ ਜਿਵੇਂ ਤੁਸੀਂ ਹੋਣਾ ਚਾਹੁੰਦੇ ਹੋ...

ਕਰਜ਼

ਨਜ਼ਮਾਂ ਲਹੂ ਵਾਂਗ ਮੇਰੀ ਹੋਂਦ ਦਾ ਹਿੱਸਾ ਨੇ ਨਜ਼ਮਾਂ ਲਿਖ ਕੇ ਮੈਂ ਆਪਣਾ 'ਸੱਕ' ਲਾਹੁੰਦਾ ਹਾਂ ਇਹ ਸ਼ਬਦ ਨੇ ਮੈਂ ਕਿੱਥੇ ਜੀਉਂਦਾ ਹਾਂ! ਭਾਵ ਪੱਤੇ ਮਸਤਕ ਦੀਆਂ ਟਾਹਣੀਆਂ ਤੋਂ ਝੜਦੇ ਮੇਰਾ ਰਿਸ਼ਤਾ ਸਦੀਵੀ ਸੱਚ ਨਾਲ਼ ਜੋੜਦੇ ਦਿਨੋ ਦਿਨ ਸੁੱਕਦਾ ਜਾਂਦਾ ਹਾਂ ਕਿਸੇ ਨੇ ਮੇਰੀ ਦੇਹ ਦੇ ਬਾਲੇ ਚੀਰ ਕੇ ਘਰ ਦੀ ਛੱਤ ਨਹੀਂ ਪਾਉਣੀ ਕੋਈ ਮੇਰੀ ਛਾਂ 'ਚ ਜੀਵੇ ਤਾਂ ਸੁਰਖ਼ਰੂ ਹੋਵਾਂ ਮੇਰੀ ਛਾਂ ਆਪਣੀ ਨਹੀਂ ਮੌਤ ਦਾ ਕਰਜ਼ ਹੈ ਜੋ ਇਕ ਦਿਨ ਲਹਿ ਹੀ ਜਾਣਾ...

ਰੰਗ

ਬੜਾ ਫ਼ਰਕ ਹੈ ਦੁੱਖ ਨੂੰ ਜਰਨ ਵਿਚ ਤੇ ਕਵਿਤਾ ਲਿਖਣ ਵਿਚ ਮੈਂ ਇਸ ਫ਼ਰਕ ਨੂੰ ਮੇਟਣਾ ਚਾਹੁੰਦਾ ਹਾਂ ਫ਼ਰਕ ਪਾਣੀ 'ਚ ਗਿਰੇ ਰੰਗ ਵਾਂਗ ਫੈਲਦਾ ਜਾਂਦਾ ਹੈ ਜਿੰਨਾ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹਾਂ ਓਨਾ ਹੋਰ ਘੁਲ਼ ਕੇ ਪਾਣੀ ਨੂੰ ਰੰਗ ਦਿੰਦਾ ਹੈ ਦੇਖਦੇ ਹੀ ਦੇਖਦੇ ਸਾਰਾ ਪਾਣੀ ਰੰਗਿਆ ਜਾਂਦਾ ਹੈ ਰੰਗੇ ਪਾਣੀ 'ਚੋਂ ਮੈਥੋਂ ਰੰਗ ਫੜਿਆ ਨਹੀਂ ਜਾਂਦਾ

ਕਦੇ ਕਦੇ

ਬਿਰਖ ਬੋਲ ਪੈਂਦੇ ਕਬਰਾਂ ਸਾਹ ਲੈਂਦੀਆਂ ਸਮੁੰਦਰ ਕਹਿਰਵਾਨ ਹੁੰਦਾ ਪੱਥਰਾਂ ਅੰਦਰ ਵੀ ਦਿਲ ਧੜਕਦਾ ਪਾਣੀ ਨੂੰ ਵੀ ਅੱਗ ਦੀ ਪਿਆਸ ਲੱਗਦੀ ਧੁੱਪ, ਧੁੰਦ ਦਾ ਨੰਗੇਜ਼ ਪਹਿਨਦੀ ਪ੍ਰੇਮ ਹਾਣ ਦੇ ਸ਼ਬਦ ਮੰਗਦਾ ਚਾਣਚੱਕ ਫੁੱਟ ਪੈਂਦਾ ਜਵਾਲਾਮੁਖੀ ਕੋਈ ਝੁਕ ਜਾਂਦਾ ਜਾਬਰ ਮਾਸੂਮ ਹੰਝੂਆਂ ਅੱਗੇ ਕਦੇ ਕਦੇ ਇੰਜ ਵੀ ਹੁੰਦਾ

ਪਿਆਰ

ਪਿਆਰ ਬਾਰੇ ਲਿਖੀ ਕਵਿਤਾ ਵਿਚ ਨਹੀਂ ਹੁੰਦਾ ਪਿਆਰ ਕਿਸੇ ਨੂੰ ਕਰਨ ਵਿਚ ਵੀ ਨਹੀਂ ਹੁੰਦਾ ਪਿਆਰ ਪਿਆਰ ਹੁੰਦਾ ਜੇ ਕਦੇ ਕੀਤਾ ਨਾ ਜਾਂਦਾ ਨਹੀਂ ਲਿਖੀ ਜਾ ਸਕਦੀ ਪਿਆਰ ਬਾਰੇ ਕਵਿਤਾ ਇਕ ਲਫਜ਼ ਵੀ ਕਿਹਾ ਨਹੀਂ ਜਾ ਸਕਦਾ ਜਦ ਹੁੰਦਾ ਪਿਆਰ ਪਿਆਰ ਹੁੰਦਾ ਅੰਦਰ ਬਾਹਰ ਹਰ ਕਿਤੇ ਅਸੀਂ ਹੁੰਦੇ ਪਿਆਰ ਅੰਦਰ ਪਿਆਰ ਹੁੰਦਾ ਸਾਡੇ ਅੰਦਰ ਕਿਸ ਨਾਲ਼ ਹੁੰਦਾ ਕਿਸੇ ਨਾਲ਼ ਵੀ ਨਹੀਂ ਜਾਂ ਹੁੰਦਾ ਸਭ ਨਾਲ਼ ਪਿਆਰ

ਮੁਹੱਬਤ

ਮੁਹੱਬਤ ਨਾਲ਼ ਮਨ ਦੀ ਮਿੱਟੀ 'ਚੋਂ ਫੁੱਲ ਖਿਲਦੇ ਫੁੱਲਾਂ ਨਾਲ਼ ਰੂਹ ਖਿਲਦੀ ਰੂਹ ਨਾਲ਼ ਬ੍ਰਹਿਮੰਡ ਖਿਲਦਾ ਮੁਹੱਬਤ ਮਨ ਦੀ ਮਿੱਟੀ ਤੋਂ ਬ੍ਰਹਿਮੰਡ ਤੱਕ ਮਹਿਕ ਦਾ ਅਦੁੱਤੀ ਸਿਲਸਿਲਾ ਹੈ... ਮੈਂ ਇਸ ਮਹਿਕ ਨੂੰ ਹਵਾ ਦਿੰਦਾ ਹਾਂ ਮੈਂ ਇਸ ਮਹਿਕ ਨੂੰ ਫ਼ਿਜ਼ਾ ਦਿੰਦਾ ਹਾਂ ਮੈਂ ਇਸ ਮਹਿਕ ਦਾ ਅਨੁਵਾਦ ਕਰਦਾ ਹਾਂ

ਰਾਧਾ

ਵਕਤ ਦੀ ਧਾਰਾ ਤੋਂ ਉਲਟ ਵਹਿ ਕੇ ਰਾਧਾ ਨੇ ਿ́ਸ਼ਨ ਨੂੰ ਪਾਇਆ ਰਾਧਾ ਹੁਣ ਕਿੱਥੇ ਰਹਿ ਗਈ ਰਾਧਾ ਉਹ ਤਾਂ ਿ́ਸ਼ਨ ਦੇ ਦਿਲ ਦੀ ਧੜਕਣ ਬਣ ਗਈ ਹੈ

ਗੋਪੀਆਂ ਦਾ ਜਵਾਬ

ਊਧੋ! ਚਲਿਆ ਜਾਹ ਤੇ ਕਹਿ ਦੇ ਕਾਹਨ ਨੂੰ ਕਿ ਉਸਦੀ ਪਾਤੀ ਬੇਅੱਖਰੀ ਹੀ ਉਤਰ ਗਈ ਹੈ ਸਾਡੇ ਸੀਨੇ 'ਚ ਪ੍ਰੇਮ-ਬਾਣ ਬਣ ਕੇ ਹੁਣ ਸਾਨੂੰ ਕਿਸੇ ਗਿਆਨ ਧਿਆਨ ਦੀ ਲੋੜ ਨਹੀਂ ਹਰ ਜਨਮ ਬ੍ਰਿੰਦਾਬਨ ਵਿਚ ਉਸਦੀ ਮੁਹੱਬਤ ਬਣ ਕੇ ਵਿਚਰਾਂਗੀਆਂ...

ਸੰਯੋਗ

ਯੂਸਫ਼ ਤੇ ਪੂਰਨ ਦੋਵੇਂ ਸਕੇ ਭਰਾ ਬਲਕਿ ਇੰਜ ਕਹੀਏ ਕਿ ਯੂਸਫ਼ ਦੀ ਰੂਹ ਨੇ ਪੂਰਨ ਬਣਕੇ ਜਨਮ ਲਿਆ ਯੂਸਫ਼ ਨੇ ਕਾਮ-ਵਾਸ ਦੀ ਥਾਂ ਜ਼ੇਲ੍ਹ 'ਚ ਰਹਿਣਾ ਗ਼ਨੀਮਤ ਸਮਝਿਆ ਤੇ ਪੂਰਨ ਭੋਰਿਓਂ ਬਾਹਰ ਆ ਕੇ ਵੀ ਜਤੀ ਸਤੀ ਰਿਹਾ ਵੱਢੇ ਜਾਣ ਤੇ ਖੂਹ 'ਚ ਗਿਰਨਾ ਸਵੀਕਾਰ ਲਿਆ ਪਰ ਈਮਾਨ ਤੋਂ ਨਾ ਥਿੜਕਿਆ ਯੂਸਫ਼ ਤੇ ਪੂਰਨ ਇਸ ਗੱਲੋਂ ਸਕੇ ਭਰਾ...

ਔਰਤਾਂ ਹੁਣ ਮਹਿੰਗੇ ਗਹਿਣੇ ਨਹੀਂ ਪਾਉਂਦੀਆਂ

ਔਰਤਾਂ ਦੀਆਂ ਬਿੰਦੀਆਂ, ਲਿਪਿਸਟਿਕਾਂ ਵਿਚੋਂ ਬਨਾਵਟੀ ਹਾਸਾ ਛਲਕਦੈ ਉਹ ਰੂਹ ਬਾਰੇ ਕਦੇ ਨਹੀਂ ਸੋਚਦੀਆਂ ਸੂਟਾਂ 'ਚ ਉਲਝੀਆਂ ਨੂੰ ਦਿਖਾਵਾ ਚੰਗਾ ਲਗਦਾ ਹੈ ਉਹਨਾਂ ਦੇ ਮੇਕਅਪ ਦੀ ਤਾਰੀਫ਼ ਕਰੋ ਤੇ ਉਹਨਾਂ ਦੀ ਰੂਹ ਨੂੰ ਨਰਕਾਂ 'ਚ ਜਾਣ ਲਈ ਕਾਲ ਦੀ ਹਵਸ ਜੋਗੀਆਂ ਛੱਡ ਦਿਓ ਸ਼ੈਤਾਨ ਇਹੋ ਚਾਹੁੰਦਾ ਹੈ ਹੇ ਅਕਾਲ ਪੁਰਖ! ਔਰਤਾਂ ਹੁਣ ਮਹਿੰਗੇ ਗਹਿਣੇ ਨਹੀਂ ਪਾਉਂਦੀਆਂ ਉਹਨਾਂ ਦੀ ਰੂਹ ਸੋਨੇ ਵਰਗੀ ਸੋਹਣੀ ਕਰ ਦੇ

ਕਸ਼ਮੀਰਨਾਂ

ਬਾਂਕੀਆਂ ਕਸ਼ਮੀਰਨਾਂ ਦੀਆਂ ਹੰਝੂਆਂ 'ਚ ਤਰ ਸੂਰਤਾਂ ਟੀ.ਵੀ. 'ਤੇ ਦੇਖ ਨਹੀਂ ਹੁੰਦੀਆਂ ਰੰਡੀਆਂ ਹੋਈਆਂ ਕਸ਼ਮੀਰਨਾਂ ਪੰਜਾਬਣਾਂ ਦੀਆਂ ਭੈਣਾਂ ਹਨ ਹੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨਹਾਰੇ ਗੁਰੂ! ਕਸ਼ਮੀਰਨਾਂ ਦੇ ਦੁੱਖ ਘਟ ਕਰ ਦੇ! ਇਸ ਜ਼ੰਨਤ ਦੀ ਲਾਜ ਰੱਖ ਲੈ ਕਸ਼ਮੀਰਨਾਂ ਦੇ ਵੈਣਾਂ ਨੂੰ ਠੱਲ੍ਹ ਪਾ ਦੇ!

ਚਿਨਾਰਾਂ ਦੇ ਪੱਤੇ

ਭਲੇ ਸਮੇਂ ਸਨ ਉਹੋ ਜਦ ਲਿਖ ਲੈਂਦਾ ਸੀ ਭਾਈ ਵੀਰ ਸਿੰਘ ਕਸ਼ਮੀਰ ਦੀਆਂ ਕੇਸਰ ਕਿਆਰੀਆਂ 'ਚ ਬਹਿ ਕੇ 'ਇੱਛਾਵਲ ਤੇ ਡੂੰਘੀਆਂ ਸ਼ਾਮਾਂ' ਜਦੋਂ ਮਾਰਦਾ ਹੁੰਦਾ ਸੀ ਪ੍ਰੋ. ਪੂਰਨ ਸਿੰਘ ਜਟ ਬੂਟ ਮੁੰਡਿਆਂ ਨੂੰ ਅਲਬੇਲੀਆਂ ਹਾਕਾਂ ਰੁੱਖਾਂ ਨੂੰ ਜੱਫੀਆਂ ਪਾਉਂਦਾ ਥੱਕਦਾ ਨਹੀਂ ਸੀ ਤਾਰੀਫ਼ਾਂ ਕਰਦਾ ਪੰਜਾਬ ਦੀ ਖੁੱਲ੍ਹੀ ਆਬੋ-ਹਵਾ ਦੀਆਂ ਪਰ ਮੇਰੇ ਸਮਿਆਂ 'ਚ ਅਜਿਹਾ ਕੁਝ ਵੀ ਨਹੀਂ ਹੈ ਕਿਵੇਂ ਕਰਾਂ ਮੈਂ ਕਿਸੇ ਹੀਰ ਦਾ ਹੁਸਨ ਬਿਆਨ? ਤੇ ਇਕ ਤੁਸੀਂ ਹੋ ਕਿ ਅਜੇ ਵੀ ਭਾਲਦੇ ਹੋ ਮੇਰੇ ਕੋਲ਼ੋਂ ਇਸ਼ਕ ਮੁਸ਼ਕ ਦੀ ਸ਼ਾਇਰੀ ਕਿਸੇ ਲਗਰ ਜਿਹੀ ਕੁੜੀ ਦੀ ਵਾਰਿਸਸ਼ਾਹੀ ਲਹਿਜ਼ੇ 'ਚ ਕੀਤੀ ਤਾਰੀਫ਼ ਜਾਂ ਮੋਹਨ ਸਿੰਘ ਦੀ ਨੂਰਜਹਾਂ, ਬਸੰਤ ਜਾਂ ਅਨਾਰਕਲੀ ... ... ... ਮੁਆਫ਼ ਕਰਨਾ! ਮੈਂ ਤਾਂ ਆਪਣੇ ਕਵੀ ਹੋਣ ਤੋਂ ਹੀ ਮੁਨਕਰ ਹੁੰਦਾ ਜਾ ਰਿਹਾਂ ਅਹਿ ਮੇਰੇ ਸ਼ਬਦ ਕੁਝ ਚਿਨਾਰਾਂ ਦੇ ਪੱਤੇ ਨੇ ਜਿਨ੍ਹਾਂ ਨੂੰ ਤੁਹਾਡੇ ਰਾਹਾਂ 'ਚ ਵਿਛਾ ਰਿਹਾਂ

ਸਾਹਾਂ ਦਾ ਸਿਲਸਿਲਾ

ਉਦੋਂ ਵੀ ਖਿੜਦੇ ਸਨ ਫੁੱਲ ਜਦੋਂ ਨਹੀਂ ਸਨ ਆਏ ਸਾਡੇ ਪੂਰਵਜ਼ ਅਜੇ ਇਸ ਧਰਤੀ ਤੇ ਤੇ ਉਦੋਂ ਵੀ ਖਿੜਨਗੇ ਫੁੱਲ ਜਦੋਂ ਅਲੋਪ ਹੋ ਜਾਣਗੀਆਂ ਸਾਡੀਆਂ ਨਸਲਾਂ ਵੀ ਇਸ ਧਰਤੀ ਤੋਂ ਕੁਦਰਤ ਦਾ ਨਿਯਮ ਹੈ ਕਿ ਬਿਰਖਾਂ ਦੀ ਥਾਂ ਉੱਗ ਆਉਣੇ ਹੋਰ ਬਿਰਖ ਘਰਾਂ ਦੀ ਥਾਂ ਹੋਰ ਘਰ ਨਦੀਆਂ ਦੀ ਥਾਂ ਹੋਰ ਨਦੀਆਂ ਬੰਦਿਆਂ ਦੀ ਥਾਂ ਹੋਰ ਬੰਦੇ ਚੀਜ਼ਾਂ ਦੀ ਥਾਂ ਹੋਰ ਚੀਜ਼ਾਂ ਕਬਰਾਂ ਦੀ ਥਾਂ ਬਣ ਜਾਣਾ ਬਹੁਤ ਕੁਝ ਹੋਰ ਬਦਲ ਜਾਣਾ ਸੰਸਾਰ ਸਾਡੇ ਸਾਹਾਂ ਦਾ ਸਿਲਸਿਲਾ ਜਾਰੀ ਨਹੀਂ ਰਹਿਣਾ ਬਸ!

ਚੀਜ਼ਾਂ

ਹਰੇਕ ਚੀਜ਼ ਅੰਦਰ ਧਰਤੀ ਦਾ ਦਿਲ ਧੜਕਦਾ ਹੈ ਸੂਰਜ ਦੇ ਸਾਹ ਰਮੇ ਹੋਏ ਹਨ ਹਵਾ ਦੀ ਆਵਾਜ਼ ਛਹਿ ਕੇ ਬੈਠੀ ਹੈ ਪਾਣੀ ਦੀ ਤਾਸੀਰ ਘੁਲ਼ੀ ਹੋਈ ਹੈ ਹਰੇਕ ਚੀਜ਼ ਕੁੱਲ ਕਾਇਨਾਤ ਨਾਲ਼ ਜੁੜੀ ਹੋਈ ਹੈ ਜੋ ਅਸੀਂ ਦੇਖਦੇ ਹਾਂ ਉਹ ਗਲੈਮਰ ਹੈ, ਛਲਾਵਾ ਹੈ

ਕਿਸੇ ਚੀਜ਼ ਵਾਂਗ

ਕੁਝ ਨਹੀਂ ਚਾਹੁੰਦਾ ਬਦਲਣਾ ਚੀਜ਼ਾਂ ਪਈਆਂ ਰਹਿਣ ਦੇਂਦਾ ਉਵੇਂ ਜਿਵੇਂ ਉਹ ਪਈਆਂ ਹਨ ਸ਼ਾਇਦ ਇੰਞ ਉਸ ਮਰਕਜ਼ 'ਤੇ ਪੁੱਜ ਸਕਾਂ ਜਿੱਥੇ ਪੁੱਜ ਹੀ ਨਹੀਂ ਸਕਦਾ ਕਦੇ ਅਬਦਲ ਪਿਆ ਰਹਾਂ ਕਿਸੇ ਚੀਜ਼ ਵਾਂਗ ਕੁਦਰਤ ਦੀ ਗੋਦ 'ਚ

ਹੋਣਾ

ਮੇਰੇ ਕੁਝ ਹੋਣ ਤੇ ਨਾ ਹੋਣ ਨਾਲ਼ ਕੀ ਫ਼ਰਕ ਪੈਂਦਾ ਕਿਸੇ ਨੂੰ? ਜਿਵੇਂ ਚਾਹੁੰਦੇ ਹਾਂ ਅਸੀਂ ਹੁੰਦਾ ਨਹੀਂ ਉਵੇਂ ਸਭ ਕੁਝ ਹੋਣਾ ਤਾਂ ਬਹੁਤ ਕੁਝ ਚਾਹੀਦੈ ਹੋਣ ਵਰਗਾ ਪਰ ਹੁੰਦਾ ਉਵੇਂ ਜਿਵੇਂ ਹੁੰਦਾ ਹੈ ਮੈਂ ਵੀ ਨਹੀਂ ਹੁੰਦਾ ਉਵੇਂ ਜਿਵੇਂ ਹੋਣਾ ਚਾਹੀਦਾ

ਚੌਥੀ ਸੁੰਨ

ਕੋਈ ਨਹੀਂ ਜਿਸ ਤੋਂ ਡਰਾਂ ਮੌਤ ਵੀ ਨਹੀਂ ਗਹਿਰੇ ਮੌਨ 'ਚ ਮੈਨੂੰ ਮੇਰੀ ਪਛਾਣ ਭੁੱਲ ਜਾਂਦੀ ਤੇ ਇਕ ਨਿਰਭਾਵ ਵਿਯੋਮ ਚੁਗਿਰਦੇ ਫੈਲ ਜਾਂਦਾ ਹੈ...

ਧਿਆਨ

ਮੇਰੇ ਲਈ ਏਨਾ ਕੁ ਹੈ ਧਿਆਨ ਕਿ ਖ਼ੁਦ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹਾਂ ਭਾਵੇਂ ਜਾਣਦਾ ਨਹੀਂ ਕਿ ਕੀ ਹੁੰਦੀ ਖ਼ੁਦੀ ਮੇਰੀ ਦੁਨੀਆ ਮੇਰੇ ਤੋਂ ਸ਼ੁਰੂ ਮੇਰੇ 'ਤੇ ਖ਼ਤਮ ਫ਼ਨਾਹ ਫਿਲਾਹ!

ਸਮਾਧੀ

ਜਿਵੇਂ ਸੱਪ ਕੁੰਜ ਲਾਹੁੰਦਾ ਮੈਂ ਆਪਣੇ 'ਸੰਸਾਰ' ਲਾਹ ਦਿੰਦਾਂ... ਆਤਮਾ ਨੂੰ ਵਿਚਰਨ ਦਿੰਦਾਂ ਪ੍ਰਕ੍ਰਿਤੀ ਦੀ ਗੋਦ 'ਚ ਮੇਰੀ ਇਹੋ ਸਮਾਧੀ...

ਨਿਹੋਂਦ

ਕੁਝ ਹੋਣ ਦੇ ਚੱਕਰ 'ਚ ਨਿਹੋਂਦ ਬਿੰਦੂ 'ਤੇ ਆ ਟਿਕਿਆਂ ਕਿ ਏਥੇ ਟਿਕੇ ਰਹਿਣਾ ਕੁਝ ਹੋਣ ਜਿਹਾ ਸਿਰਫ਼ ਮੈਂ ਨਹੀਂ ਹੋ ਰਿਹਾ ਹੋ ਰਿਹਾ ਕੁਝ ਟਿਕਾਅ ਅੰਦਰ ਨਿਹੋਂਦ ਜਿਹਾ

ਨੀਵਾਣ

ਵਿਸ਼ਵਾਸ ਨਾ ਕਰਾਂ 'ਜੋ ਹੈ' ਉਸਦੇ ਅਨੁਭਵ 'ਚ ਉਤਰ ਜਾਵਾਂ ਗਹਿਰਾ....ਸ਼ਾਂਤ ਜਿਵੇਂ ਮੈਂ ਆਪਣੇ ਦਿਲ 'ਚ ਉਤਰਦਾ ਹਾਂ ਇਹ ਨੀਵਾਣ ਮੈਨੂੰ ਮੇਰੇ ਤੀਕ ਲੈ ਜਾਵੇਗੀ ਧੁਰ ਹੇਠ ਜਿੱਥੇ ਨਿੱਜ ਵਰਗਾ ਕੁਝ ਵੀ ਨਹੀਂ ਹੈ...

ਅਗਿਆਤ

ਸੱਚ ਜਾਨਣ ਲਈ ਤਿਆਰੀ ਦੀ ਲੋੜ ਨਹੀਂ ਸੱਚ ਅਵਤਰਿਤ ਹੁੰਦਾ ਬਿਨਾਂ ਤਿਆਰੀ ਤੋਂ ਇਸ ਕਿਤਾਬ ਦੀ ਕੋਈ ਭੂਮਿਕਾ ਨਹੀਂ ਇਸਦੇ ਸ਼ਬਦਾਂ ਦੇ ਅਰਥ ਨਹੀਂ ਇਸਦੀ ਸਮਝ ਨਹੀਂ ਆਉਂਦੀ ਨਾ ਸਮਝਾਈ ਜਾ ਸਕਦੀ ਅਟੱਲ ਨਿਯਮ ਜਿਸ ਦਾ ਕੋਈ ਆਧਾਰ ਨਹੀਂ ਅਸੀਮ ਬਿੰਦੂ ਜਿਸ ਦਾ ਕੋਈ ਆਦਿ ਨਹੀਂ ਮੱਧ ਨਹੀ, ਅੰਤ ਨਹੀਂ ਨਾ ਕਾਰਨ ਨਾ ਪਰਿਭਾਸ਼ਾ ਨਾ ਸਿੱਧਾਂਤ ਪਰਮਜੀਤ ਛੱਡ ਫੈਲਸੂਫ਼ੀਆਂ! ਰੁੱਖ 'ਤੇ ਫੁੱਟ ਰਹੇ ਪੁੰਗਾਰੇ ਦੇਖ!

ਛਾਲ਼

ਸੁੰਨੇ ਖਲਾਅ 'ਚ ਛਾਲ਼ ਮਾਰਨ ਲਈ ਹੋਂਸਲਾ 'ਕੱਠਾ ਕਰ ਰਿਹਾਂ ਬਿਜਲੀ ਚਲੀ ਗਈ ਹੈ ਕਿਸੇ ਨੇ ਜਰਨੇਟਰ ਚਲਾ ਦਿੱਤਾ ਹੈ ਚੌਗਿਰਦੇ 'ਚ 'ਠੱਕ ਠੱਕ' ਦਾ ਸ਼ੋਰ ਭਰ ਗਿਆ ਹੈ ਜਿੰਨਾ ਕੁ ਹੋਇਆ ਸੀ ਮੇਰੇ ਲਈ ਖਲਾਅ ਸੁੰਨਾ ਹੁਣ 'ਠੱਕ ਠੱਕ' ਨਾਲ ਭਰ ਗਿਆ ਹੈ ਥੋੜ੍ਹੀ ਜਿਹੀ ਹੋਰ ਥਾਂ ਭਾਲਦਾਂ ਸੁੰਨੇ ਖਲਾਅ 'ਚ ਛਾਲ਼ ਮਾਰਨ ਲਈ ਪਰ ਉੱਥੇ ਵੀ ਸੁਣਦੀ ਕਾਵਾਂ-ਰੌਲ਼ੀ ਗੁਰਦੁਆਰਿਓਂ ਆਉਂਦੀ ਕੀਰਤਨ ਦੀ ਆਵਾਜ਼ ਜਿਸ ਸ਼ਬਦ ਨੇ ਇਸ਼ਾਰਾ ਕੀਤਾ ਸੁੰਨ ਵੱਲ ਉਸ ਨਾਲ ਹੀ ਭਰ ਦਿੱਤਾ ਖ਼ਿਲਾਅ ਬੀਤ ਰਿਹਾਂ ਤੇ ਉਡੀਕ ਰਿਹਾਂ ਕਿ ਖਲਾਅ ਸੁੰਨਾ ਹੋਵੇ ਬਿਜਲੀ ਆਵੇ ਤੇ ਸ਼ਾਂਤ ਹੋਵੇ 'ਠੱਕ ਠੱਕ' ਕਾਵਾਂ-ਰੌਲ਼ੀ ਘਟੇ ਮੇਰੇ ਅੰਦਰ ਸ਼ਬਦ ਬ੍ਰਹਮ ਦੇ ਕੀਰਤਨ ਦੀ ਧੁਨ ਛਿੜੇ ਵਿਸਮਾਦਿਤ ਹੋਵਾਂ ਤੇ ਅੰਤਹਾਕਰਣ ਦੀ ਚੁੱਪ 'ਚ ਟਿਕਾਂ...

ਦੌੜ

ਮੈਨੂੰ ਦੇਖ ਕੇ ਵੀ ਨਹੀਂ ਰੁਕਦਾ ਕਾਰ ਤੇ ਜਾ ਰਿਹਾ ਮੇਰਾ ਦੋਸਤ ਮੈਂ ਅਜੇ ਵੀ ਰੋਕ ਲੈਂਦਾਂ ਸਕੂਟਰ ਆਪਣਾ ਸਾਇਕਲ 'ਤੇ ਜਾ ਰਹੇ ਕਿਸੇ ਜਾਣਕਾਰ ਕੋਲ਼ ਜਿਵੇਂ ਸਾਇਕਲ ਤੇ ਜਾ ਰਿਹਾ ਕੋਈ ਰੁਕ ਜਾਵੇ ਕਿਸੇ ਪੈਦਲ ਜਾ ਰਹੇ ਬੰਦੇ ਕੋਲ਼ ਸੋਚਦਾਂ ਰਫ਼ਤਾਰ 'ਚ ਜਾ ਰਹੇ ਬੰਦੇ ਕੋਲ਼ ਸਿਰਫ਼ ਦੌੜ ਹੁੰਦੀ ਹੈ ਜ਼ਿੰਦਗੀ ਦੀ ਤੋਰ ਨਹੀਂ ਹੁੰਦੀ

ਚੌਕ

ਚੌਕ 'ਚ ਬਹੁਤ ਸਾਰੇ ਲੋਕ ਆਉਂਦੇ ਪਰ ਆਪਣੇ ਆਪ ਨੂੰ ਜਾਣਨ ਲਈ ਕੋਈ-ਕੋਈ ਆਉਂਦਾ ਦੂਸਰਿਆਂ ਬਾਰੇ ਸਭ ਗੱਲਾਂ ਕਰਦੇ ਆਪਣੇ ਬਾਰੇ ਕੋਈ-ਕੋਈ ਚੁੱਪ ਹੁੰਦਾ ਰਸਤਿਆਂ 'ਤੇ ਸਭ ਲੋਕ ਟੁਰਦੇ ਵਿਰਾਮ 'ਤੇ ਕੋਈ-ਕੋਈ ਟਿਕਦਾ ਜੋ ਵੀ ਇਸ ਚੌਕ 'ਚ ਆਉਂਦਾ ਉਹ ਫਿਰ ਕਿਤੇ ਨਹੀਂ ਜਾਂਦਾ

ਮੇਰੇ ਅੰਦਰ

ਜਿੰਨਾ-ਜਿੰਨਾ ਪਾਲਤੂ ਹੁੰਦਾ ਜਾ ਰਿਹਾਂ ਟੀ.ਵੀ. ਦਾ, ਮੁਬਾਈਲ ਦਾ, ਇੱਟਰਨੈਟ ਦਾ ਤੇ ਹੋਰ-ਹੋਰ ਚੀਜ਼ਾਂ ਦਾ ਓਨਾ-ਓਨਾ ਦੂਰ ਹੁੰਦਾ ਜਾ ਰਿਹਾਂ ਕੁਦਰਤ ਤੋਂ ਆਪਣੇ ਅੰਦਰੋਂ ਸਭ ਨਿੱਕ-ਸੁੱਕ ਹੂੰਝ ਕੇ ਬਾਹਰ ਸੁੱਟ ਦੇਣਾ ਚਾਹੁੰਦਾ ਹਾਂ ਪਰ ਸੁੱਟਾਂ ਕਿੱਥੇ? ਇਹ ਸੰਸਾਰ ਮੇਰੇ ਅੰਦਰ ਸਿਰਜ ਚੁੱਕਾ ਕਿੰਨੇ ਹੋਰ ਸੰਸਾਰ ਕਦ ਮਿਲੇਗੀ ਮੁਕਤੀ ਇਸ ਕੁਚੱਕਰ 'ਚੋਂ

ਪੰਚਾਂ ਕਾ ਗੁਰ

ਸਮੁੰਦਰ 'ਚ ਦਾਵਾਨਲ ਮੇਰੇ ਅੰਦਰ ਪੰਜ ਅੱਗਾਂ ਹੇ ਅਗਨੀਓ! ਸ਼ਾਂਤ ਹੋ ਜਾਵੋ ਮੈਨੂੰ ਸੀਲ, ਸੰਤੋਖ, ਸੰਜਮ, ਸਦਾਚਾਰ ਤੇ ਸਤਿ ਦੇ ਸਰੋਤ ਨਾਲ਼ ਜੁੜ ਕੇ ਪੰਚਾਂ ਕੇ ਗੁਰ ਦਾ ਧਿਆਨ ਧਰਨ ਦਿਓ...

ਭੁੱਲਿਆ ਚੇਤਾ: ੧

ਕਿੱਥੇ ਰੱਖ ਬੈਠਾਂ ਐਨਕ, ਮੁਬਾਇਲ, ਪੈੱਨ, ਬਟੂਆ ਡਾਇਰੀ 'ਤੇ ਲਿਖੀ ਕਵਿਤਾ ਵਕਤ ਨਹੀਂ ਦੱਸਦਾ ਕੋਈ ਹਿਸਾਬ-ਕਿਤਾਬ ਬਚਪਨ ਦੀਆਂ ਯਾਦਾਂ ਉਡ ਗਈਆਂ ਚਿੜੀਆਂ ਮਨਪਸੰਦ ਲੋਕ ਗੀਤ ਚੇਤੇ ਕਰਦਾਂ ਪਰ ਕੁਝ ਯਾਦ ਨਹੀਂ ਰਹਿੰਦਾ ਕਵਿਤਾ ਲਿਖਦਾ ਭੁੱਲ ਜਾਂਦਾਂ ਕਿ ਕਿੱਥੇ ਹਾਂ? ਸ਼ਬਦਾਂ ਮਗਰ ਲੱਗ ਤੁਰਦਾਂ ਆਪ-ਮੁਹਾਰੇ ਵਾਰ-ਵਾਰ ਭੁੱਲ ਜਾਂਦਾਂ ਆਪਣਾ ਆਪ ਪਤਾ ਨਹੀਂ ਕਿੰਨੀ ਕੁ ਬੀਤ ਗਈ ਰਾਤ ਜੀਵਨ ਦੀ ਕੈਮਰੇ 'ਚ ਕਿਹੜਾ ਕਿਹੜਾ ਸੀਨ ਫੜਾਂ? ਪੜ੍ਹੀਆਂ ਕਿਤਾਬਾਂ 'ਚੋਂ ਅੰਡਰ ਲਾਈਨ ਕੀਤੇ ਸ਼ਬਦ ਵੇਦਾਂ ਦੇ ਸਲੋਕਾਂ 'ਚ ਛੁਪ ਗਏ ਕਿਧਰੇ ਰਿ੨ਸ਼ਤੇ ਗੁਆਚ ਗਏ ਭੀੜ ਅੰਦਰ ਹੱਥਾਂ 'ਚੋਂ ਕਿਰ ਗਏ ਪਲ ਵਿੱਸਰ ਗਏ ਯਾਰ-ਦੋਸਤ ਕਿੱਥੇ ਰੱਖ ਬੈਠਾਂ ਆਪਣਾ ਆਪ?

ਭੁੱਲਿਆ ਚੇਤਾ: ੨

ਕਾਹਲ 'ਚ ਨਿਕਲ ਆਉਂਦਾਂ ਘਰੋਂ ਰਾਹ 'ਚ ਦੇਖਦਾਂ ਜੇਬ ਵਿਚਲਾ ਮੁਬਾਈਲ ਪਰਸ, ਪੈੱਨ, ਐਨਕ ਚਾਬੀਆਂ ਸਕੂਟਰ ਦੀਆਂ ਆਈ.ਡੀ. ਕਾਰਡ ਤੇ ਏ.ਟੀ.ਐਮ. ਕਾਹਲ 'ਚ ਭੁੱਲ ਆਉਂਦਾ ਗੁੱਟ- ਘੜੀ ਘਰ ਕਿੰਨੀ ਵਾਰ ਘੜੀ ਦੇਖਣ ਵਾਂਙ ਸੱਖਣੀ ਕਲਾਈ ਦੇਖਦਾਂ ਨਾ ਘੜੀ ਦਿਸਦੀ ਨਾ ਸਮਾਂ ਦੇਖਣ ਦੀ ਪੱਕ ਚੁੱਕੀ ਆਦਤ

ਰੀਝ

ਮੇਰੇ ਕੋਲ਼ ਕਿੱਥੇ ਹੈ ਸਿਆਣਪ ਮੈਂ ਬੱਚਿਆਂ ਵਾਂਗ ਪਰਚ ਜਾਂਦਾ ਹਾਂ ਬੁੱਢਾ ਹੋ ਕੇ ਵੀ ਜ਼ਿੰਦਗੀ! ਤੇਰੇ ਕੋਲ਼ ਮੈਂ ਆਲ਼ਾ-ਭੋਲ਼ਾ ਹੀ ਬਣਿਆ ਰਹਾਂ...

ਡਰ

ਇਕ ਦਿਨ ਸਾਰੇ ਦਾਅਵੇ ਛੱਡ ਦੇਣੇ ਘਰ 'ਤੇ ਮੇਰਾ ਭਲਾਂ ਕੀ ਹੱਕ ਹੈ? ਕਿਉਂ ਏਦਾਂ ਸਾਂਭ-ਸਾਂਭ ਕੇ ਚੀਜ਼ਾਂ 'ਕੱਲਾ-'ਕੱਲਾ ਖੂੰਜਾ ਮੱਲੀ ਜਾਂਦਾ ਹਾਂ ਕਿਸ ਵਾਸਤੇ ਕਰਦਾਂ ਕਬਜ਼ੇ ਭਲਾਂ? ਘਰਵਾਲ਼ੀ ਦਾ ਇੱਕੋ ਡਰਾਵਾ ਤਹਿਸ ਨਹਿਸ ਕਰ ਦਿੰਦਾ ਸਭ ਕੁਝ ਕਿ ਮੈਂ ਤੇਰੇ ਮਰਨ 'ਤੇ ਚੁੱਕ ਕੇ ਬਾਹਰ ਮਾਰਨਾ ਤੇਰਾ ਸਾਮਾਨ...

ਸਿਆਣਾ

ਸਿਆਣਾ ਨਹੀਂ ਹਾਂ ਸਭ ਨਾਲ਼ ਬਣਾ ਕੇ ਨਹੀਂ ਰੱਖ ਸਕਦਾ ਬੜਾ ਸੀਮਤ ਜਿਹਾ ਦੇਖਦਾ ਹਾਂ ਦੂਰ ਤੱਕ ਨਹੀਂ ਤੱਕ ਸਕਦਾ ਸਿਆਣਾ ਹੁੰਦਾ ਤਾਂ ਜੁਗਾੜਬਾਜ਼ੀਆਂ ਸਿੱਖਦਾ ਤੇ ਸਟੰਟ ਵਰਗਾ ਕੁਝ ਲਿਖਦਾ ਮਾਣ ਪਾਉਂਦਾ ਵਕਤ ਦੇ ਹਾਕਮਾਂ ਦੀ ਹਾਂ 'ਚ ਹਾਂ ਮਿਲਾਉਂਦਾ ਸਦਾ ਸੁਖੀ ਰਹਿੰਦਾ ਭਾਸ਼ਾ ਨੂੰ ਹਥਿਆਰ ਬਣਾ ਗੁੱਝੇ ਵਾਰ ਕਰਦਾ ਹੋਰਾਂ ਨੂੰ ਮਾਰਦਾ ਖ਼ੁਦ ਨਾ ਮਰਦਾ ਸਿਆਣਾ ਨਹੀਂ ਹਾਂ ਮੂੰਹ 'ਤੇ ਜੋ ਖਰੀ-ਖਰੀ ਕਹਿ ਦੇਂਦਾ ਹਾਂ ਖ਼ਾਹ-ਮ-ਖ਼ਾਹ ਦੂਜੇ ਦੀ ਲੜਾਈ ਆਪਣੇ ਸਿਰ ਲੈ ਲੈਂਦਾ ਹਾਂ ਸਿਆਣਾ ਹੁੰਦਾ ਤਾਂ ਘਰ ਨੂੰ ਸਹੀ ਤਰ੍ਹਾਂ ਚਲਾਉਂਦਾ ਖ਼ੂਬ ਪੈਸੇ ਕਮਾਉਂਦਾ ਵਧੀਆ ਰੁਤਬਾ ਪਾਉਂਦਾ ਅਮੀਰਾਂ 'ਚ ਪੈਰ ਧਰਦਾ ਝੂਠ 'ਤੇ ਪਰਦੇ ਪਾਉਂਦਾ ਘਰ ਵਾਲ਼ੀ ਦੇ ਮਗਰ ਲਗਦਾ ਤੇ ਸਿਆਣਾ ਬਣਦਾ ਹੁਣ ਤਾਂ ਬੱਚੇ ਵੀ ਉਵੇਂ ਆਖਦੇ ਜਿਵੇਂ ਘਰ ਵਾਲ਼ੀ ਕਹਿੰਦੀ ਕਿ ਹਰ ਵੇਲ਼ੇ ਮੇਰੇ ਅੰਦਰ ਕੋਈ 'ਬੈਕਵਰਡ ਸੋਚ' ਹੈ ਰਹਿੰਦੀ ਕਵਿਤਾ ਲਿਖਦਾ ਹਾਂ ਪਰ ਉਵੇਂ ਨਹੀਂ ਜਿਵੇਂ ਦੂਜੇ ਕਵੀ ਲਿਖ ਕੇ ਅੱਗੇ ਆਉਂਦੇ ਨੇ ਤੇ ਖ਼ੂਬ ਵਾਹ-ਵਾਹ ਕਮਾਉਂਦੇ ਨੇ ਜਦ ਵੀ ਦੇਖੋ ਮੈਂ ਨਾ-ਮਸ਼ਾਹੂਰਾਂ ਦੀ ਕਤਾਰ 'ਚ ਖੜ੍ਹਾ ਹੁੰਦਾ ਹਾਂ ਕਵੀ ਦਰਬਾਰਾਂ 'ਚ ਪਿੱਛੇ ਜਿਹੇ ਲੁਕਿਆ ਬੈਠਾ ਰਹਿੰਦਾ ਹਾਂ ਕਵਿਤਾ ਸੁਣਾਉਣੋਂ ਵੀ ਝਿਜਕਦਾ ਹਾਂ ਜਿਵੇਂ ਮੈਂ ਕਵੀ ਨਹੀਂ ਹੁੰਦਾ ਕਦੇ ਦੂਰਦਰਸ਼ਨ 'ਤੇ ਮੇਰੇ ਦਰਸ਼ਨ ਨਹੀਂ ਹੁੰਦੇ ਮੈਨੂੰ ਕੋਈ ਬੁਲਾਉਂਦਾ ਹੀ ਨਹੀਂ ਘਰ ਵਾਲ਼ੀ ਆਖਦੀ ਹੈ: ਕੀ ਖੱਟਿਆ ਤੂੰ ਕਵੀ ਬਣਕੇ? ਕਵੀਆਂ ਦੇ ਬੱਚੇ ਕੋਈ ਖ਼ਾਸ ਤਰੱਕੀ ਨਹੀਂ ਕਰ ਸਕਦੇ ਕਵੀ ਭੁੱਖੇ ਮਰਦੇ ਤੇ ਟੱਬਰ ਨੂੰ ਭੁੱਖਾ ਮਾਰਦੇ ਨੇ ਸੁਣ ਕੇ ਹੱਸ ਛੱਡਦਾ ਹਾਂ ਸਿਆਣਾ ਜੁ ਨਹੀਂ ਹਾਂ

ਕਿਹੋ ਜਿਹਾ ਹੋ ਗਿਆ

ਕਿਹੋ ਜਿਹਾ ਹੋ ਗਿਆ ਸਭ ਕੁਝ ਕਿਹੋ ਜਿਹਾ ਹੋ ਗਿਆ ਮੈਂ ਕਿ ਸਮੇਂ ਅਜਿਹੇ ਆ ਗਏ ਜਾਂ ਮੈਨੂੰ ਭੁੱਲ ਗਈ ਹੈ ਜਾਚ ਜੀਣੇ ਦੀ ਬੱਚਿਆਂ ਪਿੱਛੇ ਪੈਸਿਆਂ ਪਿੱਛੇ ਚੀਜ਼ਾਂ ਪਿੱਛੇ ਪਤਨੀ ਖਿਝ ਉਠਦੀ ਨਿੱਕ-ਸੁਕ ਸਾਂਭਦੀ ਅਵਾ-ਤਵਾ ਬੋਲਦੀ ਜਿਵੇਂ ਚਲਦਾ ਰਹਿੰਦਾ ਚੈਨਿਲ ਟੀ.ਵੀ. ਦਾ ਕਿਹੋ ਜਿਹੀ ਹੋ ਗਈ ਪਤਨੀ ਕਿਹੋ ਜਿਹੇ ਹੋ ਗਏ ਬੱਚੇ ਪਰਵਾਹ ਨਹੀਂ ਕਰਦੇ ਕਿਸੇ ਗੱਲ ਦੀ? ਕਿਹੋ ਜਿਹਾ ਹੋ ਗਿਆ ਸਭ ਕੁਝ ਕਿ ਮੈਂ ਹੀ ਬਦਲ ਗਿਆਂ

ਅਸਹਿਜ

ਮੈਥੋਂ ਵੀ ਨੁਕਸਾਨ ਹੁੰਦਾ ਗੁੱਸਾ ਆਉਂਦਾ ਆਪਣੇ ਆਪ 'ਤੇ ਤੇ ਕੱਢਿਆ ਜਾਂਦਾ ਕਦੇ ਬੱਚਿਆਂ 'ਤੇ ਕਦੇ ਪਤਨੀ 'ਤੇ ਫਿਰ ਕਈ-ਕਈ ਦਿਨ ਅਸਹਿਜ ਵਿਚਰਦਾਂ ਨਾ ਚਾਹੁੰਦਿਆਂ ਵੀ ਕ੍ਰਿਝਦੀ ਰਹਿੰਦੀ ਪਤਨੀ ਘਰੇਲੂ ਕੰਮਾਂ-ਕਾਰਾਂ ਲਈ ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਲਗ ਜਾਂਦੇ ਹਫ਼ਤੇ, ਮਹੀਨੇ, ਸਾਲ ਭਲਾਂ ਇੰਜ ਦਾ ਕਿਉਂ ਹੋ ਗਿਆ ਹਾਂ ਮੈਂ?

ਬਦਸ਼ਗਨੀ

ਨਹੀਂ ਟੁੱਟਣੀ ਚਾਹੀਦੀ ਸ਼ਹਿਦ ਵਾਲ਼ੀ ਸ਼ੀਸ਼ੀ ਤੇ ਸ਼ਰਾਬ ਦੀ ਭਰੀ ਬੋਤਲ ਦੋਵੇਂ ਗੱਲਾਂ ਬਦਸ਼ਗਨੀ ਦਿਲ ਟੁੱਟ ਜਾਣ ਨਾਲ਼ੋਂ ਚੰਗਾ ਹੈ ਸਭ ਕੁਝ ਸਹੀ ਸਲਾਮਤ ਰਹੇ

ਪਿਆਰ ਬਿਨ

ਜੇ ਦਿਲਾਂ 'ਚ ਪਿਆਰ ਹੁੰਦਾ ਘਰ 'ਮਹਾਂਭਾਰਤ' ਨਾ ਹੁੰਦਾ ਖ਼ੁਸ਼ੀ ਦਾ ਅਖੰਡ ਪਾਠ ਹੁੰਦਾ ਜਿਸ ਦਾ ਭੋਗ ਕਦੇ ਨਾ ਪਾਇਆ ਜਾਂਦਾ ਜੋ ਸਵਾਸ-ਸਵਾਸ ਨਿਰਵਿਘਨ ਦੁਹਰਾਇਆ ਜਾਂਦਾ ਪਰ ਅਸੀਂ ਪਿਆਰ ਨੂੰ ਘਸਾ-ਘਸਾ ਕੇ ਲਗਭਗ ਖ਼ਤਮ ਕਰ ਦਿੱਤਾ ਹੈ... ਹੁਣ ਦਿਲ 'ਕੁਰੂਕਸ਼ੇਤਰ' ਹਨ ਜਿੱਥੇ ਰੋਜ਼ 'ਮਹਾਂਭਾਰਤ' ਹੁੰਦਾ ਹੈ

ਯੁੱਧਰਤ

ਆਤਮਾ ਦੀ ਦਰੋਪਤੀ ਦਾ ਚੀਰਹਰਨ ਕਰਨ ਲਈ ਸਭ ਤੋਂ ਅੱਗੇ ਮੈਂ ਸਾਂ ਏਸੇ ਲਈ ਹਰ ਪਲ 'ਮਹਾਂਭਾਰਤ' ਲੜਦਾ ਹਾਂ

ਸਮਝ ਨਹੀਂ ਆਉਂਦੀ

ਧੁੱਪ ਅਛੋਪਲੇ ਆ ਜਾਂਦੀ ਰੋਜ਼ ਵਾਂਗ ਚਿੜੀਆਂ, ਪਰਿੰਦੇ ਗਾਉਂਦੇ ਸਵੇਰੇ-ਸਵੇਰੇ ਨਾਸ਼ਤਾ ਬਣਾਉਂਦੀ ਪਤਨੀ ਮਾਂ ਦਾ ਨਿਤਨੇਮ ਜਾਰੀ ਪਰ ਕੁਝ ਹੈ ਜੋ ਖੋਰੀ ਜਾਂਦਾ ਸਮਝ ਨਹੀਂ ਆਉਂਦੀ ਉਸਨੂੰ ਕਿਸ ਸ਼ਬਦ ਨਾਲ ਢਕਾਂ?

ਰਿਸ਼ਤਾ

ਬਾਂਦਰੀ ਦਾ ਮੋਇਆ ਹੋਇਆ ਬੱਚਾ ਹੌਲ਼ੀ-ਹੌਲ਼ੀ ਘਰ ਦਾ ਜੰਗਾਲ਼ਿਆ ਜਾ ਰਿਹਾ ਲੋਹੇ ਦਾ ਬਾਹਰਲਾ ਗੇਟ ਮੈਲਾ ਤੇ ਬੋਦਾ ਹੋ ਕੇ ਫਟ ਰਿਹਾ ਪੋਣਾ ਰੁੱਖੋਂ ਝੜੇ ਹੋਏ ਪੱਤੇ ਦਾ ਗਲ਼ ਕੇ ਮਿੱਟੀ 'ਚ ਮਿਲਣਾ ਚੁੱਲ੍ਹੇ 'ਚ ਝੋਕੀ ਖਲਪਾੜ ਦਾ ਜਲ਼ ਕੇ ਰਾਖ਼ ਹੋ ਜਾਣਾ ਤੇ ਸੁਆਸਾਂ ਦਾ ਮੌਤ ਨੂੰ ਕਿਸ਼ਤਵਾਰ ਭੁਗਤਾਨ ਹੈ...

ਮਾਂ ਸਮਝਦੀ ਹੈ

ਸਭ ਸਮਝਦੀ ਮਾਂ ਕਿੱਥੋਂ ਬੋਲਦਾਂ ਕਿਵੇਂ ਦਿੰਦਾਂ ਜੁਆਬ ਕਦ ਤੋਂ ਵਰਤਣ ਲਗ ਪਿਆਂ ਦਿਲ ਦੀ ਗੱਲ ਛੁਪਾਉਣ ਵਾਲ਼ੀ ਭਾਸ਼ਾ ਮਾਂ ਸਮਝਦੀ ਹੈ ਕਿ ਹੁਣ ਉਹ ਵਕਤ ਨਹੀਂ ਰਹੇ ਬੜਾ ਕੁਝ ਬਦਲ ਗਿਆ ਹੈ ਪੈਸਿਆਂ ਦੀ ਦੌੜ ਅੰਦਰ ਪਿੱਛੇ ਰਹਿ ਗਿਆ ਮੋਹ-ਪਿਆਰ ਲੋੜਾਂ ਦੇ ਯੁੱਗ 'ਚ ਫ਼ਰਜ਼ ਭੁੱਲ ਗਏ ਨਾ ਰਿਹਾ ਚੱਜ ਨਾ ਆਚਾਰ ਮਾਂ ਸਮਝਦੀ ਹੈ ਕੁਝ-ਕੁਝ ਮੈਂ ਵੀ...

ਮਾਂ

ਜਦੋਂ ਮੈਂ ਮਾਂ ਬਾਰੇ ਸੋਚਦਾ ਹਾਂ ਤਾਂ ਮੈਨੂੰ ਪ੍ਰਕਿਤੀ ਯਾਦ ਆਉਂਦੀ ਹੈ ਘਾਹ ਦੀ ਤਿੜ ਤੋਂ ਲੈ ਕੇ ਵਿਸ਼ਾਲ ਸਿੰਮਲ ਰੁੱਖ ਤੀਕ ਮਾਂ ਕਣ ਕਣ 'ਚ ਸਮਾਈ ਹੋਈ ਹੈ ਹੇ ਖ਼ੁਦਾ! ਜੇ ਮਾਂ ਨਾ ਹੁੰਦੀ ਤਾਂ ਦੁਨੀਆਂ ਬਿਲਕੁਲ ਸੋਹਣੀ ਨਾ ਹੁੰਦੀ

ਚਾਨਣ ਚਾਨਣ

ਇਕ-ਇਕ ਕਰਕੇ ਸਾਰੇ ਖ਼ਿਆਲ ਪਾਸੇ ਕਰਨੇ ਜੋ ਮੇਰੇ ਅੰਦਰ ਨ੍ਹੇਰ ਭਰਦੇ ਇਸ ਤਰ੍ਹਾਂ ਕਿ ਮੇਰੇ ਕੁਝ ਕਰਨ ਦਾ ਭਾਵ ਵੀ ਤਿਰੋਹਿਤ ਹੋ ਜਾਵੇ ਰੌਸ਼ਨੀ ਦੀ ਤਲਾਸ਼ ਨਹੀਂ ਕਰਨੀ ਖ਼ੁਦ-ਬ-ਖ਼ੁਦ ਹੋਣ ਦੇਣਾ ਚਾਨਣ ਚਾਨਣ

ਅਛਿਣ ਬੀਜ

ਅਕਾਲ 'ਚ ਸਮਾਹਿਤ ਕਾਲ ਛਿਣ 'ਚ ਅਛਿਣ ਦਾ ਬੀਜ ਬੀਜ ਦੇ ਪੁੰਗਰਨ ਲਈ ਮਨ ਦੀ ਭੋਇੰ ਦਾ ਵੱਤਰ ਹੋਣਾ ਤੇ ਮਨ ਦਾ ਅ-ਮਨ ਹੋਣਾ ਜ਼ਰੂਰੀ ਹੈ ਮੁੰਤਜ਼ਿਰ ਹਾਂ - ਆਪਣੇ ਅੰਦਰ ਬੀਜ ਦੇ ਪੁੰਗਰਨ ਦਾ...

ਕਥਨ

ਮੇਰਾ ਕਥਨ ਪਹਿਲੋਂ ਹੀ ਕਿਹਾ ਹੋਇਐ ਕਿਸੇ ਦਾ ਮੈਂ ਗਹਿਰੀ ਚੁੱਪ ਨੂੰ ਆਖਦਾਂ ਨਿਰ ਅੱਖਰ ਜਿਹਾ ਚੁੱਪ ਆਪਣੇ ਅਰਥ ਬਣਦੀ ਮੈਂ ਚੁੱਪ ਨੂੰ ਲਿਖਦਾ ਹਾਂ

ਚੁੱਪ

ਗੱਲਬਾਤ ਲਈ ਦੂਸਰਾ ਚਾਹੀਦਾ ਚੁੱਪ ਲਈ ਆਪਣਾ ਆਪ ਚੁੱਪ ਦੀ ਗਲੀ ਵਿਚ ਸਭ ਗੱਲਾਂ ਸਮਾਅ ਜਾਂਦੀਆਂ ਚੁੱਪ ਅੰਤਰ ਦੀ ਭਾਸ਼ਾ ਪਰਮ ਸ਼ਾਂਤੀ ਦਾ ਦੁਆਰ

ਸ਼ਾਂਤੀ

1. ਟਿਕ ਜਾਣ ਦਿੰਦਾਂ ਅੰਦਰ ਵਗਦੀਆਂ ਨ੍ਹੇਰੀਆਂ ਸ਼ਾਂਤ ਨਹੀਂ ਹੁੰਦਾ ਆਪੇ ਪੱਸਰ ਜਾਂਦੀ ਸ਼ਾਂਤੀ ਬੱਦਲ ਹਟ ਜਾਂਦੇ ਅਸਮਾਨ ਨਿੰਮਲ਼ ਹੋ ਜਾਂਦਾ ਧੁੰਦ ਛਟਣ ਤੀਕ ਸੂਰਜ ਚੜ੍ਹਨ ਦੀ ਉਡੀਕ ਕਰੋ ਹੋਣ ਨੂੰ ਹੋਣ ਦਿਓ ਮਿਹਰ ਦੀ ਘੜੀ ਵੇਲ਼ੇ ਕੁਝ ਵੀ ਕਰਨ ਦੀ ਲੋੜ ਨਹੀਂ 2. ਪੈਸਿਆਂ ਪਿੱਛੇ ਪਾਗ਼ਲ ਹੋਏ ਫਿਰਨਾ ਸ਼ਾਂਤੀ ਦਾ ਮਾਰਗ ਨਹੀਂ ਸ਼ਾਂਤੀ ਮੁੱਲ ਨਹੀਂ ਮਿਲਦੀ ਜ਼ਿੰਦਗੀ ਦੇ ਸਦੀਵੀ ਸੁੱਖ ਲਈ ਆਪਣੇ ਆਪ ਕੋਲ ਬੈਠਣ ਲਈ ਪੈਂਦਾ ਅੰਦਰਲੀ ਚੁੱਪ 'ਚ ਉਤਰਨਾ

ਅ-ਮਨ

1. ਉੱਡਦੇ ਪ੍ਰਛਾਵਿਆਂ ਜਿਹੇ ਮਨ ਮਗਰ ਦੌੜਦਾ ਆ ਟਿਕਦਾਂ ਖੜੋਤ 'ਤੇ ਜਿੱਥੇ ਮਨ ਨਹੀਂ ਹੈ 2. ਮਨ ਮਹਿਜ਼ ਦੋ-ਅੱਖਰੀ ਸ਼ਬਦ ਨਹੀਂ ਦੁਨੀਆ ਦੀ ਭੀੜ 'ਚ ਗੁਆਚਿਆ ਅਰਥ ਹੈ ਜਿਸ ਦੀ ਕੋਈ ਪ੍ਰਸੰਗ ਸਹਿਤ ਵਿਆਖਿਆ ਨਹੀਂ ਜਿਸ ਦੇ ਸਰਲ ਅਰਥ ਨਹੀਂ ਹੋ ਸਕਦੇ ਸਿਰਫ਼ ਕਦੇ-ਕਦੇ ਭਾਵ ਸਮਝ ਆਉਂਦਾ ਅ-ਮਨ ਜਿਹਾ 3. ਮਨਾ! ਜ਼ਰਾ ਮੇਰੇ ਕੋਲ਼ ਆ ਮੈਂ ਤੇਰਾ ਚਿਹਰਾ ਵੇਖਣੈ ਕਿਤੇ ਤੂੰ ਬੇਪਛਾਣ ਤਾਂ ਨਹੀਂ ਹੋ ਗਿਆ?

ਅਕਰਤਾ

ਨਿਸ਼ਕਾਮ 'ਚ ਲੀਨ ਹੋਣਾ ਮੁਕਤ ਦੁਆਰ ਸੋਚਣਾ ਬੰਦਿਸ਼ ਨਾ ਸੋਚੀਂ ਕਿ ਮੈਂ ਕਰਦਾ ਹਾਂ ਕੁਝ 'ਮੈਂ ਕਰਦਾ ਹਾਂ' ਦਾ ਭਾਵ ਜਕੜ ਲੈਂਦਾ ਆਤਮਾ ਨੂੰ ਕਰਤਾ ਹੋਣ ਦੀ ਸੋਚ ਤੋਂ ਸ਼ੁਰੂ ਹੁੰਦੇ ਮਸਲੇ, ਸਮੱਸਿਆਵਾਂ, ਦੁੱਖ, ਚਿੰਤਾਵਾਂ ਮਨ ਦੀ ਅਕਰਤਾ ਦਸ਼ਾ 'ਚ ਲੀਨ ਹੋਣਾ ਗਹਿਰੀ ਸ਼ਾਂਤੀ 'ਚ ਉਤਰਨਾ ਹੈ...

ਬਿੰਦੂ

ਬਿੰਦੂ ਜਿੱਥੇ ਸਾਰਾ ਕੁਝ ਸਮਾਹਿਤ ਹੋ ਜਾਂਦਾ ਮੈਂ ਤੋਂ ਅਮੈਂ ਦੀ ਯਾਤਰਾ ਬਿੰਦੂ ਤਕ ਪਹੁੰਚਣ ਦੀ ਯਾਤਰਾ

ਜੇ ਕਿਤੇ...

ਦਿਨ ਦਿਨ ਹੀ ਰਹੇ ਤੇ ਰਾਤ ਰਾਤ ਨਾ ਚੜ੍ਹੇ ਦਿਨ ਨਾ ਹੋਵੇ ਰਾਤ ਫਿਰ ਕਿਵੇਂ ਤੁਰੇਗੀ ਬਾਤ? ਦਿਨ ਦਾ ਅੰਤ ਰਾਤ 'ਚ ਰਾਤ ਦਾ ਦਿਨ 'ਚ ਦੋਹਾਂ ਨੂੰ ਮੇਲਦਾ ਛਿਣ ਜੇ ਕਿਤੇ ਰੁਕ ਜਾਵੇ ਛਿਣ ਨਾ ਰਹੇ ਛਿਣ ਅਕਾਲ ਹੋ ਜਾਵੇ ਸਾਰੀ ਗਤੀ ਸੁੰਨ 'ਚ ਲੀਨ ਵਿਰਾਮ ਨਾ ਹੋਵੇ ਕਿਤੇ ਕੁਝ ਵੀ ਨਾ ਹੋਵੇ ਗਤੀ 'ਚ ਫਿਰ ਕੀ ਹੋਵੇ? ਬੱਦਲਾਂ ਬਿਨ ਕਿੰਞ ਹੋਵੇ ਬਰਸਾਤ? ਸ਼ਬਦ ਬਿਨ ਕਿੰਞ ਹੋਵੇ ਗੱਲਬਾਤ? ਜੇ ਅਜਿਹਾ ਕੁਝ ਨਾ ਹੋਵੇ ਫਿਰ ਕੀ ਹੋਵੇ?

ਧੁੱਪ

ਕਈ ਦਿਨਾਂ ਦੀ ਗਹਿਰੀ ਧੁੰਦ ਪਿਛੋਂ ਧੁੱਪ ਨਿਕਲੀ ਕਮਰਿਆਂ ਚੋਂ ਨਿਕਲੇ ਲੋਕ ਵਿਹੜਿਆਂ 'ਚ ਪੰਛੀ ਰੁੱਖਾਂ ਦੀਆਂ ਟਹਿਣੀਆਂ 'ਚੋਂ ਕਿਰਮ ਘਾਹ 'ਚੋਂ ਬੱਚੇ ਘਰਾਂ 'ਚੋਂ ਬਾਹਰ ਆਏ ਖੇਲਣ ਬਜ਼ੁਰਗ ਪਾਰਕ 'ਚ ਧੁੱਪ ਸੇਕਣ ਸਰਦੀ ਤੋਂ ਬਚਣ ਲਈ ਕਿੰਨੀ ਜ਼ਰੂਰੀ ਧੁੱਪ ਤੇ ਬਚਣਾ ਕਿੰਨਾ ਜ਼ਰੂਰੀ ਜੀਣ ਲਈ

ਦੇਹੀ

ਰੱਬ ਨੇ ਕਿਹੋ ਜਿਹੀ ਚੀਜ਼ ਬਣਾਈ ਕਿ ਅੰਗਾਂ 'ਤੇ ਚਮੜੀ ਦੀ ਪਰਤ ਚੜ੍ਹਾਈ ਅੰਗਾਂ ਤੇ ਚਮੜੀ ਨੇ ਨਿਰਾਕਾਰ ਰੂਹ ਛੁਪਾਈ ਇਹ ਦੇਹੀ ਧਰਤੀ 'ਤੇ ਭਾਰ ਨਾ ਬਣੇ ਮਿੱਟੀ ਦੀ ਢੇਰੀ ਹੈ ਪਰ ਬੇਕਾਰ ਨਾ ਬਣੇ...

ਰਜਾਈ

ਪੋਹ ਦੀਆਂ ਠਾਰੀਆਂ 'ਚ ਜ਼ਰੂਰੀ ਹੈ ਰਜਾਈ ਜਿਸਮ ਨਿੱਘਾ ਰੱਖਣ ਲਈ ਜੀਅ ਕਰਦਾ ਪਏ ਰਹੀਏ ਹੋਰ ਕੁਝ ਨਾ ਕਰੀਏ ਪਰ ਲੋਕ ਰਿਜ਼ਕ ਬੰਨ੍ਹੇ ਥਾਂ-ਥਾਂ ਖਿੱਲਰੀ ਚੋਗ ਚੁਗਣ ਨਿਕਲ ਤੁਰਦੇ...

ਬਰਦਾਸ਼ਤ

ਕਿਵੇਂ ਜ਼ਰੂਰੀ ਹੋ ਜਾਂਦੀ ਹਰਿਕ ਲਈ ਗਰਮੀ, ਸਰਦੀ ਪਰ ਓਨੀ ਕੁ ਜਿੰਨੀ ਕੁ ਸਹਿਨ ਹੋ ਸਕੇ ਆਪੋ ਆਪਣੀ ਬਰਦਾਸ਼ਤ ਦਾ ਮਾਦਾ ਹੈ ਕਿ ਜਿਸਮ ਕੁਦਰਤ ਨਾਲ਼ ਤਵਾਜ਼ਨ ਕਰਨ 'ਚ ਲੱਗੇ ਰਹਿੰਦੇ

ਪੈਸੇ

ਪੈਸੇ ਬਹੁਤ ਔਖੇ ਕਮਾਏ ਜਾਂਦੇ ਖਰਚਣ ਲਗਿਆਂ ਰਾਹ 'ਚ ਆ ਜਾਂਦਾ ਬੜਾ ਕੁਝ ਹਰ ਕਿਸੇ ਨੂੰ ਪੈਸੇ ਚਾਹੀਦੇ ਮਤਲਬ ਨਾਲ ਮਤਲਬ ਪਿਆਰ, ਮਨੁੱਖਤਾ, ਰਿਸ਼ਤੇ, ਰੱਬ ਗੁਆਚੇ ਪੈਸਿਆਂ 'ਚ ਸਭ

ਦਾਵੇ

ਬੋਦੇ ਹੋ-ਹੋ ਫੱਟਦੇ ਕੱਪੜੇ ਕੀ ਇਹਨਾਂ ਦੀ ਟੌਅਰ ਘਸ ਜਾਂਦੇ ਆਖ਼ਰ ਨੂੰ ਗਹਿਣੇ ਪਾਵਣ ਦਾ ਕੀ ਚਾਅ ਟੁੱਟ ਜਾਂਦੀ ਘਸ-ਘਸ ਕੇ ਜੁੱਤੀ ਨਾਲ ਭਲਾਂ ਕੀ ਸ਼ਾਨ ਚੀਜ਼ਾਂ ਉੱਤੇ ਕਾਹਦਾ ਮਾਣ ਕੀ ਗੋਰਾ ਕੀ ਕਾਲਾ ਜਿਸਮ ਵਿਚਾਰਾ ਖ਼ਾਕੋਂ ਉਪਜੇ, ਖਾਕ ਸਮਾਵੇ ਟੁੱਟ ਜਾਂਦੇ ਸਭ ਦਾਵੇ!

ਖ਼ਾਹਸ਼ਾਂ

ਅੰਬਰ ਛੂਹਣਾ ਪੈਰੀ ਬੇੜੀਆਂ ਹੁਣ ਤਾਂ ਮੁਹੱਬਤ ਹੋ ਗਈ ਬੇੜੀਆਂ ਨਾਲ਼ ਬਹੁਤ ਕੁਝ ਕਰਨਾ ਚਾਹੁੰਦਾਂ ਪਰ...ਖਾ ਜਾਵੇਗੀ ਘਰ ਦੀ ਕੈਦ ਮੈਂ ਵਾਰ-ਵਾਰ ਖ਼ਾਹਸ਼ਾਂ ਦਾ ਘਰ ਬਣਾਉਂਦਾ ਹਾਂ ਫਿਰ ਉਸ ਘਰ ਤੋਂ ਕਿਤੇ ਭੱਜਣਾ ਚਾਹੁੰਦਾ ਹਾਂ

ਠੇਡੇ

ਘਰ 'ਚ ਜਦ ਚੀਜ਼ਾਂ ਵਧ ਜਾਣ ਆਦਮੀ ਖ਼ਾਹਮਖਾਹ ਉਹਨਾਂ 'ਚ ਵੱਜਦਾ ਫਿਰਦਾ ਹੈ ਦਿਲਾਂ 'ਚ ਜਦ ਥਾਂ ਥੁੜ੍ਹ ਜਾਵੇ ਆਦਮੀ ਚੀਜ਼ਾਂ 'ਚ ਵੱਜਦਾ ਫਿਰਦਾ ਹੈ

ਸਹੀ ਰਾਹ 'ਤੇ

ਲੜ ਸਕਦੀ ਪਤਨੀ ਬੇਵਜ਼੍ਹਾ ਖ਼ਰੀਦੇ ਬੈਗ ਲਈ ਕੈਮਰੇ ਲਈ, ਕੰਪਿਊਟਰ ਲਈ ਸਮਾਰਟ ਫੋਨ ਦੇ ਖ਼ਰਚੇ ਲਈ ਮਹਿਮਾਨਾਂ ਦੇ ਆਉਣ ਤੇ ਮਠਿਆਈ ਲਿਆਉਣ ਤੇ ਪਾਣੀ ਵਾਲ਼ੀ ਟੂਟੀ ਨੂੰ ਠੀਕ ਨਾ ਕਰਵਾਉਣ 'ਤੇ ਜਾਂ ਖਿੱਚੀਆਂ ਫੋਟੋਆਂ 'ਚ ਕੰਪਿਊਟਰ 'ਤੇ ਰੰਗ ਗੂੜ੍ਹੇ ਫਿੱਕੇ ਕਰਨ 'ਤੇ ਹਾਂ ਕੋਈ ਵੀ ਵਜ੍ਹਾ ਹੋ ਸਕਦੀ ਹੈ ਪਤਨੀਆਂ ਪਤੀਆਂ ਨੂੰ ਸਿੱਧੀ ਤਰ੍ਹਾਂ ਘਰੇਲੂ ਗ਼ਰਜ਼ਾਂ-ਲੋੜਾਂ ਦੇ ਸਹੀ ਰਾਹ 'ਤੇ ਲਿਆਉਣਾ ਚਾਹੁੰਦੀਆਂ ਨੇ ਪਰ ਉਹ ਸਿੱਧੀ ਤਰ੍ਹਾਂ ਨਹੀਂ ਆਉਂਦੇ ਬਸ ਨਿਭੀ ਜਾਂਦੇ ਬੱਧੇ-ਰੁੱਧੇ ਮਰਨ ਵਾਂਗ ਮਰਨ ਤੱਕ

ਥੰਦਿਆਈ

ਡੁੱਲ੍ਹ ਗਿਆ ਮੈਥੋਂ ਸੰਭਾਲ਼ ਕੇ ਰੱਖਣ ਲੱਗਿਆਂ ਰਸੋਈ ਦੀ ਸ਼ੈਲਫ਼ 'ਤੇ ਰੀਫਾਈਂਡ ਤੇਲ ਦਾ ਪੈਕਟ ਗਚਾ-ਗਚ ਭਿੱਜ ਗਿਆ ਰੀਫਾਈਂਡ ਨਾਲ਼ ਜਿਵੇਂ ਨਹਾਉਣ ਲੱਗਾ ਬਾਥਰੂਮ 'ਚ ਪਾਣੀ ਦਾ ਮੱਘ ਭਰ ਕੇ ਪਾ ਲੈਂਦਾਂ ਪਿੰਡੇ 'ਤੇ ਰੀਫਾਈਂਡ ਕੀ ਡੁੱਲ੍ਹਾ? ਬਹੁਤ ਕੁਝ ਡੁੱਲ੍ਹ ਗਿਆ ਕਿੰਨਾ ਕੁਝ ਮਨ 'ਚੋਂ ਰੂਹ 'ਚੋਂ ਵਹਿ ਤੁਰਿਆ ਫ਼ਰਸ਼ 'ਤੇ ਬੜੇ ਮਾਰਨੇ ਪਏ ਪੋਚੇ ਫ਼ਰਸ਼ ਨੂੰ ਥੰਦਿਆਈ ਤੋਂ ਮੁਕਤ ਕਰਨ ਲਈ ਪਰ ਕੀ ਹੋਵੇਗਾ ਰੂਹ ਦੇ ਫਰਸ਼ ਦਾ ਜਿੱਥੇ ਜਨਮਾਂ-ਜਨਮਾਂ ਦੀ ਥੰਦਿਆਈ ਜੰਮ ਗਈ ਹੈ

ਸਪੇਸ

''ਰਸੋਈ 'ਚ ਵਾਧੂ ਦੀ ਥਾਂ ਮੱਲੀ ਹੋਈ ਹੈ ਤੁਸੀਂ ਦੇਸੀ ਦੁਆਈਆਂ ਵਾਲ਼ੀਆਂ ਸ਼ੀਸ਼ੀਆਂ ਟਿਕਾ ਕੇ ਇਹ ਮੈਂ ਸੁੱਟ ਦੇਣੀਆਂ ਬਾਹਰ ਕਿਸੇ ਦਿਨ... ਰੈਕ ਭਰੇ ਪਏ ਨੇ ਕਿਤਾਬਾਂ ਨਾਲ਼ ਐਵੇਂ ਵਾਧੂ ਦੀ 'ਨੈਗਟਿਵ ਇਨਰਜੀ' ਸਿਰਫ਼ ਬੱਚਿਆਂ ਦੀਆਂ ਸਕੂਲੀ ਕਿਤਾਬਾਂ ਰੱਖੋ ਰੈਕ 'ਚ ਕੰਪਿਊਟਰ ਦੀ ਮੇਜ਼ 'ਤੇ ਕਾਗਜ਼ਾਂ ਦਾ ਕਿੰਨਾ ਖਿਲਾਰਾ ਪਾਇਆ ਪਿਐ ਆਪਣੀਆਂ ਅੱਖਾਂ ਸਾਂਭ ਲਓ ਜੇ ਸਾਂਭ ਹੁੰਦੀਆਂ ਤੇ ਨੌਕਰੀ ਕਰੀ ਜਾਓ 'ਰਾਮ' ਨਾਲ਼ ਅਲਮਾਰੀ ਤੁੰਨੀ ਪਈ ਹੈ ਪੱਗਾਂ ਨਾਲ਼ ਕਿੱਥੇ ਰੱਖਾਂ ਮੈਂ ਆਪਣੇ ਤੇ ਕੁੜੀਆਂ ਦੇ ਸੂਟ? ਹੁਣ ਨਹੀਂ ਛਪਵਾਉਣੀ ਅਸੀਂ ਕੋਈ ਕਿਤਾਬ-ਕਤੂਬ ਅੱਗੇ ਪੰਜਾਹ ਹਜ਼ਾਰ ਫੂਕ ਕੇ ਸੁਆਦ ਨਹੀਂ ਆਇਆ? ਹੁਣ ਜਾਇਓ ਤੁਸੀਂ ਪੰਜਾਬੀ ਭਵਨ ਜਾਂ ਮੈਨੂੰ ਨਾਲ਼ ਲੈ ਕੇ ਜਾਇਆ ਕਰੋ ਮੈਂ ਦੱਸਾਂ ਤੁਹਾਡੀਆਂ ਕਰਤੂਤਾਂ ਕਿ ਏਸ ਬੰਦੇ ਨੇ ਮੈਨੂੰ ਕਿੰਨਾ ਦੁੱਖੀ ਕੀਤਾ ਹੋਇਐ ਮੇਰੇ ਮਰਨ 'ਤੇ ਲਿਖ ਦਿਓ ਪੂਰੀ ਕਿਤਾਬ...'' ਏਦਾਂ ਕ੍ਰਿਝਦੀ ਰਹਿੰਦੀ ਪਤਨੀ ਤੇ ਮੈਂ ਅਵਾਕ ਹੋ ਜਾਂਦਾ ਹਾਂ ਜੀਅ ਕਰਦੈ ਕਿ ਸਭ ਕੁਝ ਛੱਡ ਕੇ ਸਾਧ ਹੋ ਜਾਵਾਂ ਪਰ ਉਸਦੇ ਹਿਟਲਰੀ ਤੇਵਰ ਤੋਂ ਲੁਕ ਕੇ ਲਿਖ ਲੈਂਦਾਂ ਇਕ-ਅੱਧ ਕਵਿਤਾ ਤੇ ਸਭ ਭੁੱਲ-ਭੁਲਾ ਜਾਂਦਾਂ....

ਪਤਨੀ-ਓ-ਵਾਚ

ਬੇਰਹਿਮ ਬੰਦਿਆ! ਮੇਰੇ ਵਾਂਗੂੰ ਤੂੰ ਵੀ ਘਰੇ ਕੈਦ ਹੋਵੇਂ ਤੂੰ ਮੈਨੂੰ ਚੰਗਾ ਨਹੀਂ ਲਗਦਾ ਤੈਨੂੰ ਦੇਖ ਕੇ ਮੇਰਾ ਦਿਮਾਗ਼ ਖ਼ਰਾਬ ਹੁੰਦੈ ਤੇਰਾ ਮੇਰਾ ਵਿਆਹ ਨਹੀਂ ਸੀ ਹੋਣਾ ਚਾਹੀਦਾ ਮਾਪਿਆਂ ਗ਼ਲਤੀ ਕੀਤੀ ਜੋ ਤੈਨੂੰ ਵਿਆਹੀ ਤੂੰ ਨਹੀਂ ਕੋਈ ਹੋਰ ਮਿਲ ਜਾਂਦਾ ਚਾਰ ਦਿਨ ਸੁੱਖ ਦੇ ਤਾਂ ਕੱਟਦੀ ਜੇ ਮੇਰੇ ਮੁੰਡਾ ਹੁੰਦਾ ਮੈਂ ਤੇਰੀ ਪਰਵਾਹ ਨਹੀਂ ਸੀ ਕਰਨੀ ਤੁਰਿਆ ਫਿਰਦਾ ਜਿੱਥੇ ਮਰਜ਼ੀ ਤੈਨੂੰ ਕੋਈ ਫ਼ਿਕਰ ਨਹੀਂ ਮੇਰੀ ਮੈਂ ਭਾਵੇਂ ਮਰਾਂ ਖਪਾਂ ਤੈਨੂੰ ਬੱਸ ਰੋਟੀ ਚਾਹੀਦੀ ਹੈ

ਬੁਢਾਪਾ

ਜਦੋਂ ਦੀ ਰੰਗਣੀ ਛੱਡੀ ਦਾੜ੍ਹੀ ਨਹਾ ਕੇ ਦੇਖਦਾਂ ਕਿੰਨੇ ਕੁ ਵਾਲ਼ ਬਚੇ ਕਾਲ਼ੇ ਕਿੰਨੇ ਕੁ ਅਜੇ ਵੀ ਭੂਸਲ਼ੇ ਅਧਰੰਗੇ ਜਿਹੇ ਕਿੰਨੇ ਹੋ ਗਏ ਸਫ਼ੈਦ ਬੁਢਾਪੇ ਨੂੰ ਹਾਕ ਮਾਰਦਾਂ: 'ਆ ਜਾ, ਬਜ਼ੁਰਗਾ, ਮੇਰੇ ਕੋਲ਼!' ਪੁਰਾਣੇ ਦਰੱਖ਼ਤ ਸੁੱਕਦੇ ਦੇਖਦਾਂ ਮੌਤ ਦੇ ਕਦਮਾਂ ਦੀ ਆਹਟ ਸੁਣਦਾਂ ਮੌਤ ਬਾਰੇ ਮਨਿਨ ਕਰਦਾ ਗਹਿਰੀ ਚੁੱਪ 'ਚ ਟਿਕ ਜਾਂਦਾਂ ਸਾਡੇ ਕੋਲ਼ ਬਹੁਤ ਸਾਰੀਆਂ ਗੱਲਾਂ ਦੇ ਜੁਆਬ ਨਹੀਂ ਹੁੰਦੇ - ਚੁੱਪ ਵਾਂਗ ਬੁਢਾਪਾ - ਮੱਥੇ ਦੀਆਂ ਝੁਰੜੀਆਂ 'ਤੇ ਲਿਖਿਆ ਮਹਾਂਕਾਵਿ - ਆਖ਼ਰੀ ਬੋਲ ਹੌਲ਼ੀ-ਹੌਲ਼ੀ ਸੁੱਕ ਕੇ ਟੁੱਟ ਰਹੇ ਟਾਹਣ ਵਾਂਗ - ਚੇਤਿਆਂ ਦਾ ਅਤੀਤ ਹੈ

ਜ਼ਿੰਦਗੀ ਮੌਤ ਵੱਲ ਸਰਕ ਜਾਂਦੀ ਹੈ

ਕੀ ਜੁਆਬ ਦਿਆਂ? ਅੰਦਰਲਾ ਅਧੂਰਾਪਣ ਬਾਹਰ ਆ ਜਾਂਦੈ ਬੇਵਸੀ ਚਿਹਰੇ 'ਤੇ ਲਿਖੀ ਜਾਂਦੀ ਮਨ 'ਚ ਬੜਾ ਕੁਝ ਆਉਂਦਾ ਅਕਾਸ਼ ਨੂੰ ਗਾਹ ਲੈਣ ਜਿਹਾ ਪਰ ਟੁੱਟੇ ਖੰਭ ਦੇਖ ਮਸੋਸ ਕੇ ਰਹਿ ਜਾਂਦਾਂ ਜ਼ਿੰਦਗੀ ਥੋੜ੍ਹੀ ਜਿਹੀ ਹੋਰ ਮੌਤ ਵੱਲ ਸਰਕ ਜਾਂਦੀ ਹੈ...

ਕਾਲ ਹਾਸਾ

ਜਦ ਭੁੱਖ 'ਤੇ ਹਵਸ ਭਾਰੀ ਹੁੰਦੀ ਆਤਮਾ ਦੀ ਦੁਰਗਾ ਦਾ ਧਿਆਨ ਮਾਇਆ 'ਚ ਉਲਝ ਜਾਂਦਾ ਕਾਲ ਦਾ ਖਾਜਾ ਤਿਆਰ ਹੋ ਜਾਂਦਾ ਕਾਲ ਹੱਸਦਾ

ਮੌਤ ਇਵੇਂ ਕਰ ਜਾਂਦੀ ਹੈ

ਦੇਖਦੇ ਹੀ ਦੇਖਦੇ ਰੁੱਤਾਂ ਬਦਲ ਜਾਂਦੀਆਂ ਪੱਤੇ ਪੁੰਗਰ ਆਉਂਦੇ ਝੜ ਜਾਂਦੇ ਬੱਚੇ ਜੁਆਨ ਹੋ ਜਾਂਦੇ ਬੁੱਢੇ ਹੋ ਜਾਂਦੇ ਜਿਵੇਂ ਕੋਈ ਝੱਖੜ ਰੁੱਖਾਂ ਦੀਆਂ ਟਹਿਣੀਆਂ ਤੋੜ ਜਾਵੇ ਮੌਤ ਇਵੇਂ ਕਰ ਜਾਂਦੀ ਹੈ...

ਭਵ ਜਲ

ਦੁੱਖਾਂ ਦਾ 'ਜਲ' ਕਿਸੇ ਛਿਣ ਸਾਗਰ 'ਚ ਰਲ਼ ਜਾਵੇਗਾ ਤੇ ਮੈਂ 'ਭਵ' ਤੋਂ ਪਾਰ ਹੋ ਜਾਵਾਂਗਾ

ਮੌਤ

1 ਮੌਤ ਚੰਗੀ ਲੱਗਦੀ ਹੈ ਕਿਉਂਕਿ ਮੌਤ ਨਾਸ਼ਵਾਨਤਾ ਦਾ ਹੁਸਨ ਦਿਖਾਉਂਦੀ ਹੈ ਅਗਿਆਤ ਨਾਲ਼ ਇਸ਼ਕ ਦਾ ਸਬੱਬ ਬਣਦੀ ਹੈ 2 ਜੀਵਾਂ ਨਿਰਜੀਵਾਂ 'ਚ ਮੌਤ ਦਾ ਭਿਆਨਕ ਹੁਸਨ ਛਿਪਿਆ ਹੈ ਕੌਣ ਹੈ ਜੋ ਇਸ ਦਾ ਦੀਦਾਰ ਨਹੀਂ ਕਰਦਾ? 3 ਜ਼ਿੰਦਗੀ ਦੇ ਇਸ਼ਕ ਲਈ ਬਹੁਤ ਘਾਲਨਾਵਾਂ ਘਾਲੀਆਂ ਜ਼ਿੰਦਗੀ ਮੌਤ ਦੇ ਹੁਸਨ 'ਚ ਲੁਕੀ ਹੋਈ ਜ਼ਿੰਦਗੀ ਤੋਂ ਇਕ ਸਾਹ ਦੀ ਵਿੱਥ 'ਤੇ ਮੌਤ ਦਾ ਮਿਲਨ ਹੁੰਦਾ ਹੈ 4 ਮੌਤ ਪੰਜਾਂ ਤੱਤਾਂ ਦਾ ਸਿਲਸਿਲਾ ਜੋ ਕਦੇ ਵੀ ਕਿਤੇ ਵੀ ਰੁਕ ਸਕਦਾ ਹੈ

ਭੁਰਦੇ ਕਿਨਾਰੇ

ਖ਼ੁਦ-ਬ-ਖ਼ੁਦ ਹੀ ਭੁਰ ਗਿਆ ਹੈ ਮੇਰੇ ਵਜੂਦ ਨਾਲ਼ੋਂ ਬੜਾ ਕੁਝ ਉੱਥੇ-ਉੱਥੇ ਜਿੱਥੇ-ਜਿੱਥੇ ਭੁਰਨਾ ਸੀ ਇਸ ਨੇ ਮੈਂ ਨਾ ਭੋਰਿਆ ਭੁਰ ਗਿਆ ਆਪਣੇ ਆਪ ਕੁਝ ਨਵਾਂ ਘੜਿਆ ਗਿਆ ਖ਼ੁਦ-ਬ-ਖ਼ੁਦ ਭੁਰ ਜਾਵੇਗਾ ਨਵ-ਘੜਿਆ ਵੀ ਆਖ਼ਰ ਇਕ ਦਿਨ ਨਿਯਮ ਹੈ ਕੁਦਰਤ ਦਾ ਕਿ ਪੰਜੇ ਤੱਤ ਮੰਗਦੇ ਆਪਣਾ ਅੰਸ਼ ਹੋ ਸਕਦਾ ਹੈ ਮੈਨੂੰ ਮਿਲੇ ਫਿਰ ਕਿਸੇ ਪਹਾੜ ਦੀ ਮਿੱਟੀ ਬਣਨਾ ਕਿਸੇ ਰੁੱਖ 'ਤੇ ਪੱਤਾ ਬਣ ਕੇ ਫੱੁਟਣਾ ਕਿਸੇ ਨਦੀ ਦਾ ਨੀਰ ਹੋਣਾ ਜਾਂ ਧਰਤੀ ਹੇਠਲੇ ਜਵਾਲਾਮੁਖੀ ਦਾ ਵੇਗ ਬਣਨਾ ਕੀ ਪਤਾ ਮੈਂ ਬੱਦਲਾਂ ਦਾ ਰੂਪ ਧਾਰਾਂ ਜਾਂ ਚਿੜੀ-ਜਨੌਰ ਬਣਾਂ ਕੀ ਪਤਾ ਕਿਰਮ ਹੋਵਾਂ ਕੋਈ ਜਾਂ ਪੱਥਰ ਬਣ ਪਿਆ ਰਹਾਂ ਉਜਾੜ 'ਚ

ਠਹਿਰਾਵ: ੧.

ਬਹੁਤ ਦੌੜਿਆ ਮੱਥੇ 'ਚ ਦਿਨ ਰਾਤ ਹੁਣ ਜ਼ਰਾ ਆਪਣੇ ਸਾਹ ਦੀ ਨੋਕ 'ਤੇ ਰੁਕ ਜਾਣਾ ਚਾਹੁੰਦਾਂ ਕਿ ਇਸੇ ਛਿਣ 'ਚ ਨਿਰਵਾਣ ਹੈ...

ਠਹਿਰਾਵ : ੨.

ਕੋਈ ਦੌੜ ਨਹੀਂ ਕਿਤੇ ਨਹੀਂ ਜਾਣਾ ਜਿੰਨੇ ਹੀਲੇ ਕੀਤੇ ਆਪਣੇ ਤੀਕ ਪੁੱਜਣ ਦੇ ਹੁਣ ਕੋਈ ਹੀਲਾ ਨਹੀਂ ਠਹਿਰਾਵ ਆਪਣੇ ਆਪ ਹੁੰਦਾ ਨਿਰ-ਉਚੇਚ

ਰੂਹ ਦਾ ਕਾਅਬਾ

ਰੂਹ ਦਾ ਕਾਅਬਾ ਬਹੁਤ ਅੱਗੇ ਹੈ ਤੇ ਚੋਰ ਮੇਰੇ ਪਿੱਛੇ ਲੱਗੇ ਹੋਏ ਹਨ ਜੇ ਨਿਰੰਤਰ ਟੁਰਦਾ ਰਿਹਾ ਕਾਅਬੇ ਪਹੁੰਚ ਜਾਵਾਂਗਾ ਜੇ ਰਾਹ 'ਚ ਸੋਂ ਗਿਆ ਚੋਰਾਂ ਨੇ ਸਾਹਾਂ ਦੀ ਪੂੰਜੀ ਲੁੱਟ ਲੈਣੀ ਜ਼ਿੰਦਗੀ ਬਹੁਤ ਨਿੱਕੀ ਹੈ ਤੇ ਇਹੋ ਵੇਲ਼ਾ ਹੈ ਕਿ ਸੇਖ ਸਾਅਦੀ ਦੀ ਮਿਸਾਲ ਦੇ ਕੇ ਕਹਾਂ: 'ਮੇਰੇ ਪ੍ਰਭੂ, ਮੈਨੂੰ ਗੁਨਾਹਾਂ ਦੇ ਬੋਝ ਤੋਂ ਮੁਕਤ ਕਰ ਕੇ ਆਪਣੇ ਚਰਨਾਂ 'ਚ ਰੱਖ ਲੈ ਜਿਵੇਂ ਮੰਦਰ 'ਚ ਮੂਰਤੀ ਅੱਗੇ ਫੁੱਲ ਟਿਕੇ ਹੁੰਦੇ ਹਨ'

'ਇਨਸਾਨੀ ਦਿਲ ਖ਼ੁਦਾਈ ਅਰਸ਼ ਹੈ'

(ਹਜ਼ਰਤ ਮੁਹੰਮਦ ਸਾਹਿਬ ਦੇ ਇਕ ਕਥਨ ਦੀ ਵਿਆਖਿਆ) ਲੱਖ-ਲੱਖ ਵੇਰਾਂ ਲਿਖਿਆਂ ਵੀ ਇਸ ਫ਼ਿਕਰੇ ਦੀ ਅਨੁਪਮਤਾ ਲਾਮਿਸਾਲ ਹੀ ਰਹਿੰਦੀ ਸਭ ਤੋਂ ਸੋਹਣਾ ਹੈ ਇਹ ਵਾਕ: 'ਇਨਸਾਨੀ ਦਿਲ ਖ਼ੁਦਾਈ ਅਰਸ਼ ਹੈ' ਜੋ ਸਮਝ ਲਵੇ ਉਹ ਖ਼ੁਦਾ ਦੇ ਨੇੜੇ ਹੋ ਜਾਂਦਾ ਹੈ

ਨੀਸਾਣੁ

ਦੇਖਦਾਂ ਰੇਤ ਤੋਂ ਮਿਟਦੀਆਂ ਪੈੜਾਂ ਰੁੱਖਾਂ ਤੋਂ ਝੜਦੇ ਪੱਤੇ ਦੀਵਾਰ ਤੋਂ ਲੱਥਦੀ ਕਲੀ ਪੁਰਾਣੀਆਂ ਹੋ ਕੇ ਫਟ ਰਹੀਆਂ ਕਿਤਾਬਾਂ ਨਸ਼ਟ ਹੁੰਦੀਆਂ ਚੀਜ਼ਾਂ ਕਾਇਆ ਨੂੰ ਖੁਰਦਰੀ ਤੇ ਬੁੱਢੀ ਹੋ ਰਹੀ ਦੇਖਦਾਂ ਸਫ਼ੈਦ ਹੁੰਦੇ ਸਿਰ ਦਾੜ੍ਹੀ ਦੇ ਵਾਲ਼ ਕਮਜ਼ੋਰ ਹੁੰਦੀ ਜਾਂਦੀ ਨਜ਼ਰ ਚਿਹਰੇ 'ਤੇ ਝੁਰੜੀਆਂ ਦਾ ਮਹਾਂਕਾਵਿ ਤੇ ਫਿਰ... ਰੇਤ 'ਤੇ ਨਵੀਆਂ ਪੈੜਾਂ ਦਿਸਦੀਆਂ ਰੁੱਖਾਂ 'ਤੇ ਕੋਂਪਲਾਂ ਫੁੱਟ ਆਉਂਦੀਆਂ ਬਣ ਜਾਂਦੇ ਨਵੇਂ ਘਰ ਰੈਕ 'ਚ ਟਿਕਦੀਆਂ ਨਵੀਆਂ ਕਿਤਾਬਾਂ ਨਵੀਆਂ ਚੀਜ਼ਾਂ ਥਾਂ ਮੱਲਦੀਆਂ ਹਰ ਕਿਤੇ ਬੱਚੇ ਖਿੜਦੇ ਹਾਸਿਆਂ ਦੇ ਅਨਾਰ ਰੁੱਤਾਂ ਫਿਰਦੀਆਂ ਜ਼ਿੰਦਗੀ ਕਰਵਟ ਬਦਲਦੀ ਸਮਾਂ ਨਸ਼ਟ ਨਹੀਂ ਹੁੰਦਾ ਤਬਦੀਲ ਹੋ ਜਾਂਦਾ

ਬੁੱਧ ਜੀ

ਗੁਪਤਿਆਂ ਤੋੜੇ ਬੋਧੀ ਮੱਠ ਨਕਾਰਿਆ ਅਸ਼ਟ-ਮਾਰਗ ਪਰ ਤੂੰ ਰਿਹਾ ਰੂਹਾਂ 'ਚ ਵਸਿਆ ਝਾਤ ਮਾਰਦਾਂ ਈਸਾ ਤੋਂ ਹਜ਼ਾਰਾਂ ਵਰ੍ਹੇ ਪੂਰਬਲੇ ਸਮਿਆਂ 'ਤੇ ਇਨਸਾਨੀ ਫ਼ਿਤਰਤ ਕਿਸ ਈਰਖਾ ਦੀ ਗ਼ੁਲਾਮ ਕਿਉਂ ਵਗਦੇ ਲਹੂ ਦੇ ਦਰਿਆ ਦਾਸਤਾ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਵੰਡਾਂ ਨਫ਼ਰਤਾਂ ਪੈਰ ਪਸਾਰੇ ਹਿੰਦੋਸਤਾਨ ਅੱਜ ਬੰਦੇ ਨਹੀਂ ਜਾਤਾਂ ਪ੍ਰਧਾਨ ਕਿੱਥੋਂ ਕਿੱਥੇ ਲੈ ਆਈ ਬੁੱਧ ਜੀ! ਸਾਨੂੰ ਦਾਸਤਾ ਦੀ ਦਾਸਤਾਨ ਜੋ ਨਾ ਮੁੱਕਦੀ ਨਾ ਕਰ ਹੁੰਦੀ ਬਿਆਨ

ਅਵਸ਼ੇਸ਼

ਯਵਨਾਂ ਦੇ ਆਉਣ ਤੋਂ ਹੁਣ ਤੀਕ ਕਿੰਨੀਆਂ ਔਰਤਾਂ ਬਣਾਈਆਂ ਗਈਆਂ ਦਾਸੀਆਂ ਕਿਸੇ ਵੀ ਵਹੀ 'ਚ ਨਹੀਂ ਇੰਦਰਾਜ ਬੰਦੇ ਦੀ ਹਵਸ-ਹਿਰਸ ਦੀ ਦਾਸਤਾਨ ਬਹੁਤ ਲੰਮੀ ਹੈ... ਕਿੰਨੀਆਂ ਨਸਲਾਂ ਮਿਸਮਾਰੀਆਂ ਗਈਆਂ ਯੁਰੇਸ਼ੀਏ ਦੇ ਦਰਿਆਵਾਂ 'ਚ ਵੋਲਗਾ ਤੋਂ ਗੰਗਾ ਤੀਕ ਸਭਿਅਤਾਵਾਂ ਦੇ ਅਵਸ਼ੇਸ਼ ਕੌਣ ਹਿਸਾਬ ਕਰੇ ਕਿਹੜਾ ਲਹੂ ਸ਼ੁੱਧ ਤੇ ਕਿਹੜਾ ਮਲੇਛ ਸਭ ਤੋਂ ਪਹਿਲੀ ਗਾਲ੍ਹ ਕਿਸ ਨੇ ਕਿਸ ਨੂੰ ਕੱਢੀ ਕਿਹੜੀ ਕਾਢ ਕਿਸ ਦੀ ਦੇਣ ਕੌਣ ਆਦਿਵਾਸੀ ਕਿੱਥੋਂ ਦਾ ਮੂਲ ਨਿਵਾਸੀ ਇਤਿਹਾਸ ਦੀਆਂ ਮਿਟੀਆਂ ਪੈੜਾਂ 'ਚੋ ਕੌਣ ਲੱਭੇ ਔਰਤਾਂ ਦੀ ਖਰੀਦੋ ਫ਼ਰੋਖ਼ਤ ਦੀ ਕਿਹੜੀ ਮੰਡੀ ਦੇਹ ਵਪਾਰ ਦੀ ਕਿਹੜੀ ਥਾਂ ਬਦਨਾਮ ਇਹ ਕਿਸ ਦਾਸਤਾ ਦੀ ਹਸਤ-ਲਿਪੀ ਹੈ ਜੋ ਵਾਰ-ਵਾਰ ਮੇਰੇ ਸੁਪਨਿਆਂ 'ਚ ਲਿਖੀ ਜਾਦੀ ਕਲਾਵਾਂ, ਧਰਮਾਂ, ਵਰਣਾਂ ਦੀ ਕਸ਼ਮਕਸ਼ 'ਚੋਂ ਭਾਸ਼ਾਵਾਂ ਦਾ ਰਲ਼ੇਵਾਂ ਲੱਭਦਾ ਕੌਣ ਪੜ੍ਹੇ ਲਫ਼ਜ਼-ਬ-ਲਫ਼ਜ਼ ਕਿੱਥੋਂ ਦੇ ਸਨ ਸਾਡੇ ਪੁਰਖੇ ਕਿਹੜੀ ਸਭਿਅਤਾ ਦੇ ਅਵਸ਼ੇਸ਼ ਸਾਡੇ ਖ਼ਿਆਲ?

ਯੁੱਧ

1. ਯੁੱਧ ਬਾਹਰ ਨਹੀਂ ਸਾਡੇ ਅੰਦਰ ਹੁੰਦਾ ਹੈ ਪਰਸਥਿਤੀਆਂ ਨੇ ਕਰੁਣ ਤੇ ਅਰਜਨ ਨੂੰ ਪਾਂਡਵਾਂ ਤੇ ਕੌਰਵਾਂ ਨੂੰ ਇਕ ਦੂਜੇ ਦੇ ਖ਼ਿਲਾਫ਼ ਕਰ ਦਿੰਦੀਆਂ ਨੇ ਤੇ ਮਨੁੱਖ ਬੇਵਸ ਹੋ ਕੇ ਮਨੁੱਖ ਤੋਂ ਕਿਰਦਾਰ ਹੋ ਜਾਂਦਾ ਹੈ ਮੈਂ ਆਪਣੇ ਅੰਦਰ ਲੜਦਾ ਹਾਂ ਕੋਈ ਮਹਾਂਭਾਰਤ... 2. ਮੇਰਾ ਕੋਈ ਦੁਸ਼ਮਣ ਨਹੀਂ ਚਿੱਤ-ਬਿਰਤੀਆਂ ਨੇ ਜਿਨ੍ਹਾਂ ਨਾਲ਼ ਨਿਰੰਤਰ ਹੁੰਦਾ ਰਹਿੰਦਾ ਹੈ ਯੁੱਧ ਰਾਮ-ਰਾਵਣ, ਚੰਡੀ-ਮਹਿਖਾਸੁਰ, ਕੌਰਵ-ਪਾਂਡਵ ਸਭ ਸਾਡੇ ਅੰਦਰ ਬਦਲ ਰਹੇ ਕਿਰਦਾਰ ਨੇ ਮਨ ਦੇ ਘੋੜਿਆਂ 'ਤੇ ਵਿਚਾਰ ਸ਼ਾਹ-ਸਵਾਰ ਨੇ ਯੁੱਧ ਕਿਤੇ ਬਾਹਰ ਨਹੀਂ ਮੇਰੇ ਅੰਦਰ ਹੁੰਦਾ ਹੈ... 3. ਮੈਂ ਪਲ 'ਚ ਕਿੰਨੇ ਹੀ ਯੁੱਧਾਂ 'ਚੋਂ ਨਿਕਲ ਆਉਂਦਾ ਹਾਂ ਕਿੰਨੇ ਹੀ ਯੁੱਧਾਂ 'ਚ ਪ੍ਰਵੇਸ਼ ਕਰਨ ਲਈ ਮਨ ਅੰਦਰ ਹੀ ਕਸ ਰਿਹਾਂ ਵਿਚਾਰਾਂ ਦੇ ਜ਼ੱਰਾ-ਬਕਤਰ ਜਿੱਤਣ ਲਈ ਬਜ਼ਿੱਦ ਹਾਂ ਹਾਰਾਂ ਦੇ ਮੂੰਹ ਝੋਕ ਦਿੰਦਾ ਹਾਂ ਅਪਣਾ ਆਪ... 4. ਅਪਣੇ ਮਨ ਨਾਲ਼ ਸਭ ਤੋਂ ਭੀਸ਼ਣ ਮਹਾਂਭਾਰਤ ਛੇੜਨ ਲਈ ਜ਼ਰੂਰੀ ਹੈ ਸਤੋਗੁਣ ਦੇ ਬ੍ਰਹਮ-ਅਸਤਰ ਨੂੰ ਤਿਆਰ-ਬਰ-ਤਿਆਰ ਰੱਖਣਾ ਨੇਕੀ ਦੀਆਂ ਸੈਨਾਵਾਂ ਨੂੰ ਹੁਸ਼ਿਆਰ ਕਰਨਾ ਆਦਮੀ ਮੁੱਢ-ਕਦੀਮੋਂ ਲੜਦਾ ਆ ਰਿਹਾ ਹੈ ਤੇ ਆਖ਼ਰ ਮੌਤ ਤੋਂ ਵੀ ਪਰ੍ਹੇ ਹੈ ਜਿੱਤ-ਹਾਰ ਤੋਂ ਮੁਕਤ ਨਿਰਵਿਕਲਪ ਯੁੱਧ... ਮਹਾਂ-ਸੰਗ੍ਰਾਮ ਹੈ ਅਪਣੇ ਆਪ 'ਤੇ ਕੇਂਦਰਿਤ ਹੋਣ ਲਈ ਲੜਨਾ... 5. ਮੇਰੇ 'ਅਹੰ' ਤੋਂ ਸ਼ੁਰੂ ਹੁੰਦਾ ਹੈ ਯੁੱਧ ਤੇ ਮੇਰੇ 'ਸ੍ਵੈ' ਤੇ ਖ਼ਤਮ ਹੁੰਦਾ ਹੈ ਮੇਰੇ ਅੰਦਰ ਜੋ ਮਹਾਂ-ਸੁੰਨ ਹੈ ਉਥੋਂ ਤੀਕ ਲਗਾਤਾਰ ਲੜੀ ਜਾ ਰਹੇ ਹਨ ਕੌਰਵ-ਪਾਂਡਵ ਜੋ ਕਿਸੇ 'ਕੁਰੂਕਸ਼ੇਤਰ' ਲਈ ਨਹੀਂ ਲੜ ਰਹੇ ਨਾ ਕਿਸੇ 'ਇੰਦਰਪ੍ਰਸਥ' ਲਈ ਲੜ ਰਹੇ ਹਨ ਯੁੱਧਰਤ ਹਨ ਵਿਚਾਰ ਮਨ ਅੰਦਰ ਇਕ ਦੂਜੀ ਧਿਰ ਦੀ ਹੋਂਦ ਗੁਆਚੀ ਪਈ ਹੈ ਤੇ ਦੋਹਾਂ ਪਾਸਿਆਂ ਤੋਂ ਰਿਸ਼ਤੇਦਾਰ 'ਮਰਦੇ' ਹਨ... 6. ਸ਼ਬਦ ਲੜਦੇ ਸ਼ਬਦਾਂ ਨਾਲ਼ ਲੋਕਾਂ ਦੇ ਵਿਚਾਰ ਆਪਸ ਵਿਚੀਂ ਟਕਰਾਉਂਦੇ ਭੀਸ਼ਣ ਹਥਿਆਰਾਂ ਦਾ ਖੜਾਕ ਸੁਣਦਾ ਕਿਰਦਾਰ ਲੜਦੇ ਦੁਸ਼ਮਣ ਬਣਕੇ ਪਰਸਥਿਤੀਆਂ ਬਣਦੀਆਂ ਵਿਰੋਧੀ ਸੈਨਾਵਾਂ ਇਕ ਦੂਜੇ ਦੇ ਖਿਲਾਫ਼ ਕਿਤੇ ਕੋਈ ਦੁਸ਼ਮਣ ਨਹੀਂ ਸਿਰਫ਼ ਆਪਣਾ ਮਨ ਹੀ ਅਪਣੇ ਆਪ ਤੋਂ ਡਰਦਾ ਹੈ ਬੰਦਾ ਕਿਸੇ ਕੋਲ਼ੋਂ ਨਹੀਂ ਅਪਣੇ ਆਪ ਕੋਲ਼ੋਂ ਮਰਦਾ ਹੈ... 7. ਕੀ ਜ਼ਰੂਰੀ ਨਹੀਂ ਹੈ ਕਿਸੇ ਵੀ ਯੁੱਧ ਤੋਂ ਪਹਿਲਾਂ ਆਪਣੀ ਹਉਮੈ ਸੰਗ ਲੜਨਾ? ਮੀਡੀਏ, ਕੰਪਿਊਟਰ ਤੇ ਗਲੋਬਲਾਈਜੇਸ਼ਨ ਦੇ ਯੁੱਗ ਅੰਦਰ ਮੌਤ ਦਾ ਵਿਕਰਾਲ ਢਿੱਡ ਭਰਨ ਲਈ ਕੀ ਏਨਾ ਅਹਿਮ ਹੈ ਪ੍ਰਮਾਣੂ ਯੁੱਧ ਕੋਈ ਜਾਂ ਜ਼ਰੂਰੀ ਨਹੀਂ ਰਿਹਾ ਹੁਣ ਆਪਣੀ ਹਉਮੈ ਸੰਗ ਲੜਨਾ?... ਹਰ ਨਵੇਂ ਯੁੱਧ ਦੀਆਂ ਬਰੂਹਾਂ 'ਤੇ ਮੈਂ ਦੁਨੀਆਂ ਦੇ ਦੁੱਖਾਂ ਦੀ ਓਟ ਲੈ ਕੇ ਕੋਈ ਕਵਿਤਾ ਲਿਖਦਾ ਹਾਂ ਸ਼ਾਇਦ ਹੁਣ ਬੇਗਤ ਰੂਹਾਂ ਪੜ੍ਹਨਗੀਆਂ ਬਾਰੂਦ ਨਾਲ਼ ਝੁਲਸੀ ਹੋਈ ਧਰਤੀ ਦੀ ਕਵਿਤਾ 8. ਘਰ 'ਚ ਵੀ ਲੜਿਆ ਜਾਂਦਾ ਹੈ ਯੁੱਧ ਆਪਣੇ ਆਪ ਖਿਲਾਫ਼ ਆਪਣਾ ਮਨ ਹਥਿਆਰ ਬਣ ਜਾਂਦਾ ਹੈ ਰਿਸ਼ਤੇ ਬਣ ਜਾਂਦੇ ਹਨ ਤੀਰ ਤੇ ਗੱਲਾਂ ਗੋਲੀਆਂ ਕੰਮਾਂ-ਧੰਦਿਆਂ 'ਚ ਖਚਿਤ ਹੋ ਕੇ ਘਾਇਲ ਹੁੰਦੇ ਹਾਂ ਅਸੀਂ ਤੇ ਜ਼ਿੰਦਗੀ ਦੇ ਨਾਂ 'ਤੇ ਹੌਲ਼ੀ-ਹੌਲ਼ੀ ਪਰਾਜਿਤ ਹੁੰਦੇ ਹਾਂ ਮੌਤ ਕੋਲੋਂ ਇਸ ਯੁੱਧ ਵਿਚ ਕਦੇ ਕਿਸੇ ਦੀ ਜਿੱਤ ਨਹੀਂ ਹੁੰਦੀ ਇਹ ਇਕ ਕਿਸਮ ਦੀ ਠੰਡੀ ਜੰਗ ਹੈ ਜਿਸ ਦਾ ਕਦੇ ਵੀ ਅੰਤ ਨਹੀਂ ਹੁੰਦਾ...

ਮਹਾਂ ਯੁੱਧ

ਤੁਸੀਂ ਕਿਸ ਮਹਾਂਭਾਰਤ ਦੀ ਕਥਾ ਲੈ ਬੈਠੇ ਹੋ? ਯੁੱਧ ਤਾਂ ਰੋਜ਼ ਹੋ ਰਿਹੈ ਅਸਲੀ ਦੁਸ਼ਮਣ ਟੀ.ਵੀ. 'ਚੋਂ ਬੋਲਦਾ ਹੈ ਅਖ਼ਬਾਰ ਦੀ ਸੁਰਖ਼ੀ 'ਚ ਲੁਕਿਆ ਬੈਠਾ ਹੈ ਮੁਬਾਈਲ ਫੋਨ ਦਾ ਸਿਮ-ਕਾਰਡ ਬਣ ਗਿਆ ਹੈ ਸ਼ਰੇ-ਬਜ਼ਾਰੀਂ ਮੇਰੀ ਜੇਬ੍ਹ ਨੂੰ ਸੰਨ੍ਹ ਲਾ ਰਿਹੈ ਤੁਸੀਂ ਕਿਹੜੇ ਯੁੱਗ ਦੇ ਹਥਿਆਰ ਚੁਕੀ ਫਿਰਦੇ ਹੋ? ਦੁਸ਼ਮਣ ਖ਼ਾਲੀ ਹੱਥੀਂ ਚੁੱਪ ਚਾਪ ਮੇਰੇ 'ਤੇ ਵਾਰ ਕਰ ਜਾਂਦਾ ਹੈ ਮੈਂ ਉਸਦੀ ਭਾਸ਼ਾ ਦੇ ਕੂਟਨੀਤਕ ਤੀਰ ਆਪਣੇ ਅੰਗਾਂ 'ਚੋਂ ਕੱਢਦਾ ਰਹਿ ਜਾਂਦਾ ਹਾਂ

ਦੁਸ਼ਮਣ

ਦੁਸ਼ਮਣ ਕਿਤੇ ਬਾਹਰ ਨਹੀਂ ਮੇਰੇ ਅੰਦਰ ਛੁਪਿਆ ਹੋਇਆ ਹੈ ਉਹ ਲੁਕ ਸਕਦਾ ਹੈ ਮੇਰੇ ਖ਼ਿਆਲਾਂ 'ਚ ਹੋ ਸਕਦੈ ਮੇਰੇ ਕੱਪੜੇ ਪਹਿਨ ਕੇ ਬਜ਼ਾਰ ਚਲਾ ਜਾਵੇ ਹਵਾ 'ਚ ਘੁਲ਼-ਮਿਲ ਜਾਵੇ ਮੇਰੀ ਦਾਲ਼-ਸ਼ਬਜ਼ੀ 'ਚ ਨਮਕ ਵਾਂਗ ਰਲ਼ ਜਾਵੇ ਟੀ.ਵੀ. ਦੀ ਸਕ੍ਰੀਨ 'ਤੇ ਆ ਕੇ ਡਾਂਸ ਕਰੇ ਖ਼ਬਰਾਂ 'ਚੋਂ ਸ਼ੇਰ ਵਾਂਗ ਦਹਾੜੇ ਮੁਬਾਈਲ ਫੋਨ ਦੀ ਘੰਟੀ 'ਚੋਂ ਇੰਟਰਨੈੱਟ ਰਾਹੀਂ ਮੇਰਾ ਜ਼ਿਹਨ ਫਰੋਲੇ ਜਾਂ ਫਰਿੱਜ 'ਚ ਅਛੋਪਲ਼ੇ ਜਿਹੇ ਜਾ ਛਿਪੇ ਉਹ ਕਿਤੇ ਵੀ ਹੋ ਸਕਦਾ ਹੈ ਉਹ ਕਦੇ ਸਾਹਮਣੇ ਨਹੀਂ ਆਉਂਦਾ ਸਦਾ ਪਿੱਠ 'ਤੇ ਵਾਰ ਕਰਦਾ ਹੈ ਮੈਂ ਉਸ ਨੂੰ ਬਾਹਰ ਸਮਝਦਾ ਹਾਂ ਉਹ ਮੇਰੇ ਅੰਦਰ ਵਸਦਾ ਹੈ

ਭਾਰਤ ਦੀ ਅਸਲ ਤਸਵੀਰ

ਸੱਤਰ ਫ਼ੀ-ਸਦੀ ਪਿੰਡਾਂ 'ਚ ਰਹਿ ਰਹੇ ਲੋਕਾਂ 'ਚ ਕਿੰਨੇ ਗ਼ਰੀਬ, ਅਨਪੜ੍ਹ, ਲਾਚਾਰ, ਬੀਮਾਰ, ਬੇਕਾਰ ਤੇ ਦੁਸ਼ਵਾਰੀਆਂ ਦੇ ਸ਼ਿਕਾਰ ਕਿੰਨੇ ਸ਼ਹਿਰਾਂ ਵਿਚ ਝੁੱਗੀਆਂ 'ਚ ਰਹਿ ਰਹੇ ਬੁਰਕੀ-ਬੁਰਕੀ ਲਈ ਲੜਦੇ ਮਰਦੇ ਲੋਕ ਨਿੱਕੇ-ਨਿੱਕੇ ਕਾਰ-ਵਿਹਾਰ ਕਰਦੇ ਮਾੜੇ ਕਿਰਦਾਰਾਂ 'ਚ ਗੁਆਚਦੇ ਜ਼ਿਆਦਤੀਆਂ ਸਹਿਨ ਕਰਦੇ ਕਿੰਨੀਆਂ ਔਰਤਾਂ ਹਿੰਸਾ, ਬਲਾਤਕਾਰਾਂ ਕੁੱਟਾਂ-ਮਾਰਾਂ ਦਾ ਸ਼ਿਕਾਰ ਜ਼ੁਲਮ ਸਹਿੰਦੀਆਂ ਗੁਰਬਤ ਦੀ ਚੱਕੀ 'ਚ ਪਿਸਦੀਆਂ ਦਮ ਤੋੜਦੀਆਂ ਦਰ-ਬ-ਦਰ ਹੁੰਦੀਆਂ ਖੁਆਰ ਰੋਂਦੀਆਂ ਕੁਰਲਾਉਂਦੀਆਂ ਵਿਧਵਾਵਾਂ ਧੀਆਂ, ਭੈਣਾਂ, ਮਾਵਾਂ ਢਿੱਡ ਦੀਆਂ ਆਂਦਰਾਂ ਲਈ ਜਿਸਮ ਵੇਚਣ ਲਈ ਮਜਬੂਰ, ਲਾਚਾਰ ਕਿੰਨੇ ਬਾਲ ਬਚਪਨ-ਵਿਹੂਣੇ, ਬਿਨ ਪਿਆਰ ਕਿੰਨੇ ਬਜ਼ੁਰਗ ਮੁਥਾਜ, ਅਵਾਜ਼ਾਰ ਹੰਝੂਆਂ 'ਚ ਘੁਲ਼-ਘੁਲ਼ ਪਲ-ਪਲ ਮਰਦੇ ਦਿਨ ਰਹੇ ਗੁਜ਼ਾਰ ਕਿਸ-ਕਿਸ ਦਾ ਬਿਆਨ ਕਰਾਂ? ਇਹ ਮੇਰੇ ਭਾਰਤ ਦੀ ਅਸਲ ਤਸਵੀਰ ਹੈ ਫ਼ਿਲਹਾਲ, ਇਸ ਵਿਚ ਕੋਈ ਰੰਗ ਨਾ ਭਰੋ ਇਸਨੂੰ ਬੇਰੰਗ ਹੀ ਰਹਿਣ ਦਿਓ

ਆਉਣ ਵਾਲੇ ਸਮਿਆਂ ਵਿਚ ਲਿਖੀਆਂ ਜਾਣ ਵਾਲ਼ੀਆਂ ਕਵਿਤਾਵਾਂ ਦੀ ਮਿੱਥ

ਸਦੀਵਤਾ ਦੇ ਛਿਣ ਦੀ ਨੋਕ 'ਤੇ ਲਟਕਦੀਆਂ ਨੇ ਆਉਣ ਵਾਲ਼ੇ ਸਮਿਆਂ ਵਿਚ ਲਿਖੀਆਂ ਜਾਣ ਵਾਲ਼ੀਆਂ ਕਵਿਤਾਵਾਂ ਜੇ ਕਿਤੇ ਡਿੱਗ ਪਈਆਂ ਦੇਸ਼ ਕਾਲ ਦੇ ਕਾਲੇ ਵ੍ਰਿਤ ਦੇ ਅਨੰਤ ਹੋਲ਼ ਵਿਚ ਤਾਂ ਇਹਨਾਂ ਦੀ ਮਿੱਥ ਬਣ ਜਾਵੇਗੀ ਤੇ ਫੈਲ ਜਾਵੇਗੀ ਦੇਸ਼-ਕਾਲ ਤੋਂ ਵੀ ਪਾਰ ਫਿਰ ਕਿਵੇਂ ਹੋਵੇਗਾ ਆਉਣ ਵਾਲੇ ਸਮਿਆਂ ਵਿਚ ਲਿਖੀਆਂ ਜਾਣ ਵਾਲ਼ੀਆਂ ਕਵਿਤਾਵਾ ਦਾ ਮਿੱਥ-ਭੰਜਨ? ( ਮੈਂ ਇਕ ਗੱਲ ਕਹਾਂ ) ਕਿਸੇ ਵੀ ਮਿੱਥ ਦਾ ਕਦੇ ਭੰਜਨ ਨਹੀਂ ਹੁੰਦਾ ਵਿਗਿਆਨ ਜੇ ਲਹੂ ਵੀ ਬਣਾ ਲਵੇ ਤੇ ਮਨ ਦੇ ਸੂਖਮ ਕੋਨੇ ਵੀ ਤਾਂ ਵੀ ਮਿੱਥਾਂ ਹਰ ਕਾਲ-ਖੇਤਰ 'ਚ ਮਨੁੱਖ ਵਲੋਂ ਵਰਤੀਆਂ ਜਾਂਦੀਆਂ ਰਹਿਣਗੀਆਂ ਮਿੱਥਾਂ ਆਪਣਾ ਰੂਪ ਬਦਲ ਲੈਂਦੀਆਂ ਹਨ ਪਰ ਕਦੇ ਖ਼ਤਮ ਨਹੀਂ ਹੁੰਦੀਆਂ...

ਪਰਲੋਂ

ਇਕ ਵੱਡੀ ਸਾਰੀ ਸੁਨਾਮੀ ਆਵੇਗੀ ਤੇ ਸਭ ਕੁਝ ਸਮੇਟ ਕੇ ਆਪਣੇ ਨਾਲ਼ ਲੈ ਜਾਵੇਗੀ ਭਿਆਨਕ ਦਾਵਾਨਲ ਮੱਚੇਗੀ ਸਭ ਕੁਝ ਰਾਖ ਹੋ ਜਾਵੇਗਾ ਨਾ ਰੁੱਖ ਰਹਿਣਗੇ, ਨਾ ਮਨੁੱਖ ਜਦ ਅਜਿਹੀ ਪਰਲੋ ਆਵੇਗੀ ਫਿਰ 'ਸੱਤੀਂ ਕੋਹੀਂ ਦੀਵਾ' ਬਲੇਗਾ...?

ਸਤਜੁਗ

ਨਾ ਕਿਤੇ ਸਦੀਵਤਾ ਨਾ ਛਿਣ ਭੰਗਰਤਾ ਸਭ ਕੁਝ ਆਪਸ 'ਚ ਗ਼ਲਤਾਨ ਕਾਲੇ ਵ੍ਰਿਤ ਦੇ ਮਹਾਂ ਰਹੱਸ ਅੰਦਰ ਸਭਿਆਤਾਵਾਂ ਅਰੁਕ ਸਮੇਂ ਦੇ ਖਲਾਅ 'ਚ ਨਮੂਦਾਰ ਹੁੰਦੀਆਂ ਨੇ ਕਿਸੇ ਵਿਕਰਾਲ਼ ਪਰਲੋ ਬਾਅਦ ਕੋਈ ਹੋਰ ਯੁੱਗ ਆਵੇਗਾ ਬਚੇ-ਖੁਚੇ ਅਵਸ਼ੇਸ਼ਾਂ 'ਚੋਂ ਮਨੁੱਖਾਂ ਦਾ ਖੁਰਾ-ਖੋਜ ਮਿਲੇਗਾ ਕੋਈ ਹਰਿਆ ਬੂਟ ਰਹੇਗਾ ਉਦੋਂ ਸਤਜੁਗ ਹੋਵੇਗਾ

ਕਰੋਨਾ : ਇਕ

ਜਦੋਂ ਦੀ ਇਹ ਮਹਾਂਮਾਰੀ ਫੈਲੀ ਹੈ ਲਾਕਡਾਊਨ ਲੱਗਾ ਹੋਇਐ ਕੀ ਪਿੰਡ, ਕੀ ਸ਼ਹਿਰ ਸਾਰੀ ਦੁਨੀਆ ਕੈਦ ਹੋ ਗਈ ਘਰਾਂ 'ਚ ਰੁਕ ਗਈਆਂ ਬੱਸਾਂ, ਰੇਲਾਂ, ਜਹਾਜ਼ ਤੇ ਕਾਰੋਬਾਰ ਪੂਰੀ ਦੁਨੀਆ 'ਚ ਕਰੋਨਾ ਪੀੜਤਾਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈਂਦੇ ਟੀ.ਵੀ. 'ਤੇ ਮਰਨ ਵਾਲ਼ਿਆਂ ਦੇ ਅੰਕੜੇ ਸੁਣ ਸੁਣ ਕੇ ਕੰਨ ਦੁਖਣ ਲੱਗ ਗਏ ਹਨ ਪਤਾ ਨਹੀਂ ਕੀ ਭਾਣਾ ਵਾਪਰਨੈ? ਕਰੀਬਨ ਡੇਢ ਮਹੀਨੇ ਤੋਂ ਦਿਨ ਭੁੱਲ ਗਏ ਨੇ ਨਾ ਸਮੇਂ ਦਾ ਪਤਾ ਲਗਦਾ ਹੈ ਨਾ ਆਪਣੇ ਆਪ ਦਾ ਖਾਣ ਦਾ ਸਮਾਨ ਵੀ ਮੁੱਕੀ ਜਾ ਰਿਹੈ ਮਰ ਜਾਣ ਦੇ ਡਰ ਵਾਂਗ ਚਿੰਤਾ ਹੈ ਢਿੱਡ ਦੀ ਕਿਸੇ ਦੇ ਖੰਘਣ ਤੋਂ ਵੀ ਡਰ ਲਗਦਾ ਹੈ ਕਿਸੇ ਨੂੰ ਮਿਲਣ ਵੀ ਨਹੀਂ ਜਾ ਸਕਦੇ ਮੌਤ ਦਾ ਡਰ ਹੈ ਜਾਂ ਭਰਮ ਕੋਈ ਕਰੋਨੇ ਦਾ ਅਜੀਬ ਦਸ਼ਾ ਹੈ ਕਿ ਜ਼ਿੰਦਗੀ 'ਚ ਅਜਿਹਾ ਕਦੇ ਨਹੀਂ ਸੀ ਹੋਇਆ ਕਰੋਨਾ ਸੜਕਾਂ 'ਤੇ ਜਮਦੂਤ ਬਣਕੇ ਘੁੰਮਦਾ ਹੈ ਤੇ ਬੰਦ ਬੂਹਿਆਂ ਓਹਲੇ ਰੋਂਦੇ ਬੱਚੇ ਦੇਖ ਨਹੀਂ ਹੁੰਦੇ ਰੱਬ ਦਾ ਘਰ ਵੀ ਸੁੰਨਾ ਪਿਆ ਹੈ ਕੋਈ ਮੱਥਾ ਟੇਕਣ ਵੀ ਨਹੀਂ ਜਾਂਦਾ ਸਭ ਪਾਸੇ ਸੁੰਨ-ਮਸਾਣ ਪੱਸਰੀ ਹੈ ਤੇ ਗਲੀਆਂ 'ਚ ਦਰਾਂ ਮੂਹਰੇ ਬੈਠੇ ਕੁੱਤੇ ਵੀ ਹੈਰਾਨ ਨੇ

ਕਰੋਨਾ : ਦੋ

ਕਿਸ ਨੇ ਸੋਚਿਆ ਸੀ ਕਿ ਅਜੇਹੇ ਦਿਨ ਵੀ ਆਉਣਗੇ ਲਾਕਡਾਊਨ, ਕੁਇੰਟਾਈਨ, ਆਈਸੋਲੇਸ਼ਨ ਸੀਲਿੰਗ, ਸੈਨੇਟਾਈਜ਼ਰ, ਕਨਟੋਨਮੈਂਟ ਜ਼ੋਨ ਸ਼ੋਸ਼ਲ ਡਿਸਟੈਂਨਸਿੰਗ ਜਿਹੇ ਲਫ਼ਜ਼ ਘੇਰ ਲੈਣਗੇ ਅਛੋਪਲ਼ੇ ਜਿਹੇ ਸਾਰੀ ਦੁਨੀਆ ਕਿਸ ਨੇ ਸੋਚਿਆ ਸੀ ਕਿ ਟੀ.ਵੀ ਚੈਨਲ ਤੇ ਅਖ਼ਬਾਰ ਭਰੇ ਹੋਣਗੇ ਮੌਤਾਂ ਦੇ ਅੰਕੜਿਆਂ ਨਾਲ ਦੇਖਦੇ ਹੀ ਦੇਖਦੇ ਲੋਕ ਹੋਈ ਜਾਣਗੇ ਕਰੋਨਾ ਦੇ ਸ਼ਿਕਾਰ ਕਿਸ ਨੇ ਸੋਚਿਆ ਸੀ ਕਿ ਘਰਾਂ ਵਿਚ ਬੰਦ ਹੋ ਕੇ ਰਹਿ ਜਾਵਾਂਗੇ ਤਰਸਾਂਗੇ ਘੁੰਮਣ-ਫਿਰਨ ਨੂੰ ਵਾਰ-ਵਾਰ ਹੱਥ ਧੋਵਾਂਗੇ ਮਾਸਕ ਪਾਵਾਂਗੇ ਤੇ ਕਿਸੇ ਨੂੰ ਮਿਲਣ ਤੋਂ ਵੀ ਗੁਰੇਜ਼ ਕਰਾਂਗੇ ਕਿਸ ਨੇ ਸੋਚਿਆ ਸੀ ਕਿ ਇਕ ਸੂਖ਼ਮ ਜਿਹਾ ਵਾਇਰਸ ਇੰਨਾ ਵਿਕਰਾਲ ਰੂਪ ਧਾਰੇਗਾ ਕਿ ਸਾਰੇ ਮਹਾਨ ਡਾਕਟਰ ਇਸ ਦੀ ਕੋਈ ਕਾਰਗਰ ਦਵਾ ਲੱਭਣ ਲਈ ਜੁਟ ਜਾਣਗੇ ਤੇ ਦੇਖਦੇ ਹੀ ਦੇਖਦੇ ਹਸਪਤਾਲ ਮਰੀਜ਼ਾਂ ਨਾਲ ਭਰ ਜਾਣਗੇ ਲਾਸ਼ਾਂ ਲਈ ਤਾਬੂਤ ਮੁੱਕ ਜਾਣਗੇ ਕਬਰਸਤਾਨਾਂ ਦੀ ਥਾਂ ਥੁੜ ਜਾਵੇਗੀ ਕੋਈ ਸ਼ਮਸ਼ਾਨਾਂ 'ਚ ਆਪਣੇ ਚਹੇਤਿਆਂ ਨੂੰ ਆਖ਼ਰੀ ਵਾਰ ਛੱਡਣ ਤੱਕ ਨਹੀਂ ਜਾਵੇਗਾ ਹਾਲਾਤ ਕੁਝ ਇਸ ਕਦਰ ਬਦਤਰ ਹੋ ਜਾਣਗੇ ਕਿਸ ਨੇ ਸੋਚਿਆ ਸੀ? ਸ਼ਾਇਦ! ਕਿਸੇ ਨੇ ਨਹੀਂ ਸੋਚਿਆ ਸੀ

ਕੋਰੋਨਾ ਕਾਲ

ਸਤਿਜੁਗ ਦੇ ਵਿਚ ਧਰਮ ਦੇ ਸਨ ਚਾਰ ਪੈਰ ਤਰੇਤੇ ਵਿਚ ਤਿੰਨ ਰਹਿ ਗਏ ਦੁਆਪਰ ਵਿਚ ਦੋ ਕਲਿਜੁਗ ਵਿਚ ਇਕ ਇਕ-ਪੈਰੇ ਧੌਲ਼ ਦੇ ਸਿੰਗੀਂ ਕੁੱਲ ਧਰਤੀ ਦਾ ਭਾਰ ਕਿੰਨਾ ਚਿਰ ਚੁੱਕ ਧੌਲ਼ ਖਲੋਵੇ ਆਖ਼ਰਕਾਰ ਜਦ ਲੈਂਦਾ ਦਮ ਆ ਜਾਂਦਾ ਭੁਚਾਲ ਅੱਗਾਂ ਲੱਗਦੀਆਂ, ਆਉਂਦੇ ਹੜ੍ਹ ਮਹਾਂਮਾਰੀ, ਭੁੱਖਮਰੀ ਦੇ ਦੈਂਤ ਲੋਕਾਂ ਨੂੰ ਲੈਂਦੇ ਨੇ ਫੜ ਸ਼ੁਰੂ ਹੋਇਆ ਕੋਰੋਨਾ ਕਾਲ ਲਾਕਡਾਊਨ ਕੁੱਲ ਦੇਸ਼ਾਂ ਅੰਦਰ ਵਿਕਾਸ ਦਾ ਹੋਇਆ ਚੱਕਾ ਜਾਮ ਸੁੰਨੀਆਂ ਸੜਕਾਂ, ਬੰਦ ਬਾਜ਼ਾਰ ਰੁਕੀਆਂ ਰੇਲਾਂ, ਰੁਕੇ ਜਹਾਜ਼ ਬੰਦਾ ਘਰ ਵਿਚ ਕੈਦ ਹੋ ਗਿਆ ਬਾਹਰ ਕਰੋਨਾ ਕੋਲ਼ੋਂ ਡਰਦਾ ਮਰਦਾ ਬੰਦਾ ਕੀ ਨਹੀਂ ਕਰਦਾ ਦਿਨਾਂ 'ਚ ਹਵਾ ਸਵੱਛ ਹੋ ਗਈ ਨਦੀਆਂ ਦੇ ਹੋਏ ਨਿਰਮਲ ਨੀਰ ਜੰਗਲੀ ਹਿਰਨਾਂ ਦੀਆਂ ਡਾਰਾਂ ਸ਼ਹਿਰਾਂ ਦੇ ਅੰਦਰ ਆ ਵੜੀਆਂ ਦਿਸਣ ਲੱਗੇ ਦੂਰੋਂ ਪਹਾੜ ਜੋ ਪਹਿਲਾਂ ਦਿਸਦੇ ਹੀ ਨਹੀਂ ਸਨ ਮਹਾਂਮਾਰੀ ਦਾ ਕੈਸਾ ਕਹਿਰ ਦੇਸ਼ੋ-ਦੇਸ਼ ਤੇ ਸ਼ਹਿਰੋ-ਸ਼ਹਿਰ ਮੌਤਾਂ ਹੀ ਮੌਤਾਂ! ਲੋਥਾਂ ਹੀ ਲੋਥਾਂ!! ਹੇ ਭਗਵਾਨ! ਤੇਰੇ ਅੱਗੇ ਕਰਦੇ ਹਾਂ ਅਰਦਾਸਾਂ ਦੁਨੀਆ ਸਾਰੀ ਕੋਰੋਨਾ ਮੁਕਤ ਕਰ ਦੇ ਮੌਤਾਂ ਦਾ ਝੱਖੜ ਥੰਮ੍ਹ ਜਾਵੇ ਮਰਨ ਨਾ ਲੋਕ ਕੋਰੋਨੇ ਨਾਲ਼ ਜਿਵੇਂ ਪਹਿਲਾਂ ਚਲਦੀ ਸੀ ਦੁਨੀਆ ਉਵੇਂ ਚਲਾ ਦੇ ਪਹਿਲਾਂ ਵਰਗੇ ਦਿਨ ਫਿਰ ਲਿਆ ਦੇ ਕੁਝ ਸ਼ੈਤਾਨਾਂ ਧਾਰ ਬੰਦੇ ਦਾ ਭੇਸ ਲਾਹਾ ਲਿਆ ਕੋਰੋਨੇ ਦਾ ਵੀ ਭੁੱਲ ਕੇ ਆਪਣਾ ਮਰਨਾ ਮਕਸਦ ਰੱਖਿਆ ਪੈਸਾ 'ਕੱਠਾ ਕਰਨਾ ਇੰਜ ਕਰ ਕੇ ਵੀ ਮਰਨਾ ਚਿਤ ਨਾ ਚੇਤੇ ਕੋਰੋਨੇ ਢਾਹੇ ਕਈ ਖੱਬੀ ਖ਼ਾਨ ਪਰਖ ਨਾ ਕੀਤੀ ਗ਼ਰੀਬ ਅਮੀਰ ਦੀ ਵੱਡਾ-ਛੋਟਾ ਕੀ ਨਾਸਤਕ, ਆਸਤਕ ਉੱਚ ਅਹੁਦਿਆਂ ਵਾਲ਼ੇ ਵੀ ਕਈ ਚਿੱਤ ਕਰ ਸੁੱਟੇ ਧੌਲ਼ ਧਰਮ ਦਾ ਕਰੋ ਖ਼ਿਆਲ ਚਲੇ ਜਾਊ ਕੋਰੋਨਾ ਕਾਲ

ਅਮੁਕ ਤਲਾਸ਼

ਅਬਦ ਤੋਂ ਆਖਰ ਤੱਕ ਜੋ ਨਾਦ ਗੂੰਜਦਾ ਏ ਸਦਾ ਇਸੇ ਹੀ ਨਾਦ 'ਚੋਂ ਲੱਭੇਗਾ ਮੈਨੂੰ ਸੁਰ ਕੋਈ ਉਹ ਸੁਰ ਜੋ ਆਤਮਾ ਮੇਰੀ ਲਈ ਰਾਹ-ਦਸੇਰਾ ਹੈ ਮੈਂ ਆਪਣੇ ਬੋਲ ਤਾਂ ਪੌਣਾਂ 'ਚ ਘੋਲ਼ ਆਇਆ ਹਾਂ ਮੈਂ ਆਪਣੀ ਹਉਂ ਦਾ ਸਫ਼ਰ ਮਿੱਟੀ 'ਚ ਰੋਲ਼ ਆਇਆ ਹਾਂ ਮੈਂ ਹਰਫ਼ ਪਾਣੀ ਦੇ ਨਦੀਆਂ ਨੂੰ ਮੋੜ ਆਇਆ ਹਾਂ ਮੇਰੇ ਅੰਦਰ ਨਿਰੰਤਰ ਗੂੰਜਦੀ ਖ਼ਾਮੋਸ਼ੀ ਹੈ ਮੇਰੀ ਤਲਾਸ਼ ਦਾ ਕਿਧਰੇ ਵੀ ਕੋਈ ਅੰਤ ਨਹੀਂ...

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਰਮਜੀਤ ਸੋਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ