Nirmal Dutt ਨਿਰਮਲ ਦੱਤ

ਨਿਰਮਲ ਦੱਤ ਕੋਲ ਕਵਿਤਾ ਆਪ ਤੁਰ ਕੇ ਆਉਂਦੀ ਹੈ, ਪੋਲੇ ਪੈਰੀਂ, ਠੁਮਕ ਠੁਮਕ ਤੁਰਦੀ, ਦਰਿਆ ਦੇ ਨਿਰਮਲ ਨੀਰ ਵਾਂਗ ਸਾਡੇ ਮਨ ਦੀ ਬੰਜਰ ਭੋਇੰ ਸਿੰਜਣ।
ਨਿਰਮਲ ਦੱਤ ਨੇ ਮੈਥੋਂ ਵੱਧ ਪੱਤਝੜਾਂ ਬਹਾਰਾਂ ਵੇਖੀਆਂ ਨੇ। ਪੂਰੀਆਂ ਚਾਰ। ਮੈਂ 1953 ‘ਚ ਜੰਮਿਆ ਤੇ ਉਹ ਤਿੰਨ ਅਗਸਤ 1949 ਨੂੰ। ਉਸ ਦਾ ਪਿੰਡ ਭੜ੍ਹੀ ਹੈ ਖੰਨਾ ਲਾਗੇ। ਏ ਐੱਸ ਕਾਲਿਜ ਖੰਨਾ ਤੋਂ ਬੀਏ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐੱਮ ਏ ਅੰਗਰੇਜ਼ੀ ਕਰਨ ਚਲਾ ਗਿਆ। ਇਥੇ ਹੀ ਉਸ ਨੂੰ ਐੱਮ ਏ ਕਰਨ ਉਪਰੰਤ ਡੀ ਏ ਵੀ ਕਾਲਿਜ ਨੇ ਅੰਗਰੇਜ਼ੀ ਵਿਸ਼ੇ ਦਾ ਲੈਕਚਰਰ ਨਿਯੁਕਤ ਕਰ ਲਿਆ ਜਿੱਥੇ ਉਸ ਨੇ 2009 ਤੀਕ ਪੜ੍ਹਾਇਆ।
ਨਿਰਮਲ ਦੱਤ ਪੜ੍ਹਾਉਂਦਾ ਭਾਵੇਂ ਅੰਗਰੇਜ਼ੀ ਸੀ ਪਰ ਉਸ ਦੀ ਮੁਹੱਬਤ ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਬਹੁਤ ਗੂੜ੍ਹੀ ਹੋਣ ਕਾਰਨ ਉਹ ਪੰਜਾਬੀ ਸ਼ਾਇਰੀ ਦੇ ਲੜ ਲੱਗ ਗਿਆ। ਨਿਰਮਲ ਦੱਤ ਦੀਆਂ ਤਿੰਨ ਕਾਵਿ ਪੁਸਤਕਾਂ ਮੈਂ ਵੀ ਹਾਂ,ਮੇਰੀ ਗੱਲ ਸੁਣ ਕੇ ਜਾਹ ਅਤੇ ਚਾਨਣ ਦੀ ਸਲਤਨਤ ਛਪ ਚੁਕੀਆਂ ਨੇ। ਚੌਥੀ ਪੁਸਤਕ ਸੂਰਜ ਦੇ ਅਲਾਪ ਛਪਣ ਲਈ ਤਿਆਰ ਹੈ। ਆਜ਼ਾਦ ਕਵਿਤਾ, ਗ਼ਜ਼ਲ, ਗੀਤ ਅਤੇ ਦੋਹਾ ਸਿਰਜਣ ਵਿੱਚ ਉਸ ਨੂੰ ਇੱਕੋ ਜਿੰਨੀ ਮੁਹਾਰਤ ਹਾਸਲ ਹੈ। ਨਾਸਤਿਕਤਾ, ਧਾਰਮਿਕਤਾ ਤੇ ਅਧਿਆਕਮਿਕਤਾ ਬਾਰੇ ਇੱਕ 64 ਪੰਨਿਆਂ ਦਾ ਮੋਨੋਗਰਾਫ਼ ਪ੍ਰਕਾਸ਼ਿਤ ਕਰ ਚੁਕਾ ਹੈ ਜੋ ਅਦਵੈਤ ਵੇਦਾਂਤ ਬਾਰੇ ਨਵ - ਨਜ਼ਰੀਆ ਪੇਸ਼ ਕਰਦਾ ਹੈ।
'ਮਾਣ ਹੈ ਕਿ ਨਿਰਮਲ ਦੱਤ ਸਾਡਾ ਵੱਡਾ ਵੀਰ ਤੇ ਮਾਰਗ ਦਰਸ਼ਕ ਹੈ।' ਇਹ ਬੋਲ ਉਸ ਦੇ ਗਿਰਾਈਂ ਤੇ ਜ਼ਹੀਨ ਨਿੱਕੇ ਵੀਰ ਸ: ਦਲਜੀਤ ਸਿੰਘ ਭੰਗੂ ਦੇ ਹਨ ਜਿੰਨ੍ਹਾਂ ਨਾਲ ਮੇਰੀ ਸਹਿਮਤੀ ਵੀ ਸ਼ਾਮਿਲ ਹੈ।
ਤਿੰਨ ਦਹਾਕਿਆਂ ਤੋਂ ਵੱਧ ਸਮਾਂ ਅੰਗਰੇਜ਼ੀ ਸਾਹਿੱਤ ਅਧਿਆਪਨ ਕਰਨ ਤੇ ਲੰਮਾ ਸਮਾਂ ਅੰਗਰੇਜ਼ੀ ਵਿਭਾਗ ਦਾ ਮੁਖੀ ਰਹਿਣ ਉਪਰੰਤ ਹੁਣ ਉਹ ਮੇਰੇ ਵਰਗੇ ਹਜ਼ਾਰਾਂ ਪੇਂਡੂ ਪਿਛੋਕੜ ਵਾਲੇ ਅੰਗਰੇਜ਼ੀ ਤੋਂ ਸਹਿਮੇ ਜੀਆਂ ਨੂੰ ਸੁਖੈਨ ਵਿਧੀ ਨਾਲ ਔਨ ਲਾਈਨ ਅੰਗਰੇਜ਼ੀ ਪੜ੍ਹਾ ਰਿਹਾ ਹੈ। ਪੰਜਾਬ ਆਰਟਸ ਕੌਂਸਲ ਦਾ ਵੀ ਪੰਜ ਸਾਲ ਲਗਾਤਾਰ ਸਕੱਤਰ ਜਨਰਲ ਰਿਹਾ ਹੈ। -ਗੁਰਭਜਨ ਗਿੱਲ