Nirbhai Yodha/Baba Banda Bahadur : Giani Kartar Singh Kalaswalia

ਨਿਰਭੈ ਯੋਧਾ/ਬਾਬਾ ਬੰਦਾ ਬਹਾਦਰ : ਗਿਆਨੀ ਕਰਤਾਰ ਸਿੰਘ ਕਲਾਸਵਾਲੀਆ


੧ਓ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥ ਨਿਰਭੈ ਯੋਧਾ ਜੀਵਨ ਚਰਿੱਤ੍ਰ ਬਾਬਾ ਬੰਦਾ ਬਹਾਦਰ ਦੋਹਰਾ- ਤੂੰ ਦਾਤਾ ਸਭ ਸ਼੍ਰਿਸ਼ਟ ਕਾ ਪੂਰਨ ਪੁਰਖ ਅਕਾਲ॥ ਵਿਘਨ ਹਰੋ ਸਭ ਦਾਸ ਕੇ ਹੇ ਪ੍ਰਭ ਦੀਨ ਦਿਆਲ ॥ ਅਕਾਲ ਪੁਰਖ ਅੱਗੇ ਬੇਨਤੀ ਮੇਰੀ ਬੇਨਤੀ ਪੁਰਖ ਅਕਾਲ ਅੱਗੇ ਕਰੀਂ ਦੁੱਖ ਦਰਿੱਦਰ ਦੂਰ ਮੇਰੇ ਮੇਰੇ ਸਿਰ ਤੇ ਆਪਣਾ ਹੱਥ ਰੱਖੀਂ ਬਖਸ਼ ਦਈਂ ਜੋ ਹੋਇ ਕਸੂਰ ਮੇਰੇ ਤੇਰੀ ਸ਼ਰਨ ਫੜੀ ਮੇਰੀ ਲਾਜ ਰੱਖੀਂ ਸ਼ਿਅਰ ਹੋਣ ਜਹਾਨ ਮਸ਼ਹੂਰ ਮੇਰੇ ਰੱਖੀਂ ਕਲਮ ਦੇ ਵਿੱਚ ਤਾਸੀਰ ਪੂਰੀ ਸੁਖਨ ਸਭ ਨੂੰ ਹੋਣ ਮਨਜ਼ੂਰ ਮੇਰੇ ਵੱਲ ਗੁਨਾਹਾਂ ਨ ਨਿਗ੍ਹਾ ਮਾਰੀਂ ਕਰਮ ਮੁੱਢ ਤੋਂ ਹੈਨ ਕਰੂਰ ਮੇਰੇ ਬਖਸ਼ਨਹਾਰ ਤੂੰ ਆਪਣਾ ਬਿਰਦ ਪਾਲੀਂ ਕਰੀਂ ਰਹਿਮ ਰਹੀਮ ਗਫ਼ੂਰ ਮੇਰੇ ਮੇਰੇ ਖੁਦੀ ਦੇ ਪੜਦੇ ਦੂਰ ਕਰੀਂ ਅੰਦਰ ਨਾਮ ਦਾ ਹੋਇ ਜ਼ਹੂਰ ਮੇਰੇ ਮੇਰੇ ਗੁਨ੍ਹਾਗਾਰ ਮੈਂ ਬਹੁਤ ਕਰਤਾਰ ਸਿੰਘਾ ਕਰੀਂ ਮੁਆਫ ਕਸੂਰ ਜ਼ਰੂਰ ਮੇਰੇ ਸਤਿਗੁਰਾਂ ਅਗੋਂ ਬੇਨਤੀ ਦਸਾਂ ਗੁਰਾਂ ਤਾਈਂ ਨਮਸ਼ਕਾਰ ਮੇਰੀ ਜਿਨ੍ਹਾਂ ਜੱਗ ਤੇ ਬੜੇ ਉਪਕਾਰ ਕੀਤੇ ਦਸੇ ਰੂਪ ਧਾਰੇ ਵੱਖੋ ਵੱਖ ਸੋਹਣੇ ਨਾਮ ਦਾਨ ਇਸ਼ਨਾਨ ਪ੍ਰਚਾਰ ਕੀਤੇ ਰਾਜ ਜੋਗ ਕਮਾਇਆ ਵਿੱਚ ਦੁਨੀਆਂ ਗ੍ਰਿਸਤ ਵਿੱਚ ਉਦਾਸ ਵਿਹਾਰ ਕੀਤੇ ਜੋ ਸ਼ਰਨ ਆਇਆ ਲਾਇਆ ਕੰਠ ਉਸਨੂੰ ਲੱਖਾਂ ਡੁਬਦਿਆਂ ਦੇ ਬੇੜੇ ਪਾਰ ਕੀਤੇ ਜਿਦ੍ਹੇ ਵੱਲ ਕੀਤੀ ਨਿਗ੍ਹਾ ਮਿਹਰ ਦੀ ਜੀ ਉੱਜਲ ਉਨ੍ਹਾਂ ਦੇ ਨਾਮ ਸੰਸਾਰ ਕੀਤੇ ਬਾਣੀ ਰੂਪ ਕਰਕੇ ਬਰਖਾ ਜੱਗ ਅੰਦਰ ਸੜਦੇ ਤਪਤ ਹਿਰਦੇ ਠੰਢੇ ਠਾਰ ਕੀਤੇ ਮੁਸਲਮਾਨ ਹਿੰਦੂ ਇਕਸੇ ਨਜ਼ਰ ਦੇਖੇ ਵੈਰ ਭਾਵ ਵਿੱਚੋਂ ਕੱਢ ਬਾਹਰ ਕੀਤੇ ਇੱਕੋ ਨੂਰ ਜ਼ਹੂਰ ਕਰਤਾਰ ਸਿੰਘਾ ਸਾਂਝੀਵਾਲ ਸਾਰੇ ਦਰਬਾਰ ਕੀਤੇ ਤਥਾ ਜਿਵੇਂ ਪਿਛਲੀਆਂ ਸੰਗਤਾਂ ਤਾਰੀਆਂ ਨੇ ਓਸੇ ਤਰ੍ਹਾਂ ਹੀ ਮੈਨੂੰ ਤਰਾਉ ਗੁਰ ਜੀ ਰੇਠੇ ਹੋਏ ਮਿੱਠੇ ਡਿੱਠੇ ਆਪ ਅੱਖੀਂ ਔਗੁਣ ਮੇਰੇ ਵੀ ਓਵੇਂ ਗੁਵਾਉ ਗੁਰ ਜੀ ਕੌਡੇ ਰਾਖਸ਼ ਜਹੇ ਜਿਵੇਂ ਤਾਰ ਦਿਤੇ ਪਾਰ ਓਵੇਂ ਹੀ ਮੈਨੂੰ ਲੰਘਾਉ ਗੁਰ ਜੀ ਘੋਆ ਜੱਟ ਤੇ ਭੂਮੀਆਂ ਤਾਰਿਆ ਜਿਉਂ ਮਨ ਚੋਰੀਓਂ ਮੇਰਾ ਹਟਾਉ ਗੁਰ ਜੀ ਅਰਬ ਜਾ ਜਿਉਂ ਮੱਕੇ ਨੂੰ ਫੇਰਿਆ ਸੀ ਚਿੱਤ ਐਬਾਂ ਤੋਂ ਮੇਰਾ ਫਿਰਾਉ ਗੁਰ ਜੀ ਜਿਵੇਂ ਛੱਪੜਾਂ ਤੋਂ ਸਰ ਕਰ ਦਿਤੇ ਭਰੋ ਮੇਰਾ ਭੀ ਰਿਦਾ ਤਲਾਉ ਗੁਰ ਜੀ ਕੀਤੀ ਦੀਨਾਂ ਦੀ ਰਖ੍ਯਾ ਦੁਸਟ ਮਾਰੇ ਮੇਰੇ ਮਾਰਕੇ ਵਿਘਨ ਨਸਾਉ ਗੁਰ ਜੀ ਜੋਰ ਤੋੜਿਆ ਜਿਸਤਰਾਂ ਜ਼ਾਲਮਾਂ ਦਾ ਤਿਵੇਂ ਕਾਮ ਤੇ ਕ੍ਰੋਧ ਤੁੜਾਉ ਗੁਰ ਜੀ ਪੰਜ ਦੁਸ਼ਟ ਮੈਨੂੰ ਮਾਰ ਜਾਣ ਨਾਹੀਂ ਜਾਣ ਦੀਨ ਅਨਾਥ ਬਚਾਉ ਗੁਰ ਜੀ ਨਦੀ ਵਿਸ਼ੇ ਵਿਕਾਰਦੀ ਰੁੜਾਂ ਨਾ ਮੈਂ ਬੇੜਾ ਬੰਨੇ ਲੁਬਾਣੇ ਜਿਉਂ ਲਾਉ ਗੁਰ ਜੀ ਮੈਂ ਅਨਾਥ ਫੜੀ ਸ਼ਰਨ ਜਗਤ ਗੁਰੂ ਮੇਰੀ ਪਤ ਸੰਸਾਰ ਰਖਾਉ ਗੁਰ ਜੀ ਪੂਰਾ ਗ੍ਰੰਥ ਹੋ ਜਾਇ ਕਰਤਾਰ ਸਿੰਘਾ ਮਿਹਰ ਕਰਕੇ ਆਸ ਪੁਜਾਉ ਗੁਰ ਜੀ ਸ੍ਰੀ ਦਸਮੇਸ਼ ਜੀ ਕੀਤੀ ਮਿਹਰ ਜਿਸਤੇ ਤੁਸਾਂ ਦਿਆਲ ਹੋਕੇ ਦੁਖ ਦਰਦ ਤੇ ਵਿਘਨ ਗੁਆ ਦਿੱਤੇ ਦਿਉਤੇ ਰਾਖਸ਼ਾਂ ਤੋਂ ਪਲਾਂ ਵਿਚ ਕੀਤੇ ਡਾਕੂ ਚੋਰਾਂ ਤੋਂ ਭਗਤ ਬਣਾ ਦਿੱਤੇ ਕਾੱਗਾਂ ਭੈੜਿਆਂ ਤੋਂ ਕੀਤੇ ਹੰਸ ਉੱਚੇ ਮਲ ਭੱਖੀਆਂ ਮੋਤੀ ਚੁਗਾ ਦਿੱਤੇ ਨਰਕਾਂ ਵਿੱਚ ਪੈਂਦੇ ਧੂਹ ਕੇ ਕੱਢ ਲਏ ਪਾਪ ਮੇਟ ਸ੍ਵਰਗ ਪੁਚਾ ਦਿੱਤੇ ਨੀਚੇ ਡਿੱਗਿਆਂ ਨੂੰ ਕੋਈ ਨਾ ਜਾਣਦਾ ਸੀ ਉੱਚੀ ਪਦਵੀਆਂ ਉਤੇ ਪੁਚਾ ਦਿੱਤੇ ਕੀਤੇ ਗਿੱਦੜਾਂ ਤੋਂ ਸ਼ੇਰ ਗੁਰੂ ਸੱਚੇ ਬਾਜ਼ ਚਿੜੀਆਂ ਤੋਂ ਤੁੜਵਾ ਦਿਤੇ ਖੋਹ ਕੇ ਮੁਗਲ ਪਠਾਣਾਂ ਦੀ ਬਾਦਸ਼ਾਹੀ ਹਲ ਵਾਹਾਂ ਸਿਰ ਛਤਰ ਝੁਲਾ ਦਿਤੇ ਰੁਲਦੇ ਫਿਰਦੇ ਢੋਈ ਨ ਜਿਨ੍ਹਾਂ ਕਿਧਰੇ ਓਹ ਦੇਸਾਂ ਦੇ ਰਾਜੇ ਬਣਾ ਦਿੱਤੇ ਕੌਮੀ ਕੀਰ ਕੰਗਾਲ ਜੋ ਲੋਕ ਹੈਸਨ ਓਹ ਕਰ ਸਰਦਾਰ ਵਖਾ ਦਿੱਤੇ ਬੂਹੇ ਜਿਨ੍ਹਾਂ ਦੇ ਨੌਬਤਾਂ ਵਜਦੀਆਂ ਸਨ ਵਿਚ ਖਾਕ ਦੇ ਮਾਰ ਮਿਲਾ ਦਿੱਤੇ ਤੋੜ ਮਾਨ ਗਰੂਰ ਹੰਕਾਰੀਆਂ ਦੇ ਓਹ ਵਗਾਰੀਆਂ ਦੀ ਪੈਰੀਂ ਪਾ ਦਿੱਤੇ ਧੰਨ ਧੰਨ ਗੁਰ ਦਸਮ ਕਰਤਾਰ ਸਿੰਘਾ ਜ਼ਾਲਮ ਮਾਰ ਕੇ ਜਿਸ ਖਪਾ ਦਿਤੇ ਵਿੱਦ੍ਯਾ ਗੁਰੂ ਜੀ ਦਾ ਧੰਨਵਾਦ ਲੱਖ ਵਾਰ ਕਰਾਂ ਧੰਨਵਾਦ ਮੂੰਹੋਂ ਜਿਨ੍ਹਾਂ ਦਾਸ ਦੇ ਤਾਈਂ ਪੜ੍ਹਾਇਆ ਜੀ ਦਿੱਤੀ ਵਿੱਦ੍ਯਾ ਕਰਕੇ ਮਿਹਰ ਵੱਡੀ ਭਾਸ਼ਾ ਵਿਚ ਹੁਸ਼ਿਆਰ ਕਰਾਇਆ ਜੀ ਮੇਰੀ ਬੁੱਧੀ ਦੇ ਤਾਈਂ ਪ੍ਰਕਾਸ਼ ਕੀਤਾ ਕਰੀ ਦਾਸ ਉਪਰ ਬੜੀ ਦਾਇਆ ਜੀ ਪਸੂ ਢੋਰ ਤੋਂ ਆਦਮੀ ਜੂਨ ਕੀਤਾ ਦੀਵਾ ਰਿਦੇ ਦੇ ਵਿਚ ਜਗਾਇਆ ਜੀ ਭੁੱਲਾ ਜਾਂਦਾ ਸਾਂ ਮੋਹ ਵਿਕਾਰ ਅੰਦਰ ਨ ਸੀ ਸੁਧ ਗਿਆਨ ਨੂੰ ਪਾਇਆ ਜੀ ਠੋਕਰ ਸ਼ਬਦ ਦੀ ਮਾਰਕੇ ਦਿਲ ਉਤੇ ਪਸ਼ੂ ਮਨ ਅਮੋੜ ਮੁੜਾਇਆ ਜੀ ਮੈਂ ਨਾਚੀਜ਼ ਤੋਂ ਉਨ੍ਹਾਂ ਨੇ ਚੀਜ਼ ਕੀਤਾ ਸੱਚੇ ਸਤਿਗੁਰਾਂ ਦੀ ਚਰਨੀ ਲਾਇਆ ਜੀ ਕੱਢ ਮੂਰਖਾਂ ਕਕੱਗਾਂ ਦੀ ਡਾਰ ਵਿਚੋਂ ਪਾਲ ਹੰਸਾਂ ਦੀ ਵਿਚ ਬੈਠਾਇਆ ਜੀ ਬਗਲੇ ਵਾਂਗ ਸਾਂ ਮੱਛੀਆਂ ਖਾਣ ਵਾਲਾ ਪਹਿਲੀ ਉਮਰ ਦੇ ਤਾਈਂ ਗੁਵਾਇਆ ਜੀ ਸੰਗ ਪਾਰਸ ਵਾਂਗ ਲਾ ਲੋਹੇ ਤਾਈਂ ਸੋਨਾ ਕਰਕੇ ਸੁਧ ਦਿਖਾਇਆ ਜੀ ਮੇਰੇ ਪਿਤਾ ਦੇ ਵੱਡੇ ਭਰਾ ਹੈਸਨ ‘ਦੁਸੰਧਾ ਸਿੰਘ’ ਸੀ ਨਾਮ ਸੁਹਾਇਆ ਜੀ ਭਰੇ ਭਾਸ਼ਾ ਦੇ ਹੈਸਨ ਭੰਡਾਰ ਪੂਰੇ ਚੰਗਾ ਵਿੱਦ੍ਯਾ ਬਲ ਰਖਾਇਆ ਜੀ ਬਾਣੀ ਨਾਲ ਪ੍ਰੇਮ ਤੇ ਨੇਮ ਪੂਰਾ ਜਤੀ ਸਤੀ ਰਹਿ ਸਮਾਂ ਲੰਘਾਇਆ ਜੀ ਆਕੇ ਏਸ ਸੰਸਾਰ ਗੁਲਜ਼ਾਰ ਅੰਦਰ ਮੋਹ ਵਿਚ ਨ ਚਿੱਤ ਫਸਾਇਆ ਜੀ ਰਹੇ ਕੌਲ ਦੇ ਵਾਂਗ ਸੰਸਾਰ ਅੰਦਰ ਪਾਣੀ ਵਿਸ਼ੇ ਦਾ ਨਾਹਿੰ ਛੁਹਾਇਆ ਜੀ ਲੱਈ ਨਾਮ ਦੀ ਵਾਸ਼ਨਾ ਭੌਰ ਬਣਕੇ ਭੂੰਡ ਬਣ, ਨ ਗੰਦ ਫੁਲਾਇਆ ਜੀ ਹੋਯਾ ਚਿਰ ਗੁਰਪੁਰੀ ਸਿਧਾਰ ਗਏ ਯੱਸ ਦੇਸ ਅੰਦਰ ਸਾਰੇ ਛਾਇਆ ਜੀ ਹੋਵੇ ਵਿੱਦ੍ਯਾ ਸਫਲ ਕਰਤਾਰ ਸਿੰਘਾ ਨਾਲ ਅਦਬ ਦੇ ਸੀਸ ਝੁਕਾਇਆ ਜੀ ਕਵੀ ਨੂੰ ਸਜਨਾਂ ਵੱਲੋਂ ਪ੍ਰੇਰਨਾ ਚਿਰ ਹੋਇਆ ਹੈ ਲਿਖਿਆ ਗ੍ਰੰਥ ਹੈ ਸੀ ਜੋਸ਼ ਚਿੱਤ ਦੇ ਵਿੱਚ ਸਮਾਇਆ ਨ ਧਰਿਆ ਬੰਦਾ ਬਹਾਦਰ ਨਾਮ ਸੋਹਣਾ ਲਿਖ ਦਿੱਤਾ ਤੇ ਫੇਰ ਸੁਧਾਇਆ ਨ ਅੱਲ੍ਹੜ ਉਮਰ ਤੇ ਚਿੱਤ ਸੀ ਜੋਸ਼ ਭਰਿਆ ਤਵਾਰੀਖ ਤੇ ਧਿਆਨ ਲਗਾਇਆ ਨ ਰੱਖ ਸਾਹਮਣੇ ਪੰਥ ਪ੍ਰਕਾਸ਼ ਲਿਆ ਸਮਾ ਸੋਧਣੇ ਦਾ ਫੇਰ ਆਇਆ ਨ ਹੋਰ ਹੋਰ ਲਿਖੇ ਤਦੋਂ ਗ੍ਰੰਥ ਵੱਡੇ ਰੁਖ ਪਿਛ੍ਹਾਂ ਦੇ ਵੱਲ ਪ੍ਰਤਾਇਆ ਨ ਵੇਲਾ ਮਿਲਿਆ ਨਾ ਪਿੱਛਾ ਦੇਖਣੇ ਦਾ ਬਣੇ ਗ੍ਰੰਥਾਂ ਨੂੰ ਫੋਲ ਫੁਲਾਇਆ ਨ ਰਿਹਾ ਪਲਟਨ੧ ਵਿਚ ਪ੍ਰਦੇਸ ਫਿਰਦਾ ਵਿੱਦਵਾਨਾਂ ਤੋਂ ਲਾਭ ਉਠਾਇਆ ਨ ਊਣਤਾਈਆਂ ਗ੍ਰੰਥਾਂ ਵਿੱਚ ਜੋ ਸਨ ਓਹਨਾਂ ਸੋਧਣੇ ਦਾ ਸਮਾ ਆਇਆ ਨ ਹੁਣ ਪਲਟਨ ਦੇ ਤਾਈਂ ਛਡ ਆਇਆ ਅੱਨ ਜਲ ਨੇ ਸਾਥ ਨਿਭਾਇਆ ਨ ਮਿਲ ਕਹਿਆ ਇਤਿਹਾਸ ਦੇ ਖੋਜੀਆਂ ਨੇ ਤੂੰ ਠੀਕ ਇਤਿਹਾਸ ਕਰਾਇਆ ਨ ਬੰਦੇ ਵਿੱਚ ਇਤਿਹਾਸਕ ਗਲਤੀਆਂ ਕਈ ਸਿਦਕ ਖਾਲਸਾ ਸੋਧ ਲਿਖਾਇਆ ਨ ਤੇਗ ਖਾਲਸਾ ਲਿਖਿਆ ਵਿੱਚ ਛੰਦਾਂ ਬੈਂਤਾਂ ਵਿੱਚ ਸਿੱਧਾ ਕਿਉਂ ਬਨਾਇਆ ਨ ਰਾਜ ਖਾਲਸਾ ਭੀ ਲਿਖਨ ਯੋਗ ਮੁੜਕੇ ਪਾਇ ਕੋਰੜੇ ਰੰਗ ਸੋਹਾਇਆ ਨ ਸ਼ੇਰ ਸਿੰਘ ਤੇ ਖੜਕ, ਦਲੀਪ ਸਿੰਘ ਦਾ ਪੂਰਾ ਕਰਕੇ ਹਾਲ ਦਿਖਾਇਆ ਨ ਕੱਲ੍ਹ ਕਾਲ ਦਾ ਨਾਮ ਕੀਹ ਪਤਾ ਬਣਨਾ ਏਥੇ ਸਦਾ ਡੇਰਾ ਕਿਸੇ ਲਾਇਆ ਨ ਲਿਖ ਫੇਰ ਇਤਿਹਾਸ ਸੁਧਾਰ ਮੁੜਕੇ ਗਿਆ ਸਮਾਂ ਹੱਥੋਂ ਪਰਤ ਆਇਆ ਨ ਭਾਵੇਂ ਇਹ ਔਖਾ ਭਾਰਾ ਕੰਮ ਵੈਸੀ ਕਿਹਾ ਸੱਜਣਾਂ ਦਾ ਪਰਤਾਇਆ ਨ ਰੱਖ ਓਟ ਅਕਾਲ ਕਰਤਾਰ ਸਿੰਘਾ ਲਿਖਾਂ ਆਪਣਾਂ ਮਾਨ ਰਖਾਇਆ ਨ ੧ ਓਥੇ ਹੋਰ ਇਤਿਹਾਸਾਂ ਦਾ ਮਿਲਨਾ ਬਹੁਤ ਔਖਾ ਸੀ। (ਵਾਕ ਕਵੀ) ਕਹਿਣਾ ਠੀਕ ਪਿਆਰਿਆਂ ਸੱਜਣਾਂ ਦਾ ਇਤਿਹਾਸ ਹੈ ਮਜ਼੍ਹਬ ਦੀ ਜਾਨ ਸਮਝੋ ਜਿਸ ਕੰਮ ਦਾ ਨਹੀਂ ਇਤਿਹਾਸ ਕੋਈ ਮਿਟ ਓਸਦੇ ਜਾਣ ਨਿਸ਼ਾਨ ਸਮਝੋ ਯਾਦ ਕਰਕੇ ਪਿਛਲੀਆਂ ਯਾਦਗਾਰਾਂ ਸਬਕ ਸਿੱਖਦੇ ਸਦਾ ਅੰਞਾਨ ਸਮਝੋ ਜਿਵੇਂ ਪੂਰਨੇ ਪਿਛਲੇ ਪਏ ਹੋਏ ਤਿਵੇਂ ਅਗਲੇ ਕਦਮ ਉਠਾਨ ਸਮਝੋ ਮਾਂ ਬਾਪ ਤੇ ਭੈਣ ਭਰਾਵਾਂ ਪਾਸੋਂ ਗੱਲਾਂ ਸਿਖਦੇ ਬੱਚੇ ਨਾਦਾਨ ਸਮਝੋ ਵੱਡੇ ਕਰਦੇ ਜੋ ਛੋਟੇ ਉਹੋ ਕਰਦੇ ਚਲੀ ਆਉਂਦੀ ਚਾਲ ਜਹਾਨ ਸਮਝੋ ਖਾਸ ਕਰਕੇ ਸਿਖ ਇਤਿਹਾਸ ਅੰਦਰ ਜੋ ਭਰਿਆ ਹੈ ਸੁੱਚਾ, ਸ਼ਾਨ ਸਮਝੋ ਓਹਦੇ ਨਾਲ ਬਰਾਬਰੀ ਕਿਸੇ ਦੀ ਨਹੀਂ ਨਿਗ੍ਹਾ ਮਾਰ ਜ਼ਰਾ ਵਿੱਦਵਾਨ ਸਮਝੋ ਏਸ ਲਈ ਇਤਿਹਾਸ ਸਵਾਰ ਲਿਖਣਾ ਬਹੁਤੀ ਲੋੜ ਹੈ, ਕਰ ਪਛਾਨ ਸਮਝੋ ਸੱਚੋ ਸੱਚ ਨਾ ਝੂਠ ਰਲਾਇਆ ਜਾਵੇ ਪਾਵੇ ਜੱਗ ਅੰਦਰ ਤਾਂ ਹੀ ਮਾਨ ਸਮਝੋ ਹੈ ਲਿੱਖਣਾ ਖਰਾ ਮੁਹਾਲ ਭਾਵੇਂ ਭੁੱਲਾਂ ਕਰਦਾ ਸਦਾ ਇਨਸਾਨ ਸਮਝੋ ਖੋਜ ਕਰਨੀ, ਸਦਾ ਕਰਤਾਰ ਸਿੰਘਾ ਕਵੀ ਲੋਕਾਂ ਦੀ ਹੈ ਸਿਆਨ ਸਮਝੋ ਦਾਸ ਦੀ ਅਸ ਸ਼ਾਨਦਾਰ ਜਿਉਂ ਸਿੱਖ ਇਤਿਹਾਸ ਬਣੇ ਏਸੇ ਲਈ ਮੁੜ ਕਲਮ ਉਠਾਵੰਦਾ ਹਾਂ ਸਤ੧ ਲੜੀਆਂ ਕਰਕੇ ਵੱਖੋ ਵੱਖੀ ਹੁਣ ਦੂਸਰੀ ਵਾਰ ਬਣਾਵੰਦਾ ਹਾਂ ਬੈਂਤਾਂ ਵਿਚ ਰੱਖਾਂ ਚਾਲ ਸਾਰਿਆਂ ਦੀ ਛੰਦ ਕੋਰੜੇ ਮੂਲ ਨ ਪਾਵੰਦਾ ਹਾਂ ਅੱਗੇ ਪਿੱਛੇ ਜੋ ਲਿਖੇ ਪ੍ਰਸੰਗ ਕਈ ਠੀਕ ਦਰਜੇ ਵਾਰ ਕਰਾਵੰਦਾ ਹਾਂ ਕਈ ਥਾਈਂ ਪ੍ਰਸੰਗ ਬਹੁ ਵਧੇ ਹੋਏ ਖ਼ਾਸ ਵਿਚ ਮਿਕਦਾਰ ਲਿਆਵੰਦਾ ਹਾਂ ਹੋਈਆਂ ਗ਼ਲਤੀਆਂ ਜੋ ਇਤਿਹਾਸ ਅੰਦ੍ਰ ਚੁਣ ਚੁਣ ਕਰ ਠੀਕ ਦਿਖਾਵੰਦਾ ਹਾਂ ਲੜੀ ਪ੍ਰੇਮ ਅੰਦਰ ਮੋਤੀ ਸੁਖ਼ਨ ਸੋਹਣੇ ਥਾਂ ਥਾਂ ਪਰੋਇ ਰਖਾਵੰਦਾ ਹਾਂ ਕਦਰਦਾਨ ਪਹਿਨਣ ਕਰਤਾਰ ਸਿੰਘਾ ਜਹੀ ਬੁੱਧ ਤਹੀ ਰਚਨ ਰਚਾਵੰਦਾ ਹਾਂ ੧ ਇਹ ਇਤਿਹਾਸ ਅਗੇ ਚੌਂਹ ਲੜੀਆਂ ਵਿਚ ਸੀ, ਹੁਣ ਸੱਤਾਂ ਲੜੀਆਂ ਵਿੱਚ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਮ ਅੱਗੇ ਇਸ ਗ੍ਰੰਥ ਵਿਚ ਹੀ ਆਉਣਗੇ। (ਦਾਸ-ਕਰਤਾ) ਨਿਰਭੈ ਯੋਧਾ ਬੰਦਾ ਹੋਇਆ ਬਹਾਦਰ ਬੀਰ ਪੂਰਾ ਸ਼ਕਤੀ ਸਤਿਗੁਰਾਂ ਦੇ ਪਾਸੋਂ ਪਾ ਕੇ ਜੀ ਮਾਰੇ ਜੰਗ ਭਾਰੇ ਉਸ ਨੇ ਤੇਗ ਫੜ ਕੇ ਫ਼ਤੇ ਖੜੀ ਰਹੀ ਅੱਗੇ ਆ ਕੇ ਜੀ ਅੜਿਆ ਕੋਈ ਨ ਵਿਚ ਮੈਦਾਨ ਸੂਰਾ ਮਾਰੇ ਮੁਗਲ ਪਠਾਨ ਦਬਾ ਕੇ ਜੀ ਦਿੱਲੀ ਝੂਣ ਸਰਹਿੰਦ ਬਰਬਾਦ ਕੀਤੀ ਖ਼ਾਕ ਨਾਲ ਲਾਹੌਰ ਮਿਲਾ ਕੇ ਜੀ ਮਾਣ ਤੋੜ ਦਿੱਤੇ ਰਾਜੇ ਰਾਣਿਆਂ ਦੇ ਤੇਜ ਆਪਣਾ ਭਾਰਾ ਦਿਖਾ ਕੇ ਜੀ ਲੈ ਕੇ ਜਮਨਾਂ ਤੋਂ ਕਿਲੇ ਅਟਕ ਤੋੜੀ ਜ਼ੁਲਮ ਰੋੜ੍ਹਿਆ ਜਦੋਂ ਪੁਟਾ ਕੇ ਜੀ ਲਿਖਾਂ ਬੰਦੇ ਦਾ ਨਾਮ ਨਿਰਭੈ ਯੋਧਾ ਬੰਦਾ ਗੁਰੂ ਕਾ ਕਹਾਂ ਸੁਨਾ ਕੇ ਜੀ ਇਹੋ ਗ੍ਰੰਥ ਦਾ ਨਾਮ ਕਰਤਾਰ ਸਿੰਘਾ ਹੁਣ ਧਰਦਾ ਸੋਹਣਾ ਸਜਾ ਕੇ ਜੀ ਸ੍ਰੀ ਕਲਗੀਧਰ ਜੀ ਕਲਗੀਧਰ ਦਸਮੇਸ਼ ਮਹਾਂਬਲੀ ਸਤਿਗੁਰ ਸੱਚੇ ਪਾਤਸ਼ਾਹ ਅਖਵਾ ਕਰਕੇ ਜਨਮ ਧਾਰ ਕੇ ਪਟਨੇ ਸ਼ੈਹਰ ਅੰਦਰ ਪਲੇ ਪੁਰੀ ਆਨੰਦ ਮੇਂ ਆ ਕਰਕੇ ਲੀਲ੍ਹਾ ਵੱਧ ਅਵਤਾਰਾਂ ਤੋਂ ਕਰੀ ਗੁਰ ਜੀ ਯੱਸ ਰੂਪ ਸੂਰਜ ਚਮਕਾ ਕਰਕੇ ਬਾਣਾ ਪਹਿਨਿਆਂ ਬੀਰ ਬਹਾਦਰਾਂ ਦਾ ਸ਼ਸਤਰ ਬਸਤਰ ਖੂਬ ਸਜਾ ਕਰਕੇ ਫੌਜਾਂ ਰੱਖੀਆਂ ਸੈਰ ਸ਼ਿਕਾਰ ਕੀਤੇ ਚੜ੍ਹਦੇ ਚੋਟ ਨਗਾਰੇ ਤੇ ਲਾ ਕਰਕੇ ਬਾਦਸ਼ਾਹਾਂ ਵਾਂਗੂ ਬਹਿੰਦੇ ਤਖ਼ਤ ਉੱਤੇ ਵੱਡਾ ਸ਼ਾਨ ਜਹਾਨ ਦਿਖਾ ਕਰਕੇ ਜ਼ੁਲਮ ਟਾਕਰੇ ਤੇ ਰਚਿਆ ਪੰਥ ਤੀਜਾ ਹਿੰਦੂ ਤੁਰਕ ਦੀ ਕਾਣ ਮਿਟਾ ਕਰਕੇ ਨੀਚੋਂ ਊਚ ਕੀਤੇ ਰੰਕ ਕਰੇ ਰਾਣੇ ਰਾਜੇ ਖ਼ਾਕ ਦੇ ਵਿਚ ਮਿਲਾ ਕਰਕੇ ਜ਼ੁਲਮ ਜ਼ਾਲਮਾਂ ਦੇ ਸਣੇ ਦੂਰ ਕੀਤੇ ਮਾਰੇ ਮੁਗਲ ਪਠਾਣ ਦਬਾ ਕਰਕੇ ਹਲ ਵਾਹਾਂ ਦੇ ਸਿਰ ਸਰਦਾਰੀਆਂ ਦੇਇ ਤੇ ਖੁਵਾਰੀਆਂ ਜ਼ਾਲਮਾਂ ਪਾ ਕਰਕੇ ਬਾਦਸ਼ਾਹਾਂ ਤੋਂ ਵਧ ਕੇ ਸ਼ਾਨ ਹੈਸਨ ਬਾਈ ਧਾਰ ਕੰਬੀ ਡਰ ਖਾ ਕਰਕੇ ਖੜੀਆਂ ਬਰਕਤਾਂ ਰਹੀਆਂ ਹਮੇਸ਼ ਦਰ ਤੇ ਵਿੱਚ ਆਗਿਆ ਸੀਸ ਝੁਕਾ ਕਰਕੇ ਰੱਖੇ ਨਾਮ ਤੇ ਅੰਨ ਦੇ ਲਾ ਲੰਗਰ ਨਾਲ ਭਗਤ ਭੰਡਾਰ ਖੁਲ੍ਹਾ ਕਰਕੇ ਵੈਰੀ, ਮਿੱਤ ਇਕਸੇ ਨਜ਼ਰ ਕਰ ਡਿੱਠੇ ਦਿਲੋਂ ਰਾਗ ਦ੍ਵੈਖ ਗੁਵਾ ਕਰਕੇ ਦੀਨਾਂ ਦੁਖੀਆਂ ਤੇ ਕੇਵਲ ਦੇਸ਼ ਖ਼ਾਤਰ ਖੰਡਾ ਫੇਰਿਆ, ਤੇਜ਼ ਵਧਾ ਕਰਕੇ ਵੱਡੇ ਵੱਡੇ ਗਏ ਸੂਰਮੇ ਕਰ ਤੋਬਾ ਉੱਤੇ ਕੰਨਾਂ ਦੇ ਹਥ ਲਗਾ ਕਰਕੇ ਕੀਤੀ ਰੱਖ੍ਯਾ ਦੀਨ ਦੁਖਿਆਰਿਆਂ ਦੀ ਜਾਬਰ ਹਾਕਮਾਂ ਜ਼ੋਰ ਤੁੜਾ ਕਰਕੇ ਧਨ ਮਾਲ ਤੇ ਵਾਰ ਸਰਬੰਸ ਸਾਰਾ ਆਜ਼ਾਦੀ ਲਈ ਜੰਗ ਮਚਾ ਕਰਕੇ ਛੱਡ ਗਏ ਆਖੀਰ ਆਨੰਦ ਪੁਰ ਨੂੰ ਝੰਡਾ ਯੱਸ ਦਾ ਜੱਗ ਝੁਲਾ ਕਰਕੇ ਦੱਖਣ ਚਲੇ ਗਏ. ਕਰਤਾਰ ਸਿੰਘਾ ਬੇੜਾ ਜ਼ੁਲਮ ਦਾ ਸ਼ੌਹ ਡੁਬਾ ਕਰਕੇ ਕਲਗੀਧਰ੧ ਜੀ ਦੇ ਨਦੇੜ ਵਿਚ ਦਰਸ਼ਨ ਦਸਵਾਂ ਪਾਤਸ਼ਾਹ ਛੱਡ ਪੰਜਾਬ ਤਾਈਂ ਦੱਖਣ ਦੇਸਦੇ ਵੱਲ ਸਿਧਾਰਿਆ ਜੀ ਉਹ ਵੀ ਥਾਂ ਪੁਰਾਤਨ੨ ਆਪਣਾ ਸੀ ਬੜੇ ਚਿਰ ਪਿਛੋਂ ਜਾ ਸੰਭਾਰਿਆ ਜੀ ਦੱਖਣ ਹੈਦਰਾਬਾਦ ਦੇ ਰਾਜ ਅੰਦਰ ਹੈ ਸ਼ਹਿਰ ਨਦੇੜ ਵਿਚਾਰਿਆ ਜੀ ਥੋੜ੍ਹੀ ਦੂਰ ਗੋਦਾਵਰੀ ਨਦੀ ਕੰਢੇ ਡੇਰਾ ਸਤਿਗੁਰਾਂ ਜਾਇ ਕੇ ਡਾਰਿਆ ਜੀ ਜਨਮ ਪਿਛਲੇ ਓਸ ਥਾਂ ਤਪ ਕੀਤਾ ਸੱਚੇ ਸਤਿਗੁਰਾਂ ਆਪ ਉਚਾਰਿਆ ਜੀ ਓਸੇ ਥਾਂ ਨੂੰ ਮੁੜ ਜਾ ਭਾਗ ਲਾਏ ਖ਼ਾਲਸਈ ਨਿਸ਼ਾਨ ਝੁਲਾਰਿਆ ਜੀ ਓਸੇ ਥਾਂ ਦਾ ਨਾਮ ਹਜ਼ੂਰ ਸਾਹਿਬ ਯੱਸ ਜਿਸ ਦਾ ਜੱਗ ਪਸਾਰਿਆ ਜੀ ਜਿਵੇਂ ਮੋਮਨਾਂ ਨੂੰ ਹੱਜ ਮੱਕੇ ਦਾ ਹੈ ਸਿਖਾਂ ਲਈ ਉਹ ਥਾਨ ਚਿਤਾਰਿਆ ਜੀ ਸਤਾਰਾਂ ਸੌ ਦਾ ਸੰਮਤ ਚੌਠਵਾਂ੩ ਸੀ, ਗੁਰਾਂ ਜਾ ਉਸ ਦੇਸ ਨੂੰ ਤਾਰਿਆ ਜੀ ਲੱਗੇ ਥਾਂ ਨੂੰ ਭਾਗ ਕਰਤਾਰ ਸਿੰਘਾ ਵਿਚ ਜੰਗਲਾਂ ਦੇ ਮੰਗਲ ਸਾਰਿਆ ਜੀ ੧ ਸ੍ਰੀ ਦਸਮੇਸ਼ ਜੀ ਦੇ ਸਾਰੇ ਪ੍ਰਸੰਗ ਪੜ੍ਹਨ ਵਾਸਤੇ ਦੇਖੋ ਦਾਸ ਦਾ ਬਨਾਯਾ ਹੋਯਾ ਨਵੀਂ ਰਚਨਾ, ਦੁਸ਼ਟ ਦਮਨ ਪ੍ਰਕਾਸ਼ । ੨ ਜਦੋਂ ਗੁਰ ਜੀ ਦੁਸ਼ਟ ਦਮਨ ਸਰੂਪ ਵਿੱਚ ਸਨ ਤਦੋਂ ਏਸ ਥਾਂ ਆਪਣਾ ਤਪ ਕਰਨਾ ਮੰਗਲ ਪ੍ਰਕਾਸ਼ ਆਦਿ ਗ੍ਰੰਥਾਂ ਵਿਚ ਗੁਰੂ ਜੀ ਨੇ ਦੱਸ੍ਯਾ ਹੈ ਅਤੇ ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ। ੩ ਅੰਸੂ ਅਰਥਾਤ ਸਤੰਬਰ ੧੭੦੭ ਈ। ਸੈਰ ਸ਼ਿਕਾਰ ਗੁਰੂ ਬੇ ਪ੍ਰਵਾਹ ਤੇ ਮਹਾਂ ਬਲੀ ਮਾਲ ਧਨ ਸਰਬੰਸ ਗੁਵਾ ਕਰਕੇ ਵੇਖੋ ਵਿੱਚ ਪ੍ਰਦੇਸ ਦੇ ਜਾ ਬੈਠਾ ਕਈ ਰੰਗ ਤੇ ਢੰਗ ਦਿਖਾ ਕਰਕੇ ਕਿਸੇ ਗੱਲ ਦੀ ਚਿੰਤ ਨ ਚਿੱਤ ਅੰਦਰ ਰਹਿੰਦੇ ਖੁਸ਼ੀ ਤਿਆਗ ਜਤਾ ਕਰਕੇ ਓਸੇ ਤਰ੍ਹਾਂ ਹੀ ਸਾਜ ਸਮਾਨ ਸਾਰੇ ਬਣ ਗਏ ਦਿਨਾਂ ਵਿਚ ਆ ਕਰਕੇ ਬਾਦਸ਼ਾਹ੧ ਲੱਗਾ ਰਹੇ ਸਦਾ ਚਰਨੀਂ ਕਰੇ ਖਿਦਮਤਾਂ ਸੀਸ ਝੁਕਾ ਕਰਕੇ ਰਹਿਣ ਵਰਤਦੇ ਲੰਗਰ ਓਸੇ ਤਰਾਂ ਪੇਟ ਭਰਨ ਗਰੀਬੜੇ ਖਾ ਕਰਕੇ ਗੁਰੂ ਘਰ ਮਰਯਾਦ ਚਲਾਈ ਓਥੇ ਦੋਨੋਂ ਵਕਤ ਦੀਵਾਨ ਲਗਾ ਕਰਕੇ ਵਿੱਚ ਬੈਠਦੇ ਪਹਿਨਦੇ ਸ਼ਸਤਰਾਂ ਨੂੰ ਸਿੱਖਾਂ ਤਾਰਦੇ ਬਚਨ ਸੁਣਾ ਕਰਕੇ ਪਹਿਰ ਪਿਛਲੇ ਨਿਤ ਸ਼ਿਕਾਰ ਜਾਂਦੇ ਉਚੀ ਧੁਨ ਨਗਾਰਾ ਵਜਾ ਕਰਕੇ ਹੀਰਾ੨ ਘਾਟ ਨਗੀਨਾ ਘਾਟ ਥਾਣੀਂ ਪਾਰ ਜਾਵੰਦੇ ਫ਼ੌਜ ਸਜਾ ਕਰਕੇ ਦੂਰ ਦੂਰ ਤੋੜੀ ਫਿਰਦੇ ਵਿੱਚ ਜੰਗਲ ਜੀਵ ਮਾਰਦੇ ਦੌੜ ਦੁੜਾ ਕਰਕੇ ਲੀਲਾ ਕਰਨ ਬੇਅੰਤ ਕਰਤਾਰ ਸਿੰਘਾ ਕਵੀ ਕਿਸ ਤਰਾਂ ਕਹੇ ਸੁਣਾ ਕਰਕੇ ੧ ਬਹਾਦਰ ਸ਼ਾਹ ਦਿੱਲੀ ਦਾ ਬਾਦਸ਼ਾਹ । ੨ ਇਹਨਾਂ ਘਾਟਾਂ ਦੇ ਪ੍ਰਸੰਗ ਦੇਖਨ ਵਾਸਤੇ ਪੜ੍ਹੋ ਦੁਸ਼ਮਨ ਪਕਾਸ਼ । ਬੰਦੇ ਬਹਾਦਰ ਦਾ ਪਹਿਲਾ ਸਮਾਂ ਲਛਮਣ ਦੇਵ ਦਾ ਜਨਮ ਤੇ ਪਹਿਲੀ ਅਵਸਥਾ ਪੁਨਛ ਦੇਸ ਪਹਾੜ ਦਾ ਹੈ ਹਿਸਾ ਜਨਮ ਓਸ ਥਾਂ ਏਸ ਨੇ ਪਾਇਆ ਸੀ ਰਾਮ ਦੇਵ ਦੇ ਘਰ ਰਾਜੌਰੀ੧ ਅੰਦਰ ਹੈਸੀ ਮਾਤ ਸੁਲਖਣੀ ਜਾਇਆ ਸੀ ਸਤਾਰਾਂ ਸੌ ਸਤਾਈਆ ਸਾਲ ਬਿੱਕ੍ਰਮ ਤੇਰਾਂ ਕੱਤਕੋਂ ਗਿਣ ਸੁਣਾਇਆ ਸੀ ਕਿਸੇ ਚੰਗੀ ਘੜੀ ਹੈਸੀ ਜਨਮ ਲਿਆ ਕਰਮਾਂ ਭਾਰਿਆਂ ਦਾ ਸਿਰਤੇ ਸਾਇਆ ਸੀ ਲਛਮਨ ਦੇਵ ਜੀ ਮਾਪਿਆਂ ਨਾਮ ਧਰਿਆ ਚੰਗਾ ਪਾਲਿਆ ਲਾਡ ਲਡਾਇਆ ਸੀ ਹੋਣਹਾਰ ਬੱਚਾ ਹੋਣਹਾਰ ਹੋਇਆ ਸਮਾਂ ਠੀਕ ਜਵਾਨੀ ਦਾ ਆਇਆ ਸੀ ਪਿਆ ਸ਼ੌਕ ਸ਼ਿਕਾਰ ਦੇ ਖੇਡਣੇ ਦਾ ਸ਼ਸਤਰ ਬਾਜ਼ੀ ਨੂੰ ਖੂਬ ਕਮਾਇਆ ਸੀ ਇੱਕ ਦਿਨ ਜਾ ਹਰਨ ਨੂੰ ਮਾਰਿਓਸੂ ਭਾਣਾ ਆਣ ਕਰਤਾਰ ਵਰਤਾਇਆ ਸੀ ਡਿੱਗਾ ਹਰਨ ਜਿਥੇ ਓਥੇ ਦੌੜ ਪਹੁੰਚਾ ਕਰਮਗਤੀ ਨੇ ਖੇਲ ਰਚਾਇਆ ਸੀ ਨਰ ਹਰਨ ਨਹੀਂ ਸੀ ਹਰਨੀ ਪਈ ਮੋਈ ਉਹਨੂੰ ਸ਼ੌਕ ਦੇ ਨਾਲ ਉਠਾਇਆ ਸੀ ਬੱਚੇ ਦੋ ਨਿਕਲੇ ਓਹਦੇ ਪੇਟ ਵਿਚੋਂ ਵੇਖ ਓਹਨਾਂ ਤਾਈਂ ਵਿਸਮਾਇਆ ਸੀ ਤੜਫ ਤੜਫ ਕੇ ਸਾਮਣੇ ਦੋਇ ਮਰ ਗਏ ਹਾਲ ਦੇਖ ਬੜਾ ਪਛੁਤਾਇਆ ਸੀ ਲੱਗੀ ਦਿਲ ਨੂੰ ਸੱਟ ਤੇ ਗੁਮਰ ਟੁੱਟਾ ਖੌਫ ਚਿੱਤ ਦੇ ਤਾਈਂ ਦਬਾਇਆ ਸੀ ਨਾਸਵੰਤ ਦੁਨੀਆਂ ਨਜ਼ਰ ਆਉਣ ਲੱਗੀ ਚਿਤ ਵਿੱਚ ਵੈਰਾਗ ਦੇ ਲਾਇਆ ਸੀ ਘਰ ਛੱਡ ਕੇ ਹੋ ਫਕੀਰ ਟੁਰਿਆ ਮੂੰਹ ਤੀਰਥਾਂ ਵੱਲ ਰਖਾਇਆ ਸੀ ਮਿਲ ਜਾਨਕੀ ਦਾਸ ਬੈਰਾਗੀ ਤਾਈਂ ਬੈਰਾਗ ਦਾ ਸ੍ਵਾਂਗ੨ ਬਨਾਇਆ ਸੀ ਰਾਵੀ ਲੰਘ ਪੰਜਾਬ ਦੇ ਵਿਚ ਵੜਿਆ, ਡੇਰੇ ਥੱਮ੍ਹਣ ਦੇ ਵੱਲ ਧਾਇਆ ਸੀ ਹਰੀ ਦਾਸ ਤੋਂ ਸਿੱਕ੍ਯਾ ਲੈ ਕਰ ਕੇ ਚੇੱਲਾ ਓਸ ਦਾ ਫੇਰ ਅਖਵਾਇਆ ਸੀ ਲਛਮਣ ਬਾੱਲਾ ਤੇ ਦਾਸ ਨਰਾਇਨ ਓਥੇ ਦੋ ਨਾਮੁ ਹੋਇ ਜਤਲਾਇਆ ਸੀ ਫੇਰ ਹਿੰਦੁਸਤਾਨ ਨੂੰ ਟੁਰ ਪਿਆ ਸਿੱਧ ਲੌਣੀਆ ਮੇਲ ਮਿਲਾਇਆ ਸੀ ਸੇਵਾ ਓਸ ਦੀ ਮਨ ਲਾ ਕਰਨ ਲੱਗਾ ਦਯਾ ਕਰ ਕੇ ਸਿਧ ਬਣਾਇਆ ਸੀ ਦਿੱਤੀ ਵਿੱਦ੍ਯਾ ਓਸ ਨੇ ਹੋਰ ਬਹੁਤੀ ਭੇਦ ਯੋਗ ਦਾ ਸਭ ਬਤਾਇਆ ਸੀ ਛੱਤੀ ਸਾਲ ਦੀ ਉਮਰ ਬਤੀਤ ਹੋਈ ਜੋਗੀ ਰਾਜ ਵੱਡਾ ਅਖਵਾਇਆ ਸੀ ਹੋ ਗਿਆ ਮਸ਼ਹੂਰ ਕਰਤਾਰ ਸਿੰਘਾ ਪਿਆ ਦੇਸ ਸਾਰੇ ਉੱਤੇ ਸਾਇਆ ਸੀ ੧ ਰਾਜੌਰੀ ਇਕ ਪਿੰਡਦਾ ਨਾਮ ਹੈ। ੨ ਜਾਨਕੀ ਦਾਸ ਨੇ ਏਸਦਾ ਨਾਮ ਮਾਧੋ ਦਾਸ ਰਖ੍ਯਾ ਹੈ। ਮਾਧੋ ਦਾਸ ਦਾ ਡੇਰਾ ਫਿਰਦਾ ਤੀਰਥੀਂ ਦਰਸ ਦੀਦਾਰ ਕਰਦਾ ਦਿਲ ਬੜਾ ਹੰਕਾਰ ਸਮਾਵੰਦਾ ਜੀ ਕਰਾਮਾਤ ਦਾ ਰੱਖੇ ਗੁਮਾਨ ਭਾਰਾ ਦਾਬਾ ਸਾਧਾਂ ਫਕੀਰਾਂ ਤੇ ਪਾਵੰਦਾ ਜੀ ਕਰਦਾ ਕਿਸੇ ਦੀ ਮੂਲ ਪ੍ਰਵਾਹ ਨਾਸੀ ਅੱਖ ਤਲੇ ਨ ਕਿਸੇ ਨੂੰ ਲਿਆਵੰਦਾ ਜੀ ਬਲ ਯੋਗ ਦੇ ਕੰਮ ਅਚਰਜ ਕਈ ਭਰਿਆਂ ਮੇਲਿਆਂ ਵਿਚ ਦਿਖਾਵੰਦਾ ਜੀ ਏਸੇ ਤਰ੍ਹਾਂ ਫਿਰਦਾ ਆ ਗੋਦਾਵਰੀ ਤੇ ਡੇਰਾ ਵਿਚ ਉਜਾੜ ਦੇ ਲਾਵੰਦਾ ਜੀ ਸ਼ਾਨਦਾਰ ਮਕਾਨ ਕਰਤਾਰ ਸਿੰਘਾ ਓਥੇ ਰਹਿਣ ਦੇ ਲਈ ਬਨਾਵੰਦਾ ਜੀ ਤਥਾ ਸਾਧ ਪਾਸ ਕਹਿੰਦੇ ਰਿੱਧਾਂ ਸਿੱਧਾਂ ਹੈਸਨ ਲਿਆ ਓਸ ਥਾਂ ਸ਼ਾਨ ਬਨਾਇ ਚੰਗਾ ਬਾਰਾਂਦਰੀ੧ ਤੇ ਬਾਗ ਬਨਾਇ ਲਿਆ ਸਮਾਂ ਮੌਜ ਦੇ ਨਾਲ ਲੰਘਾਇ ਚੰਗਾ ਚੇਲੇ ਚਾਟੜੇ ਆਣ ਅਨੇਕ ਬਣ ਗਏ ਚੰਗਾ ਖਾਇ ਤੇ ਪੀਏ ਹੰਢਾਇ ਚੰਗਾ ਮੱਤ ਵੈਸ਼ਨੋ ਸੀ ਇਖਤ੍ਯਾਰ ਕੀਤਾ ਪੂਜਾ ਪਾਠ ਭੀ ਕਰੇ ਕਰਾਇ ਚੰਗਾ ਇਰਦ ਗਿਰਦ ਦੇ ਲੋਕ ਮੁਰੀਦ ਬਣੇ ਦੇਸ ਅਦਬ ਅਦਾਬ ਵਜਾਇ ਚੰਗਾ ਬਾਦਸ਼ਾਹਾਂ ਦੇ ਵਾਂਗ ਕਰਤਾਰ ਸਿੰਘਾ ਬੇਫ਼ਿਕਰ ਹੋ ਸਮਾਂ ਟਪਾਇ ਚੰਗਾ ੧ ਪਤਾ ਲਗਦਾ ਹੈ ਕਿ ਬੰਦੇ ਦੇ ਡੇਰੇ ਦੇ ਨਿਸ਼ਾਨ ਮੁਸਲਮਾਨਾਂ ਨੇ ਈਰਖਾ ਕਰਕੇ ਬਰਬਾਦ ਕਰ ਦਿਤੇ ਸਨ, ਏਸ ਵੇਲੇ ਮਾਮੂਲੀ ਅਸਥਾਨ ਹੈ । ਦਸਵੇਂ ਪਾਤਸ਼ਾਹ ਜੀ ਨੇ ਮਾਧੋ ਦਾਸ ਦੇ ਡੇਰੇ ਜਾਣਾ ਇਕ ਦਿਨ ਸ਼ਿਕਾਰ ਦੀ ਮੌਜ ਅੰਦਰ ਡੇਰੇ ਸਾਧ ਦੇ ਨੂੰ ਗੁਰੂ ਜਾਵੰਦੇ ਨੇ ਸਿੰਘ ਸੂਰਮੇ ਨਾਲ ਲੈ ਵੀਹ ਪੰਝੀ ਚਰਨ ਬਾਗ ਓਹਦੇ ਵਿਚ ਪਾਵੰਦੇ ਨੇ ਹੈਸੀ ਬਾਗ ਦੀ ਅਜਬ ਬਹਾਰ ਬਣੀ ਵੇਲ ਬੂਟੇ ਚੁਫੇਰੇ ਸੁਹਾਵੰਦੇ ਨੇ ਉੱਤੇ ਟਾਹਣੀਆਂ ਬੋਲ ਜਨੌਰ ਰਹੇ ਸਮਾਂ ਅਚਰਜ ਖੂਬ ਮਨਾਵੰਦੇ ਨੇ ਗੁਰੂ ਜਾ ਬੈਠੇ ਅੰਦਰ ਪਲੰਘ ਉੱਤੇ ਥਾਂ ਥਾਂ ਡੇਰੇ ਸਿੰਘ ਲਾਵੰਦੇ ਨੇ ਫਿਰਦੇ ਬਾਗ ਦੇ ਵਿਚ ਨਿਧੜਕ ਹੋਕੇ ਤੋੜ ਤੋੜ ਮਿੱਠੇ ਫਲ ਖਾਵੰਦੇ ਨੇ ਜਿਹੜਾ ਮਾਰਕੇ ਨਾਲ ਸ਼ਿਕਾਰ੧ ਲਿਆਏ ਅੱਗ ਬਾਲਕੇ ਭੁੰਨ ਭੁਨਾਵੰਦੇ ਨੇ ਘੋੜੇ ਛੱਡ ਦਿੱਤੇ ਚੁਗਣ ਬਾਗ ਅੰਦਰ ਚੇਲੇ ਸਾਧ ਦੇ ਵੇਖ ਘਬਰਾਵੰਦੇ ਨੇ ਸਾਧ ਡੇਰਿਓਂ ਬਾਹਰ ਸੀ ਗਿਆ ਹੋਇਆ ਦੌੜ ਉਸਨੂੰ ਖ਼ਬਰ ਪੁਚਾਵੰਦੇ ਨੇ ਕੋਈ ਗੱਦੀ ਤੇਰੀ ਉਤੇ ਆਣ ਬੈਠਾ ਸਾਥੀ ਓਸਦੇ ਧੂੜ ਧੁਮਾਵੰਦੇ ਨੇ ਤੇਰਾ ਵੈਸ਼ਨੋ ਮੱਤ ਦਾ, ਓਹ ਓਥੇ ਮਾਸ ਬਾਹਰ ਤੇ ਅੰਦਰ ਖਿੰਡਾਵੰਦੇ ਨੇ ਕੀਤਾ ਖ਼ੌਫ਼ ਨ ਤੇਰਾ ਕਰਤਾਰ ਸਿੰਘਾ ਨਿਗ੍ਹਾ ਬੜੇ ਨਿਧੜਕ ਉਹ ਆਵੰਦੇ ਨੇ ੧ ਸੂ: ਪ੍ਰ: ਵਿਚ ਸਾਧ ਦੇ ਡੇਰੇ ਦੇ ਬੱਕਰੇ ਝਟਕਾ ਲਏ ਲਿਖੇ ਹਨ। ਮਾਧੋ ਦਾਸ ਨੇ ਹੈਰਾਨ ਹੋਕੇ ਆਉਣਾ ਓਹਨੂੰ ਮਾਨ ਗੁਮਾਨ ਸੀ ਸ਼ਕਤੀਆਂ ਦਾ ਰਿਦੇ ਵਿਚ ਹੰਕਾਰ ਸਮਾਇ ਰਿਹਾ ਭੈ ਖਾਵੰਦੇ ਓਸ ਤੋਂ ਲੋਕ ਹੈਸਨ ਧਮ੍ਹਾਂ ਸਾਧ ਦਾ ਸੀ ਵੱਡਾ ਛਾਇ ਰਿਹਾ ਆਯਾ ਨਾਲ ਕ੍ਰੋਧ੧ ਦੇ ਵੱਲ ਡੇਰੇ ਵੇਖਾਂ ਕੌਣ ਆ ਰੋਅਬ ਜਤਾਇ ਰਿਹਾ ਤਾਕਤ ਮੇਰੀ ਦਾ ਜਿਸਨੂੰ ਭੈ ਨਾਹੀਂ ਡੇਰੇ ਵਿੱਚ ਅਧਮੂਲ ਮਚਾਇ ਰਿਹਾ ਆਕੇ ਵੇਖਿਆ ਸਿੰਘਾਂ ਦੇ ਚਿਹਰਿਆਂ ਨੂੰ ਹਿਰਦਾ ਧੜਕਿਆ ਤੇ ਘਬਰਾਇ ਰਿਹਾ ਜਪੀ ਤਪੀ ਦਿਸਦੇ ਸਾਰੇ ਚਿਹਰਿਆਂ ਤੋਂ ਮੱਥੇ ਸਭ ਦੇ ਨੂਰ ਚਮਕਾਇ ਰਿਹਾ ਵੇਖ ਸਿੰਘਾਂ ਦੇ ਤੇਜ ਨੂੰ ਠਰ ਗਿਆ ਮਾਧੋ ਆਪਣਾ ਮਾਣ ਗਵਾਇ ਰਿਹਾ ਇਹੋ ਜਹੇ ਪੰਜਾਬ ਦੇ ਵਿਚ ਡਿੱਠੇ ਜ਼ੁਲਮ ਜਿਨ੍ਹਾਂ ਪਾਸੋਂ ਭੈ ਖਾਇ ਰਿਹਾ ਜੰਤ੍ਰ ਮੰਤ੍ਰ ਸਭ ਆਪਣੇ ਕਰ ਥੱਕਾ ਬੀਰਾਂ ਬਾਰਾਂ ਤੋਂ ਭੈ ਦਿਵਾਇ ਰਿਹਾ ਬਾਣੀ ਪੜ੍ਹਦੇ ਸਿੰਘ ਅਡੋਲ ਰਹੇ ਸਾਧ ਵੇਖ ਕੇ ਰਿਦਾ ਕੰਬਾਇ ਰਿਹਾ ਬਾਰਾਂਦਰੀ ਦੇ ਸਾਮ੍ਹਣੇ ਗਿਆ ਜਦੋਂ ਹੋ ਹੈਰਾਨ ਡਾਢਾ ਬਿਸਮਾਇ ਰਿਹਾ ਅੰਦਰ ਬਾਹਰ ਭਾਰਾ ਪ੍ਰਕਾਸ਼ ਹੋਇਆ ਸਾਰੇ ਨੂਰੋ ਹੀ ਨੂਰ ਸਮਾਇ ਰਿਹਾ ਬੈਠੀ ਜੋਤ ਨਿਰੰਜਨੀ ਪਲੰਘ ਉਤੇ ਤੇਜਵੰਤ ਸਰੂਪ ਸੁਹਾਇ ਰਿਹਾ ਜਿਗਾ, ਤੋੜੇ, ਕਲਗੀ, ਹੱਥਯਾਰ ਸਜੇ ਮਹਾਂ ਵਿਸ਼ਨੂੰ ਰੂਪ ਦਿਖਾਇ ਰਿਹਾ ਵੇਖ ਸ਼ੇਰ ਸਰੂਪ ਨੂੰ ਸਾਧ ਗਿੱਦੜ ਢਿੱਲਾ ਪੈ ਕੇ ਥਰ ਥਰਾਇ ਰਿਹਾ ਅੱਗੇ ਲੋਕਾਂ ਨੂੰ ਰੋਜ਼ ਡਰਾਵੰਦਾ ਸੀ ਅੱਜ ਅਪਣਾ ਦਿਲ ਕੰਬਾਇ ਰਿਹਾ ਸੂਰਜ ਅੱਗੇ ਟਟ੍ਹੈਣਾ ਪੈ ਗਿਆ ਫਿੱਕਾ ਜੀਭ ਬੁੱਲਾਂ ਉਤੇ ਫਿਰਾਇ ਰਿਹਾ ਇਹ ਮਾਨੁੱਖ ਯਾਂ ਦੇਵਤਾ ਹੈ ਇੰਦ੍ਰ, ਰਾਮ, ਕ੍ਰਿਸ਼ਨ ਹੈ ਰੂਪ ਵਟਾਇ ਰਿਹਾ ਮੈਨੂੰ ਕਦੇ ਨ ਕਿਸੇ ਤੋਂ ਭੈ ਆਇਆ ਅੱਜ ਦਿਲ ਮੇਰਾ ਡਰ ਖਾਇ ਰਿਹਾ ਇਹ ਕੌਣ ਹੈ ਏਡੇ ਪ੍ਰਤਾਪ ਵਾਲਾ ਸਾਧ ਕਈ ਦਲੀਲਾਂ ਦੁੜਾਇ ਰਿਹਾ ਚਰਨ ਫੜਾਂ ਯਾਂ ਹੋਰ ਅਜ਼ਮਾਇ ਲਵਾਂ ਕਈ ਗੀਟੀਆਂ ਗਿਣਗਿਣਾਇ ਰਿਹਾ ਮੇਰੀ ਭਗਤ ਕਬੂਲ ਕਰਤਾਰ ਸਿੰਘਾ “ਪੈ ਗਈ ਹੋਵੇ” ਹਰਖਾਇ ਰਿਹਾ ੧ ਪੰਥ ਪ੍ਕਾਸ਼ ਵਿਚ ਲਿਖਯਾ ਹੈ ਕਿ ਪਹਿਲਾਂ ਬਹੁਤ ਬੀਰ ਬਾਰ ਭੇਜੇ ਅਤੇ ਮੰਤ੍ਰ ਜੰਤ੍ਰ ਕੀਤੇ ਪਰ ਸਤਿਗੁਰਾਂ ਤੇ ਕੋਈ ਜ਼ੋਰ ਨਾ ਪਾ ਸਕਿਆ।ਦੇਖੋ ਸੂ:ਪ੍ਰ: ਤੇ ਪੰਥ ਪ੍ਰਕਾਸ਼ ਭਾਈ ਗ੍ਯਾਨ ਸਿੰਘ ਜੀ। ਮਾਧੋ ਦਾਸ ਨੇ ਅਜ਼ਮਾਇਸ਼ ਕਰਨੀ ਸਾਧ ਆਪਣਾ ਲੱਗਾ ਦਬਾ ਪਾਵਨ ਯੋਗ ਸ਼ਕਤੀਆਂ ਕਈ ਦਿਖਾਵੰਦਾ ਜੀ ਮੰਤ੍ਰ ਕਈ ਪੜ੍ਹੇ ਵੱਸ ਕਰਨ ਖ਼ਾਤਰ ਬੀਰ ਜੋਗਣੀਆਂ ਬੁਲਵਾਵੰਦਾ ਜੀ ਮੋਹਿਨ, ਤਾਪਨ ਤੇ ਵਸੀ ਕਰਨ ਵਾਲੇ ਕਈ ਮੰਤ੍ਰ ਪੜ੍ਹ ਚਲਾਵੰਦਾ ਜੀ ਗਈ ਪੇਸ਼ ਨ ਸਤਿਗੁਰਾਂ ਪੂਰਿਆਂ ਤੇ ਮਾਧੋ ਦਾਸ ਦਿਲੋਂ ਘਬਰਾਵੰਦਾ ਜੀ ਅੰਤ ਆਤਮਾ ਤਾਈਂ ਅਡੋਲ ਕਰਕੇ ਨਿਗ੍ਹਾ ਆਪਣੀ ਤਈਂ ਟਿਕਾਵੰਦਾ ਜੀ ਸਤਿਗੁਰਾਂ ਨੂੰ ਚਾਹੇ ਬੇਹੋਸ਼ ਕਰਨਾ ਆਕਰਖਨ੧ ਸ਼ਕਤ ਵਧਾਵੰਦਾ ਜੀ ਮਾਲਕ ਸ਼ਕਤੀਆਂ ਤੇ ਚੱਲੇ ਸ਼ਕਤ ਕੇੜ੍ਹੀ ਜ਼ੋਰ ਲਾਇ ਲਿਆ ਸ਼੍ਰਮਾਵੰਦਾ ਜੀ ਗੁਰਾਂ ਨਜ਼ਰ ਦੇ ਨਾਲ ਜਾਂ ਨਜ਼ਰ ਮੇਲੀ ਜਿਸਮ ਸਾਧ ਦਾ ਥਰ ਬਰਾਵੰਦਾ ਜੀ ਮਿਕਨਾਤੀਸ ਵਾਂਗੂੰ ਲਿਆ ਖਿੱਚ ਉਸਨੂੰ ਮਿੱਟੀ ਹੋ ਗਿਆ ਹੋਸ਼ ਗੁਵਾਵੰਦਾ ਜੀ ਰਹੀ ਸ਼ੁੱਧ ਨ ਕੁਝ ਕਰਤਾਰ ਸਿੰਘਾ ਮੁਰਦਾ ਹੋਇਕੇ ਪੈਰ ਫੈਲਾਵੰਦਾ ਜੀ ੧ ਇਸ ਨੂੰ ਮੈਸਮਰੇਜ਼ਮ ਵਾਲੇ ਲੋਕ ਜਾਣਦੇ ਹਨ । ਸ੍ਰੀ ਸਤਿਗੁਰੂ ਜੀ ਨੇ ਸਾਧ ਨੂੰ ਹੋਸ਼ ਵਿਚ ਲਿਆਉਣਾ ਡਿੱਗਾ ਸਾਧ ਜਾਂ ਦੀਨਦਿਆਲ ਉਠੇ ਆਖ ਸਿੰਘਾਂ ਨੂੰ ਤੁਰਤ ਉਠਵਾਇ ਲਿਆ ਅੰਦਰ ਮੰਜੇ ਤੇ ਜਾ ਲਿਟਾ ਦਿੱਤਾ ‘ਝੱਸੋ ਤਲੀਆਂ' ਹੁਕਮ ਸੁਣਾਇ ਲਿਆ ਕਿੰਨੇ ਚਿਰ ਪਿੱਛੋਂ ਆਈ ਹੋਸ਼ ਜਦੋਂ ਬਾਹੋਂ ਫੜ ਕੇ ਗੁਰਾਂ ਬੈਠਾਇ ਲਿਆ ਕਹਿੰਦੇ ਸੰਤ ਜੀ ਸ਼ਕਤ ਦਿਖਾਉ ਕੋਈ ਕਿਉਂ ਚਿਹਰੇ ਦਾ ਰੰਗ ਉਡਾਇ ਲਿਆ ਅਸੀਂ ਸੁਣ ਦੂਰੋਂ ਆਇ ਦੇਖਣੇ ਨੂੰ ਤੁਸਾਂ ਯੋਗ ਹੈ ਬੜਾ ਕਮਾਇ ਲਿਆ ਬੀਰ ਜੋਗਣੀਆਂ ਤਾਬੇ ਤੁਸਾਂ ਦੀ ਨੇ ਰਿੱਧਾਂ ਸਿੱਧਾਂ ਦੇ ਤਈਂ ਹੈ ਪਾਇ ਲਿਆ ਹੈ ਸੁਪਨਾਂ ਯਾਂ ਮੈਂ ਜਾਗਦਾ ਹਾਂ ਮਾਧੋਦਾਸ ਠਾਢਾ ਘਬਰਾਇ ਰਿਹਾ ਆਈ ਹੋਸ਼ ਫਿਰ ਜਦੋਂ ਕਰਤਾਰ ਸਿੰਘਾ ਗਿਆ ਮਾਣ ਤੇ ਬੜਾ ਸ਼ਰਮਾਇ ਰਿਹਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ