Nazeer Ahmed Lone ਨਜ਼ੀਰ ਅਹਿਮਦ ਲੋਨ
ਨਾਂ-ਨਜ਼ੀਰ ਅਹਿਮਦ ਲੋਨ, ਕਲਮੀ ਨਾਂ-ਨਜ਼ੀਰ ਅਹਿਮਦ ਲੋਨ,
ਜਨਮ ਵਰ੍ਹਾ-1955,
ਜਨਮ ਸਥਾਨ-ਚੱਕ ਨੰਬਰ 46, ਫ਼ੀਰੋਜ਼ ਵਾਲਾ, ਜ਼ਿਲਾ ਸ਼ੇਖ਼ੂਪੁਰਾ, ਪੱਛਮੀ ਪੰਜਾਬ
ਵਿਦਿਆ-ਬੀ. ਏ, ਕਿੱਤਾ-ਸਰਕਾਰੀ ਨੌਕਰੀ,
ਛਪੀਆਂ ਕਿਤਾਬਾਂ-ਪਲਕਾਂ ਉੱਤੇ ਦੀਵੇ,
ਪਤਾ-ਹਾਫ਼ਿਜ਼ਾਬਾਦ, ਪੰਜਾਬ ।
ਪੰਜਾਬੀ ਗ਼ਜ਼ਲਾਂ (ਪਲਕਾਂ ਉੱਤੇ ਦੀਵੇ 2009 ਵਿੱਚੋਂ) : ਨਜ਼ੀਰ ਅਹਿਮਦ ਲੋਨ
Punjabi Ghazlan (Palkaan Utte Deeve 2009) : Nazeer Ahmed Lone
ਬਾਹਰੋਂ ਜਿਹੜਾ ਸਜਦਾ ਰਹਿੰਦੈ
ਬਾਹਰੋਂ ਜਿਹੜਾ ਸਜਦਾ ਰਹਿੰਦੈ । ਅੰਦਰੋਂ ਟੁੱਟਦਾ ਭੱਜਦਾ ਰਹਿੰਦੈ । ਡਾਢਿਆਂ ਨਾਲ ਜੇ ਲਾਈਏ ਯਾਰੀ, ਧੜਕਾ ਦਿਲ ਨੂੰ ਲੱਜ ਦਾ ਰਹਿੰਦੈ । ਕਾਅਬਾ ਕਿਧਰੋਂ ਲੱਭ ਲਿਆਉ, ਮੇਰਾ ਵੀ ਇਕ ਸਿਜਦਾ ਰਹਿੰਦੈ । ਜਜ਼ਬੇ ਜੇ ਕਰ ਸੱਚੇ ਹੋਵਣ, ਟੁੱਟਿਆ ਸਾਜ਼ ਵੀ ਵੱਜਦਾ ਰਹਿੰਦੈ । ਬੇਇਤਬਾਰਾ ਹੋਵੇ ਜਿਹੜਾ, ਬੰਦਾ ਕਿਸੇ ਨਾ ਚੱਜ ਦਾ ਰਹਿੰਦੈ । ਮਹਿਕ ਨਾ ਖਿਲਰੇ ਵਿੱਚ ਹਵਾਵਾਂ, ਫੱਟ ਜਿਗਰ ਦੇ ਕੱਜਦਾ ਰਹਿੰਦੈ । ਤੱਕ ਤੱਕ ਚਿਹਰਾ ਯਾਰ ਸੱਜਣ ਦਾ, ਝੱਲਾ 'ਲੋਨ' ਤੇ ਰੱਜਦਾ ਰਹਿੰਦੈ ।
ਕਿਸਰਾਂ ਵਿਚ ਤਹਿਰੀਰ ਬਹਾਵਾਂ
ਕਿਸਰਾਂ ਵਿਚ ਤਹਿਰੀਰ ਬਹਾਵਾਂ ਫ਼ਿਕਰਾਂ ਦੀ ਖ਼ੁਸ਼ਬੂ । ਜਿਸਰਾਂ ਚਾਹੁਣ ਉਡਾਣ ਹਵਾਵਾਂ ਫ਼ਿਕਰਾਂ ਦੀ ਖ਼ੁਸ਼ਬੂ । ਫ਼ਿਕਰਾਂ ਦੀ ਖ਼ੁਸ਼ਬੂ ਵਿਚ ਤੱਕਿਆ ਹਰ ਖ਼ੁਸ਼ਬੂ ਦਾ ਮਨਜ਼ਰ, ਪੱਥਰ, ਮਿਹਣੇ, ਇਸ਼ਕ, ਅਦਾਵਾਂ ਫ਼ਿਕਰਾਂ ਦੀ ਖ਼ੁਸ਼ਬੂ । ਜ਼ੀਨਤ, ਜੁੱਸਾ ਲੀਰਾਂ ਬਣਿਆ ਪੈਰੀਂ ਪੈ ਗਏ ਛਾਲੇ, ਸਿੱਕ ਮਿਲਣ ਦੀ ਤੱਤੀਆਂ ਰਾਹਵਾਂ ਫ਼ਿਕਰਾਂ ਦੀ ਖ਼ੁਸ਼ਬੂ । ਤੰਦ ਹਿਆਤੀ ਟੁਟਦੀ ਜਾਵੇ ਸੱਜਣ ਦੂਰ-ਦੁਰਾਡੇ, ਅੱਖਰ ਅੱਖਰ ਜਾਂਦੀਆਂ ਸਾਹਵਾਂ ਫ਼ਿਕਰਾਂ ਦੀ ਖ਼ੁਸ਼ਬੂ । ਮੁੱਢੋਂ ਪੱਟ ਵਗ੍ਹਾਉ ਸੱਜਣੋਂ ਨਫ਼ਰਤ ਦੇ ਫ਼ੁੱਲ ਸਾਰੇ, ਥਾਂ ਥਾਂ ਪਿਆ 'ਨਜ਼ੀਰ' ਉਗਾਵੇ ਫ਼ਿਕਰਾਂ ਦੀ ਖ਼ੁਸ਼ਬੂ ।
ਕਾਲੀ ਰਾਤ ਜ਼ਮਾਨਾ ਸਾਰਾ
ਕਾਲੀ ਰਾਤ ਜ਼ਮਾਨਾ ਸਾਰਾ ਚਾਨਣ ਤੇਰੇ ਨਾਲ । ਵਿੱਚ ਹਨੇਰੇ ਠੁੱਡੇ ਖਾਵਾਂ ਪਿਆਰ ਦੇ ਦੀਵੇ ਬਾਲ । ਦਿਲ ਦੇ ਬਾਗੀਂ ਚਹਿਕਣ ਵਾਲਾ ਪਿਆਰ ਦਾ ਜੋ ਪੰਛੀ ਸੀ, ਅੱਜ ਸ਼ਿਕਾਰ ਉਹ ਕੀਤਾ ਲੋਕਾਂ ਪਾ ਨਫ਼ਰਤ ਦੇ ਜਾਲ । ਦੁਨੀਆ ਚੰਨ 'ਤੇ ਅੱਪੜੀ ਸੱਜਣਾ ਤੂੰ ਸੁੱਤਾ ਘੋੜੇ ਵੇਚ । ਪਿੱਛੇ ਛੱਡ ਜ਼ਮਾਨਾ ਜਾਸੀ ਹੁਣ ਤਾਂ ਸੁਰਤ ਸੰਭਾਲ । ਖ਼ੁਦਗ਼ਰਜ਼ੀ ਦੇ ਮੌਸਮ ਆਏ ਟੁਟ ਗਏ ਰਿਸ਼ਤੇ ਨਾਤੇ, ਪਿਆਰ ਖ਼ਲੂਸ ਦਾ ਦੁਨੀਆ ਉੱਤੇ ਪੈ ਗਿਆ ਸੱਜਣੋ ਕਾਲ । ਤੇਜ਼ ਹਵਾਵਾਂ ਕੋਲੋਂ ਮੈਂ ਤੇ ਅੱਗੇ ਡਰਦਾ ਰਹਿਣਾਂ, ਇਹ ਕੀ ਜ਼ੁਲਮ 'ਨਜ਼ੀਰ' ਤੂੰ ਕੀਤਾ ਚਾੜ੍ਹ ਹਨੇਰੀ ਲਾਲ ।
ਜੋ ਹੰਝੂਆਂ ਦਾ ਸਰਿਆ ਮੈਥੋਂ
ਜੋ ਹੰਝੂਆਂ ਦਾ ਸਰਿਆ ਮੈਥੋਂ ਲੈ ਆਂਦਾ ਨਜ਼ਰਾਨਾ । ਭਾਵੇਂ ਇਹ ਸੌਗ਼ਾਤ ਤੂੰ ਸਮਝੀਂ ਭਾਵੇਂ ਮਿਲਣ ਬਹਾਨਾ । ਹੌਕੇ, ਹਾਵੇ, ਦਰਦ, ਵਿਛੋੜੇ ਜਿਹੜੇ ਸੀ ਤੂੰ ਘੱਲੇ, ਗੰਢੜੀ ਫੋਲ ਸੌਗ਼ਾਤਾਂ ਵਾਲੀ ਵੇਖਾਂ ਉੱਠ ਰੋਜ਼ਾਨਾ । ਬੂਹੇ ਬੂਹੇ ਮੈਂ ਕਿਉਂ ਜਾਵਾਂ ਇਹ ਕੰਮ ਮੰਗਣ ਹਾਰਾ, ਹਰ ਸ਼ੈ ਲੱਭਦੀ ਦਰ ਤੇਰੇ ਤੋਂ ਤੇਰਾ ਹਾਂ ਦੀਵਾਨਾ । ਬਦਲ ਗਿਆ ਮੱਯਾਰ ਲਗਣ ਦਾ ਲਾਲਚ ਡੇਰੇ ਲਾਏ, ਸੜਦਾ ਫਿਰਦਾ ਲਾਟ ਸ਼ੱਮਾਂ 'ਤੇ ਕਿਸ ਗੱਲੋਂ ਪਰਵਾਨਾ । ਦਰਦ 'ਨਜ਼ੀਰ' ਵਧੇਰਾ ਹੋਇਆ ਹਿੰਮਤ ਘਟ ਗਈ ਮੇਰੀ, ਨਿਕਲਣ ਹੋਰ ਉਚੇਰੀਆਂ ਚੀਕਾਂ ਜਿੰਨਾਂ ਗ਼ਮ ਲੁਕਾਨਾ ।
ਸੱਚੀ ਗੱਲ ਤੇ ਡਟ ਜਾਨਾਂ ਵਾਂ
ਸੱਚੀ ਗੱਲ ਤੇ ਡਟ ਜਾਨਾਂ ਵਾਂ ਮੇਰਾ ਇਹ ਕਿਰਦਾਰ । ਮੈਂ ਬਾਗ਼ੀ ਝੂਠੀਆਂ ਰਸਮਾਂ ਦਾ ਸੂਲੀ ਦਾ ਹੱਕਦਾਰ । ਲਾਲਚ ਦੇ ਮੁੱਲ ਵਿਕੀਆਂ ਕਲਮਾਂ ਤਾਰੇ ਮੁੱਲ ਸਰਦਾਰਾਂ, ਮੇਰੀ ਜੀਭ ਖ਼ਰੀਦ ਨਾ ਸਕਿਆ ਸ਼ਾਤਰ ਕੋਈ ਮੱਕਾਰ । ਚੜ੍ਹਦੇ ਸੂਰਜ ਮੱਥਾ ਟੇਕਾਂ ਮੈਥੋਂ ਹੋ ਨਹੀਂ ਸਕਦਾ, ਢਲਦੇ ਸੂਰਜ ਮੰਦਾ ਕਹਿਣਾ ਮੰਦਿਆਂ ਦਾ ਕਿਰਦਾਰ । ਰੁੱਖ ਆਸਾਂ ਦੇ ਸੁੱਕਦੇ ਜਾਂਦੇ ਪੀਤਾ ਖ਼ੂਨ ਖ਼ਿਜ਼ਾਵਾਂ, ਜਿੱਥੇ ਬੁਲਬੁਲ ਚਹਿਕ ਨਾ ਸੱਕੇ ਕਾਹਦੀ ਉਹ ਗੁਲਜ਼ਾਰ । ਕਲੀ ਖਿੜੀ ਤੇ ਆਲ-ਦਵਾਲੇ ਨੱਚੀਆਂ ਗਰਮ ਹਵਾਵਾਂ, ਹੁਸਨ 'ਨਜ਼ੀਰ' ਬਹਾਰ 'ਤੇ ਆਇਆ ਲੁੱਟੀ ਗਈ ਬਹਾਰ ।
ਦਿਲ ਦੀ ਵਿਲਕਣ ਉੱਚੀ ਕਰਕੇ
ਦਿਲ ਦੀ ਵਿਲਕਣ ਉੱਚੀ ਕਰਕੇ ਚੁੱਪ ਦੇ ਵਿਹੜੇ ਬਹਿਣਾ ਵਾਂ । ਰੋਗ ਅਵੱਲੇ ਸੱਜਣਾਂ ਦਿੱਤੇ ਸੀਨਾ ਤਾਨ ਕੇ ਸਹਿਣਾ ਵਾਂ । ਮਨ ਭੜੋਲੇ ਭਰ ਲਉ ਸੱਜਣੋ ਲੈ ਅਖ਼ਲਾਸ ਦੀ ਪੂੰਜੀ ਨੂੰ, ਇਸ ਤੋਂ ਵੱਧ ਨਾ ਦੌਲਤ ਕੋਈ ਸਭ ਨੂੰ ਏਹੋ ਕਹਿਣਾ ਵਾਂ । ਅੱਜ ਵੀ ਕਾਬਜ਼ ਦੁਨੀਆ ਉੱਤੇ ਫ਼ਿਰਔਨਾਂ ਦੇ ਟੋਲੇ ਨੇ, ਕਦ ਕੋਈ ਮੂਸਾ ਪੈਦਾ ਹੋਏ ਏਹੋ ਸੋਚਦਾ ਰਹਿਣਾ ਵਾਂ । ਉੱਚੀ ਟਹਿਣੀ ਲੱਕੋਂ ਟੁੱਟੇ ਧੱਕੇ ਖਾ ਖਾ 'ਵਾਵਾਂ ਦੇ, ਏਸੇ ਲਈ ਤਾਂ ਛੱਡ ਤਕੱਬਰ ਨੀਵੀਂ ਪਾ ਕੇ ਬਹਿਣਾ ਵਾਂ । 'ਵਾਜ਼ਾਂ ਮਾਰ 'ਨਜ਼ੀਰ' ਬੁਲਾਵਾਂ ਮੈਂ ਉਸ ਲੰਘੇ ਵੇਲੇ ਨੂੰ, ਹੁਣ ਅਹਿਸਾਸ ਜਵਾਨੀ ਚੜ੍ਹਿਆ ਪਿਆ ਸਜ਼ਾਵਾਂ ਸਹਿਣਾ ਵਾਂ ।
ਹਾਵੀ ਹੋਈਆਂ ਸੋਚਾਂ ਉੱਤੇ ਪੀੜ ਦੀਆਂ
ਹਾਵੀ ਹੋਈਆਂ ਸੋਚਾਂ ਉੱਤੇ ਪੀੜ ਦੀਆਂ ਪਰਛਾਈਆਂ ਨੇ । ਸੌ ਵਾਰੀ ਇਹ ਮੌਸਮ ਬਦਲੇ ਸੁੱਖ ਰੁੱਤਾਂ ਨਾ ਆਈਆਂ ਨੇ । ਬੁਗ਼ਜਾਂ ਪਿੱਟੀ ਕੱਲਰ ਧਰਤੀ ਸਾੜੇ ਰੁੱਖ ਪਿਆਰਾਂ ਦੇ, 'ਵਾਵਾਂ ਦੇਸ ਮੇਰੇ ਦੀਆਂ ਇਹਨੇ ਕਾਤਿਲ ਜ਼ਹਿਰ ਬਣਾਈਆਂ ਨੇ । ਮੰਜ਼ਿਲ ਉੱਤੇ ਪੁੱਜਣਾ ਖ਼ਵਰੇ ਨਹੀਂ ਸੀ ਵਿੱਚ ਨਸੀਬਾਂ ਦੇ, ਦੀਦ ਤੇਰੇ ਦੀ ਖ਼ਾਤਰ ਸੱਜਣਾ ਹਿੰਮਤਾਂ ਘੱਟ ਨਾ ਲਾਈਆਂ ਨੇ । ਕਿੰਜ ਇਤਬਾਰ ਕਿਸੇ ਤੇ ਕਰੀਏ ਵੇਖ ਮੁਨਾਫ਼ਿਕ ਚਾਲਾਂ ਨੂੰ, ਕੰਡ ਵਿਚ ਖ਼ੰਜਰ ਮਾਰੇ ਮੈਨੂੰ ਮੇਰੇ ਸਕਿਆਂ ਭਾਈਆਂ ਨੇ । ਕਾਹਨੂੰ ਫਿਰੇਂ 'ਨਜ਼ੀਰ' ਸੁਣਾਉਂਦਾ ਸਭ ਨੂੰ ਰਾਮ ਕਹਾਣੀ ਤੂੰ, ਅੱਥਰੂ ਪੀ ਲੈ ਬੁੱਲ੍ਹੀਆਂ ਸੀ ਲੈ ਇਹੋ ਪਿਆਰ ਕਮਾਈਆਂ ਨੇ ।
ਦਿਲ ਕਮਲੇ ਨੂੰ ਕੀਹਨੇ ਦਿੱਤੀਆਂ
ਦਿਲ ਕਮਲੇ ਨੂੰ ਕੀਹਨੇ ਦਿੱਤੀਆਂ ਖ਼ਬਰਾਂ ਹੁਸਨ ਦੇ ਕਾਲ ਦੀਆਂ । ਭੁੱਖੀਆਂ ਅੱਖਾਂ ਆਪ ਨਾ ਰੱਜਣ ਇਸ ਸ਼ੁਹਦੇ ਨੂੰ ਟਾਲਦੀਆਂ । ਜੱਗ ਤੋਂ ਵੱਖਰਾ ਮਾਹੀ ਮੇਰਾ ਜੱਗ ਸਾਰੇ ਨੇ ਤੱਕਿਆ ਏ, ਕਮਲੀਆਂ ਕੁੜੀਆਂ ਸੂਰਜ ਅੱਗੇ ਐਵੇਂ ਦੀਵੇ ਬਾਲਦੀਆਂ । ਮੈਂ ਕੀ ਜਾਣਾਂ ਸ਼ਾਇਦ ਹੋਵੇ ਇਹ ਵੀ ਰਾਜ਼ ਮੁਹੱਬਤ ਦਾ, ਸਰਗੀ ਵੇਲੇ ਨਿਕਲਣ ਚੀਕਾਂ ਜਿਉਂਕਰ ਰੋਂਦੇ ਬਾਲ ਦੀਆਂ । ਬਹਿ ਕੇ ਕੋਲ ਮਹਿਬੂਬ ਸੋਹਣੇ ਨੇ ਇੰਜ ਦੀਦਾਰ ਕਰਾਇਆ ਏ, ਇੱਕੋ ਵਾਰੀ ਨਿਕਲ ਗਈਆਂ ਨੇ ਕਸਰਾਂ ਸਾਰੇ ਸਾਲ ਦੀਆਂ । ਸਮਝ ਨਾ ਆਵੇ ਕਿਉਂਕਰ ਲੋਕੀ ਭੁੱਲ ਸੱਜਣਾਂ ਨੂੰ ਜਾਂਦੇ ਨੇ, ਯਾਦ 'ਨਜ਼ੀਰ' ਮੈਂ ਪਾਲਾਂ ਤੇਰੀ ਜਿਉਂ ਸਿਪ ਮੋਤੀ ਪਾਲਦੀਆਂ ।