Punjabi Kavita
  

Nawan Jahan Lala Dhani Ram Chatrik

ਨਵਾਂ ਜਹਾਨ ਲਾਲਾ ਧਨੀ ਰਾਮ ਚਾਤ੍ਰਿਕ

1. ਨਵਾਂ ਜ਼ਮਾਨਾ

ਸਮਾਂ ਲਿਆਵੇ ਨਵੀਓਂ ਨਵੀਆਂ,
ਪਰਦੇ ਤੇ ਤਸਵੀਰਾਂ।
ਹਰ ਸਵੇਰ ਨੂੰ ਪਾਸਾ ਪਰਤਣ,
ਬਦਲਦੀਆਂ ਤਕਦੀਰਾਂ।
ਪੂੰਝੇ ਗਏ ਪੁਰਾਣੇ ਨਾਵੇਂ,
ਵਟਦੇ ਗਏ ਅਕੀਦੇ,
ਦੱਬੇ ਮੁਰਦੇ ਨਹੀਂ ਜਿਵਾਣੇ,
ਆ ਕੇ ਪੀਰ ਫ਼ਕੀਰਾਂ।

ਹੁਸਨ ਤੇਰੇ ਦੀ ਨਵੀਂ ਸ਼ਮਾਂ ਤੇ,
ਅਸੀਂ ਹੋਏ ਪਰਵਾਨੇ।
ਖੋਟੇ ਹੋਏ ਕਿਆਸੀ ਸਿੱਕੇ,
ਖੁਲ੍ਹ ਗਏ ਖੋਜ ਖ਼ਜ਼ਾਨੇ।
ਸਜਨੀ, ਸੇਜ, ਸ਼ਰਾਬ, ਸੁਰਾਹੀ,
ਪੁਨਰ ਜਨਮ ਵਿਚ ਆਏ।
ਰਿੰਦਾਂ ਦੀ ਮਹਿਫ਼ਲ ਵਿਚ ਬਹਿ ਗਏ,
ਸੁਰਗਾਂ ਦੇ ਦੀਵਾਨੇ।

2. ਨਵੀਆਂ ਲੀਹਾਂ

ਉਠ ਸੁੱਤੀਆਂ ਰੂਹਾਂ ਜਗਾ ਸਜਣਾ।
ਇਕ ਨਵਾਂ ਜਹਾਨ ਵਸਾ ਸਜਣਾ।

1-

ਸੁਟ ਪਰੇ ਪੁਰਾਣੀਆਂ ਲੀਰਾਂ ਨੂੰ,
ਨਕਲੀ ਖਿਚੀਆਂ ਤਸਵੀਰਾਂ ਨੂੰ,
ਢਾਹ ਮਸਤਕ ਦੀਆਂ ਲਕੀਰਾਂ ਨੂੰ,
ਤਕਦੀਰਾਂ ਨੂੰ ਪਲਟਾ ਸਜਣਾ।
ਉਠ ਸੁੱਤੀਆਂ……

2-

ਤੂੰ ਸੁਰਗ ਦੀ ਸੋ ਤੇ ਫੁਲ ਗਿਆ ਏਂ,
ਪਰ ਅਪਣਾ ਆਸਣ ਭੁਲ ਗਿਆ ਏਂ,
ਵਹਿਮਾਂ ਵਿਚ ਫਸਿਆ ਰੁਲ ਗਿਆ ਏਂ,
ਅਸਲੀਅਤ ਨੂੰ ਅਜ਼ਮਾ ਸਜਣਾ।
ਉਠ ਸੁੱਤੀਆਂ……

3-

ਤੈਨੂੰ ਮਤਲਬੀਏ ਚਮਕਾ ਰਹੇ ਨੇ,
ਭਾਈਆਂ ਤੋਂ ਪਾੜੀ ਜਾ ਰਹੇ ਨੇ,
ਨਫਰਤ ਦਾ ਜਾਲ ਵਿਛਾ ਰਹੇ ਨੇ,
ਬਚ ਬਚ ਕੇ ਪੈਰ ਟਿਕਾ ਸਜਣਾ।
ਉਠ ਸੁੱਤੀਆਂ……

3. ਪੰਜਾਬੀ ਦਾ ਸੁਪਨਾ

ਕਿਸੇ ਟਾਪੂ ਵਿਚ ਬੈਠੇ ਪੰਜਾਬੀ ਦਾ ਆਪਣੇ ਵਤਨੀ ਭਰਾ ਨਾਲ ਮੇਲ

1-

ਪੰਜਾਬੋ ਔਂਦਿਆ ਵੀਰਨਿਆਂ !
ਕੋਈ ਗੱਲ ਕਰ ਆਪਣੇ ਥਾਵਾਂ ਦੀ।
ਮੇਰੇ ਪਿੰਡ ਦੀ, ਮੇਰੇ ਟੱਬਰ ਦੀ,
ਹਮਸਾਇਆਂ ਭੈਣ ਭਰਾਵਾਂ ਦੀ।
ਫਸਲਾਂ ਚੰਗੀਆਂ ਹੋ ਜਾਂਦੀਆਂ ਨੇ ?
ਮੀਂਹ ਵੇਲੇ ਸਿਰ ਪੈ ਜਾਂਦਾ ਹੈ ?
ਘਿਉ ਸਸਤਾ, ਅੰਨ ਸਵੱਲਾ ਏ,
ਸਭ ਰੱਜ ਕੇ ਰੋਟੀ ਖਾਂਦੇ ਨੇ ?
ਪਰਭਾਤ ਰਿੜਕਣੇ ਪੈਂਦੇ ਸਨ ?
ਛਾਹ ਵੇਲੇ ਭੱਤੇ ਢੁਕਦੇ ਸਨ ?
ਭਠੀਆਂ ਤੇ ਝੁਰਮਟ ਪੈਂਦੇ ਸਨ ?
ਤ੍ਰਿਞਣਾਂ ਵਿਚ ਚਰਖੇ ਘੁਕਦੇ ਸਨ ?
ਪਰਦੇਸਾਂ ਅੰਦਰ ਬੈਠਿਆਂ ਨੂੰ,
ਕੋਈ ਯਾਦ ਤੇ ਕਰਦਾ ਹੋਵੇਗਾ,
ਮਾਂ, ਭੈਣ ਤੇ ਨਾਰ ਕਿਸੇ ਦੀ ਦਾ,
ਦਿਲ ਹੌਕੇ ਭਰਦਾ ਹੋਵੇਗਾ।

2-

ਪੰਜਾਬੀਆਂ ਵਿਚ ਕੋਈ ਚਾ ਭੀ ਹੈ ?
ਪੰਜਾਬ ਦੀ ਸ਼ਾਨ ਬਣਾਉਣ ਦਾ ?
ਪਾਟੇ ਹੋਏ ਸੀਨੇ ਸੀਉਣ ਦਾ ?
ਨਿਖੜੇ ਹੋਏ ਵੀਰ ਮਿਲਾਉਣ ਦਾ ?
ਹਿੰਦੂ, ਮੋਮਨ, ਸਿਖ, ਈਸਾਈ,
ਘਿਉ ਖਿਚੜੀ ਹੋ ਗਏ ਹੋਵਣਗੇ।
ਕਿਰਸਾਣ, ਬਪਾਰੀ ਤੇ ਕਿਰਤੀ,
ਇਕ ਥਾਏਂ ਖਲੋ ਗਏ ਹੋਵਣਗੇ।

3-

ਅਸੀਂ ਜਦ ਦੇ ਏਥੇ ਆਏ ਹਾਂ,
ਸਾਡੇ ਤੇ ਹੁਲੀਏ ਹੀ ਵਟ ਗਏ ਨੇਂ।
ਸਾਡੇ ਤੇ ਕੀਨੇ ਨਿਕਲ ਗਏ,
ਵਲ ਵਿੰਗ ਪੁਰਾਣੇ ਹਟ ਗਏ ਨੇਂ।
ਜੀ ਚਾਹੁੰਦਾ ਹੈ ਪੰਜਾਬ ਨੂੰ ਭੀ,
ਐਥੋਂ ਵਰਗਾ ਰੰਗ ਲਾ ਲਈਏ।
ਪਿੰਡ ਪਿੰਡ ਵਿਚ ਸਾਂਝਾਂ ਪਾ ਲਈਏ,
ਪਕੀਆਂ ਸੜਕਾਂ ਬਣਵਾ ਲਈਏ।
ਹੱਥਾਂ ਵਿਚ ਬਰਕਤ ਪੈ ਜਾਵੇ,
ਧਰਤੀ ਸੋਨੇ ਦੀ ਹੋ ਜਾਵੇ।
ਆ ਕੇ ਕੋਈ ਰੋੜ੍ਹ ਮਜੂਰੀ ਦਾ,
ਭੁਖ ਨੰਗ ਦੇ ਧੋਣੇ ਧੋ ਜਾਵੇ।

4. ਆਸਤਕ-ਨਾਸਤਕ

1.

ਰੱਬ ਦਿਆ ਪੂਜਕਾ !
ਰੱਬ ਦਿਆ ਵਾਰਸਾ !
ਸੱਚਮੁਚ ਰੱਬ ਨੂੰ ਰੱਬ ਹੈਂ ਸਮਝਦਾ ?
ਫੇਰ ਇਹ ਦੱਸ ਖਾਂ,
ਉਸ ਤੇਰੇ ਰੱਬ ਨੇ,
ਤੈਨੂੰ ਹੀ ਆਪਣਾ ਆਪ ਕਿਉਂ ਸੌਂਪਿਆ ?

2.

ਜੇ ਤੇਰੀ ਰਾਇ ਵਿਚ,
ਏਹੋ ਗੱਲ ਠੀਕ ਹੈ,
ਤਾਂ ਤੇ ਤੂੰ ਰੱਬ ਨੂੰ ਠੀਕ ਨਹੀਂ ਸਮਝਿਆ।
ਗ਼ਰਜ਼ ਦਾ ਰੱਬ, ਤੂੰ ਆਪ ਹੈ ਘੜ ਲਿਆ।
ਆਸਤਕ ਹੋਣ ਦਾ ਨਿਰਾ ਇਕ ਡਾਮ ਹੈ।
ਹੋਰਨਾਂ ਰੱਬ ਦਿਆਂ ਬੰਦਿਆਂ ਵਾਸਤੇ,
ਤੇਰੇ ਵਿਚ ਕੋਈ ਚਿਣਗ ਨਹੀਂ ਸਤਕਾਰ ਦੀ।
ਤੂੰ ਉਨ੍ਹਾਂ ਨੂੰ ਕੋਈ ਹੱਕ ਨਹੀਂ ਬਖਸ਼ਦਾ-
ਅੰਦਰੇ ਬੈਠ ਕੇ,
ਆਪਣੇ ਰੱਬ ਨੂੰ,
ਜਿਸ ਤਰ੍ਹਾਂ ਚਾਹੁਣ ਉਹ; ਕਹਿ ਸਕਣ ਦਿਲ ਦੀਆਂ।

3.

ਇੱਕ ਇਨਸਾਨ,
ਜੋ ਨੇਕ ਹੈ, ਪਾਕ ਹੈ,
ਚਾਹੁੰਦਾ ਏ ਰਾਤ ਦਿਨ ਭਲਾ ਸੰਸਾਰ ਦਾ,
ਦੂਜਿਆਂ ਸਾਰਿਆਂ ਵਾਂਗ ਹੀ ਸਾਊ ਹੈ।
ਚਾਹੇ ਹੈ ਮੁਸਲਮਾਂ,
ਚਾਹੇ ਈਸਾਈ ਹੈ,
ਆਰਯਾ, ਪਾਰਸੀ,
ਜੈਨ ਜਾਂ ਵੈਸ਼ਨੋ,
ਤੂੰ ਉਹਨੂੰ ਵੇਖ ਕੇ ਕੁੜ੍ਹਨ ਕਿਉਂ ਲਗ ਪਏਂ ?
ਜੋ ਤੇਰੇ ਢੰਗ ਤੇ ਰੱਬ ਨਹੀਂ ਪੂਜਦਾ
ਤੂੰ ਉਦ੍ਹੇ ਰਾਹ ਵਿਚ ਖੜਾ੍ਹ ਕਿਉਂ ਹੋ ਰਹੇਂ ?

4.

ਰੱਬ ਤਾਂ ਕਦੇ ਭੀ
ਬੁਰਾ ਨਹੀਂ ਮੰਨਦਾ
ਮਾੜਿਆਂ ਚੰਗਿਆਂ ਵਾਸਤੇ ਓਸਦੇ-
ਬੂਹੇ ਤਾਂ ਕਦੇ ਵੀ ਬੰਦ ਨਹੀਂ ਹੋ ਸਕੇ।
ਤੂੰਹੇਂ ਕਿਉਂ ਓਸਦਾ ਸੋਧਰਾ ਬਣ ਗਿਓਂ ?
ਯਾ ਤੇਰੀ ਸਮਝ ਦੇ ਵਿੱਚ ਕੁਝ ਊਣ ਹੈ,
ਯਾ ਤੇਰਾ ਰੱਬ ਕੋਈ ਵੱਖਰਾ ਰੱਬ ਹੈ ।

5. ਅਖੀਆਂ

ਅਖੀਆਂ ਬੁਰੀ ਬਲਾ, ਵੇ ਲੋਕੋ !
ਅਖੀਆਂ ਬੁਰੀ ਬਲਾ।

1.

ਲੰਮੀ ਲਗਨ,
ਅਨੋਖੇ ਸੁਪਨੇ,
ਅਣਹੋਣੇ ਜਿਹੇ ਚਾ,
ਵੇ ਲੋਕੋ ! ਅਖੀਆਂ……

2.

ਫੱਟਿਆਂ ਜਾਣਾ ਤੇ
ਚੈਨ ਨ ਲੈਣਾ,
ਅਲ੍ਹੜ ਜਿਹਾ ਸੁਭਾ,
ਵੇ ਲੋਕੋ ! ਅਖੀਆਂ……

3.

ਗੋਤਾ ਲਾਉਣ,
ਸਮੁੰਦਰੋਂ ਡੂੰਘਾ,
ਤਾਰਿਆਂ ਤੀਕ ਚੜ੍ਹਾ,
ਵੇ ਲੋਕੋ ! ਅਖੀਆਂ……

4.

ਆਪੇ ਲੱਗਣ ਤੇ
ਆਪੇ ਲੂਸਣ,
ਭਾਂਬੜ ਲੈਣ ਮਚਾ,
ਵੇ ਲੋਕੋ ! ਅਖੀਆਂ……

5.

ਰੋੜ੍ਹੇ ਪਈਆਂ
ਜਾਣ ਨ ਠਲ੍ਹੀਆਂ,
ਠੇਲ੍ਹ ਸੁਟਣ ਦਰਯਾ,
ਵੇ ਲੋਕੋ ! ਅਖੀਆਂ……

6.

ਆਪ ਸ਼ਿਕਾਰੀ ਤੇ
ਆਪੇ ਪੰਛੀ,
ਆਪੇ ਖੇਡਣ ਦਾ,
ਵੇ ਲੋਕੋ !
ਅਖੀਆਂ ਬੁਰੀ ਬਲਾ।

6. ਮੈਂ ਕਿਸੇ ਗਲੋਂ ਨਹੀਂ ਡਰਨਾ

1.

ਕਿਉਂ ਨਾਪਾਂ ਮੈ ਤਾਰ ਦਮਾਂ ਦੀ ?
ਕਾਹਨੂੰ ਦੇਖਾਂ ਮਜ਼ਲ ਅਗਾਂਹ ਦੀ ?
ਪਿਛਲੀ-ਅਗਲੀ ਦੋਵੇਂ ਮੇਰੀਆਂ,
ਬਹਿ ਕੇ ਮੈਂ ਕੀ ਕਰਨਾ।
ਮੈਂ ਕਿਸੇ ਗਲੋਂ ਨਹੀਂ ਡਰਨਾ।

2.

ਮਕਸਦ ਉੱਚਾ, ਪੰਧ ਲਮੇਰਾ,
ਜਦ ਅਖ ਖੋਲ੍ਹੀ, ਨਵਾਂ ਸਵੇਰਾ।
ਲਖ ਆਉਣ ਤੂਫਾਨ ਬਿਜਲੀਆਂ
ਨਾ ਡੁਬਣਾ ਨਾ ਸੜਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ।

3.

ਮੈਂ ਜੀਊਂਦਾ, ਮੈਂ ਨਵਾਂ ਨਰੋਇਆ
ਮੈਂ ਹੀ ਏ ਮੇਲਾ ਲਾਇਆ ਹੋਇਆ,
ਹਰ ਪਿੰਡ ਮੇਰਾ (ਤੇ) ਹਰ ਘਰ ਮੇਰਾ
ਜਦ ਚਾਹਣਾ, ਜਾ ਵੜਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ।

4.

ਲੈ-ਪਰਲੈ ਦੇ ਲੰਘ ਕੇ ਗੇੜੇ
ਦੇਸ਼ ਕਾਲ ਤੋਂ ਹੋਰ ਅਗੇਰੇ,
ਤੁਰਿਆਂ ਜਾਣਾ, ਤੁਰਦਿਆਂ ਰਹਿਣਾ
ਪੈਰ ਪਿਛਾਂਹ ਨਹੀਂ ਧਰਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ।

7. ਮਦਾਰੀ

1.

ਮੀਆਂ ਮਦਾਰੀਆ !
ਤੇਰਾ ਤਮਾਸ਼ਾ,
ਕੀਤਾ ਕਿਸੇ ਨ ਪਸੰਦ।
ਡੌਰੂ ਖੜਕਾ ਕੇ,
ਬੰਸਰੀ ਵਜਾ ਕੇ,
ਲੋਕਾਂ ਨੂੰ ਲੀਤਾ ਤੂੰ ਜੋੜ,
ਅੱਖੀਆਂ ਬਚਾਉਂਦਾ,
ਹੱਥ ਖਿਸਕਾਉਂਦਾ,
ਮਣਕਿਆਂ ਨੂੰ ਦੇਨਾ ਏਂ ਤੋੜ।
ਸੱਚਿਆਂ ਨੂੰ ਝੂਠਿਆਂ
ਝੂਠਿਆਂ ਨੂੰ ਸੱਚਿਆਂ
ਕਰ ਕਰ ਕੇ ਹੁੰਨਾ ਏਂ ਆਨੰਦ।

2.

ਕਦੇ ਔਸ ਬੰਦੇ ਨੂੰ
ਕਦੇ ਐਸ ਬੰਦੇ ਨੂੰ
ਆਪਣਾ ਤੂੰ ਲੈਨਾ ਏਂ ਬਣਾ,
ਥੈਲੇ ਨੂੰ ਫਰੋਲ ਕੇ,
ਝੂਠ ਸੱਚ ਬੋਲ ਕੇ,
ਇੱਕ ਨੂੰ ਤੂੰ ਦੇਨਾ ਏਂ ਜਿਤਾ
ਤੇਰੀਆਂ ਚਲਾਕੀਆਂ,
ਤਾੜ ਲਈਆਂ ਸਾਰਿਆਂ,
ਕਰ ਹੁਣ ਤਮਾਸ਼ੇ ਨੂੰ ਬੰਦ।

8. ਅਸੀਂ ਚਾਰੇ ਯਾਰ ਪੁਰਾਣੇ

1.

ਹਿੰਦੂ, ਮੁਸਲਿਮ, ਸਿਖ, ਈਸਾਈ,
ਇੱਕ ਮਾਂ ਜਾਏ, ਚਾਰੇ ਭਾਈ,
ਰੱਬ ਜਾਣੇ, ਕੀ ਟਪਲਾ ਖਾ ਗਏ,
ਹੋ ਕੇ ਸਿਆਣੇ ਬਿਆਣੇ।
ਅਸੀਂ ਚਾਰੇ ਯਾਰ ਪੁਰਾਣੇ।

2.

ਕੋਈ ਪੁਜਾਰੀ, ਕੋਈ ਨਿਮਾਜ਼ੀ,
ਘਰੋ ਘਰੀ ਸਨ ਰਾਜ਼ੀ ਬਾਜ਼ੀ,
ਇਕਸੇ ਰੱਬ ਨੂੰ ਮੰਨਦੇ ਆਏ
ਬਾਹਮਣ ਅਤੇ ਮੁਲਾਣੇ ।
ਅਸੀਂ ਚਾਰੇ ਯਾਰ ਪੁਰਾਣੇ।

3.

ਦੇਸ ਮੋਕਲਾ, ਕਿਰਤ ਬੁਤੇਰੀ,
ਖੁਲ੍ਹੀਆਂ ਹਿੱਕਾਂ, ਦਿਲੀਂ ਦਲੇਰੀ,
ਪੰਜਾਬੀ ਦਾ ਅਸਲਾ ਨਹੀ ਸੀ,
ਦਿਲ ਦੇ ਭੇਤ ਲੁਕਾਣੇ।
ਅਸੀਂ ਚਾਰੇ ਯਾਰ ਪੁਰਾਣੇ।

4.

ਤੂੰ ਸਹੀ ਚੰਗਾ, ਮੈਂ ਸਹੀ ਮਾੜਾ,
ਕੋਈ ਭੀ ਨਹੀਂ ਦਿਲਾਂ ਵਿਚ ਪਾੜਾ,
ਨਿਕੀਆਂ ਨਿਕੀਆਂ ਗੱਲਾਂ ਬਦਲੇ,
ਕਾਹਨੂੰ ਵੈਰ ਵਧਾਣੇ।
ਅਸੀਂ ਚਾਰੇ ਯਾਰ ਪੁਰਾਣੇ।

5.

ਅਖੀਆਂ ਫਿਰਨ ਪਯਾਰ ਦੀਆਂ ਭੁਖੀਆਂ,
ਆ ਛੱਡ ਦੇਈਏ ਗੱਲਾਂ ਰੁਖੀਆਂ,
ਤਕਦਾ ਨਹੀਂ ! ਵਾ ਵਗਦੀ ਵਲ ਹੀ
ਤੁਰਦੇ ਲੋਕ ਸਿਆਣੇ।
ਅਸੀਂ ਚਾਰੇ ਯਾਰ ਪੁਰਾਣੇ।

6.

ਹੁਣ ਭੀ ਸਭ ਕੁਝ ਹੋ ਸਕਦਾ ਹੈ,
ਡੋਬੂ ਰੋਹੜ ਖਲੋ ਸਕਦਾ ਹੈ,
ਲਾ ਲੈਣ ਜੇਕਰ ਬੇੜਾ ਬੰਨੇ,
ਰਲ ਕੇ ਸੁਘੜ ਮੁਹਾਣੇ।
ਅਸੀਂ ਚਾਰੇ ਯਾਰ ਪੁਰਾਣੇ।

7.

ਪੇਂਡੂ, ਸ਼ਹਿਰੀ, ਸਾਊ, ਕੰਮੀ,
ਢਾਹ ਸੁੱਟਣ ਜੇ ਵੱਟ ਨਿਕੰਮੀ,
ਓਹੋ ਭਰਾ ਤੇ ਓਹੋ ਜੱਫੀਆਂ,
ਵਲ ਵਿੰਗ ਭੁਲ ਭੁਲ ਜਾਣੇ।
ਅਸੀਂ ਚਾਰੇ ਯਾਰ ਪੁਰਾਣੇ।

8.

ਪਾੜੂਆਂ ਨਿਖੇੜੂਆਂ ਦੀ ਇਕ ਨਾ ਮੰਨੀਏ,
ਸਗੋਂ ਉਨ੍ਹਾਂ ਦਾ ਬੂਥਾ ਭੰਨੀਏ,
ਨਾਲ ਸਲੂਕ, ਅਮਨ ਦੇ ਸਿਹਰੇ,
ਅਸਾਂ ਹੀ ਗਲੀਂ ਪੁਆਣੇ।
ਅਸੀਂ ਚਾਰੇ ਯਾਰ ਪੁਰਾਣੇ।

9. ਦੇਸ਼-ਦਰਦ

1.

ਦਿਲ ਦਰਯਾ ਵਿਚ, ਸੋਚ ਬੁਲਬੁਲੇ,
ਉਠ ਉਠ ਕੇ ਬਹਿ ਜਾਂਦੇ ਨੇ,
ਦੇਸ਼-ਦਰਦ ਦੇ ਸੁਪਨ ਮੁਨਾਰੇ,
ਉਸਰ ਉਸਰ ਢਹਿ ਜਾਂਦੇ ਨੇ,
ਫਰਜ਼, ਸੱਚਾਈ, ਅਕਲ, ਦਲੇਰੀ,
ਰੋਜ਼ ਹਲੂਣੇ ਦੇਂਦੇ ਨੇ,
ਪਰ, ਪਰ-ਵਸ ਦੇ ਹਭ ਮਨਸੂਬੇ,
ਬਣੇ ਬਣੇ ਰਹਿ ਜਾਂਦੇ ਨੇ।

2.

ਪਰ ਭੀ ਹਨ, ਪਹੁੰਚੇ ਭੀ ਹਨ,
ਹਿੰਮਤ ਭੀ ਹੈ, ਆਸ਼ਾ ਭੀ ਹੈ,
ਦਿਲ ਭੀ ਹੈ, ਪੀੜਾਂ ਭੀ ਹਨ,
ਫਰਯਾਦਾਂ ਦੀ ਭਾਸ਼ਾ ਭੀ ਹੈ।
ਉੱਡਣ ਨੂੰ ਤੱਯਾਰ ਭੀ ਹਾਂ,
ਆਕਾਸ਼ ਭੀ ਪਿਆ ਬੁਲਾਂਦਾ ਹੈ,
ਪਰ ਪਿੰਜਰੇ ਦੀ ਖਿੜਕੀ 'ਚੋਂ
ਇਕ ਤੀਲੀ ਕੱਢਣੀ ਬਾਕੀ ਹੈ।

10. ਸੰਸਾਰ-ਜੰਗ

ਕੋਈ ਮੋੜੇ ਵੇ, ਕੋਈ ਮੋੜੇ।
ਇਸ ਬਿਫਰੇ ਹੋਏ ਹਾਥੀ ਨੂੰ
ਕੋਈ ਮੋੜੇ ਵੇ, ਕੋਈ ਮੋੜੇ।

1.

ਦੁਨੀਆਂ ਵਿਚ ਪੈ ਗਿਆ ਭੜਥੂ,
ਘੁਗ ਵਸਦੇ ਸ਼ਹਿਰ ਉਜੜ ਗਏ।
ਧਨ, ਧਾਮ, ਸੁਹਜ, ਸਰਮਾਏ,
ਕੁਝ ਡੁੱਬ ਗਏ, ਕੁਝ ਸੜ ਗਏ।
ਡਾਢੀ ਹੰਕਾਰਨ ਹੋਣੀ,
ਅੱਜ ਚੜ੍ਹੀ ਹਵਾ ਦੇ ਘੋੜੇ।
ਕੋਈ ਮੋੜੇ ਵੇ, ਕੋਈ ਮੋੜੇ।

2.

ਧਰਤੀ ਦੀ ਫਟ ਗਈ ਛਾਤੀ,
ਸਾਗਰ ਦਾ ਖੌਲੇ ਪਾਣੀ।
ਤਾਕਤ ਹੋਈ ਟੋਟੇ ਟੋਟੇ,
ਪਲਚੀ ਗਈ ਸਾਰੀ ਤਾਣੀ।
ਸ਼ੈਤਾਨ ਫਰਿਸ਼ਤਾ ਬਣ ਕੇ,
ਉਪਦੇਸ਼ ਕਰੇ ਬੇਲੋੜੇ।
ਕੋਈ ਮੋੜੇ ਵੇ, ਕੋਈ ਮੋੜੇ।

3.

ਖੁਦਗਰਜ਼ੀ ਹੋ ਗਈ ਅੰਨ੍ਹੀ,
ਮਾਇਆ ਨੂੰ ਚੜ੍ਹ ਗਈ ਮਸਤੀ।
ਨੰਗੀ ਹੋ ਹੋ ਕੇ ਨਚਦੀ,
ਭੂਤੀ ਹੋਈ ਐਸ਼-ਪਰਸਤੀ।
ਅਸ਼ਰਾਫਤ ਹੋ ਗਈ ਸਸਤੀ
ਜ਼ੋਰਾਵਰ ਲਹੂ ਨਿਚੋੜੇ।
ਕੋਈ ਮੋੜੇ ਵੇ, ਕੋਈ ਮੋੜੇ।

4.

ਬੰਦਿਆਂ ਦੀਆਂ ਲਾਸ਼ਾਂ ਚਿਣ ਕੇ,
ਇਕ ਉਸਰੀ ਪਏ ਅਟਾਰੀ।
ਇਸ ਲਹੂਆਂ ਦੇ ਦਰਯਾ ਵਿਚ,
ਤਰ ਜਾਸੀ ਦੁਨੀਆਂ ਸਾਰੀ।
ਪਰ ਸਚਿਆਈ ਦੀ ਥੁੜ੍ਹ ਨੇ,
ਆਸ਼ਾ ਦੇ ਬੇੜੇ ਬੋੜੇ।
ਕੋਈ ਮੋੜੇ ਵੇ, ਕੋਈ ਮੋੜੇ।

5.

ਮਾਨੁਖ਼ਤਾ ਦਰਦਾਂ ਮਾਰੀ,
ਸਿਵਿਆਂ ਤੇ ਬੈਠੀ ਝੂਰੇ।
ਮੇਰੇ ਅਮਨ ਚੈਨ ਦੇ ਸੁਪਨੇ,
ਖਬਰੇ ਕਦ ਹੋਸਣ ਪੂਰੇ।
ਖਖੜੀ ਖਖੜੀ ਰੂਹਾਂ ਦੇ,
ਕਦ ਸਿਰ ਜਾਵਣਗੇ ਜੋੜੇ।
ਕੋਈ ਮੋੜੇ ਵੇ, ਕੋਈ ਮੋੜੇ।

11. ਇਨਸਾਨਸਤਾਨ

1.

ਉਠ ਸਾਕੀ ! ਇਕ ਹੰਭਲਾ ਮਾਰ,
ਨਵਾਂ ਨਸ਼ਾ ਕੋਈ ਕਰ ਤੱਯਾਰ।
ਚੜ੍ਹ ਜਾਵੇ ਸੁਰਤੀ ਅਸਮਾਨ,
ਦਿੱਸਣ ਲੱਗ ਪਏ ਨਵਾਂ ਜਹਾਨ।
ਨਵਾਂ ਬਗੀਚਾ, ਨਵੀਂ ਬਹਾਰ,
ਨਵੀਂ ਜਵਾਨੀ, ਨਵਾਂ ਨਿਖਾਰ।
ਨਵੀਂ ਜ਼ਮੀਨ, ਨਵਾਂ ਅਸਮਾਨ,
ਸਚਮੁਚ ਦਾ ਇਨਸਾਨਸਤਾਨ।

2.

ਹਿੰਦੂ, ਮੋਮਨ, ਸਿਖ, ਈਸਾਈ,
ਸਾਰੇ ਜਾਪਣ ਭਾਈ ਭਾਈ।
ਦਸਤਕਾਰ, ਕਿਰਤੀ, ਕਿਰਸਾਣ,
ਸਾਂਝੀ ਰੋਟੀ ਵੰਡ ਕੇ ਖਾਣ।
ਭੁੱਖ, ਨੰਗ, ਚਿੰਤਾ, ਬੇਕਾਰੀ,
ਹਟ ਜਾਏ ਧੜਕੇ ਦੀ ਬੀਮਾਰੀ।
ਘੁਲ ਮਿਲ ਜਾਵਣ ਧਰਮ ਇਮਾਨ,
ਸਚਮੁਚ ਦਾ ਇਨਸਾਨਸਤਾਨ।

3.

ਸਾਂਝੇ ਹੋਣ ਮਸੀਤਾਂ ਮੰਦਰ,
ਵੱਸੇ ਰੱਬ ਦਿਲਾਂ ਦੇ ਅੰਦਰ।
ਲੀਡਰ ਹੋਣ ਦਿਆਨਤਦਾਰ,
ਮੇਲ ਮੁਹੱਬਤ ਦਾ ਪਰਚਾਰ।
ਮਤਲਬੀਏ ਤੇ ਪਾੜਣ ਵਾਲੇ,
ਭੁਲ ਜਾਵਣ ਸ਼ਤਰੰਜ ਦੇ ਚਾਲੇ।
ਟੁਕਰਾਂ ਤੋਂ ਨਾ ਵਢ ਵਢ ਖਾਣ,
ਸਚਮੁਚ ਦਾ ਇਨਸਾਨਸਤਾਨ।

4.

ਵੱਡਿਆਂ ਦਾ ਦਿਲ ਹੋ ਜਾਏ ਵੱਡਾ,
ਢਾਹ ਸੁੱਟਣ ਨਫਰਤ ਦਾ ਅੱਡਾ।
ਵੰਡ ਖਾਣ ਦੀ ਪੈ ਜਾਏ ਵਾਦੀ,
ਮੰਗ ਸਕਣ, ਸਾਂਝੀ ਆਜ਼ਾਦੀ।
ਸਾਂਝੀਆਂ ਚੋਣਾਂ, ਸਾਂਝੀ ਪੀੜ,
ਉਂਗਲ ਸੜਿਆਂ ਧੁਖੇ ਸਰੀਰ।
ਇਕ ਦੂਜੇ ਤੋਂ ਸਦਕੇ ਜਾਣ,
ਸਚਮੁਚ ਦਾ ਇਨਸਾਨਸਤਾਨ।

12. ਕਵੀ ਦਾ ਹਾੜਾ

1.

ਰਫੀਕੋ ! ਮੇਰੇ ਹਾਲ ਤੇ ਤਰਸ ਖਾ ਕੇ,
ਏ ਦੱਸੋ ਕਿ ਮੇਰਾ ਜਨਮ ਕਿਸ ਲਈ ਸੀ ?
ਕਜ਼ਾ ਨੇ ਉਤਾਰਨ ਲੱਗੇ ਆਸਮਾਨੋਂ,
ਮੇਰੇ ਵਾਸਤੇ, ਕਿਉਂ ਏਹੋ ਥਾਂ ਚੁਗੀ ਸੀ ?
ਗ਼ਰੀਬਾਂ, ਗ਼ੁਲਾਮਾਂ, ਮਜ਼ੂਰਾਂ ਦੀ ਧਰਤੀ,
ਨ ਹਾਸਾ, ਨ ਖੇੜਾ, ਨ ਕਪੜਾ, ਨ ਰੋਟੀ।
ਨਿਖੇੜੇ, ਬਖੇੜੇ, ਲੜਾਈ, ਭਿੜਾਈ,
ਪਰਹੇ ਆਪਣੀ ਤੇ ਅਦਾਲਤ ਪਰਾਈ।

2.

ਕਵੀ ਹੋ ਕੇ ਦਿਲ ਦੀ ਮੈਂ ਕਿਸ ਨੂੰ ਸੁਣਾਵਾਂ ?
ਉਮਲ ਪੈਣ ਹੰਝੂ, ਤਾਂ ਕਿਸ ਥਾਂ ਵਹਾਵਾਂ ?
ਮੈਂ ਖੋਲ੍ਹਾਂ ਕਿਵੇਂ ਜੀਭ ਦੇ ਜੰਦਰੇ ਨੂੰ ?
ਕਿਦ੍ਹੇ ਤੋਂ ਪੁਰਾਣਾ ਤਲਿੱਸਮ ਤੁੜਾਵਾਂ ?
ਨ ਜ਼ਰ ਹੈ, ਨ ਯਾਰੀ, ਨ ਹਿੰਮਤ, ਨ ਏਕਾ,
ਨ ਹੱਥ ਪੈਰ ਖੁਲ੍ਹੇ, ਨ ਦਾਰੂ ਨਾ ਸਿੱਕਾ।
ਭਗੀਰਥ ਦੀ ਗੰਗਾ ਕਿਵੇਂ ਮੋੜ ਖਾਵੇ ?
ਲਿਖੀ ਹੋਈ ਤਕਦੀਰ ਕੀਕਰ ਵਟਾਵਾਂ ?

ਲਹੂ ਜਮ ਚੁਕੇ ਨੂੰ ਕਿਵੇਂ ਸੇਕ ਆਵੇ ?
ਤੇ ਪੱਥਰ ਹਟਾ ਕੇ ਹਵਾ ਕੌਣ ਲਾਵੇ ?

3.

ਓ ਕਵੀਆ ! ਨ ਡਰ, ਹੋਸ਼ ਨੂੰ ਕਰ ਟਿਕਾਣੇ,
ਏ ਧਰਤੀ ਹੈ ਉਜੜੀ ਹੋਈ ਤੇਰੇ ਭਾਣੇ ?
ਏ ਬੀਰਾਂ ਦੀ ਧਰਤੀ, ਜਵਾਨਾਂ ਦੀ ਧਰਤੀ,
ਏ ਲਾਲਾਂ ਜਵਾਹਰਾਂ ਤੇ ਖ਼ਾਨਾਂ ਦੀ ਧਰਤੀ।
ਏ ਲੋਹੇ ਤੇ ਕੋਲੇ ਦੀ ਕਾਨਾਂ ਦੀ ਧਰਤੀ।
ਫਲਾਂ ਮੇਵਿਆਂ ਦਾ ਖਜ਼ਾਨਾ ਹਿਮਾਲਾ,
ਏ ਬੁੱਧ ਤੇ ਕ੍ਰਿਸ਼ਨ ਦੇ ਨਿਸ਼ਾਨਾਂ ਦੀ ਧਰਤੀ।

4.

ਜ਼ਰਾ ਦੇਖ, ਆਇਆ ਨਵਾਂ ਕਾਲ-ਚਕਰ,
ਸ਼ੁਆ ਉਠ ਰਹੀ ਹੈ ਹਨੇਰੇ ਦੇ ਅੰਦਰ।
ਅਜ਼ਾਦੀ ਦੀ ਉਸਰਨ ਲੱਗੀ ਹੈ ਇਮਾਰਤ,
ਲਿਖੀ ਜਾ ਰਹੀ ਹੈ ਨਵੀਂ ਤੇਰੀ ਕਿਸਮਤ।
ਨਵੀਂ ਰੋਸ਼ਨੀ ਨੇ ਬਟਨ ਹੈ ਦਬਾਇਆ,
ਓ ਪਰਦਾ ਪੁਰਾਣਾ ਗਿਆ ਹੈ ਉਠਾਇਆ।
ਨਿਰਾਸ਼ਾ ਦੀ ਗੱਦੀ ਤੇ ਆ ਬੈਠੀ ਆਸ਼ਾ,
ਸ਼ੁਰੂ ਹੋ ਗਿਆ ਏਕਤਾ ਦਾ ਤਮਾਸ਼ਾ।

ਚਮਨ ਤੇਰਾ ਆਬਾਦ ਹੋ ਕੇ ਰਹੇਗਾ।
ਵਤਨ ਤੇਰਾ ਆਜ਼ਾਦ ਹੋ ਕੇ ਰਹੇਗਾ।

13. ਤੇਰਾ ਹੁਕਮ

ਤੁੱਧੇ ਘੱਲੀ (ਅਤੇ) ਤੁੱਧੇ ਸੱਦੀ,
ਮੈਂ ਠਿਲ੍ਹ ਪਈ ਜਿਗਰਾ ਕਰਕੇ।
ਐਥੋਂ ਤਕ ਤਾਂ ਅੱਪੜ ਪਈ ਆਂ,
ਹੌਲੀ ਹੌਲੀ ਤਰ ਕੇ।
ਹਾਂਭ ਮੇਰੀ ਹੁਣ ਟੁਟਦੀ ਜਾਵੇ,
(ਅਤੇ) ਕੰਢਾ ਬੜਾ ਦੁਰਾਡਾ।
ਜਾਂ ਘਲ ਦੇ ਕੋਈ ਤੁਲ੍ਹਾ ਮੁਹਾਣਾ
(ਜਾਂ) ਚੁਕ ਲੈ ਬਾਹੋਂ ਫੜ ਕੇ।

ਤੈਥੋਂ ਵਿੱਛੁੜ, ਐਸੀ ਘੁੱਥੀ,
ਮੈਂ ਗਾਹਿਆ ਚੱਕ ਚੁਗਿਰਦਾ,
ਏਹੋ ਬੂਹਾ (ਮਤੇ) ਤੇਰਾ ਈ ਹੋਵੇ,
(ਮੈਂ) ਦਰ ਤਕਿਆ ਧਿਰ ਧਿਰ ਦਾ।
ਐਡੀ ਸਾਰੀ ਨਗਰੀ ਦੇ ਵਿਚ,
(ਮੈਨੂੰ) ਤੁਧ ਬਿਨ ਕੌਣ ਪਛਾਣੇ ?
ਖੋਲ ਬੂਹਾ, ਮੇਰੀ ਭਰ ਦੇ ਝੋਲੀ
ਸਦਕਾ ਅਪਣੇ ਸਿਰ ਦਾ।

14. ਅਰਸ਼ੀ ਕਿਣਕਾ

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

1.

ਠੰਢਕ ਦਾ ਨਿਰਮਲ ਕਿਣਕਾ,
ਅਰਸ਼ਾਂ ਵਿੱਚ ਵੱਸਣ ਵਾਲਾ।
ਮਾਸੂਮ ਅਞਾਣੇ ਵਰਗਾ,
ਨਿਰਛਲ ਤੇ ਭੋਲਾ ਭਾਲਾ।
ਮੈਂ ਮੌਜਾਂ ਮਾਣ ਰਿਹਾ ਸਾਂ,
ਅਪਣੀ ਮਦ ਵਿੱਚ ਮਸਤਾਨਾ,
ਛਡ ਅਗਾਂਹ ਪਿਛਾਂਹ ਦੀ ਚਿੰਤਾ,
ਗਾਂਦਾ ਸਾਂ ਪ੍ਰੇਮ-ਤਰਾਨਾ।
ਨਾ ਜਾਗ ਰਿਹਾ ਸਾਂ ਪੂਰਾ,
ਨਾ ਬੇਸੁਰਤੀ ਨੀਂਦਰ ਦੀ,
ਇਕ ਵਾ ਹੇਠਾਂ ਲੈ ਆਈ,
ਕੋਈ ਗੁਪਤ ਇਸ਼ਾਰੇ ਕਰਦੀ।
ਮੈਂ ਓਥੇ ਹੀ ਸਾਂ ਚੰਗਾ,
ਪਰ ਦਮ ਨਹੀਂ ਸੀ ਇਨਕਾਰ ਦਾ।

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

2.

ਮੈਂ ਵਾਂਗ ਫੁਹਾਰ ਉਤਰਿਆ,
ਪਰਬਤ ਤੇ ਆ ਕੇ ਢੱਠਾ।
ਕਈ ਹੋਰ ਕਰੋੜਾਂ ਉਤਰੇ,
ਇਕ ਤੋਦਾ ਹੋ ਗਿਆ ਕੱਠਾ।
ਸੂਰਜ ਨੇ ਸੁਟ ਸੁਟ ਕਿਰਣਾਂ,
ਉਸ ਤੋਦੇ ਨੂੰ ਪੰਘਰਾਇਆ।
ਚਸ਼ਮੇ ਦੀ ਸੂਰਤ ਬਦਲੀ,
ਝਰਨੇ ਦਾ ਰੂਪ ਵਟਾਇਆ।
ਨਾਲੇ ਤੋਂ ਨਦੀ ਚਲਾਈ,
ਮੈਦਾਨਾਂ ਵਿੱਚ ਵਿਛਾਇਆ।
ਸਾਗਰ ਵਿਚ ਧੱਕਾ ਦੇ ਕੇ,
ਮੁੜ ਕਰ ਕਰ ਭਾਫ ਉਡਾਇਆ।
ਮੈਂ ਭੰਵਿਆ ਲਖ ਲਖ ਵਾਰੀ,
ਹਰ ਵਾਰੀ ਕੀਤੀ ਧਾਈ,
ਸੱਧਰ ਸੀ ਦਿਲ ਵਿਚ ਭਾਰੀ,
ਮਿਲ ਜਾਵੇ ਉਹੋ ਉਚਾਈ।
ਪਰ ਪੈਰ ਮੇਰਾ ਬਣ ਭਾਰਾ,
ਹੇਠਾਂ ਹੀ ਗਿਆ ਨਿਘਾਰਦਾ।

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

3.

ਇਸ ਚੱਕਰ ਦੇ ਵਿਚ ਚਲਦਿਆਂ,
ਅੱਜ ਤੀਕ ਸਮਝ ਨਹੀਂ ਆਈ,
ਮੈਂ ਕਿਸਮਤ ਆਪ ਲਿਖਾਈ,
ਜਾਂ ਬਾਹਰੋਂ ਕਿਸੇ ਬਣਾਈ।
ਮੈਂ ਕੀ ਕਸੂਰ ਕਰ ਬੈਠਾ,
ਜਿਸ ਦਾ ਬਦਲਾ ਹੈ ਮਿਲਦਾ।
ਇਹ ਰੀਝ ਮੇਰੀ ਅਪਣੀ ਸੀ,
ਯਾ ਸ਼ੌਕ ਕਿਸੇ ਦੇ ਦਿਲ ਦਾ।
ਮੇਰੀ ਪਹਿਲੀ ਮਾਸੂਮੀ
ਕਿਉਂ ਮੈਥੋਂ ਖੁੱਸ ਗਈ ਹੈ ?
ਆਵਾ ਜਾਈ ਦੀ ਬਿਪਤਾ,
ਗਲ ਮੇਰੇ ਕਿਵੇਂ ਪਈ ਹੈ ?
ਮੈਂ ਪੁੰਨ ਪਾਪ ਤੋਂ ਨਿਆਰਾ,
ਹੋ ਗਿਆ ਕਿਸ ਤਰ੍ਹਾਂ ਦਾਗੀ ?
ਕੀ ਕਾਲਖ ਮੂੰਹ ਤੇ ਮਲ ਕੇ,
ਮੈਂ ਅਪਣੀ ਸ਼ਾਨ ਤਿਆਗੀ।
ਮੇਰੇ ਮਨ ਦੀ ਸੀ ਮਰਜ਼ੀ,
ਜਾਂ ਭਾਣਾ ਸੀ ਕਰਤਾਰ ਦਾ।

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

4.

ਓ ਹੇਠ ਉਤਾਰਨ ਵਾਲੇ !
ਤੂੰ ਮਾਲਕ ਹੀ ਸਹੀ ਮੇਰਾ,
ਪਰ ਇਹ ਗੱਲ ਤੇ ਸਮਝਾ ਦੇ,
ਵਸ ਮੇਰਾ ਸੀ, ਜਾਂ ਤੇਰਾ ?
ਜਿਸ ਵਾ ਨੇ ਹੇਠ ਲਿਆਂਦਾ,
ਉਹ ਕਿਉਂ ਨਹੀਂ ਉਤਾਂਹ ਉਠਾਂਦੀ ?
ਉਹ ਸੈਨਤ ਸਿੱਧੀ ਹੋ ਕੇ,
ਕਿਉਂ ਰਸਤਾ ਨਹੀਂ ਵਿਖਾਂਦੀ ?
ਜੇ ਇਹ ਭੀ ਹੋ ਨਹੀਂ ਸਕਦਾ,
ਤਦ ਇਹ ਸੋਝੀ ਹੀ ਪਾ ਦੇ,
ਪਰਵਸ ਮਜਬੂਰਾਂ ਉੱਤੇ,
ਏਹ ਟੈਕਸ ਲਗ ਗਏ ਕਾਹਦੇ ?
ਏਹ ਪੋਪ, ਮਸੰਦ, ਮੁਲਾਣੇ,
ਕਿਉਂ ਮੇਰੇ ਮਗਰ ਲਗਾਏ ?
ਏਹ ਲਹੂ ਨਿਚੋੜਨ ਵਾਲੇ,
ਤੂੰ ਵਾਰਸ ਕਦੋਂ ਬਣਾਏ ?
ਮੈਂ ਅੱਕ ਗਿਆ ਮੂੰਹ ਰਖਦਾ,
ਇਸ ਤੇਰੇ ਦਾਵੇਦਾਰ ਦਾ।

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

15. ਏਥੇ ਬੋਲਣ ਦੀ ਨਹੀਂ ਜਾਹ ਅੜਿਆ (ਕਾਫੀ)

1.

ਚੌੜਾ ਦਰਯਾ, ਡੂੰਘਾ ਪਾਣੀ,
ਰਾਤ ਹਨੇਰੀ, ਘੁੰਮਣਵਾਣੀ,
ਬੇੜੀ ਛੇਕੋ ਛੇਕ ਪੁਰਾਣੀ
ਰਿਸ਼ਵਤ ਖੋਰ ਮਲਾਹ ਅੜਿਆ।

2.

ਜੀਭ ਤੇ ਜੰਦਰਾ, ਪੈਰੀਂ ਬੇੜੀ,
ਸੱਚ ਆਖਣ ਦੀ ਵਾਹ ਨ ਮੇਰੀ,
ਦਾਵੇਦਾਰਾਂ ਦੇ ਹੱਥ ਮਿਸਲਾਂ,
ਹਾਕਮ ਬੇਪਰਵਾਹ ਅੜਿਆ।

3.

ਰਬ ਦੀ ਹੁਰਮਤ ਦੇ ਰਖਵਾਲੇ,
ਛੁਰਿਆਂ ਤੇ ਕਿਰਪਾਨਾਂ ਵਾਲੇ,
ਫਤਵੇ ਸਾਂਭੀ ਫਿਰਨ ਦੁਆਲੇ,
ਸੁਕਿਆ ਰਹਿੰਦਾ ਏ ਸਾਹ ਅੜਿਆ।

4.

ਰਬ ਖ਼ਬਰੇ ਮੈਨੂੰ ਮਿਲ ਹੀ ਪੈਂਦਾ,
ਮਿੰਨਤ ਨਾਲ ਮਨਾ ਭੀ ਲੈਂਦਾ,
ਪਰ ਬੇਤਰਸ ਮਸੰਦ ਮਜਾਉਰ,
ਰੋਕੀ ਬੈਠੇ ਰਾਹ ਅੜਿਆ।

5.

ਹਮਸਾਏ ਦਾ ਮੋਢਾ ਫੜਕੇ,
ਕੀ ਹਾਸਲ ਸੁਰਗਾਂ ਵਿਚ ਵੜਕੇ,
ਅਪਣੇ ਪੈਰੀਂ ਤੋੜ ਚੜ੍ਹਨ ਦੀ,
ਦਿਲ ਵਿਚ ਰਹਿੰਦੀ ਏ ਚਾਹ ਅੜਿਆ।

16. ਤੇਰੀ ਗੋਦ ਵਿਚ ਬਾਲ ਅਞਾਣਾ

1.

ਅੰਬ ਦੀਆਂ ਫਾੜੀਆਂ, ਨੈਣ ਮਮੋਲੇ,
ਹਸੂੰ ਹੱਸੂੰ ਕਰਨ ਬਲੌਰੀ ਗੋਲੇ।
ਹਿੱਕ ਨਾਲ ਲਾ ਲਾ, ਕਰਨੀ ਏਂ ਛੀ ਛੀ,
ਰੱਜਨੀ ਏਂ ਬੁੱਲੀਆਂ ਦਾ ਰਸ ਪੀ ਪੀ।
ਭੁੱਲ ਗਿਆ ਸੌਣਾ ਖਾਣਾ,
ਤੇਰੀ ਗੋਦ ਵਿਚ ਬਾਲ ਅਞਾਣਾ।

2.

ਵੇਖਨੀ ਏਂ ਵਿੰਗੀ ਵਰਾਛ ਜਦੋਂ ਲਾਲ ਦੀ,
ਮੱਥੇ ਉੱਤੇ ਧੁੰਮੇ ਤੇਰੇ, ਲਾਲੀ ਕਮਾਲ ਦੀ।
ਹੱਸਦੇ ਨੂੰ ਤੱਕ ਤੱਕ, ਖੀਵੀ ਹੁੰਦੀ ਜਾਨੀ ਏਂ,
ਸੈਨਤਾਂ ਦੇ ਨਾਲ ਪਈ ਪੀਆ ਨੂੰ ਤਕਾਨੀ ਏਂ।
ਤਣਨੀ ਏਂ ਤੰਦਣ ਤਾਣਾ,
ਤੇਰੀ ਗੋਦ ਵਿਚ ਬਾਲ ਅਞਾਣਾ।

3.

ਪਿਆਰ ਦੀ ਦੁਨੀਆਂ ਤੂੰਹੇਂ ਵਸਾਈ,
ਸ਼ਹੁ ਦੀ ਸੂਰਤ ਪੁਤ ਵਿਚ ਆਈ।
ਰੱਬ ਨੇ ਸੁੱਤਾ ਪ੍ਰੇਮ ਜਗਾਇਆ,
ਸਾਂਝੀਆਂ ਸੱਧਰਾਂ, ਬੂਟਾ ਲਾਇਆ।
ਰਲ ਮਿਲ ਪਾਣੀ ਪਾਣਾ।
ਤੇਰੀ ਗੋਦ ਵਿਚ ਬਾਲ ਅਞਾਣਾ।

4.

ਤੂੰ ਤੇ ਸ਼ਹੁ ਰਲ ਇਕ ਮਿਕ ਹੋ ਗਏ,
ਮਕਸਦ ਪੂਰਾ ਕਰਨ ਖਲੋ ਗਏ।
ਸੁਹਣੇ ਜੱਗ ਦੇ ਸੁਹਜ ਵਧਾਣੇ,
ਬੂਟੇ ਲਾ ਲਾ ਫੁੱਲ ਖਿੜਾਣੇ।
ਕੱਠਿਆਂ ਤੁਰਿਆਂ ਜਾਣਾ,
ਤੇਰੀ ਗੋਦ ਵਿਚ ਬਾਲ ਅਞਾਣਾ।

17. ਲਾ ਮਕਾਨ

ਸਾਰਾ ਤੇਰਾ ਕਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਐਨਾ ਖਿਲਰ ਖਿਲਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਸੂਰਜ, ਚੰਦ, ਸਤਾਰੇ, ਧਰਤੀ,
ਸਭ ਨੂੰ ਕੋਈ ਸਹਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਪਰਬਤ, ਨਦੀਆਂ, ਸਬਜ਼ਾ, ਮਹਿਕਾਂ,
ਸੁਹਜਾਂ ਦਾ ਭੰਡਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਮਹਿਫਲ, ਸਾਕੀ, ਮੈ ਤੇ ਮਸਤੀ,
ਰੌਣਕ ਬੋਲ ਬੁਲਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਪੰਧ, ਮੁਸਾਫਿਰ, ਨਦੀ, ਕਿਨਾਰਾ,
ਪਾਰ ਲਗਣ ਦਾ ਚਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਪਿਆਰ, ਉਡੀਕ, ਕਸ਼ਸ਼ ਤੇ ਲਾਰਾ,
ਲੁਕਵਾਂ ਜਿਹਾ ਇਸ਼ਾਰਾ ਤੇ ਹੈ,
ਤੂੰ ਨਹੀਂ ਦਿਸਦਾ।

18. ਮਜ਼ਹਬ

ਸ਼ੁੱਧ ਆਤਮਾ, ਪਹਿਲਾਂ ਪ੍ਰਗਟੀ,
ਮਜ਼ਹਬ ਇਸ ਦੇ ਪਿੱਛੋਂ ਆਇਆ।
ਧਰਮ, ਸਚਾਈ ਦੀ ਚਿਟਾਨ ਤੇ,
ਮਜ਼ਹਬ ਨੇ ਇਕ ਮਹਿਲ ਬਣਾਇਆ।
ਮਜ਼ਹਬ ਤੇ ਪਾਣੀ ਨੂੰ ਗੰਦਾ
ਕੀਤਾ ਜਦੋਂ ਜ਼ਮੀਰ ਫਰੋਸ਼ਾਂ।
ਜਿਉਂ ਕੀ ਤਿਉਂ ਚਿਟਾਨ ਹੀ ਰਹਿ ਗਈ,
ਮਜ਼ਹਬ ਦਾ ਹੋ ਗਿਆ ਸਫਾਇਆ।

ਮਜ਼ਹਬ ਦਾ ਗੜ੍ਹ ਢਹਿੰਦਾ ਜਾਵੇ,
ਥਾਂ ਥਾਂ ਪੈਂਦੇ ਜਾਣ ਮੁਘਾਰੇ।
ਥੋਬੇ ਲਾ ਲਾ ਲਿੰਬੀ ਪੋਚੀ
ਜਾਣ ਭਗਤ ਜਨ ਰਲ ਕੇ ਸਾਰੇ।
ਲਟਕ ਰਹੀ ਹੈ ਤਾਰ ਦਮਾਂ ਦੀ,
ਧਨ ਦੌਲਤ ਦਾ ਫੜੀ ਸਹਾਰਾ।
ਘੜੀਆਂ ਦਾ ਮਹਿਮਾਨ ਬਿਰਛ
ਹਟਕੋਰੇ ਖਾਵੇ ਨਦੀ ਕਿਨਾਰੇ।

19. ਪੇਟ ਪੂਜਾ

ਨਾ ਕੋਈ ਠਾਕੁਰ (ਤੇ) ਨਾ ਕੋਈ ਪੂਜਕ,
ਸਭ ਰੋਟੀ ਦੇ ਉਪਰਾਲੇ।
ਚਿਟੀਆਂ ਪੱਗਾਂ (ਤੇ) ਦੂਹਰੇ ਟਿੱਕੇ,
ਅੰਦਰੋਂ ਹਿਰਦੇ ਕਾਲੇ।
ਹਥ ਵਿਚ ਮਾਲਾ (ਤੇ) ਮੂੰਹ ਵਿਚ ਮੰਤਰ,
ਕੱਛ ਵਿਚ ਤੇਜ਼ ਕਟਾਰੀ,
ਐਸੇ ਠੱਗਾਂ ਨਾਲੋਂ ਚੰਗੇ,
ਖੀਸੇ ਕਤਰਨ ਵਾਲੇ।

ਏਜੰਟਾਂ ਨੂੰ ਸੰਮਣ ਆਏ,
(ਤੁਸੀਂ) ਹਲਵਾ ਖਾ ਖਾ ਕੇ ਫੁਲ ਗਏ।
ਮੂਰਖ ਪਰਜਾ ਲੁਟ ਲੁਟ ਖਾ ਲਈ,
(ਅਤੇ) ਅਸਲ ਮਨੋਰਥ ਭੁਲ ਗਏ।
ਜਾਗ ਉਠੀ ਹੈ ਦੁਨੀਆ, ਹੁਣ ਤੇ
ਭੇਜ ਦਿਓ ਅਸਤੀਫ਼ੇ,
ਮਜ਼ਦੂਰਾਂ ਕਿਰਸਾਨਾਂ ਖਾਤਰ
ਰੱਬ ਦੇ ਬੂਹੇ ਖੁਲ੍ਹ ਗਏ ।

20. ਏਕਾ

1.

ਆ ਵੀਰਨਾ ! ਆ ਬੇਲੀਆ !
ਆ ਸੋਚੀਏ, ਬਹਿ ਕੇ ਜ਼ਰਾ।
ਇਕ ਵਕਤ ਸੀ, ਦੋਵੇਂ ਅਸੀਂ,
ਸਚ ਮੁੱਚ ਦੇ ਇਨਸਾਨ ਸਾਂ।
ਇਕ ਖ਼ੂਨ ਸੀ, ਇਕ ਜਾਨ ਸਾਂ।
ਇਕੋ ਦੋਹਾਂ ਦਾ ਬੱਬ ਸੀ;
ਸਾਂਝਾ ਦੁਹਾਂ ਦਾ ਰੱਬ ਸੀ।
ਨਾ ਵੈਰ ਸਨ, ਨਾ ਛੇੜ ਸੀ,
ਨਾ ਫੁੱਟ ਸੀ, ਨਾ ਤ੍ਰੇੜ ਸੀ।
ਸੀਨੇ ਫਰਿਸ਼ਤੇ ਵਾਂਗ ਸਨ,
ਧੀਆਂ ਤੇ ਭੈਣਾਂ ਸਾਂਝੀਆਂ।
ਹਮਸਾਏ ਮਾਂ ਪਿਉ ਜਾਏ ਸਾਂ,
ਖਾਦੇ ਕਮਾਂਦੇ ਆਏ ਸਾਂ।
ਪਰ ਹੁਣ ਤੇ ਹਾਲਤ ਹੋਰ ਹੈ,
ਢਿੱਡਾਂ 'ਚ ਵੜ ਗਿਆ ਚੋਰ ਹੈ।
ਵਖਰੀ ਜਿਹੀ ਕੋਈ ਵਾ ਵਗੀ,
ਤੈਨੂੰ ਤੇ ਮੈਨੂੰ ਆ ਲਗੀ।
ਮੂੰਹ ਮੁੜ ਗਏ, ਦਿਲ ਫਟ ਗਏ,
ਮੋਹ ਘਟ ਗਿਆ, ਰਾਹ ਵਟ ਗਏ।
ਕੁਝ ਹੱਕ ਕੰਨ ਵਿਚ ਕਹਿ ਗਏ,
ਕੁਝ ਸ਼ੱਕ ਹੱਡੀਂ ਬਹਿ ਗਏ।
ਆਗੂ ਭੀ ਐਸੇ ਮਿਲ ਪਏ,
ਪਾੜੀਂ ਦੋਹਾਂ ਦਾ ਦਿਲ ਗਏ।
ਚੰਗੇ ਭਲੇ ਸਾਂ ਵੱਸਦੇ,
ਅੱਜ ਕਲ ਬਦਲ ਗਈ ਤੋਰ ਕਿਉਂ ?
ਤੂੰ ਹੋਰ ਕਿਉਂ ? ਮੈਂ ਹੋਰ ਕਿਉਂ ?

2.

ਓਹੋ ਜ਼ਿਮੀਂ ਅਸਮਾਨ ਉਹੋ,
ਅੱਲਾ ਉਹੋ, ਇਨਸਾਨ ਉਹੋ।
ਆ ਵੱਟ ਦਿਲ ਦੇ ਕੱਢੀਏ,
ਖ਼ੁਦਗਰਜ਼ੀਆਂ ਹੁਣ ਛੱਡੀਏ।
ਲਾਈਏ ਪਨੀਰੀ ਪਿਆਰ ਦੀ,
ਇਤਫਾਕ ਦੀ, ਇਤਬਾਰ ਦੀ।
ਨਾ ਤੂੰ ਸੜੇਂ ਨਾ ਮੈਂ ਕੁੜ੍ਹਾਂ,
ਨਾ ਤੂੰ ਥੁੜੇਂ ਨਾ ਮੈਂ ਥੁੜਾਂ।
ਹੁਣ ਭੀ ਜੇ ਹੋਏ ਸਾਫ ਨਾ,
ਭੁੱਲਾਂ ਨੂੰ ਕੀਤਾ ਮਾਫ ਨਾ।
ਰੁੜ੍ਹ ਜਾਂ ਗੇ ਘੁੱਮਣਘੇਰ ਵਿਚ
ਪੈ ਜਾਂ ਗੇ ਲੰਮੇ ਫੇਰ ਵਿਚ।
ਪੰਜਾਬ ਦੇ ਹੀਰੇ ਅਸੀਂ
ਸੜਨਾ ਅਸਾਡੀ ਖ਼ੋ ਨਹੀਂ।
ਅਸਲਾ ਨਹੀਂ ਖੋਟਾ ਤਿਰਾ,
ਜਿਗਰਾ ਨਹੀਂ ਛੋਟਾ ਮਿਰਾ।
ਤੂੰ ਮੈਂ ਜਿ ਘੁਲ ਮਿਲ ਜਾਵੀਏ,
ਚੁੱਕਾਂ ਦੇ ਵਿਚ ਨਾ ਆਵੀਏ,
ਬੇਖੌਫ਼ ਹੋ ਕੇ ਵੱਸੀਏ,
ਬਣ ਕੇ ਨਮੂਨਾ ਦੱਸੀਏ।
ਲਾਊ ਬੁਝਾਊ ਆਏ ਜੋ,
ਲੂਤੀ ਚੁਆਤੀ ਲਾਏ ਜੋ,
ਬੂਥਾ ਉਦ੍ਹਾ ਚਾ ਭੰਨੀਏ,
ਆਖਾ ਨਾ ਉਸ ਦਾ ਮੰਨੀਏ।
ਦੋ ਤਾਕਤਾਂ ਜੁੜ ਜਾਣ ਜੇ,
ਕੋਈ ਸਕੇਗਾ ਤੋੜ ਕਿਉਂ ?
ਤੂੰ ਹੋਰ ਕਿਉਂ, ਮੈਂ ਹੋਰ ਕਿਉਂ ?
ਤੂੰ ਸਾਧ ਕਿਉਂ, ਮੈਂ ਚੋਰ ਕਿਉਂ ?

21. ਅੱਗ

(ਗੀਤ)

ਮੇਰੇ ਅੰਦਰ ਬਲਦੀ ਏ ਅੱਗ ਲੋਕੋ,
ਮੇਰੇ ਚਾਰ ਚੁਫੇਰੇ ਅੱਗ ਲੋਕੋ। 1.

ਧਰਮ ਨਿਆਂ ਨੂੰ ਮਿਲੇ ਨ ਢੋਈ,
ਤਾਕਤ ਫਿਰਦੀ ਏ ਬਿਫ਼ਰੀ ਹੋਈ,
ਥਰ ਥਰ ਕੰਬਦਾ ਏ ਜੱਗ ਲੋਕੋ,
ਮੇਰੇ ਲਹਿੰਦੇ ਚੜ੍ਹਦੇ ਅੱਗ ਲੋਕੋ।

2.

ਘਰ ਘਰ ਲਾਲਚ ਤੇ ਖ਼ੁਦਗਰਜ਼ੀ,
ਇਕ ਦੂਜੇ ਦੀ ਰਲੇ ਨ ਮਰਜ਼ੀ,
ਸਭ ਦੀ ਬਾਂਗ ਅਲੱਗ ਲੋਕੋ,
ਮੇਰੇ ਐਧਰ ਔਧਰ ਅੱਗ ਲੋਕੋ।

3.

ਕੁਕੜਾਂ ਵਾਂਗਰ ਲੀਡਰ ਲੜਦੇ,
ਬੇ-ਬੁਨਿਆਦ ਬਹਾਨੇ ਘੜਦੇ,
ਖਤਰੇ ਵਿਚ ਹੈ ਪੱਗ ਲੋਕੋ,
ਮੇਰੇ ਆਸੇ ਪਾਸੇ ਅੱਗ ਲੋਕੋ।

4.

ਹਿੰਦੂ, ਮੁਸਲਿਮ, ਸਿੱਖ, ਈਸਾਈ,
ਪਾਟੇ ਫਿਰਦੇ ਭਾਈ ਭਾਈ,
ਦੂਤੀਆਂ ਦੇ ਆਖੇ ਲੱਗ ਲੋਕੋ,
ਮੇਰੇ ਅੰਦਰ ਬਲਦੀ ਏ ਅੱਗ ਲੋਕੋ।

22. ਦਿਲ ਇੱਕ, ਦਲੀਲਾਂ ਦੋ

ਕਿਸੇ ਵੇਲੇ ਖਿੜ ਖਿੜ ਖੀਵਾ ਹੋ ਜਾਂ,
ਕਿਸੇ ਵੇਲੇ ਪੈਨਾਂ ਰੋ,
ਦਿਲ ਇੱਕ, ਦਲੀਲਾਂ ਦੋ।

1.

ਇਕ ਕਹੇ, ਦੁਨੀਆਂ ਡਾਢੀ ਮਿੱਠੀ,
ਤੂੰ ਸ਼ਾਇਦ ਵਸ ਕੇ ਨਹੀਂ ਡਿੱਠੀ।
ਟੱਬਰ, ਦੌਲਤ, ਰੌਣਕ, ਹਾਸੇ,
ਮੇਲਾ ਹੀ ਮੇਲਾ ਆਸੇ ਪਾਸੇ।
ਪਿਆਰ, ਹਿਮਾਇਤ, ਮਿੱਠੀ ਤੱਕਣੀ,
ਮਰ ਕੇ ਭੀ ਇਹ ਭੁਲ ਨਹੀਂ ਸਕਣੀ,
ਇੱਜ਼ਤ ਤੇ ਅਬਰੋ,
ਦਿਲ ਇੱਕ, ਦਲੀਲਾਂ ਦੋ।

2.

ਦੂਜੀ ਆਖੇ, ਠਗਣੀ ਮਾਇਆ,
ਤੂੰ ਦੁਨੀਆਂ ਨੂੰ ਗਲ ਕਿਉਂ ਲਾਇਆ ?
ਤੇਰਾ ਪੰਧ ਬੜਾ ਹੈ ਲੰਮਾ,
ਇਕ ਦਮ ਭੀ ਨਾ ਵੀਟ ਨਿਕੰਮਾ।
ਸੋਨਾ ਚਾਂਦੀ ਸਭ ਕੁਝ ਸੁਟ ਦੇ,
ਮੋਹ ਮਮਤਾ ਦੀ ਸੰਘੀ ਘੁਟ ਦੇ।
ਬਹਿ ਜਾ ਬੂਹੇ ਢੋ,
ਦਿਲ ਇੱਕ, ਦਲੀਲਾਂ ਦੋ।

3.

ਇਕ ਕਹੇ, ਡਰ ਨਾ, ਬਾਹਰ ਨਿਕਲ ਤੂੰ,
ਝਾਤੀ ਮਾਰ ਦੁਆਲੇ ਵਲ ਤੂੰ।
ਸੇਕ ਬੁਝਾ ਦੇ, ਗੰਦ ਹਟਾ ਦੇ,
ਆਂਢ ਗੁਆਂਢੀਆਂ ਨੂੰ ਠੰਢ ਪਾ ਦੇ।
ਇਹੋ ਜਹਾਨ ਬਹਿਸ਼ਤ ਬਣਾ ਲੈ,
ਪਿਆਰਾਂ ਦੀ ਫੁਲਵਾੜੀ ਲਾ ਲੈ।
ਆਦਰ ਦੀ ਖੁਸ਼ਬੋ,
ਦਿਲ ਇੱਕ, ਦਲੀਲਾਂ ਦੋ।

4.

ਦੂਈ ਕਹੇ, ਕਿਉਂ ਟੱਕਰਾਂ ਮਾਰੇਂ,
ਪਿਆ ਪਰਾਏ ਡੰਗਰ ਚਾਰੇਂ।
ਅਪਣਾ ਆਪ ਨਬੇੜ ਬਖੇੜਾ,
ਲਾਹ ਸੁਟ ਗਲੋਂ ਬਿਗਾਨਾ ਝੇੜਾ।
ਤੂੰ ਸਭ ਦਾ ਚਾਚਾ ਨਹੀਂ ਲਗਦਾ,
ਫਿਕਰ ਪੈ ਗਿਆ ਸਾਰੇ ਜਗ ਦਾ।
ਬਹਿ ਜਾ ਲਾਂਭੇ ਹੋ,
ਦਿਲ ਇੱਕ, ਦਲੀਲਾਂ ਦੋ।

5.

ਵਾਜ ਆਈ ਜੇ ਤਕੜਾ ਹੋਵੇਂ,
ਪੂਰੀਆਂ ਹੋਣ ਦਲੀਲਾਂ ਦੋਵੇਂ।
ਦੁੰਹ ਹੱਥੀ ਦੋ ਰਾਸਾਂ ਫੜ ਕੇ,
ਕਾਬੂ ਕਰ ਲੈ ਉਪਰ ਚੜ੍ਹ ਕੇ।
ਆਪ ਕਿਸੇ ਤੋਂ ਕਾਂਬ ਨਾ ਖਾ ਤੂੰ,
ਦੋਵੇਂ ਅਪਣੇ ਮਗਰ ਚਲਾ ਤੂੰ।
ਤਣ ਕੇ ਜ਼ਰਾ ਖਲੋ,
ਦਿਲ ਇੱਕ, ਦਲੀਲਾਂ ਦੋ।

23. ਪ੍ਰੇਮ ਸੰਦੇਸ਼

ਹਸ ਹਸ ਸਮਾਂ ਲੰਘਾ ਓ ਮਿੱਤਰਾ ! ਹਸ ਹਸ ਸਮਾਂ ਲੰਘਾ

1.

ਸੁਟ ਦੇ ਫਿਕਰ ਅੰਦੇਸ਼ੇ ਜੀ ਦੇ,
ਸਭ ਨੂੰ ਦੇ ਸੰਦੇਸ਼ ਖੁਸ਼ੀ ਦੇ,
ਪ੍ਰੇਮ ਸਤਾਰ ਸੁਣਾ, ਓ ਸਜਣਾ !
ਹਸ ਹਸ ਸਮਾਂ ਲੰਘਾ।

2.

ਜੋ ਮਿਲ ਪਏ ਗਲਵਕੜੀ ਪਾ ਲੈ,
ਅਖੀਆਂ ਪੈਰਾਂ ਹੇਠ ਵਿਛਾ ਲੈ,
ਮੰਨ ਕੇ ਸਕੇ ਭਰਾ, ਓ ਸਜਣਾ !
ਹਸ ਹਸ ਸਮਾਂ ਲੰਘਾ।

3.

ਕਿਨ ਪਾਈਆਂ ਸਨ ਕਚੀਆਂ ਤ੍ਰੇੜਾਂ ?
ਕਿਸ ਦੇ ਛੇੜਿਆਂ, ਛਿੜੀਆਂ ਛੇੜਾਂ ?
ਚੰਬੜੀ ਕਦੋਂ ਬਲਾ, ਓ ਮਿੱਤਰਾ !
ਹਸ ਹਸ ਸਮਾਂ ਲੰਘਾ।

4.

ਤੇਰਾ ਕੰਮ ਖੁਸ਼ੀਆਂ ਤੇ ਹਾਸੇ,
ਅਮਨ ਪਸਰ ਜਾਏ ਚਾਰੇ ਪਾਸੇ,
ਗੁੱਸੇ ਗਿਲੇ ਭੁਲਾ, ਓ ਮਿੱਤਰਾ !
ਹਸ ਹਸ ਸਮਾਂ ਲੰਘਾ।

24. ਪੰਛੀ-ਆਲ੍ਹਣਾ

1.

ਨੀਂਦਰ ਉਸ਼ਾ ਦੀ ਉੱਖੜੀ,
ਚਾਨਣ ਦਾ ਬੂਹਾ ਖੁਲ੍ਹ ਗਿਆ।
ਸੂਰਜ ਨੇ ਮੇਰੇ ਆਲ੍ਹਣੇ ਵਿਚ,
ਪੈਰ ਆ ਕੇ ਰੱਖਿਆ।
ਉਸ ਰੱਖਿਆ, ਮੈਂ ਚੁੱਕਿਆ,
ਸਾਥੀ ਨਾ ਕੋਈ ਉਡੀਕਿਆ।
ਬਸ ਖੰਭ ਖੁਲ੍ਹੇ ਕਰ ਲਏ,
ਤੇ ਆਲ੍ਹਣੇ ਤੋਂ ਚਲ ਪਿਆ।

2.

ਖੁਲ੍ਹੀ ਹਵਾ ਵਿਚ ਪੇਲਦਾ,
ਧਰਤੀ ਤੇ ਚੋਗਾ ਭਾਲਦਾ।
ਖੇਤਾਂ ਦੇ ਸਿੱਟੇ ਭੋਰਦਾ,
ਰੁੱਖਾਂ ਦੇ ਮੇਵੇ ਚੱਖਦਾ।
ਚੇਤਾ ਨਹੀਂ ਦਿਨ ਭਰ ਦੇ ਵਿਚ,
ਕਿੰਨੀਆਂ ਕੁ ਮੌਜਾਂ ਮਾਣੀਆਂ।
ਤਕ ਤਕ ਉੱਚੀਆਂ ਨੀਵੀਆਂ,
ਕਿਸ ਨਾਲ ਪ੍ਰੀਤਾਂ ਪਾਈਆਂ।
ਕੁਝ ਪਾਲੀਆਂ, ਕੁਝ ਤੋੜੀਆਂ,
ਓੜਕ ਦਿਹਾੜਾ ਬੀਤਿਆ।
3.

ਹੁਣ ਸੰਝ ਸਿਰ ਤੇ ਆ ਗਈ,
ਚੋਖਾ ਹਨੇਰਾ ਪੈ ਗਿਆ।
ਸਾਥੀ ਨਾ ਕੋਈ ਜਾਪਦਾ,
ਅਗੇ ਕੋਈ, ਪਿੱਛੇ ਕੋਈ।
ਕੁਝ ਜਾ ਚੁਕੇ,
ਕੁਝ ਜਾ ਰਹੇ।
ਇਕ ਮੈਂ ਇਕੱਲਾ ਰਹਿ ਗਿਆ।

4.

ਖਤਰਾ ਕੀ ਹੈ ?
ਕੱਲਾ ਸਹੀ।
ਆਇਆ ਭੀ ਤਾਂ,
ਕੱਲਾ ਹੀ ਸਾਂ।
ਹਰ ਰੋਜ਼ ਆਉਂਦੇ ਜਾਂਦਿਆਂ,
ਮਿਣ ਛੱਡਿਆ ਹੈ ਰਾਹ ਮੈਂ।
ਡੂੰਘੇ ਹਨੇਰੇ ਵਿੱਚ ਭੀ,
ਭੁਲਦਾ ਨਹੀਂ ਮੈਂ ਆਲ੍ਹਣਾ।
ਉੱਡਾਂਗਾ ਅੱਖਾਂ ਮੀਟ ਕੇ,
ਤਦ ਭੀ ਮੇਰਾ ਘਰ ਆਪਣਾ,
ਪੈਰਾਂ ਤਲੇ ਆ ਜਾਇਗਾ।

25. ਅੰਧ ਵਿਸ਼ਵਾਸ

ਮੁਕਤੀ, ਸੁਰਗ, ਉਮਰ ਤੇ ਕਿਸਮਤ,
ਸਭ ਕੁਝ ਤੇਰੇ ਪੱਲੇ,
ਸਚਿਆਈ ਦੀ ਬੁਚਕੀ ਕਾਹਨੂੰ
ਦੱਬੀ ਬੈਠਾ ਏਂ ਥੱਲੇ ?
ਤੂੰ ਜਾਤਾ, ਅੰਨ੍ਹੇ ਵਿਸ਼ਵਾਸੀ,
ਮੁਕਣੇ ਨਹੀਂ ਮੁਕਾਇਆਂ,
ਪਰ ਇਸ ਨਵੇਂ ਜਗਤ ਵਿਚ ਤੇਰੀ,
ਜਾਦੂਗਰੀ ਨਾ ਚੱਲੇ।

ਦੇਵਤਿਆਂ ਰਿਸ਼ੀਆਂ ਦੇ ਵੇਲੇ,
ਵਰ ਸਰਾਪ ਸਨ ਚਲਦੇ,
ਚੂਲੀ ਭਰ ਕੇ ਮੰਤਰ ਪੜ੍ਹਿਆਂ,
ਨਕਸ਼ੇ ਰਹੇ ਬਦਲਦੇ।
ਕਲਜੁਗ ਨੇ ਸਭ ਕਥਾ ਕਹਾਣੀ,
ਨੰਗੀ ਕਰ ਦਿਖਲਾਈ,
ਪਰ ਮੂਰਖ ਅੰਨ੍ਹੇ ਵਿਸ਼ਵਾਸੋਂ,
ਹਾਲੀ ਭੀ ਨਹੀਂ ਟਲਦੇ।

26. ਮੋਤੀ

ਗੋਤਾ ਖੋਰ ਸਮੁੰਦਰ ਵਿੱਚੋਂ,
ਕਢ ਕਢ ਸਿੱਪ ਖਿਲਾਰੇ,
ਹੱਥੋ ਹੱਥ ਵਿਹਾਝੀ ਜਾਵਣ,
ਮੋਤੀਆਂ ਦੇ ਵਣਜਾਰੇ।
ਕਿਸੇ ਦੀ ਝੋਲੀ ਇੱਕੋ ਭਰ ਦੇ,
ਕਈ ਖਾਲੀ ਹੱਥ ਸਿਧਾਰੇ।
(ਪਰ) ਓਹ ਕੀ ਜਾਣਨ ਸਾਰ ਦੁਰਾਂ ਦੀ,
(ਜਿਹੜੇ) ਸੋਚਣ ਖੜੇ ਕਿਨਾਰੇ।

27. ਗੁਲਾਬ

ਮੈਂ ਗੁਲਾਬ,
ਮੇਰਾ ਕਰਤਵ ਏਹੋ,
ਖਿੜ ਖਿੜ ਬਾਗ਼ ਸਜਾਣਾ।
ਸੁਕ ਸੜ ਜਾਣਾ,
ਭੁਰ ਜਾਣਾ, (ਅਤੇ) ਮੁੜ ਖੇੜੇ ਵਿਚ ਆਣਾ।
ਬਾਗ਼ ਸਲਾਮਤ,
ਬੂਟਾ ਹਰਿਆ,
ਜੀਵੇ ਜਾਗੇ ਮਾਲੀ,
ਸ਼ਾਲਾ ਬਣਿਆ ਰਹੇ, ਮੇਰਾ ਏਥੇ
ਨਿੱਤ ਨਿੱਤ ਆਉਣ ਜਾਣਾ।

28. ਤੇਰੀ ਯਾਦ

ਯਾਦ ਤੇਰੀ ਮਿਲ ਗਈ ਸੀ,
ਦਿਲ ਦੇ ਖੂੰਜੇ ਅੰਦਰ ਰਖਣੀ,
ਜ਼ੁਲਫ ਤੇਰੀ ਦੀਆਂ ਲਪਟਾਂ ਦੀ ਵਾ,
ਮਿਲ ਜਾਂਦੀ ਸੀ ਭਖਣੀ।
ਪਰ ਜਦ ਦਾ ਉਹ ਹੁਸਨ ਹੁਲਾਰਾ,
ਨਜ਼ਰੋਂ ਲਾਂਭੇ ਹੋਇਆ,
ਹਿਰਦੇ ਮੰਦਰ ਦੇ ਵਿਚ ਰਹਿ ਗਈ,
ਥਾਂ ਸਖਣੀ ਦੀ ਸਖਣੀ।

ਪੱਲਾ ਫੜ ਫੜ ਕਿਹਾ ਬੁਤੇਰਾ,
ਬਹਿ ਜਾ, ਬਹਿ ਜਾ, ਬਹਿ ਜਾ,
ਜਿੰਨੀਆਂ ਘੜੀਆਂ ਜੀ ਚਾਹੁੰਦਾ ਈ,
ਓਨਾ ਚਿਰ ਹੀ ਰਹਿ ਜਾ।
ਹਿਜਰ ਤੇਰੇ ਦੀਆਂ ਪੀੜਾਂ ਨੂੰ ਮੈਂ,
ਹਸ ਹਸ ਕੇ ਪੀ ਜਾਸਾਂ,
ਯਾਦ ਤੇਰੀ ਨੂੰ ਯਾਦ ਰਖਾਂਗਾ,
ਏਨੀ ਗਲ ਤੇ ਕਹਿ ਜਾ।

29. ਮਿਲਾਪ ਦੇ ਪਲ

ਉਹ ਆਏ
ਹਸ ਪਏ
ਹਥ ਕੱਢਿਆ
ਕੁਝ ਹਈ ਤੇ
ਅਗੇ ਧਰਦੇ।
ਮੈਂ ਸਹਿਮੀ, ਸਭ ਕੁਝ ਦੇ ਦਾਤੇ,
ਹਾਸਾ ਤੇ ਨਹੀਂ ਕਰਦੇ ?
ਨੀਵੀਂ ਪਾ, ਮੈਂ ਅੰਦਰ ਟੋਹਿਆ,
ਚਾਰੇ ਕੰਨੀਆਂ ਖ਼ਾਲੀ,
ਅਖ ਪੱਟੀ, ਉਹ ਜਾ ਚੁੱਕੇ ਸਨ,
ਹੰਝੂ ਰਹਿ ਗਏ ਭਰਦੇ।

ਅਮ੍ਰਿਤ ਛੰਨਾ, ਛੁਲ ਛੁਲ ਕਰਦਾ,
ਉਨ੍ਹਾਂ ਮੇਰੇ ਹੱਥ ਫੜਾਇਆ,
ਆਖਣ ਲੱਗੇ : ਸਾਰਾ ਪੀ ਜਾ,
ਮੈਂ ਤੇਰੇ ਹੀ ਲਈ ਬਣਾਇਆ।
ਮੈਂ ਝਿਜਕੀ, ਮਤ ਕੌੜਾ ਹੋਵੇ,
ਵਹਿਮਾਂ ਨੇ ਮਤ ਮਾਰੀ,
ਸੋਚਾਂ ਕਰਦਿਆਂ, ਛੰਨਾ ਡਿਗ ਪਿਆ,
(ਪਰ) ਬੁੱਲ੍ਹਾਂ ਤੀਕ ਨਾ ਆਇਆ।

30. ਪੁਰਾਣਾ ਰਾਜ਼

1.

ਜੁੱਗਾਂ ਤੋਂ ਚਲਿਆ,
ਇਕ ਰਾਜ਼ ਪੁਰਾਣਾ,
ਮੈਂ ਸਮਝ ਚੁਕਾ ਹਾਂ,
ਪਰ ਕੀਕਰ ਆਖਾਂ ?
ਇਹ ਹੋਛੀ ਦੁਨੀਆਂ,
ਸੁਣ ਸਹਿ ਨਹੀਂ ਸਕਦੀ।

2.

ਇਕ ਸਾਫ਼ ਸਚਾਈ,
ਦਾ ਸੂਰਜ ਚੜ੍ਹਿਆਂ,
ਚਿਰ ਚੋਖਾ ਹੋਇਆ।
ਪਰ ਨੂਰ-ਮੁਨਾਰੇ-
ਦੀਆਂ ਕਿਰਨਾਂ ਉੱਤੇ,
ਅਖ ਡਹਿ ਨਹੀਂ ਸਕਦੀ।

3.

ਇਕ ਅਜਬ ਤਲਿੱਸਮ,
ਟੁਟ ਚੁਕਾ ਚਿਰੋਕਾ।
ਇਕ ਗੁਪਤ ਖਜ਼ਾਨਾ,
ਮੂੰਹ ਖੁਲ੍ਹਾ ਪਿਆ ਹੈ।
ਪਰ ਜੀਭ ਸੰਗਾਊ,
ਕੁਝ ਕਹਿ ਨਹੀਂ ਸਕਦੀ।

4.

ਮੇਰਾ ਤੇ ਤੇਰਾ,
ਨਹੀਂ ਪਰਦਾ ਕੋਈ।
ਤੂੰ ਮੇਰਾ ਮਹਿਰਮ,
ਮੈਂ ਤੇਰਾ ਭੇਤੀ।
ਇਹ ਗੁੱਝੀ ਛਿੱਪੀ,
ਗਲ ਰਹਿ ਨਹੀਂ ਸਕਦੀ।

5.

ਉਹ ਦਿਨ ਹੈ ਨੇੜੇ,
ਸਭ ਖਲਕ ਕਹੇਗੀ,
ਕਿਨ ਨੀਹਾਂ ਧਰੀਆਂ,
ਕਿਨ ਮਹਿਲ ਉਸਾਰੇ,
ਇਹ ਬਣੀ ਅਟਾਰੀ,
ਹੁਣ ਢਹਿ ਨਹੀਂ ਸਕਦੀ।

31. ਹੀਰਾ

ਹੀਰਿਆ ! ਤੈਨੂੰ ਪਾੜ ਰਹੇ ਉਸਤਾਦ।

1.

ਕਣੀਆਂ ਥਪ ਥਪ ਸਾਣ ਬਣਾਇਆ,
ਰਗੜ ਰਗੜ ਤੇਰਾ ਵਜ਼ਨ ਘਟਾਇਆ,
(ਪਰ) ਸਗੋਂ ਵਧੀ ਤੇਰੀ ਆਬ,
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ।

2.

ਪਾੜਨ ਵਾਲੇ, ਫਿਰਨ ਦੁਆਲੇ,
ਤੂੰ ਓਹਨਾਂ ਦੇ ਮੂੰਹ ਕਰ ਕਾਲੇ,
ਸੌਂ ਨਹੀਂ ਗਿਆ ਪੰਜਾਬ,
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ।

3.

ਘਸਦਾ ਰਹੁ ਪਰ ਤ੍ਰੇੜ ਨਾ ਖਾਵੀਂ,
ਟੋਟਿਆਂ ਵਿਚ ਨਾ ਵੰਡਿਆ ਜਾਵੀਂ,
(ਅਪਣਾ) ਅਸਲਾ ਰੱਖੀਂ ਯਾਦ,
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ।

4.

ਅਜ ਨਹੀਂ ਤੇ ਕੁਝ ਹੋਰ ਦਿਨਾਂ ਨੂੰ,
ਲਭ ਲਏਂਗਾ ਤੂੰ ਅਪਣੇ ਥਾਂ ਨੂੰ,
(ਕਿਸੇ) ਦਰਦੀ ਦੇ ਸਿਰ ਦਾ ਤਾਜ,
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ।

32. ਰਬਾਬ

ਰਬਾਬੀ ! ਧਰ ਦੇ ਹੇਠ ਰਬਾਬ।

1.

ਚੂਲਾਂ ਹਿੱਲੀਆਂ, ਖੋਚਲ ਕਿੱਲੀਆਂ,
ਤਾਰਾਂ ਤਰਬਾਂ ਪੈ ਗਈਆਂ ਢਿੱਲੀਆਂ,
ਭੁਰ ਗਈ ਤੰਦੀ, ਘਸ ਗਿਆ ਜ਼ਖ਼ਮਾ,
ਖਲੜੀ ਹੋਈ ਖਰਾਬ,
ਰਬਾਬੀ ! ਧਰ ਦੇ ਹੇਠ ਰਬਾਬ।

2.

ਬੋਤਲ ਸਖਣੀ ਕਰ ਗਿਆ ਸਾਕੀ,
ਮਹਫਿਲ ਵਿਚ ਰੌਣਕ ਨਹੀਂ ਬਾਕੀ,
ਅਥਰੂ ਡੋਲ੍ਹ ਸ਼ਮਾਂ ਦਾ ਚਾਨਣ,
ਦੇਂਦਾ ਜਾਏ ਜਵਾਬ,
ਰਬਾਬੀ ! ਧਰ ਦੇ ਹੇਠ ਰਬਾਬ।

3.

ਟੁਟਦੇ ਜਾਣ ਖਿਲਾਰੇ ਤਾਣੇ,
ਭੁਲਦੇ ਜਾਂਦੇ ਗੀਤ ਪੁਰਾਣੇ,
ਅਖੀਆਂ ਅਗੋਂ ਹਟਦੇ ਜਾਂਦੇ,
ਘੜੇ ਸੁਨਹਿਰੀ ਖਾਬ,
ਰਬਾਬੀ ! ਧਰ ਦੇ ਹੇਠ ਰਬਾਬ।

4.

ਇਸ ਰਬਾਬ ਨੂੰ ਤੀਲੀ ਲਾ ਦੇ,
ਲਭਦਾ ਈ ਤਾਂ ਕੋਈ ਹੋਰ ਲਿਆ ਦੇ,
ਨਵੀਆਂ ਤਰਜ਼ਾਂ, ਗੀਤ ਅਨੋਖੇ,
ਨਗ਼ਮਿਆਂ ਭਰੀ ਕਿਤਾਬ,
ਰਬਾਬੀ ! ਧਰ ਦੇ ਹੇਠ ਰਬਾਬ।

33. ਅਖੀਆਂ

ਪਿਆਰੇ ਦੀ
ਦੀਦ ਲਈ,
ਦੁਨੀਆਂ ਤੇ ਆਈਆਂ,
ਅਖੀਆਂ।

ਇੰਤਜ਼ਾਰੀ ਦੇ ਲਈ,
ਰਾਹ ਤੇ ਵਿਛਾਈਆਂ,
ਅਖੀਆਂ।

ਜ਼ੱਰਾ ਸੂਰਜ ਦੀ ਤਰਫ,
ਰੱਖੇ ਸਫਰ ਨੂੰ ਜਾਰੀ।

ਏਹੋ ਕੁਝ ਹੁੰਦਾ ਰਹੇ,
ਜਦ ਦੀਆਂ ਲਾਈਆਂ,
ਅਖੀਆਂ।

34. ਕਿੱਸੇ ਅਲਫ ਲੇਲਾ ਵਾਲੇ

1.

ਬੜੇ ਚਿਰਾਂ ਤੋਂ ਪਟੀਆਂ ਪੜ੍ਹਾਂਦਾ ਰਿਹੋਂ ਤੂੰ,
ਸੁਅਰਗਾਂ ਦੇ ਸੁਪਨੇ ਵਿਖਾਂਦਾ ਰਿਹੋਂ ਤੂੰ,
ਕਹਾਣੀ ਸੁਆਦੀ ਬਣਾਂਦਾ ਰਿਹੋਂ ਤੂੰ,
ਲਗਾਂਦਾ ਰਿਹੋਂ ਖੂਬ ਮਿਰਚਾਂ ਮਸਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

2.
ਕਰਾਮਾਤ ਹਰ ਗਲ ਦੇ ਵਿਚ ਤੂੰ ਫਸਾਈ,
ਮੇਰੀ ਜਾਨ ਖਾ ਗਈ ਤੇਰੀ ਪੰਡਿਤਾਈ,
ਹੜਪ ਕਰ ਗਿਓਂ ਮੇਰੀ ਸਾਰੀ ਕਮਾਈ,
ਨ ਸਮਝੇ ਮੈਂ ਸ਼ਤਰੰਜ ਤੇਰੀ ਦੇ ਚਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

3.

ਤੂੰ ਦਿਉਤੇ ਘੜੇ, ਦੇਵੀਆਂ ਭੀ ਬਣਾਈਆਂ,
ਮੁਰਾਦਾਂ ਮੰਗਾਈਆਂ ਤੇ ਸੁਖਣਾ ਸੁਖਾਈਆਂ,
ਤੇ ਨੱਕ ਨਾਲ ਸੌ ਸੌ ਲਕੀਰਾਂ ਕਢਾਈਆਂ,
ਕਰਾਏ ਕਈ ਮੈਤੋਂ ਕਜੀਏ ਕਸਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

4.

ਗੁਲਾਮੀ ਦੇ ਸੰਗਲ ਬੜੇ ਤੂੰ ਬਣਾਏ,
ਸਚਾਈ ਲੁਕਾਈ, ਡਰਾਵੇ ਵਧਾਏ,
ਅਜ਼ਾਦੀ ਮੇਰੀ ਤੇ ਕਈ ਭਾਰ ਪਾਏ,
ਬੜੇ ਜਾਲ ਤਾਣੇ ਤੂੰ ਮੇਰੇ ਦੁਆਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

5.

ਅਞਾਣਾ ਜਦੋਂ ਸਾਂ, ਰਿਹਾ ਪਰਚ ਜਾਂਦਾ,
ਖਿਡੌਣੇ ਤੇਰੇ ਨੂੰ ਰਿਹਾ ਸਿਰ ਝੁਕਾਂਦਾ,
ਮੈਂ ਤੰਗ ਆ ਗਿਆ ਹੁਣ ਤੇ ਮੱਥੇ ਘਸਾਂਦਾ,
ਨਹੀਂ ਜਾਂਦੇ ਐਨੇ ਸਿਆਪੇ ਸੰਭਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

6.

ਜ਼ਮਾਨੇ ਨੇ ਕਰ ਲਈ ਏ ਦੁਨੀਆਂ ਸਿਆਣੀ,
ਗਲੋਂ ਲਹਿ ਗਈ ਉਹ ਬਿਮਾਰੀ ਪੁਰਾਣੀ,
ਉਹ ਪਿਛਲੀ ਜਹਾਲਤ ਨਾ ਜਾਏ ਪਛਾਣੀ,
ਨਵੀਂ ਰੋਸ਼ਨੀ ਨੇ ਨਵੇਂ ਦਿਨ ਵਿਖਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

7.

ਹੈ ਸਾਇਨਸ ਨੇ ਗਿਆਨ ਕੀਤਾ ਸੁਖਾਲਾ,
ਸਚਾਈ ਨੇ ਕਰ ਦਿੱਤਾ ਘਰ ਘਰ ਉਜਾਲਾ,
ਨ ਸੁਰਗਾਂ ਦਾ ਲਾਲਚ, ਨ ਨਰਕਾਂ ਦਾ ਪਾਲਾ,
ਹੋਏ ਦੂਰ ਵਹਿਮਾਂ ਤੇ ਭਰਮਾਂ ਦੇ ਜਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

8.

ਤੂੰ ਰਬ ਅੱਗੇ ਮੇਰੀਆਂ ਸ਼ਕੈਤਾਂ ਲਗਾ ਲੈ,
ਮੇਰੇ ਮਗਰ ਕੁੱਤੇ ਦੁੜਾ ਕੇ ਡਰਾ ਲੈ,
ਬਗਾਵਤ ਬਣਾ ਲੈ, ਯਾ ਕਾਫਰ ਧੁਮਾ ਲੈ,
ਤੂੰ ਕਰ ਛੋੜ ਮੈਨੂੰ, ਖੁਦਾ ਦੇ ਹਵਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

35. ਆ ਸਜਣੀ

1.

ਘੁਟ ਘੁਟ ਕੇ ਫੜੀਆਂ ਡੋਰਾਂ ਨੂੰ,
ਨਾ ਰਿਸ਼ਮਾਂ ਵਾਂਗ ਵਧਾ ਸਜਣੀ,
ਦਰਸ਼ਨ ਮੇਲੇ ਦੀਆਂ ਘੜੀਆਂ ਨੂੰ
ਨਾ ਅਗ੍ਹਾਂ ਅਗ੍ਹਾਂ ਤਿਲਕਾ ਸਜਣੀ।

2.

ਤੂੰ ਕਦ ਮੇਰੇ ਘਰ ਆਵੇਂਗੀ ?
ਕਦ ਗਲ ਲਾ ਕੇ ਅਪਣਾਵੇਂਗੀ ?
ਕਿਤੇ ਮੁਕ ਨਾ ਜਾਣ ਉਡੀਕਾਂ ਏਹ,
ਝਬ ਆ ਸਜਣੀ, ਝਬ ਆ ਸਜਣੀ।

3.

ਗਲ ਲੱਗਣ ਨੂੰ ਜੀ ਕਰਦਾ ਹੇ,
ਪਰ ਬੇ ਅਦਬੀ ਤੋਂ ਡਰਦਾ ਹੈ,
ਵਿਚਕਾਰ ਖਲੋਤੇ ਪੜਦੇ ਨੂੰ
ਤੂੰ ਆਪੀਂ ਪਰੇ ਹਟਾ ਸਜਣੀ।

4.

ਮੇਰੀ ਬਾਂਹ ਫੜਨ ਲਈ ਬਾਂਹ ਕਰ ਦੇ,
ਮੇਰੇ ਬਹਿਣ ਲਈ ਕੋਈ ਥਾਂ ਕਰ ਦੇ,
ਮੇਰੇ ਪੈਰ ਥਿੜਕਦੇ ਜਾਂਦੇ ਨੀਂ,
ਜ਼ਰਾ ਉੜ ਕੇ ਉਤਾਂਹ ਉਠਾ ਸਜਣੀ।

36. ਸੇਫਟੀ ਵਾਲ

ਸੇਫਟੀ ਵਾਲ, ਸੇਫਟੀ ਵਾਲ,
ਕਾਲ ਚਕ੍ਰ ਦੀ ਫਿਰਦੀ ਚਾਲ।

1.

ਬਾਇਲਰ ਦੇ ਵਿਚ ਜੋੜੀ ਭਾਫ਼,
ਇੰਜਨ ਵਾਹੀ ਜਾਏ ਸਾਫ।
ਮੱਠੀ ਹੋਣ ਲਗੇ ਜਦ ਤੋਰ,
ਕਾਇਮ ਰਖੇ ਉਸ ਦਾ ਜ਼ੋਰ,
ਕੋਲਾ ਪੈ ਪੈ ਨਾਲੋ ਨਾਲ,
ਸੇਫਟੀ ਵਾਲ, ਸੇਫਟੀ ਵਾਲ।

2.

ਅਗ ਪਾਣੀ ਦਾ ਸਾਂਝਾ ਖੇਲ,
ਤਾਕਤ ਤੋਰੀ ਚੱਲੇ ਰੇਲ।
ਹੋ ਜਾਏ ਭਾਫ਼ ਜਦੋਂ ਮੂੰਹ ਜ਼ੋਰ,
ਪੈਣ ਲਗੇ ਆਖ਼ਰ ਦਾ ਸ਼ੋਰ।
ਖੁਲ ਜਾਏ ਤਦ ਸੇਫਟੀ ਵਾਲ,
ਸੇਫਟੀ ਵਾਲ, ਸੇਫਟੀ ਵਾਲ।

3.

ਖ਼ੂਨੀ ਘੁੱਗੂ ਰੌਲਾ ਪਾ,
ਅੱਤ ਹੋਈ ਦੇਵੇ ਸਮਝਾ।
ਚਲੇ ਚੁਫੇਰੇ ਤੱਤੀ ਵਾ,
ਸਹਿਜੇ ਸਹਿਜੇ ਭਾਫ਼ ਉਡਾ।
ਮੁੜ ਆ ਜਾਏ ਓਸੇ ਹਾਲ,
ਸੇਫਟੀ ਵਾਲ, ਸੇਫਟੀ ਵਾਲ।

4.

ਕੁਦਰਤ ਦੀ ਇਹ ਚਾਲ ਕਦੀਮ,
ਵਧਦਾ ਜਾਏ ਜਦੋਂ ਸਟੀਮ।
ਹਲ ਸੁੱਟੇ ਧਰਤੀ ਤੇ ਵਾਹ,
ਵਾਧੂ ਤਾਕਤ ਕਰੇ ਤਬਾਹ।
ਫਿਰ ਮੋਇਆਂ ਨੂੰ ਲਏ ਜਿਵਾਲ,
ਸੇਫਟੀ ਵਾਲ, ਸੇਫਟੀ ਵਾਲ।

37. ਮਹਿਫ਼ਲ

ਸਾਕੀ ! ਅਜ ਤੇਰੀ ਮਹਿਫ਼ਲ ਵਿਚ,
ਕੋਈ ਰਾਗ ਨਹੀਂ, ਕੋਈ ਰੰਗ ਨਹੀਂ।

ਚੱਕਰ ਨਹੀਂ ਜਾਮ ਸੁਰਾਹੀ ਦਾ,
ਕੋਈ ਨਚਦਾ ਮਸਤ ਮਲੰਗ ਨਹੀਂ।

ਮਤਲਬ ਦੇ ਬੰਦੇ ਬੈਠੇ ਨੇ,
ਬੁਕਲਾਂ ਵਿਚ ਚੋਰ ਹੈ ਗ਼ਰਜ਼ਾਂ ਦਾ,

ਟੁਕੜੇ ਬਿਨ ਕੋਈ ਉਮੰਗ ਨਹੀਂ,
ਬਿਨ ਪੈਸੇ ਕੋਈ ਮੰਗ ਨਹੀਂ।

ਕੋਈ ਅਗਨ ਨਹੀਂ ਚੰਗਿਆਈ ਦੀ,
ਕੋਈ ਲਗਨ ਨਹੀਂ ਕੁਰਬਾਨੀ ਦੀ,

ਇਨਸਾਫ, ਅਸੂਲ, ਸਚਾਈ ਦਾ,
ਕੋਈ ਰੰਗ ਨਹੀਂ, ਕੋਈ ਢੰਗ ਨਹੀਂ।

ਉਪਰੋਂ ਹੈ ਸ਼ਾਨ ਮੁਲਮੇ ਦੀ,
ਅੰਦਰੋਂ ਕੋਈ ਖੋਟਾ ਸਿੱਕਾ ਹੈ,

ਅਖੀਆਂ ਵਿਚ ਘੱਟਾ ਪੈਂਦਾ ਹੈ,
ਕੋਈ ਅਣਖ ਨਹੀਂ ਕੋਈ ਸੰਗ ਨਹੀਂ।

38. ਦਿਲ ਦੀ ਸੱਧਰ

ਦਿਲ ਕਰਦਾ ਏ, ਮੈਂ ਸੋਹਣੀ ਹੋਵਾਂ।
ਜਿਨ੍ਹਾਂ ਸਖੀਆਂ ਲਾਲ ਰਿਝਾਏ,
ਜਾ ਉਹਨਾਂ ਦੇ ਨਾਲ ਖਲੋਵਾਂ।

1.

ਬਣਾਂ ਪੁਜਾਰਨ, ਅਲ਼ਫੀ ਪਾ ਕੇ,
ਪੂਜਣ ਜਾਵਾਂ, ਥਾਲ ਸਜਾ ਕੇ,
ਪ੍ਰੇਮ-ਗਲੀ ਵਿਚ, ਲਿਟਾਂ ਖਿੰਡਾ ਕੇ,
ਨਾਲੇ ਗਾਵਾਂ, ਨਾਲੇ ਰੋਵਾਂ।
ਦਿਲ ਕਰਦਾ ਏ, ਮੈਂ ਸੋਹਣੀ ਹੋਵਾਂ।

2.

ਬਾਹਰੋਂ ਉਜਲੀ, ਅੰਦਰੋਂ ਕਾਲੀ,
ਚੱਜ ਵਿਹੂਣੀ, ਪੱਲਿਓਂ ਖ਼ਾਲੀ,
ਹੰਝੂ ਪਾ ਪਾ, ਸਾਬਣ ਲਾ ਲਾ,
ਚਿੱਕੜ ਭਰੀਆਂ ਕੰਨੀਆਂ ਧੋਵਾਂ।
ਦਿਲ ਕਰਦਾ ਏ, ਮੈਂ ਸੋਹਣੀ ਹੋਵਾਂ।

3.

ਹਿੰਮਤ ਥੋੜੀ, ਪੰਧ ਲੰਮੇਰਾ,
ਪਤਾ ਨਹੀਂ, ਕੀ ਬਣਸੀ ਮੇਰਾ,
ਪਰ ਆਸ਼ਾ ਦੀ ਤਾਰ ਸੰਭਾਲੀ,
ਘੜੀਆਂ ਗਿਣ ਗਿਣ ਹਾਰ ਪਰੋਵਾਂ।
ਦਿਲ ਕਰਦਾ ਏ, ਮੈਂ ਸੋਹਣੀ ਹੋਵਾਂ।

39. ਉਡੀਕ

ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

1.

ਤੜਕਾ ਹੋਇਆ,
ਲਾਲੀ ਹੱਸੀ।
ਪੰਛੀ ਚਹਿਕੇ,
ਦੁਨੀਆਂ ਵੱਸੀ।
ਦਿਲ ਧੜਕੰਦਾ-ਮੁਠ ਵਿਚ ਫੜ ਕੇ,
ਰਾਹ ਮੈਂ ਤੱਕਿਆ, ਕੋਠੇ ਚੜ੍ਹ ਕੇ।
ਆ ਜਾਏਂ ਕਿਤੇ ਨਜੀਕ।
ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

2.

ਚੜ੍ਹੀ ਦੁਪਹਿਰ,
ਮੈਂ ਰਿੱਧਾ ਪੱਕਾ,
ਥਾਲ ਪਰੋਸਿਆ,
ਫੜ ਲਿਆ ਪੱਖਾ।
ਵਿੱਚ ਬਰੂਹਾਂ-ਨਿਗਾਹ ਜਮਾਈ,
ਕੁੰਡਾ ਖੜਕੇ, ਖੰਘੇ ਮਾਹੀ।
ਅੰਦਰ ਲਵਾਂ ਧਰੀਕ।
ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

3.

ਸੰਝਾਂ ਪਈਆਂ,
ਦੀਵੇ ਜਗ ਪਏ।
ਘਰੋ ਘਰੀ ਵਲ ਪੰਛੀ ਵਗ ਪਏ।
ਸੌਂਦੀ ਜਾਏ ਦੁਨੀਆਂ ਸਾਰੀ,
ਮੇਰੇ ਅੰਦਰ ਫਿਰੇ ਕਟਾਰੀ।
ਮੁੜ ਨਾ ਜਾਏ ਰਫੀਕ।
ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

4.

ਭਿੰਨੀ ਰਾਤ,
ਖਿੜੀ ਫੁਲਵਾੜੀ,
ਮੈਂ ਰੋ ਰੋ ਕੇ ਭਿਉਂ ਲਈ ਸਾੜ੍ਹੀ।
ਘੜੀਆਂ ਗਿਣੀਆਂ,
ਪਹਿਰ ਗੁਜ਼ਾਰੇ।
ਅਖੀਆਂ ਵਿਚ ਦੀ-ਲੰਘੇ ਤਾਰੇ।
ਮੋਟੇ ਅਤੇ ਬਰੀਕ।
ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

5.

ਤੇਰੇ ਵਸ ਵਿਚ ਸਭ ਕੁਝ ਮੇਰਾ,
ਤੂੰ ਤਰੁੱਠੇਂ ਤਾਂ ਵੱਸੇ ਖੇੜਾ।
ਤਾਂਘਾਂ ਤੜਫਣ, ਵਾਹ ਨਾ ਚੱਲੇ,
ਗੋਰਖਧੰਦਾ ਪੈ ਗਿਆ ਪੱਲੇ।
ਗ਼ਲਤ ਬਣਾ ਜਾਂ ਠੀਕ।
ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

40. ਸਵਾਲ ਤੇ ਜਵਾਬ

ਦੋਹਰੇ

ਪਹਿਲੀ ਤੁਕ ਵਿਚ ਸਵਾਲ ਤੇ ਦੂਜੀ ਵਿਚ ਜਵਾਬ

1.

ਫੁੱਲ ਗੁਲਾਬੀ,
ਸੁਹਣਿਆ !
(ਤੂੰ) ਬਣ ਗਿਉਂ
ਕਿਵੇਂ ਗੁਲਾਬ ?
ਖਿੜਾਂ,
ਖਿੜਾਵਾਂ,
ਸਭਸ ਨੂੰ,
ਮੇਰੇ ਮਾਲੀ ਦਾ ਸੀ ਖਾਬ।

2.

ਭਉਰਾ !
ਭਉਂ ਭਉਂ ਕੰਵਲ ਦਾ,
ਕਿਉਂ ਮਾਣੇਂ ਰਸ ਰੰਗ ?
ਸਭ ਕੋਈ ਮਰੇ,
ਸੁਹਣੱਪ ਤੇ,
ਰਬ ਦੀ ਇਹੋ ਉਮੰਗ !

3.

ਤਿੱਤਰੀਏ !
ਤੂੰ ਲੈ ਲਏ
ਕਿਥੋਂ ਐਨੇ ਰੰਗ ?
ਜਿਹੜਾ ਸੁਹਣਾ ਵੇਖਿਆ,
ਓਥੋਂ ਲੀਤਾ ਮੰਗ।

4.

ਬੁਲਬੁਲ ਨੀਂ !
ਤੂੰ ਫੁੱਲ ਦਾ,
ਕਿਉਂ ਲਾ ਲਿਆ ਵਿਰਾਗ ?
ਭੁੱਖੀ ਪ੍ਰੀਤਮ-ਛੋਹ ਦੀ,
ਭਟਕਾਂ ਬਾਗੋ ਬਾਗ।

5.

ਪਾੜ, ਪਪੀਹੇ !
ਚੁੰਝ ਨੂੰ,
ਕਿਉਂ ਨਿਤ ਪਾਵੇਂ ਕੂਕ ?
ਪ੍ਰੇਮ-ਕਣੀ ਦੀ ਤਾਂਘ ਵਿਚ,
ਉਠੇ ਕਲੇਜਿਓਂ ਹੂਕ।

6.

ਕੋਇਲ !
ਕਿਉਂ ਤੂੰ ਕੂਕਦੀ,
ਕਾਲੀ ਗਈਓਂ ਹੋ ?
ਡਾਲੀ ਡਾਲੀ ਲੈਨੀ ਆਂ,
ਸੋਹਣੇ ਦੀ ਕਨਸੋ।

41. ਜੀਵਨ ਜਗਾਵਾ

1

ਅਮਰ ਜੀਵਨ ਜੇ ਚਾਹਨਾ ਏਂ,
ਤਾਂ ਮਰਨੇ ਦੀ ਤਿਆਰੀ ਕਰ।
ਜੇ ਦੇਸ਼ ਆਬਾਦ ਕਰਨਾ ਈਂ,
ਲਹੂ ਦੀ ਨਹਿਰ ਜਾਰੀ ਕਰ।
ਜੇ ਉੱਚੀ ਕੌਮ ਕਰਨੀ ਹੈ,
ਤਾਂ ਬਾਹਵਾਂ ਦੀ ਉਸਾਰੀ ਕਰ।
ਜੇ ਦਿਲ ਜਿੱਤਣ ਦੀ ਸੱਧਰ ਹੈ,
ਤਾਂ ਦੌਲਤ ਨਾ ਪਿਆਰੀ ਕਰ।
ਕਿ ਕੌਮਾਂ ਬਣਦੀਆਂ-
ਚੌੜੇ ਦਿਲਾਂ ਵਾਲੇ ਜਵਾਨਾਂ ਤੇ।
ਤੇ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

2.

ਤਅੱਸਬ ਦੀ ਹਟਾ ਪੱਟੀ,
ਤੇ ਨਫਰਤ ਨੂੰ ਨਾ ਆਦਰ ਦੇ।
ਮੁਹੱਬਤ ਦਾ ਖੁਲਾ ਕਰ ਦਰ,
ਤੇ ਬਾਹਾਂ ਚੌੜੀਆਂ ਕਰ ਦੇ।
ਪਰੇ ਕਰ ਫਿਰਕੇਦਾਰੀ ਨੂੰ,
ਤੇ ਏਕੇ ਦੀ ਹਵਾ ਭਰ ਦੇ।
ਤਰਾਨਾ ਛੇੜ ਕੇ ਕੌਮੀ,
ਕਲੇਜਾ ਚੀਰ ਕੇ ਧਰ ਦੇ।
ਤੇਰੀ ਆਵਾਜ਼ ਗੂੰਜ ਉੱਠੇ,
ਜ਼ਮੀਨਾਂ ਆਸਮਾਨਾਂ ਤੇ।
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

3.

ਤੂੰ ਧੀਰਜ ਨਾਲ ਡਟਿਆ ਰਹੁ,
ਕੋਈ ਦਿਨ ਆ ਹੀ ਜਾਵੇਗਾ।
ਸਚਾਈ ਦਾ ਅਵਾਜ਼ਾ ਉਠ ਕੇ,
ਤਬਦੀਲੀ ਲਿਆਵੇਗਾ।
ਫਤੇ ਦਾ ਹਾਰ, ਤੇਰੇ ਗਲ,
ਸਮਾਂ ਖੁਦ ਆ ਕੇ ਪਾਵੇਗਾ।
ਏ ਹਿੰਦੁਸਤਾਨ ਤੇਰਾ ਹੇ,
ਤੇ ਤੇਰਾ ਹੀ ਕਹਾਵੇਗਾ।
ਬਹਾਦੁਰ ਹੱਸਦੇ ਤੇ ਖੇਡਦੇ,
ਖੇਡਣਗੇ ਜਾਨਾਂ ਤੇ।
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

4.

ਜੇ ਨੀਯਤ ਰਾਸ ਹੈ ਤੇਰੀ,
ਤਾਂ ਨੇੜੇ ਕਾਮਯਾਬੀ ਹੈ।
ਤੇਰੀ ਤਾਕਤ ਦੇ ਤਰਕਸ਼ ਵਿਚ,
ਤਮੱਨਾ ਬੇ ਹਿਸਾਬੀ ਹੈ।
ਖਿਜ਼ਾਂ ਮੁੱਕੀ ਖਲੋਤੀ ਹੈ,
ਬਹਾਰ ਆਈ ਗੁਲਾਬੀ ਹੈ।
ਅਗੇਰੇ ਹੀ ਰਿਹਾ ਤੁਰਦਾ,
ਹਮੇਸ਼ਾ ਤੋਂ ਪੰਜਾਬੀ ਹੈ।
ਪਿਆ ਹੈ ਹੁਣ ਤੇ ਸਾਂਝਾ ਭਾਰ,
ਹਿੰਦੂ ਮੁਸਲਮਾਨਾਂ ਤੇ।
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

42. ਰੱਬ ਏਜਨਸੀ

ਜੇ ਰੱਬ ਹੁੰਦਾ ਧਨ ਦਾ ਭੁੱਖਾ,
ਤਾਂ ਮੈਂ ਸੋਨਾ ਚਾਂਦੀ ਢੇਰੀ ਲਾਂਦਾ।

ਜੇ ਉਹ ਚਾਹੁੰਦਾ ਰੋਟੀ ਕਪੜਾ,
(ਤਾਂ ਮੈਂ) ਸਭ ਕੁਝ ਹੱਥ ਫੜਾਂਦਾ।

ਜਿਸ ਦੀਆਂ ਦਾਤਾਂ ਸਭ ਕੋਈ ਖਾਵੇ,
ਉਹ ਕਿਉਂ ਮੰਗਤਾ ਹੋਇਆ ?

ਭੋਲੇ ਰਬ ਦੇ ਏਜੰਟਾਂ ਨੂੰ,
ਕੋਈ ਨਹੀਂ ਸਮਝਾਂਦਾ।

43. ਪੁਜਾਰੀ ਨੂੰ

ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

1.

ਪਿੱਲੀਆਂ ਇੱਟਾਂ, ਰੇਤਲਾ ਗਾਰਾ,
ਥਰਡ ਕਲਾਸ ਮਸਾਲਾ ਸਾਰਾ,
ਹੇਠੋਂ ਕੱਲ ਚੜ੍ਹਦਾ ਆਵੇ,
ਭੁਰ ਭੁਰ ਪਏ ਉਸਾਰੀ।
ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

2.

ਬੜੇ ਚਿਰਾਂ ਤੋਂ ਝੋਲੇ ਖਾਵੇ,
ਥੱਲਿਓਂ ਨੀਂਹ ਖਿਸਕਦੀ ਜਾਵੇ,
ਜਿਸ ਦਿਨ ਕੋਈ ਹਲੂਣਾ ਥਾਇਆ,
ਡਿਗ ਪੈਣੀ ਹੈ ਸਾਰੀ।
ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

3.

ਦੁਨੀਆਂ ਹੁੰਦੀ ਜਾਏ ਸਿਆਣੀ,
ਹੁਣ ਤੇਰੀ ਕੋਈ ਪੇਸ਼ ਨ ਜਾਣੀ,
ਬੇੜੀ ਛੇਕੋ ਛੇਕ ਪੁਰਾਣੀ,
ਲਭਣੀ ਨਹੀਂ ਸਵਾਰੀ।
ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

4.

ਸੁਰਗ ਨਰਕ ਤੋਂ ਕਪੜਾ ਲਹਿ ਗਿਆ,
ਮਜ਼ਹਬ ਇਕ ਦਿਖਾਵਾ ਰਹਿ ਗਿਆ,
ਜਾਂ ਦਿਸਦੇ ਨੇ ਮਾਇਆਧਾਰੀ,
ਜਾਂ ਰਹਿ ਗਏ ਵਿਭਚਾਰੀ।
ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

44. ਨੀਂਦ

ਨੀਂਦ ਨਖੱਤੀ ਨੂੰ ਕੀ ਆਖਾਂ,
(ਜਿਹੜੀ) ਵੈਰ ਪਈ ਹੱਥ ਧੋ ਕੇ।

ਸਾਰੀ ਰਾਤ ਉਡੀਕਿਆ ਢੋਲਣ,
ਬੂਹੇ ਵਿੱਚ ਖਲੋ ਕੇ।

ਉਹ ਆਇਆ ਪਰ ਮੈਂ ਸ਼ਰਮਾ ਗਈ,
ਅਖੀਆਂ ਢੋ ਲਏ ਬੂਹੇ।

ਹਸਦਾ ਹਸਦਾ ਲੰਘ ਗਿਆ ਮਾਹੀ,
ਪਲਕਾਂ ਉਹਲੇ ਹੋ ਕੇ।

45. ਸਵਰਗ ਨਰਕ

ਸੁਰਗ ਨਰਕ ਦੇ ਸੋਹਲੇ ਸੁਣਾ,
ਲੁਟ ਲੁਟ ਖਾਨਾ ਏਂ ਕਾਹਨੂੰ ?

ਨਰਕ ਦਾ ਨਕਸ਼ਾ ਦਿਖਾ,
ਰੋਜ ਡਰਾਨਾ ਏਂ ਕਾਹਨੂੰ ?

ਮੈਂ ਤੇ ਦੋਹਾਂ ਤੋਂ ਨਿਡਰ,
ਹੋ ਕੇ ਨਿਆਰਾ ਬੈਠਾਂ,

ਫੇਰ ਭੀ ਫਤਵਿਆਂ ਦੇ,
ਤੀਰ ਚੁਭਾਨਾ ਏਂ ਕਾਹਨੂੰ ?

46. ਗ਼ਰੀਬ ਦਾ ਗੁਰਪੁਰਬ

ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ । ਟੇਕ-

1.

ਕੋਈ ਨੰਗਾ, ਅਧ ਕਜਿਆ ਕੋਈ,
ਕਿਸੇ ਦੀ ਪਜਾਮੀ ਪਾਟੀ ਹੋਈ,
ਉਤੋਂ ਨੱਸਾ ਨੱਸਾ ਆਵੇ ਸਿਆਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।

2.

ਪੱਲੇ ਪੈਂਦੀ ਏ ਖਿਚਵੀਂ ਮਜੂਰੀ,
ਕੋਈ ਲੋੜ ਨ ਹੋਵੇ ਪੂਰੀ,
ਅਤੇ ਦਾਣਿਆਂ ਦਾ ਪੈ ਗਿਆ ਕਾਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।

3.

ਸਿਦਕ ਸਬੂਰੀ ਤੋਸ਼ਾ ਮੇਰਾ,
ਨੰਗਿਆਂ ਤੇ ਭੁਖਿਆਂ ਨੂੰ ਆਸਰਾ ਤੇਰਾ,
ਮੇਰਾ ਹਲ ਕਰ ਰੋਟੀ ਦਾ ਸਵਾਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।

4.

ਤੂੰ ਮੇਰਾ ਸਤਿਗੁਰ, ਮੈਂ ਤੇਰਾ ਬੇਟਾ,
ਕੰਗਲੇ ਦੀ ਏ ਕਬੂਲੀਂ ਭੇਟਾ,
ਰੁਖੀ ਰੋਟੀ ਤੇ ਪਤਲੀ ਦਾਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।

47. ਕਾਣਾ ਘੁੰਡ

ਲੰਮੇ ਦੀਏ ਲੰਮੀਏ ਨਾਰੇ !
ਤੇਰੇ ਕਾਣੇ ਘੁੰਡ ਨੇ ਮਾਰਿਆ।

1.

ਘੁੰਡ ਦੇ ਉਹਲਿਓਂ ਦੁਨੀਆਂ ਛਾਣੇਂ,
ਸਭ ਨੂੰ ਤੱਕੇਂ, ਸਭ ਨੂੰ ਜਾਣੇਂ,
ਆਪੂੰ ਲੁਕ ਬਹੇਂ ਕਿਨਾਰੇ।
ਤੇਰੇ ਕਾਣੇ ਘੁੰਡ ਨੇ ਮਾਰਿਆ।

2.

ਹੋਰਾਂ ਨਾਲ ਪਰੀਤਾਂ ਲਾਵੇਂ,
ਮਸਕੀਨਾਂ ਵਲ ਝਾਤ ਨ ਪਾਵੇਂ,
ਤੇਰੇ ਮਾਂਹ ਤੇ ਕਿਸੇ ਨਹੀਂ ਮਾਰੇ।
ਤੇਰੇ ਕਾਣੇ ਘੁੰਡ ਨੇ ਮਾਰਿਆ।

3.

ਵੰਗਾਂ ਭੀ ਛਣਕਣ, ਝਾਂਜਰ ਬੋਲੇ,
ਕਿਉਂ ਬਹਿਨੀ ਏਂ, ਕਰ ਕਰ ਉਹਲੇ,
ਕਰ ਲੈਣ ਦੇ ਖੁਲੇ ਨਜ਼ਾਰੇ।
ਤੇਰੇ ਕਾਣੇ ਘੁੰਡ ਨੇ ਮਾਰਿਆ।

4.

ਤੂੰ ਸਾਡੀ ਤੇ ਅਸੀਂ ਭੀ ਤੇਰੇ,
ਹਸ ਕੇ ਬਹੀਏ, ਹੋਈਏ ਨੇੜੇ,
ਹਟ ਜਾਣ ਭੁਲੇਖੇ ਸਾਰੇ।
ਤੇਰੇ ਕਾਣੇ ਘੁੰਡ ਨੇ ਮਾਰਿਆ।

48. ਜੀਵਨ ਸਾਥ

1.

ਪਿਆਰੀ ! ਮੈਂ ਤੇਰੇ ਬਾਝੋਂ,
ਇਕੱਲਾ ਤੇ ਇਕਾਰਾ ਸਾਂ।
ਤੇਰੀ ਸੰਗਤ 'ਚ ਟਕਸਾਲੇ-
ਬਿਨਾਂ ਬਿਲਕੁਲ ਨਿਕਾਰਾ ਸਾਂ।
ਤੇਰੀ ਥੁੜ ਦੀ ਕਰਾਈ ਸੂਝ,
ਵਸਦੇ ਪੰਛੀਆਂ ਪਸੂਆਂ।
ਤੜਪਦਾ, ਢੂੰਡਦਾ ਫਿਰਦਾ,
ਕੋਈ ਜੀਵਨ-ਸਹਾਰਾ ਸਾਂ।

2.

ਇਕੇਰਾਂ ਤੂੰ ਤੇ ਮੈਂ ਵਖ ਵਖ,
ਭਟਕਦੇ ਜੰਗਲਾਂ ਵਿਚ ਸਾਂ।
ਅਚਾਨਕ, ਇਕ ਨਦੀ ਕੰਢੇ,
ਨਿਗਾਹਾਂ ਸਾਡੀਆਂ ਲੜੀਆਂ।
ਤੇਰੇ ਲਈ ਓਪਰਾ ਸਾਂ ਮੈਂ,
ਮੇਰੇ ਲਈ ਓਪਰੀ ਸੈਂ ਤੂੰ।
ਠਠੰਬਰ ਕੇ ਖਖੜੇ ਹੋ ਗਏ,
ਤੂੰ ਅਪਣੀ ਥਾਂ, ਮੈਂ ਅਪਣੀ ਥਾਂ।

3.

ਦੁਹਾਂ ਦੇ ਦਿਲ ਉਛਲ ਆਏ,
ਦੁਵੱਲੀ ਕਾਲਜੇ ਧੜਕੇ।
ਪਈ ਇਕ ਖਿੱਚ ਪੈਰਾਂ ਨੂੰ,
ਅਸੀਂ ਕੁਝ ਹੋ ਗਏ ਨੇੜੇ।
ਤੂੰ ਅਪਣੇ ਨੈਣ ਨੈਣਾਂ ਵਿਚ
ਖੁਭਾ ਕੇ ਮੇਰਾ ਦਿਲ ਟੋਹਿਆ,
ਅਤੇ ਮੈਂ ਆਪਣਾ ਸਭ ਕੁਝ,
ਵਿਛਾਇਆ ਸ਼ਾਹਮਣੇ ਤੇਰੇ।

4.

ਖੁਸ਼ੀ ਨੇ ਇਕ ਸਰੂਰ ਆਂਦਾ,
ਬੜੇ ਹੱਸੇ, ਬੜੇ ਉਛਲੇ,
ਤਰਾਨੇ ਪਿਆਰ ਦੇ ਛਿੜ ਪਏ,
ਤੰਬੂਰੇ ਇਕ-ਸੁਰੇ ਹੋ ਕੇ।
ਇਸ਼ਾਰੇ ਨਾਲ, ਜੀਵਨ-ਸਾਥ-
ਦੇ ਵਾਅਦੇ ਅਸਾਂ ਕਰ ਲਏ।
ਬਿਨਾਂ ਜਾਣੇ, ਬਿਨਾਂ ਪਰਖੇ,
ਬਿਨਾਂ ਬੋਲੇ ਅਸੀਂ ਤੁਰ ਪਏ।

5.

ਤੂੰ ਅਪਣੀ ਬਾਂਹ ਅਗਾਂਹ ਕੀਤੀ,
ਮੈਂ ਬਰਕਤ ਸਮਝ ਕੇ ਫੜ ਲਈ।
ਕਰੰਟ ਐਸੀ ਪਈ ਸਾਂਝੀ,
ਕਿ ਦੁਨੀਆਂ ਜਗਮਗਾ ਉਠੀ।
ਦਿਲਾਂ ਦੀਆਂ ਧੜਕਣਾਂ, ਮੂੰਹ ਜੋੜ,
ਗੱਲਾਂ ਕਰਨ ਲਗ ਪਈਆਂ।
ਲਿਪਟ ਗਏ ਆਤਮਾ ਐਸੇ,
ਮੈਂ ਤੂੰ ਹੋ ਗਿਆ, ਤੂੰ ਮੈਂ ਹੋ ਗਈ।

6.

ਅਕਾਸ਼ੋਂ ਖ਼ਾਕ ਦੀ ਜੋੜੀ-
ਨੂੰ ਕਾਦਰ ਨੇ ਦੁਆ ਦਿੱਤੀ।
ਗਲਾਂ ਵਿਚ, ਅਸਰਫ਼ੁਲ-ਮਖ਼ਲੂਕ-
ਦੀ ਜੈਮਾਲ ਪਾ ਦਿੱਤੀ।
ਸਿੰਘਾਸਣ ਆਦਮੀਅਤ ਦਾ,
ਮਿਲੀ ਬਖਸ਼ੀਸ਼ ਬੰਦੇ ਨੂੰ,
ਰਜ਼ਾ ਸੁਣ ਕੇ, ਅਸਾਂ, ਤਸਲੀਮ-
ਦੀ ਗਰਦਨ ਝੁਕਾ ਦਿੱਤੀ।

7.

ਸਿਰਾਂ ਤੇ ਚਾ ਲਈ ਸੇਵਾ,
ਅਸਾਂ ਦੁਨੀਆਂ ਵਸਾਉਣ ਦੀ।
ਨਵੇਂ ਰਸਤੇ ਦੇ ਕੰਡੇ ਹੂੰਝ-
ਕੇ, ਸੁਹਣੀ ਬਣਾਉਣ ਦੀ।
ਵਫ਼ਾ, ਸਤਕਾਰ, ਹਿੰਮਤ, ਦਰਦ,
ਕੁਰਬਾਨੀ, ਤੜਪ, ਜਿਗਰਾ,
ਮਨੁੱਖੀ ਆਤਮਾ ਦੀ ਅਣਖ,
ਆਜ਼ਾਦੀ ਬਚਾਉਣ ਦੀ।

8.

ਲਗਾ ਕੇ ਰੌਣਕਾਂ, ਧਰਤੀ ਤੇ,
ਤੂੰ ਸਭਨਾਂ ਦੀ ਛਾਂ ਬਣੀਓਂ।
ਰਿਸ਼ੀ, ਅਵਤਾਰ, ਪੈਗ਼ੰਬਰ,
ਸ਼ਹੀਦਾਂ ਦੀ ਤੂੰ ਮਾਂ ਬਣੀਓਂ।
ਮੇਰੀ ਕੀਮਤ ਵਧਾਈ, ਨੇਕੀਆਂ-
ਦਾ ਰਾਹ ਦਸ ਦਸ ਕੇ,
ਜਗਤ ਮਾਤੇਸ਼ਵਰੀ, ਸਤਕਾਰ-
ਤੇ ਪੂਜਾ ਦੀ ਥਾਂ ਬਣੀਓਂ।

49. ਬੇੜੀ

ਸ਼ਹੁ ਵਿਚ ਇਕ ਬੇੜੀ ਚੱਲੇ।
ਨ ਚੱਪੂ, ਨ ਵੰਝ, ਮੁਹਾਣਾ,
ਡਗਮਗ ਡੋਲਣ ਪੱਲੇ,
ਸ਼ਹੁ ਵਿਚ ਇਕ ਬੇੜੀ ਚੱਲੇ।

1.

ਕਾਲੀ ਰਾਤ, ਹਨੇਰੀ ਵੱਗੇ,
ਕੁਝ ਨ ਸੁੱਝੇ ਪਿੱਛੇ, ਅੱਗੇ,
ਕਾਂਗ ਉਥੱਲ, ਪਥੱਲੇ,
ਸ਼ਹੁ ਵਿਚ ਇਕ ਬੇੜੀ ਚੱਲੇ।

2.

ਨਜ਼ਰ ਨ ਆਵੇ ਕੋਈ ਕਿਨਾਰਾ,
ਨਾ ਕੋਈ ਚਮਕੇ ਨੂਰ-ਮੁਨਾਰਾ,
ਸਾਥੀ ਨਾਲ ਨਾ ਰੱਲੇ।
ਸ਼ਹੁ ਵਿਚ ਇਕ ਬੇੜੀ ਚੱਲੇ।

3.

ਹਲਕੀ ਜਿਹੀ ਕਿਰਨ ਜੇ ਮਿਲਦੀ,
ਰਾਹ ਪੈ ਜਾਂਦੀ ਠਿਲ੍ਹਦੀ ਠਿਲ੍ਹਦੀ,
ਕੰਢਾ ਹੈ ਕਿਤ ਵੱਲੇ।
ਸ਼ਹੁ ਵਿਚ ਇਕ ਬੇੜੀ ਚੱਲੇ।

4.

ਥਰ ਥਰ ਕੰਬੇ, ਰੁੜ੍ਹ ਨਾ ਜਾਵਾਂ,
ਕੂਕੇ ਕਰ ਕਰ ਲੰਮੀਆਂ ਬਾਹਵਾਂ,
ਕੋਈ ਡੁਬਦੀ ਨੂੰ ਝੱਲੇ।
ਸ਼ਹੁ ਵਿਚ ਇਕ ਬੇੜੀ ਚੱਲੇ।

50. ਅਦਲ ਬਦਲ

ਸਾਕੀ !
ਅਜ,
ਕਿਦ੍ਹੇ ਇਸ਼ਾਰੇ ਨੇ-
ਬਦਲਾਈ ਚਾਲ ਜ਼ਮਾਨੇ ਦੀ ?

ਸੂਰਤ ਵਟ ਗਈ-
ਸੁਰਾਹੀ ਦੀ,
ਰੰਗਤ ਫਿਰ ਗਈ ਪੈਮਾਨੇ ਦੀ।

ਪੰਡਤ,
ਮੁੱਲਾਂ,
ਤੇ ਭਾਈ ਜੀ,
ਅਜ ਸਣੇ ਮੁਰੀਦਾਂ ਆਣ ਵੜੇ।

ਇਸ-
ਇਨਸਾਨਾਂ ਦੀ-
ਮਹਿਫਲ ਵਿਚ,
ਰਬ ਲਾਜ ਰਖੇ ਮੈਖਾਨੇ ਦੀ।

51. ਖੁਲੇ ਦਰਵਾਜ਼ੇ

ਗ਼ਜ਼ਲ

ਪੁਰਾਣਾ ਭੇਦ ਜ਼ਾਹਰ ਹੋ ਚੁਕਾ ਹੈ,
ਉਠ, ਦਲੇਰੀ ਕਰ।
ਤੇਰੇ ਖੜਕਾਣ ਦੀ ਹੈ ਲੋੜ,
ਖੁਲ ਜਾਣਾ ਹੈ ਆਪੇ ਦਰ।

ਤੁਰੀ ਹੋਈ ਰੌਸ਼ਨੀ ਦੀ ਰੌ,
ਤੇਰੇ ਤਕ ਆਣ ਪਹੁੰਚੀ ਹੈ,
ਹਨੇਰਾ ਦੂਰ ਕਰ ਸਾਰਾ,
ਪੁਚਾ ਕੇ ਚਾਨਣਾ ਘਰ ਘਰ।

ਖਜ਼ਾਨਾ ਗਿਆਨ ਦਾ ਭਰਿਆ-
ਪਿਆ ਹੈ ਚੱਪੇ ਚੱਪੇ ਤੇ,
ਤਲਿੱਸਮ ਤੋੜ ਕੇ, ਕਢ ਦੇ,
ਖਿਆਲੀ ਭੂਤਨੇ ਦਾ ਡਰ।

ਤੇਰੇ ਤੇ ਰੱਬ ਦੇ ਵਿਚਕਾਰ,
ਪਰਦਾ ਸੀ ਨ ਹੈ ਉਹਲਾ,
ਤੁਸੀਂ ਦੋਵੇਂ ਤਮਾਸ਼ਾਗਰ,
ਤੇ ਦੁਨੀਆਂ ਇਕ ਤਮਾਸ਼ਾ ਘਰ।

ਸਚਾਈ ਨੇ ਸਚਾਈ ਅੰਤ
ਜ਼ਾਹਰ ਹੋ ਕੇ ਰਹਿਣਾ ਹੈ,
ਤਣੇ ਹੋਏ ਜਾਲ ਤੋੜੀ ਗਲ,
ਮੁਹਿਮ ਭਰਮਾਂ ਦੀ ਕਰ ਲੈ ਸਰ।

ਜੇ ਹਿੰਮਤ ਹੈ ਤਾਂ ਘੜ ਤਕਦੀਰ,
ਅਪਣੀ ਆਪਣੇ ਹੱਥੀਂ,
ਪਰਾਈ ਨਾਉ ਤੇ ਨ ਤਰ,
ਨ ਲੈ ਕਿਧਰੋਂ ਉਧਾਰੇ ਪਰ।

ਹਰਿਕ ਗੇੜਾ ਲਿਆਂਦਾ ਹੈ,
ਨਵੀਂ ਦੁਨੀਆਂ, ਨਵਾਂ ਨਕਸ਼ਾ,
ਜ਼ਮਾਨੇ ਨਾਲ ਤੁਰਿਆ ਚਲ,
ਤੇ ਡਰ ਡਰ ਕੇ ਨ ਹਰ ਹਰ ਕਰ।

52. ਨਵੇਂ-ਪੁਰਾਣੇ

ਵਡਿਆਂ ਦੀ ਖਿੱਚੀ ਹੋਈ ਮਦਿਰਾ,
ਹੋ ਗਈ ਬਹੁਤ ਪੁਰਾਣੀ।
ਐਨੀ ਤਿੱਖੀ ਤੇ ਗਲਘੋਟੂ,
ਮੁਸ਼ਕਿਲ ਹੋਈ ਲੰਘਾਣੀ।
ਸੈ ਨਸਲਾਂ ਦੀ ਢਾ-ਉਸਾਰ ਨੇ,
ਰੰਗ ਕਈ ਪਲਟਾਏ,
ਕਿਉਂ ਨ ਮੈਂ ਭੀ ਸੁਣਾਂ ਸਣਾਵਾਂ,
ਅਜ ਦੀ ਨਵੀਂ ਕਹਾਣੀ।

ਵਿਆਸ ਤੇ ਸੁਖਦੇਵ ਨੂੰ,
ਸੁਪਨੇ ਮਿਲੇ ਭਗਵਾਨ ਦੇ,
ਕਾਗਤਾਂ ਤੇ ਵਾਹ ਗਏ,
ਨਕਸ਼ੇ ਜ਼ਿਮੀਂ ਅਸਮਾਨ ਦੇ।
ਵਕਤ ਨੇ ਵਿਸ਼ਵਾਸ ਪੱਥਰ
ਤੋਂ ਲਕੀਰਾਂ ਮੇਟੀਆਂ,
ਖੋਜੀਆਂ ਨੇ ਪਲਟ ਦਿੱਤੇ,
ਲੇਖ ਹਿੰਦੁਸਤਾਨ ਦੇ।

53. ਆਜ਼ਾਦੀ

ਹੁਸਨ,
ਪਦਾਰਥ,
ਮਹਿਲ-ਮੁਨਾਰੇ,
ਮੇਲੇ ਅਤੇ ਨਜ਼ਾਰੇ।
ਦੀਦੇ,
ਖੀਵੇ ਹੋਏ,
ਤਕ ਤਕ-
ਸੁਹਜ ਜਗਤ ਦੇ ਸਾਰੇ।
ਪਰ,
ਜਦ ਤੋਂ,
ਆਜ਼ਾਦ ਜਗਤ ਦੇ,
ਪੈਣ ਲਗੇ ਝਲਕਾਰੇ,
ਇਸ਼ਕ ਤੇਰੇ ਦੇ-
ਚਾ ਦੀਆਂ ਚੀਸਾਂ,
ਸਾਰੇ ਸੁਆਦ ਵਿਸਾਰੇ।

54. ਸਾਕੀਆ

ਭਰ ਭਰ ਜਾਮ ਪਿਆ, ਸਾਕੀਆ ! ਭਰ ਭਰ ਜਾਮ ਪਿਆ।

1.

ਤੇਰੇ ਅੰਦਰ ਮੱਟ ਬੜੇ ਨੇ,
ਚਾਲੀ ਕ੍ਰੋੜ ਪਿਆਕ ਖੜੇ ਨੇ,
ਬੂੰਦ ਬੂੰਦ ਤੇ ਉਡਦੀ ਜਾਵੇ,
ਪੀਪਾ ਦਿਹ ਉਲਟਾ।
ਸਾਕੀਆ ! ਭਰ ਭਰ ਜਾਮ ਪਿਆ।

2.

ਸੁਣ ਸੁਣ ਤੇਰੇ ਫਰਜ਼ੀ ਲਾਰੇ,
ਕਾਹਲੇ ਪੈਂਦੇ ਜਾਂਦੇ ਸਾਰੇ।
ਮੰਗਦੇ ਮੰਗਦੇ ਫਾਵੇ ਹੋ ਗਏ,
ਐਨਾ ਨਾ ਤਰਸਾ।
ਸਾਕੀਆ ! ਭਰ ਭਰ ਜਾਮ ਪਿਆ।

3.

ਤੇਰੀ ਇੱਕ ਪੁਰਾਣੀ ਵਾਦੀ,
ਰਿੰਦਾਂ ਨਾਲ ਕਰੇਂ ਉਸਤਾਦੀ।
ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ,
ਸਿਰ ਦੇਵੇਂ ਪੜਵਾ।
ਸਾਕੀਆ ! ਭਰ ਭਰ ਜਾਮ ਪਿਆ।

4.

ਤੂੰ ਤੇ ਰਿੰਦ ਹੁਣ ਦੋ ਨਹੀਂ ਰਹਿ ਗਏ,
ਇਕਸੇ ਬੇੜੀ ਦੇ ਵਿਚ ਬਹਿ ਗਏ।
ਪੀਂਦਾ ਅਤੇ ਪਿਆਂਦਾ ਚਲ ਹੁਣ,
ਐਵੇਂ ਨ ਸ਼ਰਮਾ।
ਸਾਕੀਆ ! ਭਰ ਭਰ ਜਾਮ ਪਿਆ।

55. ਜਮਦੂਤ ਨੂੰ

ਜਮਦੂਤ ! ਮੇਰੇ ਤੇ ਹਾਲੀ ਰੋਅਬ ਜਮਾ ਨਾ,
ਵਾਰੰਟ ਮੌਤ ਦੇ ਘੜੀ ਮੁੜੀ ਦਿਖਲਾ ਨਾ।

ਰਬ ਦਾ ਸਵਾਲ ਤਾਂ ਬੜਾ ਦੁਰੇਡਾ ਜਾਪੇ,
ਡੁਬਦਾ ਤਰਦਾ, ਲਗ ਜਾਂ ਗਾ ਕੰਢੇ ਆਪੇ।

ਪਰ ਹਾਲੀ ਤੇ ਏਸੇ ਜਹਾਨ ਵਿਚ ਮੇਰਾ,
ਸੁਰਖੁਰੂ ਹੋਣ ਦਾ ਕੰਮ ਪਿਆ ਬਹੁਤੇਰਾ।

ਖਾਬਾਂ ਦੀ ਦੁਨੀਆਂ ਵਸ ਨਹੀਂ ਸੱਕੀ ਹਾਲੀ,
ਕਈ ਨੁਕਰਾਂ ਅੰਦਰੋਂ ਜਾਪਣ ਖਾਲੀ ਖਾਲੀ।

ਬੱਦਲ ਜਿਹੇ ਵਾਂਗ, ਖੜੀ ਵਿਚਕਾਰ ਨਿਰਾਸ਼ਾ,
ਦਿਸਦਾ ਨਹੀਂ ਮੈਨੂੰ ਸਾਫ਼ ਪਾਰਲਾ ਪਾਸਾ।

ਮੈਂ ਸਚਮੁਚ ਦਾ ਇਨਸਾਨ ਕਹਾ ਨਹੀਂ ਸਕਿਆ,
ਖਿਲਰੇ ਹੋਏ ਤੀਲੇ ਜੋੜ ਬਣਾ ਨਹੀਂ ਸਕਿਆ।

ਉਚਿਆਂ ਚੜ੍ਹ ਕੇ, ਕੋਈ ਪਯਾਰ ਝਾਤ ਨਹੀਂ ਪਾਈ,
ਨਾ ਭਾਰਤ ਮਾਤਾ ਦੀ ਕੁਝ ਬਣਤ ਬਣਾਈ।

ਅੰਧੇਰੇ ਵਿਚ ਨਹੀਂ ਕੀਤਾ ਕੋਈ ਉਜਾਲਾ,
ਸੀਤਲ ਨਹੀਂ ਕੀਤਾ ਅਪਣਾ ਆਲ ਦੁਆਲਾ।

ਨਾ ਅਪਣੀ ਜੂਨ ਸੁਆਰੀ, ਨ ਕਿਸੇ ਦੀ,
ਬਹਿ ਕੇ ਟੋਹੀ ਨਹੀਂ ਨਾੜ ਕਿਸੇ ਹਿਰਦੇ ਦੀ।

ਅੰਦਰ ਮੇਰੇ ਤੰਦੂਰ ਜਿਹਾ ਤਪਦਾ ਹੈ,
ਪਰ ਬੇਬਸ ਪਾਸੋਂ ਹੋ ਕੁਝ ਨਹੀਂ ਸਕਦਾ ਹੈ।

ਜਿਉਂ ਜਿਉਂ ਹੁੰਦੀ ਹੈ ਦੇਰ, ਗਰਕਦਾ ਜਾਵਾਂ,
ਮੈਂ ਸ਼ਰਮ ਮਾਰਿਆ ਧੌਣ ਨ ਉਤਾਂਹ ਉਠਾਵਾਂ।

ਪਰ ਆਸ਼ਾ ਮੇਰੀ ਤਾਰ ਵਧਾਈ ਜਾਵੇ,
ਝਾੜੇ ਝੰਬੇ ਹੋਏ ਖੰਭ ਉਗਾਈ ਜਾਵੇ।

ਹਰ ਘੜੀ ਨਵਾਂ ਇਤਿਹਾਸ ਬਣਾ ਸਕਦੀ ਹੈ,
ਹਰ ਹੋਣੀ ਸਜਰਾ ਦੌਰ ਲਿਆ ਸਕਦੀ ਹੈ।

ਮੈਂ ਮੁਠ ਵਿਚ ਮੌਤ ਹਯਾਤ ਸਾਂਭ ਕੇ ਰਖੀਆਂ,
ਆਜ਼ਾਦੀ ਦਾ ਦਿਨ ਦੇਖ ਲੈਣ ਏਹ ਅਖੀਆਂ।

56. ਖ਼ਾਲਿਕ-ਖ਼ਲਕ

ਖ਼ਲਕਤ ਰਬ ਵਿਚ, (ਤੇ) ਰਬ ਖ਼ਲਕਤ ਵਿਚ,
ਜਿਉਂ ਮਹਿੰਦੀ ਵਿਚ ਲਾਲੀ।
ਹਰ ਹਿਰਦੇ ਵਿਚ ਰਬ ਦਾ ਆਸਣ,
ਕੋਈ ਜਾਹ ਨ ਜਾਪੇ ਖਾਲੀ।
ਬਾਹਰੋਂ ਰਬ ਜਾਪੇ ਨ ਜਾਪੇ,
ਅੰਦਰੋਂ ਦੇਇ ਦਿਖਾਲੀ।
ਜਿਹੜਾ ਰਬ ਨੂੰ ਬਾਹਰ ਨਿਖੇੜੇ,
(ਉਹਦੀ) ਅਪਣੀ ਖਾਮ ਖਿਆਲੀ।

ਜਿਉਂ ਜਿਉਂ ਰਬ ਹੁੰਦਾ ਜਾਏ ਸਾਂਝਾ,
ਘਰ ਘਰ ਹੁੰਦਾ ਜਾਏ ਉਜਾਲਾ।
ਧੁਪਦੀ ਜਾਏ ਮੈਲ ਦਿਲਾਂ ਦੀ,
ਪ੍ਰੇਮ ਨਦੀ ਵਿਚ ਉਠੇ ਉਛਾਲਾ।
ਜੇਕਰ ਭਾਰਤ ਦੇ ਜ਼ਮੀਰ ਨੂੰ,
ਪਾਪੀ ਪੇਟ ਨ ਕਰਦਾ ਕਾਲਾ,
ਮੁੱਦਤ ਦਾ ਬਣ ਚੁਕਿਆ ਹੁੰਦਾ,
ਸਰ ਇਕਬਾਲ ਦਾ 'ਨਯਾ ਸ਼ਿਵਾਲਾ'।

57. ਪ੍ਰੇਮ ਸਤਾਰ

1.

ਪ੍ਰੇਮ ਜਗਤ ਹੈ ਬੜਾ ਉਚੇਰਾ,
ਘਟ ਘਟ ਵਿਚ ਭਗਵਨ ਦਾ ਡੇਰਾ,
ਨਸ ਨਸ ਦੇ ਵਿਚ ਖੜਕ ਰਹੀ ਹੈ,
ਪ੍ਰੇਮ ਦੀ ਸਾਂਝੀ ਤਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।

2.

ਸ਼ਰਾ ਧਰਮ ਦੇ ਭੁੱਲ ਜਾ ਝੇੜੇ,
ਰੋਟੀ ਦੇ ਕਰ ਖ਼ਤਮ ਬਖੇੜੇ,
ਦਿਲ ਹੋ ਜਾਵਣ ਨੇੜੇ ਨੇੜੇ,
ਜਾਗ aੇਠੇ ਸਤਕਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।

3.

ਮਨੋਂ ਉਠਾ ਦੂਈ ਦਾ ਡੇਰਾ,
ਜੋਗ ਹੋਵੇ ਸੰਪੂਰਨ ਤੇਰਾ,
ਸਾਂਝੇ ਮੰਡਪ ਦੇ ਵਿਚ ਲਾ ਲੈ,
ਭਗਵਨ ਦਾ ਦਰਬਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।

4.

ਜੀ ਜੀ ਹੈ ਤੇਰਾ ਗੁਰੁ ਭਾਈ,
ਹਿੰਦੂ, ਮੁਸਲਿਮ, ਸਿਖ, ਈਸਾਈ,
ਮੰਦਿਰ, ਮਸਜਿਦ ਦੇ ਵਿਚ ਗੂੰਜੇ,
ਪ੍ਰੇਮ ਦੀ ਜੈ ਜੈ ਕਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।

58. ਸ਼ੂਦਰ-ਅਛੂਤ

ਜਮਦਿਆਂ ਮਾਨੁੱਖ ਨੇ,
ਮਾਨੁੱਖਤਾ ਨੂੰ ਧਾਰਿਆ,
ਮਨੂ ਨੇ ਕਮਜ਼ੋਰ ਨੂੰ,
ਸ਼ੂਦਰ ਬਣਾ, ਧਤਕਾਰਿਆ।
ਜੀ ਉਠੀ ਇਨਸਾਨੀਅਤ ਨੇ,
ਫੇਰ ਗਲ ਨੂੰ ਲਾ ਲਿਆ,
ਸਿਰ ਨਹੀਂ ਹੰਕਾਰ ਦਾ-
ਉਠਦਾ ਸ਼ਰਮ ਦਾ ਮਾਰਿਆ।

ਬਾਹਮਣ-ਖਤਰੀ
ਟਿੱਕਿਆਂ ਵਾਲੇ,
ਜਾਤਾਂ ਦੇ ਹੰਕਾਰੀ।
ਸੰਤ-ਮਹੰਤ, ਸੰਭਾਲੀ ਬੈਠੇ,
ਰਬ ਦੀ ਠੇਕੇਦਾਰੀ।
ਛੁਹ ਛਾਇਆ ਦਾ
ਕੋਹੜ ਸੰਭਾਲੀ,
ਤੁਰਦਿਆਂ ਸ਼ਰਮ ਨਾ ਆਵੇ,
ਮਾਨੁਖਤਾ ਦੇ ਜੌਹਰ ਬਾਝੋਂ,
ਲਾਨਤ ਹੈ ਇਹ ਸਾਰੀ।

59. ਰੱਬ ਤੇ ਮਜੂਰ

ਜਿਉਂ ਜਿਉਂ ਰਬ,
ਹੁੰਦਾ ਜਾਏ ਨੇੜੇ,
ਦੋਜ਼ਖ ਦਾ ਡਰ
ਲਹਿੰਦਾ ਜਾਵੇ।

ਕਾਫਰ ਕਾਫਰ-
ਆਖਣ ਵਾਲਾ,
ਹੁਣ ਤੋਂ ਆਪ
ਪਿਆ ਸ਼ਰਮਾਵੇ।

ਸਿਰ ਤੋਂ ਸੁੱਟ,
ਪੁਰਾਣੀਆਂ ਪੰਡਾਂ,
ਨਵੇਂ ਸੁਰਗ ਵਿਚ
ਦਾਖਲ ਹੋਇਆ,

ਅਪਣੀ ਕਿਸਮਤ
ਆਪ ਘੜਨ ਦੀ,
ਰੀਝ
ਮਜੂਰਾਂ ਨੂੰ ਭੀ ਆਵੇ।

60. ਪੁੰਨ ਪਾਪ

ਆਪੇ ਭੈੜੇ ਪਾਸੇ ਜਾਵੇਂ,
ਆਪੇ ਪਾਪ ਬਣਾਵੇਂ।
ਧਰਮ ਰਾਜ ਦੀ ਚੜ੍ਹੇਂ ਕਚਹਿਰੀ,
ਆਪੇ ਡੰਡ ਲੁਆਵੇਂ।
ਥੱਲੇ ਉਤਰ, ਨਿਆਂ ਦੇ ਤਖਤੋਂ,
ਮਨ ਕਿਉਂ ਹੋਇਆ ਮੈਲਾ ?
ਸਭ ਤੋਂ ਖਰੀ ਸਿਆਣਪ ਉਹ,
ਜੇ ਪਹਿਲਾਂ ਈ ਪੈਰ ਬਚਾਵੇਂ।

ਤੂੰਹੇਂ ਕਰਤਾ, ਤੂੰਹੇਂ ਭੁਗਤਾ,
ਤੂੰਹੇਂ ਤਖਤ ਅਦਲ ਦਾ।
ਘੁਟ ਕੇ ਫੜ ਲੈ ਮਨ ਦੀਆਂ ਵਾਗਾਂ,
(ਜੋ) ਪਲ ਪਲ ਰਹੇ ਬਦਲਦਾ।
ਸੀਤ ਹੋ ਜਾਏ ਤਨ ਮਨ ਤੇਰਾ,
(ਜੇ) ਬਣ ਕੇ ਰਹੇਂ ਕਿਸੇ ਦਾ,
ਨਾ ਤੂੰ ਬਣ ਕਾਰਜ ਦਾ ਕਰਤਾ,
ਨਾ ਬਣ ਭਾਗੀ ਫਲ ਦਾ।

61. ਹੁਸਨ ਦਾ ਗੁਮਾਨ

ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ।

1.

ਰੂਪ ਤੇਰ ਦੀਆਂ ਧੁੰਮਾਂ ਪਈਆਂ,
ਸੱਤ ਵਲੈਤੀਂ ਖਬਰਾਂ ਗਈਆਂ,
ਮੰਨ ਗਿਆ ਸਾਰਾ ਜਹਾਨ।
ਹੁਸੀਨਾਂ ਦੇ ਵਿਚ ਤੂੰ ਪਰਧਾਨ।
ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ।

2.

ਆਸ਼ਕਾਂ ਤੇਰੇ ਅੱਗੇ ਪੱਲਾ ਅੱਡਿਆ,
ਤੂੰ ਐਪਰ ਹੰਕਾਰ ਨ ਛੱਡਿਆ,
ਜਾ ਚੜ੍ਹੀਓਂ ਅਸਮਾਨ,
ਮਾਰਿਆ ਹੇਠ ਨ ਰਤਾ ਧਿਆਨ।
ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ।

3.

ਸੰਝ ਪਈ, ਪਰਛਾਵਾਂ ਲਹਿ ਗਿਆ,
ਹੁਸਨ ਤੇ ਜੋਬਨ ਸੁਪਨਾ ਰਹਿ ਗਿਆ,
ਸਮਾਂ ਬੜਾ ਬਲਵਾਨ।
ਮੁਕ ਗਈ ਚਾਰ ਦਿਨਾਂ ਦੀ ਸ਼ਾਨ।
ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ।

4.

ਅੰਤ ਸਮਾਂ ਹੁਣ ਆ ਗਿਆ ਨੇੜੇ,
ਭੁਲ ਜਾਵਾਂ ਸਭ ਸ਼ਿਕਵੇ ਤੇਰੇ,
ਛਡ ਦੇਵੇਂ ਜੇ ਅਭਿਮਾਨ।
ਤੁਰ ਗਏ ਬੜੇ ਬੜੇ ਸੁਲਤਾਨ।
ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ।

62. ਰਬ ਦੀ ਦੁਹਾਈ

ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।

1.

ਜਦੋਂ ਤੂੰ ਬਣਾਏ ਰਾਜੇ ਰਾਣੇ,
ਵਾਂਜੇ ਰਖੇ ਕਿਉਂ ਕੰਗਲੇ ਨਿਮਾਣੇ ?
ਐਡੀ ਸੁਹਣੀ ਲੀਲਾ ਰਚ ਕੇ,
ਇਹ ਕੀ ਤੂੰ ਲੀਕ ਲੁਆਈ ?
ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।

2.

ਇਕਧਿਰ ਤੜਫਣ ਅਮਨ ਦੇ ਹਾਮੀ,
ਇਕਧਿਰ ਨਕ ਨਕ ਆਈ ਗੁਲਾਮੀ,
ਲਹੂ ਤਿਹਾਈ ਤਾਕਤ ਖਬਰੇ,
ਕੀਕੂੰ ਤੂੰ ਸਿਰ ਤੇ ਚੜ੍ਹਾਈ।
ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।

3.

ਖਤਰੇ ਵਿਚ ਹੈ ਤੇਰੀ ਵਡਿਆਈ,
ਤ੍ਰਾਹ ਤ੍ਰਾਹ ਕਰ ਉਠੀ ਸਾਰੀ ਖ਼ੁਦਾਈ,
ਵੇਖ ਕੇ ਭੱਠ ਵਿਚ ਭੁਜਦਾ ਬੰਗਾਲਾ,
ਜਾਗ ਨ ਤੈਨੂੰ ਆਈ ?
ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।

4.

ਮਾੜਿਆਂ ਦੀ ਗਲ ਮੰਨਦਾ ਕਿਉਂ ਨਹੀਂ ?
ਤਕੜਿਆਂ ਦਾ ਮੂੰਹ ਭੰਨਦਾ ਕਿਉਂ ਨਹੀਂ ?
ਜਾਂ ਰਖ ਨੇਕੀ ਤੇ ਪ੍ਰੇਮ ਦੇ ਪੁਤਲੇ,
ਜਾਂ ਰਖ ਬੰਬਾਂ ਦੀ ਲੜਾਈ।
ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।

63. ਸ਼ਿਕਾਰੀ

ਅੱਗੇ ਬਲਬ ਜਗੇ
ਬਿਜਲੀ ਦਾ,
ਪਿੱਛੇ ਘੁੱਪ ਹਨੇਰਾ।

ਇਸ ਪੜਦੇ ਦੇ ਹੇਠ
ਸ਼ਿਕਾਰੀ,
ਪਾਈ ਬੈਠੇ ਡੇਰਾ।

ਤਸਬੀ,
ਤਿਲਕ,
ਸਲੀਬ,
ਸਿਮਰਨਾ,
ਜੁਗ ਜੁਗ ਜੀਉਣ ਸਹਾਰੇ,

ਬੇ ਸਮਝਾਂ ਨੇ,
ਰਬ ਦੇ ਰਾਹ ਤੇ,
ਰਖਿਆ ਰਿਜ਼ਕ ਬੁਤੇਰਾ।

64. ਆਨੰਦ

ਹਰ ਵੇਲੇ ਆਨੰਦ ਰਿਹਾ ਕਰ, ਹਰ ਵੇਲੇ ਆਨੰਦ।

1.

ਪਹੁ ਫੁਟਦੀ ਤੋਂ ਖਾਓ ਪੀਏ ਤਕ,
ਲੜ ਜੀਵਨ ਸੰਗ੍ਰਾਮ।
ਅੱਖ ਖੁਲ੍ਹੇ ਤਦ ਸਜਰੇ ਰਣ ਵਿਚ,
ਵਧ ਵਧ ਪਾ ਦੇ ਸ਼ਾਮ।
ਦੁਖਾਂ ਸੁਖਾਂ ਦੀ ਮਜ਼ਲ ਮੁਕਾਂਦਾ,
ਖੇੜਾ ਕਰੀਂ ਨ ਬੰਦ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।

2.

ਚਾਨਣ ਅਤੇ ਹਨੇਰਾ ਦੋਵੇਂ,
ਤੁਰਦੇ ਨਾਲੋ ਨਾਲ।
ਹਰ ਹੰਭਲੇ ਵਿਚ, ਲੁਕੀਆਂ ਛਿਪੀਆਂ-
ਖੁਸ਼ੀਆਂ ਦੀ ਕਰ ਭਾਲ।
ਸੂਰਜ ਨਿੱਘ ਪੁਚਾਂਦਾ ਜਾਵੇ,
ਠੰਢਕ ਦੇਵੇ ਚੰਦ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।

3.

ਅਦਲ ਬਦਲ ਦਾ ਚੱਕਰ ਚੱਲੇ,
ਆਸ਼ਾ ਦੇ ਆਧਾਰ।
ਹਸਦਾ ਹਸਦਾ, ਬਾਹਾਂ ਮਾਰਦਾ,
ਨਦੀਓਂ ਹੋ ਜਾ ਪਾਰ।
ਪਰ ਮੱਥੇ ਤੇ ਕਿਸੇ ਸਮੇਂ ਭੀ,
ਵੱਟ ਨ ਕਰੀਂ ਪਸੰਦ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।

4.

ਕੁਦਰਤ ਤੈਨੂੰ ਅਗਾਂਹ ਵਧਾਵੇ,
ਜੇਕਰ ਤਿੱ੍ਰਖੀ ਚਾਲ।
ਪਿਛਾਂਹ ਖਲੋਤੇ ਸਾਥੀਆਂ ਨੂੰ ਭੀ,
ਸੱਦ ਰਲਾ ਲੈ ਨਾਲ।
ਖਿੜਦਾ ਅਤੇ ਖਿੜਾਂਦਾ ਜਾਵੇ,
ਦਾਤਾ ਦਾ ਫਰਜ਼ੰਦ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।

65. ਮਾਤ ਭੂਮੀ

ਗ਼ਜ਼ਲ

ਗ਼ੁਲਾਮ ਜਨਿਤਾ ਦੀ ਮਾਤ ਭੂਮੀ !
ਨਿਰਾਸ ਨ ਹੋ ਨ ਕੰਬ ਥਰ ਥਰ।
ਲਹੂ ਪਿਆ ਕੇ ਨ ਪਾਲ ਚਿੰਤਾ,
ਨ ਨੈਣ ਭਰ ਭਰ ਕੇ ਜੀ ਬੁਰਾ ਕਰ।

ਬਿਤਰਸ ਹੁੰਦੇ ਨੇ ਬੁੱਤ ਹਮੇਸ਼ਾਂ,
ਤੂੰ ਪੱਥਰਾਂ ਤੋਂ ਉਮੈਦ ਨ ਰਖ,
ਤੂੰ ਉਠ ਖੜੀ ਹੋ, ਇਰਾਦਾ ਕਰ ਕੇ,
ਤੇ ਆਪ ਬਣ ਕੇ ਵਿਖਾਲ ਬੁਤਗਰ।

ਤੂੰ ਜਿਸ ਸਤਾਰੇ ਦੀ ਲੋ ਨੂੰ ਤਰਸੇਂ,
ਓ ਚੜ੍ਹ ਚੁਕਾ ਹੈ ਬੜੇ ਚਿਰਾਂ ਦਾ,
ਤੂੰ ਜਿਸ ਅਗਨ ਦੀ ਤਲਾਸ਼ ਵਿਚ ਹੈਂ,
ਓ ਜਗ ਰਹੀ ਹੈ ਤੇਰੇ ਹੀ ਅੰਦਰ।

ਪਰਾਏ ਪੁਤ੍ਰਾਂ ਦਾ ਕੀ ਭਰੋਸਾ,
ਪਰਾਈ ਛਾਹ ਤੇ ਮੁਨਾ ਨ ਝਾਟਾ,
ਤੂੰ ਅਪਨੀ ਔਲਾਦ 'ਚੋਂ ਖੜੇ ਕਰ-
ਖਮੋਸ਼ ਸੇਵਕ, ਬਿਗਰਜ਼ ਲੀਡਰ।

ਤੇਰੇ ਹੀ ਪੁਤ੍ਰਾਂ ਪੁਆਏ ਸੰਗਲ,
ਉਨ੍ਹਾਂ ਹੀ ਰਲ ਮਿਲ ਕੇ ਤੋੜਨੇ ਨੇ,
ਤੂੰ ਬੇਵਿਸਾਹੀ ਦਾ ਭੂਤ ਕਢ ਦੇ
ਤੇ ਏਕਤਾ ਦਾ ਪੜ੍ਹਾ ਦੇ ਮੰਤਰ।

ਦਲੇਰ, ਨਿਰਛਲ ਤੇ ਨੇਕ ਰਹਬਰ,
ਨਿਤਰ ਰਹੇ ਨੇ ਤਲੀ ਤੇ ਸਿਰ ਧਰ,
ਕਿ ਖਾ ਖਾ ਮਰਜੀਉੜਾ ਹੀ ਗੋਤੇ,
ਹੈ ਢੂੰਡਦਾ ਆਬਦਾਰ ਗੌਹਰ।

ਸ਼ਮਾਂ ਤੇ ਨਕਲੀ ਤੇ ਅਸਲ ਭੰਭਟ-
ਦੀ ਪਰਖ ਦਾ ਆ ਗਿਆ ਹੈ ਵੇਲਾ,
ਕਿ ਕੌਮੀ ਰਤਨਾਂ ਦੀ ਚੋਣ ਖਾਤਰ-
ਹੀ ਰਿੜਕਿਆ ਜਾ ਰਿਹਾ ਏ ਸਾਗਰ।

66. ਪੰਛੀ-ਉਡਾਰੀ

ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

1.

ਪਿੰਜਰੇ ਦਾ ਮੋਹ ਤੋੜ ਚੁਕਾ ਹੈਂ,
ਨੀਵੀਂ ਧਰਤੀ ਛੋੜ ਚੁਕਾ ਹੈਂ,
ਉਡਦਾ ਉਡਦਾ ਅਰਸ਼ੇ ਚੜ੍ਹ ਜਾ,
(ਜਿਥੋਂ) ਦਿਸ ਪਏ ਦੁਨੀਆਂ ਸਾਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

2.

ਫੁਲਦੀ ਜਾਵੇ ਛਾਤੀ ਤੇਰੀ,
ਨਿਗਹ ਬਣਾ ਲੈ ਹੋਰ ਚੁੜੇਰੀ,
ਜਿਸ ਸੂਰਤ ਵਿਚ ਝਾਤੀ ਪਾਵੇਂ,
ਜਿੰਦੋਂ ਲਗੇ ਪਿਆਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

3.

ਮੇਰ ਤੇਰ ਦੀਆਂ ਕੰਧਾਂ ਢਾਹ ਦੇ,
ਸਭ ਥਾਂ ਪਿਆਰ-ਪਨੀਰੀ ਲਾ ਦੇ,
ਹਸਮੁਖ, ਨਿਰਮਲ, ਸੀਤਲ ਜਿੰਦੜੀ,
ਦੁਖੀਆਂ ਦੀ ਦਿਲਦਾਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

4.

ਖੰਭ ਖੁਲ੍ਹੇ, ਅਖੀਆਂ ਵਿਚ ਲਾਲੀ,
ਵੰਡਦਾ ਚੱਲ ਖੁਸ਼ੀ, ਖੁਸ਼ਹਾਲੀ,
ਸੁਣ ਸੁਣ ਤੇਰੇ ਗੀਤ ਰਸੀਲੇ,
ਛਿੜ ਪਏ ਪ੍ਰੇਮ-ਉਸਾਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

67. ਹਿੰਮਤ

ਸੈ ਤਕਦੀਰਾਂ,
ਘੜੀਆਂ ਭੱਜੀਆਂ,
ਸੈ ਬਲੀਆਂ
ਬੁਝ ਗਈਆਂ।

ਪਰ ਹਿੰਮਤ ਦੀਆਂ-
ਪਾਈਆਂ ਲੀਕਾਂ,
ਦਿਨ ਦਿਨ ਉਘੜਨ ਪਈਆਂ।

ਤੂੰ ਆਲਸ ਦਾ-
ਪੱਲਾ ਫੜ ਕੇ,
ਨਾਂ ਕਿਸਮਤ ਦਾ ਧਰਿਆ,

ਹਿੰਮਤੀਆਂ ਨੇ,
ਮਾਰ ਕੇ ਬਾਹਾਂ,
ਸੈ ਨਦੀਆਂ ਤਰ ਲਈਆਂ।

68. ਹੰਕਾਰੀ ਨੂੰ

ਸੜ ਸੜ ਕੇ ਹੰਕਾਰ ਦੇਵਤਾ !
ਕਿਉਂ ਛੱਡੇਂ ਗੁੱਸੇ ਦੇ ਤੀਰ ?
ਟੋਟੇ ਟੋਟੇ ਹੁੰਦੀ ਜਾਵੇ,
ਡੂਮ-ਡਰਾਵਿਆਂ ਦੀ ਜ਼ੰਜੀਰ।
ਅੰਦਰੋਂ ਬਾਹਰੋਂ ਹੋ ਗਈ ਨੰਗੀ,
ਤੇਰੇ ਹਿਰਦੇ ਦੀ ਤਸਵੀਰ।
ਲੇਖ ਪੁਰਾਣੇ ਮਿਟਦੇ ਜਾਂਦੇ,
ਪਾ ਹੁਣ ਕੋਈ ਨਵੀਂ ਲਕੀਰ।

ਤੇਰੇ ਪਿੱਛੇ ਤੁਰਦਾ ਤੁਰਦਾ,
ਹੁੰਦਾ ਜਾਏ ਦੇਸ਼ ਕੰਗਾਲ।
ਰੋਟੀ ਦੀ ਕੋਈ ਡੌਲ ਬਣਾ ਦੇ,
ਰੁੜ੍ਹ ਨ ਜਾਏਂ ਤੂੰ ਭੀ ਨਾਲ।
ਮਲਤ ਹੋਏ ਸ਼ਰਧਾ ਦੇ ਠੱਪੇ,
ਨਵੇਂ ਕਾਲ ਦੀ ਕਿਸਮਤ ਢਾਲ।
ਮਿਹਨਤੀਆਂ ਦਾ ਸਿਰ ਜੁੜਵਾ ਕੇ,
ਪੁਰੁਸ਼ਾਰਥ ਦੀ ਜਾਚ ਸਿਖਾਲ।

69. ਸੰਤ ਕਲਾਸ

ਪੂਜਾ ਗੁਸਾਈਂ, ਬਾਬਾ, ਸੰਤ
ਸਤਿਗੁਰ ਜੀ, ਮਹਾਰਾਜ, ਮਹੰਤ।
ਕੁਝ ਫਿਰਤੂ, ਕੁਝ ਗੱਦੀ ਦਾਰ,
ਛੜੇ ਛਾਂਟ ਕੁਝ ਸਣ ਪਰਿਵਾਰ।
ਭਾਂਤ ਭਾਂਤ ਦੇ ਪਹਿਨ ਲਿਬਾਸ,
ਉਪਜ ਪਈ ਇਕ ਸੰਤ ਕਲਾਸ।
ਪਰਮੇਸ਼ਰ ਦੇ ਸੋਲ-ਏਜੰਟ,
ਮਜ਼ਹਬ ਨੂੰ ਰਖ ਲੈਣ ਸਟੰਟ।
ਲੰਮਾ ਚੋਗਾ, ਅੱਖਾਂ ਲਾਲ।
ਕੱਠਾ ਕਰਦੇ ਫਿਰਨਾ ਮਾਲ।
ਮਠ, ਮੰਦਿਰ, ਦਿਹੁਰਾ, ਗੁਰੁ ਧਾਮ,
ਜੋ ਚਾਹਿਆ, ਰਖ ਲੈਣਾ ਨਾਮ।
ਕਿਸੇ ਬੜੇ ਤੋਂ ਨੀਂਹ ਰਖਵਾ,
ਦੇਣੀ ਕਿਤੇ ਉਸਾਰੀ ਲਾ।
ਕੱਚਾ ਪੱਕਾ ਕੰਮ ਸੁਆਰ,
ਬਸਤ ਜਾਣੀ ਆਪ ਡਕਾਰ।
ਟੱਬਰਦਾਰ ਗਰੀਬਾਂ ਨਾਲ,
ਹਰ ਵੇਲੇ ਸੇਵਾ ਦਾ ਸੁਆਲ।
ਮੂੰਹ ਮੰਗੀ ਮਿਲ ਜਾਏ ਮੁਰਾਦ,
ਸੁਖਣਾ ਨਾਲ ਮਿਲੇ ਔਲਾਦ।
ਜੇ ਕੋਈ ਕਰ ਬੈਠੇ ਤਕਰਾਰ
ਹੋ ਜਾਣਾ ਸਿਰ ਤੇ ਅਸਵਾਰ।
ਦੁਸ਼ਟ ਦੁਸ਼ਟ ਦੀ ਸ਼ਿਸਕਰ ਲਾ,
ਕੁੱਤੇ ਦੇਣ ਮਗਰ ਦੁੜਾ।

70. ਬਣਾਂਦਾ ਕਿਉਂ ਨਹੀਂ ?

ਪਿੰਜਰੇ ਵਿਚ ਪਰਚੇ ਹੋਏ ਪੰਛੀ !
ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ ?

ਖੁਲੀ ਹੋਈ ਖਿੜਕੀ ਤਕ ਕੇ ਭੀ,
ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ ?

ਮੁੱਦਤ ਦਾ ਤਰਸੇਵਾਂ ਤੇਰਾ,
ਖੁਲ੍ਹੀ ਹਵਾ ਵਿਚ ਉਤਾਂਹ ਚੜ੍ਹਨ ਦਾ,

ਹੁਣ ਤੇ ਤੇਰਾ ਵਸ ਚਲਦਾ ਹੈ,
ਭਰ ਕੇ ਪਰ ਫੈਲਾਂਦਾ ਕਿਉਂ ਨਹੀਂ ?

ਉਂਗਲੀ ਨਾਲ ਇਸ਼ਾਰੇ ਪਾ ਪਾ,
ਨਾਚ ਬੁਤੇਰੇ ਨਚ ਲਏ ਨੀ,

ਅਪਣੇ ਹੱਥੀਂ ਲੀਕਾਂ ਪਾ ਕੇ,
ਕਿਸਮਤ ਨਵੀਂ ਬਣਾਂਦਾ ਕਿਉਂ ਨਹੀਂ ?

ਸੰਗਲ ਦੇ ਖਿਲਰੇ ਹੋਏ ਟੋਟੇ,
ਮੁੜ ਕੇ ਜੇ ਕੋਈ ਜੋੜਨ ਲੱਗੇ,

ਹਿੰਮਤ ਦਾ ਫੁੰਕਾਰਾ ਭਰ ਕੇ,
ਮੂਜ਼ੀ ਪਰੇ ਹਟਾਂਦਾ ਕਿਉਂ ਨਹੀਂ ?

ਮੀਸਣਿਆਂ ਮਾਸ਼ੂਕਾਂ ਦਾ ਮੂੰਹ,
ਚੰਦ ਚੜ੍ਹੇ ਮੁਸਕਾ ਉਠਿਆ ਹੈ,

ਛੁਹ ਕੇ ਨਾਚ ਮਲੰਗਾਂ ਵਾਲਾ,
ਮਹਿਫਲ ਨੂੰ ਗਰਮਾਂਦਾ ਕਿਉਂ ਨਹੀਂ ?

ਮੈਖਾਨੇ ਵਿਚ ਸਾਕੀ ਆਇਆ,
ਨਾਲ ਬਹਾ ਲੈ ਘੁੰਡ ਉਠਾ ਕੇ,

ਇਕਸੇ ਬੇੜੀ ਦੇ ਵਿਚ ਬਹਿ ਕੇ,
ਪੀਂਦਾ ਅਤੇ ਪਿਆਂਦਾ ਕਿਉਂ ਨਹੀਂ ?

ਮੱਥੇ ਟਿਕਦੇ ਸਨ ਨਿਤ ਜਿਸ ਥਾਂ,
ਢਾਹ ਸੁਟਿਆ ਉਹ ਥੜਾ ਸਮੇਂ ਨੇ,

ਨਵੇਂ ਜ਼ਮਾਨੇ ਦਾ ਫੜ ਪੱਲਾ,
ਨਵਾਂ ਜਹਾਨ ਵਸਾਂਦਾ ਕਿਉਂ ਨਹੀਂ ?

ਤੇਰੇ ਹੀ ਕਸ਼ਟ ਸਹੇੜੇ ਹੋਏ,
ਬਣ ਗਏ ਨੇ ਨਾਸੂਰ ਪੁਰਾਣੇ,

ਦੇਵਤਿਆਂ ਦਾ ਮੂੰਹ ਕੀ ਤਕਨਾ ਏਂ,
ਆਪੂੰ ਹੱਥ ਹਿਲਾਂਦਾ ਕਿਉਂ ਨਹੀਂ ?

71. ਲਾਚਾਰੀ

ਯਾਰ ਕਹਿਣ:-
ਧਰਤੀ ਦੀਆਂ ਗੱਲਾਂ-
ਅੱਕ ਗਏ ਪੜ੍ਹ ਪੜ੍ਹ ਕੇ।

ਕੁਦਰਤ ਦੀ ਮੈਂ ਥਾਹ ਨ ਲੱਭੀ,
ਅਸਮਾਨਾਂ ਤੇ ਚੜ੍ਹ ਕੇ।

ਸੁਰਗ ਨਰਕ ਦੀ
ਦਾਸਤਾਨ ਨੇ,
ਦਿਲ ਨੂੰ ਖਿੱਚ ਨ ਪਾਈ,

ਮੂਰਖ ਨੂੰ
ਸਮਝਾਣਾ ਮੁਸ਼ਕਿਲ
ਬਹਿ ਜਾਵਾਂ ਚੁਪ ਕਰ ਕੇ।

72. ਆਸ਼ਾਵਾਦ

ਆਸ਼ਾ ਅਤੇ ਨਿਰਾਸ਼ਾ
ਡਿਠੀਆਂ,
ਇਕ ਹੱਸੇ,
ਇਕ ਰੋਵੇ।

ਦਿਨ-ਚਾਨਣ
ਤੇ ਰਾਤ-ਹਨੇਰਾ,
ਸੱਜੇ ਖੱਬੇ ਦੋਵੇ।

ਮੈਂ ਚਾਨਣ ਦੇ
ਨਾਲ ਤੁਰ ਪਿਆ,
ਪਿਛੇ ਪਿਆ ਹਨੇਰਾ।

ਮਨ ਦੇ ਹੱਥ ਵਿਚ
ਸਭ ਕੁਝ ਹੈ,
ਉਹ ਜੋ ਚਾਹੇ ਸੋ ਦੇਵੇ।

73. ਆਦਰਸ਼ਵਾਦ

1.

ਆਦਰਸ਼ਵਾਦ, ਆਦਰਸ਼ਵਾਦ,
ਪੜ੍ਹ ਸੁਣ ਕੇ ਆਵੇ ਸੁਆਦ ਸੁਆਦ।
ਨਾਟ ਦੇ ਪਾਤਰ ਅਤਿ ਅਨੂਪ,
ਜੀਵਨ ਪਵਿੱਤਰ, ਭਗਵਨ ਸਰੂਪ।
ਕੰਨੀਆਂ ਵਲ੍ਹੇਟ ਕੇ ਤੁਰਨ ਫਿਰਨ,
ਗੱਲ ਗੱਲ ਵਿਚ ਮੂੰਹੋਂ ਫੁੱਲ ਕਿਰਨ।
ਦਿਉਤੇ ਅਕਾਸ਼ ਤੋਂ ਛਾਲ ਮਾਰ,
ਉਤਰੇ ਮਨੁੱਖ ਦਾ ਰੂਪ ਧਾਰ।
ਨਿਰਮਲ ਚਰਿਤ੍ਰ ਹਿਰਦੇ ਵਿਸ਼ਾਲ,
ਕਟ ਜਾਣ ਪਾਪ ਇਕ ਛੋਹ ਨਾਲ।
ਜੀ ਚਾਹੇ ਨੱਸ ਕੇ ਫੜਾਂ ਚਰਨ,
ਹੋ ਕੇ ਪ੍ਰਸੰਨ ਕੁਝ ਮਿਹਰ ਕਰਨ।
ਪਾ ਪਯਾਰ-ਨੀਝ, ਥਪਕੀ ਦੇ ਨਾਲ,
ਕਰ ਦੇਣ ਮੁਕਤ, ਹੋ ਜਾਂ ਨਿਹਾਲ।

2.

ਪਰ ਜਿਉਂ ਜਿਉਂ ਹੋਇਆ ਕੋਲ ਕੋਲ,
ਤਲਿਓਂ ਦਿਸਿਆ ਕੁਝ ਪੋਲ ਪੋਲ।
ਖਿਜ਼ਰੀ ਲਿਬਾਸ, ਨਾਰਦ ਨੁਹਾਰ,
ਚਾਦਰ ਸੁਫ਼ੈਦ ਦਿਲ ਦਾਗ਼ਦਾਰ।
ਅਖੀਆਂ 'ਚ ਲਾਜ, ਨਾ ਮੂੰਹ 'ਚ ਬੋਲ,
ਬੇ ਆਬ ਤਾਬ ਗੌਹਰ ਅਮੋਲ।
ਸਬਜ਼ੇ ਦੇ ਸੀਨੇ ਵਿਚ ਉਜਾੜ,
ਸਾਗਰ ਵਿਚ ਲਾਵੇ ਦਾ ਪਹਾੜ।
ਦਿਲ ਭੜਥਾ ਹੋ ਗਿਆ ਸੇਕ ਨਾਲ,
ਸੱਚ ਦੀ ਤਲਾਸ਼ ਡਿਗ ਪਈ ਚੁਫ਼ਾਲ।
ਪੰਛੀ ਮੁੜ ਆਏ ਤਕ ਸੁਰਾਬ,
ਆਸ਼ਾ ਦੇ ਹੋ ਗਏ ਗਲਤ ਖ਼ਾਬ।
ਸੱਚ ਤੋਂ ਬਗੈਰ ਆਦਰਸ਼ਵਾਦ,
ਬੇਅਰਥ, ਬਿਲੋੜਾ, ਬੇਸੁਆਦ।

(ਗੌਹਰ=ਮੋਤੀ, ਸੁਰਾਬ=ਮ੍ਰਿਗ ਤ੍ਰਿਸ਼ਨਾ)

74. ਇਸਤ੍ਰੀ

ਬੁੱਕਲ ਮਾਰ, ਘਰੋਂ ਨਿਕਲੀ ਸੀ,
ਰਾਹ ਵਿਚ ਘੁੰਡ ਹਟਾਇਆ।
ਅਗਾਂਹ ਗਈ ਤਾਂ ਸਿਰ ਭੀ ਨੰਗਾ,
ਬੁਢਿਆਂ ਰੌਲਾ ਪਾਇਆ।
ਬਾਬਾ ! ਵੇਖ ਬਦਲਦੀ ਦੁਨੀਆਂ,
ਹਸ ਕੇ ਕਿਉਂ ਨਹੀਂ ਕਹਿੰਦਾ:-
ਲੱਥੀ ਗਲੋਂ ਗ਼ੁਲਾਮੀ,
ਪਹਿਰਾ ਆਜ਼ਾਦੀ ਦਾ ਆਇਆ।

ਇਕ ਨੇ ਨੰਗਾ ਨਾਚ ਵਿਖਾਇਆ,
ਇਕ ਨੇ ਬੁਰਕਾ ਪਾਇਆ।
ਇਹ ਭੀ ਔਰਤ, ਉਹ ਭੀ ਔਰਤ,
ਕਿਸ ਨੇ ਫਰਕ ਬਣਾਇਆ ?
ਚਾਲਾਕੀ ਖੁਦਗ਼ਰਜ਼ ਮਰਦ ਦੀ,
ਹਸ ਕੇ ਅਗੋਂ ਬੋਲੀ:-
ਪੈਸੇ ਨਾਲ ਖਰੀਦ ਅਜ਼ਾਦੀ,
ਅੰਦਰ ਨਾਚ ਕਰਾਇਆ।

75. ਭਾਰਤੀ ਸ਼ੇਰ

ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।

1.

ਆਸੋਂ ਪਾਸੋਂ ਆਏ ਲੁਟੇਰੇ,
ਆਣ ਵੜੇ ਘਰ ਅੰਦਰ ਤੇਰੇ।
ਖਾਂਦੇ ਰਹੇ ਹੈਵਾਨਾਂ ਵਾਂਗਰ,
ਬੁਰਕਾ ਪਾ ਇਨਸਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।

2.

ਨਿੱਤਰ, ਅਪਣੀ ਸ਼ਾਨ ਦਿਖਾ ਦੇ,
ਸਿਰ ਦੇ ਕੇ ਭੀ ਦੇਸ਼ ਬਚਾ ਦੇ,
ਜ਼ੋਰ ਤੇਰਾ ਹੈ ਅਰਜੁਨ ਜੈਸਾ,
ਗਿਆਨ ਕ੍ਰਿਸ਼ਨ ਭਗਵਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।

3.

ਮਰਨ ਲਈ ਰਹੁ ਅੱਗੇ ਅੱਗੇ,
ਅਣਖ ਤੇਰੀ ਨੂੰ ਦਾਗ਼ ਨ ਲੱਗੇ,
ਪਾੜਨ ਵਾਲਿਆਂ ਦੀ ਭੰਨ ਬੂਥੀ,
ਕਰ ਮੂੰਹ ਕਾਲਾ ਸ਼ੈਤਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।

4.

ਕਿਸੇ ਬਲਾ ਨੇ ਬਾਹਰੋਂ ਆਕੇ,
ਢਿੱਡਾਂ ਦੇ ਵਿਚ ਚੋਰ ਬਹਾ ਕੇ,
ਖਰੀਆਂ ਨੀਤਾਂ ਦੇ ਵਿਚ ਪਾਇਆ,
ਫਰਕ ਜਿਮੀਂ ਅਸਮਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।

5.

ਤੇਰੇ ਘਰ ਆ ਵੜੀ ਬਿਮਾਰੀ,
ਇਕ ਦੂਜੇ ਤੇ ਬੇਇਤਬਾਰੀ,
ਵੈਦਾਂ ਇਕੋ ਨੁਸਖਾ ਲਿਖਿਆ;
ਜੁਗ ਹਿੰਦੂ ਮੁਸਲਮਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।

6.

ਤੂੰ ਭਾਰਤ ਦਾ, ਭਾਰਤ ਤੇਰਾ,
ਗੈਰਾਂ ਦਾ ਚੁਕਵਾ ਦੇ ਡੇਰਾ।
ਆਜ਼ਾਦੀ ਦਾ ਝੰਡਾ ਝੁਲੇ,
ਹੋਏ ਮੁਹਕਮ ਅਮਨ ਜਹਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।

76. ਸੇਹਰਾ

ਨੌਜਵਾਨ ਲਾੜਿਆਂ ਵਾਸਤੇ

ਓ ਸਜ ਵਜ ਕੇ ਰਣ ਵਿਚ ਨਿਕਲ ਆਏ ਸ਼ੇਰਾ !
ਅਸੀਲਾ ! ਦਨਾਵਾ ! ਜਵਾਨਾ ! ਦਲੇਰਾ !
ਉਮੰਗਾਂ ਦਾ ਦਰਯਾ ਛੁਲਕਦਾ ਏ ਤੇਰਾ,
ਹੈ ਸਾਹਵੇਂ ਤੇਰੇ ਕੋਈ ਮਕਸਦ ਉਚੇਰਾ,
ਤੂੰ ਚਾਹਨਾ ਏਂ ਦੁਖ ਸੁਖ ਦਾ ਸਾਥੀ ਬਣਾਣਾ
ਤੇ ਜੀਵਨ ਦੇ ਪੈਂਡੇ ਨੂੰ ਹਸ ਹਸ ਮੁਕਾਣਾ।(1)

ਤੂੰ ਜਿਸ ਰਾਹ ਵਲ ਪੈਰ ਹੈ ਅਜ ਵਧਾਇਆ,
ਮੁਹਿਮ ਜੇਹੜੀ ਸਰ ਕਰਨ ਖਾਤਰ ਹੈਂ ਆਇਆ,
ਮੁਰਾਦਾਂ ਦਾ ਸਿਹਰਾ ਹੈ ਸਿਰ ਤੇ ਸਜਾਇਆ,
ਜੋ ਕੁਦਰਤ ਨੇ ਆਦਰਸ਼ ਤੇਰਾ ਬਣਾਇਆ,
ਓਹ ਔਖਾ ਜਿਹਾ ਹੈ ਖਬਰਦਾਰ ਹੋ ਜਾ,
ਬੜੀ ਉਚੀ ਘਾਟੀ ਊ, ਹੁਸ਼ਿਆਰ ਹੋ ਜਾ।(2)

ਤੂੰ ਜਿਸ ਲਖਸ਼ਮੀ ਨਾਲ ਲੈਣੇ ਨੇ ਫੇਰੇ,
ਓ ਤੋਰੀ ਗਈ ਸੀ ਧੁਰੋਂ ਨਾਲ ਤੇਰੇ,
ਜੇ ਸੂਰਜ ਸਜਾਇਆ ਸੀ ਤੈਨੂੰ ਚਿਤੇਰੇ,
ਤਾਂ ਉਸ ਵਿਚ ਧਰੇ ਸੁਹਜ ਚੰਦੋਂ ਵਧੇਰੇ,
ਕਿ ਦੁਨੀਆਂ ਦੇ ਦਿਨ ਰਾਤ ਰੋਸ਼ਨ ਬਣਾਓ,
ਤੇ ਕੁਦਰਤ ਦੇ ਖੇੜੇ ਨੂੰ ਰਲ ਕੇ ਵਸਾਓ।(3)

ਤੂੰ ਉਸ ਦੇ ਲਈ, ਓ ਤੇਰੇ ਲਈ ਹੈ,
ਏ ਜੋੜੀ ਰਚੀ ਪ੍ਰੇਮ ਖਾਤਰ ਗਈ ਹੈ,
ਤੂੰ ਭਗਵਨ ਉਦ੍ਹਾ, ਓ ਤੇਰੀ ਭਗਵਤੀ ਹੈ,
ਤੂੰ ਜੀਵਨ ਉਦ੍ਹਾ, ਉਹ ਤੇਰੀ ਜ਼ਿੰਦਗੀ ਹੈ,
ਓ ਤੇਰੀ ਹੈ ਧਿਰ ਤੇ ਤੂੰ ਉਸਦਾ ਸਹਾਰਾ,
ਦੁਹਾਂ ਬਾਝ ਕੋਝਾ ਹੈ ਸੰਸਾਰ ਸਾਰਾ।(4)

ਜੇ ਚਾਹਨਾ ਏਂ ਦੁਨੀਆਂ ਰਸੀਲੀ ਬਣਾਣੀ,
ਜੇ ਚਾਹਨਾ ਏਂ ਜੀਵਨ ਦੀ ਸ਼ੋਭਾ ਵਧਾਣੀ,
ਜੇ ਸਚਮੁਚ ਦੀ ਹੈ ਪ੍ਰੇਮ-ਨਗਰੀ ਵਸਾਣੀ,
ਤੇ ਰਣ ਵਿਚ ਨਹੀਂ ਤੂੰ ਕਦੇ ਭਾਂਜ ਖਾਣੀ,
ਤਾਂ ਨਾਰੀ ਨੂੰ ਹਮਦਰਦ ਅਪਣੀ ਬਣਾ ਲੈ,
ਜੇ ਉੱਠਣ ਦੀ ਚਾਹ ਹੈ ਤਾਂ ਉਸ ਨੂੰ ਉਠਾ ਲੈ।(5)

ਜੇ ਤਕਣਾ ਈ ਨਾਰੀ ਦਾ ਦਿਲ, ਘੁੰਡ ਚਾ ਕੇ,
ਖਿੜੀ ਆਤਮਾ ਦੇ ਜੇ ਲੈਣੇ ਨੀ ਝਾਕੇ,
ਤਾਂ ਤਕ ਉਸ ਨੂੰ ਦੂਈ ਦਾ ਪਰਦਾ ਹਟਾ ਕੇ,
ਗੁਲਾਮੀ ਦੇ ਪਿੰਜਰੇ ਤੋਂ ਬਾਹਰ ਬਿਠਾ ਕੇ,
ਜੇ ਸੁਣਨੇ ਨੀ ਨਗ਼ਮੇ ਕੁਦਰਤੀ ਅਦਾ ਵਿਚ,
ਤਾਂ ਉੱਡਣ ਦੇ ਬੁਲਬੁਲ ਨੂੰ ਉੱਚੀ ਹਵਾ ਵਿਚ।(6)

ਉਦ੍ਹੇ ਫ਼ਰਜ਼ ਰਬ ਨੇ ਮਿਥੇ ਨੇ ਬਥੇਰੇ,
ਤੂੰ ਘੇਰੇ ਨ ਪਾ ਹੋਰ, ਉਸ ਦੇ ਚੁਫੇਰੇ,
ਉਦ੍ਹੇ ਜਜ਼ਬਿਆਂ ਨੂੰ ਚੜ੍ਹਨ ਦੇ ਉਚੇਰੇ,
ਏ ਚੜ੍ਹਕੇ ਭੀ ਕੰਮ ਔਣਗੇ ਅੰਤ ਤੇਰੇ,
ਤੇਰਾ ਇਹ ਜਗਤ ਭੀ ਸੁਖਾਲਾ ਕਰੇਗੀ,
ਤੇ ਪਰਲੋਕ ਭੀ ਸ਼ਾਨ ਵਾਲਾ ਕਰੇਗੀ।(7)

ਬੜੇ ਚਿਰ ਤੋਂ ਜੇਲਾਂ ਦੀ ਵਾ ਖਾ ਰਹੀ ਹੈ,
ਤੇ ਪਿੰਜਰੇ ਪਈ ਫ਼ਰਜ਼ ਭੁਗਤਾ ਰਹੀ ਹੈ.
ਜਹਾਲਤ ਉਦ੍ਹੀ ਹੁਣ ਤੇ ਸ਼ਰਮਾ ਰਹੀ ਹੈ,
ਅਜੇ ਭੀ ਓ ਮਰਦਾਂ ਦੇ ਗੁਣ ਗਾ ਰਹੀ ਹੈ,
ਨ ਢੂੰਡੀ ਮਿਲੇਗੀ ਵਫਾਦਾਰ ਐਸੀ,
ਨ ਭੋਲੀ ਪੁਜਾਰਨ, ਨ ਗ਼ਮਖਾਰ ਐਸੀ।(8)

ਜੇ ਨਾਰੀ ਭੀ ਆਦਰਸ਼ ਜੀਵਨ ਬਣਾਂਦੀ,
ਪਤੀ ਨਾਲ ਸਾਂਵੀਂ ਉਡਾਰੀ ਲਗਾਂਦੀ,
ਜੇ ਪੱਥਰ ਬਣਾ ਕੇ ਬਿਠਾਈ ਨ ਜਾਂਦੀ,
ਤਾਂ ਮਰਦਾਂ ਦਾ ਹੀ ਭਾਰ ਹੌਲਾ ਕਰਾਂਦੀ,
ਪਰੰਤੂ ਸੁਆਰਥ ਨੇ ਕੀਤਾ ਇਸ਼ਾਰਾ,
ਕਿ ਤੀਵੀਂ ਤੋਂ ਉਠ ਜਾਊਗਾ ਰੋਅਬ ਸਾਰਾ।(9)

ਓ ਭੋਲੇ ਨ ਸਮਝੇ ਕਿ ਔਰਤ ਏ ਕੀ ਹੈ,
ਏ ਰੌਣਕ, ਏ ਰਹਿਮਤ, ਏ ਬਰਕਤ ਕਿਦ੍ਹੀ ਹੈ,
ਕਿਦ੍ਹੇ ਸਿਰ ਤੇ ਕਾਦਰ ਦੀ ਕੁਦਰਤ ਖੜੀ ਹੈ,
ਕਿਦ੍ਹੇ ਬਾਝ ਜੀਉਣ ਨੂੰ ਕਰਦਾ ਨ ਜੀ ਹੈ,
ਏ ਨਾਰੀ ਨੇ ਹੀ ਗੋਂਦ ਸਾਰੀ ਹੈ ਗੁੰਦੀ,
ਜੇ ਆਦਮ ਹੀ ਰਹਿੰਦਾ ਤਾਂ ਦੁਨੀਆਂ ਨ ਹੁੰਦੀ।(10)

ਏ ਮਾਸੂਮ ਪੁਤਲੀ ਜਦੋਂ ਰਬ ਘੜੀ ਸੀ,
ਤਾਂ ਕਾਰੀਗਰੀ ਸਭ ਖਤਮ ਕਰ ਛੜੀ ਸੀ,
ਜਿਵੇਂ ਬਾਹਰੋਂ ਚੰਦ ਸਮ ਹਸਮੁਖੀ ਸੀ,
ਤਿਵੇਂ ਦਿਲ ਦੀ ਨਿਰਛਲ ਤੇ ਦਰਦਾਂ ਭਰੀ ਸੀ,
ਪਿਆਰਾਂ ਦਾ ਘਰ, ਪਰ ਪਿਆਰਾਂ ਦੀ ਭੁੱਖੀ,
ਤੜਪਦਾ ਕਲੇਜਾ ਤੇ ਜਜ਼ਬੇ ਮਨੁੱਖੀ।(11)

ਨਜ਼ਰ ਇਸ ਦੀ ਨੀਵੀਂ, ਨਿਗਾਹ ਇਸ ਦੀ ਉੱਚੀ,
ਮੁਹੱਬਤ ਦੀ ਮੂਰਤ, ਖਿਆਲਾਂ ਦੀ ਸੁੱਚੀ,
ਸ਼ਰਾਫਤ ਤੇ ਅਸਮਤ ਦੀ ਦੇਵੀ ਸਮੁੱਚੀ,
ਏ ਸਿਦਕਣ, ਪਤੀ-ਪ੍ਰੇਮ-ਧਾਗੇ ਪਰੁੱਚੀ,
ਏ ਟਹਿਲਣ ਪੁਰਾਣੀ, ਏ ਘਰ ਦੀ ਸੁਆਣੀ,
ਮਨੁਖ ਨੇ ਨ ਪਰ ਸ਼ਾਨ ਇਸ ਦੀ ਪਛਾਣੀ।(12)

ਜੇ ਵਡਿਆਂ ਨੇ ਇਸ ਵਿਚ ਲਗਾਈ ਹੈ ਦੇਰੀ,
ਤਾਂ ਕੀ ਡਰ ਹੈ ? ਤੂੰ ਹੀ ਦਿਖਾ ਦੇ ਦਲੇਰੀ,
ਓ ਰਹਿ ਗਏ ਪਿਛਾਂਹ, ਹੁਣ ਤੇ ਚਲਦੀ ਹੈ ਤੇਰੀ,
ਸਖ਼ੀ ਬਣ ਤੇ ਛਾਤੀ ਨੂੰ ਕਰ ਲੈ ਚੁੜੇਰੀ,
ਗਿਰੀ ਹੋਈ ਗੋਲੀ ਨੂੰ ਰਾਣੀ ਬਣਾ ਲੈ,
ਤੇ ਦਿਲ ਦੇ ਸਿੰਘਾਸਣ ਤੇ ਉਸ ਨੂੰ ਬਹਾ ਲੈ।(13)

ਓ ਮਹਿਰਮ ਹੈ ਧੁਰ ਦੀ, ਨ ਮੂੰਹ ਹੁਣ ਲੁਕਾ ਤੂੰ,
ਬੜੀ ਹੋ ਚੁਕੀ, ਹੁਣ ਤੇ ਰਸਤੇ ਤੇ ਆ ਤੂੰ,
ਉਦ੍ਹਾ ਸਬਰ ਤਕਿਆ ਈ, ਅਪਣਾ ਦਿਖਾ ਤੂੰ,
ਡਕਾਰੀ ਨ ਜ, ਉਸ ਦਾ ਕਰਜ਼ਾ ਚੁਕਾ ਤੂੰ,
ਨਿਆਂ ਉਸ ਦੇ ਪੱਲੇ ਯਾ ਹਸ ਹਸ ਕੇ ਪਾ ਦੇ,
ਯਾ ਸੁਪਨੇ ਅਜ਼ਾਦੀ ਦੇ ਲੈਣੇ ਹਟਾ ਦੇ।(14)

ਜੇ ਨਾਰੀ ਤੇ ਸ਼ਕ ਦੀ ਨਿਗਾਹ ਹੀ ਰਖੇਂਗਾ,
ਨ ਇਤਬਾਰ ਉਸ ਦੀ ਵਫ਼ਾ ਤੇ ਕਰੇਂਗਾ,
ਜੇ ਦਿਲ ਉਸ ਦਾ ਖੋਹ ਕੇ ਨ ਦਿਲ ਅਪਣਾ ਦੇਂਗਾ,
ਹਕੂਮਤ ਦੇ ਮਦ ਵਿਚ ਨ ਬੰਦਾ ਬਣੇਂਗਾ,
ਤਾਂ ਤੇਰਾ ਨਸ਼ਾ ਇਹ ਉਤਰ ਕੇ ਰਹੇਗਾ,
ਤੇ ਤੰਗ ਆ ਕੇ ਜੰਗ ਉਸ ਨੂੰ ਕਰਨਾ ਪਏਗਾ।(15)

ਓ ਅਜ਼ਲੋਂ ਹੈ ਸੁਹਣੀ, ਨ ਬੇਸ਼ਕ ਸਜਾ ਸੂ,
ਨ ਗਹਿਣੇ ਵਿਖਾ ਸੂ, ਨ ਜ਼ਰ ਤੇ ਭੁਲਾ ਸੂ,
ਨ ਸੂਟਾਂ ਤੇ ਬੂਟਾਂ ਦੀ ਭਿੱਤੀ ਤੇ ਲਾ ਸੂ,
ਨ ਝੂਠੇ ਸ਼ਿੰਗਾਰਾਂ ਤੇ ਅਹਿਮਕ ਬਣਾ ਸੂ,
ਜੇ ਸਰਦਾ ਈ ਤਦ ਉਸ ਦੇ ਦਿਲ ਵਿਚ ਉਤਰ ਜਾ,
ਉਠਾ ਦੇ ਸੂ ਦੇ ਕੇ ਬਰਾਬਰ ਦਾ ਦਰਜਾ।(16)

ਜੇ ਨਿਰਬਲ ਹੈ ਤਦ ਉਸ ਦਾ ਜਿਗਰਾ ਵਧਾ ਦੇ,
ਜੇ ਅਨਪੜ੍ਹ ਹੈ ਤਦ ਉਸ ਨੂੰ ਵਿਦਿਆ ਪੜ੍ਹਾ ਦੇ,
ਹਨੇਰੇ 'ਚਿ ਬੈਠੀ ਹੈ ਦੀਵਾ ਜਗਾ ਦੇ,
ਜੇ ਬੇ ਪਰ ਹੈ, ਪਰ ਦੇ ਕੇ ਉਡਣਾ ਸਿਖਾ ਦੇ,
ਇਦ੍ਹੇ ਬਿਨ ਅਗੇਰੇ ਕਿਵੇਂ ਹਲ ਸਕੇਂਗਾ,
ਨ ਉਹ ਤੁਰ ਸਕੇਗੀ, ਨ ਤੂੰ ਚਲ ਸਕੇਂਗਾ।(17)

ਖਿਡੌਣਾ ਸਮਝ ਕੇ ਨ ਉਸ ਨੂੰ ਹੰਢਾਵੀਂ,
ਓ ਇਨਸਾਨ ਹੈ, ਤੂੰ ਪਸ਼ੂ ਨ ਬਣਾਵੀਂ,
ਓ ਦੇਵੀ ਹੈ, ਤੂੰ ਦੇਵਤਾ ਬਣ ਵਿਖਾਵੀਂ,
ਸਤੀ ਆਤਮਾ ਨੂੰ ਕਦੇ ਨ ਸਤਾਵੀਂ,
ਉਸੇ ਨਾਲ ਘਰ ਤੇਰਾ ਚਮਕੇਗਾ ਸਾਰਾ,
ਓਹ ਤੇਰੀ ਪਿਆਰੀ, ਤੂੰ ਉਸਦਾ ਪਿਆਰਾ।(18)

ਜੇ ਤਾਰਾ ਜਿਹੀ ਨਾਰ ਦਾ ਤੈਨੂੰ ਚਾ ਹੈ,
ਸਤੀ ਸੀਤਾ ਜੈਸੀ ਨੂੰ ਜੀ ਲੋਚਦਾ ਹੈ,
ਤਾਂ ਚੰਗਾ ਹੈ, ਇਸ ਵਿਚ ਦੁਹਾਂ ਦਾ ਭਲਾ ਹੈ,
ਪਰ ਇਹ ਮੰਗ ਤੇਰੀ ਤਦੇ ਹੀ ਰਵਾ ਹੈ,
ਕਿ ਪਹਿਲੇ ਹਰੀ ਚੰਦ ਬਣ ਕੇ ਵਿਖਾਵੇਂ,
ਤੇ ਨਾਰੀ-ਬਰਤ ਰਾਮ ਵਰਗਾ ਨਿਭਾਵੇਂ।(19)

ਜਿਥੇ ਮਰਦ ਤੀਵੀਂ ਦੀ ਮੀਜਾ ਰਲੀ ਹੈ,
ਉਹੋ ਘਰ ਸੁਅਰਗਾ ਪੁਰੀ ਬਣ ਰਹੀ ਹੈ,
ਉਸੇ ਥਾਂ ਤੇ ਬਰਕਤ ਤੇ ਸੁਖ ਸ਼ਾਨਤੀ ਹੈ,
ਉਹੋ ਜੋੜੀ ਦੁਨੀਆਂ ਤੇ ਭਾਗਾਂ ਭਰੀ ਹੈ,
ਜੇ ਤੀਵੀਂ ਦੀ ਆਂਦਰ ਦੇ ਵਿਚ ਧੁਖਧੁਖੀ ਹੈ,
ਨ ਨਾਰੀ ਸੁਖੀ ਹੈ ਨ ਭਰਤਾ ਸੁਖੀ ਹੈ।(20)

ਤੂੰ ਮਾਲੀ ਚਮਨ ਦਾ, ਓ ਮਾਲਣ ਹੈ ਤੇਰੀ,
ਤੂੰ ਮੋਹਨ ਉਦ੍ਹਾ ਉਹ ਗਵਾਲਣ ਹੈ ਤੇਰੀ,
ਓ ਹਰਹਾਲ ਦੀ ਭਾਈਵਾਲਣ ਹੈ ਤੇਰੀ,
ਤੂੰ ਉਸਦਾ ਰਿਣੀ, ਉਹ ਸਵਾਲਣ ਹੈ ਤੇਰੀ,
ਜੇ ਮਿਲ ਕੇ ਰਹੋਗੇ ਤਾਂ ਵਸਦੇ ਰਹੋਗੇ,
ਤੇ ਦੁਖ ਸੁਖ ਦੇ ਵੇਲੇ ਭੀ ਹਸਦੇ ਰਹੋਗੇ।(21)

ਸਲਾਹ ਜੇਹੜੀ ਚਾਤ੍ਰਿਕ ਨੇ ਤੈਨੂੰ ਸੁਣਾਈ,
ਏ ਰਬ ਦੀ ਸਦਾ ਹੈ, ਅਕਾਸ਼ਾਂ ਤੋਂ ਆਈ,
ਇਹੋ ਹੈ ਸਚਾਈ, ਇਹੋ ਹੈ ਸਫਾਈ,
ਇਸੇ ਵਿਚ ਹੈ ਤੇਰੀ ਤੇ ਉਸ ਦੀ ਭਲਾਈ,
ਇਹੋ ਸਾਰੇ ਜਗ ਵਿਚ ਤੁਰੇਗੀ ਕਹਾਣੀ,
ਤੂੰ ਉਸਦਾ ਸੁਆਮੀ, ਓ ਤੇਰੀ ਸੁਆਣੀ।(22)