Navan Ghalughara : Afzal Ahsan Randhawa
ਨਵਾਂ ਘੱਲੂਘਾਰਾ : ਅਫ਼ਜ਼ਲ ਅਹਿਸਨ ਰੰਧਾਵਾ
ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।
ਮੇਰੀ ਸਾਵੀ ਕੁੱਖ ਜਨਮਾ ਚੁੱਕੀ
ਜਿਹੜੀ ਗੁਰੂ ਸਿਆਣੇ ਵੀਰ ।
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁੱਖ ਅਖ਼ੀਰ ।
ਵਿਚ ਫੁਲਿਆਂ ਵਾਂਗੂੰ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ ।
ਅੱਜ ਮੇਰੇ ਥਣਾਂ 'ਚੋਂ ਚੁੰਘਦੇ
ਮੇਰੇ ਬਚੇ ਲਹੂ ਤੇ ਦੁੱਖ ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ ।
ਅੱਜ ਝੱਲੀ ਜਾਏ ਨਾ ਜੱਗ ਤੋਂ
ਮੇਰੀ ਸ਼ਹੀਦਾਂ ਵਾਲੀ ਦੱਖ ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ ।
ਅੱਜ ਵਿੱਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ 'ਤਾਂਹ ।
ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ ।
ਅੱਜ ਵੈਰੀਆਂ ਕੱਢ ਵਿਖਾਲਿਆ
ਹੈ ਪੰਜ ਸਦੀਆਂ ਦਾ ਵੈਰ ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ਛਾਤ ।
ਮੈਂ ਆਪਣੀ ਰੱਤ ਵਿੱਚ ਡੁੱਬ ਗਈ
ਪਰ ਬਾਹਰ ਨਾ ਮਾਰੀ ਝਾਤ ।
ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਮੱਖਣ ਜਿਹਾ ਸਰੀਰ
ਮੈਂ ਕੁੱਖ ਸੜੀ ਵਿੱਚ ਸੜ ਮਰੇ
ਮੇਰਾ ਰਾਂਝਾ ਮੇਰੀ ਹੀਰ ।
ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਡਲ੍ਹਕਾਂ ਮਾਰਦਾ ਰੰਗ ।
ਮੈਂ ਮਰ ਜਾਣੀ ਵਿੱਚ ਸੜ ਗਿਆ
ਅੱਜ ਮੇਰਾ ਇੱਕ ਇੱਕ ਅੰਗ ।
ਅੱਜ ਤਪਦੀ ਭੱਠੀ ਬਣ ਗਈ
ਮੇਰੇ ਵਿਹੜੇ ਦੀ ਹਰ ਇੱਟ ।
ਜਿਥੇ ਦੁਨੀਆਂ ਮੱਥਾ ਟੇਕਦੀ
ਓਹ ਬੂਟਾਂ ਛੱਡੀ ਭਿੱਟ ।
ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ ।
ਮੇਰਾ ਸੋਨੇ ਰੰਗ ਰੰਗ ਅੱਜ
ਮੇਰੇ ਲਹੂ ਨਾ' ਲਾਲੋ ਲਾਲ ।
ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ ।
ਮੇਰਾ ਚੂੜਾ ਰਾਤ ਸੁਹਾਗ ਦਾ
ਹੋਇਆ ਏਦਾਂ ਲੀਰੋ ਲੀਰ ।
ਜਿੱਦਾਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ ।
ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ ।
ਉਸ ਮੌਤ ਵਿਆਹੀ ਹੱਸ ਕੇ
ਓਹਦੇ ਦਿਲ 'ਤੇ ਰਤਾ ਨਾ ਮੈਲ ।
ਪਰ ਕੋਈ ਨਾ ਉਹਨੂੰ ਬਹੁੜਿਆ
ਉਹਨੂੰ ਵੈਰੀਆਂ ਮਾਰਿਆ ਘੇਰ ।
ਉਂਝ ਡੱਕੇ ਰਹਿ ਗਏ ਘਰਾਂ 'ਚ
ਮੇਰੇ ਲੱਖਾਂ ਪੁੱਤਰ ਸ਼ੇਰ ।
ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।
ਮੇਰੇ ਲੂੰ ਲੂੰ 'ਚੋਂ ਪਈ ਵਗਦੀ
ਭਾਵੇਂ ਲਹੂ ਦੀ ਇਕ ਇਕ ਨਹਿਰ ।
ਮੈਂ ਅਜੇ ਜਿਉਂਦੀ ਜਾਗਦੀ
ਮੈਂ ਝੱਲ ਗਈ ਸਾਰਾ ਕਹਿਰ ।
ਮੈਂ ਮਰ ਨਹੀਂ ਸਕਦੀ ਕਦੇ ਵੀ
ਭਾਵੇਂ ਵੱਢਣ ਅੱਠੇ ਪਹਿਰ ।
ਭਾਵੇਂ ਦੇਣ ਤਸੀਹੇ ਰੱਜ ਕੇ
ਭਾਵੇਂ ਰੱਜ ਪਿਆਲਣ ਜ਼ਹਿਰ ।
ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਹਰ ਬਾਂਹ ਇਕ ਇਕ ਲਹਿਰ ।
ਮੇਰੇ ਪੁੱਤਰ ਪਿੰਡੋ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ ।
ਮੇਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਹਰ ਵਰਕਾ ਪੜ੍ਹ ।
ਜਦੋਂ ਭਾਰੀ ਬਣੀ ਹੈ ਮਾਂ 'ਤੇ
ਮੇਰੇ ਪੁੱਤਰ ਆਏ ਚੜ੍ਹ ।
ਪੜ੍ਹ ! ਕਿੰਨੀ ਵਾਰੀ ਮਾਂ ਤੋਂ
ਉਨ੍ਹਾਂ ਵਾਰੀ ਆਪਣੀ ਜਾਨ ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਨ੍ਹਾਂ ਨਹੀਂ ਸੀ ਰੱਖਿਆ ਮਾਣ ।
ਸੁਣ ਰਾਹੀਆ ਰਾਹੇ ਜਾਂਦਿਆ !
ਤੂੰ ਲਿਖ ਰੱਖੀਂ ਇਹ ਬਾਤ ।
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ ।