Punjabi Kafian Naunidh

ਪੰਜਾਬੀ ਕਾਫ਼ੀਆਂ ਨਉਨਿਧ

1. ਸਜਣਾ ਤੁਸੀਂ ਬੇਪਰਵਾਹੁ ਸੁਨੀਂਦੇ

ਸਜਣਾ ਤੁਸੀਂ ਬੇਪਰਵਾਹੁ ਸੁਨੀਂਦੇ,
ਅਸਾਂ ਤੁਸਾਡੀ ਲੋੜ ਲੁੜੀਂਦਿਆਂ,
ਅਸੀਂ ਤੁਸਾਂ ਬਾਝ ਨ ਜੀਂਦੇ ।੧।ਰਹਾਉ।

ਬਿਰਹੁ ਕਸਾਈ ਅੰਦਰ ਕੁਠਾ,
ਅਸੀਂ ਖ਼ੂਨ ਜਿਗਰ ਦਾ ਪੀਂਦੇ ।੧।

ਇਕ ਦਮ ਦਰਸਨ ਦੇਹ ਦਿਲ ਜਾਨੀਂ,
ਨਉਨਿਧ ਨੈਣ ਉਣੀਂਦੇ ।੨।
(ਰਾਗ ਦੇਵਗੰਧਾਰੀ)

2. ਮੈਂ ਕਮਲੀ ਸੁੰਦਰ ਦਰਸ ਦੀ

ਮੈਂ ਕਮਲੀ ਸੁੰਦਰ ਦਰਸ ਦੀ,
ਨਿਤਿ ਵੇਖਨ ਨੂੰ ਪਈ ਤਰਸਦੀ ।੧।ਰਹਾਉ।

ਮੈਂ ਮਨ ਤਨ ਚੈਨ ਨ ਆਵਈ,
ਨਿਤਿ ਬਿਰਹੁੰ ਕਲੇਜੇ ਨੂੰ ਖਾਵਈ ।੧।

ਮੋਹਿ ਤਰਫ਼ਤ ਰੈਣਿ ਬਿਹਾਵਈ,
ਹੈ ਕੋਇ ਰਾਮੁ ਮਿਲਾਵਈ ।੨।

ਮੋਹਿ ਖਾਨ ਪਾਨ ਨਹੀਂ ਭਾਵਈ,
ਮੋਹਿ ਹਰਿ ਬਿਨੁ ਕਿਛੁ ਨ ਸੁਖਾਵਈ ।੩।

ਪ੍ਰਭ ਐਸੀ ਕ੍ਰਿਪਾ ਕੀਜੀਐ,
ਹੁਣਿ ਨਉਨਿਧਿ ਦਰਸਨ ਦੀਜੀਐ ।੪।
(ਰਾਗ ਧਨਾਸਰੀ)

3. ਮੈਂ ਸਜਣ ਬਾਝੋਂ ਇਕਲੜੀ

ਮੈਂ ਸਜਣ ਬਾਝੋਂ ਇਕਲੜੀ,
ਮੈਂ ਡਰਿ ਡਰਿ ਉਠਦੀ ਅਲੜੀ ।੧।ਰਹਾਉ।

ਮੈਂ ਮਨਿ ਤਨਿ ਪ੍ਰੇਮ ਉਮਾਹੜੇ,
ਕਦਿ ਲੈਸਾਂ ਮੈਂ ਢੋਲ ਕਲਾਵੜੇ ।੧।

ਮੈਂ ਸਜਣ ਕਾਰਣਿ ਕੂਕਦੀ,
ਨਿਤਿ ਉਚੇ ਚੜਿ ਚੜਿ ਚੀਕਦੀ ।੨।

ਮੈਂ ਸਜਣ ਕਾਰਣ ਸੁਕਦੀ,
ਕਉਨ ਸਾਰ ਲਏ ਮੇਰੇ ਦੁਖ ਦੀ ।੩।

ਮੈਂ ਸਜਣ ਕਾਰਣਿ ਧੁਖਦੀ,
ਨਿਤਿ ਚਾਹਿ ਸਾਈਂ ਤੇਰੇ ਮੁਖ ਦੀ ।੪।

ਪ੍ਰਭੂ ਆਪਣਾ ਬਿਰਦੁ ਸਮਾਰੀਐ,
ਹੁਣਿ ਨਉਨਿਧਿ ਦਰਸੁ ਦਿਖਾਰੀਐ ।੫।
(ਰਾਗ ਧਨਾਸਰੀ)

4. ਉਥੈ ਗਇਆ ਸੁ ਫੇਰਿ ਨ ਵੱਲਿਆਈ

ਉਥੈ ਗਇਆ ਸੁ ਫੇਰਿ ਨ ਵੱਲਿਆਈ,
ਜੋ ਜਾਇ ਸੱਜਣਿ ਨਾਲ ਰਲਿਆਈ ।੧।

ਸਭ ਚਲਣੁ ਚਲਣੁ ਆਖਦੀ,
ਕੋਈ ਸਚੜਾ ਰਾਹਿ ਨ ਭਾਖਦੀ,
ਸੋ ਪਹੁੰਚਿਆ ਜੋ ਉਠਿ ਚੱਲਿਆਈ ।੨।

ਜਿਨ ਮਨ ਘੋੜਾ ਦਉਰਾਇਆ,
ਸੋ ਕਰਿ ਅਸਵਾਰੀ ਆਇਆ,
ਕਿਸੇ ਨਾਹਿ ਸਨੇਹਾ ਘੱਲਿਆਈ ।੩।

ਜਿਨਿ ਚਉਪੜਿ ਦਾਉ ਚੁਕਾਇਆ,
ਸੋ ਜਿਣਿ ਬਾਜੀ ਘਰਿ ਆਇਆ,
ਓਨ ਪ੍ਰੇਮ ਦਾ ਪਾਸਾ ਢਾਲਿਆਈ ।੪।

ਜਿਨਿ ਦੂਜਾ ਦਾਵਾ ਸਟਿਆ,
ਸਿਰਿ ਵੇਚੇ ਸੱਜਣ ਵੱਟਿਆ,
ਤਿਨਿ ਨਉਨਿਧਿ ਹਰਿ ਦਰਿ ਮੱਲਿਆਈ ।੫।
(ਰਾਗ ਧਨਾਸਰੀ)

5. ਦੇਖੋ ਸਈਓ ਸਭਨਾ ਇਕੋ ਨਾਇਕ

ਦੇਖੋ ਸਈਓ ਸਭਨਾ ਇਕੋ ਨਾਇਕ,
ਕੋ ਕਰਿ ਸਕੈ ਬਰਾਬਰ ਤਿਨ ਕੀ,
ਅਉਰ ਨਹੀਂ ਕੋਈ ਲਾਇਕ ।੧।ਰਹਾਉ।

ਤਪੇ ਤਪੀਸਰ ਬ੍ਰਹਮੇ ਈਸੁਰ,
ਕਾਲ ਕੀਏ ਸਭ ਘਾਇਕ ।੧।

ਨਉਨਿਧਿ ਜੁਗਿ ਜੁਗਿ ਸੰਤ ਸੁਖੀ ਹੈਂ,
ਅਉਰਨ ਕੇ ਸੁਖਦਾਇਕੁ ।੩।
(ਰਾਗ ਕਲਿਆਨ)

6. ਦੇਖੋ ਸਈਓ ਲਟਕੇ ਦੇ ਨਾਲਿ ਲੁਟੇਂਦਾ

ਦੇਖੋ ਸਈਓ ਲਟਕੇ ਦੇ ਨਾਲਿ ਲੁਟੇਂਦਾ,
ਅਗਲੇ ਘਾਉ ਨ ਥੀਂਦੇ ਚੰਗੇ,
ਉਤਉਂ ਭਰਿ ਭਰਿ ਚੋਟ ਚਲੇਂਦਾ ।੧।ਰਹਾਉ।

ਉਹੁ ਬੇਦਰਦੁ ਉਸ ਦਰਦੁ ਨ ਭੋਰਾ,
ਮੈਨੂੰ ਮੁੰਗਲਿ ਮਾਰਿ ਕੁਟੇਂਦਾ ।੧।

ਨਉਨਿਧਿ ਜੈਨੂੰ ਸੱਜਣ ਛੱਟੇ,
ਤਿਸ ਜਮੁ ਨਹੀਂ ਫਟੇਂਦਾ ।੨।
(ਰਾਗ ਕਲਿਆਨ)

(ਮੁੰਗਲਿ=ਮੂੰਗਲੀ)