Punjabi Poetry Naseem Haider Naseem

ਪੰਜਾਬੀ ਕਲਾਮ/ਗ਼ਜ਼ਲਾਂ ਨਸੀਮ ਹੈਦਰ ਨਸੀਮ

1. ਉੱਤੋਂ ਸੱਜਣ ਜਾਪੇ ਵਿੱਚੋਂ ਕਰਦ ਜਿਹਾ

ਉੱਤੋਂ ਸੱਜਣ ਜਾਪੇ ਵਿੱਚੋਂ ਕਰਦ ਜਿਹਾ ।
ਜਿਹੜਾ ਸਾਨੂੰ ਲਗਦਾ ਏ ਹਮਦਰਦ ਜਿਹਾ ।

ਉਹਦੀ ਹਰ ਹਰਕਤ 'ਤੇ ਗਰਮੀ ਆਉਂਦੀ ਏ,
ਪਰ ਮਜ਼ਬੂਰੀ ਕੀਤੈ ਗੁੱਸਾ ਸਰਦ ਜਿਹਾ ।

ਦਿਲ ਦਰਿਆ ਵਿਚ ਗ਼ਮ ਦੀਆਂ ਮਾਰੂ ਛੱਲਾਂ ਨੇ,
ਅੱਖੀਆਂ ਦੀ ਕਿਸ਼ਤੀ ਵਿਚ ਅੱਥਰੂ ਦਰਦ ਜਿਹਾ ।

ਮਾਲੀ ਬਾਗ਼ ਨੂੰ ਐਸਾ ਝੋਰਾ ਲਾਇਆ ਏ,
ਹਰ ਇਕ ਫੁਲ ਦਾ ਚਿਹਰਾ ਜਾਪੇ ਜ਼ਰਦ ਜਿਹਾ ।

ਜਿਹੜਾ ਕਰਕੇ ਕੌਲ 'ਨਸੀਮ' ਨਿਭਾਉਂਦਾ ਨਈਂ,
ਉਹ ਬੰਦਾ ਨਈਂ ਹੁੰਦਾ ਸੁੱਚਾ ਮਰਦ ਜਿਹਾ ।

2. ਤਰ ਕੇ ਵਿਚ ਸਮੁੰਦਰ ਮੰਜ਼ਿਲ ਭਾਲ ਦੀਆਂ

ਤਰ ਕੇ ਵਿਚ ਸਮੁੰਦਰ ਮੰਜ਼ਿਲ ਭਾਲ ਦੀਆਂ ।
ਮਾਰ ਕੇ ਟੁੱਬੀ ਖ਼ਬਰਾਂ ਲੈਣ ਪਤਾਲ ਦੀਆਂ ।

ਤੂਫ਼ਾਨਾਂ ਦੀਆਂ ਛੱਲਾਂ ਨਾਲ ਨੇ ਖੇਡਦੀਆਂ,
ਐਂਵੇਂ ਤੇ ਸਿੱਪੀਆਂ ਨਈਂ ਮੋਤੀ ਪਾਲ ਦੀਆਂ ।

ਕਰਦਾਂ ਕੱਟੇ ਹੱਥ ਮਿਸਰ ਦੀਆਂ ਕੁੜੀਆਂ ਦੇ,
ਵੇਖ ਨਾ ਸਕੀਆਂ ਝਲਕਾਂ ਹੁਸਨ ਜਮਾਲ ਦੀਆਂ ।

ਮੁਸਤਕਬਿਲ ਦੀ ਮੰਜ਼ਿਲ ਨਜ਼ਰੀਂ ਆ ਰਈ ਏ,
ਦਸ ਰਹੀਆਂ ਨੇ ਘੜੀਆਂ ਆਪੇ ਹਾਲ ਦੀਆਂ ।

ਮੇਰੀਆਂ ਸੋਚਾਂ 'ਬੁੱਲ੍ਹਾ' 'ਵਾਰਿਸ' ਢੂੰਡਦੀਆਂ,
ਦਿਲ ਵਿਚ ਯਾਦਾਂ 'ਗ਼ਾਲਿਬ' ਤੇ 'ਇਕਬਾਲ' ਦੀਆਂ,

ਜਿਹੜੇ ਪਿਆਰ ਦੀ ਨਗਰੀ ਵੜਨ ਨਾ ਯਾਰ 'ਨਸੀਮ',
ਉਂਹ ਕੀ ਜਾਨਣ ਕਦਰਾਂ ਹਿਜਰ ਵਸਾਲ ਦੀਆਂ ।