Nanua Vairagi ਨਨੂਆ ਵੈਰਾਗੀ
ਭਾਈ ਨਨੂਆ ਵਜ਼ੀਰਾਬਾਦ ਦੇ ਕਿਸੇ ਅਮੀਰ ਘਰਾਣੇ ਨਾਲ ਸੰਬੰਧਿਤ ਸੀ ।
ਉਹ ਗੁਰੂ ਤੇਗ ਬਹਾਦੁਰ ਜੀ ਦੇ ਸ਼ਰਧਾਲੂ ਸਿੱਖ ਸਨ । ਉਹ ਆਪਣੇ ਗੋਤ
ਨਨੂਆ ਕਰਕੇ ਨਨੂਆ ਵੈਰਾਗੀ ਦੇ ਤੌਰ ਤੇ ਪਰਸਿੱਧ ਹੋਏ ।
ਪੰਜਾਬੀ ਕਵਿਤਾ ਨਨੂਆ ਵੈਰਾਗੀ
ਆਸਾਵਰੀਆਂ
੧.
ਤੇਰਾ ਦਰਸ਼ਨ ਮੇਰੀਆਂ ਅੱਖੀਆਂ, ਸੁਰਮੇ ਵਾਂਗੂੰ ਘੁੰਮਾਂ ਵੋ
ਜਿਤ ਵਲਿ ਲਗਣ ਚਰਨ ਤੁਸਾਡੇ, ਮੈਂ ਜਾਈ ਉਤ ਉਤ ਚੁੰਮਾਂ ਵੋ
ਰਾਤੀਂ ਡੀਹੇ ਮਨ ਤਨ ਅੰਦਰਿ, ਤੇਰੀਆਂ ਉਡਣ ਧੁੰਮਾਂ ਵੋ
ਘਰ ਦਾ ਸਾਹਿਬ ਘਰ ਵਿਚ ਲੱਧਾ, ਨਨੂਆ ਬਲਿ ਬਲਿ ਹੁੰਮਾਂ ਵੋ ।੧।
੨.
ਤੇਰਾ ਦਰਸ਼ਨ ਮੇਰੀਆਂ ਅੱਖੀਆਂ, ਘੁੰਮ ਰਹੀਆਂ ਵਿਚ ਧਾਰੀ ਵੋ
ਬਿਰਹੁ ਦੇ ਅਸਵਾਰ ਥੀਉਸੇ, ਜੈਂਦੀ ਚੜ੍ਹਤਲ ਭਾਰੀ ਵੋ
ਮੇਰਾ ਤੇਰਾ ਨਦਰਿ ਨ ਆਵਹਿ, ਪਾਈ ਪ੍ਰੇਮ ਗੁਬਾਰੀ ਵੋ
ਘਰ ਦਾ ਸਾਹਿਬ ਘਰ ਵਿਚ ਮਿਲਿਆ, ਨਨੂਆ ਵਾਰੀ ਵਾਰੀ ਵੋ ।੨।
੩.
ਤੇਰਾ ਚੁਖ ਦਿਲਾਸਾ ਸੱਜਣਾ, ਦੀਨ ਦੁਨੀ ਦੀ ਓਟ ਵੋ
ਮੱਲ੍ਹਮ ਦੀ ਪਰਵਾਹ ਨ ਧਰਦੀ, ਵਾਹੁ ਤੁਸਾਡੀ ਚੋਟ ਵੋ
ਲਗਾ ਨੇਹੁੰ ਅਨੋਖਾ ਤੇਰਾ, ਦੇਇ ਨ ਇਕ ਪਲ ਛੋਟ ਵੋ
ਲੋਟ ਪੋਟ ਲੁਟਿ ਲੀਤਾ ਨਨੂਆ, ਵਾਹੁ ਤੁਸਾਡੀ ਲੋਟ ਵੋ ।੩।
੪.
ਤੇਰਾ ਚੁਖ ਦਿਲਾਸਾ ਸੱਜਣਾ, ਦੀਨ ਦੁਨੀ ਦੀ ਓਟ ਵੋ
ਇਕੁ ਖਰਾ ਕਰ ਬੱਧਾ ਪੱਲੇ, ਰਹੀ ਨ ਦੁਬਿਧਾ ਖੋਟ ਵੋ
ਜੋ ਕਿਛੁ ਹੋਣਾ ਸੋਈ ਹੋਆ, ਸਿਰ ਦੀ ਸੁੱਟੀ ਪੋਟ ਵੋ
'ਨਨੂਆ' ਬਿਨ ਸ਼ਰਣੀਂ ਕਿਉਂ ਪਾਈਐ, ਬੁਰੇ ਭਲੇ ਥੀਂ ਛੋਟ ਵੋ ।੪।
੫.
ਸੱਜਣ ਦੇ ਵੱਲ ਨੈਣ ਅਸਾਡੇ, ਰਾਤੀਂ ਡੀਂਹੇ ਖੁਲ੍ਹੇ ਵੋ
ਦਰਸਨ ਪੂਰੇ ਸਦਾ ਹਜ਼ੂਰੇ, ਵੱਤਣ ਡੁਲ੍ਹੇ ਡੁਲ੍ਹੇ ਵੋ
ਨਰਕ ਸੁਰਗ ਤ੍ਰਿਣ ਸੁੱਕੇ ਵਾਂਗੂ, ਦਿੱਤੇ ਬਲਦੇ ਚੁਲ੍ਹੇ ਵੋ
ਨਨੂਆ ਦੀਵਾ ਟਿਕਹਿ ਨ ਇਕ ਪਲ, ਜੇ ਚਉ ਵਾਇਆ ਝੁਲੇ ਵੋ ।੫।
੬.
ਤੁਧ ਬਿਨ ਸਜਣ ਜਾਣੈ ਨਾਹੀ ਕੋਈ ਮੇਰੇ ਦਿਲ ਦੀ ਵੋ
ਦਰਦ ਦੁਸਾਡਾ ਵਸਤੀ ਦਿਲ ਦੀ, ਖਿਨ ਖਿਨ ਜਾਂਦੀ ਮਿਲਦੀ ਵੋ
ਕਾਤੀ ਉਪਰਿ ਕਾਤੀ ਤੇਰੀ, ਕਾਤੀ ਆਵੈ ਛਿਲਦੀ ਵੋ
ਕਿਉਂ ਕਰਿ ਠਾਕਿ ਵੰਞਾਏ ਨਨੂਆ, ਹਿਲੇ ਅਵੇਹੀ ਹਿਲਦੀ ਵੋ ।੬।
੭.
ਪਾਇਆ ਘੁੰਮ ਘੁੰਮੇਦੇ ਸੱਜਣ, ਅੰਙਣ ਸਾਡੇ ਫੇਰਾ ਵੋ
ਲੂੰ ਲੂੰ ਅੰਦਰ ਹੋਇ ਮੁਕੀਮੀ, ਕੀਤੋ ਅਪਣਾ ਡੇਰਾ ਵੋ
ਧੋਖਾ ਸੰਸਾ ਕੋਇ ਨਾ ਰਹਿਓ, ਕੌੜੀ ਦੁਬਿਧਾ ਕੇਰਾ ਵੋ
ਨਨੂਆ ਆਪਿ ਆਰਸੀ ਅੰਦਰਿ, ਸੱਚੇ ਸੱਚਾ ਹੇਰਾ ਵੋ ।੭।
੮.
ਤੇਰੀ ਚੁਖ ਚੁਖ ਝਾਤੀ ਮੈਨੂੰ, ਸਭ ਦੁਖਾਂ ਦੀ ਕਾਤੀ ਵੋ
ਦੇਂਦੀ ਕਦੇ ਨਾ ਰੱਜੇ ਮੂਲੇ, ਵਾਹੁ ਵਾਹੁ ਕਿਆ ਦਾਤੀ ਵੋ
ਲਾਈ ਝੜੀ ਰਹੈ ਅੰਮ੍ਰਿਤ ਦੀ, ਅਠਿ ਪਹਰ ਦਿਹੁੰ ਰਾਤੀ ਵੋ
ਨਨੂਏ ਉਪਰਿ ਡੁਲ੍ਹ ਡੁਲ੍ਹ ਪਉਂਦੀ, ਵਾਹੁ ਵਾਹੁ ਕਿਆ ਮਾਤੀ ਵੋ ।੮।
੯.
ਤੇਰਿਆਂ ਪੈਰਾਂ ਦੀ ਚੁਖ ਮਿਟੀ, ਮੇਰੇ ਸਿਰ ਦੀ ਤਾਜ ਵੋ
ਇਹੁ ਕਦੇ ਨਾ ਡੋਲੇ ਜੁਗ ਜੁਗ, ਕਾਇਮ ਤੇਰਾ ਰਾਜ ਵੋ
ਗਰਬ ਪ੍ਰਹਾਰੀ ਬਿਰਦ ਤੁਸਾਡਾ, ਹੋਹੁ ਗਰੀਬ ਨਿਵਾਜ ਵੋ
ਨਨੂਆ ਅੱਠ ਪਹਿਰ ਭਰ ਤੁਹਨੂੰ, ਏਹੋ ਵੱਡਾ ਕਾਜ ਵੋ ।੯।
੧੦.
ਤੇਰੇ ਦਰ ਤੇ ਸੱਥਰ ਲੱਥੇ, ਕੀਚੈ ਜੋ ਕਿਛੁ ਕਰਨਾ ਵੋ
ਚਰਨ ਕੰਵਲ ਸ਼ਾਂਤ ਸੁਖਦਾਤਾ, ਮੇਰੇ ਸਿਰ ਤੇ ਧਰਨਾ ਵੋ
ਨਨੂਏ ਸੁਣਿਆ ਬਿਰਦ ਤੁਸਾਡਾ, ਸਚੇ ਅਸਰਨ ਸਰਨਾ ਵੋ ।੧੦।
ਸ਼ਬਦ
1
ਹਾਂ ਵੇ ਲੋਕਾ ਦੇਂਦੀ ਹਾਂ ਹੋਕਾ ਗੋਬਿੰਦ ਅਸਾਂ ਲੋੜੀਦਾ ਵੋ ।੧।ਰਹਾਉ।
ਗੁਰਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ ਸੁਰਤਿ ਸਬਦ ਮਨ ਜੋੜੀਂਦਾ ਵੋ ।੧।
ਸੋਹੰ ਦਾ ਹਥ ਪਕੜਿ ਕੁਹਾੜਾ ਹਊਮੈ ਬੰਧਨ ਤੋੜੀਂਦਾ ਵੋ ।੨।
ਇਹ ਮਨ ਮਤਾ ਹਰਿ ਰੰਗ ਰਤਾ, ਮੁਹਰਾ ਨਹੀਂ ਮੋੜੀਂਦਾ ਵੋ ।੩।
ਨਿਤ ਨਿਤ ਖਸਮ ਸਮਾਲਹੁ 'ਨਨੂਆ', ਕਿਆ ਭਰਵਾਸਾ ਖੋੜੀਂਦਾ ਵੋ ।੪।
(ਸਿਰੀ ਰਾਗ)
2
ਸਾਈਂ ਸਾਨੂੰ ਆਪਣਾ ਕਰਿ ਰਖੁ
ਛਡੀਂ ਨ ਮੂਲੇ ਕਰਿ ਸਾਈਂ ਅਪਣਾ, ਤੇਰਾ ਪਤਿਤ ਪਾਵਨ ਪੱਖ ।੧।ਰਹਾਉ।
ਤੂ ਸਾਹਿਬ ਅਗਮ ਅਡੋਲ ਹੈ, ਮੈਂ ਦਰਿ ਤੇਰੇ ਪਇਆ ਕੱਖੁ ।
ਜੇ ਹਸ ਕਹਹਿੰ ਟੁਕ ਆਉ 'ਨਨੂਆ', ਮੈਂ ਜਾਣਾਂ ਪਾਏ ਲੱਖ ।
(ਰਾਗ ਆਸਾ)
3
ਆਸਾ ਮਨਸਾ ਪਿੰਗ ਭਈ ਹੈ, ਤਾਂ ਤੇ ਮਾਨਨ ਸਭਿ ਉਠ ਗਈ ਹੈ ।੧।ਰਹਾਉ।
ਕਥਾ ਕੀਰਤਨ ਮਹਿ ਨਿਤ ਨਿਤ ਜਾਈਐ, ਮਾਨ ਅਪਮਾਨ ਤਿਆਗਿ ਧਿਆਈਐ ।੧।
ਤਾਂ ਕੀ ਆਸਾ ਕਵਣ ਕਰੇ ਜੀ, ਆਪੇ ਤਾਰੇ ਆਪ ਤਰੇ ਜੀ ।੨।
ਨਨੂਆ ਜਿਤ ਕਿਤ ਰਾਮ ਨਿਹਾਰਿਓ, ਸਿੰਘ ਹੋਇ ਮਨ ਕੁੰਚਰ ਮਾਰਿਓ ।੩।
(ਰਾਗ ਆਸਾ)
4
ਲੋਇਨ ਨਿਪਟ ਲਾਲਚੀ ਮੇਰੇ
ਭੂਖੇ ਧਾਵਹਿੰ ਤ੍ਰਿਪਤ ਨ ਪਾਵਹਿੰ, ਸਦਾ ਰਹਹਿੰ ਹਰਿ ਮੂਰਤਿ ਘੇਰੇ ।ਰਹਾਉ।
ਜੋਰਹਿ ਹਾਥ ਅਨਾਥ ਨਾਥ ਪਹਿੰ, ਅਪਨੇ ਠਾਕੁਰ ਕੇਰੋ ਚੇਰੇ
ਹੇਰਿ ਹੇਰਿ ਨਨੂਆ ਹੈਰਾਨੇ, ਗੁਰ ਮੂਰਤਿ ਵਿਚ ਹਰਿ ਜੀ ਹੇਰੇ ।
(ਰਾਗ ਕਿਦਾਰਾ)
5
ਹਰਿ ਹਰਿ ਦਰਸਨ ਕੀ ਪਿਆਸ ਹੈ ।ਰਹਾਉ।
ਚਿੰਤਾਮਣਿ ਭਵਹਰਨ ਮਨੋਹਰ, ਗੁਨ ਸਾਗਰ ਸੁਖ ਰਾਸ ਹੈ
ਜਾਂਕੀ ਧੂਰਿ ਸੁਰ ਮੁਨਿ ਜਨ ਬੰਛਹਿ, ਸੰਤਨ ਰਿਦੇ ਨਿਵਾਸ ਹੈ
ਸੋਇ ਸੁਣਤ ਮਨ ਹਰਿਆ ਹੋਵੇ, ਭੇਟਤ ਪਰਮ ਬਿਲਾਸ ਹੈ
ਨਨੂਆ ਆਇ ਵਸਹੁ ਘਟ ਅੰਤਰਿ, ਤੁਮ ਬਿਨ ਆਤੁਰ ਸਾਸ ਹੈ ।੪।
(ਰਾਗ ਬਸੰਤ)
6
ਰਾਮ ਰਸ ਪੀਵਤ ਹੀ ਮਸਤਾਨਾ
ਪਾਈ ਮਸਤੀ ਖੋਈ ਹਸਤੀ, ਅਲਮਸਤੀ ਪਰਵਾਨਾ ।ਰਹਾਉ।
ਨੈਨ ਛਕੇ ਹੇਰੇ ਹਰਿ ਦਰਸਨ, ਬੈਨ ਛਕੇ ਹਰਿ ਗਾਥਾ
ਕਾਨ ਛਕੇ ਹਰਿ ਲੀਲਾ ਸੁਨਿ ਸੁਨਿ, ਹਰਿ ਚਰਨਨ ਪਰ ਮਾਥਾ ।੧।
ਨਿਜ ਪ੍ਰਕਾਸ਼ ਅਨਭੈ ਕੀ ਲਟਕੈਂ, ਅੰਗ ਅੰਗ ਮੈਂ ਦਉਰੀ
ਤਾਂ ਤੇ ਕਬਹੂ ਨ ਆਵਹਿ ਅਉਧੂ, ਜਨਮ ਮਰਨ ਕੀ ਭਉਰੀ ।੨।
ਰਸਕਿ ਰਸਕਿ ਰਸਨਾ ਰਸਿ ਮਾਤੀ, ਹਰਿ ਰਸ ਮਾਹੀਂ ਗੀਧੀ
ਤੀਨ ਗੁਣਾ ਉਪਾਧਿ ਤਿਆਗ ਕੈ, ਚਉਥੇ ਪਦ ਮਹਿੰ ਸੀਧੀ ।੩।
ਵਾਹੁ ਵਾਹੁ ਨਨੂਆ ਬਿਗਸਾਨਾ, ਹਰਿ ਰਸ ਰਸਕ ਬਿਨੋਦੀ
ਕੂਦ ਪਰਿਓ ਅੰਮ੍ਰਿਤ ਸਾਗਰ ਮੈਂ, ਸਭ ਜਗ ਕਉ ਲੈ ਗੋਦੀ ।੪।
(ਰਾਗ ਕੇਦਾਰਾ)
7
ਰਾਮ ਰਸ ਪੀਵਤ ਹੀ ਅਲਸਾਨਾ
ਮਹਾਂ ਅਗਾਧ ਅਪਾਰ ਸਾਗਰ ਮੈਂ, ਬੂੰਦ ਹੋਇ ਮਗਨਾਨਾ ।੧।ਰਹਾਉ।
ਗਲਤ ਭਏ ਤਨ ਮਨ ਕੇ ਉਦਮ, ਫੁਰਨ ਨ ਫੁਰਕੈ ਕਾਈ
ਜੋ ਜੋ ਲਹਿਰ ਉਠਹਿ ਸਾਗਰ ਮੈਂ, ਤਾਂਹੀਂ ਮਾਹਿ ਸਮਾਈ ।੧।
ਮੁਕਤਿ ਬੰਧ ਕੋ ਬੰਧਨ ਟੂਟਿਓ, ਉਕਤਿ ਜੁਗਤਿ ਸਭ ਭੂਲੀ
ਹਿਰਦੇ ਕਮਲ ਕੀ ਕਲੀ ਚੇਤਨਾ, ਪ੍ਰੇਮ ਪਵਨ ਲਗਿ ਫੂਲੀ ।੨।
ਮਨ ਬੁਧਿ ਚਿਤ ਅਹੰਕਾਰ ਗਲਤ ਭਏ, ਤੀਨ ਗੁਣਾਂ ਸਮਤਾਈ
ਐਸੀ ਦਸ਼ਾ ਅਨੋਖੀ ਤੋਖੀ, ਲਟਕਤ ਲਟਕਤ ਆਈ ।੩।
ਸ਼ਾਂਤਿ ਸਹਿਜੁ ਸੰਤੋਖੁ ਸੀਲੁ ਸੁਖੁ, ਕੀਨਉ ਆਨ ਬਸੇਰਾ
ਭਉ ਸਾਗਰ ਮਹਿੰ ਨਨੂਆ; ਤੇਰਾ ਬਹੁਰ ਨ ਹੋਈ ਹੈ ਫੇਰਾ ।੪।
(ਰਾਗ ਆਸਾਵਰੀ)
8
ਰਾਮ ਰਸ ਪੀਵਤ ਹੀ ਤ੍ਰਿਪਤਾਨਾ
ਕੋਟਿ ਜਨਮ ਕਾ ਭੂਖਾ ਦੇਖਹੁ, ਇਕ ਪਲ ਮਾਹਿੰ ਅਘਾਨਾ ।੧।ਰਹਾਉ।
ਤ੍ਰਿਸਨਾ ਸਤ ਸੰਤੋਖ ਰੂਪ ਧਰਿ, ਮਨ ਚੰਚਲ ਥਿਤ ਪਾਈ
ਲੂੰਬ ਲੇਟ ਕੈ ਸਿੰਘ ਭਈ ਹੈ, ਦੇਖਹੁ ਅਚਰਜ ਭਾਈ ।੧।
ਕਾਮ ਕ੍ਰੋਧ ਲੋਭ ਅਹੰਕਾਰਾ, ਇਹ ਸਭ ਮਾਰ ਨਸਾਏ
ਸ਼ਾਂਤਿ ਸਹਜ ਖਿਮਾਂ ਅਰ ਧੀਰਜ, ਇਹ ਸਭ ਘਰਹਿ ਵਸਾਏ ।੨।
ਤ੍ਰਿਗੁਣ ਅਤੀਤ ਪਰਮ ਪਦੁ ਪਾਇਆ, ਮਿਟਿਓ ਮੋਹ ਅਭਿਆਸਾ
ਵਾਹੁ ਵਾਹੁ ਕੈਸੋ ਤ੍ਰਿਪਤਾਨੋ, ਨਨੂਆ ਵਡੋ ਪਿਆਸਾ ।੪।
(ਰਾਗ ਆਸਾਵਰੀ)
9
ਮੈਂ ਨਾਹੀਂ ਪ੍ਰਭ ਸਭ ਕਿਛ ਤੂੰ।
ਤਾਰ ਤਾਰ ਵਿਚ ਸੋਧ ਕਰ ਡਿਠਾ ਹਰ ਕਪੜੇ ਵਿਚ ਇਕਾ ਰੂੰ।
ਜੋਤ ਪ੍ਰਕਾਸ਼ੀ ਨਿਕਲਨ ਰਾਮਹੁ ਕਾਲਾ ਕਰ ਹਉਮੈਂ ਸੂੰ।
ਨਨੂਆਂ ਰਗ ਰਗ ਰਾਮ ਸਮਾਲੇ ਸੋਹੰ ਸੋਹੰ ਬੋਲੇ ਲੂੰ।
(ਰਾਗ ਪੂਰਬੀ)
ਦੋਹਿਰਾ
ਧਰਤੀ ਖੋਦਤ ਬੋਲਈ ਕਾਠ ਕਟਤ ਕੁਰਲਾਇ।
ਨਨੂਆ ਸ਼ਬਦ ਕੁਸ਼ਬਦ ਕੋ ਸਾਧੂ ਰਹੈ ਪਚਾਇ।