Nanaki Shak Ate Saint : Neelam Saini

ਨਾਨਕੀ ਸ਼ੱਕ ਅਤੇ ਸੈਂਤ : ਨੀਲਮ ਸੈਣੀ

ਚਾਹ-ਪਾਣੀ ਤੋਂ ਬਾਅਦ ਨਾਨਕੀ ਸ਼ੱਕ ਰੱਖੀ ਜਾਂਦੀ ਸੀ। ਨਾਨਕਿਆਂ ਵਲੋਂ ਲਿਆਂਦੇ ਤੋਹਫ਼ੇ ਨਾਨਕੀ ਸ਼ੱਕ ਕਹਾਉਂਦੇ ਸਨ। ਇਨ੍ਹਾਂ ਤੋਹਫ਼ਿਆਂ ਵਿਚ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਨਾਲਨਾਲ ਉਨ੍ਹਾਂ ਦੇ ਮਾਂ-ਬਾਪ, ਦਾਦੀ-ਦਾਦੇ, ਚਾਚੇਚਾਚੀਆਂ, ਤਾਏ-ਤਾਈਆਂ, ਭੂਆ-ਫੁੱਫੜਾਂ ਤੋਂ ਇਲਾਵਾ ਨਾਨਕੇ ਪਿੰਡੋਂ ਉਸ ਪਿੰਡ ਵਿਚ ਵਿਆਹੀਆਂ ਕੁੜੀਆਂ ਦੇ ਸੂਟ ਅਤੇ ਲਾਗੀਆਂ ਦੇ ਲਾਗ ਸ਼ਾਮਿਲ ਹੁੰਦੇ ਸਨ। ਇਨ੍ਹਾਂ ਨੂੰ ਭਨਾਉਣੀਆਂ ਕਿਹਾ ਜਾਂਦਾ ਸੀ। ਇਸ ਰਸਮ ਦਾ ਮਹੱਤਵ ਇਨ੍ਹਾਂ ਨਜ਼ਦੀਕੀ ਰਿਸ਼ਤਿਆਂ ਦੀ ਪਹਿਚਾਣ ਕਰਵਾਉਣਾ ਅਤੇ ਮਾਣ ਵਧਾਉਣਾ ਹੁੰਦਾ ਸੀ।
ਨਾਨਕੀ ਸ਼ੱਕ ਤੋਂ ਬਾਅਦ ਨਾਲ ਹੀ ਕੁੜੀ ਦੀਆਂ ਚਾਚੀਆਂ-ਤਾਈਆਂ ਵੀ ਆਪਣੇ ਤੋਹਫ਼ੇ ਸਭ ਦੇ ਸਾਹਮਣੇ ਦਿਖਾਉਂਦੀਆਂ। ਪੁਰਾਣੇ ਸਮਿਆਂ ਵਿਚ ਮਾਮਿਆਂ ਵਲੋਂ ਖ਼ਾਸ ਟੂੰਮ (ਗਹਿਣਾ) ਕਾਂਟੇ ਅਤੇ ਨੱਥ ਪਾਈ ਜਾਂਦੀ ਸੀ ਹੁਣ ਇਹ ਪੂਰੇ ਸੈੱਟ ਤੱਕ ਪੁੱਜ ਗਈ ਹੈ। ਨਾਨਕੀ ਸ਼ੱਕ ਦਿਖਾਉਂਦੇ ਵਕਤ ਦੋਵਾਂ ਧਿਰਾਂ ਵਿਚ ਮੁਕਾਬਲਾ ਦੇਖਣ ਵਾਲਾ ਹੁੰਦਾ ਸੀ। ਇਹ ਰਸਮ ਅਜੇ ਵੀ ਹੋ ਰਹੀ ਹੈ। ਪਰਦੇਸਾਂ ਵਿਚ ਵੀ ਜੇ ਕੁੜੀ ਜਾਂ ਮੁੰਡੇ ਦੇ ਨਾਨਕੇ ਕੋਲ ਨਾ ਹੋਣ ਤਾਂ ਇਹ ਰਸਮ ਆਪ ਸਿਰਜੇ ਰਿਸ਼ਤੇ ਨਿਭਾਉਂਦੇ ਹਨ।

ਨਾਨਕੀ ਸ਼ੱਕ ਦੇ ਗੀਤ

ਨਾਨਕੀਆਂ:
ਖੱਟਾਂ ਵਿਛਾਉਂਦੇ ਦੋ ਜਣੇ!
ਨੀ ਸੌ ਮੇਰੀ ਨਾਨੀ ਦੇ ਜਾਏ।
ਨਾਨੀ ਦੇ ਜਾਏ ਮਾਮਿਓਂ,
ਤੁਆਡਾ ਰਾਜ ਸਵਾਇਆ।

ਦਾਦਕੀਆਂ:
ਖੱਟਾਂ ਵਿਛਾਉਂਦੇ ਦੋ ਜਣੇ!
ਨੀ ਸੌ ਮੇਰੀ ਦਾਦੀ ਦੇ ਜਾਏ।
ਦਾਦੀ ਦੇ ਜਾਏ ਚਾਚਿਓ,
ਤੁਆਡਾ ਰਾਜ ਸਵਾਇਆ।

ਨਾਨਕੀਆਂ:
ਐਸੀ ਵੇਲੇ ਨੀ ਲੋੜੀਏ,
ਅੰਮਾ ਜਾਈਓ ਭੈਣੋਂ, ਐਸੀ ਵੇਲੇ।
ਐਸੀ ਵੇਲੇ ਨੀ
'ਕੱਲਾ ਕੋਈ ਨਾ ਹੋਵੇ ਭੈਣੋਂ, ਐਸੀ ਵੇਲੇ।
ਐਸੀ ਵੇਲੇ ਨੀ।
'ਕੱਲਾ ਡੋਲ ਖਲੋਤਾ ਭੈਣੋਂ, ਐਸੀ ਵੇਲੇ।
ਐਸੀ ਵੇਲੇ ਗੁਰਚਰਨ ਭਾਈਆਂ ਦਾ
ਮੋਹਰੀ ਭੈਣੋਂ, ਐਸੀ ਵੇਲੇ।
ਐਸੀ ਵੇਲੇ ਚਾਚਾ ਚਾਚੀ ਦੇ
ਓਹਲੇ ਭੈਣੋਂ, ਐਸੀ ਵੇਲੇ।

ਦਾਦਕੀਆਂ:
ਐਸੀ ਵੇਲੇ ਨੀ ਲੋੜੀਏ,
ਅੰਮਾਂ ਦੇ ਜਾਏ ਭੈਣੋਂ, ਐਸੀ ਵੇਲੇ।
ਐਸੀ ਵੇਲੇ ਨੀ 'ਕੱਲਾ ਕੋਈ ਨਾ ਹੋਵੇ
ਭੈਣੋਂ, ਐਸੀ ਵੇਲੇ।
ਐਸੀ ਵੇਲੇ ਨੀ 'ਕੱਲਾ ਡੋਲ ਖਲੋਤਾ
ਭੈਣੋਂ, ਐਸੀ ਵੇਲੇ।
ਐਸੀ ਵੇਲੇ 'ਹਰਿੰਦਰ' ਭਾਈਆਂ ਦਾ ਮੋਹਰੀ
ਭੈਣੋਂ, ਐਸੀ ਵੇਲੇ।
ਐਸੀ ਵੇਲੇ ਮਾਮਾ ਮਾਮੀ ਦੇ ਓਹਲੇ
ਭੈਣੋਂ, ਐਸੀ ਵੇਲੇ।

ਦਾਦਕੀਆਂ:
ਦੇਖ ਲਓ ਭੈਣੋਂ ਨਾਨਕੀ ਸ਼ੱਕ
ਬਈ ਨਾਨਕੀ ਸ਼ੱਕ।
ਰਾਤੀਂ ਤਾਂ ਦਿਸਦੀ ਸੀ,
ਭੌਂ ਜਿੱਡੀ ਪੰਡ ਬਈ ਭੌਂ ਜਿੱਡੀ ਪੰਡ।
ਵਿਚੋਂ ਤਾਂ ਨਿਕਲਿਆ ਮੌਲੀ ਦਾ ਤੰਦ
ਬਈ ਮੌਲੀ ਦਾ ਤੰਦ।
ਮਾਮੇ ਨੇ ਧਰ ਦਿੱਤੀ ਮਾਮੀ ਦੀ ਲੱਤ
ਬਈ ਮਾਮੀ ਦੀ ਲੱਤ।
ਰੱਖੋ ਰੁਪਈਏ ਚੁੱਕ ਲਵੋ ਲੱਤ
ਬਈ ਚੁੱਕ ਲਵੋ ਲੱਤ।
ਚਿੱਟਾ ਰੁਪਈਆ, ਕਾਲੀ ਆ ਲੱਤ
ਬਈ ਕਾਲੀ ਆ ਲੱਤ।
ਚਾਚੇ ਨੇ ਧਰ ਦਿੱਤਾ ਸੌ ਤਾਂ ਸੱਠ
ਬਈ ਸੌ ਤਾਂ ਸੱਠ।

ਨਾਨਕੀਆਂ:
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ,
ਇਸ ਵੇਲੇ ਜਰੂਰ, ਮਾਮਾ ਲੋੜੀਦਾ।
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ,
ਇਸ ਵੇਲੇ ਜਰੂਰ, ਮਾਸੜ ਲੋੜੀਦਾ।

ਦਾਦਕੀਆਂ:
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ,
ਇਸ ਵੇਲੇ ਜਰੂਰ, ਚਾਚਾ ਲੋੜੀਦਾ।
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ,
ਇਸ ਵੇਲੇ ਜਰੂਰ, ਤਾਇਆ ਲੋੜੀਦਾ।

ਮਾਮੀ ਤਾਂ ਨਖ਼ਰੋ ਨੇ ਚਰਖਾ ਨਾ ਡਾਇ੍ਹਆ,
ਪਈ ਤੰਦ ਨਾ ਪਾਇਆ।
ਪਈ ਫਿਰ ਕੇ ਗਵਾਇਆ,
ਪਈ ਵਿਹੜਾ ਨਾ ਛਾਇਆ।
ਪਈ ਨੱਕ ਵਢਾਇਆ...

ਵੇਲੇ ਦੀ ਵੇਲੇ ਵਿਸਰ ਜਾਂਦੇ ਨੀ,
ਲੁਕ-ਲੁਕ ਬਹਿੰਦੇ ਨੀ।
ਜ਼ੋਰੋ ਦੇ ਓਹਲੇ ਨੀ,
ਕੁੱਛਾਂ ਦਾ ਕੂੜਾ ਨੀ।
ਛੱਪੜਾਂ ਦੇ ਡੱਡੂ ਨੀ,
ਕਮਲਾ ਵੀਰੜੇ ਤੇਰੇ।

ਨਾਨਕੀਆਂ:
ਵੇਲੇ ਦੀ ਵੇਲੇ ਹਾਜਰ ਹੁੰਦੇ ਨੀ,
ਕਾਜ ਰਚਾਉਂਦੇ ਨੀ।
ਭਾਈਆਂ ਦੇ ਮੋਹਰੀ ਨੀ,
ਕਮਲਾ ਵੀਰੜੇ ਤੇਰੇ ਨੀ।

ਰਾਓ ਰਾਣੀ ਦੀਏ ਨਾਨੀ,
ਭਨਾਉਣੀਆਂ ਦੇ ਨੀ।
ਭਨਾਉਣੀਆਂ ਲੈ ਨੀ,
ਭਨਾਉਣੀਆਂ ਦੇ ਨੀ।
ਰਾਓ ਰਾਣੀ ਦੀਏ ਦਾਦੀ,
ਭਨਾਉਣੀਆਂ ਲੈ ਨੀ।
ਭਨਾਉਣੀਆਂ ਦੇ ਨੀ,
ਭਨਾਉਣੀਆਂ ਲੈ ਨੀ।
ਰਾਓ ਰਾਣੀ ਦੀਏ ਚਾਚੀ,
ਭਨਾਉਣੀਆਂ ਲੈ ਨੀ।
ਭਨਾਉਣੀਆਂ ਦੇ ਨੀ।
ਭਨਾਉਣੀਆਂ ਲੈ ਨੀ।

ਅੱਧੜੀ ਰਾਤ ਦੁਪਹਿਰੇ ਨੀ
ਮਾਮਾ ਕਾਹੇ ਨੂੰ ਆਇਆ?
ਅੰਮਾ ਤਾਂ ਇਹਦੀ ਉਧਲ ਗਈ ਜੀ
ਉਹਨੂੰ ਵੇਚਣ ਆਇਆ।
ਸਾਰਾ ਦੁਆਬਾ ਫਿਰ ਆਇਆ ਜੀ
ਮੁੱਲ ਕਿਸੇ ਨਾ ਪਾਇਆ।
ਮੁੱਲ ਤਾਂ ਪਾਇਆ ਸਾਡੇ 'ਆਤਮਾ ਰਾਮ ਨੇ'
ਜੀ ਕੁੱਲ ਡੂਢ ਰੁਪਈਆ।
ਡੂਢ ਰੁਪਈਆ ਖੋਟਾ ਜੀ
ਕਿਸੇ ਕੰਮ ਨਾ ਆਇਆ।

ਦਾਦਕੀਆਂ ਵਲੋਂ ਨਾਨਕੀਆਂ ਦੀ ਸੇਲ ਵੀ ਲਗਾਈ ਜਾਂਦੀ ਹੈ:
ਹਰ ਮਾਲ ਲਾਟਰੀ, ਢਾਈ ਆਨੇ।
ਅੱਜ ਸੇਲ ਲੱਗੀ ਹੈ, ਢਾਈ ਆਨੇ।
ਬਈ ਸੇਲ ਲੱਗੀ ਹੈ, ਢਾਈ ਆਨੇ।
ਬਈ ਲੈ ਲਓ, ਲੈ ਲਓ, ਢਾਈ ਆਨੇ।
ਚੁੱਕ ਲਓ, ਚੁੱਕ ਲਓ, ਢਾਈ ਆਨੇ।
ਸਭ ਕਰਦਾਂ, ਚਾਕੂ, ਢਾਈ ਆਨੇ।
ਬਈ ਮੁੰਡੇ ਦਾ ਮਾਮਾ, ਢਾਈ ਆਨੇ।
ਇਹਦਾ ਲਾਲ ਪਜਾਮਾ, ਢਾਈ ਆਨੇ।
ਬੜਾ ਸ਼ਾਹੂਕਾਰ ਹੈ, ਢਾਈ ਆਨੇ।
ਨਾਲ ਮੋਟਰਕਾਰ ਹੈ, ਢਾਈ ਆਨੇ।
ਇਹ ਵੱਡੀ ਸਾਮੀ, ਢਾਈ ਆਨੇ।
ਬਈ ਲੈ ਲਓ, ਲੈ ਲਓ, ਢਾਈ ਆਨੇ।
ਚੁੱਕ ਲਓ, ਚੁੱਕ ਲਓ, ਢਾਈ ਆਨੇ।

ਬੜਾ ਵਧੀਆ ਮੌਕਾ, ਢਾਈ ਆਨੇ।
ਹਰ ਮਾਲ ਮਿਲੇਗਾ, ਢਾਈ ਆਨੇ।
ਆਹ ਕੱਪੀ, ਗਲਾਸੀ, ਢਾਈ ਆਨੇ।
ਆਹ ਮੁੰਡੇ ਦੀ ਮਾਸੀ, ਢਾਈ ਆਨੇ।
ਇਹਦੇ ਨੈਣ ਸ਼ਰਾਬੀ, ਢਾਈ ਆਨੇ।
ਇਹਦਾ ਸੂਟ ਕੋਕਾ ਕੋਲਾ, ਢਾਈ ਆਨੇ।
ਇਹ ਨਿਰਾ ਪਟੋਲਾ, ਢਾਈ ਆਨੇ।
ਇਹ ਫਿਰ ਨਹੀਂ ਮਿਲਣੀ, ਢਾਈ ਆਨੇ।
ਇਹ ਅੱਜ ਦਾ ਦਿਨ ਹੈ, ਢਾਈ ਆਨੇ।
ਬਈ ਲੈ ਲਓ, ਲੈ ਲਓ, ਢਾਈ ਆਨੇ।
ਚੁੱਕ ਲਓ, ਚੁੱਕ ਲਓ, ਢਾਈ ਆਨੇ।

ਆਹ ਤੱਕਲਾ ਸੂਆ, ਢਾਈ ਆਨੇ।
ਆਹ ਮੁੰਡੇ ਦੀ ਭੂਆ, ਢਾਈ ਆਨੇ।
ਇਹਦਾ ਸੂਟ ਵੀ ਸੂਹਾ, ਢਾਈ ਆਨੇ।
ਇਹ ਬੜੀ ਮਜਾਜਣ, ਢਾਈ ਆਨੇ।
ਬੜਾ ਮਾਲ ਕੀਮਤੀ, ਢਾਈ ਆਨੇ।
ਇਹ ਫਿਰ ਨਾ ਲੱਭਣੀ, ਢਾਈ ਆਨੇ।
ਇਹ ਅੱਜ ਦਾ ਦਿਨ ਹੈ, ਢਾਈ ਆਨੇ।
ਬਈ ਲੈ ਲਓ, ਲੈ ਲਓ, ਢਾਈ ਆਨੇ।
ਚੁੱਕ ਲਓ, ਚੁੱਕ ਲਓ, ਢਾਈ ਆਨੇ।
ਬਈ ਸੇਲ ਲੱਗੀ ਹੈ, ਢਾਈ ਆਨੇ।

ਆਹ ਰੇਬ ਪਜਾਮੀ, ਢਾਈ ਆਨੇ।
ਆਹ ਮੁੰਡੇ ਦੀ ਮਾਮੀ, ਢਾਈ ਆਨੇ।
ਇਹਦੀ ਜੁੱਤੀ ਪੰਜਾਬੀ, ਢਾਈ ਆਨੇ।
ਇਹ ਨਿਰੀ ਮੁਰਗਾਬੀ, ਢਾਈ ਆਨੇ।
ਤੁਸੀਂ ਸੁਣ ਲਓ ਸਾਰੇ, ਢਾਈ ਆਨੇ।
ਕਈ ਆਸ਼ਕ ਮਾਰੇ, ਢਾਈ ਆਨੇ।
ਬਈ ਲੈ ਜਾਓ, ਲੈ ਜਾਓ, ਢਾਈ ਆਨੇ।
ਓਏ ਕੋਈ ਤਾਂ ਲੈ ਜਾਓ, ਢਾਈ ਆਨੇ।

ਚਲੋ ਹਾਫ਼ ਰੇਟ 'ਤੇ, ਢਾਈ ਆਨੇ।
ਬਈ ਸੇਲ ਲੱਗੀ ਹੈ, ਢਾਈ ਆਨੇ।
ਬਈ ਲੈ ਲਓ, ਲੈ ਲਓ, ਢਾਈ ਆਨੇ।
ਚੁੱਕ ਲਓ, ਚੁੱਕ ਲਓ, ਢਾਈ ਆਨੇ।
ਹਰ ਮਾਲ ਮਿਲੇਗਾ, ਢਾਈ ਆਨੇ।
ਹਰ ਮਾਲ ਲਾਟਰੀ, ਢਾਈ ਆਨੇ।
ਚੁੱਕ ਲਓ, ਚੁੱਕ ਲਓ, ਢਾਈ ਆਨੇ।
ਬਈ ਲੈ ਲਓ, ਲੈ ਲਓ, ਢਾਈ ਆਨੇ।

ਹਾਏ ਓਏ ਸਾਲਿਆ ਪੈਸਿਆ,
ਮੈਂ ਮਸੀਂ ਮਸੀਂ ਜੋੜਿਆ ਸੀ।
ਹਾਏ ਓਏ ਸਾਲਿਆ ਪੈਸਿਆ,
ਮੈਂ ਮੂਨਕਾਂ ਆਣ ਵਿਛੋੜਿਆ ਸੀ।

ਸੈਂਤ ਦੀ ਰਸਮ (ਗ੍ਰਹਿ ਸ਼ਾਂਤ ਕਰਨ ਦੀ ਰਸਮ) ਅਤੇ ਗੀਤ

ਨਾਨਕੀ ਸ਼ੱਕ ਦੇ ਨਾਲ ਹੀ ਸੈਂਤ ਦੀ ਰਸਮ ਹੁੰਦੀ ਸੀ। ਪਹਿਲਾਂ ਵਿਆਹ ਕੁੰਡਲੀ ਜਾਂ ਟੇਵਾ ਮਿਲਾ ਕੇ ਕੀਤੇ ਜਾਂਦੇ ਸਨ ਅਤੇ ਅੱਜ ਵੀ ਕੀਤੇ ਜਾ ਰਹੇ ਹਨ। ਜੋਤਿਸ਼ ਦੇ ਹਿਸਾਬ ਨਾਲ ਹਰ ਇਨਸਾਨ ਦੀ ਜਿੰਦਗੀ ਨੂੰ ਨੌਂ ਗ੍ਰਹਿ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਗ੍ਰਹਿਆਂ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ ਜਾਂ ਇਨ੍ਹਾਂ ਗ੍ਰਹਿਆਂ ਦੀ ਸ਼ਾਂਤੀ ਲਈ ਵਿਧੀ ਪੂਰਵਕ ਪੂਜਾ (ਉਪਾਅ) ਕੀਤੀ ਜਾਂਦੀ ਸੀ। ਇਸ ਨੂੰ ਸੈਂਤ ਦੀ ਰਸਮ ਕਿਹਾ ਜਾਂਦਾ ਸੀ। ਇਸ ਰਸਮ ਦਾ ਸਾਰਾ ਖਰਚ ਵੀ ਨਾਨਕਿਆਂ ਦੇ ਹਿੱਸੇ ਆਉਂਦਾ ਸੀ। ਮਾਮਿਆਂ ਵਲੋਂ ਪੰਡਿਤ ਨੂੰ ਬੁਲਾਇਆ ਜਾਂਦਾ। ਉਹ ਗਊ ਦੇ ਗੋਹੇ ਦਾ ਪੋਚਾ ਲਗਾ ਕੇ, ਚੌਂਕ ਪੂਰ ਕੇ, ਚੌਂਕ ਦੇ ਉਪਰ ਫੱਟੀ ਰੱਖਦਾ। ਇਸ ਚੌਂਕੀ ਉਪਰ ਕੁੜੀ ਨੂੰ ਬੈਠਣ ਲਈ ਕਿਹਾ ਜਾਂਦਾ। ਮਾਮਿਆਂ ਵਲੋਂ ਪੰਡਿਤ ਨੂੰ ਦਾਨਪੁੰਨ ਦਿੱਤਾ ਜਾਂਦਾ। ਇਸ ਰਸਮ ਦਾ ਮੰਤਵ ਵਿਆਹ ਦੇ ਨਿਰ ਵਿਘਨ ਸੰਪੂਰਨ ਹੋਣ ਅਤੇ ਦੋਵਾਂ ਪਰਿਵਾਰਾਂ ਦੀ ਕੁਸ਼ਲ-ਮੰਗਲਤਾ ਲਈ ਪ੍ਰਾਰਥਨਾ ਕਰਨਾ ਸੀ। ਇਹ ਰਸਮ ਵੀ ਇਕ ਤਰ੍ਹਾਂ ਨਾਲ ਨਾਨਕਿਆਂ ਵਲੋਂ ਆਪਣੇ ਧੀ-ਜਵਾਈ ਦੀ ਆਰਥਿਕ ਮਦਦ ਸੀ। ਸੈਂਤ ਦੀ ਰਸਮ ਹੁਣ ਤਕਰੀਬਨ ਲੋਪ ਹੋ ਗਈ ਹੈ।

ਸੈਂਤ ਦੀ ਰਸਮ ਦੇ ਗੀਤ

ਸੈਂਤ ਕਰੇਂਦਿਆ ਬਾਹਮਣਾ,
ਤੈਨੂੰ ਕੀ ਵੇ ਲੋੜੀਦਾ?
ਜੀਵੇ ਮੇਰੀ ਜਜਮਾਨਣੀ,
ਗਊਆਂ ਗੋਹਾ ਲੋੜੀਦਾ।

ਗਊਆਂ ਦੇ ਦਾਨ ਤਾਂ ਪੰਡਿਤ ਲੈਂਦੇ,
ਧੀਆਂ ਦੇ ਦਾਨ ਜਵਾਈ।
ਵੇ ਰੰਗ ਰੱਤੜਿਆ ਕਾਨ੍ਹਾ,
ਧੀਆਂ ਦੇ ਦਾਨ ਜਵਾਈ।
ਇਸ ਗੀਤ ਤੋਂ ਸਪਸ਼ਟ ਹੈ ਕਿ ਉਸ ਵਕਤ ਘਰਾਂ ਦੇ ਵਿਹੜੇ ਪੱਕੇ ਨਾ ਹੋਣ ਕਰਕੇ ਥਾਂ ਸੁੱਚਾ ਕਰਨ ਲਈ ਗਊ ਦੇ ਗੋਹੇ ਦਾ ਪੋਚਾ ਲਾਇਆ ਜਾਂਦਾ ਹੋਵੇਗਾ। ਪੰਡਿਤ ਮੰਤਰ ਪੜ੍ਹਨੇ ਸ਼ੁਰੂ ਕਰਦਾ। ਇਸੇ ਦੌਰਾਨ ਨਿਮਨ ਲਿਖਤ ਗੀਤ ਗਾਏ ਜਾਂਦੇ:

ਨਾਨਕੀਆਂ:
ਆਊ ਮਾਮਾ ਬੈਠ ਪਟੜੀ
ਖੋਲ੍ਹ ਗਠੜੀ
ਨੱਥ ਚੂੜੇ ਦਾ ਦਾਨ ਕਰੇਂਦਿਆ।

ਦਾਦਕੀਆਂ:
ਆਊ ਚਾਚਾ ਬੈਠ ਪਟੜੀ
ਖੋਲ੍ਹ ਗਠੜੀ
ਗਊਆਂ ਦਾ ਦਾਨ ਕਰੇਂਦਿਆ।
ਆਊ ਤਾਇਆ ਬੈਠ ਪਟੜੀ
ਖੋਲ੍ਹ ਗਠੜੀ
ਗਊਆਂ ਦਾ ਦਾਨ ਕਰੇਂਦਿਆ।

ਸੈਂਤ ਦਾ ਵੇਲਾ ਹੁਣ ਹੋਇਆ,
ਵੀਰਾ ਕਿਥੇ ਕੁ ਹੋਈ ਦੇਰ?
ਕੀ ਭਾਬੋ ਵਰਜਿਆ ਵੀਰਾ,
ਕੀ ਭਾਬੋ ਮੋੜਿਆ ਵੀਰਾ?
ਵੀਰਾ ਕਿਸ ਨੇ ਰੱਖਿਆ ਘੇਰ?
ਵੀਰਾ ਕਿਥੇ ਕੁ ਹੋਈ ਦੇਰ?
ਭੈਣੇ!
ਨਾ ਤੇਰੀ ਭਾਬੋ ਵਰਜਿਆ,
ਨਾ ਤੇਰੀ ਭਾਬੋ ਮੋੜਿਆ।
ਨਾ ਰੱਖਿਆ ਕਿਸੇ ਵੀ ਘੇਰ,
ਗਊ ਖਰੀਦਣ ਮੈਂ ਗਿਆ,
ਭੈਣੇ! ਓਥੇ ਈ ਹੋ ਗਈ ਦੇਰ।

ਦੂਰਾਂ ਤੋਂ ਮੇਰਾ ਮਾਮਾ ਆਇਆ
ਸਾਰੀ ਸੈਂਤ ਸੰਵਾਰਦਾ।
ਨੇੜੇ ਤੋਂ ਮੇਰਾ ਚਾਚਾ ਆਇਆ
ਸਾਰੀ ਸੈਂਤ ਵਿਗਾੜਦਾ।

ਮਾਮਾ ਕਹਿੰਦਾ ਸੈਂਤ ਮੇਰੀ,
ਚਾਚਾ ਕਹਿੰਦਾ ਮੈਂ ਨਾ ਦੇਣੀ।
ਦੋਮਾਂ ਦਾ ਝਗੜਾ ਪੈ ਗਿਆ,
ਬੋਲ ਬੀਬੀ, ਬੋਲ ਕੰਨਿਆਂ।
ਤੋੜ ਝਗੜਾ, ਤੇਰਾ ਤੋੜਿਆ ਟੁੱਟਣਾ।

ਪਰ੍ਹੇ ਹੋ ਕੇ ਡਿਗ ਚਾਚਾ
ਸੈਂਤ ਮੇਰੇ ਮਾਮੇ ਦੀ।
(ਨਾਨਕੀਆਂ ਵਲੋਂ ਗਾਇਆ ਜਾਂਦਾ ਸੀ)।
ਪਰ੍ਹੇ ਹੋ ਕੇ ਡਿਗ ਮਾਮਾ
ਸੈਂਤ ਮੇਰੇ ਚਾਚੇ ਦੀ।
(ਦਾਦਕੀਆਂ ਵਲੋਂ ਗਾਇਆ ਜਾਂਦਾ ਸੀ)।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ