Nanakayan : Professor Mohan Singh

ਨਾਨਕਾਇਣ : ਪ੍ਰੋਫੈਸਰ ਮੋਹਨ ਸਿੰਘ



ਪਹਿਲਾ ਸਰਗ ਤਲਵੰਡੀ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ । -- ਭਾਈ ਗੁਰਦਾਸ ਤਲਵੰਡੀ ਜਨਮ ਮੋੜਿਆ ਸੂਰਜ-ਰੱਥ ਨੇ ਲਹਿੰਦੇ ਵਲ ਮੁਹਾਣ ਰੰਗਲੀ ਆਥਣ ਉੱਤਰੀ ਤਲਵੰਡੀ ਤੇ ਆਣ । ਅੱਥਰੇ ਘੋੜੇ ਰੱਥ ਦੇ ਗੁਲਨਾਰੀ ਤੇ ਸੇਤ, ਮਹਿੰਦੀ-ਰੰਗੇ, ਹਰਮਚੀ ਮੁਸ਼ਕੀ ਅਤੇ ਕੁਮੇਤ, ਨਾਸਾਂ ਵਿਚੋਂ ਅੱਗ ਦੇ ਸ਼ੁਅਲੇ ਛਡਦੇ ਜਾਣ ਮਾਰ ਮਾਰ ਕੇ ਪੌਖੜਾਂ ਰੰਗਲੀ ਧੂੜ ਉਡਾਣ । ਜਾਣ ਅਯਾਲਾਂ ਉਡਦੀਆਂ, ਉਚੀਆਂ ਵਿਚ ਹਵਾਂ ਤੂੰਬੇ ਸੂਹੀ ਝੱਗ ਦੇ ਡਿਗਦੇ ਥਾਂ ਪਰ ਥਾਂ । ਪੁੱਜੇ ਘੋੜੇ ਘਰਕਦੇ ਜਦ ਧਰਤੀ ਦੇ ਛੋਰ, ਮੱਠੀ ਪੈ ਗਈ ਉਨ੍ਹਾਂ ਦੀ ਪਰਲੋ-ਪੈਰੀ ਤੋਰ । ਲਹਿ ਕੇ ਉਤੋਂ ਰੱਥ ਦੇ ਗੋਡਿਆਂ ਪਰਨੇ ਝੁੱਕ ਰੰਗਾਂ ਦੇ ਦਰਿਆ 'ਚੋਂ ਸੂਰਜ ਪੀਤਾ ਬੁੱਕ । ਵੱਡਾ ਗੋਲਾ ਓਸਦਾ ਜਿਉਂ ਆਤਸ਼ ਦੀ ਵੰਗ ਅੰਤਿਮ ਕੰਢਾ ਧਰਤ ਦਾ ਦਿੱਤਾ ਜਿਸਨੇ ਰੰਗ । ਟਿੱਕੀ ਹੋਈ ਓਸਦੀ ਕੁਝ ਨੀਵੀਂ ਜਦ ਹੋਰ ਪੱਛਮ ਦੇ ਵਿਚ ਮਚ ਗਿਆ ਰੰਗਾਂ ਦਾ ਇਕ ਸ਼ੋਰ । ਅੱਧਾ ਗੋਲਾ ਡੁੱਬਿਆ ਅੱਧਾ ਰਹਿ ਗਿਆ ਬਾਹਰ ਦਾਰੂ ਵਿਚ ਨਚੋੜਿਆ ਜਾਣ ਕਿਸੇ ਅਨਾਰ । ਹੌਲੀ ਹੌਲੀ ਹੋ ਗਿਆ ਦਿਹੁੰ ਜਦ ਅੰਦਰ ਬਾਹਰ ਤਲਵੰਡੀ ਦੀ ਬਾਰ ਤੇ ਚੜ੍ਹਿਆ ਰੂਪ ਅਪਾਰ । ਚਮਕੇ ਪੀਲੂ ਵਣਾਂ ਦੇ ਸੋਨ-ਦਾਣਿਆਂ ਹਾਰ ਦਿੱਤਾ ਕਿਰਨਾਂ ਟੋਢੀਆਂ ਅੰਤਿਮ ਜਦੋਂ ਪਿਆਰ । ਉਠੀਆਂ ਚਮਕ ਫਲਾਹੀਆਂ ਓਢ ਸੁਨਹਿਰੀ ਝੁੱਲ, ਦੀਵਿਆਂ ਵਾਂਗੂੰ ਜਗ ਪਏ ਹਲਦੀ-ਰੰਗੇ ਫੁੱਲ । ਤੂਤਾਂ ਦੀਆਂ ਟਹਿਣੀਆਂ ਲਦੀਆਂ ਲਿੱਲ੍ਹਾਂ ਨਾਲ, ਝਮ ਝਮ ਕਰਦੀਆਂ ਝਾੜੀਆਂ, ਬੇਰ ਕੋਕਣੇ ਲਾਲ, ਜੰਡਾਂ ਦੀਆਂ ਟਹਿਣੀਆਂ ਵਿੰਗੀਆਂ ਤੇ ਵਲਦਾਰ, ਰੇੜੂ ਅਤੇ ਕਰੀਰ ਦੇ ਬਿਰਛ ਗਿਣਤੀਉਂ ਬਾਹਰ । ਨਿੰਬੂ-ਰੰਗੀ ਧੁੱਪ ਨੇ ਦਾੜ੍ਹ ਅਨੂਪਮ ਰੰਗ ਟੂਣੇ ਦੇ ਇਕ ਜਾਲ ਵਿਚ ਦਿੱਤੇ ਸਾਰੇ ਬੰਨ੍ਹ । ਬੱਕਰੀਆਂ ਨੂੰ ਚਾਰ ਕੇ ਪਰਤੇ ਬੱਕਰਵਾਲ ਵੇਲੇ ਸਿਰ ਘਰ ਪੁਜਣ ਦੀ ਪਈ ਜਿਨ੍ਹਾਂ ਨੂੰ ਕਾਹਲ । ਕੋਈ ਕੋਈ ਪਰ ਬਕਰੀ ਹੋ ਕੇ ਖਿੱਟਾਂ ਭਾਰ ਜਾਵੇ ਜਾਂਦੀ ਵਾਰ ਦਾ ਮਲ੍ਹਿਆਂ ਨੂੰ ਮੂੰਹ ਮਾਰ । ਹੰਸਣੀਆਂ ਤੋਂ ਵਧ ਕੇ ਬਰਬਰੀਆਂ ਦੀ ਤੋਰ ਅੱਤ ਭਰਵੇਂ ਥਣ ਉਨ੍ਹਾਂ ਦੇ ਖਾਂਦੇ ਜਾਣ ਹਿਲੋਰ । ਟੱਪੀ ਜਾਵਣ ਮੇਮਣੇ ਚੰਚਲ ਅਤੇ ਚਲਾਕ, ਕੁੱਛੜ ਚੁਕਿਆ ਆਜੜੀ ਨਿੱਕਾ ਕੋਈ ਜਵਾਕ । ਵੱਗ ਮੱਝਾਂ ਦੇ ਤੱਗੜੇ ਜੂਹਾਂ ਵਿਚੋਂ ਲੇਹੜ ਉੱਚੀਆਂ ਕੁੱਖਾਂ ਕੱਢ ਕੇ ਪੁੱਜੇ ਪਿੰਡ ਦੇ ਨੇੜ । ਚਮਕਣ ਪਿੰਡੇ ਉਨ੍ਹਾਂ ਦੇ ਅੰਤਿਮ ਕਿਰਨਾਂ ਨਾਲ ਮੱਠੀ ਤੋਰੇ ਤੁਰਦੀਆਂ ਰਜੀਆਂ ਤੇ ਖੁਸ਼ਹਾਲ । ਕਈ ਕਈ ਅਤ ਸੁਹਣੀਆਂ ਪਾਲੀਆਂ ਨਾਲ ਪਰੀਤ, ਨਜ਼ਰ ਨਾ ਲੱਗੇ ਉਨ੍ਹਾਂ ਨੂੰ ਗੱਲੀਂ ਪਏ ਤਵੀਤ । ਕਈ ਮੀਣੀਆਂ, ਢੇਲੀਆਂ ਸਿੰਙ ਲਗ ਗਲ ਨਾਲ, ਤਕਣੋਂ ਭਾਵੇਂ ਕੁਹਝੀਆਂ, ਦੁੱਧੋਂ ਕਰਨ ਨਿਹਾਲ । ਇਕ ਲੰਡੀਆਂ, ਇਕ ਬਰੜੀਆਂ, ਇਕ ਮਿਠੀਆਂ, ਇਕ ਕੌੜ, ਫਰੜਾਂ, ਸੰਢਾਂ, ਘੇਪਲਾਂ, ਹੋਈਆਂ ਅਸਲੋਂ ਚੌੜ । ਸੱਜਰ ਸੂਆਂ, ਗੱਭਣਾਂ, ਮੰਗਣ ਬੜਾ ਪਿਆਰ ਕਿਧਰੇ ਹਰਵਰਿਆਈਆਂ, ਰਹੀਆਂ ਪੂਛਲ ਮਾਰ । ਕਿਧਰੇ ਸੋਹਣ ਅਬਲਕਾਂ, ਚਿਟੀਆਂ ਅਤੇ ਸਿਆਹ ਕਿਧਰੇ ਵੱਤਣ ਬੂਰੀਆਂ ਦੁੱਧਾਂ ਦੇ ਦਰਿਆ । ਕਿਤੇ ਖਾਂਘੜਾਂ, ਡੋਕਲਾਂ ਤੁਰੀਆਂ ਜਾਵਣ ਸੰਗ ਹੋਈਆਂ ਕਈ ਹਥੇਲੀਆਂ, ਮਿਲਦੀਆਂ ਲੰਙੇ-ਡੰਗ । ਕਿਤੇ ਮਸਤੀਆਂ ਅੌਸਰਾਂ ਲਿੱਲ੍ਹਾਂ ਦੇਂਦੀਆਂ ਜਾਣ ਚਾਂਗਾਂ ਮਾਰਨ ਸੁੰਝੀਆਂ ਉੱਚ ਪੂਛਲ ਚਾਣ । ਕਿਧਰੇ ਨਵੀਆਂ ਪਹਿਲੜਾਂ ਪਰੀਆਂ ਵਾਂਗ ਸੁਹਾਣ ਵਿੱਚ ਢੋਲਿਆਂ ਜਾਂਗਲੀ ਗੀਤ ਜਿਨ੍ਹਾਂ ਦੇ ਗਾਣ । ਚਾਨਣ ਦੇ ਵਿਚ ਰਲ ਗਈ ਮਿੱਸ ਰਤਾ ਜਦ ਹੋਰ ਤਲਵੰਡੀ ਦੇ ਵਿਚ ਵੜੀ, ਆ ਮੰਙੂਆਂ ਦੀ ਮੋਹਰ । ਹੋ ਅੱਗੇ ਘਰ-ਬਾਰਨਾਂ ਥਾਪੜ ਨਾਲ ਪਿਆਰ ਕਿੱਲਿਆਂ ਉਤੇ ਬੰਨ੍ਹਿਆਂ ਖੁਰਲੀ ਦਾ ਸ਼ਿੰਗਾਰ । ਮਗਰੇ ਮਗਰੋਂ ਉਨ੍ਹਾਂ ਦੇ ਲੰਘੀ ਪੱਬਾਂ ਭਾਰ ਸਿਰ ਤੇ ਚੁੱਕੀ ਦੋਘੜਾਂ ਕੁੜੀਆਂ ਦੀ ਇਕ ਡਾਰ । ਏਨੂੰ ਜੜੇ ਸਿਤਾਰਿਆਂ ਚਿਣਗਾਂ ਛਡਦੇ ਜਾਣ ਪੈਰਾਂ ਦੇ ਵਿਚ ਝਾਂਜਰਾਂ ਲੋਹੜਾ ਕੋਈ ਲਿਆਣ । ਦਿਨ ਭਰ ਕਰਦੇ ਵਾਢੀਆਂ ਜਟ ਹੋਏ ਹਲਕਾਨ ਘਰ ਨੂੰ ਪਰਤਣ ਵਾਸਤੇ ਕਰਨ ਲਗੇ ਸਮਿਆਨ । ਭਾਵੇਂ ਖੁੱਚਾਂ ਰਹਿ ਗਈਆ, ਬਹਿ ਬਹਿ ਪੱਬਾਂ ਭਾਰ ਫਿਰ ਵੀ ਚਾਹੁਣ ਮਾਰਨੇ ਹੱਥ ਆਖਰੀ ਚਾਰ । ਕਈਆਂ ਚੁੰਮ ਕੇ ਦਾਤੀਆਂ ਲਈਆਂ ਕੱਛੇ ਮਾਰ ਕਈਆਂ ਭੰਨ ਕੇ ਆਕੜਾਂ ਲਈ ਥਕਾਵਟ ਝਾੜ । ਮੁੜ ਕੇ ਬੰਨ੍ਹੀਆਂ ਲਾਂਗੜਾਂ ਵਾਢਿਆਂ ਸਾਂਭ ਸਵਾਰ ਪਾਣੀ ਪੀਤਾ ਰੱਜਵਾਂ ਮੂੰਹ ਲਾ ਨਾਲ ਨਸਾਰ । ਮੱਠੀ ਤੋਰੇ ਤੁਰ ਪਏ ਬੁੱਢੇ ਅਤੇ ਨਢਾਲ, ਐਪਰ ਲਾਣ ਨਾ ਗੱਭਰੂ ਪਬ ਧਰਤੀ ਦੇ ਨਾਲ । ਕਈਆਂ ਪੰਡਾਂ ਚੁਕੀਆਂ, ਅੱਗੇ ਲਾਇਆ ਮਾਲ, ਨੱਥ ਵਾਲੀ ਦਾ ਕਿਸੇ ਨੂੰ ਆਵੇ ਪਿਆ ਖ਼ਿਆਲ । ਡੂੰਘੀ ਹੋਈ ਆਣ ਕੇ ਹੋਰ ਜਦੋਂ ਤਰਕਾਲ, ਬੇਰੀਆਂ ਉਤੋਂ ਲੰਘ ਗਈ ਤੋਤਿਆਂ ਦੀ ਇਕ ਪਾਲ । ਕਾਵਾਂ ਦੇ ਵੀ ਕਾਫਲੇ ਪਰਤੇ ਰੁੱਖਾਂ ਵੱਲ ਘੁਘੀਆਂ ਅਤੇ ਮਰਾਸਣਾਂ੧ ਲਏ ਆਲ੍ਹਣੇ ਮੱਲ । ਹੌਲੀ ਹੌਲੀ ਵੱਧਿਆ ਹੋਰ ਜਦੋਂ ਅੰਧਕਾਰ ਵਿੱਚ ਹਨੇਰੇ ਡੁੱਬ ਗਏ ਮਸਜਿਦ ਦੇ ਮੀਨਾਰ । ਕੰਨਾਂ ਤੇ ਹੱਥ ਰੱਖ ਕੇ ਮੁੱਲਾਂ ਦਿੱਤੀ ਬਾਂਗ, ਵੱਲ ਮਸੀਤ ਨਮਾਜ਼ੀਆਂ ਪੱਟੀ ਲੰਬੀ ਲਾਂਘ । ਹਟੀਆਂ ਤੇ ਹਟਵਾਣੀਆਂ ਦੀਵੇ ਦਿੱਤੇ ਬਾਲ, ਰੌਣਕ ਵਧੀ ਬਜ਼ਾਰ ਦੀ ਚਮਕ ਉਠੇ ਘਰਬਾਰ । ਫੇਰਾ ਤੋਰਾ ਵਧ ਗਿਆ ਗਲੀਆਂ ਦੇ ਵਿਚ ਢੇਰ, ਹਲਵਾਈ ਦੇ ਖੁੰਢ ਤੇ ਬੈਠੇ ਆਣ ਅਧੇੜ । ਰਹੀਆਂ ਝੀਵਰਿਆਣੀਆਂ ਅਪਣਾ ਕੰਮ ਨਬੇੜ, ਤਾਂ ਜੇ ਰੋਟੀ ਟੁੱਕ ਨੂੰ ਹੋ ਨਾ ਜਾਵੇ ਦੇਰ। ਉੱਚਾ ਹੋਇਆ ਘਰਾਂ ਵਿਚ ਖਾਉਪੀਏ ਦਾ ਸ਼ੋਰ ਤਿੱਖੀ ਕੁਝ ਚਿਰ ਵਾਸਤੇ ਹੋ ਗਈ ਜੀਵਨ-ਤੋਰ। ਪਰ ਛੇਤੀ ਹੀ ਨੀਂਦ ਨੇ ਕਾਲਾ ਜਾਦੂ ਧੂੜ ਨਿਕੇ ਜਿਹੇ ਇਸ ਪਿੰਡ ਦੀ ਹਿਲ ਜੁਲ ਦਿੱਤੀ ਨੂੜ । ੧ ਇਕ ਪ੍ਰਕਾਰ ਦਾ ਪੰਛੀ ਡੂੰਘੀ ਨੀਂਦਰ ਸੁਤੜਾ ਤਲਵੰਡੀ ਦਾ ਗ੍ਰਾਮ 'ਰਾਏ ਪੁਰ' ਸੀ ਵੱਜਦਾ ਜਿਸਦਾ ਪਹਿਲਾ ਨਾਮ । 'ਤਲਵੰਡੀ ਰਾਇ ਭੋਇ' ਦੀ ਫੇਰ ਲਗਾ ਅਖਵਾਣ ਰਜਪੂਤੋਂ ਸੀ ਹੋ ਗਿਆ ਜਿਹੜਾ ਮੁਸਲਮਾਣ । ਖੁਸ਼ ਹੋ ਕੇ ਸੁਲਤਾਨ ਨੇ ਬਖ਼ਸ਼ੇ ਕੁਝ ਗਰਾਂ ਉਸ ਭੱਟੀ ਸਰਦਾਰ ਨੂੰ ਵੱਡਾ ਜਿਸਦਾ ਨਾਂ। ਤਲਵੰਡੀ ਸੀ ਉਨ੍ਹਾਂ ਵਿਚ ਨਗ ਦੇ ਵਾਂਗ ਜੜੀ ਜਿਸਦੀ ਜੂਹ ਸੁਹਾਵਣੀ ਹੋਣੀ ਅੱਜ ਹਰੀ । ਪੁੱਤਰ ਰਾਇ ਭੋਇ ਦਾ ਸਾਊ ਰਾਇਬੁਲਾਰ ਅਜ ਕਲ ਸੀਗਾ ਏਸਦਾ ਮੁਖੀਆ ਤੇ ਸਰਦਾਰ । ਉੱਚੀ ਮਾੜੀ ਓਸਦੀ ਲਟਕੀ ਅੱਧ ਅਸਮਾਨ, ਸ਼ਮ੍ਹਾਦਾਨ ਕਾਫ਼ੂਰ ਦੇ ਛੱਤਾਂ ਨਾਲ ਸੁਹਾਣ। ਜਾਲੀਆਂ ਵਿੱਚੋਂ ਡਿੱਗਦੀ ਨਿੰਮੀ ਨਿੰਮੀ ਲੋ ਨੀਂਦ-ਵਿਗੁੱਤੇ ਪਿੰਡ ਦੀ ਲੈਂਦੀ ਜਾਪੇ ਸੋ । ਜੁੜਿਆ ਉਸਦੇ ਨਾਲ ਹੀ ਹੈ ਕਾਲੂ ਦਾ ਧਾਮ ਪਟਵਾਰੀ ਕਲਿਆਨ ਰਾ ਪੂਰਾ ਜਿਸਦਾ ਨਾਮ । ਤਰਨ ਤਾਰਨੋ ਦਸ ਕੋਹ ਪਹਿਲਾ ਜਿਸਦਾ ਪਿੰਡ, ਲਾਗੇ ਜਾਮਾਰਾਇ ਦੇ, ਆਖਣ ‘ਪੱਠੇ ਵਿੰਡ' । ਜਿੱਥੋਂ ਸਦ ਕੇ ਓਸਨੂੰ ਸਾਊ ਰਾਇ ਬੁਲਾਰ ਅਪਣੀ ਕੁਲ ਜਾਗੀਰ ਦੀ ਸੌਂਪੀ ਸੀ ਪਟਵਾਰ । ਨਾਲੇ ਰੱਖਣ ਵਾਸਤੇ ਲੋਕਾਂ ਵਿਚ ਵਕਾਰ ਭੋਂ ਦੀਆਂ ਵੀ ਟਾਕੀਆਂ ਦੇ ਦਿੱਤੀਆਂ ਸਨ ਚਾਰ। ਨਿਰਮਲ ਰਾਤ ਵਸਾਖ ਦੀ ਤਾਰਿਆਂ ਨਾਲ ਭਰੀ ਕਿਰਗਟੀਆਂ ਦੀ ਲਟਕਦੀ ਜਿਸ ਵਿਚਕਾਰ ਲੜੀ। ਚਾਂਦੀ-ਭੂਖਨ ਪਹਿਨ ਜਿਉਂ ਆਖੇ ਝਾਤ ਪਰੀ ਚੰਨ ਨਿਆਣਾ ਤੀਜ ਦਾ ਰੱਖੀ ਚੀਰ ਗਰੀ। ਦੋ ਘੜੀਆਂ ਚੰਨ-ਬਾਲ ਨੂੰ ਅੰਬਰ ਵਿਚ ਖਡਾਲ ਪਾ ਗੋਦੀ ਮਾਂ-ਰਾਤ ਨੇ ਦਿੱਤਾ ਤੁਰਤ ਸੁਆਲ । ਉਹਲੇ ਹੋਈ ਚੰਨ ਦੀ ਜਿਸ ਵੇਲੇ ਮੁਸਕਾਨ ਲੱਗਾ ਬੁੱਢਾ ਗਗਨ ਦਾ ਕਸਤੂਰੀ ਵਰਤਾਣ । ਮੁਸ਼ਕ-ਸੁਗੰਧਾ ਹੁੱਲੀਆਂ ਉੱਡੀ ਕਾਲੀ ਖੱਖ ਹੌਲੀ ਹੌਲੀ ਰਾਤ ਨੂੰ ਲੱਗਾ ਪਿਛਲਾ ਪੱਖ । ਸਿਰ ਦੇ ਉਤੇ ਆ ਗਈ ਸਤ-ਰਿਸ਼ੀਆਂ ਦੀ ਖੱਟ ਵਹਿੰਗੀ ਸਰਵਨ ਵੀਰ ਦੀ ਨਾਲੇ ਗਈ ਲਟੱਕ । ਛਣ ਛਣ ਥੱਲੇ ਆ ਰਹੀ ਨੱਖਛਤਰਾਂ ਦੀ ਛਾਂ, ਚਾਰੇ ਪਾਸੇ ਛਾ ਰਹੀ ਸਿਹਰ-ਭਰੀ ਚੁਪ ਹਾਂ । ਉੱਚੀ ਮਾੜੀ ਆਪਣੀ ਸੁੱਤਾ ਰਾਇ ਬੁਲਾਰ ਅੱਲਾ ਅਕਬਰ ਆਖ ਕੇ ਬਰੜਾਇਆ ਤ੍ਰੈ ਵਾਰ। ਬੇਗ਼ਮ ਝੁਣ ਜਗਾਇਆ ਪੁੱਛਿਆ ਨਾਲ ਪਿਆਰ “ਕੀ ਤਕਦਾ ਹਾਂ ਖ਼ਾਬ ਵਿਚ," ਬੋਲਿਆ ਭੈ ਵਿਚਕਾਰ, “ਅਸਮਾਨਾਂ ਤੋਂ ਟੁੱਟ ਕੇ ਤਾਰਾ ਇਕ ਬਲਕਾਰ ਤਲਵੰਡੀ ਤੇ ਡਿੱਗਿਆ ਚਮਕ ਅਜਾਇਬ ਮਾਰ। ਵੱਗ ਪਿਆ ਵਿਚ ਬਾਰ ਦੇ ਨੂਰਾਂ ਦਾ ਦਰਿਆ ਰੁੜ੍ਹਿਆ ਜਾਵਾਂ ਓਸ ਵਿਚ, ਕੰਢਾ ਹੱਥ ਨਾ ਆ... " "ਇਹ ਤਾਂ ਚੰਗਾ ਖ਼ਾਬ ਹੈ," ਬੇਗਮ ਦਿੱਤੀ ਧੀਰ ਬਾਹਾਂ ਵਿਚ ਸੁਆਲਿਆ, ਉਸਨੂੰ ਘੁਟ ਅਖੀਰ । ਓਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ ਮਾਤਾ ਤ੍ਰਿਪਤਾ ਹੋ ਗਈ ਤੱਕਣਸਾਰ ਨਿਹਾਲ । ਲਾਇਆ ਦਾਈ ਦੌਲਤਾਂ ਚੁਕ ਕਲੇਜੇ ਨਾਲ ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨੁਹਾਲ । ਪਟ ਦੇ ਵਿਚ ਲਪੇਟਿਆ ਕੀਤੀ ਬਹੁਤ ਸੰਭਾਲ ਫਿਰ ਬਿਸਮਿੱਲਾ ਆਖ ਕੇ ਦਿੱਤਾ ਸ਼ਹਿਦ ਚਟਾਲ। ਪੰਦਰਾਂ ਸੌ ਤੇ ਛੱਬੀਆ ਸੰਮਤ ਬਿਕਰਮ ਰਾਇ ਤਲਵੰਡੀ ਦੇ ਭਾਗ ਜਦ ਰੱਬ ਨੇ ਆਣ ਜਗਾਇ । ਵਿੱਚ ਗ੍ਰੰਥਾਂ ਆਉਂਦਾ ਏਸ ਤਰ੍ਹਾਂ ਵਿਸਤਾਰ, ਜਿਹੜੇ ਵੇਲੇ ਧਾਰਿਆ ਨਾਨਕ ਨੇ ਅਵਤਾਰ, ਸ਼ਬਦ ਅਨਾਹਦ ਵੱਜਿਆ ਪਰਮੇਸ਼ਰ ਦੇ ਦੁਆਰ, ਆਣ ਕਰੋੜਾਂ ਦਿਉਤਿਆਂ ਕੀਤਾ ਨਮਸਕਾਰ । ਆਈਆਂ ਚੌਂਸਠ ਜੋਗਣੀਂ ਅਤੇ ਬਵੰਜਾਂ ਬੀਰ ਨੌਂ ਨਾਥ, ਛੇ ਜਤੀ ਵੀ ਆਏ ਵਲਿੱਖਾਂ ਚੀਰ । ਸਿੱਧ ਚੁਰਾਸੀ ਵੀ ਜੁੜੇ ਲੰਮੇ ਪੈਂਡੇ ਮਾਰ, ਤਲਵੰਡੀ ਦੀ ਭੋਇੰ ਤੋਂ ਹੋਣ ਲਈ ਬਲਿਹਾਰ । ਰਾਤ ਉਹ ਵੀਹ ਵਸਾਖ ਦੀ ਵੱਡੀ ਭਾਗ ਭਰੀ ਆਖ਼ਰ ਖੁਸ਼ੀਆਂ ਵੰਡਦੀ ਲਹਿੰਦੇ ਵਿੱਚ ਢਲੀ । ਚੂਹਕੀ ਚਿੜੀ ਸਵੇਰ ਦੀ ਲੱਗੀ ਹੋਣ ਝਲਾਂਗ ਵੱਲ ਹਨੇਰੇ ਲਪਕਿਆ ਚਾਨਣ ਮਾਰ ਪਲਾਂਘ । ਕਸ਼ਤੂਰੀ ਵਿਚ ਘੁੱਲਿਆ ਆ ਸਰਘੀ ਦਾ ਦੁੱਧ ਚਾਨਣ ਅਤੇ ਹਨੇਰ ਵਿਚ ਹੋਵਣ ਲੱਗਾ ਯੁੱਧ। ਅਦਭੁਤ ਰੰਗ ਪਰਭਾਤ ਦੇ ਪੂਰਬ ਵਿਚ ਘੁਲੇ ਮੁਸ਼ਕੀ, ਊਦੇ, ਦੂਧੀਏ, ਵੱਤਣ ਘੁੰਡ-ਖੁੱਲ੍ਹੇ । ਫ਼ੇਰ ਕਪਾਹੀ ਰੰਗ ਤੇ ਚੜੀ ਸੁਨਹਿਰੀ ਝੋਲ ਦੁੱਧ-ਕਟੋਰੇ ਵਿਚ ਜਿਉਂ ਕੇਸਰ ਦਈਏ ਘੋਲ । ਨਿਤ ਨਾਲੋਂ ਅੱਜ ਸਾਝਰੇ ਉਠਿਆ ਕਾਲੂ ਚੰਦ ਖੁਸ਼ੀਆਂ ਵਿਚ ਨਾ ਮਿਉਂਦਾ, ਮੁਸਕਾਇਆ ਉਹ ਮੰਦ । ਅੰਦਰ ਆ ਕੀ ਦੇਖਦਾ, ਲੱਗਾ ਮਾਂ ਦੇ ਨਾਲ ਚਾਨਣ ਸਾਰੇ ਜੱਗ ਦਾ ਨਿਕਾ ਜਿਹਾ ਉਹ ਬਾਲ । ਏਦਾਂ ਨਾਲੋਂ ਨਾਲ ਸਨ ਮਾਂ ਤੇ ਪੁੱਤ ਪਏ ਟਹਿਣੀ ਨਾਲ ਗੁਲਾਬ ਜਿਉਂ ਜੁੜਿਆ ਮਹਿਕ ਦਏ । ਸੁੱਤੀ ਪੁੱਤਰ-ਮਾਣ ਵਿਚ ਤ੍ਰਿਪਤਾ ਇੰਜ ਪਈ ਲਿਆਈ ਜਿਵੇਂ ਪਤਾਲ 'ਚੋਂ ਹੋਵੇ ਜਿੱਤ ਮਣੀ । ਮੂੰਹ ਉਸਦੇ ਤੇ ਖੇਡਦੀ ਇਕ ਅਨੋਖੀ ਛੱਬ ਵਧਿਆ ਬੰਨੇ ਓਸਦੇ ਕਾਲੂ ਪੋਲੇ ਪੱਬ । ਹੌਲੀ ਦੇਣੀ ਚੁੰਮਿਆ ਉਸ ਤ੍ਰਿਪਤਾ ਦਾ ਭਾਲ, ਤਾਂ ਜੇ ਸੁਪਨੇ ਮਾਉਂ ਦੇ ਟੁੱਟ ਨਾ ਜਾਣ ਵਿਚਾਲ। ਗੋਡਿਆਂ ਪਰਨੇ ਬੈਠ ਕੇ ਫਿਰ ਮੰਜੇ ਦੇ ਨਾਲ ਮਸਤਕ ਸੁੱਤੇ ਬਾਲ ਦਾ ਹੋਇਆ ਦੇਖ ਨਿਹਾਲ । ਮੁੱਠੀ ਸੁੱਤੇ ਪੁੱਤ ਦੀ ਡੋਡੀ ਵਾਂਗ ਭਿੜੀ ਫੇਰ ਮਲਕੜੇ ਓਸਨੇ ਫੜ ਕੇ ਚੁੰਮ ਲਈ । ਕੁਝ ਪਲਾਂ ਲਈ ਹੋ ਗਿਆ ਕਾਲੂ ਅੰਤਰ-ਧਿਆਨ ਫਿਰ ਉਠ ਕੇ ਉਸ ਮੋੜਿਆ ਸੱਜੇ ਵੱਲ ਧਿਆਨ । ਹਸਦੀ ਦਾਈ ਦੌਲਤਾਂ ਕੀਤਾ ਝੁੱਕ ਸਲਾਮ ਮੰਗਿਆ ਝੋਲੀ ਅੱਡ ਕੇ ਬਿਨਾ ਕਲਾਮ ਇਨਾਮ । ਪੁੱਤਰ ਉਤੋਂ ਵਾਰ ਕੇ ਇਕ ਸੋਨੇ ਦੀ ਮੁਹਰ ਕਾਲੂ ਦਿੱਤੀ ਓਸਨੂੰ ਹੋ ਆਨੰਦ-ਵਿਭੋਰ। ਵੱਡਾ ਵੇਲਾ ਹੋਇਆ ਜਿਹੜੇ ਵੇਲੇ ਆਣ ਵਿਹੜੇ ਵਿਚ ਕੀਤਾ ਗਿਆ ਬੈਠਣ ਦਾ ਸਮਿਆਨ । ਹੇਠਾਂ ਦਰੀਆਂ ਵਿੱਛੀਆਂ, ਉੱਪਰ ਵਿਛੇ ਕਲੀਨ ਕਿਧਰੇ ਪਿੜੀਆਂ ਵਾਲੜੇ ਡੱਬੇ ਖੇਸ ਰੰਗੀਨ । ਵੰਨ ਸੁਵੰਨ ਫੁਲਕਾਰੀਆਂ ਕੰਧਾਂ ਨਾਲ ਸੁਹਾਣ ਘਿੰਨਣ ਲਈ ਮੁਬਾਰਖਾਂ ਕਾਲੂ ਬੈਠਾ ਆਣ । ਸਿਰ ਤੋਂ ਵੱਡੀ ਪੱਗੜੀ, ਸਾਊਆਂ ਵਾਲੀ ਡੀਲ ਉੱਚਾ ਬੇਦੀ ਖੱਤਰੀ, ਪਿੱਛਾ ਬੜਾ ਅਸੀਲ। ਚੌੜਾ ਮਸਤਕ ਓਸਦਾ ਮਣ ਸੋਹੇ ਵਿਚਕਾਰ, ਰੰਗ ਗੋਰਾ, ਨੱਕ ਸੂਤਵਾਂ, ਜਿਉਂ ਸੂਤੀ ਤਲਵਾਰ । ਪਰ੍ਹੇ ਅਤੇ ਦਰਬਾਰ ਵਿਚ ਵੱਡੀ ਜਿਸ ਦੀ ਮੁੱਛ, ਹੱਸ ਹੱਸ ਲਏ ਮੁਬਾਰਖਾਂ, ਮੂੰਹੋਂ ਕਹੇ ਨਾ ਕੁੱਛ । ਵੰਡਣ ਪਈਆਂ ਤ੍ਰੀਮਤਾਂ ਮਿਸਰੀ ਅਤੇ ਗਰੀ, ਟਪਦੀ ਫਿਰਦੀ ਨਾਨਕੀ ਕੱਜੀ ਵਿੱਚ ਜ਼ਰੀ ਪੰਜ ਸਾਲ ਦੀ ਬਾਲੜੀ, ਭਜ ਕੇ ਘੜੀ ਘੜੀ, ਪਿਉ ਗਲ ਬਾਹਾਂ ਘੱਤਦੀ, ਚਾਵਾਂ ਨਾਲ ਭਰੀ । ਸਾਊ ਰਾਏ ਬੁਲਾਰ ਜਦ ਕੀਤੀ ਖ਼ਤਮ ਨਮਾਜ਼, ਪਈ ਓਸ ਦੇ ਕੰਨ ਵੀ ਖੁਸ਼ੀਆਂ ਦੀ ਆਵਾਜ਼ । ਆ ਗਿਆ ਚੇਤੇ ਓਸਨੂੰ ਸਰਘੀ ਵਾਲਾ ਖ਼ਾਬ, ਵਿਚ ਸਿਜਦੇ ਦੇ ਡਿੱਗਿਆ, ਲਾਇਆਂ ਓਸ ਹਿਸਾਬ: ਅਸਮਾਨਾਂ ਤੋਂ ਟੁੱਟ ਕੇ, ਤਾਰਾ ਜੋ ਬਲਕਾਰ ਤਲਵੰਡੀ ਤੇ ਡਿੱਗਿਆ ਚਮਕ ਅਜਾਇਬ ਮਾਰ, ਘਰ ਕਾਲੂ ਦੇ ਚਮਕਿਆ ਭਾਵੇਂ ਉਹੀਓ ਨੂਰ, ਤਲਵੰਡੀ ਦੀ ਭੋਏਂ ਤੇ ਤ੍ਰੁੱਠਾ ਆਪ ਗ਼ਫੂਰ । ਮਾੜੀ ਉਤੋਂ ਉਤਰਿਆ ਲੈ ਬੇਗਮ ਨੂੰ ਨਾਲ, ਪਿਛੇ ਤੁਰੀਆਂ ਬਾਂਦੀਆਂ, ਚੁਕ ਮਿਸ਼ਰੀ ਦੇ ਥਾਲ । ਅੱਲਾ ਦੇ ਇਸ ਕਰਮ ਤੇ ਕਰਦਾ ਸੋਚ ਵਿਚਾਰ, ਕਾਲੂ ਦੇ ਘਰ ਪੁੱਜਿਆ, ਤੁਰਿਆ ਵਿਚ ਸਤਿਕਾਰ । ਦੇਣ ਮੁਬਾਰਕ ਬਹਿ ਗਿਆ ਢੁਕ ਕਾਲੂ ਦੇ ਕੋਲ, ਆਈ ਦਾਈ ਦੌਲਤਾਂ ਬਾਲਕ ਪਾਈ ਝੋਲ । ਤਕ ਬਾਲਕ ਦੀ ਦੱਖ ਨੂੰ, ਝੁਕਿਆ ਰਾਏ ਬੁਲਾਰ ਸਿਜਦਾ ਕੀਤਾ ਓਸਨੇ ਓਕੜ ਕੇ ਤ੍ਰੈ ਵਾਰ। ਬੋਲੀ ਦਾਈ ਦੌਲਤਾਂ, ਡੁੱਬੀ ਵਿਚ ਸਤਿਕਾਰ, ‘ਤ੍ਰੈ ਵੀਹਾਂ ਮੈਂ ਪਤਝੜਾਂ ਦੇਖ ਚੁਕੀ ਸਰਕਾਰ । ਧੌਲੇ ਮੈਨੂੰ ਆ ਗਏ ਕਰਦਿਆਂ ਏਹੋ ਕਾਰ, ਲੰਘੇ ਮੇਰੇ ਹੱਥ 'ਚੋਂ ਬਾਲਕ ਕਈ ਹਜ਼ਾਰ । ਐਪਰ ਐਸਾ ਬਾਲ ਮੈਂ, ਤਕਿਆ ਨਹੀਂ ਕਦੀ, ਅਪਣੀ ਸਾਰੀ ਉਮਰ ਵਿਚ, ਮੈਨੂੰ ਸੌਂਹ ਨਬੀ ! ਜਿਸ ਵੇਲੇ ਇਹ ਜੰਮਿਆਂ, ਵਾਜਾਂ ਕਈ ਹਜ਼ਾਰ, ਸੁਣੀਆਂ ਵਿਚੋਂ ਗ਼ੈਬ ਦੇ ਕਰਦੀਆਂ ਜੈ ਜੈ ਕਾਰ । ਨਾਲੇ ਗ਼ੈਬੀ ਉਂਗਲਾਂ, ਚਾਨਣ ਦਾ ਇਕ ਜਾਲ, ਬਣਿਆ ਦਵਾਲੇ ਏਸ ਦੇ ਅਧਭੁਤ ਅਤੇ ਕਮਾਲ । ਨਾ ਰੋਇਆ ਨਾ ਡੁਸਕਿਆ, ਵੱਡਾ ਅਚਰਜ ਹੋਰ, ਸਿਆਣੇ ਕਿਸੇ ਮਨੁਖ ਜਿਉਂ, ਮੁਸਕਾਇਆ ਇਹ ਛੋਹਰ !'' ਜਨਮ ਪੱਤਰੀ ਆਇਆ ਹਰੀ ਦਿਆਲ, ਕੁਲ ਦਾ ਜੋਤਸ਼ੀ, ਖਿੱਚਿਆ ਉੱਪਰ ਭਾਲ, ਟਿੱਕਾ, ਸੰਦਲੀ । ਪਤਲਾ ਸੁਬਕ ਸਰੀਰ, ਨਾੜ ਜਿਉਂ ਬਾਰ ਦਾ, ਪਈਆਂ ਵਾਂਗ ਹਰੀੜ, ਮੂੰਹ ਤੇ ਝੁਰੜੀਆਂ। ਸਾਊਆਂ ਵਾਲੀ ਛੱਬ, ਬਸਤਰ ਉੱਜਲੇ, ਧਰਦਾ ਪੋਲੇ ਪੱਬ, ਸਰਦਲ ਲੰਘਿਆ । ਬੋਲਿਆ "ਜੈ ਜਜਮਾਨ, ਵਿਹੜੇ ਵੜਦਿਆਂ, ਮੰਦ ਜਿਹੀ ਮੁਸਕਾਨ ਹੋਠੀਂ ਖੇਡਦੀ। ਪੰਡਿਤ ਜੀ ਪਰਨਾਮ, ਕਾਲੂ ਬੋਲਿਆ, “ਪਾਵਨ ਮੇਰਾ ਧਾਮ, ਕੀਤਾ ਤੁਸਾਂ ਹੈ । ਰਬ ਨੇ ਦਿੱਤਾ ਬਾਲ, ਸੁੱਖਾਂ-ਲੱਧੜਾ, ਨਖ ਸ਼ਿਖ ਬੜੇ ਕਮਾਲ, ਮੈਨੂੰ ਜਾਪਦੇ। ਦੱਗੇ ਉਸਦਾ ਭਾਲ, ਰਾਤੀਂ ਸੁੱਤਿਆਂ, ਲੱਗਾ ਮਾਂ ਦੇ ਨਾਲ, ਫੁਲ ਜਿਉਂ ਮਹਿਕਦਾ । ਅਣ-ਸਾਧਾਰਨ ਝਾਲ, ਉਸ ਦੇ ਮੁੱਖ ਦੀ ਆਵਣ ਕਈ ਖ਼ਿਆਲ, ਤੱਕ ਤੱਕ ਓਸਨੂੰ । ਜੋਤਸ਼ ਵਿਦਿਆ ਨਾਲ, ਦੱਸੋ ਖੋਲ੍ਹ ਕੇ, ਨਖਛੱਤਰਾਂ ਦੀ ਚਾਲ, ਕੈਸੀ ਏਸਦੀ ?" ਵਿਹੜੇ ਦੇ ਵਿਚਕਾਰ, ਬੂਟਾ ਜੰਡ ਦਾ, ਟਹਿਣ ਕਈ ਵਲਦਾਰ, ਉੱਗੇ ਸੰਘਣੇ । ਵੱਡਾ ਓਸ ਖਿਲਾਰ, ਛਾਉਂ ਸੁਹਾਵਣੀ, ਬੈਠਾ ਹਰੀ ਦਿਆਲ ਥੱਲੇ ਓਸਦੇ । ਧੀਮੇ ਬੋਲਾਂ ਨਾਲ, ਕਾਲੂ ਰਾਇ ਤੋਂ ਪੁੱਛਦਾ ਹਾਲ ਹਵਾਲ, ਬਾਲਕ-ਜਨਮ ਦਾ । ਫੇਰ ਪੋਥੀਆਂ ਵਾਚ, ਵਾਹੀ ਓਸਨੇ, ਕੁੰਡਲੀ ਖ਼ਾਨੇਦਾਰ, ਗਿਣੀਆਂ ਰਾਸ਼ੀਆਂ । ਹੋ ਕੇ ਵਿਚ ਧਿਆਨ, ਤਕਿਆ ਲਗਨ ਜਦ, ਹੋ ਕੇ ਅੱਤ ਹੈਰਾਨ, ਮੂੰਹੋਂ ਬੋਲਿਆ : “ਜੈ ਹੋਵੇ : ਜਜਮਾਨ ਪਹਿਲਾਂ ਏਸ ਤੋਂ, ਬੁਢੀਆਂ ਅੱਖਾਂ ਨਾਲ, ਮੈਂ ਨਹੀਂ ਦੇਖਿਆ ਤਾਰਿਆਂ ਦਾ ਸੰਜੋਗ ਚੰਗਾ ਏਸ ਤੋਂ । ਭਾਗ ਬੜੇ ਬਲਵਾਨ, ਤੇਰੇ ਜਾਪਦੇ, ਏਡੀ ਜੋਤ ਮਹਾਨ, ਚਮਕੀ ਗ੍ਰਹਿ ਤੇਰੇ। ਆਇਆ ਖ਼ੁਦ ਭਗਵਾਨ, ਜਾਣੋ ਧਰਤ ਤੇ । ਵੱਡਾ ਛੱਤਰ ਧਾਰੀ, ਜਾਂ ਇਹ ਹੋਏਗਾ, ਚੱਕਰ ਵਰਤੀ ਰਾਜਾ, ਧਰਤ-ਨਿਵਾਵਣਾ, ਜਾਂ ਕੋਈ ਅਵਤਾਰ, ਠੰਢ-ਵਰਤਾਵਣਾ, ਰੱਖੇ ਕਿਰਪਾਧਾਰ, ਜਗਤ ਜਲੰਦੜਾ । ਇਹ ਨਾ ਤੇਰੇ ਮੇਰੇ ਵਰਗਾ ਬੰਦੜਾ, ਕਦੀ ਨਾ ਬੋਲੀਂ ਬੋਲ, ਇਸ ਨੂੰ ਮੰਦੜਾ" ।" ਸੁਣ ਕੇ ਹਰੀ ਦਿਆਲ ਮੂੰਹੋਂ ਬਚਨ ਇਹ, ਕਾਲੂ ਹੋਇ ਨਿਹਾਲ ਦਿੱਤੀ ਮੁਹਰ ਇਕ, ਨਾਲੇ ਗੁੜ ਦਾ ਬਾਲ ਦੇਕੇ ਤੋਰਿਆ । ਫਿਰ ਤ੍ਰਿਪਤਾ ਦੇ ਲਾਗੇ, ਮੂੜ੍ਹਾ ਖਿੱਚ ਕੇ ਸੁਤੇ ਪੁੱਤਰ ਬੰਨੇ, ਉਸ ਨੇ ਤੱਕਿਆ । ਇਉਂ ਜਾਪਿਆ ਉਸਨੂੰ, ਬਾਲਕ-ਮੁੱਖ ਤੇ ਰੂਪ-ਦੇਸ਼ ਤੋਂ ਆਈਆਂ, ਪਰੀਆਂ ਨਿੱਕੀਆਂ ਝਿਲ ਮਿਲ ਕਰਦੇ ਅਧਭੁਤ ਖੰਭਾਂ ਵਾਲੀਆਂ, ਇਕ ਅਲੌਕਿਕ ਨਾਚ ਪਈਆਂ ਨਚਦੀਆਂ । ਕੁਝ ਚਿਰ ਗਿਆ ਗਵਾਚ, ਅਪਣੇ ਵਿਚ ਉਹ ਫਿਰ ਤ੍ਰਿਪਦਾ ਦੇ ਵੱਲ, ਉਸ ਨੇ ਮੋੜੀਆਂ, ਗਦ ਗਦ ਹੋਈਆਂ ਅੱਖਾਂ, ਪਿਆਰਾਂ-ਭਿੱਜੀਆਂ । ਪਤਨੀ ਦੀਆਂ ਉਂਗਲਾਂ, ਲੰਮੀਆਂ ਪਤਲੀਆਂ ਚੁਕ ਮਲਕੜੇ ਮੁੱਠੀ ਦੇ ਵਿੱਚ ਘੁੱਟੀਆਂ। ਵਿੱਚ ਅਕੱਥ ਆਨੰਦ, ਅੱਖਾਂ ਅਪਣੀਆਂ ਤ੍ਰਿਪਤਾ ਕੇਰਾਂ ਖੋਲ੍ਹ ਕੇ ਫਿਰ ਮੀਚੀਆਂ। ਨਾਲ ਜਣੇਪੇ ਲਿੱਸੀਆਂ ਗੱਲਾਂ ਉਸਦੀਆਂ ਸੁਣ ਪੱਤਰ ਦਾ ਜੱਸ, ਫੁੱਲ ਜਿਉਂ ਟਹਿਕੀਆਂ । ਸੁਫਨਿਆਂ ਦਾ ਸੰਸਾਰ, ਦੋਹਾਂ ਰੱਚਿਆ, ਪੁੱਤਰ ਤੋਂ ਬਲਿਹਾਰ, ਹੋ ਹੋ ਜਾਂਵਦੇ । ਤ੍ਰਿਪਦਾ ਦੇ ਸਨ ਪੇਕੇ, ਚਾਹਲ ਪਿੰਡ ਵਿਚ ਮੀਆਂ ਮੀਰ ਤੋਂ ਅਠ ਮੀਲਾਂ ਦੀ ਵਿੱਥ ਤੇ ਪੂਰਬ-ਦੱਖਣ ਵੱਲ, ਵੱਸੇ ਘੁੱਘ ਜੋ । ਏਸੇ ਪਿੰਡ ਵਿਚਕਾਰ, ਬੀਬੀ ਨਾਨਕੀ ਜਨਮ ਲਿਆ ਸੀ ਸੰਨ ਚੌਦਾਂ ਸੌ ਚੌਂਹਠ ਵਿਚ । ਥੁਹੜਾ ਵੱਡਾ ਹੋਇਆ ਉਸ ਦਾ ਵੀਰ ਜਾਂ ਓਸੇ ਦੇ ਨਾਂ ਉਤੇ, ਨਾਲ ਪਿਆਰ ਦੇ ਨਾਨਕ ਰਖਿਆ ਨਾਂ ਉਸਦਾ ਮਾਪਿਆਂ। ਮੁਢਲੇ ਝੁਕਾ ਪੰਜ ਸਾਲ ਦਾ ਹੋਇਆ ਨਾਨਕ ਜਿਸ ਦਮ ਆਣ, ਲੱਗਾ ਪਰਗਟ ਕਰਨ ਉਹ ਅਚਰਜ ਕਈ ਨਿਸ਼ਾਨ । ਬੂਹੇ ਉਤੇ ਆਉਂਦਾ ਜਦ ਵੀ ਕੋਈ ਗਦਾ, ਭੱਜ ਕੇ ਭਿਛਿਆ ਪਾਉਂਦਾ ਸੁਣਦੇ ਸਾਰ ਸਦਾ। ਝੋਲੀ ਭਰਦਾ ਸਾਧ ਦੀ ਗੁੜ ਤੇ ਆਟੇ ਨਾਲ, ਦੇ ਬਸਤਰ ਦਰਵੇਸ਼ ਨੂੰ ਹੁੰਦਾ ਬਹੁਤ ਨਿਹਾਲ। ਹਰਦਮ ਰਹਿੰਦੀ ਖੇਡਦੀ ਮੁਖ ਉਸਦੇ ਤੇ ਲੋ, ਜੋ ਵੀ ਤਕਦਾ ਓਸਨੂੰ ਮੋਹਿਤ ਜਾਂਦਾ ਹੋ। ਤਲਵੰਡੀ ਦੀਆਂ ਤ੍ਰੀਮਤਾਂ ਕਰਦੀਆਂ ਬੜਾ ਮਲ੍ਹਾਰ ਨਾਲ ਪਿਆਰ ਕੁਆਂਦੀਆਂ ਦੇ ਮੱਥੇ ਤੇ ਪਿਆਰ। ਜਿਸ ਵੇਹੜੇ ਵੀ ਜਾਂਵਦਾ, ਖਿੜਦਾ ਵਾਂਗ ਬਹਾਰ ਜਿਸ ਬੀਹੀ ਚੋਂ ਲੰਘਦਾ, ਭਰ ਜਾਂਦੀ ਮਹਿਕਾਰ । ਗਲੀਆਂ ਦੇ ਵਿਚ ਖੇਡਦਾ ਰੱਲ ਜਵਾਕਾਂ ਨਾਲ, ਕਈ ਵਾਰ ਭੁਲ ਜਾਂਵਦਾ, ਰੋਟੀ ਦਾ ਵੀ ਖ਼ਿਆਲ । ਛੇ ਸਾਲਾਂ ਦਾ ਹੋਇਆ ਨਾਨਕ ਜਿਹੜੇ ਦਿਨ, ਪਰਗਟ ਹੋਇਆ ਓਸ ਵਿਚ ਹੋਰ ਨਵਾਂ ਇਕ ਚਿੰਨ੍ਹ । ਨਾਲ ਹਾਣੀਆਂ ਖੇਡਦਾ ਵਿੱਚ ਉਦਾਸੀ ਆ, ਬਹਿ ਜਾਂਦਾ ਚੁਪ ਧਾਰ ਕੇ ਇਕਲਵਾਂਜੇ ਜਾ । ਕਿੰਨੀ ਕਿੰਨੀ ਦੇਰ ਤਕ ਰਹਿੰਦਾ ਉਹ ਗ਼ਲਤਾਨ, ਪਤਾ ਨਹੀਂ ਕੀ ਸੋਚਦਾ ਹੋ ਕੇ ਅੰਤਰ-ਧਿਆਨ। ਤਲਵੰਡੀ ਦੇ ਗਿਰਦ ਸਨ ਜੰਗਲ ਬੜੇ ਵਿਸ਼ਾਲ, ਉਤਰੇ ਰਹਿੰਦੇ ਜਿਨ੍ਹਾਂ ਵਿਚ, ਸਾਧੂ ਹਾੜ ਸਿਆਲ। ਉਹਨਾਂ ਵਿਚ ਜਾ ਬੈਠਦਾ ਕਈ ਵਾਰ ਇਹ ਬਾਲ ਅਗਮ ਨਿਗਮ ਦੀਆਂ ਬੋਲਦਾ ਬਾਤਾਂ ਕਈ ਕਮਾਲ। ਐਪਰ ਅਕਸਰ ਚੁਪ ਰਹਿ ਸੁਣਦਾ ਸਾਊਆਂ ਹਾਰ, ਵੇਦਾਂ ਦੀਆਂ ਟਿਪਣੀਆਂ, ਸ਼ਾਸਤਰਾਂ ਦਾ ਸਾਰ । ਦੂਰ ਦੁਰਾਡੇ ਤੀਰਥਾਂ ਦੇ ਪੈਂਡੇ ਵਲਦਾਰ ਪਰਦੇਸ਼ਾਂ ਦੀ ਯਾਤਰਾ ਦਾ ਸੁੰਦਰ ਵਿਸਤਾਰ । ਸੁਣ ਸੁਣ ਕੇ ਉਹ ਵਿਗਸਦਾ ਸਾਧ ਬਚਨ ਅਮਿਉ, ਅੱਖਾਂ ਭਰੀਆਂ ਸੁਫ਼ਨਿਆਂ, ਹਿੱਕ ਭਰੀ ਖੁਸ਼ਬੋ । ਮੁੜਦਾ ਜਦ ਉਹ ਬੀੜ ਚੋਂ, ਡੁਬਿਆ ਸੋਚ ਵਿਚਾਰ ਦਿੱਬ ਜਿਉਤੀ ਚਮਕਦੀ ਮੱਥੇ ਦੇ ਵਿਚਕਾਰ। ਤਕ ਤਕ ਲੋਕੀ ਹੋਂਵਦੇ ਉਸ ਉਤੋਂ ਬਲਿਹਾਰ, ਘੋਲ ਘੁਮਾਈ ਜਾਂਵਦੇ ਕੰਮੀ ਤੇ ਚਮਿਆਰ। ਹਿੰਦੂ ਕਹਿੰਦੇ ‘ਆਇਆ ਕਲਿ ਤਾਰਨ ਭਗਵਾਨ !" “ਸਾਦਿਕ ਕੋਈ ਖੁਦਾਇ ਦਾ", ਕਹਿੰਦੇ ਮੁਸਲਮਾਨ । ਵਿਦਿਆ ਐਪਰ ਤਕ ਕੇ ਪੁੱਤ ਦੇ ਲੱਛਣ ਅੱਲੋਕਾਰ, ਮਹਿਤਾ ਕਾਲੂ ਡੁੱਬਿਆ ਸੋਚਾਂ ਦੇ ਵਿਚਕਾਰ । ‘ਛੱਤਰਧਾਰੀ ਬਣੇਗਾ' ਕਹਿੰਦਾ ਸੀ ਹਰਦਿਆਲ, ਐਪਰ ਮੈਨੂੰ ਜਾਪਦਾ ਕੂੜਾ ਉਹਦਾ ਖ਼ਿਆਲ । ਵਧਦਾ ਜਾਵੇ ਏਸਦਾ ਸਾਧਾਂ ਵਲ ਝੁਕਾ, ਖੱਤਰੀਆਂ ਦੇ ਕੰਮ ਨੂੰ ਉੱਕਾ ਹੱਥ ਨਾ ਲਾ । ਆਟਾ, ਕਪੜਾ, ਚੌਲ, ਗੁੜ, ਘਰ ਦੀ ਸਾਰੀ ਵੱਥ, ਸਾਧਾਂ ਨੂੰ ਜਾ ਵੰਡਦਾ, ਜੋ ਵੀ ਆਵੇ ਹੱਥ । ਦਿੱਤੀ ਮੱਤ ਗਵਾਂਢੀਆਂ ਕਾਲੂ ਨਾ ਘਬਰਾ, ਤੀਖਣ ਬੁੱਧੀ ਵਾਲੜਾ ਤੇਰਾ ਬਾਲ ਬੜਾ । ਸਾਧਾਂ ਵੱਲੋਂ ਓਸਦਾ ਮੋੜਨ ਲਈ ਖ਼ਿਆਲ ਦੇਖ ਮਹੂਰਤ ਓਸਨੂੰ ਪਾਂਧੇ ਕੋਲ ਬਿਠਾਲ । ਤਾਂ ਜੇ ਜਾਵੇ ਸਿੱਖ ਉਹ ਖੱਤਰੀਆਂ ਦੀ ਕਾਰ, ਲੇਖਾ ਪੱਤਾ ਸਾਂਭ ਕੇ ਤੇਰੇ ਕਾਰ ਵਿਹਾਰ । ਗੋਈ ਮਿੱਟੀ ਵਾਂਗਰਾਂ ਹੁੰਦਾ ਬਾਲ-ਸੁਭਾ, ਜਿੱਦਾਂ ਚਾਹੇ ਢਾਲਣਾ ਉਦਾਂ ਹੀ ਢਲ ਜਾ । ਪੱਛ ਕੇ ਹਰੀ ਦਿਆਲ ਤੋਂ ਸ਼ੁਭ ਮਹੂਰਤ ਵਾਰ, ਮਹਿਤਾ ਕਾਲੂ ਹੋਇਆ ਪਾਂਧੇ ਵੱਲ ਤਿਆਰ । ਬਾਲਕ ਤਾਂਈ ਪਲੋਸ ਕੇ ਲਾਇਆ ਉਂਗਲ ਨਾਲ, ਪਾਂਧੇ ਅੱਗੇ ਰੱਖਿਆ ਜਾ ਲਡੂਆਂ ਦਾ ਥਾਲ । "ਪਾਂਧਾ ਜੀ ਇਸ ਬਾਲ ਦਾ", ਫੇਰ ਕਿਹਾ ਹਥ ਜੋੜ, “ਰਖਣਾ ਖ਼ਾਸ ਖ਼ਿਆਲ ਜੇ, ਇਹ ਹੈ ਬੜਾ ਅਮੋੜ" । ਸੱਤ ਸਾਲ ਦੇ ਬਾਲ ਨੂੰ, ਪਾਂਧੇ ਚਤਰ ਸੁਜਾਨ ਸਿਰ ਤੋਂ ਪੈਰਾਂ ਤੀਕਰਾਂ ਤਕਿਆ ਨਾਲ ਧਿਆਨ । ਨਿੰਮ੍ਹੇ ਲੋਇਣ ਬਾਲ ਦੇ, ਸ਼ਾਂਤ ਅਤੇ ਗੰਭੀਰ, ਖਿੜਿਆ ਮੱਥਾ ਕੌਲ ਜਿਉਂ, ਝੱਲੀ ਜਾਏ ਨਾ ਝੀਰ । ਨਾ ਹੀ ਉਸ ਵਿਚ ਜ਼ਿੱਦ ਸੀ, ਨਾ ਹੀ ਕੋਈ ਹੂੜ, ਕਾਲੂ ਦਾ ਸਭ ਤੌਖਲਾ ਲੱਗਾ ਉਸ ਨੂੰ ਕੂੜ । ਏਸ ਤਰ੍ਹਾਂ ਹੈ ਆਉਂਦਾ ਗ੍ਰੰਥਾਂ ਦੇ ਵਿਚਕਾਰ, ਇਕ ਦਿਨ ਪੜ੍ਹ ਕੇ ਬਾਲ ਨੇ ਚੁਪ ਲਈ ਫਿਰ ਧਾਰ । ਪਾਂਧੇ ਪੁੱਛਿਆ, "ਨਾਨਕਾ, ਪੜ੍ਹਦਾ ਕਿਉਂ ਨਾ ਹੋਰ ? ਨਾ ਅੱਗ ਸਾੜੇ ਗਿਆਨ ਨੂੰ, ਨਾ ਲੈ ਜਾਵੇ ਚੋਰ ।” ਬੋਲਿਆ ਨਾਨਕ, "ਪਾਂਧਿਆ, ਕੀ ਪੜ੍ਹਿਆ ਤੂੰ ਆਪ ਜਿਹੜਾ ਚਾਹੇਂ ਪੜ੍ਹਾਉਣਾ ਮੈਨੂੰ ਏਡ ਸ਼ਤਾਬ ?'' “ਸਭ ਕਿਛ ਪੜ੍ਹਿਆ ਨਾਨਕਾ", ਪਾਂਧੇ ਆਖਿਆ ਮੋੜ, "ਦਰਸ਼ਨ, ਸ਼ਾਸਤਰ, ਵੇਦ ਸਭ, ਲੀਤਾ ਸਾਰ ਨਚੋੜ । ਜਮ੍ਹਾ ਖ਼ਰਚ ਖਾਤਾ ਵਹੀ, ਲੇਖਾ ਪੱਤਾ ਨਾਲ ।" “ਇਹ ਤਾਂ ਸਭ ਕੁਛ ਬਾਦ ਹੈ," ਬੋਲਿਆ ਅੱਗੋਂ ਬਾਲ । “ਕੀ ਪੜ੍ਹੀਏ ਜੇ ਛੁੱਟੀਏ ?” ਪਾਂਧੇ ਕੀਤਾ ਸੁਆਲ। "ਕੀ ਪੜ੍ਹੀਏ ਜੇ ਕੱਟੀਏ, ਮਾਇਆ ਮੋਹ ਜੰਜਾਲ ?'' ਨਾਨਕ ਬੋਲਿਆ "ਪੰਡਿਤਾ, ਮੇਰਾ ਇਹ ਵਿਚਾਰ ਮੋਹ ਮਾਇਆ ਨੂੰ ਸਾੜ ਕੇ, ਕਰੀਏ ਮੱਸ ਤਿਆਰ। ਕਲਮ ਬਣਾਈਏ ਭਾਉ ਦੀ, ਚਿੱਤ ਨੂੰ ਲਿੱਖਣਹਾਰ, ਲੈ ਕੇ ਕਾਗਤ ਮੱਤ ਦਾ, ਗੁਰ ਤੋਂ ਪੁੱਛ ਵਿਚਾਰ, ਲਿਖੀਏ ਨਾਮ ਸਾਲਾਹ ਨੂੰ, ਅੰਤ ਨਾ ਪਾਰਾਵਾਰ, ਬਾਕੀ ਵਾਦਵਿਵਾਦ ਸਭ ਮਿਥਿਆ, ਚੱਲਣਹਾਰ ।" ਆਖਿਆ ਤਦ ਸਤਿਕਾਰ ਵਿਚ ਝੁੱਕ ਪੰਡਿਤ ਗੋਪਾਲ, “ਜੋ ਆਵੇ ਤੈਂ ਆਤਮੇਂ ਸਾਈ ਕਾਰ ਸੰਭਾਲ । ਮੈਨੂੰ ਹੋ ਗਿਆ ਚਾਨਣਾ ਸੁਣ ਤੇਰੇ ਵੀਚਾਰ, ਤੇਰੇ ਵਿਚ ਤਾਂ ਬੋਲਦਾ ਆਪ ਪਿਆ ਕਰਤਾਰ ।" ਉਠ ਆਇਆ ਚਟਸ਼ਾਲ ਤੋਂ, ਨਾਨਕ ਓਸੇ ਪੱਲ ਨਾ ਬੋਲੇ ਨਾ ਖਾਏ ਕੁਝ, ਬੈਠਾ ਮੱਲ ਇੱਕਲ । ਦਿਨ ਕੱਟੇ ਵਿਚ ਬੀੜ ਦੇ ਸਾਧਾਂ ਦੇ ਵਿਚਕਾਰ, ਦੇਖ ਦੇਖ ਘਬਰਾਇਆ ਕਾਲੂ ਦੁਨੀਆਂਦਾਰ। ਜਦ ਪੰਡਿਤ ਗੋਪਾਲ ਤੋਂ ਸਕਿਆ ਕੁਝ ਨਾ ਸੌਰ, ਘਰ ਪੰਡਿਤ ਬ੍ਰਿਜ ਲਾਲ ਦੇ ਆਇਆ ਉਸਨੂੰ ਛੋੜ। ਉਹ ਵੀ ਚਕਰਿਤ ਰਹਿ ਗਿਆ, ਬੁਧ ਉਸਦੀ ਅਵਲੋਕ ਜਿਸਨੇ ਸ਼ਾਸਤਰ ਬੇਦ ਸਭ ਲਏ ਦਿਨਾਂ ਵਿਚ ਘੋਖ । ਕਾਲੂ ਨੂੰ ਉਸ ਦੱਸਿਆ ਡੂੰਘੀ ਸ਼ਰਧਾ ਨਾਲ "ਉੱਚੀ ਪ੍ਰਤਿਭਾ ਵਾਲੜਾ ਤੇਰਾ ਹੈ ਇਹ ਬਾਲ। ਇਸ ਤੇ ਤ੍ਰੁੱਠਾ ਜਾਪਦਾ ਮੈਨੂੰ ਆਪ ਦਿਆਲ, ਕਿਉਂ ਤੂੰ ਚਾਹੇਂ ਢੱਗਣਾ ਇਸ ਨੂੰ ਵਿਚ ਜੰਜਾਲ ? ਜਾਤਕ ਬਾਰੇ ਦੱਸਿਆ ਜੋ ਜੋ ਹਰੀਦਿਆਲ ਭੋਰਾ ਭੋਰਾ ਠੀਕ ਹੈ, ਮੈਂ ਸਹਿਮਤ ਉਸ ਨਾਲ ।" ਸੁਣ ਪੰਡਿਤ ਦਾ ਕਥਨ ਇਹ ਪਿਉ ਹੋਇਆ ਉਪਰਾਮ, ਸੋਚੇ, ਮੇਰੀ ਕੁਲ ਦਾ ਕੀ ਹੋਸੀ ਅੰਜਾਮ ! ਇਸ ਕਮਲੇ ਨੇ ਸਾਂਭਣਾ ਕੀ ਮੇਰਾ ਘਰਬਾਰ ! ਨਾਲੇ ਕਿਨ੍ਹੇ ਸੰਭਾਲਣੀ ਮੈਂ ਪਿੱਛੋਂ ਪਟਵਾਰ। ਸੁਣਿਆ ਰਾਏ ਬੁਲਾਰ ਨੇ ਜਦ ਕਾਲੂ ਦਾ ਹਾਲ ਇਉਂ ਸਮਝਾਇਆ ਓਸਨੇ ਅਪਣੇ ਕੋਲ ਬਹਾਲ : "ਤਕੀਆ ਰੱਖ ਖੁਦਾਇ ਦਾ, ਹੋ ਨਾ ਏਡ ਉਦਾਸ, ਉਸਦੀ ਰਹਿਮਤ ਤੋਂ ਕਦੀ ਹੋਈਏ ਨਹੀਂ ਨਿਰਾਸ । ਤਲਵੰਡੀ ਦੇ ਮੌਲਵੀ ਵੱਡੇ ਕੁਤਬੁੱਦੀਨ ਕੋਲ ਬਿਠਾ ਦੇ ਬਾਲ ਨੂੰ, ਰੱਬ ਵਿਚ ਰੱਖ ਯਕੀਨ । ਸੱਕੇਗਾ ਉਹ ਬਾਲ ਨੂੰ ਚੰਗੇ ਪਾਸੇ ਤੋਰ ਫ਼ਾਜਿਲ ਉਸ ਦੇ ਨਾਲ ਦਾ ਤੱਪੇ ਵਿਚ ਨਾ ਹੋਰ ।" ਪਹਿਲਾ ਦਿੱਤਾ ਦਰਸ ਜਾਂ ਵੱਡੇ ਕੁਤਬੁੱਦੀਨ ਤਕਿਆ ਉਸ ਸ਼ਾਗਿਰਦ ਨੂੰ ਲੋੜੋਂ ਵਧ ਜ਼ਹੀਨ । ਪਲ ਵਿਚ ਲੈਂਦਾ ਸਮਝ ਜੋ ਨੁਕਤੇ ਅਤੀ ਮਹੀਨ ਦੇਖਣ ਵਿਚ ਵੀ ਸੁੱਥਰਾ, ਸੁਲਝਿਆ ਅਤੇ ਹਸੀਨ । ਕਾਲੂ ਨੂੰ ਉਸ ਦਸਿਆ, “ਮੇਰਾ ਹੈ ਵਿਸ਼ਵਾਸ, ਨਾਨਕ ਤੇ ਰਹਿਮਾਨ ਦੀ ਰਹਿਮਤ ਹੋਈ ਖ਼ਾਸ । ਵਿੱਚ ਜ਼ਾਹਿਰੀ ਇਲਮ ਸੂ ਰੌਸ਼ਨ ਬੜਾ ਦਮਾਗ ਵਿੱਚ ਬਾਤਨੀ ਇਲਮ ਵੀ, ਦਿਲ ਸੂ ਵਾਂਗ ਚਰਾਗ । ਸ਼ਰਅ ਵਲ ਇਹ ਦੇਂਵਦਾ ਉੱਕਾ ਨਹੀਂ ਧਿਆਨ, ਗਲ ਕਰਾਂ ਇਰਫ਼ਾਨ ਦੀ ਹੋ ਜਾਏ ਅੰਤਰ-ਧਿਆਨ । ਵਧਿਆ ਕੁਤਬੁੱਦੀਨ ਦਾ ਨਾਨਕ ਨਾਲ ਪਿਆਰ, ਪਿਉ ਤੋਂ ਵਧ ਲਡਿਆਉਂਦਾ ਨਾਲੇ ਰਾਏ ਬੁਲਾਰ । ਤਲਵੰਡੀ ਦੇ ਲੋਕ ਵੀ, ਹਿੰਦੂ ਮੁਸਲਮਾਨ, ਨਾਨਕ ਉਤੋਂ ਹੋਂਵਦੇ ਤਨੋ ਮਨੋ ਕੁਰਬਾਨ । ਜਨੇਊ ਪਾਇਆ ਵਰ੍ਹੇ ਗਿਆਰਵੇਂ ਨਾਨਕ ਜਿਸ ਦਮ ਪੈਰ, ਘਰ ਵਿਚ ਪੁੱਤਰ ਜਨਮ ਨੇ ਲਾ ਦਿਤੀ ਇਕ ਲਹਿਰ । ਅਵਸਰ ਪੁੱਤਰ-ਜਨਮ ਦਾ ਲਿਆਵੇ ਖੁਸ਼ੀ ਅਪਾਰ, ਵੱਡ ਭਾਗਾ ਇਹ ਹੋਂਵਦਾ, ਬਰਕਤ ਦਾ ਭੰਡਾਰ । ‘ਪੂ’ ਨਾਮ ਦੇ ਨਰਕ ਤੋਂ ਪੁਤ ਲੰਘਾਵੇਂ ਪਾਰ, ਨਾਲੇ ਯੱਗ, ਸ੍ਰਾਧ ਦਾ ਓਸੇ ਨੂੰ ਅਧਿਕਾਰ । ਤਾਹੀਉਂ ਕਾਲੂ ਕਰ ਰਿਹਾ ਖੁਸ਼ੀਆਂ ਦਾ ਸਮਿਆਨ, ਘਰ ਉਸਦੇ ਪਏ ਪੱਕਦੇ ਭਾਂਤ ਭਾਂਤ ਪਕਵਾਨ । ਪੁੱਤ ਨੂੰ ਜੰਜੂ ਪਾਣ ਦਾ ਅੱਜ ਹੋਣਾ ਸੰਸਕਾਰ, ਧੀ ਨੂੰ ਜਿਸਦਾ ਹੱਕ ਨਾ ਮਨੂ-ਮਤ ਅਨੁਸਾਰ । ਏਸ ਤਰ੍ਹਾਂ ਹੈ ਆਉਂਦਾ ਸ਼ਾਸਤਰਾਂ ਵਿਚਕਾਰ, ਹੋਵੇ ਜਨਮ ਮਨੁੱਖ ਦਾ, ਜੱਗ ਉਤੇ ਦੋ ਵਾਰ । ਇਕ ਸਰੀਰਕ ਜਨਮ ਜੋ ਮਾਂ ਦੀ ਕੁੱਖੋਂ ਹੋ, ਜਨਮ ਦੂਸਰਾ ਆਤਮਕ ਮਰਯਾਦਾ ਵਸ ਜੋ । ਬ੍ਰਾਹਮਣ, ਖੱਤਰੀ, ਵੈਸ਼ ਨੂੰ ਮਰਯਾਦਾ ਅਨੁਸਾਰ, ਪਹਿਨ ਜਨੇਊ ਮਿਲਦਾ, ਜਨਮ ਦੂਸਰੀ ਵਾਰ । ਧਰਮ ਸ਼ਾਸਤਰ ਮਨੂ ਦਾ ਉੱਚੀ ਆਖ ਸੁਣਾਇ, ਬ੍ਰਾਹਮਣ ਪਾਏ ਕਪਾਹ ਦਾ, ਖਤਰੀ ਸਣ ਦਾ ਪਾਇ । ਤੱਗ ਮੇਂਢ ਦੀ ਜੱਤ ਦਾ ਵੈਸ਼ ਕਰੇ ਸ੍ਵੀਕਾਰ, ਪਰ ਸ਼ੂਦਰ ਤੇ ਧੀ ਨੂੰ, ਇਸ ਦਾ ਨਾ ਅਧਿਕਾਰ । ਵਟ ਕੇ ਤੰਦਾਂ ਤੇਹਰੀਆਂ ਹੁੰਦੀ ਡੋਰ ਤਿਆਰ, ਤਿੰਨ ਡੋਰਾਂ ਦਾ ਹੋਂਵਦਾ ਇਕ ਅਗ੍ਰ ਵੱਲਦਾਰ । ਦੋ ਅੱਗ੍ਰਾਂ ਨੂੰ ਜੋੜ ਕੇ ਬਣੇ ਜਨੇਊ ਠੀਕ, ਲਟਕੇ ਖੱਬੇ ਮੋਢਿਉਂ ਸੱਜੀ ਵੱਖੀ ਤੀਕ । ਜੰਜੂ ਪਹਿਨਣ ਦਾ ਸਮਾਂ ਮਰਯਾਦਾ ਅਨੁਸਾਰ, ਧਰਮ ਸ਼ਾਸਤ੍ਰਾਂ ਵਿੱਚ ਹੈ, ਦਿੱਤਾ ਇਸ ਪਰਕਾਰ : ਬ੍ਰਾਹਮਣ ਪਹਿਲੇ ਗਰਭ ਤੋਂ ਵਿਚ ਅੱਠਵੇਂ ਸਾਲ, ਖਤਰੀ ਵਿਚ ਗਿਆਰ੍ਹਵੇਂ, ਵੈਸ਼ ਬਾਰ੍ਹਵੇਂ ਸਾਲ । ਰਿਤੂਆਂ ਦਾ ਵੀ ਰੱਖਣਾ, ਪੈਂਦਾ ਬੜਾ ਖ਼ਿਆਲ, ਬ੍ਰਾਹਮਣ ਵਿਚ ਬਸੰਤ ਦੇ, ਖੱਤਰੀ ਵਿੱਚ ਹੁਨਾਲ । ਵੈਸ਼ਾਂ ਨੂੰ ਪਤਝਾੜ ਵਿਚ, ਪਹਿਨਣ ਦਾ ਆਦੇਸ਼, ਪੂਰੀ ਕਰਿਆਂ ਰੀਤ ਇਹ, ਮਿੱਟਣ ਸਭ ਕਲੇਸ਼ । ਵੇਹੜੇ ਦੇ ਵਿਚ ਹੋ ਗਿਆ ਕੱਠਾ ਸਭ ਪਰਵਾਰ, ਅਤੇ ਸਮਿਗ੍ਰੀ ਜੁੜ ਗਈ ਮਰਯਾਦਾ ਅਨੁਸਾਰ, ਪ੍ਰੋਹਿਤ ਬੇਦੀ-ਕੁਲ ਦਾ, ਪੰਡਿਤ ਹਰੀ ਦਿਆਲ ਸ਼ਾਸਤਰਾਂ ਦੀ ਰੀਤ ਦਾ, ਪੂਰਾ ਰੱਖ ਖ਼ਿਆਲ, ਪਾਣ ਜਨੇਊ ਵੱਧਿਆ ਜਦ ਨਾਨਕ ਦੇ ਵੱਲ, ਨਾਨਕ ਨੇ ਹੱਥ ਫੜ ਲਿਆ, ਬੋਲੇ ਬਚਨ ਅਟੱਲ - ਆਖੋ ਜੰਜੂ ਪਾਇਆਂ ਮਰਯਾਦਾ ਅਨੁਸਾਰ, ਜਨਮ ਆਤਮਕ ਹੋਂਵਦਾ ਮੁੜ ਕੇ ਦੂਜੀ ਵਾਰ । ਪਰ ਜੋ ਲਿਆਂਦਾ ਤੁਸਾਂ ਨੇ ਦੇ ਕੇ ਕੌਡਾਂ ਚਾਰ ਦੇ ਸਿਖਿਆ ਗਲ ਪਾਇਆ, ਹੋ ਜਾਣਾ ਇਸ ਛਾਰ । "ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥" ਨਾਲੇ ਕੀ ਹੈ ਸੌਰਦਾ ਇਸ ਕੱਚੇ ਤੱਗ ਨਾਲ, ਜਦ ਤਕ ਉੱਪਰ ਇੰਦ੍ਰੀਆਂ, ਸੰਜਮ ਨਹੀਂ ਰਵਾਲ । ਨਾ ਤਗ ਪੈਰੀਂ ਅਸਾਂ ਦੇ ਨਾ ਤਗ ਸਾਡੇ ਹੱਥ, ਨਾ ਤਗ ਸਾਡੀ ਜੀਭ ਤੇ ਨਾ ਤਗ ਸਾਡੀ ਅੱਖ । ਆਵੇ ਬੜੀ ਹੈਰਾਨਗੀ ਜੋ ਪਹਿਨਾਵਣ ਤੱਗ, ਖ਼ੁਦ ਵੇਤੱਗੇ ਭਟਕਦੇ ਫਿਰਦੇ ਅੰਦਰ ਜੱਗ । ਲੈ ਭਾਵੇਂ ਮਜ਼ਦੂਰੀਆਂ ਕਰਵਾਉਂਦੇ ਵੀਵਾਹ ਫੋਲ ਫੋਲ ਕੇ ਪਤਰੀਆਂ ਲੋਕਾਂ ਦੱਸਣ ਰਾਹ । ਜਿਸ ਛਿਜਣਾ ਤੇ ਟੁਟਣਾ, ਚੜ੍ਹਨਾ ਕਦੀ ਨਾ ਤੋੜ, ਐਸੇ ਨਸ਼ਵਰ ਤੱਗ ਦੀ, ਮੈਨੂੰ ਕੋਈ ਨਾ ਲੋੜ। “ਦਇਆ ਕਪਾਹ ਸੰਤੋਖ ਸੂਤ, ਜਤੁ ਗੰਢੀ ਸਤੁ ਵਟੁ, ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ ॥ ਨਾ ਏਹੁ ਤੁਟੈ ਨਾ ਮਲੁ ਲਗੈ, ਨਾ ਏਹੁ ਜਲੈ ਨਾ ਜਾਇ, ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।” ਦਸ ਸਾਲਾਂ ਦੇ ਬਾਲ ਤੋਂ ਸੁਣ ਕੇ ਐਸੇ ਵਾਕ, ਮੂੰਹ ਵਲ ਤਕਦੇ ਰਹਿ ਗਏ ਕਾਲੂ ਦੇ ਅੰਗ ਸਾਕ । ਪਿੰਡ ਦੇ ਬਾਕੀ ਲੋਕ ਵੀ, ਹੋਏ ਬੜੇ ਹੈਰਾਨ, ਕਿੱਦਾਂ ਮੱਥਾ ਡਾਹਿਆ, ਨਾਨਕ ਨਾਲ ਚਟਾਨ । ਸ਼ਾਸਤਰਾਂ ਦਾ ਭਰਮ-ਗੜ੍ਹ ਹੋਇਆ ਚਿਕਨਾ ਚੂਰ, ਕੀਤਾ ਵਾਰ ਗਿਆਨ ਦਾ ਜਦ ਨਾਨਕ ਭਰਪੂਰ । ਪਿਆਰ ਨਾਲ ਸਮਝਾਇਆ, ਮੁੜ ਮੁੜ ਹਰੀ ਦਿਆਲ, ਤੇ ਧਮਕਾਇਆ ਪਿਉ ਨੇ ਕੱਢ ਕੇ ਅੱਖਾਂ ਲਾਲ । ਪਰ ਬਾਬਾ ਨਾ ਡੋਲਿਆ ਕਾਇਮ ਰੱਖਿਆ ਚਿੱਤ, ਇਹ ਸੀ ਜੀਵਨ-ਘੋਲ ਵਿਚ ਪਹਿਲੀ ਉਸਦੀ ਜਿੱਤ । ਸੱਚ ਦੇ ਅੱਗੇ ਕੂੜ ਨੇ ਸੁਟ ਦਿੱਤੇ ਹਥਿਆਰ, ਘਰ ਘਰ ਦੇ ਵਿਚ ਵੱਧਿਆ ਨਾਨਕ ਦਾ ਸਤਿਕਾਰ। ਵੱਡੇ ਕੁਤਬੁੱਦੀਨ ਤਕ ਪਹੁੰਚੀ ਜਿਸਦਮ ਗੱਲ, ਹੋਣਹਾਰ ਸ਼ਾਗਿਰਦ ਨੂੰ ਘੁਟ ਲਾਇਆ ਉਸ ਗੱਲ । ਇਤਨੀ ਛੋਟੀ ਉਮਰ ਵਿਚ ਇਤਨੇ ਉੱਚ ਖ਼ਿਆਲ, ਸੁਣ ਕੇ ਰਾਏ ਬੁਲਾਰ ਵੀ ਹੋਇਆ ਦਿਲੋਂ ਨਿਹਾਲ। ਏਕਾਂਤ-ਵਾਸ ਪਰ ਇਸ ਘਟਨਾ ਮਗਰੋਂ ਸਾਖੀਆਂ ਦੇ ਅਨੁਸਾਰ, ਤਲਵੰਡੀ ਦੇ ਚੰਦ ਨੇ ਮੰਨ ਲਿਆ ਫਿਰ ਧਾਰ। ਬੈਠਾ ਤੇ ਬੈਠਾ ਰਹੇ, ਕਰੇ ਨਾ ਕੁਝ ਵੀ ਕਾਰ, ਸੁੱਤਾ ਤੇ ਸੁੱਤਾ ਰਹੇ, ਤਕੇ ਨਾ ਰਾਤ ਦਿਹਾੜ । ਪਤਾ ਨਹੀਂ ਕੀ ਸੋਚਦਾ ਰਹਿੰਦਾ ਦਿਨ ਤੇ ਰਾਤ, ਦਿਨ ਲੰਘਾਂਦਾ ਵਣਾਂ ਵਿਚ, ਤਾਰਿਆਂ ਥਲੇ ਰਾਤ । ਪ੍ਰਕਿਰਤੀ ਦੀ ਗੋਦ ਵਿਚ ਮਿਲਦਾ ਉਸਨੂੰ ਸੁੱਖ, ਤਕ ਕੇ ਜੂਹ ਸੁਹਾਵਣੀ ਮਿਟ ਜਾਂਦੀ ਸਭ ਭੁੱਖ । ਸਰਘੀਉਂ ਆਥਣ ਤੀਕਰਾਂ, ਆਥਣੋ ਸਰਘੀ ਤੀਕ, ਪਰਕਿਰਤੀ ਦੇ ਰੰਗ ਸੈ ਸੂਖਮ ਅਤੇ ਬਰੀਕ ਪਲ ਪਲ ਛਿਨ ਛਿਨ ਬਦਲਦੇ ਤਕ ਹੁੰਦਾ ਬਲਿਹਾਰ, ਮਹਾਂ ਸੁਗੰਧੀ ਧਰਤ ਦੀ ਪੀ ਹੁੰਦਾ ਸਰਸ਼ਾਰ। ਏਸ ਤਰ੍ਹਾਂ ਹੀ ਬਦਲਦੇ ਤੱਕ ਰੁੱਤਾਂ ਦੇ ਵੇਸ, ਰਹਿੰਦਾ ਵਿਚ ਵਿਗਾਸ ਦੇ ਉਸਦਾ ਮਨ ਹਮੇਸ਼ । ਚੇਤਰ ਭਵਰ ਸੁਹਾਵੜੇ ਬਨ ਫੂਲੇ ਮੰਝਿ ਬਾਰ, ਫੁਟਦੀਆਂ ਵਿਚ ਵੈਸਾਖ ਦੇ ਸ਼ਾਖਾਂ ਬਹੁ-ਪਰਕਾਰ। ਕਦੀ ਦੇਖਦਾ ਕਿਸ ਤਰ੍ਹਾਂ ਤਪਦਾ ਜੇਠ ਤੇ ਹਾੜ, ਕਦੀ ਸੁਣੀਦਾ ਕੰਨ ਲਾ 'ਟੀਂਡ ਲਵੈ ਮੰਝਿ ਬਾਰ ।' ਕਦੀ ਮਾਣਦਾ ਬਾਰ ਵਿਚ ਕਣੀਆਂ ਦੀ ਛਹਿਬਾਰ, ਮੋਰ ਪਪੀਹੇ ਬੋਲਦੇ, ਬਦਲਾਂ ਦੀ ਗੂੰਜਾਰ । ਭਾਦੋਂ ਡੱਡੂ ਬੋਲਦੇ, ਡਸਦੇ ਫਿਰਦੇ ਸੱਪ, ਭਰੇ ਸਰੋਵਰ ਉਛਲਦੇ, ਸਹਿੰਦੇ ਹੋਰ ਨਾ ਲੱਪ। ਅੱਸੂ ਕੱਤੇ ਦੇਖਦਾ ਫੁਲਦੇ ਕੁਕਹ ਕਾਹ, ਬਿਰਛ ਘਣੇ, ਹਰਿਆਵਲੇ, ਬੂਟੀਆਂ-ਕਜੇ ਰਾਹ। ਮੱਘਰ ਦੇ ਵਿਚ ਦੇਖਦਾ ਕੰਡ ਭਵਾਂਦੇ ਮੀਂਹ, ਅਸਮਾਨਾਂ ਤੋਂ ਲੱਥਦੇ ਪੋਲੇ-ਪੈਰੀਂ ਸੀਂ । ਪੋਹ ਵਿਚ ਪਾਲਾ ਵੱਧਦਾ, ਕਰਦਾ ਮਾਰ ਤੁਖਾਰ, ਮਾਘ ਮਹਾ ਰਸ ਮਾਣਦਾ, ਭਜਦੀ ਸੀਂ ਦੀ ਠਾਰ । ਫੱਗਣ ਦੇ ਵਿਚ ਦੇਖਦਾ ਕੁੰਜ ਲਾਂਹਦਾ ਸੰਸਾਰ, ਰੁਤ ਫਿਰਦੀ, ਵਣ ਕੰਬਦਾ, ਆਉਂਦਾ ਨਵਾਂ ਨਿਖਾਰ । ਏਦਾਂ ਇਕ ਮਿਕ ਹੋਂਵਦਾ ਪਰਕਿਰਤੀ ਦੇ ਨਾਲ, ਖੇੜੇ ਵਿਚ ਲੰਘਾਉਂਦਾ ਗਰਮੀਆਂ ਅਤੇ ਸਿਆਲ । ਹੱਦੋਂ ਬਾਹਰਾ ਓਸਦਾ ਪੰਛੀਆਂ ਨਾਲ ਪਿਆਰ, ਮੂਲ ਨਾ ਤ੍ਰੈਂਹਦੇ ਓਸ ਤੋਂ ਤੋਤੇ ਅਤੇ ਗੁਟਾਰ । ਵਿੱਚ ਸਮਾਧੀ ਓਸਦੀ ਜੁੜਦੀ ਜਿਸ ਦਮ ਤਾਰ, ਮੋਢਿਆਂ ਉੱਤੇ ਪੰਖਣੂ ਕਰਦੇ ਆਣ ਉਤਾਰ। ਡੁਕਦੇ ਹਰੀਆਂ ਕੋਪਲਾਂ ਹਰਨੋਟੇ ਕਈ ਵਾਰ, ਚਟ ਕੇ ਤਲੀਆਂ ਉਸ ਦੀਆਂ, ਨਸਦੇ ਚੁੰਗੀ ਮਾਰ । ਕਦੀ ਭੁਜੰਗਮ ਸਾਵਲੇ, ਜ਼ਹਿਰੀ ਤੇ ਵਿਕਰਾਲ, ਸੁੱਤੇ ਉਤੋਂ ਮਲਕੜੇ ਲੰਘਦੇ ਡੰਗ ਸੰਭਾਲ । ਪਰ ਜੇ ਸੁਣਦਾ, ਬੀੜ ਵਿਚ ਲੰਬੇ ਪੈਂਡੇ ਮਾਰ, ਸਾਧਾਂ ਦੀ ਕੋਈ ਮੰਡਲੀ ਕੀਤਾ ਆਣ ਉਤਾਰ, ਛੱਡ ਇਕੱਲ ਜਾ ਬੈਠਦਾ ਉਹਨਾਂ ਦੇ ਵਿਚਕਾਰ, ਸੁਣਦਾ ਨਾਲ ਧਿਆਨ ਦੇ ਵੰਨ ਸੁਵੰਨ ਵਿਚਾਰ । ਦੂਰ ਦੂਰ ਤਕ ਉਡਦੀਆਂ ਚਖਦੀਆਂ ਫੁਲ ਹਜ਼ਾਰ, ਕਰਨ ਜਿਵੇਂ ਮਧੂ-ਮੱਖੀਆਂ ਮਾਖਿਉਂ ਦਾ ਸੰਚਾਰ, ਏਦਾਂ ਹੀ ਹਮਤੇ ਕਈ, ਸਾਧੂ ਅਤੇ ਫ਼ਕੀਰ, ਸਾਰੇ ਭਾਰਤਵਰਸ਼ 'ਚੋਂ ਲਿਆਂਦੇ ਗਿਆਨ ਨਪੀੜ । ਸੁਣ ਉਹਨਾਂ ਤੋਂ ਪਾਉਂਦਾ ਸਤੁ, ਸੰਤੋਖੁ, ਗਿਆਨ, ਕਰਦਾ ਤੀਰਥ-ਯਾਤਰਾ, ਅਠਸਠਿ ਕਾ ਇਸਨਾਨੁ । ਸੁਣ ਸੁਣ ਸ਼ਾਸਤਰ ਸਿਮ੍ਰਿਤੀ, ਨਾਲੇ ਬੇਦ ਪੁਰਾਨ, ਜੋਗ ਜੁਗਤਿ, ਤਨਿ ਭੇਦ ਦੀ, ਕਰਨ ਲਗਾ ਪਹਿਚਾਨ । ਸੁਣ ਸੁਣ ਹੀ ਉਸ ਸਮਝਿਆ ਨਿਰਭਉ ਤੇ ਨਿਰਵੈਰ, ਦੀਪ, ਲੋਅ, ਪਾਤਾਲ ਦੀ ਹੋਈ ਉਸਨੂੰ ਕੈੜ । ਸੁਣ ਸੁਣ ਹੀ ਉਹ ਪਹੁੰਚਿਆ ਧਰਤ ਧਵਲ ਆਕਾਸ, ਸੁਣ ਸੁਣ ਹੀ ਉਸ ਕਰ ਲਿਆ, ਦੂਖ ਪਾਪ ਕਾ ਨਾਸ । ਮੱਝੀਆਂ ਦਾ ਛੇੜੂ ਤਕ ਤਕ ਲੱਛਣ ਪੁਤ ਦੇ, ਕਾਲੂ ਤ੍ਰਿਪਤਾ ਨਾਲ ਸੋਚਣ ਲੱਗਾ ਕਿਸ ਤਰ੍ਹਾਂ ਹੂੜ੍ਹ-ਮੱਤ ਇਹ ਬਾਲ, ਛਡ ਸਾਧਾਂ ਦੀ ਦੋਸਤੀ, ਮੁੜ ਪਏ ਦੁਨੀਆਂ ਵੱਲ, ਖੱਤਰੀਆਂ ਦੇ ਪੁੱਤ ਨੂੰ ਸ਼ੋਭੇ ਜਿਹੜੀ ਗੱਲ । ਆ ਜਾਵੇ ਜੇ ਰਾਹ ਤੇ ਬਾਲਕ ਇਹ ਅਮੋੜ, ਮੈਨੂੰ ਉਸ ਦੇ ਵਾਸਤੇ ਕੰਮਾਂ ਦੀ ਨਹੀਂ ਥੋਹੜ । ਸਾਂਝੀ ਹੱਟੀ ਲੂਣ ਦੀ ਮੇਰੀ ਲਾਲੂ ਨਾਲ, ਆਖੇਂ ਤਾਂ ਉਸ ਨੂੰ ਦਿਆਂ ਤਾਏ ਕੋਲ ਬਿਠਾਲ ? ਜਾਂ ਫਿਰ ਮੇਰੇ ਕੋਲ ਨੇ ਭੋਂ ਦੀਆਂ ਟਾਕੀਆਂ ਚਾਰ, ਜੇ ਚਾਹੇਂ ਤਾਂ ਕਰ ਲਵੇ ਕਿਰਸਾਣੀ ਦੀ ਕਾਰ । ਜਾਂ ਬਣ ਜਾਵੇ ਮੱਝੀਆਂ, ਗਊਆਂ ਦਾ ਚਰਵਾਲ ਲੈ ਜਾਵੇ ਵਿਚ ਬੀੜ ਦੇ ਮੰਙੂਆਂ ਤਾਈਂ ਸੰਭਾਲ । ਖੱਪਦੇ ਕਾਲੂ ਚੰਦ ਨੂੰ ਤ੍ਰਿਪਤਾ ਆਖਿਆ ਮੋੜ, "ਕਿਰਸਾਣੀ ਦੇ ਕੰਮ ਦੇ ਲਾਇਕ ਅਜੇ ਨਾ ਛੋਹਰ । ਜੇ ਹੱਟੀ ਤੇ ਏਸ ਨੂੰ ਦਿੱਤਾ ਅਸਾਂ ਬਿਠਾਲ, ਸਾਧਾਂ ਨੂੰ ਵੰਡ ਦਏਗਾ ਲੂਣ, ਘਿਉ, ਗੁੜ, ਦਾਲ । ਮੇਰੀ ਅਕਲ ਏਸਨੂੰ ਮੰਙੂ ਦਈਏ ਸੰਭਾਲ, ਕਿਉਂਕਿ ਇਸਦਾ ਹਿਤ ਬੜਾ ਗਊਆਂ ਮਝੀਆਂ ਨਾਲ । ਕਈ ਵਾਰ ਮੈਂ ਦੇਖਿਆ, ਘਰ ਮੁੜਦਾ ਜਦ ਵੱਗ, ਡਾਢਾ ਕਰਦਾ ਹੇਰਵਾ, ਗੱਲ ਪਸ਼ੂਆਂ ਦੇ ਲੱਗ । ਨਾਲੇ ਜੂਹਾਂ ਵਿਚ ਇਹ ਰਹਿੰਦਾ ਅੱਤ ਪ੍ਰਸੰਨ, ਵਿੱਚ ਵਣਾਂ ਹਰਿਆਲਿਆਂ, ਜੁੜਦਾ ਇਸ ਦਾ ਮਨ ।" ਕਾਲੂ ਖਾਨੇ ਪੈ ਗਈ ਤ੍ਰਿਪਤਾ ਦੀ ਇਹ ਬਾਤ, ਵਿੱਚ ਤਸੱਲੀ ਸੌਂ ਗਿਆ, ਹੋਈ ਜਦ ਪਰਭਾਤ, ਨਾਨਕ ਨੂੰ ਸਮਝਾਇਆ, ਤ੍ਰਿਪਤਾ ਨਾਲ ਪਿਆਰ, ਮੰਙੂ ਛੇੜਨ ਵਾਸਤੇ ਲੱਗੀ ਕਰਨ ਤਿਆਰ । ਗਲ ਕੁੜਤਾ ਪਹਿਨਾਇਆ ਚਿੱਟਾ ਖੁੰਭ ਦੇ ਹਾਰ, ਲੱਕ ਲੁੰਗੀ, ਸਿਰ ਪੱਟਕਾ ਬੰਨ੍ਹਿਆਂ ਤਿੱਲੇਦਾਰ । ਤਕ ਨਵੇਂ ਚਰਵਾਲ ਤੇ ਚੜ੍ਹਿਆ ਰੂਪ ਅਪਾਰ ਮੱਥਾ ਉਸਦਾ ਚੁੰਮਿਆ ਤ੍ਰਿਪਤਾ ਨੇ ਤ੍ਰੈ ਵਾਰ । ਦੇ ਅਸੀਸਾਂ ਤੋਰਿਆ ਖੂੰਡੀ ਹੱਥ ਫੜਾ, ਨਾਨਕ ਹਿੱਕ ਕੇ ਲੈ ਗਿਆ, ਸੰਘਣੇ ਜਿੱਥੇ ਘਾਹ। ਮਾਹੀ ਮੁੰਡੇ, ਆਜੜੀ, ਹੋਰ ਕਈ ਚਰਵਾਲ, ਜੂਹ ਦੇ ਵਿਚ ਚਰਾਉਂਦੇ ਆਪੋ ਅਪਣਾ ਮਾਲ। ਕਈ ਓਸਦੇ ਹਾਣ ਦੇ, ਕਈ ਵਡੇਰੇ ਛੋਹਰ, ਬੰਨ੍ਹ ਵਾਰੀਆਂ ਚਾਰਦੇ, ਨਾਲ ਸੰਭਾਲ ਜਨੌਰ । ਕੁਝ ਦਿਨਾਂ ਵਿਚ ਹੋ ਗਿਆ ਨਾਨਕ ਵੀ ਹੁਸ਼ਿਆਰ, ਨਾਲ ਮੰ}ੂਆਂ ਪੈ ਗਿਆ ਉਸਦਾ ਬਹੁਤ ਪਿਆਰ । ਨਿੱਤ ਲਿਜਾਂਦਾ ਮੱਝੀਆਂ, ਨਿੱਤ ਲਿਆਂਦਾ ਮੋੜ, ਨਾਲ ਓਸਦੇ ਗਿੱਝੀਆਂ, ਕੀ ਮਿਠੀਆਂ ਕੀ ਕੌੜ । ਇਕ ਦਿਨ ਮੰਙੂ ਚਾਰਦਾ ਇਹ ਰੱਬੀ ਚਰਵਾਲ, ਛੱਡ ਕੇ ਖੁੱਲ੍ਹਾ ਮਾਲ ਨੂੰ ਡੁੱਬਾ ਕਿਸੇ ਖ਼ਿਆਲ । ਕਿੰਨਾ ਚਿਰ ਬੈਠਾ ਰਿਹਾ, ਹੋ ਕੇ ਅੰਤਰ-ਧਿਆਨ, ਕਰ ਦਿੱਤਾ ਇਕ ਜੱਟ ਦਾ ਮਹੀਆਂ ਖੇਤ ਵੀਰਾਨ । ਤਕ ਖੇਤੀ ਨੂੰ ਉਜੜਿਆ ਜੱਟ ਹੋਇਆ ਹਲਕਾਨ, ਕਰ ਕੇ ਬਾਹੀਂ ਖੱਲੀਆਂ ਲਗਾ ਦੁਹਾਈ ਪਾਣ । ਸੁਣ ਕੇ ਰੌਲਾ ਓਸਦਾ, ਨਾਨਕ ਖੋਲ੍ਹੀ ਅੱਖ- ਕੀ ਹੋਇਆ ਜੋ ਚਰ ਲਏ ਪਸ਼ੂਆਂ ਨੇ ਦੋ ਕੱਖ ! ਮਾੜੇ ਜਿਹੇ ਨੁਕਸਾਨ ਤੇ ਐਵੇਂ ਦੰਦ ਨਾ ਪੀਹ, ਤੇਰੇ ਮੇਰੇ ਵਾਂਗਰਾਂ ਇਹ ਵੀ ਰਬ ਦੇ ਜੀਅ । ਦੋ ਤੀਲੇ ਜੋ ਘਟ ਗਏ ਆਇਆ ਨਹੀਂ ਹਨੇਰ, ਸਾਈਂ ਤੇਰੇ ਖੇਤ ਵਿਚ ਬਰਕਤ ਪਾਸੀ ਢੇਰ । ਪਰ ਜਟ ਦਾ ਨਾ ਉਤਰਿਆ ਗੁੱਸਾ ਰਤੀ ਰਵਾਲ, ਫੜ ਕੇ ਬਾਹੋਂ ਓਸਨੇ ਨਾਨਕ ਲਿਆ ਉਠਾਲ । ਬੋਲਿਆ, “ਕਾਹਦੇ ਵਾਸਤੇ ਘੋਟੀ ਜਾਏਂ ਗਿਆਨ, ਚਲ ਕੇ ਰਾਏ ਬੁਲਾਰ ਦੇ, ਪੂਰਾ ਕਰ ਨੁਕਸਾਨ ।” ਸੁਣ ਕੇ ਰੌਲਾ ਲੋਕ ਵੀ ਆਏ ਘੱਤ ਵਹੀਰ, ਬੂਹੇ ਰਾਏ ਬੁਲਾਰ ਦੇ ਜੁੜ ਗਈ ਤਗੜੀ ਭੀੜ । ਜਟ ਕੁਰਲਾਂਦਾ, ਖੱਪਦਾ, ਅਥਰਾ ਅਤੇ ਅਧੀਰ, ਨਾਨਕ ਟਿਕਿਆ ਠਹਿਰਿਆ, ਸ਼ਾਂਤ ਅਤੇ ਗੰਭੀਰ । ਜਟ ਨੇ ਬਾਹਾਂ ਚੁਕ ਨੇ ਕੀਤੀ ਹਾਲ ਪੁਕਾਰ, "ਕਾਲੂ ਦੇ ਇਸ ਛੋਹਰ ਨੇ ਦਿੱਤਾ ਖੇਤ ਉਜਾੜ । ਵੜ ਕੇ ਡੰਗਰਾਂ ਇਹਦਿਆਂ ਮੂੰਜੀ ਦੇ ਵਿਚਕਾਰ, ਦਿੱਤਾ ਮੇਰੀ ਫ਼ਸਲ ਨੂੰ ਬੁਰੀ ਤਰ੍ਹਾਂ ਲਤਿਆੜ । ਬਹੁਤਾ ਮੇਰਾ ਬੋਲਣਾ ਕਰੋ ਹਜ਼ੂਰ ਮੁਆਫ਼, ਬੇਸ਼ਕ ਮੌਕਾ ਦੇਖ ਕੇ ਤੁਸੀਂ ਕਰੋ ਇਨਸਾਫ਼ ।” ਕੀਤਾ ਰਾਏ ਬੁਲਾਰ ਨੇ ਨਾਨਕ ਵੱਲ ਧਿਆਨ, ਜੋਤ ਅਲੌਕਿਕ ਮੁਖ ਤੇ, ਹੋਠਾਂ ਤੇ ਮੁਸਕਾਨ । ਭੇਜੇ ਰਾਏ ਬੁਲਾਰ ਨੇ ਦੋ ਬੰਦੇ ਜਟ ਨਾਲ, ਤਕਿਆ ਜਾ ਕੇ ਉਨ੍ਹਾਂ ਨੇ ਕੌਤਕ ਇਕ ਕਮਾਲ । ਲਹਿ ਲਹਿ ਕਰਦੀਆਂ ਮੁੰਜਰਾਂ ਝੂਮਣ ਵਿਚ ਹਵਾਂ, ਸਹੀ ਸਲਾਮਤ ਖੇਤ ਹੈ, ਪਹੁੰਚੀ ਨਹੀਂ ਅਜ਼ਾਂ । ਬੰਦ ਰਾਏ ਬੁਲਾਰ ਦੇ ਦੇਖ ਹੋਏ ਹੈਰਾਨ, ਹੋਇਆ ਡਾਢਾ ਜੱਟ ਵੀ ਕੀਤੇ ਤੇ ਪਸ਼ੇਮਾਨ । ਉਹਨੀਂ ਪੈਰੀਂ ਪਰਤ ਕੇ ਅੱਗੇ ਰਾਏ ਬੁਲਾਰ, ਊਂਧੀ ਪਾਈ ਜਟ ਨੇ, “ਬਖ਼ਸ਼ ਦਿਉ ਸਰਕਾਰ । ਸਚਮੁਚ ਹਰਿਆ ਹੋ ਗਿਆ, ਮੁੜ ਕੇ ਮੇਰਾ ਖੇਤ, ਇਸ ਪਿੱਛੇ ਹੈ ਲੁਕਿਆ ਕੋਈ ਇਲਾਹੀ ਭੇਤ । ਕਾਲੂ ਦੇ ਇਸ ਛੋਹਰ ਤੇ ਰਾਜ਼ੀ ਆਪ ਖ਼ੁਦਾ, ਉਪਰੋਂ ਤਾਂ ਚਰਵਾਲ ਇਹ, ਵਿੱਚੋਂ ਵਲੀ ਅਲਾਹ !" ਅਗੋਂ ਗਿਆ ਨਾ ਬੋਲਿਆ ਆਇਆ ਉਸਨੂੰ ਗੱਚ, ਆਦਰ ਵਿਚ ਉਸ ਚੁੰਮਿਆਂ ਫੜ ਨਾਨਕ ਦਾ ਹੱਥ । ਬੁੱਢਾ ਰਾਏ ਬੁਲਾਰ ਵੀ ਹੋ ਉਠਿਆ ਬਲਿਹਾਰ, "ਸੁਬਹਾਨੱਲਾ !” ਬੋਲਿਆ ਓਕੜ ਕੇ ਤ੍ਰੈ ਵਾਰ । ਪਹਿਲੋਂ ਵੀ ਸੀ ਤਕ ਚੁਕਾ ਕੌਤਕ ਇਕ ਦੋ ਵਾਰ, ਵਧ ਸ਼ਰਧਾਲੂ ਹੋ ਗਿਆ ਦੇਖ ਨਵਾਂ ਚਮਕਾਰ । ਨਾਨਕ ਤੋਂ ਉਸ ਪੁੱਛਿਆ ਹੋ ਕੇ ਅਤ ਮਸਕੀਨ, "ਲੁਕਿਆ ਪਿੱਛੇ ਏਸਦੇ ਕਿਹੜਾ ਰਾਜ਼ ਮਹੀਨ ?" ਨਾਨਕ ਅੱਗੋਂ ਬੋਲਿਆ, “ਵੱਡਾ ਇਕ ਅਸੂਲ— ਹੈ ਚੀਜ਼ਾਂ ਦੀ ਮਾਲਕੀ ਬੁਰਿਆਈਆਂ ਦਾ ਮੂਲ । ਕਹੀਏ, ਮੇਰਾ ਖੇਤ ਇਹ, ਇਹ ਮੇਰਾ ਘਰ ਬਾਰ, ਅਸਲ ਵਿਚ ਹਰ ਚੀਜ਼ ਦਾ ਮਾਲਕ ਹੈ ਕਰਤਾਰ । ਸਾਡੇ ਨਾਲੋਂ ਵੱਖਰਾ ਪਸ਼ੂਆਂ ਦਾ ਵਿਵਹਾਰ "ਘਾਹ ਮੇਰਾ”, “ਘਾਹ ਓਸਦਾ", ਪਸ਼ੂ ਨਾ ਕਰਨ ਰਿਹਾੜ ।" ਏਸ ਤਰ੍ਹਾਂ ਹੀ ਦੇਖਿਆ, ਬੁੱਢੇ ਰਾਏ ਬੁਲਾਰ, ਕੁਝ ਦਿਨ ਬੀਤਣ ਮਗਰੋਂ, ਹੋਰ ਨਵਾਂ ਚਮਕਾਰ। ਕਿਸੇ ਲਾਗਲੇ ਪਿੰਡ ਤੋਂ ਘਰ ਨੂੰ ਮੁੜਦੀ ਵਾਰ, ਲੰਘਿਆ ਸੰਘਣੇ ਵਣਾਂ 'ਚੋਂ, ਘੋੜੇ ਤੇ ਅਸਵਾਰ। ਘੋੜਾ ਉਸਦਾ ਹਿਣਕਿਆ ਅੜਿਆ ਪੌਖੜ ਮਾਰ, ਅਥਰਾ ਦੇਖ ਜਨੌਰ ਨੂੰ ਵੱਡੇ ਰਾਏ ਬੁਲਾਰ, ਚਾਰ ਚੁਫੇਰੇ ਦੇਖਿਆ ਅਪਣੀ ਨਜ਼ਰ ਦੁੜਾ, ਕੀ ਦੇਖੇ ਨਾਨਕ ਪਿਆ ਲੇਟਿਆ ਉੱਪਰ ਘਾਹ। ਵੱਡਾ ਸਾਰਾ ਸੱਪ ਇਕ ਛਜਲੀ ਨੂੰ ਫੈਲਾ, ਮੂੰਹ ਰੱਬੀ ਚਰਵਾਲ ਦਾ ਧੁੱਪ ਤੋਂ ਰਿਹਾ ਬਚਾ । ਤਕ ਉਸ ਜ਼ਹਿਰੀ ਨਾਗ ਨੂੰ ਸੋਚਿਆ ਰਾਏ ਬੁਲਾਰ ਖ਼ਬਰੇ ਡੰਗ ਜਵਾਕ ਨੂੰ ਦਿੱਤਾ ਹੈ ਉਸ ਮਾਰ ! ਕਿਉਂਕਿ ਨਾਨਕ ਪਿਆ ਸੀ, ਚੁਪ ਚੁਪੀਤ ਚੁਫਾਲ, ਵਧਿਆ ਰਾਏ ਬੁਲਾਰ ਝੱਬ ਲੈ ਕੇ ਬੰਦੇ ਨਾਲ । ਐਪਰ ਵਿਚ ਘਬਰਾਟ ਦੇ ਜਦ ਪਹੁੰਚੇ ਉਹ ਕੋਲ, ਛਜਲੀ ਵਾਲਾ ਸਪ ਉਹ ਹੋਇਆ ਛਪਨ ਅਡੋਲ । ਪਰ ਮੁਸਕਾਂਦਿਆਂ ਉਠ ਕੇ ਨਾਨਕ ਬਿਨਾ ਕਲਾਮ, ਬੁੱਢੇ ਰਾਏ ਬੁਲਾਰ ਨੂੰ ਕੀਤਾ ਝੁੱਕ ਸਲਾਮ । ਘੋੜੇ ਉਤੋਂ ਉਤਰ ਕੇ ਛੇਤੀ ਨਾਲ ਬੁਲਾਰ, ਨਾਨਕ ਨੂੰ ਗਲ ਲਾਇ ਕੇ ਕੀਤਾ ਬਹੁਤ ਪਿਆਰ । ਹੋਇਆ ਦਿਲ ਤੇ ਜਾਨ ਤੋਂ ਰਾਏ ਬੁਲਾਰ ਫ਼ਿਦਾ, ਨਾਨਕ ਵਿਚ ਸੀ ਦੇਖਿਆ ਉਸਨੇ ਅੱਜ ਖ਼ੁਦਾ । ਚੜਿਆ ਸੱਚ ਦਾ ਚੰਦਰਮਾ, ਵੰਡਣ ਲੱਗਾ ਲੋ, ਫੈਲਣ ਲੱਗੀ ਬਾਰ ਵਿਚ ਨਾਨਕ ਦੀ ਖੁਸ਼ਬੋ । ਵਿਆਹ ਭਾਵੇਂ ਘਰ ਘਰ ਵਧਿਆ ਨਾਨਕ ਦਾ ਸਤਿਕਾਰ, ਪਰ ਨਾ ਬਦਲਿਆ ਓਸ ਦਾ ਉੱਕਾ ਹੀ ਵਿਵਹਾਰ । ਘਰ ਵਿਚ ਮੂਲ ਨਾ ਲੱਗਦਾ ਉੱਕਾ ਉਸਦਾ ਮਨ, ਐਪਰ ਜੰਗਲ ਜੂਹ ਵਿਚ, ਰਹਿੰਦਾ ਉਹ ਪਰਸੰਨ । ਜਾ ਬਹਿੰਦਾ ਉਹ ਬਾਰ ਵਿਚ ਮਾਣਨ ਸਾਧੂ ਸੰਗ, ਸੁਣਦਾ ਕਥਾ ਕਹਾਣੀਆਂ ਹੋਰ ਕਈ ਪਰਸੰਗ । ਪਸ਼ੂਆਂ ਦਾ ਨਾ ਰੱਖਦਾ ਉੱਕਾ ਕੋਈ ਖ਼ਿਆਲ, ਆਪੇ ਘਰ ਮੁੜ ਆਉਂਦੇ ਪੈਂਦੀ ਜਦ ਤਰਕਾਲ । ਸ਼ੌਕ ਨਾ ਪਹਿਨਣ ਖਾਣ ਦਾ ਉਸਨੂੰ ਸੰਗ ਰਵਾਲ, ਖਾ ਲੈਂਦਾ ਦੋ ਬੁਰਕੀਆਂ ਪਾਣੀ ਦੇ ਘੁਟ ਨਾਲ । ਜਾਂ ਲੈਂਦਾ ਉਹ ਪੀਲੂਆਂ ਦੇ ਦੋ ਫੱਕੇ ਮਾਰ, ਪਾ ਲੈਂਦਾ ਉਹ ਮੂੰਹ ਵਿਚ ਜਾਂ ਡੇਲੇ ਦੋ ਚਾਰ । ਕਾਲੂ ਡਾਢਾ ਖੱਪਿਆ ਤਕ ਨਾਨਕ ਦੇ ਰਾਹ, ਲਾਲੂ ਤੇ ਜੋ ਰਾਮ ਨੂੰ ਉਸਨੇ ਲਿਆ ਸਦਾ । ਲਾਲੂ ਆਖਿਆ, ''ਕਾਲੂਆ, ਗ਼ਮ ਨਾ ਐਵੇਂ ਖਾਹ, ਸਭ ਜਾਤਕ ਇਸ ਉਮਰ ਵਿਚ ਹੁੰਦੇ ਬੇਪਰਵਾਹ । ਹਰ ਛੋਹਰ ਮਸ-ਭਿੰਨੜਾ, ਰਾਹੋਂ ਜਾਏ ਕੁਰਾਹ, ਪੁੱਤਰ ਹੋਵੇ ਗੱਭਰੂ ਦਈਏ ਤੁਰਤ ਵਿਆਹ। ਆਖਿਆ ਸੱਚ ਸਿਆਣਿਆਂ ਪਾਣੀ ਦੁੱਧ ਨਿਤਾਰ, ਸੌ ਹੱਥ ਰੱਸਾ ਹੋਏ ਜੇ ਗੰਢ ਸਿਰੇ ਤੇ ਮਾਰ। ਹੀਰੇ ਵਰਗੇ ਪੁੱਤ ਤੇ ਹੋ ਨਾ ਰਿੰਜ ਖ਼ਫ਼ਾ, ਖਤਰਾਣੀ ਕੋਈ ਚੱਜ ਦੀ ਇਸ ਦੇ ਲਈ ਲਭਾ । ਕੀਤਾ ਵੱਲ ਜਵਾਤਰੇ ਫਿਰ ਕਾਲੂ ਨੇ ਰੁੱਖ, "ਕਾਕਾ ਤੈਨੂੰ ਪਤਾ ਹੈ ਮੇਰਾ ਸਾਰਾ ਦੁੱਖ । ਹੱਟੀ, ਨਾ ਖੇਤੀ ਕਰੇ ਰਹਿੰਦਾ ਚੁਪ ਗੜੁੱਪ ਹੱਥੋਂ ਜਾਵੇ ਨਿਕਲਦਾ ਹੀਰੇ ਵਰਗਾ ਪੁੱਤ।" ਨਾਲ ਅਦਬ ਜੈ ਰਾਮ ਨੇ ਆਖਿਆ, "ਮੇਰਾ ਖ਼ਿਆਲ, ਇਸ ਗਲ ਦੇ ਵਿਚ ਰੱਲਦਾ ਤਾਏ ਲਾਲੂ ਨਾਲ । ਸੱਗੋਂ ਮੈਂ ਤੇ ਨਾਨਕੀ ਪਹਿਲਾਂ ਹੀ ਕਰ ਭਾਲ, ਦੇਖ ਲਈ ਹੈ ਕੁੜੀ ਇਕ ਸੁੰਦਰ ਵਾਂਗ ਖ਼ਿਆਲ । ਮੂਲ ਚੰਦ ਹੈ ਖੱਤਰੀ, ਵਿਚ ਬਟਾਲੇ ਵਾਸ, ਪੱਖੋ ਕੇ ਰੰਧਾਵਿਆਂ ਦਾ ਪਟਵਾਰੀ ਖ਼ਾਸ । ਉਸਦੀ ਧੀ ਸੁਲੱਖਣੀ, ਝੱਲੀ ਜਾਏ ਨਾ ਝੀਰ, ਜੋਬਨ ਵਲੋਂ ਓਸ ਦੇ ਹੋਈ ਪਈ ਅਖ਼ੀਰ। ਕਾਲੂ, ਲਾਲੂ, ਤ੍ਰਿਪਤਾ, ਤਿੰਨਾਂ ਕੀਤੀ ਹਾਂ, ਝਬਦੇ ਹੀ ਜੈ ਰਾਮ ਨੇ ਤੋਰੀ ਗੱਲ ਅਗਾਂਹ । ਪੰਦਰਾਂ ਸੌ ਚੌਤਾਲੀਵਾਂ ਸੰਮਤ ਬਿਕਰਮ ਰਾਇ, ਹੋਇਆ ਚੌਵੀ ਜੇਠ ਨੂੰ ਨਾਨਕ ਦਾ ਵੀਵਾਹ । ਲਿਆਇਆ ਬਹੂ ਸੁਲੱਖਣੀ ਡੋਲੇ ਦੇ ਵਿਚ ਪਾ, ਤਲਵੰਡੀ ਦੀਆਂ ਰੌਣਕਾਂ ਹੋਈਆਂ ਦੂਣ ਸਵਾ । ਮਰਦਾਨੇ ਤੇ ਬਾਦਰੇ ਛੇੜੇ ਅਪਣੇ ਸਾਜ਼, ਮਿਸ਼ਰੀ ਵਾਂਗੂ ਘੁਲ ਗਈ ਕੰਨਾਂ ਵਿੱਚ ਅਵਾਜ਼ । ਤੁਰੀਆਂ ਅਤੇ ਨਫ਼ੀਰੀਆਂ ਗੂੰਜੀਆਂ ਵਿਚ ਹਵਾ, ਦੇਖਣ ਆਈਆਂ ਤ੍ਰੀਮਤਾਂ, ਵਹੁਟੀ, ਝੁਰਮਟ ਪਾ । ਪਿਉ ਨੇ ਖੁਸ਼ੀਆਂ ਕੀਤੀਆਂ, ਭੈਣ ਨੇ ਲਾਹੇ ਚਾ, ਮਾਂ ਨੇ ਪਾਣੀ ਵਾਰਿਆ ਤੇਲ ਬਰੂਹੀਂ ਪਾ । ਮਰਦਾਨਾ ਦਿੱਸੇ ਏਸ ਵਿਆਹ ਤੇ ਨਾਨਕ ਅਤ ਪ੍ਰਸੰਨ, ਮਿਲ ਗਏ ਸਨ ਓਸ ਨੂੰ ਦੋ ਬਹੁ-ਮੁੱਲੇ ਧੰਨ । ਸ਼ੀਲ, ਸੁਨੱਖੀ, ਸੋਹਣੀ, ਇਕ ਸੁਲਖਣੀ ਨਾਰ, ਦੂਜਾ ਭਰਿਆ ਗੁਣਾਂ ਦਾ ਮਰਦਾਨੇ ਜਿਹਾ ਯਾਰ । ਪੁੱਤ ਬਾਦਰੇ ਮੀਰ ਦਾ ਚੋਂਭੜ ਜਿਸ ਦੀ ਜ਼ਾਤ, ਮਿਲੀ ਜਿਨੂੰ ਸੰਗੀਤ ਦੀ ਵਿਰਸੇ ਦੇ ਵਿਚ ਦਾਤ। ਸੀ ਵੱਡਾ ਗੁਰਦੇਵ ਤੋਂ ਦੋ ਮਾਹ ਤੇ ਨੌਂ ਸਾਲ, ਹਾਸਿਲ ਵਿਚ ਰਬਾਬ ਦੇ ਜਿਸ ਨੂੰ ਵਡਾ ਕਮਾਲ । ਬੁਤ ਪਤਲਾ, ਨਕ ਸੂਤਵਾਂ, ਮਿਸਰੀ ਜਿਹੀ ਅਵਾਜ਼, ਦੇਖਣ ਵਾਲਾ ਗਾਉਂਦਿਆਂ ਅੱਖਾਂ ਦਾ ਅੰਦਾਜ਼ । ਵਿਚ ਬਟਾਲੇ ਦੇਖ ਕੇ ਉਸ ਦਾ ਕਸਬ ਕਮਾਲ, ਰਸੀਆ ਮਨ ਗੁਰਦੇਵ ਦਾ ਹੋਇਆ ਬੜਾ ਨਿਹਾਲ । ਅੱਗੇ ਹੀ ਸੰਗੀਤ ਵਿਚ ਨਾਨਕ ਸੀ ਪਰਬੀਨ, ਮਰਦਾਨੇ ਤੋਂ ਮਿਲ ਗਏ ਨੁਕਤੇ ਹੋਰ ਮਹੀਨ । ਕੁਝ ਸੰਗੀਤ-ਪਿਆਰ ਨੇ ਤੇ ਕੁਝ ਨਾਰ-ਪਿਆਰ, ਹੌਲੀ ਹੌਲੀ ਬਦਲਿਆ ਨਾਨਕ ਦਾ ਵਿਵਹਾਰ ! ਦਿਨ ਲੰਘਾਂਦਾ ਬੀੜ ਵਿਚ ਸਾਧਾਂ ਦੇ ਵਿਚਕਾਰ, ਪੜ੍ਹਦਾ ਗ੍ਰੰਥ ਤੇ ਪੋਥੀਆਂ, ਕਰਦਾ ਗਿਆਨ-ਵਿਚਾਰ । ਫਿਰ ਕੁਝ ਸਮਾਂ ਗੁਜ਼ਾਰਦਾ ਮਰਦਾਨੇ ਦੇ ਨਾਲ, ਨੇਮ ਨਾਲ ਘਰ ਪਰਤਦਾ ਜਦ ਪੈਂਦੀ ਤਰਕਾਲ । ਸੋਚਣ ਲੱਗੇ ਮਾਂ ਪਿਉ ਤਕ ਨਾਨਕ ਦਾ ਢੰਗ, ਲੱਗਾ ਚੜ੍ਹਨਗ੍ਰਸਤ ਦਾ ਭਾਵੇਂ ਉਸ ਤੇ ਰੰਗ । ਵੱਸਣ ਉਤੇ ਆਇਆ ਤਕ ਅਪਣਾ ਘਰ ਬਾਰ, ਪਿਉ ਨੇ ਛਡਿਆ ਝਿੜਕਣਾ, ਮਾਂ ਨੇ ਛੱਡੀ ਝਾੜ । ਨਾ ਪਿਉ ਆਖੇ ਕੰਮ ਨੂੰ ਨਾ ਮਾਂ ਦੱਸੇ ਕਾਰ, ਨਾਨਕ ਵਿਚਰਨ ਲੱਗ ਪਿਆ ਮਰਜ਼ੀ ਦੇ ਅਨੁਸਾਰ । ਪਰਵਾਰ ਏਦਾਂ ਹੀ ਲੰਘਦੇ ਗਏ, ਦਿਵਸ, ਮਹੀਨੇ, ਸਾਲ, ਰੱਬ ਦਿੱਤੇ ਘਰ ਓਸਦੇ ਲਾਲ ਜਿਹੇ ਦੋ ਬਾਲ । ਪੰਦਰਾਂ ਸੌ ਇਕਵੰਜਵਾਂ ਸੰਮਤ ਬਿਕਰਮ ਰਾਇ, ਜਨਮ ਲਿਆ ਸਿਰੀ ਚੰਦ ਨੇ ਵਿਚ ਭਾਦਰੋਂ ਮਾਹ। ਪੰਦਰਾਂ ਸੌ ਤਰਵੰਜਵਾਂ ਚੜ੍ਹਿਆ ਜਿਸ ਦਮ ਸਾਲ, ਬਾਬਾ ਲਖਮੀ ਦਾਸ ਨੂੰ, ਫੱਗਣ ਲਿਆਇਆ ਨਾਲ। ਤਕ ਵਧਦਾ ਪਰਵਾਰ ਨੂੰ ਤ੍ਰਿਪਤਾ ਹੋਈ ਨਿਹਾਲ, ਮਨ ਵਿਚ ਕਾਲੂ ਰਾਏ ਦੇ ਆਵਣ ਲਗੇ ਖ਼ਿਆਲ - ਤ੍ਰੁੱਠਾ ਮੇਰੀ ਕੁਲ ਤੇ ਖ਼ਬਰੇ ਹੈ ਭਗਵਾਨ, ਨਾਨਕ ਨੂੰ ਜਕੜਨ ਲਈ ਕੀਤੇ ਜਿਸ ਸਮਿਆਨ । ਪਹਿਲੋਂ ਨੋਂਹ ਸੁਲੱਖਣੀ ਦਿੱਤੀ ਜਿਸ ਨੇ ਭੇਜ, ਬੰਨ੍ਹਿਆਂ ਜਿਸ ਦੀਆਂ ਵੀਣੀਆਂ ਨਾਨਕ ਦਾ ਤਪਤੇਜ । ਫਿਰ ਉਸ ਨੂੰ ਜਕੜਨ ਲਈ ਦੇ ਦੋ ਸੁੰਦਰ ਬਾਲ ਉਣਿਆ ਦਵਾਲੇ ਓਸ ਦੇ ਪੁੱਤ-ਪਿਆਰ ਦਾ ਜਾਲ । ਘਟਦੀ ਜਦੋਂ ਸੁਲੱਖਣੀ ਬਾਹਾਂ ਵਿਚ ਭਤਾਰ, ਅਤੇ ਕਾਮਣੀ-ਗਰਬ ਵਿੱਚ ਕਰਦੀ ਇੰਜ ਵਿਚਾਰ : ਨਾ ਇਹ ਸੁਪਨਾ ਟੁਟਣਾ, ਨਾ ਇਹ ਮੁਕਣਾ ਪਿਆਰ, ਨਾ ਹੁਣ ਭਜਣਾ ਹਿਰਨ ਨੇ ਬਾਹੋਂ ਚੁੰਗੀ ਮਾਰ । ਕੁਝ ਬੰਨ੍ਹਾਂਗੀ ਆਪ ਮੈਂ ਤੇ ਕੁਝ ਮਾਉਂ-ਪਿਆਰ, ਕੁਝ ਬੰਨ੍ਹਣਗੀਆਂ ਨੰਨ੍ਹੀਆਂ ਪੁਤਰ-ਮੁਠੀਆਂ ਚਾਰ । ਐਪਰ ਉਡਦੇ ਮਨ ਨੂੰ ਪਾਵੇ ਕੌਣ ਜ਼ੰਜੀਰ ? ਤੀਲੇ ਡੱਕਣ ਕਿਸ ਤਰ੍ਹਾਂ ਸ਼ਹੁ ਦਰਿਆ ਦਾ ਨੀਰ ? ਦਿਨੋ ਦਿਨ ਸੀ ਕਰ ਰਿਹਾ ਨਾਨਕ ਇਹ ਅਭਿਆਸ, ਬੰਦਾ ਹੋਵੇ ਕਿਸ ਤਰ੍ਹਾਂ ਵਿਚ ਗ੍ਰਹਸਥ ਉਦਾਸ। ਉੱਗ ਮਿੱਟੀ ਚੋਂ ਕਿਸ ਤਰ੍ਹਾਂ ਫੁਲ ਖਿੰਡਾਵੇ ਬਾਸ ? ਚਿੱਕੜ ਵਿਚੋਂ ਕਿਸ ਤਰ੍ਹਾਂ ਕੰਵਲ ਕਰੇ ਪਰਗਾਸ ? ਇੱਕ ਕਲਾਵੇ ਬੰਨ੍ਹੀਏ ਕਿੱਦਾਂ ਧਰਤ ਅਕਾਸ ? ਹੋਈਏ ਜੀਵਨ-ਮੁਕਤ ਕਿੰਜ, ਵਿਚ ਹੱਡ ਤੇ ਮਾਸ ? ਕਿੱਦਾਂ ਨਿੱਜ ਤੇ ਪਰ ਵਿਚ ਪੈਦਾ ਕਰੀਏ ਆਹਰ ? ਕਿੱਦਾਂ ਨਿੱਜ-ਪਰਵਾਰ ਤੋਂ ਪੁਜੀਏ ਜਗ-ਪਰਵਾਰ ? ਏਦਾਂ ਹੀ ਚਲਦਾ ਰਿਹਾ ਰਾਤ ਦਿਵਸ ਦਾ ਗੇੜ, ਪੁੱਜੇ ਸਤਿਗੁਰ ਦੇਵ ਜੀ, ਤੀਹ ਸਾਲ ਦੇ ਨੇੜ। ਵਿਚ ਸਹਿਜ ਦੇ ਰੰਗਿਆ ਉਹਨਾਂ ਦਾ ਵਿਵਹਾਰ, ਆਹਰ ਮੁਨਾਸਬ ਰਖਿਆ, ਘਰ ਬਾਹਰ ਵਿਚਕਾਰ । ਘਰ ਘਰ ਦੇ ਵਿਚ ਵਧਿਆ ਉਹਨਾਂ ਦਾ ਸਤਿਕਾਰ, ਖਿੰਡਣ ਲੱਗੀ ਵਾਸ਼ਨਾਂ ਤਲਵੰਡੀ ਤੋਂ ਬਾਹਰ। ਜਾਣ ਸਦਕੜੇ ਉਨ੍ਹਾਂ ਤੋਂ ਕੰਮੀ ਤੇ ਚਮਿਆਰ, ਬਾਹਮਣ, ਖੱਤਰੀ, ਵੈਸ਼ ਵੀ ਦੇਖ ਹੁਣ ਬਲਿਹਾਰ । ਜਾਂ ਉਹ ਬਾਣੀ ਰਚਦੇ ਸੰਘਣੇ ਵਣਾਂ ਵਿਚਾਲ, ਜਾਂ ਉਹ ਕਰਦੇ ਕੀਰਤਨ ਮਰਦਾਨੇ ਦੇ ਨਾਲ । ਆਸਾ ਭੋਰੇ ਛੇੜਦੇ ਹੁੰਦਾ ਜਦੋਂ ਮੁਨ੍ਹੇਰ, ਸੂਹੀ, ਬਿਲਾਵਲ, ਗੂਜਰੀ, ਗਾਉਂਦੇ ਚਾੜ੍ਹ ਸਵੇਰ, ਸਿਖਰ ਦੁਪਹਿਰੇ ਬੰਨ੍ਹਦੇ ਸਾਰੰਗ ਅਤੇ ਤਲੰਗ, ਤੀਜੇ ਪਹਿਰ ਧਨਾਸਰੀ ਤੇ ਗੌੜੀ ਦਾ ਰੰਗ। ਰਾਤੀਂ ਸੋਰਠ ਕਾਨੜਾ, ਵੱਡਹੰਸ ਸੰਗ ਪਿਆਰ, ਅਤੇ ਬਸੰਤ ਮਲ੍ਹਾਰ ਵੀ ਗਾਉਂਦੇ ਰੁਤ ਅਨੁਸਾਰ । ਵੇਹਲੇ ਹੋ ਕੰਮ ਕਾਰ ਤੋਂ ਤੱਪੇ ਦੇ ਨਰਨਾਰ, ਆ ਬਹਿੰਦੇ ਸਤਿਸੰਗ ਵਿਚ ਖਿੱਚੇ ਰਾਗ-ਪਿਆਰ । ਕੀਲ ਬਹਾਂਦਾ ਉਨ੍ਹਾਂ ਨੂੰ ਮਰਦਾਨੇ ਦਾ ਸਾਜ਼, ਤੇ ਝਰਨਾਟਾਂ ਛੇੜਦੀ ਨਾਨਕ ਦੀ ਆਵਾਜ਼ । ਕਈ ਵਾਰ ਜੁੜ ਜਾਵੰਦੀ ਜੱਦ ਉਨ੍ਹਾਂ ਦੀ ਤਾਰ, ਘੜੀਆਂ ਬੱਧੀ ਜੱਪਦੇ ਰਹਿੰਦੇ ਸਤਿ ਕਰਤਾਰ । ਕਾਰ ਵਿਹਾਰ ਤਕ ਦਿਨੋਂ ਦਿਨ ਬਦਲਦਾ ਨਾਨਕ ਦਾ ਵਿਵਹਾਰ, ਮੁੜ ਫਿਕਰਾਂ ਵਿਚ ਡੁੱਬਿਆ ਕਾਲੂ ਦੁਨੀਆਂਦਾਰ । ਸਦ ਕੇ ਨਾਨਕ ਦੇਵ ਨੂੰ ਬਹਿ ਕੇ ਵਿਚ ਪਰਵਾਰ, ਮਹਿਤੇ ਕਾਲੂ ਆਖਿਆ, “ਗਲ ਸੁਣ ਬਰਖੁਰਦਾਰ, ਮੈਂ ਹਾਂ ਬੁੱਢਾ ਹੋ ਗਿਆ ਪਲ ਦਾ ਨਾ ਇਤਬਾਰ, ਸਾਂਭੀ ਹੋਰ ਨਾ ਜਾਵੰਦੀ ਮੇਰੇ ਤੋਂ ਪਟਵਾਰ । ਚੜ੍ਹ ਘੋੜੇ ਤੇ ਘੁੰਮਣਾ ਪਿੰਡਾਂ ਦੇ ਵਿਚਕਾਰ, ਮੀਂਹ ਨ੍ਹੇਰੀ ਤੇ ਧੁੱਪ ਵਿਚ, ਪੁਗੇ ਨਾ ਬੁੱਢੀਵਾਰ । ਚਾਹੀਏ ਤੈਨੂੰ ਹੋਵਣਾ ਕੰਮ ਵਿਚ ਮੇਰਾ ਭਿਆਲ, ਮੋਢਾ ਅਪਣਾ ਜੋੜਨਾ ਪਿਉ ਦੇ ਮੋਢੇ ਨਾਲ । ਹੋ ਕੇ ਟੱਬਰਦਾਰ ਤੂੰ ਕਰਦਾ ਕੋਈ ਨਾ ਕਾਰ, ਹੱਟ ਪੱਟਣ ਸੌਦਾਗਰੀ, ਘੋੜਿਆਂ ਦਾ ਵਿਉਪਾਰ । ਨਾ ਕਰਦਾ ਤੂੰ ਚਾਕਰੀ, ਨਾ ਖੇਤੀ ਦੀ ਸਾਰ, ਰਹਿੰਦਾ ਵਿੱਚ ਉਦਾਸੀਆਂ ਨਿੱਤ ਤੇਰਾ ਪਰਵਾਰ । ਖੇਤੀ ਸਾਡੀ ਖੜੀ ਹੈ ਪਿੰਡੋਂ ਬਾਹਰ ਤਿਆਰ, ਹੋਰ ਨਹੀਂ ਤਾਂ ਵੰਜ ਕੇ ਉਹਨੂੰ ਸਾਂਭ ਸੰਵਾਰ ।" ਨਾਨਕ ਬੋਲਿਆ, “ਪਿਤਾ ਜੀ, ਜੇ ਖੇਤੀ ਦੀ ਚਾਹ, ਖੇਤੀ ਵਖਰੀ ਆਪਣੀ ਮੈਂ ਰੱਖੀ ਹੈ ਵਾਹ । ਹਲ ਵਾਹਿਆ, ਬੀ ਪਾਇਆ, ਨਾਲੇ ਕੀਤੀ ਵਾੜ, ਅੱਠੇ ਪਹਿਰ ਹਾਂ ਰਖਦਾ ਉਸ ਦੇ ਉੱਪਰ ਤਾੜ। ਖੇਤ ਆਪਣਾ ਪਿਤਾ ਜੀ, ਸਾਂਭੀਏ ਮੁਸ਼ਕਲ ਨਾਲ, ਖੇਤ ਪਰਾਏ ਦਾ ਅਸੀਂ ਰਖੀਏ ਕਿੰਜ ਖਿਆਲ?'' ਮਹਿਤਾ ਕਾਲੂ ਹੋਇਆ ਸੁਣ ਇਹ ਗਲ ਹੈਰਾਨ, ਤ੍ਰਿਪਤਾ ਅਤੇ ਸੁਲਖਣੀ ਵੀ ਹੋਈਆਂ ਪ੍ਰੇਸ਼ਾਨ । "ਲੋਕੋ ਇਹ ਕੀ ਆਖਦਾ !" ਕਾਲੂ ਖੱਪ ਕਿਹਾ, "ਅਪਣਾ ਖੇਤ ਨਿਵੇਕਲਾ ਲਿਆ ਕਦੋਂ ਇਸ ਵਾਹ ? ਨਾ ਕਰ ਕਾਹਲੀ ਨਾਨਕਾ ਚਾਹਿਆ ਜੇ ਕਰਤਾਰ, ਖੇਤੀ ਤੈਨੂੰ ਵੱਖਰੀ ਦੇਸਾਂ ਅਗਲੀ ਵਾਰ। ਦੇਖਾਂਗਾ ਕੀ ਪੂਰੀਆਂ ਲੈਂਦਾ ਏਂ ਤੂੰ ਪਾ, ਲਾਂਹਦਾ ਏਂ ਪਰਵਾਰ ਦਾ ਕਿੱਥੋਂ ਤੀਕਰ ਚਾ ।" ਨਾਨਕ ਬੋਲਿਆ, “ਪਿਤਾ ਜੀ, ਕਰੋ ਤੁਸੀਂ ਇਤਬਾਰ, ਉੱਤਮ ਖੇਤੀ ਅਸਾਂ ਦੀ ਹੋਈ ਆਣ ਤਿਆਰ। ਵੱਡਾ ਇਸ ਦਾ ਆਸਰਾ ਸਾਨੂੰ ਵਿਚ ਸੰਸਾਰ, ਹਾਸਲ ਸਭ ਦੀਵਾਨ ਦਾ ਲਹਿਸੀ ਇੱਕੋ ਵਾਰ । ਤਲਬ ਕੁੱਝ ਨਾ ਕਰੇਗੀ, ਮੁੜ ਸਾਥੋਂ ਸਰਕਾਰ, ਹੋਣ ਸੁਖਾਲੇ ਪੁਤ ਧੀ, ਸੁੱਖ ਵੱਸੇ ਪਰਵਾਰ । ਜਿਸ ਸਾਹਿਬ ਦਾ ਪਿਤਾ ਜੀ, ਮੈਂ ਬਣਿਆ ਕਿਰਸਾਨ, ਜੋ ਵੀ ਮੰਗਾਂ ਓਸ ਤੋਂ ਪਲ ਵਿਚ ਕਰਦਾ ਦਾਨ । ਏਵੱਡ ਸਾਹਿਬ ਪਿਤਾ ਜੀ, ਮੈਂ ਲੱਧਾ ਹੈ ਟੋਲ, ਹੱਟ ਪੱਟਣ ਸੌਦਾਗਰੀ ਸਭ ਕੁਝ ਜਿਸਦੇ ਕੋਲ ।" ਇਹ ਕਹਿ ਨਾਨਕ ਡੁਬ ਗਿਆ, ਡੂੰਘੇ ਕਿਸੇ ਵਿਚਾਰ, ਏਦਾਂ ਸ਼ਬਦ ਉਚਾਰਿਆ ਮਸਤੀ ਦੇ ਵਿਚਕਾਰ - ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ (ਰਾਗ ਸੋਰਠਿ) ਕਾਲੂ ਸੁਣਕੇ ਸ਼ਬਦ ਇਹ ਬੋਲਿਆ ਹੈ ਦੁਖਿਆਰ, ਸਾਡੇ ਕੰਮੋਂ ਗਿਆ ਹੁਣ ਸਮਝੋ ਬਰਖੁਰਦਾਰ । ਫੜ ਫਿਰ ਮੱਥਾ ਆਪਣਾ ਨਿਕਲ ਗਿਆ ਉਹ ਬਾਹਰ, ਤੇ ਨਾਨਕ ਵੀ ਲਹਿ ਗਿਆ, ਡੂੰਘੇ ਕਿਸੇ ਵਿਚਾਰ । ਉਠ ਮਾਂ ਨੇ ਫਿਰ ਪਾ ਲਈ ਨਾਨਕ ਦੇ ਗਲ ਬਾਂਹ, ਬੋਲੀ, “ਬਚਿਆ ਤੁੱਧ ਤੋਂ ਘੋਲ ਘੁਮਾਈ ਜਾਂ। ਲਾਈ ਬੈਠਾ ਆਸ ਹੈ ਤੁੱਧ ਉਤੇ ਪਰਵਾਰ, ਲਿਆਵੇਂਗਾ ਤੂੰ ਖਟ ਕੇ ਕਿਸ ਦਿਨ ਛਿੱਲੜ ਚਾਰ। ਚਾਰ ਦਿਹਾੜੇ ਪੁੱਤਰਾ, ਦਏਂ ਜੇ ਨਾਮ ਵਿਸਾਰ, ਪਾ ਕੇ ਚੰਗੇ ਕਪੜੇ ਫਿਰੇਂ ਜੇ ਅੰਦਰ ਬਾਹਰ, ਲੋਕਾਂ ਦਾ ਬੱਝ ਜਾਵਸੀ ਤੇਰੇ ਤੇ ਵੀਸਾਹ, ਪੁੱਤ ਕਾਲੂ ਦਾ, ਆਖਸਣ, ਆ ਗਿਆ ਸਿੱਧੇ ਰਾਹ ।" ਸੁਣ ਸਮਝੂਣੀ ਮਾਉਂ ਦੀ, ਨਾਨਕ ਸਿਰ ਨਿਹੁੜਾ, ਦੋਵੇਂ ਨੇਤਰ ਮੁੰਦ ਕੇ ਏਦਾਂ ਸ਼ਬਦ ਕਿਹਾ— ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥ ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥ ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਂਦਾ ਰਹੈ ਨ ਚੂਕੈ ਭੋਗੁ ॥ ਗੁਣੁ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥੩॥ ਜੇਵਡੁ ਆਪਿ ਤੇਵਡ ਤੇਰੀ ਦਾਤਿ ॥ ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥੪॥੨॥ (ਰਾਗ ਆਸਾ) ਵੈਦ ਹਰੀਦਾਸ ਹੁਣ ਨਾਨਕ ਦੇ ਸ਼ਬਦ ਨੂੰ ਤ੍ਰਿਪਤਾ ਹੋਈ ਉਦਾਸ, ਪੁੱਤਰ ਦੇ ਕਲਿਆਣ ਦੀ ਮੁੱਕੀ ਸਾਰੀ ਆਸ । ਤਕ ਮਾਤਾ ਨੂੰ ਮੂਝਿਆ ਨਾਨਕ ਧਾਰੀ ਚੁੱਪ, ਧੁਰ ਅੰਦਰਲੀ ਕੋਠੜੀ ਜਾ ਬੈਠਾ ਉਹ ਛੁੱਪ। ਨਾ ਬੋਲੇ ਨਾ ਗਲ ਕਰੇ ਨਾ ਕੁਝ ਕਰੇ ਅਹਾਰ, ਦੋਵੇਂ ਨੇਤਰ ਮੁੰਦ ਕੇ ਜੋੜੀ ਰੱਖੇ ਤਾਰ । ਏਦਾਂ ਹੀ ਜਦ ਲੰਘ ਗਏ ਕਈ ਦਿਹੁੰ ਤੇ ਵਾਰ, ਓਦਰਿਆ ਤਕ ਓਸਨੂੰ ਬੇਦੀਆਂ ਦਾ ਪਰਵਾਰ । ਕਿਸੇ ਆਖਿਆ ਹੋਮ ਕਰ ਪਾ ਕੇ ਘਿਉ ਤੇ ਤਿੱਲ, ਕਿਸੇ ਸੁਝਾਇਆ ਭੇਟ ਕਰ ਦੇਵੀ ਅੱਗੇ ਛਿੱਲ। "ਇਹਨੂੰ ਤਾਂ ਕੋਈ ਪਕੜ ਹੈ !" ਕਿਹਾ ਕਿਸੇ ਸਿਰ ਫੇਰ, ਕਿਸੇ ਆਖਿਆ “ਕਾਲੂਆ, ਵੈਦ ਲਿਆ ਕੋਈ ਘੇਰ ।" ਘਲ ਬੰਦਾ ਹਰੀਦਾਸ ਨੂੰ ਕਾਲੂ ਲਿਆ ਬੁਲਾਇ, ਸਭ ਤੋਂ ਵੱਡਾ ਵੈਦ ਜੋ ਤੱਪੇ ਵਿਚ ਸਦਾਇ । ਨਾਨਕ ਲਾਗੇ ਬਹਿ ਗਿਆ ਆ ਕੇ ਵੈਦ ਸੁਜਾਨ, ਬਾਂਹ ਪਕੜ ਜਦ ਓਸਦੀ ਲੱਗਾ ਨਬਜ਼ ਤਕਾਣ, ਨਾਨਕ ਅੱਖਾਂ ਖੋਲੀਆਂ, ਤਕਿਆ ਨਾਲ ਧਿਆਨ, ਮੂੰਹੋਂ ਫੇਰ ਉਚਾਰਿਆ ਇਹ ਸ਼ਲੋਕ ਮਹਾਨ— ਵੈਦ ਬੁਲਾਇਆ ਵੈਦਗੀ, ਪਕੜਿ ਢੰਢੋਲੇ ਬਾਂਹ । ਭਲਾ ਵੈਦੁ ਨ ਜਾਣਈ, ਕਰਕ ਕਲੇਜੇ ਮਾਂਹਿ ॥੧॥ ਘਰ ਮੁੜ ਜਾਉ ਵੈਦ ਜੀ, ਅਪਣਾ ਕਰੋ ਵਿਹਾਰ, ਤੁਹਾਨੂੰ ਮੇਰੇ ਦੁਖ ਦੀ ਮੂਲ ਨਾ ਕਈ ਸਾਰ । ਸੁਣ ਕੇ ਡੂੰਘੇ ਬਚਨ ਇਹ, ਵੈਦ ਨਾਲ ਸਤਿਕਾਰ, ਬੋਲਿਆ, “ਕਿਹੜੇ ਰੋਗ ਦੇ ਹੋਏ ਤੁਸੀਂ ਸ਼ਿਕਾਰ ? ਕਿਹੜਾ ਗੁੱਝਾ ਦੁਖ ਹੈ ਤੁਹਾਡੇ ਅੰਦਰ ਵਾਰ ? ਦੱਸੋ ਕੁਝ ਨਿਸ਼ਾਨੀਆਂ ਦਾਰੂ ਕਰਾਂ ਤਿਆਰ ।" ਮੋੜ ਵੈਦ ਵਲ ਅੱਖੀਆਂ ਭਰੀਆਂ ਨਾਲ ਪਿਆਰ, ਬਾਬੇ ਸ਼ਬਦ ਉਚਾਰਿਆ ਮਿੱਠਾ ਵਿਚ ਮਲ੍ਹਾਰ । ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥ ਵੈਦ ਨ ਭੋਲੇ ਦਾਰੂ ਲਾਇ ॥੧॥ ਦਰਦੁ ਹੋਵੈ ਦੁਖੁ ਰਹੈ ਸਰੀਰ ॥ ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥ ਖਸਮੁ ਵਿਸਾਰਿ ਕੀਏ ਰਸ ਭੋਗ ॥ ਮਨ ਅੰਧੇ ਕਉ ਮਿਲੈ ਸਜਾਇ ॥ ਵੈਦ ਨ ਭੋਲੇ ਦਾਰੂ ਲਾਇ ॥੨॥ ਚੰਦਨ ਕਾ ਫਲੁ ਚੰਦਨ ਵਾਸੁ ॥ ਮਾਣਸ ਕਾ ਫਲੁ ਘਟ ਮਹਿ ਸਾਸੁ ॥ ਸਾਸਿ ਗਇਐ ਕਾਇਆ ਢਲਿ ਪਾਇ ॥ ਤਾ ਕੈ ਪਾਛੈ ਕੋਇ ਨ ਖਾਇ ॥੩॥ ਕੰਚਨ ਕਾਇਆ ਨਿਰਮਲ ਹੰਸੁ ॥ ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥ ਦੂਖ ਰੋਗ ਸਭਿ ਗਇਆ ਗਵਾਇ ॥ ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥ (ਰਾਗ ਮਲਾਰ) ਮੁੰਦ ਲਏ ਫਿਰ ਨੈਣ, ਬਾਬੇ ਸ਼ਬਦ ਉਚਾਰ ਕੇ, ਗੁੜ ਉਨ੍ਹਾਂ ਦੇ ਬੈਣ, ਸੋਚੀਂ ਪਾਇਆ ਵੈਦ ਨੂੰ । ਮਨ ਉਸਦੇ ਵਿਚ ਲੋ, ਹੋਈ ਹਨੇਰਾ ਬਿਨਸਿਆ, ਵਿਚ ਸਤਿਕਾਰ ਖਲੋ, ਨਾਲ ਨਿਮਰਤਾ ਬੋਲਿਆ- "ਮੈਨੂੰ ਸੀ ਅਭਿਮਾਨ, ਕੱਟਦਾ ਫਿਰਦਾ ਰੋਗ ਮੈਂ, ਹੋਇਆ ਅੱਜ ਗਿਆਨ, ਰੋਗੀ ਤਾਂ ਮੈਂ ਆਪ ਹਾਂ । ਭੁੱਖ, ਵਿਛੋੜਾ, ਕਾਲ, ਚਮੜੇ ਮੈਨੂੰ ਰੋਗ ਤ੍ਰੈ, ਚੰਗੇ ਭਾਗਾਂ ਨਾਲ, ਕੱਟੇ ਦਯਾ-ਦ੍ਰਿਸ਼ਟ ਨੇ ।” ਕਾਲੂ ਵੱਲ ਨਿਗਾਹ, ਕਰ ਕੇ ਫਿਰ ਉਹ ਬੋਲਿਆ, "ਚਿੰਤਾ ਦੇਵੋ ਲਾਹ, ਨਾਨਕ ਰੋਗੀ ਮੂਲ ਨਾ । ਸਗੋਂ ਦੁੱਖ ਤੇ ਪੀੜ, ਇਸਨੇ ਹਰਨੀ ਜਗਤ ਦੀ, ਨਜ਼ਰ ਇਹਦੀ ਅਕਸੀਰ, ਸਿੱਕੇ ਤੋਂ ਸੋਨਾ ਕਰ ।" ਪਰਤ ਗਿਆ ਹਰੀਦਾਸ, ਲੈ ਕੇ ਚੁਟਕੀ ਗਿਆਨ ਦੀ, ਗੁਰੂ ਨਾਨਕ ਦੀ ਬਾਸ, ਤੱਪੇ ਦੇ ਵਿਚ ਖਿੰਡ ਗਈ । ਖਰਾ ਸੌਦਾ ਏਦਾਂ ਹੀ ਏਕਾਂਤ ਵਿਚ, ਸੰਝ, ਸਵੇਰ, ਦਿਹਾੜ, ਨਾਨਕ ਰਹਿੰਦਾ ਡੁੱਬਿਆ, ਡੂੰਘੇ ਕਿਸੇ ਵਿਚਾਰ । ਹਰਦਮ ਰਹਿੰਦਾ ਸੋਚਦਾ ਮਨ ਵਿਚ ਕੰਘੀ ਮਾਰ, ਵਿਅਕਤੀ ਅਤੇ ਸਮਾਜ ਦੇ ਰਿਸ਼ਤੇ ਗੁੰਝਲਦਾਰ । ਕਿਉਂ ਜ਼ਾਲਿਮ ਨੂੰ ਦੇਂਵਦਾ ਬਲ ਇਤਨਾ ਭਗਵਾਨ ? ਕਿਉਂ ਆਤਰ ਹੈ ਟੁੱਕ ਤੋਂ ਕਾਮਾ ਤੇ ਕਿਰਸਾਨ ? ਕਿਉਂ ਮਹਿਲਾਂ ਵਿਚ ਪੱਕਦੇ ਭੋਜਨ ਤੇ ਪਕਵਾਨ ? ਕਿਉਂ ਸਾਧੂ ਵਿਚ ਵਣਾਂ ਦੇ ਕੰਦ ਮੂਲ ਚੁਣ ਖਾਣ ? ਕਿਉਂ ਨੇ ਰਾਜੇ ਸ਼ੀਂਹ ਬਣੇ ਅਤੇ ਮੁਕੱਦਮ ਸ੍ਵਾਨ ? ਬੈਠੀ ਸੁੱਤੀ ਖ਼ਲਕ ਨੂੰ ਹਰ ਦਮ ਆਣ ਜਗਾਣ ? ਏਸ ਅਵਸਥਾ ਵਿੱਚ ਹੀ ਲੰਘ ਗਏ ਕਈ ਮਾਸ, ਚਲਦਾ ਦਿਹੁੰ ਤੇ ਰਾਤ ਦਾ ਇੰਜੇ ਰਿਹਾ ਖਰਾਸ । ਚੜ੍ਹਿਆ ਜਿਸ ਦਮ ਆਣ ਕੇ ਸੰਨ ਪੰਦਰਾਂ ਸੌ ਚਾਰ, ਨਾਨਕ ਆਪਾ ਚੀਨ ਕੇ ਅੰਦਰੋਂ ਆਇਆ ਬਾਹਰ । ਹੋਈਆਂ ਖ਼ਤਮ ਉਦਾਸੀਆਂ, ਮੁੜ ਲੱਗਾ ਉਹ ਕਾਰ, ਹੱਟੀ, ਮਾਲ, ਜ਼ਮੀਨ ਵਲ, ਮੋੜੀ ਓਸ ਮੁਹਾਰ । ਲਖਮੀ ਤੇ ਸਿਰੀ ਚੰਦ ਨੂੰ ਮਿਲਿਆ ਮੁੜ ਕੇ ਪਿਆਰ, ਲੱਗੀ ਗਲ ਸੁਲਖਣੀ ਦੋਵੇਂ ਬਾਂਹ ਪਸਾਰ । ਕਾਲੂ ਦਾ ਦਿਲ ਵਧਿਆ, ਬੋਲਿਆ, “ਬਰਖ਼ੁਰਦਾਰ, ਸ਼ੁਕਰੇ ਮੇਰੀ ਕੁੱਲ ਤੇ ਤ੍ਰੁੱਠਾ ਹੈ ਕਰਤਾਰ । ਤੈਨੂੰ ਰੱਬ ਦੇ ਨਾਮ ਤੋਂ ਰੋਕੀਏ ਅਸੀਂ ਨਾ ਮੂਲ । ਐਪਰ ਬਾਝੋਂ ਕਿਰਤ ਦੇ ਹੋਏ ਨਾ ਰੱਬ ਹਸੂਲ। ਬਣ ਕੇ ਚੰਗਾ ਖੱਤਰੀ ਕਰ ਸਾਰਾ ਦਿਨ ਕਾਰ, ਰਾਤੀਂ ਬਹਿ ਸਤਿਸੰਗ ਵਿਚ, ਬੇਸ਼ਕ ਭਜ ਕਰਤਾਰ ।" ਨਾਨਕ ਬੋਲਿਆ, “ਪਿਤਾ ਜੀ, ਤੁਹਾਡਾ ਠੀਕ ਵਿਚਾਰ, ਦਸ ਨਹੁੰਆਂ ਦੀ ਕਿਰਤ ਤੋਂ ਮੈਨੂੰ ਨਹੀਂ ਇਨਕਾਰ । ਦਿਲ ਮੇਰਾ ਹੈ ਚਾਹੁੰਦਾ ਬਣ ਕੇ ਤਾਬੇਦਾਰ, ਰੋਜ ਤੁਹਾਡੀ ਸੇਵਾ ਕਰਾਂ, ਸਾਂਭ ਲਵਾਂ ਘਰਬਾਰ। ਗੁੱਝੀ ਸ਼ਕਤੀ ਕੋਈ ਪਰ, ਤਗੜੀ ਤੇ ਬਲਵਾਨ, ਮੈਨੂੰ ਖਿੱਚ ਲਿਜਾਂਵਦੀ ਵਖਰੇ ਕਿਸੇ ਜਹਾਨ । ਆਵੇ ਮੇਰੇ ਅੰਦਰੋਂ ਮੈਨੂੰ ਕੋਈ ਅਵਾਜ਼, ਵਿੱਚ ਅਕਾਸ਼ਾਂ ਦੇ ਕਰੋ ਮਨ ਮੇਰਾ ਪਰਵਾਜ਼ । ਭਾਵੇਂ ਹੋਇਆ ਮਨ ਮੇਰਾ ਉਡਣਾ ਅਤੇ ਅਮੋੜ, ਫਿਰ ਵੀ ਕਹਿਣਾ ਤੁਸਾਂ ਦਾ ਮੰਨਾਂਗਾ ਹੱਥ ਜੋੜ । ਕਾਲੂ ਨੇ ਵੀਹ ਦੱਮੜੇ ਚਿੱਟੇ ਚਿੜੀਆਂ ਹਾਰ, ਧਰ ਨਾਨਕ ਦੀ ਤਲੀ ਤੇ, ਆਖਿਆ, “ਬਰਖ਼ੁਰਦਾਰ, ਚੂਹੜਕਾਣੇ ਜਾ ਕੋਈ ਸੌਦਾ ਖਰਾ ਵਿਹਾਜ ਖੱਤਰੀਆਂ ਦੇ ਨਾਮ ਨੂੰ ਲਾਵੀਂ ਮੂਲ ਨਾ ਲਾਜ।” ਮੰਨ ਕੇ ਆਖਾ ਪਿਉ ਦਾ ਉਠ ਕੇ ਪ੍ਰਾਤਾ ਕਾਲ, ਨਾਨਕ ਰਾਹੇ ਪੈ ਗਿਆ ਲੈ ਮਰਦਾਨਾ ਨਾਲ । ਚੂਹੜਕਾਣੇ ਤੋਂ ਉਰੇ, ਤਗੜੀ ਸੀ ਇਕ ਬੀੜ, ਜਿਸ ਵਿਚ ਉਤਰੀ ਹੋਈ ਸੀ, ਸਾਧਾਂ ਦੀ ਇਕ ਭੀੜ । ਭੁੱਖੇ ਤੇ ਨੰਗੇ ਕਈ, ਰਮਤੇ ਅਤੇ ਫ਼ਕੀਰ, ਬਿਨਾ ਲੰਗੋਟੀ ਦੇ ਕਈ ਪਿੰਡੇ ਤੇ ਨਾ ਲੀਰ । ਬਾਹਾਂ ਪੱਛੀ ਵਰਗੀਆਂ, ਪੇਟ ਬੋਕਿਆਂ ਹਾਰ, ਹੜਬਾਂ ਅੰਦਰ ਧੱਸੀਆਂ, ਨਾੜਾਂ ਨਿਕਲੀਆਂ ਬਾਹਰ । ਜੰਗਲੀ ਥੋਹਰ ਵਾਂਗਰਾਂ ਉਹਨਾਂ ਦੀ ਕੰਗਰੋੜ, ਲਿਆ ਭੁੱਖ ਦੇ ਦੁੱਖ ਨੇ ਸਾਰਾ ਲਹੂ ਨਚੋੜ । ਨਾਨਕ ਸੋਚੀਂ ਪੈ ਗਿਆ ਦੇਖ ਉਨ੍ਹਾਂ ਦਾ ਹਾਲ, ਬਿਰਧ ਜਿਹੇ ਇਕ ਸਾਧ ਤੋਂ ਪੁੱਛਿਆ ਓਸ ਸੁਆਲ : “ਕਿਉਂ ਹੋ ਵਿੱਚ ਉਜਾੜ ਦੇ ਆ ਬੈਠੇ ਮਹਾਰਾਜ ? ਕਿਹੜੀ ਗਲੋਂ ਤੁਸਾਂ ਨੇ ਦਿੱਤਾ ਛੱਡ ਅਨਾਜ ?'' ਸਾਧ ਬੋਲਿਆ, “ਸੋ ਗੁਣਾਂ ਸਾਨੂੰ ਭਲੀ ਉਜਾੜ, ਜਿੱਥੇ ਮੂਲ ਨਾ ਉਪਜਦੇ ਸੰਸੇ ਅਤੇ ਵਿਕਾਰ ।" ਨਾਨਕ ਬੋਲਿਆ, “ਠੀਕ ਹੀ ਕਹਿੰਦੇ ਹੋ ਮਹਾਰਾਜ, ਐਪਰ ਤੁਸਾਂ ਤਿਆਗਿਆ ਕਾਹਨੂੰ ਅੰਨ ਅਨਾਜ ?" ਸਾਧ ਕਿਹਾ, ''ਮੰਗ ਖਾਵਣਾ ਸਾਡਾ ਨਾ ਵਿਵਹਾਰ, ਜਿਸਨੇ ਸਾਨੂੰ ਸਿਰਜਿਆ, ਸੋਈ ਕਰਦਾ ਸਾਰ । ਰਹਿੰਦਾ ਸਾਨੂੰ ਆਤਮਾ ਦਾ ਹੈ ਸਦਾ ਖ਼ਿਆਲ, ਕਰਦੇ ਅਸੀਂ ਸਰੀਰ ਦੀ ਚਿੰਤਾ ਨਹੀਂ ਰਵਾਲ ।" ਨਾਨਕ ਬੋਲਿਆ, “ਉੱਜਲੇ ਤੁਹਾਡੇ ਬੜੇ ਵਿਚਾਰ, ਐਪਰ ਕਦ ਤੋਂ ਤੁਸਾਂ ਨੇ ਕੀਤਾ ਨਹੀਂ ਅਹਾਰ ?'' "ਸਤ ਦਿਨਾਂ ਤੋਂ,' ਬੋਲਿਆ । ਨਾਨਕ ਬੰਨ੍ਹ ਕੇ ਹੱਥ, ਪੈਰਾਂ ਦੇ ਵਿਚ ਬਿਰਧ ਦੇ ਦਮੜੇ ਦਿੱਤੇ ਰੱਖ । ਤਕ ਕੇ ਦਮੜੇ ਚਿਲਕਣੇ ਬਿਰਧ ਪਿਆ ਮੁਸਕਾ, "ਅਸਾਂ ਨਾ ਡਿੱਠਾ ਅਜ ਤਕ, ਮਇਆ ਨੂੰ ਹਥ ਲਾ ।" ਇਹ ਸੁਣ ਨਾਨਕ ਆਖਿਆ, “ਸਤ ਬਚਨ ਮਹਾਰਾਜ, ਲੈ ਆਉਂਦੇ ਹਾਂ ਮੰਡੀਉਂ ਜਾ ਕੇ ਅਸੀਂ ਅਨਾਜ । ਸੋਚਿਆ ਨਾਨਕ ਏਸ ਤੋਂ ਸੌਦਾ ਖਰਾ ਨਾ ਹੋਰ, ਮੰਡੀ ਦੇ ਵਲ ਤੁਰ ਪਏ, ਹੋ ਆਨੰਦ-ਵਿਭੋਰ । ਕੱਠੀ ਕਰ ਸਾਮਗ੍ਰੀ ਥੁਹੜੇ ਚਿਰ ਵਿਚਕਾਰ, ਦੇ ਸਾਧਾਂ ਨੂੰ ਆਖਿਆ ਭੋਜਨ ਕਰੋ ਤਿਆਰ । ਸੌਦਾ ਖਰਾ ਵਿਹਾਜ ਕੇ ਏਸ ਤਰ੍ਹਾਂ ਕਿਰਪਾਲ, ਤਲਵੰਡੀ ਵਲ ਮੁੜ ਪਏ ਮਰਦਾਨੇ ਦੇ ਨਾਲ । ਪਿੰਡ ਦੇ ਲਾਗੇ ਪਹੁੰਚ ਕੇ ਇਕ ਝੰਗੀ ਵਿਚਕਾਰ, ਖ਼ਿਆਲ ਪਿਤਾ ਦਾ ਆਇਆ ਉਹਨਾਂ ਨੂੰ ਕਈ ਵਾਰ। ਮਰਦਾਨੇ ਨੂੰ ਆਖਿਆ, “ਪਿਤਾ ਹੋਣਗੇ ਰਿੰਜ, ਤੂੰ ਕੱਲਾ ਹੀ ਪਰਤ ਜਾ, ਅਸਾਂ ਨਾ ਜਾਣਾ ਪਿੰਡ ।" ਕੰਢੇ ਸੁੱਕੇ ਤਾਲ ਦੇ, ਇਕ ਵਣ ਹੇਠਾਂ ਛੁੱਪ, ਰਾਤ ਲੰਘਾਈ ਉਨ੍ਹਾਂ ਨੇ ਵਿਚ ਹਨੇਰੇ ਘੁੱਪ । ਚੂਹਕੀ ਚਿੜੀ ਸਵੇਰ ਦੀ, ਲੱਗੀ ਜਿਸ ਦਮ ਲੋ, ਮਰਦਾਨੇ ਦੇ ਮੁੜਨ ਦੀ ਪਿੰਡ ਵਿਚ ਹੁੱਗੀ ਸੋ । ਕਾਲੂ ਬੰਦਾ ਭੇਜ ਕੇ ਲਿਆ ਉਹਨੂੰ ਸਦਵਾ, ਮਰਦਾਨੇ ਸਭ ਵਿੱਥਿਆ ਦਿੱਤੀ ਤੁਰਤ ਸੁਣਾ । ਕਾਲੂ ਅੰਦਰ ਭੜਕਿਆ ਜ਼ਾਲਮ ਕ੍ਰੋਧ ਚੰਡਾਲ, ਓਸੇ ਵੇਲੇ ਤੁਰ ਪਿਆ, ਮਰਦਾਨੇ ਦੇ ਨਾਲ । ਜਾ ਬਾਬੇ ਨੂੰ ਕੱਢਿਆ ਵਣ ਦੇ ਵਿਚੋਂ ਬਾਹਰ, ਆਪ ਬਰੋਬਰ ਪੁੱਤ ਦੀ ਦਿੱਤੀ ਪੱਤ ਉਤਾਰ । ਲੈ ਤੁਰਿਆ ਵਲ ਪਿੰਡ ਦੇ ਮੂੰਹ ਤੇ ਚੰਡਾਂ ਮਾਰ, ਦੁਖ ਹੋਇਆ ਸਭ ਪਿੰਡ ਨੂੰ, ਰੁੰਨੇ ਗਲੀ ਬਜ਼ਾਰ । ਪਹੁੰਚੀ ਰਾਏ ਬੁਲਾਰ ਤਕ ਜਿਸ ਦਮ ਸਾਰੀ ਗੱਲ, ਸਦ ਕਾਲੂ ਨੂੰ ਝਾੜਿਆ ਉਸਨੇ ਓਸੇ ਪੱਲ । "ਦੱਸ ਚੁਕਾ ਹਾਂ ਕਾਲੂਆ ਮੈਂ ਤੈਨੂੰ ਕਈ ਵਾਰ, ਤ੍ਰੁੱਠਾ ਤੇਰੇ ਪੁੱਤ ਦੇ ਉੱਪਰ ਆਪ ਗ਼ੁਫ਼ਾਰ। ਐਪਰ ਅੱਖਾਂ ਤੇਰੀਆਂ ਵਿਚ ਬੈਠਾ ਸ਼ੈਤਾਨ, ਅੱਲਾ ਦੇ ਇਸ ਨੂਰ ਨੂੰ ਸਕਿਆ ਨਹੀਂ ਪਛਾਣ। ਸੌੜਾ ਤੇਰਾ ਦਿਲ ਹੈ, ਭੀੜੀ ਤੇਰੀ ਨਿਗਾਹ, ਜੋ ਉਸ ਵਣਜ ਵਿਹਾਜਿਆ, ਤੈਨੂੰ ਸਮਝ ਨਾ ਆ । ਵੱਟੇ ਉਸਦੇ ਹੋਰ ਨੇ, ਵੱਟੇ ਤੇਰੇ ਹੋਰ, ਅੱਖ ਸੁਜਾਖੀ ਓਸਦੀ, ਅੱਖ ਤੇਰੀ ਹੈ ਕੋਰ । ਤੂੰ ਏਂ ਹਿੰਦੂ ਕਾਲੂਆ, ਮੈਂ ਹਾਂ ਮੁਸਲਮਾਨ, ਰੀਤੀ ਇਸ ਸਮਾਜ ਦੀ ਕਰਦੀ ਨਾ ਪਰਵਾਨ, ਨਾਨਕ ਨੂੰ ਮੈਂ ਰੱਖ ਲਵਾਂ, ਨਹੀਂ ਤਾਂ ਅਪਣੇ ਕੋਲ, ਘੜਿਉਂ ਵੱਡਾ ਰਤਨ ਇਹ ਪਾ ਲਾਂ ਅਪਣੀ ਝੋਲ।" ਕਿਤਨੇ ਦਿਨ ਡੁੱਬਾ ਰਿਹਾ ਸੋਚਾਂ ਵਿਚ ਬੁਲਾਰ, ਆਖ਼ਰ ਜਦ ਜੈਰਾਮ ਨੂੰ ਕੀਤਾ ਓਸ ਵਿਚਾਰ । “ਮੇਰੀ ਅਕਲੇ ਠੀਕ ਹੈ, ਨਾਨਕ ਦਾ ਵਿਵਹਾਰ, ਐਪਰ ਮੂਲ ਨਾ ਸਮਝਦਾ ਕਾਲੂ ਦੁਨੀਆ ਦਾਰ। ਸਾਂਭ ਖੁਣੋ ਰੁੱਲੇ ਪਿਆ ਇਹ ਬਹੁ-ਮੁੱਲਾ ਲਾਲ, ਲੈ ਜਾਉ ਸੁਲਤਾਨਪੁਰ, ਇਸਨੂੰ ਅਪਣੇ ਨਾਲ ।" ਬੁੱਢੇ ਰਾਏ ਬੁਲਾਰ ਨੂੰ ਕਰ ਕੇ ਦੁਆ ਸਲਾਮ, ਅਗਲੇ ਦਿਨ ਤਲਵੰਡੀਉਂ ਪਰਤ ਗਿਆ ਜੈ ਰਾਮ । ਦੌਲਤ ਖ਼ਾਨ ਨਵਾਬ ਨੂੰ ਮਿਲਿਆ ਜਾਂਦੇ ਸਾਰ, ਦੱਸ ਨਾਨਕ ਦੀ ਵਿਦਵਤਾ, ਨਾਲੇ ਚੱਜ ਅਚਾਰ, ਸੂਝ ਹਿਸਾਬ ਕਿਤਾਬ ਦੀ ਤੇ ਸੁੱਚਾ ਵਿਵਹਾਰ, ਨਾਲ ਹਿੰਦੂਆਂ ਮੋਮਨਾਂ ਇੱਕੋ ਜਿਹਾ ਪਿਆਰ, ਮੋਦੀ ਦਾ ਪਦ ਓਸਨੂੰ ਦਿੱਤਾ ਤੁਰਤ ਦਵਾ, ਨਾਲੇ ਬੰਦਾ ਭੇਜ ਕੇ ਨਾਨਕ ਲਿਆ ਸਦਾ । ਮਨ ਆਖਾ ਜੈ ਰਾਮ ਦਾ, ਉੱਠ ਸਵੇਰੇ ਸਾਰ, ਵਲ ਦੁਆਬੇ ਤੁਰ ਪਿਆਰ ਨਾਨਕ ਛਡ ਕੇ ਬਾਰ। ਸਭ ਤੋਂ ਪਹਿਲਾਂ ਪਿਉ ਦਾ ਕੀਤਾ ਉਸ ਸਤਿਕਾਰ, ਚਰਨ ਪਕੜ ਫਿਰ ਮਾਉਂ ਦੇ ਘੱਟੇ ਨਾਲ ਪਿਆਰ । ਤਕਦੀ ਰਹੀ ਸੁਲੱਖਣੀ, ਚੁਪ, ਅਡੋਲ, ਅਹਿੱਲ, ਪਲਕਾਂ ਅਬਰੂ-ਭਿੱਜੀਆਂ, ਧਕ ਧਕ ਕਰਦਾ ਦਿੱਲ। ਧਾ ਚਰਨਾਂ ਤੇ ਢਹਿ ਪਈ, ਹੋ ਬੇਚੈਨ ਕਲਾਂਤ, ਪਰ ਗੁਰਦੇਵ ਉਠਾਲ ਕੇ ਕੀਤਾ ਉਸਨੂੰ ਸ਼ਾਂਤ । ਲਖਮੀ ਤੇ ਸਿਰੀ ਚੰਦ ਨੂੰ ਘੁਟ ਲਾਇਆ ਹਿੱਕ ਨਾਲ, ਫੇਰ ਹਵੇਲੀ ਵਲ ਮੁੜੇ ਜਿੱਥੇ ਬੱਝਾ ਮਾਲ । ਮੱਝੀਆਂ ਨੂੰ ਪੁਚਕਾਰਦੇ ਵੱਧੇ ਗਊਆਂ ਵਲ, ਕਿੰਨਾ ਚਿਰ ਗੁੰਮੇ ਰਹੇ ਲੱਗ ਉਨ੍ਹਾਂ ਦੇ ਗੱਲ । ਅੱਖਾਂ ਕੱਜਲ-ਰੰਗੀਆਂ ਪੰਘਰੀਆਂ ਨਾਲ ਪਿਆਰ, ਮੋੜ ਅਗੋਂ ਹੈਵਾਨ ਵੀ ਹੋਣ ਲਗੇ ਬਲਿਹਾਰ । ਸੰਮਤ ਪੰਦਰਾਂ ਸੌ ਤੇ ਤ੍ਰੈ ਵੀਹਾਂ ਇਕ ਸਾਲ, ਬਾਬਾ ਤੁਰਿਆ ਬਾਰ ਤੋਂ ਲੈ ਮਰਦਾਨਾ ਨਾਲ । ਮੱਘਰ ਮਾਹ ਸੁਹਾਵਣਾ ਨਾ ਗਰਮੀ ਨਾ ਸੀਂ ਨਿੰਬਲ ਹੋਣ ਅਕਾਸ਼ ਜਦ, ਬੱਸ ਹੋ ਜਾਵਣ ਮੀਂਹ । ਫਲੀਆਂ ਜਦੋਂ ਸ਼ਰੀਂਹ ਦੀਆਂ ਦੱਗਣ ਕੁੰਦਨ ਹਾਰ, ਲੱਗਾ ਗੋਇੰਦਵਾਲ ਤੋਂ ਨਾਨਕ ਪਰਲੇ ਪਾਰ ।

ਦੂਜਾ ਸਰਗ ਸੁਲਤਾਨਪੁਰ

ਬਾਬਾ ਪੈਧਾ ਸੱਚ ਖੰਡ ਨਉ ਨਿਧਿ ਨਾਮੁ ਗਰੀਬੀ ਪਾਈ । -- ਭਾਈ ਗੁਰਦਾਸ ਸੁਲਤਾਨਪੁਰ ਕੀਤਾ ਜਦੋਂ ਤੈਮੂਰ ਨੇ ਉੱਤਰੀ ਹਿੰਦ ਵੀਰਾਨ, ਅਟਕੋਂ ਜਮਨਾ ਤੀਕਰਾਂ ਖ਼ਲਕਤ ਹੋਈ ਹੈਰਾਨ । ਪੈਰਾਂ ਥੱਲੇ ਮਿੱਧ ਕੇ ਦਿੱਲੀ ਅਤੇ ਪੰਜਾਬ, ਜਦੋਂ ਚੁਗੱਤਾ ਪਰਤਿਆ ਟਪ ਕੇ ਪੰਜੇ ਆਬ, ਕੁਝ ਚਿਰ ਸੱਯਦ ਬੰਸ ਨੇ ਲੈ ਮੁਗ਼ਲਾਂ ਦਾ ਨਾਂ, ਬਹਿ ਦਿੱਲੀ ਦੇ ਤਖ਼ਤ ਤੇ ਕੀਤਾ ਰਾਜ-ਨਿਆਂ। ਪੈਰਾਂ ਹੇਠੋਂ ਨਿਕਲਦੀ ਐਪਰ ਤੱਕ ਜ਼ਮੀਨ, ਅੰਤਿਮ ਸੱਯਦ ਬਾਦਸ਼ਾਹ ਵਡਾ ਅਲਾਉੱਦੀਨ। ਵੰਜ ਬਦਾਯੂੰ ਟਿੱਕਿਆ ਹੋ ਦਿਲੀਉਂ ਦਿਲਗੀਰ, ਤਾਂ ਜੇ ਰਬ ਦੀ ਯਾਦ ਵਿਚ ਕੱਟੇ ਉਮਰ ਅਖ਼ੀਰ । ਥਾਂ ਉਸ ਦੀ ਬਹਿਲੋਲ ਖਾਂ ਲੋਧੀ ਸਿਪਹ ਸਾਲਾਰ, ਲੈ ਲਈ ਅਪਣੇ ਹੱਥ ਵਿਚ ਦਿੱਲੀ ਦੀ ਸਰਕਾਰ । ਚੌਦਾਂ ਸੌ ਪੰਜਾਹ ਵਿੱਚ ਪਹਿਨਿਆਂ ਉਸ ਨੇ ਤਾਜ, ਕੀਤਾ ਉੱਤੇ ਮੁਲਕ ਦੇ ਸਾਲ ਅਠੱਤੀ ਰਾਜ। ਦੂਰੋਂ ਦੂਰੋਂ ਓਸ ਨੂੰ ਪੁੱਜਦਾ ਰਿਹਾ ਖ਼ਰਾਜ, ਓਸ ਦੇ ਹੀ ਰਾਜ ਵਿਚ ਜਨਮ ਲਿਆ ਮਹਾਰਾਜ । ਓਸੇ ਦਾ ਸਿਕਦਾਰ ਸੀ ਦੌਲਤ ਖ਼ਾਨ ਨਵਾਬ, ਹੇਠਾਂ ਜਿਸ ਦੇ ਹੁਕਮ ਦੇ ਹੈ ਸੀ ਬਿਸਤ ਦੁਆਬ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ