Nadir Jajvi ਨਾਦਿਰ ਜਾਜਵੀ
ਨਾਂ-ਮੁਹੰਮਦ ਨਾਦਿਰ, ਕਲਮੀ ਨਾਂ-ਨਾਦਿਰ ਜਾਜਵੀ,
ਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ,
ਜਨਮ ਤਾਰੀਖ਼-8 ਸਤੰਬਰ 1934,
ਜਨਮ ਸਥਾਨ-ਪਿੰਡ ਜਾਜਾਹ ਜ਼ਿਲਾ ਟੋਭਾ ਟੇਕ ਸਿੰਘ,
ਵਿਦਿਆ-ਐਫ਼. ਏ. (ਫ਼ਾਜ਼ਿਲ ਲਿਸਾਨਿਆਤ), ਕਿੱਤਾ-ਅਧਿਆਪਨ (ਸੇਵਾ ਮੁਕਤ),
ਛਪੀਆਂ ਕਿਤਾਬਾਂ-ਹੱਥ ਨੂੰ ਹੱਥ ਨਹੀਂ ਦਿਸਦਾ (ਪੰਜਾਬੀ ਸ਼ਾਇਰੀ), ਹਦੀਏ (ਉਰਦੂ
ਪੰਜਾਬੀ ਸ਼ਾਇਰੀ), ਰੱਕੜ ਰੜੇ੍ਹ ਤੰਦੂਰ (ਪੰਜਾਬੀ ਸ਼ਾਇਰੀ), ਸੂਰਜ ਦੀ ਸੇਧ (ਪੰਜਾਬੀ ਸ਼ਾਇਰੀ),
ਚਸ਼ਮੇ ਨਮ (ਉਰਦੂ ਸ਼ਾਇਰੀ), ਇਜ਼ਤਰਾਬ (ਉਰਦੂ ਸ਼ਾਇਰੀ),
ਪਤਾ-ਗਲੀ ਨੰਬਰ 1 ਮੁਹੱਲਾ ਕੌਸ਼ਰ ਆਬਾਦ, ਫ਼ੈਸਲ ਆਬਾਦ, ਪੱਛਮੀ ਪੰਜਾਬ ।
ਪੰਜਾਬੀ ਗ਼ਜ਼ਲਾਂ (ਸੂਰਜ ਦੀ ਸੇਧ 1999 ਵਿੱਚੋਂ) : ਨਾਦਿਰ ਜਾਜਵੀ
Punjabi Ghazlan (Sooraj Di Sedh 1999) : Nadir Jajvi
ਦੁੱਖਾਂ ਦੀਆਂ ਰਾਤਾਂ ਨੇ
ਦੁੱਖਾਂ ਦੀਆਂ ਰਾਤਾਂ ਨੇ ਦਰਦਾਂ ਦੇ ਸਵੇਰੇ ਨੇ । ਬਿਜਲੀ ਦੀਆਂ ਤਾਰਾਂ 'ਤੇ ਚਿੜੀਆਂ ਦੇ ਬਸੇਰੇ ਨੇ । ਖ਼ਵਰੇ ਉਨ੍ਹਾਂ ਆਉਣਾ ਏ ਖ਼ਵਰੇ ਉਨ੍ਹਾਂ ਨਹੀਂ ਆਉਣਾ, ਅੱਖੀਆਂ ਨੂੰ ਉਮੀਦਾਂ ਦੇ ਝੌਲੇ ਤਾਂ ਵਧੇਰੇ ਨੇ । ਮੈਬਰਾਂ ਦੀਆਂ ਗੱਲਾਂ ਨੇ ਭੌਂਚਲ ਜਿਹੀ ਪਾ ਦਿੱਤੀ, ਲਫ਼ਜ਼ਾਂ ਦੇ ਚੱਕਰ ਨੇ ਹਰਫ਼ਾਂ ਦੇ ਘੇਰੇ ਨੇ । ਆਪਣੇ ਈ ਪੈਂਡੇ ਤੋਂ ਦਿਲ ਆਪ ਤਰੁਠਦਾ ਏ, ਮੰਜ਼ਿਲ ਵੀ ਦੂਰਾਡੀ ਏ ਉੱਦਾਂ ਵੀ ਹਨੇਰੇ ਨੇ । ਸੱਧਰਾਂ ਦਾ ਬੁਲਾਰਾ ਵੀ 'ਨਾਦਿਰ' ਕਦੀ ਨਾ ਸੁਣਿਆ ਸੁੰਝੇ ਜਿਹੇ ਕੋਠੇ ਨੇ ਖ਼ਾਲੀ ਜਿਹੇ ਬਨੇਰੇ ਨੇ ।
ਗਰਮੀ ਸਰਦੀ ਆਪਣਾ ਪਿੰਡਾ
ਗਰਮੀ ਸਰਦੀ ਆਪਣਾ ਪਿੰਡਾ ਆਪ ਹੰਢਾਇਆ । ਖ਼ਬਰੈ ਕਿਹੜੇ ਲੰਡਾ ਲੈ ਗਏ ਕੀਹਨਾ ਪਾਇਆ । ਵੱਡੇ ਵਿਹੜੇ ਨਿੱਘ ਵੀ ਸਾਰਾ ਸੈਂਤ ਕੇ ਲੈ ਗਏ, ਧੁੱਪ ਦਾ ਇੱਕ ਚਟਾਕਾ ਸਾਡੇ ਘਰ ਨਹੀਂ ਆਇਆ । ਮੈਂਬਰਾਂ ਅੱਗੇ ਲੋਕੀ ਕਰਦੇ ਮਿੰਨਤ ਦਾਰੀ, ਕੰਮਾਂ ਕਾਰਾਂ ਪਿੱਛੇ ਲੋਕਾਂ ਪਰਤ ਗਵਾਇਆ । ਬਹੁਤੇ ਦਾਜ ਵੀ ਦਿੱਤਿਆਂ ਕਦ ਵਸੇਬੇ ਹੁੰਦੇ, ਥੋੜੇ ਦਾਜਾਂ ਵਾਲਿਆਂ ਕਦ ਨਹੀਂ ਘਰ ਵਸਾਇਆ । ਸੱਥਰ ਉੱਤੇ ਵੋਟਾਂ ਲੈਣ ਦੇ ਸੌਦੇ ਹੁੰਦੇ, ਚੰਗੇ ਵੇਲੇ ਦੁਨੀਆਂ ਦਾਰਾਂ ਛਾਬਾ ਡਾਹਿਆ । ਸੱਚੀ ਆਖ ਕੇ ਸੱਜਣ ਮੇਰੇ ਨਾਲ ਨਈਂ ਤੁਰਿਆ, ਐਨਾ ਥੋੜੈ ਉਹਨੇ ਮੇਰਾ ਦਿਲ ਨਹੀਂ ਢਾਇਆ । ਸਾਰੀ ਉਮਰ ਦੀ ਰੱਖੀ ਉਹਨੇ ਰਹਿਣ ਨਾ ਦਿੱਤੀ, ਮੂੰਹ ਚੋਂ ਕੱਢੇ ਬੋਲ ਤੇ ਬੋਲਾਂ ਪਿਆਰ ਵੰਜਾਇਆ । ਉਹਨੇ ਅੱਥਰੂਆਂ ਦੇ ਕੀ ਭੜੋਲੇ ਭਰਨੇ, ਜੀਹਨੇ 'ਨਾਦਿਰ' ਦੁੱਖ ਦਾ ਕੋਈ ਗਾਹ ਨਈਂ ਗਾਹਿਆਂ ।
ਪੈਂਡਾ ਖੋਟਾ ਬਾਤ ਅਧੂਰੀ ਹੋ ਜਾਂਦੀ ਏ
ਪੈਂਡਾ ਖੋਟਾ ਬਾਤ ਅਧੂਰੀ ਹੋ ਜਾਂਦੀ ਏ । ਸਿਮਤ ਬਦਲ ਕੇ ਤੁਰਿਆਂ ਦੂਰੀ ਹੋ ਜਾਂਦੀ ਏ । ਭੁੱਲਦੇ ਭੁੱਲਦੇ ਬੋਲ ਬੁਰਾਲੇ ਭੁੱਲ ਜਾਂਦੇ ਨੇ, ਜ਼ਖ਼ਮਾਂ ਉੱਤੇ ਜਿਵੇਂ ਅੰਗੂਰੀ ਹੋ ਜਾਂਦੀ ਏ । ਪੋਣੇ ਦੇ ਵਿਚ ਬੰਨ੍ਹੇ ਤੋਸੇ ਬੁਸ ਜਾਂਦੇ ਨੇ, ਰੱਖੀ ਹੋਈ ਖੱਟੀ ਚੂਰੀ ਹੋ ਜਾਂਦੀ ਏ । ਅਕੜੇ ਨਾਲ ਅਜਲ ਦਾ ਸਾਂਗਾ ਰੱਖਣ ਵਾਲੀ, 'ਵਾਵਾਂ ਨਾਲ ਮੁਸਾਫ਼ਿਰ ਭੂਰੀ ਹੋ ਜਾਂਦੀ ਏ । ਲੋੜਾਂ ਦਾ ਇਹ ਡੂੰਘਾ ਖ਼ਾਤਾ ਪੂਰ ਨਹੀਂ ਹੁੰਦਾ, ਰੋਂਦਿਆਂ-ਧੋਂਦਿਆਂ ਜ਼ਿੰਦਗੀ ਪੂਰੀ ਹੋ ਜਾਂਦੀ । ਰੱਬੀ ਨੂਰ ਨੂੰ ਜਿਹੜਾ ਅੰਦਰ ਭਾਲਣ ਤੁਰਿਆ, ਉਹਦੀ 'ਨਾਦਿਰ' ਜ਼ਾਤ ਵੀ ਨੂਰੀ ਹੋ ਜਾਂਦੀ ਏ ।
ਅਜੇ ਨਫ਼ਰਤ ਦੇ ਮੋਹਰੇ ਚੱਟ ਰਹੇ ਆਂ
ਅਜੇ ਨਫ਼ਰਤ ਦੇ ਮੋਹਰੇ ਚੱਟ ਰਹੇ ਆਂ । ਅਸੀਂ ਵੱਡਿਆਂ ਦੀ ਬੀਜੀ ਕੱਟ ਰਹੇ ਆਂ । ਛੜਾਕੇ ਕਰ ਗਏ ਢਿੱਡਾਂ ਨੂੰ ਨੰਗਾ, ਘਰਾਂ ਚੋਂ ਬਾਹਰ ਪਾਣੀ ਸੁੱਟ ਰਹੇ ਆਂ । ਜਿਨ੍ਹਾਂ ਨੇ ਪਾਪ ਸਾਡੇ ਢਕ ਲਏ ਨੇ, ਉਨ੍ਹਾਂ ਨੂੰ ਛੱਜ ਪਾ ਕੇ ਛੱਟ ਰਹੇ ਆਂ । ਖ਼ਵਰੇ ਕਿਸ ਵਾਸਤੇ ਪੂਰੀ ਨਈਂ ਪੈਂਦੀ, ਅਸੀਂ ਨੀਤਾਂ ਦੀ ਖੱਟੀ ਖੱਟ ਰਹੇ ਆਂ । ਅਜੇ ਵੀ ਵੈਰ ਨਹੀਂ ਮੁੱਕੇ ਅਸਾਡੇ, ਪੁਰਾਣੀ ਨੀਹ ਚੋਂ ਇੱਟਾਂ ਪੱਟ ਰਹੇ ਆਂ । ਮੁਹੱਬਤ ਦਾ ਸਪਾਰਾ ਪੜ੍ਹ ਨਈਂ ਹੋਇਆ, ਹਿਜੇ ਲਫ਼ਜ਼ਾਂ ਦੇ 'ਨਾਦਿਰ' ਰਟ ਰਹੇ ਆਂ ।
ਖ਼ਵਰੇ ਕਿਸ ਨੇ ਨੋਹੇ ਲਿਖਣੇ
ਖ਼ਵਰੇ ਕਿਸ ਨੇ ਨੋਹੇ ਲਿਖਣੇ ਸਾਡੇ ਮੰਦਿਆਂ ਹਾਲਾਂ ਦੇ । ਕਿੱਥੋਂ ਦਰਦ ਉਧਾਰੇ ਲੈਣੇ ਗੁਜ਼ਰੇ ਹੋਏ ਸਾਲਾਂ ਦੇ । ਦਿਨ ਦਿਹਾੜੇ ਮਨਾਉਣ ਲੱਗਿਆਂ ਐਬ ਲਕੋਏ ਜਾਂਦੇ ਨੇ, ਸਾਡੇ ਕੋਲੋਂ ਕੱਜ ਨਈਂ ਹੋਏ ਨੰਗੇ ਪਿੰਡੇ ਬਾਲਾਂ ਦੇ । ਅੱਗੇ ਵੀ ਏਹੋ ਧਰਤੀ ਸੀ ਹੁਣ ਕੋਈ ਕਾਰਾ ਹੋਰ ਹੋਇਆ, ਤਰਖਾਂਬੇ ਕਿਉਂ ਲੱਗ ਗਏ ਸਾਡੇ ਪੈਰਾਂ ਨੂੰ ਭੂਚਾਲਾਂ ਦੇ । ਤੇਰੇ ਮੇਰੇ ਕੋਲੋਂ ਨਾਦਿਰ ਕੋਈ ਗੱਲ ਪਰੋਖੀ ਨਈਂ, ਅੰਬਰ ਤੇ ਤਕਦੀਰਾਂ ਲਿਖਦੇ ਜਾਂਦੇ ਧੂੰ ਮਿਜ਼ਾਇਲਾਂ ਦੇ । ਝੂਠ, ਫ਼ਰੇਬ, ਫ਼ਸਾਦ ਦਾ ਇਕ ਦਿਨ ਜੱਗ ਤੋਂ ਟੁੱਟਣਾ-ਮੁੱਕਣਾ, ਇਕ ਦਿਨ ਪਾਸੇ ਪਲਟੇ ਜਾਣੇ ਚਤਰਾਈ ਦੀਆਂ ਚਾਲਾਂ ਦੇ । ਕੈਦਾਂ ਵਿੱਚ ਤਸੀਹੇ ਝੱਲਣ ਵਾਲਿਆਂ ਕੋਲੋਂ ਪੁੱਛਣਾ ਸੀ, ਕਿਸ ਕਚਹਿਰੀ ਫ਼ੈਸਲੇ ਹੋਏ ਨੇ ਅੰਬੜੀ ਦੇ ਲਾਲਾਂ ਦੇ । ਚਾਰ-ਚੁਫ਼ਿਰਿਉਂ 'ਨਾਦਿਰ' ਕੋਹਝ ਦੀ ਕਾਲਖ ਈ ਜੇ ਮੁੱਕੇ ਨਾ, ਹੌਲੀ ਹੌਲੀ ਭੁੱਲ ਜਾਂਦੇ ਨੇ ਕਿੱਸੇ ਬਦਰ ਜਮਾਲਾਂ ਦੇ ।
ਅਸਮਾਨਾਂ ਤੋਂ ਧਰਤੀ ਦੇ ਵੱਲ
ਅਸਮਾਨਾਂ ਤੋਂ ਧਰਤੀ ਦੇ ਵੱਲ ਬੰਨ੍ਹ ਬੰਨ੍ਹ ਆਉਣ ਕਤਾਰਾਂ । ਫੁੱਲਾਂ ਭਰੇ ਕਰੀਰਾਂ ਉੱਤੇ ਬਹਿੰਦੀਆਂ ਜਾਣ ਗਟਾਰਾਂ । ਕੰਧ ਦੇ ਪਰਲੇ ਪਾਸੇ ਕੋਈ ਉਚੀ ਸਾਹ ਨਹੀਂ ਲੈਂਦਾ, ਆਪਣੇ ਦੁੱਖ 'ਤੇ ਅੱਥਰੂ ਰੋਵੇ ਕਿਸ ਨੂੰ ਵਾਜਾਂ ਮਾਰਾਂ । ਮੇਰੇ ਕੋਲੋਂ ਆਪਣੇ ਖ਼ੂਨ ਦੀ ਅਜੇ ਨਈਂ ਹੱਤਿਆ ਹੁੰਦੀ, ਕਿਸ ਨੂੰ ਆਪ ਤੋਂ ਵੱਖਰਾ ਕਰਲਾਂ ਕਿਸ ਵੱਲ ਡਾਂਗ ਉਲਾਰਾਂ । ਪੋਹਲੀ ਦੇ ਫੁੱਲਾਂ ਨੇ ਮੇਰਾ ਰਸਤਾ ਡੱਕ ਲਿਆ ਏ, ਸੂਲਾਂ ਭਰੀ ਹਿਆਤੀ ਦੀ ਮੈਂ ਕਿਹੜੀ ਕੀਮਤ ਤਾਰਾਂ । ਅੱਖ ਦੇ ਤਾਰੇ ਟੁੱਟ ਕੇ ਕੀਹਨੂੰ ਰਿਸ਼ਮਾਂ ਵੰਡ ਗਏ ਨੇ, ਕਿਹੜਾ ਸਾਉਣ ਦੇ ਸੂਰਜ ਹੇਠਾਂ ਦੁਖ ਦੀਆਂ ਗਾਏ ਵਾਰਾਂ । ਬੂਹੇ ਮਾਰ ਕੇ ਜਦ ਅੰਦਰ ਦੇ ਬੰਦੇ ਕਿਧਰੇ ਟੁਰ ਗਏ, ਕੰਧਾਂ ਉੱਤੇ ਕਾਹਨੂੰ ਉੱਡਣ ਇਹ ਕੂੰਜਾਂ ਦੀਆਂ ਡਾਰਾਂ । ਕਦੀ ਜਿਨ੍ਹਾਂ ਦਾ ਪਰਛਾਵਾਂ ਸੀ ਮੈਨੂੰ ਲੰਘਣਾ ਔਖਾ, ਭੰਵਰੇ ਲੇਖ ਉਨ੍ਹਾਂ ਦੀਆਂ 'ਨਾਦਰ' ਸਾਂਝੀਆਂ ਅੱਜ ਦੀਵਾਰਾਂ ।
ਪਿਆਰ ਦੇ ਬਾਝੋਂ ਸੱਖਣੇ ਦਿਸਦੇ
ਪਿਆਰ ਦੇ ਬਾਝੋਂ ਸੱਖਣੇ ਦਿਸਦੇ ਸ਼ਹਿਰਾਂ ਰੇਤ ਗਰਾਂ । ਨਾ ਉਹ ਮੇਰੇ ਹਾਣੀ ਰਹਿ ਗਏ ਨਾ ਜੰਡਾਂ ਦੀ ਛਾਂ । ਵੇਲੇ ਦੇ ਹੱਥਾਂ ਤੋਂ ਭਾਵੇਂ ਹੁਣ ਤੱਕ ਮੇਟ ਨਾ ਹੋਏ, ਬੁੱਢੇ ਬੋਹੜ 'ਤੇ ਉਕਰੇ ਹੋਏ ਤੇਰੇ ਮੇਰੇ ਨਾਂ । ਭਰੀ ਕਚਹਿਰੀ ਦੇ ਵਿਚ ਸੱਚ ਨੂੰ ਝੂਠ ਖ਼ਰੀਦਣ ਲੱਗਾ, ਕਿੱਥੇ ਜਾਵੇ ਕੋਠੀ ਲੱਗੇ ਹੋਏ ਪੁੱਤਾਂ ਦੀ ਮਾਂ । ਕਲ ਦੇ ਡੂੰਘੇ ਕੱਪਰਾਂ ਦੇ ਵਿਚ ਸੁੱਖਣਾ ਦੀਵੇ ਤੇਲ, ਤਰਦੀ ਹੋਈ ਕਾਗ਼ਜ਼ ਦੀ ਬੇੜੀ ਕਿੱਥੇ ਡੋਬ ਦਿਆਂ । ਦੁਖ ਦੇ ਤਪਦੇ ਸੂਰਜ ਸਿਰ ਤੇ ਵਿੱਛੜਿਆਂ ਦੇ ਝੋਰੇ, ਪੈਰਾਂ ਥੱਲੇ ਭਾਂਬੜ ਬਲਦੇ ਦੋਜ਼ਖ ਲੰਘਦਾ ਜਾਂ । ਰਾਤ ਦੇ ਪਿਛਲੇ ਪਹਿਰੇ ਕਿਸ ਦੀ ਯਾਦ ਦਾ ਚਾਨਣ ਹੋਇਆ, ਅੱਖ ਦੇ ਤਾਰੇ ਡੁਬਦੇ 'ਨਾਦਿਰ' ਠਿੱਲ ਗਏ ਲਹੂ ਝਨਾਂ ।
ਤਨ ਦੀਆਂ ਉਸਰੀਆਂ ਕੰਧਾਂ ਵੱਲੇ
ਤਨ ਦੀਆਂ ਉਸਰੀਆਂ ਕੰਧਾਂ ਵੱਲੇ ਕਦੇ ਧਿਆਨ ਨਾ ਹੋਇਆ । ਅੰਦਰ ਦੇ ਬੂਹੇ ਵੀ ਭੱਜੇ ਪਰ ਨੁਕਸਾਨ ਨਾ ਹੋਇਆ । ਮੈਂ ਉਹਦੇ ਕਰਤੂਤਾਂ ਪਾਰੋਂ ਜਗ ਵਿਚ ਨੀਵੀਂ ਪਾਈ, ਉਹ ਆਪਣੇ ਕਰਤੂਤਾਂ ਉੱਤੇ ਨਿੰਮੋਝਾਨ ਨਾ ਹੋਇਆ । ਉਹਦੀ ਅੱਖ ਨੇ ਕਿੰਨੀ ਵਾਰੀ ਚੇਤਰ ਰੁੱਤ ਵਰਤਾਈ, ਸ਼ੋਹਦੇ ਦਿਲ ਤੋਂ ਉਹਦੇ ਖ਼ਾਤਰ ਕੋਈ ਸਾਮਾਨ ਨਾ ਹੋਇਆ । ਆਪਣੇ ਆਪ ਦੀ ਗੂੜ੍ਹੀ ਸੰਗਤ ਐਵੇਂ ਨਾਂ ਦੀ ਰਹਿ ਗਈ, ਆਪਣੇ ਲਾਗੇ ਰਹਿ ਕੇ ਆਪਣਾ ਆਪ ਪਛਾਣ ਨਾ ਹੋਇਆ । ਮਾਂ ਪਿਉ ਦੇ ਢੱਠੇ ਹੋਏ ਖੋਲੇ ਰਸਤਾ ਤੱਕਦੇ ਰਹਿ ਗਏ, ਸ਼ਹਿਰ 'ਚ ਵਸਦੇ ਕੋਲੋਂ 'ਨਾਦਿਰ' ਪਿੰਡ ਵਿਚ ਜਾਣ ਨਾ ਹੋਇਆ ।
ਕਿੱਦਾਂ ਖ਼ਬਰਾਂ ਆਉਣ ਅਸਮਾਨੋਂ ਪਾਰ ਦੀਆਂ
ਕਿੱਦਾਂ ਖ਼ਬਰਾਂ ਆਉਣ ਅਸਮਾਨੋਂ ਪਾਰ ਦੀਆਂ । ਉਪਰੋਂ ਰੂਹਾਂ ਥੱਲੇ 'ਵਾਜ਼ ਨਈਂ ਮਾਰਦੀਆਂ । ਕੱਚੇ ਕੋਠੇ ਗੁਡੀਆਂ ਨਾਲ ਸਜਾ ਦਿੱਤੇ, ਟੋਹਰਾਂ ਹੱਦੋਂ ਵੱਧ ਛੱਪੜ ਦੀ ਗਾਰ ਦੀਆਂ । ਅਚਨਚੇਤੀ ਭੋਏਂ 'ਤੇ ਆ ਡਿਗਦੀਆਂ ਨੇ, ਛੱਤਾਂ ਜੋ ਨਹੀਂ ਆਪਣਾ ਭਾਰ ਸਹਾਰਦੀਆਂ । ਉਹੀ ਚੁੱਲ੍ਹੇ ਉਹੀ ਤਵੇ ਪਰਾਤਾਂ ਨੇ, ਰੁੱਤਾਂ ਲੰਘੀਆਂ ਜਾਂਦੀਆਂ ਕਣਕ ਜਵਾਰ ਦੀਆਂ । ਅੰਦਰ ਦੇ ਜੰਗਲ ਚੋਂ ਵਾਜਾਂ ਆਉਂਦੀਆਂ ਨੇ, ਧੁੱਪਾਂ 'ਨਾਦਿਰ' ਸਖ਼ਤ ਨੇ ਸਾਂਦਲਬਾਰ ਦੀਆਂ ।
ਕੁਝ ਹੋਰ ਰਚਨਾਵਾਂ : ਨਾਦਰ ਜਾਜਵੀ
ਲਗਦਾ ਏ ਅੱਜ ਕਣੀਆਂ ਕਿੱਧਰੋਂ ਆਉਣ ਪਈਆਂ
ਲਗਦਾ ਏ ਅੱਜ ਕਣੀਆਂ ਕਿੱਧਰੋਂ ਆਉਣ ਪਈਆਂ।
ਮਿੱਟੀ ਦੇ ਵਿੱਚ ਰਲਕੇ ਚਿੜੀਆਂ ਨਹਾਉਣ ਪਈਆਂ।
ਧਰਤੀ ਨੂੰ ਮੁੜ ਖ਼ੌਰੇ ਲਹੂ ਦੀ ਲੋੜ ਪਈ ਏ,
ਮਾਵਾਂ ਸੂਰਮੇ ਪੁੱਤਰਾਂ ਦੇ ਜੱਸ ਗਾਉਣ ਪਈਆਂ।
ਹੁਣ ਪੈੜਾਂ ਤੋਂ ਬੰਦਿਆਂ ਪੱਛੜ ਜਾਣਾ ਏ,
ਨਸਲਾਂ ਅਪਣੇ ਖੁਰਿਆਂ ਨੂੰ ਹੁਣ ਢਾਉਣ ਪਈਆਂ।
ਅਰਮਾਨਾਂ ਦਾ ਕਰੰਗ ਪਰਾਈ ਜੂਹ ਵਿਚ ਏ,
ਅਸਮਾਨਾਂ 'ਤੇ 'ਇੱਲ੍ਹਾਂ', 'ਗਿਰਝਾਂ' ਭਾਉਣ ਪਈਆਂ।
ਕੁੜਮਾਂ-ਚਾਰੀ ਅਕਲਾਂ ਦੇ ਵਰਤਾਰੇ ਨੇ,
ਟੁੱਟੀਆਂ ਭੱਜੀਆਂ ਸ਼ੇਵਾਂ ਖੂੰਜੇ ਲਾਉਣ ਪਈਆਂ।
ਝੀਤਾਂ ਵਿਚੋਂ ਤਰੇਲ ਨੇ ਕਿੱਥੋਂ ਆਉਣਾ ਸੀ,
ਗੁਲਦਾਨਾਂ ਵਿੱਚ ਕਲੀਆਂ ਵੀ ਮੁਰਝਾਉਣ ਪਈਆਂ।
ਅਕਲਾਂ ਵਾਲੀਆਂ ਦੇ ਹੱਥਾਂ ਵਿੱਚ ਖੁਰਕੇ ਨੇ,
ਪਿੜ ਨੂੰ ਹੂੰਝ ਕੇ 'ਨਾਦਰ' ਛੱਜ ਵਿੱਚ ਪਾਉਣ ਪਈਆਂ।
ਨਾ ਮੈਂ ਜ਼ੁਲਮ ਦੀ ਲੀਕੇ ਤੁਰਿਆ ਨਾ ਮੈਂ ਵੈਰ ਕਮਾਏ
ਨਾ ਮੈਂ ਜ਼ੁਲਮ ਦੀ ਲੀਕੇ ਤੁਰਿਆ ਨਾ ਮੈਂ ਵੈਰ ਕਮਾਏ।
ਨਾ 'ਹਿਰਨਾਂ' ਦੇ ਗਾਟੇ ਲਾਹ ਕੇ 'ਬੈਠਕ' ਵਿੱਚ ਸਜਾਏ।
ਅੱਤ ਦੀ ਚੋਰਾ-ਕਾਰੀ ਦੇ ਵਿੱਚ ਇੰਜ ਵੀ 'ਝੁੱਗੇ' ਭੱਜੇ,
ਰਾਤ ਨੂੰ ਲੁਕਣੇ ਵਾਲੇ ਤੜਕੇ ਖੁਰੇ ਪਛਾਨਣ ਆਏ।
ਲਹੂਆਂ ਦੇ ਵਿੱਚ ਪਾਣੀ ਪੈ ਗਏ ਮੂੰਹ ਦੇ ਬੋਲ ਨਿਖੁੱਟੇ,
ਤੱਤ-ਭਲੱਤੀਆਂ ਵੰਡਾਂ ਪਾਕੇ ਬਹਿ ਗਏ ਮਾਂ ਪਿਉ ਜਾਏ।
ਫੇਰ ਭਲਾਂ ਕੀ ਇਹਨਾਂ 'ਰੱਬ' ਦਾ ਸੂਰਜ ਡੱਕ ਖਲੋਣੈਂ,
ਤੋੜ ਦਿਲਾਂ ਨੂੰ ਜੇ ਲੋਕਾਂ ਨੇ ਉੱਚੇ ਕੋਠੇ ਪਾਏ।
ਟੁੱਟ ਗਏ 'ਨਾਦਰ' ਦਰਦ ਦੇ ਰਿਸ਼ਤੇ ਮੁੱਕ ਗਈ ਸਾਕਾ-ਗੀਰੀ,
ਪਿੰਡਾਂ ਦੇ ਪੀਲੇ ਜੇਹੇ ਬੰਦੇ ਸ਼ਹਿਰਾਂ ਦੇ ਵਿੱਚ ਆਏ।
ਪਿਆਰ ਮੁਕਦੇ ਨਹੀਂ ਸਜ਼ਾਵਾਂ ਵਰਗੇ
ਪਿਆਰ ਮੁਕਦੇ ਨਹੀਂ ਸਜ਼ਾਵਾਂ ਵਰਗੇ।
ਵੇਚ ਦਿੰਦੇ ਨੇ ਭਰਾਵਾਂ ਵਰਗੇ।
ਰਾਤ ਦੀ ਰਾਤ ਰੁਕਣਾ ਔਖਾ,
ਦਿਲ ਦੇ ਵਿਹੜੇ ਨੇ ਸਰਾਵਾਂ ਵਰਗੇ।
ਤਰੇਲ ਤੁਪਕੇ ਨੇ ਗੁਲਾਬਾਂ ਉੱਤੇ,
ਉਹਦੀਆਂ ਸੋਹਲ ਅਦਾਵਾਂ ਵਰਗੇ।
ਦਿਲ ਨੂੰ ਮੋਹ ਲੈਣ ਦੇ ਮੌਕੇ ਕਿੱਥੇ,
ਉਜੜੀ ਵਾਦੀ 'ਚ ਘਟਾਵਾਂ ਵਰਗੇ।
ਲੰਘ ਜਾਂਦੇ ਨੇ ਜ਼ਮਾਨੇ ਉਹਦੇ,
ਪੈਰੀਂ ਪਈਆਂ ਖੜਾਵਾਂ ਵਰਗੇ।
ਮੈਨੂੰ ਅੱਜ ਤੱਕ ਨਹੀਂ ਭੁੱਲੇ 'ਨਾਦਰ',
ਲੋਕ ਜੰਡਾਂ ਦੀਆਂ ਛਾਵਾਂ ਵਰਗੇ।
ਤਨਹਾਈ ਦੇ ਜ਼ਖ਼ਮਾਂ ਉੱਤੇ ਫੇਹੇ ਧਰ ਜਾਂਦਾ ਏ
ਤਨਹਾਈ ਦੇ ਜ਼ਖ਼ਮਾਂ ਉੱਤੇ ਫੇਹੇ ਧਰ ਜਾਂਦਾ ਏ।
ਇੱਕ-ਦੋ ਗੱਲਾਂ ਕਾਂ ਵੀ ਮੇਰੇ ਨਾਲ ਤਾਂ ਕਰ ਜਾਂਦਾ ਏ।
ਕਦੇ ਕਦਾਈਂ ਪਰਬਤ ਜਿੱਡਾ ਜਿਗਰਾ ਰੱਖਣ ਵਾਲਾ,
ਪੱਤਾ ਹਿਲਣ ਉੱਤੇ ਬੰਦਾ ਡਰ ਜਾਂਦਾ ਏ।
ਬੇਗ਼ੈਰਤ ਵੀ ਹੋ ਕੇ ਲੋਕੀਂ ਵੇਲਾ ਕੱਢ ਲੈਂਦੇ ਨੇ,
ਗ਼ੈਰਤ-ਮੰਦ ਤੇ ਗ਼ੈਰਤ ਹੱਥੋਂ ਆਪੇ ਮਰ ਜਾਂਦਾ ਏ।
ਉਂਜ ਤੇ ਖ਼ੌਰੇ ਕਿੱਥੇ-ਕਿੱਥੇ ਅੱਡੋ-ਫਾਹੇ ਲੈਂਦਾ,
ਦਿਲ ਸੁਹੰਦਾ ਨੈਣਾਂ ਦੀ ਬਾਜ਼ੀ ਜਾਣ ਕੇ ਹਰ ਜਾਂਦਾ ਏ।
ਉੱਦਾਂ ਤੇ ਬੰਦੇ ਤੋਂ ਕੀਤੇ ਬੋਲ ਨਹੀਂ ਪਾਲਣ ਹੁੰਦੇ,
ਵਾਅਦਿਆਂ ਜੋਗਾ ਖੌਰੇ ਕਿੰਨੀਆਂ ਚੱਟੀਆਂ ਭਰ ਜਾਂਦਾ ਏ।
ਐਡੇ ਡੋਬੂ-ਦਰਿਆਵਾਂ ਵਿੱਚ ਪੱਕੇ ਪੈਰੀਂ ਠਿੱਲ੍ਹੋ,
ਕੱਚਾ-ਘੜਾ ਤੇ ਕੱਚਾ ਹੁੰਦੈ, ਓੜਕ ਖਰ ਜਾਂਦਾ ਏ।
ਕਿਸੇ ਦੀ ਕੀਤੀ ਰੱਤੀ ਜਿੰਨੀ ਕਦੀ ਵੀ ਝੱਲ ਨਹੀਂ ਹੁੰਦੀ,
ਰੱਬ ਦੀ ਕੀਤੀ 'ਨਾਦਰ' ਹਰ ਕੋਈ ਹੱਸ ਕੇ ਜਰ ਜਾਂਦਾ ਏ।
ਪਾਲੋ-ਪਾਲ ਤੇ ਰੁੱਖੜੇ ਸਾਥੋਂ ਲਾ ਨਈਂ ਹੋਏ
ਪਾਲੋ-ਪਾਲ ਤੇ ਰੁੱਖੜੇ ਸਾਥੋਂ ਲਾ ਨਈਂ ਹੋਏ।
ਧੁੱਪਾਂ ਦੇ ਇਹ ਸਾੜੂ ਰੋਗ, ਮੁਕਾ ਨਈਂ ਹੋਏ।
ਉਮਰਾਂ ਤੀਕਰ ਰੜਕੀ ਵੀ, ਤੇ ਇੱਕੋ ਰੜਕੀ,
'ਪੁੱਚ-ਪੁੱਚ' ਕਰਕੇ ਸਾਥੋਂ ਉਹ ਵਡਿਆ ਨਈਂ ਹੋਏ।
ਖ਼ੌਰੇ ਕਿਹੜੀ ਗੱਲੋਂ ਇੰਜ ਤਰੇਕ ਗਿਆ ਉਹ,
ਛਾਤੀ ਉੱਤੇ ਰੱਖੇ ਪਰਬਤ ਚਾ ਨਈਂ ਹੋਏ।
ਟੀਸੀ ਉੱਤੇ ਝਾਕੇ ਪੀਲੀ-ਫ਼ਟਕ ਕਰੂੰਬਲ,
ਜੜ੍ਹ ਦੇ ਕੋਲੋਂ ਵਿਚਲੇ-ਰੋਗ ਮੁਕਾ ਨਈਂ ਹੋਏ।
ਬੰਨ੍ਹ ਲੱਗੇ ਹੋਏ ਨੈਣਾਂ ਦੇ ਖੋਰੇ ਪੈ ਗਏ,
ਦਰਿਆਵਾਂ ਦੇ 'ਨਾਦਰ' ਰੁਖ਼ ਪਰਤਾ ਨਈਂ ਹੋਏ।