Naal Sajjan De Rahiye : Afzal Sahir

ਨਾਲ਼ ਸੱਜਣ ਦੇ ਰਹੀਏ : ਅਫ਼ਜ਼ਲ ਸਾਹਿਰ


ਸੱਜਣ

ਉਹ ਈ ਸਾਡਾ ਸੱਜਣ, ਜਿਹੜਾ ਆਪੋ ਵਿੱਚ ਸਾਹ ਵੰਡੇ ਜਿਸ ਨੂੰ ਮਿਲਿਆਂ, ਮਲ੍ਹਮਾਂ ਜਾਪਣ, ਰੂਹ ਵਿੱਚ ਖੁੱਭੇ ਕੰਡੇ ਜੀਵਨ ਦੀ ਸਹੁੰ ਮੁੱਕ ਜਾਂਦਾ ਏ, ਜਨਮ ਜਨਮ ਦਾ ਰੋਣਾ ਸਾਡੇ ਲਈ ਇੱਕ ਰੱਬ ਵਰਗਾ ਏ ਇਕ ਸੱਜਣ ਦਾ ਹੋਣਾ

ਜਿੰਦੇ ਨੀ

ਜਿੰਦੇ ਨੀ! ਤੂੰ ਕੀਕਣ ਜੰਮੀ ਪੈਰ ਪੈਰ 'ਤੇ ਨਿਤ ਬਖੇੜੇ ਜੀਵਨ ਦੀ ਰਾਹ ਲੰਮੀ ਜਿੰਦੇ ਨੀ! ਤੂੰ ਕੀਕਣ ਜੰਮੀ ਜਿੰਦੇ ਨੀ!ਕੀ ਲੱਛਣ ਤੇਰੇ ਫਨੀਅਰ ਨਾਲ ਯਰਾਨੇ ਵੀ ਨੇ ਜੋਗੀ ਵੱਲ ਵੀ ਫੇਰੇ ਜਿੰਦੇ ਨੀ!ਕੀ ਲੱਛਣ ਤੇਰੇ ਜਿੰਦੇ ਨੀ!ਕੀ ਸਾਕ ਸਹੇੜੇ ਇੱਕ ਬੁੱਕਲ ਵਿੱਚ ਰਾਂਝਣ ਮਾਹੀ ਦੂਜੀ ਦੇ ਵਿੱਚ ਖੇੜੇ ਜਿੰਦੇ ਨੀ! ਕੀ ਸਾਕ ਸਹੇੜੇ ਜਿੰਦੇ ਨੀ!ਕੀ ਕਾਰੇ ਕੀਤੇ ! ਆਪੇ ਆਸ ਦੇ ਚੋਲੇ ਪਾੜੇ ਆਪੇ ਬਹਿ ਕੇ ਸੀਤੇ! ਜਿੰਦੇ ਨੀ! ਕੀ ਕਾਰੇ ਕੀਤੇ! ਜਿੰਦੇ ਨੀ!ਤੱਕ ਚੇਤ ਵਸਾਖਾਂ ਤੂੰ ਫਿਰਦੀ ਐਂ ਮੈਲ ਕੁਚੈਲੀ ਦੱਸ! ਤੈਨੂੰ ਕੀ ਆਖਾਂ ਜਿੰਦੇ ਨੀ! ਤੱਕ ਚੇਤ ਵਸਾਖਾਂ ਜਿੰਦੇ ਨੀ! ਤੈਨੂੰ ਕਿਹੜਾ ਦੱਸੇ ਲੂੰ ਲੂੰ ਤੇਰਾ ਐਬਾਂ ਭਰਿਆ ਮੌਤ ਵਟੇਂਦੀ ਰੱਸੇ ਜਿੰਦੇ ਨੀ! ਤੈਨੂੰ ਕਿਹੜਾ ਦੱਸੇ ਜਿੰਦੇ ਨੀ! ਤੇਰੇ ਸਾਹ ਨਕਾਰੇ ਮੋਏ ਮੂੰਹ ਨਾਲ ਆ ਬੈਠੀ ਏਂ ਜੀਵਨ ਦੇ ਦਰਬਾਰੇ ਜਿੰਦੇ ਨੀ! ਤੇਰੇ ਸਾਹ ਨਕਾਰੇ ਜਿੰਦੇ ਨੀ! ਕੀ ਅੱਤਾਂ ਚਾਈਆਂ ਹੱਸ ਖੇਡਣ ਦੀ ਵਿਹਲ ਨਾ ਤੈਨੂੰ ਕਰਦੀ ਫਿਰੇਂ ਲੜਾਈਆਂ ਜਿੰਦੇ ਨੀ! ਕੀ ਅੱਤਾਂ ਚਾਈਆਂ ਜਿੰਦੇ ਨੀ!ਕੀ ਵੇਲੇ ਆਏ ਇੱਕ ਦੂਜੇ ਦੀ ਜਾਨ ਦੇ ਵੈਰੀ ਇੱਕੋ ਮਾਂ ਦੇ ਜਾਏ ਜਿੰਦੇ ਨੀ!ਕੀ ਵੇਲੇ ਆਏ ਜਿੰਦੇ ਨੀ! ਤੇਰੇ ਜੀਵਨ ਮਾਪੇ ਆਪੇ ਹੱਥੀਂ ਡੋਲੀ ਚਾੜ੍ਹਨ ਆਪੇ ਕਰਨ ਸਿਆਪੇ ਜਿੰਦੇ ਨੀ! ਤੇਰੇ ਜੀਵਨ ਮਾਪੇ ਜਿੰਦੇ ਨੀ! ਕਿਸ ਟੂਣੇ ਕੀਤੇ ਦਿਲ ਦਰਿਆ ਤੇ ਨੈਣ ਸਮੁੰਦਰ ਭਰ ਗਏ ਚੁੱਪ ਚੁਪੀਤੇ ਜਿੰਦੇ ਨੀ!ਕਿਸ ਟੂਣੇ ਕੀਤੇ ਜਿੰਦੇ ਨੀ!ਕੀ ਖੇਡਾਂ ਹੋਈਆਂ ਪਿਓ ਪੁੱਤਰਾਂ ਦੇ ਪੈਰੀਂ ਪੈ ਕੇ ਮਾਵਾਂ ਧੀਆਂ ਰੋਈਆਂ ਜਿੰਦੇ ਨੀ!ਕੀ ਖੇਡਾਂ ਹੋਈਆਂ ਜਿੰਦੇ ਨੀ!ਕੀ ਕਾਜ ਕਮਾਏ ਜਿੰਨੇ ਵੀ ਤੂੰ ਸੰਗ ਸਹੇੜੇ ਰੂਹ ਦੇ ਮੇਚ ਨਾ ਆਏ ਜਿੰਦੇ ਨੀ! ਕੀ ਕਾਜ ਕਮਾਏ ਜਿੰਦੇ ਨੀ!ਕੀ ਹੋਣੀਆਂ ਹੋਈਆਂ ਇਸ਼ਕੇ ਦੇ ਘਰ ਰਹਿ ਕੇ ਅੱਖੀਆਂ ਨਾ ਹੱਸੀਆਂ ਨਾ ਰੋਈਆਂ ਜਿੰਦੇ ਨੀ!ਕੀ ਹੋਣੀਆਂ ਹੋਈਆਂ ਜਿੰਦੇ ਨੀ! ਤੇਰੇ ਸਾਹ ਕਚਾਵੇ ਰੋਜ਼ ਦਿਹਾੜੇ ਮਰਨਾ ਪੈਂਦਾ ਫਿਰ ਵੀ ਮੌਤ ਨਾ ਆਵੇ ਜਿੰਦੇ ਨੀ! ਤੇਰੇ ਸਾਹ ਕਚਾਵੇ

ਸੁਫ਼ਨੇ ਰਹਿ ਗਏ ਕੋਰੇ

(ਜਮੀਲ ਪਾਲ ਦੀ ਵੇਲ) ਸੁਫ਼ਨੇ ਰਹਿ ਗਏ ਕੋਰੇ ਸੱਜਣ! ਸਾਡੇ ਸੁਫ਼ਨੇ ਰਹਿ ਗਏ ਕੋਰੇ ਅੱਖੀਆਂ ਅੰਦਰ ਪਾੜ ਪਏ, ਜਿਉਂ ਕੰਧਾਂ ਵਿੱਚ ਮਘੋਰੇ ਜੱਗ ਕੂੜ ਪਸਾਰਾ ਕਹਿਰ ਦਾ ਸਾਨੂੰ ਚਸਕਾ ਲੱਗਾ ਜ਼ਹਿਰ ਦਾ ਦਿਲ ਪਾਰਾ ਕਿਤੇ ਨਾ ਠਹਿਰਦਾ ਸਾਨੂੰ ਧੁੜਕੂ ਅੱਠੇ ਪਹਿਰ ਦਾ ਇੱਕ ਪਾਸਾ ਮਰਿਆ ਸ਼ਹਿਰ ਦਾ ਵਿਚ ਭੁੱਖਾ ਫਨੀਅਰ ਲਹਿਰਦਾ ਮਾਵਾਂ ਨੇ ਖੀਸੇ ਫੋਲ ਕੇ ਪੁੱਤ ਸਫ਼ਰਾਂ 'ਤੇ ਟੋਰੇ ਸਾਡੇ ਸੁਫ਼ਨੇ ਰਹਿ ਗਏ ਕੋਰੇ ਅਸੀਂ ਸਈਆਂ ਨੈਣਾਂ ਵਾਲੀਆਂ ਸਾਨੂੰ ਜੋਇਆ ਅੰਨ੍ਹੇ ਹਾਲੀਆਂ ਮਨ ਖੋਭੇ ਸੱਧਰਾਂ ਗਾਲੀਆਂ ਸਾਡਾ ਜੀਵਨ ਵਿੱਚ ਕੁਠਾਲੀਆਂ ਖਸਮਾਂ ਦੀਆਂ ਅੱਗਾਂ ਬਾਲੀਆਂ ਦਿਲ ਗੁੰਨ੍ਹੇ ਵਿਚ ਕੁਨਾਲੀਆਂ ਇਸ ਔਤਰ ਜਾਣੇ ਸਮੇਂ ਨੇ ਸਾਹ ਬਰਫ਼ਾਂ ਵਾਂਗੂੰ ਖੋਰੇ ਸਾਡੇ ਸੁਫ਼ਨੇ ਰਹਿ ਗਏ ਕੋਰੇ!

ਉਡੀਕ

ਕਦੀ ਆ ਮਿਲ ਫੇਰ ਹਯਾਤੀਏ! ਕਦੀ ਲੰਘ ਆ ਨੈਣ ਝਨਾਂ ਅਸੀਂ ਮਿਹਣੇ ਮਾਰੇ ਮੌਤ ਨੂੰ ਲੈ ਲੈ ਕੇ ਤੇਰਾ ਨਾਂ

ਪਾਕਿਸਤਾਨ

ਸੂਰਜ ਸੱਜਣ ਰਾਤ ਦਾ ਕੋਈ ਕਾਲਾ ਚੰਨ ਕੀ ਤੱਕੇ ਸਾਹ ਭਰੇ ਭੋਗਣ ਉਮਰ ਦੇ ਅੱਖ ਸੁਫ਼ਨੇ ਵੇਖ ਨਾ ਸਕੇ

ਇਸ ਜੀਵਨ ਤੋਂ ਰੱਜੇ

ਇਸ ਜੀਵਨ ਤੋਂ ਰੱਜੇ ਸਾਈਂ! ਅਸੀਂ ਇਸ ਜੀਵਨ ਤੋਂ ਰੱਜੇ ਖੌਰੇ ਕਿਹੜੀ ਆਸ ’ਤੇ ਰਹਿ ਗਏ ਸਾਹ ਦੀ ਡੋਰੀ ਬੱਝੇ ਸਾਈਂ! ਅਸੀਂ ਇਸ ਜੀਵਨ ਤੋਂ ਰੱਜੇ ਰੋਜ਼ ਦਿਹਾੜੇ, ਜੀਣਾ ਮਰਨਾ, ਸਾਡੇ ਲੇਖੀਂ ਲਿਖਿਆ ਵੇਲਾ ਕਿਹੜੀ ਟੋਰ ਟੁਰੀਂਦੈ, ਇਹ ਨਾ ਸਾਨੂੰ ਦਿਖਿਆ ਸਾਦ ਮੁਰਾਦੇ ਜੀਅ ਅਖਵਾਏ ਬੇ ਲੱਜੇ, ਬੇ ਚੱਜੇ ਸਾਈਂ! ਅਸੀਂ ਇਸ ਜੀਵਨ ਤੋਂ ਰੱਜੇ ਸਾਡੇ ਵਿਹੜੇ ਹਾਸੇ ਆਵਣ, ਸ਼ਕਲ ਬਣਾ ਕੇ ਰੋਣੀਂ ਸਾਹ ਸਾਹ ਦੇ ਨਾਲ਼ ਝੱਲੀ ਜਾਈਏ ਨਿੱਤ ਹੋਣੀ ਤੇ ਹੋਣੀ! ਮਹਿੰਗ ਸਮੇਂ ਦੇ ਮਾਰੂ ਥਲ 'ਚ ਧੂੜ ਉਡਾਂਦੇ ਭੱਜੇ ਸਾਈਂ! ਅਸੀਂ ਇਸ ਜੀਵਨ ਤੋਂ ਰੱਜੇ ਵੇਲੇ ਦੀ ਪਈ ਡੈਣ ਖਿਡਾਵੇ ਚੁੱਕ ਅਸਾਨੂੰ ਕੁੱਛੇ ਕਿਹੜਾ ਸਾਡਾ ਵਾਲੀ ਵਾਰਿਸ ਕੌਣ ਅਸਾਨੂੰ ਪੁੱਛੇ ਜਿਹੜੇ ਜ਼ਾਤੋਂ ਹੈਣ ਕੁਜ਼ਾਤੇ ਉਹ ਸਿਰ ਚੜ੍ਹ ਕੇ ਗੱਜੇ ਸਾਈਂ! ਅਸੀਂ ਇਸ ਜੀਵਨ ਤੋਂ ਰੱਜੇ

ਜਲ ਪਰੀ

ਤੇਰਾ ਰੂਪ ਸਰੂਪ ਨੀ, ਚੇਤਰ ਦੇ ਗਲ਼ ਹਾਰ ਬੋਲ ਤੇਰੇ ਮਲਹਾਰੀਏ, ਸੁਖਨਾਂ ਦੀ ਮਹਿਕਾਰ ਤੇਰੇ ਨੈਣ ਸੁਹਾਵੀਏ , ਆਬ ਹਯਾਤੀ ਹਾਰ ਲੱਗੀ ਡੀਕ ਉਡੀਕ ਦੀ, ਮੇਰੇ ਨੈਣ ਦੁਵਾਰ ਲੋਹਿਆ ਮਘਦੇ ਪ੍ਰੇਮ ਦਾ, ਚੰਡੇ ਹਿਜਰ ਲੁਹਾਰ ਇੱਕ ਕੰਡਿਆਲੀ ਵਾੜ ਹੈ, ਦੋ ਸਾਹਾਂ ਵਿਚਕਾਰ ਤੇਰੇ ਬਿਨਾ ਹਯਾਤੀਏ, ਕੱਖੋਂ ਹੌਲਾ ਭਾਰ ਤੈਂ ਬਿਨ ਆਪਣੇ ਬਾਝ ਹੀ, ਜੀਵਨ ਰਿਹਾਂ ਗੁਜ਼ਾਰ

ਉੱਚਿਆਂ ਟਿੱਬਿਆਂ 'ਤੇ ... ...

(1) ਉੱਚਿਆਂ ਟਿੱਬਿਆਂ 'ਤੇ ਮੈਂ ਬੈਠਾ ਮੁਠੀਉਂ ਧੂੜ ਉਡਾਵਾਂ ਮੁਠੀਉਂ ਕਿਰ ਕੇ ਮੈਂ ਵੀ ਕਿਧਰੇ ਦੂਰ ਕਿਤੇ ਉਡ ਜਾਵਾਂ ਕਿਸੇ ਬਸੰਤੀ ਫੁੱਲ ਦੀ ਚਾਦਰ 'ਤੇ ਜਾ ਕੇ ਸੌਂ ਜਾਵਾਂ ਹਰੇ ਕਚੂਰ ਪੱਤਰ ਦੇ ਤੁਪਕੇ ਨੈਣਾਂ ਵਿੱਚ ਡਿਗਾਵਾਂ ਉਮਰਾਂ ਦੀ ਮੈਂ ਪਿਆਸ ਮਿਟਾਵਾਂ ਤੇ ਹਰਿਆਂ ਹੋ ਜਾਵਾਂ ਉੱਚੀਆਂ ਟਿੱਬਿਆਂ 'ਤੇ... (2) ਉੱਚਿਆਂ ਟਿੱਬਿਆਂ ਤੇ ਮੈਂ ਬੈਠਾ ਮੁਠੀਉਂ ਧੂੜ ਉਡਾਵਾਂ ਮੁਠੀਉਂ ਕਿਰ ਕੇ ਮੈਂ ਵੀ ਕਿਧਰੇ ਦੂਰ ਕਿਤੇ ਉਡ ਜਾਵਾਂ ਉਡ ਕਿਸੇ ਆਸ਼ਿਕ ਦੀ ਕਬਰੇ ਮੈਂ ਜਾ ਕੇ ਬਹਿ ਜਾਵਾਂ ਫਿੱਕੀ ਮਹਿੰਦੀ ਵਾਲੇ ਹੱਥ ਦੇ, ਪਾਏ ਚੌਲ ਮੈਂ ਖਾਵਾਂ ਟੁੱਟੀ ਚੁੰਝ ਨਾਲ ਕੱਢ ਦੋ ਕਬਰਾਂ ਦੋਹਾਂ ਵਿੱਚ ਸੌਂ ਜਾਵਾਂ ਉੱਚਿਆਂ ਟਿੱਬਿਆਂ 'ਤੇ... ... (3) ਉੱਚਿਆਂ ਟਿੱਬਿਆਂ 'ਤੇ ਮੈਂ ਬੈਠਾ ਮੁਠੀਉਂ ਧੂੜ ਉਡਾਵਾਂ ਮੁਠੀਉਂ ਕਰ ਕੇ ਮੈਂ ਵੀ ਕਿਧਰੇ ਦੂਰ ਕਿਤੇ ਉਡ ਜਾਵਾਂ ਕਿਸੇ ਜੋਗੀ ਦੇ ਮੋਢੀਂ ਬਹਿ ਕੇ ਪਰਦੇਸਾਂ ਵੱਲ ਜਾਵਾਂ ਉਸ ਜੋਗੀ ਦੇ ਤਿਲਕ ਦੀ ਸੁਰਖ਼ੀ ਨੀਲੇ ਹੋਠੀਂ ਲਾਵਾਂ ਉਸ ਸੁਰਖ਼ੀ ਨਾਲ ਸੂਰਜ ਬਾਲਾਂ ਜੀਵਨ ਨੂੰ ਰੁਸ਼ਨਾਵਾਂ ਉੱਚਿਆਂ ਟਿੱਬਿਆਂ ’ਤੇ...

ਵਾਹ ਜੀ ਵਾਹ ਕੀ ਬਣੀਆਂ (ਕਾਫ਼ੀ)

(ਮੁਸ਼ਤਾਕ ਸੂਫ਼ੀ ਦੀ ਵੇਲ) ਵਾਹ ਜੀ ਵਾਹ ਕੀ ਬਣੀਆਂ ਮਨ ਰੋਹੀ ਤੇ ਚਿਣਗਾਂ ਵੱਸੀਆਂ ਲੋਕ ਸਮਝਦਾ ਕਣੀਆਂ ਵਾਹ ਜੀ ਵਾਹ ਕੀ ਬਣੀਆਂ ਨਰ ਵਾਦੀ ਦੇ ਮਾਰੂ ਹੜ੍ਹ ਵਿਚ ਰੁੜ ਪੁੜ੍ਹ ਗਈਆਂ ਜਣੀਆਂ ਵਾਹ ਜੀ ਵਾਹ ਕੀ ਬਣੀਆਂ ਥੱਪ ਥੱਪ ਕਰਦੇ ਬੂਟਾਂ ਹੇਠਾਂ ਚੀਕ ਪਈਆਂ ਛਣ ਛਣੀਆਂ ਵਾਹ ਜੀ ਵਾਹ ਕੀ ਬਣੀਆਂ ਪਾਲੋ ਪਾਲ ਸਫ਼ੈਦੇ ਉੱਗਣ ਮੁੱਕੀਆਂ ਛਾਵਾਂ ਘਣੀਆਂ ਵਾਹ ਜੀ ਵਾਹ ਕੀ ਬਣੀਆਂ ਵਸਲ ਵਸਾਲਾਂ ਮੌਤ ਸਹੇੜੀ ਹਿਜਰ ਤਣਾਵਾਂ ਤਣੀਆਂ ਵਾਹ ਜੀ ਵਾਹ ਕੀ ਬਣੀਆਂ

ਖ਼ਿਆਲ

ਮੈਂ ਤੈਂ ਦੇ ਪਰਛਾਵੇਂ ਹੇਠਾਂ ਅੰਦਰੋਂ ਕੂੜ ਸੁਆਹ ਦੀ ਰਾਖੀ ਬਾਹਰੋਂ ਸਾਡੀ ਨਿੱਤ ਵਿਸਾਖੀ

ਪੀੜਾਂ ਵਿਕਣੇ ਆਈਆਂ

ਪੀੜਾਂ ਵਿਕਣੇ ਆਈਆਂ ਸੱਜਣ ਜੀ! ਪੀੜਾਂ ਵਿਕਣੇ ਆਈਆਂ ਕਿਸੇ ਨਾ ਹੱਸ ਕਰਾਈ ਬੋਹਣੀ ਕਿਸੇ ਨਾ ਝੋਲੀ ਪਾਈਆਂ। ਉਮਰੋਂ ਲੰਮੇ ਆਸ ਦੇ ਪੈਂਡੇ ਅਸੀਂ ਵਿਚੋਂ ਦੀ ਹੋਏ ਪੱਬਾਂ ਹੇਠਾਂ ਚੀਕਣ ਸਾਹਵਾਂ ਸੁਫ਼ਨੇ ਵੀ ਅੱਧ ਮੋਏ ਜੁੱਸੇ ਅੱਤ ਪਰੈਣਾਂ ਵੱਜੀਆਂ ਕਿਸੇ ਨਾ ਮੱਲ੍ਹਮਾਂ ਲਾਈਆਂ ਸੱਜਣ ਜੀ! ਪੀੜਾਂ ਵਿਕਣੇ ਆਈਆਂ ਨਿੱਜ ਸਮੇਂ ਨੇ ਹਰ ਮ੍ਹਾਤੜ ਦੀ ਬੁਲ੍ਹੜੀ ਅੱਖੜੀ ਸੀਤੀ ਉਹਦੀ ਪੀੜ ਵੰਡਾਵਣ ਦੀ ਥਾਂ ਹੋਰ ਵਧੇਰੀ ਕੀਤੀ ਉਹ ਵੀ ਮਗਰੋਂ ਲਾਹ ਕੇ ਟੁਰ ਗਏ ਜਿਹਨਾਂ ਦਿੱਤੀਆਂ ਸਾਈਆਂ ਸੱਜਣ ਜੀ! ਪੀੜਾਂ ਵਿਕਣੇ ਆਈਆਂ ਸਾਵੀਆਂ ਰੁੱਤਾਂ ਵਰਗੇ ਸੁਫ਼ਨੇ ਚੀਕਾਂ ਦੇ ਵਿੱਚ ਗੁੰਨ੍ਹੇ ਸ਼ਹਿਰ ਨੇ ਜੀਕਣ ਪੱਕੀਆਂ ਥਾਵਾਂ ਪਿੰਡਾਂ ਦੇ ਪਿੰਡ ਸੁੰਨੇ ਲਾਸ਼ਾਂ ਤੇ ਦਫ਼ਨਾਉਂਦੇ ਸੁਣਿਆਂ ਰੂਹਾਂ ਕਿਸ ਦਫ਼ਨਾਈਆਂ ! ਸੱਜਣ ਜੀ! ਪੀੜਾਂ ਵਿਕਣੇ ਆਈਆਂ

ਮੈਂ ਜਾਣੂੰ ਅਨਜਾਣ (ਕਾਫ਼ੀ)

(ਬਾਬਾ ਨਾਨਕ ਜੀ ਦੀ ਵੇਲ) ਮੈਂ ਜਾਣੂੰ ਅਨਜਾਣ ਵੇ ਲੋਕਾ ਮੈਂ ਜਾਣੂੰ ਅਨਜਾਣ ਧਰਤ ਘੜੋਲੀ ਸਿਰ 'ਤੇ ਕਾਇਮ ਪੈਰਾਂ ਹੇਠ ਅਸਮਾਨ ਵੇ ਲੋਕਾ ! ਮੈਂ ਜਾਣੂੰ ਅਨਜਾਣ ਸਾਰੇ ਦੇਂਹ ਦੀ ਕਾਰ ਉਸਾਰੀ ਰਾਤੀਂ ਕੀਤਮ ਢਾਨ ਵੇ ਲੋਕਾ! ਮੈਂ ਜਾਣੂੰ ਅਨਜਾਣ ਮਨਸ, ਪੱਖੀ, ਰੁੱਖ, ਢੋਰ ਸੱਭੋ ਈ ਜੂਨੋ ਜੂਨ ਸਮਾਨ ਵੇ ਲੋਕਾ! ਮੈਂ ਜਾਣੂੰ ਅਨਜਾਣ ਆਪਣੀ ਆਪ ਸਿਹਾਣ ਬਿਨਾ ਹੈ ਕੂੜੋ ਕੂੜ ਗਿਆਨ ਵੇ ਲੋਕਾ! ਮੈਂ ਜਾਣੂੰ ਅਨਜਾਣ ਕੁਲ ਖ਼ੁਦਾਈ, ਜੋ, ਹੈ “ਉਹ” ਹੈ ਮੇਰੀ ਜਿੰਦ ਨਿਸ਼ਾਨ ਵੇ ਲੋਕਾ! ਮੈਂ ਜਾਣੂੰ ਅਨਜਾਣ ਮੇਰੇ ਸਾਹ ਦੇ ਸ਼ੌਹ ਦਰਿਆਈਂ ਮੌਤ ਕਰੇ ਇਸ਼ਨਾਨ ਵੇ ਲੋਕਾ! ਮੈਂ ਜਾਣੂੰ ਅਨਜਾਣ ਨਾ ਅੱਲ੍ਹਾ, ਨਾ ਰਾਮ ਕਹਾਣੀ ਕੁਦਰਤ ਵਿੱਚ ਧਿਆਨ ਵੇ ਲੋਕਾ! ਮੈਂ ਜਾਣੂੰ ਅਨਜਾਣ

ਚੇਤਰ ਰੰਗ ਨਰੋਏ

(ਨਜਮ ਹੁਸੈਨ ਸਈਅਦ ਦੀ ਵੇਲ) ਚੇਤਰ ਰੰਗ ਨਰੋਏ ... ਵੇ ਲੋਕਾ! ਚੇਤਰ ਰੰਗ ਨਰੋਏ ਭੋਇੰ 'ਤੇ ਨਵੀਂ ਹਯਾਤੀ ਖਿੜ ਪਈ ਅਸੀਂ ਮੋਏ ਦੇ ਮੋਏ ਚੇਤਰ ਰੰਗ ਨਰੋਏ ... ਵੇ ਲੋਕਾ! ਚੇਤਰ ਰੰਗ ਨਰੋਏ ਫੁੱਲਾਂ ਤੋਂ ਨਾ ਅੱਖ ਚੁੱਕੀਵੇ ਚੇਤ ਮਿਲਾਪੀ ਰੁੱਤੇ ਬਾਹਰ ਸੁਲੱਖਣਾ ਦਿਨ ਚੜ੍ਹ ਆਇਆ ਅਸੀਂ ਆਂ ਸੁੱਤਮ ਸੁੱਤੇ ਪੁੱਠੇ ਵੇਖ ਵਤੀਰੇ ਸਾਡੇ ਹਾਸੇ ਪਿੱਟ ਖਲੋਏ ਚੇਤਰ ਰੰਗ ਨਰੋਏ... ਵੇ ਲੋਕਾ ! ਚੇਤਰ ਰੰਗ ਨਰੋਏ ਲੱਗੇ ਬੂਰ ਤੇ ਫੁੱਟੀਆਂ ਲਗਰਾਂ ਰੁੱਖਾਂ ਰੰਗ ਵਟਾਏ ਅਸੀਂ ਨਾ ਆਪਣੇ ਜੁੱਸਿਆਂ ਉੱਤੋਂ ਹੰਢੇ ਵਰਤੇ ਲਾਹੇ ਖੂਹ ’ਤੇ ਖੜ੍ਹ ਕੇ ਵੀ ਨਾ ਭਰਿਆ ਭਾਂਡਾ ਲੋਏ ਲੋਏ ਚੇਤਰ ਰੰਗ ਨਰੋਏ ... ਵੇ ਲੋਕਾ ਚੇਤਰ ਰੰਗ ਨਰੋਏ ਜੋ ਨਾ ਚੇਤਰ ਰੁੱਤੇ ਖਿੜਿਆ ਉਸ ਕੀ ਸਾਉਣ ਹੰਢਾਉਣਾ ਜਿਸ ਨਾ ਰੰਗ ਪਛਾਣੇ ਉਸ ਦਾ ਕੀ ਲਾਹੁਣਾ, ਕੀ ਪਾਉਣਾ ਸੂਹਾ, ਨੀਲ, ਬਸੰਤੀ, ਸਾਵਾ ਮਾਣੇ ਕੋਏ ਕੋਏ ਚੇਤਰ ਰੰਗ ਨਰੋਏ ... ਵੇ ਲੋਕਾ! ਚੇਤਰ ਰੰਗ ਨਰੋਏ ਕੱਦ ਸਿੱਪੀਆਂ ਦੇ ਮੂੰਹੀਂ ਡਿੱਗਣਾ ਇਹ ਨਾ ਪੁੱਛੀਂ ਅੜਿਆ ਉਸ ਦਿਨ ਤੈਨੂੰ ਚਾਨਣ ਹੋਣੈਂ ਜਿਸ ਦਿਨ ਚਾਨਣ ਲੜਿਆ ਜੋ ਵੀ ਆਪਣੀ ਹੋਂਦ ਸਿਹਾਣੇਂ ਰੰਗ ਹੰਢਾਵੇ ਸੋਏ ਚੇਤਰ ਰੰਗ ਨਰੋਏ ... ਵੇ ਲੋਕਾ! ਚੇਤਰ ਰੰਗ ਨਰੋਏ

ਰਚੀ ਏ ਖੇਡ ਅਵੱਲੀ ਜਿਹੀ (ਕਾਫ਼ੀ)

(ਸ਼ਬਾਨਾ ਆਰਜ਼ੂ ਦੀ ਵੇਲ) ਰਚੀ ਏ ਖੇਡ ਅਵੱਲੀ ਜਿਹੀ ਅੱਖੀਆਂ ਲਾਵਣ ਨੂੰ ਪਈ ਤਰਸੇ ਜਿੰਦੜੀ ਝੱਲੀ ਜਿਹੀ ਰਚੀ ਏ ਖੇਡ ਅਵੱਲੀ ਜਿਹੀ ਕਿਹੜੀ ਸ਼ੈਅ ਦੀ ਜੋਤ ਬਲੀ ਏ ਧੁਰ ਅੰਦਰੂਨੇ ਤਾਈਂ ਕਿਹੜੀ ਸ਼ੈਅ ਜੋ ਲਈ ਫਿਰਦੀ ਏ ਥਾਂ ਥਾਂ ਚਾਈਂ ਚਾਈਂ ਆਪੇ ਆਪਣੀ ਸਿਰਜਣ ਹਾਰੀ ਕੱਲਮ 'ਕੱਲੀ ਜਿਹੀ ਰਚੀਏ ਖੇਡ ਅਵੱਲੀ ਜਿਹੀ ਖੇਡ ਅਜਾਇਬ ਰੰਗਾਂ ਵਾਲੀ ਅਨਹੋਣੀ ਵਿੱਚ ਹੋਣੀ ਤਨ ਮਨ ਸਾਰ ਉਸਾਰਨ ਕੀਤੇ ਜੱਤ ਸੱਤ ਮਿੱਟੀ ਗੋਣੀ ਨਫ਼ੀਆਂ ਤੇ ਅਸਬਾਤਾਂ ਵਾਲ਼ੀ ਕਾਈ ਰੰਗ ਰੱਲੀ ਜਿਹੀ ਰਚੀਏ ਖੇਡ ਅਵੱਲੀ ਜਿਹੀ

ਨੀ ਅਲਬੇਲੀਏ

(ਜਸਪ੍ਰੀਤ ਮੰਡੇਰ ਦੇ ਨਾਂ) ਕਿਹੜੇ ਦੇਸੋਂ ਆਈ ਏਂ... ਨੀ ਅਲਬੇਲੀਏ! ਲੂੰ ਲੂੰ ਆਣ ਸਮਾਈ ਏਂ... ਨੀ ਅਲਬੇਲੀਏ! ਤੂੰ ਕਿਹੜੇ ਦੇਸੋਂ ਆਈ ਏਂ ਕੁਦਰਤ ਵਾਂਗੂੰ ਭੇਤ ਪਟਾਰੀ ਇਸ਼ਕੇ ਵਾਂਗ ਸ਼ੁਦਾਈ ਏਂ ਨੀ ਅਲਬੇਲੀਏ... ਤੂੰ ਕਿਹੜੇ ਦੇਸੋਂ ਆਈ ਏਂ ਸਹਿਜ ਸੁਭਾਉਂ ਰਾਬਿਆ ਬਸਰੀ ਸੱਸੀ ਦੀ ਦੁਹਰਾਈ ਏਂ ਨੀ ਅਲਬੇਲੀਏ... ਤੂੰ ਕਿਹੜੇ ਦੇਸੋਂ ਆਈ ਏਂ ਦਮ ਦਮ ਜ਼ਾਹਰ ਬਾਤਨ ਥੀਵੇਂ ਕੇਹੀ ਛੂਹਣ ਛਪਾਈ ਏਂ ਨੀ ਅਲਬੇਲੀਏ... ਤੂੰ ਕਿਹੜੇ ਦੇਸੋਂ ਆਈ ਏਂ ਸੂਰਜ ਤੇਰਾ ਬਾਬਲ ਜਾਪੇ ਚੰਨ ਚਰਖੇ ਦੀ ਮਾਈ ਏਂ ਨੀ ਅਲਬੇਲੀਏ... ਤੂੰ ਕਿਹੜੇ ਦੇਸੋਂ ਆਈ ਏਂ ਧਰਤ ਆਕਾਸ਼ੇ ਚੋਗ ਚੁਗੇਂਦੀ ਮਨ ਗੁਟਕੂੰ ਗੁਟਕਾਈ ੲਂੇ ਨੀਅਲਬੇਲੀਏ... ਤੂੰ ਕਿਹੜੇ ਦੇਸੋਂ ਆਈ ਏਂ ਆਪੋ ਆਪ 'ਚ ਕੱਲਮ ਕੱਲੀ ਆਪੇ ਕੁੱਲ ਖ਼ੁਦਾਈ ਏਂ ਨੀ ਅਲਬੇਲੀਏ ... ਤੂੰ ਕਿਹੜੇ ਦੇਸੋਂ ਆਈ ਏਂ

ਸਾਂਝ

(ਸ਼ਾਹ ਲਤੀਫ਼ ਭਟਾਈ ਦੀ ਵੇਲ) ਕਣੀ ਕਣੀ ਪੰਜਾਬ ਦੀ ਸਿੰਧ ਸਾਗਰ ਦੀ ਲੋਅ ਆਖੇ ਸ਼ਾਹ ਲਤੀਫ਼ ਨੂੰ ਇੱਕ ਮਿੱਕ ਰਹੀਏ ਹੋਅ

ਜੀਵਨ ਕਿਹੜੇ ਕਾਰ

ਨਾ ਕੋਈ ਸੇਕ, ਨਾ ਠੰਢੀਆਂ ਹਾਵਾਂ ਟੁਰੀਆਂ ਜਾਵਣ, ਰੁਕੀਆਂ ਸਾਹਵਾਂ ਅੱਖੀਂ ਜੰਮੀਆਂ ਦਿਸ਼ਾ, ਦਿਸ਼ਾਵਾਂ ਅੰਧ ਗੁਬਾਰ 'ਚ ਲੁਕੀਆਂ ਰਾਹਵਾਂ ਰਾਹੀਂ ਬੈਠੇ ਚੋਰ ਬਣ ਕੇ ਹੋਰ ਦੇ ਹੋਰ ਨਾ ਕੋਈ ਯਾਦ ਨਾ ਚੇਤਾ ਭੁੱਲੇ ਰੱਤੇ ਨੈਣੋਂ ਰੱਤ ਨਾ ਡੁੱਲ੍ਹੇ ਸੀਨੇ ਸੁੰਜ ਦੇ ਝੱਖੜ ਝੁੱਲੇ ਮੈਂ ਤੇ ਮੈਂ ਦਾ ਭੇਤ ਨਾ ਖੁੱਲ੍ਹੇ ਲੰਘਦੀ ਸ਼ਾਮ ਸਵੇਰ ਜਿੰਦੜੀ ਘੁੰਮਣ ਘੇਰ ਨਾ ਕੋਈ ਦਿਲਬਰ, ਨਾ ਦਿਲਦਾਰੀ ਮਰ ਮਰ ਮੁੱਕੇ ਦੁਨੀਆ ਸਾਰੀ ਸੁਰਤਾਂ ਸਾਰ ਅਸੁਰਤੀ ਮਾਰੀ ਮਿੱਟੀਓ ਮਿੱਟੀ ਪਾਉਂ ਪਸਾਰੀ ਹੋਂਦੀ ਮਾਰੋ ਮਾਰ ਜੀਵਨ ਕਿਹੜੇ ਕਾਰ ! ਜੀਵਨ ਕਿਹੜੇ ਕਾਰ !! (ਅਮਰੀਕਾ ਦੇ ਅਫ਼ਗਾਨਿਸਤਾਨ ਤੇ ਹਮਲੇ ਵੇਲੇ)

ਅੰਮ੍ਰਿਤਾ ਪ੍ਰੀਤਮ

(ਇਮਰੋਜ਼ ਦੀ ਵੇਲ) ਅੰਮ੍ਰਿਤ ਬੋਲ ਪ੍ਰੀਤਾਂ ਵਾਲੇ ਜੀਵਨ ਦੀ ਕਨਸੋਅ ਮੁੱਖੜਾ ਨੂਰ ਹਯਾਤੀ ਵਾਲਾ ਨੈਣਾਂ ਦੇ ਵਿੱਚ ਲੋਅ ਇੱਕ ਇੱਕ ਰੰਗ ਮੁਹੱਬਤ ਭਰਿਆ ਹਿਰਦੇ ਰਿਹਾ ਸਮੋਅ ਜਿੰਦ ਨਿਆਰੀ ਸੁਖ਼ਨਾਂ ਹਾਰੀ ਵਿਰਲੀ ਵਿਰਲੀ ਕੋਅ ਸੱਚਲ ਪ੍ਰੇਮ ਅਨੋਖਾ ਮਿਲਿਆ ਰੂਹ ਦਾ ਹਾਣੀ ਹੋ ਆਪਣੇ ਆਪ ਨੂੰ ਆਪੇ ਤੱਕਿਆ ਆਪਣੇ ਨਾਲ ਖਲੋ

ਬੋਲੀ

ਅਸਾਂ ਸੁਫ਼ਨੇ ਕਰਾਉਣੇ ਸਾਵੇ ਤੂੰ ਰੁੱਤ ਲੈ ਕੇ ਆ ਜਾ ਬਾਲਮਾ *** ਜਦ ਯਾਰ ਦੇ ਬੁਲਾਂ ਨੂੰ ਤੱਕਿਆ ਤੇ ਅੱਖ 'ਚ ਗੁਲਾਬ ਖਿੜ ਪਏ *** ਮਾਹੀ ਮੇਰਾ ਰੱਬ ਵਰਗਾ ਸਹੁੰ ਰੱਬ ਦੀ ਝੂਠ ਨਹੀਂ ਕਹਿਣਾ

ਆਪੋ ਆਪ...

(ਓਸ਼ੋ ਦੀ ਵੇਲ) ਤਨਚਿੱਤ ਜੀਵ ਨਿਮਾਣ ਸੁਹਾਵਾ ਮਨ ਹਸਤੀ ਵਿੱਚ ਖੇਲੇ ਆਪੋ ਆਪ ਗਿਆਨ ਕਮਾਵਾ ਮਨ ਮੌਜਾਂ ਦੇ ਮੇਲੇ ਆਪੋ ਆਪਣੀ ਸਾਰ ਕੁਸਾਰੀ ਨਾ ਕੋ ਗੁਰ ਨਾ ਚੇਲੇ ਆਪੋ ਆਪਣੇ ਪੰਧ ਅਵੈੜੇ ਢੂੰਡਣ ਰੋਹੀਆਂ ਬੇਲੇ ਆਪੋ ਆਪਣੀ ਪ੍ਰੇਮ ਕਹਾਣੀ ਆਪੋ ਆਪਣੇ ਵੇਲੇ ਆਪੋ ਆਪਣੇ ਪੱਕ ਪਕਾਵੇ ਓੜਕ ਥੀਨ ਝਮੇਲੇ ਆਪੋ ਆਪਣਾ ਖੇਡ ਖਿਡਾਵਾ ਹੋਰਾਂ ਨਾਲ ਅਕੇਲੇ

ਆ ਸੱਚੀਏ ! ਰਲ਼ ਗੱਲਾਂ ਕਰੀਏ

(ਜਲ ਪਰੀ ਦੇ ਨਾਂ) ਆ ਸੱਚੀਏ! ਰਲ਼ ਗੱਲਾਂ ਕਰੀਏ ਮਨ ਮਚੀਏ! ਰਲ਼ ਗੱਲਾਂ ਕਰੀਏ ਰੂਹ ਰਚੀਏ! ਰਲ਼ ਗੱਲਾਂ ਕਰੀਏ ਕਿਹੜੀ ਗੱਲ ? ਲੱਲ ਵਲੱਲੀਆਂ ਗੱਲਾਂ ਵਿਚੋਂ ਕਿਹੜੀ ਗੱਲ ? ਅੰਦਰ ਵਗਦੇ ਝੱਲਾਂ ਵਿਚੋਂ ਕਿਹੜੀ ਗੱਲ ? ਜਨਮੋ ਜਨਮੀ ਖੇਡਣ ਵਾਲੀ ਰੂਹ ਦੀ ਗੱਲ ਤੇਰੀ ਮੇਰੀ ਹਿੱਕ 'ਚ ਲੱਗੀ ਧੂਹ ਦੀ ਗੱਲ ਗੱਲ, ਜੋ ਸਾਡੇ ਜੀਵਨ ਦਾ ਸਰਨਾਂ ਹੋਵੇ ਰੂਹ ਦੇ ਵਿਹੜੇ ਉੱਗੇ ਰੁੱਖ ਦੀ ਛਾਂ ਹੋਵੇ ਸੀਨੇ ਧੁਖਦੀ ਧੂਨੀ ਦਾ ਕੋਈ ਨਾਂ ਹੋਵੇ ਮੁੱਕਦੇ ਜਾਂਦੇ ਸਾਹ ਨੂੰ ਸੁੱਖ ਸਨਾਹ ਹੋਵੇ ਨਾਂਹ ਨਾਂਹ ਕਰਦੀ ਚੁੱਪ, ਸਦੀਵੀ ਹਾਂ ਹੋਵੇ ਇੱਕ ਟੱਪਰੀ ਦਾ ਜੀਵਨ, ਧਰਤ ਗਰਾਂ ਹੋਵੇ ਚੰਨ ਸੂਰਜ ਦੀ ਇੱਕ ਦੂਜੇ ਹੱਥ ਬਾਂਹ ਹੋਵੇ ਜੰਮ ਜੰਮ ਲਾਈਏ ਤਾਰੀ, ਇਸ਼ਕ ਝਨਾਂ ਹੋਵੇ ਇਸ਼ਕ ਅਸਾਡੇ ਜੀਵਨ ਦਾ ਸਰਨਾਂ ਹੋਵੇ ਆ ਸੱਚੀਏ ਰਲ਼ ਗੱਲਾਂ ਕਰੀਏ ਮਨ ਮਚੀਏ ਰਲ਼ ਗੱਲਾਂ ਕਰੀਏ ਆ ਜੀਵਨ ਦਾ ਲੇਖਾ ਭਰੀਏ

ਖ਼ਿਆਲ

ਰੱਤ ਵੀ ਸੁੰਨੀ ਮੱਤ ਵੀ ਸੁੰਨੀ ਲੇਖਾ ਸੁੰਨੀ ਰੁੱਤ ਦਾ ਖ਼ਾਲੀ ਝੇੜਾ ਬੁੱਤ ਦਾ

ਦੀਵਾ ਬਲੇ ਉਜਾੜੀਂ

(ਸਈਦ ਭੁੱਟਾ ਲਈ) ਚੰਨ ਝਨਾਉਂ ਸਿੰਜਿਆ ਦਿਲ ਦਰਦਾਂ ਦਾ ਹੋਕਾ ਸਾਂਦਲ ਬਾਰ ਝਰੋਖਾ ਸੁਰਤ ਸਿਆਣ ਅਗੇਰੜੀ ਸੱਚ ਸਿਉਂ ਜੋ ਰੰਗੀ ਬਾਤ ਸੁਣੀਂਦੀ ਚੰਗੀ ਚਿਤ ਚਲੰਤ ਉਚੇਰੜੀ ਸੇਕ ਵਗੇਂਦਾ ਏ ਨਾੜੀਂ ਦੀਵਾ ਬਲੇ ਉਜਾੜੀਂ

ਤ੍ਰੈਲੇ

(1) ਜੰਗਲ ਬੇਲਾ, ਔਖਾ ਵੇਲਾ ਜਿੰਦ ਪਹਾੜੋਂ ਪਾਰ ਰਾਹ ਦੱਸੀਂ ਓ ਯਾਰ (2) ਅਗਲਾ ਪਿਛਲਾ ਕੁੱਛੜ ਚਾਇਆ ਹਾਲ ਵੰਜਾਇਆ ਨੱਸ ਵਸ ਥੀਆ ਬੇ ਵੱਸ (3) ਮੁਢ ਕਦੀਮੀ ਸ਼ੋਰ ਸਿਆਪਾ ਕੰਨੀਂ ਉਂਗਲਾਂ ਪਈਆਂ ਚਿੱਤ ਨਾ ਸਾਰਾਂ ਲਈਆਂ

ਦੋਹਾ

ਇਸ਼ਕ ਅਸਾਡੀ ਹਸਤੀ ਵਸਤੀ ਏਹਾ ਕਰੀਏ ਜਾਪ ਇਸ਼ਕ ਹੋਏ ਤਾਂ ਪੁੰਨ ਲੱਗਦਾ ਏ ਇਸ਼ਕ ਨਹੀਂ ਤਾਂ ਪਾਪ

ਓ ਸਾਂਵਲ

(ਜਸਪ੍ਰੀਤ ਦੇ ਨਾਂ) ਗਾਵੈ ਜੱਸ ਪ੍ਰੇਮ ਦਾ ਨਾਮ ਤੇਰੇ ਦਾ ਸਾਹ ਓ ਸਾਂਵਲ ! ਸਾਹੀਂ ਘੋਲ ਘੁਮਾ ਤੈਨੂੰ ਧਰਤ ਆਕਾਸ਼ ਹੈ ਦੋ ਕਰਮਾਂ ਦਾ ਰਾਹ ਓ ਸਾਂਵਲ! ਰਾਹੀਂ ਧੁਮ ਧੁਮਾ ਸਾਰੀ ਕੁੰਜ ਉਤਾਰ ਕੇ ਆ ਸੀਨੇ ਲੱਗ ਜਾ ਓ ਸਾਂਵਲ ! ਬਾਹੀਂ ਹੁੰਮ ਹੁਮਾ

ਜਲ ਪਰੀ ਦੇ ਨਾਂ

ਜਿੰਦੜੀ ਬੈਠੀ ਚਾਕ ’ਤੇ ਦਿਲ ਦੀ ਮਿੱਟੀ ਗੋਅ ਪੋਰਾਂ ਵਿਚੋਂ ਸਿੰਮਦੀ ਸਾਹਵਾਂ ਦੀ ਖ਼ੁਸ਼ਬੋ ਰਾਤਾਂ ਖੇਡਣ ਹਾਰੀਆਂ ਨੈਣ ਕਰੇਂਦੇ ਲੋਅ ਪੀਵਣ ਤੇਰੇ ਹੰਝ ਦਾ ਰੁੱਖ ਨੂੰ ਪਾਣੀ ਵਾਂਗ ਤੇਰੇ ਮੇਰੇ ਇਸ਼ਕ ਦੀ ਧੁਰੋਂ ਭਰੀਕੀ ਮਾਂਗ

ਕਾਫੀ

(ਅੰਮ੍ਰਿਤਾ ਪ੍ਰੀਤਮ ਦੀ ਵੇਲ) ਇਸ਼ਕਾ! ਤੇਰੇ ਪੰਧ ਅਜਾਇਬ ਅਕਲੋਂ ਫ਼ਿਕਰੋਂ ਬਾਹਰ “ਮੈਂ ਨਾਹੀਂ ਸਭ ਤੂੰ” ਤੋਂ ਪਹਿਲਾਂ ਮੁੱਕਦੀ ਨਹੀਂ ਤਕਰਾਰ ਧੜਕਣ ਦੇ ਵਿੱਚ ਧੁੜਕੂ ਬੋਲੇ “ਲੰਘਣਾ ਕਿਤ ਗੁਣ ਪਾਰ" ਤੇਰੇ ਕਾਰਨ ਮੈਂ ਸਿਰ ਚਾਇਆ ਆਪਣੀ ਸਿੱਕ ਦਾ ਭਾਰ ਚਾਰ ਦਿਨਾਂ ਦੀ ਖਿੱਚੋਤਾਣੀ ਨਾ ਜਿੱਤਣ ਨਾ ਹਾਰ

ਚੰਦਰੀ ਰੁੱਤ ਦਾ ਗੌਣ

(ਤੀਜੀ ਦੁਨੀਆ ਦੇ ਨਾਂ) ਰੁੱਖਾਂ ਦੇ ਪਰਛਾਵੇਂ ਕੰਬਣ, ਧਰਤੀ ਠੰਡੀ ਠਾਰ ਸਿਖ਼ਰ ਦੁਪਹਿਰੇ, ਰਾਤ ਦੇ ਪਹਿਰੇ, ਪੱਤਝੜ ਜਿਹੀ ਬਹਾਰ ਕੂੰਜਾਂ ਦੀ ਥਾਂ ਅੰਬਰਾਂ ਉੱਤੇ, ਗਿਰਝਾਂ ਬੰਨ੍ਹੀ ਡਾਰ ਰੂਹ ਦੀ ਧੂਣੀ ਮਿਰਚਾਂ ਧੂੜੇ, ਨਿੱਤ ਹੋਣੀ ਦੀ ਵਾਰ ਵੇਲੇ ਦੀ ਕੰਧ ਹੇਠਾਂ ਆ ਗਏ, ਜੀਵਨ ਦੇ ਦਿਨ ਚਾਰ ਘਾਟੇ ਵਾਧੇ ਖਾਂਦਾ ਜਾਵੇ, ਇਸ਼ਕੇ ਦਾ ਬਿਉਪਾਰ ਘੁੱਟ ਘੁੱਟ ਕੱਚੀਆਂ ਗੰਢਾਂ ਲਾਵਣ, ਰੁੱਤਾਂ ਵਰਗੇ ਯਾਰ ਪੰਖਾਂ ਬਾਝ ਪਖੇਰੂ ਖੇਡਣ 'ਨਵੀਉਂ ਨਵੀਂ ਬਹਾਰ' ‘ਜੋ ਆਹਾ, ਸੋ ਆਹਾ’ ਲੋਕਾ ਅੰਦਰੋਂ ਆਈਏ ਬਾਹਰ

ਇਸ਼ਕ

ਦਿਲ ਦੀ ਮੈਲ ਉਤਾਰਦਾ ਇਸ ਘੜੇ ਦਾ ਪਾਣੀ ਇਸ਼ਕ ਅੱਲ੍ਹਾ ਦਾ ਹਾਣੀ

ਨਜ਼ਮ

ਸਾਹ ਇੱਕ ਹਉਕੇ ਦੇ ਘਰ ਜਾਇਆ ਹਉਕੇ ਨੂੰ ਸੁੱਖ ਸਾਹ ਨਾ ਆਇਆ ਤੁਬਕੇ ਵਿੱਚ ਸਮੁੰਦਰ ਭਰਿਆ ਤੁਬਕਾ ਜੀਵਨ ਦਾ ਤ੍ਰਿਹਾਇਆ ਜੀਵਨ ਦੀ ਸਿੱਕ ਉਮਰਾਂ ਵਰਗੀ ਵੇਲਾ ਹੱਥ ਨਾ ਆਇਆ ਚਿੱਤ ਅਣਭੋਲ ਭੁਲੇਖੇ ਭਰਿਆ ਡਰ ਡਰ ਪੈਰ ਟਿਕਾਇਆ ਟੁਰਦੇ ਟੁਰਦੇ ਉਮਰਾ ਬੀਤੀ ਰਾਹ ਦਾ ਭੇਤ ਨਾ ਪਾਇਆ

ਅੰਗ ਦਾ ਸੇਕ ਸਿਆਪਾ ਨਾਹੀਂ

ਅੰਗ ਦਾ ਸੇਕ ਸਿਆਪਾ ਨਾਹੀਂ, ਅੰਗ ਨਾਲ਼ ਅੰਗ ਮਿਲਾਉ ਅੱਖ ਵਿੱਚ ਰੜਕ ਪਏ ਤਾਂ, ਨਿੱਤਰੇ ਯਾਰ ਦੀ ਜਿਭ ਛੁਹਾਉ, ਘੋਰ ਸਮੁੰਦਰੀ ਰਾਤਾਂ ਦੇ ਸਿਰ, ਚੰਨ ਖਿੜਾਵਨ ਜਾਉ ਜੀਵਨ ਰੇਖ ਮੁਰਾਦਾਂ ਵਾਲੀ, ਹੱਥੀਂ ਆਪ ਬਣਾਉ

ਵੇਲੇ ਦੀ ਵਾਰ ( 1 )

(ਮੀਏਂ ਕਮਾਲ ਤੇ ਭਾਈ ਗੁਰਦਾਸ ਜੀ ਦੀ ਵੇਲ) ਕੌਣ ਕਰੇ ਨਿਰਵਾਰ, ਹਯਾਤੀ ਡੱਕੋ ਡੋਲੇ ਡਾਵਾਂ ਡੋਲ ਆਸਾਰ, ਜੀਵਣਾ ਬਣਿਆ ਖੋਲੇ ਪਿੱਛਲ ਪੈਰੀ ਸਾਰ, ਅਚੇਤੀ ਵਧ ਕੇ ਬੋਲੇ ਸਗਵੇਂ ਕੂੜ ਵਿਹਾਰ, ਸਮੇ ਰੰਗ ਰੱਤੇ ਚੋਲੇ ਕਰਨੀ ਦੇ ਕਰਤਾਰ, ਸਾਦੜੇ ਬੀਬੇ ਭੋਲੇ ਭਰਨੀ ਦੇ ਅਗਵਾਰ, ਬਾਦਸ਼ਾਹ, ਰਾਣੀ, ਗੋਲੇ ਧਰਮਾਂ ਦੀ ਭਰਮਾਰ, ਕਣਾਂ ਨੂੰ ਕੀਕਣ ਫੋਲੇ ਇੱਕ ਦੀ ਕੀਤੀ ਕਾਰ, ਕਈਂ ਦੇ ਨਾਵੇਂ ਬੋਲੇ ਕੁਦਰਤ ਦੀ ਇੱਕਸਾਰ ਕਦੀ ਨਾ ਹਟਵਾਂ ਤੋਲੇ ਚਿੱਤ ਟੁੱਟੀ ਇੱਕ ਤਾਰ, ਮਿਲੇ ਨਾ ਯਾਰ ਗੰਢੋਲੇ ਸੁਖਨਾਂ ਦੇ ਹਟਿਆਰ, ਵਗੇਂਦੇ ਛੁਰੀਆਂ ਓਹਲੇ ਉਮਰਾਂ ਜੇਡੇ ਭਾਰ, ਕਦੀਂ ਹਨ ਪੋਲ ਪਟੋਲੇ ਕੂੜੋ ਕੂੜ ਅਖ਼ਬਾਰ, ਲਖੀਵਣ ਹੁਕਮੀਂ ਢੋਲੇ ਮਾਰੂ ਥਈ ਸਰਕਾਰ, ਨਿਮਾਣਾ ਤਣੀਆਂ ਝੋਲੇ ਪੀਹ ਕੱਟਣ ਪਰਿਵਾਰ, ਚਿਰੋਕੇ ਸੁੰਝ ਭੜੋਲੇ ਧੁਰੋਂ ਲਿਖਾਈ ਹਾਰ, ਤੇ ਸੱਧਰ ਖਿੱਦੂ ਫੋਲੇ ਰੂਹ ਦੇ ਹੋਣ ਵਪਾਰ ਤੇ ਸੁਫ਼ਨੇ ਮਿਧ ਮਧੋਲੇ ਸਾਹਵਾਂ ਨੂੰ ਲੰਗਾਰ, ਦਿਲੋਂ ਨੂੰ ਪੈ ਗਏ ਝੋਲੇ ਹਉਕੇ ਭਰਦੀ ਨਾਰ, ਜਣੇ ਪਏ ਗਾਵਣ ਸੋਹਲੇ ਸਾਂਵਲ ਹੱਥ ਮੁਹਾਰ, ਤੇ ਡਾਚੀ ਰੋਹੀ ਰੋਲੇ ਦਰਿਆਵਾਂ ਜਿਹੇ ਯਾਰ, ਟੁਰੀਂਦੇ ਮਾਰ ਘਚੋਲੇ ਝਬਦੇ ਲੰਘਣ ਪਾਰ, ਜਿਨ੍ਹਾਂ ਦੇ ਸ਼ਹੁ ਰੰਗੋਲੇ ਸਾਈਂ ਦੇ ਦਰਬਾਰ, ਤੇ ਜਿੰਦੜੀ ਸੱਥਰ ਟੋਲੇ ਬੈਠੇ ਪਾਉਂ ਪਸਾਰ, ਤੇ ਸਾਹ ਹਨ ਉਡਣ ਖਟੋਲੇ ਚਾਨਣ ਦੇ ਅਸਵਾਰ, ਟੁਰੋਂ ਜੇ ਪੋਲੇ ਪੋਲੇ (ਟੁਰਦੀ)

ਆਪਣੇ ਮਲਬੇ ਹੇਠ

ਪੱਲੇ ਕੱਖ ਦੀ ਕਾਰ ਨਹੀਂ ਬਣ ਬਣ ਬੈਠੇ ਸੇਠ ਆਪਣੇ ਮਲਬੇ ਹੇਠ

ਸੱਜਣ ਯਾਰ ਉਡੀਕਦਾ

ਬੰਦਾ ਅਕਲਾਂ ਫ਼ਿਕਰਾਂ ਪਾਰੋਂ ਚੀਕਦਾ ਲਿਖਿਆ ਪੜਿਆ, ਝੇੜਾ ਪਿਆ ਵਧੀਕ ਦਾ ਪ੍ਰੇਮ ਕਹਾਣੀ ਪਾਗਲਪਨ ਉਲੀਕਦਾ ਮੈਂ ਵਿੱਚ ਮੈਨੂੰ ਸੱਜਣ ਯਾਰ ਉਡੀਕਦਾ

ਲਾਰੈਂਸ ਬਾਗ਼ 'ਚ ਇੱਕ ਸ਼ਾਮੀਂ

ਚੰਨ ਦੀ ਆਪਣੀ ਬੇਪਰਵਾਹੀ ਸੂਰਜ ਆਪਣੇ ਕੰਮੀਂ ਜੀਵਨ ਜੋਗਾ ਦਿਨ ਨਹੀਂ ਦਿਸਦਾ ਰਾਤ ਕੁਲਹਿਣੀ ਲੰਮੀਂ ਰੂਹ ਦੀ ਭਟਕਣ ਮੋੜ ਘੇੜ ਕੇ ਸੁੱਟੇ ਵਿੱਚ ਪਤਾਲਾਂ ਅੱਖ ਦੀ ਸੱਖਣੀ ਝੋਲੀ ਦੇ ਵਿਚ ਜੰਮ ਗਈਆਂ ਤਰਕਾਲਾਂ

ਲੋਕ

ਨੈਣੀਂ ਜੋਤ ਸੁਹਾਵੜੀ, ਬਲੇ ਮਸ਼ਾਲਾਂ ਹਾਰ ਦਰਸ਼ਨ ਕੀਤੇ ਯਾਰ ਦੇ, ਜਿਊ ਪਈ ਸਾਂਦਲ ਬਾਰ

ਵਾਰਤਾ

(ਪੰਜਾਬ ਦੀ ਵੰਡ ਦੇ ਦੁਖਾਂਤ ਤੋਂ ਟੁਰੀ ਨਜ਼ਮ) ਸਾਡੇ ਬਾਬੇ ਲੀਕਾਂ ਚੁੰਮੀਆਂ, ਸਾਨੂੰ ਮੱਤ ਕੀ ਆਉਣੀ ਅੰਗ ਲਮਕਣ ਨੰਗੀ ਤਾਰ ਤੇ, ਵਿੱਚ ਰੱਤ ਕੀ ਆਉਣੀ ਅਸੀਂ ਝੂਠੋ ਝੂਠੀ ਖੇਡ ਕੇ, ਇੱਕ ਸੱਚ ਬਣਾਇਆ ਫਿਰ ਉਸ ਨੂੰ ਧਰਮੀ ਲਹਿਰ ਦਾ, ਇੱਕ ਤੜਕਾ ਲਾਇਆ ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ ਯਾਂ ਹੱਸੀਏ ਘੂਰੀ ਵੱਟ ਕੇ, ਯਾ ਖਿਝਦੇ ਜਾਈਏ ਕੋਈ ਨੇਜ਼ੇ ਉੱਤੇ ਸੱਚ ਵੀ, ਇਥੇ ਨਹੀਂ ਪਚਨਾ ਭਾਵੇਂ ਈਸਾ ਮੁੜ ਕੇ ਆ ਜਾਏ, ਇਥੇ ਨਹੀਂ ਬਚਣਾ ਅਸੀਂ ਅੱਖਾਂ ਮਲ ਮਲ ਵੇਖੀਏ, ਕੀ ਖੇਡਾਂ ਹੋਈਆਂ ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ ਚੰਗਾ ਈ ਸੀ ਪੁੱਤਰਾ! ਜੇ ਦੇਸ ’ਚ ਰਹਿੰਦੇ ਸਾਨੂੰ ਆਣ ਅੰਗਰੇਜਾਂ ਰੋਲ਼ਿਆ, ਸਾਡੇ ਬਾਬੇ ਕਹਿੰਦੇ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੁ ਖੱਬੀ ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ਼ ਲੱਭੀ ਅਸੀਂ ਜੁਤੇ ਵਿੱਚ ਪੰਜਾਲੀਆਂ, ਹਲ਼ ਬਣ ਗਏ ਫਾਹੀਆਂ ਅਸੀਂ ਖੇਤਾਂ ਵਿੱਚ ਈ ਬੀਜੀਆਂ, ਕਈ ਸਾਲ, ਛਮਾਹੀਆਂ ਅਸੀਂ ਵਿਲਕੇ ਰੋਏ ਭੁੱਖ ਤੋਂ, ਸਾਹ ਟੁੱਟਣ ਲੱਗ ਪਏ ਫਿਰ ਲੱਤਾਂ ਕੱਢੀਆਂ ਚੌਧਰੀ, ਅਸੀਂ ਘੁੱਟਣ ਲੱਗ ਪਏ ਨਹੀਂ ਖਾਣ ਪੀਣ ਨੂੰ ਲੱਭਦਾ, ਸਾਡੇ ਘਰ ਵਿੱਚ ਸਾਇਆ ਅਖ਼ੇ ਬੋਤਲ ਚੋਂ ਨਹੀਂ ਪੀਵਣਾ, ਇਹ ਦਮ ਕਰਵਾਇਆ ਅਸੀਂ ਛਿਟੀ ਚਿਰਾਵਨ ਲੈ ਗਏ, ਕਿੰਜ ਬੂਹਾ ਨਿਕਲੇ ਜਿਉਂ ਬੀਨ ਵਜਾਈਏ ਰੁੱਡ ’ਤੇ ਤਾਂ ਚੂਹਾ ਨਿਕਲੇ ਗਏ ਵੱਡੇ ਬਾਹਰ ਵਲੈਤ 'ਚੋਂ, ਸ਼ਾਹੂਕਾਰ ਲਿਆਏ ਸਾਡੀ ਖੜੀ ਕਪਾਹ ਨੂੰ ਵੇਚਿਆ, ਅਸੀਂ ਮੰਗ ਕੇ ਪਾਏ ਜਦ ਸ਼ੀਸ਼ੇ ਮੂਹਰੇ ਆ ਗਏ, ਬਣ ਅਫ਼ਲਾਤੂਨੀ ਤਦ ਸ਼ਕਲਾਂ ਦਿਸੀਆਂ ਕਾਲੀਆਂ, ਹੱਥ ਖੂਨੋ ਖੂਨੀ ਅਸੀਂ ਖੜੇ ਖਲੋਤੇ ਕੰਬ ਗਏ, ਪਰਛਾਵੇਂ ਬਦਲੇ ਸਾਡੇ ਆਪਣਿਆਂ ਪਟਵਾਰੀਆਂ, ਸਾਡੇ ਨਾਵੇਂ ਬਦਲੇ ਸਾਨੂੰ ਸੁਰਤ ਨਾ ਆਈ ਹੋਵੰਦੇ, ਕਿੰਜ ਘਾਟੇ ਵਾਧੇ ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ ਸਾਡਾ ਗੰਨਾ ਮਿੱਲ ਨੇ ਪੀੜਿਆ, ਰਹੁ ਰੱਤੀ ਨਿਕਲੀ ਉਸ ਰੱਤ ਚੋਂ ਪੱਗਾਂ ਵਾਲਿਆਂ ਦੀ, ਪੱਤੀ ਨਿਕਲੀ ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ, ਸਾਨੂੰ ਚੌਧਰ ਪੈ ਗਈ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ, ਸਾਡੇ ਸਿਰ 'ਤੇ ਬਹਿ ਗਈ ਕੀ ਦੱਸਾਂ ਸਾਹ ਦੀ ਮੰਡੀਏ, ਕਿੰਜ ਮੰਦਾ ਹੁੰਦਾ ਮੈਂ ਰੱਬ ਨਾਲ਼ ਦੁੱਖੜੇ ਫੋਲਦਾ ਜੇ ਬੰਦਾ ਹੁੰਦਾ (ਟੁਰਦੀ)

ਨਜ਼ਮ

(ਸ਼ਕੂਰ ਰਾਣਾ ਦੀ ਵੇਲ) ‘ਪੰਜੇ ਮਹਿਲ ਪੰਜਾਂ ਵਿੱਚ ਚਾਨਣ' ਬਾਹਰ ਹਨੇਰਾ ਵੱਸੇ ਅਕਲਾਂ, ਸ਼ਕਲਾਂ, ਫ਼ਿਕਰਾਂ ਉੱਤੇ ਚਾਰ ਚੁਫ਼ੇਰਾ ਹੱਸੇ ਆਪਣੇ ਆਪ ਤੋਂ ਪਿੱਛੇ ਵੇਖੇ ਅੱਗੇ ਲੱਗ ਕੇ ਨੱਸੇ ਨੈਣੀਂ ਘੋਲ ਸਮੁੰਦਰ ਪੀਤੇ ਮੁੜ ਤੱਸੇ ਦੇ ਤੱਸੇ ਬਾਹਰੋ ਬਾਹਰ ਹਯਾਤੀ ਮੋਈ ਕੌਣ ਅੰਦਰ ਦੀ ਦੱਸੇ !

ਗਜ਼ਲ

ਮੈਨੂੰ ਕੱਲਾ ਹੋਣ ਦੇ ਅੱਲ੍ਹਾ ਈ ਅੱਲ੍ਹਾ ਹੋਣ ਦੇ ਸਿਰ ਪੈਰਾਂ ਤੋਂ ਵਾਰ ਦੇ ਦਿਲ ਨੂੰ ਝੱਲਾ ਹੋਣ ਦੇ ਰਾਮ ਗੁਰੂ ਰੱਬ 'ਕੱਠਿਆਂ ਖ਼ੈਰੀਂ ਸੱਲਾ ਹੋਣ ਦੇ ਅੰਦਰ ਸੱਚ ਸੰਭਾਲ ਜੀ ਬਾਹਰ ਨਗੱਲਾ ਹੋਣ ਦੇ ਮਸਤੀ ਵੰਡ ਧਮਾਲ ਦੀ ਰੂਪ ਸਵੱਲਾ ਹੋਣ ਦੇ ਹੋਣ ਮਿਲੇ ਅਣ ਹੋਏ ਕੇ ਨਾ ਕਰ ਮੱਲਾ, ਹੋਣ ਦੇ ਸੁਖ਼ਨ ਸਲਾਮਤ ਰਹਿਣ ਦੇ ਖ਼ਾਲੀ ਪੱਲਾ ਹੋਣ ਦੇ

ਨਜ਼ਮ

ਸਾਹ ਦਾ ਹਾਅ ਦੀ ਜੂਨੇ ਆਣਾ ਸਾਹ ਉਮਰਾਂ ਦਾ ਭੁੱਖਣ ਭਾਣਾ ਸਾਹ ਦਾ ਕੇਹਾ ਕਹਿਣ ਕਹਾਣਾ ਜਿਉਂ ਕਮੀਆਂ ਦਾ ਪੁੱਤ ਨਿਮਾਣਾ ਪਿਛਲੇ ਅੰਦਰ, ਬੂਹਾ ਢੋਅ ਕੇ ਜੰਮਣ ਵਾਲੀ ਮਾਂ ਨੂੰ ਰੋ ਕੇ ਮੇਲਾ ਵੇਖਣ ਜਾਵੇ ਪਰਤ ਘਰੀਂ ਨਾ ਆਵੇ

ਸ਼ਲੋਕ

ਘੋਰ ਹਨੇਰਾ ਦੁਨੀ ਦਾ, ਸਾਂਸ ਲਿਆ ਨਾ ਜਾਇ ਪ੍ਰੇਮ ਜਗਾਵੇ ਬਾਤੀਆਂ ਇੱਕੋ ਇੱਕ ਉਪਾਇ *** ਜਨਮ ਕਹਾਣੀ ਖੇਡ ਹੈ, ਖੇਡਣ ਬੀਚ ਸਮੰਦ ਬੀਚੋ ਬੀਚ ਪ੍ਰੇਮ ਹੈ, ਛੋੜੇ ਤੀਰ ਕਮੰਦ *** ਸਾਂਸ ਸਹੇੜੇ ਬਿਰਹੜਾ, ਲੈ ਸਾਜਨ ਕਾ ਨਾਮ ਬਿਰਹਾ ਬੀਚ ਵਿਸਾਲ ਹੈ, ਵਿਰਲਾ ਮਿਲੇ ਤਮਾਮ

ਅੱਕ ਸਵਾਦੀ ਲੱਗੇ

ਸਈਓ ਨੀ! ਮੈਨੂੰ ਅੱਕ ਸਵਾਦੀ ਲੱਗੇ ਪੀੜਾਂ ਹੇਠ ਹੰਡਾਵਾਂ ਜਿੰਦੜੀ ਸਾਹਵਾਂ ਦੇ ਵਿੱਚ ਖੱਗੇ ਸਈਓ ਨੀ! ਮੈਨੂੰ ਅੱਕ ਸਵਾਦੀ ਲੱਗੇ ਚੇਤਰ ਮਾਹੀਂ ਸੱਜਰੀ ਵਾਅ ਨਾਲ਼ ਖਿੜਨ ਫੁੱਲਾਂ ਦੇ ਡੋਡੇ ਮੈਂ ਕਬਰਾਂ ਵੱਲ ਟੁਰਦੀ ਜਾਵਾਂ ਲਾ ਹਿਜਰਾਂ ਨੂੰ ਮੋਢੇ ਸਾਹੋਂ ਟੁਰ ਕੰਡਿਆਲੀਆਂ ਚੀਕਾਂ ਆ ਰੁਕੀਆਂ ਸ਼ਾਹ ਰਗੇ ਸਈਓ ਨੀ! ਮੈਨੂੰ ਅੱਕ ਸਵਾਦੀ ਲੱਗੇ ਮੇਰੀ ਅੱਥਰੀ ਆਸ ਤੇ ਸੌਂ ਗਈ ਰਾਤ ਹਟਕੋਰੇ ਭਰਦੀ ਉਸੇ ਰਾਤ ਇੱਕ ਘੁੱਗੀ ਮਰ ਗਈ ਪਾਲੇ ਦੇ ਵਿੱਚ ਠਰਦੀ ਟੀਸਾਂ ਵਾਲੀ ਲਹਿਰ ਨੇ ਕੀਤੇ ਫੁੱਲਾਂ ਦੇ ਰੰਗ ਬੱਗੇ ਸਈਓ ਨੀ ! ਮੈਨੂੰ ਅੱਕ ਸਵਾਦੀ ਲੱਗੇ ਸਾਹਵਾਂ ਪੱਲੇ ਦੁੱਖ ਚਿੰਤਾ ਦੇ ਹੰਝ ਸਲੂਣੇ ਰਿੱਧੇ ਜੇ ਕੋਈ ਦੁੱਖਦੀ ਰਗ ਨੂੰ ਛੇੜੇ ਹੱਸ ਹੱਸ ਪਾਵਾਂ ਗਿੱਧੇ ਹੱਥ ਦੇ ਛੱਲੇ ਦੇਵਾਂ ਜੇਕਰ ਸੁੱਖ ਦਾ ਦੀਵਾ ਜੱਗੇ (ਖੱਗੇ=ਸ਼ਹਿਦ ਦੀਆਂ ਮੱਖੀਆਂ ਨਾਲ ਭਰਿਆ ਛੱਤਾ)

ਉਜੜੀ ਝੋਕ ਵਸਾ

ਉਜੜੀ ਝੋਕ ਵਸਾ ਸਾਈਂ! ਸਾਡੀ ਉਜੜੀ ਝੋਕ ਵਸਾ ਪਈ ਬਲਦੀ ਹਰ ਥਾਂ ਭਾ ਸਾਈਂ! ਸਾਡੀ ਉਜੜੀ ਝੋਕ ਵਸਾ ਅਸੀਂ ਲੱਖਾਂ ਏਕੜ ਬੀਜੀਏ ਸਾਡਾ ਫਿਰ ਵੀ ਮੰਦਾ ਹਾਲ ਸਾਡੀ ਮੱਝੀਂ ਬਾਦੀ ਹੋ ਗਈ ਸਾਡੇ ਵਿੱਚ ਭੜੋਲੇ ਕਾਲ ਸਾਡੇ ਵਿਹੜੇ ਸੁੰਨੇ ਹੋ ਗਏ ਹਰ ਪਾਸੇ ਉਗਿਆ ਘਾਹ ਸਾਈਂ! ਸਾਡੀ ਉੱਜੜੀ ਝੋਕ ਵਸਾ ਅਸੀਂ ਵਿੱਚ ਖ਼ਲਾਵਾਂ ਵੱਸੀਏ ਤੇ ਲੋਭਾਂ ਸਾਡਾ ਦੇਸ਼ ਅਸੀਂ ਆਪੋ ਆਪ ਤਾਂ ਮੰਗਤੇ ਬਾਹਰ ਖੜੇ ਦਰਵੇਸ਼ ਅਸੀਂ ਅੱਖੀ ਮੱਖੀ ਵੇਖ ਕੇ ਚੁੱਪ ਕਰ ਕੇ ਲਈਏ ਖਾ ਸਾਈਂ ! ਸਾਡੀ ਉਜੜੀ ਝੋਕ ਵਸਾ ਪਈ ਬਲਦੀ ਹਰ ਥਾਂ ਭਾ

ਯਾਰ ਪ੍ਰਾਹੁਣੇ

ਯਾਰ ਪ੍ਰਾਹੁਣੇ ਆ ਗਏ ਲੈ ਪਿੰਡ 'ਚ ਘੁੰਮੇ ਜਿੰਦਾਂ ਨਾਲ ਸ਼ਰੀਕੜਾ ਘਰ ਪੱਕੇ ਤੁਮੇ ਜਿਹਨਾਂ ਉੱਤੇ ਤਿਉੜੀਆਂ ਉਹ ਮੱਥੇ ਚੁੰਮੇ ਅਜ਼ਲੋਂ ਬੰਦੀਵਾਨ ਹਾਂ ਇਹੀ ਚਰਚੇ ਧੁੰਮੇ ਰੱਤਾਂ ਪੀਵਣ ਵਾਲੜੇ ਅੱਜ ਮੋਹਰੀ ਹੋ ਗਏ ਰਾਤੀਂ ਨੀਂਦ ਉਨੀਂਦਰਾ ਸਾਹ ਚੋਰੀ ਹੋ ਗਏ ਰਾਜਾ ਮਾਰੀਂ ਨ੍ਹੇਰਨੇ ਦਿਲ ਭੌਰੀ ਹੋ ਗਏ ਸੱਜਣ ਹਾਣੀ ਰੋਗ ਦੇ ਅੱਖੀਆਂ ਦੇ ਫੋੜੇ ਮੈਂ ! ਸਮਿਆਂ ਤੇਰੀ ਗੱਲ ਤੋਂ ਕੁਝ ਅੱਖਰ ਤੋੜੇ ਇਹ ਸੱਜਣ ਸਾਹਵਾਂ ਵਾਂਗ ਨੇ ਹੁਣ ਕਿਹੜਾ ਮੋੜੇ ਵੇਲਾ ਮਾਰੇ ਸੈਨਤਾਂ ਦਿਨ ਰਹਿ ਗਏ ਥੋੜੇ

ਹੋਣੀਏਂ, ਮਨ ਮੋਹਣੀਏਂ

(ਸਈਅਦ ਅਜ਼ੀਮ ਦੀ ਵੇਲ) ਹੋਣੀਏਂ, ਮਨ ਮੋਹਣੀਏਂ ਉਮਰਾਂ ਦੇ ਧੋਣੇ ਧੋਣੀਏਂ ਤੇਰੇ ਸਦਕੇ ਜਾਵਾਂ ਸਾਨੂੰ ਜੰਮਨੋਂ ਵਧ ਕੇ ਕੀ ਹੋਰ ਸਜ਼ਾਵਾਂ ਹਰ ਕਿੱਕਰ ਦੀ ਸੂਲ ’ਤੇ ਸਾਡਾ ਸਿਰਨਾਵਾਂ ਹੁਣ ਤੇ ਐਵੇਂ ਹੱਸ ਕੇ ਤੈਨੂੰ ਮਗਰੋਂ ਲਾਹਵਾਂ ਹੋਣੀਏਂ, ਮਨ ਮੋਹਣੀਏਂ ਤੇਰੇ ਸਦਕੇ ਜਾਵਾਂ ਹੋਣੀਏਂ, ਮਨ ਮੋਹਣੀਏਂ ਉਮਰਾਂ ਦੇ ਧੋਣੇ ਧੋਣੀਏਂ ਚੱਲ ਅੱਗੇ ਅੱਗੇ ਆਉਂਦੇ ਨਿੱਤ ਭੁਚਾਲ ਨੀ ਸਾਡੀ ਇੱਕ ਇੱਕ ਰਗੇ ਸਾਡੀਆਂ ਨਾੜਾਂ ਨਾਲ਼ ਖੂਹਾਂ ਨੂੰ ਜਾਲਾ ਲੱਗੇ ਸਾਡੀਆਂ ਸੋਚਾਂ ਨਾਲ਼ ਸਮੇਂ ਦੇ ਧੌਲੇ ਬੱਗੇ ਹੋਣੀਏਂ, ਮਨ ਮੋਹਣੀਏਂ ਚੱਲ ਅੱਗੇ ਅੱਗੇ ਹੋਣੀਏਂ, ਮਨ ਮੋਹਣੀਏਂ ਉਮਰਾਂ ਦੇ ਧੋਣੇ ਧੋਣੀਏਂ ਆ ਲਾਈਏ ਗੋਤੇ ਜੀਵਨ ਦੇ ਕਾਲੇ ਪਾਣੀਆਂ ਅਸੀਂ ਬਾਣੇ ਧੋਤੇ ਵਹਿਸ਼ਤ ਤੇ ਤਰਥੱਲੀਆਂ ਹਥ ਜੋੜ ਖਲੋਤੇ ਵੇਲੇ ਦੇ ਨਮਰੂਦ ਨੂੰ ਅੱਜ ਲਾਉਣਾ ਜੋਤੇ ਹੋਣੀਏਂ, ਮਨ ਮੋਹਣੀਏਂ ਆ ਲਾਈਏ ਗ਼ੋਤੇ ਹੋਣੀਏਂ, ਮਨ ਮੋਹਣੀਏਂ ਉਮਰਾਂ ਦੇ ਧੋਣੇ ਧੋਣੀਏਂ ਲੱਖ ਬਣ ਜਾ ਕਹਿਰਾਂ ਸਾਡੇ ਲਈ ਰੁਸ਼ਨਾਈਆਂ ਮਿਰਗੀ ਦੀਆਂ ਲਹਿਰਾਂ ਅਸੀਂ ਮਿੱਠੇ ਸ਼ਹਿਦ ਵਜੂਦ ਵਿਚ ਭਰ ਲਈਆਂ ਜ਼ਹਿਰਾਂ ਦਿਲ ਆਖੇ ਸੱਪ ਦੀ ਰੁੱਡ ਵਿਚ ਜਾ ਜਾ ਕੇ ਠਹਿਰਾਂ ਹੋਣੀਏਂ, ਮਨ ਮੋਹਨੀਏਂ ਲੱਖ ਬਣ ਜਾ ਕਹਿਰਾਂ ਹੋਣੀਏਂ, ਮਨ ਮੋਹਣੀਏਂ ਉਮਰਾਂ ਦੇ ਧੋਣੇ ਧੋਣੀਏਂ ਆ ਰਲ ਕੇ ਬਹੀਏ ਹੋਣੀ ਹੋਣੀ ਖੇਡ ਕੇ ਇੱਕ ਮਿੱਕ ਹੋ ਰਹੀਏ ਅਤੇ ਜੱਗ ਨੂੰ ਹੱਸਦਾ ਛੱਡ ਕੇ ਕਬਰਾਂ ਵਿੱਚ ਲਈਏ ਤੇ ਰਲ ਦੋਵੇਂ ਅਨਹੋਣੀਆਂ ਨਿੱਤ ਹੋਣਾ ਸਹੀਏ ਹੋਣੀਏਂ, ਮਨ ਮੋਹਣੀਏਂ ਆ ਰਲ਼ ਕੇ ਬਹੀਏ ਹੋਣੀਏਂ, ਮਨ ਮੋਹਣੀਏਂ ਤੇਰੇ ਸਦਕੇ ਜਾਵਾਂ (ਨਮਰੂਦ=ਇਸਲਾਮੀ ਤਵਾਰੀਖ਼ ਵਿੱਚ ਹਜ਼ਰਤ ਇਬਰਾਹੀਮ ਦੇ ਵੇਲੇ ਦਾ ਮਸ਼ਹੂਰ ਬਾਦਸ਼ਾਹ ਨਮਰੂਦ ਜੋ ਆਪਣੇ ਆਪ ਨੂੰ ਰੱਬ ਅਖਵਾਉਂਦਾ ਸੀ)

ਬਖ਼ਸ਼ੀਸ਼

ਚਮੜੀ ਜਿਵੇਂ ਤਿੜੀਆਂ ਚਿਪਰਾਂ ਜਿਉਂ ਬੁੱਲ੍ਹਾਂ 'ਤੇ ਸੋਕਾ ਦੋ ਨੈਣਾਂ ਦੇ ਖੂਹੋਂ ਭਰਿਆ ਖਾਰੇ ਲਹੂ ਦਾ ਬੋਕਾ ਮੈਨੂੰ ਡੰਗ ਕੇ ਲਾਲ ਗੁਲਾਬੀ ਹੋ ਗਏ ਕਾਲੇ ਸ਼ੀਸ਼ ਮੈਨੂੰ ਅਪਣਾ ਜੀਵਨ ਜਾਪੇ ਯਾਰਾਂ ਦੀ ਬਖ਼ਸ਼ੀਸ਼

ਸਾਵਣ ਮਾਹ ਤ੍ਰਿਹਾਏ

(ਸ਼ਫ਼ਕਤ ਤਨਵੀਰ ਮਿਰਜ਼ਾ ਦੀ ਵੇਲ) ਸਾਵਣ ਮਾਹ ਤ੍ਰਿਹਾਏ ਸੱਜਣ! ਅਸੀਂ ਸਾਵਣ ਮਾਹ ਤ੍ਰਿਹਾਏ ਧਰਤੀ ਦੇ ਪਿੰਡੇ 'ਤੇ ਪਾਣੀ ਅੰਦਰੋਂ ਸੇਕ ਨਾ ਜਾਏ ਸਾਵਣ ਮਾਹ ਤ੍ਰਿਹਾਏ ਸੱਜਣ! ਅਸੀਂ ਸਾਵਣ ਮਾਹ ਤ੍ਰਿਹਾਏ ਜੇਠ ਹਾੜ ਦੀ ਅੰਨ੍ਹੀ ਧੁੱਪੇ ਨਿੱਤ ਸਾਵਣ ਦੇ ਚਾਅ ਮੀਂਹ ਮੰਗੀਏ ਤੇ ਹੜ੍ਹ ਆ ਜਾਵੇ ਕਰੀਏ ਅੰਤ ਉਪਾਅ ਇਸ ਰੁੱਤੇ ਵੀ ਬੁੱਲ੍ਹਾਂ ਉੱਤੇ ਪਿਪੜੀ ਜੰਮਦੀ ਜਾਏ ਸਾਵਣ ਮਾਹ ਤ੍ਰਿਹਾਏ ਸੱਜਣ! ਅਸੀਂ ਸਾਵਣ ਮਾਹ ਤ੍ਰਿਹਾਏ ਹਉਕੇ ਵਰਗਾ ਜੀਵਨ ਬੀਤੇ ਹੱਥਾਂ ਨੂੰ ਹੱਥ ਖਾਵੇ ਰੁੱਖਾਂ ਦੀ ਜੜ੍ਹ ਮੁੱਢੋਂ ਪੁੱਟੀ ਕੀ ਕੋਈ ਪੀਂਘ ਚੜ੍ਹਾਵੇ ਸਾਹਵਾਂ ਦੇ ਵਿੱਚ ਹੁਮ ਹੁਮਾ ਕੇ ਹੁੱਸੜ ਆਏ ਜਾਏ ਸਾਵਣ ਮਾਹ ਤ੍ਰਿਹਾਏ ਸੱਜਣ!ਅਸੀਂ ਸਾਵਣ ਮਾਹ ਤ੍ਰਿਹਾਏ

ਧਰਤੀ ਨਾਲ਼ ਵਿਆਹੀ

ਨੂਰੀ ਦੇ ਨਾਂ ਧਰਤੀ ਨਾਲ਼ ਵਿਆਹੀ ਸਖੀ! ਮੈਂ ਧਰਤੀ ਨਾਲ ਵਿਆਹੀ ਕੰਤ ਮੇਰਾ ਏ ਰੁੱਖ ਕਿੱਕਰ ਦਾ ਨਣਦਾਂ ਸਰ੍ਹੋਂ ਫਲਾਹੀ ਵੰਨ ਸੁਵੰਨੇ ਫੁੱਲ ਖ਼ੁਸ਼ਬੋਈ ਮੇਰੀ ਕੁੱਖ ਚੋਂ ਫੁੱਟੇ ਜ਼ਹਿਰੀ ਮਹਿਕ ਜਿਹਨਾਂ ਦੀ ਸਈਉ ਸਾਹਵਾਂ ਦਾ ਗਲ ਘੁੱਟੇ ਇੰਜ ਲੱਗਦਾ ਜਿਉਂ ਜੰਮਦੇ ਸਾਰ ਈ ਫਿਰ ਗਈ ਲੇਖ ਸਿਆਹੀ ਧਰਤੀ ਨਾਲ ਵਿਆਹੀ ਸਖੀ! ਮੈਂ ਧਰਤੀ ਨਾਲ਼ ਵਿਆਹੀ ਸੌਕਣ ਦਰਦੀ ਰੇਤ ਥਲਾਂ ਦੀ ਮੇਰੇ ਵਾਲ ਸ਼ਿੰਗਾਰੇ ਦਿਉਰਾਂ ਵਰਗਾ ਹੜ੍ਹ ਸਾਉਣੀ ਦਾ ਨੈਣ ਕਰੇਂਦਾ ਖਾਰੇ ਰੋਜ਼ ਪੱਤਣ ’ਤੇ ਮਿਹਣੇ ਮਾਰਨ ਆਉਂਦੇ ਜਾਂਦੇ ਰਾਹੀ ਧਰਤੀ ਨਾਲ ਵਿਆਹੀ ਸਖੀ!ਮੈਂ ਧਰਤੀ ਨਾਲ਼ ਵਿਆਹੀ

ਯਾਰਾਂ ਵਾਲੀ ਵਾਅ

ਯਾਰਾਂ ਵਾਲੀ ਵਾਅ ਦੀ ਅੱਗ ਵੀ ਸੀਨੇ ਵਰ੍ਹਦੀ ਜਾਏ ਅੱਖੀਂ ਲੋਭ ਸਮੇਂ ਦਾ ਪਾਲਾ ਰੂਹ ਜਿਉਂ ਠਰਦੀ ਜਾਏ ਸੱਜਣ ਵਾਅ ਦਾ ਵਰ੍ਹ ਜਾਣਾ ਵੀ ਰਾਹ ਨਾ ਸਾਡੀ ਮੱਲੇ ਸਾਹ ਦਾ ਸੇਕ ਸਲਾਮਤ ਸਾਡਾ ਕਿਧਰੇ ਮਰ ਨਹੀਂ ਚੱਲੇ ਕਾਹਦਾ ਮਾਣ ਹਵਾ 'ਤੇ ਕਰੀਏ ਬੈਠ ਕਿਸੇ ਨਹੀਂ ਰਹਿਣਾ ਅਸੀਂ ਤੇ ਅਪਣਾ ਜੀਵਨ ਜੀਣਾ ਜਨਮ ਜਨਮ ਨੂੰ ਸਹਿਣਾ

ਬੋਲੀ ਪੰਧ ਕਰੇਂਦੀ ਯਾਰ

ਇੱਕ ਤੰਦ ਸੂਰਜ ਦੀ ਆ ਲੱਥੀ ਅੱਖ ਦੇ ਵਿਹੜੇ *** ਚੰਨ ਸੇਕ ਲੱਗਣ 'ਤੇ ਰੋਇਆ ਲੋਗੜ ਬਣਦਾ ਰਿਹਾ *** ਪੂਣੀ ਚੰਨ ਦੀ ਬਣਾ ਕੇ ਅੱਖੀਆਂ ਕੱਤ ਕੱਤ ਰੂਹ ਰੱਖ ਲਈ *** ਰੂਹ ਟੁਰ ਪਈ ਸਫ਼ਰ 'ਤੇ ਹੱਸਦੀ ਮਾਪਿਆਂ ਦਾ ਘਰ ਭੁੱਲ ਗਈ *** ਰੂਹ ਖਸਮਾਂ ਲਿਤਾੜੀ ਐਸੀ ਧੀਆਂ ਦੇ ਦਿਮਾਗ਼ ਹਿੱਲ ਗਏ *** ਪੁੱਤ ਜੰਮੇ ਜੀ ਧੀਆਂ ਨੇ ਐਸੇ ਝਲਿਆਂ ਦੀ ਥੋੜ ਨਾ ਰਹੀ *** ਪਿਆ ਧਰਤੀ 'ਤੇ ਝੱਲ ਦਾ ਖਿਲਾਰਾ ਅਕਲਾਂ ਨੂੰ ਰੋਣ ਆ ਗਿਆ *** ਰੋਈਆਂ ਅਕਲਾਂ ਬਣਾ ਕੇ ਸ਼ਕਲਾਂ ਮੱਤ 'ਚ ਫ਼ਤੂਰ ਆ ਗਿਆ *** ਮੱਤ ਮਾਰ ਲਈ ਸਮੇਂ ਨੀ ਐਸੀ ਹੱਸਣ ਦੀ ਵਿਹਲ ਨਾ ਰਹੀ *** ਜਿਹੜੇ ਹੱਸਦੇ ਉਹ ਅੱਖ ਵਿੱਚ ਵੱਸਦੇ ਰੋਂਦਿਆਂ ਨੂੰ ਪੈਣ ਕੁੱਕਰੇ *** ਜਿਹਨਾਂ ਹਾਸਿਆਂ 'ਤੇ ਰੋਸਾ ਕੀਤਾ ਉਹ ਟੁੱਕ ਟੁੱਕ ਖਾਣ ਉਂਗਲਾਂ *** ਅੱਖ ਨਾਲ ਅੱਖ ਲੜ ਗਈ ਸਾਡਾ ਮੁੱਕਿਆ ਅਜ਼ਲ ਦਾ ਝੇੜਾ

ਗੌਣ

ਲੂੰ ਲੂੰ ਰਚਦਾ ਜਾਏ ਸੱਜਣ! ਸਾਡੇ ਲੂੰ ਲੂੰ ਰਚਦਾ ਜਾਏ ਇਸ਼ਕ ਦਿਲੇ ਵਿੱਚ ਧੂਣੀ ਲਾਈ ਭਾਂਬੜ ਮਚਦਾ ਜਾਏ ਸੱਜਣ! ਸਾਡੇ ਲੂੰ ਲੂੰ ਰਚਦਾ ਜਾਏ ਨੈਣ ਸੱਜਣ ਦੇ ਤੇਜ਼ ਕਟਾਰਾਂ ਹੱਲੀਆਂ ਸਾਡੇ ਦਿਲ ਦੀਆਂ ਤਾਰਾਂ ਫੁੱਲਾਂ ਵਾਂਗੂੰ ਤਿਲ ਮੁੱਖੜੇ ਦਾ ਨਜ਼ਰੀਂ ਜਚਦਾ ਜਾਏ, ਸੱਜਣ ਸਾਡੇ ਲੂੰ ਲੂੰ ਰਚਦਾ ਜਾਏ ਯਾਰ ਜਹਿਆ ਨਹੀਂ ਜੱਗ ’ਤੇ ਹੋਣਾ ਉਹ ਹਰ ਸੋਹਣੇ ਤੋਂ ਵੱਧ ਸੋਹਣਾ ਉਹਦੇ ਮੁੱਖ ਦੇ ਲਿਸ਼ਕਾਰੇ ਤੋਂ ਹਰ ਕੋਈ ਬਚਦਾ ਜਾਏ, ਸੱਜਣ ਸਾਡੇ ਲੂੰ ਲੂੰ ਰਚਦਾ ਜਾਏ ਨਾਜ਼ੁਕ ਸ਼ੋਖ਼ ਅੰਦਾਜ਼ ਅਲਬੇਲੇ ਅੰਗ ਅੰਗ ਦੇ ਵਿੱਚ ਮਸਤੀ ਖੇਲੇ ਯਾਰ ਸੱਜਣ ਦੀ ਚਾਲ ਹੈ ਜਿਵੇਂ ਮੋਰ ਇੱਕ ਨੱਚਦਾ ਜਾਏ, ਸੱਜਣ ਸਾਡੇ ਲੂੰ ਲੂੰ ਰਚਦਾ ਜਾਏ

ਸ਼ੱਕਰ ਵੰਡਾਂ ਰੇ

ਸ਼ੱਕਰ ਵੰਡਾਂ ਰੇ ਮੇਰਾ ਪੀਆ ਮੋ ਸੇ ਮਿਲਣ ਆਇਉ ਸ਼ੱਕਰ ਵੰਡਾਂ ਰੇ ਖਿੜ ਖਿੜ ਹਾਸੀ, ਦੂਰ ਉਦਾਸੀ ਚਾਨਣ ਪੀਵੇ ਜਿੰਦ ਪਿਆਸੀ ਲੂੰ ਲੂੰ ਠੰਡਾ ਰੇ ਮੇਰਾ ਪੀਆ ਮੋ ਸੇ ਮਿਲਣ ਆਇਉ ਸ਼ੱਕਰ ਵੰਡਾਂ ਰੇ ਹੁਲ ਹੁਲਾਰੇ, ਨੈਣਾਂ ਠਾਰੇ ਹਸਤੀ ਮਸਤੀ ਰੰਗ ਉਤਾਰੇ ਮੇਲ ਪ੍ਰੀਤਮ, ਕਮਲੀ ਕੀਤਮ ਛਮ ਛਮ ਨਾਚੂੰ ਚੜ੍ਹ ਚੁਬਾਰੇ ਜ਼ੁਲਫ਼ਾਂ ਛੰਡਾਂ ਰੇ ਮੇਰਾ ਪੀਆ ਮੋ ਸੇ ਮਿਲਣ ਆਇਉ ਸ਼ੱਕਰ ਵੰਡਾਂ ਰੇ ਬੋਲ ਪੀਆ ਦੇ ਦਿੱਲੜੀ ਠੱਗਣ ਅੰਧਿਆਰੇ ਮੇਂ ਦੀਵੇ ਜਗਨ ਗੋਸ਼ੇ ਬੈਠ ਕਲੋਲਾਂ ਹੋਈਆਂ ਅੰਗ ਅੰਗ ਮਿੱਠੀਆਂ ਲਹਿਰਾਂ ਵੱਗਣ ਚੱਖੀਆਂ ਖੰਡਾਂ ਰੇ ਮੇਰਾ ਪੀਆ ਮੋ ਸੇ ਮਿਲਣ ਆਇਉ ਸ਼ੱਕਰ ਵੰਡਾਂ ਰੇ ਮੇਲ ਵਿਛੋੜੇ ਦੇ ਘਰ ਢੁੱਕੇ ਇੱਕ ਸੁੱਖ ਮਿਲਿਆ, ਸੌ ਦੁੱਖ ਮੁੱਕੇ ਰੂਹ ਨੇ ਰੰਗ ਰੰਗੋਲੀ ਖੇਡੀ ਖ਼ੁਸ਼ੀਆਂ ਦੇ ਰੁੱਗ ਭਰ ਭਰ ਚੁੱਕੇ ਬੰਨ੍ਹੀਆਂ ਪੰਡਾਂ ਰੇ ਮੇਰਾ ਪੀਆ ਮੋ ਸੇ ਮਿਲਣ ਆਇਉ ਸ਼ੱਕਰ ਵੰਡਾਂ ਰੇ

ਗੌਣ

ਛਲਕ ਛਲਕ ਗਈਆਂ ਅੱਖੀਆਂ ਮਨ ਮਾਰੂ ਲੱਜ਼ਤਾਂ ਚੱਖੀਆਂ ਛਲਕ ਛਲਕ ਗਈਆਂ ਅੱਖੀਆਂ ਕੇਹੀ ਇਸ਼ਕੇ ਦੀ ਰੁੱਤ ਮਾਣੀ ਕੂੜ ਕੁੜੱਤਣ ਰੂਹ ਦੇ ਹਾਣੀ ਸਾਹਵਾਂ ਹੱਕੀਆਂ ਬੱਕੀਆਂ ਛਲਕ ਛਲਕ ਗਈਆਂ ਅੱਖੀਆਂ ਜੀਨ ਮਰਨ ਮਾਹੀ ਸੰਗ ਲਾ ਕੇ ਹੱਥੀਂ ਆਪਣਾ ਆਪ ਮੁਕਾ ਕੇ ਆਪੇ ਹੱਡੀਆਂ ਚੱਕੀਆਂ ਛਲਕ ਛਲਕ ਗਈਆਂ ਅੱਖੀਆਂ ਸੱਜਣ ਕਟਾਰੀ ਅੰਤਰ ਮਾਰੀ ਤੜਪ ਤੜਪਤ ਗਿਰਿਆ ਜ਼ਾਰੀ ਚੋਟਾਂ ਲੱਗੀਆਂ ਪਕੀਆਂ ਛਲਕ ਛਲਕ ਗਈਆਂ ਅੱਖੀਆਂ

ਗੌਣ

ਕਾਇਨਾਤ ਦੇ ਨਾਂ ਜਿੰਦ ਮੇਰੀਏ ਨੀ, ਜਿੰਦ ਮੇਰੀਏ ਨੀ ਕੋਈ ਕੀ ਜਾਣੇ ਦਿਲ ਦੀਆਂ ਲੱਗੀਆਂ ਅੱਖੀਆਂ 'ਚੋਂ ਨਦੀਆਂ ਦਿਨ ਰਾਤ ਵਗੀਆਂ ਲੰਮੀ ਉਦਾਸੀ ਜਿੰਦੜੀ ਪਿਆਸੀ ਮੁਖ ਮੋੜ ਬੈਠੇ ਨੈਣਾਂ ਦੇ ਵਾਸੀ ਜਿੰਦ ਮੇਰੀਏ ਨੀ, ਜਿੰਦ ਮੇਰੀਏ ਨੀ ਚਾਵਾਂ ਦੇ ਮੇਲੇ ਵਿੱਚ ਪੈ ਗਈਆਂ ਕਣੀਆਂ ਦੁਨੀਆ ਕੀ ਜਾਣੇ ਸਾਡੇ ਦਿਲ ’ਤੇ ਕੀ ਬਣੀਆਂ ਗਲੀਆਂ 'ਚੋਂ ਸਿੰਮਦੇ ਨੇਂ ਸਾਹਵਾਂ ਦੇ ਪਾਣੀ ਲੰਮੀਆਂ ਜੁਦਾਈਆਂ ਦੇ ਗਏ ਉਮਰਾਂ ਦੇ ਹਾਣੀ ਸੂਲੀ ਤੇ ਟੰਗੀਆਂ ਆਸਾਂ ਗੁਲਾਬੀ ਹੰਝੂਆਂ ਨੇ ਕੀਤਾ ਖ਼ਾਕੀ ਤੋਂ ਆਬੀ ਜਿੰਦ ਮੇਰੀਏ ਨੀ, ਜਿੰਦ ਮੇਰੀਏ ਨੀ ਕੰਨਾਂ 'ਚ ਗੂੰਜਦੀਆਂ ਚੱਪ ਦੀਆਂ ਚੀਕਾਂ ਵਸਲਾਂ ਨੂੰ ਪੈ ਗਈਆਂ ਲੰਮੀਆਂ ਤਰੀਕਾਂ ਕੰਧਾਂ 'ਤੇ ਮਾਰੀ ਜਾਵਾਂ, ਗਿਣ ਗਿਣ ਲੀਕਾਂ ਆਪੇ ਮੈਨੂੰ ਆਪਣੀਆਂ ਲੱਗੀਆਂ ਉਡੀਕਾਂ ਇੱਕੋ ਸਾਹੇ ਸਾਰੀ, ਜ਼ਿੰਦਗੀ ਗੁਜ਼ਾਰੀ ਲੱਗਦੀ ਐ ਧਰਤੀ ਥਾਂ ਕੋਈ ਭਾਰੀ ਜਿੰਦ ਮੇਰੀਏ ਨੀ, ਜਿੰਦ ਮੇਰੀਏ ਨੀ

ਟੱਪੇ

ਬਿਨ ਜਾਗ ਨਾ ਦਹੀਂ ਹੁੰਦੇ ਜਿਹੋ ਜਿਹੇ ਦਿਸਣੇ ਆਂ, ਅਸੀਂ ਉਹੋ ਜਿਹੇ ਨਹੀਂ ਹੁੰਦੇ *** ਗੱਲ ਗੱਲਾਂ ਵਿਚੋਂ ਚੁਣਿਆ ਕਰ ਵੱਧ ਵੱਧ ਬੋਲਣਾ ਏਂ ਕਦੇ ਚੁੱਪ ਨੂੰ ਵੀ ਸੁਣਿਆ ਕਰ *** ਵੰਝਲੀ ਦੇ ਸੁਰ ਛਿੜਦੇ ਇੱਕ ਤੇਰੇ ਹੱਸਿਆਂ ਚੰਨਾ ਬੇਮੌਸਮੇ ਫੁੱਲ ਖਿੜਦੇ *** ਗੱਲ ਮੁੱਕਦੀ ਮੁਕਾ ਛੋੜੀ ਜ਼ਿੰਦਗੀ ਦੇ ਰੌਲ਼ਿਆਂ ਵਿੱਚ ਅਸਾਂ ਮੌਤ ਗੁਆ ਛੋੜੀ *** ਸਾਰੀ ਉਮਰਾਂ ਦੀ ਟੌਹਰ ਹੋਵੇ ਅਗਲੇ ਜਹਾਨ ਜਾਈਏ ਸ਼ਾਲਾ!ਉਥੇ ਵੀ ਲਹੌਰ ਹੋਵੇ *** ਬੰਦ ਇਸ਼ਕੇ ਦੀ ਤਾਕੀ ਏ ਲਹੌਰ 'ਚ ਰਹਿਨੇ ਆਂ ਅਜੇ ਜੰਮਣਾ ਬਾਕੀ ਏ *** ਕੋਈ ਘੁੱਟ ਕੇ ਦਿਲ ਫੜਿਆ ਇਸ਼ਕੇ ਦੇ ਬੋਛਨ ’ਤੇ ਬੇ ਰੰਗੀਆਂ ਦਾ ਰੰਗ ਚੜ੍ਹਿਆ *** ਇਸ਼ਕੇ ਦੀਆਂ ਵੰਡੀਆਂ ਨੀ ਵਾਏ ਤੈਨੂੰ ਚੁੰਮ ਚੁੰਮ ਕੇ ਪਈਆਂ ਬੁੱਲ੍ਹਾਂ ਉੱਤੇ ਚੰਡੀਆਂ ਨੀ *** ਕੋਈ ਸ਼ੌਕ ਸਵਾਦਾਂ ਦਾ ਇਸ਼ਕੇ ਦੀ ਪੀਂਘ ਚੜ੍ਹੀ ਰੰਗ ਉਡ ਗਿਆ ਸਾਧਾਂ ਦਾ *** ਕੋਈ ਸਾਂਦਲ ਬਾਰ ਹੋਈ ਜੰਮਦਿਆਂ ਸਾਰ ਸਈਓ ਸਾਨੂੰ ਇਸ਼ਕੇ ਦੀ ਮਾਰ ਹੋਈ *** ਉਂਝ ਰੱਬ ਦੀਆਂ ਰੱਬ ਜਾਣੇ ਜਿੰਦ ਉਹਦੇ ਨਾਂ ਲਾਵਾਂ ਜਿਹੜਾ ਰੱਬ ਦਾ ਸਬੱਬ ਜਾਣੇ

ਸ਼ਾਲਾ !

ਜ਼ੋਇਆ ਸਾਜਿਦ ਦੇ ਨਾਂ ਜਿੱਤ ਪੰਜਾਲੀ ਨਿੱਤ ਸੰਭਾਲੀ ਹੋਰ ਨਾ ਚਿੱਤ ਨੂੰ ਲਾਵਾਂ ਆਪਣੀ ਹਾਰ ਦਾ ਹਾਰ ਬਣਾ ਕੇ ਝੂਮ ਗਲੇ ਵਿੱਚ ਪਾਵਾਂ ਮੈਂ ਬਾਝੋਂ ਮੈਂ ਅੰਮ੍ਰਿਤ ਹੋਵਾਂ ਸਭ ਦੀ ਪਿਆਸ ਬੁਝਾਵਾਂ ਜੀਵਨ ਨੂੰ ਸੁੱਖ ਇਉਂ ਦੇਵਾਂ, ਜਿਉਂ ਮਾਵਾਂ ਦੇਣ ਦੁਆਵਾਂ

ਜਿੰਦੜੀਏ

ਜਿੰਦੜੀਏ। ਆ ਖਿੜ ਖਿੜ ਰੋਈਏ ਤੇ ਮਾਰ ਦੋਹੱਥੜ ਹੱਸੀਏ ਏਹ ਜੀਵਨ ਨਹੀਂ ਸਾਡਾ ਜੀਵਨ ਰੂਹ ਦੀ ਜੂਨੇ ਵੱਸੀਏ ਬੀਨ ਵਜਾ ਓ ਜੋਗੀਆ ਕਿਉਂ ਲਾਉਨਾ ਏਂ ਦੇਰ ਸ਼ੂਕਣ ਸਾਹ ਸਪੋਲੀਏ ਦਿਲ ਨੂੰ ਪੈ ਜਾਏ ਘੇਰ ਭਰ ਜਾਂ ਨਾਲ਼ ਕੁੜੱਤਣਾਂ ਜਿੰਦ ਨੂੰ ਆਖਾਂ ਫੇਰ ਆਪਣੀ ਨਾਗਣ ਜਿਭ ਨੂੰ ਅੱਖੀਏਂ ਦੇ ਵਿੱਚ ਫੇਰ ਅਸੀਂ ਵੀ ਤੇਰੇ ਚੇਲੜੇ ਗੁੱਗੇ ਪੀਰ ਨੂੰ ਦੱਸੀਏ ਤੇ ਮਾਰ ਦੋਹੱਥੜ ਹੱਸੀਏ ਉਮਰਾਂ ਜਿੰਨੇ ਪੰਧ ਨੇ ਸਾਹਾਂ ਦੇ ਵਿਚਕਾਰ ਕਦੀ ਤੇ ਆ ਕੇ ਸੂਰਜਾ ਬਲਦਾ ਸੀਨਾ ਠਾਰ ਅਖੀਂ ਸੁਰਮਾ ਜ਼ਹਿਰੀਆ ਬੁੱਲ੍ਹੀਂ ਚੁੱਪ ਦਾ ਹਾਰ ਸਮਿਆਂ ਜੀਵਨ ਜੋਗਿਆ ਥਾਂਹ ਈ ਦਿੱਤੈ ਮਾਰ ਲਾਸ਼ਾਂ ਜਿੰਦੇ ਵੈਰਨੇ ਮੋਢੀਂ ਚੁੱਕ ਕੇ ਨੱਸੀਏ ਤੇ ਮਾਰ ਦੋਹੱਥੜ ਹੱਸੀਏ ਜਿੰਦੜੀਏ!ਆ ਖਿੜ ਖਿੜ ਰੋਈਏ

ਕਰਨੀ

ਅਸੀਂ ਮੂੰਹ 'ਤੇ ਜੀ ਜੀ ਆਖੀਏ ਤੇ ਦਿਲ ਵਿੱਚ ਰੱਖੀਏ ਨਾਂਹ ਅਸੀਂ ਪਹਿਲਾ ਅੱਗੇ ਪੁੱਟੀਏ ਤੇ ਦੂਜਾ ਪੈਰ ਪਿਛਾਂਹ