Mustafa Anwar ਮੁਸਤਫ਼ਾ ਅਨਵਰ
ਮੁਸਤਫ਼ਾ ਅਨਵਰ ਮੀਆਂ ਚੰਨੂੰ ਦੇ ਰਹਿਣ ਵਾਲੇ ਲਹਿੰਦੇ ਪੰਜਾਬ ਦੇ ਪੰਜਾਬੀ ਸ਼ਾਇਰ ਹਨ। ਉਨ੍ਹਾਂ ਨੇ ਆਪਣੀ ਸ਼ਾਇਰੀ ਨਾਲ਼ ਪੰਜਾਬ ਦੇ ਅਦਬੀ ਹਲਕਿਆਂ ਵਿਚ ਬਹੁਤ ਘੱਟ ਅਰਸੇ ਵਿਚ ਅਪਣਾ ਮੁਕਾਮ ਪੈਦਾ ਕੀਤਾ ਹੈ।
ਪੰਜਾਬੀ ਗ਼ਜ਼ਲਾਂ ਤੇ ਨਜ਼ਮਾਂ : ਮੁਸਤਫ਼ਾ ਅਨਵਰ
Punjabi Ghazals and Poems : Mustafa Anwar
ਆਪਣਾ ਸਿਰ ਮੈਂ ਇਹ ਗੱਲ ਸੋਚ ਕੇ ਚੁਕਿਆ ਨਈਂ
ਆਪਣਾ ਸਿਰ ਮੈਂ ਇਹ ਗੱਲ ਸੋਚ ਕੇ ਚੁਕਿਆ ਨਈਂ ਅਜੇ ਤੇ ਅਗਲਾ ਲਹੂ ਡਾਂਗਾਂ ਤੋਂ ਸੁਕਿਆ ਨਈਂ ਜ਼ਹਿਰ ਵੀ ਓਹਨੇ ਇੰਝ ਤਲੀ ਤੇ ਰੱਖਿਆ ਏ ਚਸਕੇ ਲੈ ਲੈ ਚੱਟ ਗਿਆ ਵਾਂ ਥੁੱਕਿਆ ਨਈਂ ਤੇਰਾ ਦਿੱਤਾ ਦੁੱਖ ਵੀ ਦੁੱਧ ਪੁੱਤ ਵਰਗਾ ਏ ਜੱਗ ਤੋਂ ਬਹੁਤ ਲੁਕੋਇਆ ਏ ਪਰ ਲੁਕਿਆ ਨਈਂ ਏਨੀ ਬੇਤਕਿਆਈ ਕੀਤੀ ਲੋਕਾਂ ਨੇ ਮਲ੍ਹਮਾਂ ਕੀ ਇਸ ਫੱਟ ਤੇ ਲੂਣ ਵੀ ਭੁਕਿਆ ਨਈਂ ਕੋਰਟ ਕਚਿਹਰੀ ਖਾ ਗਈ ਸੱਤਵੀਂ ਪੀੜ੍ਹੀ ਵੀ ਪੀੜ੍ਹੀ ਜਿੰਨੀ ਥਾਂ ਦਾ ਝਗੜਾ ਮੁੱਕਿਆ ਨਈਂ ਰੱਖਿਆ ਸੀ ਇਕ ਅੱਥਰੂ ਆਪਣੇ ਰੋਵਣ ਲਈ 'ਅਨਵਰ' ਉਹ ਵੀ ਡੁਲ੍ਹ ਜਾਣਾ ਅੱਜ ਰੁਕਿਆ ਨਈਂ
ਨ੍ਹੇਰਾ ਚਾਨਣ ਇਧਰ ਉਧਰ ਮਰਜ਼ੀ ਨਾਲ ਖਲਾਰੇ
ਨ੍ਹੇਰਾ ਚਾਨਣ ਇਧਰ ਉਧਰ ਮਰਜ਼ੀ ਨਾਲ ਖਲਾਰੇ ਉਹ ਜਦ ਸਿਰਨੂੰ ਝੱਟਕਾ ਦੇ ਕੇ ਆਪਣੇ ਵਾਲ਼ ਖਿਲਾਰੇ ਮੈਂ ਪੰਖੂ ਵੀ ਅਜ਼ਲੋਂ ਬੰਨ੍ਹੀ ਖੰਭਾਂ ਨਾਲ ਤਬੱਕਲ ਉਸ ਵੀ ਇਕ ਇਕ ਦਾਣੇ ਉੱਤੇ ਸੌ ਸੌ ਜਾਲ਼ ਖਿਲਾਰੇ ਸ਼ਾਮ ਸਵੇਰ ਸਿਆੜੀਂ ਕੇਰਾਂ ਮੈਂ ਮੁੜ੍ਹਕੇ ਦੇ ਮੋਤੀ ਫਿਰ ਵੀ ਸਾਡੇ ਵਿਹੜੇ ਕਿਹੜਾ ਕੜਮੇ ਕਾਲ਼ ਖਿਲਾਰੇ ਅੱਜ ਦੇ ਅਮਨ ਪ੍ਰਸਤਾਂ ਏਥੇ ਇਹ ਵੀ ਕਹਿਰ ਕਮਾਇਆ ਕੁਤਰਾ ਕਰਕੇ ਲੋਕੀ ਸਾਡੇ ਆਲ਼ ਦੁਆਲ਼ ਖਿਲਾਰੇ ਰਾਤ ਸਰੰਗੀ ਦੇ ਵਿੱਚ ਆ ਗਈ ਮੇਰੇ ਘਰ ਦੀ ਮੁਰਕੀ ਤਾਰਾਂ 'ਤੇ ਜਦ ਉਂਗਲ਼ਾਂ ਦੇ ਨਾਲ ਮੈਂ ਸੁਰ ਤਾਲ ਖਿਲਾਰੇ
ਮੈਂ ਜਿਹੜਾ ਵੀ ਹੱਸਦਾ ਮੁੱਖੜਾ ਟੋਹਿਆ ਏ
ਮੈਂ ਜਿਹੜਾ ਵੀ ਹੱਸਦਾ ਮੁੱਖੜਾ ਟੋਹਿਆ ਏ, ਉਹੋ ਮੇਰੇ ਗਲ਼ ਨਾਲ ਲੱਗਕੇ ਰੋਇਆ ਏ ਆਲ੍ਹਣੇ ਚੁੰਜਾਂ ਵਿੱਚ ਅੜੁੰਗੀ ਫਿਰਦੇ ਨੇ, ਅੱਧੀ ਰਾਤੀਂ ਪੱਖੁਆਂ ਨੂੰ ਕੀ ਹੋਇਆ ਏ ਦੇਵਣ ਵਾਲ਼ਾ ਡਾਢ੍ਹਾ ਖੋਹਵਣ ਵਾਲੇ ਤੋਂ, ਸੌ ਖੋਹਲੂ ਜੇ ਤੂੰ ਇਕ ਬੂਹਾ ਢੋਇਆ ਏ ਮੈਨੂੰ ਕੋਈ ਫੱਨਕਾਰ ਈ ਥਾਪੀ ਦੇਵੇਗਾ, ਮੈਂ ਭੂੰਡਾਂ ਦੀ ਜੂਹ ਚੋਂ ਮਾਖ਼ੀ ਚੋਇਆ ਏ 'ਅਨਵਰ' ਜਿਹੜਾ ਮੈਨੂੰ ਭੰਡਣ ਤੁਰਿਆ ਸੀ, ਮੈਂ ਉਹ ਅੱਥਰੂ ਅੱਖ 'ਚ ਢਾਹਕੇ ਕੋਹਿਆ ਏ
ਅੰਦਰ ਦੀ ਤੇ ਅੱਗ ਨਦੀਦੀ ਠਾਰੀ ਗਈ
ਅੰਦਰ ਦੀ ਤੇ ਅੱਗ ਨਦੀਦੀ ਠਾਰੀ ਗਈ ਭੁੱਖ ਪਰ ਇਹਨਾਂ ਅੱਖੀਆਂ ਦੀ ਨਈਂ ਮਾਰੀ ਗਈ ਰੁੱਖ ਦੀ ਜ਼ਾਤ ਵੀ ਹੋ ਅੱਜ ਬੇਇਤਬਾਰੀ ਗਈ ਸੰਘਣੀ ਛਾਂ ਚੋਂ ਤਿੱਖੜ ਧੁੱਪ ਨਿਤਾਰੀ ਗਈ ਦੇਕੇ ਧੌਂਸ ਡਰਾਵਾ ਡੰਡੇ ਬੂਟਾਂ ਦਾ ਕੌਮ ਹਮੇਸ਼ਾ ਡੰਗਰਾਂ ਵਾਂਗੂ ਚਾਰੀ ਗਈ ਪੈਰੋਂ ਉਠਦੀ ਮਿੱਟੀ ਵੀ ਭਖ ਉਠਦੀ ਏ ਜਿਸ ਵੇਲੇ ਵੀ ਗਿੱਧੇ ਵਿੱਚ ਓਹ ਨਾਰੀ ਗਈ ਚੰਨ, ਤਾਰੇ, ਜੁਗਨੂੰ, ਹਾਸਾ, ਤੂੰ, ਮੈਂ, ਅੱਥਰੂ ਅਨਵਰ ਪੁੱਜਕੇ ਵਿਛੜਨ ਰਾਤ ਸ਼ਿੰਗਾਰੀ ਗਈ
ਐਸੀ ਮਛਰੀ ਦਿਲ ਦੀ ਪੀੜ ਪੁਰਾਣੀ ਰਾਤ
ਐਸੀ ਮਛਰੀ ਦਿਲ ਦੀ ਪੀੜ ਪੁਰਾਣੀ ਰਾਤ ਦੁਖਦੇ ਨੈਣਾਂ ਨਾਲ ਵੀ ਬਹਿਕੇ ਛਾਣੀ ਰਾਤ ਪਲਕਾਂ ਨਾਲ ਵੀ ਸੂਰਜ ਦਾ ਘੁੰਢ ਚੁੱਕਿਆ ਮੈਂ ਮਗਰੋਂ 'ਫੇ ਨਾ ਲੱਥੀ ਨਿਘਰ ਜਾਣੀ ਰਾਤ ਸ਼ੱਕ ਦੇ ਚੋਰ ਭਖਾਇਆ ਐਨਾ ਵੀਰਾਂ ਨੂੰ ਵੰਡਕੇ ਸੁੱਤੇ ਘੜਿਆਂ ਦਾ ਵੀ ਪਾਣੀ ਰਾਤ ਧੀਆਂ ਭਾਰ ਸਿਰਾਂ ਦੇ ਮਾਲ ਪਰਾਇਆ ਕਿਉਂ ਪੁੱਛਦੀ ਪੁੱਛਦੀ ਸੌਂ ਗਈ ਲਾਡੋ ਰਾਣੀ ਰਾਤ ਮੈਂ ਤੇ ਮੇਰੇ ਵਰਗੇ ਮੇਰੇ ਕਮਲੇ ਨੈਣ ਪਾਕੇ ਬਹਿ ਗਏ ਪਾਣੀ ਵਿੱਚ ਮਧਾਣੀ ਰਾਤ ਦਿਲ ਦਾ ਫੱਟ ਕੀ ਅੱਖ ਦੇ ਵਿਹੜੇ ਮਹਿਕ ਪਿਆ ਮੇਰੇ ਪੈਰੀਂ ਪੈ ਗਈ ਰਾਤ ਦੀ ਰਾਣੀ ਰਾਤ ਅਨਵਰ ਸਾਹਵਾਂ ਸਰ ਦੇ ਤੀਲੇ ਬਣ ਗਈਆਂ ਮੈਂ ਜਦ ਉਹਨੂੰ ਭੁੱਲ ਜਾਵਣ ਦੀ ਠਾਣੀ ਰਾਤ
ਕੈਂਹਦਾ ਸੀ ਨਾ ਤੇਰੇ ਬਾਹਜੋਂ ਜੀ ਨਹੀਂ ਲਗਦਾ
ਕੈਂਹਦਾ ਸੀ ਨਾ ਤੇਰੇ ਬਾਹਜੋਂ ਜੀ ਨਹੀਂ ਲਗਦਾ ਹੁਣ ਮਰ ਜਾਨਾਂ ਤੇਰੇ ਹੁੰਦਿਆਂ ਵੀ ਨਹੀਂ ਲਗਦਾ ਮੱਥਾ ਫੜ ਕੇ ਸੋਚਾਂ ਮੇਰਾ ਕੀ ਲਗਦਾ ਏ ਠੋਡੀ ਫੜ ਕੇ ਆਖਾਂ ਤੇਰਾ ਕੀ ਨਹੀਂ ਲਗਦਾ ਏਦ੍ਹੇ ਵਿਚ ਵੀ ਸ਼ਹਿਰਾਂ ਦੇ ਘੁੱਪ ਖ਼ਾਨੇ ਵੜ ਗਏ ਮੇਰਾ ਪਿੰਡ ਹੁਣ ਪਿੰਡਾਂ ਵਰਗਾ ਈ ਨਹੀਂ ਲਗਦਾ ਜਿਹੜਾ ਉਠਦਾ ਪੈਲ਼ੀ ਦੀ ਜ਼ਰਖ਼ੇਜ਼ੀ ਪੁਣਦਾ ਉਹਦੀ ਕੱਖ ਪਰ ਉੱਗਣ ਵਾਲਾ ਬੀ ਨਹੀਂ ਲਗਦਾ 'ਅਨਵਰ' ਏਨੀ ਚੁੱਪ ਜ਼ਾਲਮ ਦੀ ਜਿੱਤ ਈ ਸਮਝੋ ਵੱਢਿਆ, ਟੁੱਕਿਆ ਵੀ ਕੋਈ ਕਰਦਾ ਸੀ ਨਹੀਂ ਲਗਦਾ
ਦੇਖ ਰਿਹਾਂ ਗੱਲ ਗੱਲ ਤੋਂ ਮੱਥੇ ਘੂਰੀ ਪੈਂਦੀ
ਦੇਖ ਰਿਹਾਂ ਗੱਲ ਗੱਲ ਤੋਂ ਮੱਥੇ ਘੂਰੀ ਪੈਂਦੀ ਸ਼ਾਲਾ! ਏਸ ਘੜੀ ਤੋਂ ਪਹਿਲਾਂ ਦੂਰੀ ਪੈਂਦੀ ਜੇਕਰ ਬੰਦਿਆਂ ਦਾ ਇੱਕ ਰੱਬ ਦੇ ਬਾਝ ਨਈਂ ਸਰਦਾ ਰੱਬ ਦੀ ਵੀ ਤੇ ਬੰਦਿਆਂ ਬਾਝ ਨਈਂ ਪੂਰੀ ਪੈਂਦੀ ਇਹ ਹੱਥ ਕਹੀ ਤੋਂ ਗਲਮੇ ਤੋੜੀ ਆ ਜਾਂਦੇ ਨੇ ਜਦ ਵੇਲ਼ੇ ਸਿਰ ਪੱਲੇ ਨਈਂ ਮਜ਼ਦੂਰੀ ਪੈਂਦੀ ਸ਼ਾਲਾ! ਏਸ ਦੀਆਂ ਮਿੱਠੀਆਂ ਤਾਬੀਰਾਂ ਹੋਣ ਸੁਫ਼ਨੇ ਵੇਖ ਰਿਹਾਂ ਨਿੱਤ ਛੰਨੇ ਚੂਰੀ ਪੈਂਦੀ ਓਹਦੇ ਸਾਹ ਵੀ ਪੈਰੀਂ ਘੁੰਗਰੂ ਬੰਨ੍ਹ ਲੈਂਦੇ ਨੇ 'ਅਨਵਰ' ਜਿਹਦੇ ਅੰਦਰ ਝਾਤ ਕਸੂਰੀ ਪੈਂਦੀ
ਧੁੱਪ ਦਾ ਕੁੱਝ ਅੰਦਾਜ਼ਾ ਲਾਈਏ
ਧੁੱਪ ਦਾ ਕੁੱਝ ਅੰਦਾਜ਼ਾ ਲਾਈਏ ਸੂਰਜ ਨੂੰ ਦਰਵਾਜ਼ਾ ਲਾਈਏ ਦੁੱਖ ਤੇ ਪ੍ਰੌਹਣਾ ਭੁੱਲਦਾ ਜਾਂਦਾ ਅੰਦਰ ਇਕ ਫੱਟ ਤਾਜ਼ਾ ਲਾਈਏ ਕੱਲੇ ਦੀ ਨਈਂ ਵਾਜ ਸੁਣੀਂਦੀ ਰਲ਼ ਮਿਲ ਕੇ ਅਵਾਜ਼ਾ ਲਾਈਏ ਦੁਨੀਆ ਕਾਸੇ ਨੂੰ ਨਈਂ ਮੰਨਦੀ ਇਹਦੀ ਰੂਹ ਤੇ ਗ਼ਾਜ਼ਾ ਲਾਈਏ ਅਨਵਰ ਆਦਮ ਦੀ ਇਸ ਭੁੱਲਦਾ ਕਿੰਹਦੇ ਸਿਰ ਖ਼ਮਿਆਜ਼ਾ ਲਾਈਏ
ਪੋਲੇ -ਪੋਲੇ ਮਿਟਦੇ ਨਕਸ਼ ਉਘੇੜੇ ਨੇ
ਪੋਲੇ -ਪੋਲੇ ਮਿਟਦੇ ਨਕਸ਼ ਉਘੇੜੇ ਨੇ ਫੁੱਲ ਦੀ ਪੱਤੀ ਨਾਲ ਕਿਸੇ ਫੱਟ ਚੇੜੇ ਨੇ ਵਾਟ ਹਿਜ਼ਰ ਦਾ ਪੱਕ ਸੀ ਮੈਨੂੰ ਤਾਹੀਓਂ ਮੈਂ ਹੱਥੀਂ ਛਾਲੇ ਪੈਰਾਂ ਨਾਲ ਚਮੇੜੇ ਨੇ ਓਨੇ ਲੂੰ ਨਹੀਂ ਇਸ਼ਕਾ ਮੇਰੇ ਪਿੰਡੇ ਤੇ ਜਿੰਨੇ ਤੇਰੀ ਜੂਹ 'ਚੋਂ ਦਰਦ ਸਹੇੜੇ ਨੇ ਪੰਜੇ ਵੇਲੇ ਬੰਨ੍ਹਕੇ ਨੀਤ ਨਮਾਜ਼ਾਂ ਦੀ ਮੈਂ ਇਸ ਭੁੱਖ ਦੀ ਚੱਕੀ ਦੇ ਪੁੜ ਗੇੜੇ ਨੇ 'ਅਨਵਰ' ਜਿਹੜੇ ਮਾਰ ਗਏ ਨੇ ਜੀਂਦੇ ਨੂੰ ਮੈਨੂੰ ਉਹਨਾਂ ਮਰਿਆਂ ਨਾਲ ਵੀ ਝੇੜੇ ਨੇ
ਪੱਕੇ ਵਾਅਦੇ ਕੂੜੇ ਲਾਰੇ ਨਿਕਲੇ ਨੇ
ਪੱਕੇ ਵਾਅਦੇ ਕੂੜੇ ਲਾਰੇ ਨਿਕਲੇ ਨੇ ਪੱਲੇ ਬੰਨ੍ਹੇ ਫੁੱਲ ਅੰਗਾਰੇ ਨਿਕਲੇ ਨੇ ਸੂਰਜ ਅੱਧੀ ਰਾਤ ਕਚਹਿਰੀ ਲਾ ਬੈਠਾ ਸਿਖ਼ਰ ਦੁਪਹਿਰੇ ਅੰਬਰੀਂ ਤਾਰੇ ਨਿਕਲੇ ਨੇ ਜਦ ਆਪਣੇ ਜਾਗ ਧੰਮੇ ਸ਼ਿਅਰ ਫਰੋਲੇ ਮੈਂ ਵਿੱਚੋਂ ਤੇਰੇ ਬੋਲ ਬੁਲਾਰੇ ਨਿਕਲੇ ਨੇ ਚੱਸ ਤਾਂ ਰੱਬਾ ਕੰਡ ਨਾ ਲੱਗੇ ਸੱਚੇ ਦੀ ਇੱਕ ਮੁੱਠ ਹੋਕੇ ਝੂਠੇ ਸਾਰੇ ਨਿਕਲੇ ਨੇ 'ਅਨਵਰ' ਜਿਹੜੇ ਸੱਜਣ ਸਾਹਾਂ ਵਰਗੇ ਸੀ ਸਾਹਾਂ ਵਾਂਗੂੰ ਬੇਇਤਬਾਰੇ ਨਿਕਲੇ ਨੇ
ਸੋਚ ਰਿਆ ਵਾਂ ਕੀਹਨੇ ਮੇਰੀ ਜੂਹ ਦੇ ਤਖ਼ਤ ਸੰਭਾਲੇ
ਸੋਚ ਰਿਆ ਵਾਂ ਕੀਹਨੇ ਮੇਰੀ ਜੂਹ ਦੇ ਤਖ਼ਤ ਸੰਭਾਲੇ ਸਾਰੇ ਪੱਖੂ ਚਿੱਥਿਆਂ ਖੰਬਾਂ ਟੁੱਟੀਆਂ ਚੁੰਝਾਂ ਵਾਲੇ ਮੇਰਾ ਵਿਚਲਾ ਪਿੰਡੇ ਦੇ ਇਸ ਮਲਬੇ ਤੇ ਨਈਂ ਵਿਸਦਾ ਮੈਂ ਦੀਵੇ ਨੂੰ ਫੂਕਾਂ ਮਾਰ ਬੁਝਾਉਂਦੇ ਵੇਖੇ ਆਲੇ ਮੈਨੂੰ ਮੇਰਾ ਹੋਣਾ ਲਗਦਾ ਹੋਰ ਕਿਸੇ ਦਾ ਹੋਣਾ ਖ਼ਵਰੇ ਕਿਹੜਾ ਤੇ ਕਦ ਮੈਨੂੰ ਲੈ ਗਿਆ ਆਪਣੇ ਨਾਲੇ ਉਹ ਆਇਆ ਤੇ ਕੋਲੋਂ ਤੇਜ਼ ਹਵਾ ਦੇ ਵਾਂਗੂੰ ਲੰਘਿਆ ਹੁਣ ਤਕ ਜੀਹਦੇ ਲਈ ਆਪਣੇ ਵਿਚ ਸਾਹ ਦੇ ਦੀਵੇ ਬਾਲੇ 'ਅਨਵਰ' ਮੈਨੂੰ ਕਿਓਂ ਲਗਦਾ ਏ ਮੈਂ ਓਸੇ ਦਿਨ ਮਰਨਾ ਜੇਸ ਦਿਹਾੜੇ ਬੇਪਰਵਾਹ ਦੇ ਮੁੱਕਣੇ ਆਲੇ ਟਾਲੇ
ਨਵੇਂ ਸਾਲ ਦੀ ਨਜ਼ਰ
ਸਾਹ ਤੇ ਪਿਛਲੇ ਸਾਲਾਂ ਵਿਚ ਵੀ ਰਹੇ ਨੇ ਤੰਗ ਭਰਾਵਾ ਤੂੰ ਵੀ ਆਣ ਚੜ੍ਹਾਉਣੇ ਖਵਰੇ ਕਿਹੜੇ ਰੰਗ ਭਰਾਵਾ ਤੇਰੇ ਅੱਗੇ ਪਿਛਲੇ ਸਾਲਾਂ ਦੇ ਮੈਂ ਝੁਰਨੇ ਝੋਰੇ ਡਾਹਢੇ ਲੋਕਾਂ ਹੱਥੋਂ ਲੁੱਟੇ ਜਾਂਦੇ ਰਹੇ ਕਮਜ਼ੋਰੇ ਅੱਖਾਂ ਵਿਚ ਉਡੀਕਾਂ ਰਹੀਆਂ ਬੁੱਲ੍ਹੀਆਂ 'ਤੇ ਹਟਕੋਰੇ ਤੂੰ ਕੀ ਜਾਣੇ ਕਿਵੇ ਲੰਘੇ ਸਾਡੇ ਡੰਗ ਭਰਾਵਾ ਸਾਹ ਤੇ ਪਿਛਲੇ ਸਾਲਾਂ ਵਿਚ ਵੀ ਰਹੇ ਨੇ ਤੰਗ ਭਰਾਵਾ ਦੁੱਖ ਦੇ ਭੱਖੜੇ ਉੱਤੇ ਨਾਪੇ ਚੰਨ ਸੂਰਜ ਨੇ ਪੰਧ ਲਹੂ ਨਾ' ਲਿਬੜੀ ਰਹੀ ਏ ਆਲ -ਦੁਆਲੇ ਦੀ ਹਰ ਕੰਧ ਦਰਦਾਂ ਸਾਡੇ ਸਾਹਵਾਂ ਦੇ ਵਿਚ ਖੋਭੀ ਰੱਖੇ ਦੰਦ ਆਪਣੇ ਘਰ ਵਿਚ ਲੜਦੇ ਰਹੇ ਆਂ ਓਪਰੀ ਜੰਗ ਭਰਾਵਾ। ਸਾਹ ਤੇ ਪਿਛਲੇ ਸਾਲਾਂ ਵਿਚ ਵੀ ਰਹੇ ਨੇ ਤੰਗ ਭਰਾਵਾ ਮੇਰੇ ਸੱਜੇ ਖੱਬੇ ਕੂਕਾਂ, ਹਾਵਾਂ ਚੀਕ ਚਿਹਾੜੇ ਕਿਹਦੇ ਅੱਗੇ ਮੈਂ ਦਿਲ ਖੋਲ੍ਹਾਂ ਕਿਹੜਾ ਸੁਣਦਾ ਹਾੜੇ ਤਕੜੇ-ਤਕੜੇ ਹੁੰਦੇ ਜਾਂਦੇ ਮਾੜੇ ਅਸਲੋਂ ਮਾੜੇ ਮੇਰੇ ਹਾਕਮ ਪੀਕੇ ਸੁੱਤੇ ਜ਼ਰ ਦੀ ਭੰਗ ਭਰਾਵਾ ਸਾਹ ਤੇ ਪਿਛਲੇ ਸਾਲਾਂ ਵਿਚ ਵੀ ਰਹੇ ਨੇ ਤੰਗ ਭਰਾਵਾ ਪਲ-ਪਲ ਏਹੇ ਸਾਲ ਪ੍ਰਾਹੁਣਾ ਖੈਰ ਦਾ ਆਇਆ ਹੋਵੇ ਆਪੇ ਹਾਸਾ ਤਰਸੇ ਹੋਇਆਂ ਬੁੱਲ੍ਹਾਂ ਨੂੰ ਆ ਛੋਹਵੇ ਹੁਣ ਤੇ ਦਰਦ ਥਕੇਵਾਂ ਸਾਡੇ ਨੈਣ ਪ੍ਰਾਣੋ ਚੋਵੇ ਹੁਣ ਤੇ ਚਿਸਕਾਂ ਢੋਹ -ਢੋਹ ਹੰਬੇ ਸਾਡੇ ਅੰਗ ਭਰਾਵਾ ਸਾਹ ਤੇ ਪਿਛਲੇ ਸਾਲਾਂ ਵਿਚ ਵੀ ਰਹੇ ਨੇ ਤੰਗ ਭਰਾਵਾ
ਮਿਲੀ ਨਗ਼ਮਾ
ਸੌਂਹ ਤੇਰੀ ਓ ਦੇਸ ਪਿਆਰਿਆ ਤੂੰ ਐਵੇਂ ਤੇ ਨਹੀਂ ਮਹਿਕਾਰਿਆ ਜੱਗ ਜਾਣੇ ਤੈਨੂੰ ਜਿੱਤਿਆ ਏ ਪੁਰਖਾਂ ਨੇ ਸਾਹਵਾਂ ਹਾਰ ਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ ਕਲਮੇ ਤੇ ਤੇਰੀਆਂ ਬੁਨਿਆਦਾਂ ਮੈਂ ਏਸੇ ਲਈ ਤੇ ਆਜ਼ਾਦ ਆਂ ਮੈਂ ਰਾਖਾ ਤੇਰੇ ਭਰਮਾਂ ਦਾ ਮੈਂ ਦੁਸ਼ਮਣ ਨੂੰ ਵੀ ਪਿਆਰ ਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ ਅੰਗ ਤੇਰੇ ਸੋਨੇ ਵਰਗੇ ਨੇ ਡੱਕੇ ਵੀ ਪੋਨੇ ਵਰਗੇ ਨੇ ਕੱਖ ਕਾਨਾ ਤੇਰਿਆਂ ਕੰਡਿਆਂ ਤੋਂ ਫੁੱਲਾਂ ਦੀਆਂ ਨਸਲਾਂ ਵਾਰ ਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ ਚੰਨ ਸੂਰਜ ਸਾਹ ਦਿਲ ਤਾਰਾ ਏਂ ਤੂੰ ਕੁਦਰਤ ਦਾ ਸ਼ਾਹਪਾਰਾ ਏਂ ਤੂੰ ਪਿਓ ਵਰਗਾ ਧੀ ਪੁੱਤ ਵਰਗਾ ਮਾਂ ਸਮਝਾਂ ਸੋਚ ਵਿਚਾਰਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ ਤੂੰ ਜੱਗ ਤੇ ਅਮਨ ਸੁਨੇਹੜਾ ਏਂ ਤੂੰ ਸਭ ਦਾ ਸਾਂਝਾ ਵਿਹੜਾ ਏਂ ਮੈਂ ਤੈਨੂੰ ਠੰਡੀ ਛਾਂ ਲਿਖਣਾ ਚਾਹੇ ਧੁੱਪ ਵਿਚ ਬੈਠ ਗੁਜ਼ਾਰ ਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ
ਬੋਲੀਆਂ
1. ਛਿੱਟਾ ਦਿੱਤਾ ਕੀਹਨੇ ਨਫਰਤ ਵਾਲਾ ਧਰਤੀ 'ਚੋਂ ਨਾਗ ਉੱਗ ਪਏ । 2. ਇੱਟ ਪੁੱਟਿਆਂ ਹੀਰਾਂ ਤੇ ਰਾਂਝੇ ਕੋਹਾਂ ਤੇ ਨਾ ਕੈਦੋ ਲੱਭਦਾ । 3. ਰੱਬ ਪੂਜਦੀ ਤੇ ਰੱਬ ਮੈਨੂੰ ਪੂਜਦਾ ਵੇ ਜਿੰਨਾ ਤੈਨੂੰ ਮੈਂ ਪੂਜਿਆ ।