Mushtaq Basit
ਮੁਸ਼ਤਾਕ ਬਾਸਿਤ

ਨਾਂ-ਮੁਹੰਮਦ ਮੁਸ਼ਤਾਕ, ਕਲਮੀ ਨਾਂ-ਮੁਸ਼ਤਾਕ ਬਾਸਿਤ,
ਵਿਦਿਆ-ਐਮ. ਏ, ਕਿੱਤਾਸਰਕਾਰੀ ਨੌਕਰੀ,
ਛਪੀਆਂ ਕਿਤਾਬਾਂ-ਤਰੇੜਾਂ (ਪੰਜਾਬੀ ਸ਼ਾਇਰੀ), ਕੱਚੀਆਂ ਕੰਧਾਂ, ਕਾਲੇ ਆਂਸੂ, ਸੱਚ ਦੇ ਵਰਕੇ, ਜੀਵੇਂ ਤੈਨੂੰ ਚੰਗਾ ਲੱਗਦੈ, ਸੱਤ ਭਰਾਈ, ਸੁੱਖ ਦਾ ਸਾਹ, ਮਛਰੀ ਰੁੱਤ ਸੱਪਣੀ ਦਾ ਡੰਗਿਆ ।

ਪੰਜਾਬੀ ਗ਼ਜ਼ਲਾਂ (ਤਰੇੜਾਂ 1976 ਵਿੱਚੋਂ) : ਮੁਸ਼ਤਾਕ ਬਾਸਿਤ

Punjabi Ghazlan (Tareran 1976) : Mushtaq Basit



ਝੱਲੇ ਪਿਆਰ ਦੀ ਬੇੜੀ

ਝੱਲੇ ਪਿਆਰ ਦੀ ਬੇੜੀ ਅਸੀਂ ਪੈਰੀਂ ਪਾ ਕੇ ਭੁੱਲੇ । ਹੋਸ਼ ਅਸਾਂ ਨੂੰ ਉਸ ਦਿਨ ਆਇਆ ਜਦ ਗਲੀਆਂ ਵਿਚ ਰੁੱਲੇ । ਕੱਲਿਆਂ ਰਹਿਣ ਦੀ ਉਂਜ ਅਸਾਂ ਹੈ ਪੱਕੀ ਆਦਤ ਪਾ ਲਈ, ਇਕਲਾਪਾ ਪਰ ਜਰ ਨਹੀਂ ਸਕਦੇ, 'ਵਾ ਜਦ ਪੁਰੇ ਦੀ ਝੁੱਲੇ । ਸੀਨੇ ਦੀ ਇਸ ਮਿੱਠੀ ਮਿੱਠੀ ਪੀੜ ਤੋਂ ਜਾਨ ਬਚਾ ਲੈ, ਚੀਕ ਪਵੇਗੀ ਜੇਸ ਦਿਹਾੜੇ ਟਾਂਕੇ ਦਿਲ ਦੇ ਖੁੱਲੇ । ਇਕ ਫ਼ਨਕਾਰ ਦੇ ਨਾਂ ਨਾਲ ਵੇਲੇ ਤੇਰਾ ਨਾ ਹੈ ਲਿਖਿਆ, ਮੇਰੇ ਹਾੜ੍ਹੇ ਸਭ ਜਾਨਣਗੇ ਜਦ ਇਹ ਵਰਕੇ ਥੁੱਲੇ । 'ਬਾਸਿਤ' ਯਾਰ ਇਹ ਝੱਲੇ ਕੀਵੇਂ ਪਿਆਰ ਦੀ ਕਦਰ ਪਛਾਨਣ, ਜਿਨ੍ਹਾਂ ਦੀ ਝੋਲੀ ਰੱਬੋਂ ਪੈ ਗਏ ਇਹ ਹੀਰੇ ਅਣਮੁੱਲੇ ।

ਹੁਣ ਦੋਫੇੜੀਆਂ ਪਾ ਕੇ ਦੱਸੋ

ਹੁਣ ਦੋਫੇੜੀਆਂ ਪਾ ਕੇ ਦੱਸੋ ਕੀ ਖੱਟਿਆ ਏ ਲੋਕਾਂ । ਨਫ਼ਰਤ ਦਾ ਇਕ ਦੱਬਿਆ ਮੁਰਦਾ ਜਾ ਪੱਟਿਆ ਏ ਲੋਕਾਂ । ਜੀਹਦੀ ਦੀਦ ਨੂੰ ਹੁਣ ਤੀਕਰ ਇਹ ਤਰਸ ਗਈਆਂ ਸਨ ਅੱਖੀਆਂ, ਉਹਨੂੰ ਜ਼ਾਤ ਦੇ ਕਾਲੇ ਖੂਹ ਵਿਚ ਜਾ ਸੁੱਟਿਆ ਏ ਲੋਕਾਂ । ਅੱਜ ਤੀਕਣ ਤੇ ਪਿਆਰ ਮੁਹੱਬਤ ਵਿਕਣ ਲਈ ਜਿਨਸਾਂ ਸਨ, ਪਰ ਇਹ ਹੱਦ ਏ ਹੰਝੂਆਂ ਦਾ ਵੀ ਮੁੱਲ ਵੱਟਿਆ ਏ ਲੋਕਾਂ । ਮੇਰੇ ਦੁੱਖਾਂ ਦੇ ਵਿਚ ਕੁਝ ਖੁਸ਼ੀਆਂ ਰਲੀਆਂ ਮਿਲੀਆਂ ਸਨ, ਸੱਧਰਾਂ ਦਾ ਇਹ ਚੀਨਾ ਯਾਰੋ ਮੁੜ ਛੰਡਿਆ ਏ ਲੋਕਾਂ । ਸੱਚ ਦਾ ਵਰਕਾ ਕਿਸੇ ਵੀ 'ਬਾਸਿਤ' ਅੱਜ ਤੀਕਰ ਨਹੀਂ ਪੜ੍ਹਿਆ, ਝੂਠ ਦੇ ਵਰਕੇ ਦਾ ਹਰ ਅੱਖਰ ਰਟ ਛੱਡਿਆ ਏ ਲੋਕਾਂ ।

ਲੱਖ ਜ਼ੁਬਾਨਾਂ ਰੱਖਣ ਵਾਲੀ ਮਿੱਟੀ

ਲੱਖ ਜ਼ੁਬਾਨਾਂ ਰੱਖਣ ਵਾਲੀ ਮਿੱਟੀ ਗੂੰਗੀ ਬਾਤੀ ਨਹੀਂ । ਦਿਲ ਦੀ ਗੱਲ ਨੂੰ ਦਿਲ ਵਿਚ ਰੱਖ ਕੇ ਜੀਣਾ ਕੋਈ ਹਿਆਤੀ ਨਹੀਂ । ਇਹ ਨਾਗਨ ਜਿਸ ਨੇ ਅਜ਼ਲਾਂ ਤੋਂ ਦਿਲ ਵਾਲੇ ਹੀ ਡੰਗੇ ਨੇ, ਝੱਲਿਆ ਫੇਰ ਵੀ ਅੱਜ ਤੀਕਣ ਤੂੰ ਇਸ ਦੀ ਜ਼ਾਤ ਪਛਾਤੀ ਨਹੀਂ । ਦਿਲ ਵਾਲਾ ਹੈ ਜੀਹਨੇ ਦਿਲ ਨੂੰ ਚਿੱਟੇ ਦਿਨ ਵਿਚ ਲੁੱਟਿਆ ਹੈ, ਚੋਰਾਂ ਵਾਂਗੂੰ ਖ਼ਾਬਾਂ ਦੇ ਵਿਚ ਆਇਆ ਅੱਧੀ ਰਾਤੀ ਨਹੀਂ । ਦੂਜੇ ਦੇ ਦਿਲ ਅੰਦਰ ਵਸਣਾ ਦੂਰ ਦੀਆਂ ਇਹ ਗੱਲਾਂ ਨੇ, ਉਸ ਤੇ ਆਪਣੇ ਦਿਲ ਦੇ ਅੰਦਰ ਪਾਈ ਹੁਣ ਤੱਕ ਝਾਤੀ ਨਹੀਂ । ਕਿੰਨਾਂ ਚਿਰ ਤੱਕ 'ਬਾਸਿਤ' ਯਾਰ ਤੂੰ ਇੰਜ ਸਜ਼ਾਵਾਂ ਭੁਗਤੇਂਗਾ, ਸੱਚ ਦੀ ਰਾਹ ਨੂੰ ਛੱਡ ਦੇ ਹੁਣ ਵੀ, ਅਜੇ ਇਹ ਖੇਡ ਵੰਜਾਤੀ ਨਹੀਂ ।

ਮੇਰੀ ਭੋਲੀ ਭਾਲੀ ਸੱਧਰ ਹਰ ਥਾਵੇਂ

ਮੇਰੀ ਭੋਲੀ ਭਾਲੀ ਸੱਧਰ ਹਰ ਥਾਵੇਂ ਤਲਾਕਣ ਹੋਈ । ਜਿਸ ਕੁੜਮੀ ਮੈਨੂੰ ਅੰਨ੍ਹਾ ਕੀਤਾ ਆਪ ਥਲੀਂ ਰੁਲ ਮੋਈ । ਆਪਣੇ ਦੁੱਖ ਦੇ ਖਿੜਦੇ ਫੁੱਲ ਮੈਂ ਭਰ ਚੰਗੇਰ ਵਿਚ ਪਾਏ, ਗਲੀ ਗਲੀ ਮੈਂ ਹੋਕਾ ਦਿੱਤਾ ਲੈਣ ਨਾ ਆਇਆ ਕੋਈ । ਲੋਕੀ ਮੈਨੂੰ ਵੇਖ ਵੇਖ ਕੇ ਹੱਸ ਹੱਸ ਨੱਸਦੇ ਜਾਂਦੇ, ਜਦ ਕਦੀ ਮੈਂ ਜਗ ਦੇ ਦੁੱਖ ਦੀ ਦਰਦ ਕਹਾਣੀ ਰੋਈ । ਜਿਸ ਦੇ ਸਾਰੇ ਲਹੂ ਨੂੰ ਪੀਤਾ ਥਲ ਦੇ ਤਿੱਸੇ ਰੇਤੇ, ਵਾ-ਵਰੋਲਿਆਂ ਢਿੱਡ ਵਿਚ ਪਾ ਲਈ ਉਸ ਦੀਵੇ ਦੀ ਲੋਈ । 'ਬਾਸਿਤ' ਯਾਰ ਕਿਤਾਬਾਂ ਦੇ ਵਿਚ ਜ਼ਿਕਰ ਸੀ ਜਿਸ ਦਾ ਪੜ੍ਹਿਆ, ਮੂਲ ਨਾ ਮੈਨੂੰ ਕਿੱਧਰੋਂ ਲੱਭੀ ਪਿਆਰ ਦੀ ਉਹ ਖੁਸ਼ਬੋਈ ।

ਜੀਹਨੂੰ ਮੈਂ ਫਿਰ ਗਲਮੇ ਲਾਇਐ

ਜੀਹਨੂੰ ਮੈਂ ਫਿਰ ਗਲਮੇ ਲਾਇਐ, ਉਹ ਜ਼ਹਿਰੀਲੀ ਸੱਪਣੀ ਏ । ਜ਼ਹਿਰ ਦੀ ਗੱਲ ਤੇ ਛੱਡੋ ਯਾਰੋ ਅੱਗ ਵੀ ਹਾਲੇ ਭਖਣੀ ਏ । ਆਪਣੇ ਆਲ-ਦੁਆਲੇ ਅੱਜ ਧੁਖਾ ਦਿੱਤੀ ਏ ਦੁਖ ਦੀ ਛੋਈ, ਆਪਣੇ ਪਿੰਡੇ ਦੀ ਇਹ ਅੱਗ ਹੁਣ ਮਹੀਨਿਆਂ ਕੱਲਿਆਂ ਤਪਣੀ ਏ । ਜੀਹਦੇ ਰੂਪ ਦੇ ਦੇਖੇ ਨੇ ਮੈਂ ਪਲ-ਪਲ ਵਿਚ ਲੱਖਾਂ ਜਲਵੇ, ਲੋਕੀ ਭਾਵੇਂ ਕੁਝ ਵੀ ਆਖਣ ਉਸ ਦੀ ਮਾਲਾ ਜਪਣੀ ਏ । ਅੱਜ ਤੀਕਣ ਮੈਂ ਰੁੱਝਿਆ ਰਹਿਆ ਅਕਲ ਦੀ ਰਾਹ ਨੂੰ ਲੱਭਣ, ਇਕ ਦਿਹਾੜੇ ਏਸ ਇਸ਼ਕ ਨੇ ਅਕਲ ਦੀ ਹੱਦ ਵੀ ਟੱਪਣੀ ਏ । 'ਬਾਸਿਤ' ਵੇਲਾ ਆਵੇਗਾ ਜਦ ਉਹ ਆਪੇ ਪਛਤਾਵੇਗਾ, ਜਿਸ ਜ਼ੁਲਮੀ ਦੀ ਗੀਤਾਂ ਰਾਹੀਂ ਜ਼ੁਲਮ ਕਹਾਣੀ ਛਪਣੀ ਏ ।

ਤੇਰੀਆਂ ਖ਼ੈਰਾਂ ਹਰ ਦਮ ਮੰਗਾਂ

ਤੇਰੀਆਂ ਖ਼ੈਰਾਂ ਹਰ ਦਮ ਮੰਗਾਂ ਤੇਰੀਆਂ ਦੂਰ ਬਲਾਈਂ । ਮੇਰੇ ਝੱਲੇ ਦਿਲ ਨੂੰ ਮੋਈਏ ਹੋਰ ਨਾ ਹੁਣ ਤਰਸਾਈਂ । ਮਕਰ ਫ਼ਰੇਬ ਕਿਤਾਬਾਂ ਵਾਲਾ ਸਮਝਣ ਇਲਮਾਂ ਵਾਲੇ, ਦਿਲ ਕਮਲੇ ਦੀ ਗੱਲ ਸੱਚੀ ਏ ਆਪਣਾ ਆਪ ਬਚਾਈਂ । ਖ਼ੁਸ਼ੀਆਂ ਦੀਆਂ ਅੱਲ੍ਹੜ ਡਾਰਾਂ ਪਾਂਦੀਆਂ ਫਿਰਦੀਆਂ ਪੈਲਾਂ, ਇਕਲਾਪੇ ਦੀਏ ਕਾਲੀਏ ਡੈਣੇਂ ਮੈਥੋਂ ਅੱਜ ਵਲਾਈਂ । ਕੁਝ ਤੇ ਪਿਛਲੇ ਧੋਣੇ ਧੋਣ ਦਾ ਚਾਰਾ ਕਰ ਓ ਝੱਲਿਆ, ਮਛਰੀ ਰੁੱਤ ਦੇ ਆਖੇ ਲੱਗ ਕੇ ਨਵਾਂ ਨਾ ਚੰਨ ਚੜ੍ਹਾਈਂ । ਹੋਰ ਤਾਂ ਸਾਰੇ ਆਪਣੇ ਆਪਣੇ ਦੁੱਖਾਂ ਦੇ ਵਿਚ ਪੂਰੇ, 'ਬਾਸਿਤ' ਯਾਰ ਤੂੰ ਜਗ ਦੇ ਦੁੱਖ ਨੂੰ ਆਪੇ ਗਲਮੇ ਲਾਈਂ ।

ਦਿਲ ਦੀਆਂ ਗੱਲਾਂ ਕੀ ਪੁੱਛਣੀ ਏ

ਦਿਲ ਦੀਆਂ ਗੱਲਾਂ ਕੀ ਪੁੱਛਣੀ ਏ ਕੀ ਦੱਸੀਏ ਮੁਟਿਆਰੇ । ਸਭ ਕੁੱਝ ਹੁੰਦਿਆਂ ਸੁੰਦਿਆਂ ਅਸੀਂ ਜਿੱਤ ਕੇ ਬਾਜ਼ੀ ਹਾਰੇ । ਜੀਹਦੇ ਇਸ਼ਕ ਦੇ ਵਿਚ ਅਸਾਂ ਵੀ ਜੋਗ ਦਾ ਚੋਲਾ ਪਾਇਆ ਉਹਨੇ ਸ਼ੁਗਲੋ-ਸ਼ੁਗਲੀ ਸਾਡੇ ਖੋਹ ਲਏ ਨੇ ਸੁੱਖ ਸਾਰੇ । ਦੁੱਖਾਂ ਦੀ ਇਸ ਖੇਡ ਨੇ ਯਾਰੋ ਇਕ ਦਿਨ ਮੁੱਕ ਹੀ ਜਾਣਾ, ਇਕ ਦਿਹਾੜੇ ਢਹਿ ਜਾਣੇ ਨੇ ਅਸਾਂ ਦੇ ਕੱਚੇ ਢਾਰੇ । ਅੱਜ ਵੀ ਉੱਚੇ ਟਿੱਬੇ ਦੀ ਉਹ ਮਿੱਟੀ ਧੱਕ ਧੱਕ ਕਰਦੀ, ਜਿੱਥੇ ਉਸ ਦੀ ਝਾਂਜਰ ਦੇ ਕਦੇ ਸੁਣਦੇ ਸਾਂ ਛਣਕਾਰੇ । 'ਬਾਸਿਤ' ਯਾਰ ਅੱਜ ਚਾਰ ਚੁਫ਼ੇਰੇ ਲਹੂ ਨੇ ਸੀਮਾਂ ਕੀਤਾ, ਖ਼ਬਰੇ ਕਿਉਂ ਪਈ ਛਿੱਤੀ ਧਰਤੀ ਲਹੂ ਨੂੰ ਡੇਕਾਂ ਮਾਰੇ ।

ਰੂਹ ਦਾ ਸ਼ੀਸ਼ਾ ਚੂਰ ਹੋਇਆ ਅੱਜ

ਰੂਹ ਦਾ ਸ਼ੀਸ਼ਾ ਚੂਰ ਹੋਇਆ ਅੱਜ ਦਿਲ ਏ ਲਹੂ ਲਹਾਨ । ਸੋਚ ਦਾ ਤੁਰਲਾ ਮਿੱਟੀ ਰੁਲਿਆ ਟੁੱਟਿਆ ਸੱਚ ਦਾ ਮਾਣ । ਮੇਰੇ ਉੱਤੇ ਤੁਹਮਤ ਲਾ ਕੇ ਤੇਰਾ ਕੂੜ੍ਹ ਨਹੀਂ ਲੁਕਣਾ, ਵੇਲੇ ਕੂੜ ਦੇ ਕੂੜੇ ਵਿਚੋਂ ਸੱਚ ਲੈਣਾਂ ਏ ਛਾਣ । ਵੇਲਾ ਜ਼ੁਲਮ ਦੀ ਤਿੱਖੀ ਧੁੱਪ ਵਿਚ ਹਰ ਸ਼ੈ ਸਾੜ ਨਾ ਦੇਵੇ, ਰੱਬਾ! ਤੂੰ ਏਂ ਰਹਿਮਤ ਵਾਲਾ ਫੇਰ ਚਾ ਤੰਬੂ ਤਾਣ । ਆਪਣੀ ਸ਼ੈ ਨੂੰ ਆਪ ਬਚਾ ਲੈ ਸੋਹਣਿਆਂ ਚੋਰਾਂ ਕੋਲੋਂ, ਜਗ ਦਾ ਹਾਸਾ ਬਣ ਨਾ ਜਾਵੇ ਮੇਰੇ ਦਿਲ ਦਾ ਜਾਣ । 'ਬਾਸਿਤ' ਯਾਰ ਇਸ਼ਕ ਦੀ ਰਾਹ ਤੇ ਹੁਣ ਵੀ ਜਗਦੇ ਦੀਵੇ, ਅਕਲਾਂ ਵਾਲਿਆਂ ਦਾ ਮੁਰਸ਼ਦ ਬਣ ਬੈਠਾ ਏ ਸ਼ੈਤਾਨ ।

ਸੋਚ ਦੇ ਅੱਥਰੇ ਘੋੜੇ ਭਾਵੇਂ

ਸੋਚ ਦੇ ਅੱਥਰੇ ਘੋੜੇ ਭਾਵੇਂ ਲੱਖ ਵਾਹਣਾ ਵਿਚ ਸੁੱਟੇ । ਇਸ਼ਕ ਦੇ ਇੱਕੋ ਖੋਭੇ ਦੇ ਨਾਲ ਮਾਣ ਉਹਨਾਂ ਦੇ ਟੁੱਟੇ । ਅਸਾਂ ਤੇ ਆਪੇ ਉਹਦੇ ਅੱਗੇ ਤਨ, ਮਨ, ਧਨ ਸੀ ਸੁੱਟਿਆ, ਹਰ ਸ਼ੈ ਉਵੇਂ ਰੱਖੀ ਰਹਿ ਗਈ, ਉਸ ਜਾ ਸੁਫ਼ਨੇ ਲੁੱਟੇ । ਇਸ ਵਾਰੀ ਵੀ ਪਹਿਲਾਂ ਵਾਂਗੂੰ ਫੇਰ ਬਹਾਰਾਂ ਆਈਆਂ, ਇਸ ਵਾਰੀ ਵੀ ਪਲਕਾਂ ਉੱਤੇ ਹੰਝੂਆਂ ਦੇ ਫੁੱਲ ਫੁੱਟੇ । ਟੁਰਦਿਆਂ ਟੁਰਦਿਆਂ ਸ਼ਾਮਾਂ ਪਈਆਂ ਪੈ ਗਏ ਪੈਰੀਂ ਛਾਲੇ, ਫੇਰ ਵੀ ਜੀਵਨ ਦੇ ਪੈਂਡੇ ਦੇ ਰੁੱਖ ਗਏ ਨਾ ਪੁੱਟੇ । 'ਬਾਸਿਤ' ਯਾਰ ਇਸ ਦੁਨੀਆਂ ਦੇ ਨੇ ਸਾਰੇ ਖੇਡ ਅਵੱਲੇ, ਕਿਉਂ ਜੇ ਫੇਰ ਉਸ ਜ਼ੁਲਮੀ ਮੇਰੀਆਂ ਸੱਧਰਾਂ ਦੇ ਗਲ ਘੁੱਟੇ ।