Musafrian : Giani Gurmukh Singh Musafir
ਮੁਸਾਫ਼ਰੀਆਂ : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
1. 1942 ਦੀ ਦੀਵਾਲੀ
ਅਜ ਦੀ ਰਾਤ ਦੀਵਿਆਂ ਵਾਲੀ ਪਰ ਆਕਾਸ਼ ਦੀਵਿਉਂ ਖ਼ਾਲੀ ਮਸਿਆ ਛਾਈ ਘੁਪ ਹਨੇਰਾ ਅੰਧਕਾਰ ਹੈ ਚਾਰ ਚੁਫੇਰਾ; ਦਿਲ ਮੇਰਾ ਚਾਨਣ ਤੋਂ ਖ਼ਾਲੀ, ਕਾਹਦੀ ਰਾਤ ਦੀਵਿਆਂ ਵਾਲੀ ? ਉਹ ਵੀ ਲੋਕ ਦੀਵਾਲੀ ਮਾਨਣ ਦਿਨ ਨੂੰ ਵੀ ਜਿਥੇ ਨਹੀਂ ਚਾਨਣ । ਦੀਵੇ ਬਲੇ ਦੀਵਾਲੀ ਆਈ, ਮਨ ਮੇਰੇ ਨੂੰ ਧੁੜਕੀ ਲਾਈ । ਦੀਵਿਆਂ ਦੇ ਚਾਨਣ ਦੀ ਲੋ ਵਿੱਚ ਪਿਆਰੇ ਦੇ ਭਾਲਣ ਦੀ ਟੋਹ ਵਿੱਚ ਬੇਸ਼ਕ ਸਈਆਂ ਕਜਲੇ ਪਾਵਣ ਖ਼ੁਸ਼ੀ ਮਨਾਉਣ, ਨੈਣ ਸਜਾਉਣ ਇਹ ਕਜਲਾ ਹੀ ਸਬੂਤ ਵਧੇਰਾ ਦੀਵਿਆਂ ਦੇ ਚਾਨਣ ਵਿੱਚ ਨ੍ਹੇਰਾ, ਕਿੰਜ ਭਾਵਣ ਇਹ ਜਗ ਮਗ ਵਾਲੇ ? ਬਾਹਰੋਂ ਲਿਸ਼ਕਣ ਅੰਦਰੋਂ ਕਾਲੇ ਦੀਵੇ ਬਲੇ ਦੀਵਾਲੀ ਆਈ ਪਰ ਮੇਰੇ ਮਨ ਨੂੰ ਨਾ ਭਾਈ । ਇਹ ਮੇਰੇ ਮਨ ਕੀਕਣ ਭਾਣੀ, ਮੌਸਮ ਬਦਲ ਗਏ ਦੀ ਨਿਸ਼ਾਨੀ । ਮੁਕਣ ਨਾ ਜਿਸਦੀਆਂ ਨਿਕੀਆਂ ਰਾਤਾਂ, ਕੀ ਛੇੜਾਂ ਵੱਡੀਆਂ ਦੀਆਂ ਬਾਤਾਂ । ਯਾਰ ਵਿਛੁੰਨੇ, ਪਾਸ ਨਾ ਜਾਨੀ ਲਗੇ ਨਾ ਕੀਕਣ ਰਾਤ ਬਉਰਾਨੀ । ਜਾਗਦਿਆਂ ਯਾਦਾਂ ਤੜਪਾਉਣ, ਸੌਂ ਜਾਵਾਂ ਸੁਪਨੇ ਵੀ ਡਰਾਉਣ । ਚੰਨ ਮੇਰਾ ਬਦਲਾਂ ਵਿੱਚ ਆਇਆ, ਜ਼ੁਲਫ਼ਾਂ ਨਾਗਨ ਰੂਪ ਵਟਾਇਆ । ਅਭੜਵਾਹੇ ਭਰਾਂ ਕਲਾਵੇ, ਅਪਣਾ ਹਥ ਛਾਤੀ ਤੇ ਆਵੇ । ਚੰਗਾ ਸੀ ਨਾ ਦਿਵਾਲੀ ਆਂਦੀ ਨਾ ਦੁਖਾਂ ਦੀ ਰਾਤ ਵਧਾਂਦੀ । ਦੀਵੇ ਬਲੇ ਦੀਵਾਲੀ ਆਈ ਭਾਹ ਬ੍ਰਿਹੋਂ ਦੀ ਜਿਸ ਚਮਕਾਈ । ਮੌਸਮ ਬਦਲੇ, ਰਾਗ ਵੀ ਬਦਲੇ, ਐਪਰ ਮੇਰੇ ਭਾਗ ਨਾ ਬਦਲੇ ਬਦਲ ਗਈ ਸੁਰ, ਸਾਜ਼ ਨਾ ਬਦਲੇ, ਟੁਟ ਗਿਆ ਨਖ਼ਰਾ, ਨਾਜ਼ ਨਾ ਬਦਲੇ । ਮਾਰਨ ਦੇ ਅੰਦਾਜ਼ ਤਾਂ ਬਦਲੇ, ਜੀਵਨ ਦੇ ਪਰ ਰਾਜ਼ ਨਾ ਬਦਲੇ । ਮਨ ਮੇਰੇ ਦੀ ਆਸ਼ਾ ਇਹ ਹੀ ! 'ਤਨ ਬਦਲੇ ਆਵਾਜ਼ ਨਾ ਬਦਲੇ' ਲੋਕ ਕਹਿਣ ਰੁਤ ਸੋਹਣੀ ਆਈ, ਕਿਉਂ ਮੇਰੇ ਮਨ ਨੂੰ ਨਹੀਂ ਭਾਈ ? ਛਤ ਆਕਾਸ਼ ਧਰਤ ਮੇਰਾ ਪੀੜ੍ਹਾ, ਬ੍ਰਿੱਛਾਂ ਦੀ ਛਾਵੇਂ ਸੁਖ ਜੀਉੜਾ । ਜਾਣੇ ਕੋਈ ਮੇਰੇ ਮਨ ਦੀ ਪੀੜਾ ਜੁੱਸੇ ਰਤ ਨਹੀਂ ਤਨ ਤੇ ਲੀੜਾ ਕਿੰਜ ਮੈਨੂੰ ਬਦਲੀ ਰੁਤ ਭਾਵੇ ? ਇਹ ਰੁਤ ਰਤ ਵਾਲੇ ਨੂੰ ਸੁਖਾਵੇ । ਦੀਵੇ ਬਲੇ ਦੀਵਾਲੀ ਆਈ ਮੇਰੇ ਦਿਲ ਦੀ ਅਗ ਭੜਕਾਈ । ਕੀ ਮੈਨੂੰ ਮਿਠਿਆਂ ਨਾਲ ਪਲਾਵਾਂ, ਵਢ ਵਢ ਜਿਗਰਾ ਅਪਣਾ ਖਾਵਾਂ । ਚੋ ਚੋ ਕੇ ਰਤ ਅਪਣੇ ਤਨ ਦੀ, ਚੇਹਰਾ ਗ਼ੈਰਾਂ ਦਾ ਚਮਕਾਵਾਂ । ਲੋਕਾਂ ਦੇ ਲਈ ਪੈਦਾ ਕਰ ਕੇ, ਅਪਣੇ ਲਈ ਪੁਛਾਂ ! ਕੀ ਖਾਵਾਂ ? ਬੱਚੇ ਜਿਸ ਦੇ ਠੁਰ ਠੁਰ ਕਰਦੇ, ਗਈਆਂ ਉਸ ਦੀਆਂ ਕਿਧਰ ਕਪਾਹਵਾਂ ? ਤਾਕ ਨਾ ਘਰ ਨੂੰ ਵਾ ਨੂੰ ਰੋਕਾਂ ਤਨ ਨੂੰ ਬਾਲਾਂ ? ਤਨ ਨੂੰ ਸੇਕਾਂ ? ਕਿੰਜ ਬਦਲੀ ਰੁਤ ਮੈਨੂੰ ਭਾਵੇ, ਸੁੱਕੀ ਠੰਡ ਹੱਡੀਆਂ ਕੜਕਾਵੇ । ਦੀਵੇ ਬਲੇ ਦੀਵਾਲੀ ਆਈ ਮਨ ਮੇਰੇ ਨੂੰ ਜ਼ਰਾ ਨਾ ਭਾਈ । ਕਦ ਦੇ ਗੁਜ਼ਰ ਗਏ ਉਹ ਵੇਲੇ, ਖ਼ੁਸ਼ੀਆਂ ਦੇ ਹੁੰਦੇ ਸਨ ਮੇਲੇ ਕੀ ਆਈ ਇਸ ਸਾਲ ਦੀਵਾਲੀ, ਕੀ ਬੈਠੇ ਹਾਂ ਬਾਲ ਦੀਵਾਲੀ । ਮਾਲਕ ਹੈ ਮਜਬੂਰ ਸੁਆਲੀ, ਇਹ ਹਥ ਖ਼ਾਲੀ, ਅਹਿ ਹਥ ਖ਼ਾਲੀ । ਕਿਸ ਦੇ ਬੋਹਲ ਕਿਸ ਦੇ ਦਾਣੇ ? ਕਿਸ ਨੇ ਗਾਹੇ ਕਿਸ ਨੇ ਖਾਣੇ ? ਮੇਰੀਆਂ ਕਣਕਾਂ ਮੇਰੀਆਂ ਛੋਲੇ, ਬਣ ਗਏ ਅਜ ਬਾਰੂਦ ਤੇ ਗੋਲੇ । ਢਲ ਕੇ ਮੇਰੀਆਂ ਹੀ ਸ਼ਮਸ਼ੀਰਾਂ ਮੇਰੇ ਲਈ ਬਣੀਆਂ ਜ਼ੰਜੀਰਾਂ । ਇਹ ਤਬਦੀਲੀ ਕਿਸ ਨੂੰ ਭਾਵੇ ਨਸੀਆਂ ਖ਼ੁਸ਼ੀਆਂ ਰਹਿ ਗਏ ਹਾਵੇ । ਦੀਵੇ ਬਲੇ ਦੀਵਾਲੀ ਆਈ ਬਦਲੀ ਦਾ ਸੰਦੇਸ਼ ਲਿਆਈ । ਕਈ ਹੁਨਾਲ, ਸਿਆਲੇ ਬਦਲੇ; ਬਦਲੇ ਕਰਮਾਂ ਵਾਲੇ ਬਦਲੇ । ਬਦਲ ਜਾਣ ਵਾਲੇ ਨਾ ਬਦਲੇ, ਮੇਰੇ 'ਰਖਵਾਲੇ' ਨਾ ਬਦਲੇ । ਕੰਨ ਖਾਣੀ ਆਵਾਜ਼ ਨਾ ਬਦਲੀ, 'ਸਭ ਹੱਛਾ' ਅੰਦਾਜ਼ ਨਾ ਬਦਲੀ । ਕਿੰਜ ਟਪੀਏ ਇਹ ਚਿੱਕੜ ਚੱਲ੍ਹੇ ? ਸੁਕੜ ਗਏ ਕੜੀਆਂ ਦੇ ਛੱਲੇ । ਦੀਵੇ ਬਲੇ ਦੀਵਾਲੀ ਆਈ ਨਹੀਂ ਖੁਲ੍ਹ ਦਾ ਸੰਦੇਸ਼ ਲਿਆਈ । ਵਤਨ ਪਿਆਰ ਦੀ ਰਾਸ ਦਾ ਦੀਵਾ, ਬੁਝੇ ਨਾ ਮੇਰੀ ਆਸ ਦਾ ਦੀਵਾ । ਇਸ ਦੀਆਂ ਲਾਟਾਂ ਉਠ ਉਠ ਧਾਵਣ, ਕੰਧਾਂ ਕੋਠੇ ਸਭ ਟਪ ਜਾਵਣ । ਬੇ-ਆਸਾਂ ਨੂੰ ਰਾਹ ਵਿਖਾਉਣ, ਦੂਤੀ ਦੀਆਂ ਅਖਾਂ ਚੁੰਧਿਆਉਣ । ਦੇਸ਼ ਬਿਗਾਨਿਆਂ ਤੋਂ ਹੋਏ ਖ਼ਾਲੀ ਤਾਂ ਭਾਰਤ ਦੀ ਸਫ਼ਲ ਦੀਵਾਲੀ । (ਸ਼ਾਹਪੁਰ ਜੇਲ੍ਹ 8-11-42)
2. ਪਿਤਾ ਜੀ ਦੀ ਯਾਦ
ਹਿਰਦੇ 'ਚ ਲੁਕੀ ਪੀੜ ਨੂੰ, ਪਰਗਟ ਵਿਖਾਵਾਂ ਕਿਸ ਤਰ੍ਹਾਂ ? ਅਰਮਾਨ ਲੁਕੇ ਰੰਜ ਵਿਚ, ਮੂੰਹ ਤੇ ਲਿਆਵਾਂ ਕਿਸ ਤਰ੍ਹਾਂ ? ਅੰਦਰ ਹੀ ਅੰਦਰ ਸੁਕ ਗਏ, ਹੰਝੂ ਵਗਾਵਾਂ ਕਿਸ ਤਰ੍ਹਾਂ ? ਮਾਨੋਂ ਅਮਾਨਤ ਖੁਸ ਗਈ, ਕਰਜ਼ਾ ਚੁਕਾਵਾਂ ਕਿਸ ਤਰ੍ਹਾਂ ? ਉਪਰੋਂ ਬਨੇਰਾ ਢਹਿ ਗਿਆ, ਮਾੜੀ ਬਚਾਵਾਂ ਕਿਸ ਤਰ੍ਹਾਂ ? ਹਮਦਰਦ ਹਮਦਰਦੀ ਕਰਨ, ਦੇਵਣ ਤਸੱਲੀ ਆਉਂਦੇ; ਪੀੜ ਦੀ ਪਰ ਯਾਦ ਹੀ, ਕਰਵਾ ਕੇ ਉਲਟੀ ਜਾਉਂਦੇ । 'ਸ਼ਾਂਤੀ ਅਨੰਦ ਦਾ ਘਰ ਹੈ' ਕਿਸੇ ਅਜੇਹਾ ਆਖਿਆ; ਸੁਪਨੇ ਦੇ ਵਿਚ ਲੁਕਿਆ ਕਿਸੇ ਜੀਵਨ ਸੁਨੇਹਾ ਆਖਿਆ ਫ਼ਲਸਫ਼ੀ, ਸ਼ਾਇਰ ਕਿਸੇ ਕਹਿਆ ਇਹ ਛਪਣ ਛੋਤ ਹੈ, ਹਾਂ, ਨਵਾਂ ਜੀਵਨ ਹੈ ਇਕ ਇਹ ਨਾਮ ਜਿਸ ਦਾ ਮੌਤ ਹੈ । ਜੜ ਚੇਤਨ ਨੂੰ ਹਿਲਾ ਸਕਦੀ ਨਹੀਂ, ਮੌਤ ਜੀਵਨ ਨੂੰ ਮਿਟਾ ਸਕਦੀ ਨਹੀਂ । ਜੰਮਣਾ ਜੀਵਨ ਦਾ ਕੁਈ ਅਰੰਭ ਨਹੀਂ, ਮੌਤ ਜੀਵਨ ਦਾ ਕੁਈ ਇਕ ਅੰਤ ਨਹੀਂ । ਬੀਜ ਮਰ ਕੇ ਵਿਚ ਮਿੱਟੀ ਗੁੰਮਿਆਂ ਫੁਲ ਵੀ ਪੋਸ਼ਾਕ ਪਾ ਕੇ ਜੰਮਿਆਂ । ਜਾਣੋਂ ਜਿਵੇਂ ਮਰਨਾ ਕਦੇ ਬਣਿਆ ਸਬੰਧ ਕਟਦਾ ਨਹੀਂ, ਨੀਂਦ ਡੂੰਘੀ ਸੁੱਤਿਆਂ ਜੀਵਨ ਦਾ ਕੁਝ ਘਟਦਾ ਨਹੀਂ । ਸ਼ੋਰ ਹੋਇਆ ਗ਼ੈਬ ਤੋਂ ਕੋਈ ਜਾਗਿਆ । ਵੇਖਿਆ ਬਾਕੀ ਹੈ ਫਿਰ ਉਹ ਸਉਂ ਗਿਆ । ਸੋਚਦਾ ਹਾਂ ਸੱਚ ਇਹ ਕੀ ਢੰਗ ਦੀ ਕਹਿਣੀ ਹੀ ਹੈ ? ਵੇਖਦਾ ਹਾਂ ਪਰ ਨਿਪਟ ਕਹਿਣੀ ਨਹੀਂ ਰਹਿਣੀ ਵੀ ਹੈ । ਮੌਤ ਦੇ ਵਿਚ ਜ਼ਿੰਦਗੀ ਦਾ ਰਾਜ਼ ਦਸਣ ਵਾਲਿਓ ! ਤੱਤਿਆਂ ਤਵਿਆਂ ਉੱਤੇ ਉਏ ਬੈਠ ਹਸਣ ਵਾਲਿਓ ! ਨੇਜ਼ਿਆਂ ਦੀਆਂ ਨੋਕਾਂ ਵਿਚ ਸੀਨੇ ਪੁਰਾਉਣ ਵਾਲਿਓ ! ਆਰਿਆਂ ਦੀ ਧਾਰ ਤੇ ਤਨ ਨੂੰ ਚਿਰਾਉਣ ਵਾਲਿਓ ! ਮੌਤ ਕੀ ਹੈ ? ਦਸਣੇ ਲਈ ਆਪ ਮੁੜ ਜੇ ਆਉਂਦੇ, ਮੇਰੇ ਜਹੇ ਮੂਰਖ ਵੀ ਫਿਰ ਸ਼ਾਇਦ ਤਸੱਲੀ ਪਾਉਂਦੇ । ਰਾਜ਼ ਖੁਲ੍ਹ ਕੇ ਮੌਤ ਦਾ ਫਿਰ ਵੀ ਰਿਹਾ ਇਹ ਰਾਜ਼ ਹੀ । ਬਿਆਨ ਹੋ ਕੇ ਬਿਆਨ ਦਾ ਫਿਰ ਵੀ ਰਿਹਾ ਮੁਹਤਾਜ ਹੀ । ਸੁਆਦ ਉਸ ਕੀ ਦਸਣਾ, ਜਿਸ ਨੇ ਅਜੇ ਚਖਿਆ ਨਹੀਂ । ਰਾਜ਼ ਇਹੋ ਹੈ ਕਿ ਜਿਸ ਚਖਿਆ ਹੈ ਉਸ ਦਸਿਆ ਨਹੀਂ । ਐਸਾ ਟਿਕਾਣਾ ਹੈ ਕੋਈ, ਜੋ ਜਾਉਂਦਾ ਮੁੜਦਾ ਨਹੀਂ । ਟੁਟਿਆ ਸ਼ੀਸ਼ਾ ਜਿਵੇਂ ਓਹੋ ਜਿਹਾ ਜੁੜਦਾ ਨਹੀਂ । ਵੇਖਦਾ ਹਾਂ ਮੌਤ ਦਾ ਜਦ ਇਹ ਨਤੀਜਾ ਜ਼ਾਹਿਰੀ; ਭੁਲ ਜਾਂਦਾ ਫ਼ਲਸਫ਼ਾ ਸਭ ਭੁਲ ਜਾਂਦੀ ਸ਼ਾਇਰੀ ਹਾਇ ! ਉਹ ਸੂਰਤ ਮੈਂ ਹੁਣ ਉਸ ਸ਼ਕਲ ਵਿਚ ਤਕਣੀ ਨਹੀਂ । ਦਿਲ ਨੇ ਉਹ ਭੁਲਣੀ ਨਹੀਂ ਅਖਾਂ ਨੇ ਲਭ ਸਕਣੀ ਨਹੀਂ । ਸੁਪਨਿਆਂ ਵਿਚ ਜ਼ਿੰਦਗੀ ਭਰ ਆਏਗੀ ਅਖ ਖੁਲ੍ਹਣ ਤੇ, ਸਦਾ ਤੜਪਾਏਗੀ । (ਸ਼ਾਹਪੁਰ ਜ਼ੇਲ ਦਸੰਬਰ 1942)
3. ਜੁਗ ਜੁਗ ਜੀਵੇ ਗਾਂਧੀ ਪਿਆਰਾ
ਜੁਗ ਜੁਗ ਜੀਵੇ ਗਾਂਧੀ ਪਿਆਰਾ ਭਾਰਤ ਦਾ ਅਣਮੋਲ ਦੁਲਾਰਾ ਹਿੰਦੁਸਤਾਨ ਦੇ ਬਾਗ਼ ਦਾ ਮਾਲੀ, ਫੁੱਲਾਂ ਦੀ ਜਿਸ ਹੱਥ ਰਖਵਾਲੀ; ਭਰੇ ਪਿਆਰ ਵਿਚ ਡਾਲੀ ਡਾਲੀ, ਮਨ ਜਿਸ ਦਾ ਹੈ ਮਹਿਕ ਫੁਹਾਰਾ । ਤਨ ਜਿਸ ਦਾ ਕੰਮ ਦੇਸ ਦੇ ਆਵੇ, ਲੋੜ ਪਏ ਭੁਖ ਨਾਲ ਸੁਕਾਵੇ; ਸਦਾ ਕੌਮ ਦੀ ਸ਼ਾਨ ਵਧਾਵੇ, ਭਾਰਤ ਦੇ ਆਕਾਸ਼ ਦਾ ਤਾਰਾ । ਸੋਚ ਇਕੋ ਬਸ ਦੇਸ ਦੀ ਸੋਚੇ, ਲੋਚ ਇਕੋ ਬਸ ਦੇਸ ਦੀ ਲੋਚੇ । ਜਾਵੇ ਜਾਨ ਨਹੀਂ ਸੰਕੋਚ ਏ, ਦੇਸ ਲਈ ਸਾਰੇ ਦਾ ਸਾਰਾ । ਦੇਸ ਅਸਾਡੇ ਵਿਚ ਲੁਟ ਜਾਰੀ, ਗ਼ੈਰ ਕਰਨ ਦਿਨ ਰਾਤ ਖੁਆਰੀ; ਪਰ ਅਧੀਨਤਾ ਵਡੀ ਬੀਮਾਰੀ, ਬਾਪੂ ਬੂਟੀ ਅਮ੍ਰਿਤ-ਧਾਰਾ । ਵਤਨ ਪਿਆਰਾ, ਸੇਵਕ ਸਭ ਦਾ, ਸੇਵਾ ਨੂੰ ਕੰਮ ਸਮਝੇ ਰਬ ਦਾ । ਅਤਿ-ਤਾਈ ਪਾਸੋਂ ਨਹੀਂ ਦਬਦਾ, ਜੁਗ ਗਰਦੀ ਅਜ ਜਿਸ ਦਾ ਨਾਹਰਾ । ਹੇ ਮਾਲਿਕ ਸਭਨਾਂ ਦੇ ਸਾਈਂ ਇਕ ਅਰਦਾਸ ਕੰਨਾਂ ਵਿਚ ਪਾਈਂ । ਲੜ ਲੱਗੇ ਦੀ ਤੋੜ ਨਿਭਾਹੀਂ, ਕਾਇਮ ਰਖੀਂ ਦੇਸ-ਸਹਾਰਾ । ਜੁਗ ਜੁਗ ਜੀਵੇ ਗਾਂਧੀ ਪਿਆਰਾ, ਭਾਰਤ ਦਾ ਅਣਮੋਲ ਦੁਲਾਰਾ । (ਸਿਆਲ ਕੋਟ ਜ਼ੇਲ 12-2-43)
4. ਸ਼ੁਕਰ
ਸ਼ੁਕਰ ਤੇਰਾ ਹੇ ਪਰਵਰਦਗਾਰ, ਮਹਿਮਾਂ ਤੇਰੀ ਅਪਰ ਅਪਾਰ । ਉਠ ਉਠ ਆਉਣ ਝੱਖੜ ਝੋਲੇ, ਉਡ ਜਾਵਣ ਬਣ ਵਾ-ਵਰੋਲੇ । ਵਿਚ ਸਾਗਰ ਜਦ ਬੇੜੀ ਡੋਲੇ, ਚੱਪੂ ਲਾ ਤੂੰ ਕਰਦਾ ਪਾਰ । ਮਹਿਮਾਂ ਤੇਰੀ ਅਪਰ ਅਪਾਰ । ਕੌਣ ! ਜੋ ਇਸ ਗੁੰਝਲ ਨੂੰ ਖੋਲ੍ਹੇ, ਕਿਸ ਵਿਚ ਤਾਕਤ ਕਿਹੜਾ ਬੋਲੇ । ਭੁੰਨਿਆਂ ਬੀਜ, ਚਾਹੇਂ ਤੂੰ ਮੌਲੇ, ਪਤ-ਝੜ ਦੇ ਵਿਚ ਕਰੇਂ ਬਹਾਰ । ਮਹਿਮਾਂ ਤੇਰੀ ਅਪਰ ਅਪਾਰ । ਭੀੜ ਬਣੇ ਖਾਵੇ ਡਿਕ-ਡੋਲੇ, ਭਰਮਾਂ ਵਿਚ ਜਿੰਦੜੀ ਨੂੰ ਰੋਲੇ । ਤੂੰ ਅਤੁੱਲ ਮੂਰਖ ਮਨ ਤੋਲੇ । ਬੇ ਸ਼ੁਮਾਰ ਦਾ ਕਰੇ ਸ਼ੁਮਾਰ । ਮਹਿਮਾਂ ਤੇਰੀ ਅਪਰ ਅਪਾਰ । ਤੁਧ ਅਲਖ ਨੂੰ ਕਿਹੜਾ ਲੱਖੇ, ਕਾਇਦਾ ਤੇਰਾ ਨਿਯਮ ਵਖ ਏ । ਬਿਨ ਸਾਸੋਂ ਵੇਖੇ ਤੂੰ ਰਖੇ, ਰਖਣ ਹਾਰ ਤੂੰ ਸਿਰਜਣ ਹਾਰ । ਮਹਿਮਾਂ ਤੇਰੀ ਅਪਰ ਅਪਾਰ । ਕਿਰਪਾਲੂ ਕਿਰਪਾ ਦੇ ਸਾਗਰ, ਕਰ ਦੇ ਮਨ ਮੇਰੇ ਨੂੰ ਇਕਾਗਰ । ਟਿਕ ਜਾਵੇ ਭਟਕੇ ਨਾ ਦਰ ਦਰ, ਰਹਿਮਤ ਵਾਲਾ ਤਿਰਾ ਦੁਆਰ । ਮਹਿਮਾਂ ਤੇਰੀ ਅਪਰ ਅਪਾਰ । ਤੂੰ ਵਡਾ ਮੈਂ ਬਹੁਤਾ ਨੀਵਾਂ, ਬਖ਼ਸ਼ ਨਾਮ ਦਾ ਅਮ੍ਰਿਤ ਪੀਵਾਂ । ਜੀਵਾਂ ਦੀ ਸੇਵਾ ਵਿਚ ਜੀਵਾਂ, ਹੋਵਾਂ ਹਰ ਦਮ ਸ਼ੁਕਰ ਗੁਜ਼ਾਰ । ਮਹਿਮਾਂ ਤੇਰੀ ਅਪਰ ਅਪਾਰ । (ਸਿਆਲ ਕੋਟ ਜ਼ੇਲ 1-3-43)
5. ਬੁਖ਼ਾਰ
ਬਿਨ ਪੀਤੀਓਂ ਪੀਤੀ ਜਿਤਨਾ, ਨਸ਼ਾ ਜਿਹਾ ਕੁਝ ਰਹਿਣਾ । ਬਿਨਾਂ ਖਾਧਿਓਂ ਰੱਜਿਆ ਰਹਿਣਾ, ਹਰ ਸ਼ੈ ਤੇ ਨਾਂਹ ਕਹਿਣਾ । ਕਹਿਰ ਕਵ੍ਹਾਂ ਕਿ ਬਰਕਤ ਆਖਾਂ, ਇਹ ਜੋ ਮਸਤੀ ਤਪ ਦੀ, ਮਿਤ੍ਰ ਦੁਆਲੇ ਢੋਹ ਤਕੀਏ ਦੀ, ਨਾਲ ਨਜ਼ਾਕਤ ਪੈਣਾ । ਬਿਨ ਸੰਕੋਚੇ ਖੁਲ੍ਹ ਬੋਲਣ ਦੀ, ਆਦਤ ਭੁਲੀ ਚਰੋਕੀ । ਲਾ ਦੇਂਦੀ ਏ ਮੂੰਹ ਤੇ ਜੰਦਰਾ, ਕੁਝ ਵਡਿਆਈ ਫੋਕੀ । ਬਿਨ ਪੀਤੀ ਇਕ ਨਸ਼ਾ ਜਵਾਨੀ, ਉਤਰ ਗਿਆ ਸੀ ਉਹ ਵੀ, ਤਪ ਮਸਤੀ ਵਿਚ ਯਾਦ ਪੁਰਾਣੀ, ਜਾਪਣ ਲੱਗੀ ਅਜੋਕੀ । ਛੋੜ ਹਕੀਮਾਂ, ਛੱਡ ਦੇ ਵੈਦਾ, ਜ਼ੋਰ ਕਾਸ ਨੂੰ ਲਾਵੇਂ ? ਮਸਾਂ ਮਸਾਂ ਮੁੜ ਮਸਤੀ ਆਈ, ਕਰੇਂ ਯਤਨ ਉਤਰਾਵੇਂ । ਉਤਰੇਵੇਂ ਵੇਲੇ ਦੀ ਹਾਲਤ, ਪੁਛ ਨਸ਼ੱਈਆਂ ਪਾਸੋਂ; ਜੋ ਮਸਤੀ ਤੂੰ ਦੇ ਨਹੀਂ ਸਕਦਾ, ਕਿਉਂ ਉਸ ਤਈਂ ਹਟਾਵੇਂ ? ਬੇਸ਼ਕ ਬੁਰੀ ਨਸ਼ੇ ਦੀ ਆਦਤ, ਅਪਣਾ ਆਪ ਭੁਲਾਵੇ । ਜੋਸ਼ਾਂ ਅੰਦਰ ਹੋਸ਼ ਨਾ ਰਹਿੰਦੀ, ਭਲਾ ਬੁਰਾ ਬਿਸਰਾਵੇ । ਹਰ ਇਕ ਨਸ਼ਾ ਨਿਸ਼ਾਨੇ ਉੱਤੋਂ, ਤਿਲਕਾਂਦਾ ਤਿ ਡੁਲਾਂਦਾ; ਇਕੋ ਨਸ਼ਾ ਪਿਆਉਣ ਵਾਲੇ, ਦੀ ਜੋ ਯਾਦ ਕਰਾਵੇ । (ਸਿਆਲਕੋਟ ਜੇਲ੍ਹ,11-7-43)
6. ਇਕ ਗੀਤ
ਝੜੀਆਂ ਝੁਕੀਆਂ, ਕਣੀਆਂ ਆਈਆਂ, ਪੌਣ ਪੁਰੇ ਦੀ ਵਗਦੀ ਪਈ । ਰਾਤ ਹਨੇਰੀ ਲਿਸ਼ਕਣ ਪੁਸ਼ਕਣ, ਚੰਗੀ ਚੰਗੀ ਲਗਦੀ ਪਈ । ਨਾ ਜਾਵੀਂ, ਨਾ ਜਾਵੀਂ ਢੋਲਾ, ਨਾ ਜਾਵੀਂ, ਨਾ ਜਾਵੀਂ । ਕਰਨ ਇਸ਼ਾਰੇ ਤਾਰੇ ਰੋਕਣ, ਰੰਗ ਵਿਚ ਭੰਗ ਨਾ ਪਾਵੀਂ । ਰੋਕ ਨਾ ਸਕਣ ਭਾਵੇਂ ਤੈਨੂੰ, ਮੇਰੀਆਂ ਨਰਮ ਕਲਾਈਆਂ । ਕੀ ਆਖਾਂ ਮੈਂ ਮੇਰਿਆ ਮਾਹੀਆ, ਮਨ ਮੇਰੇ ਜੋ ਆਈਆਂ । ਦਿਲ ਦੀਆਂ ਤੜਪਾਂ, ਦਿਲ ਦਿਆ ਸਾਈਆਂ, ਆਪੇ ਹੀ ਬੁਝ ਜਾਵੀਂ; ਜਿਉਂ ਜਾਣੇਂ, ਨਾ ਜਾਵੀਂ ਢੋਲਾ, ਨਾ ਜਾਵੀਂ, ਨਾ ਜਾਵੀਂ । ਦਿਲ ਵਿਚ ਲੁਕੀਆਂ ਸਧਰਾਂ ਮਾਹੀਆ, ਤੈਨੂੰ ਕਿਵੇਂ ਵਖਾਵਾਂ । ਤਕ ਕੇ ਸਾਵ੍ਹੇਂ ਢੋਲਾ ਮੇਰਾ, ਮੈਂ ਆਪਾ ਭੁਲ ਜਾਵਾਂ । ਜੀਭ ਮੇਰੀ ਤੇ ਵਸ ਨਹੀਂ ਮੇਰਾ, ਦਿਲ ਦੀਆਂ ਦਿਲ ਵਿਚ ਰਖਾਂ । ਦੀਦ ਤੇਰੇ ਦਾ ਜਾਦੂ ਐਸਾ, ਮੈਂ ਗੁੰਗੀ ਹੋ ਜਾਵਾਂ । ਨਾ ਜਾਵੀਂ, ਨਾ ਜਾਵੀਂ ਢੋਲਾ, ਨਾ ਜਾਵੀਂ, ਨਾ ਜਾਵੀਂ । ਰਸ ਤੇਰੇ ਵਿਚ ਰਸ ਗਏ ਮਨ ਨੂੰ, ਨਾ ਐਵੇਂ ਤੜਪਾਵੀਂ । ਦਸਿਆ ਨਹੀਂ ਜਾ ਸਕਦਾ ਢੋਲਾ, ਦਿਲ ਵਿਚ ਕੁਝ ਕੁਝ ਜੇਹਾ । ਅਖੀਆਂ ਵਿਚੋਂ ਲਭ ਲੈ ਮਾਹੀਆ, ਦਿਲ ਮੇਰੇ ਦਾ ਸੁਨੇਹਾ । ਅਪਣੇ ਮੋਤੀ, ਆਪੇ ਢੋਲਾ, ਮਿੱਟੀ ਵਿਚ ਨਾ ਰੁਲਾਵੀਂ । ਨਾ ਜਾਵੀਂ, ਨਾ ਜਾਵੀਂ ਢੋਲਾ, ਨਾ ਜਾਵੀਂ, ਨਾ ਜਾਵੀਂ । ਪਿਆਰ ਤੇਰੇ ਦਾ ਪਿਆਰੀ ਮੇਰੀ, ਮੁਲ ਨਹੀਂ ਉੱਕਾ ਕੋਈ । ਦਿਲ ਤੇਰੇ ਦੀਆਂ ਸਧਰਾਂ, ਮੈਂ ਤੋਂ ਭੇਦ ਨਾ ਲੁੱਕਾ ਕੋਈ । ਨੈਣ ਤੇਰੇ ਅੰਮ੍ਰਿਤ ਦੇ ਛੰਨੇ, ਡੁਲ੍ਹ ਡੁਲ੍ਹ ਭੋਂ ਤੇ ਪੈਂਦੇ । ਕਦਰ ਇਨ੍ਹਾਂ ਲਾਲਾਂ ਦੀ, ਟੁੰਬ ਟੁੰਬ ਮੈਨੂੰ ਕਹਿੰਦੇ । ਪਰ ਪਿਆਰੀ ਇਕ ਫ਼ਰਜ਼ ਵਧੇਰਾ, ਵਢ ਵਢ ਮੈਨੂੰ ਖਾਵੇ । ਯਾਦ ਉਨ੍ਹਾਂ ਲਾਲਾਂ ਦੀ ਮੈਨੂੰ, ਹਰ ਵੇਲੇ ਤੜਪਾਵੇ । ਦੇਸ ਲਈ ਜੋ ਚੜ੍ਹ ਗਏ ਸੂਲੀ, ਮਨ ਵਿਚ ਝਾਤੀ ਪਾਵੀਂ । ਨਾ ਆਖੀਂ : ਨਾ ਜਾਵੀਂ ਪਿਆਰੀ, ਨਾ ਆਖੀਂ ਨਾ ਜਾਵੀਂ । ਸਮਝੀਂ ਨਾ ਇਹ ਜਾਨ ਮੇਰੀ ਮੈਂ ਤੇਰੀ ਪੀੜ ਨਾ ਜਾਣਾ । ਮੈਂ ਚਾਂਹਦਾ ਹਾਂ ਤੈਨੂੰ ਵੀ, ਇਕ ਅਪਣਾ ਦਰਦ ਵਿਖਾਣਾ । ਪ੍ਰੇਮ ਤੇਰੇ ਦੀਆਂ ਕਦੇ ਨਾ ਟੁਟਸਨ ਇਹ ਤਾਰਾਂ ਬੇ ਤਾਰਾਂ । ਨਾਲ ਤੇਰੇ ਇਹ ਬਚਨ ਜਾਣ ਲੈ, ਤੈਨੂੰ ਨਾ ਮੈਂ ਵਿਸਾਰਾਂ । ਪਰ ਇਸ ਅਪਣੇ ਕੌਲ ਦੇ ਬਦਲੇ ਇਕ ਗਲ ਤੈਥੋਂ ਚਾਹਵਾਂ । ਮੇਰੇ ਪ੍ਰਣ ਵਿਚ ਹੋਵਨ ਤੇਰੀਆਂ, ਮੇਰੇ ਨਾਲ ਦੁਆਵਾਂ । ਨਾ ਜਾਵੀਂ, ਨਾ ਜਾਵੀਂ ਨਾਲੋਂ, ਇਹ ਹੁਣ ਆਖ ਸੁਣਾਵੀਂ : 'ਮਰਦਾਂ ਵਾਂਗਣ ਅਣਖੀ ਢੋਲਾ ਦੇਸ ਤੋਂ ਜਾਨ ਘੁਮਾਵੀਂ' । ਜੇ ਮਿਲ ਗਈਆਂ ਤੇਰੀਆਂ ਮੇਰੀਆਂ, ਪਿਆਰੀ ਖ਼ਾਹਸ਼ਾਂ ਸਚੀਆਂ; ਦੁਖੀ ਕਰੋੜਾਂ ਦੇ ਦਿਲ ਉਤੋਂ, ਵਾਰ ਸਕਾਂਗੇ ਖ਼ੁਸ਼ੀਆਂ । ਦੇਸ ਉਤੇ ਇਸ ਭੀੜ ਬਣੀ ਦੇ, ਮੁੜ ਮੁੜ ਆਣ ਨਾ ਵੇਲੇ । ਮੌਤ ਦਾ ਹਥ ਵੀ ਤੋੜ ਨਾ ਸਕਦਾ ਮਿਲੇ ਦਿਲਾਂ ਦੇ ਮੇਲੇ । ਇਹ ਹਥਕੜੀਆਂ ਕੰਗਣ ਜਾਣੀ, ਚੁਕ ਅਡੀਆਂ ਫੁਲ ਪਾਵੀਂ । ਛਾਤੀ ਲਗ ਕੇ ਨਾਲ ਖ਼ੁਸ਼ੀ ਦੇ ਮੈਨੂੰ ਵਿਦਾ ਕਰਾਵੀਂ । ਮਿਠੀ ਏਸ ਵਿਦੈਗੀ ਦਾ ਸੁਖ, ਅਮਲ ਮੇਰਾ ਪਿਆ ਦਸਸੀ । ਯਾਦ ਤਿਰੀ ਵਿਚ ਢੋਲਾ ਤੇਰਾ, ਹਰ ਔਕੜ ਤੇ ਹਸ ਸੀ । 'ਜਾਨ ਤੋਂ ਜਾਣਾ ਆਨ ਪਿਆਰੀ', ਇਹ ਸੰਦੇਸ਼ ਪਹੁਚਾਂਵੀਂ । ਈਕਣ ਯਾਦ ਕਰੀਂ ਢੋਲੇ ਨੂੰ, ਗੀਤ ਵਤਨ ਦੇ ਗਾਵੀਂ । ਜਿਸ ਦੀ ਮਿਟੀ ਵਿਚੋਂ ਰਬ ਨੇ ਸਾਡੇ ਰੂਪ ਬਣਾਏ; ਜਿਸ ਦੀ ਗੋਦੀ ਪਲਦੇ ਪਿਆਰੀ, ਅਸੀਂ ਮਨੁਖ ਅਖਵਾਏ । ਜਿਸ ਦੀਆਂ ਪੌਣਾਂ ਵਿਚੋਂ ਅਸਾਂ ਪਿਆਰ ਦਾ ਕਿਣਕਾ ਪਾਇਆ; ਤੂੰ ਮੈਨੂੰ ਮੈਂ ਤੈਨੂੰ ਦੋਹਾਂ, ਇਕ ਦੂਜੇ ਨੂੰ ਚਾਹਿਆ । ਤਨ ਪੜਵਾ ਜਿਸ ਅਪਣਾ, ਸਾਡੀਆਂ ਦੂਰ ਹਟਾਈਆਂ ਭੁੱਖਾਂ; ਥਕਿਆਂ ਹੁਟਿਆਂ ਉਤੇ ਛਾਵਾਂ, ਕੀਤੀਆਂ ਜਿਸ ਦਿਆਂ ਰੁਖਾਂ; ਸੀਨੇ ਵਿਚ ਜਿਸ ਜੀਵਨ ਸੋਮਾਂ, ਸਾਡੇ ਲਈ ਲੁਕਾਇਆ; ਜਿਸ ਨੇ ਅਪਣੀ ਛਾਤੀ ਉਤੇ, ਸਾਨੂੰ ਤੁਰਨ ਸਿਖਾਇਆ; ਵਡੀ ਉਸ ਮਾਤਾ ਦੇਵੀ ਨੂੰ, ਵਡੀ ਭੇਟ ਚੜ੍ਹਾਵੀਂ । ਸਭ ਤੋਂ ਪਿਆਰੀ ਵਸਤ ਪਿਆਰੀ, ਉਸ ਤੋਂ ਘੋਲ ਘੁਮਾਵੀਂ । ਤਕ ਵਿਸ਼ਵਾਸ ਮਾਹੀ ਦਾ ਸੋਹਣੀ, ਗੁਆਚ ਗਈ ਵਿਚ ਸੋਚਾਂ । ਪ੍ਰਾਣ ਪਤੀ ਦੀਆਂ ਖ਼ਾਹਸ਼ਾਂ ਅੰਦਰ, ਭੁਲ ਗਈ ਅਪਣੀਆਂ ਲੋਚਾਂ । ਸਰਲ ਜੇਹੇ ਸੀਨੇ ਵਿਚ ਪੈ ਗਈ ਉਲਝਣ ਆਣ ਅਵੱਲੀ । ਸਿਧੀ ਪਧਰੀ ਜ਼ਿੰਦਗੀ ਅੰਦਰ, ਆ ਗਈ ਵਾਟ ਕੁਵੱਲੀ । ਪੂਜਾ ਦੇ ਲਈ ਅਜਬ ਅਨੋਖੀ, ਦੱਸੀ ਮਾਹੀਏ ਦੇਵੀ । ਸਭ ਤੋਂ ਪਿਆਰੀ ਵਸਤੂ ਦੇ ਕੇ, ਜਾਂਦੀ ਜਿਹੜੀ ਸੇਵੀ । ਕਿੰਜ ਸੁਲਝਾਵਾਂ ਉਲਝਣ ਨੂੰ ਇਹ ਸੋਚ ਸੋਚ ਕੇ ਹਾਰੀ । ਮੈਨੂੰ ਸਭ ਤੋਂ ਉਹੀ ਪਿਆਰਾ, ਜਿਸ ਦੀ ਹਾਂ ਮੈਂ ਪਿਆਰੀ । ਉਛਲ ਪਿਆ ਭਰ ਪਿਆਰ ਕਟੋਰਾ ਦਿਲ ਉਸ ਕੀਤਾ ਹੌਲਾ । ਕਿਉਂ ਨਾ ਉਸ ਅੰਦਰ ਚਲ ਵਸੀਏ, ਜਿਥੇ ਜਾਂਦਾ ਢੋਲਾ । ਇਕੇ ਅੰਦਰ ਇਕੇ ਦੇਵੀ, ਇਕ ਦੇ ਹੋਏ ਪੁਜਾਰੀ । ਕਿਉਂ ਨਾ ਰਲ ਮਿਲ ਭੇਟਾ ਚੜ੍ਹੀਏ, ਦੋਏ ਜਿੰਦਾਂ ਇਕ ਵਾਰੀ । ਮਨ ਹੈ ਸਾਂਝਾ, ਦਿਲ ਹੈ ਸਾਂਝਾ, ਜੀਣ ਮਰਣ ਜਦ ਸਾਂਝਾ । ਪਾਟ ਗਿਆ ਤਨ ਵਾਲਾ ਪਰਦਾ, ਹੀਰ ਦਿਸੇ ਨਾ ਰਾਂਝਾ । ਰਲ ਗਿਆ ਬੋਲ ਮੁਕੀ ਇਹ ਭਟਕ 'ਨਾ ਜਾਵੀਂ, ਨਾ ਜਾਵੀਂ' । ਅਰਧੰਗੀ ਸੀ ਜਾਨ ਮਾਹੀ ਦੀ, ਉਤ੍ਰ ਗਈ ਅਜ ਸਾਵੀਂ । (ਸਿਆਲਕੋਟ ਜ਼ੇਲ)
7. ਸ਼ਰਧਾ
ਸਿਦਕ ਭਰੋਸਾ ਪਰ ਜਿਸ ਦੇ ਵਿਸ਼ਵਾਸ ਦਿਆਂ ਆਕਾਸ਼ਾਂ ਪੁਰ ਅਣਥਕ ਉਡਾਰੀ ਉਡਦਾ ਹੈ । ਜੋ ਪਹੁ ਫੁਟਣ ਤੋਂ ਪਹਿਲਾਂ ਹੀ ਕਾਲੇ ਜਿਹੇ ਘੁਪ ਹਨੇਰੇ ਵਿਚ ਚਿੱਟਾ ਦੁੱਧ ਚਾਨਣ ਤਕਦਾ ਹੈ । ਇਹ ਸ਼ਰਧਾ ਇਕ ਪੰਖੇਰੂ ਹੈ ਯਕੀਨ ਦੀ ਸਿਖਰ ਤੇ ਬੈਠਾ ਨ ਥਕਦਾ ਹੈ, ਨ ਅਕਦਾ ਹੈ । (13-2-44)
8. ਕਾਲਾ ਪਥਰ
ਜੁਬਰ ਤੋਂ ਇਕ ਮੀਲ ਦੀ ਵਿੱਥ ਤੇ ਚੰਗੇ ਭਾਰੇ ਹਾਥੀ ਜੇਡਾ ਕਾਲੇ ਰੰਗ ਦਾ ਪਥਰ; ਖ਼ਬਰੇ ਕਿਤਨੇ ਚਿਰ ਦਾ ਜੰਮਿਆ ਨਾਲ ਦ੍ਰਿੜ੍ਹਤਾ; ਹਿਲਦਾ ਹੀ ਨਹੀਂ ਨਹੀਂ ਪਰਤਦਾ ਪਾਸਾ । ਸਾਧੂ ਕੋਈ ਸਮਾਧੀ ਵਾਲਾ ਕਰੇ ਨਾ ਇਸ ਦੀ ਰੀਸ । ਨਿਕੇ ਤਪ ਦੇ ਮਰੀਜ ਜੁਬਰ ਸੈਨੇਟੋਰੀਅਮ ਦੇ ਵਿਚ ਦੋ ਸਾਲਾਂ ਤੋਂ, ਤਿੰਨ ਸਾਲਾਂ ਤੋਂ ਕੋਈ ਕੋਈ ਅੱਠ ਨੌ ਸਾਲਾਂ ਤੋਂ ਮਾਰ ਮਾਰ ਪਲਸੇਟੇ ਆਖਣ:- 'ਮਰਨਾ ਚੰਗਾ ਇਸ ਜੀਵਨ ਤੋਂ' ਫਿਰ ਵੀ ਜੀਉਣਾ ਲੋੜਨ । ਇਹ ਪਥਰ ਸਨਯਾਸੀ ਕਾਲਾ ਨਹੀਂ ਪੋਂਹਦਾ ਇਸ ਨੂੰ ਮੀਂਹ, ਪਾਲਾ; ਜੜ ਬਣਿਆ ਜੰਗਲ ਵਿਚ ਬੈਠਾ, ਕਰਮ ਅਕਰਮ ਦੀ ਫਾਹੀ ਵਿਚ ਨਹੀਂ ਫਿਰ ਵੀ 'ਕਰਮ' ਹੋ ਰਿਹਾ ਇਸਦਾ:- ਦੇ ਦਏ ਡਾਕਟਰ ਉਂਗਰ ਜਿਸ ਨੂੰ ਕਾਲੇ ਪਥਰ ਤਕ ਦੀ ਸੈਰ ਸਮਝੋ ਉਸ ਨੇ ਜੀਵਨ ਪਾਇਆ ਐਪਰ ਕਰੇ ਨਾ ਬਹੁਤੀ ਕਾਹਲ ਪਥਰ ਤੋਂ ਅੱਗੇ ਨਾ ਜਾਏ । (ਜਨਵਰੀ 1945) (ਜੁਬਰ=ਲੇਡੀ ਇਰਵਨ ਸੈਨੇਟੋਰੀਅਮ ਕਸੌਲੀ ਤੋਂ 5 ਮੀਲ, ਉਂਗਰ= ਸੈਨੇਟੋਰੀਅਮ ਦਾ ਇੰਚਾਰਜ)
9. ਉਪਦੇਸ਼ਕ
ਕੀ ਸਾਂ ਕਦੇ, ਹੁਣ ਕੀ ਹਾਂ ਮੈਂ ਉਕੀ ਨਾ ਇਸ ਦੀ ਯਾਦ ਸੀ । ਭੁੱਲੀ ਪਈ, ਵਿਸਰੀ ਪਈ ਇਸ ਯਾਦ ਦੀ ਵੀ ਯਾਦ ਸੀ । ਸੋਚਣ ਦੀ ਲੰਮੀਂ ਫ਼ਿਕਰ ਨਾ, ਅਪਣਾ ਬਿਗਾਨਾ ਜ਼ਿਕਰ ਨਾ, ਸਾਂ ਮਸਤ ਅਪਣੇ ਹਾਲ ਵਿਚ, ਬਣਿਆ ਪਿਆ ਕੁਝ ਸੁਆਦ ਸੀ । ਪੁਟਣਾ ਕਿਥੋਂ, ਲਾਣਾ ਕਿੱਥੇ, ਆਏ ਕਿਥੋਂ, ਜਾਣਾ ਕਿਥੇ, ਬੇਖ਼ਬਰੀਆਂ ਵਿਚ ਕੁਝ ਪਤਾ, ਕੋਈ ਅੰਤ ਨਾ, ਕੋਈ ਆਦਿ ਸੀ । ਨਹੀਂ ਸਾਂ ਕਿਸੇ ਗਿਣਤੀ ਦੇ ਵਿਚ ਉਂਗਲੀ ਨਾ ਕੋਈ ਚੁੱਕਦਾ । ਮੰਦਿਆਂ ਨਾ ਕੋਈ ਆਖਦਾ ਕਰਦਾ ਨਹੀਂ ਧੰਨਵਾਦ ਸੀ । ਅਪਣੀ ਖ਼ੁਸ਼ੀ, ਅਪਣੀ ਗ਼ਮੀਂ ਉਹ ਕਰ ਲਈ ਜੋ ਦਿਲ ਜਮੀਂ । ਇਕ ਹੱਦ ਅੰਦਰ ਟਿੱਕਿਆ. ਗ਼ਮਗੀਨ ਸੀ, ਨਾ ਸ਼ਾਦ ਸੀ । ਜੇ ਟਿਕ ਗਿਆ ਤਾਂ ਟਿਕ ਗਿਆ ਜੇ ਤੁਰ ਪਿਆ, ਤਾਂ ਤੁਰ ਪਿਆ; ਕੁਦਰਤ ਦੀ ਡੋਰੀ ਬੱਝਿਆ ਨਾ ਕੈਦ ਨਾ ਆਜ਼ਾਦ ਸੀ । ਨੀਵਾਂ ਹੀ ਹੋਵਾਂਗਾ ਮਗਰ ਅਣਜਾਣ ਨੀਵੇਂ ਪਣ ਤੋਂ ਸਾਂ, "ਬਰਬਾਦ" ਮੇਰੇ ਵਾਸਤੇ ਅਸਲ ਦੇ ਵਿਚ 'ਆਬਾਦ' ਸੀ । ਪੈਰ ਮਾਰਨ ਲਗ ਪਿਆ ਮੈਂ ਭੁਲਕੇ ਵਿਚ ਉਪਦੇਸ਼ਕਾਂ; ਜੀਵਨ ਨਵੇਂ ਦੀ ਸਮਝ ਲੌ, ਫਿਰ ਇਹ ਵੀ ਇਕ ਬੁਨਿਆਦ ਸੀ । ਇਕ ਯਾਦਗਾਰੀ ਰੋਜ਼ ਤੇ ਜਲਸਾ ਸੀ ਭਾਰੀ ਹੋਵਣਾ ਦਸਣੀ ਪੁਰਾਣੀ ਸ਼ਾਨ ਸੀ ਮੈਂ ਆਪਣੇ ਵਖਿਆਨ ਵਿਚ । "ਕਿਤਨੇ ਬਹਾਦਰ ਅਣਖ ਵਾਲੇ ਬੀਰ ਜੋਧੇ ਹੋ ਚੁਕੇ ਸਾਡੀ ਜਨਮ ਭੂਮੀ ਪਵਿਤ੍ਰ ਪਾਕ ਹਿੰਦੁਸਤਾਨ ਵਿਚ ।" ਵੀਚਾਰ ਦੇ ਆਕਾਸ਼ ਵਿਚ ਸੋਚਾਂ ਪਰਾਂ ਤੇ ਉਡ ਰਿਹਾ ਤੁਰਦਾ ਸਾਂ ਭਾਵੇਂ ਜ਼ਿਮੀਂ ਤੇ ਪਰ ਖ਼ਿਆਲ ਸਨ ਅਸਮਾਨ ਵਿਚ । ਮੇਰੇ ਦਿਲ-ਸਾਗਰ ਦੇ ਵਿਚ ਲਹਿਰੇ ਖ਼ਿਆਲੀ ਜੋਸ਼ ਦੇ ਰੁਕਦੇ ਕਿਨਾਰੇ ਆਣ ਕੇ ਬੰਦ ਹੋਂਵਦੇ ਸੀ ਜ਼ਬਾਨ ਵਿਚ । ਚੜ੍ਹਦੀ ਕਲਾ ਵਿਚ ਮਸਤ ਸਾਂ ਢਹਿੰਦੇ ਬੰਨੇ ਦੀ ਖ਼ਬਰ ਨਾ, ਬੀਰਾਂ ਦੀ aੁੱਚੀ ਸ਼ਾਨ ਬਿਨ ਨਹੀਂ ਹੋਰ ਕੁਝ ਸੀ ਧਿਆਨ ਵਿਚ । ਮਨ ਦੇ ਮੈਂ ਲੱਡੂ ਭੋਰਦਾ ਕੁਝ ਤੋੜਦਾ ਕੁਝ ਜੋੜਦਾ ਵਡਿਆਂ ਦੀਆਂ ਜੋ ਕਰਨੀਆਂ ਜਾਂਦਾ ਉਨ੍ਹਾਂ ਦੇ ਮਾਣ ਵਿਚ । ਕਥਨੀ ਤੇ ਮੈਨੂੰ ਮਾਣ ਸੀ ਕੁਝ ਅਧ ਪਚਧ ਪੜ੍ਹਿਆ ਵੀ ਸਾਂ; ਏਸੇ ਨਸ਼ੇ ਵਿਚ ਮਸਤ ਹੀ ਜਾ ਪਹੁੰਚਿਆ ਮੈਦਾਨ ਵਿਚ । ਕਢ ਕਢ ਹਵਾਲੇ ਪੋਥੀਆਂ ਵਾਕਾਂ ਨੂੰ ਵਿਚ ਤਰਤੀਬ ਰਖ ਬੋਲਾਂ ਦੇ ਦਿਤੇ ਪੁਲ ਬੰਨ੍ਹ ਰੰਗ ਫ਼ਲਸਫ਼ੇ ਤੇ ਗਿਆਨ ਵਿਚ । ਸ਼ਾਬਾਸ਼, ਵਾਹ ਵਾਹ, ਗੂੰਜ ਵਜੀਆਂ ਤਾੜੀਆਂ ਤੇ ਤਾੜੀਆਂ, ਫੁਲ ਗਿਆ ਮੈਂ ਵੇਖ ਐਡਾ ਅਸਰ, ਅਪਣੇ ਬਿਆਨ ਵਿਚ । "ਓਏ ਸੂਰਿਆ ਕਥਨੀ ਦਿਆ ਕਰਨੀ ਵਲੋਂ ਨਿਕਾਰਿਆ ! ਫੋਕਿਆ, ਕਹਿਣੀ ਦਿਆ, ਅਮਲਾਂ ਦੀ ਬਾਜ਼ੀ ਹਾਰਿਆ ! ਬੇਸ਼ਕ ਵਡੇਰੇ ਠੀਕ ਸਨ ਮਾਲਿਕ ਅਕਲ ਤੇ ਆਨ ਦੇ ਤੂੰ ਆਪ ਕੀ ਹੈਂ, ਮੂਰਖਾ ! ਇਹ ਵੀ ਕਦੇ ਤੂੰ ਵਿਚਾਰਿਆ ।" ਟੁੰਬਿਆ ਕਿਸੇ ਆਵਾਜ਼ ਨੇ ਕਥਨੀ ਦੀ ਸ਼ੇਖੀ ਘੁਲ ਗਈ । ਸੋਚੇ ਹੋਏ ਮਜ਼ਮੂਨ ਦੀ ਤਰਤੀਬ ਸਾਰੀ ਭੁਲ ਗਈ ।
10. ਲੀਡਰੀ ਦੀ ਫਿੱਕ
ਲੀਡਰੀ ਦੀ ਫਿੱਕ ਨੇ, ਜੀਵਨ ਦੇ ਰਸ ਨੂੰ ਮਾਰਿਆ, ਮਾਤ ਮਿੱਠੀਆਂ ਸੁਰਾਂ, ਮੱਚੀ ਪਾਹਰਿਆ ਹੀ ਪਾਹਰਿਆ । ਬੇਅਦਬੀਆਂ ਦੇ ਸ਼ੋਰ ਵਿਚ ਸਾਹਿਤ ਨੂੰ ਕਿਸ ਸਤਿਕਾਰਿਆ ? ਆ ਅੰਦਰੋਂ ਟੁੰਬਿਆ ਕਿਸੇ, ਲਲਕਾਰ ਨੇ ਲਲਕਾਰਿਆ : ਮਰਦੀ ਮਨੁੱਖਤਾ ਵੇਖ ਕੇ ਤੂੰ ਪੱਥਰਾ ਰੋਇਆ ਨਹੀਂ । ਨਾਅਤ, ਨਾ ਕੋਈ ਮਰਸੀਆ ਇਕ ਵੈਣ ਤਕ ਛੋਹਿਆ ਨਹੀਂ ਆਖਿਆ ਇਕਬਾਲ ਦਾ ਉਹ ਅੱਖ ਅਖਵੌਣਾ ਤੇਰਾ; ਹਾਂ ਪੀੜ ਹੋਵੇ ਕਿਧਰੇ, ਉਹ ਸ਼ਾਇਰਾ ਰੋਣਾ ਤੇਰਾ । ਹੁਣ ਤੇ ਬਰਾਬਰ ਜਾਪਦਾ, ਹੋਣਾ ਜਾਂ ਨਾ ਹੋਣਾ ਤੇਰਾ । ਇਹ ਚੁਪ ਧੱਬਾ ਧੋਬੀਆ ! ਧੋਣਾ ਸੀ ਕਿਸ ਧੋਣਾ ਤੇਰਾ ? ਮਰਦਾਨਗੀ ਮਰਦੀ ਰਹੀ, ਇਕ ਹਾਹ ਵੀ ਨਾ ਨਿਕਲੀ । ਪ੍ਰਮਾਣ ਦਿਲ ਦੀ ਅੱਗ ਦਾ ਇਕ ਆਹ ਵੀ ਨਾ ਨਿਕਲੀ । ਫੁੱਲ ਨਾਜ਼ਕ ਜਾਪਦਾ ਸਸਤਾ ਸੀ ਤੈਨੂੰ ਲੱਭਿਆ । ਅਹੁਦਿਆਂ ਦੇ ਭਾਰ ਹੇਠਾਂ ਮਿਧਿਆ ਈ ਕੱਬਿਆ । ਮਹਿਕ ਦੇ ਅੰਬਾਰ ਨੂੰ ਤੂੰ ਹੇਠ ਗੰਦਗੀ ਦੱਬਿਆ । ਮਾਣਨ ਦੀ ਸ਼ੈ ਸੀ ਮੂਰਖਾ, ਜਿਸ ਨੂੰ ਤੂੰ ਚਿਥ ਕੇ ਚੱਬਿਆ । ਕਾਵਿ ਜ਼ਿੰਦਗੀ ਬਖ਼ਸ਼ ਦੇ ਤੂੰ ਅਰਥ ਉਲਟੇ ਕਰ ਗਿਆ । ਲੋਕ ਸਮਝਣ ਲੱਗ ਪਏ ਸ਼ਾਇਰ 'ਮੁਸਾਫ਼ਿਰ' ਮਰ ਗਿਆ । ਪਰਲੋ ਤੇ ਨਹੀਂ ਆ ਜਾਵਣੀ ਜੇ ਤੂੰ ਰਹਿਆ ਪ੍ਰਧਾਨ ਨਾ । ਤੇਰੇ ਸਹਾਰੇ ਟਿਕਿਆ ਟੱਟੀਹਰੀਏ ਅਸਮਾਨ ਨਾ । ਦੇਸ਼ ਸੇਵਾ ਸੀ ਬਹਾਨਾ, ਉਹ ਵੀ ਹੁਣ ਪ੍ਰਵਾਨ ਨ । ਕਾਹਨੂੰ ਮਿਸਾਲਾਂ ਦੇਣੀਆਂ, ਪ੍ਰਤੱਖ ਨੂੰ ਪਰਮਾਣ ਨ । ਕਾਵਿ ਦੇ ਅਕਾਸ਼ ਦੀ ਜੇ ਸ਼ੁਧ ਹਵਾ ਤੂੰ ਮਾਨਣੀ । ਤਾਂ ਲੀਡਰੀ ਦੇ ਟਿਬਿਆਂ ਦੀ ਛੱਡ ਮਿੱਟੀ ਛਾਨਣੀ । (ਜਨਵਰੀ 1950)
11. ਰਾਵਲਪਿੰਡੀ
ਮੈਂਡੀਏ ਸੋਹਣੀਏ ਪਿੰਡੀਏ, ਤੈਂਡੀ ਯਾਦ ਸਦਾ ਤੜਪਾਸੀ । ਜਿਥੇ ਵੈਸਾਂ ਉਠਸਾਂ ਬਹਿਸਾਂ, ਮਨ ਨ ਕਦੇ ਭੁਲਾਸੀ । ਚੁਪ ਧਾਰਨ ਦੇ ਰੋਸ ਵਜੋਂ ਅਜ, ਅੰਗ ਅੰਗ ਮੈਂਡਾ ਬੋਲੇ: ਕੰਨਾਂ ਦੇ ਘੇਰਿਆਂ ਵਿਚ ਫਿਰਦੇ, ਮਿੱਠੇ ਮਾਹੀਏ, ਢੋਲੇ । ਸੁਖਾਂ ਲੱਧੜੀ ਗੋਦੀ ਵਿੱਚੋਂ, ਜਦ ਦੇ ਗਏ ਨਿਕਾਲੇ । ਹਿਰਦੇ ਚੋਂ ਕਈ ਹੂਕਾਂ ਉਠੀਆਂ, ਖਿੰਡ ਪੁੰਡ ਗਏ ਉਬਾਲੇ । ਜੀਕਣ ਪਏ ਅਜ ਦਰ ਦਰ ਰੁਲਦੇ, ਭੋਂ ਤੈਂਡੀ ਦੇ ਜਾਏ; ਈਕਣ ਹੀ ਮੈਂਡੇ ਮਨ ਦੇ ਜਜ਼ਬੇ, ਹੁਣ ਤਕ ਸੂਤ ਨ ਆਏ । ਇਕ ਦੋ ਫਟ ਹੋਵਣ ਤਾਂ ਸੀ ਲਾਂ, ਫਹੇ ਢਾਰਸ ਦੇ ਲਾਵਾਂ । ਚੁਪ ਦੀ ਮਲ੍ਹਮ ਹੇਠ ਸਾਂ ਚਾਂਹਦਾ, ਸਾਰੇ ਜ਼ਖ਼ਮ ਲੁਕਾਵਾਂ । ਸੀਨੇ ਦੀ ਕਿਸੇ ਤਹਿ ਵਿਚ ਲੁਕੀਆਂ, ਮਿੱਠੀਆਂ ਮਿੱਠੀਆਂ ਯਾਦਾਂ । ਮੈਂ ਡਰਨਾਂ ਕਿਤੇ ਰੁਲ ਨ ਜਾਵਣ, ਬਣ ਬਣ ਕੇ ਫ਼ਰਯਾਦਾਂ । ਕਿਸ ਦੇ ਨਾਲ ਦਿਆਂ ਮੈਂ aਪਮਾ, ਤੈਂਡੇ ਜੇਹੀ ਹੈਂ ਤੂੰ ਹੀ । ਸਿਧੀਆਂ ਤੋਂ ਕਿਤੇ ਵਧ ਹੈ ਸੋਹਣੀ, ਤੈਂਡੀ "ਡਿੰਗੀ ਖੂਹੀ" । ਚਿਤ ਬੇ ਚੈਨ ਤਾਂਘ ਦੀ ਵਗਦੀ, ਪਈ ਪਲਸੇਟੇ ਖਾਂਦੀ; ਤੈਂਡੀ 'ਲਈ' ਜਾਪਦਾ ਮੈਨੂੰ, ਹੁਣ ਵੀ ਪਈ ਬੁਲਾਂਦੀ । ਪੁਛ ਤਕਿਆ ਮੈਂ 'ਟੋਪੀ ਰਖ' ਦੇ, ਇਕ ਇਕ ਸੋਹਣੇ ਰੁਖ ਨੂੰ । ਦੱਬੇ ਪੈਰੀਂ ਆਖੇ ਆ ਜਾ, ਸੋ ਨ ਪਵੇ ਮਨੁਖ ਨੂੰ । 'ਤਪ ਬਨ' ਦੀ ਸ਼ਾਂਤੀ ਇੰਜ ਜਾਪੇ, ਕਰਦੀ ਪਈ ਸੁਆਗਤ; ਚੁਪ ਬੈਠੀ ਸ਼ਰਮਾ ਰਹੀ ਉਥੇ, ਤਕ ਤਕ ਇਨਸਾਨੀਅਤ । ਤਨ ਚੋਂ ਫੁਟ ਫੁਟ ਨਿਕਲੇ ਸੋਮੇਂ, ਪਿੰਡੀਏ ਤੈਂਡੇ 'ਚੋਹੇ' । ਆਖਣ ਮੋਈ ਮਨੁਖਤਾ ਏਥੋਂ, ਪਰ ਅਸੀਂ ਨਹੀਂ ਮੋਏ । ਅਪਣੇ ਵਿਚ ਤਰਾਸਾਂ ਤੈਨੂੰ, ਆ ਜਾ ਉਵੇਂ ਨੁਹਾਸਾਂ । ਤਨ ਅਪਣੇ ਨੂੰ ਮੈਲਾ ਕਰਸਾਂ, ਤੈਂਡੀ ਮੈਲ ਨੂੰ ਲਾਹਸਾਂ । ਕੈਦ ਹੋਣ ਲਈ ਚੋਣ ਅਸਾਨੂੰ, ਕਰਨੀ ਪਈ ਇਕ ਵਾਰੀ । ਖ਼ੁਸ਼ੀਆਂ ਨਾਲ ਕਬੂਲੀ ਪਿੰਡੀਏ, ਤੈਂਡੀ ਜੇਲ ਪਿਆਰੀ । ਕਿਉਂ ਨ ਮਨ ਤਾਂਘੇ ਉਸ ਪਾਸੇ ਹੋਵਣ ਤਾਂਘਾਂ ਜਿਥੇ; ਨਹੀਂ ਪਤਾ ਪਰ ਪਿੰਡੀਏ ਤੂੰ ਹੁਣ, ਹੈਂ ਵੀ ਕਿ ਨਹੀਂ ਉਥੇ । ਹੋਈਉਂ ਤਾਂ ਵੀ ਤਨ ਹੀ ਹੋਸੀ, ਉਡ ਗਈਆਂ ਨੀ ਰੂਹਾਂ; ਉਜੜ ਗਈ ਫੁਲਵਾੜੀ ਦੀਆਂ, ਖਿਲਰ ਗਈਆਂ ਖ਼ੁਸ਼ਬੂਆਂ । ਡਾਲੀ ਨਾਲੋਂ ਟੁਟੀਆਂ ਕਲੀਆਂ, ਕੀਕਣ ਨਾ ਕੁਮਲਾਵਣ । ਬਿਨ ਟੁਟਿਆਂ ਪਰ ਖ਼ੁਸ਼ਬੂ ਕੀਕਣ, ਘਰ ਘਰ ਵਿਚ ਪੁਚਾਵਣ । ਜਣਾ, ਜ਼ਨਾਨੀ, ਬੁਢੇ, ਨਢੇ, ਤੈਂਡੇ ਬਾਲ ਅੰਜਾਣੇ । ਗੱਲੀਂ ਬਾਤੀਂ, ਰਹਿਣੀ, ਬਹਿਣੀ, ਦੂਰੋਂ ਜਾਣ ਪਛਾਣੇ । ਪੁਰਖ ਉਪਜਾਊ ਮਿਟੀ ਤੈਂਡੀ, ਅਸਰ ਉਸੇ ਦਾ ਜਾਪੇ; ਚਰਚਾ ਦਾ ਮਜ਼ਮੂਨ ਬਣੇ ਹਨ, ਪਿੰਡੀਏ ਤੈਂਡੇ ਭਾਪੇ । ਜੇ ਮਿਚ ਜਾਵੇ ਵਿਚ ਉਸਾਰੀ, ਇਟ ਤੋਂ ਚੰਗਾ ਰੋੜਾ; ਨਹੀਂ ਤੇ ਘੜੀ ਘੜਾਈ ਇਟ ਨੂੰ, ਖਾਣਾ ਪਏ ਹਥੌੜਾ । ਭੁਲ ਜਾਈਏ ਉਹ ਯਾਦ ਸੁਹਾਣੀ, ਭੁਲ ਜਾਈਏ ਉਹ ਚਾਲੇ । ਮਨ ਨਹੀਂ ਭੁਲਦਾ ਮੁੜ ਮੁੜ ਘੁੰਮਦਾ, ਤੈਂਡੇ ਆਲ ਦੁਆਲੇ । ਖਿੰਡੀਆਂ ਪੁੰਡੀਆਂ ਸਭ ਘਟਨਾਵਾਂ, ਵਿਚ ਮੀਲਾਂ ਵਿਚ ਕੋਹਾਂ; ਨਾ ਜਵਾਨੀ ਦੀਆਂ ਭੁੱਲਾਂ ਭੁਲਣ, ਨਾ ਬਚਪਨ ਦੀਆਂ ਛੋਹਾਂ । (ਡਿੰਗੀ ਖੂਹੀ=ਇਕ ਖੂਹੀ ਦਾ ਨਾਂ, ਲਈ=ਇਕ ਨਦੀ, ਟੋਪੀ ਰਖ= ਇਕ ਸੋਹਣਾ ਜੰਗਲ, ਤਪ ਬਨ= ਸਾਧੂ-ਸੰਤਾਂ ਦਾ ਇਕਾਂਤ ਸਥਾਨ, ਚੋਹੇ=ਚਸ਼ਮੇ,)
12. ਇਕ ਰੂਪ
ਫੁਲ ਨੇ ਫਲ ਪਾਸੋਂ ਇਕ ਵੇਰਾਂ ਪੁਛਿਆ ਹਸਦੇ ਹਾਸਾ । 'ਇਸ ਥਾਂ ਤੋਂ ਕਿਤਨੀ, ਵਿਥ ਉਸ ਦੀ, ਜਿਸ ਥਾਂ ਤੇਰਾ ਵਾਸਾ । ਫਲ ਨੇ ਮੁੜ ਕੇ ਪਿੱਛੇ ਤੱਕਿਆ, ਫੁਲ ਕੁਝ ਪੈ ਗਿਆ ਸੋਚੀਂ; ਦੂਰ ਸੁਣੀਂਦਾ ਨੇੜੇ ਦਿਸਿਆ, ਇਕੋ ਪਰਤ ਕੇ ਪਾਸਾ ।
13. ਨਿਕਾ ਦੀਵਾ
ਬਲ ਵਾਲੇ ਸੂਰਜ ਨੇ ਭਾਵੇਂ ਦੁਨੀਆਂ ਸਭ ਗਰਮਾਈ । ਅੰਤ ਸਮੇਂ ਉਸ ਦੇ ਮੂੰਹ ਉੱਤੇ ਵੇਖ ਪਲਿੱਤਣ ਛਾਈ । ਨਿਕੇ ਜਿਹੇ ਦੀਵੇ ਨੇ ਕੋਲੋਂ, ਹਸ ਕੇ ਕਿਹਾ ਨ ਝੂਰੋ; ਮੁੜ ਆਵਣ ਤਕ ਵਿਤ ਮੂਜਬ, ਮੈਂ ਰਖਸਾਂ ਜੋਤ ਜਗਾਈ ।
14. ਗੁੰਝਲ
ਕੀ ਹੈ ਹੋਰ ਹਨੇਰਾ ? ਇਸ ਬਿਨ ਚਾਨਣ ਹੀ ਹੈ ਭੁਲਿਆ । ਮੌਤ ਭੁਲੇਖਾ ਹੀ ਹੈ, ਜਿਸ ਵਿਚ ਜੀਵਨ ਭਟਕੇ ਰੁਲਿਆ । ਮੌਤ ਜਿੰਦ ਦਾ, ਔਖ ਕਾਢ ਦਾ ਦੁਖ ਦਾਰੂ ਹੈ ਸੁਖ ਦਾ । ਠੀਕ ਤਾਂ ਹੈ ਪਰ, ਗੁੰਝਲ ਜਹੀ ਹੈ ਭੇਦ ਨ ਜਿਸ ਦਾ ਖੁਲ੍ਹਿਆ ।
15. ਪ੍ਰੇਮ-ਤਾਰ
ਦੂਰੀ ਨਹੀਂ ਦੁਪਿਆਰ ਨਿਸ਼ਾਨੀ, ਇਹ ਖਿਚ ਤਾਂਘ ਵਧਾਂਦੀ । ਢਿੱਲ ਦਿਆਂ ਕੁਬ ਖਾ ਕੇ ਗੁੱਡੀ, ਝੁਕ ਝੁਕ ਸਿਰ ਤੇ ਆਂਦੀ । ਵਿਥ ਅਨੁਸਾਰ ਵਧੀਕ ਵਧਦੀਆਂ, ਲੰਮੀਆਂ ਹੋਣ ਜ਼ੰਜੀਰਾਂ; ਜੂੰ ਜੂੰ ਜਾਵੇ ਦੂਰ ਪ੍ਰੇਮੀ, ਪ੍ਰੇਮ-ਤਾਰ ਵਧ ਜਾਂਦੀ ।
16. ਰਹਿਮਤ
ਸਹਿ ਲਾਂ ਪਰਬਤ ਭਾਰਾ ਸਿਰ ਤੇ ਸਹਿ ਲਾਂ ਤਿਖੀਆਂ ਸੂਲਾਂ । ਘਟ ਹੈ ਨਰਕ ਗੁਨਾਹ ਦਾ ਬਦਲਾ, ਖ਼ੁਸ਼ੀਆਂ ਨਾਲ ਕਬੂਲਾਂ । ਡਰ ਹੈ ਇਕ : ਰਹਿਮਤ ਤੇਰੀ ਤੇ ਕਰੇ ਨ ਕੋਈ ਕਿੰਤੂ; ਮੈਨੂੰ ਤਾਂ ਇਨਸਾਫ਼ ਜਾਪਦਾ, ਜੇ ਸੂਲੀ ਚੜ੍ਹ ਝੂਲਾਂ ।
17. ਦੂਤੀ ਨੂੰ
ਮੇਰੇ ਖਿੜ ਖਿੜ ਹਸਣ ਦੀਆਂ, ਸੁਣ ਸੁਣ ਕਿਤਿਓਂ ਖ਼ਬਰਾਂ; ਕੁੜ੍ਹ ਕੁੜ੍ਹ ਔਖ ਮਨਾਇਆ ਐਵੇਂ, ਨਾਲ ਦਵੈਤ ਬੇ ਸਬਰਾਂ । ਹਾਸੇ ਦਿਸਦੇ, ਹਾਸੇ ਨਹੀਂ ਇਹ, ਨ ਖ਼ੁਸ਼ੀਆਂ ਦੇ ਸੂਚਿਕ; ਪੋਚੀਆਂ ਪਾਚੀਆਂ ਤੇ ਲਿਸ਼ਕਾਈਆਂ, ਇਹ ਹੰਝੂਆਂ ਦੀਆਂ ਕਬਰਾਂ ।
18. ਜੀਵਨ-ਮੋਤੀ
ਹਰਮੰਦਰ ਪੂਜਾ ਦੇ ਲਾਇਕ ਮੈਲਾ ਕਰ ਕਿਉਂ ਰੋਲਾਂ; ਤਨ-ਡੱਬੀ ਵਿਚ ਜੀਵਨ-ਮੋਤੀ, ਰਖਾਂ ਸਾਂਭ, ਲੁਕੋ ਲਾਂ । ਮੋਤੀ ਲਈ ਡਬੀ ਦੀ ਰਖਿਆ, ਇਕ ਹਦ ਤੀਕ ਜ਼ਰੂਰੀ; ਵੈਸੇ ਤਾਂ ਇਸ ਮਾਣਕ ਉਤੋਂ ਸੌ ਸੌ ਡਬੀਆਂ ਘੋਲਾਂ ।
19. ਬਿਰਹਨੀ
ਮਿਠੀ ਠੰਡੀ ਰਾਤ ਚਾਨਣੀ, ਜਗ ਵਿਚ ਠੰਡ ਵਰਤਾਈ । ਮੈਂ ਬਿਰਹਨ ਦੇ ਸੀਨੇ ਅੰਦਰ, ਅਗ ਧੁਖ ਧੁਖ ਬਲ ਆਈ । ਮੈਂ ਪਗਲੀ ਜਾਂ ਇਹ ਜਗ ਪਗਲਾ, ਸਮਝ ਨ ਉੱਕੀ ਆਵੇ; ਮੇਰੇ ਹਿਰਦੇ ਨੂੰ ਜਿਸ ਤਾਇਆ, ਜਗ ਸੀਨੇ ਠੰਡ ਪਾਈ ।
20. ਛੋਹ
ਅਪਣੇ ਵਿਚ ਪਾਰਸ ਤੋਂ ਵਧ ਇਕ, ਨੇਕੀ ਸਿਫ਼ਤ ਰਖਾਵੇ; ਰੂਪ ਬਦੀ ਨੂੰ ਦੇਵੇ ਅਪਣਾ, ਜੇ ਉਸ ਨੂੰ ਛੋਹ ਜਾਵੇ; ਪਰ ਇਤਨੀ ਵਿਥ ਇਤਨਾ ਪਾੜਾ, ਹਦ ਸਿਰਿਆਂ ਦੀ ਜਾਣੋ; ਪ੍ਰੇਮ ਕਿਰਨ ਦੀਆਂ ਤਾਰਾਂ ਦਾ ਪੁਲ, ਇਹਨਾਂ ਤਈਂ ਮਿਲਾਵੇ ।
21. ਬਦਲੇ ਦਾ ਡਰ
ਵੈਰੀ ਸਮਝ ਕਿਸੇ ਨੂੰ ਜੇ ਤੂੰ ਚਾਹਵੇਂ ਤੀਰ ਚਲਾਣਾ; ਤੈਨੂੰ ਵੀ ਮੁੜ ਪੈ ਜਾਏ ਸ਼ਾਇਦ, ਬਦਲੇ ਦੇ ਵਿਚ ਖਾਣਾ । ਨ ਕੋਈ ਮੋੜ ਸਕੇ ਜੇ ਬਦਲਾ, ਤਾਂ ਵੀ ਖ਼ੌਫ਼ ਜ਼ਰੂਰੀ; ਸੇਧ ਉਸਦੀ ਵਿਚ ਹੋ ਸਕਦਾ ਹੈ ਤੇਰਾ ਕਦੇ ਟਿਕਾਣਾ ।
22. ਬੰਦੇ ਮਾਤ੍ਰਿਮ
ਭਾਰਤ ਮਾਤਾ ਤੋਂ ਬਲਿਹਾਰ, ਬੰਧਨਾ ਮੇਰੀ ਸੌ ਸੌ ਵਾਰ। ਅੰਮ੍ਰਿਤ ਵਰਗਾ ਜਿਸ ਦਾ ਪਾਣੀ, ਮਿੱਠੇ ਬੋਲ, ਰਸੀਲੀ ਬਾਣੀ ਚੰਦਨ ਪਰਬਤ ਮਹਿਕ ਫੁਹਾਰੇ, ਦੇਵੇ ਸੀਤਲ ਪਉਣ ਹੁਲਾਰੇ । ਨਿਘੀਆਂ ਹਰੀਆਂ ਫ਼ਸਲਾਂ ਖੜੀਆਂ, ਸਾਂਵਲ ਸਾਂਵਲ ਚੜ੍ਹੀਆਂ ਝੜੀਆਂ । ਫਲ ਸੁਆਦੀ, ਭਰੇ ਭੰਡਾਰ ਭਾਰਤ ਮਾਤਾ ਤੋਂ ਬਲਿਹਾਰ, ਬੰਧਨਾ ਮੇਰੀ ਸੋ ਸੌ ਵਾਰ । ਜਿਸ ਦੀ ਰਾਤ ਚਾਨਣੀ ਪਿਆਰੀ, ਕੁਦਰਤ ਦੀ ਚਿੱਟੀ ਫੁਲਕਾਰੀ ! ਫੁੱਲਾਂ ਬੂਟਿਆਂ ਨਾਲ ਸੰਵਾਰੀ, ਹਸ ਮੁਖਾਂ ਫੁਲਾਂ ਦੀ ਕਿਆਰੀ । ਜਿਸ ਦੀ ਸੋਭਾ ਨਿਆਰੀ ਨਿਆਰੀ, ਸੁਖ ਦਾਤੀ ਵਰ ਦੇਵਣ ਹਾਰੀ। ਵਡਾ ਜਿਸ ਦਾ ਹੈ ਪਰਵਾਰ, ਭਾਰਤ ਮਾਤਾ ਤੋਂ ਬਲਿਹਾਰ । ਬੰਧਨਾ.............। ਉਸ ਮਾਤਾ ਨੂੰ ਕਾਹਦੀ ਥੋੜ, ਜਿਸ ਦੇ ਜਾਏ ਚਾਲੀ ਕਰੋੜ । ਅੱਸੀ ਕਰੋੜ ਫਰਕਦਾ ਡੌਲਾ, ਵੈਰੀ ਲਈ ਭਿਆਨਕ ਰੌਲਾ । ਜਿਸ ਦੀ ਪਤਿ ਦੇ ਇਤਨੇ ਰਾਖੇ ਉਸ ਨੂੰ ਕਿਹੜਾ ਅਬਲਾ ਆਖੇ ? ਖੜਾ ਹਿਮਾਲਾ ਪਹਿਰੇਦਾਰ, ਭਾਰਤ ਮਾਤਾ ਤੋਂ ਬਲਿਹਾਰ । ਬੰਧਨਾ.............। ਸ਼ਕਤੀ ਦਾਤੀ ਸ਼ਕਤੀਵਾਨ; ਬਲ ਪਾਉਣ ਜਿਸ ਤੋਂ ਬਲਵਾਨ । ਵੈਰੀ ਦਿਲ ਨੂੰ ਭਾਜੜ ਪਾਵੇ, ਸਾਗਰ ਜਿਸ ਦੇ ਚਰਨ ਧੁਆਵੇ। ਸਾਡੇ ਤਨ ਵਿਚ ਜਿਸ ਦੇ ਪ੍ਰਾਨ, ਹਿਰਦੇ ਵਿਚ ਜੋ ਮੂਰਤੀਮਾਨ । ਪੂਜਾ ਇਸ ਦੀ ਕਰੇ ਉੱਧਾਰ, ਭਾਰਤ ਮਾਤਾ ਤੋਂ ਬਲਿਹਾਰ । ਬੰਧਨਾ.............। ਰਿਸ਼ੀਆਂ ਮੁਨੀਆਂ ਦਾ ਜੁ ਟਿਕਾਣਾ, ਹੁਨਰ ਦਾ ਚਸ਼ਮਾਂ ਇਲਮ ਖ਼ਜ਼ਾਨਾ । ਜੜੀਆਂ ਵਿਚ ਜੀਵਨ ਤਾਸੀਰ, ਜਿਸ ਦੀ ਮਿੱਟੀ ਵਿਚ ਅਕਸੀਰ । ਮਨ ਨਿਰਮਲ ਚਾਂਦੀ ਸਮ ਜਾਣ, ਤਨ ਜਿਸ ਦਾ ਸੋਨੇ ਦੀ ਖਾਣ। ਗੈਲਾ ਵੇਹੜਾ ਖੁਲ੍ਹਾ ਦੁਆਰ, ਭਾਰਤ ਮਾਤਾ ਤੋਂ ਬਲਿਹਾਰ । ਬੰਧਨਾ.............। ਜਿਸ ਦੀਆਂ ਨਦੀਆਂ, ਜਿਸ ਦੇ ਨਾਲੇ, ਜਿਸ ਦੀ ਜਿਨਸ ਜਗਤ ਨੂੰ ਪਾਲੇ । ਕੁਦਰਤ ਸਾਜ ਸਜਾਈ ਰਾਣੀ; ਪੌਣ ਹੈ ਜਿਸ ਦਾ ਭਰਦੀ ਪਾਣੀ । ਇਸ ਦੀ ਇਜ਼ਤ ਇਸ ਦੀ ਸ਼ਾਨ, ਕਾਇਮ ਰਖੀਏ ਦੇ ਕੇ ਜਾਨ। ਸਚਿਆਂ ਪੁਤ੍ਰਾਂ ਦੀ ਇਹ ਕਾਰ, ਭਾਰਤ ਮਾਤਾ ਤੋਂ ਬਲਿਹਾਰ । ਬੰਧਨਾ ਮੇਰੀ ਸੌ ਸੌ ਵਾਰ।
23. ਅੰਮ੍ਰਿਤਸਰ
ਵਰਤਮਾਨ ਵਿਚ ਮਨ ਨਾ ਲੱਗੇ, ਭੈ ਜਿਹਾ ਜਾਪੇ ਪਿਆ ਭਵਿਖ ਤੋਂ, ਭੂਤ ਕਹਾਣੀ ਹੋ ਕੇ ਰਹਿ ਗਿਆ ਜਾਗੋ ਮੀਟੇ ਵਿਚ ਕੋਈ ਸੋਚਾਂ ਮੁੜ ਮੁੜ ਪਿਛੇ ਵਲ ਨੂੰ ਮੋੜਨ। ਇਕ ਇਕ ਤਹਿ ਵਿਚ ਸੌ ਸੌ ਪਰਦਾ ਚਹੁੰ ਤੈਹਿਆਂ ਵਿਚ ਦੱਬੀ ਯਾਦ ਡਾਢੀ ਹੀ ਕਿਸੇ ਕਰੜੀ ਚਾਹ ਨੇ ਛੁੱਪੀ ਨੂੰ ਪਰੱਤਖ ਲਿਆਂਦਾ ਸੁਪਨਾਂ ਨਹੀਂ ਪਰ ਸੁਪਨੇ ਵਾਂਗਣ। ਨੂਰ ਜਿਹਾ ਵਿਚ ਮਾਨੁਖ ਜਾਮੇ ਸਾਂਝ ਦੀਆਂ ਬੁਨਿਆਦਾਂ ਉ ਤੇ, ਫੜ ਫੜ ਅਡ ਅਡ ਜ਼ਾਤਾਂ ਵਾਲੇ ਮਜ਼੍ਹਬਾਂ ਵਾਲੇ, ਪੇਸ਼ਿਆਂ ਵਾਲੇ, ਕਰਦਾ ਪਿਆ ਉਸਾਰੀ ਹੱਥੀਂ । ਮਨ ਦੇ ਨਕਸ਼ੇ ਰੂਪ ਧਾਰਿਆ ਵਿਤਕਰੇ ਦੀਆਂ ਮਿਸੀਆਂ ਲੀਕਾਂ; ਲਾਹ ਲਾਹ ਮੈਲ ਦੂਈ ਦੀ ਧੋਤੀ । ਧਰਤੀ ਤੇ ਅਰਸ਼ੀ ਦ੍ਰਿਸ਼ ਦਿਸਿਆ, ਮਨੁੱਖ ਨੂੰ ਪਿਆਰ ਮਨੁਖ ਦੇ ਨਾਤੇ । ਸੁਪਨਾਂ ਨਹੀਂ, ਪਰ ਸੁਪਨੇ ਜਿਹਾ ਹੈ ਕਹਾਣੀ ਨਹੀਂ, ਪਰ ਹੋਈ ਕਹਾਣੀ ਸਾਂਇਸ ਹੀ ਕੋਈ ਕਾਢ ਚਾ ਕੱਢੇ; ਪਿਛਲਾ ਵਿਚ ਪਰਤੱਖ ਵਿਖਾਵੇ, ਸਮਾਂ ਤਾਂ ਪਿਛੋਂ ਜਾਣੋ ਰਹਿਆ। ਚਾਨਣ ਅਖਾਂ ਹੀ ਲੈ ਬੈਠਾ, ਵਾਹ ਤਹਿਜ਼ੀਬੇ ਸਾਂਝ ਮਿਟਾਈ ਨਵੀਂ ਰੌਸ਼ਨੀ ਦਾ ਇਹ ਸਿੱਟਾ ? ਸੋਲ੍ਹਵੀਂ ਸਦੀ ਦਾ ਸੀਮਿੰਟ ਹੋਇਆ ਵੀਹਵੀਂ ਨੇ ਮਿੱਟੀ ਪੁੱਟ ਦਿਤੀ ।
24. ਉੱਦਮ
ਭੁੱਲ ਵਿਚ ਵੀ ਜੋ ਹੋਵਣ ਭੁੱਲਾਂ ਪਾਣ ਭੁਲੇਖਾ ਖ਼ਾਸਾ । ਕੁਝ ਥੋੜੀ ਜਿਹੀ ਹਾਨੀ ਹੁੰਦੀ ਕੁਝ ਥੋੜਾ ਜਿਹਾ ਹਾਸਾ । ਪਰ ਭੁੱਲਣ ਦੇ ਡਰ ਤੋਂ ਡਰ ਕੇ ਕੰਮ ਨੂੰ ਹਥ ਨਾ ਪਾਣਾ, ਮੌਤ ਬਰਾਬਰ ਗਲਤੀ ਹੈ ਇਹ ਜੀਵਨ ਵਿੱਚ ਨਿਰਾਸ਼ਾ।
25. ਇਕ ਗ਼ਜ਼ਲ
ਮੈਂ ਉਸ ਦੇ ਵਿੱਚ ਸਵਾਦ ਮਹਿਸੂਸਾਂ, ਜੋ ਤੂੰ ਕਰੇਂ ਸਤਾਉਣ ਲਈ । ਮੈਂ ਉਸ ਨੂੰ ਇਕ ਹਾਸਾ ਸਮਝਾਂ, ਜੋ ਤੂੰ ਕਰੇਂ ਰੁਆਉਣ ਲਈ । ਗ਼ਰਜ਼ ਲੁਕੀ ਹੈ ਗੁੱਸੇ ਕਰ ਕਰ, ਤੈਨੂੰ ਰੋਜ਼ ਰੁਸਾਉਣ ਵਿਚ : ਲੁਤਫ਼ ਜਿਹਾ ਕੁਝ ਅਨੁਭਵ ਹੁੰਦਾ, ਤੈਨੂੰ ਰੋਜ਼ ਮਨਾਉਣ ਵਿੱਚ । ਮੈਂ ਕਿਰਪਾ ਨੂੰ ਕਹਿਰ ਸਮਝਨਾਂ ਐਵੇਂ ਦਰਦ ਹਟਾਣਾ ਜਿਸ, ਮੇਰਾ ਦਿਲ ਨਹੀਂ ਇਤਨਾਂ ਕਾਹਲਾ । ਬੇਦਰਦਾ ਅਖਵਾਉਣ ਲਈ । ਘਰ ਤੇਰੇ ਵਲ ਨਾ ਜਾਉਣ ਦਾ ਕਈ ਵੇਰਾਂ ਮਨ ਅਹਿਦ ਕਰੇ ਫਿਰ ਆਪੇ ਕੋਈ ਕੰਮ ਕਢ ਲੈਂਦਾ ਉਸ ਕੂਚੇ ਵਿੱਚ ਜਾਉਣ ਲਈ। ਹੋਰ ਸਿਆਣਪ ਨਹੀਂ ਇਸ ਜਰਨੀਂ ਮੁਨਕਿਰ ਨਾ ਕਿਧਰੇ ਹੋ ਜਾਇ, ਸਮਝਣ ਜਿਤਨਾਂ ਸਮਝ ਗਿਆ ਏ, ਜ਼ੋਰ ਨਾ ਲਾ ਸਮਝਾਉਣ ਲਈ ।
26. ਪਰਛਾਵਾਂ
ਦਿਲ ਦੀ ਪੀੜ ਦਰਦ ਹਿਰਦੇ ਦਾ ਪਰਗਟ ਕਰਾਂ, ਲੁਕਾਵਾਂ ? ਬੈਠੀ ਹਾਰ ਫ਼ੈਸਲਾ ਸ਼ਕਤੀ ਸੁਣ ਸੁਣ ਅੱਡ ਅੱਡ ਰਾਵਾਂ। ਮੁਸ਼ਕਿਲ ਵਿੱਚ ਮੁਸੀਬਤ ਵੱਡੀ, ਬਣਨ ਬਜ਼ੁਰਗ ਅੰਜਾਣੇ; ਜਿਉਂ ਜਿਉਂ ਢਲਦਾ ਜਾਂਦਾ ਸੂਰਜ ਵਧਦਾ ਜਾਇ ਪਰਛਾਵਾਂ।
27. ਤਰਸ
ਅਪਣਾ ਤਾਣ, ਭਰੋਸਾ ਅਪਣਾ ਮਿੱਤਰ ਦੋਏ ਸਥਾਈ; ਨਿਰੇ ਭਰੋਸੇ ਤਾਕਤਵਰ ਦੇ ਤੁਰਨਾ ਮੂਰਖ-ਤਾਈ। ਖ਼ੈਰ ਤਰਸ ਦਾ ਪੈਣਾ ਉੱਕਾ ਤਰਸ ਵਾਨ ਤੇ ਨਿਰਭਰ, ਤਾਕਤ ਅਤੇ ਹਕੂਮਤ ਦੀ ਨਹੀਂ ਰਹਿਮ ਨਾਲ ਅਸ਼ਨਾਈ ।
28. ਭਗਤ ਸਿੰਘਾ !
ਹਰ ਕਿਸੇ ਨੂੰ ਆਪਣਾ ਲਗਾ ਜਾਪਣ, ਅਪਣਾ ਆਪ ਜਾਂ ਵਾਰਿਆ ਭਗਤ ਸਿੰਘਾ। ਡੁੱਬਾ ਆਪ ਅਜ਼ਾਦੀ ਦੇ ਬਹਿਰ ਅੰਦਰ, ਸਾਰੇ ਦੇਸ਼ ਨੂੰ ਤਾਰਿਆ ਭਗਤ ਸਿੰਘਾ। ਫੁਰਨਾਂ ਵਤਨ ਭਲਾਈ ਦਾ ਜਦੋਂ ਫੁਰਿਆ, ਫਿਰ ਨਹੀਂ ਹੋਰ ਵਿਚਾਰਿਆ ਭਗਤ ਸਿੰਘਾ। ਅਪਣਾ ਸਿਰ ਦੇ ਕੇ ਕੀਤਾ ਸਿਰੜ ਪੂਰਾ, ਕੀਤਾ ਬਚਨ ਨਹੀਂ ਹਾਰਿਆ ਭਗਤ ਸਿੰਘਾ। ਪੂਰਾ ਪੂਰਾ ਪਿਆਰ ਦਾ ਮੂਲ ਦੇ ਕੇ, ਕੀਤਾ ਪਿਆਰ ਤੋਂ ਪਿਆਰਿਆ ਭਗਤ ਸਿੰਘਾ। ਤੇਰੇ ਜਿਹਾ ਸੌਦਾ ਕਿਸ ਨੇ ਹੋਰ ਕਰਨਾ ? ਵਾਹ ਵਾਹ ਵਣਜਾਰਿਆ ਭਗਤ ਸਿੰਘਾ । ਅਮਲ ਨਾਲ ਪ੍ਰਤੱਖ ਵਖਾਲ ਦਿਤਾ, ਨਿਸਚੇ ਵਿੱਚ ਜੋ ਧਾਰਿਆ ਭਗਤ ਸਿੰਘ। ਗ਼ੈਰਤ, ਅਣਖ, ਖ਼ੁਦ-ਦਾਰੀ ਦੇ ਨਾਮ ਉਤੇ, ਤੈਨੂੰ ਗਿਆ ਵੰਗਾਰਿਆ ਭਗਤ ਸਿੰਘਾ। ਤੇਰੇ ਜਿਹੀ ਕੀਤੀ ਕਿਸ ਨੇ ਕੁੱਖ ਸਫਲੀ ? ਸਰਵਣ ਪੁਤਰ ਦੁਲਾਰਿਆ ਭਗਤ ਸਿੰਘਾ । ਤੇਰਾ ਨਾਮ ਨਿਸ਼ਾਨ ਮਿਟਾਣ ਦੇ ਲਈ, ਜਿਨ੍ਹਾਂ ਫਾਂਸੀ ਤੇ ਚਾੜਿਆ ਭਗਤ ਸਿੰਘਾ, ਬੂਟਾ ਸਮਝ ਲੌ ਆਪਣਾ ਆਪ ਹਥੀਂ, ਉਨ੍ਹਾਂ ਆਪ ਉਖਾੜਿਆ ਭਗਤ ਸਿੰਘਾ । ਉਹੋ ਮੌਤ ਬਦਨਾਮੀ ਦੀ ਆਪ ਮਰ ਗਏ, ਤੈਨੂੰ ਜਿਨ੍ਹਾਂ ਨੇ ਮਾਰਿਆ ਭਗਤ ਸਿੰਘਾ । ਤੇਰੇ ਨਾਮ ਨੂੰ ਸਦਾ ਦੀ ਯਾਦ ਦੇ ਲਈ, ਲੋਕਾਂ ਦਿਲ ਤੇ ਉਕਾਰਿਆ ਭਗਤ ਸਿੰਘਾ । ਕੌਮੀ ਬੁਤ ਵਿੱਚ ਬੈਠਾ ਤੂੰ ਜਾਨ ਬਣ ਕੇ, ਓਏ ਸਾਰੇ ਦੇ ਸਾਰਿਆ ਭਗਤ ਸਿੰਘਾ । ਕੇਰਾਂ ਹੇਠਲੀ ਉਤੇ ਤੂੰ ਕਰ ਦਿਤੀ, ਇਨਕਲਾਬ ਦੇ ਨਾਹਰਿਆ ਭਗਤ ਸਿੰਘਾ । ਰੋੜੀ ਰਾਜ ਸੁਖਦੇਵ ਦੀਆਂ ਹਡੀਆਂ ਵਿੱਚ, ਸੱਚ ਮੁੱਚ ਦਿਆ ਗਾਰਿਆ ਭਗਤ ਸਿੰਘਾ । ਡੂੰਘੀ ਪਕੀ ਇਸ ਚੌੜੀ ਬੁਨਿਆਦ ਉਤੇ, ਗਿਆ ਮਹਿਲ ਉਸਾਰਿਆ ਭਗਤ ਸਿੰਘਾ । ਲੱਗਾ ਵੇਖ ਕੇ ਚੋਰ ਤੂੰ ਸਨ੍ਹ ਉਤੇ, ਕੀਤੀ ਪਾਹਰਿਆ ਪਾਹਰਿਆ ਭਗਤ ਸਿੰਘਾ । ਬੋਲੇ ਕੰਨ ਸੀ, ਖਿੜਕੀਆਂ ਖੋਹਲਣੇ ਦਾ ਨਵਾਂ ਰਾਹ ਵਖਾਲਿਆ ਭਗਤ ਸਿੰਘਾ। ਟੱਪਣ ਲਈ ਗ਼ੁਲਾਮੀ ਦੇ ਟਿਬਿਆਂ ਨੂੰ, ਨਿਰੇ ਚਾਨਣ ਮੁਨਾਰਿਆ ਭਗਤ ਸਿੰਘਾ । ਚਮਕਦਾਰ ਚੰਨਾਂ ਖਾਨਦਾਨ ਦਿਆ, ਭਾਰਤ ਮਾਂ ਦੇ ਤਾਰਿਆ ਭਗਤ ਸਿੰਘਾ । ਦਹੀਂ ਤੇਲ ਦਾ ਨਾਲ ਸੁਆਹ ਵਟਣਾ, ਲਿਆ ਮਲ ਕੁਆਰਿਆ ਭਗਤ ਸਿੰਘਾ ! ਲਾੜੀ ਮੌਤ ਦੇ ਨਾਲ ਵਿਆਹ ਕੀਤਾ, ਵਾਹ ਅਜ਼ਾਦੀ ਦੇ ਲਾੜਿਆ ਭਗਤ ਸਿੰਘਾ!
29. ਹਨੇਰਾ
ਛੋਹ ਤੇਰੀ ਚਾਨਣ ਚਮਕਾਂਦੀ ਹੁਸਨ ਆਸਰਾ ਤੇਰਾ ਭਾਲੇ, ਕਿਤਨੀ ਤੇਰੀ ਹੋਂਦ ਪਿਆਰੀ ਪਿਆਰਾਂ ਦੇ ਵਿੱਚ ਤੂੰ ਰਸ ਪਾਵੇਂ ਕਰੇਂ ਰਸੀਲਾ ਜੀਵਨ । “ਅਜ ਸਾਡੇ ਮਾਹੀ ਨੇ ਔਣਾ ਸ਼ਾਲਾ ਰਾਤ ਵਰ੍ਹੇ ਦੀ ਹੋਵੇ" ਪਿਆਰ ਭਰੇ ਕਿਸੇ ਦਿਲ ਦੀਆਂ ਰੀਝਾਂ ਬਣ ਗਈਆਂ ਇਕ ਗੀਤ । ਘੜੀਆਂ ਗਿਣ ਗਿਣ ਕਰਨ ਉਡੀਕਾਂ ਹੁਸਨ ਪੁਜਾਰੀ ਸਦਾ ਤੇਰੀਆਂ । ਤੂੰ ਚਾਣਣ ਤੇਰੇ ਵਿੱਚ ਚਾਨਣ ਉਲਟਾ ਤੇਰਾ ਨਾਮ। ਤੂੰ ਇਕ ਪਰੇਮ ਅਖਾੜਾ ਜਿਸ ਵਿੱਚ ਹੁਸਨ ਮਾਣਦਾ ਖੁਲ੍ਹਾਂ । ਪਰੇਮੀ ਮਨ ਦੀ ਧੜਕਣ ਵਧੇ ਜਿਉਂ ਜਿਉਂ ਵਧੇ ਲੋ । ਤੇਰੀ ਇਸ ਖ਼ਾਮੋਸ਼ ਸ਼ਾਂਤ ਵਿੱਚ ਕਿਨੀਆਂ ਸਧਰਾਂ ਕਿਨੀਆਂ ਆਸਾਂ ਕਿੰਨੀਆਂ ਖਿਚਾਂ ਜਗ-ਰੌਣਕ ਤੇਰੀ ਮੁਹਤਾਜ, ਤੂੰ ਅੱਖਾਂ ਦੇ ਚਾਨਣ ਦੇਵੇਂ ਤੂੰ ਸਧਰਾਈਆਂ ਭਰੇਂ ਗੋਦੀਆਂ । ਤੇਰੀ ਚਾਦਰ ਬਰਕਤ ਵਾਲੀ ਤੂੰ ਸਮਦਰਸੀ, ਤੂੰ ਬੇ-ਦਾਗ਼ ਚੋਰ ਵੀ ਚਾਹੇ, ਸਾਧ ਵੀ ਚਾਹੇ ਲਗਨ ਵਾਲੀਆਂ ਰੂਹਾਂ ਚਾਹੁਣ । ਨਾ ਪਿਆ ਕਰੇ ਹੰਕਾਰ ਸੁਹੱਪਣ ਕੋਹਝ ਨਾ ਪਿਆ ਸ਼ਰਮਾਵੇ । ਭਲੋ ਭਲੀ ਸੰਸਾਰ ਕੌਣ ਵੇਖ ਕੇ ਅਣਡਿਠ ਕਰਦਾ ?
30. ਅਲਬਮ
ਭੇਜੀ ਐਲਬਮ ਮੈਂ ਵੇਖੀ ਮੈਨੂੰ ਨਹੀਂ ਪਰਵਾਨ ਤੇਰਾ ਦਿਲ ਪਰਚਾਵਾ ਹੈ ਇਹ ਮੈਨੂੰ ਕਰੇ ਹੈਰਾਨ । ਮੁੱਕੀ ਮੇਰੀ ਢੂੰਢ ਚਿਰੋਕੀ ਕਰ ਚੁਕੀ ਪੁਣ ਛਾਣ ਮੇਰੀ ਪਰਖਣ ਸ਼ਕਤੀ ਹੋ ਗਈ ਇਕ ਮੂਰਤ ਵਿੱਚ ਲੀਨ । ਅਪਣੇ ਆਪੇ ਦੀ ਵੀ ਹੁਣ ਤੇ ਭੁਲ ਚੁਕੀ ਪਹਿਚਾਨ । ਤੂੰ ਭੇਜੀ ਐਲਬਮ ਮੈਂ ਵੇਖੀ ਮੈਨੂੰ ਨਹੀਂ ਪਰਵਾਨ । ਤੇਰਾ ਦਿਲ ਪਰਚਾਵਾ ਹੈ ਇਹ ਮੈਨੂੰ ਕਰੇ ਹੈਰਾਨ । ਨੰਬਰਵਾਰ ਪਰਖ ਕੇ ਰਖੀਆਂ ਇਸ ਵਿੱਚ ਕਈ ਤਸਵੀਰਾਂ । ਹੁਨਰੀ ਰੰਗਤਾਂ ਨਾਲ ਬਣਾਏ ਕਈ ਰਾਂਝੇ ਕਈ ਹੀਰਾਂ। ਮੇਰੇ ਮਨ ਚੋਖਟ ਵਿੱਚ ਇਕੋ ਭਾਲ ਨਾ ਹੋਰ ਵਧੇਰੀ । ਉਹ ਵੀ ਕੋਈ ਪਛਾਣ ਨਾ ਸਕੇ ਮੇਰੀ ਹੈ ਕਿ ਤੇਰੀ। ਤੂੰ ਭੇਜੀ ਐਲਬਮ ਮੈਂ ਵੇਖੀ ਮੈਨੂੰ ਨਹੀਂ ਪਰਵਾਨ । ਤੇਰਾ ਦਿਲ ਪਰਚਾਵਾ ਹੈ ਇਹ ਮੈਨੂੰ ਕਰੇ ਹੈਰਾਨ ।
31. ਨਵੀਂ ਦਿਲੀ ਦਾ ਕੁੱਤਾ
ਇਕ ਮਾਲਿਕ ਇਕ ਮਾਲਕਿਆਣੀ ਦੋਵਾਂ ਦੇ ਵਿਚਕਾਰੇ ਨਵੀਂ ਕਾਰ ਦੇ ਗੱਦੇ ਉੱਤੇ ਬੈਠਾ ਬੂਥੀ ਪਿਆ ਘਸਾਵੇ ਮਾਲਿਕ ਦੇ ਕਦੇ ਮੂੰਹ ਦੇ ਨਾਲ ਕਦੇ ਮਾਲਕਣ ਦੀ ਠੋਡੀ ਨੂੰ ਚਟਦਾ ਚੁੰਮਦਾ ਗੋਹਲਾ ਹੁੰਦਾ ਕਰੇ ਕਲੋਲ ਜਿਸਮ ਨੂੰ ਛੰਡਦਾ ਪੂਛ ਹਿਲਾਂਦਾ ਬਾਰੀ ਵਿਚੋਂ ਬਾਹਰ ਝਾਕੇ ਜੇਠ ਦੀ ਧੁਪ ਵਿੱਚ ਸੜਕ ਤੇ ਪੈਦਲ ਤੁਰੇ ਜਾਂਦਿਆਂ ਚਿਹਰਿਆਂ ਉਤੋਂ ਪਿਆ ਉਨ੍ਹਾਂ ਦੇ ਮਨ ਦੀ ਜਾਚੇ । ਨਵੀਂ ਦਿੱਲੀ ਦਾ ਕੁਤਾ ਸੈਣਤ ਸਮਝੇ ਬੁਝੇ ਇਸ਼ਾਰੇ ਸੀਟੀ ਉਤੇ ਲਿਫ ਲਿਫ ਜਾਂਦਾ । ਮਾਲਕ ਨਾਲੇ ਮਾਲਕਿਆਣੀ ਲਾਡਾਂ ਨਾਲ ਮਿਠੀਆਂ ਮਿਠੀਆਂ ਬੇ-ਛੋਹ ਚੁੰਮੀਆਂ ਤੁਤਲੀਆਂ ਜਿਹੀਆਂ ਅਣ-ਬੁੱਝ ਗਲਾਂ 'ਮਿਕੀ' ............ 'ਮਿਕੀ' ਉਸ ਨੂੰ ਛਾਤੀ ਨਾਲ ਲਗਾਂਦੇ ਉਹ ਵੀ ਪਿਆਰ ਨਾਲ ਸਿਰ ਸੁਟ ਕੇ ਝੋਲੀ ਵਿੱਚ ਲੰਮਾਂ ਪੈ ਜਾਂਦਾ। ਕਦੇ ਮਾਰ ਕੇ ਝਟ ਟਪੋਸੀ ਪੂਛ ਹਿਲਾਂਦਾ ਅਗਲੀ ਸੀਟ ਉਤੇ ਜਾ ਬਹਿੰਦਾ। ਬਾਰੀ ਵਿੱਚੋਂ ਬਾਹਰ ਝਾਕਦਾ ਅਪਣੇ ਚੰਗਿਆਂ ਭਾਗਾਂ ਦੀ ਉਹ ਸ਼ਾਇਦ ਕਰੇ ਨੁਮਾਇਸ਼ ਨਵੀਂ ਦਿਲੀ ਦਾ ਕੁਤਾ ਮਾਲਿਕ, ਮਾਲਕਿਆਣੀ ਨਾਲ ਅਗਲੀ ਸੀਟ ਤੇ ਨਵੀਂ ਕਾਰ ਦੇ ਗੱਦੇ ਉਤੇ ਬੈਠਾ ਹੋਇਆ ਬਾਰੀ ਵਿਚੋਂ ਬਾਹਰ ਝਾਕੇ ***** ਮੈਂਬਰ ਇਕ ਵਿਧਾਨ-ਸਭਾ ਦਾ ਪੇਂਡੂ ਹਲਕੇ ਵਿਚੋਂ ਆਇਆ ਖੱਬੇ ਹਥ ਕਾਂਗਜ਼ ਦਾ ਪੁਰਜ਼ਾ ਸਜੇ ਹਥ ਵਿੱਚ ਪਕੜੀ ਫਾਈਲ ਗਤੇ ਨਾਲ ਬਚਾਵੇ ਅੱਖਾਂ ਜੇਠ ਹਾੜ ਦੀ ਤਪਦੀ ਧੁੱਪ ਤੋਂ। ਨਵੀਂ ਸੁਦੇਸੀ ਜੁੱਤੀ ਨਾਲ ਰਕ ਰੁਕ ਤੁਰਦਾ ਸੜਕ ਦੇ ਸੱਜੇ ਪਾਸੇ ਜਾਂਦੀ ਹਰ ਇਕ ਸ਼ੈ ਨੂੰ ਰੁਕ ਰੁਕ ਤਕਦਾ ਖੱਬੇ ਹਥ ਵਾਲੇ ਪੁਰਜ਼ੇ ਨੂੰ ਤੁਰਦਾ ਰੁਕਦਾ ਵਾਚੀ ਜਾਂਦਾ ਘੋਖੀ ਜਾਂਦਾ । ਖੌਹਰੇ ਜਿਹੇ ਹਾਰਨ ਦੇ ਨਾਲ ਉਸ ਦੇ ਕੰਨਾਂ ਅੰਦਰ ਆਕੇ ਪਤਲੀ ਜਿਹੀ ਇਕ ਪਈ ਆਵਾਜ਼ : “ਬਹਿ ਜਾ ਭਾਈ ਬਹਿ ਜਾ ਬੇਸ਼ਕ ਏਥੇ ਅੱਗੇ ‘ਮਿਕੀ’ ਵਾਲੀ ਥਾਂ ਤੇ ਬਹਿ ਜਾ !” ਸੈਣਤ ਸਮਝਣ ਵਾਲੇ ‘ਮਿਕੀ ਥਾਂ ਛਡਣ ਵਿੱਚ ਦੇਰ ਨਾ ਲਾਈ 'ਮਿਕੀ ਸਾਡਾ ਮਾੜਾ ਹੋ ਗਿਆ ਵੇਖੋ ਨਾਂ ਜੀ ਝੌਂ ਗਿਆ ਚਿਹਰਾ ਗਰਮੀ ਅਗ ਵਰਸਾ ਰਹੀ ਇਥੇ ਜੇ ਨਹੀਂ, ਅਜੇ ਪਹਾੜੀਂ ਜਾਣਾ ‘ਮਿਕੀ' ਦਾ ਉਪਰਾਲਾ ਕਰੀਏ ਕਮਰਾ ਇਸ ਦਾ ਠੰਡਾ ਰਖੀਏ ਖਾਣਾ ਪੀਣਾ ਘਟ ਗਿਆ ਇਸ ਦਾ ਦੁਧ ਵੀ ਖ਼ੁਸ਼ ਹੋ ਕੇ ਨਹੀਂ ਪੀਂਦਾ ਨੌਕਰ ਮਾਸ ਨਾ ਲਿਆਵੇ ਚੰਗਾ ਗਦਿਆਂ ਲਈ ਮਖ਼ਮਲ ਲਿਆਣੀ ਸੀ ਜਾਣ ਦੀ ਕਿਧਰੇ ਵਿਹਲ ਨਾ ਲਗੀ ਬੇ-ਜ਼ਬਾਨ ਦਾ ਧਿਆਨ ਨਾ ਰਖਦੇ ਵੇਖੋ ਭਾਵੇਂ ਬੋਲਦਾ ਨਹੀਂ ਜੇ ਕੰਨਾਂ ਨਾਲ ਜੇ ਸਭ ਕੁਝ ਸੁਣਦਾ ‘ਮਿਕੀ' ਮੇਰਾ ਬੱਬੂ ‘ਮਿਕੀ' । ਨਾਜ਼ਕ ਲਾਲ ਬੁਲ੍ਹਾਂ ਦੇ ਵਿਚੋਂ ਪਿਆਰ-ਭਰੇ ਮਿਠੇ ਸ਼ਬਦਾਂ ਵਿੱਚ ‘ਮਿਕੀ' ਲਈ ਪਰਬੰਧ-ਸਕੀਮਾਂ ਪਾ ਦਿਤਾ ਕੁਝ ਭਾਰ ਜਿਹਾ ਕੁਝ ਬੋਝ ਜਿਹਾ ‘ਮਿਕੀ' ਵਾਲੀ ਥਾਂ ਤੇ ਬੈਠੇ ਮੈਂਬਰ ਦੇ ਕੰਨਾਂ ਦੇ ਉਤੇ । ਥੋੜਾ ਜਿੱਨਾ ਮੂੰਹ ਭੁਆਂ ਕੇ ਚੋਰ ਅਖਾਂ ਨੇ ਬਰਫ਼ ਵਾਂਗ ਗੋਰੇ ਹਥਾਂ ਨੂੰ ਜੀਵ ਜਨਾਵਰ ਉਤੇ ਫਿਰਦੇ ਥਾਪੀਆਂ ਦਿੰਦੇ ਤਕਿਆ ਆ ਗਈ ਇਕ ਝੁਨ-ਝੁਨੀ ਜਿਹੀ ਜੀਭ ਵਿਚਾਲੇ ਅਟਕੇ ਰਹਿ ਗਏ ਸ਼ਬਦ ਜੋ ਸੀ ਸ਼ੁਕਰਾਨੇ ਵਾਲੇ । ਸੋਚ-ਉਡਾਰੀ ਲਾਕੇ ਨਸ ਗਈ ਹਥ ਵਾਲਾ ਕਾਗ਼ਜ਼ ਦਾ ਪੁਰਜ਼ਾ ਪਤਾ ਨਹੀਂ ਕਿਸ ਵੇਲੇ ਹੱਥੋਂ ਖਿਸਕ, ਹਵਾ ਦੇ ਵਿੱਚ ਉਡ ਗਿਆ ਯਾਦ ਵਿੱਚ ਮੌਜੂਦ ਸੀ ਕੁਝ ਕੁਝ ਪੁਰਜ਼ੇ ਉਤੇ ਲਿਖੀਆਂ ਗਲਾਂ। ਖੁਰਚ ਖੁਰਚ ਕੇ ਯਾਦ ਸ਼ਕਤਿ ਨੂੰ ਮੈਂਬਰ ਨੇ ਮਨ ਅਪਣੇ ਅੰਦਰ ਸੋਚ ਸੋਚ ਕੁਝ ਸ਼ਬਦਾਂ ਤਾਈਂ ਇਸ ਤਰ੍ਹਾਂ ਕੀਤਾ ਸਾਕਾਰ :- “ਸਭਾ ਪਤੀ ਜੀ, ਗਰਮੀ ਜੋਬਨ ਤੇ ਆ ਗਈ ਏ ਸੜਕਾਂ ਤੇ ਧੁਪਾਂ ਵਿੱਚ ਸੜਦੇ ਟੱਬਰ ਕਈ ਸ਼ਰਨਾਰਥੀਆਂ ਦੇ ਤੰਨ ਤੋਂ ਨੰਗੇ ਪੇਟੋਂ ਭੁਖੇ ਬੇ ਰੁਜ਼ਗਾਰੇ ਫੁਲਾਂ ਵਰਗੇ ਬਾਲ ਉਨ੍ਹਾਂ ਦੇ ਤਤੀ ਲੋ ਨੇ ਝੁਲਸ ਦਿਤੇ ਨੇ । ਕੁਝ ਪਿੱਛੇ ਸਰਦੀ ਨੇ ਠਾਰੇ ਰਹਿੰਦੇ ਖੂੰਹਦੇ ਗਰਮੀ ਸਾੜੇ ਲਾਲ ਪਗੜੀਉਂ ਅਖ ਬਚਾ ਕੇ ਕਿਸੇ ਬਣਾਏ ਖੋਖੇ ਛੱਪਰ ਸਾਏ ਵਿੱਚ ਵੀ ਸਹਿਮ ਸੁਕੇ ਨੇ । ਪਾਟਿਆਂ ਖੁਸਿਆਂ ਤੰਬੂਆਂ ਅੰਦਰ ਝੁਲਸ ਗਏ ਨੇ ਕੈਂਪ ਕਾਲਿਜ ਦੇ ਵਿਦਿਆਰਥੀ ਜਿਨ੍ਹਾਂ ਦੇ ਹਥ ਕੌਮ ਦਾ ਅੱਗਾ ।” ਇਉਂ ਦਿਸਿਆ ਜਿਉਂ ਬੁੜਬੜਾ ਰਿਹਾ ‘ਮਿਕੀ' ਵਾਲੀ ਥਾਂ ਤੇ ਬੈਠਾ ਵਿਧਾਨ ਸਭਾ ਵਡੀ ਦਾ ਮੈਂਬਰ ਸੋਚਾਂ ਵਿੱਚ ਗੜੂੰਦ । ਵਿਧਾਨ ਸਭਾ-ਘਰ, ਬੂਹੇ ਵਡੇ, ਸਾਹਵੇਂ ਆਕੇ ਕਾਰ ਦੇ ਪਹੀਏ ਹੌਲੇ ਹੋ ਗਏ ਉਤ੍ਰ ਕੇ ਹੇਠਾਂ ਖ਼ਾਲੀ ਕੀਤੀ 'ਮਿਕੀ' ਵਾਲੀ ਥਾਂ ਮੈਂਬਰ ਨੇ ‘ਮਿਕੀ' ਉਸ ਵਲ ਤਕਦਾ ਰਿਹਾ ਉਹ ‘ਮਿਕੀ' ਵਲ ਤਕਦਾ ਰਿਹਾ ਕਾਰ ਦੇ ਉਹਲੇ ਹੋਣ ਤੀਕਰਾਂ ਪਰ ਮੈਂਬਰ ਦੀ ਜੀਭ ਵਿਚਾਲੇ ਸ਼ਬਦ ਸੀ ਜੋ ਸ਼ੁਕਰਾਨੇ ਵਾਲੇ ਲਟਕੇ ਹੀ ਰਹੇ ਅਟਕੇ ਹੀ ਰਹੇ ।
32. ਤਦਬੀਰਾਂ-ਤਕਦੀਰਾਂ
ਰਬ ਸਬੱਬੀ ਰਾਸ ਆ ਜਾਵਣ ਜੇ ਕਰ ਕੋਈ ਤਦਬੀਰਾਂ ਬੰਦਾ ਸਮਝਣ ਲਗ ਜਾਂਦਾ ਏ “ਮੈਂ ਮੁਰਸ਼ਿਦ ਮੈਂ ਪੀਰ ਆਂ।” ਤਦਬੀਰਾਂ ਦੀ ਤਾਣੀ ਅੰਦਰ ਜੇ ਪੈ ਜਾਵਣ ਉਲਝਣ ਮੱਥੇ ਮਾਰ ਦੁਹਥੜੀ ਆਖੇ: “ਮਾਰ ਗਈਆਂ ਤਕਦੀਰਾਂ ।"
33. ਆਸ
ਅਸਲੀ ਨਾਮ ਨਿਰਾਸ ਹੈ ਇਸਦਾ ਉਲਟਾ ਰਖਿਆ ਆਸ, ਪੂਰੀ ਨਹੀਂ ਹੁੰਦੀ, ਇਹ ਜੰਮਦੀ ਲੈ ਕੇ ਨਵੇਂ ਸਵਾਸ। ਹੁਣੇ ਸਫ਼ਲਤਾ ਹੋ ਗਈ ਜੇ ਕਰ ਸਾਹਵੇਂ ਆਏ ਕੰਮ ਵਿੱਚ, ਸੁਤੇ ਸਿਧ ਉਹ ਬਦਲ ਜਾਉਣੀ ਝਟ ਅਗਲੇ ਦੇ ਗ਼ਮ ਵਿੱਚ । ਜੀਵਨ ਕੜੀਆਂ ਨਾਲ ਪਰੁੱਤੀ ਲੰਮੀਂ ਇਕ ਜ਼ੰਜੀਰ, ਦਿਸਦਾ ਕੋਈ ਆਦਿ ਨਾ ਜਿਸਦਾ ਨਾ ਕੋਈ ਦਿਸੇ ਅਖ਼ੀਰ ਇਸ ਵਿੱਚ ਰਸ ਹੈ, ਇਸ ਵਿੱਚ ਖਿਚ ਹੈ ਇਸ ਵਿੱਚ ਸੁਆਦ-ਉਡੀਕਾਂ, ਇਹ ਹੈ ਉਹ ਮੁਕਦਮਾਂ ਜਿਸ ਦੀਆਂ ਪੈਂਦੀਆਂ ਰਹਿਣ ਤਰੀਕਾਂ । ਇਕ ਉਤਸ਼ਾਹੀ ਨਸ਼ਾ ਜਿਹਾ ਹਨ ਇੰਤਜ਼ਾਰ ਦੀਆਂ ਘੜੀਆਂ, ਪਿਆਰ-ਅਗ ਨੂੰ ਠੰਢਾ ਪਾਉਣ ਮੇਲ ਮਿਠੇ ਦੀਆਂ ਝੜੀਆਂ । “ਜੀਣਾ ਇਹੋ ਜੀਣਾ ਹੈ ਜੀਣਾ ਮਰ ਮਰ ਜੀਂਦੇ ਜਾਣਾ ਖ਼ੁਦ ਆਸਾਂ ਦਾ ਕਾਤਿਲ ਹੈ ਇਹ ਆਸਾਂ ਦਾ ਪੁਗ ਜਾਣਾ।” ਬੱਚਿਆਂ ਵਾਸਤੇ
34. ਨਵਾਂ ਸਾਲ
ਆ ਜਾ ਤੇਰਾ ਕਰਾਂ ਸੁਆਗਤ, ਆ ਜਾ ਨਵਿਆਂ ਸਾਲਾ । ਨਵੀਆਂ ਖ਼ਾਹਸ਼ਾਂ ਭਰ ਦੇ ਮਨ ਵਿੱਚ, ਭਰ ਦੇ ਨਵੀਂ ਜਵਾਲਾ । ਨਵੀਂ ਸਵੇਰ, ਨਵੇਂ ਉਤਸ਼ਾਹ ਵਿੱਚ, ਨਵੀਆਂ ਹੋਣ ਉਮੰਗਾਂ; ਨਵਾਂ ਜਿਹਾ ਅਜ ਸੂਰਜ ਚਮਕੇ, ਨਵੀਆਂ ਕਿਰਨਾਂ ਵਾਲਾ । ਨਵੀਂ ਜਾਨ ਜਾਨਾਂ ਵਿੱਚ ਪਾ ਦੇ, ਨਵੀਂ ਜਗਾ ਦੇ ਆਸ਼ਾ । ਹਰ ਸੁਆਸ ਚੋਂ ਇਹ ਸੁਰ ਨਿਕਲੇ: "ਜਪੋ ਦੇਸ਼ ਦੀ ਮਾਲਾ" । ਨਾਲ ਮਿਲਾਪ ਅਮਲ ਦੇ ਰਾਹ ਤੇ, ਰਲ ਮਿਲ ਵਧਣ ਭਾਈ, ਇਕ ਨਿਸ਼ਾਨਾ ਇਕ ਪਰਤਗਿਆ, ਇਕ ਰੀਤੀ ਇਕ ਚਾਲਾ । ਆ ਜਾ ਤੇਰਾ ਕਰਾਂ ਸੁਆਗਤ, ਆ ਜਾ ਨਵਿਆਂ ਸਾਲਾ ।
35. ਆਜ਼ਾਦੀ
ਰਬ ਨੇ ਖ਼ਾਹਿਸ਼ ਮਨ ਵਿੱਚ ਪਾਈ, ਕੁਦਰਤ ਨੇ ਹੈ ਆਪ ਸਿਖਾਈ । ਬੂਟੇ ਬਿਰਛ ਇਹ ਪੀਲੇ ਲਾਲ, ਫੁੱਲਣ ਫਲਣ ਅਜ਼ਾਦੀ ਨਾਲ । ਭੋਂ ਤੇ ਵਗਦੇ ਕਾਹਲੇ ਕਾਹਲੇ, ਨਾਲ ਅਜ਼ਾਦੀ ਨਦੀਆਂ ਨਾਲੇ । ਰਾਹ ਵਿੱਚ ਜੇ ਕੋਈ ਰੋਕ ਨ ਪਾਵਣ, ਸਾਰੀ ਧਰਤੀ ਤੇ ਖਿੰਡ ਜਾਵਣ । ਪੰਛੀ ਪਿੰਜਰੇ ਦੇ ਵਿੱਚ ਚੂਰੀ ਖਾਂਦਾ ਵੀ ਸਮਝੇ ਮਜਬੂਰੀ । ਚਾਂਹਦਾ ਇਕ ਉਡਾਰੀ ਲਾ ਲਏ, ਜੰਗਲ ਦੇ ਕਖ ਕੰਕਰ ਖਾ ਲਏ । ਖਾਂਦੀ ਖਾਂਦੀ ਸਾਵੇ ਪੱਠੇ, ਚਾਂਹਦੀ ਗਾਂ ਖੁਰਲੀ ਤੋਂ ਨੱਠੇ । ਦਾਣਾ, ਵੰਡ, ਗੁਤਾਵਾ ਖਾਵੇ, ਫਿਰ ਵੀ ਗਲੋਂ ਗਲਾਵਾਂ ਲਾਹਵੇ । ਪੜ੍ਹਦੇ ਮੁੰਡੇ ਦਾ ਕੀ ਖ਼ਿਆਲ ? 'ਛੁੱਟੀ ਦਾ ਵੱਜੇ ਘੜਿਆਲ' । ਵਿਦਿਆ ਵਰਗੀ ਦਾਤ ਹੈ ਪਾਂਦਾ, ਦਾਅ ਲਗੇ ਤੇ ਨੱਸਣਾ ਚਾਂਹਦਾ । ਬੜੀ ਸੁਹਾਣੀ ਖੁਲ੍ਹ ਦੀ ਦਾਤ, ਪਰ ਮਿਲਦੀ ਬੰਦਸ਼ ਤੋਂ ਬਾਹਦ । ਰਖਣ ਲਈ ਇਸ ਖੁਲ੍ਹ ਦੀ ਸ਼ਾਨ, ਮੁਲਕਾਂ ਵਿੱਚ ਮਚਦੇ ਘਮਸਾਨ । ਕਈ ਦੇਸਾਂ ਨੇ ਲਈ ਆਜ਼ਾਦੀ, ਪਹਿਲਾਂ ਅਪਣੀ ਕਰ ਬਰਬਾਦੀ । ਜਿਸ ਦਾ ਨਾਲ ਅਜ਼ਾਦੀ ਪਿਆਰ, ਬਰਬਾਦੀ ਲਈ ਰਹੇ ਤਿਆਰ । ਫੁਲ ਖੁਲ੍ਹ ਲੈਂਦਾ ਵਧਦਾ ਟਾਹਣੀ, ਖ਼ੁਸ਼ਬੂ ਦੀ ਕਰਦਾ ਕੁਰਬਾਨੀ । ਪਿਠ ਤੇ ਗੂਣੀ ਭਾਰ ਲਦਾਵੇ, ਅੜੀਅਲ ਖੋਤਾ ਤਾਂ ਖੁਲ੍ਹ ਪਾਵੇ । ਦਾਤ ਕੁਦਰਤੀ ਬੇਸ਼ਕ ਖੁਲ੍ਹ ਏ, ਜਿਤਨੀ ਪਿਆਰੀ ਉਤਨਾ ਮੁਲ ਏ ।
36. ਵਤਨ ਦੇ ਸ਼ਹੀਦ
ਦੇਸ਼ ਦਾ ਚਾਨਣ ਜਗਦੇ ਦੀਵੇ, ਮਰੇ ਨਹੀਂ, ਉਹ ਜਾਣੋ ਜੀਵੇ । ਮੰਨੇ ਜਾਣ ਬਹਾਦਰ ਬੀਰ, ਵਤਨ ਲਈ ਜੋ ਲਾਣ ਸ਼ਰੀਰ । ਭਗਤ ਸਿੰਘ ਨੇ ਜਿੰਦੜੀ ਲਾਈ, ਕਰਦੀ ਉਸ ਨੂੰ ਯਾਦ ਲੁਕਾਈ । ਜਸ ਕਰਦਾ ਉਸ ਦਾ ਜੱਗ ਸਾਰਾ, ਚਮਕ ਰਿਹਾ ਮਾਨੋ ਧਰੂ ਤਾਰਾ । ਜਿਹੜਾ ਕੰਮ ਜਨਤਾ ਦੇ ਆਵੇ, ਲੋੜ ਪਵੇ ਤਾਂ ਜਾਨ ਘੁਮਾਵੇ । ਸਿਰ ਤੇ ਉਸ ਨੂੰ ਚੁਕਦੀ ਜਨਤਾ, ਆਗੂ ਨੇਤਾ, ਉਹ ਪਤਵੰਤਾ । ਸੇਵਾ ਵਿਚ ਰਹਿੰਦਾ ਗ਼ਲਤਾਨ, ਦੇਵੇ ਜਾਨ ਚੜ੍ਹੇ ਪਰਵਾਨ । ਸੁਆਸਾਂ ਬਦਲੇ ਮਿਲੀ ਰਸੀਦ, ਹਰ ਇਕ ਰਸਨਾ ਕਹੇ ਸ਼ਹੀਦ । ਰਾਜੇ ਸ਼ਾਹ ਮੁਕੱਦਮ ਮਰ ਗਏ, ਕੋਈ ਨ ਜਾਣੇ ਕੌਣ ਕਿਧਰ ਗਏ । ਮਰ ਕੇ ਵੀ ਜਿਹੜੇ ਨਹੀਂ ਮੋਏ, ਉਹੀ ਸ਼ਹੀਦ ਵਤਨ ਦੇ ਹੋਏ ।
37. ਨਵਾਂ ਭਾਰਤ
ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਹੱਥ ਸੀ ਜਕੜੇ ਜਿਨ੍ਹਾਂ ਜ਼ੰਜੀਰਾਂ ਬਦਲ ਗਈਆਂ ਉਹ ਵਿੱਚ ਸ਼ਮਸ਼ੀਰਾਂ ਮੁੱਦਤਾਂ ਤੋਂ ਲੱਤਾਂ ਸੀ ਨੜੀਆਂ ਟੁਟ ਗਈਆਂ ਪੈਰਾਂ ਦੀਆਂ ਕੜੀਆਂ ਮਾਰ ਛਲਾਂਗਾਂ ਟਪ ਜਾ ਟੋਏ ਚੰਗਾ ਨਹੀਂ ਹੁਣ ਵਕਤ ਗਵਾਨਾਂ ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਬਦਲੇ ਰਾਖੇ ਬਦਲੇ ਮਾਲੀ ਰਸ ਜਾਵੇ ਹੁਣ ਡਾਲੀ ਡਾਲੀ ਉਠ ਕਰੀਏ ਐਸੀ ਤਦਬੀਰ ਦੇਸ ਦੇ ਫੱਲਣ ਜੰਡ ਕਰੀਰ ਪਤ-ਝੜ ਬਦਲੀ ਵਿੱਚ ਬਹਾਰਾਂ ਉਠ ਵਸਾਈਏ ਨਵੀਆਂ ਬਾਰਾਂ । ਆਪ ਕਮਾਈਏ ਆਪੇ ਖਾਈਏ ਗ਼ੈਰਾਂ ਦਾ ਉਠ ਗਿਆ ਟਿਕਾਣਾਂ ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਹਥ ਆਈ ਤੇਰੇ ਤੂੰ ਜਾਣ ਦੱਬੀ ਪਈ ਸੋਨੇ ਦੀ ਖਾਣ ਤੇਰੇ ਸੀ ਇਹ ਸਭ ਸਰਮਾਏ ਪਰ ਆਏ ਸੀ ਵਸ ਪਰਾਏ ਵਿਹਲੜ ਸੀ ਬਣਿਆਂ ਪਰਧਾਨ ਤੂੰ ਸੈਂ ਕਿਰਤੀ ਸਿਰਫ਼ ਕਿਸਾਨ ਹਿੰਮਤ ਕਰ ਕੇ ਪਾਲ ਲੈ ਬੂਟੇ ਉਖੜ ਗਿਆ ਈ ਬਿਰਛ ਪੁਰਾਣਾ ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਬਦਲੇ ਸਾਜ਼ ਬਦਲੀਆਂ ਵਾਰਾਂ ਬਦਲੇ ਰਾਗ ਬਦਲੀਆਂ ਤਾਰਾਂ ਸੁਰਾਂ ਬਦਲੀਆਂ ਬਦਲੇ ਗਾਣੇ ਬਦਲ ਗਏ ਸਭ ਤਾਣੇ ਬਾਣੇ ਬਦਲੇ ਨਾਹਰੇ ਬਦਲੀ ਬਾਣੀ ਬਦਲੀ ਪੌਣ ਬਦਲਿਆ ਪਾਣੀ ਰੁਖ ਰੋਕ ਲੈ ਬੰਨ੍ਹ ਮਾਰ ਲੈ ਭਰਸਨ ਤੇਰਾ ਇਹੋ ਖ਼ਜ਼ਾਨਾ ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਨਹੀਂ ਚਲਣੇ ਹੁਣ ਦਾਬਾ ਘੂਰੀ ਮਿਲਣੀ ਮਜ਼ਦੂਰੀ ਨੂੰ ਚੂਰੀ ਇਕ ਇਕ ਧਾਗੇ ਇਕ ਇਕ ਤਾਣੀ ਮਿਲ ਕੇ ਦੌਲਤ ਦੇਸ ਵਧਾਣੀ ਆਪੇ ਕਾਮੇ ਮਾਲਿਕ ਆਪੇ ਮੁਕ ਗਏ ਪਿਟਣੇ ਮੁਕਣ ਸਿਆਪੇ ਢਾਹੁਣ ਦਾ ਕੰਮ ਪੂਰਾ ਹੋਇਆ ਰਹਿ ਗਿਆ ਬਾਕੀ ਮਗਰ ਬਨਾਣਾ ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਪੈ ਜਾ ਰਸਤੇ, ਰਾਹ ਬਣਾ ਦੇ ਪੇਂਡੂ ਸ਼ਹਿਰੀਆਂ ਨਾਲ ਮਿਲਾ ਦੇ ਭਰ ਦੇ ਟੋਏ ਪੂਰ ਦੇ ਖੱਡੇ ਰੇਤਾਂ ਵਿੱਚ ਨਾ ਫੱਸਣ ਗੱਡੇ ਮੁਲਕੋਂ ਐਸਾ ਨਸੇ ਹਨੇਰਾ ਦਿਸੇ ਰਾਤ ਹੈ ਜਿਵੇਂ ਸਵੇਰਾ ਪਿੰਡੀਂ ਘਰ ਘਰ ਬਿਜਲੀ ਚਮਕੇ ਚੋਰ ਨਾ ਚੋਰੀ ਰਹੇ ਨਾ ਥਾਣਾ ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਅੰਨ ਉਪਜਾਵੇ ਬੰਜਰ ਬੇਲਾ ਦਿਸੇ ਦੇਸ 'ਚ ਕੋਈ ਨਾ ਵੇਹਲਾ ਹਰ ਕੋਈ ਰਜਵੀਂ ਰੋਟੀ ਖਾਵੇ ਲੋੜ ਮੁਤਾਬਕ ਕਪੜਾ ਪਾਵੇ ਤੁਰਨ ਜਿਨ੍ਹਾਂ ਤੋਂ ਕਾਰੀਗਰੀਆਂ ਸਭ ਵਸਤਾਂ ਭਾਰਤ ਵਿੱਚ ਭਰੀਆਂ ਕੌਡਾਂ ਦੇ ਭਾ ਸੋਨਾ ਦੇਣਾ ਕਿਹੜਾ ਸਾਨੂੰ ਕਹੇ ਸਿਆਣਾ ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਜਾਣ ਲਗੀ ਗੋਰੀ ਸਰਕਾਰ ਉਲਟਾ ਕਰ ਗਈ ਇਕ 'ਉਪਕਾਰ' ਸਾਨੂੰ ਆਪਸ ਵਿੱਚ ਲੜਾ ਕੇ ਤੁਰ ਗਈ ਦੇਸ਼ ਨੂੰ ਵੰਡੀਆਂ ਪਾ ਕੇ ਕਸ਼ਮੀਰੀ ਸਰਹੱਦਾਂ ਉਤੇ, ਅਰ ਭਾਰਤ ਦੀਆਂ ਹੱਦਾਂ ਉਤੇ ਕਿਚਰ ਤਕ ਸਿਰ ਦਰਦੀ ਰਹਿਸੀ ਕਿਚਰ ਤਕ ਰਹਿਸੀ ਖਪਖ਼ਾਨਾ ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ ਚੰਗੀ ਹੁੰਦੀ ਨਹੀਂ ਲੜਾਈ ਪਰ ਲੜਨੀ ਪੈਂਦੀ ਸਿਰ ਆਈ ਬੇਸ਼ਕ ਪਹਿਲਾਂ ਲੜਨਾਂ ਮਾੜਾ ਉਸ ਤੋਂ ਵਧ ਹੈ ਡਰਨਾਂ ਮਾੜਾ ਇਕ ਤੇ ਹੁਣ ਨਿਰਭਰ ਨਹੀਂ ਕਾਈ ਬਣੀਏ ਸਾਰੇ ਦੇਸ਼-ਸਿਪਾਹੀ ਮੁਕੇ ਵਟ ਕਹੀਏ ਇਕ ਵੇਰਾਂ "ਆ ਜਾਵੇ ਜਿਸਨੇ ਹੈ ਆਣਾ" ਉਠ ਭਾਰਤ ਦਿਆ ਉਠ ਜਵਾਨਾਂ ਬਦਲ ਗਿਆ ਈ ਵੇਖ ਜ਼ਮਾਨਾਂ